ਤਾਜਾ ਖ਼ਬਰਾਂ


ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੀ ਮੁਆਫ਼ੀ ਮੰਗੇ ਬਿਨਾਂ ਬਾਦਲ ਪਰਿਵਾਰ ਦਾ ਖਹਿੜਾ ਨਹੀਂ ਛੁੱਟਣਾ- ਰਾਮੂਵਾਲੀਆ
. . .  1 minute ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਸੰਗਰੂਰ ਰੈਲੀ ਨੂੰ ਸੰਬੋਧਿਤ ਕਰਦਿਆਂ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਪੰਜਾਬ ਵਾਸੀਆਂ ਤੋਂ ਮੁਆਫ਼ੀ ਮੰਗੇ...
ਸੇਵਾ ਸਿੰਘ ਸੇਖਵਾਂ ਨੇ ਸੁਖਬੀਰ ਬਾਦਲ ਨੂੰ ਕੀਤਾ ਚੈਲੇਂਜ
. . .  10 minutes ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਦਾ ਭੋਗ ਪਾਉਣ ਵਾਲੇ ਸੁਖਬੀਰ ਦੇ ਹੰਕਾਰ ਦਾ ਭੋਗ ਅੱਜ ਸੰਗਰੂਰ ਵਾਸੀਆਂ ਨੇ ਪਾ ਦਿੱਤਾ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ...
ਜੇਕਰ ਸੁਖਬੀਰ ਸੱਚਮੁੱਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਚਾਹੁੰਦੇ ਹਨ ਤਾਂ ਆਪਣੀ ਪਾਰਟੀ 'ਚ ਮਤਾ ਪਾਉਣ- ਢੀਂਡਸਾ
. . .  26 minutes ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਪਰਮਿੰਦਰ ਸਿੰਘ ਢੀਂਡਸਾ ਨੇ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੁਖਬੀਰ ਵਲੋਂ ਆਪਣੀ ਸੰਗਰੂਰ ਰੈਲੀ ਦੌਰਾਨ ਕੀਤਾ...
ਗੁਰੂ ਘਰਾਂ ਦੇ ਪੈਸੇ ਨਾਲ ਸੁਖਬੀਰ ਆਪਣੀਆਂ ਨਿੱਜੀ ਇਮਾਰਤਾਂ ਬਣਾ ਰਿਹਾ ਹੈ- ਭਾਈ ਰਣਜੀਤ ਸਿੰਘ
. . .  51 minutes ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਗੁਰੂ ਘਰਾਂ ਦੇ ਪੈਸੇ ਨਾਲ ਆਪਣੀਆਂ ਇਮਾਰਤਾਂ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ...
ਬਲਵੰਤ ਸਿੰਘ ਰਾਮੂਵਾਲੀਆ ਅਤੇ ਰਵਿੰਦਰ ਸਿੰਘ ਵੀ ਸੰਗਰੂਰ ਰੈਲੀ 'ਚ ਪਹੁੰਚੇ
. . .  52 minutes ago
'ਮਨ ਕੀ ਬਾਤ' 'ਚ ਬੋਲੇ ਪ੍ਰਧਾਨ ਮੰਤਰੀ ਮੋਦੀ- ਬੰਦਿਸ਼ਾਂ ਨੂੰ ਤੋੜ ਕੇ ਉਚਾਈਆਂ ਛੂਹ ਰਹੀਆਂ ਹਨ ਦੇਸ਼ ਦੀਆਂ ਧੀਆਂ
. . .  58 minutes ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹੁਨਰ ਹਾਟ, ਪੁਲਾੜ ਅਤੇ ਕਾਪ ਕਨਵੈੱਨਸ਼ਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ...
ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਕੀਤੀ ਰੱਖਿਆ- ਭਾਈ ਰਣਜੀਤ ਸਿੰਘ
. . .  about 1 hour ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ 3 ਸਾਲ ਮੁੱਖ ਮੰਤਰੀ ਰਹੇ...
ਸੰਗਰੂਰ ਰੈਲੀ 'ਚ ਵੱਡੀ ਗਿਣਤੀ 'ਚ ਪਹੁੰਚੇ ਆਗੂ
. . .  about 1 hour ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਢੀਂਡਸਾ ਪਰਿਵਾਰ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸੰਬੋਧਨ ਕਰ ਰਹੇ ਹਨ। ਰੈਲੀ 'ਚ ਮਨਜੀਤ ਸਿੰਘ...
ਗੋਆ 'ਚ ਜਲ ਸੈਨਾ ਦਾ ਲੜਾਕੂ ਜਹਾਜ਼ ਮਿਗ-29 ਕੇ. ਹਾਦਸਾਗ੍ਰਸਤ
. . .  about 1 hour ago
ਪਣਜੀ, 23 ਫਰਵਰੀ- ਗੋਆ 'ਚ ਭਾਰਤੀ ਜਲ ਸੈਨਾ ਦੇ ਲੜਾਕੂ ਜਹਾਜ਼ ਮਿਗ-29 ਕੇ. ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਭਾਰਤੀ ਜਲ ਸੈਨਾ ਨੇ ਦੱਸਿਆ ਕਿ ਇਹ ਜਹਾਜ਼ ਆਪਣੀ ਰੁਟੀਨ ਸਿਖਲਾਈ...
ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਨਹੀਂ ਰਹੇ
. . .  about 1 hour ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ)- ਸ਼ਿਵ ਮੰਦਿਰ ਸਰਥਲੀ ਦੇ ਮੁਖੀ ਅਤੇ ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ (57) ਨਹੀਂ ਰਹੇ ।ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਦੱਸੀ ਜਾਂਦੀ...
ਹੋਰ ਖ਼ਬਰਾਂ..

ਫ਼ਿਲਮ ਅੰਕ

ਸ਼ਰਧਾ ਕਪੂਰ

ਇਨਸਾਨੀਅਤ ਭਰਪੂਰ ਨਾਇਕਾ

'ਸਾਹੋ', 'ਛਿਛੋਰੇ' ਜਿਹੀਆਂ ਕਾਮਯਾਬ ਫ਼ਿਲਮਾਂ ਦੇਣ ਵਾਲੀ ਸ਼ਰਧਾ ਕਪੂਰ ਕਹਿ ਰਹੀ ਹੈ ਕਿ ਨਾਕਾਮੀ ਵੀ ਸਾਡੇ ਕਿੱਤੇ ਦਾ ਹੀ ਇਕ ਖਾਸ ਪਹਿਲੂ ਹੈ। ਉਹ ਤਾਂ ਹੀ ਨਾਂਹ-ਪੱਖੀ ਵਤੀਰੇ ਤੋਂ ਦੂਰ ਰਹਿੰਦੀ ਹੈ। ਅਭਿਨੇਤਰੀ ਦੇ ਤੌਰ 'ਤੇ ਸ਼ਰਧਾ ਹਰ ਚੰਗੀ-ਮੰਦੀ ਗੱਲ ਸਹਿਣ ਜੋਗੀ ਹੋ ਗਈ ਹੈ। 'ਸਟਰੀਟ ਡਾਂਸਰ 3 ਡੀ' ਉਸ ਨੇ ਰੇਮੋ ਡਿਸੂਜਾ ਨਾਲ ਕੀਤੀ ਹੈ। ਇਸ ਦੇ ਨਾਲ ਹੀ 'ਬਾਗ਼ੀ-3' ਵੀ ਉਹ ਕਰ ਰਹੀ ਹੈ। ਹਾਂ, ਇਕ ਗੱਲ ਦਾ ਝੋਰਾ ਹੈ ਸ਼ਰਧਾ ਨੂੰ ਕਿ ਕੀ 6 ਸਾਲ ਤੋਂ 'ਐਂਗਜ਼ਾਈਟੀ' ਨਾਂਅ ਦੀ ਬਿਮਾਰੀ ਨਾਲ ਉਸ ਦੀ ਮਤ ਹੀ ਮਾਰੀ ਹੋਈ ਹੈ। ਸ਼ਰਧਾ ਨੇ 'ਬਾਗ਼ੀ-3' ਲਈ ਕੁੰਗਫੂ, ਕਿੱਕ ਬਾਕਸਿੰਗ ਦੀ ਟ੍ਰੇਨਿੰਗ ਲਈ ਹੈ। ਆਪਣੇ ਵੀਰੇ ਸਿਧਾਂਤ ਕਪੂਰ ਦੇ ਕਰੀਅਰ ਲਈ ਉਹ ਫ਼ਿਕਰਮੰਦ ਹੈ। 'ਯਾਰਮ' ਫ਼ਿਲਮ ਲਈ ਸ਼ਰਧਾ ਦੇ ਭਰਾ ਸਿਧਾਂਤ ਨੇ 'ਕਾਸ਼ ਫਿਰ ਸੇ' ਗੀਤ ਗਾਇਆ ਹੈ ਤੇ ਸ਼ਰਧਾ ਨੇ ਆਪ ਟਵੀਟ ਕਰ ਕੇ ਇਸ ਗੀਤ ਦਾ ਲਿੰਕ ਸਾਂਝਾ ਕੀਤਾ ਹੈ। ਸਿਧਾਂਤ ਫ਼ਿਲਮੀ ਪਰਦੇ 'ਤੇ ਪ੍ਰਤੀਕ ਬੱਬਰ ਨਾਲ 'ਯਾਰਮ' 'ਚ ਆਏ ਤੇ ਸਟਾਰ ਬਣੇ ਸ਼ਰਧਾ ਨੇ ਦੁਆਵਾਂ ਕੀਤੀਆਂ ਹਨ। ਇਧਰ ਸ਼ਰਧਾ ਨੇ ਇਸ ਗੱਲ ਨੂੰ ਕੋਰੀ ਗੱਪ ਕਿਹਾ ਹੈ ਕਿ ਉਹ 'ਰਾਮਾਇਣ' ਫ਼ਿਲਮ ਨਹੀਂ ਕਰ ਰਹੀ ਹੈ। ਆਰੇ ਦੇ 2700 ਦਰੱਖਤਾਂ ਨੂੰ ਕੱਟਣ ਤੋਂ ਬਚਾਉਣ ਦੀ ਮੁਹਿੰਮ 'ਚ ਸ਼ਰਧਾ ਵੀ ਸ਼ਾਮਿਲ ਹੋਈ ਸੀ ਤੇ ਉਹ ਕਹਿ ਰਹੀ ਹੈ ਕਿ ਆਪਣੇ ਹੱਕਾਂ ਲਈ ਲੜਨਾ ਤੇ ਲੋਕ ਹਿਤ 'ਚ ਖੜ੍ਹਨਾ ਕਲਾਕਾਰਾਂ ਦਾ ਵੀ ਫ਼ਰਜ਼ ਹੈ। ਇਧਰ 'ਇਸਤਰੀ' ਦੇ ਅਗਲੇ ਭਾਗ ਲਈ ਸ਼ਰਧਾ ਦਾ ਨਾਂਅ ਪੱਕਾ ਹੋ ਚੁੱਕਾ ਹੈ। ਸ਼ਰਧਾ ਨੂੰ ਆਪਣੇ ਅੰਗ-ਰੱਖਿਅਕ ਅਤੁਲ ਦੇ ਜਨਮ ਦਿਨ 'ਤੇ ਵਧਾਈ ਦੇਣ ਦੇ ਨਾਲ-ਨਾਲ ਜਨਮ ਦਿਨ ਦੀ ਪਾਰਟੀ ਦਾ ਪੂਰਾ ਖਰਚ ਆਪ ਚੁੱਕ ਕੇ ਖ਼ੁਸ਼ੀ ਹੋਈ। ਮਤਲਬ ਕਿ ਸ਼ਰਧਾ ਇਨਸਾਨੀਅਤ ਤੇ ਫ਼ਰਜ਼ ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਆਪਣੀ ਜ਼ਿੰਦਗੀ 'ਚ ਅਪਣਾ ਰਹੀ ਹੈ।


ਖ਼ਬਰ ਸ਼ੇਅਰ ਕਰੋ

ਦਿਸ਼ਾ ਪਟਾਨੀ : 'ਰਾਧੇ' ਗਈ 'ਬੈਂਕਾਕ'

ਇਕ ਫੋਟੋ ਦਿਸ਼ਾ ਪਟਾਨੀ ਦੀ ਖੂਬ ਵਾਇਰਲ ਤੇ ਪਸੰਦ ਹੋਈ ਹੈ ਤੇ ਇਸ 'ਚ ਅੰਦਾਜ਼-ਏ-ਦਿਸ਼ਾ ਵਾਹ ਜੀ ਵਾਹ ਹੈ। ਮੇਜ਼ ਹੈ ਉਸ ਦੇ ਸਾਹਮਣੇ ਤੇ ਮੇਜ਼ ਉੱਪਰ ਖਾਲੀ ਪਲੇਟ ਹੈ। ਦਿਸ਼ਾ ਨੇ ਇਹ ਤਸਵੀਰ ਬੈਂਕਾਕ ਦੇ ਇਕ ਰੈਸਟੋਰੈਂਟ 'ਚ ਬੈਠ ਕੇ ਖਿੱਚੀ ਕਿ ਕਿਵੇਂ ਭੁੱਖ ਸਮੇਂ ਖਾਲੀ ਪਲੇਟ ਹੀ ਖਾ ਜਾਣ ਨੂੰ ਦਿਲ ਕਰਦਾ ਹੈ। 'ਭਾਰਤ' ਤੋਂ ਬਾਅਦ ਸਲਮਾਨ ਖ਼ਾਨ ਨਾਲ 'ਰਾਧੇ' ਫ਼ਿਲਮ ਕਰ ਰਹੀ ਦਿਸ਼ਾ ਬੈਂਕਾਕ 'ਚ ਠੰਢ ਕੱਟਣ ਲਈ ਗਈ ਹੋਈ ਹੈ। 2020 ਦੀ ਫਰਵਰੀ ਨੂੰ ਪ੍ਰੇਮੀਆਂ ਦੇ ਦਿਨ 'ਵੈਲੇਨਟਾਈਨ-ਡੇਅ' ਨੂੰ ਦਿਸ਼ਾ ਦੀ ਫ਼ਿਲਮ 'ਮਲੰਗ' ਆਉਣੀ ਹੈ। ਅਦਿਤਯ ਰਾਏ ਕਪੂਰ 'ਮਲੰਗ' 'ਚ ਉਸ ਨਾਲ ਹੈ। ਪ੍ਰਭੂ ਦੇਵਾ ਵਲੋਂ 'ਰਾਧੇ' ਲਈ ਦਿੱਤੇ ਗਏ ਨਾਚ ਦੇ ਇਕ ਕਦਮ 'ਤੇ ਨੱਚਦੀ ਹੋਈ ਦਿਸ਼ਾ ਡਿਗ ਪਈ ਸੀ ਤੇ ਉਸ ਦੇ ਗੋਡੇ-ਗਿੱਟੇ ਛਿੱਲੇ ਹੀ ਗਏ ਹਨ। ਫਿਰ ਵੀ ਦਿਸ਼ਾ ਨੇ ਸ਼ੂਟਿੰਗ ਕੀਤੀ ਤੇ ਹਫ਼ਤਾ ਭਰ ਉਹ ਪੱਟੀਆਂ ਬੰਨ੍ਹ ਕੇ ਦਵਾਈਆਂ ਖਾ ਕੇ ਚਲਦੀ ਰਹੀ। ਦਿਸ਼ਾ ਨੂੰ ਵਾਣੀ ਕਪੂਰ ਨੇ ਵੀ ਆਪਣਾ ਅਸ਼ੀਰਵਾਦ ਦਿੱਤਾ ਜਦ ਉਹ 'ਵਾਰ' ਦੀ ਪਾਰਟੀ 'ਚ ਟਾਈਗਰ ਸ਼ਰਾਫ਼ ਨਾਲ ਆਈ ਸੀ। ਇਧਰ ਦਿਸ਼ਾ ਦੀ ਚਾਹੇ ਟਾਈਗਰ ਨਾਲ ਦੋਸਤੀ ਬਹੁਤ ਪੱਕੀ ਸਮਝੀ ਜਾ ਰਹੀ ਹੈ ਪਰ ਸ਼ਿਵ ਸੈਨਾ ਨੇਤਾ ਦੇ ਸਪੁੱਤਰ ਅਦਿਤਯ ਠਾਕਰੇ ਨਾਲ ਦਿਸ਼ਾ ਦਾ ਮੇਲ-ਜੋਲ ਤੇ ਤਸਵੀਰਾਂ ਦੇਖ ਕੇ ਟਾਈਗਰ ਸ਼ਰਾਫ਼ ਦੇ ਪ੍ਰਸੰਸਕ ਨਰਾਜ਼ ਤੇ ਅਦਿਤਯ ਦੇ ਖ਼ੁਸ਼ ਹਨ।

ਸਲਮਾਨ ਖ਼ਾਨ : 400 ਕਰੋੜ ਦਾ 'ਦਬੰਗ-3'

'ਦਬੰਗ-3' ਅੱਜ ਰੱਬ ਸੁੱਖ ਰੱਖੇ ਤਾਂ ਸ਼ਾਨ ਨਾਲ ਸਿਨੇਮਾ ਘਰਾਂ ਦੀ ਸ਼ੋਭਾ ਬਣ ਰਿਹਾ ਹੈ। ਸਲਮਾਨ ਖ਼ਾਨ ਦੀ 'ਦਬੰਗ-3' ਦਾ ਪ੍ਰਚਾਰ ਆਪ ਸਲਮਾਨ ਨੇ ਖ਼ੂਬ ਕੀਤਾ ਹੈ। ਮਣੀ ਮੰਜਰੇਕਰ 'ਦਬੰਗ-3' ਨਾਲ ਬੀ-ਟਾਊਨ ਨੂੰ ਹੈਰਾਨ ਕਰੇਗੀ, ਖੁਦ ਸਲਮਾਨ ਨੇ ਮਣੀ ਲਈ ਇਹ ਬੋਲ ਆਪਣੇ ਮੁਖਾਰਬਿੰਦ 'ਚੋਂ ਕੱਢੇ ਹਨ। ਬਿਨ ਜਜ਼ਬਾਤ ਐਕਸ਼ਨ ਦਾ ਅਰਥ ਹੀ ਨਹੀਂ, ਸੱਲੂ ਕਹਿ ਰਹੇ ਹਨ। 'ਦਬੰਗ' ਦਾ ਆਖਰੀ ਦ੍ਰਿਸ਼ ਹੀ ਦੱਸਦਾ ਸੀ ਕਿ ਕਦੇ ਇਸ ਦਾ ਵਿਸਥਾਰ ਵੀ ਆਏਗਾ। ਵਰੀਨਾ ਹੁਸੈਨ ਨੂੰ ਵੀ ਸਲਮਾਨ ਨੇ ਹੀ 'ਦਬੰਗ-3' 'ਚ ਮੌਕਾ ਦਿਵਾਇਆ ਹੈ। 'ਰੈਂਬੋ' ਤੇ 'ਰਾਕੀ' ਸੀਰੀਜ਼ ਦੀ ਤਰ੍ਹਾਂ ਹੁਣ ਤੋਂ ਹੀ 'ਦਬੰਗ-4' ਦੀ ਤਿਆਰੀ ਸ਼ੁਰੂ ਹੋ ਗਈ ਹੈ। ਜੇ ਮਣੀ ਮੰਜੇਰਕਰ ਹਿੱਟ ਨਾ ਹੋਈ ਤਾਂ ਫਿਰ ਬਹੁਤ ਹੈਰਾਨੀ ਹੋਊ ਸੱਲੂ ਨੂੰ, ਮਣੀ 'ਤੇ ਐਨਾ ਭਰੋਸਾ ਹੈ। ਇਧਰ ਫਰਵਰੀ 2020 'ਚ 'ਬਿੱਗ ਬੌਸ' ਦਾ ਫਾਈਨਲ ਹੋਏਗਾ। ਯਾਦ ਰਹੇ ਪ੍ਰਤੀ ਕਿਸ਼ਤ 'ਬਿੱਸ ਬੌਸ' ਲਈ 31 ਕਰੋੜ ਸਲਮਾਨ ਲੈ ਰਹੇ ਹਨ ਨੇ ਤੇ ਹੁਣ ਟੀ.ਆਰ.ਪੀ. ਵਧਣ ਕਾਰਨ ਸਲਮਾਨ ਦੀ ਫੀਸ ਹੋਰ ਵਧਾਈ ਗਈ ਹੈ। ਕੁੱਲ ਮਿਲਾ ਕੇ 'ਬਿੱਗ ਬੌਸ-13' ਦੇ 26 ਭਾਗ ਤੇ ਕੁੱਲ ਮਿਲਾ ਕੇ 400 ਕਰੋੜ ਦੀ ਰਕਮ ਸੱਲੂ ਨੂੰ ਇਸ ਇਕੱਲੇ ਸ਼ੋਅ ਨੇ ਹੀ ਦਿੱਤੀ ਹੈ। 'ਦਬੰਗ-3' ਲਈ ਪਹਿਲੀ ਵਾਰ ਸਲਮਾਨ ਨੇ ਚੇਨਈ, ਹੈਦਰਾਬਾਦ ਤੇ ਬੰਗਲੌਰ 'ਚ ਪ੍ਰਚਾਰ ਕੀਤਾ ਹੈ। 'ਦਬੰਗ-3' ਪ੍ਰਭੂਦੇਵਾ ਨੇ ਡਾਇਰੈਕਟ ਕੀਤੀ ਹੈ। ਪਹਿਲਾਂ ਅਭਿਨਵ ਕਸ਼ਯਪ, ਫਿਰ ਅਰਬਾਜ਼ ਤੇ ਹੁਣ ਪ੍ਰਭੂ ਦੇਵਾ ਤੇ ਸਭ ਦੀ ਕਿਸਮਤ ਖਰੀ ਹੀ ਹੈ। ਇਧਰ 'ਮੈਨੇ ਪਿਆਰ ਕੀਆ' ਸਲਮਾਨ ਦੀ ਪਹਿਲੀ ਆਈ ਹਿੱਟ ਫ਼ਿਲਮ ਨੂੰ 30 ਸਾਲ ਬਣਿਆਂ ਹੋ ਗਏ ਹਨ ਤੇ ਸਲਮਾਨ ਕਹਿ ਰਹੇ ਹਨ ਕਿ ਵਕਤ ਕਿੰਨੀ ਜਲਦੀ ਲੰਘਦਾ ਹੈ, ਪਤਾ ਹੀ ਨਹੀਂ ਚੱਲਿਆ ਕਿ ਕਦ 30 ਸਾਲ ਲੰਘ ਗਏ। ਸਲਮਾਨ ਖ਼ਾਨ ਦਾ 20 ਦਸੰਬਰ ਨੂੰ ਵਕਤ ਕਿਹੋ ਜਿਹਾ ਰਹਿੰਦਾ ਹੈ, ਇਹੀ ਅੱਜ ਦੇਖਣਾ ਹੈ ਤੇ ਫ਼ੈਸਲਾ ਹੋ ਜਾਣਾ ਹੈ।


-ਸੁਖਜੀਤ ਕੌਰ

ਭੂਮੀ ਪੇਡਨੇਕਰ

ਸਮਾਂ ਤੇ ਕਿਸਮਤ ਨਾਲ-ਨਾਲ

ਇਕ ਚੰਗੀ ਪ੍ਰਤਿਭਾਸ਼ਾਲੀ ਕਲਾਕਾਰ ਨਾਇਕਾ ਭੂਮੀ ਪੇਡਨੇਕਰ ਹੈ ਤੇ 'ਜ਼ੋਰਾ ਲਗਾ ਕੇ ਹਈਸ਼ਾ' ਵਾਲੀ ਭੂਮੀ ਉਹ ਇਸ ਫ਼ਿਲਮ ਦੀ 'ਮੋਟੋ' ਸਭ ਨੂੰ ਯਾਦ ਹੈ। 'ਫੈਟ ਟੂ ਸਲਿਮ' ਇਸ ਗੱਲ ਨੂੰ ਪੂਰਾ ਨਿਭਾਅ ਕੇ ਇਸ ਨਾਇਕਾ ਨੇ ਦਿਖਾਇਆ ਹੈ। ਰਿਫਾਈਂਡ ਚੀਨੀ ਘੱਟ ਕਰ ਕੇ 7 ਲੀਟਰ ਪਾਣੀ ਰੋਜ਼ ਪੀ ਕੇ ਉਸ ਨੇ ਆਪਣਾ ਭਾਰ ਘਟਾ ਕੇ 'ਪਤਲੀ' ਭੂਮੀ ਬਣ ਕੇ ਦਿਖਾ ਦਿੱਤਾ ਹੈ। ਦੋ ਉਬਲੇ ਹੋਏ ਦੇਸੀ ਅੰਡੇ ਤੇ ਨਾਲ ਕੋਸੇ ਪਾਣੀ ਦੇ ਦੋ ਗਿਲਾਸ ਅਤੇ ਵਾਈਟ ਬਰੈੱਡ ਨਾਲ ਫਿਰ ਚਾਹ ਉਸ ਦਾ ਨਾਸ਼ਤਾ ਹੈ। ਅਸੀਂ ਇਕ ਦਿਨ ਉਸ ਨਾਲ ਉਸ ਦੇ ਘਰੇ ਦੁਪਹਿਰ ਨੂੰ ਸੀ ਤਾਂ ਲੰਚ ਸਮੇਂ ਭੂਰੇ ਚੌਲਾਂ ਦੀ ਪਲੇਟ ਗਰੇਵੀ ਚਿਕਨ ਨਾਲ ਉਸ ਨੇ ਖਾਧੀ ਤੇ ਸਾਨੂੰ ਵੀ ਖੀਰੇ ਤੇ ਗਾਜ਼ਰ ਦਾ ਸਲਾਦ ਖੁਆਇਆ। ਸ਼ਾਮ 4 ਵਜੇ ਸੇਬ, ਅਮਰੂਦ ਤੇ ਪਪੀਤਾ ਨਾਲ ਗਰੀਨ ਟੀ। ਵਾਹ ਬਈ ਵਾਹ ਖਾਣ-ਪੀਣ ਦਾ ਅਨੋਖਾ ਤੇ ਸੰਤੁਲਿਤ ਤਰੀਕਾ ਇਸ ਅਭਿਨੇਤਰੀ ਦਾ ਹੈ। ਅਕਸ਼ੈ ਕੁਮਾਰ ਦੀ ਨਿਰਮਾਣ ਸੰਸਥਾ ਨੇ 'ਦੁਰਗਾਵਤੀ' ਇਕ ਡਰਾਉਣੀ ਐਕਸ਼ਨ ਫ਼ਿਲਮ ਭੂਮੀ ਨੂੰ ਲੈ ਕੇ ਐਲਾਨ ਕੀਤੀ ਹੈ। ਇਧਰ 'ਪਤੀ ਪਤਨੀ ਔਰ ਵੋਹ' ਚਲ ਗਈ ਹੈ ਤੇ ਉਧਰ ਅਕਸ਼ੈ ਦੀ 'ਦੁਰਗਾਵਤੀ' ਬਣ ਭੂਮੀ ਖ਼ੁਸ਼ੀ 'ਚ ਰੋਜ਼ ਅਕਸ਼ੈ ਕੁਮਾਰ ਦਾ ਪੋਸਟ ਸਾਂਝਾ ਕਰ ਰਹੀ ਹੈ। 'ਫੇਸ ਆਫ਼ ਇੰਡੀਆ' ਦਾ ਸਨਮਾਨ ਦੱਖਣੀ ਏਸ਼ੀਆ ਸਮਾਰੋਹ 'ਚ ਉਸ ਨੂੰ ਮਿਲਿਆ ਹੈ। ਇਹ ਭੂਮੀ ਦਾ ਪਹਿਲਾ ਅੰਤਰਰਾਸ਼ਟਰੀ ਪੁਰਸਕਾਰ ਹੈ ਤੇ ਭਵਿੱਖ ਲਈ ਉਸ ਲਈ ਉਤਸ਼ਾਹ ਦਾ ਜ਼ਰੀਆ ਬਣ ਅੱਖਾਂ ਸਾਹਮਣੇ ਆਉਂਦਾ ਰਹੇਗਾ। 'ਦੁਰਗਾਵਤੀ', 'ਪਤੀ ਪਤਨੀ ਔਰ ਵੋਹ' ਵਾਲੀ ਭੂਮੀ ਪੇਡਨੇਕਰ ਸਮਝ ਗਈ ਹੈ ਕਿ ਸਮਾਂ ਉਸ ਦਾ ਸਾਥ ਦੇ ਰਿਹਾ ਹੈ। ਫ਼ਿਲਮਾਂ ਸਫ਼ਲ ਹੋ ਰਹੀਆਂ ਹਨ ਤੇ ਚੰਗੇ ਪ੍ਰਸਤਾਵ ਮਿਲ ਰਹੇ ਹਨ। ਇਸ ਲਈ ਦਿਲ ਨਾਲ ਕੰਮ ਕਰਨ ਦਾ ਨਿਯਮ ਸਹੀ ਹੈ।

ਦੀਪਿਕਾ ਦੀ ਐਸਿਡ ਅਟੈਕ 'ਤੇ ਬਣੀ 'ਛਪਾਕ'

'ਤਲਵਾਰ' ਤੇ 'ਰਾਜੀ' ਫੇਮ ਨਿਰਦੇਸ਼ਿਕਾ ਮੇਘਨਾ ਗੁਲਜ਼ਾਰ ਨੇ ਹੁਣ ਐਸਿਡ ਅਟੈਕ ਦਾ ਸ਼ਿਕਾਰ ਹੋਈ ਕੁੜੀ ਦੀ ਸੱਚੀ ਘਟਨਾ 'ਤੇ ਫ਼ਿਲਮ 'ਛਪਾਕ' ਬਣਾਈ ਹੈ ਅਤੇ ਦੀਪਿਕਾ ਪਾਦੂਕੋਨ ਵਲੋਂ ਇਸ ਵਿਚ ਪੀੜਤ ਕੁੜੀ ਮਾਲਤੀ ਦੀ ਭੂਮਿਕਾ ਨਿਭਾਈ ਗਈ ਹੈ।
ਪਹਿਲਾਂ ਇਤਿਹਾਸਕ ਕਿਰਦਾਰਾਂ ਨੂੰ ਖ਼ੂਬਸੂਰਤ ਅੰਦਾਜ਼ ਵਿਚ ਪਰਦੇ 'ਤੇ ਪੇਸ਼ ਕਰ ਚੁੱਕੀ ਦੀਪਿਕਾ ਲਈ ਮਾਲਤੀ ਦਾ ਕਿਰਦਾਰ ਨਿਭਾਉਣਾ ਵਾਕਈ ਚੁਣੌਤੀਪੂਰਨ ਰਿਹਾ ਕਿਉਂਕਿ ਇਥੇ ਉਸ ਨੂੰ ਬਦਸੂਰਤ ਚਿਹਰੇ ਦੇ ਨਾਲ ਪੇਸ਼ ਕੀਤਾ ਜਾਣਾ ਸੀ। ਉਸ ਦੇ ਚਿਹਰੇ ਨੂੰ ਬਦਸੂਰਤ ਬਣਾਉਣ ਲਈ ਪ੍ਰੋਸਥੈਟਿਕ ਮੇਕਅਪ ਦਾ ਸਹਾਰਾ ਲਿਆ ਗਿਆ ਸੀ ਅਤੇ ਰੋਜ਼ਾਨਾ ਦੀਪਿਕਾ ਦੇ ਚਿਹਰੇ 'ਤੇ ਇਸ ਮੇਕਅਪ ਦੀਆਂ ਪਰਤਾਂ ਚੜ੍ਹਾਉਂਦੇ ਸਮੇਂ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਸੀ ਕਿ ਮੇਕਅੱਪ ਦੀ ਲੜੀ ਬਰਕਰਾਰ ਰਹੇ ਨਹੀਂ ਤਾਂ ਮਾਲਤੀ ਦੇ ਕਿਰਦਾਰ 'ਚੋਂ ਨਕਲੀਪਨ ਝਲਕਣ ਦਾ ਡਰ ਸੀ।
ਦੀਪਿਕਾ ਅਨੁਸਾਰ ਫ਼ਿਲਮ ਵਿਚ ਐਸਿਡ ਅਟੈਕ ਦਾ ਸ਼ਿਕਾਰ ਹੋਈ ਕੁੜੀ ਦੇ ਦਰਦ ਨੂੰ ਤਾਂ ਪੇਸ਼ ਕੀਤਾ ਹੀ ਗਿਆ ਹੈ, ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਤੋਂ ਪੀੜਤਾ ਦੇ ਆਤਮ-ਵਿਸ਼ਵਾਸ ਨੂੰ ਕਿੰਨੀ ਠੇਸ ਪਹੁੰਚਾਉਂਦੀ ਹੈ ਅਤੇ ਕੁੜੀ ਦੇ ਨਾਲ-ਨਾਲ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਕੀ ਕੁਝ ਸਹਿਣਾ ਪੈ ਜਾਂਦਾ ਹੈ।
ਮੇਘਨਾ ਨੇ ਆਪਣੀ ਇਸ ਫ਼ਿਲਮ ਵਿਚ ਸਾਡੇ ਦੇਸ਼ ਦੀ ਠੰਢੀ ਤੇ ਲਾਚਾਰ ਨਿਆਂ ਪ੍ਰਣਾਲੀ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ ਅਤੇ ਇਥੋਂ ਤੱਕ ਵੀ ਦਿਖਾਇਆ ਗਿਆ ਹੈ ਕਿ ਖ਼ੁਦ ਨਾਲ ਹੋਏ ਅੱਤਿਆਚਾਰ ਦੇ ਖਿਲਾਫ਼ ਨਿਆਂ ਪਾਉਣ ਲਈ ਪੀੜਤਾ ਨੂੰ ਕਿਥੇ-ਕਿਥੇ ਗੁਹਾਰ ਲਗਾਉਣੀ ਪੈ ਜਾਂਦੀ ਹੈ।
ਦੀਪਿਕਾ ਲਈ ਮਾਲਤੀ ਦਾ ਕਿਰਦਾਰ ਨਿਭਾਉਣਾ ਕਿਸੇ ਮਾਨਸਿਕ ਪੀੜਾ ਤੋਂ ਘੱਟ ਨਹੀਂ ਸੀ ਕਿਉਂਕਿ ਮੇਕਅਪ ਤੋਂ ਬਾਅਦ ਜਦੋਂ ਵੀ ਉਹ ਖ਼ੁਦ ਨੂੰ ਸ਼ੀਸ਼ੇ ਵਿਚ ਦੇਖਦੀ ਤਾਂ ਦਿਮਾਗ਼ ਵਿਚ ਕਈ ਪੀੜਤਾਵਾਂ ਦੇ ਚਿਹਰੇ ਸਾਹਮਣੇ ਆ ਜਾਂਦੇ ਸਨ ਤੇ ਨਾਲ ਹੀ ਉਨ੍ਹਾਂ ਦਾ ਦਰਦ ਵੀ। ਆਮ ਤੌਰ 'ਤੇ ਇਸ ਤਰ੍ਹਾਂ ਦੇ ਵੱਖਰੇ ਜਿਹੇ ਤੇ ਖ਼ੁਦ ਨੂੰ ਝੰਜੋੜ ਦੇਣ ਵਾਲੇ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਕਲਾਕਾਰ ਕੁਝ ਦਿਨ ਆਰਾਮ ਫਰਮਾਉਣਾ ਪਸੰਦ ਕਰਦਾ ਹੈ ਪਰ ਇਥੇ ਮਾਲਤੀ ਦੇ ਕਿਰਦਾਰ ਤੋਂ ਨਿਜਾਤ ਪਾਉਣ ਲਈ ਦੀਪਿਕਾ ਨੇ ਵੱਖਰਾ ਹੀ ਰਸਤਾ ਅਪਣਾਇਆ ਸੀ। ਜਿਸ ਦਿਨ ਸ਼ੂਟਿੰਗ ਦੇ ਆਖ਼ਰੀ ਦਿਨ ਪੈਕਅਪ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਦੀਪਕਾ ਨੇ ਆਪਣੇ ਮੇਕਅਪ ਦੀਆਂ ਪਰਤਾਂ ਲਾਹ ਕੇ ਜਮ੍ਹਾਂ ਕੀਤੀਆਂ ਅਤੇ ਉਸ ਨੂੰ ਅੱਗ ਲਗਾ ਦਿੱਤੀ। ਉਹ ਉਥੇ ਉਦੋਂ ਤੱਕ ਨਹੀਂ ਗਈ ਜਦੋਂ ਤੱਕ ਪੂਰਾ ਮੇਕਅਪ ਸੜ ਨਹੀਂ ਗਿਆ ਅਤੇ ਫਿਰ ਚੁੱਪਚਾਪ ਗੱਡੀ ਵਿਚ ਜਾ ਕੇ ਬੈਠ ਗਈ।
ਜਦੋਂ ਕਲਾਕਾਰ ਇਸ ਕਿਰਦਾਰ ਨੂੰ ਲੈ ਕੇ ਏਨਾ ਰੁੱਝ ਸਕਦਾ ਹੈ ਤਾਂ ਇਹ ਫ਼ਿਲਮ ਦਰਸ਼ਕਾਂ ਦੇ ਕਿੰਨੀ ਦਿਲ ਵਿਚ ਉਤਰੇਗੀ, ਇਹ ਉਮੀਦ ਕੀਤੀ ਜਾ ਸਕਦੀ ਹੈ।

ਸਵਰਾ ਭਾਸਕਰ

ਪੁਆੜੇ ਸੋਸ਼ਲ ਮੀਡੀਆ ਦੇ

ਅਭਿਨੇਤਰੀ ਨਾਲੋਂ ਬਾਕੀ ਕੰਮਾਂ ਵਿਚ ਸਵਰਾ ਭਾਸਕਰ ਜ਼ਿਆਦਾ ਚਰਚਿਤ ਰਹੀ ਹੈ। ਸਵਰਾ ਕਦੇ ਅੰਟੀ ਕਹਾਏ ਜਾਣ ਤੋਂ ਨਾਰਾਜ਼ ਹੋ ਕੇ ਬੱਚੇ ਨੂੰ ਝਿੜਕ ਦਿੰਦੀ ਹੈ ਤੇ ਕਦੇ ਉਹ ਟਵੀਟ ਯੁੱਧ 'ਚ ਆ ਕੇ ਆਪਣਾ ਬਣਿਆ-ਬਣਾਇਆ ਰੁਤਬਾ ਗੁਆ ਬਹਿੰਦੀ ਹੈ। ਸਵਰਾ ਭਾਸਕਰ ਨੇ ਜਾਮੀਆ ਯੂਨੀਵਰਸਿਟੀ ਤੇ ਜੇ.ਐਨ.ਯੂ. ਯੂਨੀਵਰਸਿਟੀ 'ਚ ਹੋ ਰਹੇ ਵਿਵਾਦ ਤੇ ਪੁਲਿਸ ਪ੍ਰਸ਼ਾਸਨ ਨਾਲ ਗੱਲਾਂ ਕਰ ਕੇ ਆਪਣੇ-ਆਪ ਨੂੰ ਫਸਾ ਲਿਆ ਹੈ। ਸਵਰਾ ਭਾਸਕਰ ਪਾਰਟੀ ਖਾਸ ਕਰ ਸੱਤਾ 'ਤੇ ਕਾਬਜ਼ ਪਾਰਟੀ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਫ਼ਿਲਮ ਇਸ ਸਮੇਂ ਉਹ 'ਸ਼ੀਰ ਕੋਰਮਾ' ਕਰ ਰਹੀ ਹੈ। ਭਾਸਕਰ ਨੇ ਇਸ ਦੌਰਾਨ ਸਜ-ਧਜ ਕੇ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਪਾਈ ਹੈ। ਇਸ ਤਸਵੀਰ 'ਚ ਉਸ ਦੇ ਸਜਣ-ਫਬਣ ਨੇ ਉਸ ਨੂੰ ਥਾਂ-ਥਾਂ ਤੋਂ ਗੱਲਾਂ ਕਰਵਾਈਆਂ ਹਨ। ਸਵਰਾ ਦੀਆਂ ਇਨ੍ਹਾਂ ਫੋਟੋਆਂ 'ਚ ਪ੍ਰਤੀਕਿਰਿਆ ਆਈ ਹੈ ਕਿ ਇਸ ਨਾਲੋਂ ਤਾਂ ਪ੍ਰੇਤ ਹੀ ਬਣ ਜਾਂਦੀ ਤਾਂ ਚੰਗਾ ਸੀ। ਇਕ ਹੋਰ ਪ੍ਰਸੰਸਕ ਨੇ ਕਿਹਾ ਕਿ ਕਿਉਂ ਉਹ ਹਾਰਟ ਅਟੈਕ ਕਰਵਾ ਰਹੀ ਹੈ। ਸਵਰਾ ਭਾਸਕਰ ਨੂੰ ਇਕ ਪ੍ਰਸੰਸਕ ਨੇ ਇਥੋਂ ਤੱਕ ਕਹਿ ਦਿੱਤਾ ਕਿ ਡਰਾਉਣੀਆਂ ਫ਼ਿਲਮਾਂ 'ਚ ਕੰਮ ਕਰੋ, ਇਹ ਸਭ ਗੱਲਾਂ ਇਹ ਸੰਕੇਤ ਦਿੰਦੀਆਂ ਹਨ ਕਿ ਸੋਸ਼ਲ ਮੀਡੀਆ 'ਚ ਗੱਲ ਹਿਸਾਬ-ਕਿਤਾਬ ਨਾਲ ਹੀ ਕਰਨੀ ਚਾਹੀਦੀ ਹੈ। ਰਾਈ ਦਾ ਪਹਾੜ ਇਥੇ ਬਣ ਜਾਂਦਾ ਹੈ। ਸਵਰਾ ਭਾਸਕਰ ਇਸ ਸਮੇਂ 'ਸ਼ੀਰ ਕੋਰਮਾ' ਫ਼ਿਲਮ ਕਰ ਰਹੀ ਹੈ। ਇਸ ਫ਼ਿਲਮ 'ਚ ਉਸ ਨਾਲ ਦਿਵਿਆ ਦੱਤਾ ਹੈ। ਫ਼ਿਲਮਾਂ ਤਾਂ ਸਵਰਾ ਨੇ 'ਰਾਂਝਣਾ' ਵੀ ਕੀਤੀ ਅਤੇ ਅਮਿਤਾਭ ਬੱਚਨ ਤੱਕ ਨਾਲ ਕੀਤੀਆਂ ਹਨ। ਸਭ ਠੀਕ ਹੀ ਹੈ।

'ਜਯੇਸ਼ਭਾਈ' ਵਿਚ ਸ਼ਾਲਿਨੀ

ਰਣਵੀਰ ਸਿੰਘ ਨੂੰ ਗੁਜਰਾਤੀ ਨੌਜਵਾਨ ਜਯੇਸ਼ਭਾਈ ਦੀ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ 'ਜਯੇਸ਼ਭਾਈ ਜੋਰਦਾਰ' ਵਿਚ ਨਾਇਕਾ ਦੀ ਭੂਮਿਕਾ ਲਈ ਸ਼ਾਲਿਨੀ ਪਾਂਡੇ ਨੂੰ ਕਰਾਰਬੱਧ ਕੀਤਾ ਗਿਆ ਹੈ। ਬਾਲੀਵੁੱਡ ਲਈ ਸ਼ਾਲਿਨੀ ਦਾ ਨਾਂਅ ਭਾਵੇਂ ਨਵਾਂ ਹੋਵੇ ਪਰ ਉਹ ਦੱਖਣ ਵਿਚ ਆਪਣੇ ਨਾਂਅ ਦੇ ਡੰਕੇ ਵਜਾਉਣ ਵਿਚ ਕਾਮਯਾਬ ਰਹੀ ਹੈ। ਸੁਪਰ ਹਿੱਟ ਤੇਲਗੂ ਫ਼ਿਲਮ 'ਅਰਜਨ ਰੈਡੀ' ਦੀ ਉਹ ਨਾਇਕਾ ਸੀ ਅਤੇ ਹਿਟ ਹਿੰਦੀ ਫ਼ਿਲਮ 'ਕਬੀਰ ਸਿੰਘ' ਇਸੇ ਫ਼ਿਲਮ ਦੀ ਰੀਮੇਕ ਸੀ।
ਜਿਥੋਂ ਤੱਕ ਸ਼ਾਲਿਨੀ ਦਾ ਸਵਾਲ ਹੈ ਤਾਂ ਅਭਿਨੈ ਨਾਲ ਉਸ ਦਾ ਪੁਰਾਣਾ ਸਬੰਧ ਰਿਹਾ ਹੈ। ਉਹ ਜਦੋਂ ਜੱਬਲਪੁਰ ਵਿਚ ਸੀ ਤਾਂ ਉਥੇ ਰੰਗਮੰਚ 'ਤੇ ਅਭਿਨੈ ਕਰਿਆ ਕਰਦਾ ਸੀ। ਬਾਅਦ ਵਿਚ ਉਸ ਨੇ ਬਾਲੀਵੁੱਡ ਵਿਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਫ਼ਿਲਮ 'ਮੇਰੀ ਨਿੰਮੋ' ਵਿਚ ਨਿੰਮੋ ਦੀ ਸਹੇਲੀ ਦੀ ਭੂਮਿਕਾ ਮਿਲੀ। ਇਹ ਫ਼ਿਲਮ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਵਿਚ ਨਾਕਾਮ ਰਹੀ ਸੀ। ਸੋ, ਮਾਯੂਸ ਹੋ ਕੇ ਸ਼ਾਲਿਨੀ ਨੇ ਦੱਖਣ ਦਾ ਸਹਾਰਾ ਲਿਆ ਅਤੇ ਉਥੇ ਉਹ ਬਤੌਰ ਅਭਿਨੇਤਰੀ ਕਾਮਯਾਬ ਹੋ ਗਈ। ਇਹ ਉਸੇ ਕਾਮਯਾਬੀ ਦਾ ਫਲ ਹੈ ਕਿ ਹੁਣ ਯਸ਼ ਰਾਜ ਬੈਨਰ ਨੇ ਨਾ ਸਿਰਫ਼ ਉਸ ਨੂੰ 'ਜਯੇਸ਼ਭਾਈ ਜ਼ੋਰਦਾਰ, ਲਈ ਸਾਈਨ ਕੀਤਾ ਹੈ, ਨਾਲ ਹੀ ਉਹ ਉਸ ਦਾ ਕੈਰੀਅਰ ਵੀ ਸੰਵਾਰਨਗੇ।
ਭਾਵ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ 'ਜਯੇਸ਼ਭਾਈ ਜ਼ੋਰਦਾਰ' ਰਾਹੀਂ ਉਹ ਬਾਲੀਵੁੱਡ ਵਿਚ ਆਪਣਾ ਪੁਰਾਣਾ ਆਗਮਨ ਜ਼ੋਰਦਾਰ ਢੰਗ ਨਾਲ ਕਰ ਰਹੀ ਹੈ।

ਬਦਲੇ ਦੀ ਕਹਾਣੀ ਹੈ 'ਭਾਗਿਆ ਵਿਧਾਤਾ'

ਨਵੇਂ ਨਿਰਮਾਤਾ-ਨਿਰਦੇਸ਼ਕ ਪ੍ਰਦੀਪ ਆਨੰਦ ਨੇ ਆਪਣੀ ਪਹਿਲੀ ਪੇਸ਼ਕਾਰੀ ਦੇ ਤੌਰ 'ਤੇ 'ਭਾਗਿਆ ਵਿਧਾਤਾ' ਬਣਾਈ ਹੈ ਅਤੇ ਇਸ ਵਿਚ ਨਵੀਂ ਜੋੜੀ ਅਲਫਾ ਆਰੀਅਨ, ਗੀਤਿਕਾ ਸਿੰਘ ਨੂੰ ਮੌਕਾ ਦਿੱਤਾ ਗਿਆ ਹੈ। ਫ਼ਿਲਮ ਵਿਚ ਇਕ ਆਈਟਮ ਗੀਤ ਵੀ ਹੈ ਅਤੇ ਰੁਖ਼ਸਾਰ ਮੰਸੂਰੀ ਨੂੰ ਇਸ ਗੀਤ ਰਾਹੀਂ ਕੈਮਰੇ ਸਾਹਮਣੇ ਨੱਚਣ ਦਾ ਪਹਿਲਾ ਮੌਕਾ ਮਿਲਿਆ ਹੈ।
ਫ਼ਿਲਮ ਦੇ ਨਾਇਕ ਅਲਫਾ ਆਰੀਅਨ ਦੀ ਪਛਾਣ ਇਹ ਹੈ ਕਿ ਉਹ ਇਸ ਫ਼ਿਲਮ ਦੇ ਨਿਰਮਾਤਾ ਪ੍ਰਦੀਪ ਦੇ ਬੇਟੇ ਹਨ। ਪ੍ਰਦੀਪ ਦਾ ਡੈਕੋਰੇਸ਼ਨ ਦਾ ਕਾਰੋਬਾਰ ਹੈ ਅਤੇ ਜਦੋਂ ਬੇਟੇ ਨੇ ਅਭਿਨੈ ਦੇ ਖੇਤਰ ਵਿਚ ਆਉਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਪ੍ਰਦੀਪ ਨੂੰ ਲੱਗਿਆ ਕਿ ਉਹ ਆਪਣੇ ਬੇਟੇ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਇਸ ਵਜ੍ਹਾ ਕਰਕੇ ਬਾਹਰੀ ਨਿਰਦੇਸ਼ਕ ਦੇ ਮੁਕਾਬਲੇ ਉਹ ਆਪਣੇ ਬੇਟੇ ਦੀ ਪ੍ਰਤਿਭਾ ਨਾਲ ਜ਼ਿਆਦਾ ਸਹੀ ਨਿਆਂ ਕਰ ਪਾਉਣਗੇ ਅਤੇ ਇਸ ਵਜ੍ਹਾ ਕਰਕੇ ਉਹ ਖ਼ੁਦ ਨਿਰਦੇਸ਼ਕ ਬਣ ਗਏ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਫ਼ਿਲਮ ਨਿਰਦੇਸ਼ਨ ਦਾ ਕੋਈ ਅਨੁਭਵ ਨਹੀਂ ਸੀ ਪਰ ਬੇਟੇ ਦੀ ਖਾਤਿਰ ਉਹ ਨਿਰਦੇਸ਼ਕ ਦਾ ਚੋਲਾ ਪਾਉਣ ਨੂੰ ਤਿਆਰ ਹੋ ਗਏ।
ਪਿਤਾ ਵਲੋਂ ਪੁੱਤਰ ਨੂੰ ਪੇਸ਼ ਕਰਦੀ ਇਸ ਫ਼ਿਲਮ ਦੀ ਕਹਾਣੀ ਬਦਲੇ 'ਤੇ ਆਧਾਰਿਤ ਹੈ। ਕਹਾਣੀ ਇਹ ਹੈ ਕਿ ਵੱਡਾ ਭਰਾ ਆਪਣੇ ਛੋਟੇ ਭਰਾ ਦੀ ਪੂਰੀ ਜਾਇਦਾਦ ਹੜੱਪ ਲੈਂਦਾ ਹੈ ਅਤੇ ਉਹ ਮਾਂ-ਬਾਪ ਦਾ ਵੀ ਨਿਰਾਦਰ ਕਰ ਦਿੰਦਾ ਹੈ। ਘਰ ਤੋਂ ਦੂਰ ਰਿਹਾ ਛੋਟਾ ਬੇਟਾ ਜਦੋਂ ਘਰ ਆਉਂਦਾ ਹੈ ਤਾਂ ਉਦੋਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੇ ਮਾਂ-ਬਾਪ ਨੇ ਕਿਸ ਤਰ੍ਹਾਂ ਘੁੱਟ-ਘੁੱਟ ਕੇ ਜੀਅ ਕੇ ਦਮ ਤੋੜ ਦਿੱਤਾ ਸੀ। ਹੁਣ ਛੋਟਾ ਭਰਾ ਆਪਣੇ ਵੱਡੇ ਭਰਾ ਤੋਂ ਕਿਵੇਂ ਬਦਲਾ ਲੈਂਦਾ ਹੈ, ਇਹ ਕਹਾਣੀ ਦਾ ਸਾਰ ਹੈ।
ਨੈਨੀਤਾਲ ਤੇ ਦਿੱਲੀ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਦਾ ਨਿਰਮਾਣ ਪਿਛਲੇ ਪੰਜ ਸਾਲਾਂ ਤੋਂ ਹੋ ਰਿਹਾ ਸੀ ਅਤੇ ਹੁਣ ਇਹ 17 ਜਨਵਰੀ ਨੂੰ ਪ੍ਰਦਰਸ਼ਿਤ ਹੋ ਰਹੀ ਹੈ।
ਫ਼ਿਲਮ ਵਿਚ ਦਲੀਪ ਸੇਨ-ਸਮੀਰ ਸੇਨ ਨੇ ਸੰਗੀਤ ਦਿੱਤਾ ਹੈ ਅਤੇ ਫ਼ਿਲਮ ਦੇ ਇਕ ਗੀਤ 'ਬਮ ਬਮ ਭੋਲੇ...' ਦੀ ਖ਼ਾਸ ਗੱਲ ਇਹ ਹੈ ਕਿ ਅਲਫਾ ਨੇ ਦੋ ਸਾਲ ਪਹਿਲਾਂ ਇਸ ਗੀਤ ਨੂੰ ਸ਼ੂਟ ਕਰਕੇ ਯੂ-ਟਿਊਬ 'ਤੇ ਪਾਇਆ ਸੀ। ਉਥੇ ਖੂਬ ਹਿੱਟ ਮਿਲੇ ਤਾਂ ਹੁਣ ਇਸ ਨੂੰ ਫ਼ਿਲਮ ਵਿਚ ਰੱਖਿਆ ਗਿਆ ਹੈ ਤਾਂ ਕਿ ਗੀਤ ਦੇ ਬਹਾਨੇ ਫ਼ਿਲਮ ਦਾ ਪ੍ਰਚਾਰ ਹੋ ਜਾਵੇ। ਦੇਖੋ, ਇਹ ਗੀਤ ਫ਼ਿਲਮ ਲਈ ਦਰਸ਼ਕ ਜੁਟਾਉਣ ਵਿਚ ਕਿੰਨਾ ਕਾਰਗਰ ਸਿੱਧ ਹੁੰਦਾ ਹੈ।


-ਮੁੰਬਈ ਪ੍ਰਤੀਨਿਧ

ਬਿਪਾਸ਼ਾ ਨਾਲ ਕੰਮ ਕਰ ਕੇ ਖ਼ੁਸ਼ ਹੈ ਰਾਜਦੀਪ ਚੌਧਰੀ

ਅਮਿਤ ਸਢ, ਅਰਬਾਜ਼ ਖਾਨ, ਸੋਨਲ ਚੌਹਾਨ ਅਤੇ ਐਵਲਿਨ ਸ਼ਰਮਾ ਨੂੰ ਚਮਕਾਉਂਦੀ ਇਕ ਫ਼ਿਲਮ ਆਈ ਸੀ 'ਜੈਕ ਐਂਡ ਦਿਲ'। ਮਰਾਠੀ ਫ਼ਿਲਮਾਂ ਤੋਂ ਹਿੰਦੀ ਵਿਚ ਆਏ ਸਚਿਨ ਕਾਰੰਡੇ ਵਲੋਂ ਇਹ ਨਿਰਦੇਸ਼ਿਤ ਕੀਤੀ ਗਈ ਸੀ ਅਤੇ ਇਸ ਵਿਚ ਰਾਜਦੀਪ ਚੌਧਰੀ ਵਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਸੀ। ਰਾਜਦੀਪ ਪਿਛਲੇ 18 ਸਾਲਾਂ ਤੋਂ ਲੰਡਨ ਵਿਚ ਰਹਿ ਰਹੇ ਹਨ ਅਤੇ ਹੁਣ ਰਾਜਦੀਪ ਨੇ 'ਉੜ ਜਾ ਰੇ... ਉੜ ਜਾ ਰਹੇ...' ਗੀਤ 'ਤੇ ਬਣੇ ਵੀਡੀਓ ਵਿਚ ਕੰਮ ਕੀਤਾ ਹੈ। ਸਪੇਨ ਦੀਆਂ ਖ਼ੂਬਸੂਰਤ ਥਾਵਾਂ 'ਤੇ ਫ਼ਿਲਮਾਏ ਗਏ ਇਸ ਵੀਡੀਓ ਵਿਚ ਰਾਜਦੀਪ ਦੇ ਨਾਲ ਸਪੇਨ ਦੀ ਮਾਡਲ ਏਰਿਗਾ ਓਰਟੇਗਾ ਨੇ ਕੰਮ ਕੀਤਾ ਹੈ।
ਰਾਜਦੀਪ ਦਾ ਇਹ ਪਹਿਲਾ ਵੀਡੀਓ ਐਲਬਮ ਹੈ ਅਤੇ ਉਨ੍ਹਾਂ ਅਨੁਸਾਰ ਨਿਰਦੇਸ਼ਕ ਸਚਿਨ ਕਾਰੰਡੇ ਇਸ ਵੀਡੀਓ ਲਈ ਸਹੀ ਚਿਹਰੇ ਦੀ ਭਾਲ ਵਿਚ ਸਨ। ਇਹ ਯੂਰਪ ਵਿਚ ਫ਼ਿਲਮਾਇਆ ਜਾਣਾ ਸੀ। ਸੋ, ਸਚਿਨ ਨੇ ਸੋਚਿਆ ਕਿ ਕਿਉਂ ਨਾ ਰਾਜਦੀਪ ਨੂੰ ਹੀ ਇਸ ਵਿਚ ਲਿਆ ਜਾਵੇ। ਕਿਉਂਕਿ ਲੰਡਨ ਤੋਂ ਸਪੇਨ ਆਉਣਾ ਉਸ ਲਈ ਸੌਖਾ ਰਹੇਗਾ। ਰਾਜਦੀਪ ਸਪੇਨੀ ਭਾਸ਼ਾ ਵੀ ਜਾਣਦਾ ਹੈ, ਇਸ ਵਜ੍ਹਾ ਕਰਕੇ ਏਰਿਗਾ ਦੇ ਨਾਲ ਪਛਾਣ ਵਧਾਉਣ ਵਿਚ ਕੋਈ ਮੁਸ਼ਕਿਲ ਨਹੀਂ ਆਈ ਸੀ।
ਲੰਡਨ ਵਿਚ ਰਹਿਣ ਦੀ ਵਜ੍ਹਾ ਕਰਕੇ ਰਾਜਦੀਪ ਨੂੰ ਇਹ ਵੀਡੀਓ ਐਲਬਮ ਮਿਲਿਆ ਤੇ ਲੰਡਨ ਦੀ ਹੀ ਵਜ੍ਹਾ ਕਰਕੇ ਉਨ੍ਹਾਂ ਨੂੰ ਇਕ ਵੱਡੀ ਫ਼ਿਲਮ 'ਆਦਤ' ਵੀ ਮਿਲੀ। ਫ਼ਿਲਮ ਦੀ ਜ਼ਿਆਦਤਰ ਸ਼ੂਟਿੰਗ ਲੰਡਨ ਵਿਚ ਕੀਤੀ ਗਈ ਹੈ ਅਤੇ ਇਸ ਵਿਚ ਬਿਪਾਸ਼ਾ ਬਾਸੂ, ਉਸ ਦੇ ਪਤੀ ਕਰਨ ਸਿੰਘ ਗਰੋਵਰ, ਨਤਾਸ਼ਾ ਸੂਰੀ ਅਭਿਨੈ ਕਰ ਰਹੇ ਹਨ। ਰਾਜਦੀਪ ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਦੱਸਣ ਨੂੰ ਲੈ ਕੇ ਚੁੱਪੀ ਸਾਧੇ ਹੋਏ ਹੈ। ਹਾਂ, ਜਦੋਂ ਬਿਪਾਸ਼ਾ ਦੇ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਪੁੱਛਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਚਮਕ ਆ ਗਈ। ਉਹ ਕਹਿੰਦੇ ਹਨ, 'ਇਹ ਮੇਰੇ ਲਈ ਪਹਿਲਾ ਮੌਕਾ ਸੀ ਜਦੋਂ ਨਾਮੀ ਹੀਰੋਇਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਨਾਲ ਹੀ ਕੰਮ ਕਰਦੇ ਸਮੇਂ ਬਿਪਾਸ਼ਾ ਨੇ ਇਹ ਕਦੀ ਨਹੀਂ ਜਤਾਇਆ ਕਿ ਉਹ ਵੱਡੀ ਸਟਾਰ ਹੈ। ਉਸ ਵਿਚ ਗ਼ਜ਼ਬ ਦਾ ਆਕਰਸ਼ਣ ਹੈ, ਜ਼ਬਰਦਸਤ ਅਪੀਲ ਹੈ। ਜਦੋਂ ਉਹ ਸੈੱਟ 'ਤੇ ਹੁੰਦੀ ਤਾਂ ਮੈਂ ਉਸ ਨੂੰ ਹੀ ਦੇਖਦਾ ਰਹਿੰਦਾ। ਫਿਰ ਜਦੋਂ ਖਿਆਲ ਆਉਂਦਾ ਕਿ ਉਸ ਦੇ ਪਤੀ ਵੀ ਨਾਲ ਹਨ ਤਾਂ ਨਜ਼ਰਾਂ ਦੂਜੇ ਪਾਸੇ ਫੇਰ ਲੈਂਦਾ ਸੀ। ਸੱਚ ਕਹਾਂ ਤਾਂ ਮੈਨੂੰ ਉਸ ਦੇ ਪਤੀ ਨਾਲ ਮਿੱਠਾ ਜਿਹਾ ਸਾੜਾ ਵੀ ਹੁੰਦੀ ਸੀ ਕਿਉਂਕਿ ਬਿਪਾਸ਼ਾ ਨੂੰ ਦੇਖ ਕੇ ਖ਼ੁਦ ਨੂੰ ਸੰਭਾਲਣਾ ਪੈਂਦਾ ਸੀ। ਉਸ ਦੇ ਨਾਲ ਕੰਮ ਕਰਕੇ ਪਾਇਆ ਕਿ ਵੱਡੀ ਹੀਰੋਇਨ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ।'
ਰਾਜਦੀਪ ਅਨੁਸਾਰ ਵੀਡੀਓ ਵਿਚ ਇਕੱਠੇ ਕੰਮ ਕਰਨ ਤੋਂ ਬਾਅਦ ਹੁਣ ਏਰਿਗਾ ਨੇ ਵੀ ਬਾਲੀਵੁੱਡ ਵਿਚ ਆਉਣ ਦੀ ਇੱਛਾ ਪ੍ਰਗਟਾਈ ਹੈ ਅਤੇ ਇਸ ਦਿਸ਼ਾ ਵਿਚ ਉਸ ਨੇ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ ਹੈ।
ਦੇਖੋ, ਵੀਡੀਓ ਤੋਂ ਬਾਅਦ ਹੁਣ ਬਾਲੀਵੁੱਡ ਵਿਚ ਚਮਕਣ ਦਾ ਮੌਕਾ ਇਸ ਸਪੇਨੀ ਸੁੰਦਰੀ ਨੂੰ ਕਦੋਂ ਮਿਲਦਾ ਹੈ।

ਗਾਇਕਾ ਜਸ਼ ਦਾ 'ਛੱਲਾ ਡਾਇਮੰਡ ਦਾ'

ਮੂਲ ਤੌਰ 'ਤੇ ਦਿੱਲੀ ਤੋਂ ਪਰ ਅਮਰੀਕਾ ਦੇ ਨਿਊਜਰਸੀ ਵਿਚ ਰਹਿੰਦੀ ਗਾਇਕਾ ਜਸ਼ ਸਮੇਂ-ਸਮੇਂ ਆਪਣੇ ਨਵੇਂ ਗੀਤ ਪੇਸ਼ ਕਰਦੀ ਰਹੀ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਉਹ ਆਪਣਾ ਨਵਾਂ ਗੀਤ 'ਛੱਲਾ ਡਾਇਮੰਡ ਦਾ' ਲੈ ਆਈ ਹੈ। ਖ਼ੁਦ ਜਸ਼ 'ਤੇ ਇਸ ਗੀਤ ਨੂੰ ਲੈ ਕੇ ਬਣਿਆ ਵੀਡੀਓ ਫ਼ਿਲਮਾਂਕਿਤ ਕੀਤਾ ਗਿਆ ਹੈ ਅਤੇ ਵੀਡੀਓ ਵਿਚ ਉਸ ਦੇ ਨਾਲ ਹੈ ਅਦਾਕਾਰ ਮਾਨਵ ਗੋਹਿਲ। ਇਸ ਵੀਡੀਓ ਦਾ ਨਿਰਦੇਸ਼ਨ ਗਣੇਸ਼ ਅਚਾਰੀਆ ਵਲੋਂ ਕੀਤਾ ਗਿਆ ਹੈ ਅਤੇ ਵੀਡੀਓ ਦੇ ਅਖ਼ੀਰ ਵਿਚ ਉਹ ਵੀ ਮਾਨਵ ਅਤੇ ਜਸ਼ ਨਾਲ ਨੱਚਦੇ ਦਿਖਾਈ ਦਿੰਦੇ ਹਨ। ਜਸ਼ ਦੇ ਇਸ ਗੀਤ ਦੇ ਬੋਲ ਗੀਤਕਾਰ ਕੁਮਾਰ ਨੇ ਲਿਖੇ ਹਨ ਅਤੇ ਸੰਗੀਤਕਾਰ ਰੌਚਕ ਕੋਹਲੀ ਨੇ ਇਸ ਨੂੰ ਸੰਗੀਤਬੱਧ ਕੀਤਾ ਹੈ। ਗੀਤ ਬਾਰੇ ਜਸ਼ ਦਾ ਕਹਿਣਾ ਹੈ ਕਿ ਆਪਣੇ ਗੀਤਾਂ ਨੂੰ ਲੋਕਾਂ ਵਲੋਂ ਪਸੰਦ ਕੀਤੇ ਜਾਣ 'ਤੇ ਉਸ ਦਾ ਉਤਸ਼ਾਹ ਹੋਰ ਵਧਿਆ ਅਤੇ ਇਸੇ ਉਤਸ਼ਾਹ ਨੇ ਉਸ ਨੂੰ ਨਵੇਂ ਗੀਤ ਨੂੰ ਵੱਡੇ ਪ੍ਰਾਜੈਕਟ ਦੇ ਤੌਰ 'ਤੇ ਪੇਸ਼ ਕਰਨ ਨੂੰ ਪ੍ਰੇਰਿਤ ਕੀਤਾ। ਉਹ ਜਨਵਰੀ ਮਹੀਨੇ ਤੋਂ ਗੀਤ ਦੀਆਂ ਤਿਆਰੀਆਂ ਵਿਚ ਲੱਗ ਗਈ ਅਤੇ ਇਸੇ ਸਿਲਸਿਲੇ ਵਿਚ ਚਾਰ ਵਾਰ ਭਾਰਤ ਆਉਣਾ ਪਿਆ ਸੀ। ਉਹ ਚਾਹੁੰਦੀ ਸੀ ਕਿ ਗੀਤ ਦੇ ਬੋਲ ਸੌਖੇ ਹੋਣ ਅਤੇ ਧੁਨ ਇਸ ਤਰ੍ਹਾਂ ਦੀ ਹੋਵੇ ਕਿ ਸੁਣਨ ਵਾਲੇ ਦੇ ਕਦਮ ਥਿਰਕਣੇ ਸ਼ੁਰੂ ਹੋ ਜਾਣ। ਉਸ ਨੂੰ ਖੁਸ਼ੀ ਹੈ ਕਿ ਉਸ ਦੀ ਸੋਚ ਅਨੁਸਾਰ ਹੀ ਗੀਤ ਬਣ ਸਕਿਆ ਹੈ। ਜਦੋਂ ਵੀਡੀਓ ਬਣਾਉਣ ਦਾ ਸਵਾਲ ਆਇਆ ਤਾਂ ਜਸ਼ ਨੇ ਹੀ ਮਾਨਵ ਗੋਹਿਲ ਦਾ ਨਾਂਅ ਦਿੱਤਾ ਕਿਉਂਕਿ ਉਹ ਕਾਫੀ ਸਮੇਂ ਤੋਂ ਮਾਨਵ ਨੂੰ ਜਾਣਦੀ ਹੈ। ਜਦੋਂ ਸ਼ੂਟਿੰਗ ਦੀ ਵਾਰੀ ਆਈ ਤਾਂ ਜਸ਼ ਤਣਾਅ ਵਿਚ ਸੀ ਕਿ ਉਹ ਸਟੈੱਪ ਕਰ ਸਕੇਗੀ ਜਾਂ ਨਹੀਂ ਅਤੇ ਇਸ ਵਜ੍ਹਾ ਕਰਕੇ ਉਸ ਨੇ ਗਣੇਸ਼ ਅਚਾਰੀਆ ਨੂੰ ਖ਼ਾਸ ਬੇਨਤੀ ਕੀਤੀ ਸੀ ਕਿ ਉਸ ਨੂੰ ਸੌਖੇ ਸਟੈੱਪ ਦਿੱਤੇ ਜਾਣ। ਉਸ ਨੂੰ ਸੌਖੇ ਸਟੈੱਪ ਦਿੱਤੇ ਗਏ ਅਤੇ ਇਸ ਤਰ੍ਹਾਂ ਡਾਂਸ ਮਾਸਟਰ ਉਸ ਨੂੰ ਨਚਾਉਣ ਵਿਚ ਕਾਮਯਾਬ ਹੋ ਗਿਆ।
ਜਸ਼ ਦੀ ਤਮੰਨਾ ਫ਼ਿਲਮਾਂ ਲਈ ਵੀ ਆਪਣੀ ਆਵਾਜ਼ ਦੇਣ ਦੀ ਹੈ ਅਤੇ ਉਹ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਗਾਉਣਾ ਚਾਹੁੰਦੀ ਹੈ। 'ਛੱਲਾ ਡਾਇਮੰਡ ਦਾ' ਨੂੰ ਕਿ ਵੱਡੀ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ ਅਤੇ ਜਸ਼ ਨੂੰ ਉਮੀਦ ਹੈ ਕਿ ਇਹ ਗੀਤ ਉਸ ਦੀ ਬਾਲੀਵੁੱਡ ਵਿਚ ਪੈਂਠ ਬਣਾਉਣ ਲਈ ਮਦਦਗਾਰ ਸਿੱਧ ਹੋਵੇਗਾ।
**

24 ਦਸੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼

ਸੁਰੀਲਾ ਤੇ ਦਰਵੇਸ਼ ਗਾਇਕ ਸੀ- ਮੁਹੰਮਦ ਰਫ਼ੀ

'ਮੁਹੰਮਦ ਰਫ਼ੀ ਕੇਵਲ 55 ਵਰ੍ਹੇ ਹੀ ਜੀਵਿਆ ਸੀ ਪਰ ਆਪਣੀ ਮਖ਼ਮਲੀ ਤੇ ਪੁਰਸੋਜ਼ ਆਵਾਜ਼ ਵਿਚ ਗਾਏ ਅਜਿਹੇ ਹਜ਼ਾਰਾਂ ਦਿਲਕਸ਼ ਨਗ਼ਮੇ ਦੇ ਗਿਆ ਸੀ ਜੋ ਸਦੀਆਂ ਤੱਕ ਸੰਗੀਤ ਪ੍ਰੇਮੀਆਂ ਦੇ ਚੇਤਿਆਂ 'ਚ ਵਸੇ ਰਹਿਣਗੇ। ਉਹ ਦਾਨਿਸ਼ਵਰ ਤੇ ਦਰਵੇਸ਼ ਗਵੱਈਆ ਸੀ ਜਿਸਦੀ ਥਾਂ ਕਦੇ ਵੀ ਕੋਈ ਗਾਇਕ ਨਹੀਂ ਲੈ ਸਕੇਗਾ।'
ਵੀਹ ਵਰ੍ਹਿਆਂ ਦਾ ਹੋ ਕੇ ਰਫ਼ੀ ਮੁੰਬਈ ਜਾ ਪੁੱਜਾ ਤੇ ਭਿੰਡੀ ਬਜ਼ਾਰ 'ਚ ਇਕ ਨਿੱਕੀ ਜਿਹੀ ਕੋਠੜੀ 'ਚ ਰਹਿਣ ਲੱਗ ਪਿਆ। ਸੰਨ 1944 ਵਿਚ ਉਸਨੇ ਸੰਗੀਤਕਾਰ ਨੌਸ਼ਾਦ ਦੇ ਸੰਗੀਤ ਨਿਰਦੇਸ਼ਨ 'ਚ ਫ਼ਿਲਮ 'ਪਹਿਲੇ ਆਪ' ਲਈ ਸ਼ਾਮ ਕੁਮਾਰ, ਅਲਾਉਦੀਨ ਅਤੇ ਹੋਰ ਗਾਇਕਾਂ ਨਾਲ ਰਲ ਕੇ ਆਪਣੇ ਕੈਰੀਅਰ ਦਾ ਪਹਿਲਾ ਗੀਤਾ ਗਾਇਆ ਸੀ। ਇਸੇ ਹੀ ਸਾਲ ਸੰਗੀਤਕਾਰ ਸ਼ਾਮ ਸੁੰਦਰ ਨੇ ਪੰਜਾਬੀ ਫ਼ਿਲਮ 'ਗੁਲ ਬਲੋਚ' ਲਈ ਗਾਇਕਾ ਜ਼ੀਨਤ ਬੇਗ਼ਮ ਨਾਲ ਇਕ ਗੀਤ 'ਸੋਹਣੀਏ ਨੀ ਹੀਰੀਏ ਨੀ' ਰਫ਼ੀ ਦੀ ਆਵਾਜ਼ ਵਿਚ ਰਿਕਾਰਡ ਕਰਵਾ ਕੇ ਬਾਲੀਵੁੱਡ ਵਿਚ ਉਸ ਦੀ ਜੜ੍ਹ ਲਾ ਦਿੱਤੀ ਸੀ। ਸੰਨ 1945 ਵਿਚ ਆਈ ਫ਼ਿਲਮ 'ਗਾਂਵ ਕੀ ਗੋਰੀ' ਰਫ਼ੀ ਦੀ ਪਹਿਲੀ ਹਿੰਦੀ ਫ਼ਿਲਮ ਸੀ। ਇਸ ਫ਼ਿਲਮ ਲਈ ਉਸਨੇ 'ਆਜ ਦਿਲ ਹੋ ਕਾਬੂ ਮੇਂ' ਨਾਮਕ ਗੀਤ ਗਾਇਆ ਸੀ। ਇਸੇ ਹੀ ਸਾਲ ਉਸ ਨੇ ' ਜੁਗਨੂੰ, ਸਮਾਜ ਕੋ ਬਦਲ ਡਾਲੋ, ਲੈਲਾ ਮਜਨੂੰ' ਆਦਿ ਫ਼ਿਲਮਾਂ ਵਿਚ ਅਦਾਕਾਰੀ ਦੇ ਜੌਹਰ ਵੀ ਵਿਖ਼ਾਏ ਸਨ।
ਫ਼ਿਲਮ 'ਸ਼ਾਹਜਹਾਂ' ਲਈ ਕੇ.ਐਲ. ਸਹਿਗਲ ਅਤੇ 'ਜੁਗਨੂੰ' ਲਈ ਗਾਇਕਾ ਨੂਰਜਹਾਂ ਨਾਲ ਗੀਤ ਰਿਕਾਰਡ ਕਰਵਾਉਣ ਵਾਲੇ ਮੁਹੰਮਦ ਰਫ਼ੀ ਨੇ ਗਾਇਕੀ ਦੀ ਫਿਰ ਜੋ ਰਫ਼ਤਾਰ ਫੜੀ ਸੀ ਉਹ ਫਿਰ ਉਸਦੀ ਮੌਤ 'ਤੇ ਹੀ ਆ ਕੇ ਰੁਕੀ ਸੀ। ਆਪਣੇ ਪੂਰੇ ਕੈਰੀਅਰ ਵਿਚ ਉਸ ਨੇ ਹਜ਼ਾਰਾਂ ਗੀਤ ਗਾਏ ਜਿਨ੍ਹਾ ਵਿਚੋਂ ਅਧਿਕਤਰ ਯਾਦਗਾਰੀ ਰਹੇ ਤੇ ਅੱਜ ਵੀ ਗਾਏ ਤੇ ਗੁਣਗੁਣਾਏ ਜਾਂਦੇ ਹਨ। ਉਸ ਦੇ ਅਨੇਕਾਂ ਸੁਪਰਹਿਟ ਤੇ ਮਨਮੋਹਕ ਗੀਤਾਂ ਵਿਚੋਂ ਕੁਝ ਇਸ ਪ੍ਰਕਾਰ ਹਨ 'ਮਨ ਤੜਪਤ ਹਰੀ ਦਰਸ਼ਨ ਕੋ ਆਜ, ਮਧੂਬਨ ਮੇਂ ਰਾਧਿਕਾ ਨਾਚੇ ਰੇ, ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ, ਯੇ ਦੁਨੀਆ ਯੇ ਮਹਿਫ਼ਲ ਮੇਰੇ ਕਾਮ ਕੀ ਨਹੀਂ, ਸੁੱਖ ਕੇ ਸਭ ਸਾਥੀ, ਸਾਥੀ ਹਾਥ ਬੜ੍ਹਾਨਾ, ਬਹਾਰੋ ਫ਼ੂਲ ਬਰਸਾਓ, ਬਾਬੁਲ ਕੀ ਦੁਆਏਂ ਲੇਤੀ ਜਾ, ਕਰ ਚਲੇ ਹਮ ਫ਼ਿਦਾ ਜਾਨੋ-ਤਨ ਸਾਥੀਓ, ਤੇਰੀ ਆਖੋਂ ਕੇ ਸਿਵਾ ਦੁਨੀਆ ਮੇਂ ਰੱਖਾ ਕਿਆ ਹੈ, ਚਾਹੇ ਮੁਝੇ ਕੋਈ ਜੰਗਲੀ ਕਹੇ, ਬੇਖ਼ੁਦੀ ਮੇਂ ਸਨਮ, ਓ ਨੰਨ੍ਹੇ ਸੇ ਫ਼ਰਿਸ਼ਤੇ ਅਤੇ ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ ''। ਰਫ਼ੀ ਨੇ ਨੌਸ਼ਾਦ ਦੇ ਸੰਗੀਤ ਨਿਰਦੇਸ਼ਨ ਹੇਠ 150, ਸ਼ੰਕਰ-ਜੈ ਕਿਸ਼ਨ ਨਾਲ 350, ਓ.ਪੀ.ਨਈਅਰ ਨਾਲ 200, ਲਕਸ਼ਮੀਕਾਂਤ-ਪਿਆਰੇ ਲਾਲ ਨਾਲ 400, ਕਲਿਆਣ ਜੀ-ਅਨੰਦ ਜੀ ਨਾਲ 175 ਦੇ ਕਰੀਬ ਗੀਤ ਰਿਕਾਰਡ ਕਰਵਾਏ ਸਨ ਜਦੋਂ ਕਿ ਇਨ੍ਹਾਂ ਤੋਂ ਇਲਾਵਾ ਉਸ ਨੇ ਸੰਗੀਤਕਾਰ ਰਵੀ, ਐਸ.ਡੀ.ਬਰਮਨ, ਮਦਨ ਮੋਹਨ ਆਦਿ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵੀ ਕਈ ਹਿਟ ਗੀਤ ਗਾਏ ਸਨ।
ਪਦਮਸ੍ਰੀ, ਛੇ ਫ਼ਿਲਮ ਫ਼ੇਅਰ ਪੁਰਸਕਾਰ, ਕੌਮੀ ਫ਼ਿਲਮ ਪੁਰਸਕਾਰ ਸਣੇ ਅਨੇਕਾਂ ਇਨਾਮਾਂ-ਸਨਮਾਨਾਂ ਨਾਲ ਸਨਮਾਨਿਤ ਇਸ ਮਹਾਨ ਗਾਇਕ ਨੇ ਪੰਜਾਬੀ, ਗੁਜਰਾਤੀ, ਮਰਾਠੀ, ਕੌਂਕਣੀ, ਬੰਗਾਲੀ, ਅਸਾਮੀ, ਉੜੀਆ, ਕੰਨੜ, ਤਾਮਿਲ ਅਤੇ ਫ਼ਾਰਸੀ, ਅਰਬੀ, ਅੰਗਰੇਜ਼ੀ, ਡੱਚ, ਸਿਨਹਾਲੀ ਆਦਿ ਸਮੇਤ ਕਈ ਭਾਸ਼ਾਵਾਂ ਵਿਚ ਗੀਤ ਰਿਕਾਰਡ ਕਰਵਾਏ ਸਨ। ਆਪਣੀ ਜ਼ਿੰਦਗੀ ਦਾ ਆਖ਼ਰੀ ਗੀਤ ਉਸ ਨੇ ਫ਼ਿਲਮ 'ਆਸਪਾਸ' ਲਈ ਰਿਕਾਰਡ ਕਰਵਾਇਆ ਸੀ। -410, ਚੰਦਰ ਨਗਰ, ਬਟਾਲਾ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX