ਤਾਜਾ ਖ਼ਬਰਾਂ


ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  2 minutes ago
ਗੜ੍ਹਸ਼ੰਕਰ, 26 (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਅੱਜ 71ਵੇਂ ਗਣਤੰਤਰਤਾ ਮੌਕੇ ਸਬ ਡਿਵੀਜ਼ਨ ਪੱਧਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ 'ਚ ਕਰਾਇਆ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  7 minutes ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  20 minutes ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ...
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  27 minutes ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ.....
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  32 minutes ago
ਅਟਾਰੀ, 26 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਸਰਹੱਦ ਵਿਖੇ ਬੀ. ਐੱਸ. ਐੱਫ. ਦੀ 88 ਵੀਂ ਬਟਾਲੀਅਨ ਦੇ ਕਮਾਡੈਂਟ ਮੁਕੰਦ ਝਾਅ ਵਲੋਂ...
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  34 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  34 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ.............
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  38 minutes ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ......
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  43 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ........
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  46 minutes ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ......
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਿੰਨੀ ਕਹਾਣੀ: ਬੇਬੇ ਦਾ ਗੋਰਾ

ਸੰਧਿਆ ਵੇਲੇ ਬਾਪੂ ਜਗਤਾਰ ਆਪਣੀ ਸੋਟੀ ਦੇ ਆਸਰੇ ਹੌਲੀ-ਹੌਲੀ ਪਿੰਡ ਆਪਣੇ ਘਰ ਵਿਚ ਦਾਖਲ ਹੋਇਆ | ਲੰਮਾ ਮੈਲਾ ਜਿਹਾ ਕੁੜਤਾ, ਤੇੜ ਧੋਤੀ, ਸਿਰ ਉੱਪਰ ਇਕ ਪਰਨਾ ਲਪੇਟਿਆ ਹੋਇਆ, ਅੱਖਾਂ ਉੱਪਰ ਮੋਟੇ ਸ਼ੀਸ਼ਿਆਂ ਵਾਲੀ ਪੁਰਾਣੇ ਸਮੇਂ ਦੀ ਐਨਕ, ਜਿਸ ਦੀ ਇਕ ਕਮਾਨੀ ਟੁੱਟ ਜਾਣ ਕਾਰਨ ਉਸ ਪਾਸੇ ਮੋਟਾ ਜਿਹਾ ਧਾਗਾ ਬੰਨ੍ਹ ਕੇ ਕੰਨ ਨਾਲ ਲਪੇਟਿਆ ਹੋਇਆ ਸੀ | ਬੁਢਾਪੇ ਵਿਚ ਵੀ ਸਿਹਤ ਅਜੇ ਫਿਰਨ ਤੁਰਨ ਜੋਗੀ ਹੈ ਸੀ | ਕਮਰ ਜ਼ਰੂਰ ਜ਼ਰਾ ਕੁ ਅੱਗੇ ਵੱਲ ਝੁਕ ਗਈ ਸੀ | ਇਸੇ ਲਈ ਘਰੋਂ ਬਾਹਰ ਜਾਣ ਵੇਲੇ ਉਹ ਇਕ ਮੋਟੀ ਜਿਹੀ ਬਾਂਸ ਦੀ ਸੋਟੀ ਦਾ ਸਹਾਰਾ ਲੈਂਦਾ ਹੈ |
ਜਗਤਾਰ ਇਸੇ ਪਿੰਡ ਦਾ ਜੰਮਪਲ ਹੈ | ਉਹ ਇਸੇ ਪਿੰਡ ਵਿਚ ਪੈਦਾ ਹੋਇਆ ਅਤੇ ਇਸੇ ਪਿੰਡ ਦੀਆਂ ਗਲੀਆਂ ਵਿਚ ਖੇਡ ਕੇ ਵੱਡਾ ਹੋਇਆ | ਹੁਣ ਉਮਰ ਹੋਵੇਗੀ 80-85 ਦੇ ਲਗਪਗ |
ਆਪਣੀ ਜਵਾਨੀ ਵਿਚ ਉਸ ਨੇ ਆਪਣੇ ਖੇਤ ਵਿਚ ਸਿਰ ਤੋੜ ਮਿਹਨਤ ਕੀਤੀ | ਸਾਰਾ ਦਿਨ ਆਪਣੇ ਖੇਤ ਵਿਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ | ਛੋਟੀ ਜਿਹੀ ਖੇਤੀ ਵਿਚੋਂ ਵੀ ਆਪਣੀ ਮਿਹਨਤ ਸਦਕਾ ਘਰ ਦਾ ਗੁਜ਼ਾਰਾ ਸੋਹਣਾ ਕਰਦਾ ਸੀ | ਇਸੇ ਖੇਤ ਦੀ ਕਮਾਈ ਵਿਚੋਂ ਹੀ ਆਪਣੇ ਬੇਟੇ ਅਤੇ ਬੇਟੀ, ਦੋਵਾਂ ਦੀਆਂ ਸ਼ਾਦੀਆਂ ਕੀਤੀਆਂ | ਆਪਣੇ ਕੱਚੇ ਮਕਾਨ ਵਿਚ ਵੀ ਹੈਾਡ ਪੰਪ ਲਗਵਾਇਆ ਅਤੇ ਬਿਜਲੀ ਫਿਟ ਕਰਵਾਈ | ਉਮਰ ਦੇ ਇਸ ਪੜਾਅ ਉਤੇ ਪਹੁੰਚ ਕੇ ਵੀ ਉਹ ਘਰ ਅਤੇ ਖੇਤ ਦੇ ਨਿੱਕੇ-ਮੋਟੇ ਕੰਮ ਖ਼ੁਸ਼ੀ ਨਾਲ ਕਰਦਾ | ਬੈਲਾਂ ਨੂੰ ਪਾਣੀ ਲਿਆਉਂਦਾ, ਘਾਹ-ਪੱਠਾ ਚੁੱਕ ਕੇ ਬੈਲਾਂ ਅੱਗੇ ਰੱਖਣਾ, ਉਨ੍ਹਾਂ ਦਾ ਗੋਹਾ- ਕੂੜਾ ਚੁੱਕ ਕੇ ਬਾਹਰ ਢੇਰ ਉੱਪਰ ਸੁੱਟਣਾ ਆਦਿ |
ਪਿੰਡ ਦੇ ਲੋਕਾਂ ਵਿਚ ਉਸ ਦਾ ਸਤਿਕਾਰ ਸੀ | ਹਰ ਕੋਈ ਛੋਟਾ-ਵੱਡਾ ਉਸ ਨੂੰ ਜਗਤਾਰ ਦੀ ਥਾਂ ਬਾਪੂ ਜਗਤਾਰ ਕਹਿ ਕੇ ਬੁਲਾਉਂਦਾ | ਲੋਕ ਬਹੁਤ ਵਾਰ ਉਸ ਕੋਲ ਆਪਣੀਆਂ ਨਿੱਕੀਆਂ-ਮੋਟੀਆਂ ਘਰੇਲੂ ਸਮੱਸਿਆਵਾਂ ਲੈ ਕੇ ਸਲਾਹ-ਮਸ਼ਵਰੇ ਲਈ ਆਉਂਦੇ |
ਕੱਲ੍ਹ ਦਾ ਉਹ ਆਪਣੀ ਬੇਟੀ ਨੂੰ ਮਿਲਣ ਉਸ ਦੇ ਪਿੰਡ ਗਿਆ ਹੋਇਆ ਸੀ | ਕਹਿੰਦਾ ਸੀ, ਜਦੋਂ ਬੇਟੀ ਨੂੰ ਮਿਲਿਆਂ ਜ਼ਿਆਦਾ ਸਮਾਂ ਹੋ ਜਾਵੇ ਤਾਂ ਉਸ ਦਾਮਨ ਉਦਾਸ ਹੋ ਜਾਂਦਾ ਹੈ | ਬੇਟੀ ਦਾ ਪਿੰਡ ਬਹੁਤਾ ਦੂਰ ਨਹੀਂ ਸੀ | ਹੋਵੇਗਾ 15-20 ਕਿਲੋਮੀਟਰ | ਉਧਰ ਜਾਣ ਵਾਲੀ ਬੱਸ ਦਿਨ ਵਿਚ ਇਕੋ ਵਾਰ ਸਵੇਰੇ ਇਧਰੋਂ ਇਨ੍ਹਾਂ ਦੇ ਪਿੰਡ ਵਿਚੋਂ ਹੋ ਕੇ ਲੰਘਦੀ ਹੈ ਜੋ ਸ਼ਾਮ ਨੂੰ ਇਸੇ ਰਸਤੇ ਵਾਪਸ ਆ ਜਾਂਦੀ ਹੈ |
ਬਾਪੂ ਜਗਤਾਰ ਸਿੰਘ ਦਾ ਬੇਟਾ ਤਾਰੂ ਆਮ ਤੌਰ 'ਤੇ ਆਪਣੇ ਕੰਮਕਾਰ ਅਤੇ ਬੱਚਿਆਂ ਵਿਚ ਹੀ ਰੁੱਝਾ ਰਹਿੰਦਾ | ਬਾਪੂ ਅਤੇ ਬੇਬੇ ਕੋਲ ਘੜੀ ਬੈਠਣ ਅਤੇ ਗੱਲਬਾਤ ਕਰਨ ਦਾ ਸਮਾਂ ਇਸ ਨੂੰ ਘੱਟ ਵਧ ਹੀ ਮਿਲਦਾ | ਇਨ੍ਹਾਂ ਦਿਨਾਂ ਵਿਚ ਬੱਚਿਆਂ ਨੂੰ ਹਫਤੇ ਦੀਆਂ ਛੁੱਟੀਆਂ ਹੋਣ ਕਰਕੇ ਬੱਚੇ ਆਪਣੀ ਮਾਂ ਨਾਲ ਨਾਨਕੇ ਗਏ ਹੋਏ ਸਨ |
ਬਾਪੂ ਜਗਤਾਰ ਬੇਟੀ ਨੂੰ ਮਿਲ ਕੇ ਆਪਣੇ ਸਧਾਰਨ ਜਿਹੇ ਮਕਾਨ ਵਿਚ ਸ਼ਾਮ ਨੂੰ ਦਾਖਲ ਹੋਣ 'ਤੇ ਵਿਹੜੇ ਵਿਚ ਡੱਠੀ ਹੋਈ ਮੰਜੀ ਉਤੇ ਬੈਠ ਗਿਆ | ਅੰਦਰ ਬੈਠੀ ਆਪਣੀ ਪਤਨੀ ਕਿਰਪਾਲੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ, 'ਤਾਰੂ ਦੀ ਬੇਬੇ ਪਾਣੀ ਪਿਆ, ਅੱਜ ਤੇ ਬਹੁਤ ਤੱਕ ਗਿਆ ਹਾਂ |'
ਉਸ ਦੀ ਪਤਨੀ ਹੱਥ ਵਿਚ ਪਾਣੀ ਦਾ ਗਿਲਾਸ ਫੜੀ ਹੌਲੀ-ਹੌਲੀ ਬਾਹਰ ਆਈ | ਪਾਣੀ ਦਾ ਗਿਲਾਸ ਫੜਾਉਂਦਿਆਂ, ਜਗਤਾਰ ਜ਼ਰਾ ਕੁ ਖਿਝ ਕੇ ਕਹਿਣ ਲੱਗਾ, 'ਮੈਂ ਕਿੰਨੀ ਵਾਰ ਕਹਿ ਚੁੱਕਾ ਹਾਂ ਕਿ ਸੰਧਿਆ ਵੇਲੇ ਘਰ ਅੰਦਰ ਬੱਤੀ ਜ਼ਰੂਰ ਜਗਾਇਆ ਕਰੋ | ਵਸਦੇ ਘਰਾਂ ਵਿਚ ਸੰਧਿਆ ਵੇਲੇ ਹਨੇਰਾ ਚੰਗਾ ਨਹੀਂ ਹੁੰਦਾ |'
ਕਿਰਪਾਲੀ ਨੇ ਬਿਜਲੀ ਜਗਾ ਦਿੱਤੀ | ਬਾਪੂ ਨੇ ਇਕ ਝੋਲਾ ਪਤਨੀ ਨੂੰ ਫੜਾਉਂਦਿਆਂ ਕਿਹਾ ਕਹਿੰਦੀ ਸੀ ਘਰ ਦੇ ਦੇਸੀ ਘਿਓ ਦੇ ਬਣਾਏ ਵੇਸਣ ਦੇ ਲੱਡੂ ਨੇ | ਸਵੇਰੇ ਚਾਹ ਨਾਲ ਖਾ ਲਿਆ ਕਰੋ, ਤੁਸੀਂ ਬੜੇ ਕਮਜ਼ੋਰ ਹੋ ਗਏ ਹੋ | ਮੈਂ ਬਥੇਰਾ ਇਨਕਾਰ ਕੀਤਾ ਕਿ ਧੀ ਦੇ ਘਰ ਦਾ ਖਾਣਾ ਠੀਕ ਨਹੀਂ | ਪਰ ਉਹ ਤਾਂ ਜ਼ਿੱਦ ਕਰਕੇ ਬੈਠ ਗਈ ਅਤੇ ਕਹਿਣ ਲੱਗੀ ਤੁਸੀਂ ਧੀ ਅਤੇ ਪੁੱਤਰ ਵਿਚ ਫਰਕ ਕਿਉਂ ਕਰਦੇ ਹੋ | ਤੁਸੀਂ ਮੈਨੂੰ ਆਪਣੀ ਬੇਟੀ ਨਹੀਂ ਬੇਟਾ ਹੀ ਸਮਝੋ | ਨਾਲੇ ਅੱਜਕਲ੍ਹ ਕੌਣ ਮੰਨਦਾ ਹੈ ਕਿ ਇਹ ਪੁਰਾਣੇ ਰਸਮ-ਰਿਵਾਜ | ਅੱਜਕਲ੍ਹ ਸਭ ਬਰਾਬਰ ਹੀ ਸਮਝੇ ਜਾਂਦੇ ਹਨ | ਮੈਂ ਇਨਕਾਰ ਨਾ ਕਰ ਸਕਿਆ | ਆਉਂਦੀ ਵਾਰ ਮੈਂ ਉਸ ਨੂੰ ਦੋ ਸੌ ਰੁਪਏ ਬਦੋਬਦੀ ਦੇ ਕੇ ਆਇਆ ਹਾਂ |
ਗੱਲਾਂ ਕਰਦਿਆਂ ਬਾਪੂ ਜਗਤਾਰ ਨੇ ਬਿਜਲੀ ਦੇ ਚਾਨਣ ਵਿਚ ਘਰਵਾਲੀ ਦੇ ਚਿਹਰੇ ਵੱਲ ਦੇਖਿਆ | ਉਹ ਉਸ ਨੂੰ ਕੁਝ ਉਦਾਸ ਅਤੇ ਗੰਭੀਰ ਜਿਹੀ ਲੱਗੀ | ਉਸ ਨੇ ਹਮਦਰਦੀ ਭਰੇ ਲਹਿਜ਼ੇ ਵਿਚ ਪੁੱਛਿਆ, 'ਕੀ ਗੱਲ ਹੈ ਭਾਗਵਾਨੇ, ਤਬੀਅਤ ਤੇ ਠੀਕ ਹੈ ਨਾ?' 'ਹਾਂ' ਕਹਿੰਦਿਆਂ ਉਸ ਆਪਣੀਆਂ ਅੱਖਾਂ ਆਪਣੇ ਦੁਪੱਟੇ ਦੇ ਪੱਲੇ ਨਾਲ ਪੂੰਝੀਆਂ |
ਬਾਪੂ ਜਗਤਾਰ ਨੇ ਉਸ ਦੀਆਂ ਗਿੱਲੀਆਂ ਅੱਖਾਂ ਵੱਲ ਗਹੁ ਨਾਲ ਦੇਖਿਆ | ੇਦੇਖਦਿਆਂ ਕਿਹਾ, 'ਠੀਕ ਤੇ ਨਹੀਂ ਲਗਦੀ | ਤਾਰੂ (ਬੇਟੇ) ਨੇ ਕੁਝ ਕਿਹਾ ਹੈ?'
'ਕੁਝ ਕਹਿ ਲੈਂਦਾ ਜਾਂ ਡਾਂਟ ਲੈਂਦਾ ਤਾਂ ਕਿਹੜੀ ਗੱਲ ਸੀ | ਅੱਜ ਤੇ ਉਸ ਨੇ ਕਹਿਰ ਵਰਤਾ ਦਿੱਤਾ | ਉਸ ਦੇ ਚਿਹਰੇ ਉਤੇ ਪ੍ਰੇਸ਼ਾਨੀ ਦੁੱਖ ਅਤੇ ਬੇਵਸੀ ਨਜ਼ਰ ਆ ਰਹੀ ਸੀ |
'ਤਾਂ ਵੀ ਖੁੱਲ੍ਹ ਕੇ ਦੱਸ ਗੱਲ ਕੀ ਹੋਈ?'
ਕਿਰਪਾਲੀ ਉਸੇ ਮੰਜੀ ਉਤੇ ਉਸ ਦੇ ਕੋਲ ਬੈਠ ਕੇ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਬੋਲੀ, 'ਤਾਰੂ ਨੇ ਗੋਲਾ (ਬੈਲ) ਕੱਢ ਦਿੱਤਾ |' ਕਹਿੰਦਿਆਂ-ਕਹਿੰਦਿਆਂ ਉਸ ਦਾ ਗਲਾ ਭਰ ਗਿਆ |
'ਪੂਰੀ ਗੱਲ ਤਾਂ ਦੱਸ ਕਿਥੇ ਕੱਢ ਦਿੱਤਾ... ਕੀ ਹੋਇਆ?'
'ਬੁੱਚੜਖਾਨੇ ਵਾਲਿਆਂ ਕੋਲ ਵੇਚ ਦਿੱਤਾ... |' ਉਹ ਅੱਗੇ ਹੋਰ ਕੁਝ ਨਾ ਬੋਲ ਸਕੀ, ਬੱਚਿਆਂ ਵਾਂਗ ਹਓਕੇ ਲੈ ਕੇ ਰੋਣ ਲੱਗੀ |
'ਹੈਾ...?' ਕਹਿ ਕੇ ਉਸ ਨੇ ਆਪਣਾ ਸਿਰ ਫੜ ਲਿਆ | ਰਤਾ ਕੁ ਰੁਕ ਕੇ ਕਿਰਪਾਲੀ ਫੇਰ ਦੱਸਣ ਲੱਗੀ, 'ਮੈਂ ਬਥੇਰੇ ਹੱਥ-ਪੈਰ ਜੋੜੇ, ਮਿੰਨਤਾਂ ਕੀਤੀਆਂ ਕਿ ਬੇਟਾ ਇਹ ਜ਼ੁਲਮ ਅਤੇ ਪਾਪ ਨਾ ਕਰੀਂ | ਸਾਰੀ ਉਮਰ ਇਹ ਸਾਡਾ ਖੇਤ ਵਾਹੁੰਦਾ ਰਿਹਾ | ਇਸੇ ਬੈਲ ਦੀ ਮਾਂ ਨੰਦੀ ਦਾ ਦੁੱਧ ਪੀ ਕੇ ਤੂੰ ਜਵਾਨ ਹੋਇਆਂ | ਇਹ ਗੋਰਾ ਬੱਚਾ ਸਾਡੇ ਦੁੱਖ-ਸੁੱਖ ਦਾ ਸਾਥੀ ਰਿਹਾ | ਇਹ ਸਾਡੇ ਘਰ ਦਾ ਮੈਂਬਰ ਹੈ | ਅਸੀਂ ਇਸ ਨੂੰ ਬੱਚਿਆਂ ਵਾਂਗ ਪਾਲਿਆ ਹੈ | ਮੈਂ ਤੇਰੇ ਪੈਰੀਂ ਪੈਂਦੀ ਹਾਂ, ਬੇਟਾ ਇਹ ਕੰਮ ਨਾ ਕਰ | ਅਸੀਂ ਅੱਗੇ ਜਾ ਕੇ ਵਾਹਿਗੁਰੂ ਨੂੰ ਕੀ ਜਵਾਬ ਦੇਵਾਂਗੇ | ਮੈਨੂੰ ਕਹਿਣ ਲੱਗਾ 'ਬੇਬੇ ਤੂੰ ਸਮਝਦੀ ਕਿਉਂ ਨਹੀਂ? ਹੁਣ ਇਹ ਬਹੁਤ ਬੁੱਢਾ ਹੋ ਗਿਆ ਹੈ | ਖੇਤੀ ਦੇ ਕਿਸੇ ਕੰਮ ਦਾ ਨਹੀਂ ਰਿਹਾ | ਇਹ ਸਾਡੇ ਲਈ ਉਲਟੀ ਸਿਰਦਰਦੀ ਹੈ | ਤੈਨੂੰ ਤਾਂ ਪਤਾ ਹੈ ਅੱਜਕਲ੍ਹ ਚਾਰਾ ਕਿੰਨਾ ਮਹਿੰਗਾ ਹੋ ਗਿਆ ਹੈ | ਦੋ ਵੇਲੇ ਨਾ ਸਹੀ ਇਕ ਵੇਲੇ ਤਾਂ ਪਾਉਣਾ ਹੀ ਪਵੇਗਾ | ਫਾਲਤੂ ਦਾ ਖਰਚਾ ਕਿਉਂ ਪਾਉਣਾ | ਮੈਨੂੰ ਮੱਤਾਂ ਦੇਂਦਾ ਕਿ ਮੈਂ ਕਦੀ ਘਾਟੇ ਵਾਲਾ ਕੰਮ ਨਹੀਂ ਕਰਦਾ | ਇਸ ਦੀ ਖੇਚਲ ਵਾਧੂ, ਕਦੀ ਅੰਦਰ ਬੰਨ੍ਹੋ, ਕਦੀ ਬਾਹਰ | ਵੈਸੇ ਵੀ ਬੇਬੇ ਅੱਧਾ ਵਿਹੜਾ ਤਾਂ ਇਸ ਨੇ ਮਲਿਆ ਹੋਇਆ ਹੈ | ਜੇ ਚਾਰ ਪ੍ਰਾਹੁਣੇ ਆ ਜਾਣ ਤਾਂ ਮੰਜੇ ਡਾਹੁਣ ਲਈ ਥਾਂ ਨਹੀਂ ਬਚਦੀ |' ਮੇਰਾ ਤਾਂ ਸੁਣ-ਸੁਣ ਕੇ ਰੋਣਾ ਬੰਦ ਨਾ ਹੋਵੇ |
'ਮੈਂ ਬਥੇਰਾ ਕਿਹਾ ਕਿ ਬੇਟਾ ਜਿੰਨੀ ਇਸ ਦੀ ਉਮਰ ਵਾਹਿਗੁਰੂ ਨੇ ਲਿਖੀ ਹੈ, ਉਹ ਇਸ ਨੂੰ ਇਸੇ ਘਰ ਵਿਚ ਹੀ ਪੂਰੀ ਕਰਨ ਦੇ | ਕਹਿੰਦੀ ਕਹਿੰਦੀ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਗਣ ਲੱਗੇ |
ਕਹਿੰਦਾ, 'ਸਿਆਣਪ ਇਸੇ ਵਿਚ ਹੈ ਕਿ ਇਸ ਪੁਰਾਣੇ ਗੋਰੇ ਨੂੰ ਬੁੱਚੜਖਾਨੇ ਵਾਲਿਆਂ ਕੋਲ ਦੇ ਦੇਈਏ | ਅੱਜਕਲ੍ਹ ਪਸ਼ੂਆਂ ਦਾ ਰੇਟ ਵਧ ਗਿਆ ਹੈ | ਇਹ ਬੁੱਢਾ ਬੈਲ ਉੱਚਾ ਲੰਮਾ ਹੈ | ਇਸ ਦੇ ਪੈਸੇ ਚੰਗੇ ਮਿਲ ਜਾਣਗੇ |' ਕਹਿੰਦੀ-ਕਹਿੰਦੀ ਦੀਆਂ ਅੱਖਾਂ ਲਗਾਤਾਰ ਹੰਝੂ ਵਹਾ ਰਹੀਆਂ ਸਨ | ਫਿਰ ਕਹਿਣ ਲੱਗੀ, 'ਜਦੋਂ ਬੁਚੜਖਾਨੇ ਵਾਲੇ ਗੋਰੇ ਨੂੰ ਰੱਸਾ ਬੰਨ੍ਹ ਕੇ ਖਿੱਚ ਰਹੇ ਸਨ, ਤਾਂ ਉਹ ਮੁੜ-ਮੁੜ ਪਿਛੇ ਮੰੂਹ ਕਰਕੇ ਮੇਰੇ ਵੱਲ ਵੇਖਦਾ | ਮੈਨੂੰ ਲਗਦਾ ਜਿਵੇਂ ਮੈਨੂੰ ਇਹ ਬੇਜ਼ਬਾਨ ਸ਼ਬਦ ਕਹਿੰਦੀ-ਕਹਿੰਦੀ ਆਪਣੇ ਘਰ ਵਾਲੇ ਦੇ ਮੋਢੇ 'ਤੇ ਸਿਰ ਰੱਖ ਕੇ ਫਫਕ-ਫਫਕ ਕੇ ਰੋਣ ਲੱਗ ਗਈ | ਸ਼ਾਇਦ ਉਸ ਨੂੰ ਬੇਟੇ ਦੀ ਸੋਚ ਵਿਚੋਂ ਆਪਣੇ ਅਤੇ ਆਪਣੇ ਪਤੀ ਦੇ ਬੁਢਾਪੇ ਦਾ ਝਲਕਾਰਾ ਨਜ਼ਰ ਆਉਣ ਲੱਗਾ |

-ਬੀ.ਟੀ.ਐਸ. ਪਲਾਟ, ਅੱਲਾਪਲੀ ਰੋਡ, ਬਲਾਰਪੁਰ, ਜ਼ਿਲ੍ਹਾ ਚੰਦਰਪੁਰ-442701.
ਮੋਬਾਈਲ : 098222-22139.


ਖ਼ਬਰ ਸ਼ੇਅਰ ਕਰੋ

ਸਿਆਣਪ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਹਾਥੀ ਤੇ ਮੂਰਖ ਦੇ ਰਾਹ ਵਿਚੋਂ ਪਰੇ ਹਟ ਜਾਣਾ ਕੋਈ ਮਾੜੀ ਜਾਂ ਬੇਇਜ਼ਤੀ ਵਾਲੀ ਗੱਲ ਨਹੀਂ ਹੁੰਦੀ ਸਗੋਂ ਸਿਆਣਪ ਵਾਲੀ ਗੱਲ ਹੁੰਦੀ ਹੈ |
• ਸਿਆਣਪ ਬਿਨਾਂ ਸੋਨਾ ਮਿੱਟੀ ਹੁੰਦਾ ਹੈ |
• ਸਿਆਣਪ ਤੇ ਨੇਕੀ ਗੱਡੀ ਦੇ ਦੋ ਪਹੀਆਂ ਵਰਗੀਆਂ ਹੁੰਦੀਆਂ ਹਨ |
• ਜ਼ਿੰਦਗੀ 'ਤੇ ਕਿਸਮਤ ਨਹੀਂ ਸਿਆਣਪ ਰਾਜ ਕਰਦੀ ਹੈ |
• ਡਰ ਦੀ ਹਾਜ਼ਰੀ ਵਿਚ ਸਿਆਣਪ ਗ਼ੈਰ-ਹਾਜ਼ਰ ਹੋ ਜਾਂਦੀ ਹੈ |
• ਜੇ ਤੁਸੀਂ ਆਪਣੇ ਕਮਰੇ ਦਾ ਇਕ ਚੱਕਰ ਵੀ ਲਗਾਉਂਦੇ ਹੋ ਤਾਂ ਵੀ ਤੁਸੀਂ ਉਸ ਆਦਮੀ ਨਾਲੋਂ ਸਿਆਣੇ ਹੁੰਦੇ ਹੋ ਜੋ ਸਾਰਾ ਦਿਨ ਬੈਠਾ ਹੀ ਰਹਿੰਦਾ ਹੈ |
• ਸਿਆਣੇ ਆਦਮੀ ਦੇ ਹੱਥ ਵਿਚ ਕੁਝ ਵੀ ਆ ਜਾਵੇ, ਉਹ ਉਸੇ ਦੇ ਔਜਾਰ ਬਣਾ ਲੈਂਦਾ ਹੈ |
• ਜਿਹੜੇ ਬੰਦੇ ਵਕਤ ਨਾਲ ਬਦਲਦੇ ਨਹੀਂ, ਉਹ ਜਾਂ ਤਾਂ ਸਭ ਤੋਂ ਸਿਆਣੇ ਮਨੁੱਖ ਹੁੰਦੇ ਹਨ ਜਾਂ ਸਭ ਤੋਂ ਬੇਵਕੂਫ਼ |
• ਹਾਸਰਸ : * ਸਵੇਰੇ-ਸਵੇਰੇ ਫੇਰੀ ਵਾਲਾ ਆਵਾਜ਼ ਲਾ ਰਿਹਾ ਸੀ, 'ਚਾਕੂ-ਛੁਰੀਆਂ ਤੇਜ਼ ਕਰਾ ਲਵੋ | ਔਰਤ ਨੇ ਪੁੱਛਿਆ 'ਵੇ ਭਾਈ ਕੀ ਅਕਲ ਵੀ ਤੇਜ਼ ਕਰਦਾ ਏਾ? ਫੇਰੀ ਵਾਲਾ ਕਹਿਣ ਲੱਗਾ 'ਹਾਂ, ਭੈਣ ਜੀ, ਅਕਲ ਹੋਵੇ ਤਾਂ ਲੈ ਆਓ |'
• ਪੈਸੇ ਦੀ ਘਾਟ ਕਰਕੇ ਦੁਨੀਆ ਓਨੀ ਦੁਖੀ ਨਹੀਂ, ਜਿੰਨੀ ਸਮਝ ਦੀ ਘਾਟ ਕਰਕੇ ਦੁਖੀ ਹੈ |
• ਜਿਹੜਾ ਵੀਹ ਸਾਲ ਦੀ ਉਮਰ 'ਚ ਬਹਾਦਰ ਨਾ ਹੋਵੇ, ਤੀਹ 'ਚ ਮਜ਼ਬੂਤ ਨਾ ਹੋਵੇ, 40 'ਚ ਅਮੀਰ ਨਾ ਹੋਵੇ ਅਤੇ 50 'ਚ ਤਜਰਬੇਕਾਰ (ਅਨੁਭਵੀ) ਨਾ ਹੋਵੇ, ਉਹ ਕਦੇ ਵੀ ਬਹਾਦਰ, ਮਜ਼ਬੂਤ, ਅਮੀਰ ਅਤੇ ਸਿਆਣਾ ਨਹੀਂ ਹੋ ਸਕਦਾ |
• ਜਿਥੇ ਗਿਆਨੀ ਤੇ ਸਿਆਣੇ ਹੁੰਦੇ ਹਨ, ਉਥੇ ਹੀ ਸਵਰਗ ਹੁੰਦਾ ਹੈ ਅਤੇ ਜਿਥੇ ਮੂਰਖਾਂ ਦਾ ਸਾਥ ਹੋਵੇ, ਉਹ ਥਾਂ ਨਰਕ ਦੇ ਸਮਾਨ ਹੁੰਦਾ ਹੈ | ਜਿਸ ਤਰ੍ਹਾਂ ਦੀ ਸੰਗਤ ਹੁੰਦੀ ਹੈ, ਉਸ ਤਰ੍ਹਾਂ ਦਾ ਬਣਦਾ ਹੈ ਮਨੁੱਖ |
• ਜਿਸ ਵਿਚ ਸ਼ਰਾਫ਼ਤ ਅਤੇ ਇਮਾਨਦਾਰੀ ਨਹੀਂ, ਉਸ ਦੇ ਸੂਝਵਾਨ ਹੋਣ ਦਾ ਕੋਈ ਮਹੱਤਵ ਨਹੀਂ | (ਚਲਦਾ)

-ਮੋਬਾਈਲ : 99155-63406.

ਵਿਅੰਗ: ਘਰ ਬੈਠਿਆਂ ਸ਼ਾਪਿੰਗ

ਵੈਸੇ ਤਾਂ ਅਸੀਂ ਬਥੇਰੇ ਪੜ੍ਹੇ-ਗੁੜ੍ਹੇ ਹਾਂ, ਉਮਰ ਪੱਖੋਂ ਵੀ ਪਕੇਰੇ ਅੰਬ ਹਾਂ ਤੇ ਛੇਤੀ ਕੀਤਿਆਂ ਕਿਸੇ ਦੀਆਂ ਮੋਮੋਠੱਗਣੀਆਂ ਗੱਲਾਂ 'ਚ ਨਹੀਂ ਆਉਂਦੇ ਪਰ ਕਹਿੰਦੇ ਹਨ ਜਦੋਂ ਕਿਸਮਤ ਮਾੜੀ ਹੋਵੇ ਤਾਂ ਊਠ 'ਤੇ ਬੈਠਿਆਂ ਨੂੰ ਵੀ ਕੁੱਤਾ ਚੱਕ ਵੱਢ ਜਾਂਦਾ ਹੈ | ਕੁਝ ਅਜਿਹਾ ਸਾਡੇ ਨਾਲ ਹੋਇਆ |
ਉਸ ਦਿਨ ਪਤਾ ਨਹੀਂ ਕੀ ਪੁੱਠੀ ਭੁਆਂਟਣੀ ਆਈ ਕਿ ਅਸੀਂ ਸਮਾਂ ਗੁਜ਼ਾਰਨ ਹਿਤ ਟੀ.ਵੀ. ਦੇ ਭਾਂਤ-ਭਾਂਤ ਦੇ ਚੈਨਲ ਦੇਖਣ ਲੱਗ ਪਏ |
ਸਾਡੀ ਮਾੜੀ ਕਿਸਮਤ ਨੂੰ ਘਰ ਬੈਠਿਆਂ ਸ਼ਾਪਿੰਗ ਦਾ ਮਜ਼ਾ ਦੇਣ ਵਾਲੇ ਚੈਨਲ ਸ਼ੁਰੂ ਹੋ ਗਏ | ਇਕ ਚੈਨਲ 'ਤੇ ਇਕ ਸੁਬਕ ਜਿਹੀ ਨੱਢੀ ਮਨਮੋਹਕ ਅੰਦਾਜ਼ 'ਚ ਕਿਸੇ ਉਦੈਪੁਰੀ ਰਜਾਈ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਰਹੀ ਸੀ | ਸੰੁਦਰ ਲਾਲ ਰਜਾਈ ਨੂੰ ਆਪਣੇ ਚਾਰੋਂ ਪਾਸੇ ਲਪੇਟ ਕੇ ਉਹ ਦਿਲਕਸ਼ ਅਦਾਵਾਂ ਨਾਲ ਮਨਮੋਹਕ ਡਾਂਸ ਕਰਦੀ ਫਿਰਦੀ ਸੀ | ਬਿਲਕੁਲ ਹਵਾ 'ਚ ਉੱਡਦੀ, ਅਕਾਸ਼ੋਂ ਉਤਰੀ ਪਰੀ ਜਾਪਦੀ ਸੀ | ਰਜਾਈ ਨੂੰ ਪੱਕਾ ਨਗੰਦਣ ਤੇ ਰੰਗਣ ਦੇ ਵਿਦੇਸ਼ੀ ਢੰਗ-ਤਰੀਕਿਆਂ ਦਾ ਵੀ ਬੜਾ ਸਜੀਵ ਵਰਨਣ ਕੀਤਾ ਜਾ ਰਿਹਾ ਸੀ | ਇਸ ਨੂੰ ਉੁੱਪਰ ਲੈਣ ਨਾਲ ਸਾਡਾ ਮੋਢਿਆਂ ਤੇ ਗੋਡਿਆਂ ਦਾ ਦਰਦ ਵੀ ਛੂ-ਮੰਤਰ ਹੋ ਜਾਣਾ ਸੀ | ਸਾਡੇ ਲੱਖਾਂ ਰੁਪਏ ਬਚ ਜਾਣੇ ਸਨ | ਰਜਾਈ ਪੈਕ ਹੋ ਕੇ ਬਿਲਕੁਲ ਛੋਟੀ ਤੇ ਖੰਭ ਵਾਂਗ ਹਲਕੀ ਹੋ ਜਾਂਦੀ ਸੀ, ਜਿਸ ਨੂੰ ਹੱਥ 'ਚ ਫੜ ਕੇ ਜਿਥੇ ਮਰਜ਼ੀ ਲਿਜਾਇਆ ਜਾ ਸਕਦਾ ਸੀ | ਰਜਾਈ ਦੇ ਚਾਰੇ ਪਾਸੇ ਛਪੇ ਹੋਏ ਹਾਥੀ ਖਰੀਦਦਾਰਾਂ ਨੂੰ ਰਾਜਸਥਾਨ ਦੇ ਸੂਰਬੀਰ ਮਹਾਰਾਜਿਆਂ ਤੇ ਯੋਧਿਆਂ ਦੀ ਯਾਦ ਦਿਵਾਉਣਗੇ |
ਇਹ ਸਾਡੇ ਵਿਚ ਮਹਾਰਾਣਾ ਪ੍ਰਤਾਪ ਵਰਗੀ ਵੀਰਤਾ, ਨਿਡਰਤਾ ਤੇ ਦੇਸ਼ ਪ੍ਰੇਮ ਦਾ ਸੰਚਾਰ ਕਰੇਗੀ | ਇਹੋ ਜਿਹੀਆਂ ਦੋ ਨਾਯਾਬ ਤੇ ਦਿਲਕਸ਼ ਰਜਾਈਆਂ ਦਾ ਮੁੱਲ ਸਿਰਫ਼ ਤੇ ਸਿਰਫ਼ 1399 ਰੁਪਏ ਸੀ | ਇਹ ਅਨੂਠੀ ਪੇਸ਼ਕਸ਼ ਸਿਰਫ਼ ਦੋ ਘੰਟਿਆਂ ਲਈ ਸੀ |
ਅਜਾੲੀਂ ਸਮਾਂ ਗੁਆਉਣਾ ਅਲਗਰਜ਼ੀ ਨਹੀਂ ਸਗੋਂ ਮੂਰਖਤਾ ਸੀ | ਆਪਣੇ ਬਹਾਦਰ ਵਿਰਸੇ ਨਾਲ ਜੁੜਨ ਦਾ ਇਹੋ ਜਿਹਾ ਆਸਾਨ ਮੌਕਾ ਗੁਆਉਣਾ ਤਾਂ ਦੇਸ਼ ਧ੍ਰੋਹ ਸਮਾਨ ਸੀ | ਸੋ ਅਸੀਂ ਝੱਟ ਹੀ ਆਪਣੇ ਮੋਬਾਈਲ ਫੋਨ ਤੋਂ ਦਿੱਤੇ ਹੋਏ ਫੋਨ ਨੰਬਰ 'ਤੇ ਸੰਪਰਕ ਕਾਇਮ ਕੀਤਾ | ਦੋ ਚਾਰ ਮਿੰਟ ਕਤਾਰ 'ਚ ਲੱਗਣ ਬਾਅਦ ਸਾਡੀ ਇਸ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਦਾ ਸ੍ਰੀ ਗਣੇਸ਼ ਹੋ ਗਿਆ | ਉਨ੍ਹਾਂ ਨੇ ਸਾਨੂੰ ਦੁਨੀਆ ਦੇ ਸਭ ਤੋਂ ਵੱਧ ਖੁਸ਼ਕਿਸਮਤ ਇਨਸਾਨ ਦੱਸਿਆ ਕਿਉਂਕਿ ਸਾਡੀ ਫੋਨ ਕਾਲ ਉਨ੍ਹਾਂ ਤੱਕ ਪਹੁੰਚ ਗਈ ਸੀ ਤੇ ਅਸੀਂ ਸਿਆਣਪ ਦਿਖਾਉਂਦਿਆਂ ਰਜਾਈਆਂ ਦਾ ਆਰਡਰ ਦੇ ਕੇ ਆਪਣੀ ਜ਼ਿੰਦਗੀ ਸਦਾ ਲਈ ਸੁੱਖਾਂ ਲੱਧੀ ਬਣਾ ਲਈ ਸੀ |
ਸਾਡਾ ਸਾਮਾਨ ਸਮੰੁਦਰੀ ਜਹਾਜ਼ ਰਾਹੀਂ ਆਉਣਾ ਸੀ ਇਸ ਲਈ ਸਾਨੂੰ ਮਹਿਜ਼ 600 ਰੁਪਏ ਹੋਰ ਦੇਣੇ ਪੈਣੇ ਸਨ ਤੇ ਦੋ ਦੁਰਲਭ ਰਜਾਈਆਂ ਸਿਰਫ਼ ਤੇ ਸਿਰਫ਼ 1999 ਰੁਪਏ 'ਚ ਕੋਰੀਅਰ ਰਾਹੀਂ ਸਾਡੇ ਕੋਲ ਪਹੁੰਚ ਜਾਣੀਆਂ ਸਨ | ਇਹੋ ਜਿਹੀਆਂ ਲੁਭਾਉਣੀਆਂ ਗੱਲਾਂ ਸੁਣ-ਸੁਣ ਕੇ ਅਸੀਂ ਅਕਹਿ ਅਨੰਦ ਸਾਗਰ 'ਚ ਗੋਤੇ ਲਾਉਣ ਲੱਗ ਪਏ | ਪੁਰਾਤਨ ਰਾਜਿਆਂ ਮਹਾਰਾਜਿਆਂ ਵਾਂਗ ਆਪਣੇ-ਆਪ ਨੂੰ ਵਹੁਟੀ ਸਮੇਤ ਛਤਰ ਹੇਠਾਂ ਹਾਥੀ 'ਤੇ ਬੈਠਿਆਂ ਤਸੱਵਰ ਕਰ ਕੇ ਲੋਕਾਂ ਦੀ ਜੈ-ਜੈ ਕਾਰ ਸੁਣਨ ਲੱਗ ਪਏ | ਅਸੀਂ ਖ਼ੁਸ਼ੀ 'ਚ ਖੌਰੇ ਹੋ ਕੇ ਮਿੱਟੀ ਦੇ ਭਾਅ ਮਿਲ ਰਹੀਆਂ ਦੋ ਵਡਮੁੱਲੀਆਂ ਰਜਾਈਆਂ ਪ੍ਰਾਪਤ ਕਰਨ ਲਈ ਆਪਣਾ ਪੂਰਾ ਪਤਾ ਤੇ ਮੋਬਾਈਲ ਨੰਬਰ ਲਿਖਵਾ ਦਿੱਤਾ ਤੇ ਆਪਣਾ ਸਾਮਾਨ ਲੈਣ ਦਾ ਵਾਅਦਾ ਕਰ ਲਿਆ ਜੋ ਕਿ 24 ਘੰਟਿਆਂ ਅੰਦਰ ਸਾਡੇ ਕੋਲ ਪਹੁੰਚ ਰਿਹਾ ਸੀ |
ਅਗਲੇ ਦਿਨ ਪਹੁ-ਫੁਟਾਲੇ ਹੀ ਸਾਨੂੰ ਮੋਬਾਈਲ 'ਤੇ ਇਹ ਸੂਚਨਾ ਮਿਲ ਗਈ ਕਿ ਸਾਡੀਆਂ ਬੇਸ਼ੁਮਾਰ ਕੀਮਤੀ ਤੇ ਅਲੌਕਿਕ ਰਜਾਈਆਂ ਨੇੜਲੇ ਸ਼ਹਿਰ ਪਹੁੰਚ ਚੁੱਕੀਆਂ ਸਨ ਤੇ ਦੁਪਹਿਰ 11 ਵਜੇ ਤੱਕ ਸਾਡੇ ਕੋਲ ਪਹੁੰਚ ਜਾਣਗੀਆਂ | ਅਸੀਂ ਕੰਪਨੀ ਵਾਲਿਆਂ ਦੀ ਫੁਰਤੀ ਦੇਖ ਕੇ ਦੰਗ ਰਹਿ ਗਏ, ਜਿਸ ਨੇ ਹਜ਼ਾਰਾਂ ਮੀਲ ਦੂਰ ਕੋਈ ਬੰਦਰਗਾਹ ਨਾ ਹੋਣ ਦੇ ਬਾਵਜੂਦ ਵੀ ਸਾਡਾ ਸਾਮਾਨ ਸਮੰੁਦਰੀ ਰਸਤੇ ਰਾਹੀਂ ਸਾਨੂੰ ਪਹੁੰਚ ਦਿੱਤਾ ਸੀ | ਅਸੀਂ ਆਪਣੇ ਭਾਗਾਂ 'ਤੇ ਰਸ਼ਕ ਕਰਨ ਲੱਗ ਪਏ | ਵਸੂਲ ਦੀ ਉਡੀਕ 'ਚ ਸਾਡਾ ਇਕ ਇਕ ਪਲ ਯੁੱਗਾਂ ਵਾਂਗ ਬੀਤਣ ਲੱਗਾ |
ਪੂਰੇ ਗਿਆਰਾਂ ਵਜੇ ਸਾਡੇ ਦਰਵਾਜ਼ੇ ਦੀ ਘੰਟੀ ਵੱਜੀ | ਅਸੀਂ ਬਿਹਬਲ ਹੋ ਕੇ ਦਰਵਾਜ਼ੇ ਵੱਲ ਭੱਜੇ | ਸਾਡੇ ਸੁਪਨੇ ਸਾਕਾਰ ਹੋ ਗਏ ਸਨ | ਕੋਰੀਅਰ ਵਾਲਾ ਸਾਡਾ ਕਾਰੰੂ ਦਾ ਖਜ਼ਾਨਾ ਲੈ ਕੇ ਸਾਡੇ ਦੁਆਰ ਤੱਕ ਪਹੁੰਚ ਚੁੱਕਾ ਸੀ | ਉਸ ਨੇ ਪੈਸੇ ਵਸੂਲ ਕੇ ਇਕ ਬਿਲਕੁਲ ਹੀ ਨਿੱਕਾ ਜਿਹਾ ਪੈਕਟ ਸਾਡੇ ਸਪੁਰਦ ਕਰ ਦਿੱਤਾ | ਪੈਕਟ ਅਸਲੋਂ ਹੀ ਛੋਟਾ ਸੀ | ਸਾਨੂੰ ਖਦਸ਼ਾ ਸੀ ਕਿ ਇਸ ਵਿਚ ਕੋਈ ਨਿੱਕਰ ਜਾਂ ਕਛਹਿਰਾ ਹੀ ਨਾ ਹੋਵੇ ਪਰ ਅਜਿਹਾ ਪੁੱਛਣਾ ਸਾਨੂੰ ਆਪਣੀ ਸਿਆਣਪ ਦੀ ਤੌਹੀਨ ਕਰਵਾਉਣ ਸਮਾਨ ਲੱਗਾ ਤੇ ਅਸੀਂ ਚੁੱਪ ਕਰ ਕੇ ਉਹ ਪੈਕਟ ਰੱਖ ਲਿਆ |
ਮੁਲਾਜ਼ਮ ਦੇ ਜਾਣ ਬਾਅਦ ਅਸੀਂ ਪੈਕਟ ਖੋਲਿ੍ਹਆ ਤਾਂ ਉਸ ਵਿਚੋਂ ਦੋ ਪਤਲੀਆਂ ਖੇਸ ਜਿਹੀਆਂ ਚੀਜ਼ਾਂ ਨਿਕਲੀਆਂ | ਉਨ੍ਹਾਂ ਨੂੰ ਰਜਾਈਆਂ ਗਰਦਾਨਣਾ ਤਾਂ ਰਜਾਈਆਂ ਦੀ ਪਰਿਭਾਸ਼ਾ ਬਦਲਣ ਵਾਲੀ ਗੱਲ ਹੋਵੇਗੀ | ਉਦੈਪੁਰੀ ਰਜਾਈਆਂ ਤਾਂ ਹਲਕੀਆਂ ਹੀ ਹੁੰਦੀਆਂ ਹੋਣਗੀਆਂ ਪਰ ਐਨੀਆਂ ਪਤਲੀਆਂ ਵੀ ਨਹੀਂ ਜੋ ਫੂਕ ਮਾਰਿਆਂ ਉੱਡ ਜਾਣ | ਸ਼ਾਇਦ ਇਹ ਇਟਲੀ 'ਚ ਬੁਣੇ ਆਲੀਸ਼ਾਨ ਕੱਪੜੇ ਤੇ ਅਮਰੀਕਨ ਰੰੂ ਕਰਕੇ ਹੀ ਹਲਕੀਆਂ ਹੋਣ ਪਰ ਵੈਸੇ ਖੂਬ ਗਰਮ ਤੇ ਨਿੱਘੀਆਂ ਹੋਣ, ਸੋਚ ਕੇ ਅਸੀਂ ਜਨਵਰੀ ਦੀ ਠੰਢੀ ਇਕ ਰਾਤ ਨੂੰ ਭਰ ਸਰਦੀ ਵਿਚ ਟੀ.ਵੀ. ਚੈਨਲ 'ਤੇ ਇਸ ਦੀ ਮਸ਼ਹੂਰੀ ਕਰਨ ਵਾਲੀ ਮੁਟਿਆਰ ਵਾਂਗ ਵਿਹੜੇ 'ਚ ਇਸ ਨੂੰ ਚਾਰੋਂ ਪਾਸੇ ਲਪੇਟ ਕੇ ਸੌਣ ਲੱਗ ਪਏ | ਸਾਡੀ ਵਹੁਟੀ ਨੇ ਬਥੇਰੀ ਹਾਲ ਦੁਹਾਈ ਪਾਈ ਕਿ ਸਰਦਾਰ ਜੀ ਐਵੇਂ ਬਮਾਰ-ਠਮਾਰ ਹੋ ਜੋਗੇ... ਕਮਰੇ ਅੰਦਰ ਇਹਦੀ ਗੁਣਵੱਤਾ ਪਰਖ ਲਓ, ਪਰ ਅਸੀਂ ਤੁਰੰਤ ਆਪਣੇ ਪੈਸੇ ਖਰੇ ਕਰਨੇ ਚਾਹੁੰਦੇ ਸੀ |
ਸੋ ਵਹੁਟੀ ਦੀਆਂ ਨਸੀਹਤਾਂ ਨੂੰ ਇਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਦਿੱਤਾ | ਕਹਿੰਦੇ ਨੇ ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ ਮਗਰੋਂ ਹੀ ਪਤਾ ਲਗਦਾ ਹੈ | ਪਤਲੇ ਜਿਹੇ ਚਾਦਰ ਨੁਮਾ ਖੇਸ ਨੇ ਭਲਾ ਰਜਾਈ ਕਿਥੋਂ ਬਣਨਾ ਸੀ? ਸਾਨੂੰ ਠੰਢ ਲੱਗਣ ਲੱਗ ਪਈ | ਅਸੀਂ ਸੱਜਿਓਾ ਖੱਬਿਓਾ ਇਸ ਅਖੌਤੀ ਰਜਾਈ ਨੂੰ ਨੱਪ-ਘੁੱਟ ਕੇ ਨਿੱਘਿਆਂ ਹੋਣ ਲਈ ਜੱਦੋ-ਜਹਿਦ ਕਰਨ ਲੱਗੇ | ਪਰ ਕਮਬਖ਼ਤ ਖੇਸ ਰਜਾਈ ਨਾ ਬਣਿਆ | ਝੱਟ ਕੇ ਬਾਅਦ ਦੰਦੋੜਿੱਕੀ ਸ਼ੁਰੂ ਹੋ ਗਈ | ਸਰੀਰ ਕੰਬਣ ਲੱਗ ਪਿਆ | ਹੱਥ-ਪੈਰ ਠੰਢੇ ਹੋ ਗਏ | ਸਾਰੇ ਟੱਬਰ ਨੂੰ ਹੱਥਾਂ-ਪੈਰਾਂ ਦੀ ਪੈ ਗਈ | ਵਿਚਾਰੇ ਸਣੇ ਮੰਜੇ ਸਾਨੂੰ ਕਮਰੇ ਅੰਦਰ ਲੈ ਗਏ | ਕੋਈ ਹੱਥਾਂ-ਪੈਰਾਂ ਦੀਆਂ ਤਲੀਆਂ ਝੱਸਣ ਲੱਗਾ | ਕੋਈ ਸਾਡੇ 'ਤੇ ਮੋਟੀ ਰਜਾਈ ਦੇਣ ਦਾ ਆਹਰ-ਪਾਹਰ ਕਰਨ ਲੱਗਾ | ਵਿਚਾਰੀ ਵਹੁਟੀ ਗਰਮਾ-ਗਰਮ ਕੌਫ਼ੀ ਬਣਾਉਣ ਲੱਗ ਪਈ | ਇਸ ਓਹੜ-ਪੋਹੜ ਨਾਲ ਅਸੀਂ ਘੰਟੇ ਕੁ ਬਾਅਦ ਅੱਖਾਂ ਖੋਲ੍ਹ ਲਈਆਂ ਤੇ ਡੌਰ-ਭੌਰ ਹੋ ਕੇ ਚਾਰੇ ਪਾਸੇ ਦੇਖਣ ਲੱਗ ਪਏ | ਇਸ ਮੂਰਛਿਤ ਹਾਲਤ 'ਚ ਅਸੀਂ ਯਮਰਾਜ ਨਾਲ ਵੀ ਮਿਲਣੀ ਕਰ ਆਏ ਸੀ ਤੇ ਪਰਵਰਦਿਗਾਰ ਨੂੰ ਆਪਣੇ ਚੰਗੇ-ਮਾੜੇ ਕੰਮਾਂ ਦਾ ਲੇਖਾ-ਜੋਖਾ ਵੀ ਦੇ ਆਏ ਸੀ |

-ਵਾਰਡ ਨੰ: 28, ਮਕਾਨ ਨੰ: 582, ਮੋਗਾ |
ਮੋਬਾਈਲ: 93573-61417.

ਲਘੂ ਕਥਾ: ਐਫ.ਆਈ.ਆਰ.

ਉਸ ਦਾ ਮੋਟਰਸਾਈਕਲ ਘਰ ਦੇ ਮੂਹਰੇ ਖਲੋਤਾ ਚੋਰੀ ਹੋ ਗਿਆ ਸੀ | ਕਿਸੇ ਸਿਆਣੇ ਆਦਮੀ ਨੇ ਸਲਾਹ ਦਿੱਤੀ ਕਿ ਥਾਣੇ ਜਾ ਕੇ ਐਫ.ਆਈ.ਆਰ. ਦਰਜ ਕਰਾ ਦਿਓ | ਕਿਤੇ ਅਜਿਹਾ ਨਾ ਹੋਵੇ, ਕੋਈ ਵਾਰਦਾਤ ਕਰ ਜਾਵੇ ਤੇ ਤੁਹਾਡਾ ਨਾਂਅ ਲੱਗ ਜਾਵੇ | ਗੱਲ ਉਸ ਦੀ ਬਹੁਤ ਠੀਕ ਸੀ | ਕਈ ਵਾਰ ਅਜਿਹੀਆਂ ਘਟਨਾਵਾਂ ਸੁਣਨ ਵਿਚ ਆਈਆਂ ਹਨ | ਉਸ ਨੂੰ ਸਾਰੀ ਰਾਤ ਇਹ ਸੋਚ ਕੇ ਨੀਂਦ ਨਾ ਆਈ | ਅਗਲੇ ਦਿਨ ਉਹ ਐਫ.ਆਈ.ਆਰ. ਦਰਜ ਕਰਵਾਉਣ ਲਈ ਥਾਣੇ ਹਾਜ਼ਰ ਹੋ ਗਿਆ | ਉਸ ਨੇ ਉਥੋਂ ਦੇ ਮੁਨਸ਼ੀ ਨਾਲ ਗੱਲਬਾਤ ਕੀਤੀ | ਪਹਿਲਾਂ ਤਾਂ ਉਸ ਕਿਹਾ ਕਿ ਕਾਗਜ਼ ਮੁੱਕੇ ਹੋਏ ਹਨ | ਦੋ ਦਸਤੇ ਕਾਗਜ਼ ਲੈ ਆ, ਫਿਰ ਲਿਖਦੇ ਹਾਂ ਤੇਰੀ ਐਫ.ਆਈ.ਆਰ. | ਜਦੋਂ ਉਹ ਕਾਗਜ਼ ਲੈ ਕੇ ਆਇਆ ਤਾਂ ਉਸ ਨੂੰ ਫਿਰ ਕਹਿਣ ਲੱਗਾ, 'ਵੇਖ ਤੇਰਾ ਕੰਮ ਤਾਂ ਬਸ ਹੋਇਆ ਸਮਝ | ਸਿਰਫ਼ ਤੇਰਾ ਬਾਜ਼ਾਰ ਦਾ ਇਕ ਹੋਰ ਚੱਕਰ ਲੱਗੇਗਾ | ਉਹ ਕੁਰਸੀ ਉਤੇ ਬੈਠੇ ਸਾਡੇ ਨਵੇਂ ਐਸ.ਐਚ.ਓ. ਸਾਹਬ ਆਏ ਨੇ, ਉਨ੍ਹਾਂ ਨੂੰ ਸ਼ੇਵ ਕਰਨ ਦਾ ਸਾਮਾਨ ਚਾਹੀਦਾ ਹੈ |' ਮੁਨਸ਼ੀ ਨੇ ਦੁਕਾਨਦਾਰ ਦਾ ਨਾਂਅ ਵੀ ਦੱਸਿਆ ਕਿ ਤੈਨੂੰ ਉਥੋਂ ਸਭ ਕੁਝ ਮਿਲ ਜਾਵੇਗਾ | ਫਸਣ ਨੂੰ ਫਟਕਣ ਕੀ | ਦੁਕਾਨਦਾਰ ਨੇ ਸਾਰਾ ਸ਼ੇਵ ਦਾ ਸਾਮਾਨ ਪੈਕ ਕਰ ਦਿੱਤਾ | ਕੋਈ ਦੋ ਹਜ਼ਾਰ ਦਾ ਬਿੱਲ ਬਣ ਗਿਆ ਸੀ | ਇਹ ਵੇਖ ਕੇ ਉਸ ਨੂੰ ਇਕ ਤ੍ਰੇਲੀ ਜਿਹੀ ਆ ਗਈ | ਹੁਣ ਬਿੱਲ ਤਾਰ ਕੇ ਕਦੋਂ ਉਹ ਥਾਣੇ ਪਹੁੰਚਿਆ ਤਾਂ ਉਸ ਦੀ ਐਫ.ਆਈ.ਆਰ. ਤਿਆਰ ਹੋ ਰਹੀ ਸੀ |

-56/9, ਮੁਹੱਲਾ ਉੱਚਾ ਵਿਹੜਾ, ਕੰਨਾ-141401, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 99885-90956.

ਮਿੰਨੀ ਕਹਾਣੀ: ਗੁੜ

ਖੇਤਾਂ ਤੋਂ ਪੈਦਲ ਘਰ ਨੂੰ ਆਉਂਦਿਆਂ ਰਸਤੇ ਵਿਚ ਪ੍ਰਭਜੋਤ ਨੂੰ ਘਰ ਦੇ ਨਜ਼ਦੀਕ ਅਚਾਨਕ ਹੀ ਉਸ ਦਾ ਮਿੱਤਰ ਹਰਜੀਤ ਸਾਹਮਣਿਓਂ ਆਉਂਦਾ ਹੋਇਆ ਦਿਖਾਈ ਦਿੱਤਾ। ਚਾਰ ਪੰਜ ਸਾਲਾਂ ਤੋਂ ਕਿਥੇ ਰਹਿ ਰਿਹਾ ਆਂ ਦੋਸਤਾ, ਜਦੋਂ ਦਾ ਤੂੰ ਇਥੋਂ ਜ਼ਮੀਨ ਵੇਚ ਕੇ ਯੂ.ਪੀ. ਜਾ ਵਸਿਆ ਏਂ ਉਦੋਂ ਦਾ ਤੇ ਤੂੰ ਮਿਲਣੋ ਈਂ ਗਿਉਂ ਕਦੇ ਦਰਸ਼ਨ ਹੀ ਨਹੀਂ ਹੋਏ ਤੇਰੇ ? ਨਜ਼ਦੀਕ ਆਉਂਦੇ ਸਾਰ ਹੀ ਉਸ ਨੇ ਆਪਣੇ ਮਿੱਤਰ ਨੂੰ ਸਵਾਲ ਕੀਤਾ। ਕੀ ਦੱਸਾਂ ਯਾਰ ਪੰਜਾਹ ਕੁ ਪੈਲੀਆਂ ਦਾ ਇਕ ਟੱਕ ਇਕੱਠਾ ਮਿਲ ਗਿਆ ਸੀ ਖਰੀਦ ਲਿਆ, ਹੁਣ ਤਾਂ ਕੰਮ 'ਚੋਂ ਵਿਹਲ ਹੀ ਨਹੀਂ ਮਿਲਦਾ, ਮਿਲਣਾ ਮਿਲਾਉਣਾ ਕੀ ਆ, ਸ਼ੁਕਰ ਕਰ ਰੱਬ ਦਾ ਤੇਰਾ ਏਨਾ ਖਿਲਾਰਾ ਨਹੀਂ, ਇਸੇ ਕਰਕੇ ਸੁਖੀ ਆਂ ਤੂੰ। ਏਨਾ ਸੁਣ ਕੇ ਗੱਲ ਨੂੰ ਵਿਚੋਂ ਕੱਟਦਿਆਂ ਉਹ ਬੋਲਿਆ, ਚੱਲ ਛੱਡ ਯਾਰ ਆਪਾਂ ਘਰੇ ਚਲਦੇ ਆਂ ਬਾਕੀ ਉਥੇ ਕਰਦੇ ਆ ਦੁੱਖ ਸੁੱਖ ਦੀਆਂ ਏਨਾ ਕਹਿ ਕੇ ਉਹ ਉਸ ਨੂੰ ਆਪਣੇ ਨਾਲ ਆਪਣੇ ਘਰ ਲੈ ਆਇਆ। ਗੱਲਾਂ-ਬਾਤਾਂ ਦੇ ਰਵੱਈਏ ਤੋਂ ਉਸ ਨੂੰ ਇਵੇਂ ਮਹਿਸੂਸ ਹੋਇਆ ਕਿ ਜਿਵੇਂ ਉਸ ਨੂੰ ਜ਼ਿਆਦਾ ਅਮੀਰ ਹੋਣ ਜਾਣ ਦਾ ਗਰੂਰ ਹੋ ਗਿਆ ਹੋਵੇ, ਤਾਂ ਹੀ ਤਾਂ ਉਸ ਨੇ ਘੱਟ ਖਿਲਾਰਾ ਦੱਸ ਕੇ ਮਿਲਦਿਆਂ ਸਮੇਂ ਜਿਵੇਂ ਉਸ ਨੂੰ ਟਿੱਚਰ ਹੀ ਕੀਤੀ ਹੋਵੇ, ਜਿਸ ਕਰਕੇ ਉਸ ਦੇ ਮਨ ਵਿਚ ਉਸ ਪ੍ਰਤੀ ਥੋੜ੍ਹਾ ਵਿਰੋਧਾ-ਭਾਸ ਉਤਪੰਨ ਹੋ ਗਿਆ ਸੀ।
ਗੱਲਾਂਬਾਤਾਂ ਕਰਨ ਦੇ ਕੁਝ ਸਮੇਂ ਬਾਅਦ ਉਸ ਵਲੋਂ ਜਾਣ ਲਈ ਕਹਿਣ 'ਤੇ ਉਸ ਨੂੰ ਖਾਣਾ ਖਾ ਕੇ ਜਾਣ ਲਈ ਕਿਹਾ ਗਿਆ। ਖਾਣੇ ਸਮੇਂ ਹਾਸੇ ਮਜ਼ਾਕ ਦੀਆਂ ਗੱਲਾਂ ਚਲਦੀਆਂ ਰਹੀਆਂ ਸਨ। ਖਾਣਾ ਖਾ ਲੈਣ ਪਿਛੋਂ ਘਰ ਦਾ ਬਣਿਆ ਗੁੜ ਪਲੇਟ ਵਿਚ ਰੱਖ ਕੇ ਵਰਾਇਟੀ ਦੇ ਤੌਰ 'ਤੇ ਘਰ ਆਏ ਮਹਿਮਾਨ ਦੋਸਤ ਨੂੰ ਖਾਣ ਲਈ ਦਿੱਤਾ ਗਿਆ। ਪ੍ਰਭਜੋਤ ਇਹ ਜਾਣਦਾ ਸੀ ਕਿ ਹਰਜੀਤ ਨੂੰ ਬਚਪਨ ਵਿਚ ਗੁੜ ਬਹੁਤ ਪਸੰਦ ਹੁੰਦਾ ਸੀ। ਗੁੜ ਵੱਲ ਵੇਖ ਕੇ ਉਸ ਦੇ ਦੋਸਤ ਨੇ ਫੇਰ ਟਿੱਚਰ ਭਰੇ ਲਹਿਜੇ ਵਿਚ ਕਿਹਾ। ਇਹ ਕੀ ਲੈ ਆਂਦਾ ਈ ਯਾਰ...ਪਰੇ ਛੱਡ ਇਸ ਨੂੰ...ਵੱਡੀ ਸੌਗਾਤ...ਇਸ ਨੂੰ ਤਾਂ ਡੰਗਰ ਵੀ ਨਹੀਂ ਖਾਂਦੇ। ਜਿਹੜੇ ਡੰਗਰ ਆ ਉਹ ਬੇਸ਼ਕ ਨਾ ਖਾਣ, ਪਰ ਇਸ ਨੂੰ ਬੰਦੇ ਜ਼ਰੂਰ ਖਾਣਗੇ। ...ਕਹਿੰਦਿਆਂ ਹੋਇਆਂ ਪ੍ਰਭਜੋਤ ਨੇ ਪਲੇਟ ਵਿਚੋਂ ਗੁੜ ਦੀ ਢੇਲੀ ਚੁੱਕ ਕੇ ਖਾ ਲਈ। ਗੁੜ ਖਾਣ ਪਿਛੋਂ ਉਸ ਦੇ ਦਿਲ ਨੂੰ ਥੋੜ੍ਹਾ ਸਕੂਨ ਜਿਹਾ ਮਿਲ ਗਿਆ ਅਤੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਕਿ ਜਿਵੇਂ ਉਸ ਦੇ ਦੋਸਤ ਨੂੰ ਉਸ ਵਲੋਂ ਕੀਤੀਆਂ ਗਈਆਂ ਸਾਰੀਆਂ ਹੈਂਕੜ ਭਰੀਆਂ ਫੁਕਰੀਆਂ ਗੱਲਾਂ ਦਾ ਜੁਆਬ ਮਿਲ ਚੁੱਕਾ ਹੋਵੇ।


-ਮੋਬਾਈਲ : 9814537209

ਮਿੰਨੀ ਕਹਾਣੀ: ਕੱਚ-ਸੱਚ

ਹਰਮੀਤ ਜੰਮਪਲ ਤਾਂ ਉਂਜ ਪੰਜਾਬ ਦੀ ਸੀ ਪਰ ਵਿਦੇਸ਼ ਜਾ ਕੇ ਉਹ ਵਿਦੇਸ਼ੀ ਸੱਭਿਆਚਾਰ ਦੇ ਰਹੁ-ਰੰਗਾਂ ਵਿਚ ਰੰਗੀਜ਼ ਲਗਦੀ ਸੀ | ਉਸ ਦੇਸ਼ ਵਿਚ ਵਿਚਰਦਿਆਂ ਉਹ ਜਿਵੇਂ ਪੰਜਾਬੀ ਸੱਭਿਆਚਾਰ ਤੋਂ ਅਣਗੌਲੀ, ਅਗਿਆਨੀ ਅਤੇ ਅਭਿੱਜ ਜਿਹੀ ਪ੍ਰਤੀਤ ਹੁੰਦੀ ਹੈ | ਹਰ ਸਮੇਂ ਆਪਣੇ ਘਰੇਲੂ ਮਾਹੌਲ ਨੂੰ ਉਹ ਤਾਨਾਸ਼ਾਹੀ ਰੰਗਤ ਦੇਣ ਦੀ ਕੋਸ਼ਿਸ਼ ਕਰਦੀ | ਸਾਊ ਸੁਭਾਅ ਦੀ ਪ੍ਰਵਿਰਤੀ ਵਾਲਾ ਉਹਦਾ ਪਤੀ ਵਿਚਾਰਾ ਦੂਰ-ਦੁਰਾਡੇ ਸਰਵਿਸ ਕਰਦਾ ਕਦੇ-ਕਦਾੲੀਂ ਘਰ ਬਹੁੜਦਾ |
ਸਮਾਜਿਕ ਵਰਤਾਰੇ ਵਿਚ ਵੀ ਹਰਮੀਤ ਅਕਸਰ ਵਿਤੋਂ ਵੱਧ ਸਿਆਣੀ ਅਤੇ ਚਤੁਰ-ਚਲਾਕ ਹੋਣ ਦਾ ਅਡੰਬਰ ਰਚਦੀ | ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਦੀ ਕਹਾਵਤ ਵਾਂਗ ਦੂਹਰੇ ਕਿਰਦਾਰ ਨਿਭਾਉਂਦੀ | ਦੀਵੇ ਹੇਠ ਹਨੇਰੇ ਦੀ ਹੋਂਦ ਨੂੰ ਭੁਲ-ਭੁਲਾ ਜਾਂਦੀ | ਉਂਜ ਸੁਬ੍ਹਾ ਸਵੇਰੇ ਗੁਰਬਾਣੀ ਦਾ ਜਾਪ ਕਰਦੀ, ਪੰ੍ਰਤੂ ਅਸਲੀ ਰੂਪ ਵਿਚ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਹਰਮੀਤ ਦੇ ਮਨ-ਮਸਤਕ ਤੋਂ ਕੋਹਾਂ ਦੂਰ ਸਨ |
ਘਰ ਪਰਿਵਾਰ ਵਿਚ ਜਦੋਂ ਵੀ ਹਰਮੀਤ ਵਿਦੇਸ਼ੀ ਕਲਚਰ ਦੇ ਪ੍ਰਭਾਵ ਦਾ ਪ੍ਰਦਰਸ਼ਨ ਕਰਦੀ ਜਾਂ ਅਣਸੁਖਾਵਾਂ ਮਾਹੌਲ ਸਿਰਜਦੀ ਤਾਂ ਉਸ ਦੀ ਗੂੜ੍ਹ ਗਿਆਨਣ ਸੱਸ ਸੁਰਜੀਤ ਕੌਰ ਆਪਣੀ ਨੂੰ ਹ-ਰਾਣੀ ਨੂੰ ਨਸੀਹਤ ਦੇਂਦੀ, 'ਪੁੱਤ ਕੁੜੇ ਸਾਡਾ ਪਰਿਵਾਰ ਤਾਂ ਸਿੱਧਾ-ਸਾਦਾ ਜਿਹਾ ਪੇਂਡੂ ਪਿਛੋਕੜ ਵਾਲਾ ਸਧਾਰਨ ਪਰਿਵਾਰ ਹੈ | ਸਾਨੂੰ ਤਾਂ ਆਪਣੇ ਅਮੀਰ ਵਿਰਸੇ ਦੀਆਂ ਰਹੁ-ਰੀਤਾਂ 'ਚ ਰਹਿ ਕੇ ਜੀਵਨ ਜਿਊਣਾ ਚੰਗਾ ਲਗਦੈ | ਸਚਿਆਰੇ ਜੀਵਨ ਦੇ ਸੁਚੱਜੇ ਪੰਧ-ਪੈਂਡਿਆਂ ਅਤੇ ਸੱਚੇ-ਰਾਹ ਦਸੇਰੇ ਗੁਰੂਆਂ ਦੇ ਗਾਡੀ ਰਾਹ 'ਤੇ ਚੱਲ ਕੇ ਹੀ ਆਪਾਂ ਆਪਣਾ ਮਨੁੱਖਾ ਜੀਵਨ ਸੁਹਜ ਸਵਾਰ ਸਕਦੇ ਹਾਂ ਬੀਬਾ |'
ਸੂਝਵਾਨ ਸੱਸ ਸੁਰਜੀਤ ਕੌਰ ਦੀ ਗੂੜ੍ਹ-ਗਿਆਨ ਵਾਲੀ ਸਿੱਖਿਆ ਸੁਣ ਕੇ ਹੰਕਾਰੀ ਹਰਮੀਤ ਦੇ ਕੰਨਾਂ 'ਤੇ ਜੰੂ ਤੱਕ ਨਾ ਸਰਕਦੀ | ਸਗੋਂ ਇਸ ਦੇ ਵਿਰੋਧ ਵਿਚ ਉਹ ਵਿਅੰਗ ਕੱਸਦੀ, 'ਆਈ ਡੌਾਟ ਕੇਅਰ ਅਬਾਊਟ ਇਟ-ਮੈਨੂੰ ਨਾ ਦਿਆ ਕਰੋ ਅਜਿਹੀਆਂ ਮੱਤਾਂ | ਏਸ ਦੇਸ਼ ਵਿਚ ਏਦਾਂ ਨ੍ਹੀਂ ਚੱਲਦਾ... |'
'ਠੀਕ ਐ ਕੁੜੀਏ | ਜੇ ਮੇਰੀ ਮੱਤ ਨਹੀਂ ਕਬੂਲ ਤੈਨੂੰ... ਤੂੰ ਸਾਡੇ ਗੁਰੂਆਂ ਦੀ ਇਲਾਹੀ ਬਾਣੀ ਤੋਂ ਹੀ ਕੁਝ ਸਿਖ-ਸਮਝ ਲੈ ਜਿਸਦਾ ਤੰੂ ਰੋਜ਼ ਸਿਮਰਨ ਕਰਦੀ ਏਾ | ਮੇਰੀ ਜਾਚੇ ਜੇ ਤੇਰੀ ਹਊਮੈਂ ਦੀ ਅਗਨੀ ਸੜਦੀ ਸੌੜੀ-ਸੰੁਗੜੀ ਸੋਚ ਪਾਵਨ ਪਵਿੱਤਰ ਗੁਰਬਾਣੀ ਦੇ ਮਹਾਂਵਾਕਾਂ ਦੇ ਇਕ ਵੀ ਸ਼ਬਦ ਦੀ ਸਾਰਥਿਕਤਾ ਨੂੰ ਸਮਝਣ ਦੇ ਸਮਰੱਥ ਹੁੰਦੀ ਤਾਂ ਤੂੰ ਸਾਡੇ ਹੱਸਦੇ-ਵਸਦੇ ਘਰ ਦੇ ਸਵਰਗ ਨੂੰ ਨਰਕ ਨਾ ਬਣਾਉਂਦੀ |' ਸੁਘੜ ਸਿਆਣੀ ਸੱਸ ਨੇ ਆਪਣੀ ਨੂੰ ਹ ਦੇ ਕੱਚ-ਸੱਚ 'ਤੇ ਚੋਟ ਮਾਰਦਿਆਂ ਹਕੀਕਤ ਬਿਆਨੀ |

-234, ਸੁਦਰਸ਼ਨ ਪਾਰਕ, ਮਕਸੂਦਾਂ ਜਲੰਧਰ |
ਮੋਬਾਈਲ : 99887-10234.

ਨਮੋਸ਼ੀ ਤੋਂ ਡਰਦੀਆਂ ਘਰੇ ਰਹਿ ਪੀਆਂ

ਪੂਰੀ ਤਰ੍ਹਾਂ ਸਿਹਤਮੰਦ ਬਾਪੂ ਅਚਾਨਕ ਦਿਲ ਦੇ ਦੌਰੇ ਕਾਰਨ ਤੁਰੇ ਜਾਂਦੇ ਰਾਹੀਆਂ ਨਾਲ ਰਲ ਗਿਆ ਸੀ | ਪੁੱਤਾਂ ਨੇ ਪਰਿਵਾਰ ਸਮੇਤ ਬਹੁਤ ਦੁੱਖ ਮਹਿਸੂਸ ਕੀਤਾ ਕਿਉਂਕਿ ਬਾਪੂ ਦੇ ਹੁੰਦਿਆਂ ਉਨ੍ਹਾਂ ਨੂੰ ਕਬੀਲਦਾਰੀ ਦਾ ਕੋਈ ਫ਼ਿਕਰ ਨਹੀਂ ਸੀ | ਸਾਰੇ ਪਿੰਡ ਵਿਚ ਖ਼ੁਸ਼ੀ-ਗ਼ਮੀ 'ਤੇ ਬਾਪੂ ਹੀ ਜਾਂਦਾ | ਸ਼ਹਿਰ ਰਹਿੰਦੇ ਛੋਟੇ ਪੁੱਤ ਲਈ ਬੱਸ ਅੱਡੇ ਤੋਂ ਡਰਾਈਵਰ ਹੱਥ ਦੁੱਧ ਭੇਜ ਆਉਂਦਾ | ਜ਼ਮੀਨ ਦੇ ਵੱਡੇ ਟੱਕ ਨੂੰ ਪੂਰਾ ਗੇੜਾ ਮਾਰਦਾ | ਹਰ ਬੂਟੇ ਨੂੰ ਨਿਰਖ ਨਾਲ ਵੇਖ ਕੇ ਅੰਦਾਜ਼ਾ ਲੈ ਲੈਂਦਾ ਕਿ ਫ਼ਸਲ ਕਿਥੋਂ ਚੰਗੀ ਹੈ ਤੇ ਕਿਥੋਂ ਮਾੜੀ |
ਸੂਚਨਾ ਮਿਲਣ 'ਤੇ ਅੰਤਿਮ ਅਰਦਾਸ ਵਿਚ ਦੂਰ-ਨੇੜੇ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਸਾਰੇ ਮਿੱਤਰ, ਸਜਣ ਤੇ ਵਾਕਫ਼ ਪਹੁੰਚੇ | ਸ਼ਰਧਾਂਜਲੀ ਦੇਣ ਸਮੇਂ ਜੇ ਇਕ ਅਗਾਂਹਵਧੂ, ਸੂਝਵਾਨ ਤੇ ਸਿਆਣੇ ਮੰਨੇ ਜਾਂਦੇ ਬੁਲਾਰੇ ਨੇ ਬਜ਼ੁਰਗ ਦੇ ਮਿਹਨਤੀ ਤੇ ਇਮਾਨਦਾਰ ਸੁਭਾਅ ਦੀ ਤਾਰੀਫ਼ ਕੀਤੀ ਤਦ ਦੂਸਰਿਆਂ ਨੇ ਉਸ ਦੇ ਕਾਮੇ, ਸੁਲੱਗ ਪੁੱਤਰਾਂ ਨੂੰ ਨੇਕ ਤੇ ਆਗਿਆਕਾਰੀ ਕਹਿ ਕੇ ਵਡਿਆਇਆ | ਸਭ ਲੋਕ ਖ਼ਾਮੋਸ਼ ਹੋ ਕੇ ਸੁਣ ਰਹੇ ਸਨ | ਇਸੇ ਸਮੇਂ ਦੌਰਾਨ ਔਰਤਾਂ ਵਾਲੇ ਪਾਸਿਉਂ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਪੰ੍ਰਤੂ ਸਪੀਕਰ ਦੀ ਆਵਾਜ਼ ਉੱਚੀ ਹੋਣ ਕਰਕੇ ਰੌਲੇ-ਰੱਪੇ ਦੇ ਕਾਰਨ ਉੱਭਰ ਕੇ ਸਾਹਮਣੇ ਨਾ ਆਇਆ | ਇਕੱਠ ਦੇ ਚਲੇ ਜਾਣ ਪਿਛੋਂ ਘਰ ਦੀਆਂ ਔਰਤਾਂ ਨੇ ਇਸ ਦਾ ਵੇਰਵਾ ਆਦਮੀਆਂ ਨੂੰ ਸਮਝਾਇਆ |
ਕੁਝ ਸਾਲ ਬੀਤਣ ਬਾਅਦ ਬਿਮਾਰੀਆਂ ਨਾਲ ਜੂਝਦੀ ਮਾਂ ਅੱਡੀਆਂ ਰਗੜ ਕੇ ਚਲ ਵਸੀ | ਨੂੰ ਹਾਂ-ਪੁੱਤਾਂ, ਪੋਤੇ ਸੇਵਾ ਸੰਭਾਲ ਕਰਦਿਆਂ ਅੱਕ ਗਏ ਸਨ | ਆਖ਼ਰੀ ਸਮੇਂ ਉਸ ਕੋਲ ਘਰ ਦਾ ਕੋਈ ਵੀ ਜੀਅ ਹਾਜ਼ਰ ਨਹੀਂ ਸੀ | ਭੋਗ ਦੇ ਦਿਨ ਬਾਰੇ ਸਭ ਨੂੰ ਪਹਿਲਾਂ ਇਤਲਾਹ ਦੇ ਦਿੱਤੀ ਗਈ | ਇਸ ਵਾਰ ਪਹਿਲਾਂ ਨਾਲੋਂ ਰੌਣਕ ਵੱਧ ਸੀ | ਪਿਛੋਂ ਗਿਣਤੀ ਮਿਣਤੀ ਤੋਂ ਪਤਾ ਲੱਗਾ ਕਿ ਇਸ ਵਾਰ ਛੋਟੀ ਭੂਆ ਦੀਆਂ ਨੂੰ ਹਾਂ ਨਹੀਂ ਆਈਆਂ ਸਨ |
ਕਾਫ਼ੀ ਦਿਨਾਂ ਬਾਅਦ ਵੱਡੇ ਪੁੱਤ ਨੇ ਮਾਂ ਦੇ ਅਫ਼ਸੋਸ ਦੀ ਘੜੀ 'ਤੇ ਨਾ ਪੁੱਜਣ ਦਾ ਉਲਾਂਭਾ ਦੇਣ ਦੇ ਇਰਾਦੇ ਨਾਲ ਫ਼ੋਨ ਕੀਤਾ ਜੋ ਭੂਆ ਦੀ ਵੱਡੀ ਨੂੰ ਹ ਨੇ ਚੁੱਕਿਆ | ਉਸ ਨੇ ਰੋਸ ਭਰੇ ਲਹਿਜ਼ੇ ਵਿਚ ਪੁੱਛਿਆ, 'ਭਾਈ! ਤੁਸੀਂ ਮਾਂ ਦੇ ਭੋਗ 'ਤੇ ਕਿਉਂ ਨਹੀਂ ਆਈਆਂ?'
ਸਾਹਮਣੇ ਪਾਸੇ ਤੋਂ ਜਵਾਬ ਸੀ, 'ਬਾਈ! ਮਾਮੇ ਮੁੱਕੇ ਤੋਂ ਸਾਡੇ ਨਾਲ ਆਂਢ-ਗੁਆਂਢ ਤੇ ਸ਼ਰੀਕੇ ਵਿਚੋਂ ਵਾਹਵਾ ਬੁੜੀਆਂ ਆਈਆਂ ਸਨ | ਸਾਰੀਆਂ ਕਹਿੰਦੀਆਂ 'ਚੰਗੇ ਚੰਗੇ' ਤਾਂ ਆਖੀ ਜਾਂਦੇ ਐ ਪਰ ਇਨ੍ਹਾਂ ਨੇ ਪਕਾਇਆ ਤਾਂ ਕੁਝ ਨੀਂ | ਰਾਹ ਵਿਚ ਉਨ੍ਹਾਂ ਨੇ ਸਾਡੇ ਮੰੂਹ ਵਿਚ 'ਗੂਠੇ ਦਿੱਤੇ | ਇਸ ਵਾਰੀ ਅਸੀਂ ਨਮੋਸ਼ੀ ਤੋਂ ਡਰਦੀਆਂ ਆਪ ਵੀ ਘਰੇ ਰਹਿ ਪੀਆਂ | ਫਿਰ ਵੀ ਤੁਹਾਡੇ ਭਰਾਵਾਂ ਨੂੰ ਘੱਲ 'ਤਾ, ਬਈ ਸਕੀਰੀ ਨਾ ਟੁੱਟੇ', ਉਸ ਨੇ ਵਿਸਥਾਰ ਨਾਲ ਸਪੱਸ਼ਟੀਕਰਨ ਦੇ ਦਿੱਤਾ |
ਫ਼ੋਨ ਕਰਨ ਵਾਲਾ ਬੋਲਿਆ, 'ਐਤਕੀਂ ਅਸੀਂ ਬੇਬੇ ਨੂੰ ਵੱਡੀ ਕੀਤਾ ਸੀ | ਕਰਨ ਹੁਰਾਂ ਨੂੰ ਪਤੈ |'
'ਤੁਸੀਂ ਪਹਿਲਾਂ ਦੱਸਣਾ ਸੀ ਨਾ' ਕਹਿੰਦਿਆਂ ਹੀ ਉਹ ਫੋਨ ਕੱਟ ਗਈ |

-ਗਲੀ ਨੰ: 1, ਤਰਨ ਤਾਰਨ ਨਗਰ, ਨੇੜੇ ਬਠਿੰਡਾ ਚੌਾਕ, ਸ੍ਰੀ ਮੁਕਤਸਰ ਸਾਹਿਬ | ਮੋਬਾਈਲ : 96461-41243.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX