ਤਾਜਾ ਖ਼ਬਰਾਂ


ਤਰਾਲ 'ਚ ਅੱਤਵਾਦੀਆਂ ਨੇ ਆਮ ਨਾਗਰਿਕ ਨੂੰ ਮਾਰੀ ਗੋਲੀ
. . .  7 minutes ago
ਸ੍ਰੀਨਗਰ, 13 ਨਵੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਇਲਾਕੇ 'ਚ ਅੱਤਵਾਦੀਆਂ ਵਲੋਂ ਇੱਕ ਆਮ ਨਾਗਰਿਕ ਨੂੰ ਗੋਲੀ ਮਾਰਨ ਦੀ ਖ਼ਬਰ ਮਿਲੀ ਹੈ। ਕਸ਼ਮੀਰ ਜ਼ੋਨ ਪੁਲਿਸ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਚਿਦੰਬਰਮ ਦੀ ਪੇਸ਼ੀ
. . .  27 minutes ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਕੁਝ ਦੇਰ 'ਚ ਦਿੱਲੀ ਦੀ ਇੱਕ ਅਦਾਲਤ 'ਚ...
ਜੇਕਰ ਲੋੜ ਪਈ ਤਾਂ ਦਿੱਲੀ 'ਚ ਵਧਾਇਆ ਜਾ ਸਕਦਾ ਹੈ ਔਡ-ਈਵਨ
. . .  36 minutes ago
ਨਵੀਂ ਦਿੱਲੀ, 13 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ 'ਚ 15 ਨਵੰਬਰ ਤੱਕ ਚੱਲਣ ਵਾਲੇ ਔਡ-ਈਵਨ ਨਿਯਮ ਨੂੰ ਵਧਾਇਆ ਜਾ ਸਕਦਾ...
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ
. . .  51 minutes ago
ਨਵੀਂ ਦਿੱਲੀ, 13 ਨਵੰਬਰ- ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ...
ਹੁਣ ਆਰ. ਟੀ. ਆਈ. ਦੇ ਘੇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  56 minutes ago
ਨਵੀਂ ਦਿੱਲੀ, 13 ਨਵੰਬਰ- ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਹੁਣ ਭਾਰਤ ਦੇ ਚੀਫ਼ ਜਸਟਿਸ ਦਾ ਦਫ਼ਤਰ ਵੀ ਸੂਚਨਾ ਦੇ ਅਧਿਕਾਰ ਭਾਵ ਕਿ ਆਰ. ਟੀ. ਆਈ. ਦੇ ਤਹਿਤ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  about 1 hour ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ........
ਲਤਾ ਦੀਦੀ ਦੀ ਸਿਹਤ 'ਚ ਹੋ ਰਿਹਾ ਹੈ ਸੁਧਾਰ- ਪਰਿਵਾਰ
. . .  about 1 hour ago
ਮੁੰਬਈ, 13 ਨਵੰਬਰ- ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ ਖ਼ਰਾਬ ਸਿਹਤ ਦੇ ਚੱਲਦਿਆਂ ਪਿਛਲੇ ਦੋ ਦਿਨਾਂ ਤੋਂ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਹਨ। ਲਤਾ ਦੀਦੀ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ...
ਬ੍ਰਾਜ਼ੀਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 1 hour ago
ਬ੍ਰਾਸੀਲੀਆ, 13 ਨਵੰਬਰ- 11ਵੇਂ ਬ੍ਰਿਕਸ ਸੰਮੇਲਨ 'ਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਅਰਵਿੰਦਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 13 ਨਵੰਬਰ- ਸਾਲ 2011 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਅਰਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ...
ਕੁਲਭੂਸ਼ਨ ਜਾਧਵ ਲਈ ਆਪਣੇ ਆਰਮੀ ਐਕਟ 'ਚ ਸੋਧ ਕਰੇਗਾ ਪਾਕਿਸਤਾਨ
. . .  about 2 hours ago
ਇਸਲਾਮਾਬਾਦ, 13 ਨਵੰਬਰ- ਪਾਕਿਸਤਾਨ ਦੀ ਜੇਲ੍ਹ 'ਚ ਜਾਸੂਸੀ ਦੇ ਦੋਸ਼ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ 'ਚ ਪਾਕਿਸਤਾਨ ਵੱਡਾ ਫ਼ੈਸਲਾ ਲੈਣ ਜਾ ਰਿਹਾ ਹੈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਹੋਰ ਖ਼ਬਰਾਂ..

ਨਾਰੀ ਸੰਸਾਰ

ਦੀਵਾਲੀ 'ਤੇ ਚਮਕਾਓ ਘਰ

* ਕ੍ਰਿਸਟਲ ਵਾਸ ਨੂੰ ਚਮਕਾਉਣ ਲਈ ਸਰ੍ਹੋਂ ਪਾਊਡਰ ਅਤੇ ਕਿਸੇ ਵੀ ਬਨਸਪਤੀ ਤੇਲ ਨੂੰ ਮਿਲਾ ਕੇ ਪੇਸਟ ਬਣਾਓ ਅਤੇ ਉਸ 'ਤੇ ਮਲ ਦਿਓ। ਫਿਰ ਸਾਫ਼ ਕੱਪੜੇ ਨਾਲ ਸਾਫ਼ ਕਰੋ।
* ਬਲਬ, ਟਿਊਬ ਲਾਈਟ ਨੂੰ ਸਾਫ਼ ਕਰਨ ਲਈ ਹਲਕੇ ਗਿੱਲੇ ਕੱਪੜੇ ਨਾਲ ਪੂੰਝ ਕੇ ਫਿਰ ਸੁੱਕੇ-ਸਾਫ਼ ਕੱਪੜੇ ਨਾਲ ਸਾਫ਼ ਕਰੋ। ਅਜਿਹਾ ਕਰਨ ਨਾਲ ਸਫ਼ਾਈ ਦੇ ਨਾਲ-ਨਾਲ ਉਨ੍ਹਾਂ ਦੀ ਰੌਸ਼ਨੀ ਵਿਚ ਵੀ ਫਰਕ ਦਿਖਾਈ ਦੇਵੇਗਾ।
* ਬਾਥਰੂਮ, ਰਸੋਈ ਦੀਆਂ ਟਾਇਲਾਂ ਸਾਫ਼ ਕਰਨ ਲਈ ਇਕ ਛੋਟੇ ਚਮਚ ਫਿਨਾਇਲ ਵਿਚ ਇਕ ਨਿੰਬੂ ਦਾ ਰਸ ਮਿਲਾ ਦਿਓ। ਇਸ ਮਿਸ਼ਰਣ ਨਾਲ ਟਾਇਲਾਂ ਸਾਫ਼ ਕਰੋ। ਟਾਇਲਾਂ ਚਮਕ ਜਾਣਗੀਆਂ।
* ਮਾਰਬਲ ਫਰਸ਼ ਨੂੰ ਸਾਫ਼ ਕਰਨ ਲਈ ਜਿਥੇ-ਜਿਥੇ ਨਿਸ਼ਾਨ ਹੋਣ, ਉਸ 'ਤੇ ਟੂਥਪੇਸਟ ਮਲੋ ਅਤੇ ਸੁੱਕਣ ਤੱਕ ਛੱਡ ਦਿਓ। ਫਿਰ ਉਸ ਨੂੰ ਸਾਫ਼ ਕਰੋ। ਫਰਸ਼ 'ਤੇ ਪਏ ਦਾਗ ਦਿਖਾਈ ਨਹੀਂ ਦੇਣਗੇ।
* ਖਿੜਕੀ ਅਤੇ ਡ੍ਰੈਸਿੰਗ ਟੇਬਲ ਦੇ ਸ਼ੀਸ਼ੇ ਨੂੰ ਚਮਕਾਉਣ ਲਈ ਉਸ 'ਤੇ ਨਿੰਬੂ ਰਗੜੋ। ਫਿਰ ਸਾਫ਼ ਨਰਮ ਕੱਪੜੇ ਨਾਲ ਸਾਫ਼ ਕਰੋ। ਸ਼ੀਸ਼ਾ ਚਮਕ ਜਾਵੇਗਾ।
* ਨਵੇਂ ਡਾਇਨਿੰਗ ਟੇਬਲ ਮੈਟਸ ਲਿਆ ਰਹੇ ਹੋ ਤਾਂ ਪੁਰਾਣੇ ਸੁੱਟੋ ਨਾ। ਉਨ੍ਹਾਂ ਨੂੰ ਰਸੋਈ ਦੀਆਂ ਸੈਲਫਾਂ ਅਤੇ ਫਰਿੱਜ ਸੈਲਫ 'ਤੇ ਵਿਛਾਓ।
* ਸਵਿਚਬੋਰਡ ਅਤੇ ਰਸੋਈ ਦੀਆਂ ਅਲਮਾਰੀਆਂ ਨੂੰ ਸਾਫ਼ ਕਰਨ ਲਈ ਮੁਲਾਇਮ ਕੱਪੜੇ 'ਤੇ ਥੋੜ੍ਹਾ ਥਿਨਰ ਲਗਾ ਕੇ ਸਾਫ਼ ਕਰੋ।
* ਲੱਕੜੀ ਦੇ ਫਰਨੀਚਰ 'ਤੇ ਪਾਲਿਸ਼ ਕਰਾਉਣ ਦਾ ਸਮਾਂ ਨਹੀਂ ਹੈ ਤਾਂ ਵਰਤੋਂ ਵਿਚ ਲਿਆਂਦੀ ਚਾਹ-ਪੱਤੀ ਨੂੰ ਸੁਕਾ ਕੇ ਉਸ ਵਿਚ 5-6 ਬੂੰਦਾਂ ਸਰ੍ਹੋਂ ਦਾ ਤੇਲ ਮਿਲਾ ਕੇ ਇਕ ਪੋਟਲੀ ਬਣਾ ਕੇ ਫਰਨੀਚਰ 'ਤੇ ਰਗੜੋ। ਫਰਨੀਚਰ ਚੰਗਾ ਲੱਗੇਗਾ।
* ਦੀਵਾਲੀ ਦੇ ਦਿਨਾਂ ਵਿਚ ਘਰ ਵਿਚ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਪੋਚੇ ਲਗਵਾਉਂਦੇ ਸਮੇਂ ਉਸ ਵਿਚ ਕੁਝ ਬੂੰਦਾਂ ਯੂ.ਡੀ. ਕੋਲੋਨ ਦੀਆਂ ਪਾ ਦਿਓ। ਦਿਨ ਭਰ ਘਰ ਮਹਿਕਦਾ ਰਹੇਗਾ ਅਤੇ ਤਾਜ਼ਗੀ ਵੀ ਬਣੀ ਰਹੇਗੀ।
* ਕਾਲੀਨ ਨੂੰ ਚਮਕਾਉਣ ਲਈ ਗਰਮ ਪਾਣੀ ਵਿਚ ਤਾਰਪੀਨ ਦਾ ਤੇਲ ਮਿਲਾ ਕੇ ਰਗੜੋ। ਕਾਰਪੈਟ ਡ੍ਰਾਈਕਲੀਨ ਕੀਤਾ ਹੋਇਆ ਲੱਗੇਗਾ।
* ਪੂਜਾ ਦੇ ਸਿੱਕੇ ਅਤੇ ਮੂਰਤੀਆਂ ਕਾਲੀਆਂ ਪੈ ਜਾਣ 'ਤੇ ਵੇਸਣ ਵਿਚ ਨਿੰਬੂ ਦਾ ਰਸ ਮਿਲਾ ਕੇ ਰਗੜਨ ਨਾਲ ਸਾਫ਼ ਹੋ ਜਾਣਗੀਆਂ।
* ਦੀਵਾਲੀ ਤੋਂ ਇਕ ਮਹੀਨਾ ਪਹਿਲਾਂ ਤੋਂ ਹਰ ਹਫ਼ਤੇ ਦੇ ਅਖੀਰ 'ਤੇ ਥੋੜ੍ਹੀ-ਥੋੜ੍ਹੀ ਸਫ਼ਾਈ ਕਰੋ ਅਤੇ ਜੋ ਸਾਮਾਨ ਬੇਕਾਰ ਹੈ, ਉਸ ਨੂੰ ਕਬਾੜੀਏ ਨੂੰ ਦੇ ਦਿਓ, ਤਾਂ ਕਿ ਦੀਵਾਲੀ 'ਤੇ ਘਰ ਸਾਫ਼-ਸੁਥਰਾ ਬਣਿਆ ਰਹਿ ਸਕੇ।
* ਪਿੱਤਲ ਵਾਲੇ ਫੁਲਦਾਨ, ਦਰਵਾਜ਼ਿਆਂ ਦੇ ਹੈਂਡਲ ਆਦਿ ਨਿੰਬੂ, ਬ੍ਰਾਸੋ ਜਾਂ ਇਮਲੀ ਦੇ ਪਾਣੀ ਨਾਲ ਰਗੜ ਕੇ ਸਾਫ਼ ਕੀਤੇ ਜਾ ਸਕਦੇ ਹਨ, ਜੋ ਫਿਰ ਤੋਂ ਨਵੇਂ ਲੱਗਣਗੇ ਅਤੇ ਦੀਵਾਲੀ ਦੀ ਜਗਮਗਾਹਟ ਵਿਚ ਉਨ੍ਹਾਂ ਦੀ ਚਮਕ ਹੋਰ ਜ਼ਿਆਦਾ ਲੱਗੇਗੀ।


ਖ਼ਬਰ ਸ਼ੇਅਰ ਕਰੋ

ਬੱਚਿਆਂ ਨੂੰ ਤਿਉਹਾਰਾਂ ਨਾਲ ਜੋੜੋ

ਅੱਜ ਦੇ ਯੁੱਗ ਵਿਚ ਆਪਣੇ ਬੱਚਿਆਂ ਨੂੰ ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਨਾਲ-ਨਾਲ ਤਿਉਹਾਰਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਉਨ੍ਹਾਂ ਦੀ ਮਹੱਤਤਾ ਦੱਸਣੀ ਹਰ ਮਾਂ-ਬਾਪ ਦੀ ਜ਼ਿੰਮੇਵਾਰੀ ਹੈ। ਪੜ੍ਹਾਈ ਦੇ ਬੋਝ ਨੇ ਅਤੇ ਭਾਰੂ ਹੋ ਰਹੇ ਸੋਸ਼ਲ ਮੀਡੀਆ ਨੇ ਬੱਚਿਆਂ ਕੋਲੋਂ ਤਿਉਹਾਰਾਂ ਦੀਆਂ ਖੁਸ਼ੀਆਂ ਸ਼ਾਇਦ ਖੋਹ ਲਈਆਂ ਹਨ। ਬਹੁਤ ਸਾਰੇ ਬੱਚਿਆਂ ਦੀ ਤਿਉਹਾਰਾਂ ਪ੍ਰਤੀ ਕੋਈ ਰੁਚੀ ਨਹੀਂ ਰਹਿ ਗਈ, ਜ਼ਿਆਦਾ ਕਿਸੇ ਨਾਲ ਮਿਲਣਾ-ਜੁਲਣਾ ਪਸੰਦ ਨਹੀਂ ਕਰਦੇ। ਤਿਉਹਾਰ ਜ਼ਿੰਦਗੀ ਵਿਚੋਂ ਉਦਾਸੀ ਅਤੇ ਆਲਮ ਨੂੰ ਦੂਰ ਕਰ ਕੇ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੰਦੇ ਹਨ। ਇਸ ਲਈ ਬੱਚੇ ਤਿਉਹਾਰਾਂ ਤੋਂ ਦੂਰ ਨਾ ਰਹਿਣ, ਸਗੋਂ ਇਸ ਦਾ ਹਿੱਸਾ ਬਣ ਕੇ ਹਰ ਤਿਉਹਾਰ ਨੂੰ ਖੁਸ਼ੀ ਅਤੇ ਚਾਅ ਨਾਲ ਮਨਾਉਣ ਅਤੇ ਹਮੇਸ਼ਾ ਇਨ੍ਹਾਂ ਨਾਲ ਜੁੜੇ ਰਹਿਣ।
ਸਭ ਤਿਉਹਾਰਾਂ ਬਾਰੇ ਸਾਡੇ ਬੱਚਿਆਂ ਨੂੰ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਇਨ੍ਹਾਂ ਦਾ ਹਿੱਸਾ ਬਣ ਕੇ ਹੀ ਉਹ ਆਪਣੀ ਜਾਣਕਾਰੀ ਨੂੰ ਵਧਾ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਘਰ-ਪਰਿਵਾਰ ਦੇ ਨਾਲ-ਨਾਲ ਸਮਾਜ ਵਿਚ ਵੀ ਵਿਚਰਨ ਦਾ ਮੌਕਾ ਮਿਲਦਾ ਹੈ। ਲੋਕਾਂ ਨਾਲ ਮੇਲ-ਮਿਲਾਪ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਂਦਾ ਹੈ। ਉਨ੍ਹਾਂ ਵਿਚੋਂ ਇਕੱਲੇਪਨ ਦੇ ਡਰ ਨੂੰ ਵੀ ਦੂਰ ਕਰਨ ਵਿਚ ਮਦਦ ਕਰਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਜਦੋਂ ਕਿਸੇ ਘਰ ਜਾਓ, ਆਪਣੇ ਬੱਚਿਆਂ ਨੂੰ ਵੀ ਨਾਲ ਜ਼ਰੂਰ ਲੈ ਕੇ ਜਾਓ, ਤਾਂ ਕਿ ਉਹ ਵੀ ਉਨ੍ਹਾਂ ਦੇ ਸੰਪਰਕ ਵਿਚ ਰਹਿਣ ਅਤੇ ਮਾਂ-ਬਾਪ ਦੀ ਗ਼ੈਰ-ਹਾਜ਼ਰੀ ਵਿਚ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਲੈ ਸਕਣ।
ਹਰ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਜੁੜੀ ਹੁੰਦੀ ਹੈ। ਉਸ ਦੀ ਮਹੱਤਤਾ ਅਤੇ ਸੰਦੇਸ਼ ਬਾਰੇ ਬੱਚਿਆਂ ਨਾਲ ਗੱਲਬਾਤ ਕਰੋ। ਇਸ ਤਰ੍ਹਾਂ ਬੱਚੇ ਆਪਣੇ ਇਤਿਹਾਸ ਨੂੰ ਜਾਣਨਗੇ ਅਤੇ ਰੀਤੀ-ਰਿਵਾਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਜਦੋਂ ਵੀ ਮਾਂ-ਬਾਪ ਤਿਉਹਾਰ ਆਦਿ ਲਈ ਕੋਈ ਖਰੀਦਦਾਰੀ ਕਰਨ ਜਾਂ ਰੰਗੋਲੀ ਆਦਿ ਦੀ ਸਜਾਵਟ ਕਰਨ ਤਾਂ ਬੱਚਿਆਂ ਨੂੰ ਉਸ ਦਾ ਹਿੱਸਾ ਜ਼ਰੂਰ ਬਣਾਉਣ। ਉਨ੍ਹਾਂ ਦੀ ਵੀ ਤਿਉਹਾਰਾਂ ਪ੍ਰਤੀ ਰੁਚੀ ਵਿਚ ਵਾਧਾ ਹੋਵੇ। ਉਨ੍ਹਾਂ ਨੂੰ ਤਿਉਹਾਰਾਂ ਲਈ ਖ਼ਰੀਦਦਾਰੀ ਕਰਨ ਦਾ ਮੌਕਾ ਜ਼ਰੂਰ ਦਿਓ। ਇਸ ਤਰ੍ਹਾਂ ਉਨ੍ਹਾਂ ਦਾ ਵੀ ਹੌਸਲਾ ਵਧੇਗਾ। ਸਕੂਲਾਂ-ਕਾਲਜਾਂ ਵਿਚ ਤਿਉਹਾਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਆਪਣੇ ਬੱਚਿਆਂ ਨੂੰ ਉਨ੍ਹਾਂ ਦਾ ਹਿੱਸਾ ਬਣਨ ਲਈ ਜ਼ਰੂਰ ਪ੍ਰੇਰਿਤ ਕਰੋ। ਉਨ੍ਹਾਂ ਦਾ ਹੋਰ ਰੁਝਾਨ ਵਧੇ। ਬੱਚਿਆਂ ਨੂੰ ਸਿੱਧੇ ਤੌਰ 'ਤੇ ਜੋੜਨ ਲਈ ਕਦੇ-ਕਦੇ ਕੁਝ ਖਾਣ-ਪੀਣ ਦਾ ਜਾਂ ਸਟੇਸ਼ਨਰੀ ਆਦਿ ਦਾ ਸਾਮਾਨ ਲੈ ਕੇ ਝੱਗੀ-ਝੌਂਪੜੀ ਵਾਲਿਆਂ ਦੇ ਬੱਚਿਆਂ ਨਾਲ ਤਿਉਹਾਰ ਮਨਾਓ। ਇਸ ਤਰ੍ਹਾਂ ਬੱਚਿਆਂ ਨੂੰ ਹੋਰ ਵੀ ਸਿੱਖਣ ਨੂੰ ਮਿਲੇਗਾ ਅਤੇ ਗਰੀਬਾਂ ਦੀ ਮਦਦ ਕਰਨ ਦੀ ਆਦਤ ਬਣੇਗੀ। ਬੱਚੇ ਸ਼ੇਅਰਿੰਗ ਕਰਨਾ ਸਿੱਖਣਗੇ, ਚੀਜ਼ਾਂ ਦੀ ਕੀਮਤ ਸਮਝਣਗੇ। ਇਹ ਤਿਉਹਾਰ ਉਨ੍ਹਾਂ ਦੇ ਜੀਵਨ ਵਿਚੋਂ ਨੀਰਸਤਾ ਨੂੰ ਦੂਰ ਕਰ ਕੇ ਰੰਗ ਭਰਨ ਦਾ ਕੰਮ ਕਰਨਗੇ।
ਤਿਉਹਾਰ ਤਾਂ ਅੱਜ ਵੀ ਉਹ ਹਨ, ਪਰ ਅੱਜ ਬਚਪਨ ਉਹ ਨਹੀਂ ਜਿਸ ਤਰ੍ਹਾਂ ਕੁਝ ਦਹਾਕੇ ਪਹਿਲਾਂ ਅਸੀਂ ਤਿਉਹਾਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਾਂ। ਅੱਜ ਬਚਪਨ ਕੋਲ ਸਮਾਂ ਹੀ ਨਹੀਂ, ਹਰ ਸਮੇਂ ਪੜ੍ਹਾਈ ਦਾ ਬੋਝ ਉਨ੍ਹਾਂ ਕੋਲੋਂ ਖੁਸ਼ੀਆਂ ਖੋਹ ਰਿਹਾ ਹੈ। ਇਨ੍ਹਾਂ ਖੁਸ਼ੀਆਂ ਨੂੰ ਬਣਾਈ ਰੱਖਣ ਲਈ ਆਓ ਆਪਣੇ ਬੱਚਿਆਂ ਨੂੰ ਪੁਰਾਣੇ ਤੀਜ-ਤਿਉਹਾਰਾਂ ਨਾਲ ਜੋੜੀਏ। ਇਨ੍ਹਾਂ ਮੌਕਿਆਂ 'ਤੇ ਇਸ ਤਰ੍ਹਾਂ ਦੀ ਖੁਸ਼ੀ ਦਾ ਮਾਹੌਲ ਬਣਾਈਏ ਕਿ ਬੱਚੇ ਇਨ੍ਹਾਂ ਤਿਉਹਾਰਾਂ ਨੂੰ ਮਨਾਏ ਬਿਨਾਂ ਨਾ ਰਹਿ ਸਕਣ। ਤਿਉਹਾਰ ਦੀ ਮਹੱਤਤਾ ਅਨੁਸਾਰ ਬੱਚਿਆਂ ਨੂੰ ਨਵੇਂ ਕੱਪੜੇ ਅਤੇ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਦਿੱਤੀਆਂ ਜਾਣ, ਤਾਂ ਕਿ ਉਨ੍ਹਾਂ ਦਾ ਉਤਸ਼ਾਹ ਹੋਰ ਵਧੇ। ਜਦੋਂ ਮਾਂ-ਬਾਪ ਤਿਉਹਾਰ ਸਬੰਧੀ ਕੋਈ ਉਪਹਾਰ ਆਦਿ ਦੇਣ ਜਾਣ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਣ, ਉਨ੍ਹਾਂ ਨੂੰ ਚੰਗਾ ਲੱਗੇਗਾ।
ਮਾਂ-ਬਾਪ ਦੀ ਛੋਟੀ ਜਿਹੀ ਕੋਸ਼ਿਸ਼ ਬੱਚਿਆਂ ਦੇ ਰੋਜ਼ਾਨਾ ਜੀਵਨ ਵਿਚ ਬਦਲਾਅ ਲਿਆਏਗੀ। ਬੱਚਿਆਂ ਨੂੰ ਉਨ੍ਹਾਂ ਦੀ ਸੰਸਕ੍ਰਿਤ ਅਤੇ ਦੇਸ਼ ਦੀਆਂ ਜੜ੍ਹਾਂ ਨਾਲ ਜੋੜੀ ਰੱਖੇਗੀ। ਨੈਤਿਕ, ਸਮਾਜਿਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਬੱਚਿਆਂ ਦਾ ਮਨੋਰੰਜਨ ਵੀ ਹੁੰਦਾ ਹੈ। ਇਹ ਤਿਉਹਾਰ ਬੱਚਿਆਂ ਨੂੰ ਆਦਰਸ਼ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹਨ ਅਤੇ ਇਸ ਦੇ ਨਾਲ-ਨਾਲ ਬੱਚੇ ਆਪਣੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਮਾਣ ਮਹਿਸੂਸ ਕਰਦੇ ਹਨ। ਇਹ ਤਿਉਹਾਰ ਹੀ ਸਾਡੀ ਸੰਸਕ੍ਰਿਤ ਦੀ ਅਸਲੀ ਪਛਾਣ ਹੈ, ਜਿਸ ਕਾਰਨ ਭਾਰਤ ਦੀ ਦੁਨੀਆ ਵਿਚ ਅਲੱਗ ਪਛਾਣ ਹੈ।


-ਮੋਬਾ: 98782-49944

ਦੀਵਾਲੀ ਬਜਟ ਵਿਚ ਮਨਾਓ

ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਲੋਕ ਮਨਾਉਂਦੇ ਤਾਂ ਬਹੁਤ ਉਤਸ਼ਾਹ ਨਾਲ ਹਨ ਪਰ ਇਸ ਦੇ ਲੰਘ ਜਾਣ 'ਤੇ ਅਕਸਰ ਇਹ ਸੁਣਨ ਵਿਚ ਆਉਂਦਾ ਹੈ ਕਿ ਦੀਵਾਲੀ ਤਾਂ ਨਿਕਲ ਗਈ ਪਰ ਸਾਡਾ ਦੀਵਾਲਾ ਕੱਢ ਗਈ ਪਰ ਜੇ ਅਸੀਂ ਚਾਹੀਏ ਤਾਂ ਦੀਵਾਲੀ ਨੂੰ ਇਸ ਤਰ੍ਹਾਂ ਵੀ ਮਨਾ ਸਕਦੇ ਹਾਂ ਕਿ ਨਾ ਬਜਟ ਤੋਂ ਜ਼ਿਆਦਾ ਖਰਚ ਹੋਵੇ ਅਤੇ ਨਾ ਹੀ ਦੀਵਾਲੀ ਦੀ ਰੌਣਕ ਘੱਟ ਲੱਗੇ।
ਇਸ ਦਿਨ ਲੋਕ ਘਰ ਦੀ ਸਾਫ਼-ਸਫ਼ਾਈ ਕਰ ਕੇ ਪਟਾਕੇ ਚਲਾ ਕੇ, ਦੀਵੇ ਜਗਾ ਕੇ, ਮਾਂ ਲੱਛਮੀ ਦੀ ਪੂਜਾ-ਅਰਚਨਾ ਕਰ ਕੇ ਉਨ੍ਹਾਂ ਦੇ ਆਉਣ ਦੀ ਉਡੀਕ ਕਰਦੇ ਹਨ, ਕਿਉਂਕਿ ਕਿਹਾ ਜਾਂਦਾ ਹੈ ਕਿ ਲੱਛਮੀ ਗੰਦਗੀ ਅਤੇ ਹਨੇਰੇ ਤੋਂ ਦੂਰ ਭੱਜਦੀ ਹੈ। ਇਹ ਸਭ ਕਾਰਨ ਹਨ ਕਿ ਇਸ ਤਿਉਹਾਰ ਨੂੰ ਸਾਰੇ ਵਿਅਕਤੀ ਬਹੁਤ ਜ਼ਿਆਦਾ ਉਤਸ਼ਾਹ ਨਾਲ ਅਤੇ ਵੱਧ ਤੋਂ ਵੱਧ ਆਤਿਸ਼ਬਾਜ਼ੀ ਕਰ ਕੇ ਮਨਾਉਣਾ ਚਾਹੁੰਦੇ ਹਨ ਪਰ ਜੇ ਅਸੀਂ ਦੀਵਾਲੀ ਨੂੰ ਚੰਗੀ ਤਰ੍ਹਾਂ ਅਤੇ ਬਜਟ ਤੋਂ ਬਾਹਰ ਹੋਏ ਬਿਨਾਂ ਮਨਾਉਣਾ ਚਾਹੁੰਦੇ ਹਾਂ ਤਾਂ ਇਸ ਦੀ ਤਿਆਰੀ ਸਾਨੂੰ ਸਾਲ ਦੇ ਆਰੰਭ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਹਰ ਸਾਲ ਦੇ ਸ਼ੁਰੂ ਤੋਂ ਹੀ ਕੁਝ ਰੁਪਏ ਦੀਵਾਲੀ ਲਈ ਅਲੱਗ ਕੱਢ ਕੇ ਰੱਖਣ ਲੱਗੀਏ ਤਾਂ ਦੀਵਾਲੀ ਆਉਣ ਤੱਕ ਕੁਝ ਰਕਮ ਤਾਂ ਇਕੱਠੀ ਹੋ ਜਾਵੇਗੀ, ਜੋ ਉਸ ਸਮੇਂ ਦੇ ਖਰਚੇ ਵਿਚ ਸਾਨੂੰ ਸਹਿਯੋਗ ਦੇਵੇਗੀ।
ਜ਼ਿਆਦਾ ਆਤਿਸ਼ਬਾਜ਼ੀ ਨਾਲ ਜਿਥੇ ਸ਼ੋਰ ਜ਼ਿਆਦਾ ਪੈਦਾ ਹੋਵੇਗਾ, ਉਥੇ ਜ਼ਿਆਦਾ ਦੇਰ ਤੱਕ ਇਸ ਦੇ ਚੱਲਣ ਨਾਲ ਦੁਰਘਟਨਾ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਇਸ ਲਈ ਆਤਿਸ਼ਬਾਜ਼ੀ ਵੀ ਜ਼ਰੂਰ ਕਰੋ ਪਰ ਸੀਮਤ ਮਾਤਰਾ ਵਿਚ। ਇਸ ਨਾਲ ਜਿਥੇ ਜ਼ਿਆਦਾ ਦੇਰ ਤੱਕ ਚੱਲਣ ਵਾਲੇ ਸ਼ੋਰ ਤੋਂ ਬਚੋਗੇ, ਉਥੇ ਘੱਟ ਮਾਤਰਾ ਵਿਚ ਪਟਾਕੇ, ਫੁਲਝੜੀਆਂ ਲੈਣ ਨਾਲ ਵੀ ਬੱਚਤ ਹੋਵੇਗੀ ਅਤੇ ਦੁਰਘਟਨਾਵਾਂ ਤੋਂ ਵੀ ਬਚਾਅ ਹੋਵੇਗਾ।
ਮਠਿਆਈ ਦੀ ਵਿਕਰੀ ਵੀ ਦੀਵਾਲੀ ਦੇ ਦਿਨ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ। ਇਸ ਲਈ ਇਸ ਦਿਨ ਮਠਿਆਈ ਜਿਥੇ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ, ਉਥੇ ਇਸ ਵਿਚ ਮਿਲਾਵਟ ਵੀ ਹੁੰਦੀ ਹੈ ਜੋ ਨੁਕਸਾਨ ਵੀ ਕਰ ਸਕਦੀ ਹੈ। ਇਸ ਲਈ ਬਾਜ਼ਾਰ ਦੀ ਮਠਿਆਈ ਓਨੀ ਹੀ ਲੈਣੀ ਚਾਹੀਦੀ ਹੈ, ਜਿੰਨੀ ਜ਼ਰੂਰੀ ਹੋਵੇ। ਬਾਜ਼ਾਰ ਤੋਂ ਮਠਿਆਈ ਲੈਣ ਦੀ ਬਜਾਏ ਘਰ ਵਿਚ ਹੀ ਮਠਿਆਈ ਬਣਾਉਣੀ ਚੰਗੀ ਹੁੰਦੀ ਹੈ। ਇਸ ਨਾਲ ਬੱਚਤ ਦੇ ਨਾਲ-ਨਾਲ ਅਸੀਂ ਆਪਣੀ ਇੱਛਾ ਅਨੁਸਾਰ ਮਠਿਆਈ ਵੀ ਬਣਾ ਸਕਦੇ ਹਾਂ।
ਇਸੇ ਤਰ੍ਹਾਂ ਇਕ-ਦੂਜੇ ਨਾਲੋਂ ਜ਼ਿਆਦਾ ਆਪਣੇ ਘਰ ਵਿਚ ਰੌਸ਼ਨੀ ਕਰਨ ਦੀ ਹੋੜ ਲੋਕਾਂ ਵਿਚ ਲੱਗੀ ਰਹਿੰਦੀ ਹੈ। ਇੰਜ ਹੀ ਇਕ ਵਾਰ ਇਸੇ ਹੋੜ ਵਿਚ ਇਕ ਵਿਅਕਤੀ ਨੇ ਆਪਣੇ ਘਰ 40 ਵਾਟ ਦੇ 25-30 ਬਲਬਾਂ ਨਾਲ ਸਜਾਵਟ ਕੀਤੀ ਸੀ, ਜੋ ਬਿਲਕੁਲ ਵੀ ਉਚਿਤ ਨਹੀਂ ਸੀ।
ਇਸੇ ਤਰ੍ਹਾਂ ਦੀਵਾਲੀ ਦੇ ਸਮੇਂ ਕੱਪੜੇ, ਗਹਿਣੇ ਆਦਿ ਖਰੀਦਣ ਨਾਲੋਂ ਚੰਗਾ ਹੈ ਕਿ ਤਿਉਹਾਰ ਤੋਂ ਇਕ ਮਹੀਨਾ ਪਹਿਲਾਂ ਹੀ ਇਨ੍ਹਾਂ ਕੰਮਾਂ ਨੂੰ ਨਿਪਟਾ ਲਿਆ ਜਾਵੇ। ਸੋਫਾਸੈੱਟ ਦਾ ਕਵਰ ਹੋਵੇ ਜਾਂ ਪਰਦੇ, ਆਪਣੀ ਸਾੜ੍ਹੀ, ਸੂਟ ਹੋਵੇ ਜਾਂ ਬੱਚਿਆਂ ਦੇ ਕੱਪੜੇ, ਸਾਰਿਆਂ ਦੀ ਖ਼ਰੀਦਦਾਰੀ ਤਿਉਹਾਰ ਤੋਂ ਇਕ ਮਹੀਨਾ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇਕ ਮਹੀਨਾ ਪਹਿਲਾਂ ਤੱਕ ਜਿਥੇ ਦੁਕਾਨਾਂ ਵਿਚ ਨਵਾਂ ਮਾਲ ਆ ਜਾਂਦਾ ਹੈ, ਉਥੇ ਤਿਉਹਾਰ ਆਉਣ ਵਿਚ ਇਕ ਮਹੀਨਾ ਹੋਣ ਕਾਰਨ ਘੱਟ ਕੀਮਤ 'ਤੇ ਮਿਲ ਵੀ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਤਿਉਹਾਰਾਂ ਦੇ ਸਮੇਂ ਹੀ ਜ਼ਿਆਦਾ ਖ਼ਰਚ ਕਰਦੇ ਹਨ ਅਤੇ ਤਿਉਹਾਰ ਨੂੰ ਚੰਗੀ ਤਰ੍ਹਾਂ ਮਨਾਉਣਾ ਚਾਹੁੰਦੇ ਹਨ, ਬਾਅਦ ਵਿਚ ਫਿਰ ਚਾਹੇ ਆਰਥਿਕ ਤੰਗੀ ਹੋਣ ਕਾਰਨ ਕਰਜ਼ਾ ਕਿਉਂ ਨਾ ਲੈਣਾ ਪਵੇ। ਸੋ, ਇਸ ਤਰ੍ਹਾਂ ਖੁਦ ਹੀ ਦੀਵਾਲੀ ਦੇ ਸਮੇਂ ਦੀਵਾਲਾ ਕੱਢ ਲੈਣਾ ਕਿਥੋਂ ਦੀ ਸਮਝਦਾਰੀ ਹੈ?
ਸਭ ਤੋਂ ਚੰਗਾ ਤਰੀਕਾ ਤਾਂ ਦੀਵਾਲੀ ਮਨਾਉਣ ਦਾ ਇਹ ਹੈ ਕਿ ਅਸੀਂ ਘਰ ਦੀ ਸਾਫ਼-ਸਫਾਈ ਕਰਕੇ ਘਰ ਨੂੰ ਚਮਕਾਈਏ ਅਤੇ ਆਪਣੇ ਮਨ ਦੇ ਹਨੇਰੇ ਨੂੰ ਦੂਰ ਕਰਕੇ ਉਸ ਵਿਚ ਰੌਸ਼ਨੀ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਅਤੇ ਉਨ੍ਹਾਂ ਲੋਕਾਂ, ਜਿਨ੍ਹਾਂ ਦੇ ਘਰ ਇਕ ਦੀਵਾ ਵੀ ਮੁਸ਼ਕਿਲ ਨਾਲ ਜਗਦਾ ਹੈ, ਦੀ ਮਦਦ ਕਰ ਕੇ ਆਪਣਾ ਖਰਚ ਸੀਮਤ ਕਰਦੇ ਹੋਏ ਦੀਵਾਲੀ ਮਨਾਈਏ ਤਾਂ ਇਹ ਤਿਉਹਾਰ ਸਾਨੂੰ ਨਿਸਚਿਤ ਹੀ ਆਨੰਦ ਅਤੇ ਉਤਸ਼ਾਹ ਦੇਵੇਗਾ ਅਤੇ ਅਸੀਂ ਇਸ ਚਿੰਤਾ ਤੋਂ ਬਚਾਂਗੇ ਕਿ ਅੱਜ ਪੂਰੇ ਪੈਸੇ ਖਰਚ ਹੋ ਗਏ ਤਾਂ ਕੱਲ੍ਹ ਕੀ ਹੋਵੇਗਾ?

ਫਲਾਂ ਨਾਲ ਸੁੰਦਰਤਾ

ਫਲ ਗ੍ਰਹਿਣ ਕਰਨ ਨਾਲ ਬਾਹਰੀ ਅਤੇ ਅੰਦਰੂਨੀ ਦੋਵੇਂ ਸੁੰਦਰਤਾਵਾਂ ਵਿਚ ਨਿਖਾਰ ਆਉਂਦਾ ਹੈ, ਜਿਸ ਨਾਲ ਚਮੜੀ ਦੀ ਰੰਗਤ ਬਦਲ ਕੇ ਲਾਲ ਅਤੇ ਪੀਲੀ ਹੋ ਜਾਂਦੀ ਹੈ ਅਤੇ ਚਮੜੀ ਵਿਚ ਜ਼ਬਰਦਸਤ ਆਕਰਸ਼ਣ ਪੈਦਾ ਹੁੰਦਾ ਹੈ। ਹੇਠਾਂ ਦੱਸੇ ਗਏ ਫਲਾਂ ਦੇ ਨਿਯਮਤ ਸੇਵਨ ਨਾਲ ਤੁਸੀਂ ਤੰਦਰੁਸਤ ਚਮੜੀ ਪ੍ਰਾਪਤ ਕਰ ਸਕਦੇ ਹੋ।
ਨਿੰਬੂ
ਨਿੰਬੂ ਵਿਟਾਮਿਨ 'ਸੀ' ਅਤੇ ਖਣਿਜ ਦਾ ਸਰੋਤ ਮੰਨਿਆ ਜਾਂਦਾ ਹੈ। ਨਿੰਬੂ ਨੂੰ ਪਾਣੀ ਵਿਚ ਮਿਲਾ ਕੇ ਹੀ ਵਰਤਣਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਚਮੜੀ ਨੂੰ ਨੁਕਸਾਨ ਵੀ ਹੋ ਸਕਦਾ ਹੈ। ਹਾਲਾਂਕਿ ਗੋਡਿਆਂ, ਕੂਹਣੀਆਂ ਵਿਚ ਨਿੰਬੂ ਦੀਆਂ ਛਿੱਲਾਂ ਨੂੰ ਸਿੱਧਾ ਰਗੜ ਕੇ ਬਾਅਦ ਵਿਚ ਪਾਣੀ ਨਾਲ ਧੋਤਾ ਜਾ ਸਕਦਾ ਹੈ। ਨਿੰਬੂ ਦੇ ਲਗਾਤਾਰ ਵਰਤੋਂ ਨਾਲ ਚਮੜੀ ਸਾਫ਼ ਅਤੇ ਗੋਰੀ ਬਣ ਜਾਂਦੀ ਹੈ ਅਤੇ ਰੰਗਤ ਵਿਚ ਨਿਖਾਰ ਆਉਂਦਾ ਹੈ। ਹਲਕੇ ਨਿੰਬੂ ਰਸ ਨੂੰ ਗੁਲਾਬ ਜਲ ਵਿਚ ਮਿਲਾ ਕੇ ਹੱਥਾਂ ਦੀ ਚਮੜੀ ਨਾਲ ਮਲੋ। ਖੁਰਦਰੇ ਹੱਥਾਂ ਲਈ ਨਿੰਬੂ ਜੂਸ ਅਤੇ ਦਾਣੇਦਾਰ ਖੰਡ ਦੇ ਮਿਸ਼ਰਣ ਨੂੰ ਹੱਥਾਂ ਦੀ ਚਮੜੀ 'ਤੇ ਉਦੋਂ ਤੱਕ ਮਲੋ ਜਦੋਂ ਤੱਕ ਖੰਡ ਪੂਰੀ ਤਰ੍ਹਾਂ ਘੁਲ ਨਾ ਜਾਵੇ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਹੱਥਾਂ ਨੂੰ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ।
ਸੰਤਰਾ
ਸੰਤਰੇ ਦਾ ਰਸ ਅਤੇ ਛਿੱਲ ਦੋਵੇਂ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ। ਦੋ ਸੰਤਰਿਆਂ ਦੀਆਂ ਛਿੱਲਾਂ, ਇਕ ਚਮਚ ਦੁੱਧ ਅਤੇ ਭੁੰਨੀ ਮਸੂਰ ਦਾਲ ਨੂੰ ਮਿਲਾ ਕੇ ਬਣੇ ਪੇਸਟ ਨੂੰ ਚਿਹਰੇ ਅਤੇ ਖੁੱਲ੍ਹੀ ਚਮੜੀ 'ਤੇ ਹਫ਼ਤੇ ਵਿਚ ਦੋ ਵਾਰ ਲਗਾਉਣ ਨਾਲ ਚਿਹਰੇ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ। ਇਕ ਗਿਲਾਸ ਸੰਤਰੇ ਦੇ ਰਸ ਦੇ ਨਿਯਮਤ ਸੇਵਨ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਅਤੇ ਜਵਾਨੀ ਬਰਕਰਾਰ ਰਹਿੰਦੀ ਹੈ। ਸੰਤਰੇ ਦੀਆਂ ਛਿੱਲਾਂ ਵਿਚ ਸਾਈਟ੍ਰਿਕ ਐਸਿਡ ਹੁੰਦਾ ਹੈ ਜੋ ਕਿ ਚਮੜੀ ਦੇ ਬੰਦ ਮੁਸਾਮਾਂ ਨੂੰ ਖੋਲ੍ਹ ਕੇ ਚਿਹਰੇ ਦੀ ਰੰਗਤ ਨੂੰ ਨਿਖਾਰਦਾ ਹੈ। ਸੰਤਰੇ ਦੇ ਰਸ ਨੂੰ ਸਿੱਧੇ ਵੀ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ।
ਪੱਕਿਆ ਪਪੀਤਾ
ਪਪੀਤਾ ਵਿਟਾਮਿਨ ਏ, ਬੀ, ਜੀ, ਪੋਟਾਸ਼ੀਅਮ, ਕਾਪਰ, ਮੈਗਨੀਸ਼ੀਅਮ ਨਾਲ ਭਰਪੂਰ ਐਂਟੀਆਕਸੀਡੈਂਟ ਹੁੰਦਾ ਹੈ। ਪਪੀਤੇ ਦੇ ਨਿਯਮਤ ਸੇਵਨ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ। ਪੱਕੇ ਪਪੀਤੇ ਦੇ ਗੁੱਦੇ ਨੂੰ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ। ਪਪੀਤੇ ਦੇ ਗੁੱਦੇ ਨੂੰ ਜੈਈ ਦੇ ਆਟੇ, ਦਹੀਂ ਅਤੇ ਸ਼ਹਿਦ ਵਿਚ ਮਿਲਾ ਕੇ ਫੇਸ ਮਾਸਕ ਤਿਆਰ ਕੀਤਾ ਜਾਂਦਾ ਹੈ। ਇਸ ਫੇਸ ਮਾਸਕ ਨੂੰ ਚਿਹਰੇ 'ਤੇ ਲਗਾਉਣ ਤੋਂ 20-30 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਪਪੀਤੇ ਦੇ ਗੁੱਦੇ ਨੂੰ ਦਹੀਂ ਵਿਚ ਮਿਲਾ ਕੇ ਇਸ ਨੂੰ ਸਰੀਰ 'ਤੇ ਵੀ ਲਗਾਇਆ ਜਾ ਸਕਦਾ ਹੈ।
2 ਚਮਚ ਪਪੀਤੇ ਦੇ ਗੁੱਦੇ ਵਿਚ ਇਕ ਚਮਚ ਗਲਿਸਰੀਨ ਅਤੇ ਮਿਲਕ ਪਾਊਡਰ ਅਤੇ 2 ਚਮਚ ਪਾਈਨਐਪਲ ਰਸ ਮਿਲਾ ਕੇ ਪੈਕ ਬਣਾ ਲਓ ਅਤੇ ਇਸ ਪੈਕ ਨੂੰ ਅੱਧੇ ਘੰਟੇ ਤੱਕ ਚਿਹਰੇ 'ਤੇ ਲਗਾ ਕੇ ਕੋਸੇ ਪਾਣੀ ਨਾਲ ਧੋ ਦਿਓ। ਇਹ ਚਿਹਰੇ ਦੀ ਰੰਗਤ ਵਿਚ ਨਿਖਾਰ ਅਤੇ ਆਕਰਸ਼ਣ ਪੈਦਾ ਕਰੇਗਾ ਅਤੇ ਤੁਹਾਡੀ ਚਮੜੀ ਨੂੰ ਕੁਦਰਤੀ ਪੋਸ਼ਣ ਪ੍ਰਦਾਨ ਕਰਦੇ ਹੋਏ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹੋਏ ਮ੍ਰਿਤ ਕੋਸ਼ਿਕਾਵਾਂ ਨੂੰ ਹਟਾਉਣ ਵਿਚ ਮਦਦ ਕਰੇਗਾ।
ਕੇਲਾ
ਕੇਲਾ ਚਮੜੀ ਅਤੇ ਵਾਲ ਦੋਵਾਂ ਦੀ ਸੁੰਦਰਤਾ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਕੇਲੇ ਵਿਚ ਮੌਜੂਦ ਪੋਟਾਸ਼ੀਅਮ ਤੱਤ ਵਾਲਾਂ ਅਤੇ ਚਮੜੀ ਦੋਵਾਂ ਨੂੰ ਮੁਲਾਇਮ ਬਣਾਉਂਦੇ ਹਨ। ਕੇਲੇ ਦਾ ਗੁੱਦਾ ਬਣਾ ਕੇ ਇਸ ਨੂੰ ਫੇਸ ਅਤੇ ਹੇਅਰ ਪੈਕ ਦੋਵਾਂ ਵਿਚ ਵਰਤਿਆ ਜਾ ਸਕਦਾ ਹੈ। ਵਾਰ-ਵਾਰ ਵਾਲਾਂ ਨੂੰ ਰੰਗਣ ਨਾਲ, ਹੋਰ ਰਸਾਇਣਾਂ ਕਾਰਨ ਵਾਲਾਂ ਨੂੰ ਪਹੁੰਚੇ ਨੁਕਸਾਨ ਦੀ ਪੂਰਤੀ ਵਿਚ ਕੇਲਾ ਅਹਿਮ ਭੂਮਿਕਾ ਨਿਭਾਉਂਦਾ ਹੈ। ਕੇਲੇ ਦਾ ਗੁੱਦਾ ਜਾਂ ਲੁਗਦੀ ਨੂੰ ਪੈਕ ਵਾਂਗ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਕੇਲੇ ਦੀ ਲੁਗਦੀ ਵਿਚ ਆਂਡੇ ਦਾ ਪੀਲਾ ਹਿੱਸਾ ਜਾਂ ਦਹੀਂ ਮਿਲਾਉਣ ਨਾਲ ਇਸ ਨੂੰ ਹੇਅਰ ਪੈਕ ਵਾਂਗ ਵਰਤਿਆ ਜਾ ਸਕਦਾ ਹੈ।
ਜਾਮਣ ਦਾ ਫੇਸ ਪੈਕ
ਜਾਮਣ ਦੇ ਬੀਜ ਅਤੇ ਅੰਬ ਦੇ ਪੱਤੇ ਪੀਸ ਕੇ ਬਣਾਏ ਪੇਸਟ ਨੂੰ ਚਿਹਰੇ 'ਤੇ 20 ਮਿੰਟ ਤੱਕ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋਣ ਨਾਲ ਦਾਗ, ਧੱਬਿਆਂ ਅਤੇ ਮੁਹਾਸਿਆਂ ਦੀ ਸਮੱਸਿਆ ਖ਼ਤਮ ਹੁੰਦੀ ਹੈ।

ਸਾੜ੍ਹੀਆਂ ਦੀ ਉਚਿਤ ਦੇਖਭਾਲ ਕਰੋ

* ਚਾਹੇ ਸਾੜ੍ਹੀ ਕਾਟਨ ਦੀ ਹੋਵੇ ਜਾਂ ਫਿਰ ਜਰੀ ਵਾਲੀ ਹੋਵੇ, ਸ਼ਿਫਾਨ ਦੀ ਹੋਵੇ ਜਾਂ ਕਢਾਈ ਵਾਲੀ ਹੋਵੇ, ਹਰ ਸਾੜ੍ਹੀ ਨੂੰ ਤੁਸੀਂ ਫਾਲ ਲਗਾ ਕੇ ਹੀ ਪਹਿਨੋ। ਜਦੋਂ ਕਦੇ ਵੀ ਤੁਸੀਂ ਫਾਲ ਖਰੀਦਣ ਲਈ ਜਾਓ ਤਾਂ ਇਸ ਦੀ ਚੋਣ ਧਿਆਨ ਨਾਲ ਕਰੋ। ਤੁਸੀਂ ਦੇਖਿਆ ਹੋਵੇਗਾ ਕਿ ਕੱਚੇ ਰੰਗ ਵਾਲੀ ਫਾਲ ਸਾੜ੍ਹੀ ਨੂੰ ਨਸ਼ਟ ਕਰ ਦਿੰਦੀ ਹੈ।
* ਤੁਸੀਂ ਜਦੋਂ ਵੀ ਸਾੜ੍ਹੀ ਪਹਿਨੋ ਤਾਂ ਏਨੀ ਨੀਵੀਂ ਨਾ ਪਹਿਨੋ ਕਿ ਜ਼ਮੀਨ 'ਤੇ ਘਿਸੜਨ ਲੱਗੇ। ਵਾਰ-ਵਾਰ ਹੇਠਾਂ ਰਗੜਨ ਹੋਣ ਨਾਲ ਸਾੜ੍ਹੀ ਫਟਣ ਦਾ ਡਰ ਰਹਿੰਦਾ ਹੈ।
* ਸਾੜ੍ਹੀ ਕਿਤਿਓਂ ਫਟ ਗਈ ਹੋਵੇ ਤਾਂ ਉਸ ਨੂੰ ਰਫੂ ਕਰਨ ਤੋਂ ਬਾਅਦ ਹੀ ਸਾੜ੍ਹੀ ਧੋਵੋ, ਪ੍ਰੈੱਸ ਕਰਵਾਓ ਅਤੇ ਪਹਿਨੋ। * ਸਾੜ੍ਹੀ 'ਤੇ ਕੋਈ ਤੇਲ ਆਦਿ ਵਰਗੇ ਤਰਲ ਪਦਾਰਥ ਡਿਗ ਜਾਣ ਤਾਂ ਤੁਸੀਂ ਬਲਾਟਿੰਗ ਪੇਪਰ ਦੀ ਸਹਾਇਤਾ ਨਾਲ ਉਸ ਨੂੰ ਸੋਕ ਲਓ ਅਤੇ ਉਸ ਵਿਚ ਟੈਲਕਮ ਪਾਊਡਰ ਛਿੜਕ ਦਿਓ।
* ਬਾਹਰੋਂ ਆਉਣ ਤੋਂ ਬਾਅਦ ਤੁਸੀਂ ਆਪਣੀ ਸਾੜ੍ਹੀ ਨੂੰ ਜ਼ਰੂਰ ਕੁਝ ਦੇਰ ਤੱਕ ਟੰਗ ਕੇ ਹਵਾ ਲੱਗਣ ਦਿਓ। ਫਿਰ ਚਾਹੇ ਤੁਸੀਂ ਇਸ ਦੀ ਤਹਿ ਲਗਾ ਸਕਦੇ ਹੋ।
* ਸੂਤੀ ਸਾੜ੍ਹੀਆਂ ਵਿਚ ਕਲਫ ਲਗਾ ਕੇ ਪਹਿਨੋ। ਇਸ ਨਾਲ ਤੁਹਾਡੀ ਸ਼ਖ਼ਸੀਅਤ ਵਿਚ ਵੱਖਰਾ ਨਿਖਾਰ ਆਵੇਗਾ। ਕਲਫ ਲੱਗੀਆਂ ਸਾੜ੍ਹੀਆਂ ਨੂੰ ਜ਼ਿਆਦਾ ਦਿਨ ਤੱਕ ਰੱਖਣ ਦੀ ਗ਼ਲਤੀ ਨਾ ਕਰੋ। ਇਸ ਵਿਚ ਝੀਂਗਰ ਲੱਗਣ ਦੀ ਸੰਭਾਵਨਾ ਰਹਿੰਦੀ ਹੈ।
* ਕੁਝ ਦਾਗ-ਧੱਬੇ ਲੱਗ ਜਾਣ ਨਾਲ ਤੁਸੀਂ ਦੁਨੀਆ ਭਰ ਦੀਆਂ ਚੀਜ਼ਾਂ ਉਸ 'ਤੇ ਨਾ ਵਰਤੋ। ਉਸ ਨੂੰ ਛੇਤੀ ਨਾਲ ਡਰਾਈਕਲੀਨ ਲਈ ਦਿਓ। ਪੁਰਾਣੇ ਦਾਗ ਹੋ ਜਾਣ 'ਤੇ ਇਨ੍ਹਾਂ ਨੂੰ ਲਾਹੁਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
* ਜਰੀ ਵਾਲੀਆਂ ਸਾੜ੍ਹੀਆਂ ਨੂੰ ਤੁਸੀਂ ਪਾਲੀਥੀਨ ਵਿਚ ਕਦੇ ਨਾ ਰੱਖੋ। ਇਸ ਨਾਲ ਜਰੀ ਕਾਲੀ ਹੋਣ ਦਾ ਖਤਰਾ ਰਹਿੰਦਾ ਹੈ। ਬਿਹਤਰ ਹੋਵੇਗਾ ਕਿ ਤੁਸੀਂ ਉਸ ਨੂੰ ਪੁਰਾਣੀ ਸੂਤੀ ਦੀ ਸਾੜ੍ਹੀ ਵਿਚ ਲਪੇਟ ਕੇ ਰੱਖੋ। ਅਜਿਹਾ ਕਰਨ ਨਾਲ ਜਰੀ ਦੀ ਚਮਕ ਬਰਕਰਾਰ ਰਹੇਗੀ।
* ਨਿੰਮ ਦੀ ਪੋਟਲੀ ਬਣਾ ਕੇ ਤੁਸੀਂ ਆਪਣੇ ਬਕਸੇ ਵਿਚ ਰੱਖੋ। ਇਸ ਨਾਲ ਕੀੜੇ ਨਹੀਂ ਲੱਗਣਗੇ, ਨਾਲ ਹੀ ਸਿੱਲ੍ਹ ਦੀ ਗੰਧ ਵੀ ਨਹੀਂ ਰਹੇਗੀ। ਆਪਣੀਆਂ ਜਰੀ ਵਾਲੀਆਂ ਸਾੜ੍ਹੀਆਂ 'ਤੇ ਇਤਰ ਨਾ ਲਗਾਓ। ਇਸ ਨਾਲ ਨਿਸ਼ਾਨ ਤਾਂ ਪੈਂਦੇ ਹੀ ਹਨ, ਨਾਲ ਹੀ ਜਰੀ ਕਾਲੀ ਵੀ ਪੈ ਜਾਂਦੀ ਹੈ। * ਰੇਸ਼ਮੀ ਸਾੜ੍ਹੀਆਂ ਨੂੰ ਨਮਕ ਦੇ ਪਾਣੀ ਵਿਚ ਭਿਉਂ ਕੇ ਹਲਕੇ ਸਾਬਣ ਨਾਲ ਵੀ ਤੁਸੀਂ ਧੋ ਸਕਦੇ ਹੋ।
* ਰੰਗੀਨ ਸਾੜ੍ਹੀਆਂ ਨੂੰ ਧੁੱਪ ਵਿਚ ਨਾ ਸੁਕਾਓ। ਰੰਗੀਨ ਕੱਪੜਿਆਂ ਵਿਚ ਜਦੋਂ ਕਲਫ ਦਿੰਦੇ ਹੋ ਤਾਂ ਸੁੱਕਣ ਤੋਂ ਤੁਰੰਤ ਬਾਅਦ ਹੀ ਧੁੱਪ ਵਿਚੋਂ ਲੈ ਆਓ। ਰੰਗ ਫਿੱਕਾ ਹੋਣ ਦੀ ਸੰਭਾਵਨਾ ਰਹਿੰਦੀ ਹੈ। * ਹਲਕੀਆਂ ਸਾੜ੍ਹੀਆਂ ਉੱਤੇ ਠੰਢੀ ਪ੍ਰੈੱਸ ਜਾਂ ਹਲਕੀ ਗਰਮ ਪ੍ਰੈੱਸ ਫੇਰੋ।
* ਬਰਸਾਤ ਦੇ ਮੌਸਮ ਵਿਚ ਸ਼ਿਫਾਨ ਅਤੇ ਸਿੰਥੈਟਿਕ ਦੀਆਂ ਸਾੜ੍ਹੀਆਂ ਦੀ ਹੀ ਵਰਤੋਂ ਕਰੋ। ਇਹ ਛੇਤੀ ਸੁੱਕ ਜਾਂਦੀਆਂ ਹਨ। ਕਲਫ ਲੱਗੀਆਂ ਸਾੜ੍ਹੀਆਂ, ਜਰੀ ਵਾਲੀਆਂ ਸਾੜ੍ਹੀਆਂ ਦੀ ਵਰਤੋਂ ਨਾ ਹੀ ਕਰੋ ਤਾਂ ਚੰਗਾ ਹੈ।
* ਰੇਸ਼ਮੀ ਸਾੜ੍ਹੀਆਂ ਨੂੰ ਧੋਂਦੇ ਸਮੇਂ ਕੁਝ ਬੂੰਦਾਂ ਗਲਿਸਰੀਨ ਦੀਆਂ ਪਾਓ। ਇਸ ਨਾਲ ਸਿਲਵਟਾਂ ਨਹੀਂ ਪੈਂਦੀਆਂ। ਜਿਥੋਂ ਤੱਕ ਸੰਭਵ ਹੋਵੇ, ਰੇਸ਼ਮੀ ਸਾੜ੍ਹੀਆਂ ਨੂੰ ਵਾਰ-ਵਾਰ ਨਾ ਧੋਵੋ।
* ਬਰਸਾਤ ਆਉਣ ਤੋਂ ਪਹਿਲਾਂ ਹੀ ਸਾੜ੍ਹੀਆਂ ਨੂੰ ਧੁੱਪ ਦਿਖਾ ਕੇ ਨਿੰਮ ਦੇ ਪੱਤਿਆਂ ਸਮੇਤ ਬਕਸੇ ਵਿਚ ਰੱਖੋ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX