ਤਾਜਾ ਖ਼ਬਰਾਂ


ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  4 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  9 minutes ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  15 minutes ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  28 minutes ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  31 minutes ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  37 minutes ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  40 minutes ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  46 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  51 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  54 minutes ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਕਾਇਮ ਰਹੇ ਜੀਵਨ ਦੀ ਅਨਮੋਲਤਾ ਦਾ ਅਹਿਸਾਸ!

ਕਾਦਰ ਦੀ ਸਾਜੀ ਕੁਦਰਤ ਦਾ ਇਕ ਵਿਸਮਾਦੀ ਵਰਤਾਰਾ ਹੈ-ਜੀਵਨ! ਬ੍ਰਹਿਮੰਡੀ ਵਰਤਾਰੇ ਵਿਚ ਕਾਦਰ ਵਲੋਂ ਇਹ 'ਜੀਵਨ', ਧਰਤੀ ਲਈ ਇਕ ਬੇਸ਼ਕੀਮਤੀ ਤੋਹਫ਼ਾ ਹੈ, ਬਖਸ਼ਿਸ਼ ਹੈ। ਇਹ ਜੀਵਨ ਕੀ ਹੈ? ਇਸ ਬਾਰੇ ਅਣਗਿਣਤ ਗਿਆਨੀਆਂ, ਵਿਗਿਆਨੀਆਂ ਅਤੇ ਬ੍ਰਹਮਗਿਆਨੀਆਂ ਨੇ ਆਪੋ-ਆਪਣੀ ਸਮਝ-ਸਮਰੱਥਾ ਮੁਤਾਬਿਕ ਕਿਆਸ/ਦਾਅਵੇ, ਪਰਿਕਲਪਨਾਵਾਂ ਅਤੇ ਸਿਧਾਂਤ ਪੇਸ਼ ਕੀਤੇ ਹਨ। ਜੀਵਾਂ ਦੇ ਦ੍ਰਿਸ਼ਟਮਾਨ ਸਰੀਰਕ ਢਾਂਚਿਆਂ/ਦੇਹਾਂ ਅੰਦਰ ਪ੍ਰਾਣਾਂ ਦੀ ਨਿਰੰਤਰ ਗਤੀਸ਼ੀਲਤਾ ਨੂੰ ਜੀਵਨ ਦਾ ਨਾਂਅ ਦਿੱਤਾ ਜਾਂਦਾ ਹੈ। ਇਸ ਗਤੀਸ਼ੀਲਤਾ ਸਦਕਾ ਹੀ ਚੇਤਨਤਾ, ਤਬਦੀਲੀ, ਨਵਾਂਪਣ ਅਤੇ ਨਿਰੰਤਰਤਾ-ਜੀਵਨ ਦੇ ਕੁਝ ਹੋਰ ਅਹਿਮ ਲੱਛਣ ਦ੍ਰਿਸ਼ਟੀਗੋਚਰ ਹੁੰਦੇ ਹਨ। ਜਲਣਸ਼ੀਲਤਾ, ਵਧਣਸ਼ੀਲਤਾ, ਕਾਰਜਸ਼ੀਲਤਾ ਅਤੇ ਪੁਨਰਉਤਪਤੀ ਦੇ ਬੇਅੰਤ ਗੁਣਾਂ, ਸ਼ਕਤੀਆਂ ਤੇ ਸਮਰੱਥਾਵਾਂ ਨਾਲ ਭਰਪੂਰ ਹੈ ਇਹ ਜੀਵਨ। ਜੀਵਨ ਜਿਊਣ ਦਾ ਅਰਥ ਹੈ-ਹਰ ਪਲ, ਹਰ ਖਿਣ, ਤਬਦੀਲੀ ਅਤੇ ਨਵੇਂਪਣ ਦੀ ਸਹਜ ਪ੍ਰਕਿਰਿਆ ਵਿਚੋਂ ਗੁਜ਼ਰਦੇ ਹੋਇਆਂ ਭਰਪੂਰ ਵਿਕਾਸ ਦੀ ਦਿਸ਼ਾ ਵੱਲ ਨਿਰੰਤਰ ਅੱਗੇ ਵਧਦੇ ਰਹਿਣਾ। ਨਾ ਕੋਈ ਰੋਕ, ਨਾ ਰੁਕਾਵਟ, ਨਾ ਕੋਈ ਆਲਸ, ਨਾ ਥਕਾਵਟ, ਨਾ ਵਿਹਲ, ਨਾ ਆਰਾਮ, ਬਸ ਚਲਦੀ ਦਾ ਨਾਂਅ ਹੈ-ਜੀਵਨ।
ਮਨੁੱਖੀ ਜੀਵਨ ਦੀ ਗੱਲ ਕਰੀਏ ਤਾਂ ਭਾਰਤੀ ਧਰਮਗ੍ਰੰਥਾਂ ਤੋਂ ਪਤਾ ਲਗਦਾ ਹੈ ਕਿ ਇਹ ਚੌਰਾਸੀ ਲੱਖ ਜੂਨਾਂ (ਜੀਵ-ਸ਼੍ਰੇਣੀਆਂ) ਦੇ ਲੰਮੇਰੇ ਵਿਕਾਸ-ਚੱਕਰ ਵਿਚੋਂ ਗੁਜ਼ਰ ਕੇ ਨਸੀਬ (ਵਿਕਸਿਤ) ਹੋਇਆ ਹੈ। ਵਿਵੇਕਸ਼ੀਲ ਦ੍ਰਿਸ਼ਟੀ ਨਾਲ ਗ੍ਰਹਿਣ ਕਰੀਏ ਤਾਂ ਜੀਵ-ਜੰਤੂਆਂ ਅਤੇ ਬਨਸਪਤੀ ਦੀ ਉਤਪਤੀ ਅਤੇ ਵਿਕਾਸ ਬਾਰੇ ਪ੍ਰਸਿੱਧ ਜੀਵ-ਵਿਗਿਆਨੀ ਡਾਰਵਿਨ ਦਾ ਕ੍ਰਮ-ਵਿਕਾਸੀ ਸਿਧਾਂਤ, ਇਸ ਭਾਰਤੀ ਵਿਸ਼ਵਾਸ-ਪਰੰਪਰਾ ਨਾਲ ਮੇਲ ਖਾਂਦਾ ਪ੍ਰਤੀਤ ਹੁੰਦਾ ਹੈ। ਕੁਦਰਤ ਦੇ ਵਰਤਾਰੇ ਵਿਚ ਪੈਦਾ ਹੋਈਆਂ ਕੁੱਲ ਚੀਜ਼ਾਂ ਵਿਚੋਂ ਅਤੀ ਉੱਤਮ, ਸੁੰਦਰ ਸਿਰਜਣਾ ਹੈ ਮਨੁੱਖ! ਕਾਦਰ ਨੇ ਪੂਰੀ ਰੀਝ, ਪ੍ਰੇਮ ਅਤੇ ਸਾਧਨਾ ਨਾਲ ਬਣਾਇਆ ਹੈ ਇਹ ਮਨੁੱਖ! ਅਸ਼ਰਫ-ਉਲ-ਮਖਲੂਕਾਤ! ਧਰਤੀ ਉੱਤੇ ਸਾਰੀਆਂ ਜੀਵ-ਸ਼੍ਰੇਣੀਆਂ ਦਾ ਸਰਦਾਰ!
ਅਵਨ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 374)
ਰੂਹਾਨੀ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਇਸ ਮਨੁੱਖੀ ਜੀਵਨ ਦੇ ਬੇਹੱਦ ਅਨਮੋਲ ਹੋਣ ਦਾ ਅਹਿਸਾਸ ਵਾਰ-ਵਾਰ ਦ੍ਰਿੜ੍ਹ ਕਰਵਾਇਆ ਹੈ। ਰੂਹਾਨੀ ਪ੍ਰਵਚਨਾਂ ਦਾ ਉਦੇਸ਼ ਹੀ ਮਨੁੱਖ ਨੂੰ ਜੀਵਨ ਦੀ ਅਨਮੋਲਤਾ ਦਾ ਸੰਜੀਦਾ ਅਹਿਸਾਸ ਕਰਵਾ ਕੇ ਵਧੀਆ-ਬਿਹਤਰ ਜ਼ਿੰਦਗੀ ਜਿਊਣ ਲਈ ਸਹੀ ਮਾਰਗ-ਦਰਸ਼ਨ ਕਰਨਾ ਹੈ। ਇਨ੍ਹਾਂ ਪ੍ਰਵਚਨਾਂ ਨੇ ਅਨਮੋਲ ਮਨੁੱਖੀ ਜੀਵਨ ਨੂੰ ਸਾਰਥਿਕ, ਸੁਚੱਜਾ ਅਤੇ ਆਨੰਦ ਭਰਪੂਰ ਬਣਾਉਣ ਲਈ ਵਿਕਾਸ ਤੇ ਵਿਗਾਸ (ਖੇੜੇ ਜਾਂ ਖੁਸ਼ਹਾਲੀ) ਵੱਲ ਤੋਰਨ ਵਾਲੇ ਵਿਭਿੰਨ ਰਸਤਿਆਂ ਭਾਵ ਧਰਮਪੰਥਾਂ ਨੂੰ ਸਿਰਜਣ ਅਤੇ ਰੌਸ਼ਨ ਕਰਨ ਦਾ ਕੰਮ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੱਖੋ-ਵੱਖ ਭੂਗੋਲਿਕ-ਸੱਭਿਆਚਾਰਕ ਪਿਛੋਕੜਾਂ ਵਾਲੇ ਬਾਣੀਕਾਰਾਂ ਨੇ ਮਨੁੱਖੀ ਜੀਵਨ ਨੂੰ ਦੁਰਲੱਭ ਅਤੇ ਹੀਰੇ ਵਰਗਾ ਬੇਸ਼ਕੀਮਤੀ ਪ੍ਰਵਾਨ ਕੀਤਾ ਹੈ। ਉਨ੍ਹਾਂ ਇਸ ਜੀਵਨ ਨੂੰ ਸਿਰਫ ਖਾਣ-ਸੌਣ ਦੀਆਂ ਕਿਰਿਆਵਾਂ ਵਿਚ ਗ੍ਰਸਤ ਰੱਖਣਾ, ਕੌਡੀਆਂ ਦੇ ਭਾਅ ਅਜਾਈਂ ਗਵਾਉਣ ਵਾਲੀ ਅਗਿਆਨਤਾ ਭਰੀ ਕਾਰਵਾਈ ਕਿਹਾ ਹੈ-
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 156)
ਬਾਬਾ ਫਰੀਦ ਜੀ ਜੀਵਨ ਦੀ ਅਹਿਮੀਅਤ ਬਾਰੇ ਸੁਚੇਤ ਕਰਦੇ ਹੋਏ ਹਲੂਣਾ ਦਿੰਦੇ ਹਨ-
ਫਰੀਦਾ ਚਾਰਿ ਗਵਾਇਆ
ਹੰਢਿ ਕੈ ਚਾਰਿ ਗਵਾਇਆ ਸੰਮਿ॥
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1379)
ਭਗਤ ਕਬੀਰ ਜੀ ਵੀ ਮਨੁੱਖੀ ਜੀਵਨ ਦੀ ਦੁਰਲੱਭਤਾ ਦਾ ਅਹਿਸਾਸ ਜਗਾਉਂਦੇ ਹੋਏ ਝੰਜੋੜਦੇ ਹਨ-
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥
ਜਿਉ ਬਨ ਫਲ ਪਾ ਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1366)
ਰੂਹਾਨੀ ਮਹਾਂਪੁਰਸ਼ਾਂ ਦੇ ਪਵਿੱਤਰ ਪ੍ਰਵਚਨਾਂ ਨਾਲ ਸੰਜੋਏ ਧਰਮਗ੍ਰੰਥ, ਜ਼ਿੰਦਗੀ ਦੇ ਇਕ-ਇਕ ਪਲ ਨੂੰ ਸਾਰਥਿਕ ਬਣਾਉਣ ਦੀ ਪ੍ਰੇਰਨਾ ਦਿੰਦੇ ਹਨ। ਧਮਪਦ ਵਿਚ (8:113) ਮਹਾਤਮਾ ਬੁੱਧ ਜੀ ਦਾ ਪ੍ਰਵਚਨ ਹੈ ਕਿ ਆਲਸੀ ਅਤੇ ਉੱਦਮਹੀਣ ਮਨੁੱਖ ਦੇ ਸੌ ਵਰ੍ਹੇ ਦੀ ਜ਼ਿੰਦਗੀ ਨਾਲੋਂ ਦ੍ਰਿੜ੍ਹ ਵਿਚਾਰਾਂ ਵਾਲੇ ਉੱਦਮੀ ਬੰਦੇ ਦਾ ਇਕ ਦਿਨ ਦਾ ਜਿਊਣਾ ਬਿਹਤਰ ਹੈ। ਐਤਰਯ ਉਪਨਿਸ਼ਦ (2:3) ਵਿਚ ਮਨੁੱਖ ਦੇ ਸੁੰਦਰ ਸਰੀਰ ਨੂੰ ਦੇਵਤਿਆਂ ਦਾ ਨਿਵਾਸ-ਸਥਾਨ ਦੱਸਿਆ ਗਿਆ ਹੈ, ਜਿਸ ਵਿਚ ਪਵਨ, ਪਾਣੀ, ਅਗਨੀ, ਸੂਰਜ, ਚੰਦਰਮਾ ਸਮੇਤ ਵਿਭਿੰਨ ਦੇਵ ਵੱਖ-ਵੱਖ ਅੰਗਾਂ ਰਾਹੀਂ ਗ੍ਰਹਿ-ਪ੍ਰਵੇਸ਼ ਕਰਦੇ ਹਨ। ਜਦ ਪਰਮ ਆਤਮਾ ਨੇ ਦੇਵਤਿਆਂ ਦੇ ਨਿਵਾਸ ਲਈ ਮਨੁੱਖ ਨੂੰ ਸਾਜ ਦਿੱਤਾ ਤਾਂ ਦੇਵਤੇ, ਸੰਸਾਰ ਦੀ ਇਸ ਉਤਕ੍ਰਿਸ਼ਟ ਸਿਰਜਨਾ ਨੂੰ ਦੇਖਦੇ ਸਾਰ ਅਸ਼-ਅਸ਼ ਕਰ ਉੱਠੇ, 'ਇਹ ਬਹੁਤ ਸੁੰਦਰ ਬਣਾਇਆ ਹੈ!'
ਪਵਿੱਤਰ ਕੁਰਾਨ ਵਿਚ ਚੰਗਾ ਜੀਵਨ ਜਿਊਣ ਦੀ ਪ੍ਰੇਰਨਾ ਦੇਣ ਲਈ ਸੁੰਦਰ ਮਨੁੱਖੀ ਵਜੂਦ ਦੇ ਸਿਰਜਣਹਾਰ ਅਤੇ ਪਾਲਣਹਾਰ-ਰਿਜ਼ਕਦਾਤੇ ਅੱਲਾਹ ਦੀਆਂ ਦਾਤਾਂ-ਬਰਕਤਾਂ ਲਈ ਹਮੇਸ਼ਾ ਉਸ ਦੇ ਸ਼ੁਕਰਗੁਜ਼ਾਰ ਬਣੇ ਰਹਿਣ ਦੇ ਪੈਗਾਮ ਥਾਂ-ਪਰ-ਥਾਂ ਦਰਜ ਹਨ। ਇਕ ਥਾਂ (ਸੂਰਤ ਅਲ ਮੋਮਿਨ, 40:64) ਲਿਖਿਆ ਹੈ ਕਿ ਉਹ ਅੱਲਾਹ ਹੀ ਹੈ ਤਾਂ ਹੈ, ਜਿਸ ਨੇ ਧਰਤੀ ਨੂੰ ਤੁਹਾਡੇ ਲਈ ਰਹਿਣਯੋਗ ਜਗ੍ਹਾ ਬਣਾਇਆ ਅਤੇ ਉੱਪਰ ਆਕਾਸ਼ ਦਾ ਗੁੰਬਦ ਬਣਾ ਦਿੱਤਾ, ਜਿਸ ਨੇ ਤੁਹਾਡੀ ਬਹੁਤ ਸੋਹਣੀ ਸ਼ਕਲ-ਸੂਰਤ ਬਣਾਈ, ਜਿਸ ਨੇ ਤੁਹਾਨੂੰ ਸੋਹਣੀਆਂ (ਸਾਫ਼-ਸੁਥਰੀਆਂ) ਚੀਜ਼ਾਂ ਦਾ ਰਿਜ਼ਕ ਦਿੱਤਾ। ...ਤੁਸੀਂ ਉਸ ਦੀ ਇਬਾਦਤ ਕਰੋ!
ਯਹੂਦੀ ਬਾਈਬਲ ਤੌਰੇਤ (ਜੈਨੇਸਿਸ, 1:26-27) ਅਨੁਸਾਰ ਪ੍ਰਭੂ ਦੀ ਇੱਛਾ ਹੋਈ ਕਿ ਮੈਂ ਮਨੁੱਖ ਨੂੰ ਆਪਣੇ ਸਰੂਪ ਵਰਗਾ ਹੀ ਬਣਾਵਾਂ ਅਤੇ ਫਿਰ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਵਿਚ ਉਡਣ ਵਾਲੇ ਪੰਛੀਆਂ, ਪਸ਼ੂਆਂ, ਧਰਤੀ ਉੱਤੇ ਰੀਂਗਣ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਉਸ ਦੀ ਹਕੂਮਤ ਕਾਇਮ ਕਰਾਂ। ਸੋ, ਪ੍ਰਭੂ ਨੇ ਮਨੁੱਖ ਨੂੰ ਆਪਣੇ ਹੀ ਸਰੂਪ ਵਰਗਾ ਪੈਦਾ ਕੀਤਾ। ਇਸਾਈ ਬਾਈਬਲ ਇੰਜੀਲ (ਕੁਰਿੰਥੀਆਂ ਨੂੰ ਪੌਲੁਸ ਦਾ ਪਹਿਲਾ ਪੱਤਰ, 3:16) ਦਾ ਬੇਹੱਦ ਖੂਬਸੂਰਤ ਸੰਦੇਸ਼ ਹੈ-ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪ੍ਰਭੂ ਦਾ ਮੰਦਰ ਹੋ ਅਤੇ ਪ੍ਰਭੂ ਦੀ ਆਤਮਾ ਤੁਹਾਡੇ ਅੰਦਰ ਵਸਦੀ ਹੈ?
ਧਾਰਮਿਕ ਰਹਿਬਰਾਂ ਨੇ ਜਿਸ ਸੁੰਦਰ ਮਨੁੱਖੀ ਸਰੀਰ ਨੂੰ ਰੱਬ ਦਾ ਪਵਿੱਤਰ ਮੰਦਰ ਦੱਸਿਆ ਹੈ, ਅਸੀਂ ਬਹੁਗਿਣਤੀ ਇਸ ਨਾਲ ਆਪਣੀ ਨਿੱਜੀ ਜਾਗੀਰ ਵਾਂਗੂੰ (ਦੁਰ-) ਵਿਵਹਾਰ ਕਰਦੇ ਹਾਂ। ਜੇ ਇਸ ਦੀ ਸਾਂਭ-ਸੰਭਾਲ, ਰੱਬ ਦਾ ਮੰਦਰ ਸਮਝ ਕੇ ਕੀਤੀ ਜਾਵੇ ਤਾਂ ਜੀਵਨ ਪ੍ਰਤੀ ਸਾਡਾ ਨਜ਼ਰੀਆ ਹੀ ਬਦਲ ਜਾਵੇਗਾ, ਜ਼ਿੰਦਗੀ ਜਿਊਣ ਦੇ ਢੰਗ-ਤਰੀਕੇ ਬਦਲ ਜਾਣਗੇ। ਜਦ ਮੇਰਾ ਆਪਣਾ ਕੁਝ ਵੀ ਨਾ ਰਿਹਾ, ਸਭ ਕੁਝ ਰੱਬ ਦਾ ਹੋ ਗਿਆ ਅਤੇ ਸਭ ਮਨੁੱਖ ਰੱਬ ਦੇ ਹੋ ਗਏ ਤਾਂ ਸਭ ਕੁਝ ਸਾਂਝਾ ਹੋ ਜਾਵੇਗਾ। ਦੂਜਿਆਂ ਦਾ ਹੱਕ ਮਾਰ ਕੇ ਧਨ-ਦੌਲਤ ਦੇ ਅੰਬਾਰ ਇਕੱਠੇ ਕਰਨ ਵਾਲੀ ਧੱਕੇਸ਼ਾਹ ਅਤੇ ਅਨਿਆਂਕਾਰੀ ਬਿਮਾਰ ਸੋਚ ਦੇ ਆਧਾਰ ਖ਼ਤਮ ਹੋ ਜਾਣਗੇ। ਝਗੜੇ-ਝਮੇਲੇ, ਚਿੰਤਾਵਾਂ ਅਤੇ ਤੌਖਲੇ ਖ਼ਤਮ ਹੋਣ ਦੀਆਂ ਨਵੀਆਂ ਸੰਭਾਵਨਾਵਾਂ ਜਾਗਣਗੀਆਂ।
ਸਾਡਾ ਜੀਵਨ ਅਨਮੋਲ ਕਿਵੇਂ ਹੈ? ਕੀ ਜੀਵਨ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ? ਸਾਨੂੰ ਜੀਵਨ ਦੀ ਅਨਮੋਲਤਾ ਦਾ ਅਹਿਸਾਸ ਕਿਉਂ ਨਹੀਂ ਹੁੰਦਾ? ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਣਾ ਏਨਾ ਸਰਲ, ਸਹਿਲ ਅਤੇ ਸਹਿਜ ਨਹੀਂ, ਜਿੰਨਾ ਮਾਲੂਮ ਪੈਂਦਾ ਹੈ। ਆਮ ਮਨੁੱਖੀ ਮਨ ਜ਼ਿੰਦਗੀ ਭਰ ਇਸ ਦੀ ਅਨਮੋਲਤਾ ਨੂੰ ਜਾਣਨ ਅਤੇ ਮਾਣਨ ਤੋਂ ਸੱਖਣਾ ਰਹਿੰਦਾ ਹੈ, ਕਦੇ ਵੀ ਗੰਭੀਰ ਨਹੀਂ ਹੁੰਦਾ। ਧਰਮਗ੍ਰੰਥਾਂ ਵਿਚ ਜੀਵਨ ਦੀ ਜਿਸ ਅਨਮੋਲਤਾ ਦਾ ਅਹਿਸਾਸ ਸਾਨੂੰ ਕਰਵਾਇਆ ਗਿਆ ਹੈ, ਉਹ ਅਹਿਸਾਸ ਉਚੇਰੇ ਜੀਵਨ-ਮਨੋਰਥ, ਅਰਥਾਤ ਆਤਮ-ਵਿਗਾਸ ਵੱਲ ਨਿਰੰਤਰ ਕਾਰਜਸ਼ੀਲ ਰੱਖਣ ਵਾਲੀ ਸਵੈ-ਪ੍ਰੇਰਨਾ ਨਾਲ ਭਰਪੂਰ ਹੈ। ਆਤਮ-ਵਿਗਾਸ ਦੀ ਯਾਤਰਾ, ਆਪੇ ਨੂੰ ਪਛਾਣਨ ਤੋਂ ਸ਼ੁਰੂ ਹੋ ਕੇ ਆਪੇ ਨੂੰ ਸੰਵਾਰਨ ਦੀ ਸਖ਼ਤ ਮੁਸ਼ੱਕਤ ਭਰੀ ਪ੍ਰਕਿਰਿਆ ਵਿਚੋਂ ਗੁਜ਼ਰਦੀ ਹੈ। ਇਸ ਕਠਿਨ ਮਾਰਗ ਨੂੰ ਗੁਰੂ ਅਮਰਦਾਸ ਜੀ ਨੇ 'ਖੰਨਿਅਹੁ ਤਿਖੀ ਵਾਲਹੁ ਨਿਕੀ' ਕਿਹਾ ਹੈ।
ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਚਾਰੀਏ ਤਾਂ ਧਰਤੀ ਤੋਂ ਇਲਾਵਾ ਸੂਰਜ, ਚੰਦ, ਤਾਰਿਆਂ ਸਮੇਤ ਅਣਗਿਣਤ ਗ੍ਰਹਿ, ਆਪੋ-ਆਪਣੇ ਤਰੀਕਿਆਂ ਨਾਲ ਮਨੁੱਖੀ ਸਰੀਰ ਦੀ ਪਰਵਰਿਸ਼ ਵਿਚ ਨਿਰੰਤਰ ਜੁਟੇ ਹੋਏ ਹਨ, ਜਿਸ ਦਾ ਸਾਨੂੰ ਰੱਤੀ ਭਰ ਵੀ ਅਹਿਸਾਸ ਨਹੀਂ। ਜੀਵਨ ਦੀ ਗਤੀਸ਼ੀਲ ਹੋਂਦ, ਹਵਾ ਦੇ ਬਲਬੂਤੇ ਟਿਕੀ ਹੋਈ ਹੈ। ਧਰਤੀ, ਮਾਤਾ ਦਾ ਰੋਲ ਨਿਭਾਅ ਰਹੀ ਹੈ, ਪਾਣੀ ਪਿਤਾ ਦਾ। ਦਿਨ-ਰਾਤ ਸਾਡੇ ਖਿਡਾਵੇ ਹਨ। ਗੁਰੂ ਨਾਨਕ ਦੇਵ ਜੀ ਵਲੋਂ ਇਸ ਸੱਚ ਦੇ ਖੁਲਾਸੇ ਦਾ ਅਹਿਸਾਸ ਜਪੁ ਜੀ ਦਾ ਪਾਠ ਕਰਨ-ਸੁਣਨ ਸਮੇਂ ਰੋਜ਼ਾਨਾ ਹੁੰਦਾ ਰਹੇ ਤਾਂ ਇਹ ਸੂਤਰ ਸਾਡੇ ਜੀਵਨ ਨੂੰ ਬਦਲਣ ਲਈ ਅੰਮ੍ਰਿਤਮਈ ਪ੍ਰੇਰਕ ਸਿੱਧ ਹੋ ਸਕਦਾ ਹੈ-
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 8)
ਮੁਕਦੀ ਗੱਲ, ਇਸ ਬੇਸ਼ਕੀਮਤੀ ਸਰੀਰ ਨੂੰ ਬਣਾਉਣ/ਸੰਚਾਲਤ ਰੱਖਣ ਲਈ ਇਕ ਸਹਿਜ-ਪ੍ਰਕਿਰਿਆ ਦੇ ਅੰਤਰਗਤ ਪੂਰੇ ਬ੍ਰਹਿਮੰਡ ਦੀਆਂ ਸ਼ਕਤੀਆਂ ਕਾਰਜਸ਼ੀਲ ਹਨ। ਬਿਜ਼ਨਸ ਦੇ ਨਜ਼ਰੀਏ ਤੋਂ ਸੋਚੀਏ ਤਾਂ ਕਿਸੇ ਉਦਯੋਗਿਕ ਕੰਪਨੀ ਵਲੋਂ ਸਰੀਰ ਵਰਗੇ ਪ੍ਰੋਡਕਟ ਦੀ ਪ੍ਰੋਡਕਸ਼ਨ ਕੀਮਤ ਕਿੰਨੀ ਹੋਵੇਗੀ?
ਮੈਡੀਕਲ ਦ੍ਰਿਸ਼ਟੀ ਤੋਂ ਮਨੁੱਖ ਦਾ ਕੇਵਲ ਸਰੀਰ ਹੀ ਏਨਾ ਅਨਮੋਲ ਹੈ ਤਾਂ ਇਸ ਵਿਚ ਬਿਰਾਜਮਾਨ ਸ਼ਕਤੀਸ਼ਾਲੀ ਮਨ ਦੀ ਕੀਮਤ ਕਿੰਨੀ ਹੋਵੇਗੀ। ਇਸ ਬਾਰੇ ਸ਼ਾਇਦ ਸੀਮਤ ਮੈਡੀਕਲ ਬੁੱਧੀ ਦੇ ਸਾਰੇ ਅੰਦਾਜ਼ੇ ਫਜ਼ੂਲ ਅਤੇ ਅਸਫਲ ਸਿੱਧ ਹੋਮਗੇ। ਪਰ ਅਸੀਂ ਸਾਰੀ ਉਮਰ ਆਪਣੇ ਜੀਵਨ ਦੀ ਅਹਿਮੀਅਤ ਬਾਰੇ ਹਮੇਸ਼ਾ ਅਵੇਸਲੇ ਅਤੇ ਲਾਪ੍ਰਵਾਹ ਰਹਿੰਦੇ ਹਾਂ। ਇਥੋਂ ਤੱਕ ਕਿ ਸਾਨੂੰ ਤੇਜ਼ੀ ਨਾਲ ਅਜਾਈਂ ਬੀਤ ਰਹੇ ਕੀਮਤੀ ਸਮੇਂ ਦਾ ਅਹਿਸਾਸ ਵੀ ਨਹੀਂ ਰਹਿੰਦਾ ਕਿ ਕਿਹੜੇ-ਕਿਹੜੇ ਫਾਲਤੂ ਕੰਮਾਂ ਵਿਚ ਸਮਾਂ ਅਜਾਈਂ ਗਵਾ ਰਹੇ ਹਾਂ ਅਸੀਂ? ਫਜ਼ੂਲ ਕੰਮਾਂ ਅਤੇ ਝਗੜੇ-ਝਮੇਲਿਆਂ ਵਿਚ ਉਲਝ ਕੇ ਆਪਣੇ ਅਨਮੋਲ ਜੀਵਨ ਦੀ ਕਿੰਨੀ ਬੇਕਦਰੀ ਕਰਦੇ ਹਾਂ ਅਸੀਂ? ਸਿੱਖਣ-ਸਿਖਾਉਣ ਦੀ ਮਨਸ਼ਾ ਤੋਂ ਵਿਹੂਣੀਆਂ ਜੀਵਨ-ਕਿਰਿਆਵਾਂ ਅਤੇ ਗਤੀਵਿਧੀਆਂ, ਮੁੱਲਵਾਨ ਮਾਨਵੀ ਜੀਵਨ ਦੀ ਸਾਰਥਿਕ ਵਰਤੋਂ ਉੱਤੇ ਵੱਡੇ ਪ੍ਰਸ਼ਨ-ਚਿੰਨ੍ਹ ਖੜ੍ਹੇ ਕਰਦੀਆਂ ਹਨ।
ਜੇ ਅਸੀਂ ਸੁਚੇਤ ਹੋ ਕੇ ਹਰ ਪਲ ਆਪਣੇ ਜੀਵਨ ਦੀ ਅਨਮੋਲਤਾ ਦੇ ਭਰਪੂਰ ਅਹਿਸਾਸ ਨਾਲ, ਆਪੇ ਨੂੰ ਸੰਵਾਰਨ-ਸੁਧਾਰਨ ਵੱਲ ਸੇਧਿਤ ਰਹੀਏ ਤਾਂ ਸਾਡੇ ਜੀਵਨ ਦੇ ਸ਼ਾਂਤਮਈ ਤੇ ਅਨੰਦਮਈ ਬਤੀਤ ਹੋਣ ਦੀਆਂ ਬੇਅੰਤ ਸੰਭਾਵਨਾਵਾਂ ਹਮੇਸ਼ਾ ਰੌਸ਼ਨ ਹਨ।


-ਟੌਹੜਾ ਇੰਸਟੀਚਿਊਟ, ਬਹਾਦਰਗੜ੍ਹ (ਪਟਿਆਲਾ)।
chamkaursingh11@gmail.com


ਖ਼ਬਰ ਸ਼ੇਅਰ ਕਰੋ

ਸਾਂਝੀਵਾਲਤਾ ਦਾ ਸੂਚਕ-ਗੁਰੂ ਨਾਨਕ ਦਰਬਾਰ ਸਿੱਖ ਟੈਂਪਲ, ਦੁਬਈ

ਉਮਰ ਤਾਂ ਭਾਵੇਂ ਅਜੇ ਇਸ ਦੀ ਮਸਾਂ 7 ਸਾਲ ਹੀ ਹੈ ਪਰ ਦੁਬਈ ਦਾ ਗੁਰੂੁ ਨਾਨਕ ਦਰਬਾਰ ਸਿੱਖ ਟੈਂਪਲ (ਗੁਰਦੁਆਰਾ) ਸੰਯੁਕਤ ਅਰਬ ਅਮੀਰਾਤ ਵਿਚ ਅੰਤਰ-ਧਰਮ ਸਹਿਣਸ਼ੀਲਤਾ, ਸਦਭਾਵਨਾ, ਸ਼ਾਂਤਮਈ ਸਹਿਹੋਂਦ ਅਤੇ ਸਾਂਝੀਵਾਲਤਾ ਦੇ ਉੱਚ-ਦੁਮਾਲੜੇ ਸੂਚਕ ਵਜੋਂ ਉਭਰਿਆ ਹੈ। ਯੂ.ਏ.ਈ. ਵਿਚ ਇਨ੍ਹਾਂ ਪ੍ਰਸਪਰ ਪ੍ਰੇਮ ਅਤੇ ਮੇਲ-ਜੋਲ ਵਧਾਉਣ ਵਾਲੀਆਂ ਮਾਨਵੀ ਮਾਨਤਾਵਾਂ ਦੀ ਬੜੀ ਕਦਰ ਹੈ, ਖਾਸ ਕਰਕੇ ਸਹਿਣਸ਼ੀਲਤਾ ਦੇ ਸਿਧਾਂਤ ਦੀ। ਉਥੇ ਮੌਜੂਦਾ ਵਰ੍ਹਾ ਸਹਿਣਸ਼ੀਲਤਾ ਦੇ ਵਰ੍ਹੇ ਵਜੋਂ ਮਨਾਇਆ ਜਾ ਰਿਹੈ। ਥਾਂ-ਥਾਂ ਮਿਲਵਰਤਨ ਅਤੇ ਮੇਲ-ਮਿਲਾਪ ਰੱਖਣ ਲਈ ਪ੍ਰ੍ਰੇਰਦੇ ਸੰਦੇਸ਼ ਲਿਖੇ ਮਿਲਦੇ ਹਨ। ਖਾੜੀ ਖਿੱਤੇ ਵਿਚ ਸਹਿਣਸ਼ੀਲਤਾ ਦੇ ਸਿਧਾਂਤ ਦੀ ਕਿੰਨੀ ਮਹੱਤਤਾ ਹੈ, ਇਸ ਦਾ ਅਹਿਸਾਸ ਇਸ ਗੱਲ ਤੋਂ ਭਲੀਭਾਂਤ ਹੋ ਸਕਦੈ ਕਿ ਉਥੇ ਸਹਿਣਸ਼ੀਲਤਾ ਨਾਲ ਸਬੰਧਿਤ ਇਕ ਵੱਖਰਾ ਮਹਿਕਮਾ ਹੈ ਅਤੇ ਇਕ ਪੂਰਾ ਮੰਤਰੀ!
ਪਿੱਛੇ ਜਿਹੇ ਦੁਬਈ ਦੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਗਏ ਤਾਂ ਉਥੇ ਇਸ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਰੇਂਦਰ ਸਿੰਘ ਕੰਧਾਰੀ ਹੁਰਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲ ਗਿਆ। ਕੰਧਾਰੀ ਅਨੁਸਾਰ ਗੁਰਦੁਆਰੇ ਤਾਂ ਵੈਸੇ ਵੀ ਕੁਲ ਲੋਕਾਈ ਲਈ ਖੁੱਲ੍ਹੇ ਰਹਿੰਦੇ ਹਨ ਪਰ ਦੁਬਈ ਵਿਖੇ ਅੰਤਰ-ਧਰਮ ਸਹਿਣਸ਼ੀਲਤਾ ਨੂੰ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।
ਸਰਬ-ਸਾਂਝੀਵਾਲਤਾ ਦੇ ਇਸ ਸਿਧਾਂਤ ਤਹਿਤ ਹੋਰ ਵੀ ਕਈ ਕਲਿਆਣਕਾਰੀ ਕਾਰਜ ਕੀਤੇ ਜਾਂਦੇ ਹਨ। ਚੇਅਰਮੈਨ ਕੰਧਾਰੀ ਅਨੁਸਾਰ 2017 'ਚ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ 101 ਕੌਮਾਂ ਦੇ 600 ਲੋਕਾਂ ਨੂੰ ਸੁਬਾਹ 'ਕੰਟੀਨੈਂਟਲ ਨਾਸ਼ਤੇ' ਦਾ ਲੰਗਰ ਛਕਾ ਕੇ 'ਗਿੰਨੀਜ਼ ਵਰਲਡ ਰਿਕਾਰਡਜ਼' ਸਥਾਪਤ ਕੀਤਾ ਗਿਆ। ਸਵੇਰ ਦੇ ਇਸ ਲੰਗਰ ਦਾ ਨਾਂਅ 'ਬਰੈਕਫਾਸਟ ਫਾਰ ਡਾਈਵਰਸਿਟੀ' (ਵਿਭਿੰਨਤਾ ਲਈ ਨਾਸ਼ਤਾ) ਰੱਖਿਆ ਗਿਆ ਸੀ। 18 ਮਾਰਚ, 2018 ਨੂੰ 2,083 ਪੌਦੇ ਵੰਡ ਕੇ ਇਕ ਦਿਨ 'ਚ ਸਭ ਤੋਂ ਵੱਧ ਪੌਦੇ ਵੰਡਣ ਦਾ ਇਕ ਹੋਰ ਰਿਕਾਰਡ ਗਿੰਨੀਜ਼ ਬੁੱਕ ਵਿਚ ਦਰਜ ਕਰਵਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ 2 ਗਿੰਨੀਜ਼ ਵਰਲਡ ਰਿਕਾਰਡ ਪ੍ਰਾਪਤ ਕਰਨ ਵਾਲਾ ਇਹ ਵਿਸ਼ਵ ਦਾ ਪਹਿਲਾ ਗੁਰਦੁਆਰਾ ਹੈ।
ਇਸ ਅਸਥਾਨ ਉੱਪਰ ਸਿੱਖ ਸੰਗਤ ਤਾਂ ਆਉਂਦੀ ਹੀ ਹੈ ਪਰ ਭਾਰਤ ਸਮੇਤ ਹੋਰ ਦੇਸ਼ਾਂ ਦੇ ਸੈਲਾਨੀ ਵੀ ਬਹੁਤ ਆਉਂਦੇ ਹਨ। ਧਾਰਮਿਕ ਸਥਾਨ ਦੇ ਨਾਲ-ਨਾਲ ਇਹ ਇਕ ਸਮਾਜਿਕ/ਸਮੁਦਾਇਕ (ਕਮਿਊਨਿਟੀ) ਕਾਰਜਾਂ ਦਾ ਕੇਂਦਰ ਵੀ ਹੈ। ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਖਿੱਚ ਕਾਰਨ 'ਟਰਿੱਪ ਐਡਵਾਈਜ਼ਰ' ਨੇ ਇਸ ਨੂੰ ਯੂ.ਏ.ਈ. ਦੇ ਟੌਪ ਟੈਨ ਲੈਂਡਮਾਰਕਾਂ ਵਿਚ ਸ਼ੁਮਾਰ ਕੀਤਾ ਹੈ ਅਤੇ ਇਸ ਨੂੰ 'ਸਰਟੀਫਿਕੇਟ ਆਫ ਐਕਸਾਲੈਂਸ' ਦਿੱਤਾ ਹੈ।
ਇਥੇ 'ਯੰਗ ਹਾਰਟਜ਼ ਗਰੁੱਪ' ਨਾਂਅ ਦੀ ਸਵੈ-ਸੇਵੀ ਸੰਸਥਾ ਵੀ ਹੈ, ਜਿਸ ਦੇ ਵਲੰਟੀਅਰ ਸ੍ਰੇਸ਼ਟ ਨਾਗਰਿਕਾਂ (ਬਜ਼ੁਰਗਾਂ) ਨਾਲ ਸੰਪਰਕ ਰੱਖਦੇ ਹਨ। ਗੁਰਦੁਆਰੇ ਦੀ ਉੱਪ-ਚੇਅਰਪਰਸਨ ਸ੍ਰੀਮਤੀ ਬਬਲਜ਼ ਕੰਧਾਰੀ ਦੀ ਅਗਵਾਈ ਹੇਠ ਚੱਲ ਰਿਹਾ ਇਹ ਗਰੁੱਪ ਬਜ਼ੁਰਗਾਂ ਲਈ ਕਾਰਜ ਕਰਦਾ ਹੈ ਅਤੇ ਉਨ੍ਹਾਂ ਨਾਲ ਆਦਾਨ-ਪ੍ਰਦਾਨ ਕਰਕੇ ਇਸ ਗੱਲ ਉੱਪਰ ਜ਼ੋਰ ਦਿੰਦਾ ਹੈ ਕਿ ਜੇ ਯੁਵਕ ਸਾਡਾ ਭਵਿੱਖ ਹਨ ਤਾਂ ਬਜ਼ੁਰਗ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਸਾਡੇ ਜੀਵਨ ਨੂੰ ਸੇਧ ਦੇ ਸਕਦੇ ਹਨ।
ਸਿੱਖ ਧਰਮ ਨਾਲ ਸਬੰਧਿਤ ਹਰ ਕਿਸਮ ਦੇ ਧਰਮ-ਕਰਮ ਦੇ ਕਾਰਜਾਂ ਤੋਂ ਇਲਾਵਾ ਸੰਗਤਾਂ ਲਈ ਹਰ ਰੋਜ਼ ਲੰਗਰ ਵਰਤਾਇਆ ਜਾਂਦਾ ਹੈ। ਕੰਮਕਾਜੀ ਦਿਨਾਂ ਵਿਚ ਕਰੀਬ 1500, ਹਫ਼ਤੇ ਦੇ ਆਖਰੀ ਦਿਨਾਂ 'ਚ 15,000 ਅਤੇ ਗੁਰਪੁਰਬ/ਛੁੱਟੀ ਵਾਲੇ ਦਿਨ 50,000 ਲੋਕ ਲੰਗਰ ਛਕਦੇ ਹਨ। ਕੀਰਤਨ ਹਰ ਰੋਜ਼ ਹੁੰਦੈ।
ਲੰਗਰ ਵਰਤਾਉਣ ਵੇਲੇ ਸਫ਼ਾਈ ਦਾ ਬਹੁਤ ਹੀ ਖਿਆਲ ਰੱਖਿਆ ਜਾਂਦਾ ਹੈ। ਵਰਤਾਉਣ ਵਾਲੇ ਮੂੰਹ ਉੱਪਰ ਮੈਡੀਕੇਟਡ ਮਾਸਕ ਅਤੇ ਹੱਥਾਂ ਉਪਰ ਪਲਾਸਟਿਕ ਦੇ ਦਸਤਾਨੇ ਪਹਿਨਦੇ ਹਨ। ਪ੍ਰਸ਼ਾਦ ਵੀ ਦਸਤਾਨੇ ਪਹਿਨ ਕੇ ਵੰਡਿਆ ਜਾਂਦੈ। ਹਾਈਜੀਨ ਪੱਖੋਂ ਸਾਨੂੰ ਇਥੋਂ ਦਾ ਪ੍ਰਬੰਧ ਬਾ-ਕਮਾਲ ਲੱਗਾ।
ਇਹ ਗੁਰਦੁਆਰਾ ਦੁਬਈ ਤੋਂ ਅਬੂ ਧਾਬੀ ਜਾਣ ਵਾਲੇ ਪ੍ਰਸਿੱਧ ਰਾਸ਼ਟਰੀ ਮਾਰਗ ਅਲ ਜ਼ਾਇਦ ਰੋਡ ਦੇ ਖੱਬੇ ਪਾਸੇ ਦੁਬਈ ਦੇ ਹਾਸ਼ੀਏ 'ਤੇ ਪੈਂਦੇ ਜਬਲ ਅਲੀ ਪਿੰਡ ਦੇ ਇਲਾਕੇ ਵਿਚ ਸਥਿਤ ਹੈ। 17 ਜਨਵਰੀ, 2012 ਨੂੰ ਉਸਾਰੀ ਮੁਕੰਮਲ ਹੋਣ ਉਪਰੰਤ ਇਸ ਨੂੰ ਯੂ.ਏ.ਈ. 'ਚ ਵਸਦੇ 50,000 ਤੋਂ ਵਧ ਸਿੱਖਾਂ ਤੋਂ ਇਲਾਵਾ ਹੋਰ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਖੋਲ੍ਹਿਆ ਗਿਆ।
ਇਸ ਬਹੁ-ਮੰਜ਼ਲੀ, ਅਤਿ-ਆਧੁਨਿਕ, ਖੂਬਸੂਰਤ ਦਿੱਖ ਵਾਲੇ ਕੰਪਲੈਕਸ ਦਾ 1,00,000 ਵਰਗ ਫੁੱਟ ਬਿਲਡਿੰਗ ਏਰੀਆ ਹੈ, ਜਿਸ ਦੀ ਬੇਸਮੈਂਟ ਵਿਚ 140 ਕਾਰਾਂ ਪਾਰਕ ਕਰਨ ਦੀ ਥਾਂ ਹੈ। ਇਸ ਦੀ ਜ਼ਮੀਨ ਦੁਬਈ ਦੀ ਸ਼ੇਖਸ਼ਾਹੀ ਦੇ ਪ੍ਰਮੁੱਖ ਹਾਕਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ, ਵਾਈਸ-ਪ੍ਰੈਜ਼ੀਡੈਂਟ ਅਤੇ ਪ੍ਰਾਈਮ ਮਿਨਿਸਟਰ ਯੂ.ਏ.ਈ ਵਲੋਂ ਪ੍ਰਦਾਨ ਕੀਤੀ ਗਈ। ਕੰਧਾਰੀ ਅਨੁਸਾਰ 25,600 ਵਰਗ ਫੁੱਟ ਜ਼ਮੀਨ ਮੁਫ਼ਤ ਦਿੱਤੀ ਗਈ।
ਉਨ੍ਹਾਂ ਅਨੁਸਾਰ ਇਸ ਦੀ ਤਾਮੀਰ ਉਪਰ 65 ਮਿਲੀਅਨ ਦਰਾਮ (20 ਮਿਲੀਅਨ ਅਮਰੀਕੀ ਡਾਲਰ) ਖਰਚ ਆਏ। ਇਸ ਦਾ ਇਕ ਨਿਵੇਕਲਾ ਸ਼ਿਲਪੀ ਡਿਜ਼ਾਈਨ ਹੈ, ਜੋ ਆਧੁਨਿਕਤਾ ਅਤੇ ਪਰੰਪਰਾ ਦਾ ਸੁੰਦਰ ਸੁਮੇਲ ਹੈ। ਸ਼ਰਾ-ਯੁਕਤ ਇਸਲਾਮਿਕ ਮੁਲਕ ਵਿਚ ਗੈਰ-ਇਸਲਾਮੀ ਧਾਰਮਿਕ ਅਸਥਾਨ ਬਣਾਉਣਾ ਖਾਲਾ ਜੀ ਦਾ ਵਾੜਾ ਨਹੀਂ। ਕੰਧਾਰੀ ਅਨੁਸਾਰ ਕਈ ਸਾਲ ਲੱਗੇ ਇਸ ਦੀ ਮਨਜ਼ੂਰੀ ਹਾਸਲ ਕਰਨ ਲਈ।
'43 ਸਾਲ ਪਹਿਲਾਂ ਜਦ ਮੈਂ ਦੁਬਈ ਆਇਆ ਤਾਂ ਇਥੇ ਕੋਈ ਗੁਰਦੁਆਰਾ ਨਹੀਂ ਸੀ। ਅਸੀਂ ਰਲ ਕੇ ਛੁੱਟੀ ਵਾਲੇ ਦਿਨ ਘਰਾਂ ਵਿਚ ਕੀਰਤਨ ਕਰਿਆ ਕਰਦੇ ਸੀ। ਉਦੋਂ ਮਨ ਵਿਚ ਸੁਪਨਾ ਸੀ ਕਿ ਇਕ ਦਿਨ ਸਾਡਾ ਵੀ ਗੁਰੂ-ਘਰ ਹੋਵੇ। ਵਾਹਿਗੁਰੂ ਨੇ ਬਖਸ਼ਿਸ਼ ਕਰਕੇ ਆਖਿਰਕਾਰ ਸੁਪਨਾ ਸਾਕਾਰ ਕਰ ਦਿੱਤਾ', ਕੰਧਾਰੀ ਸਾਹਿਬ ਗੁਰੂੁ ਦਾ ਸ਼ੁਕਰਾਨਾ ਕਰਦਿਆਂ ਕਹਿੰਦੇ ਹਨ।
ਦੁਬਈ ਦੇ ਸਹਿਣਸ਼ੀਲਤਾ ਵਜ਼ੀਰ ਨਾਹਿਨ ਮੁਬਾਰਕ ਅਲ ਨਾਹਿਨ ਗੁਰਦੁਆਰਾ ਸਾਹਿਬ ਵਿਚ ਆਪਣੀ ਅਕੀਦਤ ਪੇਸ਼ ਕਰ ਚੁੱਕੇ ਹਨ। ਦੁਬਈ ਵਿਚ ਭਾਰਤ ਦੇ ਰਾਜਦੂਤ ਨਵਦੀਪ ਸਿੰਘ ਸੂਰੀ ਅਤੇ ਕਨਸੂਲੇਟ ਵਿਪੁਲ ਵੀ ਇਥੇ ਨਤਮਸਤਕ ਹੋ ਚੁੱਕੇ ਹਨ।
ਕੰਧਾਰੀ ਅਨੁਸਾਰ ਸੰਗਤਾਂ ਅਤੇ ਸੈਲਾਨੀਆਂ ਦੀ ਵਧ ਰਹੀ ਆਮਦ ਕਾਰਨ ਗੁਰਦੁਆਰੇ ਦੇ ਵਿਸਥਾਰ ਲਈ ਹੁਣ ਹੋਰ ਜਗ੍ਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ ਗੁਰੂੁ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਧੂਮ-ਧਾਮ ਨਾਲ ਮਨਾਉਣ ਲਈ ਜਨਵਰੀ ਤੋਂ ਹੀ ਧਾਰਮਿਕ/ਸਮਾਜਿਕ ਕਾਰਜਾਂ ਦਾ ਇਕ ਕੈਲੰਡਰ ਬਣਾਇਆ ਗਿਆ ਹੈ, ਜਿਸ ਤਹਿਤ ਲਗਾਤਾਰ ਸਮਾਗਮ ਹੋਣਗੇ। ਪ੍ਰਬੰਧਕਾਂ ਵਲੋਂ 12 ਨਵੰਬਰ ਨੂੰ ਗੁਰਪੁਰਬ ਵੇਲੇ ਦੁਬਈ ਵਿਚਲੀ ਵਿਸ਼ਵ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫ਼ਾ ਉੱਪਰ ਗੁਰੂ ਨਾਨਕ ਦੇਵ ਜੀ ਦਾ ਲੇਜ਼ਰ ਵਿਧੀ ਰਾਹੀਂ ਚਿੱਤਰ ਦਿਖਾਏ ਜਾਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਤਾਂ ਕਿ ਸਰਬ-ਸਾਂਝੀਵਾਲਤਾ, ਸਹਿਣਸ਼ੀਲਤਾ ਅਤੇ ਵਿਸ਼ਵ ਭਾਈਚਾਰੇ ਦਾ ਕਲਿਆਣਕਾਰੀ ਮਾਨਵਵਾਦੀ ਸੰਦੇਸ਼ ਸੰਸਾਰ ਨੂੰ ਹੋਰ ਦ੍ਰਿੜ੍ਹਾਇਆ ਜਾ ਸਕੇ!


-ਫਗਵਾੜਾ। ਮੋਬਾ: 98766-55055

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਜੈਤੋ ਮੋਰਚੇ ਦੀ ਸ਼ਹੀਦ ਬੀਬੀ ਬਲਬੀਰ ਕੌਰ

ਪੰਜਾਬ ਦੀ ਸਰਜ਼ਮੀਨ ਦਾ ਚੱਪਾ-ਚੱਪਾ ਸ਼ਹੀਦਾਂ ਦੇ ਖੂਨ ਨਾਲ ਸੁਗੰਧਿਤ ਹੈ। ਸਿੱਖ ਇਤਿਹਾਸ ਦੇ ਪੱਤਰੇ ਲਾਲ ਸੁਰਖ ਹਨ, ਜਿਨ੍ਹਾਂ ਉੱਪਰ ਸ਼ਹੀਦਾਂ ਦੀ ਗਾਥਾ ਸੁਨਹਿਰੀ ਅੱਖਰਾਂ ਨਾਲ ਜਗਮਗਾ ਰਹੀ ਹੈ। ਧਰਮ ਮੋਰਚਿਆਂ, ਸਾਕਿਆਂ, ਘੱਲੂਘਾਰਿਆਂ ਅਤੇ ਸੰਘਰਸ਼ਾਂ ਦੇ ਗੌਰਵਮਈ ਇਤਿਹਾਸ ਵਿਚ ਬੀਬੀਆਂ ਦਾ ਯੋਗਦਾਨ ਵੀ ਬਾਕਮਾਲ ਹੈ। ਇਸੇ ਲਈ ਨਿੱਤ ਦੀ ਅਰਦਾਸ ਵਿਚ ਬਹਾਦਰ ਸਿੰਘਣੀਆਂ ਦਾ ਨਾਂਅ ਵੀ ਲਿਆ ਜਾਂਦਾ ਹੈ। ਮਾਵਾਂ ਨੇ ਆਪਣੇ ਬੱਚਿਆਂ ਨੂੰ ਜੁਝਾਰੂ ਸਾਖੀਆਂ ਸੁਣਾ ਕੇ ਸਿੱਖੀ ਸਿਦਕ ਵਿਚ ਪ੍ਰਪੱਕ ਕੀਤਾ ਅਤੇ ਲੋੜ ਪੈਣ 'ਤੇ ਆਪਣੇ ਜਿਗਰ ਦੇ ਟੋਟਿਆਂ ਦੀ ਕੁਰਬਾਨੀ ਵੀ ਦਿੱਤੀ। ਅਜਿਹੀ ਹੀ ਇਕ ਵੀਰਾਂਗਣਾਂ ਬੀਬੀ ਬਲਬੀਰ ਕੌਰ ਹੋਈ ਹੈ, ਜਿਸ ਨੇ ਜੈਤੋ ਦੇ ਸ਼ਾਂਤਮਈ ਮੋਰਚੇ ਵਿਚ ਆਪਣੀ ਅਤੇ ਆਪਣੇ ਦੁੱਧ ਚੁੰਘਦੇ ਮਾਸੂਮ ਬੱਚੇ ਦੀ ਸ਼ਹਾਦਤ ਦਿੱਤੀ। ਮਹਾਰਾਜਾ ਰਿਪੂਦਮਨ ਸਿੰਘ ਨਾਭਾ ਇਕ ਦੇਸ਼ਭਗਤ ਰਾਜਾ ਸੀ। ਅੰਗਰੇਜ਼ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਸਨ? ਉਨ੍ਹਾਂ ਨੇ ਮਹਾਰਾਜੇ ਨੂੰ ਗੱਦੀ ਤੋਂ ਲਾਹ ਕੇ ਨਾਭਾ ਰਿਆਸਤ ਖੋਹ ਲਈ। ਇਸ ਦੇ ਰੋਸ ਵਜੋਂ ਸਿੱਖ ਪੰਥ ਵਲੋਂ ਜੈਤੋ ਵਿਖੇ ਗੁਰਦੁਆਰਾ ਪਾਤਸ਼ਾਹੀ ਦਸਵੀਂ, ਗੰਗਸਰ ਦੇ ਅਸਥਾਨ 'ਤੇ ਮਹਾਰਾਜੇ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ।
ਅੰਗਰੇਜ਼ ਸਰਕਾਰ ਨੇ ਬੂਟਾਂ ਸਣੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਪਾਠ ਕਰ ਰਹੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰਨ ਦਾ ਗੁਨਾਹ ਕੀਤਾ। ਇਸ ਦੇ ਪਸ਼ਚਾਤਾਪ ਵਜੋਂ ਸਿੰਘ ਹੋਰ ਅਖੰਡ ਪਾਠ ਸਾਹਿਬ ਕਰਾਉਣਾ ਚਾਹੁੰਦੇ ਸਨ ਪਰ ਹਕੂਮਤ ਨੇ ਮਨ੍ਹਾਂ ਕਰ ਦਿੱਤਾ। ਫਿਰ 14 ਸਤੰਬਰ, 1923 ਤੋਂ ਜੈਤੋ ਦਾ ਸਭ ਤੋਂ ਵੱਡਾ ਮੋਰਚਾ ਲੱਗ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਾਂਤਮਈ ਰਹਿਣ ਦਾ ਪ੍ਰਣ ਕਰ ਕੇ ਹਰ ਰੋਜ਼ 25-25 ਸਿੰਘਾਂ ਦੇ ਜਥੇ ਜੈਤੋ ਭੇਜਣ ਦਾ ਸੰਕਲਪ ਕੀਤਾ ਗਿਆ। ਅਰਦਾਸ ਕਰ ਕੇ 15 ਸਤੰਬਰ ਨੂੰ ਜਥਾ ਪੈਦਲ ਰਵਾਨਾ ਹੋਇਆ। ਸਿੰਘ ਸ਼ਬਦ ਪੜ੍ਹਦੇ ਹੋਏ ਸ਼ਾਂਤੀ ਨਾਲ ਅੱਗੇ ਵਧ ਰਹੇ ਸਨ ਪਰ ਸਰਕਾਰ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਨੇਕਾਂ ਜਥਿਆਂ ਦੀ ਗ੍ਰਿਫ਼ਤਾਰੀ ਨੇ ਸਾਰਾ ਦੇਸ਼ ਹਿਲਾ ਦਿੱਤਾ। ਫਿਰ 9 ਫਰਵਰੀ, 1924 ਈ: ਨੂੰ 500 ਸਿੰਘਾਂ ਦਾ ਪਹਿਲਾ ਜਥਾ ਕੇਸਰੀ ਬਾਣੇ, ਕਾਲੀਆਂ ਦਸਤਾਰਾਂ ਅਤੇ ਕਾਲੇ ਗਾਤਰੇ ਪਹਿਨ ਕੇ ਜੈਕਾਰਿਆਂ ਦੀ ਗੂੰਜ ਵਿਚ ਜੈਤੋ ਵੱਲ ਚੱਲ ਪਿਆ। ਜਥੇਦਾਰ ਸ: ਊਧਮ ਸਿੰਘ ਨਾਗੋਕੇ ਨੇ ਬੀਬੀਆਂ ਨੂੰ ਪਿੱਛੇ ਮੁੜਨ ਲਈ ਕਿਹਾ। ਇਕ ਨੌਜਵਾਨ ਬੀਬੀ ਬਲਬੀਰ ਕੌਰ ਆਪਣੇ ਗੋਦੀ ਦੇ ਬੱਚੇ ਨਾਲ ਸ਼ਬਦ ਪੜ੍ਹਦੀ ਜਾ ਰਹੀ ਸੀ। ਉਸ ਨੇ ਕਿਹਾ ਕਿ ਸਿੱਖ ਧਰਮ ਵਿਚ ਪੁਰਸ਼ਾਂ ਅਤੇ ਇਸਤਰੀਆਂ ਨੂੰ ਇਕੋ ਜਿਹੇ ਅਧਿਕਾਰ ਪ੍ਰਾਪਤ ਹਨ, ਇਸ ਲਈ ਮੈਂ ਵੀ ਸ਼ਹੀਦ ਹੋਣ ਦਾ ਪ੍ਰਣ ਲੈ ਕੇ ਚੱਲੀ ਹਾਂ।
ਉਸ ਦੀ ਨਿਰਭੈਤਾ, ਦਲੇਰੀ, ਗੰਭੀਰਤਾ ਅਤੇ ਜਜ਼ਬੇ ਤੋਂ ਸਾਰੇ ਬਹੁਤ ਪ੍ਰਭਾਵਿਤ ਹੋਏ ਅਤੇ ਸਾਰਾ ਜਥਾ ਚੜ੍ਹਦੀ ਕਲਾ ਨਾਲ ਮੰਜ਼ਿਲ ਵੱਲ ਵਧਣ ਲੱਗਾ। ਭਾਵੇਂ ਸਾਰਾ ਜਥਾ ਬਿਲਕੁਲ ਸ਼ਾਂਤੀ ਨਾਲ ਗੁਰਦੁਆਰਾ ਸਾਹਿਬ ਵੱਲ ਵਧ ਰਿਹਾ ਸੀ ਪਰ ਅੰਗਰੇਜ਼ਾਂ ਨੇ ਅੱਗੋਂ ਮਸ਼ੀਨਗੰਨਾਂ ਬੀੜ ਦਿੱਤੀਆਂ। ਉਨ੍ਹਾਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਬੀਬੀ ਬਲਬੀਰ ਕੌਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਜਾ ਰਹੀ ਸੀ ਕਿ ਉਸ ਦੇ ਮਾਸੂਮ ਬੱਚੇ ਨੂੰ ਇਕ ਗੋਲੀ ਵਿੰਨ੍ਹ ਗਈ। ਉਸ ਨੇ ਸ੍ਰੀ ਦਸਮੇਸ਼ ਜੀ ਦਾ ਸ਼ੁਕਰ ਕੀਤਾ ਕਿ ਉਸ ਦੇ ਲਾਡਲੇ ਪੁੱਤਰ ਨੇ ਕੁਰਬਾਨ ਹੋ ਕੇ ਉਸ ਦੀ ਕੁੱਖ ਸਫਲ ਕਰ ਦਿੱਤੀ ਹੈ। ਆਪਣੇ ਪੁੱਤਰ ਨੂੰ ਧਰਤੀ 'ਤੇ ਵਿਛਾ ਕੇ ਉਹ ਹੋਰ ਵੀ ਜੋਸ਼ ਅਤੇ ਹੌਸਲੇ ਨਾਲ ਅੱਗੇ ਵਧਣ ਲੱਗੀ। ਕੁਝ ਦੇਰ ਬਾਅਦ ਇਕ ਗੋਲੀ ਬੀਬੀ ਦੀ ਛਾਤੀ ਚੀਰ ਗਈ ਅਤੇ ਉਹ ਅਦੁੱਤੀ ਸੰਤੁਸ਼ਟੀ ਨਾਲ ਪ੍ਰਾਣ ਤਿਆਗ ਗਈ। ਆਖਰ ਇਹ ਸ਼ਹੀਦੀਆਂ ਰੰਗ ਲਿਆਈਆਂ ਅਤੇ ਸਰਕਾਰ ਇਨ੍ਹਾਂ ਦੇ ਜਜ਼ਬੇ ਅੱਗੇ ਹਾਰ ਗਈ। 27 ਅਪ੍ਰੈਲ, 1925 ਨੂੰ ਅੰਗਰੇਜ਼ ਹਕੂਮਤ ਨੂੰ ਇਨ੍ਹਾਂ ਮਹਾਨ ਕੁਰਬਾਨੀਆਂ ਅੱਗੇ ਝੁਕਣਾ ਪਿਆ। ਮੋਰਚੇ ਦੀ ਸਫਲਤਾ ਹੋਈ ਅਤੇ ਸਿੰਘਾਂ ਨੇ 101 ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਜੈਤੋ ਦਾ ਮੋਰਚਾ ਜਿੱਤ ਲਿਆ। ਬੀਬੀ ਬਲਬੀਰ ਕੌਰ ਦੀ ਸ਼ਹਾਦਤ ਸਾਡਾ ਮਾਰਗ ਦਰਸ਼ਨ ਕਰ ਕੇ ਸਾਡਾ ਸਿਰ ਉੱਚਾ ਕਰਦੀ ਹੈ।
**

'ਬਹੁ ਕਾਲ ਭਯੋ ਸੁਲਤਾਨਪੁਰੇਸ਼'

ਗੁਰੂ ਸਾਹਿਬਾਨ ਦੀ ਯਾਦ ਵਿਚ ਸਥਾਪਿਤ ਇਤਿਹਾਸਕ ਧਾਰਮਿਕ ਅਸਥਾਨ ਸਿੱਖ ਧਰਮ ਵਿਚ ਖਾਸ ਮਹੱਤਵ ਰੱਖਦੇ ਹਨ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਪੰਜਾਬ ਪ੍ਰਾਂਤ ਦੇ ਕਪੂਰਥਲਾ ਜ਼ਿਲ੍ਹੇ ਦਾ ਇਕ ਪੁਰਾਤਨ ਨਗਰ ਹੈ, ਜਿਸ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਅਤੇ ਉਲੇਖਯੋਗ ਸਥਾਨ ਹੈ। ਇਹ ਧਰਤੀ ਬਹੁਤ ਭਾਗਾਂਵਾਲੀ ਹੈ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਪਗ 14 ਸਾਲ ਇਥੇ ਗੁਜ਼ਾਰੇ। ਇਨ੍ਹਾਂ 14 ਸਾਲਾਂ ਦੀ ਠਹਿਰ ਦੌਰਾਨ ਗੁਰੂ ਜੀ ਨੇ ਲੋਕਾਈ ਨੂੰ ਅਕਾਲ ਪੁਰਖ ਨਾਲ ਜੋੜਿਆ ਅਤੇ ਕਈਆਂ ਦਾ ਉਧਾਰ ਕੀਤਾ। ਇਸ ਪਾਵਨ ਅਸਥਾਨ 'ਤੇ ਹੀ 'ਤੇਰਾ ਤੇਰਾ' ਦੀ ਧੁਨੀ ਉੱਠੀ ਸੀ ਅਤੇ ਜਾਤ-ਪਾਤ ਦੇ ਭੇਦ-ਭਾਵ ਨੂੰ ਖ਼ਤਮ ਕਰਦਿਆਂ ਗੁਰੂ ਸਾਹਿਬ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਮੋਦੀਖਾਨੇ ਦਾ ਕਾਰਜ ਸੰਭਾਲ ਕੇ ਕਿਰਤ-ਕਾਰਾਂ ਲਈ ਪੂਰਨੇ ਪਾਏ ਸਨ। ਸੁਲਤਾਨਪੁਰ ਦੀ ਪਾਵਨ ਧਰਤੀ ਤੋਂ ਹੀ ਗੁਰੂ ਜੀ ਨੇ ਜਗਤ ਜਲੰਦੇ ਨੂੰ ਤਾਰਨ ਲਈ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉਦਾਸੀਆਂ ਲਈ ਚਾਲੇ ਪਾਏ।
ਭਾਸ਼ਾ ਵਿਭਾਗ ਦੀ ਸੁਲਤਾਨਪੁਰ ਲੋਧੀ ਸਰਵੇ ਪੁਸਤਕ ਅਨੁਸਾਰ 'ਮੁਸਲਮਾਨਾਂ ਤੋਂ ਪਹਿਲਾਂ ਇਥੇ ਸਰਬਮਾਨਪੁਰ ਨਾਂਅ ਦਾ ਸ਼ਹਿਰ ਆਬਾਦ ਸੀ। ਇਹ ਕਿਹਾ ਜਾਦਾ ਹੈ ਕਿ ਮਹਿਮੂਦ ਗਜ਼ਨਵੀ ਦੇ ਇਕ ਜਰਨੈਲ ਸੁਲਤਾਨ ਲੋਧੀ ਨੇ ਆਪਣੇ ਨਾਂਅ ਉਤੇ ਇਥੇ ਇਕ ਕਸਬਾ ਵਸਾਇਆ। ਇਕ ਰਵਾਇਤ ਅਨੁਸਾਰ ਇਸ ਕਸਬੇ ਦੀ ਨੀਂਹ ਪੰਜਾਬ ਦੇ ਸੂਬੇਦਾਰ ਵਲੀ ਮੁਹੰਮਦ ਖਾਨ, ਜਿਸ ਨੂੰ ਨਾਸਰ-ਉ-ਦੀਨ ਖਾਂ ਨੇ ਨਿਯੁਕਤ ਕੀਤਾ ਸੀ, ਦੇ ਪੁੱਤਰ ਸੁਲਤਾਨ ਖਾਂ ਨੇ ਰੱਖੀ। ਬੋਧੀ ਸਾਹਿਤ ਤੋਂ ਅਜਿਹਾ ਜਾਪਦਾ ਹੈ ਕਿ ਪੰਜਵੀਂ-ਛੇਵੀਂ ਸਦੀ ਈਸਾ ਪੂਰਬ ਇਥੇ ਤਮਸਾਵਨ ਨਾਂਅ ਦਾ ਸ਼ਾਇਦ ਇਕ ਗ਼ੈਰ ਆਬਾਦ ਭਾਰੀ ਜੰਗਲ ਸੀ, ਜਿਥੇ ਕਿ ਚੌਥੀ ਸਦੀ ਈਸਾ ਪੂਰਬ ਬੋਧੀ ਧਰਮ ਦਾ ਕੇਂਦਰ ਬਣਿਆ। ਸੁਲਤਾਨਪੁਰ ਲੋਧੀ ਨੂੰ ਉਚੇਚੇ ਤੌਰ 'ਤੇ ਦੌਲਤ ਖਾਂ ਲੋਧੀ ਨੇ ਬਣਵਾਇਆ, ਜੋ ਕਿ ਇਬਰਾਹੀਮ ਲੋਧੀ ਦੇ ਰਾਜ ਸਮੇਂ ਲਾਹੌਰ ਦਾ ਗਵਰਨਰ ਸੀ।' ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸੁਲਤਾਨਪੁਰ ਨੂੰ ਵਧੇਰੇ ਰੌਣਕ ਲੋਧੀ ਵੰਸ਼ ਦੇ ਬਾਨੀ ਬਹਿਲੋਲ ਲੋਧੀ ਦੇ ਰਿਸ਼ਤੇਦਾਰ ਦੌਲਤ ਖਾਂ ਲੋਧੀ ਨੇ ਦਿੱਤੀ, ਕਿਉਂਕਿ ਇਹ ਉਸ ਦੀ ਜਗੀਰ ਦਾ ਮੁੱਖ ਨਗਰ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਉਨ੍ਹਾਂ ਨੂੰ ਵੱਖ-ਵੱਖ ਕਾਰਜਾਂ 'ਤੇ ਲਗਾਉਣ ਦਾ ਯਤਨ ਕਰ ਚੁੱਕੇ ਸਨ, ਪਰ ਰੱਬੀ ਰੂਹ ਹੋਣ ਕਾਰਨ ਉਨ੍ਹਾਂ ਦਾ ਮਨ ਦੁਨਿਆਵੀ ਕੰਮਾਂ ਵਿਚ ਨਹੀਂ ਲੱਗਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦਾ ਵਿਆਹ ਜੈ ਰਾਮ ਜੀ ਨਾਲ ਹੋਇਆ ਅਤੇ ਉਹ ਸੁਲਤਾਨਪੁਰ ਲੋਧੀ ਵਿਚ ਨਿਵਾਸ ਕਰਦੇ ਸਨ। ਜਦੋਂ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਕਿਸੇ ਕਾਰ-ਵਿਹਾਰ ਵਿਚ ਨਹੀਂ ਲੱਗਦਾ ਤਾਂ ਉਨ੍ਹਾਂ ਨੇ ਮਹਿਤਾ ਕਾਲੂ ਜੀ ਨੂੰ ਗੁਰੂ ਜੀ ਨੂੰ ਸੁਲਤਾਨਪੁਰ ਭੇਜਣ ਸਬੰਧੀ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਮਨ ਸੁਲਤਾਨਪੁਰ ਵਿਚ ਲੱਗ ਜਾਵੇ। ਪਰਿਵਾਰ ਨੇ ਵੀ ਉਨ੍ਹਾਂ ਨੂੰ ਸੁਲਤਾਨਪੁਰ ਭੇਜਣਾ ਸਵੀਕਾਰ ਕਰ ਲਿਆ। 'ਜਨਮਸਾਖੀ ਸਾਹਿਤ' ਅਨੁਸਾਰ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਸੁਲਤਾਨਪੁਰ ਲਈ ਰਵਾਨਾ ਹੋਣ ਲੱਗਦੇ ਹਨ ਤਾਂ ਮਾਤਾ ਸੁਲੱਖਣੀ ਜੀ ਗੁਰੂ ਜੀ ਕੋਲ ਉਨ੍ਹਾਂ ਨੂੰ ਵੀ ਨਾਲ ਲੈ ਕੇ ਜਾਣ ਲਈ ਅਰਜ਼ ਕਰਦੇ ਹਨ ਤਾਂ ਗਰੂ ਜੀ ਫਰਮਾਉਂਦੇ ਹਨ 'ਪਰਮੇਸਰ ਕੀਏ! ਹੁਣ ਤਾਂ ਮੈਂ ਜਾਂਦਾ ਹਾਂ, ਜੇ ਮੇਰੇ ਰੁਜ਼ਗਾਰ ਦੀ ਕਾਈ ਬਣਸੀ ਤਾਂ ਮੈ ਸਦਾਇ ਲੈਸਾਂ।' ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਗੁਰੂ ਨਾਨਕ ਸਾਹਿਬ ਦਾ ਵਿਆਹ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਦੇ ਘਰ ਸੁਲਤਾਨਪੁਰ ਵਿਚ ਹੋਣ ਦਾ ਜ਼ਿਕਰ ਮਿਲਦਾ ਹੈ ਪਰ ਬਾਕੀ ਜਨਮ ਸਾਖੀਆਂ ਵਿਚ ਗੁਰੂ ਸਾਹਿਬ ਦਾ ਵਿਆਹ ਤਲਵੰਡੀ ਵਿਚ ਹੋਣ ਦਾ ਜ਼ਿਕਰ ਹੈ। ਗੁਰੂ ਜੀ ਸੁਲਤਾਨਪੁਰ ਵਿਚ ਆਪਣੇ ਪਰਿਵਾਰ ਸਮੇਤ ਜਿਸ ਸਥਾਨ 'ਤੇ ਨਿਵਾਸ ਕਰਦੇ ਸਨ, ਮੌਜੂਦਾ ਸਮੇਂ ਵਿਚ ਉਸ ਪਾਵਨ ਸਥਾਨ 'ਤੇ ਗੁਰਦੁਆਰਾ ਗੁਰੂ ਕਾ ਬਾਗ ਸੁਸ਼ੋਭਿਤ ਹੈ। ਜੈ ਰਾਮ ਜੀ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿਚ ਮੁੱਖ ਅਧਿਕਾਰੀ ਸਨ।
ਦੌਲਤ ਖਾਂ ਜਾਗੀਰਦਾਰ ਸੀ ਅਤੇ ਆਪਣੇ ਪਿਤਾ ਤਾਤਾਰ ਖਾਂ ਦੇ ਦਿਹਾਂਤ ਉਪਰੰਤ ਪੰਜਾਬ ਦਾ ਨਾਜ਼ਮ ਬਣਿਆ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਵਿਚ ਮੋਦੀ ਲੱਗੇ, ਉਸ ਸਮੇਂ ਦੌਲਤ ਖਾਂ ਦੇ ਪਾਸ ਸੁਲਤਾਨਪੁਰ ਦੀ ਜਾਗੀਰ ਸੀ। ਗੁਰੂ ਜੀ ਨੇ ਇਹ ਨੌਕਰੀ ਭਾਈ ਜੈ ਰਾਮ ਅਤੇ ਬੇਬੇ ਨਾਨਕੀ ਜੀ ਦੀ ਪ੍ਰੇਰਣਾ ਸਦਕਾ ਸ਼ੁਰੂ ਕੀਤੀ। ਗੁਰੂ ਜੀ ਮੋਦੀਖਾਨੇ ਵਿਚ ਅਨਾਜ ਤੋਲਦੇ ਅਤੇ ਅਨਾਜ ਦਾ ਲੇਖਾ-ਜੋਖਾ ਰੱਖਦੇ ਸਨ। ਉਨ੍ਹਾਂ ਨੇ ਇਹ ਕੰਮ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਇਆ। ਗੁਰੂ ਜੀ ਤੋਂ ਪਹਿਲਾਂ ਵਾਲੇ ਮੋਦੀ ਅਨਾਜ ਦਾ ਇਕ ਵੱਡਾ ਹਿੱਸਾ ਆਪਣੇ ਕੋਲ ਰੱਖ ਲਿਆ ਕਰਦੇ ਸਨ ਅਤੇ ਅਨਾਜ ਘੱਟ ਤੋਲਦੇ ਸਨ। ਪਰ ਗੁਰੂ ਜੀ ਅਨਾਜ ਪੂਰਾ ਤੋਲਦੇ ਸਨ, ਜਿਸ ਨਾਲ ਲੋਕਾਂ ਨੂੰ ਬਹੁਤ ਫਰਕ ਪਿਆ। ਮੋਦੀਖਾਨੇ ਵਿਚ ਸਭ ਤਰ੍ਹਾਂ ਦੇ ਲੋਕਾਂ ਦਾ ਆਉਣ-ਜਾਣ ਹੋਣ ਨਾਤੇ ਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਫੈਲ ਗਈ। ਨਵਾਬ ਦੌਲਤ ਖਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਦਾ ਮੁਰੀਦ ਬਣ ਗਿਆ। ਉਸ ਨੇ ਦੋਖੀਆ ਦੁਆਰਾ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਸੁਣਨੀਆਂ ਬੰਦ ਕਰ ਦਿੱਤੀਆਂ।
ਇਸ ਪਾਵਨ ਸਥਾਨ 'ਤੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਹੱਟ ਸਾਹਿਬ ਸੁਭਾਇਮਾਨ ਹੈ, ਜਿਥੇ ਗੁਰੂ ਜੀ ਬਤੌਰ ਮੋਦੀ ਕੰਮ ਕਰਦੇ ਸਮੇਂ ਅਨਾਜ ਤੋਲਦੇ ਸਨ, ਇਸੇ ਯਾਦ ਅਨੁਸਾਰ ਵੱਖ-ਵੱਖ ਅਕਾਰ ਦੇ ਛੋਟੇ-ਵੱਡੇ ਵੱਟੇ ਮੌਜੂਦ ਹਨ, ਜੋ ਸ਼ੀਸ਼ੇ ਦੇ ਬਕਸੇ ਵਿਚ ਸੰਭਾਲੇ ਹੋਏ ਹਨ।
ਜਿਸ ਸਥਾਨ 'ਤੇ ਗੁਰੂ ਸਾਹਿਬ ਦਾ ਲੇਖਾ ਨਵਾਬ ਦੇ ਮੁਨਸ਼ੀਆਂ ਨੇ ਲਿਆ ਸੀ, ਮੋਦੀਖਾਨੇ ਦੇ ਅਨਾਜ ਦੀ ਪੜਤਾਲ ਹੋਈ ਅਤੇ ਹਿਸਾਬ-ਕਿਤਾਬ ਰੱਖਣ ਵਾਲੀਆਂ ਵਹੀਆਂ ਨੂੰ ਘੋਖਿਆ ਗਿਆ, ਉਸ ਅਸਥਾਨ 'ਤੇ ਗੁਰਦੁਆਰਾ ਕੋਠੜੀ ਸਾਹਿਬ ਸੁਸ਼ੋਭਿਤ ਹੈ।
ਇਕ ਦਿਨ ਗੁਰੂ ਜੀ ਨਿੱਤਨੇਮ ਅਨੁਸਾਰ ਵੇਈਂ ਨਦੀ 'ਤੇ ਇਸ਼ਨਾਨ ਕਰਨ ਗਏ। ਵੇਈਂ ਨਦੀ ਵਿਚ ਪ੍ਰਵੇਸ਼ ਕਰਨ ਉਪਰੰਤ ਉਹ ਤਿੰਨ ਦਿਨ ਅਲੋਪ ਰਹੇ ਅਤੇ ਤੀਸਰੇ ਦਿਨ ਬਾਹਰ ਆਏ। ਸ਼ਹਿਰ ਵਿਚ ਰੌਲਾ ਪੈ ਗਿਆ ਕਿ ਗੁਰੂ ਸਾਹਿਬ ਡੁੱਬ ਗਏ ਹਨ। ਭਾਈ ਜੈ ਰਾਮ ਅਤੇ ਬੇਬੇ ਨਾਨਕੀ ਜੀ ਵੀ ਬਹੁਤ ਘਬਰਾਏ। ਜਦੋਂ ਨਵਾਬ ਨੂੰ ਪਤਾ ਲੱਗਾ ਤਾਂ ਉਹ ਜੈ ਰਾਮ ਨੂੰ ਨਾਲ ਲੈ ਕੇ ਨਦੀ 'ਤੇ ਗਿਆ ਅਤੇ ਗੁਰੂ ਸਾਹਿਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਪਤਾ ਨਹੀਂ ਲੱਗਾ। ਗੁਰੂ ਜੀ ਦੀ ਇਸ ਅਵਸਥਾ ਦਾ ਜ਼ਿਕਰ 'ਜਨਮ ਸਾਖੀ ਸਾਹਿਤ' ਵਿਚ ਵਖਰੇਵੇਂ ਨਾਲ ਮਿਲਦਾ ਹੈ।
ਗੁਰੂ ਜੀ ਨੇ ਵੇਈਂ ਨਦੀ ਵਿਚੋਂ ਨਿਕਲਣ ਉਪਰੰਤ ਜੋ ਪਹਿਲਾ ਬਚਨ ਮੁੱਖ ਤੋਂ ਉਚਾਰਣ ਕੀਤਾ, ਉਹ 'ਨ ਕੋ ਹਿੰਦੂ ਨ ਮੁਸਲਮਾਨ' ਸੀ, ਜਿਸ ਦਾ ਭਾਵ ਇਹ ਸੀ ਕਿ ਅੱਜ ਸਹੀ ਅਰਥਾਂ ਵਿਚ ਨਾ ਹੀ ਕੋਈ ਹਿੰਦੂ ਦਿਸ ਰਿਹਾ ਹੈ, ਨਾ ਹੀ ਕੋਈ ਮੁਸਲਮਾਨ। ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਸਭ ਹੈਰਾਨ ਸਨ, ਕਿਉਂਕਿ ਸੁਲਤਾਨਪੁਰ ਇਕ ਮੁਸਲਿਮ ਧਰਮ ਦੀ ਬਹੁਤਾਤ ਵਾਲਾ ਨਗਰ ਸੀ। ਮੁਸਲਿਮ ਰਾਜ ਵਿਚ ਇਸ ਤਰ੍ਹਾਂ ਦੇ ਸ਼ਬਦ ਕਹਿਣਾ ਉਚਿਤ ਨਹੀਂ ਸੀ। ਲੋਕਾਂ ਨੇ ਦੌਲਤ ਖ਼ਾਂ ਨੂੰ ਜਾ ਕੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ 'ਨ ਕੋ ਹਿੰਦੂ ਨ ਮੁਸਲਮਾਨ' ਸ਼ਬਦ ਕਹਿ ਰਹੇ ਹਨ। ਦੌਲਤ ਖ਼ਾਂ ਨੇ ਗੁਰੂ ਜੀ ਨੂੰ ਬੁਲਾਵਾ ਭੇਜਿਆ ਅਤੇ ਨਾਲ ਹੀ ਕਾਜ਼ੀ ਨੂੰ ਵੀ ਉਥੇ ਬੁਲਾ ਲਿਆ। ਕਾਜ਼ੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਇਸ ਦਾ ਕੀ ਮਤਲਬ ਹੈ? ਹਜ਼ਰਤ ਮੁਹੰਮਦ ਦੁਆਰਾ ਚਲਾਇਆ ਧਰਮ ਕਾਇਮ ਨਹੀਂ ਹੈ? ਉਸ ਸਮੇਂ ਗੁਰੂ ਜੀ ਨੇ ਫੁਰਮਾਇਆ ਕਿ ਮੁਸਲਮਾਨ ਬਣਨਾ ਬਹੁਤ ਔਖਾ ਹੈ, ਹੰਕਾਰ ਨੂੰ ਤਿਆਗ ਕੇ ਰੱਬ ਦੀ ਰਜ਼ਾ ਵਿਚ ਰਹਿਣਾ ਸਾਰੇ ਜੀਆਂ ਲਈ ਮਨ ਵਿਚ ਹਮਦਰਦੀ ਅਤੇ ਪਿਆਰ ਰੱਖਣਾ ਹੀ ਧਰਮ ਦਾ ਅਸਲੀ ਰਾਹ ਹੈ।
ਗੁਰੂ ਜੀ ਨੇ ਲੰਬੀ ਸੋਚ-ਵਿਚਾਰ ਉਪਰੰਤ ਨਿਰਣਾ ਲਿਆ ਕਿ ਉਹ ਹੁਣ ਸੁਲਤਾਨਪੁਰ ਨਹੀਂ ਰਹਿਣਗੇ ਅਤੇ ਸੰਸਾਰ ਨੂੰ ਝੂਠੇ ਅਤੇ ਅੰਧ ਸ਼ਰਧਾ ਵਾਲੇ ਖੋਖਲੇ ਵਿਚਾਰਾਂ ਤੋਂ ਮੁਕਤ ਕਰਵਾਉਣ ਲਈ ਦੂਰ-ਦੂਰ ਸਥਾਨਾਂ ਦੀਆਂ ਉਦਾਸੀਆਂ ਕਰਨਗੇ। ਗੁਰੂ ਸਾਹਿਬ ਕਿਸੇ ਦ੍ਰਿੜ੍ਹ ਵਿਸ਼ਵਾਸ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਸਨ। ਉਨ੍ਹਾਂ ਦਾ ਉਦੇਸ਼ ਕੇਵਲ ਵੱਖ-ਵੱਖ ਜਾਤੀਆਂ ਵਿਚ ਪਰਸਪਰ ਮੇਲ-ਮਿਲਾਪ ਕਰਾਉਣਾ ਹੀ ਨਹੀਂ ਸੀ, ਉਹ ਇਕ 'ਨਿਰਮਲ ਪੰਥ' ਦੀ ਸਥਾਪਨਾ ਕਰਨ ਆਏ ਸਨ, ਜਿਸ ਦਾ ਆਧਾਰ 'ਇਕ ਨਿਰੰਕਾਰ ਵਿਚ ਦ੍ਰਿੜ੍ਹ ਵਿਸ਼ਵਾਸ' ਸੀ। ਧਰਤੀ ਉੱਪਰ ਸੱਚ ਅਤੇ ਸਮਾਨਤਾ ਦਾ ਭਾਈਚਾਰਾ ਸਥਾਪਿਤ ਕਰਨਾ, ਮਾਨਵਤਾ ਨੂੰ ਗੁਰੂ ਦੇ ਲੜ ਲਾਉਣਾ ਗੁਰੂ ਜੀ ਦਾ ਮੁੱਖ ਮੰਤਵ ਸੀ। ਇਸੇ ਮੰਤਵ ਦੀ ਪੂਰਤੀ ਹਿਤ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੁਲਤਾਨਪੁਰ ਦੀ ਪਾਵਨ ਧਰਤੀ ਤੋਂ ਵੱਖ-ਵੱਖ ਦਿਸ਼ਾਵਾਂ ਵਿਚ ਜਾ ਕੇ ਉਦਾਸੀਆਂ ਕੀਤੀਆਂ। ਭਾਈ ਗੁਰਦਾਸ ਦੀਆਂ ਵਾਰਾਂ ਅਨੁਸਾਰ :
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1:24)
'ਗੁਰੂ ਸਾਹਿਬ ਨੇ ਅਨੁਭਵ ਕੀਤਾ ਕਿ ਮਰਦਾਨੇ ਨੂੰ ਰਬਾਬ ਦੀ ਲੋੜ ਹੈ। ਰਬਾਬ ਤੰਦੀ ਤੇ ਤਾਰ ਦਾ ਇਕ ਸਾਜ਼ ਹੈ, ਜੋ ਆਮ ਨਹੀਂ ਮਿਲਦਾ ਸੀ। ਭਾਲ ਕਰਨ 'ਤੇ ਇਹ ਪਤਾ ਲੱਗਾ ਕਿ ਸੁਲਤਾਨਪੁਰ ਦੇ ਦੱਖਣ-ਪੱਛਮ ਵੱਲ ਇਕ ਪਿੰਡ ਭਰੋਆਣਾ ਹੈ, ਉਥੇ ਭਾਈ ਫਰਿੰਦੇ ਕੋਲ ਰਬਾਬ ਹੈ ਤੇ ਉਹ ਮੰਗਣ 'ਤੇ ਦੇ ਦੇਵੇਗਾ। ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ ਕਿ ਭੈਣ ਨਾਨਕੀ ਕੋਲੋਂ ਕੁਝ ਰੁਪਏ ਲੈ ਕੇ ਉਹ ਫਰਿੰਦੇ ਨੂੰ ਮਿਲੇ ਤੇ ਰਬਾਬ ਲੈ ਆਵੇ। ਭਾਈ ਫਰਿੰਦਾ ਆਪ ਸੁਲਤਾਨਪੁਰ ਆ ਕੇ ਗੁਰੂ ਜੀ ਨੂੰ ਰਬਾਬ ਦੇ ਗਿਆ।' ਸ੍ਰੀ ਗੁਰੂ ਨਾਨਕ ਦੇਵ ਜੀ ਪਾਖੰਡ, ਭੇਖ, ਵਹਿਮ, ਜਬਰ ਤੇ ਜ਼ੁਲਮ ਵਿਰੁੱਧ ਭਾਈ ਮਰਦਾਨੇ ਨੂੰ ਨਾਲ ਲੈ ਕੇ ਉਦਾਸੀਆਂ ਲਈ ਚੱਲ ਪਏ।
ਮਰਦਾਨਾ ਲੈ ਸੰਗ ਤਯਾਗ ਗੁਰੁ ਪੁਰ ਸੁਲਤਾਨੇ।
ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਹੁਕਮ ਪ੍ਰਵਾਨ ਕੀਤਾ ਅਤੇ ਮਨੁੱਖਤਾ ਦੇ ਭਲੇ ਲਈ ਵੱਖ-ਵੱਖ ਦਿਸ਼ਾਵਾਂ ਵਿਚ ਸੱਚ ਧਰਮ ਦਾ ਪ੍ਰਚਾਰ ਕੀਤਾ। ਇਸ ਕਰਕੇ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਸਿੱਖ ਮਹਾਨ ਪਵਿੱਤਰ ਅਸਥਾਨ ਦਾ ਦਰਜਾ ਦਿੰਦੇ ਹਨ।


-(ਰਿਸਰਚ ਸਕਾਲਰ) ਸਿੱਖ ਇਤਿਹਾਸ ਰਿਸਰਚ ਬੋਰਡ, ਸ੍ਰੀ ਅੰਮ੍ਰਿਤਸਰ।
gurmeetbajwa78@gmail.com

ਸੂਰਬੀਰ ਯੋਧਿਆਂ ਤੇ ਭਾਰਤੀ ਫ਼ੌਜ ਦੇ ਗੌਰਵਮਈ ਇਤਿਹਾਸ ਤੋਂ ਰੂ-ਬਰੂ ਕਰਵਾ ਰਿਹੈ 'ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ'

ਅੰਮ੍ਰਿਤਸਰ ਤੋਂ ਅਟਾਰੀ-ਵਾਹਗਾ ਸਰਹੱਦ ਨੂੰ ਜਾਂਦੀ ਸੜਕ 'ਤੇ ਸ਼ਾਮ ਸਿੰਘ ਅਟਾਰੀਵਾਲਾ ਚੌਕ ਦੇ ਪਾਸ 7 ਏਕੜ ਰਕਬੇ 'ਚ ਲਗਪਗ 150 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ 'ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ' ਦੇਸ਼ ਦੀ ਰੱਖਿਆ ਕਰਦਿਆਂ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਸੂਰਬੀਰ ਯੋਧਿਆਂ, ਸਦੀਆਂ ਪੁਰਾਣੇ ਯੁੱਧਾਂ-ਜੰਗਾਂ ਅਤੇ ਭਾਰਤੀ ਫ਼ੌਜ ਦੇ ਗੌਰਵਮਈ ਇਤਿਹਾਸ ਤੋਂ ਦਰਸ਼ਕਾਂ ਨੂੰ ਰੂ-ਬਰੂ ਕਰਵਾ ਰਿਹਾ ਹੈ। ਉਕਤ ਮੈਮੋਰੀਅਲ ਵਿਖੇ ਸ਼ਕਤੀ ਦੇ ਪ੍ਰਤੀਕ ਵਜੋਂ ਸਥਾਪਿਤ ਕੀਤੀ ਗਈ ਮਾਈਲਡ ਸਟੀਲ ਦੀ 54 ਟਨ ਭਾਰੀ ਤੇ 45 ਮੀਟਰ ਉੱਚੀ ਤਲਵਾਰ ਇਸ ਸੜਕ ਤੋਂ ਲੰਘ ਕੇ ਅਟਾਰੀ-ਵਾਹਗਾ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਵੇਖਣ ਜਾਣ ਵਾਲੇ ਸੈਲਾਨੀਆਂ ਦਾ ਧਿਆਨ ਖ਼ੁਦ-ਬਖ਼ੁਦ ਆਪਣੇ ਵੱਲ ਖਿੱਚ ਲੈਂਦੀ ਹੈ ਅਤੇ ਉਹ ਸੈਲਾਨੀ ਇਸ ਯਾਦਗਾਰ ਵਿਖੇ ਦਸਤਕ ਦੇਣਾ ਨਹੀਂ ਖੁੰਝਦੇ। ਉਕਤ ਤਲਵਾਰ ਵਿਸ਼ਵ ਦੀ ਸਭ ਤੋਂ ਉੱਚੀ ਤਲਵਾਰ ਹੈ ਅਤੇ ਇਹ ਰਾਮ ਵੀਰ ਸੁਤਾਰ ਦੁਆਰਾ ਡਿਜ਼ਾਈਨ ਕੀਤੀ ਗਈ ਹੈ। ਇਹ ਤਲਵਾਰ 5 ਹਿੱਸਿਆਂ ਵਿਚ ਮੁੰਬਈ ਤੋਂ ਉਕਤ ਮੈਮੋਰੀਅਲ 'ਚ ਲਿਆਂਦੀ ਗਈ ਸੀ। ਪੰਜਾਬ ਸਰਕਾਰ ਦੁਆਰਾ ਉਸਾਰੇ ਗਏ ਦੇਸ਼ ਦੇ ਆਪਣੀ ਕਿਸਮ ਦੇ ਇਸ ਪਹਿਲੇ ਵਾਰ ਹੀਰੋਜ਼ ਮੈਮੋਰੀਅਲ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਮੌਜੂਦਾ ਸਮੇਂ ਸੈਨਿਕ ਭਲਾਈ ਸੇਵਾਵਾਂ ਵਿਭਾਗ ਨੂੰ ਸੌਂਪੀ ਗਈ ਹੈ। ਵਾਰ ਮੈਮੋਰੀਅਲ ਦੇ ਪ੍ਰਮੁੱਖ ਦਰਵਾਜ਼ੇ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਖੱਬੇ ਹੱਥ 'ਵਾਲ ਆਫ਼ ਹੀਰੋਜ਼' ਬਣਾਈ ਗਈ ਹੈ, ਜਿਸ 'ਤੇ ਸਾਰਾਗੜ੍ਹੀ ਯੁੱਧ 'ਚ ਸ਼ਹਾਦਤ ਦੇਣ ਵਾਲੇ 21 ਸੂਰਬੀਰ ਸ਼ਹੀਦ ਸਿੱਖ ਸੈਨਿਕਾਂ ਦੇ ਮਿਊਰਲ ਚਿੱਤਰੇ ਗਏ ਹਨ ਅਤੇ ਨਾਲ ਹੀ ਦੀਵਾਰ 'ਤੇ ਉਨ੍ਹਾਂ ਸੈਨਿਕਾਂ ਦੇ ਨਾਂਅ ਵੀ ਲਿਖੇ ਗਏ ਹਨ।
'ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ' ਵਿਚ 9 ਗੈਲਰੀਆਂ ਉਸਾਰੀਆਂ ਗਈਆਂ ਹਨ। ਗੈਲਰੀਆਂ ਬਾਰੇ ਜਾਣਕਾਰੀ ਦਿੰਦਿਆਂ ਗਾਈਡ ਹੈੱਡ ਸੰਦੀਪ ਕੌਰ ਦੱਸਦੇ ਹਨ ਕਿ ਪਹਿਲੀ ਗੈਲਰੀ 'ਚ 4 ਹਜ਼ਾਰ ਸਾਲ ਪੁਰਾਣਾ ਜੰਗਾਂ-ਯੁੱਧਾਂ ਦਾ ਇਤਿਹਾਸ, ਸਿਕੰਦਰ ਪੋਰਸ ਦੇ ਯੁੱਧ, ਅਸ਼ੋਕਾ ਚੱਕਰ, ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਮੇਤ ਉਕਤ ਗੈਲਰੀ 'ਚ ਮੌਜੂਦ ਡੌਮ ਥੀਏਟਰ 'ਚ ਆਧੁਨਿਕ ਤਕਨੀਕਾਂ ਰਾਹੀਂ ਤਿਆਰ ਐਚ. ਡੀ. ਮੂਵੀ ਦੁਆਰਾ ਪਹਿਲੇ ਪੰਜ ਗੁਰੂ ਸਾਹਿਬਾਨ ਦਾ ਸੰਖੇਪ ਜੀਵਨ ਦਰਸਾਇਆ ਜਾ ਰਿਹਾ ਹੈ। ਦੂਜੀ ਗੈਲਰੀ 'ਚ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸੰਕਲਪ ਤੇ ਉਨ੍ਹਾਂ ਵਲੋਂ ਜ਼ਬਰ ਜ਼ੁਲਮ ਵਿਰੁੱਧ ਲੜੀਆਂ ਜੰਗਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਰਚਨਾ ਕੀਤੇ ਜਾਣ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰਨਾਂ ਸਿੰਘ-ਸਿੰਘਣੀਆਂ ਦੀਆਂ ਸ਼ਹਾਦਤਾਂ ਦਾ ਇਤਿਹਾਸ ਚਿੱਤਰਾਂ ਰਾਹੀਂ ਵਿਖਾਇਆ ਗਿਆ ਹੈ। ਤੀਜੀ ਗੈਲਰੀ 'ਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਲਾਹੌਰ ਦਰਬਾਰ ਅਤੇ ਦਰਬਾਰ ਦੇ ਪ੍ਰਸ਼ਾਸਨਿਕ ਪ੍ਰਬੰਧਾਂ, ਸਿੱਖ ਦਰਬਾਰ ਵਲੋਂ ਲੜੀਆਂ ਵੱਖ-ਵੱਖ ਜੰਗਾਂ, ਐਂਗਲੋ-ਸਿੱਖ ਯੁੱਧ ਤੇ ਕੋਹੇਨੂਰ ਹੀਰੇ ਦੀ ਪ੍ਰਾਪਤੀ ਬਾਰੇ ਸੰਪੂਰਨ ਹਾਲ ਸਿਲੀਕਾਨ ਦੇ ਬਣੇ ਆਦਮਕੱਦ ਬੁੱਤਾਂ ਅਤੇ ਆਧੁਨਿਕ ਤਕਨੀਕਾਂ ਦੁਆਰਾ ਵਿਸਥਾਰ ਸਹਿਤ ਪੇਸ਼ ਕੀਤਾ ਗਿਆ ਹੈ। (ਚਲਦਾ)


-ਅੰਮ੍ਰਿਤਸਰ।

ਗੁਰਦੁਆਰਾ ਡੇਰਾ ਦੁਖਭੰਜਨ ਸਾਹਿਬ ਜੀ

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਗੁਰਦੁਆਰਾ ਡੇਰਾ ਦੁਖਭੰਜਨ ਸਾਹਿਬ ਜੀ ਡੀ. ਸੀ. ਕਾਲੋਨੀ, ਊਨਾ (ਹਿ: ਪ੍ਰ:) 'ਚ ਸਥਿਤ ਹੈ, ਜਿਥੇ ਡੇਰੇ ਦੇ ਸੰਚਾਲਕ ਬਾਬਾ ਚਰਨਜੀਤ ਸਿੰਘ ਪਿਛਲੇ 30 ਸਾਲਾਂ ਤੋਂ ਗੁਰਬਾਣੀ ਦੁਆਰਾ ਸੰਗਤਾਂ ਦੀ ਸੇਵਾ ਕਰ ਰਹੇ ਹਨ। ਬਚਪਨ ਤੋਂ ਹੀ ਬਾਬਾ ਚਰਨਜੀਤ ਸਿੰਘ ਗੁਰੂ-ਘਰ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਘਰ ਗੁਰੂ ਨਾਨਕ ਅੰਸ-ਵੰਸ ਨਾਲ ਜੁੜੇ ਹੋਏ ਸਨ ਅਤੇ ਸੇਵਾ ਸਿਮਰਨ ਕਰ ਰਹੇ ਸਨ, ਜਦਕਿ ਬਾਬਾ ਚਰਨਜੀਤ ਸਿੰਘ ਸਰਕਾਰੀ ਨੌਕਰੀ ਕਰਦਿਆਂ ਹੋਇਆਂ ਵੀ ਕਾਫੀ ਸਮਾਂ ਗੁਰਬਾਣੀ, ਪਾਠ, ਕੀਰਤਨ, ਸੇਵਾ, ਸਿਮਰਨ 'ਚ ਗੁਜ਼ਾਰਦੇ ਸਨ, ਜਦਕਿ ਉਨ੍ਹਾਂ ਦੀ ਲਗਨ ਪਰਮਾਤਮਾ 'ਚ ਲੀਨ ਹੋ ਚੁੱਕੀ ਸੀ ਅਤੇ ਉਨ੍ਹਾਂ ਦੁਆਰਾ ਗੁਰਬਾਣੀ ਗਾਇਨ ਵਿਚ ਬਹੁਤ ਰਸ ਸੀ। ਸੰਗਤਾਂ ਦੇ ਸਹਿਯੋਗ ਨਾਲ ਹੁਣ ਇਹ ਗੁਰਦੁਆਰਾ ਪ੍ਰਕਾਸ਼ ਅਸਥਾਨ, ਸੁਖਆਸਨ ਅਸਥਾਨ, ਲੰਗਰ ਹਾਲ ਤੇ ਅਨੇਕਾਂ ਕਮਰਿਆਂ ਸਮੇਤ ਬਹੁਤ ਸੁੰਦਰ ਬਣ ਚੁੱਕਾ ਹੈ ਅਤੇ ਇਥੇ ਹਰ ਰੋਜ਼ ਸਵੇਰੇ-ਸ਼ਾਮ ਨਿਤਨੇਮ, ਗੁਰਬਾਣੀ ਦੇ ਕੀਰਤਨ, ਐਤਵਾਰ ਦੇ ਦੀਵਾਨ ਤੋਂ ਇਲਾਵਾ ਹਰ ਜੇਠੇ ਐਤਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ ਤੇ ਗੁਰੂ ਦੇ ਲੰਗਰ ਲਗਾਏ ਜਾਂਦੇ ਹਨ।
ਗੁਰਦੁਆਰਾ ਡੇਰਾ ਦੁਖਭੰਜਨ ਸਾਹਿਬ 'ਚ ਇਕ ਸਮਾਗਮ ਅਗਸਤ ਮਹੀਨੇ ਇਸ਼ਨਾਨ, ਜਪ, ਤਪ, ਨਾਮ, ਸੇਵਾ, ਸਿਮਰਨ ਮਨਾਇਆ ਜਾਂਦਾ ਹੈ ਜਦਕਿ ਸਾਲਾਨਾ ਸਮਾਗਮ ਤੇ ਰੈਣ ਸੁਬਾਈ ਕੀਰਤਨ ਦਰਬਾਰ ਨਵੰਬਰ ਮਹੀਨੇ ਮਨਾਇਆ ਜਾਂਦਾ ਹੈ, ਜਿਸ ਵਿਚ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ ਅਤੇ ਇਸ ਮੌਕੇ ਅਨੇਕਾਂ ਪੰਥਕ ਸ਼ਖ਼ਸੀਅਤਾਂ, ਕਥਾਵਾਚਕ, ਸੰਤ-ਮਹਾਂਪੁਰਸ਼, ਰਾਗੀ, ਢਾਡੀ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦੁਆਰਾ ਨਿਹਾਲ ਕਰਦੇ ਹਨ ਤੇ ਪੰਥ ਨੂੰ ਸੁਚੱਜੀ ਸੇਧ ਬਖਸ਼ਦੇ ਹਨ।
ਇਸ ਵਾਰ ਵੀ ਸਾਲਾਨਾ ਸਮਾਗਮ ਤੇ ਰੈਣ ਸੁਬਾਈ ਕੀਰਤਨ ਦਰਬਾਰ ਬਾਬਾ ਚਰਨਜੀਤ ਸਿੰਘ ਅਤੇ ਸਾਧ ਸੰਗਤਾਂ ਵਲੋਂ 22 ਤੋਂ 24 ਨਵੰਬਰ ਤੱਕ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ 23 ਨਵੰਬਰ ਨੂੰ ਅਨੇਕਾਂ ਸ੍ਰੀ ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਦਿਨ ਦੇ ਸਮਾਗਮ ਤੇ ਰੈਣ ਸੁਬਾਈ ਕੀਰਤਨ ਦਰਬਾਰ 'ਚ ਸੰਤ-ਮਹਾਂਪੁਰਸ਼, ਕਥਾਵਾਚਕ, ਪ੍ਰਚਾਰਕ, ਰਾਗੀ, ਢਾਡੀ ਉਪਦੇਸ਼, ਪ੍ਰਚਾਰ, ਕਥਾ ਤੇ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੁੜਨ ਦੀ ਪ੍ਰੇਰਨਾ ਦੇਣਗੇ ਅਤੇ ਇਸ ਮੌਕੇ ਸਿਰੋਪੇ ਬਖਸ਼ਿਸ਼ ਕੀਤੇ ਜਾਣਗੇ ਤੇ ਲੰਗਰ ਗੁਰੂ ਦੇ ਅਤੁੱਟ ਵਰਤਾਏ ਜਾਣਗੇ।


-ਮੁਹੱਲਾ ਗੁਰੂਸਰ, ਊਨਾ (ਹਿਮਾਚਲ ਪ੍ਰਦੇਸ਼)-174303. ਮੋਬਾ: 98164-97250

ਪ੍ਰਸਿੱਧ ਤੇ ਨਿਵੇਕਲਾ ਮੰਦਰ 'ਮੀਰਪੁਰ' ਪੰਜਾਬ

ਸ਼ਿਵ ਜੀ ਭਗਵਾਨ ਨੂੰ ਸਮੁੱਚੀ ਹਿੰਦੂ ਸੰਸਕ੍ਰਿਤੀ ਦੇ ਮਹਾਨ ਨਾਇਕ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਸਾਰੇ ਦੇਸ਼ ਵਿਚ ਭਗਵਾਨ ਸ਼ਿਵ ਜੀ ਦੇ ਅਨੇਕਾਂ ਮੰਦਰ ਹਨ, ਜੋ ਮਾਨਵ ਜਾਤੀ ਨੂੰ ਸਕਾਰਾਤਮਿਕ ਊਰਜਾ ਪ੍ਰਦਾਨ ਕਰਦੇ ਹਨ। ਅਜਿਹਾ ਹੀ ਆਸਥਾ ਭਰਪੂਰ ਤੇ ਨਿਵੇਕਲਾ ਸ਼ਿਵ ਜੀ ਮੰਦਰ ਮੀਰਪੁਰ ਹੈ, ਜੋ ਪੰਜਾਬ ਨਾਲ ਲਗਦੀ ਹਿਮਾਚਲ ਦੀ ਸਰਹੱਦ 'ਤੇ ਪੰਜਾਬ ਦੇ ਪਿੰਡ ਮੀਰਪੁਰ ਵਿਚ ਸਥਿਤ ਹੈ। ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਪੈਂਦੇ ਕਸਬਾ ਹਰਸੇ-ਮਾਨਸਰ ਤੋਂ ਚੜ੍ਹਦੇ ਪਾਸੇ ਇਸ ਦੀ ਦੂਰੀ ਸਿਰਫ 3 ਕਿਲੋਮੀਟਰ ਹੈ। ਇਸ ਮੰਦਰ ਦਾ ਪਿਛੋਕੜ ਸ੍ਰੀ ਨੰਗਲੀ ਦਰਬਾਰ ਸਾਂਖਾ, ਜ਼ਿਲ੍ਹਾ ਮੁਜੱਫਰ ਨਗਰ (ਉੱਤਰ ਪ੍ਰਦੇਸ਼) ਨਾਲ ਜੁੜਿਆ ਹੋਇਆ ਹੈ, ਜਿਸ ਦੇ ਪਹਿਲੇ ਗੱਦੀਨਸ਼ੀਨ ਸਵਾਮੀ ਅਦਵੇਤਾ ਨੰਦਪੁਰੀ ਸਨ। ਇਸ ਮੰਦਰ ਦੀ ਸਥਾਪਨਾ ਸੰਨ 1990 ਵਿਚ ਬ੍ਰਹਮਲੀਨ ਸ੍ਰੀ ਸਵਾਮੀ ਕੌਸਤੂਭਾ ਨੰਦਪੁਰੀ ਅਤੇ ਦਰਬਾਰ ਦੇ ਵਰਿਸ਼ਟ ਸੰਤਾਂ ਦੇ ਕਰ-ਕਮਲਾਂ ਨਾਲ ਹੋਈ ਸੀ। ਅੱਜਕਲ੍ਹ ਇਸ ਮੰਦਰ ਦਾ ਪ੍ਰਬੰਧ ਸੰਤ ਕਿਰਪਾਲਾ ਨੰਦ ਉਰਫ ਸੀਲਾ ਭੈਣ ਜੀ ਦੇਖ ਰਹੇ ਹਨ। ਇਸ ਮੰਦਰ ਦੇ ਸੰਚਾਲਨ ਲਈ ਪਿੰਡ ਮੀਰਪੁਰ ਨਿਵਾਸੀਆਂ ਵਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਪ੍ਰਧਾਨ ਸ੍ਰੀ ਕੇਹਰ ਸਿੰਘ ਹਨ। ਕਮੇਟੀ ਵਲੋਂ ਧਰਮ ਪ੍ਰਚਾਰ ਦੇ ਨਾਲ-ਨਾਲ ਬਿਨਾਂ ਭੇਦ-ਭਾਵ ਦੇ ਇਲਾਕੇ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਲਾਕੇ ਦੀਆਂ ਗਰੀਬ ਲੜਕੀਆਂ ਦੇ ਅਨੰਦ ਕਾਰਜ ਵੀ ਇਸ ਮੰਦਰ ਵਿਚ ਕਰਵਾਏ ਜਾਂਦੇ ਹਨ। ਮੰਦਰ ਵਿਚ ਹਰ ਸਾਲ ਸ੍ਰੀ ਮਦਭਾਗਵਤ ਮਹਾਂ-ਪੂਰਨ ਦੀ ਕਥਾ 21 ਫਰਵਰੀ ਤੋਂ 28 ਫਰਵਰੀ ਤੱਕ ਕਰਵਾਈ ਜਾਂਦੀ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਹਾਜ਼ਰੀ ਭਰਦੇ ਹਨ। ਪੂਰਾ ਹਫਤੇ ਮੰਦਰ ਵਿਚ ਭਰਵੇਂ ਮੇਲੇ ਵਰਗਾ ਦ੍ਰਿਸ਼ ਦਿਖਾਈ ਦਿੰਦਾ ਹੈ ਅਤੇ ਅਟੁੱਟ ਲੰਗਰ ਵੀ ਵਰਤਾਇਆ ਜਾਂਦਾ ਹੈ। ਸਮਾਜ ਸੇਵਾ ਦਾ ਕਾਰਜ ਇਸ ਮੰਦਰ ਦੀ ਅਧਿਆਤਮਿਕਤਾ ਨੂੰ ਦਰਸਾਉਂਦਾ ਹੈ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਸੁਣਿਐ ਈਸਰੁ ਬਰਮਾ ਇੰਦੁ॥

'ਜਪੁ' ਪਉੜੀ ਨੌਵੀਂ
ਸੁਣਿਐ ਈਸਰੁ ਬਰਮਾ ਇੰਦੁ॥
ਸੁਣਿਐ ਮੁਖਿ ਸਾਲਾਹਣ ਮੰਦੁ॥
ਸੁਣਿਐ ਜੋਗ ਜੁਗਤਿ ਤਨਿ ਭੇਦ॥
ਸੁਣਿਐ ਸਾਸਤ ਸਿਮ੍ਰਿਤਿ ਵੇਦ॥
ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਕਾ ਨਾਸੁ॥ ੯॥
(ਅੰਗ 2-3)
ਪਦ ਅਰਥ : ਈਸਰੁ-ਸ਼ਿਵ ਜੀ। ਬਰਮਾ-ਬ੍ਰਹਮਾ। ਇੰਦੁ-ਇੰਦ੍ਰ ਦੇਵਤਾ। ਮੁਖਿ-ਮੂੰਹ ਤੋਂ। ਸਾਲਾਹਣ-ਪਰਮਾਤਮਾ ਦੀ ਸਿਫਤ ਸਾਲਾਹ ਕਰਦੇ ਹਨ। ਮੰਦੁ-ਬੁਰੇ ਮਨੁੱਖ। ਤਨਿ ਭੇਦ-ਸਰੀਰ ਅੰਦਰਲੀਆਂ ਅਮੁਲ ਵਸਤਾਂ ਦਾ ਗਿਆਨ। ਜੋਗ ਜੁਗਤਿ-ਸੱਚ ਦੇ ਮਿਲਾਪ ਦੀ ਜੁਗਤੀ (ਗਿਆਨ), ਸਾਸਤ-ਸ਼ਾਸਤ੍ਰ। ਸਿਮ੍ਰਿਤਿ-ਸਿਮ੍ਰਤੀਆਂ।
8ਵੀਂ ਪਉੜੀ ਵਿਚ ਗੁਰੂ ਬਾਬਾ ਨੇ ਦ੍ਰਿੜ੍ਹ ਕਰਵਾਇਆ ਹੈ ਕਿ ਪਰਮਾਤਮਾ ਦੇ ਨਾਮ ਦੀ ਸਿਫਤ ਸਾਲਾਹ ਸੁਣਨ ਨਾਲ ਜਗਿਆਸੂ ਸਿਧਾਂ, ਪੀਰਾਂ, ਦੇਵਤਿਆਂ, ਨਾਥਾਂ ਦੀ ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਇਸ ਨੌਵੀਂ ਪਉੜੀ ਵਿਚ ਆਪ ਜੀ ਪਰਮਾਤਮਾ ਦੀ ਸਿਫਤ ਸਾਲਾਹ ਸੁਣਨ ਵਾਲਿਆਂ ਦੀ ਤੁਲਨਾ ਸ਼ਿਵ ਜੀ, ਬ੍ਰਹਮਾ, ਇੰਦ੍ਰ ਆਦਿ ਦੇਵਤਿਆਂ ਨਾਲ ਕਰ ਰਹੇ ਹਨ ਭਾਵ ਪ੍ਰਭੂ ਦੀ ਸਿਫਤ ਸਾਲਾਹ ਸੁਣਨ ਵਾਲਾ ਜਗਿਆਸੂ ਉੱਚੀ ਤੋਂ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਸ਼ਾਸਤਰਾਂ, ਸਿਮ੍ਰਤੀਆਂ ਅਤੇ ਵੇਦਾਂ ਦਾ ਗਿਆਨ ਹੋ ਜਾਂਦਾ ਹੈ। ਪਹਿਲਾਂ ਜੋ ਮੰਦੇ ਅਰਥਾਤ ਬੁਰੇ ਸਨ, ਉਹ ਵੀ ਮੁੱਖ ਤੋਂ ਪਰਮਾਤਮਾ ਦੀ ਸਿਫਤ ਸਾਲਾਹ ਕਰਨ ਲੱਗ ਪੈਂਦੇ ਹਨ, ਜਿਸ ਸਦਕਾ ਉਨ੍ਹਾਂ ਨੂੰ ਸਰੀਰ ਵਿਚਲੇ ਗੁੱਝੇ ਭੇਦਾਂ ਅਰਥਾਤ ਗਿਆਨ ਇੰਦਰੀਆਂ ਦੀ ਸਹੀ ਵਰਤੋਂ ਕਰਨ ਬਾਰੇ ਵੀ ਸੋਝੀ ਪੈ ਜਾਂਦੀ ਹੈ।
ਸ਼ਿਵ ਜੀ ਦਾ ਗਲਾ ਨੀਲਾ ਹੈ, ਜਿਸ ਕਾਰਨ ਆਪ ਜੀ ਨੂੰ ਨੀਲ ਕੰਠ ਵੀ ਆਖਿਆ ਜਾਂਦਾ ਹੈ। ਇਸ ਬਾਰੇ ਇਹ ਪ੍ਰਚੱਲਤ ਹੈ ਕਿ ਜਦੋਂ ਸਮੁੰਦਰ ਦਾ ਮੰਥਨ ਕੀਤਾ ਗਿਆ ਤਾਂ ਚੌਦ੍ਹਵੇਂ ਰਤਨ ਵਜੋਂ ਜੋ ਜ਼ਹਿਰ ਨਿਕਲੀ, ਉਸ ਜ਼ਹਿਰ ਨੂੰ ਸ਼ਿਵ ਜੀ ਨੇ ਪੀ ਲਿਆ ਤਾਂ ਜੋ ਸੰਸਾਰ ਵਿਚ ਇਸ ਤੋਂ ਹੋਰ ਕੋਈ ਪ੍ਰਭਾਵਿਤ ਨਾ ਹੋਵੇ।
ਇਕ ਹੋਰ ਕਥਾ ਪ੍ਰਸਿੱਧ ਹੈ ਕਿ ਬਾਲਕ ਨੂੰ ਬਾਹਰ ਦਰਵਾਜ਼ੇ 'ਤੇ ਖੜ੍ਹਾ ਕਰ ਕੇ ਮਾਤਾ ਪਾਰਵਤੀ ਆਪ ਅੰਦਰ ਇਸ਼ਨਾਨ ਕਰਨ ਚਲੇ ਗਏ ਅਤੇ ਬਾਲਕ ਨੂੰ ਤਾਕੀਦ ਕੀਤੀ ਕਿ ਜਦੋਂ ਤੱਕ ਮੈਂ ਇਸ਼ਨਾਨ ਕਰ ਕੇ ਨਾ ਆਵਾਂ, ਕਿਸੇ ਨੂੰ ਅੰਦਰ ਨਾ ਆਉਣ ਦੇਣਾ। ਐਨੇ ਨੂੰ ਥੋੜ੍ਹੀ ਦੇਰ ਬਾਅਦ ਸ਼ਿਵ ਜੀ ਆ ਗਏ, ਜਿਨ੍ਹਾਂ ਨੂੰ ਬਾਲਕ ਨੇ ਇਹ ਕਹਿ ਕੇ ਬਾਹਰ ਦਰਵਾਜ਼ੇ 'ਤੇ ਹੀ ਰੋਕ ਦਿੱਤਾ ਕਿ ਅੰਦਰ ਮਾਤਾ ਜੀ ਇਸ਼ਨਾਨ ਕਰ ਰਹੇ ਹਨ। ਮਹਾਂਦੇਵ ਨੇ ਬਾਲਕ ਨੂੰ ਬੜਾ ਸਮਝਾਇਆ ਕਿ ਇਹ ਘਰ ਮੇਰਾ ਹੈ ਅਤੇ ਜਿਸ ਨੂੰ ਤੂੰ ਮਾਤਾ ਜੀ ਕਹਿੰਦਾ ਹੈਂ, ਉਹ ਮੇਰੀ ਪਤਨੀ ਪਾਰਵਤੀ ਹੈ ਪਰ ਬਾਲਕ ਨੇ ਸ਼ਿਵ ਜੀ ਦੀ ਇਕ ਨਾ ਮੰਨੀ ਅਤੇ ਮਹਾਂਦੇਵ ਨੂੰ ਦਰਵਾਜ਼ੇ 'ਤੇ ਰੋਕੀ ਰੱਖਿਆ। ਆਖਰ ਕ੍ਰੋਧ ਵਿਚ ਆ ਕੇ ਸ਼ਿਵ ਜੀ ਨੇ ਬਾਲਕ ਦਾ ਸਿਰ ਵੱਢ ਦਿੱਤਾ ਅਤੇ ਕ੍ਰੋਧਿਤ ਹੋ ਕੇ ਆਖਿਆ ਕਿ ਤੂੰ ਕੌਣ ਹੁੰਦਾ ਹੈਂ ਮੈਨੂੰ ਆਪਣੇ ਘਰ ਜਾਣ ਤੋਂ ਰੋਕਣ ਵਾਲਾ?
ਬਾਅਦ ਵਿਚ ਮਾਤਾ ਪਾਰਵਤੀ ਦੇ ਵਿਰਲਾਪ ਕਰਨ 'ਤੇ ਸ਼ਿਵ ਜੀ ਨੇ ਆਪਣੇ ਘਰ ਅੱਗਿਓਂ ਲੰਘ ਰਹੇ ਹਾਥੀ ਦਾ ਸਿਰ ਵੱਢ ਕੇ ਬਾਲਕ 'ਤੇ ਜ਼ੋਰ ਦਿੱਤਾ ਅਤੇ ਉਸ ਦਾ ਨਾਂਅ ਗਣੇਸ਼ ਰੱਖਿਆ, ਜੋ ਬੜਾ ਸੂਰਮਾ ਅਤੇ ਬੁੱਧੀਮਾਨ ਹੋਇਆ। ਗਣੇਸ਼ ਜੀ ਨੂੰ ਗਣਪਤੀ ਵੀ ਆਖਿਆ ਜਾਂਦਾ ਹੈ।
ਇੰਦੁ (ਇੰਦ੍ਰ) : ਇਕ ਮਿਥ ਅਨੁਸਾਰ ਇੰਦ੍ਰ ਸਾਰੇ ਦੇਵਤਿਆਂ ਦਾ ਰਾਜਾ ਅਤੇ ਮੀਂਹ (ਬਾਰਿਸ਼) ਵਰਸਾਉਣ ਵਾਲਾ ਰਾਜਾ ਸਮਝਿਆ ਜਾਂਦਾ ਹੈ। ਇਸ ਦੇਵ ਬਾਰੇ ਬਹੁਤ ਸਾਰੀਆਂ ਕਹਾਣੀਆਂ ਪ੍ਰਚੱਲਿਤ ਹਨ, ਜੋ ਚੰਗੀਆਂ ਵੀ ਹਨ ਅਤੇ ਕੁਝ ਭੋਗ ਬਿਲਾਸ ਨਾਲ ਸਬੰਧਤ ਹਨ ਜਿਵੇਂ ਗੌਤਮ ਰਿਸ਼ੀ ਦੀ ਸੁੰਦਰ ਪਤਨੀ ਅਹੱਲਿਆ ਬਾਰੇ ਜ਼ਿਕਰ ਆਉਂਦਾ ਹੈ, ਜਿਸ ਕਾਰਨ ਰਿਸ਼ੀ ਨੇ ਇੰਦ੍ਰ ਨੂੰ ਸਰਾਪ ਦਿੱਤਾ ਸੀ ਕਿ ਤੇਰੇ ਸਰੀਰ 'ਤੇ ਹਜ਼ਾਰਾਂ ਭਾਗ ਹੋਣਗੇ, ਜਿਸ ਸਦਕਾ ਇੰਦ੍ਰ ਸ਼ਰਮ ਦਾ ਮਾਰਾ ਲੁਕਦਾ ਫਿਰੇ, ਜੋ ਬਾਅਦ ਵਿਚ ਗੁਰੂ ਬ੍ਰਹਿਸਪਤੀ ਦੇ ਆਖਣ 'ਤੇ ਇੰਦ੍ਰ ਨੇ ਗੌਤਮ ਰਿਸ਼ੀ ਤੋਂ ਮੁਆਫ਼ੀ ਮੰਗੀ ਅਤੇ ਗੌਤਮ ਰਿਸ਼ੀ ਨੇ ਦਿੱਤਾ ਸਰਾਪ ਵਾਪਸ ਲੈ ਲਿਆ।
ਸਿਮ੍ਰਿਤਿ (ਸਿਮ੍ਰਿਤੀ) : ਰਿਖੀਆਂ ਦੇ ਲਿਖੇ ਹੋਏ ਉਹ ਧਾਰਮਿਕ ਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ (ਪਦਾਂ ਦਾ ਸਮੂਹ) ਅਤੇ ਬਜ਼ੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰ ਕੇ ਲਿਖੇ ਹਨ। ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ 31 ਹਨ।
ਵੇਦ : ਵੇਦਾਂ ਦੀ ਗਿਣਤੀ 4 ਹੈ-ਰਿਗੁ ਵੇਦ, ਯਜੁਰ ਵੇਦ, ਅਥਰਬਣ ਵੇਦ ਅਤੇ ਸਾਮ ਵੇਦ। ਵੇਦ ਹਿੰਦੂ ਧਰਮ ਦੇ ਗਿਆਨਦਾਤਾ ਪ੍ਰਮੁੱਖ ਗ੍ਰੰਥ ਹਨ, ਜੋ ਕਿਸੇ ਇਕ ਦੇ ਰਚੇ ਹੋਏ ਨਹੀਂ ਹਨ। ਇਨ੍ਹਾਂ ਵਿਚ ਵਸ਼ਿਸ਼ਦ ਜੀ, ਵਿਸ਼ਵਾਮਿਤ੍ਰ ਜੀ, ਭਾਰਦਵਾਜ ਜੀ ਆਦਿ ਅਨੇਕਾਂ ਰਿਸ਼ੀਆਂ ਦੇ ਰਚੇ ਹੋਏ ਮੰਤਰ ਹਨ, ਜਿਨ੍ਹਾਂ ਵਿਚ ਸੂਰਜ, ਅਗਨੀ, ਪਵਨ, ਇੰਦ੍ਰ ਆਦਿ ਦੇਵਤਿਆਂ ਦੀ ਮਹਿਮਾ ਕੀਤੀ ਗਈ ਹੈ। ਰਿਗ ਵੇਦ ਵਿਚ ਦੇਵਤਿਆਂ ਦੀ ਉਸਤਤ ਕੀਤੀ ਗਈ ਹੈ।
ਯਜੁਰ ਵੇਦ ਵਿਚ ਯਗ ਅਤੇ ਪੂਜਨ ਕਰਨ ਬਾਰੇ ਮੰਤਰ ਹਨ। ਅਥਰ ਵੇਦ ਵਿਚ ਹਵਨ ਸਬੰਧੀ ਮੰਤਰ ਦਰਜ ਹਨ। ਇਨ੍ਹਾਂ ਮੰਤਰਾਂ ਦੀ ਗਿਣਤੀ 760 ਹੈ।
ਸਾਮ ਵੇਦ ਦੇ ਮੰਤ੍ਰਾਂ ਨੂੰ ਯੱਗ ਅਤੇ ਮੰਗਲ ਕਰਮਾਂ 'ਤੇ ਗਾਇਆ ਜਾਂਦਾ ਹੈ। ਇਸ ਵਿਚਲੇ ਮੰਤ੍ਰਾਂ ਦੀ ਗਿਣਤੀ 1549 ਹੈ।
ਗੁਰੂ ਪੰਚਮ ਪਾਤਸ਼ਾਹ ਉਨ੍ਹਾਂ ਜਗਿਆਸੂਆਂ ਤੋਂ ਕੁਰਬਾਨ ਜਾਂਦੇ ਹਨ ਜੋ ਆਪਣੇ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਦੇ ਹਨ-
ਤਿਸੁ ਘੋਲਿ ਘੁਮਾਈ
ਜਿਨਿ ਪ੍ਰਭੁ ਸ੍ਰਵਣੀ ਸੁਣਿਆ॥
(ਰਾਗੁ ਵਡਹੰਸੁ, ਅੰਗ 577)
ਘੋਲਿ ਘੁਮਾਈ-ਸਦਕੇ ਜਾਂਦੇ ਹਨ। ਸ੍ਰਵਣੀ-ਕੰਨਾਂ ਨਾਲ।
ਆਪ ਜੀ ਦੇ ਰਾਗੁ ਮਾਰੂ ਸੋਹਲੇ ਵਿਚ ਵੀ ਬਚਨ ਹਨ ਕਿ ਹੇ ਮਾਲਕ ਪ੍ਰਭੂ, ਦਇਆ ਕਰੋ, ਮੈਂ ਆਪਣੇ ਕੰਨਾਂ ਨਾਲ ਤੇਰਾ ਪਵਿੱਤਰ ਨਾਮ ਸੁਣਦਾ ਰਹਾਂ। ਹੇ ਪ੍ਰਭੂ, ਮੈਨੂੰ ਕੇਵਲ ਤੇਰਾ ਹੀ ਆਸਰਾ ਹੈ। ਮੇਰੇ 'ਤੇ ਕਿਰਪਾ ਕਰੋ ਤਾਂ ਕਿ ਆਤਮਿਕ ਮੌਤ ਲਿਆਉਣ ਵਾਲੀ ਕਾਮ ਵਾਸ਼ਨਾ ਨੂੰ ਮੈਂ ਤਿਆਗ ਦਿਆਂ-
ਸ੍ਰਵਣੀ ਸੁਣਉ ਬਿਮਲ ਜਸੁ ਸੁਆਮੀ॥
ਏਕਾ ਓਟ ਤਜਉ ਬਿਖੁ ਕਾਮੀ॥ (ਅੰਗ 1080)
ਬਿਮਲ-ਪਵਿੱਤਰ। ਸੁਆਮੀ-ਹੇ ਮਾਲਕ ਪ੍ਰਭੂ। ਏਕਾ-ਇਕ ਤੇਰਾ ਹੀ। ਓਟ-ਆਸਰਾ ਹੈ। ਤਜਉ-ਤਿਆਗ ਦੇਵਾਂ। ਬਿਖੁ-ਜ਼ਹਿਰ, ਆਤਮਿਕ ਮੌਤ ਲਿਆਉਣ ਵਾਲੀ। ਕਾਮੀ-ਕਾਮ ਵਾਸ਼ਨਾ।
ਪਉੜੀ ਦੇ ਅੱਖਰੀ ਅਰਥ : ਪਰਮਾਤਮਾ ਦੀ ਸਿਫਤ ਸਾਲਾਹ ਸਰਵਣ ਕਰਨ ਨਾਲ ਪ੍ਰਾਣੀ ਸ਼ਿਵ ਜੀ, ਬ੍ਰਹਮਾ ਅਤੇ ਇੰਦਰ ਜਿਹੇ ਮਹਾਂਪੁਰਖਾਂ ਦੀ ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਪਰਮਾਤਮਾ ਦਾ ਨਾਮ ਸੁਣਨ ਵਾਲੇ ਬੁਰੇ ਮਨੁੱਖ ਵੀ ਸੁਧਰ ਜਾਂਦੇ ਹਨ ਅਤੇ ਮੁੱਖ ਤੋਂ ਪਰਮਾਤਮਾ ਦੀ ਸਿਫਤ ਸਾਲਾਹ ਕਰਨ ਲੱਗ ਪੈਂਦੇ ਹਨ।
ਪਰਮਾਤਮਾ ਦਾ ਨਾਮ ਸੁਣਨ ਨਾਲ ਸੱਚ ਬਾਰੇ ਸੋਝੀ ਪੈ ਜਾਂਦੀ ਹੈ, ਸਰੀਰ ਅੰਦਰਲੀਆਂ ਗੁੱਝੀਆਂ ਗੱਲਾਂ ਅਰਥਾਤ ਗਿਆਨ ਇੰਦਰੀਆਂ ਬਾਰੇ ਪਤਾ ਲੱਗ ਜਾਂਦਾ ਹੈ ਅਤੇ ਸ਼ਾਸਤਰਾਂ, ਸਿੰਮ੍ਰਿਤੀਆਂ, ਵੇਦਾਂ ਆਦਿ ਦੇ ਮੂਲ ਸਿਧਾਂਤਾਂ ਬਾਰੇ ਗਿਆਨ ਹੋ ਜਾਂਦਾ ਹੈ।
ਪਉੜੀ ਦੀਆਂ ਅੰਤਲੀਆਂ ਤੁਕਾਂ ਵਿਚ ਜਗਤ ਗੁਰੂ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਦੀ ਸਿਫਤ ਸਾਲਾਹ ਸੁਣਨ ਨਾਲ ਸਾਰੇ ਦੁੱਖਾਂ-ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ ਅਤੇ ਅਜਿਹੇ ਭਗਤ ਜਨਾਂ ਦਾ ਹਿਰਦਾ ਸਦਾ ਖਿੜਿਆ ਰਹਿੰਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਵੱਧ ਪ੍ਰਭਾਵੀ ਹੁੰਦੇ ਹਨ ਸੰਖੇਪ ਤੇ ਸੁੰਦਰ ਸ਼ਬਦ

ਹਰ ਵਿਅਕਤੀ ਆਪਣੀ ਮਾਨਸਿਕ ਸਮਰੱਥਾ ਅਨੁਸਾਰ ਹੀ ਚੰਗੇ ਇਨਸਾਨ ਵਿਚ ਪਰਿਵਰਤਿਤ ਹੁੰਦਾ ਹੈ। ਮਨ ਦੀ ਸ਼ਕਤੀ ਨਾਲ ਹੀ ਵਿਅਕਤੀ ਸਮਾਜ ਵਿਚ ਉਸਾਰੂ ਭੂਮਿਕਾ ਨਿਭਾਉਂਦਾ ਹੈ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਵਿਅਕਤੀ ਦੀ ਸ਼ਖ਼ਸੀਅਤ ਦਾ ਪ੍ਰਭਾਵ ਉਸ ਦੀ ਬੋਲਚਾਲ ਤੋਂ ਪੈਂਦਾ ਹੈ। ਤੁਸੀਂ ਆਪਣਾ ਪ੍ਰਭਾਵ ਕਿਵੇਂ ਦੂਜੇ 'ਤੇ ਪਾਉਂਦੇ ਹੋ, ਇਹ ਤੁਹਾਡੀ ਵਿਚਾਰ ਸ਼ਕਤੀ ਅਤੇ ਤੁਹਾਡੀ ਬੋਲਚਾਲ ਜਾਂ ਵਿਚਾਰ ਪ੍ਰਗਟ ਕਰਨ ਦੇ ਢੰਗ 'ਤੇ ਨਿਰਭਰ ਕਰਦਾ ਹੈ। ਵਿਅਕਤੀ ਭਾਵੇਂ ਕਿੰਨਾ ਵੀ ਗਿਆਨ ਕਿਉਂ ਨਾ ਰੱਖਦਾ ਹੋਵੇ ਅਤੇ ਲੰਬਾ-ਚੌੜਾ ਭਾਸ਼ਣ ਕਰੇ ਪਰ ਹੋ ਸਕਦਾ ਹੈ ਉਹ ਸਰੋਤਿਆਂ 'ਤੇ ਆਪਣਾ ਪ੍ਰਭਾਵ ਨਾ ਪਾ ਸਕੇ। ਦੂਜੇ ਪਾਸੇ ਇਕ ਵਿਅਕਤੀ ਸੁੰਦਰ ਅਤੇ ਸੰਖੇਪ ਸ਼ਬਦਾਂ ਵਿਚ ਹੀ ਸਰੋਤਿਆਂ 'ਤੇ ਆਪਣਾ ਪ੍ਰਭਾਵ ਛੱਡ ਜਾਂਦਾ ਹੈ। ਮਨੁੱਖ ਦੂਜਿਆਂ 'ਤੇ ਜੋ ਪ੍ਰਭਾਵ ਪਾਉਂਦਾ ਹੈ, ਉਹ ਨਾ ਤਾਂ ਕੇਵਲ ਵਿਚਾਰਾਂ 'ਤੇ ਅਤੇ ਨਾ ਹੀ ਭਾਸ਼ਾ 'ਤੇ, ਸਗੋਂ ਸੰਖੇਪ ਅਤੇ ਸੁੰਦਰ ਸ਼ਬਦਾਂ 'ਤੇ ਨਿਰਭਰ ਕਰਦਾ ਹੈ। ਵਿਅਕਤੀ ਜਦ ਆਪਣੇ ਮਨ ਦੀ ਸ਼ਕਤੀ ਦੀ ਸਹਾਇਤਾ ਨਾਲ ਸਾਕਾਰਾਤਮਿਕ ਵਿਚਾਰਾਂ ਨੂੰ ਸੁੰਦਰ ਅਤੇ ਸੰਖੇਪ ਸ਼ਬਦਾਂ ਵਿਚ ਪ੍ਰਗਟ ਕਰਦਾ ਹੈ ਤਾਂ ਸਰੋਤੇ ਉਸ ਨੂੰ ਸੁਣਦੇ ਵੀ ਹਨ ਅਤੇ ਉਨ੍ਹਾਂ ਨੂੰ ਅਪਣਾਉਂਦੇ ਵੀ ਹਨ ਤੇ ਉਨ੍ਹਾਂ ਦਾ ਪ੍ਰਭਾਵ ਵੀ ਲੰਬਾ ਸਮਾਂ ਰਹਿੰਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਦਕੀ ਸਿੱਖ

ਭਾਈ ਫਿਰਣਾ ਜੀ ਅਤੇ ਭਾਈ ਜੋਧ ਖਹਿਰਾ ਜੀ

ਭਾਈ ਫਿਰਣਾ ਜੀ ਅਤੇ ਭਾਈ ਜੋਧ ਖਹਿਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਬਣ ਗਏ ਸਨ। ਉਨ੍ਹਾਂ ਨੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਸਾਨੂੰ ਅਜਿਹਾ ਉਪਦੇਸ਼ ਦਿਓ, ਜਿਸ ਨਾਲ ਸਿੱਖੀ ਪ੍ਰਾਪਤ ਹੋਵੇ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਮਨ ਨੂੰ ਨੀਵਾਂ ਕਰਨ ਨਾਲ ਸਿੱਖੀ ਪ੍ਰਾਪਤ ਹੁੰਦੀ ਹੈ। ਤੁਸੀਂ ਸਿੱਖਾਂ ਦੀ ਸੇਵਾ ਕਰਨੀ, ਪਿਛਲੀ ਰਾਤ ਨੂੰ ਉੱਠ ਕੇ ਇਸ਼ਨਾਨ ਕਰਨਾ, ਗੁਰੂ ਦੇ ਨਾਮ ਦਾ ਸਿਮਰਨ ਕਰਨਾ, ਮਨ ਨੀਵਾਂ ਰੱਖਣਾ, ਸਾਧ-ਸੰਗਤ ਵਿਚ ਜਾ ਕੇ ਨਿਮਰਤਾ ਸਹਿਤ ਗੁਰੂ ਦਾ ਸ਼ਬਦ ਸੁਣਨਾ ਅਤੇ ਫਿਰ ਦੋਵਾਂ ਨੇ ਆਪਸ ਵਿਚ ਬਾਣੀ 'ਤੇ ਭਰੋਸਾ ਕਾਇਮ ਕਰਨਾ। ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਉਨ੍ਹਾਂ ਦਾ ਉਧਾਰ ਹੋ ਗਿਆ ਸੀ।
ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ 'ਦੋਇ ਗੁਰੂ ਕੀ ਸ਼ਰਨ ਆਏ, ਸਿਖੀ ਦੀ ਯਾਚਨਾ ਕੀਤੀ ਤਾਂ ਬਚਨ ਹੋਇਆ ਪਿਛਲੀ ਰਾਤ ਉਠ ਕਰ ਇਸ਼ਨਾਨ ਕਰਨਾ ਫਿਰ ਇਸ ਸ਼ਬਦ 'ਨਾਮ' ਦਾ ਜੋ ਬਖਸ਼ਿਸ਼ ਹੁੰਦਾ ਹੈ, ਅਭਯਾਸ ਕਰਨਾ। ਇਹ ਨਾਮ ਜੋ ਤੁਸਾਂ ਜਪਣਾ ਹੈ, ਕਰਤਾਰ ਦਾ ਹੈ। ਉਸ ਨੂੰ ਆਪਣਾ ਸੁਆਮੀ ਜਾਣਨਾ, ਨਾਮ ਉਸ ਮਾਲਕ ਦਾ ਜਾਣ ਕੇ ਅਭਯਾਸ ਕਰਨਾ ਹੈ। ਬਾਣੀ ਦਾ ਮੰਨਨ ਕਰਨਾ ਅਰਥਾਤ ਆਪਸ ਵਿਚ ਬਾਣੀ ਦਾ ਕੀਰਤਨ ਵੀਚਾਰ ਕਰਦੇ ਰਹਿਣਾ। ਇਸ ਕਰਨੀ ਦੇ ਨਾਲ ਵਿਸ਼ੇਸ਼ ਸਿਖਯਾ ਇਹ ਧਾਰਨੀ ਹੈ ਕਿ ਮਨ ਨੀਵਾਂ ਰੱਖਣਾ, ਸਿੱਖੀ ਮਨ ਨੀਵਾਂ ਰੱਖਣ ਨਾਲ ਪ੍ਰਾਪਤ ਹੁੰਦੀ ਹੈ। ਕਿਉਂਕਿ ਉਚਾ ਮਨ ਬੁਧਿ ਦੇ ਉਤੇ ਵਗਦਾ ਹੈ ਤੇ ਬੁਧਿ ਨੂੰ ਵਿਚਲਾ ਦਿੰਦਾ ਹੈ। ਮਨ ਸਦਾ ਬੁਧਿ ਦੀ ਅਗਵਾਨੀ ਵਿਚ ਟੁਰੇ, ਇਹ ਮਨ ਦਾ ਨੀਵਾਂ ਹੋਣਾ ਹੈ। ਫੇਰ ਹੰਕਾਰ ਦੀ ਨਿਵਰਤੀ ਗੁਰਸਿੱਖਾਂ ਦੀ ਸੇਵਾ ਨਾਲ ਹੁੰਦੀ ਹੈ। ਫੇਰ ਤੁਸਾਂ ਸਾਧ ਸੰਗਤ ਵਿਚ ਜਾ ਕੇ ਗੁਰੂ ਦਾ ਸ਼ਬਦ ਪ੍ਰੀਤ ਨਾਲ ਸੁਣਨਾ, ਐਸਾ ਕਰੋਗੇ ਤਾਂ ਭਵਜਲ ਨੂੰ ਤਰ ਜਾਓਗੇ। 'ਏਹ ਦੋੲੈ ਮਿੱਤ੍ਰ ਇਸੇ ਰਾਹੇ ਟੁਰ ਪਏ।'
ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ਭਾਈ ਫਿਰਣਾ ਜੀ ਤੇ ਜੋਧ ਜੀ ਗੁਰੂ ਨਾਨਕ ਪਾਤਸ਼ਾਹ ਕੋਲ ਆਏ ਤੇ ਅਰਦਾਸ ਕੀਤੀ, 'ਕੋਈ ਐਸਾ ਉਪਦੇਸ਼ ਕਰੋ ਜੀ ਜਿਸ ਕਰਕੇ ਸਾਡਾ ਕਲਿਆਣ ਹੋਵੇ ਤੇ ਸਿੱਖੀ ਪ੍ਰਾਪਤ ਹੋਵੇ।' ਤਾਂ ਬਚਨ ਹੋਇਆ, 'ਮਨ ਨੀਵਾਂ ਕਰ ਸਿੱਖੀ ਪ੍ਰਾਪਤ ਹੁੰਦੀ ਹੈ। ਜੋ ਤੁਹਾਡੇ ਸਰੀਰ ਪਾਸੋਂ ਸੇਵਾ ਸਿੱਖਾਂ ਦੀ ਹੋਇ ਆਵੈ ਸੋ ਕਰਨੀ ਤੇ ਪਿਛਲੀ ਰਾਤ ਉਠ ਕੇ ਇਸ਼ਨਾਨ ਕਰ ਕੇ ਨਾਮ ਦਾ ਅਭਿਆਸ ਕਰਨਾ ਤੇ ਮਨ ਨੀਵਾਂ ਰੱਖਣਾ। ਵਾਹਿਗੁਰੂ ਨੂੰ ਸੁਆਮੀ ਜਾਣਨਾ ਤੇ ਆਪ ਨੂੰ ਸੇਵਕ। ਸਾਧ ਸੰਗਤਿ ਵਿਚ ਜਾਇਕੈ ਪ੍ਰੀਤ ਕਰ ਕੇ ਗੁਰੂ ਕਾ ਸ਼ਬਦ ਸੁਣਨਾ।' ਦੋਨੋਂ ਸ਼ਬਦ ਤੇ ਸੇਵਾ ਦੀ ਮੂਰਤ ਹੀ ਬਣ ਗਏ। ਦੋਨੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋ ਕੇ ਆਤਮ-ਗਿਆਨੀ ਅਤੇ ਵੱਡੇ ਪਰਉਪਕਾਰੀ ਬਣੇ।
ਮੁਹਸਨ ਫ਼ਾਨੀ ਨੇ ਦਬਿਸਤਾਨਿ ਮਜ਼ਾਹਬ ਵਿਚ ਲਿਖਿਆ ਹੈ ਕਿ, 'ਜੋ ਨਾਨਕ ਦੇ ਰਾਹ ਟੁਰ ਪੈਂਦੇ ਸਨ, ਉਨ੍ਹਾਂ ਨੂੰ ਕਰਤਾਰੀ ਕਿਹਾ ਜਾਂਦਾ ਸੀ। ਗੁਰੂ ਜੀ ਦਾ ਉਪਦੇਸ਼ ਮੰਨਣ ਵਾਲੇ ਇਕ ਤਾਂ ਕਰਤਾਰ ਵਾਹਿਗੁਰੂ ਦੇ ਉਪਾਸਕ ਹੁੰਦੇ ਸਨ, ਦੂਜੇ ਕਰਤਾਰਪੁਰ ਦੀ ਮਰਯਾਦਾ ਹੀ ਆਪਣੇ ਨਗਰਾਂ ਤੇ ਜੀਵਨ ਵਿਚ ਨਿਭਾਉਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਰਤਾਰੀ ਸੰਗਤ ਨੂੰ 'ਵਾਹਿਗੁਰੂ ਜੀ ਕਾ ਖ਼ਾਲਸਾ' ਬਣਾਇਆ, ਜਿਸ ਫ਼ਸਲ ਨੂੰ ਗੁਰੂ ਗੋਬਿੰਦ ਸਿੰਘ ਜੀ ਘਰ ਲਿਆ ਰਹੇ ਸਨ, ਉਸ ਦੀ ਬਿਜਾਈ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ।


-ਬਠਿੰਡਾ।

ਸੁਲਤਾਨਪੁਰ ਲੋਧੀ ਵਾਲਾ ਨਵਾਬ ਦੌਲਤ ਖਾਨ

(ਲੜੀ ਜੋੜਨ ਲਈ 29 ਅਕਤੂਬਰ ਦਾ ਅੰਕ ਦੇਖੋ)
ਛੇਤੀ ਹੀ ਗੁਰੂ ਜੀ ਉਦਾਸੀਆਂ 'ਤੇ ਚੱਲ ਪਏ ਅਤੇ ਦੌਲਤ ਖਾਨ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ। ਦੌਲਤ ਖਾਨ ਤਕਰੀਬਨ 20 ਸਾਲ ਗਵਰਨਰ ਰਿਹਾ। ਇਸ ਸਮੇਂ ਦਰਮਿਆਨ ਉਸ ਦੀ ਲੋਧੀ ਸੁਲਤਾਨ ਨਾਲ ਵਿਗੜ ਗਈ ਤੇ ਉਸ ਨੇ ਬਾਬਰ ਨੂੰ ਹਮਾਇਤ ਦੇਣ ਦਾ ਯਕੀਨ ਦਿੰਦਿਆਂ ਹਿੰਦੁਸਤਾਨ 'ਤੇ ਹਮਲਾ ਕਰਨ ਲਈ ਉਕਸਾਇਆ। ਬਾਬਰ ਪੰਜਾਬ 'ਤੇ ਕਾਬਜ਼ ਹੋਣ ਉਪਰੰਤ ਦੌਲਤ ਖਾਨ ਲੋਧੀ ਨਾਲ ਉਹ ਕੌਲ ਨਾ ਨਿਭਾਅ ਸਕਿਆ, ਜਿਸ ਦੀ ਦੌਲਤ ਖਾਨ ਨੂੰ ਉਮੀਦ ਸੀ। ਉਹ ਤਾਂ ਸਾਰੇ ਪੰਜਾਬ ਦਾ ਹਾਕਮ ਬਣਨਾ ਚਾਹੁੰਦਾ ਸੀ ਪਰ ਮਿਲਿਆ ਉਸ ਨੂੰ ਫਿਰ ਜਲੰਧਰ ਦੁਆਬ ਅਤੇ ਲਾਹੌਰ ਹੀ। ਇਸ ਲਈ ਉਸ ਨੇ ਬਾਬਰ ਦੇ ਵਾਪਸ ਜਾਣ 'ਤੇ ਉਸ ਦੇ ਖਿਲਾਫ਼ ਕਾਰਵਾਈਆਂ ਆਰੰਭ ਦਿੱਤੀਆਂ। ਬਾਬਰ ਦੇ ਪੰਜਵੇਂ ਹੱਲੇ 'ਤੇ ਦੌਲਤ ਖਾਨ ਆਪਣੇ ਮੁੰਡੇ ਗਾਜ਼ੀ ਖਾਨ ਸਮੇਤ ਹੁਸ਼ਿਆਰਪੁਰ ਨਜ਼ਦੀਕ ਕਿਲਾ ਮਲੌਟ ਵਿਚ ਜਾ ਲੁਕਿਆ, ਪਰ ਛੇਤੀ ਹੀ ਬਾਬਰ ਨੇ ਉਸ ਨੂੰ ਉਥੇ ਜਾ ਦਬੋਚਿਆ। ਉਸ ਦਾ ਲੜਕਾ ਗਾਜ਼ੀ ਖਾਨ ਤਾਂ ਬਚ ਨਿਕਲਿਆ ਪਰ ਦੌਲਤ ਖਾਨ ਫੜਿਆ ਗਿਆ। ਭਾਈ ਗੁਰਦਾਸ ਨਵਾਬ ਦੌਲਤ ਖਾਨ ਲੋਧੀ ਬਾਰੇ ਕਹਿੰਦੇ ਹਨ : 'ਨਵਾਬ ਦੌਲਤ ਖਾਨ ਲੋਦੀ ਭਲਾ, ਜਿੰਦ ਪੀਰ ਅਬਿਨਾਸ਼ੀ।'
ਭਾਈ ਕਿਰਪਾਲ ਸਿੰਘ (ਜਨਮ ਸਾਖੀ ਪਰੰਪਰਾ) ਅਨੁਸਾਰ ਹੋ ਸਕਦਾ ਹੈ ਕਿ 'ਜਿੰਦ ਪੀਰ ਅਬਿਨਾਸ਼ੀ' ਕੋਈ ਹੋਰ ਵਿਅਕਤੀ ਹੋਵੇ। ਭਾਈ ਰਣਧੀਰ ਸਿੰਘ ਦਾ ਵਿਚਾਰ ਹੈ ਕਿ ਸ਼ੇਖ ਸਦਰ-ਉਦ-ਦੀਨ ਜਿੰਦ ਪੀਰ ਉਸ ਵੇਲੇ ਸੁਲਤਾਨਪੁਰ ਦਾ ਕਾਜ਼ੀ ਸੀ, ਜਦੋਂ ਗੁਰੂ ਨਾਨਕ ਸਾਹਿਬ ਨਮਾਜ਼ ਪੜ੍ਹਨ ਲਈ ਮਸੀਤ ਵਿਚ ਬੁਲਾਏ ਗਏ।
ਉਂਜ ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਨਵਾਬ ਦੌਲਤ ਖਾਨ ਲੋਧੀ ਕਈ ਪੱਖੋਂ ਭਲਾ ਬੰਦਾ ਸੀ। ਬਾਬਰਨਾਮੇ ਅਨੁਸਾਰ ਬਾਬਰ ਵੀ ਉਸ ਨੂੰ 'ਅੱਬਾ' ਕਹਿ ਕੇ ਬੁਲਾਉਂਦਾ ਸੀ। ਪਹਿਲੇ ਹਮਲੇ ਤੋਂ ਬਾਅਦ ਬਾਬਰ ਦੇ ਖਿਲਾਫ਼ ਅਪਣਾਈ ਗਈ ਨੀਤੀ ਸਦਕਾ ਉਸ ਨੂੰ ਰਾਜਨੀਤਕ ਇਤਿਹਾਸ ਵਿਚ ਜ਼ਿੱਲਤ ਜ਼ਰੂਰ ਸਹਿਣੀ ਪਈ ਪਰ ਅਖੀਰ ਵਿਚ ਜਦੋਂ ਉਹ ਕਿਲ੍ਹਾ ਮਲੋਟ ਤੋਂ ਫੜਿਆ ਗਿਆ, ਉਸ ਨੇ ਯੋਧਿਆਂ ਵਾਂਗ ਦੋ ਤਲਵਾਰਾਂ ਪਹਿਨ ਰੱਖੀਆਂ ਸਨ। ਬਾਬਰ ਆਖਰੀ ਸਮੇਂ ਉਸ ਦਾ ਸਿਰ ਕਲਮ ਕਰਨ ਦਾ ਹੁਕਮ ਵੀ ਦੇ ਸਕਦਾ ਸੀ, ਪਰ ਉਸ ਨੇ ਉਸ ਨੂੰ ਫਿਰ ਮੁਆਫ਼ ਕਰ ਦਿੱਤਾ। ਪ੍ਰੋ: ਹਰਬੰਸ ਸਿੰਘ ਅਨੁਸਾਰ ਉਹ ਬਾਅਦ ਵਿਚ ਗੁੰਮਨਾਮ ਮੌਤ ਮਰਿਆ।
ਗੁਰੂ ਨਾਨਕ ਦੇਵ ਜੀ ਦੀ ਬਦੌਲਤ ਅਤੇ ਸੁਲਤਾਨਪੁਰ ਲੋਧੀ ਨੂੰ ਆਪਣਾ ਦੌਲਤਖਾਨਾ ਬਣਾਉਣ ਕਰਕੇ ਨਵਾਬ ਦੌਲਤ ਖਾਨ ਲੋਧੀ ਇਤਿਹਾਸ ਵਿਚ 'ਅਬਿਨਾਸ਼ੀ' ਹੋ ਗਿਆ। (ਸਮਾਪਤ)


-ਨਡਾਲਾ (ਕਪੂਰਥਲਾ)।
ਮੋਬਾ: 97798-53245

ਧਾਰਮਿਕ ਸਾਹਿਤ

ਸਿੱਖ ਇਤਿਹਾਸ ਦੀਆਂ ਪੈੜਾਂ
ਲੇਖਕ : ਰਾਜਿੰਦਰ ਸਿੰਘ ਜਾਲੀ
ਪ੍ਰਕਾਸ਼ਕ: ਲੇਖਕ ਆਪ
ਪੰਨਾ : 356
ਸੰਪਰਕ : 011-25220940


ਸਿੱਖ ਵਿਰਸੇ, ਇਤਿਹਾਸ ਅਤੇ ਗੁਰਬਾਣੀ ਦੇ ਗੂੜ੍ਹ ਗਿਆਤਾ ਰਾਜਿੰਦਰ ਸਿੰਘ ਜਾਲੀ (ਅਮਰੀਕਾ), ਅਨੁਭਵੀ, ਤੀਖਣ ਸੂਝ ਵਾਲੇ, ਬਹੁਪੱਖੀ ਵਿਦਵਾਨ ਲੇਖਕ ਹਨ। ਇਸ ਤੋਂ ਪਹਿਲਾਂ ਉਹ ਸਵੈ-ਜੀਵਨੀ, ਗ਼ਜ਼ਲ ਸੰਗ੍ਰਹਿ, ਵਾਰਤਕ, ਗੀਤ ਸੰਗ੍ਰਹਿ ਸਮੇਤ ਕਰੀਬ 31 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਇਨ੍ਹਾਂ ਵਿਚੋਂ 2 ਪੁਸਤਕਾਂ ਅੰਗਰੇਜ਼ੀ ਵਿਚ ਹਨ।
ਵਿਚਾਰਗੋਚਰੀ ਪੁਸਤਕ ਦੇ ਲੇਖਣ ਕਾਰਜ ਵਿਚ ਉਨ੍ਹਾਂ ਨੂੰ ਉੱਘੇ ਸਿੱਖ ਸਕਾਲਰ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਡੀ.ਜੀ.ਐਮ. ਸ: ਮੱਖਣ ਸਿੰਘ ਨੇ ਸਹਿਯੋਗ ਦਿੱਤਾ ਹੈ। ਇਸ ਵੱਡ-ਆਕਾਰੀ ਪੁਸਤਕ ਦੇ 9 ਭਾਗ ਹਨ। ਪ੍ਰਥਮ ਭਾਗ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸੇ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਹਨ। ਖਾਸ ਗੱਲ ਇਹ ਹੈ ਕਿ ਹਰੇਕ ਅਧਿਆਇ ਦੇ ਅੰਤ 'ਤੇ ਸਬੰਧਿਤ ਗੁਰੂ ਸਾਹਿਬ ਦੇ ਜੀਵਨ/ਉਪਦੇਸ਼ਾਂ ਨੂੰ ਪ੍ਰਸ਼ਨੋਤਰੀ ਰੂਪ ਵਿਚ ਦਰਜ ਕੀਤਾ ਗਿਆ ਹੈ। ਦੂਜਾ ਖੰਡ ਪੰਜ ਪਿਾਰਿਆਂ ਬਾਰੇ, ਤੀਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ, ਚੌਥਾ ਸਿੱਖ ਪੰਥ ਦੀਆਂ ਲਾਸਾਨੀ ਸ਼ਹਾਦਤਾਂ ਬਾਰੇ, ਪੰਜਵਾਂ ਭਾਗ ਭਾਈ ਕਨ੍ਹਈਆ ਬਾਰੇ, ਛੇਵਾਂ ਸਿੰਘ ਸੂਰਮਿਆਂ ਤੇ ਬਾਰ੍ਹਾਂ ਮਿਸਲਾਂ ਦੇ ਉਭਾਰ ਬਾਰੇ, ਸੱਤਵਾਂ ਸਿੱਖ ਇਤਿਹਾਸ ਦੇ ਘੱਲੂਘਾਰੇ, ਅੱਠਵਾਂ ਭਾਗ ਸਿੱਖ ਇਤਿਹਾਸ ਦੇ ਸੋਝੀਵਾਨ ਮਿਸਟਰ ਮੈਕਾਲਿਫ਼ ਦੀ ਜੀਵਨੀ ਬਾਰੇ ਹੈ। ਅੰਤਿਮ ਅਧਿਆਇ ਹੈ-'ਸਿੱਖ ਧਰਮ ਤੇ ਸੱਭਿਆਚਾਰ ਦੀਆਂ ਕੁਝ ਵਿਸ਼ੇਸ਼ਤਾਵਾਂ।' ਇਸ ਤੱਤਸਾਰੀ ਲੇਖ ਵਿਚ ਅਰਦਾਸ, ਅਕਾਲ ਪੁਰਖ, ਅਖੰਡ ਪਾਠ, ਅਨੰਦ ਕਾਰਜ (ਲਾਵਾਂ), ਸਿੱਖ ਦਾ ਅਭਿਨੰਦਨ, ਅੰਮ੍ਰਿਤ ਵੇਲਾ, ਸਿੱਖ ਦਾ ਸਰੂਪ, ਸਰੋਵਰ, ਸੰਸਕਾਰ (ਜਨਮ ਤੇ ਨਾਮਕਰਨ), ਸੁੱਖ ਆਸਨ, ਸਾਧ ਸੰਗਤ, ਸਹਿਜ ਪਾਠ, ਦਸਵੰਧ, ਪੁਨਰ ਵਿਆਹ, ਪੰਥ ਤੇ ਨਿਸ਼ਾਨ ਸਾਹਿਬ ਸਮੇਤ ਸੰਖੇਪ ਰੂਪ ਵਿਚ (ਸਮੁੱਚੀ ਸਿੱਖੀ ਰਹਿਤਲ) ਨੂੰ ਕਲਮਬੰਦ ਕੀਤਾ ਗਿਆ ਹੈ। ਪੁਸਤਕ ਦੇ ਹਰੇਕ ਲੇਖ ਵਿਚ ਗੁਰਬਾਣੀ ਦੇ ਢੁਕਵੇਂ ਪ੍ਰਮਾਣ, ਇਤਿਹਾਸਕ ਹਵਾਲੇ, ਦੁਰਲੱਭ ਇਤਿਹਾਸਕ ਚਿੱਤਰ ਅਤੇ ਹੱਥਲਿਖਤ ਰਚਨਾਵਲੀ ਦੇ ਉਤਾਰੇ ਦਿੱਤੇ ਗਏ ਹਨ। ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਦੀ ਮਹਾਨ ਸੇਵਾ ਦਾ ਵੀ ਉਲੇਖ ਕੀਤਾ ਗਿਆ ਹੈ। ਲੇਖਕ ਦੀ ਨਿਸ਼ਕਾਮ ਭਾਵਨਾ ਦੀ ਦਾਦ ਦੇਣੀ ਬਣਦੀ ਹੈ ਕਿ ਏਨੀ ਘਾਲਣਾ ਤੇ ਖੋਜ ਨਾਲ ਤਿਆਰ ਕੀਤੀ ਇਸ ਸ਼ਾਹਕਾਰ ਇਤਿਹਾਸਕ ਪੁਸਤਕ ਦੀ ਉਨ੍ਹਾਂ ਕੋਈ ਕੀਮਤ ਨਹੀਂ ਰੱਖੀ। ਸਲਾਮ ਹੈ ਉਨ੍ਹਾਂ ਦੇ ਇਸ ਪੰਥਕ ਜਜ਼ਬੇ ਨੂੰ ਕਿ ਸੰਗਤਾਂ/ਪਾਠਕ ਇਸ ਨੂੰ ਵੱਧ ਤੋਂ ਵੱਧ ਪੜ੍ਹਨ ਤਾਂ ਕਿ ਮਹਾਨ ਤੇ ਮਾਣਮੱਤੇ ਸਿੱਖ ਇਤਿਹਾਸ ਦੀਆਂ ਪੈੜਾਂ ਸਬੰਧੀ ਕੁੱਲ ਆਲਮ ਜਾਣੂ ਹੋ ਸਕੇ। ਵਿਲੱਖਣ ਕਿਸਮ ਦੀ ਇਸ ਨਾਯਾਬ ਪੁਸਤਕ ਦੀ ਰਚਨਾ ਲਈ ਲੇਖਕ ਨਿਸਚੇ ਹੀ ਵਧਾਈ ਦਾ ਹੱਕਦਾਰ ਹੈ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX