ਤਾਜਾ ਖ਼ਬਰਾਂ


ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  1 day ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  1 day ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  1 day ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  1 day ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  1 day ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  1 day ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  1 day ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  1 day ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  1 day ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਹੋਰ ਖ਼ਬਰਾਂ..

ਲੋਕ ਮੰਚ

ਕੀ ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਹੈ?

ਵੈਸੇ ਤਾਂ ਪ੍ਰਦੂਸ਼ਣ ਸਾਰਾ ਸਾਲ ਹੀ ਰਹਿੰਦਾ ਹੈ ਪਰ ਅੱਜਕਲ੍ਹ ਦੇ ਸਮੇਂ ਵਿਚ ਜ਼ਿਆਦਾ ਪ੍ਰਦੂਸ਼ਣ ਪਰਾਲੀ ਦੇ ਧੂੰਏਂ ਤੋਂ ਹੋ ਰਿਹਾ ਹੈ। ਅੱਜਕਲ੍ਹ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਜ਼ਬਰਦਸਤ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੇ ਚੁੱਪੀ ਧਾਰਨ ਕੀਤੀ ਹੋਈ ਹੈ। ਬਿਨਾਂ ਸ਼ੱਕ ਅੱਜ ਤੋਂ ਕੁਝ ਦਹਾਕੇ ਪਹਿਲਾਂ ਖੇਤਾਂ 'ਚ ਫਸਲਾਂ ਦੀ ਰਹਿਦ-ਖੂੰਹਦ ਨੂੰ ਅੱਗ ਨਹੀਂ ਲਗਾਈ ਜਾਂਦੀ ਸੀ ਪਰ ਹੁਣ ਕਿਸਾਨਾਂ ਨੇ ਇਨ੍ਹਾਂ ਨੂੰ ਸਾੜਨ ਦਾ ਇਕ ਆਸਾਨ ਅਤੇ ਸਸਤਾ ਤਰੀਕਾ ਲੱਭ ਲਿਆ ਹੈ। ਅਜੇ ਤੱਕ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਸਕਿਆ। ਕਿਸਾਨ ਆਪਣਾ ਦੁਖੜਾ ਸੁਣਾ ਰਹੇ ਹਨ, ਪ੍ਰਸ਼ਾਸਨ ਦੇ ਆਪਣੇ ਹੁਕਮ ਹਨ। ਇਸ ਲਈ ਦਲੀਲਾਂ ਅਤੇ ਹੁਕਮਾਂ ਦੇ ਵਿਚਕਾਰ ਰੋਜ਼ਾਨਾ ਧੂੰਏਂ ਦੇ ਜ਼ਹਿਰੀਲੇ ਬੱਦਲ ਅਸਮਾਨ 'ਚ ਉੱਡ ਰਹੇ ਹਨ। ਕਿਸਾਨ ਵੀਰ ਫ਼ਸਲ ਨੂੰ ਵੱਢਣ ਤੋਂ ਬਾਅਦ ਉਸ ਦੀ ਰਹਿੰਦ-ਖੂੰਹਦ ਨੂੰ ਅੱਗ ਤਾਂ ਲਾ ਦਿੰਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਸ ਨਾਲ ਖੇਤੀ ਯੋਗ ਭੂਮੀ ਦੇ ਉਪਜਾਊਪਣ ਵਿਚ ਬਹੁਤ ਜ਼ਿਆਦਾ ਕਮੀ ਆ ਜਾਂਦੀ ਹੈ। ਇਸ ਨਾਲ ਧਰਤੀ ਸਖ਼ਤ ਹੋ ਜਾਣ 'ਤੇ ਕਾਰਬਨਿਕ ਪਦਾਰਥ ਸੂਖਮ ਪੋਸ਼ਕ ਤੱਤ, ਸੂਖਮ ਜੀਵਾਣੂ ਨਸ਼ਟ ਹੁੰਦੇ ਹਨ। ਇਨ੍ਹਾਂ ਨਾਲ ਹੀ ਤਾਂ ਜ਼ਮੀਨ ਦਾ ਉਪਜਾਊਪਣ ਵਧਦਾ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਖੇਤਾਂ ਵਿਚ ਹੀ ਸਾੜਨ ਦੀ ਬਜਾਏ ਉਸ ਦੇ ਪ੍ਰਬੰਧਨ ਲਈ ਪ੍ਰੇਰਿਤ ਕਰ ਰਹੀ ਹੈ। ਪਰ ਕਿਸਾਨ ਵਰਗ ਅਨੁਸਾਰ ਇਸ ਦੇ ਪ੍ਰਬੰਧਨ ਲਈ ਐਨੀ ਮਹਿੰਗੀ ਮਸ਼ੀਨਰੀ ਕਿਵੇਂ ਖਰੀਦੀ ਜਾਵੇ? ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਰਥਿਕ ਮਜਬੂਰੀ ਦੇ ਕਾਰਨ ਹੀ ਪਰਾਲੀ ਨੂੰ ਅੱਗ ਲਗਾ ਰਹੇ ਹਨ। ਦਰਅਸਲ ਕੇਂਦਰ ਸਰਕਾਰ ਦੀ ਸਹਾਇਤਾ ਤੋਂ ਬਗੈਰ ਪਰਾਲੀ ਪ੍ਰਬੰਧਨ ਸੰਭਵ ਨਹੀਂ ਹੈ। ਹਾਈਕੋਰਟ ਦੇ ਹੁਕਮਾਂ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ 'ਤੇ ਗੌਰ ਕੀਤਾ ਜਾਣਾ ਬਹੁਤ ਹੀ ਜ਼ਰੂਰੀ ਹੈ। ਇਸ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਸਮੱਸਿਆ ਦਾ ਹੱਲ ਲੱਭਣ 'ਚ ਦੇਰੀ ਕਰਨਾ ਬਹੁਤ ਜ਼ਿਆਦਾ ਹਾਨੀਕਾਰਕ ਸਿੱਧ ਹੋ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਬਦਲ ਦੇ ਤੌਰ 'ਤੇ ਹੈਪੀ ਸੀਡਰ, ਸਟਰਾ ਬੇਲਰ, ਸਟਰਾ ਰੀਪਰ ਨੂੰ ਘੱਟ ਕੀਮਤ 'ਤੇ ਉਪਲੱਬਧ ਕਰਵਾਏ। ਕਿਸਾਨ ਭਰਾ ਵੀ ਆਪਣੇ ਦਿਮਾਗ ਦਾ ਪ੍ਰਯੋਗ ਕਰ ਕੇ ਆਪਣੀ ਮਰਜ਼ੀ ਨਾਲ ਪਰਾਲੀ ਨੂੰ ਸਾੜਨਾ ਬੰਦ ਕਰ ਦੇਣ। ਇਥੇ ਇਕ ਗੱਲ ਜ਼ਰੂਰੀ ਹੈ ਕਿ ਜਲਦਬਾਜ਼ੀ 'ਚ ਸਰਕਾਰਾਂ ਫ਼ੈਸਲਾ ਨਾ ਸੁਣਾਉਣ, ਬਲਕਿ ਕੈਂਪ ਲਗਾ ਕੇ ਪਰਾਲੀ ਸਾੜੇ ਜਾਣ ਦੇ ਨਫੇ-ਨੁਕਸਾਨ ਦੱਸਣ। ਸਰਕਾਰਾਂ ਆਪਣਾ ਸਵਾਰਥ ਛੱਡਣ। ਸਿਰਫ ਸਜ਼ਾ ਦੇੇਣ ਜਾਂ ਜੁਰਮਾਨਾ ਲਗਾਉਣ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਲਈ ਸਜ਼ਾ ਦੇਣ ਦੀ ਥਾਂ ਜਾਗਰੂਕਤਾ ਅਭਿਐਨ ਵੀ ਚਲਾਉਣਾ ਹਿੱਤਕਾਰੀ ਹੋਵੇਗਾ। ਕਿਸਾਨਾਂ ਨੂੰ ਨਵੇਂ-ਨਵੇਂ ਬਦਲ ਦਿੱਤੇ ਜਾਣ। ਪ੍ਰਸ਼ਾਸਨ ਨੂੰ ਜ਼ਿੰਮੇਵਾਰ ਬਣਾਉਣਾ ਵੀ ਜ਼ਰੂਰੀ ਹੈ। ਐਨ.ਜੀ.ਟੀ. ਦੇ ਫ਼ੈਸਲੇ ਦੇ ਬਾਵਜੂਦ ਕਿਸਾਨਾਂ ਨੇ ਕਣਕ ਦੀ ਫ਼ਸਲ ਦੀ ਤਿਆਰੀ ਲਈ ਪਰਾਲੀ ਨੂੰ ਧੜੱਲੇ ਨਾਲ ਅੱਗ ਲਗਾਈ ਜਾ ਰਹੀ ਹੈ। ਕਿਸਾਨਾਂ ਦੇ ਕੋਲ ਕਣਕ ਬੀਜਣ ਦਾ ਲੋੜੀਂਦਾ ਸਮਾਂ ਨਹੀਂ ਹੈ। ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਸਰਕਾਰ ਜਾਂ ਸਮਾਜ ਦੁਆਰਾ ਸਨਮਾਨਿਤ ਵੀ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਵੀ ਸੋਚਣਾ ਸਮਝਣਾ ਚਾਹੀਦਾ ਹੈ ਕਿ ਉਹ ਵੀ ਤਾਂ ਇਸ ਜ਼ਹਿਰੀਲੇ ਧੂੰਏਂ ਵਿਚ ਹੀ ਸਾਹ ਲੈ ਰਹੇ ਹਨ। ਅਜਿਹਾ ਵਰਤਾਰੇ ਨੂੰ ਰੋਕਣਾ ਸਾਡੇ ਸਭ ਲਈ ਬਹੁਤ ਜ਼ਰੂਰੀ ਹੈ।

-ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)।


ਖ਼ਬਰ ਸ਼ੇਅਰ ਕਰੋ

ਕਿਉਂ ਵਿਦੇਸ਼ਾਂ ਵੱਲ ਭੱਜਦੇ ਹਨ ਨੌਜਵਾਨ?

ਲਗਾਤਾਰ ਵਧਦੀ ਜਾ ਰਹੀ ਬੇਰੁਜ਼ਗਾਰੀ ਅਤੇ ਸਰਕਾਰ ਵਲੋਂ ਕੋਈ ਵੀ ਠੋਸ ਹੱਲ ਨਾ ਮਿਲਣ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ ਵਸਣ ਨੂੰ ਤਰਜੀਹ ਦੇ ਰਹੀ ਹੈ। ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਨੌਜਵਾਨ ਮੁੰਡੇ-ਕੁੜੀਆਂ ਦੇਸ਼ ਦੇ ਕਾਲਜਾਂ ਵਿਚ ਦਾਖ਼ਲਾ ਲੈਣ ਦੀ ਜਗ੍ਹਾ ਆਈਲਟਸ ਕਰਕੇ ਵਿਦੇਸ਼ ਪੜ੍ਹਨ ਨੂੰ ਪਹਿਲ ਦੇ ਰਹੇ ਹਨ। ਕਾਲਜਾਂ ਵਿਚ ਸੀਟਾਂ ਦਾ ਖਾਲੀ ਰਹਿਣਾ ਅਤੇ ਆਈਲਟਸ ਸੈਂਟਰਾਂ ਦੇ ਬਾਹਰ ਭੀੜ ਇਸ ਗੱਲ ਦੀ ਗਵਾਹੀ ਭਰਦੀ ਹੈ। ਕੁਝ ਕੁ ਦਹਾਕੇ ਪਹਿਲਾਂ ਵਿਰਲਾ ਹੀ ਵਿਦੇਸ਼ ਜਾਂਦਾ ਸੀ ਅਤੇ ਉਸ ਵੇਲੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਮੰਤਵ ਸਿਰਫ ਤੇ ਸਿਰਫ਼ ਪੈਸਾ ਕਮਾਉਣਾ ਸੀ। ਜ਼ਿਆਦਾਤਰ ਲੋਕ ਪੈਸਾ ਕਮਾ ਕੇ ਕੁਝ ਕੁ ਸਾਲਾਂ ਬਾਅਦ ਵਾਪਸ ਆਪਣੇ ਦੇਸ਼ ਪਰਤ ਆਉਂਦੇ ਸਨ ਪਰ ਅੱਜ ਸਥਿਤੀ ਇਹ ਹੋ ਚੁੱਕੀ ਹੈ ਕਿ ਹਰ ਇਕ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਉਸ ਦਾ ਇਕੋ-ਇਕ ਮਕਸਦ ਕਿਸੇ ਵੀ ਹੀਲੇ ਉਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨਾ ਹੈ। ਇਸ ਕੰਮ ਲਈ ਮਾਪੇ ਵੀ ਆਪਣੇ ਬੱਚਿਆਂ ਦਾ ਸਾਥ ਦਿੰਦੇ ਹਨ ਅਤੇ ਇਸ ਲਈ ਉਹ ਲੱਖਾਂ ਰੁਪਏ ਖਰਚ ਕਰਕੇ, ਜ਼ਮੀਨਾਂ ਗਹਿਣੇ ਧਰ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਤਤਪਰ ਹਨ, ਕਿਉਂਕਿ ਪੜ੍ਹ-ਲਿਖ ਕੇ ਇੱਥੇ ਨੌਜਵਾਨ ਬੇਰੁਜ਼ਗਾਰ ਘੁੰਮਦੇ-ਫਿਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਕਾਬਲੀਅਤ ਅਨੁਸਾਰ ਨੌਕਰੀ ਨਹੀਂ ਮਿਲ ਰਹੀ। ਮਾਪੇ ਕਿਤੇ ਨਾ ਕਿਤੇ ਇਹ ਵੀ ਸੋਚਦੇ ਹਨ ਕਿ ਕੁਝ ਕੁ ਸਾਲਾਂ ਬਾਅਦ ਅਸੀਂ ਵੀ ਪੂਰੇ ਪਰਿਵਾਰ ਸਮੇਤ ਪੱਕੇ ਤੌਰ 'ਤੇ ਵਿਦੇਸ਼ ਵਿਚ ਵੱਸ ਜਾਵਾਂਗੇ। ਵਿਦੇਸ਼ ਵਸਣ ਲਈ ਦੇਸ਼ ਵਾਸੀ ਖਾਸ ਕਰਕੇ ਪੰਜਾਬੀ ਵੱਡੇ ਤੋਂ ਵੱਡਾ ਜੋਖ਼ਮ ਮੁੱਲ ਲੈਣ ਨੂੰ ਤਿਆਰ ਹਨ। ਵਿਦੇਸ਼ ਜਾਣ ਦੀ ਲਾਲਸਾ ਵਿਚ ਵਿਦਿਆਰਥੀ ਵੀਜ਼ਾ ਲੈਣਾ, ਵਰਕ ਪਰਮਿਟ ਲੈਣਾ, ਪੈਸੇ ਲੈ-ਦੇ ਕੇ ਕੱਚਾ ਜਾਂ ਪੱਕਾ ਵਿਆਹ ਕਰਵਾਉਣਾ, ਏਜੰਟਾਂ ਨਾਲ ਗੰਢਤੁਪ ਕਰਨਾ, ਜੰਗਲਾਂ ਅਤੇ ਸਮੁੰਦਰਾਂ ਰਾਹੀਂ ਜਾਣਾ ਆਦਿ ਗੱਲਾਂ ਸ਼ਾਮਿਲ ਹਨ। ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਕਰਕੇ ਕਈ ਵਾਰ ਪਨਾਮਾ ਅਤੇ ਮਾਲਟਾ ਵਰਗੇ ਦੁਖਦਾਈ ਕਾਂਡ ਵਾਪਰ ਜਾਂਦੇ ਹਨ ਅਤੇ ਨੌਜਵਾਨਾਂ ਨੂੰ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋਣਾ ਪੈ ਜਾਂਦਾ ਹੈ। ਕਈ ਨੌਜਵਾਨ ਅੱਜ ਵੀ ਵਿਦੇਸ਼ਾਂ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਹਨ। ਵਿਦੇਸ਼ ਜਾਣ ਵਿਚ ਕੋਈ ਬੁਰਾਈ ਨਹੀਂ ਹੈ ਪਰ ਵਿਦੇਸ਼ ਜਾਣ ਲਈ ਸਿਰਫ ਕਾਨੂੰਨੀ ਢੰਗ ਹੀ ਅਪਣਾਇਆ ਜਾਣਾ ਚਾਹੀਦਾ ਹੈ। ਇਹ ਇਕ ਸੱਚਾਈ ਹੈ ਕਿ ਹਰ ਇਕ ਇਨਸਾਨ ਨੂੰ ਆਪਣੀ ਜ਼ਿੰਦਗੀ ਆਜ਼ਾਦੀ ਅਤੇ ਸਨਮਾਨ ਨਾਲ ਜਿਊਣ ਦਾ ਹੱਕ ਪ੍ਰਾਪਤ ਹੈ ਅਤੇ ਕੋਈ ਵੀ ਇਨਸਾਨ ਆਪਣੇ ਮਾਪਿਆਂ ਅਤੇ ਦੇਸ਼ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦਾ ਪਰ ਜਦ ਪੜ੍ਹ-ਲਿਖ ਕੇ, ਡਿਗਰੀਆਂ ਕਰ ਕੇ ਵੀ ਰੁਜ਼ਗਾਰ ਨਾ ਮਿਲੇ ਤਾਂ ਇਨਸਾਨ ਫਿਰ ਕੀ ਕਰੇ? ਰੋਜ਼ਾਨਾ ਹੀ ਹਜ਼ਾਰਾਂ ਨੌਜਵਾਨ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ ਪਰ ਸਰਕਾਰ ਵਲੋਂ ਇਸ ਗੱਲ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਡੇ ਨੌਜਵਾਨ ਹੀ ਉਨ੍ਹਾਂ ਦੇਸ਼ਾਂ ਦੀ ਤਰੱਕੀ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਬਿਨਾਂ ਸ਼ੱਕ ਸਾਡੇ ਦੇਸ਼ ਨੂੰ ਵੀ ਆਸਮਾਨ ਦੀਆਂ ਬੁਲੰਦੀਆਂ ਤੱਕ ਲੈ ਕੇ ਜਾ ਸਕਦੇ ਹਨ, ਲੋੜ ਸਿਰਫ ਮੌਕਾ ਮਿਲਣ ਦੀ ਹੈ। ਸਰਕਾਰ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਸਾਧਨ ਪ੍ਰਦਾਨ ਕਰਨੇ ਚਾਹੀਦੇ ਹਨ, ਤਾਂ ਜੋ ਨੌਜਵਾਨ ਇੱਥੇ ਰਹਿ ਕੇ ਵੀ ਆਪਣੇ ਦੇਸ਼ ਦੀ ਸੇਵਾ ਕਰ ਸਕਣ।

-ਮਲੌਦ (ਲੁਧਿਆਣਾ)। ਮੋਬਾ: 98554-83000

ਦੇਸ਼ 'ਚ ਭੁੱਖਮਰੀ ਦਾ ਕੋਈ ਠੋਸ ਹੱਲ ਲੱਭੇ ਸਰਕਾਰ

ਭੋਜਨ ਦਾ ਅਧਿਕਾਰ ਮਨੁੱਖ ਦਾ ਬੁਨਿਆਦੀ ਅਧਿਕਾਰ ਹੈ। ਪਰ ਅੱਜ ਵੀ ਦੁਨੀਆ ਭਰ 'ਚ ਕਰੋੜਾਂ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਭਾਰਤ ਵੀ ਭੁੱਖਮਰੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਹ ਸਹੀ ਹੈ ਕਿ ਭੁੱਖਮਰੀ ਇਕ ਵਿਸ਼ਵ ਪੱਧਰੀ ਸਮੱਸਿਆ ਹੈ, ਪਰ ਸਾਨੂੰ ਇਹ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਬਹੁਤ ਸਾਰੇ ਦੇਸ਼ਾਂ ਨੇ ਮਜ਼ਬੂਤ ਅਤੇ ਸੁਲਝੀਆਂ ਨੀਤੀਆਂ ਬਣਾ ਕੇ ਭੁੱਖਮਰੀ ਦੀ ਸਮੱਸਿਆ ਤੋਂ ਛੁਟਕਾਰਾ ਵੀ ਪਾਇਆ ਹੈ। ਇਸ ਤੋਂ ਉਲਟ ਭਾਰਤ 'ਚ ਭੁੱਖਮਰੀ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਕਿਸੇ ਵੀ ਤਰ੍ਹਾਂ ਦੀਆਂ ਹਾਂਪੱਖੀ ਕੋਸ਼ਿਸ਼ਾਂ ਨਹੀਂ ਹੋਈਆਂ ਹਨ। ਇਹੀ ਕਾਰਨ ਹੈ ਕਿ 119 ਦੇਸ਼ਾਂ ਦੇ ਭੁੱਖਮਰੀ ਸੂਚੀ 'ਚ 2018 ਵਿਚ ਭਾਰਤ 103ਵੀਂ ਥਾਂ 'ਤੇ ਹੈ। ਇਸ ਸੂਚੀ 'ਚ ਭਾਰਤ ਸੰਨ 2017 'ਚ 100ਵੇਂ, 2016 'ਚ 97ਵੇਂ ਅਤੇ 2015 'ਚ 80ਵੇਂ ਨੰਬਰ 'ਤੇ ਸੀ। ਜਦਕਿ 2014 'ਚ ਭਾਰਤ 55ਵੇਂ ਨੰਬਰ 'ਤੇ ਸੀ। ਭਾਰਤ ਦੀ ਚਿੰਤਾ ਇਸ ਲਈ ਹੋਰ ਵੀ ਵਧ ਜਾਂਦੀ ਹੈ ਕਿ ਉਹ ਇਸ ਸੂਚਕਾਂਕ 'ਚ ਆਪਣੇ ਗੁਆਂਢੀ ਮੁਲਕਾਂ ਚੀਨ 25ਵੇਂ, ਬੰਗਲਾਦੇਸ਼ 66ਵੇਂ, ਨਿਪਾਲ 72ਵੇਂ ਅਤੇ ਸ਼੍ਰੀਲੰਕਾ 67ਵੇਂ ਤੋਂ ਵੀ ਪਿੱਛੇ ਹੈ। ਵਿਸ਼ਵ ਦੀ ਅਬਾਦੀ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ। ਅਜਿਹੇ 'ਚ ਸਾਰੀ ਆਬਾਦੀ ਲਈ ਭੋਜਨ ਦੀ ਪਹੁੰਚ ਅਤੇ ਸੁਰੱਖਿਆ ਯਕੀਨੀ ਕਰਨਾ ਇਕ ਵੱਡਾ ਸਵਾਲ ਹੈ। ਦੁਨੀਆ ਵਿਚ ਇਕ ਪਾਸੇ ਤਾਂ ਅਜਿਹੇ ਲੋਕ ਹਨ, ਜਿਨ੍ਹਾਂ ਦੇ ਘਰਾਂ ਵਿਚ ਬਹੁਤ ਲਜ਼ੀਜ਼ ਭੋਜਨ ਬਣਦਾ ਅਤੇ ਬਰਬਾਦ ਹੁੰਦਾ ਹੈ ਅਤੇ ਸੁੱਟ ਵੀ ਦਿੱਤਾ ਜਾਂਦਾ ਹੈ। ਉਥੇ ਦੂਜੇ ਪਾਸੇ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਹੈ, ਜਿਨ੍ਹਾਂ ਨੂੰ ਇਕ ਵੇਲੇ ਦਾ ਭੋਜਨ ਵੀ ਨਸੀਬ ਨਹੀਂ ਹੁੰਦਾ। ਭੋਜਨ ਦੀ ਬਰਬਾਦੀ ਦੇ ਮਾਮਲੇ 'ਚ ਭਾਰਤ ਵੀ ਪਿੱਛੇ ਨਹੀਂ ਹੈ। ਸੰਯੁਕਤ ਰਾਸ਼ਟਰ ਦੇ ਦੁਨੀਆ ਭਰ 'ਚ ਭੁੱਖ ਨਾਲ ਮਰਨ ਵਾਲੇ ਲੋਕਾਂ ਨਾਲ ਜੁੜੇ ਅੰਕੜੇ ਦੱਸਦੇ ਹਨ ਕਿ ਸਾਡੇ ਦੇਸ਼ 'ਚ ਹਰ ਸਾਲ 21 ਮਿਲੀਅਨ ਟਨ ਕਣਕ ਬਰਬਾਦ ਹੋ ਜਾਂਦੀ ਹੈ। ਦੇਸ਼ ਵਿਚ ਜਿੰਨੀ ਆਬਾਦੀ ਹੈ, ਉਸ ਤੋਂ ਦੁੱਗਣਾ ਭੋਜਨ ਬਣਦਾ ਹੈ। ਇਸ ਵਿਚੋਂ ਬਹੁਤ ਸਾਰਾ ਭੋਜਨ ਬਰਬਾਦ ਹੋ ਜਾਂਦਾ ਹੈ। ਅੰਦਾਜ਼ਾ ਹੈ ਕਿ ਇਕ ਸਾਲ 'ਚ 50 ਹਜ਼ਾਰ ਕਰੋੜ ਰੁਪਏ ਦਾ ਭੋਜਨ ਗਟਰਾਂ 'ਚ ਸੁੱਟ ਦਿੱਤਾ ਜਾਂਦਾ ਹੈ। ਭੋਜਨ ਦੀ ਬਰਬਾਦੀ ਨਾਲ ਹੋਣ ਵਾਲੀ ਸਮੱਸਿਆ ਵਿਸ਼ਵ ਪੱਧਰ ਦੀ ਹੈ ਅਤੇ ਇਸ ਸਮੱਸਿਆ ਨਾਲ ਵਿਸ਼ਵ ਦੀ ਅਰਥ-ਵਿਵਸਥਾ ਨੂੰ ਲਗਪਗ 750 ਅਰਬ ਡਾਲਰ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਵਿਸ਼ਵ ਖਾਧ ਉਤਪਾਦਨ 'ਤੇ ਆਈ ਇਕ ਰਿਪੋਰਟ ਦੇ ਮੁਤਾਬਕ ਭਾਰਤ 'ਚ ਮਜ਼ਬੂਤ ਆਰਥਿਕ ਰਫ਼ਤਾਰ ਦੇ ਬਾਵਜੂਦ ਭੁੱਖਮਰੀ ਦੀ ਸਮੱਸਿਆ ਨਾਲ ਨਜਿੱਠਣ ਦੀ ਰਫ਼ਤਾਰ ਬਹੁਤ ਹੌਲੀ ਹੈ। ਜੇਕਰ ਇਨ੍ਹਾਂ ਹਾਲਤਾਂ 'ਚ ਸਰਕਾਰ ਨੇ 2030 ਤੱਕ ਭਾਰਤ ਨੂੰ ਭੁੱਖ ਮੁਕਤ ਕਰਨ ਦਾ ਸੁਪਨਾ ਸੱਚ ਕਰਨਾ ਹੈ ਤਾਂ ਲੰਬੀ ਮਿਆਦ ਦੀਆਂ ਯੋਜਨਾਵਾਂ ਨੂੰ ਹੋਰ ਵੀ ਸਖ਼ਤੀ ਨਾਲ ਲਾਗੂ ਕਰਨ ਪਵੇਗਾ। ਗਰੀਬਾਂ ਦੀ ਸਬਸਿਡੀ ਨੂੰ ਬਰਕਰਾਰ ਰੱਖਦੇ ਹੋਏ ਕਿਸਾਨਾਂ ਦੇ ਲਈ ਸਸਤੇ ਅਤੇ ਟਿਕਾਊ ਸੰਸਾਧਨ ਵਿਕਸਿਤ ਕਰਨੇ ਹੋਣਗੇ। ਨਾਲ ਹੀ ਸਰਕਾਰ ਨੂੰ ਅੰਨ ਦੀ ਬਰਬਾਦੀ ਨੂੰ ਅਪਰਾਧ ਐਲਾਨ ਕੇ ਜੁਰਮਾਨਾ ਲਾਉਣਾ ਸ਼ੁਰੂ ਕਰਨਾ ਹੋਵੇਗਾ ਅਤੇ ਅੰਨ ਵਿਤਰਣ ਪ੍ਰਣਾਲੀ ਅਤੇ ਪ੍ਰਬੰਧਨ ਬਾਰੇ ਵੀ ਸਾਵਧਾਨੀ ਵਰਤਣੀ ਹੋਵੇਗੀ। ਸਮੇਂ ਦੀ ਮੰਗ ਹੈ ਕਿ ਭੁੱਖਮਰੀ ਮਿਟਾਉਣ ਦੇ ਲਈ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੀਆਂ ਤਕਨੀਕਾਂ ਵਿਕਸਿਤ ਕਰਨ ਦੇ ਲਈ ਵੀ ਯਤਨ ਕੀਤੇ ਜਾਣ।

-ਮੇਨ ਏਅਰਫੋਰਸ ਰੋਡ, ਬਠਿੰਡਾ।

ਪੰਜਾਬੀ ਸ਼ਬਦਾਵਲੀ ਦਾ ਸੰਕਟ

ਪਹੁ ਫੁਟਾਲਾ, ਲੌਢਾ ਵੇਲਾ, ਟਿਕੀ ਦੁਪਹਿਰ, ਲੋਏ-ਲੋਏ, ਤਿਰਕਾਲਾਂ, ਦੀਵਾ ਵੱਟੀ, ਸਰਘੀ ਵੇਲਾ, ਪਹਿਰ, ਛਿਨ, ਨਿਮਖ, ਹਰ ਹਟ ਕੀ ਮਾਲਾ, ਸਾਜਰਾ। ਇਹ ਕੁਝ ਕੁ ਸ਼ਬਦ ਜੋ ਤੁਸੀਂ ਹੁਣੇ ਹੀ ਪੜ੍ਹੇ ਹਨ, ਕੀ ਤੁਸੀਂ ਇਨ੍ਹਾਂ ਦੇ ਅਰਥਾਂ ਤੋਂ ਵੀ ਜਾਣੂ ਹੋ? ਜੇ ਤੁਸੀਂ ਮੇਰੇ ਵਾਂਗ ਕਿਸ਼ੋਰ ਅਵਸਥਾ ਦੇ ਮਾਲਕ ਹੋ ਤਾਂ ਬਹੁਤ ਸੰਭਾਵਨਾ ਹੈ ਕਿ ਤੁਸੀਂ ਕੁਝ ਕੁ ਸ਼ਬਦਾਂ ਨੂੰ ਹੀ ਪਛਾਨਣ ਦੀ ਸਮਰੱਥਾ ਰੱਖਦੇ ਹੋਵੋਗੇ। ਜੀ ਹਾਂ, ਸ਼ਬਦ ਤਾਂ ਇਹ ਸਾਰੇ ਪੰਜਾਬੀ ਦੇ ਹੀ ਹਨ ਪਰ ਇਹ ਉਹ ਪੰਜਾਬੀ ਹੈ, ਜੋ ਬਦਲਦੀ ਪੀੜ੍ਹੀ ਦੇ ਨਾਲ ਆਪਣਾ ਵਜੂਦ ਗੁਆ ਰਹੀ ਹੈ। ਉਦਾਹਰਨ ਸਾਹਮਣੇ ਹੀ ਹੈ। ਦੇਸੀ ਮਹੀਨਿਆਂ ਦੇ ਨਾਂਅ ਤਾਂ ਬੜੀ ਦੂਰ ਦੀ ਗੱਲ ਹੈ, ਅੱਜ ਸਾਡੇ ਛੋਟੇ ਭੈਣ-ਭਰਾ ਪੰਜਾਬੀ ਗਿਣਤੀ ਵਿਚ ਹੀ ਅੜ ਜਾਂਦੇ ਹਨ। ਅਸੀਂ ਆਪਣੇ ਅੰਦਰ ਹੀ ਝਾਤੀ ਮਾਰ ਕੇ ਵੇਖੀਏ, ਸਾਨੂੰ ਕਿੰਨਿਆਂ ਨੂੰ ਪੈਂਤੀ ਆਉਂਦੀ ਹੈ? ਪੰਜਾਬੀ ਭਾਸ਼ਾ ਦੀ ਘਟਦੀ ਸ਼ਬਦਾਵਲੀ ਦੇ ਕਈ ਕਰਨ ਹਨ ਅਤੇ ਇਨ੍ਹਾਂ ਵਿਚੋਂ ਮੁੱਖ ਹੈ ਸਮਾਜ ਦਾ ਪੰਜਾਬੀ ਭਾਸ਼ਾ ਪ੍ਰਤੀ ਰੁੱਖਾ ਵਤੀਰਾ। ਅੱਜ ਕਈ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ ਅਤੇ ਪੰਜਾਬੀ ਬੋਲਣ ਤੋਂ ਵਰਜਿਆ ਜਾਂਦਾ ਹੈ। ਸਕੂਲਾਂ ਦਾ ਅਜਿਹਾ ਮਾਹੌਲ ਦੇਖ ਕੇ ਮਾਂ-ਬਾਪ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਘਰ ਵਿਚ ਵੀ ਇਸ ਨਿਯਮ ਨੂੰ ਲਾਗੂ ਕਰਨਾ ਲਾਹੇਵੰਦ ਸਮਝਦੇ ਹਨ। ਸਕੂਲ ਅਤੇ ਸਮਾਜ ਵਿਚ ਅੰਗਰੇਜ਼ੀ ਪ੍ਰਤੀ ਇੰਨਾ ਉਤਸ਼ਾਹ ਦੇਖ ਕੇ ਬੱਚੇ ਪੰਜਾਬੀ ਨੂੰ ਅਣ-ਲੋੜੀਂਦੀ ਭਾਸ਼ਾ ਸਮਝਣ ਲੱਗ ਜਾਂਦੇ ਹਨ। ਸਿੱਟੇ ਵਜੋਂ ਬੱਚੇ ਵੀ ਆਪਸੀ ਗੱਲਬਾਤ ਸਮੇਂ ਅੰਗਰੇਜ਼ੀ ਨੂੰ ਹੀ ਤਰਜੀਹ ਦਿੰਦੇ ਹਨ। ਵੱਡੀ ਦਿੱਕਤ ਉਦੋਂ ਉਪਜਦੀ ਹੈ ਜਦੋਂ ਅੰਗਰੇਜ਼ੀ ਭਾਸ਼ਾ ਵਾਰਤਾਲਾਪ ਦੇ ਨਾਲ-ਨਾਲ ਉੱਚ-ਮਿਆਰੀ ਲਈ ਵਰਤੀ ਜਾਣ ਲੱਗ ਪੈਂਦੀ ਹੈ ਅਤੇ ਫਿਰ ਬੱਚੇ ਪੰਜਾਬੀ ਬੋਲਣਾ ਆਪਣੀ ਹੇਠੀ ਸਮਝਣ ਲੱਗ ਪੈਂਦੇ ਹਨ। ਉਹ ਪੰਜਾਬੀ ਬੋਲਣ ਵਾਲਿਆਂ ਨੂੰ ਵੀ ਆਪਣੇ ਤੋਂ ਛੋਟਾ ਸਮਝਣ ਲੱਗ ਪੈਂਦੇ ਹਨ। ਦੂਸਰਾ ਮੁੱਖ ਕਰਨ ਹੈ ਪੰਜਾਬੀਆਂ ਦਾ ਪੰਜਾਬੀ ਸਾਹਿਤ ਪ੍ਰਤੀ ਘਟਦਾ ਰੁਝਾਨ। ਕਿਸੇ ਭਾਸ਼ਾ ਦੀ ਅਮੀਰੀ ਦਾ ਅੰਦਾਜ਼ਾ ਉਸ ਦੇ ਸਾਹਿਤ ਤੋਂ ਹੀ ਨਹੀਂ, ਬਲਕਿ ਉਸ ਸਾਹਿਤ ਨੂੰ ਪੜ੍ਹਨ ਵਾਲੇ ਲੋਕਾਂ ਤੋਂ ਵੀ ਹੁੰਦਾ ਹੈ। ਪੰਜਾਬੀ ਸ਼ਬਦਾਵਲੀ ਦੀ ਡੁੱਬਦੀ ਬੇੜੀ ਨੂੰ ਬਚਾਉਣਾ ਔਖਾ ਤਾਂ ਹੈ ਪਰ ਅਸੰਭਵ ਨਹੀਂ। ਪੰਜਾਬੀ ਭਾਸ਼ਾ ਦੇ ਵਜੂਦ ਨੂੰ ਜ਼ਿੰਦਾ ਰੱਖਣ ਲਈ ਕਈ ਕਦਮ ਚੁੱਕਣੇ ਕਾਰਗਰ ਸਾਬਤ ਹੋ ਸਕਦੇ ਹਨ। ਇਨ੍ਹਾਂ ਵਿਚੋਂ ਇਕ ਨਵੀਂ ਪਨੀਰੀ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਨਾ ਹੈ। ਇਸ ਨਾਲ ਸਮਾਜ ਵਿਚ ਜਾਗਰੂਕਤਾ ਫੈਲੇਗੀ ਅਤੇ ਬੱਚਿਆਂ ਨੂੰ ਪੰਜਾਬੀ ਸਾਹਿਤ ਅਤੇ ਇਤਿਹਾਸ ਦੀ ਵੰਨ-ਸੁਵੰਨਤਾ ਅਤੇ ਅਮੀਰੀ ਨੂੰ ਅਨੁਭਵ ਕਰਨ ਦਾ ਮੌਕਾ ਮਿਲੇਗਾ। ਇਕ ਕਦਮ ਘਰ ਵਿਚ ਮਾਂ-ਬਾਪ ਵਲੋਂ ਵੀ ਚੁੱਕਿਆ ਜਾਣਾ ਚਾਹੀਦਾ ਹੈ ਕਿ ਘਰ ਵਿਚ ਕੇਵਲ ਪੰਜਾਬੀ ਵਿਚ ਹੀ ਗੱਲ ਕੀਤੀ ਜਾਵੇ। ਹੋਰ ਕਈ ਕਦਮ ਨਿੱਜੀ ਤੌਰ 'ਤੇ ਚੁੱਕੇ ਜਾ ਸਕਦੇ ਹਨ, ਜੋ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ।

-ਲੁਧਿਆਣਾ। ਮੋਬਾ: 95920-25700

ਖਾਧ ਪਦਾਰਥਾਂ ਵਿਚ ਹੋ ਰਹੀ ਮਿਲਾਵਟ ਪ੍ਰਤੀ ਸਖ਼ਤੀ ਦੀ ਲੋੜ

 ਨਵੇਂ ਦੇਸ਼ 'ਚ ਨਵੀਂ ਚੀਜ਼ ਬਾਜ਼ਾਰ ਵਿਚ ਵਿਕਣ ਲਈ ਤਾਂ ਪਿੱਛੋਂ ਆਉਂਦੀ ਹੈ ਪਰ ਉਸ ਨਾਲ ਮਿਲਦੀ-ਜੁਲਦੀ ਨਕਲੀ ਵਸਤੂ ਪਹਿਲਾਂ ਬਾਜ਼ਾਰ ਵਿਚ ਆ ਜਾਂਦੀ ਹੈ। ਇਨ੍ਹਾਂ ਨਕਲੀ ਵਸਤੂਆਂ ਨੂੰ ਖਰੀਦਣ ਸਮੇਂ ਭਾਵੇਂ ਸਾਡੇ ਕੁਝ ਪੈਸੇ ਘੱਟ ਜ਼ਰੂਰ ਖਰਚ ਹੁੰਦੇ ਹਨ ਪਰ ਇਨ੍ਹਾਂ ਨਕਲੀ ਚੀਜ਼ਾਂ ਦੇ ਛੇਤੀ ਖਰਾਬ ਹੋ ਜਾਣ ਕਾਰਨ ਕਈ ਵਾਰ ਸਾਡਾ ਖਰਚਾ ਦੁੱਗਣਾ-ਤਿੱਗਣਾ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਨਕਲੀ ਵਸਤੂਆਂ ਉੱਪਰ ਖਰਚ ਹੋਏ ਪੈਸੇ ਦੀ ਪੂਰਤੀ ਤਾਂ ਭਾਵੇਂ ਕਿਸੇ ਨਾ ਕਿਸੇ ਰੂਪ ਵਿਚ ਕੀਤੀ ਜਾ ਸਕਦੀ ਹੈ ਪਰ ਅੱਜ ਥਾਂ-ਥਾਂ ਵਿਕਦੇ ਨਕਲੀ ਖਾਧ ਪਦਾਰਥ ਖਾ ਕੇ ਜੋ ਸਾਡੀ ਸਿਹਤ ਦਾ ਨੁਕਸਾਨ ਹੋ ਰਿਹਾ ਹੈ, ਉਸ ਦੀ ਪੂਰਤੀ ਹੋਣੀ ਅਸੰਭਵ ਗੱਲ ਜਾਪਦੀ ਹੈ। ਅੱਜ ਅਸੀਂ ਦੇਖ ਹੀ ਰਹੇ ਹਾਂ ਕਿ ਕਿਸੇ ਵੇਲੇ ਕਿਸਾਨਾਂ ਵਲੋਂ ਸਹਾਇਕ ਧੰਦੇ ਦੇ ਰੂਪ ਵਿਚ ਸ਼ੁਰੂ ਕੀਤਾ ਡੇਅਰੀ ਫਾਰਮ ਦਾ ਧੰਦਾ ਬੁਰੀ ਤਰ੍ਹਾਂ ਫੇਲ੍ਹ ਹੁੰਦਾ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਜੇਕਰ ਅਸੀਂ ਇਸ ਧੰਦੇ ਤੋਂ ਹੋਣ ਵਾਲੀ ਆਮਦਨ ਅਤੇ ਖਰਚੇ ਦੀ ਤੁਲਨਾ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਜਿਥੇ ਅੱਜ ਦੁੱਧ ਦੀਆਂ ਕੀਮਤਾਂ ਵਿਚ ਨਾਮਾਤਰ ਵਾਧਾ ਹੋ ਰਿਹਾ ਹੈ, ਉਥੇ ਪਸ਼ੂਆਂ ਉੱਪਰ ਹੋਣ ਵਾਲੇ ਖਰਚੇ ਜਿਵੇਂ ਪਸ਼ੂਆਂ ਦੀ ਖੁਰਾਕ, ਦਵਾਈ ਬੂਟੀ ਅਤੇ ਮਿਹਨਤ ਆਦਿ ਦੇ ਖਰਚੇ ਆਸਮਾਨ ਨੂੰ ਛੂੰਹਦੇ ਨਜ਼ਰ ਆ ਰਹੇ ਹਨ। ਇਸੇ ਕਰਕੇ ਅੱਜ ਹਰ ਕਿਸਾਨ ਦੇ ਘਰ ਵਿਚ ਪਸ਼ੂਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਪਰ ਹੁਣ ਜੇਕਰ ਦੂਜੇ ਪਾਸੇ ਨਿਗ੍ਹਾ ਮਾਰੀਏ ਤਾਂ ਪੰਜਾਬ ਵਿਚ ਪਸ਼ੂਆਂ ਦੀ ਘਟ ਰਹੀ ਗਿਣਤੀ ਦੇ ਬਾਵਜੂਦ ਬਾਜ਼ਾਰਾਂ ਵਿਚ ਜ਼ਿਆਦਾ ਮਾਤਰਾ ਵਿਚ ਵਿਕਦਾ ਦੁੱਧ ਕਿਤੇ ਨਾ ਕਿਤੇ ਨਕਲੀ ਦੁੱਧ ਦੀ ਵਿਕਰੀ ਵੱਲ ਵੀ ਇਸ਼ਾਰਾ ਕਰਦਾ ਨਜ਼ਰ ਆ ਰਿਹਾ ਹੈ। ਹਰ ਸਾਲ ਭਾਵੇਂ ਇਨ੍ਹਾਂ ਦਿਨਾਂ ਵਿਚ ਸਿਹਤ ਵਿਭਾਗ ਵਲੋਂ ਛਾਪੇਮਾਰੀ ਕਰ ਕੇ ਕਈ ਥਾਵਾਂ ਤੋਂ ਨਕਲੀ ਖੋਆ, ਨਕਲੀ ਪਨੀਰ ਅਤੇ ਨਕਲੀ ਦੁੱਧ ਫੜ ਕੇ ਲੋਕਾਂ ਦੀਆਂ ਅੱਖਾਂ ਠੰਢੀਆਂ ਜ਼ਰੂਰ ਕੀਤੀਆਂ ਜਾਂਦੀਆਂ ਹਨ ਪਰ ਇਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਣ ਕਾਰਨ ਇਹ ਮਿਲਾਵਟਖੋਰ ਲੋਕ ਖਾਧ ਪਦਾਰਥਾਂ ਵਿਚ ਮਿਲਾਵਟ ਕਰਨ ਤੋਂ ਬਾਜ ਨਹੀਂ ਆ ਰਹੇ ਹਨ। ਸੋ, ਸਰਕਾਰ ਨੂੰ ਆਪਣੇ ਨਾਗਰਿਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਜਿਥੇ ਮਿਲਾਵਟਖੋਰਾਂ ਖ਼ਿਲਾਫ਼ ਸਾਰਾ ਸਾਲ ਛਾਪੇਮਾਰੀ ਜਾਰੀ ਰੱਖਣੀ ਚਾਹੀਦੀ ਹੈ, ਉਥੇ ਅਜਿਹੇ ਮਿਲਾਵਟ ਕਰਨ ਵਾਲੇ ਲੋਕਾਂ ਪ੍ਰਤੀ ਭਾਰੀ ਜੁਰਮਾਨੇ ਦੇ ਨਾਲ-ਨਾਲ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਵਿਵਸਥਾ ਵੀ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਇਹ ਲੋਕ ਅਜਿਹਾ ਘਿਨਾਉਣਾ ਕਾਰਨਾਮਾ ਕਰਨ ਲੱਗੇ ਇਕ ਵਾਰ ਨਹੀਂ, ਸਗੋਂ ਸੌ ਵਾਰ ਜ਼ਰੂਰ ਸੋਚਣ।

-ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ: 94654-11585

ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਹੀ ਹੈ ਅਜੋਕੀ ਅਸ਼ਲੀਲ ਪੰਜਾਬੀ ਗਾਇਕੀ

ਲੱਚਰ ਗਾਇਕੀ ਨੇ ਪੰਜਾਬੀ ਲੋਕ ਸੰਗੀਤ ਦੀ ਜੱਖਣਾ ਪੱਟ ਦਿੱਤੀ ਹੈ, ਦਿਨੋਂ-ਦਿਨ ਅਸ਼ਲੀਲਤਾ ਦਾ ਵਾਧਾ ਇਸ ਨੂੰ ਢਾਅ ਲਾ ਰਿਹਾ ਹੈ। ਅੱਜ ਦੀ ਅਸ਼ਲੀਲ ਪੰਜਾਬੀ ਗਾਇਕੀ ਲੋਕਾ ਨੂੰ ਨਸ਼ੇੜੀ ਅਤੇ ਹਿੰਸਕ ਬਣਾ ਰਹੀ ਹੈ। ਲੱਚਰ ਗੀਤ ਲਿਖਣ ਵਾਲੇ ਗੀਤਕਾਰ, ਉਨ੍ਹਾਂ ਨੂੰ ਗਾਉਣ ਵਾਲੇ ਗਾਇਕ, ਲੱਚਰਪੁਣੇ ਦੀ ਪੁੱਠ ਦੇ ਕੇ ਫ਼ਿਲਮਾਂਕਣ ਕਰਕੇ ਵੀਡੀਓ ਤਿਆਰ ਕਰਨ ਵਾਲੀਆਂ ਕੰਪਨੀਆਂ ਪੰਜਾਬੀ ਲੋਕ ਸੰਗੀਤ ਅਤੇ ਸੱਭਿਆਚਾਰ ਦੀ ਹੁੰਦੀ ਪੱਟੀ ਮੇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਅੱਜ ਵੱਖ-ਵੱਖ ਟੀ.ਵੀ. ਚੈਨਲਾਂ 'ਤੇ ਪੇਸ਼ ਕੀਤੇ ਜਾਂਦੇ ਮੁੱਲ ਦੇ ਪ੍ਰੋਗਰਾਮਾਂ ਵਿਚ ਕੱਚਘਰੜ ਗਾਇਕ/ਗਾਇਕਾਵਾਂ ਵਲੋਂ ਅੱਤ ਦਰਜੇ ਦੇ ਅਸ਼ਲੀਲ ਗੀਤ ਪੇਸ਼ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਗੀਤਕਾਰ ਅਸ਼ਲੀਲ ਤੇ ਗ਼ੈਰ-ਸੱਭਿਅਕ ਗੀਤ ਲਿਖ ਕੇ ਅਤੇ ਗਾਇਕ ਗਾ ਕੇ ਸਾਡੇ ਮਹਾਨ ਸੱਭਿਆਚਾਰ ਨੂੰ ਖੋਰਾ ਲਾ ਰਹੇ ਹਨ। ਕੋਈ ਸਮਾਂ ਸੀ ਜਦੋਂ ਗੀਤਕਾਰ ਤੇ ਗਾਇਕ ਮਨੁੱਖੀ ਕਦਰਾਂ-ਕੀਮਤਾਂ, ਰਿਸ਼ਤਿਆਂ ਦੀ ਪਵਿੱਤਰਤਾ, ਨੈਤਿਕਤਾ, ਸੱਭਿਆ ਪਹਿਰਾਵਾ, ਦੇਸ਼ ਪ੍ਰੇਮ, ਮਿੱਠੀ ਬੋਲੀ ਤੇ ਲੋਕ ਸਾਜ਼ਾਂ ਆਦਿ ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਅੰਸ਼ਾਂ ਨੂੰ ਮੱਦੇਨਜ਼ਰ ਰੱਖ ਕੇ ਲਿਖਿਆ ਤੇ ਗਾਇਆ ਕਰਦੇ ਸਨ। ਅਜੋਕੇ ਬਿਜਲਈ ਸਾਜ਼ ਸਾਡੇ ਲੋਕ ਸਾਜ਼ਾਂ ਦੀ ਅਹਿਮੀਅਤ ਘਟਾ ਰਹੇ ਹਨ। ਸਾਡੇ ਲੋਕ ਸੰਗੀਤ ਸੁਹਜ-ਸੁਆਦ ਖਰਾਬ ਕਰ ਰਹੇ ਹਨ। ਅੱਜ 'ਪੌਪ ਬੀਟ' ਵਾਲੀ ਗਾਇਕੀ ਸੁਣਨ ਦੀ ਨਹੀਂ, ਸਗੋਂ ਦੇਖਣ ਵਾਲੀ ਵਸਤੂ ਬਣ ਗਈ ਹੈ। ਪਹਿਲੇ ਸਮਿਆਂ ਵਿਚ ਸਾਡੇ ਗਾਇਕ ਸਾਡੇ ਸ਼ਾਨਦਾਰ ਵਿਰਸੇ ਨੂੰ ਸਟੇਜ 'ਤੇ ਬੈਠ ਕੇ ਗਾਇਆ ਕਰਦੇ ਸਨ ਅਤੇ ਸਰੋਤੇ ਉਸ ਨੂੰ ਸੁਣ ਕੇ ਨੱਚਿਆ ਕਰਦੇ ਸਨ ਪਰ ਅੱਜ ਸਾਡੇ ਗਾਇਕ ਸਟੇਜ 'ਤੇ ਨੱਚ ਕੇ ਰਸ ਰਹਿਤ ਗਾਇਕੀ ਪੇਸ਼ ਕਰਦੇ ਹਨ ਤੇ ਸਰੋਤੇ ਉਨ੍ਹਾਂ ਨੂੰ ਚੁੱਪ-ਚਾਪ ਬੈਠੇ ਤੱਕਦੇ ਰਹਿੰਦੇ ਹਨ। ਪਹਿਲਾਂ ਗਾਇਕੀ ਸ਼ਬਦ ਪ੍ਰਧਾਨ ਹੁੰਦੀ ਸੀ, ਅਜੋਕੀ ਗਾਇਕੀ ਪੈਸਾ ਪ੍ਰਧਾਨ ਹੈ। ਪਹਿਲਾਂ ਗਾਇਕ ਬਕਾਇਦਾ ਉਸਤਾਦ ਧਾਰ ਕੇ ਸੰਗੀਤ ਦੀ ਸਿੱਖਿਆ ਲੈ ਕੇ ਸਾਲਾਂਬੱਧੀ ਰਿਆਜ਼ ਕਰਕੇ ਲੋਕਾਂ ਸਾਹਮਣੇ ਪੇਸ਼ ਹੁੰਦੇ ਸਨ, ਪਰ ਅੱਜ ਪੈਸੇ ਤੇ ਬਣਾਉਟੀ ਸੰਗੀਤ ਦੇ ਜ਼ੋਰ ਨਾਲ ਰਾਤੋ-ਰਾਤ ਗਾਇਕ ਬਣ ਜਾਂਦੇ ਹਨ। ਭਲੇ ਵੇਲਿਆਂ 'ਚ ਪ੍ਰਸਿੱਧ ਰਿਕਾਰਡਿੰਗ ਕੰਪਨੀਆਂ, ਲੋਕ ਗਾਇਕਾਂ ਦੀ ਗੁਣਾਤਮਕ ਪੱਖ ਤੋਂ ਗਾਇਨ ਸ਼ੈਲੀ ਤੇ ਰਚਨਾਤਮਕ ਪੱਖ ਤੋਂ ਮਿਆਰੀ ਰਚਨਾ ਨੂੰ ਹੀ ਪੂਰੀ ਘੋਖ-ਪੜਤਾਲ ਉਪਰੰਤ ਰਿਕਾਰਡ ਕਰਦੀਆਂ ਸਨ। ਗਾਇਕਾਂ ਤੇ ਗੀਤਕਾਰਾਂ ਨੂੰ ਇਨ੍ਹਾਂ ਕੰਪਨੀਆਂ ਵਲੋਂ ਬਕਾਇਦਾ ਮਿਹਨਤਾਨਾ (ਰਿਆਲਿਟੀ) ਮਿਲਿਆ ਕਰਦੀ ਸੀ। ਉਂਗਲਾਂ ਦੇ ਪੋਟਿਆਂ 'ਤੇ ਗਿਣੇ ਜਾਣ ਵਾਲੇ ਲੋਕ ਗਾਇਕਾਂ ਨੇ ਸਾਡੇ ਅਮੀਰ ਸੱਭਿਆਚਾਰ ਨੂੰ ਸਾਂਭ ਕੇ ਵੀ ਰੱਖਿਆ, ਲੱਖਾਂ ਸਰੋਤਿਆਂ ਦੇ ਦਿਲਾਂ 'ਤੇ ਸਾਲਾਂ ਬੱਧੀ ਰਾਜ ਵੀ ਕੀਤਾ। ਜਦ ਉਹ ਕੇਵਲ ਇਕੋ ਮਾਇਕ ਅੱਗੇ ਖੜ੍ਹ ਕੇ ਗਾਉਂਦੇ ਤੇ ਸੀਮਤ ਸਜਿੰਦੇ (ਸਾਜੀ) ਸਟੇਜ ਉੱਪਰ ਬੈਠ ਕੇ ਸਾਜ਼ ਵਜਾਉਂਦੇ ਤਾਂ ਆਪਣੀ ਗਾਇਣ ਸ਼ੈਲੀ ਰਾਹੀਂ ਸਰੋਤਿਆਂ ਨੂੰ ਕੀਲ ਲੈਂਦੇ ਸਨ ਪਰ ਅਜੋਕੇ ਦੌਰ ਦੀ ਪੰਜਾਬੀ ਲੋਕ ਗਾਇਕੀ ਸਾਡੇ ਅਮੀਰ ਪੰਜਾਬੀ ਲੋਕ ਵਿਰਸੇ ਦੇ ਗੌਰਵਮਈ ਅਕਸ ਨੂੰ ਧੁੰਦਲਾ ਕਰ ਰਹੀ ਹੈ। ਕੋਝੀਆਂ ਨੀਤਾਂ ਵਾਲੇ ਪੈਸੇ ਦੇ ਵਪਾਰੀਆਂ ਨੇ ਸਾਡੀ ਇਸ ਮਹਾਨ ਵਿਰਾਸਤ ਨੂੰ ਅਸ਼ਲੀਲਤਾ ਦੇ ਸਸਤੇ ਭਾਅ ਖਰੀਦ ਕੇ ਬੇਕਦਰ ਕੀਤਾ ਹੋਇਆ ਹੈ।

-ਮੁਹੱਲਾ ਕਰਤਾਰਪੁਰਾ (ਕਹੂਟਾ), ਨਾਭਾ, ਜ਼ਿਲ੍ਹਾ ਪਟਿਆਲਾ-147201. ਮੋਬਾ: 95011-17772

ਪੜ੍ਹਾਈ ਦੇ ਨਾਲ ਬੱਚਿਆਂ ਨੂੰ ਚੰਗੇ ਸੰਸਕਾਰ ਵੀ ਦਈਏ

ਸਾਡੇ ਦੇਸ਼ ਵਿਚ ਮਿਡਲ ਤੱਕ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲੀ ਬੱਚਿਆਂ ਲਈ ਦੁਪਹਿਰ ਦਾ ਭੋਜਨ ਖੁਆਉਣ ਦਾ ਪ੍ਰਬੰਧ ਭਾਰਤ ਸਰਕਾਰ ਵਲੋਂ ਰਾਜ ਸਰਕਾਰਾਂ ਦੀ ਨਿਗਰਾਨੀ ਹੇਠ ਚਲਾਈ ਮਿਡ-ਡੇ-ਮੀਲ ਸਕੀਮ ਦੁਆਰਾ ਕੀਤਾ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਸਮਾਜ ਦੇ ਗਰੀਬ ਲਿਤਾੜੇ ਪਰਿਵਾਰਾਂ ਦੇ ਬੱਚਿਆਂ ਨੂੰ ਦਾਖ਼ਲੇ ਲਈ ਪ੍ਰੇਰਨਾ, ਚੰਗੀ ਸਿਹਤ ਦੇਣਾ ਹੈ, ਤਾਂ ਜੋ ਦੇਸ਼ ਦੇ 6 ਤੋਂ 14 ਸਾਲ ਦੇ ਸਾਰੇ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦੇਣ ਦਾ ਟੀਚਾ ਪੂਰਾ ਕੀਤਾ ਜਾ ਸਕੇ। ਸਕੂਲ ਜਾਣ ਵਾਲੇ ਬੱਚਿਆਂ ਲਈ 'ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਹੁੰਦਾ ਹੈ' ਕਥਨ ਨੂੰ ਪੂਰਾ ਕਰਨ ਲਈ ਪੌਸ਼ਟਿਕ ਭੋਜਨ ਕੁੱਕ-ਕਮ-ਹੈਲਪਰ ਵਲੋਂ ਤਿਆਰ ਕਰਕੇ ਦਿੱਤਾ ਜਾਂਦਾ ਹੈ। ਇਹ ਬਹੁਤੇ ਗਰੀਬ ਬੱਚਿਆਂ ਲਈ ਤਾਂ ਲਾਹੇਵੰਦ ਹੋ ਸਕਦੀ ਹੈ ਪਰ ਆਮ ਤੌਰ 'ਤੇ ਪੰਜਾਬ ਅੰਦਰ ਰੋਟੀ ਤੋਂ ਸੱਖਣਾ ਪਰਿਵਾਰ ਵਿਰਲਾ ਹੀ ਹੋਵੇਗਾ। ਬੱਚਿਆਂ ਅੰਦਰ ਜਾਤ-ਪਾਤ, ਨਸਲ, ਧਰਮ ਆਦਿ ਦੇ ਨਫ਼ਰਤੀ ਬੀਜਾਂ ਤੋਂ ਦੂਰ ਰੱਖਣ ਲਈ ਇਹ ਸਕੀਮ ਸਹਾਈ ਹੋ ਸਕਦੀ ਹੈ। ਬੱਚਿਆਂ ਅੰਦਰ ਕਿਰਤ ਕਰਨੀ, ਸੇਵਾ ਭਾਵਨਾ ਨਾਲ ਕੰਮ ਕਰਨਾ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ। ਸਕੂਲ ਨੂੰ ਸਾਫ਼ ਰੱਖਣ ਲਈ ਸਕੂਲੀ ਬੱਚਿਆਂ ਦਾ ਮਹੱਤਵਪੂਰਨ ਰੋਲ ਹੋ ਸਕਦਾ ਹੈ। ਇਸੇ ਕਰਕੇ ਮਹਿਕਮੇ ਵਲੋਂ ਸਮੇਂ-ਸਮੇਂ ਸਿਰ ਸਫ਼ਾਈ ਕਰਨ ਦੇ ਦਿਨ ਨਿਸ਼ਚਿਤ ਕੀਤੇ ਜਾਂਦੇ ਹਨ ਜੋ ਕਿ ਬੱਚਿਆਂ ਤੋਂ ਕਰਵਾਉਣਾ ਹੁੰਦਾ ਹੈ। ਮਿਡ-ਡੇ-ਮੀਲ ਲਈ ਵੀ ਸਫ਼ਾਈ ਦਾ ਪੂਰਾ ਖਿਆਲ ਰੱਖਣਾ ਹੁੰਦਾ ਹੈ। ਬੱਚੇ ਦੇ ਮਨ ਅੰਦਰ ਬਚਪਨ ਵਿਚ ਹੀ ਚੰਗੇ ਸੰਸਕਾਰ ਭਰੇ ਜਾ ਸਕਦੇ ਹਨ। ਸਿੱਖਿਆ ਵਿਭਾਗ ਨੇ ਪਿਛਲੇ ਦਿਨੀਂ ਇਕ ਪੱਤਰ ਜਾਰੀ ਕਰ ਕੇ ਬੱਚਿਆਂ ਤੋਂ ਮਿਡ ਬੱਚਿਆਂ ਤੋਂ ਮਿਡ-ਡੇ-ਮੀਲ ਦਾ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੇ ਜੂਠੇ ਬਰਤਨ ਮਿਡ-ਡੇ-ਮੀਲ ਵਰਕਰਾਂ ਤੋਂ ਹੀ ਸਾਫ਼ ਕਰਾਉਣ ਦਾ ਫੁਰਮਾਨ ਜਾਰੀ ਕੀਤਾ ਹੈ। ਇਨ੍ਹਾਂ ਵਰਕਰਾਂ ਕੋਲ ਪਹਿਲਾਂ ਹੀ ਕੰਮ ਕਾਫੀ ਹੈ, ਜਿਸ ਦੇ ਬਦਲੇ ਮਹੀਨੇ ਦੇ ਸਿਰਫ 1600 ਰੁਪਏ ਦਿੱਤੇ ਜਾਂਦੇ ਹਨ, ਜੋ ਕਿ ਪਹਿਲਾਂ ਹੀ ਸਰਕਾਰ ਦੇ ਉਜਰਤ ਰੇਟਾਂ ਤੋਂ ਬਹੁਤ ਘੱਟ ਹੈ। ਪੰਜਾਬ ਦੇ ਰੁਤਬੇ ਨੂੰ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਅੱਜ ਦੇਸ਼ ਅੰਦਰ ਪੰਜਾਬੀਆਂ ਨੂੰ ਨੀਵਾਣ ਵੱਲ ਲੈ ਆਂਦਾ ਹੈ। ਛੋਟੇ ਬੱਚਿਆ ਦੇ ਬਰਤਨ ਤਾਂ ਇਹ ਵਰਕਰ ਪਹਿਲਾਂ ਹੀ ਆਪ ਸਾਫ਼ ਕਰਦੀਆਂ ਹਨ। ਜੋ ਬੱਚੇ ਆਪ ਬਰਤਨ ਸਾਫ਼ ਕਰ ਸਕਦੇ ਹਨ, ਉਨ੍ਹਾਂ ਨੂੰ ਕੋਈ ਦਿੱਕਤ ਨਹੀਂ। ਸੋ, ਬੱਚੇ ਅੱਜ ਉਹ ਕੰਮ ਜੋ ਸਮਾਜ 'ਚ ਉਨ੍ਹਾਂ ਵਲੋਂ ਕਰਨੇ ਬਣਦੇ ਹਨ, ਜੇ ਸਕੂਲਾਂ 'ਚ ਕਰਨ ਤੋਂ ਰੋਕੇ ਜਾਣਗੇ ਤਾਂ ਕੀ ਉਹ ਇਹ ਕੰਮ ਕਰਨ ਨੂੰ ਅੱਗੋਂ ਤਿਆਰ ਹੋਣਗੇ? ਇਹ ਸਿੱਖਿਆ ਵਿਭਾਗ ਲਈ ਵੱਡਾ ਸਵਾਲ ਹੈ। ਕੀ ਬੱਚਿਆਂ ਦੇ ਮਾਪਿਆਂ ਨੇ ਕਦੇ ਇਹ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਇਹ ਕੰਮ ਨਾ ਕਰਨ? ਮਾਪੇ ਕਦੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਚੰਗੇ ਸੰਸਕਾਰ ਨਾ ਸਿੱਖਣ। ਸਗੋਂ ਬੱਚਿਆਂ ਨੂੰ ਤਾਂ ਕਿਰਤ ਕਰਨ ਦੀ ਆਦਤ ਸਕੂਲਾਂ 'ਚੋਂ ਸਿਖਾਉਣੀ ਚਾਹੀਦੀ ਹੈ। ਇਨ੍ਹਾਂ ਮਿਡ-ਡੇ-ਮੀਲ ਵਰਕਰਾਂ ਨੇ ਪਹਿਲਾਂ ਹੀ ਆਪਣੀਆਂ ਮੰਗਾਂ ਦੇ ਸਬੰਧ ਵਿਚ ਸੰਘਰਸ਼ ਆਰੰਭਿਆ ਹੋਇਆ ਹੈ। ਹਰਿਆਣਾ ਸਰਕਾਰ ਇਨ੍ਹਾਂ ਵਰਕਰਾਂ ਨੂੰ ਪੰਜਾਬ ਨਾਲੋਂ ਵੱਧ ਪੈਸੇ ਦਿੰਦੀ ਹੈ। ਪੰਜਾਬ ਦੇ ਵਿਕਾਸ ਵਾਲੀ ਗੱਲ ਕਰਨ ਵਾਲੀ ਸਰਕਾਰ ਕੀ ਇਨ੍ਹਾਂ ਵਰਕਰਾਂ ਦੇ ਜਜ਼ਬਾਤਾਂ ਨੂੰ ਅਨੁਭਵ ਨਹੀਂ ਕਰਦੀ? ਨਾਮਾਤਰ ਪੈਸੇ ਦੇਣੇ ਤੇ ਉਪਰੋਂ ਹੋਰ ਕੰਮ ਥੋਪਣਾ ਕਿਸੇ ਮਾੜੀ ਸੋਚ ਵਾਲੇ ਉੱਚ ਅਧਿਕਾਰੀ ਦੀ ਕਾਢ ਪਤਾ ਨਹੀਂ ਬੱਚਿਆਂ ਦਾ ਕੀ ਸੰਵਾਰਨ ਵਾਲੀ ਹੈ? ਉਸ ਅਧਿਕਾਰੀ ਨੇ ਕੀ ਕਦੇ ਇਹ ਵੀ ਸੋਚਿਆ ਕਿ ਇਹ ਤੁਛ ਜਿਹੀ ਤਨਖਾਹ 'ਤੇ ਇੰਨਾ ਜ਼ਿਆਦਾ ਕੰਮ ਕਰਨ ਵਾਲਿਆਂ ਦੀ ਥਾਂ ਜੇ ਉਸ ਦੇ ਕਿਸੇ ਘਰ ਦੇ ਮੈਂਬਰ ਨੂੰ ਕੰਮ ਕਰਨਾ ਪਵੇ ਤਾਂ ਉਸ ਦੀ ਸੋਚ ਫਿਰ ਕਿਹੋ ਜਿਹੀ ਹੋਵੇਗੀ। ਸੋ, ਸਰਕਾਰ ਨੂੰ ਇਨ੍ਹਾਂ ਮਜਬੂਰ ਕਿਰਤੀ ਔਰਤਾਂ ਦਾ ਪੂਰਾ-ਪੂਰਾ ਸਨਮਾਨ ਰੱਖਣਾ ਚਾਹੀਦਾ ਹੈ, ਉਨ੍ਹਾਂ ਦਾ ਹੱਕ ਉਨ੍ਹਾਂ ਨੂੰ ਮਿਲੇ, ਉਹ ਕੋਈ ਖੈਰਾਤ ਨਹੀਂ ਮੰਗਦੀਆਂ, ਵਾਧੂ ਕੰਮ ਸੌਂਪਣ ਤੋਂ ਪਹਿਲਾਂ ਵਾਧੂ ਪੈਸੇ ਵੀ ਮਿਲਣੇ ਚਾਹੀਦੇ ਹਨ। ਸਾਲ 'ਚ ਘੱਟੋ-ਘੱਟ ਦੋ ਵਰਦੀਆਂ ਵੀ ਇਨ੍ਹਾਂ ਵਰਕਰਾਂ ਨੂੰ ਹਰਿਆਣਾ ਰਾਜ ਵਾਂਗ ਮਿਲਣੀਆਂ ਚਾਹੀਦੀਆਂ ਹਨ। **

ਬੇਰੁਜ਼ਗਾਰਾਂ ਨਾਲ ਇਨਸਾਫ਼ ਕਰੇ ਸਰਕਾਰ

ਜੇਕਰ ਦੇਸ਼ ਦੇ ਕਿਸੇ ਵੀ ਸਿਆਸਤਦਾਨ ਨੂੰ ਪੁੱਛਿਆ ਜਾਵੇ ਕਿ ਉਹ ਸਿਆਸਤ 'ਚ ਕਿਉਂ ਆਏ ਹਨ? ਤਾਂ ਮੇਰੇ ਵਿਚਾਰ ਮੁਤਾਬਿਕ ਮਸਾਂ ਹੀ ਦੇਸ਼ ਦੇ ਇੱਕਾ-ਦੁੱਕਾ ਸਿਆਸਤਦਾਨਾਂ ਨੂੰ ਛੱਡ ਕੇ ਬਾਕੀ ਸਾਰੇ ਕਹਿਣਗੇ ਕਿ ਅਸੀਂ ਤਾਂ ਲੋਕਾਂ ਦੀ ਸੇਵਾ ਲਈ ਸਿਆਸਤ ਕਰ ਰਹੇ ਹਾਂ, ਉਂਜ ਸਾਨੂੰ ਪਰਮਾਤਮਾ ਨੇ ਘਰ ਹੀ ਬਹੁਤ ਕੁਝ ਦਿੱਤਾ ਹੈ। ਇਸੇ ਤਰ੍ਹਾਂ ਜੇਕਰ ਹੁਣ ਅਸੀਂ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਤਾਂ ਇੱਥੇ ਸਾਰੇ ਦੇ ਸਾਰੇ ਨੇਤਾ ਬਾਕੀ ਦੇਸ਼ ਦੇ ਲੀਡਰਾਂ ਨਾਲੋਂ ਵੀ ਚਾਰ ਕਦਮ ਅੱਗੇ ਹਨ। ਰਾਜ ਸੱਤਾ ਦੀ ਕੁਰਸੀ ਪਾਉਣ ਲਈ ਇਹ ਆਪਣੇ ਸਾਰੇ ਕਰਮ-ਧਰਮ ਇਕ ਪਾਸੇ ਕਰਕੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਲੋਕਾਂ ਨੂੰ ਝੂਠੇ ਵਾਅਦਿਆਂ ਦੇ ਸਬਜ਼ਬਾਗ ਵਿਖਾਉਣਾ ਤਾਂ ਕੋਈ ਸਾਡੇ ਲੀਡਰਾਂ ਤੋਂ ਸਿੱਖੇ। ਪਤਾ ਨਹੀਂ ਕਿਉਂ ਪੰਜਾਬ ਦੀ ਭੋਲੀ-ਭਾਲੀ ਜਨਤਾ ਹਰ ਵਾਰ ਇਨ੍ਹਾਂ ਦੇ ਚੱਕਰਵਿਊ 'ਚ ਫਸ ਜਾਂਦੀ ਹੈ। ਇਕ ਵਾਰ ਸੱਤਾ ਦੀ ਕੁਰਸੀ 'ਤੇ ਕਾਬਜ਼ ਹੋ ਕੇ ਇਹ ਸਾਡੇ ਲੋਕਾਂ ਨੂੰ ਜੋ ਦਿਨੇ ਤਾਰੇ ਵਿਖਾਉਂਦੇ ਨੇ, ਉਹ ਕਿਸੇ ਤੋਂ ਕੋੋਈ ਲੁਕੀ-ਛਿਪੀ ਗੱਲ ਨਹੀਂ। ਅਜਿਹੇ ਹੀ ਵਾਅਦਿਆਂ ਦੀ ਚੱਕੀ ਦੇ ਪੁੜਾਂ 'ਚ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਬੁਰੀ ਤਰ੍ਹਾਂ ਫਸੀ ਪਈ ਹੈ, ਕਿਉਂਕਿ ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਹਰ ਬੇਰੁਜ਼ਗਾਰ ਨਾਲ ਵਾਅਦਾ ਕੀਤਾ ਸੀ ਕਿ ਉਹ ਘਰ-ਘਰ ਰੁਜ਼ਗਾਰ ਦੇਵੇਗੀ, ਜੇਕਰ ਰੁਜ਼ਗਾਰ ਨਹੀਂ ਦੇ ਸਕੀ ਤਾਂ ਹਰ ਬੇਰੁਜ਼ਗਾਰ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਇਧਰ ਪੰਜਾਬ ਸਰਕਾਰ ਦੇ ਕੁਝ ਸਮੇਂ ਤੱਕ ਤਕਰੀਬਨ ਢਾਈ-ਤਿੰਨ ਸਾਲ ਬੀਤ ਜਾਣਗੇ ਤੇ ਸਰਕਾਰ ਵਲੋਂ ਅਜੇ ਤੱਕ ਇਸ ਸਬੰਧ ਵਿਚ ਸੇਰ ਵਿਚੋਂ ਪੂਣੀ ਵੀ ਨਹੀਂ ਕੱਤੀ ਗਈ। ਰੁਜ਼ਗਾਰ ਲਈ ਸਰਕਾਰ ਮਹਿਜ਼ ਮੇਲਿਆਂ ਦਾ ਪ੍ਰਬੰਧ ਕਰਕੇ ਸਿਰਫ ਤੇ ਸਿਰਫ ਅੰਕੜੇ ਇਕੱਠੇ ਕਰਕੇ ਵਿਰੋਧੀ ਧਿਰਾਂ ਨੂੰ ਕੁਝ ਹੱਦ ਤੱਕ ਚੁੱਪ ਤਾਂ ਕਰਵਾ ਸਕਦੀ ਹੈ ਪਰ ਬੇਰੁਜ਼ਗਾਰਾਂ ਨੂੰ ਵਿਖਾਏ ਗਏ ਝੂਠੇ ਸੁਪਨੇ ਪੂਰੇ ਨਹੀਂ ਕਰ ਸਕਦੀ। ਦੂਸਰੇ ਪਾਸੇ ਜੇਕਰ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦਾ ਪ੍ਰਬੰਧ ਨਹੀਂ ਕਰ ਸਕਦੀ ਸੀ ਤਾਂ ਘੱਟੋ-ਘੱਟ ਹੁਣ ਤੱਕ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ ਤਾਂ ਸ਼ੁਰੂ ਕਰ ਹੀ ਸਕਦੀ ਸੀ, ਕਿਉਂਕਿ ਜੇਕਰ ਮੰਤਰੀਆਂ ਦੇ ਭੱਤੇ ਵਧਾਉਣ ਲਈ ਸਰਕਾਰ ਕੋਲ ਫ਼ੰਡ ਆ ਸਕਦਾ ਹੈ, ਫਿਰ ਬੇਰੁਜ਼ਗਾਰੀ ਭੱਤੇ ਲਈ ਕਿਉਂ ਨਹੀਂ? ਰੁਜ਼ਗਾਰ ਮੇਲਿਆਂ ਦੀ ਆੜ ਵਿਚ ਸਰਕਾਰ ਵਲੋਂ ਸਿਰਫ ਲੋਕ ਵਿਖਾਵਾ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਮੇਲਿਆਂ ਅੰਦਰ ਕੁਝ ਪ੍ਰਾਈਵੇਟ ਕੰਪਨੀਆਂ ਨੂੰ ਧੱਕੇ ਨਾਲ ਸ਼ਾਮਿਲ ਕਰਕੇ ਸਰਕਾਰੀ ਫਾਈਲਾਂ ਦਾ ਰਿਕਾਰਡ ਵਿਖਾਉਣ ਲਈ ਕੀਤੀ ਕਾਰਵਾਈ ਸਾਡੇ ਵਿਹਲੇ ਫਿਰਦੇ ਨੌਜਵਾਨਾਂ ਦੇ ਰੁਜ਼ਗਾਰ ਵਾਲੇ ਸੁਪਨੇ ਪੂਰੇ ਨਹੀਂ ਕਰ ਸਕਦੀ। ਅਜੇ ਤੱਕ ਤਾਂ ਸਰਕਾਰ ਵਲੋਂ ਰੁਜ਼ਗਾਰ ਲਈ ਕੀਤੀ ਕਾਰਵਾਈ 'ਸਰਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ' ਵਾਂਗ ਹੀ ਨਜ਼ਰ ਆ ਰਹੀ ਹੈ ਪਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿਚ ਸਰਕਾਰ ਇਸ ਕੰਮ ਵਿਚ ਗਭੀਰ ਹੋ ਕੇ ਖ਼ਾਲੀ ਹੋ ਰਹੀਆਂ ਪੋਸਟਾਂ ਨੂੰ ਖ਼ਤਮ ਕਰਨ ਦੀ ਵਜਾਏ ਪੱਕੇ ਤੌਰ 'ਤੇ ਭਰਨਾ ਸ਼ੁਰੂ ਕਰ ਦੇਵੇ।

-ਪਿੰਡ ਤਖ਼ਤੂਪੁਰਾ (ਮੋਗਾ)। ਮੋਬਾ: 98140-68614

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX