ਤਾਜਾ ਖ਼ਬਰਾਂ


ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  11 minutes ago
ਨਵੀਂ ਦਿੱਲੀ, 7 ਦਸੰਬਰ- ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਸਫਦਰਜੰਗ ਹਸਪਤਾਲ ਪਹੁੰਚੀ ਹੈ ਜਿੱਥੇ ਦੇਰ ਰਾਤ ਉਨਾਓ ...
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  40 minutes ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਮਹਿਲਾ ਆਯੋਗ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ...
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 1 hour ago
ਰਾਂਚੀ, 7 ਦਸੰਬਰ- ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰ ਤੋਂ ਹੀ ਵੋਟ ਪਾਉਣ...
ਅੱਜ ਦਾ ਵਿਚਾਰ
. . .  about 1 hour ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪੋਲੀ/ਨੈੱਟ ਹਾਊਸ ਵਿਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਲਈ ਜ਼ਰੂਰੀ ਨੁਕਤੇ

ਖੇਤੀ ਯੋਗ ਜ਼ਮੀਨ ਦੀ ਘਾਟ, ਪ੍ਰਤੀਕੂਲ ਮੌਸਮ, ਕੀੜਿਆਂ ਅਤੇ ਬਿਮਾਰੀਆਂ ਦੇ ਜ਼ਿਆਦਾ ਹਮਲੇ ਕਰਕੇ ਬਾਹਰ ਖੁੱਲ੍ਹੇ ਵਿਚ ਸਬਜ਼ੀਆਂ ਦੀ ਕਾਸ਼ਤ ਕਰਨਾ ਬਹੁਤ ਔਖਾ ਹੋ ਗਿਆ ਹੈ। ਇਸ ਲਈ ਚੰਗੇ ਮਿਆਰ ਦੀ ਸਬਜ਼ੀ ਦਾ ਵਧੇਰੇ ਝਾੜ ਲੈਣ ਅਤੇ ਲੰਮੇ ਸਮੇ ਤੱਕ ਮੌਜੂਦਗੀ ਲਈ ਸੁਰੱਖਿਅਤ ਖੇਤੀ ਕਰਨੀ ਬਹੁਤ ਜ਼ਰੂਰੀ ਹੈ। ਨੈੱਟ ਹਾਊਸ ਜਾਂ ਪੋਲੀ ਹਾਊਸ ਵਿਚ ਬੇ-ਮੌਸਮੀ ਸਬਜ਼ੀਆਂ ਜਿਵੇਂ ਕਿ ਟਮਾਟਰ, ਸ਼ਿਮਲਾ ਮਿਰਚ ਤੇ ਬੈਂਗਣ ਆਦਿ ਪੈਦਾ ਕਰ ਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ। ਛੋਟੇ ਕਿਸਾਨਾਂ ਲਈ ਇਹ ਹੋਰ ਵੀ ਲਾਹੇਵੰਦ ਹਨ। ਇਸ ਦੇ ਨਾਲ ਹੀ ਪੋਲੀ/ ਨੈੱਟ ਹਾਊਸ ਵਿਚ ਕੁਦਰਤੀ ਸਰੋਤਾਂ ਭਾਵ ਪਾਣੀ, ਖਾਦਾਂ, ਜ਼ਹਿਰਾਂ ਆਦਿ ਦੀ ਯੋਗ ਵਰਤੋਂ ਨਾਲ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਪੋਲੀ/ਨੈੱਟ ਹਾਊਸ ਵਿਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ 'ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਮਲਾ ਕਰ ਸਕਦੀਆਂ ਹਨ ਜਿਸ ਨਾਲ ਝਾੜ 'ਤੇ ਬਹੁਤ ਅਸਰ ਪੈਂਦਾ ਹੈ। ਇਸ ਕਰਕੇ ਚੰਗਾ ਝਾੜ ਲੈਣ ਲਈ ਇਨਾਂ੍ਹ ਬਿਮਾਰੀਆਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ।
ਨੈੱਟ ਹਾਊਸ ਅਤੇ ਪੋਲੀ ਹਾਊਸ ਵਿਚ ਬਹੁਤ ਸਾਰੀਆਂ ਬਿਮਾਰੀਆਂ ਮਿੱਟੀ ਰਾਹੀਂ ਪੈਦਾ ਹੁੰਦੀਆਂ ਹਨ। ਇਨ੍ਹਾਂ ਵਿਚ ਸੈਕਲੈਰੋਟੀਨੀਆ, ਫੁਜ਼ੇਰੀਅਮ ਅਤੇ ਜੜ੍ਹ-ਗੰਢ ਨੀਮਾਟੋਡ ਪ੍ਰਮੁੱਖ ਹਨ। ਇਹ ਬਿਮਾਰੀਆਂ ਹੌਲੀ-ਹੌਲੀ ਮਿੱਟੀ ਵਿਚ ਵਧਦੀਆਂ ਰਹਿੰਦੀਆਂ ਹਨ। ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਸਬਜ਼ੀ ਦੀ ਬਿਜਾਈ ਕਰਨ ਤੋਂ ਪਹਿਲਾਂ ਹੀ ਨੈੱਟ/ਪੋਲੀ ਹਾਊਸ ਦੀ ਮਿੱਟੀ ਨੂੰ ਬਿਮਾਰੀ ਤੋਂ ਰਹਿਤ ਕਰਨਾ ਪਏਗਾ। ਇਸ ਮਕਸਦ ਲਈ ਹਰੀ ਖਾਦ ਜਾਂ ਸੂਰਜ ਦੇ ਸੇਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੈਕਲੈਰੋਟੀਨੀਆ ਦੇ ਹਮਲੇ ਕਰਕੇ ਬੂਟਿਆਂ ਦੇ ਤਣੇ ਅਤੇ ਟਾਹਣੀਆਂ 'ਤੇ ਹਲਕੇ ਭੂਰੇ ਰੰਗ ਦੇ ਦਾਗ਼ ਬਣ ਜਾਂਦੇ ਹਨ। ਹਮਲੇ ਵਾਲੇ ਹਿੱਸੇ ਦੇ ਅੰਦਰ ਉੱਲੀ ਦੇ ਕਾਲੇ ਰੰਗ ਦੇ ਬੀਜ ਬਣ ਜਾਂਦੇ ਹਨ ਜਿਨਾਂ੍ਹ ਨੂੰ ਮਘਰੋੜੀਆਂ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਫੁਜ਼ੇਰੀਅਮ ਨਾਲ ਪ੍ਰਭਾਵਿਤ ਬੂਟਿਆਂ ਦੇ ਤਣੇ ਉੱਤੇ ਗੂੜ੍ਹੇ ਭੂਰੇ ਰੰਗ ਦੇ ਦਾਗ਼ ਬਣ ਜਾਂਦੇ ਹਨ। ਉਪਰੋਕਤ ਬਿਮਾਰੀਆਂ ਨੂੰ ਕਾਬੂ ਕਰਨ ਲਈ ਨੈੱਟ ਹਾਊਸ/ਪੋਲੀ ਹਾਊਸ ਦੀ ਮਿੱਟੀ ਨੂੰ ਸੂਰਜ ਦੇ ਸੇਕ ਦੀ ਵਰਤੋਂ ਨਾਲ ਰੋਗ ਰਹਿਤ ਕੀਤਾ ਸਕਦਾ ਹੈ। ਇਸ ਪ੍ਰਕਿਰਿਆ ਨੂੰ ਸਾਇਲ ਸੋਲਰਾਈਜੇਸ਼ਨ ਵੀ ਕਹਿੰਦੇ ਹਨ। ਇਸ ਵਿਧੀ ਦੀ ਵਰਤੋਂ ਮਈ-ਜੂਨ ਦੇ ਮਹੀਨਿਆਂ ਦੌਰਾਨ ਕਰਨੀ ਚਾਹੀਦੀ ਹੈ। ਪਹਿਲਾਂ ਪੋਲੀ/ਨੈੱਟ ਹਾਊਸ ਦੀ ਮਿੱਟੀ ਵਿਚ ਗਲ਼ੀ-ਸੜ੍ਹੀ ਰੂੜੀ ਪਾ ਕੇ ਚੰਗੀ ਤਰ੍ਹਾਂ ਵਾਹ ਕੇ ਪੱਧਰਾ ਕਰ ਦਿਉ ਅਤੇੇ ਭਰਵਾਂ ਪਾਣੀ ਲਗਾ ਦਿਉ। 24 ਘੰਟਿਆਂ ਬਾਅਦ ਜ਼ਮੀਨ ਨੂੰ 50 ਮਾਈਕਰੋਨ ਭਾਵ 200 ਗੇਜ ਦੀ ਸਾਫ ਪਾਰਦਰਸ਼ੀ ਪੋਲੀਸ਼ੀਟ ਨਾਲ ਢੱਕ ਦਿਓ। ਫਿਰ ਨੈੱਟ ਹਾਊਸ ਦੇ ਸਾਰੇ ਢਾਂਚੇ ਨੂੰ ਬਾਹਰਲੇ ਪਾਸੇ ਤੋਂ 50 ਮਾਈਕਰੋਨ ਦੀ ਸਾਫ ਪਾਰਦਰਸ਼ੀ ਪੋਲੀਸ਼ੀਟ ਨਾਲ ਢੱਕ ਦਿਉ। ਜੇਕਰ ਪੋਲੀ ਹਾਊਸ ਹੈ ਤਾਂ ਉਸ ਦੇ ਸਾਰੇ ਰੌਸ਼ਨਦਾਨ ਚੰਗੀ ਤਰ੍ਹਾਂ ਬੰਦ ਕਰ ਦਿਉ। ਨੈਟ/ਪੋਲੀ ਹਾਊਸ ਦੇ ਪੂਰੇ ਢਾਂਚੇ ਨੂੰ ਇੱਕ ਮਹੀਨਾ ਬੰਦ ਰੱਖੋ। ਇਸ ਤਰ੍ਹਾਂ ਸੂਰਜ ਦੇ ਸੇਕ ਦੀ ਵਰਤੋਂ ਨਾਲ ਨੈੱਟ/ਪੋਲੀ ਹਾਊਸ ਵਿਚ ਮਿੱਟੀ ਰਾਹੀਂ ਪੈਦਾ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਬਿਜਾਈ ਹਮੇਸ਼ਾਂ ਸਹੀ ਸਮੇਂ 'ਤੇ ਅਤੇ ਬੈੱਡਾਂ ਉਪਰ ਹੀ ਕਰਨੀ ਚਾਹੀਦੀ ਹੈ।
ਪੋਲੀ/ਨੈੱਟ ਹਾਊਸ ਨੂੰ ਪੂਰਾ ਪੋਲੀਸ਼ੀਟ ਨਾਲ ਢੱਕਿਆ ਹੋਇਆ ਦੂਹਰਾ ਦਰਵਾਜ਼ਾ ਲਗਾਉ ਅਤੇ ਅੰਦਰ ਜਾਣ ਲੱਗਿਆਂ ਦਰਵਾਜ਼ੇ ਨੂੰ ਬੰਦ ਕਰਨਾ ਕਦੇ ਨਾ ਭੁੱਲੋ। ਦਰਵਾਜ਼ੇ ਦੇ ਲਾਗੇ ਅੰਦਰਲੇ ਪਾਸੇ ਲਾਲ ਦਵਾਈ (ਪੋਟਾਸ਼ੀਅਮ ਪਰਮੈਗਨੇਟ) ਦਾ ਘੋਲ ਬਣਾ ਕੇ ਰੱਖੋ ਅਤੇ ਅੰਦਰ ਜਾਣ ਲੱਗਿਆਂ ਜੁੱਤੀ ਥੱਲਿਉਂ ਗਿੱਲੀ ਕਰ ਕੇ ਹੀ ਅੰਦਰ ਜਾਵੋ। ਪੋਲੀਸ਼ੀਟ ਨੂੰ ਬਾਹਰ ਤੋਂ ਚੰਗੀ ਤਰ੍ਹਾਂ ਜ਼ਮੀਨ ਵਿਚ ਦਬਾ ਕੇ ਰੱਖੋ।
ਮਸ਼ੀਨਰੀ ਅਤੇ ਖੇਤੀ ਸੰਦਾਂ ਨੂੰ ਬਾਹਰਲੇ ਖੇਤਾਂ ਦੀ ਮਿੱਟੀ ਤੋਂ ਸਾਫ ਕਰ ਕੇ ਹੀ ਪੋਲੀ/ਨੈੱਟ ਹਾਊਸ ਦੇ ਅੰਦਰ ਲੈ ਕੇ ਜਾਵੋ।
ਪੋਲੀ/ਨੈਟ ਹਾਊਸ ਦੇ ਅੰਦਰ ਅਤੇ ਬਾਹਰ ਨਦੀਨਾਂ ਦੀ ਰੋਕਥਾਮ ਕਰੋ।
ਬਿਮਾਰੀਆਂ ਤੋਂ ਬਚਾਅ ਲਈ ਪੋਲੀ/ਨੈੱਟ ਹਾਊਸ ਦੇ ਅੰਦਰ ਸੂਰਜ ਦੀ ਰੌਸ਼ਨੀ, ਹਵਾ ਅਤੇ ਨਮੀ ਨੂੰ ਠੀਕ ਰੱਖਣ ਲਈ ਬੂਟਿਆਂ ਦੀ ਸਹੀ ਗਿਣਤੀ ਲਾਉਣੀ ਚਾਹੀਦੀ ਹੈ। ਟਾਹਣੀਆਂ ਦੀ ਕਾਂਟ-ਛਾਂਟ ਕਰਦੇ ਰਹਿਣਾ ਚਾਹੀਦਾ ਹੈ। ਜ਼ਮੀਨ ਤੋਂ ਇੱਕ ਫੁੱਟ ਦੀ ਉਚਾਈ ਤੱਕ ਹੇਠਲੇ ਪੁਰਾਣੇ ਪੱਤਿਆਂ ਨੂੰ ਕੱਟ ਦੇਣਾ ਚਾਹੀਦਾ ਹੈ। ਪੋਲੀ/ਨੈਟ ਹਾਊਸ ਦੀਆਂ ਕੰਧਾਂ ਦੇ ਨਾਲ ਬੂਟੇ ਨਹੀਂ ਲਾਉਣੇ ਚਾਹੀਦੇ। ਸਿੰਚਾਈ ਵਾਸਤੇ ਤੁਪਕਾ ਪ੍ਰਣਾਲੀ ਨੂੰ ਪਹਿਲ ਦੇਣੀ ਚਾਹੀਦੀ ਹੈ। ਪਰ ਜੇਕਰ ਖਾਲੀਆਂ ਰਾਹੀਂ ਸਿੰਚਾਈ ਕਰਨੀ ਹੋਵੇ ਤਾਂ ਅੰਡਰ ਗਰਾਊਂਡ ਪਾਈਪਾਂ ਦੀ ਵਰਤੋਂ ਕਰੋ। ਲਗਾਤਾਰ ਫ਼ਸਲ ਦਾ ਨਿਰੀਖਣ ਕਰਦੇ ਰਹੋ। ਰੋਗੀ ਬੂਟੇ ਅਤੇ ਟਹਿਣੀਆਂ ਨੂੰ ਕੱਟ ਕੇ ਪੋਲੀ/ਨੈੱਟ ਹਾਊਸ ਤੋਂ ਬਾਹਰ ਕੱਢ ਦਿਓ। ਹੇਠਾਂ ਡਿੱਗੇ ਹੋਏ ਰੋਗੀ ਪੱਤੇ ਅਤੇ ਗਲੇ-ਸੜ੍ਹੇ ਫਲਾਂ ਨੂੰ ਬਾਹਰ ਕੱਢ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
ਪੋਲੀ/ਨੈੱਟ ਹਾਊਸ ਦੀ ਤੋੜ-ਭੰਨ ਦਾ ਖਾਸ ਖਿਆਲ ਰੱਖੋ। ਦਰਵਾਜ਼ੇ ਅਤੇ ਕੰਧਾਂ ਵਿਚ ਹੋਈਆਂ ਮੋਰੀਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਉ।


-ਮੋਬਾਈਲ : 98784-68672
ਪੌਦਾ ਰੋਗ ਵਿਭਾਗ


ਖ਼ਬਰ ਸ਼ੇਅਰ ਕਰੋ

ਮੱਝਾਂ ਦੀ ਮੁਰ੍ਹਾ ਨਸਲ ਲਈ ਨਵਾਂ ਉਪਰਾਲਾ

ਪੰਜਾਬ ਇਕ ਖੇਤੀ ਪ੍ਰਧਾਨ ਰਾਜ ਹੈ। ਇਥੋਂ ਦੇ ਬਹੁ-ਗਿਣਤੀ ਕਿਸਾਨ ਅਤੇ ਗ਼ੈਰ-ਕਿਸਾਨ ਪਰਿਵਾਰਾਂ ਵਲੋਂ ਪਸ਼ੂ ਪਾਲਣ ਦੇ ਧੰਦੇ ਨੂੰ ਆਪਣੀਆਂ ਦੁੱਧ ਲੋੜਾਂ ਪੂਰਾ ਕਰਨ ਲਈ ਅਪਣਾਇਆ ਹੋਇਆ ਹੈ। ਕਈ ਖੇਤਰਾਂ ਵਿਚ ਅਗਾਂਹਵਧੂ ਕਿਸਾਨ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਦੇ ਤੌਰ 'ਤੇ ਆਰਥਿਕ ਮੁਨਾਫ਼ੇ ਖ਼ਾਤਰ ਕਰ ਰਹੇ ਹਨ। ਘਰਾਂ ਵਿਚ ਪਾਲੀਆਂ ਜਾਣ ਵਾਲੀਆਂ ਵਧੇਰੇ ਮੱਝਾਂ ਦੀ ਸ਼ੁੱਧ ਨਸਲ ਦਾ ਨਾਂਅ ਹੈ 'ਮੁਰ੍ਹਾ'। ਮੱਝਾਂ ਦੀ ਇਹ ਨਸਲ ਪੰਜਾਬ ਅਤੇ ਗੁਆਂਢੀ ਰਾਜ ਹਰਿਆਣਾ ਦੇ ਹਿਸਾਰ, ਜੀਂਦ, ਰੋਹਤਕ, ਗੁੜਗਾਊਂ ਆਦਿ ਜ਼ਿਲ੍ਹਿਆਂ ਵਿਚ ਪਾਲੀ ਜਾਂਦੀ ਹੈ। ਪੇਂਡੂ ਪਸ਼ੂ ਪਾਲਕਾਂ ਵਿਚ ਇਨ੍ਹਾਂ ਨੂੰ ਗਰਭ ਕਰਾਉਣ ਲਈ ਢੁਕਵੇਂ ਝੋਟਿਆਂ ਦੀ ਚੋਣ (ਨਸਲ ਸੁਧਾਰ) ਸੰਬੰਧੀ ਮੁਕੰਮਲ ਜਾਣਕਾਰੀ ਨਾ ਹੋਣ ਅਤੇ ਦੁਧਾਰੂ ਪਸ਼ੂਆਂ ਨੂੰ ਉਨ੍ਹਾਂ ਦੇ ਖਾਨਦਾਨ ਵਿਚੋਂ ਹੀ ਗਰਭਧਾਰਨ ਕਰਵਾਉਣ (INBREEDING) ਕਾਰਨ ਦੁੱਧ ਦੀ ਪੈਦਾਵਾਰ ਅਤੇ ਗੁਣਾਂ ਵਿਚ ਬੇਹੱਦ ਗਿਰਾਵਟ ਆ ਚੁੱਕੀ ਹੈ ਪ੍ਰੰਤੂ ਸ਼ੁੱਧ ਨਸਲ ਦੀਆਂ ਮੁਰ੍ਹਾ ਮੱਝਾਂ ਉੱਨਤ ਪਸ਼ੂ ਪਾਲਕਾਂ ਕੋਲ 15 ਤੋਂ 18 ਕਿਲੋਂ ਤੱਕ ਦੁੱਧ ਆਮ ਦੇ ਰਹੀਆਂ ਹਨ। ਇਸ ਦੀ ਔਸਤ ਦੁੱਧ ਪੈਦਾਵਾਰ ਪ੍ਰਤੀ ਇਕ ਸੂਆ ਲਗਪਗ 2200 ਲਿਟਰ (ਕੁੱਲ 310 ਦਿਨ) ਹੁੰਦੀ ਹੈ ਅਤੇ ਭਾਰ ਲਗਪਗ 450 ਕਿਲੋ ਹੁੰਦਾ ਹੈ। ਹੁਣ ਤਾਂ ਸੁਧਰੀਆਂ ਹੋਈਆਂ ਮੁਰ੍ਹਾ ਮੱਝਾਂ ਦਾ ਦੁੱਧ ਉਤਪਾਦਨ 26 ਕਿੱਲੋ ਤੱਕ ਜਾ ਪੁੱਜਾ ਹੈ ਜੋ ਕਿ ਕੌਮੀ ਰਿਕਾਰਡ ਹੈ। ਮੱਝਾਂ ਦੀ ਮੁਰ੍ਹਾ ਨਸਲ ਨੂੰ ਬਚਾਉਣਾ ਅਤੇ ਇਸ ਵਿਚ ਹੋਰ ਸੁਧਾਰ ਲਿਆਉਣਾ ਸਾਡੀ ਘਰੇਲੂ ਆਰਥਿਕਤਾ ਦੀ ਵਕਤੀ ਲੋੜ ਬਣ ਚੁੱਕੀ ਹੈ।
ਮੁਰ੍ਹਾ ਮੱਝਾਂ ਦੀ ਨਸਲ ਸੁਧਾਰਨ ਲਈ ਪੰਜਾਬ ਸਰਕਾਰ ਨੇ ਆਪਣੇ ਪੱਧਰ 'ਤੇ ਕੁਝ ਨਵੇਂ ਯਤਨ ਆਰੰਭ ਕੀਤੇ ਹਨ ਜਿਨ੍ਹਾਂ ਵਿਚ ਸਰਕਾਰੀ ਸੀਮਨ ਬੈਂਕ ਰੌਣੀ (ਨਾਭਾ) ਅਤੇ ਰੋਪੜ ਦਾ ਨਵੀਨੀਕਰਨ ਕੀਤਾ ਗਿਆ ਹੈ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬੂਹ ਵਿਖੇ ਮੱਝਾਂ ਦਾ ਖੋਜ ਕੇਂਦਰ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਸਮੱਚੇ ਪਸ਼ੂ ਹਸਪਤਾਲਾਂ ਅਤੇ ਪਸ਼ੂ ਡਿਸਪੈਂਸਰੀਆਂ ਵਿਚ ਵਧੀਆਂ ਨਸਲ ਦੇ ਸੀਮਨ ਟੀਕੇ ਵਾਜ਼ਬ ਕੀਮਤਾਂ 'ਤੇ ਸਪਲਾਈ ਕੀਤੇ ਜਾ ਰਹੇ ਹਨ। ਨੈਸ਼ਨਲ ਡੇਅਰੀ ਪਲਾਨ-1 ਅਧੀਨ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਲਾਈਵਸਟਾਕ ਡਿਵੈੱਲਪਮੈਂਟ ਬੋਰਡ ਵਲੋਂ ਰਾਜ ਦੇ ਬਰਨਾਲਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਮੁਰ੍ਹਾ ਨਸਲ ਦੀਆਂ ਮੱਝਾਂ ਦੀ ਨਸਲ ਸੁਧਾਰ ਅਤੇ ਵਧੀਆ ਨਸਲ ਦੇ ਕੱਟਿਆਂ ਦਾ ਉਤਪਾਦਨ ਕਰਨ ਲਈ 'ਪ੍ਰੋਜਨੀ ਟੈਸਟਿੰਗ ਸਕੀਮ' (PT PROJECT) ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਇਨ੍ਹਾਂ ਜ਼ਿਲ੍ਹਿਆਂ ਦੀਆਂ ਸਮੁੱਚੀਆਂ ਪਸ਼ੂ ਸਿਹਤ ਸੰਸਥਾਵਾਂ ਵਿਚ ਮੱਝਾਂ ਦਾ ਮਨਸੂਈ ਗਰਭਧਾਰਨ ਕਰਨ ਲਈ ਦੇਸ਼ ਦੇ ਸਰਵੋਤਮ ਝੋਟਿਆਂ ਦਾ ਸੀਮਨ ਵਰਤਿਆਂ ਜਾ ਰਿਹਾ ਹੈ। ਪਸ਼ੂ ਪਾਲਕਾਂ ਦੀ ਸਹੂਲਤ ਲਈ ਇਨੈਫ-ਇੰਨ-ਬਰੀਡਿੰਗ ਚੈੱਕ (INAPH In-Breeding Check) ਨਾਂਅ ਦੀ ਮੋਬਾਈਲ ਐੱਪ ਲਾਂਚ ਕੀਤੀ ਗਈ ਹੈ ਜਿਸ ਵਿਚ ਪਸ਼ੂ ਪਾਲਕ ਸਕੀਮ ਨਾਲ ਸੰਬੰਧਿਤ ਕਿਸੇ ਵੀ ਪਸ਼ੂ ਦਾ ਕੇਵਲ ਟੈੱਗ ਨੰਬਰ ਭਰ ਕੇ ਰਜਿਸਟਰੇਸ਼ਨ ਦੀ ਤਰੀਕ, ਪਸ਼ੂ ਦੀ ਉਮਰ, ਉਸ ਦੇ ਮਾਲਕ ਦਾ ਨਾਂਅ, ਨਸਲ ਆਦਿ ਬਾਰੇ ਆਪਣੇ ਮੋਬਾਈਲ 'ਤੇ ਹੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਸਕੀਮ ਅਧੀਨ 15 ਕਿੱਲੋ ਤੋਂ ਵੱਧ ਦੁੱਧ ਦੇਣ ਵਾਲੀਆਂ ਮੱਝਾਂ ਦੇ ਕੱਟੇ ਉੱਚ ਕੀਮਤਾਂ 'ਤੇ ਵਿਭਾਗ ਵਲੋਂ ਹੀ ਖਰੀਦੇ ਜਾ ਰਹੇ ਹਨ। ਇਸ ਤੋਂ ਇਲਾਵਾ ਵਿਭਾਗ ਵਲੋਂ ਸਕੀਮ ਅਧੀਨ ਪੈਦਾ ਹੋਈਆਂ ਕੱਟੀਆਂ ਦੇ ਪਿੰਡ ਪੱਧਰ 'ਤੇ ਹੀ ਮੁਕਾਬਲੇ (CALF RAILY) ਕਰਵਾ ਕੇ ਹੌਸਲਾ ਵਧਾਊ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾ ਰਹੇ ਹਨ। ਇਹ ਸਕੀਮ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਪਂੇਡੂ ਖੇਤਰਾਂ ਵਿਚ ਖਾਸੀ ਦਿਲਚਸਪੀ ਦਾ ਕੇਂਦਰ ਬਣ ਰਹੀ ਹੈ ਜਿਸ ਨੇ ਮੁੜ ਤੋਂ ਮੁਰ੍ਹਾ ਨਸਲ ਦੀਆਂ ਮੱਝਾਂ ਪ੍ਰਤੀ ਪਸ਼ੂ ਪਾਲਕਾਂ ਵਿਚ ਖਿੱਚ ਅਤੇ ਜਾਗਰੂਕਤਾ ਪੈਦਾ ਕੀਤੀ ਹੈ।
ਮੁਰ੍ਹਾ ਮੱਝਾਂ ਪ੍ਰਤੀ ਆਰੰਭੇ ਇਨ੍ਹਾਂ ਸਭ ਯਤਨਾਂ ਦੇ ਮਿਸਾਲੀ ਨਤੀਜੇ ਲੈਣ ਲਈ ਗ਼ੈਰ-ਕਾਨੂੰਨੀ ਤੌਰ 'ਤੇ ਵਿੱਕ ਰਹੇ ਸੀਮਨ ਨੂੰ ਠੱਲ੍ਹ ਪਾਉਣ ਲਈ 'ਪੰਜਾਬ ਲਾਈਵਸਟਾਕ ਬਰੀਡਿੰਗ ਐਕਟ 2014' ਸਖ਼ਤੀ ਨਾਲ ਲਾਗੂ ਕੀਤੇ ਜਾਣ ਦੀ ਲੋੜ ਹੈ। ਇਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਵਲੋਂ ਵੀ ਮੁਹਿੰਮ ਵਿੱਢੇ ਜਾਣ ਦੀ ਲੋੜ ਹੈ। ਜੇਕਰ ਅਣ-ਅਧਿਕਾਰਤ ਸੀਮਨ 'ਤੇ ਸਖ਼ਤੀ ਨਾਲ ਰੋਕ ਲਾਈ ਜਾਵੇ ਅਤੇ ਪਸ਼ੂ ਪਾਲਕ ਨਸਲ-ਸੁਧਾਰ ਪ੍ਰਤੀ ਜਾਗਰੂਕ ਹੋ ਕੇ ਇਸ ਸਕੀਮ ਅਧੀਨ ਆਪਣੀਆਂ ਮੱਝਾਂ ਦਾ ਮਨਸੂਈ ਗਰਭਧਾਰਨ ਕਰਵਾਉਣ ਤਾਂ ਯਕੀਨੀ ਰੂਪ ਵਿਚ ਇਹ ਪ੍ਰਜੈਕਟ ਨਸਲ ਸੁਧਾਰ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ।


-ਪਿੰਡ ਤੇ ਡਾਕ: ਕਾਲੇਕੇ, ਜ਼ਿਲ੍ਹਾ ਬਰਨਾਲਾ।
ਮੋਬਾਈਲ : 85588-76251
email : deepsran80@gmail.com

ਆਓ ਘਰਾਂ ਨੂੰ ਚੱਲੀਏ

ਘਰ ਤੇ ਮਕਾਨ ਵਿਚ ਬਹੁਤ ਫਰਕ ਹੁੰਦਾ ਹੈ। ਮਕਾਨ ਉਸਾਰਿਆ ਜਾਂਦਾ ਹੈ, ਘਰ ਵਸਾਇਆ ਜਾਂਦਾ ਹੈ। ਮਕਾਨ ਤਾਂ ਕਿਸੇ ਵੀ ਤਰ੍ਹਾਂ ਦਾ ਹੋਵੇ, ਰਹਿਣ ਦੇ ਅਨੁਸਾਰ ਢਾਲਿਆ ਜਾ ਸਕਦਾ ਹੈ, ਪਰ ਘਰ ਇਕ ਸੁਪਨੇ ਵਾਂਗ ਹੁੰਦਾ ਹੈ ਜੋ ਪਲ-ਪਲ ਬਦਲਦਾ ਰਹਿੰਦਾ ਹੈ। ਮਕਾਨ ਤਾਂ ਸੰਪੂਰਨ ਹੋ ਸਕਦਾ ਹੈ, ਪਰ ਘਰ ਦਾ ਸੰਪੂਰਨ ਹੋਣਾ ਜੀਵਨ ਦਾ ਅਸੂਲ ਹੀ ਨਹੀਂ ਹੈ। ਮਨੁੱਖ ਦੀ ਬਿਰਤੀ ਹੈ ਕੇ ਉਹ ਬੀਤੇ ਸਮੇਂ ਨੂੰ ਬੇਹੱਦ ਪਿਆਰ ਕਰਦਾ ਹੈ ਤੇ ਉਸੇ ਸਮੇਂ ਵਿਚ ਹੀ ਰਹਿਣਾ ਚਾਹੁੰਦਾ ਹੈ। ਹੁਣ ਸਮੇਂ ਨੂੰ ਤਾਂ ਬੰਦਾ ਮੋੜ ਨਹੀਂ ਸਕਦਾ, ਇਸ ਲਈ ਉਹ ਬੀਤੇ ਸਮੇਂ ਦੀਆਂ ਵਸਤੂਆਂ ਨੂੰ ਇਕੱਠਾ ਕਰਦਾ ਹੈ ਤੇ ਫਿਰ ਪੁਰਾਣੀ ਭੌਤਿਕਤਾ ਨੂੰ ਮਕਾਨ ਦੇ ਰੂਪ ਵਿਚ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ਤੇ ਕੁਝ ਹੱਦ ਤੱਕ ਕਾਮਯਾਬ ਵੀ ਹੋ ਜਾਂਦਾ ਹੈ। ਪਰ ਉਸ ਦੀ ਮਜਬੂਰੀ ਹੁੰਦੀ ਹੈ ਕਿ ਉਹ ਚਾਹ ਕੇ ਵੀ ਉਸ ਥਾਂ ਰਹਿ ਨਹੀਂ ਸਕਦਾ, ਕਿਉਂਕਿ ਅਜੋਕੇ ਜ਼ਮਾਨੇ ਦੀਆਂ ਸੁੱਖ ਸਹੂਲਤਾਂ ਦਾ ਤਿਆਗ ਉਹ ਕਰ ਹੀ ਨਹੀਂ ਸਕਦਾ। ਬਸ ਹੁਣ ਉਹ ਆਪਣੇ ਆਲੇ-ਦੁਆਲੇ ਨਾਲ ਇਹ ਨਵੀਂ ਸਿਰਜੀ ਹੋਈ ਭੌਤਿਕਤਾ ਸਾਂਝੀ ਕਰ ਕੇ, ਘੜੀ ਪਲ ਦੀ ਖ਼ੁਸ਼ੀ ਹੀ ਮਾਣ ਸਕਦਾ ਹੈ, ਇਸ ਤੋਂ ਵੱਧ ਕੁਝ ਨਹੀਂ ਹੁੰਦਾ ਉਸਦੇ ਹੱਥ ਵੱਸ।


-ਮੋਬਾ: 98159-45018

ਹਾੜ੍ਹੀ ਦੇ ਮੌਸਮ ਵਿਚ ਫ਼ਸਲੀ - ਵਿਭਿੰਨਤਾ ਲਿਆਉਣ ਦੀ ਲੋੜ

ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾ ਕੇ ਫ਼ਸਲੀ - ਵਿਭਿੰਨਤਾ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪਰ ਸਫ਼ਲਤਾ ਪ੍ਰਾਪਤ ਨਹੀਂ ਹੋਈ। ਇਹ ਪਹਿਲਾ ਸਾਲ ਹੈ ਕਿ ਝੋਨੇ ਦੀ ਕਾਸ਼ਤ ਥੱਲੇ 3 ਲੱਖ ਹੈਕਟੇਅਰ ਰਕਬਾ ਘਟਿਆ ਹੈ ਅਤੇ ਫ਼ਸਲੀ ਵਿਭਿੰਨਤਾ 'ਚ ਪ੍ਰਾਪਤੀ ਹੋਈ ਹੈ। ਜ਼ਮੀਨ ਥੱਲੇ ਪਾਣੀ ਦੇ ਪੱਧਰ ਦਾ ਆਏ ਸਾਲ ਨੀਵਾਂ ਜਾਣਾ ਪਾਣੀ ਬਚਾਉਣ ਲਈ ਹਾੜ੍ਹੀ ਦੇ ਮੌਸਮ ਵਿਚ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੀ ਮੰਗ ਕਰਦਾ ਹੈ। ਝੋਨੇ ਦੀ ਪਾਣੀ ਦੀ ਲੋੜ ਜ਼ਿਆਦਾ ਹੋਣ ਕਰਕੇ ਫ਼ਸਲੀ - ਵਿਭਿੰਨਤਾ ਦੀ ਬੜੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਸਾਲ ਬਾਸਮਤੀ ਦੀ ਕਾਸ਼ਤ 6.31 ਲੱਖ ਹੈਕਟੇਅਰ ਰਕਬੇ 'ਤੇ ਹੋਈ ਅਤੇ ਇਸ ਤਰ੍ਹਾਂ ਪਿਛਲੇ ਸਾਲ ਦੇ 5.14 ਲੱਖ ਹੈਕਟੇਅਰ ਰਕਬੇ 'ਚ 1.17 ਲੱਖ ਹੈਕਟੇਅਰ ਦਾ ਵਾਧਾ ਹੋਇਆ। ਇਸੇ ਤਰ੍ਹਾਂ ਕਪਾਹ - ਨਰਮਾ 4 ਲੱਖ 1 ਹਜ਼ਾਰ ਹੈਕਟੇਅਰ ਰਕਬੇ 'ਤੇ ਬੀਜਿਆ ਗਿਆ। ਇਸ ਦੀ ਕਾਸ਼ਤ ਪਿਛਲੇ ਸਾਲ 2.68 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ। ਇਸ ਤਰ੍ਹਾਂ ਕਪਾਹ-ਨਰਮੇ ਦੀ ਕਾਸ਼ਤ ਥੱਲੇ ਇਸ ਸਾਲ 1.33 ਲੱਖ ਹੈਕਟੇਅਰ ਰਕਬਾ ਵਧਿਆ। ਮੱਕੀ ਦੀ ਕਾਸ਼ਤ ਪਿਛਲੇ ਸਾਲ 1.08 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ ਜੋ ਰਕਬਾ ਇਸ ਸਾਲ ਵੱਧ ਕੇ 1 ਲੱਖ 60 ਹਜ਼ਾਰ ਹੈਕਟੇਅਰ ਹੋ ਗਿਆ। ਇਸ ਤਰ੍ਹਾਂ 52 ਹਜ਼ਾਰ ਹੈਕਟੇਅਰ ਰਕਬਾ ਮੱਕੀ ਦੀ ਕਾਸ਼ਤ ਥੱਲੇ ਵਧਿਆ। ਦਾਲਾਂ ਦੀ ਕਾਸ਼ਤ ਥੱਲੇ 8 ਹਜ਼ਾਰ ਹੈਕਟੇਅਰ ਰਕਬੇ ਦਾ ਇਜ਼ਾਫਾ ਹੋਇਆ। ਇਸ ਸਾਲ ਮੰਡੀਆਂ 'ਚ ਬਾਸਮਤੀ ਝੋਨੇ ਦੀ ਆਮਦ ਪਿਛਲੇ ਹਫ਼ਤੇ ਤੱਕ 16.06 ਲੱਖ ਟਨ ਹੋਈ ਜੋ ਪਿਛਲੇ ਸਾਲ ਨਾਲੋਂ 3.97 ਲੱਖ ਟਨ ਜ਼ਿਆਦਾ ਹੈ। ਨਾਨ - ਬਾਸਮਤੀ ਝੋਨਾ ਮੰਡੀਆਂ 'ਚ ਵਿਕਣ ਲਈ ਇਸ ਸਾਲ ਪਿਛਲੇ ਹਫ਼ਤੇ ਤੱਕ 162.09 ਲੱਖ ਟਨ ਆਇਆ। ਇਸ ਦੀ ਆਮਦ ਪਿਛਲੇ ਸਾਲ 168.34 ਲੱਖ ਟਨ ਸੀ। ਕਿਉਂਕਿ ਪਿਛਲੇ ਸਾਲ ਗ਼ੈਰ-ਬਾਸਮਤੀ ਝੋਨੇ ਦੀ ਕਾਸ਼ਤ ਥੱਲੇ ਰਕਬਾ ਵੱਧ ਸੀ। ਝੋਨੇ ਦੀ ਆਮਦ ਵੱਧ ਹੋਈ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ ਪਾਣੀ ਦੀ ਉਪਲੱਬਧਤਾ ਨੂੰ ਦੇਖਦੇ ਹੋਏ 12 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਥਲਿਉਂ ਕੱਢ ਕੇ ਮੱਕੀ, ਬਾਸਮਤੀ, ਕਪਾਹ-ਨਰਮਾ ਅਤੇ ਸਬਜ਼ੀਆਂ ਆਦਿ ਦੀ ਕਾਸ਼ਤ ਥੱਲੇ ਲਿਆਉਣਾ ਲੋੜੀਂਦਾ ਹੈ। ਪੰਜਾਬ 'ਚ 42 ਲੱਖ ਹੈਕਟੇਅਰ ਰਕਬਾ ਜ਼ੇਰੇ -ਕਾਸ਼ਤ ਹੈ। ਜਿਸ ਵਿਚੋਂ ਮੱਕੀ ਦੀ ਕਾਸ਼ਤ 3.82 ਫ਼ੀਸਦੀ ਰਕਬੇ 'ਤੇ ਕੀਤੀ ਜਾਂਦੀ ਹੈ। ਇਸ ਸ਼ਤਾਬਦੀ ਦੇ ਸ਼ੁਰੂ ਤੋਂ ਹੀ ਮੱਕੀ ਦੀ ਕਾਸ਼ਤ ਥੱਲੇ ਰਕਬਾ 1.09 ਲੱਖ ਹੈਕਟੇਅਰ ਤੋਂ ਲੈ ਕੇ 1.60 ਲੱਖ ਹੈਕਟੇਅਰ ਰਕਬੇ ਤੱਕ ਘੁੰਮਦਾ ਰਿਹਾ ਹੈ। ਖੇਤੀ ਮਾਹਿਰਾਂ ਅਨੁਸਾਰ 4 ਲੱਖ ਹੈਕਟੇਅਰ ਰਕਬਾ ਹੋਰ ਮੱਕੀ ਦੀ ਕਾਸ਼ਤ ਥੱਲੇ ਲੈ ਜਾਣ ਦੀ ਲੋੜ ਤੇ ਗੁੰਜਾਇਸ਼ ਹੈ। ਸਰਕਾਰ ਵੱਲੋਂ ਸੰਨ 2017-18 ਤੱਕ 5.50 ਲੱਖ ਹੈਕਟੇਅਰ ਰਕਬਾ ਮੱਕੀ ਦੀ ਕਾਸ਼ਤ ਥੱਲੇ ਲਿਆਉਣ ਦਾ ਟੀਚਾ ਰੱਖਣ ਦੇ ਬਾਵਜੂਦ ਪ੍ਰਾਪਤੀ ਕੁੱਝ ਵੀ ਨਹੀਂ ਹੋਈ ਸਗੋਂ ਮੱਕੀ ਦੀ ਕਾਸ਼ਤ ਥੱਲ੍ਹੇ ਰਕਬਾ ਘਟਦਾ ਗਿਆ। ਪਿਛਲੀ ਸ਼ਤਾਬਦੀ ਦੇ 6ਵੇਂ ਦਹਾਕੇ ਵਿਚ ਸਬਜ਼-ਇਨਕਲਾਬ ਦੇ ਆਗ਼ਾਜ਼ ਵੇਲੇ ਮੱਕੀ ਦੀ ਕਾਸ਼ਤ ਥੱਲੇ 5 ਲੱਖ ਹੈਕਟੇਅਰ ਰਕਬਾ ਸੀ। ਮੱਕੀ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਸਫ਼ਲ ਕਿਸਮਾਂ ਉਪਲੱਬਧ ਹਨ। ਇਹ ਕਿਸਮਾਂ ਝਾੜ ਵੀ ਵਧੇਰੇ ਦਿੰਦੀਆਂ ਹਨ। ਫੇਰ ਮੱਕੀ ਦੀ ਕਾਸ਼ਤ ਥੱਲੇ ਰਕਬਾ ਵਧਾਉਣ ਦੀ ਲੋੜ ਹੋਣ ਦੇ ਬਾਵਜੂਦ ਵੀ ਰਕਬਾ ਨਹੀਂ ਵਧ ਰਿਹਾ ਕਿਉਂਕਿ ਭਾਵੇਂ ਮੱਕੀ ਦੀ ਘੱਟੋ - ਘੱਟ ਸਹਾਇਕ ਕੀਮਤ (ਐਮ ਐਸ ਪੀ) ਨੀਯਤ ਕੀਤੀ ਜਾਂਦੀ ਹੈ ਪਰ ਝੋਨੇ ਤੇ ਕਣਕ ਵਾਂਗ ਸਰਕਾਰੀ ਖਰੀਦ ਨਹੀਂ। ਜੇ ਫ਼ਸਲੀ ਵਿਭਿੰਨਤਾ ਲਿਆਉਣੀ ਹੈ ਅਤੇ ਪੰਜਾਬ ਨੂੰ ਦਰਪੇਸ਼ ਪਾਣੀ ਦੀ ਸਮੱਸਿਆ ਹੱਲ ਕਰਨੀ ਹੈ ਤਾਂ ਮੱਕੀ ਦੀ ਸਰਕਾਰੀ ਖਰੀਦ ਕਰਨੀ ਪਵੇਗੀ। ਸਰਕਾਰ ਨੂੰ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਮੱਕੀ ਖਾਣ, ਪੋਲਟਰੀ ਫੀਡ, ਪਸ਼ੂਆਂ ਦਾ ਫੀਡ, ਕਾਗ਼ਜ਼ ਉਦਯੋਗ ਅਤੇ ਫਾਰਮੈਸਿਉਟੀਕਲ ਦਵਾਈਆਂ ਦੇ ਵਿਚ ਵਰਤੀ ਜਾਂਦੀ ਹੈ ਅਤੇ ਕੁੱਝ ਦੱਖਣ ਏਸ਼ੀਆ ਅਤੇ ਇੰਡੋਨੇਸ਼ੀਆ ਮੁਲਕਾਂ ਨੂੰ ਵੀ ਨਿਰਯਾਤ ਕੀਤੀ ਜਾਂਦੀ ਹੈ।
ਦੂਜੀ ਫ਼ਸਲ ਜਿਸ ਰਾਹੀਂ ਫ਼ਸਲੀ -ਵਿਭਿੰਨਤਾ ਲਿਆਉਣੀ ਸੰਭਵ ਹੈ, ਉਹ ਬਾਸਮਤੀ ਝੋਨੇ ਦੀ ਹੈ। ਭਾਰਤ ਵਿਸ਼ਵ ਦੀ ਕੁੱਲ ਬਾਸਮਤੀ ਪੈਦਾਵਾਰ ਦਾ ਲਗਪਗ 70 ਫ਼ੀਸਦੀ ਹਿੱਸਾ ਪੈਦਾ ਕਰਦਾ ਹੈ। ਪਿਛਲੇ ਸਾਲ ਭਾਰਤ ਤੋਂ 44 ਲੱਖ ਟਨ ਬਾਸਮਤੀ ਬਰਾਮਦ ਕੀਤੀ ਗਈ। ਤਕਰੀਬਨ 20 ਲੱਖ ਟਨ ਬਾਸਮਤੀ ਭਾਰਤ ਦੇ ਖਪਤਕਾਰ ਖਰੀਦ ਲੈਂਦੇ ਹਨ। ਹੁਣ ਦਿਨੋ - ਦਿਨ ਇਸ ਬਾਸਮਤੀ ਦੀ ਖਪਤ ਵਧਦੀ ਜਾ ਰਹੀ ਹੈ। ਪੰਜਾਬ ਦੀ ਬਾਸਮਤੀ ਈਰਾਨ, ਸੰਯੁਕਤ ਅਰਬ ਅਮਿਰਾਤ, ਈਰਾਕ, ਯਮਨ ਰਿਪਬਲਿਕ ਤੇ ਕੁਵੈਤ ਨੂੰ ਵੀ ਨਿਰਯਾਤ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਬਾਸਮਤੀ ਦੀ ਮੰਡੀ ਹੈ। ਕੇਵਲ ਯੋਜਨਾਬੰਦੀ ਦੀ ਲੋੜ ਹੈ ਕਿ ਕਿਸਾਨ ਨੂੰ ਲਾਹੇਵੰਦ ਭਾਅ ਮਿਲੇ। ਇਸ ਸਾਲ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧ ਕੇ 6. 31 ਲੱਖ ਹੈਕਟੇਅਰ ਹੋ ਗਿਆ। ਸਾਲ 2014 - 15 ਵਿਚ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ 8.62 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਸੀ, ਜਿਸ ਉਪਰੰਤ ਬਾਸਮਤੀ ਦੀਆਂ ਨਿਰਯਾਤ ਅਤੇ ਘਰੇਲੂ ਕੀਮਤਾਂ ਵਿਚ ਕਾਫ਼ੀ ਗਿਰਾਵਟ ਆਈ ਅਤੇ ਇਸ ਦੇ ਸਟਾਕ ਵਧਣ ਨਾਲ ਕੀਮਤਾਂ 'ਚ ਹੋਰ ਜ਼ਵਾਲ ਆਇਆ। ਬਾਸਮਤੀ ਦੀ ਕੋਈ ਐਮ. ਐਸ. ਪੀ. ਜਾਂ ਸਰਕਾਰੀ ਖਰੀਦ ਨਾ ਹੋਣ ਕਾਰਨ ਇਸ ਦੀ ਕੀਮਤ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹੇ। ਸਾਲ 2008-09 ਤੋਂ ਸਾਲ 2011 - 12 ਤੱਕ ਬਾਸਮਤੀ ਦੇ ਸਟਾਕ ਨਿਰਯਾਤ ਨਾਲੋਂ ਵੱਧ ਹੋਣ ਕਾਰਨ ਪੰਜਾਬ ਵਿਚ ਇਸ ਦੀ ਕੀਮਤ 2600 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ 1830-50 ਰੁਪਏ ਪ੍ਰਤੀ ਕੁਇੰਟਲ ਤੱਕ ਰਹਿ ਗਈ। ਫਿਰ ਕੀਮਤਾਂ ਵਿਚ ਆਈ ਗਿਰਾਵਟ ਵਜੋਂ ਕਿਸਾਨਾਂ ਨੇ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਘਟਾ ਦਿੱਤਾ, ਜਿਸ ਦੇ ਸਿੱਟੇ ਵੱਜੋਂ ਸਾਲ 2012-13 ਤੇ ਸਾਲ 2013-14 ਦੌਰਾਨ ਇਸ ਦਾ ਉਤਪਾਦਨ ਘੱਟ ਗਿਆ। ਅਜਿਹਾ ਹੋਣ ਨਾਲ ਬਾਸਮਤੀ ਦੇ ਪਿਛਲੇ ਸਾਲਾਂ ਦੇ ਜਮ੍ਹਾਂ ਹੋਏ ਸਟਾਕ ਨੂੰ ਖ਼ਤਮ ਕਰਨ ਵਿਚ ਮਦਦ ਮਿਲੀ ਅਤੇ ਆਉਣ ਵਾਲੇ ਸਾਲਾਂ ਵਿਚ ਇਸ ਦੀ ਕੀਮਤ 3500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ। ਬਾਸਮਤੀ ਇਕ ਅਜਿਹੀ ਫ਼ਸਲ ਹੈ ਜਿਸ ਦੀ ਝੋਨੇ ਨਾਲੋਂ ਪਾਣੀ ਦੀ ਲੋੜ ਘੱਟ ਹੈ। ਪੂਸਾ ਬਾਸਮਤੀ 1509 ਜਿਹੀਆਂ ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਵਿਕਸਿਤ ਹੋਣ ਨਾਲ ਬਾਸਮਤੀ ਦੀ ਫ਼ਸਲ ਕਈ ਥਾਵਾਂ ਤੇ ਬਾਰਿਸ਼ਾਂ ਨਾਲ ਹੀ ਪੱਕ ਜਾਂਦੀ ਹੈ।
ਇਸੇ ਤਰ੍ਹਾਂ ਕਪਾਹ ਨਰਮੇ ਦੀ ਕਾਸ਼ਤ ਥੱਲੇ ਰਕਬਾ ਵਧਣ ਦੇ ਆਸਾਰ ਹਨ। ਜੇ ਸਰਕਾਰ ਕਿਸਾਨਾਂ ਨੂੰ ਘੱਟੋ ਘੱਟ ਸਹਾਇਕ ਕੀਮਤ (ਐਮ ਐਸ ਪੀ) ਯਕੀਨੀ ਬਣਾ ਦੇਵੇ। ਨਰਮੇ ਦੀ ਐਮ ਐਸ ਪੀ ਤਾਂ ਮੁਕੱਰਰ ਕੀਤੀ ਜਾਂਦੀ ਹੈ ਪਰ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਪੂਰੀ ਖਰੀਦ ਨਹੀਂ ਕੀਤੀ ਜਾਂਦੀ। ਜਿਸ ਕਾਰਨ ਕਈ ਸਾਲਾਂ ਦੌਰਾਨ ਕਿਸਾਨਾਂ ਨੂੰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ।


-ਮੋਬਾਈਲ : 98152-36307

ਕੁਦਰਤ ਦੇ ਸੰਤੁਲਨ ਲਈ ਕੀਟਨਾਸ਼ਕਾਂ ਦੀ ਵਰਤੋਂ ਸੁਚੱਜੀ ਹੋਵੇ

ਕੀੜੇ-ਮਕੌੜੇ ਮਨੁੱਖ ਤੋਂ ਕਰੋੜਾਂ ਸਾਲ ਪਹਿਲਾਂ ਪੈਦਾ ਹੋਏ ਪਰ ਕੀਟਨਾਸ਼ਕ ਦਵਾਈਆਂ ਦੀ ਖੋਜ ਤਾਂ 6-7 ਦਹਾਕੇ ਪਹਿਲਾਂ ਹੀ ਹੋਈ ਹੈ, ਫਿਰ ਹੁਣ ਤੱਕ ਤਾਂ ਇਹ ਸਾਰੀ ਧਰਤੀ ਕੀੜੇ-ਮਕੌੜਿਆਂ ਨਾਲ ਭਰ ਜਾਣੀ ਚਾਹੀਦੀ ਸੀ। ਪਰ ਇਸ ਤਰ੍ਹਾਂ ਹੋਇਆ ਨਹੀਂ। ਜੇ ਚੂਹੇ ਹਨ ਤਾਂ ਉਨ੍ਹਾਂ ਨੂੰ ਖਾਣ ਲਈ ਸੱਪ ਅਤੇ ਬਿੱਲੀਆਂ ਜਿਹੇ ਮਾਸਾਹਾਰੀ ਜਾਨਵਰ ਹਨ। ਸਪਾਂ ਨੂੰ ਮਾਰਨ ਲਈ ਨਿਉਲੇ, ਮੋਰ ਜਿਹੇ ਜਾਨਵਰ ਹਨ। ਜੇ ਪੰਛੀਆਂ (ਚਿੜੀਆਂ ਜਨੌਰਾਂ) ਨੂੰ ਅਗਾਂਹ ਖਾਣ ਵਾਲੇ ਹੋਰ ਪੰਛੀ ਕੋਚਰ, ਸ਼ਿਕਰੇ ਅਤੇ ਬਾਜ਼ ਆਦਿ ਨਾ ਹੁੰਦੇ ਤਾਂ ਇਹ ਸਾਰੀ ਧਰਤੀ ਪੰਛੀਆਂ ਨਾਲ ਹੀ ਭਰ ਜਾਣੀ ਸੀ। ਪਰ ਕੁਦਰਤ ਦੇ ਨਿਜ਼ਾਮ ਦਾ ਆਪਣਾ ਹੀ ਇਕ ਸੰਤੁਲਨ ਕਾਇਮ ਕੀਤਾ ਹੋਇਆ ਹੈ।
ਜਦ ਵਿਗਿਆਨੀ ਪਾਲ ਮੂਲਰ ਨੇ 1939 ਵਿਚ ਡੀ.ਡੀ.ਟੀ. ਦੀ ਕਾਢ ਕੱਢੀ ਤਾਂ ਪੂਰੀ ਦੁਨੀਆ ਵਿਚ ਬਲੇ-ਬਲੇ ਹੋ ਗਈ ਕਿ ਹੁਣ ਧਰਤੀ 'ਤੇ ਕੋਈ ਵੀ ਖ਼ਤਰਨਾਕ ਕੀਟ ਨਹੀਂ ਰਹੇਗਾ। 1948 'ਚ ਉਸ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ। ਜਦ ਇਸ ਦੀ ਸਪਰੇਅ ਕਾਰਨ ਅਮਰੀਕਾ ਦੀਆਂ ਸੁੰਦਰ ਵਾਦੀਆਂ 'ਚ ਪੰਛੀ ਹੀ ਚਹਿਕਣੋਂ ਹਟ ਗਏ ਭਾਵ ਮਰ ਗਏ ਤਾਂ ਲੋਕ ਡੀ.ਡੀ.ਟੀ. ਦਾ ਵਿਰੋਧ ਕਰਨ ਲੱਗੇ ਅਤੇ ਪਾਲ ਮੂਲਰ ਨੂੰ ਦਿੱਤਾ ਨੋਬਲ ਇਨਾਮ ਵਾਪਸ ਲੈਣ ਦੀ ਮੰਗ ਕਰਨ ਲਗੇ। ਅਖੀਰ 1970 ਵਿਚ ਅਮਰੀਕਾ ਨੂੰ ਡੀ.ਡੀ.ਟੀ. 'ਤੇ ਪਾਬੰਦੀ ਲਾਉਣੀ ਪਈ। ਉਨ੍ਹਾਂ ਨੇ ਇਹ ਜ਼ਹਿਰ ਸਾਡੇ ਦੇਸ਼ ਵਿਚ ਭੇਜ ਦਿੱਤਾ ਤਾਂ ਕਿ ਭਾਰਤ 'ਚੋਂ ਮੱਛਰ ਦਾ ਖਾਤਮਾ ਹੋ ਸਕੇ, ਪਰ ਹੋਇਆ ਕੀ ? 40 ਸਾਲ ਦੀ ਸਪਰੇਅ ਤੋਂ ਬਾਅਦ ਮਛਰ ਹੋਰ ਵੀ ਤਾਕਤਵਾਰ ਅਤੇ ਸਹਿਣਸ਼ੀਲ ਹੋ ਗਿਆ। ਹੁਣ ਇਹ ਖ਼ਤਰਨਾਕ ਕੀਟਨਾਸ਼ਕਾਂ ਨਾਲ ਵੀ ਨਹੀਂ ਮਰਦਾ। ਸਤੰਬਰ ਮਹੀਨੇ ਜਦ ਝੋਨਾ ਪਕਣ ਦੇ ਨੇੜੇ ਆਉਂਦਾ ਹੈ ਤਾਂ ਮਕੜੀ ਝੋਨੇ ਉਪਰ ਜਾਲ ਬੁਣ ਲੈਂਦੀ ਹੈ। ਇਸ ਤਰ੍ਹਾਂ ਮੱਛਰ ਕੁਦਰਤੀ ਤੌਰ 'ਤੇ ਹੀ ਮਕੜੀ ਨੇ ਖ਼ਤਮ ਕਰ ਦੇਣਾ ਹੁੰਦਾ ਹੈ ਪਰ ਕਿਸਾਨ ਕੀਟਨਾਸ਼ਕਾਂ ਦੀ ਸਪਰੇਅ ਕਰ ਦਿੰਦੇ ਹਨ, ਜਿਸ ਨਾਲ ਸਭ ਤੋਂ ਪਹਿਲਾਂ ਮੱਛਰ ਨੂੰ ਮਾਰਨ ਵਾਲੀ ਮਕੜੀ ਹੀ ਮਰਦੀ ਹੈ। ਇਸੇ ਤਰ੍ਹਾਂ ਸਰਬਪਖੀ ਕੀਟ ਕੰਟਰੋਲ ਕੁਦਰਤ ਆਪ ਕਰਦੀ ਹੈ, ਪਰ ਇਨਸਾਨ ਕੁਦਰਤ ਦੇ ਨਿਯਮਾਂ ਵਿਚ ਦਖ਼ਲ ਦੇ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ। ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਤੋਂ ਬਚਣ ਲਈ ਫ਼ਸਲ ਦਾ ਸਰਵੇਖਣ ਕਰਦੇ ਰਹਿਣਾ ਜ਼ਰੂਰੀ ਹੈ ਅਤੇ ਇਨ੍ਹਾਂ ਦੀ ਵਰਤੋਂ ਸਿਰਫ ਆਰਥਿਕ ਕਗਾਰ ਭਾਵ ਇਕਨਾਮਿਕ ਥਰੈਸ਼ਹੋਲਡ ਲੈਵਲ 'ਤੇ ਹੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਮਿੱਤਰ ਕੀੜੇ ਬਚੇ ਰਹਿਣਗੇ ਅਤੇ ਨਾਲ ਦੇ ਨਾਲ ਵਾਤਾਵਰਨ ਵੀ ਦੂਸ਼ਿਤ ਨਹੀਂ ਹੋਵੇਗਾ। ਕੀਟਨਾਸ਼ਕਾਂ ਦੇ ਛਿੜਕਾਅ ਤੋਂ ਬਗੈਰ, ਹੋਰ ਹੀਲੇ-ਵਸੀਲੇ ਜਿਵੇਂ ਫ਼ਸਲਾਂ ਦੀਆਂ ਉਹ ਕਿਸਮਾਂ ਬੀਜੋ ਜੋ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਟਾਕਰਾ ਕਰ ਸਕਣ, ਬਿਜਾਈ ਦਾ ਸਮਾਂ ਤਬਦੀਲ ਕਰਨਾ ਤਾਂ ਜੋ ਕੀਟਾਂ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ, ਮਿੱਤਰ ਜੀਅ ਜਿਵੇਂ ਟਰਾਈਕੋਗ੍ਰਾਮਾ ਦੀ ਵਰਤੋਂ ਕਰਨੀ ਜਾਂ ਪਾਣੀ ਅਤੇ ਖਾਦਾਂ ਦੇ ਸੁਚੱਜੇ ਪ੍ਰਬੰਧ ਕਰਨੇ ਤਾਂ ਜੋ ਘੱਟ ਤੋਂ ਘੱਟ ਕੀਟ ਅਤੇ ਬਿਮਾਰੀਆਂ ਦਾ ਹਮਲਾ ਹੋਵੇ।
ਇਸ ਲਈ ਜ਼ਰੂਰੀ ਹੈ ਕਿ ਅਸੀਂ ਰਸਾਇਣਾਂ ਦੇ ਛਿੜਕਾਅ ਨਿਯਮਾਂ ਮੁਤਾਬਿਕ ਕਰੀਏ ਅਤੇ ਕੁਦਰਤ ਨਾਲ ਇਕਮਿਕ ਹੋ ਕੇ ਸਰਬਪਖੀ ਕੀਟ ਪ੍ਰਬੰਧ ਅਪਣਾਉਣ ਦੀ ਕੋਸ਼ਿਸ਼ ਕਰੀਏ'।


-ਮੋਬਾਈਲ : 98142-10269

ਵਿਰਸੇ ਦੀਆਂ ਬਾਤਾਂ

ਆਵੇਗੀ ਬਹਾਰ, ਸਾਨੂੰ ਭੋਰਾ ਨਾ ਪ੍ਰਵਾਹ

ਰੁੱਤਾਂ ਦਾ ਆਉਣ-ਜਾਣ ਬੜਾ ਕੁਝ ਸਿਖਾਉਂਦਾ ਹੈ। ਪਤਝੜ ਦਾ ਝੋਰਾ ਤੇ ਬਹਾਰ ਦਾ ਮਾਣ ਨਹੀਂ ਕਰੀਦਾ। ਰੰਗ ਕੋਈ ਵੀ ਹੋਵੇ, ਕੁਦਰਤ ਦੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ। ਜਿਹੜੇ ਦਰੱਖਤ ਅੱਜ ਸਿਰਫ਼ ਬਾਲਣ ਵਰਗੇ ਲਗਦੇ ਨੇ, ਜਿਨ੍ਹਾਂ 'ਤੇ ਕੋਈ ਪੱਤਾ ਨਹੀਂ, ਲਗਦਾ ਨਹੀਂ ਕਿ ਇਨ੍ਹਾਂ ਦਾ ਤਣਾ ਹਰਾ ਹੋਵੇਗਾ, ਰੁੱਤ ਬਦਲਣ ਸਾਰ ਉਨ੍ਹਾਂ ਥੱਲੇ ਮੰਜੇ ਡਹਿਣ ਲਗਦੇ ਨੇ। ਪੰਛੀ ਉਨ੍ਹਾਂ ਦੀਆਂ ਟਾਹਣੀਆਂ 'ਤੇ ਬੈਠ ਚਹਿਚਹਾਉਂਦੇ ਨੇ, ਉਹ ਏਨੇ ਸੰਘਣੇ ਹੋ ਜਾਂਦੇ ਨੇ, ਜਿਵੇਂ ਉਨ੍ਹਾਂ ਉੱਤੇ ਪਤਝੜ ਆਈ ਹੀ ਨਹੀਂ।
ਕਈ ਵਾਰ ਮਨੁੱਖ ਵੀ ਭਰਮ 'ਚ ਹੀ ਰਹਿੰਦਾ ਹੈ ਕਿ ਹੁਣ ਦੂਜੇ 'ਤੇ ਸਾਰੀ ਉਮਰ ਪਤਝੜ ਹੀ ਰਹੇਗੀ, ਪਰ ਇੰਜ ਹੁੰਦਾ ਨਹੀਂ। ਦੂਜੇ ਪਾਸੇ ਵਾਲੇ ਨੇ ਵੱਖਰੀ ਬਹਾਰ ਸਿਰਜ ਲਈ ਹੁੰਦੀ ਹੈ, ਜੋ ਸਾੜਾ ਕਰਨ ਜਾਂ ਮਾੜਾ ਸੋਚਣ ਵਾਲੇ ਨੂੰ ਦਿਸਦੀ ਨਹੀਂ।
ਤਸਵੀਰ ਵਿਚਲੇ ਦਰੱਖਤਾਂ ਨੂੰ ਦੇਖੋ। ਰੁੰਡ-ਮਰੁੰਡ ਦਿਸਦੇ ਹਨ, ਪਰ ਕੁਝ ਨਹੀਂ ਵਿਗੜਿਆ ਇਨ੍ਹਾਂ ਦਾ। ਸਾਲ 'ਚ ਕੁਝ ਹਫ਼ਤੇ ਇਨ੍ਹਾਂ 'ਤੇ ਅਜਿਹੇ ਦਿਨ ਆਉਂਦੇ ਹੀ ਹਨ, ਪਰ ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਇਨ੍ਹਾਂ ਨੂੰ ਪਤਾ ਹੈ ਕਿ ਸਮਾਂ ਬਦਲ ਜਾਣਾ, ਜਿਹੜੇ ਇਨ੍ਹਾਂ ਨੂੰ ਸੁੱਕੇ, ਰੁੱਖੇ ਸਮਝਦੇ ਹਨ, ਉਨ੍ਹਾਂ ਨੇ ਹੀ ਇਨ੍ਹਾਂ ਦੁਆਲੇ ਝੁਰਮਟ ਪਾਉਣਾ ਹੈ। ਇਹ ਇਨ੍ਹਾਂ ਦਰੱਖਤਾਂ ਦਾ ਸਿਰੜ ਹੈ, ਜਿਹੜੇ ਹਾਲਾਤ ਮੂਹਰੇ ਝੁਕਦੇ ਨਹੀਂ।
ਦਰੱਖਤਾਂ ਦਾ ਇਹ ਸਿਦਕ ਬੰਦੇ ਲਈ ਬਹੁਤ ਵੱਡਾ ਸਬਕ ਹੈ। ਮਾੜੇ ਦਿਨਾਂ ਦਾ ਫ਼ਿਕਰ ਤੇ ਚੰਗੇ ਦਿਨਾਂ ਦਾ ਬਹੁਤਾ ਮਾਣ ਨਹੀਂ ਕਰੀਦਾ। ਜ਼ਿੰਦਗੀ ਦੀਆਂ ਹਕੀਕਤਾਂ ਨੂੰ ਸਵੀਕਾਰਨਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ। ਚੰਗਿਆਂ ਦਾ ਸਬਰ ਤੇ ਮੂਰਖਾਂ ਦਾ ਜਬਰ ਨਵਾਂ ਨਹੀਂ। ਇਹ ਸਦੀਆਂ ਪੁਰਾਣਾ ਹੈ। ਪਰ ਜਿਹੜੇ ਲੋਕ ਸਾਦਗੀ ਤੇ ਸਿਰੜ ਦੇ ਹਾਣੀ ਹਨ, ਉਨ੍ਹਾਂ ਦਾ ਕੁਝ ਨਹੀਂ ਵਿਗੜ ਸਕਦਾ। ਇੱਕ ਪਾਸੇ ਘਿਰੇ ਤਾਂ ਦੂਜਾ ਰਾਹ ਨਿਕਲ ਆਉਂਦਾ ਹੈ ਤੇ ਕਈ ਵਾਰ ਨਵਾਂ ਰਾਹ ਮਾੜਾ ਚਾਹੁਣ ਵਾਲੇ ਨੂੰ ਦਿਸਦਾ ਨਹੀਂ ਹੁੰਦਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ। ਮੋਬਾਈਲ : 98141-78883

ਵਿਰਸਾ ਬੋਲ ਪਿਆ

* ਬੂਟਾ ਗੁਲਾਮੀ ਵਾਲਾ *

ਬੰਬੀ 'ਤੇ ਨਹਾਉਣ ਦਾ ਨਜ਼ਾਰਾ ਕੁਝ ਹੋਰ ਸੀ।
ਤੂਤਾਂ ਥੱਲੇ ਸੌਣ ਦਾ ਨਜ਼ਾਰਾ ਕੁਝ ਹੋਰ ਸੀ।
ਪੀਪੀ ਵਿਚ ਡੰਡਾ ਪਾ ਕੇ, ਥੱਲੇ ਅੱਗ ਬਾਲ ਕੇ,
ਚਾਹ ਖੇਤਾਂ 'ਚ ਬਣਾਉਣ ਦਾ ਨਜ਼ਾਰਾ ਕੁਝ ਹੋਰ ਸੀ।
ਘਰਵਾਲੀ ਦੇਈ ਜਾਂਦੀ, ਪੋਣੇ ਵਿਚੋਂ ਕੱਢ ਕੇ,
ਰੋਟੀ ਖੇਤ ਮੰਗਵਾਉਣ ਦਾ, ਨਜ਼ਾਰਾ ਕੁਝ ਹੋਰ ਸੀ।
ਭਾਲ ਭਾਲ ਸੋਟੀ ਨਾਲ, ਪੋਹਲੀ ਦੇ ਬੂਟਿਆਂ 'ਚੋਂ,
ਤਿੱਤਰ ਉਡਾਉਣ ਦਾ, ਨਜ਼ਾਰਾ ਕੁਝ ਹੋਰ ਸੀ।
ਬਲਦਾਂ ਦੇ ਪਿੱਛੇ ਪਿੱਛੇ ਹੇਕਾਂ ਲਾ ਕੇ ਗਾਈ ਜਾਣਾ,
ਰਾਂਝੇ ਮਿਰਜ਼ੇ ਨੂੰ ਗਾਉਣ ਦਾ, ਨਜ਼ਾਰਾ ਕੁਝ ਹੋਰ ਸੀ।
ਪਾਥੀਆਂ ਦੀ ਅੱਗ ਨਾਲ, ਬੀਬੀ ਦੇ ਗਰਮ ਕੀਤੇ,
ਪਾਣੀ ਨਾਲ ਨਹਾਉਣ ਦਾ ਨਜ਼ਾਰਾ ਕੁਝ ਹੋਰ ਸੀ।
ਗੁਲਾਮੀ ਵਾਲਾ ਆਖੇ, ਕਿਤੋਂ ਵੇਲਾ ਮੁੜ ਆਵੇ,
ਉਹ ਜ਼ਿੰਦਗੀ ਜਿਆਉਣ ਦਾ, ਨਜ਼ਾਰਾ ਕੁਝ ਹੋਰ ਸੀ।


-ਕੋਟ ਈਸੇ ਖਾਂ, ਮੋਗਾ।
ਮੋਬਾਈਲ : 94171-97395.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX