ਤਾਜਾ ਖ਼ਬਰਾਂ


ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  18 minutes ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  19 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  32 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  37 minutes ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  43 minutes ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  56 minutes ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  59 minutes ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  about 1 hour ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  about 1 hour ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  about 1 hour ago
ਹੋਰ ਖ਼ਬਰਾਂ..

ਫ਼ਿਲਮ ਅੰਕ

ਅਨੁਸ਼ਕਾ ਸ਼ਰਮਾ

ਫਿਰ ਕੀ ਹੋਇਆ ਜੇ...

ਭੂਟਾਨ ਵਿਖੇ ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਨਾਲ ਛੁੱਟੀਆਂ ਮਨਾਈਆਂ ਤੇ ਉਥੇ ਪਿਆਰੇ-ਪਿਆਰੇ ਕੁੱਤਿਆਂ ਨਾਲ ਲਾਡੀਆਂ-ਫਾਡੀਆਂ ਕੀਤੀਆਂ। ਵੰਨ-ਸੁਵੰਨੇ ਉਥੋਂ ਦੇ ਪਹਿਰਾਵੇ ਪਹਿਨੇ ਤੇ ਇਕ ਦਿਨ ਅਨੂ ਨੇ ਵਿਰਾਟ ਦੇ ਸਾਰੇ ਕੱਪੜੇ ਵਾਰ-ਵਾਰ ਪਹਿਨ ਕੇ ਆਪਣੇ ਦਿਲ ਨੂੰ ਅਥਾਹ ਖ਼ੁਸ਼ੀ ਦਿੱਤੀ। ਉਥੇ ਉਹ ਸਬਜ਼ੀ ਮੰਡੀ ਵੀ ਗਈ ਤੇ ਟਮਾਟਰ ਅਤੇ ਭਿੰਡੀਆਂ ਖਰੀਦੀਆਂ। ਅਨੂ ਨੂੰ ਪੁਰਾਣਾ ਸਮਾਂ ਯਾਦ ਆਇਆ। ਅਨੂ ਨੇ ਇੰਸਟਾਗ੍ਰਾਮ ਤੋਂ ਲੈ ਕੇ ਟਵਿੱਟਰ ਤੱਕ ਰੋਜ਼ ਨਵੀਆਂ-ਨਵੀਆਂ ਗੱਲਾਂ ਦਾ ਖੁਲਾਸਾ ਕੀਤਾ। 'ਕਾਮਿਕਸ' ਪੜ੍ਹਨ ਦੀ ਆਦਤ ਤੋਂ ਉਸ ਨੇ ਆਖਿਰ ਮੁਕਤੀ ਲੈ ਹੀ ਲਈ। ਚਾਚਾ ਚੌਧਰੀ ਵਾਲੀ ਕਾਮਿਕਸ ਖ਼ੈਰ ਉਹ ਪੜ੍ਹਨਾ ਜਾਰੀ ਰੱਖੇਗੀ। ਆਦਤਾਂ ਇਕਦਮ ਤਾਂ ਨਹੀਂ ਜਾਂਦੀਆਂ, ਅਨੂ ਨੇ ਕਿਹਾ ਹੈ। ਫ਼ਿਲਮ 'ਜ਼ੀਰੋ' ਨੇ ਉਸ ਦਾ ਮਨ ਹੀ ਖੱਟਾ ਕਰ ਦਿੱਤਾ ਸੀ। ਸ਼ਾਇਦ 'ਸੱਤੇ ਪੇ ਸੱਤਾ' ਦਾ ਰੀਮੇਕ ਅਨੂ ਕਰ ਹੀ ਲਵੇ। ਅਨੁਸ਼ਕਾ ਸ਼ਰਮਾ ਦੀ ਨਜ਼ਰ 'ਚ ਇਨਸਾਨ ਨਾਲੋਂ ਜਾਨਵਰ ਜ਼ਿਆਦਾ ਵਫ਼ਾ ਵਾਲੇ ਤੇ ਪਿਆਰੇ ਹਨ। ਜਾਨਵਰ ਪਿਆਰ ਚੰਗੀ ਗੱਲ ਹੈ ਤੇ ਇਹ ਦੂਜਿਆਂ ਨੂੰ ਵੀ 'ਮਾਸਾਹਾਰ' ਤੋਂ 'ਸ਼ਾਕਾਹਾਰ' ਬਣਾਉਣ ਦੀ ਵਧੀਆ ਪ੍ਰੇਰਨਾ ਹੈ, ਜਿਸ 'ਤੇ ਅਨੂ ਕੰਮ ਕਰ ਰਹੀ ਹੈ। ਅਨੂ ਦੇ ਇਸ ਨੇਕ ਕੰਮ ਲਈ ਸ਼ਲਾਘਾ ਕਰਨੀ ਬਣਦੀ ਹੈ। ਜਦ ਅਨੂ ਅਜਿਹਾ ਸੁਭਾਅ, ਪਿਆਰੀ ਪਤਨੀ ਤੇ ਨਾਮਵਰ ਅਭਿਨੇਤਰੀ ਹੈ ਤਦ ਇਕ ਮੈਗਜ਼ੀਨ ਲਈ ਹੱਦਾਂ ਬੰਨ੍ਹੇ ਤੋੜ ਕੇ ਕਾਮੁਕ ਤਸਵੀਰਾਂ ਖਿਚਵਾਉਣੀਆਂ ਜਾਇਜ਼ ਨਹੀਂ ਹਨ। ਕੀ ਵਿਰਾਟ ਵੀ ਅਨੂ ਨੂੰ ਇਸ ਤੋਂ ਨਹੀਂ ਰੋਕਦਾ ਜਾਂ ਫਿਰ ਅਨੁਸ਼ਕਾ ਸ਼ਰਮਾ ਦਰਸਾ ਰਹੀ ਹੈ ਕਿ ਅਜੇ ਵੀ ਚਮਕ-ਦਮਕ ਉਸ 'ਚ ਬਰਕਰਾਰ ਹੈ, ਹੋਇਆ ਕੀ ਜੇ ਉਹ ਕੁਆਰੀ ਨਹੀਂ, ਵਿਆਹੁਤਾ ਹੈ।


ਖ਼ਬਰ ਸ਼ੇਅਰ ਕਰੋ

ਸੋਨਮ ਕਪੂਰ : ਦੀਵਾਨੀ ਨਾਚ ਦੀ

'ਹੈਲੋਵੀਨ-2019' ਇਸ ਫੈਸ਼ਨ ਸਮਾਰੋਹ ਵਿਚ ਸੋਨਮ ਕਪੂਰ ਨੇ ਨੱਚ-ਨੱਚ ਕੇ ਧਰਤੀ ਕਲੀ ਕਰਵਾਉਣ ਦੇ ਤੁਲ ਕਰ ਦਿੱਤੀ। 'ਹੈਲੋਵੀਨ' ਹੈ ਕੀ? ਪਤਾ ਜੇ? ਨਹੀਂ ਤਾਂ ਸੁਣੋ-ਪੜ੍ਹੋ ਕਿ ਇਹ ਅਜਿਹਾ ਡਾਂਸ ਤਿਉਹਾਰ ਹੈ ਜਿਸ 'ਚ ਭਾਗ ਲੈਣ ਵਾਲੇ ਭੂਤ-ਪ੍ਰੇਤਾਂ ਦਾ ਪਹਿਰਾਵਾ ਪਹਿਨ ਕੇ ਉਨ੍ਹਾਂ ਦੀ ਤਰ੍ਹਾਂ 'ਭੂਤਨਾ ਨਾਚ' ਨੱਚਦੇ ਹਨ ਤੇ ਸੋਨਮ ਤਾਂ ਹੈ ਹੀ ਇਸ ਨਾਚ ਦੀ ਦੀਵਾਨੀ...। ਮੱਧ ਯੂਰਪ ਦੀ ਇਹ ਖੇਡ ਸੋਨਮ ਨੂੰ ਲੱਗਦੀ ਹੀ ਬਹੁਤ ਚੰਗੀ ਹੈ। ਸੋਨਮ ਨੇ ਇਸ ਵਾਰ 'ਮੁਗ਼ਲ-ਏ-ਆਜ਼ਮ' ਦੀ 'ਅਨਾਰਕਲੀ' ਵਾਲੀ ਪੌਸ਼ਾਕ ਪਹਿਨ ਕੇ ਚੁੜੇਲ ਦੀ ਦਿਖ 'ਚ ਆ ਕੇ ਭੂਤ ਪ੍ਰੇਤਾਂ ਵਾਲਾ ਡਾਂਸ ਕੀਤਾ। ਸੋਨਮ ਲਈ ਇਹ ਪੋਸ਼ਾਕ ਉਸ ਦੇ ਜੀਵਨ ਸਾਥੀ ਆਨੰਦ ਆਹੂਜਾ ਨੇ 'ਭਾਨੇ ਕਾਸਟਿਊਮਜ਼' ਤੋਂ ਉਚੇਚੀ ਬਣਵਾਈ ਕਿ ਉਸ ਦੀ ਅਨਾਰਕਲੀ ਸੋਨਮ ਕਪੂਰ ਆਹੂਜਾ ਪਹਿਨ ਕੇ ਪੂਰੀ ਚੁੜੇਲ (ਭੂਤਨੀ) ਲੱਗੇ। ਕਦੇ ਸੋਨਮ ਚੁੜੇਲ ਬਣ ਖ਼ੁਸ਼ ਹੁੰਦੀ ਹੈ ਤੇ ਕਦੇ ਉਹ ਸ਼ਨੀ ਦਰਬਾਰ 'ਚ ਹਾਜ਼ਰੀ ਭਰਦੀ ਹੈ। ਅਨਿਲ ਕਪੂਰ ਦੀ ਧੀ ਸੋਨਮ ਸ਼ਾਇਦ ਫ਼ਿਲਮੀ ਮੰਨਤ ਮੰਨਣ ਲਈ ਭੂਤਾਂ ਵਾਲੇ ਡਾਂਸ ਕਰ ਰਹੀ ਹੈ ਜਾਂ ਸ਼ਨੀ ਦਰਬਾਰ ਜਾ ਰਹੀ ਹੈ।

ਸਾਨੀਆ ਮਲਹੋਤਰਾ

'ਸ਼ਕੁੰਤਲਾ ਦੇਵੀ' ਕੀ ਬਿਟੀਆ 'ਬਧਾਈ ਹੋ'

'ਦੰਗਲ' ਫ਼ਿਲਮ ਨਾਲ ਸਾਨੀਆ ਮਲਹੋਤਰਾ ਨੇ ਬੀ-ਟਾਊਨ 'ਚ ਪ੍ਰਵੇਸ਼ ਕੀਤਾ ਸੀ ਤੇ ਪ੍ਰਵੇਸ਼ ਵੀ ਸਟਾਰ ਆਮਿਰ ਖ਼ਾਨ ਦੇ ਨਾਲ...ਵਾਹ ਬਈ ਵਾਹ, ਇਹ ਹੋਈ ਨਾ ਧੁਰ ਦਰਗਾਹੋਂ ਲਿਖਵਾ ਕੇ ਆਈ ਚੰਗੀ ਕਿਸਮਤ ਸਾਨੀਆ। 'ਹਮ ਕੋ ਆਜਕਲ੍ਹ ਹੈ ਇੰਤਜ਼ਾਰ' ਮਾਧੁਰੀ ਦੀਕਸ਼ਤ ਦੇ ਇਸ ਗਾਣੇ 'ਤੇ ਨੱਚ ਕੇ ਬਣਾਈ ਆਪਣੀ ਵੀਡੀਓ ਅਪਲੋਡ ਕਰਕੇ ਸਾਨੀਆ ਨੇ ਬਹੁਤ ਚਰਚਾ ਲਈ ਹੈ। ਨਵਾਜ਼ੂਦੀਨ ਨਾਲ ਇਕ ਫ਼ਿਲਮ 'ਫੋਟੋਗ੍ਰਾਫ਼' 'ਚ ਸਾਨੀਆ ਦੇ ਦਰਸ਼ਨ ਹੋ ਚੁੱਕੇ ਹਨ ਤੇ ਹੁਣ ਇਕ ਵੱਡੀ ਫ਼ਿਲਮ ਉਹ ਕਰ ਰਹੀ ਹੈ। ਵਿਦਿਆ ਬਾਲਨ ਦੇ ਨਾਲ ਫ਼ਿਲਮ 'ਸ਼ਕੁੰਤਲਾ' ਮਤਲਬ 'ਸ਼ਕੁੰਤਲਾ' ਨਾਲ ਫ਼ਿਲਮੀ 'ਦੰਗਲ' 'ਚ ਸਾਨੀਆ ਮਲਹੋਤਰਾ ਕਾਮਯਾਬੀ ਦੇ 'ਫੋਟੋਗ੍ਰਾਫ' ਫਿਰ ਇੰਸਟਾਗ੍ਰਾਮ 'ਤੇ ਪਾਉਂਦੀ ਨਜ਼ਰ ਆਏਗੀ। ਗੱਲ ਹੁਣ ਵਿਦਿਆ ਬਾਲਨ ਨਾਲ 'ਸ਼ਕੁੰਤਲਾ' ਫ਼ਿਲਮ ਦੀ ਤਾਂ ਇਹ ਸਾਨੀਆ ਲਈ ਇਕ ਇਤਿਹਾਸਕ ਫ਼ਿਲਮ ਹੈ। ਬਾਇਓਪਿਕ ਹੈ ਤੇ ਸਾਨੀਆ ਫ਼ਿਲਮ 'ਚ ਵਿਦਿਆ ਬਾਲਨ ਦੀ ਧੀ ਬਣੀ ਹੈ। 'ਹਿਊਮੈਨ ਕੰਪਿਊਟਰ' ਦੇ ਤੌਰ 'ਤੇ ਸ਼ਕੁੰਤਲਾ ਦੇਵੀ ਜਾਣੀ ਜਾਂਦੀ ਹੈ। ਇਹ ਫ਼ਿਲਮ ਸੋਨੀ ਪਿਕਚਰਜ਼ ਦੀ ਹੈ। ਦੋਹਾ ਕਤਰ ਵਿਖੇ ਹੁਣੇ ਜਿਹੇ ਹੀ ਆਰਾਮ ਤੇ ਸੈਰ ਕਰਕੇ ਮੁੰਬਈ ਵਾਪਸ ਆਈ ਸਾਨੀਆ ਮਲਹੋਤਰਾ ਨੇ 'ਪਟਾਖਾ' ਫ਼ਿਲਮ ਵੀ ਕੀਤੀ ਹੈ। ਵੈਸੇ ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਆਯੂਸ਼ਮਨ ਖੁਰਾਨਾ ਨਾਲ 'ਬਧਾਈ ਹੋ' ਉਸ ਨੇ ਕੀਤੀ ਤੇ 66ਵਾਂ ਰਾਸ਼ਟਰੀ ਫ਼ਿਲਮ ਸਨਮਾਨ ਇਸ ਫ਼ਿਲਮ ਨੇ ਪ੍ਰਾਪਤ ਕੀਤਾ। ਜਿਸ ਸ਼ੈਅ ਤੋਂ ਖ਼ੁਸ਼ੀ ਮਿਲੇ ਸਾਨੀਆ ਉਹੀ ਕਰਦੀ ਹੈ। 'ਦੰਗਲ' ਦੀ 'ਬਬੀਤਾ ਕੁਮਾਰੀ' ਸਾਨੀਆ ਗਾਰਗੀ ਕਾਲਜ ਦਿੱਲੀ ਦੀ ਵਿਦਿਆਰਥਣ ਰਹੀ ਹੈ। ਰਿਆਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ' ਦੀ ਉਪਜ ਸਾਨੀਆ ਨੂੰ ਆਮਿਰ ਖ਼ਾਨ ਦੀ ਅੱਖ ਨੇ ਪਰਖਿਆ ਸੀ ਤੇ 'ਸੈਕਸੀ ਬੱਲੀਏ' ਜਿਹੇ ਗਾਣੇ ਕਰਨ ਵਾਲੀ ਸਾਨੀਆ 'ਸੀਕਰੇਟ ਸੁਪਰਸਟਾਰ' ਹੈ ਇਹ ਗੱਲ ਅਭਿਨੈ 'ਦੰਗਲ' 'ਚ ਨਿੱਤਰ ਕੇ ਉਸ ਨੇ ਪੂਰੀ ਕਰ ਦਿਖਾਈ। ਹੁਣ ਤਾਂ ਉਸ ਦੇ 'ਫੋਟੋਗ੍ਰਾਫ' ਮੀਡੀਆ ਦਾ ਸ਼ਿੰਗਾਰ ਬਣਦੇ ਹਨ ਤੇ 'ਪਟਾਖਾ' ਗਰਲ ਬਣ ਕੇ ਸਾਨੀਆ 'ਬਧਾਈ ਹੋ' ਲਫ਼ਜ਼ ਕਬੂਲਦੀ ਆਖਿਰ 'ਸ਼ੁੰਕਤਲਾ ਦੇਵੀ' ਦੀ ਬੇਟੀ ਵੀ ਬਣ ਗਈ ਹੈ।

ਸੈਫ਼ ਅਲੀ ਖ਼ਾਨ ਤੂੰ ਚੇਤੇ ਆਵੇਂ

'ਤਾਨਾਜੀ : ਦਾ ਅਨਸੰਗ ਵਾਰੀਅਰ' ਫ਼ਿਲਮ ਹੈ ਨਵੀਂ, ਜਿਸ ਵਿਚ ਨਵਾਬ ਸੈਫ਼ ਅਲੀ ਤੇ ਅਜੈ ਦੇਵਗਨ ਇਕੱਠੇ ਬਰਾਬਰ ਦੇ ਨਾਇਕ ਬਣ ਕੇ ਆ ਰਹੇ ਹਨ। ਆਪਣੇ ਟਵਿੱਟਰ ਖਾਤੇ 'ਤੇ ਅਜੈ ਨੇ ਇਕ ਤਸਵੀਰ ਪਾ ਕੇ ਟਵੀਟ ਕੀਤੀ ਕਿ ਗ਼ਲਤੀ ਦੀ ਮੁਆਫ਼ੀ ਜਾਂ ਸਜ਼ਾ? ਅਸਲ 'ਚ ਇਹ 'ਤਾਨਾਜੀ' ਫ਼ਿਲਮ ਦਾ ਸੰਵਾਦ ਹੈ ਜਿਥੇ ਅਜੈ ਸੈਫ਼ ਨੂੰ ਬੋਲਦਾ ਹੈ ਕਿ 'ਉਦੈ ਦੇ ਦਰਬਾਰ 'ਚ ਗ਼ਲਤੀ ਦੀ ਮੁਆਫ਼ੀ ਨਹੀਂ ਸਜ਼ਾ ਮਿਲਦੀ ਹੈ।' ਸੈਫ਼ ਫ਼ਿਲਮ ਦੇ ਪੋਸਟਰ 'ਚ ਗੁੱਸੇ ਖੋਰ ਯੋਧਾ ਬਣ ਹੱਸਦੇ ਚਿਹਰੇ ਨਾਲ ਨਜ਼ਰ ਆ ਰਿਹਾ ਹੈ। ਸੈਫ਼ ਦੇ ਨਾਲ ਫ਼ਿਲਮ 'ਚ ਨੇਹਾ ਸ਼ਰਮਾ ਵੀ ਹੈ। ਓਮ ਰਾਊਤ ਹੋਰੀਂ ਸੈਫ਼ ਦੀ 'ਤਾਨਾਜੀ' ਦੇ ਨਿਰਦੇਸ਼ਕ ਹਨ। ਸੈਫ਼ ਦਰਿਆ ਦਿਲ ਹੈ ਇਹ ਗੱਲ ਇਮਤਿਆਜ਼ ਅਲੀ ਨੇ ਦੱਸੀ ਕਿ 'ਰਾਕ ਸਟਾਰ' 'ਚ ਉਹ ਸੈਫ਼ ਨੂੰ ਲੈ ਰਹੇ ਸੀ ਪਰ ਸੈਫ਼ ਨੇ ਇਸ ਲਈ ਰਣਬੀਰ ਕਪੂਰ ਦਾ ਨਾਂਅ ਉਚਿਤ ਦੱਸ ਕੇ ਆਪਣੀ ਨੇਕਨੀਤੀ ਦਿਖਾਈ ਤੇ ਸੈਫ਼ ਦੀ ਇਸ ਨੇਕ ਨੀਅਤੀ ਦੀ ਬਦੌਲਤ ਰਣਬੀਰ ਕਪੂਰ 'ਰਾਕ ਸਟਾਰ' ਦੀ ਹਿੱਟ ਨਾਲ ਹਿੱਟ ਹੋ ਗਿਆ। 20 ਸਾਲ ਦੀ ਉਮਰ 'ਚ ਹੀ ਸੈਫ਼ ਦਾ ਪਹਿਲਾ ਵਿਆਹ ਹੋ ਗਿਆ ਸੀ। ਇਥੇ ਸੈਫ਼ ਨੇ ਸਾਬਕਾ ਬੇਗਮ ਅੰਮ੍ਰਿਤਾ ਸਿੰਘ ਦੀ ਸਿਫ਼ਤ ਕੀਤੀ ਜਿਸ ਨੇ ਉਸ ਵਰਗੇ ਅਨਾੜੀ ਇਨਸਾਨ ਨੂੰ ਸਿਖਿਅਤ ਇਨਸਾਨ ਬਣਾਇਆ। ਸੈਫ਼ 'ਚ ਅਹਿਮ ਵਿਸ਼ਵਾਸ ਅਸਲ 'ਚ ਅੰਮ੍ਰਿਤਾ ਨੇ ਹੀ ਭਰਿਆ ਸੀ। ਸੈਫ਼ ਦੇ ਦਿਲ ਵਿਚ ਅੱਜ ਵੀ ਅੰਮ੍ਰਿਤਾ ਲਈ ਸਤਿਕਾਰ ਹੈ, ਚਾਹੇ ਹੁਣ ਕਰੀਨਾ ਉਸ ਦੀ ਬੇਗਮ ਹੈ ਪਰ ਸੈਫ਼ ਅਲੀ ਖ਼ਾਨ ਦੇ ਕੈਰੀਅਰ, ਵਿਵਹਾਰ, ਸੈਫ਼ ਦੀ ਤਰੱਕੀ, ਸੈਫ਼ ਦੇ ਵਿਅਕਤੀਤਵ ਨੂੰ ਬਣਾਉਣ 'ਚ ਅਸਲ ਯੋਗਦਾਨ ਉਸ ਅਨੁਸਾਰ ਅੰਮ੍ਰਿਤਾ ਦਾ ਹੀ ਹੈ। ਰਹਿ-ਰਹਿ ਕੇ ਅੰਮ੍ਰਿਤਾ ਸਿੰਘ ਆਪਣੇ ਯੋਧਾ 'ਤਾਨਾਜੀ' ਸੈਫ਼ ਅਲੀ ਖਾਨ ਨੂੰ ਚੇੇਤੇ ਆਉਂਦੀ ਹੈ। ਸੈਫ਼ ਅਲੀ ਲਈ ਇਹ ਚੇਤਾ ਹੀ ਅਨਮੋਲ ਯਾਦਾਂ ਤੇ ਜੀਵਨ ਬਦਲਣ 'ਚ ਸਹਾਈ ਰਿਹਾ, ਪ੍ਰਤੀਤ ਹੁੰਦਾ ਹੈ।


-ਸੁਖਜੀਤ ਕੌਰ

ਗੁਰਲੀਨ ਚੋਪੜਾ ਚੰਦਾ ਕੋਚਰ ਦੀ ਭੂਮਿਕਾ 'ਚ

ਹਿੰਦੀ ਤੇ ਪੰਜਾਬੀ ਫ਼ਿਲਮਾਂ ਦੀ ਨਾਮੀ ਨਾਇਕਾ ਗੁਰਲੀਨ ਚੋਪੜਾ ਹੁਣ ਲਘੂ ਫ਼ਿਲਮ 'ਚੰਦਾ' ਵਿਚ ਵਿਵਾਦਤ ਬੈਂਕਰ ਚੰਦਾ ਕੋਚਰ ਦੀ ਭੂਮਿਕਾ ਵਿਚ ਨਜ਼ਰ ਆਵੇਗੀ। 16 ਮਿੰਟ ਦੇ ਸਮੇਂ ਵਾਲੀ ਇਸ ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪਰਿਵਾਰਕ ਸਬੰਧਾਂ ਦੀ ਭਾਵਨਾ ਦੇ ਵਹਾਅ ਵਿਚ ਆ ਕੇ ਚੰਦਾ ਨੇ ਭਾਰੀ ਰਕਮ ਦੇ ਕਰਜ਼ੇ ਨੂੰ ਆਪਣੀ ਸੱਤਾ ਦੀ ਬਦੌਲਤ ਪਾਸ ਕਰ ਦਿੱਤਾ ਸੀ।
ਗੁਰਲੀਨ ਲਈ ਇਹ ਪਹਿਲਾ ਮੌਕਾ ਹੈ ਜਦੋਂ ਉਸ ਨੂੰ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ, ਨਾਲ ਹੀ ਅਸਲ ਜ਼ਿੰਦਗੀ ਦੇ ਕਿਰਦਾਰ ਤੋਂ ਪ੍ਰੇਰਿਤ ਭੂਮਿਕਾ ਨੂੰ ਵੀ ਨਿਭਾਉਣ ਦਾ ਮੌਕਾ ਮਿਲਿਆ। ਇਸ ਭੂਮਿਕਾ ਬਾਰੇ ਗੁਰਲੀਨ ਕਹਿੰਦੀ ਹੈ, 'ਮੈਂ ਚੰਦਾ ਕੋਚਰ ਬਾਰੇ ਇਹ ਜਾਣਦੀ ਸੀ ਕਿ ਉਹ ਆਈ. ਸੀ. ਆਈ. ਸੀ. ਆਈ. ਬੈਂਕ ਵਿਚ ਬਹੁਤ ਵੱਡੇ ਅਹੁਦੇ 'ਤੇ ਸੀ। ਉਹ ਕਾਰਪੋਰੇਟ ਜਗਤ ਦੀ ਨਾਮਵਰ ਹਸਤੀ ਸੀ। ਜਦੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਤਾਂ ਮੈਂ ਕਾਰਪੋਰੇਟ ਜਗਤ ਦੇ ਲੋਕਾਂ ਦੀ ਬਾਡੀ ਲੈਂਗੁਏਜ਼ ਦਾ ਨਿਰੀਖਣ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਦੇ ਲੋਕਾਂ ਦੇ ਵਿਹਾਰ ਤੋਂ ਵੀ ਉਨ੍ਹਾਂ ਦਾ ਰੁਤਬਾ ਝਲਕਦਾ ਹੁੰਦਾ ਹੈ। ਉਨ੍ਹਾਂ ਵਿਚ ਪੈਸੇ ਦੀ ਤਾਕਤ ਦੀ ਵਜ੍ਹਾ ਕਰਕੇ ਅਨੋਖਾ ਆਤਮਵਿਸ਼ਵਾਸ ਹੁੰਦਾ ਹੈ। ਇਸ ਤਰ੍ਹਾਂ ਦੀ ਤਾਕਤਵਰ ਭੂਮਿਕਾ ਨੂੰ ਅੰਜਾਮ ਦੇਣ ਲਈ ਮੈਂ ਸੌਖਾ ਜਿਹਾ ਇਹ ਰਸਤਾ ਕੱਢਿਆ ਕਿ ਮੈਂ ਇਹ ਮੰਨ ਕੇ ਕੈਮਰੇ ਸਾਹਮਣੇ ਆਉਂਦੀ ਕਿ ਮੈਂ ਸੌ ਕਰੋੜ ਦੀ ਮਾਲਕਣ ਹਾਂ। ਇਸ ਖਿਆਲ ਮਾਤਰ ਨਾਲ ਮੇਰਾ ਵੱਖਰਾ ਜਿਹਾ ਰਵੱਈਆ ਹੋ ਜਾਂਦਾ ਅਤੇ ਇਸ ਵਜ੍ਹਾ ਨਾਲ ਮੈਂ ਇਸ ਚੁਣੌਤੀਪੂਰਨ ਭੂਮਿਕਾ ਨਾਲ ਨਿਆਂ ਕਰ ਸਕੀ।'
ਗੁਰਲੀਨ ਨੂੰ ਚਮਕਾਉਂਦੀ ਇਸ ਫ਼ਿਲਮ ਵਿਚ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਕਿਸੇ ਵੀ ਮਹੱਤਵਪੂਰਨ ਦਸਤਾਵੇਜ਼ ਜਾਂ ਕਾਗਜ਼ਾਤ 'ਤੇ ਹਸਤਾਖ਼ਰ ਕਰਦੇ ਸਮੇਂ ਦਸ ਵਾਰ ਸੋਚਣ ਤੋਂ ਬਾਅਦ ਹੀ ਨਿਰਣਾ ਲੈਣਾ ਚਾਹੀਦਾ ਹੈ।

ਤਮੰਨਾ ਭਾਟੀਆ

ਬੋਲੇਂ ਚੂੜੀਆਂ

'ਬੋਲੇਂ ਚੂੜੀਆਂ' ਇਹ ਨਵੀਂ ਫ਼ਿਲਮ ਤਮੰਨਾ ਭਾਟੀਆ ਕਰ ਰਹੀ ਹੈ, ਉਸ ਦੇ ਨਾਲ ਨਵਾਜ਼ੂਦੀਨ ਸਿਦੀਕੀ ਹੀਰੋ ਹੈ। ਤਮੰਨਾ ਦੀ ਇਸ ਫ਼ਿਲਮ 'ਚ ਨਾ ਤਾਂ ਘਸੁੰਨ-ਮੁੱਕੀ ਦੇ ਦ੍ਰਿਸ਼ ਹਨ ਤੇ ਨਾ ਹੀ ਆਲਤੂ-ਫਾਲਤੂ ਦੀ ਲੜਾਈ ਜਾਂ ਝਗੜਾ ਹੈ। ਤਮੰਨਾ ਨੇ ਇਕ ਵੀਡੀਓ ਇਸ ਫ਼ਿਲਮ ਦਾ ਜਾਰੀ ਕੀਤਾ ਹੈ ਜਿਸ 'ਚ ਉਹ ਨਵਾਜ਼ੂਦੀਨ ਨਾਲ ਪ੍ਰੇਮ ਅਥਾਹ ਪ੍ਰੇਮ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਸਿਧਾਰਥ ਚੋਪੜਾ ਨੂੰ ਇਹ ਸਭ ਚੰਗਾ ਨਹੀਂ ਲੱਗਿਆ ਪਰ ਤਮੰਨਾ ਨੇ ਇਹ ਕਹਿ ਕੇ ਆਪਣੇ ਮੌਜੂਦਾ ਮਿੱਤਰ ਸਿਥਾਰਥ ਨੂੰ ਮਨਾਇਆ ਹੈ ਕਿ ਇਹ ਸਭ ਫ਼ਿਲਮੀ ਹੈ ਤੇ 'ਬੋਲੇਂ ਚੂੜੀਆਂ' ਅਤਿਅੰਤ ਰੁਮਾਂਟਿਕ ਫ਼ਿਲਮ ਹੈ। 'ਸਾਈਰਾ ਨਰਸਿਮ੍ਹਾ ਰੈਡੀ' ਦੱਖਣ ਦੀ ਇਹ ਫ਼ਿਲਮ ਬਿੱਗ ਬੀ ਤੇ ਚਿੰਰਜੀਵੀ ਨਾਲ ਕਰ ਕੇ ਤਮੰਨਾ ਨੇ ਆਪਣੇ ਫ਼ਿਲਮੀ ਸਫ਼ਰ ਨੂੰ ਸਫ਼ਲ ਕਰਨ ਦੀ ਤਮੰਨਾ ਪੂਰੀ ਕੀਤੀ ਹੈ। ਖ਼ੈਰ, 'ਬਾਹੂਬਲੀ' ਵਾਲੀ ਤਮੰਨਾ ਨੇ ਦੂਣੀ ਰਕਮ ਭਰ ਕੇ ਮੁੰਬਈ 'ਚ ਜੇ ਆਲੀਸ਼ਾਨ ਘਰ ਲਿਆ ਹੈ ਤੇ ਫਰਨੀਚਰ 'ਤੇ ਕਰੋੜਾਂ ਰੁਪਏ ਲਾਏ ਹਨ। ਤਮੰਨਾ ਭਾਟੀਆ ਦੱਖਣ ਤੇ ਉੱਤਰ (ਨਾਰਥ) ਦੋਵਾਂ 'ਚ ਛਣ-ਛਣ ਕਰਦੀ ਨਜ਼ਰ ਆਏਗੀ।

ਮਨਮੋਹਨ ਦੇਸਾਈ 'ਤੇ ਫ਼ਿਲਮ ਬਣਾਉਣਾ ਚਾਹੁੰਦੀ ਸੀ ਫਰਹਾ ਖਾਨ

ਨ੍ਰਿਤ ਨਿਰਦੇਸ਼ਿਕਾ ਤੋਂ ਫ਼ਿਲਮ ਨਿਰਦੇਸ਼ਕ ਬਣ ਕੇ ਫਰਹਾ ਖਾਨ ਨੇ 'ਮੈਂ ਹੂੰ ਨਾ', 'ਓਮ ਸ਼ਾਂਤੀ ਓਮ', 'ਤੀਸ ਮਾਰ ਖਾਂ', 'ਹੈਪੀ ਨਿਊ ਯੀਅਰ' ਫ਼ਿਲਮਾਂ ਨਿਰਦੇਸ਼ਿਤ ਕੀਤੀਆਂ, ਨਾਲ ਹੀ ਬਤੌਰ ਜੱਜ ਉਹ ਕਈ ਰਿਆਲਿਟੀ ਸ਼ੋਅ ਵਿਚ ਵੀ ਆਪਣੇ ਫੈਸਲੇ ਸੁਣਾਉਂਦੀ ਦਿਖਾਈ ਦਿੱਤੀ। ਔਰਤ ਸਸ਼ਕਤੀਕਰਨ ਬਾਰੇ ਉਸ ਨੇ ਭਾਰਤੀ ਮਰਦਾਂ ਦੀ ਦੋਹਰੀ ਮਾਨਸਿਕਤਾ 'ਤੇ ਸਖ਼ਤ ਹਮਲਾ ਵੀ ਕੀਤਾ।
ਦੂਜੇ ਨਿਰਦੇਸ਼ਕਾਂ ਬਾਰੇ ਰਾਏ ਦੱਸਦੇ ਹੋਏ ਫਰਹਾ ਨੇ ਕਿਹਾ, 'ਮੈਂ ਸ਼ੁਰੂ ਤੋਂ ਹੀ ਨਾਸਿਰ ਹੁਸੈਨ ਤੇ ਵਿਜੇ ਆਨੰਦ ਦੀਆਂ ਫ਼ਿਲਮਾਂ ਦੀ ਪ੍ਰਸੰਸਕ ਰਹੀ ਹਾਂ। ਮੈਂ ਵਾਰ-ਵਾਰ ਉਨ੍ਹਾਂ ਦੀਆਂ ਫ਼ਿਲਮਾਂ ਦੇਖਦੀ ਰਹਿੰਦੀ ਹਾਂ। ਉਨ੍ਹਾਂ ਦੀਆਂ ਫ਼ਿਲਮਾਂ ਦਾ ਸੰਗੀਤ ਤੇ ਟਰੀਟਮੈਂਟ ਗ਼ਜ਼ਬ ਦਾ ਹੁੰਦਾ ਹੈ। ਹਾਲਾਂਕਿ ਮੈਨੂੰ ਮਨਮੋਹਨ ਦੇਸਾਈ ਦੀਆਂ ਫ਼ਿਲਮਾਂ ਨੇ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਪਰ ਇਹ ਵੀ ਸੱਚ ਹੈ ਕਿ ਮੈਂ ਮਨਮੋਹਨ ਦੇਸਾਈ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣਾ ਚਾਹੁੰਦੀ ਸੀ। ਉਨ੍ਹਾਂ ਦੀਆਂ ਫ਼ਿਲਮਾਂ ਦੀ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਵੀ 'ਕਲਰਫੁੱਲ' ਸੀ। ਆਪਣੇ ਸਮੇਂ ਵਿਚ ਉਨ੍ਹਾਂ ਨੇ ਅਮਿਤਾਭ ਬੱਚਨ, ਧਰਮਿੰਦਰ, ਰਾਜੇਸ਼ ਖੰਨਾ, ਸ਼ਸ਼ੀ ਕਪੂਰ, ਵਿਨੋਦ ਖੰਨਾ ਸਮੇਤ ਹਰ ਵੱਡੇ ਸਟਾਰ ਦੇ ਨਾਲ ਕੰਮ ਕੀਤਾ ਸੀ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਵੀ ਕਈ ਉਤਰਾਅ-ਚੜ੍ਹਾਅ ਆਏ ਸਨ। ਮੈਂ 'ਮੈਂ ਹੂੰ ਨਾ' ਵਿਚ ਉਨ੍ਹਾਂ ਨੂੰ ਸਿਹਰਾ ਵੀ ਦਿੱਤਾ ਗਿਆ ਸੀ। ਉਨ੍ਹਾਂ 'ਤੇ ਬਣਾਈ ਜਾਣ ਵਾਲੀ ਫ਼ਿਲਮ 'ਤੇ ਕਾਫੀ ਕੰਮ ਵੀ ਕੀਤਾ ਗਿਆ ਸੀ ਪਰ ਬਾਅਦ ਵਿਚ ਕੰਮ ਅੱਗੇ ਨਹੀਂ ਵਧ ਸਕਿਆ। ਉਹ ਫ਼ਿਲਮ ਨਾ ਬਣਾ ਸਕਣ ਦਾ ਮੈਨੂੰ ਅਫ਼ਸੋਸ ਹੈ।
ਉਂਝ ਫਰਹਾ ਨੂੰ 'ਸੱਤੇ ਪੇ ਸੱਤਾ' ਦੀ ਰੀਮੇਕ ਦੇ ਨਿਰਦੇਸ਼ਨ ਲਈ ਵੀ ਚੁਣਿਆ ਗਿਆ ਹੈ। ਇਹ ਰੀਮੇਕ ਵਿਵਾਦਾਂ ਵਿਚ ਫਸਿਆ ਹੈ, ਇਸ ਵਜ੍ਹਾ ਕਰਕੇ ਉਹ ਇਸ ਫ਼ਿਲਮ ਬਾਰੇ ਪੁੱਛੇ ਗਏ ਸਵਾਲ ਨੂੰ ਟਾਲ ਗਈ।

ਬਾਲੀਵੁੱਡ ਵਿਚ ਮਹਿਕ ਰਹੀ ਹੈ ਮਹਿਕ

ਮਹਿਕ ਮਨਵਾਨੀ, ਦਿੱਲੀ ਦੀ ਰਹਿਣ ਵਾਲੀ ਇਸ ਅਭਿਨੇਤਰੀ ਨੇ ਯੂਥ ਅਪੀਲ ਵਾਲੀ ਫ਼ਿਲਮ 'ਸਿਕਸਟੀਨ' ਨਾਲ ਬਾਲੀਵੁੱਡ ਵਿਚ ਆਪਣੀ ਸ਼ੁਰੂਆਤ ਕੀਤੀ ਅਤੇ ਫਿਰ 'ਫੁਕਰੇ' ਵਿਚ ਉਹ ਲਾਲੀ ਭਾਵ ਮਨਜੋਤ ਦੀ ਪ੍ਰੇਮਿਕਾ ਦੀ ਭੂਮਿਕਾ ਵਿਚ ਵੀ ਦਿਖਾਈ ਦਿੱਤੀ। ਉਂਝ ਮਹਿਕ ਜਦੋਂ ਸਾਢੇ ਤਿੰਨ ਸਾਲ ਦੀ ਸੀ ਉਦੋਂ ਤੋਂ ਉਸ ਨੇ ਬਤੌਰ ਬਾਲ ਮਾਡਲ ਇਸ਼ਤਿਹਾਰ ਜਗਤ ਵਿਚ ਆਪਣੀ ਪਛਾਣ ਬਣਾ ਲਈ ਸੀ। ਉਸ ਦੀ ਪਹਿਲੀ ਐਡ ਫ਼ਿਲਮ ਹੀ ਪੈਨਾਸੋਨਿਕ ਵਰਗੀ ਨਾਮੀ ਕੰਪਨੀ ਲਈ ਬਣਾਈ ਗਈ ਸੀ। ਤੀਹ ਦੇ ਕਰੀਬ ਐਡ ਫ਼ਿਲਮਾਂ ਕਰਨ ਵਾਲੀ ਮਹਿਕ ਨੇ ਕ੍ਰਿਕਟਰ ਖਿਡਾਰੀ ਧੋਨੀ ਦੇ ਨਾਲ ਵੀ ਐਡ ਫ਼ਿਲਮ ਕੀਤੀ ਹੈ ਤੇ ਇਕ ਹੋਰ ਐਡ ਵਿਚ ਵੀ ਲੜੀਵਾਰਾਂ ਦੀ ਬਾ ਭਾਵ ਸੁਧਾ ਸ਼ਿਵਪੁਰੀ ਦੇ ਨਾਲ ਸੀ।
'ਸਿਕਸਟੀਨ' ਦੇ ਨਿਰਮਾਣ ਦੌਰਾਨ ਮਹਿਕ ਆਪਣੀ ਪੜ੍ਹਾਈ ਕਰ ਰਹੀ ਸੀ, ਇਸ ਲਈ ਉਸ ਨੇ ਪੜ੍ਹਾਈ 'ਤੇ ਧਿਆਨ ਦੇਣਾ ਜ਼ਿਆਦਾ ਸਹੀ ਸਮਝਿਆ ਅਤੇ ਹੁਣ ਜਦੋਂ ਪੜ੍ਹਾਈ ਪੂਰੀ ਕਰ ਲਈ ਗਈ ਹੈ ਤਾਂ ਉਹ ਬਾਲੀਵੁੱਡ ਵਿਚ ਆਪਣੇ ਨਾਂਅ ਦੀ ਮਹਿਕ ਫੈਲਾਉਣ ਆ ਗਈ ਹੈ। ਬਾਲੀਵੁੱਡ ਵਿਚ ਮਹਿਕ ਨੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਵੀਡੀਓ ਐਲਬਮ 'ਹਮਸਫ਼ਰ' ਤੋਂ ਕੀਤੀ ਹੈ। ਇਸ ਐਲਬਮ ਵਿਚ ਮਹਿਕ ਦੇ ਨਾਲ ਪ੍ਰਸ਼ਾਂਤ ਸਿੰਘ ਹੈ ਅਤੇ ਇਹ ਗੋਆ ਵਿਚ ਫ਼ਿਲਮਾਇਆ ਗਿਆ ਹੈ। ਇਸ ਵੀਡੀਓ ਨੂੰ ਆਪਣੇ ਲਈ ਚੰਗਾ ਅਨੁਭਵ ਦੱਸਦੇ ਹੋਏ ਉਹ ਕਹਿੰਦੀ ਹੈ, 'ਇਥੇ ਮੈਂ ਆਪਣੀਆਂ ਅੱਖਾਂ ਨਾਲ ਅਭਿਨੈ ਕਰਨਾ ਸੀ ਅਤੇ ਆਪਣੀਆਂ ਭਾਵਨਾਵਾਂ ਨੂੰ ਅੱਖਾਂ ਰਾਹੀਂ ਪ੍ਰਗਟ ਕਰਨਾ ਸੀ। ਇਸ ਵਿਚ ਕੰਮ ਕਰ ਕੇ ਮੈਨੂੰ ਨੌਵਜਾਨਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ।
ਮਹਿਕ ਨੂੰ ਇਕ ਫ਼ਿਲਮ 'ਦੂਰਦਰਸ਼ਨ' ਵੀ ਮਿਲੀ ਹੈ। ਗਜਨਪੁਰੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਜਨਰੇਸ਼ਨ ਗੈਪ ਦੀ ਗੱਲ ਕੀਤੀ ਗਈ ਹੈ। ਇਸ ਵਿਚ ਡੌਲੀ ਆਹਲੂਵਾਲੀਆ ਅਤੇ ਮਾਹੀ ਗਿੱਲ ਹੈ। ਮਹਿਕ ਇਸ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਦੀ ਅਗਵਾਈ ਕਰ ਰਹੀ ਹੈ। ਇਥੇ ਉਸ ਦੇ ਕਿਰਦਾਰ ਦਾ ਨਾਂਅ ਟਵਿੰਕਲ ਅਰੋੜਾ ਹੈ।
ਇਕ ਜ਼ਮਾਨੇ ਵਿਚ ਦੂਰਦਰਸ਼ਨ 'ਤੇ ਕੰਮ ਕਰ ਕੇ ਕਈ ਕਲਾਕਾਰ ਬਾਅਦ ਵਿਚ ਵੱਡੇ ਸਟਾਰ ਬਣੇ। ਇਨ੍ਹਾਂ ਵਿਚ ਸ਼ਾਹਰੁਖ ਖਾਨ ਵੀ ਸ਼ਾਮਿਲ ਹਨ। ਹੁਣ ਦੇਖੋ, 'ਦੂਰਦਰਸ਼ਨ' ਫ਼ਿਲਮ ਵਿਚ ਕੰਮ ਕਰ ਕੇ ਮਹਿਕ ਕਿੰਨੀ ਵੱਡੀ ਸਟਾਰ ਬਣ ਸਕਣ ਵਿਚ ਕਾਮਯਾਬ ਰਹਿੰਦੀ ਹੈ।


-ਮੁੰਬਈ ਪ੍ਰਤੀਨਿਧ

ਨਿਰੇਦਸ਼ਕ ਹਰੀਸ਼ ਰਾਊਤ ਦੀ ਪਹਿਲੀ ਪੇਸ਼ਕਸ਼ 'ਲਵ ਯੂ ਟਰਨ'

ਸਾਲ 2015 ਵਿਚ ਮਰਾਠੀ ਫ਼ਿਲਮ 'ਸ਼ਾਰਟਕਰਟ' ਨਿਰਦੇਸ਼ਿਤ ਕਰਨ ਵਾਲੇ ਨਿਰਦੇਸ਼ਕ ਹਰੀਸ਼ ਰਾਊਤ ਨੇ ਹੁਣ 'ਲਵ ਯੂ ਟਰਨ' ਰਾਹੀਂ ਹਿੰਦੀ ਫ਼ਿਲਮਾਂ ਵਿਚ ਦਾਖਲਾ ਲਿਆ ਹੈ। ਉਹ ਆਪਣੀ ਇਸ ਪਹਿਲੀ ਹਿੰਦੀ ਫ਼ਿਲਮ ਨੂੰ ਰਿਤੇਸ਼ 'ਤੇ ਆਧਾਰਿਤ ਰੋਮਾਂਟਿਕ ਫ਼ਿਲਮ ਦੱਸਦੇ ਹਨ ਅਤੇ ਇਸ ਦੀ ਕਹਾਣੀ ਇਸ਼ੀਕਾ ਨਾਮੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਬੁਣੀ ਗਈ ਹੈ।
ਇਸ਼ੀਕਾ (ਪੂਰਵਾ ਰਾਣਾ) ਇਕ ਖੂਬਸੂਰਤ ਕੁੜੀ ਹੈ ਅਤੇ ਉਸ ਨੂੰ ਇਕ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ। ਦੋਵੇਂ ਇਕੱਠੇ ਜਿਊਣ-ਮਰਨ ਦੀਆਂ ਕਸਮਾਂ ਖਾਂਦੇ ਹਨ ਅਤੇ ਇਸ ਤੋਂ ਪਹਿਲਾਂ ਕਿ ਦੋਵੇਂ ਪ੍ਰੇਮੀ ਵਿਆਹ ਕਰ ਕੇ ਜੀਵਨ ਸਾਥੀ ਬਣਨ ਇਸ਼ੀਕਾ ਦੇ ਸਾਹਮਣੇ ਉਸ ਦੇ ਸਾਬਕਾ ਪ੍ਰੇਮੀ ਦੇ ਰੂਪ ਵਿਚ ਉਸ ਦਾ ਭੂਤਕਾਲ ਆ ਖੜ੍ਹਾ ਹੁੰਦਾ ਹੈ। ਇਸ਼ੀਕਾ ਵਲੋਂ ਭੂਤਕਾਲ ਵਿਚ ਕੀਤੀ ਗਈ ਗ਼ਲਤੀ ਦੀ ਸਜ਼ਾ ਉਸ ਦੇ ਵਰਤਮਾਨ ਨੂੰ ਕਿਵੇਂ ਭੁਗਤਣੀ ਪੈਂਦੀ ਹੈ, ਇਹ ਇਸ ਦੀ ਕਹਾਣੀ ਹੈ।
ਮੁੱਖ ਰੂਪ ਨਾਲ ਥਾਈਲੈਂਡ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਦੀ ਨਾਇਕਾ ਪੂਰਵਾ ਰਾਣਾ ਦੀ ਇਹ ਪਹਿਲੀ ਹਿੰਦੀ ਫ਼ਿਲਮ ਹੈ। ਸਾਲ 2012 ਵਿਚ ਫੈਮਿਨਾ ਮਿਸ ਇੰਡੀਆ ਸੁੰਦਰਤਾ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਚੁੱਕੀ ਪੂਰਵਾ ਅਨੁਸਾਰ ਇਹ ਫ਼ਿਲਮ ਉਸ ਨੂੰ ਆਪਣੇ ਅਭਿਨੈ ਦੇ ਦਮ 'ਤੇ ਮਿਲੀ ਹੈ ਅਤੇ ਇਸ ਰਾਹੀਂ ਵੱਡੇ ਪਰਦੇ 'ਤੇ ਚਮਕਣ ਦਾ ਉਸ ਦਾ ਸੁਪਨਾ ਪੂਰਾ ਹੋਇਆ ਹੈ। ਪੂਰਵਾ ਦੇ ਨਾਲ ਇਸ ਵਿਚ ਰੁਸਲਾਨ ਮੁਮਤਾਜ ਹੈ। ਇਨ੍ਹੀਂ ਦਿਨੀਂ ਛੋਟੇ ਪਰਦੇ 'ਤੇ ਦਿਖਾਈ ਦਿੰਦੇ ਰਹੇ ਰੁਸਲਾਨ ਇਸ ਫ਼ਿਲਮ ਨੂੰ ਆਪਣੇ ਕਰੀਅਰ ਲਈ ਮਹੱਤਵਪੂਰਨ ਮੰਨਦੇ ਹਨ। ਫ਼ਿਲਮ ਵਿਚ ਰੂਹੀ ਚਤੁਰਵੇਦੀ ਵੀ ਹੈ ਜੋ ਕਿ ਸਾਇਲੈਂਟ ਲਵਰ ਦੀ ਭੂਮਿਕਾ ਵਿਚ ਹੈ ਅਤੇ ਇਸ਼ੀਕਾ ਦੇ ਵਰਤਮਾਨ ਪ੍ਰੇਮੀ ਦੀ ਭੂਮਿਕਾ ਅਧਵਿਕ ਮਹਾਜਨ ਵਲੋਂ ਨਿਭਾਈ ਗਈ ਹੈ।
ਇਨ੍ਹਾਂ ਕਲਾਕਾਰਾਂ ਨੂੰ ਚਮਕਾਉਂਦੀ ਇਹ ਫ਼ਿਲਮ 22 ਨਵੰਬਰ ਨੂੰ ਪ੍ਰਦਰਸ਼ਿਤ ਹੋ ਰਹੀ ਹੈ।


-ਮੁੰਬਈ ਪ੍ਰਤੀਨਿਧ

ਦਰਦਾਂ ਦਾ ਰਾਹੀ ਅਕਰਮ ਰਾਹੀ

ਲਹਿੰਦੇ ਪੰਜਾਬ ਦੀ ਪੰਜਾਬੀ ਜ਼ਬਾਨ ਦਾ ਮਿੱਠੜਾ ਤੇ ਪਿਆਰਾ ਫ਼ਨਕਾਰ ਮੁਹੰਮਦ ਅਕਰਮ ਰਾਹੀ ਕਿਸੇ ਤੁਆਰਫ਼ ਦਾ ਮੁਥਾਜ ਨਹੀਂ। ਸੰਗੀਤਕ ਖੇਤਰ ਵਿਚ ਉਸ ਦਾ ਆਪਣਾ ਰੌਚਿਕ ਤੇ ਦਿਲਟੁੰਬਵਾਂ ਗਾਇਨ ਅੰਦਾਜ਼ ਹੈ। ਉਸਦੀ ਲੇਖਣੀ ਵਿਚ ਸੰਵੇਦਨਸ਼ੀਲਤਾ ਤੇ ਬਿਰਹੋਂ ਕੁੱਟ-ਕੁੱਟ ਕੇ ਭਰੀ ਹੋਈ ਹੈ। ਉਸ ਦੀ ਕਰੁਣਾਮਈ ਤੇ ਗ਼ਮਗੀਨ ਆਵਾਜ਼ ਤੋਂ ਪ੍ਰਭਾਵਿਤ ਕਿਸੇ ਕਲਾ ਪਾਰਖੂ ਨੇ ਉਸ ਨੂੰ ਦਰਦਾਂ ਦਾ ਰਾਹੀ ਕਹਿ ਕੇ ਵਡਿਆਇਆ। ਮੁਹੰਮਦ ਅਕਰਮ ਰਾਹੀ ਦਾ ਜਨਮ 25 ਦਸੰਬਰ 1969 ਨੂੰ ਪਿੰਡ ਤਲਵੰਡੀ ਅਨਾਇਤ ਖ਼ਾਨ ਬਾਜਵਾ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਵਿਖੇ ਵਾਲਿਦ ਗੁਲਾਮ ਹੈਦਰ ਬਾਜਵਾ ਦੇ ਘਰ ਵਾਲਿਦਾ ਮਕਬੂਲ ਬੇਗ਼ਮ ਦੀ ਕੁੱਖੋਂ ਮੁਸਲਿਮ ਜੱਟ ਪਰਿਵਾਰ 'ਚ ਹੋਇਆ। ਜਵਾਨੀ ਫੁੱਟਦਿਆਂ ਹੀ ਇਸ਼ਕ ਦਾ ਰੋਗ ਲਾ ਬੈਠਾ। ਇਹ ਇਸ਼ਕ ਇਕ ਦਿਨ ਨਾਸੂਰ ਬਣ ਕੇ ਫੁੱਟਿਆ। ਕਲਮ ਚੁੱਕੀ ਤਾਂ ਇਸ਼ਕ ਮਿਜਾਜ਼ੀ ਦਾ ਦਰਦ ਆਪ ਮੁਹਾਰੇ ਕਾਗਜ਼ ਦੀ ਹਿੱਕ 'ਤੇ ਉੱਕਰਿਆ ਗਿਆ। ਸ਼ਬਦ ਹੰਝੂ ਬਣ ਵਹਿੰਦੇ ਰਹੇ। ਉਸ ਦੀ ਰਚਨਾਤਮਿਕ ਸ਼ਕਤੀ ਦੀ ਸੰਵੇਦਨਸ਼ੀਲਤਾ, ਇਸ਼ਕ ਦੀ ਭੱਠੀ 'ਚ ਤਪਦੇ ਜਵਾਨ ਦਿਲਾਂ ਦਾ ਇਸ਼ਕ ਮਿਜਾਜ਼ੀ ਹੋ ਨਿੱਬੜੀ। ਜਦੋਂ ਇਸ਼ਕ ਦਾ ਫੱਟ ਹੋਰ ਗਹਿਰਾ ਹੁੰਦਾ ਨਜ਼ਰ ਆਇਆ ਤਾਂ ਦਰਦਾਂ ਦਾ ਟੋਕਰਾ ਭਰ ਅਕਰਮ ਉਸਤਾਦ ਦੇ ਦਰਬਾਰ ਪਹੁੰਚ ਗਿਆ। ਬਸ ਫਿਰ ਕੀ ਸੀ ਮੁਹੰਮਦ ਅਕਰਮ ਇਕ ਬਾਕਮਾਲ ਫਨਕਾਰ ਅਕਰਮ ਰਾਹੀ ਦੇ ਨਾਂ ਨਾਲ ਮਕਬੂਲ ਹੋ ਗਿਆ। ਅਕਰਮ ਰਾਹੀ ਦੀ ਆਵਾਜ਼ ਨੂੰ ਸੁਰ ਲੈਅ ਦੀ ਹੋਰ ਸੂਝ ਮਿਲੀ ਤੇ ਜਦੋਂ ਰਿਕਾਰਡ ਰੂਪ 'ਚ ਪਲੇਠੀ ਟੇਪ ਵਿਚਲਾ ਗਾਣਾ 'ਲੁੱਕ ਲੁੱਕ ਦੁਨੀਆ ਤੋਂ ਅਸੀਂ ਰੋਂਦੇ ਰਹੇ' ਮਾਰਕੀਟ ਵਿਚ ਆਇਆ ਤਾਂ ਇਕਹਰੇ ਜਿਹੇ ਸਰੀਰ ਵਾਲਾ ਇਹ ਅਸਲੋਂ ਨਵਾਂ ਫਨਕਾਰ ਵਿਸ਼ਵ ਭਰ ਦੇ ਬਹੁਚਰਚਿਤ ਫਨਕਾਰਾਂ ਤੋਂ ਵੀ ਕੱਦਵਾਰ ਹੋ ਕੇ ਸਾਹਮਣੇ ਆਇਆ। ਬਸ ਫਿਰ ਕੀ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਕਰਮ ਰਾਹੀ ਇਕ ਦਿਨ 'ਦਰਦਾਂ ਦਾ ਰਾਹੀ' ਹੋ ਨਿੱਬੜਿਆ। ਸਰੋਤੇ ਚਾਅ ਤੇ ਬੇਸਬਰੀ ਨਾਲ ਉਸ ਦੀ ਨਵੀਂ ਟੇਪ ਦੀ ਉਡੀਕ ਕਰਦੇ ਸਨ। ਇਸ ਤਰ੍ਹਾਂ ਅਕਰਮ ਰਾਹੀ ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੇ ਸੁਣਨ ਤੇ ਚਾਹੁਣ ਵਾਲਿਆਂ ਦਾ ਇਕੋ-ਇਕ ਅਜਿਹਾ ਪਸੰਦੀਦਾ ਫ਼ਨਕਾਰ ਹੈ, ਜਿਸ ਦੀਆਂ ਰਿਕਾਰਡ ਰਿਲੀਜ਼ ਕੈਸਿਟਾਂ ਤੇ ਗੀਤਾਂ ਦਾ ਵਿਸ਼ਵ ਰਿਕਾਰਡ ਹੈ। ਅਕਰਮ ਰਾਹੀ ਨੇ ਚੜ੍ਹਦੇ ਪੰਜਾਬ ਦੀ ਪੰਜਾਬੀ ਫ਼ਿਲਮ 'ਦਾਰਾ' ਵਿਚ ਇਕ ਗੀਤ 'ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਭੋਇੰ ਦੀ' ਗਾ ਕੇ ਆਪਣੀ ਮਿੱਟੀ ਤੋਂ ਟੁੱਟ ਚੁੱਕੇ ਲੋਕਾਂ ਦੇ ਦਰਦ ਨੂੰ ਬਾਖ਼ੂਬੀ ਪੇਸ਼ ਕੀਤਾ। ਇਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਨੌਜਵਾਨ ਸ਼ਾਇਰ ਰੂਮੀ ਰਾਜ ਦੀ ਰਚਨਾ 'ਪੰਜਾਬ ਵਾਜਾਂ ਮਾਰਦਾ' ਰਾਹੀਂ ਅਕਰਮ ਰਾਹੀ ਨੇ ਪੰਜਾਬੀਅਤ ਦੀ ਬਾਕਮਾਲ ਤਸਵੀਰ ਦਾ ਚਿਤਰਨ ਕੀਤਾ। ਲਹਿੰਦੇ ਪੰਜਾਬ ਦੇ ਬਾਕਮਾਲ ਸ਼ਾਇਰ ਸੂਸ ਯਸ਼ਪਾਲ ਦੀ ਰਚਨਾ 'ਰੱਬ ਦੀ ਸਹੁੰ ਦੋਵੇਂ ਹੀ ਪੰਜਾਬ ਇਕ ਨੇ' ਰਾਹੀਂ ਅਕਰਮ ਰਾਹੀ ਦੇ ਗਲੇ ਦਾ ਦਰਦ ਦੋਵਾਂ ਪੰਜਾਬਾਂ ਦੇ ਅਵਾਮ ਦੀ ਅੰਦਰਲੀ ਪੀੜਾ ਨੂੰ ਬਾਖ਼ੂਬੀ ਬਿਆਨ ਕਰਦਾ ਹੈ। ਅਕਰਮ ਰਾਹੀ ਦੇ ਮਕਬੂਲ ਗੀਤਾਂ ਦੀ ਲਿਸਟ ਬਹੁਤ ਲੰਮੀ ਹੈ। 'ਦਿਲਾ ਹੁਣ ਨਾ ਰੋ, ਸੱਜਣਾ ਨੇ ਆਉਣਾ ਨਹੀਂ, ਹੱਸਦੇ ਨੀਂ ਦੇਖੇ ਜਿਹੜੇ ਕਿਸੇ ਨੂੰ ਰਵਾਂਦੇ ਨੇ, ਨੀਂ ਤੈਨੂੰ ਕਦੀ ਮੇਰੀਆਂ ਵਫ਼ਾਵਾਂ ਯਾਦ ਆਉਣੀਆਂ, ਮਾਂ ਮਰੀ ਤੇ ਰਿਸ਼ਤੇ ਮੁੱਕ ਗਏ, ਵਰਗੇ ਬੇਸ਼ੁਮਾਰ ਗੀਤ ਅੱਜ ਵੀ ਨੌਜ਼ਵਾਨਾਂ ਦੇ ਚੇਤਿਆਂ ਵਿਚ ਵਸੇ ਹੋਏ ਨੇ। ਅਕਰਮ ਰਾਹੀ ਅੱਜਕੱਲ੍ਹ ਲਾਹੌਰ ਦੀ ਧਰਤੀ 'ਤੇ ਰਹਿ ਰਿਹਾ ਹੈ। ਕਦੇ ਕਦਾਈਂ ਚੜ੍ਹਦੇ ਪੰਜਾਬ ਫੇਰਾ ਪਾ ਕੇ ਦੋਵਾਂ ਪੰਜਾਬਾਂ ਦੀ ਮੁਹੱਬਤੀ ਸਾਂਝ ਨੂੰ ਹੋਰ ਮਜ਼ਬੂਤ ਕਰ ਜਾਂਦਾ ਹੈ।


-ਪਿੰਡ ਤੇ ਡਾਕ: ਅਖਾੜਾ, ਤਹਿਸੀਲ ਜਗਰਾਉਂ (ਲੁਧਿਆਣਾ)

ਤਾਜ ਹੋਟਲ 'ਤੇ ਹੋਏ ਹਮਲੇ ਉੱਤੇ ਬਣੀ 'ਹੋਟਲ ਮੁੰਬਈ'

ਸਾਲ 2008 ਵਿਚ ਲਸ਼ਕਰ-ਏ-ਤੋਇਬਾ ਵਲੋਂ ਸਿਖਲਾਈ ਪ੍ਰਾਪਤ ਛੇ ਅੱਤਵਾਦੀਆਂ ਵਲੋਂ ਮੁੰਬਈ 'ਤੇ ਜਦ ਅੱਤਵਾਦੀ ਹਮਲਾ ਕੀਤਾ ਗਿਆ ਸੀ ਤਾਂ ਉਦੋਂ ਤਾਜ ਹੋਟਲ ਤੇ ਟ੍ਰਾਈਡੈਂਟ ਹੋਟਲਾਂ ਨੂੰ ਮੁੱਖ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ। ਉਹ ਇਸ ਲਈ ਕਿ ਹੋਟਲ ਵਿਚ ਠਹਿਰੇ ਵਿਦੇਸ਼ੀ ਸੈਲਾਨੀਆਂ ਦੀ ਹੱਤਿਆ ਕਰ ਕੇ ਇਸ ਹਮਲੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਆਦਾ ਤੋਂ ਜ਼ਿਆਦਾ ਚਰਚਿਤ ਕੀਤਾ ਜਾਵੇ। ਇਸ ਹਮਲੇ 'ਤੇ ਕੁਝ ਫ਼ਿਲਮਾਂ ਵੀ ਬਣੀਆਂ ਹਨ ਪਰ ਹੁਣ ਵਿਦੇਸ਼ੀ ਨਿਰਦੇਏਸ਼ਕ ਅੰਥੋਨੀ ਮਾਰਸ ਨੇ ਇਸ ਹਮਲੇ ਨੂੰ ਮੁੱਖ ਰੱਖ ਕੇ 'ਹੋਟਲ ਮੁੰਬਈ' ਬਣਾਈ ਹੈ। ਇਸ ਵਿਚ ਤਾਜ ਹੋਟਲ 'ਤੇ ਹੋਏ ਹਮਲੇ ਦੀ ਕਹਾਣੀ ਬੁਣੀ ਗਈ ਹੈ। ਜਦੋਂ ਇਹ ਹਮਲਾ ਹੋਇਆ ਸੀ ਉਦੋਂ ਹੇਮੰਤ ਉਬਰਾਏ ਇਸ ਹੋਟਲ ਦੇ ਮੁੱਖ ਸ਼ੈੱਫ ਸਨ। ਉਦੋਂ ਆਪਣੀ ਜਾਨ 'ਤੇ ਖੇਡ ਕੇ ਉਨ੍ਹਾਂ ਨੇ ਕੀ ਕੁਝ ਕੀਤਾ ਸੀ, ਇਹ ਇਸ ਫ਼ਿਲਮ ਵਿਚ ਦਿਖਾਇਆ ਗਿਆ ਹੈ ਅਤੇ ਇਥੇ ਅਨੁਪਮ ਖੇਰ ਵਲੋਂ ਹੇਮੰਤ ਦੀ ਭੂਮਿਕਾ ਨਿਭਾਈ ਗਈ ਹੈ।
ਇਸ ਫ਼ਿਲਮ ਬਾਰੇ ਉਹ ਕਹਿੰਦੇ ਹਨ, 'ਜਦੋਂ ਮੈਂ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਉਦੋਂ ਲਗ ਰਿਹਾ ਸੀ ਜਿਵੇਂ ਮੈਂ ਆਪਣੀ ਜ਼ਿੰਦਗੀ ਨੂੰ ਕੈਮਰੇ ਸਾਹਮਣੇ ਜੀਅ ਰਿਹਾ ਹੋਵਾਂ। ਜਿਸ ਸ਼ਾਮ ਇਹ ਹਮਲਾ ਹੋਇਆ ਸੀ ਉਦੋਂ ਮੈਂ ਬਾਂਦਰਾ ਵਿਚ ਸ਼ੂਟਿੰਗ ਕਰ ਰਿਹਾ ਸੀ ਅਤੇ ਪਹਿਲੀ ਖ਼ਬਰ ਇਹ ਮਿਲੀ ਕਿ ਦੱਖਣੀ ਮੁੰਬਈ ਵਿਚ ਗੈਂਗਵਾਰ ਦੇ ਚਲਦਿਆਂ ਬਹੁਤ ਗੋਲੀਆਂ ਚੱਲੀਆਂ ਹਨ। ਬਾਅਦ ਵਿਚ ਛਾਣ-ਛਾਣ ਖ਼ਬਰਾਂ ਆਉਣ ਲੱਗੀਆਂ ਅਤੇ ਸਥਿਤੀ ਸਾਫ਼ ਹੁੰਦੀ ਚਲੀ ਗਈ। ਉਦੋਂ ਪਤਾ ਲੱਗਿਆ ਕਿ ਇਹ ਅੱਤਵਾਦੀ ਹਮਲਾ ਸੀ ਅਤੇ ਪੂਰਾ ਸ਼ਹਿਰ ਠਹਿਰ ਜਿਹਾ ਗਿਆ ਸੀ। ਇਸ ਮਹਲੇ 'ਤੇ ਇਕ ਰੇਖਾ ਚਿੱਤਰ 'ਸਰਵਾਈਵਿੰਗ ਮੁੰਬਈ' ਦਾ ਨਿਰਮਾਣ ਕੀਤਾ ਗਿਆ ਸੀ ਅਤੇ ਉਸੇ ਰੇਖਾ ਚਿੱਤਰ ਤੋਂ ਪ੍ਰੇਰਿਤ ਹੋ ਕੇ ਸਿ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ। ਫ਼ਿਲਮ ਵਿਚ ਆਮ ਆਦਮੀਆਂ ਵਲੋਂ ਪੇਸ਼ ਕੀਤੀ ਗਈ ਅਸਾਧਾਰਨ ਹਿੰਮਤ ਦੀ ਕਹਾਣੀ ਹੈ ਅਤੇ ਇਸ ਵਿਚ ਇਸ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਬਹਾਦਰੀ ਦੇ ਕਦੀ ਚਰਚੇ ਨਹੀਂ ਹੋਏ।'
ਫ਼ਿਲਮ ਵਿਚ ਦੇਵ ਪਟੇਲ ਦੀ ਵੀ ਅਹਿਮ ਭੂਮਿਕਾ ਹੈ ਅਤੇ ਇਨ੍ਹਾਂ ਦੇ ਨਾਲ ਕਈ ਵਿਦੇਸ਼ੀ ਕਲਾਕਾਰਾਂ ਨੇ ਇਸ ਵਿਚ ਕੰਮ ਕੀਤਾ ਹੈ।


-ਮੁੰਬਈ ਪ੍ਰਤੀਨਿਧ

ਹੁਸਨ ਤੇ ਆਵਾਜ਼ ਦਾ ਸੁਮੇਲ- ਕੁਲਦੀਪ ਕੌਰ

ਜਦੋਂ ਅਸੀਂ ਬੀਤੇ ਤਿੰਨ ਦਹਾਕਿਆਂ ਦੀ ਪੰਜਾਬੀ ਗਾਇਕੀ 'ਤੇ ਨਜ਼ਰ ਮਾਰਦੇ ਹਾਂ ਤਾਂ ਸਾਡੇ ਕੰਨਾਂ ਵਿਚ ਅਨੇਕਾਂ ਗਾਇਕਾਵਾਂ ਦੀਆਂ ਸੁਰੀਲੀਆਂ ਆਵਾਜ਼ਾਂ ਗੂੰਜਣ ਲੱਗ ਪੈਂਦੀਆਂ ਹਨ ਤੇ ਉਨ੍ਹਾਂ ਦਾ ਨਾਂਅ ਆਪ-ਮੁਹਾਰੇ ਬੁੱਲ੍ਹਾਂ 'ਤੇ ਥਿਰਕਣ ਲੱਗ ਪੈਂਦਾ ਹੈ। ਦੋਗਾਣਾ ਗਾਇਕੀ ਵਿਚ ਇਕ ਅਜਿਹਾ ਹੀ ਨਾਂਅ ਕੁਲਦੀਪ ਕੌਰ ਦਾ ਹੈ। ਗਾਇਕੀ ਦੇ ਖੇਤਰ ਵਿਚ ਦੋ ਸਕੀਆਂ ਭੈਣਾਂ ਕੁਲਦੀਪ ਕੌਰ ਤੇ ਸੁਖਵੰਤ ਸੁੱਖੀ ਦਾ ਕੋਈ ਵੀ ਸਾਨੀ ਨਹੀਂ ਹੈ। ਪਹਿਲੀ ਰਿਕਾਰਡਿੰਗ 15 ਕੁ ਸਾਲ ਦੀ ਉਮਰ ਵਿਚ 1975 ਵਿਚ ਕਰਨੈਲ ਗਿੱਲ ਨਾਲ ਚਾਰ ਗੀਤਾਂ ਤੋਂ ਸ਼ੁਰੂ ਹੋਈ ਤੇ ਫਿਰ ਪੰਜ ਸਾਲਾਂ ਦੇ ਵਕਫੇ ਪਿੱਛੋਂ 1980 ਨੂੰ ਕਰਨੈਲ ਗਿੱਲ ਨਾਲ ਚਾਰ ਗੀਤ ਹੋਰ ਰਿਕਾਰਡ ਹੋਏ।
ਇਨ੍ਹਾਂ ਗੀਤਾਂ ਨੇ ਚਾਰੇ ਪਾਸੇ ਤਰਥੱਲੀ ਮਚਾ ਦਿੱਤੀ ਤੇ ਕੁਲਦੀਪ ਕੌਰ ਦਾ ਨਾਂਅ ਨਾਮਵਰ ਗਾਇਕਾਵਾਂ ਦੀ ਕਤਾਰ ਵਿਚ ਸ਼ਾਮਿਲ ਹੋ ਗਿਆ। ਕੁਲਦੀਪ ਕੌਰ ਦੇ ਦੀਦਾਰ ਸੰਧੂ ਨਾਲ ਗਾਏ ਦੋਗਾਣੇ ਵੀ ਸੁਪਰ-ਡੁਪਰ ਹਿੱਟ ਹੋਏ । ਦੀਦਾਰ ਸੰਧੂ ਨਾਲ 'ਘੱਗਰੇ ਦੀ ਵੇ ਲੌਣ ਭਿੱਜ ਗਈ', 'ਲੱਗੀਆਂ ਤੋੜ ਨਾ ਚੜ੍ਹੀਆਂ' ਗੀਤਾਂ ਵਿਚ ਕੁਲਦੀਪ ਕੌਰ ਦੀ ਸੁਰੀਲੀ ਆਵਾਜ਼ ਸਰੋਤਿਆਂ ਦੇ ਦਿਲਾਂ 'ਤੇ ਜਾਦੂ ਕਰਦੀ ਰਹੀ ਹੈ।
ਕੁਲਦੀਪ ਕੌਰ ਦਾ ਸੁਰਿੰਦਰ ਛਿੰਦਾ ਨਾਲ ਸੈੱਟ ਬਣ ਜਾਣ 'ਤੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਬਣ ਗਈ। ਛਿੰਦੇ ਕੋਲ ਅਖਾੜੇ ਪਹਿਲਾਂ ਹੀ ਵਧੇਰੇ ਸਨ, ਪਰ ਕੁਲਦੀਪ ਕੌਰ ਦੇ ਆ ਜਾਣ ਕਰਕੇ ਲਾਈਨ ਹੋਰ ਲੰਬੀ ਹੋ ਗਈ। ਇਸ ਜੋੜੀ ਦੇ ਨਵੇਂ ਆਏ ਐਲ.ਪੀ.'ਘੁੰਡ ਚੱਕ ਮਾਰਦੇ ਸਲੂਟ ਗੋਰੀਏ' ਨੇ ਚਾਰੇ ਪਾਸੇ ਧੁੰਮਾਂ ਪਾ ਦਿੱਤੀਆਂ।
ਜਦੋਂ ਕੁਲਦੀਪ ਮਾਣਕ ਨਾਲ ਸੈੱਟ ਬਣਿਆ ਤਾਂ 'ਹਾਣਦਾ ਮੁੰਡਾ ਨੀ ਮੇਰਾ ਦਿਲ ਮੰਗਦਾ', 'ਯਾਰ ਦਾ ਚੌਥਾ ਗੇੜਾ', 'ਲੱਗੀਆਂ ਦਾ ਕਰਜ਼ ਉਤਾਰੂੰਗੀ', ਕਰਤਾਰ ਰਮਲੇ ਲਾਲ ਰਿਕਾਰਡ ਹੋਏ ਗੀਤਾਂ ਵਿਚ 'ਸੂਈ ਦੇ ਨਖਾਰੇ ਥਾਣੀ ਕੱਢਤਾ' , 'ਅੰਨ੍ਹੇ ਬਾਰੇ ਤੇਰੀ ਕੀ ਸਲਾਹ'। ਜਸਵੰਤ ਸੰਦੀਲੇ ਨਾਲ ਵੀ ਕੁਲਦੀਪ ਕੌਰ ਦੇ 8-9 ਗੀਤ ਰਿਕਾਰਡ ਹੋਏ ਹਨ।
ਕੁਲਦੀਪ ਕੌਰ ਦੇ ਗਾਏ ਸੋਲੋ ਗੀਤਾਂ ਦੀਆਂ ਕੈਸੇਟਾਂ ਵੀ ਮਾਰਕਿਟ ਵਿਚ ਆਈਆਂ ਹਨ, ਜਿਨ੍ਹਾਂ ਵਿਚ 'ਮੋਰਨੀ ਜੱਟੀ', 'ਸੋਨੇ ਵਰਗੀ ਨਾਰ', 'ਦੇਸੀ ਮੇਮ' ਸਨ। ਕੁਲਦੀਪ ਕੌਰ ਦੀ ਕੱਕੇ ਅੱਖਰ ਵਾਲੀ ਰਾਸ਼ੀ ਹਰ ਕਲਾਕਾਰ ਨਾਲ ਚੰਗੀ ਮਿਲਦੀ ਰਹੀ ਹੈ, ਜਿਵੇਂ ਕੁਲਦੀਪ ਮਾਣਕ, ਕਰਨੈਲ ਗਿੱਲ ਤੇ ਕਰਤਾਰ ਰਮਲਾ। ਉਸਦਾ ਸਿੰਗਲ ਟਰੈਕ ਜਲਦੀ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ।


-ਪਿੰਡ ਤੇ ਡਾਕ ਜਖੇਪਲ, ਤਹਿ: ਸੁਨਾਮ, ਜ਼ਿਲ੍ਹਾ ਸੰਗਰੂਰ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX