ਤਾਜਾ ਖ਼ਬਰਾਂ


ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦਿਵਾਉਣ ਦੀ ਕੀਤੀ ਜਾਵੇਗੀ ਮੰਗ - ਭਗਵੰਤ ਮਾਨ
. . .  1 day ago
ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸੰਗਰੂਰ ਵੈਨ ਦਰਦਨਾਕ ਹਾਦਸੇ ਵਿਚ 4 ਬੱਚਿਆਂ ਨੂੰ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦੀ ਮੰਗ ਕੀਤੀ ਜਾਵੇਗੀ। ਇਸ ਸਬੰਧ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਜਾਣਕਾਰੀ...
ਕੋਰੋਨਾਵਾਇਰਸ : ਚੀਨ ਦੇ ਵੁਹਾਨ ਤੋਂ ਭਾਰਤ ਲਿਆਂਦੇ ਗਏ 406 ਭਾਰਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵੀਂ ਦਿੱਲੀ, 16 ਫਰਵਰੀ- ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਕਈ ਲੋਕ ਇਸ ਜਾਨ ਲੇਵਾ ਵਾਇਰਸ ਦੀ ਲਪੇਟ 'ਚ...
ਲੌਂਗੋਵਾਲ ਵੈਨ ਹਾਦਸੇ 'ਚ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਕੈਪਟਨ ਨੇ ਦਿੱਤੀ ਸ਼ਾਬਾਸ਼
. . .  1 day ago
ਚੰਡੀਗੜ੍ਹ, 16 ਫਰਵਰੀ- ਬੀਤੇ ਦਿਨੀਂ ਸੰਗਰੂਰ ਵਿਖੇ ਸਕੂਲ ਵੈਨ ਨੂੰ ਲੱਗੀ ਅੱਗ 'ਚ ਕੁੱਦ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 4 ਬੱਚਿਆਂ ਦੀ ਜਾਨ...
ਸਰਕਾਰ, ਪ੍ਰਸ਼ਾਸਨ ਅਤੇ ਖ਼ਰਾਬ ਸਿਸਟਮ ਦੀ ਲਾਪਰਵਾਹੀ ਕਾਰਨ ਵਾਪਰਿਆਂ ਲੌਂਗੋਵਾਲ ਵੈਨ ਹਾਦਸਾ : ਵਿਨਰਜੀਤ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ) - ਲੌਂਗੋਵਾਲ ਵਿਖੇ ਚਾਰ ਬੱਚਿਆਂ ਦੇ ਜਿੰਦਾ ਸੜ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਵਿਨਰਜੀਤ ...
ਚਾਰ ਕਾਰ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਲੁੱਟੇ ਦੋ ਲੱਖ ਰੁਪਏ
. . .  1 day ago
ਬਠਿੰਡਾ, 16 ਫਰਵਰੀ (ਨਾਇਬ ਸਿੱਧੂ)- ਬਠਿੰਡਾ 'ਚ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਦੋ ਲੱਖ ਰੁਪਏ ਲੁੱਟਣ...
ਅਕਾਲੀ ਦਲ (ਬ) ਦੇ ਵਫ਼ਦ ਵਲੋਂ ਲੌਂਗੋਵਾਲ ਹਾਦਸੇ ਦੇ ਪੀੜਤਾਂ ਨਾਲ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ...
ਭੀਮਾ ਕੋਰੇਗਾਂਵ ਮਾਮਲੇ ਨੂੰ ਐੱਨ. ਆਈ. ਏ. ਕੋਲ ਸੌਂਪ ਕੇ ਊਧਵ ਠਾਕਰੇ ਨੇ ਚੰਗਾ ਕੀਤਾ- ਫੜਨਵੀਸ
. . .  1 day ago
ਮੁੰਬਈ, 16 ਫਰਵਰੀ- ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਊਧਵ ਠਾਕਰੇ ਵਲੋਂ ਭੀਮਾ ਕੋਰੇਗਾਂਵ ਮਾਮਲੇ ਨੂੰ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਹਵਾਲੇ...
ਨਾਈਜੀਰੀਆ ਦੇ ਦੋ ਪਿੰਡਾਂ 'ਚ ਹਮਲਾ ਕਰਕੇ ਹਮਲਾਵਰਾਂ ਨੇ 30 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
. . .  1 day ago
ਆਬੂਜਾ, 16 ਫਰਵਰੀ- ਉੱਤਰੀ-ਪੱਛਮੀ ਨਾਈਜੀਰੀਆ ਦੇ ਇੱਕ ਇਲਾਕੇ 'ਚ ਹਥਿਆਰਬੰਦ ਗਿਰੋਹਾਂ ਨੇ ਦੋ ਪਿੰਡਾਂ 'ਚ ਹਮਲਾ ਕਰਕੇ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਵਲੋਂ ਅੱਜ ਇਹ ਜਾਣਕਾਰੀ...
ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਕੋਲਕਾਤਾ, 16 ਫਰਵਰੀ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇੱਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ...
ਸ਼ਰਦ ਪਵਾਰ ਨੇ ਐਨ.ਸੀ.ਪੀ ਦੇ ਮੰਤਰੀਆਂ ਦੀ ਸੋਮਵਾਰ ਨੂੰ ਬੁਲਾਈ ਬੈਠਕ
. . .  1 day ago
ਮੁੰਬਈ, 16 ਫਰਵਰੀ- ਐਨ.ਸੀ.ਪੀ ਮੁਖੀ ਸ਼ਰਦ ਪਵਾਰ ਨੇ ਸੋਮਵਾਰ ਨੂੰ ਮੁੰਬਈ 'ਚ ਮਹਾਰਾਸ਼ਟਰ ਸਰਕਾਰ 'ਚ ਪਾਰਟੀ ਦੇ ਮੰਤਰੀਆਂ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਗਰਮ ਰੁੱਤ ਦੀ ਮੂੰਗੀ ਬੀਜੋ

ਪੰਜਾਬ ਵਿਚ ਬਹਾਰ/ਗਰਮ ਰੁੱਤ ਦੌਰਾਨ ਮੱਕੀ ਅਤੇ ਮੂੰਗੀ ਦੀ ਫ਼ਸਲ ਦੀ ਕਾਸ਼ਤ ਕੀਤੀ ਜਾਂਦੀ ਹੈ। ਪਰੰਤੂ ਕਿਸਾਨ ਵੀਰਾਂ ਦਾ ਜ਼ਿਆਦਾ ਰੁਝਾਨ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਵੱਲ ਵੱਧ ਰਿਹਾ ਹੈ। ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਜ਼ਿਆਦਾਤਰ ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਰੋਪੜ ਆਦਿ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਫ਼ਸਲ ਜਨਵਰੀ/ਫਰਵਰੀ-ਜੂਨ ਸਮੇਂ ਦੌਰਾਨ ਪੈਦਾ ਕੀਤੀ ਜਾਂਦੀ ਹੈ। ਅਪ੍ਰੈੈਲ-ਜੂਨ ਵਿਚ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਇਹ ਫ਼ਸਲ ਵੱਧ ਪਾਣੀ ਮੰਗਦੀ ਹੈ। ਬਹਾਰ ਰੁੱਤ ਦੀ ਮੱਕੀ ਨੂੰ ਤਕਰੀਬਨ 15-18 ਪਾਣੀ ਲਾਉਣੇ ਪੈਂਦੇ ਹਨ ਕਿਉਂਕਿ ਉਸ ਸਮੇਂ ਦੌਰਾਨ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਮੱਕੀ ਦੀ ਫ਼ਸਲ ਵੱਧ ਤਾਪਮਾਨ ਨਹੀਂ ਸਹਾਰ ਸਕਦੀ ਜਿਸ ਕਰਕੇ ਵਾਰ-ਵਾਰ ਪਾਣੀ ਲਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਨਾਲ-ਨਾਲ ਮੱਕੀ ਨੂੰ ਵੱਧ ਖਾਦ ਦੀ ਵੀ ਲੋੜ ਹੁੰਦੀ ਹੈ।
ਬਹਾਰ ਰੁੱਤ ਦੀ ਮੱਕੀ ਦੀ ਥਾਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਪਾਣੀ ਦੀ ਬੱਚਤ ਕਰਨ ਤੋਂ ਇਲਾਵਾ ਮਨੁੱਖੀ ਅਤੇ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਲਿਆ ਸਕਦੇ ਹਾਂ। ਦਾਲਾਂ ਪ੍ਰੋਟੀਨ, ਫਾਈਬਰ ਅਤੇ ਹੋਰ ਜ਼ਰੂਰੀ ਤੱਤਾਂ ਦਾ ਚੰਗਾ ਸਰੋਤ ਹਨ ਜੋ ਕਿ ਸ਼ਾਕਾਹਾਰੀ ਲੋਕਾਂ ਦੀ ਸੰਤੁਲਿਤ ਖੁਰਾਕ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ। ਦਾਲਾਂ ਕੈਂਸਰ, ਸ਼ੂਗਰ ਅਤੇ ਦਿਲ ਦੀਆਂ ਬੀਮਾਰਿਆਂ ਨਾਲ ਲੜਨ ਦੀ ਤਾਕਤ ਦਿੰਦੀਆਂ ਹਨ। ਆਪਣੀ ਲੋੜ ਪੂਰੀ ਕਰਨ ਲਈ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਫ਼ਸਲੀ ਚੱਕਰ ਵਿਚ ਘੱਟ ਸਮਾਂ ਲੈਣ ਵਾਲੀਆਂ ਦਾਲਾਂ ਜਿਵੇਂ ਕਿ ਗਰਮ ਰੁੱਤ ਦੀ ਮੂੰਗੀ ਬੀਜ ਕੇ ਪਾਣੀ ਦੀ ਬੱਚਤ ਹੋ ਸਕਦੀ ਹੈ, ਜ਼ਮੀਨ ਦੀ ਸਿਹਤ ਸੁਧਾਰੀ ਜਾ ਸਕਦੀ ਹੈ ਅਤੇ ਮਨੁੱਖੀ ਸਿਹਤ ਲਈ ਪੌਸ਼ਟਿਕ ਖੁਰਾਕ ਮਿਲ ਸਕਦੀ ਹੈ।
ਗਰਮ ਰੱਤ ਦੀ ਮੂੰਗੀ ਇਕ ਘੱਟ ਸਮਾਂ (ਤਕਰੀਬਨ 60-65 ਦਿਨ), ਖਾਦ ਅਤੇ ਪਾਣੀ ਲੈਣ ਵਾਲੀ ਫ਼ਸਲ ਹੈ ਜਦੋਂ ਕਿ ਬਹਾਰ ਰੁੱਤ ਦੀ ਮੱਕੀ ਇਕ ਵੱਧ ਸਮਾਂ (ਤਕਰੀਬਨ 120 ਦਿਨ), ਖਾਦ ਅਤੇ ਪਾਣੀ ਲੈਣ ਵਾਲੀ ਫ਼ਸਲ ਹੈ। ਆਲੂਆਂ ਤੋਂ ਬਾਅਦ ਮੱਕੀ/ਝੋਨਾ-ਆਲੂ-ਗਰਮੀ ਰੁੱਤ ਮੂੰਗੀ ਦੇ ਫ਼ਸਲੀ ਚੱਕਰ ਵਿਚ ਮੂੰਗੀ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਹੈ। ਪਰ ਬਹਾਰ ਰੁੱਤ ਦੀ ਮੱਕੀ ਨੂੰ ਤਕਰੀਬਨ 110 ਕਿਲੋ ਯੂਰੀਆ, 55 ਕਿਲੋ ਡੀ. ਏ. ਪੀ. ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉਣ ਦੀ ਲੋੜ ਪੈਂਦੀ ਹੈ। ਇਸ ਦੇ ਨਾਲ-ਨਾਲ ਗਰਮ ਰੁੱਤ ਦੀ ਮੂੰਗੀ ਤਕਰੀਬਨ 25 ਕਿੱਲੋ ਨਾਈਟ੍ਰੋਜਨ ਪ੍ਰਤੀ ਏਕੜ ਹਵਾ ਵਿਚੋਂ ਜ਼ਮੀਨ ਵਿਚ ਜਜ਼ਬ ਕਰਦੀ ਹੈ। ਗਰਮ ਰੁੱਤ ਦੀ ਮੂੰਗੀ ਦੀ ਵਾਢੀ ਤੋਂ ਬਾਅਦ ਮੂੰਗੀ ਦੇ ਨਾੜ ਨੂੰ ਖੇਤ ਵਿਚ ਵਾਹੁਣ ਨਾਲ ਅਗਲੀ (ਝੋਨੇ ਦੀ) ਫ਼ਸਲ ਵਿਚ 1/3 ਹਿੱਸਾ ਨਾਈਟ੍ਰੋਜਨ (ਤਕਰੀਬਨ 30 ਕਿਲੋ ਯੂਰੀਆ ਪ੍ਰਤੀ ਏਕੜ) ਦੀ ਬੱਚਤ ਹੁੰਦੀ ਹੈ। ਬਹਾਰ ਰੁੱਤ ਦੀ ਮੱਕੀ ਨੂੰ ਤਕਰੀਬਨ 15-18 ਅਤੇ ਗਰਮ ਰੁੱਤ ਦੀ ਮੂੰਗੀ ਨੂੰ ਤਕਰੀਬਨ 3-4 ਪਾਣੀਆਂ ਦੀ ਲੋੜ ਹੁੰਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਬਜਾਏ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਕਿਸਾਨ ਤਕਰੀਬਨ 70-80% ਪਾਣੀ ਦੀ ਬੱਚਤ ਕਰ ਸਕਦੇ ਹਨ।
ਗਰਮ ਰੁੱਤ ਦੀ ਮੂੰਗੀ ਦੀਆਂ ਐਸ. ਐਮ. ਐਲ. 1827, ਟੀ. ਐਮ. ਬੀ. 37, ਐਸ ਐਮ ਐਲ 832 ਅਤੇ ਐਸ. ਐਮ. ਐਲ. 668 ਉੱਨਤ ਕਿਸਮਾਂ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਬੀਜੀਆਂ ਜਾ ਸਕਦੀਆਂ ਹਨ। ਮੂੰਗੀ ਦੀ ਕਿਸਮ ਐਸ. ਐਮ. ਐਲ. 668 ਲਈ 15 ਕਿਲੋ ਅਤੇ ਬਾਕੀ ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਬਿਜਾਈ ਲਈ ਕਾਫੀ ਹੁੰਦਾ ਹੈ। ਇਨ੍ਹਾਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 22.5 ਸੈਂਟੀਮੀਟਰ ਅਤੇ ਡੂੰਘਾਈ 4-6 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬਿਜਾਈ ਤੋਂ ਪਹਿਲਾਂ ਮੂੰਗੀ ਦੇ ਬੀਜ ਨੂੰ ਮਿਸ਼ਰਤ ਜੀਵਾਣੂੰ ਖਾਦ ਦੇ ਟੀਕੇ ਦਾ ਇਕ ਪੈਕਟ (ਰਾਈਜ਼ੋਬੀਅਮ ਐਲ. ਐਸ. ਐਮ. ਆਰ-1 ਅਤੇ ਰਾਈਜ਼ੋਬੈਕਟੀਰੀਅਮ ਆਰ. ਬੀ.-3) ਲਾ ਲੈਣਾ ਚਾਹੀਦਾ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਉਤੇ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਣ ਵਾਲੇ ਬੈਡ ਪਲਾਂਟਰ ਨਾਲ ਮੂੰਗੀ ਦੀਆਂ ਦੋ ਕਤਾਰਾਂ 20 ਸੈਂਟੀਮੀਟਰ ਦੇ ਫਾਸਲੇ ਤੇ 67.5 ਸੈਂਟੀਮੀਟਰ ਵਿੱਥ ਦੇ ਬੈਡਾਂ (37.5 ਸੈਂਟੀਮੀਟਰ ਬੈਡ ਦਾ ਉਪਰਲਾ ਹਿੱਸਾ ਤੇ 30 ਸੈਂਟੀਮੀਟਰ ਖਾਲ਼ੀ) ਉਤੇ ਕਰਕੇ 20-30 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਆਲੂਆਂ ਤੋਂ ਬਾਅਦ ਮੱਕੀ/ਝੋਨਾ-ਆਲੂ-ਗਰਮੀ ਰੁੱਤ ਮੂੰਗੀ ਦੇ ਫ਼ਸਲੀ ਚੱਕਰ ਵਿਚ ਮੂੰਗੀ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਹੈ। ਨਦੀਨਾਂ ਦੇ ਖਾਤਮੇ ਲਈ ਦੋ ਗੋਡੀਆਂ ਬਿਜਾਈ ਤੋਂ 4 ਅਤੇ 6 ਹਫ਼ਤੇ ਬਾਅਦ ਕਰਨੀਆਂ ਚਾਹੀਦੀਆਂ ਹਨ। ਇਸ ਨੂੰ ਤਕਰੀਬਨ 3-5 ਪਾਣੀ ਬਿਜਾਈ ਦੇ ਸਮੇਂ, ਜ਼ਮੀਨ ਮੁਤਾਬਕ ਅਤੇ ਬਾਰਸ਼ ਦੇ ਅਨੁਸਾਰ ਲਾਉਣ ਦੀ ਲੋੜ ਪੈਂਦੀ ਹੈ। ਫ਼ਸਲ ਦੇ ਇਕਸਾਰ ਪਕਾਅ ਲਈ ਗਰਮ ਰੁੱਤ ਦੀ ਮੂੰਗੀ ਨੂੰ ਅਖੀਰਲਾ ਪਾਣੀ ਬਿਜਾਈ ਤੋਂ 55 ਦਿਨਾਂ ਬਾਅਦ ਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ।


-ਮੋ:94174-52596


ਖ਼ਬਰ ਸ਼ੇਅਰ ਕਰੋ

ਪੱਤਝੜੀ ਫ਼ਲਾਂ ਦੇ ਮਿਆਰੀ ਬੂਟੇ ਤਿਆਰ ਕਰਨ ਲਈ ਕੁਝ ਅਹਿਮ ਨੁਕਤੇ

ਨਾਸ਼ਪਾਤੀ: ਨਾਖ ਦੇ ਬੂਟੇ ਤਿਆਰ ਕਰਨ ਲਈ ਕੈਂਥ ਇਕ ਢੁਕਵਾਂ ਜੜ੍ਹ-ਮੁੱਢ ਹੈ। ਅਕਤੂਬਰ ਮਹੀਨੇ ਦੌਰਾਨ ਕੈਂਥ ਦੇ ਪੱਕੇ ਫਲਾਂ ਨੂੰ ਤੋੜ ਲੈਣਾ ਚਾਹੀਦਾ ਹੈ। ਸਖਤ ਹੋਣ ਕਰਕੇ ਫਲਾਂ ਨੂੰ ਗਾਲ ਕੇ ਬੀਜ ਕੱਢਣਾ ਪੈਂਦਾ ਹੈ। ਬੀਜ ਕੱਢਣ ਤੋਂ ਬਾਅਦ ਨਾਲ ਹੀ ਲੱਕੜ ਦੀਆਂ ਪੇਟੀਆਂ ਵਿਚ ਵੱਖ-ਵੱਖ ਤਹਿਆਂ ਵਿਚ ਬੀਜ ਦੇਣਾ ਚਾਹੀਦਾ ਹੈ। 10-12 ਦਿਨਾਂ ਵਿਚ ਬੀਜ ਪੁੰਗਰ ਆਉਂਦਾ ਹੈ। ਨਵੇਂ ਪੁੰਗਰੇ ਹੋਏ ਬੂਟੇ ਜਦੋਂ 2-4 ਪੱਤੇ ਕੱਢ ਲੈਣ, ਜਨਵਰੀ ਵਿਚ 10 ਸੈਂਟੀਮੀਟਰ ਫਾਸਲੇ 'ਤੇ ਨਰਸਰੀ ਵਿਚ ਲਾਉਣੇ ਚਾਹੀਦੇ ਹਨ ਅਤੇ ਹਰੇਕ ਚਾਰ ਕਤਾਰਾਂ ਬਾਅਦ 2 ਫੁੱਟ ਦਾ ਫਾਸਲਾ ਛੱਡਣਾ ਚਾਹੀਦਾ ਹੈ। ਇਨ੍ਹਾਂ ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਕਲੋਰਪਾਈਰੀਫਾਸ (3.75 ਮਿਲੀ ਲੀਟਰ ਪ੍ਰਤੀ ਲੀਟਰ ਪਾਣੀ) ਵਿਚ ਘੋਲ ਕੇ ਜ਼ਮੀਨ ਵਿਚ ਪਾਉਣੀ ਚਾਹੀਦੀ ਹੈ। ਲਘੂ ਤੱਤਾਂ ਦੀ ਘਾਟ ਦੀ ਪੂਰਤੀ ਕਰਨ ਲਈ ਜ਼ਿੰਕ ਸਲਫੇਟ ਅਤੇ ਫੈਰਸ ਸਲਫੇਟ 3.0 ਗ੍ਰਾਮ ਪ੍ਰਤੀ ਲੀਟਰ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਹ ਬੂਟੇ ਮਈ ਜੂਨ ਵਿਚ ਟੀ-ਪਿਉਂਦ ਅਤੇ ਦਸੰਬਰ-ਜਨਵਰੀ ਵਿਚ ਜੀਭੀ ਪਿਉਂਦ ਲਈ ਤਿਆਰ ਹੋ ਜਾਂਦੇ ਹਨ।
ਆੜੂ : ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀ ਆੜੂ ਦੀ ਸ਼ਰਬਤੀ ਅਤੇ ਫਲੋਰਡਾਗਾਰਡ ਕਿਸਮ ਦੇ ਪੱਕੇ ਫਲਾਂ ਤੋਂ ਜੂਨ-ਜੁਲਾਈ ਵਿਚ ਬੀਜ ਕੱਢ ਕੇ ਅਤੇ ਧੋ ਕੇ 5-6 ਦਿਨ ਛਾਵੇਂ ਸੁਕਾ ਕੇ ਬੀਜ ਨੂੰ ਜੀਰਮ/ਕਪਤਾਨ /ਥੀਰਮ 3.0 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਤਾਂ ਜੋ ਕੋਈ ਬਿਮਾਰੀ ਨਾ ਲੱਗੇ। ਇਸ ਤੋਂ ਬਾਅਦ ਬੀਜ ਨੂੰ ਕੋਲਡ ਸਟੋਰ ਵਿਚ ਰੱਖਣਾ ਚਾਹੀਦਾ ਹੈ। ਨਵੰਬਰ ਦੇ ਮਹੀਨੇ ਵਿਚ ਬੀਜਾਂ ਨੂੰ ਸਿੱਲ੍ਹੀ ਅਤੇ ਠੰਢੀ ਰੇਤ ਵਿਚ 7.2 ਡਿਗਰੀ ਤੋਂ ਘੱਟ ਤਾਪਮਾਨ 'ਤੇ 100-120 ਦਿਨਾਂ ਲਈ ਰੱਖਿਆ ਜਾਂਦਾ ਹੈ। ਇਸ ਵਿਧੀ ਨੂੰ ਸਟਰੈਟੀਫਿਕੇਸ਼ਨ ਕਹਿੰਦੇ ਹਨ ਜਿਸ ਨਾਲ ਬੀਜਾਂ ਨੂੰ ਪੁੰਗਰਣ ਵਿਚ ਮਦਦ ਮਿਲਦੀ ਹੈ। ਪੁੰਗਰੇ ਹੋਏ ਬੀਜਾਂ ਨੂੰ ਜਨਵਰੀ ਦੇ ਅਖੀਰਲੇ ਹਫ਼ਤੇ ਤੋਂ ਅੱਧ ਫ਼ਰਵਰੀ ਤੱਕ ਨਰਸਰੀ ਵਿਚ 30 ਸੈਂਟੀਮੀਟਰ ਕਤਾਰ ਤੋਂ ਕਤਾਰ ਅਤੇ 15 ਸੈਂਟੀਮੀਟਰ ਬੀਜ ਤੋਂ ਬੀਜ ਫਾਸਲੇ 'ਤੇ ਬੀਜਣਾ ਚਾਹੀਦਾ ਹੈ। ਬੀਜ ਤੋਂ ਤਿਆਰ ਹੋਏ ਪੌਦਿਆਂ ਨੂੰ ਅਗਲੇ ਸਾਲ ਦਸੰਬਰ-ਜਨਵਰੀ ਵਿਚ ਜੀਭੀ ਪਿਉਂਦ ਕੀਤੀ ਜਾਂਦੀ ਹੈ। ਇਸ ਵਿਧੀ ਅਨੁਸਾਰ ਆੜੂ ਦੇ ਬੂਟੇ ਤਿਆਰ ਕਰਨ ਵਿਚ ਦੋ ਸਾਲ ਦਾ ਸਮਾਂ ਲੱਗਦਾ ਹੈ ।
ਅੰਗੂਰ : ਅੰਗੂਰਾਂ ਦੀ ਨਰਸਰੀ ਪੱਕੀ ਲੱਕੜ ਦੀ ਕਲਮ ਤੋਂ ਤਿਆਰ ਕੀਤੀ ਜਾਂਦੀ ਹੈ। ਕਲਮਾਂ ਇਕ ਸਾਲ ਪੁਰਾਣੀ ਅਤੇ ਤੰਦਰੁਸਤ ਟਾਹਣੀ ਦੇ ਵਿਚਕਾਰਲੇ ਹਿੱਸੇ ਤੋਂ ਜਨਵਰੀ-ਫਰਵਰੀ ਵਿਚ ਤਿਆਰ ਕੀਤੀਆਂ ਜਾਂਦੀਆਂ ਹਨ। ਕਲਮ 30-40 ਸੈਂਟੀਮੀਟਰ ਦੀ ਹੋਣੀ ਚਾਹੀਦੀ ਹੈ ਜਿਸ ਦੀਆਂ 3-4 ਅੱਖਾਂ ਹੋਣ। ਨਰਸਰੀ ਵਿਚ ਲਾਉਣ ਤੋਂ ਪਹਿਲਾਂ ਕਲਮਾਂ ਨੂੰ 24 ਘੰਟੇ ਲਈ 100 ਪੀ.ਪੀ.ਐਮ., ਆਈ.ਬੀ.ਏ ਦੇ ਘੋਲ ਵਿਚ ਚੰਗੀ ਜੜ੍ਹ ਲਿਆਉਣ ਲਈ ਡੁਬੋ ਦਿਓ। ਅੰਗੂਰਾਂ ਦੀਆਂ ਕਲਮਾਂ ਨੂੰ ਸਿਉਂਕ ਬਹੁਤ ਲੱਗਦੀ ਹੈ, ਇਸ ਦੀ ਰੋਕਥਾਮ ਲਈ ਥੋੜ੍ਹੇ-ਥੋੜ੍ਹੇ ਵਕਫੇ ਬਾਅਦ ਕਲੋਰਪਾਈਰੀਫਾਸ 3.75 ਮਿ. ਲੀ. ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਜ਼ਮੀਨ ਵਿਚ ਪਾਓ। ਟਹਿਣੀਆਂ ਦੇ ਸੌਕੇ ਦੇ ਰੋਗ ਤੋਂ ਬਚਾਉਣ ਲਈ ਵੇਲਾਂ ਨੂੰ ਬਾਵਿਸਟਨ 50 ਘੁਲਣਸ਼ੀਲ ਜਾਂ ਸਕੋਰ 25 ਈ ਸੀ (1.0 ਗ੍ਰਾਮ ਪ੍ਰਤੀ ਲੀਟਰ) ਪਾਣੀ ਵਿਚ ਘੋਲ ਕੇ ਮਾਰਚ ਤੋਂ ਸਤੰਬਰ ਮਹੀਨੇ ਤੱਕ ਬਦਲ- ਬਦਲ ਕੇ ਸਪਰੇਅ ਕਰੋ।
ਅਨਾਰ: ਅਨਾਰ ਦਾ ਨਸਲੀ ਵਾਧਾ ਪੱਕੀ ਲੱਕੜ ਦੀ ਕਲਮ ਰਾਹੀਂ ਦਸੰਬਰ-ਜਨਵਰੀ ਵਿਚ ਕੀਤਾ ਜਾਂਦਾ ਹੈ। ਅਨਾਰ ਦੇ ਪੌਦੇ ਵਪਾਰਕ ਪਧਰ ਉਤੇ ਪਿਛਲੇ ਸਾਲ ਦੀਆਂ ਸ਼ਾਖਾਵਾਂ ਤੋਂ 8-10 ਸੈਂ ਮੀ ਲੰਬਾਈ ਦੀਆਂ ਕਲਮਾਂ ਲੈ ਕੇ ਦਸੰਬਰ ਵਿਚ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਕਲਮਾਂ ਤੋਂ ਜੜ੍ਹ ਆਸਾਨੀ ਨਾਲ ਨਹੀਂ ਉਗਦੀ ਇਸ ਲਈ ਇਸ ਦੇ ਹੇਠਲੇ ਹਿਸੇ ਨੂੰ ਆਈ ਬੀ ਏ ਦਾ 100 ਪੀ ਪੀ ਐਮ ਦੇ ਘੋਲ ਵਿਚ 24 ਘੰਟਿਆਂ ਲਈ ਡੁਬੋ ਕੇ ਰਖੋ। ਫੇਰ ਇਨ੍ਹਾਂ ਦੇ 2/3 ਹਿਸੇ ਨੂੰ ਜ਼ਮੀਨ ਵਿਚ ਦਬ ਦਿਉ ਤਾਂ ਜੋ 1/3 ਹਿਸਾ ਬਾਹਰ ਰਹਿ ਜਾਵੇ। ਨਦੀ ਦੀ ਰੇਤ ਕਲਮਾਂ ਦੀਆਂ ਜੜ੍ਹਾਂ ਨੂੰ ਪੁੰਗਾਰਨ ਵਿਚ ਬਹੁਤ ਮਦਦ ਕਰਦੀ ਹੈ। ਦਸੰਬਰ-ਜਨਵਰੀ ਦਾ ਮਹੀਨਾ ਕਲਮਾਂ ਤਿਆਰ ਕਰਨ ਦਾ ਸਭ ਤੋਂ ਢੁਕਵਾਂ ਸਮਾਂ ਹੈ।


-ਐਮ ਐਸ ਰੰਧਾਵਾ ਫ਼ਲ ਖੋਜ ਕੇਂਦਰ, ਗੰਗੀਆਂ।

ਲਾਹੇਵੰਦ ਸਾਬਤ ਹੋ ਰਹੀ ਹਲਦੀ ਤੇ ਕੁਆਰ ਗੰਦਲ ਦੀ ਜੈਵਿਕ ਖੇਤੀ

ਕਿਸਾਨਾਂ ਲਈ ਮੌਜੂਦਾ ਦੌਰ 'ਚ ਹਲਦੀ ਅਤੇ ਐਲੋਵੇਰਾ (ਕੁਆਰ ਗੰਦਲ) ਦੀ ਜੈਵਿਕ ਖੇਤੀ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਜਿਥੇ ਇਸ ਨਾਲ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਹੋ ਰਿਹਾ, ਉੱਥੇ ਹੀ ਇਹ ਗਾਹਕਾਂ ਲਈ ਵੀ ਬੜੀਆਂ ਲਾਹੇਵੰਦ ਸਾਬਤ ਹੋ ਰਹੀਆਂ ਹਨ। ਐਲੋਵੇਰਾ (ਕੁਆਰ ਗੰਦਲ) ਦੀ ਹੋਈ ਖੋਜ 'ਚ ਪਾਇਆ ਗਿਆ ਹੈ ਕਿ ਇਹ ਕਈ ਤਰ੍ਹਾਂ ਦੇ ਰੋਗਾਂ ਦੇ ਨਿਧਾਨ ਲਈ ਲਾਭਦਾਇਕ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਪ੍ਰਯੋਗ ਨਾਲ ਅਲਸਰ, ਕਬਜ਼, ਭੁੱਖ ਨਾ ਲੱਗਣਾ, ਬਵਾਸੀਰ, ਹਾਜ਼ਮੇ ਦੀ ਸ਼ਿਕਾਇਤ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਮੁਹੱਈਆ ਕਰਾਏ ਜਾ ਰਹੇ ਤਕਨੀਕੀ ਸਹਿਯੋਗ ਨਾਲ ਅੰਮ੍ਰਿਤਸਰ ਦੇ ਪਿੰਡ ਤਰਸਿੱਕਾ 'ਚ ਹਲਦੀ ਅਤੇ ਐਲੋਵੇਰਾ ਦੀ ਖੇਤੀ ਕਰਨ ਵਾਲੇ ਮਾਸਟਰ ਸੁਲਤਾਨ ਸਿੰਘ ਦੱਸਦੇ ਹਨ ਕਿ ਐਲੋਵੇਰਾ ਭਾਰ ਨੂੰ ਘੱਟ ਕਰਨ ਅਤੇ ਸ਼ਕਤੀ ਵਧਾਉਣ 'ਚ ਬਹੁਤ ਜ਼ਿਆਦਾ ਲਾਭਦਾਇਕ ਹੈ। ਬਹੁਤ ਸਾਰੇ ਲੋਕ ਤਾਂ ਇਸ ਦਾ ਲਗਾਤਾਰ ਪ੍ਰਯੋਗ ਵਧੀਆ ਸਿਹਤ-ਲਾਭ ਪ੍ਰਾਪਤ ਕਰਨ ਲਈ ਵੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਖੋਜ 'ਚ ਇਹ ਵੀ ਪਾਇਆ ਗਿਆ ਹੈ ਕਿ ਐਲੋਵੇਰਾ ਜਦ ਪੀਤਾ ਜਾਂਦਾ ਹੈ ਤਾਂ ਇਹ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ ਅਤੇ ਟਿਊਮਰ ਦੇ ਰੋਗੀਆਂ 'ਚ ਖ਼ੂਨ ਦੇ ਪ੍ਰਵਾਹ ਨੂੰ ਨਿਯੰਤ੍ਰਿਤ ਕਰ ਕੇ ਰਾਹਤ ਪਹੁੰਚਾਉਂਦਾ ਹੈ। ਐਲੋਵੇਰਾ ਲੀਵਰ 'ਚ ਹਾਨੀਕਾਰਕ ਰਸਾਇਣਾਂ ਦੇ ਬੁਰੇ ਪ੍ਰਭਾਵਾਂ ਨੂੰ ਦੂਰ ਕਰਦਾ ਹੈ ਅਤੇ ਕੈਂਸਰ ਵਰਗੇ ਭਿਆਨਕ ਰੋਗ ਦੇ ਇਲਾਜ 'ਚ ਲਾਭਦਾਇਕ ਹੁੰਦਾ ਹੈ। ਇਸ 'ਚ ਐਲੋਮਨਨ ਪਾਇਆ ਜਾਂਦਾ ਹੈ, ਜੋ ਕਿਡਨੀ ਦੀਆਂ ਕੋਸ਼ਿਕਾਵਾਂ ਨੂੰ ਬਣਾਉਂਦਾ ਹੈ ਅਤੇ ਪੱਥਰੀ ਤੋਂ ਬਚਾਉਂਦਾ ਹੈ। ਦਵਾਈਆਂ ਦੇ ਵਧੇਰੇ ਪ੍ਰਯੋਗ ਨਾਲ ਸ਼ਰਾਬ ਦੇ ਬੁਰੇ ਪ੍ਰਭਾਵਾਂ ਅਤੇ ਪਾਚਨ ਪ੍ਰਣਾਲੀ ਦੀ ਖ਼ਰਾਬੀ ਨੂੰ ਦੂਰ ਕਰਦਾ ਹੈ। ਦਮੇ ਦੇ ਰੋਗ 'ਚ ਵੀ ਇਸ ਦੇ ਗੁਣਾਂ ਦੇ ਕਾਰਨ ਇਹ ਬਹੁਤ ਸਾਰੇ ਲੋਕਾਂ ਲਈ ਲਾਭਦਾਇਕ ਸਿੱਧ ਹੋਇਆ ਹੈ। ਇਸ ਦੀ ਵਰਤੋਂ ਨਾਲ ਖ਼ੂਨ 'ਚ ਕਲੈਸਟ੍ਰੋਲ ਦੀ ਮਾਤਰਾ, ਸ਼ੂਗਰ ਦੀ ਮਾਤਰਾ ਅਤੇ ਹੋਰ ਰਸਾਇਣ ਨਿਯੰਤਰਨ ਵਿਚ ਰਹਿੰਦੇ ਹਨ। ਐਲੋਵੇਰਾ ਸਾਡੇ ਸਰੀਰਕ ਇੰਸੁਲਿਨ ਨੂੰ ਵਧੇਰੇ ਮਾਤਰਾ 'ਚ ਬਚਾਉਣ 'ਚ ਸਹਾਇਕ ਸਿੱਧ ਹੁੰਦਾ ਹੈ। ਇਸ ਦੇ ਇਲਾਵਾ ਇਹ ਮੋਟਾਪਾ, ਸ਼ੂਗਰ, ਕਲੈਸਟ੍ਰੋਲ (ਵਸਾ), ਯੂਰਿਕ ਐਸਿਡ, ਜੋੜਾਂ ਦੇ ਦਰਦ (ਗੱਠੀਆ), ਬਲੱਡ ਪ੍ਰੈਸ਼ਰ, ਚਮੜੀ ਰੋਗਾਂ ਤੋਂ ਰਾਹਤ ਦੇਣ ਦੇ ਨਾਲ-ਨਾਲ ਸਫ਼ੈਦ ਵਾਲਾਂ ਅਤੇ ਵਾਲਾਂ ਦੇ ਝੜਨ ਤੋਂ ਰੋਕਣ 'ਚ ਮਦਦਗਾਰ ਸਾਬਤ ਹੋ ਰਿਹਾ ਹੈ।
ਗੋਹੇ ਦੀ ਰੂੜੀ ਅਤੇ ਗੰਡੋਆ ਖਾਦ ਤੋਂ ਤਿਆਰ ਕੀਤੀ ਸਟੀਮ ਦੁਆਰਾ ਤਿਆਰ ਤੇਲ ਯੁਕਤ ਹਲਦੀ ਬਾਰੇ ਉਨ੍ਹਾਂ ਨੇ ਦੱਸਿਆ ਜੈਵਿਕ ਵਿਧੀ ਨਾਲ ਉਗਾਈ ਹਲਦੀ ਜਿਥੇ ਕੈਂਸਰ ਰੋਕਣ ਵਾਲੀਆਂ ਦਵਾਈਆਂ 'ਚ ਵਰਤੀ ਜਾਂਦੀ ਹੈ। ਉੱਥੇ ਹੀ ਰੋਜ਼ਾਨਾ ਹਲਦੀ ਅੱਧਾ ਚਮਚ ਕੋਸੇ ਦੁੱਧ ਨਾਲ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ, ਸਰੀਰ ਸਾਰਾ ਦਿਨ ਊਰਜਾ ਭਰਪੂਰ ਰਹਿੰਦਾ ਹੈ, ਕਈ ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ। ਇਹ ਮਿਹਦੇ ਅਤੇ ਖ਼ੂਨ ਨੂੰ ਸਾਫ਼ ਕਰਦੀ ਹੈ, ਕੁਦਰਤੀ ਐਂਟੀ ਸੈਪਟਿਕ ਹੋਣ ਕਰਕੇ ਕਈ ਕਿਸਮ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੀ ਹੈ। ਹਲਦੀ ਦੇ ਹੋਰਨਾਂ ਲਾਭਾਂ ਬਾਰੇ ਮਾਸਟਰ ਸੁਲਤਾਨ ਸਿੰਘ ਦੱਸਦੇ ਹਨ ਕਿ ਇਹ ਹਰ ਤਰ੍ਹਾਂ ਦੇ ਪੈਦਾ ਹੋਣ ਵਾਲੇ ਕੈਂਸਰ ਦੇ ਸੈੱਲਾਂ ਨੂੰ ਬਣਨ ਤੋਂ ਰੋਕਦੀ ਹੈ। ਹਲਦੀ ਵਿਚ ਕਰੁਕਮਿਨ ਨਾਂਅ ਦਾ ਇਕ ਤੱਤ ਮੌਜੂਦ ਹੁੰਦਾ ਹੈ, ਇਸ ਨੂੰ ਕੈਂਸਰ ਦੇ ਇਲਾਜ ਵਜੋਂ ਵਰਤਿਆ ਜਾਂਦਾ ਹੈ। ਸਰੀਰ 'ਚ ਬਣੀਆਂ ਰਸੌਲੀਆਂ 'ਚ ਨਵੀਆਂ ਖ਼ੂਨ ਦੀਆਂ ਨਾੜੀਆਂ ਅਤੇ ਸੈਲਾਂ ਨੂੰ ਬਣਨ ਅਤੇ ਰਸੋਲੀ ਵਧਣ ਤੋਂ ਰੋਕਦੀ ਹੈ। ਚਮੜੀ ਦੀਆਂ ਕਈ ਬਿਮਾਰੀਆਂ ਜਿਵੇਂ ਕਿ ਦਾਗ਼, ਕਿੱਲ, ਛਾਈਆਂ ਆਦਿ ਨਹੀਂ ਪੈਣ ਦਿੰਦੀ, ਲਾਲ ਧੱਬੇ ਆਦਿ ਦੇ ਇਲਾਜ ਲਈ ਹਲਦੀ ਦਾ ਸੇਵਨ ਲਾਹੇਵੰਦ ਹੈ। ਇਸੇ ਤਰ੍ਹਾਂ ਜੋੜਾਂ ਦੇ ਦਰਦ ਅਤੇ ਸੋਜ 'ਚ ਹਲਦੀ ਦੇ ਸੇਵਨ ਨਾਲ ਰਾਹਤ ਮਿਲਦੀ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਇੰਸੁਲਿਨ ਦੇ ਪੱਧਰ ਨੂੰ ਠੀਕ ਰੱਖਦੀ ਹੈ। ਉਹ ਇਹ ਵੀ ਦਾਅਵਾ ਕਰਦੇ ਹਨ ਕਿ ਬਾਹਰੀ ਜਾਂ ਅੰਦਰੂਨੀ ਸੱਟ ਲੱਗਣ 'ਤੇ ਮਰੀਜ਼ ਨੂੰ ਹਲਦੀ ਦੁੱਧ 'ਚ ਘੋਲ ਕੇ ਪਿਲਾਉਣ ਨਾਲ ਦਰਦ ਘਟਦੀ ਹੈ, ਸੋਜ ਅਤੇ ਅੰਦਰੂਨੀ ਜ਼ਖ਼ਮ ਜਲਦੀ ਠੀਕ ਹੁੰਦੇ ਹਨ। ਡਿਸਕ ਸਰਵਾਈਕਲ ਦੀ ਸਮੱਸਿਆ ਹੋਣ 'ਤੇ ਹਲਦੀ ਦਾ ਸੇਵਨ ਲਾਹੇਵੰਦ ਹੈ। ਉਕਤ ਦੇ ਇਲਾਵਾ ਚਿਹਰੇ 'ਤੇ ਨਿਖਾਰ ਲਿਆਉਣ ਲਈ ਹਲਦੀ ਦਾ ਲੇਪ ਵੀ ਲਗਾਇਆ ਜਾ ਸਕਦਾ ਹੈ।

ਫ਼ਸਲੀ-ਵਿਭਿੰਨਤਾ ਪੱਖੋਂ ਕਿੰਨੂ ਦਾ ਭਵਿੱਖ

ਕਿੰਨੂ ਪੰਜਾਬ ਦਾ ਪ੍ਰਮੁੱਖ ਫ਼ਲ ਹੈ। ਪੰਜਾਬ ਵਿਚ ਫ਼ਲਾਂ ਦੀ ਕਾਸ਼ਤ ਥੱਲੇ 80 ਹਜ਼ਾਰ ਹੈਕਟੇਅਰ ਰਕਬੇ ਵਿਚੋਂ ਕਿੰਨੂ ਦੀ ਕਾਸ਼ਤ ਤਕਰੀਬਨ 63-64 ਫ਼ੀਸਦੀ ਰਕਬੇ 'ਤੇ ਕੀਤੀ ਹੋਈ ਹੈ। ਇਸ ਦੀ ਕਾਸ਼ਤ ਥੱਲੇ 49-50 ਹਜ਼ਾਰ ਹੈਕਟੇਅਰ ਦੇ ਕਰੀਬ ਰਕਬਾ ਹੈ। ਕਿੰਨੂ ਆਪਣੇ ਪੂਰੇ ਰੂਪ ਵਿਚ ਅੱਧ ਜਨਵਰੀ ਤੋਂ ਅੱਧ ਫਰਵਰੀ ਦੇ ਸਮੇਂ ਦੇ ਦੌਰਾਨ ਆਉਂਦਾ ਹੈ ਪ੍ਰੰਤੂ ਠੇਕੇਦਾਰ ਪ੍ਰਣਾਲੀ ਹੋਣ ਕਾਰਨ ਇਸ ਦੀ ਕਾਫ਼ੀ ਮਾਤਰਾ ਹੁਣ ਨਵੰਬਰ ਵਿਚ ਹੀ ਤੋੜ ਲਈ ਜਾਂਦੀ ਹੈ। ਤਲਵੰਡੀ ਸਾਬੋ ਨੇੜੇ ਬੁਰਜ ਮਾਨਸਾ ਪਿੰਡ ਦੇ ਕੁਝ ਉਤਪਾਦਕਾਂ ਨੇ ਦਸੰਬਰ ਤੱਕ ਹੀ 1.5 ਲੱਖ ਤੋਂ 2 ਲੱਖ ਰੁਪਏ ਪ੍ਰਤੀ ਏਕੜ ਤੱਕ ਵੱਟ ਲਏ ਸਨ। ਉਹ ਆਪਣੇ ਬਾਗ਼ਾਂ ਦਾ ਫ਼ਲ ਜੂਸ ਲਈ ਸ਼ਹਿਰਾਂ ਦੇ ਵਿਕਰੇਤਾਵਾਂ ਨੂੰ ਵੇਚਦੇ ਸਨ। ਜਿਨ੍ਹਾਂ ਕਿਸਾਨਾਂ ਨੇ ਆਪਣੇ ਬਾਗ਼ ਠੇਕੇ 'ਤੇ ਦਿੱਤੇ ਹੋਏ ਹਨ, ਉਨ੍ਹਾਂ ਨੇ ਵੀ ਚੋਖੀ ਵੱਟਤ ਕੀਤੀ ਹੈ। ਬਠਿੰਡਾ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਬਲਜੀਤ ਸਿੰਘ ਵਿਰਕ ਨੇ ਆਪਣਾ 3 ਏਕੜ ਬਾਗ਼ 4 ਲੱਖ ਰੁਪਏ 'ਚ ਠੇਕੇ 'ਤੇ ਦਿੱਤਾ ਹੈ। ਇਸ ਸਾਲ ਕਿੰਨੂ ਉਤਪਾਦਕ ਬੜੇ ਖੁਸ਼ ਹਨ। ਭਾਅ ਬੜਾ ਲਾਹੇਵੰਦ ਹੈ। ਪ੍ਰਚੂਨ 'ਚ ਵਧੀਆ ਆਕਾਰ ਵਾਲਾ ਫ਼ਲ 40 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ। ਜਿਸ ਵਿਚੋਂ ਉਤਪਾਦਕ ਨੂੰ 20 ਰੁਪਏ ਪ੍ਰਤੀ ਕਿੱਲੋ ਦੇ ਭਾਅ ਵਸੂਲ ਹੋ ਰਹੇ ਹਨ। ਦੋਇਮ ਤੇ ਸੋਇਮ ਦਰਜੇ ਦਾ ਫ਼ਲ 20 ਤੋਂ 25 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਉਤਪਾਦਕਾਂ ਨੂੰ 12 ਤੋਂ 20 ਰੁਪਏ ਦਰਮਿਆਨ ਪ੍ਰਤੀ ਕਿੱਲੋ ਦਾ ਭਾਅ ਵਸੂਲ ਹੋ ਰਿਹਾ ਹੈ। ਮੁਕਤਸਰ ਜ਼ਿਲ੍ਹੇ ਦੇ ਅਬੁਲ ਖੁਰਾਨਾ ਪਿੰਡ ਦੇ ਕੁਝ ਬਾਗ਼ਬਾਨਾਂ ਨੇ ਟਿੱਬਿਆਂ 'ਤੇ ਵੀ ਕਿੰਨੂ ਲਾਇਆ ਹੋਇਆ ਹੈ ਜੋ ਚੰਗੀ ਕਮਾਈ ਕਰ ਰਹੇ ਹਨ। ਮੁਕਤਸਰ ਜ਼ਿਲ੍ਹੇ ਦੇ ਕੁਝ ਕਿਸਾਨਾਂ ਨੇ ਕਿਹਾ ਕਿ ਉਹ ਝੋਨਾ ਨਹੀਂ ਲਾਉਣਗੇ ਸਗੋਂ ਉਹ ਝੋਨੇ ਦੀ ਥਾਂ ਕਿੰਨੂ ਲਗਾਉਣ ਨੂੰ ਤਰਜੀਹ ਦੇਣਗੇ ਜੇ ਸਰਕਾਰ ਤੁਪਕਾ ਸਿੰਜਾਈ ਤੇ ਸਬਸਿਡੀ ਦੀ ਰਕਮ ਵਧਾ ਦੇਵੇ। ਇਸ ਸਾਲ ਕਿੰਨੂ ਉਤਪਾਦਕ ਸਣੇ ਆਲੂ ਤੇ ਮਟਰ ਬੀਜਣ ਵਾਲੇ ਬੜੇ ਖੁਸ਼ ਹਨ ਅਤੇ ਉਹ ਫ਼ਸਲੀ-ਵਿਭਿੰਨਤਾ ਸਬੰਧੀ ਸੋਚਣ ਲੱਗ ਪਏ ਹਨ।
ਪੰਜਾਬ ਦਾ ਕਿੰਨੂ ਦਿੱਲੀ, ਬੰਗਲੋਰ, ਚੇਨਈ, ਹੈਦਰਾਬਾਦ, ਬਰਮਾ, ਭੁਟਾਨ, ਸ੍ਰੀਲੰਕਾ, ਥਾਈਲੈਂਡ ਅਤੇ ਹਾਂਗਕਾਂਗ ਦੇ ਦੇਸ਼ਾਂ ਵਿਚ ਵੀ ਖਪਤਕਾਰਾਂ ਦੀ ਪੰਸਦ ਬਣਿਆ ਹੋਇਆ ਹੈ। ਪਰ ਕਿੰਨੂ ਫ਼ਲ ਦਾ ਤਾਂ ਹੀ ਭਾਅ ਮਿਲਦਾ ਹੈ ਅਤੇ ਐਕਸਪੋਰਟ ਲਈ ਮੁੱਲ ਪੈਂਦਾ ਹੈ ਜੇ ਇਸ ਨੂੰ ਉਸ ਸਮੇਂ ਤੋੜਿਆ ਜਾਵੇ ਜਦੋਂ ਇਸ ਦਾ ਪੂਰਾ ਆਕਾਰ, ਛਿਲਕੇ ਦਾ ਰੰਗ ਅਤੇ ਅੰਦਰੂਨੀ ਹਿੱਸੇ ਦੀ ਗੁਣਵੱਤਾ ਬਣ ਜਾਵੇ। ਇਸ ਨੂੰ ਪੂਰਾ ਪੱਕਣ ਤੋਂ ਬਾਅਦ ਹੀ ਤੋੜਿਆ ਜਾਵੇ। ਇਸ ਦਾ ਮਿਆਰ ਬਣਾਈ ਰੱਖਣ ਲਈ ਤੁੜਾਈ ਕਲਿੱਪਰ ਨਾਲ ਕਰਨੀ ਚਾਹੀਦੀ ਹੈ। ਫਲ ਨੂੰ ਕਦੇ ਵੀ ਹੱਥ ਨਾਲ ਖਿੱਚ ਕੇ ਨਹੀਂ ਤੋੜਨਾ ਚਾਹੀਦਾ। ਤੁੜਾਈ ਸਵੇਰ ਵੇਲੇ ਹੀ ਕੀਤੀ ਜਾਵੇ ਪਰ ਫ਼ਲਾਂ ਉੱਤੇ ਤਰੇਲ ਨਾ ਪਈ ਹੋਵੇ ਅਤੇ ਮੌਸਮ ਵਿਚ ਸਿੱਲ੍ਹਾਪਣ ਨਾ ਹੋਵੇ। ਤੁੜਾਈ ਉਪਰੰਤ ਫ਼ਲ ਨੂੰ ਸਾਫ ਪਾਣੀ ਨਾਲ ਧੋ ਕੇ ਛਾਵਂੇ ਰੱਖ ਦੇਣਾ ਚਾਹੀਦਾ ਹੈ। ਫੇਰ ਮੰਡੀਕਰਨ ਤੋਂ ਪਹਿਲਾਂ ਇਸ ਦੀ ਦਰਜਾਬੰਦੀ ਆਕਾਰ ਮੁਤਾਬਕ ਕਰਨੀ ਚਾਹੀਦੀ ਹੈ। ਫ਼ਲਾਂ ਉੱਪਰ ਮੋਮ ਵੀ ਚੜ੍ਹਾਈ ਜਾਂਦੀ ਹੈ ਤਾਂ ਜੋ ਦਿੱਖ ਵਧੀਆ ਲੱਗੇ ਅਤੇ ਫ਼ਲ ਨੂੰ ਜ਼ਿਆਦਾ ਸਮੇਂ ਲਈ ਰੱਖਿਆ ਜਾ ਸਕੇ। ਮੌਮ ਫ਼ਲ ਵਿਚ ਪਾਣੀ ਦੀ ਮਾਤਰਾ ਨੂੰ ਬਣਾਈ ਰੱਖਦੀ ਹੈ। ਜਿਸ ਨਾਲ ਢੋਆ-ਢੁਆਈ ਅਤੇ ਮੰਡੀਕਰਨ ਦੌਰਾਨ ਖਪਤਕਾਰ ਨੂੰ ਫ਼ਲ ਦੀ ਗੁਣਵੱਤਾ ਭਾਂਪਦੀ ਹੈ। ਕਿੰਨੂ ਦੀ ਹਰਮਨ ਪਿਆਰਤਾ ਨੇ ਮਾਲਟਾ ਤੇ ਸੰਤਰਾ ਪਿੱਛੇ ਛੱਡ ਦਿੱਤੇ ਹਨ ਅਤੇ ਨਿੰਬੂ ਜਾਤੀ ਦੇ ਸਾਰੇ ਫ਼ਲਾਂ ਦੇ ਨਾਲੋਂ ਕਿੰਨੂ ਖਪਤਕਾਰਾਂ ਦੀ ਖਿੱਚ ਬਣ ਗਿਆ। ਪੰਜਾਬ ਵਿਚ ਕਿੰਨੂਆਂ ਦੀ ਕਾਸ਼ਤ ਜਾਂ ਤਾਂ ਕੰਡੀ ਦੇ ਇਲਾਕੇ ਵਿਚ (ਹੁਸ਼ਿਆਰਪੁਰ ਜ਼ਿਲ੍ਹੇ ਵਿਚ) ਕੀਤੀ ਜਾਂਦੀ ਹੈ ਜਾਂ ਅਬੋਹਰ, ਮੁਕਤਸਰ, ਫ਼ਾਜ਼ਿਲਕਾ ਆਦਿ ਇਲਾਕਿਆਂ 'ਚ। ਰਾਜਸਥਾਨ ਦੇ ਗੰਗਾਨਗਰ ਇਲਾਕੇ ਵਿਚ ਵੀ ਕਿੰਨੂ ਦੀ ਭਰਪੂਰ ਕਾਸ਼ਤ ਹੈ। ਕੰਡੀ ਦੇ ਇਲਾਕੇ ਵਿਚ ਪੈਦਾ ਹੋਏ ਫ਼ਲ ਵਿਚ ਜੂਸ ਦੀ ਮਿਠਾਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਛਿਲਕਾ ਪਤਲਾ ਹੁੰਦਾ ਹੈ ਜਦੋਂ ਕਿ ਅਬੋਹਰ, ਫਾਜ਼ਿਲਕਾ (ਦੱਖਣ-ਪੱਛਮੀ ਜ਼ਿਲ੍ਹਿਆਂ) ਆਦਿ ਇਲਾਕਿਆਂ ਵਿਚ ਪੈਦਾ ਹੋਏ ਕਿੰੰਨੂ ਦਾ ਆਕਾਰ ਵਧੀਆ ਹੁੰਦਾ ਹੈ। ਪੰਜਾਬ ਸਰਕਾਰ ਕਿੰਨੂ ਦੀ ਵਿਕਰੀ ਤੇ ਕਾਸ਼ਤ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਬਾਗ਼ਬਾਨੀ ਵਿਭਾਗ 27 ਜਨਵਰੀ ਨੂੰ ਅਬੋਹਰ ਵਿਖੇ ਨਿੰਬੂ ਜਾਤੀ ਦੇ ਫ਼ਲਾਂ ਦੀ ਪ੍ਰਦਰਸ਼ਨੀ ਲਗਾ ਰਿਹਾ ਹੈ ਜਿਸ ਵਿਚ ਕਿੰਨੂ ਦੀ ਪ੍ਰਧਾਨਤਾ ਹੋਵਗੀ। ਦੱਖਣੀ ਭਾਰਤ ਦੇ ਸ਼ਹਿਰਾਂ ਵਿਚ ਵੀ ਕਿੰਨੂ ਦੀ ਮੰਗ ਵਧ ਰਹੀ ਹੈ ਕਿਉਂਕਿ ਉੱਥੇ ਭੇਜੇ ਜਾ ਰਹੇ ਕਿੰਨੂ ਦੀ ਆਕਰਸ਼ਿਤ ਦਿੱਖ ਵਧੀਆ ਹੈ ਅਤੇ ਜੂਸ ਦਾ ਮਿਆਰ ਚੰਗਾ ਹੈ। ਲਾਹੇਵੰਦ ਮੰਡੀਕਰਨ ਲਈ ਫ਼ਲ ਨੂੰ ਦਰਜਾਬੰਦੀ ਕਰ ਕੇ ਫਾਈਬਰ ਬੋਰਡ ਜਾਂ ਗੱਤਿਆਂ ਦੇ ਡੱਬਿਆਂ ਵਿਚ ਪੈਕ ਕਰ ਕੇ ਭੇਜਣਾ ਚਾਹੀਦਾ ਹੈ।
ਬਾਗ਼ਬਾਨੀ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਕਿੰਨੂ ਦੇ ਬੂਟਿਆਂ 'ਤੇ ਫ਼ਲ ਬਹੁਤ ਲੱਗਦਾ ਹੈ। ਤਕਰੀਬਨ 400 - 500 ਕਿੰਨੂ ਪ੍ਰਤੀ ਬੂਟਾ ਵੀ ਵੇਖੇ ਜਾਂਦੇ ਹਨ। ਜਦੋਂ ਤੱਕ ਦਰੱਖਤ ਪੰਜ ਸਾਲ ਦਾ ਨਾ ਹੋ ਜਾਵੇ ਕੁਝ ਫ਼ਲ ਤੋੜ ਦੇਣਾ ਚਾਹੀਦਾ ਹੈ। ਇਸ ਨੂੰ ਬਰਸਾਤ ਦੇ ਮੌਸਮ ਅਤੇ ਮੌਸਮ ਬਹਾਰ ਵਿਚ ਵੀ ਲਗਾਇਆ ਜਾ ਸਕਦਾ ਹੈ। ਪ੍ਰੰਤੂ ਅਗਸਤ-ਸਤੰਬਰ ਵਿਚ ਲਗਾਉਣਾ ਬਿਹਤਰ ਹੋਵੇਗਾ ਕਿਉਂਕਿ ਬੂਟਾ ਮਰੇਗਾ ਨਹੀਂ। ਵਧੀਆ ਨਰਸਰੀ ਤੋਂ ਬੂਟੇ ਲਏ ਜਾਣੇ ਚਾਹੀਦੇ ਹਨ। ਬੂਟੇ ਕਾਸ਼ਤ ਕਰਨ ਲੱਗਿਆਂ ਰੂੜੀ ਖਾਦ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਸਿਊਂਕ ਤੋਂ ਬੂਟੇ ਨੂੰ ਬਚਾਉਣ ਲਈ ਕਲੋਰੋਪਾਇਰੋਫਾਸ ਪਾ ਦੇਣੀ ਚਾਹੀਦੀ ਹੈ।
ਕਿੰਨੂ ਵਿਚ ਵਿਟਾਮਿਨ 'ਸੀ' ਦੀ ਮਾਤਰਾ ਮਾਲਟੇ ਅਤੇ ਸੰਤਰੇ ਨਾਲੋਂ ਜ਼ਿਆਦਾ ਹੈ ਅਤੇ ਇਸ ਵਿਚ ਦੂਜੇ ਫ਼ਲਾਂ ਦੇ ਮੁਕਾਬਲੇ 2.5 ਗੁਣਾ ਕੈਲਸ਼ੀਅਮ ਵੀ ਜ਼ਿਆਦਾ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਕਿੰਨੂ ਦੇ ਬੂਟਿਆਂ ਵਿਚ ਲਿਮੋਨਿਲ ਬਹੁਤ ਹੈ ਜੋ ਕੈਂਸਰ ਨੂੰ ਰੋਕਣ ਵਿਚ ਸਹਾਈ ਹੁੰਦਾ ਹੈ। ਅੱਜ ਕਿੰਨੂ ਪੰਜਾਬ ਦੇ ਰਾਜਾ ਫ਼ਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਤੇ ਫ਼ਸਲੀ-ਵਿਭਿੰਨਤਾ ਲਿਆਉਣ ਦੀਆਂ ਆਸਾਂ ਲੱਗੀਆਂ ਹੋਈਆਂ ਹਨ।
ਕਿੰਨੂ ਹਾਈਬ੍ਰਿਡ ਫ਼ਲ ਹੈ ਜਿਸ ਦਾ ਵਿਕਾਸ ਅਮਰੀਕਾ ਦੇ ਕੈਲੀਫੋਰਨੀਆ ਵਿਚ ਰਿਵਰਸਾਈਡ ਵਿਖੇ ਕਿੰਗ ਤੇ ਵਿੱਲੋ ਨਾਰੰਗੀਆਂ ਦੇ ਕਰਾਸ ਨਾਲ ਹੋਇਆ। ਮੁਲਕ ਦੀ ਵੰਡ ਹੋਣ ਤੋਂ ਪਹਿਲਾਂ ਇਹ ਫ਼ਲ ਪੰਜਾਬ ਵਿਚ ਸੰਨ 1935 ਵਿਚ ਰਿਲੀਜ਼ ਕੀਤਾ ਗਿਆ। ਇਸ ਵੇਲੇ ਪਾਕਿਸਤਾਨ ਕਿੰਨੂ ਦੇ ਉਤਪਾਦਨ ਵਿਚ ਅੱਗੇ ਹੈ ਪ੍ਰੰਤੂ ਕਿੰਨੂ ਦਾ ਵਿਕਾਸ ਪਾਕਿਸਤਾਨ ਵਿਚ ਨਹੀਂ ਹੋਇਆ।


-ਮੋਬਾਈਲ : 98152-36307

ਲਾਹੇਵੰਦ ਸ਼ੌਕ-ਘਰੇਲੂ ਬਗੀਚੀ

ਆਮ ਤੌਰ 'ਤੇ ਮਨੁੱਖ ਰੋਜ਼ਮਰ੍ਹਾ ਦੇ ਕੰਮਕਾਜ ਦੇ ਰੁਝੇਵੇਂ ਵਿਚੋਂ ਕੁਝ ਸਮਾਂ ਬਚਾ ਕੇ ਆਪਣੇ ਸ਼ੌਕ ਪੂਰਤੀ ਲਈ ਲਾਉਂਦਾ ਹੈ। ਖਾਸ ਗੁਣਾਂ ਦੇ ਧਾਰਨੀ ਜਾਂ ਹੁਨਰਮੰਦ ਵਿਅਕਤੀ ਨੂੰ ਤਾਂ ਸ਼ੌਕ ਆਪ-ਮੁਹਾਰੇ ਹੀ ਮਿਲ ਜਾਂਦਾ ਹੈ। ਸਾਹਿਤਕ ਰੁਚੀ ਰੱਖਣ ਵਾਲੇ ਸਾਹਿਤ ਵੱਲ, ਗੀਤ ਸੰਗੀਤ ਦੇ ਰਸੀਏ ਗਾਉਣ ਵਜਾਉਣ ਵੱਲ, ਸਮਾਜ ਸੇਵੀ ਲੋਕ ਸੇਵਾ ਵੱਲ, ਧਾਰਮਿਕ ਪ੍ਰਵਿਰਤੀ ਵਾਲੇ ਧਾਰਮਿਕ ਕੰਮ ਕਰਕੇ ਆਪਣਾ ਸ਼ੌਕ ਪੂਰਾ ਕਰ ਲੈਂਦੇ ਹਨ। ਪਰੰਤੂ ਸਮਾਜ ਵਿਚ ਬਹੁਤ ਲੋਕੀਂ ਹਨ ਜਿਹੜੇ ਕੋਈ ਖਾਸ ਗੁਣ ਦੇ ਮਾਲਕ ਨਾ ਹੋਣ ਦੇ ਬਾਵਜੂਦ ਵੀ ਕੁਦਰਤ ਦੀ ਰਚਨਾ ਹਰਿਆਲੀ ਨਾਲ ਪਿਆਰ ਕਰਦੇ ਹਨ ਅਤੇ ਪੇੜ ਪੌਦਿਆਂ ਨੂੰ ਪ੍ਰਫੁਲਿੱਤ ਹੁੰਦੇ ਵੇਖ ਅੰਤਰੀਵੀ ਖੁਸ਼ੀ ਮਹਿਸੂਸ ਕਰਦੇ ਹੋਏ ਵਾਧੂ ਸਮਾਂ ਗੁਜ਼ਾਰਦੇ ਹਨ। ਘਰੇਲੂ ਬਗੀਚੀ ਵੀ ਉਸੇ ਸ਼ੌਕ ਵੀ ਵਿਚੋਂ ਇਕ ਹੈ। ਹਥਲੇ ਲੇਖ ਵਿਚ ਘਰੇਲੂ ਬਗੀਚੀ ਬਾਰੇ ਹੀ ਕੁਝ ਵਿਚਾਰ ਪੇਸ਼ ਹਨ ।
ਕੁਦਰਤ ਦਾ ਪਸਾਰਾ ਹਰੀ ਭਰੀ ਬਨਸਪਤੀ ਦਾ ਮੋਹ ਕੁਦਰਤ ਦੀ ਹੀ ਉਪਜ ਮਨੁੱਖ ਦੀ ਫਿਤਰਤ ਵਿਚ ਸੁਭਾਵਿਕ ਹੀ ਹੁੰਦਾ ਹੈ। ਹੋਵੇ ਵੀ ਕਿਉਂ ਨਾ ਕਿਉਂਕਿ ਵਾਤਾਵਰਨ ਦੀ ਤਾਜ਼ਗੀ, ਨਵਾਂਪਣ, ਸ਼ੁੱਧਤਾ ਅਤੇ ਖੂਬਸੂਰਤੀ ਦਾ ਸੋਮਾ ਹੀ ਬਨਸਪਤੀ ਹੈ। ਆਖਰ ਹਰ ਜਿਊਂਦੇ ਜੀਅ ਦੀ ਖੁਰਾਕ ਦੀ ਪ੍ਰਾਪਤੀ ਧਰਤੀ 'ਤੇ ਉੱਗ ਰਹੀ ਬਨਸਪਤੀ ਤੋਂ ਹੀ ਹੁੰਦੀ ਹੈ। ਮਨੁੱਖ ਦੀ ਖੁਰਾਕ ਵਿਚ ਰੋਜ਼ ਵਰਤੋਂ ਵਿਚ ਆਉਣ ਵਾਲੇ ਫਲ ਅਤੇ ਸਾਗ, ਸਬਜ਼ੀ ਦਾ ਸਥਾਨ ਸਿਰਫ਼ ਖਾਸ ਹੀ ਨਹੀਂ ਸਗੋਂ ਅਨਿੱਖੜਵਾਂ ਹੈ। ਸਾਗ ਸਬਜ਼ੀ ਦੇ ਉਪਭੋਗਤਾਵਾਂ ਉੱਤੇ ਕਾਸ਼ਤਕਾਰਾਂ ਦਾ ਇਕ ਤਰ੍ਹਾਂ ਦਾ ਰਿਣ ਹੈ।
ਸਬਜ਼ੀ ਫਰੂਟ ਆਦਿ ਦੀ ਉਪਲੱਬਧਤਾ ਮੰਡੀ ਜਾਂ ਸਬਜ਼ੀ ਵਿਕ੍ਰੇਤਾ ਤੋਂ ਹੁੰਦੀ ਹੈ। ਪਰੰਤੂ ਆਮ ਤੌਰ 'ਤੇ ਵੇਖਣ ਵਿਚ ਆ ਰਿਹਾ ਹੈ ਕਿ ਆਮ ਸ਼ਹਿਰੀ ਨੂੰ ਇਹ ਖਾਣ ਸਮੱਗਰੀ ਸ਼ੁੱਧ ਅਤੇ ਦੋਸ਼ ਰਹਿਤ ਮਿਲਣੀ ਦੁਰਲੱਭ ਹੋ ਗਈ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਲੋਕ ਗੰਭੀਰ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਵਰਤਮਾਨ ਲੋਕਤੰਤਰੀ ਤਾਣੇ-ਬਾਣੇ ਵਿਚ ਲੋਕਾਂ ਦੀਆਂ ਲੱਖ ਕੋਸ਼ਿਸ਼ਾਂ ਅਤੇ ਸਰਕਾਰਾਂ ਦੇ ਦਾਅਵਿਆਂ ਦੇ ਬਾਵਜੂਦ ਪ੍ਰਦੂਸ਼ਿਤ ਚੀਜ਼ਾਂ ਦਾ ਵਿਕਣਾ ਬੰਦ ਨਹੀਂ ਹੋ ਰਿਹਾ ਹੈ। ਆਪਣੀ ਰੋਜ਼ਾਨਾ ਜ਼ਰੂਰਤ ਪੂਰੀ ਕਰਨ ਲਈ ਘਰੇਲੂ ਬਗੀਚੀ ਨੂੰ ਬਣਾਉਣ ਅਤੇ ਦੇਖ ਭਾਲ ਲਈ ਦਿਲਚਸਪੀ ਲੈਣੀ ਹੋਵੇਗੀ। ਛੋਟੀਆਂ ਕਿਆਰੀਆਂ ਵਿਚ ਜਿੱਥੇ ਹਵਾ ਅਤੇ ਧੁੱਪ ਦੀ ਪਹੁੰਚ ਹੋਵੇ ਇਹ ਸ਼ੌਕ ਪੂਰਾ ਕੀਤਾ ਜਾ ਸਕਦਾ ਹੈ। ਗਮਲਿਆਂ ਜਾਂ ਘਰਾਂ ਦੀਆਂ ਛੱਤਾਂ 'ਤੇ ਵੀ ਸਬਜ਼ੀ ਉਗਾਈ ਜਾ ਸਕਦੀ ਹੈ। ਸ਼ੌਕ ਦਾ ਕੋਈ ਮੁੱਲ ਨਹੀਂ ਪਰ ਇਹ ਸ਼ੌਕ ਤਾਂ ਨਾਲੇ ਪੁੰਨ ਤੇ ਨਾਲੇ ਫਲੀਆਂ। ਵਡੇਰੀ ਉਮਰ ਵਾਲਿਆਂ ਵਾਸਤੇ ਤਾਂ ਇਹ ਸ਼ੌਕ ਬਹੁਤ ਮੁਫ਼ੀਦ ਹੈ।
ਪਰੰਤੂ ਧਿਆਨ ਰਹੇ ਕਿ ਕਿਚਨ ਗਾਰਡਨਿੰਗ ਰਾਹੀਂ ਪੈਦਾ ਕੀਤੀ ਕੋਈ ਵੀ ਖਾਣ ਸਮੱਗਰੀ ਰਸਾਇਣਕ ਜਾਂ ਜ਼ਹਿਰੀਲੇ ਖਾਦਾਂ ਅਤੇ ਸਪਰੇਆਂ ਤੋਂ ਰਹਿਤ ਹੋਵੇ, ਬਿਲਕੁਲ ਸ਼ੁੱਧ ਆਰਗੈਨਿਕ, ਤਾਂ ਹੀ ਕਿਚਨ ਗਾਰਡਨਿੰਗ ਸਾਰਥਿਕ ਹੋਵੇਗੀ। ਕੈਮੀਕਲ ਖਾਦ ਦੀ ਥਾਂ ਨਿਰੋਲ ਦੇਸੀ ਖਾਦ ਹੀ ਇਸਤੇਮਾਲ ਕੀਤੀ ਜਾਵੇ। ਘਰ ਦੀ ਗਿੱਲੀ ਰਹਿੰਦ-ਖੂਹੰਦ ਤੋਂ ਕੰਪੋਸਟ ਖਾਦ ਵੀ ਬਣਾਈ ਜਾ ਸਕਦੀ ਹੈ। ਨੁਕਸਾਨਦੇਹ ਕੀੜੇ ਮਕੌੜਿਆਂ ਦੀ ਰੋਕ ਥਾਮ ਵੀ ਆਰਗੈਨਿਕ ਸਪਰੇਅ ਨਾਲ ਹੀ ਕੀਤੀ ਜਾਵੇ ।
ਘਰੇਲੂ ਬਗੀਚੀ ਵਿਚ ਕੀਤੀ ਥੋੜ੍ਹੀ ਮਿਹਨਤ ਨਾਲ ਜਿੱਥੇ ਸਰੀਰਕ ਕਸਰਤ ਰਾਹੀਂ ਅਤੇ ਥੋੜ੍ਹਾ ਪਸੀਨਾ ਵਹਾ ਕੇ ਸਰੀਰ ਨੂੰ ਫਾਇਦਾ ਮਿਲਦਾ ਹੈ, ਸ਼ੁੱਧ ਹਵਾ ਦਾ ਸੇਵਨ ਹੁੰਦਾ ਹੈ, ਹਰਿਆਲੀ ਆਪ-ਮੁਹਾਰੇ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦਗਾਰ ਹੁੰਦੀ ਹੈ ਉੱਥੇ ਦਿਲ ਅਤੇ ਦਿਮਾਗ ਦੀ ਖੁਰਾਕ ਤਾਜ਼ਗੀ ਅਤੇ ਖੇੜਾ ਪ੍ਰਦਾਨ ਹੁੰਦਾ ਹੈ ਅਤੇ ਤਾਜ਼ਾ, ਸਾਫ-ਸੁਥਰੀ ਸ਼ੁੱਧ ਚੀਜ਼ ਦੀ ਵਰਤੋਂ ਨਾਲ ਬਹੁਤ ਵੱਡਾ ਮਨੋਵਿਗਿਆਨਕ ਲਾਭ ਵੀ ਪੁੱਜਦਾ ਹੈ ।
ਇਸ ਤੋਂ ਇਲਾਵਾ ਘਰੇਲੂ ਬਗੀਚੀ ਵਿਚ ਕੀਤੀ ਥੋੜ੍ਹੀ ਮਿਹਨਤ ਦਾ ਫਲ ਵੀ ਫੌਰੀ ਤੌਰ 'ਤੇ ਆਰਥਿਕ ਪੱਖੋਂ ਮਿਲਣਾ ਸ਼ੁਰੂ ਹੋ ਜਾਂਦਾ ਹੈ, ਬਲਕਿ ਮੱਧ ਸ਼੍ਰੇਣੀ ਦੇ ਅਰਥਚਾਰੇ ਨੂੰ ਤਾਂ ਕਾਫੀ ਸਹਾਰਾ ਮਿਲਦਾ ਹੈ। ਜੋ ਤਾਜ਼ਾ ਸਬਜ਼ੀ ਤੁਹਾਨੂੰ ਅਪਣੇ ਬਗੀਚੇ ਤੋਂ ਮਿਲ ਸਕਦੀ ਹੈ ਉਹ ਮੰਡੀ ਤੋਂ ਸ਼ਾਇਦ ਹੀ ਕਦੇ ਨਸੀਬ ਹੋਵੇ। ਛੋਟੀਆਂ ਚੀਜ਼ਾਂ ਜਿਵੇਂ ਹਰੀ ਮਿਰਚ, ਹਰਾ ਧਨੀਆ, ਪੁਦੀਨਾ, ਟਮਾਟਰ ਆਦਿ ਵਾਸਤੇ ਹੋਰ ਕੰਮ ਛੱਡ ਕੇ ਬਾਜ਼ਾਰ ਦੇ ਚੱਕਰ ਨਹੀਂ ਲਾਉਣੇ ਪੈਣਗੇ। ਇਹ ਸਮਝ ਲਓ ਕਿ ਘਰੇਲੂ ਬਗੀਚੀ ਦੀ ਦੇਖ ਭਾਲ ਵਿਚ ਜੇਕਰ ਸਮਾਂ ਲਗਦਾ ਹੈ ਤਾਂ ਬਚਦਾ ਵੀ ਹੈ। ਅੱਜ ਲੋੜ ਹੈ ਸ਼ੁੱਧ ਖੁਰਾਕ ਦੀ ਅਹਿਮੀਅਤ ਅਤੇ ਜ਼ਰੂਰਤ ਨੂੰ ਸਮਝਣ ਦੀ ਅਤੇ ਅਵੇਸਲਾਪਣ ਛੱਡ ਘਰੇਲੂ ਬਗੀਚੀ ਦੀ ਮੁਹਿੰਮ ਨੂੰ ਸ਼ਹਿਰ ਸ਼ਹਿਰ, ਪਿੰਡ ਪਿੰਡ ਵਿਚ ਵਿਕਸਿਤ ਕਰਨ ਦੀ ।


# 164, ਜ਼ੈਲ ਸਿੰਘ ਨਗਰ ਰੋਪੜ।
ਮੋਬਾਈਲ : 94171-89547.

ਸੂਰਜਮੁਖੀ ਦੀ ਬਿਜਾਈ ਕਰਨ ਤੋਂ ਪਹਿਲਾਂ

ਕਾਸ਼ਤ ਦੇ ਢੰਗ: ਜ਼ਮੀਨ ਦੀ ਤਿਆਰੀ: ਸੂਰਜਮੁਖੀ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹਿਆ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ। ਇਸ ਤਰਾਂ ਖੇਤ ਚੰਗਾ ਤਿਆਰ ਹੋ ਜਾਂਦਾ ਹੈ।
ਬਿਜਾਈ ਦਾ ਸਮਾਂ: ਵਧੇਰੇ ਝਾੜ ਲੈਣ ਲਈ ਅਤੇ ਪਾਣੀ ਦੀ ਬੱਚਤ ਕਰਨ ਲਈ ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਦੇ ਅਖੀਰ ਤੱਕ ਕਰ ਲੈਣੀ ਚਾਹੀਦੀ ਹੈ। ਜੇਕਰ ਬਿਜਾਈ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਕਰਨੀ ਪੈ ਜਾਵੇ ਤਾਂ ਪੀ ਐਸ ਐਚ 569 ਕਿਸਮ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫ਼ਰਵਰੀ ਦੇ ਦੂਜੇ ਪੰਦ੍ਹਰਵਾੜੇ ਜਾਂ ਮਾਰਚ ਦੇ ਮਹੀਨੇ ਵਿਚ ਸਿੱਧੀ ਬਿਜਾਈ ਕਰਨ ਨਾਲ ਜਦੋਂ ਤੱਕ ਫ਼ਸਲ ਵਿਚ ਪਰਾਗਣ ਕਿਰਿਆ ਸ਼ੁਰੂ ਹੁੰਦੀ ਹੈ, ਤਾਪਮਾਨ ਕਾਫ਼ੀ ਜ਼ਿਆਦਾ ਹੋਣ ਕਾਰਨ ਬੀਜ ਘੱਟ ਬਣਦੇ ਹਨ ਅਤੇ ਜ਼ਿਆਦਾਤਰ ਬੀਜ ਫੋਕੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਪਛੇਤੀ ਬਿਜਾਈ ਕਰਨ ਨਾਲ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ।
ਬੀਜ ਦੀ ਮਾਤਰਾ ਅਤੇ ਸੋਧ: ਸੂਰਜਮੁਖੀ ਦੀ ਬਿਜਾਈ ਲਈ ਦੋ ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਬਿਜਾਈ ਤੋਂ ਪਹਿਲਾਂ ਬੀਜ ਨੂੰ ਥੀਰਮ (ਟ੍ਰੈਟਾਮੀਥਾਈਲ ਥਾਈਯੂਰਮ ਡਾਈਸਲਫਾਈਡ) ਨਾਲ ਸੋਧ ਲਵੋ। ਇਕ ਕਿੱਲੋ ਬੀਜ ਲਈ 2 ਗ੍ਰਾਮ ਦਵਾਈ ਵਰਤੋ। ਜਿਨ੍ਹਾਂ ਖੇਤਾਂ ਵਿਚ ਚਿੱਟੀ ਉੱਲੀ ਦੇ ਰੋਗ ਦੀ ਸਮੱਸਿਆ ਹੈ, ਉੱਥੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਮੈਟਾਲੈਕਸਲ 35 ਡਬਲਯੂ ਐਸ 6 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ।
ਬਿਜਾਈ ਦਾ ਢੰਗ: ਬੀਜ 4-5 ਸੈਂਟੀਮੀਟਰ ਡੂੰਘਾ ਬੀਜੋ। ਕਤਾਰਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ। ਇਸ ਦੀ ਬਿਜਾਈ ਵਾਸਤੇ ਫਾਲਿਆਂ ਵਾਲਾ ਜਾਂ ਸਿਆੜਾਂ ਵਾਲਾ ਰਿਜ਼ਰ ਪਲਾਂਟਰ ਵੀ ਵਰਤਿਆ ਜਾ ਸਕਦਾ ਹੈ। ਜੇ ਜ਼ਰੂਰਤ ਪਵੇ ਤਾਂ ਬੀਜ ਉੱਗਣ ਤੋਂ ਦੋ ਹਫਤਿਆਂ ਬਾਅਦ ਬੂਟੇ ਵਿਰਲੇ ਕਰੋ। ਅਗੇਤੀ ਫ਼ਸਲ ਨੂੰ ਜੇ ਪੂਰਬ-ਪੱਛਮ ਦਿਸ਼ਾ ਵਾਲੀਆ ਵੱਟਾਂ ਦੇ ਦੱਖਣ ਵਾਲੇ ਪਾਸੇ ਬੀਜਿਆ ਜਾਵੇ ਤਾਂ ਵੱਧ ਝਾੜ ਪ੍ਰਾਪਤ ਹੁੰਦਾ ਹੈ। ਬੀਜ ਨੂੰ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ ਬੀਜੋ। ਵੱਟ ਤੇ ਬੀਜੀ ਫ਼ਸਲ ਨੂੰ ਬਿਜਾਈ ਤੋਂ 2-3 ਦਿਨਾਂ ਪਿਛੋਂ ਪਾਣੀ ਦਿਓ। ਧਿਆਨ ਰੱਖੋ ਕਿ ਪਾਣੀ ਦੀ ਸਤ੍ਹਾ ਬੀਜਾਂ ਤੋਂ ਕਾਫੀ ਥੱਲੇ ਰਹੇ। ਵੱਟਾਂ ਤੇ ਬੀਜੀ ਫ਼ਸਲ ਢਹਿੰਦੀ ਨਹੀਂ ਅਤੇ ਵੱਧ ਗਰਮੀ ਦੇ ਮਹੀਨਿਆਂ ਵਿਚ ਪਾਣੀ ਦੀ ਬੱਚਤ ਵਿਚ ਵੀ ਸਹਾਈ ਹੁੰਦੀ ਹੈ।
ਮੈਂਥੇ ਨੂੰ ਸੂਰਜਮੁਖੀ ਵਿਚ ਰਲਵੀਂ ਫ਼ਸਲ ਵਜੋਂ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਇਸ ਦੇ ਲਈ ਸੂਰਜਮੁਖੀ ਨੂੰ 120 ਸੈਂਟੀਮੀਟਰ ] 15 ਸੈਂਟੀਮੀਟਰ ਦੇ ਫ਼ਾਸਲੇ ਤੇ ਉੱਤਰ ਦੱਖਣ ਦਿਸ਼ਾ ਵਿਚ ਬੀਜੋ। ਇਸ ਦੀਆਂ ਦੋ ਲਾਈਨਾਂ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ ਅਖੀਰ ਜਨਵਰੀ ਵਿਚ ਬੀਜੋ। ਇਸ ਰਲਵੀਂ ਫ਼ਸਲ ਲਈ ਮੈਂਥੇ ਦੀਆਂ 150 ਕਿੱਲੋ ਜੜ੍ਹਾਂ ਪ੍ਰਤੀ ਏਕੜ ਵਰਤੋ। ਸੂਰਜਮੁਖੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 23 ਕਿੱਲੋ ਨਾਈਟ੍ਰੋਜਨ (50 ਕਿੱਲੋ ਯੂਰੀਆ), 12 ਕਿੱਲੋ ਫ਼ਾਸਫ਼ੋਰਸ (75 ਕਿੱਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਪਾਓ। ਪੂਰੀ ਫ਼ਾਸਫ਼ੋਰਸ ਅਤੇ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਬਿਜਾਈ ਤੋਂ 40 ਦਿਨਾਂ ਪਿੱਛੋਂ ਪਾਓ।
ਸਿੰਚਾਈ ਪ੍ਰਬੰਧ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਦੇ ਮੁਤਾਬਕ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਅਤੇ ਅਗਲੀਆਂ ਸਿੰਚਾਈਆਂ 2 ਤੋਂ 3 ਹਫਤੇ ਦੇ ਅੰਤਰ ਤੇ ਕਰੋ। ਮਾਰਚ ਦੇ ਮਹੀਨੇ ਸਿੰਚਾਈਆਂ ਲਈ 2 ਹਫਤਿਆਂ ਦਾ ਵਕਫਾ ਕਰ ਦਿਓ। ਅਪ੍ਰੈਲ-ਮਈ ਦੇ ਗਰਮ ਮਹੀਨਿਆਂ ਵਿਚ ਸਿੰਚਾਈਆਂ 8-10 ਦਿਨਾਂ ਦੇ ਵਕਫੇ ਤੇ ਕਰੋ। ਫ਼ਸਲ ਕੱਟਣ ਤੋਂ 12-14 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ 50 ਪ੍ਰਤੀਸ਼ਤ ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖਤ ਦੋਧੇ ਸਮੇਂ ਤੇ ਸਿੰਚਾਈ ਅਤਿ ਜ਼ਰੂਰੀ ਹੈ। ਸੂਰਜਮੁਖੀ ਦੇ ਬੂਟਿਆਂ ਨੂੰ ਡਿਗਣ ਤੋਂ ਬਚਾਉਣ ਲਈ ਬੂਟਿਆਂ ਦੇ ਨਾਲ ਮਿੱਟੀ ਚੜ੍ਹਾਉਣੀ ਚਾਹੀਦੀ ਹੈ ਭਾਵੇਂ ਫ਼ਸਲ ਪੱਧਰੀ ਜਾਂ ਵੱਟਾਂ 'ਤੇ ਬੀਜੀ ਹੋਵੇ। ਮਿੱਟੀ ਚੜ੍ਹਾਉਣ ਦਾ ਕੰਮ ਫੁੱਲ ਨਿਕਲਣ ਤੋਂ ਪਹਿਲਾਂ ਜਦੋਂ ਫ਼ਸਲ 60-70 ਸੈਂਟੀਮੀਟਰ ਉੱਚੀ ਹੋ ਜਾਵੇ, ਕਰਨਾ ਚਾਹੀਦਾ ਹੈ।
ਕਟਾਈ: ਜਦੋਂ ਸਿਰਾਂ ਦਾ ਰੰਗ ਹੇਠਲੇ ਪਾਸਿਉਂ ਪੀਲਾ ਭੂਰਾ ਹੋ ਜਾਵੇ ਅਤੇ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਫ਼ਸਲ ਕੱਟਣ ਲਈ ਤਿਆਰ ਹੈ। ਇਸ ਸਮੇਂ ਬੀਜ ਕਾਲੇ ਲਗਦੇ ਹਨ ਜੋ ਪੂਰੇ ਪੱਕੇ ਹੁੰਦੇ ਹਨ। ਕਟਾਈ ਕੀਤੇ ਸਿਰਾਂ ਦੀ ਸੂਰਜਮੁਖੀ ਦੇ ਥਰੈਸ਼ਰ ਨਾਲ ਗਹਾਈ ਕਰ ਲਵੋ।


-ਗੁਰੂ ਕਾਂਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ
ਮੋਬਾਈਲ : 94654-20097
balwinderdhillon.pau@gmail.com

ਪਿਆਜ਼ ਦੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਵਿਚ ਹੋ ਸਕਦਾ ਹੈ ਵਾਧਾ

ਮੰਡੀ ਵਿਚ ਪਿਆਜ਼ ਦੀ ਕੀਮਤ 100 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਇਸ ਦੀ ਵਰਤੋਂ ਆਮ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਪੰਜਾਬ ਵਿਚ ਪਿਆਜ਼ ਦੀ ਸਫ਼ਲ ਖੇਤੀ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਸਹਾਇਤਾ ਹੋ ਸਕਦੀ ਹੈ। ਪਰ ਪੰਜਾਬ ਦੇ ਕਿਸਾਨਾਂ ਵਲੋਂ ਪਿਆਜ਼ ਦੀ ਖੇਤੀ ਵੱਲ ਘੱਟ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਪੰਜਾਬੀ ਕਿਸਾਨ ਆਲੂਆਂ ਦੀ ਕਾਸ਼ਤ ਵਲ ਵਧੇਰੇ ਰੁਚੀ ਰੱਖਦੇ ਹਨ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਲੂਆਂ ਦੇ ਮੁਕਾਬਲੇ ਪਿਆਜ਼ ਦੀ ਕਾਸ਼ਤ ਸੌਖੀ ਅਤੇ ਘੱਟ ਖਰਚੇ ਵਾਲੀ ਹੈ ਪਰ ਝਾੜ ਆਲੂਆਂ ਦੇ ਬਰਾਬਰ ਹੈ। ਇਹ ਵੀ ਸੱਚ ਹੈ ਕਿ ਪਿਆਜ਼ ਦੀਆਂ ਕੀਮਤਾਂ ਆਲੂਆਂ ਦੇ ਮੁਕਾਬਲੇ ਵਧੇਰੇ ਸਥਾਈ ਰਹਿੰਦੀਆਂ ਹਨ। ਪਿਆਜ਼ ਦੀ ਖੇਤੀ ਵੱਲ ਘੱਟ ਉਤਸ਼ਾਹ ਦਾ ਇਕ ਕਾਰਨ ਹੈ ਕਈ ਕਿਸਾਨ ਭਾਈਚਾਰੇ ਇਸ ਨੂੰ ਹਲਕਾ ਕੰਮ ਆਖਦੇ ਹਨ। ਹੁਣ ਇਸ ਸੋਚ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਪਿਆਜ਼ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ।
ਪੰਜਾਬ ਵਿਚ ਪਿਆਜ਼ ਦੀ ਖੇਤੀ ਕੋਈ 9000 ਹੈਕਟਰ ਵਿਚ ਹੁੰਦੀ ਹੈ। ਇਸ ਹੇਠ ਰਕਬੇ ਵਿਚ ਵਾਧੇ ਦੀ ਲੋੜ ਹੈ ਕਿਉਂਕਿ ਆਲੂਆਂ ਵਾਂਗ ਇਸ ਦੀਆਂ ਵੀ ਸਾਲ ਵਿਚ ਦੋ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਪਹਿਲੀ ਫ਼ਸਲ ਲਈ ਪਨੀਰੀ ਪੁੱਟ ਕੇ ਲਗਾਉਣ ਦਾ ਸਮਾਂ ਅਗਸਤ ਦਾ ਪਹਿਲਾ ਅੱਧ ਹੈ ਜਦੋਂ ਕਿ ਦੂਜੀ ਫ਼ਸਲ ਦੀ ਪਨੀਰੀ ਖੇਤ ਵਿਚ ਜਨਵਰੀ ਦੇ ਮਹੀਨੇ ਲਗਾਈ ਜਾਂਦੀ ਹੈ। ਇਹ ਫ਼ਸਲ ਪੁੱਟਣ ਲਈ ਚਾਰ ਕੁ ਮਹੀਨਿਆਂ ਵਿਚ ਤਿਆਰ ਹੋ ਜਾਂਦੀ ਹੈ। ਸਾਉਣੀ ਦੀ ਫ਼ਸਲ ਲਈ ਐਗਰੀਫ਼ੋਂਡ ਡਾਰਕ ਰੈੱਡ ਕਿਸਮ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪੀ. ਆਰ. ਓ.-6 ਪੰਜਾਬ ਵਾਈਟ ਅਤੇ ਪੰਜਾਬ ਨਰੋਆ ਸਿਆਲੂ ਫ਼ਸਲ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸ ਵਾਰ ਇਕ ਨਵੀਂ ਕਿਸਮ ਪੀ. ਆਰ. ਓ.-7 ਦੀ ਸਿਫਾਰਸ਼ ਕੀਤੀ ਗਈ ਹੈ। ਇਸ ਵਾਰ ਦੋ ਹੋਰ ਨਵੀਆਂ ਕਿਸਮਾਂ ਪੀ. ਡਬਲਯੂ. ੳ.-35 ਚਿੱਟੇ ਪਿਆਜ਼ਾਂ ਦੀ ਕਿਸਮ ਹੈ ਜਦੋਂ ਕਿ ਪੀ. ਆਈ. ੳ. - 102 ਪੀਲੇ ਰੰਗੇ ਪਿਆਜ਼ਾਂ ਦੀ ਕਿਸਮ ਹੈ। ਪੀ. ਆਰ. ਓ.-7 ਕਿਸਮ ਤੋਂ ਤਾਂ 175 ਕੁਇੰਟਲ ਪਿਆਜ਼ ਪ੍ਰਤੀ ਏਕੜ ਪ੍ਰਾਪਤ ਹੋ ਜਾਂਦੇ ਹਨ। ਪਿਆਜ਼ ਦੀ ਵਰਤੋਂ ਹਰੇਕ ਪੰਜਾਬੀ ਘਰ ਵਿਚ ਕੀਤੀ ਜਾਂਦੀ ਹੈ। ਇਹ ਹਰੇਕ ਸਬਜ਼ੀ ਦਾਲ ਵਿਚ ਪਾਇਆ ਜਾਂਦਾ ਹੈ ਅਤੇ ਸਲਾਦ ਦੇ ਰੂਪ ਵਿਚ ਕੱਚਾ ਖਾਧਾ ਜਾਂਦਾ ਹੈ। ਬਹੁਤੀਆਂ ਸਬਜ਼ੀਆਂ ਯੂਰਪੀਅਨ ਆਪਣੇ ਨਾਲ ਲੈ ਕੇ ਆਏ ਸਨ ਪਰ ਪਿਆਜ਼ ਨੂੰ ਨਿਰੋਲ ਭਾਰਤੀ ਮੰਨਿਆ ਜਾਂਦਾ ਹੈ। ਪਿਆਜ਼ ਵਿਚ ਕੈਲਸ਼ੀਅਮ ਹੁੰਦਾ ਹੈ। ਇਸ ਦੀ ਵਰਤੋਂ ਦਵਾਈ ਦੇ ਰੂਪ ਵਿਚ ਵੀ ਹੁੰਦੀ ਹੈ। ਇਸੇ ਕਰ ਕੇ ਇਨ੍ਹਾਂ ਨੂੰ ਸੁਕਾ ਕੇ ਪਾਊਡਰ ਵੀ ਬਣਾਇਆ ਜਾਂਦਾ ਹੈ। ਕੋਈ 50 ਕੁ ਦਿਨਾਂ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਈ ਜਾਂਦੀ ਹੈ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕੋਈ ਪੰਜ ਕਿਲੋ ਬੀਜ ਦੀ ਲੋੜ ਪੈਂਦੀ ਹੈ। ਗਰਮੀਆਂ ਦੀ ਪਨੀਰੀ ਜੂਨ ਵਿਚ ਤੇ ਸਰਦੀਆਂ ਦੀ ਫ਼ਸਲ ਲਈ ਪਨੀਰੀ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜੀ ਜਾਂਦੀ ਹੈ।
ਪਨੀਰੀ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 15 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪਿਆਜ਼ ਲਈ ਜੈਵਿਕ ਖਾਦ ਬਣਾਈ ਹੈ। ਕਨਸ਼ੋਰਸ਼ੀਅਮ ਜੀਵਾਣੂ ਖਾਦ ਚਾਰ ਕਿਲੋ ਪ੍ਰਤੀ ਏਕੜ ਦੇ ਹਿਸਾਬ ਮਿੱਟੀ ਵਿਚ ਰਲਾ ਕੇ ਪਾਈ ਜਾਂਦੀ ਹੈ। ਇਸ ਨਾਲ ਝਾੜ ਹੀ ਨਹੀਂ ਵਧਦਾ ਸਗੋਂ ਧਰਤੀ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ। ਪਿਆਜ਼ ਲਈ 20 ਟਨ ਰੂੜੀ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਬੂਟੇ ਲਗਾਉਣ ਤੋਂ ਪਹਿਲਾਂ 20 ਕਿਲੋ ਨਾਈਟ੍ਰੋਜਨ 20 ਕਿਲੋ ਫਾਰਫੋਰਸ ਤੇ 20 ਕਿਲੋ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ। ਇਤਨੀ ਹੀ ਨਾਈਟ੍ਰੋਜਨ ਕੋਈ ਛੇ ਹਫ਼ਤਿਆਂ ਪਿਛੋਂ ਮੁੜ ਪਾਉਣੀ ਚਾਹੀਦੀ ਹੈ। ਪਹਿਲਾ ਪਾਣੀ ਪਨੀਰੀ ਲਗਾਉਣ ਤੋਂ ਤੁਰੰਤ ਪਿਛੋਂ ਦੇਵੋ। ਨਦੀਨਾਂ ਦੀ ਰੋਕਥਾਮ ਗੋਡੀ ਨਾਲ ਕਰਨੀ ਚਾਹੀਦੀ ਹੈ। ਜੇਕਰ ਨਦੀਨਾਂ ਦੀ ਰੋਕਥਾਮ ਨਦੀਨਨਾਸ਼ਕਾਂ ਨਾਲ ਕਰਨੀ ਹੈ ਤਾਂ ਸਟੌਂਪ 30 ਈ. ਸੀ. ਦਾ 750 ਮਿਲੀਲਿਟਰ 200 ਲਿਟਰ ਪਾਣੀ ਵਿਚ ਘੋਲ ਕੇ ਪਨੀਰੀ ਲਗਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕੋ। ਜਦੋਂ ਭੂਕਾਂ ਸੁੱਕ ਕੇ ਡਿਗ ਪੈਣ ਤਾਂ ਪਿਆਜ਼ ਪੁੱਟ ਲੈਣੇ ਚਾਹੀਦੇ ਹਨ। ਪੁਟਾਈ ਪਿਛੋਂ ਤਿੰਨ ਚਾਰ ਦਿਨ ਇਨ੍ਹਾਂ ਨੂੰ ਛਾਂ ਹੇਠ ਖਲਾਰ ਦੇਵੋ। ਪਿਆਜ਼ ਦੀਆਂ ਕੋਈ ਦੋ ਸੈਂਟੀਮੀਟਰ ਭੂਕਾਂ ਰਖ ਕੇ ਕਟ ਦੇਵੋ। ਭੰਡਾਰ ਘਰ ਵਿਚ 15 ਦਿਨਾਂ ਪਿਛੋਂ ਪਿਆਜ਼ ਹਿਲਾਉਂਦੇ ਰਹੋ। ਗਲੇ ਹੋਏ ਪਿਆਜ਼ ਬਾਹਰ ਕੱਢ ਦੇਵੋ। ਪੰਜਾਬ ਵਿਚ ਪਿਆਜ਼ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। -0-

ਭਵਿੱਖ 'ਚ ਬਾਸਮਤੀ ਦੀ ਨਿਰਯਾਤ

ਬਾਸਮਤੀ ਦੇ ਬਰਾਮਦਕਾਰਾਂ ਨੇ ਈਰਾਨ ਨੂੰ ਬਾਸਮਤੀ ਚਾਵਲ ਉਧਾਰ ਨਾ ਭੇਜਣ ਦਾ ਫ਼ੈਸਲਾ ਲਿਆ ਹੈ। ਆਲ-ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਸੇਤੀਆ ਨੇ ਦੱਸਿਆ ਕਿ ਇਸ ਫ਼ੈਸਲੇ 'ਤੇ ਸਾਰੇ ਬਰਾਮਦਕਾਰਾਂ ਨੂੰ ਖੜ੍ਹੇ ਰਹਿਣ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ਤੇ ਹਰਿਆਣਾ ਵਿਚ ਹੀ ਬਾਸਮਤੀ ਚਾਵਲ ਦੇ ਮੁੱਖ ਬਰਾਮਦਕਾਰ ਹਨ। ਉਨ੍ਹਾਂ ਨਾਲ ਸੰਪਰਕ ਕਰ ਲਿਆ ਗਿਆ ਹੈ। ਇਹ ਫ਼ੈਸਲਾ ਅਮਰੀਕਾ ਤੇ ਈਰਾਨ ਦਰਮਿਆਨ ਜੋ ਹਾਲੀਆ ਤਣਾਅ ਬਣਿਆ ਹੈ, ਉਸ ਕਾਰਨ ਹੈ ਜਾਂ ਈਰਾਨ ਦੇ ਵਪਾਰੀਆਂ ਵਲੋਂ ਪਿਛਲੇ ਸਾਲ ਭੇਜੇ ਗਏ ਚਾਵਲ ਦੀ ਕੀਮਤ ਦੀ ਅਦਾਇਗੀ ਨਾ ਕਰਨ ਵਜੋਂ? ਪਿਛਲੇ ਸਾਲ ਭਾਰਤ ਤੋਂ ਤਕਰੀਬਨ 33,000 ਕਰੋੜ ਰੁਪਏ ਦੇ 44.14 ਲੱਖ ਟਨ ਬਾਸਮਤੀ ਚਾਵਲ ਬਰਾਮਦ ਕੀਤੇ ਗਏ। ਇਨ੍ਹਾਂ ਵਿਚ ਸਭ ਤੋਂ ਵੱਧ ਮਾਤਰਾ ਈਰਾਨ ਨੂੰ ਬਰਾਮਦ ਕੀਤੀ ਗਈ। ਈਰਾਨ ਨੂੰ 15 ਲੱਖ ਟਨ ਚਾਵਲ ਭੇਜੇ ਗਏ। ਜਿਨ੍ਹਾਂ ਦੀ ਕੀਮਤ ਤਕਰੀਬਨ 11000 ਕਰੋੜ ਰੁਪਏ ਸੀ। ਇਸ ਵਜੋਂ ਜੋ ਈਰਾਨ ਦੇ ਵਪਾਰੀਆਂ ਤੋਂ 1500 ਕਰੋੜ ਰੁਪਿਆ ਪੰਜਾਬ- ਹਰਿਆਣਾ ਦੇ ਵਪਾਰੀਆਂ ਨੇ ਚਾਵਲਾਂ ਦਾ ਲੈਣਾ ਸੀ, ਉਸ ਵਿਚੋਂ ਪਿਛਲੇ ਕੁਝ ਮਹੀਨਿਆਂ ਦੌਰਾਨ 600 ਕਰੋੜ ਰੁਪਿਆ ਤਾਂ ਆ ਗਿਆ ਪਰ ਅਜੇ 900 ਕਰੋੜ ਰੁਪਏ ਬਕਾਇਆ ਪਏ ਹਨ। ਨਵੰਬਰ ਤੱਕ ਇਸ ਸਾਲ ਤਕਰੀਬਨ 500 ਕਰੋੜ ਰੁਪਏ ਦੇ ਬਾਸਮਤੀ ਚਾਵਲ ਈਰਾਨ ਨੂੰ ਹੋਰ ਭੇਜੇ ਗਏ ਹਨ। ਜਿਸ ਵਿਚੋਂ ਜੋ ਈਰਾਨ ਦੀ ਸਰਕਾਰ ਨੂੰ ਚਾਵਲ ਭੇਜਿਆ ਗਿਆ ਹੈ, ਉਸ ਰਕਮ ਦੀ ਅਦਾਇਗੀ ਤਾਂ ਛੇਤੀ ਹੀ ਵਪਾਰੀਆਂ ਨੂੰ ਮਿਲ ਜਾਵੇਗੀ, ਬਾਕੀ ਦਾ ਰੁਪਿਆ ਜਿਹੜਾ ਈਰਾਨ ਦੇ ਵਪਾਰੀਆਂ ਵਲੋਂ ਪਿੱਛੇ ਵਾਂਗ ਤੁਰੰਤ ਨਾ ਭੇਜਿਆ ਗਿਆ ਤਾਂ 900 ਕਰੋੜ 'ਚ ਸ਼ਾਮਿਲ ਹੋ ਕੇ ਫਿਰ ਵੱਡੀ ਰਕਮ ਬਣ ਜਾਵੇਗੀ। ਵਪਾਰੀਆਂ ਨੇ ਫ਼ੈਸਲਾ ਲਿਆ ਹੈ ਕਿ ਅਗਾਂਹ ਨੂੰ ਚਾਵਲ ਰਕਮ ਦੀ ਅਦਾਇਗੀ ਪੇਸ਼ਗੀ ਲੈ ਕੇ ਭੇਜਿਆ ਜਾਵੇ ਜਾਂ ਫਿਰ ਲੈਟਰ ਆਫ ਕਰੈਡਿਟ (ਜਿਸ ਰਾਹੀਂ ਬੈਂਕ ਦੂਜੇ ਮੁਲਕ ਦੇ ਬੈਂਕ ਰਾਹੀਂ ਗਾਰੰਟੀ ਦਿੰਦਾ ਹੈ) ਮੁਹਈਆ ਕਰਨ 'ਤੇ। ਈਰਾਨ ਪੰਜਾਬ ਤੇ ਹਰਿਆਣਾ ਦੇ ਬਾਸਮਤੀ ਚਾਵਲਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ ਭਾਵੇਂ ਬਾਸਮਤੀ ਚਾਵਲਾਂ ਦੀ ਦਰਾਮਦ ਯੂਰਪੀਅਨ ਯੂਨੀਅਨ, ਅਮਰੀਕਾ, ਮੱਧ ਪੂਰਬ ਦੇ ਮੁਲਕ, ਰੂਸ, ਯਕਰੇਨ, ਤੁਰਕੀ ਤੇ ਕਾਮਨ ਵੈਲਥ ਦੇ ਆਜ਼ਾਦ ਰਾਜਾਂ ਆਦਿ ਮੁਲਕਾਂ ਨੂੰ ਵੀ ਕੀਤੀ ਜਾਂਦੀ ਹੈ। ਇਕੱਲਾ ਈਰਾਨ ਭਾਰਤ ਤੋਂ ਬਰਾਮਦ ਕੀਤੀ ਜਾ ਰਹੀ ਬਾਸਮਤੀ ਦਾ 20 ਤੋਂ 25 ਫ਼ੀਸਦੀ ਦਰਾਮਦ ਕਰਦਾ ਹੈ।
ਈਰਾਨ ਤੇ ਅਮਰੀਕਾ ਦੇ ਸਬੰਧਾਂ ਵਿਚ ਤਬਦੀਲੀ ਆਉਣ ਕਾਰਨ ਈਰਾਨ ਨੂੰ ਬਰਾਮਦ ਕੀਤੇ ਜਾਣ ਵਾਲੇ ਚਾਵਲ (ਸੇਲਾ) ਦਾ ਭਾਅ 5500 ਰੁਪਏ ਪ੍ਰਤੀ ਕੁਇੰਟਲ ਤੋਂ ਡਿਗ ਕੇ 5000 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਿਆ। ਪੰਜਾਬ ਤੇ ਹਰਿਆਣਾ 'ਚ ਫ਼ਸਲੀ-ਵਿਭਿੰਨਤਾ ਲਿਆਉਣ ਲਈ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਇਸ ਸਾਲ ਦੇ 6.29 ਲੱਖ ਹੈਕਟੇਅਰ ਤੋਂ ਵਧਾਉਣ ਦੀ ਲੋੜ ਹੈ ਤਾਂ ਜੋ ਵਰਤਮਾਨ 23 ਲੱਖ ਹੈਕਟੇਅਰ ਰਕਬੇ 'ਤੇ ਕਾਸ਼ਤ ਕੀਤੇ ਜਾ ਰਹੇ ਝੋਨੇ ਥੱਲੇ ਰਕਬਾ ਘਟੇ। ਇਸ ਲਈ ਬਾਸਮਤੀ ਚਾਵਲ ਦੀ ਵਿਦੇਸ਼ੀ ਮੰਡੀ 'ਚ ਬਰਾਮਦ ਵਧਾਉਣੀ ਪਵੇਗੀ ਤਾਂ ਜੋ ਕਿਸਾਨਾਂ ਨੂੰ ਬਾਸਮਤੀ ਦਾ ਲਾਹੇਵੰਦ ਭਾਅ ਮਿਲਦਾ ਰਹੇ। ਘਰੇਲੂ ਮੰਡੀ ਦੀ ਤਾਂ ਬਾਸਮਤੀ ਚਾਵਲਾਂ ਦੀ ਖਪਤ ਬੜੀ ਘੱਟ ਹੈ। ਤਕਰੀਬਨ 20 ਕੁ ਲੱਖ ਟਨ ਹੈ। ਭਾਵੇਂ ਇਸ ਦੇ ਵਧਣ ਦੀ ਸੰਭਾਵਨਾ ਹੈ। ਯੂਰਪੀਅਨ ਯੂਨੀਅਨ ਵਲੋਂ ਚੌਲਾਂ ਵਿਚ ਟਰਾਈਸਾਇਕਲਾਜ਼ੋਲ ਦੀ ਵੱਧ ਤੋਂ ਵੱਧ ਮਾਤਰਾ 0.01 ਐਮ. ਜੀ. ਪ੍ਰਤੀ ਕਿਲੋਗ੍ਰਾਮ ਨਿਯਤ ਕੀਤੇ ਜਾਣ ਉਪਰੰਤ ਬਾਸਮਤੀ ਚਾਵਲ ਦੀ ਬਰਾਮਦ ਬੜੀ ਮੁਸ਼ਕਲ ਹੋ ਗਈ ਹੈ। ਯੂਰਪੀਅਨ ਯੂਨੀਅਨ ਤੋਂ ਬਾਹਰ ਦੂਜੇ ਮੁਲਕ ਵੀ ਹੁਣ ਇਸੇ ਕਿਸਮ ਦੀ ਗੁਣਵੱਤਾ ਵਾਲੇ ਚਾਵਲ ਮੰਗਦੇ ਹਨ। ਭਾਰਤ ਸਰਕਾਰ ਵਲੋਂ ਪ੍ਰਯੋਗਸ਼ਾਲਾਵਾਂ ਤੋਂ ਪਰਖ ਕਰਵਾ ਕੇ ਬਰਾਮਦ ਲਈ ਭੇਜੇ ਜਾਣ ਵਾਲੇ ਚਾਵਲਾਂ ਦੀ ਐਕਸਪੋਰਟ ਇੰਸਪੈਕਸ਼ਨ ਕੌਂਸਲ ਅਤੇ ਐਕਸਪੋਰਟ ਇੰਸਪੈਕਸ਼ਨ ਏਜੰਸੀ ਤੋਂ ਪਰਖ ਕਰਵਾ ਕੇ ਇਸ ਦੀ ਗੁਣਵੱਤਾ ਅਤੇ ਸੁਰੱਖਿਆ ਸਬੰਧੀ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਇਸ ਸਬੰਧੀ ਦਿੱਲੀ, ਕੋਚੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਿਖੇ ਪ੍ਰਯੋਗਸ਼ਾਲਾਵਾਂ ਸਥਾਪਤ ਹਨ। ਖੇਤੀਬਾੜੀ ਸਕੱਤਰ ਸ: ਕਾਹਨ ਸਿੰਘ ਪੰਨੂੰ ਕਹਿੰਦੇ ਹਨ ਕਿ ਇਸ ਸਾਲ ਪੰਜਾਬ ਵਿਚ ਪੰਜਾਬ ਦੇ ਉਤਪਾਦਕਾਂ ਨੇ ਬਾਸਮਤੀ ਦੀ ਫ਼ਸਲ ਤੇ 9 ਵਰਜਿਤ ਕੀਟਨਾਸ਼ਕਾਂ ਦਾ ਪ੍ਰਯੋਗ ਨਹੀਂ ਕੀਤਾ ਅਤੇ ਪੰਜਾਬ ਦੀ ਬਾਸਮਤੀ ਦੀ ਫ਼ਸਲ ਕੀਟਨਾਸ਼ਕਾਂ ਦੇ ਅੰਸ਼ ਪੱਖੋਂ ਨਿਯਤ ਕੀਤੀ ਗਈ ਸੀਮਾ ਅਨੁਕੂਲ ਹੈ। ਪੰਜਾਬ 20 ਲੱਖ ਟਨ ਬਾਸਮਤੀ ਪੈਦਾ ਕਰਦਾ ਹੈ।
ਐਗਰੀਕਲਚਰਲ ਐਂਡ ਪ੍ਰੋਸੈਸੱਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ (ਅਪੀਡਾ) ਤੇ ਭਾਰਤ ਦੇ ਵਿੱਤ ਮੰਤਰਾਲੇ ਅਤੇ ਵਪਾਰ ਤੇ ਉਦਯੋਗ ਮੰਤਰਾਲੇ ਨੂੰ ਬਾਸਮਤੀ ਦੀ ਬਰਾਮਦ ਵਧਾਉਣ ਲਈ ਵਿਸ਼ੇਸ਼ ਉਪਰਾਲਾ ਕਰਨ ਦੀ ਲੋੜ ਹੈ ਤਾਂ ਜੋ ਇਸ ਨਾਲ ਜੋ ਸਰਕਾਰ ਦਾ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਨਿਸ਼ਾਨਾ ਹੈ, ਉਸ ਦੀ ਪੂਰਤੀ ਵੱਲ ਕਦਮ ਵਧੇ। ਕਿਸਾਨਾਂ ਤੇ ਵਪਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਿਚ ਸਵੈ-ਅਨੁਸਾਸ਼ਨ ਲਿਆਉਣ ਅਤੇ ਨਿਰਯਾਤ ਲਈ ਗੁਣਵੱਤਾ ਵਾਲੇ ਬਾਸਮਤੀ ਚਾਵਲ ਵਿਦੇਸ਼ਾਂ ਨੂੰ ਭੇਜਣ। ਵਿਸ਼ੇਸ਼ ਕਰ ਕੇ ਕਿਸਾਨ ਬਾਸਮਤੀ ਵਿਚ ਪ੍ਰਯੋਗ ਕਰਨ ਲਈ ਬੰਦ ਕੀਤੇ ਗਏ ਕੀਟਨਾਸ਼ਕਾਂ ਦਾ ਇਸਤੇਮਾਲ ਨਾ ਕਰਨ।


-ਮੋਬਾਈਲ : 98152-36307

ਫ਼ੈਸਲੇ ਦੀ ਘੜੀ

ਗਿੱਠ-ਗਿੱਠ ਹੋਈਆਂ ਕਣਕਾਂ ਨੇ ਕਈ ਅਹਿਮ ਸੁਆਲ ਪੈਦਾ ਕਰ ਦਿੱਤੇ ਹਨ। ਸਰਕਾਰ ਤੇ ਖੇਤੀ ਸੰਸਥਾਵਾਂ ਦਾ ਐਤਕੀਂ ਪੂਰਾ ਜ਼ੋਰ ਲੱਗਾ ਰਿਹੈ ਕਿ ਝੋਨੇ ਦੀ ਪਰਾਲੀ ਨੂੰ ਨਾ ਸਾੜੋ। ਸਿਰਫ਼ ਵਾਹ ਕੇ ਜਾਂ ਕੱਟੇ ਟੱਕ ਵਿਚ ਹੀ ਕਣਕ ਬੀਜੋ। ਇਸ ਪ੍ਰਚਾਰ ਦਾ ਅਸਰ ਵੀ ਹੋਇਆ। ਕਾਫ਼ੀ ਗਿਣਤੀ ਵਿਚ ਕਿਸਾਨਾਂ ਨੇ ਇਹ ਸਲਾਹ ਮੰਨ ਵੀ ਲਈ। ਹੁਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਕਿਤੇ ਤਾਂ ਕਣਕ ਬਹੁਤ ਵਧੀਆ ਹੈ ਤੇ ਕਈ ਥਾਂ ਘੱਟ ਉੱਗੀ ਜਾਂ ਸੁੰਡੀ ਵੀ ਪਈ ਹੋਈ ਹੈ। ਇਹ ਚਿੰਤਾ ਦੀ ਗੱਲ ਹੈ। ਹਾਲੇ ਤੱਕ ਕਿਸੇ ਵੀ ਸੰਸਥਾ ਜਾਂ ਸਰਕਾਰ ਵਲੋਂ ਸਪੱਸ਼ਟ ਸਲਾਹ ਨਹੀਂ ਦਿੱਤੀ ਗਈ ਕਿ ਕੀ ਤੇ ਕਿਵੇਂ ਕਰਨਾ ਹੈ। ਖੇਤ ਦੀ ਸਹੀ ਤਿਆਰੀ ਕੀ ਹੈ ਆਦਿ? ਕਿਸਾਨ ਆਪ ਹੀ ਤਜਰਬੇ ਕਰੀ ਜਾ ਰਹੇ ਹਨ। ਉੱਧਰੋਂ ਦਵਾਈਆਂ ਵਾਲੇ ਵੀ ਕਿਸਾਨ ਨੂੰ ਛਿੱਲੀ ਜਾ ਰਹੇ ਹਨ। ਲੋੜ ਹੈ, ਕਣਕ ਬੀਜਣ ਦੀ ਤਿਆਰੀ ਤੋਂ ਲੈ ਕੇ ਖੇਤ ਵਿਚ ਪੈਂਦੀ ਸੁੰਡੀ ਮਾਰਨ ਤੱਕ ਸਹੀ ਸਾਰਨੀ ਤੇ ਸਿਫ਼ਾਰਿਸ਼ ਕੀਤੀ ਜਾਵੇ। ਕਿਸਾਨ ਅੱਜ ਵਾਂਗ ਅਟਕਲ ਪੱਚੂ ਨਾ ਲਾਉਣ। ਜੇਕਰ ਕਿਸਾਨ ਨੂੰ ਸਹੀ ਸਲਾਹ ਤੇ ਜਾਣਕਾਰੀ ਨਾ ਦਿੱਤੀ ਗਈ ਤਾਂ ਯਾਦ ਰੱਖਿਓ, ਕੋਈ ਵੀ ਤਾਕਤ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਨਹੀਂ ਸਕੇਗੀ।


-ਮੋਬਾ: 98159-45018

ਕਿਰਤ ਦਾ ਸੁਲਤਾਨ

ਕਿਸਾਨ

ਸੁਣ ਓ' ਮੇਰੇ ਭੋਲ੍ਹਿਆ ਜੱਟਾ
ਤੂੰ ਏਂ ਪੁੱਤ ਮਹਾਨ।
ਪੂਰੀ ਦੁਨੀਆ ਦਾ ਅੰਨਦਾਤਾ
ਤੇਰੀ ਉੱਚੀ ਸ਼ਾਨ।
ਸੋਕਾ 'ਨ੍ਹੇਰੀ ਜਰਦਾ ਏਂ ਤੂੰ
ਹੜ੍ਹ ਕਰਦਾ ਨੁਕਸਾਨ।
ਸੱਪਾਂ ਦੀਆਂ ਤੂੰ ਮਿੱਧੇਂ ਸਿਰੀਆਂ
ਰੱਖ ਤਲੀ 'ਤੇ ਜਾਨ।
ਕਿਸਮਤ ਤੇਰੀ ਡਾਹਢੀ ਅੜਿਆ
ਪੇਸ਼ ਦਏ ਨਾ ਜਾਣ।
ਲਾਗਤ ਮਹਿੰਗੀ, ਮੁੱਲ ਨਾ ਮਿਲਦਾ,
ਲੀਡਰ ਮੂਰਖ ਬਣਾਣ।
ਕਰਜ਼ਾ ਚੁੱਕਣਾ ਲੋੜ ਏ ਤੇਰੀ,
ਲੱਖ ਲੋਕ ਸਮਝਾਣ।
ਫ਼ਾਹਾ ਲੈ ਕੇ ਮਰ ਨਾ ਝੱਲਿਆ,
ਜੀਵਨ ਬੜਾ ਮਹਾਨ।
ਸੋਚਾਂ, ਫ਼ਿਕਰਾਂ ਛੱਡ ਕੇ ਵੇ ਤੂੰ,
ਉੱਤਰ ਵਿਚ ਮੈਦਾਨ
ਹਿੰਮਤ, ਸਬਰ ਤੇ ਮਿਹਨਤ ਕਰ ਕੇ
ਕਰ ਸਭ ਨੂੰ ਹੈਰਾਨ।
ਬੇਸ਼ੱਕ ਤੇਰੀ ਜੂਨ ਬੁਰੀ,
ਨਾ ਦੁੱਖ ਵਿਚ ਹੋ ਗ਼ਲਤਾਨ।
ਤੇਰੀ ਕਿਰਤ ਹੈ ਉੱਚੀ-ਸੁੱਚੀ,
ਤੂੰ ਕਿਰਤੀ ਸੁਲਤਾਨ।


-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008

ਅਲੋਪ ਹੋ ਗਿਆ

ਕਾੜ੍ਹਨਾ

ਦੁੱਧ ਕਾੜਨ ਵਾਲਾ ਕਾੜ੍ਹਨਾ। ਚੌਕੇ ਦੇ ਇਕ ਕੋਨੇ ਦੇ ਉੱਪਰ ਕੰਧ ਨਾਲ ਜੋੜ ਕੇ ਸਾਡੀ ਬੀਜੀ ਨੇ ਬਣਾਇਆਂ ਹੁੰਦਾ ਸੀ। ਜਿਸ ਵਿਚ ਪਾਥੀਆਂ ਦੀ ਅੱਗ ਧੁਖਾਈ ਜਾਂਦੀ ਸੀ। ਇਸ ਉੱਪਰ ਕੱਚਾ ਦੁੱਧ ਕਾੜ੍ਹਨੇ ਵਿਚ ਪਾਕੇ ਕੜਨ ਲਈ ਰੱਖਿਆ ਜਾਂਦਾ ਸੀ। ਉਸ ਉੱਪਰ ਛਕਾਲਾ ਰੱਖਿਆ ਜਾਂਦਾ ਸੀ ਜਿਸ ਵਿਚ ਮੋਰੀਆਂ ਹੁੰਦੀਆਂ ਸਨ। ਇਹ ਕਈ ਘੰਟੇ ਦੁੱਧ ਕੜ੍ਹਦਾ ਰਹਿੰਦਾ ਸੀ। ਕੜ੍ਹੇ ਹੋਏ ਦੁੱਧ ਦੀ ਜਦੋਂ ਸਾਡੀ ਬੀਜੀ ਮਲਾਈ ਦਿੰਦੀ ਸੀ ਉਸ ਦੇ ਖਾਣ ਦਾ ਆਪਣਾ ਵੱਖਰਾ ਹੀ ਸੰਵਾਦ ਹੁੰਦਾ ਸੀ। ਇਹ ਤਕਰੀਬਨ ਕਈ ਘਰਾਂ ਵਿਚ ਆਮ ਹੀ ਮਿਲ ਜਾਂਦਾ ਸੀ।
ਮੇਰੇ ਦੋਸਤ ਸੁਲੱਖਣ ਦੀ ਮਾਂ ਨੇ ਆਲਾ ਚੌਕੇ ਉੱਪਰ ਬਣਾ ਕੇ ਇਕ ਕੋਠੜੀ ਦੇ ਰੂਪ ਵਿਚ ਛੱਡਿਆ ਹੁੰਦਾ ਸੀ। ਜਿਸ ਵਿਚ ਦਰਵਾਜ਼ੇ ਵਰਗੀ ਛੋਟੀ ਖਿੜਕੀ ਲਗਾਈ ਹੁੰਦੀ ਸੀ। ਇਸ ਵਿਚ ਮੋਰੀਆਂ ਕੱਢੀਆਂ ਹੁੰਦੀਆਂ ਸਨ। ਜਿਸ ਨਾਲ ਥੁੱਖਦੀ ਅੱਗ ਦਾ ਧੂੰਆਂ ਬਾਹਰ ਨਿਕਲਦਾ ਸੀ। ਇਹ ਇਸ ਕਰ ਕੇ ਬਣਾਇਆਂ ਹੁੰਦਾ ਸੀ ਤਾਂ ਜੋ ਬਿੱਲੀਆਂ ਦੁੱਧ ਨਾ ਪੀ ਜਾਣ।
ਬਹੁਤੀ ਵਾਰੀ ਕਈ ਘਰਾਂ ਵਿਚ ਕਾੜ੍ਹਨਾਂ ਧਰਤੀ ਵਿਚ ਗੱਡ ਦਿੱਤਾ ਜਾਂਦਾ ਸੀ। ਪਾਥੀਆਂ ਨੂੰ ਬਾਲਿਆ ਜਾਂਦਾ ਸੀ। ਜੋ ਹੌਲੀ-ਹੌਲੀ ਧੁਖਣ ਨਾਲ ਦੁੱਧ ਦਾ ਰੰਗ ਲਾਲ ਹੋ ਜਾਂਦਾ ਸੀ ਤੇ ਉਸ ਉਪਰ ਮਲਾਈ ਮੋਟੀ ਤਹਿ ਵਾਂਗ ਆ ਜਾਂਦੀ ਸੀ। ਜਦੋਂ ਸਕੂਲੋਂ ਆਉਂਦੇ ਸੀ ਗਲਾਸ ਦੁੱਧ ਦਾ ਮਿਲ ਜਾਂਦਾ ਸੀ ਜਿਸ ਉੱਪਰ ਸਾਡੀ ਬੀਜੀ ਮਲਾਈ ਪਾਕੇ ਦਿੰਦੀ ਸੀ। ਜਿਸ ਦਾ ਜ਼ਾਇਕਾ ਹੀ ਹੋਰ ਹੋ ਜਾਂਦਾ ਸੀ। ਬੀਜੀ ਕਹਿੰਦੇ ਸਨ ਇਸ ਨਾਲ ਤਾਕਤ ਆਉਂਦੀ ਹੈ ਤੇ ਦਿਮਾਗ਼। ਵਧਦਾ ਹੈ ਤੇ ਪੜ੍ਹਾਈ ਜ਼ਿਆਦਾ ਆਉਂਦੀ ਹੈ। ਰਾਤ ਸਾਉਣ ਲੱਗਿਆਂ ਵੀ ਦੁੱਧ ਦਾ ਗਲਾਸ ਸਰ੍ਹਾਣੇ ਆ ਜਾਂਦਾ ਸੀ। ਜੋ ਸਾਨੂੰ ਦੁੱਧ ਪੀਣ ਤੋ ਬਗੈਰ ਨੀਂਦ ਨਹੀਂ ਸੀ ਆਉਂਦੀ। ਜੋ ਪੀ ਕੇ ਸੌਂਦੇ ਸੀ।
ਜੋ ਪਿੰਡਾਂ ਦਾ ਮਾਹੌਲ ਵੀ ਸ਼ਹਿਰਾਂ ਵਰਗਾ ਹੋ ਗਿਆ ਹੈ। ਅੱਗੇ ਵਾਂਗ ਹਰ ਇਕ ਦੇ ਘਰ ਜੋ ਲਵੇਰਾ ਹੁੰਦਾ ਸੀ ਨਹੀਂ ਹੈ। ਦੁੱਧ ਮੁੱਲ ਲੈਂਦੇ ਹਨ। ਚਾਹ ਹੀ ਮਸਾਂ ਬਣਦੀ ਹੈ। ਜਿਸ ਕਰ ਲਵੇਰਾ ਹੈ ਉਹ ਡੇਅਰੀ 'ਤੇ ਪਾ ਆਉਂਦਾ ਹੈ। ਕਾੜ੍ਹਨੇ ਦੇ ਹਿੱਸੇ ਕੁਝ ਨਹੀਂ ਆਉਂਦਾ। ਕੜ੍ਹਿਆ ਦੁੱਧ ਤਾਂ ਕੀ ਮਿਲਣਾ ਹੈ ਕੱਚਾ ਵੀ ਨਹੀਂ ਮਿਲਦਾ। ਇਸ ਦੀ ਜਗ੍ਹਾ ਕੋਕ ਨੇ ਲੈ ਲਈ ਹੈ। ਕਾੜ੍ਹਨੇ ਦਾ ਵੇਲਾ ਨਿਕਲ ਗਿਆ ਹੈ।


-ਸੰਪਰਕ : 9878600221

ਕਣਕ ਦੀ ਫ਼ਸਲ ਦਾ ਪੀਲਾਪਣ, ਕਾਰਨ ਅਤੇ ਇਲਾਜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੰਧਕ ਦੀ ਘਾਟ : ਜੇਕਰ ਕਣਕ ਦੀ ਕਾਸ਼ਤ ਰੇਤਲੀਆਂ ਜ਼ਮੀਨਾਂ ਵਿਚ ਕੀਤੀ ਜਾਵੇ ਤਾਂ ਉਸ 'ਤੇ ਗੰਧਕ ਦੀ ਘਾਟ ਆ ਜਾਂਦੀ ਹੈ । ਜਦੋਂ ਕਣਕ ਦੇ ਵਾਧੇ ਦੇ ਮੁਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ । ਇਸ ਦੀ ਘਾਟ ਦੀਆਂ ਨਿਸ਼ਾਨੀਆਂ ਵਿਚ ਨਵੇਂ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ। ਬੂਟੇ ਦੀ ਚੋਟੀ ਦੇ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ । ਗੰਧਕ ਦੀ ਘਾਟ ਜਾਪੇ ਤਾਂ ਖੜ੍ਹੀ ਫ਼ਸਲ ਵਿਚ 100 ਕਿੱਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਗੰਧਕ ਦੀ ਘਾਟ ਦੀ ਪੂਰਤੀ ਲਈ ਜਿਪਸਮ ਸਸਤਾ ਅਤੇ ਉਤੱਮ ਸਰੋਤ ਹੈ । ਇਹ ਖਿਆਲ ਰਖੋ ਕਿ ਜਿਪਸਮ ਤ੍ਰੇਲ ਉਤਰਣ ਤੋਂ ਬਾਅਦ ਹੀ ਪਾਉਣੀ ਚਾਹੀਦੀ ਹੈ ਕਿਉਂ ਕਿ ਤ੍ਰੇਲ ਕਾਰਨ ਜਿਪਸਮ ਦੇ ਕਣ ਪੱਤਿਆਂ ਦੇ ਉਪਰ ਚਿੰਬੜ ਜਾਂਦੇ ਹਨ ਅਤੇ ਇਸ ਨਾਲ ਪੱਤੇ ਸੜਨ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ।
ਪੀਲੀ ਕੁੰਗੀ: ਪੀਲੀ ਕੁੰਗੀ ਦੇ ਪ੍ਰਭਾਵ ਕਾਰਨ ਵੀ ਫ਼ਸਲ ਪੀਲੀ ਨਜ਼ਰ ਆਉਂਦੀ ਹੈ। ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿਚ ਧੱਬਿਆਂ ਦੇ ਰੂਪ ਵਿਚ ਦਿਖਾਈ ਦਿੰਦੀ ਹੈ, ਜੇਕਰ ਪ੍ਰਭਾਵਤ ਪੱਤੇ ਨੂੰ ਦੋ ਉਂਗਲਾਂ ਵਿਚ ਫੜਿਆ ਜਾਵੇ ਤਾਂ ਉਂਗਲਾਂ 'ਤੇ ਪੀਲਾ ਪਾਊਡਰ ਲੱਗ ਜਾਂਦਾ ਹੈ। ਇਹੀ ਇਕ ਅਜਿਹੀ ਨਿਸ਼ਾਨੀ ਹੈ ਜੋ ਕਣਕ ਦੀ ਪੀਲੀ ਕੁੰਗੀ ਕਾਰਨ ਪੀਲੇਪਣ ਨੂੰ ਉਪੱਰ ਦੱਸੇ ਕਾਰਨਾਂ ਕਰਕੇ ਪੀਲੇਪਣ ਤੋਂ ਵੱਖ ਕਰਦੀ ਹੈ। ਜਦੋਂ ਪੀਲੀ ਕੁੰਗੀ ਬਿਮਾਰੀ ਵਧ ਜਾਂਦੀ ਹੈ ਤਾਂ ਬਿਮਾਰੀ ਸਿੱਟਿਆਂ 'ਤੇ ਵੀ ਦਿਖਾਈ ਦਿੰਦੀ ਹੈ ਜਿਸ ਨਾਲ ਦਾਣੇ ਪਤਲੇ ਪੈ ਜਾਂਦੇ ਹਨ ਅਤੇ ਝਾੜ ਬਹੁਤ ਘੱਟ ਜਾਂਦਾ ਹੈ। ਪੀਲੀ ਕੁੰਗੀ ਦੇ ਪੀਲੇ ਕਣ, ਹਲਦੀ ਦੇ ਪਾਊਡਰ ਵਾਂਗ ਹੱਥਾਂ ਅਤੇ ਕੱਪੜਿਆਂ 'ਤੇ ਵੀ ਲੱਗ ਜਾਂਦੇ ਹਨ, ਜੋ ਬਿਮਾਰੀ ਦੇ ਅਗਾਂਹ ਫੈਲਣ ਵਿਚ ਸਹਾਈ ਹੁੰਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਦਸੰਬਰ ਮਹੀਨੇ ਤੋਂ ਬਾਅਦ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਮਿ.ਲੀ. ਪ੍ਰੋਪੀਕੋਨਾਜ਼ੋਲ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ। ਗੰਭੀਰ ਹਾਲਤਾਂ ਵਿਚ ਦੂਜਾ ਛਿੜਕਾਅ 15 ਦਿਨ ਦੇ ਵਕਫ਼ੇ 'ਤੇ ਕਰੋ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹਿ ਸਕੇ। ਕਈ ਵਾਰ ਕਿਸਾਨ ਕਣਕ ਦੀ ਫ਼ਸਲ ਦੇ ਪੌਦਿਆਂ ਦੇ ਪੱਤੇ ਪੀਲੇ ਹੋਣ 'ਤੇ ਪੀਲੀ ਕੁੰਗੀ ਦੇ ਭੁਲੇਖੇ ਦਵਾਈ ਦਾ ਛਿੜਕਾਓ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਖੇਤੀ ਲਾਗਤ ਖਰਚੇ ਵੀ ਵਧਦੇ ਹਨ। ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਹਲਕੇ ਨਾਲ ਸੰਬੰਧਤ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਫੋਨ ਨੰ. 18001801551 'ਤੇ ਮੋਬਾਈਲ ਰਾਹੀਂ ਅਤੇ ਲੈਂਡ ਲਾਈਨ ਤੋਂ 1551 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਸਮੇਂ ਸਿਰ ਪੀਲੀ ਕੁੰਗੀ ਬਿਮਾਰੀ ਨੂੰ ਪੰਜਾਬ ਵਿਚ ਵਧਣ ਤੋਂ ਰੋਕਿਆ ਅਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਹ ਫੋਨ ਸੇਵਾ ਪੰਜਾਬ ਸਰਕਾਰ ਵਲੋਂ ਬਿਲਕੁਲ ਮੁਫ਼ਤ ਮੁਹੱਈਆ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਵਿਚ ਖੇਤੀ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ।
(ਸਮਾਪਤ)


-ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ।
ਮੋਬਾਈਲ : 94630-71919.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX