ਤਾਜਾ ਖ਼ਬਰਾਂ


ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  2 minutes ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  8 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  13 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  16 minutes ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  18 minutes ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  31 minutes ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ...
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  47 minutes ago
ਮੁਹਾਲੀ, 11 ਦਸੰਬਰ - ਪੰਜਾਬ ਪੁਲਿਸ ਵਲੋਂ ਆਯੋਜਿਤ ਦੂਸਰੇ ਕੇ.ਪੀ.ਐਸ. ਗਿੱਲ ਮੈਮੋਰੀਅਲ ਲੈਕਚਰ ਵਿਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਵੈਰਤਾ ਨਾਲ ਭਰਿਆ ਹੋਇਆ ਹੈ, ਉਹ ਆਪਣੀਆਂ ਭਾਰਤ ਵਿਰੋਧੀ...
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  53 minutes ago
ਦਿਸਪੁਰ, 11 ਦਸੰਬਰ - ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਨਾਗਰਿਕਤਾ ਸੋਧ ਬਿਲ 2019 ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਥਾਂ ਥਾਂ ਅਗਜਨੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦਿਸਪੁਰ ਵਿਚ ਬੱਸਾਂ ਨੂੰ ਅੱਗ ਲਗਾਈ...
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  about 1 hour ago
ਡੇਰਾਬੱਸੀ, 11 ਦਸੰਬਰ ( ਸ਼ਾਮ ਸਿੰਘ ਸੰਧੂ )- ਇੰਡੀਅਨ ਸੁਸਾਇਟੀ ਫ਼ਾਰ ਟੈਕਨੀਕਲ ਐਜੂਕੇਸ਼ਨ, ਨਵੀ ਦਿੱਲੀ ਵਲੋਂ ਸਿਕਸ਼ਾ '0' ਅਨੁਸੰਧਾਨ ਯੂਨੀਵਰਸਿਟੀ, ਭੁਵਨੇਸ਼ਵਰ, ਉੜੀਸਾ ਵਿਖੇ ਕਰਵਾਏ ' 49ਵੇਂ ਸਾਲਾਨਾ ਰਾਸ਼ਟਰੀ ਸੰਮੇਲਨ ' ਦੌਰਾਨ ਡੇਰਾਬੱਸੀ ਵਾਸੀ ਡਾ. ਨਵਨੀਤ ਕੌਰ ਨੂੰ...
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 1 hour ago
ਗੜ੍ਹਸ਼ੰਕਰ, 11 ਦਸੰਬਰ (ਧਾਲੀਵਾਲ) - ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿਖੇ ਬਾਅਦ ਦੁਪਹਿਰ ਕੁੱਝ ਵਿਅਕਤੀਆਂ ਵਲੋਂ ਨਿੱਜੀ ਰੰਜਸ਼ ਨੂੰ ਲੈ ਕੇ ਦਵਿੰਦਰ ਪ੍ਰਤਾਪ ਉਰਫ਼ ਬੰਟੀ (28) ਪੁੱਤਰ ਯਸ਼ਪਾਲ ਦਾ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ...
ਹੋਰ ਖ਼ਬਰਾਂ..

ਲੋਕ ਮੰਚ

ਸਾਈਕਲ ਦੀ ਕਰੋ ਸਵਾਰੀ - ਹੋਵੇ ਬੱਚਤ ਤੇ ਦੂਰ ਬਿਮਾਰੀ

ਅੱਜਕੱਲ੍ਹ ਦੇ ਸਮੇਂ ਵਿਚ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਜ਼ਰੂਰ ਹੈ। ਚਾਹੇ ਉਹ ਬਜ਼ੁਰਗ ਹੋਣ, ਨੌਜਵਾਨ, ਬੱਚੇ ਜਾਂ ਔਰਤਾਂ। ਕੋਈ ਵੀ ਪੂਰੀ ਤਰ੍ਹਾਂ ਸਿਹਤ ਪੱਖੋਂ ਸੰਤੁਲਿਤ ਨਹੀਂ ਹੈ। ਬਜ਼ੁਰਗਾਂ ਨੂੰ ਗੋਡੇ-ਗਿੱਟੇ ਦਰਦ ਕਰਨਾ, ਬਲੱਡ ਪ੍ਰੈਸ਼ਰ ਘਟਣਾ ਜਾਂ ਵਧਣਾ, ਸ਼ੂਗਰ, ਕਮਰ ਦਰਦ, ਜੋੜ ਦਰਦ, ਮੋਟਾਪਾ, ਆਦਿ ਇਹ ਤਾਂ ਆਮ ਹੀ ਪ੍ਰਚੱਲਿਤ ਹਨ। ਇਸ ਸਭ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਗਰੀਬੀ, ਸੰਤੁਲਿਤ ਭੋਜਨ ਦੀ ਕਮੀ, ਮਾਪਿਆਂ ਦਾ ਜਾਗਰੂਕ ਨਾ ਹੋਣਾ, ਬੱਚਿਆਂ ਦੀ ਲਾਪਰਵਾਹੀ ਜਾਂ ਬੇਲੋੜਾ ਲਾਡ-ਪਿਆਰ ਵੀ ਹੋ ਸਕਦਾ ਹੈ ਪਰ ਸਰੀਰਕ ਕਸਰਤ ਜਾਂ ਵਰਜਿਸ਼ ਲਈ ਤਾਂ ਕੋਈ ਮਜਬੂਰੀ ਨਹੀਂ ਹੁੰਦੀ, ਨਾ ਹੀ ਗ਼ਰੀਬੀ ਹੀ ਸਰੀਰਕ ਵਰਜਿਸ਼ ਦੇ ਰਾਹ ਦਾ ਰੋੜਾ ਹੈ। ਜੇਕਰ ਸਮੇਂ ਦੀ ਘਾਟ ਹੈ ਜਾਂ ਕੋਈ ਹੋਰ ਕਾਰਨ ਹੈ ਸਰੀਰਕ ਕਸਰਤ ਕਰਨ ਲਈ ਘੱਟ ਤੋਂ ਘੱਟ ਇਕ ਆਹਰ ਤਾਂ ਅਸੀਂ ਸਾਰੇ ਹੀ ਕਰ ਸਕਦੇ ਹਾਂ। ਉਹ ਹੈ -ਸਾਈਕਲ ਦੀ ਵਰਤੋਂ। ਸਾਈਕਲ ਇਕ ਅਜਿਹਾ ਬਹੁਮੁੱਲਾ ਅਤੇ ਬਹੁਗੁਣੀ ਸਾਧਨ ਹੈ ਜਿਸਦੇ ਅਣਗਿਣਤ ਫ਼ਾਇਦੇ ਹਨ ਅਤੇ ਨੁਕਸਾਨ ਕੋਈ ਵੀ ਨਹੀਂ। ਸਭ ਦੀ ਪਹੁੰਚ ਵਿਚ ਵੀ ਹੈ। ਪਹਿਲਾ ਫ਼ਾਇਦਾ ਜਿੱਥੇ ਇਹ ਸਰੀਰਕ ਕਸਰਤ ਦਾ ਸਾਧਨ ਹੈ ਉੱਥੇ ਨਾਲ ਹੀ ਬੱਚਤ ਦਾ ਸਾਧਨ ਵੀ ਹੈ। ਸਰੀਰਕ ਕਸਰਤ ਦੇ ਰੂਪ ਵਿਚ ਇਹ ਮੋਟਾਪਾ ਦੂਰ ਕਰਦਾ ਹੈ, ਪਾਚਨ-ਸ਼ਕਤੀ ਸਹੀ ਰੱਖਦਾ ਹੈ, ਗੋਡਿਆਂ ਦੀ ਵਰਜਿਸ਼, ਪੈਰਾਂ ਅਤੇ ਗਿੱਟਿਆਂ ਦੀ ਵਰਜਿਸ਼ ਲਈ ਢੁਕਵਾਂ ਹੈ, ਖੂਨ ਦਾ ਦੌਰਾ ਸੰਤੁਲਿਤ ਰੱਖਦਾ ਹੈ, ਪਸੀਨੇ ਦੇ ਰੂਪ ਵਿਚ ਸਰੀਰ ਦੇ ਫ਼ੋਕਟ ਪਦਾਰਥ ਅਤੇ ਫ਼ਾਲਤੂ ਚਰਬੀ ਬਾਹਰ ਕਰਦਾ ਹੈ ਜਿਸ ਨਾਲ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ। ਹੱਡੀਆਂ ਅਤੇ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਹਨ। ਦੂਜਾ, ਇਸ ਦੇ ਨਾਲ ਨਾਲ ਇਹ ਆਰਥਿਕ ਪੱਖ ਤੋਂ ਵੀ ਫ਼ਾਇਦੇਮੰਦ ਹੈ ਕਿਉਂਕਿ ਇਹ ਆਵਾਜਾਈ ਦਾ ਇਕ ਸਸਤਾ ਸਾਧਨ ਹੈ, ਇਸ ਵਿਚ ਪੈਟਰੋਲ ਜਾਂ ਡੀਜ਼ਲ ਵੀ ਨਹੀਂ ਪੈਂਦਾ ਅਤੇ ਮਹਿੰਗੇ ਦੋ ਪਹੀਆ ਜਾਂ ਚਾਰ ਪਹੀਆ ਸਾਧਨਾਂ ਦੀ ਮਹਿੰਗੀ ਰਿਪੇਅਰ ਤੋਂ ਵੀ ਬੱਚਤ ਹੁੰਦੀ ਹੈ। ਤੀਜਾ, ਸਭ ਤੋਂ ਗੰਭੀਰ ਸਮੱਸਿਆ ਜੋ ਵਾਤਾਵਰਨ ਤੇ ਸਮੁੱਚੇ ਜੀਵ ਜਗਤ ਲਈ ਹਾਨੀਕਾਰਕ ਹੈ ਉਹ ਹੈ ਪ੍ਰਦੂਸ਼ਣ ਦੀ ਸਮੱਸਿਆ, ਇਸ ਤੋਂ ਵੀ ਬਚਾਉਂਦਾ ਹੈ ਜਿਵੇਂ ਕਿ ਸ਼ੋਰ ਪ੍ਰਦੂਸ਼ਣ ਅਤੇ ਵਾਯੂ ਪ੍ਰਦੂਸ਼ਣ ਤੇ ਵਾਹਨਾਂ ਦੇ ਤਾਪਮਾਨ ਤੇ ਧੂੰਏ ਤੋਂ। ਪੁਰਾਣੇ ਸਮਿਆਂ ਵਿਚ ਲੋਕਾਂ ਦੀ ਤੰਦਰੁਸਤੀ ਦਾ ਰਾਜ਼ ਮੁੱਖ ਤੌਰ 'ਤੇ ਸਾਈਕਲ ਹੀ ਸਨ। ਜ਼ਿਆਦਾਤਰ ਲੋਕ ਸਰੀਰਕ ਅਤੇ ਮਾਨਸਿਕ ਤੌਰ 'ਤੇ ਖੁਸ਼ਹਾਲ ਵੀ ਸਨ। ਹੁਣ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਕਰਕੇ ਜ਼ਿੰਦਗੀ ਬਹੁਤ ਤੇਜ਼ ਹੋ ਗਈ ਹੈ ਤੇ ਹਰ ਕੋਈ ਕਾਹਲ ਵਿਚ ਰਹਿੰਦਾ ਹੈ। ਸੌ ਮੀਟਰ ਦੀ ਦੂਰੀ ਲਈ ਵੀ ਹੁਣ ਸਕੂਟਰ-ਮੋਟਰਸਾਈਕਲ ਦੀ ਵਰਤੋਂ ਹੁੰਦੀ ਹੈ। ਵਿਗਿਆਨ ਦੀਆਂ ਕਾਢਾਂ ਸਾਡੀ ਸਹੂਲਤ ਲਈ ਹਨ ਪਰ ਅਸੀਂ ਇਸ ਦਾ ਬੇਲੋੜਾ ਫ਼ਾਇਦਾ ਲੈ ਰਹੇ ਹਾਂ। ਦੂਰ ਦੁਰਾਡੇ ਦੇ ਸਫ਼ਰ ਨੂੰ ਸੁਖਾਲਾ ਕਰਨ ਲਈ ਅਤੇ ਮੁਸੀਬਤ ਵੇਲੇ ਜਾਂ ਜ਼ਰੂਰੀ ਕੰਮ ਵੇਲੇ ਵਰਤੋਂ ਲਈ ਬਣਾਏ ਇਹ ਸਾਧਨ ਸਾਡੀ ਬੇਵਜ੍ਹਾ ਆਦਤ ਬਣ ਗਏ ਕਿ ਅਸੀਂ ਸਰੀਰਕ ਅਤੇ ਮਾਨਸਿਕ ਰੋਗੀ ਹੋ ਜਾਂਦੇ ਹਾਂ ਤੇ ਨਾਲ ਆਲਸੀ ਵੀ ਹੋ ਜਾਂਦੇ ਹਾਂ ਅਤੇ ਫ਼ਿਰ ਮਜਬੂਰੀ ਵਿਚ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਸਾਈਕਲਿੰਗ ਕਰਦੇ ਹਾਂ। ਸੋ ਸਾਈਕਲ ਦੇ ਲਾਭ ਦੇਖਦੇ ਹੋਏ ਸਾਨੂੰ ਸਭ ਨੂੰ ਜਿੱਥੇ ਵੀ ਹੋ ਸਕੇ ਢੁਕਵੀਂ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਸਾਡੀ ਸਿਹਤ ਦੇ ਨਾਲ ਨਾਲ ਸਾਡੀ ਪੂੰਜੀ, ਵਾਤਾਵਰਨ ਅਤੇ ਖਣਿਜ ਤੇਲ ਦੀ ਬੱਚਤ ਹੋ ਸਕੇ ਅਤੇ ਕੁਝ ਹੱਦ ਤੱਕ ਆਲਮੀ ਤਪਸ਼ 'ਤੇ ਵੀ ਕੰਟਰੋਲ ਹੋ ਜਾਵੇ, ਕਿਉਂਕਿ ਫ਼ੂਹੀ-ਫ਼ੂਹੀ ਨਾਲ ਹੀ ਤਲਾਬ ਭਰਦਾ ਹੈ। ਬੱਚਿਆਂ ਲਈ ਤਾਂ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਬਚਪਨ ਨੂੰ ਸੰਭਾਲ ਲਿਆ ਤਾਂ ਬੁਢਾਪੇ ਵਿਚ ਵੀ ਸੌਖੇ ਰਹਾਂਗੇ।

-ਮੋਬਾਈਲ : 8283832839

 


ਖ਼ਬਰ ਸ਼ੇਅਰ ਕਰੋ

ਘਟ ਰਹੇ ਜੰਗਲ ਅਤੇ ਵਧਦਾ ਸ਼ਹਿਰੀਕਰਨ ਚਿੰਤਾ ਦਾ ਵਿਸ਼ਾ

ਅੱਜ ਦੇ ਆਧੁਨਿਕ ਸਮੇਂ 'ਚ ਆਬਾਦੀ 'ਚ ਵਾਧੇ ਦੇ ਨਾਲ ਜੰਗਲਾਂ ਦਾ ਵਿਨਾਸ਼ ਵੀ ਵਧ ਗਿਆ ਹੈ। ਲੋਕ ਭੁੱਲਦੇ ਜਾ ਰਹੇ ਹਨ ਕਿ ਰੁੱਖ ਹੀ ਸਾਡੀ ਜ਼ਿੰਦਗੀ ਹਨ। ਰੁੱਖਾਂ ਤੋਂ ਸਾਡੀ ਜ਼ਿੰਦਗੀ ਦਾ ਆਧਾਰ ਆਕਸੀਜਨ ਮਿਲਦੀ ਹੈ, ਰੁੱਖ ਅਤੇ ਜੰਗਲਾਂ ਨਾਲ ਅਸੀਂ ਆਪਣੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਪਾਉਂਦੇ ਹਾਂ। ਪਰ ਤੇਜ਼ੀ ਨਾਲ ਵਧਦੀ ਅਬਾਦੀ ਦੇ ਕਾਰਨ ਮਨੁੱਖ ਆਪਣੀਆਂ ਲੋੜਾਂ ਲਈ ਅੰਨ੍ਹੇਵਾਹ ਜੰਗਲਾਂ ਨੂੰ ਤਬਾਹ ਕਰ ਰਿਹਾ ਹੈ। ਇਹੋ ਕਾਰਨ ਹੈ ਕਿ ਅੱਜ ਜੰਗਲਾਂ ਦੀ ਹੋਂਦ ਖ਼ਤਰੇ ਵਿਚ ਹੈ। ਨਤੀਜੇ ਵਜੋਂ ਮਨੁੱਖੀ ਜ਼ਿੰਦਗੀ ਵੀ ਖ਼ਤਰੇ ਵਿਚ ਹੈ। ਰੁੱਖਾਂ ਦੀ ਕਟਾਈ ਬਾਰੇ ਹੋਈ ਇਕ ਸੋਧ 'ਚੋਂ ਨਿਕਲੇ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ 'ਚ ਹਰ ਸਾਲ 1 ਕਰੋੜ ਹੈਕਟੇਅਰ ਇਲਾਕੇ 'ਚ ਜੰਗਲ ਕੱਟ ਕੇ ਖਤਮ ਕੀਤੇ ਜਾਂਦੇ ਹਨ। ਇਕੱਲੇ ਭਾਰਤ 'ਚ 10 ਲੱਖ ਹੈਕਟੇਅਰ 'ਚ ਫੈਲੇ ਜੰਗਲ ਖਤਮ ਹੋ ਰਹੇ ਹਨ। ਜਦੋਂ ਲੋਕ ਵਾਤਾਵਰਨ ਨੂੰ ਅੱਖੋਂ-ਪਰੋਖੇ ਰੱਖ ਕੇ ਆਪਣੇ ਫਾਇਦੇ ਬਾਰੇ ਜ਼ਿਆਦਾ ਸੋਚਣ ਲੱਗ ਜਾਂਦੇ ਹਨ ਤਾਂ ਇਸ ਨਾਲ ਵਾਤਾਵਰਨ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਸਾਡੀ ਅਬਾਦੀ ਦੀ ਸ਼ਹਿਰਾਂ 'ਚ ਵਸਣ ਦੀ ਇੱਛਾ ਨੇ ਲੋਕਾਂ ਨੂੰ ਦਰੱਖਤ ਕੱਟਣ ਲਈ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਹੈ ਕਿ ਮਨੁੱਖ ਜਾਤੀ ਜੰਗਲਾਂ ਦੇ ਨਾਸ਼ ਲਈ ਮੁੱਖ ਰੂਪ 'ਚ ਜ਼ਿੰਮੇਵਾਰ ਨਜ਼ਰ ਆਉਂਦੀ ਹੈ। ਲੋਕਾਂ ਦੀ ਸ਼ਹਿਰ ਵਸਾਉਣ ਦੀ ਚਾਹਤ ਅਤੇ ਸਮੁੱਚੀ ਪ੍ਰਕਿਰਿਆ ਹੀ ਜੰਗਲਾਂ ਦੇ ਘੱਟ ਹੋਣ ਦਾ ਕਾਰਨ ਹੈ, ਜਿਸ ਨਾਲ ਅੱਜ ਅਸੀਂ ਪ੍ਰਦੂਸ਼ਣ ਜਿਹੀ ਭਿਆਨਕ ਸਮੱਸਿਆ ਦਾ ਵੀ ਸਾਹਮਣਾ ਕਰ ਰਹੇ ਹਾਂ। ਧਰਤੀ 'ਤੇ ਮਨੁੱਖੀ ਜ਼ਿੰਦਗੀ ਲੰਮੇ ਸਮੇਂ ਤੱਕ ਸਿਰਫ ਤਾਂ ਹੀ ਚੱਲ ਸਕਦੀ ਹੈ, ਜੇਕਰ ਅਸੀਂ ਜੰਗਲਾਂ ਦੀ ਹਿਫ਼ਾਜ਼ਤ ਕਰਾਂਗੇ। ਜੇਕਰ ਇੰਜ ਹੀ ਜੰਗਲਾਂ ਦੀ ਕਟਾਈ ਹੁੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ 'ਤੇ ਮਨੁੱਖੀ ਜ਼ਿੰਦਗੀ ਦੁੱਭਰ ਹੋ ਜਾਵੇਗੀ। ਦਰੱਖਤਾਂ ਦੀ ਬੇਲਗਾਮ ਕਟਾਈ ਧਰਤੀ 'ਤੇ ਕਈ ਜਾਨਵਰਾਂ ਅਤੇ ਪੰਛੀਆਂ ਦੀ ਹੋਂਦ ਨੂੰ ਵੀ ਸੰਕਟ 'ਚ ਪਾ ਰਹੀ ਹੈ। ਲੰਮੇ ਸਮੇਂ ਤੋਂ ਹੋ ਰਹੀ ਗੈਰ-ਕਾਨੁੂੰਨੀ ਕਟਾਈ ਨੇ ਜਿੱਥੇ ਮਨੁੱਖੀ ਜ਼ਿੰਦਗੀ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਹੈ, ਨਾਲ ਹੀ ਮੌਸਮੀ ਚੱਕਰ 'ਚ ਤਬਦੀਲੀ ਨੂੰ ਵੀ ਜਨਮ ਦਿੱਤਾ ਹੈ। ਨਿਯਮ-ਕਾਨੂੰਨਾਂ ਦੇ ਬਾਵਜੂਦ ਜੰਗਲਾਂ ਦੀ ਕਟਾਈ ਲਗਾਤਾਰ ਜਾਰੀ ਹੈ। ਵਾਤਾਵਰਨ 'ਚ ਹੋ ਰਹੇ ਅਸੰਤੁਲਨ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਪਰ ਹਾਲਾਤ ਜਿਉਂ ਦੇ ਤਿਉਂ ਬਰਕਰਾਰ ਹਨ। ਹੁਣ ਅਜਿਹੇ ਸਖਤ ਕਾਨੁੂੰਨ ਬਣਾਉਣ ਅਤੇ ਲਾਗੂ ਕਰਨ ਦੀ ਜ਼ਰੂਰਤ ਹੈ, ਜੋ ਜੰਗਲਾਂ ਦੀ ਕਟਾਈ ਅਤੇ ਵਾਤਾਵਰਨ ਅਸੰਤੁਲਨ ਨੂੰ ਰੋਕਣ 'ਚ ਸਮਰੱਥ ਹੋਣ। ਦੂਜੇ ਪਾਸੇ ਜਨ-ਜਾਗਰੂਕਤਾ ਦਾ ਪੱਧਰ ਏਨਾ ਉੱਚਾ ਹੋਵੇ ਕਿ ਆਮ ਜਨਤਾ ਨਵੇਂ ਰੁੱਖ ਲਾਉਣ ਨੂੰ ਆਪਣੀ ਜ਼ਿੰਦਗੀ ਦਾ ਇਕ ਅਹਿਮ ਕੰਮ ਮੰਨ ਲਵੇ। ਸਰਕਾਰ ਵਲੋਂ ਚਲਾਈ ਜਾ ਰਹੀ ਪਰਿਵਾਰ ਨਿਯੋਜਨ ਯੋਜਨਾ ਵਾਂਗ ਜੰਗਲ ਬਚਾਉਣ ਦੇ ਨਿਯਮ ਵੀ ਲਾਗੂ ਕੀਤੇ ਜਾਣ।

-ਮੇਨ ਏਅਰ ਫੋਰਸ ਰੋਡ, ਬਠਿੰਡਾ।

ਅਸੀਂ ਅਤੇ ਸਾਡੀ ਮਾਂ-ਬੋਲੀ ਪੰਜਾਬੀ

ਕਿਸੇ ਵੀ ਸੂਬੇ, ਕਸਬੇ ਜਾਂ ਖਿੱਤੇ ਅੰਦਰ ਜਿੰਨੀ ਦੇਰ ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕ ਜਿਊਂਦੇ ਹਨ, ਭਾਸ਼ਾ ਮਰ ਨਹੀਂ ਸਕਦੀ, ਭਾਵ ਖ਼ਤਮ ਨਹੀਂ ਹੋ ਸਕਦੀ। ਕਈ ਵਾਰ ਮੌਕੇ ਦੀਆਂ ਸਰਕਾਰਾਂ ਸਮੇਂ-ਸਮੇਂ 'ਤੇ ਲੋਕਾਂ ਦੀ ਜ਼ਬਾਨ ਨੂੰ ਬੰਦ ਕਰਨ ਲਈ ਭਾਸ਼ਾਵਾਂ, ਬੋਲੀਆਂ ਖ਼ਿਲਾਫ਼ ਫ਼ਤਵੇ ਜਾਰੀ ਕਰਦੀਆਂ ਹਨ ਪਰ ਜੇ ਉਸ ਵਕਤ ਉਸ ਭਾਸ਼ਾ ਨਾਲ ਸਬੰਧਿਤ ਲੋਕ ਜਾਗਰੂਕ ਹੋਣ, ਉਹ ਇਕੱਠ ਦੇ ਰੂਪ ਵਿਚ ਅਜਿਹੇ ਬੇਤੁਕੇ ਫਤਵਿਆਂ ਖ਼ਿਲਾਫ਼ ਆਵਾਜ਼ ਉਠਾਉਣ ਤਾਂ ਇਹ ਫ਼ਤਵੇ ਹਵਾ ਵਿਚ ਲਿਖੇ ਹਰਫਾਂ ਵਾਂਗ ਕਿਧਰੇ ਗੁਆਚ ਜਾਂਦੇ ਹਨ। ਗੱਲ ਮਾਂ-ਬੋਲੀ ਪੰਜਾਬੀ ਦੀ ਕਰੀਏ ਤਾਂ ਇਸ ਭਾਸ਼ਾ ਨੇ ਦੇਸ਼-ਵਿਦੇਸ਼ਾਂ ਤੱਕ ਆਪਣੀਆਂ ਜੜ੍ਹਾਂ ਬਣਾਈਆਂ ਹੋਈਆਂ ਹਨ। ਭਾਸ਼ਾ ਅਸਲ ਵਿਚ ਇਨਸਾਨ ਦੀ ਜ਼ਬਾਨ ਹੁੰਦੀ ਹੈ। ਗੱਲ ਭਾਰਤ ਦੀ ਕਰੀਏ ਤਾਂ ਦੇਸ਼ ਵਿਚ ਤਕਰੀਬਨ 1600 ਦੇ ਕਰੀਬ 'ਬੋਲੀਆਂ' ਬੋਲੀਆਂ ਜਾਂਦੀਆਂ ਹਨ। ਐਨਾ ਹੀ ਨਹੀਂ, 122 ਦੇ ਕਰੀਬ ਬੋਲੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਜ਼ਿਆਦਾ ਹੈ। ਸਰਕਾਰੀ ਅੰਕੜੇ ਵੀ ਦੇਸ਼ ਅੰਦਰ 22 ਭਾਸ਼ਾਵਾਂ ਹੋਣ ਦੀ ਗੱਲ ਕਬੂਲਦੇ ਹਨ। ਪੰਜਾਬ ਸੂਬੇ ਅੰਦਰ 3 ਕਰੋੜ ਦੇ ਲਗਪਗ ਲੋਕ ਪੰਜਾਬੀ ਭਾਸ਼ਾ ਲਿਖਦੇ ਤੇ ਬੋਲਦੇ ਹਨ। ਪੰਜਾਬ ਤੋਂ ਬਾਹਰ ਜਾ ਵਸਣ ਵਾਲਿਆਂ ਦੀ ਗਿਣਤੀ ਇਨ੍ਹਾਂ ਤੋਂ ਵੱਖਰੀ ਹੈ। ਪੰਜਾਬੀ ਦੀ ਇਕ ਖ਼ੂਬਸੂਰਤੀ ਇਹ ਹੈ ਕਿ ਇਹ ਹਰ ਭਾਸ਼ਾ ਦੇ ਸ਼ਬਦਾਂ ਨੂੰ ਆਪਣੇ ਵਿਚ ਸਮਾ ਲੈਂਦੀ ਹੈ। ਇਸ ਕਰਕੇ ਹੀ ਅਸੀਂ ਸ਼ੁੱਧ ਪੰਜਾਬੀ ਬੋਲਣ ਵਕਤ ਵੀ ਕੁਝ ਸ਼ਬਦ ਅੰਗਰੇਜ਼ੀ, ਉਰਦੂ ਫਾਰਸੀ ਦੇ ਹੂ-ਬ-ਹੂ ਪੰਜਾਬੀ ਵਿਚ ਵਰਤ ਲੈਂਦੇ ਹਾਂ। ਇਹ ਵਰਤਾਰਾ ਭਾਵੇਂ ਅਸੀਂ ਸਹਿਜ ਮਤ ਨਾਲ ਹੀ ਅਪਣਾਇਆ ਹੋਇਆ ਹੈ ਪਰ ਹੁਕਮਰਾਨਾਂ ਨੂੰ ਇਹ ਵਹਿਮ ਹੋ ਚੱਲਿਆ ਹੈ ਕਿ ਅਸੀਂ ਆਪਣੀ ਭਾਸ਼ਾ ਮਾਂ-ਬੋਲੀ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸ਼ਾਇਦ ਉਨ੍ਹਾਂ ਨੂੰ ਭੁਲੇਖਾ ਸੂਬੇ ਅੰਦਰ ਥਾਂ-ਥਾਂ ਖੁੱਲ੍ਹ ਰਹੇ ਆਈਲੈਟਸ ਸੈਂਟਰ ਜਾਂ ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਉਸਰ ਰਹੇ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਤਕਨੀਕੀ ਗੁਣਾਂ ਵਾਲੇ ਸਕੂਲ ਪਾਉਂਦੇ ਹੋਣਗੇ। ਮਾਂ-ਬੋਲੀ ਲਈ ਧੜਕਣ ਵਾਲੇ ਦਿਲ ਬਹੁਤ ਨੇ। ਮਾਂ-ਬੋਲੀ ਦੇ ਪੁੱਤਰਾਂ ਦਾ ਬਹੁਤ ਲੰਮਾਂ ਕਾਫ਼ਲਾ ਹੈ। ਸਾਨੂੰ ਸਭ ਨੂੰ ਕਿਸੇ ਵੀ ਭਾਸ਼ਾ ਦਾ ਵਿਰੋਧ ਨਾ ਕਰਦੇ ਹੋਏ, ਸਗੋਂ ਹਰ ਬੋਲੀ ਅਤੇ ਭਾਸ਼ਾ ਨੂੰ ਸਤਿਕਾਰ ਦੇਣਾ ਚਾਹੀਦਾ ਹੈ, ਕਿਉਂਕਿ ਭਾਸ਼ਾ ਕਿਸੇ ਵੀ ਖਿੱਤੇ ਦੀ ਅਮੀਰ ਵਿਰਾਸਤ ਹੁੰਦੀ ਹੈ, ਜਿਸ ਦੀ ਸੰਭਾਲ ਹੋਣੀ ਬਹੁਤ ਜ਼ਰੂਰੀ ਹੈ। ਪਰ ਜੇ ਕਦੇ ਕਿਸੇ ਵਕਤ ਕਿਸੇ ਸੂਬੇ ਅੰਦਰ ਮਨਚਾਹੀ ਭਾਸ਼ਾ ਲਿਖਣ, ਪੜ੍ਹਨ 'ਤੇ ਕੋਈ ਰੋਕ ਲਗਦੀ ਹੈ ਤਾਂ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਮੈਂ ਸੂਬਾ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਪੰਜਾਬੀ ਭਾਸ਼ਾ ਨਾਲ ਹੋ ਰਹੀਆਂ ਵਧੀਕੀਆਂ ਦਾ ਸਖ਼ਤ ਨੋਟਿਸ ਲੈਣ ਤੇ ਇਸ ਮਸਲੇ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ। ਸਿੱਖਿਆ ਦਾ ਪਸਾਰ ਕਰ ਰਹੀਆਂ 'ਪੰਜਾਬੀ' ਨਾਲ ਸਬੰਧਿਤ ਯੂਨੀਵਰਸਿਟੀਆਂ, ਭਾਸ਼ਾਾਈ ਅਦਾਰਿਆਂ ਅਤੇ ਸਮੂਹ ਪੰਜਾਬੀ ਸਾਹਿਤਕਾਰਾਂ ਨੂੰ ਵੀ ਇਕ ਮਤ ਹੋ ਕੇ ਇਸ ਵਰਤਾਰੇ ਖ਼ਿਲਾਫ਼ ਖੜ੍ਹਨ ਦੀ ਲੋੜ ਹੈ।

-ਪ੍ਰੀਤ ਨਗਰ, ਹਰੇੜੀ ਰੋਡ, ਸੰਗਰੂਰ। ਮੋਬਾ: 97816-77772

ਦੇਸ਼ ਵਿਚੋਂ ਡੇਰਾਵਾਦ ਨੂੰ ਖ਼ਤਮ ਕਰਨਾ ਸਮੇਂ ਦੀ ਮੁੱਖ ਲੋੜ

ਦੋ ਸਾਲ ਪਹਿਲਾਂ ਹਰਿਆਣਾ ਦੇ ਇਕ ਡੇਰਾ ਮੁਖੀ ਨੂੰ ਸਜ਼ਾ ਹੋਣ ਪਿੱਛੋਂ ਹੋਏ ਖੂਨ-ਖਰਾਬੇ ਵਾਲੇ ਘਟਨਾਕ੍ਰਮ ਤੇ ਹੁਣ ਇਕ ਹੋਰ ਡੇਰੇ ਨਾਲ ਸਬੰਧਿਤ ਇਕ ਕੇਸ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜੋ ਸੋਸ਼ਲ ਮੀਡੀਆ ਤੇ ਅਖ਼ਬਾਰਾਂ ਦੀ ਸੁਰਖੀ ਬਣਿਆ ਹੋਇਆ ਹੈ। ਕਾਫੀ ਸਮਾਂ ਪਿੱਛੇ ਚਲੇ ਜਾਈਏ ਤਾਂ ਸਾਡੇ ਦੇਸ਼ ਵਿਚ ਕਿਸੇ ਵੀ ਧਰਮ ਵਿਚ ਦੇਹਧਾਰੀ ਗੁਰੂ ਦੀ ਕੋਈ ਪਰੰਪਰਾ ਨਹੀਂ ਸੀ। ਪਰ ਅੱਜ ਦੇ ਸਮੇਂ ਸਾਡੇ ਦੇਸ਼ ਦੇ ਭਟਕੇ ਤੇ ਅੰਧਵਿਸ਼ਵਾਸ 'ਚ ਫਸੇ ਲੋਕ ਆਪਣੇ ਧਰਮ ਨੂੰ ਭੁੱਲ ਕੇ ਅਖੌਤੀ ਸਾਧਾਂ-ਸੰਤਾਂ ਦੇ ਡੇਰਿਆਂ ਦੇ ਚੱਕਰਾਂ ਵਿਚ ਫਸੇ ਹੋਏ ਹਨ। ਇਹ ਲੋਕ ਆਰਥਿਕ ਤੰਗੀ ਵੇਲੇ, ਪੁੱਤਰ ਦੀ ਆਸ ਲਈ, ਨੌਕਰੀ ਦੀ ਆਸ ਲਈ, ਆਪਸੀ ਝਗੜੇ ਖਤਮ ਕਰਨ ਤੇ ਹੋਰ ਕਾਰਨਾਂ ਲਈ ਡੇਰੇ ਵੱਲ ਰੁਖ਼ ਕਰਦੇ ਹਨ। ਰਾਤੋ-ਰਾਤ ਬਗੈਰ ਕੋਈ ਮਿਹਨਤ ਕੀਤਿਆਂ, ਬਿਨਾਂ ਇਲਾਜ ਕਰਵਾਏ ਕਿਸੇ ਸਾਧੂ-ਸੰਤ ਦੇ ਚਮਤਕਾਰੀ ਵਰ ਨਾਲ ਅਮੀਰ ਬਣਨ ਤੇ ਤੰਦਰੁਸਤ ਹੋਣ ਖਾਤਰ ਇਹ ਲੋਕ ਡੇਰੇ ਜਾਂਦੇ ਹਨ। ਡੇਰਿਆਂ 'ਚ ਹੁੰਦੇ ਗਲਤ ਕੰਮਾਂ ਦੀਆਂ ਖ਼ਬਰਾਂ ਸੁਣਨ ਤੋਂ ਬਾਅਦ ਵੀ ਸਾਡੇ ਲੋਕ ਅਜੇ ਵੀ ਡੇਰਿਆਂ ਤੇ ਜਾਣੋਂ ਨਹੀਂ ਹਟੇ। ਪਖੰਡੀ ਸਾਧੂ-ਸੰਤ ਸਾਡੇ ਅੰਧਵਿਸ਼ਵਾਸੀ ਲੋਕਾਂ ਦੀਆਂ ਮਾਨਸਿਕ ਕਮਜ਼ੋਰੀਆਂ ਤੇ ਆਰਥਿਕ ਮਜਬੂਰੀਆਂ ਦਾ ਫਾਇਦਾ ਉਠਾ ਕੇ ਅਰਬਪਤੀ ਬਣੇ ਬੈਠੇ ਹਨ। ਡੇਰਾ ਸ਼ੁਰੂ ਕਰਨ ਵਾਲਾ ਇਕ ਆਮ ਵਿਅਕਤੀ ਹੀ ਹੁੰਦਾ ਹੈ ਜੋ ਪੈਸੇ ਕਮਾਉਣ ਖਾਤਰ ਡੇਰਾ ਖੋਲ੍ਹ ਲੈਂਦਾ ਹੈ ਤੇ ਸਾਡੇ ਲੋਕ ਉਸ ਦੇ ਮਗਰ ਲੱਗ ਜਾਂਦੇ ਹਨ। ਇਹ ਡੇਰੇ ਵਾਲੇ ਸਾਧੂ-ਸੰਤ ਇਕ ਕਥਾਵਾਚਕ ਤੋਂ ਸਿਵਾ ਹੋਰ ਕੁਝ ਨਹੀਂ ਹੁੰਦੇ। ਇਨ੍ਹਾਂ ਕੋਲ ਦੇਣ ਨੂੰ ਕੁਝ ਵੀ ਨਹੀਂ ਹੁੰਦਾ, ਸਗੋਂ ਇਹ ਸਾਡੇ ਧਰਮ ਗ੍ਰੰਥਾਂ ਦੀ ਹੀ ਕਥਾ ਕਰ ਕੇ ਸੁਣਾਉਂਦੇ ਹਨ ਤੇ ਲੋਕਾਂ ਨੂੰ ਆਪਣੇ ਮਗਰ ਲਾਉਂਦੇ ਹਨ। ਅੱਜ ਸਾਡੇ ਦੇਸ਼ ਵਿਚ ਰੱਬ ਬਣੀ ਬੈਠੇ ਕਈ ਸੰਤ ਆਪਣੇ ਕੀਤੇ ਕੁਕਰਮਾਂ ਕਰਕੇ ਜੇਲ੍ਹਾਂ ਵਿਚ ਨਰਕ ਭੋਗ ਰਹੇ ਹਨ। ਸਾਡੇ ਦੇਸ਼ ਦੇ ਰਾਜਨੇਤਾ ਵੋਟਾਂ ਹਾਸਲ ਕਰਨ ਲਈ ਡੇਰਿਆਂ 'ਤੇ ਪੈਸੇ ਚੜ੍ਹਾਉਂਦੇ ਹਨ ਤੇ ਵੋਟਾਂ ਪਵਾਉਣ ਲਈ ਕਹਿੰਦੇ ਹਨ ਪਰ ਡੇਰੇ ਅੰਦਰ ਕੀ ਹੋ ਰਿਹਾ ਹੈ, ਉਸ ਬਾਰੇ ਕਿਸੇ ਨੇਤਾ ਨੇ ਕਦੇ ਧਿਆਨ ਨਹੀਂ ਦਿੱਤਾ। ਅੱਜ ਸ਼ਾਇਦ ਹੀ ਕੋਈ ਅਜਿਹਾ ਰਾਜਨੀਤਕ ਦਲ ਜਾਂ ਉਮੀਦਵਾਰ ਹੋਵੇਗਾ, ਜਿਸ ਨੇ ਵੋਟਾਂ ਖਾਤਰ ਇਨ੍ਹਾਂ ਡੇਰਿਆਂ 'ਤੇ ਹਾਜ਼ਰੀ ਨਾ ਲਗਵਾਈ ਹੋਵੇ। ਡੇਰਾਵਾਦ ਨੂੰ ਉਭਾਰਨ 'ਚ ਸਾਰੀਆਂ ਰਾਜਸੀ ਪਾਰਟੀਆਂ ਜ਼ਿੰਮੇਵਾਰ ਹਨ। ਮੰਤਰੀਆਂ ਦੇ ਡੇਰਾ ਮੁਖੀ ਅੱਗੇ ਝੁਕਣ ਕਰਕੇ ਬਾਕੀ ਲੋਕਾਂ ਲਈ ਡੇਰਾ ਖਿੱਚ ਦਾ ਕੇਂਦਰ ਬਣ ਜਾਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹਰੇਕ ਡੇਰੇ ਨੂੰ ਆਰ. ਟੀ. ਆਈ. ਤੇ ਇਨਕਮ ਟੈਕਸ ਦੇ ਘੇਰੇ 'ਚ ਲਿਆਂਦਾ ਜਾਵੇ ਤੇ ਜੋ ਵੀ ਪੈਸਾ ਚੜ੍ਹਾਇਆ ਜਾਂਦਾ ਹੈ, ਉਸ ਪੈਸੇ ਦਾ ਸਰਕਾਰੀ ਆਡਿਟ ਕਰਵਾਇਆ ਜਾਵੇ ਤਾਂ ਕਿ ਕੋਈ ਵੀ ਪੈਸੇ ਦੀ ਦੁਰਵਰਤੋਂ ਨਾ ਕਰ ਸਕੇ। ਅੱਜ ਲੋੜ ਹੈ ਅੰਧਵਿਸ਼ਵਾਸ 'ਚ ਫਸੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਗਿਆਨਕ ਤੇ ਤਰਕਸ਼ੀਲ ਸੋਚ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਧਰਮ ਦੀ ਆੜ ਹੇਠ ਵਧ ਰਹੇ ਇਸ ਡੇਰਾਵਾਦ ਨੂੰ ਖਤਮ ਕਰਨ ਲਈ ਧਰਮ ਤੇ ਗਿਆਨ ਦਾ ਸਹਾਰਾ ਲੈ ਕੇ ਹੀ ਖਤਮ ਕੀਤਾ ਜਾ ਸਕਦਾ ਹੈ।

ਸਮਾਗਮਾਂ ਵਿਚ ਹੁੰਦੀ ਭੋਜਨ ਦੀ ਬਰਬਾਦੀ

ਕਿਸੇ ਵੀ ਇਨਸਾਨ ਦੇ ਜੀਵਨ ਵਿਚ ਭੋਜਨ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਅਤੇ ਭੋਜਨ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਇਕ ਪਾਸੇ ਲੋਕਾਂ ਕੋਲ ਖਾਣ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹਾਜ਼ਰ ਹਨ ਅਤੇ ਦੂਜੇ ਪਾਸੇ ਇਨਸਾਨੀ ਗਲਤੀਆਂ ਕਾਰਨ ਲੋਕ ਭੁੱਖੇ ਢਿੱਡ ਦਿਨ-ਕਟੀ ਕਰਨ ਲਈ ਮਜਬੂਰ ਹਨ। ਇਨਸਾਨ ਦੁਆਰਾ ਕੀਤੀ ਜਾ ਰਹੀ ਭੋਜਨ ਦੀ ਬਰਬਾਦੀ ਅੱਜ ਇਕ ਵਿਕਰਾਲ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਹੈ। ਜ਼ਿਆਦਾਤਰ ਦੇਖਣ ਵਿਚ ਆਉਂਦਾ ਹੈ ਕਿ ਵਿਆਹ-ਸ਼ਾਦੀਆਂ, ਤਿਉਹਾਰਾਂ ਅਤੇ ਸਮਾਗਮਾਂ ਤੋਂ ਬਾਅਦ ਅਕਸਰ ਹੀ ਬਚੇ ਹੋਏ ਭੋਜਨ ਨੂੰ ਕੂੜੇ ਵਿਚ ਸੁੱਟ ਦਿੱਤਾ ਜਾਂਦਾ ਹੈ, ਜੋ ਕਿ ਸਿੱਧੇ ਤੌਰ 'ਤੇ ਭੋਜਨ ਦੀ ਬਰਬਾਦੀ ਦੇ ਨਾਲ-ਨਾਲ ਉਸ ਦਾ ਨਿਰਾਦਰ ਵੀ ਹੈ। ਭਾਰਤ ਵਰਗੇ ਵਿਸ਼ਾਲ ਆਬਾਦੀ ਵਾਲੇ ਦੇਸ਼ ਜਿੱਥੇ ਲੱਖਾਂ ਲੋਕ ਦਾਣੇ-ਦਾਣੇ ਨੂੰ ਮੁਹਤਾਜ਼ ਹਨ, ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਉੱਥੇ ਇਸ ਪ੍ਰਕਾਰ ਭੋਜਨ ਦੀ ਬਰਬਾਦੀ ਕਰਨਾ ਬੜਾ ਹੀ ਦੁਖਦਾਇਕ ਹੈ। ਵਿਆਹ-ਸ਼ਾਦੀਆਂ ਵਿਚ ਨਵੇਂ-ਨਵੇਂ ਪਕਵਾਨ ਬਣਾਉਣ ਦਾ ਰਿਵਾਜ ਚੱਲ ਪਿਆ ਹੈ ਅਤੇ ਜ਼ਿਆਦਾਤਰ ਲੋਕ ਬਹੁਤੇ ਪਕਵਾਨ ਖਾਣ ਦੇ ਚੱਕਰਾਂ ਵਿਚ ਆਪਣੀਆਂ ਪਲੇਟਾਂ ਭਰ ਲੈਂਦੇ ਹਨ ਅਤੇ ਉਹ ਇਹ ਭੁੱਲ ਜਾਂਦੇ ਹਨ ਕਿ ਢਿੱਡ ਦੇ ਖਾਣ ਦੀ ਇਕ ਸੀਮਾ ਹੈ। ਜਦ ਉਹ ਪਲੇਟ ਵਿਚ ਰੱਖਿਆ ਭੋਜਨ ਖਾ ਨਹੀਂ ਪਾਉਂਦੇ ਤਾਂ ਉਹ ਇਸ ਭੋਜਨ ਨੂੰ ਵਿਅਰਥ ਸਮਝ ਕੇ ਕੂੜੇਦਾਨ ਵਿਚ ਸੁੱਟ ਦਿੰਦੇ ਹਨ।
ਹੋਟਲਾਂ ਅਤੇ ਢਾਬਿਆਂ ਵਿਚ ਲੱਖਾਂ ਲੋਕ ਰੋਜ਼ਾਨਾ ਭੋਜਨ ਖਾਣ ਜਾਂਦੇ ਹਨ ਅਤੇ ਲਗਪਗ ਅੱਧੇ ਤੋਂ ਜ਼ਿਆਦਾ ਲੋਕ ਆਪਣੇ ਦਿੱਤੇ ਆਰਡਰ ਅਨੁਸਾਰ ਭੋਜਨ ਖਾ ਨਹੀਂ ਪਾਉਂਦੇ ਅਤੇ ਪਲੇਟ ਵਿਚ ਕੁਝ ਨਾ ਕੁਝ ਛੱਡ ਆਉਂਦੇ ਹਨ, ਜਿਸ ਨਾਲ ਲੱਖਾਂ ਟਨ ਭੋਜਨ ਬਰਬਾਦ ਹੋ ਜਾਂਦਾ ਹੈ। ਵਿਸ਼ਵ ਖਾਧ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆ ਦਾ ਹਰ ਸੱਤਵਾਂ ਇਨਸਾਨ ਭੁੱਖਾ ਸੌਂਦਾ ਹੈ। ਇਸੇ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਸਾਡੇ ਦੇਸ਼ ਵਿਚ ਹਰ ਸਾਲ ਲਗਭਗ 55 ਹਜ਼ਾਰ ਕਰੋੜ ਰੁਪਏ ਦਾ ਭੋਜਨ ਬਰਬਾਦ ਹੀ ਜਾਂਦਾ ਹੈ। ਇਸ ਭੋਜਨ ਨੂੰ ਪੈਦਾ ਕਰਨ ਵਿਚ ਦੇਸ਼ ਦੇ ਕਿਸਾਨ ਦੀ ਮਿਹਨਤ ਅਤੇ ਕੁਦਰਤੀ ਸਾਧਨਾਂ ਦੀ ਵਰਤੋਂ ਕੀਤੀ ਗਈ ਹੈ। ਦੂਜੇ ਪਾਸੇ ਲੋਕ ਭੁੱਖ ਨਾਲ ਆਪਣੇ ਪ੍ਰਾਣ ਤਿਆਗ ਰਹੇ ਹਨ। ਸਭ ਤੋਂ ਪਹਿਲਾਂ ਸਰਕਾਰ ਨੂੰ ਅਨਾਜ ਦੇ ਭੰਡਾਰਨ ਲਈ ਸਹੀ ਮਾਤਰਾ ਵਿਚ ਗੁਦਾਮ ਦੀ ਵਿਵਸਥਾ ਕਰਨੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਸਥਿਤੀ ਵਿਚ ਭੋਜਨ ਗਲੇ-ਸੜੇ ਨਾ। ਹਰ ਇਕ ਦੇਸ਼ ਵਾਸੀ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਪਵੇਗੀ। ਸਾਨੂੰ ਆਪਣੇ ਬੱਚਿਆਂ ਨੂੰ ਇਹ ਗੱਲ ਸਮਝਾਉਣੀ ਪਵੇਗੀ ਕਿ ਆਪਣੀ ਲੋੜ ਅਨੁਸਾਰ ਪਲੇਟ ਵਿਚ ਭੋਜਨ ਲਓ ਅਤੇ ਕਿਸੇ ਵੀ ਹਾਲਤ ਵਿਚ ਭੋਜਨ ਦਾ ਇਕ ਵੀ ਦਾਣਾ ਬਰਬਾਦ ਨਾ ਕਰੋ। ਅਧਿਆਪਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਪ੍ਰਕਾਰ ਜਿੱਥੇ ਭੋਜਨ ਦੀ ਬਰਬਾਦੀ ਘਟੇਗੀ, ਉੱਥੇ ਹੀ ਸਾਡੀ ਛੋਟੀ ਜਿਹੀ ਕੋਸ਼ਿਸ਼ ਨਾਲ ਲੋੜਵੰਦ ਵਿਅਕਤੀ ਦਾ ਢਿੱਡ ਵੀ ਭਰੇਗਾ। ਆਓ, ਅਸੀਂ ਅੱਜ ਤੋਂ ਭੋਜਨ ਬਰਬਾਦ ਨਾ ਕਰਨ ਦਾ ਪ੍ਰਣ ਲਈਏ।

-ਮਲੌਦ (ਲੁਧਿਆਣਾ)।
ਮੋਬਾ: 98554-83000
princearora151@gmail.com

'ਫਾਸਟ ਫੂਡ' ਦੇ ਬਦਲ ਲੱਭਣ ਦੀ ਲੋੜ

ਅੱਜ ਹਰ ਪਾਸੇ ਚਰਚਾ ਹੈ ਕਿ ਸਾਡੇ ਸਮਾਜ ਵਿਚ 'ਫਾਸਟ ਫੂਡ' ਦਾ ਪ੍ਰਚਲਣ ਵਧ ਰਿਹਾ ਹੈ। ਖਾਸ ਕਰਕੇ ਨੌਜਵਾਨ ਪੀੜ੍ਹੀ ਤਾਂ ਫਾਸਟ ਫੂਡ ਦੇ ਮਗਰ ਦੀਵਾਨੀ ਹੈ। ਕਈ ਨੌਜਵਾਨ ਲੜਕੇ-ਲੜਕੀਆਂ ਤਾਂ ਕਈ-ਕਈ ਦਿਨ ਘਰ ਦਾ ਖਾਣਾ ਵੀ ਨਹੀਂ ਖਾਂਦੇ, ਸਗੋਂ ਉਹ ਫਾਸਟ ਫੂਡ 'ਤੇ ਹੀ ਗੁਜ਼ਾਰਾ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਫਾਸਟ ਫੂਡ ਨਾਲ ਮੋਟਾਪਾ ਵਧਦਾ ਹੈ, ਕਈ ਬਿਮਾਰੀਆਂ ਲਗਦੀਆਂ ਹਨ। ਭਾਵ ਫੂਸਟ ਫੂਡ ਨਾਲ ਸਿਹਤ ਨੂੰ ਨੁਕਸਾਨ ਹੀ ਨੁਕਸਾਨ ਹੈ, ਇਸ ਦਾ ਲਾਭ ਕੋਈ ਵੀ ਨਹੀਂ। ਪਰ ਫਿਰ ਵੀ ਇਨ੍ਹਾਂ ਦੀ ਵਰਤੋਂ ਦਿਨੋ-ਦਿਨ ਵਧ ਰਹੀ ਹੈ, ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਹ ਅਸਾਨੀ ਨਾਲ ਉਪਲਬਧ ਹਨ। ਪਹਿਲਾਂ ਇਹ ਸਿਰਫ ਵੱਡੇ ਸ਼ਹਿਰਾਂ ਵਿਚੋਂ ਹੀ ਮਿਲਦੇ ਸਨ ਪਰ ਹੁਣ ਤਾਂ ਹਰ ਸ਼ਹਿਰ, ਕਸਬੇ, ਇਥੋਂ ਤੱਕ ਕਿ ਪਿੰਡ-ਪਿੰਡ ਮਿਲ ਜਾਂਦੇ ਹਨ। ਪਰ ਹੁਣ ਲੋੜ ਹੈ ਫਾਸਟ ਫੂਡ ਦੇ ਬਦਲ ਦੀ। 'ਫਾਸਟ ਫੂਡ' ਦੀ ਜਗ੍ਹਾ ਸਾਨੂੰ ਸਾਡੇ ਪੁਰਾਤਨ ਸਮਾਜ ਵਿਚ ਖਾਣ ਵਾਲੀਆਂ ਵਸਤੂਆਂ ਵਰਤੀਆਂ ਜਾਂਦੀਆਂ ਸਨ, ਉਹੀ ਵਰਤਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ, ਜਿਵੇਂ ਕਿ ਛੋਲਿਆਂ ਦੇ ਭੁੱਜੇ ਦਾਣੇ, ਭੱਠੀ 'ਤੇ ਭੁੱਜੇ ਮੱਕੀ ਦੇ ਦਾਣੇ, ਕਣਕ, ਬਾਜਰਾ, ਜਵਾਰ ਦੇ ਭੁੰਨਾ ਕੇ ਬਣਾਏ ਮੁਰਮੁਰੇ, ਜੌਆਂ ਦੀ ਘਾਠ, ਹੋਲਾਂ ਆਦਿ। ਪੀਣ ਲਈ ਵੀ ਕੋਈ ਕੋਲਡ ਡਰਿੰਕਸ ਨਹੀਂ, ਸਗੋਂ ਚਾਟੀ ਦੀ ਲੱਸੀ, ਨਿੰਬੂ ਪਾਣੀ, ਸੱਤੂ, ਕੱਚੀ ਲੱਸੀ ਆਦਿ। ਪਰ ਕਸੂਰ ਸਿਰਫ ਨੌਜਵਾਨ ਪੀੜ੍ਹੀ ਦਾ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਜੋ ਖਾਣੇ ਅਸਾਨੀ ਨਾਲ ਮਿਲ ਰਹੇ ਹਨ, ਉਹ ਖਾ-ਪੀ ਰਹੇ ਹਨ। ਪੁਰਾਤਨ ਸਮਾਜ ਵਾਲੀਆਂ ਉਪਰੋਕਤ ਚੀਜ਼ਾਂ ਉਪਲਬਧ ਵੀ ਨਹੀਂ ਹਨ ਪਰ ਇਹ ਚੀਜ਼ਾਂ ਉਪਲਬਧ ਕਰਵਾਉਣਾ ਕੋਈ ਮੁਸ਼ਕਿਲ ਨਹੀਂ ਹਨ। ਜੇ ਸਾਡਾ ਸਮਾਜ, ਮਾਂ-ਬਾਪ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ 'ਫਾਸਟ ਫੂਡ' ਘੱਟ ਕਰਨ ਤਾਂ ਲੋੜ ਹੈ ਪੁਰਾਤਨ ਖਾਣਾ ਉਪਲਬਧ ਕਰਵਾਉਣ ਦੀ। ਸਿਰਫ ਰੌਲਾ ਪਾਉਣ ਨਾਲ ਕੁਝ ਨਹੀਂ ਬਣਨਾ।

-ਦਿਉਣ ਖੇੜਾ (ਮੁਕਤਸਰ)। ਮੋਬਾ: 94174-47941

ਲੱਚਰ ਗਾਇਕੀ ਦੀ ਵਿਰੋਧਤਾ ਕਰੀਏ

ਅੱਜਕਲ੍ਹ ਜੋ ਕੁਝ ਪੰਜਾਬੀ ਗਾਇਕੀ ਦੇ ਨਾਂਅ ਹੇਠ ਹੋ ਰਿਹਾ ਹੈ, ਹੁਣ ਉਹ ਕਿਸੇ ਪਾਸਿਓਂ ਵੀ ਨਹੀਂ ਲੁਕਿਆ। ਜਦੋਂ ਕਿਸੇ ਵੀ ਚੀਜ਼ ਵਿਚ ਵਪਾਰੂ ਪੱਖ ਭਾਰੀ ਹੋ ਜਾਵੇ ਤਾਂ ਅਕਸਰ ਅਜਿਹਾ ਹੀ ਹੁੰਦਾ ਹੈ। ਪੰਜਾਬੀ ਗਾਇਕੀ ਨੂੰ ਫੁਕਰਾਗਰਦੀ ਕਾਰਨ ਹੀ ਵਿਗਾੜਿਆ ਗਿਆ ਹੈ। ਇਹ ਬੁਰਾ ਕੰਮ ਕੋਈ ਹੋਰ ਨਹੀਂ, ਇਸ ਦੇ ਆਪਣੇ ਲਾਡਲੇ ਹੀ ਕਰੀ ਜਾ ਰਹੇ ਹਨ। ਗਾਇਕ ਆਪਣੇ ਹੀ ਭਾਈਚਾਰੇ ਭਾਵ ਸਾਥੀ ਕਲਾਕਾਰਾਂ ਨਾਲ ਹੀ ਮਾੜਾ ਵਿਵਹਾਰ ਕਰ ਕੇ ਜਿੱਥੇ ਆਪਹੁਦਰੀਆਂ ਕਰ ਰਹੇ ਹਨ, ਉੱਥੇ ਗਾਇਕੀ ਦਾ ਵੀ ਜਲੂਸ ਕੱਢ ਰਹੇ ਹਨ। ਇਨ੍ਹਾਂ ਦੇ ਗ਼ਲਤ ਕੰਮਾਂ ਦੀਆਂ ਇਕ ਨਹੀਂ, ਅਨੇਕਾਂ ਉਦਾਹਰਨਾਂ ਹਨ। ਅੱਜ ਪੰਜਾਬੀ ਗਾਇਕੀ ਦੇ ਨਾਂਅ ਹੇਠ ਲੱਚਰਤਾ, ਨੰਗੇਜ਼ਵਾਦ, ਨਸ਼ੇ, ਅਸਲ੍ਹਾ, ਲੜਾਈਆਂ ਤੇ ਹੋਰ ਬੜਾ ਕੁਝ ਗ਼ਲਤ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਜੇ ਗਲਤ ਚੀਜ਼ਾਂ ਦਾ ਪਹਿਲਾਂ ਹੀ ਵਿਰੋਧ ਕੀਤਾ ਜਾਂਦਾ ਤਾਂ ਗੱਲ ਇੱਥੇ ਤੱਕ ਨਾ ਅੱਪੜਦੀ, ਜਿੱਥੋਂ ਹੁਣ ਮੁੜਨੀ ਮੁਸ਼ਕਿਲ ਹੈ। ਕੁਝ ਗਾਇਕ ਨਵੇਂ ਤੇ ਪੁਰਾਣੇ ਜਾਣਬੁੱਝ ਕੇ ਗ਼ਲਤ ਤੇ ਵਿਵਾਦਿਤ ਗੀਤ ਪੇਸ਼ ਕਰ ਰਹੇ ਹਨ। ਪੰਜਾਬੀ ਗੀਤ-ਸੰਗੀਤ 'ਤੇ ਮਾਣ ਕਰਨ ਦੀ ਥਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਬੇਸ਼ੱਕ ਸਾਰਿਆਂ 'ਤੇ ਤਾਂ ਉਂਗਲ ਨਹੀਂ ਉੱਠਦੀ, ਕਦੇ-ਕਦੇ ਰੂਹ ਨੂੰ ਸਰਸ਼ਾਰ ਤੇ ਸਕੂਨ ਦੇਣ ਵਾਲੀ ਗਾਇਕੀ ਦਾ ਬੁੱਲਾ ਵੀ ਆ ਜਾਂਦੇ। ਕਈ ਚੰਗੇ ਕਲਾਕਾਰਾਂ ਨੇ ਆਪਣੇ 'ਤੇ ਉਂਗਲ ਉੱਠਣ ਹੀ ਨਹੀਂ ਦਿੱਤੀ ਭਾਵ ਮਾੜਾ ਗਾਇਆ ਹੀ ਨਹੀਂ। ਹੁਣ ਇਥੇ ਕਸੂਰ ਤਾਂ ਗ਼ਲਤ ਸੁਣਨ ਤੇ ਦੇਖਣ ਵਾਲਿਆਂ ਦਾ ਹੀ ਹੈ। ਨਤੀਜੇ ਵੀ ਸਾਡੇ ਸਾਹਮਣੇ ਹਨ। ਸਰਕਾਰਾਂ ਨੇ ਹੁਣ ਤੱਕ ਸਹੀ ਜ਼ਿੰਮੇਵਾਰੀ ਨਿਭਾਉਣ ਦੀ ਨਹੀਂ ਸੋਚੀ। ਕਈ ਐਨ.ਆਰ.ਆਈ. ਗਾਇਕਾਂ ਨੇ ਪੈਸੇ ਦੇ ਜ਼ੋਰ 'ਤੇ ਹੀ ਗ਼ਲਤ ਚੀਜ਼ਾਂ ਪਰੋਸੀਆਂ। ਇਸ ਪਾਸੇ ਪੈਸੇ ਦਾ ਗ਼ਲਤ ਇਸਤੇਮਾਲ ਹੋ ਰਿਹਾ ਹੈ। ਦੁੱਖ ਉਸ ਵੇਲੇ ਹੁੰਦਾ ਹੈ, ਜਦੋਂ ਬੁੱਧੀਜੀਵੀ ਵਰਗ, ਧਾਰਮਿਕ, ਰਾਜਨੀਤਕ ਆਗੂ, ਜੱਜ-ਵਕੀਲ, ਅਖ਼ਬਾਰਾਂ ਤੇ ਚੰਗੇ ਸੰਪਾਦਕ, ਪ੍ਰੋ: ਸਾਹਿਬਾਨ, ਬਾਬਾਵਾਦ, ਚੰਗੇ ਲੇਖਕ ਆਦਿ ਸਭ ਚੁੱਪ ਹਨ ਤੇ ਇਹ ਕੰਮ ਘਟਣ ਦੀ ਥਾਂ ਵਧ ਹੀ ਰਿਹਾ ਹੈ। ਆਓ, ਸੂਝਵਾਨ ਪੰਜਾਬੀਓ! ਗਾਇਕੀ ਦੇ ਨਾਂਅ ਹੇਠ ਗ਼ਲਤ ਆ ਰਹੀਆਂ ਚੀਜ਼ਾਂ ਦਾ ਇਕੱਠੇ ਹੋ ਕੇ ਵਿਰੋਧ ਕਰੀਏ, ਤਾਂਕਿ ਗੁਰਾਂ ਦੇ ਨਾਂਅ ਹੇੇਠ ਵਸਦਾ ਪੰਜਾਬ ਜੀਵਤ ਰਹਿ ਸਕੇ ਤੇ ਨਵੀਂ ਪੀੜ੍ਹੀ ਲਈ ਵੀ ਕੁਝ ਚੰਗਾ ਛੱਡ ਜਾਈਏ।

-ਮੋਬਾ: 70091-07300

ਔਰਤ ਦੀ ਹੋਂਦ

ਔਰਤ ਜਿਸ ਨੂੰ ਇਸ ਜਹਾਨ ਵਿਚ 'ਜਨਨੀ', 'ਸਵਰਗ ਦਾ ਦੁਆਰ', 'ਮਮਤਾ ਦੀ ਮੂਰਤ', 'ਬਲੀਦਾਨ ਦੀ ਦੇਵੀ' ਆਦਿ ਨਾਂਅ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਪਰ ਅੱਜ ਅਸੀਂ ਇਸ ਬਲੀਦਾਨ ਦੀ ਮੂਰਤ ਦੀ ਬਲੀ ਦੇਣ ਤੋਂ ਇਕ ਪਲ ਵੀ ਦੇਰੀ ਨਹੀਂ ਕਰਦੇ। ਫਿਰ ਚਾਹੇ ਇਹ ਬਲੀ ਦਾਜ ਰੂਪੀ ਸਮਾਜਿਕ ਬੁਰਾਈ ਨੂੰ ਹੱਲਾਸ਼ੇਰੀ ਦੇਣ ਲਈ ਦਿੱਤੀ ਜਾਵੇ ਜਾਂ ਕਿਸੇ ਅਣਜੰਮੀ ਧੀ ਨੂੰ ਕੁੱਖ ਵਿਚ ਹੀ ਖ਼ਤਮ ਕਰ ਦਿੱਤਾ ਜਾਂਦਾ ਹੋਵੇ। ਇਹ ਹੈ ਤਾਂ ਬਲੀ ਦਾ ਹੀ ਰੂਪ। ਇਹ ਇਨਸਾਨੀਅਤ ਦੀ ਹੁੰਦੀ ਮੌਤ ਦਾ ਇਕ ਘਿਨੌਣਾ ਦ੍ਰਿਸ਼ ਹੈ। ਘਰਾਂ ਵਿਚ ਹੋਣ ਵਾਲੀ ਘਰੇਲੂ ਹਿੰਸਾ ਤੋਂ ਲੈ ਕੇ ਕਾਰਜ ਖੇਤਰਾਂ ਵਿਚ ਜੇਕਰ ਕਿਸੇ ਦਾ ਸ਼ੋਸ਼ਣ ਹੋ ਰਿਹਾ ਹੈ ਤਾਂ ਉਹ ਹੈ ਔਰਤ, ਨਾਰੀ। ਇਸ ਦੇ ਕਾਰਨ ਵੀ ਅਨੇਕਾਂ ਹਨ, ਜਿਵੇਂ ਆਰਥਿਕ ਤੰਗੀ, ਪਰਿਵਾਰ ਦਾ ਸਹਿਯੋਗ ਨਾ ਹੋਣਾ, ਔਲਾਦ ਨਾ ਹੋਣਾ, ਅਨਪੜ੍ਹਤਾ, ਮਾਪਿਆਂ ਦਾ ਗਰੀਬ ਹੋਣਾ ਆਦਿ। ਅਜਿਹੀਆਂ ਕੁਰੀਤੀਆਂ ਦੀ ਬਲੀ ਲਈ ਔਰਤ ਨੂੰ ਹੀ ਅੱਗੇ ਕੀਤਾ ਜਾਂਦਾ ਹੈ। ਇਹ ਸਮਝ ਨਹੀਂ ਆਉਂਦੀ ਕਿ ਔਰਤ ਦੀ ਤਾਕਤ ਦਾ ਸਬੂਤ ਹੈ ਜਾਂ ਉਸ ਦੀ ਕਮਜ਼ੋਰੀ ਦੀ ਇਕ ਝਲਕ, ਕਿਉਂਕਿ ਤ੍ਰਿਸਕਾਰ ਕਰਨ ਵਾਲੇ ਭੁੱਲੀ ਬੈਠੇ ਹਨ ਕਿ ਤਾਕਤ ਦਾ ਦੂਜਾ ਨਾਂਅ ਹੀ ਸ਼ਕਤੀ ਹੈ। ਸੋ, ਸਾਨੂੰ ਆਪਣੇ-ਆਪ ਨੂੰ ਪਛਾਣਨ ਦੇ ਨਾਲ-ਨਾਲ ਉਸ ਦਾ ਬਣਦਾ ਸਤਿਕਾਰ ਵੀ ਦੇਣਾ ਚਾਹੀਦਾ ਹੈ, ਜੋ ਆਪਣੇ ਨਾਲ-ਨਾਲ ਸਾਰੇ ਸਮਾਜ ਦਾ ਵੀ ਨਿਰਮਾਣ ਕਰਦੀ ਹੈ।

-ਗਲੋਵਾਲੀ, ਚੇਤਨਪੁਰਾ, ਮਜੀਠਾ (ਅੰਮ੍ਰਿਤਸਰ)।

ਅਧਿਆਪਕ ਯੋਗਤਾ ਪ੍ਰੀਖਿਆ ਕਿਵੇਂ ਪਾਸ ਕਰੀਏ?

ਅਧਿਆਪਕ ਕੌਮ ਦਾ ਨਿਰਮਾਤਾ ਹੁੰਦਾ ਹੈ, ਜੋ ਸਮਾਜ 'ਚ ਰਹਿੰਦਿਆਂ ਹੋਇਆਂ ਵੀ ਸਮਾਜ ਤੋਂ ਵੱਖਰਾ ਹੁੰਦਾ ਹੈ, ਕਿਉਂਕਿ ਅਧਿਆਪਕ ਦਾ ਕੰਮ ਬਹੁਤ ਹੀ ਮਿਹਨਤ ਵਾਲਾ ਹੁੰਦਾ ਹੈ। ਇਸ ਲਈ ਸਰਕਾਰ ਵਲੋਂ ਅਧਿਆਪਕ ਬਣਨ ਲਈ ਔਖੇ-ਔਖੇ ਚੁਣੌਤੀ ਵਾਲੇ ਟੈਸਟ ਲਏ ਜਾਂਦੇ ਹਨ, ਜਿਨ੍ਹਾਂ 'ਚੋਂ ਸਾਨੂੰ ਲੰਘਣ ਲਈ ਸੋਨੇ ਵਾਂਗ ਅਗਨੀ ਪ੍ਰੀਖਿਆ ਦੇਣੀ ਪੈਂਦੀ ਹੈ। ਸਭ ਤੋਂ ਪਹਿਲੀ ਗੱਲ ਕਿ ਕੋਈ ਵੀ ਪ੍ਰੀਖਿਆ ਪਾਸ ਕਰਨ ਤੋਂ ਪਹਿਲਾਂ ਤੁਹਾਡਾ ਆਪਣਾ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਕਿਸੇ ਵੀ ਤਿਆਰੀ ਲਈ ਵਿਸ਼ਵਾਸ ਸਭ ਤੋਂ ਵੱਧ ਜ਼ਰੂਰੀ ਹੈ। ਜੇ ਤੁਸੀਂ ਅਧਿਆਪਕ ਹੀ ਬਣਨਾ ਹੈ ਤਾਂ ਇਕ ਕੇਂਦਰ ਬਿੰਦੂ 'ਤੇ ਹੀ ਆਧਾਰਿਤ ਰਹਿਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਟੋਏ ਪੁੱਟਣ 'ਤੇ ਪਾਣੀ ਨਹੀਂ ਮਿਲਦਾ ਬਲਕਿ ਇਕੋ ਹੀ ਟੋਏ ਦੀ ਡੂੰਘਾਈ ਤੋਂ ਪਾਣੀ ਪ੍ਰਾਪਤ ਹੁੰਦਾ ਹੈ। ਜਿਹੜੇ ਸਾਥੀ ਇਸ ਪ੍ਰੀਖਿਆ 'ਚੋਂ ਵਾਰ-ਵਾਰ ਅਸਫਲ ਹੋ ਰਹੇ ਹਨ, ਇਸ ਗੱਲ ਦਾ ਧਿਆਨ ਰੱਖਣ ਕਿ ਪੱਥਰ ਭਾਵੇਂ ਅਖੀਰਲੀ ਸੱਟ ਨਾਲ ਟੁੱਟਿਆ ਹੋਵੇ, ਤੁਹਾਡੀਆਂ ਪਹਿਲੀਆਂ ਸਾਰੀਆਂ ਸੱਟਾਂ ਬੇਕਾਰ ਨਹੀਂ ਜਾਂਦੀਆਂ। ਇਕ ਚੰਗਾ ਅਧਿਆਪਕ ਬਣਨ ਲਈ ਕਿਸੇ ਵੀ ਵਿਸ਼ੇ ਦੀ ਤਿਆਰੀ ਨੂੰ ਅਧੂਰਾ ਨਾ ਛੱਡੋ। ਇਸ ਲਈ ਸਭ ਤੋਂ ਪਹਿਲਾਂ ਸਿਲੇਬਸ ਨੂੰ ਧਿਆਨ ਨਾਲ ਪੜ੍ਹੋ। ਉਸ ਦੇ ਮੁਤਾਬਿਕ ਕਿਤਾਬਾਂ ਦੀ ਚੋਣ ਕਰੋ। ਪ੍ਰੀਖਿਆ ਦਾ ਸਭ ਤੋਂ ਪਹਿਲਾ ਭਾਗ ਸਿੱਖਿਆ ਮਨੋਵਿਗਿਆਨ ਨਾਲ ਸਬੰਧਿਤ ਹੁੰਦਾ ਹੈ, ਜੋ ਸਭ ਤੋਂ ਔਖਾ ਮੰਨਿਆ ਜਾਣ ਵਾਲਾ ਵਿਸ਼ਾ ਹੈ। ਜੋ ਅਕਸਰ ਸੁਣਿਆ ਜਾਂਦਾ ਹੈ ਕਿ ਸਾਡੇ ਸਿਲੇਬਸ ਤੋਂ ਬਾਹਰ ਹੈ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇਸ ਲਈ ਤੁਸੀਂ ਡਾ: ਅਰੁਣ ਕੁਮਾਰ ਸਿੰਘ ਦੀ 'ਸਿੱਖਿਆ ਮਨੋਵਿਗਿਆਨ' ਪੜ੍ਹ ਸਕਦੇ ਹੋ ਜੋ 90 ਫੀਸਦੀ ਸਿਲੇਬਸ ਕਵਰ ਕਰਦੀ ਹੈ। ਪੰਜਾਬੀ ਦੀ ਤਿਆਰੀ ਲਈ ਇੰਦਰਦੇਵ ਸਿੰਘ ਦੀ ਕਿਤਾਬ ਧਿਆਨ ਨਾਲ ਪੜ੍ਹੋ। ਇਸ ਤੋਂ ਇਲਾਵਾ ਪ੍ਰੀਖਿਆ 'ਚ ਸਭ ਤੋਂ ਮਹੱਤਵਪੂਰਨ ਭਾਗ ਤੁਹਾਡਾ ਆਪਣਾ ਵਿਸ਼ਾ ਹੁੰਦਾ ਹੈ ਪਰ ਅਸੀਂ ਇਸ ਲੇਖ ਰਾਹੀਂ ਸਮਾਜਿਕ ਵਿਗਿਆਨ ਦੀ ਗੱਲ ਕਰ ਰਹੇ ਹਾਂ। ਇਸ ਵਿਸ਼ੇ ਲਈ ਛੇਵੀਂ ਤੋਂ ਦਸਵੀਂ ਤੱਕ ਦੀਆਂ ਵਿਗਿਆਨ ਦੀਆਂ ਕਿਤਾਬਾਂ ਜ਼ਰੂਰ ਧਿਆਨ ਨਾਲ ਪੜ੍ਹੋ। ਗਿਆਰ੍ਹਵੀਂ ਦੀ ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਭੂਗੋਲ ਦੀਆਂ ਕਿਤਾਬਾਂ ਲਾਹੇਵੰਦ ਸਿੱਧ ਹੁੰਦੀਆਂ ਹਨ। ਤੁਹਾਡਾ ਟੈਸਟ ਕਿਹੜੀ ਸੰਸਥਾ ਲੈ ਰਹੀ ਹੈ, ਉਸੇ ਦੇ ਮੁਤਾਬਿਕ ਕਿਤਾਬਾਂ ਦੀ ਚੋਣ ਕਰੋ। ਇਹ ਕਿਤਾਬਾਂ 60 ਅੰਕਾਂ 'ਚੋਂ 50 ਅੰਕਾਂ ਦਾ ਸਿਲੇਬਸ ਕਵਰ ਕਰਦੀਆਂ ਹਨ। ਅਖੀਰ 'ਚ ਅਸੀਂ ਸਲਾਹ ਦੇਵਾਂਗੇ ਕਿ ਜ਼ਿਆਦਾ ਸਮੱਗਰੀ ਇਕੱਠਾ ਨਾ ਕਰੋ। ਇਹ ਤਿਆਰੀ ਕਰਨ ਤੋਂ ਬਾਅਦ ਤੁਹਾਡੇ ਟੈਸਟ ਵਾਲੇ ਦਿਨ 2 ਘੰਟੇ 30 ਮਿੰਟ ਤੁਹਾਡੀ ਸਫਲਤਾ ਦੇ ਅਹਿਮ ਪਲ ਹੁੰਦੇ ਹਨ, ਜਿਸ 'ਚ ਸਮਾਂ ਤਰਤੀਬ, ਆਤਮਵਿਸ਼ਵਾਸ, ਸੂਝ-ਬੂਝ ਆਦਿ ਦਾ ਧਿਆਨ ਰੱਖੋ। ਇਸ ਦੇ ਨਾਲ ਇਹੀ ਕਹਾਂਗੇ ਕਿ-'ਦਿਲ ਲਾ ਕੇ ਤਿਆਰੀ ਕਰੋ, ਕਿਉਂਕਿ ਦਿਲ ਕਹਿੰਦਾ ਕਰਕੇ ਤਾਂ ਵੇਖ ਮਿਥੀ ਹੋਈ ਮੰਜ਼ਿਲ ਮਿਲ ਜਾਵੇਗੀ।'

-ਇੰਗਲਿਸ਼ ਮਾਸਟਰ, ਸ: ਹਾ: ਸਕੂਲ, ਸਾਫੂਵਾਲਾ (ਮੋਗਾ)। ਮੋਬਾ: 94786-73215

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX