ਤਾਜਾ ਖ਼ਬਰਾਂ


ਰਾਂਚੀ ਸਥਿਤ ਰਿਮਸ ਹਸਪਤਾਲ 'ਚ ਹੀ ਦਾਖਲ ਰਹਿਣਗੇ ਲਾਲੂ ਪ੍ਰਸਾਦ ਯਾਦਵ
. . .  9 minutes ago
ਝਾਰਖੰਡ, 27 ਫਰਵਰੀ- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਦਾ ਇਲਾਜ ਰਾਚੀ 'ਚ ਸਥਿਤ...
ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ, ਮੌਤ
. . .  19 minutes ago
ਡਮਟਾਲ, 27 ਫਰਵਰੀ (ਰਾਕੇਸ਼ ਕੁਮਾਰ)- ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਨੇੜੇ ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ...
ਦਿੱਲੀ ਹਿੰਸਾ: ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਹਰਸ਼ ਅਤੇ ਸਵਰਾ ਭਾਸਕਰ 'ਤੇ ਕੇਸ ਦਰਜ ਕਰਨ ਦੀ ਮੰਗ
. . .  29 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ ਸਮਾਜ ਸੇਵੀ ਹਰਸ਼ ਮੰਡੇਰ, ਰੇਡੀਓ ਜੌਕੀ ਸਇਮਾ...
ਦਿੱਲੀ ਹਿੰਸਾ 'ਤੇ ਰਣਜੀਤ ਚੌਟਾਲਾ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ
. . .  37 minutes ago
ਚੰਡੀਗੜ੍ਹ, 27 ਫਰਵਰੀ- ਹਰਿਆਣਾ ਦੀ ਭਾਜਪਾ ਸਰਕਾਰ 'ਚ ਮੰਤਰੀ ਰਣਜੀਤ ਚੌਟਾਲਾ ਨੇ ਦਿੱਲੀ ਹਿੰਸਾ 'ਤੇ ਵਿਵਾਦਿਤ ਬਿਆਨ ਦਿੱਤਾ...
30 ਲੱਖ ਤੋਂ ਵੱਧ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਇਆ ਨੌਜਵਾਨ
. . .  47 minutes ago
ਫਿਲੌਰ, 27 ਫਰਵਰੀ (ਇੰਦਰਜੀਤ ਚੰਦੜ) - ਸਥਾਨਕ ਸ਼ਹਿਰ ਅੰਦਰ ਪੁਲਿਸ ਸਟੇਸ਼ਨ ਤੋਂ ਮਹਿਜ਼ ਕੁੱਝ ਕਰਮਾ ਦੀ ਦੂਰੀ 'ਤੇ ਇਕ ਘਰ 'ਚ ਕੰਮ ਕਰਨ ਵਾਲਾ ਇਕ ਨੌਜਵਾਨ 30 ਲੱਖ...
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 34
. . .  53 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ...
ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸ਼ੁਰੂ
. . .  about 1 hour ago
ਤਰਨਤਾਰਨ, 27 ਫਰਵਰੀ (ਹਰਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਦਿੱਲੀ ਹਿੰਸਾ ਮਾਮਲੇ 'ਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
. . .  about 1 hour ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਿੰਸਾ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਮੰਤਰੀ ਸਮੇਤ ਪਾਰਟੀ ਦੇ ਦਿੱਗਜ ਆਗੂਆਂ...
ਰੋਜ਼ਾਨਾ ਮਰੀਜ਼ਾਂ ਨੂੰ ਨਸ਼ਾ ਵਿਰੋਧੀ ਦਵਾਈ ਦੀ ਇਕ ਗੋਲੀ ਦੇਣ ਦੀ ਦਿੱਤੀ ਗਈ ਸੀ ਹਿਦਾਇਤ: ਸੁਖਜਿੰਦਰ ਸੁਖੀ
. . .  about 1 hour ago
ਲਾਪਤਾ ਦਵਾਈਆਂ ਦੇ ਮੁੱਦੇ 'ਤੇ ਮਜੀਠੀਆ ਨੇ ਘੇਰਿਆ ਸਿਹਤ ਮੰਤਰੀ
. . .  about 1 hour ago
ਹੋਰ ਖ਼ਬਰਾਂ..

ਬਾਲ ਸੰਸਾਰ

ਹਨੇਰੇ ਵਿਚ ਕਿਵੇਂ ਉੱਡ ਪੈਂਦਾ ਹੈ ਚਮਗਿੱਦੜ?

ਬੱਚਿਓ, ਤੁਸੀਂ ਆਪਣੀ ਸਾਇੰਸ ਦੀ ਕਿਤਾਬ ਵਿਚ ਪੜਿ੍ਹਆ ਹੋਵੇਗਾ ਕਿ ਚਮਗਿੱਦੜ ਦਿਨ ਵੇਲੇ ਸੰਘਣੇ ਦਰੱਖਤਾਂ ਦੀਆਂ ਟਹਿਣੀਆਂ ਜਾਂ ਪੁਰਾਣੀਆਂ ਇਮਾਰਤਾਂ, ਗੁਫ਼ਾਵਾਂ ਵਿਚ ਉਲਟਾ ਲਟਕ ਕੇ ਸੌਾਦੇ ਹਨ ਅਤੇ ਰਾਤ ਦੇ ਸਮੇਂ ਭੋਜਨ ਦੀ ਤਲਾਸ਼ ਵਿਚ ਨਿਕਲਦੇ ਹਨ | ਤੁਹਾਡੇ ਮਨ ਵਿਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਸਾਨੂੰ ਤਾਂ ਦਿਨ ਦੇ ਸਮੇਂ ਵਿਚ ਪੂਰਾ ਸਾਫ਼ ਦਿਖਾਈ ਦਿੰਦਾ ਹੈ ਪਰ ਰਾਤ ਵਿਚ ਨਹੀਂ ਦਿਸਦਾ ਹੈ ਤਾਂ ਫਿਰ ਚਮਗਿੱਦੜ ਰਾਤ ਦੇ ਹਨੇਰੇ ਵਿਚ ਕਿਵੇਂ ਬਿਨਾਂ ਕਿਸੇ ਨਾਲ ਟਕਰਾਏ ਅਸਾਨੀ ਨਾਲ ਉੱਡ ਲੈਂਦਾ ਹੈ? ਅਤੇ ਦਿਨ ਦੇ ਸਮੇਂ ਉਹ ਉਲਟਾ ਲਮਕ ਕੇ ਕਿਉਂ ਸੌਾਦਾ ਹੈ? ਦਰਅਸਲ, ਚਮਗਿੱਦੜ ਨਿਸ਼ਾਚਰ ਪ੍ਰਾਣੀ ਹੈ ਮਤਲਬ ਇਹ ਦਿਨ ਵਿਚ ਸੌਾਦਾ ਹੈ ਅਤੇ ਰਾਤ ਨੂੰ ਭੋਜਨ ਦੀ ਤਲਾਸ਼ ਵਿਚ ਨਿਕਲਦਾ ਹੈ | ਅਜਿਹਾ ਨਹੀਂ ਹੈ ਕਿ ਚਮਗਿੱਦੜ ਦਿਨ ਦੇ ਚਾਨਣ ਵਿਚ ਦੇਖ ਨਹੀਂ ਸਕਦਾ ਪਰ ਦਿਨ ਦੇ ਪ੍ਰਕਾਸ਼ ਵਿਚ ਇਸ ਦੀ ਦੇਖਣ ਦੀ ਸ਼ਕਤੀ ਘੱਟ ਹੁੰਦੀ ਹੈ, ਜਦਕਿ ਰਾਤ ਦੇ ਹਨੇਰੇ ਵਿ ਇਹ ਛੋਟੇ ਤੋਂ ਛੋਟੇ ਸ਼ਿਕਾਰ ਨੂੰ ਵੀ ਆਸਾਨੀ ਨਾਲ ਪਛਾਣ ਲੈਂਦਾ ਹੈ | ਰਾਤ ਦੇ ਹਨੇਰੇ ਵਿਚ ਸ਼ਿਕਾਰ ਕਰਦੇ ਸਮੇਂ ਚਮਗਿੱਦੜ ਈਕੋ-ਲੋਕੇਸ਼ਨ ਦਾ ਪ੍ਰਯੋਗ ਕਰਦਾ ਹੈ |
ਇਸ ਪ੍ਰਕਿਰਿਆ ਵਿਚ ਚਮਗਿੱਦੜ ਮੰੂਹ ਜਾਂ ਨੱਕ ਰਾਹੀਂ ਤੇਜ਼ ਗਤੀ ਨਾਲ ਗੰੂਜ ਤਰੰਗਾਂ ਕੱਢਦਾ ਹੈ | ਜਦ ਇਹ ਤਰੰਗਾਂ ਕਿਸੇ ਸ਼ਿਕਾਰ ਨਾਲ ਟਕਰਾਉਂਦੀਆਂ ਹਨ ਤਾਂ ਈਕੋ ਉਤਪੰਨ ਹੁੰਦਾ ਹੈ | ਇਹ ਈਕੋ ਉਸ ਸ਼ਿਕਾਰ ਨਾਲ ਟਕਰਾਅ ਕੇ ਵਾਪਸ ਚਮਗਿੱਦੜ ਦੇ ਕੰਨਾਂ ਵਿਚ ਜਾਂਦਾ ਹੈ, ਜਿਹਨੂੰ ਸੁਣ ਕੇ ਚਮਗਿੱਦੜ ਜਾਣ ਜਾਂਦਾ ਹੈ ਕਿ ਉਸ ਦਾ ਸ਼ਿਕਾਰ ਕਿੰਨਾ ਵੱਡਾ ਅਤੇ ਕਿੰਨੀ ਦੂਰੀ 'ਤੇ ਹੈ | ਇਸੇ ਈਕੋ ਲੋਕੇਸ਼ਨ ਦਾ ਇਸਤੇਮਾਲ ਚਮਗਿੱਦੜ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਉਡਣ ਦੌਰਾਨ ਵੀ ਕਰਦਾ ਹੈ | ਇਸ ਲਈ ਉਹ ਉਡਣ ਦੇ ਦੌਰਾਨ ਕਿਸੇ ਵੀ ਚੀਜ਼ ਨਾਲ ਟਕਰਾਉਂਦਾ ਨਹੀਂ ਹੈ | ਹੁਣ ਤੁਹਾਨੂੰ ਦੱਸਦੇ ਹਾਂ ਕਿ ਚਮਗਿੱਦੜ ਦਿਨ ਵੇਲੇ ਹਨੇਰੀਆਂ ਗੁਫਾਵਾਂ ਜਾਂ ਦਰੱਖਤਾਂ 'ਤੇ ਉਲਟਾ ਕਿਉਂ ਲਟਕਿਆ ਰਹਿੰਦਾ ਹੈ? ਦਰਅਸਲ ਇਸ ਦੇ ਪੈਰਾਂ ਦੀਆਂ ਨਸਾਂ ਅਤੇ ਮਾਸਪੇਸ਼ੀਆਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਉਨ੍ਹਾਂ ਦੇ ਸਰੀਰ ਦਾ ਪੂਰਾ ਭਾਰ ਪੰਜੇ ਨੂੰ ਮਜ਼ਬੂਤੀ ਨਾਲ ਪਕੜ ਬਣਾਈ ਰੱਖਣ ਵਿਚ ਮਦਦ ਕਰਦਾ ਹੈ | ਚਮਗਿੱਦੜ ਇਕੋ-ਇਕ ਸਤਨਧਾਰੀ ਪ੍ਰਾਣੀ ਹੈ, ਜਿਹੜਾ ਉੱਡਦਾ ਹੈ |

-ਪਿੰਡ ਰਾਮਗੜ੍ਹ, ਡਾਕ: ਫਿਲੌਰ (ਜਲੰਧਰ)-144410. ਮੋਬਾ: 94631-61691


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਸੱਚਾ ਅਤੇ ਝੂਠਾ

ਪਿਆਰੇ ਬੱਚਿਓ! ਸੱਚ 'ਤੇ ਪਹਿਰਾ ਦੇਣ ਵਾਲਾ ਇਨਸਾਨ ਸੱਚਾ ਅਤੇ ਝੂਠ ਦੀ ਖੱਟੀ ਖਾਣ ਵਾਲਾ ਬੰਦਾ ਝੂਠਾ ਹੁੰਦਾ ਹੈ | ਇਸੇ ਸੱਚ ਦੀ ਗਵਾਹੀ ਭਰਦੀ ਇਸ ਕਹਾਣੀ ਮੁਤਾਬਿਕ ਇਕ ਪਿੰਡ 'ਚ ਹਰਸੱੁਖ ਨਾਂਅ ਦਾ ਇਕ ਕਰਿਆਨੇ ਦੀ ਦੁਕਾਨ ਚਲਾਉਣ ਵਾਲਾ ਦੁਕਾਨਦਾਰ ਵਸਦਾ ਸੀ, ਜੋ ਪਰਮਾਤਮਾ ਦਾ ਭਗਤ ਸੀ | ਸੱਚ 'ਤੇ ਪਹਿਰਾ ਦੇਣ ਲਈ ਉਹ ਕਿਸੇ ਵੀ ਹੱਦ ਤੱਕ ਕੁਰਬਾਨੀ ਦੇਣ ਲਈ ਤਿਆਰ ਰਹਿੰਦਾ ਸੀ | ਇਕ ਵਾਰੀ ਉਹ ਆਪਣੇ ਪਿੰਡ ਤੋਂ ਦੂਰ ਪੈਂਦੇ ਸ਼ਹਿਰ ਦੀ ਇਕ ਵੱਡੀ ਦੁਕਾਨ ਤੋਂ ਕਰਿਆਨੇ ਦਾ ਸਾਮਾਨ ਲੈਣ ਗਿਆ | ਉਸ ਨੇ ਬਹੁਤ ਸਾਰਾ ਸਾਮਾਨ ਤੁਲਵਾ ਲਿਆ | ਜਦੋਂ ਪੈਸੇ ਦੇਣ ਲੱਗਾ ਤਾਂ ਉਹ ਕਾਫੀ ਘੱਟ ਸਨ | ਪਿੰਡ ਦੂਰ ਹੋਣ ਕਰਕੇ ਏਨੀ ਛੇਤੀ ਪੈਸੇ ਲੈ ਕੇ ਪਿੰਡੋਂ ਮੁੜਨਾ ਮੁਸ਼ਕਿਲ ਸੀ | ਉਸ ਨੇ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਹ ਸਹਿਮਤ ਹੋ ਗਿਆ ਪਰ ਨਾਲ ਹੀ ਉਹ ਬੋਲਿਆ ਕਿ ਸ਼ਹਿਰ 'ਚੋਂ ਕੋਈ ਬੰਦਾ ਲੱਭ ਲਿਆ, ਜੋ ਤੇਰੀ ਗਾਰੰਟੀ ਦੇ ਦੇਵੇ |
ਉਸ ਨੇ ਕਿਹਾ ਕਿ ਮੈਨੂੰ ਇਥੇ ਕੋਈ ਨਹੀਂ ਜਾਣਦਾ, ਮੇਰੀ ਗਾਰੰਟੀ ਤਾਂ ਪਰਮਾਤਮਾ ਹੀ ਦੇ ਸਕਦਾ ਹੈ | ਜੇ ਤੁਸੀਂ ਯਕੀਨ ਕਰੋ ਤਾਂ | ਸ਼ਹਿਰ ਵਾਲਾ ਦੁਕਾਨਦਾਰ ਬੋਲਿਆ, 'ਤੁਹਾਨੂੰ ਪਤਾ ਹੀ ਹੋਵੇਗਾ ਕਿ ਇਕ ਮਰਦ ਦੀ ਮੱੁਛ ਉਸ ਲਈ ਕੀ ਮਹੱਤਵ ਰੱਖਦੀ ਹੈ |' ਅੱਗੋਂ ਹਰਸੱੁਖ ਬੋਲਿਆ, 'ਮੈਨੂੰ ਪਤਾ ਹੈ ਕਿ ਮਰਦ ਦੀ ਮੱੁਛ ਉਸ ਦੀ ਇੱਜ਼ਤ ਦਾ ਚਿੰਨ੍ਹ ਹੁੰਦੀ ਹੈ |' ਅੱਗੋਂ ਉਹ ਦੁਕਾਨਦਾਰ ਕਹਿਣ ਲੱਗਾ, 'ਮੈਨੂੰ ਤੁਸੀਂ ਆਪਣੀ ਮੱੁਛ ਦਾ ਇਕ ਵਾਲ ਦੇ ਦਿਓ |' ਹਰਸੱੁਖ ਕਹਿਣ ਲੱਗਾ, 'ਨਹੀਂ, ਮੈਂ ਆਪਣੀ ਮੱੁਛ ਦਾ ਵਾਲ ਨਹੀਂ ਦੇ ਸਕਦਾ | ਕਿਉਂਕਿ ਮੈਨੂੰ ਆਪਣੀ ਮੱੁਛ ਆਪਣੀ ਜਾਨ ਤੋਂ ਵੀ ਪਿਆਰੀ ਹੈ | ਮੈਂ ਆਪਣੀ ਇੱਜ਼ਤ ਨਹੀਂ ਕਿਸੇ ਨੂੰ ਦੇ ਸਕਦਾ | ਮੈਂ ਜ਼ਬਾਨ ਦਾ ਬੜਾ ਪੱਕਾ ਹਾਂ | ਜੇ ਤੁਸੀਂ ਮੇਰੀ ਜ਼ਬਾਨ 'ਤੇ ਯਕੀਨ ਕਰ ਸਕਦੇ ਹੋ ਤਾਂ ਠੀਕ ਹੈ, ਨਹੀਂ ਤਾਂ ਮੈਂ ਚਲਦਾ ਹਾਂ |' ਸ਼ਹਿਰ ਵਾਲੇ ਦੁਕਾਨਦਾਰ ਨੂੰ ਯਕੀਨ ਹੋ ਗਿਆ ਕਿ ਹਰਸੱੁਖ ਠੀਕ ਕਹਿੰਦਾ ਸੀ | ਸੋ ਉਸ ਨੇ ਉਸ ਨੂੰ ਦੂਜੇ ਦਿਨ ਪੈਸੇ ਦੇਣ ਦਾ ਵਾਅਦਾ ਲੈ ਕੇ ਸੌਦਾ ਚੁਕਵਾ ਦਿੱਤਾ | ਹਰਸੱੁਖ ਦੂਜੇ ਦਿਨ ਉਸ ਦੁਕਾਨਦਾਰ ਨੂੰ ਪੈਸੇ ਦੇ ਆਇਆ | ਇਹੋ ਹੀ ਗੱਲ ਹਰਸੱੁਖ ਦੇ ਪਿੰਡ ਦੇ ਇਕ ਹੋਰ ਕਰਿਆਨੇ ਦੀ ਦੁਕਾਨ ਵਾਲੇ ਨੂੰ ਪਤਾ ਲੱਗੀ ਤਾਂ ਉਹ ਵੀ ਸ਼ਹਿਰ ਉਸੇ ਦੁਕਾਨਦਾਰ ਕੋਲ ਸੌਦਾ ਲੈਣ ਲਈ ਪਹੁੰਚ ਗਿਆ | ਉਸ ਦੇ ਮਨ ਵਿਚ ਬੇਈਮਾਨੀ ਸੀ | ਜਦੋਂ ਦੁਕਾਨਦਾਰ ਨੇ ਉਸ ਤੋਂ ਮੱੁਛ ਦਾ ਵਾਲ ਗਰੰਟੀ ਦੇ ਤੌਰ 'ਤੇ ਮੰਗਿਆ ਤਾਂ ਉਹ ਝੱਟ ਮੰਨ ਗਿਆ | ਦਰਅਸਲ ਇਸ ਝੂਠ ਦੀ ਖੱਟੀ ਖਾਣ ਵਾਲੇ ਦੁਕਾਨਦਾਰ ਨੂੰ ਹਰਸੱੁਖ ਵਾਲੀ ਗੱਲ ਦਾ ਪੂਰਾ ਵੇਰਵਾ ਪਤਾ ਨਹੀਂ ਸੀ | ਜਦੋਂ ਉਸ ਨੇ ਤੁਰੰਤ ਆਪਣੀ ਮੱੁਛ ਦਾ ਵਾਲ ਸ਼ਹਿਰ ਵਾਲੇ ਦੁਕਾਨਦਾਰ ਨੂੰ ਦੇਣਾ ਚਾਹਿਆ ਤਾਂ ਉਸ ਦਾ ਝੂਠ ਫੜਿਆ ਗਿਆ | ਸ਼ਹਿਰ ਵਾਲੇ ਦੁਕਾਨਦਾਰ ਨੇ ਉਸ ਨੂੰ ਝਾੜਦਿਆਂ ਕਿਹਾ ਕਿ 'ਇਥੋਂ ਤੁਰਦਾ ਬਣ | ਜਿਸ ਬੰਦੇ ਨੂੰ ਆਪਣੀ ਮੱੁਛ ਦੇ ਵਾਲ ਦਾ ਮੱੁਲ ਹੀ ਨਹੀਂ ਪਤਾ, ਉਹ ਸੱਚਾ ਨਹੀਂ ਹੋ ਸਕਦਾ | ਉਸ ਉੱਤੇ ਯਕੀਨ ਕਰਨਾ ਮੂਰਖਤਾ ਹੋਵੇਗੀ | ਤੰੂ ਇਥੋਂ ਤੁਰਦਾ ਬਣ, ਨਹੀਂ ਤਾਂ ਪੁਲਿਸ ਦੇ ਹਵਾਲੇ ਕਰ ਦਿਆਂਗਾ |' ਸੋ ਝੂਠਾ ਦੁਕਾਨਦਾਰ ਨਿੰਮੋਝੂਣਾ ਹੋ ਕੇ ਵਾਪਸ ਪਰਤ ਆਇਆ |

-ਮੋਬਾ: 98146-81444

ਸੈਂਕੜੇ ਸਾਲ ਬਾਅਦ ਵੀ ਹੀਰੇ ਦੀ ਚਮਕ ਮੱਧਮ ਨਹੀਂ ਪੈਂਦੀ

ਬੱਚਿਓ! ਹੀਰਾ ਦੁਨੀਆ ਦਾ ਸਭ ਤੋਂ ਕੀਮਤੀ ਪਦਾਰਥ ਹੈ | ਇਹ ਕਾਰਬਨ ਦਾ ਸਭ ਤੋਂ ਸ਼ੁੱਧ ਕਿ੍ਸਟਾਲਾਈਨ ਰੂਪ ਹੈ, ਜਿਸ ਨੂੰ ਖਾਨਾਂ ਆਦਿ ਤੋਂ ਪ੍ਰਾਪਤ ਕੀਤਾ ਜਾਂਦਾ ਹੈ | ਇਹ ਏਨਾ ਸਖ਼ਤ ਹੁੰਦਾ ਹੈ ਕਿ ਇਸ ਨੂੰ ਕਿਸੇ ਵੀ ਦੂਸਰੀ ਵਸਤੂ ਨਾਲ ਕੱਟਿਆ ਨਹੀਂ ਜਾ ਸਕਦਾ | ਧਾਤੂ ਦੀ ਬਣੀ ਆਰੀ, ਜਿਸ 'ਤੇ ਹੀਰੇ ਦਾ ਪਾਊਡਰ ਚੜ੍ਹਾਇਆ ਗਿਆ ਹੁੰਦਾ ਹੈ, ਇਸ ਨੂੰ ਕੱਟਣ ਲਈ ਇਸਤੇਮਾਲ ਕੀਤਾ ਜਾਂਦਾ ਹੈ | ਇਸ ਦਾ ਪਿਘਲਾਉਣ ਦਰਜਾ ਇੰਨਾ ਉੱਚਾ ਹੁੰਦਾ ਹੈ ਕਿ 900 ਡਿਗਰੀ ਸੈਂਟੀਗ੍ਰੇਡ ਦੇ ਤਾਪਮਾਨ 'ਤੇ ਹੌਲੀ-ਹੌਲੀ ਜਲਣਾ ਸ਼ੁਰੂ ਹੋ ਜਾਂਦਾ ਹੈ ਅਤੇ 1000 ਡਿਗਰੀ ਸੈਂਟੀਗ੍ਰੇਡ 'ਤੇ ਇਹ ਗ੍ਰੇਫਾਈਟ 'ਚ ਤਬਦੀਲ ਹੋ ਜਾਂਦਾ ਹੈ | ਵਧੇਰੇ ਤਾਪਮਾਨ 'ਤੇ ਇਸ ਦੀ ਗ੍ਰੇਫਾਈਟ 'ਚ ਤਬਦੀਲ ਹੋਣ ਦੀ ਦਰ ਤੇਜ਼ ਹੁੰਦੀ ਹੈ | ਹੀਰਾ ਜਿੱਥੇ ਤਾਪ ਦਾ ਬਹੁਤ ਵਧੀਆ ਚਾਲਕ ਹੁੰਦਾ ਹੈ, ਉਥੇ ਇਹ ਬਿਜਲੀ ਦਾ ਕੁਚਾਲਕ ਵੀ ਹੈ | ਇਸ ਦੀ ਥਰਮਲ ਕੰਡਕਟੀਵਿਟੀ ਤਾਂਬੇ ਦੇ ਮੁਕਾਬਲੇ ਪੰਜ ਗੁਣਾ ਜ਼ਿਆਦਾ ਹੁੰਦੀ ਹੈ | ਹੀਰਿਆਂ ਦਾ ਰੰਗ ਕਈ ਤਰ੍ਹਾਂ ਦਾ ਹੋ ਸਕਦਾ ਹੈ, ਜਾਂ ਤਾਂ ਇਹ ਰੰਗਹੀਣ ਹੁੰਦੇ ਹਨ ਜਾਂ ਫਿਰ ਹਰੇ, ਭੂਰੇ, ਸਫੈਦ, ਪੀਲੇ, ਗੁਲਾਬੀ ਜਾਂ ਫਿਰ ਕਈ ਵਾਰ ਕਾਲੇ ਰੰਗ ਦੇ ਹੀਰੇ ਵੀ ਪਾਏ ਜਾਂਦੇ ਹਨ | 1955 ਤੱਕ ਹੀਰਿਆਂ ਨੂੰ ਸਿਰਫ ਖਾਨਾਂ ਤੋਂ ਪ੍ਰਾਪਤ ਕੀਤਾ ਜਾਂਦਾ ਸੀ, ਪਰ ਬਾਅਦ ਵਿਚ ਇਸ ਨੂੰ ਬਣਾਉਣ ਲਈ ਸਿੰਥੈਟਿਕ ਤਰੀਕੇ ਵਿਕਸਤ ਹੋ ਗਏ | ਖਾਨ ਤੋਂ ਪ੍ਰਾਪਤ ਕੀਤੇ ਗਏ ਹੀਰੇ ਨੂੰ ਕੁਦਰਤੀ ਹੀਰਾ ਕਿਹਾ ਜਾਂਦਾ ਹੈ, ਜਦ ਕਿ ਸਿੰਥੈਟਿਕ ਤਰੀਕੇ ਨਾਲ ਤਿਆਰ ਕੀਤੇ ਗਏ ਹੀਰੇ ਨੂੰ ਬਨਾਉਟੀ ਹੀਰਾ ਆਖਿਆ ਜਾਂਦਾ ਹੈ |
ਬੱਚਿਓ, ਅਫਰੀਕਾ ਕੁਦਰਤੀ ਹੀਰਿਆਂ ਦਾ ਸਭ ਤੋਂ ਵੱਡਾ ਸਰੋਤ ਹੈ | ਤਕਰੀਬਨ 80 ਫੀਸਦੀ ਹੀਰੇ ਇਸੇ ਮਹਾਂਦੀਪ ਤੋਂ ਆਉਂਦੇ ਹਨ | ਬਾਜ਼ਾਰ 'ਚ ਵਿਕਣ ਤੋਂ ਪਹਿਲਾਂ ਇਨ੍ਹਾਂ ਨੂੰ ਵੱਖ-ਵੱਖ ਸ਼ੇਪਾਂ ਵਿਚ ਤਰਾਸ਼ਿਆ ਅਤੇ ਪਾਲਸ਼ ਕੀਤਾ ਜਾਂਦਾ ਹੈ | ਹੀਰੇ ਦੀ ਚਮਕ ਸੈਂਕੜੇ ਸਾਲਾਂ ਬਾਅਦ ਵੀ ਉਸੇ ਤਰ੍ਹਾਂ ਬਣੀ ਰਹਿੰਦੀ ਹੈ | ਸਿੰਥੈਟਿਕ ਹੀਰੇ ਵਿਸ਼ਵ ਵਿਚ ਪਹਿਲੀ ਵਾਰ 1955 'ਚ ਅਮਰੀਕਾ ਦੀ ਜਨਰਲ ਇਲੈਕਟਿ੍ਕ ਕੰਪਨੀ ਦੁਆਰਾ ਬਣਾਏ ਗਏ ਸਨ | ਸਿੰਥੈਟਿਕ ਪ੍ਰਕਿਰਿਆ 'ਚ ਹੀਰਿਆਂ ਨੂੰ ਗ੍ਰੇਫਾਈਟ ਤੋਂ ਤਿਆਰ ਕੀਤਾ ਜਾਂਦਾ ਹੈ | ਜ਼ਿਆਦਾ ਤਾਪਮਾਨ ਵਾਲੀਆਂ ਭੱਠੀਆਂ 'ਚ ਗ੍ਰੇਫਾਈਟ ਨੂੰ ਲਗਪਗ 3000 ਡਿਗਰੀ ਸੈਂਟੀਗ੍ਰੇਡ ਤਾਪਮਾਨ 'ਤੇ ਜ਼ਿਆਦਾ ਦਬਾਅ 'ਚ ਗਰਮ ਕੀਤਾ ਜਾਂਦਾ ਹੈ | ਅਜਿਹਾ ਕਰਨ ਨਾਲ ਗ੍ਰੇਫਾਈਟ ਹੀਰੇ 'ਚ ਤਬਦੀਲ ਹੋ ਜਾਂਦਾ ਹੈ | ਸਿੰਥੈਟਿਕ ਹੀਰਾ ਕਈ ਮਾਮਲਿਆਂ ਵਿਚ ਕੁਦਰਤੀ ਹੀਰੇ ਵਰਗਾ ਹੀ ਹੁੰਦਾ ਹੈ | ਇਨ੍ਹਾਂ ਨੂੰ ਆਮ ਤੌਰ 'ਤੇ ਗਹਿਣਿਆਂ ਤੇ ਉਦਯੋਗਾਂ 'ਚ ਇਸਤੇਮਾਲ ਕੀਤਾ ਜਾਂਦਾ ਹੈ | ਉਦਯੋਗਿਕ ਜਾਂ ਕੁਝ ਹੋਰ ਹੀਰਿਆਂ ਨੂੰ ਡਿ੍ਲਿੰਗ ਅਤੇ ਗ੍ਰਾਈਾਡਿੰਗ ਲਈ ਇਸਤੇਮਾਲ ਕੀਤਾ ਜਾਂਦਾ ਹੈ | ਹੀਰਿਆਂ ਦੇ ਵਜ਼ਨ ਨੂੰ ਕੈਰਟ 'ਚ ਮਾਪਿਆ ਜਾਂਦਾ ਹੈ | ਇਕ ਕੈਰਟ ਤਕਰੀਬਨ 200 ਮਿਲੀਗ੍ਰਾਮ ਦੇ ਬਰਾਬਰ ਹੁੰਦਾ ਹੈ | ਕਟਿੰਗ ਅਤੇ ਪਾਲਿਸ਼ ਦੇ ਬਾਅਦ ਹੀਰਾ ਆਪਣਾ ਤਕਰੀਬਨ 50 ਫੀਸਦੀ ਵਜ਼ਨ ਗੁਆ ਦਿੰਦਾ ਹੈ |

-ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ)-142048

ਚੁਟਕਲੇ

• ਡਾਕਟਰ ਵਰਿੰਦਰਪਾਲ ਨੇ ਅੱਖਾਂ ਦੇ ਟੈਸਟ ਲਈ ਰਾਜੀਵ ਨੂੰ ਅੱਖਰ ਪੜ੍ਹਨ ਨੂੰ ਕਿਹਾ ਤਾਂ ਉਸ ਨੇ ਅੱਖਰ ਪੜ੍ਹਨ ਵਿਚ ਅਸਮਰੱਥਾ ਪ੍ਰਗਟ ਕੀਤੀ | ਆਖਰ ਤੰਗ ਆ ਕੇ ਡਾਕਟਰ ਵਰਿੰਦਰ ਨੇ ਇਕ ਵੱਡੀ ਥਾਲੀ ਰਾਜੀਵ ਦੇ ਸਾਹਮਣੇ ਕਰ ਦਿੱਤੀ ਤੇ ਪੱੁਛਿਆ, 'ਕਿਉਂ, ਇਹ ਤੈਨੂੰ ਦਿਸਦੀ ਹੈ?'
'ਜੀ ਦਿਸਦੀ ਹੈ |'
'ਕੀ ਹੈ ਇਹ?'
ਰਾਜੀਵ—ਜੀ, ਠੀਕ-ਠਾਕ ਨਹੀਂ ਦੱਸ ਸਕਦਾ, ਚੁਆਨੀ ਹੈ ਜਾਂ ਅਠਾਨੀ |'
• ਰਾਜੂ (ਸਾਧੂ ਨੂੰ )—ਮੇਰੀ ਪਤਨੀ ਮੈਨੂੰ ਬਹੁਤ ਤੰਗ ਕਰਦੀ ਹੈ | ਕਿਰਪਾ ਕਰਕੇ ਕੋਈ ਉਪਾਅ ਦੱਸੋ?
ਸਾਧੂ—ਮਹਾਰਾਜ, ਜੇ ਇਸ ਦਾ ਉਪਾਅ ਹੁੰਦਾ ਤਾਂ ਮੈਂ ਸੜਕਾਂ 'ਤੇ ਧੱਕੇ ਖਾਂਦਾ ਸਾਧੂ ਕਿਉਂ ਬਣਦਾ?
• ਅਮਨਦੀਪ—ਜਦੋਂ ਵੀ ਮੈਂ ਪਿਤਾ ਜੀ ਦੀ ਬੰਦੂਕ ਦੇਖਦਾ ਹਾਂ, ਮੇਰੇ ਵਿਚ ਮੋਰਚੇ 'ਤੇ ਜਾਣ ਲਈ ਜੋਸ਼ ਭਰ ਆਉਂਦਾ ਹੈ |
ਨਰੇਸ਼—ਫਿਰ ਜਾਂਦਾ ਕਿਉਂ ਨਹੀਂ?
ਅਮਨਦੀਪ—ਕੀ ਕਰਾਂ, ਇਸ ਦੇ ਬਾਅਦ ਉਨ੍ਹਾਂ ਦੀ ਨਕਲੀ ਲੱਤ ਵੀ ਹਰ ਵੇਲੇ ਮੇਰੀਆਂ ਅੱਖਾਂ ਅੱਗੇ ਘੁੰਮਦੀ ਹੈ |
• ਤਮੰਨਾ—ਪਿਤਾ ਜੀ, ਮੈਂ ਅੱਜ ਸਕੂਲ ਵਿਚ ਲੇਟ ਗਈ, ਇਸ ਲਈ ਮੈਨੂੰ ਲੇਟ ਫੀਸ ਲੱਗ ਗਈ |
ਪਿਤਾ—ਸਕੂਲ ਵਿਚ ਪੜ੍ਹਨ ਜਾਂਦੇ ਹੋ ਜਾਂ ਫਿਰ ਲੇਟਣ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ |
ਮੋਬਾ: 98140-97917

ਬਾਲ ਨਾਵਲ-11: ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਬੱਚੇ ਖਾਣਾ ਖਾ ਕੇ ਹੱਥ ਧੋ ਰਹੇ ਸਨ | ਰਹਿਮਤ ਦੇ ਮੋਬਾਈਲ ਫ਼ੋਨ ਦੀ ਘੰਟੀ ਵੱਜੀ | ਰਹਿਮਤ ਨੇ ਮੋਬਾਈਲ ਚੁਕਦਿਆਂ ਕਿਹਾ, 'ਬੜੀ ਲੰਮੀ ਉਮਰ ਹੈ ਤੇਰੀ, ਅਸੀਸ |'
'ਕਿਹੜੀ ਗੱਲ ਤੋਂ ਦੀਦੀ |'
'ਬੱਚੇ ਸਕੂਲੋਂ ਆਉਂਦੇ ਹੀ ਕਹਿਣ ਲੱਗੇ, ਮਾਸੀ ਜੀ ਨੂੰ ਫ਼ੋਨ ਕਰੋ ਅਤੇ ਪਿੰਡ ਦਾ ਪ੍ਰੋਗਰਾਮ ਬਣਾਓ | ਤੁਹਾਨੂੰ ਛੁੱਟੀਆਂ ਹੋ ਗਈਆਂ?'
'ਛੁੱਟੀਆਂ ਤੇ ਹੋ ਗਈਆਂ ਨੇ | ਮੈਨੂੰ ਵੀ ਹੋ ਗਈਆਂ ਅਤੇ ਬੱ ਚਿਆਂ ਨੂੰ ਵੀ ਹੋ ਗਈਆਂ | ਇਸੇ ਕਰਕੇ ਬੱਚੇ ਜਦੋਂ ਦੇ ਸਕੂਲੋਂ ਆਏ ਨੇ, ਤੰਗ ਕਰ ਮਾਰਿਆ ਏ, ਅਖ਼ੇ ਸੁਖਮਨੀ ਦੀਦੀ ਨੂੰ ਫ਼ੋਨ ਕਰੋ | ਉਨ੍ਹਾਂ ਨੂੰ ਪੁੱਛੋ ਨਾਨਾ ਜੀ-ਨਾਨੀ ਜੀ ਕੋਲ ਕਦੋਂ ਜਾਣੈ |'
'ਏਧਰ ਵੀ ਤੇ ਇਹੋ ਹਾਲ ਏ | ਫੇਰ ਕੀ ਸੋਚਿਐ, ਕਦੋਂ ਦਾ ਬਣਾਈਏ ਪ੍ਰੋਗਰਾਮ... |'
'ਮੈਂ ਤੇ ਅਜੇ ਸੋਚਿਆ ਨਹੀਂ ਸੀ ਪਰ ਬੱ ਚਿਆਂ ਵੱਲ ਵੇਖ ਕੇ ਤਾਂ ਇਸ ਤਰ੍ਹਾਂ ਲਗਦੈ ਕਿ ਸਾਨੂੰ ਜਲਦੀ ਹੀ ਪ੍ਰੋਗਰਾਮ ਬਣਾਉਣਾ ਪੈਣੈ... |'
ਸੁਖਮਨੀ ਨੇ ਹੱਥ ਪੂੰਝ ਕੇ ਮੰਮੀ ਦੇ ਹੱ ਥੋਂ ਮੋਬਾਈਲ ਫੜ ਲਿਆ | ਹੱਥ ਧੋਂਦਿਆਂ ਉਸ ਨੇ ਮੰਮੀ ਦੀਆਂ ਗੱਲਾਂ ਸੁਣ ਲਈਆਂ ਸਨ | 'ਸਤਿ ਸ੍ਰੀ ਅਕਾਲ ਮਾਸੀ ਜੀ |'
'ਸਤਿ ਸ੍ਰੀ ਅਕਾਲ, ਬੇਟੇ |'
'ਤੁਸੀਂ ਕੱਲ੍ਹ ਹੀ ਪਿੰਡ ਜਾਣ ਦਾ ਪ੍ਰੋਗਰਾਮ ਬਣਾਓ | ਅਸੀਂ ਹੁਣ ਤੁਹਾਡਾ ਕੋਈ ਬਹਾਨਾ ਨਹੀਂ ਸੁਣਨਾ | ਕਿੰਨੀ ਦੇਰ ਦੇ ਅਸੀਂ ਛੁੱਟੀਆਂ ਉਡੀਕ ਰਹੇ ਸਾਂ | ਹੁਣ ਅਸੀਂ ਆਪਣੀ ਇਕ ਛੁੱਟੀ ਵੀ ਖਰਾਬ ਨਹੀਂ ਕਰਨੀ', ਸੁਖਮਨੀ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ |
'ਬੇਟੇ, ਐਨੀ ਜਲਦੀ ਪ੍ਰੋਗਰਾਮ ਕਿਸ ਤਰ੍ਹਾਂ ਬਣ ਸਕਦੈ?'
'ਤੁਹਾਨੂੰ ਤੇ ਪਤਾ ਸੀ ਕਿ ਅੱਜ ਸਾਰਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ | ਹੁਣ ਅਸੀਂ ਤੁਹਾਡੀ ਕੋਈ ਗੱਲ ਨਹੀਂ ਮੰਨਣੀ | ਤੁਸੀਂ ਜੀਤੀ-ਪੰਮੀ ਨੂੰ ਵੀ ਪੁੱਛ ਲਵੋ ਭਾਵੇਂ | ਅਸੀਂ ਸੋਚਿਆ ਸੀ ਕਿ ਜਿਸ ਦਿਨ ਛੁੱਟੀਆਂ ਹੋਣਗੀਆਂ, ਉਸੇ ਦਿਨ ਪਿੰਡ ਚਲੇ ਜਾਵਾਂਗੇ |'
'ਠੀਕ ਐ ਬੇਟਾ, ਅਸੀਂ ਪ੍ਰੋਗਰਾਮ ਬਣਾਉਂਦੇ ਹਾਂ | ਤੂੰ ਮੰਮੀ ਨੂੰ ਫ਼ੋਨ ਦੇ |'
'ਹੁਣ ਕੀ ਕਰਨੈ, ਅਸੀਸ? ਸੁਖਮਨੀ ਤੇ ਜ਼ਿਆਦਾ ਹੀ ਕਾਹਲੀ ਪੈ ਰਹੀ ਹੈ |'
'ਮੈਂ ਤੁਹਾਨੂੰ ਥੋੜ੍ਹੀ ਦੇਰ ਤੱਕ ਜਗਮੀਤ ਜੀ ਨਾਲ ਪ੍ਰੋਗਰਾਮ ਬਣਾ ਕੇ ਦੁਬਾਰਾ ਫ਼ੋਨ ਕਰਦੀ ਆਂ |'
'ਇਹ ਠੀਕ ਐ, ਮੈਂ ਵੀ ਓਨੀ ਦੇਰ ਤੱਕ ਇੰਦਰਪ੍ਰੀਤ ਨਾਲ ਗੱਲ ਕਰਦੀ ਆਂ |'
'ਠੀਕ ਐ ਦੀਦੀ |'
...    ...
ਕਈ ਵਾਰੀ ਇਕ-ਦੂਸਰੇ ਨੂੰ ਫ਼ੋਨ ਕਰਨ ਤੋਂ ਬਾਅਦ ਅਖ਼ੀਰ ਸਾਰੇ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਪਰਸੋਂ ਐਤਵਾਰ ਅਸੀਸ, ਜਗਮੀਤ, ਜੀਤੀ ਅਤੇ ਪੰਮੀ ਹੁਰੀਂ ਸਾਰੇ ਦੁਪਹਿਰ ਤੋਂ ਪਹਿਲਾਂ ਸੁਖਮਨੀ ਹੁਰਾਂ ਕੋਲ ਪਹੁੰਚ ਜਾਣਗੇ | ਫੇਰ ਦੁਪਹਿਰ ਦਾ ਖਾਣਾ ਖਾ ਕੇ ਦੋਵੇਂ ਪਰਿਵਾਰ ਪਿੰਡ ਵੱਲ ਰਵਾਨਾ ਹੋ ਜਾਣਗੇ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98889-24664

ਅਨਮੋਲ ਬਚਨ

• ਪੱਕੇ ਇਰਾਦੇ ਤਕਦੀਰ ਬਦਲ ਦਿੰਦੇ ਹਨ, ਕਿਸਮਤ ਮੁਥਾਜ ਨਹੀਂ ਹੱਥਾਂ ਦੀਆਂ ਲਕੀਰਾਂ ਦੀ |
• ਹੰਕਾਰ ਦੀ ਲੜਾਈ ਵਿਚ ਹਮੇਸ਼ਾ ਹਾਰਨ ਵਾਲਾ ਹੀ ਜਿੱਤਦਾ ਹੈ |
• ਕਦੇ-ਕਦੇ ਅਸੀਂ ਕਿਸੇ ਲਈ ਓਨਾ ਜ਼ਰੂਰੀ ਵੀ ਨਹੀਂ ਹੁੰਦੇ, ਜਿੰਨਾ ਅਸੀਂ ਆਪਣੇ-ਆਪ ਨੂੰ ਸਮਝ ਲੈਂਦੇ ਹਾਂ |
• ਬੁਰਾਈ ਉਹੀ ਕਰਦੇ ਹਨ ਜੋ ਬਰਾਬਰੀ ਨਹੀਂ ਕਰਦੇ |
• ਜਿਵੇਂ ਬਾਲਟੀ ਸਿਰ ਝੁਕਾ ਕੇ ਖੂਹ ਵਿਚੋਂ ਪਾਣੀ ਕੱਢਦੀ ਹੈ, ਉਸੇ ਤਰ੍ਹਾਂ ਪਾਪੀ ਤੇ ਬੇਈਮਾਨ ਮਨੱੁਖ ਮਿੱਠੇ ਵਚਨ ਬੋਲ ਕੇ ਆਪਣਾ ਕੰਮ ਕੱਢਦੇ ਹਨ |
• ਖਾਮੋਸ਼ੀ ਨਾਲ ਰੋਣ ਵਾਲਿਆਂ ਦਾ ਦਰਦ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ |

-ਨੂਰਪੁਰ ਬੇਦੀ (ਰੋਪੜ) | ਮੋਬਾ: 95018-10181

ਬਾਲ ਸਾਹਿਤ

ਜਿਹੜਾ ਮੇਰੀ ਬਾਤ ਨਾ ਬੁੱਝੇ-2
ਲੇਖਿਕਾ : ਰਜਿੰਦਰ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੁੱਲ : 90 ਰੁਪਏ, ਸਫ਼ੇ : 39
ਸੰਪਰਕ : 99151-03490

'ਜਿਹੜਾ ਮੇਰੀ ਬਾਤ ਨਾ ਬੁੱਝੇ-2' ਬਾਲ ਪੁਸਤਕ ਰਜਿੰਦਰ ਕੌਰ ਦੀ ਬੁਝਾਰਤਾਂ ਦੀ ਦੂਜੀ ਕਿਤਾਬ ਹੈ | ਇਸ ਹਥਲੀ ਬਾਲ ਪੁਸਤਕ 'ਚ ਲੇਖਿਕਾ ਨੇ ਫੇਸਬੁੱਕ 'ਤੇ ਚੱਲਦੇ 'ਪੰਜਾਬੀ ਬੁਝਾਰਤਾਂ' ਨਾਂਅ ਦੇ ਗਰੁੱਪ 'ਚੋਂ ਬਹੁਤੀਆਂ ਬੁਝਾਰਤਾਂ ਨੂੰ ਇਕੱਠਿਆਂ ਕਰ ਕੇ ਬਾਲ ਪੁਸਤਕ ਦਾ ਰੂਪ ਦਿੱਤਾ ਹੈ | ਇਸ ਕਿਤਾਬ 'ਚ ਕਰੀਬ 227 ਬੁੁਝਾਰਤਾਂ ਹਨ, ਜਿਨ੍ਹਾਂ ਵਿਚ ਕਾਫ਼ੀ ਪੁਰਾਣੀਆਂ ਅਤੇ ਪ੍ਰਚੱਲਿਤ ਬੁਝਾਰਤਾਂ ਤੋਂ ਇਲਾਵਾ ਕੁਝ ਨਵੀਆਂ ਬੁਝਾਰਤਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਅਜੋਕੇ ਇੰਟਰਨੈੱਟ ਯੁੱਗ 'ਚ ਜਦ ਬੱਚੇ ਸਮਾਰਟ ਫੋਨਾਂ ਵੱਲ ਆਕਰਸ਼ਿਤ ਹੋ ਗਏ ਹਨ ਅਤੇ ਮੋਬਾਈਲ ਗੇਮਾਂ ਦੀ ਚਕਾਚੌਾਧ 'ਚ ਸਾਡੀ ਪੁਰਾਤਨ ਲੋਕਧਾਰਾ ਦਾ ਸਰਮਾਇਆ ਮੰਨੀਆਂ ਜਾਂਦੀਆਂ ਬਾਤਾਂ ਅਤੇ ਬੁਝਾਰਤਾਂ ਨੂੰ ਵਿਸਾਰ ਰਹੇ ਹਨ ਤਾਂ ਇਸ ਆਧੁਨਿਕਤਾ ਦੀ ਹਨੇਰੀ 'ਚ ਰਜਿੰਦਰ ਕੌਰ ਨੇ ਸਾਡੇ ਪੁਰਾਤਨ ਨਿੱਗਰ ਵਿਰਸੇ ਦਾ ਸ਼ਿੰਗਾਰ ਰਹੀਆਂ ਇਨ੍ਹਾਂ ਖਿੰਡੀਆਂ-ਪੁੰਡੀਆਂ ਬੁਝਾਰਤਾਂ ਨੂੰ ਇਕੱਠਾ ਕਰ ਕੇ ਕਿਤਾਬੀ ਰੂਪ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ | ਇਹ ਸਾਰੀਆਂ ਹੀ ਬੁਝਾਰਤਾਂ ਬੜੀਆਂ ਹੀ ਭਾਵਪੂਰਤ ਹਨ | ਇਨ੍ਹਾਂ ਬੁਝਾਰਤਾਂ 'ਚ ਉੱਤਰ ਦੇ ਰੂਪ ਵਿਚ ਬੜੇ ਗੁੱਝੇ ਸੰਕੇਤ ਹਨ ਜੋ ਦਿਮਾਗੀ ਕਸਰਤ ਵੀ ਕਰਾਉਂਦੇ ਹਨ ਅਤੇ ਕਾਵਿਕ ਹੋਣ ਕਰਕੇ ਪੜ੍ਹਨ ਵਿਚ ਬੜੇ ਹੀ ਸੁਆਦਲੇ ਲੱਗਦੇ ਹਨ | ਉਦਾਹਰਨ ਵਜੋ-
ਚੱਲਦੀ ਆਂ ਪਰ ਪੈਰ ਨਹੀਂ |
ਵਗਦੀ ਹਾਂ ਪਰ ਨਹਿਰ ਨਹੀਂ |
ਜੇ ਮੈਂ ਹੋਵਾਂ ਨਾ,
ਤਾਂ ਜੀਵਾਂ ਦੀ ਖ਼ੈਰ ਨਹੀਂ | (ਹਵਾ)
ਇਸ ਪੁਸਤਕ ਦੀ ਇਕ ਹੋਰ ਬਝਾਰਤ-
ਬਿਨ ਕੁਹਾੜੀ ਲੱਕੜ ਵੱਢੀ,
ਬਿਨ ਗਾਰੇ ਘਰ ਬਣਾਇਆ |
ਐਤਵਾਰ ਦੀ ਝੜੀ ਲੱਗੀ,
ਵਿਹੜੇ ਪਾਣੀ ਨਾ ਆਇਆ | (ਬਿਜੜੇ ਦਾ ਆਲ੍ਹਣਾ)
ਖ਼ੂਬਸੂਰਤ ਬੁਝਾਰਤਾਂ ਦਾ ਗੁਲਦਸਤਾ ਇਹ ਬਾਲ ਪੁਸਤਕ ਬੱਚਿਆਂ ਲਈ ਬੜੀ ਹੀ ਰੌਚਕ ਅਤੇ ਪੜ੍ਹਨਯੋਗ ਹੈ ਅਤੇ ਬਾਲ ਸਾਹਿਤ ਵਿਚ ਇਸ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ |

-ਮਨਜੀਤ ਸਿੰਘ ਘੜੈਲੀ,
ਪਿੰਡ ਘੜੈਲੀ, ਜ਼ਿਲ੍ਹਾ ਬਠਿੰਡਾ | ਮੋਬਾ: 98153-91625

ਪੰਜਾਬੀ ਬੋਲੀ

ਪੰਜਾਬੀ ਨੂੰ ਨਾ ਤੁਸੀਂ ਵਿਸਾਰੋ,
ਮਾਂ ਬੋਲੀ ਦੀ ਗੱਲ ਚਿਤਾਰੋ |
ਊੜਾ-ਐੜਾ ਸਾਰੇ ਸਿੱਖੋ,
ਸੋਹਣੇ-ਸੋਹਣੇ ਅੱਖਰ ਲਿਖੋ |
ਪੰਜਾਬੀ ਬੋਲੀ ਬਹੁਤ ਪਿਆਰੀ,
ਜਿਵੇਂ ਮਿਠਾਸ ਘੋਲੀ ਸਾਰੀ |
ਪੰਜਾਬੀ ਬੋਲੀ ਅਮੀਰ ਬਣਾਈਏ,
ਪੜ੍ਹੀਏ-ਲਿਖੀਏ ਬੋਲੀ ਗਾਈਏ |
ਸਿਹਾਰੀ-ਬਿਹਾਰੀ ਨੂੰ ਅਪਣਾਈਏ,
ਲਾਵਾਂ-ਦੁਲਾਵਾਂ ਸੋਹਣੀਆਂ ਪਾਈਏ |
ਨੱਕ 'ਚ ਬੋਲਣਾ ਟਿੱਪੀ ਲਾਓ,
ਬਿੰਦੀ ਨੂੰ ਵੀ ਤੁਸੀਂ ਸਜਾਓ |
ਕੰਨਾ ਆ ਦੀ ਦੇਵੇ ਆਵਾਜ਼,
ਅੱਖਰਾਂ ਦੀ ਇਹ ਰੱਖੇ ਲਾਜ |
ਇ ਦੀ ਕੱਢੂ ਆਵਾਜ਼ ਸਿਹਾਰੀ,
ਈ ਲਿਖਣ ਲਈ ਲੱਗੂ ਬਿਹਾਰੀ |
ਦਿਮਾਗ 'ਚ ਇਹ ਗੱਲ ਬਿਠਾਓ,
ਲੋੜ ਪੈਣ 'ਤੇ ਕੌਮਾ ਲਾਓ |
ਠਹਿਰਾਵ ਲਈ ਤੁਸੀਂ ਅੱਧਕ ਲਗਾਓ,
ਪੈਂਤੀ ਅੱਖਰ ਮਨ 'ਚ ਵਸਾਓ |
ਬਿੰਦੀ ਟਿੱਪੀ ਦੀ ਕਰੋ ਵਿਚਾਰ,
ਅਖੀਰ 'ਚ ਦਿਓ ਡੰਡੀ ਖਿਲਾਰ |
ਪਰਵਿੰਦਰ ਸੱੁਖ ਕਰੇ ਪੁਕਾਰ,
ਪੰਜਾਬੀ ਦੇ ਨਾਲ ਕਰੋ ਪਿਆਰ |
ਆਓ ਪੰਜਾਬੀ ਨੂੰ ਅਪਣਾਈਏ,
ਪੜ੍ਹੀਏ, ਲਿਖੀਏ, ਬੋਲੀਏ, ਗਾਈਏ |

-ਪਰਵਿੰਦਰ ਕੌਰ ਸੱੁਖ,
ਲੁਧਿਆਣਾ |
ਮੋਬਾ: 81960-63335

ਦਿਮਾਗੀ ਕਸਰਤ

1. ਮੱੁਖ ਤੇਰੇ ਦੀ ਸ਼ਾਨ ਵੇ ਕਾਕਾ, ਜੀਹਦੇ ਨਾਲ ਮਹਾਨ ਵੇ ਕਾਕਾ |
2. ਦਸ-ਦਸ ਚਲਦੇ ਗੇਅਰ ਵੇ ਕਾਕਾ, ਅੰਬ ਤੋੜ, ਚਾਹੇ ਬੇਰ ਵੇ ਕਾਕਾ |
3. ਨਾ ਬਹੁਤੇ ਲਿਸ਼ਕਾ ਨੀਂ ਭੈਣੇ, ਲੋਕ ਦੇਣਗੇ ਪਹਾੜ ਬਣਾ ਨੀਂ ਭੈਣੇ |
4. ਕਰੇ ਧੜੱਕ-ਧੜੱਕ ਵੇ ਕਾਕਾ, ਮੁਰੰਮਤ ਲੱਖੋ-ਲੱਖ ਵੇ ਕਾਕਾ |
5. ਕਲਾਬਾਜ਼ੀਆਂ ਫੜਦੇ ਰਹਿੰਦੇ, ਠਰਦੇ ਰਹਿੰਦੇ, ਸੜਦੇ ਰਹਿੰਦੇ |
6. ਕੰਮ ਲਵੇਂਗਾ ਜੇਕਰ ਪੱੁਠੇ, ਉਮਰਾਂ ਭਰ ਲਈ ਲਾਵਣ ਗੱੁਠੇ |
7. ਸ਼ਾਨ ਬਣਾ ਕੇ ਰੱਖ ਨੀਂ ਭੈਣੇ, ਨੲ੍ਹੀਂ ਤਾਂ ਚੱਪਣੀ ਡੱੁਬੂ ਨੱਕ ਨੀਂ ਭੈਣੇ |
8. ਨਾ ਹੱਡ ਨਾ ਪੱਸਲੀ ਨੀਂ ਭੈਣੇ, ਕਦੇ ਕਰਦੀ ਗੱਲ ਦੋਫਸਲੀ ਨੀਂ ਭੈਣੇ |
9. ਜੇ ਮੈਂ ਗਿਆ ਰੂਠ ਵੇ ਕਾਕਾ, ਨਿਕਲ ਜਾਊ ਤੇਰੀ ਫੂਕ ਵੇ ਕਾਕਾ |
10. ਮੰਗਦਾ ਰਹੀਂ ਸਦਾ ਖੈਰ ਵੇ ਕਾਕਾ, ਨਦੀਆਂ ਜਾਂਦੇ ਤੈਰ ਵੇ ਕਾਕਾ |
11. ਜੇ ਕਰੇਂ ਮੈਨੂੰ ਤਿੱਖਾ ਨੀਂ ਭੈਣੇ, ਰੋਅਬ ਹੋਵੇਗਾ ਤੇਰਾ ਫਿੱਕਾ ਨੀਂ ਭੈਣੇ |
ਉੱਤਰ : (1) ਸਿਰ-ਦਾੜ੍ਹੀ ਦੇ ਵਾਲ, (2) ਹੱਥਾਂ-ਪੈਰਾਂ ਦੀਆਂ ਉਂਗਲਾਂ, (3) ਬੱੁਲ੍ਹ, (4) ਦਿਲ, (5) ਕੰਨ, (6) ਅੱਖਾਂ, (7) ਨੱਕ, (8) ਜੀਭ, (9) ਅੰਗੂਠਾ, (10) ਪੈਰ-ਹੱਥ, (11) ਭਰਵੱਟੇ |

-ਡਾ: ਸਾਧੂ ਰਾਮ ਲੰਗੇਆਣਾ,
ਪਿੰਡ ਲੰਗੇਆਣਾ ਕਲਾਂ (ਮੋਗਾ) | ਮੋਬਾ: 98781-17285

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX