ਤਾਜਾ ਖ਼ਬਰਾਂ


ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ, ਮੌਤ
. . .  2 minutes ago
ਡਮਟਾਲ, 27 ਫਰਵਰੀ (ਰਾਕੇਸ਼ ਕੁਮਾਰ)- ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਨੇੜੇ ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ...
ਦਿੱਲੀ ਹਿੰਸਾ: ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਹਰਸ਼ ਅਤੇ ਸਵਰਾ ਭਾਸਕਰ 'ਤੇ ਕੇਸ ਦਰਜ ਕਰਨ ਦੀ ਮੰਗ
. . .  12 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ ਸਮਾਜ ਸੇਵੀ ਹਰਸ਼ ਮੰਡੇਰ, ਰੇਡੀਓ ਜੌਕੀ ਸਇਮਾ...
ਦਿੱਲੀ ਹਿੰਸਾ 'ਤੇ ਰਣਜੀਤ ਚੌਟਾਲਾ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ
. . .  20 minutes ago
ਚੰਡੀਗੜ੍ਹ, 27 ਫਰਵਰੀ- ਹਰਿਆਣਾ ਦੀ ਭਾਜਪਾ ਸਰਕਾਰ 'ਚ ਮੰਤਰੀ ਰਣਜੀਤ ਚੌਟਾਲਾ ਨੇ ਦਿੱਲੀ ਹਿੰਸਾ 'ਤੇ ਵਿਵਾਦਿਤ ਬਿਆਨ ਦਿੱਤਾ...
30 ਲੱਖ ਤੋਂ ਵੱਧ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਇਆ ਨੌਜਵਾਨ
. . .  30 minutes ago
ਫਿਲੌਰ, 27 ਫਰਵਰੀ (ਇੰਦਰਜੀਤ ਚੰਦੜ) - ਸਥਾਨਕ ਸ਼ਹਿਰ ਅੰਦਰ ਪੁਲਿਸ ਸਟੇਸ਼ਨ ਤੋਂ ਮਹਿਜ਼ ਕੁੱਝ ਕਰਮਾ ਦੀ ਦੂਰੀ 'ਤੇ ਇਕ ਘਰ 'ਚ ਕੰਮ ਕਰਨ ਵਾਲਾ ਇਕ ਨੌਜਵਾਨ 30 ਲੱਖ...
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 34
. . .  36 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ...
ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸ਼ੁਰੂ
. . .  48 minutes ago
ਤਰਨਤਾਰਨ, 27 ਫਰਵਰੀ (ਹਰਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਦਿੱਲੀ ਹਿੰਸਾ ਮਾਮਲੇ 'ਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
. . .  about 1 hour ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਿੰਸਾ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਮੰਤਰੀ ਸਮੇਤ ਪਾਰਟੀ ਦੇ ਦਿੱਗਜ ਆਗੂਆਂ...
ਰੋਜ਼ਾਨਾ ਮਰੀਜ਼ਾਂ ਨੂੰ ਨਸ਼ਾ ਵਿਰੋਧੀ ਦਵਾਈ ਦੀ ਇਕ ਗੋਲੀ ਦੇਣ ਦੀ ਦਿੱਤੀ ਗਈ ਸੀ ਹਿਦਾਇਤ: ਸੁਖਜਿੰਦਰ ਸੁਖੀ
. . .  about 1 hour ago
ਲਾਪਤਾ ਦਵਾਈਆਂ ਦੇ ਮੁੱਦੇ 'ਤੇ ਮਜੀਠੀਆ ਨੇ ਘੇਰਿਆ ਸਿਹਤ ਮੰਤਰੀ
. . .  about 1 hour ago
ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ: ਮਾਇਆਵਤੀ
. . .  about 1 hour ago
ਲਖਨਊ, 27 ਫਰਵਰੀ- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ...
ਹੋਰ ਖ਼ਬਰਾਂ..

ਲੋਕ ਮੰਚ

ਮਿਹਨਤੀ ਅਤੇ ਉੱਦਮੀ ਵੀ ਹੁੰਦੇ ਹਨ ਸਰਕਾਰੀ ਸਕੂਲਾਂ ਦੇ ਅਧਿਆਪਕ

ਲਗਪਗ ਇਕ ਦਹਾਕੇ ਤੋਂ ਲੈ ਕੇ ਹਾਲਾਤ ਅਤੇ ਪ੍ਰਸਥਿਤੀਆਂ ਦੇ ਕਾਰਨ ਆਮ ਲੋਕਾਂ ਦੇ ਜ਼ਿਹਨ ਵਿਚ ਇਹ ਧਾਰਨਾ ਘਰ ਕਰ ਚੁੱਕੀ ਸੀ ਕਿ ਸ਼ਾਇਦ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਉਹ ਮਾਹੌਲ ਨਹੀਂ ਰਿਹਾ ਜੋ ਕਿ ਬੱਚੇ ਲਈ ਹੋਣਾ ਚਾਹੀਦਾ ਹੈ ਅਤੇ ਸਰਦੇ ਪੁੱਜਦੇ ਘਰਾਂ ਦੇ ਬੱਚੇ ਅਤੇ ਨੌਕਰੀਪੇਸ਼ਾ ਲੋਕਾਂ ਦੇ ਬੱਚੇ ਅਕਸਰ ਪ੍ਰਾਈਵੇਟ ਸਕੂਲਾਂ ਵਿਚ ਹੀ ਪੜ੍ਹਨੇ ਪਾਏ ਜਾਂਦੇ ਸਨ ਅਤੇ ਹੁਣ ਵੀ ਇਹੀ ਰੀਤ ਤੁਰੀ ਆ ਰਹੀ ਹੈ। ਕੁਝ ਕੁ ਕਾਰਨ ਇਹ ਰਹੇ ਹਨ ਕਿ ਰੁਤਬੇ ਦੇ ਮੁਤਾਬਿਕ ਅਸੀਂ ਇਹੀ ਸੋਚ ਅਪਣਾ ਚੁੱਕੇ ਹਾਂ ਕਿ ਸਰਕਾਰੀ ਸੰਸਥਾਵਾਂ ਨਾਲੋਂ ਪ੍ਰਾਈਵੇਟ ਸੰਸਥਾਵਾਂ ਸ਼ਾਇਦ ਉੱਤਮ ਹਨ। ਇਸ ਸਭ ਲਈ ਕਈ ਕਾਰਨ ਜ਼ਿੰਮੇਵਾਰ ਹਨ ਕੋਈ ਇਕ ਨਹੀਂ, ਜਿਸ ਕਾਰਨ ਮਾਪੇ 'ਸਰਕਾਰੀ ਸਕੂਲਾਂ' ਤੋਂ ਦੂਰ ਭੱਜਣ ਲੱਗੇ। ਖ਼ੁਦ 'ਸਰਕਾਰੀ ਸਕੂਲਾਂ' ਵਿਚੋਂ ਪੜ੍ਹ ਕੇ ਵੱਡੀਆਂ ਨੌਕਰੀਆਂ ਪ੍ਰਾਪਤ ਕਰ ਚੁੱਕੇ ਮਾਪੇ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਤੋਂ ਕੰਨੀ ਕਤਰਾਉਣ ਲੱਗ ਗਏ। ਇਸ ਵਿਚ ਕਿਸੇ ਇਕ ਧਿਰ ਦਾ ਦੋਸ਼ ਨਹੀਂ ਸੀ। ਕਿਉਂਕਿ ਹਰ ਮਾਂ-ਬਾਪ ਆਪਣੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੈ ਅਤੇ ਵਧੀਆ ਤੋਂ ਵਧੀਆ ਪੜ੍ਹਾਈ ਕਰਵਾਉਣਾ ਚਾਹੁੰਦਾ ਹੈ। ਪਰ ਕਿਤੇ ਨਾ ਕਿਤੇ ਕੋਈ ਇਕ ਜਗ੍ਹਾ ਜਾਂ ਸੰਸਥਾ ਵਿਚ ਕਮੀ ਹੋਵੇ ਤਾਂ ਮੋਹਰ ਸਭ 'ਤੇ ਹੀ ਲੱਗ ਜਾਂਦੀ ਹੈ। ਕੁਝ ਕੁ ਅਵਿਕਸਿਤ ਜਾਂ ਪਛੜੇ ਇਲਾਕਿਆਂ ਵਿਚ ਸਹਲੂਤਾਂ ਦੀ ਕਮੀ ਨੇ ਇਹ ਧਾਰਨਾ ਵਿਕਸਿਤ ਕਰ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਵਧੀਆ ਨਹੀਂ ਪਰ ਅਜਿਹਾ ਹਰਗਿਜ਼ ਨਹੀਂ ਹੈ। ਸਭ ਥਾਂ ਇਕੋ ਜਿਹਾ ਮਾਹੌਲ ਨਹੀਂ ਹੁੰਦਾ ਤੇ ਹਰ ਥਾਂ ਨਿਪੁੰਨ ਅਧਿਆਪਕਾਂ ਅਤੇ ਉਨ੍ਹਾਂ ਦੀ ਲਗਨ ਦੀ ਕਮੀ ਨਹੀਂ ਹੁੰਦੀ। ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਗਜ਼ਟਿਡ ਅਫ਼ਸਰ ਵੀ ਆਪਣੇ ਬਚਪਨ ਵਿਚ ਸਰਕਾਰੀ ਸੰਸਥਾਵਾਂ ਵਿਚ ਹੀ ਪੜ੍ਹੇ ਹਨ ਅਤੇ ਅਸੀਂ ਖ਼ੁਦ ਵੀ, ਜੋ ਕਿ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ ਹਾਂ ਅਤੇ ਆਪਣਾ ਭਵਿੱਖ ਸਵਾਰੀ ਬੈਠੇ ਹਾਂ। ਸਰਕਾਰੀ ਸਕੂਲਾਂ ਦੀ ਤਾਲੀਮ ਨੇ ਸਾਨੂੰ ਮਿਹਨਤ, ਹਲੀਮੀ, ਨਿਮਰਤਾ ਸਿਖਾਈ ਹੈ, ਮਿੱਟੀ ਨਾਲ ਮਿੱਟੀ ਹੋਣਾ ਸਿਖਾਇਆ ਹੈ। ਅਹੰਕਾਰ ਅਤੇ ਦਿਖਾਵੇਬਾਜ਼ੀ ਤੋਂ ਦੂਰ ਰਹਿਣਾ ਸਿਖਾਇਆ ਹੈ। ਜ਼ਿਕਰਯੋਗ ਹੈ ਕਿ ਅਜੋਕੇ ਦੌਰ ਵਿਚ ਸਰਕਾਰੀ ਸਕੂਲਾਂ ਦੇ ਸਿੱਖਿਆ ਪੱਧਰ ਵਿਚ ਸ਼ਲਾਘਾਯੋਗ ਵਿਕਾਸ ਹੋਇਆ ਹੈ। ਸਰਕਾਰੀ ਅਧਿਆਪਕ ਉੱਦਮੀ, ਮਿਹਨਤੀ ਅਤੇ ਅਗਾਂਹਵਧੂ ਸੋਚ ਦੇ ਮਾਲਕ ਹਨ। ਉਹ ਪੁਰਾਣੇ ਅਤੇ ਸੀਨੀਅਰ ਅਧਿਆਪਕਾਂ ਦੇ ਤਜਰਬੇ, ਮਿਹਨਤ ਅਤੇ ਮਾਰਗ ਦਰਸ਼ਨ ਨੂੰ ਨਾਲ ਲੈ ਕੇ ਚੱਲਦੇ ਹੋਏ ਆਪਣੀ ਨਵੀਂ ਊਰਜਾ ਅਤੇ ਸੋਝੀ ਦਾ ਇਸਤੇਮਾਲ ਕਰ ਕੇ ਵਿੱਦਿਆ ਦੇ ਖੇਤਰ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਨਵੀਂ ਪੀੜ੍ਹੀ ਹੋਣ ਕਰਕੇ ਅਤੇ ਉੱਚ-ਸਿੱਖਿਆ ਪ੍ਰਾਪਤੀ ਸਦਕਾ ਉਨ੍ਹਾਂ ਕੋਲ ਅਧਿਆਪਨ ਦੇ ਰੋਚਕ ਅਤੇ ਨਵੇਂ ਢੰਗ ਹਨ। ਦੂਜੀ ਗੱਲ ਇਹ ਕਿ ਹੁਣ ਸਾਰੀ ਪੜ੍ਹਾਈ 'ਪ੍ਰੋਜੈਕਟ ਬੇਸਡ' ਹੋ ਚੁੱਕੀ ਹੈ, ਪ੍ਰੈਕਟੀਕਲ ਕੰਮ ਅਤੇ ਗਤੀਵਿਧੀਆਂ ਹਰ ਵਿਸ਼ੇ ਵਿਚ ਸ਼ਾਮਿਲ ਹਨ, ਇਹ ਪ੍ਰੋਜੈਕਟ ਹਰ ਹਾਲ ਵਿਚ ਪੂਰੇ ਕਰਨੇ ਹੀ ਹੁੰਦੇ ਹਨ ਅਤੇ ਕੋਈ ਵੀ ਆਪਣੇ ਕਾਰਜ ਵਿਚ ਕੋਤਾਹੀ ਨਹੀਂ ਵਰਤ ਸਕਦਾ। ਸੋ ਅਧਿਆਪਕਾਂ ਵਿਚ ਇਹ ਜਜ਼ਬਾ ਸਦਾ ਲਈ ਬਣੇ ਰਹਿਣ ਦੀ ਕਾਮਨਾ ਕਰਦੇ ਹਾਂ ਅਤੇ ਨਾਲ ਹੀ ਲੋੜ ਹੈ ਪਹਿਲਕਦਮੀ ਦੀ ਕਿ ਜੇਕਰ ਅਸੀਂ ਉੱਦਮ ਕਰਾਂਗੇ ਤਾਂ ਹੀ ਸ਼ੁਰੂਆਤ ਹੋਵੇਗੀ ਅਤੇ ਇਕ-ਦੂਜੇ ਵੱਲ ਵੇਖ ਕੇ ਹੀ ਇਸ ਨਵੀਂ ਪਿਰਤ ਦੀ ਸ਼ੁਰੂਆਤ ਹੋ ਸਕਦੀ ਹੈ। ਨਾਲ ਹੀ ਇਕ ਗੱਲ ਹੋਰ ਹੈ ਕਿ ਸਹੂਲਤਾਂ ਪ੍ਰਦਾਨ ਕਰਨ ਲਈ ਅਸੀਂ ਦਾਨ ਫ਼ੰਡ ਵੀ ਦੇ ਸਕਦੇ ਹਾਂ ਜਿਸ ਨਾਲ ਮਾਹੌਲ ਵਿਚ ਹੋਰ ਵੀ ਸੁਧਾਰ ਆਵੇਗਾ। ਜੇਕਰ ਸਾਰੇ ਹੀ ਅਜਿਹਾ ਕਰਨ ਤਾਂ ਵਿਕਾਸ ਆਪਣੇ ਆਪ ਹੀ ਹੋ ਜਾਵੇਗਾ ਪਰ ਲੋੜ ਹੈ ਬਸ ਇਕ ਉਪਰਾਲੇ ਦੀ।

-ਸਸ ਅਧਿਆਪਕਾ, ਸਸਸ ਸਕੂਲ ਰੱਲੀ (ਮਾਨਸਾ)।


ਖ਼ਬਰ ਸ਼ੇਅਰ ਕਰੋ

ਇਕ ਬੱਚੇ ਦੀ ਜ਼ਬਾਨੀ ਆਪਣੇ ਘਰ ਅੰਦਰ ਹੁੰਦੇ ਅੱਤਿਆਚਾਰਾਂ ਦੀ ਸੱਚੀ ਕਹਾਣੀ

ਪਟਿਆਲਾ ਦੇ ਇਕ ਸਕੂਲ ਵਿਖੇ ਬੱਚਿਆਂ ਦੇ ਅਚਾਨਕ ਬੋਲਣ ਦੇ ਇਕ ਵਿਸ਼ੇ 'ਆਪਣੇ ਦਾਦਾ-ਦਾਦੀ ਜੀ ਦਾ ਆਪ ਦੇ ਘਰ ਅੰਦਰ ਸਤਿਕਾਰ' 'ਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਬੱਚੇ ਵਾਰੀ-ਵਾਰੀ ਆਉਂਦੇ ਰਹੇ ਰਟਿਆ ਰਟਾਇਆ ਭਾਸ਼ਨ ਦਿੰਦੇ ਰਹੇ। ਅੰਤ ਵਿਚ ਇਕ 12 ਕੁ ਸਾਲਾਂ ਦਾ ਲੜਕਾ ਆਇਆ, ਉਸ ਨੇ ਜੋ ਬੋਲਿਆ, ਉਸ ਨਾਲ ਜਿਥੇ ਕਈਆਂ ਦੀਆਂ ਅੱਖਾਂ ਵਿਚੋਂ ਅੱਥਰੂ ਆ ਗਏ ਕਈਆਂ ਨੂੰ ਗੁੱਸਾ ਵੀ ਆਇਆ। ਬੱਚੇ ਨੇ ਆਪਣੇ ਦਿਲ ਦਿਮਾਗ ਦਾ ਸਹਾਰਾ ਲੈ ਕੇ ਮੌਕੇ 'ਤੇ ਤਿਆਰ ਕਰ ਕੇ ਜਾਂ ਘਰ-ਸੀਨ ਇਕੱਠੇ ਕਰ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਸ ਨੇ ਕਿਹਾ ਕਿ ਮੇਰੇ ਘਰ ਮੇਰੇ ਵੱਡੇ ਪਾਪਾ ਅਤੇ ਵੱਡੀ ਮਾਂ ਹਨ। ਪਰ ਉਹ ਹਮੇਸ਼ਾ ਉੱਪਰ ਦੇ ਇਕ ਕਮਰੇ ਵਿਚ ਬੰਦ ਰਹਿੰਦੇ ਹਨ। ਅਸੀਂ ਹੇਠਾਂ ਰਹਿੰਦੇ ਹਾਂ। ਮੇਰੇ ਮੰਮੀ ਅਤੇ ਪਾਪਾ ਅਕਸਰ ਮੇਰੇ ਵੱਡੇ ਪਾਪਾ ਯਾਨੀ ਦਾਦਾ ਜੀ ਅਤੇ ਦਾਦੀ ਜੀ ਨੂੰ ਗੰਦੀਆਂ ਗਾਲ੍ਹਾਂ ਕੱਢਦੇ ਰਹਿੰਦੇ ਹਨ। ਉਨ੍ਹਾਂ ਨੂੰ ਸਵੇਰੇ ਦੋ-ਦੋ ਰੋਟੀਆਂ ਅਤੇ ਇਕ-ਇਕ ਕੱਪ ਚਾਹ ਦਾ ਦਿੱਤਾ ਜਾਂਦਾ ਹੈ ਅਤੇ ਉਹ ਵੀ ਸਾਡੇ ਘਰ ਸਫ਼ਾਈ ਕਰਨ ਆਉਂਦੀ ਅੰਟੀ ਦੇ ਹੱਥ ਉੱਪਰ ਭੇਜਿਆ ਜਾਂਦਾ ਹੈ। ਜੇਕਰ ਦਾਦਾ ਜਾਂ ਦਾਦੀ ਹੋਰ ਰੋਟੀ ਜਾਂ ਚਾਹ ਮੰਗਣ ਤਾਂ ਮੰਮੀ ਪਾਪਾ ਉਨ੍ਹਾਂ ਨੂੰ ਗੁੱਸੇ ਵਿਚ ਡਾਂਟ ਦਿੰਦੇ ਹਨ ਜਦ ਕਿ ਅਸੀਂ ਪਰਾਂਠੇ, ਦਹੀ, ਮੱਖਣ ਤੇ ਦੁੱਧ ਲੈਂਦੇ ਹਾਂ। ਦੁਪਹਿਰ ਨੂੰ ਉਨ੍ਹਾਂ ਦੋ-ਦੋ ਰੋਟੀਆਂ, ਇਕ-ਇਕ ਛੋਟੀ ਕਟੋਰੀ ਦਾਲ ਜਾਂ ਸਬਜ਼ੀ ਹੀ ਦਿੱਤੀ ਜਾਂਦੀ ਹੈ। ਜਦ ਅਸੀਂ ਜਿੰਨੀ ਮਰਜ਼ੀ ਰੋਟੀਆਂ, ਵੱਡੀ ਕਟੋਰੀ ਜਾਂ ਡੋਂਗਾ ਦਾਲ ਇਕ ਸਬਜ਼ੀ, ਦਹੀ, ਸਲਾਦ ਅਤੇ ਗਰਮ ਪਾਣੀ ਪੀਂਦੇ ਹਾਂ। ਦਾਦਾ ਦਾਦੀ ਕੋਲ ਇਕ-ਇਕ ਰਜਾਈ ਸਰਦੀਆਂ ਲਈ ਹੈ ਹੋਰ ਕੁਝ ਨਹੀਂ ਕੰਬਲ ਫਟੇ ਹੋਏ ਹਨ। ਗਰਮੀਆਂ ਵਿਚ ਕਮਰੇ ਵਿਚ ਇਕ ਪੱਖਾ ਹੀ ਚੱਲਦਾ ਹੈ, ਛੋਟੀ ਜਿਹੀ ਲਾਈਟ ਲੱਗੀ ਹੈ। ਪਾਪਾ ਕਹਿੰਦੇ ਹਨ ਕਿ ਬੁੱਢਿਆਂ ਨੂੰ ਏ.ਸੀ. ਤੇ ਵੱਧ ਲਾਈਟ ਦੀ ਜ਼ਰੂਰਤ ਨਹੀਂ ਹੈ। ਇਹ ਸਭ ਮੇਰੇ ਪਾਪਾ ਦੀ ਮਰਜ਼ੀ ਨਾਲ ਹੁੰਦਾ ਹੈ। ਮੇਰੀ ਮੰਮੀ-ਪਾਪਾ ਮੈਨੂੰ ਅਤੇ ਮੇਰੀ ਭੈਣ ਨੂੰ ਦਾਦਾ ਦਾਦੀ ਦੇ ਕਮਰੇ ਵਿਚ ਨਹੀਂ ਜਾਣ ਦਿੰਦੇ ਕਿ ਉਹ ਗੰਦੇ ਹਨ, ਬਿਮਾਰ ਹਨ, ਇਸ ਲਈ ਉਨ੍ਹਾਂ ਦੀ ਬਿਮਾਰੀ ਸਾਨੂੰ ਲੱਗ ਜਾਵੇਗੀ। ਅਸੀਂ ਕਦੇ ਵੀ ਉੱਪਰ ਉਨ੍ਹਾਂ ਦੇ ਕਮਰੇ ਵਿਚ ਨਹੀਂ ਜਾਂਦੇ ਪਰ ਦਿਲ ਬਹੁਤ ਕਰਦਾ ਹੈ, ਜਦੋਂ ਅਸੀਂ ਘਰ ਇਕੱਲੇ ਹੁੰਦੇ ਹਾਂ ਤਾਂ ਦਾਦਾ ਦਾਦੀ ਕੋਲ ਜਾਂਦੇ ਹਾਂ ਅਤੇ ਉਹ ਸਾਨੂੰ ਜੱਫ਼ੀ ਪਾ ਕੇ ਵਾਰ-ਵਾਰ ਰੋਂਦੇ ਹਨ ਅਤੇ ਇਹ ਕਹਿ ਕੇ ਉਹ ਬੱਚਾ ਵੀ ਉੱਚੀ-ਉੱਚੀ ਰੋਣ ਲੱਗ ਪਿਆ ਅਤੇ ਅੱਗੇ ਬੋਲਿਆ-
ਮੇਰੇ ਮੰਮੀ ਪਾਪਾ ਹਰੇਕ ਐਤਵਾਰ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ, ਘਰ ਅੰਦਰ ਸਵੇਰੇ ਸ਼ਾਮ ਪੂਜਾ ਵੀ ਕਰਦੇ ਹਨ, ਮੋਬਾਈਲ 'ਤੇ ਭਜਨ ਵੀ ਸੁਣਦੇ ਹਨ, ਤਿਉਹਾਰਾਂ ਨੂੰ ਨੌਕਰਾਣੀ ਨੂੰ ਮਿਠਾਈ ਅਤੇ ਕੱਪੜੇ ਵੀ ਦਿੰਦੇ ਹਨ। ਮੰਗਤਿਆਂ ਨੂੰ ਵੀ ਦਾਨ ਦਿੰਦੇ ਹਨ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਦਾਦਾ ਦਾਦੀ ਜੀ ਦਾ ਜਨਮ ਦਿਨ ਜਾਂ ਸ਼ਾਦੀ ਦਾ ਦਿਨ ਕਦੋਂ ਹੁੰਦਾ ਹੈ। ਜਦੋਂ ਮੰਮੀ ਜਾਂ ਪਾਪਾ ਅੰਬ ਲੈ ਕੇ ਆਉਂਦੇ ਹਨ ਤਾਂ ਅਸੀਂ ਕਮਰਾ ਬੰਦ ਕਰ ਕੇ ਖਾ ਲੈਂਦੇ ਹਾਂ। ਮੰਮੀ ਪਾਪਾ ਉਨ੍ਹਾਂ ਨੂੰ ਕਿਸੇ ਪੇਪਰ 'ਤੇ ਦਸਤਖ਼ਤ ਕਰਨ ਲਈ ਜ਼ੋਰ ਪਾਉਂਦੇ ਰਹਿੰਦੇ ਹਨ।
ਮੈਨੂੰ ਸਮਝ ਨਹੀਂ ਆਉਂਦੀ ਕਿ ਮੰਮੀ-ਪਾਪਾ, ਦਾਦਾ ਦਾਦੀ ਨਾਲ ਇਸ ਤਰ੍ਹਾਂ ਕਿਉਂ ਕਰਦੇ ਹਨ ਪਰ ਅਸੀਂ ਦੋਵੇਂ ਭੈਣ ਭਰਾ ਚੁੱਪ-ਚਾਪ ਸਹਿ ਜਾਂਦੇ ਹਾਂ ਪਰ ਬੇਹੱਦ ਦੁਖੀ ਹੁੰਦੇ ਹਾਂ। ਕਾਸ਼ ਕੋਈ ਕਾਨੂੰਨ, ਨਿਯਮ ਜਾਂ ਧਾਰਮਿਕ ਸੰਤ ਸਾਡੇ ਮੰਮੀ-ਪਾਪਾ ਨੂੰ ਸਮਝਾਵੇ ਅਤੇ ਸਾਡੇ ਦਾਦਾ ਦਾਦੀ ਨੂੰ ਉਨ੍ਹਾਂ ਦੀ ਕੈਦ ਤੋਂ ਛੁਡਾਵੇ। ਇਹ ਕਹਿ ਕੇ ਬੱਚਾ ਰੋਣ ਲੱਗ ਪਿਆ। ਸਕੂਲ ਨੇ ਪੁਲਿਸ ਨੂੰ ਸ਼ਿਕਾਇਤ ਭੇਜੀ ਤਾਂ ਜਦੋਂ ਪੁਲਿਸ ਉਨ੍ਹਾਂ ਦੇ ਘਰ ਗਈ ਤਾਂ ਉਸ ਬੱਚੇ ਦੇ ਦਾਦਾ ਦਾਦੀ ਨੇ ਲਿਖ ਦਿੱਤਾ ਕਿ ਉਨ੍ਹਾਂ ਨੂੰ ਕੋਈ ਤੰਗ ਨਹੀਂ ਕਰਦਾ, ਉਹ ਖ਼ੁਸ਼ ਹਨ ਅਤੇ ਉਹ ਆਪਣੇ ਬੇਟੇ ਤੇ ਨੂੰਹ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਉਹ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਚਾਹੁੰਦੇ ਤੇ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਹੋਣ ਦੇਣਾ ਚਾਹੁੰਦੇ।

-ਮੋ: 79738-70400

ਸਰੀਰ 'ਤੇ ਟੈਟੂ ਖੁਣਵਾਉਣਾ ਬਿਮਾਰੀਆਂ ਨੂੰ ਸੱਦਾ

ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਸ਼ੌਕ ਸ਼ੁਰੂ ਤੋਂ ਹੀ ਅਵੱਲੇ ਰਹੇ ਹਨ। ਪੁਰਾਣੇ ਸਮੇਂ ਤੋਂ ਹੀ ਗੱਭਰੂਆਂ ਦਾ ਪੱਟ ਤੇ ਮੋਰਨੀ ਪਵਾਉਣਾ, ਕਿਸੇ ਪਿਆਰੇ ਦਾ ਨਾਂਅ ਆਪਣੀ ਬਾਂਹ 'ਤੇ ਖੁਣਵਾਉਣਾ, ਮੱਥੇ 'ਤੇ ਚੰਨ ਖੁਣਵਾਉਣਾ, ਔਰਤਾਂ ਦਾ ਠੋਡੀ 'ਤੇ ਤਿਲ, ਪੰਜ ਦਾਣਾ ਜਾਂ ਤਿੰਨ ਦਾਣਾ ਖੁਣਵਾਉਣਾ 'ਤੇ ਬਾਕੀਆਂ ਨਾਲੋਂ ਵੱਖਰੇ ਦਿਸਣ ਦੀ ਚਾਹਤ ਰਹੀ ਹੈ। ਹੌਲੀ ਹੌਲੀ ਇਹ ਸ਼ੌਕ ਅੱਲੜ ਮੁਟਿਆਰਾਂ 'ਤੇ ਗੱਭਰੂਆਂ ਵਿਚ ਆਮ ਹੋ ਗਿਆ। ਪੰਜਾਬ ਦੇ ਕਈ ਕਬੱਡੀ ਦੇ ਖਿਡਾਰੀ ਜਾਂ ਹੋਰ ਖੇਡਾਂ ਨਾਲ ਸਬੰਧਿਤ ਖਿਡਾਰੀ ਆਪਣੇ-ਆਪ ਨੂੰ ਵੱਖਰਾ ਤੇ ਦੂਜਿਆਂ ਨਾਲੋਂ ਅਲੱਗ ਦਿਸਣ ਦੀ ਚਾਹਤ ਹੋਣ ਕਰਕੇ ਵੱਖ ਵੱਖ ਪ੍ਰਕਾਰ ਦੇ ਟੈਟੂ ਖੁਣਵਾ ਲੈਂਦੇ ਹਨ। ਮਾਡਲਿੰਗ, ਖੇਡਾਂ, ਫੈਸ਼ਨ ਮੁਕਾਬਲੇ ਵਿਚ ਲੜਕੇ-ਲੜਕੀਆਂ ਤੇ ਫ਼ਿਲਮੀ ਜਗਤ ਨਾਲ ਜੁੜੀਆਂ ਹਸਤੀਆਂ ਟੈਟੂ ਦੇ ਦੀਵਾਨੇ ਹਨ। ਸਮੇਂ ਦੇ ਬਦਲਣ ਨਾਲ ਕੁੜੀਆਂ ਨੇ ਵੀ ਆਪਣੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਲਈ ਟੈਟੂਆਂ ਦੇ ਚਿੰਨ੍ਹਾਂ ਦੀ ਥਾਂ ਬਦਲ ਲਈ ਹੈ। ਟੈਟੂ ਖੋਦਣ ਵਾਲਾ ਦੁਕਾਨਦਾਰ ਇਕੋ ਹੀ ਸੂਈ ਨਾਲ ਹਰੇਕ ਵਿਅਕਤੀ ਦੇ ਟੈਟੂ ਬਣਾਉਂਦਾ ਹੈ, ਜਿਸ ਨਾਲ ਟੈਟੂ ਖੁਦਵਾਉਣ ਵਾਲਾ ਕਈ ਬਿਮਾਰੀਆਂ ਨਾਲ ਜਕੜਿਆ ਜਾਂਦਾ ਹੈ। ਟੈਟੂ ਦੀ ਸਿਆਹੀ ਵਿਚ ਪੰਜ ਫੀਸਦੀ ਜ਼ਹਿਰੀਲੇ ਤੱਤ ਹੁੰਦੇ ਹਨ। ਟੈਟੂ ਦੀ ਜ਼ਹਿਰੀਲੀ ਸਿਆਹੀ ਚਮੜੀ 'ਚੋਂ ਹੁੰਦੇ ਹੋਏ ਸਰੀਰ ਵਿਚ ਦਾਖ਼ਲ ਹੋ ਕੇ ਤਿਲ ਤੇ ਗੁਰਦੇ ਤੇ ਅਸਰ ਕਰਦੀ ਹੈ। ਟੈਟੂ ਖੁਣਵਾਉਣ ਨਾਲ ਹੈਪੇਟਾਈਟਿਸ, ਕੈਂਸਰ, ਏਡਜ਼ ਆਦਿ ਵਰਗੀਆਂ ਬਿਮਾਰੀਆਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪ੍ਰਵੇਸ਼ ਕਰ ਜਾਂਦੀਆਂ ਹਨ। ਟੈਟੂ ਖੁਣਵਾਉਣ ਕਾਰਨ ਐਲਰਜੀ, ਖੂਨਦਾਨ ਨਾ ਕਰ ਸਕਣਾ, ਐਮ. ਆਰ. ਆਈ. ਕਰਵਾਉਣ ਸਮੇਂ ਟੈਟੂ ਵਾਲੀ ਜਗ੍ਹਾ ਤੇ ਨੁਕਸਾਨ, ਖੂਨ ਦਾ ਪਤਲਾ ਹੋਣਾ ਤੇ ਟੈਟੂ ਵਾਲੀ ਜਗ੍ਹਾ 'ਤੇ ਮਸਲ ਕਮਜ਼ੋਰ ਹੋ ਜਾਂਦੇ ਹਨ। ਟੈਟੂ ਖੁਦਵਾਉਣ ਦਾ ਮਤਲਬ ਬਿਮਾਰੀਆਂ ਨੂੰ ਸੱਦਾ ਦੇਣਾ ਹੈ, ਇਸ ਦੇ ਨਤੀਜੇ ਵੀ ਬਹੁਤ ਭਿਆਨਕ ਹੁੰਦੇ ਹਨ, ਪਰ ਫਿਰ ਵੀ ਲੋਕ ਆਪਣੇ ਸਰੀਰ ਤੇ ਟੈਟੂ ਖੁਣਵਾ ਕੇ ਅਜਿਹੀਆਂ ਬਿਮਾਰੀਆਂ ਆਪ ਸਹੇੜ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਵੱਖ-ਵੱਖ ਪ੍ਰਚਾਰ ਸਾਧਨਾਂ ਰਾਹੀਂ ਵਿਦਿਆਰਥੀ ਵਰਗ, ਨੌਜਵਾਨ ਵਰਗ ਨੂੰ ਇਸ ਪ੍ਰਤੀ ਸੁਚੇਤ ਕਰਨ, ਤਾਂ ਕਿ ਕੋਈ ਵੀ ਨੌਜਵਾਨ ਟੈਟੂ ਖੁਦਵਾਉਣ ਕਰਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਨਾ ਹੋਵੇ। ਕਿਉਂਕਿ ਕਈ ਵਿਅਕਤੀ ਟੈਟੂ ਤਾਂ ਖੁਣਵਾ ਲੈਂਦਾ ਹਨ ਪਰ ਬਾਅਦ ਵਿਚ ਪਛਤਾਉਂਦੇ ਹਨ ਜਦੋਂ ਉਨ੍ਹਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤੇ ਨੌਕਰੀ ਵੀ ਨਹੀਂ ਮਿਲਦੀ। ਕਈ ਵਿਅਕਤੀ ਵਧੇਰੀ ਉਮਰ ਸਮੇਂ ਏਨ੍ਹਾਂ ਪੱਕੀਆਂ ਨਿਸ਼ਾਨੀਆਂ ਨੂੰ ਲਕਾਉਂਦੇ ਫਿਰਦੇ ਹਨ ਪਰ ਇਹ ਟੈਟੂ ਦੇ ਨਿਸ਼ਾਨ ਸਿਵਿਆਂ ਤੱਕ ਨਾਲ ਹੀ ਉਨ੍ਹਾਂ ਦੇ ਨਾਲ ਜਾਂਦੇ ਹਨ।

-ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ,
ਜ਼ਿਲ੍ਹਾ ਗੁਰਦਾਸਪੁਰ।

ਸਰਕਾਰੀ ਦਫ਼ਤਰਾਂ ਦੇ ਬਕਾਇਆ ਬਿਜਲੀ ਬਿੱਲਾਂ ਦਾ ਬੋਝ ਆਮ ਲੋਕਾਂ 'ਤੇ ਕਿਉਂ?

ਪੰਜਾਬ ਦੀ ਕਾਂਗਰਸ ਸਰਕਾਰ ਇਸ ਵੇਲੇ ਖ਼ਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਦੀ ਹੋਈ ਦਿਖਾਈ ਦੇ ਰਹੀ ਹੈ। ਭਾਵੇਂ ਕਿ ਸਰਕਾਰੀ ਖ਼ਜ਼ਾਨੇ ਵਿਚੋਂ ਹੀ ਸਰਕਾਰ ਦੇ ਵਜ਼ੀਰਾਂ, ਵਿਧਾਇਕਾਂ ਅਤੇ ਰਾਜਨੀਤਿਕ ਲੋਕਾਂ 'ਤੇ ਖਰਚੇ ਕੀਤੇ ਜਾਂਦੇ ਹਨ। ਜਦੋਂ ਆਮ ਲੋਕਾਂ ਦੀਆਂ ਸਹੂਲਤਾਂ, ਮੁਲਾਜ਼ਮ ਵਰਗ ਅਤੇ ਪੈਨਸ਼ਨਾਂ ਲੈਂਦੇ ਵਰਗ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਖ਼ਜ਼ਾਨਾ ਖਾਲੀ ਹੋਣ ਦਾ ਦਾਅਵਾ ਕਰਕੇ ਗੋਂਗਲੂਆਂ ਨਾਲੋਂ ਮਿੱਟੀ ਝਾੜ ਲੈਂਦੀ ਹੈ। ਹੁਣ ਖ਼ਜ਼ਾਨਾ ਭਰਨ ਲਈ ਵੱਖ-ਵੱਖ ਤਰ੍ਹਾਂ ਦੇ ਹੱਥਕੰਡੇ ਅਪਨਾਏ ਜਾ ਰਹੇ ਹਨ ਪਰ ਜਿਹੜੇ ਸਰਕਾਰੀ ਅਦਾਰਿਆਂ ਦੇ ਵੱਖ-ਵੱਖ ਦਫ਼ਤਰਾਂ ਵੱਲ ਬਿਜਲੀ ਨਿਗਮ ਦੇ ਬਿੱਲਾਂ ਦੇ ਕਰੋੜਾਂ ਰੁਪਏ ਭੁਗਤਾਨ ਨਾ ਹੋਣ ਕਾਰਨ ਵਿਚਕਾਰ ਹੀ ਲਟਕ ਰਹੇ ਹਨ ਉਨ੍ਹਾਂ ਵੱਲ ਧਿਆਨ ਕਰਨਾ ਸਰਕਾਰੀ ਨੁਮਾਇੰਦਿਆਂ ਵਲੋਂ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ ਹੈ। ਜਦਕਿ ਬਿਜਲੀ ਦੀ ਵਧੇਰੇ ਖ਼ਪਤ ਸਰਕਾਰੀ ਅਦਾਰਿਆਂ ਵਿਚ ਹੀ ਕੀਤੀ ਜਾਂਦੀ ਹੈ, ਕਿਉਂਕਿ ਗਰਮੀ 'ਚ ਹਰੇਕ ਦਫ਼ਤਰ ਅੰਦਰ ਏ.ਸੀ. ਚੱਲਦੇ ਰਹਿੰਦੇ ਹਨ ਅਤੇ ਸਰਦੀਆਂ ਵਿਚ ਵਧੇਰੇ ਦਫ਼ਤਰ ਗਰਮ ਰੱਖਣ ਵਾਲੇ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਕਈ ਉੱਚ ਅਧਿਕਾਰੀ ਵੀ ਅਜਿਹੇ ਹਨ ਜਿਨ੍ਹਾਂ ਦੇ ਰਿਹਾਇਸ਼ੀ ਥਾਵਾਂ ਦੇ ਬਿੱਲ ਨਹੀਂ ਭਰੇ ਜਾਂਦੇ ਹਨ। ਇੱਥੇ ਜੇਕਰ ਕਿਸੇ ਆਮ ਵਿਅਕਤੀ ਵੱਲ ਇਕ ਬਿਲ ਵੀ ਬਕਾਇਆ ਹੋ ਜਾਵੇ ਤਾਂ ਝਟ ਪਾਵਰਕੌਮ ਦੇ ਮੁਲਾਜ਼ਮ ਕੁਨੈਕਸ਼ਨ ਕੱਟਣ ਲਈ ਤਿਆਰ ਰਹਿੰਦੇ ਹਨ। ਪਾਵਰਕਾਮ ਆਪਣੇ ਆਮਦਨ ਘਟਦੀ ਦੇਖ ਬਿਜਲੀ ਦੀਆਂ ਯੂਨਿਟਾਂ ਦੀਆਂ ਕੀਮਤਾਂ 'ਚ ਵਾਧੇ ਕਰਨ ਲਈ ਤਿਆਰ ਰਹਿੰਦਾ ਹੈ। ਜਿੱਥੇ ਆਮ ਲੋਕਾਂ ਨੂੰ ਮਹਿੰਗੀ ਬਿਜਲੀ ਵਰਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉੱਥੇ ਹੀ ਬਿਜਲੀ ਬਿੱਲਾਂ 'ਚ ਲੱਗਦੇ ਵੱਖ-ਵੱਖ ਤਰ੍ਹਾਂ ਦੇ ਟੈਕਸ ਵੀ ਆਮ ਜਨਤਾ ਨੂੰ ਦੇਣੇ ਪੈਂਦੇ ਹਨ। ਉਦੋਂ ਬੜੀ ਹੈਰਾਨੀ ਅਤੇ ਪ੍ਰੇਸ਼ਾਨੀ ਹੁੰਦੀ ਹੈ ਜਦੋਂ ਇਕ ਗ਼ਰੀਬ ਵਿਅਕਤੀ, ਜਿਸ ਕੋਲ ਏਨੇ ਬਿਜਲੀ 'ਤੇ ਚੱਲਣ ਵਾਲੇ ਸਾਧਨ ਵੀ ਘਰ ਵਿਚ ਮੌਜੂਦ ਨਹੀਂ ਹੁੰਦੇ ਜਿੰਨਾ ਉਸ ਨੂੰ ਬਿਜਲੀ ਦਾ ਬਿੱਲ ਆ ਜਾਂਦਾ ਹੈ। ਅਜਿਹੇ ਮਸਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ। ਮਗਰੋਂ ਵਿਭਾਗ ਵਲੋਂ ਦਫ਼ਤਰੀ ਗਲਤੀ ਹੋਣ ਦਾ ਹਵਾਲਾ ਦੇ ਕੇ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ। ਕਈ ਲੋਕਾਂ ਨੂੰ ਵਧੇਰੇ ਬਿੱਲ ਭੁਗਤਾਨ ਵੀ ਕਰਨਾ ਪੈ ਜਾਂਦਾ ਹੈ। ਇਸ ਲਈ ਚਾਹੀਦਾ ਹੈ ਕਿ ਪਾਵਰਕਾਮ ਆਪਣਾ ਕੰਮ ਸਹੀ ਕਰੇ। ਇਸ ਤੋਂ ਇਲਾਵਾ ਸਰਕਾਰੀ ਅਦਾਰਿਆਂ ਦੇ ਬਿਲਾਂ ਦਾ ਭਾਰ ਆਮ ਲੋਕਾਂ 'ਤੇ ਨਾ ਪਾਇਆ ਜਾਵੇ। ਜੋ ਕਰੋੜਾਂ ਰੁਪਏ ਅਦਾ ਕਰਨ ਵਾਲੇ ਰਹਿੰਦੇ ਹਨ ਉਸ ਲਈ ਵਿੱਤ ਵਿਭਾਗ ਅਤੇ ਵਿੱਤ ਮੰਤਰੀ ਸਖ਼ਤੀ ਦਿਖਾਉਣ ਇਕੱਲੀਆਂ ਚਾਹਾਂ ਬੰਦ ਕਰਨ ਨਾਲ ਕਦੇ ਖ਼ਜਾਨਾ ਮਾਲਾਮਾਲ ਨਹੀਂ ਹੋ ਸਕਦਾ।

-ਧਨੌਲਾ, 148105 (ਬਰਨਾਲਾ) ਮੋਬਾਈਲ : 97810-48055

ਨੌਜਵਾਨਾਂ ਵਲੋਂ ਭੱਜ ਕੇ ਵਿਆਹ ਕਰਵਾਉਣ ਦਾ ਫ਼ੈਸਲਾ ਕਿੰਨਾ ਕੁ ਉੱਚਿਤ?

ਅੱਜਕਲ੍ਹ ਕਿਧਰੇ ਨਾ ਕਿਧਰੇ ਖ਼ਬਰ ਪੜ੍ਹਨ ਜਾਂ ਸੁਣਨ ਨੂੰ ਮਿਲ ਹੀ ਜਾਂਦੀ ਹੈ ਕਿ ਫਲਾਣੀ ਥਾਂ ਜਾਂ ਫਲਾਣੇ ਪਿੰਡ ਦੀ ਕੁੜੀ ਤੇ ਮੁੰਡਾ ਘਰੋਂ ਭੱਜ ਗਏ ਹਨ। ਫਿਰ ਸਾਰਿਆਂ ਦਾ ਇਹ ਸਵਾਲ ਇਹ ਹੁੰਦਾ ਹੈ ਕਿ ਉਨ੍ਹਾਂ ਕੋਰਟ ਮੈਰਿਜ ਕਰਵਾ ਲਈ ਹੈ ਜਾਂ ਫਿਰ ਉਨ੍ਹਾਂ ਪੁਲਿਸ ਪ੍ਰੋਟੈਕਸ਼ਨ ਲਈ ਹੈ। ਬੇਸ਼ੱਕ ਕਾਨੂੰਨ ਇਨ੍ਹਾਂ ਦੇ ਹੱਕ ਵਿਚ ਖੜ੍ਹਾ ਹੈ। ਡਾ: ਅੰਬੇਡਕਰ ਨੇ ਅੰਤਰ-ਜਾਤੀ ਵਿਆਹ ਕਰਾਉਣ ਦੀਆਂ ਦਲੀਲਾਂ ਵੀ ਦਿੱਤੀਆਂ ਹਨ ਤੇ ਕਾਨੂੰਨ ਵੀ ਬਣਾ ਦਿੱਤਾ। ਪਰ ਜੋ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਇਹ ਹੈ ਕਿ ਇਕ 18-20 ਸਾਲ ਦੇ ਮੁੰਡੇ-ਕੁੜੀ ਨੂੰ ਏਨਾ ਗਿਆਨ ਹੋ ਜਾਂਦਾ ਹੈ ਕਿ ਜੋ ਮੇਰੇ ਮਾਪੇ ਕਰਨਗੇ ਉਹ ਗ਼ਲਤ ਕਰਨਗੇ ਜੋ ਅਸੀਂ ਕਰ ਰਹੇ ਹਾਂ, ਉਹ ਸਹੀ ਹੋਵੇਗਾ। ਜਿਨ੍ਹਾਂ ਮਾਪਿਆਂ ਨੇ ਬੱਚੇ ਨੂੰ ਜਨਮ ਦਿੱਤਾ, ਪੜ੍ਹਾਇਆ-ਲਿਖਾਇਆ, ਸਾਰਾ ਪਾਲਣ-ਪੋਸ਼ਣ ਕੀਤਾ, ਕੀ ਉਹ ਬੱਚੇ ਵਾਸਤੇ ਵਰ ਤੇ ਘਰ ਸਹੀ ਨਹੀਂ ਭਾਲ ਕਰ ਸਕਣਗੇ। ਅੱਜ ਮਾਪੇ ਇਸ ਦੁਚਿਤੀ ਵਿਚ ਫਸੇ ਆਮ ਵੇਖੇ ਜਾ ਸਕਦੇ ਹਨ, ਬੜੇ ਲਾਡਾਂ-ਪਿਆਰਾਂ ਨਾਲ ਪਾਲਿਆ ਧੀ-ਪੁੱਤ ਜਦੋਂ ਮਾਪਿਆਂ ਦਾ ਨੱਕ ਵੱਢ ਕੇ ਘਰੋਂ ਭੱਜ ਕੇ ਵਿਆਹ ਕਰਵਾਉਣ ਚਲਾ ਜਾਂਦਾ ਹੈ, ਉਸ ਵਕਤ ਮਾਪਿਆਂ ਦੀ ਕੀ ਹਾਲਤ ਹੁੰਦੀ ਹੈ ਸ਼ਾਇਦ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੋਣਾ। ਅਗਰ ਕੋਈ ਮੁੰਡਾ ਕਮਾਊ ਲਗਦਾ ਹੈ, ਤੁਸੀਂ ਸਮਝਦੇ ਹੋ ਕਿ ਇਹ ਸਾਰੀ ਉਮਰ ਮੈਨੂੰ ਰੋਟੀ ਖਵਾ ਸਕਦਾ ਹੈ ਫਿਰ ਵੀ ਕੋਈ ਗੱਲ ਨਹੀਂ। ਪਰ ਜਿਹੜਾ ਅਜੇ 10-12 ਜਮਾਤਾਂ ਵੀ ਨਹੀਂ ਪੜ੍ਹਿਆ, ਉਹ ਕੀ ਉਸ ਕੁੜੀ ਦਾ ਬੋਝ ਸਾਰੀ ਉਮਰ ਕਿਵੇਂ ਚੁੱਕ ਸਕੇਗਾ, ਕਦੀ ਵੀ ਨਹੀਂ। ਫਿਰ ਇਹੋ ਜਿਹੀਆਂ ਹਜ਼ਾਰਾਂ ਮਿਸਾਲਾਂ ਸਾਨੂੰ ਸਾਡੇ ਸੱਜੇ-ਖੱਬੇ ਵੇਖਣ ਨੂੰ ਮਿਲਦੀਆਂ ਹਨ ਪਰ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹ ਆਖ ਦਿੰਦੇ ਹਨ ਕਿ ਤੁਸੀਂ ਕੌਣ ਹੁੰਦੇ ਹੋ ਸਾਡੀ ਜ਼ਿੰਦਗੀ ਦੇ ਫ਼ੈਸਲੇ ਲੈਣ ਵਾਲੇ। ਆਪਾਂ ਇਹ ਵੀ ਸੁਣਿਆ ਹੈ ਕਿ ਜਲਦੀ ਵਿਚ ਲਏ ਫ਼ੈਸਲੇ ਜ਼ਿਆਦਾਤਰ ਘਾਤਕ ਸਾਬਤ ਹੁੰਦੇ ਹਨ। ਪਰ ਫਿਰ ਵੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਨਵੀਂ ਪੀੜ੍ਹੀ ਨੂੰ ਕੀ ਹੋ ਗਿਆ ਹੈ। ਤੁਹਾਨੂੰ ਲਗਦਾ ਨਹੀਂ ਕਿ ਜ਼ਿਆਦਾ ਪੱਛਮੀ ਦੇਸ਼ਾਂ ਦਾ ਪ੍ਰਭਾਵ ਸਾਡੇ ਲੋਕਾਂ 'ਤੇ ਭਾਰੂ ਹੁੰਦਾ ਜਾ ਰਿਹਾ ਹੈ। ਫਿਰ ਜ਼ਿਆਦਾ ਸਮਾਂ ਵੀ ਨਹੀਂ ਲਗਦਾ ਤੇ ਗੱਲ ਤਲਾਕਾਂ ਤੱਕ ਪਹੁੰਚ ਜਾਂਦੀ ਹੈ। ਮੁੰਡਾ ਤਾਂ ਅਜੇ ਆਪਣੇ ਘਰ ਵਿਚ ਦੁਬਾਰਾ ਸ਼ਰਨ ਲੈ ਲੈਂਦਾ ਹੈ ਪਰ ਕੁੜੀ ਵਾਸਤੇ ਦੁਬਾਰਾ ਘਰ ਵਿਚ ਆਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਿਸ ਕਰਕੇ ਕਈ ਕੁੜੀਆਂ ਮੌਤ ਨੂੰ ਗਲੇ ਲਗਾਉਣ ਤੱਕ ਪਹੁੰਚ ਜਾਂਦੀਆਂ ਹਨ ਤੇ ਕਈ ਹੋਰ ਰਾਹ ਅਪਣਾ ਲੈਂਦੀਆਂ ਹਨ। ਇਹ ਮਸਲਾ ਬੜਾ ਗੰਭੀਰ ਹੁੰਦਾ ਜਾ ਰਿਹਾ ਹੈ, ਇਸ ਦਾ ਹੱਲ ਲੱਭਣਾ ਬਹੁਤ ਜ਼ਰੂਰੀ ਹੋ ਗਿਆ ਹੈ। ਪਤਾ ਨਹੀਂ ਕਿੰਨੇ ਕੁ ਮੁੰਡੇ-ਕੁੜੀਆਂ ਇਸ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਅਜੇ ਹੋਰ ਹੁੰਦੇ ਜਾ ਰਹੇ ਹਨ। ਅਗਰ ਬੱਚੇ ਆਪਣਿਆਂ ਮਾਪਿਆਂ ਨੂੰ ਇਹ ਗੱਲ ਦੱਸ ਦੇਣ ਕਿ ਮੈਂ ਵਿਆਹ ਉਸ ਮੁੰਡੇ ਜਾਂ ਕੁੜੀ ਨਾਲ ਕਰਵਾਉਣਾ ਹੈ ਤਾਂ ਮਾਪੇ ਵੀ ਉਸ ਨਾਲ ਸਹਿਮਤ ਹੋ ਜਾਣਤੇ ਦੋਵਾਂ ਧਿਰਾਂ ਵਿਚ ਰਜ਼ਾਮੰਦੀ ਨਾਲ ਵਿਆਹ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਤੁਹਾਡੇ ਘਰੋਂ ਭੱਜ ਕੇ ਹੀ ਵਿਆਹ ਕਰਵਾਉਣ ਨਾਲ ਮਾਪੇ ਵੀ ਸਹਿਮਤ ਹੋਣਗੇ। ਪੜ੍ਹਨਾ-ਲਿਖਣਾ ਇਹ ਨਹੀਂ ਸਿਖਾਉਦਾ ਕਿ ਅਸੀਂ ਆਪਣੇ ਮਾਪਿਆਂ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਹਾਂ ਤੇ ਮਾਪੇ ਬੇਵਕੂਫ਼ ਹੋ ਗਏ ਨੇ, ਹੁਣ ਅਸੀਂ ਉਨ੍ਹਾਂ ਦੀ ਕੋਈ ਗੱਲ ਨਹੀਂਮੰਨਣੀ। ਸਗੋਂ ਪੜ੍ਹੇ-ਲਿਖੇ ਨੂੰ ਹੋਰ ਵੀ ਜ਼ਿਆਦਾ ਮਾਪਿਆਂ ਦੀ ਇੱਜ਼ਤ ਕਰਨੀ ਤੇ ਗੱਲ ਮੰਨਣੀ ਚਾਹੀਦੀ ਹੈ। ਅਗਰ ਅਸੀਂ ਇਸ ਗੱਲ ਦਾ ਗ਼ੌਰ ਨਾ ਕੀਤਾ ਤੇ ਭਵਿੱਖ ਵਿਚ ਹੋਰ ਵੀ ਨਤੀਜੇ ਗੰਭੀਰ ਹੋਣ ਦੀ ਸੰਭਾਵਨਾ ਹੋ ਸਕਦੀ ਹੈ।

-ਮਮਦੋਟ (ਫਿਰੋਜ਼ਪੁਰ) ਮੋਬਾ: 7589155501

ਬਾਲ ਮਜ਼ਦੂਰੀ ਦਾ ਇਕ ਹੋਰ ਰੂਪ-ਮੈਰਿਜ ਪੈਲੇਸਾਂ 'ਚ ਕੰਮ ਕਰਦੇ ਸਕੂਲੀ ਵਿਦਿਆਰਥੀ

ਸਰਕਾਰ ਵਲੋਂ ਸਕੂਲਾਂ ਦਾ ਵਿੱਦਿਅਕ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ। ਵਿਦਿਆਰਥੀਆਂ ਦੀ ਲਿਖਤੀ ਪੜ੍ਹਾਈ ਦੇ ਨਾਲ-ਨਾਲ ਤਕਨੀਕੀ ਸਿੱਖਿਆ ਵੱਲ ਵੀ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਸਰਕਾਰ ਵਲੋਂ ਅਨੇਕਾਂ ਅਜਿਹੇ ਵਿੱਦਿਅਕ ਪ੍ਰਾਜੈਕਟ ਚਲਾਏ ਜਾ ਰਹੇ ਹਨ, ਜਿਨ੍ਹਾਂ ਦੁਆਰਾ ਵਿਦਿਆਰਥੀ ਚੰਗਾ ਭਵਿੱਖ ਬਣਾ ਸਕਦੇ ਹਨ। ਦੂਜੇ ਪਾਸੇ ਸ਼ਹਿਰ ਦੇ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਨਾਲ-ਨਾਲ ਪ੍ਰਾਈਵੇਟ ਕੰਮ ਕਰਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀਆਂ ਨੂੰ ਮਾਪੇ ਆਪਣੇ ਪੱਧਰ 'ਤੇ ਪੜ੍ਹਾਉਂਦੇ ਹਨ। ਕੁਝ ਲੋੜਵੰਦ ਵਿਦਿਆਰਥੀਆਂ ਦੇ ਸਹਿਯੋਗ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਅਧਿਆਪਕ ਬਣਦੀ ਭੂਮਿਕਾ ਨਿਭਾਅ ਰਹੇ ਹਨ। ਪਰ ਪੂੰਜੀ ਕਮਾਉਣ ਦੀ ਦੌੜ ਵਿਚ ਕੁਝ ਵਿਦਿਆਰਥੀ ਜਾਣਬੁੱਝ ਕੇ ਦਿਹਾੜੀਆਂ ਕਰਨ ਵਿਚ ਜੁਟੇ ਹੋਏ ਹਨ। ਮੈਰਿਜ ਪੈਲੇਸਾਂ ਵਿਚ ਕੰਮ ਕਰਨ ਵਾਲੇ ਸਕੂਲੀ ਵਿਦਿਆਰਥੀਆਂ ਦੀ ਸਮੱਸਿਆ ਸਮਾਜ ਲਈ ਵੱਡੀ ਚੁਣੌਤੀ ਬਣਨ ਜਾ ਰਹੀ ਹੈ। ਮੈਰਿਜ ਪੈਲੇਸਾਂ ਵਿਚ ਸਮਾਗਮਾਂ ਮੌਕੇ ਕੁੱਕ ਜਾਂ ਕੈਟਰਟਰ ਅਜਿਹੇ ਵੇਟਰਾਂ ਦੀ ਭਾਲ ਕਰਦੇ ਹਨ, ਜਿਹੜੇ ਘੱਟ ਮਿਹਨਤਾਨਾ ਲੈਣ। ਇਸ ਮਨੋਰਥ ਅਧੀਨ ਉਹ ਸਕੂਲੀ ਵਿਦਿਆਰਥੀਆਂ ਨਾਲ ਸੰਪਰਕ ਬਣਾਉਂਦੇ ਹਨ। ਉੱਥੇ ਇਨ੍ਹਾਂ ਬੱਚਿਆਂ ਨੂੰ ਪਾਉਣ ਲਈ ਵਿਸ਼ੇਸ਼ ਡਰੈਸ ਦਿੱਤੀ ਜਾਂਦੀ ਹੈ। ਡਰੈਸ ਪਾਉਣ ਤੋਂ ਬਾਅਦ ਉਨ੍ਹਾਂ ਦੇ ਹੱਥਾਂ ਵਿਚ ਵਰਤਾਉਣ ਵਾਲੇ ਖਾਧ ਪਦਾਰਥ ਹੁੰਦੇ ਹਨ। ਕੁਝ ਬੱਚਿਆਂ ਦੀ ਡਿਊਟੀ ਸ਼ਰਾਬ ਅਤੇ ਮੀਟ ਵਰਤਾਉਣ 'ਤੇ ਲੱਗ ਜਾਂਦੀ ਹੈ। ਇਸ ਕੰਮ ਦੌਰਾਨ ਉਹ ਮਾਨਸਿਕ ਸੰਕਟ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਅਕਸਰ ਨਸ਼ੇ ਤੇ ਆਚਰਣਹੀਣਤਾ ਵੱਲ ਚਲੇ ਜਾਂਦੇ ਹਨ। ਕੁਝ ਵਿਦਿਆਰਥੀਆਂ ਦੇ ਆਰਕੈਸਟਰਾ ਵਾਲਿਆਂ ਨਾਲ ਸੰਪਰਕ ਬਣਾਉਣ ਦੀਆਂ ਗੱਲਾਂ ਅਕਸਰ ਚਰਚਾ ਅਤੇ ਚਿੰਤਾ ਦਾ ਵਿਸ਼ਾ ਬਣਦੀਆਂ ਹਨ। ਸਾਲ ਦੇ ਨਵੰਬਰ ਤੇ ਦਸੰਬਰ ਮਹੀਨਿਆਂ ਦੌਰਾਨ ਵਿਆਹ ਸਮਾਗਮ ਜ਼ਿਆਦਾ ਹੁੰਦੇ ਹਨ। ਇਨ੍ਹਾਂ ਮਹੀਨਿਆਂ ਦੌਰਾਨ ਵਿਦਿਆਰਥੀਆਂ ਉੱਪਰ ਪੜ੍ਹਾਈ ਦਾ ਜ਼ੋਰ ਵੀ ਵੱਧ ਹੁੰਦਾ ਹੈ। ਇਸ ਕਾਰਨ ਅਜਿਹੇ ਵਿਦਿਆਰਥੀ ਪੜ੍ਹਾਈ ਵਿਚੋਂ ਪਛੜ ਜਾਂਦੇ ਹਨ। ਇੱਥੇ ਇਹ ਤੱਥ ਵੀ ਮਹੱਤਵਪੂਰਨ ਹੈ ਕਿ ਜ਼ਿਆਦਾਤਰ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਦੇ ਵਧੇਰੇ ਸ਼ਹਿਰੀ ਵਿਦਿਆਰਥੀ ਹੀ ਵੇਟਰਾਂ ਵਜੋਂ ਕੰਮ ਕਰਦੇ ਹਨ। ਇਸ ਵਧਦੀ ਸਮੱਸਿਆ ਨੂੰ ਨਜਿੱਠਣ ਲਈ ਸਰਕਾਰ ਨੂੰ ਤੁਰੰਤ ਮੈਰਿਜ ਪੈਲੇਸਾਂ ਅਤੇ ਹੋਰ ਸਮਾਗਮਾਂ ਦੌਰਾਨ ਕੰਮ ਕਰਦੇ ਸਕੂਲੀ ਸਿੱਖਿਆ ਲੈ ਰਹੇ ਬੱਚਿਆਂ ਉੱਪਰ ਕਾਨੂੰਨੀ ਤੌਰ 'ਤੇ ਰੋਕ ਲਗਾਉਣੀ ਚਾਹੀਦੀ ਹੈ।

-ਕੰਪਿਊਟਰ ਅਧਿਆਪਕ, ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ,
ਧੂਰੀ (ਸੰਗਰੂਰ) ਮੋਬ: 84271-05765

ਮਿਹਨਤ ਨਾਲ ਹੀ ਮਿਲਦੀ ਹੈ ਮੰਜ਼ਿਲ

ਦੋਸਤੋ! ਜ਼ਿੰਦਗੀ ਵਿਚ ਹਰ ਇਨਸਾਨ ਦੇ ਕੁਝ ਸੁਪਨੇ ਹੁੰਦੇ ਹਨ। ਹਰ ਕੋਈ ਵੱਡਾ, ਅਮੀਰ ਅਤੇ ਮਸ਼ਹੂਰ ਬਣਨਾ ਚਾਹੁੰਦਾ ਹੈ। ਸੁਪਨੇ ਸਜਾਉਣਾ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੈ ਅਤੇ ਉਸ ਤੋਂ ਵੀ ਜ਼ਰੂਰੀ ਹੈ ਇਨ੍ਹਾਂ ਸੁਪਨਿਆਂ ਨੂੰ ਹਕੀਕਤ ਵਿਚ ਬਦਲਣਾ। ਅਜਿਹਾ ਕੋਈ ਵੀ ਕੰਮ ਜਾਂ ਮੰਜ਼ਿਲ ਨਹੀਂ, ਜਿਸ ਨੂੰ ਮਿਹਨਤ ਨਾਲ ਸਰ ਨਾ ਕੀਤਾ ਜਾ ਸਕੇ। ਅਜੋਕੇ ਦੌਰ ਵਿਚ ਜ਼ਿੰਦਗੀ ਦੀ ਭੱਜ-ਦੌੜ ਅਤੇ ਬੱਚਿਆਂ ਉੱਪਰ ਸਿਲੇਬਸ ਦੇ ਬੋਝ ਨੇ ਸਭ ਨੂੰ ਦਿਮਾਗੀ ਥਕਾਵਟ ਦਾ ਸ਼ਿਕਾਰ ਬਣਾ ਦਿੱਤਾ ਹੈ, ਇਸ ਲਈ ਸਾਡੇ ਅੰਦਰ ਮਿਹਨਤ ਦਾ ਜਜ਼ਬਾ ਵੀ ਘਟਦਾ ਜਾ ਰਿਹਾ ਹੈ। ਪੁਰਾਣੇ ਸਮਿਆਂ ਵਿਚ ਬੁੱਧੀਜੀਵੀਆਂ ਦਾ ਮਤ ਸੀ ਕਿ 'ਮਿਹਨਤ ਨੂੰ ਕੋਈ ਮਿਹਣਾ ਨਹੀਂ ਹੁੰਦਾ' ਪ੍ਰਤੀ ਅਜੋਕੇ ਦੌਰ ਵਿਚ ਜਿਥੇ ਲੋਕ ਖੁਦ ਕਿਸੇ ਕੰਮ ਨੂੰ ਕਰਨ ਦੇ ਕਾਬਲ ਨਹੀਂ ਹੁੰਦੇ, ਉਹ ਹੋਰ ਮਿਹਨਤਕਸ਼ ਲੋਕਾਂ ਦੇ ਰਾਹਾਂ ਵਿਚ ਵੀ ਕੰਡੇ ਬੀਜਣ ਦਾ ਕੰਮ ਬਾਖੂਬੀ ਕਰਦੇ ਹਨ। ਸਮਾਜ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਹੱਥੀਂ ਕਿਰਤ ਕਰਕੇ ਆਪਣੇ ਘਰ ਦਾ ਮੂੰਹ ਮੱਥਾ ਸੰਵਾਰਦੇ ਹਨ। ਪਰ ਉਸੇ ਹੀ ਸਮਾਜ ਵਿਚ ਕੁਝ ਛੋਟੀ ਸੋਚ ਵਾਲੇ ਲੋਕ ਅਕਸਰ ਇਹ ਕਹਿੰਦੇ ਹੋਏ ਸੁਣੇ ਗਏ ਹਨ ਕਿ ਕੱਲ੍ਹ-ਪਰਸੋਂ ਤਾਂ ਇਹ ਭੁੱਖਾ ਮਰਦਾ ਸੀ ਅੱਜ ਦੇਖੋ ਕਿਵੇਂ ਐਨਾ ਕੁਝ ਬਣਾ ਲਿਆ। ਇਹੋ ਜਿਹੇ ਈਰਖਾਲੂ ਸੁਭਾਅ ਦੇ ਲੋਕ ਹਰ ਸਮਾਜ ਵਿਚ ਮਿਲਦੇ ਹਨ ਪਰ 'ਹਾਂਡੀ ਉਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ' ਅਖੌਤ ਅਨੁਸਾਰ ਕਿਰਤ ਕਰਨ ਵਾਲੇ ਨੂੰ ਅਜਿਹੀਆਂ ਫਾਲਤੂ ਗੱਲਾਂ ਜਾਂ ਮਿਹਣਿਆਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸਗੋਂ ਸਮੁੰਦਰਾਂ ਵਾਂਗ ਸ਼ਾਂਤ ਅਤੇ ਮਸਤ ਰਹਿ ਕੇ ਆਪਣੀ ਚਾਲੇ ਚੱਲਦੇ ਰਹਿਣਾ ਚਾਹੀਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਹਰ ਬੰਦਾ ਹਰ ਪਹਿਲੀ ਕੋਸ਼ਿਸ ਵਿਚ ਹੀ ਸਫ਼ਲ ਹੋ ਜਾਵੇ, ਪ੍ਰੰਤੂ ਅਸਫ਼ਲ ਹੋਣ ਤੋਂ ਬਾਅਦ ਫਿਰ ਮਿਹਨਤ ਕਰਕੇ ਸਫ਼ਲ ਜ਼ਰੂਰ ਹੋਇਆ ਜਾ ਸਕਦਾ ਹੈ।

ਜੋ ਲਿਖਿਆ ਵਿਚ ਨਸੀਬਾਂ ਦੇ
ਉਹ ਦੇਰ ਸਵੇਰ ਮਿਲ ਜਾਂਦਾ,
ਜੇ ਰਹਿਮਤ ਹੋਵੇ ਉਸ ਮਾਲਕ ਦੀ
ਫੁੱਲ ਪੱਥਰਾਂ ਵਿਚ ਵੀ ਖਿੜ ਜਾਂਦਾ।'
-ਸਾਇੰਸ ਮਿਸਟ੍ਰੈਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਹੁਕਾ, (ਤਰਨ ਤਾਰਨ)।

ਆਓ, ਸਮਝਦਾਰੀ ਨਾਲ ਕਰੀਏ ਮੋਬਾਈਲ ਦੀ ਵਰਤੋਂ

ਇਕ ਕਹਾਵਤ ਹੈ ਕਿ 'ਹਰ ਚੀਜ਼ ਦੀ ਅਤਿ ਮਾੜੀ ਹੁੰਦੀ ਹੈ' ਜੋ ਕਿ ਅਜੋਕੇ ਸਮੇਂ ਵਿਚ ਮੋਬਾਈਲ ਦੀ ਵਰਤੋਂ ਉੱਤੇ ਲਾਗੂ ਹੁੰਦੀ ਹੈ। ਇਹ ਅਕਸਰ ਵੇਖਣ ਵਿਚ ਆਇਆ ਹੈ ਕਿ ਲੋਕ ਮੋਬਾਈਲ ਉਤੇ ਗੱਲਾਂ ਕਰਦੇ, ਚੈਟਿੰਗ ਕਰਦੇ ਜਾਂ ਗੇਮਾਂ ਖੇਡਦੇ ਲੰਮਾਂ ਸਮਾਂ ਬਤੀਤ ਕਰਦੇ ਰਹਿੰਦੇ ਹਨ। ਵਿਗਿਆਨੀ ਦੱਸਦੇ ਹਨ ਕਿ ਮੋਬਾਈਲਾਂ ਤੋਂ ਨਿਕਲ ਰਹੀਆਂ ਕਿਰਨਾਂ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਮੋਬਾਈਲ ਦੀ ਸੀਮਿਤ ਵਰਤੋਂ ਕੀਤੀ ਜਾਵੇ ਅਤੇ ਜਿਸ ਸਮੇਂ ਇਸ ਦੀ ਵਰਤੋਂ ਨਹੀਂ ਕਰ ਰਹੇ ਹੋ, ਉਸ ਸਮੇਂ ਇਸ ਨੂੰ ਸਰੀਰ ਤੋਂ ਦੂਰ ਹੀ ਰੱਖਿਆ ਜਾਵੇ। ਆਓ ਮੋਬਾਈਲ ਦੀ ਵਰਤੋਂ ਸੀਮਤ ਅਤੇ ਸਹੀ ਢੰਗ ਨਾਲ ਕਰਨ ਲਈ ਕੁਝ ਨੁਕਤਿਆਂ 'ਤੇ ਵਿਚਾਰ ਕਰੀਏ।
* ਮੋਬਾਈਲ ਦੀ ਵਰਤੋਂ ਕੇਵਲ ਜ਼ਰੂਰੀ ਗੱਲਬਾਤ ਜਾਂ ਜ਼ਰੂਰੀ ਸੁਨੇਹੇ ਭੇਜਣ ਵਾਸਤੇ ਹੀ ਕੀਤੀ ਜਾਵੇ। ਫਾਲਤੂ ਸੁਨੇਹੇ ਭੇਜਣ ਤੋਂ ਪਰਹੇਜ਼ ਕੀਤਾ ਜਾਵੇ।
* ਸਵੇਰੇ-ਸ਼ਾਮ ਦੇ ਗੈਰ-ਜ਼ਰੂਰੀ ਸੰਦੇਸ਼ਾਂ ਤੋਂ ਬਚਿਆ ਜਾਵੇ। * ਗੱਡੀ ਚਲਾਉਂਦਿਆਂ ਮੋਬਾਈਲ ਦੀ ਵਰਤੋਂ ਬਿਲਕੁਲ ਹੀ ਨਾ ਕੀਤੀ ਜਾਵੇ।
* ਰਿਸ਼ਤੇਦਾਰਾਂ ਨੂੰ ਦਿਨ- ਤਿਉਹਾਰ ਜਾਂ ਜਨਮ ਦਿਨ ਦੀ ਵਧਾਈ ਦੇਣਾ ਅਤੇ ਕਿਸੇ ਪਰਿਵਾਰਿਕ ਜਾਂ ਸਮਾਜਿਕ ਸਮਾਗਮ ਦੀ ਸੂਚਨਾ ਮੋਬਾਈਲ ਉੱਤੇ ਹੀ ਦੇ ਕੇ ਸਮੇਂ ਅਤੇ ਧਨ ਦੀ ਬੱਚਤ ਕੀਤੀ ਜਾ ਸਕਦੀ ਹੈ।
* ਬੱਚਿਆਂ ਦੇ ਪੜ੍ਹਨ ਸਮੇਂ ਮੋਬਾਈਲ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ।
* ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਦੀ ਇਜਾਜ਼ਤ ਕਿਸੇ ਜ਼ਰੂਰੀ ਕੰਮ ਕਰਨ ਵਾਸਤੇ ਹੀ ਦਿੱਤੀ ਜਾਵੇ।
* ਬੱਚਿਆਂ ਨੂੰ ਮੋਬਾਈਲ ਸਕੂਲ ਵਿਚ ਨਾ ਲੈ ਕੇ ਜਾਣ ਦਿੱਤਾ ਜਾਵੇ।
* ਮਾਪੇ ਬੱਚਿਆਂ ਸਾਹਮਣੇ ਮੋਬਾਈਲ ਦੀ ਘੱਟ ਵਰਤੋਂ ਕਰਕੇ ਇਕ ਚੰਗੀ ਉਦਾਹਰਨ ਪੇਸ਼ ਕਰਨ।
* ਛੋਟੇ ਬੱਚਿਆਂ ਨੂੰ ਮੋਬਾਈਲ ਇਕ ਖਿਡੌਣੇ ਦੇ ਤੌਰ 'ਤੇ ਨਾ ਦਿੱਤਾ ਜਾਵੇ।
* ਘਰ ਦੇ ਸਾਰੇ ਹੀ ਜੀਅ ਵੱਖ-ਵੱਖ ਥਾਵਾਂ 'ਤੇ ਬੈਠ ਕੇ ਮੋਬਾਈਲ ਵਰਤਣ ਦੀ ਬਜਾਏ, ਇਕ ਥਾਂ 'ਤੇ ਬੈਠ ਕੇ ਖਾਣਾ ਖਾਣ ਅਤੇ ਘਰ ਦੀ ਕੋਈ ਉਸਾਰੂ ਗੱਲਬਾਤ ਸਾਂਝੀ ਕਰਨ।
* ਬੱਚਿਆਂ ਦਾ ਧਿਆਨ ਰਵਾਇਤੀ ਅਤੇ ਉਸਾਰੂ ਖੇਡਾਂ ਵਿਚ ਲਾਇਆ ਜਾਵੇ।
ਸੋ, ਉਕਤ ਕੁਝ ਨੁਕਤਿਆਂ ਦਾ ਧਿਆਨ ਰੱਖ ਕੇ ਮੋਬਾਈਲ ਦੀ ਵਰਤੋਂ ਤੋਂ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਵੀ ਬਚ ਸਕਦੇ ਹਾਂ ਅਤੇ ਬੱਚਿਆਂ ਦੇ ਭਵਿੱਖ ਨੂੰ ਵੀ ਸੁਆਰ ਸਕਦੇ।

-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842-20595.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX