ਤਾਜਾ ਖ਼ਬਰਾਂ


ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  1 day ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  1 day ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  1 day ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  1 day ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  1 day ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  1 day ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  1 day ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  1 day ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  1 day ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਲੋਕਾਂ ਦੇ ਹਰ ਦੁੱਖ-ਸੁੱਖ ਵਿਚ ਸ਼ਰੀਕ ਰਹੇ ਗੁਰੂ ਨਾਨਕ

ਇਤਿਹਾਸ ਸਾਖ਼ੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਰੋਕਾਰਾਂ ਦਾ ਘੇਰਾ ਬਹੁਤ ਵੱਡਾ ਹੈ | ਰਾਜ ਤੇ ਸਮਾਜ ਦੀ ਗੱਲ ਉਨ੍ਹਾਂ ਦੇ ਸਰੋਕਾਰਾਂ ਦੇ ਘੇਰੇ ਵਿਚ ਸ਼ਾਮਿਲ ਹੈ | ਲੋਕਾਂ ਦੇ ਹਰ ਦੁਖ-ਦਰਦ ਦੇ ਗੁਰੂ ਸਾਹਿਬ ਭਾਈਵਾਲ ਹਨ ਅਤੇ ਉਨ੍ਹਾਂ ਰਾਜਨੀਤਕ ਤੇ ਸਮਾਜਕ ਬਣਤਰਾਂ ਨੂੰ ਉਹ ਬਦਲ ਦੇਣਾ ਚਾਹੁੰਦੇ ਸਨ ਜਿਹੜੀਆਂ ਲੋਕਾਂ ਦੇ ਹਿਤਾਂ ਦੀ ਅਣਦੇਖੀ ਕਰ ਰਹੀਆਂ ਸਨ | ਜਿਥੇ ਇਕ ਪਾਸੇ ਗੁਰੂ ਸਾਹਿਬ ਨੇ ਧਰਮ ਦੇ ਪਰਦੇ ਪਿਛੇ ਛੁਪੇ ਪਾਖੰਡ ਨੂੰ ਬੇਨਕਾਬ ਕੀਤਾ, ਉਥੇ ਦੂਜੇ ਪਾਸੇ ਪੂਰੀ ਸ਼ਕਤੀ ਨਾਲ ਰਾਜਿਆਂ ਦੇ ਅਨਿਆਈ ਅਤੇ ਹਿੰਸਕ ਵਤੀਰੇ ਦਾ ਵੀ ਭਰਪੂਰ ਵਿਰੋਧ ਕੀਤਾ ਸੀ | ਰਾਜ-ਸੱਤਾ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਵਿਰੋਧ ਵਿਚ ਗੁਰੂ ਸਾਹਿਬ ਬੁਲੰਦ ਆਵਾਜ਼ ਵਿਚ ਬੋਲ ਪਏ ਸਨ ਅਤੇ ਆਪਣਾ ਪ੍ਰਤੀਕਰਮ ਬਾਣੀ ਰੂਪ ਵਿਚ ਅਭਿਵਿਅਕਤ ਕੀਤਾ ਸੀ |
ਤੱਤਕਾਲੀਨ ਰਾਜ ਦੇ ਹਿੰਸਕ ਅਤੇ ਭਿਆਨਕ ਰੂਪ ਦਾ ਆਪਣੀ ਬਾਣੀ ਵਿਚ ਜ਼ਿਕਰ ਕਰਦਿਆਂ ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਰਾਜੇ ਕਸਾਈ ਬਣ ਚੁੱਕੇ ਹਨ ਅਤੇ ਧਰਮ ਖੰਭ ਲਾ ਕੇ ਉੱਡ ਗਿਆ ਹੈ | ਕੂੜ ਦੀ ਮਸਿਆ ਵਿਚ ਸੱਚ ਰੂਪੀ ਚੰਦਰਮਾ ਕਿਤੇ ਵੀ ਚੜਿ੍ਹਆ ਨਹੀਂ ਦਿਸਦਾ :
ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ¨
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ¨
(ਅੰਗ : 145)

ਇਕ ਹੋਰ ਥਾਂ 'ਤੇ ਵੇਲੇ ਦੀ ਨਿਰੰਕੁਸ਼ ਰਾਜਤੰਤ੍ਰੀ ਵਿਵਸਥਾ ਬਾਰੇ ਆਪਣਾ ਪ੍ਰਤੀਕਰਮ ਗੁਰੂ ਸਾਹਿਬ ਇਨ੍ਹਾਂ ਸ਼ਬਦਾਂ ਵਿਚ ਦਰਜ ਕਰਦੇ ਹਨ :
ਰਾਜੇ ਸੀਹ ਮੁਕਦਮ ਕੁਤੇ¨
ਜਾਇ ਜਗਾਇਨਿ ਬੈਠੇ ਸੁਤੇ¨
ਚਾਕਰ ਨਹਦਾ ਪਾਇਨਿ ਘਾਉ¨
ਰਤੁ ਪਿਤੁ ਕੁਤਿਹੋ ਚਟਿ ਜਾਹੁ¨
(ਅੰਗ : 1288)

ਬਾਬਰ ਦੇ ਹਮਲੇ ਨੇ ਹਿੰਦੁਸਤਾਨ ਦੀ ਰਾਜਨੀਤਕ ਅਤੇ ਸਮਾਜਕ ਸਥਿਤੀ ਨੂੰ ਕਾਫ਼ੀ ਹੱਦ ਤੱਕ ਅਸਰ-ਅੰਦਾਜ਼ ਕੀਤਾ ਸੀ | ਗੁਰੂ ਸਾਹਿਬ ਜਨਤਾ ਦੇ ਦੁੱਖਾਂ ਨੂੰ ਆਪਣੇ ਹਿਰਦੇ ਵਿਚ ਸੰਜੋਅ ਕੇ, ਜਬਰ ਦੀ ਸ਼ਕਤੀ ਵਿਰੁੱੱਧ ਜਨਤਾ ਦੀ ਢਾਲ ਬਣ ਕੇ ਨਿੱਤਰ ਪਏ ਸਨ | ਆਪਣੇ ਸਮੁੱਚੇ ਪ੍ਰਤੀਕਰਮ ਨੂੰ ਬੋਲਾਂ ਦਾ ਰੂਪ ਦਿੰਦਿਆਂ ਉਨ੍ਹਾਂ ਨੇ ਅਕਾਲ ਪੁਰਖ ਨੂੰ ਵੀ ਦਰਦ ਭਰੀ ਪੁਕਾਰ ਨਾਲ ਉਲਾਂਭਾ ਦਿੱਤਾ ਸੀ :
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ¨
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ¨
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ¨
(ਅੰਗ : 360)

ਸਮੇਂ ਦੇ ਦਰਦਨਾਕ ਹਾਲਾਤ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਹਮਲਾਵਰਾਂ ਨੇ ਰਤਨ ਵਰਗੇ ਮੁਲਕ ਦੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਤੱਕ ਨਹੀਂ ਲੈਂਦਾ :
ਰਤਨ ਵਿਗਾੜਿ ਵਿਗੋਏ ਕੁਤੀ
ਮੁਇਆ ਸਾਰ ਨ ਕਾਈ¨

ਵੇਲੇ ਦੇ ਹੁਕਮਰਾਨਾਂ ਵਲੋਂ ਦੇਸ਼ ਦੀ ਰਾਖੀ ਪ੍ਰਤੀ ਕੀਤੀ ਜਾ ਰਹੀ ਬੇਰੁਖੀ ਦਾ ਵੀ ਗੁਰੂ ਸਾਹਿਬ ਨੇ ਪੂਰੀ ਤਰ੍ਹਾਂ ਵਿਸ਼ਲੇਸ਼ਣ ਕੀਤਾ ਹੈ | ਉਨ੍ਹਾਂ ਅਨੁਸਾਰ ਹਿੰਦੁਸਤਾਨੀ ਹੁਕਮਰਾਨਾਂ ਨੇ ਬਾਬਰ ਦੇ ਹਮਲੇ ਵੇਲੇ ਆਪਣੀ ਪ੍ਰਭੂਸੱਤਾ ਦੀ ਰਖਿਆ ਲਈ ਅਮਲੀ ਕਦਮ ਚੁੱਕਣ ਦੀ ਥਾਂ 'ਤੇ ਗੈਬੀ ਸ਼ਕਤੀਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ ਸੀ | ਫਲਸਰੂਪ, ਸ਼ਹਿਰ ਫੂਕੇ ਗਏ, ਲੋਕੀਂ ਉੱਜੜ ਗਏ ਅਤੇ ਕਿਸੇ ਵੀ ਹਮਲਾਵਰ ਦਾ ਕੁਝ ਨਹੀਂ ਵਿਗੜਿਆ :
ਕੋਟੀ ਹੂ ਪੀਰ ਵਰਜਿ ਰਹਾਏ
ਜਾ ਮੀਰੁ ਸੁਣਿਆ ਧਾਇਆ¨
ਥਾਨ ਮੁਕਾਮ ਜਲੇ ਬਿਜ ਮੰਦਰ
ਮੁਛਿ ਮੁਛਿ ਕੁਇਰ ਰੁਲਾਇਆ¨
ਕੋਈ ਮੁਗਲੁ ਨ ਹੋਆ ਅੰਧਾ
ਕਿਨੈ ਨ ਪਰਚਾ ਲਾਇਆ¨
(ਅੰਗ : 417)

ਗੁਰੂ ਸਾਹਿਬ ਦਾ ਕਥਨ ਹੈ ਕਿ ਜੇ ਪਹਿਲਾਂ ਤੋਂ ਸੁਚੇਤ ਰਿਹਾ ਜਾਂਦਾ ਤਾਂ ਦੇਸ਼ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਿਆ ਜਾ ਸਕਦਾ ਸੀ | ਪਰ ਰਾਜ ਕਰਨ ਵਾਲੇ, ਆਪਣੀ ਸੁਰਤ ਗਵਾ ਕੇ, ਰੰਗ-ਤਮਾਸ਼ਿਆਂ ਵਿਚ ਖਚਤ ਸਨ, ਜਿਸ ਕਰ ਕੇ ਵਿਦੇਸ਼ੀ ਹਮਲਾਵਰ ਬਾਬਰ ਨੇ ਦੇਸ਼ ਨੂੰ ਆਪਣਾ ਗੁਲਾਮ ਬਣਾ ਲਿਆ :
ਅਗੋ ਦੇ ਜੇ ਚੇਤੀਐ ਤਾਂ
ਕਾਇਤ ਮਿਲੈ ਸਜਾਇ¨
ਸਾਹਾਂ ਸੁਰਤਿ ਗਵਾਈਆ
ਰੰਗਿ ਤਮਾਸੈ ਚਾਇ¨
ਬਾਬਰਵਾਣੀ ਫਿਰਿ ਗਈ
ਕੁਇਰ ਨ ਰੋਟੀ ਖਾਇ¨
(ਅੰਗ : 417)

ਇਸ ਸਾਰੇ ਪਰਿਪੇਖ ਵਿਚ, ਇਕ ਹੋਰ ਹਕੀਕਤ ਉਚੇਚੇ ਤੌਰ 'ਤੇ ਧਿਆਨ ਵਿਚ ਰਖਣ ਵਾਲੀ ਹੈ | ਜਦੋਂ ਗੁਰੂ ਸਾਹਿਬ ਤਤਕਾਲੀਨ ਰਾਜ-ਵਿਵਸਥਾ ਦਾ ਨਿਰਭੈ ਹੋ ਕੇ ਖੰਡਨ ਕਰ ਰਹੇ ਸਨ ਅਤੇ ਬੋਲਾਂ ਰਾਹੀਂ ਆਪਣਾ ਪ੍ਰਤੀਕਰਮ ਦਰਜ ਕਰ ਰਹੇ ਸਨ, ਉਦੋਂ ਉਨ੍ਹਾਂ ਦੇ ਅੰਤਹ-ਕਰਣ ਵਿਚ ਇਕ ਸੁਚੱਜੇ ਰਾਜ ਦੀ ਬਣਤਰ ਦਾ ਸੰਕਲਪ ਮੌਜੂਦ ਸੀ | ਇਸੇ ਲਈ ਸਮਕਾਲੀ ਰਾਜ ਬਾਰੇ ਆਪਣੇ ਪ੍ਰਤੀਕਰਮ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿਚ ਇਕ ਆਦਰਸ਼ ਰਾਜ-ਵਿਵਸਥਾ ਦੀਆਂ ਖ਼ੂਬੀਆਂ ਦੀ ਵੀ ਨਿਸ਼ਾਨਦੇਹੀ ਕਰਦੇ ਹਨ | ਗੁਰੂ ਸਾਹਿਬ ਮੁਤਾਬਕ ਇਕ ਸੁਚੱਜੀ ਰਾਜ-ਵਿਵਸਥਾ ਲਈ ਰਾਜੇ ਦਾ ਚਰਿੱਤਰਵਾਨ ਤੇ ਗੁਣਵਾਨ ਹੋਣਾ ਅਤੀ ਜ਼ਰੂਰੀ ਹੈ | ਗੁਰੂ ਸਾਹਿਬ ਦਾ ਨਿਸਚਿਤ ਮੱਤ ਹੈ ਕਿ ਰਾਜਾ ਗੁਣਾਂ ਕਰ ਕੇ ਹੀ ਤਖ਼ਤ ਉੱਤੇ ਟਿਕਦਾ ਹੈ ਅਤੇ ਉਸ ਦੇ ਤਖ਼ਤ 'ਤੇ ਟਿਕੇ ਰਹਿਣ ਦੀ ਪਹਿਲੀ ਸ਼ਰਤ ਪੰਚਾਇਣ ਪਰਮਾਤਮਾ ਦੇ ਭੈ ਵਿਚ ਵਿਚਰਨਾ ਹੁੰਦਾ ਹੈ :
ਰਾਜਾ ਤਖਤਿ ਟਿਕੈ ਗੁਣੀ
ਭੈ ਪੰਚਾਇਣ ਰਤੁ¨ (ਅੰਗ : 992)

ਇਕ ਚੰਗੇ ਰਾਜ ਦੀ ਸਥਾਪਨਾ, ਨਿਆਂ ਦੀ ਆਧਾਰਸ਼ਿਲਾ ਉਪਰ ਹੀ ਸੰਭਵ ਹੈ | ਇਸ ਲਈ ਗੁਰੂ ਸਾਹਿਬ ਦਾ ਕਹਿਣਾ ਹੈ ਕਿ ਨਿਆਂਸ਼ੀਲ ਹੋਣਾ ਰਾਜੇ ਦਾ ਇਕ ਪ੍ਰਮੁੱਖ ਗੁਣ ਹੈ | ਰਾਜੇ ਲਈ ਸੱਚੀ ਚੁੱਲੀ, ਨਿਆਂ ਕਰਨਾ ਹੈ :
ਰਾਜੇ ਚੁਲੀ ਨਿਆਵ ਕੀ ਪੜਿਆ
ਸਚੁ ਧਿਆਨੁ¨ (ਅੰਗ : 1240)

ਆਪਣੇ ਸਮਕਾਲੀ ਰਾਜ ਦੀ ਨਿਆਂ ਵਿਵਸਥਾ 'ਤੇ ਵਿਸ਼ੇਸ਼ ਟਿੱਪਣੀ ਕਰਦਿਆਂ ਗੁਰੂ ਸਾਹਿਬ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਰਾਜਾ ਉਦੋਂ ਨਿਆਂ ਕਰਦਾ ਹੈ ਜਦੋਂ ਉਸ ਨੂੰ ਦੇਣ ਲਈ ਫ਼ਰਿਆਦੀ ਦੇ ਹੱਥ-ਪੱਲੇ ਕੁਝ ਹੋਵੇ, ਜੇ ਕੋਈ ਰੱਬ ਦਾ ਵਾਸਤਾ ਵੀ ਪਾਵੇ, ਤਾਂ ਵੀ ਉਸ ਦੀ ਪੁਕਾਰ ਨਹੀਂ ਸੁਣੀ ਜਾਂਦੀ :
ਰਾਜਾ ਨਿਆਉ ਕਰੇ ਹਥਿ ਹੋਇ¨
ਕਹੈ ਖੁਦਾਇ ਨ ਮਾਨੈ ਕੋਇ¨ (ਅੰਗ : 350)

ਜਨਮ-ਸਾਖ਼ੀ ਪਰੰਪਰਾ ਮੁਤਾਬਕ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੌਰਾਨ ਸੰਪਰਕ ਵਿਚ ਆਉਣ ਵਾਲੇ ਰਾਜਿਆਂ ਨੂੰ , ਕੁਝ ਵਿਸ਼ੇਸ਼ ਗੁਣਾਂ ਦੇ ਧਾਰਣੀ ਹੋਣ ਲਈ ਪ੍ਰੇਰਿਤ ਕੀਤਾ ਸੀ | ਰਾਜੇ ਸ਼ਿਵਨਾਭ ਨੂੰ ਇਕ ਆਦਰਸ਼ ਰਾਜੇ ਵਿਚ ਜਿਹੜੇ ਗੁਣ ਹੋਣਾ ਲਾਜ਼ਮੀ ਹਨ, ਉਸ ਦਾ ਸੁਨੇਹਾ ਇਨ੍ਹਾਂ ਸ਼ਬਦਾਂ ਵਿਚ ਦਿੱਤਾ ਸੀ 'ਤਬ ਗੁਰੂ ਬਾਬੇ ਨਾਨਕ ਜੀ ਰਾਜੇ ਕਉ ਨਾਮ, ਦਾਨੁ, ਇਸਨਾਨ, ਦੈਆ, ਧਰਮ, ਸੰਤੋਖ, ਸੀਲ, ਸੰਜਮ, ਬਿਬੇਕ ਮਤਿ ਦਿ੍ੜਾਈ |' ਰਾਜ ਕਰਦਿਆਂ, ਰਾਜ ਦੀ ਮੋਹ-ਮਾਇਆ ਤੋਂ ਨਿਰਲੇਪ ਰਹਿ ਕੇ ਜੋਗ ਕਮਾਉਣ ਦਾ ਉਪਦੇਸ਼ ਦਿ੍ੜ੍ਹ ਕਰਾਉਂਦਿਆਂ, ਗੁਰੂ ਸਾਹਿਬ ਰਾਜੇ ਹਰਿਨਾਥ ਨੂੰ ਕਿਹਾ ਸੀ, 'ਹਮਾਰੇ ਮਿਲਣੇ ਦਾ ਬਿਸੇਖ ਤਾਂ ਜਾਂ ਤੂ ਰਾਜ ਹੀ ਮਹਿ ਪਰਮੇਸੁਰ ਦਾ ਪਰਮ ਪਦੁ ਪਾਵਹਿ | ਰਾਜ ਮਹਿ ਜੋਗ ਹੋਤਾ ਹੈ |' ਇਕ ਹੋਰ ਥਾਂ 'ਤੇ ਮਿਹਰਬਾਨ ਵਾਲੀ ਜਨਮ-ਸਾਖ਼ੀ ਵਿਚ ਦਰਜ ਹੈ, 'ਨਾਮੁ ਦਾਨੁ ਸੀਲੁ ਸੰਜਮ ਦੁਇ ਭਾਉ ਗ਼ਰੀਬੀ ਗੁਰੂ ਬਾਬੇ ਨਾਨਕ ਰਾਜੇ ਹਰਿ ਨਾਥ ਕਉ ਦਿ੍ੜਾਇਆ, ਰਾਜਾ ਗੁਰੂ ਜੀ ਦੀ ਚਰਨੀ ਲਗਾ | ਰਾਜੇ ਕੇ ਭਰਮ ਕੇ ਬੰਧਨ ਕਾਟੇ |'
ਇਕ ਹੋਰ ਨੁਕਤਾ ਇਥੇ ਸਾਂਝਾ ਕਰਨਾ ਚਾਹੁੰਦਾ ਹਾਂ | ਗੁਰੂ ਨਾਨਕ ਦੇਵ ਜੀ ਆਪਣੀ ਇਕ ਬੜੀ ਮਹੱਤਵਪੂਰਨ ਰਚਨਾ ਵਿਚ ਸਰਬ ਸ਼ਕਤੀਮਾਨ ਪਰਮਾਤਮਾ ਦੀਆਂ ਅਥਾਹ ਸ਼ਕਤੀਆਂ ਦਾ ਵਰਣਨ ਕਰਦਿਆਂ, ਸੱਤਾਧਾਰੀਆਂ ਨੂੰ ਅਗਾਹ ਕਰਦਿਆਂ ਅਤੇ ਚੇਤਾਵਨੀ ਦਿੰਦਿਆਂ ਦੱਸਦੇ ਹਨ ਕਿ ਉਹ ਪਰਮਾਤਮਾ, ਸ਼ੇਰਾਂ, ਬਾਜਾਂ, ਚਰਹਾਂ ਤੇ ਕੁਹੀਆਂ ਆਦਿ ਮਾਸਾਹਾਰੀਆਂ ਨੂੰ ਘਾਹ ਖਵਾ ਦਿੰਦਾ ਹੈ ਅਤੇ ਜਿਹੜੇ ਜੀਵ ਘਾਹ ਖਾਣ ਵਾਲੇ ਹਨ ਉਨ੍ਹਾਂ ਨੂੰ ਮਾਸ ਖਾਣ ਦੀ ਰਾਹ 'ਤੇ ਤੋਰ ਦਿੰਦਾ ਹੈ | ਰੱਬ ਨਦੀਆਂ ਵਿਚ ਟਿੱਬੇ ਵਿਖਾਲ ਦਿੰਦਾ ਹੈ ਅਤੇ ਰੇਤਲੇ ਥਾਵਾਂ ਨੂੰ ਡੂੰੰਘੇ ਪਾਣੀ ਵਾਲਾ ਬਣਾ ਦਿੰਦਾ ਹੈ | ਕੀੜੇ ਨੂੰ ਬਾਦਸ਼ਾਹੀ ਦੇ ਤਖ਼ਤ 'ਤੇ ਥਾਪ ਦਿੰਦਾ ਹੈ ਅਤੇ ਬਾਦਸ਼ਾਹਾਂ ਦੇ ਲਸ਼ਕਰਾਂ ਨੂੰ ਸੁਆਹ ਕਰ ਦਿੰਦਾ ਹੈ | 'ਕੀੜਾ ਥਾਪ ਦੇਇ ਪਾਤਿਸਾਹੀ' ਰੱਬ ਦੀ ਉਸ ਅਸੀਮ ਸ਼ਕਤੀ ਵੱਲ ਸੰਕੇਤ ਹੈ ਜਿਸ ਨਾਲ ਉਹ ਪਰਮਾਤਮਾ ਨਿਮਾਣੇ ਤੋਂ ਨਿਮਾਣੇ, ਆਮ ਸਾਧਾਰਨ ਵਿਅਕਤੀ ਨੂੰ ਪਾਤਸ਼ਾਹੀ ਬਖ਼ਸ਼ ਦਿੰਦਾ ਹੈ | 'ਲਸਕਰ ਕਰੇ ਸੁਆਹ' ਪਰਮਾਤਮਾ ਦੀ ਉਸ ਸਮਰਥਾ ਦਾ ਪ੍ਰਤੀਕ ਹੈ ਜਿਸ ਨਾਲ ਉਹ ਰਾਜ ਸ਼ਕਤੀ ਦੇ ਹੰਕਾਰ ਵਿਚ ਮਸਤ ਬਾਦਸ਼ਾਹਾਂ ਦੇ ਲਸਕਰ ਫ਼ਨਾਹ ਕਰ ਦਿੰਦਾ ਹੈ ਅਰਥਾਤ ਉਨ੍ਹਾਂ ਦੀ ਬਾਦਸ਼ਾਹੀ ਖੋਹ ਲੈਂਦਾ ਹੈ :
ਸੀਹਾ ਬਾਜਾ ਚਰਗਾ ਕੁਹੀਆ
ਏਨਾ ਖਵਾਲੇ ਘਾਹ¨
ਘਾਹੁ ਖਾਨਿ ਤਿਨਾ ਮਾਸੁ ਖਵਾਲੇ
ਏਹਿ ਚਲਾਏ ਰਾਹ¨
ਨਦੀਆ ਵਿਚਿ ਟਿਬੇ ਦੇਖਾਲੇ
ਥਲੀ ਕਰੇ ਅਸਗਾਹ¨
ਕੀੜਾ ਥਾਪਿ ਦੇਇ ਪਾਤਿਸਾਹੀ
ਲਸਕਰ ਕਰੇ ਸੁਆਹ¨ (ਅੰਗ : 144)

ਗੁਰੂ ਨਾਨਕ ਦੇਵ ਜੀ ਦਾ ਇਹ ਕਥਨ ਵੀ ਮਹੱਤਵਪੂਰਣ ਹੈ ਕਿ ਪਰਮਾਤਮਾ ਦੀ ਪਰਮ-ਸੱਤਾ ਨੂੰ ਵਿਸਾਰ ਦਿੱਤਾ ਜਾਵੇ ਤਾਂ ਸਾਰੀ ਰਾਜਸੀ ਸੱਤਾ ਵਿਅਰਥ ਸਾਬਤ ਹੁੰਦੀ ਹੈ :
ਸੁਲਤਾਨੁ ਹੋਵਾ ਮੇਲਿ ਲਸਕਰ
ਤਖਤਿ ਰਾਖਾ ਪਾਉ¨
ਹੁਕਮੁ ਹਾਸਲੁ ਕਰੀ ਬੈਠਾ
ਨਾਨਕਾ ਸਭ ਵਾਉ¨
ਮਤੁ ਦੇਖਿ ਭੂਲਾ ਵੀਸਰੈ ਤੇਰਾ
ਚਿਤਿ ਨ ਆਵੈ ਨਾਉ¨ (ਅੰਗ : 14)

ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਜਿਸ ਤਰ੍ਹਾਂ ਦੇ ਰਾਜ ਦੀ ਕਲਪਨਾ ਕਰਦੇ ਹਨ, ਉਸ ਵਿਚ ਰਾਜਾ ਗੁਣਵਾਨ ਹੈ ਅਤੇ ਪਰਜਾ ਗਿਆਨਵਾਨ | ਸਮਾਨਤਾ ਅਤੇ ਸੁਤੰਤਰਤਾ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ, ਸਾਧ ਅਤੇ ਸਾਧਨ ਦੀ ਸੁੱਚਤਾ ਬਣਾਈ ਰੱਖਣਾ, ਇਸ ਰਾਜ ਸੰਕਲਪ ਦੇ ਪ੍ਰਮੁੱਖ ਗੁਣ ਹਨ | ਪ੍ਰਭੁਤਾ ਸੰਪੰਨ ਇਹ ਰਾਜ, ਨਿਰੰਕੁਸ਼ ਨਾ ਹੋ ਕੇ, ਪਰਜਾ ਅਤੇ ਰੱਬੀ ਪਰਮ-ਸੱਤਾ ਪ੍ਰਤੀ ਉਤਰਦਾਈ ਹੈ | ਸਾਧਨ-ਵਿਹੂਣੇ ਲੋਕਾਂ ਨੂੰ ਰਾਜ-ਸੱਤਾ ਦੇ ਤਖ਼ਤ ਉੱਤੇ ਪਹੁੰਚਾਉਣ ਦਾ ਇਹ ਰਾਜ- ਸੰਕਲਪ, ਸੱਤਾ ਦੇ ਪ੍ਰਵਾਹ ਨੂੰ ਸ਼ਾਸਿਤ ਵੱਲ ਮੋੜ ਕੇ, ਇਕ ਗੁਣਤੀਮੂਲਕ ਲੋਕਤੰਤਰ ਦੀ ਸਥਾਪਨਾ ਕਰਨ ਵੱਲ ਰੁਚਿਤ ਹੈ |
                                                                                                                                                                    -0-


ਖ਼ਬਰ ਸ਼ੇਅਰ ਕਰੋ

ਕੈਨੇਟਾ ਤੋਂ ਬਣਿਆ ਕੈਨੇਡਾ

ਕੈਨੇਡਾ ਮੁੱਖ ਤੌਰ 'ਤੇ ਪ੍ਰਵਾਸੀਆਂ ਦਾ ਦੇਸ਼ ਹੈ | ਇਸ ਸਮੇਂ ਇਸ ਦੇਸ਼ ਵਿਚ ਦੁਨੀਆ ਦੇ ਹਰ ਮਹਾਂਦੀਪ ਅਤੇ ਉਪ-ਮਹਾਂਦੀਪ ਦੇ ਦੇਸ਼ਾਂ ਦੇ ਲੋਕ ਰਹਿ ਰਹੇ ਹਨ ਭਾਵੇਂ ਕਿ ਇਨ੍ਹਾਂ ਵਿਚ 80 ਫੀਸਦੀ ਲੋਕ ਯੂਰਪੀਨ ਦੇਸ਼ਾਂ ਦੇ ਹਨ | ਏਸ਼ੀਆ ਮਹਾਂਦੀਪ ਦੇ ਲੋਕਾਂ ਵਿਚ ਬਹੁ-ਗਿਣਤੀ ਚੀਨੀਆਂ ਦੀ ਹੈ | ਭਾਰਤੀ ਉਪ-ਮਹਾਂਦੀਪ 'ਚੋਂ ਭਾਰਤੀ ਅਤੇ ਪਾਕਿਸਤਾਨੀ ਲੋਕ ਵੀ ਕਾਫੀ ਗਿਣਤੀ ਵਿਚ ਹਨ | ਪ੍ਰਵਾਸੀ ਭਾਰਤੀਆਂ ਵਿਚ ਪੰਜਾਬੀਆਂ ਅਤੇ ਗੁਜਰਾਤੀਆਂ ਦੀ ਗਿਣਤੀ ਵਧੇਰੇ ਹੈ |
ਉੱਤਰੀ ਅਮਰੀਕਾ ਉਪ-ਮਹਾਂਦੀਪ ਦਾ ਹਿੱਸਾ, ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ | ਰੂਸ ਤੋਂ ਦੂਜੇ ਨੰਬਰ ਉਤੇ | ਇਹ ਹਿੰਦੁਸਤਾਨ ਨਾਲੋਂ ਲਗਪਗ ਤਿੰਨ ਗੁਣਾ ਵੱਡਾ ਦੇਸ਼ ਹੈ, ਜਿਸ ਦਾ ਖੇਤਰਫਲ 90, 93, 507 ਵਰਗ ਕਿਲੋਮੀਟਰ ਹੈ | ਇਸ ਦੀ ਆਬਾਦੀ ਪੌਣੇ ਚਾਰ ਕਰੋੜ ਦੇ ਕਰੀਬ ਹੈ | ਹਿੰਦੁਸਤਾਨ ਦੀ ਆਬਾਦੀ ਦਾ 33ਵਾਂ ਹਿੱਸਾ | ਕੈਨੇਡਾ ਦੇ ਵਾਸੀਆਂ ਦਾ ਜਨ-ਜੀਵਨ, ਭਾਸ਼ਾ, ਕਲਾ, ਸੱਭਿਆਚਾਰ ਹੀ ਅਮਰੀਕਾ ਨਾਲ ਨਹੀਂ ਮਿਲਦਾ, ਸਗੋਂ ਇਤਿਹਾਸਕ ਪਿਛੋਕੜ ਵੀ ਕਾਫੀ ਹੱਦ ਤੱਕ ਉਸ ਨਾਲ ਸਾਂਝਾ ਹੈ | ਕੈਨੇਡਾ ਦੇ ਦੱਖਣੀ ਸਰਹੱਦੀ ਖੇਤਰ ਜਾਂ ਪੱਟੀ ਵਿਚ ਹੀ ਕੈਨੇਡਾ ਦੀ ਬਹੁਤੀ ਵਸੋਂ ਹੈ | ਅਮਰੀਕਾ ਤੇ ਕੈਨੇਡਾ ਆਉਣ ਜਾਣ ਲਈ ਅਨੇਕਾਂ ਹੀ ਸੜਕ, ਰੇਲ ਅਤੇ ਜਲ ਮਾਰਗ ਹਨ | ਦੋਵਾਂ ਦੇਸ਼ਾਂ ਦੇ ਲਗਪਗ ਹਰ ਸ਼ਹਿਰ ਵਿਚ ਹਵਾਈ ਅੱਡੇ ਹਨ ਅਤੇ ਹਵਾਈ ਸੇਵਾ ਆਮ ਹੈ | ਇਕ-ਦੂਜੇ ਦੇਸ਼ ਆਉਣ ਲਈ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਨਹੀਂ ਲੈਣਾ ਪੈਂਦਾ | ਆਪਣਾ ਡਰਾਈਵਿੰਗ ਲਾਇਸੈਂਸ ਜਾਂ ਹੋਰ ਅਜਿਹੇ ਦਸਤਾਵੇਜ਼ ਦਿਖਾ ਕੇ ਇਕ ਦੂਜੇ ਦੇਸ਼ ਆ ਜਾ ਸਕਦੇ ਹਨ | ਹਜ਼ਾਰਾਂ ਹੀ ਲੋਕ ਹਰ ਰੋਜ਼ ਇਸ ਤਰ੍ਹਾਂ ਇਕ-ਦੂਜੇ ਦੇਸ਼ ਆਉਂਦੇ ਜਾਂਦੇ ਰਹਿੰਦੇ ਹਨ |
ਕੈਨੇਡਾ ਭਾਵੇਂ ਬਹੁਤ ਪੁਰਾਣਾ ਦੇਸ਼ ਨਹੀਂ ਪਰ ਇਸ ਧਰਤੀ ਦਾ ਇਤਿਹਾਸ ਬਹੁਤ ਪੁਰਾਣਾ ਹੈ | ਇਸ ਦੇਸ਼ ਦੇ ਮੂਲ ਵਾਸੀਆਂ (ਆਦਿਵਾਸੀਆਂ) ਨੂੰ 'ਰੈੱਡ ਇੰਡੀਅਨ' ਜਾਂ ਇੰਡੀਅਨ ਕਿਹਾ ਜਾਂਦਾ ਹੈ | ਵੱਖ-ਵੱਖ ਇਲਾਕਿਆਂ ਵਿਚ ਉਨ੍ਹਾਂ ਦੇ ਵੱਖ-ਵੱਖ ਕਬੀਲੇ ਹਨ, ਜਿਨ੍ਹਾਂ ਦੀ ਆਪਣੀ ਵੱਖਰੀ ਭਾਸ਼ਾ, ਕਲਾ ਤੇ ਸੱਭਿਆਚਾਰ ਹੈ | ਜਿਸ ਤਰ੍ਹਾਂ ਹਿੰਦੁਸਤਾਨ ਵਿਚ ਗੋਰੇ ਲੋਕ ਵਪਾਰ ਕਰਨ ਲਈ ਆਏ ਅਤੇ ਫਿਰ ਹੁਕਮਰਾਨ ਬਣ ਬੈਠੇ, ਬਿਲਕੁਲ ਉਸੇ ਤਰ੍ਹਾਂ ਹੀ ਕੈਨੇਡਾ ਵਿਚ ਵੀ ਪਹਿਲਾਂ ਗੋਰੇ ਲੋਕ ਵਿਸ਼ੇਸ਼ ਕਰਕੇ ਬਰਤਾਨੀਆ ਅਤੇ ਫਰਾਂਸ ਦੇ ਲੋਕ ਵਪਾਰ ਕਰਨ ਆਏ ਅਤੇ ਸਮੇਂ ਦੇ ਫੇਰ ਨਾਲ ਅਤੇ ਆਪਣੀਆਂ ਚਲਾਕੀਆਂ ਨਾਲ ਇਥੋਂ ਦੇ ਹੁਕਮਰਾਨ ਬਣ ਬੈਠੇ | ਇਥੋਂ ਦੇ ਮੂਲ ਵਾਸੀ ਹਾਲੇ ਵੀ ਵੱਖਰੇ ਇਲਾਕਿਆਂ ਵਿਚ ਰਹਿੰਦੇ ਹਨ, ਇਨ੍ਹਾਂ ਦੀ ਆਬਾਦੀ ਕੁੱਲ ਵਸੋਂ ਦਾ ਮਸੀਂ ਤਿੰਨ ਫੀਸਦੀ ਹੈ | ਉਂਜ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਹਨ ਅਤੇ ਟੈਕਸਾਂ ਵਿਚ ਛੋਟ ਹੈ | ਹਿੰਦੁਸਤਾਨ ਵਿਚ ਈਸਟ ਇੰਡੀਆ ਕੰਪਨੀ ਸਭ ਤੋਂ ਪਹਿਲਾਂ ਵਪਾਰ ਕਰਨ ਆਈ ਸੀ ਤੇ ਕੈਨੇਡਾ ਵਿਚ ਹਡਸਨ ਬੇ ਕੰਪਨੀ | ਇਹੀ ਕਾਰਨ ਹੈ ਕਿ ਕਈ ਥਾਵਾਂ, ਸਮੁੰਦਰ ਦੇ ਤੱਟਾਂ, ਦਰਿਆਵਾਂ ਦੇ ਪੱਤਣਾ ਆਦਿ ਦੇ ਨਾਂਅ ਇਨ੍ਹਾਂ ਦੋਵਾਂ ਕੰਪਨੀਆਂ ਦੇ ਪਹਿਲੇ ਅਧਿਕਾਰੀਆਂ ਦੇ ਨਾਂਅ ਉਤੇ ਹਨ | ਕੈਨੇਡਾ ਦੇ ਅਨੇਕਾਂ ਸ਼ਹਿਰਾਂ ਜਾਂ ਇਲਾਕਿਆਂ ਦੇ ਨਾਂਅ ਵੀ ਬਰਤਾਨੀਆ ਦੇ ਸ਼ਹਿਰਾਂ ਅਤੇ ਇਲਾਕਿਆਂ ਉਤੇ ਹੀ ਆਧਾਰਿਤ ਹਨ | ਚੰਡੀਗੜ੍ਹ ਵਾਂਗ ਸਾਰੇ ਸ਼ਹਿਰ ਯੋਜਨਾਬੱਧ ਤਰੀਕੇ ਨਾਲ ਯੂਰਪੀਨ ਦੇਸ਼ਾਂ ਵਾਂਗ ਵਸਾਏ ਗਏ ਹਨ ਅਤੇ ਭਵਿੱਖ ਦੇ ਵਿਸਤਾਰ ਅਤੇ ਵਿਕਾਸ ਨੂੰ ਵੀ ਮੱਦੇਨਜ਼ਰ ਰੱਖਿਆ ਗਿਆ ਹੈ |
ਇਥੋਂ ਦੇ ਮੂਲ ਵਾਸੀਆਂ ਨੂੰ ਇੰਡੀਅਨ ਜਾਂ ਰੈੱਡ-ਇੰਡੀਅਨ ਕਿਉਂ ਕਿਹਾ ਜਾਂਦਾ ਹੈ? ਕੋਲੰਬਸ ਹਿੰਦੁਸਤਾਨ ਲੱਭਣ ਲਈ ਤੁਰਿਆ ਸੀ | ਜਦੋਂ 1492 ਵਿਚ ਉਸ ਦਾ ਸਮੁੰਦਰੀ ਜਹਾਜ਼ ਅਮਰੀਕਾ ਦੀ ਧਰਤੀ ਦੇ ਕਿਨਾਰੇ ਜਾ ਲੱਗਿਆ ਤਾਂ ਉਸ ਨੇ ਸਮਝਿਆ ਕਿ ਉਹ ਇੰਡੀਆ ਪੁੱਜ ਗਿਆ ਹੈ | ਉਸ ਨੇ ਇਥੋਂ ਦੇ ਜਿਹੜੇ ਲੋਕ ਦੇਖੇ ਉਨ੍ਹਾਂ ਨੂੰ ਇੰਡੀਅਨ ਆਖਣ ਲੱਗ ਪਿਆ | ਉਸ ਸਮੇਂ ਤੋਂ ਉੱਤਰੀ ਅਮਰੀਕਾ ਸਮੇਤ ਕੈਨੇਡਾ ਦੇ ਆਦਿਵਾਸੀਆਂ ਨੂੰ ਇੰਡੀਅਨ ਕਿਹਾ ਜਾਂਦਾ ਹੈ |
ਕੈਨੇਡੀਅਨ ਸਿੱਖ ਵਿਦਵਾਨ ਸੋਹਣ ਸੁਰਿੰਦਰ ਸਿੰਘ ਸੰਘਾ ਅਨੁਸਾਰ ਇੰਗਲੈਂਡ ਦੇ ਬਾਦਸ਼ਾਹ ਹੈਨਰੀ ਸੱਤਵੇਂ ਨੇ ਇਟਲੀ ਦੇ ਇਕ ਮਲਾਹ ਜੌਹਨ ਕਾਬੋਟ ਨੂੰ ਪੱਛਮ ਵਲੋਂ ਏਸ਼ੀਆ ਮਹਾਂਦੀਪ ਦਾ ਸਮੁੰਦਰੀ ਰਾਹ ਲੱਭਣ ਲਈ ਭੇਜਿਆ | ਉਹ 24 ਜੂਨ 1497 ਨੂੰ ਕੈਨੇਡਾ ਦੀ ਧਰਤ ਕੈਂਪ ਬਰੀਟਨ ਆਈਲੈਂਡ ਅਤੇ ਨਿਊ ਫਾਊਾਡਲੈਂਡ ਪੁੱਜ ਗਿਆ | ਇਸ ਕਰਕੇ ਇੰਗਲੈਂਡ ਦਾ ਬਾਦਸ਼ਾਹ ਇਸ ਇਲਾਕੇ ਉਤੇ ਆਪਣਾ ਹੱਕ ਸਮਝਣ ਲੱਗਾ | ਇਸੇ ਤਰ੍ਹਾਂ ਫਰਾਂਸ ਦੇ ਇਕ ਫਰਾਂਸੀਸੀ ਮਲਾਹ ਜੈਕਸ ਕਾਰਟੀਅਰ ਨੂੰ ਉੱਤਰ-ਪੱਛਮ ਵਲੋਂ ਏਸ਼ੀਆ ਦਾ ਜਲ ਮਾਰਗ ਲੱਭਣ ਲਈ ਭੇਜਿਆ | ਉਹ 10 ਜੂਨ 1534 ਨੂੰ ਸੇਂਟ ਲਾਰੈਂਸ ਇਲਾਕੇ ਵਿਚ ਪਹੁੰਚ ਗਿਆ ਅਤੇ ਅਗਲੇ ਵਰ੍ਹੇ ਮੌਾਟਰੀਅਲ ਦੇ ਇਲਾਕੇ ਵਿਚ ਪੁੱਜ ਗਿਆ | ਫਰਾਂਸ ਇਸ ਇਲਾਕੇ ਉਤੇ ਆਪਣਾ ਹੱਕ ਸਮਝਣ ਲੱਗਾ | ਇਹ ਇਲਾਕਾ ਹੁਣ ਕੈਨੇਡਾ ਦੇ ਕਿਊਬੈਕ ਸੂਬੇ ਦਾ ਹਿੱਸਾ ਹੈ |
ਜੈਕਸ ਕਾਰਟੀਅਰ ਜਦੋਂ ਉਥੋਂ ਦੇ ਮੂਲ ਵਾਸੀਆਂ ਨੂੰ ਮਿਲਿਆ ਤਾਂ ਇਸ ਦੇਸ਼ ਦਾ ਨਾਂਅ ਪੁੱਛਿਆ | ਉਨ੍ਹਾਂ ਲੋਕਾਂ ਨੇ ਸਮਝਿਆ ਕਿ ਉਹ ਉਨ੍ਹਾਂ ਦੇ ਝੌਾਪੜੀਆਂ ਵਾਲੇ ਪਿੰਡ ਬਾਰੇ ਪੁੱਛ ਰਿਹਾ ਹੈ | ਉਨ੍ਹਾਂ ਆਪਣੀ ਬੋਲੀ ਵਿਚ ਕੈਨੇਟਾ ਆਖਿਆ | ਉਨ੍ਹਾਂ ਦੀ ਭਾਸ਼ਾ ਵਿਚ ਕੈਨੇਟਾ ਦਾ ਭਾਵ ਪਿੰਡ ਸੀ | ਜੈਕਸ ਨੇ ਸਮਝਿਆ ਕਿ ਦੇਸ਼ ਦਾ ਨਾਂਅ ਦੱਸਦੇ ਹਨ | ਉਸ ਨੇ ਆਪਣੇ ਨਕਸ਼ੇ ਵਿਚ ਕੈਨੇਟਾ ਲਿਖ ਦਿੱਤਾ | ਹੌਲੀ-ਹੌਲੀ ਵਿਗੜਦਾ ਇਸ ਦੇਸ਼ ਦਾ ਨਾਂਅ ਕੈਨੇਡਾ ਮਸ਼ਹੂਰ ਹੋ ਗਿਆ |
ਬਰਤਾਨੀਆ ਅਤੇ ਫਰਾਂਸ ਤੋਂ ਪਹਿਲਾਂ ਜੋ ਮਲਾਹ ਅਤੇ ਉਨ੍ਹਾਂ ਦੇ ਸਾਥੀ ਪਹੁੰਚੇ, ਉਹ ਉਥੋਂ ਦੇ ਦਰਿਆਵਾਂ ਵਿਚ ਮੱਛੀਆਂ ਦੇਖ ਕੇ ਬੜੇ ਖੁਸ਼ ਹੋਏ | ਇਥੋਂ ਦੇ ਆਦਿਵਾਸੀ ਮੁੱਖ ਤੌਰ 'ਤੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਉਤੇ ਗੁਜ਼ਾਰਾ ਕਰਦੇ ਸਨ, ਜਿਸ ਕਰਕੇ ਇਨ੍ਹਾਂ ਜੰਗਲੀ ਜਾਨਵਰਾਂ ਦੀ ਫਰ (ਖੱਲ) ਬਹੁਤ ਮਿਲਦੀ ਸੀ | ਇਨ੍ਹਾਂ ਨੇ ਇਸ ਫਰ ਦਾ ਵਪਾਰ ਸ਼ੁਰੂ ਕੀਤਾ, ਜਿਸ ਵਿਚ ਬਹੁਤ ਲਾਭ ਹੋਣ ਲੱਗਾ | ਇਸ ਕਾਰਨ ਯੂਰਪੀਨ ਦੇਸ਼ਾਂ 'ਚੋਂ ਵਪਾਰੀ ਆਉਣ ਲੱਗੇ ਅਤੇ ਉਨ੍ਹਾਂ ਥਾਂ-ਥਾਂ ਆਪਣੇ ਵਪਾਰਕ ਅਦਾਰੇ ਬਣਾ ਲਏ | ਇਨ੍ਹਾਂ ਦੇ ਪਿੱਛੇ-ਪਿੱਛੇ ਇਸਾਈ ਮਿਸ਼ਨਰੀਆਂ ਵੀ ਆਉਣ ਲੱਗੀਆਂ | ਸ਼ੁਰੂ-ਸ਼ੁਰੂ ਵਿਚ ਮੂਲ ਵਾਸੀਆਂ ਦੀਆਂ ਇੰਗਲੈਂਡ ਅਤੇ ਫਰਾਂਸ ਦੇ ਵਪਾਰੀਆਂ ਅਤੇ ਮਿਸ਼ਨਰੀਆਂ ਨਾਲ ਹਿੰਸਕ ਝੜਪਾਂ ਹੋਈਆਂ, ਜਿਨ੍ਹਾਂ ਵਿਚ ਕਈ ਮਿਸ਼ਨਰੀ ਮਾਰੇ ਵੀ ਗਏ | ਹੌਲੀ-ਹੌਲੀ ਪ੍ਰਵਾਸੀ ਗੋਰਿਆਂ ਨੇ ਮੂਲ ਵਾਸੀਆਂ ਉਤੇ ਕਾਬੂ ਪਾ ਲਿਆ |
ਵੱਖ-ਵੱਖ ਇਲਾਕਿਆਂ ਉਤੇ ਆਪਣੀ ਸਰਦਾਰੀ ਕਾਇਮ ਰੱਖਣ ਲਈ ਬਰਤਾਨਵੀ ਤੇ ਫਰਾਂਸੀਸੀ ਲੋਕਾਂ ਦੀ ਲੜਾਈ ਵੀ ਹੋਣ ਲੱਗੀ | ਆਖਰ ਇੰਗਲੈਂਡ ਹੀ ਭਾਰੂ ਰਿਹਾ | ਕੈਨੇਡਾ ਬਰਤਾਨੀਆ ਦੀ ਇਕ ਬਸਤੀ ਬਣ ਗਿਆ ਸੀ | ਬਿ੍ਟਿਸ਼ ਸਰਕਾਰ ਵਲੋਂ ਪਹਿਲੀ ਜੁਲਾਈ 1867 ਨੂੰ ਬਰਤਾਨਵੀ ਨਾਰਥ ਅਮਰੀਕਾ ਐਕਟ ਪਾਸ ਕੀਤਾ ਗਿਆ, ਜਿਸ ਅਧੀਨ ਕੈਨੇਡਾ ਵਿਚ ਇਕ ਫੈਡਰਲ ਸਰਕਾਰ ਕਾਇਮ ਹੋ ਗਈ, ਜਿਸ ਨੂੰ 'ਡੋਮੀਨੀਅਨ ਆਫ ਕੈਨੇਡਾ' ਦਾ ਦਰਜਾ ਦਿੱਤਾ ਗਿਆ | ਹੁਣ ਹਰ ਸਾਲ ਪਹਿਲੀ ਜੁਲਾਈ ਨੂੰ 'ਕੈਨੇਡਾ ਡੇਅ' ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ |
ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਕੇਂਦਰੀ ਪ੍ਰਬੰਧਕ ਇਲਾਕੇ (ਟੈਰਿਟਰੀਜ਼) ਹਨ, ਜਿਨ੍ਹਾਂ ਸਭਨਾਂ ਦੀ ਆਪਣੀ ਆਪਣੀ ਰਾਜਧਾਨੀ (ਬਰੈਕਟ ਵਿਚ ਦਿੱਤੀ ਜਾ ਰਹੀ ਹੈ) ਜੋ ਇਸ ਤਰ੍ਹਾਂ ਹੈ- ਅਲਬਰਟਾ (ਐਡਮੰਟਨ), ਬਿ੍ਟਿਸ਼ ਕੋਲੰਬੀਆ (ਵਿਕਟੋਰੀਆ), ਮੈਨੀਟੋਬਾ (ਵਿਨੀਪੈਗ), ਨਿਊ ਬਰਨਸਵਿਕ (ਫਰੈਡਰਿਕਟਨ), ਨਿਊ ਫਾਊਾਡਲੈਂਡ (ਸੇਂਟ ਜੋਹਨਜ਼), ਨੋਵਾ ਸਕੋਸ਼ੀਆ (ਹੈਲੀਫੈਕਸ), ਓਨਟਾਰੀਓ (ਟੋਰਾਂਟੋ), ਪਿ੍ੰਸ ਐਡਵਰਡ ਆਈਲੈਂਡ (ਚੈਰਿਅਟੇਟਾਊਨ), ਕਿਊਬੈਕ (ਕਿਊਬੈਕ ਸਿਟੀ), ਸਸਕੈਚਵਨ (ਰਿਜ਼ਾਈਨਾ) ਅਤੇ ਕੇਂਦਰੀ ਇਲਾਕਿਆਂ ਵਿਚ ਨਾਰਥ ਵੈਸਟ ਟੈਰਿਟਰੀਜ਼ (ਯੈਲੋਨਾਈਫ), ਨਾਨੂਵਤ (ਇਕਾਲਿਊਤ) ਅਤੇ ਯੂਕੋਨ (ਵ੍ਹਾਈਟ ਹੌਰਸ) | ਕੈਨੇਡਾ ਦੀ ਕੌਮੀ ਰਾਜਧਾਨੀ ਓਟਾਵਾ ਹੈ, ਜੋ ਓਾਟਾਰੀਓ ਸੂਬੇ ਵਿਚ ਹੈ | ਪ੍ਰਵਾਸੀ ਪੰਜਾਬੀ ਵਧੇਰੇ ਕਰਕੇ ਬਿ੍ਟਿਸ਼ ਕੋਲੰਬੀਆ, ਓਾਟਾਰੀਓ ਅਤੇ ਅਲਬਰਟਾ ਸੂਬੇ ਵਿਚ ਰਹਿੰਦੇ ਹਨ | ਟਰਾਂਟੋ ਅਤੇ ਵੈਨਕੂਵਰ-ਸਰੀ ਤੇ ਲਾਗਲੇ ਇਲਾਕਿਆਂ ਵਿਚ ਪੰਜਾਬੀਆਂ ਦੀ ਸੰਘਣੀ ਵਸੋਂ ਹੈ |
ਕੈਨੇਡਾ ਵਿਚ ਬਰਫਾਂ ਲੱਦੇ ਪਹਾੜ, ਚਟਾਨਾਂ ਵਾਲੇ ਪਹਾੜ, ਠੰਢੇ ਪਾਣੀ ਨਾਲ ਨਾਗ ਵਾਂਗ ਸ਼ਾਂ-ਸ਼ਾਂ ਕਰਕੇ ਵਹਿੰਦੇ ਹੋਏ ਅਨੇਕਾਂ ਦਰਿਆ, ਸਾਵੀਂ ਪੱਧਰੀ ਉਪਜਾਊ ਜ਼ਮੀਨ ਅਤੇ ਝੀਲਾਂ ਹਨ | ਝੀਲਾਂ ਦੀ ਗਿਣਤੀ ਲਗਪਗ ਦੋ ਲੱਖ ਹੈ, ਜੋ ਕੈਨੇਡਾ ਦੀ ਧਰਤੀ ਦਾ 7.6 ਫੀਸਦੀ ਹਿੱਸਾ ਘੇਰਦੀਆਂ ਹਨ | ਕਈ ਝੀਲਾਂ ਮੀਲਾਂ ਲੰਬੀਆਂ ਹਨ ਅਤੇ ਇਨ੍ਹਾਂ 'ਚੋ ਕਈ ਅਮਰੀਕਾ ਵਿਚ ਵੀ ਜਾ ਵੜਦੀਆਂ ਹਨ | ਕੈਨੇਡਾ ਦੀ ਸਭ ਤੋਂ ਲੰਬੀ ਝੀਲ, ਗ੍ਰੇਟ ਬੇਅਰ ਲੇਕ, ਜੋ ਨਾਰਥਵੈਸਟ ਟੈਰਿਟਰੀਜ਼ ਵਿਚ ਹੈ, ਦਾ ਰਕਬਾ 31,328 ਵਰਗ ਕਿਲੋਮੀਟਰ ਹੈ | ਓਾਟਾਰੀਓ ਅਤੇ ਮੈਨੀਟੋਬਾ ਸੂਬਿਆਂ ਦੇ ਨਾਂਅ ਵੀ ਇਨ੍ਹਾਂ ਨਾਵਾਂ ਵਾਲੀਆਂ ਝੀਲਾਂ ਉਤੇ ਹਨ, ਜਦੋਂ ਕਿ ਸਸਕੈਚਧਨ ਅਤੇ ਯੂਕੋਨ ਟੈਰਿਟਰੀ ਦਾ ਨਾਂਅ ਦਰਿਆਵਾਂ ਦੇ ਨਾਵਾਂ ਉਤੇ ਹੈ | ਬਿ੍ਟਿਸ਼ ਕੋਲੰਬੀਆ ਸੂਬੇ ਦਾ ਨਾਂਅ ਵੀ ਕੋਲੰਬੀਆ ਦਰਿਆ ਉਤੇ ਰੱਖਿਆ ਜਾਪਦਾ ਹੈ | ਇਹ ਦਰਿਆ ਅਮਰੀਕਾ ਵਿਚ ਚਲਾ ਜਾਂਦਾ ਹੈ | ਕੈਨੇਡਾ ਦਾ ਪੌਣ-ਪਾਣੀ ਮੁੱਖ ਤੌਰ 'ਤੇ ਠੰਢਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-#194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ | ਫੋਨ : 0161-2461194.

ਦੋ ਪੇਂਡੂ ਸਰਕਾਰੀ ਸਕੂਲਾਂ ਦੀ ਕਾਰਜਸ਼ੈਲੀ ਦਾ ਵੱਡਾ ਸੁਨੇਹਾ

ਪਿਛਲੇ ਕਈ ਦਹਾਕਿਆਂ ਤੋਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਦੇਖਦਿਆਂ ਰਾਜ ਦੇ ਲੋਕਾਂ ਦਾ ਉਨ੍ਹਾਂ ਤੋਂ ਮੋਹ ਭੰਗ ਹੋਣ ਸਦਕਾ ਉਨ੍ਹਾਂ ਦਾ ਰੁਝਾਨ ਮਹਿੰਗੀ ਵਿੱਦਿਆ ਮੁਹੱਈਆ ਕਰਵਾਉਣ ਵਾਲੇ ਪਬਲਿਕ ਸਕੂਲਾਂ ਵੱਲ ਹੋ ਗਿਆ | ਇਸ ਰੁਝਾਨ ਨੂੰ ਠੱਲ੍ਹ ਪਾ ਕੇ ਲੋਕਾਂ ਦਾ ਧਿਆਨ ਮੁੜ ਸਰਕਾਰੀ ਸਕੂਲਾਂ ਵੱਲ ਮੋੜਣ ਲਈ ਪਿੰਡ ਬੀਹਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਨੇ ਆਪਣੀ ਨਿਵੇਕਲੀ ਦਿੱਖ ਸਦਕਾ ਅਤੇ ਪਿੰਡ ਢੱਡਾ ਫ਼ਤਹਿ ਸਿੰਘ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਪਣੀ ਨਿਵੇਕਲੀ ਕਾਰਜਵਿਧੀ ਸਦਕਾ ਵੱਡਾ ਸੁਨੇਹਾ ਦੇ ਰਹੇ ਹਨ, ਜਿਸ ਦਾ ਅਸਰ ਕਬੂਲਣਾ ਅੱਜ ਦੇ ਸਮੇਂ ਦੀ ਲੋੜ ਹੈ |
ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੀਹਲਾ ਦੀ ਇਮਾਰਤ ਵਿਚ ਵੜ੍ਹਦਿਆਂ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਸਰਕਾਰੀ ਸਕੂਲ ਹੈ, ਕਿਉਂਕਿ ਇਹ ਇਮਾਰਤ ਲੋਕਾਂ ਦਾ ਧਿਆਨ ਖਿੱਚਣ ਵਾਲੇ ਪਬਲਿਕ ਸਕੂਲਾਂ ਦੀ ਇਮਾਰਤ ਤੋਂ ਕਿਸੇ ਪੱਖ ਤੋਂ ਘੱਟ ਨਹੀਂ ਹੈ | ਸਕੂਲ ਦੇ ਸਾਰੇ ਕਮਰੇ ਬਹੁਤ ਖੂਬਸੂਰਤ ਰੰਗਾਂ ਨਾਲ ਸ਼ਿੰਗਾਰੇ ਗਏ ਹਨ, ਵਿਦਿਆਰਥੀਆਂ ਲਈ ਬੈਂਚ ਲੱਗੇ ਹੋਏ ਹਨ, ਹਰ ਕਮਰੇ ਵਿਚ ਐੱਲ ਸੀ ਡੀ ਦਾ ਵੀ ਪ੍ਰਬੰਧ ਹੈ | ਸਕੂਲ ਦੇ ਇਕ ਕਮਰੇ ਵਿਚ ਲਾਇਬ੍ਰੇਰੀ ਸਥਾਪਤ ਕੀਤੀ ਹੋਈ ਹੈ ਅਤੇ ਇਕ ਕੰਪਿਊਟਰ ਲੈਬ ਵੀ ਕੰਮ ਕਰ ਰਹੀ ਹੈ | ਸਕੂਲ ਦੇ ਹੈੱਡਮਾਸਟਰ ਦਾ ਦਫ਼ਤਰ ਵੀ ਕਿਸੇ ਸੈਕੰਡਰੀ ਸਕੂਲ ਦੇ ਦਫ਼ਤਰ ਤੋਂ ਘੱਟ ਨਹੀਂ ਹੈ | ਰੰਗਾਂ ਤੇ ਮੇਜ਼ ਕੁਰਸੀਆਂ ਨਾਲ ਸਜਿਆ ਹੋਇਆ ਇਕ ਹਾਲ ਕਮਰਾ ਹੈ, ਜਿੱਥੇ ਵਿਸ਼ੇਸ਼ ਸਮਾਗਮ ਕਰਕੇ ਬੱਚਿਆਂ ਦਾ ਮਨੋਰੰਜਨ ਕੀਤਾ ਜਾਂਦਾ ਹੈ |
ਵਿਹੜੇ ਵਿਚ ਇਕ ਵਿਸ਼ੇਸ਼ ਕਿਸਮ ਦਾ ਪਾਰਕ ਬਣਾਇਆ ਗਿਆ ਹੈ, ਜਿਸ ਦੀਆਂ ਕੰਧਾਂ 'ਤੇ ਬੱਚਿਆਂ ਦੀ ਜਾਣਕਾਰੀ ਲਈ ਨਾਂਅ, ਤੋਲ ਦੇ ਪੈਮਾਨੇ, ਪਹਾੜੇ, ਮੁਹਾਰਨੀ, ਆਮ ਗਿਆਨ ਦੇ ਸਵਾਲ-ਜਵਾਬ ਆਦਿ ਲਿਖੇ ਗਏ ਹਨ | ਇਸ ਪਾਰਕ ਵਿਚ ਖੇਡਦੇ ਹੋਏ ਬੱਚੇ ਹੀ ਚੰਗੀ ਸਿੱਖਿਆ ਹਾਸਲ ਕਰ ਲੈਂਦੇ ਹਨ | ਇਕ ਪਾਸੇ ਪ੍ਰੋਗਰਾਮਾਂ ਲਈ ਸਟੇਜ ਬਣਾਈ ਗਈ ਹੈ | ਬੱਚਿਆਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਇਕ ਭਾਖੜਾ ਡੈਮ ਦਾ ਮਾਡਲ ਬਣਾਇਆ ਗਿਆ, ਜਿਸ ਵਿਚ ਪਾਣੀ ਛੱਡਣ ਨਾਲ ਟਰਬਾਈਨ ਘੁੰਮਦੀ ਹੈ, ਜਿਸਤੋਂ ਬੱਚਿਆਂ ਦੀ ਇਹ ਮਿੱਥ ਤੋੜ ਕੇ ਕਿ 'ਪਾਣੀ 'ਚੋਂ ਬਿਜਲੀ ਕੱਢ ਲਈ ਜਾਂਦੀ ਹੈ', ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਪਾਣੀ ਤਾਂ ਸਿਰਫ਼ ਟਰਬਾਈਨ ਚਲਾਉਣ ਲਈ ਹੀ ਵਰਤਿਆ ਜਾਂਦਾ ਹੈ ਅਤੇ ਟਰਬਾਈਨ ਬਿਜਲੀ ਪੈਦਾ ਕਰਨ ਲਈ ਵਰਤੀ ਜਾਂਦੀ ਹੈ | ਇਕ ਪਾਸੇ ਪੌਣ ਚੱਕੀ ਦਾ ਮਾਡਲ ਹੈ, ਜੋ ਪੱਖੇ ਦੀ ਮਦਦ ਨਾਲ ਟਰਬਾਈਨ ਘੁੰਮਾਉਣ ਦੀ ਜਾਣਕਾਰੀ ਦਿੰਦਾ ਹੈ | ਸਕੂਲ ਦੇ ਇਕ ਕੋਨੇ ਵਿਚ ਟਰੈਫਿਕ ਦੇ ਰੂਲਜ਼ ਦੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਪ੍ਰਬੰਧ ਹੈ | ਸਕੂਲ ਵਿਚ ਸਫ਼ਾਈ ਦਾ ਵਿਸੇਸ਼ ਧਿਆਨ ਰੱਖਿਆ ਜਾਂਦਾ ਹੈ | ਸਕੂਲ ਦੇ ਬਾਹਰ ਨਹਿਰ ਦੇ ਨਾਲ ਵਾਲੀ ਸਰਕਾਰੀ ਜ਼ਮੀਨ 'ਤੇ ਬੱਚਿਆਂ ਦੇ ਖੇਡਣ ਲਈ ਵੱਖਰਾ ਪਾਰਕ ਤੇ ਗਰਾਊਾਡ ਬਣਾਇਆ ਗਿਆ ਹੈ |
ਸਕੂਲ ਦੀ ਇਮਾਰਤ 'ਤੇ ਖ਼ਰਚ ਕੀਤੇ ਲੱਖਾਂ ਰੁਪਏ ਲਈ ਪਿੰਡ ਦੇ ਵਿਦੇਸ਼ਾਂ ਵਿਚ ਗਏ ਵਿਅਕਤੀਆਂ ਅਤੇ ਪਿੰਡ ਵਸਦੇ ਬੁੱਧੀਜੀਵੀਆਂ ਤੇ ਜਾਗਰੂਕ ਲੋਕਾਂ ਨੇ ਖੁੱਲ੍ਹ ਕੇ ਮਦਦ ਕੀਤੀ ਹੈ | ਇਸ ਕੰਮ ਦੀ ਸ਼ੁਰੂਆਤ ਇਸ ਸਕੂਲ ਦੇ ਹੈੱਡਮਾਸਟਰ ਸ੍ਰੀ ਹਰਪ੍ਰੀਤ ਸਿੰਘ ਦੀਵਾਨਾ ਨੇ ਕੀਤੀ ਸੀ | ਉਨ੍ਹਾਂ ਵਲੋਂ ਹੁਣ ਤੱਕ ਆਪਣੇ ਕੋਲੋਂ ਨਿੱਜੀ ਤੌਰ 'ਤੇ ਵੀ ਪੰਜ ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ | ਸਕੂਲ ਦੀ ਇਮਾਰਤ, ਸਫ਼ਾਈ ਅਤੇ ਬਣਾਏ ਗਏ ਅਨੁਸ਼ਾਸਨ ਦਾ ਹੀ ਸਿੱਟਾ ਹੈ ਕਿ ਇੱਥੋਂ ਦੇ ਵਿਦਿਆਰਥੀ ਪੜ੍ਹਾਈ, ਖੇਡਾਂ, ਸੱਭਿਆਚਾਰਕ ਸਰਗਰਮੀਆਂ ਜਾਂ ਹੋਰ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸਨਾਂ ਹਾਸਲ ਕਰਦੇ ਹਨ | ਹੈੱਡਮਾਸਟਰ ਸ੍ਰੀ ਦੀਵਾਨਾ ਦਾ ਕਹਿਣਾ ਸੀ ਕਿ ਸਕੂਲ ਲਈ ਸਰਕਾਰ, ਸਿੱਖਿਆ ਵਿਭਾਗ ਅਤੇ ਪਿੰਡ ਦੇ ਲੋਕਾਂ ਵਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ |
ਇਸੇ ਤਰ੍ਹਾਂ ਮਾਰਗ ਦਰਸ਼ਕ ਬਣ ਰਿਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਢੱਡੇ ਫ਼ਤਹਿ ਸਿੰਘ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ | ਇਸ ਸਕੂਲ ਦੀ ਇਮਾਰਤ ਵੀ ਬਹੁਤ ਸ਼ਾਨਦਾਰ ਹੈ ਅਤੇ ਇੱਥੋਂ ਦੇ ਵਿਦਿਆਰਥੀਆਂ ਤੇ ਸਟਾਫ਼ ਦੀ ਕਾਰਜਵਿਧੀ ਨਿਵੇਕਲੀ ਕਿਸਮ ਦੀ ਹੈ | ਵਿਦਿਆਰਥੀਆਂ ਨੇ ਬਕਾਇਦਾ ਵੋਟਾਂ ਪਾ ਕੇ ਸਕੂਲ ਦੀ ਸੰਸਦ ਚੁਣੀ ਹੈ, ਜਿਸ ਨੇ ਅੱਗੇ ਪ੍ਰਧਾਨ ਮੰਤਰੀ ਚੁਣ ਲਿਆ ਹੈ | ਪ੍ਰਧਾਨ ਮੰਤਰੀ ਨੇ ਆਪਣਾ ਮੰਤਰੀ ਮੰਡਲ ਕਾਇਮ ਕੀਤਾ ਹੋਇਆ ਹੈ, ਜਿਸ ਵਿਚ ਵੱਖ-ਵੱਖ ਮੰਤਰਾਲਿਆਂ ਦੇ ਮੰਤਰੀ ਬਣਾਏ ਗਏ ਹਨ, ਜੋ ਕੇਂਦਰ ਸਰਕਾਰ ਦੇ ਮੰਤਰੀਆਂ ਵਾਂਗ ਡਿਊਟੀ ਨਿਭਾਉਂਦੇ ਹਨ | ਸਫ਼ਾਈ ਮੰਤਰੀ ਸਕੂਲ ਦੀ ਸਫ਼ਾਈ ਦਾ ਪੂਰਾ ਪ੍ਰਬੰਧ ਕਰਦਾ ਹੈ, ਜਲ ਮੰਤਰਾਲਾ ਪੀਣ ਲਈ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਂਦਾ ਹੈ, ਸਿਹਤ ਮੰਤਰੀ ਬੱਚਿਆਂ ਦੀ ਤੰਦਰੁਸਤੀ ਲਈ ਯੋਗ ਪ੍ਰਬੰਧ ਕਰਦਾ ਹੈ | ਵਿੱਤ ਮੰਤਰਾਲਾ ਖਰਚ ਅਤੇ ਜੁਰਮਾਨੇ ਜਾਂ ਹੋਰ ਸਾਧਨਾਂ ਤੋਂ ਆਮਦਨ ਦਾ ਪੂਰਾ ਹਿਸਾਬ ਰੱਖਦਾ ਹੈ | ਸਕੂਲ ਦੀ ਸੰਸਦ ਕੇਂਦਰ ਸਰਕਾਰ ਦੀ ਤਰਜ਼ 'ਤੇ ਕੰਮ ਕਰਦੀ ਹੈ ਹਰ ਮਹੀਨੇ ਕੈਬਨਿਟ ਦੀ ਇਕ ਮੀਟਿੰਗ ਬੁਲਾਈ ਜਾਂਦੀ ਹੈ, ਜਿਸ ਵਿਚ ਕੀਤੇ ਕੰਮਾਂ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਰਹਿ ਗਈਆਂ ਘਾਟਾਂ-ਕਮੀਆਂ ਆਦਿ ਦੂਰ ਕਰਨ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ | ਜੇਕਰ ਕਿਸੇ ਮੰਤਰਾਲੇ ਵਿਚ ਕਮੀ ਰਹਿ ਜਾਵੇ ਤਾਂ ਪ੍ਰਧਾਨ ਮੰਤਰੀ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਕਈ ਵਾਰ ਸਕੂਲ ਦਾ ਪਿ੍ੰਸੀਪਲ ਰਾਸ਼ਟਰਪਤੀ ਵਜੋਂ ਸਖ਼ਤੀ ਵੀ ਦਿਖਾ ਦਿੰਦਾ ਹੈ |
ਸਕੂਲ ਦੇ ਪਿ੍ੰਸੀਪਲ ਸ੍ਰੀ ਸਿਲੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਜਸ਼ੈਲੀ ਸਕੂਲ ਦਾ ਮਿਆਰ ਉੱਚਾ ਚੁੱਕਣ ਲਈ, ਵਿਦਿਆਰਥੀਆਂ ਵਿਚ ਕੰਮ ਕਰਨ ਦੀ ਇੱਛਾ ਸ਼ਕਤੀ ਵਧਾਉਣ ਅਤੇ ਬੱਚਿਆਂ ਵਿਚ ਲੀਡਰਸ਼ਿਪ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਵਾਸਤੇ ਸ਼ੁਰੂ ਕੀਤੀ ਗਈ ਹੈ | ਇਸ ਸਬੰਧੀ ਸਿੱਖਿਆ ਵਿਭਾਗ ਅਤੇ ਪਿੰਡ ਵਾਸੀਆਂ ਤੇ ਬੱਚਿਆਂ ਦੇ ਮਾਪਿਆਂ ਵਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗ਼ਲਤੀ ਕਰਨ 'ਤੇ ਕੇਵਲ ਬੱਚਿਆਂ ਨੂੰ ਹੀ ਨਹੀਂ ਸਟਾਫ਼ ਮੈਂਬਰਾਂ ਨੂੰ ਵੀ ਜੁਰਮਾਨਾ ਹੋ ਸਕਦਾ ਹੈ, ਸਗੋਂ ਅਧਿਆਪਕਾਂ ਜਾਂ ਪਿ੍ੰਸੀਪਲ ਨੂੰ ਬੱਚਿਆਂ ਨਾਲੋਂ ਵੱਧ ਜੁਰਮਾਨਾ ਅਦਾ ਕਰਨਾ ਪੈਂਦਾ ਹੈ | ਮਿਸਾਲ ਦਿੰਦਿਆਂ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬੱਚਾ ਪੱਖਾ ਚਲਦਾ ਛੱਡ ਦੇਵੇ ਤਾਂ ਦਸ ਰੁਪਏ ਜੁਰਮਾਨਾ ਹੁੰਦਾ ਹੈ, ਜੇਕਰ ਅਧਿਆਪਕ ਛੱਡ ਦੇਵੇ ਤਾਂ ਵੀਹ ਰੁਪਏ ਪਰ ਜੇ ਪਿ੍ੰਸੀਪਲ ਆਪਣੇ ਕਮਰੇ ਦਾ ਪੱਖਾ ਚਲਦਾ ਛੱਡ ਦੇਵੇ ਤਾਂ ਪੰਜਾਹ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ |

-ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ, ਬਠਿੰਡਾ |
ਮੋਬਾਈਲ : 098882-75913

ਆਓ, ਘੁੰਮੀਏ ਰਾਜਸਥਾਨ

ਰਾਜਸਥਾਨ ਰੇਤਲੇ ਟਿੱਬਿਆਂ ਦਾ ਦੇਸ਼ ਅਖਵਾਉਂਦਾ ਹੈ | ਸਰਦੀਆਂ ਦੇ ਮਹੀਨਿਆਂ ਦੌਰਾਨ ਰਾਜਸਥਾਨ ਦੇ ਸੰਸਾਰ ਪ੍ਰਸਿੱਧ ਥਾਰ ਮਾਰੂਥਲ ਦੀ ਕੁਦਰਤੀ ਸੁੰਦਰਤਾ ਦਾ ਅਨੰਦ ਮਾਣਨ ਅਤੇ ਮਹਾਨ ਭਾਰਤੀ ਸੱਭਿਅਤਾ ਤੇ ਇਮਾਰਤਸਾਜ਼ੀ ਦੀ ਕਲਾ ਨੂੰ ਨਿਹਾਰਣ (ਦੇਖਣ) ਵਾਸਤੇ ਪੂਰੀ ਦੁਨੀਆ ਵਿਚੋਂ ਸੈਲਾਨੀ ਇੱਥੇ ਘੁੰਮਣ ਆਉਂਦੇ ਹਨ | ਰਾਜਸਥਾਨ ਦੇ ਜੈਸਲਮੇਰ ਦੇ ਰੇਤਲੇ ਟਿੱਬਿਆਂ ਵਿਚ ਤਾਂ ਇਨ੍ਹਾਂ ਮਹੀਨਿਆਂ ਦੌਰਾਨ ਤਿਲ ਸੁੱਟਣ ਜੋਗੀ ਥਾਂ ਵੀ ਨਹੀਂ ਮਿਲਦੀ | ਗਰਮੀਆਂ ਵਿਚ ਗਰਮ ਹਵਾਵਾਂ ਚੱਲਣ ਕਾਰਨ ਇੱਥੇ ਤਾਪਮਾਨ ਕਾਫੀ ਵੱਧ ਹੁੰਦਾ ਹੈ, ਪਰ ਸਰਦੀਆਂ ਵਿਚ ਨਵੰਬਰ ਮਹੀਨੇ ਤੋਂ ਮਾਰਚ ਦੇ ਅੱਧ ਤੱਕ ਇੱਥੇ ਬਹੁਤ ਸਾਰੇ ਸੈਲਾਨੀ ਘੁੰਮਣ ਆਉਂਦੇ ਹਨ | ਸਾਰੇ ਰਾਜਸਥਾਨ ਦੀ ਭਵਨ ਨਿਰਮਾਣ ਕਲਾ, ਖੁੱਲ੍ਹਾ-ਡੁੱਲ੍ਹਾ ਵਾਤਾਵਰਨ ਅਤੇ ਝੀਲਾਂ ਇਸ ਦੀ ਸ਼ਾਨ ਹਨ | ਵਿਦੇਸ਼ੀ ਯਾਤਰੀ ਵੀ ਗੋਆ ਅਤੇ ਮੁੰਬਈ ਤੋਂ ਬਾਅਦ ਇਥੇ ਹੀ ਘੁੰਮਣਾ ਪਸੰਦ ਕਰਦੇ ਹਨ | ਵੈਸੇ ਵੀ ਰਾਜਸਥਾਨ ਦਾ ਇਲਾਕਾ ਸ਼ਾਂਤੀ ਵਾਲਾ ਹੈ ਅਤੇ ਇਥੋਂ ਦੇ ਲੋਕ ਸੈਲਾਨੀਆਂ ਨਾਲ ਵਧੀਆ ਵਿਵਹਾਰ ਕਰਦੇ ਹਨ | ਸਰਦੀਆਂ ਦੌਰਾਨ ਇੱਥੋਂ ਦਾ ਤਾਪਮਾਨ 18 ਤੋਂ 25 ਡਿਗਰੀ ਸੈਂਟੀਗ੍ਰੇਡ ਤੱਕ ਰਹਿੰਦਾ ਹੈ |
ਕਿੱਥੋਂ ਘੁੰਮਣਾ ਸ਼ੁਰੂ ਕਰੀਏ ਰਾਜਸਥਾਨ: ਜਿਵੇਂ ਕਿ ਸਿਆਣਿਆਂ ਦਾ ਕਹਿਣਾ ਹੈ ਕਿ ਮਿਸ਼ਰੀ ਦੀ ਡਲੀ ਨੂੰ ਜਿਸ ਪਾਸਿਓਾ ਵੀ ਚੂਸੋਗੇ, ਸਵਾਦ ਇਕੋ ਜਿਹਾ ਹੀ ਆਵੇਗਾ, ਇਹੀ ਅਖਾਣ ਰਾਜਸਥਾਨ 'ਤੇ ਵੀ ਪੂਰਾ ਢੁੱਕਦਾ ਹੈ | ਰਾਜਸਥਾਨ ਨੂੰ ਜਿੱਧਰੋਂ ਮਰਜ਼ੀ ਦੇਖਣਾ ਸ਼ੁਰੂ ਕਰ ਦਿਓ, ਸਾਰੇ ਪਾਸਿਓਾ ਨਜ਼ਾਰਾ ਇਕੋ ਜਿਹਾ ਹੀ ਆਵੇਗਾ | ਪਰ ਜਿਵੇਂ ਪਹਿਲਾਂ ਦੱਸਿਆ ਹੈ ਦਸੰਬਰ ਅਤੇ ਜਨਵਰੀ-ਫਰਵਰੀ ਮਹੀਨਿਆਂ ਵਿਚ ਥਾਰ ਖੇਤਰ ਦਾ ਟੂਰ ਸਭ ਤੋਂ ਨਜ਼ਾਰੇਦਾਰ ਬਣਦਾ ਹੈ | ਇਨ੍ਹਾਂ ਮਹੀਨਿਆਂ ਦੌਰਾਨ ਜੈਸਲਮੇਰ ਦੇ ਸੈਂਡ ਡਿਊਨਜ਼ ਵਿਚ ਰਹਿਣ ਦਾ ਵੱਖਰਾ ਹੀ ਨਜ਼ਾਰਾ ਹੈ | ਜੈਸਲਮੇਰ ਦੇ ਬਾਈਪਾਸ ਤੋਂ ਬਾਹਰ ਹੀ ਰੇਤ ਦੇ ਟਿੱਬਿਆਂ 'ਤੇ ਲੱਗੇ ਟੈਂਟ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਹ 15-20 ਕਿਲੋਮੀਟਰ ਦੂਰ ਅੱਗੇ ਤੱਕ ਚੱਲਦੇ ਰਹਿੰਦੇ ਹਨ | ਇਨ੍ਹਾਂ ਸੈਂਡ ਡਿਊਨਜ਼ ਵਿਚ ਪ੍ਰਤੀ ਵਿਅਕਤੀ ਜਾਂ ਪਰਿਵਾਰ ਵਾਸਤੇ ਵੱਖਰਾ-ਵੱਖਰਾ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ | ਏਥੇ ਹੀ ਕੈਮਲ ਸਫ਼ਾਰੀ (ਊਠ ਸਵਾਰੀ) ਅਤੇ ਜੀਪ ਰਾਈਡਿੰਗ ਵੀ ਹੁੰਦੀ ਹੈ | ਰਹਿਣ-ਸਹਿਣ ਦੇ ਨਾਲ-ਨਾਲ ਇਨ੍ਹਾਂ ਵਿਚ ਹੀ ਪੂਰੇ ਦਿਨ ਦਾ ਭੋਜਨ ਵੀ ਮਿਲਦਾ ਹੈ |
ਜੇਕਰ ਇਨ੍ਹਾਂ ਸੈਂਡ ਡਿਊਨਜ਼ ਵਿਚ ਦੋ-ਤਿੰਨ ਦਿਨ ਰਹਿਣ ਦਾ ਪ੍ਰੋਗਰਾਮ ਹੋਵੇ ਤਾਂ ਇਕ ਦਿਨ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੀ ਲੌਾਗੇਵਾਲਾ ਚੈੱਕ ਪੋਸਟ 'ਤੇ ਵੀ ਜਾਇਆ ਜਾ ਸਕਦਾ ਹੈ, ਜੋ ਭਾਰਤ-ਪਾਕਿਸਤਾਨ ਦੀ 1971 ਵਾਲੀ ਜੰਗ ਦਾ ਮੁੱਖ ਕੇਂਦਰ ਸੀ | ਇਸ ਤੋਂ ਇਲਾਵਾ ਜੈਸਲਮੇਰ ਵਿਚ 12ਵੀਂ ਸਦੀ ਵਿਚ ਰਾਓ ਜੈਸਲ ਵਲੋਂ ਬਣਾਇਆ ਗਿਆ ਜੈਸਲਮੇਰ ਦਾ ਕਿਲ੍ਹਾ ਵੀ ਵੇਖਣਯੋਗ ਹੈ | ਗਾਡੀ ਸਾਗਰ ਲੇਕ, ਸਲੀਮ ਸਿੰਘ ਦੀ ਹਵੇਲੀ ਅਤੇ ਮੰਦਰ ਵੀ ਜੈਸਲਮੇਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ | ਇਸੇ ਤਰ੍ਹਾਂ ਜੇਕਰ ਤਹਿਸ-ਨਹਿਸ ਹੋਈ ਵਿਰਾਸਤ ਨੂੰ ਦੇਖਣਾ ਹੋਵੇ ਤਾਂ ਕੁਲਧਾਰਾ ਪਿੰਡ ਵੀ ਦੇਖਿਆ ਜਾ ਸਕਦਾ ਹੈ, ਜਿੱਥੇ ਸਿਰਫ ਹੁਣ ਘਰਾਂ ਦੀ ਨਿਸ਼ਾਨੀ ਹੀ ਬਚੀ ਹੈ |
ਬੀਕਾਨੇਰ: ਬੀਕਾਨੇਰ ਦਾ ਜੂਨਾਗੜ੍ਹ ਕਿਲ੍ਹਾ ਭਵਨ ਨਿਰਮਾਣ ਕਲਾ ਦਾ ਅਦਭੁਤ ਨਮੂਨਾ ਹੈ | ਇਕੱਲੇ ਇਸ ਕਿਲੇ ਨੂੰ ਵੇਖਣ ਵਾਸਤੇ ਘੱਟੋ-ਘੱਟ ਦੋ-ਤਿੰਨ ਘੰਟੇ ਦਾ ਸਮਾਂ ਚਾਹੀਦਾ ਹੈ | ਰਾਜਾ ਰਾਏ ਸਿੰਘ ਨੇ 1593 ਈ: ਵਿਚ ਇਸ ਦਾ ਨਿਰਮਾਣ ਕਰਵਾਇਆ ਸੀ | ਬੀਕਾਨੇਰ ਤੋਂ 10-12 ਕਿਲੋਮੀਟਰ ਦੂਰ ਹੀ 1902 ਵਿਚ ਮਹਾਰਾਜਾ ਸੰਸਾ ਸਿੰਘ ਵਲੋਂ ਲਾਲਗੜ੍ਹ ਕਿਲ੍ਹਾ ਬਣਾਇਆ ਗਿਆ ਸੀ ਜੋ ਕਾਫੀ ਸੁੰਦਰ ਹੈ | ਫੋਟੋਗ੍ਰਾਫੀ ਦੇ ਸ਼ੌਕੀਨ ਬੀਕਾਨੇਰ ਦੇ ਕੌਮੀ ਊਠ ਖੋਜ ਕੇਂਦਰ ਵਿਖੇ ਵੀ ਜਾ ਸਕਦੇ ਹਨ, ਜਿੱਥੇ ਊਠ ਹੀ ਊਠ ਦੇਖਣ ਨੂੰ ਮਿਲਣਗੇ | ਇਹ ਹਫ਼ਤੇ ਦੇ ਸਾਰੇ ਦਿਨ ਦੁਪਹਿਰ ਤਿੰਨ ਵਜੇ ਤੋਂ ਸ਼ਾਮ ਛੇ ਵਜੇ ਤੱਕ ਖੁੱਲ੍ਹਦਾ ਹੈ |
ਜੋਧਪੁਰ: ਜੈਪੁਰ ਤੋਂ ਬਾਅਦ ਜੋਧਪੁਰ ਰਾਜਸਥਾਨ ਦਾ ਦੂਸਰਾ ਵੱਡਾ ਸ਼ਹਿਰ ਹੈ | ਇਸ ਨੂੰ ਨੀਲਾ ਸ਼ਹਿਰ ਵੀ ਕਿਹਾ ਜਾਂਦਾ ਹੈ | ਇਹ ਰਾਜਸਥਾਨ ਦੇ ਥਾਰ ਖੇਤਰ ਦਾ ਮਾਰਵਾੜੀ ਇਲਾਕਾ ਅਖਵਾਉਂਦਾ ਹੈ | ਇਸ ਸ਼ਹਿਰ ਵਿਚ ਵੀ ਇਤਿਹਾਸਕ ਇਮਾਰਤਾਂ ਦੀ ਭਰਮਾਰ ਹੈ | ਮਹਿਰਾਨਗੜ੍ਹ ਦਾ ਕਿਲ੍ਹਾ, ਮੰਡੋਰ ਗਾਰਡਨ ਅਤੇ ਉਮੈਦ ਭਵਨ ਆਦਿ ਦੇਖਣਯੋਗ ਹਨ | ਪੂਰੇ ਸੰਸਾਰ ਵਿਚ ਪ੍ਰਸਿੱਧ ਮਾਰਵਾੜੀ ਨਸਲ ਦੇ ਘੋੜੇ ਸਿਰਫ ਇੱਥੇ ਹੀ ਮਿਲਦੇ ਹਨ |
ਜੈਪੁਰ: ਗੁਲਾਬੀ ਸ਼ਹਿਰ ਵਜੋਂ ਪ੍ਰਸਿੱਧ ਜੈਪੁਰ ਦੇਖਣ ਵਾਸਤੇ ਘੱਟੋ-ਘੱਟ ਦੋ ਦਿਨ ਚਾਹੀਦੇ ਹਨ | ਅੰਮੇਰ ਅਤੇ ਸਿਟੀ ਪੈਲੇਸ ਪ੍ਰਮੁੱਖ ਦਰਸ਼ਨੀ ਥਾਵਾਂ ਹਨ | ਅੰਮੇਰ ਪੈਲੇਸ ਨੂੰ ਤਾਂ ਯੂਨੈਸਕੋ ਨੇ ਸੰਸਾਰ ਦੇ ਵਿਰਾਸਤੀ ਪੈਲੇਸ ਦਾ ਦਰਜਾ ਦਿੱਤਾ ਹੋਇਆ ਹੈ | ਤਾਰਾ ਅਤੇ ਸੂਰਜ ਮੰਡਲ ਦੀ ਜਾਣਕਾਰੀ ਲੈਣ ਵਾਸਤੇ ਜੰਤਰ-ਮੰਤਰ ਦੇਖਣਯੋਗ ਹੈ, ਉਸ ਨੂੰ ਵੀ ਯੂਨੈਸਕੋ ਨੇ ਹੈਰੀਟੇਜ ਸਾਈਟ ਦਾ ਦਰਜਾ ਦਿੱਤਾ ਹੈ | ਇਸ ਤੋਂ ਇਲਾਵਾ ਬਿਰਲਾ ਫੋਰਟ, ਜੈਗੜ੍ਹ ਕਿਲ੍ਹਾ, ਹਵਾ ਮਹਿਲ, ਜਲ ਮਹਿਲ, ਰਾਜ ਮੰਦਰ ਸਿਨੇਮਾ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਹੈ, ਜਿਸ ਨੂੰ ਵਾਰ-ਵਾਰ ਦੇਖਣ 'ਤੇ ਵੀ ਰੂਹ ਨਹੀਂ ਰੱਜਦੀ | ਜੇਕਰ ਰਾਜਸਥਾਨੀ ਪੇਂਡੂ ਸੱਭਿਆਚਾਰ ਦੇਖਣਾ ਹੋਵੇ, ਤਾਂ ਚੋਖੀ ਢਾਣੀ ਵੀ ਜਾਇਆ ਜਾ ਸਕਦਾ ਹੈ |
ਮਾਊਾਟ ਆਬੂ: ਮਾਊਾਟ ਆਬੂ ਰਾਜਸਥਾਨ ਦਾ ਇਕਲੌਤਾ ਪਹਾੜੀ ਪੁਆਇੰਟ ਹੈ | ਅਰਾਵਲੀ ਪਰਬਤਾਂ ਦੇ ਵਿਚਕਾਰ ਘਿਰੇ ਇਸ ਪਰਬਤ 'ਤੇ ਰਹਿਣ ਅਤੇ ਘੁੰਮਣ ਦਾ ਵੀ ਆਪਣਾ ਹੀ ਨਜ਼ਾਰਾ ਹੈ | ਇਹ ਇਕ ਅਜਿਹਾ ਪਰਬਤ ਹੈ, ਜਿੱਥੇ ਹਰੇਕ ਰੁੱਤ ਵਿਚ ਜਾਇਆ ਜਾ ਸਕਦਾ ਹੈ | 13ਵੀਂ ਸਦੀ ਵਿਚ ਚਿੱਟੇ ਰੰਗ ਦੇ ਸੰਗਮਰਮਰ ਦੇ ਪੱਥਰ ਵਿਚੋਂ ਤਰਾਸ਼ ਕੇ ਬਣਾਇਆ ਦਿਲਵਾੜਾ ਜੈਨ ਮੰਦਰ, ਜੋ ਜੈਨੀਆਂ ਦਾ ਪ੍ਰਮੁੱਖ ਸਥਾਨ ਹੈ, ਵੀ ਇਸੇ ਥਾਂ 'ਤੇ ਹੈ | ਬ੍ਰਹਮਕੁਮਾਰੀਆਂ ਦਾ ਅੰਤਰਰਾਸ਼ਟਰੀ ਮੁੱਖ ਦਫ਼ਤਰ ਵੀ ਇਥੇ ਹੀ ਹੈ | ਰਾਜਸਥਾਨ ਦੀ ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖਰ ਵੀ ਮਾਊਾਟ ਆਬੂ ਵਿਖੇ ਹੀ ਹੈ | ਇਸ ਤੋਂ ਇਲਾਵਾ ਨੱਕੀ ਲੇਕ ਅਤੇ ਸੂਰਜ ਡੁੱਬਣ ਦਾ ਦਿ੍ਸ਼ ਦੇਖਣ ਵਾਸਤੇ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਇਥੇ ਆਉਂਦੇ ਹਨ | ਪੋਲੋ ਗਰਾਊਾਡ ਦੇ ਬਿਲਕੁਲ ਸਾਹਮਣੇ ਗੁਰੂ ਨਾਨਕ ਦੇਵ ਜੀ ਦੀ ਆਮਦ ਨਾਲ ਸਬੰਧਿਤ ਇਥੇ ਇਕ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ | ਇਹ ਗੁਰਦੁਆਰਾ ਨੱਕੀ ਲੇਕ ਤੋਂ ਵੀ ਨੇੜੇ ਹੀ ਹੈ |
ਹਲਦੀ ਘਾਟੀ, ਉਦੈਪੁਰ ਅਤੇ ਚਿਤੌੜਗੜ੍ਹ: ਮਾਊਾਟ ਆਬੂ ਤੋਂ ਹਲਦੀ ਘਾਟੀ, ਉਦੈਪੁਰ ਅਤੇ ਚਿਤੌੜਗੜ੍ਹ ਦਾ ਇਕੋ ਸਾਂਝਾ ਟੂਰ ਬਣਾਇਆ ਜਾ ਸਕਦਾ ਹੈ | ਹਲਦੀ ਘਾਟੀ ਉਹ ਸਥਾਨ ਹੈ, ਜਿੱਥੇ ਮਹਾਰਾਣਾ ਪ੍ਰਤਾਪ ਅਤੇ ਮੁਗ਼ਲ ਬਾਦਸ਼ਾਹ ਅਕਬਰ ਦੀਆਂ ਫ਼ੌਜਾਂ ਦਾ ਯੁੱਧ ਹੋਇਆ ਸੀ | ਇੱਥੋਂ ਦੀ ਮਿੱਟੀ ਦਾ ਰੰਗ ਹਲਦੀ ਦੇ ਰੰਗ ਵਰਗਾ ਪੀਲਾ ਹੈ, ਜਿਸ ਕਰਕੇ ਇਸ ਦਾ ਨਾਂਅ ਹਲਦੀ ਘਾਟੀ ਪੈ ਗਿਆ | ਇਥੇ ਮਹਾਰਾਣਾ ਪ੍ਰਤਾਪ ਦੀ ਬਹੁਤ ਸੁੰਦਰ ਯਾਦਗਾਰ ਵੀ ਬਣੀ ਹੈ | ਇਥੋਂ ਅੱਗੇ ਰਾਜਸਥਾਨ ਦਾ ਸ਼ਾਹੀ ਸ਼ਹਿਰ ਉਦੈਪੁਰ ਆਉਂਦਾ ਹੈ, ਜਿੱਥੋਂ ਦਾ ਸਿਟੀ ਪੈਲੇਸ ਦੇਖਣ ਵਾਸਤੇ ਘੱਟੋ-ਘੱਟ ਅੱਧਾ ਦਿਨ ਚਾਹੀਦਾ ਹੈ | ਸਿਟੀ ਪੈਲੇਸ ਦੇ ਵਿਚ ਹੀ ਲੇਕ ਪੈਲੇਸ ਅਤੇ ਲੇਕ ਗਾਰਡਨ ਪੈਲੇਸ ਦੇਖਣਯੋਗ ਹਨ | ਲੇਕ ਪਿਚੋਲਾ ਅਤੇ ਪੁਰਾਤਨ ਵਿਰਾਸਤੀ ਕਾਰਾਂ ਦਾ ਮਿਊਜ਼ੀਅਮ ਵੀ ਉਦੈਪੁਰ ਦੀ ਸ਼ਾਨ ਹਨ | ਉਦੈਪੁਰ ਤੋਂ ਦੋ ਘੰਟਿਆਂ ਦੇ ਸਫ਼ਰ 'ਤੇ ਚਿਤੌੜਗੜ੍ਹ ਦਾ ਕਿਲ੍ਹਾ ਵੀ ਦੇਖਣਯੋਗ ਹੈ | ਕੁੱਲ 692 ਏਕੜ ਰਕਬੇ ਵਿਚ ਫੈਲੇ ਇਸ ਕਿਲ੍ਹੇ ਨੂੰ ਵੀ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨ ਦਾ ਦਰਜਾ ਦੇ ਚੁੱਕੀ ਹੈ | ਕਿਸੇ ਸਮੇਂ ਇਹ ਕਿਲ੍ਹਾ ਮੇਵਾੜ ਰਿਆਸਤ ਦੀ ਰਾਜਧਾਨੀ ਵੀ ਰਿਹਾ ਹੈ | ਇਹ ਕਿਲ੍ਹਾ ਭਵਨ ਨਿਰਮਾਣ ਦੀ ਮੂੰਹ ਬੋਲਦੀ ਤਸਵੀਰ ਹੈ |
ਅਜਮੇਰ: ਅਜਮੇਰ ਵੀ ਰਾਜਸਥਾਨ ਦਾ ਬਹੁਤ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ | ਗਰੀਬ ਨਿਵਾਜ਼ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਸੰਸਾਰ ਪ੍ਰਸਿੱਧ ਦਰਗਾਹ ਇਥੇ ਹੀ ਹੈ | ਮਾਇਓ ਕਾਲਜ, (ਜੋ ਅੰਗਰੇਜ਼ ਹਕੂਮਤ ਵੇਲੇ 1875 ਵਿਚ ਬਣਾਇਆ ਗਿਆ ਸੀ) ਅਤੇ ਅਨਾਸਾਗਰ ਲੇਕ ਵੀ ਇਥੋਂ ਦੀਆਂ ਦੇਖਣਯੋਗ ਥਾਵਾਂ ਹਨ |
ਕਿਵੇਂ ਪਲਾਨ ਕਰੀਏ ਰਾਜਸਥਾਨ ਦਾ ਟੂਰ: ਰਾਜਸਥਾਨ ਟੂਰ ਵਾਸਤੇ ਦੋ ਪ੍ਰਮੁੱਖ ਰਸਤੇ ਹਨ, ਇਕ ਵਾਇਆ ਬਠਿੰਡਾ ਅਤੇ ਦੂਸਰਾ ਵਾਇਆ ਦਿੱਲੀ | ਵੈਸੇ ਵਾਇਆ ਬਠਿੰਡਾ ਸਭ ਤੋਂ ਵਧੀਆ ਰੂਟ ਹੈ | ਬਠਿੰਡਾ ਤੋਂ ਬੀਕਾਨੇਰ ਵਾਇਆ ਮੰਡੀ ਡੱਬਵਾਲੀ, ਹਨੂੰਮਾਨਗੜ੍ਹ, ਸੂਰਤਗੜ੍ਹ 320 ਕਿਲੋਮੀਟਰ ਦਾ ਰਸਤਾ ਹੈ | ਸਵੇਰੇ ਬਠਿੰਡਾ ਤੋਂ ਚੱਲ ਕੇ ਇਕ ਰਾਤ ਬੀਕਾਨੇਰ ਬਤੀਤ ਕੀਤੀ ਜਾ ਸਕਦੀ ਹੈ | ਅਗਲਾ ਦਿਨ ਬੀਕਾਨੇਰ ਤੋਂ ਜੈਸਲਮੇਰ, ਜਿਸ ਦੀ ਦੂਰੀ 290 ਕਿਲੋਮੀਟਰ ਦੇ ਕਰੀਬ ਬਣਦੀ ਹੈ, ਦੇ ਟੂਰ ਵਾਸਤੇ ਬਣ ਸਕਦਾ ਹੈ | ਜੈਸਲਮੇਰ ਵਿਖੇ ਦੋ ਜਾਂ ਤਿੰਨ ਦਿਨ ਬਿਤਾਅ ਕੇ ਇਥੋਂ ਜੋਧਪੁਰ ਪਹੁੰਚਿਆ ਜਾ ਸਕਦਾ ਹੈ | ਜੈਸਲਮੇਰ ਤੋਂ ਜੋਧਪੁਰ ਦਾ ਰਸਤਾ 270 ਕਿਲੋਮੀਟਰ ਦਾ ਹੈ | ਇਸੇ ਤਰ੍ਹਾਂ ਹੀ ਜੋਧਪੁਰ ਤੋਂ ਵਾਇਆ ਸਿਰੋਹੀ, ਪਾਲੀ 270 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਊਾਟ ਆਬੂ ਜਾਇਆ ਜਾ ਸਕਦਾ ਹੈ, ਜਿੱਥੇ ਰਹਿਣ ਵਾਸਤੇ ਦੋ ਦਿਨ ਕਾਫੀ ਹਨ | ਮਾਊਾਟ ਆਬੂ ਤੋਂ ਸਵੇਰੇ ਚੱਲ ਕੇ ਹਲਦੀ ਘਾਟੀ ਦੇਖਦੇ ਹੋਏ ਅਗਲੇ ਦਿਨ ਉਦੈਪੁਰ ਜਾਣ ਦਾ ਪਲਾਨ ਵਧੀਆ ਬਣਦਾ ਹੈ | ਇਹ ਦੂਰੀ ਸਿਰਫ 160 ਕਿਲੋਮੀਟਰ ਹੀ ਬਣਦੀ ਹੈ | ਉਦੈਪੁਰ ਵੀ ਦੋ ਦਿਨ ਰਿਹਾ ਜਾ ਸਕਦਾ ਹੈ | ਉਦੈਪੁਰ ਤੋਂ ਚਿਤੌੜਗੜ੍ਹ 110 ਕਿਲੋਮੀਟਰ ਦਾ ਸਫ਼ਰ ਹੈ | ਚਿਤੌੜਗੜ੍ਹ ਰਹਿਣ ਦੀ ਬਜਾਇ ਇਥੋਂ ਚੱਲ ਕੇ ਵਾਇਆ ਭੀਲਵਾੜਾ ਸਿੱਧਾ ਅਜਮੇਰ ਪਹੁੰਚਿਆ ਜਾ ਸਕਦਾ ਹੈ, ਜਿਸ ਦੀ ਦੂਰੀ 200 ਕਿਲੋਮੀਟਰ ਬਣਦੀ ਹੈ | ਅਜਮੇਰ ਵਿਖੇ ਵੀ ਦੋ ਦਿਨ ਵਧੀਆ ਘੁੰਮਿਆ ਜਾ ਸਕਦਾ ਹੈ | ਅਜਮੇਰ ਤੋਂ 135 ਕਿਲੋਮੀਟਰ ਦੂਰ ਜੈਪੁਰ ਜਾਇਆ ਜਾ ਸਕਦਾ ਹੈ, ਜਿੱਥੇ ਘੱਟੋ-ਘੱਟ ਦੋ-ਤਿੰਨ ਦਿਨ ਠਹਿਰ ਕੀਤੀ ਜਾ ਸਕਦੀ ਹੈ | ਜੈਪੁਰ ਤੋਂ ਫਿਰ ਬਠਿੰਡਾ ਜਾਂ ਦਿੱਲੀ ਵੱਲ ਸਿੱਧੀ ਵਾਪਸੀ ਕੀਤੀ ਜਾ ਸਕਦੀ ਹੈ ਜਾਂ ਫਿਰ ਦਿੱਲੀ ਵਾਲੇ ਇਸ ਰਸਤੇ ਰਾਹੀਂ ਅਸੀਂ ਆਪਣੇ ਟੂਰ ਦੀ ਸ਼ੁਰੂਆਤ ਵੀ ਕਰ ਸਕਦੇ ਹਾਂ |

-ਮਕਾਨ ਨੰ: 15602-ਏ, ਗਲੀ ਨੰ: 5, ਹਜ਼ੂਰਾ-ਕਪੂਰਾ ਕਾਲੋਨੀ, ਰੋਜ਼ ਗਾਰਡਨ ਏਰੀਆ, ਬਠਿੰਡਾ (ਪੰਜਾਬ)-151001 ਫੋਨ : 98144-22022
gurmeetbrar22@gmail.com

ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀਆਂ ਦੇ ਰੂਬਰੂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਕ ਖੇਤਰ ਦੇ ਬੰਦੇ ਦੂਜੇ ਖੇਤਰ ਵਿਚ ਨੋਬਲ ਇਨਾਮ ਜਿੱਤ ਰਹੇ ਹਨ | ਉਂਜ ਮੈਰੀ ਕਿਊਰੀ ਨੇ ਵੀ ਫਿਜ਼ਿਕਸ ਤੇ ਕੈਮਿਸਟਰੀ ਦੋਵਾਂ ਖੇਤਰਾਂ ਵਿਚ ਦੋ ਨੋਬਲ ਪੁਰਸਕਾਰ ਜਿੱਤੇ | ਹਰਗੋਬਿੰਦ ਖੁਰਾਣਾ ਨੇ ਕੈਮਿਸਟਰੀ ਪੜ੍ਹ ਕੇ ਮੈਡੀਸਨ ਦਾ ਇਨਾਮ ਲਿਆ | ਵੈਂਕਟ ਰਮਨ ਰਾਮਾ ਕਿ੍ਸ਼ਨਨ ਨੇ ਫਿਜ਼ਿਕਸ ਪੜ੍ਹ ਕੇ ਮੈਡੀਸਨ ਦਾ ਨੋਬਲ ਪੁਰਸਕਾਰ ਜਿੱਤਿਆ | ਐਵਰਮ ਹਰਸ਼ਕੋ ਨੇ ਬੱਚਿਆਂ ਨੂੰ ਵਿਗਿਆਨਕ ਭਾਰਤ ਦਾ ਭਵਿੱਖ ਕਹਿ ਕੇ ਵਡਿਆਇਆ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਤੁਹਾਡੇ ਵਿਚੋਂ ਵੀ ਕੋਈ ਮਨੁੱਖਤਾ ਦੀ ਵੱਡੀ ਸੇਵਾ ਵਾਲੀ ਲੱਭਤ ਲਈ ਨੋਬਲ ਪੁਰਸਕਾਰ ਜਿੱਤ ਸਕਦਾ ਹੈ | ਡੰਕਨ ਨੇ ਕਿਹਾ ਕਿ ਦੁਨੀਆ ਦੀ ਤਕਨੀਕੀ ਤਰੱਕੀ ਵਿਚ ਭਾਰਤ ਦੀ ਭਾਗੀਦਾਰੀ ਲਾਜ਼ਮੀ ਹੈ | ਫਿਜ਼ਿਕਸ ਤੇ ਗਣਿਤ ਬੇਸ਼ੱਕ ਔਖੇ ਵਿਸ਼ੇ ਹਨ ਪਰ ਅਧਿਆਪਕ ਇਨ੍ਹਾਂ ਨੂੰ ਸਰਲ ਤੇ ਰੌਚਿਕ ਬਣਾ ਸਕਦੇ ਹਨ | ਗਣਿਤ ਜ਼ਰੂਰ ਪੜ੍ਹਨਾ ਚਾਹੀਦਾ ਹੈ ਕਿਉਂ ਜੋ ਇਸ ਨਾਲ ਸਮੱਸਿਆਵਾਂ ਦੇ ਵਿਸ਼ਲੇਸ਼ਣ ਲਈ ਸਮੀਕਰਨਾਂ ਬਣਾਉਣ ਦੇ ਰਾਹ ਲੱਭਦੇ ਹਨ | ਸਮੱਸਿਆਵਾਂ ਪੈਦਾ ਹੋਣ ਨਾਲ ਹੀ ਖੋਜ ਦੇ ਵਿਸ਼ੇ ਸੁਝਦੇ ਹਨ |
ਇਸ ਤੋਂ ਪਹਿਲਾਂ 3 ਜਨਵਰੀ ਨੂੰ ਸੁਡਹਾਫ ਨੇ ਨਵੀਨਤਮ ਵਿਗਿਆਨਕ ਖੋਜਾਂ ਅਤੇ ਆਪਣੀ ਨਿੱਜੀ ਖੋਜ ਯਾਤਰਾ ਦੇ ਹਵਾਲੇ ਨਾਲ ਦਿਮਾਗ਼ ਦੇ ਨਿਊਰਾਨਾਂ ਤੇ ਸਾਈਨੈਪਸਾਂ ਬਾਰੇ ਗੱਲ ਕੀਤੀ ਸੀ | ਉਸ ਨੇ ਦੱਸਿਆ ਸੀ ਕਿ ਮੈਂ ਨਿਊਰਾਨਾਂ ਬਾਰੇ ਖੋਜ ਦਾ ਵਿਸ਼ਾ ਇਸ ਲਈ ਚੁਣਿਆ ਕਿਉਂਕਿ ਇਸ ਬਾਰੇ ਬਹੁਤ ਕੰਮ ਦੀ ਲੋੜ ਪ੍ਰਤੀਤ ਹੋ ਰਹੀ ਸੀ | ਇਹ ਕਾਰਜ ਜ਼ਿੰਦਗੀ ਤੇ ਸਮਾਜ ਲਈ ਲਾਹੇਵੰਦਾ ਲੱਗ ਰਿਹਾ ਸੀ | ਦਿਮਾਗ਼ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਬਾਰੇ ਡਾਕਟਰਾਂ ਨੂੰ ਬਹੁਤ ਘੱਟ ਪਤਾ ਹੈ | ਕਈ ਦਹਾਕਿਆਂ ਤੋਂ ਦਿਮਾਗ਼ ਬਾਰੇ ਖੋਜ ਨਾਲ ਸਥਿਤੀ ਨਾਮਾਤਰ ਹੀ ਬਦਲੀ ਲੱਗੀ ਸੀ | ਦਿਮਾਗ਼ ਹੈ ਬਹੁਤ ਜਟਿਲ | ਇਸ ਵਿਚ ਨਿਊਰਾਨਾਂ ਦੀ ਗਿਣਤੀ 10 ਦੀ ਤਾਕਤ 12 ਹੈ ਅਤੇ ਸਾਈਨੈਪਸਾਂ ਦੀ 10 ਦੀ ਤਾਕਤ 15 ਤੋਂ 18 ਤੱਕ ਹੈ | ਇਸ ਸੂਖਮ ਜਟਿਲ ਤਾਣੇ-ਬਾਣੇ ਨੂੰ ਜਿੰਨਾ ਕੁ ਮੈਂ ਸਮਝ ਸਕਿਆ ਹਾਂ, ਉਹ ਅਜੇ ਥੋੜ੍ਹਾ ਹੈ | ਹੋਰ ਵਿਗਿਆਨੀ ਇਸ ਖੋਜ ਨੂੰ ਅੱਗੇ ਤੋਰਨਗੇ ਅਤੇ ਮੈਂ ਵੀ | ਮੇਰੇ ਇਕ ਪ੍ਰਸ਼ਨ ਦੇ ਉੱਤਰ ਵਿਚ ਉਸ ਨੇ ਦੱਸਿਆ ਕਿ ਐਲਜ਼ਾਈਮਰ ਦੇ ਇਲਾਜ ਲਈ ਵਿਗਿਆਨੀ ਜੂਝ ਰਹੇ ਹਨ | ਕੈਂਸਰ ਦੇ ਬੀਜ ਨਾਸ ਲਈ ਵੀ ਯਤਨਸ਼ੀਲ ਹਨ | ਮੈਨੂੰ ਵਿਸ਼ਵਾਸ ਹੈ ਕਿ ਅਖੀਰ ਉਹ ਸਫਲ ਹੋਣਗੇ | ਵਿਗਿਆਨ ਅਤੇ ਤਕਨਾਲੋਜੀ ਦਰਮਿਆਨ ਉਸ ਵਲੋਂ ਕੀਤਾ ਨਿਖੇੜਾ ਮੈਨੂੰ ਉਮਰ ਭਰ ਨਹੀਂ ਭੁੱਲਣਾ | ਉਸ ਨੇ ਕਿਹਾ ਕਿ ਵਿਗਿਆਨੀ ਸਿਧਾਂਤ/ਸਮੱਸਿਆ ਉੱਤੇ ਕੇਂਦਰਿਤ ਹੰੁਦਾ ਹੈ ਜਦਕਿ ਇੰਜੀਨੀਅਰ ਵਸਤੂ ਉੱਤੇ | ਇਕ ਪਰਾਬਲਮ ਓਰੀਐਾਟਿਡ ਹੈ ਅਤੇ ਦੂਜਾ ਪ੍ਰੋਡਕਟ ਓਰੀਐਾਟਿਡ | ਇੰਜ ਲਵਲੀ ਯੂਨੀਵਰਸਿਟੀ ਵਿਚ ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀਆਂ ਦੀ ਸ਼ਖ਼ਸੀਅਤ, ਸੋਚ ਤੇ ਸੁਭਾਅ ਬਾਰੇ ਖਾਸਾ ਕੁਝ ਜਾਣਨ-ਸਮਝਣ ਨੂੰ ਮਿਲਿਆ |
ਖੁਸ਼ਕਿਸਮਤੀ ਨਾਲ ਨੋਬਲ ਵਿਜੇਤਾ ਵਿਗਿਆਨੀਆਂ ਨਾਲ ਮਿਲ ਬੈਠਣ ਤੇ ਹੋਰ ਜਾਣਨ-ਸਮਝਣ ਦਾ ਇਕ ਹੋਰ ਮੌਕਾ 11 ਤੇ 12 ਸਤੰਬਰ, 2019 ਨੂੰ ਫਿਰ ਪੈਦਾ ਹੋ ਗਿਆ | 2016 ਵਿਚ ਭਾਰਤ ਸਰਕਾਰ ਦੇ ਨੁਮਾਇੰਦੇ ਵਜੋਂ ਵਿਗਿਆਨ ਅਤੇ ਤਕਨਾਲੋਜੀ ਦੀ ਮੰਤਰਾਲੇ ਦੇ ਬਾਇਓ ਤਕਨਾਲੋਜੀ ਨੇ ਨੋਬਲ ਫਾਊਾਡੇਸ਼ਨ ਦੇ ਨੋਬਲ ਮੀਡੀਆ ਏ. ਬੀ. ਨਾਲ ਸਟਾਕਹਾਮ ਵਿਚ ਇਕ ਸਮਝੌਤਾ ਕੀਤਾ | ਇਸ ਅਧੀਨ ਹਰ ਸਾਲ ਭਾਰਤ ਵਿਚ ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀਆਂ ਵਲੋਂ ਸਾਡੇ ਵਿਦਿਆਰਥੀਆਂ, ਅਧਿਆਪਕਾਂ, ਵਿਗਿਆਨੀਆਂ ਨੂੰ ਸੰਬੋਧਿਤ ਕਰਨ ਦੀ ਵਿਵਸਥਾ ਹੈ | ਸੰਨ 2017 ਤੋਂ ਇਸ ਯੋਜਨਾ ਉੱਤੇ ਅਮਲ ਸ਼ੁਰੂ ਹੋ ਚੁੱਕਾ ਹੈ | 2019 ਦੀ ਤੀਜੀ ਨੋਬਲ ਪ੍ਰਾਈਜ਼ ਸੀਰੀਜ਼ ਲਈ ਇਸ ਵਾਰ ਨੈਸ਼ਨਲ ਐਗਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ, ਮੋਹਾਲੀ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਚੁਣੇ ਜਾਣ ਦੀ ਖ਼ਬਰ ਸੀ | ਮੋਹਾਲੀ ਇੰਸਟੀਚਿਊਟ ਵਿਚ ਤਾਂ ਮੇਰੀ ਵਾਕਫ਼ੀਅਤ ਨਹੀਂ ਸੀ ਪਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਵੇਂ-ਪੁਰਾਣੇ ਵਾਈਸ ਚਾਂਸਲਰ ਸਾਹਿਬਾਨ ਨਾਲ ਗੱਲ ਕਰਨੀ ਔਖੀ ਨਹੀਂ ਸੀ | 494 ਹੈਕਟੇਅਰ ਵਿਚ ਫੈਲੀ 1962 ਵਿਚ ਬਣੀ ਇਸ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਪਛਾਣ ਬਣਾਈ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 98722-60550.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਗੁਰਦਾਸਪੁਰ ਦੇ ਇਕ ਸਾਹਿਤਕ ਪ੍ਰੋਗਰਾਮ ਵੇਲੇ ਦੀ ਹੈ | ਸ: ਤਾਰਾ ਸਿੰਘ ਖੋਜੇਪੁਰੀ ਹਾਸ-ਵਿਅੰਗ ਦਾ ਕਵੀ ਸੀ ਤੇ ਰਜਿੰਦਰ ਭੋਗਲ ਨਾਟਕਕਾਰ ਸੀ | ਬਲਵਿੰਦਰ ਬਾਲਮ ਗ਼ਜ਼ਲ, ਗੀਤਾਂ, ਕਵਿਤਾਵਾਂ ਤੇ ਵੱਖ-ਵੱਖ ਲੇਖ ਲਿਖਣ ਵਾਲਾ ਸ਼ਾਇਰ ਹੈ | ਬਾਲਮ ਉਨ੍ਹਾਂ ਨੂੰ ਪੁੱਛ ਰਿਹਾ ਸੀ, ਹੁਣ ਤੁਹਾਡਾ ਕੀ ਪ੍ਰੋਗਰਾਮ ਹੈ ਸਾਹਿਤਕ ਪ੍ਰੋਗਰਾਮ ਤਾਂ ਖਤਮ ਹੋ ਗਿਆ ਹੈ | ਉਹ ਆਖਦੇ ਹਨ ਸਾਡਾ ਹੁਣ ਕੋਈ ਪ੍ਰੋਗਰਾਮ ਨਹੀਂ, ਅਸੀਂ ਤਾਂ ਤੇਰਾ ਪ੍ਰੋਗਰਾਮ ਵੇਖ ਰਹੇ ਹਾਂ |

-ਮੋਬਾਈਲ : 98767-41231

ਉੱਚੇ ਟਿੱਬੇ ਮੈਂ ਤਾਣਾ ਤਣਦੀ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅੱਟੀਆਂ ਊਰੀ 'ਤੇ ਚੜ੍ਹਾ ਕੇ ਚਰਖੇ ਦੀ ਸਹਾਇਤਾ ਨਾਲ ਛੋਟੀਆਂ-ਛੋਟੀਆਂ ਨਲਕੀਆਂ ਵੱਟ ਲਈਆਂ ਜਾਂਦੀਆਂ ਹਨ, ਜਿਸ ਨੂੰ ਲੋਹੇ ਦੀ ਨਾਲ ਵਿਚ ਪਾ ਕੇ ਤਾਣੇ ਪੇਟੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਤੇ ਖੇਸ ਦੀ ਬੁਣਾਈ ਕੀਤੀ ਜਾਂਦੀ ਹੈ | ਹੱਥੇ ਨਾਲ ਬੁਣੇ ਹੋਏ ਧਾਗਿਆਂ ਵਿਚ ਜੇ ਵਿੱਥ ਰਹਿ ਜਾਂਦੀ ਹੈ ਤਾਂ ਉਸ ਨੂੰ ਠੋਕ ਦਿੱਤਾ ਜਾਂਦਾ ਹੈ | ਆਮ ਤੌਰ 'ਤੇ ਆਰਨ ਵਿਚ ਖੇਸ 6 ਗਜ਼ ਦਾ ਰੱਖ ਲਿਆ ਜਾਂਦਾ ਹੈ, ਜਿਸ ਨੂੰ ਬਾਅਦ ਵਿਚ ਕੱਟ ਕੇ ਵਿਚਕਾਰ ਸਿਉਣ ਪਾ ਕੇ ਜੋੜ ਕੇ ਖੇਸ ਦੇ ਦੋਵਾਂ ਸਿਰਿਆਂ ਦੇ ਬੰਬਲ ਵੱਟੇ ਜਾਂਦੇ ਹਨ | ਲੋਕ ਬੋਲੀਆਂ ਤੇ ਟੱਪਿਆਂ 'ਚ ਖੇਸ ਦਾ ਜ਼ਿਕਰ ਮੱਲੋ-ਮੱਲੀ ਆਉਂਦਾ ਹੈ-
ਉੱਚੇ ਟਿੱਬੇ ਮੈਂ ਤਾਣਾ ਤਣਦੀ,
ਦੂਰ ਵੱਜੇ ਇਕ ਤਾਰਾ,
ਖੂਹ 'ਤੇ ਮਿਲ ਮੁੰਡਿਆ,
ਸ਼ੱਕ ਕਰਦਾ ਪਿੰਡ ਸਾਰਾ |
          —0—
ਬੁੱਕਲ ਮਾਰੋ ਖੇਸ ਦੀ
ਵਹੁਟੀ ਆਈ ਲਾੜੇ ਦੇ ਮੇਚ ਦੀ |
          —0—
ਖੇਸ ਮੋਢੇ ਉੱਤੇ ਰਖਿਆ ਏ
ਓਨ੍ਹਾਂ ਦੀ ਕੀ ਗੱਲ ਕਰੀਏ
ਜਿਨ੍ਹਾਂ ਇਸ਼ਕੇ ਨੂੰ ਚਖਿਆ ਏ |
ਪਰ ਹੁਣ ਨਵੀਂ ਪੀੜ੍ਹੀ ਨੂੰ ਨਾ ਹੀ ਖੇਸ ਬਣਾਉਣੇ ਆਉਂਦੇ ਨੇ ਤੇ ਨਾ ਹੀ ਇਨ੍ਹਾਂ ਝੰਜਟਾਂ 'ਚ ਪੈਣਾ ਚਾਹੁੰਦੀ ਹੈ-
ਬਣਾ ਕੇ ਖੇਸ, ਕਿਹੜਾ ਵੱਟੇ ਬੰਬਲ
ਮੁਕਾਓ ਸਿਆਪਾ, ਸ਼ਹਿਰੋਂ ਲਿਆਉ ਕੰਬਲ |
ਪੱਖੀਆਂ ਬੁਣਨਾ
ਪੱਖੀ ਪੁਰਾਣੇ ਸਮਿਆਂ ਵਿਚ ਹਰ ਘਰ ਦੀ ਲੋੜ ਸੀ | ਆਏ ਪ੍ਰਾਹੁਣੇ ਲਈ ਮੰਜੇ 'ਤੇ ਨਵੀਂ ਚਾਦਰ ਵਿਛਾ ਕੇ ਨਵੀਂ ਪੱਖੀ ਮੰਜੇ ਦੇ ਸਿਰਹਾਣੇ ਰੱਖ ਦਿੱਤੀ ਜਾਂਦੀ ਸੀ | ਪੱਖੀ ਜਿੱਥੇ ਗਰਮੀ ਤੋਂ ਰਾਹਤ ਦਿਵਾਉਂਦੀ ਸੀ, ਉੱਥੇ ਇਹ ਪੰਜਾਬੀ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਵੀ ਸੀ |
ਪੱਖੀ ਦਾ ਢਾਂਚਾ ਤੇ ਡੰਡੀ ਬਾਜ਼ਾਰ 'ਚੋਂ ਖਰੀਦੀ ਜਾਂਦੀ ਹੈ ਜੋ ਕਿ ਲੋਹੇ ਦੀ ਗੁਲਾਈਦਾਰ ਤਾਰ ਨਾਲ ਘੁੰਮਣ ਵਾਲੀ ਮੁੱਠੀ ਨਾਲ ਬਣੀ ਹੁੰਦੀ ਹੈ | ਪੱਖੀਆਂ ਪੱਟ ਅਤੇ ਉੱਨ ਦੇ ਧਾਗਿਆਂ ਨਾਲ ਬੁਣੀਆਂ ਜਾਂਦੀਆਂ ਹਨ | ਪੱਖੀ ਦੀ ਕਢਾਈ ਖਾਸ ਕਰਕੇ ਦਰੀਆਂ, ਮੰਜੇ, ਪੀੜ੍ਹੀ ਨਾਲ ਬਹੁਤ ਹੱਦ ਤੱਕ ਮੇਲ ਖਾਂਦੀ ਹੈ | ਪਹਿਲਾਂ ਤਾਣਾ ਪਾ ਲਿਆ ਜਾਂਦਾ ਹੈ, ਉਸ ਤੋਂ ਬਾਅਦ ਸੂਈ ਰੰਗੀਨ ਧਾਗੇ ਨਾਲ ਵੱਖ-ਵੱਖ ਨਮੂਨਿਆਂ ਦੇ ਹਿਸਾਬ ਨਾਲ ਬੁਣੀ ਜਾਂਦੀ ਹੈ | ਪਲਾਸਟਿਕ ਦੀਆਂ ਤਾਰਾਂ ਆਦਿ ਦੀਆਂ ਪੱਖੀਆਂ ਵੀ ਬਣਾਈਆਂ ਜਾਂਦੀਆਂ ਸਨ | ਮੁਟਿਆਰਾਂ ਇਸ ਦੀ ਕਢਾਈ ਕਰਦੇ ਸਮੇਂ ਵੱਖ-ਵੱਖ ਤਰ੍ਹਾਂ ਦੇ ਵੇਲ-ਬੂਟੇ, ਅੱਠ-ਕਲੀਏ ਦੇ ਫੁੱਲ, ਮੋਰ, ਘੁੱਗੀਆਂ ਆਦਿ ਬੜੀਆਂ ਰੀਝਾਂ ਨਾਲ ਪਾਇਆ ਕਰਦੀਆਂ ਸਨ | ਪੱਖੀ ਦੇ ਸ਼ਿੰਗਾਰ ਲਈ ਕਢਾਈ ਵਿਚ ਰੰਗਦਾਰ ਧਾਗੇ, ਰਿਬਨ, ਲੈਸ, ਗੋਟਾ ਅਤੇ ਹੋਰ ਕਈ ਤਰ੍ਹਾਂ ਦੇ ਸ਼ੀਸ਼ੇ, ਸਿਤਾਰੇ, ਘੁੰਗਰੂ, ਕਿਨਾਰੀ, ਮਣਕੇ, ਰਿਬਨ, ਕਰੋਸ਼ੀਏ ਨਾਲ ਉੱਨ ਦੀ ਕਢਾਈ ਕਰਕੇ ਅਤੇ ਬਟਨ ਆਦਿ ਵੀ ਲਗਾਏ ਜਾਂਦੇ ਸਨ |
ਪੱਖੀ ਨੂੰ ਸ਼ਿੰਗਾਰਨ ਲਈ ਕਈ ਵਾਰ ਇਸ ਦੀ ਡੰਡੀ ਵਿਚ ਕਾਰੀਗਰ ਘੁੰਗਰੂ ਵੀ ਲਗਾ ਦਿਆ ਕਰਦੇ ਸਨ ਅਤੇ ਇਸ ਤੇ ਵੱਖ-ਵੱਖ ਰੰਗਾਂ ਨਾਲ ਧਾਰੀਆਂ ਆਦਿ ਪਾ ਦਿਆ ਕਰਦੇ ਸਨ | ਇਸੇ ਲਈ ਮੁਟਿਆਰ ਆਪਣੇ ਮਾਹੀ ਨੂੰ ਘੁੰਗਰੂਆਂ ਵਾਲੀ ਪੱਖੀ ਲੈਣ ਲਈ ਵਾਸਤਾ ਪਾਉਂਦੀ ਹੈ-
ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ |
ਪੱਖੀ ਦੀ ਝਾਲਰ ਜੋ ਕਿ ਪੱਖੀ ਦੇ ਸ਼ਿੰਗਾਰ ਨੂੰ ਚਾਰ ਚੰਨ ਲਗਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜੋ ਮਸ਼ੀਨ ਨਾਲ ਅਤੇ ਹੱਥ ਨਾਲ ਵੀ ਬਣਾਈ ਜਾਂਦੀ ਹੈ | ਵਿਆਹ ਮੌਕੇ ਸਜ-ਵਿਆਹੀਆਂ ਲਿਆਂਦੇ ਜਾਣ ਵਾਲੇ ਦਾਜ ਵਿਚ ਵੀ ਰੰਗ-ਬਰੰਗੀਆਂ ਸੋਹਣੀਆਂ ਪੱਖੀਆਂ ਨੂੰ ਬੜੇ ਸ਼ੌਾਕ ਨਾਲ ਸਜਾ ਕੇ ਰੱਖਿਆ ਕਰਦੀਆਂ ਸਨ ਅਤੇ ਆਪਣੀ ਧਾਂਕ ਜਮਾਉਣ ਲਈ ਦਰਾਣੀਆਂ-ਜਠਾਣੀਆਂ ਜਾਂ ਨਣਦਾਂ ਨੂੰ ਵਿਖਾਉਂਦੀਆਂ ਸਨ | ਲੋਕ ਬੋਲੀਆਂ ਵਿਚ ਪੱਖੀ ਨੂੰ ਵਿਸ਼ੇਸ਼ ਸਥਾਨ ਹਾਸਲ ਹੈ-
ਪੱਖੀ ਨੂੰ ਲੌਾਣ ਲਵਾ ਦੇ ਵੇ,
ਬਾਲਮਾ ਰੁੱਤ ਗਰਮੀ ਦੀ ਆਈ |
         —0—
ਹੱਥਾਂ ਵਿਚ ਪੱਖੀਆਂ ਸ਼ੂਕਦੀਆਂ,
ਜਿਵੇਂ ਬਾਗੀ ਕੋਇਲਾਂ ਕੂਕਦੀਆਂ |
ਅੱਜ ਪੱਖੀ ਵਿਆਹ-ਸ਼ਾਦੀਆਂ ਦੇ ਟੈਂਟਾਂ ਜਾਂ ਪੈਲੇਸਾਂ ਵਿਚ ਮਹਿਜ਼ ਇਕ ਦਿਖਾਵਾ ਤੇ ਸ਼ੋਅ ਪੀਸ ਬਣ ਕੇ ਰਹਿ ਗਈ ਹੈ | ਸਮੇਂ ਦੀ ਤੇਜ਼ੀ ਨਾਲ ਬਦਲਦੀ ਨੁਹਾਰ 'ਤੇ ਇਹ ਲਾਈਨਾਂ ਕਿੰਨੀਆਂ ਸੱਚ ਨੇ-
ਪੱਖੀ ਨੂੰ ਖਾ ਗਏ ਪੱਖੇ, ਪੱਖੇ ਨੂੰ ਕੂਲਰ ਖਾ ਗਿਆ |
ਕੀ ਬਣੂਗਾ ਕੂਲਰ ਦਾ, ਹੁਣ ਠੰਢਾ ਏ ਸੀ ਆ ਗਿਆ |
ਚਾਦਰਾਂ ਤੇ ਮੇਜ਼ਪੋਸ਼ ਕੱਢਣਾ
ਖੱਦਰ ਜਾਂ ਕੇਸਮੈਂਟ ਦੀਆਂ ਸਫੈਦ ਜਾਂ ਰੰਗਦਾਰ ਚਾਦਰਾਂ 'ਤੇ ਸੂਤੀ, ਊਨੀ ਜਾਂ ਰੇਸ਼ਮੀ ਪੱਟ ਨਾਲ ਕਢਾਈ ਕੀਤੀ ਜਾਂਦੀ ਸੀ ਤੇ ਤਰ੍ਹਾਂ-ਤਰ੍ਹਾਂ ਦੇ ਫੁੱਲ-ਬੂਟੀਆਂ, ਵੇਲਾਂ, ਪੰਛੀ ਜਾਂ ਜਾਨਵਰਾਂ ਦੇ ਨਮੂਨਿਆਂ ਨਾਲ ਇਨ੍ਹਾਂ ਨੂੰ ਸ਼ਿੰਗਾਰਿਆ ਜਾਂਦਾ ਸੀ | ਆਮ ਵਰਤੋਂ ਦੇ ਨਾਲ-ਨਾਲ ਘਰ ਵਿਚ ਪ੍ਰਾਹੁਣਿਆਂ ਦੇ ਆਉਣ 'ਤੇ ਸੂਤ ਦੇ ਮੰਜਿਆਂ ਉੱਪਰ ਕੱਢੀਆਂ ਹੋਈਆਂ ਚਾਦਰਾਂ ਵਿਛਾਈਆਂ ਜਾਂਦੀਆਂ ਸਨ | ਇਸੇ ਤਰ੍ਹਾਂ ਮੇਜ਼ਪੋਸ਼ ਤੇ ਪੜਛੱਤੀਆਂ, ਕਾਨਸਾਂ 'ਤੇ ਵਿਛਾਏ ਜਾਣ ਵਾਲੇ ਕੱਪੜੇ ਨੂੰ ਵੀ ਲੋੜੀਂਦੇ ਆਕਾਰ ਵਿਚ ਕੱਟ ਕੇ ਚਾਰਾਂ ਪਾਸਿਆਂ ਤੋਂ ਰੰਗਦਾਰ ਧਾਗੇ ਨਾਲ ਕਢਾਈ ਕਰਕੇ ਵਿਚਕਾਰ ਵੇਲ-ਬੂਟੇ ਤੇ ਡਿਜ਼ਾਈਨ ਪਾਏ ਜਾਂਦੇ ਸਨ | ਕੁਲਦੀਪ ਮਾਣਕ ਦੇ ਗਾਏ ਤੇ ਪ੍ਰੀਤ ਮਹਿੰਦਰ ਤਿਵਾੜੀ ਦੇ ਲਿਖੇ ਇਸ ਗੀਤ ਵਿਚ ਚਾਦਰ ਦੀ ਪੰਜਾਬੀ ਜੀਵਨ ਵਿਚ ਹੋਂਦ ਤੇ ਚੜ੍ਹਤ ਦਾ ਨਮੂਨਾ ਵੇਖੋ-
ਮੈਂ ਚਾਦਰ ਕੱਢਦੀ ਨੀ, ਗਿਣ ਤੋਪੇ ਪਾਵਾਂ |
ਚੰਨ ਹੁਸਨ ਜਵਾਨੀ ਨੀ, ਮਾਵਾਂ ਠੰਢੀਆਂ ਛਾਵਾਂ |
ਫਿਕਰਾਂ ਵਿਚ ਡੁੱਬਿਆ ਨੀ, ਮੇਰਾ ਬਾਬੁਲ ਭੋਲਾ |
ਓਹਦੀ ਚਿੱਟੀ ਪਗੜੀ ਨੂੰ , ਕਦੇ ਦਾਗ ਨਾ ਲਾਵਾਂ |
                 —0—
ਮੈਂ ਚਾਦਰ ਕੱਢਦੀ ਨੀ, ਉੱਤੇ ਪਾਵਾਂ ਵੇਲਾਂ |
ਸਾਡੇ ਪਿੰਡ ਦੇ ਟੇਸ਼ਨ 'ਤੇ, ਨਾ ਰੁਕਦੀਆਂ ਰੇਲਾਂ |
ਮੇਰਾ ਧਰਮੀ ਬਾਬਲ ਨੀ, ਦੇਸਾਂ ਦਾ ਰਾਜਾ |
ਮੈਂ ਆਖ ਕੇ ਬਾਪੂ ਨੂੰ , ਰੇਲਾਂ ਰੁਕਵਾਵਾਂ |
ਬੂਟੀਆਂ ਵਾਲਾ ਝੋਲਾ
ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ | ਇਹ ਘਰ ਦੀਆਂ ਸੁਆਣੀਆਂ ਵਲੋਂ ਘਰ ਵਿਚ ਹੀ ਖੱਡੀ 'ਤੇ ਬੁਣੇ ਖੱਦਰ ਜਾਂ ਕੇਸਮੈਂਟ ਦੀ ਚਾਦਰ ਤੋਂ ਬਣਾਇਆ ਜਾਂਦਾ ਸੀ | ਵਿਆਹ ਤੋਂ ਪਹਿਲਾਂ ਕੁੜੀਆਂ ਅਕਸਰ ਝੋਲੇ ਦੀ ਸਿਲਾਈ ਕਰਕੇ ਆਪਣੇ ਹੱਥੀਂ ਝੋਲੇ 'ਤੇ ਬੂਟੀਆਂ ਕੱਢਦੀਆਂ | ਝੋਲੇ ਦੀਆਂ ਤਣੀਆਂ 'ਤੇ ਵੀ ਕਢਾਈ ਕੀਤੀ ਜਾਂਦੀ | ਕਈ ਵਾਰ ਤਾਂ ਤਣੀਆਂ ਦੇ ਨਾਲ ਛੋਟੇ-ਛੋਟੇ ਰੇਸ਼ਮੀ ਧਾਗਿਆਂ ਦੇ ਫੁੱਲ ਬਣਾ ਕੇ ਲਾ ਦਿੱਤੇ ਜਾਂਦੇ | ਬੂਟੀਆਂ ਵਾਲੇ ਝੋਲੇ ਦੁਆਲੇ ਝਾਲਰ ਜਾਂ ਲੈਸ ਵੀ ਲੱਗੀ ਹੁੰਦੀ ਸੀ | ਬੂਟੀਆਂ ਵਾਲਾ ਝੋਲਾ ਬਾਹਰ ਆਉਂਦੇ-ਜਾਂਦੇ ਸਮੇਂ ਪਰਸ, ਬੈਗ ਦੀ ਤਰ੍ਹਾਂ ਸਮਾਨ ਪਾਉਣ ਲਈ ਵਰਤਿਆ ਜਾਂਦਾ ਸੀ ਪਰ ਹੁਣ ਪਲਾਸਟਿਕ ਦੇ ਥੈਲਿਆਂ ਨੇ ਬੂਟੀਆਂ ਵਾਲੇ ਝੋਲੇ ਦੀ ਥਾਂ ਲੈ ਲਈ ਹੈ ਤੇ ਇਨ੍ਹਾਂ ਦੀ ਵਰਤੋਂ ਨਾਲ ਬਿਮਾਰੀਆਂ ਵੀ ਸਹੇੜ ਲਈਆਂ ਹਨ | ਅੱਜ ਦੀ ਨਵੀਂ ਪੀੜ੍ਹੀ ਨੂੰ ਸ਼ਾਇਦ ਇਸ ਬਾਰੇ ਪਤਾ ਹੀ ਨਹੀਂ ਹੋਵੇਗਾ, ਕਿਉਂਕਿ ਉਹ ਤਾਂ ਪੋਲੀਥੀਨ ਦੇ ਲਿਫ਼ਾਫਿਆਂ ਵਿਚ ਹੀ ਉਲਝ ਕੇ ਰਹਿ ਗਏ ਹਨ | ਇਨ੍ਹਾਂ ਲਿਫ਼ਾਫਿਆਂ ਦੇ ਨਾਲ ਜਿੱਥੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ ਹੈ, ਉੱਥੇ ਹੀ ਇਹ ਗਲਣਯੋਗ ਨਾ ਹੋਣ ਕਾਰਨ ਨਿਕਾਸੀ ਨਾਲੀਆਂ ਤੇ ਸੀਵਰੇਜ਼ ਆਦਿ ਵਿਚ ਫਸ ਕੇ ਉਨ੍ਹਾਂ ਨੂੰ ਬੰਦ ਕਰ ਦਿੰਦੇ ਹਨ | ਜਿੱਥੇ ਪਲਾਸਟਿਕ ਦੇ ਲਿਫ਼ਾਫ਼ੇ ਨੂੰ ਅਸੀਂ ਇਕ ਵਾਰ ਵਰਤ ਕੇ ਕੂੜੇ ਵਿਚ ਸੁੱਟ ਦਿੰਦੇ ਹਾਂ, ਉੱਥੇ ਘਰ ਬਣਾਏ ਇਹ ਝੋਲੇ ਕਈ-ਕਈ ਸਾਲ ਕਿਧਰੇ ਨਹੀਂ ਜਾਂਦੇ ਸਨ | ਧੋਣ ਤੋਂ ਬਾਅਦ ਇਹ ਫਿਰ ਨਵੇਂ-ਨਕੋਰ ਹੋ ਜਾਂਦੇ ਸਨ | ਪੰਜਾਬੀਆਂ ਨੂੰ ਇਸ ਵੰਨਗੀ ਨੂੰ ਦੁਬਾਰਾ ਜਿਉਂਦਾ ਕਰਨ ਦੀ ਲੋੜ ਹੈ, ਤਾਂ ਜੋ ਜਿੱਥੇ ਇਕ ਪਾਸੇ ਸਾਡਾ ਵਿਰਸਾ ਸੰਭਾਲਿਆ ਜਾਏਗਾ, ਉੱਥੇ ਇਸ ਦੀ ਵਰਤੋਂ ਨਾਲ ਪਲਾਸਟਿਕ ਦੀ ਵਰਤੋਂ ਘਟਣ ਨਾਲ ਵਾਤਾਵਰਨ ਦਾ ਨੁਕਸਾਨ ਵੀ ਘੱਟ ਹੋਵੇਗਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 94178-31583

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX