ਤਾਜਾ ਖ਼ਬਰਾਂ


ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  13 minutes ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  14 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  27 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  32 minutes ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  38 minutes ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  51 minutes ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  54 minutes ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  about 1 hour ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  about 1 hour ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  about 1 hour ago
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਿੰਨੀ ਕਹਾਣੀ: ਜ਼ਮੀਰ

ਅੱਜ ਪਿੰਡ ਵਿਚ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਸੀ | ਉਪਕਾਰ ਸਿੰਘ ਵੀ ਕੁਦਰਤੀ ਵਿਦੇਸ਼ ਤੋਂ ਆਇਆ ਹੋਇਆ ਸੀ ਜੋ ਇਲਾਕੇ ਦਾ ਚੋਟੀ ਦਾ ਬੁਲਾਰਾ ਸੀ | ਉਸ ਨੂੰ ਵੀ ਪ੍ਰਬੰਧਕਾਂ ਨੇ ਸੱਦਾ ਦਿੱਤਾ ਹੋਇਆ ਸੀ | ਉਸਦੇ ਆਉਣ 'ਤੇ ਸਟੇਜ ਸੈਕਟਰੀ ਨੇ ਉਸ ਦੀ ਭਰਪੂਰ ਪ੍ਰਸੰਸਾ ਕੀਤੀ | ਉਸ ਨੂੰ ਚੋਟੀ ਦਾ ਬੁਲਾਰਾ ਅਤੇ ਗਿਆਨ ਦਾ ਭੰਡਾਰਾ ਦੱਸਿਆ ਗਿਆ | ਕੁਝ ਸਮੇਂ ਬਾਅਦ ਸਟੇਜ ਸੈਕਟਰੀ ਨੇ ਉਪਕਾਰ ਸਿੰਘ ਨੂੰ ਸਨਿਮਰ ਬੇਨਤੀ ਕਰਦਿਆਂ ਹੋਇਆਂ ਸਟੇਜ 'ਤੇ ਬੁਲਾਇਆ ਅਤੇ ਆਪਣੇ ਵਿਚਾਰ ਪੇਸ਼ ਕਰਨ ਦੀ ਬੇਨਤੀ ਦੇ ਨਾਲ ਹੀ ਸਰੋਤਿਆਂ ਨੂੰ ਜ਼ੋਰਦਾਰ ਤਾੜੀਆਂ ਵਜਾ ਕੇ ਸਵਾਗਤ ਕਰਨ ਲਈ ਕਿਹਾ | ਉਪਕਾਰ ਸਿੰਘ ਸਟੇਜ 'ਤੇ ਆਇਆ | ਜਦੋਂ ਬੋਲਿਆ ਤਾਂ ਨਾਲ ਹੀ ਸਰੋਤਿਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ, 'ਅੱਜ ਇਹ ਨੂੰ ਕੀ ਹੋ ਗਿਆ? ਕੀ ਇਹਦੀ ਸਿਹਤ ਤਾਂ ਠੀਕ ਹੈ? ਅੱਜ ਪਹਿਲੀ ਵਾਰ ਇਹ ਐਨਾ ਕਿਲ-ਕਿਲ ਕੇ ਬੋਲਦਾ ਵੇਖਿਆ |' ਸ਼ਾਮੀਂ ਉਸ ਦੇ ਦੋਸਤਾਂ-ਮਿੱਤਰਾਂ ਨੇ ਪੁੱਛ ਹੀ ਲਿਆ | ਕਹਿੰਦੇ, 'ਉਪਕਾਰ ਸਿਹਾਂ ਅੱਜ ਪਹਿਲਾਂ ਵਾਲੀ ਗੱਲ ਨਹੀਂ ਬਣੀ?' 'ਪਹਿਲਾਂ ਵਾਲੀ ਗੱਲ ਬਣਨੀ ਵੀ ਨਹੀਂ ਸੀ | ਮੈਂ ਸਾਰੀ ਉਮਰ ਤਾਂ ਸਰਾਭੇ ਵਰਗੇ ਦੇਸ਼ ਭਗਤਾਂ ਦੇ ਗੁਣ ਗਾਉਂਦਾ ਰਿਹਾ ਕਿਵੇਂ ਉਨ੍ਹਾਂ ਨੇ ਹੱਸ-ਹੱਸ ਕੇ ਫਾਂਸੀਆਂ ਦੇ ਫੰਦੇ ਚੁੰਮ-ਚੁੰਮ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ | ਕਿਵੇਂ ਉਸ ਨੇ ਆਪਣੇ ਦੇਸ਼ ਲਈ ਅਮਰੀਕਾ ਜਿਹਾ ਸੋਹਣਾ ਮੁਲਕ ਠੁਕਰਾਇਆ | ਉਧਰ ਹੁਣ ਉਹਦੀ ਦੇਸ਼ ਭਗਤੀ ਵੇਖ ਲਵੋ ਏਧਰ ਸਾਡਾ ਦੇਸ਼ ਪ੍ਰੇਮ ਵੇਖ ਲਵੋ | ਗੋਰਿਆਂ ਨੂੰ ਦੇਸ਼ ਵਿਚੋਂ ਕੱਢਿਆ ਜਿਨ੍ਹਾਂ ਸਾਨੂੰ ਗੁਲਾਮ ਬਣਾਇਆ ਹੋਇਆ ਸੀ ਅਤੇ ਸਾਡੇ ਦੇਸ਼ ਦਾ ਸਰਮਾਇਆ ਲੁੱਟ ਕੇ ਆਪਣੇ ਦੇਸ਼ ਲਿਜਾ ਰਹੇ ਸਨ | ਪਰ ਹੁਣ ਮੈਂ ਉਹੀ ਗੋਰਿਆਂ ਦੀ ਗੁਲਾਮੀ ਕਰ ਰਿਹਾ ਹਾਂ ਉਹ ਵੀ ਲੱਖਾਂ ਰੁਪਏ ਲਾ ਕੇ ਉਨ੍ਹਾਂ ਦੇ ਦੇਸ਼ ਜਾ ਕੇ, ਮੈਂ ਉਨ੍ਹਾਂ ਦੀ ਰਾਖੀ ਕਰ ਰਿਹਾ ਹਾਂ | ਭਾਵ ਸਕਿਊਰਿਟੀ ਗਾਰਡ ਲੱਗਾ ਹੋਇਆ ਹਾਂ ਮੈਂ ਵੀ ਇਨਸਾਨ ਹਾਂ ਮੇਰੇ ਵਿਚ ਵੀ ਜ਼ਮੀਰ ਹੈ | ਮੇਰੀ ਜ਼ਮੀਰ ਅੱਜ ਮੈਨੂੰ ਅੰਦਰੋਂ ਫਿਟ ਲਾਹਨਤਾਂ ਪਾ ਰਹੀ ਸੀ | ਮੈਂ ਕਾਹਦਾ ਬੋਲਣਾ ਸੀ, ਮੈਂ ਤਾਂ ਸਮਾਂ ਹੀ ਪਾਸ ਕੀਤਾ ਹੈ | ਹੁਣ ਕਿਹੜਾ ਫਾਂਸੀ ਦਾ ਫੰਦਾ ਚੁੰਮਣਾ ਸੀ ਜਾਂ ਕਾਲੇ ਪਾਣੀਆਂ ਦੀ ਕੈਦ ਹੋਣੀ ਸੀ ਜਾਂ ਜਾਇਦਾਦ ਕੁਰਕ ਹੋਣੀ ਸੀ ਸਿਰਫ ਤੇ ਸਿਰਫ ਸਮਾਜ ਸੇਵਾ ਹੀ ਸੀ |' ਉਪਕਾਰ ਸਿੰਘ ਨੇ ਹਉਂਕਾ ਲੈਂਦਿਆਂ ਆਖਿਆ, 'ਮੇਰੀ ਬੇਟੀ ਦੇ ਬਾਹਰ ਜਾਣ ਦੀ ਜ਼ਿਦ ਨੇ ਮੈਨੂੰ ਵੀ ਬੇ-ਅਣਖਾ , ਬੇਗ਼ੈਰਤ ਅਤੇ ਮਰੀ ਜ਼ਮੀਰ ਵਾਲਾ ਇਨਸਾਨ ਬਣਾ ਦਿੱਤਾ ਹੈ | ਮੇਰੀ ਆਤਮਾ ਮੈਨੂੰ ਹਰ ਰੋਜ਼ ਕੋਸਦੀ ਰਹਿੰਦੀ ਹੈ | ਕਈ ਵਾਰ ਤਾਂ ਮੈਨੂੰ ਅਕਿ੍ਤਘਣ ਵੀ ਆਖ ਦਿੰਦੀ ਹੈ | ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ, ਧੰਨਵਾਦ |'

-ਗਿੱਲ ਨਗਰ ਗਲੀ ਨੰ: 13. ਮੱਲਾਂਪੁਰ ਦਾਖ਼ਾ, ਲੁਧਿਆਣਾ | ਮੋਬਾਈਲ : 9463542896


ਖ਼ਬਰ ਸ਼ੇਅਰ ਕਰੋ

ਕਹਾਣੀ ਅਸਲੀ ਸਬਕ

ਦਸਵੀਂ ਸ਼੍ਰੇਣੀ ਵਿਚ ਜਾਂਦਿਆਂ ਹੀ ਸੁਮਨ ਮੈਡਮ ਦੀ ਨਜ਼ਰ ਦੀਪਕ 'ਤੇ ਪਈ | ਪੜ੍ਹਨ ਵਿਚ ਹੁਸ਼ਿਆਰ ਦੀਪਕ ਕਈ ਦਿਨਾਂ ਬਾਅਦ ਸਕੂਲ ਆਇਆ ਸੀ | ਮੈਡਮ ਜੀ ਦੇ ਪੁੱਛਣ 'ਤੇ ਦੀਪਕ ਨੇ ਦੱਸਿਆ ਕਿ ਉਸ ਦੇ ਮਾਤਾ ਜੀ ਟਾਇਫਾਈਡ ਤੋਂ ਪੀੜਤ ਹਨ, ਬਿਮਾਰੀ ਵਧਣ ਕਾਰਨ ਕਮਜ਼ੋਰ ਵੀ ਬਹੁਤ ਹੋ ਗਏ ਹਨ | ਪਿਤਾ ਵਿਹੂਣੇ ਦੀਪਕ ਦੀ ਪਰਿਵਾਰਕ ਸਥਿਤੀ ਤੋਂ ਉਸ ਦੇ ਕਲਾਸ ਇੰਚਾਰਜ ਸੁਮਨ ਮੈਡਮ ਪਹਿਲਾਂ ਹੀ ਜਾਣੂ ਸਨ | ਪੜ੍ਹਾਈ ਦੇ ਨਾਲ-ਨਾਲ ਘਰ ਦੇ ਗੁਜ਼ਾਰੇ ਲਈ ਮਾਂ ਦਾ ਹੱਥ ਵਟਾਉਂਦਾ ਦੀਪਕ ਸਕੂਲ ਟਾਈਮ ਤੋਂ ਬਾਅਦ ਕਿਸੇ ਫੈਕਟਰੀ ਵਿਚ ਵੀ ਕੰਮ ਕਰਦਾ ਸੀ | ਲੋਕਾਂ ਦੇ ਘਰਾਂ 'ਚ ਕੰਮ ਕਰਦੀ ਮਾਂ ਹੁਣ ਮੰਜੇ ਲੱਗੀ ਪਈ ਸੀ | ਦੀਪਕ ਦੇ ਛੋਟੇ ਭੈਣ ਭਰਾ ਬੇਵੱਸ ਹੋ ਕੇ ਹਰ ਗੱਲ ਲਈ ਵੱਡੇ ਭਰਾ ਵੱਲ ਹੀ ਵੇਖਦੇ ਰਹਿੰਦੇ | ਦੀਪਕ ਦੇ ਦੱਸਣ ਅਨੁਸਾਰ ਪੈਸੇ ਦਾ ਇੰਤਜ਼ਾਮ, ਮਾਂ ਦੀ ਦਵਾਈ, ਭੈਣ-ਭਰਾਵਾਂ ਦਾਂ ਰੋਟੀ ਟੁੱਕ ਸਭ ਉਹ ਇੱਕਲਾ ਹੀ ਦੇਖਦਾ |
'ਫਿਰ ਫੈਕਟਰੀ ਕਦੋਂ ਜਾਣੈ ਦੀਪਕ ਬੇਟਾ?' ਮੈਡਮ ਸੁਮਨ ਨੇ ਫਿਕਰ ਜ਼ਾਹਰ ਕਰਦਿਆਂ ਕਿਹਾ |
'ਮੈਡਮ ਜੀ ਫੈਕਟਰੀ ਵਾਲਿਆਂ ਨੇ ਤਾਂ ਕੰਮ ਤੋਂ ਜਵਾਬ ਦੇ ਦਿੱਤਾ, ਛੁੱਟੀ ਨਹੀਂ ਸੀ ਮਿਲਦੀ ਉਥੋਂ |' ਦੀਪਕ ਦੀ ਆਵਾਜ਼ ਵਿਚ ਡਾਹਢਾ ਦਰਦ ਸੀ | ਪੁੂਰੀ ਕਲਾਸ ਵਿਚ ਚੁੱਪ ਪਸਰ ਗਈ | ਮੈਡਮ ਸੁਮਨ ਦੇ ਚਿਹਰੇ 'ਤੇ ਚਿੰਤਾ ਸਾਫ ਦਿੱਖ ਰਹੀ ਸੀ | ਦੀਪਕ ਦੇ ਮੋਢਿਆਂ 'ਤੇ ਹੱਥ ਰੱਖਦਿਆਂ ਉਨ੍ਹਾਂ ਕਿਹਾ, 'ਫਿਕਰ ਨਾ ਕਰ ਮੇਰੇ ਬੱਚੇ ਅਸੀਂ ਸਾਰੇ ਤੇਰੇ ਨਾਲ ਹਾਂ, ਦੱਖ ਵੇਲੇ ਦੂਸਰੇ ਦੀ ਮਦਦ ਕਰਨਾ ਇਨਸਾਨ ਦਾ ਮੁਢਲਾ ਫਰਜ਼ ਏ, ਆਹ ਲੈ ਕੁਝ ਰੁਪਏ ਰੱਖ ਲੈ ਤੇਰੇ ਮਾਤਾ ਜੀ ਦੀ ਦਵਾਈ ਬੂਟੀ ਲੈਣ ਦੇ ਕੰਮ ਆਉਣਗੇ, ਨਾਲੇ ਆਹ ਮੇਰਾ ਫੋਨ ਨੰਬਰ ਏ, ਜੇਕਰ ਤੇਰੇ ਮਾਤਾ ਜੀ ਨੂੰ ਉਸ ਦਵਾਈ ਨਾਲ ਮੋੜ ਨਾ ਪਿਆ ਤਾਂ ਆਪਾਂ ਵੱਡੇ ਹਸਪਤਾਲ ਚੈੱਕ ਕਰਵਾ ਲਵਾਂਗੇ ਉਨ੍ਹਾਂ ਨੂੰ ਤੂੰ ਬਸ ਮੈਨੂੰ ਇਕ ਫੋਨ ਕਰ ਦੇਵੀਂ ਬੇਟਾ | ਨਾਲੇ ਹਾਂ ਆਪਣੇ ਮਾਤਾ ਜੀ ਦੀ ਖੁਰਾਕ ਦਾ ਪੂਰਾ ਧਿਆਨ ਰੱਖੀਂ |' ਦੀਪਕ ਜੋ ਕਿਸੇ ਅਣਹੋਣੀ ਦੇ ਡਰੋਂ ਬੁਰੀ ਤਰਾਂ ਘਬਰਾਇਆ ਹੋਇਆ ਸੀ, ਆਪਣੇ ਮੈਡਮ ਦੇ ਸ਼ਬਦਾਂ ਨਾਲ ਕੁਝ ਹੌਸਲੇ ਵਿਚ ਹੋ ਗਿਆ ਸੀ | ਕਲਾਸ ਦੇ ਕੁਝ ਸ਼ਰਾਰਤੀ ਬੱਚੇ ਜੋ ਪਹਿਲਾਂ ਆਪਸ ਵਿਚ ਘੁਸਰ ਮੁਸਰ ਕਰ ਰਹੇ ਸਨ ਹੁਣ ਚੁੱਪ ਸਨ ਜਿਵੇਂ ਉਹ ਵੀ ਦੀਪਕ ਦੇ ਦਰਦ ਨੂੰ ਧੁਰ ਅੰਦਰ ਤੱਕ ਮਹਿਸੂਸ ਕਰ ਰਹੇ ਸਨ | ਬਾਕੀ ਵਿਦਿਆਰਥੀਆਂ ਦੀ ਬੋਰਡ ਫੀਸ ਅਤੇ ਵੇਰਵੇ ਚੈੱਕ ਕਰਵਾ ਕੇ ਘੰਟੀ ਹੋਣ ਉਪਰੰਤ ਮੈਡਮ ਸੁਮਨ ਨੇ ਕਿਹਾ 'ਪਿਆਰੇ ਬੱਚਿਓ ਮੈਨੂੰ ਅਫਸੋਸ ਹੈ ਕਿ ਅੱਜ ਆਪਾਂ ਰੁਝੇਵੇਂ ਕਾਰਨ ਕੁਝ ਨਵਾਂ ਨਹੀਂ ਸਿੱਖ ਸਕੇ | ਤੁਸੀਂ ਕੱਲ੍ਹ ਵਾਲਾ ਟਾਪਿਕ ਹੀ ਚੰਗੀ ਤਰ੍ਹਾਂ ਰਿਵਾਈਜ਼ ਕਰ ਲੈਣਾ | ਆਪਾਂ ਕੱਲ੍ਹ ਨੂੰ ਉਸ ਦਾ ਜ਼ਬਾਨੀ ਟੈਸਟ ਲਵਾਂਗੇ |' ਸਾਰੇ ਬੱਚੇ ਇੱਕੋ ਲੈਅ ਵਿਚ ਬੋਲੇ 'ਜੀ ਮੈਡਮ ਜੀ, ਨਾਲੇ ਮੈਡਮ ਜੀ ਅਸੀਂ ਇਕ ਗੱਲ ਕਹਿਣੀ ਸੀ ਜੀ' ਕਈ ਅਵਾਜ਼ਾਂ ਇਕੱਠੀਆਂ ਹੀ ਆਈਆਂ | 'ਹਾਂ ਦੱਸੋ ਜਲਦੀ ਕੀ ਕਹਿਣੈ ਤੁਸੀਂ, ਮੇਰੀ ਅਗਲੀ ਘੰਟੀ ਅੱਠਵੀਂ ਵਿਚ ਏ |' ਆਪਣਾ ਸਾਮਾਨ ਸਮੇਟਦਿਆਂ ਮੈਡਮ ਨੇ ਕਿਹਾ | 'ਮੈਡਮ ਜੀ ਅੱਜ ਤਾਂ ਤੁਸੀਂ ਸਾਨੂੰ ਜ਼ਿੰਦਗੀ ਦਾ ਅਸਲੀ ਪਾਠ ਪੜ੍ਹਾ ਦਿੱਤਾ, ਅਸੀਂ ਚੰਗੀ ਤਰ੍ਹਾਂ ਸਮਝ ਗਏ ਹਾਂ ਕਿ ਕਿਸੇ ਦੇ ਦੁੱਖ ਵਿਚ ਕੰਮ ਆਉਣਾ, ਕਿਸੇ ਦਾ ਦਰਦ ਵੰਡਾਉਣਾ ਹੀ ਸਿੱਖਿਆ ਦਾ ਅਸਲ ਮਨੋਰਥ ਹੈ ਸੋ ਅਸੀਂ ਸਾਰੀ ਕਲਾਸ ਨੇ ਫੈਸਲਾ ਕੀਤੈ ਕਿ ਅਸੀਂ ਵੀ ਦੁੱਖ ਦੀ ਘੜੀ ਵਿਚ ਦੀਪਕ ਦਾ ਸਾਥ ਦੇਵਾਂਗੇ | ਅਸੀਂ ਤਾਂ ਬੈਠੇ ਬੈਠਿਆਂ ਨੇ ਆਪਣੀ ਜੇਬ ਖਰਚੀ 'ਚੋਂ ਪੈਸੇ ਵੀ ਇੱਕਠੇ ਕਰ ਲਏ ਨੇ ਤੇ ਹਰ ਰੋਜ਼ ਦੀਪਕ ਦੇ ਘਰ ਜਾ ਕੇ ਉਸ ਦੇ ਮਾਤਾ ਜੀ ਲਈ ਫਲ-ਫਰੂਟ ਤੇ ਦੁੱਧ ਆਦਿ ਦੇ ਕੇ ਆਉਣ ਦੀਆਂ ਡਿਊਟੀਆਂ ਵੀ ਵੰਡ ਲਈਆਂ ਹਨ |' ਕਈ ਬੱਚਿਆਂ ਦੀਆਂ ਆਵਾਜ਼ਾਂ ਆਈਆਂ |'
'ਸ਼ਾਬਾਸ਼ ਮੇਰੇ ਬੱਚਿਓ ਮੈਨੂੰ ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਮੇਰੇ ਵਿਦਿਆਰਥੀ ਹੋ | ਮੈਨੂੰ ਤੁਹਾਡੇ ਇਸ ਫੈਸਲੇ 'ਤੇ ਬੇਹੱਦ ਖੁਸ਼ੀ ਹੈ ਅਤੇ ਇਸ ਗੱਲ ਦੀ ਪੂਰਨ ਤਸੱਲੀ ਵੀ ਕਿ ਤੁਸੀਂ ਸਾਰੇ ਇਨਸਾਨੀਅਤ ਦਾ ਮੁਜੱਸਮਾ ਬਣ ਕੇ ਏਕਤਾ ਤੇ ਆਪਸੀ ਭਾਈਚਾਰੇ ਦਾ ਸਬੂਤ ਦਿੰਦੇ ਚੰਗੇ ਨਾਗਰਿਕ ਬਣੋਗੇ, ਜਿਉਂਦੇ ਰਹੋ ਪੁੱਤਰੋ |' ਮੈਡਮ ਸੁਮਨ ਇਕ ਸਵੈਮਾਣ ਨਾਲ ਜਮਾਤ 'ਚੋਂ ਬਾਹਰ ਜਾ ਰਹੀ ਸੀ | ਜਿਵੇਂ ਉਸ ਦਾ ਅਧਿਆਪਕ ਹੋਣਾ ਕਈ ਸਾਲਾਂ ਬਾਅਦ ਅੱਜ ਸਾਰਥਕ ਹੋਇਆ ਹੋਵੇ |

-ਸਾਇੰਸ ਮਿਸਟ੍ਰੈੱਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਿ੍ਪੜੀ, ਪਟਿਆਲਾ |

ਮਿਹਰਬਾਨ ਦੀ ਮਿਹਰ

ਸ੍ਰੀਮਾਨ ਲਾਲ ਮੇਰੇ ਜਿਗਰੀ ਦੋਸਤ ਹਨ | ਉਹ ਡਾਕਟਰ ਹਨ ਤੇ ਆਪਣਾ ਕਲੀਨਿਕ ਚਲਾਉਂਦੇ ਹਨ | ਮੈਂ ਸਰਕਾਰੀ ਮੁਲਾਜ਼ਮ ਹਾਂ | ਇਸ ਭੀੜ-ਭੜੱਕੇ ਅਤੇ ਤਣਾਅਪੂਰਨ ਜ਼ਿੰਦਗੀ ਤੋਂ ਹਟ ਕੇ, ਕੁਝ ਸੁੱਖ ਦਾ ਸਾਹ ਲੈਣ ਲਈ, ਅਸੀਂ ਦੋਵੇਂ ਪਹਾੜੀ ਖੇਤਰ ਦੇ ਸੈਰ ਸਪਾਟੇ ਅਤੇ ਕੁਦਰਤ ਦੇ ਰਮਣੀਕ ਨਜ਼ਾਰਿਆਂ ਦਾ ਆਨੰਦ ਮਾਨਣ ਲਈ ਚੱਲ ਪਏ | ਅਸੀਂ ਇਕ ਹੋਟਲ ਵਿਚ ਠਹਿਰੇ ਹੋਏ ਸੀ | ਸਾਨੂੰ ਪਤਾ ਲੱਗਿਆ ਕਿ ਉਥੋਂ ਲਗਪਗ 12 ਕਿਲੋਮੀਟਰ ਦੀ ਦੂਰੀ 'ਤੇ ਇਕ ਤੀਰਥ ਅਸਥਾਨ ਹੈ | ਇਹ ਵੀ ਦੱਸਿਆ ਗਿਆ ਕਿ ਉਥੇ ਪਹੁੰਚਣ ਲਈ ਚੜ੍ਹਾਈ ਸਿੱਧੀ ਹੈ | ਅਸੀਂ ਹੌਸਲਾ ਕਰ ਲਿਆ ਤੇ ਚੱਲ ਪਏ | ਅਜੇ ਅੱਧ ਤੱਕ ਹੀ ਪਹੁੰਚੇ ਸੀ ਕਿ ਸਰੀਰਕ ਅਤੇ ਮਾਨਸਿਕ ਊਰਜਾ ਵੀ ਜਵਾਬ ਦੇ ਗਈ | ਅਸੀਂ ਇਕ ਤਲਾਅ ਕੋਲ ਖੜ੍ਹੇ ਹੋ ਗਏ | ਨਾਲ ਹੀ ਦਰੱਖਤਾਂ ਦਾ ਇਕ ਝੰੁਡ ਸੀ | ਅਸੀਂ ਦਰੱਖਤਾਂ ਹੇਠਾਂ ਚਾਦਰ ਵਿਛਾਈ ਅਤੇ ਉਥੇ ਹੀ ਢੇਰੀ ਹੋ ਗਏ | 10-15 ਮਿੰਟ ਆਲੇ-ਦੁਆਲੇ ਦੇ ਸੰੁਦਰ ਨਜ਼ਾਰੇ ਦਾ ਆਨੰਦ ਮਾਣਿਆ, ਠੰਢੀ ਹਵਾ ਦੇ ਝੌਾਕੇ ਮਸਤ, ਅਲਮਸਤ ਕਰ ਰਹੇ ਸੀ | ਡਾਕਟਰ ਸਾਹਿਬ ਨੀਂਦ ਦੀ ਗੋਦ ਵਿਚ ਜਾ ਬੈਠੇ | ਮੈਨੂੰ ਹਰ ਖੇਤਰ ਦੀ ਬਨਸਪਤੀ ਵਿਚ ਬਹੁਤ ਰੁਚੀ ਹੈ | ਇਕ ਪਗਡੰਡੀ ਅੰਦਰ ਨੂੰ ਜਾਂਦੀ ਸੀ | ਮੈਂ ਉਸ 'ਤੇ ਚੱਲ ਪਿਆ | ਇਕ ਬਜ਼ੁਰਗ ਮਿਲ ਪਏ | ਮੈਂ ਉਨ੍ਹਾਂ ਨੂੰ ਵਿਸ਼ੇਸ਼ ਪੌਦਿਆਂ ਬਾਰੇ ਜਾਣਕਾਰੀ ਦੇਣ ਲਈ ਬੇਨਤੀ ਕੀਤੀ | ਉਨ੍ਹਾਂ ਨੇ ਮੈਨੂੰ ਵਿਸ਼ੇਸ਼ ਜੜ੍ਹੀਆਂ-ਬੂਟੀਆਂ ਬਾਰੇ ਕਾਫੀ ਕੁਝ ਦੱਸਿਆ | ਕੁਝ ਦੇਰ ਲੱਗ ਗਈ | ਹਾਲੇ ਮੈਂ ਦੂਰ ਹੀ ਸੀ ਕਿ ਡਾਕਟਰ ਸਾਹਬ ਦੀ ਬੰਸਰੀ ਦੀ ਧੁਨ ਮੇਰੇ ਕੰਨਾਂ ਵਿਚ ਪਈ | ਡਾਕਟਰ ਸਾਹਬ ਨੂੰ ਬੰਸਰੀ ਵਜਾਉਣ ਦਾ ਬਚਪਨ ਤੋਂ ਹੀ ਸ਼ੌਕ ਹੈ | ਉਨ੍ਹਾਂ ਨੂੰ ਇਸ ਸਾਜ਼ 'ਤੇ ਵਿਸ਼ੇਸ਼ ਮੁਹਾਰਤ ਹਾਸਲ ਹੈ | ਜਦੋਂ ਉਹ ਬੰਸਰੀ ਵਜਾਉਂਦੇ ਹਨ ਤਾਂ ਆਪਣਾ-ਆਪ ਭੁੱਲ ਕੇ ਕਿਸੇ ਹੋਰ ਦੁਨੀਆ ਵਿਚ ਚਲੇ ਜਾਂਦੇ ਹਨ | ਜਿਥੇ ਉਹ ਮਸਤੀ ਵਿਚ ਡੁੱਬ ਜਾਂਦੇ ਹਨ | ਲੋਕ ਆਪਮੁਹਾਰੇ ਖਿੱਚੇ ਚਲੇ ਆਉਂਦੇ ਹਨ ਅਤੇ ਮੰਤਰ-ਮੁਗਧ ਹੋ ਜਾਂਦੇ ਹਨ | ਜਦੋਂ ਮੈਂ ਉਥੇ ਪੁੱਜਿਆ ਤਾਂ ਮੈਂ ਦੇਖਿਆ ਕਿ ਡਾਕਟਰ ਸਾਹਬ ਅਤੇ ਨਾ ਹੀ ਲੋਕਾਂ ਨੂੰ ਕੋਈ ਸੁੱਧ-ਬੁੱਧ ਸੀ | ਡਾਕਟਰ ਸਾਹਬ ਦੇ ਸਾਹਮਣੇ ਨੋਟ ਹੀ ਨੋਟ ਸਨ | ਕੁਝ ਸਮੇਂ ਬਾਅਦ ਧੁਨ ਬੰਦ ਹੋ ਗਈ | ਡਾਕਟਰ ਸਾਹਬ ਨੇ ਅੱਖਾਂ ਖੋਲ੍ਹੀਆਂ ਲੋਕਾਂ ਦੀਆਂ ਤਾਲੀਆਂ ਨਾਲ ਆਲਾ-ਦੁਆਲਾ ਗੰੂਜ ਉਠਿਆ | ਹੌਲੀ-ਹੌਲੀ ਲੋਕ ਚਲੇ ਗਏ | ਡਾਕਟਰ ਸਾਹਬ ਨੇ ਮੈਨੂੰ ਨੋਟ ਇਕੱਠੇ ਕਰਨ ਲਈ ਆਖਿਆ | ਮੈਂ ਨੋਟਾਂ ਨੂੰ ਇਕੱਠੇ ਕੀਤਾ ਤੇ ਗਿਣਿਆ ਇਹ ਲਗਪਗ 700 ਰੁਪਏ ਸਨ | ਮੈਂ ਇਨ੍ਹਾਂ ਨੂੰ ਇਕ ਰੁਮਾਲ ਵਿਚ ਬੰਨ੍ਹ ਕੇ ਡਾ: ਸਾਹਬ ਦੇ ਬੈਗ ਵਿਚ ਰੱਖ ਦਿੱਤਾ, ਚਾਹ ਦੀ ਬਹੁਤ ਜ਼ਬਰਦਸਤ ਤਲਬ ਲੱਗ ਗਈ | ਅਸੀਂ ਚੱਲ ਪਏ | ਕੁਝ ਹੀ ਮੀਟਰ ਚੱਲੇ ਹੋਵਾਂਗੇ ਕਿ ਇਕ ਛੰਨ ਨਜ਼ਰ ਆਈ | ਇਕ ਟੁੱਟੇ ਹੋਏ ਤਖ਼ਤਪੋਸ਼ 'ਤੇ ਚਾਹ ਬਣਾਉਣ ਦਾ ਸਮਾਨ ਸੀ | ਤੀਹ-ਪੈਂਤੀ ਸਾਲ ਦੀ ਇਕ ਔਰਤ ਤਖ਼ਤਪੋਸ਼ 'ਤੇ ਬੈਠੀ ਸੀ | ਉਹ ਇਕ ਫਟੇ ਹੋਏ ਕੱਪੜੇ ਨੂੰ ਸੂਈ ਨਾਲ ਤੋਪੇ ਲਾ ਰਹੀ ਸੀ | ਡਾਕਟਰ ਸਾਹਬ ਨੇ ਆਖਿਆ, 'ਚਾਹ ਮਿਲ ਜਾਵੇਗੀ?' ਉੱਤਰ 'ਹਾਂ' ਵਿਚ ਮਿਲਿਆ | ਅਸੀਂ ਦੋ ਕੱਪ ਚਾਹ ਬਣਾਉਣ ਲਈ ਆਖਿਆ | ਚਾਹ ਬਣ ਗਈ | ਅਸੀਂ ਚਾਹ ਪੀ ਰਹੇ ਸੀ ਕਿ 6-7 ਸਾਲ ਦਾ ਇਕ ਬੱਚਾ, ਸਾਡੇ ਕੋਲ ਆ ਕੇ ਖੜ੍ਹਾ ਹੋ ਗਿਆ | ਮੈਂ ਉਸ ਨੂੰ ਇਕ ਪੈਕਟ ਬਿਸਕੁਟ ਦਿੱਤਾ | ਮੈਂ ਉਸ ਔਰਤ ਨੂੰ ਪੁੱਛਿਆ ਕਿ ਇਹ ਬੱਚਾ ਕੌਣ ਹੈ? ਉਸ ਨੇ ਜਵਾਬ ਦਿੱਤਾ, 'ਇਹ ਮੇਰਾ ਹੀਰਾ ਹੈ | ਮੇਰੀ ਸੰਪਤੀ ਹੈ | ਮੇਰਾ ਸਭ ਕੁਝ ਇਹ ਹੈ |' ਡਾਕਟਰ ਸਾਹਬ ਨੇ ਪੁੱਛਿਆ ਕਿ ਇਸ ਦਾ ਪਿਤਾ ਕੀ ਕੰਮ ਕਰਦਾ ਹੈ? ਉਸ ਦੀਆਂ ਅੱਖਾਂ ਸੇਜਲ ਹੋ ਗਈਆਂ | ਉਸ ਨੇ ਦੱਸਿਆ ਕਿ ਉਹ ਇਸ ਸੰਸਾਰ ਵਿਚ ਨਹੀਂ ਹੈ ਅਤੇ ਨਾ ਹੀ ਉਸ ਦੇ ਪੇਕੇ ਪਰਿਵਾਰ ਵਿਚੋਂ ਕੋਈ ਹੈ | ਡਾਕਟਰ ਸਾਹਬ ਨੇ ਉਸ ਤੋਂ ਪੁੱਛਿਆ ਕਿ ਸਿਲਾਈ ਜਾਣਦੇ ਹੋ? ਉਸ ਨੇ ਉੱਤਰ ਦਿੱਤਾ, 'ਥੋੜ੍ਹੀ-ਬਹੁਤ' | ਡਾਕਟਰ ਸਾਹਬ ਨੇ ਬੈਗ ਵਿਚੋਂ ਰੁਮਾਲ ਵਿਚ ਬੰਨ੍ਹੇ ਉਹ ਪੈਸੇ ਕੱਢੇ ਜਿਹੜੇ ਲੋਕਾਂ ਨੇ ਬੰਸਰੀ ਦੀ ਧੁਨ 'ਤੇ ਖੁਸ਼ ਹੋ ਕੇ ਦਿੱਤੇ ਸਨ | ਕੁਝ ਪੈਸੇ ਉਨ੍ਹਾਂ ਵਿਚ ਹੋਰ ਪਾ ਕੇ ਉਸ ਔਰਤ ਨੂੰ ਦੇ ਕੇ ਆਖਿਆ, 'ਸਿਲਾਈ ਸਿੱਖ ਕੇ, ਸਿਲਾਈ ਮਸ਼ੀਨ ਲੈ ਕੇ ਖੂਬ ਮਿਹਨਤ ਕਰਕੇ ਕਮਾਈ ਕਰਨਾ ਅਤੇ ਆਪਣੇ ਹੀਰੇ ਪੁੱਤਰ ਨੂੰ ਉਚੇਰੀ ਸਿੱਖਿਆ ਦਿਵਾਉਣਾ |' ਫਿਰ ਅਸੀਂ ਅੱਗੇ ਚੱਲ ਪਏ |
25-26 ਸਾਲ ਬਾਅਦ ਅਸੀਂ ਫਿਰ ਪਹਾੜ ਵੱਲ ਗਏ | ਉਸੇ ਤੀਰਥ ਸਥਾਨ 'ਤੇ ਵੀ ਜਾਣ ਦਾ ਫ਼ੈਸਲਾ ਕੀਤਾ | 25-26 ਸਾਲ ਪਹਿਲਾਂ ਚਾਹ ਵਾਲੀ ਦੁਕਾਨ ਭੁੱਲ ਚੁੱਕੀ ਸੀ | ਸਾਰਾ ਖੇਤਰ ਬਿਲਕੁਲ ਬਦਲ ਚੁੱਕਾ ਸੀ | ਪਰ ਜਦੋਂ ਅਸੀਂ ਤਲਾਅ ਦੇ ਨੇੜੇ ਆਏ ਤਾਂ ਸਾਨੂੰ ਸਾਰੀ ਘਟਨਾ ਯਾਦ ਆ ਗਈ | ਅਸੀਂ ਅਨੁਮਾਨ ਨਾਲ ਹੀ ਛੰਨ ਵਾਲੀ ਜਗ੍ਹਾ ਦੇ ਸਾਹਮਣੇ ਖੜ੍ਹੇ ਹੋ ਗਏ | ਸਾਹਮਣੇ ਇਕ ਭਵਨ ਸੀ, ਜਿਸ 'ਤੇ ਇਕ ਬੋਰਡ ਲੱਗਿਆ ਹੋਇਆ ਸੀ, ਜਿਸ 'ਤੇ ਲਿਖਿਆ ਹੋਇਆ ਸੀ, 'ਰਚਨਾ ਸਿਲਾਈ ਅਤੇ ਕਢਾਈ ਕੇਂਦਰ |' ਇਸ ਦੇ ਦਰਵਾਜ਼ੇ ਦੇ ਬਾਹਰ ਇਕ ਔਰਤ ਸਟੂਲ 'ਤੇ ਬੈਠੀ ਸੀ | ਅਸੀਂ ਉਸ ਨੂੰ ਛੰਨ ਬਾਬਤ ਪੁੱਛਿਆ | ਪਰ ਉਸ ਨੂੰ ਛੰਨ ਦੀ ਕੋਈ ਜਾਣਕਾਰੀ ਨਹੀਂ ਸੀ | ਅਸੀਂ ਉਸ ਨੂੰ ਆਖਿਆ ਕਿ ਅਸੀਂ ਮੈਡਮ ਨੂੰ ਮਿਲਣਾ ਚਾਹੁੰਦੇ ਹਾਂ, ਜਿਹੜੀ ਇਸ ਸਕੂਲ ਨੂੰ ਚਲਾ ਰਹੀ ਹੈ | ਉਹ ਅੰਦਰ ਗਈ ਅਤੇ ਪੁੱਛ ਕੇ ਆਈ | ਫਿਰ ਸਾਨੂੰ ਨਾਲ ਲੈ ਕੇ ਰਚਨਾ ਮੈਡਮ ਕੋਲ ਲੈ ਗਈ | ਉਸ ਨੇ ਖੜ੍ਹੇ ਹੋ ਕੇ ਸਾਡਾ ਸਵਾਗਤ ਕੀਤਾ | ਫਿਰ ਕੁਰਸੀਆਂ 'ਤੇ ਬੈਠਣ ਲਈ ਆਖਿਆ | ਪਾਣੀ ਪਿਲਾਇਆ ਗਿਆ |
ਫਿਰ ਚਾਹ ਆ ਗਈ | ਅਸੀਂ ਉਸ ਨੂੰ ਪਛਾਣ ਨਹੀਂ ਸਕੇ ਅਤੇ ਉਹ ਵੀ ਸਾਨੂੰ ਪਛਾਣ ਨਾ ਸਕੀ | ਡਾਕਟਰ ਸਾਹਬ ਨੇ ਚਾਹ ਦੀ ਚੁਸਕੀ ਭਰਦਿਆਂ ਆਖਿਆ ਕਿ ਅੱਜ ਤੋਂ 25-26 ਸਾਲ ਪਹਿਲਾਂ ਅਸੀਂ ਇਥੇ ਨੇੜੇ ਇਕ ਛੰਨ ਵਿਚ ਬੈਠ ਕੇ ਚਾਹ ਪੀਤੀ ਸੀ | ਉਹ ਝੱਟ ਬੋਲੀ ਉਹ ਛੰਨ ਮੇਰੀ ਹੀ ਸੀ ਅਤੇ ਮੈਂ ਹੀ ਉਥੇ ਚਾਹ ਦੀ ਦੁਕਾਨ ਚਲਾਉਂਦੀ ਸੀ | ਉਸ ਦੇ ਚਿਹਰੇ ਦੇ ਹਾਵ-ਭਾਵ ਬਦਲ ਗਏ | ਇਕ ਦੋ ਮਿੰਟ ਕੋਈ ਗੱਲ ਨਹੀਂ ਹੋਈ | ਫਿਰ ਉਹ ਬੋਲੀ ਕਿ ਅੱਜ ਤੋਂ 25 ਸਾਲ ਕਰੀਬ ਪਹਿਲਾਂ ਮਿਹਰਬਾਨ ਨੇ ਮੇਰੇ 'ਤੇ ਮਿਹਰ ਕਰਨ ਲਈ ਦੋ ਫਰਿਸ਼ਤੇ ਆਦਮੀ ਦੇ ਰੂਪ ਵਿਚ ਭੇਜੇ | ਉਹ ਮੈਨੂੰ ਢੇਰ ਸਾਰੇ ਰੁਪਏ, ਦਿਸ਼ਾ ਅਤੇ ਪ੍ਰੇਰਨਾ ਦੇ ਗਏ | ਉਸ ਮਿਹਰ ਦੇ ਸਦਕੇ ਹੀ ਮੇਰੀ ਜ਼ਿੰਦਗੀ ਨੇ ਹਸੀਨ ਕਰਵਟ ਲਈ | ਡਾਕਟਰ ਸਾਹਬ ਨੇ ਪੁੱਛਿਆ ਕਿ ਤੁਹਾਡਾ ਇਕ ਲੜਕਾ ਸੀ, ਉਹ ਅੱਜਕਲ੍ਹ ਕੀ ਕੰਮ ਕਰਦਾ ਹੈ ਅਤੇ ਉਹ ਕਿਥੇ ਹੈ? ਉਸ ਨੇ ਉੱਤਰ ਦਿੱਤਾ ਕਿ ਉਸ ਦਾ ਬੇਟਾ ਜਲੰਧਰ ਦੇ ਇਕ ਨਾਮੀ ਹਸਪਤਾਲ 'ਚੰਦਨ' ਵਿਖੇ ਡਾਕਟਰ ਹੈ | ਡਾਕਟਰ ਸਾਹਬ ਨੇ ਉਸ ਦਾ ਨਾਂਅ ਪੁੱਛਿਆ | ਮੈਡਮ ਨੇ ਉੱਤਰ ਦਿੱਤਾ ਕਿ ਉਸ ਦਾ ਨਾਂਅ ਸੂਰਜ ਹੈ | ਸਾਨੂੰ ਦੋਵਾਂ ਨੂੰ ਡਾਕਟਰ ਸੂਰਜ ਦੀਆਂ ਕਿਰਨਾਂ ਨੇ ਰੌਸ਼ਨਨੁਮਾ ਕਰ ਦਿੱਤਾ | ਡਾਕਟਰ ਸਾਹਬ ਮੈਡਮ ਨੂੰ ਸੰਬੋਧਨ ਕਰਕੇ ਬੋਲੇ, 'ਦੋ ਫਰਿਸ਼ਤੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਫਰਿਸ਼ਤੇ ਨਹੀਂ ਸਨ | ਉਹ ਅਸੀਂ ਦੋਵੇਂ ਸੀ | ਤੇਰਾ ਸੂਰਜ, ਜਿਸ ਹਸਪਤਾਲ ਵਿਚ ਕੰਮ ਕਰਦਾ ਹੈ, ਉਹ ਹਸਪਤਾਲ ਵੀ ਮੇਰਾ ਹੈ, ਤੇਰਾ ਸੂਰਜ ਖੂਬ ਚਮਕ ਰਿਹਾ ਹੈ ਅਤੇ ਚਮਕੇਗਾ | ਪਰ ਇਹ ਸਾਰੀ ਮਿਹਰ, ਮਿਹਰਬਾਨ ਦੀ ਹੀ ਹੈ | ਉਹ ਭਾਵੁਕ ਹੋ ਚੁੱਕੀ ਸੀ | ਉਹ ਹੱਥ ਜੋੜ ਕੇ ਖੜ੍ਹੀ ਹੋ ਗਈ | ਅਸੀਂ ਵੀ ਖੜ੍ਹੇ ਹੋ ਗਏ | ਭਾਵਨਾਵਾਂ ਦਾ ਹੜ੍ਹ, ਉਸ ਤੋਂ ਸ਼ਬਦ ਖੋਹ ਕੇ ਤੇ ਵਹਾ ਕੇ ਲੈ ਗਿਆ | ਉਹ ਬੁੱਤ ਬਣ ਚੁੱਕੀ ਸੀ | ਅਸੀਂ ਵੀ ਭਾਵੁਕ ਹੋ ਗਏ | ਅਸੀਂ ਉਠੇ ਤੇ ਬਾਹਰ ਵੱਲ ਚੱਲ ਪਏ | ਬਾਹਰਲੇ ਦਰਵਾਜ਼ੇ 'ਤੇ ਆ ਕੇ ਅਸੀਂ ਫੇਰ ਪਿੱਛੇ ਮੁੜ ਕੇ ਦੇਖਿਆ | ਉਹ ਹਾਲੇ ਵੀ ਹੱਥ ਜੋੜ ਕੇ ਖੜ੍ਹੀ ਸੀ | ਯਕੀਨਨ ਉਸ ਦੀ ਚੁੱਪੀ ਵੀ ਮਿਹਰਬਾਨ ਦੀ ਮਿਹਰ ਨੂੰ ਬਿਆਨ ਕਰ ਰਹੀ ਸੀ |

-ਸੇਵਾਮੁਕਤ ਲੈਕਚਰਾਰ, ਕਰਤਾਰਪੁਰ, ਜਲੰਧਰ |
ਮੋਬਾਈਲ : 98726-10035.

ਸਿਆਣਪ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜੋ ਲੋਕ ਸੱਚਮੁੱਚ ਹੀ ਬੁੱਧੀਮਾਨ ਹੁੰਦੇ ਹਨ, ਉਹ ਅਸਫ਼ਲਤਾ ਤੋਂ ਨਹੀਂ ਘਬਰਾਉਂਦੇ |
• ਜਦ ਤੱਕ ਮਨੁੱਖ ਅੰਦਰ ਬੁੱਧੀ ਕਾਇਮ ਹੈ, ਉਹ ਮਾਨਤਾਵਾਂ ਨੂੰ ਚੁਣੌਤੀ ਦਿੰਦਾ ਰਹੇਗਾ |
• ਬੁੱਧੀਮਾਨ ਵਿਅਕਤੀ ਕਦੇ ਵੀ ਆਪਣੇ ਵਰਤਮਾਨ ਦੁੱਖਾਂ ਲਈ ਨਹੀਂ ਰੋਂਦਾ, ਬਲਕਿ ਵਰਤਮਾਨ ਵਿਚ ਦੁੱਖਾਂ ਦੇ ਕਾਰਨਾਂ ਨੂੰ ਰੋਕਣ ਲਈ ਯਤਨਸ਼ੀਲ ਰਹਿੰਦਾ ਹੈ |
• ਆਪਣੇ ਅਧਿਕਾਰਾਂ ਦੀ ਵਰਤੋਂ ਲੋਕ ਹਿਤ ਵਿਚ ਅਤੇ ਸਿਆਣਪ ਨਾਲ ਕੀਤੀ ਜਾਣੀ ਚਾਹੀਦੀ ਹੈ |
• ਜੇਕਰ ਬਹੁਤ ਕੁਝ ਗੁਆ ਕੇ ਵੀ ਕੋਈ ਮਨੁੱਖ ਅਖੀਰ ਵਿਚ ਸੰਭਲ ਜਾਂਦਾ ਹੈ ਤਾਂ ਉਹ ਵੀ ਸਿਆਣਾ ਹੀ ਮੰਨਿਆ ਜਾਂਦਾ ਹੈ |
• ਸਮਝਦਾਰ ਮਨੁੱਖ ਨਾ ਕਿਸੇ ਦੀ ਬੁਰਾਈ ਸੁਣਦਾ ਹੈ, ਨਾ ਕਿਸੇ ਦੀ ਬੁਰਾਈ ਕਰਦਾ ਹੈ |
• ਉਹ ਮਨੁੱਖ ਅਸਲ ਵਿਚ ਬੁੱਧੀਮਾਨ ਹੈ, ਜੋ ਕ੍ਰੋਧ ਅਵਸਥਾ ਵਿਚ ਵੀ ਗ਼ਲਤ ਗੱਲ ਮੰੂਹ ਤੋਂ ਨਹੀਂ ਕੱਢਦਾ |
• ਜਿੰਨਾ ਇਕ ਮੂਰਖ ਕਿਸੇ ਸਿਆਣਪ ਭਰੇ ਜਵਾਬ ਤੋਂ ਨਹੀਂ ਸਿਖ ਸਕਦਾ, ਉਸ ਤੋਂ ਜ਼ਿਆਦਾ ਇਕ ਸਿਆਣਾ ਇਕ ਮੂਰਖਤਾ ਭਰੇ ਸਵਾਲ ਤੋਂ ਸਿਖ ਸਕਦਾ ਹੈ |
• ਕਿਸੇ ਸਿਆਣੇ ਨਾਲ ਬੈਠ ਕੇ ਕੀਤੀ ਆਮ ਗੱਲਬਾਤ ਵੀ ਇਕ ਮਹੀਨਾ ਲਗਾ ਕੇ ਪੜ੍ਹੀਆਂ ਪੁਸਤਕਾਂ ਤੋਂ ਵੱਧ ਕੀਮਤੀ ਹੁੰਦੀ ਹੈ |
• ਬਿਪਤਾ ਤੇ ਕਸ਼ਟ ਵਿਚ ਵੀ ਸਿਆਣੇ ਵਿਅਕਤੀ ਉਤਸ਼ਾਹ ਨਹੀਂ ਛੱਡਦੇ |
• ਸਭ ਤੋਂ ਜ਼ਿਆਦਾ ਸਮਝਦਾਰ ਉਹ ਹੈ ਜੋ ਕਮੀਆਂ ਨੂੰ ਜਾਣ ਕੇ ਉਨ੍ਹਾਂ ਵਿਚ ਸੁਧਾਰ ਕਰਦਾ ਹੈ |
• ਬੁੱਧੀਮਾਨ ਵਿਅਕਤੀ ਬੋਲਣ ਤੋਂ ਪਹਿਲਾਂ ਸੋਚਦੇ ਹਨ, ਜਦੋਂ ਕਿ ਹੋਰ ਬੋਲਣ ਤੋਂ ਬਾਅਦ |
• ਮੂਰਖ ਦੇ ਲਈ ਕ੍ਰੋਧ ਜ਼ੋਰ-ਸ਼ੋਰ ਨਾਲ ਪ੍ਰਗਟ ਕਰਨ ਵਾਲੀ ਚੀਜ਼ ਹੈ, ਜਦੋਂ ਕਿ ਬੁੱਧੀਮਾਨ ਦੇ ਲਈ ਸ਼ਾਂਤੀ ਨਾਲ ਵਸ ਵਿਚ ਕਰਨ ਦੀ |
• ਕਿਸੇ ਨੂੰ ਨਸੀਹਤ ਦੇਣੀ ਸਜਦੀ ਹੀ ਸਿਆਣੇ ਮੰੂਹੋਂ ਹੈ |
• ਸਮਝਦਾਰ ਵਿਅਕਤੀ ਆਪਣਾ ਹਰ ਤਰ੍ਹਾਂ ਦਾ ਧਨ ਸੰਭਾਲ ਕੇ ਰੱਖਦਾ ਹੈ |
• ਸਿਆਣੇ ਵਿਅਕਤੀ ਉਸ ਵੇਲੇ ਸਿਖਦੇ ਹਨ ਜਦੋਂ ਉਹ ਅਜਿਹਾ ਕਰ ਸਕਦੇ ਹਨ ਪਰ ਬੇਵਕੂਫ਼ ਵਿਅਕਤੀ ਉਸ ਵੇਲੇ ਸਿਖਦੇ ਹਨ, ਜਦੋਂ ਉਨ੍ਹਾਂ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ |
• ਸਬਰ, ਸਮਝ ਤੇ ਉੱਦਮ ਹੀ ਮਨੁੱਖ ਦੇ ਸੱਚੇ ਮਿੱਤਰ ਹਨ |
• ਬੰਦੇ ਦੀ ਸਿਆਣਪ ਅਤੇ ਔਰਤ ਦਾ ਸਬਰ ਮਿਲ ਕੇ ਘਰ 'ਚ ਸੁੱਖ, ਸ਼ਾਂਤੀ ਤੇ ਖੁਸ਼ੀ ਪੈਦਾ ਕਰਦੇ ਹਨ |
• ਜੀਵਨ ਫੁੱਲਾਂ ਦੀ ਸੇਜ ਨਹੀਂ | ਸਿਆਣਪ ਤੇ ਸੰਜਮ ਨਾਲ ਹੀ ਮੁਸੀਬਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ | ਅੱਜ ਦੇ ਭਾਜੜ ਵਾਲੇ ਯੁੱਗ ਵਿਚ ਮੁਸੀਬਤਾਂ ਆਉਂਦੀਆਂ ਹੀ ਰਹਿੰਦੀਆਂ ਹਨ | ਇਸ ਲਈ ਸਿਆਣੇ ਲੋਕ ਕੰਮ ਕਰਨ ਤੋਂ ਪਹਿਲਾਂ ਦਸ ਵਾਰ ਸੋਚਦੇ ਹਨ | ਸਿਆਣੇ ਲੋਕ ਆਪਣੇ-ਆਪ ਨੂੰ ਜ਼ਬਤ ਅਤੇ ਸੰਜਮ ਵਿਚ ਰੱਖਦੇ ਹਨ |
• ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਅਤੇ ਭੀੜਾਂ ਕਦੇ ਸਿਆਣੀਆਂ ਨਹੀਂ ਹੁੰਦੀਆਂ |
• ਇਕ ਚੰਗਾ ਦਿਮਾਗ ਤੇ ਇਕ ਚੰਗਾ ਦਿਲ ਸ਼ੁਰੂ ਤੋਂ ਹੀ ਅਜੇਤੂ ਜੋੜੀ ਰਹੇ ਹਨ |
• ਜੇ ਤੁਸੀਂ ਸਿਆਣਪ ਨਾਲ ਕੋਈ ਹੁਕਮ ਦਿਓ ਤਾਂ ਲੋਕ ਖ਼ੁਸ਼ੀ ਨਾਲ ਉਸ ਦੀ ਪਾਲਣਾ ਕਰਦੇ ਹਨ |
• ਸੂਝਵਾਨ ਵਿਅਕਤੀ ਆਪਣੇ ਮਨ ਦਾ ਮਾਲਕ ਤੇ ਮੂਰਖ ਗੁਲਾਮ ਹੁੰਦਾ ਹੈ |
• ਬੁੱਧੀਮਾਨ ਵਿਅਕਤੀ ਸਾਰਸ ਵਾਂਗ ਆਪਣੀਆਂ ਇੰਦਰੀਆਂ 'ਤੇ ਕਾਬੂ ਰੱਖਦਾ ਹੈ |
• ਬੋਲਣਾ ਸਾਨੂੰ ਕੁਦਰਤ ਸਿਖਾਉਂਦੀ ਹੈ ਪਰ ਚੁੱਪ ਰਹਿਣਾ ਅਕਲ ਨਾਲ ਆਉਂਦਾ ਹੈ |
• ਕਸ਼ਟ ਤੇ ਦੁੱਖ ਮਨੁੱਖ ਨੂੰ ਸੋਚਣ ਲਾਉਂਦਾ ਹੈ | ਸੋਚ ਮਨੁੱਖ ਨੂੰ ਸਿਆਣਾ ਬਣਾਉਂਦੀ ਹੈ ਤੇ ਸਿਆਣਪ ਜ਼ਿੰਦਗੀ ਨੂੰ ਸੁਖਾਵਾਂ ਬਣਾਉਂਦੀ ਹੈ |
• ਔਰਤਾਂ ਮਰਦਾਂ ਨਾਲੋਂ ਸਿਆਣੀਆਂ ਹਨ ਕਿਉਂਕਿ ਉਨ੍ਹਾਂ ਦੀ ਜਾਣਕਾਰੀ ਭਾਵੇਂ ਘੱਟ ਹੁੰਦੀ ਹੈ ਪਰ ਉਨ੍ਹਾਂ ਵਿਚ ਸਮਝਦਾਰੀ ਜ਼ਿਆਦਾ ਹੁੰਦੀ ਹੈ |
• ਬੀਤ ਚੁੱਕੀ ਗੱਲ ਦਾ ਦੁੱਖ ਨਹੀਂ ਮਨਾਉਣਾ ਚਾਹੀਦਾ | ਭਵਿੱਖ ਬਾਰੇ ਚਿੰਤਾ ਕਰਨੀ ਚਾਹੀਦੀ ਹੈ | ਸਿਆਣੇ ਲੋਕ ਸਮੇਂ ਅਨੁਸਾਰ ਹੀ ਚਲਦੇ ਹਨ |
• ਜੋ ਗੱਲ ਸਾਨੂੰ ਦਰਦ ਪਹੁੰਚਾਉਂਦੀ ਹੈ, ਉਹ ਸਾਨੂੰ ਸਿਖਾਉਂਦੀ ਵੀ ਹੈ, ਇਸ ਗੱਲ ਨੂੰ ਮੁੱਖ ਰੱਖ ਕੇ ਸਮਝਦਾਰ ਲੋਕ ਸਮੱਸਿਆਵਾਂ ਤੋਂ ਡਰਦੇ ਨਹੀਂ ਤੇ ਉਹ ਸਮੱਸਿਆਵਾਂ 'ਚੋਂ ਜਿਊਣ ਦਾ ਰਸਤਾ ਕੱਢ ਲੈਂਦੇ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਕਹਾਣੀ ਦੀ ਦੂਜੀ ਤੇ ਆਖ਼ਰੀ ਕਿਸ਼ਤ ਮਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦੁਲਹੇ ਦੇ ਘੋੜੀ ਚੜ੍ਹਨ ਦੀਆਂ ਤਿਆਰੀਆਂ ਸਨ, ਬੈਂਡ ਵਾਜੇ ਵਾਲੇ ਆ ਚੁੱਕੇ ਸਨ | ਸਾਰੇ ਆਪੋ-ਆਪਣੀਆਂ ਤਿਆਰੀਆਂ 'ਚ ਮਸਤ ਸਨ | ਕਿਸੇ ਦੇ ਡਿੱਗਣ ਦੀ ਆਵਾਜ਼ ਆਈ, ਸ਼ੋਰ ਪੈ ਗਿਆ ਕਿ ਦਾਦੀ ਜੀ ਡਿੱਗ ਪਏ ਨੇ, ਬੇਹੋਸ਼ ਹੋ ਗਏ ਨੇ |
ਬੇਟਾ ਸੁਰਜੀਤ, ਉਹਦੀ ਘਰ ਵਾਲੀ, ਲਾੜਾ ਚੰਨੀ, ਸੁਰਜੀਤ ਦਾ ਮਾਮਾ, ਹੋਰ ਰਿਸ਼ਤੇਦਾਰ ਸਾਰੇ ਦੌੜੇ-ਦੌੜੇ ਆਏ |
ਮਾਂ ਨੂੰ ਚੁੱਕਿਆ, ਮੰਜੇ 'ਤੇ ਪਾਇਆ | 'ਪਰ ਇਹ ਇਥੇ ਸਟੋਰ ਦੇ ਕੋਲ ਕੀ ਕਰਦੀ ਸੀ, ਮਾਂ ਉਠ ਕੇ ਇਧਰ ਕਿਵੇਂ ਆਈ' ਸੁਰਜੀਤ ਨੇ ਘਰ ਵਾਲੀ ਨੂੰ ਪੁੱਛਿਆ | 'ਪਤਾ ਨਹੀਂ ਮੈਂ ਤੇ ਕੋਈ ਅੱਧਾ ਘੰਟਾ ਹੋਇਆ ਚਾਹ ਦਾ ਗਿਲਾਸ ਦੇ ਕੇ ਗਈ ਸਾਂ', ਕਿਰਨ ਨੇ ਕਿਹਾ | 'ਓਏ ਚਾਹ ਦਾ ਗਿਲਾਸ ਤਾਂ ਇਹ ਟੇਬਲ 'ਤੇ ਉਵੇਂ ਦਾ ਉਵੇਂ ਹੀ ਪਿਆ ਹੋਇਐ', ਸਰਜੀਤ ਦਾ ਮਾਮਾ ਬੋਲਿਆ |
'ਫਟਾਫਟ ਕਰੋ ਪਾਣੀ ਪਾਓ, ਇਹ ਤੇ ਬੇਹੋਸ਼ ਹੋ ਗਈ ਏ ਤੇ ਕੋਈ ਡਾਕਟਰ ਬੁਲਾਓ, ਜਲਦੀ' ਇਕ ਹੋਰ ਬਜ਼ੁਰਗ ਰਿਸ਼ਤੇਦਾਰ ਨੇ ਕਿਹਾ |
'ਭਾਈ ਤੁਹਾਡੇ 'ਚੋਂ ਕਿਸੇ ਨੂੰ ਪ੍ਰਵਾਹ ਨਹੀਂ ਸੀ ਕਿ ਮਾਂ ਨੂੰ ਬਰਾਤੇ ਜਾਣ ਵਾਸਤੇ ਤਿਆਰ ਕਰੀਏ, ਸੋ ਵਿਚਾਰੀ ਪੋਤਰੇ ਦੇ ਵਿਆਹ ਦੇ ਚਾਅ 'ਚ ਆਪੇ ਹੀ ਸਟੋਰ 'ਚੋਂ ਜ਼ੋਰ-ਸੱਤ ਨਾ ਹੋਣ ਦੇ ਬਾਵਜੂਦ ਆਪਣੇ ਤਿਆਰ ਹੋਣ ਲਈ ਸੂਟ ਕੱਢਣ ਉਠੀ ਹੋਣੀ ਏ, ਡਿੱਗ ਪਈ', ਸੁਰਜੀਤ ਦੇ ਚਾਚੇ ਨੇ ਕਿਰਨ ਵੱਲ ਦੇਖਦਿਆਂ ਕਟਾਖਸ਼ ਕਰਦਿਆਂ ਕਿਹਾ |
ਇੰਨੇ ਨੂੰ ਚੰਨੀ ਦਾ ਇਕ ਦੋਸਤ ਨਾਲ ਦੀ ਮਾਰਕੀਟ 'ਚੋਂ ਇਕ ਡਾਕਟਰ ਸਾਹਿਬ ਨੂੰ ਬੁਲਾ ਲਿਆਇਆ | ਡਾਕਟਰ ਸਾਹਬ ਨੇ ਚੈੱਕ ਆਪ ਕੀਤਾ, ਦੇਖਿਆ ਬਲੱਡ ਪ੍ਰੈਸ਼ਰ ਇਕਦਮ ਵਧ ਗਿਆ ਸੀ | ਉਨ੍ਹਾਂ ਨੇ ਕੋਈ ਇੰਜੈਕਸ਼ਨ ਦਿੱਤਾ | ਸਾਰੇ ਮਾਹੌਲ 'ਚ ਚੁੱਪੀ ਛਾ ਗਈ ਸੀ | ਸੁਰਜੀਤ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਕੀ ਹੋਵੇਗਾ | 'ਪਰ ਚਾਚਾ ਜੀ, ਇਸ ਹਾਲਤ 'ਚ ਮਾਂ ਨੂੰ ਆਪਣੇ-ਆਪ ਉਠਕੇ ਤਿਆਰ ਹੋਣ ਬਾਰੇ ਸੋਚਣਾ ਕੋਈ ਠੀਕ ਗੱਲ ਨਹੀਂ', ਸੁਰਜੀਤ ਬੋਲਿਆ ਤੇ ਕਹਿੰਦਾ ਚਲਾ ਗਿਆ, 'ਇਹੀ ਤਾਂ ਦਿੱਕਤ ਹੈ, ਮਾਂ ਨੂੰ ਸੰਭਾਲਣ ਦੀ, ਤੁਸੀਂ ਸੋਚ ਨਹੀਂ ਸਕਦੇ ਮੈਂ ਪਿਛਲੇ ਕਈ ਦਿਨਾਂ ਤੋਂ ਕਿੰਨੀ ਟੈਨਸ਼ਨ 'ਚ ਹਾਂ, ਇਸੇ ਡਰ ਕਰਕੇ' ਤੇ ਉਹੀਓ ਹੋਇਐ, ਕੌਣ ਸਮਝਾਵੇ, ਮਾਂ ਨੂੰ ਕੀ ਬਈ ਇਹ ਟਾਈਮ ਖ਼ੁਸ਼ੀ-ਖੁਸ਼ੀ ਲੰਘਣ ਦੇ, ਕਿਉਂ ਜ਼ਬਰਦਸਤੀ ਕਰਦੀ ਐਾ, ਪਰ... |'
ਸੁਰਜੀਤ ਇਹ ਕਹਿ ਹੀ ਰਿਹਾ ਸੀ ਕਿ ਡਾਕਟਰ ਸਾਹਿਬ ਨੇ ਇਸ਼ਾਰਾ ਕਰਕੇ ਚੁੱਪ ਕਰਾਇਆ ਤੇ ਆਹਿਸਤਾ ਜਿਹੇ ਦੱਸਿਆ ਕਿ ਮਾਂ ਜੀ ਖਤਰੇ 'ਚੋਂ ਬਾਹਰ ਹਨ ਕਿਉਂਕਿ ਹੋਸ਼ 'ਚ ਆ ਰਹੇ ਹਨ, ਬਸ ਕੁਝ ਦੇਰ ਸ਼ਾਂਤੀ ਰੱਖੋ ਤੇ ਡਿਸਟਰਬ ਨਾ ਕਰਨ ਦੀ ਸਲਾਹ ਦਿੱਤੀ | ਇਹ ਸਭ ਕੁਝ ਹੁੰਦਿਆਂ ਮਾਮਾ ਜੀ ਦੀ ਨਜ਼ਰ ਬੈੱਡ ਰੂਮ ਦੇ ਨਾਲ ਲੱਗਦੇ ਸਟੋਰ ਵੱਲ ਗਈ ਜਿਸ ਦੇ ਦਰਵਾਜ਼ੇ ਕੋਲ ਉਹਦੀ ਭੈਣ ਡਿੱਗੀ ਸੀ, ਉਹਨੂੰ ਉਥੇ ਇਕ ਛੋਟਾ ਜਿਹਾ ਬਟੂਆ, ਸ਼ਾਮ ਜਿਊਲਰ ਦਾ ਡਿੱਗਾ ਦਿੱਸਿਆ | ਮਾਮਾ ਜੀ ਨੇ ਚੁੱਕਿਆ ਤੇ ਖੋਲ੍ਹ ਕੇ ਦੇਖਿਆ | ਉਸ ਵਿਚ ਇਕ ਡਾਇਮੰਡ ਨੈਕਲਸ ਸੀ ਜਿਹੜਾ 5-6 ਮਹੀਨੇ ਪਹਿਲੇ ਉਹਦੀ ਭੈਣ ਨੇ ਸੁਰਜੀਤ ਨੂੰ ਬਗੈਰ ਦੱਸਿਆਂ ਆਪਣੇ ਭਰਾ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਚੰਨੀ ਦੀ ਵਹੁਟੀ, ਆਪਣੀ ਪੋਤ ਨੂੰ ਹ ਨੂੰ ਮੰੂਹ ਦਿਖਾਈ 'ਚ ਦੇਣ ਲਈ ਬਣਵਾ ਕੇ ਰੱਖਿਆ ਸੀ |
'ਓਏ ਦੇਖ ਤੇਰੀ ਮਾਂ ਸਟੋਰ 'ਚ ਤਿਆਰ ਹੋਣ ਵਾਸਤੇ ਸੂਟ ਕੱਢਣ ਨਹੀਂ ਗਈ ਸੀ, ਉਹ ਤਾਂ ਏਨੀ ਬਿਮਾਰ ਹੋਣ ਦੇ ਬਾਵਜੂਦ ਆਪਣੀ ਨਵੀਂ ਦੁਲਹਨ ਨੂੰ ਮੰੂਹ ਦਿਖਾਈ ਦੇਣ ਲਈ ਇਹ ਨੈਕਲੈਸ ਕੱਢਣ ਗਈ ਸੀ | ਤੁਸੀਂ ਤੇ ਉਹਨੂੰ ਤਿਆਰ ਕਰਕੇ ਨਾਲ ਲਿਜਾਣ ਵਾਸਤੇ ਵੀ ਨਹੀਂ ਸੋਚਿਆ | ਪਰ ਉਹਨੂੰ ਕਿੰਨੀ ਖ਼ੁਸ਼ੀ ਸੀ ਪੋਤੇ ਦੇ ਵਿਆਹ ਦੀ 'ਮਾਮੇ ਨੇ ਜਦੋਂ ਦੱਸਿਆ ਕਿ ਉਹਨੂੰ ਹੀ (ਮਾਮੇ ਨੂੰ ) ਪੈਸੇ ਦੇ ਕੇ 5-6 ਮਹੀਨੇ ਪਹਿਲਾਂ ਉਹਦੀ ਭੈਣ ਨੇ ਇਹ ਡਾਇਮੰਡ ਨੈਕਲੈੱਸ ਬਣਵਾਇਆ ਸੀ, ਸੁਰਜੀਤ ਅਤਿਅੰਤ ਭਾਵੁਕ ਵੀ ਹੋ ਗਿਆ ਤੇ ਸ਼ਰਮਿੰਦਾ ਵੀ |
ਮਾਂ ਦੇ ਚਰਨਾਂ ਵਾਲੇ ਪਾਸੇ ਬੈਠ ਕੇ ਸੁਰਜੀਤ ਮਾਂ ਦੇ ਹੋਸ਼ 'ਚ ਆਉਣ ਦੀ ਇੰਤਜ਼ਾਰ ਕਰ ਰਿਹਾ ਸੀ ਤੇ ਨਾਲੇ ਅਰਦਾਸ ਕਰ ਰਿਹਾ ਸੀ ਤੇ ਖਿਮਾ ਜਾਚਨਾ ਵੀ ਕਰ ਰਿਹਾ ਸੀ, ਆਪਣੀ ਗ਼ਲਤ ਸੋਚ ਅਤੇ ਮਾਂ ਪ੍ਰਤੀ ਮਾੜੇ ਰਵੱਈਏ ਲਈ |
'ਮੇਰੀ ਨੂੰ ਹ ਨੂੰ ਲਿਆਓ, ਮੈਂ ਮੰੂਹ ਦਿਖਾਈ ਦੇਣੀ ਏ', ਹੌਲੀ ਹੌਲੀ ਕੰਬਦੀ ਆਵਾਜ਼ 'ਚ ਮਾਂ ਨੇ ਅੱਖਾਂ ਖੋਲ੍ਹਦਿਆਂ ਜਦੋਂ ਆਹਿਸਤਾ ਜਿਹੇ ਕਿਹਾ, ਸਭ ਦੀ ਜਾਨ 'ਚ ਜਾਨ ਆਈ |
ਸੁਰਜੀਤ ਮਾਂ ਨਾਲ ਲਿਪਟ ਗਿਆ | ਮਨ ਹੀ ਮਨ ਮੁਆਫ਼ੀ ਮੰਗੀ ਤੇ ਜਦੋਂ ਉਹਨੇ ਕਿਹਾ ਕਿ ਮਾਂ, ਮੈਂ ਤੇਰੇ ਬਿਨਾਂ ਬਰਾਤ ਹੀ ਨਹੀਂ ਚੜ੍ਹਾਉਣੀ, ਮਾਂ ਦਾ ਦਿਲ ਵੱਧ ਗਿਆ | ਕੁਝ ਲੇਟ ਚੜ੍ਹੀ ਬਰਾਤ, ਮਾਂ ਨੂੰ ਨਾਲ ਲੈ ਕੇ ਚੜ੍ਹੀ ਤੇ ਫਿਰ ਖ਼ੁਸ਼ੀਆਂ ਦੀਆਂ ਕਣੀਆਂ ਵਰ੍ਹਦੀਆਂ ਰਹੀਆਂ | (ਸਮਾਪਤ)

ਮੋਬਾਈਲ : 98155-09390.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX