ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 ਮੈਚ : ਵੈਸਟ ਇੰਡੀਜ਼ ਨੇ ਦੂਸਰੇ ਟੀ20 ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਦਿੱਤੀ ਮਾਤ
. . .  1 day ago
ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ
. . .  1 day ago
ਲੁਧਿਆਣਾ, 8 ਦਸੰਬਰ (ਪੁਨੀਤ ਬਾਵਾ)-ਛੋਟੀ ਉਮਰ ਵਿਚ ਸੂਫ਼ੀ ਗਾਇਕੀ ਵਿਚ ਵਿਸ਼ਵ ਭਰ ਵਿਚ ਆਪਣਾ ਨਾਮ ਬਣਾਉਣ ਵਾਲੇ ਸੂਫ਼ੀ ਪੰਜਾਬੀ ਗਾਇਕ ਵਿੱਕੀ ਬਾਦਸ਼ਾਹ ਦਾ ਅੱਜ ਸ਼ਾਮ ਦਿਲ ਦੀ ਧੜਕਣ ਰੁਕਣ ਕਰਕੇ ਅਚਾਨਕ ਦਿਹਾਂਤ...
ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 171 ਦਾ ਟੀਚਾ
. . .  1 day ago
ਉਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ ਗਤਕਾ ਟੀਮ ਦੇ ਦੋ ਨੌਜਵਾਨਾਂ ਦੀ ਮੌਤ, ਕਈ ਜ਼ਖਮੀ
. . .  1 day ago
ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ) - ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ, ਆਗਰਾ ਦੀ ਗਤਕਾ ਟੀਮ ਦੇ ਦੋ ਸਿੱਖ ਨੌਜਵਾਨਾਂ ਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨੇੜੇ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦਕਿ 7 ਨੌਜਵਾਨ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਲਖਨਊ ਨੇੜਲੇ ਹਸਪਤਾਲ ਵਿਚ...
ਵੈਸਟ ਇੰਡੀਜ਼ ਨੂੰ ਮਿਲੀ ਤੀਸਰੀ ਸਫਲਤਾ : ਸ਼ਿਵਮ ਦੂਬੇ 54 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 10 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਨੌਜਵਾਨ ਹਰਫ਼ਨ-ਮੌਲਾ ਖਿਡਾਰੀ ਸ਼ਿਵਮ ਦੂਬੇ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਭਾਰਤ ਦਾ ਦੂਸਰਾ ਖਿਡਾਰੀ (ਰੋਹਿਤ ਸ਼ਰਮਾ) 15 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਖ਼ਿਲਾਫ਼ 304 ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ, 8 ਦਸੰਬਰ - ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ 'ਚ ਪੁਲਿਸ ਵੱਲੋਂ ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੇ ਖ਼ਿਲਾਫ਼ ਆਈ.ਪੀ.ਸੀ ਦੀ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 5 ਓਵਰਾਂ ਤੋਂ ਬਾਅਦ ਭਾਰਤ 37/1
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਵਧ ਰਹੀ ਆਬਾਦੀ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ

ਦੇਸ਼ ਦੀ '47 ਦੀ ਵੰਡ ਵੇਲੇ ਭਾਰਤ ਦੀ ਆਬਾਦੀ 35 ਕਰੋੜ ਸੀ। 11 ਜੁਲਾਈ, 1987 ਨੂੰ ਅਸੀਂ ਇਕ ਅਰਬ ਹੋ ਗਏ ਸਾਂ। ਔਸਤਨ ਹਰ ਸਾਲ 2 ਕਰੋੜ ਦਾ ਵਾਧਾ ਹੋ ਰਿਹਾ ਹੈ। ਭਾਰਤ ਦੀ ਆਬਾਦੀ ਰੂਸ, ਅਮਰੀਕਾ ਅਤੇ ਇੰਡੋਨੇਸ਼ੀਆ ਦੀ ਕੁੱਲ ਆਬਾਦੀ ਤੋਂ ਵੀ ਵੱਧ ਹੈ ਅਤੇ ਇਸ ਵਿਚ ਲਗਾਤਾਰ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ। ਇਸ ਵਾਧੇ ਨੇ ਦੇਸ਼ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਅਤੇ ਰਿਸ਼ਵਤਖੋਰੀ, ਇਹ ਸਭ ਵੱਧ ਆਬਾਦੀ ਦੀ ਹੀ ਦੇਣ ਹਨ। ਦੇਸ਼ ਦਾ ਨੌਜਵਾਨ ਜਿਸ ਨੂੰ ਅਸੀਂ ਦੇਸ਼ ਦਾ ਸਰਮਾਇਆ ਕਹਿ ਕੇ ਵਡਿਆਉਂਦੇ ਹਾਂ, ਅੱਜ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਡਿਗਰੀ ਪ੍ਰਾਪਤ ਨੌਜਵਾਨ ਵੀ ਵਿਹਲੇ ਫਿਰ ਰਹੇ ਹਨ। ਹਰ ਨੌਜਵਾਨ ਸਹੀ ਜਾਂ ਗ਼ਲਤ ਤਰੀਕੇ ਨਾਲ ਦੂਜੇ ਦੇਸ਼ਾਂ ਵਿਚ ਜਾਣ ਦੀ ਫਿਰਾਕ ਵਿਚ ਰਹਿੰਦਾ ਹੈ। ਇਨ੍ਹਾਂ ਵਿਚ ਬਹੁਤ ਸਾਰੇ ਜ਼ਮੀਨ, ਘਰ ਵੇਚ ਕੇ ਜਾਂ ਕਰਜ਼ਾ ਚੁੱਕ ਕੇ ਬਾਹਰ ਜਾਣ ਲਈ ਯਤਨ ਕਰਦੇ ਹਨ। ਕਈ-ਕਈ ਰਾਤਾਂ ਜੰਗਲਾਂ, ਉਜਾੜਾਂ ਵਿਚੋਂ ਲੰਘਦੇ ਆਪਣੀ ਮੰਜ਼ਿਲ ਵੱਲ ਵਧਦੇ ਹਨ। ਵਧ ਰਹੀ ਆਬਾਦੀ ਕਾਰਨ ਹੋਰ ਕਾਲਜ, ਸਕੂਲ, ਸੜਕਾਂ, ਹਸਪਤਾਲ, ਰਿਹਾਇਸ਼ੀ ਕਾਲੋਨੀਆਂ ਆਦਿ ਦੀ ਵੀ ਲੋੜ ਪੈ ਰਹੀ ਹੈ। ਇਸ ਨਾਲ ਪ੍ਰਦੂਸ਼ਣ ਵੀ ਦਿਨ ਦੁੱਗਣੀ-ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਕਿਸਾਨਾਂ ਦੀਆਂ ਜ਼ਮੀਨਾਂ ਮੁਰੱਬਿਆਂ ਤੋਂ ਘਟ ਕੇ ਕਿੱਲੇ, ਕਨਾਲਾਂ ਤੱਕ ਪੁੱਜ ਗਈਆਂ ਹਨ, ਜੋ ਪਰਿਵਾਰ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀਆਂ। ਕਰਜ਼ਾ ਚੁੱਕਣ ਲਈ ਮਜਬੂਰ ਹੋਇਆ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਗਰੀਬ ਮਜ਼ਦੂਰ ਵੀ ਮਹਿੰਗਾਈ ਦੀ ਮਾਰ ਹੇਠ ਹੈ। ਜੇਕਰ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਕਈ-ਕਈ ਸਾਲ ਪੱਕੇ ਹੀ ਨਹੀਂ ਕੀਤਾ ਜਾਂਦਾ, ਤਨਖਾਹਾਂ ਘੱਟ ਦਿੱਤੀਆਂ ਜਾਂਦੀਆਂ ਹਨ, ਉਹ ਵੀ ਧਰਨੇ-ਮੁਜ਼ਾਹਰੇ ਕਰਨ ਲਈ ਮਜਬੂਰ ਹਨ। ਲੋਕਾਂ ਦੀ ਖਾਧ-ਖੁਰਾਕ ਦੀਆਂ ਲੋੜਾਂ ਪੂਰੀਆਂ ਕਰਨ ਲਈ ਧਰਤੀ ਵਿਚ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਭਰਪੂਰ ਵਰਤੋਂ ਕੀਤੀ ਜਾ ਰਹੀ ਹੈ। ਘਟੀਆ ਅਤੇ ਮਿਲਾਵਟ ਵਾਲੇ ਭੋਜਨ ਨੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਦਾ ਅੱਗੇ ਕਦੇ ਨਾਂਅ ਵੀ ਨਹੀਂ ਸੀ ਸੁਣਿਆ। ਇਕ ਸਰਵੇਖਣ ਅਨੁਸਾਰ ਭਾਰਤ ਵਿਚ ਬਹੁਤ ਸਾਰੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਪੇਟ ਭਰ ਖਾਣ ਲਈ ਭੋਜਨ ਵੀ ਪ੍ਰਾਪਤ ਨਹੀਂ ਹੋ ਰਿਹਾ। ਦੇਸ਼ ਦਾ ਭਵਿੱਖ ਬੱਚੇ ਸਕੂਲ ਜਾਣ ਦੀ ਥਾਂ ਮਿਹਨਤ-ਮਜ਼ਦੂਰੀ ਕਰਨ ਲਈ ਮਜਬੂਰ ਹਨ। ਕੀ ਇਹੀ ਵਿਕਾਸ ਦਰ ਦਾ ਵਾਧਾ ਹੈ? ਅਕਸਰ ਦੇਖਿਆ ਜਾਂਦਾ ਹੈ ਕਿ ਦੇਸ਼ ਆਜ਼ਾਦ ਹੋਣ ਤੋਂ 70 ਸਾਲ ਬਾਅਦ ਹੀ ਲੱਖਾਂ ਲੋਕ ਹਾੜ੍ਹ-ਸਿਆਲ ਝੁੱਗੀ-ਝੌਂਪੜੀ ਵਿਚ ਰਹਿ ਰਹੇ ਹਨ। ਸਰਦੀਆਂ ਦੀ ਠੰਢ ਅਤੇ ਹਾੜ੍ਹ ਦੀਆਂ ਧੁੱਪਾਂ ਨੰਗੇ ਪਿੰਡੇ ਸਹਾਰਨ ਲਈ ਮਜਬੂਰ ਹਨ। ਦੇਸ਼ ਦੇ ਸਿਆਸੀ ਨੇਤਾਵਾਂ ਨੂੰ ਆਪਣੀ ਕੁਰਸੀ ਦੇ ਨਾਲ-ਨਾਲ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਵੱਲ ਵੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

-ਪਿੰਡ ਮਸੀਤਾਂ (ਕਪੂਰਥਲਾ)। ਮੋਬਾ: 99157-31345


ਖ਼ਬਰ ਸ਼ੇਅਰ ਕਰੋ

ਖੇਤੀ ਧੰਦੇ ਵਿਚ ਸਾਂਝੀਵਾਲਤਾ ਦੀ ਮਹੱਤਤਾ

ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਰਿਹਾ ਹੈ। ਇਹ ਹੀ ਪੰਜਾਬ ਦੀ ਆਰਥਿਕਤਾ ਦਾ ਧੁਰਾ ਹੈ। ਇਥੇ 60 ਫੀਸਦੀ ਛੋਟੇ ਅਤੇ ਦਰਮਿਆਨੇ ਕਿਸਾਨ ਹਨ, ਜੋ ਕਿ 7ਵੇਂ ਦਹਾਕੇ ਤੋਂ ਪਹਿਲਾਂ ਬਲਦਾਂ ਨਾਲ ਰਵਾਇਤੀ ਢੰਗਾਂ ਅਤੇ ਸੰਦਾਂ ਨਾਲ ਹੀ ਖੇਤੀ ਦਾ ਕਾਰੋਬਾਰ ਕਰਦੇ ਸਨ। ਕਈ ਕਿਸਾਨ ਪਰਿਵਾਰ ਉਦੋਂ ਵੀ ਰਲ-ਮਿਲ ਕੇ ਆਪਸ ਵਿਚ ਭਾਈਚਾਰਕ ਸਾਂਝ ਰਾਹੀਂ ਕੰਮ ਨੇਪਰੇ ਚਾੜ੍ਹਦੇ ਸਨ। ਕਿਸੇ ਕਾਰਨ ਪੱਛੜ ਚੁੱਕੇ ਪਰਿਵਾਰ ਦੀ ਫਸਲ ਆਵ੍ਹਤ ਪਾ ਕੇ ਵੀ ਸਮੇਟੀ ਜਾਂਦੀ ਸੀ। ਇਹ ਕਿਸਾਨ ਭਾਈਚਾਰੇ ਵਿਚ ਆਪਸੀ ਪਿਆਰ ਅਤੇ ਮਨੁੱਖੀ ਨੈਤਿਕਤਾ ਦੀ ਬਹੁਤ ਵੱਡੀ ਮਿਸਾਲ ਸਨ। 70ਵੇਂ ਦਹਾਕੇ ਵਿਚ ਵਿਗਿਆਨਕ ਸੋਚ ਸਦਕਾ ਬਲਦਾਂ ਦੀ ਥਾਂ ਟਰੈਕਟਰਾਂ ਨੇ ਲੈ ਲਈ ਅਤੇ ਨਵੀਨਤਮ ਵਿਗਿਆਨਕ ਢੰਗਾਂ ਨਾਲ ਖੇਤੀ ਹੋਣ ਲੱਗੀ। ਰਸਾਇਣਕ ਖਾਦਾਂ, ਕੀੜੇਮਾਰ ਦਵਾਈਆਂ, ਸੁਧਰੇ ਬੀਜ ਅਤੇ ਪਾਣੀ ਵਾਲੀਆਂ ਬੰਬੀਆਂ ਅਤੇ ਟਿਊਬਵੈੱਲ ਧੜਾਧੜ ਲੱਗਣ ਲੱਗੇ। ਇਨ੍ਹਾਂ ਦੀ ਖ਼ਰੀਦੋ-ਫਰੋਖ਼ਤ ਲਈ ਸਰਕਾਰ ਵਲੋਂ ਲੈਂਡ ਮਾਰਟਗੇਜ਼ ਬੈਂਕ (ਹੁਣ ਕਿਸਾਨ ਵਿਕਾਸ ਬੈਂਕ) ਵਲੋਂ ਕਿਸਾਨਾਂ ਨੂੰ ਕਰਜ਼ੇ ਮੁਹੱਈਆ ਕਰਵਾਏ ਗਏ। ਫਲਸਰੂਪ ਪ੍ਰਤੀ ਏਕੜ ਝਾੜ ਵਧਿਆ ਅਤੇ ਦੇਸ਼ ਅਨਾਜ ਵਿਚ ਆਤਮ-ਨਿਰਭਰ ਹੋਇਆ। ਇਸ ਨੂੰ ਹਰੇ ਇਨਕਲਾਬ ਦਾ ਨਾਂਅ ਦਿੱਤਾ ਗਿਆ। ਪਿੰਡਾਂ ਵਿਚ ਕੋਆਪ੍ਰੇਟਿਵ ਸੁਸਾਇਟੀਆਂ ਖੋਲ੍ਹੀਆਂ ਗਈਆਂ, ਜਿਸ ਰਾਹੀਂ ਕਿਸਾਨਾਂ ਨੂੰ ਖਾਦਾਂ, ਕੀੜੇਮਾਰ ਦਵਾਈਆਂ ਅਤੇ ਨਕਦ (ਥੋੜ੍ਹਚਿਰੇ) ਕਰਜ਼ੇ ਦਿੱਤੇ ਜਾਣ ਲੱਗੇ। ਹਰ ਕਿਸਾਨ ਇਨ੍ਹਾਂ ਸੁਸਾਇਟੀਆਂ ਦਾ ਮੈਂਬਰ ਹੁੰਦਾ ਹੈ। ਇਸ ਤਰ੍ਹਾਂ ਦੀ ਖੇਤੀ ਨਾਲ ਕਿਸਾਨੀ ਕਿੱਤੇ ਵਿਚੋਂ ਆਪਸ ਵਿਚ ਰਲ-ਮਿਲ ਕੇ ਕੰਮ ਕਰਨ ਦੀ ਜੋ ਸਾਂਝੀਵਾਲਤਾ ਦੀ ਰਵਾਇਤ ਸੀ, ਉਹ ਟੁੱਟਣ ਲੱਗੀ। ਕਿਸਾਨ ਇਕ ਇਮਾਨਦਾਰ ਗਾਹਕ ਸੀ, ਜਿਸ ਸਦਕਾ ਕਮਰਸ਼ੀਅਲ ਬੈਂਕਾਂ ਵਲੋਂ ਵੀ ਕਿਸਾਨਾਂ ਦੀਆਂ ਵੱਡੀਆਂ-ਵੱਡੀਆਂ ਲਿਮਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਹ ਅਨਪੜ੍ਹ ਅਤੇ ਭੋਲੇ-ਭਾਲੇ ਕਿਸਾਨ ਨੂੰ ਗੁੜ 'ਚ ਲਪੇਟ ਕੇ ਜ਼ਹਿਰ ਦੇਣ ਬਰਾਬਰ ਸੀ। ਮੌਕੇ ਦੀਆਂ ਸਰਕਾਰਾਂ ਵੀ ਫ਼ਸਲਾਂ ਦੇ ਲਾਹੇਵੰਦ ਭਾਅ ਦੇਣ ਦੀ ਬਜਾਏ ਪ੍ਰਤੀ ਏਕੜ ਲਿਮਟਾਂ ਵਧਾ ਕੇ ਕਿਸਾਨਾਂ ਨਾਲ ਧੋਖਾ ਕਰਦੀਆਂ ਰਹੀਆਂ। ਬੈਂਕ ਅਧਿਕਾਰੀਆਂ ਵਲੋਂ ਦਿੱਤੇ ਕਰਜ਼ੇ ਦੀ ਰਿਕਵਰੀ ਵਾਸਤੇ ਸਗੋਂ ਹੋਰ ਨਾ-ਮੁੜਨਯੋਗ ਕਰਜ਼ੇ ਦਿੱਤੇ ਜਾਂਦੇ ਰਹੇ, ਜਿਸ ਨਾਲ ਅਧਿਕਾਰੀ ਆਪਣੀ ਮੁੱਠੀ ਗਰਮ ਕਰਦੇ ਸਨ। ਇਸ ਤਰੀਕੇ ਨਾਲ ਮੜ੍ਹੇ ਕਰਜ਼ੇ ਦਾ ਨਤੀਜਾ ਅੱਜ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਰੂਪ ਵਿਚ ਸਾਡੇ ਸਾਹਮਣੇ ਹੈ। ਹੁਣ ਪ੍ਰਦੂਸ਼ਣ ਦੇ ਨਾਂਅ ਉੱਤੇ ਖੇਤੀ ਧੰਦੇ ਵਿਚ ਹੋਰ ਅਨੇਕਾਂ ਖਰਚੇ ਵਧਣ ਜਾ ਰਹੇ ਹਨ। ਫਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਮਿਲਾਉਣ ਲਈ ਘੱਟੋ-ਘੱਟ 60 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਹੈ। ਵੱਡੀਆਂ ਤੇ ਮਹਿੰਗੀਆਂ ਮਸ਼ੀਨਾਂ ਹੈਪੀਸੀਡਰ, ਰਿਵਰਸਾਈਬਲ, ਰੋਟਾਵੇਟਰ, ਮਲਚਰ, ਰੋਟੋਸੀਡਰ, ਪਲਾਓ ਬੇਲਰ ਅਤੇ ਕੱਦੂ ਕਰਨ ਲਈ ਹੈਵੀ ਹੈਰੋਂ ਆਦਿ। ਡੂੰਘੇ ਹੋ ਰਹੇ ਬੋਰ, ਟਿਊਬਵੈੱਲ ਲਈ ਵੱਡੀਆਂ ਸਬਮਰਸੀਬਲ ਮੋਟਰਾਂ, ਮਹਿੰਗੇ ਭਾਅ ਦਾ ਡੀਜ਼ਲ, ਛੋਟੇ ਅਤੇ ਦਰਮਿਆਨੇ ਕਿਸਾਨ ਦੇ ਵਿਤੋਂ ਬਾਹਰੀ ਖਰਚੇ ਹਨ। ਹੁਣ ਕਿਸਾਨੀ ਧੰਦਾ ਗਰੁੱਪ ਬਣਾ ਕੇ, ਭਾਈਚਾਰਕ ਸਾਂਝ ਨਾਲ ਹੀ ਖੇਤੀਬਾੜੀ ਲਈ ਮਸ਼ੀਨਰੀ ਖਰੀਦ ਕੇ ਹੋ ਸਕਦਾ ਹੈ, ਇਸ ਵਿਚ ਹੀ ਕਿਸਾਨਾਂ ਦੀ ਭਲਾਈ ਅਤੇ ਕਾਮਯਾਬੀ ਹੈ।

-ਪਿੰਡ ਤੇ ਡਾਕ: ਬਧੌਛੀ ਕਲਾਂ (ਫਤਹਿਗੜ੍ਹ ਸਾਹਿਬ)।
ਮੋਬਾ: 70098-78336

ਬਿਮਾਰੀਆਂ ਦਾ ਕਾਰਨ ਬਣਦੇ ਨੇ ਬੇਮੌਸਮੀ ਖਾਧ ਪਦਾਰਥ

ਮਨੁੱਖ ਨੂੰ ਹਰ ਦਿਨ ਨਵੀਆਂ ਤੋਂ ਨਵੀਆਂ ਲੱਗ ਰਹੀਆਂ ਬਿਮਾਰੀਆਂ ਕਾਰਨ ਤੰਦਰੁਸਤੀ ਲੱਭਣੀ ਬਹੁਤ ਮੁਸ਼ਕਿਲ ਕੰਮ ਹੋ ਗਿਆ ਹੈ। ਲੋਕ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਯੋਗ ਆਸਣ ਕਰਨ ਦੇ ਨਾਲ ਹੀ ਦਵਾਈਆਂ ਦੀ ਖੂਬ ਵਰਤੋਂ ਕਰ ਰਹੇ ਹਨ, ਤਾਂ ਕਿ ਕਿਸੇ ਨਾ ਕਿਸੇ ਢੰਗ ਨਾਲ ਸਿਰਫ ਤੰਦਰੁਸਤ ਹੀ ਰਿਹਾ ਜਾ ਸਕੇ। ਲੰਮੇਰੀ ਉਮਰ ਹੋਣੀ ਤਾਂ ਬੀਤੇ ਸਮੇਂ ਦੀਆਂ ਕਹਾਣੀਆਂ ਬਣ ਕੇ ਰਹਿ ਗਈਆਂ ਹਨ, ਕਿਉਂਕਿ ਜਿਹੜੇ ਢੰਗ ਨਾਲ ਕੁਦਰਤੀ ਸੋਮਿਆਂ ਨਾਲ ਖਿਲਵਾੜ ਅਤੇ ਗੈਰ-ਕੁਦਰਤੀ ਅਤੇ ਬੇਮੌਸਮੀ ਖਾਧ ਪਦਾਰਥਾਂ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ, ਇਸ ਨੂੰ ਵੇਖ ਕੇ ਲਗਦਾ ਹੈ ਕਿ ਆਉਣ ਵਾਲੇ ਇਕ ਦਹਾਕੇ ਤੋਂ ਬਾਅਦ 60-65 ਸਾਲ ਦੀ ਉਮਰ ਵਾਲੇ ਨੂੰ ਵਡੇਰੀ ਉਮਰ ਦਾ ਵਿਅਕਤੀ ਮੰਨਿਆ ਜਾਵੇਗਾ। ਕਿਉਂਕਿ ਆਮ ਉਮਰ 50 ਤੋਂ 55 ਸਾਲ ਹੀ ਰਹਿ ਜਾਣੀ ਹੈ। ਕੈਂਸਰ ਜਾਂ ਦਿਲ ਦੇ ਦੌਰੇ ਵਰਗੀਆਂ ਬਿਮਾਰੀਆਂ ਨੂੰ ਛੱਡ ਕੇ ਸ਼ੂਗਰ ਅਤੇ ਖੂਨ ਦੇ ਦਬਾਅ ਨਾਲ ਸਬੰਧਤ ਲੋਕਾਂ ਦੀ ਗਿਣਤੀ ਲੱਖਾਂ ਵਿਚ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ 50 ਤੋਂ 55 ਸਾਲ ਤੱਕ ਹੀ ਜੀਵਤ ਰਹਿ ਸਕਣਗੇ। ਅਸਲ ਵਿਚ ਤਾਂ ਸ਼ੂਗਰ ਦਾ ਕੋਈ ਇਕ ਮੁੱਖ ਕਾਰਨ ਸਾਹਮਣੇ ਹੀ ਨਹੀਂ ਆਇਆ ਪਰ ਗੈਰ-ਕੁਦਰਤੀ ਅਤੇ ਬੇਮੌਸਮੀ ਖਾਧ ਪਦਾਰਥਾਂ ਦੀ ਵਰਤੋਂ ਕਰਨ ਨਾਲ ਵੀ ਮਨੁੱਖ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ। ਸਰਦੀ ਦੇ ਮੌਸਮ ਵਾਲੇ ਖਾਧ ਪਦਾਰਥਾਂ ਦੀ ਵਰਤੋਂ ਗਰਮੀ ਵਿਚ ਅਤੇ ਗਰਮੀ ਵਾਲੇ ਖਾਧ ਪਦਾਰਥਾਂ ਦੀ ਵਰਤੋਂ ਸਰਦੀ ਵਿਚ ਕਰਨ ਦਾ ਰੁਝਾਨ ਵਧ ਰਿਹਾ ਹੈ, ਜਿਸ ਨੂੰ ਅਮੀਰ ਲੋਕਾਂ ਦਾ ਖਾਣਾ ਕਹਿ ਕੇ ਵਰਤਿਆ ਜਾ ਰਿਹਾ ਹੈ ਪਰ ਉਨ੍ਹਾਂ ਦੀ ਇਸ ਅਮੀਰੀ ਕਾਰਨ ਸਿਹਤ ਗਰੀਬ ਹੋ ਰਹੀ ਹੈ। ਖਾਧ ਪਦਾਰਥ ਠੰਢੇ ਰੱਖਣ ਵਾਲਾ ਫਰਿੱਜ ਵੀ ਬਿਮਾਰੀਆਂ ਦਾ ਦੂਸਰਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ। ਕਿਉਕਿ ਕਈ ਪਰਿਵਾਰ ਇਕ ਵਾਰ ਦਾਲ-ਸਬਜ਼ੀ ਬਣਾ ਕੇ ਫਰਿੱਜ ਵਿਚ ਰੱਖ ਦਿੰਦੇ ਹਨ ਅਤੇ ਉਸ ਨੂੰ ਕਈ -ਕਈ ਦਿਨ ਵਰਤਦੇ ਰਹਿੰਦੇ ਹਨ। ਸਰੀਰ ਦੀ ਤੰਦਰੁਸਤੀ ਲਈ ਮੌਸਮੀ ਫਲ, ਸਬਜ਼ੀਆਂ ਅਤੇ ਕੁਦਰਤੀ ਖਾਧ ਪਦਾਰਥਾਂ ਦੀ ਵਰਤੋਂ ਕਰਨ ਦੇ ਨਾਲ ਹੀ ਬਾਜ਼ਾਰ ਦੀਆਂ ਬਣੀਆਂ ਹੋਈਆਂ ਚਟਪਟੀਆਂ ਵਸਤੂਆਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਕਾਹਨਗੜ੍ਹ ਰੋਡ, ਪਾਤੜਾਂ (ਪਟਿਆਲਾ)। ਮੋਬਾ: 98761-01698

ਬਦਲਦੇ ਦੌਰ ਵਿਚ ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ

ਅਜੋਕੇ ਸਮੇਂ ਵਿਚ ਜਦੋਂ ਅਸੀਂ ਵਿਦਿਆਰਥੀ ਅਤੇ ਅਧਿਆਪਕ ਦੋਹਾਂ ਦੇ ਆਪਸੀ ਸੰਬੰਧਾਂ ਦੀ ਸਾਰਥਿਕਤਾ 'ਤੇ ਵਿਚਾਰ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਦੋਹਾਂ ਦੇ ਸਬੰਧਾਂ ਵਿਚ ਸਾਕਾਰਾਤਮਿਕਤਾ ਹੋਣੀ ਬਹੁਤ ਜ਼ਰੂਰੀ ਹੈ ਅਤੇ ਸਮੇਂ ਦੀ ਲੋੜ ਵੀ ਹੈ। ਅੱਜਕਲ੍ਹ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਦਾ ਰੁਝਾਨ ਮਨੋਰੰਜਨ ਦੇ ਸਾਧਨਾਂ ਜਿਵੇਂ ਟੀ.ਵੀ. ਤੇ ਖਾਸ ਤੌਰ 'ਤੇ ਮੋਬਾਈਲ ਤੇ ਇੰਟਰਨੈਟ ਵੱਲ ਬਹੁਤ ਹੀ ਵਧ ਚੁੱਕਾ ਹੈ, ਜਿਸ ਦੇ ਸਿੱਟੇ ਵਜੋੋਂ ਵਿਦਿਆਰਥੀ ਜੀਵਨ ਪੜ੍ਹਾਈ ਵਲੋਂ ਅਵੇਸਲਾ ਹੋ ਰਿਹਾ ਹੈ ਅਤੇ ਮਨੋਰੰਜਨ ਦੇ ਇਨ੍ਹਾਂ ਅਜੋਕੇ ਸਾਧਨਾਂ ਵੱਲ ਵਿਦਿਆਰਥੀਆਂ ਦਾ ਝੁਕਾਅ ਉਨ੍ਹਾਂ ਦੀ ਸਫਲਤਾ ਦੇ ਰਸਤੇ ਵਿਚ ਰੁਕਾਵਟ ਸਿੱਧ ਹੋ ਰਿਹਾ ਹੈ। ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਵਿਦਿਆਰਥੀ ਆਪਣੇ ਅਧਿਆਪਕ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦਾ ਕਹਿਣਾ ਮੰਨਣਾ ਵੀ ਭੁੱਲਦੇ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਵਿਦਿਆਰਥੀ ਵਰਗ ਵਿਚ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਹੋਣਾ ਹੈ, ਜਿਸ ਕਾਰਨ ਉਨ੍ਹਾਂ ਦੇ ਜੀਵਨ ਵਿਚ ਅਧਿਆਪਕਾਂ ਤੇ ਮਾਪਿਆਂ ਪ੍ਰਤੀ ਸਤਿਕਾਰ ਘਟਦਾ ਜਾ ਰਿਹਾ ਹੈ। ਵਿਚਾਰ ਕੀਤੀ ਜਾਵੇ ਤਾਂ ਨੈਤਿਕਤਾ ਵਿਚ ਗਿਰਾਵਟ ਦਾ ਕਾਰਨ ਵਿਦਿਆਰਥੀਆਂ ਵਲੋਂ ਚੰਗੇ ਸਾਹਿਤ ਨਾਲੋਂ ਟੁੱਟਣਾ ਹੈ। ਚੰਗਾ ਸਾਹਿਤ ਮਨੁੱਖ ਨੂੰ ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦਾ ਹੈ। ਸਚਾਈ, ਇਮਾਨਦਾਰੀ, ਨਿਸ਼ਠਾ, ਮਿਹਨਤ, ਸਨੇਹ ਤੇ ਆਦਰ ਜਿਹੇ ਨੈਤਿਕ ਗੁਣਾਂ ਦਾ ਸੰਚਾਰ ਸਾਹਿਤ ਰਾਹੀਂ ਹੀ ਮਨੁੱਖ ਵਿਚ ਹੁੰਦਾ ਹੈ। ਸੋ ਵਿਦਿਆਰਥੀਆਂ ਦੇ ਨੈਤਿਕ ਜੀਵਨ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਚੰਗੇ ਅਤੇ ਉਸਾਰੂ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇੱਥੇ ਇਕ ਅਧਿਆਪਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ।ਦੂਜੇ ਪਾਸੇ ਅਧਿਆਪਕ ਵਰਗ ਦੀ ਗੱਲ ਕਰੀਏ ਤਾਂ ਅਜਿਹੀ ਹਾਲਤ ਤੇ ਵਿਦਿਆਰਥੀਆਂ ਦੀ ਬਦਲ ਰਹੀ ਮਾਨਸਿਕਤਾ ਨਾਲ ਨਜਿੱਠਣ ਵਿਚ ਉਹ ਅਸਮਰੱਥ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਹੈ ਉਹ ਵਿਦਿਆਰਥੀ ਦੇ ਬਦਲੇ ਸੁਭਾਅ ਦੇ ਕਾਰਨਾਂ ਨੂੰ ਸਮਝੇ ਬਿਨਾਂ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਵਿਵਹਾਰ ਵਿਚ ਸੰਜਮ ਦੀ ਜਗ੍ਹਾ ਉਤਾਵਲਾਪਨ ਤੇ ਕਠੋਰਤਾ ਨਜ਼ਰ ਆ ਜਾਂਦੀ ਹੈ, ਜਿਸ ਕਾਰਨ ਵਿਦਿਆਰਥੀ ਤੇ ਅਧਿਆਪਕ ਵਿਚਲਾ ਫਾਸਲਾ ਜ਼ਿਆਦਾ ਵਧ ਰਿਹਾ ਹੈ। ਵਿਦਿਆਰਥੀਆਂ ਨੂੰ ਸੁਧਾਰਨ ਦੇ ਪੱਖ ਤੋਂ ਉਨ੍ਹਾਂ ਨੂੰ ਕਠੋਰ ਸਜ਼ਾ ਦੇਣਾ ਸਥਿਤੀ ਨੂੰ ਹੋਰ ਗੰਭੀਰ ਕਰ ਦਿੰਦਾ ਹੈ। ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਜੀਵਨ ਵਿਚ ਉੱਚ ਵਿਚਾਰਾਂ ਦੇ ਧਾਰਨੀ ਬਣਨ ਲਈ ਅਤੇ ਸਫਲ ਹੋਣ ਲਈ ਸੰਜਮ ਤੇ ਸਹਿਣਸ਼ੀਲਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿਚ ਕਠੋਰਤਾ ਤੇ ਕੁੜੱਤਣ ਦੀ ਜਗ੍ਹਾ ਹਲੀਮੀ, ਵਿਸ਼ਵਾਸ ਤੇ ਮਿਠਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਥੇ ਇਕ ਅਧਿਆਪਕ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ।ਦੂਜੇ ਪਾਸੇ ਵਿਦਿਆਰਥੀਆਂ ਨੂੰ ਵੀ ਆਪਣੇ ਅਧਿਆਪਕ ਤੋਂ ਸਿੱਖਣ ਅਤੇ ਕੁਝ ਨਾ ਕੁਝ ਲਗਾਤਾਰ ਗ੍ਰਹਿਣ ਕਰਦੇ ਰਹਿਣ ਦੀ ਲਗਨ ਹੋਣੀ ਚਾਹੀਦੀ ਹੈ।

-ਸਮਾਜਿਕ ਸਿੱਖਿਆ ਮਿਸਟ੍ਰੈੱਸ, ਸ: ਸੀ: ਸੈ: ਸਕੂਲ, ਬਿੰਜਲ (ਪਟਿਆਲਾ)।

ਸਿਆਸੀ ਵਿਵਾਦਾਂ ਕਾਰਨ ਟੁੱਟਦੀ ਭਾਈਚਾਰਕ ਸਾਂਝ

ਵੋਟਾਂ ਹੋਣ ਅਤੇ ਲੜਾਈ-ਝਗੜਾ ਨਾ ਹੋਵੇ, ਹਿੰਦੋਸਤਾਨ 'ਚ ਅਜਿਹਾ ਨਹੀਂ ਹੋ ਸਕਦਾ। ਚੋਣਾਂ ਮੌਕੇ ਇਕ-ਦੂਜੇ ਦੇ ਸਿਰ ਪਾੜਨੇ ਜਾਂ ਗੋਲੀ ਚਲਾਉਣੀ ਤਾਕਤਵਰ ਜਾਂ ਸੱਤਾ 'ਤੇ ਕਾਬਜ਼ ਧੜੇ ਲਈ ਮਾਣ ਵਾਲੀ ਗੱਲ ਮੰਨੀ ਜਾਂਦੀ ਹੈ। ਅਜਿਹੀ ਸਿਆਸੀ ਹਉਮੈ ਅਤੇ ਹੰਕਾਰ ਨੇ ਲੋਕਤੰਤਰ ਦੇ ਪਵਿੱਤਰ ਨਾਂਅ ਨੂੰ ਕਾਫੀ ਹੱਦ ਤੱਕ ਕਲੰਕਤ ਕੀਤਾ ਹੈ। ਵੋਟਾਂ ਮੌਕੇ ਇਹ ਮਾਰ-ਧਾੜ ਵਾਲੀ ਪਿਰਤ ਕੋਈ ਇਕ ਦਿਨ 'ਚ ਨਹੀਂ ਪਈ, ਹੁਣ ਇਹ ਪਿਰਤ ਰੁਕਣ ਦਾ ਨਾਂਅ ਨਹੀਂ ਲੈ ਰਹੀ, ਸਗੋਂ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜੋ ਰਾਜਸੀ ਪਾਰਟੀ ਜਾਂ ਦਲ ਇਸ ਦਲਦਲ ਨੂੰ ਸਾਫ਼ ਕਰਕੇ ਚੋਣ ਅਮਲ ਨੂੰ ਸਾਫ਼-ਸੁਥਰਾ ਅਤੇ ਡਰ ਮੁਕਤ ਕਰਨ ਦੀ ਪਹਿਲ ਕਰੇਗਾ, ਉਹ ਭਾਰਤ ਦੇ ਇਤਿਹਾਸ 'ਚ ਆਪਣਾ ਨਾਂਅ ਸੁਨਹਿਰੀ ਅੱਖਰਾਂ ਨਾਲ ਲਿਖਵਾ ਜਾਵੇਗਾ। ਅੱਜਕਲ੍ਹ ਵੋਟਾਂ ਦਾ ਮਾਹੌਲ ਦੇਖ ਕੇ ਲਗਦਾ ਹੀ ਨਹੀਂ ਕਿ ਵੋਟਾਂ ਪੈ ਰਹੀਆਂ ਹਨ, ਬਲਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਲੜਾਈ ਅਤੇ ਮਾਰ-ਧਾੜ ਲਈ ਅਖਾੜਾ ਤਿਆਰ ਕੀਤਾ ਜਾ ਰਿਹਾ ਹੋਵੇ। ਸ਼ਰਾਬਾਂ ਦੇ ਚਲਦੇ ਦੌਰ ਕਿਸੇ ਅਣਕਿਆਸੀ ਵਾਰਦਾਤ ਨੂੰ ਅੰਜਾਮ ਦੇਣ ਵੱਲ ਸਪੱਸ਼ਟ ਇਸ਼ਾਰਾ ਕਰਦੇ ਹਨ, ਬੇਕਾਬੂ ਭੀੜਾਂ ਦੇ ਗੁੱਸੇ ਜਾਂ ਹਉਮੈ ਦੀ ਭੇਟ ਕਿਸ ਨਿਰਦੋਸ਼ ਨੇ ਚੜ੍ਹ ਜਾਣੈ, ਕੋਈ ਨਹੀਂ ਜਾਣਦਾ। ਹਥਿਆਰਾਂ ਦੀ ਮੌਜੂਦਗੀ ਨੇ ਵਿਅਕਤੀ ਨੂੰ ਹੋਰ ਗੁੱਸੇਖੋਰ ਬਣਾ ਦਿੱਤਾ ਹੈ। ਡੱਬ 'ਚ ਫਸਾਇਆ ਰਿਵਾਲਵਰ ਅਤੇ ਹੱਥ 'ਚ ਫੜੀ ਬੰਦੂਕ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦਾ ਸੰਕੇਤ ਹੈ।ਚੋਣਾਂ 'ਚ ਚਲਦੀਆਂ ਗੋਲੀਆਂ ਆਮ ਵੋਟਰ ਵਲੋਂ ਕਿਸੇ ਰਾਜਸੀ ਨੇਤਾ ਦੇ ਇਸ਼ਾਰੇ 'ਤੇ ਹੀ ਚਲਾਈਆਂ ਜਾਂਦੀਆਂ ਹਨ। ਆਪਣੀ ਰਾਜਸੀ ਖੁੰਦਕ ਕੱਢਣ ਦਾ ਅਤੇ ਆਮ ਲੋਕਾਂ ਨੂੰ ਵਰਤ ਕੇ ਸਿਆਸੀ ਤਾਕਤ ਹਥਿਆਉਣ ਦਾ ਸਿਆਸਤਦਾਨਾਂ ਕੋਲ ਇਹ ਸੁਨਹਿਰੀ ਮੌਕਾ ਹੁੰਦਾ ਹੈ ਪਰ ਉਹ ਅਜਿਹਾ ਕਰਕੇ ਘੁੱਗ ਵਸਦੇ ਪਿੰਡਾਂ ਅਤੇ ਨਗਰ ਖੇੜਿਆਂ 'ਚ ਲੋਕਾਂ ਦਰਮਿਆਨ ਆਪਸੀ ਭਾਈਚਾਰਕ ਸਾਂਝ ਖਤਮ ਕਰ ਦਿੰਦੇ ਹਨ। ਵੋਟਾਂ ਤੋਂ ਕਈ-ਕਈ ਮਹੀਨੇ ਬਾਅਦ ਵੀ ਲੋਕ ਇਕ-ਦੂਜੇ ਨਾਲ ਸਿੱਧੇ ਮੂੰਹ ਨਹੀਂ ਬੋਲਦੇ। ਵੋਟਾਂ ਦੌਰਾਨ ਪਈ ਦੁਸ਼ਮਣੀ ਸਮਾਜਿਕ ਤਾਣੇ-ਬਾਣੇ ਲਈ ਬੇਹੱਦ ਘਾਤਕ ਹੈ।ਇਹ ਸਚਾਈ ਹੈ ਕਿ ਲੋਕਾਂ ਨੂੰ ਲੜਾਉਣ ਵਾਲੇ ਸਿਆਸਤਦਾਨ ਆਪ ਬਾਅਦ 'ਚ ਵਿਆਹ-ਸ਼ਾਦੀਆਂ ਅਤੇ ਪਾਰਟੀਆਂ 'ਚ ਇਕੱਠੇ ਜਸ਼ਨ ਮਨਾਉਂਦੇ ਹਨ। ਲੋਕ ਸਿਆਸਤਦਾਨਾਂ ਅਤੇ ਪਾਰਟੀਆਂ ਪਿੱਛੇ ਲੱਗ ਕੇ ਇਕ-ਦੂਜੇ ਦੇ ਕਤਲ ਤੱਕ ਕਰਕੇ ਪੁਸ਼ਤ-ਦਰ-ਪੁਸ਼ਤ ਦੁਸ਼ਮਣੀ ਸਹੇੜ ਲੈਂਦੇ ਹਨ ਅਤੇ ਆਪ ਇਹ ਸਿਆਸਤਦਾਨ ਇਕ ਹੋ ਜਾਂਦੇ ਹਨ। ਜਿਸ ਪਿੰਡ 'ਚ ਵਸਣਾ ਹੋਵੇ, ਉੱਥੇ ਇਹੋ ਜਿਹੇ ਵੈਰ-ਵਿਰੋਧ ਠੀਕ ਨਹੀਂ ਹੁੰਦੇ। ਇਹ ਸਮੱਸਿਆ ਕਿਸੇ ਇਕ ਦੇ ਸਿਆਣਾ ਜਾਂ ਸਮਝਦਾਰ ਬਣਨ ਨਾਲ ਹੱਲ ਨਹੀਂ ਹੋਣੀ, ਇਸ ਵਾਸਤੇ ਸਭ ਨੂੰ ਮਿਲ ਕੇ ਕੋਸ਼ਿਸ਼ ਕਰਨੀ ਹੋਵੇਗੀ, ਤਾਂ ਜੋ ਕੁਝ ਦਿਨ ਦੀਆਂ ਚੋਣਾਂ ਪਿੱਛੇ ਸਦੀਆਂ ਤੋਂ ਬਣੀ ਆਪਸੀ ਭਾਈਚਾਰਕ ਸਾਂਝ ਖਤਮ ਨਾ ਹੋਵੇ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ। ਮੋਬਾ: 94784-60084

ਜੀਵਨ ਦਾ ਅਹਿਮ ਹਿੱਸਾ ਹੈ ਸਫ਼ਲਤਾ ਤੇ ਅਸਫ਼ਲਤਾ

ਸਫਲਤਾ ਅਤੇ ਅਸਫ਼ਲਤਾ ਜੀਵਨ ਦੇ ਨਾਲ-ਨਾਲ ਚਲਦੀਆਂ ਹਨ। ਸਫਲਤਾਵਾਂ ਅਤੇ ਅਸਫਲਤਾਵਾਂ ਨਾਲ ਸਾਡੀ ਆਰਥਿਕਤਾ, ਹੌਸਲਾ, ਮਾਹੌਲ, ਕੰਮ ਪ੍ਰਤੀ ਰੁਚੀ ਅਤੇ ਸਾਡੀ ਬੌਧਿਕ ਸ਼ਕਤੀ ਨਾਲ ਪ੍ਰਭਾਵਿਤ ਹੁੰਦੀਆਂ ਹਨ। ਹਰ ਸਫਲ ਇਨਸਾਨ ਪਿੱਛੇ ਇਕ ਲੰਮੀ ਸਾਧਨਾ ਹੁੰਦੀ ਹੈ, ਜਿਸ ਦੇ ਕਾਰਨ ਉਹ ਵਿਅਕਤੀ ਸਫਲ ਹੁੰਦਾ ਹੈ। ਇਸ ਲਈ ਸਾਡੀ ਸਫਲਤਾ ਅਤੇ ਅਸਫਲਤਾ ਦਾ ਮਾਪਦੰਡ ਸਾਡੇ ਵਲੋਂ ਕੀਤੀ ਗਈ ਕੋਸ਼ਿਸ਼ ਅਤੇ ਸਮੇਂ ਦਾ ਸਦਉਪਯੋਗ ਕਰਨਾ ਹੁੰਦਾ ਹੈ। ਕਈ ਵਿਅਕਤੀ ਬਹੁਤ ਸਾਰੀਆਂ ਅਸਫਲਤਾਵਾਂ ਵਿਚੋਂ ਗੁਜ਼ਰਨ ਤੋਂ ਬਾਅਦ ਵੀ ਹਾਰ ਨਹੀਂ ਮੰਨਦੇ ਤੇ ਇਕ ਦਿਨ ਉਹ ਆਪਣੀ ਮੰਜ਼ਿਲ ਨੂੰ ਜ਼ਰੂਰ ਪ੍ਰਾਪਤ ਕਰ ਲੈਂਦੇ ਹਨ। ਇਸ ਦਾ ਕਾਰਨ ਇਹ ਕਿ ਉਨ੍ਹਾਂ ਦਾ ਆਪਣੇ ਉਦੇਸ਼ ਦੀ ਪ੍ਰਾਪਤੀ ਪ੍ਰਤੀ ਗੰਭੀਰ ਹੋਣਾ ਅਤੇ ਅਣਥੱਕ ਮਿਹਨਤ ਵਿਚ ਯਕੀਨ ਕਰਨਾ ਸਫਲਤਾ ਦਿਵਾਉਂਦਾ ਹੈ। ਅਸੀਂ ਆਪਣੇ ਵਿਦਿਆਰਥੀ ਜੀਵਨ ਵਿਚ ਅਨੇਕਾਂ ਉਨ੍ਹਾਂ ਇਨਸਾਨਾਂ ਦੀਆਂ ਜੀਵਨੀਆਂ ਪੜ੍ਹਦੇ ਹਾਂ, ਜਿਨ੍ਹਾਂ ਨੇ ਵਾਰ-ਵਾਰ ਅਸਫਲ ਹੋਣ ਦੇ ਬਾਵਜੂਦ ਵੀ ਆਪਣੇ ਕਾਰਜ 'ਤੇ ਨਿਰੰਤਰ ਪਹਿਰਾ ਦਿੱਤਾ ਅਤੇ ਸਫਲ ਹੋ ਕੇ ਦਿਖਾਇਆ। ਇਸ ਲਈ ਜਿਹੜੇ ਵਿਦਿਆਰਥੀ ਪੜ੍ਹਾਈ ਦੌਰਾਨ ਇਕ ਚਿੱਤ ਹੋ ਕੇ ਪੜ੍ਹਾਈ ਕਰਦੇ ਹਨ ਤੇ ਨਕਲ ਦੀ ਆਸ ਨਹੀਂ ਕਰਦੇ, ਉਹ ਹਮੇਸ਼ਾ ਜੀਵਨ ਵਿਚ ਸਫਲ ਹੁੰਦੇ ਹਨ। ਅੱਜ ਜੋ ਵੀ ਵਿਗਿਆਨ ਨੇ ਤਰੱਕੀਆਂ ਕੀਤੀਆਂ, ਉਹ ਕੁਝ ਸਮੇਂ ਵਿਚ ਜਾਂ ਕੁਦਰਤ ਦੀ ਕਿਸੇ ਸ਼ਕਤੀ ਨਾਲ ਨਹੀਂ ਹੋਈਆਂ, ਬਲਕਿ ਵਾਰ-ਵਾਰ ਅਸਫਲ ਹੋ ਕੇ ਸਫਲਤਾ ਮਿਲੀ ਹੈ। ਸਾਡੇ ਸਾਰਿਆਂ ਵਿਚ ਕੁਝ ਨਾ ਕੁਝ ਕਮਜ਼ੋਰੀਆਂ ਹੁੰਦੀਆਂ ਹਨ, ਜੋ ਕਿ ਸਾਡੇ ਹੌਸਲੇ ਨੂੰ ਤੋੜਨ ਵਿਚ ਆਪਣੀ ਭੂਮਿਕਾ ਨਿਭਾਉਂਦੀਆਂ ਹਨ। ਪਰ ਜੇਕਰ ਅਸੀਂ ਉਨ੍ਹਾਂ ਕਮਜ਼ੋਰੀਆਂ ਦੇ ਸਾਹਮਣੇ ਹੌਸਲੇ ਦੀ ਦੀਵਾਰ ਖੜ੍ਹੀ ਕਰ ਦੇਈਏ ਤਾਂ ਉਹ ਕਮਜ਼ੋਰੀਆਂ ਸਾਡੇ ਲਕਸ਼ ਨੂੰ ਪ੍ਰਾਪਤ ਕਰਨ ਵਿਚ ਰੁਕਾਵਟ ਨਹੀਂ ਬਣ ਸਕਦੀਆਂ। ਇਸ ਲਈ ਜੀਵਨ ਵਿਚ ਅਸਫਲਤਾ ਤੋਂ ਸਿੱਖਦੇ ਹੋਏ ਸਫਲਤਾ ਵੱਲ ਆਪਣੇ-ਆਪ ਨੂੰ ਚੱਲਦੇ ਰੱਖਣਾ ਹੀ ਜੀਵਨ ਵਿਚ ਮਹੱਤਵਪੂਰਨ ਹੈ। ਕਈ ਵਾਰ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਅਕਸਰ ਵਿਅਕਤੀ ਨੂੰ ਜ਼ਿਆਦਾ ਆਤਮਵਿਸ਼ਵਾਸ ਹੋ ਜਾਂਦਾ ਹੈ ਕਿ ਮੈਂ ਹਰ ਕੰਮ ਵਿਚ ਸਫਲ ਹੋ ਸਕਦਾ ਹਾਂ, ਜਿਹੜਾ ਕਿ ਖਤਰਨਾਕ ਹੁੰਦਾ ਹੈ। ਸਫਲਤਾ ਨੂੰ ਦਿਮਾਗ 'ਤੇ ਜ਼ਿਆਦਾ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਅਤੇ ਨਾ ਹੀ ਅਸਫਲਤਾ ਨੂੰ ਦਿਲ ਨੂੰ ਲਾਉਣਾ ਚਾਹੀਦਾ ਹੈ। ਸਫਲਤਾ ਆਪਣੇ-ਆਪ ਵਿਚ ਇਕ ਰਹੱਸ, ਭੇਦ ਹੈ, ਜਿਸ ਨੂੰ ਅਸੀਂ ਵਿਚਾਰਾਂ ਦੀ ਦ੍ਰਿੜ੍ਹਤਾ ਨਾਲ ਜਾਣ ਸਕਦੇ ਹਾਂ। ਇਹ ਸਾਡੀ ਦਿਮਾਗੀ ਸੋਚ 'ਤੇ ਨਿਰਭਰ ਕਰਦਾ ਹੈ ਕਿ ਜਿਸ ਮੰਜ਼ਿਲ ਪ੍ਰਾਪਤੀ ਲਈ ਅਸੀਂ ਮਿਹਨਤ ਕਰ ਰਹੇ ਹਾਂ, ਜੇਕਰ ਉਸ ਵਿਚ ਅਸਫਲਤਾ ਪ੍ਰਾਪਤ ਹੁੰਦੀ ਹੈ ਤਾਂ ਸਾਡਾ ਉਦੇਸ਼ ਪ੍ਰਤੀ ਰਵੱਈਆ ਕੀ ਹੋਵੇਗਾ? ਇਕ ਗੱਲ ਹੋਰ ਜਿਹੜੀ ਮੰਜ਼ਿਲ ਪ੍ਰਾਪਤੀ ਵਿਚ ਸਾਡੀ ਸੋਚ 'ਤੇ ਸਿੱਧਾ ਅਸਰ ਪਾਉਂਦੀ ਹੈ, ਉਹ ਇਹ ਕਿ ਸਾਨੂੰ ਉਦੇਸ਼ ਪ੍ਰਾਪਤੀ ਲਈ ਸਹੀ ਰਸਤਾ ਹੀ ਚੁਣਨਾ ਚਾਹੀਦਾ ਹੈ। ਜੇਕਰ ਅਸੀਂ ਗ਼ਲਤ ਰਸਤੇ ਉੱਤੇ ਤੁਰਦੇ ਹਾਂ ਤਾਂ ਇਹ ਸਾਡੀ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ ਅਤੇ ਆਪਣੇ ਉਦੇਸ਼ ਤੋਂ ਭਟਕ ਸਕਦੇ ਹਾਂ। ਜੇਕਰ ਅਸੀਂ ਆਪਣੀ ਜ਼ਿੰਦਗੀ ਵਿਚ ਆਨੰਦ ਲੈਣਾ ਹੈ ਤਾਂ ਮਿਹਨਤ ਤਾਂ ਕਰਨੀ ਪਵੇਗੀ ਤੇ ਕਸ਼ਟ ਵੀ ਝੱਲਣੇ ਪੈਣਗੇ, ਕਿਉਂਕਿ ਕੋਈ ਸਫਲਤਾ ਅਸਮਾਨ ਤੋਂ ਡਿੱਗ ਕੇ ਝੋਲੀ ਵਿਚ ਨਹੀਂ ਪੈਂਦੀ। ਕਈ ਵਾਰ ਅਣਥੱਕ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਹਾਸਲ ਨਹੀਂ ਹੁੰਦੀ ਤਾਂ ਸਾਡੇ ਮਨ ਵਿਚ ਨਿਰਾਸ਼ਾ ਦਾ ਪੈਦਾ ਹੋਣਾ ਸੁਭਾਵਿਕ ਹੈ ਤੇ ਅਸੀਂ ਉਸ ਮੰਜ਼ਿਲ ਦੀ ਪ੍ਰਾਪਤੀ ਵਲੋਂ ਆਪਣਾ ਧਿਆਨ ਹਟਾ ਕੇ ਨਾਂਹ-ਪੱਖੀ ਧਾਰਨਾ ਬਣਾ ਲੈਂਦੇ ਹਾਂ ਪਰ ਉਸ ਸਮੇਂ ਜੇ ਅਸੀਂ ਹੌਸਲੇ ਤੋਂ ਕੰਮ ਲਈਏ ਤਾਂ ਅਸੀਂ ਉਸ ਉਦੇਸ਼ ਵਿਚ ਜ਼ਰੂਰ ਸਫਲ ਹੁੰਦੇ ਹਾਂ। ਇਸ ਦੇ ਨਾਲ ਹੀ ਵਾਰ-ਵਾਰ ਅਸਫਲ ਰਹਿਣ ਵਾਲਾ ਇਨਸਾਨ ਜੇ ਸੋਚ ਹਾਂ-ਪੱਖੀ ਰੱਖਦਾ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸ ਦੀ ਮੰਜ਼ਿਲ ਪ੍ਰਾਪਤੀ ਵਿਚ ਰੁਕਾਵਟ ਨਹੀਂ ਬਣ ਸਕਦੀ ਤੇ ਇਕ ਦਿਨ ਆਵੇਗਾ ਕਿ ਅਸਫਲਤਾਵਾਂ ਖ਼ਤਮ ਹੋ ਕੇ ਸਫਲਤਾ ਵਿਚ ਬਦਲ ਜਾਣਗੀਆਂ।

-ਨੇੜੇ ਪਾਰਕਸ ਜੈਤੋ (ਫਰੀਦਕੋਟ)-151202. ਮੋਬਾ: 94630-24455

ਚਿੱਟ ਫੰਡ ਕੰਪਨੀਆਂ ਦਾ ਸ਼ਿਕਾਰ ਹੋ ਰਹੇ ਲੋਕ

ਆਏ ਦਿਨ ਅਖ਼ਬਾਰਾਂ 'ਚ ਸੁਰਖ਼ੀਆਂ ਆਉਂਦੀਆ ਰਹਿੰਦੀਆਂ ਹਨ, ਜੋ ਲੋਕਾਂ ਨੂੰ ਚਿੱਟ ਫੰਡ ਕੰਪਨੀਆਂ ਵਿਚ ਪੈਸਾ ਲਾਉਣ ਲਈ ਜ਼ਿਆਦਾ ਵਿਆਜ਼ ਦਾ ਮੁਨਾਫਾ ਦੇਣ ਦਾ ਸਬਜ਼ਬਾਗ ਦਿਖਾ ਕੇ ਲੋਕਾਂ ਦਾ ਕਰੋੜਾਂ ਰੁਪਇਆ ਡਕਾਰ ਕੇ ਫ਼ਰਾਰ ਹੋ ਗਈਆਂ ਹਨ। ਇਨ੍ਹਾਂ ਕੰਪਨੀਆਂ ਦਾ ਸ਼ਿਕਾਰ ਖ਼ਾਸ ਕਰ ਕੇ ਪੜ੍ਹੇ-ਲਿਖੇ ਲੋਕ, ਜੋ ਕਿ ਇੰਨਟਰਨੈੱਟ ਦਾ ਗਿਆਨ ਰੱਖਦੇ ਹਨ, ਸੇਵਾ ਮੁਕਤ ਅਫਸਰ, ਕਰਮਚਾਰੀ ਹੁੰਦੇ ਹਨ, ਜਿਨ੍ਹਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਪੈਸੇ ਮਿਲੇ ਹੁੰਦੇ ਹਨ। ਅਜਿਹੀਆਂ ਕੰਪਨੀਆਂ 'ਚ ਕੰਮ ਕਰਦੇ ਅਧਿਕਾਰੀ ਕਾਫ਼ੀ ਪੜ੍ਹੇ-ਲਿਖੇ ਸ਼ਾਤਰ ਦਿਮਾਗ਼ ਹੁੰਦੇ ਹਨ। ਪਹਿਲਾਂ ਇਹ ਲੋਕਾਂ ਵਿਚ ਵਿਸ਼ਵਾਸ ਪੈਦਾ ਕਰ ਕੇ ਇਨ੍ਹਾਂ ਨੂੰ ਵਿਆਜ਼ ਦੇਈ ਜਾਂਦੇ ਹਨ। ਜਦੋਂ ਲੋਕਾਂ ਦਾ ਕਰੋੜਾਂ ਰੁਪਇਆ ਇਨ੍ਹਾਂ ਕੋਲ ਆ ਜਾਂਦਾ ਹੈ ਤਾਂ ਫ਼ਰਾਰ ਹੋ ਜਾਂਦੇ ਹਨ। ਲਾਲਚੀ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੈ ਕਿ ਜੋ ਵਿਆਜ਼ ਆਰ.ਬੀ.ਆਈ. ਦਿੰਦਾ ਹੈ, ਉਸ ਤੋਂ ਵੱਧ ਕੋਈ ਕੰਪਨੀ ਦਿੰਦੀ ਹੈ ਤਾਂ ਉਹ ਫਰਾਡ ਹੈ। ਫਿਰ ਵੀ ਇਹ ਕਾਰਾ ਕਰੀ ਜਾ ਰਿਹਾ ਹੈ। ਜ਼ਿਆਦਾਤਰ ਇਹ ਸ਼ਾਤਰ ਵਿਅਕਤੀ ਕੋਈ ਵੀ ਸਬੂਤ ਆਪਣੇ ਖ਼ਿਲਾਫ਼ ਨਹੀਂ ਛੱਡਦੇ। ਜਿਸ ਦਾ ਫ਼ਾਇਦਾ ਲੈ ਕੇ ਇਹ ਅਦਾਲਤਾਂ ਵਿਚੋਂ ਜ਼ਮਾਨਤਾਂ ਕਰਵਾ ਲੈਂਦੇ ਹਨ। ਕੇਸਾਂ ਵਿਚ ਸਬੂਤ ਘੱਟ ਹੋਣ ਕਾਰਨ ਬਰੀ ਹੋ ਜਾਂਦੇ ਹਨ। ਜੇਕਰ ਜੇਲ੍ਹ ਵਿਚ ਚਲੇ ਵੀ ਜਾਂਦੇ ਹਨ ਤਾਂ ਪੀੜਤ ਨੂੰ ਥੋੜ੍ਹੇ-ਬਹੁਤੇ ਪੈਸੇ ਦੇ ਕੇ ਰਾਜ਼ੀਨਾਮਾ ਕਰ ਲੈਂਦੇ ਹਨ। ਅਦਾਲਤਾਂ ਦੀ ਪ੍ਰੀਕਿਰਿਾ ਲੰਬੀ ਚੌੜੀ ਹੈ। ਲੋਕ ਕਈ ਸਾਲ ਅਦਾਲਤਾਂ ਦੇ ਚੱਕਰ ਲਗਾ ਕੇ, ਖੱਜਲ-ਖੁਆਰ ਹੋ ਕੇ ਇਨ੍ਹਾਂ ਨੌਸਰਬਾਜ਼ਾਂ ਤੋਂ ਅੱਧੇ ਤੋਂ ਵੀ ਘੱਟ ਪੈਸੇ ਲੈ ਕੇ ਰਾਜ਼ੀਨਾਵਾਂ ਕਰ ਲੈਂਦੇ ਹਨ। ਇਨ੍ਹਾਂ ਲੋਕਾਂ ਨੂੰ ਪਿੱਛਿਓਂ ਵੱਡੇ ਬੰਦਿਆਂ ਦੀ ਵੀ ਸ਼ਹਿ ਹੁੰਦੀ ਹੈ। ਕਾਨੂੰਨ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੋਇਆ ਹੈ। ਸੰਸਦ ਵਿਚ ਬਿੱਲ ਪਾਸ ਕਰ ਕੇ ਸਖ਼ਤ ਕਾਨੂੰਨ ਬਣਾ ਕੇ ਵੱਧ ਤੋਂ ਵੱਧ ਸਜ਼ਾ ਦਿਵਾਉਣ ਬਾਰੇ ਸਮਾਦਾਨ ਕਰਨਾ ਚਾਹੀਦਾ ਹੈ। ਇਨ੍ਹਾਂ ਦੀਆਂ ਜਾਇਦਾਦਾਂ ਨੂੰ ਅਟੈਚ ਕਰ ਕੇ ਪੀੜਤਾਂ ਨੂੰ ਵੰਡ ਦੇਣੀਆਂ ਚਾਹੀਦੀਆਂ ਹਨ। ਚਲਾਨ ਸਮੇਂ ਸਿਰ ਦੇ ਕੇ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਹੈ। ਤਫਤੀਸ਼ੀ ਸਟਾਫ ਪੜ੍ਹਿਆ-ਲਿਖਿਆ, ਤਫਤੀਸ਼ ਤੋਂ ਵਾਕਿਫ਼, ਨਿਰਪੱਖ ਹੋਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਠੱਲ੍ਹ ਪਾਈ ਜਾ ਸਕੇ। ਕਈ ਲੋਕ ਤਾਂ ਕੰਪਨੀ ਦੀ ਪੂਰੀ ਛਾਣਬੀਣ ਕੀਤੇ ਬਗੈਰ ਅੱਖਾਂ ਮੁੰਦ ਕੇ ਪੈਸੇ ਲਾ ਦਿੰਦੇ ਹਨ। ਫਿਰ ਪੁਲਿਸ ਕੋਲ ਚਲੇ ਜਾਂਦੇ ਹਨ। ਸੋ, ਅਜਿਹੇ ਮਾਹੌਲ ਵਿਚ ਕਿਸੇ ਵੀ ਜਗ੍ਹਾ ਤੁਸੀਂ ਪੈਸਾ ਲਾਉਂਦੇ ਹੋ ਤਾਂ ਉਸ ਦੀ ਪੂਰੀ ਤਰ੍ਹਾਂ ਪੜਤਾਲ ਕਰੋ।

-ਮੋਬਾ: 98786-00221

ਸਰਦੀ ਵਿਚ ਦੇਸੀ ਗੀਜ਼ਰਾਂ ਦੀ ਅਹਿਮੀਅਤ

ਪੰਜਾਬ ਵਿਚ ਨਵੰਬਰ ਮਹੀਨਾ ਸ਼ੁਰੂ ਹੁੰਦੇ ਹੀ ਸਰਦੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਜੋ ਤਕਰੀਬਨ ਅੱਧ ਮਾਰਚ ਤੱਕ ਜਾਰੀ ਰਹਿੰਦਾ ਹੈ। ਇਨ੍ਹਾਂ ਮਹੀਨਿਆਂ ਵਿਚ ਠੰਢ ਜ਼ਿਆਦਾ ਹੋਣ ਕਾਰਨ ਹਰ ਕੋਈ ਆਪਣੇ ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰਦਾ ਹੈ। ਗਰਮ ਪਾਣੀ ਨਾਲ ਨਹਾਉਣ ਲਈ ਪਹਿਲੇ ਸਮਿਆਂ ਵਿਚ ਲੋਕਾਂ ਵਲੋਂ ਧਰਤੀ ਵਿਚ ਕੱਚੇ ਟੋਏ ਪੁੱਟ ਕੇ ਉਨ੍ਹਾਂ ਵਿਚ ਪਾਥੀਆਂ ਦੀ ਅੱਗ ਬਾਲ ਕੇ ਉਨ੍ਹਾਂ ਉੱਪਰ ਮਿੱਟੀ ਦੇਘੜੇ ਪਾਣੀ ਨਾਲ ਭਰ ਕੇ ਰੱਖ ਦਿੱਤੇ ਜਾਂਦੇ ਸਨ, ਜਿਨ੍ਹਾਂ ਹੇਠ ਸਾਰੀ-ਸਾਰੀ ਰਾਤ ਪਾਥੀਆਂ ਦੇ ਗੋਹੇ ਧੁਖਦੇ ਰਹਿੰਦੇ ਸਨ ਅਤੇ ਸਵੇਰ ਹੋਣ ਤੱਕ ਇਨ੍ਹਾਂ ਘੜਿਆਂ ਵਿਚ ਪਾਣੀ ਗਰਮ ਰਹਿੰਦਾ ਸੀ। ਇਸ ਤੋਂ ਇਲਾਵਾ ਅਨੇਕਾਂ ਲੋਕਾਂ ਵਲੋਂ ਚੁੱਲ੍ਹਿਆਂ ਉੱਪਰ ਪਾਣੀ ਦੇ ਪਤੀਲੇ ਰੱਖ ਕੇ ਚੁੱਲ੍ਹੇ ਵਿਚ ਪਾਥੀਆਂ, ਲੱਕੜਾਂ ਅਤੇ ਨਰਮੇ-ਕਪਾਹ ਆਦਿ ਦੀਆਂ ਛਿਟੀਆਂ ਦੀ ਅੱਗ ਬਾਲ ਕੇ ਪਾਣੀ ਗਰਮ ਕੀਤਾ ਜਾਂਦਾ ਸੀ। ਪਾਣੀ ਗਰਮ ਕਰਨ ਦੇ ਇਨ੍ਹਾਂ ਦੋਵਾਂ ਤਰੀਕਿਆਂ ਵਿਚ ਜਿਥੇ ਕਾਫੀ ਸਮਾਂ ਲਗਦਾ ਸੀ, ਉਥੇ ਇਨ੍ਹਾਂ ਵਿਚ ਬਲਣ ਵਾਲੇ ਬਾਲਣ ਦੀ ਖਪਤ ਵੀ ਜ਼ਿਆਦਾ ਮਾਤਰਾ ਵਿਚ ਹੋਇਆ ਕਰਦੀ ਸੀ। ਇਸ ਤੋਂ ਬਾਅਦ ਹੁਣ ਬਾਜ਼ਾਰ ਵਿਚ ਅਨੇਕਾਂ ਤਰ੍ਹਾਂ ਦੇ ਬਿਜਲੀ ਨਾਲ ਅਤੇ ਗੈਸ ਨਾਲ ਚੱਲਣ ਵਾਲੇ ਗੀਜ਼ਰ ਵੀ ਆ ਗਏ ਹਨ ਪਰ ਇਨ੍ਹਾਂ ਗੀਜ਼ਰਾਂ ਵਿਚ ਬਲਦੀ ਬਿਜਲੀ ਅਤੇ ਗੈਸ ਦੇ ਹੋਣ ਵਾਲੇ ਖਰਚੇ ਹਰ ਕਿਸੇ ਦੀ ਪਹੁੰਚ ਵਿਚ ਨਹੀਂ ਹਨ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਪਿੰਡਾਂ ਵਿਚ ਲੋਹੇ ਦੇ ਬਣੇ ਦੇਸੀ ਗੀਜ਼ਰ (ਗੋਹਾ ਗੀਜ਼ਰ) ਤਕਰੀਬਨ ਘਰ-ਬਾਰ ਦਾ ਸ਼ਿੰਗਾਰ ਬਣ ਗਏ ਹਨ। ਲੋਹੇ ਦੇ ਬਣੇ ਇਸ ਗੀਜ਼ਰ ਵਿਚ ਤਕਰੀਬਨ 6 ਇੰਚ ਚੌੜੀ ਅਤੇ 3 ਫੁੱਟ ਲੰਬੀ ਲੋਹੇ ਦੀ ਪਾਈਪ ਲਗਾ ਕੇ ਉਸ ਦੇ ਹੇਠਲੇ ਪਾਸੇ ਸਰੀਏ ਦਾ ਜਾਲ ਲਗਾਇਆ ਜਾਂਦਾ ਹੈ, ਜਿਸ ਵਿਚ ਬਾਲਣ ਬਾਲਿਆ ਜਾਂਦਾ ਹੈ। ਪਾਈਪ ਦੇ ਆਲੇ-ਦੁਆਲੇ ਬਣੀ ਲੋਹੇ ਦੀ ਚਾਦਰ ਦੇ ਹੋਲ ਜਿਸ ਵਿਚ ਤਕਰੀਬਨ 25-30 ਲੀਟਰ ਪਾਣੀ ਜਮ੍ਹਾਂ ਰਹਿੰਦਾ ਹੈ, ਅੱਗ ਦੇ ਬਲਣ ਨਾਲ ਲਗਾਤਾਰ ਗਰਮ ਹੁੰਦਾ ਰਹਿੰਦਾ ਹੈ। ਲੋਹੇ ਦੇ ਬਣੇ ਇਸ ਦੇਸੀ ਗੀਜ਼ਰ ਵਿਚ ਲੱਕੜਾਂ, ਪਾਥੀਆਂ, ਕੂੜਾ-ਕਰਕਟ ਅਤੇ ਲਿਫਾਫੇ ਆਦਿ ਬਾਲ ਕੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਅਤੇ ਬਹੁਤ ਘੱਟ ਬਾਲਣ ਨਾਲ 25-30 ਲੀਟਰ ਪਾਣੀ ਬੜੀ ਅਸਾਨੀ ਨਾਲ ਗਰਮ ਹੋ ਜਾਂਦਾ ਹੈ। ਘਰ-ਘਰ ਵਿਚ ਇਨ੍ਹਾਂ ਗੀਜ਼ਰਾਂ ਦੀ ਮੰਗ ਵਧਣ ਕਾਰਨ ਅੱਜ ਥਾਂ-ਥਾਂ ਦੁਕਾਨਾਂ ਉੱਪਰ ਅਨੇਕਾਂ ਤਰ੍ਹਾਂ ਦੇ ਰੰਗ-ਰੋਗਨ ਕੀਤੇ ਇਹ ਲੋਹੇ ਦੇ ਗੀਜ਼ਰ ਸਰਦੀ ਦੀ ਰੁੱਤ ਵਿਚ ਵੱਡੀ ਮਾਤਰਾ ਵਿਚ ਆਮ ਮਿਲਣੇ ਸ਼ੁਰੂ ਹੋ ਜਾਂਦੇ ਹਨ। ਅੱਜ ਇਨ੍ਹਾਂ ਗੀਜ਼ਰਾਂ ਨੂੰ ਖਰੀਦਣ ਵਿਚ ਕੀ ਅਮੀਰ, ਕੀ ਗਰੀਬ, ਹਰ ਕਿਸੇ ਵਲੋਂ ਖਾਸ ਦਿਲਚਸਪੀ ਦਿਖਾਈ ਜਾ ਰਹੀ ਹੈ।

-ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ: 94654-11585

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX