ਤਾਜਾ ਖ਼ਬਰਾਂ


ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  13 minutes ago
ਹਿਊਸਟਨ, 10 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਵਾਸ਼ਿੰਗਟਨ ਵਿਚ ਇਕ ਘ੍ਰਿਣਾ ਅਪਰਾਧ ਤਹਿਤ ਵਾਪਰੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਸਿੱਖ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਨਸਲੀ ਇਤਰਾਜ਼ਯੋਗ ਟਿੱਪਣੀਆਂ ਕਰਦੇ ਹੋਏ ਬਦਸਲੂਕੀ ਕੀਤੀ ਗਈ। ਗ੍ਰਿਫਿਨ...
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  43 minutes ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  about 1 hour ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  about 1 hour ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 2 hours ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 2 hours ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 3 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 3 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

2019 ਪੰਜਾਬੀ ਸਿਨੇਮਾ ਦੀ ਲੰਮੀ ਉਡਾਨ

ਗੁਰਦਿਆਲ ਸਿੰਘ ਦਾ ਪ੍ਰਸਿੱਧ ਨਾਵਲ 'ਅਣਹੋਏ' ਉਨ੍ਹਾਂ ਬੇਵੱਸ ਲੋਕਾਂ ਦੀ ਗਾਥਾ ਬਿਆਨ ਕਰਦਾ ਹੈ ਜੋ ਕਹਿਣ ਨੂੰ ਤਾਂ ਜਿਊਾਦੇ-ਜਾਗਦੇ ਹਨ ਪਰ ਉਨ੍ਹਾਂ ਦਾ ਜੀਵਨ ਬਹੁਤ ਹੀ ਤਰਸਯੋਗ ਹੈ | ਇਸ ਲਈ ਉਹ ਸਰਾਪੇ ਹੋਏ ਲੋਕ ਮੁਰਦਿਆਂ ਦੀ ਤਰ੍ਹਾਂ ਹੀ ਪ੍ਰਤੀਤ ਹੁੰਦੇ ਹਨ | ਲਗਪਗ ਅਜਿਹੀ ਹੀ ਸਥਿਤੀ 2019 ਦੇ ਪਾਲੀਵੁੱਡ ਦੀ ਹੈ | ਓਪਰੀ ਨਜ਼ਰ ਨਾਲ ਦੇਖੀਏ ਤਾਂ ਇਸ ਸਾਲ ਪੰਜਾਬੀ ਸਿਨੇਮਾ ਦੀ ਭਰਪੂਰ ਫ਼ਸਲ ਪੈਦਾ ਹੋਈ ਹੈ ਪਰ ਜ਼ਰਾ ਕੁ ਨੇੜਿਉਂ ਅਧਿਐਨ ਕਰਨ 'ਤੇ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਫ਼ਸਲ ਅਜਿਹੀ ਹੈ ਜਿਸ ਦੇ ਸਿੱਟਿਆਂ 'ਚ ਦਾਣੇ ਨਹੀਂ ਹਨ ਜਾਂ ਘੱਟ ਹਨ |
ਫ਼ਿਲਮਾਂ ਦੀ ਬਹੁਤਾਤ
2019 ਦੀਆਂ ਪੰਜਾਬੀ ਫ਼ਿਲਮਾਂ ਦੀ ਗਿਣਤੀ ਦਾ ਹਿਸਾਬ ਲਗਾਉਣਾ ਹੋਵੇ ਤਾਂ ਇਸ ਤੱਥ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਰ੍ਹੇ ਪਿਛਲੇ ਸਾਲ ਨਾਲੋਂ 10 ਫ਼ਿਲਮਾਂ ਵੱਧ ਰਿਲੀਜ਼ ਹੋਈਆਂ ਹਨ | ਪਿਛਲੇ ਸਾਲ ਇਹ ਗਿਣਤੀ 40 ਫ਼ਿਲਮਾਂ ਤੱਕ ਸੀਮਤ ਸੀ ਪਰ ਇਸ ਵਰ੍ਹੇ ਦੇ ਅੱਧ ਤੱਕ ਪਹੁੰਚਦਿਆਂ ਹੀ ਇਹ ਗਿਣਤੀ 30 ਤੱਕ ਪਹੁੰਚ ਚੁੱਕੀ ਸੀ | ਇਕ ਮੋਟੇ ਅੰਦਾਜ਼ੇ ਅਨੁਸਾਰ 2019 ਦੇ ਅੰਤ ਤੱਕ ਇਹ ਗਿਣਤੀ 40 ਤੋਂ 50 ਤੱਕ ਜਾ ਸਕਦੀ ਹੈ | ਪਾਲੀਵੁੱਡ ਦੇ ਹਿਤੈਸ਼ੀਆਂ ਲਈ ਇਹ ਇਕ ਬਹੁਤ ਹੀ ਤਲੱਸੀਬਖ਼ਸ਼ ਅੰਕੜਾ ਸਿੱਧ ਹੋ ਸਕਦਾ ਹੈ |
ਫ਼ਿਲਮਾਂ ਦੀ ਗਿਣਤੀ 'ਚ ਹੋਏ ਵਾਧੇ ਤੋਂ ਇਲਾਵਾ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਇਸ ਬੀਤ ਚੁੱਕੇ ਵਰ੍ਹੇ 'ਚ ਫ਼ਿਲਮਾਂ ਦੇ ਬਜਟ 'ਚ ਵੀ ਤੁਲਨਾਤਮਿਕ ਰੂਪ 'ਚ ਹੀ ਵਾਧਾ ਹੋਇਆ ਹੈ | ਇਸ ਸਾਲ ਇਕ ਸਾਧਾਰਨ ਬਜਟ ਦੀ ਫ਼ਿਲਮ ਵੀ 2 ਤੋਂ 3 ਕਰੋੜ ਦੀ ਲਾਗਤ ਨਾਲ ਬਣਾਈ ਗਈ ਸੀ ਜਦੋਂ ਕਿ ਵੱਡੇ ਬਜਟ ਦੀਆਂ ਫ਼ਿਲਮਾਂ ਨੂੰ ਬਣਾਉਣ ਲਈ 5 ਤੋਂ 8 ਕਰੋੜ ਤੱਕ ਦਾ ਖਰਚਾ ਕੀਤਾ ਗਿਆ | ਇਸ ਤੋਂ ਇਲਾਵਾ ਪਬਲੀਸਿਟੀ ਦੇ ਖਰਚੇ ਵੀ ਵੱਖ-ਵੱਖ ਅਨੁਪਾਤ ਵਿਚ ਕੀਤੇ ਗਏ | ਸਥਿਤੀ ਇਹ ਰਹੀ ਕਿ ਜਿਸ ਬਜਟ ਨਾਲ ਕਦੇ ਇਕ ਪੂਰੀ ਪੰਜਾਬੀ ਫ਼ਿਲਮ ਦਾ ਨਿਰਮਾਣ ਸੰਭਵ ਹੋ ਜਾਂਦਾ ਸੀ, ਉਹੀ ਰਕਮ ਹੁਣ ਇਸ਼ਤਿਹਾਰਬਾਜ਼ੀ ਲਈ ਹੀ ਖਰਚ ਹੋ ਜਾਂਦੀ ਹੈ |
ਸੁਹਜਾਤਮਿਕਤਾ ਤੋਂ ਦੂਰ
ਬਾਵਜੂਦ ਇਸ ਵਿਸ਼ਾਲਤਾ ਦੇ ਪੰਜਾਬੀ ਸਿਨੇਮਾ 2019 ਵਿਚ ਸੁਹਜਾਤਮਿਕਤਾ ਅਤੇ ਸੰਵੇਦਨਸ਼ੀਲਤਾ ਤੋਂ ਕੋਹਾਂ ਦੂਰ ਰਿਹਾ ਹੈ | ਜ਼ਰਾ ਇਸ ਸਾਲ ਪ੍ਰਦਰਸ਼ਿਤ ਹੋਈਆਂ ਫ਼ਿਲਮਾਂ ਦੇ ਕੁਝ ਕੁ ਟਾਈਟਲਾਂ 'ਤੇ ਝਾਤੀ ਮਾਰ ਕੇ ਦੇਖੋ, 'ਚੱਲ ਮੇਰਾ ਪੁੱਤ', 'ਉੱਨੀ-ਇੱਕੀ', 'ਸੁਰਖੀ ਬਿੰਦੀ', 'ਦੋ ਦੂਣੀ ਪੰਜ', 'ਸਾਡੀ ਮਰਜ਼ੀ', 'ੳ ਅ', 'ਕਾਕੇ ਦਾ ਵਿਆਹ', 'ਨਾਢੂ ਖਾਂ', 'ਛੜਾ', 'ਮਿੰਦੋ ਤਹਿਸੀਲਦਾਰਨੀ', 'ਚੰਡੀਗੜ੍ਹ ਅੰਮਿ੍ਤਸਰ ਚੰਡੀਗੜ੍ਹ', '15 ਲੱਖ ਕਦੋਂ ਆਊਗਾ' ਅਤੇ 'ਬੈਂਡ ਵਾਜੇ' | ਇਨ੍ਹਾਂ ਟਾਈਟਲਾਂ ਤੋਂ ਤੁਹਾਨੂੰ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਫ਼ਿਲਮਾਂ 'ਚ ਵਿਸ਼ੇ ਪੱਖ ਤੋਂ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਦੀ ਸਖ਼ਤ ਘਾਟ ਹੈ |
ਇਸ ਤੋਂ ਇਹ ਵੀ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਨਾ ਚਾਹੁੰਦਿਆਂ ਹੋਇਆਂ ਵੀ ਇਸ ਵਰ੍ਹੇ ਕਾਮੇਡੀ ਦਾ ਅੰਸ਼ ਕਿਸੇ ਨਾ ਕਿਸੇ ਰੂਪ 'ਚ ਪੰਜਾਬੀ ਸਿਨੇਮਾ ਦਾ ਅਟੁੱਟ ਅੰਗ ਰਿਹਾ ਹੈ | ਕਾਮੇਡੀ ਦੀ ਹੋਂਦ ਕਿਸੇ ਵੀ ਦਰਸ਼ਕ ਲਈ ਇਤਰਾਜ਼ ਦਾ ਵਿਸ਼ਾ ਨਹੀਂ ਪਰ ਜੇਕਰ ਇਸ ਵਿਚ ਸਸਤੇਪਨ ਦੀ ਦੋਹਰ ਪਾਈ ਜਾਂਦੀ ਰਹੇ ਤਾਂ ਇਹ ਇਕ ਉਦਾਸੀਨਤਾ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ |
ਪਰ ਪੰਜਾਬੀ ਸਿਨੇਮਾ ਦਾ ਇਹ ਰੁਝਾਨ ਕੋਈ ਨਵਾਂ ਵੀ ਨਹੀਂ ਹੈ | ਕਈ ਸਾਲ ਪਹਿਲਾਂ ਬਲਰਾਜ ਸਾਹਨੀ ਨੇ ਵੀ ਇਸ ਝੁਕਾਅ ਪ੍ਰਤੀ ਚਿੰਤਾ ਪ੍ਰਗਟ ਕੀਤੀ ਸੀ | ਦਰਅਸਲ ਉਹ ਨਾਨਕ ਸਿੰਘ ਦੇ ਨਾਵਲ 'ਪਵਿੱਤਰ ਪਾਪੀ' ਨੂੰ ਇਕ ਫ਼ਿਲਮ ਦੇ ਰੂਪ 'ਚ ਦੇਖਣਾ ਚਾਹੁੰਦਾ ਸੀ, ਇਸ ਲਈ ਉਸ ਦੇ ਬੇਟੇ ਪ੍ਰੀਕਸ਼ਿਤ ਸਾਹਨੀ ਨੇ ਖੁਦ ਇਸ ਨਾਵਲ ਦੀ ਪਟਕਥਾ ਵੀ ਤਿਆਰ ਕੀਤੀ ਸੀ | ਪਰ ਕੋਈ ਵੀ ਫਾਈਨਾਂਸਰ ਇਸ ਪਟਕਥਾ 'ਤੇ ਪੰਜਾਬੀ ਫ਼ਿਲਮ ਬਣਾਉਣ ਦਾ ਜ਼ੋਖ਼ਮ ਨਹੀਂ ਸੀ ਉਠਾਉਣਾ ਚਾਹੁੰਦਾ | ਹਾਰ ਕੇ ਬਲਰਾਜ ਸਾਹਨੀ ਨੇ ਆਪਣੇ ਦੋਸਤ ਰਾਜਿੰਦਰ ਭਾਟੀਆ ਨੂੰ ਬੇਨਤੀ ਕੀਤੀ | ਪਰ ਰਾਜਿੰਦਰ ਭਾਟੀਆ ਨੇ ਵੀ ਇਸ 'ਤੇ ਹਿੰਦੀ ਵਿਚ ਹੀ ਫ਼ਿਲਮ ਬਣਾਉਣਾ ਸਵੀਕਾਰ ਕੀਤਾ |
ਲਗਪਗ ਅਜਿਹੀ ਹੀ ਸਥਿਤੀ ਅੰਮਿ੍ਤਾ ਪ੍ਰੀਤਮ ਦੇ ਨਾਵਲ 'ਪਿੰਜਰ' ਦੀ ਹੋਈ ਸੀ | ਇਸ 'ਤੇ ਹਿੰਦੀ 'ਚ ਹੀ ਫ਼ਿਲਮ ਜ਼ਰੂਰ ਬਣ ਗਈ ਸੀ ਪਰ ਕਿਸੇ ਵੀ ਪੰਜਾਬੀ ਫ਼ਿਲਮਸਾਜ਼ ਨੇ ਇਸ ਨੂੰ ਹੱਥ ਪਾਉਣਾ ਮੁਨਾਸਿਬ ਨਹੀਂ ਸਮਝਿਆ ਸੀ | ਸ਼ਿਵ ਕੁਮਾਰ ਨੇ ਅਤੇ ਮੈਂ ਵੀ ਰਲ ਕੇ ਆਪਣੇ ਮਿੱਤਰ ਫ਼ਿਲਮਸਾਜ਼ ਹਰਜੀਤ ਮਾਨ ਨੂੰ 'ਪਿੰਜਰ' ਦਾ ਫ਼ਿਲਮਾਂਕਣ ਕਰਨ ਦਾ ਸੁਝਾਅ ਦਿੱਤਾ ਸੀ ਪਰ ਉਨ੍ਹਾਂ ਨੇ ਸਾਨੂੰ ਦੋਵਾਂ ਨੂੰ ਇਹ ਕਹਿ ਕੇ ਡਾਂਟ ਦਿੱਤਾ ਸੀ ਕਿ ਸਾਨੂੰ ਪੰਜਾਬੀ ਸਿਨੇਮਾ ਦੀ ਸੂਝ ਨਹੀਂ ਹੈ | ਲਿਹਾਜ਼ਾ, 'ਪਿੰਜਰ' ਦੀ ਥਾਂ 'ਸ਼ੌਾਕਣ ਮੇਲੇ ਦੀ' ਨੇ ਲੈ ਲਈ ਸੀ |
ਟਿ੍ਪਲ ਰੂਪਾਂਤਰ ਵੀ
ਹੁਣ 2019 ਵਿਚ ਇਕ ਨਵਾਂ ਦਿ੍ਸ਼ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਇਸ ਵਰ੍ਹੇ ਕੁਝ ਕੁ ਪੁਰਾਣੀਆਂ ਫ਼ਿਲਮਾਂ ਦੇ ਵਿਸਥਾਰ ਹੀ ਦੇਖਣ ਨੂੰ ਨਹੀਂ ਸਨ ਮਿਲੇ, ਸਗੋਂ ਇਨ੍ਹਾਂ ਦੇ ਟਿ੍ਪਲ ਰੂਪਾਂਤਰ ਵੀ ਦਿ੍ਸ਼ਟੀਗੋਚਰ ਹੋਏ ਸਨ | ਵਿਸ਼ੇ ਪੱਖ ਤੋਂ ਘੜੀ-ਮੁੜੀ ਦੁਹਰਾਈਆਂ ਜਾਣ ਵਾਲੀਆਂ ਇਹ ਫ਼ਿਲਮਾਂ ਕਿੰਨੀਆਂ ਕੁ ਕਲਾਤਮਿਕ ਸਨ? ਇਸ ਪ੍ਰਸ਼ਨ ਦਾ ਜਵਾਬ ਇਕ ਦੋ ਫ਼ਿਲਮਾਂ ਦੇ ਸੰਕਲਪ ਤੋਂ ਹੀ ਦਿ੍ਸ਼ਟੀਗੋਚਰ ਹੋ ਸਕਦਾ ਹੈ |
'ਜੱਟ ਐਾਡ ਜੂਲੀਅਟ', 'ਕੈਰੀ ਆਨ ਜੱਟਾ' ਅਤੇ 'ਮੰਜੇ ਬਿਸਤਰੇ' ਵਿਚ ਕਹਾਣੀ ਕੀ ਸੀ? ਇਸ ਪ੍ਰਸ਼ਨ ਦਾ ਜਵਾਬ ਫ਼ਿਲਮਸਾਜ਼ ਹੀ ਦੇ ਸਕਦੇ ਹਨ | ਫ਼ਿਲਮ 'ਚ ਚੰਗੇ ਪ੍ਰਸੰਗ ਤਾਂ ਜ਼ਰੂਰ ਨਜ਼ਰ ਆਏ | ਇਹ ਸਿਚੂਏਸ਼ਨ ਕਾਮੇਡੀਜ਼ ਸਨ ਪਰ ਫਿਰ ਵੀ ਇਨ੍ਹਾਂ ਦੇ ਵਿਸਥਾਰ ਹੋਂਦ 'ਚ ਆਏ ਅਤੇ ਇਸ ਵਰ੍ਹੇ ਇਨ੍ਹਾਂ ਨੂੰ ਤੀਜਾ ਰੂਪ ਦੇਣ ਦੀਆਂ ਕੰਨਸੋਆਂ ਵੀ ਸੁਣਨ 'ਚ ਆਈਆਂ ਹਨ |
ਕੁਝ ਸਮਾਂ ਪਹਿਲਾਂ 2016 ਵਿਚ ਆਈ 'ਨਿੱਕਾ ਜ਼ੈਲਦਾਰ' ਦੀ ਕਹਾਣੀ ਬੜੀ ਹੀ ਸਾਧਾਰਨ ਕਿਸਮ ਦੀ ਸੀ | ਇਸ ਵਿਚਲਾ ਨਾਇਕ ਅਮੀਰ ਜਗੀਰਦਾਰ ਘਰਾਣੇ ਨਾਲ ਸਬੰਧਿਤ ਹੈ, ਜਿਹੜਾ ਇਕ ਸਧਾਰਨ ਕੁੜੀ ਨੂੰ ਪਿਆਰ ਕਰਦਾ ਹੈ ਅਤੇ ਉਸ ਨਾਲ ਘਰ ਛੱਡ ਕੇ ਦੌੜ ਜਾਂਦਾ ਹੈ | ਇਸ ਦੇ ਨਾਇਕ (ਐਮੀ ਵਿਰਕ) ਨਾਲ ਦਰਸ਼ਕਾਂ ਨੂੰ ਪਤਾ ਨਹੀਂ ਕੀ ਲਗਾਅ ਹੋਇਆ ਕਿ ਉਹ ਇਸ ਦੇ ਦੂਜੇ ਰੂਪ ਦੀ ਮੰਗ ਕਰਦੇ ਹੋਏ ਪ੍ਰਤੀਤ ਹੋਏ | ਲਿਹਾਜ਼ਾ 'ਨਿੱਕਾ ਜੈਲਦਾਰ-2' ਦੇਖਣ ਨੂੰ ਮਿਲਿਆ ਹੀ ਸੀ ਇਸ ਤੋਂ ਇਲਾਵਾ ਇਸ ਕਹਾਣੀ ਦਾ ਤੀਜਾ ਨਕਸ਼ਾ ਵੀ ਉੱਭਰ ਕੇ ਆ ਗਿਆ ਹੈ | ਪਾਲੀਵੁੱਡ ਦੀ ਸ਼ਾਇਦ ਇਹ ਪਹਿਲੀ ਕਿਰਤ ਹੈ, ਜਿਸ ਦਾ ਦਰਸ਼ਕਾਂ ਨੂੰ ਤੀਜਾ ਰੂਪਾਂਤਰ ਦੇਖਣ ਨੂੰ ਮਿਲ ਰਿਹਾ ਹੈ |
ਇਸੇ ਫ਼ਿਲਮ ਦੀ ਨਕਲ ਕਰਦਿਆਂ ਹੋਇਆਂ ਹੀ 'ਰੁਪਿੰਦਰ ਗਾਂਧੀ-2' ਦੇ ਨਿਰਮਾਤਾ ਵੀ ਹੁਣ 'ਰੁਪਿੰਦਰ ਗਾਂਧੀ-3' ਦੇ ਨਿਰਮਾਣ ਦੀਆਂ ਯੋਜਨਾਵਾਂ ਬਣਾ ਅਤੇ ਘੋਸ਼ਨਾਵਾਂ ਕਰ ਰਹੇ ਹਨ |
2019 ਵਿਚ ਪੰਜਾਬੀ ਸਿਨੇਮਾ ਦੇ ਖੇਤਰ 'ਚ ਆਈ ਇਸ ਵਿਸ਼ੇਸ਼ਤਾ ਤੋਂ ਇਹ ਤਾਂ ਸਪੱਸ਼ਟ ਹੀ ਹੈ ਕਿ ਪਾਲੀਵੁੱਡ ਅਜੇ ਵੀ ਚੁਣੌਤੀਪੂਰਨ ਵਿਸ਼ਿਆਂ ਪ੍ਰਤੀ ਝੁਕਾਅ ਨਹੀਂ ਰੱਖ ਰਿਹਾ ਹੈ ਬਲਕਿ ਇਕ ਸੈੱਟ ਹੋਏ ਜਾਂ ਸਥਾਪਤ/ਸਫਲ ਫਾਰਮੂਲੇ ਨੂੰ ਹੀ ਘੜੀ-ਮੁੜੀ ਦਰਸ਼ਕਾਂ 'ਤੇ ਪਰਖਣ ਲਈ ਆਪਣੀ ਪ੍ਰਤੀਬੱਧਤਾ ਦਿਖਾ ਰਿਹਾ ਹੈ | ਹਾਲਾਂਕਿ ਇਹ ਵੀ ਦਰੁਸਤ ਹੈ ਕਿ ਹਰੇਕ ਵਿਸਥਾਰ ਦੀ ਕਹਾਣੀ ਥੋੜ੍ਹੀ ਵੱਖਰੀ ਜ਼ਰੂਰ ਹੁੰਦੀ ਹੈ ਪਰ ਪਾਤਰ ਉਸਾਰੀ ਅਤੇ ਘਟਨਾਵਾਂ ਦੇ ਆਕਾਰ ਲਗਪਗ ਮਿਲਦੇ-ਜੁਲਦੇ ਹੁੰਦੇ ਹਨ | ਦਿਲਚਸਪ ਤੱਥ ਇਹ ਵੀ ਹੈ ਕਿ ਬਾਵਜੂਦ ਇਸ ਘਿਸੇ-ਪਿਟੇ ਸੰਕਲਪ ਦੇ ਦਰਸ਼ਕਾਂ ਵਲੋਂ ਵੀ ਅਜਿਹੀਆਂ ਵਿਸਥਾਰਤ ਕਿਰਤਾਂ ਨੂੰ ਚੰਗਾ ਹੁੰਗਾਰਾ ਮਿਲ ਜਾਂਦਾ ਹੈ | ਅਜਿਹੇ ਹਾਲਾਤ 'ਚ ਕਲਾਤਮਿਕਤਾ ਅਤੇ ਸੁਹਜਾਤਮਿਕਤਾ ਦਾ ਮਨਫ਼ੀ ਹੋਣਾ ਸੁਭਾਵਿਕ ਹੀ ਹੈ |
ਅੜ੍ਹਬ ਮੁਟਿਆਰਾਂ ਦੀ ਆਮਦ
ਆਮ ਤੌਰ 'ਤੇ ਦੇਖਣ 'ਚ ਆਉਂਦਾ ਹੈ ਕਿ ਪੰਜਾਬੀ ਫ਼ਿਲਮਾਂ 'ਚ ਨਾਇਕਾ ਨੂੰ ਇਕ ਸ਼ੋਅ ਪੀਸ ਵਜੋਂ ਹੀ ਵਰਤਿਆ ਜਾਂਦਾ ਰਿਹਾ ਹੈ | ਕਈ ਵਾਰ ਨਾਇਕਾ ਪ੍ਰਧਾਨ ਫ਼ਿਲਮਾਂ (ਇਕ ਕੁੜੀ ਪੰਜਾਬ ਦੀ, ਚੰਨੋ) ਦਾ ਨਿਰਮਾਣ ਤਾਂ ਦੇਖਣ ਨੂੰ ਜ਼ਰਰ ਮਿਲਦਾ ਰਿਹਾ ਹੈ ਪਰ ਬਾਕਸ ਆਫਿਸ 'ਤੇ ਇਹ ਫ਼ਿਲਮ ਕੋਈ ਖਾਸ ਧਮਾਕਾ ਨਹੀਂ ਕਰ ਸਕੀਆਂ ਸਨ |
2019 ਵਿਚ ਇਸ ਟਰੈਂਡ ਨੂੰ ਉਭਾਰਨ ਦੀ ਇਕ ਵਾਰ ਫਿਰ ਕੋਸ਼ਿਸ਼ ਕੀਤੀ ਗਈ ਹੈ | 'ਅੜ੍ਹਬ ਮੁਟਿਆਰਾਂ' ਦੇ ਟਾਈਟਲ ਤੋਂ ਸਪੱਸ਼ਟ ਹੈ ਕਿ ਇਹ ਇਕ ਨਾਇਕਾ ਪ੍ਰਧਾਨ ਫ਼ਿਲਮ ਹੋਵੇਗੀ, ਇਸ ਦੀ ਨਾਇਕਾ (ਸੋਨਮ ਬਾਜਵਾ) ਆਪਣੇ-ਆਪ ਨੂੰ 'ਘੈਂਟ ਜੱਟੀ' ਕਹਿੰਦੀ ਹੈ ਅਤੇ ਆਕੜ ਵਾਲੀ ਨਾਇਕਾ ਦੇ ਰੂਪ 'ਚ ਵਿਚਰਦੀ ਹੈ | ਇਸੇ ਤਰ੍ਹਾਂ ਹੀ 'ਸੁਰਖੀ ਬਿੰਦੀ' ਦੀ ਨਾਇਕਾ (ਸਰਗੁਣ ਮਹਿਤਾ) ਇਕ ਮੇਕਅੱਪ ਆਰਟਿਸਟ ਦੇ ਰੂਪ 'ਚ ਕਿਸੇ ਵਿਦੇਸ਼ੀ ਨਾਇਕ ਨਾਲ ਨਾਤਾ ਜੋੜ ਕੇ ਪ੍ਰਦੇਸ ਵਿਚ ਅਮੀਰ ਜਾਂ ਠਾਠ-ਬਾਠ ਵਾਲੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ | ਨਾਇਕਾ ਪ੍ਰਧਾਨ ਵਿਸ਼ੇ ਨੂੰ ਹੀ ਤਰਜੀਹ ਦਿੰਦਿਆਂ ਹੋਇਆਂ 2019 ਦੇ ਫਰਵਰੀ ਮਹੀਨੇ ਵਿਚ ਪ੍ਰਦਰਸ਼ਿਤ ਹੋਈ ਫ਼ਿਲਮ 'ਗੁੱਡੀਆਂ ਪਟੋਲੇ' ਦੀਆਂ ਨਾਇਕਾਵਾਂ ਦੀ ਕਹਾਣੀ ਦੋ ਪ੍ਰਵਾਸੀ ਲੜਕੀਆਂ ਦੇ ਘਟਨਾਚੱਕਰ ਦੇ ਆਲੇ-ਦੁਆਲੇ ਘੰੁਮਦੀ ਹੈ | ਇਹ ਕਹਾਣੀ ਪਹਿਲੀਆਂ 'ਪ੍ਰਵਾਸੀ ਫ਼ਿਲਮਾਂ' ਦੀ ਸ਼੍ਰੇਣੀ ਤੋਂ ਭਿੰਨ ਸੀ ਕਿਉਂਕਿ ਪਹਿਲਾਂ ਪ੍ਰਦਰਸ਼ਿਤ ਹੋਈਆਂ ਇਸ ਕਿਸਮ ਦੀਆਂ ਫ਼ਿਲਮਾਂ 'ਚ ਨਾਇਕ ਹੀ ਕੇਂਦਰ ਬਿੰਦੂ ਹੋਇਆ ਕਰਦੀ ਸੀ | ਬਾਵਜੂਦ ਇਸ ਸੁਖਦ ਤਬਦੀਲੀ ਦੇ, ਪੰਜਾਬੀ ਸਿਨੇਮਾ ਇਸ ਵਰ੍ਹੇ ਦੀਆਂ ਨਾਇਕਾ-ਪ੍ਰਧਾਨ ਮਨੋਵਿਗਿਆਨਕ ਪੇਸ਼ਕਾਰੀਆਂ ਤੋਂ ਕੋਹਾਂ ਦੂਰ ਹੀ ਰਿਹਾ ਹੈ | ਇਸ ਲਈ ਇਨ੍ਹਾਂ ਫ਼ਿਲਮਾਂ ਦੀਆਂ ਨਾਇਕਾਵਾਂ ਵੀ ਬੇਜਾਨ ਜਾਂ ਦਿਖਾਵਟੀ ਰੂਪ 'ਚ ਹੀ ਦਿ੍ਸ਼ਟੀਗੋਚਰ ਹੋਈਆਂ ਸਨ |
ਸਫ਼ਲਤਾ ਦੀ ਫ਼ੀਸਦੀ
ਕਹਿਣ ਨੂੰ ਤਾਂ 2019 ਵਿਚ ਰਿਕਾਰਡ ਗਿਣਤੀ 'ਚ ਫ਼ਿਲਮਾਂ ਰਿਲੀਜ਼ ਹੋਈਆਂ ਪਰ ਸਫ਼ਲਤਾ ਦੀ ਫੀਸਦੀ ਸਿਰਫ਼ 5 ਫ਼ੀਸਦੀ ਹੀ ਰਹੀ | ਜਿਥੇ ਚੰਗੀਆਂ ਪਟਕਥਾਵਾਂ ਦੀ ਘਾਟ ਇਸ ਵੱਡੀ ਅਸਫ਼ਲਤਾ ਦਾ ਆਧਾਰ ਬਣੀ, ਉਥੇ ਇਕ ਹੀ ਹਫਤੇ ਵਿਚ ਦੋ-ਦੋ ਫ਼ਿਲਮਾਂ ਦਾ ਪ੍ਰਦਰਸ਼ਿਤ ਹੋਣਾ ਵੀ ਘਾਤਕ ਰਿਹਾ | 'ਮੁਕਲਾਵਾ' ਅਤੇ 'ਚੰਡੀਗੜ੍ਹ ਅੰਮਿ੍ਤਸਰ ਚੰਡੀਗੜ੍ਹ' ਇਕੋ ਹੀ ਹਫ਼ਤੇ 'ਚ ਰਿਲੀਜ਼ ਹੋਈਆਂ | ਲਗਪਗ ਅਜਿਹੀ ਹੀ ਸਥਿਤੀ '15 ਲੱਖ ਕਦੋਂ ਆਊਗਾ' ਅਤੇ 'ਲੁਕਣਮੀਚੀ' ਦੀ ਵੀ ਰਹੀ ਸੀ | ਇਸੇ ਹੀ ਕਹਾਣੀ ਨੂੰ 'ਮੰੁਡਾ ਫਰੀਦਕੋਟੀਆ' ਅਤੇ 'ਜਿੰਦ ਜਾਨ' ਨੇ ਵੀ ਦੁਹਰਾਇਆ ਸੀ | ਅਜਿਹੀਆਂ ਹਾਲਤਾਂ ਵਿਚ ਇਹ ਫ਼ਿਲਮਾਂ ਕਿਵੇਂ ਸਫ਼ਲ ਹੋ ਸਕਦੀਆਂ ਸਨ | ਹਾਂ, ਕੁਝ ਕੁ ਫ਼ਿਲਮਾਂ 'ਕਾਲਾ ਸ਼ਾਹ ਕਾਲਾ', 'ਰੱਬ ਦਾ ਰੇਡੀਓ-2', 'ਬਲੈਕੀਆ', 'ਚੱਲ ਮੇਰਾ ਪੁੱਤ' ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚਿਆ ਸੀ | ਪਰ ਇਨ੍ਹਾਂ ਦੀ ਸਫ਼ਲਤਾ ਵੀ ਅੰਸ਼ਕ ਹੀ ਸੀ | ਲਿਹਾਜ਼ਾ 2019 ਵਿਚ ਪੰਜਾਬੀ ਸਿਨੇਮਾ ਨੇ ਉਡਾਣ ਤਾਂ ਬਹੁਤ ਵੱਡੀ ਭਰਨ ਦੀ ਕੋਸ਼ਿਸ਼ ਕੀਤੀ ਸੀ ਪਰ ਟੁੱਟੇ ਖੰਭ ਹੋਣ ਕਰਕੇ ਇਹ ਫਿਰ ਧਰਾਤਲ 'ਤੇ ਹੀ ਆ ਡਿਗਿਆ ਸੀ | ਇਸ ਵਰ੍ਹੇ ਦੀ ਸਥਿਤੀ ਨੂੰ ਤਾਂ ਇੰਜ ਹੀ ਬਿਆਨ ਕੀਤਾ ਜਾ ਸਕਦਾ ਹੈ ਕਿ:
ਨਾ ਕੋਈ ਆਹਟ ਨਾ ਦਸਤਕ ਨਾ ਸਾਇਆ ਸੀ
ਇੰਝ ਲਗਦੈ ਉਹ ਆ ਕੇ ਵੀ ਨਾ ਆਇਆ ਸੀ
ਉਸ ਮਿੱਟੀ ਦਾ ਪੁੱਤਰਾਂ ਉਤੇ ਮਾਣ ਕੇਹਾ
ਜਿਸ ਦੇ ਖੇਤ ਨੂੰ ਉਨ੍ਹਾਂ ਆਪ ਉਡਾਇਆ ਸੀ |

(ਡਾ: ਰਵਿੰਦਰ)
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾਈਲ : 099154-93043.


ਖ਼ਬਰ ਸ਼ੇਅਰ ਕਰੋ

ਵਿਆਹ ਸਮੇਂ ਦੀ ਪੁਰਾਤਨ ਰਸਮ ਵਰੀ ਦਿਖਾਉਣਾ

ਸ਼ੇਖ ਫਰੀਦ ਜੀ ਇਕ ਸਲੋਕ ਦਾ ਮੁੱਢ ਇਉਂ ਬੰਨ੍ਹਦੇ ਹਨ 'ਜਿਤੁ ਦਿਹਾੜੈ ਧਨ ਵਰੀ' | ਇਸ ਸਲੋਕ ਵਿਚ ਫਰੀਦ ਜੀ ਮਨੁੱਖ ਨੂੰ ਇਹ ਸਮਝਾਉਣੀ ਕਰਦੇ ਹਨ ਕਿ ਜਿਸ ਦਿਨ ਇਸਤਰੀ ਨੇ ਵਿਆਹੇ ਜਾਣਾ ਹੁੰਦਾ ਹੈ, ਉਹ ਸਮਾਂ ਯਾਨੀ ਸਾਹਾ ਪਹਿਲਾਂ ਹੀ ਨਿਸਚਿਤ ਕੀਤਾ ਗਿਆ ਹੁੰਦਾ ਹੈ | ਭਾਵੇਂ ਇਸ ਸਲੋਕ ਰਾਹੀਂ ਉਨ੍ਹਾਂ ਮੌਤ ਦੀ ਅਟੱਲ ਸਚਾਈ ਵਲ ਇਸ਼ਾਰਾ ਕੀਤਾ ਹੈ ਪਰੰਤੂ ਇਸ ਆਲੇਖ ਦਾ ਸਰੋਕਾਰ ਪੰਜਾਬੀਆਂ ਦੀ ਦੁਨੀਆ ਵਿਚ ਹੁੰਦੇ ਵਿਆਹਾਂ ਨਾਲ ਹੈ | ਵਿਆਹ ਵਾਲੇ ਦਿਨ ਵਰ ਅਤੇ ਉਸ ਦੇ ਪਰਿਵਾਰ ਵਲੋਂ ਲਾੜੀ ਨੂੰ ਵਿਆਹੁਣ ਗਿਆਂ, ਲਾੜੀ ਨੂੰ ਦਿੱਤੇ ਜਾਣ ਵਾਲੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀਆਂ ਮੁੱਲਵਾਨ ਵਸਤੂਆਂ ਨੂੰ 'ਵਰੀ' ਕਹਿੰਦੇ ਹਨ | ਬਰਾਤ ਦੇ ਢੁਕਾਅ ਤੋਂ ਬਾਅਦ ਜਿਵੇਂ ਕੰਨਿਆ ਵਾਲੀ ਧਿਰ ਵਰ ਵਾਲੀ ਧਿਰ ਨੂੰ 'ਖੱਟ' ਦੀ ਰਸਮ ਵੇਲੇ ਸਾਰੇ ਬਰਾਤੀਆਂ ਅਤੇ ਆਪਣੀ ਬਰਾਦਰੀ ਸਾਹਮਣੇ ਦਾਜ ਵਿਖਾਉਂਦੀ ਰਹੀ ਹੈ, ਉਵੇਂ ਹੀ ਵਰ ਵਾਲੀ ਧਿਰ ਉਚੇਚੇ ਰੂਪ ਵਿਚ ਲਾੜੀ ਲਈ 'ਵਰੀ' ਦੇ ਰੂਪ ਵਿਚ ਲਿਆਂਦੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀ ਸਮੱਗਰੀ ਆਦਿ ਕੰਨਿਆ ਵਾਲੀ ਧਿਰ ਅੱਗੇ ਪ੍ਰਦਰਸ਼ਿਤ ਕਰਦੀ ਰਹੀ ਹੈ | ਕੰਨਿਆ ਵਾਲੀ ਧਿਰ ਵਰੀ ਨੂੰ ਬੜੇ ਚਾਅ ਨਾਲ ਦੇਖਦੀ ਸੀ | ਇਸ ਵਿਖਾਲੇ ਵੇਲੇ ਦੋਵਾਂ ਧਿਰਾਂ ਦੀ ਆਰਥਿਕ ਸੰਪੰਨਤਾ ਜੱਗ-ਜ਼ਾਹਰ ਹੁੰਦੀ ਸੀ | ਇਸ ਲਈ ਕਈ ਹਾਲਤਾਂ ਵਿਚ ਪਹੁੰਚ ਤੋਂ ਵਧੇਰੇ ਉਚੇਚ ਵੀ ਕੀਤਾ ਜਾਂਦਾ ਸੀ | ਆਵਾਜਾਈ ਦੇ ਆਧੁਨਿਕ ਸਾਧਨਾਂ ਦੀ ਆਮਦ ਤੋਂ ਪਹਿਲਾਂ ਜਦੋਂ ਜੰਞ ਰੱਥਾਂ, ਹਾਥੀਆਂ ਅਤੇ ਘੋੜਿਆਂ 'ਤੇ ਜਾਂਦੀ ਸੀ, ਉਸ ਸਮੇਂ ਵਰੀ ਦੀਆਂ ਚੀਜ਼ਾਂ ਟੋਕਰਿਆਂ ਵਿਚ ਸਜਾ ਕੇ ਵਾਜਿਆਂ-ਗਾਜਿਆਂ ਨਾਲ ਵਿਆਹ ਵਾਲੇ ਘਰ ਲਿਆਂਦੀਆਂ ਜਾਂਦੀਆਂ ਸਨ | ਧੀ ਵਾਲੇ ਉਨ੍ਹਾਂ ਚੀਜ਼ਾਂ ਦਾ ਖੂਬ ਸਵਾਗਤ ਕਰਕੇ ਆਪਣੀ ਅਤੇ ਆਪਣੀ ਧੀ ਦੇ ਸਹੁਰਿਆਂ ਦੀ ਸ਼ੋਭਾ ਕਰਾਉਣ ਲਈ ਭਾਈਚਾਰੇ ਨੂੰ ਸੱਦ ਲੈਂਦੇ ਸਨ ਤਾਂ ਕਿ ਭਾਈਚਾਰਾ ਦੇਖ ਸਕੇ ਕਿ ਉਨ੍ਹਾਂ ਦਾ ਨਾਤਾ ਕਿਹੋ ਜਿਹੇ ਪਰਿਵਾਰ ਨਾਲ ਜੁੜਿਆ ਹੈ |
ਵਰੀ ਦੇ ਰੂਪ ਵਿਚ ਆਏ ਕੱਪੜੇ, ਗਹਿਣੇ ਆਦਿ ਡੋਲੀ ਦੀ ਵਿਦਾਇਗੀ ਵੇਲੇ ਵਰ ਵਾਲੀ ਧਿਰ ਦੇ ਟੱਬਰ ਨੂੰ ਹੀ ਪਰਤਾ ਦਿੱਤੇ ਜਾਂਦੇ ਹਨ ਪਰ ਫਿਰ ਵੀ ਇਸ ਰਸਮ ਦੀ ਵਿਆਹ ਵਿਚ ਕਾਫ਼ੀ ਮਹੱਤਤਾ ਹੈ | ਵਰੀ ਨੂੰ 'ਬਰਾ ਸੂਹੀ' ਵੀ ਕਿਹਾ ਜਾਂਦਾ ਹੈ ਕਿਉਂਕਿ ਲਾੜੀ ਲਈ ਲਿਆਂਦੇ ਇਨ੍ਹਾਂ ਕੀਮਤੀ ਬਸਤਰਾਂ ਵਿਚ ਇਕ ਜੋੜਾ ਸ਼ਗਨਾਂ ਵਾਲੇ ਲਾਲ ਸੂਹੇ ਰੰਗ ਵਾਲਾ ਵੀ ਹੁੰਦਾ ਹੈ | ਗਹਿਣਿਆਂ ਅਤੇ ਬਸਤਰਾਂ ਦੇ ਰੂਪ ਵਿਚ ਵਰੀ ਇਕ ਟਰੰਕ (ਸੂਟਕੇਸ) ਵਿਚ ਪਾ ਕੇ 'ਲਾਗੀ' ਨੂੰ ਚੁਕਵਾ ਲਈ ਜਾਂਦੀ ਸੀ, ਜਿਸ ਨੂੰ ਸੰਭਾਲਣ ਅਤੇ ਲੋੜ ਪੈਣ 'ਤੇ ਵਰ ਵਾਲੀ ਧਿਰ ਦੀ ਹਾਜ਼ਰੀ ਅਤੇ ਰਜ਼ਾਮੰਦੀ ਨਾਲ ਟਰੰਕ ਖੋਲ੍ਹ ਕੇ ਵਿਖਾਉਣ ਦੀ ਜ਼ਿੰਮੇਵਾਰੀ ਲਾਗੀ ਜ਼ਿੰਮੇ ਹੀ ਹੁੰਦੀ ਸੀ | ਵਰੀ ਦੀਆਂ ਇਨ੍ਹਾਂ ਵਸਤਾਂ ਵਿਚ ਗਹਿਣੇ ਅਤੇ ਕੱਪੜਿਆਂ ਤੋਂ ਇਲਾਵਾ ਲਾੜੀ ਲਈ ਜੁੱਤੀ, ਪਰਾਂਦੀ, ਪਰਸ ਅਤੇ ਸ਼ਗਨ ਵਜੋਂ ਲਾਲ ਗੁਥਲੀ ਵਿਚ ਸਵਾ ਜਾਂ ਢਾਈ ਕਿਲੋ ਬਿੱਦ (ਸੌਗੀ, ਮਖਾਣੇ, ਬਦਾਮ, ਛੁਹਾਰੇ, ਛੋਟੀਆਂ ਲੈਚੀਆਂ, ਮਿਸ਼ਰੀ, ਖੰਮਣ੍ਹੀ ਲਪੇਟਿਆ ਨਾਰੀਅਲ, ਮਹਿੰਦੀ ਆਦਿ) ਵੀ ਸ਼ਾਮਲ ਹੁੰਦੀ ਹੈ | ਜੇ ਸਰਦੀ ਦਾ ਮੌਸਮ ਹੋਵੇ ਤਾਂ ਇਸ ਸਮਾਨ ਵਿਚ ਕੋਟੀ ਅਤੇ ਸ਼ਾਲ ਵੀ ਸ਼ਾਮਿਲ ਹੁੰਦੇ ਹਨ | ਲਾੜੀ ਲਈ ਚੁੰਨੀਆਂ ਸਮੇਤ ਸੱਤ, ਗਿਆਰਾਂ ਜਾਂ ਇੱਕੀ ਸੂਟਾਂ (ਝੱਗਾ, ਚੁੰਨੀ, ਸਲਵਾਰ) ਵਿਚ ਇਕ ਜਾਂ ਇਕ ਤੋਂ ਵਧੇਰੇ ਸੂਟ ਸਿਊਾ ਕੇ ਵੀ ਲਿਆਂਦੇ ਜਾਂਦੇ ਹਨ ਤਾਂ ਜੋ ਫ਼ੇਰਿਆਂ ਤੋਂ ਬਾਅਦ ਜਾਂ ਸਹੁਰੇ ਘਰ ਪ੍ਰਵੇਸ਼ ਕਰਨ ਮਗਰੋਂ ਵਹੁਟੀ ਪਹਿਰਾਵਾ ਬਦਲਣ ਸਮੇਂ ਫੌਰੀ ਤੌਰ 'ਤੇ ਸੀਤਾ ਹੋਇਆ ਸੂਟ ਪਹਿਨ ਸਕੇ |
ਬੇਸ਼ੱਕ ਹਾਰ-ਸ਼ਿੰਗਾਰ ਦੀ ਸਮਗਰੀ ਨਾਲ ਭਰਪੂਰ ਸੁਹਾਗ-ਪਟਾਰੀ ਵਰ ਵਾਲੀ ਧਿਰ ਵਲੋਂ ਕੁੜਮਾਈ ਸਮੇਂ ਵੀ ਭੇਜੀ ਜਾਂਦੀ ਹੈ ਪਰ ਆਰਥਿਕ ਪੱਖੋਂ ਅਮੀਰ ਟੱਬਰ ਹਾਰ-ਸ਼ਿੰਗਾਰ ਦਾ ਸਾਮਾਨ ਵਰੀ ਨਾਲ ਦੁਬਾਰਾ ਫਿਰ ਭੇਜ ਦਿੰਦੇ ਹਨ, ਜਿਸ ਵਿਚ ਇਤਰ, ਸੰਧੂਰ, ਸੁਰਖ਼ੀ, ਸੁਰਮਾ, ਕੰਘੀ, ਕਲਿੱਪ, ਦੰਦਾਸਾ, ਬਿੰਦੀ, ਮਹਿੰਦੀ, ਰੁਮਾਲ ਅਤੇ ਵੰਗਾਂ ਆਦਿ ਵਸਤਾਂ ਹੁੰਦੀਆਂ ਹਨ | ਸੁਹਾਗ ਪਟਾਰੀ ਵਿਚਲੀ ਕੋਈ ਵਸਤੂ ਟੁੱਟ-ਭੱਜ ਨਾ ਜਾਵੇ, ਇਸ ਲਈ ਬੜੀ ਇਹਤਿਆਤ ਤੋਂ ਕੰਮ ਲਿਆ ਜਾਂਦਾ ਹੈ | ਇਕ ਲੋਕ ਵਿਸ਼ਵਾਸ ਅਨੁਸਾਰ, ਸੁਹਾਗ ਪਟਾਰੀ ਵਿਚੋਂ ਕੋਈ ਚੀਜ਼ ਟੁੱਟਣੀ ਬਦਸ਼ਗਨੀ ਸਮਝੀ ਜਾਂਦੀ ਹੈ |
ਵਰ ਵਾਲੀ ਧਿਰ ਨੇ ਵਰੀ ਵਿਚ ਭਾਵੇਂ ਕਿੰਨੀਆਂ ਕੀਮਤੀ ਵਸਤਾਂ ਵੀ ਕਿਉਂ ਨਾ ਢੋਈਆਂ ਹੋਣ, ਕੰਨਿਆ ਵਾਲੀ ਧਿਰ ਦੀਆਂ ਇਸਤਰੀਆਂ ਖ਼ਾਸ ਕਰ ਨਾਨਕੀਆਂ ਅਤੇ ਦਾਦਕੀਆਂ ਗੀਤ ਗਾਉਂਦੀਆਂ ਹੋਈਆਂ ਹਰ ਚੰਗੀ ਚੀਜ਼ ਨੂੰ ਛੁਟਿਆਉਂਦੀਆਂ ਹਾਸੇ-ਠੱਠੇ ਦਾ ਮਾਹੌਲ ਸਿਰਜਦੀਆਂ ਹਨ | ਅਰਥਾਤ ਵਰੀ ਵਿਚਲੇ ਨਵੇਂ-ਨਕੋਰ, ਗੋਟੇ-ਕਿਨਾਰੀਆਂ ਅਤੇ ਸਿਲਮੇ-ਸਿਤਾਰਿਆਂ ਵਾਲੇ ਚਮਕਦਾਰ ਤੇ ਮਨਮੋਹਣੇ ਕੱਪੜਿਆਂ, ਗਹਿਣਿਆਂ ਅਤੇ ਵਸਤਾਂ ਨੂੰ ਸਿੱਠਣੀਆਂ ਰਾਹੀਂ ਨਿੰਦਿਆ/ਭੰਡਿਆ ਜਾਂਦਾ ਹੈ | ਅਜਿਹਾ ਕਿਸੇ ਮੰਦੀ ਭਾਵਨਾ ਤਹਿਤ ਨਹੀਂ ਕੀਤਾ ਜਾਂਦਾ ਸਗੋਂ ਹਾਸੇ-ਖੇੜੇ ਵਾਲਾ ਮਾਹੌਲ ਪੈਦਾ ਕਰਨਾ ਹੀ ਉਨ੍ਹਾਂ ਦਾ ਮਨੋਰਥ ਹੁੰਦਾ ਹੈ | ਮਹਿੰਗੀ ਵਰੀ ਦੇ ਪੁਰਾਣੀ, ਤੁੱਛ ਅਤੇ ਅਧੂਰੀ ਹੋਣ ਦੇ ਮਿਹਣੇ ਮਾਰੇ ਜਾਂਦੇ ਹਨ :
ਪੱਟ ਕੁੜੇ, ਨੀ ਜਰੀ ਕੁੜੇ |
ਏਨ੍ਹਾਂ ਘੱਟ ਲਿਆਂਦੀ ਵਰੀ ਕੁੜੇ |
ਟੂੰਬਾਂ ਦੀ ਤਾਂ ਬੱਸ ਕੁੜੇ |
ਨੀ ਨਿੱਕਾ ਲਿਆਂਦਾ ਹੱਸ ਕੁੜੇ |
ਗਲ ਦਾ ਹਾਰ ਦਿਸੇਂਦਾ ਨਾਹੀਂ |
ਸੱਗੀ ਫੁੱਲ ਹੀ ਘੱਤ ਕੁੜੇ |
ਬਾਂਕਾਂ ਮੁੰਦੀਆਂ ਟਿੱਕਾ ਕੋ ਨਾ
ਸਾਥੋਂ ਲੈ ਲੀਂ ਨੱਥ ਕੁੜੇ |
ਫੁਲਝੜੀ ਕੁੜੇ
ਪੁਰਾਣੀ ਲਿਆਂਦੀ ਵਰੀ ਕੁੜੇ |
ਮੈਂ ਲੱਜ ਮੋਈ ਮੈਂ ਲੱਜ ਮੋਈ
ਇਹ ਵਰੀ ਪੁਰਾਣੀ ਲਿਆਏ, ਮੈਂ ਲੱਜ ਮੋਈ |
ਇਨ੍ਹਾਂ ਗੀਤਾਂ ਦੀ ਸੁਰ ਭਾਵੇਂ ਕਟਾਖ਼ਸ਼ੀ ਹੁੰਦੀ ਹੈ ਪਰ ਵਰ ਵਾਲੀ ਧਿਰ ਇਸ ਹਾਸੇ-ਠੱਠੇ ਦਾ ਬੁਰਾ ਨਹੀਂ ਮਨਾਉਂਦੀ | ਵਰੀ ਨੂੰ ਸਮੇਟਣ ਸਮੇਂ ਗੀਤਾਂ ਵਿਚਲੇ ਗਿਲੇ-ਸ਼ਿਕਵੇ ਭੁਲਾ ਕੇ ਹੋਰ ਵੀ ਕਈ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ:
ਵੇ ਵਧਾਈਆਂ ਸੋਹਣਿਉਂ, ਵਧਾਈਆਂ ਸੋਹਣਿਉਂ
ਇਹ ਘਰ ਕਿਨ੍ਹੀ ਗੁਣੀਂ ਬਣਦੇ
ਇਹ ਘਰ ਤਾਂ ਵਰੀ ਸ਼ਿੰਗਾਰਿਆਂ
ਇਹ ਘਰ ਇਹਨੀਂ ਗੁਣੀਂ ਬਣਦੇ |
ਇਹ ਘਰ ਤਾਂ ਕੰਗੂਏ ਮਹਿਕਿਆਂ
ਇਹ ਘਰ ਇਹਨੀਂ ਗੁਣੀਂ ਬਣਦੇ | ਵੇ ਸੋਹਣਿਓ!
ਮੇਲ ਤਾਂ ਇਹਨੀਂ ਗੁਣੀਂ ਬਣਦੇ |....
ਵਧਾਈਆਂ ਸੱਜਣਾਂ! ਸੁਹਾਵਿਆ ਸੱਜਣਾਂ !
ਇਹ ਘਰ ਕਿਨ੍ਹੀ ਗੁਣੀਂ ਬਣਦੇ |
ਏਹ ਘਰ ਲਿਪਿਆ ਪੋਚਿਆ ਕੁੰਗੂਏ ਛਿੜਕਿਆਂ
ਏਹ ਘਰ ਏਨ੍ਹੀ ਗੁਣੀਂ ਬਣਦੇ |....
ਵਰੀ ਦਿਖਾਏ ਜਾਣ ਤੋਂ ਬਾਦ ਵਿਚੋਲੇ ਦਾ ਕੰਮ ਤਕਰੀਬਨ ਖ਼ਤਮ ਹੋ ਜਾਂਦਾ ਹੈ, ਇਸ ਲਈ ਵਿਚੋਲੇ ਨੂੰ ਪਿੰਡ ਵਿਚੋਂ ਕੱਢਣ ਵਾਲੀਆਂ ਕਾਵਿਕ ਗਾਲ੍ਹਾਂ (ਸਿੱਠਣੀਆਂ) ਸ਼ੁਰੂ ਹੋ ਜਾਂਦੀਆਂ ਹਨ :
ਮੱਕੀ ਦਾ ਦਾਣਾ ਟਿੰਡ ਵਿਚ ਵੇ |
ਵਿਚੋਲਾ ਨੀ ਰਖਣਾ ਪਿੰਡ ਵਿਚ ਵੇ |
ਵਰੀ ਵੇਖ ਕੇ ਵਿਚੋਲੇ ਦੀਆਂ ਸ਼ੇਖੀਆਂ, ਫੋਕੀਆਂ ਫੜ੍ਹਾਂ ਅਤੇ ਹੇਰਾਫੇਰੀਆਂ ਦਾ ਸਭ ਨੂੰ ਪਤਾ ਲਗ ਜਾਂਦਾ | ਇਸ ਲਈ ਉਸ ਦੀ ਭੰਡੀ ਕੀਤੀ ਜਾਂਦੀ :
ਸਾਕ ਦੀ ਵਾਰੀ ਵਿਚੋਲਾ ਭੱਜ ਭੱਜ ਆਵੇ
ਟੂੰਮਾਂ ਦੀ ਵਾਰੀ ਵਿਚੋਲਾ ਲੁਕ ਛਿਪ ਜਾਵੇ |
ਲਾੜੀ ਨੂੰ ਵਿਆਹੁਣ ਸਮੇਂ ਵਰ ਵਾਲੀ ਧਿਰ ਵਲੋਂ ਵਰੀ ਲਿਆਉਣ ਦੀ ਰੀਤ ਕਾਫ਼ੀ ਪ੍ਰਾਚੀਨ ਸਮਿਆਂ ਤੋਂ ਪ੍ਰਚਲਿਤ ਹੈ | ਇਸ ਸਮੇਂ ਗਾਏ ਜਾਣ ਵਾਲੇ ਗੀਤਾਂ ਵਿਚ ਔਰਤ ਦੇ ਬਹੁਤੇ ਉਨ੍ਹਾਂ ਗਹਿਣਿਆਂ ਦਾ ਜ਼ਿਕਰ ਮਿਲਦਾ ਹੈ ਜਿਹੜੇ ਕਾਫ਼ੀ ਸਮਾਂ ਪਹਿਲਾਂ ਦੀ ਰਹਿਤਲ ਅਤੇ ਹਾਰ-ਸ਼ਿੰਗਾਰ ਦਾ ਹਿੱਸਾ ਰਹੇ ਹਨ | ਉਨ੍ਹਾਂ ਗਹਿਣਿਆਂ ਵਿਚੋਂ ਸਿਰ ਵਾਸਤੇ ਸੱਗੀ-ਫੁੱਲ, ਬਘਿਆੜੀ, ਦਾਉਣੀ, ਸ਼ਿੰਗਾਰ-ਪੱਟੀ, ਕਲਿੱਪ, ਕੰਨਾਂ ਦੇ ਪਿੱਛੇ ਵਾਲਾਂ ਨੂੰ ਟਿਕਾਉਣ ਵਾਲੀਆਂ ਚਿੜੀ ਦੀ ਸ਼ਕਲ ਵਾਲੀਆਂ ਸੋਨੇ ਦੀਆਂ ਸੂਈਆਂ 'ਸੋਨ-ਚਿੜੀਆਂ', ਤਾਲੂ ਤੇ ਮੱਥੇ ਦੇ ਦੋਵੇਂ ਪਾਸੇ ਵਾਲੀਆਂ ਮੀਢੀਆਂ ਵਿਚ ਗੁੰਦੀ ਜਾਣ ਵਾਲੀ ਸੋਨੇ ਦੀ ਜੜਾਊ ਨਮਨੂਦੇਦਾਰ ਤ੍ਰੈਲੜੀ ਪੱਟੀ 'ਦਾਉਣੀ', ਮੱਥੇ ਲਈ ਟਿੱਕਾ, ਕੰਨਾਂ ਤੇ ਸਿਰ 'ਤੇ ਲਮਕਦੀਆਂ ਰਹਿਣ ਵਾਲੀਆਂ ਲੜੀਆਂ ਵਾਲੀਆਂ 'ਲੂਲ੍ਹਾਂ', ਲੌਲ ਵਿਚ ਛੇਦ ਕਰਕੇ ਲਮਕਾਈ ਜਾਣ ਵਾਲੀ ਸੋਨੇ ਦੀਆਂ ਨਿੱਕੀਆਂ ਪੁੱਠੀਆਂ ਠੂਠੀਆਂ 'ਡੰਡੀਆਂ', ਕੰਨ ਦੀ ਪੇਪੜੀ ਨੂੰ ਸ਼ਿੰਗਾਰਨ ਲਈ ਫੁੰਮਣਾਂ ਵਾਲੇ ਲੋਟਨ, ਬੁਜਲੀਆਂ, ਚੂੜੀਆਂ ਵਰਗੇ ਪਲੇਨ ਤੁੰਗਲ, ਨੱਕ ਲਈ ਨੱਥ, ਮਛਲੀ, ਲੌਾਗ, ਤੀਲ੍ਹੀ, ਗਰਦਨ ਦੇ ਹੇਠਾਂ ਹੱਸ ਦੀ ਹੱਡੀ 'ਤੇ ਪਹਿਨਿਆ ਜਾਣ ਵਾਲਾ ਸੋਨੇ ਦੀ ਮੋਟੀ ਸੀਖ ਜਿਹਾ 'ਹੱਸ'/'ਹੰਸਲੀ', ਬਾਹਾਂ ਲਈ ਪੇਚ ਨਾਲ ਬੰਦ ਕਰਨ ਤੇ ਖੋਲ੍ਹਣ ਵਾਲਾ ਪੇਟੀ ਜਿਹੇ ਬਾਜੂ-ਬੰਦ, ਵੀਣੀ ਲਈ ਸੋਨੇ ਜਾਂ ਚਾਂਦੀ ਦੇ ਮੋਟੇ ਗਜਰੇ 'ਗੋਖੜੂ', ਹੱਥ ਦੇ ਛੱਪਰ 'ਤੇ ਪੈਂਦੇ ਟਿੱਕੇ ਸਮੇਤ ਲੜੀਆਂ ਨਾਲ ਜੁੜੇ ਗੁੱਟ ਵਾਸਤੇ ਕੰਗਣ ਅਤੇ ਪੰਜੇ ਉਂਗਲਾਂ ਲਈ ਅੰਗੂਠੀਆਂ ਵਾਲੇ ਗਹਿਣੇ ਰਤਨ-ਚੌਾਕ, ਹੱਥ ਦੇ ਅੰਗੂਠੇ ਵਿਚ ਪਾਈ ਜਾਣ ਵਾਲੀ ਸ਼ੀਸ਼ੇ ਜੜੀ ਮੁੰਦਰੀ 'ਆਰਸੀ',ਪੈਰਾਂ ਲਈ ਰਤਨ ਚੌਾਕ, ਪਟੜੀਆਂ ਤੇ ਬਾਂਕਾਂ ਅਹਿਮ ਹਨ |
ਕਈ ਪਰਿਵਾਰਾਂ ਦੀ ਰਵਾਇਤ ਅਨੁਸਾਰ, ਵਿਆਹ ਸਮੇਂ ਕੰਨਿਆ ਨੂੰ ਖਾਰਿਉਂ ਲਾਹੁਣ ਵੇਲੇ ਤੋਂ ਹੀ ਵਰ ਵਾਲੀ ਧਿਰ ਦਾ ਜੀਅ ਸਮਝ ਕੇ ਫੇਰਿਆਂ ਸਮੇਂ ਵੀ ਵਰੀ ਦਾ ਸੂਟ ਪੁਆ ਦਿੱਤਾ ਜਾਂਦਾ ਹੈ | ਵਰੀ ਵਿਚ ਢੋਏ ਜਾਣ ਵਾਲੇ ਕੱਪੜੇ ਅਤੇ ਗਹਿਣੇ ਆਦਿ ਹਰ ਪਰਿਵਾਰ ਦੀ ਆਰਥਿਕ ਸੰਪੰਨਤਾ ਦੇ ਅਨੁਸਾਰੀ ਹੁੰਦੇ ਹਨ | ਵਰੀ ਵਿਚਲੇ ਸੂਟਾਂ ਦੀ ਰੰਗਤ ਸ਼ੋਖ਼, ਗੂੜ੍ਹੀ, ਚਮਕੀਲੀ ਅਤੇ ਸੂਹੀ ਭਾਹ ਵਾਲੀ ਹੁੰਦੀ ਹੈ |
ਜਿਸ ਤਰ੍ਹਾਂ ਧੀ ਦੇ ਮਾਪੇ ਆਪਣੀ ਸੰਪਤੀ ਵਿਚੋਂ ਧੀ ਦਾ ਹਿੱਸਾ ਦਾਜ ਦੇ ਰੂਪ ਵਿਚ ਦਿੰਦੇ ਹਨ, ਉਸੇ ਪ੍ਰਕਾਰ ਪੁੱਤ ਵਾਲੀ ਧਿਰ ਵਲੋਂ ਯਾਨੀ ਲਾੜੇ ਵਲੋਂ ਲਾੜੀ ਨੂੰ ਆਪਣੀ ਧਨ-ਸੰਪਤੀ ਵਿਚੋਂ ਕੁਝ ਹਿੱਸਾ ਵਰੀ ਦੇ ਰੂਪ ਵਿਚ ਦਿੱਤਾ ਜਾਂਦਾ ਹੈ ਜਿਸ ਦੀ ਵਰਤੋਂ ਉਪਰ ਵਿਆਹ ਉਪਰੰਤ ਲਾੜੀ ਦਾ ਅਧਿਕਾਰ ਹੁੰਦਾ ਹੈ | ਸੋ ਵਰੀ ਵੀ ਦਾਜ ਦੀ ਹੀ ਇਕ ਕਿਸਮ ਹੈ ਕਿਉਂਕਿ ਦਾਜ ਧੇਤਿਆਂ ਵਲੋਂ ਪੁਤੇਤਿਆਂ ਨੂੰ ਅਤੇ ਵਰੀ ਪੁਤੇਤਿਆਂ ਵਲੋਂ ਧੇਤਿਆਂ ਨੂੰ ਦਿੱਤੀ ਜਾਂਦੀ ਹੈ | ਕਿੰਨਾ ਚੰਗਾ ਹੋਵੇ ਜੇ ਅਸੀਂ ਬਹੁਤੀ ਤੜਕ-ਭੜਕ ਤੇ ਹੱਦੋਂ ਵੱਧ ਖਰਚ ਵਾਲੇ ਵਿਆਹ ਕਰਨ ਦੀ ਥਾਂ ਸਾਦਾ ਵਿਆਹ ਕਰਦਿਆਂ ਜਸ਼ਨਾਵੀ ਮਾਹੌਲ ਵਿਚ ਸ਼ਗਨ ਮਨਾਈਏ, ਹੱਸੀਏ, ਨੱਚੀਏ-ਟੱਪੀਏ, ਗਾਈਏ ਤੇ ਚੰਗਾ ਖਾਈਏ | ਇਸ ਮੰਤਵ ਦੀ ਪੂਰਤੀ ਹਿਤ ਸਧਾਰਨ ਵਿਆਹ ਕਰਨ ਵਾਲੇ ਪਰਿਵਾਰਾਂ ਦੇ ਪਦਚਿੰਨ੍ਹਾਂ 'ਤੇ ਵੀ ਚਲਿਆ ਜਾ ਸਕਦਾ ਹੈ | ਸੋ ਆਉ! ਪ੍ਰਣ ਕਰੀਏ ਕਿ ਭੇਡ-ਚਾਲ ਦਾ ਹਿੱਸਾ ਬਣਨ ਦੀ ਥਾਂ ਸਮਾਜ ਲਈ ਸਰਵੋਤਮ ਉਦਾਹਰਨ ਬਣਾਂਗੇ ਅਤੇ ਪਰਿਵਾਰ ਤੇ ਔਲਾਦ ਦਾ ਭਵਿੱਖ ਸੁਰੱਖਿਅਤ ਕਰਨ ਵੱਲ ਵਧੇਰੇ ਤਵੱਜੋਂ ਦੇਵਾਂਗੇ | ਬੱਚਿਆਂ ਨੂੰ ਵਧੀਆ ਤਾਲੀਮ ਦਿਵਾ ਕੇ ਉਨ੍ਹਾਂ ਨੂੰ ਜੀਵਨ ਵਿਚ ਆਤਮ ਨਿਰਭਰ ਬਣਾਉਣ ਨੂੰ ਹੀ ਅਸਲੀ ਦਾਜ ਸਮਝਾਂਗੇ |

-ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 85678-86223.

ਦੱਖਣੀ ਧਰੁਵ ਦੀ ਕਹਾਣੀ

ਧਰਤੀ ਦੇ ਕਲਪਿਤ ਧੁਰਿਆਂ ਨੂੰ ਉੱਤਰੀ ਅਤੇ ਦੱਖਣੀ ਧਰੁਵ ਕਹਿੰਦੇ ਹਨ | ਇਹ ਧਰੁਵ ਭੂਮੱਧ ਰੇਖਾ ਤੋਂ 90 ਡਿਗਰੀ ਉੱਤਰ ਅਤੇ 90 ਡਿਗਰੀ ਦੱਖਣ 'ਚ ਹਨ | ਸੂਰਜ ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਕਾਰ ਰਹਿ ਜਾਣ ਕਾਰਨ ਧਰੁਵ ਖੇਤਰਾਂ ਤੋਂ ਬਹੁਤ ਦੂਰ ਰਹਿ ਜਾਂਦਾ ਹੈ | ਇਸ ਕਾਰਨ ਇੱਥੇ ਹਰ ਵਕਤ ਠੰਢ ਰਹਿੰਦੀ ਹੈ ਅਤੇੇ ਬਰਫ ਜੰਮੀ ਰਹਿੰਦੀ ਹੈ | ਉੱਤਰੀ ਧਰੁਵ ਸੰਸਾਰ ਦੇ ਵਿਕਸਤ ਦੇਸ਼ਾਂ ਰੂਸ, ਅਮਰੀਕਾ ਆਦਿ ਦੇ ਨੇੜੇ ਹੋਣ ਕਾਰਨ ਇਸ ਦੀ ਖੋਜ ਬਹੁਤ ਪਹਿਲਾਂ ਹੋ ਗਈ ਸੀ | ਪਰ ਦੱਖਣੀ ਧਰੁਵ ਸੰਸਾਰ ਦੇ ਪੁਰਾਣੇ ਦੇਸ਼ਾਂ ਤੋਂ ਹਜ਼ਾਰਾਂ ਮੀਲ ਦੂਰ ਹੋਣ ਕਾਰਨ ਇਸ ਦੀ ਖੋਜ ਬਹੁਤ ਪਿੱਛੋਂ ਹੋਈ | ਇੱਥੇ ਪਾਣੀ ਅਤੇ ਬਰਫ਼ ਹੀ ਬਰਫ਼ ਹੈ | ਸੰਸਾਰ ਦੀ 90 ਪ੍ਰਤੀਸ਼ਤ ਬਰਫ ਇੱਥੇ ਹੈ | ਇਸ ਮਹਾਂਦੀਪ ਨੂੰ ਅੰਟਾਰਕਟਿਕਾ ਕਹਿੰਦੇ ਹਨ | ਇਸ ਦਾ ਖੇਤਰਫਲ 1, 42, 00000 (ਇੱਕ ਕਰੋੜ ਬਿਆਲੀ ਲੱਖ) ਵਰਗ ਕਿਲੋਮੀਟਰ ਹੈ ਜੋ ਭਾਰਤ ਅਤੇ ਚੀਨ ਦੇ ਕੁੱਲ ਖੇਤਰਫਲ ਦੇ ਬਰਾਬਰ ਹੈ | ਸਵਾ ਸੌ ਕੁ ਸਾਲ ਪਹਿਲਾਂ ਕਿਸੇ ਮਨੁੱਖ ਨੇ ਇਸ ਮਹਾਂਦੀਪ ਨੂੰ ਨਹੀਂ ਸੀ ਦੇਖਿਆ | ਇੱਥੇ 160 ਕਿਲੋਮੀਟਰ ਤੱਕ ਲੰਮੇ ਬਰਫ਼ ਦੇ ਟੁਕੜੇ ਸਮੁੰਦਰ 'ਚ ਤੈਰਦੇ ਰਹਿੰਦੇ ਹਨ ਜਿਹਨਾਂ ਨੂੰ ਆਈਸ ਬਰਗ ਕਿਹਾ ਜਾਂਦਾ ਹੈ | ਇੱਥੇ ਜਾਨਲੇਵਾ ਬਰਫ਼ੀਲੇ ਤੂਫਾਨ ਅਤੇ ਠੰਡੀਆਂ ਖੁਸ਼ਕ ਹਵਾਵਾਂ ਚਲਦੀਆਂ ਹਨ | ਇਹ ਦੱਖਣੀ ਅਮਰੀਕਾ ਤੋਂ 1, 000 ਕਿਲੋਮੀਟਰ, ਆਸਟ੍ਰੇਲੀਆ ਤੋਂ 2, 500 ਕਿਲੋਮੀਟਰ ਅਤੇ ਅਫਰੀਕਾ ਤੋਂ 4, 000 ਕਿਲੋਮੀਟਰ ਦੀ ਵਿੱਥ 'ਤੇ ਹੈ | ਇੱਥੇ 1983 'ਚ ਸਿਫਰ ਤੋਂ ਵੀ 89.2 ਡਿਗਰੀ ਸੈਲਸੀਅਸ ਹੇਠਾਂ ਤਾਪਮਾਨ ਮਾਪਿਆ ਗਿਆ | ਇੱਥੇ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਾਰਵੇ, ਚੀਨ, ਫਰਾਂਸ, ਰੂਸ ਅਤੇ ਭਾਰਤ ਨੇ ਆਪਣੇ ਪੱਕੇ ਖੋਜ ਕੇਂਦਰ ਸਥਾਪਿਤ ਕੀਤੇ ਹੋਏ ਹਨ ਜਿੱਥੇ ਜਾ ਕੇ ਵਿਗਿਆਨਕ ਤਜਰਬੇ ਕੀਤੇ ਜਾਂਦੇ ਹਨ | ਭਾਰਤ ਨੇ ਇਥੇ ਆਪਣਾ ਖੋਜ ਕੇਂਦਰ ਦੱਖਣ ਗੰਗੋਤਰੀ 1983 'ਚ ਕਾਇਮ ਕੀਤਾ | ਅੰਟਾਰਕਟਿਕਾ ਦਾ ਸਰੂਪ ਆਮ ਕਰਕੇ ਛਤਰੀ ਵਰਗਾ ਹੈ | (ਜਿਸ ਤਰ੍ਹਾਂ ਅਸੀਂ ਗਲੋਬ 'ਤੇ ਦੇਖਦੇ ਹਾਂ) ਇੱਥੇ ਹੁਣ ਤੱਕ ਲੱਭਿਆ ਜਾਣ ਵਾਲਾ ਸਭ ਤੋਂ ਉੱਚਾ ਸਥਾਨ 13, 000 ਫੁੱਟ ਹੈ | ਦੱਖਣ-ਪੱਛਮ ਵਿਚ ਰੋਮ ਸਾਗਰ ਤੋਂ ਲੈ ਕੇ ਉੱਤਰ-ਪੱਛਮ ਵਿਚ ਵੈਲੱਡ ਸਾਗਰ ਤੱਕ ਇੱਕ ਉੱਚਾ ਪਹਾੜ ਹੈ ਜਿਹੜਾ ਭੂ-ਵਿਗਿਆਨ ਅਤੇ ਧਰਾਤਲ ਦੇ ਆਧਾਰ 'ਤੇ ਮਹਾਂਦੀਪ ਨੂੰ ਦੋ ਭਾਗਾਂ ਵਿਚ ਵੰਡਦਾ ਹੈ | ਇਸ ਪਹਾੜ ਤੋਂ ਦੋਵੇਂ ਪਾਸਿਆਂ ਨੂੰ ਬਰਫ਼ ਵੱਡੇ-ਵੱਡੇ ਬਰਫ਼ਾਨੀ ਦਰਿਆਵਾਂ ਦੀ ਸ਼ਕਲ 'ਚ ਰੁੜ੍ਹ-ਰੁੜ੍ਹ• ਕੇ ਨੀਵੇਂ ਥਾਵਾਂ ਨੂੰ ਜਾਂਦੀ ਰਹਿੰਦੀ ਹੈ | ਅੰਟਾਰਕਟਿਕਾ ਮਹਾਂਦੀਪ ਦੇ ਕਿਨਾਰਿਆਂ ਉੱਤੇ ਵੀ ਹਜ਼ਾਰਾਂ ਫੁੱਟ ਮੋਟੀ ਬਰਫ਼ ਦੀ ਤਹਿ ਜੰਮੀ ਹੋਈ ਹੈ | ਇਸ ਮਹਾਂਦੀਪ 'ਚ ਕੋਈ ਪਸ਼ੂ ਨਹੀਂ ਅਤੇ ਧਰਤੀ ਉੱਤੇ ਰਹਿਣ ਵਾਲੇ ਪੰਛੀ ਵੀ ਨਹੀਂ | ਸਮੁੰਦਰ ਉੱਤੇ ਰਹਿਣ ਵਾਲੇ ਪੰਛੀ ਫਾਲਮਾਰ, ਪੀਟਰਲ, ਟਾਰਨ ਅਤੇ ਪੈਂਗੂਇਨ ਹਨ | ਖੰਭਾਂ ਨਾਲ ਕੱਜੇ ਸਰੀਰ ਵਾਲਾ ਪੈਂਗੂਇਨ ਇੱਥੋਂ ਦਾ ਪ੍ਰਸਿੱਧ ਪੰਛੀ ਹੈ | ਇੱਥੋਂ ਦੇ ਦਿਨ ਅਤੇ ਰਾਤ ਬਹੁਤ ਲੰਬੇ ਹੋਣ ਕਾਰਨ ਇੱਥੋਂ ਦੇ ਜੀਵਾਂ ਦਾ ਜਿਉਣ ਦਾ ਢੰਗ ਵੱਖਰੀ ਤਰ੍ਹਾਂ ਦਾ ਹੈ | ਪੈਂਗੂਇਨ ਸਮੁੰਦਰ 'ਚ ਤਰਦਾ ਵੀ ਹੈ ਅਤੇ ਕਿਨਾਰੇ ਤੇ ਆਲ੍ਹਣਾ ਵੀ ਬਣਾ ਲੈਂਦਾ ਹੈ | ਇੱਥੇ ਵਹਿਣਸ਼ੀਲ ਹਰਿਆਵਲ ਤੇ ਪਲਦੀ ਮੱਛੀ ਨੂੰ ਕਿ੍ਲ ਕਹਿੰਦੇ ਹਨ | ਕਿ੍ਲ ਝੀਂਗਾ ਮੱਛੀ ਦੀ ਨਸਲ ਦਾ ਚਾਰ-ਪੰਜ ਇੰਚ ਲੰਬਾ ਪ੍ਰਾਣੀ ਹੈ | ਇਹ ਕਈ ਸੌ-ਸੌ ਕਿਲੋਮੀਟਰ ਦੇ ਖੇਤਰ 'ਚ ਵਿਚਰਦੇ ਹਨ | ਇੱਕ ਜਗ੍ਹਾ ਕਿ੍ਲ ਦਲ ਨੇ 450 ਵਰਗ ਕਿਲੋਮੀਟਰ ਦਾ ਖੇਤਰ ਮੱਲਿਆ ਹੋਇਆ ਹੈ | ਇੱਕ ਅਨੁਮਾਨ ਅਨੁਸਾਰ ਇਹ ਕਿ੍ਲ 21 ਲੱਖ ਟਨ ਦੇ ਬਰਾਬਰ ਹੈ | ਸਾਰੇ ਮਹਾਂਦੀਪ 'ਚ ਇਹ 30 ਕਰੋੜ ਟਨ ਤੋਂ ਲੈ ਕੇ ਅਰਬ-ਸਵਾ ਅਰਬ ਟਨ ਤੱਕ ਹੋ ਸਕਦੀ ਹੈ | ਇਹ ਹਰਿਆਵਲ 'ਤੇ ਪਲਦੀ ਹੈ ਅਤੇ ਇਸ ਉੱਪਰ ਬਾਕੀ ਜਾਨਵਰ ਵੇ੍ਹਲਾਂ, ਸੀਲਾਂ, ਸ਼ਕਇੱਡ ਅਤੇ ਸਮੁੰਦਰੀ ਪੰਛੀ ਪੈਂਗੂਇਨ ਪਲਦੇ ਹਨ | ਕਿ੍ਲ ਤੋਂ ਬਾਅਦ ਇੱਥੇ ਇੱਕ ਤੰਦੂਏ ਵਰਗਾ ਜਾਨਵਰ ਸ਼ਕਇੱਡ ਹੈ | ਘੋਗੇ ਅਤੇ ਸਿੱਪੀ ਦੀ ਸ਼੍ਰੇਣੀ 'ਚੋਂ ਇਹ ਬਹੁਤ ਹੀ ਫੁਰਤੀਲਾ ਜਾਨਵਰ ਹੈ | ਇੱਥੇ ਮੱਛੀਆਂ ਠੰਢੇ ਲਹੂ ਵਾਲੀਆਂ ਹਨ | ਸੰਸਾਰ ਦੀਆਂ 20, 000 ਮੱਛੀਆਂ ਦੀਆਂ ਕਿਸਮਾਂ 'ਚੋਂ 120 ਕਿਸਮਾਂ ਸਿਰਫ ਅੰਟਾਰਕਟਿਕਾ 'ਚ ਹੀ ਵਿਚਰਦੀਆਂ ਹਨ | ਇਨ੍ਹਾਂ ਦਾ ਲਹੂ ਚਿੱਟਾ ਹੁੰਦਾ ਹੈ | ਇੱਥੋਂ ਦੀਆਂ ਸੀਲ ਅਤੇ ਵ੍ਹੇਲ ਮੱਛੀਆਂ ਨੂੰ ਜਲ ਪਸ਼ੂ ਕਿਹਾ ਜਾਂਦਾ ਹੈ | ਸੀਲ ਦੋ ਕੁਇੰਟਲ ਤੋਂ ਚਾਰ ਕੁਇੰਟਲ ਤੱਕ ਭਾਰੀ ਹੁੰਦੀ ਹੈ | ਵੇ੍ਹਲ ਮੱਛੀ ਮਨੁੱਖ ਅਤੇ ਪਸ਼ੂ ਵਾਂਗ ਹੀ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਦੁੱਧ ਚੁੰਘਾਉਂਦੀ ਹੈ | ਬੇਲੀਨ ਵ੍ਹੇਲਾਂ ਬਹੁਤ ਵੱਡੇ ਆਕਾਰ ਦੀਆਂ ਹੁੰਦੀਆਂ ਹਨ | ਇਨ੍ਹਾਂ 'ਚੋਂ ਨੀਲੀ ਵੇ੍ਹਲ ਦੇ ਸਰੀਰ ਦਾ ਭਾਰ ਦੋ ਸੌ ਟਨ ਤੱਕ ਹੁੰਦਾ ਹੈ ਅਤੇ ਇਸ ਦੀ ਨਿੱਤ ਦੀ ਖੁਰਾਕ ਤਿੰਨ ਟਨ ਹੈ | ਇਹ ਮਨੁੱਖ ਵਾਂਗ ਹੀ ਪਰਿਵਾਰਾਂ 'ਚ ਰਹਿੰਦੀਆਂ ਹਨ | ਪੈਂਗੂਇਨ ਇੱਥੋਂ ਦਾ ਸੁੰਦਰ ਜਾਨਵਰ ਹੈ | ਉਹ ਮਨੁੱਖ ਵਾਂਗ ਹੀ ਤੁਰਦਾ ਹੈ | ਸੋਹਣੇ ਖੰਭਾਂ ਵਾਲੇ ਇਹ ਬਹੁਤ ਮਨਮੋਹਣੇ ਪੰਛੀ ਹਨ | ਪੈਂਗੂਇਨ ਦਾ ਆਰੰਭ ਨਿਰੋਲ ਜਲ ਪੰਛੀਆਂ ਵਜੋਂ ਹੋਇਆ | ਇਹ ਅੰਤਾਂ ਦੀ ਠੰਢ ਸਹਿ ਸਕਣ ਦੇ ਯੋਗ ਹਨ | ਇਨ੍ਹਾਂ ਦੇ ਸੰਘਣੇ ਲੂੰਦਾਰ ਖੰਭਾਂ ਦੇ ਗਿਲਾਫ ਹੇਠ ਚਰਬੀ ਦੀ ਮੋਟੀ ਪਰਤ ਹੁੰਦੀ ਹੈ | ਇਹ ਮਟਕ-ਮਟਕ ਤੁਰਦੇ ਇਉਂ ਲਗਦੇ ਹਨ ਜਿਵੇਂ ਸਫੈਦ ਪਹਿਰਾਵਾ ਪਾ ਕੇ ਕੋਈ ਵਿਅਕਤੀ ਤੁਰ ਰਿਹਾ ਹੋਵੇ | ਅੰਟਾਰਕਟਿਕਾ ਦੁਆਲੇ ਦੇ ਸਾਗਰ ਸੰਸਾਰ ਦੇ ਸਾਰੇ ਸਾਗਰਾਂ ਤੋਂ ਵਿਆਕੁਲ ਪਾਣੀ ਹਨ | ਇਹ ਅੰਟਾਰਕਟਿਕਾ ਦੁਆਲੇ ਗੇੜੇਦਾਰ ਰਵਾਨੀ 'ਚ ਹੁਲਾਰੇ ਲੈਂਦੇ ਰਹਿੰਦੇ ਹਨ | ਇਹ ਵਿਆਕੁਲਤਾ ਇੱਥੇ ਵਾਯੂਮੰਡਲ ਦੀ ਹਵਾ ਵਿਚਲੇ ਘੱਟ ਦਬਾਓ ਕਾਰਨ ਹੈ | ਇੱਥੋਂ ਦੇ ਬਰਫਾਨੀ ਝੱਖੜਾਂ ਦੀ ਰਫ਼ਤਾਰ ਕਈ ਵਾਰ 300 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ | ਅੰਟਾਰਕਟਿਕਾ ਨੂੰ ਖੋਜਣ ਵਾਲੇ ਅਨੇਕਾਂ ਖੋਜੀ ਇਨ੍ਹਾਂ ਭਿਆਨਕ ਝੱਖੜਾਂ ਦੀ ਭੇਟ ਚੜ੍ਹ ਗਏ | ਹੁਣ ਸਰਕਾਰਾਂ ਵੱਲੋਂ ਵੱਡੇ ਸਮੁੰਦਰੀ ਜਹਾਜ਼ਾਂ 'ਚ ਹੈਲੀਕਾਪਟਰ ਰੱਖ ਕੇ ਇਹ ਯਾਤਰਾ ਕੀਤੀ ਜਾਂਦੀ ਹੈ | ਭਾਰਤੀ ਟੋਲੀ ਦਾ ਜਹਾਜ਼ ਗੋਆ ਤੋਂ ਚੱਲ ਕੇ 25-26 ਦਿਨਾਂ 'ਚ ਇੱਥੇ ਪਹੁੰਚਦਾ ਹੈ ਅਤੇ ਬਰਫ 'ਚ ਰੁਕਣ ਤੋਂ ਬਾਅਦ ਬਾਕੀ ਯਾਤਰਾ ਹੈਲੀਕਾਪਟਰ ਰਾਹੀਂ ਹੁੰਦੀ ਹੈ | ਇਹ ਖੋਜੀ ਇੱਥੇ ਬਣੇ ਸਟੇਸ਼ਨਾਂ ਤੇ ਤਿੰਨ-ਤਿੰਨ ਮਹੀਨੇ ਰਹਿੰਦੇ ਹਨ, ਜਿੱਥੇ ਜਰਨੇਟਰਾਂ ਰਾਹੀਂ ਚੌਵੀ ਘੰਟੇ ਬਿਜਲੀ ਦਾ ਪ੍ਰਬੰਧ ਹੁੰਦਾ ਹੈ | ਇੱਥੋਂ ਹੀ ਓਜ਼ੋਨ ਪਰਤ ਬਾਰੇ ਜਾਣਕਾਰੀ ਅਤੇ ਸੰਸਾਰ ਦੇ ਵਧ ਰਹੇ ਤਾਪਮਾਨ ਦਾ ਸਹੀ ਪਤਾ ਲਗਦਾ ਹੈ | ਅੰਟਾਰਕਟਿਕਾ 'ਚ ਦਿਨ ਮਹੀਨਿਆਂ ਬੱਧੀ ਚਲਦੇ ਹਨ | ਇੱਥੇ ਸੰਘਣਾ ਵਾਯੂਮੰਡਲ ਨਾ ਹੋਣ ਅਤੇ ਹਵਾ 'ਚ ਰੇਤ ਕਣ ਆਦਿ ਨਾ ਹੋਣ ਕਾਰਨ ਸੂਰਜ ਬਹੁਤ ਤੇਜ਼ ਚਮਕਦਾ ਹੈ | ਅਲਟਰਾ ਵਾਇਲਟ ਕਿਰਨਾਂ ਸਿੱਧੀਆਂ ਧਰਤੀ 'ਤੇ ਬਰਫ਼ 'ਤੇ ਪੈਂਦੀਆਂ ਹਨ | ਇਹਨਾਂ ਤੋਂ ਬਚਾਓ ਲਈ ਵਿਸ਼ੇਸ਼ ਪਹਿਰਾਵਾ ਅਤੇ ਐਨਕਾਂ ਆਦਿ ਲਾਈਆਂ ਜਾਂਦੀਆਂ ਹਨ | ਇਹ ਦੀਪ ਥਲਾਂ ਜਿਹਾ ਖੁਸ਼ਕ ਹੈ ਅਤੇ ਇਥੇ ਕਦੇ ਮੀਂਹ ਨਹੀਂ ਪੈਂਦਾ ਸਿਰਫ਼ ਬਰਫ਼ ਡਿੱਗਦੀ ਹੈ ਜੋ ਸਾਲ 'ਚ ਵੀ ਦੋ ਸੈਂਟੀਮੀਟਰ ਤੋਂ ਵੱਧ ਨਹੀਂ ਡਿਗਦੀ | ਇਸ ਖੁਸ਼ਕੀ 'ਚ ਸਰੀਰ ਦੀ ਨੰਗੀ ਚਮੜੀ ਪਾਣੀ ਲੱਗਣ ਸਾਰ ਹੀ ਉੱਧੜ ਜਾਂਦੀ ਹੈ ਅਤੇ ਅੱਗ ਲੱਗਣ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ | ਅੱਜ ਤੋਂ ਕੋਈ ਪੰਦਰਾਂ ਕਰੋੜ ਵਰ੍ਹੇ ਪਹਿਲਾਂ ਅੰਟਾਰਕਟਿਕਾ ਗੋਡਵਾਨਾਂ ਮਹਾਂਦੀਪ ਦਾ ਅੰਗ ਸੀ | ਅਫ਼ਰੀਕਾ, ਦੱਖਣੀ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਭਾਰਤ ਦਾ ਦੱਖਣੀ ਪਠਾਰ ਵੀ ਇਸੇ ਮਹਾਂਦੀਪ ਦਾ ਅੰਗ ਸੀ | ਲਗਾਤਾਰ ਜਵਾਲਾਮੁਖੀ ਫਟਣ ਅਤੇ ਭੁਚਾਲਾਂ ਕਾਰਨ ਇਸ ਮਹਾਂਦੀਪ ਦੇ ਟੁਕੜੇ ਹੋ ਗਏ | ਇਹ ਕਰੋੜਾਂ ਸਾਲ ਸਰਕਦੇ-ਸਰਕਦੇ ਇੱਕ ਦੂਜੇ ਤੋਂ ਦੂਰ ਹੁੰਦੇ ਗਏ | ਇਸ ਤਰ੍ਹਾਂ ਅੰਟਾਰਕਟਿਕਾ 'ਚ ਪਲਮਦਾ ਜੀਵਨ ਘਟਦਾ ਗਿਆ ਅਤੇ ਇੱਥੇ ਠੰਢ ਸਹਿਣ ਵਾਲੇ ਵੱਖਰੀ ਤਰ੍ਹਾਂ ਦੇ ਜੀਵਾਂ ਦੀਆਂ 120 ਕਿਸਮਾਂ ਵਿਕਸਤ ਹੁੰਦੀਆਂ ਰਹੀਆਂ | 1958 'ਚ ਸੰਸਾਰ ਦੀਆਂ ਸਿਰਕੱਢ ਕੌਮਾਂ ਨੇ ਇਸ ਦੀਪ ਨੂੰ ਸਿਰਫ ਵਿਗਿਆਨਕ ਖੋਜਾਂ ਲਈ ਵਰਤਣ ਦਾ ਫੈਸਲਾ ਲਿਆ | ਕੌਮਾਂਤਰੀ ਪੱਧਰ ਤੇ ਉਲੀਕੀ ਅੰਟਾਰਕਟਿਕਾ ਸੰਧੀ 'ਤੇ ਪਹਿਲੀ ਵਾਰ ਦੇਸ਼ਾਂ ਨੇ ਦਸਤਖਤ ਕੀਤੇ | ਭਾਰਤ ਵੀ ਇਸ ਸੰਧੀ ਨੂੰ ਅਪਣਾ ਚੁੱਕਿਆ ਹੈ | ਅੰਟਾਰਕਟਿਕਾ ਵਿਚ ਪ੍ਰਮਾਣੂ ਵਿਸਫੋਟ ਕਰਨ ਦੀ ਮਨਾਹੀ ਹੈ | ਰੇਡੀਓ ਐਕਟਿਵ ਜੂਠ ਨੂੰ ਵੀ ਇੱਥੇ ਖਪਾਇਆ ਨਹੀਂ ਜਾ ਸਕਦਾ | ਸੰਧੀ ਅਪਣਾਉਣ ਵਾਲੇ ਦੇਸ਼ਾਂ ਨੂੰ ਇੱਥੇ ਜਾਂਚ-ਪੜਤਾਲ ਕਰਨ ਦੀ ਖੁੱਲ੍ਹ• ਹੈ |
ਅੱਜ ਅੰਟਾਰਕਟਿਕਾ ਨੂੰ ਵਿਗਿਆਨ ਦੇ ਦੀਪ ਵਜੋਂ ਜਾਣਿਆ ਜਾਂਦਾ ਹੈ | ਇੱਥੇ ਨਿਰੋਲ ਕੁਦਰਤੀ ਵਾਤਾਵਰਨ ਹੋਣ ਕਾਰਨ ਇੱਥੋਂ ਦੂਰਬੀਨ ਰਾਹੀਂ ਪੁਲਾੜ ਵਿਚ ਬਹੁਤ ਦੂਰ ਤੱਕ ਦੇਖਿਆ ਜਾ ਸਕਦਾ ਹੈ | ਕੇਵਲ ਅੰਟਾਰਟਿਕਾ ਹੀ ਅਜਿਹਾ ਸਥਾਨ ਹੈ ਜੋ ਸੰਸਾਰ ਅੰਦਰ ਵਧ ਰਹੀ ਗਰਮੀ ਨੂੰ ਆਪਣੇ ਅੰਦਰ ਸਮੇਟਣ ਦੇ ਯੋਗ ਹੈ | ਅੰਟਾਰਕਟਿਕਾ ਉੱਪਰ ਪੈਦਾ ਹੋ ਰਹੇ ਘੱਟ ਦਬਾਓ ਵਾਲੇ ਖੇਤਰਾਂ ਦਾ ਹਿੰਦ ਮਹਾਂਸਾਗਰ 'ਚੋਂ ਉੱਠ ਰਹੀਆਂ ਮੌਨਸੂਨ ਪੌਣਾਂ ਉਪੱਰ ਲਗਾਤਾਰ ਅਸਰ ਪੈਂਦਾ ਹੈ | ਅੰਟਾਰਕਟਿਕਾ ਉੱਪਰਲੇ ਵਾਯੂਮੰਡਲ ਦਾ ਵਤੀਰਾ ਹੀ ਇਹ ਫੈਸਲਾ ਕਰਦਾ ਹੈ ਕਿ ਭਾਰਤ 'ਚ ਕਿੰਨੇ ਮੀਂਹ ਪੈਣਗੇ ਅਤੇ ਭਾਰਤ ਦੀ ਆਰਥਿਕ ਹਾਲਤ ਕਿਹੋ ਜਿਹੀ ਹੋਵੇਗੀ |
ਨੋਟ : ਇਹ ਲੇਖਕ ਹੁਣ ਇਸ ਦੁਨੀਆ ਵਿਚ ਨਹੀਂ ਰਹੇ | ਸਾਨੂੰ ਇਹ ਲੇਖ ਉਨ੍ਹਾਂ ਕੁਝ ਦਿਨ ਪਹਿਲਾਂ ਭੇਜਿਆ ਸੀ |

ਕੱਲ੍ਹ ਜਨਮ ਦਿਨ 'ਤੇ

ਚੇਤੇ ਦੀ ਚੰਗੇਰ 'ਚੋਂ ਸੁਰਿੰਦਰ ਕੌਰ

ਮੈਂ ਮਾਂ ਨੂੰ ਪਹਿਲੀ ਵਾਰ 3 ਸਾਲ ਦੀ ਉਮਰ ਵਿਚ ਅਤੇ ਆਖਰੀ ਵਾਰੀ ਪੈਰਾਲਾਈਸਿਸ ਦੇ ਅਟੈਕ ਵੇਲੇ 75 ਸਾਲ ਦੀ ਉਮਰ ਵਿਚ ਹਸਪਤਾਲ ਵਿਚ ਵੇਖਿਆ ਸੀ | ਇਕ ਬੜੀ ਦਲੇਰ ਤੇ ਹੋਣਹਾਰ ਮੁਟਿਆਰ ਸੀ ਮੇਰੀ ਮਾਂ | ਜ਼ਿੰਦਗੀ ਦੀ ਜੱਦੋ-ਜਹਿਦ ਉਸ ਨੇ ਡਟ ਕੇ ਲੜੀ ਸੀ, ਕਦੇ ਵੀ ਔਕੜਾਂ ਨੂੰ ਆਪਣੇ ਵਜੂਦ ਉਤੇ ਹਾਵੀ ਨਹੀਂ ਸੀ ਹੋਣ ਦਿੱਤਾ | ਹੱਸ ਕੇ ਦੁੱਖ ਸਹੇ ਅਤੇ ਉਨ੍ਹਾਂ ਦਾ ਸਾਹਮਣਾ ਕੀਤਾ | ਉਸ ਨੂੰ ਆਪਣੇ ਆਪ ਉੱਪਰ ਇਹ ਆਤਮ-ਵਿਸ਼ਵਾਸ ਸੀ ਕਿ ਉਹ ਹਰ ਮੁਸ਼ਕਿਲ ਨੂੰ ਆਸਾਨੀ ਨਾਲ ਸੁਲਝਾ ਲਵੇਗੀ | ਸ਼ਾਇਦ ਉਸ ਨੂੰ ਇਹ ਰੱਬ ਦੀ ਬਖਸ਼ਿਸ਼ ਸੀ | ਇਕ ਹੋਰ ਵੀ ਬਖਸ਼ਿਸ਼ ਸੀ, ਸੁਰ ਦਾ ਗਹਿਣਾ, ਜੋ ਰੱਬ ਨੇ ਉਸ ਨੂੰ ਬਖਸ਼ਿਆ ਸੀ | ਇਸੇ ਕਰਕੇ ਕਿਸੇ ਵਾਧੂ ਗਹਿਣੇ ਦੀ ਲੋੜ ਹੀ ਉਸ ਨੇ ਕਦੇ ਮਹਿਸੂਸ ਨਹੀਂ ਕੀਤੀ | ਦਾਰ ਜੀ ਦਾ ਸਾਥ ਉਸ ਦੇ ਜੀਵਨ ਦਾ ਇਕ ਅਜਿਹਾ ਸਹਾਰਾ ਸੀ ਜਿਵੇਂ ਕਿਸੇ ਵੇਲ ਨੂੰ ਪ੍ਰਫੁੱਲਿਤ ਹੋਣ ਲਈ ਇਕ ਮਜ਼ਬੂਤ ਤਣੇ ਵਾਲੇ ਰੁੱਖ ਦੇ ਸਹਾਰੇ ਦੀ ਲੋੜ ਹੁੰਦੀ ਹੈ |
ਆਪਣੇ ਕੈਰੀਅਰ ਨੂੰ ਕਿਸੇ ਲਈ ਤਿਆਗਣਾ ਬੜਾ ਮੁਸ਼ਕਿਲ ਕੰਮ ਹੈ, ਪਰ ਜਦ ਇਸ਼ਕ ਮਿਜਾਜ਼ੀ ਇਸ਼ਕ ਹਕੀਕੀ ਤੋਂ ਇਸ਼ਕ ਨਮਾਜ਼ੀ ਬਣ ਜਾਵੇ ਤਾਂ ਕੋਈ ਔਖੀ ਗੱਲ ਵੀ ਨਹੀਂ | ਦਾਰ ਜੀ ਨੇ ਡਬਲ ਐਮ.ਏ. ਸਾਈਕਾਲੋਜੀ ਤੇ ਪੰਜਾਬੀ ਵਿਚ ਕੀਤੀ ਹੋਈ ਸੀ ਅਤੇ ਇਕ ਚੰਗੇ ਸਾਈਕਾਲੋਜਿਸਟ ਸਨ | ਦੂਜੀ ਐਮ.ਏ. ਤਾਂ ਸ਼ਾਇਦ ਮਾਂ ਵਾਸਤੇ ਕੀਤੀ ਸੀ ਤਾਂ ਕਿ ਉਸ ਨੂੰ ਉੱਚ ਕੋਟੀ ਦਾ ਸਾਹਿਤ ਤੇ ਲੋਕ ਗੀਤਾਂ ਦਾ ਭੰਡਾਰ ਮੁਹੱਈਆ ਕਰਵਾ ਸਕਣ | ਇਕ ਮਲੂਕ ਜਿਹੇ ਪੌਦੇ ਨੂੰ ਮਾਲੀ ਗੁਡ-ਸਿੰਜ ਕੇ ਵਧਦਾ-ਫੁਲਦਾ ਵੇਖਦਾ ਹੈ ਤਾਂ ਇਕ ਅਜਬ ਅਨੰਦਮਈ ਅਨੁਭੂਤੀ ਦਾ ਅਹਿਸਾਸ ਹੁੰਦਾ ਹੈ | ਮੇਰੇ ਦਾਰ ਜੀ ਦਾ ਮਾਂ ਨੂੰ ਕਲਾਕਾਰ ਬਣਾਉਣ ਦਾ ਜਜ਼ਬਾ ਇਸ ਤਰ੍ਹਾਂ ਦਾ ਸੀ |
ਦਾਰ ਜੀ ਦੇ ਦੋਸਤਾਂ ਦੀ ਮੰਡਲੀ ਵਿਚ ਸਾਹਿਤਕਾਰ, ਕਲਾਕਾਰ, ਗੀਤਕਾਰ, ਅਭਿਨੇਤਾ ਸਾਰੇ ਕਲਾਤਮਿਕ ਵਿਧਾਵਾਂ ਨਾਲ ਜੁੜੇ ਲੋਕ ਸਨ | ਇਸ ਮਾਹੌਲ ਵਿਚ ਇਕ ਮਹਾਨ ਕਲਾਕਾਰ ਦੀ ਸਿਰਜਣਾ ਹੋ ਰਹੀ ਸੀ ਅਤੇ ਇਹ ਸਾਰੇ ਉਸ ਦੀ ਆਵਾਜ਼ ਦੇ ਦੀਵਾਨੇ ਸਨ, ਝੂਮ ਉਠਦੇ ਸਨ ਜਦ ਉਹ ਕੁਝ ਵੀ ਗਾ ਕੇ ਸੁਣਾਉਂਦੀ ਸੀ | ਜਦ ਮੈਂ ਕੁਝ ਸਿਆਣੀ ਹੋ ਗਈ ਤਾਂ ਦਾਰ ਜੀ ਅਕਸਰ ਇਕ ਗੱਲ ਮੇਰੇ ਨਾਲ ਸਾਂਝੀ ਕਰਦੇ ਸਨ, 'ਪੜ੍ਹਾਈ ਇਨਸਾਨ ਦੀ ਸਭ ਤੋਂ ਵੱਡੀ ਨਿਹਮਤ ਹੈ | ਪੜ੍ਹਾਈ ਨਾਲ ਦਿਮਾਗ਼ ਖੁੱਲ੍ਹਦਾ ਹੈ ਅਤੇ ਵਧੀਆ-ਵਧੀਆ ਗੱਲਾਂ ਸੁਝਦੀਆਂ ਹਨ | 'ਵਾਈਡ ਹੋਰਾਇਜ਼ਨਜ਼ ਆਫ਼ ਲਾਈਫ਼ ਓਪਨ ਵਿਦ ਨਾਲਜ' ਪੜ੍ਹਾਈ ਦੀ ਕਮੀ ਇਨਸਾਨ ਨੂੰ ਇਕ ਨਿੱਕੇ ਦਾਇਰੇ ਵਿਚ ਸੀਮਤ ਕਰ ਛੱਡਦੀ ਹੈ | ਇਸੇ ਲਈ ਪੜ੍ਹਾਈ ਕਰਨੀ ਜ਼ਰੂਰੀ ਹੈ |' ਇਹ ਫਲਸਫ਼ਾ ਮੇਰੇ ਨਾਲ ਸ਼ਾਇਦ ਇਸ ਲਈ ਸਾਂਝਾ ਕਰਦੇ ਸਨ ਕਿਉਂਕਿ ਮਾਂ ਵਿਚ ਇਹ ਕਮੀ ਉਨ੍ਹਾਂ ਨੂੰ ਨਜ਼ਰ ਆਉਂਦੀ ਸੀ | ਕਿਤਾਬਾਂ ਪੜ੍ਹਨ ਵਾਸਤੇ ਇਕ ਸੁਭਾਅ ਬਣਾਉਣਾ ਪੈਂਦਾ ਹੈ, ਇਕ ਟ੍ਰੇਨਿੰਗ, ਜੋ ਬਚਪਨ ਤੋਂ ਹੀ ਵਿਕਸਤ ਕਰਨੀ ਪੈਂਦੀ ਹੈ | ਗੀਤਾਂ ਦੀ ਚੋਣ, ਸਹੀ ਗੀਤਕਾਰਾਂ ਕੋਲੋਂ ਧੁਨਾਂ ਬਣਾਉਣ ਦਾ ਫ਼ੈਸਲਾ, ਇਹ ਸਾਰਾ ਕੰਮ ਦਾਰ ਜੀ ਹੀ ਕਰਦੇ ਸਨ | ਉਨ੍ਹਾਂ ਪੰਜਾਬੀ ਸਾਹਿਤ ਪੜਿ੍ਹਆ, ਲੋਕ ਗੀਤ ਚੁਣ-ਚੁਣ ਕੇ ਕੰਪੋਜ਼ ਕੀਤੇ ਅਤੇ ਕਰਵਾਏ | ਉਨ੍ਹਾਂ ਨੂੰ ਆਪ ਵੀ ਗਾਉਣ ਦਾ ਬਹੁਤ ਸ਼ੌਕ ਸੀ | ਪ੍ਰੋ: ਮੋਹਨ ਸਿੰਘ ਦੀਆਂ ਕਿਤਾਬਾਂ ਪੂਰੀਆਂ ਦੀਆਂ ਪੂਰੀਆਂ ਬਹਿ ਕੇ ਤਰੰਨੁਮ ਵਿਚ ਗਾ ਦਿੰਦੇ ਸਨ | ਅੰਮਿ੍ਤਾ ਪ੍ਰੀਤਮ ਦੀ ਔਖੀ ਕਵਿਤਾ ਨੂੰ ਵੀ ਬਹੁਤ ਸੰਵਾਰ ਕੇ, ਸਮਝਾ ਕੇ ਗਾਉਂਦੇ ਸਨ | 'ਨਿੰਮ੍ਹੀ-ਨਿੰਮ੍ਹੀ ਤਾਰਿਆਂ ਦੀ ਲੋਅ' ਸਾਡੇ ਘਰ ਦਾ ਫੈਮਿਲੀ ਗੀਤ ਸੀ, ਜਿਹੜਾ ਦਾਰ ਜੀ ਦੀ ਆਪਣੀ ਬਣਾਈ ਧੁਨ ਸੀ | ਰਿਕਾਰਡਾਂ ਦੇ ਮੁਖਬੰਦ ਉਹ ਆਪ ਲਿਖਦੇ ਸਨ | ਹੌਲੀ-ਹੌਲੀ ਮਾਂ ਦੀ ਤਾਲੀਮ ਤੇ ਚਲਦੀ ਹੀ ਜਾ ਰਹੀ ਸੀ ਪਰ ਉਸ ਦਾ ਬਹੁਤਾ ਫਾਇਦਾ ਮੈਨੂੰ ਹੋਇਆ |
ਸ਼ਿਵ ਕੁਮਾਰ ਬਟਾਲਵੀ ਸਾਡੇ ਘਰ ਆਉਂਦੇ ਅਤੇ ਮਹਿਫਲ ਸਜਦੀ | ਗੀਤ ਚੁਣੇ ਜਾਂਦੇ, ਗੀਤਾਂ ਦੀਆਂ ਧੁਨਾਂ ਕੇ. ਪੰਨਾ ਲਾਲ ਤਿਆਰ ਕਰਦੇ, ਫੇਰ ਮਾਂ ਗਾਉਂਦੀ | ਮਾਂ ਨੇ ਬੜੇ ਪਿਆਰ ਅਤੇ ਸ਼ਿੱਦਤ ਨਾਲ ਸ਼ਿਵ ਨੂੰ ਗਾਇਆ ਹੈ | ਕਿਸੇ ਹੋਰ ਦਾ ਗਾਇਆ ਸ਼ਿਵ ਦਾ ਕੋਈ ਵੀ ਗੀਤ ਮੇਰੇ ਦਿਲ ਨੂੰ ਏਨਾ ਨਹੀਂ ਟੰੁਬ ਸਕਿਆ ਜਿੰਨਾ ਮਾਂ ਦਾ ਗਾਇਆ ਹੋਇਆ | ਮੈਂ ਸ਼ਿਵ ਨੂੰ ਉਸ ਮਾਹੌਲ ਵਿਚ ਰੋਂਦਿਆਂ ਵੀ ਵੇਖਿਆ | ਇੰਜ ਜਾਪਦਾ ਸੀ ਜਿਵੇਂ ਮਾਂ ਦੇ ਗਾਉਣ ਨਾਲ ਉਨ੍ਹਾਂ ਦੀ ਸ਼ਾਇਰੀ ਨੂੰ ਅਰਥ ਮਿਲ ਗਿਆ ਹੋਵੇ | ਦਾਰ ਜੀ ਅਤੇ ਮਾਂ ਨੂੰ ਘੁੱਟ ਕੇ ਗਲਵੱਕੜੀ ਪਾ ਕੇ ਸ਼ਿਵ ਆਪਣੇ ਜਜ਼ਬਾਤ ਨੂੰ ਜ਼ਾਹਿਰ ਕਰਦੇ ਸੀ | ਸ਼ਿਵ ਕੁਮਾਰ ਬਟਾਲਵੀ ਇਕ ਬਹੁਤ ਹੁਸੀਨ ਸ਼ਖ਼ਸੀਅਤ ਦੇ ਮਾਲਕ ਸਨ | ਦਾਰ ਜੀ ਨਾਲ ਉਨ੍ਹਾਂ ਦੀ ਬਹੁਤ ਗੁੱਝੀ ਅਤੇ ਨਿੱਘੀ ਮਿੱਤਰਤਾ ਸੀ | ਮੈਨੂੰ ਬਚਪਨ ਵਿਚ ਸ਼ਿਵ ਦੀ ਸ਼ਾਇਰੀ ਸਮਝਣ ਲਈ ਮੁਸ਼ਕਿਲ ਆਉਂਦੀ ਸੀ | ਦਾਰ ਜੀ ਨੇ ਪਿਆਰ ਨਾਲ ਕਹਿਣਾ, 'ਜਦੋਂ ਵੱਡੀ ਹੋ ਜਾਏਾਗੀ ਤਾਂ ਤੈਨੂੰ ਆਪੇ ਸਮਝ ਆ ਜਾਵੇਗੀ |'
ਬਲਵੰਤ ਗਾਰਗੀ ਦੀ ਦੋਸਤੀ ਵੀ ਇਕ ਬੜੀ ਦਿਲਚਸਪ ਕਹਾਣੀ ਰਹੀ | ਸਾਡੇ ਪਰਿਵਾਰ ਨਾਲ ਉਨ੍ਹਾਂ ਦੀ ਦੋਸਤੀ ਇਕ ਵੱਖਰੀ ਕਿਸਮ ਦੀ ਸੀ | ਦਾਰ ਜੀ ਹਮੇਸ਼ਾ ਬਲਵੰਤ ਅੰਕਲ ਦੇ ਖ਼ੈਰ-ਖਵਾਹ ਰਹੇ | ਉਨ੍ਹਾਂ ਦੀ ਅਮਰੀਕਨ ਪਤਨੀ, ਆਂਟੀ ਜੀਨੀ ਤਾਂ ਸਾਰੀਆਂ ਦੁੱਖਾਂ-ਸੁੱਖਾਂ ਦੀਆਂ ਗੱਲਾਂ ਦਾਰ ਜੀ ਨਾਲ ਹੀ ਸਾਂਝੀਆਂ ਕਰਦੀ ਸੀ ਕਿਉਂਕਿ ਦਾਰ ਜੀ ਹੀ ਉਨ੍ਹਾਂ ਦੀ ਜ਼ਬਾਨ ਠੀਕ ਤਰ੍ਹਾਂ ਸਮਝਦੇ ਸਨ | ਬਲਵੰਤ ਅੰਕਲ ਨੂੰ ਸਾਡੇ ਘਰ ਦਾ ਖਾਣਾ ਬਹੁਤ ਪਸੰਦ ਸੀ | ਮਾਂ ਦੀ ਮਿੱਠੀ ਆਵਾਜ਼ ਅਤੇ ਦਾਰ ਜੀ ਦਾ ਮਿਲਾਪੜਾ ਸੁਭਾਅ, ਉਤੋਂ ਮਾਂ ਦੀ ਮਹਿਮਾਨ ਨਿਵਾਜ਼ੀ, ਰਲਾ-ਮਿਲਾ ਕੇ ਇਹ ਇਕ ਬਹੁਤ ਜ਼ਬਰਦਸਤ ਸੁਮੇਲ ਸੀ | ਮਾਂ ਨੇ ਹਮੇਸ਼ਾ ਆਪਣੀਆਂ ਸਹੇਲੀਆਂ, ਦੋਸਤਾਂ-ਮਿੱਤਰਾਂ ਨੂੰ ਵੀ ਆਪਣੀ ਮਹਿਮਾਨ ਨਿਵਾਜ਼ੀ ਨਾਲ ਵਧ-ਚੜ੍ਹ ਕੇ ਨਿਵਾਜਿਆ ਸੀ |
ਆਪ ਬਹੁਤ ਥੋੜ੍ਹੀ ਮਿਕਦਾਰ ਵਿਚ ਖਾਂਦੀ ਸੀ, ਪਰ ਦੂਜਿਆਂ ਨੂੰ ਖੁਆ ਕੇ ਬੜੀ ਖੁਸ਼ ਹੁੰਦੀ ਸੀ | ਮੇਰੀ ਮਾਂ ਇਕ ਬੇਹੱਦ ਹੁਸੀਨ ਸ਼ਖ਼ਸੀਅਤ ਸੀ | ਉਹਦੇ ਪਿਆਰ ਦਾ ਪ੍ਰਗਟਾਵਾ ਏਨਾ ਦਿਲਕਸ਼ ਸੀ ਕਿ ਉਸ ਨਾਲ ਪਿਆਰ ਕੀਤਿਆਂ ਬਗੈਰ ਕੋਈ ਬਚ ਕੇ ਨਹੀਂ ਸੀ ਜਾ ਸਕਦਾ | ਇਕ ਠਹਿਰੀ ਹੋਈ ਪਰ ਚੰਚਲ ਸੁਭਾਅ ਦੀ ਪੰਜਾਬਣ ਮੁਟਿਆਰ ਸੀ, ਜਿਸ ਨੂੰ ਸਹੀ ਸ਼ਬਦਾਂ ਵਿਚ 'ਪੰਜਾਬਣ' ਦਾ ਦਰਜਾ ਦਿੱਤਾ ਜਾ ਸਕਦਾ ਹੈ | ਉਸ ਦਾ ਪਰਿਹਾਵਾ, ਉਸ ਦੀ ਜ਼ਬਾਨ, ਉਸ ਦੀ ਪਰਸਨੈਲਿਟੀ, ਇਕ ਪੂਰੀ ਪੰਜਾਬਣ ਦੀ ਸ਼ਕਲ ਬਣ ਕੇ ਸਾਹਮਣੇ ਆਉਂਦੀ ਹੈ |
ਮਾਂ ਦੀਆਂ ਰੁਚੀਆਂ ਵੰਨ-ਸੁਵੰਨੀਆਂ ਸਨ | ਨਿੱਕੇ ਹੁੰਦਿਆਂ ਮੈਂ ਉਸ ਨੂੰ ਛੋਟੀਆਂ ਭੈਣਾਂ ਦੀਆਂ ਫਰਾਕਾਂ ਸਿਉਂਦਿਆਂ ਵੀ ਵੇਖਿਆ ਹੈ, ਭਾਂਤ-ਭਾਂਤ ਦੀਆਂ ਲੇਸਾਂ, ਰਿਬਨ ਲਗਾ ਕੇ ਸਿਉਂਦੀ ਹੁੰਦੀ ਸੀ | ਸਵੈਟਰ ਬੁਣਨ ਦਾ, ਆਪਣੇ ਘਰ ਨੂੰ ਸਜਾਉਣ ਦਾ, ਖਾਸ ਕਰਕੇ ਸਾਫ਼-ਸਫ਼ਾਈ ਦਾ ਬੜਾ ਸ਼ੌਕ ਸੀ | ਕਈ ਵਾਰ ਤਾਂ ਚੀਜ਼ਾਂ ਗਾਇਬ ਹੋ ਜਾਂਦੀਆਂ ਸਨ | ਦਾਰ ਜੀ ਬਹੁਤ ਵਾਰੀ ਮਜ਼ਾਕ ਨਾਲ ਕਹਿੰਦੇ ਸਨ, 'ਬੀਬੀ ਜੀ, ਸਫ਼ਾਈ ਕਰਦਿਆਂ ਕਿਧਰੇ ਸਫ਼ਾਇਆ ਹੀ ਨਾ ਕਰ ਦੇਣਾ', ਜਾਂ 'ਬੀਬੀ ਜੀ, ਕਰ ਦਿੱਤਾ ਜੇ ਸਫਾਇਆ?' ਦਾਰ ਜੀ ਨੂੰ ਬੜਾ ਡਰ ਹੁੰਦਾ ਸੀ ਕਿ ਕਿਤੇ ਉਨ੍ਹਾਂ ਦੀਆਂ ਕਿਤਾਬਾਂ ਏਧਰ-ਉਧਰ ਨਾ ਹੋ ਜਾਣ | ਸਾਨੂੰ ਹੁਕਮ ਸੀ ਕਿ ਕੋਈ ਵੀ ਕਿਤਾਬ ਦਾਰ ਜੀ ਦੇ ਪੁੱਛੇ ਤੋਂ ਬਗੈਰ ਨਹੀਂ ਚੁੱਕਣੀ ਜਦ ਤੱਕ ਉਹ ਕਿਤਾਬ ਪੜ੍ਹ ਨਹੀਂ ਲੈਂਦੇ ਸਨ | ਉਨ੍ਹਾਂ ਨੂੰ ਕਿਤਾਬਾਂ ਨਾਲ ਬੇਹੱਦ ਮੁਹੱਬਤ ਸੀ |
ਮਾਂ ਨੂੰ ਕੋਈ ਗੱਲ ਜੇ ਸਮਝਾਉਣੀ ਪੈਂਦੀ ਤਾਂ ਦਾਰ ਜੀ ਜ਼ੋਰ ਦੇ ਕੇ ਕਹਿੰਦੇ, 'ਸੁਰਿੰਦਰ ਜੀ' (ਚਿੱਥ ਕੇ) 'ਤੁਸੀਂ ਕੀ ਕਰ ਰਹੇ ਓ ਜੀ?'
ਬਚਪਨ ਤੋਂ ਹੀ ਮੈਂ ਮਾਂ ਨੂੰ ਦੇਸ਼-ਵਿਦੇਸ਼ ਦੇ ਦੌਰਿਆਂ 'ਤੇ ਵੇਖਣ ਦੀ ਆਦੀ ਹੋ ਗਈ ਸਾਂ | ਮੈਂ ਉਡੀਕਦੀ ਰਹਿੰਦੀ ਸਾਂ, ਮੇਰੀ ਮਾਂ ਕਦੋਂ ਘਰ ਵਾਪਸ ਆਵੇਗੀ | ਮਾਂ ਜਿਥੇ ਵੀ ਜਾਂਦੀ, ਉਥੋਂ ਦੇ ਲੋਕਾਂ ਦੀ ਚਹੇਤੀ ਬਣ ਜਾਂਦੀ | ਮਹੀਨੇ ਵਿਚੋਂ 20-22 ਦਿਨ ਤਾਂ ਉਹ ਆਮ ਹੀ ਘਰੋਂ ਬਾਹਰ ਰਹਿਣ ਲੱਗ ਪਈ ਸੀ | ਕਦੇ ਦੇਸ਼ ਅਤੇ ਕਦੇ ਵਿਦੇਸ਼ | ਦਾਰ ਜੀ ਨੇ ਮੈਨੂੰ ਕਦੇ ਕਿਸੇ ਚੀਜ਼ ਦੀ ûੜ ਨਹੀਂ ਆਉਣ ਦਿੱਤੀ ਸੀ, ਪਰ ਮਾਂ ਅਤੇ ਧੀਆਂ ਦੀ ਇਕ ਬੜੀ ਡੰੂਘੀ ਦੋਸਤੀ ਹੁੰਦੀ ਹੈ, ਇਹ ਬਿਆਨ ਕਰਨਾ ਬੜਾ ਔਖਾ ਹੈ |
                                                                                                                                  ••

ਪਹਾੜੀ 'ਤੇ ਸੁੰਦਰ ਭਵਨ : ਹਿੰਟਨ ਐਪਨਰ ਹਾਊਸ

ਪਿਛਲੇ 400 ਸਾਲਾਂ ਵਿਚ ਭਿਅੰਕਰ ਅੱਗ ਨਾਲ ਦੋ ਵਾਰ ਰਾਖ ਹੋਇਆ ਅਤੇ ਇਕ ਸਦੀ ਤੱਕ ਭੂਤ ਮਹੱਲ ਦੇ ਰੂਪ ਵਿਚ ਜਾਣਿਆ ਗਿਆ 'ਹਿੰਟਨ ਐਪਨਰ ਹਾਊਸ' ਅੱਜ ਇਕ ਸੈਰ-ਸਪਾਟੇ ਵਾਲੀ ਸੁੰਦਰ ਥਾਂ ਹੈ | ਇਨ੍ਹਾਂ ਕਾਰਨਾਂ ਕਰਕੇ ਸਾਨੂੰ ਉਸ ਨੂੰ ਦੇਖਣ ਦੀ ਚਾਹਤ ਪੈਦਾ ਹੋਈ | ਹਰਿਆਲੀ ਨਾਲ ਭਰਪੂਰ ਇੰਗਲੈਂਡ ਦੇ ਹੈਮਸ਼ਿਅਰ ਖੇਤਰ ਵਿਚ ਹੁੰਦੇ ਹੋਏ ਅਸੀਂ ਟਿਊਡਰ ਰਾਜਿਆਂ ਦੀ ਸ਼ੈਲੀ ਵਿਚ ਪਹਿਲਾਂ ਬਣੇ, 16ਵੀਂ ਸਦੀ ਦੇ ਇਤਿਹਾਸਕ ਹਿੰਟਨ ਐਪਨਰ ਹਾਊਸ ਪਹੁੰਚੇ | ਪਹਿਲੀਆਂ ਸਦੀਆਂ ਵਿਚ ਦੋ ਵਾਰ ਸੜਨ ਤੋਂ ਬਾਅਦ ਦੋ ਵਾਰ ਦੁਬਾਰਾ ਬਣਾਇਆ ਗਿਆ ਇਹ ਭਵਨ ਅੱਜ ਰਾਜਾ ਜਾਰਜ ਸ਼ੈਲੀ ਦੇ ਰੂਪ ਵਿਚ ਬਣਿਆ ਪੁਰਾਤਨ ਲਲਿਤ ਕਲਾਵਾਂ ਵਾਲਾ ਆਧੁਨਿਕ ਭਵਨ ਹੈ | ਸਾਡੀ ਹਿੰਟਨ ਐਪਨਰ ਹਾਊਸ ਦੀ ਯਾਤਰਾ ਦਾ ਮਕਸਦ ਸਿਰਫ਼ ਉਸ ਦੇ ਪੁਰਾਣੇ ਇੰਟੀਅਰ ਅਤੇ ਮਨ ਭਾਉਂਦੇ ਦਿ੍ਸ਼ਾਂ ਵਾਲੇ ਪਾਰਕ ਲੈਂਡਜ਼ ਅਤੇ 'ਗਾਡਰਨਸ' ਦੀ ਸੈਰ ਕਰਨਾ ਹੀ ਨਹੀਂ ਸੀ ਸਗੋਂ ਉਸ ਦੇ ਸ਼ਾਂਤੀਮਈ ਵਾਤਾਵਰਨ ਦਾ ਆਨੰਦ ਲੈਣਾ ਵੀ ਸੀ |
ਅਨੋਖਾ ਇਤਿਹਾਸਕ ਨਾਂਅ : ਹਿੰਟਰ ਐਪਨਰ ਭਵਨ ਪਹੁੰਚ ਕੇ ਮੈਨੂੰ ਯਾਦ ਆਇਆ ਕਿ ਹੁਣ ਲੁਪਤ ਹੋਈ ਪ੍ਰਾਚੀਨ ਅੰਗਰੇਜ਼ੀ ਭਾਸ਼ਾ ਵਿਚ ਹਿੰਟਨ ਸ਼ਬਦ ਦੋ ਛੋਟੇ ਸ਼ਬਦਾਂ ਦਾ ਮਿਸ਼ਰਣ ਹੈ, ਜਿਨ੍ਹਾਂ ਦਾ ਅਰਥ ਹੈ ਉੱਚੀ ਥਾਂ 'ਤੇ, ਪਹਾੜ, ਵਾੜ ਨਾਲ ਘਿਰੀ ਧਰਤੀ 'ਤੇ ਬਣਿਆ ਫਾਰਮ ਜਾਂ ਅਸਟੇਟ | ਐਪਰਨ ਸ਼ਬਦ ਉਦੋਂ ਜੁੜਿਆ ਹੋ ਸਕਦਾ ਹੈ ਜਦੋਂ ਕੋਈ ਐਲਮੋਨਰ ਗ਼ਰੀਬਾਂ ਨੂੰ ਦਾਨ ਦੇਣ ਵਾਲਾ ਅਧਿਕਾਰੀ ਇਥੇ ਰਹਿਣ ਲੱਗਾ ਹੋਵੇ | ਇੰਗਲੈਂਡ ਦੀ ਧਰਤੀ/ਭਵਨਾਂ ਦੀ ਰਿਕਾਰਡ-ਡੋਮਜ਼ ਡੇ ਬੁੱਕ ਵਿਚ 11ਵੀਂ ਸਦੀ ਤੋਂ ਹੀ ਇਹ ਭਵਨ, ਤਿੰਨ ਮਿਲਦੇ-ਜੁਲਦੇ ਨਾਵਾਂ ਨਾਲ ਰਜਿਸਟਰ ਹਨ |
ਹਿੰਟਨ ਐਪਨਰ ਭਵਨ ਵੱਲ : ਆਪਣੇ ਨਾਲ ਲਿਆਂਦੀ ਨਿਰਦੇਸ਼ਨ ਕਿਤਾਬ ਅਨੁਸਾਰ ਅਸੀਂ ਕਾਰ ਪਾਰਕ ਵਿਚ 500 ਸਾਲ ਪੁਰਾਣੇ ਓਖ ਦਰੱਖਤਾਂ ਨੂੰ ਲੱਭਿਆ ਅਤੇ ਤਸਵੀਰਾਂ ਆਦਿ ਕੀਤੀਆਂ, ਸੁੰਦਰ ਫੁੱਲਾਂ ਨਾਲ ਘਿਰੇ ਛਾਂਦਾਰ ਹਰੇ-ਭਰੇ ਮਾਰਗ ਤੋਂ ਲੰਘਦੇ ਹੋਏ ਭਵਨ ਵੱਲ ਅੱਗੇ ਵਧੇ | ਉਥੇ ਇਕ ਬੋਰਡ 'ਤੇ ਲਿਖਿਆ ਹੋਇਆ ਸੀ ਕਿ ਤੁਸੀਂ ਚਾਰਾਂ ਰੁੱਤਾਂ ਵਿਚੋਂ ਜਿਹੜੀ ਵੀ ਰੁੱਤ ਵਿਚ ਇਥੇ ਪਹੁੰਚੋਗੇ ਤਾਂ ਵੱਖ-ਵੱਖ ਰੰਗਾਂ ਦੇ ਫੁੱਲ ਦੇਖੋਗੇ | ਅਸੀਂ 'ਵਾਲਡ ਗਾਰਡਨ' (ਦੀਵਾਰ ਦੇ ਅੰਦਰ ਬਗੀਚਾ) ਦੇ ਅੱਗੋਂ ਵੀ ਨਿਕਲੇ ਜਿਥੇ ਸਦੀਆਂ ਤੋਂ ਭਵਨ ਦੇ ਵਰਤੋਂ ਲਈ ਸਬਜ਼ੀਆਂ, ਫਲ ਅਤੇ ਫੁੱਲ ਉਗਾਏ ਜਾਂਦੇ ਸਨ ਅਤੇ ਹੁਣ ਇਥੋਂ ਦੀ 'ਟੀ-ਸ਼ਾਪ' ਅਤੇ 'ਰੈਸਤੋਰਾਂ' ਲਈ ਖਾਣ ਵਾਲੇ ਪਦਾਰਥ ਉਗਾਏ ਜਾਂਦੇ ਹਨ | ਘੁਮਾਅਦਾਰ ਰਸਤੇ ਤੋਂ ਸਾਨੂੰ ਹਿੰਟਨ ਐਪਰਨ ਦੀ ਪਹਿਲੀ ਝਲਕ ਮਿਲੀ | ਬਾਹਰ ਦੀ ਸਾਧਾਰਨ ਦਿੱਖ ਤੋਂ ਅੰਦਰ ਦੀ ਲਲਿਤ ਕਲਾ ਦਾ ਕੋਈ ਸੰਕੇਤ ਨਹੀਂ ਸੀ |
ਇਤਿਹਾਸ ਦੇ ਝਰੋਖੇ ਤੋਂ : ਜਿਸ ਹਿੰਟਨਰ ਐਪਨਰ ਭਵਨ ਨੂੰ ਅਸੀਂ ਦੇਖ ਰਹੇ ਸੀ, ਉਹ ਤਾਂ 1960 ਦੇ ਦਹਾਕੇ ਵਿਚ 'ਅਗਨੀ ਭਸਮ ਹੋਣ' ਤੋਂ ਬਾਅਦ ਦੁਬਾਰਾ ਬਣਿਆ ਭਵਨ ਸੀ ਜਿਸ ਨੂੰ ਲਾਰਡ ਸ਼ੇਰਬਨ ਰੈਫ ਡਿਊਟਨ ਨੇ ਬਣਵਾਇਆ ਸੀ | ਉਨ੍ਹਾਂ ਦੇ ਵਡੇਰੇ ਮਹਾਨ ਸਟੂਕਲੇ ਪਰਿਵਾਰ ਤੋਂ ਸਨ ਜੋ 1597 ਈਸਵੀ ਤੋਂ ਇਥੇ ਬਣੇ ਮੱਧਕਾਲੀਨ ਭਵਨ ਵਿਚ ਰਹਿੰਦੇ ਸਨ ਜੋ ਅੰਗਰੇਜ਼ੀ ਅੱਖਰ 'ਈ' ਵਾਂਗ ਬਣਿਆ ਸੀ | ਬਾਅਦ ਵਿਚ 18ਵੀਂ ਸਦੀ ਵਿਚ ਕੁਝ ਸਟੂਕਲੇ ਮੈਂਬਰਾਂ ਦੀਆਂ ਨਿੰਦਣਯੋਗ ਸਰਗਰਮੀਆਂ ਤੋਂ ਬਾਅਦ ਹਿੰਟਨ ਐਪਰਨ ਹਾਊਸ ਭੂਤ ਮਹੱਲ ਦੇ ਰੂਪ ਵਿਚ ਪ੍ਰਸਿੱਧ ਹੋਇਆ ਅਤੇ ਅਨੇਕ ਸਾਲਾਂ ਤੱਕ ਵੀਰਾਨ ਪਿਆ ਰਿਹਾ | ਫਿਰ 'ਰੈਫ ਡਿਊਟਨ' ਦੇ ਦਾਦਾ ਨੇ ਘਰ ਨੂੰ ਮਹਾਰਾਣੀ ਵਿਕਟੋਰੀਆ ਯੁੱਗ ਦੀ ਸ਼ੈਲੀ ਵਿਚ ਸਜਾਇਆ ਅਤੇ ਉਨ੍ਹਾਂ ਦੇ ਸੰਸਾਰ ਤੋਂ ਜਾਣ ਤੋਂ ਬਾਅਦ 'ਰੈਫ ਡਿਊਟਨ' ਨੇ ਘਰ ਨੂੰ ਦੁਬਾਰਾ ਆਧੁਨਿਕ ਡਿਜ਼ਾਈਨ ਨਾਲ ਬਣਵਾਇਆ |
ਦਾਖਲ ਹੋਣ ਵਾਲੇ ਕਮਰੇ ਦੀਆਂ ਕਲਾਕ੍ਰਿਤੀਆਂ : ਸੂਰਜੀ ਰੌਸ਼ਨੀ ਨਾਲ ਜਗਮਾਉਂਦੇ ਦਾਖਲੇ ਵਾਲੇ ਹਾਲ ਵਿਚ ਕਾਲੇ-ਸਫ਼ੈਦ ਮਾਰਬਲ ਦਾ ਫਰਸ਼ ਹੈ ਜੋ ਉਸ ਦੇ ਸ਼ਿੰਗਾਰ ਨਾਲ ਮੇਲ ਖਾਂਦਾ ਹੈ ਅਤੇ ਲਾਰਡ ਸ਼ਰਬਨ ਰੈਫ ਡਿਊਟਨ ਦਾ ਉੱਤਮ ਟੇਸਟ ਵੀ ਝਲਕਦਾ ਹੈ | ਉਨ੍ਹਾਂ ਨੂੰ ਇਟਲੀ ਦੇ ਆਰਟ ਅਤੇ ਪੱਥਰ ਫਰਨੀਚਰ ਵਿਚ ਕਾਫ਼ੀ ਦਿਲਚਸਪੀ ਸੀ ਜਿਸ ਦੇ ਚੋਣਵੇਂ ਪੀਸ ਇਥੇ ਸਜੇ ਸਨ | ਔਰਤ ਕਰਮਚਾਰੀ ਨੇ ਸਾਨੂੰ ਦੱਸਿਆ ਕਿ ਇਥੇ ਅਤੇ ਹੋਰ ਕਮਰਿਆਂ ਵਿਚ ਸਜਿਆ ਫਰਨੀਚਰ ਅਤੇ ਚੀਜ਼ਾਂ, ਹਿੰਟਨ ਐਪਰਨ ਭਵਨ ਵਰਗੇ ਹੋਰ ਭਵਨਾਂ ਤੋਂ ਲਿਆ ਕੇ ਇਥੇ ਸਜਾਈਆਂ ਗਈਆਂ ਜੋ ਹੁਣ ਵਿੱਤੀ ਨੁਕਸਾਨ ਵਰਗੇ ਕਾਰਨਾਂ ਕਰਕੇ ਬੰਦ ਹਨ ਜਾਂ ਵਿਕ ਗਈਆਂ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਖਿੱਚੀ ਗਈ ਸੀ ਜਦੋਂ ਸ੍ਰੀ ਹਰਿਗੋਬਿੰਦਪੁਰ ਦੇ ਵਾਸੀਆਂ ਨੇ ਸ: ਸੋਭਾ ਸਿੰਘ ਆਰਟਿਸਟ ਦਾ 72ਵਾਂ ਜਨਮ ਦਿਨ ਸ੍ਰੀ ਹਰਿਗੋਬਿੰਦਪੁਰ ਵਿਖੇ ਮਨਾਇਆ ਸੀ | ਉਸ ਵਕਤ ਇਲਾਕੇ ਦੇ ਸਾਰੇ ਪਤਵੰਤੇ ਲੀਡਰ ਤੇ ਆਮ ਲੋਕ ਸ: ਸੋਭਾ ਸਿੰਘ ਚਿੱਤਰਕਾਰ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਕਿਉਂਕਿ ਸ: ਸੋਭਾ ਸਿੰਘ ਦਾ ਜਨਮ ਸਥਾਨ ਸ੍ਰੀ ਹਰਿਗੋਬਿੰਦਪੁਰ ਸੀ | ਸ: ਸੋਭਾ ਸਿੰਘ ਆਪਣੇ ਜਨਮ ਸਥਾਨ ਤੋਂ ਬਹੁਤਾ ਸਮਾਂ ਬਾਹਰ ਹੀ ਰਹੇ ਸੀ, ਇਸ ਕਰਕੇ ਬਹੁਤੇ ਲੋਕ ਉਨ੍ਹਾਂ ਨੂੰ ਮਿਲਣ ਤੇ ਵੇਖਣ ਲਈ ਆਏ ਸਨ |

-ਮੋਬਾਈਲ : 98767-41231

ਕਿੱਥੇ ਗਏ ਤਿੰ੍ਰਝਣ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਤਿੰ੍ਰਝਣਾਂ 'ਚ ਕੱਤਣਾ ਨਾਰੀ ਜਾਤੀ ਦੇ ਗੌਰਵ ਅਤੇ ਉਸ ਦੀ ਸੁਹਜ ਸਿਆਣਪ ਦਾ ਪ੍ਰਤਿਮਾਨ ਸਥਾਪਿਤ ਕਰਨ ਵਾਲਾ ਮੌਕਾ ਮੰਨਿਆ ਜਾਂਦਾ ਰਿਹਾ ਹੈ | ਚੰਗਾ ਕੱਤਣਾ, ਬਾਰੀਕ ਕੱਤਣਾ ਤਾਂ ਜੋ ਚੰਗਾ ਕੱਪੜਾ ਬੁਣਿਆ ਜਾ ਸਕੇ, ਵਡਿਆਈ ਅਤੇ ਸ਼ੋਭਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਤਾਂ ਹੀ ਤਾਂ ਮੁਟਿਆਰਾਂ ਰਲ ਕੇ, ਬੈਠ ਕੇ, ਇਕ ਦੂਜੀ ਤੋਂ ਵੱਧ ਕੱਤਣ ਲਈ ਹੱਥੀਂ ਪੂਣੀਆਂ ਫੜ ਕੇ ਤੇ ਢਾਕੇ ਚਰਖਾ ਮਾਰ ਕੇ ਮਿਥੀ ਹੋਈ ਸਾਂਝੀ, ਸਰਬ ਪ੍ਰਵਾਨਿਤ ਥਾਂ ਜਾਂ ਘਰ 'ਚ ਜਾ ਤਿੰ੍ਰਝਣ ਸਜਾਉਂਦੀਆਂ ਹਨ-
(ੳ) ਹੱਥ ਪੂਣੀਆਂ ਢਾਕ ਤੇ ਚਰਖਾ,
ਲੰਮੀ ਬੀਹੀ ਕੱਤਣ ਚੱਲੀ |
(ਅ) ਹੱਥ ਪੂਣੀਆਂ ਢਾਕ ਤੇ ਚਰਖਾ,
ਤਾਈ ਘਰ ਕੱਤਣ ਚੱਲੀ |
ਕੱਤਣ ਵਾਲੀਆਂ ਸਭਨਾਂ ਮੁਟਿਆਰਾਂ ਜਾਂ ਸਵਾਣੀਆਂ ਵਲੋਂ ਸਲਾਹ ਕਰ ਕੇ ਤਿੰ੍ਰਝਣ ਸਜਾਉਣ ਦਾ ਕੋਈ ਸਮਾ ਨਿਰਧਾਰਿਤ ਕਰ ਲਿਆ ਜਾਂਦਾ ਹੈ, ਪਰੰਤੂ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਉਸ ਸਮੇ ਉਨ੍ਹਾਂ ਮੁਟਿਆਰਾਂ ਜਾਂ ਧੀਆਂ, ਭੈਣਾਂ , ਮਾਵਾਂ ਆਦਿ ਨੂੰ ਘਰ 'ਚ ਕੋਈ ਹੋਰ ਜ਼ਰੂਰੀ ਕੰਮ ਨਹੀਂ ਹੈ | ਆਮ ਤੌਰ ਤੇ ਨਿੱਤ- ਪ੍ਰਤੀ ਦਿਨ ਦੇ ਜ਼ਰੂਰੀ ਜ਼ਰੂਰੀ ਕੰਮ, ਜੋ ਮੁੱਖ ਤੌਰ 'ਤੇ ਰੋਟੀ-ਪਾਣੀ, ਸਾਂਭ-ਸਫ਼ਾਈ ਅਤੇ ਖੇਤਾਂ 'ਚ ਕੰਮ ਕਰਦੇ ਮਰਦਾਂ ਨੂੰ ਰੋਟੀ-ਟੁੱਕ ਪਹੁੰਚਾ ਦੇਣ ਤੋਂ ਬਾਅਦ ਹੀ ਇਹ ਅਵਸਰ ਨਿਰਧਾਰਿਤ ਕੀਤਾ ਜਾਂਦਾ ਹੈ | ਤਿੰ੍ਰਝਣ ਦੀਆਂ ਔਰਤਾਂ ਬਹੁਤ ਸਿਆਣੀਆਂ ਹੁੰਦੀਆਂ ਹਨ, ਏਸੇ ਕਰਕੇ ਉਹ ਦੁਪਹਿਰ ਦਾ ਵੇਲਾ ਜਾਂ ਰਾਤ ਨੂੰ ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਅਜਿਹਾ ਮੌਕਾ ਪੈਦਾ ਕਰਦੀਆਂ ਹਨ |
ਵਧੇਰੇ ਗਰਮੀ ਅਤੇ ਸਰਦੀ ਦੀ ਰੁੱਤ 'ਚ ਦੁਪਹਿਰ ਵੇਲੇ ਬੈਠ ਕੇ ਕੱਤਣ ਨਾਲੋਂ ਗੁਲਾਬੀ ਸਰਦੀ ਜਾਂ ਸਰਦੀ ਦੇ ਦਿਨਾਂ ਜਾਂ ਰਾਤਾਂ ਨੂੰ ਤਿੰ੍ਰਝਣ ਸਜਾਉਣ ਵਾਸਤੇ ਵਧੇਰੇ ਚੁਣਿਆ ਜਾਂਦਾ ਹੈ | ਚਾਣਨੀਆਂ ਰਾਤਾਂ ਹੋਣ, ਨਾ ਗਰਮੀ ਲੱਗੇ ਤੇ ਨਾ ਸਰਦੀ ਪੋਹੇ, ਇਹੋ ਜਿਹੇ ਮੌਸਮ ਅਤੇ ਰੁੱਤ ਨੂੰ ਹੀ ਤਾਂ ਤਿੰ੍ਰਝਣਾਂ ਦੀ ਰੁੱਤ ਦਾ ਨਾਂ ਦਿੱਤਾ ਜਾਂਦਾ ਹੈ ਜਿਸ ਵਿਚ ਬੈਠੀਆਂ ਕੱਤਦੀਆਂ ਸੁਆਣੀਆਂ, ਮਾਈਆਂ, ਬੁੱਢੜੀਆਂ ਸਭ ਅੱਲੜ੍ਹ ਮੁਟਿਆਰਾਂ ਹੀ ਜਾਪਣ ਲੱਗ ਪੈਂਦੀਆਂ ਹਨ ਅਤੇ ਵੰਨ-ਸੁਵੰਨੀਆਂ ਬੋਲੀਆਂ ਟੱਪਿਆਂ ਨਾਲ ਆਲੇ-ਦੁਆਲੇ ਦੇ ਵਾਤਾਵਰਨ ਵੀ ਮੰਤਰ-ਮੁਗਧ ਕਰ ਦਿੰਦੀਆਂ ਹਨ | ਅਜਿਹੇ ਮੌਕੇ ਨਾਲ ਸੰਬੰਧਿਤ ਕੁਝ ਇਕ ਬੋਲੀਆਂ ਹਨ-
ਕੁੜੀਆਂ ਚਿੜੀਆਂ ਹੋਈਆਂ ਕੱਠੀਆਂ, ਸਭ ਤੋਂ ਚੜ੍ਹਦੀ ਨੂਰੀ,
ਆਪੋ ਵਿਚ ਦੀ ਗੱਲਾਂ ਕਰਦੀਆਂ, ਹੁੰਦੀਆਂ ਘੂਰਮ ਘੂਰੀ |
ਉਮਰੀ ਬਾਝੋਂ ਤਿੰ੍ਰਝਣ ਨਹੀਂ ਸਜਦਾ, ਆਊ ਤਾਂ ਪੈ ਜਾਊ ਪੂਰੀ |

ਰਾਣੀ ਕੁੜੀ ਨੂੰ ਸੱਦਾ ਭੇਜੋ, ਜਿਹੜੀ ਨਿੱਤ ਮਲਦੀ ਕਸਤੂਰੀ |
ਪੰਜ ਸੇਰ ਮੱਠੀਆਂ ਖਾ ਗਈ ਹੁਕਮੀ, ਕਰੇ ਨਾ ਸਬਰ ਸਬੂਰੀ |
ਬਾਂਦਰ ਵਾਂਗੂ ਟੱਪਦੀ ਮਾਲਣ, ਖਾਣ ਨੂੰ ਮੰਗਦੀ ਚੂਰੀ |
ਲੱਛੀ ਕੁੜੀ ਤਾਂ ਆਈ ਨਹੀਂ, ਨਾ ਪੈਂਦੀ ਤਿੰ੍ਰਝਣ 'ਚ ਪੂਰੀ.... |
ਤਿੰ੍ਰਝਣ 'ਚ ਬੈਠੀਆਂ ਨੂੰਹਾਂ-ਧੀਆਂ, ਵੱਡ-ਵਡੇਰੀਆਂ ਆਪਣੇ ਹਾਵਾਂ-ਭਾਵਾਂ ਦਾ ਪ੍ਰਗਟਾਵਾ, ਆਪਣੇ ਦੁਆਰਾ ਹੰਢਾਏ ਸੰਤਾਪਾਂ, ਖ਼ੁਸ਼ੀਆਂ-ਗ਼ਮੀਆਂ ਅਤੇ ਖੇੜਿਆਂ ਦਾ ਪ੍ਰਗਟਾਵਾ ਅਤੇ ਮਨ 'ਚ ਛਿਪੇ ਗੱੁਭ-ਗੁਭਾਟਾਂ, ਗੱਲ ਕੀ ਹਰ ਆਮ-ਖਾਸ ਅਨੁਭਵ ਨੂੰ ਸਹਿਜ ਰੂਪ 'ਚ ਹੀ ਸਾਂਝਾ ਕਰ ਬੈਠਦੀਆਂ ਹਨ ਅਤੇ ਆਪਣੇ ਭਾਵਾਂ ਦਾ ਪ੍ਰਗਟਾਵਾ ਆਪਣੇ ਅਗੰਮੀ ਬੋਲਾਂ ਰਾਹੀਂ ਕਰਦੀਆਂ ਜਾਂਦੀਆਂ ਹਨ ਤੇ ਨਾਲੋ ਨਾਲ ਕੱਤਦੀਆਂ ਰਹਿੰਦੀਆਂ ਹਨ | ਅਜਿਹੇ ਅਨੁਭਵਾਂ 'ਚੋਂ ਇਕ ਦੋ ਅਨੁਭਵ ਪੇਸ਼ ਹਨ-
(ੳ) ਪਹਿਲੀ ਵਾਰ ਮੈਂ ਆਈ ਮੁਕਲਾਵੇ, ਪਾ ਕੇ ਸੁਨਿਹਰੀ ਬਾਣਾ,
ਮਾਹੀ ਮੇਰਾ ਕਾਲਾ ਕਲੋਟਾ, ਅੱਖੋਂ ਹੈਗਾ ਕਾਣਾ,
ਖੋਟੇ ਕਰਮ ਹੋ ਗਏ ਮੇਰੇ, ਵੇਖੋ ਰੱਬ ਦਾ ਭਾਣਾ,
ਏਥੇ ਨਹੀਂ ਰਹਿਣਾ, ਮੈਂ ਪੇਕੀਂ ਤੁਰ ਜਾਣਾ |
(ਅ) ਪਹਿਲੀ ਵਾਰ ਮੈਂ ਆਈ ਮੁਕਲਾਵੇ, ਬਣ ਗਈ ਸਭ ਤੋਂ ਨਿਮਾਣੀ,
ਦੁੱਧ ਦਹੀਂ ਮੈਂ ਸਾਰਾ ਸਾਂਭਦੀ, ਨਾਲੇ ਭਰਦੀ ਪਾਣੀ,
ਦਿਨ ਚੜ੍ਹ ਜਾਏ , ਮੈਨੂੰ ਜਾਗ ਨਾ ਆਵੇ, ਮਾਰੇ ਬੋਲ ਜਠਾਣੀ,
ਉੱਠ ਕੇ ਕੱਤ ਲੈ ਨੀ, ਪਈ ਐਾ ਮੂੰਗੀਆ ਤਾਣੀ......... |
ਸਾਉਣ ਦੇ ਮਹੀਨੇ ਜਦੋਂ ਬਾਹਰ ਬੂੰਦਾ-ਬਾਂਦੀ ਹੋ ਰਹੀ ਹੋਵੇ, ਹੋਰ ਕੰਮ ਰੁਝੇਵੇਂ ਨਾ ਹੋਣ ਤਾਂ ਕਿਸੇ ਸੱਭਿਅਕ ਘਰ ਦਾ ਖੁੱਲ੍ਹਾ ਪਸਾਰ ਤਿੰ੍ਰਝਣ ਦਾ ਗੜ੍ਹ ਬਣ ਦਾਂਦਾ ਹੈ | ਅਸਲ 'ਚ ਬਰਸਾਤੀ ਦਿਨ ਕੱਤਣ ਲਈ ਵਧੀਆ ਗਿਣੇ ਜਾਂਦੇ ਹਨ, ਕਿਉਂ ਜੋ ਸਿੱਲ੍ਹ ਨਾਲ ਪੂਣੀਆਂ ਦਾ ਰੂੰ ਨਹੀਂ ਉੱਡਦਾ, ਸਗੋਂ ਬੱਝਵੇਂ ਰੂਪ 'ਚ ਬਾਰੀਕ ਤੰਦ ਕੱਢਣ ਲਈ ਆਪੇ ਹੀ ਸਹਾਈ ਹੋ ਜਾਂਦਾ ਹੈ ਅਤੇ ਤਿੰ੍ਰਝਣ 'ਚ ਕੱਤਣ ਵਾਲੀਆਂ ਦੀ ਸਮਰੱਥਾ ਨੂੰ ਵੀ ਵਧਾ ਦਿੰਦਾ ਹੈ |
ਚੰਗਾ ਕੱਤਣ ਵਾਲੀ ਦੀ ਸਿਫ਼ਤ ਹੁੰਦੀ ਹੈ ਤੇ ਉਹ ਇਸ ਸਿਫ਼ਤ ਨੂੰ ਸਵੀਕਾਰਦੀ ਹੋਈ ਫੁੱਲੀ ਨਹੀਂ ਸਮਾਉਂਦੀ ਪਰ ਦੂਜੇ ਪਾਸੇ ਜਦੋਂ ਕਿਸੇ ਕੋਲੋਂ ਕੱਤਿਆ ਹੀ ਨਹੀਂ ਜਾਂਦਾ, ਚਰਖੇ ਦੀ ਹੱਥੀ ਢਿਲਕ- ਢਿਲਕ ਪੈਂਦੀ ਹੈ, ਲੰਮੀ ਤੰਦ ਕੱਢੀ ਨਹੀਂ ਜਾਂਦੀ, ਬਾਇਅੜ ਉੱਤਰ ਜਾਂਦਾ ਹੈ ਜਾਂ ਤੱਕਲਾ ਵਿੰਗਾ ਹੋ ਜਾਂਦਾ ਹੈ ਤਾਂ ਉਸ ਦੀ ਮਨੋ-ਅਵਸਥਾ ਭਾਂਪਣ ਯੋਗ ਹੀ ਹੁੰਦੀ ਹੈ | ਪਛਾਣ ਕਰਨ ਵਾਲੀਆਂ ਸਮਝ ਜਾਂਦੀਆਂ ਹਨ ਕਿ ਕੀ ਇਹ ਸੁਭਾਵਿਕ ਹੀ ਚਰਖੇ ਦਾ ਨੁਕਸ ਹੈ ਜਾਂ ਮਨ ਹੀ ਕਿਸੇ ਦਿਲ ਜਾਨੀ ਦੀ ਯਾਦ ਵਿਚ ਗਵਾਚ ਗਿਆ ਹੈ | ਅਜਿਹੀ ਦਸ਼ਾ ਨੂੰ ਭਾਂਪਦੀ ਹੋਈ ਉਸ ਮਨਚਲੀ ਦੀ ਕੋਈ ਹੋਰ ਮਨਚਲੀ ਸਖੀ- ਸਹੇਲੀ ਨੂੰ ਉਹ ਮੁਟਿਆਰ ਕੋਈ ਬਿਰਹੋਂ ਕੁੱਠੀ 'ਸੱਸੀ' ਜਾਪਣ ਲੱਗ ਪੈਂਦੀ ਹੈ, ਜਿਸ ਨੂੰ ਉਸ ਦੀ ਮਾਂ ਕੁਝ ਇਉਂ ਕਹਿ ਰਹੀ ਪ੍ਰਤੀਤ ਹੁੰਦੀ ਹੈ-
(ੳ) ਉੱਠ ਨੀ ਧੀਏ ਸੁੱਤੀਏ! ਤੂੰ ਲੈ ਚਰਖੇ ਦੀ ਸਾਰ ਨੀ,
ਪੁੰਨੂ ਵਰਗੀਆਂ ਸੂਰਤਾਂ, ਤੈਨੂੰ ਲੈ ਦਿਆਂ ਦੋ ਤਿੰਨ ਚਾਰ ਨੀ |
(ਅ) ਅੱਗ ਲਾਵਾਂ ਇਨ੍ਹਾਂ ਪੂਣੀਆਂ, ਤੇਰਾ ਚਰਖਾ ਦੇਵਾਂ ਤੋੜ ਨੀ,
ਪੁੰਨੂ ਵਰਗੀਆਂ ਮੂਰਤਾਂ, ਸਾਨੂੰ ਲੱਭਣ ਕਿਤੇ ਨਾ ਹੋਰ ਨੀ |
ਹਾਏ ਵੇ ਪੁੰਨੂ ਜ਼ਾਲਮਾ ! ਦਿਲਾਂ ਦਿਆ ਮਹਿਰਮਾ,
ਸੁੱਤੀ ਨੂੰ ਛੋੜ ਕੇ ਨਾ ਜਾਣਾ ਵੇ...... |
ਜਾਂ ਫਿਰ ਕੋਈ ਹੋਰ ਸਖੀ ਉਸ ਨੂੰ ਇਉਂ ਮਿਹਣਾ ਮਾਰ ਦਿੰਦੀ ਹੈ-
ਯਾਰੀ ਵਾਲੀ ਤੋਂ ਕੱਤਿਆ ਨਾ ਜਾਵੇ, ਵੰਡ ਦਿਓ ਛੋਪ ਕੁੜੀਓ |
ਤਿੰ੍ਰਝਣ 'ਚ ਕੱਤਣਾ ਸਧਾਰਨ ਕੱਤਣ ਨਾਲੋਂ ਭਿੰਨ ਹੁੰਦਾ ਹੈ | ਤਿੰ੍ਰਝਣ 'ਚ ਕੱਤਣ ਵਾਲੀ ਕੁੜੀ ਕੱਤਣ 'ਚ ਮੁਹਾਰਤ ਰੱਖਣ ਵਾਲੀ ਚਤੁਰ ਸਿਆਣੀ ਅਤੇ ਸਾਫ਼ ਸੁਥਰੀ ਹੱਥੀਂ ਕਾਰਜਸ਼ੀਲਤਾ ਦੀ ਧਾਰਨੀ ਹੋਣੀ, ਚੰਗੀ ਕਾਤੀ ਸਮਝੀ ਜਾਂਦੀ ਹੈ | ਤਿੰ੍ਰਝਣ 'ਚ ਕੱਤਣਾ ਇਕ ਕਿਸਮ ਦਾ ਮੁਕਾਬਲਾ ਹੀ ਹੁੰਦਾ ਹੈ | ਗੋਹੜੇ ਧਰੇ ਜਾਂਦੇ ਹਨ, ਛੋਪੇ ਪਾਏ ਜਾਂਦੇ ਹਨ, ਹਿੱਸੇ ਆਉਂਦੀਆਂ ਇਕੋ ਜਿਹੀਆਂ ਪੂਣੀਆਂ ਕਿਸੇ ਸਿਆਣੀ ਸੁਆਣੀ ਵੱਲੋਂ ਇਕਸਾਰ ਸਭਨਾਂ ਵਾਸਤੇ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਇਨ੍ਹਾਂ ਮੁਟਿਆਰਾਂ ਨੇ ਇਕੋ ਜਿਹੇ ਰੂਪ 'ਚ ਕੱਤਣਾ ਹੁੰਦਾ ਹੈ | ਜੋ ਮੋਟਾ ਕੱਤੇਗੀ ਉਹ ਵੀ ਨਿਕੰਮੀ, ਜੋ ਤੰਦਾਂ ਤੋੜੇਗੀ, ਉਹ ਵੀ ਨਿਕੰਮੀ, ਜੋ ਆਪਣੀਆਂ ਪੂਣੀਆਂ ਕੱਤ ਕੇ ਮੁਕਾ ਦੇਣ ਤੋਂ ਰਹਿ ਜਾਵੇਗੀ, ਉਹ ਵੀ ਨਿਕੰਮੀ ਗਿਣੀ ਜਾਂਦੀ ਹੈ |
ਇਸ ਤਰ੍ਹਾਂ ਤਿੰ੍ਰਝਣ ਜਿਥੇ ਇਕ ਮਨਮੋਹਕ ਮਨੋਰੰਜਨ ਦਾ ਸਾਧਨ ਵੀ ਬਣਦਾ ਹੈ, ਉਥੇ ਰਲ ਬੈਠੀਆਂ ਕੁੜੀਆਂ, ਵਿਆਹੀਆਂ ਮੁਟਿਆਰਾਂ, ਸਿਆਣੀਆਂ , ੇ ਬਜ਼ੁਰਗ ਔਰਤਾਂ ਦਾ ਇਕ ਮੁਕਾਬਲੇ ਵਾਲਾ ਕਾਰਜ ਵੀ ਹੋ ਨਿੱਬੜਦਾ ਹੈ, ਪਰ ਇਸ ਵਿਚ ਹਾਰਨ ਵਾਲੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਜਾਂ ਉਨ੍ਹਾਂ ਕੋਲੋਂ ਕੋਈ ਹਰਜਾਨਾ ਨਹੀਂ ਭਰਾਇਆ ਜਾਂਦਾ, ਕੇਵਲ ਮਖੌਲ ਠੱਠਾ, ਹਾਸਾ ਮਜ਼ਾਕ ਕਰਕੇ ਹੀ ਸਭਨਾਂ ਦਾ ਦਿਲ ਖ਼ੁਸ਼ ਕਰ ਲਿਆ ਜਾਂਦਾ ਹੈ | ਤਿੰ੍ਰਝਣ ਵਿਚ ਕੱਤਦੀਆਂ ਕੱਤਦੀਆਂ ਪੰਜਾਬਣਾਂ ਦਾ ਮਨ ਜਦੋਂ ਅੱਕ ਜਾਂਦਾ ਹੈ ਤਾਂ ਉਹ ਕੁਝ ਸਮੇਂ ਵਾਸਤੇ ਚਰਖਿਆਂ ਨੂੰ ਪਰ੍ਹਾਂ ਕਰਕੇ, ਉਸੇ ਵਿਹੜੇ ਜਾਂ ਕਮਰੇ ਨੂੰ ਇਕ ਪਿੜ ਦਾ ਰੂਪ ਦੇ ਲੈਂਦੀਆਂ ਹਨ ਅਤੇ ਮਨ ਦੇ ਹੋਰ ਗੁੱਭ-ਗੁਭਾਟਾਂ ਨੂੰ ਬੋਲੀਆਂ ਰਾਹੀਂ ਗਿੱਧੇ ਦੇ ਰੂਪ ਵਿਚ ਸਾਕਾਰ ਕਰ ਦਿੰਦੀਆਂ ਹਨ | ਉਦਾਹਰਣ ਵਜੋਂ ਜੀਵਨ ਦੇ ਕੁਝ ਇਕ ਪੱਖਾਂ ਬਾਰੇ ਕੁਝ ਕੁ ਬੋਲੀਆਂ ਪੇਸ਼ ਹਨ-
• ਘਰ ਜਿਨ੍ਹਾਂ ਦੇ ਪਾਲੋ ਪਲੀ, ਖੇਤ ਜਿਨ੍ਹਾਂ ਦੇ ਨਿਆਈਆਂ,
ਪੁੱਤ ਜਿਨ੍ਹਾਂ ਦੇ ਸਾਧ ਹੋ ਗਏ, ਸਿਰ 'ਤੇ ਜਟਾਂ ਰਖਾਈਆਂ,
ਕਾਸਾ ਫੜ੍ਹ ਕੇ ਮੰਗਣ ਚੜ੍ਹ ਪਏ, ਖ਼ੈਰ ਪਾਉਣ ਨਾ ਮਾਈਆਂ,
ਚਰਖਾ ਜੈਕੁਰ ਦਾ, ਗਿਣ ਗਿਣ ਮੇਖਾਂ ਲਾਈਆਂ,
ਹੁਣ ਨਾ ਜਾਣਦੀਆਂ, ਦਿਓਰਾਂ ਨੂੰ ਭਰਜਾਈਆਂ |
• ਕਿਸ਼ਨੀ ਬਿਸ਼ਨੀ ਦੋਵੇਂ ਭੈਣਾਂ, ਚੰਦ ਸੂਰਜ ਦੀਆਂ ਕਿਰਨਾਂ,
ਰੂਪ ਤਾਂ ਉਨ੍ਹਾਂ ਨੂੰ ਰੱਬ ਨੇ ਦਿੱਤਾ, ਪੈਲਾਂ ਪਾ ਪਾ ਤੁਰਨਾ,
ਮਛਲੀ ਘੜੀ ਕਿ ਨਾ, ਮੈਂ ਚੜ੍ਹੇ ਭਾਦਰੋਂ ਤੁਰਨਾ....... |
• ਮੈਂ ਤਾਂ ਤੈਨੂੰ ਲੈਣ ਆ ਗਿਆ, ਤੂੰ ਲੁਕ ਲੁਕ ਬਹਿੰਦੀ ਖੂੰਜੇ,
ਤੇਰੇ ਬਾਝ ਮੇਰੀ ਸੁੰਝੀ ਹਵੇਲੀ, ਕੀਹਦਾ ਚਰਖਾ ਗੂੰਜੇ?
ਲੈ ਕੇ ਜਾਊੰਗਾ, ਮੋਤੀ ਬਾਗ ਦੀਏ ਕੂੰਜੇ....... |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਏ-9, ਚਾਹਲ ਨਗਰ, ਫਗਵਾੜਾ—144401
ਮੋਬਾਈਲ : 98142-09732.

ਕਿਹੜਾ ਕਿਹੜਾ ਨਾਂਅ ਲਿਆ

ਬੱਚਿਆਂ ਦੀ ਜੰੁਡਲੀ, ਸੜਕਾਂ, ਗਲੀਆਂ ਅਤੇ ਬਾਜ਼ਾਰਾਂ ਵਿਚ ਇਉਂ ਘੰੁਮ ਰਹੀ ਸੀ, ਜਿਵੇਂ ਕੁਝ ਲੱਭਦੀ ਹੋਵੇ, ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸਾੀਂ ਕੀ ਲੱਭਦੇ ਹੋ | ਤਾਂ ਉਨ੍ਹਾਂ ਜਵਾਬ ਦਿੱਤਾ, '1947 ਵਿਚ ਆਜ਼ਾਦ ਹੋਏ ਭਾਰਤੀਆਂ ਨੂੰ |' ਮੈਂ ਫਿਰ ਪੁੱਛਿਆ, 'ਕੋਈ ਲੱਭਿਆ?' ਤਾਂ ਉਨ੍ਹਾਂ ਜਵਾਬ 'ਚ ਆਖਿਆ, 'ਕਿ ਸਾਨੂੰ ਤਾਂ ਨਸ਼ੇੜੀ, ਬਲਾਤਕਾਰੀ, ਭਿ੍ਸ਼ਟਾਚਾਰੀ, ਰਿਸ਼ਵਤਖੋਰ ਜਾਂ ਦੇਸ਼ ਧਰੋਹੀ ਜਾਂ ਇਕ-ਦੂਜੇ ਨੂੰ ਲੁੱਟ ਕੇ ਅਮੀਰ ਬਣਨ ਦੇ ਸੁਪਨੇ ਵੇਖਣ ਵਾਲੇ ਹੀ ਮਿਲੇ ਨੇ, ਜਿਨ੍ਹਾਂ ਦੀਆਂ ਜ਼ਮੀਰਾਂ ਜਾਂ ਤਾਂ ਮਰ ਚੁੱਕੀਆਂ ਨੇ ਤੇ ਜਾਂ ਕਿਸੇ ਡਾਢੇ ਕੋਲ ਗਿਰਵੀ ਰੱਖੀਆਂ ਹੋਈਆਂ ਨੇ | ਪਰ ਸਾਡੇ ਵਰਗਾ ਕੋਈ ਨਹੀਂ ਲੱਭਿਆ ਜਿਸ ਦੀ ਜ਼ਮੀਰ ਉਸ ਦੇ ਕੋਲ ਹੋਵੇ ਤੇ ਦਿਲ ਵਿਚ ਦੇਸ਼ ਪਿਆਰ ਹੋਵੇ |'
'ਸਾਡੇ ਵਰਗੇ ਦਾ ਕੀ ਮਤਲਬ ਹੈ...? ਤੁਸੀਂ ਕੌਣ ਹੋ...?'
ਤਾਂ ਇਕ ਨੇ ਆਖਿਆ, 'ਮੈਂ ਸ: ਭਗਤ ਸਿੰਘ ਦੀ ਆਤਮਾ ਹਾਂ ਤੇ ਦੂਜੇ ਨੇ ਆਖਿਆ ਮੈਂ ਕਰਤਾਰ ਸਿੰਘ ਸਰਾਭੇ ਦੀ ਤੇ ਮੈਂ ਊਧਮ ਸਿੰਘ ਦੀ, ਮੈਂ ਸੁਭਾਸ਼ ਚੰਦਰ ਬੋਸ ਦੀ, ਤੇ ਮੈਂ ਚੰਦਰ ਸ਼ੇਖਰ ਆਜ਼ਾਦ ਦੀ ਤੇ ਮੈਂ ਰਾਜ ਗੁਰੂ ਦੀ', ਮੈਨੂੰ ਏਨਾ ਸੁਣ ਕੇ ਚੱਕਰ ਆ ਗਿਆ ਤੇ ਮੈਂ ਡਿੱਗ ਕੇ ਬੇਹੋਸ਼ ਹੋ ਗਿਆ, ਫਿਰ ਪਤਾ ਨਹੀਂ ਉਨ੍ਹਾਂ ਕਿਹੜਾ-ਕਿਹੜਾ ਨਾਂਅ ਲਿਆ... |

-ਮੋਬਾਈਲ : 98554-80191

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX