ਤਾਜਾ ਖ਼ਬਰਾਂ


ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  9 minutes ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ...
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  16 minutes ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ.....
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  21 minutes ago
ਅਟਾਰੀ, 26 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਸਰਹੱਦ ਵਿਖੇ ਬੀ. ਐੱਸ. ਐੱਫ. ਦੀ 88 ਵੀਂ ਬਟਾਲੀਅਨ ਦੇ ਕਮਾਡੈਂਟ ਮੁਕੰਦ ਝਾਅ ਵਲੋਂ...
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  23 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  23 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ.............
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  27 minutes ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ......
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  32 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ........
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  35 minutes ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ......
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  38 minutes ago
ਮਾਨਸਾ, 26 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਗਣਤੰਤਰਤਾ ਦਿਵਸ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ...
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  41 minutes ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ..........
ਹੋਰ ਖ਼ਬਰਾਂ..

ਸਾਡੀ ਸਿਹਤ

ਇਕ ਕੱਪ ਚਾਹ ਨਾਲ ਕਹੋ ਕਈ ਬਿਮਾਰੀਆਂ ਨੂੰ ਬਾਏ

ਕੀ ਤੁਹਾਨੂੰ ਵੀ ਲਗਦਾ ਹੈ ਕਿ ਚਾਹ ਨਾ ਪੀਣ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ? ਚਾਹ 'ਤੇ ਕੀਤੀਆਂ ਗਈਆਂ ਇਹ ਵੱਖ-ਵੱਖ ਖੋਜਾਂ ਇਕ ਵਾਰ ਤੁਹਾਨੂੰ ਸੋਚਣ 'ਤੇ ਮਜਬੂਰ ਕਰ ਦੇਣਗੀਆਂ ਕਿ ਕੀ ਤੁਹਾਡਾ ਸੋਚਣਾ ਸਹੀ ਹੈ। ਇਹ ਸਾਰੀਆਂ ਖੋਜਾਂ ਦੱਸਦੀਆਂ ਹਨ ਕਿ ਜੇ ਹਰ ਰੋਜ਼ 3-4 ਕੱਪ ਚਾਹ ਦਾ ਸੇਵਨ ਕੀਤਾ ਜਾਵੇ ਤਾਂ ਸਿਹਤ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ। ਆਓ ਜਾਣਦੇ ਹਾਂ ਉਹ ਫਾਇਦੇ, ਜੋ ਚਾਹ ਪੀਣ ਨਾਲ ਮਿਲਦੇ ਹਨ।
ਔਰਤਾਂ ਕੈਂਸਰ ਨੂੰ ਕਹਿਣ ਨਾਂਹ
ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ ਪਤਾ ਲੱਗਾ ਹੈ ਕਿ ਜੋ ਔਰਤਾਂ ਹਰ ਰੋਜ਼ 2-3 ਕੱਪ ਚਾਹ ਦਾ ਸੇਵਨ ਕਰਦੀਆਂ ਹਨ, ਉਨ੍ਹਾਂ ਨੂੰ ਓਵੇਰੀਅਨ ਕੈਂਸਰ ਹੋਣ ਦਾ ਖ਼ਤਰਾ ਉਨ੍ਹਾਂ ਔਰਤਾਂ ਨਾਲੋਂ ਬਹੁਤ ਘੱਟ ਹੁੰਦਾ ਹੈ, ਜੋ ਚਾਹ ਦਾ ਸੇਵਨ ਨਹੀਂ ਕਰਦੀਆਂ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਹਰ ਰੋਜ਼ 3-4 ਕੱਪ ਚਾਹ ਪੀਣ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ।
ਕੌਫੀ ਨਾਲੋਂ ਘੱਟ ਕੈਫੀਨ
ਜੇ ਤੁਸੀਂ ਕੌਫੀ ਨੂੰ ਚਾਹ ਨਾਲੋਂ ਬਿਹਤਰ ਸਮਝ ਕੇ ਇਕ ਤੋਂ ਦੋ ਕੱਪ ਹਰ ਰੋਜ਼ ਪੀ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਕੌਫੀ ਚਾਹ ਨਾਲੋਂ ਕਿਤੇ ਜ਼ਿਆਦਾ ਤੁਹਾਡੇ ਦਿਲ ਲਈ ਖ਼ਤਰਨਾਕ ਹੈ। ਕੌਫੀ ਵਿਚ 135 ਮਿ: ਗ੍ਰਾ: ਕੈਫੀਨ ਹੁੰਦਾ ਹੈ, ਜਦ ਕਿ ਚਾਹ ਵਿਚ ਸਿਰਫ ਇਸ ਦਾ 30-40 ਫੀਸਦੀ ਮਿ: ਗ੍ਰਾ: ਹੀ ਹੁੰਦਾ ਹੈ, ਜੋ ਸਿਹਤ ਲਈ ਓਨੀ ਨੁਕਸਾਨਦਾਇਕ ਨਹੀਂ ਹੈ, ਜਿੰਨੀ ਕੌਫੀ।
ਹੱਡੀਆਂ ਨੂੰ ਵੀ ਕਰਦੀ ਹੈ ਮਜ਼ਬੂਤ
ਕੁਝ ਚਾਹ ਪੀਣ ਵਾਲੇ ਲੋਕਾਂ 'ਤੇ 10 ਸਾਲ ਤੱਕ ਖੋਜ ਕੀਤੀ ਗਈ ਅਤੇ ਉਸ ਵਿਚ ਪਾਇਆ ਗਿਆ ਕਿ ਜੋ ਲੋਕ ਦੁੱਧ ਵਾਲੀ ਚਾਹ ਪੀਂਦੇ ਹਨ, ਉਨ੍ਹਾਂ ਦੀਆਂ ਹੱਡੀਆਂ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ, ਜੋ ਲੋਕ ਚਾਹ ਨਹੀਂ ਪੀਂਦੇ।
ਚਾਹ ਪੀਣ ਨਾਲ ਇਮਿਊਨ ਸਿਸਟਮ ਵੀ ਹੁੰਦਾ ਹੈ ਬਿਹਤਰ
ਜੋ ਲੋਕ ਹਰ ਰੋਜ਼ 4-5 ਕੱਪ ਚਾਹ ਪੀਂਦੇ ਹਨ, ਉਨ੍ਹਾਂ ਨੂੰ ਪੇਟ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਨਾਲ ਹੀ ਉਨ੍ਹਾਂ ਦਾ ਇਮਿਊਨ ਸਿਸਟਮ ਵੀ ਬਿਹਤਰ ਹੁੰਦਾ ਹੈ।
ਮੈਟਾਬੋਲਿਜ਼ਮ ਨੂੰ ਬਿਹਤਰ
ਬਣਾਉਂਦੀ ਹੈ
ਜੇ ਤੁਸੀਂ ਮੋਟੇ ਹੋ ਅਤੇ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਕੇ ਥੱਕ ਗਏ ਹੋ ਤਾਂ ਹੁਣ ਜ਼ਰਾ ਇਕ ਵਾਰ ਰੋਜ਼ 2-3 ਕੱਪ ਚਾਹ ਪੀਣ ਦੀ ਆਦਤ ਪਾ ਲਓ। ਕੁਝ ਹੀ ਸਮੇਂ ਵਿਚ ਤੁਹਾਨੂੰ ਬਿਹਤਰ ਨਤੀਜੇ ਦੇਖਣ ਨੂੰ ਮਿਲਣਗੇ। ਸਿਰਫ ਗ੍ਰੀਨ ਟੀ ਹੀ ਨਹੀਂ, ਸਗੋਂ ਜੇ ਤੁਸੀਂ ਖਾਣੇ ਤੋਂ ਬਾਅਦ ਸਾਧਾਰਨ ਚਾਹ ਦਾ ਸੇਵਨ ਵੀ ਕਰਦੇ ਹੋ ਤਾਂ ਉਸ ਨਾਲ ਵੀ ਤੁਹਾਡੇ ਸਰੀਰ ਦਾ ਮੈਟਾਬੋਲਿਜ਼ਮ ਸਿਸਟਮ ਬਿਹਤਰ ਹੋ ਜਾਂਦਾ ਹੈ।
ਹਾਈਡ੍ਰੇਟਿਡ ਰਹਿਣ ਵਿਚ ਵੀ ਕਰਦੀ ਹੈ ਮਦਦ
ਚਾਹ ਵਿਚ ਸ਼ਾਮਿਲ ਕੈਫੀਨ ਸਿਹਤ ਲਈ ਉਦੋਂ ਤੱਕ ਖ਼ਤਰਨਾਕ ਨਹੀਂ ਹੁੰਦਾ, ਜਦੋਂ ਤੱਕ ਤੁਸੀਂ ਚਾਹ ਦਾ ਸੇਵਨ ਬਹੁਤ ਜ਼ਿਆਦਾ ਮਾਤਰਾ ਵਿਚ ਨਹੀਂ ਕਰਦੇ। ਖੋਜ ਕਰਤਾਵਾਂ ਦਾ ਮੰਨਣਾ ਹੈ ਕਿ ਹਰ ਰੋਜ਼ 3 ਕੱਪ ਚਾਹ ਪੀਣ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਬਣੀ ਰਹਿੰਦੀ ਹੈ, ਜਿਸ ਕਰਕੇ ਸੁਸਤੀ ਨਹੀਂ ਪੈਂਦੀ ਅਤੇ ਤੁਸੀਂ ਪੂਰਾ ਦਿਨ ਅਨਰਜੇਟਿਕ ਬਣੇ ਰਹਿੰਦੇ ਹੋ।
ਕੈਲੋਰੀ ਨਹੀਂ ਹੁੰਦੀ
ਜ਼ਿਆਦਾ ਕੈਲੋਰੀ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਅਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਚਾਹ ਵਿਚ ਬਿਲਕੁਲ ਵੀ ਕੈਲੋਰੀ ਨਹੀਂ ਹੁੰਦੀ, ਜਦ ਤੱਕ ਉਸ ਵਿਚ ਖੰਡ ਨਾ ਪਾਈ ਜਾਵੇ। ਫਿਰ ਡਾਈਟਿੰਗ ਕਰਨ ਵਾਲੇ ਲੋਕਾਂ ਨੂੰ ਵੀ ਚਾਹ ਤੋਂ ਡਰਨ ਦੀ ਲੋੜ ਨਹੀਂ ਹੈ।
ਚਾਹ ਵਧਾਉਂਦੀ ਹੈ ਰੋਗ
ਪ੍ਰਤੀਰੋਧਕ ਸਮਰੱਥਾ
ਚਾਹ ਵਿਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ। ਇਹ ਉਹ ਤੱਤ ਹਨ, ਜੋ ਸਾਡੇ ਸਰੀਰ ਨੂੰ ਪ੍ਰਦੂਸ਼ਿਤ ਹਵਾ ਵਿਚ ਜਾਣ 'ਤੇ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਉਂਦੇ ਹਨ।
ਇਹ ਸੱਚ ਹੈ ਕਿ ਚਾਹ ਦੇ ਅਨੇਕ ਫਾਇਦੇ ਹਨ ਪਰ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਨਾ ਰੱਖਿਆ ਜਾਵੇ ਤਾਂ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਹੋ ਸਕਦੇ ਹਨ। ਇਸ ਲਈ ਚਾਹ ਦਾ ਸੇਵਨ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਕਰੋ।
* ਚਾਹ ਵਿਚ ਖੰਡ ਦੀ ਵਰਤੋਂ ਨਾ ਦੇ ਬਰਾਬਰ ਕਰੋ।
* ਇਕ ਦਿਨ ਵਿਚ 3 ਕੱਪ ਤੋਂ ਜ਼ਿਆਦਾ ਚਾਹ ਦਾ ਸੇਵਨ ਨਾ ਕਰੋ।
* ਛੋਟੇ ਬੱਚਿਆਂ ਨੂੰ ਚਾਹ ਨਾ ਦਿਓ।
* ਜ਼ਿਆਦਾ ਗਰਮ ਚਾਹ ਦਾ ਸੇਵਨ ਨਾ ਕਰੋ।
* ਚਾਹ ਦੇ ਨਸ਼ੇ ਦੇ ਆਦੀ ਨਾ ਬਣੋ।
* ਹਰ ਰੋਜ਼ ਚਾਹ ਦਾ ਸੇਵਨ ਨਾ ਕਰੋ।
**


ਖ਼ਬਰ ਸ਼ੇਅਰ ਕਰੋ

ਨਿਰੋਗ ਰਹਿਣ ਦਾ ਰਾਜ਼-ਗੂੜ੍ਹੀ ਨੀਂਦ

ਗੂੜ੍ਹੀ ਨੀਂਦ ਨਾ ਆਉਣੀ ਅੱਜ ਵੱਡੇ ਸ਼ਹਿਰਾਂ ਦੀ ਮੁੱਖ ਸਮੱਸਿਆ ਬਣਦੀ ਜਾ ਰਹੀ ਹੈ। ਇਸ ਲਈ ਸਰੀਰ ਥੱਕਿਆ-ਥੱਕਿਆ ਜਿਹਾ ਅਤੇ ਸੁਭਾਅ ਚਿੜਚਿੜਾ ਬਣ ਜਾਂਦਾ ਹੈ, ਜਿਸ ਦਾ ਮੁੱਖ ਪ੍ਰਭਾਵ ਨੀਂਦ ਅਤੇ ਸਿਹਤ 'ਤੇ ਪੈਂਦਾ ਹੈ। ਜਿਨ੍ਹਾਂ ਲੋਕਾਂ ਨੂੰ ਗੂੜ੍ਹੀ ਨੀਂਦ ਨਸੀਬ ਹੁੰਦੀ ਹੈ, ਉਨ੍ਹਾਂ ਦੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਆਰਾਮ ਮਿਲਦਾ ਹੈ। ਗੂੜ੍ਹੀ ਨੀਂਦ ਨਾਲ ਖਰਚ ਹੋਈ ਸ਼ਕਤੀ ਮੁੜ ਪ੍ਰਾਪਤ ਹੁੰਦੀ ਹੈ। ਇਸ ਲਈ ਨੀਂਦ ਨੂੰ ਨਿਰੋਗ ਰਹਿਣ ਦਾ ਰਾਜ਼ ਮੰਨਿਆ ਜਾਂਦਾ ਹੈ। ਤੁਸੀਂ ਵੀ ਮਜ਼ਾ ਲੈ ਸਕਦੇ ਹੋ ਗੂੜ੍ਹੀ ਨੀਂਦ ਦਾ, ਇਨ੍ਹਾਂ ਕੁਝ ਨੁਸਖਿਆਂ ਨੂੰ ਅਪਣਾ ਕੇ-
* ਸਵੇਰੇ ਛੇਤੀ ਉੱਠਣਾ ਅਤੇ ਰਾਤ ਨੂੰ ਛੇਤੀ ਸੌਣਾ ਚਾਹੀਦਾ ਹੈ।
* ਸਵੇਰੇ ਉੱਠ ਕੇ ਖੁੱਲ੍ਹੀ ਹਵਾ ਵਿਚ ਘੁੰਮਣ ਜਾਣਾ ਅਤੇ ਕੁਝ ਕਸਰਤ ਕਰਨਾ ਵਧੀਆ ਹੈ।
* ਸੌਣ ਤੋਂ ਪਹਿਲਾਂ ਵਿਚਾਰਾਂ ਨੂੰ ਦੂਰ ਛੱਡ ਕੇ ਸੌਣਾ ਚਾਹੀਦਾ ਹੈ ਅਤੇ ਮਨ ਨੂੰ ਪ੍ਰਸੰਨਚਿੱਤ ਰੱਖਣਾ ਚਾਹੀਦਾ ਹੈ।
* ਰਾਤ ਨੂੰ ਸੌਣ ਤੋਂ 2-3 ਘੰਟੇ ਪਹਿਲਾਂ ਭੋਜਨ ਕਰਨਾ ਚੰਗਾ ਹੁੰਦਾ ਹੈ, ਤਾਂ ਕਿ ਸੌਣ ਤੱਕ ਭੋਜਨ ਪਚ ਕੇ ਪੇਟ ਹਲਕਾ ਮਹਿਸੂਸ ਕਰ ਸਕੇ।
* ਹੱਥ, ਪੈਰ ਅਤੇ ਮੂੰਹ ਨੂੰ ਠੰਢੇ ਪਾਣੀ ਨਾਲ ਧੋ ਕੇ ਬਿਸਤਰ 'ਤੇ ਜਾਣਾ ਚਾਹੀਦਾ ਹੈ।
* ਸੌਣ ਵਾਲੀ ਜਗ੍ਹਾ ਹਵਾਦਾਰ, ਸਾਫ਼ ਅਤੇ ਸ਼ੁੱਧ ਹੋਣੀ ਚਾਹੀਦੀ ਹੈ।
* ਸੌਣ ਸਮੇਂ ਮਨ ਨੂੰ ਇਕਾਗਰ ਚਿੱਤ ਕਰਨ ਲਈ ਹਲਕਾ ਸੰਗੀਤ ਸੁਣੋ, ਪੱਤ੍ਰਿਕਾ ਪੜ੍ਹੋ ਜਾਂ ਕੋਈ ਪੁਸਤਕ ਪੜ੍ਹੋ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ।
* ਖਾਣਾ ਖਾਣ ਤੋਂ ਬਾਅਦ ਕੁਝ ਸਮਾਂ ਜ਼ਰੂਰ ਟਹਿਲੋ। ਥੋੜ੍ਹੀ ਥਕਾਨ ਹੋਣ 'ਤੇ ਨੀਂਦ ਛੇਤੀ ਆ ਜਾਂਦੀ ਹੈ।
* ਰਾਤ ਨੂੰ ਸੌਣ ਵਾਲੇ ਕੱਪੜੇ ਢਿੱਲੇ ਅਤੇ ਸੂਤੀ ਪਹਿਨੋ, ਤਾਂ ਕਿ ਸੌਣ ਵਿਚ ਕੋਈ ਪ੍ਰੇਸ਼ਾਨੀ ਹੋਵੇ। ਤੰਗ ਕੱਪੜੇ ਨੀਂਦ ਵਿਚ ਰੁਕਾਵਟ ਪਾਉਂਦੇ ਹਨ।
* ਆਪਣੇ ਸਰੀਰ ਨੂੰ ਨੀਂਦ ਦੀਆਂ ਗੋਲੀਆਂ ਜਾਂ ਕਿਸੇ ਨਸ਼ੀਲੀ ਚੀਜ਼ ਦੇ ਆਦੀ ਨਾ ਬਣਾਓ। ਇਨ੍ਹਾਂ ਦੇ ਲਗਾਤਾਰ ਸੇਵਨ ਨਾਲ ਸਰੀਰ ਨੂੰ ਕਈ ਨੁਕਸਾਨ ਪਹੁੰਚਦੇ ਹਨ।
* ਸੌਣ ਸਮੇਂ ਧਿਆਨ ਦਿਓ ਕਿ ਜਿਸ ਕਰਵਟ ਵਿਚ ਆਰਾਮ ਮਿਲੇ, ਉਸੇ ਕਰਵਟ ਵਿਚ ਸੌਵੋਂ, ਨਹੀਂ ਤਾਂ ਸੁਪਨੇ ਵੀ ਜ਼ਿਆਦਾ ਆਉਂਦੇ ਹਨ ਅਤੇ ਸਰੀਰ ਦੀਆਂ ਕਿਰਿਆਵਾਂ ਠੀਕ ਕੰਮ ਨਹੀਂ ਕਰਦੀਆਂ।
* ਸੌਣ ਸਮੇਂ ਜ਼ਿਆਦਾ ਉੱਚਾ ਸਿਰਹਾਣਾ ਰੱਖ ਕੇ ਨਾ ਸੌਵੋਂ।
* ਰਾਤ ਨੂੰ ਭਾਰੀ ਭੋਜਨ, ਜ਼ਿਆਦਾ ਮਸਾਲੇ ਵਾਲੇ ਪਦਾਰਥ ਦਾ ਸੇਵਨ ਨਾ ਕਰੋ।
* ਧਿਆਨ ਰੱਖੋ ਕਿ ਸੌਣ ਵਾਲੇ ਕਮਰੇ ਵਿਚ ਜ਼ਿਆਦਾ ਰੌਸ਼ਨੀ ਨਾ ਹੋਵੇ, ਨਾ ਹੀ ਜ਼ਿਆਦਾ ਆਸ-ਪਾਸ ਤੋਂ ਸ਼ੋਰ ਸੁਣਾਈ ਦਿੰਦਾ ਹੋਵੇ। ਇਹ ਦੋਵੇਂ ਚੀਜ਼ਾਂ ਵੀ ਨੀਂਦ ਆਉਣ ਵਿਚ ਰੁਕਾਵਟ ਪਾਉਂਦੀਆਂ ਹਨ।
* ਸੌਣ ਵਾਲੇ ਗੱਦੇ ਜ਼ਿਆਦਾ ਨਰਮ ਜਾਂ ਸਖ਼ਤ ਨਹੀਂ ਹੋਣੇ ਚਾਹੀਦੇ।
* ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਨਾਲ ਵੀ ਨੀਂਦ ਚੰਗੀ ਆਉਂਦੀ ਹੈ।


-ਨੀਤੂ ਗੁਪਤਾ

ਊਰਜਾ ਲਈ ਖਾਓ ਖਜੂਰ

ਕੁਦਰਤੀ ਰੂਪ ਨਾਲ ਪੱਕੀ ਹੋਈ ਖਜੂਰ ਫਲ ਕਹਾਉਂਦੀ ਹੈ ਅਤੇ ਅੱਧ-ਪੱਕੀ ਖਜੂਰ ਨੂੰ ਸੁਕਾ ਲਿਆ ਜਾਵੇ ਤਾਂ ਉਹ ਸੁੱਕਾ ਮੇਵਾ ਛੁਹਾਰਾ ਕਹਾਉਂਦਾ ਹੈ। ਖਜੂਰ ਵੀ ਕਈ ਨਾਵਾਂ ਨਾਲ ਜਾਣੀ ਜਾਂਦੀ ਹੈ ਜਿਵੇਂ ਪਿੰਡ ਖਜੂਰ, ਛੁਹਾਰਾ ਆਦਿ। ਖਜੂਰ ਕੁਦਰਤੀ ਤੌਰ 'ਤੇ ਪੌਸ਼ਟਿਕ ਆਹਾਰ ਹੈ। ਇਸ ਨੂੰ ਗਰੀਬਾਂ ਦਾ ਮੇਵਾ ਵੀ ਕਿਹਾ ਜਾਂਦਾ ਹੈ।
ਖਜੂਰ ਦੇ ਹੋਰ ਵੀ ਕਈ ਲਾਭ ਹੁੰਦੇ ਹਨ। ਖਜੂਰ ਦੀ ਗਿਟਕ ਤੋਂ ਤੇਲ ਬਣਾ ਕੇ ਕਈ ਦਵਾਈਆਂ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਰਮ ਪੱਤੇ ਚਟਾਈ, ਟੋਕਰੀ, ਆਸਣ, ਛੱਜ ਆਦਿ ਬਣਾਉਣ ਦੇ ਕੰਮ ਆਉਂਦੇ ਹਨ। ਖਜੂਰ ਵਿਟਾਮਿਨ 'ਏ', 'ਬੀ', 'ਸੀ' ਨਾਲ ਭਰਪੂਰ ਹੁੰਦੀ ਹੈ। ਖਜੂਰ ਖਾਣ ਵਿਚ ਮਿੱਠੀ, ਖੂਨ ਸਾਫ਼ ਕਰਨ ਵਾਲੀ ਹੁੰਦੀ ਹੈ। ਆਯੁਰਵੈਦਿਕ ਦ੍ਰਿਸ਼ਟੀਕੋਣ ਵਿਚ ਖਜੂਰ ਵਿਚ 70 ਫੀਸਦੀ ਕੁਦਰਤੀ ਸ਼ੱਕਰ ਹੁੰਦੀ ਹੈ। ਕੁਦਰਤੀ ਰੂਪ ਨਾਲ ਮਿੱਠੀ ਹੋਣ ਨਾਲ ਸਰੀਰ ਨੂੰ ਤਤਕਾਲ ਊਰਜਾ ਪ੍ਰਾਪਤ ਹੁੰਦੀ ਹੈ। ਥਕਾਵਟ ਦੂਰ ਕਰਨ ਲਈ ਖਜੂਰ ਦਾ ਸੇਵਨ ਬਹੁਤ ਲਾਭਦਾਇਕ ਹੁੰਦਾ ਹੈ। ਜੋ ਬੱਚੇ ਬਿਸਤਰ ਗਿੱਲਾ ਕਰਦੇ ਹਨ ਜਾਂ ਜਿਨ੍ਹਾਂ ਨੂੰ ਭੁੱਖ ਨਹੀਂ ਲਗਦੀ, ਉਨ੍ਹਾਂ ਨੂੰ ਖਜੂਰ ਦੁੱਧ ਵਿਚ ਉਬਾਲ ਕੇ ਠੰਢੀ ਕਰ ਕੇ ਦੇਣ ਨਾਲ ਭੁੱਖ ਵਧਦੀ ਹੈ ਅਤੇ ਬੱਚੇ ਬਿਸਤਰ ਗਿੱਲਾ ਨਹੀਂ ਕਰਦੇ। ਅਜਿਹੇ ਵਿਚ ਖਜੂਰ ਦੀ ਗਿਟਕ ਨੂੰ ਪਹਿਲਾਂ ਕੱਢ ਲਓ। ਮੂਤਰ ਰੁਕਾਵਟ ਅਤੇ ਮੂਤਰ ਦਾਹ ਵਿਚ ਖਜੂਰ ਦਾ ਸੇਵਨ ਰਾਮਬਾਣ ਦਾ ਕੰਮ ਕਰਦਾ ਹੈ। ਔਰਤਾਂ ਵਿਚ ਮਾਸਕ ਧਰਮ ਦੀ ਗੜਬੜੀ ਵਿਚ ਵੀ ਇਸ ਦਾ ਸੇਵਨ ਲਾਭਦਾਇਕ ਹੈ। ਖਜੂਰ ਦਾ ਸੇਵਨ ਦੰਦਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਖਜੂਰ ਦੇ ਸੇਵਨ ਤੋਂ ਬਾਅਦ ਪਾਣੀ ਨਾ ਪੀਓ। ਖਜੂਰ ਖਰੀਦਦੇ ਸਮੇਂ ਧਿਆਨ ਦਿਓ ਕਿ ਖਜੂਰ ਜ਼ਿਆਦਾ ਕਾਲੀ, ਸੁੱਕੀ ਅਤੇ ਛੋਟੀ ਨਾ ਹੋਵੇ। ਅੱਖਾਂ ਦੇ ਰੋਗੀਆਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਯਾਦ ਰੱਖੋ ਕਿ ਖਜੂਰ ਦਾ ਨਿਯਮਤ ਸੇਵਨ ਦਿਮਾਗ ਨੂੰ ਤਾਜ਼ਗੀ ਅਤੇ ਤਰਾਵਟ ਪ੍ਰਦਾਨ ਕਰਦਾ ਹੈ। ਚੱਕਰ ਆਦਿ ਆਉਣ 'ਤੇ ਵੀ ਖਜੂਰ ਤੇਜ਼ੀ ਨਾਲ ਅਨਰਜੀ ਦਿੰਦੀ ਹੈ।


-ਸੁਨੀਤਾ ਗਾਬਾ

ਸਬਜ਼ੀਆਂ ਵਿਚ ਵੀ ਛੁਪੇ ਹਨ ਦਵਾਈ ਵਾਲੇ ਗੁਣ

ਸਾਡੇ ਆਸ-ਪਾਸ ਅਨੇਕ ਅਜਿਹੇ ਰੁੱਖ-ਬੂਟੇ ਹੁੰਦੇ ਹਨ, ਜਿਨ੍ਹਾਂ ਦਾ ਦਵਾਈ ਵਜੋਂ ਮਹੱਤਵ ਬਹੁਤ ਜ਼ਿਆਦਾ ਹੈ। ਅੰਗਰੇਜ਼ੀ ਦਵਾਈਆਂ ਜਿਥੇ ਸਰੀਰ ਦੇ ਕਿਸੇ ਨਾ ਕਿਸੇ ਅੰਗ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ, ਉਥੇ ਕੁਦਰਤੀ ਰੂਪ ਨਾਲ ਪ੍ਰਾਪਤ ਪੱਤੇ, ਫਲ, ਜੜ੍ਹੀ ਬੂਟੀਆਂ ਰੋਗਾਂ ਦਾ ਨਾਸ਼ ਕਰਨ ਦੇ ਨਾਲ-ਨਾਲ ਸਿਹਤ 'ਤੇ ਵਧੀਆ ਅਸਰ ਪਾਉਂਦੀਆਂ ਹਨ। ਦੂਜਾ ਇਨ੍ਹਾਂ ਵਿਚੋਂ ਬਹੁਤੀਆਂ ਚੀਜ਼ਾਂ ਤਾਂ ਸਾਡੇ ਘਰ ਵਿਚ ਜਾਂ ਰਸੋਈ ਵਿਚ ਹੀ ਮੌਜੂਦ ਹੁੰਦੀਆਂ ਹਨ। ਇਥੇ ਸਿਹਤ ਲਈ ਗੁਣਕਾਰੀ ਅਤੇ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਬਨਸਪਤੀਆਂ ਦੀ ਚਰਚਾ ਪੇਸ਼ ਕੀਤੀ ਜਾ ਰਹੀ ਹੈ।
ਮੇਥੀ : ਮੇਥੀ ਦੇ ਪੌਦੇ ਨੂੰ ਸਬਜ਼ੀ ਦੇ ਰੂਪ ਵਿਚ ਖਾਧਾ ਜਾਂਦਾ ਹੈ। ਖੰਘ, ਦਮਾ ਅਤੇ ਸੰਧਿਵਾਤ ਦੇ ਇਲਾਜ ਵਿਚ ਇਸ ਦੀ ਵਰਤੋਂ ਦਵਾਈ ਦੇ ਰੂਪ ਵਿਚ ਹੁੰਦੀ ਹੈ। ਪਿਸ਼ਾਬ ਦੀ ਗੜਬੜੀ, ਕਬਜ਼ ਅਤੇ ਕਟਿਵਾਤ ਵਿਚ ਵੀ ਇਹ ਲਾਭਦਾਇਕ ਹੈ। ਮੇਥੀ ਦੇ ਪੱਤਿਆਂ ਦੀ ਪੁਲਟਿਸ ਬਾਹਰੀ ਅਤੇ ਅੰਦਰੂਨੀ ਸੋਜ ਵਿਚ ਲਾਭਦਾਇਕ ਹੁੰਦੀ ਹੈ।
ਪੁਦੀਨਾ : ਇਸ ਦੇ ਰਸ ਨੂੰ ਪਿਆਜ਼ ਨਾਲ ਮਿਲਾ ਕੇ ਵਰਤੋਂ ਕਰਨ ਨਾਲ ਉਲਟੀ ਦੀ ਸ਼ਿਕਾਇਤ ਨਹੀਂ ਰਹਿੰਦੀ। ਇਸ ਤੋਂ ਇਲਾਵਾ ਇਸ ਨਾਲ ਕਾਰੋਬਾਰੀ ਪੱਧਰ 'ਤੇ ਪਿਪਰਮਿੰਟ ਬਣਾਇਆ ਜਾਂਦਾ ਹੈ, ਜੋ ਅਨੇਕ ਉਤਪਾਦਾਂ ਅਤੇ ਦਵਾਈਆਂ ਬਣਾਉਣ ਦੇ ਕੰਮ ਆਉਂਦਾ ਹੈ।
ਮਿਰਚ : ਮਿਰਚ ਦਾ ਪਾਊਡਰ ਕੁੱਤੇ ਦੀ ਕੱਟੀ ਜਗ੍ਹਾ 'ਤੇ ਲਗਾਉਣ ਨਾਲ ਜ਼ਹਿਰ ਬੇਅਸਰ ਹੋ ਜਾਂਦਾ ਹੈ। ਇਸ ਨਾਲ ਸਰੀਰ ਸੁੰਨ ਹੋ ਜਾਣ ਦੀ ਸਥਿਤੀ ਵਿਚ ਅਤੇ ਹੈਜ਼ੇ ਵਿਚ ਵੀ ਰਾਹਤ ਮਿਲਦੀ ਹੈ।
ਕਰੇਲਾ : ਕਰੇਲਾ ਭਾਵੇਂ ਕਸੈਲਾ ਹੁੰਦਾ ਹੈ ਪਰ ਇਸ ਦੇ ਗੁਣਾਂ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਇਸ ਦੀ ਜੜ੍ਹ, ਪੱਤੇ ਅਤੇ ਫਲ ਸਾਰੇ ਫਾਇਦੇਮੰਦ ਹਨ। ਕਰੇਲੇ ਦੀ ਜੜ੍ਹ ਦੁਖਦੀ ਅੱਖ ਲਈ ਗੁਣਕਾਰੀ ਹੈ। ਇਸ ਦੇ ਪੱਤੇ ਫਿੰਨਸੀਆਂ ਅਤੇ ਜ਼ਖ਼ਮ ਲਈ ਮਲ੍ਹਮ ਦਾ ਕੰਮ ਕਰਦੇ ਹਨ। ਫਲ, ਪੱਤੇ ਕੀਟਨਾਸ਼ਕ ਹਨ। ਕੁਸ਼ਟ ਰੋਗ, ਬਵਾਸੀਰ ਅਤੇ ਪੇਟ ਦੇ ਕੀੜੇ ਕੱਢਣ ਵਾਲੀ ਦਵਾਈ ਦੇ ਰੂਪ ਵਿਚ ਵੀ ਇਨ੍ਹਾਂ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਗਠੀਆ ਅਤੇ ਸ਼ੂਗਰ ਰੋਗਾਂ ਵਿਚ ਵੀ ਸੇਵਨ ਕੀਤਾ ਜਾਂਦਾ ਹੈ।
ਲਸੂੜਾ : ਇਸ ਫਲ ਦਾ ਭਾਰਤ ਦੇ ਕੁਝ ਖੇਤਰਾਂ ਵਿਚ ਅਚਾਰ ਬਣਾਇਆ ਜਾਂਦਾ ਹੈ। ਗਲੇ ਦੇ ਰੋਗਾਂ ਵਿਚ ਇਸ ਦਾ ਸੇਵਨ ਲਾਭਕਾਰੀ ਹੁੰਦਾ ਹੈ, ਖਾਸ ਕਰਕੇ ਉਦੋਂ ਜਦੋਂ ਬਲਗਮ ਸਾਹ ਨਲੀ ਵਿਚ ਜੰਮ ਗਈ ਹੋਵੇ। ਕਬਜ਼ ਦੂਰ ਕਰਨ ਵਿਚ ਵੀ ਇਸ ਦੀ ਵਰਤੋਂ ਹੁੰਦੀ ਹੈ।
ਮੂਲੀ : ਇਸ ਨੂੰ ਸਲਾਦ ਦੇ ਰੂਪ ਵਿਚ ਖਾਧਾ ਜਾਂਦਾ ਹੈ। ਨਮਕ ਦੇ ਨਾਲ ਖਾਣ ਨਾਲ ਪਾਚਣ ਕਿਰਿਆ ਦਰੁਸਤ ਹੁੰਦੀ ਹੈ। ਇਹ ਮੂਤਰਵਰਧਕ ਹੁੰਦੀ ਹੈ। ਗੁਰਦਿਆਂ ਵਿਚ ਪੱਥਰੀ ਹੋਣ ਅਤੇ ਪਲੀਹਾ ਦੇ ਵਧ ਜਾਣ 'ਤੇ ਇਹ ਲਾਭਦਾਇਕ ਹੁੰਦੀ ਹੈ।
ਲਸਣ : ਇਸ ਦਾ ਚੂਰਨ ਪਾਚਕ, ਪੇਟ ਦੇ ਵਿਕਾਰਾਂ ਵਿਚ ਲਾਭਦਾਇਕ ਅਤੇ ਪਾਚਣ ਸਬੰਧੀ ਰੋਗਾਂ ਦੇ ਇਲਾਜ ਵਿਚ ਫਾਇਦੇਮੰਦ ਹੁੰਦਾ ਹੈ। ਮਿਰਗੀ ਉਦਰ-ਵਿਕਾਰਾਂ ਅਤੇ ਸਿਰਦਰਦ ਦੀ ਸਥਿਤੀ ਵਿਚ ਇਸ ਨੂੰ ਨਮਕ ਦੇ ਨਾਲ ਖਾਧਾ ਜਾਂਦਾ ਹੈ। ਗਲੇ ਦੀ ਖਰਾਸ਼, ਦਮਾ, ਆਮ ਅਧਰੰਗ ਆਦਿ ਵਿਚ ਵੀ ਲਸਣ ਫਾਇਦੇਮੰਦ ਹੁੰਦਾ ਹੈ। ਦਾਦ 'ਤੇ ਇਸ ਨੂੰ ਮਲਣ ਨਾਲ ਆਰਾਮ ਮਿਲਦਾ ਹੈ।
ਧਨੀਆ : ਸਬਜ਼ੀਆਂ ਦਾ ਸਵਾਦ ਵਧਾਉਣ ਦੇ ਨਾਲ-ਨਾਲ ਧਨੀਏ ਦੀ ਵਰਤੋਂ ਦਵਾਈ ਦੇ ਰੂਪ ਵਿਚ ਵੀ ਕੀਤੀ ਜਾਂਦੀ ਹੈ। ਇਸ ਦੀ ਤਾਸੀਰ ਠੰਢੀ ਮੰਨੀ ਜਾਂਦੀ ਹੈ। ਇਹ ਬਦਹਜ਼ਮੀ, ਉਦਰ-ਵਿਕਾਰਾਂ ਅਤੇ ਅਮਲਪਿਤ ਦੀ ਗੜਬੜੀ ਦੀ ਦਸ਼ਾ ਵਿਚ ਲਾਭਦਾਇਕ ਹੁੰਦਾ ਹੈ। ਇਸ ਦੇ ਭੁੰਨੇ ਬੀਜ ਮੰਦਾਗਿਨ ਵਿਚ ਲਾਭ ਪਹੁੰਚਾਉਂਦੇ ਹਨ। ਚਮੜੀ ਦੇ ਜ਼ਿਆਦਾ ਲਾਲ ਹੋ ਜਾਣ 'ਤੇ ਧਨੀਏ ਦਾ ਰਸ ਲਗਾਇਆ ਜਾਂਦਾ ਹੈ। ਇਹ ਭੁੱਖ ਵਧਾਉਣ ਵਾਲਾ ਹੁੰਦਾ ਹੈ। ਪੀਸੇ ਧਨੀਏ ਦਾ ਲੇਪ ਮੱਥੇ 'ਤੇ ਲਗਾਉਣ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ।
**

ਸਰਦੀਆਂ ਵਿਚ ਰੋਗਾਂ ਤੋਂ ਬਚਾਅ

ਸਰਦੀ ਦੀ ਰੁੱਤ ਨੂੰ ਸਿਹਤਵਰਧਕ ਮੰਨਿਆ ਗਿਆ ਹੈ, ਕਿਉਂਕਿ ਇਸ ਮੌਸਮ ਵਿਚ ਪਾਚਣ ਸਮਰੱਥਾ ਵਧ ਜਾਂਦੀ ਹੈ। ਭਾਰੀ ਅਤੇ ਮਸਾਲੇਦਾਰ ਭੋਜਨ ਵੀ ਅਸਾਨੀ ਨਾਲ ਪਚ ਜਾਂਦਾ ਹੈ। ਸਰੀਰਕ ਸ਼ਕਤੀ ਵੀ ਵਧ ਜਾਂਦੀ ਹੈ। ਡਾਕਟਰ ਵੀ ਇਸ ਰੁੱਤ ਵਿਚ ਪੌਸ਼ਟਿਕ ਅਤੇ ਭਾਰੀ ਭੋਜਨ ਲੈਣ ਦੀ ਸਲਾਹ ਦਿੰਦੇ ਹਨ ਪਰ ਕਈ ਲੋਕ ਆਪਣੀ ਸਿਹਤ ਬਣਾਉਣ ਦੇ ਚੱਕਰ ਵਿਚ ਅਜਿਹਾ ਭੋਜਨ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਚੌਪਟ ਹੋ ਜਾਂਦੀ ਹੈ।
ਇਨ੍ਹਾਂ ਦਿਨਾਂ ਵਿਚ ਪੀਣ ਵਾਲੇ ਪਦਾਰਥ ਜਿਵੇਂ ਚਾਹ, ਕੌਫੀ ਦੀ ਜ਼ਿਆਦਾ ਵਰਤੋਂ ਸਿਹਤ ਪੱਖੋਂ ਚੰਗੀ ਨਹੀਂ ਮੰਨੀ ਜਾਂਦੀ। ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿਚ ਲੈਣ ਨਾਲ ਮਨ ਅਤੇ ਦਿਮਾਗ 'ਤੇ ਗ਼ਲਤ ਪ੍ਰਭਾਵ ਪੈਂਦਾ ਹੈ। ਜੋ ਲੋਕ ਸਿਗਰਟਨੋਸ਼ੀ ਕਰਦੇ ਹਨ, ਉਨ੍ਹਾਂ ਦੇ ਵਿਚਾਰ ਅਨੁਸਾਰ ਸਿਗਰਟਨੋਸ਼ੀ ਕਰਨ ਨਾਲ ਠੰਢ ਨਹੀਂ ਲਗਦੀ, ਇਸੇ ਕਾਰਨ ਉਹ ਸਰਦੀ ਵਿਚ ਜ਼ਿਆਦਾ ਸਿਗਰਟਨੋਸ਼ੀ ਕਰਦੇ ਹਨ, ਜਿਸ ਨਾਲ ਧੂੰਆਂ ਫੇਫੜਿਆਂ ਅਤੇ ਸਾਹ ਦੀ ਨਲੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਖੰਘ ਦਾ ਰੋਗ ਉਸ ਵਿਅਕਤੀ ਨੂੰ ਬੁਰੀ ਤਰ੍ਹਾਂ ਜਕੜ ਲੈਂਦਾ ਹੈ। ਸਰਦੀ ਵਿਚ ਸਿਗਰਟਨੋਸ਼ੀ ਬਹੁਤ ਨੁਕਸਾਨਦਾਇਕ ਹੈ।
ਸਰਦੀ ਵਿਚ ਬਹੁਤੇ ਵਿਅਕਤੀਆਂ ਨੂੰ ਜ਼ੁਕਾਮ ਤੋਂ ਪ੍ਰੇਸ਼ਾਨ ਹੁੰਦੇ ਦੇਖਿਆ ਗਿਆ ਹੈ। ਇਹ ਬਿਮਾਰੀ ਆਮ ਤੌਰ 'ਤੇ ਅਲੱਗ-ਅਲੱਗ ਰਹਿਣ-ਸਹਿਣ ਅਤੇ ਗ਼ਲਤ ਖਾਣ-ਪੀਣ ਨਾਲ ਹੁੰਦੀ ਹੈ। ਪੇਸ਼ ਹਨ ਸਰਦੀ ਵਿਚ ਰੋਗਾਂ ਤੋਂ ਬਚਣ ਲਈ ਕੁਝ ਵਿਸ਼ੇਸ਼ ਸੁਝਾਅ।
* ਸਰਦੀ ਵਿਚ ਕੋਸੇ ਪਾਣੀ ਨਾਲ ਰੋਜ਼ਾਨਾ ਇਸ਼ਨਾਨ ਕਰਨਾ ਬਹੁਤ ਲਾਭਦਾਇਕ ਹੈ। ਠੰਢ ਲੱਗਣ ਕਾਰਨ ਇਸ਼ਨਾਨ ਕਰਨਾ ਨਾ ਛੱਡੋ।
* ਮੈਲੇ ਕੱਪੜੇ ਨਾ ਪਹਿਨੋ। ਅੰਦਰੂਨੀ ਕੱਪੜਿਆਂ ਨੂੰ ਹਰ ਰੋਜ਼ ਬਦਲੋ।
* ਨੰਗੇ ਪੈਰ ਕਦੇ ਨਾ ਚੱਲੋ। ਪੈਰਾਂ ਨੂੰ ਜੁਰਾਬਾਂ ਨਾਲ ਢਕ ਕੇ ਹੀ ਰੱਖੋ।
* ਚਾਹ, ਕੌਫੀ ਦਾ ਜ਼ਿਆਦਾ ਸੇਵਨ ਨਾ ਕਰੋ।
* ਠੰਢ ਦੇ ਪ੍ਰਕੋਪ ਤੋਂ ਬਚਣ ਲਈ ਊਨੀ ਅਤੇ ਗਰਮ ਕੱਪੜੇ ਪਹਿਨੋ।
* ਖੰਘ-ਜ਼ੁਕਾਮ ਹੋਣ 'ਤੇ ਤੁਰੰਤ ਇਲਾਜ ਕਰਾਓ, ਕਿਉਂਕਿ ਇਹ ਰੋਗ ਪੁਰਾਣੇ ਹੋ ਜਾਣ ਤਾਂ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ।
* ਰਾਤ ਨੂੰ ਗਰਮ ਦੁੱਧ ਦੇ ਨਾਲ ਖਜੂਰ ਖਾਣਾ ਬਹੁਤ ਲਾਭਦਾਇਕ ਹੈ।
* ਭੋਜਨ ਵਿਚ ਅਦਰਕ ਦੀ ਵਰਤੋਂ ਵੀ ਲਾਭਦਾਇਕ ਹੈ।

ਅਰਜਨ ਦੀ ਛਿੱਲ ਦੁਆਰਾ ਰੋਗਾਂ ਦਾ ਇਲਾਜ

ਅਰਜਨ ਦਾ ਰੁੱਖ ਜ਼ਿਆਦਾਤਰ ਮੱਧ ਪ੍ਰਦੇਸ਼, ਬੰਗਾਲ, ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਮਿਲਦਾ ਹੈ। ਅਰਜਨ ਸ਼ੀਤਲ ਹਿਰਦੇ ਲਈ ਹਿਤਕਾਰੀ ਹੈ। ਇਸ ਦੀ ਵਰਤੋਂ ਨਾਲ ਸੂਖਮ ਖੂਨ ਵਹਿਣੀਆਂ ਦਾ ਸੰਕੁਚਨ ਹੁੰਦਾ ਹੈ, ਜਿਸ ਵਿਚ ਖੂਨ ਦਾ ਭਾਰ ਵਧਦਾ ਹੈ। ਇਸ ਤਰ੍ਹਾਂ ਇਸ ਨਾਲ ਦਿਲ ਸਸ਼ਕਤ ਅਤੇ ਉਤੇਜਿਤ ਹੁੰਦਾ ਹੈ। ਇਸ ਨਾਲ ਖੂਨ ਵਹਿਣੀਆਂ ਦੁਆਰਾ ਹੋਣ ਵਾਲੇ ਖੂਨ ਦਾ ਵਹਾਅ ਵੀ ਘੱਟ ਹੁੰਦਾ ਹੈ, ਜਿਸ ਨਾਲ ਇਹ ਸੋਜ ਨੂੰ ਦੂਰ ਕਰਦਾ ਹੈ। ਅਰਜਨ ਦੀ ਛਿੱਲ ਦਾ ਚੂਰਨ 3 ਤੋਂ 6 ਗ੍ਰਾਮ ਗੁੜ, ਸ਼ਹਿਦ ਜਾਂ ਦੁੱਧ ਨਾਲ ਦਿਨ ਵਿਚ 2 ਜਾਂ 3 ਵਾਰ ਲਓ। ਛਿੱਲ ਦਾ ਕਾੜ੍ਹਾ 50 ਤੋਂ 100 ਮਿ: ਲਿ: ਜਾਂ ਪੱਤਿਆਂ ਦਾ ਰਸ 10 ਤੋਂ 15 ਮਿ: ਲਿ: ਦੀ ਮਾਤਰਾ ਵਿਚ ਲਓ।
ਛਿੱਲ ਦੇ ਚੂਰਨ ਨੂੰ ਚਾਹ ਨਾਲ ਉਬਾਲ ਕੇ ਲੈ ਸਕਦੇ ਹੋ। ਇਸ ਨਾਲ ਵੀ ਸਮਾਨ ਰੂਪ ਨਾਲ ਲਾਭ ਹੋਵੇਗਾ। ਅਰਜਨ ਦੀ ਛਿੱਲ ਦੇ ਚੂਰਨ ਦੀ ਵਰਤੋਂ ਨਾਲ ਉੱਚ ਖੂਨ ਦਬਾਅ ਵੀ ਆਪਣੇ-ਆਪ ਆਮ ਹੋ ਜਾਂਦਾ ਹੈ। ਜੇ ਸਿਰਫ ਛਿੱਲ ਦਾ ਚੂਰਨ ਪਾ ਕੇ ਹੀ ਚਾਹ ਬਣਾਓ, ਤਾਂ ਉਸ ਵਿਚ ਚਾਹ-ਪੱਤੀ ਨਾ ਪਾਓ। ਇਸ ਨਾਲ ਇਹ ਹੋਰ ਵੀ ਜ਼ਿਆਦਾ ਪ੍ਰਭਾਵੀ ਹੋਵੇਗਾ।

ਕੁਦਰਤ ਦਾ ਮੁਫ਼ਤ ਟਾਨਿਕ : ਸਵੇਰ ਦੀ ਸੈਰ

ਸਾਡੇ ਦੇਸ਼ ਵਿਚ ਵਾਹਨਾਂ 'ਤੇ ਜਾਣ 'ਚ ਮਾਣ ਸਮਝਿਆ ਜਾਂਦਾ ਹੈ ਅਤੇ ਪੈਦਲ ਚੱਲਣਾ ਹੀਣਤਾ ਦਾ ਸਬੱਬ ਬਣਦਾ ਜਾ ਰਿਹਾ ਹੈ। ਲੋਕ ਘੰਟਿਆਂਬੱਧੀ ਵਾਹਨਾਂ ਦੀ ਉਡੀਕ ਵਿਚ ਖੜ੍ਹੇ ਰਹਿੰਦੇ ਹਨ, ਪਰ ਇਨ੍ਹਾਂ ਨੂੰ ਪਤਾ ਨਹੀਂ ਕਿ ਪੈਦਲ ਚੱਲਣਾ ਕਿੰਨਾ ਲਾਭਦਾਇਕ ਹੈ। ਜੋ ਔਖੀ ਕਸਰਤ ਨਹੀਂ ਕਰ ਸਕਦੇ, ਸਰੀਰ ਦੁਰਬਲ ਹੈ ਜਾਂ ਹੋਰ ਰੋਗ ਜਿਵੇਂ ਗਠੀਆ, ਦਿਲ ਦੇ ਰੋਗ, ਦਮਾ, ਖੂਨ ਦਾ ਦਬਾਅ ਦੇ ਮਰੀਜ਼ ਹਨ, ਉਹ ਵੀ ਪੈਦਲ ਚੱਲ ਕੇ ਸਿਹਤ ਨੂੰ ਲਾਭ ਪਹੁੰਚਾ ਸਕਦੇ ਹਨ।
ਲੋਕਾਂ ਦਾ ਇਹ ਤਰਕ ਰਹਿੰਦਾ ਹੈ ਕਿ ਅਸੀਂ ਤਾਂ ਆਪਣੇ ਘਰ ਵਿਚ ਕੰਮ-ਕਾਜ ਕਰਦੇ, ਪੌੜੀਆਂ ਚੜ੍ਹਦੇ-ਉਤਰਦੇ ਮੀਲਾਂ ਪੈਦਲ ਯਾਤਰਾ ਦੇ ਬਰਾਬਰ ਚੱਲ ਲੈਂਦੇ ਹਾਂ। ਸਰੀਰ ਹਰਕਤ ਵਿਚ ਰਹਿੰਦਾ ਹੈ, ਫਿਰ ਵੀ ਅਸੀਂ ਤੰਦਰੁਸਤ ਨਹੀਂ ਹਾਂ।
ਜੇ ਅਜਿਹਾ ਹੀ ਹੁੰਦਾ ਤਾਂ ਲੁਹਾਰ ਹਰ ਰੋਜ਼ ਹਥੌੜਾ ਚਲਾਉਂਦੇ ਹਨ, ਡਾਕੀਏ ਪੈਦਲ ਡਾਕ ਵੰਡਦੇ ਫਿਰਦੇ ਹਨ। ਫੇਰੀ ਵਾਲੇ ਚੀਜ਼ਾਂ ਵੇਚਦੇ ਫਿਰਦੇ ਹਨ ਪਰ ਉਨ੍ਹਾਂ ਨੂੰ ਸਿਹਤ ਪੱਖੋਂ ਲਾਭ ਨਹੀਂ ਹੁੰਦੇ। ਇਸ ਦਾ ਕਾਰਨ ਇਹ ਹੈ ਕਿ ਆਪਣੇ ਕੰਮ ਉਦੇਸ਼ ਦੇ ਅਨੁਰੂਪ ਅਸੀਂ ਆਪਣੀਆਂ ਭਾਵਨਾਵਾਂ ਬਣਾਈਆਂ ਹੋਈਆਂ ਹਨ।
ਕਸਰਤ ਕਰਦੇ ਸਮੇਂ ਪਹਿਲਵਾਨ ਤਾਕਤਵਰ ਹੋਣ ਅਤੇ ਕ੍ਰਿਕਟ ਦਾ ਖਿਡਾਰੀ ਕੁਸ਼ਲ ਖਿਡਾਰੀ ਹੋਣ ਦੀ ਭਾਵਨਾ ਰੱਖਦਾ ਹੈ। ਇਸੇ ਤਰ੍ਹਾਂ ਸਾਨੂੰ ਨਿਯਮਿਤ ਸੂਰਜ ਚੜ੍ਹਨ ਤੋਂ ਇਕ ਘੰਟਾ ਪਹਿਲਾਂ ਤੋਂ ਲੈ ਕੇ ਸੂਰਜ ਚੜ੍ਹਨ ਤੱਕ ਪੈਦਲ ਟਹਿਲਣਾ ਚਾਹੀਦਾ ਹੈ ਅਤੇ ਭਾਵਨਾ ਤੰਦਰੁਸਤ ਹੋਣ ਦੀ ਬਣਾਉਣੀ ਚਾਹੀਦੀ ਹੈ। ਅਜਿਹਾ ਨਿਯਮਿਤ ਕਰਨ ਨਾਲ ਤੁਹਾਨੂੰ ਹਫ਼ਤੇ ਭਰ ਵਿਚ ਲਾਭ ਦਿਖਾਈ ਦੇਣ ਲੱਗੇਗਾ, ਕਿਉਂਕਿ ਸਵੇਰ ਸਮੇਂ ਜਲਵਾਯੂ ਵਿਚ ਸੂਰਜ ਦੀਆਂ ਪੈਰਾਬੈਂਗਣੀ ਕਿਰਨਾਂ ਦਾ, ਹਵਾ ਵਿਚ ਆਕਸੀਜਨ ਦੀ ਬਹੁਤਾਤ ਰਹਿੰਦੀ ਹੈ। ਰਾਤ ਦਾ ਅੰਤ ਅਤੇ ਦਿਨ ਦਾ ਆਰੰਭ ਇਕ ਅਜਿਹਾ ਵਾਤਾਵਰਨ ਪੈਦਾ ਕਰਦਾ ਹੈ, ਜਿਸ ਦਾ ਸੰਪਰਕ ਪੌਸ਼ਟਿਕ ਭੋਜਨ ਤੋਂ ਵੀ ਜ਼ਿਆਦਾ ਸਿਹਤਵਰਧਕ ਸਿੱਧ ਹੁੰਦਾ ਹੈ।
ਜਦੋਂ ਅਸੀਂ ਸਵੇਰੇ ਟਹਿਲਣ ਜਾਈਏ ਤਾਂ ਸਾਰਾ ਸਰੀਰ ਸਿੱਧਾ ਰੱਖਣਾ ਚਾਹੀਦਾ ਹੈ। ਮੋਢੇ ਪਿੱਛੇ ਵੱਲ ਦੱਬੇ ਹੋਏ, ਸੀਨਾ ਉੱਭਰਿਆ ਹੋਇਆ, ਸਿਰ ਥੋੜ੍ਹਾ ਪਿੱਛੇ ਨੂੰ, ਨਿਗ੍ਹਾ ਇਕਦਮ ਸਾਹਮਣੇ, ਸਰੀਰ ਨੂੰ ਇੰਨਾ ਸਖ਼ਤ ਨਾ ਕਰੋ ਕਿ ਤਣਾਅ ਮਹਿਸੂਸ ਹੋਵੇ, ਚੁਸਤੀ ਰਹਿਣੀ ਚਾਹੀਦੀ ਹੈ। ਮਾਸਪੇਸ਼ੀਆਂ ਵਿਚ ਮੁਲਾਇਮੀ ਵੀ ਬਣੀ ਰਹਿਣੀ ਚਾਹੀਦੀ ਹੈ। ਕਮਰ ਤੋਂ ਲੈ ਕੇ ਸਿਰ ਤੱਕ ਦਾ ਹਿੱਸਾ ਕੁਝ ਅੱਗੇ ਵੱਲ ਤਿਰਛਾਪਨ ਲਈ ਹੋਣਾ ਚਾਹੀਦਾ ਹੈ ਜਿਵੇਂ ਕਿ ਅਕਸਰ ਦੌੜਨ ਸਮੇਂ ਰਹਿਣਾ ਪੈਂਦਾ ਹੈ। ਮੂੰਹ ਬੰਦ ਰੱਖ ਕੇ ਸਾਹ ਨੱਕ ਰਾਹੀਂ ਲੈਣਾ ਚਾਹੀਦਾ ਹੈ, ਡੂੰਘੇ ਸਾਹ ਲੈਣ ਦਾ ਅਭਿਆਸ ਕਰਨਾ ਚਾਹੀਦਾ ਹੈ, ਤਾਂ ਕਿ ਸ਼ੁੱਧ ਹਵਾ ਦਾ ਅੰਦਰ ਜਾਣਾ-ਨਿਕਲਣਾ ਸਰੀਰ ਵਿਚ ਵੱਧ ਤੋਂ ਵੱਧ ਡੂੰਘਾਈ ਤੱਕ ਹੋ ਸਕੇ। ਅਧੂਰੇ ਸਾਹ ਨਾਲ ਫੇਫੜਿਆਂ ਨੂੰ ਲਾਭ ਨਹੀਂ ਮਿਲ ਸਕੇਗਾ।
ਕੁਦਰਤ ਤੋਂ ਪ੍ਰਾਪਤ ਮੁਫ਼ਤ ਟਾਨਿਕ ਸਵੇਰ ਸਮੇਂ ਟਹਿਲ ਕੇ ਪ੍ਰਾਪਤ ਕਰ ਲਓ ਤਾਂ ਅਨੇਕਾਂ ਬਿਮਾਰੀਆਂ ਅਤੇ ਦਵਾਈਆਂ ਤੋਂ ਪਿੱਛਾ ਛੁੱਟ ਜਾਵੇਗਾ ਅਤੇ ਅਸੀਂ ਲੰਮੀ ਉਮਰ ਜੀਵਾਂਗੇ।

ਸਿਹਤ ਖ਼ਬਰਨਾਮਾ

ਦੂਰ ਰੱਖਿਆ ਜਾ ਸਕਦਾ ਹੈ ਬੁਢਾਪਾ


ਵੈਸੇ ਤਾਂ ਉਮਰ ਵਧਣ ਦੇ ਨਾਲ ਬੁਢਾਪਾ ਆਉਣਾ ਇਕ ਕੁਦਰਤੀ ਪ੍ਰਕਿਰਿਆ ਹੈ ਪਰ ਹੁਣ ਵਿਗਿਆਨੀ ਮੰਨਣ ਲੱਗੇ ਹਨ ਕਿ ਇਸ ਪ੍ਰਕਿਰਿਆ ਨੂੰ ਟਾਲਿਆ ਜਾ ਸਕਦਾ ਹੈ। ਪਰ ਲੰਮੀ ਉਮਰ ਜਿਊਣ ਦਾ ਲਾਭ ਤਾਂ ਹੈ ਜੇ ਲੰਮੀ ਉਮਰ ਪਾਉਣ ਦੇ ਨਾਲ ਸਿਹਤ ਵੀ ਠੀਕ ਰਹੇ ਅਰਥਾਤ ਬੁਢਾਪੇ ਦਾ ਸਰੀਰ 'ਤੇ ਅਸਰ ਨਾ ਪਵੇ। ਬੁਢਾਪੇ ਵਿਚ ਸਰੀਰ ਦੇ ਵੱਖ-ਵੱਖ ਅੰਗਾਂ, ਮਾਸਪੇਸ਼ੀਆਂ ਅਤੇ ਨਸਾਂ ਨਾੜੀਆਂ ਵਿਚ ਲੱਚਕ ਘੱਟ ਹੁੰਦੀ ਜਾਂਦੀ ਹੈ ਅਤੇ ਵੱਖ-ਵੱਖ ਅੰਗਾਂ ਦੀ ਕਾਰਜ ਸਮਰੱਥਾ ਘੱਟ ਹੋ ਜਾਂਦੀ ਹੈ। ਵਿਗਿਆਨੀ ਮੰਨਦੇ ਹਨ ਕਿ ਸਰੀਰ ਵਿਚ ਭੋਜਨ ਪਾਚਣ ਦੇ ਦੌਰਾਨ ਫ੍ਰੀ ਰੈਡੀਕਲਸ ਨਾਮਕ ਤੱਤ ਪੈਦਾ ਹੁੰਦੇ ਹਨ, ਜੋ ਸਰੀਰ ਵਿਚ ਬੁਢਾਪਾ ਲਿਆਉਣ ਦੇ ਪ੍ਰਮੁੱਖ ਕਾਰਨ ਹਨ। ਜੇ ਇਨ੍ਹਾਂ ਫ੍ਰੀ ਰੈਡੀਕਲਸ ਨੂੰ ਕਾਬੂ ਕੀਤਾ ਜਾ ਸਕੇ ਤਾਂ ਬੁਢਾਪਾ ਆਉਣ ਦੀ ਪ੍ਰਕਿਰਿਆ ਨੂੰ ਟਾਲਿਆ ਜਾ ਸਕਦਾ ਹੈ। ਕੁਝ ਲੋਕਾਂ ਵਿਚ ਬੁਢਾਪੇ ਦੀ ਸ਼ੁਰੂਆਤ ਛੇਤੀ ਹੋ ਜਾਂਦੀ ਹੈ ਅਤੇ ਕੁਝ ਲੋਕਾਂ ਵਿਚ ਦੇਰ ਨਾਲ ਸ਼ੁਰੂ ਹੁੰਦੀ ਹੈ। ਜੋ ਲੋਕ ਕੁਦਰਤੀ ਆਹਾਰ ਫਲ ਅਤੇ ਸਬਜ਼ੀਆਂ ਜ਼ਿਆਦਾ ਖਾਂਦੇ ਹਨ, ਉਨ੍ਹਾਂ ਵਿਚ ਸਰੀਰ ਦੇ ਨੁਕਸਾਨ ਦੀ ਪ੍ਰਕਿਰਿਆ ਟਲ ਜਾਂਦੀ ਹੈ ਅਤੇ ਬੁਢਾਪੇ ਦੇ ਪ੍ਰਭਾਵ ਲੰਬੀ ਉਮਰ ਤੱਕ ਦ੍ਰਿਸ਼ਟੀਗੋਚਰ ਨਹੀਂ ਹੁੰਦੇ।
ਗੁੱਸਾ ਬਹੁਤ ਖ਼ਤਰਨਾਕ ਹੈ


ਸਦੀਆਂ ਤੋਂ ਕਿਹਾ ਜਾਂਦਾ ਰਿਹਾ ਹੈ ਕਿ ਗੁੱਸੇ ਨੂੰ ਦਬਾਉਣਾ ਨਹੀਂ ਚਾਹੀਦਾ, ਸਗੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਪਰ ਜ਼ਿਆਦਾ ਗੁੱਸਾ ਕਰਨਾ ਸਿਹਤ ਲਈ ਕਿੰਨਾ ਖ਼ਤਰਨਾਕ ਹੈ, ਇਹ ਸ਼ਾਇਦ ਸਾਨੂੰ ਨਹੀਂ ਪਤਾ। ਅਮਰੀਕਨ ਇੰਸਟੀਚਿਊਟ ਆਫ ਸਟ੍ਰੈੱਸ ਦੁਆਰਾ ਕੀਤੇ ਗਏ ਇਕ ਅਧਿਐਨ ਅਨੁਸਾਰ ਜੋ ਔਰਤਾਂ ਬਹੁਤ ਗੁੱਸੇਖੋਰ ਅਤੇ ਚਿੜਚਿੜੀਆਂ ਰਹਿੰਦੀਆਂ ਹਨ, ਉਨ੍ਹਾਂ ਨੂੰ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਅਧਿਐਨ ਅਨੁਸਾਰ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਗੁੱਸੇ ਨਾਲ ਸਾਡੀਆਂ ਖੂਨ ਵਹਿਣੀਆਂ ਸੁੰਗੜ ਜਾਂਦੀਆਂ ਹਨ ਅਤੇ ਦਿਲ ਨੂੰ ਖੂਨ ਦੀ ਆਪੂਰਤੀ ਘੱਟ ਹੋ ਜਾਂਦੀ ਹੈ। ਗੁੱਸਾ ਦਬਾਉਣ ਵਾਲਿਆਂ 'ਤੇ ਵੀ ਇਹੀ ਦਬਾਅ ਦੇਖੇ ਗਏ ਹਨ। ਮਰਦਾਂ ਨੂੰ ਇਹ ਖ਼ਤਰਾ ਤੁਲਨਾਤਮਕ ਘੱਟ ਸੀ ਪਰ ਗੁੱਸੇ ਨੇ ਉਨ੍ਹਾਂ ਦੀ ਸਿਹਤ 'ਤੇ ਵੀ ਪ੍ਰਭਾਵ ਪਾਇਆ। ਹਮੇਸ਼ਾ ਗੁੱਸੇ ਵਿਚ ਰਹਿਣ ਵਾਲੀਆਂ ਔਰਤਾਂ ਸਮਾਂ ਪਾ ਕੇ ਮੋਟਾਪੇ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ। ਗੁੱਸਾ ਘੱਟ ਕਰਨ ਲਈ ਅਮਰੀਕਨ ਇੰਸਟੀਚਿਊਟ ਨੇ ਕੁਝ ਸੁਝਾਅ ਦਿੱਤੇ ਹਨ। ਉਨ੍ਹਾਂ ਅਨੁਸਾਰ ਤੁਸੀਂ ਜਿਨ੍ਹਾਂ ਚੀਜ਼ਾਂ ਨੂੰ ਬਦਲ ਸਕਦੇ ਹੋ, ਉਨ੍ਹਾਂ ਨੂੰ ਬਦਲਣ ਦੀ ਹਿੰਮਤ ਕਰੋ ਅਤੇ ਜਿਨ੍ਹਾਂ ਨੂੰ ਨਹੀਂ ਬਦਲ ਸਕਦੇ, ਉਨ੍ਹਾਂ ਨੂੰ ਖੁਸ਼ੀ ਨਾਲ ਸਵੀਕਾਰ ਕਰੋ। ਜੇ ਤੁਸੀਂ ਇਸ ਕਲਾ ਨੂੰ ਸਿੱਖ ਜਾਓ ਤਾਂ ਤੁਸੀਂ ਆਪਣਾ ਗੁੱਸਾ ਦੂਰ ਕਰ ਕੇ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਦੇ ਹੋ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX