ਤਾਜਾ ਖ਼ਬਰਾਂ


ਦਿੱਲੀ ਹਿੰਸਾ: ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਹਰਸ਼ ਅਤੇ ਸਵਰਾ ਭਾਸਕਰ 'ਤੇ ਕੇਸ ਦਰਜ ਕਰਨ ਦੀ ਮੰਗ
. . .  6 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ ਸਮਾਜ ਸੇਵੀ ਹਰਸ਼ ਮੰਡੇਰ, ਰੇਡੀਓ ਜੌਕੀ ਸਇਮਾ...
ਦਿੱਲੀ ਹਿੰਸਾ 'ਤੇ ਰਣਜੀਤ ਚੌਟਾਲਾ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ
. . .  14 minutes ago
ਚੰਡੀਗੜ੍ਹ, 27 ਫਰਵਰੀ- ਹਰਿਆਣਾ ਦੀ ਭਾਜਪਾ ਸਰਕਾਰ 'ਚ ਮੰਤਰੀ ਰਣਜੀਤ ਚੌਟਾਲਾ ਨੇ ਦਿੱਲੀ ਹਿੰਸਾ 'ਤੇ ਵਿਵਾਦਿਤ ਬਿਆਨ ਦਿੱਤਾ...
30 ਲੱਖ ਤੋਂ ਵੱਧ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਇਆ ਨੌਜਵਾਨ
. . .  24 minutes ago
ਫਿਲੌਰ, 27 ਫਰਵਰੀ (ਇੰਦਰਜੀਤ ਚੰਦੜ) - ਸਥਾਨਕ ਸ਼ਹਿਰ ਅੰਦਰ ਪੁਲਿਸ ਸਟੇਸ਼ਨ ਤੋਂ ਮਹਿਜ਼ ਕੁੱਝ ਕਰਮਾ ਦੀ ਦੂਰੀ 'ਤੇ ਇਕ ਘਰ 'ਚ ਕੰਮ ਕਰਨ ਵਾਲਾ ਇਕ ਨੌਜਵਾਨ 30 ਲੱਖ...
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 34
. . .  30 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ...
ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸ਼ੁਰੂ
. . .  42 minutes ago
ਤਰਨਤਾਰਨ, 27 ਫਰਵਰੀ (ਹਰਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਦਿੱਲੀ ਹਿੰਸਾ ਮਾਮਲੇ 'ਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
. . .  58 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਿੰਸਾ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਮੰਤਰੀ ਸਮੇਤ ਪਾਰਟੀ ਦੇ ਦਿੱਗਜ ਆਗੂਆਂ...
ਰੋਜ਼ਾਨਾ ਮਰੀਜ਼ਾਂ ਨੂੰ ਨਸ਼ਾ ਵਿਰੋਧੀ ਦਵਾਈ ਦੀ ਇਕ ਗੋਲੀ ਦੇਣ ਦੀ ਦਿੱਤੀ ਗਈ ਸੀ ਹਿਦਾਇਤ: ਸੁਖਜਿੰਦਰ ਸੁਖੀ
. . .  about 1 hour ago
ਲਾਪਤਾ ਦਵਾਈਆਂ ਦੇ ਮੁੱਦੇ 'ਤੇ ਮਜੀਠੀਆ ਨੇ ਘੇਰਿਆ ਸਿਹਤ ਮੰਤਰੀ
. . .  about 1 hour ago
ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ: ਮਾਇਆਵਤੀ
. . .  about 1 hour ago
ਲਖਨਊ, 27 ਫਰਵਰੀ- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ...
ਮਹਿਲਾ ਟੀ 20 ਵਿਸ਼ਵ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ
. . .  about 1 hour ago
ਹੋਰ ਖ਼ਬਰਾਂ..

ਨਾਰੀ ਸੰਸਾਰ

ਨਾਰੀ ਨੂੰ ਦਰਪੇਸ਼ ਮਸਲੇ

ਔਰਤ ਦੀ ਸਥਿਤੀ ਦੁਨੀਆ ਦੇ ਪੂਰੇ ਮੁਲਕਾਂ ਵਿਚ ਵੱਖਰੀ-ਵੱਖਰੀ ਹੈ। ਸਮੁੱਚੇ ਮੁਲਕਾਂ ਵਿਚ ਨਾਰੀ ਦੀ ਸਥਿਤੀ ਵਿਚ ਸੁਧਾਰ ਜ਼ਰੂਰ ਹੋ ਰਿਹਾ ਹੈ ਪਰ ਹਾਲੇ ਬਹੁਤ ਰੁਕਾਵਟਾਂ ਹਨ, ਜੋ ਉਸ ਨੂੰ ਹਾਸ਼ੀਆ ਕ੍ਰਿਤ ਕਰਦੀਆਂ ਹਨ। ਭਾਰਤੀ ਔਰਤ ਦੀ ਸਥਿਤੀ ਸਮੁੱਚੇ ਮੁਲਕਾਂ ਦੇ ਬਹੁਤ ਸਾਰੇ ਮੁਲਕਾਂ ਤੋਂ ਬਿਹਤਰ ਹੈ ਪਰ ਹਾਲੇ ਵੀ ਬਹੁਤ ਸਾਰੀਆਂ ਸਮਾਜਿਕ ਅਤੇ ਸੱਭਿਆਚਾਰਕ ਮਰਿਆਦਾਵਾਂ ਦੇ ਬੰਧਨ ਹਨ, ਜੋ ਉਸ ਦੀ ਤਰੱਕੀ ਅਤੇ ਵਿਕਾਸ ਨੂੰ ਚੰਦਰਮਾ ਦੇ ਗ੍ਰਹਿਣ ਵਾਂਗ ਹਨੇਰਾ ਕਰਦੇ ਹਨ। ਅਜੋਕੀ ਨਾਰੀ ਆਪਣੇ ਅਧਿਕਾਰਾਂ ਪ੍ਰਤੀ ਤਾਂ ਸੁਚੇਤ ਹੋ ਰਹੀ ਹੈ ਪਰ ਬਹੁਤ ਸਾਰੀਆਂ ਨਾਰੀਆਂ ਹਾਲੇ ਵੀ ਅਗਿਆਨਤਾ ਅਤੇ ਮਾਨਸਿਕ ਦਵੰਦ ਦਾ ਸ਼ਿਕਾਰ ਹਨ। ਭਾਰਤ ਵਿਚ ਨਾਰੀ ਜਾਗ੍ਰਿਤੀ ਲਈ ਸਮੇਂ-ਸਮੇਂ ਬਹੁਤ ਸਾਰੀਆਂ ਸਮਾਜਿਕ-ਧਾਰਮਿਕ ਲਹਿਰਾਂ ਚੱਲਦੀਆਂ ਰਹੀਆਂ ਹਨ ਪਰ ਅਫਸੋਸ ਕਿ ਇਨ੍ਹਾਂ ਦੀ ਵਾਗਡੋਰ ਹਮੇਸ਼ਾ ਸਿਆਸਤਾਨਾਂ ਦੇ ਹੱਥ ਵਿਚ ਰਹੀ ਹੈ, ਜਿਸ ਕਾਰਨ ਨਾਰੀ ਮੁਕਤੀ ਜਾਂ ਨਾਰੀ ਆਜ਼ਾਦੀ ਕੇਵਲ ਸਿਧਾਂਤਾਂ ਤੱਕ ਸੀਮਤ ਰਹੀ ਹੈ। ਭਾਰਤੀ ਨਾਰੀ ਪਰੰਪਰਾ ਅਤੇ ਆਧੁਨਿਕਤਾ ਦੇ ਦੋ ਪੁੜਾਂ ਵਿਚ ਪਿਸ ਰਹੀ ਹੈ। ਸੱਭਿਆਚਾਰਕ ਅਤੇ ਸਮਾਜਿਕ ਵਲਗਣਾਂ ਦਾ ਘੇਰਾ ਉਸ ਨੂੰ ਆਧੁਨਿਕ ਤੇ ਵਿਗਿਆਨਕ ਬਣਾਉਣ ਤੋਂ ਰੋਕਦਾ ਹੈ।
ਭਾਰਤੀ ਨਾਰੀ ਦੀਆਂ ਸਮੱਸਿਆਵਾਂ ਹਾਲੇ ਵੀ ਉਸ ਨੂੰ ਜਿਸਮਾਨੀ ਕੈਦ ਤੱਕ ਸੀਮਤ ਕਰ ਰਹੀਆਂ ਹਨ। ਔਰਤ ਦੀ ਸਥਿਤੀ ਹਮੇਸ਼ਾ ਦੂਜੈਲੀ ਰਹੀ ਹੈ। ਮਰਦ ਮਾਨਸਿਕਤਾ ਔਰਤ ਨੂੰ ਆਪਣੇ ਅਨੁਸਾਰ ਢਾਲਣ ਲਈ ਯਤਨਸ਼ੀਲ ਹੈ। ਨਾਰੀ ਮਨ ਮਰਦ ਪ੍ਰਧਾਨ ਸਮਾਜ ਨੂੰ ਬਦਲਣ ਲਈ ਕੋਸ਼ਿਸ਼ ਕਰ ਰਿਹਾ ਹੈ। ਬਹੁਤ ਸਾਰੇ ਸੱਭਿਆਚਾਰਕ ਬੰਧਨ ਔਰਤ ਨੂੰ ਸਮਾਜਿਕ ਤੌਰ 'ਤੇ ਬੌਣਾ ਕਰ ਰਹੇ ਹਨ।
ਧੀ-ਪੁੱਤ ਵਿਚਲਾ ਭੇਦ-ਭਾਵ ਅੱਜ ਵੀ ਸਾਡੀ ਮਾਨਸਿਕਤਾ ਦਾ ਹਿੱਸਾ ਬਣਿਆ ਹੈ। ਲੋੜ ਹੈ ਇਸ ਸਥਿਤੀ ਨੂੰ ਸਮਝਣ ਦੀ। ਨਾਰੀ ਜੇਕਰ ਚਾਹੇ ਤਾਂ ਧੀ-ਪੁੱਤ ਬਰਾਬਰ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਆਪਣੇ ਅਮਲੀ ਜੀਵਨ ਵਿਚ ਲਾਗੂ ਕਰ ਕੇ ਧੀਆਂ ਨੂੰ ਪਹਿਲ ਦੇ ਕੇ ਔਰਤ ਦੀ ਸਮਾਜਿਕ ਸਥਿਤੀ ਨੂੰ ਬਿਹਤਰ ਕਰ ਸਕਦੀ ਹੈ।
ਅੱਜ ਵੀ ਜਬਰ ਜਨਾਹ ਵਰਗੇ ਘਿਨਾਉਣੇ ਅਪਰਾਧ ਨਾਰੀ ਆਜ਼ਾਦੀ ਲਈ ਵੱਡਾ ਖ਼ਤਰਾ ਹਨ। ਨਿੱਤ ਹੀ ਅਖ਼ਬਾਰਾਂ ਵਿਚ ਆਉਣ ਵਾਲੀਆਂ ਮੰਦਭਾਗੀਆਂ ਖ਼ਬਰਾਂ ਸਮੂਹਿਕ ਜਬਰ ਜਨਾਹ, ਰਿਸ਼ਤੇਦਾਰਾਂ ਵਲੋਂ ਕੁੜੀਆਂ ਨੂੰ ਕਮਜ਼ੋਰ ਸਮਝ ਕੇ ਸਰੀਰਕ ਸ਼ੋਸ਼ਣ ਵਰਗੀਆਂ ਗੰਭੀਰ ਸਮੱਸਿਆਵਾਂ ਨਾਰੀ ਦੀ ਆਜ਼ਾਦੀ ਲਈ ਵੱਡਾ ਖ਼ਤਰਾ ਹਨ। ਕਾਨੂੰਨੀ ਸੇਵਾਵਾਂ ਹੋਣ ਦੇ ਬਾਵਜੂਦ ਔਰਤ ਨਾਲ ਹੋਣ ਵਾਲਾ ਜਬਰ ਜਨਾਹ ਉਸ ਨੂੰ ਮਾਨਸਿਕ, ਸਮਾਜਿਕ ਅਤੇ ਸਰੀਰਕ ਤੌਰ 'ਤੇ ਤੋੜ ਕੇ ਰੱਖ ਦਿੰਦਾ ਹੈ ਤੇ ਕਈ ਵਾਰ ਉਹ ਇਸ ਘਿਨਾਉਣੇ ਅਪਰਾਧ ਨੂੰ ਚੁੱਪਚਾਪ ਸਹਿ ਕੇ ਅੰਦਰੋਂ-ਅੰਦਰ ਦਮ ਘੁੱਟਦੀ ਰਹਿੰਦੀ ਹੈ।
ਬਹੁਤ ਸਾਰੀਆਂ ਸੱਭਿਆਚਾਰਕ ਰਸਮਾਂ ਵੀ ਨਾਰੀ ਨੂੰ ਨੀਵਾਂ ਦਿਖਾਉਂਦੀਆਂ ਹਨ। ਬੇਸ਼ੱਕ ਮਾਂ-ਬਾਪ ਦੀ ਜਾਇਦਾਦ ਵਿਚੋਂ ਹਿੱਸਾ ਲੈਣਾ ਉਸ ਦਾ ਸਮਾਜਿਕ ਤੇ ਕਾਨੂੰਨੀ ਅਧਿਕਾਰ ਹੈ ਪਰ ਜੇਕਰ ਉਹ ਅਜਿਹਾ ਕਰਦੀ ਹੈ ਤਾਂ ਪੇਕੇ ਪਰਿਵਾਰ ਵਿਸ਼ੇਸ਼ ਕਰਕੇ ਭਰਾਵਾਂ ਵਲੋਂ ਉਸ ਦਾ ਸਾਥ ਹਮੇਸ਼ਾ ਛੁੱਟ ਜਾਂਦਾ ਹੈ। ਵਿਆਹ ਵੇਲੇ ਵੀ ਆਪਣੇ ਮਾਂ-ਬਾਪ ਦਾ ਵਿਹੜਾ ਛੱਡ ਦੂਜੇ ਘਰ ਵਿਚ ਆ ਕੇ ਉਸ ਮਾਹੌਲ ਅਨੁਸਾਰ ਢਲਣ ਲਈ ਵੀ ਔਰਤ ਨੂੰ ਹੀ ਕੋਸ਼ਿਸ਼ ਕਰਨੀ ਪੈਂਦੀ ਹੈ। ਜੇਕਰ ਉਹ ਮਾਂ ਨਹੀਂ ਬਣ ਸਕਦੀ ਤਾਂ ਵੀ ਜ਼ਿੰਮੇਵਾਰੀ ਉਸ ਦੀ ਹੈ, ਮਰਦ ਅੰਦਰ ਜੇਕਰ ਜੈਵਿਕ ਤੌਰ 'ਤੇ ਕੋਈ ਕਮਜ਼ੋਰੀ ਹੈ ਤਾਂ ਸਮਾਜ ਦਾ ਧਿਆਨ ਉਧਰ ਨਹੀਂ ਜਾਂਦਾ, ਸਗੋਂ ਔਰਤ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। ਤਾਹਨੇ-ਮਿਹਣੇ ਵੀ ਸਹਿਣੇ ਉਸ ਦੇ ਹਿੱਸੇ ਆਏ ਹਨ। ਔਰਤ ਜੇਕਰ ਵਿਧਵਾ ਵੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਮਾਜ ਦਾ ਪਹਿਰਾ ਉਸ ਉੱਪਰ ਹੋਰ ਵਧ ਜਾਂਦਾ ਹੈ। ਉਹ ਕਿਥੇ ਜਾਂਦੀ ਹੈ, ਕੀ ਕਰਦੀ ਹੈ, ਕੀ ਪਹਿਨਦੀ ਹੈ, ਸਭ ਦੂਜਿਆਂ ਦੀ ਪਰਖ-ਪੜਚੋਲ ਵਿਚੋਂ ਨਿਕਲਦਾ ਹੈ। ਤਲਾਕਸ਼ੁਦਾ ਔਰਤ ਨਾਲ ਵੀ ਸਮਾਜ ਦਾ ਰਵੱਈਆ ਸੁਭਾਵਿਕ ਨਹੀਂ ਹੈ, ਭਾਵੇਂ ਬਹੁਤ ਵਾਰ ਔਰਤਾਂ ਹੀ ਔਰਤਾਂ ਨੂੰ ਭੰਡਦੀਆਂ ਹਨ ਪਰ ਇਸ ਦਾ ਕਾਰਨ ਵੀ ਸਾਡੇ ਸਮਾਜ ਦੀ ਦਕੀਆਨੂਸੀ ਸੋਚ ਹੈ। ਬਹੁਤ ਵਾਰ ਔਰਤ ਅਣਸੁਖਾਵੇਂ ਵਿਆਹੁਤਾ ਜੀਵਨ ਵਿਚ ਹੀ ਆਪਣਾ ਜੀਵਨ ਜਿਊਂਦੀ ਹੈ ਤੇ ਤਲਾਕ ਬਾਰੇ ਨਹੀਂ ਸੋਚਦੀ, ਕਿਉਂ ਜੋ ਉਹ ਸਮਾਜਿਕ ਤੌਰ 'ਤੇ ਤ੍ਰਿਸਕਾਰ ਦਾ ਪਾਤਰ ਬਣਦੀ ਹੈ।
ਲੜਕੀਆਂ ਉੱਪਰ ਹੁੰਦੇ ਤੇਜ਼ਾਬੀ ਹਮਲੇ ਵੀ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਉੱਪਰ ਇਕ ਸਵਾਲ ਹਨ। ਜਿਸਮਾਨੀ ਤੌਰ 'ਤੇ ਬਦਸੂਰਤ ਹੋ ਜਾਣਾ ਅਤੇ ਕਈ ਵਾਰ ਜਾਨ ਤੋਂ ਵੀ ਹੱਥ ਧੋਣੇ ਇਸ ਤੇਜ਼ਾਬੀ ਹਮਲੇ ਦਾ ਹੀ ਸਿੱਟਾ ਹਨ, ਜੋ ਔਰਤ ਦੀ ਜ਼ਿੰਦਗੀ ਨੂੰ ਹਨੇਰੇ ਵਿਚ ਧੱਕ ਦਿੰਦਾ ਹੈ। ਵਿਆਹ ਸਬੰਧੀ ਫ਼ੈਸਲੇ ਵੇਲੇ ਅਜੇ ਵੀ 50 ਫੀਸਦੀ ਲੜਕੀਆਂ ਤੋਂ ਰਾਇ ਲੈਣੀ ਜ਼ਰੂਰੀ ਨਹੀਂ ਸਮਝੀ ਜਾਂਦੀ ਜਾਂ ਭਾਵੇਂ ਇਸ ਸਥਿਤੀ ਵਿਚ ਤਸੱਲੀਬਖਸ਼ ਸੁਧਾਰ ਹੋਇਆ ਹੈ ਪਰ ਹਾਲੇ ਵੀ ਔਰਤਾਂ ਲਈ ਵਿਆਹ ਇਕ ਨਿੱਜੀ ਚੋਣ ਨਹੀਂ, ਸਗੋਂ ਭਾਈਚਾਰੇ ਅਤੇ ਪਰਿਵਾਰ ਵਲੋਂ ਲਿਆ ਗਿਆ ਸਾਂਝਾ ਫ਼ੈਸਲਾ ਸਮਝਿਆ ਜਾਂਦਾ ਹੈ। ਆਰਥਿਕ ਸੁਤੰਤਰਤਾ ਵੀ ਨਾਰੀ ਲਈ ਇਕ ਚੁਣੌਤੀ ਹੈ, ਭਾਵੇਂ ਔਰਤਾਂ ਨੇ ਵੱਖ-ਵੱਖ ਰੁਤਬੇ ਪ੍ਰਾਪਤ ਕਰ ਕੇ ਆਰਥਿਕ ਸੁਤੰਤਰਤਾ ਪ੍ਰਾਪਤ ਕੀਤੀ ਹੈ ਪਰ ਹਾਲੇ ਵੀ ਆਰਥਿਕ ਫ਼ੈਸਲੇ ਮਰਦ ਦੇ ਹੱਥ ਹਨ। ਇਥੇ ਮੈਂ ਮਰਦ ਨੂੰ ਕੋਈ ਦੋਸ਼ ਨਹੀਂ ਦੇ ਰਹੀ, ਸਗੋਂ ਔਰਤ ਦਾ ਆਤਮਵਿਸ਼ਵਾਸ ਬਹਾਲ ਕਰਨ ਲਈ ਆਰਥਿਕ ਫ਼ੈਸਲੇ ਔਰਤ ਨਾਲ ਮਿਲ ਕੇ ਕਰਨ ਦੀ ਗੁਜ਼ਾਰਿਸ਼ ਕਰਦੀ ਹਾਂ। ਨਾਰੀ ਨੂੰ ਆਪਣੀ ਹੋਂਦ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। ਨਾਰੀ ਸੁਤੰਤਰ ਤੌਰ 'ਤੇ ਆਪਣੀ ਪਛਾਣ ਬਣਾਉਣਾ ਲੋਚਦੀ ਹੈ ਪਰ ਹਾਲੇ ਵੀ ਉਹ ਆਪਣੀ ਮੰਜ਼ਿਲ ਤੋਂ ਦੂਰ ਹੈ। ਕੁਝ ਫੀਸਦੀ ਔਰਤਾਂ ਨੇ ਹੀ ਵਕਤ ਦੀ ਲਗਾਮ ਆਪਣੇ ਹੱਥ ਵਿਚ ਲਈ ਹੈ। ਬਹੁਗਿਣਤੀ ਅਜੇ ਵੀ ਆਪਣੀ ਹੋਂਦ ਲਈ ਸੰਘਰਸ਼ ਕਰ ਰਹੀਆਂ ਹਨ।


-ਐਚ.ਐਮ.ਵੀ., ਜਲੰਧਰ।


ਖ਼ਬਰ ਸ਼ੇਅਰ ਕਰੋ

ਘਰ 'ਚ ਹੀ ਨਹੀਂ, ਗਲੀ-ਮੁਹੱਲੇ 'ਚ ਵੀ ਹਰਮਨ ਪਿਆਰੇ ਬਣੋ

ਅਕਸਰ ਦੇਖਣ ਵਿਚ ਆਉਂਦਾ ਹੈ ਕਿ ਘਰ ਵਿਚ ਆਈ ਸਜ-ਵਿਆਹੀ ਬਹੂ ਨੂੰ ਗਲੀ-ਗੁਆਂਢ ਅਤੇ ਰਿਸ਼ਤੇਦਾਰ ਔਰਤਾਂ ਮਿਲਣ ਲਈ ਆਉਂਦੀਆਂ ਹਨ। ਸ਼ਗਨ ਦੇ ਤੌਰ 'ਤੇ ਉਸ ਨੂੰ ਕੁਝ ਪੈਸੇ ਵੀ ਦਿੰਦੀਆਂ ਹਨ। ਏਨਾ ਹੀ ਨਹੀਂ, ਸਗੋਂ ਉਸ ਦੀ ਗੱਲਬਾਤ ਤੋਂ ਉਸ ਦੀ ਅਕਲਮੰਦੀ ਅਤੇ ਸਲੀਕੇ ਦੀ ਪਰਖ ਵੀ ਕਰਦੀਆਂ ਹਨ। ਫਿਰ ਘਰਾਂ 'ਚ ਉਸ ਦੇ ਕਾਰ-ਵਿਹਾਰ ਅਤੇ ਵਤੀਰੇ ਬਾਰੇ ਚਰਚਾ ਵੀ ਹੁੰਦੀ ਹੈ। ਆਪਣੀ-ਆਪਣੀ ਰਾਇ ਵੀ ਦਿੱਤੀ ਜਾਂਦੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਵਿਅਕਤੀ ਦਾ ਸੁਭਾਅ ਵੱਖਰਾ-ਵੱਖਰਾ ਹੈ। ਤਿੱਖਾ ਵੀ ਅਤੇ ਮਿੱਠਾ ਵੀ। ਪਰ ਇਸ ਸਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਚਪਨ ਵਿਚ ਮਾਪਿਆਂ, ਅਧਿਆਪਕਾਂ ਅਤੇ ਸਾਥੀ ਦੋਸਤਾਂ-ਮਿੱਤਰਾਂ ਤੋਂ ਮਿਲੀ ਚੰਗੀ ਸਿੱਖਿਆ ਸਾਨੂੰ ਜ਼ਿੰਦਗੀ ਵਿਚ ਚੰਗੀ ਅਤੇ ਗੁਣਕਾਰੀ ਸੇਧ ਦਿੰਦੀ ਹੈ। ਛੋਟਿਆਂ ਨਾਲ ਪਿਆਰ ਕਰਨਾ ਅਤੇ ਵੱਡਿਆਂ ਦਾ ਸਤਿਕਾਰ ਕਰਨਾ ਇਕ ਉਹ ਗੁਣ ਹੈ, ਜਿਸ ਵਿਚ ਕਾਮਯਾਬ ਜ਼ਿੰਦਗੀ ਦਾ ਰਾਜ਼ ਛੁਪਿਆ ਹੋਇਆ ਹੈ। ਕਿਸੇ ਦੇ ਕੰਮ ਆਉਣ ਦਾ ਜਜ਼ਬਾ ਅਤੇ ਵੱਡੇ ਬਜ਼ੁਰਗਾਂ ਤੋਂ ਅਸੀਸਾਂ ਲੈਣ ਦੀ ਕਲਾ ਸਾਨੂੰ ਬਚਪਨ ਵਿਚ ਹੀ ਸਿੱਖਣੀ ਚਾਹੀਦੀ ਹੈ।
ਤੁਹਾਡੇ ਵਧੀਆ ਗੁਣਾਂ ਦੀ ਖੁਸ਼ਬੂ ਘਰ 'ਚ ਹੀ ਨਹੀਂ, ਗਲੀ-ਮੁਹੱਲੇ ਅਤੇ ਰਿਸ਼ਤੇਦਾਰਾਂ ਕੋਲ ਵੀ ਪਹੁੰਚਣੀ ਚਾਹੀਦੀ ਹੈ। ਲੋਕ ਤੁਹਾਡਾ ਸਤਿਕਾਰ ਕਰਨਗੇ, ਚੰਗਾ ਵੀ ਕਹਿਣਗੇ, ਇਸ ਨਾਲ ਤੁਹਾਡੀ ਜ਼ਿੰਦਗੀ ਵਿਚ ਖੁਸ਼ੀਆਂ ਦਾ ਇਜ਼ਾਫ਼ਾ ਵੀ ਹੋਵੇਗਾ। ਤੁਹਾਨੂੰ ਇਹ ਦੁਨੀਆ ਹੋਰ ਚੰਗੀ ਲੱਗੇਗੀ। ਮਿੱਠਾ ਬੋਲਣਾ ਵੀ ਇਕ ਵਧੀਆ ਗੁਣ ਹੈ।
ਅੱਜ ਸਾਡੇ ਸਮਾਜ ਵਿਚ ਬਹੁਤ ਸਾਰੀਆਂ ਮੰਦਭਾਗੀਆਂ ਧਾਰਨਾਵਾਂ ਘਰ ਕਰ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਖ਼ਤਰਨਾਕ ਦਾਜ ਅਤੇ ਵਿਆਹ-ਸ਼ਾਦੀਆਂ 'ਤੇ ਬੇਤਹਾਸ਼ਾ ਖਰਚ ਕਰਨਾ ਹੈ। ਇਹ ਸਭ ਕੁਝ ਵੇਖੋ-ਵੇਖੀ ਫੋਕੀ ਸ਼ੁਹਰਤ ਹਾਸਲ ਕਰਨ ਲਈ ਕੀਤਾ ਜਾ ਰਿਹਾ ਹੈ। ਜਿਸ ਦੀ ਜੇਬ ਇਜਾਜ਼ਤ ਦਿੰਦੀ ਹੈ, ਉਹ ਤਾਂ ਪੈਲੇਸ ਵਿਚ ਮਹਿੰਗੇ ਵਿਆਹ ਕਰ ਸਕਦਾ ਹੈ ਪਰ ਜਿਸ ਨੇ ਕਰਜ਼ਾ ਲੈ ਕੇ ਜਾਂ ਜ਼ਮੀਨ-ਜਾਇਦਾਦ ਵੇਚ ਕੇ ਇਹ ਕਾਰਜ ਪੂਰੇ ਕਰਨੇ ਹਨ, ਉਸ ਲਈ ਬਾਕੀ ਰਹਿੰਦਾ ਜੀਵਨ ਦੁੱਖਾਂ ਦੇ ਵੱਸ ਪੈ ਜਾਂਦਾ ਹੈ। ਨੋਟਬੰਦੀ ਦੇ ਦਿਨਾਂ 'ਚ ਇਕ ਕਿਸਾਨ ਨੇ ਆਪਣੀ ਬੇਟੀ ਦਾ ਵਿਆਹ ਰੱਖਿਆ ਹੋਇਆ ਸੀ। ਉਹ ਆੜ੍ਹਤੀ ਕੋਲੋਂ 5 ਲੱਖ ਦਾ ਕਰਜ਼ਾ ਲੈਣ ਲਈ ਗਿਆ, ਪੈਸੇ ਕਿਥੋਂ ਮਿਲਣੇ ਸਨ, ਉਨ੍ਹਾਂ ਦਿਨਾਂ 'ਚ ਤਾਂ ਦੋ ਹਜ਼ਾਰ ਤੋਂ ਵੱਧ ਮਿਲਦੇ ਹੀ ਨਹੀਂ ਸਨ। ਖਾਲੀ ਹੱਥ ਘਰ ਆ ਕੇ ਉਸ ਕਿਸਾਨ ਨੇ ਖੁਦਕੁਸ਼ੀ ਕਰ ਲਈ। ਇਸੇ ਤਰ੍ਹਾਂ ਨਸ਼ਿਆਂ ਦੇ ਨਾਗ ਨੇ ਪੰਜਾਬ ਨੂੰ ਹੀ ਨਹੀਂ, ਸਾਰੇ ਭਾਰਤ ਨੂੰ ਹੀ ਆਪਣੀ ਜਕੜ ਵਿਚ ਲਿਆ ਹੋਇਆ ਹੈ। ਨਸ਼ੇ ਦੀ ਵੱਧ ਮਾਤਰਾ ਲੈ ਕੇ ਮਰਨ ਦੀਆਂ ਖ਼ਬਰਾਂ ਰੋਜ਼ ਅਖ਼ਬਾਰਾਂ ਵਿਚ ਛਪ ਰਹੀਆਂ ਹਨ।
ਇਨ੍ਹਾਂ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਔਰਤਾਂ ਆਪਣਾ ਭਰਪੂਰ ਯੋਗਦਾਨ ਪਾ ਸਕਦੀਆਂ ਹਨ। ਦੂਰ ਜਾਣ ਦੀ ਲੋੜ ਨਹੀਂ, ਆਪਣੇ ਗਲੀ-ਮੁਹੱਲੇ ਜਾਂ ਪਿੰਡ ਵਿਚ ਇਸਤਰੀ ਸਭਾਵਾਂ ਬਣਾ ਕੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਸਕਦੇ ਹਨ।


-ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।
ਮੋਬਾ: 99157-31345

ਖਾਓ, ਖੁਆਓ ਪਨੀਰ ਦਾ ਨਵਾਂ ਪਕਵਾਨ

ਮੈਗੀ
ਪਨੀਰ ਪਕੌੜਾ
ਸਮੱਗਰੀ : 350-400 ਗ੍ਰਾਮ ਪਨੀਰ, 200 ਗ੍ਰਾਮ ਵੇਸਣ, 1 ਚਮਚ ਗਰਮ ਮਸਾਲਾ, 1 ਚਮਚ ਲਾਲ ਮਿਰਚ ਪਾਊਡਰ, 1/2 ਚਮਚ ਅਮਚੂਰ, ਨਮਕ 1 ਚਮਚ (ਸਵਾਦ ਅਨੁਸਾਰ), 2 ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ, ਤਲਣ ਲਈ ਤੇਲ ਜਾਂ ਘਿਓ, 1 ਪੈਕਟ ਮੈਗੀ।
ਵਿਧੀ : ਪਨੀਰ ਦੇ ਚੌਕੋਰ ਮੋਟੇ-ਮੋਟੇ ਵੱਡੇ ਸਲਾਈਸ ਕੱਟ ਲਓ। ਇਨ੍ਹਾਂ ਸਲਾਈਸਾਂ 'ਤੇ ਨਮਕ, ਲਾਲ ਮਿਰਚ, ਅਮਚੂਰ, ਗਰਮ ਮਸਾਲਾ ਪਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਸ਼ਰਤ ਕਰ ਲਓ। ਇਕ ਭਾਂਡੇ ਵਿਚ ਵੇਸਣ ਥੋੜ੍ਹਾ ਗਾੜ੍ਹਾ ਘੋਲ ਲਓ। ਮੈਗੀ ਨੂੰ ਉਬਾਲ ਲਓ। ਮੈਗੀ ਨੂੰ ਵੇਸਣ ਵਿਚ ਮਿਲਾ ਲਓ ਅਤੇ ਇਸ ਵਿਚ ਸਵਾਦ ਅਨੁਸਾਰ ਨਮਕ ਮਿਲਾ ਲਓ। ਬਰੀਕ ਕੱਟੀ ਹਰੀ ਮਿਰਚ ਅਤੇ ਧਨੀਏ ਨੂੰ ਵੀ ਵੇਸਣ ਵਿਚ ਮਿਲਾ ਲਓ। ਹੁਣ ਪਨੀਰ ਦੇ ਟੁਕੜਿਆਂ ਨੂੰ ਵੇਸਣ ਵਿਚ ਪਾ ਦਿਓ।
ਅੱਗ 'ਤੇ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਪਨੀਰ ਨੂੰ ਵੇਸਣ ਵਿਚੋਂ ਕੱਢ ਕੇ ਤਲੋ। ਅੱਗ ਬਹੁਤ ਤੇਜ਼ ਨਾ ਰੱਖੋ, ਨਹੀਂ ਤਾਂ ਪਕੌੜੇ ਅੰਦਰੋਂ ਪੱਕਣਗੇ ਨਹੀਂ। ਹੌਲੀ ਅੱਗ 'ਤੇ ਪਕੌੜੇ ਤਲੋ ਅਤੇ ਪਲੇਟ 'ਤੇ ਟਿਸ਼ੂ ਪੇਪਰ ਵਿਛਾ ਲਓ। ਸਾਰੇ ਪਕੌੜੇ ਤਲ ਜਾਣ 'ਤੇ ਪਲੇਟ ਵਿਚ ਕੱਢ ਲਓ। ਟਿਸ਼ੂ ਪੇਪਰ ਵਾਧੂ ਤੇਲ ਸੋਖ ਲਵੇਗਾ। ਫਿਰ ਦੂਜੀ ਪਲੇਟ ਵਿਚ ਪਕੌੜਿਆਂ ਨੂੰ ਪਾ ਕੇ ਟੋਮੈਟੋ ਕੈਚਅਪ ਜਾਂ ਚਿੱਲੀ ਸਾਸ ਨਾਲ ਪਰੋਸੋ।
**

ਸਾਂਭ-ਸੰਭਾਲ ਫਰਨੀਚਰ ਦੀ

* ਮੀਨਾਕਾਰੀ ਵਾਲੇ ਫਰਨੀਚਰ ਨੂੰ ਸਾਫ਼ ਕਰਨ ਲਈ ਪੁਰਾਣੇ ਟੁੱਥ ਬੁਰਸ਼ਾਂ ਦੀ ਵਰਤੋਂ ਕਰੋ। ਜਿਥੇ ਹੱਥ ਆਸਾਨੀ ਨਾਲ ਨਹੀਂ ਪਹੁੰਚਦਾ, ਟੁੱਥ ਬੁਰਸ਼ ਉਥੇ ਤੱਕ ਪਹੁੰਚ ਕੇ ਸਫਾਈ ਕਰ ਦੇਣਗੇ।
* ਸਨਮਾਇਕਾ ਫਰਨੀਚਰ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰ ਕੇ ਪੂੰਝ ਲਓ। ਸਨਮਾਇਕਾ ਚਮਕ ਜਾਵੇਗਾ। ਜ਼ਿਆਦਾ ਮੈਲਾ ਹੋਣ 'ਤੇ ਥੋੜ੍ਹਾ ਵਾਸ਼ਿੰਗ ਪਾਊਡਰ ਕੱਪੜੇ 'ਤੇ ਲਗਾ ਕੇ ਰਗੜਨ ਨਾਲ ਮੈਲ ਅਤੇ ਦਾਗ ਸਾਫ਼ ਹੋ ਜਾਂਦੇ ਹਨ।
* ਲੱਕੜੀ ਦੇ ਫਰਨੀਚਰ ਨੂੰ ਗਿੱਲੇ ਕੱਪੜੇ ਨਾਲ ਸਾਫ਼ ਨਾ ਕਰੋ। ਲੱਕੜੀ ਖਰਾਬ ਹੋ ਜਾਂਦੀ ਹੈ। ਲੱਕੜੀ ਦੇ ਫਰਨੀਚਰ ਨੂੰ ਸਾਫ਼ ਕਰਨ ਲਈ ਥੋੜ੍ਹੇ ਜਿਹੇ ਸਰ੍ਹੋਂ ਦੇ ਤੇਲ ਵਿਚ ਮਿੱਟੀ ਦਾ ਤੇਲ ਮਿਲਾ ਕੇ ਸਾਫ਼ ਕਰੋ। ਲੱਕੜੀ ਦਾ ਫਰਨੀਚਰ ਚਮਕ ਜਾਵੇਗਾ।
* ਲੱਕੜੀ ਅਤੇ ਕੇਨ ਵਾਲੇ ਫਰਨੀਚਰ 'ਤੇ ਸਮੇਂ-ਸਮੇਂ 'ਤੇ ਪਾਲਿਸ਼ ਕਰਵਾਓ ਜਾਂ ਪਾਣੀ ਵਿਚ ਤਿੰਨ ਚਮਚ ਅਲਸੀ ਦਾ ਤੇਲ ਅਤੇ ਇਕ ਚਮਚ ਤਾਰਪੀਨ ਦਾ ਤੇਲ ਮਿਲਾ ਕੇ ਗਰਮ ਕਰੋ। ਫਿਰ ਕੱਪੜੇ 'ਤੇ ਥੋੜ੍ਹਾ ਜਿਹਾ ਮਿਸ਼ਰਣ ਲਗਾ ਕੇ ਸਾਫ਼ ਕਰੋ। ਫਰਨੀਚਰ ਨਵਾਂ ਲੱਗਣ ਲੱਗੇਗਾ।
* ਪਲਾਸਟਿਕ ਦੇ ਫਰਨੀਚਰ ਨੂੰ ਕੋਸੇ ਸਾਬਣ ਦੇ ਘੋਲ ਵਿਚ ਕੱਪੜੇ ਨੂੰ ਭਿਉਂ ਕੇ ਰਗੜੋ। ਫਿਰ ਸਾਫ਼ ਪਾਣੀ ਨਾਲ ਧੋ ਦਿਓ। ਧਿਆਨ ਰੱਖੋ ਕਿ ਪਲਾਸਟਿਕ ਦੇ ਫਰਨੀਚਰ ਨੂੰ ਧੁੱਪ ਵਿਚ ਜ਼ਿਆਦਾ ਸਮਾਂ ਨਾ ਰੱਖੋ। ਇਸ ਦਾ ਰੰਗ ਖਰਾਬ ਹੋ ਜਾਵੇਗਾ ਅਤੇ ਪਲਾਸਟਿਕ ਛੇਤੀ ਕ੍ਰੈਕ ਵੀ ਹੋ ਜਾਵੇਗਾ।
* ਰੈਕਸੀਨ ਲੱਗੇ ਫਰਨੀਚਰ ਨੂੰ ਵੀ ਹਲਕੇ ਜਿਹੇ ਗਰਮ ਪਾਣੀ ਨਾਲ ਸਾਫ਼ ਕਰੋ।
* ਚਮੜਾ ਲੱਗੇ ਫਰਨੀਚਰ ਵਿਚ ਗਰਮੀ ਨਾਲ ਦਰਾੜਾਂ ਪੈਣ ਲੱਗ ਜਾਂਦੀਆਂ ਹਨ। ਅਜਿਹੇ ਵਿਚ ਦੋ ਭਾਗ ਅਲਸੀ ਦਾ ਤੇਲ ਅਤੇ ਇਕ ਭਾਗ ਸਿਰਕਾ ਮਿਲਾ ਕੇ ਮੁਲਾਇਮ ਕੱਪੜੇ ਨਾਲ ਰਗੜੋ। * ਲੋਹੇ ਦੇ ਫਰਨੀਚਰ 'ਤੇ ਲੱਗੇ ਜ਼ੰਗ ਨੂੰ ਤੇਜ਼ਾਬ ਦੇ ਘੋਲ ਨਾਲ ਸਾਫ਼ ਕਰੋ। ਫਿਰ ਹਲਕਾ ਜਿਹਾ ਸਰ੍ਹੋਂ ਦਾ ਤੇਲ ਲਗਾਓ।
* ਪਲੰਘ ਅਤੇ ਸੋਫਿਆਂ ਦੇ ਗੱਦੇ, ਕੁਸ਼ਨ ਨੂੰ ਧੁੱਪ ਲਗਵਾਓ ਤਾਂ ਕਿ ਫਰਨੀਚਰ ਨੂੰ ਤਾਜ਼ੀ ਹਵਾ ਮਿਲ ਸਕੇ।
**

ਸਰਦੀਆਂ ਵਿਚ ਚਮੜੀ ਦਾ ਰੱਖੋ ਖ਼ਾਸ ਖਿਆਲ

ਸਰਦੀਆਂ ਦੀਆਂ ਛੁੱਟੀਆਂ ਵਿਚ ਕੁਝ ਹੀ ਦਿਨ ਬਾਕੀ ਬਚੇ ਹਨ। ਸਾਲ ਭਰ ਬਚਾਅ ਕੇ ਰੱਖੀਆਂ ਛੁੱਟੀਆਂ ਦੇ ਨਿਪਟਾਰੇ, ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਮਾਰ, ਕ੍ਰਿਸਮਿਸ ਵਰਗੇ ਤਿਉਹਾਰਾਂ ਵਿਚ ਬੱਚਿਆਂ ਦੀ ਬਾਹਰ ਜਾਣ ਦੀ ਜ਼ਿਦ ਅਤੇ ਇਕ ਹੀ ਜਗ੍ਹਾ ਦੀ ਉਬਾਊ ਜ਼ਿੰਦਗੀ ਵਿਚ ਨਵਾਂਪਨ ਅਤੇ ਤਾਜ਼ਗੀ ਲਿਆਉਣ ਲਈ ਅਸੀਂ ਅਕਸਰ ਪਹਾੜਾਂ 'ਤੇ ਬਰਫ਼ਬਾਰੀ ਜਾਂ ਸਮੁੰਦਰ ਦੀਆਂ ਲਹਿਰਾਂ ਦਾ ਆਨੰਦ ਉਠਾਉਣ ਲਈ ਕੁਝ ਦਿਨਾਂ ਲਈ ਘਰੋਂ ਬਾਹਰ ਸੈਰ ਸਪਾਟੇ ਲਈ ਨਿਕਲਦੇ ਹਾਂ। ਹਾਲਾਂਕਿ ਸਾਮਾਨ ਦੀ ਪੈਕਿੰਗ ਵਿਚ ਦਵਾਈਆਂ, ਸਨੈਕਸ, ਕੱਪੜਿਆਂ ਆਦਿ 'ਤੇ ਪੂਰਾ ਧਿਆਨ ਰਹਿੰਦਾ ਹੈ ਪਰ ਅਕਸਰ ਆਪਣੀ ਚਮੜੀ, ਵਾਲਾਂ ਅਤੇ ਸੁੰਦਰਤਾ ਜ਼ਰੂਰਤਾਂ ਦੀ ਜ਼ਿਆਦਾਤਰ ਅਣਦੇਖੀ ਕਰ ਦਿੰਦੇ ਹਾਂ।
ਹੁਣ ਜਦੋਂ ਕਿ ਸਰਦੀਆਂ ਦੀਆਂ ਛੁੱਟੀਆਂ ਦਾ ਸੀਜ਼ਨ ਨਜ਼ਦੀਕ ਪਹੁੰਚ ਗਿਆ ਹੈ ਅਤੇ ਤੁਸੀਂ ਪਹਾੜਾਂ ਅਤੇ ਸਮੁੰਦਰੀ ਤੱਟਾਂ 'ਤੇ ਕੁਝ ਆਰਾਮਦਾਇਕ ਸਕੂਨ ਨਾਲ ਭਰੇ ਪਲ ਗੁਜ਼ਾਰਨ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸੁੰਦਰਤਾ ਦੇ ਲਿਹਾਜ਼ ਨਾਲ ਬਰਫ਼ੀਲੀਆਂ ਹਵਾਵਾਂ, ਕੰਬਣ ਲਾ ਦੇਣ ਵਾਲੀ ਠੰਢਕ ਅਤੇ ਮੌਸਮ ਵਿਚ ਨਮੀ ਦੀ ਕਮੀ ਸਾਡੀ ਚਮੜੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਮੁੰਦਰੀ ਤੱਟਾਂ ਅਤੇ ਪਹਾੜਾਂ ਦੀ ਬਰਫ਼ ਦੀਆਂ ਪਾਰਦਰਸ਼ੀ ਸਤਹਾਂ 'ਤੇ ਸੂਰਜ ਦੀਆਂ ਕਿਰਨਾਂ ਮੈਦਾਨੀ ਇਲਾਕਿਆਂ ਦੀ ਬਜਾਏ ਜ਼ਿਆਦਾ ਤੇਜ਼ ਹੁੰਦੀਆਂ ਹਨ, ਜਿਸ ਨਾਲ ਤੁਹਾਡੀ ਚਮੜੀ ਵਿਚ ਜਲਣ, ਕਾਲਾਪਨ, ਸਨਬਰਨ ਅਤੇ ਮੁਹਾਸੇ ਆਦਿ ਵਰਗੀਆਂ ਸੁੰਦਰਤਾ ਸਮੱਸਿਆਵਾਂ ਉਗਰ ਰੂਪ ਧਾਰਨ ਕਰ ਸਕਦੀਆਂ ਹਨ।
ਸਰਦੀਆਂ ਵਿਚ ਨਾਰੀਅਲ ਤੇਲ ਚਮੜੀ ਨੂੰ ਸਭ ਤੋਂ ਜ਼ਿਆਦਾ ਬਿਹਤਰ ਨਮੀ ਪ੍ਰਦਾਨ ਕਰਦਾ ਹੈ ਪਰ ਜੇ ਤੁਹਾਨੂੰ ਨਾਰੀਅਲ ਤੇਲ ਤੋਂ ਅਲਰਜੀ ਹੈ ਜਾਂ ਤੁਸੀਂ ਇਸ ਨੂੰ ਜ਼ਿਆਦਾ ਚਿਪਚਿਪਾ ਮੰਨਦੇ ਹੋ ਤਾਂ ਤੁਸੀਂ ਜੈਤੂਨ ਦਾ ਤੇਲ ਜਾਂ ਕੋਕੁਮ ਤੇਲ ਵਰਤ ਸਕਦੇ ਹੋ, ਕਿਉਂਕਿ ਇਹ ਦੋਵੇਂ ਹੀ ਤੇਲ ਕਾਫੀ ਹਲਕੇ ਹੁੰਦੇ ਹਨ ਅਤੇ ਚਮੜੀ ਵਿਚ ਚਿਪਚਿਪਾਹਟ ਨਹੀਂ ਲਿਆਉਂਦੇ। ਸਰਦੀਆਂ ਵਿਚ ਯਾਤਰਾ ਦੌਰਾਨ ਆਪਣੇ ਸਰੀਰ ਦੀ ਅੰਤਰਿਕ ਨਮੀ ਬਣਾਈ ਰੱਖਣ ਲਈ ਭਰਪੂਰ ਮਾਤਰਾ ਵਿਚ ਪਾਣੀ ਪੀਓ। ਜਦੋਂ ਵੀ ਤੁਸੀਂ ਹੋਟਲ 'ਚੋਂ ਬਾਹਰ ਘੁੰਮਣ ਲਈ ਨਿਕਲੋ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਲੈ ਕੇ ਜਾਓ। ਇਸ ਤੋਂ ਇਲਾਵਾ ਬਾਜ਼ਾਰ ਵਿਚ ਵਿਕਣ ਵਾਲੇ ਨਾਰੀਅਲ ਪਾਣੀ, ਮੌਸਮੀ ਫਲਾਂ ਅਤੇ ਭੋਜਨ ਦੇ ਨਾਲ ਸੂਪ ਦਾ ਆਨੰਦ ਲੈਣਾ ਕਦੇ ਨਾ ਭੁੱਲੋ, ਕਿਉਂਕਿ ਇਸ ਨਾਲ ਤੁਹਾਡੇ ਸਰੀਰ ਦੀ ਆਂਤਰਿਕ ਨਮੀ ਬਰਕਰਾਰ ਰਹੇਗੀ, ਜੋ ਕਿ ਤੁਹਾਨੂੰ ਮੌਸਮ ਦੀ ਮਾਰ ਤੋਂ ਬਚਾਏਗੀ। ਸਰਦੀਆਂ ਵਿਚ ਹੱਥਾਂ ਦਾ ਫਟਣਾ ਆਮ ਗੱਲ ਹੁੰਦੀ ਹੈ। ਹੱਥ ਮੌਸਮ ਦੀ ਮਾਰ ਦੀ ਲਪੇਟ ਵਿਚ ਸਭ ਤੋਂ ਜ਼ਿਆਦਾ ਆਉਂਦੇ ਹਨ। ਸਫ਼ਰ ਦੌਰਾਨ ਛੋਟੇ ਬੱਚਿਆਂ ਦੀਆਂ ਮਾਵਾਂ ਨੂੰ ਅਕਸਰ ਬੱਚਿਆਂ ਦੇ ਕੱਪੜੇ ਆਦਿ ਵਾਰ-ਵਾਰ ਧੋਣੇ ਪੈਂਦੇ ਹਨ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਹੱਥ ਰਸਾਇਣਾਂ ਦੇ ਸੰਪਰਕ ਵਿਚ ਵਾਰ-ਵਾਰ ਆ ਜਾਂਦੇ ਹਨ, ਜਿਸ ਨਾਲ ਹੱਥਾਂ ਵਿਚ ਖਾਜ-ਖੁਜਲੀ ਆਦਿ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਹੱਥ ਫਟਣ ਲਗਦੇ ਹਨ, ਜਿਸ ਕਾਰਨ ਹੱਥਾਂ ਵਿਚ ਪੀੜ ਹੋ ਜਾਂਦੀ ਹੈ। ਕੱਪੜੇ ਆਦਿ ਧੋਣ ਸਮੇਂ ਹੱਥਾਂ 'ਤੇ ਪਲਾਸਟਿਕ ਦੇ ਦਸਤਾਨੇ ਜ਼ਰੂਰ ਪਹਿਨੋ ਅਤੇ ਮਾਇਸਚਰਾਈਜ਼ਿੰਗ ਸਾਬਣ ਦੀ ਵਰਤੋਂ ਕਰੋ। ਰਾਤ ਨੂੰ ਸੌਣ ਸਮੇਂ ਹੈਂਡ ਕ੍ਰੀਮ ਦੀ ਮੋਟੀ ਪਰਤ ਲਗਾ ਕੇ ਇਸ ਨੂੰ ਕਾਟਨ ਦਸਤਾਨਿਆਂ ਨਾਲ ਕਵਰ ਕਰ ਲਓ, ਜਿਸ ਨਾਲ ਤੁਹਾਡੇ ਹੱਥਾਂ ਦੀ ਨਮੀ ਬਰਕਰਾਰ ਰਹੇਗੀ ਅਤੇ ਤੁਸੀਂ ਮੌਸਮ ਦੀ ਮਾਰ ਝੱਲ ਸਕੋਗੇ।
ਸਾਨੂੰ ਇਹ ਭਰਮ ਰਹਿੰਦਾ ਹੈ ਕਿ ਸਨਸਕ੍ਰੀਨ ਕ੍ਰੀਮ ਦੀ ਲੋੜ ਸਾਨੂੰ ਗਰਮੀਆਂ ਵਿਚ ਹੀ ਪੈਂਦੀ ਹੈ ਅਤੇ ਸਰਦੀਆਂ ਵਿਚ ਵਾਤਾਵਰਨ ਵਿਚ ਠੰਢਕ ਦੀ ਵਜ੍ਹਾ ਨਾਲ ਕਿਸੇ ਸੁਰੱਖਿਆ ਕ੍ਰੀਮ ਦੀ ਲੋੜ ਨਹੀਂ ਹੁੰਦੀ ਪਰ ਇਹ ਪਾਇਆ ਗਿਆ ਹੈ ਕਿ ਸੂਰਜ ਦੀਆਂ ਕਿਰਨਾਂ ਤੋਂ ਹਾਨੀਕਾਰਕ ਯੂ. ਵੀ. ਕਿਰਨਾਂ ਨਾਲ ਚਮੜੀ ਨੂੰ ਹੋਣ ਵਾਲੇ ਨੁਕਸਾਨ ਦੇ ਪ੍ਰਭਾਵੀ ਰੋਕਥਾਮ ਦੇ ਉਪਾਅ ਕਰਨੇ ਚਾਹੀਦੇ ਹਨ ਤਾਂ ਕਿ ਸੁੰਦਰਤਾ ਦੇ ਹਿਸਾਬ ਨਾਲ ਛੁੱਟੀਆਂ ਦੁਖਦ ਅਨੁਭਵ ਦੀ ਯਾਦਗਾਰ ਨਾ ਬਣ ਜਾਣ।
ਸਮੁੰਦਰੀ ਪਾਣੀ ਨਾਲ ਨਹਾਉਣ 'ਤੇ ਤੁਹਾਡੇ ਵਾਲ ਨਿਰਜੀਵ ਅਤੇ ਉਲਝ ਸਕਦੇ ਹਨ। ਸਮੁੰਦਰੀ ਪਾਣੀ ਵਿਚ ਨਹਾਉਂਦੇ ਸਮੇਂ ਸਿਰ ਨੂੰ ਕੈਪ/ਸਕਾਰਫ ਨਾਲ ਢਕਣ ਨਾਲ ਵਾਲਾਂ ਨੂੰ ਖਾਰੇ ਪਾਣੀ ਦੇ ਨੁਕਸਾਨ ਤੋਂ ਪ੍ਰਭਾਵੀ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ। ਸਮੁੰਦਰ ਵਿਚ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਆਮ ਤਾਜ਼ੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਸਮੁੰਦਰੀ ਪਾਣੀ ਵਿਚ ਨਹਾਉਣ ਤੋਂ ਬਾਅਦ ਵਾਲਾਂ ਨੂੰ ਹਲਕੇ ਹਰਬਲ ਸ਼ੈਂਪੂ ਨਾਲ ਧੋ ਦਿਓ ਅਤੇ ਸ਼ੈਂਪੂ ਤੋਂ ਬਾਅਦ ਵਾਲਾਂ ਵਿਚ ਕੰਡੀਸ਼ਨਰ ਜਾਂ ਹੇਅਰ ਸੀਰਮ ਦੀ ਵਰਤੋਂ ਕਰੋ।
ਸਮੁੰਦਰੀ ਤੱਟ 'ਤੇ ਜਾਣ ਤੋਂ ਪਹਿਲਾਂ ਸੁੰਦਰਤਾ ਪ੍ਰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ, ਜਦੋਂ ਕਿ ਤੁਸੀਂ ਸਫ਼ਰ ਦੇ ਦੌਰਾਨ ਲਿਪਗਲਾਸ, ਪਾਊਡਰ, ਆਈ-ਪੈਨਸਿਲ, ਲਿਪਸਟਿਕ ਵਰਗੇ ਆਮ ਸੁੰਦਰਤਾ ਪ੍ਰਸਾਧਨਾਂ ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡੀ ਤੇਲੀ ਚਮੜੀ ਹੈ ਤਾਂ ਟਿਸ਼ੂ ਪੇਪਰ, ਟੈਲਕਮ ਪਾਊਡਰ ਅਤੇ ਡਿਓਡਰੈਂਟ ਆਪਣੇ ਨਾਲ ਜ਼ਰੂਰ ਰੱਖੋ। ਸਫਰ ਦੌਰਾਨ ਸੁੰਦਰਤਾ ਦੇ ਕੁਝ ਟਿਪਸ ਤੁਹਾਡੇ ਸਫ਼ਰ ਦੌਰਾਨ ਸੁੰਦਰਤਾ ਵਿਚ ਚਾਰ ਚੰਦ ਲਗਾ ਸਕਦੇ ਹਨ। ਜੇ ਤੁਸੀਂ ਬਾਹਰ ਦੇਖਣਯੋਗ ਥਾਵਾਂ 'ਤੇ ਘੁੰਮ ਰਹੇ ਹੋ ਤਾਂ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਆਪਣਾ ਚਿਹਰਾ ਤਾਜ਼ੇ ਪਾਣੀ ਨਾਲ ਜ਼ਰੂਰ ਧੋਵੋ।

ਉੱਨੀ ਕੱਪੜਿਆਂ ਦੀ ਦੇਖਭਾਲ

* ਉੱਨੀ ਕੱਪੜਿਆਂ ਨੂੰ ਆਮ ਡਿਟਰਜੈਂਟ ਨਾਲ ਨਹੀਂ ਧੋਣਾ ਚਾਹੀਦਾ। ਉਨ੍ਹਾਂ ਨੂੰ ਸਿਰਫ ਉੱਨੀ ਕੱਪੜਿਆਂ ਦੇ ਡਿਟਰਜੈਂਟ ਵਿਚ ਹੀ ਧੋਣਾ ਚਾਹੀਦਾ ਹੈ ਜਿਵੇਂ ਈਜ਼ੀ ਆਦਿ।
* ਉੱਨੀ ਕੱਪੜਿਆਂ ਨੂੰ ਹਮੇਸ਼ਾ ਹਲਕੇ ਹੱਥਾਂ ਨਾਲ ਮਲੋ। ਸਖ਼ਤ ਹੱਥਾਂ ਨਾਲ ਉੱਨੀ ਕੱਪੜੇ ਨਾ ਮਲੋ। ਇਸ ਨਾਲ ਉਨ੍ਹਾਂ ਵਿਚ ਰੋਏਂ ਹੋ ਜਾਂਦੇ ਹਨ।
* ਉੱਨੀ ਕੱਪੜਿਆਂ ਨੂੰ ਭੁੱਲ ਕੇ ਵੀ ਬੁਰਸ਼ ਨਾਲ ਨਾ ਰਗੜੋ। ਇਸ ਨਾਲ ਉਨ੍ਹਾਂ ਦੀ ਉੱਨ ਖਰਾਬ ਹੋਣ ਦਾ ਡਰ ਰਹਿੰਦਾ ਹੈ।
* ਉੱਨੀ ਕੱਪੜੇ ਸਾਧਾਰਨ ਵਾਸ਼ਿੰਗ ਮਸ਼ੀਨ ਵਿਚ ਨਾ ਧੋਵੋ। ਇਨ੍ਹਾਂ ਨੂੰ ਵਿਸ਼ੇਸ਼ ਤਰ੍ਹਾਂ ਦੀ ਮਸ਼ੀਨ ਵਿਚ ਧੋਇਆ ਜਾਂਦਾ ਹੈ।
* ਉੱਨੀ ਕੱਪੜਿਆਂ ਨੂੰ ਭੁੱਲ ਕੇ ਵੀ ਹੈਂਗਰ ਜਾਂ ਤਾਰ 'ਤੇ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ। ਇਸ ਨਾਲ ਉਨ੍ਹਾਂ ਦੀ ਉੱਨ ਖਿੱਚ ਹੋਣ ਦਾ ਡਰ ਰਹਿੰਦਾ ਹੈ ਅਤੇ ਉਨ੍ਹਾਂ ਦਾ ਆਕਾਰ ਵੀ ਖਰਾਬ ਹੋ ਜਾਂਦਾ ਹੈ।
* ਉੱਨੀ ਕੱਪੜਿਆਂ ਨੂੰ ਲੱਕੜੀ ਦੇ ਟੇਬਲ ਆਦਿ 'ਤੇ ਵਿਛਾ ਕੇ ਸੁਕਾਉਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੀ ਆਕ੍ਰਿਤੀ ਭੰਗ ਨਾ ਹੋਵੇ ਅਤੇ ਉਨ੍ਹਾਂ ਦੀਆਂ ਤਾਰਾਂ ਨਾਲ ਖਿੱਚ ਹੋਣ।
* ਉੱਨੀ ਕੱਪੜੇ ਧੋਣ ਤੋਂ ਪਹਿਲਾਂ ਇਹ ਚੈੱਕ ਕਰ ਲਓ ਕਿ ਕਿਤੇ ਉਨ੍ਹਾਂ ਦਾ ਰੰਗ ਤਾਂ ਨਹੀਂ ਉਤਰਦਾ। ਜਿਸ ਉੱਨੀ ਕੱਪੜੇ ਦਾ ਰੰਗ ਉਤਰਦਾ ਹੋਵੇ, ਉਸ ਨੂੰ ਵੱਖਰਾ ਧੋਵੋ।
* ਉੱਨੀ ਕੱਪੜੇ ਨੂੰ ਧੋਣ ਤੋਂ ਬਾਅਦ ਸਖਤ ਹੱਥਾਂ ਨਾਲ ਨਾ ਨਿਚੋੜੋ। ਉਨ੍ਹਾਂ ਨੂੰ ਹਲਕੇ ਹੱਥਾਂ ਨਾਲ ਦਬਾਓ, ਜਿਸ ਨਾਲ ਉਨ੍ਹਾਂ ਦਾ ਥੋੜ੍ਹਾ-ਬਹੁਤ ਪਾਣੀ ਵੀ ਨਿਕਲ ਜਾਵੇ ਅਤੇ ਉਨ੍ਹਾਂ ਦੀ ਉੱਨ ਖਰਾਬ ਵੀ ਨਾ ਹੋਵੇ।
* ਉੱਨੀ ਕੱਪੜਿਆਂ 'ਤੇ ਸਿੱਧੇ ਹੀ ਪ੍ਰੈੱਸ ਨਾ ਫੇਰੋ। ਉਨ੍ਹਾਂ 'ਤੇ ਕੋਈ ਸੂਤੀ ਕੱਪੜਾ ਪਾ ਕੇ ਹੀ ਪ੍ਰੈੱਸ ਕਰੋ।
* ਪ੍ਰੈੱਸ ਨੂੰ ਜ਼ਿਆਦਾ ਗਰਮ ਨਾ ਕਰੋ। ਹਲਕੀ ਗਰਮ ਕਰ ਕੇ ਹੀ ਉੱਨੀ ਕੱਪੜਿਆਂ 'ਤੇ ਪ੍ਰੈੱਸ ਕਰੋ।
* ਉੱਨੀ ਕੱਪੜਿਆਂ ਤੋਂ ਚਿਕਨਾਈ ਵਗੈਰਾ ਦਾ ਦਾਗ ਹਟਾਉਣ ਲਈ ਦਾਗ ਨੂੰ ਦਹੀਂ ਨਾਲ ਰਗੜੋ। ਉਸ ਤੋਂ ਬਾਅਦ ਉਸ ਉੱਨੀ ਕੱਪੜੇ ਨੂੰ ਪ੍ਰੈੱਸ ਕਰੋ।
* ਉੱਨੀ ਕੱਪੜਿਆਂ ਨੂੰ ਜਿਸ ਅਲਮਾਰੀ ਜਾਂ ਸੈਲਫ ਵਿਚ ਰੱਖੋ, ਉਸ ਵਿਚ ਕਪੂਰ ਗੋਲੀਆਂ (ਨੇਪਥੇਲੀਨ ਦੀਆਂ ਗੋਲੀਆਂ) ਪਾ ਦਿਓ। ਇਸ ਨਾਲ ਉਨ੍ਹਾਂ ਵਿਚ ਕੀੜੇ ਨਹੀਂ ਲੱਗਣਗੇ।
* ਉੱਨੀ ਕੱਪੜਿਆਂ ਨੂੰ ਸਲੀਕੇ ਨਾਲ ਅਲਮਾਰੀ ਆਦਿ ਵਿਚ ਬੰਦ ਕਰੋ, ਜਿਸ ਨਾਲ ਅਗਲੇ ਸਾਲ ਉਨ੍ਹਾਂ ਦੀ ਅੱਖੋਂ-ਪਰੋਖੀ ਨਾ ਹੋਵੇ।
* ਉੱਨੀ ਕੱਪੜਿਆਂ ਨੂੰ ਪੈਕ ਕਰ ਕੇ ਰੱਖਣਾ ਚਾਹੀਦਾ ਹੈ, ਨਹੀਂ ਤਾਂ ਦੂਜੇ ਕੱਪੜਿਆਂ ਦੇ ਨਾਲ ਪਏ-ਪਏ ਉਹ ਅਗਲੇ ਸਾਲ ਤੱਕ ਪਹਿਨਣਯੋਗ ਨਹੀਂ ਰਹਿਣਗੇ।
**

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX