ਤਾਜਾ ਖ਼ਬਰਾਂ


ਸੀਟੂ ਦੇ ਸੂਬਾ ਪ੍ਰਦਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  1 day ago
ਟੱਪਰੀਆਂ ਖ਼ੁਰਦ, (ਬਲਾਚੌਰ) 10 ਦਸੰਬਰ (ਸ਼ਾਮ ਸੁੰਦਰ ਮੀਲੂ)- ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਅਤੇ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਪੁਲਸ ਵੱਲੋਂ ਕੀਤੀ ਗ੍ਰਿਫ਼ਤਾਰੀ ਨਾਲ ਬਲਾਚੌਰ ਵਿਧਾਨ ਸਭਾ ਹਲਕੇ ...
ਦੋ ਹਫ਼ਤੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
. . .  1 day ago
ਭਿੰਡੀ ਸੈਦਾਂ/ਅਜਨਾਲਾ 10 ਦਸੰਬਰ,( ਪ੍ਰਿਤਪਾਲ ਸਿੰਘ ਸੂਫ਼ੀ ਗੁਰਪ੍ਰੀਤ ਸਿੰਘ ਢਿੱਲੋਂ )- ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਸ਼ਾਹਲੀਵਾਲ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਸਾਬੋ (38) ਪੁੱਤਰ ਮਹਿੰਦਰ ਸਿੰਘ ਜੋ ਕਿ ਤਕਰੀਬਨ ...
ਕੈਪਟਨ ਦਾ ਵੱਡਾ ਐਲਾਨ, ਸਰਕਾਰ ਮੁਹਾਲੀ ਮਿਲਟਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦਾ ਖਰਚਾ ਚੁੱਕਣਗੇ
. . .  1 day ago
ਚੰਡੀਗੜ੍ਹ ,10 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ੈਸਲਾ ਲਿਆ ਹੈ ਕਿ ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਐਲੀਮੈਂਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਵਿਚ ਪੜ੍ਹਦੇ 11 ਵੀਂ ...
ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਕਣਕ ਖਾ ਗਈ ਸੁੰਡੀ, ਕਿਸਾਨਾਂ ਖੇਤੀਬਾੜੀ ਅਧਿਕਾਰੀ ਬਣਾਏ ਬੰਦੀ
. . .  1 day ago
ਫ਼ਿਰੋਜ਼ਪੁਰ, 10 ਦਸੰਬਰ (ਜਸਵਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਪਿੰਡ ਕਬਰ ਵੱਛਾ ਅੰਦਰ ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਹੋਏ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਦੇ ਰੋਸ ਵਜੋਂ ਖੇਤ ਦੇਖਣ ਗਏ ਖੇਤੀਬਾੜੀ ...
ਸਾਊਥ ਏਸ਼ੀਅਨ ਖੇਡਾਂ 'ਚ ਖਮਾਣੋਂ ਦੀ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ
. . .  1 day ago
ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਹੋ ਰਹੀਆਂ 13 ਵੀ ਸਾਊਥ ਏਸ਼ੀਅਨ ਗੇਮਜ਼ 'ਚ ਖਮਾਣੋਂ ਸ਼ਹਿਰ ਦੀ ਹੋਣਹਾਰ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ ਮੁਕਾਬਲਿਆਂ 'ਚ ਸੈਬਰ ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤ...
ਗਮਾਡਾ ਵਲੋਂ ਤਿੰਨ ਮੰਜਲਾਂ ਹੋਟਲ ਸੀਲ, ਮਾਲਕ ਨੇ ਕਿਹਾ ਸਰਕਾਰ ਵਲੋਂ ਕਾਨੂੰਨੀ ਦਾਅ ਪੇਚਾਂ ਨਾਲ ਖੋਹਿਆ ਜਾਂਦਾ ਹੈ ਰੁਜ਼ਗਾਰ, ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ
. . .  1 day ago
ਮੁੱਲਾਂਪੁਰ ਗਰੀਬਦਾਸ, 10 ਦਸੰਬਰ (ਖੈਰਪੁਰ) - ਪਿੰਡ ਮਾਜਰਾ ਵਿਖੇ ਟੀ ਪੁਆਇੰਟ ਨੇੜੇ ਪੈਰੀਫੇਰੀ ਐਕਟ ਦੀ ਉਲੰਘਣਾ ਕਰਕੇ ਬਣਾਏ ਤਿੰਨ ਮੰਜਿਲਾ ਹੋਟਲ ਨੂੰ ਅੱਜ ਗਮਾਡਾ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ। ਐਸ ਡੀ ਓ ਅਤੇ ਸਬੰਧਿਤ ਜੇ ਈ 'ਤੇ ਆਧਾਰਿਤ ਟੀਮ ਵੱਲੋਂ ਇਸ...
ਬੈਂਕ 'ਚ ਡਕੈਤੀ ਕਰਨ ਵਾਲੇ ਨੌਜਵਾਨਾਂ ਦੇ ਪੁਲਿਸ ਨੇ ਜਾਰੀ ਕੀਤੇ ਸਕੈੱਚ
. . .  1 day ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਲੰਘੀ 7 ਤਰੀਕ ਨੂੰ ਥਾਣਾ ਖਿਲਚੀਆਂ ਦੇ ਅਧੀਨ ਪੈਂਦੀ ਪੰਜਾਬ ਐਂਡ ਸਿੰਧ ਛੱਜਲਵੱਡੀ ਵਿਚ ਤਿੰਨ ਨੌਜਵਾਨਾਂ ਵਲੋਂ ਬੈਂਕ ਡਕੈਤੀ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ ਨੇ ਪਿਸਟਲ ਦੀ ਨੋਕ 'ਤੇ 7 ਲੱਖ 83 ਹਜ਼ਾਰ ਰੁਪਏ ਨਗਦੀ...
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਫ਼ਿਰੋਜ਼ਪੁਰ 10 ਦਸੰਬਰ (ਜਸਵਿੰਦਰ ਸਿੰਘ ਸੰਧੂ) - ਨਸ਼ੇ ਦੀ ਓਵਰ ਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਿਸ ਦੀ ਪਛਾਣ ਵਿਸ਼ਾਲ ਪ੍ਰੀਤ ਸ਼ਰਮਾ...
ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  1 day ago
ਹਿਊਸਟਨ, 10 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਵਾਸ਼ਿੰਗਟਨ ਵਿਚ ਇਕ ਘ੍ਰਿਣਾ ਅਪਰਾਧ ਤਹਿਤ ਵਾਪਰੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਸਿੱਖ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਨਸਲੀ ਇਤਰਾਜ਼ਯੋਗ ਟਿੱਪਣੀਆਂ ਕਰਦੇ ਹੋਏ ਬਦਸਲੂਕੀ ਕੀਤੀ ਗਈ। ਗ੍ਰਿਫਿਨ...
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  1 day ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਹੋਰ ਖ਼ਬਰਾਂ..

ਨਾਰੀ ਸੰਸਾਰ

ਸੁੰਦਰਤਾ ਨੂੰ ਗ੍ਰਹਿਣ ਲਗਾਉਂਦਾ ਹੈ ਪ੍ਰਦੂਸ਼ਣ

ਅੱਜਕਲ੍ਹ ਪ੍ਰਦੂਸ਼ਣ ਦੀ ਚਰਚਾ ਆਮ ਹੋ ਗਈ ਹੈ। ਦਰਅਸਲ ਘਰ ਦੇ ਅੰਦਰ ਅਤੇ ਬਾਹਰ ਕੁਦਰਤੀ ਵਾਤਾਵਰਨ ਦਾ ਖਰਾਬ ਹੋਣਾ ਹੀ ਪ੍ਰਦੂਸ਼ਣ ਕਹਾਉਂਦਾ ਹੈ। ਪ੍ਰਦੂਸ਼ਣ ਕਈ ਰੂਪਾਂ ਵਿਚ ਪਾਇਆ ਜਾਂਦਾ ਹੈ, ਜਿਨ੍ਹਾਂ ਵਿਚੋਂ ਹਵਾ, ਮਿੱਟੀ, ਊਰਜਾ, ਆਵਾਜ਼ ਆਦਿ ਮੁੱਖ ਰੂਪ ਨਾਲ ਜਾਣੇ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ ਹਵਾ ਵਿਚ ਫੈਲਿਆ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਨੁਕਸਾਨਦੇਹ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨਾਲ ਸਭ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਹਨ।
ਜੇ ਤੁਸੀਂ ਸ਼ਹਿਰ ਵਿਚ ਰਹਿੰਦੇ ਹੋ ਤਾਂ ਤੁਸੀਂ ਪ੍ਰਦੂਸ਼ਣ ਤੋਂ ਕਦੇ ਛੁਟਕਾਰਾ ਨਹੀਂ ਪਾ ਸਕਦੇ ਪਰ ਚੰਗੀ ਖ਼ਬਰ ਇਹ ਹੈ ਕਿ ਤੁਸੀਂ ਪ੍ਰਦੂਸ਼ਣ ਨਾਲ ਸੁੰਦਰਤਾ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੇ ਹੋ।
ਜੇ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਤੁਹਾਨੂੰ ਕਲੀਜ਼ਿੰਗ ਕ੍ਰੀਮ ਅਤੇ ਜੈੱਲ ਦੀ ਵਰਤੋਂ ਕਰਨੀ ਚਾਹੀਦੀ ਹੈ, ਜਦੋਂ ਕਿ ਤੇਲੀ ਚਮੜੀ ਵਿਚ ਕਲੀਨਿੰਗ ਦੁੱਧ ਜਾਂ ਫੇਸਵਾਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੁੰਦਰਤਾ 'ਤੇ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਚੰਦਨ, ਸਫੈਦਾ, ਪੁਦੀਨਾ, ਨਿੰਮ, ਤੁਲਸੀ, ਘ੍ਰਿਤਕੁਮਾਰੀ ਵਰਗੇ ਪਦਾਰਥਾਂ ਦੀ ਵਰਤੋਂ ਕਰੋ। ਇਨ੍ਹਾਂ ਪਦਾਰਥਾਂ ਵਿਚ ਜ਼ਹਿਰੀਲੇ ਤੱਤਾਂ ਨਾਲ ਲੜਨ ਦੀ ਸਮਰੱਥਾ ਅਤੇ ਬਲਵਰਧਕ ਗੁਣਾਂ ਦੀ ਵਜ੍ਹਾ ਨਾਲ ਚਮੜੀ ਵਿਚ ਜ਼ਹਿਰੀਲੇ ਪਦਾਰਥਾਂ ਦੇ ਜਮਾਅ ਅਤੇ ਫੋੜੇ, ਫਿੰਸੀਆਂ ਨੂੰ ਸਾਫ਼ ਕਰਨ ਵਿਚ ਮਦਦ ਮਿਲਦੀ ਹੈ। ਹਵਾ ਪ੍ਰਦੂਸ਼ਣ ਖੋਪੜੀ 'ਤੇ ਵੀ ਜਮ੍ਹਾਂ ਹੋ ਜਾਂਦਾ ਹੈ।
ਇਕ ਚਮਚ ਸਿਰਕਾ ਅਤੇ ਘ੍ਰਿਤਕੁਮਾਰੀ ਵਿਚ ਇਕ ਆਂਡੇ ਨੂੰ ਮਿਲਾ ਕੇ ਮਿਸ਼ਰਣ ਬਣਾ ਲਓ ਅਤੇ ਮਿਸ਼ਰਣ ਨੂੰ ਹਲਕੇ-ਹਲਕੇ ਖੋਪੜੀ 'ਤੇ ਲਗਾ ਲਓ। ਇਸ ਮਿਸ਼ਰਣ ਨੂੰ ਖੋਪੜੀ 'ਤੇ ਅੱਧੇ ਘੰਟੇ ਤੱਕ ਲੱਗਾ ਰਹਿਣ ਤੋਂ ਬਾਅਦ ਖੋਪੜੀ ਨੂੰ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦਿਓ। ਤੁਸੀਂ ਬਦਲਵੇਂ ਤੌਰ 'ਤੇ ਗਰਮ ਤੇਲ ਦੀ ਥਰੈਪੀ ਵੀ ਦੇ ਸਕਦੇ ਹੋ। ਨਾਰੀਅਲ ਦੇ ਤੇਲ ਨੂੰ ਗਰਮ ਕਰਕੇ ਇਸ ਨੂੰ ਸਿਰ 'ਤੇ ਲਗਾ ਲਓ। ਹੁਣ ਗਰਮ ਪਾਣੀ ਵਿਚ ਇਕ ਤੌਲੀਆ ਡੁਬੋਵੋ ਅਤੇ ਤੌਲੀਏ ਵਿਚੋਂ ਗਰਮ ਪਾਣੀ ਨਿਚੋੜਨ ਤੋਂ ਬਾਅਦ ਤੌਲੀਏ ਨੂੰ ਸਿਰ ਦੇ ਚਾਰੋ ਪਾਸੇ ਪਗੜੀ ਵਾਂਗ ਬੰਨ੍ਹ ਕੇ ਇਸ ਨੂੰ 5 ਮਿੰਟ ਤੱਕ ਰਹਿਣ ਦਿਓ ਅਤੇ ਇਸ ਪ੍ਰਕਿਰਿਆ ਨੂੰ 3-4 ਵਾਰ ਦੁਹਰਾਓ। ਇਸ ਪ੍ਰਕਿਰਿਆ ਨਾਲ ਵਾਲਾਂ ਅਤੇ ਖੋਪੜੀ 'ਤੇ ਤੇਲ ਨੂੰ ਸੋਖਣ ਵਿਚ ਮਦਦ ਮਿਲਦੀ ਹੈ। ਇਸ ਤੇਲ ਨੂੰ ਪੂਰੀ ਰਾਤ ਸਿਰ 'ਤੇ ਲੱਗਾ ਰਹਿਣ ਦਿਓ ਅਤੇ ਸਵੇਰੇ ਤਾਜ਼ੇ-ਠੰਢੇ ਪਾਣੀ ਨਾਲ ਧੋ ਦਿਓ।
ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਾਣੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਇਸ ਦੌਰਾਨ ਤੁਸੀਂ ਤਾਜ਼ੇ, ਸ਼ੁੱਧ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੋ, ਕਿਉਂਕਿ ਪਾਣੀ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਕੋਸ਼ਿਕਾਵਾਂ ਦੀ ਪੌਸ਼ਟਿਕ ਪਦਾਰਥਾਂ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਪ੍ਰਦੂਸ਼ਣ ਦੀ ਵਜ੍ਹਾ ਨਾਲ ਚਮੜੀ ਨੂੰ ਹੋਏ ਨੁਕਸਾਨ ਦੀ ਭਰਪਾਈ ਪਾਣੀ ਨਾਲ ਅਸਾਨੀ ਨਾਲ ਕੀਤੀ ਜਾ ਸਕਦੀ ਹੈ।
ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਚਮੜੀ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਫੈਟੀ ਐਸਿਡ ਚਮੜੀ ਵਿਚ ਆਇਲ ਸ਼ੀਲਡ ਬਣਾ ਦਿੰਦੇ ਹਨ, ਜਿਸ ਨਾਲ ਚਮੜੀ ਨੂੰ ਪੈਰਾਬੈਂਗਣੀ ਕਿਰਨਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਆ ਮਿਲਦੀ ਹੈ। ਓਮੇਗਾ-3 ਫੈਟੀ ਐਸਿਡ ਬਰਫੀਲੇ ਪਹਾੜਾਂ ਦੀਆਂ ਨਦੀਆਂ ਵਿਚ ਪਾਈ ਜਾਣ ਵਾਲੀ ਮੱਛੀ, ਅਖਰੋਟ, ਰਾਜਮਾਹ ਅਤੇ ਪਾਲਕ ਵਿਚ ਭਰਪੂਰ ਮਾਤਰਾ ਵਿਚ ਮਿਲਦਾ ਹੈ ਜਦੋਂ ਕਿ ਓਮੇਗਾ-6 ਚਿਕਨ, ਮੀਟ, ਖਾਣ ਵਾਲੇ ਤੇਲਾਂ, ਅਨਾਜ ਅਤੇ ਖਾਧ ਬੀਜਾਂ ਵਿਚ ਪਾਇਆ ਜਾਂਦਾ ਹੈ।
ਹਵਾ ਵਿਚ ਪ੍ਰਦੂਸ਼ਣ ਅਤੇ ਗੰਦਗੀ ਨਾਲ ਅੱਖਾਂ ਵਿਚ ਜਲਣ ਅਤੇ ਲਾਲੀ ਆ ਸਕਦੀ ਹੈ। ਅੱਖਾਂ ਨੂੰ ਤਾਜ਼ੇ ਪਾਣੀ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ। ਰੂੰ ਨੂੰ ਠੰਢੇ ਗੁਲਾਬ ਜਲ ਜਾਂ ਗ੍ਰੀਨ ਟੀ ਵਿਚ ਡੁਬੋਵੋ ਅਤੇ ਇਸ ਨੂੰ ਅੱਖਾਂ ਵਿਚ ਆਈ ਪੈਡ ਦੀ ਤਰ੍ਹਾਂ ਵਰਤੋ। ਅੱਖਾਂ ਵਿਚ ਆਈ ਪੈਡ ਲਗਾਉਣ ਤੋਂ ਬਾਅਦ ਜ਼ਮੀਨ 'ਤੇ ਗੱਦੇ ਉੱਤੇ 15 ਮਿੰਟ ਤੱਕ ਆਰਾਮ ਨਾਲ ਸ਼ਵ ਆਸਣ ਦੀ ਸਥਿਤੀ ਵਿਚ ਲੰਮੇ ਪੈ ਜਾਓ। ਇਸ ਨਾਲ ਅੱਖਾਂ ਦੀ ਥਕਾਨ ਮਿਟਾਉਣ ਵਿਚ ਮਦਦ ਮਿਲਦੀ ਹੈ ਅਤੇ ਅੱਖਾਂ ਵਿਚ ਚਮਕ ਆਉਂਦੀ ਹੈ।
ਇਸ ਤੋਂ ਇਲਾਵਾ ਅੰਜੀਰ, ਬਰਗਦ, ਪਿੱਪਲ ਦਾ ਰੁੱਖ, ਸਪਾਈਡਰ ਪਲਾਂਟ ਵੀ ਹਵਾ ਨੂੰ ਸਾਫ਼ ਕਰਨ ਵਿਚ ਕਾਫੀ ਸਹਾਇਕ ਮੰਨਿਆ ਜਾਂਦਾ ਹੈ, ਕਿਉਂਕਿ ਇਹ ਹਵਾ ਵਿਚ ਮੌਜੂਦ ਜ਼ਹਿਲੀਲੇ ਤੱਤਾਂ ਨੂੰ ਸੋਖ ਲੈਂਦੇ ਹਨ। ਇਸ ਤੋਂ ਇਲਾਵਾ ਸਾਨਸੇਵੀਰਿਆ ਜਿਸ ਨੂੰ ਆਮ ਭਾਸ਼ਾ ਵਿਚ ਸਨੇਕ ਪਲਾਂਟ ਕਿਹਾ ਜਾਂਦਾ ਹੈ, ਵੀ ਹਵਾ ਪ੍ਰਦੂਸ਼ਣ ਨੂੰ ਰੋਕਣ ਅਤੇ ਤਾਜ਼ਾ-ਸ਼ੁੱਧ ਹਵਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਸਨੇਕ ਪਲਾਂਟ ਨੂੰ ਆਮ ਤੌਰ 'ਤੇ ਬੈੱਡਰੂਮ ਵਿਚ ਰੱਖਿਆ ਜਾਂਦਾ ਹੈ ਅਤੇ ਇਸ ਦੀ ਦੇਖਭਾਲ ਵੀ ਕਾਫੀ ਆਸਾਨ ਅਤੇ ਆਮ ਹੈ। ਇਸ ਤੋਂ ਇਲਾਵਾ ਏਰੇਕਾ ਪਾਮ, ਇੰਗਲਿਸ਼ ਆਈਵੀ, ਵੋਸਟਨਫਰਨ ਅਤੇ ਪੀਸ ਲਿਲੋ ਵਰਗੇ ਪੌਦੇ ਵੀ ਭਾਰਤ ਵਿਚ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਵਾਤਾਵਰਨ ਦੇ ਦੋਸਤ ਮੰਨੇ ਜਾਂਦੇ ਹਨ।


ਖ਼ਬਰ ਸ਼ੇਅਰ ਕਰੋ

ਬਦਬੂਆਂ ਨੂੰ ਦੂਰ ਰੱਖੋ

ਮੂੰਹ ਦੀ ਬਦਬੂ : ਮੂੰਹ ਵਿਚੋਂ ਬਦਬੂ ਆਉਣ ਦਾ ਮੁੱਖ ਕਾਰਨ ਹੈ ਦੰਦਾਂ ਦੀ ਸਫ਼ਾਈ ਨਾ ਹੋਣਾ ਅਤੇ ਭੋਜਨ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਮੂੰਹ ਦੀ ਸਫ਼ਾਈ ਨਾ ਕਰਨਾ। ਹੌਲੀ-ਹੌਲੀ ਦੰਦਾਂ ਦੇ ਸੁਰਾਖਾਂ ਵਿਚ ਖਾਧ ਪਦਾਰਥ ਜਮ੍ਹਾਂ ਹੋ ਕੇ ਸੜਨ ਲਗਦੇ ਹਨ।
ਮੂੰਹ ਵਿਚ ਦਰਾਰ ਜਾਂ ਛਾਲੇ ਹੋਣ ਤਾਂ ਉਨ੍ਹਾਂ ਵਿਚ ਬੈਕਟੀਰੀਆ ਅਤੇ ਵਾਇਰਸ ਜੰਮੇ ਰਹਿ ਕੇ ਮੂੰਹ ਵਿਚ ਬਦਬੂ ਪੈਦਾ ਕਰਨ ਲੱਗ ਜਾਂਦੇ ਹਨ। ਉਸੇ ਤਰ੍ਹਾਂ ਜੀਭ 'ਤੇ ਮੈਲ ਜਾਂ ਗੰਦਗੀ ਦੀ ਜੰਮੀ ਹੋਈ ਪਰਤ ਨਾਲ ਵੀ ਬਦਬੂ ਆਉਣ ਲਗਦੀ ਹੈ।
ਮੂੰਹ ਅਤੇ ਸਾਹ ਨਾਲ ਨਿਕਲਣ ਵਾਲੀ ਬਦਬੂ ਨੂੰ ਰੋਕਣ ਲਈ ਮੂੰਹ ਦੀ ਸਾਫ਼-ਸਫ਼ਾਈ ਵੱਲ ਧਿਆਨ ਦੇਣਾ ਹੁੰਦਾ ਹੈ। ਦੰਦਾਂ ਨਾਲ ਸਬੰਧਤ ਕਿਸੇ ਵਿਕਾਰ ਲਈ ਦੰਦਾਂ ਦੇ ਡਾਕਟਰ ਨੂੰ ਤੁਰੰਤ ਮਿਲਣਾ ਚਾਹੀਦਾ ਹੈ। ਫਟਕੜੀ ਦੇ ਪਾਣੀ ਨਾਲ ਕੁਰਲੀ ਕਰਨੀ ਚਾਹੀਦੀ ਹੈ ਅਤੇ ਖਾਣੇ ਤੋਂ ਬਾਅਦ ਸੌਂਫ ਦੀ ਵਰਤੋਂ ਕਰਨੀ ਚਾਹੀਦੀ ਹੈ। ਕਪੂਰ ਵਾਲੇ ਪਾਣੀ ਨਾਲ ਕੁਰਲੀ ਕਰਨ 'ਤੇ ਮੂੰਹ ਅਤੇ ਸਾਹ ਨਾਲ ਨਿਕਲਣ ਵਾਲੀ ਬਦਬੂ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਰਸੋਈ ਵਿਚ ਬਦਬੂ : ਰਸੋਈ ਵਿਚ ਬਦਬੂ ਦੇ ਮੁੱਖ ਕਾਰਨਾਂ ਵਿਚੋਂ ਇਕ ਕਾਰਨ ਹੈ ਸਿੱਲ੍ਹ। ਪਾਣੀ ਦਾ ਕੰਮ ਤਾਂ ਰਸੋਈ ਵਿਚ ਰਹਿੰਦਾ ਹੀ ਹੈ, ਇਸ ਲਈ ਸਿੱਲ੍ਹ ਹੋ ਜਾਣੀ ਆਮ ਗੱਲ ਹੈ, ਖਾਸ ਕਰਕੇ ਸਿੰਕ ਦੇ ਆਸ-ਪਾਸ ਜਾਂ ਫਿਰ ਅਲਮਾਰੀਆਂ ਵਿਚ। ਇਨ੍ਹਾਂ ਬਦਬੂਆਂ ਨੂੰ ਦੂਰ ਕਰਨ ਲਈ ਰਸੋਈ ਵਿਚ ਹਵਾ ਅਤੇ ਧੁੱਪ ਦਾ ਆਉਣਾ ਜ਼ਰੂਰੀ ਹੈ।
ਰਸੋਈ ਵਿਚ ਰੱਖੇ ਕੂੜੇਦਾਨ ਨੂੰ ਨਿਯਮਤ ਸਾਫ਼ ਨਾ ਕਰਨ ਨਾਲ ਵੀ ਉਸ ਵਿਚ ਪਈਆਂ ਸਬਜ਼ੀ ਆਦਿ ਦੀਆਂ ਛਿੱਲਾਂ ਆਦਿ ਸੜ ਕੇ ਬਦਬੂ ਫੈਲਾਉਣ ਲਗਦੀਆਂ ਹਨ। ਇਸ ਲਈ ਕੂੜੇਦਾਨ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ। ਮਹੀਨੇ ਵਿਚ ਇਕ-ਦੋ ਵਾਰ ਸਾਰਾ ਸਾਮਾਨ ਕੱਢ ਕੇ ਬਾਹਰ ਧੁੱਪ ਵਿਚ ਰੱਖ ਦਿਓ। ਇਸ ਦੇ ਢਕੇ ਹੋਏ ਹਿੱਸਿਆਂ ਵਿਚ ਹਵਾ ਪ੍ਰਵੇਸ਼ ਕਰਕੇ ਸਿੱਲ੍ਹ ਨੂੰ ਸੋਖ ਸਕੇਗੀ। ਇਸ ਦੇ ਨਾਲ ਹੀ ਖਾਧ ਪਦਾਰਥਾਂ ਅਤੇ ਭਾਂਡਿਆਂ ਦੀ ਨਮੀ ਵੀ ਧੁੱਪ ਲੱਗਣ ਨਾਲ ਦੂਰ ਹੋ ਜਾਵੇਗੀ।
ਫਰਿੱਜ ਦੀ ਬਦਬੂ : ਨਿਯਮਤ ਸਫ਼ਾਈ ਦੀ ਕਮੀ ਕਾਰਨ ਫਰਿੱਜ ਵਿਚੋਂ ਬਦਬੂ ਆਉਣ ਲਗਦੀ ਹੈ। ਇਸ ਲਈ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਵਾਰ ਫਰਿੱਜ ਬੰਦ ਕਰਕੇ, ਫਿਰ ਸਾਰਾ ਸਾਮਾਨ ਕੱਢ ਕੇ ਫਰਿੱਜ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ। ਫਰਿੱਜ ਵਿਚ ਖਾਧ ਪਦਾਰਥਾਂ ਨੂੰ ਖੁੱਲ੍ਹਾ ਨਾ ਰੱਖੋ।
ਪਿਆਜ਼, ਲਸਣ, ਪੱਕੇ ਕੇਲੇ, ਪੱਕਿਆ ਹੋਇਆ ਕੱਟਿਆ ਅੰਬ ਆਦਿ ਤੇਜ਼ ਮਹਿਕ ਵਾਲੇ ਪਦਾਰਥ ਫਰਿੱਜ ਵਿਚ ਨਾ ਰੱਖੋ। ਇਸ ਦੀ ਤੇਜ਼ ਮਹਿਕ ਨਾਲ ਫਰਿੱਜ ਵਿਚ ਰੱਖੇ ਹੋਰ ਸਾਮਾਨ ਦੇ ਸਵਾਦ ਅਤੇ ਮਹਿਕ 'ਤੇ ਪ੍ਰਭਾਵ ਪੈਂਦਾ ਹੈ। ਬਦਬੂ ਦੇ ਜ਼ਿਆਦਾ ਵਧ ਜਾਣ 'ਤੇ ਕਟੋਰੀ ਵਿਚ ਥੋੜ੍ਹਾ ਜਿਹਾ ਸੋਢਾ ਬਾਈ ਕਾਰਬ ਪਾ ਕੇ ਫਰਿੱਜ ਵਿਚ ਰੱਖ ਦਿਓ। ਇਸ ਨਾਲ ਬਦਬੂ ਖ਼ਤਮ ਹੋ ਜਾਂਦੀ ਹੈ। ਸੋਡਾ ਬਾਈ ਕਾਰਬ ਨਾ ਮਿਲੇ ਤਾਂ ਫਰਿੱਜ ਵਿਚ ਇਕ-ਦੋ ਨਿੰਬੂ ਕੱਟ ਕੇ ਰੱਖਣ ਨਾਲ ਵੀ ਬਦਬੂ ਖ਼ਤਮ ਹੋ ਜਾਂਦੀ ਹੈ।

ਕੁਝ ਚਟਪਟੇ ਪਕਵਾਨ ਲਖਨਵੀ-ਚਾਟ

ਸਮੱਗਰੀ : ਉਬਲੇ ਆਲੂ-10 ਟੁਕੜੇ, ਨਮਕੀਨ ਬੂੰਦੀ-100 ਗ੍ਰਾਮ, ਮੈਦੇ ਦੀ ਪਾਪੜੀ-50 ਗ੍ਰਾਮ, ਮੂੰਗ ਦਾਲ-2 ਕੱਪ, ਨਮਕੀਨ ਦਹੀਂ-1 ਕੱਪ, ਹਰੀ ਮਿਰਚ-5 ਪੀਸ, ਅਦਰਕ ਦੇ ਟੁਕੜੇ, ਹਰਾ ਧਨੀਆ-20 ਗ੍ਰਾਮ ਚਾਟ ਮਸਾਲਾ, ਘਿਓ ਜਾਂ ਤੇਲ ਤਲਣ ਲਈ, ਖੱਟੀ ਜਾਂ ਮਿੱਠੀ ਚਟਣੀ, ਸੁੱਕੇ ਮਸਾਲੇ ਪੀਸੇ ਹੋਏ 1-1 ਚਮਚ ਅਤੇ ਨਮਕ ਸਵਾਦ ਅਨੁਸਾਰ।
ਵਿਧੀ : ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਅਦਰਕ, ਹਰੀ ਮਿਰਚ, ਨਮਕ ਪਾ ਕੇ ਪੀਸ ਲਓ। ਇਸ ਦੀਆਂ ਛੋਟੀਆਂ-ਛੋਟੀਆਂ ਪਕੌੜੀਆਂ ਬਣਾ ਕੇ ਤਲ ਲਓ। ਆਲੂ ਨੂੰ ਮਨਪਸੰਦ ਆਕਾਰ ਵਿਚ ਬਰੀਕ ਕੱਟੋ। ਜਿਸ ਪਲੇਟ ਵਿਚ ਚਾਟ ਪਰੋਸਣੀ ਹੋਵੇ, ਉਸ ਵਿਚ 5-6 ਪਕੌੜੀਆਂ, ਕੁਝ ਕੱਟੇ ਆਲੂ ਰੱਖੋ। ਇਸ ਦੇ ਉੱਪਰ ਖੱਟੀ ਜਾਂ ਮਿੱਠੀ ਚਟਣੀ, ਚਾਟ ਮਸਾਲਾ ਅਤੇ ਸੁੱਕਾ ਮਸਾਲਾ ਛਿੜਕੋ। ਉੱਪਰੋਂ ਦੀ ਦਹੀਂ ਪਾਓ ਅਤੇ ਨਮਕੀਨ ਬੂੰਦੀ, ਪਾਪੜੀ, ਧਨੀਆ ਪੱਤਾ ਨਾਲ ਸਜਾ ਕੇ ਪਰੋਸੋ।
ਪਿਆਜ਼ੀ
ਸਮੱਗਰੀ : 125 ਗ੍ਰਾਮ ਛੋਲਿਆਂ ਦੀ ਦਾਲ, 2 ਪਿਆਜ਼, ਅੱਧਾ ਕੱਚਾ ਨਾਰੀਅਲ, ਹਰੀ ਮਿਰਚ, ਅਦਰਕ, ਧਨੀਆ, ਲਾਲ ਮਿਰਚ, ਗਰਮ ਮਸਾਲਾ, ਨਮਕ, ਅਮਚੂਰ ਆਦਿ।
ਵਿਧੀ : ਦਾਲ ਨੂੰ ਭਿਉਂ ਕੇ ਦਰਦਰਾ ਪੀਸ ਲਓ ਅਤੇ ਉਸ ਵਿਚ ਸਭ ਮਸਾਲੇ ਮਿਲਾ ਕੇ ਗੋਲ-ਗੋਲ ਬਾਲ ਬਣਾ ਕੇ ਡੀਪ ਫਰਾਈ ਕਰੋ ਅਤੇ ਇਨ੍ਹਾਂ ਬਾਲਸ 'ਤੇ ਹਰੇ ਧਨੀਏ ਦੀ ਚਟਣੀ ਜਾਂ ਸਾਸ ਪਾ ਕੇ ਸਰਵ ਕਰੋ। -ਸੰਜੇ ਕੁਮਾਰ ਚਤੁਰਵੇਦੀ

ਸਰਦੀਆਂ ਵਿਚ ਕਿਹੋ ਜਿਹਾ ਹੋਵੇ ਤੁਹਾਡਾ ਪਹਿਰਾਵਾ!

ਜਦੋਂ ਵੀ ਰੁੱਤ ਆਪਣਾ ਰੰਗ ਬਦਲਦੀ ਹੈ ਤਾਂ ਮਹਿਲਾਵਾਂ ਨੂੰ ਵੀ ਆਪਣੇ ਪਹਿਰਾਵੇ ਦੇ ਰੰਗਾਂ ਵਿਚ ਤਬਦੀਲੀ ਕਰ ਲੈਣੀ ਚਾਹੀਦੀ ਹੈ।
ਫਰ ਵਾਲੇ ਕੋਟ ਹਰ ਸਰਦੀਆਂ ਦੀ ਰੁੱਤ ਵਿਚ ਹੀ ਪ੍ਰਚਲਿਤ ਰਹਿੰਦੇ ਹਨ, ਇਹ ਕੋਟ ਠੰਢ ਤੋਂ ਵੀ ਬਚਾਉਂਦੇ ਹਨ ਅਤੇ ਸੋਹਣੇ ਵੀ ਲਗਦੇ ਹਨ। ਹੁਣ ਤਾਂ ਲੇਡੀਜ਼ ਬਲਾਊਜ਼ਰ ਅਤੇ ਲੇਡੀਜ਼ ਜੈਕਟਾਂ ਵੀ ਪ੍ਰਚੱਲਿਤ ਹੋ ਗਈਆਂ ਹਨ, ਜੋ ਕਿ ਠੰਢ ਤੋਂ ਬਚਾਉਣ ਦੇ ਨਾਲ-ਨਾਲ ਸਰੀਰ ਨੂੰ ਸੋਹਣੀ ਦਿੱਖ ਵੀ ਦਿੰਦੇ ਹਨ ਅਤੇ ਤੁਹਾਡੀ ਸੁੰਦਰਤਾ ਵਿਚ ਵਾਧਾ ਕਰਦੇ ਹਨ। ਇਸ ਤੋਂ ਇਲਾਵਾ ਗਰਮ ਮਫਲਰ ਵੀ ਔਰਤਾਂ ਨੂੰ ਗਲੇ ਵਿਚ ਲਪੇਟ ਲੈਣਾ ਚਾਹੀਦਾ ਹੈ ਪਰ ਇਸ ਮਫਲਰ ਨੂੰ ਗਲੇ ਵਿਚ ਇਸ ਤਰ੍ਹਾਂ ਪਾਇਆ ਜਾਵੇ ਕਿ ਇਹ ਮਫਲਰ ਤੁਹਾਡੀ ਸੁੰਦਰਤਾ ਵਿਚ ਵਾਧਾ ਕਰੇ। ਇਸ ਤੋਂ ਇਲਾਵਾ ਰੰਗ-ਬਿਰੰਗੀ ਗਰਮ ਸ਼ਾਲ ਵੀ ਲੈ ਲੈਣੀ ਚਾਹੀਦੀ ਹੈ। ਬਜ਼ੁਰਗ ਔਰਤਾਂ ਦੇ ਕਰੀਮ ਰੰਗ ਦੀ ਸ਼ਾਲ ਚੰਗੀ ਲਗਦੀ ਹੈ। ਜਵਾਨ ਅਤੇ ਅੱਧਖੜ੍ਹ ਉਮਰ ਦੀਆਂ ਮਹਿਲਾਵਾਂ ਸ਼ੋਖ ਕਿਸਮ ਦੇ ਸਵੈਟਰ ਅਤੇ ਸ਼ਾਲਾਂ ਲੈ ਸਕਦੀਆਂ ਹਨ। ਮਹਿਲਾਵਾਂ ਅਕਸਰ ਹੀ ਗਰਮ ਕੋਟੀਆਂ, ਗਰਮ ਕੋਟਾਂ ਅਤੇ ਦਸਤਾਨਿਆਂ ਨੂੰ ਧੋਣ ਵਿਚ ਆਲਸ ਦਿਖਾਉਂਦੀਆਂ ਹਨ, ਕਿਉਂਕਿ ਸਰਦੀਆਂ ਵਿਚ ਗਰਮ ਕੱਪੜੇ ਧੋਣੇ ਅਤੇ ਸੁਕਾਉਣੇ ਬਹੁਤ ਮੁਸ਼ਕਿਲ ਹੁੰਦੇ ਹਨ। ਇਸ ਕਾਰਨ ਵੀ ਕਈ ਵਾਰ ਬੈਕਟੀਰੀਆ ਅਤੇ ਜਰਾਸੀਮ ਕੱਪੜਿਆਂ ਵਿਚ ਪੈਦਾ ਹੋ ਜਾਂਦੇ ਹਨ ਜੋ ਕਿ ਮਹਿਲਾਵਾਂ ਨੂੰ ਬਿਮਾਰ ਕਰ ਦਿੰਦੇ ਹਨ। ਇਸ ਲਈ ਸਰਦੀਆਂ ਵਿਚ ਪਾਉਣ ਵਾਲੇ ਗਰਮ ਕੱਪੜਿਆਂ ਨੂੰ ਸਮੇਂ ਸਿਰ ਧੋ ਕੇ ਧੁੱਪ ਲਗਾਉਂਦੇ ਰਹੋ।
ਦਸਤਾਨਿਆਂ ਵਿਚ ਵੀ ਬਹੁਤ ਕੀਟਾਣੂ ਹੁੰਦੇ ਹਨ, ਜਿਨ੍ਹਾਂ ਨੂੰ ਹਟਾਉਣ ਲਈ ਦਸਤਾਨੇ ਵੀ ਸਮੇਂ-ਸਮੇਂ ਧੋ ਕੇ ਸੁਕਾ ਲੈਣੇ ਚਾਹੀਦੇ ਹਨ। ਜਿਹੜੀਆਂ ਮਹਿਲਾਵਾਂ ਨੂੰ ਸਾੜ੍ਹੀ ਪਾਉਣ ਦੀ ਆਦਤ ਹੈ, ਉਹ ਸਾੜ੍ਹੀ ਦੇ ਨਾਲ ਲੰਬਾ ਕੋਟ, ਜੈਕਟ ਪਾ ਸਕਦੀਆਂ ਹਨ। ਇਸ ਦੇ ਨਾਲ ਹੀ ਸਾੜ੍ਹੀ ਨਾਲ ਬੈਲਵੇਟ ਕੋਟ ਵੀ ਸੋਹਣਾ ਲੱਗੇਗਾ। ਜੇ ਸਾੜ੍ਹੀ ਪਲੇਨ ਪਾਈ ਹੋਵੇ ਤਾਂ ਬ੍ਰੋਕੇਡ ਤੇ ਕਢਾਈ ਵਾਲੀ ਜੈਕੇਟ ਨੂੰ ਪਾਇਆ ਜਾ ਸਕਦਾ ਹੈ। ਸਾੜ੍ਹੀ ਅਤੇ ਜੈਕੇਟ ਵੱਖ-ਵੱਖ ਰੰਗਾਂ ਦੀ ਪਾਓ ਜਾਂ ਫਿਰ ਇਕ ਹੀ ਰੰਗ ਦੇ ਵੱਖਰੇ ਟੋਨ ਦੇ ਜੈਕੇਟ ਅਤੇ ਸਾੜ੍ਹੀ ਨੂੰ ਪਾਓ। ਸਰਦੀਆਂ ਵਿਚ ਸੂਟ ਦੇ ਉੱਪਰ ਕਰੋਸ਼ੀਏ ਨਾਲ ਬੁਣੇ ਗੁਲਾਬੀ ਜਾਂ ਸਫੈਦ ਰੰਗ ਦੇ ਪੱਲੂ ਜਾਂ ਕ੍ਰੋਸ਼ੀਏ ਨਾਲ ਬਣੀਆਂ ਰੰਗਦਾਰ ਜਾਂ ਇਕ ਰੰਗ ਦੀਆਂ ਜੈਕਟਾਂ ਵੀ ਪਾਈਆਂ ਜਾ ਸਕਦੀਆਂ ਹਨ। ਕ੍ਰੋਸ਼ੀਏ ਨਾਲ ਬੁਣੀਆਂ ਜੈਕਟਾਂ ਬਹੁਤ ਸੋਹਣੀਆਂ ਲਗਦੀਆਂ ਹਨ, ਜੋ ਕਿ ਸੋਹਣੀਆਂ ਮੁਟਿਆਰਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੰਦੀਆਂ ਹਨ। ਕ੍ਰੋਸ਼ੀਏ ਦੀ ਜੈਕਿਟ ਭਾਵੇਂ ਅੱਲੜ ਤੇ ਨੌਜਵਾਨ ਕੁੜੀਆਂ ਦੇ ਜ਼ਿਆਦਾ ਸੋਹਣੀ ਲੱਗਦੀ ਹੈ, ਪਰ ਕ੍ਰੋਸ਼ੀਏ ਦੀ ਜੈਕਟ ਜਾਂ ਕ੍ਰੋਸ਼ੀਏ ਨਾਲ ਬਣੇ ਪੱਲੂ ਨੂੰ ਹਰ ਵਰਗ ਉਮਰ ਦੀਆਂ ਮਹਿਲਾਵਾਂ ਆਪਣੇ ਸੂਟ ਨਾਲ ਮੈਚਿੰਗ ਕਰ ਕੇ ਪਾ ਸਕਦੀਆਂ ਹਨ।
ਸਰਦ ਹਵਾਵਾਂ ਤੋਂ ਬਚਣ ਲਈ ਸਕਾਰਫ ਦੀ ਥਾਂ ਹਾਈ ਨੇਕ ਬਲਾਉੂਜ਼ ਜਾਂ ਸਾੜ੍ਹੀ ਦੇ ਉੱਪਰ ਸਵੈਟਰ ਵੀ ਪਾਇਆ ਜਾ ਸਕਦਾ ਹੈ। ਸਿਤਾਰਿਆਂ ਵਾਲੇ ਅਤੇ ਮਣਕਿਆਂ ਵਾਲੇੇ ਅਤੇ ਕੁਝ ਚਮਕਦਾਰ ਅਤੇ ਸ਼ਾਈਨਿੰਗ ਸਵੈਟਰ ਸਾੜ੍ਹੀ ਉੱਪਰ ਸੋਹਣੇ ਲਗਦੇ ਹਨ। ਸਰਦੀਆਂ ਦੇ ਦਿਨਾਂ ਵਿਚ ਵਿਆਹ-ਸ਼ਾਦੀਆਂ ਮੌਕੇ ਜਾਂ ਹੋਰ ਪਾਰਟੀਆਂ ਮੌਕੇ ਵੱਖ-ਵੱਖ ਡਿਜ਼ਾਈਨਾਂ ਵਾਲੀ ਲੰਬੀ ਵੂਲਨ ਟੀ ਸ਼ਰਟ ਵੀ ਪਾਈ ਜਾ ਸਕਦੀ ਹੈ, ਇਸ ਟੀ-ਸ਼ਰਟ ਉੱਪਰ ਚੌੜੀ ਬੈਲਟ ਵੀ ਲਗਾਈ ਜਾ ਸਕਦੀ ਹੈ। ਸਰਦੀਆਂ ਦੀਆਂ ਪਾਰਟੀਆਂ ਵਿਚ ਜਾਣ ਸਮੇਂ ਤੁਸੀਂ ਓਪਨ ਕੋਟ ਵੀ ਪਾ ਸਕਦੀਆਂ ਹੋ। ਕੋਟ ਨਾਲ ਮੈਚਿੰਗ ਕਰਦਾ ਸਟੌਲ ਗਲੇ ਵਿਚ ਰਾਊਂਡ ਕਰਕੇ ਪਾਉਣਾ ਸੋਹਣਾ ਲਗਦਾ ਹੈ ਜਾਂ ਫਿਰ ਕਾਊਲ ਨੈਕ ਟੀ-ਸ਼ਰਟ ਵੀ ਪਾਈ ਜਾ ਸਕਦੀ ਹੈ। ਅੱਲੜ ਤੇ ਨੌਜਵਾਨ ਕੁੜੀਆਂ ਦੇ ਜੀਨ ਅਤੇ ਜੀਨ ਦੀ ਜੈਕਿਟ ਬਹੁਤ ਸੋਹਣੀ ਲਗਦੀ ਹੈ। ਸਰਦੀਆਂ ਵਿਚ ਜੀਨ ਦੀ ਪੈਂਟ ਦੇ ਨਾਲ ਜੀਨ ਦੀ ਗਰਮ ਸ਼ਰਟ ਵੀ ਅੱਲੜ ਤੇ ਨੌਜਵਾਨ ਕੁੜੀਆਂ ਪਾਉਣ ਨੂੰ ਤਰਜੀਹ ਦਿੰਦੀਆਂ ਹਨ, ਜੋ ਕਿ ਉਨ੍ਹਾਂ ਦੇ ਬਹੁਤ ਫੱਬਦੀ ਹੈ। ਸਰਦੀਆਂ ਦੇ ਦਿਨਾਂ ਵਿਚ ਤਾਂ ਘਰ ਵਿਚ ਹੀ ਰਹਿੰਦੇ ਹੋਏ ਆਮ ਮੋਟੇ ਕੱਪੜੇ ਅਤੇ ਸਵੈਟਰ ਕੋਟੀ ਆਦਿ ਪਾਏ ਜਾ ਸਕਦੇ ਹਨ ਪਰ ਘਰ ਤੋਂ ਸਕੂਲ, ਕਾਲਜ, ਦਫਤਰ, ਬਾਜ਼ਾਰ ਅਤੇ ਵਿਆਹ-ਸ਼ਾਦੀ ਤੇ ਪਾਰਟੀ ਆਦਿ ਵਿਚ ਜਾਂਦੇ ਸਮੇਂ ਫੈਸ਼ਨੇਬਲ ਕੱਪੜੇ ਪਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਪਰ ਇਹ ਕੱਪੜੇ ਅਜਿਹੇ ਹੋਣ ਜੋ ਕਿ ਗਰਮ ਹੋਣ ਕਰਕੇ ਨਿੱਘ ਵੀ ਦੇਣ ਅਤੇ ਸੋਹਣੇ ਵੀ ਲੱਗਣ, ਅਜਿਹੇ ਕੱਪੜੇ ਤੁਹਾਡੀ ਸੁੰਦਰਤਾ ਨੂੰ ਵਧਾ ਦਿੰਦੇ ਹਨ।

ਲੱਕੀ ਨਿਵਾਸ, 61-ਏ, ਵਿਦਿਆ ਨਗਰ, ਨੇੜੇ ਕੁੜੀਆਂ ਦਾ ਹੋਸਟਲ, ਪਟਿਆਲਾ। ਮੋਬਾ: 94638-19174

ਕਿਵੇਂ ਸੁਧਾਰੀਏ ਚਿੜਚਿੜੇ ਸੁਭਾਅ ਵਾਲੇ ਬੱਚਿਆਂ ਨੂੰ?

ਸਮਾਂ ਰਹਿੰਦਿਆਂ ਬੱਚੇ ਦੇ ਚਿੜਚਿੜੇਪਨ ਦੇ ਕਾਰਨਾਂ ਨੂੰ ਪਛਾਣ ਕੇ ਜੇਕਰ ਸੁਧਾਰਿਆ ਨਾ ਜਾਵੇ ਤਾਂ ਬੱਚੇ ਨੂੰ ਤੇ ਉਸ ਦੇ ਨਾਲ ਜੁੜੇ ਰਿਸ਼ਤਿਆਂ ਨੂੰ ਸਾਰੀ ਉਮਰ ਇਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਇਹ ਅਕਸਰ ਹੀ ਵੇਖਣ 'ਚ ਆਇਆ ਹੈ ਕਿ ਮਾਪੇ ਅਜਿਹੇ ਬੱਚਿਆਂ ਨੂੰ ਸਮਝੇ ਬਗ਼ੈਰ ਸੁਧਾਰਨ ਹਿਤ ਮਾਰਕੁੱਟ ਦਾ ਆਸਰਾ ਲੈਂਦੇ ਹਨ, ਜੋ ਕਿ ਬੱਚੇ ਦੇ ਚਿੜਚਿੜੇਪਨ ਵਿਚ ਹੋਰ ਵਾਧਾ ਕਰਕੇ ਉਸ ਨੂੰ ਦੱਬੂ ਜਾਂ ਮਾਨਸਿਕ ਤੌਰ 'ਤੇ ਹੋਰ ਪ੍ਰੇਸ਼ਾਨ ਬਾਲਕ ਬਣਾ ਦਿੰਦਾ ਹੈ। ਮਨੋਵਿਗਿਆਨੀ ਅਜਿਹੇ ਬੱਚਿਆਂ ਨੂੰ ਪਿਆਰ, ਦੁਲਾਰ, ਸਤਿਕਾਰ ਤੇ ਹਮਦਰਦੀ ਭਰੇ ਵਤੀਰੇ ਨਾਲ ਸੁਧਾਰਨ ਦੀ ਸਿਫ਼ਾਰਸ਼ ਕਰਦੇ ਹਨ। ਜ਼ਿਆਦਾ ਚਿੜਚਿੜੇ ਹੋ ਚੁੱਕੇ ਜਾਂ ਪ੍ਰੇਸ਼ਾਨੀ ਪੈਦਾ ਕਰਨ ਵਾਲੇ ਬੱਚੇ ਬਣ ਚੁੱਕੇ ਬੱਚਿਆਂ ਨੂੰ ਸੁਧਾਰਨ ਹਿਤ ਆਓ ਕੁਝ ਅਹਿਮ ਨੁਕਤਿਆਂ ਵੱਲ ਧਿਆਨ ਦੇਈਏ :
* ਸਭ ਤੋਂ ਪਹਿਲਾਂ ਅਜਿਹੇ ਬੱਚੇ ਨਾਲ ਪਿਆਰ ਤੇ ਹਮਦਰਦੀ ਦਾ ਵਤੀਰਾ ਅਪਣਾ ਕੇ ਉਸ ਦੇ ਦੋਸਤ ਬਣਨ ਦਾ ਯਤਨ ਕਰਨਾ ਚਾਹੀਦਾ ਹੈ, ਤਾਂ ਜੋ ਉਸ ਦਾ ਵਿਸ਼ਵਾਸ ਜਿੱਤ ਕੇ ਉਸ ਦੀ ਸਮੱਸਿਆ ਦੀ ਜੜ੍ਹ ਤੱਕ ਪੁੱਜਿਆ ਜਾ ਸਕੇ।
* ਉਸ ਨਾਲ ਨਿਰਪੱਖ ਵਤੀਰਾ ਅਪਣਾਇਆ ਜਾਵੇ ਤੇ ਘਰ ਵਿਚ ਉਸ ਨੂੰ ਅਤਿ ਸੁਖਾਵਾਂ ਵਾਤਾਵਰਨ ਪ੍ਰਦਾਨ ਕੀਤਾ ਜਾਵੇ।
* ਹਰੇਕ ਛੋਟੀ ਗ਼ਲਤੀ ਵਾਸਤੇ ਉਸ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ ਤੇ ਕਿਸੇ ਵੀ ਹਾਲਤ ਵਿਚ ਦੂਜਿਆਂ ਸਾਹਮਣੇ ਉਸ ਨੂੰ ਝਿੜਕਿਆ ਨਾ ਜਾਵੇ।
* ਬੱਚੇ ਨਾਲ ਗੱਲਬਾਤ ਕਰ ਕੇ ਉਸ ਦੀਆਂ ਛੋਟੀਆਂ-ਵੱਡੀਆਂ ਜ਼ਰੂਰਤਾਂ ਦੀ ਜਾਣਕਾਰੀ ਹਾਸਲ ਕੀਤੀ ਜਾਵੇ ਤੇ ਜਾਇਜ਼ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਨਾ ਪੂਰੀ ਕਰਨ ਯੋਗ ਲੋੜ ਨੂੰ ਦਲੀਲ ਨਾਲ ਨਕਾਰਿਆ ਜਾਵੇ, ਗੁੱਸੇ ਨਾਲ ਨਹੀਂ। ਪਰਿਵਾਰ ਨੂੰ ਦਰਪੇਸ਼ ਆਰਥਿਕ ਮੁਸ਼ਕਿਲਾਂ ਸਬੰਧੀ ਉਸ ਨੂੰ ਵਿਸਥਾਰ ਨਾਲ ਦੱਸ ਕੇ ਉਸ ਨੂੰ ਵਿਸ਼ਵਾਸ ਵਿਚ ਲਿਆ ਜਾਵੇ ਤਾਂ ਕਿ ਉਸ ਦੀ ਮੰਗ ਪੂਰੀ ਨਾ ਹੋ ਸਕਣ ਦਾ ਅਸਲ ਕਾਰਨ ਉਸ ਨੂੰ ਪਤਾ ਹੋਵੇ ਤੇ ਉਹ ਬੇਕਾਰ ਦੀ ਜ਼ਿੱਦ ਨਾ ਕਰੇ।
* ਆਉਣ ਵਾਲੇ ਸਮੇਂ ਬਾਰੇ ਵੱਡੇ-ਵੱਡੇ ਸੁਪਨੇ ਬੱਚੇ ਨੂੰ ਨਾ ਵਿਖਾਏ ਜਾਣ ਤੇ ਉਸ ਨੂੰ ਹਕੀਕਤ ਦੇ ਰੂਬਰੂ ਰੱਖ ਕੇ ਜ਼ਿੰਦਗੀ ਜਿਊਣ ਦਾ ਹੁਨਰ ਸਿਖਾਇਆ ਜਾਵੇ। ਕਿਸੇ ਤਰ੍ਹਾਂ ਦੇ ਵੀ ਖ਼ਿਆਲੀ ਪੁਲਾਅ ਪਕਾ ਕੇ ਬੱਚੇ ਦੀ ਕਲਪਨਾ ਨਾਲ ਮਜ਼ਾਕ ਨਾ ਕੀਤਾ ਜਾਵੇ ਤੇ ਬੱਚੇ ਦੇ ਮਨ 'ਤੇ ਵਾਧੂ ਦਾ ਬੋਝ ਨਾ ਪਾਇਆ ਜਾਵੇ।
* ਪੜ੍ਹਾਈ-ਲਿਖਾਈ ਦਾ ਸਬੰਧ ਸੂਝ-ਬੂਝ ਨਾਲ ਹੈ ਤੇ ਗਿਆਨ ਨੂੰ ਸਮਝਣ ਤੇ ਆਪਣੇ ਅੰਦਰ ਸਮਾਉਣ ਦਾ ਹਰੇਕ ਬੱਚੇ ਦਾ ਪੱਧਰ ਵੱਖ-ਵੱਖ ਹੁੰਦਾ ਹੈ। ਬੱਚੇ ਦੀ ਬੌਧਿਕ ਸਮਰੱਥਾ ਨੂੰ ਪਛਾਣ ਕੇ ਉਸ ਨੂੰ ਉਸ ਦੇ ਪੱਧਰ ਤੱਕ ਹੀ ਨਤੀਜੇ ਹਾਸਲ ਕਰਨ ਲਈ ਪ੍ਰੇਰਿਆ ਜਾਵੇ ਤੇ ਪ੍ਰਸੰਸਾ ਕੀਤੀ ਜਾਵੇ। ਉਸ ਤੋਂ ਉੱਚਾ ਦਿਮਾਗੀ ਪੱਧਰ ਰੱਖਣ ਵਾਲੇ ਬੱਚਿਆਂ ਨਾਲ ਉਸ ਦੀ ਤੁਲਨਾ ਕਰਕੇ ਉਸ ਨੂੰ ਨੀਵਾਂ ਦਰਸਾਉਣ ਦਾ ਯਤਨ ਹਰਗ਼ਿਜ਼ ਨਹੀਂ ਕਰਨਾ ਚਾਹੀਦਾ। ਪੜ੍ਹਾਈ ਦੇ ਨਾਲ-ਨਾਲ ਬੱਚੇ ਨੂੰ ਖੇਡਾਂ ਤੇ ਮਨਪ੍ਰਚਾਵੇ ਦੇ ਹੋਰ ਕਾਰਜਾਂ ਲਈ ਸਮਾਂ ਦੇਣ ਦੀ ਖੁੱਲ੍ਹ ਪ੍ਰਦਾਨ ਕਰਨੀ ਚਾਹੀਦੀ ਹੈ। ਖੇਡਾਂ ਜਾਂ ਕਲਾ ਦੀ ਜਿਸ ਵੰਨਗੀ ਵਿਚ ਉਸ ਦੀ ਰੁਚੀ ਹੈ, ਉਸ ਨੂੰ ਅੱਗੇ ਵਧਾਉਣ ਵਿਚ ਉਸ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।
ਸੋ ਉਕਤ ਕੁਝ ਇਕ ਨੁਕਤਿਆਂ ਨੂੰ ਧਿਆਨ 'ਚ ਰੱਖ ਕੇ ਅਸੀਂ ਬੱਚੇ ਦੀ ਸੋਚ, ਸੁਭਾਅ, ਕਾਰਜ ਸ਼ੈਲੀ ਅਤੇ ਸ਼ਖ਼ਸੀਅਤ ਵਿਚ ਵੱਡੇ ਸੁਧਾਰ ਲਿਆ ਸਕਦੇ ਹਾਂ ਤੇ ਇਕ ਚੰਗੇ ਸਮਾਜ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਉਸ ਨੂੰ ਤਿਆਰ ਕਰ ਸਕਦੇ ਹਾਂ।

-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ। ਮੋਬਾ: 62842-20595

ਜ਼ਿੰਦਗੀ ਜੀਵੋ ਆਪਣੀ ਮਰਜ਼ੀ ਨਾਲ

ਇਹ ਜ਼ਿੰਦਗੀ ਸਾਡੀ ਹੈ, ਸਾਨੂੰ ਆਪਣੀ ਮਰਜ਼ੀ ਨਾਲ ਜਿਊਣੀ ਚਾਹੀਦੀ ਹੈ। ਜੋ ਸਾਡੇ ਲਈ ਸਹੀ ਹੈ, ਉਹੀ ਕਰਨਾ ਚਾਹੀਦਾ ਹੈ। ਲੋਕਾਂ ਦੀਆਂ ਗੱਲਾਂ ਜ਼ਰੂਰ ਸੁਣੋ, ਜੋ ਸਾਡੇ ਲਈ ਸਹੀ ਹੈ, ਉਹੀ ਕਰੋ। ਜਿਵੇਂ ਕੋਈ ਗਰੀਬ ਪਰਿਵਾਰ ਵਿਚੋਂ ਹੈ ਅਤੇ ਉਹ ਪੜ੍ਹਨਾ ਚਾਹੁੰਦਾ ਹੈ ਪਰ ਮਾਤਾ-ਪਿਤਾ ਖਰਚਾ ਨਹੀਂ ਕਰ ਸਕਦੇ ਤਾਂ ਸਾਨੂੰ ਪੜ੍ਹਾਈ ਦੇ ਨਾਲ-ਨਾਲ ਕੋਈ ਕੰਮ ਵੀ ਕਰਨਾ ਚਾਹੀਦਾ ਹੈ ਅਤੇ ਆਪਣਾ ਖਰਚਾ ਆਪ ਕਰਨਾ ਚਾਹੀਦਾ ਹੈ। ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕ ਕੀ ਕਹਿਣਗੇ?
ਸਾਡੇ ਲਈ ਸਹੀ-ਗ਼ਲਤ ਕੀ ਹੈ, ਉਹ ਸਾਨੂੰ ਆਪ ਸੋਚਣਾ ਚਾਹੀਦਾ ਹੈ। ਲੋਕਾਂ ਦੇ ਕਹਿਣ ਅਨੁਸਾਰ ਨਾ ਚੱਲੋ। ਕਿਸੇ ਦੇ ਕਹਿਣ 'ਤੇ ਆਪਣੇ ਸੁਪਨੇ ਖਰਾਬ ਨਾ ਕਰੋ। ਜੇਕਰ ਤੁਹਾਡਾ ਧਿਆਨ ਗਾਉਣ ਵੱਲ ਹੈ ਤਾਂ ਵੀ ਤੁਸੀਂ ਇੰਜੀਨੀਅਰਿੰਗ ਵਿਚ ਦਾਖਲਾ ਲੈ ਲਵੋਗੇ ਤਾਂ ਤੁਸੀਂ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰ ਸਕੋਗੇ। ਫਿਰ ਤੁਹਾਡੇ ਸੁਪਨੇ ਅੰਦਰੋਂ ਖ਼ਤਮ ਹੋ ਜਾਣਗੇ ਅਤੇ ਤੁਹਾਨੂੰ ਦੁੱਖ ਲੱਗੇਗਾ।
ਲੋਕਾਂ ਨੂੰ ਸਾਡੇ ਕਿਸੇ ਵੀ ਕੰਮ ਨਾਲ ਕੋਈ ਫਰਕ ਨਹੀਂ ਪੈਣਾ। ਫਰਕ ਸਿਰਫ ਸਾਨੂੰ ਪੈਣਾ, ਇਸ ਕਰਕੇ ਲੋਕਾਂ ਦੀ ਪ੍ਰਵਾਹ ਨਾ ਕਰੋ। ਅਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ।
ਲੋਕਾਂ ਦੀਆਂ ਗੱਲਾਂ ਨੂੰ ਸੁਣਨ ਨਾਲ ਅਸੀਂ ਕਈ ਵਾਰ ਸਹੀ ਅਤੇ ਕਈ ਵਾਰ ਗ਼ਲਤ ਸਾਬਤ ਹੋ ਜਾਂਦੇ ਹਾਂ। ਆਪਣੀ ਜ਼ਿੰਦਗੀ ਲੋਕਾਂ ਦੀਆਂ ਗੱਲਾਂ 'ਤੇ ਨਿਰਭਰ ਨਾ ਰੱਖੋ। ਲੋਕਾਂ ਦੇ ਮਗਰ ਨਾ ਲੱਗੋ। ਆਪਣੇ ਲਈ ਕੀ ਸਹੀ ਹੈ, ਖੁਦ ਦੇਖੋ।
ਲੋਕਾਂ ਦੇ ਵਿਚਾਰ ਬਦਲਦੇ ਰਹਿੰਦੇ ਹਨ। ਜੇਕਰ ਬੰਦਾ ਕਿਸੇ ਕੰਮ ਵਿਚ ਸਫਲ ਹੋ ਜਾਵੇ ਤਾਂ ਲੋਕ ਉਸ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ ਅਤੇ ਜੇ ਕਿਸੇ ਬੰਦੇ ਦਾ ਕੋਈ ਕੰਮ ਨਾ ਚੱਲੇ ਤਾਂ ਲੋਕ ਉਸ ਦੀ ਬੁਰਾਈ ਕਰਦੇ ਨਹੀਂ ਥੱਕਦੇ। ਇਸ ਲਈ ਲੋਕ ਕੀ ਕਹਿਣਗੇ, ਇਹ ਕਦੇ ਨਾ ਸੋਚੋ। ਜੋ ਸਾਡੇ ਲਈ ਸਹੀ ਹੈ, ਉਹੀ ਕਰੋ। ਜ਼ਿੰਦਗੀ ਸਾਡੀ ਹੈ ਅਤੇ ਇਸ ਨੂੰ ਆਪਣੇ ਅਨੁਸਾਰ ਚਲਾਵੋ। ਖੁੱਲ੍ਹ ਕੇ ਜੀਵੋ। ਲੋਕਾਂ ਦੀਆਂ ਗੱਲਾਂ ਨੂੰ ਅਣਸੁਣਾ ਕਰੋ ਅਤੇ ਖੁਸ਼ ਰਹੋ।

-ਸ਼ਹਾਬਦੀ ਨੰਗਲ, ਹੁਸ਼ਿਆਰਪੁਰ।
ਮੋਬਾ: 97793-68243

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX