ਤਾਜਾ ਖ਼ਬਰਾਂ


ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  12 minutes ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  31 minutes ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  43 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  54 minutes ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 2 hours ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 2 hours ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 3 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 2 hours ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕੈਨੇਡਾ ਦਾ ਤਰਲ ਸੋਨਾ

'ਐਜ਼ ਕੈਨੇਡੀਅਨ ਐਜ਼ ਮੈਪਲ ਸਿਰਪ' (As Canadian As Maple Syrup) ਇਹ ਮਸ਼ਹੂਰ ਕਹਾਵਤ ਕੈਨੇਡਾ ਪਹੁੰਚ ਕੇ ਹੀ ਸਮਝ ਆਉਂਦੀ ਹੈ | ਇਸ ਦੇਸ਼ ਦੇ ਝੰਡੇ ਤੋਂ ਲੈ ਕੇ ਲੋਕਾਂ ਦੇ ਰਹਿਣ-ਸਹਿਣ ਤੱਕ, ਹਰੇ-ਭਰੇ ਦਰੱਖਤਾਂ ਤੋਂ ਲੈ ਕੇ ਖੇਤੀਬਾੜੀ ਤੱਕ ਅਤੇ ਨਿਰਯਾਤ ਤੋਂ ਲੈ ਕੇ ਮਿੱਠੇ ਤੱਕ 'ਮੈਪਲ' ਦੀ ਅਹਿਮ ਭੂਮਿਕਾ ਹੈ | ਕਿਹਾ ਜਾ ਸਕਦਾ ਹੈ ਕਿ ਇਹ ਇਕ ਤਰ੍ਹਾਂ ਕੈਨੇਡਾ ਦੀ ਪਹਿਚਾਣ ਦਾ ਪ੍ਰਤੀਕ ਹੈ |
ਕੈਨੇਡਾ ਵਿਚ ਮੈਪਲ ਦੇ ਦਰੱਖਤ ਬਹੁ-ਗਿਣਤੀ ਵਿਚ ਪਾਏ ਜਾਂਦੇ ਹਨ | ਇਸ ਦਰੱਖਤ ਦੀਆਂ ਦਸ ਕਿਸਮਾਂ ਤਾਂ ਕੇਵਲ ਕੈਨੇਡਾ ਵਿਚ ਹੀ ਪਾਈਆਂ ਜਾਂਦੀਆਂ ਹਨ |
ਇਸ ਦਰੱਖਤ ਦੀ ਵਿਸ਼ੇਸ਼ਤਾ ਇਹ ਹੈ ਕਿ ਕੈਨੇਡਾ ਦੀ ਹੱਡ ਤੋੜਵੀਂ ਠੰਢ ਵਿਚ ਇਹ ਆਪਣੀਆਂ ਜੜ੍ਹਾਂ ਅਤੇ ਤਣੇ ਵਿਚ ਸਟਾਰਚ ਜਮ੍ਹਾਂ ਕਰ ਲੈਂਦਾ ਹੈ ਅਤੇ ਫਿਰ ਇਸ ਨੂੰ ਮਿੱਠੇ ਰਸ ਵਿਚ ਤਬਦੀਲ ਕਰ ਦਿੰਦਾ ਹੈ | ਸਰਦ ਰੁੱਤ ਖ਼ਤਮ ਹੋਣ 'ਤੇ ਇਸ ਦੇ ਤਣੇ ਵਿਚ ਛੋਟੇ-ਛੋਟੇ ਛੇਕ ਕਰਕੇ ਇਨ੍ਹਾਂ ਵਿਚੋਂ ਇਸ ਮਿੱਠੇ ਰਸ ਨੂੰ ਕੱਢ ਲਿਆ ਜਾਂਦਾ ਹੈ ਅਤੇ ਫਿਰ ਚੰਗੀ ਤਰ੍ਹਾਂ ਪਕਾ ਲਿਆ ਜਾਂਦਾ ਹੈ, ਜਿਸ ਨਾਲ ਰਸ ਵਿਚ ਪਾਣੀ ਦੀ ਮਾਤਰਾ ਨਾ-ਮਾਤਰ ਰਹਿ ਜਾਂਦੀ ਹੈ ਅਤੇ ਇਹ ਰਸ ਗਾੜ੍ਹਾ ਹੋ ਜਾਂਦਾ ਹੈ | ਫਿਰ ਇਸ ਨੂੰ ਛਾਣ ਕੇ ਸਾਫ਼ ਬੋਤਲਾਂ ਵਿਚ ਪੈਕ ਕਰਕੇ ਸੀਲ ਕਰ ਦਿੱਤਾ ਜਾਂਦਾ ਹੈ ਅਤੇ ਇਹ ਕਹਾਉਂਦਾ ਹੈ ਕੈਨੇਡਾ ਦਾ ਦੁਨੀਆ ਭਰ ਵਿਚ ਪ੍ਰਸਿੱਧ 'ਮੈਪਲ ਸਿਰਪ'
ਗੁਲੂਕੋਜ਼, ਫਰੋਕਟੋਸ, ਕਾਰਬੋਹਾਈਡ੍ਰੇਟਸ, ਮੈਗਨੀਸ਼ੀਅਮ, ਜ਼ਿੰਕ, ਕੈਲਸ਼ੀਅਮ, ਰਿਬੋਫਲੇਵਿਨ ਅਤੇ ਐਮੀਨੋ ਐਸਿਡਜ਼ ਵਰਗੇ ਤੱਤਾਂ ਨਾਲ ਭਰਪੂਰ ਇਸ ਸਵਾਦਿਸ਼ਟ ਮੈਪਲ ਸਿਰਪ ਦੀ ਵਰਤੋਂ ਕੈਨੇਡਾ ਅਤੇ ਅਮਰੀਕਾ ਤੋਂ ਇਲਾਵਾ ਪੂਰੇ ਯੂਰਪ ਅਤੇ ਆਸਟ੍ਰੇਲੀਆ ਵਿਚ ਵੀ ਵੱਖ-ਵੱਖ ਕਿਸਮਾਂ ਦੇ ਕੇਕ, ਚਾਕਲੇਟ, ਟਾਫੀਆਂ, ਬਿਸਕੁਟ, ਪਾਈਜ਼, ਸੈਂਡਵਿਚ, ਬਰੈੱਡ, ਆਈਸਕਰੀਮ, ਨਾਸ਼ਤੇ ਵਿਚ ਖਾਣ ਵਾਲੇ ਪਕਵਾਨ ਜਿਵੇਂ ਪੈਨ ਕੇਕ, ਵੋਫ਼ਲਜ਼, ਦਲੀਆ ਜਾਂ ਫਿਰ ਤਾਜ਼ੇ ਫਲਾਂ ਦੀ ਮਿਠਾਸ ਵਿਚ ਵਾਧਾ ਕਰਨ ਲਈ ਅਤੇ ਚਾਹ ਜਾਂ ਕਾਫ਼ੀ ਦਾ ਆਨੰਦ ਮਾਨਣ ਲਈ ਵੀ ਚੀਨੀ ਦੀ ਜਗ੍ਹਾ 'ਮੈਪਲ ਸਿਰਪ' ਇਸਤੇਮਾਲ ਕੀਤਾ ਜਾਂਦਾ ਹੈ | ਇਹ ਸ਼ਹਿਦ ਵਰਗਾ ਤਰਲ, ਖ਼ਾਸ ਕਰਕੇ ਬੱਚਿਆਂ ਵਿਚ ਹਰਮਨ ਪਿਆਰਾ ਹੈ |
ਦੁਨੀਆ ਦੇ ਕਰੀਬ 82.3% 'ਮੈਪਲ ਸਿਰਪ' ਦਾ ਉਤਪਾਦਨ ਅਤੇ ਬਰਾਮਦ ਕੈਨੇਡਾ ਹੀ ਕਰਦਾ ਹੈ | ਪਿਛਲੇ ਸਾਲ ਹੀ 'ਮੈਪਲ ਸਿਰਪ' ਅਤੇ ਉਸ ਤੋਂ ਬਣਾਈਆਂ ਗਈਆਂ ਵਸਤਾਂ ਜਿਨ੍ਹਾਂ ਦੀ ਅੰਦਾਜ਼ਨ ਕੀਮਤ 312.9 ਮਿਲੀਅਨ ਡਾਲਰ (ਅਮਰੀਕਨ) ਸੀ, ਦਾ ਨਿਰਯਾਤ ਇਕੱਲੇ ਕੈਨੇਡਾ ਨੇ ਹੀ ਕੀਤਾ | ਇਸੇ ਵਜ੍ਹਾ ਕਰਕੇ 'ਮੈਪਲ ਸਿਰਪ' ਨੂੰ ਕੈਨੇਡਾ ਵਿਚ 'ਲਿਕੁਇਡ ਗੋਲਡ' (ਤਰਲ ਸੋਨਾ) ਵੀ ਕਿਹਾ ਜਾਂਦਾ ਹੈ |
ਕਿਊਬਿਕ, ਓਾਟਾਰੀਓ, ਨੋਵਾ ਸਕੋਟੀਆ, ਨਿਊ ਇੰਗਲੈਂਡ, ਨਿਊ ਬਰਨਜ਼ਵਿਕ, ਬਿ੍ਟਿਸ਼ ਕੋਲੰਬੀਆ, ਮੈਨੀਟੋਬਾ ਅਤੇ ਸਸਕੈਚਵਨ ਵਿਚ ਵਿਸ਼ੇਸ਼ ਕਰਕੇ ਇਹ ਤਰਲ ਸੋਨਾ ਬਣਾਇਆ ਜਾਂਦਾ ਹੈ | ਮੈਪਲ ਦਰੱਖਤਾਂ ਨੂੰ ਕਰੀਬ 30 ਸਾਲ ਦੀ ਉਮਰ ਤੋਂ ਬਾਅਦ ਇਹ ਸਿਰਪ ਬਣਾਉਣ ਲਈ ਵਰਤਿਆ ਜਾਂਦਾ ਹੈ | ਹਰੇਕ ਸਰਦ ਰੁੱਤ ਤੋਂ ਬਾਅਦ ਲਗਪਗ ਇਕ ਮਹੀਨਾ ਇਕ ਦਰੱਖਤ ਵਿਚੋਂ ਔਸਤ 35-50 ਲੀਟਰ ਰਸ ਕੱਢਿਆ ਜਾ ਸਕਦਾ ਹੈ ਅਤੇ ਇਹ ਪ੍ਰਕਿਰਿਆ ਦਰੱਖਤ ਦੀ ਤਕਰੀਬਨ 100 ਸਾਲ ਉਮਰ ਹੋਣ ਤੱਕ ਚਲਦੀ ਰਹਿੰਦੀ ਹੈ | ਇਸ ਤੋਂ ਬਾਅਦ ਉਸ ਦਰੱਖਤ ਵਿਚੋਂ ਰਸ ਕੱਢਣਾ ਬੰਦ ਕਰ ਦਿੱਤਾ ਜਾਂਦਾ ਹੈ |
ਅੱਜ ਤੱਕ ਇਹ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਪ੍ਰਕਿਰਿਆ ਕਿਵੇਂ ਅਤੇ ਕਦੋਂ ਸ਼ੁਰੂ ਹੋਈ | ਕਈ ਦਹਾਕਿਆਂ ਤੋਂ ਪੀੜ੍ਹੀ - ਦਰ -ਪੀੜ੍ਹੀ ਚਲੀ ਆਉਂਦੀ ਇਸ ਪ੍ਰਕਿਰਿਆ ਦਾ ਵਰਨਣ ਪੁਰਾਣੀਆਂ ਲੋਕ ਗਾਥਾਵਾਂ ਵਿਚ ਵੀ ਮਿਲਦਾ ਹੈ |


ਖ਼ਬਰ ਸ਼ੇਅਰ ਕਰੋ

ਕਿੱਥੇ ਗਏ ਤਿੰ੍ਰਝਣ?

ਕਿਸੇ ਰੁੱਤ ਦੇ ਕਿਸੇ ਵੀ ਦਿਨ, ਪੰਜਾਬ ਦੇ ਕਿਸੇ ਵੀ ਪਿੰਡ, ਕਸਬੇ ਜਾਂ ਨਗਰ ਵਿਚ ਰਹਿੰਦੀਆਂ ਮੁਟਿਆਰਾਂ ਆਪਣੇ ਆਂਢ-ਗੁਆਂਢ ਦੀਆਂ ਕੁੜੀਆਂ ਜਾਂ ਮੁਟਿਆਰਾਂ ਨੂੰ ਆਵਾਜ਼ਾਂ ਮਾਰਦੀਆਂ ਆਖਦੀਆਂ ਸਨ-
ਆ ਨੀ ਜੀਤੋ, ਆ ਨੀ ਪਰੀਤੋ, ਆ ਨੀ ਤੋਸ਼ੀ,
ਆ ਨੀ ਪੰਮੀ, ਆਵੋ ਨੀ ਸਾਰੀਆਂ ਰਲ ਕੇ ਚਰਖ਼ੇ ਡਾਹੀਏ,
ਆਵੋ ਨੀ ਅੱਜ ਤਿ੍ੰਝਣ ਸਜਾਈਏ!
ਫੇਰ ਕੀ ਹੁੰਦਾ ਸੀ? ਉਹੋ ਰੁੱਤ, ਸੁਹਾਵਣੀ ਬਣ ਜਾਂਦੀ, ਉਹ ਦਿਨ ਸੁੱਖਾਂ ਲੱਧਾ ਹੋ ਜਾਂਦਾ, ਉਹੋ ਨਗਰ ਖ਼ੁਸ਼ੀਆਂ ਖੇੜਿਆਂ 'ਚ ਮਹਿਕਣ ਲੱਗ ਪੈਂਦਾ ਸੀ ਕਿਉਂਕਿ ਝੱਟਪਟ, ਚਰਖ਼ੇ ਡਾਹ ਲਏ ਜਾਂਦੇ ਅਤੇ ਤਿ੍ੰਝਣ ਸਜ ਜਾਂਦੇ ਸਨ ਅਤੇ ਚਰਖ਼ੇ ਡਾਹੁਣ ਵਾਲੀਆਂ ਤੇ ਤਿ੍ੰਝਣ ਸਜ ਸਜਾਉਣ ਵਾਲੀਆਂ ਇਹ ਪੰਜਾਬਣਾਂ ਆਪਣੇ ਸੁਹਜ-ਸੁਆਦ ਅਤੇ ਪੰਜਾਬ ਦੇ ਵਿਲੱਖਣ ਸੱਭਿਆਚਾਰ ਦੀ ਸਿਰਜਣਾ ਦਾ ਪ੍ਰਤੀਕ ਹੋ ਨਿੱਬੜਦੀਆਂ ਸਨ |
ਦੁਨੀਆਂ ਦਾ ਹਰ ਬਸ਼ਰ ਜਾਣਦਾ ਹੈ ਕਿ ਪੰਜਾਬ ਦੀ ਧਰਤੀ 'ਤੇ ਵਿਸ਼ਾਲ ਸੱਭਿਆਚਾਰ ਦੀ ਸਿਰਜਣਾ ਹੋਈ ਹੈ | ਇਥੋਂ ਦੇ ਲੋਕ-ਜੀਵਨ ਦਾ ਸੁਭਾਅ ਰੰਗੀਲਾ, ਰਸੀਲਾ ਅਤੇ ਸੂਰਮਗਤੀ ਵਾਲਾ ਹੈ | ਕਿਰਤ ਕਰਨਾ, ਰਲ ਮਿਲ ਕੇ ਖਾਣਾ-ਪੀਣਾ, ਗਿਆਨ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਅਤੇ ਮੌਜ ਮਸਤੀ ਲਈ ਰੰਗ-ਬਿਰੰਗੇ ਮੌਕੇ ਪੈਦਾ ਕਰ ਲੈਣੇ, ਪੰਜਾਬੀ ਰਹਿਤਲ ਦੇ ਸੁਭਾਵਿਕ ਗੁਣ ਹਨ |
ਕਿਸੇ ਕਿਸਮ ਦੇ ਭਿੰਨ-ਭੇਦ, ਵਖਰੇਵੇਂ ਅਤੇ ਵਿਤਕਰੇ ਤੋਂ ੳੁੱਪਰ ਉੱਠ ਕੇ ਹਰ ਮੌਸਮ, ਹਰ ਰੁੱਤ ਵਿਚ ਆਪਣੇ ਕੰਮ, ਰੁਝੇਵਿਆਂ ਦੇ ਅੰਗ-ਸੰਗ ਰਹਿੰਦਿਆਂ ਹੋਇਆਂ, ਕਈ ਪ੍ਰਕਾਰ ਦੇ ਮਨੋਰੰਜਨ ਦੇ ਸਾਧਨ ਅਤੇ ਕਈ ਪ੍ਰਕਾਰ ਦੇ ਕਿੱਤਿਆਂ ਜਾਂ ਆਹਰਾਂ ਨੂੰ ਸਿਰਜ ਲੈਣਾ ਇਨ੍ਹਾਂ ਪੰਜਾਬੀਆਂ ਅਤੇ ਪੰਜਾਬਣਾਂ ਦਾ ਆਦਿ-ਕਾਲੀਨੀ ਸ਼ੌਕ ਵੀ ਅਤੇ ਰੁਝੇਵਾਂ ਵੀ ਰਿਹਾ ਹੈ | ਪੰਜਾਬਣਾਂ ਦਾ ਤਿ੍ੰਝਣ ਵੀ ਇਕ ਅਜਿਹਾ ਹੀ ਲੋਕ-ਮਨੋਰੰਜਨ ਦੇ ਸਾਧਨ ਜਿਹਾ ਸਾਧਨ ਅਤੇ ਵਿਸ਼ੇਸ਼ ਰੂਪ ਵਿਚ ਇਨ੍ਹਾਂ ਦਾ ਬੁਨਿਆਦੀ ਆਹਰ ਜਾਂ ਕੰਮ-ਧੰਦਾ ਗਿਣਿਆ ਗਿਆ ਹੈ |
'ਤਿ੍ੰਝਣ' ਵਿਚ ਪੰਜਾਬਣਾਂ ਦੀ ਰੂਹ ਕੂਕਦੀ ਹੈ | ਪੰਜਾਬਣਾਂ ਵਲੋਂ ਕੱਤੇ ਗਏ ਸੂਤ ਨਾਲ ਸਮੁੱਚੇ ਪੰਜਾਬੀਆਂ ਦੀ ਆਰਥਿਕਤਾ ਦੀ ਚੂਲ ਮਜ਼ਬੂਤ ਹੁੰਦੀ ਹੈ | ਤਿ੍ੰਝਣ ਮਨੋਰੰਜਨ ਦਾ ਮਾਰਮਿਕ ਮੌਕਾ ਵੀ ਹੈ ਅਤੇ ਕੁੱਲੀ, ਗੁੱਲੀ, ਜੁੱਲੀ ਜਿਹੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦਾ ਇਕ ਮਾਧਿਅਮ ਵੀ ਹੈ | ਇਸ ਦਾ ਨਿਰੋਲ ਰੂਪ 'ਚ ਇਸਤਰੀ ਜਾਤੀ ਨਾਲ ਹੀ ਸੰਬੰਧ ਰਿਹਾ ਹੈ | ਤਾਂ ਹੀ ਤਾਂ, ਇਕ ਮਾਂ ਆਪਣੀ ਧੀ ਨੂੰ ਸੰਬੋਧਨ ਹੁੰੰੰੰਦੀ ਹੋਈ, ਲੋਕ ਬੋਲਾਂ ਰਾਹੀਂ ਕਹਿ ਰਹੀ ਹੈ-
ਸੁਣ ਨੀ ਧੀਏ ਰੂਪ ਸ਼ਿੰਗਾਰੀਏ,
ਮੈਂ ਤੈਨੂੰ ਸਮਝਾਵਾਂ,
ਚਿੱਟੀ ਰੂੰ ਮੈਂ ਪਿੰਜਾਅ ਕੇ ਲਿਆਵਾਂ,
ਸੋਹਣੀਆਂ ਪੂਣੀਆਂ ਬਣਾਵਾਂ |
ਕੁੜੀਆਂ ਦੇ ਚਰਖ਼ੇ ਮੈਂ ਲਾਂਭੇ ਡਾਹਵਾਂ,
ਤੇਰਾ ਵਿਚਾਲੇ ਡਾਹਵਾਂ |
ਚਰਖ਼ਾ ਕੱਤ ਸ਼ਿੰਦੀਏ,
ਤੇਰਾ ਰੰਗਲਾ ਦਾਜ ਬਣਾਵਾਂ...........
ਮਾਂ ਦੇ ਸਮਝਾਉਣ 'ਤੇ ਧੀ ਸੁਚੇਤ ਹੋ ਜਾਂਦੀ ਹੈ ਅਤੇ ਇਹ ਗੱਲ ਪੱਕੀ ਤਰ੍ਹਾਂ ਧਾਰਨ ਕਰ ਲੈਂਦੀ ਹੈ ਕਿ ਸਹੁਰੇ ਘਰ ਉਸ ਦੇ ਕੱਤੇ ਹੋਏ ਦੀ ਹੀ ਸ਼ਨਾਸ (ਪਛਾਣ) ਹੋਣੀ ਹੈ, ਤੇ ਏਸੇ ਹੀ ਕਰਮ ਨੇ ਉਸ ਨੂੰ ਸਹੁਰੇ ਘਰ ਢੋਈ ਪ੍ਰਦਾਨ ਕਰਨੀ ਹੈ | ਉਹ ਸਮਝ ਜਾਂਦੀ ਹੈ ਕਿ ਚਰਖ਼ਾ ਤੇ ਉਸ ਦੀ ਜੀਵਨ ਚਾਲ ਕੋਈ ਦੋ ਨਹੀਂ ਹਨ | ਉਹ ਕਿਸੇ ਜਾਣੰੂ ਤਰਖਾਣ ਨੂੰ ਚਰਖ਼ਾ ਘੜਨ ਵਾਸਤੇ ਕਹਿੰਦੀ ਹੋਈ ਮਨ ਹੀ ਮਨ, ਕਈ ਹੋਰ ਜਜ਼ਬਾਤ ਵੀ ਸਾਂਝੇ ਕਰ ਜਾਂਦੀ ਹੈ-
ਚਰਖ਼ਾ ਖ਼ੂਬ ਘੜੀਂ ਤਰਖਾਣਾਂ,
ਕੁੜੀਆਂ ਸਹੁਰਿਆਂ ਨੂੰ ਤੁਰ ਜਾਣਾ,
ਤੱਕਲਾ ਖੂਬ ਘੜੀਂ ਵੇ ਲੁਹਾਰਾ,
ਜੇਹੜਾ ਤੰਦ ਕੱਢੇ ਗਜ਼ ਸਾਰਾ,
ਜਦ ਮੈਂ ਚਰਖ਼ਾ ਡਾਹ ਕੇ ਬੈਠੀ,
ਮੇਰੇ ਚਰਖ਼ੇ ਦੀ ਮਾਲ੍ਹ ਗਰਨਾਈ,

ਮੇਰੇ ਚਰਖ਼ੇ ਦੀ ਮਾਲ੍ਹ ਗਰਨਾਈ,
ਮੇਰੇ ਸਹੁਰਿਆਂ ਤੋਂ ਆ ਗਿਆ ਨਾਈ,
ਜਦ ਮੈਂ ਕੱਤ ਲਈ ਸੀ ਛੱਲੀ,
ਤੁਸੀਂ ਬੈਠੋ ਸਈਓ ਨੀ ਮੈਂ ਚੱਲੀ,
ਜਦ ਮੈਂ ਕੱਤ ਲਈ ਸੀ ਪੂਣੀ ਪੂਣੀ,
ਸਾਨੂੰ ਚਿੰਤਾ ਤਾਂ ਪੈ ਗਈ ਦੂਣੀ,
ਜਦ ਮੈਂ ਕੱਤਿਆ ਸੀ ਗੋਹੜਾ, ਗੋਹੜਾ,
ਸਾਡਾ ਮਾਵਾਂ ਧੀਆਂ ਦਾ ਵਿਛੋੜਾ,
ਰਲ ਮਿਲ ਸਈਆਂ ਤੋਰਨ ਚੱਲੀਆਂ,
ਦੋ ਆਪਣੀਆਂ ਦੋ ਪਰਾਈਆਂ,
ਸਿੱਧੀ ਵਾੜ ਤਾਂ ਲਾ ਦਿਓ ਛਾਪੇ,
ਸਾਨੂੰ ਫੇਰ ਮਿਲਾ ਦਿਓ ਮਾਪੇ,
ਵਿੰਗੀ ਵਾੜ ਤਾਂ ਖਿਲਰੇ ਛਾਪੇ,
ਮੇਰਾ ਤੁਰਦੀ ਦਾ ਕਾਲਜਾ ਧੜਕੇ,
ਨੀ ਨਾ ਮਾਰੀਂ ਨਣਾਨੇ ਤਾਅਨੇ,
ਤੈਂ ਵੀ ਜਾਣੈਂ ਦੇਸ ਬਗਾਨੇ,
ਨੀ ਨਾ ਮਾਰੀਂ ਸੱਸੂ ਬੋਲੀ,
ਪੁੱਤ ਤੇਰਾ ਨੌਕਰ ਮੈਂ ਉਹਦੀ ਗੋਲੀ |
ਇਕ, ਦੋ, ਜਾਂ ਤਿੰਨ ਮੁਟਿਆਰਾਂ ਦੁਆਰਾ ਚਰਖ਼ੇ ਡਾਹ ਕੇ ਕੱਤਣ ਨਾਲ ਹੀ ਤਿ੍ੰਝਣ ਨਹੀਂ ਬਣ ਜਾਂਦੀ, ਤਿੰ੍ਰਝਣ ਦਾ ਦਿ੍ਸ਼ ਇਸ ਤੋਂ ਵੱਧ ਗਿਣਤੀ 'ਚ ਚਰਖ਼ੇ ਡਾਹ ਕੇ ਹੀ ਸਿਰਜਿਆ ਜਾ ਸਕਦਾ ਹੈ ਜਾਂ ਸਿਰਜਿਆ ਜਾਂਦਾ ਰਿਹਾ ਹੈ | ਤਿੰਝਣ ਸਜਾਉਣ ਵਾਸਤੇ ਗਲੀ-ਮੁਹੱਲੇ ਜਾਂ ਭਾਈਚਾਰੇ ਦੀਆਂ ਕੁਆਰੀਆਂ ਕੁੜੀਆਂ, ਵਿਆਹੀਆਂ ਮੁਟਿਆਰਾਂ, ਅਧਖ਼ੜ ਜਾਂ ਵਡੇਰੀ ਉਮਰ ਦੀਆਂ ਜ਼ਨਾਨੀਆਂ, ਗੱਲ ਕੀ, ਧੀਆਂ, ਭੈਣਾਂ, ਭਰਜਾਈਆਂ, ਚਾਚੀਆਂ, ਤਾਈਆਂ, ਦਾਦੀਆਂ, ਮਾਈਆਂ ਜਾਂ ਮਾਮੀਆਂ, ਮਾਸੀਆਂ, ਨਾਨੀਆਂ ਆਦਿ ਜਿਨ੍ਹਾਂ ਦੀ ਗਿਣਤੀ ਸੀਮਾ 'ਚ ਨਹੀਂ ਰੱਖੀ ਜਾ ਸਕਦੀ, ਇਹ ਸਭੇ ਹੀ ਹੋ ਸਕਦੀਆਂ ਹਨ ਪਰ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਿਸ ਸਾਂਝੇ ਜਿਹੇ ਘਰ 'ਚ ਇਹ ਤਿ੍ੰਝਣ ਸਜਾਉਣਾ ਹੁੰਦਾ ਹੈ, ਉਸ ਘਰ ਦਾ ਕੋਈ ਵਿਹੜਾ, ਕਮਰਾ(ਪਸਾਰ) ਜਾਂ ਢਾਰਾ ਜਾਂ ਕੋਠੇ ਦੀ ਛੱਤ ਓਨੀ ਕੁ ਮੋਕਲੀ (ਖੁੱਲ੍ਹੀ) ਹੈ ਕਿ ਨਹੀਂ, ਜਿੰਨੀ ਕਿ ਚਰਖੇ ਡਾਹੁਣ ਵਾਲੀਆਂ ਮੁਟਿਆਰਾਂ ਜਾਂ ਔਰਤਾਂ ਨੂੰ ਖੁੱਲ੍ਹੀ ਜਗ੍ਹਾ ਚਾਹੀਦੀ ਹੁੰਦੀ ਹੈ ਤਾਂ ਜੋ ਕੱਤਦੀਆਂ ਨੂੰ ਕੋਈ ਔਖ ਨਾ ਹੋਵੇ | ਪਰੰਤੂ ਜੇਕਰ ਕਿਸੇ ਮੁਟਿਆਰ ਦਾ ਚਰਖਾ ਭਾਰਾ ਚੱਲੇ ਤਾਂ ਉਹ ਇਹ ਆਖਣੋਂ ਕਦੇ ਗੁਰੇਜ਼ ਨਹੀਂ ਕਰਦੀ ਕਿ-
ਚਰਖਾ ਮੇਰਾ ਕਿੱਕਰ ਦਾ,
ਤੂੰ ਟਾਹਲੀ ਦਾ ਬਣਵਾ ਦੇ,
ਮੇਰੇ ਨਾਲ ਦੀਆਂ ਕੱਤ ਕੇ ਸੌਾ ਗਈਆਂ,
ਮੈਥੋਂ ਕੱਤਿਆ ਨਾ ਛੇਤੀ ਜਾਵੇ,
ਚੀਕੂੰ ਚੀਕੂੰ ਕਰਦਾ ਰਹਿੰਦਾ,
ਨਿੱਤ ਮੇਰੀ ਨੀਂਦ ਗਵਾਵੇ,
ਅੱਗ ਲੱਗੇ ਚਰਖੇ ਨੂੰ ,
ਨਿੱਤ ਮੇਰਿਆਂ ਹੱਡਾਂ ਨੂੰ ਖਾਵੇ |
ਪਰੰਤੂ ਇਸ ਮੁਟਿਆਰ ਦੀ ਅਸਲ ਸਥਿਤੀ ਨੂੰ ਸਮਝਦੀਆਂ ਹੋਈਆਂ ਉਸ ਦੇ ਨਾਲ ਬੈਠੀਆਂ ਹੋਰ ਮੁਟਿਆਰਾਂ ਇਹ ਕਹਿ ਕੇ ਉਸ ਨੂੰ ਮੁੜ ਕੱਤਣ ਲਈ ਉਕਸਾਉਂਦੀਆਂ ਹਨ ਕਿ-
ਸਾਵੀਂ ਸੁੱਥਣ ਵਾਲੀਏ ਕੁੜੀਏ, ਆੲੀਂ ਏਾ ਤਿੰ੍ਰਝਣ 'ਚ ਬਣ ਠਣ ਕੇ,
ਕੰਨੀਂ ਤੇਰੇ ਹਰੀਆਂ ਬੋਤਲਾਂ, ਗਲ ਵਿਚ ਮੂੰਗੇ ਮਣਕੇ,
ਤੀਲੀ ਤੇਰੀਂ ਮੁਲਖ ਮੋਹ ਲਿਆ, ਬਾਹੀਂ ਚੂੜਾ ਛਣਕੇ,
ਫੇਰ ਕਦ ਕੱਤੇਂਗੀ, ਹੁਣ ਕੱਤ ਲੈ ਹੌਲੇ ਭਾਰੇ.........
ਫੇਰ ਕਦ ਕੱਤੇਂਗੀ..........
ਜਿਹੜੀ ਨਾਰ ਦਾ ਚਰਖਾ ਹੌਲਾ ਚੱਲਦੈ, ਉਹ ਕਾਰੀਗਰ ਨੂੰ ਵਧਾਈ ਦੇਣੋਂ ਨਹੀਂ ਝਿਜਕਦੀ-
ਕਾਰੀਗਰ ਨੂੰ ਦੇ ਨੀ ਵਧਾਈ,
ਜਿਹਨੇ ਰੰਗਲਾ ਚਰਖਾ ਬਣਾਇਆ |
ਵਿਚ ਵਿਚ ਮੇਖਾਂ ਲਾਈਆਂ ਸੁਨਹਿਰੀ,
ਹੀਰਿਆਂ ਜੜ੍ਹਤ ਜੜ੍ਹਾਇਆ |
ਬੀੜੀ ਦੇ ਨਾਲ ਖਹੇ ਦਮਕੜਾ,
ਤੱਕਲਾ ਫਿਰੇ ਸਵਾਇਆ....... |
*****
ਲੈ ਦੇ ਚਰਖਾ ਸ਼ੀਸ਼ਿਆਂ ਵਾਲਾ,
ਵੇ ਕੱਤਦੀ ਦਾ ਚੂੜਾ ਛਣਕੇ |
ਤਿੰ੍ਰਝਣ ਵਿਚ ਜਾ ਕੇ ਕੱਤਣ ਵਾਸਤੇ ਸੁੰਦਰ, ਰੰਗੀਨ ਅਤੇ ਚੰਗੀ ਲੱਕੜ ਦੇ ਬਣੇ ਹੋਏ ਚਰਖੇ ਦੀ ਚਾਹਤ ਤਾਂ ਹਰ ਨਾਰ ਵਿਚ ਸਮੋਈ ਹੁੰਦੀ ਹੈ, ਕਿਉੰਕਿ ਏਸੇ ਚਰਖੇ ਦੀ ਘੂਕਰ ਨੇ ਉਸ ਦੇ ਦਿਲ ਦੀ ਹੂਕ ਬਣਨਾ ਹੁੰਦਾ ਹੈ | ਪੂਣੀਆਂ ਨੇ ਉਸ ਦਾ ਆਹਰ- ਪਾਹਰ ਅਤੇ ਛੱਲੀਆਂ ਨੇ ਉਸ ਦੇ ਪਰਿਵਾਰ-ਪਿਆਰ ਦੀਆਂ ਤੰਦਾਂ ਦਾ ਸਮੂਹ | ਏਸੇ ਕਰਕੇ ਉਹ ਤਰਖਾਣ ਨੂੰ ਅਰਜ਼ ਕਰਦੀ ਹੈ-
ਭਾਈ ਸਾਂਵਲਿਆ, ਤਰਖਾਣਾਂ, ਮੇਰੀ ਚਰਖੀ ਨੂੰ ਖੂਬ ਸਜਾਣਾ,
ਮੈਂ ਚੱਲੀ, ਸਹੇਲੀਓ ਚੱਲੀ, ਮੇਰੀ ਦਾਦੀ ਨਾ ਰੋਵੇ 'ਕੱਲੀ,
ਮੇਰੀ ਪੂਣੀ ਚੁੱਕ ਮੁਕਾਇਓ, ਮੇਰੀ ਦਾਦੀ ਨੂੰ ਚੁੱਪ ਕਰਾਇਓ...
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਏ-9, ਚਾਹਲ ਨਗਰ, ਫਗਵਾੜਾ—144401
ਮੋਬਾਈਲ : 98142-09732.

ਮਾਨਵੀ ਸੁਹਿਰਦਤਾ 'ਚ ਜੰਗਲੀ ਹੂਸ਼ਪਣੇ ਦਾ ਰਲਾਅ

ਮਨੁੱਖ ਦੇ ਸੁਭਾਅ ਪ੍ਰਤੀ ਜਿਹੜੀ ਕੱਥ-ਕਹਾਣੀ ਪ੍ਰਚਲਿਤ ਰਹੀ, ਉਹ ਇਹ ਸੀ ਕਿ ਮਨੁੱਖ ਦੇ ਇਕ ਮੋਢੇ 'ਤੇ ਫਰਿਸ਼ਤਾ ਬਿਰਾਜਮਾਨ ਹੈ ਅਤੇ ਦੂਜੇ 'ਤੇ ਸ਼ੈਤਾਨ | ਇਸੇ ਕਾਰਨ ਮਨੁੱਖ ਕਦੀ ਮਾਨਵ ਬਣਿਆ ਵਿਚਰਦਾ ਹੈ ਅਤੇ ਕਦੀ ਇਸ ਦੇ ਵਤੀਰੇ 'ਚੋਂ ਜੰਗਲੀ ਹੂਸ਼ਪਣਾ ਝਲਕਣ ਲਗਦਾ ਹੈ | ਜੀਵਨ ਦੇ ਹੋਏ ਵਿਕਾਸ ਦੇ ਪਿਛੋਕੜ 'ਚ ਮਨੁੱਖ ਦੇ ਸੁਭਾਅ ਦੀ ਕੀਤੀ ਜਾ ਰਹੀ ਵਿਆਖਿਆ ਅਨੁਸਾਰ ਵੀ : ਮਾਨਵੀ ਸੁਹਿਰਦਤਾ 'ਚੋਂ ਹੂਸ਼ਪਣੇ ਦਾ ਝਾਉਲਾ ਇਸ ਲਈ ਪੈਂਦਾ ਰਹਿੰਦਾ ਹੈ ਕਿਉਂਕਿ ਜਿਸ ਵਣਮਾਨਸ ਦੀ ਅਸੀਂ ਸੰਤਾਨ ਹਾਂ, ਉਸ ਦੇ ਵਤੀਰੇ ਨੂੰ ਪ੍ਰਭਾਵਿਤ ਕਰ ਰਹੇ ਜੀਨ ਸਾਨੂੰ ਵੀ ਵਿਰਸੇ 'ਚ ਮਿਲ ਰਹੇ ਹਨ, ਜਿਸ ਕਾਰਨ ਉਸ ਦੀਆਂ ਮੂਲ ਪ੍ਰਵਿਰਤੀਆਂ ਦਾ ਕਦੀ-ਕਦਾਈਾ ਸਾਡੇ ਸੁਭਾਅ 'ਚੋਂ ਵੀ ਝੌਲਾ ਪੈਣਾ ਸੁਭਾਵਿਕ ਹੈ |
ਸਦਾਚਾਰਕ ਆਦਰਸ਼ਾਂ ਦੀ ਕੀਤੀ ਜਾ ਰਹੀ ਪੈਰਵੀ ਦੇ ਬਾਵਜੂਦ, ਨਿੱਜੀ ਹਿੱਤ ਸਾਡੇ ਲਈ ਸ਼੍ਰੋਮਣੀ ਹਨ | ਇਨ੍ਹਾਂ ਦੀ ਪਾਲਣਾ ਕਰਦੇ ਹੋਏ, ਅਸੀਂ ਹੋਰਨਾਂ ਨਾਲ ਵਧੀਕੀਆਂ ਕਰਨੋਂ ਵੀ ਨਹੀਂ ਝਿਜਕਦੇ | ਦੂਜਿਆਂ ਨੂੰ ਪਿਛਾੜਨ ਲਈ ਅਸੀਂ ਸਕੀਮਾਂ ਸੋਚ-ਸੋਚ, ਉਨ੍ਹਾਂ ਨੂੰ ਅਮਲ ਅਧੀਨ ਲਿਆਉਣੋਂ ਵੀ ਗੁਰੇਜ਼ ਨਹੀਂ ਕਰਦੇ | ਅਜਿਹਾ ਵਤੀਰਾ ਭਾਵੇਂ ਕੁਝ ਹੱਦ ਤੱਕ ਹਰ ਇਕ ਦਾ ਹੈ, ਪਰ ਜਦ ਕੋਈ ਹੋਰ ਇਸ ਦਾ ਪ੍ਰਗਟਾਵਾ ਕਰਦਾ ਹੈ, ਤਦ ਉਸ ਦੀ ਖੜ੍ਹੀ ਬੋਲੀ 'ਚ ਨਿਖੇਧੀ ਹੋਣ ਲੱਗਦੀ ਹੈ | ਇਸੇ ਕਾਰਨ, ਇਸ ਵਤੀਰੇ ਨੂੰ ਦੰਭ ਅਤੇ ਪਖੰਡ 'ਚ ਗਲੇਫ ਕੇ ਅਪਣਾਇਆ ਜਾ ਰਿਹਾ ਹੈ | ਸਿਆਸੀ ਆਗੂ ਤਾਂ ਇਸ ਵਤੀਰੇ ਦੀ ਕਲਾ ਦੇ ਰੂਪ 'ਚ ਉਪਾਸਨਾ ਕਰ ਰਹੇ ਹਨ | ਜੋ ਉਹ ਕਹਿੰਦੇ ਹਨ, ਉਹ ਉਨ੍ਹਾਂ ਦੇ ਮਨ ਅੰਦਰ ਨਹੀਂ ਹੁੰਦਾ ਅਤੇ ਜੋ ਉਨ੍ਹਾਂ ਦੇ ਵਿਹਾਰ ਅੰਦਰ ਹੁੰਦਾ ਹੈ, ਉਸ ਨੂੰ ਉਹ ਹਵਾ ਵੀ ਲੱਗਣ ਨਹੀਂ ਦਿੰਦੇ | ਅਜਿਹੇ ਵਤੀਰੇ ਨੂੰ 'ਡਿਪਲੋਮੇਸੀ' ਦਾ ਸਨਮਾਨਜਨਕ ਸਿਰਲੇਖ ਅਰਪਣ ਹੈ |
'ਨਾ ਖੰਜਰ ਪੇ ਦਾਗ਼, ਨਾ ਦਾਮਨ ਪੇ ਛੀਂਟ,
ਤੁਮ ਕਤਲ ਕਰੋ ਹੋ ਕਿ ਕਰਾਮਾਤ ਕਰੋ ਹੋ |'
ਸਾਡਾ ਵਿਕਾਸ ਕੁਝ ਕੁ ਇਸ ਤਰ੍ਹਾਂ ਹੋਇਆ | ਪੂਰਬੀ ਅਫ਼ਰੀਕਾ 'ਚ ਵਰਖਾ ਦੇ ਘੱਟ ਜਾਣ ਕਰਕੇ, ਉਥੇ ਦੇ ਵਣ ਛਿਦਰੇ ਪੈਣ ਲੱਗ ਪਏ ਅਤੇ ਇਨ੍ਹਾਂ ਵਣਾਂ 'ਚ ਵਿਚਰ ਰਹੇ ਵਣਮਾਨਸ ਨੂੰ , ਜਿਉਂਦਿਆਂ ਰਹਿਣ ਲਈ, ਵੱਖਰਾ ਵਤੀਰਾ ਧਾਰਨ ਕਰਨਾ ਪਿਆ | ਜਿਵੇਂ ਰੁੱਖਾਂ ਵਿਚਕਾਰ ਫਾਸਲੇ ਵਧਦੇ ਗਏ, ਇਥੇ ਰਹਿ ਰਹੇ ਵਣਮਾਨਸ ਦੀ ਦੋ ਟੰਗਾਂ ਉਪਰ ਤੁਰਨ ਦੀ ਆਦਤ ਪੱਕਦੀ ਗਈ ਅਤੇ ਨਾਲੋ-ਨਾਲ ਉਸ ਦੇ ਦਿਮਾਗ਼ ਅੰਦਰ ਪਰਿਵਰਤਨ ਆਉਂਦੇ ਰਹੇ, ਜਿਸ 'ਚੋਂ ਹੋਰ ਅਗਾਂਹ ਫਿਰ ਸੂਝ ਪੁੰਗਰੀ | ਹੁਣ ਤਕ ਵਣਮਾਨਸ ਵਾਂਗ ਜੀਵਨ ਬਿਤਾ ਰਹੇ ਸਾਡੇ ਪੂਰਵਜ਼ ਨੇ, ਤਦ, ਵਖਰਾ ਅਜਿਹਾ ਜੀਵਨ-ਢੰਗ ਅਪਣਾ ਲਿਆ, ਜਿਸ 'ਚ ਹੌਲੀ-ਹੌਲੀ ਸਹਿਚਾਰ ਦਾ ਦਖ਼ਲ ਵਧਦਾ ਗਿਆ ਅਤੇ ਪੇਟ ਭਰਨ ਲਈ ਵੀ ਇਸ ਨੇ ਜੜ੍ਹਾਂ-ਬੂਟੀਆਂ ਅਤੇ ਫਲਾਂ ਉਪਰ ਨਿਰਭਰ ਰਹਿਣ ਦੀ ਬਜਾਏ ਆਪ ਸ਼ਿਕਾਰ ਕਰਨਾ ਆਰੰਭ ਕਰ ਦਿੱਤਾ | ਇਕੱਠੇ ਵਿਚਰਦਿਆਂ ਵੱਡੇ-ਵੱਡੇ ਜਾਨਵਰਾਂ ਦਾ ਸ਼ਿਕਾਰ ਕਰਨਾ ਅਤੇ ਆਪਣੇ-ਆਪ ਦਾ ਜੰਗਲੀ ਜਾਨਵਰਾਂ ਤੋਂ ਬਚਾਓ ਕਰਨਾ ਸੌਖਾ ਹੋ ਗਿਆ ਸੀ | ਆਵਾਜਾਈ ਵਲੋਂ ਵਿਹਲੇ ਹੋਏ ਹੱਥਾਂ ਦੀ ਵਰਤੋਂ ਕਰਕੇ ਇਸ ਨੇ ਪੱਥਰ ਤਰਾਸ਼ੇ ਅਤੇ ਇਨ੍ਹਾਂ ਨੂੰ ਸੰਦਾਂ ਅਤੇ ਹਥਿਆਰਾਂ ਵਜੋਂ ਵਰਤਿਆ | ਫਿਰ, ਇਸ ਨੇ ਅੱਗ ਦੀ ਵਰਤੋਂ ਰਿੱਨਣ-ਪਕਾਉਣ ਲਈ ਅਤੇ ਹਨੇਰਾ ਦੂਰ ਕਰਨ ਲਈ ਆਰੰਭਿਆ | ਇਕੱਠੇ ਵਿਚਰਦਿਆਂ, ਗੱਲ-ਬਾਤ ਦੁਆਰਾ ਜਦ ਵਿਚਾਰ ਸਾਂਝੇ ਹੋਣ ਲੱਗ ਪਏ, ਤਦ ਇਸ ਨੇ ਕਾਸ਼ਤ ਦਾ ਕਿੱਤਾ ਅਪਣਾ ਕੇ ਰਮਤਾਪਣ ਤਿਆਗ ਦਿੱਤਾ | ਇਸ ਤਰ੍ਹਾਂ ਵਣਾਂ 'ਚ ਵਸਦਾ ਵਣਮਾਨਸ ਸੱਭਿਆਚਾਰਕ ਮਾਨਵ ਤਾਂ ਬਣ ਗਿਆ, ਪਰ ਇਹ ਵਣਮਾਨਸ ਵਾਲੀਆਂ ਪ੍ਰਵਿਰਤੀਆਂ ਦਾ ਮੁਕੰਮਲ ਤਿਆਗ ਨਾ ਕਰ ਸਕਿਆ | ਅਜਿਹਾ ਕਰਨਾ ਚਾਹੁੰਦਿਆਂ ਵੀ ਇਹ ਅਜਿਹਾ ਨਾ ਕਰ ਸਕਿਆ, ਇਸ ਲਈ ਕਿ ਅਜਿਹਾ ਕਰ ਸਕਣ ਦੀ ਆਗਿਆ ਇਸ ਦੇ ਜੀਨ ਇਸ ਨੂੰ ਨਹੀਂ ਦੇ ਰਹੇ |
ਵਣਮਾਨਸ ਦੇ ਵਤੀਰੇ ਨਾਲ ਸਬੰਧਿਤ ਕੁਝ ਜੀਨ, ਬਿਨਾਂ ਬਦਲਿਆਂ ਸਾਨੂੰ ਅਗਾਂਹ ਤੋਂ ਅਗਾਂਹ ਵਿਰਸੇ 'ਚ ਮਿਲਦੇ ਰਹੇ ਹਨ | ਕੁਝ ਸੁਭਾਗੇ ਅਜਿਹੇ ਹਨ ਜਿਨ੍ਹਾਂ 'ਚ ਇਨ੍ਹਾਂ ਦੀ ਘੱਟ ਮਾਤਰਾ ਹੈ | ਜਿਨ੍ਹਾਂ 'ਚ ਇਹ ਭਲੀ ਮਾਤਰਾ 'ਚ ਹਨ, ਉਹ, ਭਲਾ ਵਤੀਰਾ ਧਾਰਨ ਕਰਨ ਦੀ ਇੱਛਾ ਹੋਣ ਦੇ ਬਾਵਜੂਦ, ਵਣਮਾਨਸ ਵਾਲੀਆਂ ਪ੍ਰਵਿਰਤੀਆਂ ਦਾ, ਕਿਧਰੇ ਨਾ ਕਿਧਰੇ, ਵਿਖਾਲਾ ਕਰ ਹੀ ਬੈਠਦੇ ਹਨ | ਇਨ੍ਹਾਂ 'ਚੋਂ ਕਈ ਤਾਂ ਅਤਿ ਧੱਕੜ ਵਤੀਰਾ ਧਾਰਨ ਕਰਨੋਂ ਵੀ ਨਹੀਂ ਝਿਜਕਦੇ | ਨਿੱਜੀ ਹਿੱਤ ਅਤੇ ਲਾਲਸਾਵਾਂ ਪੂਰੀਆਂ ਕਰਦਿਆਂ ਇਹ ਹੋਰਨਾਂ ਨੂੰ ਲਹੂ-ਲੁਹਾਣ ਕਰਦੇ ਰਹਿੰਦੇ ਹਨ ਅਤੇ ਸਿੱਟੇ ਵਜੋਂ ਆਪ ਵੀ ਲਹੂ-ਲੁਹਾਣ ਹੁੰਦੇ ਰਹਿੰਦੇ ਹਨ |
ਹੂਸ਼ ਪ੍ਰਵਿਰਤੀਆਂ ਵਾਲੇ ਉਸ ਆਦਿ-ਮਨੁੱਖ ਨੂੰ ਅਸੀਂ ਆਪਣੇ ਅੰਦਰੋਂ ਨਹੀਂ ਕੱਢ ਸਕੇ, ਜਿਹੜਾ ਸਾਡਾ ਪੂਰਵਜ਼ ਸੀ ਅਤੇ ਜਿਸ ਨਾਲ ਸਬੰਧ ਹੋਣ ਨੂੰ ਸਵੀਕਾਰ ਕਰਦਿਆਂ ਸਾਨੂੰ ਸ਼ਰਮ ਆ ਰਹੀ ਹੈ | ਇਸਤਰੀ-ਪੁਰਸ਼ ਦੇ ਆਪਸੀ ਸਬੰਧ ਅਜਿਹੇ ਵਤੀਰੇ ਦਾ ਗੰਭੀਰ ਸ਼ਿਕਾਰ ਹਨ | ਇਕ-ਦੂਜੇ ਲਈ ਮੋਹ 'ਚ ਗੜੂੰਦ ਖਿੱਚ ਦਾ ਵਿਖਾਵਾ ਵੱਧ ਅਤੇ ਇਸ ਦਾ ਸਤਿਕਾਰ ਘੱਟ ਹੋ ਰਿਹਾ ਹੈ | ਅੱਜ ਸੰਸਾਰ ਵਿਖੇ ਵਿਚਰ ਰਹੇ ਸੱਤ ਅਰਬ ਵਿਅਕਤੀਆਂ 'ਚੋਂ ਬਹੁਤੇ ਸਿੱਧ-ਪੱਧਰੀ ਕਾਮ-ਵਾਸ਼ਨਾ ਦੀ ਉਪਜ ਹਨ ਅਤੇ ਇਨ੍ਹਾਂ ਦੇ ਜਨਮ 'ਚ ਦੇਵੀ-ਦੇਵਤਿਆਂ ਵਾਲੇ ਸੁਹਿਰਦ ਹਿੱਤ ਦਾ ਘੱਟ ਦਖ਼ਲ ਰਿਹਾ ਹੈ | ਪੇਟ ਭਰਨ ਵਾਂਗ ਅਤੇ ਨੀਂਦਰ ਮਾਨਣ ਜਿਹਾ ਵਤੀਰਾ ਹੀ ਵਧੇਰੇ ਪੁਰਸ਼ਾਂ ਨੇ ਇਸਤਰੀਆਂ ਵੱਲ ਅਤੇ ਇਸਤਰੀਆਂ ਨੇ ਪੁਰਸ਼ਾਂ ਵੱਲ, ਲਿੰਗ ਦੇ ਪ੍ਰਸੰਗ 'ਚ ਵੀ ਅਪਣਾ ਰੱਖਿਆ ਹੈ | ਜੀਵਨ ਦਾ ਆਧਾਰ ਬਣਦੀ ਇਸ ਭਾਵਨਾ ਨੂੰ ਸਾਫ਼ ਸੁਹਿਰਦਤਾ ਦੀ ਲੋੜ ਹੋਣ ਦੇ ਬਾਵਜੂਦ, ਇਸ ਨੂੰ ਹੂਸ਼ਪਣੇ ਸਹਿਤ ਅਮਲ ਅਧੀਨ ਲਿਆਇਆ ਜਾਂਦਾ ਰਿਹਾ ਹੈ ਅਤੇ ਲਿਆਂਦਾ ਜਾ ਵੀ ਰਿਹਾ ਹੈ | ਕਈ ਤਾਂ ਕਲਪਨਾ 'ਚ ਵੀ ਲਿੰਗ ਪ੍ਰਤੀ ਹੂਸ਼ ਵਤੀਰਾ ਧਾਰਨ ਕਰਦੇ ਰਹਿਣ ਦੇ ਦੋਸ਼ੀ ਹਨ |
ਪਰ, ਅਜਿਹਾ ਵੀ ਨਹੀਂ ਕਿ ਕਾਮ-ਵਾਸ਼ਨਾ ਨਿਰੋਲ ਹੂਸ਼ਪਣੇ ਦਾ ਹੀ ਸ਼ਿਕਾਰ ਹੈ | ਕਲਾ ਅਤੇ ਸਾਹਿਤ ਨੇ ਇਸ ਨੂੰ ਕੋਮਲ ਅਨੁਭਵ ਨਾਲ ਸ਼ਿੰਗਾਰਨ ਦੇ ਯਤਨ ਕੀਤੇ ਹਨ | ਇਸ ਨੂੰ ਦਰਸਾਉਣ ਲਈ ਸੁਸ਼ੀਲ, ਸਨਮਾਨ ਸੰਚਾਰੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਤਾਂ ਜੋ ਸੂਖ਼ਮ ਅਤੇ ਸੁਚੱਜੇ ਵਿਹਾਰ ਦੁਆਰਾ ਇਸਤਰੀ-ਪੁਰਸ਼ ਦੇ ਸਬੰਧਾਂ ਨੂੰ ਮਹਿਕਾਇਆ ਜਾ ਸਕੇ | ਅਜਿਹਾ ਬਹੁਤ ਹੱਦ ਤੱਕ ਗੀਤ, ਸੰਗੀਤ ਅਤੇ ਸਾਹਿਤ ਤੱਕ ਹੀ ਸੀਮਤ ਰਹਿ ਰਿਹਾ ਹੈ | ਗਿਣਵੇਂ ਕੁਝ ਕੁ ਸੰਵੇਦਨਸ਼ੀਲ ਵਿਅਕਤੀ ਹੀ ਅਜਿਹਾ ਵਿਹਾਰ ਅਪਣਾ ਸਕਣ 'ਚ ਸਫਲ ਹੋ ਸਕੇ ਹਨ | ਇਸ ਪ੍ਰਸੰਗ 'ਚ ਆਮ ਲੋਕਾਂ ਦੇ ਵਤੀਰੇ 'ਚੋਂ ਆਦਿ-ਮਨੁੱਖ ਹੀ ਝਾਕਦਾ ਦਿਖਾਈ ਦੇ ਰਿਹਾ ਹੈ ਜਿਸ ਨਾਲ ਸਾਡੀ ਜੀਨਾਂ ਦੀ ਪੱਧਰ 'ਤੇ ਸਾਂਝ ਹੈ |
ਸਮਾਜਿਕ ਸੰਗਠਨਾਂ 'ਚ ਵਿਉਂਤਬਧ ਹੋਣ ਦੇ ਬਾਵਜੂਦ, ਅਸੀਂ ਇਨ੍ਹਾਂ 'ਚ ਵਿਚਰਨਯੋਗ ਪ੍ਰਵਿਰਤੀਆਂ ਦੇ ਉਸ ਹੱਦ ਤਕ ਅਧਿਕਾਰੀ ਨਹੀਂ, ਜਿਸ ਤਕ ਹੋਣ ਦੀ ਲੋੜ ਹੈ | ਆਦਿ-ਮਨੁੱਖ ਨਾਲ ਸਾਡੀ ਜੀਨਾਂ ਦੀ ਪੱਧਰ 'ਤੇ ਸਾਂਝ ਹੋਣ ਸਦਕਾ ਹੀ ਅਜਿਹਾ ਹੈ | ਸਾਧਾਰਨ ਵਿਅਕਤੀ ਸਮਾਜਿਕ ਭਲਾਈ ਵਾਲੀ ਭਾਵਨਾ ਤੋਂ ਕੋਰਾ ਤਾਂ ਨਹੀਂ, ਪਰ ਇਸ ਦਾ ਇਹ ਮੁਰੀਦ ਵੀ ਨਹੀਂ ਬਣ ਸਕਿਆ | ਸਮਾਜ 'ਚ ਵਿਚਰਦਿਆਂ, ਹਰ ਮੋੜ 'ਤੇ ਨਿੱਜੀ ਸੁਆਰਥ ਸਾਡੇ ਰਾਹ 'ਚ ਆਉਂਦੇ ਰਹਿੰਦੇ ਹਨ | ਹੋਰਨਾਂ ਦਾ ਭਲਾ ਨਾ ਚਾਹੁੰਦਿਆਂ ਵੀ ਸਾਨੂੰ ਹੋਰਨਾਂ ਦਾ ਭਲਾ ਚਾਹੁਣ ਦੇ ਸੁਆਂਗ ਕਰਨੇ ਪੈ ਰਹੇ ਹਨ | ਤਿ੍ਸਕਾਰ ਲੋਚਦੇ ਇਸ ਤਰ੍ਹਾਂ ਦੇ ਦੰਭ ਦਾ ਸਗੋਂ ਉਲਟ ਕੇ ਸਨਮਾਨ ਹੀ ਹੋ ਰਿਹਾ ਹੈ, ਜਿਸ ਕਾਰਨ ਅਜਿਹਾ ਪ੍ਰਚਲਣ ਆਮ ਅਪਣਾਇਆ ਜਾ ਰਿਹਾ ਹੈ | ਜਦ-ਜਦ ਵੀ ਸੁਆਰਥ ਸੰਚਾਰੀ ਕੁਦਰਤੀ ਪ੍ਰਵਿਰਤੀ ਨੂੰ ਨਿਅੰਤਿ੍ਤ ਕਰਨ ਲਈ ਕਾਨੂੰਨ ਬਣਾਏ ਗਏ, ਰਵਾਇਤਾਂ ਰਚੀਆਂ ਗਈਆਂ ਅਤੇ ਧਰਮ ਹਿੱਤ ਸ਼ਰਧਾ ਨੂੰ ਪ੍ਰੇਰਿਆ ਗਿਆ, ਤਦ ਤਦ, ਆਨੀਂ-ਬਹਾਨੀਂ, ਲੁਕਾ ਛਿੱਪੀ, ਇਨ੍ਹਾਂ ਦੀ ਉਲੰਘਣਾ ਹੁੰਦੀ ਰਹੀ |
ਆਪਸ 'ਚ ਇਕ-ਦੂਜੇ ਨੂੰ ਦੇਖ ਕੇ ਨਾ ਸੁਖਾਉਣ ਵਾਲੀ ਰੁਚੀ ਦੇ ਬਾਵਜੂਦ, ਸਾਡੇ ਪੂਰਵਜ਼ ਇਕੱਠਿਆਂ ਵਿਚਰਨ ਲਈ ਮਜਬੂਰ ਸਨ | ਪਰ, ਇਕੱਠਿਆਂ ਵਿਚਰਨ ਲਈ ਜਿਸ ਭਾਵਨਾਤਮਿਕ ਸਹਿਚਾਰ ਵਾਲੀ ਪ੍ਰਵਿਰਤੀ ਦੀ ਲੋੜ ਸੀ, ਉਸ ਤੋਂ ਸਾਡੇ ਪੂਰਵਜ਼ ਵਾਂਝੇ ਸਨ ਅਤੇ ਅੱਜ ਸਾਨੂੰ ਵੀ ਉਸ ਪ੍ਰਵਿਰਤੀ ਨਾਲ ਨਿਭਣ ਦੇ ਯਤਨ ਕਰਨੇ ਪੈ ਰਹੇ ਹਨ | ਇਕੱਠਿਆਂ ਵਿਚਰਨ ਦੇ ਭਾਵੇਂ ਸਾਨੂੰ ਅਤਿਅੰਤ ਲਾਭ ਪੁੱਜ ਰਹੇ ਹਨ, ਫਿਰ ਵੀ ਕੁਦਰਤੀ ਪ੍ਰਵਿਰਤੀਆਂ ਦੇ ਪ੍ਰਭਾਵ ਅਧੀਨ ਆਪਸ 'ਚ ਲੜਨਾ-ਭਿੜਨਾ, ਪਹਿਲਾਂ ਵਾਂਗ ਜਾਰੀ ਹੈ | ਅਜਿਹਾ ਨਿੱਜੀ ਪੱਧਰ 'ਤੇ, ਫਿਰਕਿਆਂ ਦੀ ਪੱਧਰ 'ਤੇ ਅਤੇ ਕੌਮਾਂ ਦੀ ਪੱਧਰ 'ਤੇ ਆਮ ਹੋ ਰਿਹਾ ਹੈ | ਯੱੁਧ ਦੇ ਰੂਪ 'ਚ ਲੜਨਾ-ਭਿੜਨਾ ਘਟ ਜਾਣ ਦੇ ਬਾਵਜੂਦ, ਮਾਨਵਤਾ ਨੂੰ ਵਿਵਾਦਾਂ-ਬਖੇੜਿਆਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ | ਸਾਡੀ ਨਸਲ ਵਰਗਾਂ, ਵਰਣਾਂ, ਕਬੀਲਿਆਂ, ਕੌਮਾਂ ਅਤੇ ਰਾਜਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ 'ਚ ਕੈਦ ਹੈ, ਜਿਨ੍ਹਾਂ ਦਾ ਆਪਸ 'ਚ ਲੜਨਾ-ਭਿੜਨਾ ਜਾਰੀ ਰਹਿੰਦਾ ਹੈ ਅਤੇ ਅਜਿਹੇ ਵਿਹਾਰ-ਵਤੀਰੇ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ | ਇਸ ਕਾਰਨ, ਸਾਨੂੰ ਵਿਰਸੇ 'ਚ ਮਿਲੀ ਖਟ-ਪਟ ਸੰਚਾਰੀ ਪ੍ਰਵਿਰਤੀ ਦਾ ਨਿਰਸੰਕੋਚ ਪ੍ਰਗਟਾਵਾ ਸਮਾਜ ਦੇ ਹਰ ਵਰਗ 'ਚ ਹੋਣੋ ਰੁਕ ਨਹੀਂ ਰਿਹਾ | ਜਿਹੋ ਜਿਹੇ ਨਿੱਘ ਦੀ ਸਾਨੂੰ ਇਕ-ਦੂਜੇ ਤੋਂ ਆਸ ਰਹਿੰਦੀ ਹੈ, ਉਹ ਜੇਕਰ ਕਦੀ-ਕਦਾਈਾ ਪੂਰੀ ਹੁੰਦੀ ਵੀ ਹੈ, ਤਦ ਅਗਲੇ ਪਲ ਨਿਘਰੀ, ਦੰਮ ਸਾਧ ਲੈਂਦੀ ਹੈ | ਸਾਡੇ ਜੀਵਨ 'ਚ ਕਿਧਰੇ ਵੀ ਸਹੀ ਅਰਥਾਂ 'ਚ, ਅਪਾਸਦਾਰੀ ਵਿਆਪਕ ਨਹੀਂ : ਨਾ ਟੱਬਰ 'ਚ, ਨਾ ਪਿੰਡਾਂ-ਸ਼ਹਿਰਾਂ 'ਚ ਅਤੇ ਨਾ ਦੇਸਾਂ-ਪਰਦੇਸਾਂ 'ਚ |
ਦਿਮਾਗ਼ 'ਚੋਂ ਪੁੰਗਰ ਰਹੀ ਸੂਝ ਸਾਨੂੰ ਇਹ ਸਮਝਾਉਣ ਦੇ ਯਤਨ ਕਰ ਰਹੀ ਹੈ ਕਿ ਲੜਦਿਆਂ-ਭਿੜਦਿਆਂ ਸੁਆਰਥ ਸਿਰੇ ਚੜ੍ਹਨੇ ਸੌਖੇ ਨਹੀਂ, ਜਦ ਕਿ ਅਮਨ-ਸ਼ਾਂਤੀ ਅਧੀਨ ਵਿਚਰਦਿਆਂ ਵੀ ਇਸ ਮਾਨਵੀ ਰੁਚੀ ਨੂੰ ਰਲ-ਮਿਲ ਕੇ ਸੰਤੁਸ਼ਟ ਕਰਨਾ ਭਲੀ ਪ੍ਰਕਾਰ ਸੰਭਵ ਹੈ | ਜਿਹੜੇ ਸੂਝਵਾਨ ਹਨ ਅਤੇ ਸੂਝ ਦੀ ਅਗਵਾਈ ਅਧੀਨ ਵਿਚਰਨ ਨੂੰ ਤਰਜੀਹ ਦੇ ਰਹੇ ਹਨ, ਉਨ੍ਹਾਂ ਸਦਕਾ ਸਾਡੇ ਸਮਾਜਿਕ ਸੰਗਠਨ ਅਤੇ ਸੰਸਥਾਨ ਮਜ਼ਬੂਤ ਹੋ ਰਹੇ ਹਨ ਅਤੇ ਸਹਿਚਾਰ ਦਾ ਵੀ ਮਾਨਵੀ ਜੀਵਨ 'ਚ ਪ੍ਰਭਾਵ ਵਧਦਾ ਜਾ ਰਿਹਾ ਹੈ |
ਪਰ, ਇਹ ਵੀ ਹੈ ਕਿ ਮਾਨਵੀ ਵਿਚਰਣ ਨੂੰ ਸਹਿਚਾਰ ਆਧਾਰਿਤ, ਸੁਆਰਥਹੀਣ ਅਤੇ ਸਨੇਹਮਈ ਬਣਾਉਣ ਲਈ ਧਰਮ ਆਪਣੀ ਥਾਵੇਂ ਕੋਮਲਤਾ ਸਹਿਤ ਟਿੱਲ ਲਾ ਥੱਕੇ, ਪਰ ਅਜਿਹਾ ਹੋ ਨਾ ਸਕਿਆ | ਇਸ ਪ੍ਰਸੰਗ 'ਚ, ਕਾਨੂੰਨ ਵੀ ਸਫਲ ਨਹੀਂ ਹੋ ਰਿਹਾ | ਅੱਜ ਵੀ ਲੜਾਈਆਂ ਲੜੀਆਂ ਜਾ ਰਹੀਆਂ ਹਨ, ਦੰਗੇ-ਫਸਾਦ ਆਮ ਹਨ, ਅਤਿਵਾਦ ਪਨਪ ਰਿਹਾ ਹੈ, ਪਿਆਰ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਅਜਿਹਾ ਸਭ ਕੁਝ, ਕਹਿਣ ਨੂੰ , ਧਰਮ ਅਤੇ ਕੌਮ ਦੀ ਰੱਖਿਆ ਲਈ ਅਤੇ ਆਦਰਸ਼ਾਂ ਦੀ ਪਾਲਣਾ ਕਰਦਿਆਂ ਕਰਨਾ ਪੈ ਰਿਹਾ ਹੈ | ਧਰਮ ਨੇ ਜੇਕਰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਉਹੋ ਹੀ ਫਸਾਦ ਕਰਵਾਉਣ ਦਾ ਬਹਾਨਾ ਬਣ ਗਿਆ |
ਧਰਮ ਸਾਨੂੰ ਫਰਿਸ਼ਤੇ ਦੇ ਅਤੇ ਨੇਕੀ ਦੇ ਉਪਾਸ਼ਕ ਦੇ ਰੂਪ 'ਚ ਦੇਖਣ ਦਾ ਚਾਹਵਾਨ ਹੈ ਅਤੇ ਅਸੀਂ ਆਪ ਵੀ ਭਾਵੇਂ ਇਹੋ ਚਾਹ ਰਹੇ ਹਾਂ, ਪਰ ਸਾਨੂੰ ਵਿਰਾਸਤ 'ਚ ਮਿਲੀਆਂ ਰੁਚੀਆਂ ਅਜਿਹਾ ਹੋਣ ਦਾ ਰਾਹ ਰੋਕ ਰਹੀਆਂ ਹਨ | ਸਾਡੀਆਂ ਪ੍ਰਾਪਤੀਆਂ ਬਾਰੇ ਅਤੇ ਸਾਡੀ ਨੇਕ ਨੀਅਤ ਬਾਰੇ ਤਾਂ ਬਹੁਤ ਕੁਝ ਕਿਹਾ ਅਤੇ ਸੁਣਿਆ ਜਾ ਰਿਹਾ ਹੈ, ਜਦ ਕਿ ਸਾਡੇ ਵਤੀਰੇ ਪ੍ਰਤੀ ਜੋ ਹਕੀਕਤ ਹੈ, ਉਸ ਨੂੰ ਫਰੋਲਣ ਲਈ ਸਾਹਸ ਦੀ ਘਾਟ ਹੈ | ਸਾਨੂੰ ਆਪ ਨੂੰ ਵੀ ਆਪਣੇ-ਆਪ ਬਾਰੇ ਬਹੁਤ ਸਾਰਾ ਕੁਝ ਸਪੱਸ਼ਟ ਨਹੀਂ |
'ਕਿਆ ਭਲਾ ਮੁਝ ਕੋ ਪਰਖਨੇ ਕਾ ਨਤੀਜਾ ਨਿਕਲਾ,
ਜ਼ਖ਼ਮ-ਏ ਦਿਲ ਆਪ ਕੀ ਨਜ਼ਰੋਂ ਸੇ ਭੀ ਗਹਿਰਾ ਨਿਕਲਾ |'

-ਫੋਨ : 98775-47971

ਸਿਰਜਣਾ

ਸ਼ਬਦ ਦੇ ਸੰਕਲਪ ਤੇ ਬੋਲਾਂ ਦੇ ਪ੍ਰਵਚਨ ਬਣ ਜਾਣ ਦਾ ਅਮਲ ਹੀ ਸਿਰਜਣਾ ਹੈ | ਸਿਰਜਣਾ ਦਾ ਠੋਸ ਤੇ ਸਥਾਈ ਸਰੂਪ ਕਲਾ ਹੈ | ਸਿਰਜਣਾ ਕਿਸੇ ਦਾ ਦੈਵੀ ਆਵੇਸ਼ ਜਾਂ ਰੱਬੀ ਦਾਤ ਨਹੀਂ, ਇਸ 'ਤੇ ਮਿਹਨਤ ਤੇ ਅਨੁਭਵ ਦਾ ਅਧਿਕਾਰ ਹੈ | ਸਿਰਜਣਾ, ਉੱਚੀ ਕਲਪਨਾ, ਸੁੱਚੀ ਅੱਖ ਤੇ ਸਮੇਂ ਦੇ ਸੱਚ ਦੀ ਖੋਜ ਵਿਚੋਂ ਪੈਦਾ ਹੁੰਦੀ ਹੈ | ਇਹ ਮੋਤੀਆਂ ਵਰਗੇ ਸ਼ਬਦਾਂ ਅਤੇ ਫੁੱਲਾਂ ਵਰਗੇ ਰੰਗਾਂ ਦੀ ਤਾਜ਼ਗੀ ਦੀ ਪੇਸ਼ਕਾਰੀ ਦਾ ਤਲਿਸਮ ਹੈ | ਸਿਰਜਣਾ, ਵਕਤ, ਪੇਸ਼ੇ, ਸ਼ੁਹਰਤ, ਗਿਆਨ, ਵਿਗਿਆਨ ਦੀ ਦਾਸੀ ਨਹੀਂ | ਨਾ ਹੀ ਸਿਰਜਣਾ ਕਿਸੇ ਜਾਤੀ, ਮਜ਼੍ਹਬ, ਖਿੱਤੇ ਜਾਂ ਕਿੱਤੇ ਦੀ ਮੁਥਾਜ ਹੈ |
ਸਿਰਜਣਾ ਤਾਂ ਬੱਦਲ ਉੱਪਰ ਬਣੇ ਚਿੱਤਰਾਂ ਨੂੰ ਠੋਸ ਰੂਪ ਦੇਣ ਵਰਗਾ ਕੋਮਲ ਅਮਲ ਹੈ | ਇਹ ਹਵਾ ਨਾਲ ਟਿੱਬਿਆਂ ਤੇ ਸਰਕਦੀ ਰੇਤ ਦੀ ਆਵਾਜ਼ ਨੂੰ ਸਾਜ ਵਿਚ ਬਦਲਣ ਦਾ ਨਾਂਅ ਹੈ | ਸਿਰਜਣਾ ਤਾਂ ਮੀਂਹ ਨਾਲ ਕੱਕੀ ਮਿੱਟੀ 'ਚੋਂ ਉਠੀ ਕੁਆਰੀ ਮਹਿਕ ਵਰਗੇ ਅਨੁਭਵ ਨੂੰ ਸ਼ਬਦਾਂ ਵਿਚ ਪੇਸ਼ ਕਰਨ ਦੀ ਕਲਾ ਹੈ | ਸਿਰਜਣਾ ਤਾਂ ਹਵਾ ਦੇ ਬੁੱਲੇ ਨਾਲ ਪਿੱਪਲ ਦੀ ਪੱਤੀ 'ਚੋਂ ਉਠੀ ਸਰਸਰਾਹਟ ਵਿਚੋਂ ਸੰਗੀਤ ਦੀ ਧੁਨ ਤਲਾਸ਼ਣ ਦਾ ਹੁਨਰ ਹੈ | ਸਿਰਜਣਾ, ਤਰੇਲ ਦੇ ਤੁਪਕੇ 'ਚੋਂ ਰੌਸ਼ਨੀ ਚੁਰਾ ਕੇ ਜੀਵਨ ਵਿਚ ਭਰ ਦਿੰਦੀ ਹੈ |
ਕਲਾ ਦੀ ਸਿਰਜਣਾ, ਆਪਣੇ-ਆਪ ਵਾਪਰਨ ਵਾਲੇ ਸਰੀਰਕ ਵਰਤਾਰਿਆਂ ਵਰਗੀ ਚੀਜ਼ ਨਹੀਂ ਹੈ | ਨਾ ਹੀ ਇਹ ਪਸੀਨੇ, ਭੁੱਖ ਤੇ ਜਵਾਨੀ ਵਾਂਗ ਸਮੇਂ ਦੇ ਬੀਤਣ ਨਾਲ ਆਪੇ ਆਉਣ ਵਾਲਾ ਕੁਦਰਤੀ ਵਰਤਾਰਾ ਹੈ | ਸਿਰਜਣਾ ਤਾਂ ਨਿਰੰਤਰ ਅਭਿਆਸ ਤੇ ਮਿਹਨਤ ਦੀ ਕੁੱਖ 'ਚੋਂ ਉਪਜੀ ਸਬਰ ਤੇ ਕਰਮ ਦੀ ਦਾਤ ਹੈ | ਸਿਰਜਣਾ, ਮਿਹਨਤ ਦਾ ਅੰਗ ਹੈ ਤੇ ਇਸ ਦਾ ਕਲਾ ਤੇ ਸੁਹਜ ਨਾਲ ਨੇੜਲਾ ਸੰਗ ਹੈ | ਰਚਨਾ ਸਿਰਜਕ ਦੀ ਕਿਰਤ ਹੈ ਤੇ ਕਲਾ ਉਸ ਵਿਚੋਂ ਫੁਟਿਆ ਸੁਹਜ ਹੈ | ਕਲਾ, ਪੱਥਰ ਜਾਂ ਰੰਗਾਂ ਦੇ ਢੇਰ ਵਿਚ ਨਹੀਂ ਹੁੰਦੀ, ਇਹ ਸਿਰਜਕ ਦੇ ਹੱਥਾਂ ਤੇ ਉਸ ਦੀਆਂ ਪਾਰਖੂ ਅੱਖਾਂ ਵਿਚੋਂ ਜਨਮਦੀ ਹੈ | ਇਹ ਕਲਾ ਪਾਰਖੂਆਂ ਦੇ ਮਨ ਵਿਚ ਉਪਜੀ ਉਤਸੁਕਤਾ ਤੇ ਬੇਚੈਨੀ ਵੀ ਹੈ ਤੇ ਸ਼ਾਂਤੀ ਵੀ ਹੈ |
ਸਿਰਜਕ ਰੱਬ ਨਹੀਂ ਹੈ ਤੇ ਨਾ ਹੀ ਸਿਰਜਣਾ ਰੱਬੀ ਦਾਤ ਹੈ | ਸਗੋਂ ਰੱਬ ਤਾਂ ਖੁਦ ਪ੍ਰਕਿਰਤੀ ਦੀ ਸਿਰਜਣਾ ਹੈ | ਸਿਰਜਣਾ ਦੈਵੀ ਆਵੇਸ਼ ਨਹੀਂ, ਇਹ ਤਾਂ ਨਿੱਜੀ ਮਿਹਨਤ, ਅਨੁਭਵ, ਲਗਨ, ਕਲਪਨਾ ਤੇ ਦਲੀਲ ਦੇ ਨੰਗੇ ਸੱਚੇ ਵਿਚੋਂ ਉਪਜੀ ਹੋਈ ਕਿਰਤ ਹੈ | ਸਿਰਜਣਾ ਦਾ ਆਪਣਾ ਸੰਸਾਰ ਹੈ | ਇਹ ਨਵਾਂ ਸੰਸਾਰ ਹੀ ਕਲਾ-ਜਗਤ ਹੈ ਜੋ ਮਾਨਵ ਦੀ ਮਿਹਨਤ ਹੈ | ਸਿਰਜਣਾ ਕਿਸੇ ਦੀ ਗੁਲਾਮ ਨਹੀਂ, ਨਾ ਹੀ ਸਮੇਂ ਤੇ ਕਾਲ ਦੀ ਦਾਸੀ ਹੈ | ਸਿਰਜਣਾ, ਇਕਲੌਤੇ ਵਿਅਕਤੀ ਦੇ ਮਨ 'ਚੋਂ ਉਠੀ ਸੈਂਕੜੇ ਕੋਮਲ ਮਨਾਂ ਤੇ ਮਚਲਦੇ ਜਜ਼ਬਾਤ ਦੀ ਤਰਜ਼ਮਾਨੀ ਦਾ ਅਹਿਸਾਸ ਹੈ | ਇਹ ਬਾਹਰੀ ਸੰਸਾਰ ਦਾ ਵਿਸ਼ਾਲ ਅਨੁਭਵ ਹੈ | ਇਹ ਸਮੇਂ ਦੇ ਸੱਚ ਦੀ ਪਹਿਚਾਣ ਹੈ | ਇਹ ਪ੍ਰਕਿਰਤੀ ਦੇ ਪੌਦਿਆਂ ਵਾਂਗ ਬਰਾਬਰੀ ਲੱਭਦੀ ਹੈ | ਨਾ ਬਰਾਬਰੀ, ਅੰਧੇਰ ਤੇ ਕੂੜ ਦੇ ਪ੍ਰਚਾਰ ਦਾ ਵਿਰੋਧ ਵੀ ਸਰਜਣਾ ਹੀ ਕਰਦੀ ਹੈ | ਸਮੇਂ ਦੇ ਸੱਚ ਦੇ ਹੱਕ ਵਿਚ ਉਠੀ ਆਵਾਜ਼ ਦੀ ਸਿਰਜਣਾ ਕਲਾ ਵੀ ਹੈ ਤੇ ਕ੍ਰਾਂਤੀ ਵੀ ਹੈ | ਸਿਰਜਕਾਂ ਦੇ ਸਾਧਨ ਸੀਮਤ, ਮਨ ਤਰਲ ਤੇ ਹਿਰਦੇ ਵਿਸ਼ਾਲ ਹੁੰਦੇ ਹਨ | ਕਮਜ਼ੋਰ ਮਨ, ਸੰੁਗੜੀ ਸੋਚ ਤੇ ਚਿੱਬੇ ਵਿਚਾਰ ਸਿਰਜਕ ਦੇ ਰਾਹ ਵਿਚ ਰੋੜਾ ਬਣਦੇ ਹਨ | ਤਿੱਖੀ ਅੱਖ, ਨਿੱਘੀ ਸੋਚ, ਡੰੂਘੀ ਸਮਝ, ਲੋਕਾਈ ਦਾ ਦਰਦ ਤੇ ਸਮੇਂ ਦਾ ਸੱਚ, ਸਿਰਜਕ ਦੀ ਕਲਾ ਦਾ ਘੋੜਾ ਬਣਦੇ ਹਨ | ਲਿਖਤ ਦੇ ਵੀ ਰੰਗ ਹੁੰਦੇ ਹਨ, ਕਾਲੇ ਲੇਖ, ਸੂਹੇ ਸ਼ਬਦ, ਅੱਗ ਦੇ ਗੀਤ, ਸਭ ਪੈਂਤੀ ਅੱਖਰਾਂ ਦਾ ਹੀ ਕਮਾਲ ਹਨ |
ਨਰ ਸ਼ਬਦ ਸੱਚ ਦਾ ਹਥਿਆਰ ਬਣਦੇ ਹਨ ਤੇ ਮਾਦਾ ਸ਼ਬਦ ਕਲਾ ਦਾ ਸੁਹਜ ਬਣ ਜਾਂਦੇ ਹਨ | ਸ਼ਬਦ ਸੱਚ ਦੀ ਖੋਜ ਵੀ ਕਰਦੇ ਹਨ | ਬਦਕਾਰ ਸ਼ਬਦ ਸੱਚ 'ਤੇ ਪਰਦਾ ਪਾ ਦਿੰਦੇ ਹਨ | ਦੰਭੀ ਸ਼ਬਦ ਸੱਚ ਨੂੰ ਕੱਚ ਵਿਚ ਲੁਕਾ ਦਿੰਦੇ ਹਨ, ਇਤਿਹਾਸ 'ਤੇ ਪਰਦਾ ਪਾ ਦਿੰਦੇ ਹਨ | ਸ਼ਬਦ ਵੀ ਰੰਗਾਂ ਦਾ ਸੰਸਾਰ ਹੈ | ਸੱਚ 'ਤੇ ਪਰਦਾ ਪਾਉਣ ਵਾਲੇ ਸ਼ਬਦ ਕਾਲੇ ਹੁੰਦੇ ਹਨ | ਸੱਚ ਦੇ ਹੱਕ ਵਿਚ ਜੋਤ ਜਗਾਉਣ ਵਾਲੇ ਸ਼ਬਦ ਸੂਹੇ ਹੁੰਦੇ ਹਨ | ਲੋਕਾਈ ਦੇ ਦਿਲ ਦੇ ਦਰਦ ਵਿਚ ਸਕੂਨ ਦਾ ਰੰਗ ਭਰਨ ਵਾਲੇ ਸ਼ਬਦ ਲੋਕਾਈ ਨੂੰ ਰੌਸ਼ਨ ਕਰਦੇ ਹਨ | ਸਿਰਜਕ ਨੂੰ ਪੱਥਰ ਵਿਚੋਂ ਮੂਰਤੀ, ਰੰਗਾਂ ਵਿਚੋਂ ਚਿਤਰ ਤੇ ਸਮਾਜ ਵਿਚੋਂ ਸੱਚ ਲੱਭਣ ਦੀ ਜਾਚ ਹੁੰਦੀ ਹੈ | ਇਹ ਤਾਂ ਪੈਂਤੀ ਅੱਖਰਾਂ, ਰਾਗਾਂ ਤੇ ਰੰਗਾਂ ਦੀ ਕਲਾ ਤੇ ਸਿਰਜਣਾ ਦੀ ਬਣਤਰ ਤੇ ਬੁਣਤਰ ਦੇ ਤਾਣੇ ਪੇਟੇ ਦਾ ਕਮਾਲ ਹੈ, ਜੋ ਸੋਚ ਨੂੰ ਤਰਕ, ਤਰਕ ਨੂੰ ਵਿਚਾਰ, ਵਿਚਾਰ ਨੂੰ ਸਮੇਂ ਦਾ ਸੱਚ ਦੀ ਮਿਸਾਲ ਬਣਾ ਦਿੰਦੇ ਹਨ |

-ਮੋਬਾਈਲ : 98144-70175.

ਕੈਨੇਟਾ ਤੋਂ ਬਣਿਆ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕੁਝ ਇਕ ਇਲਾਕਿਆਂ ਵਿਚ ਗਰਮੀਆਂ ਦੇ ਮੌਸਮ ਵਿਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਹੋ ਜਾਂਦਾ ਹੈ, ਜਦੋਂ ਕਿ ਸਰਦੀਆਂ ਵਿਚ ਰਾਤ ਨੂੰ ਮਨਫੀ 25 ਡਿਗਰੀ ਸੈਲਸੀਅਸ ਹੋ ਜਾਂਦਾ ਹੈ | ਉੱਤਰੀ ਖੇਤਰ ਵਿਚ ਸਰਦੀਆਂ ਵਿਚ ਦਰਿਆ ਅਤੇ ਝੀਲਾਂ ਜੰਮ ਜਾਂਦੀਆਂ ਹਨ | ਐਸਕੀਮੋ ਵੀ ਇਸੇ ਇਲਾਕੇ ਵਿਚ ਰਹਿੰਦੇ ਹਨ | ਬਰਫ਼ ਵਾਂਗੂ ਯੱਖ ਟੁੰਡਰਾ ਦੇ ਮੈਦਾਨ ਵੀ ਇਸ ਦੇ ਉੱਤਰੀ ਖੇਤਰ ਵਿਚ ਹਨ |
ਕੁਦਰਤੀ ਵਸੀਿੋਲਆਂ ਨਾਲ ਵੀ ਕੈਨੇਡਾ ਬੜਾ ਹੀ ਅਮੀਰ ਹੈ | ਸੋਨਾ, ਚਾਂਦੀ, ਤਾਂਬਾ, ਜਿਸਤ ਨਿਕਲ ਅਤੇ ਕੱਚੇ ਲੋਹੇ ਤੇ ਕੋਲੇ ਦੀਆਂ ਅਨੇਕ ਖਾਣਾਂ ਹਨ | ਇਸੇ ਤਰ੍ਹਾਂ ਕੁਦਰਤੀ ਗੈਸ, ਪੋਟਾਸ਼ ਤੇ ਕੱਚੇ ਤੇਲ ਦੇ ਵੀ ਅਨੇਕਾਂ ਭੰਡਾਰ ਹਨ | ਯੂਰੇਨੀਅਮ ਦੇ ਵੀ ਭੰਡਾਰ ਮਿਲਦੇ ਹਨ | ਕੈਨੇਡਾ ਏਡਾ ਵੱਡਾ ਦੇਸ਼ ਹੈ ਕਿ ਇਸ ਵਿਚ ਟਾਈਮ (ਸਮੇਂ) ਦੇ ਛੇ ਜ਼ੋਨ ਹਨ | ਟਰਾਂਟੋ ਅਤੇ ਵੈਨਕੂਵਰ ਵਿਚ ਤਿੰਨ ਘੰਟੇ ਦਾ ਫਰਕ ਹੈ | ਸਾਰੇ ਭਾਰਤ ਵਿਚ ਇਕੋ ਟਾਈਮ ਜ਼ੋਨ ਹੈ |
ਕੈਨੇਡਾ ਸਹੀ ਅਰਥਾਂ ਵਿਚ ਇਕ ਫੈਡਰਲ ਢਾਂਚੇ ਵਾਲਾ ਦੇਸ਼ ਹੈ | ਪਾਰਲੀਮੈਂਟ ਦੇ ਮੈਂਬਰ ਚਾਰ ਸਾਲ ਲਈ ਚੁਣੇ ਜਾਂਦੇ ਹਨ, ਜਦੋਂ ਕਿ ਅੱਪਰ ਹਾਊਸ ਲਈ ਸੈਨੇਟਰ ਨਾਮਜ਼ਦ ਕੀਤੇ ਜਾਂਦੇ ਹਨ | ਕੇਂਦਰੀ ਫੈਡਰਲ ਸਰਕਾਰ ਪਾਸ ਰੱਖਿਆ, ਵਿਦੇਸ਼, ਇੰਮੀਗ੍ਰੇਸ਼ਨ, ਵਿੱਤ ਵਰਗੇ ਮਹੱਤਵਪੂਰਨ ਵਿਭਾਗ ਹੀ ਹਨ | ਫੈਡਰਲ ਸਰਕਾਰ ਵੱਲੋਂ ਸੂਬਾਈ ਸਰਕਾਰਾਂ ਦੇ ਕੰਮਕਾਜ ਵਿਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਂਦੀ | ਹਰ ਸੂਬੇ ਦਾ ਆਪਣਾ ਵੱਖਰਾ ਝੰਡਾ, ਚੋਣ ਕਮਿਸ਼ਨ, ਸੁਪਰੀਮ ਕੋਰਟ, ਪ੍ਰੈੱਸ ਕੌਾਸਲ ਵਰਗੀਆਂ ਮਹੱਤਵਪੂਰਨ ਸੰਸਥਾਵਾਂ ਹਨ ਅਤੇ ਸੂਬੇ ਦੇ ਮੁਖੀ ਨੂੰ ਪ੍ਰੀਮੀਅਰ ਕਿਹਾ ਜਾਂਦਾ ਹੈ | ਇਸੇ ਤਰ੍ਹਾਂ ਸੂਬਾਈ ਸਰਕਾਰਾਂ ਵਲੋਂ ਨਗਰ ਪਾਲਕਾਵਾਂ, ਜਿਨ੍ਹਾਂ ਨੂੰ ਇਥੇ ਸਿਟੀ ਕੌਾਸਲ ਕਿਹਾ ਜਾਂਦਾ ਹੈ, ਦੇ ਕੰਮਕਾਜ ਵਿਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਂਦੀ | ਡਿਪਟੀ ਕਮਿਸ਼ਨਰ, ਐਸ. ਡੀ. ਐਮ. ਵਾਂਗ ਇਥੇ ਅਫਸਰਸ਼ਾਹੀ ਬਿਲਕੁਲ ਹੀ ਨਹੀਂ ਹੈ | ਸਿਟੀ ਮੇਅਰ ਦਾ ਅਹੁਦਾ ਬੜਾ ਹੀ ਸ਼ਕਤੀਸ਼ਾਲੀ ਹੈ | ਸ਼ਹਿਰ ਦੇ ਸਾਰੇ ਮਹਿਕਮੇ ਇਥੋਂ ਤੱਕ ਕਿ ਸਥਾਨਕ ਪੁਲਿਸ ਵੀ ਉਸ ਅਧੀਨ ਹੁੰਦੀ ਹੈ | ਪਿੰਡ ਥੋੜ੍ਹੇ ਹਨ ਅਤੇ ਜੋ ਹਨ ਉਹ ਨੇੜਲੀ ਸਿਟੀ ਕੌਾਸਲ ਨਾਲ ਜੋੜੇ ਜਾਂਦੇ ਹਨ | ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਉਪਲਬਧ ਹਨ | ਇੰਜ ਜਾਪਦਾ ਹੈ ਕਿ ਅਕਾਲੀ ਦਲ ਨੇ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਕੈਨੇਡਾ ਦੇ ਫੈਡਰਲ (ਸੰਘੀ) ਢਾਂਚੇ ਦਾ ਅਧਿਐਨ ਕਰ ਕੇ ਤਿਆਰ ਕੀਤਾ ਸੀ | ਜੇ ਇਹ ਕਹਿ ਲਈਏ ਕਿ ਅਨੰਦਪੁਰ ਸਾਹਿਬ ਦਾ ਮਤਾ ਕੈਨੇਡਾ ਵਿਚ ਲਾਗੂ ਹੈ ਤਾਂ ਗ਼ਲਤ ਨਹੀਂ ਜਾਪਦਾ |
ਕੈਨੇਡਾ ਦਾ ਕੌਮੀ ਝੰਡਾ, ਜਿਸ ਵਿਚਕਾਰ ਮੈਪਲ ਦੇ ਦਰੱਖਤ ਦਾ ਪੱਤਾ ਹੈ, 15 ਫਰਵਰੀ, 1965 ਤੋਂ ਅਪਣਾਇਆ ਗਿਆ ਹੈ | ਸਰਕਾਰ ਨੇ ਇਸ ਲਈ ਡਿਜ਼ਾਈਨਾਂ ਦੀ ਮੰਗ ਕੀਤੀ ਸੀ ਅਤੇ ਕਾਫੀ ਵਿਚਾਰ-ਵਟਾਂਦਰੇ ਪਿੱਛੋਂ ਇਸ ਨੂੰ ਅਪਣਾਇਆ ਗਿਆ | ਮੈਪਲ ਦਾ ਦਰੱਖਤ ਵਧੇਰੇ ਕਰਕੇ ਓਾਟਾਰੀਓ ਪ੍ਰਾਂਤ ਵਿਚ ਹੁੰਦਾ ਹੈ | ਪੰਜਾਬ ਵਿਚ ਕੈਨੇਡਾ ਦੇ ਕੌਮੀ ਝੰਡੇ ਦੇ ਸਟਿੱਕਰ ਬੱਸਾਂ, ਕਾਰਾਂ ਤੇ ਸੂਕਟਰਾਂ ਆਦਿ ਉਤੇ ਲੱਗੇ ਹੋਏ ਆਮ ਦੇਖੇ ਜਾ ਸਕਦੇ ਹਨ | ਕੈਨੇਡਾ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਅਤੇ ਫਰੈਂਚ (ਫਰਾਂਸੀਸੀ) ਦੋਨੋਂ ਹਨ | ਪੰਜਾਬੀਆਂ ਦੇ ਯਤਨਾਂ ਸਦਕਾ ਬਿ੍ਟਿਸ਼ ਕੋਲੰਬੀਆ ਦੀ ਦੂਜੀ ਭਾਸ਼ਾ ਪੰਜਾਬੀ (ਗੁਰਮੁਖੀ ਲਿਪੀ) ਹੈ |
ਕੈਨੇਡਾ ਦੇ ਸੰਵਿਧਾਨ ਅਨੁਸਾਰ ਸਾਰੇ ਸ਼ਹਿਰੀਆਂ (ਨਾਗਰਿਕਾਂ) ਦੇ ਹੱਕ ਬਰਾਬਰ ਹਨ | ਰੰਗ, ਨਸਲ ਜਾਂ ਧਰਮ ਕਾਰਨ ਕੋਈ ਵਿਤਕਰਾ ਨਹੀਂ | ਆਪਣੇ-ਆਪਣੇ ਧਰਮ ਦੇ ਪੂਜਾ-ਪਾਠ ਤੇ ਪ੍ਰਚਾਰ ਦੀ ਪੂਰੀ ਖੁੱਲ੍ਹ ਹੈ, ਪਰ ਦੂਜੇ ਧਰਮ ਦੀ ਨੁਕਤਾਚੀਨੀ ਨਹੀਂ ਕੀਤੀ ਜਾ ਸਕਦੀ | ਆਪਣਾ ਧਰਮ ਛੱਡ ਕੇ ਦੂਜਾ ਧਰਮ ਅਪਣਾਉਣ ਦੀ ਵੀ ਖੁੱਲ੍ਹ ਹੈ | ਮੁੱਖ ਤੌਰ 'ਤੇ ਕੈਨੇਡਾ ਇਸਤਰੀ ਪ੍ਰਧਾਨ ਦੇਸ਼ (ਸਮਾਜ) ਹੈ |
ਕੈਨੇਡਾ ਵਿਚ ਸਿੱਖਿਆ ਸਿਸਟਮ ਇਕੋ ਜਿਹਾ ਨਹੀਂ, ਹਰ ਸੂਬੇ ਦਾ ਆਪਣਾ ਵੱਖਰਾ-ਵੱਖਰਾ ਸਿਸਟਮ ਹੈ, ਜਿਵੇਂ ਕਿ ਮੁਢਲੀ ਵਿੱਦਿਆ ਕਿਤੇ 6 ਸਾਲ, ਕਿਤੇ 8 ਸਾਲ ਤੱਕ ਚਲਦੀ ਹੈ ਅਤੇ ਅੱਗੋਂ 4 ਜਾਂ 5 ਸਾਲ ਸੈਕੰਡਰੀ ਸਿੱਖਿਆ ਲਈ ਲਗਦੇ ਹਨ | ਯੂਨੀਵਰਸਿਟੀ ਵਿਚ ਤਿੰਨ ਜਾਂ ਚਾਰ ਸਾਲ ਗ੍ਰੈਜੂਏਸ਼ਨ ਪੱਧਰ ਤੱਕ ਲਗਦੇ ਹਨ | ਮੁੱਖ ਤੌਰ 'ਤੇ ਸੈਕੰਡਰੀ ਪੱਧਰ ਤੱਕ ਵਿੱਦਿਆ ਮੁਫਤ ਵਰਗੀ ਹੈ, ਪਰ ਇਸ ਤੋਂ ਅੱਗੋਂ ਬਹੁਤ ਮਹਿੰਗੀ ਹੈ | ਸਿਰਫ ਉਹੋ ਹੀ ਪੜ੍ਹਦੇ ਹਨ, ਜਿਨ੍ਹਾਂ ਨੂੰ ਸਿੱਖਿਆ ਨਾਲ ਪੂਰਾ ਲਗਾਅ ਹੋਵੇ | ਬੱਚਿਆਂ ਨੂੰ ਪ੍ਰਾਇਮਰੀ (ਮੁਢਲੀ) ਵਿੱਦਿਆ ਖੇਡਾਂ, ਤਸਵੀਰਾਂ ਆਦਿ ਰਾਹੀਂ ਦਿੱਤੀ ਜਾਂਦੀ ਹੈ | ਬਸਤੇ ਸਕੂਲ ਹੀ ਰੱਖੇ ਜਾਂਦੇ ਹਨ | ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਬੱਚੇ ਨੂੰ ਮਾਪੇ ਵੀ ਘਰ ਵਿਚ ਕੁੱਟ-ਮਾਰ ਨਹੀਂ ਸਕਦੇ | ਸ਼ਿਕਾਇਤ ਹੋਣ 'ਤੇ ਪੁਲੀਸ ਸਖ਼ਤ ਕਾਰਵਾਈ ਕਰਦੀ ਹੈ |
ਰੱਖਿਆ, ਵਿਦੇਸ਼, ਵਿੱਤ, ਇੰਮੀਗ੍ਰੇਸ਼ਨ, ਚੋਣ, ਜਸਟਿਸ (ਕਾਨੂੰਨ) ਵਰਗੇ ਮਹੱਤਵਪੂਰਨ ਸਰਕਾਰੀ ਮਹਿਕਮਿਆਂ ਨੂੰ ਛੱਡ ਕੇ ਸਾਰੇ ਵਿਭਾਗਾਂ ਦਾ ਕੰਮ ਪ੍ਰਾਈਵੇਟ ਖੇਤਰ ਦੇ ਹੱਥਾਂ ਵਿਚ ਹੈ | ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਰੇ ਆਪਣੀ ਨੌਕਰੀ ਜਾਂ ਕੰਮਕਾਜ 'ਤੇ ਜਾਂਦੇ ਹਨ | ਸਨਿਚਰਵਾਰ, ਐਤਵਾਰ ਦੀ ਛੁੱਟੀ ਹੁੰਦੀ ਹੈ | ਇਹ ਦਿਨ ਸਮਾਜਿਕ ਰੁਝੇਵਿਆਂ ਭਰੇ ਹੁੰਦੇ ਹਨ | ਜੇਕਰ ਕਿਸੇ ਘਰ ਕਿਸੇ ਮੈਂਬਰ ਦੀ ਮੌਤ ਵੀ ਹੋ ਜਾਏ, ਉਸ ਦਾ ਅੰਤਿਮ ਸੰਸਕਾਰ ਜਾਂ ਦਫਨਾਉਣ ਦਾ ਕੰਮ ਸਨਿਚਰਵਾਰ, ਐਤਵਾਰ ਹੀ ਹੁੰਦਾ ਹੈ | ਲਾਸ਼ ਸੇਮੇਟਰੀ (ਸ਼ਮਸ਼ਾਨ) ਦੇ ਫਰੀਜ਼ਰ ਰੂਮ (ਇਕ ਠੰਢੇ ਕਮਰੇ) ਵਿਚ ਰੱਖੀ ਜਾਂਦੀ ਹੈ | ਸ਼ਰਧਾਂਜਲੀ ਜਾਂ ਅੰਤਿਮ ਅਰਦਾਸ ਦਾ ਸਮਾਗਮ ਵੀ ਉਸੇ ਦਿਨ ਹੁੰਦਾ ਹੈ | ਇਸੇ ਤਰ੍ਹਾਂ ਵਿਆਹ- ਸ਼ਾਦੀਆਂ ਵੀ ਸਨਿਚਰਵਾਰ, ਐਤਵਾਰ ਹੁੰਦੀਆਂ ਹਨ | ਗੋਰੇ ਲੋਕ ਸਮੁੰਦਰ ਦੇ ਬੀਚਾਂ, ਪਾਰਕਾਂ ਆਦਿ ਵਿਚ ਜਾ ਕੇ ਪਿਕਨਿਕ ਮਨਾਉਂਦੇ ਹਨ | ਪੰਜਾਬੀ ਅਕਸਰ ਗੁਰਦੁਆਰੇ ਜਾਂ ਮੰਦਰ ਵਿਖੇ ਮੱਥਾ ਟੇਕਣ ਚਲੇ ਜਾਂਦੇ ਹਨ | (ਸਮਾਪਤ)

-#194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ |
ਫੋਨ : 0161-2461194.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਸ: ਭਾਗ ਸਿੰਘ ਦੇ ਘਰ ਦੀ ਏ ਕਿਉਂਕਿ ਸ: ਭਾਗ ਸਿੰਘ ਦੇ ਮਿੱਤਰਾਂ ਦੀ ਰੋਜ਼ ਮਹਿਫ਼ਲ ਉਸ ਦੇ ਘਰ ਲਗਦੀ ਸੀ | ਜਦੋਂ ਵੀ ਸ: ਭਾਗ ਸਿੰਘ ਆਪਣੇ ਦਫ਼ਤਰ ਤੋਂ ਸ਼ਾਮ ਨੂੰ ਘਰ ਆਉਂਦਾ ਸੀ, ਉਸ ਦੇ ਮਿੱਤਰ ਦੋਸਤ ਤੇ ਸ਼ਰਧਾਲੂ ਉਸ ਦੀ ਉਡੀਕ ਕਰਦੇ ਹੁੰਦੇ ਸਨ ਕਿ ਕਦੋਂ ਸ: ਭਾਗ ਸਿੰਘ ਘਰ ਆਵੇ ਤੇ ਯਾਰਾਂ-ਦੋਸਤਾਂ ਦੀ ਮਹਿਫ਼ਲ ਲੱਗੇ | ਉਸ ਮਹਿਫ਼ਲ ਵਿਚ ਵੱਖ-ਵੱਖ ਵਿਸ਼ਿਆਂ 'ਤੇ ਗੱਲਾਂ ਹੁੰਦੀਆਂ ਸਨ ਕਿਉਂਕਿ ਸ: ਭਾਗ ਸਿੰਘ ਪੰਜਾਬ ਲੋਕ ਸੰਪਰਕ ਮਹਿਕਮੇ ਵਿਚ ਨੌਕਰੀ ਕਰਦੇ ਸੀ | ਉਸ ਕੋਲ ਸਾਰੇ ਲੀਡਰਾਂ ਦੀਆਂ ਖ਼ਬਰਾਂ ਹੁੰਦੀਆਂ ਸਨ | ਸ: ਭਾਗ ਸਿੰਘ ਖੁਲ੍ਹਦਿਲਾ ਮਨੁੱਖ ਸੀ | ਅੱਜ ਦੇ ਮਿੱਤਰਾਂ-ਦੋਸਤਾਂ ਵਾਂਗ ਤੰਗਦਿਲ ਤੇ ਕੰਜੂਸ ਨਹੀਂ ਸੀ |

-ਮੋਬਾਈਲ : 98767-41231

ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀਆਂ ਦੇ ਰੂਬਰੂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਦਮ ਭੂਸ਼ਣ ਖੇਮ ਸਿੰਘ ਗਿੱਲ ਨੇ ਕਣਕ ਦੀਆਂ ਕਿਸਮਾਂ ਤੇ ਉਤਪਾਦਨ ਦੇ ਜ਼ਰੀਏ ਦੇਸ਼ ਨੂੰ ਕਣਕ ਪੱਖੋਂ ਸਵੈ-ਨਿਰਭਰ ਬਣਾਇਆ ਹੈ | ਪਦਮ ਭੂਸ਼ਣ ਐਸ.ਐਸ. ਜੌਹਲ ਅੰਤਰਰਾਸ਼ਟਰੀ ਪੱਧਰ ਦੇ ਖੇਤੀ ਅੰਤਰ ਵਿਗਿਆਨੀ ਹਨ | ਯੂਨੀਵਰਸਿਟੀ ਦੇ ਪੜ੍ਹੇ ਡਾ: ਗੁਰਦੇਵ ਸਿੰਘ ਖੁਸ਼ ਚੌਲਾਂ ਦੇ ਏਨੇ ਵੱਡੇ ਵਿਗਿਆਨੀ ਹਨ ਕਿ ਦੁਨੀਆ ਵਿਚ ਸ਼ਾਇਦ ਹਰ ਦੂਜੇ ਚੌਲ ਫਾਰਮ ਉੱਤੇ ਉਸ ਦੁਆਰਾ ਵਿਕਸਿਤ ਕਿਸਮ ਬੀਜੀ ਗਈ ਹੋਵੇ | ਵਰਤਮਾਨ ਵਾਈਸ ਚਾਂਸਲਰ ਪਦਮਸ੍ਰੀ ਬਲਦੇਵ ਸਿੰਘ ਢਿੱਲੋਂ ਮੱਕੀ ਦੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀ ਹਨ | ਡਾ: ਖੁਸ਼ ਫਾਊਾਡੇਸ਼ਨ ਤੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੋਵਾਂ ਦੇ ਨਾਂਅ-ਥਾਂ ਨੂੰ ਦੇਖ ਕੇ ਕੇਂਦਰ ਸਰਕਾਰ ਦੇ ਬਾਇਓ ਤਕਨਾਲੋਜੀ ਵਿਭਾਗ ਨੇ 2019 ਦੀ ਨੋਬਲ ਪ੍ਰਾਈਜ਼ ਸੀਰੀਜ਼ ਦਾ ਭਾਈਵਾਲ ਬਣਾਇਆ ਸੀ | ਮੈਂ ਝਕਦੇ-ਝਕਦੇ ਵਾਈਸ ਚਾਂਸਲਰ ਢਿੱਲੋਂ ਸਾਹਿਬ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ | ਉਨ੍ਹਾਂ ਬੜੀ ਉਦਾਰਤਾ ਨਾਲ ਆਗਿਆ ਹੀ ਨਹੀਂ ਦਿੱਤੀ, ਸਗੋਂ ਨੋਬਲ ਵਿਗਿਆਨੀ ਟੀਮ ਨਾਲ ਸੰਵਾਦ ਵਾਸਤੇ ਹਰ ਪ੍ਰਬੰਧ/ਸੁਵਿਧਾ ਲਈ ਵੀ ਭਰੋਸਾ ਦਿੱਤਾ | ਇਸੇ ਭਰੋਸੇ ਮੈਨੂੰ 12 ਸਤੰਬਰ, 2019 ਨੂੰ ਇਸ ਟੀਮ ਨਾਲ ਸੰਵਾਦ ਰਚਾਉਣ ਅਤੇ ਮਿਲ ਬੈਠਣ ਦੇ ਖੁੱਲ੍ਹੇ ਮੌਕੇ ਮਿਲੇ | ਯੂਨੀਵਰਸਿਟੀ ਦੇ ਡਾ: ਨਵਤੇਜ ਬੈਂਸ, ਡਾ: ਗੁਰਸਾਹਬ ਸਿੰਘ, ਡਾ: ਅਪੂਰਵ ਤੇ ਡਾ: ਜਗਦੀਸ਼ ਕੌਰ ਨੇ ਕਦਮ-ਕਦਮ ਉੱਤੇ ਮੈਨੂੰ ਸਹਿਯੋਗ ਦਿੱਤਾ |
ਉਕਤ ਨੋਬਲ ਪ੍ਰਾਈਜ਼ ਸੀਰੀਜ਼ ਵਿਚ 2012 ਦਾ ਭੌਤਿਕ ਵਿਗਿਆਨ ਪੁਰਸਕਾਰ ਵਿਜੇਤਾ ਸਰਜ ਹਾਰੋਸ਼ੇ ਅਤੇ 2014 ਦਾ ਸ਼ਾਂਤੀ ਦਾ ਨੋਬਲ ਵਿਜੇਤਾ ਕੈਲਾਸ਼ ਸੱਤਿਆਰਥੀ ਮੁੱਖ ਆਕਰਸ਼ਣ ਸਨ | ਇਨ੍ਹਾਂ ਤੋਂ ਇਲਾਵਾ ਕੈਰੋਲਿੰਸਾਂਕਾ (ਸਵੀਡਨ) ਤੋਂ ਨੋਬਲ ਅਸੈਂਬਲੀ ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਦੀ ਮੈਂਬਰ ਜੁਲੀਨ ਜ਼ੀਰਥ ਆਈ | ਉਹ ਕੈਰੋਲਿੰਸਾਂਕਾ ਇੰਸਟੀਚਿਊਟ ਦੇ ਇੰਟੈਗਰੇਟਿਵ ਫਿਜ਼ੀਆਲੋਜੀ ਸੈਕਸ਼ਨ ਦੀ ਮੁਖੀ ਹੈ | 2013 ਤੋਂ 2015 ਦੌਰਾਨ ਉਹ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਦੀ ਚੇਅਰਪਰਸਨ ਰਹੀ ਹੈ | ਚੇਤੇ ਰਹੇ ਇਹੀ ਅਕੈਡਮੀ ਵਿਗਿਆਨ ਦੇ ਪੁਰਸਕਾਰ ਜੇਤੂਆਂ ਬਾਰੇ ਅੰਤਿਮ ਫੈਸਲੇ ਕਰਦੀ ਹੈ | ਇਸ ਸਮਾਰੋਹ ਦੀ ਚੌਥੀ ਮੁੱਖ ਸ਼ਖ਼ਸੀਅਤ ਨੋਬਲ ਪ੍ਰਾਈਜ਼ ਮੀਡੀਆ ਕਮੇਟੀ ਦੀ ਮੁੱਖ ਕਾਰਜਕਾਰੀ ਅਫਸਰ ਲੌਰਾ ਸਪਰੈਚਮੈਨ ਸੀ | ਉਪਰੋਕਤ ਦੋਵਾਂ ਬੀਬੀਆਂ ਦੀਆਂ ਖਾਸ ਕਰਕੇ ਜ਼ੀਰਥ ਦੀਆਂ ਪ੍ਰਾਪਤੀਆਂ ਖਾਸੀਆਂ ਮਹੱਤਵਪੂਰਨ ਹਨ ਪਰ ਲੁਧਿਆਣੇ ਵਿਚ ਇਨ੍ਹਾਂ ਨੇ ਨੋਬਲ ਪੁਰਸਕਾਰ ਦੇ ਸੰਸਥਾਪਕ, ਪੁਰਸਕਾਰ ਦੇਣ ਦੀ ਪ੍ਰਕਿਰਿਆ, ਨੇਮਾਂ ਤੇ ਚੋਣ ਆਦਿ ਬਾਰੇ ਹੀ ਗੱਲਾਂ ਕੀਤੀਆਂ | ਬੇਸ਼ੱਕ ਇਨ੍ਹਾਂ ਵਿਚੋਂ ਬਹੁਤ ਕੁਝ ਇੰਟਰਨੈੱਟ ਅਤੇ ਪ੍ਰਕਾਸ਼ਿਤ ਕਿਤਾਬਾਂ ਵਿਚ ਮਿਲ ਜਾਂਦਾ ਹੈ ਪਰ ਉਨ੍ਹਾਂ ਸ਼ਖ਼ਸੀਅਤਾਂ ਦੇ ਮੰੂਹੋਂ ਇਸ ਬਾਰੇ ਜਾਣਨਾ ਜੋ ਇਸ ਨੂੰ ਆਪ ਨੇਪਰੇ ਚਾੜ੍ਹ ਰਹੀਆਂ ਹਨ, ਵੱਖਰਾ ਅਨੁਭਵ ਸੀ | ਡਾ: ਜੀਰਥ ਚਾਹੰੁਦੀ ਤਾਂ ਡਾਇਬਟੀਜ਼ ਬਾਰੇ ਬਹੁਤ ਕੁਝ ਨਵਾਂ ਦੱਸ ਸਕਦੀ ਸੀ, ਕਿਉਂਕਿ ਉਹ ਇਸ ਖੇਤਰ ਦੀ ਅੰਤਰਰਾਸ਼ਟਰੀ ਮਾਹਿਰ ਹੈ | ਕੈਲਾਸ਼ ਸਤਿਆਰਥੀ ਲੁਧਿਆਣੇ ਨਹੀਂ ਸੀ ਪੁੱਜਾ, ਇਸ ਲਈ ਉਸ ਬਾਰੇ ਗੱਲ ਕਰਨੀ ਸੰਭਵ ਨਹੀਂ |
ਇਸ ਲਈ ਕੇਂਦਰ ਬਿੰਦੂ ਸਰਜ ਹਾਰੋਸ਼ੇ ਹੀ ਹੋਣਾ ਸੀ | ਉਸ ਨੇ ਕਵਾਂਟਮ ਵਿਗਿਆਨ ਨੂੰ ਥਾਟ ਐਕਸਪੈਰੀਮੈਂਟਾਂ, ਮੁਢਲੇ ਪ੍ਰਯੋਗਾਂ ਤੇ ਸਿਧਾਂਤਕ ਚਰਚਾ ਤੋਂ ਦੂਰ ਤੱਕ ਅੱਗੇ ਲਿਆ ਕੇ ਵਿਕੋਲਿਤਰੇ ਐਟਮਾਂ ਤੇ ਫੋਟਾਨਾਂ ਤੱਕ ਪ੍ਰਯੋਗਿਕ ਖੇਤਰ ਵਿਚ ਪਰਖਣ ਦਾ ਕਾਰਜ ਕੀਤਾ | ਕਵਾਂਟਮ ਆਪਟਿਕਸ, ਕਵਾਂਟਮ ਇਨਫਾਰਮੇਸ਼ਨ ਸਾਇੰਸ ਤੇ ਕੈਵਿਟੀ ਕਵਾਂਟਮ ਇਲੈੱਕਟ੍ਰੋ ਡਾਇਨੈਮਿਕਸ ਦੇ ਖੇਤਰਾਂ ਨਾਲ ਸਬੰਧਤ ਰਿਹਾ ਹੈ ਉਹ | ਇਸ ਨਾਲ ਸਿੰਗਲ ਐਟਮ/ਫੋਟਾਨ ਨਾਲ ਜੁੜੇ ਮਾਪ/ਪ੍ਰਯੋਗ ਹੋਣ ਵਿਚ ਮਦਦ ਮਿਲੀ ਹੈ | ਇਸ ਨਾਲ ਕਵਾਂਟਮ ਭੌਤਿਕ ਵਿਗਿਆਨ ਪ੍ਰਯੋਗਿਕ ਆਧਾਰਾਂ ਉੱਪਰ ਵਿਕਸਿਤ ਕਰਨ ਵਿਚ ਮਦਦ ਮਿਲੇਗੀ | ਲੁਧਿਆਣੇ ਦੀ ਲੈਕਚਰ ਲੜੀ ਵਿਚ ਉਸ ਦੇ ਭਾਸ਼ਨ ਦਾ ਵਿਸ਼ਾ ਕਵਾਂਟਮ ਵਿਗਿਆਨ ਦੇ ਖੇਤਰ ਵਿਚ ਉਸ ਦੀ ਖੋਜ ਨਹੀਂ ਸੀ | ਮੇਰੀ ਇੱਛਾ ਐਟਮ-ਐਟਮ/ਐਟਮ-ਫੋਟਾਨ ਐਨਟੈਂਗੀਲਮੈਂਟ, ਕਵਾਂਟਮ ਲਾਜਿਕ ਮੇਟਸ, ਕਵਾਂਟਮ ਬਿਟਸ, ਕਵਾਂਟਮ ਕੰਪਿਊਟਰ ਤੇ ਚੇਤਨਾ ਨਾਲ ਜੁੜੇ ਰਹੱਸ ਸਮਝਣ ਦੀ ਸੀ | ਮੈਂ ਇਸ ਬਾਰੇ ਉਸ ਨੂੰ ਭਾਸ਼ਣ ਉਪਰੰਤ ਪ੍ਰਸ਼ਨ ਵੀ ਪੁੱਛਿਆ ਜੋ ਉਸ ਦੇ ਕਾਰਜ ਨਾਲ ਸਬੰਧਤ ਸੀ, ਭਾਸ਼ਨ ਨਾਲ ਨਹੀਂ | ਬਾਅਦ ਵਿਚ ਤੁਰੇ ਜਾਂਦੇ ਵੀ ਇਸ ਬਾਰੇ ਗੱਲ ਤੋਰੀ | ਉਸ ਦਾ ਉੱਤਰ ਸੀ ਕਿ ਇਨ੍ਹਾਂ ਖੇਤਰਾਂ ਵਿਚ ਹੁਣ ਤੱਕ ਪ੍ਰਯੋਗਿਕ ਪੱਧਰ ਉੱਤੇ ਘੱਟ ਕੰਮ ਹੋਇਆ ਹੈ | ਹੁਣ ਸਿਧਾਂਤਕ ਦੇ ਨਾਲ-ਨਾਲ ਪ੍ਰਯੋਗਿਕ ਕਾਰਜ ਵਧੇਰੇ ਹੋਣ ਲੱਗੇਗਾ, ਜਿਸ ਦੇ ਸਿੱਟੇ ਸਾਹਮਣੇ ਆਉਣ ਲਈ ਅਜੇ ਉਡੀਕ ਕਰਨੀ ਪਵੇਗੀ |
ਹਾਰੋਸ਼ੇ ਦਾ ਭਾਸ਼ਨ ਆਮ ਆਦਮੀ ਲਈ ਸੀ | ਵਿਦਿਆਰਥੀਆਂ ਲਈ ਸੀ | ਬੇਸਿਕ ਵਿਗਿਆਨ ਤੇ ਵਿਹਾਰਕ ਵਿਗਿਆਨ ਇਕ-ਦੂਜੇ ਦੇ ਪੂਰਕ ਵੀ ਸਨ ਅਤੇ ਪੋਸ਼ਕ ਵੀ | ਇਹ ਸੀ ਉਸ ਦਾ ਵਿਸ਼ਾ | ਸਿਧਾਂਤਕ/ਮੁਢਲਾ ਵਿਗਿਆਨ ਸ਼ੁਰੂ ਵਿਚ ਹਵਾਈ/ਕਿਤਾਬੀ/ਯਥਾਰਥ ਤੋਂ ਦੂਰ/ਵਿਅਰਥ ਜਾਪ ਸਕਦਾ ਹੈ | ਸਮਾਂ ਪਾ ਕੇ ਇਹ ਹੌਲੀ-ਹੌਲੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਰਤਿਆ ਜਾਣਾ ਸ਼ੁਰੂ ਹੰੁਦਾ ਹੈ | ਇਹ ਲਾਭਕਾਰੀ ਹੋ ਕੇ ਸਾਡੇ ਜੀਵਨ ਨੂੰ ਬਦਲਦਾ ਹੈ | ਐਕਸਰੇ, ਐਮ.ਆਰ.ਆਈ., ਸਕੈਨਰ, ਜੀ.ਪੀ.ਐਸ., ਕੰਪਿਊਟਰ ਚਿਪ ਤੇ ਆਈਨਸਟਾਈਨ ਦੇ ਰੌਸ਼ਨੀ/ਸਾਪੇਖਤਾ ਬਾਰੇ ਵਿਚਾਰ, ਕਿਸੇ ਵੀ ਵਿਸ਼ੇ ਨੂੰ ਲਓ, ਇਹ ਸੱਚ ਸਪੱਸ਼ਟ ਹੋ ਜਾਂਦਾ ਹੈ | ਸਿਧਾਂਤ ਤੋਂ ਵਿਹਾਰ ਅਤੇ ਵਿਹਾਰ ਤੋਂ ਸਿਧਾਂਤ ਤੱਕ ਦੀ ਦੁਵੱਲੀ ਯਾਤਰਾ ਮਨੁੱਖ ਦੇ ਵਿਕਾਸ ਦੀ ਯਾਤਰਾ ਹੈ | ਸਿਧਾਂਤ ਔਖਾ/ਨੀਰਸ ਲੱਗ ਸਕਦਾ ਹੈ ਪਰ ਉਸ ਦੀ ਸਮਝ ਜ਼ਰੂਰੀ ਹੈ | ਸਿਧਾਂਤ ਨੂੰ ਵਿਹਾਰ ਵਿਚ ਉਤਾਰ ਕੇ ਹੀ ਵਿਗਿਆਨ ਦਾ ਉਦੇਸ਼ ਪੂਰਾ ਹੰੁਦਾ ਹੈ | ਨੋਬਲ ਪੁਰਸਕਾਰ ਲੈਣ ਵਾਲੇ ਨਵੇਂ/ਔਖੇ/ਬਿਖੜੇ ਰਾਹਾਂ ਉੱਤੇ ਕਰੜੀ ਮਿਹਨਤ ਅਤੇ ਸਬਰ ਨਾਲ ਤੁਰਦੇ ਹਨ | ਉਨ੍ਹਾਂ ਨੂੰ ਪੁਰਸਕਾਰ ਉਦੋਂ ਹੀ ਮਿਲਦਾ ਹੈ, ਜਦੋਂ ਉਨ੍ਹਾਂ ਦੀ ਖੋਜ ਮਨੁੱਖਤਾ ਲਈ ਅਤਿਅੰਤ ਲਾਹੇਵੰਦੀ ਸਾਬਤ ਹੋਣ ਦੀ ਪੁਸ਼ਟੀ ਹੰੁਦੀ ਹੈ | ਇਸ ਲਈ ਉਨ੍ਹਾਂ ਦੇ ਸਿਧਾਂਤਕ ਕਾਰਜ/ਖੋਜ ਅਤੇ ਪੁਰਸਕਾਰ ਵਿਚ ਕਈ-ਕਈ ਵਰ੍ਹੇ ਦਾ ਪਾੜਾ ਆਮ ਹੀ ਦਿਸਦਾ ਹੈ |
ਪ੍ਰਸ਼ਨ ਤਾਂ ਹਾਰੋਸ਼ੇ ਅਤੇ ਜ਼ੀਰਥ ਨੂੰ ਲੈਕਚਰਾਂ ਤੋਂ ਬਾਅਦ ਵੀ ਪੁੱਛੇ ਗਏ ਪਰ ਇਨ੍ਹਾਂ ਵਾਸਤੇ ਉਨ੍ਹਾਂ ਨਾਲ ਵੱਖਰੇ ਗੋਲਮੇਜ਼ ਸੈਸ਼ਨ ਵੀ ਰੱਖੇ ਗਏ | ਸਰੋਤਿਆਂ ਤੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਨੋਬਲ ਟੀਮ ਦਾ ਸਪੱਸ਼ਟ ਕਹਿਣਾ ਸੀ ਕਿ ਵਿਗਿਆਨੀ ਨੋਬਲ ਪੁਰਸਕਾਰ ਜਿੱਤਣ ਦੇ ਉਦੇਸ਼ ਨਾਲ ਕੰਮ ਨਹੀਂ ਕਰਦੇ | ਇਹ ਬਸ ਮਿਲ ਹੀ ਜਾਂਦਾ ਹੈ | ਸਾਡੇ ਸਰੋਤੇ/ਵਿਦਿਆਰਥੀ ਸਿੱਧਾ ਇਹ ਜਾਣਨ ਵੱਲ ਰੁਚਿਤ ਸਨ ਕਿ ਨੋਬਲ ਪੁਰਸਕਾਰ ਲੈਣ ਲਈ ਕੀ ਕਰੀਏ | ਹਾਰੋਸ਼ੇ ਨੇ ਇਸ ਦੇ ਉੱਤਰ ਵਿਚ ਸਾਫ਼ ਕਿਹਾ ਕਿ ਇਸ ਉਦੇਸ਼ ਨਾਲ ਵਿਗਿਆਨਕ ਖੋਜਾਂ ਨਾਲ ਜੁੜੋਗੇ ਤਾਂ ਬਹੁਤੀ ਸੰਭਾਵਨਾ ਹੈ ਕਿ ਤੁਸੀਂ ਬੁਰੀ ਤਰ੍ਹਾਂ ਨਿਰਾਸ਼ ਹੋਵੋ | ਤੁਸੀਂ ਗੰਭੀਰਤਾ/ਮਿਹਨਤ ਨਾਲ ਨਵੇਂ ਖੇਤਰ ਚੁਣੋ | ਨੋਬਲ ਵਿਜੇਤਾ ਖੋਜੀਆਂ, ਟੀਮਾਂ, ਅਧਿਆਪਕਾਂ, ਸੰਸਥਾਵਾਂ ਨਾਲ ਜੁੜੋ | ਹੋ ਸਕਦਾ ਹੈ ਤੁਸੀਂ ਵੀ ਨੋਬਲ ਪੁਰਸਕਾਰ ਜਿੱਤ ਲਓ ਪਰ ਤੁਹਾਡਾ ਉਦੇਸ਼ ਪੁਰਸਕਾਰ ਨਹੀਂ, ਵਿਗਿਆਨਕ ਜਗਿਆਸਾ ਹੋਣੀ ਚਾਹੀਦੀ ਹੈ |
ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਖੇਤੀ ਵਿਗਿਆਨੀ ਵੀ ਮਨੁੱਖਤਾ ਦੀ ਭਲਾਈ ਕਰਦੇ ਹਨ | ਇਨ੍ਹਾਂ ਨੂੰ ਇਸ ਇਨਾਮ ਵਿਚ ਕਿਉਂ ਨਹੀਂ ਲਿਆ ਜਾਂਦਾ? ਨੋਬਲ ਟੀਮ ਦਾ ਜਵਾਬ ਸੀ ਕਿ ਇਨਾਮ ਦੇ ਸੰਸਥਾਪਕ ਅਲਫਰੈੱਡ ਨੋਬਲ ਦੀ ਵਸੀਅਤ ਦੇ ਮੂਲ ਨਿਰਦੇਸ਼ਾਂ ਤੋਂ ਆਸੇ-ਪਾਸੇ ਜਾਣਾ ਸੰਭਵ ਨਹੀਂ | ਉਨ੍ਹਾਂ ਵਿਚ ਖੇਤੀ ਮੂਲ ਵਿਸ਼ਾ ਨਹੀਂ | ਹਾਂ, ਖੇਤੀ ਕਾਰਜਾਂ ਨਾਲ ਭੁੱਖੀ ਦੁਨੀਆ ਦਾ ਪੇਟ ਭਰਨ ਵਾਲੇ ਨਾਰਮਨ ਬਾਰਲਾਗ ਨੂੰ 1970 ਵਿਚ ਸ਼ਾਂਤੀ ਪੁਰਸਕਾਰ ਦੇ ਕੇ ਭਵਿੱਖ ਵਿਚ ਇਸ ਖੇਤਰ ਵਿਚ ਹੋਰ ਖੋਜੀਆਂ ਲਈ ਸੰਭਾਵਨਾ ਦੇ ਦਰਵਾਜ਼ੇ ਖੁੱਲ੍ਹੇ ਹਨ | ਉਂਜ ਅਰਥ-ਸ਼ਾਸਤਰ ਦਾ ਇਨਾਮ ਵੀ ਤਾਂ ਬਾਅਦ ਵਿਚ ਹੀ ਸ਼ੁਰੂ ਹੋਇਆ ਹੈ | ਇਹ ਸਵੀਡਨ ਦੇ ਸਰਵਜਿਜ਼ ਰਿਕਸਬੈਂਕ ਨੇ ਆਪ ਡੋਨੇਸ਼ਨ ਦੇ ਕੇ 1968 ਵਿਚ ਸ਼ੁਰੂ ਕਰਵਾਇਆ ਸੀ | ਡਾ: ਖੁਸ਼ ਵਰਗੇ ਖੇਤੀ ਵਿਗਿਆਨੀ ਟੀਮ ਪੱਧਰ ਉੱਤੇ ਡੋਨੇਸ਼ਨ ਦੀ ਪੇਸ਼ਕਸ਼ ਕਰਕੇ ਖੇਤੀ ਲਈ ਨੋਬਲ ਪੁਰਸਕਾਰ ਦੀ ਸੰਭਾਵਨਾ ਬਾਰੇ ਕੋਸ਼ਿਸ਼ ਤਾਂ ਕਰ ਹੀ ਸਕਦੇ ਹਨ | (ਸਮਾਪਤ)

-ਫੋਨ ਨੰ: 98722-60550.
ਫੋਨ : 0175-2372010, 2372998,

ਉੱਚੇ ਟਿੱਬੇ ਮੈਂ ਤਾਣਾ ਤਣਦੀ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਰ੍ਹਾਣੇ ਬਣਾਉਣਾ ਤੇ ਕੱਢਣਾ
ਸਰ੍ਹਾਣਿਆਂ ਨੂੰ ਕਰੋਸ਼ੀਏ ਨਾਲ, ਆਰਨ ਨਾਲ, ਜਾਲੀ ਵਾਲੀ ਕੇਸਮੈਂਟ ਦੇ ਕੱਪੜੇ ਤੇ ਸੂਈ ਨਾਲ ਸੂਤੀ ਤੇ ਉੱਨ ਦੇ ਧਾਗਿਆਂ ਨਾਲ ਵੱਖ-ਵੱਖ ਡਿਜ਼ਾਈਨ ਪਾ ਕੇ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ | ਸਰ੍ਹਾਣਿਆਂ 'ਤੇ ਕਢਾਈ ਕਈ ਪ੍ਰਕਾਰ ਅਤੇ ਕਈ ਨਮੂਨਿਆਂ 'ਚ ਕੀਤੀ ਜਾਂਦੀ ਹੈ | ਸਰ੍ਹਾਣਿਆਂ 'ਤੇ ਨਮੂਨੇ ਕੁੜੀਆਂ ਦੀ ਮਾਨਸਿਕ ਵੇਦਨਾ ਨੂੰ ਪ੍ਰਗਟਾਉਂਦੇ ਬੋਲ ਤੇ ਚਿੱਤਰਾਂ ਦੇ ਬਣਾਏ ਜਾਂਦੇ ਹਨ |
ਰੁਮਾਲ ਕੱਢਣਾ
ਬਹੁਤ ਹੀ ਖ਼ਾਸ ਥਾਂ ਸੀ ਰੁਮਾਲ ਦੀ ਸਾਡੇ ਸੱਭਿਆਚਾਰ ਵਿਚ | ਦੁਨੀਆ ਭਰ ਦੇ ਲੋਕਾਂ ਵਿਚ ਜੇ ਕੋਈ ਸਾਂਝਾ ਫੈਸ਼ਨ ਜਾਂ ਗਹਿਣਾ ਰਿਹਾ ਹੈ ਤਾਂ ਉਹ ਰੁਮਾਲ ਹੀ ਹੈ | ਥਾਲ, ਪਰਾਤ ਨੂੰ ਢਕਣ ਲਈ ਗੋਲ ਜਾਂ ਚੌਰਸ ਰੁਮਾਲ ਦਿਲਕਸ਼ ਡਿਜ਼ਾਈਨਾਂ ਨਾਲ ਕਰੋਸ਼ੀਏ ਦੇ ਬਣਾਏ ਜਾਂਦੇ | ਕੱਪੜੇ ਦਾ ਰੁਮਾਲ ਆਮ ਤੌਰ 'ਤੇ ਚਾਰ ਕੋਣਾ ਜਾਂ ਚੌਰਸ ਹੁੰਦਾ ਹੈ | ਇਸ ਦੀ ਕਿਨਾਰੀ ਚਾਰਾਂ ਪਾਸਿਆਂ ਤੋਂ ਰੰਗਦਾਰ ਧਾਗੇ ਨਾਲ ਕੱਢੀ ਜਾਂਦੀ ਹੈ ਅਤੇ ਵਿਚਕਾਰ ਜਾਂ ਕੋਨੇ ਵਿਚ ਫੁੱਲ ਜਾਂ ਨਾਂਅ ਰੁਮਾਲ ਨੂੰ ਸਜਾਉਣ ਲਈ ਕੱਢਿਆ ਜਾਂਦਾ ਹੈ | ਵਿਆਹ ਜਾਂ ਕੁੜਮਾਈ ਵੇਲੇ 5 ਲੀੜਿਆਂ 'ਚ ਵੀ ਰੁਮਾਲ ਦੀ ਥਾਂ ਰਹੀ ਹੈ | ਲੋਕ-ਨਾਚਾਂ ਵਿਚ ਭੰਗੜੇ, ਗਿੱਧੇ ਤੇ ਸੰਮੀ ਵਿਚ ਰੁਮਾਲ ਉੱਡਦੇ ਅਕਸਰ ਦਿਖਦੇ ਹਨ | ਔਰਤਾਂ ਦਾ ਰੁਮਾਲ ਮਰਦਾਂ ਦੇ ਰੁਮਾਲ ਨਾਲੋਂ ਛੋਟਾ ਹੁੰਦਾ ਹੈ, ਕਿਉਂਕਿ ਔਰਤਾਂ ਦੇ ਕੱਪੜਿਆਂ ਨੂੰ ਜੇਬ ਨਹੀਂ ਹੁੰਦੀ, ਹੱਥ 'ਚ ਹੀ ਫੜ ਕੇ ਰੱਖਣਾ ਪੈਂਦਾ ਹੈ | ਇਸ ਦਾ ਲੋਕ-ਬੋਲੀਆਂ, ਗੀਤ , ਟੱਪੇ ਆਦਿ ਵਿਚ ਵੀ ਅਕਸਰ ਜ਼ਿਕਰ ਆਉਂਦਾ ਹੈ ਤੇ ਪੰਜਾਬੀ ਜੀਵਨ 'ਚ ਇਸ ਦੀ ਮਹੱਤਤਾ ਰੂਪਮਾਨ ਹੁੰਦੀ ਹੈ-
ਕੱਢਣਾ ਰੁਮਾਲ ਦੇ ਗਿਆ,
ਆਪ ਬਹਿ ਗਿਓਾ ਵਲੈਤ ਵਿਚ ਜਾ ਕੇ |
                 —0—
ਮਾਰੀ ਸ਼ੌਾਕ ਦੀ ਸੀ ਹੱਥ 'ਚ ਰੁਮਾਲ ਰੱਖਦੀ |
                 —0—
ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ |
                 —0—
ਨੱਚਣ ਜਾਣਦੀ ਗਾਉਣ ਜਾਣਦੀ, ਮੈਂ ਨਾ ਕਿਸੇ ਤੋਂ ਹਾਰੀ |
ਨੀ ਉਧਰੋਂ ਰੁਮਾਲ ਹਿੱਲਿਆ, ਮੇਰੀ ਇੱਧਰੋਂ ਹਿੱਲੀ ਫੁਲਕਾਰੀ |
ਦੁਪੱਟਾ ਕੱਢਣਾ
ਦੁਪੱਟੇ ਔਰਤਾਂ ਦੁਆਰਾ ਵਰਤੇ ਜਾਂਦੇ ਹਨ | ਇਸ ਦੀ ਕਿਨਾਰਿਆਂ ਤੋਂ ਕਢਾਈ ਕੀਤੀ ਜਾਂਦੀ ਹੈ | ਕਈ ਵਾਰ ਦੁਪੱਟੇ ਦੇ ਚਾਰ ਪਾਸੇ ਬਾਰਡਰ ਬਣਾ ਕੇ ਵਿਚਕਾਰ ਕੁਝ ਬੂਟੀਆਂ ਪਾ ਕੇ ਕੱਢਿਆ ਜਾਂਦਾ ਹੈ | ਇਸ ਵਿਚ ਆਮ ਤੌਰ 'ਤੇ ਸਿੰਧੀ ਦੀ ਜਾਂ ਕੱਚੀ ਸਿੰਧੀ ਕਢਾਈ ਕੀਤੀ ਜਾਂਦੀ ਹੈ |
ਰੰਗ-ਬਰੰਗੀਆਂ ਦਰੀਆਂ
ਦਰੀਆਂ ਬੁਣਨਾ ਪੇਂਡੂ ਔਰਤਾਂ ਦਾ ਸ਼ੌਕ ਰਿਹਾ ਹੈ | ਦਰੀ ਬੁਣਨਾ ਨਿਰੋਲ ਦਸਤਕਾਰੀ ਹੀ ਨਹੀਂ, ਇਕ ਕਲਾਤਮਿਕ ਕੰਮ ਵੀ ਹੈ | ਕਈ ਵਾਰ ਬਹੁਤ ਧਿਆਨ, ਮਿਹਨਤ ਅਤੇ ਪਿਆਰ ਨਾਲ ਬੁਣੀ ਦਰੀ ਇਕ ਕਲਾਕਿ੍ਤ ਬਣ ਜਾਂਦੀ ਹੈ | ਦਰੀ ਮੰਜੇ ਜਾਂ ਫਰਸ਼ 'ਤੇ ਵਿਛਾਉਣ ਵਾਲੀ ਮੋਟੀ ਚਟਾਈ ਨੂੰ ਕਿਹਾ ਜਾਂਦਾ ਹੈ | ਵਿਆਹ ਸਮੇਂ ਕੁੜੀਆਂ ਨੂੰ ਦਾਜ ਵਿਚ ਵੀ ਇਹ ਦਰੀਆਂ ਦਿੱਤੀਆਂ ਜਾਂਦੀਆਂ ਸਨ | ਇਹ ਦਰੀਆਂ ਦੇਖਣ ਵਿਚ ਖ਼ੂਬਸੂਰਤ ਹੋਣ ਦੇ ਨਾਲ ਹੰਢਣਸਾਰ ਵੀ ਬਹੁਤ ਹੁੰਦੀਆਂ ਸਨ | ਦੋ ਇਸਤਰੀਆਂ 7-8 ਦਿਨਾਂ ਵਿਚ ਇਕ ਦਰੀ ਬੁਣਦੀਆਂ ਹਨ | ਉਨ੍ਹਾਂ ਵਲੋਂ ਕਈ ਨਮੂਨਿਆਂ ਦੀਆਂ ਦਰੀਆਂ ਬੁਣੀਆਂ ਜਾਂਦੀਆਂ ਹਨ | ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿਚ ਦਰੀ ਬੁਣਨ ਲਈ ਬੜੇ ਸਾਧਾਰਨ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਨੂੰ ਘੋੜੀ ਜਾਂ ਅੱਡਾ ਕਹਿੰਦੇ ਹਨ | ਇਹ ਇਕ ਅਜਿਹਾ ਚੌਖਟਾ ਹੁੰਦਾ ਹੈ, ਜਿਸ ਦੇ ਲੰਬੇ ਪਾਸੇ ਦੇ ਸਿਰਿਆਂ ਨਾਲ ਘਰ ਕੱਤੇ ਸੂਤ ਦੀ ਤਾਣੀ ਤਣ ਦਿੱਤੀ ਜਾਂਦੀ ਹੈ ਅਤੇ ਫਿਰ ਕੱਪੜਾ ਬੁਣਨ ਦੀ ਸਾਧਾਰਨ ਤਕਨੀਕ ਅਨੁਸਾਰ ਚੌੜੇ ਰੁਖ਼ ਸੂਤ ਦੇ ਧਾਗਿਆਂ ਨੂੰ ਡਿਜ਼ਾਈਨ ਦੀ ਲੋੜ ਅਨੁਸਾਰ ਲੰਘਾਇਆ ਜਾਂਦਾ ਹੈ ਅਤੇ ਨਾਲ-ਨਾਲ ਹੀ ਪੰਜੇ ਦੀ ਸਹਾਇਤਾ ਨਾਲ ਠੋਕ ਕੇ ਗੁੰਦਵਾਂ ਰੱਖਿਆ ਜਾਂਦਾ ਹੈ | ਘੋੜੀ ਉੱਤੇ ਦਰੀ ਬੁਣਨ ਦਾ ਕੰਮ ਦੋ ਜਾਂ ਦੋ ਤੋਂ ਵੱਧ ਔਰਤਾਂ ਇਕੱਠੀਆਂ ਹੀ ਕਰਦੀਆਂ ਹਨ |
ਦਰੀ ਵਿਚ ਪ੍ਰਯੋਗ ਹੁੰਦੇ ਸਜਾਵਟੀ ਨਮੂਨੇ ਇਸ ਨੂੰ ਕਲਾਤਮਿਕ ਰੰਗ ਦਿੰਦੇ ਹਨ | ਪ੍ਰਮੁੱਖ ਰੂਪ ਵਿਚ ਇਨ੍ਹਾਂ ਨਮੂਨਿਆਂ ਨੂੰ 3 ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਜਿਸ ਅੰਦਰ ਰੇਖਾ ਗਣਿਤ, ਵੇਲ-ਬੂਟੇ ਅਤੇ ਆਕਿ੍ਤੀਆਂ ਉੱਤੇ ਆਧਾਰਿਤ ਡਿਜ਼ਾਈਨ ਆਉਂਦੇ ਹਨ | ਆਮ ਤੌਰ 'ਤੇ ਦਰੀ ਵਿਚ ਬਾਰਡਰ ਹੁੰਦੇ ਹਨ ਅਤੇ ਇਨ੍ਹਾਂ ਦੇ ਅੰਦਰ ਵਾਲੇ ਭਾਗ ਵਿਚ ਪ੍ਰਮੁੱਖ ਨਮੂਨੇ ਬਣਾਏ ਜਾਂਦੇ ਹਨ | ਬਹੁਤਿਆਂ ਨਮੂਨਿਆਂ ਵਿਚ ਪਸ਼ੂ ਅਤੇ ਪੰਛੀਆਂ ਦੇ ਜੋੜਿਆਂ ਨੂੰ ਮੂੰਹ ਜੋੜੀ ਜਾਂ ਪਿੱਠ ਜੋੜੀ ਦਿਖਾਇਆ ਜਾਂਦਾ ਹੈ, ਜਿਵੇਂ ਤੋਤੇ, ਮੁਰਗੇ, ਚਿੜੀਆਂ, ਖ਼ਰਗੋਸ਼, ਕੁੱਤੇ ਤੇ ਬੱਤਖਾਂ ਆਦਿ | ਕਈ ਵਾਰ ਸਮੁੱਚੀ ਦਰੀ ਉੱਤੇ ਵੱਡੇ ਆਕਾਰ ਦੀ ਕੇਵਲ ਇਕ ਆਕਿ੍ਤੀ ਹੀ ਬਣਾਈ ਜਾਂਦੀ ਹੈ, ਜਿਵੇਂ ਪੈਲ ਪਾਉਂਦਾ ਮੋਰ ਜਾਂ ਖੜ੍ਹਵੇਂ ਸ਼ੇਰ ਦੀ ਆਕਿ੍ਤੀ |
ਦਰੀ ਬੁਣਨ ਉਪਰੰਤ ਦਰੀ ਦੀ ਲੰਬਾਈ ਵਾਲੇ ਦੋਵੇਂ ਪਾਸੇ ਵੱਖ-ਵੱਖ ਕਿਸਮਾਂ ਦੇ ਜਾਲੀ ਜਾਂ ਬੰਬਲ ਵੱਟੇ ਜਾਂਦੇ ਹਨ, ਜੋ ਦਰੀ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦੇ ਹਨ | ਪਰ ਹੁਣ ਔਰਤਾਂ ਰਾਹੀਂ ਦਰੀ ਬੁਣਨ ਦੀ ਪ੍ਰਥਾ ਜੋ ਕੁਝ ਵਰ੍ਹੇ ਪਹਿਲਾਂ ਤੱਕ ਪਿੰਡਾਂ ਵਿਚ ਚਲਦੀ ਆਈ ਸੀ, ਹੁਣ ਬਹੁਤ ਘਟ ਗਈ ਹੈ | ਜੇ ਹਾਲਾਤ ਅਜਿਹੇ ਹੀ ਰਹੇ ਤਾਂ ਜਲਦੀ ਹੀ ਇਸ ਦੇ ਸਮਾਪਤ ਹੋ ਜਾਣ ਦੀ ਸੰਭਾਵਨਾ ਬਣੀ ਹੋਈ ਹੈ |
ਪੱਛਮੀ ਸੱਭਿਆਚਾਰ ਦੇ ਅਧੀਨ ਲੋਕ ਆਪਣੀ ਪਰੰਪਰਾ ਨਾਲੋਂ ਟੁੱਟ ਕੇ, ਨਵੀਆਂ ਰੈਡੀਮੇਡ ਉਦਯੋਗਿਕ ਵਸਤੂਆਂ ਨੂੰ ਅਪਣਾ ਰਹੇ ਹਨ | ਲੋਕ ਸ਼ਿਲਪੀਆਂ ਦੁਆਰਾ ਬਣਾਈਆਂ ਜਾਂਦੀਆਂ ਵਸਤੂਆਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਪ੍ਰਦਰਸ਼ਨੀਆਂ ਦੀ ਥਾਂ ਲੈ ਲਈ ਹੈ | ਘਰਾਂ ਵਿਚ ਉਨ੍ਹਾਂ ਦੀ ਨਿੱਤ ਦੀ ਵਰਤੋਂ ਬੰਦ ਹੋ ਗਈ | ਆਧੁਨਿਕਤਾ ਕਾਰਨ ਅਜਿਹੇ ਹੁਨਰੀ ਕਿੱਤੇ ਹੁਣ ਬੀਤੇ ਦੀ ਯਾਦ ਬਣ ਕੇ ਰਹਿ ਗਏ ਹਨ | ਬੇਸ਼ੱਕ ਵਿਗਿਆਨਕ ਤਰੱਕੀ ਨਾਲ ਮਨੁੱਖ ਨੂੰ ਅਨੇਕਾਂ ਸੁੱਖ-ਸਹੂਲਤਾਂ ਮਿਲੀਆਂ ਹਨ ਪਰ ਇਸ ਤੇਜ਼-ਤਰਾਰ ਮਸ਼ੀਨੀ ਯੁੱਗ ਦੀ ਟੁੱਟ-ਭੱਜ ਨੇ ਮਨੁੱਖੀ ਸੁਭਾਅ, ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਨੂੰ ਐਨਾ ਸੌੜਾ ਬਣਾ ਦਿੱਤਾ ਹੈ ਕਿ ਸਾਡੇ ਵਿਚੋਂ ਮੋਹ-ਮੁਹੱਬਤ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਬਹੁਤ ਪੇਤਲੀਆਂ ਪੈਂਦੀਆਂ ਜਾ ਰਹੀਆਂ ਹਨ | ਅਜੋਕਾ ਮਨੁੱਖ ਆਪਣੇ ਸੱਭਿਆਚਾਰਕ ਵਿਰਸੇ ਦੇ ਮੁੱਲਵਾਨ ਆਦਰਸ਼ਾਂ ਨੂੰ ਵਿਸਾਰ ਕੇ ਲਗਾਤਾਰ ਨਿੱਘਰਦਾ ਜਾ ਰਿਹਾ ਹੈ | ਸਮੇਂ ਦੇ ਬਦਲਣ ਨਾਲ ਵਿਕਾਸ ਦੀ ਪ੍ਰਕਿਰਿਆ ਨੂੰ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਇਹ ਸੁਭਾਵਿਕ ਅਮਲ ਹੈ | ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਤੇ ਅਮੀਰ ਵਿਰਸੇ ਨੂੰ ਸੰਭਾਲ ਕੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ | (ਸਮਾਪਤ)

-ਮੋਬਾਈਲ : 94178-31583

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX