ਤਾਜਾ ਖ਼ਬਰਾਂ


ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  2 minutes ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  14 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  25 minutes ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  59 minutes ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 1 hour ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 2 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 1 hour ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 2 hours ago
ਅੰਮ੍ਰਿਤਸਰ, 10 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸਬਜ਼ੀਆਂ ਦੀ ਸੁਰੱਖਿਅਤ ਖੇਤੀ ਅਤੇ ਕਿਸਮਾਂ

ਪੰਜਾਬ ਗੌਰਵ : ਇਹ ਕਿਸਮ ਲਗਾਤਾਰ ਵਾਧੇ ਵਾਲੀ ਹੈ। ਇਸ ਦੇ ਫਲ ਅੰਡਾਕਾਰ, ਦਰਮਿਆਨੇ ਅਕਾਰ ਦੇ (90 ਗ੍ਰਾਮ), ਸਖਤ ਅਤੇ ਅਖੀਰ ਵਿਚ ਚੁੰਝ ਵਾਲੇ ਹੁੰਦੇ ਹਨ। ਫਲ ਗੁੱਛਿਆਂ ਵਿਚ ਲਗਦੇ ਹਨ ਅਤੇ ਇਕ ਗੁੱਛੇ ਵਿਚ 8-9 ਫਲ ਹੁੰਦੇ ਹਨ। ਇਸ ਕਿਸਮ ਦੇ ਫਲ 120 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦੇ ਫਲ ਆਮ ਹਾਲਤਾਂ ਵਿਚ ਛੇ ਦਿਨ ਰਹਿ ਸਕਦੇ ਹਨ। ਇਸ ਲਈ ਇਹ ਕਿਸਮ ਨੇੜੇ ਅਤੇ ਦੂਰ ਦੀਆਂ ਮੰਡੀਆਂ ਵਾਸਤੇ ਢੁਕਵੀਂ ਹੈ।
ਪੰਜਾਬ ਸਰਤਾਜ : ਇਹ ਕਿਸਮ ਲਗਾਤਾਰ ਵਾਧੇ ਵਾਲੀ ਹੈ ਅਤੇ ਪਤਰਾਲ ਗੂੜ੍ਹੇ ਹਰੇ ਰੰਗ ਦਾ ਹੈ। ਇਸ ਦੇ ਫਲ ਗੋਲ, ਦਰਮਿਆਨੇ ਅਕਾਰ ਦੇ (85 ਗ੍ਰਾਮ), ਸਖਤ ਹਨ ਅਤੇ ਇਸ ਕਿਸਮ ਦੇ ਫਲ 117 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਫਲ ਗੁੱਂਿਛਆਂ ਵਿਚ ਲਗਦੇ ਹਨ ਅਤੇ ਇਕ ਗੁੱਛੇ ਵਿਚ 5 ਤੋਂ 6 ਫਲ ਹੁੰਦੇ ਹਨ।
ਪੰਜਾਬ ਸਵਰਨਾ : ਇਹ ਕਿਸਮ ਲਗਾਤਾਰ ਵਾਧੇ ਵਾਲੀ ਹੈ, ਪਤਰਾਲ ਗੂੜ੍ਹੇ ਹਰੇ ਰੰਗ ਦਾ ਅਤੇ ਸੁਰੱਖਿਅਤ ਖੇਤੀ ਲਈ ਢੁੱਕਵੀਂ ਹੈ। ਇਸ ਦੇ ਫਲ ਅੰਡਾਕਾਰ, ਸੰਤਰੇ ਰੰਗ, ਦਰਮਿਆਨੇ ਅਕਾਰ ਦੇ (83 ਗ੍ਰਾਮ), ਦਰਮਿਆਨ ਸਖਤ ਅਤੇ ਅਖੀਰ ਵਿਚ ਚੁੰਝ ਵਾਲੇ ਹੁੰਦੇ ਹਨ। ਫਲ ਗੁੱਛਿਆਂ ਵਿਚ ਲਗਦੇ ਹਨ ਅਤੇ ਇਕ ਗੁੱਛੇ ਵਿਚ 8-10 ਫਲ ਹੁੰਦੇ ਹਨ। ਇਸ ਕਿਸਮ ਦੇ ਫਲ 120 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦਾ ਅਗੇਤਾ ਝਾੜ 166 ਕੁਇੰਟਲ (ਮਾਰਚ ਦੇ ਅਖੀਰ ਤੱਕ) ਅਤੇ ਕੁਲ ਝਾੜ 1087 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਰੈੱਡ ਚੈਰੀ : ਇਹ ਕਿਸਮ ਲਗਾਤਾਰ ਵਾਧੇ ਵਾਲੀ ਅਤੇ ਗੂੜ੍ਹੇ ਹਰੇ ਪਤਰਾਲ ਵਾਲੀ ਹੈ। ਇਸ ਦੇ ਫਲ ਗੋਲ, ਗੂੜ੍ਹੇ ਲਾਲ ਰੰਗ ਅਤੇ ਗੁੱਛਿਆਂ ਵਿਚ ਲਗਦੇ ਹਨ ਜਿਸ ਦਾ ਔਸਤਨ ਭਾਰ 12 ਗ੍ਰਾਮ ਹੁੰਦਾ ਹੇ। ਇਕ ਗੁੱਛੇ ਵਿਚ 18 ਤੋਂ 20 ਫਲ ਹੁੰਦੇ ਹਨ। ਇਸ ਕਿਸਮ ਦੇ ਫਲ 120 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ।
ਪੰਜਾਬ ਸੋਨਾ ਚੈਰੀ : ਇਹ ਕਿਸਮ ਲਗਾਤਾਰ ਵਾਧੇ ਵਾਲੀ ਹੈ। ਇਸ ਦੇ ਫਲ ਅੰਡਾਕਾਰ , ਪੀਲੇ ਰੰਗ ਅਤੇ ਗੁੱਛਿਆਂ ਵਿਚ ਲਗਦੇ ਹਨ ਜਿਸ ਦਾ ਔਸਤਨ ਭਾਰ 11 ਗ੍ਰਾਮ ਹੁੰਦਾ ਹੈ। ਇਕ ਗੁੱਛੇ ਵਿਚ 20 ਤੋਂ 25 ਫਲ ਹੁੰਦੇ ਹਨ। ਇਸ ਕਿਸਮ ਦੇ ਫਲ 112 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ।
ਪੰਜਾਬ ਕੇਸਰ ਚੈਰੀ: ਇਹ ਕਿਸਮ ਲਗਾਤਾਰ ਵਾਧੇ ਵਾਲੀ ਹੈ। ਇਸ ਦੇ ਫਲ ਅੰਡਾਕਾਰ , ਸੰਤਰੇ ਰੰਗ ਅਤੇ ਗੁੱਛਿਆਂ ਵਿਚ ਲਗਦੇ ਹਨ ਜਿਸ ਦਾ ਔਸਤਨ ਭਾਰ 11 ਗ੍ਰਾਮ ਹੁੰਦਾ ਹੈ। ਇਕ ਗੁੱਛੇ ਵਿਚ 18 ਤੋਂ 23 ਫਲ ਹੁੰਦੇ ਹਨ। ਇਸ ਕਿਸਮ ਦੇ ਫਲ 115 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦਾ ਅਗੇਤਾ ਝਾੜ (ਮਾਰਚ ਦੇ ਅਖੀਰ ਤਕ) 138 ਕੁੰਇਟਲ ਪ੍ਰਤੀ ਏਕੜ ਅਤੇ ਕੁਲ ਝਾੜ 402 ਕੁਇੰਟਲ ਪ੍ਰਤੀ ਏਕੜ ਹੈ।
ਸ਼ਿਮਲਾ ਮਿਰਚ : ਪੀ ਐਸ ਐਮ 1 : ਇਸ ਕਿਸਮ ਦੇ ਪੌਦੇ ਉੱਚੇ, ਵਧ ਫੈਲਾਅ ਅਤੇ ਵੱਧ ਝਾੜ ਵਾਲੇ ਹੁੰਦੇ ਹਨ। ਇਸ ਦੇ ਫਲ ਇਕਸਾਰ, ਗੂੜ੍ਹੇ ਹਰੇ, ਮੋਟੀ ਛਿੱਲੜ ਵਾਲੇ, ਘੱਟ ਕੁੜੱਤਣ ਅਤੇ ਬਲਾਕੀ ਹੁੰਦੇ ਹਨ। ਇਸ ਕਿਸਮ ਦੇ ਫਲਾਂ ਦਾ ਔਸਤਨ ਭਾਰ 82 ਗ੍ਰਾਮ (ਪੌਲੀਹਾਊਸ ਖੇਤੀ ਵਿਚ) ਅਤੇ 75 ਗ੍ਰਾਮ (ਸੁਰੰਗਾਂ ਵਾਲੀ ਖੇਤੀ ਵਿਚ) ਹੁੰਦਾ ਹੈ। ਇਹ ਕਿਸਮ ਵੱਧ ਤਾਪਮਾਨ ਨੂੰ ਸਹਿ ਸਕਦੀ ਹੈ ਅਤੇ ਆਮ ਹਾਲਾਤਾਂ ਵਿਚ ਇਸ ਨੂੰ 4 ਦਿਨਾਂ ਲਈ ਰੱਖ ਸਕਦੇ ਹਾਂ।
ਖੀਰਾ : ਪੰਜਾਬ ਖੀਰਾ : ਇਸ ਕਿਸਮ ਦੇ ਫਲ ਗੂੜ੍ਹੇ ਹਰੇ, ਕੂਲੇ, ਕੁੜੱਤਣ ਤੇ ਬੀਜ ਰਹਿਤ ਅਤੇ ਦਰਮਿਆਨੇ ਲੰਬੇ (13-15 ਸੈਟੀਂਮੀਟਰ) ਹੁੰਦੇ ਹਨ , ਜਿਸ ਨੂੰ ਛਿੱਲ ਲਾਹੇ ਬਿਨਾਂ ਹੀ ਖਾਧਾ ਜਾ ਸਕਦਾ ਹੈ ਅਤੇ ਫਲ ਦਾ ਔਸਤਨ ਭਾਰ 125 ਗਾ੍ਰਮ ਹੁੰਦਾ ਹੈ। ਸਤੰਬਰ ਮਹੀਨੇ ਵਿਚ ਬੀਜੀ ਫ਼ਸਲ 45 ਦਿਨਾਂ ਬਾਅਦ ਪਹਿਲੀ ਤੁੜਾਈ ਦਿੰਦੀ ਹੈ ਪ੍ਰੰਤੂ ਜਨਵਰੀ ਮਹੀਨੇ ਬੀਜੀ ਫ਼ਸਲ ਪਹਿਲੀ ਤੁੜਾਈ ਲਈ 60 ਦਿਨ ਲੈਂਦੀ ਹੈ।
ਬੈਂਗਣ : ਬੀ ਐਚ-2: ਇਸ ਕਿਸਮ ਦੇ ਪੱਤੇ ਹਰੇ ਰੰਗ ਦੇ ਅਤੇ ਜਾਮਣੀ ਭਾਅ ਮਾਰਦੇ ਹਨ। ਪੌਦੇ ਦਰਮਿਆਨੇ ਕੱਦ ਦੇ ਖੜ੍ਹਵੇਂ ਅਤੇ ਫੈਲਵੇਂ ਕੰਡੇ ਰਹਿਤ ਹੁੰਦੇ ਹਨ। ਇਸ ਕਿਸਮ ਦੇ ਫ਼ਲ ਲੰਬੂਤਰੇ ਗੂੜ੍ਹੇ ਜਾਮਨੀ ਰੰਗ ਦੇ ਹੁੰਦੇ ਹਨ। ਇਕ ਫ਼ਲ ਦਾ ਔਸਤ ਭਾਰ 300 ਗ੍ਰਾਮ ਹੁੰਦਾ ਹੈ। ਇਹ ਕਿਸਮ ਭੜਥਾ ਬਣਾਉਣ ਵਾਸਤੇ ਚੰਗੀ ਹੈ।
ਪੀ ਬੀ ਐਚ-3: ਇਸ ਦੇ ਫਲ ਜਾਮਣੀ ਅਤੇ ਗੁੱਛਿਆਂ ਵਿਚ ਲਗਦੇ ਹਨ। ਇਸ ਦਾ ਫਲ ਚਮਕਦਾਰ-ਜਾਮਣੀ, ਛੋਟੇ ਆਕਾਰ ਦਾ ਅਤੇ ਲੰਬੂਤਰਾ ਹੈ। ਇਸ ਅਗੇਤੀ ਕਿਸਮ ਦਾ ਔਸਤਨ ਝਾੜ 257 ਕੁਇੰਟਲ ਪ੍ਰਤੀ ਏਕੜ ਹੈ।
ਪੀ ਬੀ ਐਚ ਆਰ-41 : ਇਸ ਦੇ ਫ਼ਲ ਗੋਲ, ਦਰਮਿਆਨੇ ਤੋਂ ਵੱਡੇ ਚਮਕਦਾਰ ਅਤੇ ਹਰੀ-ਜਾਮਣੀ ਡੰਡੀ ਵਾਲੇ ਹਨ। ਇਸ ਕਿਸਮ ਦਾ ਔਸਤਨ ਝਾੜ 269 ਕੁਇੰਟਲ ਪ੍ਰਤੀ ਏਕੜ ਹੈ।


-ਐਸ. ਕੇ. ਜਿੰਦਲ
ਮੋਬਾਈਲ :89687-66600


ਖ਼ਬਰ ਸ਼ੇਅਰ ਕਰੋ

ਕਣਕ ਦੀ ਫ਼ਸਲ ਦੇ ਪੀਲੇਪਣ ਦੇ ਕਾਰਨ ਅਤੇ ਇਲਾਜ

ਮਾੜਾ ਪਾਣੀ ਲੱਗਣ ਕਰਕੇ ਕਣਕ ਦਾ ਪੀਲਾ ਪੈਣਾ: ਕਈ ਇਲਾਕਿਆਂ ਵਿਚ ਧਰਤੀ ਹੇਠਲਾ ਪਾਣੀ ਮਾੜਾ ਅਤੇ ਸਿੰਚਾਈ ਦੇ ਯੋਗ ਨਹੀਂ ਹੁੰਦਾ। ਅਜਿਹੇ ਮਾੜੇ ਪਾਣੀ ਦੀ ਵਰਤੋਂ ਨਾਲ ਵੀ ਕਈ ਵਾਰੀ ਕਣਕ ਦੀ ਫ਼ਸਲ 'ਤੇ ਅਸਰ ਪੈਂਦਾ ਹੈ ਅਤੇ ਫ਼ਸਲ ਪੀਲੀ ਪੈ ਜਾਂਦੀ ਹੈ। ਇਸ ਹਲਾਤ ਵਿਚ ਟਿਊਬਵੈੱਲ ਦੇ ਪਾਣੀ ਦੀ ਪਰਖ ਕਰਾਉਣੀ ਚਾਹੀਦੀ ਹੈ। ਜੇਕਰ ਪਾਣੀ ਮਾੜਾ ਹੋਵੇ ਤਾਂ ਸਿਫ਼ਾਰਿਸ਼ ਅਨੁਸਾਰ ਜਿਪਸਮ ਪਾਉਣੀ ਚਾਹੀਦੀ ਹੈ। ਮਾੜੇ ਪਾਣੀ ਨੂੰ ਚੰਗੇ ਪਾਣੀ ਨਾਲ ਰਲਾ ਕੇ ਜਾਂ ਅਦਲ-ਬਦਲ ਕੇ ਵੀ ਵਰਤਿਆ ਜਾ ਸਕਦਾ ਹੈ।
ਨਾਈਟ੍ਰੋਜਨ ਦੀ ਘਾਟ ਕਰਕੇ ਕਣਕ ਦਾ ਪੀਲਾ ਪੈਣਾ: ਨਾਈਟ੍ਰੋਜਨ ਤੱਤ ਦੀ ਘਾਟ ਕਰਕੇ ਵੀ ਕਣਕ ਦੀ ਫ਼ਸਲ ਪੀਲੀ ਪੈ ਸਕਦੀ ਹੈ। ਇਹ ਘਾਟ ਪੁਰਾਣੇ ਪੱਤਿਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਹੇਠਲੇ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ ਨਾਈਟ੍ਰੋਜਨ ਦੀ ਘਾਟ ਦਾ ਮੁੱਖ ਕਾਰਨ ਜ਼ਮੀਨ ਵਿਚ ਇਸ ਤੱਤ ਦੀ ਜਮਾਂਦਰੂ ਤੌਰ 'ਤੇ ਘਾਟ, ਜ਼ਿਆਦਾ ਮੀਂਹ ਪੈਣ ਕਰਕੇ ਇਸ ਤੱਤ ਦਾ ਧਰਤੀ ਵਿਚ ਜ਼ੀਰ ਜਾਣਾ, ਜ਼ਮੀਨ ਵਿਚ ਫ਼ਸਲੀ ਰਹਿੰਦ-ਖੂੰਹਦ ਦੀ ਲੋੜ ਤੋਂ ਜ਼ਿਆਦਾ ਮਾਤਰਾ ਵਿਚ ਮੌਜੂਦਗੀ, ਖਾਦਾਂ ਦੀ ਸਹੀ ਮਾਤਰਾ ਵਿਚ ਵਰਤੋਂ ਨਾ ਹੋਣ ਕਰਕੇ ਆਦਿ। ਨਾਈਟ੍ਰੋਜਨ ਤੱਤ ਦੀ ਘਾਟ ਪੂਰੀ ਕਰਨ ਲਈ ਸਿਫਾਰਿਸ਼ ਮੁਤਾਬਿਕ (ਮਿੱਟੀ ਪਰਖ ਦੇ ਅਧਾਰ 'ਤੇ) ਯੂਰੀਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾੜੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿਚ ਕਣਕ ਦੀ ਫ਼ਸਲ ਨੂੰ ਸਿਫਾਰਿਸ਼ ਕੀਤੀ ਮਾਤਰਾ ਤੋਂ 25 ਪ੍ਰਤੀਸ਼ਤ ਵੱਧ ਨਾਈਟ੍ਰੋਜਨ ਖਾਦ ਪਾਉਣੀ ਚਾਹੀਦੀ ਹੈ।
ਜ਼ਿੰਕ ਦੀ ਘਾਟ ਕਰਕੇ ਕਣਕ ਦਾ ਪੀਲਾ ਪੈਣਾ: ਕਣਕ ਦੀ ਫ਼ਸਲ ਵਿਚ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ। ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿਚ ਉਥੋਂ ਟੁੱਟ ਕੇ ਲਮਕ ਜਾਂਦੇ ਹਨ।
ਮੈਂਗਨੀਜ਼ ਦੀ ਘਾਟ ਕਰਕੇ ਕਣਕ ਦਾ ਪੀਲਾ ਪੈਣਾ: ਮੈਂਗਨੀਜ਼ ਤੱਤ ਦੀ ਘਾਟ ਨਾਲ ਵੀ ਕਣਕ ਦੀ ਫ਼ਸਲ ਪੀਲੀ ਪੈ ਜਾਂਦੀ ਹੈ। ਇਹ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਉਤੇ ਦਿਸਦੀਆਂ ਹਨ। ਪੱਤੇ ਦੀਆਂ ਨਾੜੀਆਂ ਦੇ ਵਿਚਕਾਰਲਾ ਹਿੱਸਾ ਪੀਲਾ ਪੈ ਜਾਂਦਾ ਹੈ ਪਰ ਨਾੜੀਆਂ ਦਾ ਰੰਗ ਹਰਾ ਹੀ ਰਹਿੰਦਾ ਹੈ। ਪੱਤਿਆਂ ਦੇ ਪੀਲੇ ਹਿੱਸੇ ਤੇ ਹਲਕੇ ਪੀਲੇ-ਸਲੇਟੀ ਜਾਂ ਗੁਲਾਬੀ-ਭੂਰੇ ਰੰਗ ਦੇ ਚਟਾਖ ਪੈ ਜਾਂਦੇ ਹਨ। ਬਾਅਦ ਵਿਚ ਇਹ ਚਟਾਖ ਆਪਸ ਵਿਚ ਮਿਲ ਜਾਂਦੇ ਹਨ ਅਤੇ ਗੁਲਾਬੀ ਰੰਗ ਦੀਆਂ ਧਾਰੀਆਂ ਬਣ ਜਾਂਦੀਆਂ ਹਨ। ਜ਼ਿਆਦਾਤਰ ਹਲਕੀਆਂ ਜ਼ਮੀਨਾਂ ਵਿਚ, ਜਿੱਥੇ 5-6 ਸਾਲਾਂ ਤੋਂ ਲਗਾਤਾਰ ਕਣਕ-ਝੋਨਾ ਫ਼ਸਲੀ ਚੱਕਰ ਅਪਣਾਇਆ ਜਾ ਰਿਹਾ ਹੋਵੇ , ਵਿਚ ਮੈਂਗਨੀਜ਼ ਦੀ ਘਾਟ ਦੀ ਘਾਟ ਦੇਖਣ ਨੂੰ ਮਿਲਦੀ ਹੈ।
ਗੰਧਕ ਦੀ ਘਾਟ ਕਰਕੇ ਕਣਕ ਦਾ ਪੀਲਾ ਪੈਣਾ: ਰੇਤਲੀਆਂ ਜ਼ਮੀਨਾਂ ਵਿਚ ਕਣਕ ਦੀ ਫ਼ਸਲ ਵਿਚ ਗੰਧਕ ਦੀ ਘਾਟ ਨਾਲ ਵੀ ਪੱਤੇ ਪੀਲੇ ਪੈ ਜਾਂਦੇ ਹਨ। ਗੰਧਕ ਦੀ ਘਾਟ ਕਰਕੇ ਬੂਟਿਆਂ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਪੀਲਾ ਪੈ ਜਾਂਦਾ ਹੈ ਪਰ ਹੇਠਲੇ ਪੱਤਿਆਂ ਦਾ ਰੰਗ ਹਰਾ ਹੀ ਰਹਿੰਦਾ ਹੈ। ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ। ਬੂਟੇ ਛੋਟੇ ਰਹਿ ਜਾਂਦੇ ਹਨ ਅਤੇ ਪੂਰਾ ਜਾੜ ਨਹੀਂ ਮਾਰਦੇ। ਜੇਕਰ ਫ਼ਸਲ ਦੇ ਮੁਢਲੇ ਵਾਧੇ ਦੌਰਾਨ ਲੰਮੇ ਸਮੇਂ ਤੱਕ ਬੱਦਲਵਾਈ ਜਾਂ ਮੀਂਹ ਪੈਂਦਾ ਰਹੇ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ।
ਪੀਲੀ ਕੁੰਗੀ ਦੇ ਹਮਲੇ ਕਰਕੇ ਕਣਕ ਦਾ ਪੀਲਾ ਪੈਣਾ: ਤੱਤਾਂ ਦੀ ਘਾਟ ਤੋਂ ਇਲਾਵਾ ਪੀਲੀ ਕੁੰਗੀ ਨਾਂ ਦੀ ਬਿਮਾਰੀ ਨਾਲ ਵੀ ਕਣਕ ਦੀ ਫ਼ਸਲ ਪੀਲੀ ਨਜ਼ਰ ਆਉਂਦੀ ਹੈ। ਇਹ ਬਿਮਾਰੀ ਇਕ ਕਿਸਮ ਦੀ ਉੱਲੀ ਕਰਕੇ ਲੱਗਦੀ ਹੈ। ਇਸ ਦੇ ਹਮਲੇ ਕਰਕੇ ਪੱਤਿਆਂ ਉਤੇ ਪੀਲੇ ਰੰਗ ਦੇ ਧੂੜੇਦਾਰ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ। ਜੇਕਰ ਹਮਲੇ ਵਾਲੇ ਪੱਤਿਆਂ ਨੂੰ ਛੂਹਿਆ ਜਾਵੇ ਤਾਂ ਹੱਥਾਂ ਨੂੰ ਪੀਲਾ ਪਾਊਡਰ ਲੱਗ ਜਾਂਦਾ ਹੈ। ਪਹਿਲਾਂ ਇਹ ਬਿਮਾਰੀ ਨੀਮ ਪਹਾੜੀ ਇਲਾਕਿਆਂ ਵਿਚ ਧੌੜੀਆਂ ਵਿਚ ਸ਼ੁਰੂ ਹੁੰਦੀ ਹੈ। ਫਿਰ ਤੇਜ਼ ਹਵਾਵਾਂ ਨਾਲ ਪੈਣ ਵਾਲੇ ਮੀਂਹ ਕਰਕੇ ਬਿਮਾਰੀ ਦੇ ਕਣ ਰੋਗੀ ਬੂਟਿਆਂ ਤੋਂ ਸਾਰੇ ਖੇਤ ਵਿਚ ਅਤੇ ਛੇਤੀ ਹੀ ਹੋਰ ਇਲਾਕਿਆਂ ਵਿਚ ਫੈਲ ਜਾਂਦੇ ਹਨ। ਪੀਲੀ ਕੁੰਗੀ ਦੀ ਰੋਕਥਾਮ ਕਰਨ ਲਈ ਸਾਨੂੰ ਸੰਯੁਕਤ ਬਿਮਾਰੀ ਪ੍ਰਬੰਧ ਅਪਣਾਉਣਾ ਪਵੇਗਾ। ਨੀਮ ਪਹਾੜੀ ਇਲਾਕਿਆਂ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਣਕ ਦੀ ਅਗੇਤੀ ਬਿਜਾਈ ਨਾ ਕਰਨ। ਸਿਰਫ ਸਿਫ਼ਾਰਿਸ਼ ਕੀਤੀਆਂ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਣਕ ਦੀਆਂ ਕਿਸਮਾਂ ਜਿਵੇਂ ਪੀ. ਬੀ. ਡਬਲਯੂ. 725, ਪੀ. ਬੀ. ਡਬਲਯੂ. 677, ਉੱਨਤ ਪੀ. ਬੀ. ਡਬਲਯੂ. 550, ਉੱਨਤ ਪੀ. ਬੀ. ਡਬਲਯੂ. 343, ਪੀ. ਬੀ. ਡਬਲਯੂ. 660, ਐਚ ਡੀ 3086 ਹੀ ਬੀਜਣ।
ਗੁਲਾਬੀ ਸੁੰਡੀ ਦੇ ਹਮਲੇ ਕਰਕੇ ਕਣਕ ਦਾ ਪੀਲਾ ਪੈਣਾ: ਇਹ ਕੀੜਾ ਛੋਟੀ ਫ਼ਸਲ 'ਤੇ ਹਮਲਾ ਕਰਦਾ ਹੈ। ਇਸ ਦੀਆਂ ਸੁੰਡੀਆਂ ਬੂਟਿਆਂ ਦੇ ਤਣਿਆਂ ਵਿਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਅਤੇ ਅੰਦਰਲਾ ਮਾਦਾ ਖਾ ਜਾਂਦੀਆਂ ਹਨ। ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਕਣਕ ਦੇ ਬੂਟੇ ਪੀਲੇ ਪੈ ਜਾਂਦੇ ਹਨ। ਅਜਿਹੇ ਬੂਟਿਆਂ ਵਿਚ ਸੁੰਡੀਆਂ ਸੌਖੀਆਂ ਹੀ ਵੇਖੀਆਂ ਜਾ ਸਕਦੀਆਂ ਹਨ। ਫਿਰ ਇਹ ਬੂਟੇ ਸੁੱਕ ਜਾਂਦੇ ਹਨ ਅਤੇ ਮਰ ਜਾਂਦੇ ਹਨ। ਇਸ ਸੁੰਡੀ ਦੇ ਹਮਲੇ ਤੋਂ ਬਚਾਅ ਲਈ 800 ਮਿਲੀਲਿਟਰ ਏਕਾਲਕਸ 25 ਈ.ਸੀ. ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ।


-ਮੋਬਾਈਲ : 88721-09167

ਪੰਛੀਆਂ ਨੂੰ ਰਹਿੰਦੀ ਹੈ ਉਡੀਕ...

ਕਦੇ ਬਰਸਾਤਾਂ ਦੀ, ਕਦੇ ਗਰਮੀ ਦੀ, ਕਦੇ ਸਰਦੀ ਦੀ। ਪੰਛੀ ਉਡੀਕਦੇ ਰਹਿੰਦੇ ਹਨ ਕੇ ਕਦ ਮੌਸਮ ਬਦਲੇ ਤੇ ਕਦ ਉਹ ਨਵੀਂ ਕਿਸਮ ਦਾ ਕੀਟ-ਪਤੰਗਾ ਜਾ ਨਵੀਂ ਬਨਸਪਤੀ ਫ਼ਸਲਾਂ ਦਾ ਦਾਣਾ ਚੁਗਣ। ਉਹ ਇਸ ਕੰਮ ਲਈ ਹਜ਼ਾਰਾਂ ਮੀਲ ਦੀ ਉਡਾਰੀ ਵੀ ਮਾਰ ਲੈਂਦੇ ਹਨ। ਇੰਜ ਮੌਸਮ ਨਾਲ ਬਦਲਦੇ ਭੋਜਨ ਕਰਕੇ ਉਨ੍ਹਾਂ ਦੇ ਸਰੀਰ ਦੀ ਸਿਹਤ ਵੀ ਜੁੜੀ ਰਹਿੰਦੀ ਹੈ। ਉਨ੍ਹਾਂ ਦੇ ਬੋਟਾਂ ਲਈ ਨਰਮ ਖਾਣੇ ਦੀ ਉਪਲਬੱਧੀ ਵੀ ਜੁੜੀ ਰਹਿੰਦੀ ਹੈ। ਨਵੇਂ ਦਿਸਹੱਦਿਆਂ ਦੀ ਆਸ ਵੀ ਉਨ੍ਹਾਂ ਦੇ ਜੀਵਨ ਨੂੰ ਅਰਥ ਦਿੰਦੀ ਹੈ। ਪੰਛੀ ਮਨੁੱਖ ਲਈ ਵੀ ਇਕ ਪ੍ਰੇਰਨਾ ਸਰੋਤ ਹਨ। ਮਨੁੱਖ ਭਾਵੇਂ ਉੱਡ ਨਹੀਂ ਸਕਦਾ, ਪਰ ਉਡਾਰੀ ਤਾਂ ਮਾਰ ਹੀ ਸਕਦਾ ਹੈ। ਆਪਣੇ ਵਿਕਾਸ ਲਈ ਸੁਮੇਲ ਤੇ ਪਹੁੰਚਣ ਦੇ ਸੁਪਨੇ ਤਾਂ ਲੈ ਹੀ ਸਕਦਾ ਹੈ। ਪੰਛੀ ਵਾਂਗ, ਉਹ ਵੀ ਵਾਰ-ਵਾਰ ਮੁੜਨਾ ਲੋਚਦਾ ਹੈ, ਜੰਮਣ ਭੌਂਇ 'ਤੇ ਹੀ ਰੁਖ਼ਸਤ ਹੋਣ ਦੀ ਇੱਛਾ ਰੱਖਦਾ ਹੈ। ਪਰ ਇਹ ਨਾ ਉਸ ਦੇ ਤੇ ਨਾ ਪੰਛੀਆਂ ਦੇ ਵੱਸ ਵਿਚ ਹੈ, ਇਹ ਅਧਿਕਾਰ ਸਿਰਫ਼ ਸਿਰਜਣਹਾਰੇ ਦਾ ਹੈ ਕਿ ਉਸ ਨੇ ਜੀਵਾਂ ਨੂੰ ਕਿੱਥੇ ਸੁੱਟਣਾ ਹੈ ਤੇ ਕਿਥੋਂ ਚੁੱਕਣਾ ਹੈ। ਬਸ ਵਿਚ ਵਿਚਾਲੇ ਅਸੀਂ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।


-ਮੋਬਾ: 98159-45018

ਝੋਨੇ ਦੀ ਉਤਪਾਦਕਤਾ ਵਧਣ ਅਤੇ ਕਣਕ ਦੀ ਉਤਪਾਦਕਤਾ ਘਟਣ ਦੀ ਸੰਭਾਵਨਾ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ ਇਸ ਸਾਲ ਝੋਨੇ ਦੀ ਉਤਪਾਦਕਤਾ ਪਿਛਲੇ ਸਾਲ ਨਾਲੋਂ ਵੱਧ ਹੈ। ਪ੍ਰਤੀ ਏਕੜ 1.25 ਕੁਇੰਟਲ ਝਾੜ ਦੇ ਵਾਧੇ ਦਾ ਅਨੁਮਾਨ ਖੇਤੀਬਾੜੀ ਵਿਭਾਗ ਵਲੋਂ 22 ਜ਼ਿਲ੍ਹਿਆਂ ਵਿਚ ਫ਼ਸਲ ਵੱਢਣ ਦੇ ਤਜਰਬਿਆਂ ਦੇ ਆਧਾਰ 'ਤੇ ਲਾਇਆ ਗਿਆ ਹੈ। ਇਹ ਤਜਰਬੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹਰ ਜ਼ਿਲ੍ਹੇ ਦੇ ਹਰ ਬਲਾਕ ਵਿਚ ਮੁੱਖ ਫ਼ਸਲਾਂ ਸਬੰਧੀ ਕਰਦਾ ਹੈ। ਝੋਨੇ ਦੀ ਉਤਪਾਦਕਤਾ ਵਧਣ ਦਾ ਇਹ ਅਨੁਮਾਨ 1982 ਤਜਰਬਿਆਂ ਵਿਚੋਂ 1271 ਤਜਰਬਿਆਂ ਦੇ ਨਤੀਜੇ ਆਉਣ ਦੇ ਆਧਾਰ 'ਤੇ ਹੈ। ਜਦ ਕਿ ਰਾਜ ਦੀ ਉਤਪਾਦਕਤਾ ਦੀ ਔਸਤ 'ਚ ਵਾਧਾ ਹੋਇਆ ਹੈ, ਕੁਝ ਜ਼ਿਲ੍ਹਿਆਂ 'ਚ ਉਤਪਾਦਕਤਾ ਘਟਣ ਦੀਆਂ ਵੀ ਰਿਪੋਰਟਾਂ ਹਨ। ਸਤੰਬਰ ਵਿਚ ਜਦੋਂ ਫ਼ਸਲ ਐਨ ਪੱਕਣ ਦੇ ਕੰਢੇ ਸੀ, ਲਗਾਤਾਰ ਬਾਰਿਸ਼ਾਂ ਅਤੇ ਉਸ ਉਪਰੰਤ ਤਾਪਮਾਨ ਦੇ ਵਧਣ ਨਾਲ ਫ਼ਸਲ ਪ੍ਰਭਾਵਤ ਹੋਈ। ਲੁਧਿਆਣਾ ਦੇ ਇਕ ਕਿਸਾਨ ਦੀ ਝੋਨੇ ਦੀ ਉਤਪਾਦਕਤਾ 25 ਕੁਇੰਟਲ ਪ੍ਰਤੀ ਏਕੜ ਆਈ ਹੈ ਜਦ ਕਿ ਪਿਛਲੇ ਸਾਲ ਉਸ ਨੇ 29 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ ਸੀ। ਫ਼ਤਹਿਗੜ੍ਹ ਸਾਹਿਬ ਦੇ ਇਕ ਕਿਸਾਨ ਨੇ 10 ਏਕੜ 'ਚ ਝੋਨਾ ਲਾਇਆ ਸੀ ਅਤੇ ਉਸ ਦੀ ਔਸਤ ਉਤਪਾਦਕਤਾ 20 ਕੁਇੰਟਲ ਹੀ ਆਈ। ਲੁਧਿਆਣਾ ਦੇ ਹੀ ਇਕ ਕਿਸਾਨ ਨੇ ਪੀ. ਆਰ. 121 ਤੋਂ 25 ਕੁਇੰਟਲ ਦੀ ਔਸਤ ਅਤੇ ਪੂਸਾ 44 ਤੋਂ 29 ਕੁਇੰਟਲ ਦੀ ਔਸਤ ਪ੍ਰਤੀ ਏਕੜ ਦੀ ਉਤਪਾਦਕਤਾ ਪ੍ਰਾਪਤ ਕੀਤੀ ਜਦੋਂ ਕਿ ਪਿਛਲੇ ਸਾਲ ਉਸ ਨੇ ਤਰਤੀਬਵਾਰ 30 ਕੁਇੰਟਲ ਤੇ 35 ਕੁਇੰਟਲ ਝਾੜ ਲਿਆ ਸੀ। ਜ਼ਾਹਿਰ ਹੈ ਕਿ ਰਾਜ ਦੀ ਔਸਤ ਦਾ ਅਨੁਮਾਨ ਵਧੇਰੇ ਹੋਣ ਦੇ ਬਾਵਜੂਦ ਕਈ ਥਾਵਾਂ ਤੇ ਇਸ ਸਾਲ ਝਾੜ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਿਹਾ। ਝੋਨੇ ਦੀ ਕਾਸ਼ਤ 29.5 ਲੱਖ ਹੈਕਟੇਅਰ 'ਤੇ ਕੀਤੀ ਗਈ ਹੈ। ਜਿਸ ਵਿਚੋਂ 23 ਲੱਖ ਹੈਕਟੇਅਰ 'ਤੇ ਝੋਨਾ ਤੇ 6.5 ਲੱਖ ਹੈਕਟੇਅਰ 'ਤੇ ਬਾਸਮਤੀ ਕਿਸਮਾਂ ਲਗਾਈਆਂ ਗਈਆਂ। ਸ਼ੁੱਕਰਵਾਰ ਤੱਕ 168.53 ਲੱਖ ਟਨ ਝੋਨਾ ਮੰਡੀਕਰਨ ਲਈ ਰਾਜ ਦੀਆਂ ਮੰਡੀਆਂ 'ਚ ਆਇਆ। ਜਿਸ ਵਿਚ 13-15 ਲੱਖ ਟਨ ਬਾਸਮਤੀ ਕਿਸਮਾਂ ਸ਼ਾਮਿਲ ਹਨ। ਪਿਛਲੇ ਸਾਲ 172.65 ਲੱਖ ਟਨ ਝੋਨਾ ਅਤੇ 21.03 ਲੱਖ ਟਨ ਬਾਸਮਤੀ ਕਿਸਮਾਂ ਦੀ ਫ਼ਸਲ ਮੰਡੀਆਂ 'ਚ ਵਿਕਣ ਲਈ ਆਈ ਸੀ। ਅਜੇ ਬਾਸਮਤੀ ਦੀ ਕਾਫੀ ਫ਼ਸਲ ਅਤੇ ਕੁਝ ਝੋਨੇ ਦੀ ਵੀ ਮੰਡੀਆਂ 'ਚ ਵਿਕਣ ਲਈ ਆਉਣੀ ਹੈ। ਡਾਇਰੈਕਟਰ ਐਰੀ ਵਲੋਂ ਲਗਾਏ ਗਏ ਅਨੁਮਾਨ ਅਨੁਸਾਰ ਇਸ ਸਾਲ ਆਮਦ ਪਿਛਲੇ ਸਾਲ ਨਾਲੋਂ ਵੱਧ ਹੋਵੇਗੀ। ਬਠਿੰਡਾ, ਮੁਕਤਸਰ ਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚ ਜਿਥੇ ਉਤਪਾਦਕਤਾ ਪਿਛਲੇ ਸਾਲ ਨਾਲੋਂ ਵਧੀ ਹੈ, ਇਕ ਰਿਪੋਰਟ ਅਨੁਸਾਰ ਪੀ. ਆਰ. 121 ਕਿਸਮ ਦਾ ਝਾੜ ਘਟਿਆ ਹੈ। ਪੀ. ਆਰ. 113 ਕਿਸਮ ਜਿਸ ਦੇ ਦਾਣੇ ਮੋਟੇ ਅਤੇ ਭਾਰੇ ਹਨ, ਤਕਰੀਬਨ ਆਈ. ਆਰ. 8 ਕਿਸਮ ਜਿਹੇ ਹਨ, ਇਸ ਨੂੰ ਮੰਡੀਕਰਨ ਵਿਚ ਕਿਸਾਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਸਾਲ ਝੋਨੇ ਦੀ ਵਢਾਈ 'ਚ ਦੇਰੀ ਹੋਣ ਅਤੇ ਪਰਾਲੀ ਨੂੰ ਅੱਗ ਲਾਉਣ ਦੀ ਰਿਵਾਇਤ ਨੂੰ ਸਖ਼ਤੀ ਨਾਲ ਬੰਦ ਕਰਵਾਉਣ ਉਪਰੰਤ ਕਣਕ ਦੀ ਬਿਜਾਈ ਲਈ ਖੇਤਾਂ ਦੀ ਤਿਆਰੀ ਦੇਰੀ ਨਾਲ ਹੋਈ ਹੈ। ਅਜੇ ਬਿਜਾਈ ਪਿਛਲੇ ਸਾਲਾਂ ਦੇ ਮੁਕਾਬਲੇ ਬੜੇ ਘੱਟ ਰਕਬੇ 'ਤੇ ਕੀਤੀ ਗਈ ਹੈ ਜਿਸ ਉਪਰੰਤ ਕਣਕ ਦੀ ਉਤਪਾਦਕਤਾ ਘਟਣ ਦੇ ਅਨੁਮਾਨ ਹਨ। ਕਣਕ ਦੀ ਬਿਜਾਈ ਦਾ ਨਾਰਮਲ ਸਮਾਂ ਅਖ਼ੀਰ ਅਕਤੂਬਰ ਤੋਂ ਅੱਧ ਨਵਬੰਰ ਤੱਕ ਹੈ। ਜੇਕਰ ਬਿਜਾਈ ਪੱਛੜ ਕੇ ਕੀਤੀ ਤਾਂ ਸਮੇਂ 'ਚ ਪਛੇਤ ਅਨੁਸਾਰ ਝਾੜ ਲਗਾਤਾਰ ਘੱਟਦਾ ਜਾਂਦਾ ਹੈ। ਬਿਜਾਈ ਦਾ ਸਮਾਂ ਫ਼ਸਲ ਦੇ ਝਾੜ 'ਤੇ ਸਿੱਧਾ ਅਸਰ ਪਾਉਂਦਾ ਹੈ। ਢੁੱਕਵੇਂ ਸਮੇਂ ਤੋਂ ਬਿਜਾਈ ਵਿਚ ਇਕ ਹਫ਼ਤੇ ਦੀ ਦੇਰੀ ਹੋਣ ਨਾਲ ਝਾੜ ਤਕਰੀਬਨ 150 ਕਿਲੋ ਪ੍ਰਤੀ ਏਕੜ ਪ੍ਰਤੀ ਹਫ਼ਤਾ ਘੱਟਦਾ ਜਾਂਦਾ ਹੈ। ਨਵੰਬਰ ਦਾ ਪਹਿਲਾ ਪੰਦਰਵਾੜਾ ਕਣਕ ਦੀ ਬਿਜਾਈ ਲਈ ਢੁੱਕਵਾਂ ਹੈ। ਭਾਵੇਂ ਹੁਣ 30 ਨਵਬੰਰ ਤੱਕ ਵੀ ਕਣਕ ਦੀ ਬਿਜਾਈ ਕੀਤੀ ਜਾਵੇਗੀ ਪ੍ਰੰਤੂ ਸਮੇਂ ਸਿਰ ਬਿਜਾਈ ਕਰਨ ਵਾਲੀਆਂ ਉੱਨਤ ਪੀ. ਬੀ. ਡਬਲਿਊ 343, ਐਚ. ਡੀ. 2967, ਪੀ. ਬੀ. ਡਬਲਿਊ 1 ਜ਼ਿੰਕ ਅਤੇ ਡਬਲਿਊ. ਐਚ. 1105 ਅਤੇ ਨਵੀਂ ਵਿਕਸਿਤ ਐਚ. ਡੀ. 3226, ਆਦਿ ਕਿਸਮਾਂ ਜੇ ਹੁਣ ਦੇਰੀ ਨਾਲ ਬੀਜੀਆਂ ਜਾਣਗੀਆਂ, ਉਨ੍ਹਾਂ ਦੀ ਉਤਪਾਦਕਤਾ ਵਿਚ ਕਮੀ ਆਉਣ ਦੀ ਸੰਭਾਵਨਾ ਹੈ। ਜੇ ਪਛੇਤੀ ਬਿਜਾਈ ਵਿਚ ਅਗੇਤੀ ਬਿਜਾਈ ਵਾਲੀਆਂ ਜਾਂ ਨਾਰਮਲ ਸਮੇਂ 'ਚ ਬੀਜਣ ਵਾਲੀਆਂ ਕਿਸਮਾਂ ਬੀਜੀਆਂ ਜਾਣ ਤਾਂ ਝਾੜ 'ਤੇ ਹੋਰ ਵੀ ਮਾੜਾ ਅਸਰ ਪਵੇਗਾ। ਪਛੇਤੀ ਬਿਜਾਈ ਲਈ ਡੀ. ਬੀ. ਡਬਲਿਊ. 173, ਪੀ. ਬੀ. ਡਬਲਿਊ. 752, ਪੀ. ਬੀ. ਡਬਲਿਊ. 658 ਕਿਸਮਾਂ ਅਨੁਕੂਲ ਹਨ। ਜੋ 130 - 135 ਦਿਨਾਂ ਵਿਚ ਪੱਕ ਜਾਂਦੀਆਂ ਹਨ। ਚੰਗਾ ਝਾੜ ਲੈਣ ਲਈ ਏਕੜ ਵਿਚ 40 ਕਿਲੋ ਬੀਜ ਪਾਉਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ ਚੰਗੀ ਤਰ੍ਹਾਂ ਸਾਫ ਅਤੇ ਗਰੇਡ ਕਰ ਲੈਣਾ ਚਾਹੀਦਾ ਹੈ। ਛੋਟੇ ਝੁਰੜੇ ਬੀਜ ਅਤੇ ਨਦੀਨਾਂ ਦੇ ਬੀਜ ਪੂਰੀ ਤਰ੍ਹਾਂ ਕੱਢ ਦੇਣੇ ਚਾਹੀਦੇ ਹਨ। ਸਿਊਂਕ ਵਾਲੀਆਂ ਜ਼ਮੀਨਾਂ ਵਿਚ ਬੀਜ ਨੂੰ ਰੈਕਸਲ ਜਾਂ ਵੀਟਾਵੈਕਸ 75 ਡਬਲਿਊ. ਪੀ. ਤੋਂ ਬਾਅਦ ਕਲੋਰੋਪਾਇਰੋਫਾਸ ਨਾਲ ਸੋਧ ਲੈਣਾ ਚਾਹੀਦਾ ਹੈ। ਕਣਕ ਦੀ ਪਛੇਤੀ ਬਿਜਾਈ ਵਿਚ ਉੱਗਣ ਸ਼ਕਤੀ ਵਧਾਉਣ ਲਈ ਕਣਕ ਦੇ ਬੀਜ ਨੂੰ 4 ਤੋਂ 6 ਘੰਟੇ ਭਿਉਂ ਕੇ 24 ਘੰਟੇ ਸੁਕਾਉਣ ਤੋਂ ਬਾਅਦ ਡਰਿਲ ਨਾਲ ਬਿਜਾਈ ਕਰਨੀ ਚਾਹੀਦੀ ਹੈ। ਬਿਜਾਈ ਦਾ ਦੋ ਤਰਫਾ ਢੰਗ ਅਪਨਾਉਣ ਨਾਲ ਪ੍ਰਤੀ ਏਕੜ 2 ਕੁਇੰਟਲ ਤੱਕ ਝਾੜ ਵੱਧ ਜਾਣ ਦਾ ਅਨੁਮਾਨ ਹੈ। ਖਾਦ ਅਤੇ ਬੀਜ ਦੀ ਅੱਧੀ ਮਾਤਰਾ ਇੱਕ ਤਰਫ ਬੀਜਣ ਲਈ ਅਤੇ ਬਾਕੀ ਦੀ ਅੱਧੀ ਮਾਤਰਾ ਦੂਜੇ ਪਾਸੇ ਬਿਜਾਈ ਕਰਨ ਲਈ ਵਰਤਣੀ ਚਾਹੀਦੀ ਹੈ। ਬੀਜ 4 ਸੈਂਟੀਮੀਟਰ ਡੂੰਘਾ ਅਤੇ ਸਿਆੜਾਂ ਵਿਚਕਾਰ 20-22 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਪਹਿਲੇ ਬੀਜੇ ਸਿਆੜਾਂ ਨੂੰ ਦੂਜੀ ਬਿਜਾਈ ਦੇ ਸਿਆੜ 90 ਡਿਗਰੀ ਦੇ ਕੋਨ ਤੇ ਕੱਟਦੇ ਹੋਣ। ਬਿਜਾਈ ਪਿਛੋਂ ਹਲਕਾ ਜਿਹਾ ਸੁਹਾਗਾ ਮਾਰ ਦੇਣਾ ਚਾਹੀਦਾ ਹੈ।
ਜਦੋਂ ਕਣਕ ਆਲੂਆਂ ਦੀ ਫ਼ਸਲ ਤੋਂ ਬਾਅਦ ਬੀਜੀ ਜਾਵੇ ਅਤੇ ਆਲੂਆਂ ਨੂੰ ਸੁਪਰਫਾਸਫੇਟ ਜਾਂ 10 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਈ ਹੋਵੇ ਤਾਂ ਕਣਕ ਵਿਚ ਫਾਸਫੋਰਸ ਪਾਉਣ ਦੀ ਕੋਈ ਲੋੜ ਨਹੀਂ। ਨਾਈਟਰੋਜਨ ਲਈ ਨੀਮ - ਕੋਟਿਡ ਯੂਰੀਆ ਵਰਤਣਾ ਲਾਭਦਾਇਕ ਹੈ। ਅੱਧੀ ਨਾਈਟਰੋਜਨ, ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਵੇਲੇ ਪੋਰ ਦੇਣੀ ਚਾਹੀਦੀ ਹੈ। ਮਟਰ ਤੇ ਆਲੂਆਂ ਦੀ ਫ਼ਸਲ ਤੋਂ ਬਾਅਦ ਲਾਈ ਗਈ ਕਣਕ ਨੂੰ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ। ਭਾਵੇਂ ਫਿਰ ਵੀ ਗੁੱਲੀ ਡੰਡੇ, ਜੌਂਧਰ ਜੰਗਲੀ ਜਵੀ ਜਾਂ ਚੋੜੇ ਪੱਤਿਆਂ ਦੇ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਵਰਤਣ ਦੀ ਲੋੜ ਹੈ। ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਹਲਕਾ ਦੇਣਾ ਚਾਹੀਦਾ ਹੈ। ਪਹਿਲਾ ਪਾਣੀ ਚਾਰ ਹਫ਼ਤੇ ਬਾਅਦ, ਦੂਜਾ ਪਾਣੀ ਬੂਝਾ ਮਾਰਨ ਸਮੇਂ ਅਤੇ ਤੀਜਾ ਪਾਣੀ ਦਾਣੇ ਵਿਚ ਬੂਰ ਪੈਣ ਸਮੇਂ ਲਾਉਣਾ ਚਾਹੀਦਾ ਹੈ।


-ਮੋਬਾਈਲ : 98152-36307

ਵਿਰਸੇ ਦੀਆਂ ਬਾਤਾਂ

ਮੋਢੇ 'ਤੇ ਚੜ੍ਹ ਮੇਲਾ ਦੇਖਣ ਨੂੰ ਜੀਅ ਕਰਦਾ...

ਬਚਪਨ ਦੇ ਦਿਨ ਨਹੀਂ ਲੱਭਦੇ। ਨਾਨੇ-ਦਾਦੇ ਦੇ ਮੋਢਿਆਂ 'ਤੇ ਚੜ੍ਹ ਕੇ ਮੇਲਾ ਦੇਖਣ ਦੇ ਦਿਨ। ਹੁਣ ਨਾ ਉਹ ਮੇਲੇ ਰਹੇ, ਨਾ ਨਾਨਾ-ਦਾਦਾ। ਉਦੋਂ ਜੇਬ ਵਿਚ ਧੇਲਾ ਨਾ ਹੋਣ 'ਤੇ ਵੀ ਅਮੀਰ ਸੀ। ਹੁਣ ਜੇਬ 'ਚ ਜਿੰਨੇ ਮਰਜ਼ੀ ਪੈਸੇ ਹੋਣ, ਖੁਸ਼ੀ ਨਹੀਂ ਲੱਭਦੀ। ਗੱਲ ਮਸ਼ਹੂਰ ਹੈ ਕਿ ਸਿਆਣੇ ਨਿਆਣਿਆਂ ਲਈ ਮੇਲੇ ਜਾਂਦੇ ਹਨ ਤੇ ਨਿਆਣੇ ਸਿਆਣਿਆਂ ਨਾਲ। ਮਤਲਬ ਮਾਪੇ ਬੱਚੇ ਦੀ ਖੁਸ਼ੀ ਲਈ ਤੇ ਬੱਚਾ ਮਾਪਿਆਂ ਨਾਲ ਜਾਂਦਾ। ਸੋ ਸਾਰਾ ਟੱਬਰ ਮੇਲੇ ਤੁਰ ਪੈਂਦਾ।
ਮੇਲੇ ਹੁਣ ਵੀ ਲਗਦੇ ਹਨ, ਪਰ ਪਹਿਲਾਂ ਵਰਗਾ ਚਾਅ ਨਹੀਂ। ਜਦੋਂ ਚਾਅ ਹੁੰਦਾ ਸੀ, ਉਦੋਂ ਮਨੋਰੰਜਨ ਦੇ ਸਾਧਨ ਨਾ ਬਰਾਬਰ ਹੁੰਦੇ ਸਨ। ਹੁਣ ਟੈਲੀਵੀਜ਼ਨ, ਮੋਬਾਈਲ ਤੇ ਹੋਰ ਮਾਧਿਅਮਾਂ ਨੇ ਸਭ ਕੁੱਝ ਵੱਸ 'ਚ ਕਰ ਲਿਆ। ਇਸ ਤਸਵੀਰ ਨੂੰ ਦੇਖ ਸਭ ਕੁਝ ਚੇਤੇ ਆ ਗਿਆ। ਸੀਟੀਆਂ, ਵਾਜੇ, ਗੁਬਾਰੇ, ਬੰਸਰੀਆਂ ਵੇਚਣ ਵਾਲੇ ਇਸ ਸੱਜਣ ਦਾ ਤੋਰੀ ਫੁਲਕਾ ਨਿਆਣਿਆਂ ਦੇ ਸਿਰ ਹੀ ਚਲਦਾ ਹੋਣਾ। ਸਿਆਣੇ ਜੇਬਾਂ ਵਿੱਚ ਹੱਥ ਨਿਆਣਿਆਂ ਦੀ ਜ਼ਿਦ ਕਰਕੇ ਹੀ ਮਾਰਦੇ ਹਨ। ਨਿਆਣਿਆਂ ਦੀ ਇਹ ਜ਼ਿਦ ਪਤਾ ਨਹੀਂ ਕਿੰਨੇ ਲੋਕਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੈ।
ਬਚਪਨ ਦੀ ਇੱਕ ਗੱਲ ਕਦੇ ਨਹੀਂ ਭੁੱਲਣੀ। ਗਲੀ ਵਿੱਚ ਗੈਸ ਵਾਲੇ ਗੁਬਾਰੇ ਵਿਕਣ ਆਉਂਦੇ ਸਨ। ਵੇਚਣ ਵਾਲਾ ਸਿਲੰਡਰ ਨਾਲ ਗੁਬਾਰੇ 'ਚ ਗੈਸ ਭਰ ਕੇ ਦਿੰਦਾ। ਉਹਦੇ ਵਾਜੇ ਨੂੰ ਸੁਣ ਨਿਆਣਿਆਂ ਦੇ ਕੰਨ ਖੜ੍ਹੇ ਹੋ ਜਾਣੇ। ਜ਼ਿਦ ਮਗਰੋਂ ਇੱਕ ਦਿਨ ਗੈਸ ਵਾਲਾ ਗੁਬਾਰਾ ਮਿਲ ਗਿਆ। ਮਾਤਾ ਨੇ ਪੈਸੇ ਦਿੱਤੇ ਤੇ ਗੁਬਾਰੇ ਦਾ ਧਾਗਾ ਭਾਈ ਨੇ ਮੇਰੇ ਹੱਥ ਫੜਾ ਦਿੱਤਾ।
ਭਾਈ ਨੇ ਹਾਲੇ ਦੋ ਕਦਮ ਨਹੀਂ ਪੱਟੇ, ਗੁਬਾਰਾ ਹੱਥੋਂ ਔਹ ਗਿਆ, ਔਹ ਗਿਆ। ਫੇਰ ਉਹੀ ਚੀਕ ਚਿਹਾੜਾ। ਪਰ ਗੁਬਾਰਾ ਦੁਬਾਰਾ ਨਹੀਂ ਮਿਲਿਆ। ਮੇਲੇ 'ਚੋਂ ਵਾਜੇ ਲੈਣ ਦਾ ਬੜਾ ਚਾਅ ਹੋਣਾ। ਘਰਦਿਆਂ ਨੇ ਬਾਹੋਂ ਫੜ-ਫੜ ਅੱਗੇ ਨੂੰ ਖਿੱਚਣਾ, ਪਰ ਜਿੱਧਰ ਵਾਜੇ, ਸੀਟੀਆਂ ਜਾਂ ਹੋਰ ਖਿਡੌਣੇ ਦਿਸ ਪੈਣੇ, ਉਧਰੋਂ ਨਿਗ੍ਹਾ ਨਾ ਪੱਟੀ ਜਾਣੀ। ਅੱਜ ਵੀ ਜਦੋਂ ਗਲੀ 'ਚ ਖਿਡੌਣੇ ਵੇਚਣ ਵਾਲਾ ਆਉਂਦਾ, ਬਚਪਨ ਤਾਜ਼ਾ ਹੋ ਜਾਂਦਾ। ਕਈ ਵਾਰ ਵੇਚਣ ਵਾਲੇ ਨੂੰ ਪੁੱਛਦਾਂ, 'ਦਿਹਾੜੀ ਬਣ ਜਾਂਦੀ ਐ। ਪੱਚੀ-ਤੀਹ ਸਾਲ ਪਹਿਲਾਂ ਨਾਲੋਂ ਵੱਧ ਵਿਕਦੇ ਨੇ ਗੁਬਾਰੇ, ਸੀਟੀਆਂ ਜਾਂ ਘੱਟ। ਬਚਪਨ ਵਿੱਚ ਕਿੰਨਾ ਕੁ ਫ਼ਰਕ ਲਗਦਾ। ਬੱਚਿਆਂ ਦਾ ਉਤਸ਼ਾਹ ਕਿੰਨਾ ਕੁ ਬਦਲਿਆ ਨਜ਼ਰ ਆਉਂਦਾ।' ਕਾਸ਼, ਮੋਢੇ 'ਤੇ ਚੜ੍ਹਨ ਵਾਲੇ ਉਹ ਦਿਨ ਮੁੜ ਆਉਣ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

ਫ਼ਸਲੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ : ਸਮੇਂ ਦੀ ਲੋੜ

ਕਿਸਾਨਾਂ ਵਲੋਂ ਫ਼ਸਲੀ ਰਹਿੰਦ ਦੀ ਸਾਂਭ-ਸੰਭਾਲ ਲਈ ਕੀਤੇ ਜਾਂਦੇ ਉਪਰਾਲੇ : ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ ਦੀ ਸੰਭਾਲ ਲਈ ਵੱਖਰੇ-ਵੱਖਰੇ ਪ੍ਰਦੇਸ਼ਾਂ ਵਿਚ ਕਈ ਤਰਾਂ ਦੇ ਉਪਰਾਲੇ ਕੀਤੇ ਜਾਂਦੇੇ ਹਨ। ਫ਼ਸਲਾਂ ਦੀ ਰਹਿੰਦ ਨੂੰ ਪਸ਼ੂਆਂ ਦੇ ਚਾਰੇ, ਘਰੇਲੂ ਬਾਲਣ, ਛੱਤਾਂ ਬਣਾਉਣ, ਪੈਕਿੰਗ ਲਈ, ਕੰਪੋਸਟ ਬਣਾਉਣ, ਖੁੰਬਾਂ ਉਗਾਉਣ ਅਤੇ ਕਾਗਜ਼ ਬਣਾਉਣ ਵਾਲੇ ਕਾਰਖਾਨਿਆਂ ਵਿਚ ਵਰਤੋਂ ਵਿਚ ਲਿਆਇਆ ਜਾਂਦਾ ਹੈ। ਦੇਖਿਆ ਗਿਆ ਹੈ ਕਿ ਕਣਕ, ਜੌਂ ਅਤੇ ਬਾਜਰੇ ਦੀ ਰਹਿੰਦ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ। ਝੋਨੇ ਤੋਂ ਪੈਦਾ ਹੋਇਆ ਚਾਵਲਾਂ ਦਾ ਛਿਲਕਾ ਚਾਰੇ ਦੇ ਨਾਲ-ਨਾਲ ਪਾਥੀਆਂ ਪੱਥਣ ਲਈ ਵਰਤਿਆ ਜਾਂਦਾ ਹੈ। ਕਪਾਹ ਅਤੇ ਛੋਲਿਆਂ ਦੀਆਂ ਛਟੀਆਂ ਨੂੰ ਘਰੇਲੂ ਬਾਲਣ ਲਈ ਅਤੇ ਸਰ੍ਹੋਂ ਦੇ ਭੋਂ ਦਾ ਮੁੱਖ ਹਿੱਸਾ ਭੱਠੇ ਲਈ ਵੇਚਿਆ ਜਾਂਦਾ ਹੈ। ਝੋਨੇ ਤੋਂ ਪੈਦਾ ਹੋਈ ਪਰਾਲੀ ਅਤੇ ਛਿਲਕੇ ਨੂੰ ਪੱਛਮੀ ਬੰਗਾਲ ਵਿਚ ਬਾਲਣ ਲਈ ਜਾਂ ਬਾਇਲਰਾਂ ਵਿਚ ਵਰਤੋਂ ਵਿਚ ਲਿਆਇਆ ਜਾਂਦਾ ਹੈ। ਇਸ ਨੂੰ ਪਸ਼ੂਆਂ ਦੇ ਚਾਰੇ, ਘਰੇਲੂ ਬਾਲਣ, ਪਸ਼ੂਆਂ ਦੇ ਸ਼ੈਡਾਂ ਦੀ ਛੱਤ ਬਣਾਉਣ ਲਈ, ਪੈਕਿੰਗ ਅਤੇ ਕੰਪੋਸਟ ਬਨਾਉਣ, ਖੁੰਬਾਂ ਉਗਾਉਣ, ਖਾਦ ਵਾਂਗ ਅਤੇ ਕਾਗਜ਼ ਬਨਾਉਣ ਵਾਲੇ ਕਾਰਖਾਨਿਆਂ ਲਈ ਵਰਤਿਆ ਜਾਂਦਾ ਹੈ । ਮੂੰਗਫਲੀ ਦੀ ਰਹਿੰਦ ਇੱਟਾਂ ਵਾਲੀ ਭੱਠੀ ਵਿਚ ਜਾਂ ਲਾਇਮ ਭੱਠਿਆਂ ਵਿਚ ਬਾਲਣ ਲਈ ਵਰਤੀ ਜਾਂਦੀ ਹੈ।
ਮਜ਼ਦੂਰਾਂ ਦੀ ਥੋੜ, ਕਟਾਈ ਵੇਲੇ ਮਜ਼ਦੂਰੀ ਰੇਟ ਵਿਚ ਵਾਧਾ, ਮੌਸਮੀ ਬਦਲਾਅ, ਆਦਿ ਕਾਰਨਾਂ ਕਰਕੇ ਕਣਕ-ਝੋਨੇ ਦੀ ਕਟਾਈ ਕੰਬਾਈਨਾਂ ਨਾਲ ਕਰਨ ਨਾਲ ਕਿਸਾਨਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਤਾਂ ਹੁੰਦੀ ਹੈ ਪਰ ਨਾਲ ਹੀ ਤਕਰੀਬਨ 80 ਪ੍ਰਤੀਸ਼ਤ ਫ਼ਸਲੀ ਰਹਿੰਦ ਕੰਬਾਈਨ ਮਗਰੋਂ ਕਟਾਈ ਤੋਂ ਬਾਅਦ ਨਾੜ ਦੇ ਰੂਪ ਵਿਚ ਖੇਤ ਵਿਚ ਰਹਿ ਜਾਂਦਾ ਹੈ ਜਿਹੜਾ ਕਿ ਛੇਤੀ ਨਿਪਟਾਰੇ ਲਈ ਅਤੇ ਕੋਈ ਹੋਰ ਸਸਤਾ ਢੰਗ ਨਾ ਹੋਣ ਕਰਕੇ ਖੇਤ ਵਿਚ ਸਾੜ ਦਿੱਤਾ ਜਾਂਦਾ ਹੈ। ਅਗਲੀ ਫ਼ਸਲ ਲਈ ਛੇਤੀ ਤੋਂ ਛੇਤੀ ਖੇਤ ਨੂੰ ਤਿਆਰ ਕਰਨਾ ਫ਼ਸਲੀ ਰਹਿੰਦ ਨੂੰ ਸਾੜਨ ਦਾ ਪ੍ਰਮੁੱਖ ਕਾਰਨ ਹੈ।
ਫ਼ਸਲੀ ਰਹਿੰਦ ਦੀ ਸਾਂਭ-ਸੰਭਾਲ ਲਈ ਕੁਝ ਸੁਝਾਅ
ਲੇਬਰ ਦੀ ਘਾਟ ਅਤੇ ਕੰਮ ਦੇ ਜ਼ੋਰ ਸਮੇਂ ਲੇਬਰ ਦੇ ਮਹਿੰਗੀ ਹੋਣ ਦੇ ਨਤੀਜੇ ਵਜੋਂ ਝੋਨੇ ਦੀ ਕੰਬਾਈਨਾਂ ਨਾਲ ਕਟਾਈ ਦਾ ਰੁਝਾਨ ਸ਼ੁਰੂ ਹੋ ਚੁੱਕਾ ਹੈ। ਕੰਬਾਈਨ ਨਾਲ ਕਟਾਈ ਦੇ ਹੋਰ ਫਾਇਦੇ ਵੀ ਹਨ ਜਿਵੇਂ ਕਿ ਇਸ ਦੇ ਸਸਤੀ ਹੋਣ ਦੇ ਨਾਲ-ਨਾਲ ਕੰਮ ਵੀ ਜਲਦੀ ਨਿੱਬੜ ਜਾਂਦਾ ਹੈ ਜਿਸ ਨਾਲ ਕਟਾਈ ਸਮੇਂ ਮੌਸਮ ਵਿਚ ਹੋਣ ਵਾਲੀ ਤਬਦੀਲੀ ਦੇ ਰਿਸਕ ਤੋਂ ਵੀ ਬਚਾਅ ਹੋ ਜਾਂਦਾ ਹੈ। ਪਰ ਕੰਬਾਈਨ ਨਾਲ ਕਟਾਈ ਤੋਂ ਝੋਨੇ ਦਾ ਨਾੜ ਖੇਤ ਵਿਚ ਰਹਿ ਜਾਂਦਾ ਹੈ। ਇਸ ਖਿੰਡਰੀ-ਪੁੰਡਰੀ ਪਰਾਲੀ ਦੀ ਸੰਭਾਲ ਕਈ ਕਾਫੀ ਲੇਬਰ ਚਾਹੀਦੀ ਹੈ ਅਤੇ ਇਸੇ ਤੋਂ ਬਚਣ ਕਿਸਾਨ ਅੱਗ ਲਾਉਣ ਵਾਲਾ ਸੌਖਾ ਢੰਗ ਅਪਣਾ ਲੈਂਦੇ ਹਨ। ਇਸ ਸਭ ਦੇ ਬਾਵਜੂਦ ਵੀ ਕਈ ਢੰਗ ਹਨ ਜਿਨ੍ਹਾਂ ਨਾਲ ਕਿਸਾਨ ਵੀਰ ਪਰਾਲੀ ਦਾ ਪ੍ਰਬੰਧ ਯੋਗ ਤਰੀਕੇ ਨਾਲ ਕਰ ਸਕਦੇ ਹਨ ਜਿਨ੍ਹਾਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ:
* ਪਸ਼ੂਆਂ ਹੇਠ ਵਿਛਾਉਣ ਤੋਂ ਬਾਅਦ ਫ਼ਸਲੀ ਰਹਿੰਦ ਦੀ ਕੰਪੋਸਟ ਤਿਆਰ ਕੀਤੀ ਜਾ ਸਕਦੀ ਹੈ ਅਤੇ ਬਾਅਦ ਵਿਚ ਇਸ ਨੂੰ ਖਾਦ ਵਾਂਗੂ ਵਰਤਿਆ ਜਾ ਸਕਦਾ ਹੈ। ਝੋਨੇ ਦੀ ਪਰਾਲੀ ਤੋਂ ਤਿਆਰ ਕੀਤੀ ਕੰਪੋਸਟ ਫ਼ਸਲੀ ਝਾੜ ਨੂੰ ਵਧਾ ਦਿੰਦੀ ਹੈ। ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਇਸ ਯਤਨ ਨੂੰ ਵੱਡੇ ਪੱਧਰ ਤੇ ਅਪਣਾਉਣ।
* ਤੂੜੀ ਨਾਲ ਮਿਲਾ ਕੇ ਪਰਾਲੀ ਦੀ ਵਰਤੋਂ ਨਾਲ ਬਟਨ ਅਤੇ ਢੀਂਗਰੀ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਮਨੁੱਖੀ ਖੁਰਾਕ ਵਿਚ ਖੁੰਬਾਂ ਦੀ ਵਰਤੋਂ ਰਾਹੀਂ ਪੌਸ਼ਟਿਕਤਾ ਪ੍ਰਦਾਨ ਹੁੰਦੀ ਹੈ।
* ਪਰਾਲੀ ਦੀ ਵਰਤੋਂ ਬਾਇਉ ਗੈਸ ਤਿਆਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਵਿਧੀ ਨਾਲ ਲੋੜ ਮੁਤਾਬਕ ਤਿਆਰ ਕੀਤੀ ਉੱਚ ਕਵਾਲਿਟੀ ਦੀ ਬਾਇਉ ਗੈਸ ਨੂੰ ਘਰੇਲੂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਵਰਤਿਆ ਜਾ ਸਕਦਾ ਹੈ।
* ਬੇਲਰ ਦੀ ਵਰਤੋਂ ਨਾਲ ਬਣੀਆਂ ਪਰਾਲੀ ਦੀਆਂ ਗੰਢਾਂ ਨੂੰ ਬਾਲਣ ਲਈ, ਗੱਤਾ ਫੈਕਟਰੀਆਂ ਲਈ ਜਾਂ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ।
* ਫ਼ਸਲੀ ਰਹਿੰਦ ਨੂੰ ਲਾਇਮ ਅਤੇ ਜਿਪਸਮ ਵਾਂਗ ਦੇ ਰੂਪ ਵਿਚ ਵਰਤੋਂ ਵਿਚ ਲਿਆਇਆ ਜਾਵੇ ਅਤੇ ਇਵੇਂ ਕਰਕੇ ਫ਼ਸਲੀ ਰਹਿੰਦ ਨੂੰ ਜ਼ਮੀਨ ਵਿਚ ਵਾਹਣ ਵਾਲੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇ। ਇਸ ਨਾਲ ਫ਼ਸਲੀ ਰਹਿੰਦ ਦੀ ਵੱਖਰੇ ਉਤਪਾਦਨ ਸਿਸਟਮਾਂ ਵਿਚ ਵਰਤੋਂ ਲਈ ਕਿਸਾਨਾਂ ਨੂੰ ਪ੍ਰੋਤਸਾਹਨ ਮਿਲੇਗਾ।
* ਝੋਨੇ ਦੇ ਵੱਢ ਵਿਚ ਪਰਾਲੀ ਨੂੰ ਖੇਤ ਵਿਚੋਂ ਬਿਨਾ ਕੱਢੇ ਹੀ ਹੈਪੀ ਸੀਡਰ ਮਸ਼ੀਨ ਰਾਹੀਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਨਾਲ ਕਣਕ ਦੀ ਬਿਜਾਈ ਵੀ ਹੋ ਜਾਂਦੀ ਹੈ ਅਤੇ ਜ਼ਮੀਨ 'ਤੇ ਪਈ ਵੱਤਰ ਸੰਭਾਲਣ ਲਈ ਮਦਦਗਾਰ ਸਾਬਤ ਹੁੰਦੀ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਦਾ ਲਾਭ ਇਹ ਵੀ ਹੈ ਕਿ ਕਣਕ ਦੀ ਫ਼ਸਲ ਵਿਚ ਨਦੀਨ ਵੀ ਘੱਟ ਉੱਗਦੇ ਹਨ। ਬਿਜਾਈ ਤੋਂ ਪਹਿਲਾਂ ਰੌਣੀ ਲਈ ਵਰਤਣ ਵੇਲੇ ਪਾਣੀ ਲਾਉਣ ਤੋਂ ਬਗੈਰ ਕਣਕ ਦੀ ਬਿਜਾਈ ਕਰਕੇ ਪਾਣੀ ਦੀ ਬੱਚਤ ਹੁੰਦੀ ਹੈ।
* ਪਰਾਲੀ ਨੂੰ ਹੋਰਨਾਂ ਪਦਾਰਥਾਂ ਦੀ ਪੈਕਿੰਗ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
* ਖੇਤ ਵਿਚ ਹੀ ਫ਼ਸਲੀ ਰਹਿੰਦ ਨੂੰ ਸਾੜਨ ਦੀ ਪ੍ਰਥਾ ਜਿਹੜੀ ਪੰਜਾਬ ਵਿਚ ਪ੍ਰਚੱਲਿਤ ਹੈ ਨੂੰ ਰੋਕਿਆ ਜਾਣਾ ਚਾਹੀਦਾ ਹੈ ਤਾਂ ਕਿ ਜ਼ਮੀਨ ਦੀ ਸਿਹਤ ਨੂੰ ਸੁਧਾਰਿਆ ਜਾ ਸਕੇ ਅਤੇ ਨਾਲ ਹੀ ਪ੍ਰਦੂਸ਼ਣ ਰਹਿਤ ਵਾਤਾਵਰਨ ਬਣਾਇਆ ਜਾ ਸਕੇ। ਇਸ ਲਈ ਫ਼ਸਲੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਨਵੇਂ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ।


-ਇਕੋਨੋਮਿਕਸ ਅਤੇ ਸੋਸ਼ਿਆਲੋਜ਼ੀ ਵਿਭਾਗ,
ਪੀ. ਏ. ਯੂ., ਲੁਧਿਆਣਾ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX