ਤਾਜਾ ਖ਼ਬਰਾਂ


ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ: ਮਾਇਆਵਤੀ
. . .  12 minutes ago
ਲਖਨਊ, 27 ਫਰਵਰੀ- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ...
ਮਹਿਲਾ ਟੀ 20 ਵਿਸ਼ਵ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ
. . .  21 minutes ago
ਏ.ਡੀ.ਜੀ.ਪੀ. ਸਾਂਝ ਕੇਂਦਰ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਪੁਲਿਸਿੰਗ ਸਾਂਝ ਕੇਂਦਰ ਦਾ ਦੌਰਾ
. . .  23 minutes ago
ਜੰਡਿਆਲਾ ਗੁਰੂ, 27 ਫਰਵਰੀ-(ਰਣਜੀਤ ਸਿੰਘ ਜੋਸਨ)- ਏ. ਡੀ.ਜੀ.ਪੀ. ਸਾਂਝ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਅੱਜ ਪੁਲਿਸਿੰਗ ਸਾਂਝ ਕੇਂਦਰ ...
ਸਰਕਾਰ ਵੱਲੋਂ ਜਾਣ ਬੁਝ ਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕੀਤਾ ਜਾ ਰਿਹਾ ਤੰਗ ਪਰੇਸ਼ਾਨ : ਬੈਂਸ
. . .  26 minutes ago
ਚੰਡੀਗੜ੍ਹ, 27 ਫਰਵਰੀ(ਗੁਰਿੰਦਰ)- ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ...
ਜੇਕਰ ਅਕਾਲੀ ਦਲ 'ਚ ਅਣਖ ਹੈ ਤਾਂ ਬੀਬਾ ਬਾਦਲ ਨੂੰ ਕਹੇ ਕਿ ਅਸਤੀਫ਼ਾ ਦੇ ਕੇ ਵਾਪਸ ਆ ਜਾਵੇ : ਰੰਧਾਵਾ
. . .  38 minutes ago
ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ : ਹਰਪਾਲ ਚੀਮਾ
. . .  41 minutes ago
ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਮਾਮਲੇ 'ਤੇ ਰੰਧਾਵਾ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  42 minutes ago
ਚੰਡੀਗੜ੍ਹ, 27 ਫਰਵਰੀ(ਸੁਰਿੰਦਰ)- ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਦੇ ਮਾਮਲੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ...
ਨਾਭਾ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ
. . .  1 minute ago
ਨਾਭਾ, 27 ਫਰਵਰੀ (ਕਰਮਜੀਤ ਸਿੰਘ)- ਨਾਭਾ ਜੇਲ ਨਾਭਾ ਦੀ ਅਤਿ ਸੁਰੱਖਿਅਤ ਜੇਲ 'ਚ ਭੁੱਖ ਹੜਤਾਲ ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ...
ਤੇਜ਼ ਰਫ਼ਤਾਰ ਟਰੱਕ ਨੇ ਵਿਦਿਆਰਥਣ ਨੂੰ ਕੁਚਲਿਆ
. . .  about 1 hour ago
ਬੰਡਾਲਾ, 27 ਫਰਵਰੀ(ਅੰਗਰੇਜ਼ ਸਿੰਘ ਹੁੰਦਲ)— ਸਰਕਾਰੀ ਸਕੂਲ ਬੰਡਾਲਾ 'ਚ ਨੋਨੇ ਪਿੰਡ ਤੋਂ ਪੜ੍ਹਨ ਆਉਂਦੀ ਅਰਸ਼ਦੀਪ ਕੌਰ...
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਨ ਦੇ ਮੁੱਦੇ 'ਤੇ ਆਪ ਵੱਲੋਂ ਸਦਨ 'ਚੋਂ ਵਾਕ ਆਊਟ
. . .  about 1 hour ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕੁਦਰਤ ਦੀ ਤਾਕਤ ਦਾ ਪ੍ਰਤੀਕ.... 'ਨਿਆਗਰਾ ਫਾਲਜ਼'

ਕਿਸ਼ਤੀ ਜਦ ਪਾਣੀ ਦੇ ਝਰਨੇ ਦੇ ਬਹੁਤ ਹੀ ਕਰੀਬ ਜਾ ਕੇ ਰੁਕੀ ਤਾਂ ਮੈਂ, 187 ਫੁੱਟ ਦੇ ਵਿਸ਼ਾਲ ਝਰਨੇ ਦੇ ਬਿਲਕੁਲ ਸਾਹਮਣੇ ਸੀ | ਮੇਰੀਆਂ ਠੰਢੀਆਂ ਉਂਗਲਾਂ ਨੇ ਕਿਸ਼ਤੀ ਦੇ ਜੰਗਲੇ ਨੂੰ ਜ਼ੋਰ ਨਾਲ ਫੜ ਲਿਆ | ਮੈਂ ਡਰ ਨਾਲ ਮੌਨ ਸੀ ਜਾਂ ਫਿਰ ਇਸ ਨੂੰ ਵੇਖ ਕੇ ਅਚੰਭੇ ਨਾਲ ਚੁੱਪ ਸੀ, ਇਸ ਬਾਰੇ ਮੈਨੂੰ ਵੀ ਨਹੀਂ ਪਤਾ | ਬੱਸ ਇਹੀ ਪਤਾ ਸੀ ਕਿ ਮੇਰੇ ਸਾਹਮਣੇ ਧਰਤੀ ਦੇ ਸਾਰੇ ਪਾਣੀ ਦਾ ਪੰਜਵਾਂ ਹਿੱਸਾ ਇਕ ਵਿਸ਼ਾਲ ਝਰਨੇ ਦੇ ਰੂਪ ਵਿਚ ਡਿਗ ਰਿਹਾ ਸੀ ਅਤੇ ਇਸ ਦਾ ਵਹਾਅ ਏਨਾ ਤੇਜ਼ ਸੀ ਕਿ ਪਾਣੀ ਦੀ ਦਹਾੜ ਨਾਲ ਮੇਰੇ ਕੰਨ ਬੋਲੇ ਜਿਹੇ ਹੋ ਗਏ ਸਨ | ਠੰਢੇ ਪਾਣੀ ਦੀ ਜ਼ੋਰਦਾਰ ਵਾਛੜ ਨਾਲ ਮੂੰਹ ਗਿੱਲਾ ਹੋ ਗਿਆ ਸੀ | ਦਿਲੋਂ ਮੈਂ ਕੁਦਰਤ ਦੀ ਇਸ ਤਾਕਤ ਅਤੇ ਕ੍ਰਿਸ਼ਮੇ ਨੂੰ ਵੇਖ ਕੇ ਅਚੰਭਿਤ ਤਾਂ ਸੀ ਹੀ, ਨਾਲ ਹੀ ਕੁਦਰਤ ਦੀ ਸ਼ਕਤੀ ਦੀ ਪ੍ਰਸੰਸਾ ਅਤੇ ਸਿਜਦਾ ਵੀ ਕਰ ਰਹੀ ਸੀ |
ਸਦੀਆਂ ਤੋਂ ਦੁਨੀਆ ਦੇ ਹਰ ਕੋਨੇ ਤੋਂ ਲੱਖਾਂ ਹੀ ਲੋਕ ਕੁਦਰਤ ਦੇ ਇਸ ਸ਼ਾਨਦਾਰ ਕ੍ਰਿਸ਼ਮੇ, 'ਨਿਆਗਰਾ ਫਾਲਜ਼' ਨੂੰ ਵੇਖਣ ਆਉਂਦੇ ਹਨ ਅਤੇ ਇਸ ਪਾਣੀ ਦੇ ਝਰਨੇ ਦੇ ਦਿਲ ਨੂੰ ਛੂਹਣ ਵਾਲੇ ਜਾਦੂ ਦੀ ਅਮਿੱਟ ਛਾਪ ਆਪਣੇ ਜ਼ਿਹਨ ਵਿਚ ਲੈ ਕੇ ਜਾਂਦੇ ਹਨ |
'ਨਿਆਗਰਾ ਫਾਲਜ਼' ਇਕ ਭੂਗੋਲਿਕ ਕ੍ਰਿਸ਼ਮਾ ਹੈ | ਇਹ ਦੁਨੀਆ ਦਾ ਸਭ ਤੋਂ ਪ੍ਰਸਿੱਧ ਪਾਣੀ ਦਾ ਝਰਨਾ ਵੀ ਕਹਾਉਂਦਾ ਹੈ | ਸਭ ਤੋਂ ਪਹਿਲਾਂ ਇਸ ਦੀ ਖੋਜ ਫਰਾਂਸੀਸੀ ਮਿਸ਼ਨਰੀ ਅਤੇ ਖੋਜੀ ਫ਼ਾਦਰ ਲੂਇਸ ਹੈਨੀਪਿਨ ਨੇ 1678 ਵਿਚ ਕੀਤੀ, ਜਿਨ੍ਹਾਂ ਨੇ ਇਸ ਦਾ ਨਾਂਅ ਉਥੇ ਰਹਿੰਦੇ ਆਦਿਵਾਸੀ ਕਬੀਲੇ ਦੇ ਨਾਂਅ 'ਤੇ ਰੱਖਿਆ | ਨਿਆਗਰਾ ਫਾਲਜ਼ ਪਾਣੀ ਦੇ ਤਿੰਨ ਝਰਨਿਆਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ—ਅਮਰੀਕਨ ਫਾਲਜ਼, ਬਰਾਈਡਲ ਵੇਲ੍ਹ ਫਾਲਜ਼ ਅਤੇ ਸਭ ਤੋਂ ਵੱਡਾ ਹਾਰਸ ਸ਼ੂਅ ਕੈਨੇਡੀਅਨ ਫਾਲਜ਼ | ਅਮਰੀਕਨ ਫਾਲਜ਼ ਅਤੇ ਬਰਾਈਡਲ ਵੇਲ੍ਹ ਫਾਲਜ਼ ਅਮਰੀਕਾ ਵਿਚ ਸਥਿਤ ਹਨ, ਪਰ ਹਾਰਸ ਸ਼ੂਅ ਫਾਲਜ਼ ਅਮਰੀਕਾ ਅਤੇ ਕੈਨੇਡਾ ਦੀ ਅੰਤਰ-ਰਾਸ਼ਟਰੀ ਸਰਹੱਦ 'ਤੇ ਹੈ |
ਕਰੀਬ 12000 ਸਾਲ ਪਹਿਲਾਂ ਹਿਮਕਾਲ (ਆਈਸ ਏਜ਼) ਦੇ ਅਖ਼ੀਰ ਵਿਚ, ਗਲੇਸ਼ੀਅਰਾਂ ਦੇ ਪਿਘਲਣ ਕਾਰਨ ਜਦ ਅਮਰੀਕਾ ਅਤੇ ਕੈਨੇਡਾ ਦੀਆਂ ਪੰਜ ਮਸ਼ਹੂਰ ਝੀਲਾਂ (ਲੇਕ ਸੁਪੀਰੀਅਰ, ਲੇਕ ਇਰੀ, ਲੇਕ ਮਿਸ਼ੀਗਨ, ਲੇਕ ਓਾਟਾਰੀਓ ਅਤੇ ਲੇਕ ਹਰੌਨ) ਬਣੀਆਂ ਤਦ ਲੇਕ ਇਰੀ ਤੋਂ ਲੇਕ ਓਾਟਾਰੀਓ ਤੱਕ ਪਿਘਲਦੀ ਬਰਫ਼ ਨੇ ਆਪਣਾ ਰਾਹ ਇਕ ਨਦੀ ਦੇ ਰੂਪ ਵਿਚ ਬਣਾਇਆ, ਜੋ ਅੱਜ 'ਨਿਆਗਰਾ ਨਦੀ' ਦੇ ਨਾਂਅ ਨਾਲ ਪ੍ਰਸਿੱਧ ਹੈ | ਲੇਕ ਇਰੀ ਦੇ ਕਰੀਬ 222 ਕਿ. ਮੀ. ਦੇ ਵਹਾਅ ਤੋਂ ਬਾਅਦ ਨਿਆਗਰਾ ਨਦੀ ਦਾ ਪਾਣੀ ਉਚਾਈ ਤੋਂ ਇਕਦਮ ਹੇਠਾਂ ਵੱਲ ਡਿੱਗਦਾ ਹੈ ਜੋ ਕਹਾਉਂਦਾ ਹੈ 'ਨਿਆਗਰਾ ਫਾਲਜ਼' |
ਪਰ ਪਿਛਲੇ 12000 ਸਾਲਾਂ ਤੋਂ ਨਿਆਗਰਾ ਫਾਲਜ਼ ਆਪਣੀ ਅਸਲ ਥਾਂ ਤੋਂ ਕਰੀਬ 11 ਕਿ. ਮੀ. ਖਿਸਕ ਕੇ ਦੱਖਣ ਵੱਲ ਹੋ ਗਿਆ ਹੈ | ਨਿਆਗਰਾ ਨਦੀ ਵਿਚ ਪੂਰੀ ਧਰਤੀ ਦਾ 20% ਤਾਜ਼ਾ ਪਾਣੀ ਮੌਜੂਦ ਹੈ ਅਤੇ ਇਸ ਦਾ ਵਹਾਅ 65 ਕਿ. ਮੀ. ਪ੍ਰਤੀ ਘੰਟਾ ਹੈ | ਏਨੇ ਵਿਸ਼ਾਲ ਪਾਣੀ ਦੇ ਏਨੇ ਤੇਜ਼ ਵਹਾਅ ਕਰਕੇ ਸਖ਼ਤ ਤੋਂ ਸਖ਼ਤ ਪੱਥਰ ਵੀ ਖੁਰ ਜਾਂਦਾ ਹੈ | ਪਰ ਇੰਜੀਨੀਅਰਿੰਗ ਦੇ ਕਾਰਨਾਮਿਆਂ ਅਤੇ ਮਨੁੱਖੀ ਦਿਮਾਗ਼ ਨੇ ਇਸ ਖੁਰਨ ਦੀ ਰਫ਼ਤਾਰ ਨੂੰ 10 ਫੁੱਟ ਪ੍ਰਤੀ ਸਾਲ ਤੋਂ ਘਟਾ ਕੇ 30 ਸੈਂਟੀਮੀਟਰ ਪ੍ਰਤੀ ਸਾਲ ਭਾਵ 1 ਫੁੱਟ 10 ਸਾਲਾਂ ਵਿਚ ਕਰ ਦਿੱਤਾ ਹੈ |
ਨਿਆਗਰਾ ਫਾਲਜ਼ ਦੇ ਸਭ ਤੋਂ ਕਰੀਬੀ ਸ਼ਹਿਰ, ਅਮਰੀਕਾ ਵਿਚ ਬਫ਼ਲੋ ਹੈ ਜੋ ਇਥੋਂ 26 ਕਿਲੋਮੀਟਰ ਦੀ ਦੂਰੀ 'ਤੇ ਹੈ | ਕੈਨੇਡਾ ਵਾਲੇ ਪਾਸੇ ਟੋਰਾਂਟੋ ਕਰੀਬ ਇਥੋਂ 67 ਕਿਲੋਮੀਟਰ ਦੂਰ ਹੈ | ਨਿਆਗਰਾ ਫਾਲਜ਼ ਨੂੰ ਅਮਰੀਕਾ ਦੇ ਪਾਸਿਓਾ ਵੀ ਅਤੇ ਕੈਨੇਡਾ ਵਲੋਂ ਵੀ ਨਿਹਾਰਿਆ ਜਾ ਸਕਦਾ ਹੈ ਪਰ ਇਸ ਦਾ ਬਿਹਤਰੀਨ ਅਤੇ ਵਧੀਆ ਨਜ਼ਾਰਾ ਕੈਨੇਡਾ ਵਲੋਂ ਹੀ ਹੈ ਅਤੇ ਜੇਕਰ ਇਨ੍ਹਾਂ ਦੋਵਾਂ ਦੇਸ਼ਾਂ ਦਾ ਵੀਜ਼ਾ ਹੋਵੇ ਤਾਂ ਦੋਵੇਂ ਪਾਸਿਓਾ ਹੀ ਇਸ ਨਜ਼ਾਰੇ ਦਾ ਆਨੰਦ ਮਾਣਿਆ ਜਾ ਸਕਦਾ ਹੈ | ਬੱਸ, ਰੇਨਬੋ ਬਿ੍ਜ ਨਾਮਕ ਇਕ ਪੁੱਲ ਨੂੰ ਪਾਰ ਕਰਨਾ ਪੈਂਦਾ ਹੈ, ਇਸ ਪੁੱਲ ਨੂੰ ਪਾਰ, ਪੈਦਲ ਚੱਲ ਕੇ, ਕਾਰ ਵਿਚ ਜਾਂ ਫਿਰ ਸਾਈਕਲ 'ਤੇ ਕੀਤਾ ਜਾ ਸਕਦਾ ਹੈ |
ਨਿਆਗਰਾ ਫਾਲਜ਼ ਦੇ ਨਾਲ ਲੱਗਦੇ ਖੇਤਰ ਨੂੰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਸੈਲਾਨੀਆਂ ਦੇ ਮਨਪ੍ਰਚਾਵੇ ਲਈ ਹੋਰ ਵੀ ਆਕਰਸ਼ਕ ਬਣਾ ਦਿੱਤਾ ਹੈ | ਇਥੇ ਦੇ 'ਬੋਟੈਨੀਕਲ ਗਾਰਡਨਜ਼' ਵਿਚ ਫੁੱਲਾਂ ਅਤੇ ਪੇੜ-ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਹਨ | ਇਸ ਤੋਂ ਇਲਾਵਾ ਬੱਚਿਆਂ ਲਈ ਝੂਲੇ, ਚਿੜੀਆਘਰ, ਐਕਯੂਏਰੀਅਮ (ਜਲਜੀਵਸ਼ਾਲਾ) ਵੀ ਬਣਾਏ ਗਏ ਹਨ | ਕੈਨੇਡਾ ਵੱਲ ਵਿਸ਼ੇਸ਼ ਖਿੱਚ ਦੇ ਕੇਂਦਰ 'ਬਟਰਫਲਾਈ ਕੰਜਰਵੇਟਰੀ' (ਤਿੱਤਲੀ ਸੰਭਾਲ ਘਰ) ਅਤੇ 'ਫਲੋਰਲ ਕਲਾਕ' (ਫੁੱਲਾਂ ਦੀ ਘੜੀ) ਹਨ | ਬਟਰਫਲਾਈ ਕੰਜਰਵੇਟਰੀ ਵਿਚ ਤਿੱਤਲੀਆਂ ਦੀਆਂ ਲਗਪਗ 200 ਕਿਸਮਾਂ ਹਨ | ਇਥੇ ਲਗਾਏ ਗਏ ਫਲਾਂ, ਫੁੱਲਾਂ ਵਾਲੇ ਪੌਦਿਆਂ ਉੱਪਰ ਮੰਡਰਾਉਂਦੀਆਂ ਤਿੱਤਲੀਆਂ ਦੇ ਝੁੰਡਾਂ ਵਿਚ ਘਿਰੇ ਹੋਏ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਸਵਰਗ ਵਿਚ ਆ ਗਏ ਹੋਈਏ |
'ਫਲੋਰਲ ਕਲਾਕ' ਆਪਣੇ-ਆਪ ਵਿਚ ਇਕ ਵਿਲੱਖਣ ਕਿਸਮ ਦੀ ਘੜੀ ਹੈ | ਇਹ ਜ਼ਮੀਨ 'ਤੇ ਬਣਾਈ ਗਈ ਸਮਾਂ ਦੱਸਣ ਵਾਲੀ ਘੜੀ ਹੈ ਜੋ ਆਪਣੇ-ਆਪ ਵਿਚ ਸਭ ਤੋਂ ਵੱਡੀ ਹੈ | ਇਸ ਨੂੰ ਕਰੀਬ 16000 ਫੁੱਲਾਂ ਦੇ ਪੌਦਿਆਂ ਨਾਲ ਬਣਾਇਆ ਗਿਆ ਹੈ | ਸਾਲ ਵਿਚ ਦੋ ਵਾਰੀ ਇਸ ਦੀ ਸਜਾਵਟ ਬਦਲੀ ਜਾਂਦੀ ਹੈ |
ਹਰ ਸ਼ਾਮ ਨਿਆਗਰਾ ਫਾਲਜ਼ ਇਕ ਬੇਮਿਸਾਲ ਬਹੁਰੰਗੀ ਕਲਾਕ੍ਰਿਤੀ ਵਿਚ ਤਬਦੀਲ ਹੋ ਜਾਂਦੇ ਹਨ | ਜਦੋਂ ਡਿੱਗਦੇ ਪਾਣੀ 'ਤੇ ਵੱਖ-ਵੱਖ ਰੰਗਾਂ ਦੀਆਂ ਲਾਈਟਾਂ ਨਾਲ ਇਸ ਨੂੰ ਰੌਸ਼ਨ ਕੀਤਾ ਜਾਂਦਾ ਹੈ ਤਾਂ ਇਹ ਸਤਰੰਗੀ ਰੌਸ਼ਨੀਆਂ ਨਿਆਗਰਾ ਫਾਲਜ਼ ਨੂੰ ਇਕ ਨਵੇਂ ਆਕਰਸ਼ਕ ਰੂਪ ਵਿਚ ਤਬਦੀਲ ਕਰ ਦਿੰਦੀਆਂ ਹਨ |
ਨਿਆਗਰਾ ਫਾਲਜ਼ ਪਿਛਲੇ 300 ਸਾਲਾਂ ਤੋਂ ਕੇਵਲ ਸੈਲਾਨੀਆਂ ਲਈ ਹੀ ਖਿੱਚ ਦਾ ਕੇਂਦਰ ਨਹੀਂ ਬਲਕਿ ਅਮਰੀਕਾ ਅਤੇ ਕੈਨੇਡਾ ਲਈ ਹਾਈਡਰੋ ਇਲੈਕਟਿ੍ਕ ਪਾਵਰ (ਪਾਣੀ ਨਾਲ ਬਣਾਈ ਜਾਂਦੀ ਬਿਜਲੀ) ਦਾ ਵੀ ਇਕ ਵੱਡਾ ਸਾਧਨ ਹੈ | ਮੌਜੂਦਾ ਸਮੇਂ ਇਸ ਤੋਂ ਕਰੀਬ 2.4 ਮਿਲੀਅਨ ਕਿੱਲੋਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ |

5-mail : sarvinder_ajit@yahoo.co.in
2log : sarvinderkaur.wordpress.com


ਖ਼ਬਰ ਸ਼ੇਅਰ ਕਰੋ

ਕੱਲ੍ਹ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਵਿਸ਼ੇਸ਼ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ - ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ | ਇਨ੍ਹਾਂ ਚਾਰੇ ਸਾਹਿਬਜ਼ਾਦਿਆਂ ਨੇ ਆਪਣੇ ਜੀਵਨ ਵਿਚ ਅਜਿਹੇ ਕਾਰਨਾਮੇ ਕੀਤੇ ਕਿ ਇਨ੍ਹਾਂ ਨੂੰ ਸਮੇਂ ਤੇ ਸਥਾਨ ਵਿਚ ਸੰਕੁਚਿਤ ਕਰ ਕੇ ਨਹੀਂ ਦੇਖਿਆ ਜਾ ਸਕਦਾ | ਇਨ੍ਹਾਂ ਦੁਆਰਾ ਕੀਤੇ ਕਾਰਨਾਮੇ ਇਨ੍ਹਾਂ ਨੂੰ ਦੁਨਿਆਵੀ ਇਤਿਹਾਸ ਵਿਚ ਸਦੀਵੀ ਤੌਰ 'ਤੇ ਅਮਰ ਕਰ ਗਏ | ਚਾਰੇ ਸਾਹਿਬਜ਼ਾਦਿਆਂ ਨੂੰ ਧਰਮ ਵਿਚ ਦਿ੍ੜ੍ਹ ਰਹਿਣ ਦੀ ਜਿਹੜੀ ਸਿੱਖਿਆ ਦਿੱਤੀ ਗਈ ਸੀ, ਸਭਨਾਂ ਨੇ ਉਸ ਦਾ ਆਪੋ-ਆਪਣੇ ਤਰੀਕੇ ਨਾਲ ਦਿ੍ੜ੍ਹਤਾ ਨਾਲ ਪਾਲਣ ਕੀਤਾ | ਇਨ੍ਹਾਂ ਨੇ ਕਦੇ ਕਿਸੇ ਨੂੰ ਸਿੱਖਿਆਦਾਇਕ ਵਚਨ ਨਹੀਂ ਬੋਲੇ ਸਨ ਪਰ ਇਨ੍ਹਾਂ ਨੇ ਜਿਹੜੇ ਕਾਰਜ ਕੀਤੇ ਉਨ੍ਹਾਂ ਤੋਂ ਸਮੁੱਚਾ ਮਾਨਵੀ ਸਮਾਜ ਸਿੱਖਿਆ ਅਤੇ ਪ੍ਰੇਰਨਾ ਗ੍ਰਹਿਣ ਕਰਦਾ ਹੈ, ਭਾਵ ਇਨ੍ਹਾਂ ਦੀ ਕਰਨੀ ਹੀ ਕਥਨ ਦਾ ਰੂਪ ਧਾਰਨ ਕਰ ਗਈ ਸੀ | ਅਮਲ ਦੀ ਇਸ ਸਿੱਖਿਆ ਵਿਚ ਵੱਡੇ ਸਾਹਿਬਜ਼ਾਦਿਆਂ ਨੇ ਧਰਮ ਦੀ ਖ਼ਾਤਰ ਰਣ ਖੇਤਰ ਵਿਚ ਜੂਝਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਪ੍ਰਤੀ ਦਿ੍ੜ੍ਹਤਾ ਦਿਖਾਉਂਦਿਆਂ ਆਪਾ ਕੁਰਬਾਨ ਕਰ ਦਿੱਤਾ ਪਰ ਜ਼ੁਲਮ ਅਤੇ ਜ਼ਾਲਮ ਦੀ ਈਨ ਨਾ ਮੰਨੀ |
1687 ਈਸਵੀ ਵਿਚ ਪਾਉਂਟਾ ਸਾਹਿਬ ਵਿਖੇ ਜਨਮੇ ਸਾਹਿਬਜ਼ਾਦਾ ਅਜੀਤ ਸਿੰਘ ਉਮਰ ਵਿਚ ਸਭ ਤੋਂ ਵੱਡੇ ਸਨ | ਫ਼ੌਜੀ ਜੰਗਾਂ-ਯੁੱਧਾਂ ਦਾ ਅਭਿਆਸ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਅਨੰਦਪੁਰ ਸਾਹਿਬ ਪਾਸ ਹੋਈਆਂ ਛੋਟੀਆਂ-ਵੱਡੀਆਂ ਜੰਗਜੂ ਮੁਹਿੰਮਾਂ ਵਿਚ ਹਿੱਸਾ ਲੈਣਾ ਆਰੰਭ ਕਰ ਦਿੱਤਾ ਸੀ | ਸਾਹਿਬਜ਼ਾਦੇ ਦੀ ਅਗਵਾਈ ਵਿਚ ਨੂਹ ਪਿੰਡ ਦੇ ਰੰਘੜਾਂ ਨੂੰ ਸਜ਼ਾ ਦੇਣ ਦੀ ਘਟਨਾ ਇਤਿਹਾਸ ਦਾ ਹਿੱਸਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ 1699 ਵਿਚ ਇਕ ਦਿਨ ਪੋਠੋਹਾਰ ਦੀ ਸੰਗਤ ਨੂੰ ਨੂਹ ਪਿੰਡ ਦੇ ਰੰਘੜਾਂ ਨੇ ਲੁੱਟ ਲਿਆ ਜਿਸ ਦੀ ਫਰਿਆਦ ਅਨੰਦਪੁਰ ਸਾਹਿਬ ਵਿਖੇ ਗੁਰੂ-ਦਰਬਾਰ ਵਿਚ ਹੋਈ | ਅਗਲੇ ਦਿਨ ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਧੀਨ ਉਦੈ ਸਿੰਘ ਆਦਿ ਸੌ ਸੂਰਬੀਰ ਸਿੰਘਾਂ ਨੂੰ ਉਸ ਦੀ ਸੁਧਾਈ ਕਰਨ ਲਈ ਭੇਜਿਆ | ਉਨ੍ਹਾਂ ਨੇ ਰੰਘੜਾਂ ਦੇ ਮੁਖੀ ਕੇਸੋ ਰਾਮ ਨੂੰ ਫੜ ਕੇ ਅਨੰਦਪੁਰ ਸਾਹਿਬ ਲੈ ਆਂਦਾ ਅਤੇ ਗੁਰੂ ਜੀ ਨੇ ਇਸ ਨੂੰ ਮਾਫ਼ੀ ਮੰਗਣ 'ਤੇ ਛੱਡ ਦਿੱਤਾ ਸੀ |
ਵਡੇਰਿਆਂ ਦੁਆਰਾ ਦਿਖਾਈ ਨਿਡਰਤਾ ਅਤੇ ਕੁਰਬਾਨੀ ਦੀ ਪ੍ਰੇਰਨਾ ਸਾਹਿਬਜ਼ਾਦਾ ਅਜੀਤ ਸਿੰਘ ਦੇ ਖੂਨ ਵਿਚ ਰਚ-ਮਿਚ ਗਈ ਸੀ ਅਤੇ ਰੋਜ਼ਾਨਾ ਦੇ ਸ਼ਾਸਤਰ ਅਤੇ ਸ਼ਸਤਰ ਵਿੱਦਿਆ ਦੇ ਅਭਿਆਸ ਨਾਲ ਇਹ ਬਿਰਤੀ ਹੋਰ ਵਧੇਰੇ ਪ੍ਰਚੰਡ ਹੋ ਰਹੀ ਸੀ | ਗੁਰੂ ਸਾਹਿਬ ਦੁਆਰਾ ਪ੍ਰਪੱਕ ਕੀਤੇ ਜਾ ਰਹੇ ਧਰਮ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਪਹਿਲੇ ਗੁਰੂ ਸਾਹਿਬਾਨ ਦੀ ਸੂਰਬੀਰਤਾ, ਸੂਝਬੂਝ ਅਤੇ ਕੁਰਬਾਨੀਆਂ ਦੀਆਂ ਕਥਾਵਾਂ ਸੁਣਾਉਣ ਦੇ ਨਾਲ-ਨਾਲ ਸਤਿ, ਸੰਤੋਖ, ਦਇਆ, ਦਿ੍ੜ੍ਹਤਾ, ਨਿਮਰਤਾ ਅਤੇ ਧੀਰਜ ਆਦਿ ਗੁਣਾਂ ਦੀ ਪ੍ਰੇਰਨਾ ਪੈਦਾ ਕਰ ਕੇ ਇਕ ਧਰਮੀ ਤੇ ਨਿਰਭੈ ਯੋਧੇ ਵਜੋਂ ਤਿਆਰ ਕੀਤਾ ਜਾ ਰਿਹਾ ਸੀ |
ਸ਼ਸਤਰ ਵਿੱਦਿਆ ਅਤੇ ਛੋਟੀ ਉਮਰ ਵਿਚ ਹੀ ਜੰਗਾਂ-ਯੁੱਧਾਂ ਵਿਚ ਭਾਗ ਲੈਣ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਵਿਚ ਇਕ ਜੰਗਜੂ ਜਰਨੈਲ ਦੇ ਗੁਣਾਂ ਦਾ ਵਿਕਾਸ ਹੋਣ ਲੱਗਾ ਸੀ | ਧਰਮ ਦੀ ਸਿੱਖਿਆ ਅਨੁਸਾਰ ਸਮਾਜ ਵਿਚ ਬਰਾਬਰੀ ਅਤੇ ਜ਼ੁਲਮ ਦਾ ਟਾਕਰਾ ਕਰਨ ਦੀ ਜਿਹੜੀ ਭਾਵਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੈਦਾ ਕੀਤੀ ਸੀ ਸਾਹਿਬਜ਼ਾਦੇ ਉਸੇ ਰੰਗ ਵਿਚ ਰੰਗੇ ਗਏ ਸਨ | ਸਾਹਿਬਜ਼ਾਦਿਆਂ ਦੇ ਨਾਲ-ਨਾਲ ਅਨੰਦਪੁਰ ਸਾਹਿਬ ਦੀ ਵਿਚਾਰਧਾਰਾ ਨੇ ਜਨ-ਸਧਾਰਨ ਨੂੰ ਪ੍ਰਭਾਵਿਤ ਕੀਤਾ ਸੀ | ਧਰਮ ਵਿਚ ਵਰਨ-ਵੰਡ ਅਤੇ ਵਰਗ-ਵੰਡ ਪ੍ਰਤੀ ਦਿ੍ੜ੍ਹਤਾ ਰੱਖਣ ਵਾਲੇ ਅਨੰਦਪੁਰ ਸਾਹਿਬ ਦੀ ਵਿਚਾਰਧਾਰਾ ਨੂੰ ਖਤਰਾ ਸਮਝਣ ਲੱਗ ਗਏ ਸਨ | ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਵਿਚ ਪਹਾੜੀ ਰਾਜਿਆਂ ਨੇ ਮੋਹਰੀ ਭੂਮਿਕਾ ਨਿਭਾਈ | ਸਾਹਿਬਜ਼ਾਦਾ ਅਜੀਤ ਸਿੰਘ ਨੇ ਜਦੋਂ ਤੋਂ ਹੋਸ਼ ਸੰਭਾਲੀ ਸੀ ਅਤੇ ਸ਼ਸਤਰ ਵਿੱਦਿਆ ਵਿਚ ਹਿੱਸਾ ਲੈਣਾ ਆਰੰਭ ਕਰ ਦਿੱਤਾ ਸੀ ਅਤੇ ਉਸ ਸਮੇਂ ਤੋਂ ਹੀ ਇਹ ਅਨੰਦਪੁਰ ਸਾਹਿਬ 'ਤੇ ਪਹਾੜੀ ਰਾਜਿਆਂ ਦੇ ਹਮਲਿਆਂ ਦਾ ਟਾਕਰਾ ਕਰਨ ਲੱਗਾ ਸੀ | ਇਕ ਵਾਰ ਜਮਤੁਲਾ ਗੁੱਜਰ ਦੀ ਸਹਾਇਤਾ ਨਾਲ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ 'ਤੇ ਹਮਲਾ ਕੀਤਾ, ਤਾਂ ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਨੇ ਉਸ ਨੂੰ ਮਾਰ ਕੇ ਜਿੱਤ ਪ੍ਰਾਪਤ ਕੀਤੀ | ਇਸ ਯੁੱਧ ਵਿਚ ਚਾਰ ਹਜ਼ਾਰ ਮਲਵਈ ਸਿੰਘਾਂ ਸਹਿਤ ਇਕ ਹਿੱਸੇ ਦੀ ਕਮਾਨ ਸਾਹਿਬਜ਼ਾਦਾ ਅਜੀਤ ਸਿੰਘ ਨੇ ਸੰਭਾਲੀ ਅਤੇ ਦੁਸ਼ਮਣ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ | ਸਾਹਿਬਜ਼ਾਦਾ ਅਜੀਤ ਸਿੰਘ ਵਿਚ ਜੁਝਾਰੂ ਜਰਨੈਲ ਦੇ ਗੁਣਾਂ ਦੇ ਹੋਏ ਵਿਕਾਸ ਨੂੰ ਮੁੱਖ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਰਾਖੀ ਲਈ ਜਰਨੈਲ ਦੇ ਰੂਪ ਵਿਚ ਜ਼ਾਲਮ ਨੂੰ ਸੋਧਣ ਲਈ ਭੇਜਦੇ ਸਨ |
ਅਨੰਦਪੁਰ ਸਾਹਿਬ ਵਿਖੇ ਆਰੰਭ ਹੋਏ ਜੰਗਾਂ-ਯੁੱਧਾਂ ਨੇ ਸਿੱਖਾਂ ਨੂੰ ਚੇਤੰਨ ਕਰ ਦਿੱਤਾ ਸੀ ਕਿ ਆਉਣ ਵਾਲਾ ਸਮਾਂ ਕੰਡਿਆਲੇ ਮਾਰਗ ਵੱਲ ਜਾ ਰਿਹਾ ਹੈ | ਬੇਈਮਾਨੀ ਅਤੇ ਜ਼ੁਲਮ ਦੇ ਰਾਜ ਵਿਚ ਸੱਚਾਈ ਦੇ ਮਾਰਗ 'ਤੇ ਤੁਰਨ ਵਾਲਿਆਂ ਨੂੰ ਅਖ਼ੀਰ ਇਹ ਮਾਰਗ ਧਾਰਨ ਕਰਨਾ ਪੈਂਦਾ ਹੈ | ਗੁਰੂ ਗੋਬਿੰਦ ਸਿੰਘ ਜੀ ਨੇ ਸੱਚਾਈ ਅਤੇ ਸਦਾਚਾਰ ਦੇ ਬਿਖਮ ਮਾਰਗ 'ਤੇ ਚੱਲਣ ਵਾਲੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਜਿਹੜੀ ਕਿ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਪ੍ਰਚੰਡ ਸੰਘਰਸ਼ ਦੀ ਸ਼ੁਰੂਆਤ ਸੀ | ਇਸ ਸੰਘਰਸ਼ ਵਿਚ ਜਿੱਥੇ ਗੁਰੂ ਸਾਹਿਬ ਨੇ ਸਿੱਖ ਕੌਮ ਦੀ ਅਗਵਾਈ ਕੀਤੀ ਉੱਥੇ ਆਪਣੇ ਸਾਹਿਬਜ਼ਾਦਿਆਂ ਵਿਚ ਨਿਰਭੈਤਾ ਦੇ ਅਜਿਹੇ ਗੁਣ ਉਜਾਗਰ ਕਰ ਦਿੱਤੇ ਕਿ ਜਰਨੈਲਾਂ ਵਾਂਗ ਹਰ ਮੁਹਿੰਮ ਦੀ ਅਗਵਾਈ ਕਰਦੇ ਹੋਏ ਉਹ ਜ਼ਾਲਮਾਂ ਦੇ ਮੂੰਹ ਮੋੜਨ ਲਈ ਰਣ ਭੂਮੀ ਵਿਚ ਜੂਝਣ ਲੱਗੇ ਸਨ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਦੁਆਰਾ ਜੰਗਾਂ-ਯੁੱਧਾਂ ਵਿਚ ਹਿੱਸਾ ਲੈਣਾ ਅਤੇ ਸੂਰਬੀਰਤਾ ਦੇ ਜੌਹਰ ਦਿਖਾਉਣਾ ਹਰ ਆਮ-ਖ਼ਾਸ ਅਤੇ ਦੁਸ਼ਮਣ ਦੇ ਜਰਨੈਲਾਂ ਨੂੰ ਪ੍ਰਭਾਵਤ ਕਰ ਰਿਹਾ ਸੀ |
ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਪਰਿਵਾਰ ਵਿਛੋੜਾ ਹੋਣ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸਮੇਤ ਚਾਲੀ ਕੁ ਸਿੰਘ ਗੁਰੂ ਗੋਬਿੰਦ ਸਿੰਘ ਜੀ ਨਾਲ ਰਹਿ ਗਏ ਸਨ | ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਸਮੇਤ ਗੰਗੂ ਬ੍ਰਾਹਮਣ ਨਾਲ ਕਿਸੇ ਪਾਸੇ ਵਿਛੜ ਕੇ ਚਲੇ ਗਏ ਸਨ | ਗੁਰੂ ਗੋਬਿੰਦ ਸਿੰਘ ਜੀ ਨੇ ਪਿਛੇ ਆ ਰਹੀ ਭਾਰੀ ਮੁਗ਼ਲ ਫ਼ੌਜ ਤੋਂ ਤੇਜੀ ਨਾਲ ਅੱਗੇ ਵਧਦੇ ਹੋਏ ਚਮਕੌਰ ਵਿਖੇ ਇਕ ਪੁਰਾਣੀ ਹਵੇਲੀ ਵਿਚ ਸ਼ਰਨ ਲੈ ਲਈ ਸੀ | ਇਸ ਹਵੇਲੀ ਨੂੰ ਗੜ੍ਹੀ ਵੀ ਕਿਹਾ ਜਾਂਦਾ ਹੈ | ਇਸ ਗੜ੍ਹੀ ਦੇ ਮਾਲਕ ਜਗਤ ਸਿੰਘ ਨੇ ਸਿੰਘਾਂ ਨੂੰ ਗੜ੍ਹੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਸ ਦੇ ਸਕੇ ਭਰਾ ਰੂਪ ਚੰਦ ਨੇ ਗੁਰੂ ਸਾਹਿਬ ਨੂੰ ਗੜ੍ਹੀ ਵਿਖੇ ਨਿਵਾਸ ਕਰਨ ਦੀ ਇਜਾਜ਼ਤ ਦੇ ਦਿਤੀ ਸੀ | ਇਸ ਗੜ੍ਹੀ ਦੇ ਅੰਦਰ ਪ੍ਰਵੇਸ਼ ਕਰਨ ਦਾ ਕੇਵਲ ਇਕੋ ਰਸਤਾ ਸੀ ਜਿਸ ਕਰਕੇ ਇਸ ਦੀ ਕਿਲ੍ਹੇਬੰਦੀ ਕਰਨੀ ਸੌਖੀ ਹੋ ਗਈ ਸੀ | ਮੁਗ਼ਲ ਫ਼ੌਜ ਨੂੰ ਜਦੋਂ ਗੁਰੂ ਜੀ ਦੇ ਇਸ ਗੜ੍ਹੀ ਵਿਚ ਪ੍ਰਵੇਸ਼ ਕਰਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਇਸ ਨੂੰ ਘੇਰਾ ਪਾ ਲਿਆ ਅਤੇ ਅਗਲੇ ਦਿਨ ਫਿਰ ਗੁਰੂ ਗੋਬਿੰਦ ਸਿੰਘ ਜੀ ਅਤੇ ਦੁਸ਼ਮਣ ਵਿਚਕਾਰ ਯੁੱਧ ਆਰੰਭ ਹੋ ਗਿਆ | ਸਿੰਘਾਂ ਦੀ ਮੋਰਚਾਬੰਦੀ ਨੇ ਦੁਸ਼ਮਣ ਨੂੰ ਗੜ੍ਹੀ ਵਿਚ ਪ੍ਰਵੇਸ਼ ਨਹੀਂ ਹੋਣ ਦਿੱਤਾ ਸੀ ਅਤੇ ਜਿਹੜਾ ਨੇੜੇ ਆਉਣ ਦੀ ਹਿੰਮਤ ਕਰਦਾ ਸੀ ਉਹ ਮਾਰਿਆ ਜਾਂਦਾ ਸੀ | ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਇਸ ਯੁੱਧ ਵਿਚ ਸ਼ਾਮਿਲ ਹੋ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ |
ਸਾਹਿਬਜ਼ਾਦਿਆਂ ਨੇ ਕਦੇ ਵੀ ਗੁਰੂ-ਪੁੱਤਰ ਹੋਣ ਦਾ ਮਾਣ ਨਹੀਂ ਸੀ ਕੀਤਾ ਅਤੇ ਨਾ ਹੀ ਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਖ਼ਾਲਸਾ ਪੰਥ ਤੋਂ ਵੱਖ ਕਰ ਕੇ ਦੇਖਣ ਦੀ ਕੋਸ਼ਿਸ਼ ਕੀਤੀ ਸੀ | ਸਮੁੱਚੇ ਖ਼ਾਲਸਾ ਪੰਥ ਨੂੰ ਗੁਰੂ ਜੀ ਆਪਣੇ ਪੰਜਵੇਂ ਪੁੱਤਰ ਵਜੋਂ ਮਾਨਤਾ ਦਿੰਦੇ ਸਨ | ਸਾਹਿਬਜ਼ਾਦੇ ਹਮੇਸ਼ਾ ਹੀ ਇਕ ਸੰਤ-ਸਿਪਾਹੀ ਵਾਂਗ ਆਪਣੇ ਪਿਤਾ-ਗੁਰੂ ਦੀ ਕਮਾਨ ਹੇਠ ਕਾਰਜ ਕਰਨ ਨੂੰ ਤਰਜੀਹ ਦਿੰਦੇ ਸਨ | ਚਮਕੌਰ ਸਾਹਿਬ ਵਿਖੇ ਯੁੱਧ ਆਰੰਭ ਹੋਇਆ ਤਾਂ ਸਿੰਘਾਂ ਨੇ ਜ਼ੋਰਦਾਰ ਹੱਲਾ ਕਰ ਕੇ ਇਕ ਵਾਰ ਮੁਗ਼ਲਾਂ ਨੂੰ ਪਿੱਛੇ ਧੱਕ ਦਿੱਤਾ ਸੀ | ਜਿਹੜਾ ਵੀ ਮੁਗ਼ਲ ਫ਼ੌਜ ਦਾ ਸਿਪਾਹੀ ਜਾਂ ਜਰਨੈਲ ਗੜ੍ਹੀ ਦੇ ਨੇੜੇ ਆਉਣ ਦੀ ਹਿੰਮਤ ਕਰਦਾ ਤਾਂ ਉਹ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਸੀ |
ਚਮਕੌਰ ਦੇ ਯੁੱਧ ਦੀ ਰਣਨੀਤੀ ਇਸ ਤਰ੍ਹਾਂ ਕੀਤੀ ਗਈ ਕਿ ਆਪਣੇ ਘੱਟ ਤੋਂ ਘੱਟ ਨੁਕਸਾਨ ਨਾਲ ਦੁਸ਼ਮਣ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ | ਗੜ੍ਹੀ ਦੇ ਬਾਹਰਲੇ ਦਰਵਾਜ਼ਿਉਂ ਪੰਜ-ਪੰਜ ਸਿੰਘ ਨਿਕਲਦੇ ਅਤੇ ਦੁਸ਼ਮਣ ਨਾਲ ਜੂਝਦੇ ਹੋਏ ਸ਼ਹੀਦ ਹੋ ਜਾਂਦੇ ਸਨ | ਗੜ੍ਹੀ ਦੇ ਅੰਦਰੋਂ ਬਾਹਰ ਆ ਕੇ ਜੂਝਣ ਵਾਲੇ ਯੋਧਿਆਂ ਅਤੇ ਮੁਗ਼ਲ ਫ਼ੌਜਾਂ ਵਿਚਕਾਰ ਵੱਡਾ ਅੰਤਰ ਇਹ ਸੀ ਕਿ ਸਿੰਘ ਆਪਣੇ ਧਰਮ ਅਤੇ ਗੁਰੂ ਲਈ ਬਿਨਾਂ ਕਿਸੇ ਲੋਭ ਤੋਂ ਯੁੱਧ ਕਰ ਰਹੇ ਸਨ ਅਤੇ ਮੁਗ਼ਲ ਫ਼ੌਜੀ ਆਪਣੀ ਤਨਖ਼ਾਹ ਅਤੇ ਹੋਰ ਇਨਾਮ ਹਾਸਲ ਕਰਨ ਲਈ ਸਿੰਘਾਂ ਨਾਲ ਦੋ-ਦੋ ਹੱਥ ਕਰ ਰਹੇ ਸਨ | ਮੌਤ ਦਾ ਭੈਅ ਮਨ ਵਿਚ ਨਾ ਹੋਣ ਕਰਕੇ ਗੁਰੂ ਦੇ ਸਿੰਘ ਜਿਧਰ ਵੀ ਮੂੰਹ ਕਰਦੇ, ਵੈਰੀ ਦਲ ਦੀਆਂ ਫ਼ੌਜਾਂ ਦੇ ਬਹੁਤ ਸਾਰੇ ਸਿਪਾਹੀ ਮਾਰ ਦਿੰਦੇ ਅਤੇ ਆਪ ਵੀ ਸ਼ਹੀਦ ਹੋ ਜਾਂਦੇ ਸਨ | ਗਿਣਤੀ ਵਿਚ ਥੋੜੇ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਦੀ ਹਜ਼ੂਰੀ ਅਤੇ ਪ੍ਰੇਮ ਨੇ ਸਾਹਿਬਜ਼ਾਦਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਿਆ ਹੋਇਆ ਸੀ | ਜਬਰ ਅਤੇ ਜ਼ੁਲਮ ਵਿਰੁੱਧ ਲੜਨ ਦੀ ਜੋ ਚਿਣਗ਼ ਅਨੰਦਪੁਰ ਦੇ ਢਾਡੀ ਦਰਬਾਰਾਂ ਨੇ ਪੈਦਾ ਕੀਤੀ ਸੀ, ਉਸ ਉੱਤੇ ਦਿ੍ੜ੍ਹਤਾ ਨਾਲ ਪਹਿਰਾ ਦੇਣ ਦਾ ਵਕਤ ਆ ਗਿਆ ਸੀ | ਇਸੇ ਦਿ੍ੜ੍ਹਤਾ ਅਤੇ ਨਿਸ਼ਠਾ ਨੂੰ ਮੁੱਖ ਰਖਦੇ ਹੋਏ ਪੰਜ-ਪੰਜ ਸਿੰਘ ਗੜ੍ਹੀ ਵਿਚੋਂ ਬਾਹਰ ਨਿਕਲ ਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ | ਇਨ੍ਹਾਂ ਸਿੰਘਾਂ ਦੀ ਦਲੇਰੀ ਤੋਂ ਮੁਗ਼ਲ ਸੈਨਿਕ ਇੰਨਾ ਭੈਅ ਮਹਿਸੂਸ ਕਰ ਰਹੇ ਸਨ ਕਿ ਲੱਖਾਂ ਦੀ ਗਿਣਤੀ ਵਿਚ ਹੋਣ ਦੇ ਬਾਵਜੂਦ ਵੀ ਮੁਠੀ ਭਰ ਸਿੰਘਾਂ ਨੂੰ ਕਾਬੂ ਕਰਨ ਲਈ ਗੜ੍ਹੀ ਤੱਕ ਪਹੁੰਚਣ ਵਿਚ ਅਸਫ਼ਲ ਸਿੱਧ ਹੋ ਰਹੇ ਸਨ | ਮੁਗ਼ਲ ਫ਼ੌਜ ਲਈ ਇਹ ਦੰਦਾਂ ਨਾਲ ਲੋਹਾ ਚਬਾਉਣ ਵਾਲੀ ਗੱਲ ਸੀ | ਮੁਗ਼ਲ ਫ਼ੌਜ ਦੇ ਜਿਹੜੇ ਸਰਦਾਰ ਜਾਂ ਸਿਪਾਹੀ ਗੜ੍ਹੀ ਦੇ ਬਾਹਰ ਵਾਲੇ ਪਾਸਿਓਾ ਪੌੜੀ ਲਾ ਕੇ ਚੜ੍ਹਨ ਦਾ ਯਤਨ ਕਰ ਰਹੇ ਸਨ, ਉਨ੍ਹਾਂ ਨੂੰ ਗੜ੍ਹੀ ਉਤਲੇ ਸਿੰਘਾਂ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ | ਗੜ੍ਹੀ ਦੀ ਉਤਲੇ ਪਾਸਿਓਾ ਰਾਖੀ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਕਰ ਰਹੇ ਸਨ |
ਜਿਸ ਵੀ ਜਰਨੈਲ ਨੂੰ ਗੁਰੂ ਜੀ ਨੇ ਤੀਰ ਮਾਰਿਆ, ਉਹ ਮੁੜ ਇਸ ਧਰਤੀ ਦਾ ਬਸ਼ਿੰਦਾ ਨਾ ਰਿਹਾ ਅਤੇ ਉਸ ਦੀ ਫ਼ੌਜ ਪਿਛਾਂਹ ਵੱਲ ਭੱਜ ਗਈ | ਪਰ ਚਾਲੀ ਕੁ ਸੂਰਬੀਰ ਕਿੰਨਾ ਚਿਰ ਲੱਖਾਂ ਦੀ ਗਿਣਤੀ ਨਾਲ ਲੜ ਸਕਦੇ ਸਨ? ਜਿਹੜੇ ਵੀ ਪੰਜ ਸਿੰਘ ਗੜ੍ਹੀ ਚੋਂ ਬਾਹਰ ਨਿਕਲਦੇ, ਉਹ ਸ਼ਹਾਦਤ ਪਾ ਜਾਂਦੇ | ਇਸ ਤਰ੍ਹਾਂ ਗੜ੍ਹੀ ਅੰਦਰ ਸਿੰਘਾਂ ਦੀ ਗਿਣਤੀ ਨਾ-ਮਾਤਰ ਹੀ ਰਹਿ ਗਈ ਸੀ |
ਯੁੱਧ ਦੇ ਜ਼ੋਰ ਨੇ ਜਿਥੇ ਸਿੰਘਾਂ ਨੂੰ ਕੁਰਬਾਨੀ ਲਈ ਪ੍ਰੇਰਿਤ ਕੀਤਾ ਹੋਇਆ ਸੀ, ਉੱਥੇ ਸਾਹਿਬਜ਼ਾਦਾ ਅਜੀਤ ਸਿੰਘ ਅੰਦਰ ਛੁਪਿਆ ਜਰਨੈਲ ਦੁਨੀਆ ਸਾਹਮਣੇ ਆ ਕੇ ਦੁਸ਼ਮਣ ਨਾਲ ਲੋਹਾ ਲੈਣ ਲਈ ਤਤਪਰ ਹੋ ਰਿਹਾ ਸੀ | ਦੁਪਹਿਰ ਤੱਕ ਗੜ੍ਹੀ ਦੇ ਉਪਰ ਵਾਲੇ ਪਾਸਿਓਾ ਮੁਗ਼ਲਾਂ ਦੀਆਂ ਫ਼ੌਜਾਂ ਨੂੰ ਤੀਰਾਂ ਨਾਲ ਲਲਕਾਰਨ ਵਾਲਾ ਸਾਹਿਬਜ਼ਾਦਾ ਗੜ੍ਹੀ ਦੇ ਬਾਹਰ ਆ ਕੇ ਦੋ-ਦੋ ਹੱਥ ਕਰਨ ਲਈ ਉਤਾਵਲਾ ਹੋ ਰਿਹਾ ਸੀ | ਕੁਇਰ ਸਿੰਘ ਆਪਣੀ ਰਚਨਾ ਗੁਰਬਿਲਾਸ ਪਾਤਸ਼ਾਹੀ 10 ਵਿਚ ਦੱਸਦਾ ਹੈ ਕਿ ਗੁਰੂ ਜੀ ਨੇ ਸਾਹਿਬਜ਼ਾਦਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ:
ਹੇ ਸੁਤ ਤੁਮ ਹਮ ਕੋ ਹੋ ਪਿਯਾਰੇ |
ਤੁਰਕ ਨਾਸ ਹਿਤ ਤੁਮ ਤਨ ਧਾਰੇ |
ਜੇ ਅਪਨੇ ਸਿਰ ਰਨ ਮੇਂ ਲਾਗੇ |
ਤਾ ਕਰ ਨਾਸ ਮਲੇਛ ਸੁਭਾਗੇ |

ਗੁਰੂ ਜੀ ਦੇ ਸ਼ਬਦਾਂ ਨੇ ਸਾਹਿਬਜ਼ਾਦਿਆਂ ਦੇ ਮਨ ਵਿਚ ਭਰਪੂਰ ਜੋਸ਼ ਪੈਦਾ ਕਰ ਦਿੱਤਾ ਸੀ | ਸਿੰਘਾਂ ਦੀ ਕੁਰਬਾਨੀ ਅਤੇ ਘਟ ਰਹੀ ਗਿਣਤੀ ਨੂੰ ਸਾਹਮਣੇ ਰੱਖਦੇ ਹੋਏ ਸਭ ਤੋਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਤੋਂ ਆਹਮੋ-ਸਾਹਮਣੇ ਦੇ ਯੁੱਧ ਲਈ ਗੜ੍ਹੀ ਤੋਂ ਬਾਹਰ ਜਾਣ ਦੀ ਆਗਿਆ ਮੰਗੀ ਜਿਸ ਦਾ ਵਰਨਣ ਕਰਦੇ ਹੋਏ ਗੁਰੂ ਜੀ ਦਾ ਦਰਬਾਰੀ ਕਵੀ ਸੈਨਾਪਤੀ ਲਿਖਦਾ ਹੈ:
ਬਿਨਉ ਕਰੀ ਕਰਿ ਜੋਰਿ ਕੈ ਖੁਸ਼ੀ ਕਰਉ ਕਰਤਾਰ |
ਕਰਉ ਬੀਰ ਸੰਗ੍ਰਾਮ ਮੈ ਦੇਖਉ ਆਪਿ ਨਿਹਾਰਿ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈ ਕੇ ਸਾਹਿਬਜ਼ਾਦਾ ਸਾਥੀ ਸਿੰਘਾਂ ਨਾਲ ਮੈਦਾਨ-ਏ-ਜੰਗ ਵਿਚ ਆ ਗਿਆ | ਇਹ ਇਕ ਅਸਾਵੀਂ ਜੰਗ ਸੀ ਜਿਸ ਵਿਚ ਧਰਮ ਦਾ ਜੋਸ਼ ਵੈਰੀਆਂ ਦੇ ਟਿੱਡੀ ਦਲ ਨਾਲ ਲੋਹਾ ਲੈ ਰਿਹਾ ਸੀ | ਗੜ੍ਹੀ ਦੇ ਉਪਰੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਮੈਦਾਨ ਵਿਚ ਦੂਰ ਉੱਚੇ ਸਥਾਨ ਤੇ ਖੜ੍ਹੇ ਵਜੀਦ ਖਾਂ ਅਤੇ ਜ਼ਬਰਦਸਤ ਖਾਂ ਵੀ ਇਸ ਯੁੱਧ ਨੂੰ ਵੇਖ ਰਹੇ ਸਨ | ਸਾਹਿਬਜ਼ਾਦੇ ਨੇ ਬਾਹਰ ਆਉਂਦੇ ਹੀ ਇਕ ਜ਼ੋਰਦਾਰ ਹੱਲਾ ਬੋਲਿਆ ਜਿਸ ਕਾਰਨ ਦੁਸ਼ਮਣ ਪਿੱਛੇ ਨੂੰ ਹਟਣ ਲਈ ਮਜਬੂਰ ਹੋ ਗਿਆ | ਸਿੰਘਾਂ ਅਤੇ ਸਾਹਿਬਜ਼ਾਦੇ ਦਾ ਜੋਸ਼ ਦੇਖ ਕੇ ਮੁਗ਼ਲ ਫ਼ੌਜਾਂ ਹੈਰਾਨ ਹੋ ਰਹੀਆਂ ਸਨ | ਸਾਹਿਬਜ਼ਾਦਾ ਅਜੀਤ ਸਿੰਘ ਇਸ ਯੁੱਧ ਵਿਚ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਉਂਦੇ ਹੋਏ ਅਖ਼ੀਰ ਸ਼ਹਾਦਤ ਪ੍ਰਾਪਤ ਕਰ ਗਏ | ਰੱਜੀ-ਪੁੱਜੀ ਤੇ ਤਾਜਾ ਦਮ ਫ਼ੌਜ ਨਾਲ ਭੁਖੇ ਭਾਣੇ ਸਿੰਘਾਂ ਅਤੇ ਸਾਹਿਬਜ਼ਾਦੇ ਦੇ ਸੂਰਬੀਰਾਂ ਵਾਂਗ ਸ਼ਹੀਦ ਹੋਣ 'ਤੇ ਗੁਰੂ ਜੀ ਦੇ ਮਨੋਭਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਜੋਗੀ ਅਲ੍ਹਾ ਯਾਰ ਖਾਂ ਕਹਿੰਦਾ ਹੈ:
ਸ਼ਹਜ਼ਾਦ:- ੲੈ-ਜ਼ੀ-ਜਾਹ ਨੇ ਭਾਗੜ ਸੀ ਮਚਾ ਦੀ |
ਯਿਹ ਫੌੌਜ ਭਗਾ ਦੀ, ਕਭੀ ਉਹ ਫ਼ੌਜ ਭਗਾ ਦੀ |
ਬੜ੍ਹ ਚੜ੍ਹ ਕੇ ਤਵਕੁਅ ਸੇ ਸ਼ੁਜਾਅਤ ਜੁ ਦਿਖਾ ਦੀ |
ਸਤਿਗੁਰ ਨੇ ਵਹੀਂ ਕਿਲਾਅ ਸੇ ਬੇਟੇ ਕੋ ਨਿਦਾ ਦੀ |
ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ |
ਹਾਂ, ਕਯੋਂ ਨ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ |

ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੜ੍ਹੀ ਉਤੋਂ ਸ਼ਹੀਦ ਹੁੰਦਾ ਦੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਦੁਸ਼ਮਣ ਨਾਲ ਲੋਹਾ ਲੈਣ ਲਈ ਉਤਸੁਕ ਹੋਣ ਲੱਗਾ | ਗੁਰੂ ਗੋਬਿੰਦ ਸਿੰਘ ਜੀ ਕੋਲ ਆ ਕੇ ਰਣ-ਤੱਤੇ ਵਿਚ ਜਾਣ ਦੀ ਆਗਿਆ ਮੰਗੀ | ਆਪਣੇ ਵੱਡੇ ਸਾਹਿਬਜ਼ਾਦੇ ਦੇ ਵਿਛੜਨ 'ਤੇ ਗੁਰੂ ਜੀ ਦੇ ਮਨ ਵਿਚ ਪਲ ਭਰ ਵੀ ਜੁਝਾਰ ਸਿੰਘ ਲਈ ਮੋਹ ਨਹੀਂ ਜਾਗਿਆ, ਬਲਕਿ ਯੁੱਧ ਵਿਚ ਜਾਣ ਦੀ ਆਗਿਆ ਦੇ ਦਿੱਤੀ | ਪੂਰਨ ਸਿੰਘ ਦੱਸਦਾ ਹੈ ਕਿ ਯੁੱਧ ਵਿਚ ਭੇਜਣ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਸਮਝਾਇਆ, 'ਮੇਰੇ ਪੁੱਤਰ ਅਸੀਂ ਇਸ ਸੰਸਾਰ ਦੇ ਵਾਸੀ ਨਹੀਂ ਹਾਂ | ਸਾਡੇ ਵੱਡੇ-ਵਡੇਰੇ ਅਕਾਲ ਪੁਰਖ ਦੀ ਹਜ਼ੂਰੀ ਵਿਚ ਰਹਿ ਰਹੇ ਹਨ | ਤੁਸੀਂ ਵੀ ਉੱਥੇ ਜਾ ਕੇ ਮੇਰੀ ਇੰਤਜ਼ਾਰ ਕਰਨਾ |' ਕੁਝ ਸਿੰਘਾਂ ਨੂੰ ਨਾਲ ਲੈ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਯੁੱਧ ਦੇ ਮੈਦਾਨ ਵਿਚ ਆ ਗਿਆ | ਪੰਦਰਾਂ ਸਾਲ ਦੀ ਉਮਰ ਦਾ ਬੱਚਾ ਭਾਵੇਂ ਪ੍ਰੌੜ੍ਹ ਤੇ ਸਿੱਖਿਅਤ ਜਰਨੈਲਾਂ ਵਾਲੇ ਦਾਉ-ਪੇਚ ਨਹੀਂ ਸੀ ਜਾਣਦਾ, ਪਰ ਉਸ ਲਈ ਵੱਡੇ ਭਰਾ ਦੀ ਅੱਖਾਂ ਸਾਹਮਣੇ ਹੋਈ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਅਸ਼ੀਰਵਾਦ ਹੀ ਦੁਸ਼ਮਣ ਨਾਲ ਲੋਹਾ ਲੈਣ ਲਈ ਕਾਫ਼ੀ ਸੀ | ਸਾਹਿਬਜ਼ਾਦਾ ਜੁਝਾਰ ਸਿੰਘ ਧਰਮ ਦੇ ਜੋਸ਼ ਅਧੀਨ ਮੁਗ਼ਲਾਂ ਦੀ ਫ਼ੌਜ ਵਿਚ ਜਾ ਵੜਿਆ ਅਤੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਨ ਲੱਗਾ | ਮੁਗ਼ਲ ਫ਼ੌਜ ਦੇ ਸਿੱਖਿਅਤ ਸਿਪਾਹੀਆਂ ਅਤੇ ਜਰਨੈਲਾਂ ਨੂੰ ਸ਼ਾਇਦ ਇਸ ਗੱਲ ਦੀ ਆਸ ਨਹੀਂ ਸੀ ਕਿ ਉਮਰ ਪੱਖੋਂ ਦਿਖਣ ਵਾਲਾ ਬੱਚਾ ਇਤਨੀ ਫੁਰਤੀ ਤੇ ਨਿਡਰਤਾ ਨਾਲ ਉਨ੍ਹਾਂ ਦੇ ਮੁਕਾਬਲੇ ਲਈ ਆ ਖੜ੍ਹਾ ਹੋਵੇਗਾ | ਆਪਣੀ ਸਮਰੱਥਾ ਤੋਂ ਬਾਹਰ ਹੋ ਕੇ ਲੜਦੇ ਹੋਏ ਸਾਹਿਬਜ਼ਾਦੇ ਨੇ ਕਈ ਸੈਨਿਕ ਮਾਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਜਿਸ ਦਾ ਵਰਨਣ ਕਰਦੇ ਹੋਏ ਰਤਨ ਸਿੰਘ ਭੰਗੂ ਲਿਖਦਾ ਹੈ:
ਕਈ ਤੁਰਕਨ ਮਾਰ ਤਿਹ ਸ੍ਰੀ ਜੁਝਾਰ ਸਿੰਘ ਸ਼ਹੀਦੀ ਲੀਨ |
ਵੱਡੇ ਸਾਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ ਵਿਚ ਸੂਰਬੀਰਤਾ ਵਾਲੇ ਅਜਿਹੇ ਕੀਰਤੀਮਾਨ ਸਥਾਪਿਤ ਕੀਤੇ ਸਨ ਜਿਨ੍ਹਾਂ ਦੀ ਮਿਸਾਲ ਸ਼ਾਇਦ ਹੀ ਕਿਧਰੇ ਮਿਲਦੀ ਹੋਵੇ | ਸਾਹਿਬਜ਼ਾਦਿਆਂ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਫ਼ੌਜੀ ਬਹੁ-ਗਿਣਤੀ ਅਤੇ ਆਧੁਨਿਕ ਸ਼ਸਤਰਾਂ ਦੀ ਬਜਾਏ ਧਰਮ ਦੀ ਭਾਵਨਾ ਅਧੀਨ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰਨ ਵਾਲਾ ਗੁਣ ਵਧੇਰੇ ਮਹੱਤਵਪੂਰਨ ਹੁੰਦਾ ਹੈ | ਸਾਹਿਬਜ਼ਾਦਿਆਂ ਨੇ ਚਮਕੌਰ ਸਾਹਿਬ ਦੇ ਜਿਸ ਅਸਥਾਨ 'ਤੇ ਧਰਮ ਅਤੇ ਸਦਾਚਾਰ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ, ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤ ਉਥੇ ਸਿਜਦਾ ਕਰਨ ਲਈ ਹਰ ਸਾਲ ਹਾਜ਼ਰੀ ਭਰਦੀ ਹੈ |

-ਸਿੱਖ ਵਿਸ਼ਵਕੋਸ਼ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ |
paramvirsingh68@gmail.com

26 ਦਸੰਬਰ ਨੂੰ ਲੱਗੇਗਾ ਸੂਰਜ ਗ੍ਰਹਿਣ

ਅਨੋਖਾ ਪੁਲਾੜੀ ਨਜ਼ਾਰਾ : ਚੱਕਰਾਕਾਰ ਸੂਰਜ

ਪੁਲਾੜੀ ਘਟਨਾਵਾਂ ਹਮੇਸ਼ਾ ਹੀ ਮਨੁੱਖ ਲਈ ਖਿੱਚ ਦਾ ਕੇਂਦਰ ਰਹਿੰਦੀਆਂ ਹਨ | ਇਹ ਘਟਨਾਵਾਂ ਭਾਵੇਂ ਸੂਰਜ ਦੀਆਂ ਗਤੀਆਂ ਨਾਲ ਚੰਨ ਦੀਆਂ ਕਲਾਵਾਂ ਹੋਣ, ਸ਼ੁੱਕਰ ਗ੍ਰਹਿ ਦੀਆਂ ਕਲਾਵਾਂ ਹੋਣ ਜਾਂ ਫਿਰ ਸੂਰਜ ਗ੍ਰਹਿਣ ਜਾਂ ਚੰਨ ਗ੍ਰਹਿਣ | ਸੂਰਜ ਗ੍ਰਹਿਣ ਦਾ ਅਸਲ ਨਜ਼ਾਰਾ ਦੇਖਣ ਤੋਂ ਪਹਿਲਾਂ ਜਾਨਣਾ ਜ਼ਰੂਰੀ ਹੈ ਕਿ ਚੰਨ ਗ੍ਰਹਿਣ ਜਾਂ ਸੂਰਜ ਗ੍ਰਹਿਣ ਕੀ ਹੁੰਦਾ ਹੈ ਤੇ ਕਿਉਂ ਲਗਦਾ ਹੈ? ਗ੍ਰਹਿਣ ਦਾ ਸਬੰਧ ਪ੍ਰਕਾਸ਼ ਅਤੇ ਅਪਾਰਦਰਸ਼ੀ ਵਰਤਾਂ ਨਾਲ ਹੁੰਦਾ ਹੈ | ਸੂਰਜ ਸਾਡੀ ਧਰਤੀ ਲਈ ਪ੍ਰਕਾਸ਼ ਦਾ ਸਭ ਤੋਂ ਵੱਡਾ ਸਰੋਤ ਹੈ | ਧਰਤੀ ਚੰਨ, ਮਨੁੱਖੀ ਸਰੀਰ ਆਦਿ ਅਪਾਰਦਰਸ਼ੀ ਵਸਤਾਂ ਹਨ ਜੋ ਕੇਵਲ ਕਿਸੇ ਹੋਰ ਦੇ ਪ੍ਰਕਾਸ਼ ਨਾਲ ਹੀ ਚਮਕਦੇ ਤੇ ਦਿਖਾਈ ਦਿੰਦੇ ਹਨ | ਹਵਾ, ਪਾਣੀ, ਕੱਚ ਆਦਿ ਪਾਰਦਰਸ਼ੀ ਪਦਾਰਥ ਹਨ, ਜਿਨ੍ਹਾਂ ਵਿਚੋਂ ਪ੍ਰਕਾਸ਼ ਪਾਰ ਲੰਘ ਜਾਂਦਾ ਹੈ | ਜਦ ਪ੍ਰਕਾਸ਼ ਦੇ ਰਾਹ ਵਿਚ ਕੋਈ ਅਪਾਰਦਰਸ਼ੀ ਵਸਤੂ ਆ ਜਾਂਦੀ ਹੈ ਤਾਂ ਉਸ ਦੇ ਪਿੱਛੇ ਜਿਥੇ ਪ੍ਰਕਾਸ਼ ਨਹੀਂ ਪਹੁੰਚਾ ਉਸ ਨੂੰ ਪਰਛਾਵਾਂ ਕਹਿੰਦੇ ਹਨ | ਗ੍ਰਹਿਣ ਵੀ ਪਰਛਾਵੇਂ ਹੀ ਹੁੰਦੇ ਹਨ | ਧਰਤੀ 'ਤੇ ਚੰਨ ਦਾ ਪਰਛਾਵਾਂ ਸੂਰਜ ਗ੍ਰਹਿਣ ਹੁੰਦਾ ਹੈ ਜਦਕਿ ਚੰਨ 'ਤੇ ਧਰਤੀ ਦਾ ਪਰਛਾਵਾਂ ਚੰਨ ਗ੍ਰਹਿਣ ਹੁੰਦਾ ਹੈ | ਸਾਡੀ ਧਰਤੀ ਸੂਰਜ ਦੁਆਲੇ 365.24 ਦਿਨਾਂ ਵਿਚ ਇਕ ਚੱਕਰ ਪੂਰਾ ਕਰਦੀ ਹੈ, ਜਿਸ ਨੂੰ ਇਕ ਸਾਲ ਕਹਿੰਦੇ ਹਨ, ਜਦਕਿ ਚੰਦਰਮਾ ਧਰਤੀ ਦਾ ਉਪ-ਗ੍ਰਹਿ ਹੋਣ ਕਰਕੇ ਧਰਤੀ ਦੁਆਲੇ ਘੁੰਮਦਾ ਹੈ | ਪਰ ਇਨ੍ਹਾਂ ਦੇ ਰਸਤੇ ਇਕ ਤਲ ਵਿਚ ਕਦੇ-ਕਦੇ ਹੀ ਆਉਂਦੇ ਹਨ | ਧਰਤੀ ਅਤੇ ਚੰਨ ਘੁੰਮਦੇ-ਘੁੰਮਦੇ ਇਸ ਤਰ੍ਹਾਂ ਆਉਂਦੇ ਹਨ ਕਿ ਸੂਰਜ ਅਤੇ ਚੰਨ ਦੇ ਵਿਚਕਾਰ ਧਰਤੀ ਹੁੰਦੀ ਹੈ ਤਾਂ ਚੰਨ ਦੇ ਜਿਸ ਤਲ ਤੇ ਸੂਰਜ ਦਾ ਪ੍ਰਕਾਸ਼ ਪੈਂਦਾ ਹੈ, ਉਹ ਧਰਤੀ ਵੱਲ ਹੁੰਦਾ ਹੈ ਤੇ ਚੰਨ ਪੂਰਾ ਨਜ਼ਰ ਆਉਂਦਾ ਹੈ | ਜਿਸ ਨੂੰ ਪੰੁਨਿਆਂ ਦਾ ਚੰਨ ਕਹਿੰਦੇ ਹਨ | ਜਦ ਧਰਤੀ ਅਤੇ ਸੂਰਜ ਵਿਚਕਾਰ ਚੰਨ ਆ ਜਾਵੇ ਤਾਂ ਚੰਨ ਦੇ ਜਿਸ ਤਲ 'ਤੇ ਸੂਰਜ ਦਾ ਪ੍ਰਕਾਸ਼ ਪੈਂਦਾਹੈ, ਉਹ ਸਾਡੇ (ਧਰਤੀ) ਵੱਲ ਨਹੀਂ ਹੁੰਦਾ, ਇਸ ਲਈ ਚੰਨ ਸਾਨੂੰ ਦਿਖਾਈ ਨਹੀਂ ਦਿੰਦਾ ਤੇ ਉਸ ਦਿਨ/ਰਾਤ ਮੱਸਿਆ ਹੁੰਦੀ ਹੈ |
ਜੇ ਮੱਸਿਆ ਵਾਲੇ ਦਿਨ ਸੂਰਜ ਚੰਨ ਅਤੇ ਧਰਤੀ ਇਕ ਸੇਧ ਅਤੇ ਇਕੋ ਤਲ ਵਿਚ ਆ ਜਾਣ ਤਾਂ ਚੰਨ ਦਾ ਪਰਛਾਵਾਂ ਧਰਤੀ 'ਤੇ ਪੈ ਜਾਂਦਾ ਹੈ | ਜਿਸ ਨੂੰ ਸੂਰਜ ਗ੍ਰਹਿਣ ਕਹਿੰਦੇ ਹਨ ਕਿਉਂਕਿ ਪਰਛਾਵੇਂ ਵਾਲੀ ਥਾਂ 'ਤੇ ਧਰਤੀ 'ਤੇ ਦਿਨ ਸਮੇਂ ਵੀ ਸੂਰਜ ਦਾ ਪ੍ਰਕਾਸ਼ ਨਹੀਂ ਪੁੱਜਦਾ | ਚੰਨ ਧਰਤੀ ਤੋਂ ਤਿੰਨ ਲੱਖ ਚੁਰਾਸੀ ਹਜ਼ਾਰ ਕਿਲੋਮੀਟਰ ਦੂਰ ਹੈ ਜਦਕਿ ਸੂਰਜ ਇਸ ਨਾਲੋਂ ਲਗਪਗ 400 ਗੁਣਾ ਦੂਰ 15 ਕਰੋੜ ਕਿਲੋਮੀਟਰ ਦੂਰ ਹੈ, ਚੰਨ ਦੀ ਤੁਲਨਾ ਵਿਚ ਸੂਰਜ ਦਾ ਵਿਆਸ ਭਾਵੇਂ 400 ਗੁਣਾ ਵੱਡਾ ਹੈ, ਸੂਰਜ ਦੀ ਤੁਲਨਾ ਵਿਚ ਧਰਤੀ ਦੇ 400 ਗੁਣਾ ਨੇੜੇ ਹੋਣ ਕਰਕੇ ਚੰਨ ਕਦੇ-ਕਦੇ ਪੂਰੇ ਸੂਰਜ ਨੂੰ ਢਕ ਲੈਂਦਾ ਹੈ | ਜਿਸ ਨੂੰ ਪੂਰਨ ਸੂਰਜ ਗ੍ਰਹਿਣ ਕਹਿੰਦੇ ਹਨ | ਸਾਡੀ ਧਰਤੀ ਦਾ ਸੂਰਜ ਦੁਆਲੇ ਰਸਤਾ ਅੰਡਾਕਾਰ ਹੈ, ਬਿਲਕੁਲ ਚੱਕਰਾਕਾਰ ਨਹੀਂ | ਮਈ ਤੋਂ ਅਗਸਤ ਤੱਕ ਸਾਡੀ ਧਰਤੀ ਸੂਰਜ ਤੋਂ ਦੂਰ ਹੁੰਦੀ ਹੈ, ਜਦਕਿ ਦਸੰਬਰ-ਜਨਵਰੀ ਵਿਚ ਇਹ ਸੂਰਜ ਦੇ ਨੇੜੇ ਹੁੰਦੀ ਹੈ | ਮਈ ਤੋਂ ਅਗਸਤ ਤੱਕ ਲੱਗਣ ਵਾਲੇ ਸੂਰਜ ਗ੍ਰਹਿਣ ਪੂਰਨ ਸੂਰਜ ਗ੍ਰਹਿਣ ਹੋ ਸਕਦੇ ਹਨ ਕਿਉਂਕਿ ਸੂਰਜ ਧਰਤੀ ਤੋਂ ਦੂਰ ਹੋਣ ਕਾਰਨ ਚੰਨ ਉਸ ਦੀ ਡਿਸਕ ਨੂੰ ਪੂਰਾ ਢਕ ਲੈਂਦਾ ਹੈ, ਜਦਕਿ ਦਸੰਬਰ-ਜਨਵਰੀ ਵਿਚ ਸੂਰਜ ਧਰਤੀ ਦੇ ਨੇੜੇ ਹੋਣ ਕਾਰਨ ਚੰਨ, ਸੂਰਜ ਦੀ ਪੂਰੀ ਡਿਸਕ ਨੂੰ ਢਕ ਨਹੀਂ ਸਕਦਾ, ਜਿਸ ਕਰਕੇ ਚੰਨ ਦੀ ਡਿਸਕ (ਗੋਲ ਚੱਕਰੀ ਰਚਨਾ) ਦੇ ਬਾਹਰ ਸੂਰਜ ਦਾ ਗੋਲ ਪੱਟੀ ਦੇ ਰੂਪ ਵਿਚ ਪ੍ਰਕਾਸ਼ ਆਉਂਦਾ ਹੈ, ਜਿਸ ਨੂੰ ਚੱਕਰਾਕਾਰ ਸੂਰਜ ਗ੍ਰਹਿਣ ਜਾਂ ਐਨੂਲਰ ਸੋਲਰ ਐਕਲਿਪਸ ਕਹਿੰਦੇ ਹਨ | ਅਜਿਹਾ ਹੀ ਚੱਕਰਾਕਾਰ ਸੂਰਜ ਗ੍ਰਹਿਣ 26 ਦਸੰਬਰ, 2019 ਨੂੰ ਸਵੇਰੇ ਅੱਠ ਵਜੇ ਤੋਂ ਲੈ ਕੇ ਲਗਪਗ ਸਵੇਰ ਦੇ 11.00 ਵਜੇ ਤੱਕ ਭਾਰਤ ਦੇ ਦੱਖਣੀ ਰਾਜਾਂ ਤਾਮਿਲਨਾਡੂ, ਕੇਰਲ ਅਤੇ ਕਰਨਾਟਕਾ ਦੇ ਖੇਤਰਾਂ ਵਿਚ ਦੇਖਿਆ ਜਾਵੇਗਾ, ਜ਼ਿਆਦਾ ਸਮਾਂ ਇਹ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ | ਸਭ ਤੋਂ ਵੱਧ ਸਮਾਂ ਪੂਰਨ ਚੱਕਰਾਕਾਰ ਸੂਰਜ ਗ੍ਰਹਿਣ ਤਾਮਿਲਨਾਡੂ ਦੇ ਊਟੀ ਵਿਚ ਸਵੇਰੇ 9 ਵੱਜ ਕੇ 27 ਮਿੰਟ, 8 ਸੈਕਿੰਡ ਤੋਂ ਲੈ ਕੇ 9 ਵੱਜ ਕੇ 30 ਮਿੰਟ, 15 ਸੈਕਿੰਡ (ਕੁੱਲ 03 ਮਿੰਟ 07 ਸੈਕਿੰਡ) ਲਈ ਦਿਖਾਈ ਦੇਵੇਗਾ | ਬਾਕੀ ਸਮਾਂ ਅੰਸ਼ੁਕ ਸੂਰਜ ਗ੍ਰਹਿਣ ਰਹੇਗਾ | ਤਾਮਿਲਨਾਡੂ ਦੇ ਹੋਰ ਪ੍ਰਮੁੱਖ ਸ਼ਹਿਰਾਂ ਤਿਰੁਪੁਰ, ਤਿਰੁਚਿਰਾਪੱਲੀ, ਕੋਇੰਬਟੂਰ, ਇਰੋਡ, ਕਰਨਾਟਕ ਦੇ ਮੰਗਲੁਰੂ ਅਤੇ ਕੇਰਲ 'ਚ ਬੇਕਾਲਫੋਰਟ ਅਤੇ ਕੋਜੀਕੋਡ ਤੋਂ ਵੀ ਦਿਖਾਈ ਦੇਵੇਗਾ |
ਸੂਰਜ ਗ੍ਰਹਿਣ ਨਾਲ ਬਹੁਤ ਸਾਰੇ ਲੋਕਾਂ ਨੇ ਆਮ ਲੋਕਾਂ ਨੂੰ ਠਗਣ ਲਈ ਅੰਧ-ਵਿਸ਼ਵਾਸ ਜੋੜੇ ਹਨ | ਜਿਵੇਂ ਰਾਹੂ ਅਤੇ ਕੇਤੂ ਸੂਰਜ ਨੂੰ ਫੜ ਲੈਂਦੇ ਹਨ ਤੇ ਦਾਨ-ਪੰੁਨ ਨਾਲ ਹੀ ਉਸ ਨੂੰ ਛੁਡਾਇਆ ਜਾ ਸਕਦਾ ਹੈ | ਅਸਲ ਵਿਚ ਅਜਿਹਾ ਕੁਝ ਨਹੀਂ ਹੈ | ਅਸਲ ਵਿਚ ਪੁਲਾੜ ਵਿਚ ਸੂਰਜ, ਚੰਨ ਅਤੇ ਧਰਤੀ ਦੇ ਮੱਸਿਆ ਵਾਲੇ ਦਿਨ ਇਕ ਤਲ ਅਤੇ ਇਕੋ ਸੇਧ ਵਿਚ ਆਉਣ ਕਰਕੇ ਜਿਨ੍ਹਾਂ ਬਿੰਦੂਆਂ ਤੇ ਸੂਰਜ ਦੁਆਲੇ ਧਰਤੀ ਦਾ ਰਾਹ ਅਤੇ ਧਰਤੀ ਦੁਆਲੇ ਚੰਨ ਦਾ ਰਾਹ ਕੱਟਦੇ ਹਨ, ਉਨ੍ਹਾਂ ਬਿੰਦੂਆਂ ਨੂੰ ਰਾਹੂ ਅਤੇ ਕੇਤੂ ਕਿਹਾ ਜਾਂਦਾ ਹੈ | ਇਹ ਕੋਈ ਰਾਖਸ਼ ਜਾਂ ਦੇਵਤੇ ਨਹੀਂ ਹਨ |
ਸੂਰਜ ਗ੍ਰਹਿਣ ਸਮੇਂ ਕਿਸੇ ਵੀ ਤਰ੍ਹਾਂ ਖਾਣ-ਪੀਣ ਦਾ ਕੋਈ ਪ੍ਰਹੇਜ਼ ਨਹੀਂ | ਕੇਵਲ ਸੂਰਜ ਵੱਲ ਵੇਖਣ ਲਈ ਵਿਸ਼ੇਸ਼ ਸੋਲਰ ਫਿਲਟਰ ਜਾਂ 14 ਨੰਬਰ ਵਾਲੇ ਵੈਲਡਿੰਗ ਗਿਲਾਸ ਦੀ ਵਰਤੋਂ ਕਰਨੀ ਚਾਹੀਦੀ ਹੈ | ਸਿੱਧਾ ਸੂਰਜ ਵੱਲ ਕਦੇ ਵੀ ਨਾ ਵੇਖੋ ਕਿਉਂਕਿ ਸੂਰਜ ਦਾ ਤੇਜ਼ ਪ੍ਰਕਾਸ਼ ਤੁਹਾਡੀ ਅੱਖ ਦੇ ਕਾਰਨੀਆ ਨੂੰ ਨਸ਼ਟ ਕਰਕੇ ਤੁਹਾਨੂੰ ਅੰਨ੍ਹਾ ਕਰ ਸਕਦਾ ਹੈ | ਸੁਰੱਖਿਅਤ ਢੰਗ ਨਾਲ ਇਸ ਪੁਲਾੜੀ ਨਜ਼ਾਰੇ ਦਾ ਆਨੰਦ ਮਾਣੋ |

-505-506, ਡਢਵਾਲ ਹਾਊਸ, ਨੇੜੇ ਜਾਨਕੀ ਮੰਦਰ, ਬਸਤੀ ਬਾਵਾ ਖੇਲ, ਜਲੰਧਰ |
ਮੋਬਾਈਲ : 94175-50741.

ਸਾਹਿਤ ਅਕਾਦਮੀ ਦਾ ਇਨਾਮ ਮਿਲਣ 'ਤੇ ਵਿਸ਼ੇਸ਼

ਆਮ ਲੋਕਾਂ ਦੀ ਤਰਜ਼ਮਾਨੀ ਕਰਨ ਵਾਲਾ ਸਾਹਿਤਕਾਰ :Êਕਿਰਪਾਲ ਕਜ਼ਾਕ (ਪ੍ਰੋ:)

ਪ੍ਰੋ: ਕਿਰਪਾਲ ਕਜ਼ਾਕ ਨੂੰ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਉਸ ਦੀ ਕਹਾਣੀਆਂ ਦੀ ਪੁਸਤਕ 'ਅੰਤਹੀਣ' ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਦੇਣ ਦੇ ਐਲਾਨ ਤੋਂ ਇਹ ਅਖਾਣ ਸਹੀ ਸਾਬਤ ਹੋ ਗਿਆ ਹੈ ਕਿ 'ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ' | ਕਿਰਪਾਲ ਕਜ਼ਾਕ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ, ਜਿਸਨੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਵਰਗ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਕਾਗਜ਼ ਦੀ ਕੈਨਵਸ 'ਤੇ ਲਿਖਕੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ | ਉਸ ਨੇ ਦੋ ਦਰਜਨ ਦੇ ਲਗਪਗ ਪੰਜਾਬੀ ਭਾਸ਼ਾ ਵਿਚ ਕਹਾਣੀਆਂ ਦੀਆਂ ਪੁਸਤਕਾਂ ਲਿਖੀਆਂ ਹਨ | ਸੇਵਾਮੁਕਤੀ ਤੋਂ ਬਾਅਦ ਉਸ ਨੇ ਤਿੰਨ ਮਾਅਰਕੇ ਦੀਆਂ ਪੁਸਤਕਾਂ ਹੁੰਮਸ 2014, ਅੰਤਹੀਣ 2015, ਕਾਲਾ ਇਲਮ 2016, ਸ਼ਰੇਆਮ 2018 ਅਤੇ ਚੌਥੀ ਸਿਲਸਿਲਾ ਪ੍ਰਕਾਸ਼ਨ ਅਧੀਨ ਹੈ | ਅੰਤਹੀਣ ਦੀਆਂ ਤਿੰਨ ਐਡੀਸ਼ਨਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ | ਉਸ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਭਾਰਤੀ ਸਾਹਿਤ ਅਕਾਦਮੀ ਦਿੱਲੀ ਨੇ ਉਸ ਦੀ ਕਹਾਣੀਆਂ ਦੀ ਪੁਸਤਕ 'ਅੰਤਹੀਣ' ਨੂੰ ਇਨਾਮ ਦੇਣ ਲਈ ਚੁਣ ਕੇ ਸਮੁੱਚੇ ਉਸ ਗ਼ਰੀਬ ਵਰਗ ਨੂੰ ਸਨਮਾਨਿਆਂ ਹੈ, ਜਿਨ੍ਹਾਂ ਬਾਰੇ ਕਿਰਪਾਲ ਕਜ਼ਾਕ ਨੇ ਇਹ ਕਹਾਣੀਆਂ ਲਿਖੀਆਂ ਹਨ | ਉਸ ਨੇ ਆਪਣੇ ਜੀਵਨ ਵਿਚ ਜੋ ਹੰਢਾਇਆ ਉਹੀ ਲਿਖਿਆ ਹੈ | ਉਹ ਸ਼ਬਦਾਂ ਦਾ ਜਾਦੂਗਰ ਹੈ | ਉਸ ਦੀ ਬੋਲੀ ਤੇ ਸ਼ੈਲੀ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ | ਉਸ ਨੇ ਗੁਰਬਤ ਦੇ ਦਿਨ ਵੀ ਵੇਖੇ ਹਨ, ਭਾਵੇਂ ਉਹ ਅੱਜਕਲ੍ਹ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਦੇ ਪੌਸ਼ ਇਲਾਕੇ ਵਿਚ ਇਕ ਛੋਟੇ ਜਿਹੇ ਆਪ ਡਿਜ਼ਾਇਨ ਕੀਤੇ ਘਰ ਵਿਚ ਆਪਣੀ ਪਤਨੀ ਨਾਲ ਸ਼ੰਤੁਸ਼ਟਤਾ ਵਿਚ ਜੀਵਨ ਬਸਰ ਕਰ ਰਿਹਾ ਹੈ | ਉਹ ਸਿਰੜੀ ਕਿਸਮ ਦਾ ਇਨਸਾਨ ਹੈ | ਉਸ ਨੇ ਕਈ ਪਾਪੜ ਵੇਲੇ | ਉਹ ਚੰਗਾ ਆਰਟਿਸਟ ਵੀ ਹੈ ਜਿਸ ਕਰਕੇ ਉਹ ਇਕ ਪੇਂਟਰ ਦੀ ਦੁਕਾਨ 'ਤੇ ਵਾਧੂ ਸਮੇਂ ਵਿਚ ਕੰਮ ਕਰਦਾ ਸੀ | ਉਸ ਨੇ ਆਪਣੇ ਪਿੰਡ ਸਭ ਤੋਂ ਪਹਿਲਾਂ ਆਪਣੇ ਹੀ ਘਰ ਵਿਚ ਇਕ ਲਾਇਬ੍ਰੇਰੀ ਖੋਲ੍ਹੀ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਸਾਹਿਤ ਨਾਲ ਜੋੜਿਆ ਜਾ ਸਕੇ | ਡਾ: ਭਗਤ ਸਿੰਘ ਦੀ ਮਿਹਰਬਾਨੀ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਦਾ ਰਾਹ ਖੁਲਿ੍ਹਆ | ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਦੌਰਾਨ ਕਿਰਪਾਲ ਕਜ਼ਾਕ ਨੇ ਆਪਣੀ ਪ੍ਰਤਿਭਾ ਦਾ ਵਧੀਆ ਪ੍ਰਗਟਾਵਾ ਕੀਤਾ | ਅਕਾਦਮਿਕ ਤੌਰ 'ਤੇ ਭਾਵੇਂ ਉਹ ਬਹੁਤੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਿਆ ਪ੍ਰੰਤੂ ਸਮਾਜਿਕ ਤੌਰ 'ਤੇ ਉਹ ਗੁੜਿ੍ਹਆ ਹੋਇਆ ਸੁਘੜ ਅਤੇ ਸੰਜੀਦਾ ਲੇਖਕ ਹੈ | ਉਨ੍ਹਾਂ ਜੀਵਨ ਵਿਚ ਮਹੱਤਵਪੂਰਨ ਮੋੜ ਆਇਆ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਵਿਚ ਫੋਕ ਲੋਰ ਸਹਾਇਕ ਦੇ ਅਹੁਦੇ 'ਤੇ ਨਿਯੁਕਤ ਹੋਏ ਅਤੇ ਖੋਜ ਵਾਲੇ ਪਾਸੇ ਰੁਖ਼ ਬਦਲ ਲਿਆ | ਉਨ੍ਹਾਂ ਦੀ ਸਾਹਿਤਕ ਪ੍ਰਤਿਭਾ ਦੀ ਪਛਾਣ ਕਰ ਕੇ ਉਦੋਂ ਦੇ ਉਪ ਕੁਲਪਤੀ ਸਵਰਨ ਸਿੰਘ ਬੋਪਾਰਾਇ ਨੇ ਕਿਰਪਾਲ ਕਜ਼ਾਕ ਨੂੰ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਦੀ ਪਦਵੀ 'ਤੇ ਨਿਯੁਕਤ ਕਰ ਕੇ ਨਾਮਣਾ ਖੱਟਿਆ ਹੈ | ਉਹ ਬੜਾ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਖੋਜ ਪੱਤਿ੍ਕਾ ਰਸਾਲੇ ਦੇ ਸੰਪਾਦਕ ਰਹੇ ਅਤੇ ਬਹੁਤ ਸਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਨ ਦਾ ਮਾਣ ਵੀ ਉਨ੍ਹਾਂ ਨੂੰ ਜਾਂਦਾ ਹੈ | ਉਨ੍ਹਾਂ ਦੀਆਂ ਖੋਜ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਤਿੰਨ ਪੁਸਤਕਾਂ ਵੀ ਹਨ | ਪ੍ਰੋ: ਕਿਰਪਾਲ ਕਜ਼ਾਕ ਦਾ ਜਨਮ ਪਾਕਿਸਤਾਨ ਵਿਚ 15 ਜਨਵਰੀ 1943 ਨੂੰ ਸ: ਸਾਧੂ ਸਿੰਘ ਦੇ ਘਰ ਆਮ ਸਾਧਾਰਨ ਦਿਹਾਤੀ ਪਰਿਵਾਰ ਵਿਚ ਹੋਇਆ | ਦੇਸ਼ ਦੀ ਵੰਡ ਤੋਂ ਬਾਅਦ ਆਪਦਾ ਪਰਿਵਾਰ ਪਹਿਲਾਂ ਪਟਿਆਲਾ ਸ਼ਹਿਰ ਵਿਚ ਆ ਕੇ ਥੋੜ੍ਹਾ ਸਮਾਂ ਰਿਹਾ ਅਤੇ ਬਾਅਦ ਵਿਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਫ਼ਤਿਹਪੁਰ ਰਾਜਪੂਤਾਂ ਵਿਚ ਵੱਸ ਗਿਆ | ਪਰਿਵਾਰਕ ਮਜਬੂਰੀਆਂ ਕਰਕੇ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ ਅਤੇ ਪਿਤਾ ਪੁਰਖੀ ਰਾਜਗਿਰੀ ਦੇ ਕੰਮ ਕਾਜ ਵਿਚ ਜੁਟ ਗਏ | ਹੈਰਾਨੀ ਦੀ ਗੱਲ ਹੈ ਕਿ ਅਕਾਦਮਿਕ ਸਿੱਖਿਆ ਪ੍ਰਾਪਤ ਨਾ ਕਰਨ ਦੇ ਬਾਵਜੂਦ ਉਸ ਨੂੰ ਗ੍ਰਾਮਰ ਦੀ ਪੂਰੀ ਜਾਣਕਾਰੀ ਹੈ | ਮਜਾਲ ਹੈ ਕੋਈ ਸ਼ਬਦ ਜੋੜ ਜਾਂ ਗ੍ਰਾਮਰ ਦੀ ਊਣਤਾਈ ਉਸ ਦੀ ਲੇਖਣੀ ਵਿਚ ਰਹਿ ਜਾਵੇ | ਉਨ੍ਹਾਂ ਪਿੰਡਾਂ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਬੜਾ ਨੇੜੇ ਤੋਂ ਵੇਖਦਿਆਂ ਬੜੀ ਬਾਰੀਕੀ ਨਾਲ ਉਸ ਦੀ ਜਾਣਕਾਰੀ ਇਕਤਰ ਕੀਤੀ | ਪਿੰਡਾਂ ਦੇ ਲੋਕਾਂ ਦੇ ਜੀਵਨ ਜਿਊਣ ਦੇ ਸੰਘਰਸ਼, ਰਹਿਣ-ਸਹਿਣ, ਵਰਤਾਰਾ, ਗ਼ਰੀਬ ਲੋਕਾਂ ਦੀ ਗ਼ੁਰਬਤ ਭਰੀ ਜ਼ਿੰਦਗੀ ਨੂੰ ਬੜਾ ਨੇੜਿਓਾ ਵੇਖਿਆ | ਫਿਰ ਉਸ ਦੇ ਬਿਰਤਾਂਤ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ | ਇਸ ਕਰਕੇ ਉਸ ਦੀਆਂ ਕਹਾਣੀਆਂ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਦੀ ਜ਼ਿੰਦਗੀ ਦਾ ਸਹੀ ਤੇ ਸੁਚੱਜਾ ਪ੍ਰਗਟਾਵਾ ਕਰਦੀਆਂ ਹਨ | ਉਨ੍ਹਾਂ ਸਿਕਲੀਗਰ ਲੋਕਾਂ ਦੀ ਜ਼ਿੰਦਗੀ 'ਤੇ ਭਰਪੂਰ ਖੋਜ ਕੀਤੀ ਅਤੇ ਕਈ ਕਈ ਮਹੀਨੇ ਉਨ੍ਹਾਂ ਨਾਲ ਰਹਿ ਕੇ ਉਨ੍ਹਾਂ ਨੂੰ ਨੇੜੇ ਤੋਂ ਜਾਣਿਆਂ ਅਤੇ ਉਨ੍ਹਾਂ ਦੇ ਰੀਤੀ ਰਿਵਾਜਾਂ 'ਤੇ ਖੋਜ ਭਰਪੂਰ ਪੁਸਤਕ ਲਿਖੀ | ਉਨ੍ਹਾਂ 30 ਪੁਸਤਕਾਂ ਲਿਖੀਆਂ ਅਤੇ ਕੁਝ ਕੁ ਦੀ ਸੰਪਾਦਨਾ ਵੀ ਕੀਤੀ ਹੈ | ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਦਾ ਤੀਜਾ ਦੌਰ ਸ਼ੁਰੂ ਹੁੰਦਾ ਹੈ, ਜਿਸ ਵਿਚ ਉਨ੍ਹਾਂ ਇਕ ਫੀਚਰ ਫ਼ਿਲਮ, 11 ਹਿੰਦੀ ਤੇ ਪੰਜਾਬੀ ਦੀਆਂ ਟੈਲੀਫ਼ਿਲਮਾਂ, 9 ਡਾਕੂਮੈਂਟਰੀ ਫ਼ਿਲਮਾਂ, 7 ਟੀ. ਵੀ. ਸੀਰੀਅਲਾਂ ਦੀਆਂ ਸਕਰਿਪਟਾਂ ਅਤੇ ਨਾਟਕ ਲਿਖੇ ਹਨ | ਉਨ੍ਹਾਂ ਦੀਆਂ ਪੁਸਤਕਾਂ ਪੰਜਾਬ, ਪੰਜਾਬੀ, ਦਿੱਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਸਲੇਬਸ ਵਿਚ ਲੱਗੀਆਂ ਰਹੀਆਂ ਹਨ ਅਤੇ ਪੀ. ਐਚ. ਡੀ. ਦੀਆਂ ਡਿਗਰੀਆਂ ਵੀ ਮਿਲੀਆਂ ਹਨ | ਉਨ੍ਹਾਂ ਦੀਆਂ ਖੋਜ ਦੀਆਂ ਚਾਰ ਪੁਸਤਕਾਂ ਹਨ ਜਿਨ੍ਹਾਂ ਵਿਚੋਂ ਵਿਸ਼ੇਸ਼ ਜ਼ਿਕਰ ਯੋਗ ਹਨ, ਭਾਈ ਵੀਰ ਸਿੰਘ ਗਲਪ ਪੁਰਸਕਾਰ, ਗਿਆਨੀ ਹੀਰਾ ਸਿੰਘ ਦਰਦ, ਨਾਗਮਣੀ, ਦਲਿਤ ਲੇਖਨ, ਗੁਰਦਾਸ ਰਾਮ ਆਲਮ, ਪੰਜਾਬੀ ਅਕਾਦਮੀ ਨਵੀਂ ਦਿੱਲੀ, ਸਾਹਿਤ ਪ੍ਰੀਸ਼ਦ ਹਰਿਆਣਾ, ਪੰਜਾਬੀ ਸਾਹਿਤ ਸਰਵੋਤਮ, ਪੰਜਾਬ ਰਤਨ, ਪਿ੍ੰ: ਸੁਜਾਨ ਸਿੰਘ ਯਾਦਗਾਰੀ ਆਦਿ ਅਨੇਕਾਂ ਪੁਰਸਕਾਰ ਮਿਲੇ ਹਨ |

-ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ | ਮੋਬਾ-94178 13072
ujagarsingh48@yahoo.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਪ੍ਰੋ: ਮੋਹਨ ਸਿੰਘ ਮੇਲੇ ਸਮੇਂ ਖਿੱਚੀ ਗਈ ਸੀ | ਉਸ ਵਕਤ ਇਨ੍ਹਾਂ ਮੈਨੂੰ ਮੇਹਣਾ ਮਾਰਿਆ ਸੀ ਬਾਜਵਾ ਕੱਲ੍ਹ ਨੂੰ ਅਸੀਂ ਵੀ ਵੱਡੇ ਅਫ਼ਸਰ ਬਣ ਜਾਣਾ ਏ, ਸਾਡੀ ਵੀ ਇਕ ਫੋਟੋ ਖਿੱਚ ਦੇ | ਮੈਂ ਫੋਟੋ ਖਿੱਚ ਦਿੱਤੀ | ਪ੍ਰੋ: ਗੁਰਭਜਨ ਗਿੱਲ ਕਵੀ ਬਣ ਗਿਆ | ਸਮਸ਼ੇਰ ਸੰਧੂ ਗੀਤਕਾਰ ਬਣ ਗਿਆ |

ਮੋਬਾਈਲ : 98767-41231

ਸਰਾਪੇ ਸਵਰਗ ਦੇ ਪਿਆਰੇ ਲੋਕ

ਆਜ਼ਾਦੀ ਮਿਲਣ ਤੋਂ ਬਾਅਦ ਪਾਕਿਸਤਾਨ ਦੀਆਂ ਕਸ਼ਮੀਰ ਨੂੰ ਹਥਿਆਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਾਰਨ ਉਥੇ ਹਾਲਾਤ ਤਣਾਅਪੂਰਨ ਚਲੇ ਆ ਰਹੇ ਹਨ | ਕਈ ਯੁੱਧਾਂ ਵਿਚ ਮਾਤ ਖਾਣ ਅਤੇ ਉਸ ਦੁਆਰਾ ਭੇਜੇ ਗਏ ਅੱਤਵਾਦੀਆਂ ਦੇ ਮਨਸੂਬੇ ਅਸਫ਼ਲ ਹੋਣ ਦੇ ਬਾਵਜੂਦ ਵੀ ਉਸ ਨੇ ਹਠਧਰਮੀ ਨਹੀਂ ਛੱਡੀ | ਸਰਕਾਰ ਨੇ 5 ਅਗਸਤ, 2019 ਨੂੰ ਦਲੇਰਾਨਾ ਕਦਮ ਚੁੱਕ ਕੇ ਧਾਰਾ 370 ਖਤਮ ਕਰ ਦਿੱਤੀ ਅਤੇ ਰਾਜ ਨੂੰ ਦੋ ਕੇਂਦਰ ਸ਼ਾਸ਼ਤ ਹਿੱਸਿਆਂ ਵਿਚ ਵੰਡ ਦਿੱਤਾ ਹੈ | ਉਸ ਤੋਂ ਬਾਅਦ ਲਗਾਈਆਂ ਗਈਆਂ ਜ਼ਰੂਰੀ ਪਾਬੰਦੀਆਂ ਕਾਰਨ ਆਮ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਸੋਚ ਕੇ ਉਥੋਂ ਦੇ ਭੋਲੇ-ਭਾਲੇ ਸ਼ਰੀਫ਼ ਲੋਕਾਂ 'ਚੋਂ ਕੁਝ ਦੋਸਤਾਂ ਦੀ ਯਾਦ ਆ ਗਈ |
ਮੈਂ ਗੱਲ ਤਾਂ ਕਸ਼ਮੀਰੀ ਦੋਸਤਾਂ ਦੀ ਕਰਨ ਲੱਗਾ ਹਾਂ ਪਰ ਜੰਮੂ-ਕਸ਼ਮੀਰ ਵਿਚ ਕਦੇ ਕਦਮ ਵੀ ਨਹੀਂ ਰੱਖਿਆ | ਹਿਮਾਚਲ ਸਾਰਾ ਗਾਹਿਆ ਹੈ, ਪਰ ਕਸ਼ਮੀਰ ਜਾਣ ਦਾ ਕੋਈ ਮੌਕਾ ਨਹੀਂ ਮਿਲਿਆ | ਮੇਰਾ ਦਾਮਾਦ ਕੈਪਟਨ ਅੰਮਿ੍ਤ ਰੰਧਾਵਾ 15 ਕੁ ਸਾਲ ਪਹਿਲਾਂ ਸ੍ਰੀਨਗਰ ਤਾਇਨਾਤ ਰਿਹਾ ਹੈ ਅਤੇ ਮੇਰੀ ਧੀ ਸੁਮੀਤ ਉਥੋਂ ਦੀਆਂ ਲੜਕੀਆਂ ਦੀ ਸੰੁਦਰਤਾ ਅਤੇ ਭੋਲੇਪਣ ਦੇ ਗੁਣ ਗਾਉਂਦੀ ਨਹੀਂ ਥੱਕਦੀ | ਮੇਰੇ ਇਹ ਕਸ਼ਮੀਰੀ ਦੋਸਤ ਪੰਜਾਬ 'ਚ ਹੀ ਬਣੇ ਅਤੇ ਅਜਿਹੇ ਪਿਆਰੇ ਅਤੇ ਸ਼ਰੀਫ਼ ਇਨਸਾਨਾਂ ਬਾਰੇ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਪਾਕਿਸਤਾਨ ਦੁਆਰਾ ਫੈਲਾਏ ਅੱਤਵਾਦ ਕਾਰਨ ਹੁਣ ਉਨ੍ਹਾਂ ਦੇ ਪਰਿਵਾਰ ਪਤਾ ਨਹੀਂ ਕਿਸ ਹਾਲਤ ਵਿਚ ਹੋਣਗੇ |
ਪਹਿਲਾ ਦੋਸਤ, ਓਮ ਪ੍ਰਕਾਸ਼ ਸ਼ਰਮਾ, ਚੰਡੀਗੜ੍ਹ ਪੜ੍ਹਨ ਵੇਲੇ ਬਣਿਆ ਸੀ | ਪਿਛਲੀ ਸਦੀ ਦੇ ਛੇਵੇਂ ਦਹਾਕੇ ਦੇ ਮੁਢਲੇ ਸਾਲ ਸਨ | 1950 ਵਿਚ ਚੰਡੀਗੜ੍ਹ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਮੁਢਲੇ 24 ਸੈਕਟਰਾਂ ਵਿਚ ਸਕੱਤਰੇਤ, ਅਸੈਂਬਲੀ ਭਵਨ, ਪੰਜਾਬ ਯੂਨੀਵਰਸਿਟੀ, ਪੀ.ਜੀ.ਆਈ. ਆਦਿ ਇਮਾਰਤਾਂ ਅਤੇ ਸੜਕਾਂ ਤਾਂ ਬਣ ਚੁੱਕੀਆਂ ਸਨ ਪਰ ਆਬਾਦੀ ਬਹੁਤ ਘੱਟ ਸੀ | ਪ੍ਰਸ਼ਾਸਨ ਨੂੰ ਨਵੇਂ ਸ਼ਹਿਰ ਨੂੰ ਭਰਨ ਦਾ ਫਿਕਰ ਸੀ | ਯੂਨੀਵਰਸਿਟੀ ਦੇ ਨਾਲ ਲਗਦੇ 15 ਸੈਕਟਰ ਵਿਚ ਉਸ ਦੇ ਸਾਰੇ ਦਫਤਰੀ ਅਮਲੇ ਨੂੰ ਰਿਆਇਤ ਨਾਲ ਛੋਟੇ-ਵੱਡੇ ਪਲਾਟ ਦਿੱਤੇ ਸਨ | ਬਿਜਲੀ, ਪਾਣੀ ਦੇ ਕੁਨੈਕਸ਼ਨ ਮੁਫ਼ਤ | ਆਸਾਨ ਕਿਸ਼ਤਾਂ ਤੇ ਬੈਂਕਾਂ ਦੇ ਕਰਜ਼ੇ | ਬਾਬੂ ਆਪ ਤਾਂ ਯੂਨੀਵਰਸਿਟੀ ਦੇ ਘੱਟ ਕਿਰਾਏ ਵਾਲੇ ਕੁਆਰਟਰਾਂ ਵਿਚ ਰਹਿੰਦੇ ਸਨ ਅਤੇ ਇਹ ਮਕਾਨ ਕਿਰਾਏ 'ਤੇ ਦੇ ਰੱਖੇ ਸਨ | ਜ਼ਿਆਦਾ ਪੇਂਡੂ ਮੰੁਡੇ ਹੋਸਟਲਾਂ ਦੀ ਬਜਾਏ ਇਥੇ ਰਹਿਣਾ ਪਸੰਦ ਕਰਦੇ ਸਨ | ਅਜਿਹੇ ਹੀ ਛੋਟੇ ਜਿਹੇ ਮਕਾਨ ਵਿਚ ਓਮ ਪ੍ਰਕਾਸ਼ ਸ਼ਰਮਾ ਅਤੇ ਮੈਂ ਰਹਿੰਦੇ ਸਾਂ |
ਡੇਢ ਕੁ ਸੌ ਗਜ਼ ਦੇ ਦੋ ਮੰਜ਼ਿਲੇ ਮਕਾਨ ਵਿਚ ਅਸੀਂ ਉੱਪਰ ਰਹਿੰਦੇ ਸਾਂ | ਵਿਚਾਲੇ ਪੌੜੀਆਂ, ਖੱਬੇ-ਸੱਜੇ ਸਾਡੇ ਕਮਰੇ ਅਤੇ ਸਾਹਮਣੇ ਖੁੱਲ੍ਹਾ ਵਿਹੜਾ | ਬਹੁਤੇ ਵਿਦਿਆਰਥੀ ਇਕ-ਦੂਜੇ ਨੂੰ ਜਾਣਦੇ ਸਨ ਅਤੇ ਵਿਹਲੇ ਸਮੇਂ ਕਿਸੇ ਨਾ ਕਿਸੇ ਕੋਲ ਇਕੱਠੇ ਹੋ ਜਾਂਦੇ | ਜਦ ਸਾਡੇ ਵਿਹੜੇ ਦੇ ਭਾਗ ਜਾਗਦੇ ਤਾਂ ਖੂਬ ਹਾਸਾ-ਮਜ਼ਾਕ ਚਲਦਾ, ਉੱਚੀ-ਉੱਚੀ, ਖੁੱਲ੍ਹਾ-ਡੁੱਲ੍ਹਾ | ਚੰਡੀਗੜ੍ਹ ਉਦੋਂ ਪਿੰਡ ਵਰਗਾ ਲਗਦਾ ਸੀ | ਸਾਰੇ ਹੈਰਾਨ ਸਨ ਕਿ ਸ਼ਰਮਾ ਕਦੇ ਵੀ ਸਾਡੇ ਵਿਚਕਾਰ ਆ ਕੇ ਨਹੀਂ ਸੀ ਬੈਠਦਾ, ਸਰਦੀਆਂ ਵਿਚ ਵੀ ਅੰਦਰ ਵੜ ਕੇ ਕੰੁਡੀ ਲਾ ਲੈਂਦਾ ਹੈ, ਕਾਫੀ ਦੇਰ ਇਸੇ ਤਰ੍ਹਾਂ ਚਲਦਾ ਰਿਹਾ |
ਇਕ ਦਿਨ ਮੈਂ ਬਾਲਕੋਨੀ ਵਿਚ ਬੈਠਾ ਸੀ ਅਤੇ ਸ਼ਰਮਾ ਘਰ ਵੱਲ ਆ ਰਿਹਾ ਸੀ | ਮੈਂ ਪੌੜੀਆਂ ਦੇ ਅੱਗੇ ਖਲੋ ਗਿਆ ਅਤੇ ਧੱਕੇ ਨਾਲ ਉਸ ਨੂੰ ਆਪਣੇ ਕਮਰੇ ਵਿਚ ਲੈ ਗਿਆ | ਉਹ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਹਾਸ-ਰਸ ਕਲਾਕਾਰ ਗੋਪਾਲ ਸਹਿਗਲ ਵਰਗਾ ਪਤਲੂ ਜਿਹਾ ਸੀ ਅਤੇ ਬੋਲਦਾ ਵੀ ਉਸ ਵਾਂਗ ਸੀ | ਉਸ ਦਿਨ ਤਾਂ ਥੋੜ੍ਹੀ ਬਹੁਤੀ ਗੱਲਬਾਤ ਹੀ ਹੋਈ ਪਰ ਹੌਲੀ-ਹੌਲੀ ਉਹ ਕੁਝ ਖੁੱਲ੍ਹ ਗਿਆ | ਇਕ ਦਿਨ ਮੈਂ ਉਸ ਨੂੰ ਲੁਕ-ਛਿਪ ਕੇ ਰਹਿਣ ਦਾ ਕਾਰਨ ਪੁੱਛਿਆ | ਉਸ ਦੇ ਅਸਲੀ ਸ਼ਬਦ ਮੈਨੂੰ ਅੱਜ ਵਾਂਗ ਯਾਦ ਹਨ | ਥੋੜ੍ਹਾ ਝਿਜਕ ਕੇ ਬੋਲਿਆ, 'ਭਾਅ ਜੀ, ਸੱਚੀ ਗੱਲ ਦੱਸਾਂ ਤਾਂ ਬੁਰਾ ਤਾਂ ਨਹੀਂ ਮਨਾਉਗੇ? ਮੇਰਾ ਸਿੱਖਾਂ ਨਾਲ ਪਹਿਲੀ ਵਾਰ ਵਾਹ ਪਿਆ ਹੈ | ਮੈਨੂੰ ਵਹਿਮ ਸੀ ਕਿ ਇਨ੍ਹਾਂ ਨੂੰ ਜਦ ਵੀ ਬੁਲਾਓ, ਲੜ ਪੈਂਦੇ ਹਨ | ਤੁਹਾਨੂੰ ਮਿਲ ਕੇ ਮੈਨੂੰ ਯਕੀਨ ਹੋ ਗਿਆ ਕਿ ਕੋਈ-ਕੋਈ ਸਿੱਖ ਸ਼ਰੀਫ਼ ਵੀ ਹੁੰਦਾ ਹੈ |' ਉਸਦੇ 'ਕੋਈ ਕੋਈ' ਕਹਿਣ 'ਤੇ ਮੈਂ ਬਹੁਤ ਹੱਸਿਆ ਅਤੇ ਉਹ ਵੀ |
ਪੱਤਰਕਾਰੀ ਨਾਲ ਉਹ ਆਪਣੇ ਪਿਆਰੇ ਪ੍ਰਾਂਤ ਦੀ ਨਿਸ਼ਕਾਮ ਸੇਵਾ ਕਰਨਾ ਚਾਹੁੰਦਾ ਸੀ | ਉਸ ਦਾ ਬਸ ਇਕ ਸ਼ੌਕ ਅਤੇ ਸੁਪਨਾ ਸੀ ਕਿ ਉਸ ਦੇ ਸਾਹਮਣੇ ਵੱਡੇ ਮੇਜ਼ 'ਤੇ ਡਾਕ ਦਾ ਢੇਰ ਲੱਗਿਆ ਹੋਵੇ ਅਤੇ ਉਹ ਸਵਾਦ ਲੈ ਲੈ ਕੇ ਚਿੱਠੀਆਂ ਪੜ੍ਹੇ | ਜੰਮੂ-ਕਸ਼ਮੀਰ ਦੇ ਲੋਕ ਆਪਣੇ ਲੋਕਾਂ ਅਤੇ ਸੱਭਿਆਚਾਰ ਨੂੰ ਹੱਦੋਂ ਵੱਧ ਪਿਆਰ ਕਰਦੇ ਸਨ | ਆਪਣੇ ਕਸ਼ਮੀਰੀ ਭਾਈ ਪੰਡਿਤ ਜਵਾਹਰ ਲਾਲ ਨਹਿਰੂ ਦਾ ਉਹ ਅੰਨ੍ਹਾ ਭਗਤ ਸੀ | ਜੁਲਾਈ 1963 ਵਿਚ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਤਾਪ ਸਿੰਘ ਕੈਰੋਂ ਸਾਹਬ ਨਾਲ ਪੀ.ਜੀ.ਆਈ. ਦੇ ਇਕ ਵਿੰਗ ਦਾ ਅਤੇ ਉਸੇ ਸਾਲ ਅਕਤੂਬਰ ਵਿਚ ਯੂਨੀਵਰਸਿਟੀ ਦੀ ਲਾਇਬ੍ਰੇਰੀ ਦਾ ਉਦਘਾਟਨ ਕਰਨ ਆਏ ਸਨ | 1962 ਵਿਚ ਚੀਨ ਹੱਥੋਂ ਹੋਈ ਹਾਰ ਕਾਰਨ ਸੜਕਾਂ ਦੇ ਕਿਨਾਰੇ ਬਹੁਤ ਘੱਟ ਲੋਕ ਹੁੰਦੇ ਸਨ | ਉਹ ਨਾਅਰੇ ਘੱਟ ਵੱਧ ਹੀ ਲਾਉਂਦੇ ਸਨ, ਪਰ ਸ਼ਰਮਾ ਨਾਅਰੇ ਲਾ ਲਾ ਕੇ ਸੰਘ ਬਿਠਾ ਲੈਂਦਾ | ਅਫ਼ਸੋਸ, ਪੜ੍ਹਾਈ ਪੂਰੀ ਹੋਣ ਬਾਅਦ ਉਸ ਨਾਲ ਕੋਈ ਰਾਬਤਾ ਨਹੀਂ ਰਿਹਾ |
ਦੋ ਹੋਰ ਕਸ਼ਮੀਰੀ ਦੋਸਤ ਸਾਡੀ ਪਹਿਲੀ ਨਿਯੁਕਤੀ ਵਾਲੇ ਪੇਂਡੂ ਕਾਲਜ 'ਚ ਬਣੇ | ਉਨ੍ਹਾਂ ਵਿਚੋਂ ਇਕ ਜੀਵ-ਵਿਗਿਆਨ ਪੜ੍ਹਾਉਂਦਾ ਸੀ, ਗੋਰਾ-ਚਿੱਟਾ, ਕੁਹਾੜੇ ਵਰਗਾ ਨੱਕ ਅਤੇ ਬੱਚਿਆਂ ਵਰਗਾ ਨਿਰਛਲ ਹਾਸਾ | ਉਹ ਸ੍ਰੀਨਗਰ ਤੋਂ ਸੀ | ਪੰਜਾਬ ਪਹਿਲੀ ਵਾਰ ਆਇਆ ਸੀ | ਅਸੀਂ ਕਾਲਜ ਹੋਸਟਲ ਦੇ ਖਾਲੀ ਪਏ ਕਮਰਿਆਂ ਵਿਚ ਰਹਿੰਦੇ ਸਾਂ | ਜੁਲਾਈ ਵਿਚ ਜਦੋਂ ਛੁੱਟੀਆਂ ਬਾਅਦ ਕਾਲਜ ਖੁੱਲ੍ਹੇ ਤਾਂ ਮੈਂ ਉਸ ਨੂੰ ਛੱਤ 'ਤੇ ਸੌਣ ਦਾ ਸੁਝਾਅ ਦਿੱਤਾ | ਉਹ ਹੈਰਾਨ ਹੋਕੇ ਬੋਲਿਆ, 'ਬਾਹਿਰ? ਮੈਂ ਤੋ ਆਜ ਤਕ ਕਭੀ ਬਾਹਿਰ ਸੋਇਆ ਹੀ ਨਹੀਂ |' ਜਦੋਂ ਅਸੀਂ ਛੱਤ 'ਤੇ ਮੰਜੇ ਲਿਜਾ ਕੇ ਲੇਟ ਗਏ ਤਾਂ ਉਹ ਤਾਰੇ ਵੇਖ-ਵੇਖ ਹੱਸੀ ਜਾਵੇ | ਬੋਲਿਆ, 'ਮੈਂਨੇ ਤੋ ਤਾਰੇ ਧਿਆਨ ਸੇ ਪਹਿਲੀ ਵਾਰ ਦੇਖੇ ਹੈਾ | ਇਤਨੇ ਸੰੁਦਰ! ਕਮਾਲ ਹੈ |'
ਕਾਲਜ ਦੇ ਨਾਲ ਲਗਦੇ ਖੇਤਾਂ ਵਿਚ ਦੇਸੀ ਬੇਰੀਆਂ ਦੇ ਬੇਰ ਪੱਕੇ ਹੋਏ ਸਨ | ਇਕ ਦਿਨ ਅਸੀਂ ਬੇਰ ਤੋੜਨ ਚਲੇ ਗਏ | ਬੇਰੀ ਕੋਲ ਪਹੁੰਚੇ ਹੀ ਸਾਂ ਕਿ ਦੂਰੋਂ ਇਕ ਕਿਸਾਨ ਨੇੇ ਉੱਚੀ ਆਵਾਜ਼ 'ਚ ਕੁਝ ਕਿਹਾ | ਮੇਰਾ ਕਸ਼ਮੀਰੀ ਦੋਸਤ ਘਬਰਾ ਕੇ ਬੋਲਿਆ, 'ਬਰਾਰ ਛੋੜ ਯਾਹ ਜਾਟ ਪੀਟੇਗਾ', ਇੰਨੀ ਦੇਰ ਵਿਚ ਉਹ ਕਿਸਾਨ ਨੇੜੇ ਆ ਕੇ ਬੋਲਿਆ, 'ਬਾਈ ਔਸ ਵੱਡੀ ਬੇਰੀ ਦੇ ਬੇਰ ਏਸ ਨਾਲੋਂ ਮਿੱਠੇ ਹਨ | ਮੈਂ ਝਾੜ ਦਿਆਂ?' ਮੇਰਾ ਦੋਸਤ ਹੈਰਾਨ ਸੀ ਕਿ ਪੰਜਾਬੀ ਇੰਨੇ ਚੰਗੇ ਹਨ |
ਉਹ ਬਹੁਤ ਕੋਮਲ ਹਿਰਦੇ ਵਾਲਾ ਸੀ | ਉਸ ਨੇ ਇਕ ਦਿਲ ਛੂਹਣ ਵਾਲੀ ਘਟਨਾ ਦੱਸੀ | ਕਾਲਜ 'ਚ ਪੜ੍ਹਨ ਵੇਲੇ ਉਸ ਨੂੰ ਚੀਰ-ਫਾੜ ਸਿੱਖਣ ਲਈ ਇਕ ਕਬੂਤਰ ਦੇ ਦਿੱਤਾ ਗਿਆ | ਉਸ ਨੇ ਉਹ ਕਈ ਦਿਨ ਘਰ ਰੱਖਿਆ ਅਤੇ ਮੋਹ ਪੈ ਗਿਆ | ਨਿਸ਼ਚਿਤ ਦਿਨ 'ਤੇ ਚੀਰ-ਫਾੜ ਕਰਨੀ ਤਾਂ ਪਈ, ਪਰ ਘਰ ਆ ਕੇ ਬਹੁਤ ਰੋਇਆ ਅਤੇ ਤੇਜ਼ ਬੁਖਾਰ ਹੋ ਗਿਆ |
ਤੀਜਾ ਦੋਸਤ ਰਾਜਨੀਤੀ-ਸ਼ਾਸਤਰ ਪੜ੍ਹਾਉਂਦਾ ਸੀ | ਉਹ ਜੰਮੂ ਤੋਂ ਸੀ, ਦਬੰਗ ਕਿਸਮ ਦਾ ਬੰਦਾ | ਮਖੌਲ ਕਰਦਾ ਰਹਿੰਦਾ, ਹੱਸਦਾ ਹਸਾਉਂਦਾ ਰਹਿੰਦਾ | ਨਕਲਾਂ ਲਾਹੁਣ ਦਾ ਮਾਹਿਰ ਸੀ | ਸਰਬ-ਭਖ਼ਸੀ ਪੰਡਿਤ ਸੀ | ਇਕ ਦਿਨ ਆਪਣੇ ਇਕ ਨਵ-ਵਿਆਹੇ ਸ਼ੁੱਧ ਸ਼ਾਕਾਹਾਰੀ ਮਹਾਜਨ ਦੋਸਤ ਨੂੰ ਖਾਣੇ 'ਤੇ ਬੁਲਾ ਕੇ ਬਿਨਾਂ ਪੱੁਛੇ ਰੋਗਨ ਜੋਸ਼ ਪਰੋਸ ਦਿੱਤਾ | ਉਹ ਭੁੱਖੇ ਹੀ ਉਠ ਕੇ ਚਲੇ ਗਏ | ਹੁਣ ਉਹ ਜ਼ਰੂਰ ਕਿਸੇ ਪਾਰਟੀ ਦਾ ਨੇਤਾ ਹੋਵੇਗਾ |
ਇਨ੍ਹਾਂ ਨੂੰ ਵਿਛੜਿਆਂ ਅੱਧੀ ਸਦੀ ਬੀਤ ਗਈ ਪਰ ਉਨ੍ਹਾਂ ਰੱਬ ਵਰਗੇ ਪਿਆਰੇ ਦੋਸਤਾਂ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ | ਕਾਸ਼, ਇਸ ਜੰਨਤ ਦੇ ਪੁਰਾਣੇ, ਸ਼ਾਂਤਮਈ ਦਿਨ ਜਲਦੀ ਵਾਪਸ ਆ ਜਾਣ |

-305, ਮਾਡਲ ਟਾਊਨ ( ਫੇਜ਼-1) ਬਠਿੰਡਾ—151001. ਫੋਨ: 98149-41214

ਸਾਹਿਤਕ ਸਰਗਰਮੀਆਂ ਡਾ: ਸੁਖਵਿੰਦਰ ਸਿੰਘ ਸੰਘਾ ਅਜਾਇਬ ਕਮਲ ਪੁਰਸਕਾਰ ਨਾਲ ਸਨਮਾਨਿਤ

ਪੰਜਾਬੀ ਦੇ ਪ੍ਰਸਿੱਧ ਪ੍ਰਯੋਗਸ਼ੀਲ ਸ਼ਾਇਰ ਅਜਾਇਬ ਕਮਲ ਹੁਰਾਂ ਦੀ ਯਾਦ ਵਿਚ ਪਿਛਲੇ ਦਿਨੀਂ ਪਿੰਡ ਡਾਂਡੀਆ ਵਿਖੇ ਪਰਿਵਾਰ ਦੇ ਫਾਰਮ ਵਿਚ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਡਾ: ਅਮਰਜੀਤ ਸਿੰਘ, ਖ਼ਾਲਸਾ ਕਾਲਜ ਜਲੰਧਰ ਤੋਂ ਡਾ:” ਸੁਖਵਿੰਦਰ ਸਿੰਘ ਸੰਘਾ ਅਤੇ ਪ੍ਰੋ: ਸੰਧੂ ਵਰਿਆਣਵੀ ਹੁਰਾਂ ਕੀਤੀ |
ਸਮਾਗਮ ਦੀ ਸ਼ੁਰੂਆਤ ਅਜਾਇਬ ਕਮਲ ਹੁਰਾਂ ਦੀ ਪੁਸਤਕ 'ਸਰਾਪੇ ਸਮਿਆਂ ਦੇ ਪੈਗ਼ੰਬਰ' ਵਿਚ ਲਿਖੀ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾ ਨਾਲ ਹੋਈ | ਸਮਾਗਮ ਦੌਰਾਨ ਡਾ: ਸੁਖਵਿੰਦਰ ਸਿੰਘ ਸੰਘਾ ਨੂੰ ਅਜਾਇਬ ਕਮਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਪੁਰਸਕਾਰ ਨਾਲ ਥੋੜ੍ਹਾ ਸਮਾਂ ਪਹਿਲੋਂ ਅਜਾਇਬ ਕਮਲ ਦੀ ਕਵਿਤਾ ਦੀ ਨਵੀਂ ਛਪੀ ਪੁਸਤਕ 'ਬ੍ਰਹਿਮੰਡ ਦੇ ਆਰ-ਪਾਰ' ਦੀ ਇਕ ਕਾਪੀ ਵੀ ਭੇਟ ਕੀਤੀ | ਇਹ ਪੁਰਸਕਾਰ ਉਨ੍ਹਾਂ ਵਲੋਂ ਰਵਾਇਤੀ ਨਾਟਕਾਂ ਤੋਂ ਵੱਖਰੇ ਆਧੁਨਿਕ ਤੇ ਨਵੀਂ ਤਕਨੀਕ 'ਤੇ ਲਿਖੇ ਕਾਵਿ-ਨਾਟਕਾਂ ਉੱਪਰ ਖੋਜ ਕਰਨ 'ਤੇ ਦਿੱਤਾ ਗਿਆ | ਇਸ ਸਮਾਗਮ ਦੌਰਾਨ ਡਾ: ਸੁਖਵਿੰਦਰ ਸਿੰਘ ਦੁਆਰਾ ਲਿਖੀ ਪੁਸਤਕ 'ਅਜਾਇਬ ਕਮਲ ਜੀਵਨ ਅਤੇ ਕਾਵਿ-ਨਾਟਕ' ਵੀ ਲੋਕ ਅਰਪਣ ਕੀਤੀ ਗਈ | ਇਸ ਤੋਂ ਪਹਿਲਾਂ ਹਰਗੁਰਜੋਧ ਸਿੰਘ ਜੋ ਕਿ ਪੂਰਬੀ ਅਫ਼ਰੀਕਾ ਵਿਚ ਯੂ.ਕੇ. ਦੀ ਐਡਵਾਂਸਡ ਲੈਵਲ ਕਮਿਸਟਰੀ ਪੜ੍ਹਾਉਂਦੇ ਹਨ, ਨੇ ਸਭ ਲੇਖਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ | ਉਨ੍ਹਾਂ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਸਮੇਂ ਦੇ ਨਾਲ-ਨਾਲ ਹਾਲਾਤ ਬਦਲੀ ਜਾ ਰਹੇ ਹਨ ਤੇ ਲੇਖਕ ਦੀ ਲਿਖਤਾਂ 'ਚ ਨਿਰੰਤਰਤਾ ਬਣਾਈ ਰੱਖਣੀ ਬਣਦੀ ਹੈ ਜੋ ਕਿ ਅਜਾਇਬ ਕਮਲ ਨੇ ਅੱਧੀ ਸਦੀ ਤੱਕ ਬਣਾਈ ਰੱਖੀ | ਪਾਠਕ ਦੀ ਇਸ ਗੱਲ ਵਿਚ ਦਿਲਚਸਪੀ ਹੈ ਕਿ ਲੇਖਕ ਸਮਾਜ ਨੂੰ ਲਗਾਤਾਰ ਕੀ ਦੇ ਰਿਹਾ ਹੈ | ਅਕਸਰ ਲੇਖਕ ਆਪਣੀਆਂ ਮੁਲਾਕਾਤਾਂ (ਇੰਟਰਵਿਊ) 'ਚ ਜ਼ਿਕਰ ਕਰਦੇ ਹਨ ਕਿ ਉਹ ਅੰਮਿ੍ਤਾ ਪ੍ਰੀਤਮ ਦੇ ਨੇੜੇ ਸਨ ਤੇ ਉਨ੍ਹਾਂ ਦੀਆਂ ਲਿਖਤਾਂ ਉਸ ਦੇ ਰਸਾਲੇ ਵਿਚ ਛਪੀਆਂ | ਇਥੇ ਦੱਸਣਾ ਬਣਦਾ ਹੈ ਕਿ 1974 ਵਿਚ ਅੰਮਿ੍ਤਾ ਪ੍ਰੀਤਮ ਨੇ ਅਜਾਇਬ ਕਮਲ ਦੀਆਂ ਕੁਝ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ 'ਇੰਡੀਅਨ ਪੋਇਟਰੀ ਫਾਰ ਟੂਡੇ' 'ਚ ਦੂਸਰੀਆਂ ਭਾਸ਼ਾਵਾਂ ਦੇ ਲੇਖਕਾਂ ਦੀਆਂ ਕਵਿਤਾਵਾਂ ਦੇ ਨਾਲ ਛਾਪਿਆ | ਪੰਜਾਬੀ ਵਿਭਾਗ ਦੀ ਉਹ ਐਡੀਟਰ ਸੀ |
ਡਾ: ਅਮਰਜੀਤ ਸਿੰਘ ਨੇ ਆਖਿਆ ਕਿ ਅਜਾਇਬ ਕਮਲ ਨੇ ਬਹੁਤ ਸਾਲ ਪਹਿਲੋਂ ਖੜੋਤ ਨੂੰ ਪਛਾਣਿਆ ਤੇ ਦੂਸਰਿਆਂ ਨਾਲ ਮਿਲ ਕੇ ਇਸ ਨੂੰ ਤੋੜਿਆ | ਜੋ ਕੰਮ ਉਸ ਨੇ ਕੀਤਾ ਉਸ ਉਪਰ ਚਿੰਤਨ ਕਰਨ ਦੀ ਲੋੜ ਹੈ |
ਜਸਕਿਰਨ ਕੌਰ ਨੇ 'ਮੈਂ ਜੋ ਪੈਗ਼ੰਬਰ ਨਹੀਂ' (1977) ਵਿਚੋਂ ਨਜ਼ਮ ਸੁਣਾਈ:
'ਉਸ ਨੂੰ ਘਿਸੇ ਪਿਟੇ ਔਖਲੇ ਰਾਹਾਂ ਤੇ ਤੁਰਨ ਦੀ ਵਾਦੀ ਨਹੀਂ,
ਉਹ ਨਵੇਂ ਰਾਹ ਉਲੀਕਣ ਵਾਲਾ ਆਪਣਾ ਰਾਹ ਆਪ ਹੈ |'
ਕਵੀ ਦਰਬਾਰ ਵਿਚ ਕਾਵਿਤਾਵਾਂ ਪੜ੍ਹਨ ਵਾਲੇ ਸਨ ਸੁਖਦੇਵ ਨਡਾਲੋਂ, ਅਮਰਜੀਤ ਕੌਰ ਅਮਰ, ਪ੍ਰੀਤ ਨੀਤਪੁਰ, ਸੰਧੂ ਵਰਿਆਣਵੀ, ਰੇਸ਼ਮ ਚਿੱਤਰਕਾਰ, ਰਣਜੀਤ ਪੋਸੀ, ਮਨਦੀਪ ਗੌਤਮ, ਡਾ: ਜਗਤਾਰ ਸਿੰਘ ਕੋਟ ਫਤੂਹੀ, ਚਰਨਦੀਪ ਸਿੰਘ, ਜਸਕਿਰਨ ਕੌਰ, ਮੋਹਣ ਆਰਟਿਸਟ, ਜਤਿੰਦਰ ਸਿੰਘ ਡਾਂਡੀਆ ਤੇ ਹੋਰ | ਸਮਾਗਮ 'ਚ ਹੋਰਨਾਂ ਤੋਂ ਇਲਾਵਾ ਪਿੰ੍ਰਸੀਪਲ ਜਗਮੋਹਨ ਸਿੰਘ, ਡਾ: ਸੁਖਦੇਵ ਸਿੰਘ, ਖੜਕ ਕੌਰ ਕੈਨੇਡਾ, ਗੁਰਦਿਆਲ ਸਿੰਘ ਕੈਨੇਡਾ, ਮਾ: ਅਜੀਤ ਸਿੰਘ ਕੈਨੇਡਾ, ਮਾ: ਦਵਿੰਦਰ ਸਿੰਘ ਕੈਨੇਡਾ, ਮਾ: ਸਤਵਿੰਦਰ ਸਿੰਘ ਬੱਡੋਂ, ਨੈਰੋਬੀ ਤੋਂ ਅਸਿਸਟੈਂਟ ਮੈਨੇਜਰ ਚਰਨਦੀਪ ਸਿੰਘ ਤੇ ਮੈਡਮ ਹਰਵਿੰਦਰ ਕੌਰ, ਦਮਨ ਸਿੰਘ ਅਮਰੀਕਾ, ਗੁਰਿੰਦਰਜੀਤ ਸਿੰਘ, ਅਮਿ੍ਤ ਸਿੰਘ, ਕੁਲਵੰਤ ਕੌਰ, ਕੈਪਟਨ ਸਲਿੰਦਰ ਸਿੰਘ, ਜੀ.ਓ. ਜੀ. ਤਰਸੇਮ ਸਿੰਘ, ਸਾਬਕ ਪੰਚ ਗੁਰਪ੍ਰੀਤ ਸਿੰਘ ਡੋਡ, ਮਨਮਿੰਦਰ ਸਿੰਘ ਤੇ ਗੁਰਮੀਤ ਸਿੰਘ ਦੁਬਈ, ਮੈਨੇਜਰ ਅਮਰਜੀਤ ਸਿੰਘ, ਤਰਸੇਮ ਸਿੰਘ ਤੇ ਕਰਨਪ੍ਰਤਾਪ ਸਿੰਘ ਆਦਿ ਸ਼ਾਮਿਲ ਹੋਏ |
ਸਮਾਗਮ ਦੇ ਅਖੀਰ ਵਿਚ ਅਜਾਇਬ ਕਮਲ ਦੇ ਲੜਕੇ ਪਿੰ੍ਰਸੀਪਲ ਜਗਮੋਹਨ ਸਿੰਘ ਜੋ ਕਿ ਥੋੜ੍ਹਾ ਸਮਾਂ ਪਹਿਲੋਂ ਖ਼ਾਲਸਾ ਸੀਨੀਅਰ ਸਕੂਲ, ਬੱਡੋਂ ਤੋਂ ਸੇਵਾਮੁਕਤ ਹੋਏ ਹਨ, ਨੇ ਆਏ ਲੇਖਕਾਂ ਤੇ ਹੋਰਾਂ ਦਾ ਧੰਨਵਾਦ ਕੀਤਾ | ਜਸਬੀਰ ਬੇਗਮਪੁਰੀ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ |

-ਅਜੀਤ ਬਿਊਰੋ

ਕਹਾਣੀ: ਬੋਝ

'...ਸੀਮਾ, ਮੈਨੂੰ ਲੱਗਦੈ ਕਿਤੇ ਮੇਰੇ ਕਰਕੇ ਕਈ ਘਰਾਂ 'ਚ ਸੱਥਰ ਨਾ ਵਿੱਛ ਜਾਣ..... ਮੈਥੋਂ ਇਹ ਬਰਦਾਸ਼ਤ ਨਹੀਂ ਹੋਣਾ ....ਯਾਰ, ਮੇਰੀ ਆਤਮਾ 'ਤੇ ਬੜਾ ਬੋਝ ਏ ..... ਤੂੰ ਹੀ ਦੱਸ....ਕੀ ਕਰਾਂ....?' ਕਾਲਜ ਦੀ ਕੰਟੀਨ ਵਿਚ ਬੈਠਦਿਆਂ ਕੁਲਦੀਪ, ਸੀਮਾ ਨੂੰ ਬਹੁਤ ਹੀ ਉਦਾਸ ਲਹਿਜ਼ੇ ਵਿਚ ਕਹਿ ਰਹੀ ਸੀ | '....ਓ....ਹੋ .... ਸ਼ਹਿਜ਼ਾਦੀ ਜੀ.....ਕਤਲ਼ ਤਾਂ ਹੋਣੇ ਈ ਨੇ...ਹੁਸਨ ਵੀ ਤਾਂ ਡੁੱਲ੍ਹ-ਡੁੱਲ੍ਹ ਪੈਂਦਾ ਏ ....ਮੇਰੀ ਹੀ ਨਜ਼ਰ ਤੇਰੇ ਤੋਂ ਨਹੀਂ ਹਟਦੀ ਫੇਰ ਵਿਚਾਰੇ ਗੱਭਰੂਆਂ ਦਾ ਕੀ ਦੋਸ਼ ....?' ਕੁਲਦੀਪ ਦੀ ਗੱਲ ਨੂੰ ਸੀਮਾ ਹਾਸੇ ਮਜ਼ਾਕ ਵਿਚ ਲੈ ਰਹੀ ਸੀ ਪਰ ਕੁਲਦੀਪ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ | ਸਵੇਰੇ ਜਿਹੜੀ ਬੱਸ 'ਤੇ ਪਿੰਡੋਂ ਸ਼ਹਿਰ ਆਉਂਦੀ ਸੀ, ਉਸ ਬੱਸ ਦਾ ਡਰਾਈਵਰ ਸ਼ੀਸ਼ੇ 'ਚਾੋ ਪਿੱਛੇ ਬੈਠੀ ਨੂੰ ਵਾਰ-ਵਾਰ ਦੇਖਦਾ ਰਹਿੰਦਾ ਸੀ | ਪਹਿਲਾਂ ਤਾਂ ਕੁਲਦੀਪ ਨੂੰ ਲੱਗਿਆ ਕਿ ਉਸ ਦੇ ਚਾਚੇ ਤਾਏ ਦੀ ਉਮਰ ਦਾ ਹੈ | ਉਸ ਦਾ ਵਹਿਮ ਹੀ ਹੈ | ਪਰ ਔਰਤ ਅੱਖ ਪਛਾਣਨ ਵਿਚ ਦੇਰ ਨਹੀਂ ਲਾਉਂਦੀ | ਬੱਸ ਵਿਚ ਜਿੱਥੇ ਵੀ ਬਹਿੰਦੀ, ਖੜ੍ਹਦੀ ਡਰਾਇਵਰ ਦੀ ਨਿਗ੍ਹਾ ਉਸ ਨੂੰ ਲੱਭ ਹੀ ਲੈਂਦੀਂ | ਥਾਂ-ਥਾਂ ਲੱਗੇ ਟਾਂਕਿਆਂ ਦੇ ਨਿਸ਼ਾਨਾਂ ਵਾਲਾ ਚਿਹਰਾ ਘੂਰਦਾ ਤਾਂ ਕੁਲਦੀਪ ਨੂੰ ਬੜੀ ਅਲ਼ਕਤ ਆਉਂਦੀ |
ਇਕ ਤਾਂ ਮੁੰਡ੍ਹੀਰ ਦੇ ਤਿੱਖੇ ਸ਼ਬਦ-ਬਾਣ ਤੇ ਦੂਜਾ ਡਰਾਈਵਰ ਦਾ ਵਾਰ-ਵਾਰ ਸ਼ੀਸ਼ੇ ਵਿਚੋਂ ਦੇਖਣਾ ਕੁਲਦੀਪ ਨੂੰ ਚੰਗਾ ਨਾ ਲੱਗਣਾ | ਡਰਾਈਵਰ ਕਿਤੇ ਪਿੱਛੇ ਦੇਖਦਾ-ਦੇਖਦਾ ਬੱਸ ਅੱਗੇ ਠੋਕ ਹੀ ਨਾ ਦੇਵੇ...ਕੁਲਦੀਪ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਸੀ | ਜਦੋਂ ਕਦੇ ਬੱਸ ਵਿਚ ਸੀਟ ਨਾ ਮਿਲਣੀ ਤਾਂ ਹੋਰ ਵੀ ਔਖਾ ਲੱਗਦਾ ਸੀ | ਬਾਰੀਆਂ ਵਿਚੋਂ ਆਉਂਦੀ ਤੇਜ਼ ਹਵਾ ਕਦੇ ਚੁੰਨੀ ਨੂੰ ਟਿਕਣ ਨਾ ਦਿੰਦੀ ਤੇ ਕਦੇ ਵਾਲਾਂ ਨੂੰ | ਇਕ ਹੱਥ ਨਾਲ ਡੰਡੇ ਨੂੰ ਘੁੱਟ ਕੇ ਫੜਦੀ ਤੇ ਦੂਜਾ ਹੱਥ ਕਿਤਾਬਾਂ ਨੂੰ ਸਹਾਰਾ ਦਿੰਦਾ | ਸਰੀਰਿਕ ਕਸ਼ਟ ਦੇ ਨਾਲ-ਨਾਲ ਮਾਨਸਿਕ ਕਸ਼ਟ ਵਧੇਰੇ ਚੁਭਣ ਦਿੰਦਾ ਸੀ | ਚੋਬਰਾਂ ਤੇ ਕਰੂਪ ਡਰਾਈਵਰ ਦੀ ਨਿਗ੍ਹਾ ਕਾਲਜਾ ਛੱਲਣੀ ਕਰ ਦਿੰਦੀ ਸੀ |
ਕੁਲਦੀਪ ਕਈ ਵਾਰ ਸੋਚਦੀ ਕਿ ਮਾਂ ਨਾਲ ਘਰੇ ਗੱਲ ਕਰੇ | ਜਦੋਂ ਬੋਝ ਅਸਹਿ ਹੋ ਜਾਂਦਾ ਤਾਂ ਆਤਮਾ ਤੜਫ਼-ਤੜਫ਼ ਸਰੀਰ ਨੂੰ ਬੇਸੁਧ ਕਰ ਦਿੰਦੀ | ਮਾਂ ਨਾਲ ਗੱਲ ਤਾਂ ਨਾ ਕਰਦੀ ਕਿ '...ਮਾਂ ਤਾਂ ਪਹਿਲਾਂ ਹੀ ਪਰਾਇਆ ਧਨ ਕਹਿ ਕੇ ਫ਼ਿਕਰ ਕਰਦੀ ਰਹਿੰਦੀ ਏ ... ਫੇਰ ਤਾਂ ਜਿੰਨੀ ਦੇਰ ਘਰੇ ਨਾ ਮੁੜਿਆ ਕਰੂੰ ਸਾਹ ਹੀ ਸੂਤੇ ਰਹਿਣੇ ਨੇ ਵਿਚਾਰੀ ਦੇ |' ਪਿਓ ਤਾਂ ਪਹਿਲਾਂ ਹੀ ਅੜਬ ਹੈ | ਬੱਸ ਦੀਆਂ ਪ੍ਰੇਸ਼ਾਨੀਆਂ ਦੱਸੀਆਂ ਤਾਂ ਪੜ੍ਹਾਈ ਵਿਚਾਲੇ ਛਡਾ ਕੇ ਘਰੇ ਬੈਠਾ ਲਵੇਗਾ | ਅੱਲ੍ਹੜ ਉਮਰ 'ਚੋਂ ਅਜੀਬ ਜਿਹਾ ਬੋਝ ਮਨ ਨੂੰ ਪ੍ਰੇਸ਼ਾਨ ਕਰਦਾ ਹੋਣ ਕਰਕੇ ਅੱਜ ਕੁਲਦੀਪ ਸੀਮਾ ਕੋਲ ਫੁੱਟ ਹੀ ਪਈ ਸੀ |
ਸੀਮਾ ਵੀ ਹੁਣ ਗੰਭੀਰ ਹੋ ਕੇ ਕੁਲਦੀਪ ਦੀ ਪ੍ਰੇਸ਼ਾਨੀ ਸਮਝ ਰਹੀ ਸੀ | ਅਚਾਨਕ ਸੀਮਾ ਘੁਟਵੀਂ ਆਵਾਜ਼ 'ਚ ਬੋਲੀ 'ਜਿਸ ਦਿਨ ਤੈਨੂੰ ਠੀਕ ਸੀਟ ਮਿਲ ਜਾਂਦੀ ਏ...ਉਸ ਦਿਨ ਵੀ ਸ਼ੀਸ਼ੇ 'ਚੋਂ ਦੇਖਦਾ...?' '...ਨਹੀਂ, ਉਸ ਦਿਨ ਤਾਂ ਨਹੀਂ...ਵਧੇਰੇ ਤਾਂ ਉਸ ਦਿਨ ਦੇਖਦਾ ਜਿਸ ਦਿਨ ਕੋਈ ਮੁੰਡਾ-ਖੁੰਡਾ ਨਾਲ ਬੈਠਾ ਜਾਂ ਖੜ੍ਹਾ ਹੋਵੇ... |' '...ਅੱਛਾ, ਉਸ ਡਰਾਈਵਰ ਦੀ ਅੱਖ ਤੋਂ ਜਬਾੜਿਆਂ ਤੱਕ ਟਾਂਕਿਆਂ ਦੇ ਨਿਸ਼ਾਨ ਨੇ....ਵਧੇਰੇ ਕਰਕੇ ਫਿੱਕੀ ਗੁਲਾਬੀ ਪੱਗ ਬੰਨਦੈ... |' ਕੁਲਦੀਪ ਸਾਹ ਰੋਕ ਸਭ ਕੁਝ ਸੁਣ ਰਹੀ ਸੀ | '...ਹਾਂ, ਤੈਨੂੰ ਏਨਾ ਕੁਝ ਕਿਵੇਂ ਪਤੈ ਸੀਮਾ... |' '....ਕਮਲੀਏ ਮੈਂ ਜਾਣਦੀ ਆਂ... |'
'....ਤੂੰ ਡਰ ਨਾ ਝੱਲੀਏ ...ਉਹ ਤਾਂ ਬੜੇ ਸ਼ਰੀਫ ਅੰਕਲ ਨੇ... ਸਾਡੀ ਗਲੀ ਦੇ ਪਿਛਲੇ ਪਾਸੇ ਘਰ ਹੈ....ਕੁਝ ਸਾਲਾਂ ਤੋਂ ਤੁਹਾਡੇ ਪਿੰਡਾਂ ਵੱਲ ਹੀ ਬੱਸ ਚਲਾਉਂਦੇ ਨੇ....ਉਹ ਟਾਂਕਿਆਂ ਦੇ ਨਿਸ਼ਾਨ ਵੀ ਤਾਂ ਤੇਰੇ ਵਰਗੀ ਇਕ ਕੁੜੀ ਨੂੰ ਛੇੜਖਾਨੀ ਤੋਂ ਬਚਾਉਂਦਿਆਂ ਦੇ, ਮੁੰਡਿਆਂ ਦੀਆਂ ਮਾਰੀਆਂ ਸੱਟਾਂ ਤੋਂ ਪਏ ਨੇ....ਉਹ ਵਾਰ-ਵਾਰ ਤੈਨੂੰ ਸ਼ੀਸ਼ੇ ਵਿਚੋਂ ਤੇਰੀ ਸੁਰੱਖਿਆ ਲਈ ਵੇਖਦੇ ਹੋਣੇ ਨੇ... |'
ਕੁਲਦੀਪ ਦਾ ਸਿਰ ਚਕਰਾ ਰਿਹਾ ਸੀ | ਸਾਰੀ ਗੱਲ ਜਦੋਂ ਦਿਮਾਗ ਤੇ ਦਿਲ ਦੇ ਢਾਚੇਂ ਨਾਲ ਮੇਲ ਖਾਧੀ ਤਾਂ ਅੰਦਰਲੀ ਖੁਸ਼ੀ ਬੁੱਲ੍ਹਾਂ 'ਤੇ ਆ ਗਈ | ਮਨ ਦਾ ਬੋਝ ਉਤਾਰ ਕੁਲਦੀਪ ਹੱਸਦੀ-ਖੇਡਦੀ ਸੀਮਾ ਨਾਲ ਕਲਾਸ ਵੱਲ ਜਾ ਰਹੀ ਸੀ |

-ਈ.ਟੀ.ਟੀ.ਟੀਚਰ, ਫਰੀਦਕੋਟ |
ਮੋਬਾਈਲ : 95011-08280.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX