ਤਾਜਾ ਖ਼ਬਰਾਂ


ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 594 ਨਵੇਂ ਮਾਮਲੇ ਆਏ ਸਾਹਮਣੇ
. . .  2 minutes ago
ਸਿਓਲ, 29 ਫਰਵਰੀ- ਚੀਨ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਤੋਂ ਬਾਅਦ ਹੁਣ ਦੱਖਣੀ ਕੋਰੀਆ ਵੀ ਇਸ ਦੀ ਲਪੇਟ ...
ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਮੀਂਹ ਕਾਰਨ ਜ਼ਮੀਨ 'ਤੇ ਵਿਛੀ
. . .  18 minutes ago
ਅਜਨਾਲਾ, 29 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਪਏ ਮੀਂਹ ਦੇ ਚੱਲਦਿਆਂ ਸਰਹੱਦੀ ਖੇਤਰ 'ਚ ਕਈ ਥਾਵਾਂ 'ਤੇ ਕਿਸਾਨਾਂ...
ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  50 minutes ago
ਕਰਾਚੀ, 29 ਫਰਵਰੀ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਬੱਸ ਅਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ...
ਅੱਜ ਦਾ ਵਿਚਾਰ
. . .  about 1 hour ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਜਲੰਧਰ , 28 ਫਰਵਰੀ - ਹਾਈ ਸਕਿਉਰਿਟੀ ਜ਼ੋਨ ਮੰਨੇ ਜਾਂਦੇ ਫੋਕਲ ਪੁਆਇੰਟ ਨਜ਼ਦੀਕ ਬਿਨਾਂ ਸਿਰ ਦੇ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ । ਪੁਲਿਸ ਸਿਰ ਲੱਭਣ 'ਚ ਲੱਗੀ ਹੈ ।
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿਚ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ...
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਮਲੌਦ, 28 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਮਲੌਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਨੀਪੁਰ ਦੇ ਮੁੱਖ ਅਧਿਆਪਕ ਅੰਮ੍ਰਿਤਪਾਲ ਸਿੰਘ ਟਿਵਾਣਾ ਦੀਆਂ ਸ਼ਾਨਦਾਰ ਸ਼ੇਵਾਵਾਂ ਨੂੰ ਮੁੱਖ ...
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਭੁਵਨੇਸ਼ਵਰ, 28 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ। ਇਸ ਵਿਚ ਮੁਸਲਮਾਨਾਂ ਦੀ...
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  1 day ago
ਨਵੀਂ ਦਿੱਲੀ, 28 ਫਰਵਰੀ - ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਇਕ ਆਤਸ਼ੀ ਨੂੰ ਗੋਆ ਤੇ ਜਰਨੈਲ ਸਿੰਘ ਨੂੰ ਪੰਜਾਬ ਆਪ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦ ਦੋਵਾਂ ਸੂਬਿਆਂ ਲਈ ਜਥੇਬੰਦਕ ਨਿਰਮਾਣ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ...
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  1 day ago
ਬਰਨਾਲਾ/ਰੂੜੇਕੇ ਕਲਾਂ, 28 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਫ਼ਿਰਕੂ ਹਿੰਸਾ ਦੌਰਾਨ ਮਾਰੇ ਗਏ 27 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ...
ਹੋਰ ਖ਼ਬਰਾਂ..

ਫ਼ਿਲਮ ਅੰਕ

ਅਦਿਤੀ ਰਾਓ ਹੈਦਰੀ ਸਾਦਗੀ ਪਸੰਦ

ਬਾਲੀਵੁੱਡ ਹੀ ਕਿਉਂ ਅਦਿਤੀ ਰਾਓ ਹੈਦਰੀ ਨੇ ਦੱਖਣ ਦੀ ਫ਼ਿਲਮ ਇੰਡਸਟਰੀ 'ਚ ਵੀ ਨਾਂਅ ਕਮਾਇਆ ਹੈ। ਦੱਖਣ 'ਚ ਉਸ ਦੀ 'ਸਾਇਕੋ' ਧੁੰਮ ਪਾਏਗੀ ਕਿਉਂਕਿ ਟਰੇਲਰ ਨੂੰ ਪਸੰਦ ਹੀ ਬਹੁਤ ਕੀਤਾ ਜਾ ਰਿਹਾ ਹੈ। ਦੱਖਣ 'ਚ ਅਦਿਤੀ ਸਟਾਰ ਹੈ, ਸੁਪਰ ਸਟਾਰ 'ਸਾਇਕੋ' ਦੇ ਨਾਲ ਹੀ 'ਵੀ ਤੁਗਲਕ', 'ਸੂਫੀਯੂਮ ਸੁਜਾਥਾਯੂਮ' ਹਨ ਤੇ 'ਦਰਬਾਰ' ਦੇ ਕਮਾਲ ਸਭ ਦੇ ਸਾਹਮਣੇ ਹਨ। 'ਦਾ ਗਰਲ ਆਨ ਦਾ ਟਰੇਨ' ਅਦਿਤੀ ਦੀ ਹਾਲੀਵੁੱਡ-ਬਾਲੀਵੁੱਡ ਫ਼ਿਲਮ ਹੈ। ਗੱਲ ਸਮਾਜਿਕ ਮੀਡੀਆ ਤੇ ਟਰੋਲਿੰਗ ਦੀ ਆਲੋਚਨਾ ਦੀ ਹੋਵੇ ਤਾਂ ਸੁਣੋ ਮਿਸ ਹੈਦਰੀ ਸ਼ਾਹੀ ਖ਼ਾਨਦਾਨ ਦੀ ਕੁੜੀ ਕਹਿ ਰਹੀ ਹੈ ਕਿ ਦਇਆ ਤੇ ਤਰਸ ਦੇ ਪਾਤਰ ਹਨ ਟਰੋਲਰ-ਆਲੋਚਕ ਕਿਉਂਕਿ ਦੂਜਿਆਂ 'ਤੇ ਚਿੱਕੜ ਸੁੱਟਣ ਵਾਲੇ ਉਸ ਅਨੁਸਾਰ ਆਪ ਹੀ ਲਿੱਬੜੇ ਹੁੰਦੇ ਹਨ। ਅਦਿਤੀ 'ਦਾ ਗਰਲ ਆਨ ਦਾ ਟਰੇਨ' ਤੋਂ ਕਾਫੀ ਆਸ ਰੱਖ ਰਹੀ ਹੈ। ਰਹੀ ਗੱਲ ਨਿੱਜੀ ਜੀਵਨ ਜਾਚ ਦੀ, ਪਹਿਰਾਵੇ ਦੀ ਤਾਂ ਅਦਿਤੀ ਸਧਾਰਨ ਤੇ ਸੌਖੇ ਕੱਪੜੇ ਪਹਿਨਦੀ ਹੈ ਨਾ ਕਿ ਗਰੀਸ ਲਾ ਕੇ ਪਾਈ ਜਾਣ ਵਾਲੀ ਬਹੁਤ ਹੀ ਤੰਗ ਪਜਾਮੀ ਜਾਂ ਜੀਨਜ਼। ਏਅਰਪੋਰਟ ਜਾਣਾ ਹੋਵੇ ਤਾਂ ਹੀ ਉਹ ਜੀਨਜ਼ ਪਹਿਨਦੀ ਹੈ। 'ਵਜ਼ੀਰ' ਫ਼ਿਲਮ ਵਾਲੀ ਅਦਿਤੀ ਰਾਓ ਹੈਦਰੀ ਦਾ ਨਾਂਅ ਕਦੇ ਅਲੀ ਫਜ਼ਲ ਨਾਲ ਜੁੜਿਆ ਸੀ ਪਰ ਉਹ ਦਿਨ ਤੇ ਆਹ ਦਿਨ ਫਿਰ ਉਹ ਅਜਿਹੇ ਝਮੇਲਿਆਂ ਤੋਂ ਬਰੀ ਹੀ ਰਹੀ ਹੈ। 'ਸਾਇਕੋ-ਦਾ ਗਰਲ ਆਨ ਦਾ ਟਰੇਨ' ਨਾਲ ਫਿਰ ਅਦਿਤੀ ਵਿਚ ਲੋਕਪ੍ਰਿਯਤਾ ਦੇ ਆਕਾਸ਼ 'ਤੇ ਚਮਕਣ ਜਾ ਰਹੀ ਹੈ।


ਖ਼ਬਰ ਸ਼ੇਅਰ ਕਰੋ

ਲਗਦੀ ਲਾਹੌਰ ਦੀ ਆ...ਸ਼ਰਧਾ ਕਪੂਰ

ਸ਼ਰਧਾ ਕਪੂਰ ਫਿਰ ਸਾਬਤ ਕਰਨ ਜਾ ਰਹੀ ਹੈ ਕਿ ਉਹ ਬੀ-ਟਾਊਨ ਦੀ ਸਫ਼ਲ ਡਾਂਸਰ ਅਭਿਨੇਤਰੀ ਹੈ। 'ਸਟਰੀਟ ਡਾਂਸਰ-3 ਡੀ' 'ਚ ਸ਼ਰਧਾ ਦੇ ਨਾਲ ਵਰੁਣ ਧਵਨ ਹੈ। ਫ਼ਿਲਮ ਦਾ ਗਾਣਾ 'ਇੱਲੀਗਲ ਵੈਪਨ 2.0' ਆਇਆ ਹੈ। ਗੈਰੀ ਸੰਧੂ ਦੇ ਇਸ ਗਾਣੇ 'ਤੇ ਸ਼ਰਧਾ ਖੂਬ ਨੱਚੀ ਹੈ। ਸ਼ਰਧਾ ਦੀ ਇਹ ਫ਼ਿਲਮ ਇਸ ਸ਼ੁੱਕਰਵਾਰ ਆ ਰਹੀ ਹੈ। ਇਧਰ ਰਣਬੀਰ ਕਪੂਰ ਨਾਲ ਸ਼ਰਧਾ ਕਰ ਰਹੀ ਹੈ ਲਵ-ਰੰਜਨ ਦੀ ਫ਼ਿਲਮ ਜਿਸ ਦਾ ਨਾਂਅ ਹਾਲੇ ਫਾਈਨਲ ਨਹੀਂ ਹੈ। ਚਰਚਾ ਤਾਂ ਇਸ ਸਮੇਂ 'ਸਟਰੀਟ ਡਾਂਸਰ-3 ਡੀ' ਦੀ ਹੈ। ਗੁਰੂ ਰੰਧਾਵਾ ਦੇ ਗੀਤ 'ਲਗਦੀ ਲਾਹੌਰ ਦੀ...' 'ਚ ਸ਼ਰਧਾ ਕਮਾਲ ਕਰ ਰਹੀ ਹੈ। ਨੋਰਾ ਫਤੇਹੀ ਵੀ ਸ਼ਰਧਾ ਦੇ ਨਾਲ ਇਸ ਗਾਣੇ 'ਚ ਹੈ। ਸ਼ਰਧਾ ਤਾਂ ਸੱਚੀਂ 'ਲਗਦੀ ਲਾਹੌਰ ਦੀ ' ਹੂਰ ਹੈ। ਸ਼ਰਧਾ ਨੇ ਹਸਾ-ਹਸਾ ਦੂਹਰਾ ਕੀਤਾ ਹੈ ਆਪਣੀ ਇੰਸਟਾ ਸਟੋਰੀ 'ਚ ਜਿਥੇ ਵਰੁਣ ਧਵਨ ਦੀ ਫ਼ਿਲਮ 'ਮਿਸਟਰ ਰੇਲੇ' ਦਾ ਪੋਸਟਰ ਜਾਰੀ ਕਰਦਿਆਂ ਸ਼ਰਧਾ ਨੇ ਨਾਲ ਲਿਖਿਆ ਹੈ ਕਿ ਮਿਸਟਰ ਵਰੁਣ ਲਗਦਾ ਹੈ ਤੁਸੀਂ ਮੇਰੇ ਡੈਡੀ ਦਾ ਕੱਛਾ (ਅੰਡਰਵੀਅਰ) ਚੋਰੀ ਕਰ ਕੇ ਪਾ ਲਿਆ ਹੈ, ਤਾਂ ਹੀ ਅਟਪਟੇ ਲਗ ਰਹੇ ਹੋ। 'ਲੱਗਦੀ ਲਾਹੌਰ ਦੀ...' ਨੂੰ ਹੋਰ ਮਕਬੂਲ ਕਰਨ ਲਈ ਤੇ ਫ਼ਿਲਮ ਦੇ ਪ੍ਰਚਾਰ ਲਈ ਸ਼ਰਧਾ ਨੇ ਵਰੁਣ ਦੀ ਗੱਲ੍ਹ 'ਤੇ ਥੱਪੜ ਮਾਰਿਆ, ਵਰੁਣ ਨੇ ਵੀ ਦੋ-ਚਾਰ ਸ਼ਰਧਾ ਦੇ ਮੂੰਹ 'ਤੇ ਜੜ੍ਹੀਆਂ ਤੇ ਇਸ ਸਭ ਦਾ ਵੀਡੀਓ ਅਪਲੋਡ ਕਰ ਕੇ ਸ਼ਰਧਾ ਨੇ 'ਸਟਰੀਟ ਡਾਂਸਰ-3 ਡੀ' ਨੂੰ ਹੋਰ ਗਰਮ ਕੀਤਾ ਹੈ। ਸ਼ਕਤੀ ਕਪੂਰ ਦੀ ਲਾਡੋ ਰਾਣੀ ਸ਼ਰਧਾ ਕਪੂਰ 'ਲਗਦੀ ਲਾਹੌਰ ਦੀ...' ਤੇ 'ਇੱਲੀਗਲ ਵੈਪਨ 2.0' ਗਾਣਿਆਂ ਨਾਲ ਹੀ ਲਗਦਾ ਹੈ ਕਿ 'ਸਟਰੀਟ ਡਾਂਸਰ 3-ਡੀ' ਨੂੰ ਹਿੱਟ ਕਰਵਾ ਦੇਵੇਗੀ। ਸ਼ਰਧਾ ਕਪੂਰ ਤਾਂ ਇਸ ਸਮੇਂ ਆਲੀਆ-ਕੈਟਰੀਨਾ 'ਤੇ ਭਾਰੀ ਪੈ ਰਹੀ ਹੈ।

ਅਦਾ ਸ਼ਰਮਾ : ਹਰ ਅਦਾ ਕਮਾਲ

'1920' ਨਾਲ 2011 'ਚ ਪਰਦੇ 'ਤੇ ਆਈ ਅਦਾ ਸ਼ਰਮਾ 'ਹਮ ਹੈਂ ਰਾਹੀ ਪਿਆਰ ਕੇ', 'ਹਾਰਟ ਅਟੈਕ' ਫ਼ਿਲਮਾਂ ਕਰ ਕੇ ਕੁਝ ਖਾਸ ਪਛਾਣ ਨਹੀਂ ਸੀ ਬਣਾ ਸਕੀ ਪਰ 'ਹੰਸੀ ਤੋਂ ਫਸੀ' ਨੇ ਉਸ ਨੂੰ ਜ਼ਰੂਰ ਲੋਕਪ੍ਰਿਅਤਾ ਦਿੱਤੀ। ਅਦਾ ਬਿਲਕੁਲ ਤੇ ਪੱਕੀ ਸ਼ਾਕਾਹਾਰੀ ਹੈ ਤੇ ਨਸ਼ੇ ਤੋਂ ਬਹੁਤ ਹੀ ਨਫ਼ਰਤ ਕਰਦੀ ਹੈ। ਉਸ ਨੇੜੇ ਕੋਈ ਤੰਬਾਕੂ ਜਾਂ ਧੂੰਏਂ ਦਾ ਸੇਵਨ ਕਰੇ ਤਾਂ ਉਹ ਖਿਝ ਕੇ ਉਸ ਦਾ ਸਿਰ ਪਾੜਨ ਤੱਕ ਜਾਂਦੀ ਹੈ। ਬੈਲਟ, ਜੈਜ ਤੇ ਕੱਥਕ ਨਾਚਾਂ 'ਚ ਮੁਹਾਰਤ ਰੱਖਣ ਵਾਲੀ ਅਦਾ ਬ੍ਰਾਹਮਣ ਪਰਿਵਾਰ 'ਚੋਂ ਹੋਣ ਕਾਰਨ ਸ਼ੁੱਧ ਬ੍ਰਾਹਮਣ ਬਣ ਕੇ ਵਿਚਰਦੀ ਹੈ ਤੇ ਆਤਮਿਕ-ਮਾਨਸਿਕ ਤੌਰ 'ਤੇ ਵੀ ਉਹ ਧਰਮ-ਕਰਮ ਦੀ ਵਿਚਾਰਧਾਰਾ ਰੱਖਦੀ ਹੈ ਪਰ ਜਦ ਅਦਾ ਦੀਆਂ ਬਿਕਨੀ ਵਾਲੀਆਂ ਤਸਵੀਰਾਂ ਆਉਂਦੀਆਂ ਹਨ ਤਾਂ ਲੋਕ ਵਿਅੰਗ ਕੱਸਦੇ ਹਨ ਕਿ ਹੱਜ ਨੂੰ ਜਾਣ ਦਾ ਕੀ ਲਾਭ? ਜਾਂ ਜਵਾਨੀ ਵੇਲੇ ਲੁੱਟੇ... ਵਾਲੀ ਕਹਾਵਤ ਕਿਉਂ ਸੱਚ ਕਰਦੀ ਹੈ। ਖ਼ੈਰ ਅਦਾ ਹਿੰਦੀ ਤਾਂ ਨਹੀਂ ਪਰ ਤੇਲਗੂ ਫ਼ਿਲਮਾਂ ਦੀ ਚਹੇਤੀ ਅਭਿਨੇਤਰੀ ਜ਼ਰੂਰ ਬਣ ਗਈ ਹੈ। ਜਿਮਨਾਸਟਿਕ 'ਚ ਕਈ ਪ੍ਰਾਪਤੀਆਂ ਉਸ ਕੋਲ ਹਨ। ਘਰੇ ਉਸ ਨੂੰ ਰਜਨੀ ਸਪਾਈਡਰ ਦੇ ਨਾਂਅ ਨਾਲ ਸੱਦਿਆ ਜਾਂਦਾ ਹੈ। ਅਦਾ ਨੇ ਲਾਈਫ਼ ਓ.ਕੇ. ਚੈਨਲ ਦੇ ਲੜੀਵਾਰ 'ਪੁਕਾਰ' 'ਚ ਵੀ ਕੰਮ ਕੀਤਾ ਹੈ। ਲਿਮਕਾ ਦੀ ਇਹ ਮਾਡਲ ਨੈਸ ਕੈਫੇ ਤੋਂ ਇਲਾਵਾ ਇਕ ਸਾਬਣ ਦੀ ਵੀ ਉਤਪਾਦ ਰਾਜਦੂਤ ਹੈ। ਇਕ ਮੋਬਾਈਲ ਦੀਆਂ ਕੰਪਨੀ ਸਾਰੀਆਂ ਮਸ਼ਹੂਰੀਆਂ ਅਦਾ ਹੀ ਕਰ ਰਹੀ ਹੈ। ਮਸ਼ਹੂਰੀ ਦੀ ਦੁਨੀਆ 'ਚ ਅਦਾ ਦੀ ਹਰ ਅਦਾ 'ਤੇ ਫੁਲ ਬਰਸਾਏ ਜਾਣ ਵਾਲੀ ਗੱਲ ਹੈ। ਬਾਲੀਵੁੱਡ ਨੇ ਚਾਹੇ ਅਦਾ ਦੀ ਅਦਾ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਪਰ ਦੱਖਣ 'ਚ ਉਸ ਦੀ ਹਰ ਅਦਾ ਪਸੰਦ ਹੈ ਤੇ ਵਿਗਿਆਪਨ ਦੁਨੀਆ ਦੀ ਤਾਂ ਅਦਾ ਸ਼ਰਮਾ ਇਕ ਤਰ੍ਹਾਂ ਨਾਲ ਮਲਿਕਾ ਹੈ।


-ਸੁਖਜੀਤ ਕੌਰ

ਜਾਨ ਅਬਰਾਹਮ : 'ਅਟੈਕ' 'ਏਕ ਵਿਲੇਨ-2' ਦਾ

ਬਾਈਕ ਤੇ ਜਾਨ ਅਬਰਾਹਮ ਬਿਲਕੁਲ ਪ੍ਰੇਮੀ-ਪ੍ਰੇਮਿਕਾ ਜਿਹਾ ਪਿਆਰ ਹੈ ਦੋਵਾਂ ਵਿਚਕਾਰ। ਜਾਨ ਨੇ ਅਰਸ਼ਦ ਵਾਰਸੀ ਨੂੰ ਬੀ.ਐਮ.ਡਬਲਯੂ. ਦੀ ਐਫ-750 ਜੀ.ਐਸ. ਬਾਈਕ ਤੋਹਫ਼ੇ ਵਜੋਂ ਦਿੱਤੀ ਹੈ। ਇਸ ਦੀ ਕੀਮਤ 12 ਲੱਖ ਹੈ। ਸੰਜੇ ਗੁਪਤਾ ਦੀ ਫ਼ਿਲਮ 'ਮੁੰਬਈ ਸਾਗਾ' ਪ੍ਰਤੀ ਜਾਨ ਬਹੁਤ ਆਸਵੰਦ ਹੈ। ਇਸ ਫ਼ਿਲਮ ਦਾ ਪਹਿਲਾ ਟ੍ਰੇਲਰ ਆਇਆ ਹੈ। ਸੋਨੇ ਦੀ ਜ਼ੰਜੀਰੀ ਗਲੇ ਵਿਚ, ਮੱਥੇ 'ਤੇ ਲੰਮਾ ਟਿੱਕਾ ਲਾਈ ਡਾਨ ਬਣਿਆ ਜਾਨ ਕੁਰਸੀ 'ਤੇ ਬੈਠਾ ਨਜ਼ਰ ਆ ਰਿਹਾ ਹੈ। ਸੁਨੀਲ ਸ਼ੈਟੀ ਤੇ ਇਮਰਾਨ ਹਾਸ਼ਮੀ ਉਸ ਨਾਲ 'ਮੁੰਬਈ ਸਾਗਾ' 'ਚ ਹਨ। ਕਾਜਲ ਅੱਗਰਵਾਲ ਇਸ 'ਚ ਜਾਨ ਦੀ ਜਾਨ ਬਣੀ ਹੈ। ਮੋਹਿਤ ਸੂਰੀ ਵੀ ਜਾਨ 'ਤੇ ਦਿਆਲੂ ਹੈ ਤੇ ਅਦਿਤਯ ਰਾਏ ਕਪੂਰ ਨਾਲ 'ਏਕ ਵਿਲੇਨ-2' 'ਚ ਉਸ ਜਾਨ ਅਬਰਾਹਮ ਨੂੰ ਲਿਆ ਹੈ। ਏਕਤਾ ਕਪੂਰ ਇਸ ਫ਼ਿਲਮ ਦੀ ਨਿਰਮਾਤਰੀ ਹੈ। ਔਖੇ ਤੇ ਵੱਖਰੇ ਕਿਰਦਾਰ ਅਕਸਰ ਉਹ ਫ਼ਿਲਮਾਂ 'ਚ ਕਰਨ ਲਈ ਮਸ਼ਹੂਰ ਹੈ। 'ਧੂਮ', 'ਫੋਰਸ', 'ਸਤਿਆਮੇਵ ਜਯਤੇ', 'ਪੋਖਰਣ', 'ਬਾਟਲਾ ਹਾਊਸ' ਫ਼ਿਲਮਾਂ ਇਸ ਦੀ ਉਦਾਹਰਨਾਂ ਹਨ। 18 ਸਾਲ ਤੋਂ ਉਹ ਇੰਡਸਟਰੀ 'ਚ ਹੈ। ਪ੍ਰੋਟੀਨ, ਕਾਰਬਰਜ ਤੇ ਫਾਈਬਰਯੁਕਤ ਭੋਜਨ ਉਸ ਦੀ ਪਸੰਦ ਹੈ। ਸੋਇਆਬੀਨ ਤੇ ਮੂੰਗੀ ਦੀ ਦਾਲ ਉਹ ਬਹੁਤ ਹੀ ਆਕਰਸ਼ਨ ਰੱਖਦਾ ਹੈ। 'ਏਕ ਵਿਲੇਨ-2', 'ਮੁੰਬਈ ਸਾਗਾ' ਤੋਂ ਇਲਾਵਾ ਇਕ ਹੋਰ ਖਾਸ ਫ਼ਿਲਮ 'ਅਟੈਕ' ਵੀ ਉਹ ਕਰ ਰਿਹਾ ਹੈ। ਇਹ ਇਸ ਸਾਲ 14 ਅਗਸਤ ਨੂੰ ਆਏਗੀ। ਜੈਕਲਿਨ ਤੇ ਰਕੁਲਪ੍ਰੀਤ 'ਅਟੈਕ' 'ਚ ਜਾਨ ਦੇ ਨਾਲ ਹਨ। 'ਅਟੈਕ' ਦੀ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ ਉਹ ਦੇਸ਼ ਭਗਤ ਹੈ, ਰਾਸ਼ਟਰਵਾਦੀ ਨਹੀਂ। ਦੇਸ਼ ਭਗਤੀ ਦਾ ਅਰਥ ਉਸ ਲਈ ਦੇਸ਼ ਦੀ ਹਰ ਸ਼ੈਅ ਨਾਲ ਪਿਆਰ ਹੈ। ਵਾਹ, ਜਾਨ ਵਾਹ, ਜਾਨ ਹੈ ਤੁਹਾਡੀਆਂ ਗੱਲਾਂ 'ਚ।

ਝੂਲਨ ਬਣ ਭਾਵੁਕ ਹੋਈ ਅਨੁਸ਼ਕਾ

ਸਾਲ 2018 ਵਿਚ ਅਨੁਸ਼ਕਾ ਸ਼ਰਮਾ ਦੀਆਂ ਚਾਰ ਫ਼ਿਲਮਾਂ ਪ੍ਰਦਰਸ਼ਿਤ ਹੋਈਆਂ ਸਨ। ਇਹ ਸਨ-'ਸੂਈ ਧਾਗਾ', 'ਪਰੀ', 'ਸੰਜੂ' ਤੇ 'ਜ਼ੀਰੋ'। ਇਸ ਤੋਂ ਬਾਅਦ ਅਨੁਸ਼ਕਾ ਦੀ ਨਵੀਂ ਫ਼ਿਲਮ ਬਾਰੇ ਜ਼ਿਆਦਾ ਕੁਝ ਨਹੀਂ ਸੀ ਸੁਣਿਆ। ਹੁਣ ਅਨੁਸ਼ਕਾ ਨੇ ਇਕ ਫ਼ਿਲਮ ਸਾਈਨ ਕੀਤੀ ਹੈ ਅਤੇ ਇਹ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ।
ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕਰਾਉਣ ਤੋਂ ਬਾਅਦ ਅਨੁਸ਼ਕਾ ਦਾ ਕ੍ਰਿਕਟ ਨਾਲ ਨਾਤਾ ਗੂੜ੍ਹਾ ਹੋਇਆ ਸੀ ਅਤੇ ਹੁਣ ਝੂਲਨ ਦਾ ਕਿਰਦਾਰ ਨਿਭਾਉਣ ਦੀ ਬਦੌਲਤ ਉਹ ਕ੍ਰਿਕਟ ਦੇ ਹੋਰ ਜ਼ਿਆਦਾ ਨੇੜੇ ਆ ਗਈ ਹੈ। ਕੋਲਕਾਤਾ ਦੇ ਈਡਨ ਗਾਰਡਨ ਵਿਚ ਫ਼ਿਲਮ ਦਾ ਪਹਿਲਾ ਦ੍ਰਿਸ਼ ਫ਼ਿਲਮਾਇਆ ਗਿਆ ਅਤੇ ਇਸ ਦੌਰਾਨ ਅਨੁਸ਼ਕਾ ਭਾਵੁਕ ਹੋ ਗਈ ਸੀ।
ਦ੍ਰਿਸ਼ ਅਨੁਸਾਰ ਉਦੋਂ ਅਨੁਸ਼ਕਾ ਨੇ ਇੰਡੀਅਨ ਕ੍ਰਿਕਟ ਟੀਮ ਦੀ ਜਰਸੀ ਪਾਈ ਸੀ। ਪਤੀ ਵਿਰਾਟ ਨੂੰ ਤਾਂ ਇਹ ਜਰਸੀ ਪਾਈ ਉਸ ਨੇ ਅਨੇਕ ਵਾਰ ਦੇਖਿਆ ਸੀ ਅਤੇ ਉਦੋਂ ਉਸ ਨੇ ਇਹ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਵੀ ਇਸ ਜਰਸੀ ਨੂੰ ਪਾਏਗੀ। ਜਰਸੀ ਪਾਉਂਦਿਆਂ ਹੀ ਉਹ ਖ਼ੁਦ ਨੂੰ ਕ੍ਰਿਕਟਰ ਮੰਨਣ ਲੱਗੀ ਸੀ ਅਤੇ ਇਹ ਮਹਿਸੂਸ ਕਰਨ ਲੱਗੀ ਸੀ ਕਿ ਦੇਸ਼ ਦੀ ਅਗਵਾਈ ਕਰਨ ਵਾਲੀ ਜਰਸੀ ਨੂੰ ਪਾ ਕੇ ਕਿਵੇਂ ਫ਼ਖ਼ਰ ਮਹਿਸੂਸ ਹੁੰਦਾ ਹੈ। ਉਦੋਂ ਉਸ ਨੂੰ ਖਿਆਲ ਆਇਆ ਕਿ ਵਿਰਾਟ ਜਦੋਂ ਇਹ ਜਰਸੀ ਪਾਉਂਦੇ ਹੋਣਗੇ ਤਾਂ ਕਿਵੇਂ ਮਹਿਸੂਸ ਕਰਦੇ ਹੋਣਗੇ ਅਤੇ ਇਸ ਵਿਚਾਰ ਨੇ ਉਸ ਨੂੰ ਭਾਵੁਕ ਕਰ ਦਿੱਤਾ ਸੀ। ਅਨੁਸ਼ਕਾ ਲਈ ਫ਼ਖ਼ਰ ਦਾ ਪਲ ਉਦੋਂ ਵੀ ਰਿਹਾ ਜਦੋਂ ਉਹ ਈਡਨ ਗਾਰਡਨ ਦੀ ਪਿੱਚ 'ਤੇ ਗਈ। ਇਸੇ ਪਿੱਚ ਨੂੰ ਉਸ ਨੇ ਦੂਰ ਤੋਂ ਅਨੇਕ ਵਾਰ ਦੇਖਿਆ ਸੀ ਪਰ ਪਹਿਲੀ ਵਾਰ ਬੱਲਾ ਫੜ ਕੇ ਪਿੱਚ 'ਤੇ ਖੜ੍ਹੀ ਹੋਣਾ ਉਸ ਲਈ ਨਵਾਂ ਅਨੁਭਵ ਸੀ।
ਝੂਲਨ ਗੋਸਵਾਮੀ ਵੀ ਉਥੇ ਮੌਜੂਦ ਸੀ ਅਤੇ ਅਨੁਸ਼ਕਾ ਦਾ ਇੰਡੀਅਨ ਜਰਸੀ ਪ੍ਰਤੀ ਸਨਮਾਨ ਦੇਖ ਕੇ ਉਹ ਸਮਝ ਗਈ ਕਿ ਅਨੁਸ਼ਕਾ ਉਸ ਦੇ ਕਿਰਦਾਰ ਦੇ ਨਾਲ ਪੂਰਾ ਨਿਆਂ ਕਰੇਗੀ।

'ਭੁਜ' ਵਿਚ ਨੋਰਾ ਦਾ ਦਾਖ਼ਲਾ

'ਇਸਤਰੀ', 'ਭਾਰਤ', 'ਬਾਟਲਾ ਹਾਊਸ', 'ਮਰਜਾਵਾਂ' ਆਦਿ ਫ਼ਿਲਮਾਂ ਦੀ ਬਦੌਲਤ ਵਿਦੇਸ਼ੀ ਸੁੰਦਰੀ ਨੋਰਾ ਫ਼ਤੇਹੀ ਦੀ ਬਾਲੀਵੁੱਡ ਵਿਚ ਮੰਗ ਬਹੁਤ ਵਧ ਗਈ ਹੈ। ਇਹ ਉਸ ਵਧਦੀ ਹੋਈ ਮੰਗ ਦਾ ਹੀ ਨਤੀਜਾ ਹੈ ਕਿ ਹੁਣ ਫ਼ਿਲਮ 'ਭੁਜ' ਵਿਚ ਪਰਿਣੀਤੀ ਚੋਪੜਾ ਦੀ ਥਾਂ 'ਤੇ ਨੋਰਾ ਨੂੰ ਲਿਆ ਗਿਆ ਹੈ।
ਸੰਨ 1971 ਦੇ ਭਾਰਤ-ਪਾਕਿ ਯੁੱਧ 'ਤੇ ਆਧਾਰਿਤ 'ਭੁਜ' ਨੂੰ ਪਰਿਣੀਤੀ ਨੇ ਇਹ ਕਹਿ ਕੇ ਅਲਵਿਦਾ ਕਹਿ ਦਿੱਤਾ ਕਿ ਉਹ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਦੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ ਵਿਚ ਆਪਣੇ ਰੁਝੇਵਿਆਂ ਦੀ ਵਜ੍ਹਾ ਕਰਕੇ 'ਭੁਜ' ਨੂੰ ਆਪਣੀਆਂ ਤਰੀਕਾਂ ਨਹੀਂ ਦੇ ਸਕੇਗੀ ਜਿਸ 'ਤੇ ਪ੍ਰਣੀਤੀ ਨੇ ਇਕ ਡਰਾਉਣੀ, ਥ੍ਰਿਲਰ ਫ਼ਿਲਮ ਵੀ ਸਾਈਨ ਕਰ ਲਈ ਹੈ। ਇਸ ਤਰ੍ਹਾਂ ਉਸ ਵਲੋਂ 'ਭੁਜ' ਦੀ ਸ਼ੂਟਿੰਗ ਵਿਚ ਹਿੱਸਾ ਲੈਣਾ ਸੰਭਵ ਨਹੀਂ ਸੀ। ਉਹ ਇਸ ਫ਼ਿਲਮ ਤੋਂ ਵੱਖ ਹੋ ਗਈ। ਹੁਣ ਉਸ ਦੇ ਥਾਂ 'ਤੇ ਫ਼ਿਲਮ ਵਿਚ ਨੋਰਾ ਦਾ ਦਾਖਲਾ ਹੋ ਗਿਆ ਹੈ।
ਨੋਰਾ ਇਸ ਫ਼ਿਲਮ ਨੂੰ ਆਪਣੇ ਕੈਰੀਅਰ ਲਈ ਮਹੱਤਵਪੂਰਨ ਮੰਨਦੀ ਹੈ। ਕਈ ਫ਼ਿਲਮਾਂ ਵਿਚ ਰੀਮਿਕਸ ਗੀਤਾਂ ਵਿਚ ਥਿਰਕਣ ਤੋਂ ਬਾਅਦ ਨੋਰਾ ਇਹ ਘੁਟਨ ਮਹਿਸੂਸ ਕਰਨ ਲੱਗੀ ਸੀ ਕਿ ਹੁਣ ਉਸ ਦੀ ਦਿੱਖ ਆਈਟਮ ਗਰਲ ਬਣ ਕੇ ਰਹਿ ਜਾਵੇਗੀ। ਇਸ ਤਰ੍ਹਾਂ 'ਭੁਜ' ਵਿਚ ਠੋਸ ਭੂਮਿਕਾ ਨਿਭਾਉਣ ਦਾ ਮੌਕਾ ਪਾ ਕੇ ਉਹ ਬਹੁਤ ਉਤਸ਼ਾਹੀ ਤੇ ਖ਼ੁਸ਼ ਹੈ ਅਤੇ ਉਸ ਨੂੰ ਉਮੀਦ ਹੈ ਕਿ ਇਹ ਫ਼ਿਲਮ ਉਸ ਦੇ ਫ਼ਿਲਮੀ ਕੈਰੀਅਰ ਨੂੰ ਨਵੀਂ ਦਿਸ਼ਾ ਦੇਣ ਵਿਚ ਕਾਮਯਾਬ ਹੋਵੇਗੀ।
'ਭੁਜ' ਵਿਚ ਅਜੈ ਦੇਵਗਨ, ਸੋਨਾਕਸ਼ੀ ਸਿਨਹਾ, ਸੰਜੈ ਦੱਤ, ਰਾਣਾ ਡੱਗੂਬਾਟੀ, ਐਮੀ ਵਿਰਕ, ਇਹਾਨਾ ਢਿੱਲੋਂ ਆਦਿ ਕਲਾਕਾਰ ਹਨ।

ਜੈਕਲਿਨ ਫ਼ਰਨਾਂਡਿਜ਼ ਟਿਕ ਟੌਕ ਸਨਸਨੀ

ਹੈਸ਼ਟੈਗ ਟਿਕ ਟੌਕ ਰਿਵਾਈਂਡ ਮੁਹਿੰਮ 'ਚ ਜਾਰੀ ਹੋਏ ਸਾਲ 2019 ਦੇ ਅੰਕੜੇ ਦੱਸ ਰਹੇ ਹਨ ਕਿ 95 ਲੱਖ ਪ੍ਰਸੰਸਕਾਂ ਦੇ ਨਾਲ ਖਾਸ ਵਿਅਕਤੀਆਂ ਦੀ ਸ਼੍ਰੇਣੀ 'ਚ ਜੈਕਲਿਨ ਫ਼ਰਨਾਂਡਿਜ਼ ਪਹਿਲੇ ਨੰਬਰ 'ਤੇ ਰਹੀ ਹੈ। ਜੈਕੀ ਇਸ ਤਰ੍ਹਾਂ ਟਿਕਟੌਕ ਸਟਾਰ ਆਫ਼ ਦਾ ਯੀਅਰ ਬਣੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਸਾਜਿਦ ਦੇ ਨੇੜੇ ਫਿਰ ਉਹ ਚਲੀ ਗਈ ਹੈ ਤੇ 'ਕਿੱਕ-2' 'ਚ ਉਸ ਦੇ ਆਉਣ ਦੀ ਪੂਰੀ ਸੰਭਾਵਨਾ ਹੈ। ਬਿਨ ਰੂਪ ਸੱਜਾ ਦੇ ਉਸ ਨੇ ਆਪਣਾ ਵੀਡੀਓ 'ਟਿਕਟੌਕ' 'ਤੇ ਪਾਇਆ ਤੇ ਇਸ ਦੇ ਉੱਪਰ 'ਹਾਂ' (ਪਸੰਦ) ਦੇ ਨਿਸ਼ਾਨ ਲੱਖਾਂ 'ਚ ਮਿੰਟਾਂ ਦੌਰਾਨ ਹੀ ਲੱਗ ਗਏ। ਕੈਟੀ, ਪੈਰੀ ਤੇ ਜੈਕੀ ਦੀ ਪ੍ਰਸੰਸਕ ਹੈ ਤੇ ਨਵੇਂ ਸਾਲ 'ਚ ਜੈਕੀ ਲਕਸ਼ਿਆ ਰਾਜ ਆਨੰਦ ਦੀ ਫ਼ਿਲਮ 'ਅਟੈਕ' ਮਿਲੀ ਹੈ। ਜਾਨ ਅਬਰਾਹਮ ਇਸ 'ਚ ਉਸ ਦਾ ਹੀਰੋ ਹੈ। ਇਸ ਤੋਂ ਪਹਿਲਾਂ ਨੈਟਫਲਿਕਸ 'ਤੇ 'ਮਿਸਿਜ਼ ਸੀਰੀਅਲ ਕਿਲਰ' ਬਣ ਕੇ ਉਹ ਲੋਕਾਂ ਦਾ ਭਰਵਾਂ ਹੁੰਗਾਰਾ ਪ੍ਰਾਪਤ ਕਰ ਚੁੱਕੀ ਹੈ। ਜੈਕੀ ਆਪਣਾ ਯੂ-ਟਿਊਬ ਚੈਨਲ ਵੀ ਚਲਾ ਰਹੀ ਹੈ। ਹਰ ਗੱਲ ਆਪਣੇ ਪ੍ਰਸੰਸਕਾਂ ਨਾਲ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਂਝਿਆਂ ਕਰਦੀ ਹੈ। ਤਕਰੀਬਨ ਹਰ ਮਹੀਨੇ ਉਹ ਕਿਸੇ ਨਾ ਕਿਸੇ ਮੈਗਜ਼ੀਨ ਦੇ ਟਾਈਟਲ ਪੇਜ ਦਾ ਸ਼ਿੰਗਾਰ ਹੁੰਦੀ ਹੈ। ਸੁਸ਼ਾਂਤ ਸਿੰਘ ਰਾਜਪੂਤ ਤੋਂ ਲੈ ਕੇ ਸਲਮਾਨ ਖ਼ਾਨ ਤੱਕ ਨਾਲ ਫ਼ਿਲਮਾਂ ਕਰਨ ਵਾਲੀ 'ਟਿਕਟੌਕ ਸਨਸਨੀ' ਜੈਕਲਿਨ ਦੇਖੋ 'ਅਟੈਕ' 'ਚ ਕਿਵੇਂ ਲਗਦੀ ਹੈ?

ਹਿਜਰਤ ਕਰਨ ਵਾਲੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਬਿਆਨ ਕਰਦੀ ਫ਼ਿਲਮ 'ਸ਼ਿਕਾਰਾ'

ਕਸ਼ਮੀਰ ਵਿਚ ਜਨਮੇ ਤੇ ਪਲੇ ਨਿਰਮਾਤਾ-ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਨੇ ਉਂਜ ਤਾਂ ਕਈ ਫ਼ਿਲਮਾਂ ਬਣਾਈਆਂ ਹਨ ਪਰ ਉਨ੍ਹਾਂ ਵਲੋਂ ਨਿਰਦੇਸ਼ਿਤ 'ਮਿਸ਼ਨ ਕਸ਼ਮੀਰ' ਦੀ ਕਹਾਣੀ ਵਿਚ ਕਸ਼ਮੀਰ ਦੇ ਅੱਤਵਾਦ ਨੂੰ ਪਿਰੋਇਆ ਗਿਆ ਸੀ। ਵਿਧੂ ਵਲੋਂ ਬਣਾਈ ਗਈ 'ਥ੍ਰੀ ਈਡੀਅਟਸ' ਵਿਚ ਆਮਿਰ ਖਾਨ ਨੂੰ ਕਸ਼ਮੀਰ ਦੇ ਲੱਦਾਖ ਦਾ ਵਾਸੀ ਦਿਖਾਇਆ ਗਿਆ ਸੀ। ਆਪਣੀਆਂ ਰਗਾਂ ਵਿਚ ਵਸੇ ਕਸ਼ਮੀਰ ਪ੍ਰੇਮ ਦੇ ਚਲਦਿਆਂ ਹੁਣ ਉਹ 'ਸ਼ਿਕਾਰਾ' ਲੈ ਕੇ ਪੇਸ਼ ਹੋਏ ਹਨ ਅਤੇ ਇਸ ਵਿਚ ਹਿਜਰਤ ਕਰਨ ਵਾਲੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਵਿਧੂ ਇਸ ਨੂੰ ਆਪਣੀ ਜ਼ਿੰਦਗੀ 'ਤੇ ਆਧਾਰਿਤ ਫ਼ਿਲਮ ਦੱਸਦੇ ਹਨ ਕਿਉਂਕਿ ਉਨ੍ਹਾਂ ਦੇ ਕਈ ਨੇੜੇ ਦੇ ਰਿਸ਼ਤੇਦਾਰਾਂ ਨੂੰ ਅੱਤਵਾਦ ਦੀ ਪੀੜਾ ਵਿਚੋਂ ਲੰਘਣਾ ਪਿਆ ਸੀ।
ਫ਼ਿਲਮ ਦੀ ਕਹਾਣੀ ਅਸਲੀਅਤ ਦੇ ਧਰਾਤਲ 'ਤੇ ਹੋਣ ਕਰਕੇ ਵਿਧੂ ਨੇ ਇਸ ਵਿਚ ਵੱਡੇ ਕਲਾਕਾਰਾਂ ਨੂੰ ਲੈਣ ਦੀ ਬਜਾਏ ਨਵੇਂ ਕਲਾਕਾਰਾਂ ਨੂੰ ਲੈਣਾ ਜ਼ਿਆਦਾ ਠੀਕ ਸਮਝਿਆ ਅਤੇ ਇਸੇ ਦੇ ਚਲਦਿਆਂ ਫ਼ਿਲਮ ਵਿਚ ਨਵੀਂ ਜੋੜੀ ਆਦਿਲ ਖਾਨ ਤੇ ਸਾਦੀਆ ਨੂੰ ਚਮਕਾਇਆ ਗਿਆ ਹੈ ਅਤੇ ਇਹ ਦੋਵੇਂ ਕਸ਼ਮੀਰ ਦੇ ਵਾਸੀ ਹਨ। ਫ਼ਿਲਮ ਵਿਚ ਉਨ੍ਹਾਂ ਵਲੋਂ ਸ਼ਿਵ ਕੁਮਾਰ ਧਰ ਅਤੇ ਸ਼ਾਂਤੀ ਧਰ ਦੇ ਕਿਰਦਾਰ ਨਿਭਾਏ ਗਏ ਹਨ। ਇਹ ਪਤੀ-ਪਤਨੀ ਨੱਬੇ ਦੇ ਦਹਾਕੇ ਵਿਚ ਕਸ਼ਮੀਰ ਵਿਚ ਰਹਿ ਰਹੇ ਹੁੰਦੇ ਹਨ। ਉਦੋਂ ਉਥੇ ਅੱਤਵਾਦ ਦੀ ਅੱਗ ਜ਼ੋਰ ਫੜਨ ਲੱਗਦੀ ਹੈ ਅਤੇ ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ ਛੱਡ ਜਾਣ ਦਾ ਫਰਮਾਨ ਅੱਤਵਾਦੀ ਗੁੱਟਾਂ ਵਲੋਂ ਕੀਤਾ ਜਾਂਦਾ ਹੈ। ਮਜਬੂਰਨ ਇਸ ਪੰਡਿਤ ਜੋੜੇ ਨੂੰ ਵੀ ਆਪਣਾ ਘਰ ਛੱਡਣਾ ਪੈਂਦਾ ਹੈ ਅਤੇ ਸ਼ਰਨਾਰਥੀ ਕੈਂਪ ਵਿਚ ਪਨਾਹ ਲੈਣੀ ਪੈ ਜਾਂਦੀ ਹੈ। ਫ਼ਿਲਮ ਨੂੰ ਅਸਲੀਅਤ ਦਾ ਰੂਪ ਦੇਣ ਲਈ ਵਿਧੂ ਨੇ ਇਸ ਵਿਚ ਜ਼ਿਆਦਾਤਰ ਕਸ਼ਮੀਰੀ ਕਲਾਕਾਰਾਂ ਨੂੰ ਲਿਆ ਹੈ। ਇਹੀ ਨਹੀਂ, ਸ਼ਰਨਾਰਥੀ ਕੈਂਪਾਂ ਵਿਚ ਵਸੇ ਕਈ ਪੰਡਿਤ ਪਰਿਵਾਰਾਂ ਨੂੰ ਵੀ ਫ਼ਿਲਮ ਵਿਚ ਲਿਆ ਹੈ ਅਤੇ ਇਸ ਵਜ੍ਹਾ ਕਰਕੇ ਫ਼ਿਲਮ ਦੀ ਅਪੀਲ ਵਿਚ ਹੋਰ ਨਿਖਾਰ ਆਇਆ ਹੈ।


-ਮੁੰਬਈ ਪ੍ਰਤੀਨਿਧ

ਹੁਣ ਕੇਂਦਰੀ ਭੂਮਿਕਾ ਵਿਚ ਸ਼ਿਖਾ ਮਲਹੋਤਰਾ

ਅਗਾਮੀ ਫ਼ਿਲਮ 'ਕਾਂਚਲੀ' ਵਿਚ ਸ਼ਿਖਾ ਮਲਹੋਤਰਾ ਵਲੋਂ ਕਜਰੀ ਦੀ ਮੁੱਖ ਭੂਮਿਕਾ ਨਿਭਾਈ ਗਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸ਼ਿਖਾ ਨੂੰ ਕਿਸੇ ਹਿੰਦੀ ਫ਼ਿਲਮ ਵਿਚ ਕੇਂਦਰੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ 'ਰਨਿੰਗ ਸ਼ਾਦੀ' ਤੇ 'ਫੈਨ' ਵਿਚ ਵੀ ਨਜ਼ਰ ਆਈ ਸੀ ਪਰ ਉਥੇ ਏਨੀ ਵਧੀਆ ਭੂਮਿਕਾ ਨਹੀਂ ਸੀ ਕਿ ਹਰ ਕਿਸੇ ਦਾ ਧਿਆਨ ਖਿੱਚ ਸਕੇ।
'ਕਾਂਚਲੀ' ਬਾਰੇ ਸ਼ਿਖਾ ਕਹਿੰਦੀ ਹੈ ਕਿ ਜਦੋਂ ਨਿਰਦੇਸ਼ਕ ਦੇਦਿਪਿਆ ਜੋਸ਼ੀ ਨੇ ਉਸ ਤੱਕ ਪਹੁੰਚ ਕੀਤੀ ਅਤੇ ਕਿਹਾ ਕਿ ਨਾਮੀ ਲੇਖਕ ਵਿਜਯਦਾਨ ਡੇਥਾ ਵਲੋਂ ਲਿਖੀ ਕਹਾਣੀ 'ਤੇ ਉਹ ਫ਼ਿਲਮ ਬਣਾ ਰਹੇ ਹਨ ਤਾਂ ਉਸ ਨੇ ਸਹਿਜੇ ਹੀ ਹਾਂ ਕਹਿ ਦਿੱਤੀ। ਵਿਜਯਦਾਨ ਡੇਥਾ ਸੰਜੀਦਗੀ ਵਾਲੀਆਂ ਕਹਾਣੀਆਂ ਲਈ ਜਾਣੇ ਜਾਂਦੇ ਹਨ। ਸ਼ਾਹਰੁਖ ਖਾਨ, ਅਮਿਤਾਭ ਤੇ ਰਾਣੀ ਮੁਖਰਜੀ ਦੀ ਫ਼ਿਲਮ 'ਪਹੇਲੀ' ਦੀ ਕਹਾਣੀ ਉਨ੍ਹਾਂ ਨੇ ਹੀ ਲਿਖੀ ਸੀ। 'ਪਹੇਲੀ' ਦੀ ਤਰ੍ਹਾਂ 'ਕਾਂਚਲੀ' ਦੀ ਕਹਾਣੀ ਵੀ ਪਿੰਡ 'ਤੇ ਆਧਾਰਿਤ ਹੈ ਅਤੇ ਪੂਰੀ ਫ਼ਿਲਮ ਰਾਜਸਥਾਨ ਦੇ ਪਿੰਡ ਵਿਚ ਫ਼ਿਲਮਾਈ ਗਈ ਹੈ।
ਪਿੰਡ ਵਿਚ ਸ਼ੂਟਿੰਗ ਕਰਨ ਦੇ ਅਨੁਭਵ ਬਾਰੇ ਉਹ ਕਹਿੰਦੀ ਹੈ, ਇਹ ਭੂਮਿਕਾ ਮੇਰੇ ਲਈ ਕਾਫੀ ਮਹੱਤਵਪੂਰਨ ਸੀ। ਇਸ ਵਜ੍ਹਾ ਕਰਕੇ ਮੈਂ ਖ਼ੁਦ ਨੂੰ ਕਜਰੀ ਦੇ ਕਿਰਦਾਰ ਵਿਚ ਢਾਲਣ ਲਈ ਕੋਈ ਕਸਰ ਨਹੀਂ ਛੱਡੀ ਸੀ। ਪੰਜਾਬੀ ਫ਼ਿਲਮ 'ਲੱਕੀ ਕਬੂਤਰ' ਵਿਚ ਨਾਇਕਾ ਦੀ ਭੂਮਿਕਾ ਨਿਭਾਉਣ ਵਾਲੀ ਸ਼ਿਖਾ ਖ਼ੁਦ ਨੂੰ ਲੱਕੀ ਮੰਨਦੀ ਹੈ ਕਿ 'ਫੈਨ' ਜ਼ਰੀਏ ਉਸ ਨੂੰ ਸ਼ਾਹਰੁਖ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ।


-ਮੁੰਬਈ ਪ੍ਰਤੀਨਿਧ

ਗੂੰਜਣ ਲੱਗਿਆ ਹੈ ਸੰਨੀ-ਇੰਦਰ ਬਾਵਰਾ ਦਾ ਸੰਗੀਤ

ਪੰਜਾਬ ਦੇ ਬਠਿੰਡਾ ਨਾਲ ਸਬੰਧ ਰੱਖਣ ਵਾਲੇ ਸੰਨੀ ਤੇ ਇੰਦਰ ਬਾਵਰਾ ਦਿਨ-ਬ-ਦਿਨ ਬਾਲੀਵੁੱਡ ਵਿਚ ਆਪਣਾ ਕੱਦ ਉੱਚਾ ਕਰ ਰਹੇ ਹਨ। ਫ਼ਿਲਮ ਨਗਰੀ ਵਿਚ ਆਪਣਾ ਨਾਂਅ ਕਮਾਉਣ ਦੇ ਇਰਾਦੇ ਨਾਲ ਇਹ ਜੋੜੀ ਸਾਲ 2000 ਵਿਚ ਮੁੰਬਈ ਆਈ ਅਤੇ ਇਥੇ ਸੰਘਰਸ਼ ਦਾ ਸਾਹਮਣਾ ਵੀ ਬਹੁਤ ਕੀਤਾ। ਇਨ੍ਹਾਂ ਦੀ ਪ੍ਰਤਿਭਾ ਨੇ ਉਦੋਂ ਰੰਗ ਦਿਖਾਉਣਾ ਸ਼ੁਰੂ ਕੀਤਾ ਜਦੋਂ ਕਲਰਜ਼ ਚੈਨਲ ਦੇ ਲੜੀਵਾਰ 'ਜੈ ਸ੍ਰੀ ਕ੍ਰਿਸ਼ਨਾ' ਵਿਚ ਪਹਿਲਾ ਮੌਕਾ ਮਿਲਿਆ। ਇਸ ਲੜੀਵਾਰ ਤੋਂ ਉਨ੍ਹਾਂ 'ਤੇ ਇਸ ਤਰ੍ਹਾਂ ਦੀ ਕਿਰਪਾ ਹੋਈ ਕਿ ਦੇਖਦੇ ਹੀ ਦੇਖਦੇ ਇਨ੍ਹਾਂ ਦੇ ਸੰਗੀਤ ਨਾਲ ਸਜੇ ਲੜੀਵਾਰਾਂ ਦੀ ਗਿਣਤੀ ਪੰਜਾਹ ਦੇ ਅੰਕੜੇ ਨੂੰ ਛੂਹ ਗਈ। 'ਦੇਵੋਂ ਕੇ ਦੇਵ ਮਹਾਦੇਵ' ਵਿਚ ਇਸ ਜੋੜੀ ਵਲੋਂ ਪੇਸ਼ ਕੀਤਾ ਗਿਆ ਸੰਗੀਤ ਲੋਕਾਂ ਵਲੋਂ ਵਿਸ਼ੇਸ਼ ਤੌਰ 'ਤੇ ਪਸੰਦ ਕੀਤਾ ਗਿਆ। ਲੜੀਵਾਰ ਤੋਂ ਬਾਅਦ ਇਸ ਜੋੜੀ ਦਾ ਅਗਲਾ ਟੀਚਾ ਫ਼ਿਲਮਾਂ ਸਨ ਅਤੇ ਫ਼ਿਲਮਾਂ ਵਿਚ ਇਨ੍ਹਾਂ ਦੀ ਸ਼ੁਰੂਆਤ 'ਅੰਕੁਰ ਅਰੋੜਾ ਕਤਲ ਕੇਸ' ਤੋਂ ਹੋਈ ਅਤੇ ਫਿਰ 'ਹੇਟ ਸਟੋਰੀ' ਲੜੀ ਤੇ 'ਵਜ੍ਹਾ ਤੁਮ ਹੋ' ਵਿਚ ਵੀ ਇਨ੍ਹਾਂ ਆਪਣੇ ਸੰਗੀਤ ਦਾ ਜਾਦੂ ਬਿਖੇਰਿਆ। ਆਪਣੀ ਪ੍ਰਤਿਭਾ ਦੇ ਦਮ 'ਤੇ ਇਸ ਜੋੜੀ ਨੂੰ ਅੱਗੇ ਚੱਲ ਕੇ 'ਮਦਾਰੀ', 'ਰਾਕੀ ਹੈਂਡਸਮ', 'ਬਧਾਈ ਹੋ' ਆਦਿ ਫ਼ਿਲਮਾਂ ਮਿਲੀਆਂ। ਇਨ੍ਹਾਂ ਵਲੋਂ ਜ਼ੀ ਮਿਊਜ਼ਿਕ ਕੰਪਨੀ ਲਈ ਤਿਆਰ ਕੀਤਾ ਗਿਆ ਗੀਤ 'ਰੁਲਾ ਕੇ ਗਿਆ ਇਸ਼ਕ ਤੇਰਾ' ਵੀ ਹਰਮਨਪਿਆਰਤਾ ਦੀਆਂ ਨਵੀਆਂ ਉੱਚਾਈਆਂ ਛੂਹ ਰਿਹਾ ਹੈ। ਫ਼ਿਲਮ 'ਬੋਲੇ ਚੂੜੀਆਂ' ਦੇ ਸੰਗੀਤ ਵਿਚ ਵੀ ਇਨ੍ਹਾਂ ਦੋਵਾਂ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਫ਼ਿਲਮ ਲਈ ਇਕ ਰੈਪ ਗੀਤ ਤਿਆਰ ਕੀਤਾ ਗਿਆ ਹੈ ਜਿਸ ਨੂੰ ਪਰਦੇ 'ਤੇ ਨਵਾਜੂਦੀਨ ਸਿਦੀਕੀ ਗਾਉਂਦੇ ਨਜ਼ਰ ਆਉਣਗੇ।


-ਮੁੰਬਈ ਪ੍ਰਤੀਨਿਧ

ਰੰਗਮੰਚ ਤੋਂ ਬਾਲੀਵੁੱਡ ਤੱਕ ਸਫ਼ਰ ਪਵਨਦੀਪ ਭਕਨਾ

ਰੰਗਮੰਚ ਤੋਂ ਬਾਲੀਵੁੱਡ ਤੱਕ ਸਫ਼ਰ ਕਰਨ ਵਾਲੇ ਅਦਾਕਾਰ ਪਵਨਦੀਪ ਭਕਨਾ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਵਿਖੇ ਮਾਤਾ ਕਮਲੇਸ਼ ਅਤੇ ਪਿਤਾ ਜਨਕ ਰਾਜ ਸ਼ਰਮਾ ਦੇ ਘਰ ਹੋਇਆ ਸੀ। ਹੁਸ਼ਿਆਰਪੁਰ ਵਿਖੇ ਬੀ.ਐੱਡ ਕਰਦਿਆਂ 1998 ਵਿਚ ਉਸ ਪਾਲੀ ਭੁਪਿੰਦਰ ਦੇ ਨਾਟਕ 'ਮਿੱਟੀ ਦਾ ਬਾਵਾ' ਵਿਚ ਪਹਿਲੀ ਵਾਰ ਅਦਾਕਾਰੀ ਕੀਤੀ।
ਰੰਗਮੰਚ ਵੇਖਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ , ਕਿਉਂਕਿ ਉਸ ਦੇ ਚਾਚਾ ਸ੍ਰੀ ਨਰਿੰਦਰ ਦਵੇਸਰ ਡੀ ਡੀ ਪੰਜਾਬੀ ਦੇ ਕਲਾਕਾਰ ਸਨ। ਉਨ੍ਹਾਂ ਦੀ ਅਦਾਕਾਰੀ ਨੂੰ ਵੇਖਦਿਆਂ ਪਵਨਦੀਪ ਦੇ ਮਨ ਵਿਚ ਵੀ ਕਲਾ ਦੇ ਬੀਜ ਫੁੱਟ ਪਏ ਸਨ। ਉਹ ਅਕਸਰ ਪੰਜਾਬ ਨਾਟਸ਼ਾਲਾ ਵਿਚ ਨਾਟਕ ਵੇਖਣ ਲਈ ਚਲਿਆਂ ਜਾਂਦਾ। ਉੱਥੇ ਉਸ ਨੇ ਫ਼ਿਲਮ ਇੰਡਸਟਰੀ ਵਿਚ ਆਪਣਾ ਨਾਂਅ ਪੈਦਾ ਕਰਨ ਵਾਲੇ ਹਰਦੀਪ ਗਿੱਲ ਨੂੰ 'ਕੁਦੇਸਣ' ਨਾਟਕ ਵਿਚ ਰੋਲ ਕਰਦਿਆਂ ਵੇਖਿਆ ਤਾਂ ਉਹ ਵੀ ਰੰਗਮੰਚ ਨਾਲ ਜੁੜਿਆ ਤੇ ਛੋਟੇ ਮੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ ।
2004 ਵਿਚ ਐਮ.ਏ. , ਬੀ .ਐੱਡ ਕਰਨ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਵਿਚ ਪੜ੍ਹਾਉਣ ਲੱਗ ਪਿਆ , ਜਿੱਥੇ ਅੱਜਕਲ੍ਹ ਉਹ ਪੰਜਾਬੀ ਵਿਭਾਗ ਦਾ ਮੁਖੀ ਹੈ। ਉੱਥੇ ਉਸ ਨੇ ਸਕੂਲ ਦੇ ਡਾਇਰੈਕਟਰ (ਮਰਹੂਮ ) ਪ੍ਰਿੰਸੀਪਲ ਮਨਵੀਨ ਸੰਧੂ ਦੀ ਪ੍ਰੇਰਨਾ ਸਦਕਾ ਪਹਿਲਾ ਨਾਟਕ 'ਮੈਂ ਪੜ੍ਹਨਾ ਚਾਹੁੰਦੀ ਹਾਂ' ਲਿਖਿਆ , ਜੋ ਸਕੂਲ ਦੀ ਟੀਮ ਵਲੋਂ ਖੇਡਿਆ ਗਿਆ। 2013 ਵਿਚ ਉਸ ਸੁਰਿੰਦਰ ਫਰਿਸ਼ਤਾ ਉਰਫ਼ ਘੁੱਲੇ ਸ਼ਾਹ ਨਾਲ ਜਲੰਧਰ ਦੂਰਦਰਸ਼ਨ ਦੇ ਲਾਈਵ ਪ੍ਰੋਗਰਾਮ 'ਸਟਾਰ ਸ਼ੋਅ' ਵਿਚ ਕੰਮ ਕਰਨਾ ਸ਼ੁਰੂ ਕੀਤਾ , ਇਸ ਪ੍ਰੋਗਰਾਮ ਨੇ ਉਸ ਦੀ ਦਰਸ਼ਕਾਂ ਵਿਚ ਇੱਕ ਵੱਖਰੀ ਪਹਿਚਾਣ ਬਣਾ ਦਿੱਤੀ ।
2014 ਵਿਚ ਉਸ ਨੂੰ ਪੰਜਾਬ ਨਾਟ ਸ਼ਾਲਾ ਵਲੋਂ 'ਕੁਦੇਸਣ' ਨਾਟਕ ਵਿਚ ਕੰਮ ਕਰਨ ਦਾ ਸੱਦਾ ਮਿਲਿਆ , ਇਹ ਉਸ ਲਈ ਬੇਹੱਦ ਖ਼ੁਸ਼ੀ ਦੇ ਪਲ ਸਨ , ਉਸ ਨੇ 'ਕੁਦੇਸਣ' ਵਿਚ ਮੁੱਖ ਖਲਨਾਇਕ ਦੀ ਭੂਮਿਕਾ ਨਿਭਾਈ ਜੋ ਉਦੋਂ ਤੋਂ ਲੈ ਕੇ ਅੱਜ ਤੱਕ ਨਿਭਾਉਂਦਾ ਆ ਰਿਹਾ ਹੈ। ਇਸ ਤੋਂ ਇਲਾਵਾ 'ਤਿੜਕੀ ਕੰਧ ਦੀ ਛਾਵੇਂ', 'ਡਾਟਰ ਆਫ਼ ਦਾ ਬਿਨ', 'ਜਸਟਿਸ', 'ਇੰਝ ਭਲਾ ਕਿੰਜ ਹੋਵੇ', 'ਭੋਟੂ ਸ਼ਾਹ ਜੀ ਕੈਰੀ ਆਨ', 'ਜ਼ਿੰਦਗੀ' ਆਦਿ ਨਾਟਕਾਂ ਵਿਚ ਵੀ ਉਸ ਜ਼ਿਕਰਯੋਗ ਕੰਮ ਕੀਤਾ ਹੈ। ਪਵਨਦੀਪ ਨੇ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਅਤੇ 'ਕਿਰਦਾਰ ਏ ਸਰਦਾਰ' ਫ਼ਿਲਮਾਂ ਵਿਚ ਵੀ ਅਭਿਨੈ ਕਰ ਕੇ ਰੰਗਮੰਚ ਤੋਂ ਫ਼ਿਲਮ ਇੰਡਸਟਰੀ ਤੱਕ ਸਫ਼ਰ ਤੈਅ ਕੀਤਾ ਹੈ। ਇਸ ਤੋਂ ਇਲਾਵਾ ਹਿੰਦੀ ਫ਼ਿਲਮ 'ਗੱਭਰੂ ਗੈਂਗ' ਵਿਚ ਇੰਸਪੈਕਟਰ ਦਾ ਰੋਲ ਨਿਭਾਇਆ ਹੈ। ਰੰਗਮੰਚ ਦੇ ਹੋਣਹਾਰ ਡਾਇਰੈਕਟਰ ਮੰਚਪ੍ਰੀਤ , ਰਜਿੰਦਰ ਰਾਜੂ , ਹਰਦੀਪ ਗਿੱਲ, ਮੁਕੇਸ਼ ਕੁੰਦਰਾ, ਅਮਨ ਭਾਰਦਵਾਜ, ਸਾਜਨ ਕਪੂਰ ਦੀ ਨਿਰਦੇਸ਼ਨਾਂ ਹੇਠ ਉਸ ਵਿਰਸਾ ਵਿਹਾਰ ਅੰਮ੍ਰਿਤਸਰ, ਪੰਜਾਬ ਨਾਟਸ਼ਾਲਾ ਅਤੇ ਧਰਮ ਸਿੰਘ ਆਰਟ ਗੈਲਰੀ ਵਿਚ ਬਹੁਤ ਸਾਰੇ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਹਨ ਅਤੇ ਟੀ. ਵੀ. ਦੀਆਂ ਕਈ ਮਸ਼ਹੂਰੀਆਂ ਵਿਚ ਵੀ ਉਹ ਮੇਲ ਮਾਡਲ ਵਜੋਂ ਪੇਸ਼ ਹੋ ਰਿਹਾ ਹੈ। ਉਸ ਦਾ 7 ਸਾਲ ਦਾ ਬੇਟਾ ਕ੍ਰਿਸ਼ਨਾ ਵੀ ਆਪਣੇ ਬਾਪ ਦੀਆਂ ਪੈੜਾਂ ਤੇ ਚੱਲਦਾ ਹੋਇਆ 'ਖ਼ਾਨਦਾਨੀ ਸ਼ਫਾ ਖਾਨਾ' ਅਤੇ ਸ਼ਬਾਨਾ ਆਜ਼ਮੀ ਨਾਲ 'ਕਾਲੀ ਖੂਹੀ' ਫ਼ਿਲਮਾਂ ਵਿਚ ਅਦਾਕਾਰੀ ਕਰ ਚੁੱਕਾ ਹੈ। ਉਸ ਦੀ ਧਰਮ ਪਤਨੀ ਅਨੁਰਾਧਾ ਸ਼ਰਮਾ ਵੀ ਉਸ ਦੇ ਨਾਲ ਸਪਰਿੰਗ ਡੇਲ ਦੇ ਸਕੂਲ ਵਿਚ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਹੈ। ਅੱਠਵੀਂ ਜਮਾਤ ਵਿਚ ਪੜ੍ਹਦਾ ਵੱਡਾ ਬੇਟਾ ਸੂਜਲ ਸ਼ਰਮਾ ਕ੍ਰਿਕਟ ਖੇਡਦਾ ਹੈ, ਜਿਸ ਦਾ ਸੁਪਨਾ ਕ੍ਰਿਕਟ ਖਿਡਾਰੀ ਬਣਨ ਦਾ ਹੈ।


-ਧਰਵਿੰਦਰ ਸਿੰਘ ਔਲਖ
ਪ੍ਰਤੀਨਿੱਧ ਰਾਮ ਤੀਰਥ।

ਨਵੀਂ ਜੋੜੀ ਗੋਪੀ ਢਿੱਲੋਂ-ਟਵਿੰਕਲ ਕਪੂਰ

ਲੁਧਿਆਣਾ ਦੇ ਸਨਅਤੀ ਸ਼ਹਿਰ ਦੇ ਜੰਮਪਲ ਤੇ ਇਸ ਸਮੇਂ 400 ਦੇ ਕਰੀਬ ਵੀਡੀਓ ਗੀਤ ਡਾਇਰੈਕਟ ਕਰ ਚੁੱਕੇ ਤੇ ਮਾਡਲਿੰਗ ਕਰ ਰਹੇ ਗੋਪੀ ਢਿੱਲੋਂ ਨੇ ਪਾਲੀਵੁੱਡ 'ਚ ਪ੍ਰਵੇਸ਼ ਕੀਤਾ ਹੈ। ਉਸ ਦੇ ਨਾਲ ਹੀ ਡੈਬਿਊ ਦੱਖਣ ਦੀ ਸਟਾਰ ਤੇ ਪ੍ਰਸਿੱਧ ਮਾਡਲ ਟਵਿੰਕਲ ਕਪੂਰ ਕਰ ਰਹੀ ਹੈ। ਗੋਪੀ ਢਿੱਲੋਂ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੀ ਏ ਤਾਂ ਫਿਰੋਜ਼ ਖ਼ਾਨ, ਨਛੱਤਰ ਗਿੱਲ, ਸਰਦੂਲ ਸਿਕੰਦਰ ਆਦਿ ਦੇ ਗੀਤ ਉਸ ਨੇ ਡਾਇਰੈਕਟ ਕੀਤੇ ਹਨ ਤੇ ਕਈ ਹੋਰ ਲੋਕਪ੍ਰਿਆ ਵੀਡੀਓਜ਼ 'ਚ ਮਾਡਲ ਵਜੋਂ ਆਪਣਾ ਚਿਹਰਾ ਦਿਖਾਇਆ ਹੈ। ਇਥੋਂ ਤੱਕ ਕਿ ਬਾਲੀਵੁੱਡ ਦੀ ਪ੍ਰਸਿੱਧ ਫ਼ਿਲਮੀ ਗਾਇਕਾ ਅਲਕਾ ਯਾਗਨਿਕ ਦਾ ਵੀਡੀਓ 'ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਂ...' ਵੀ ਗੋਪੀ ਢਿੱਲੋਂ ਨੇ ਹੀ ਬਣਾਇਆ। 'ਮਾਹੀ ਮਾਹੀ', 'ਸੋਹਣੀਏ ਦਿਲ ਨਹੀਂ ਲਗਦਾ' ਜਿਹੇ ਮਸ਼ਹੂਰ ਵੀਡੀਓਜ਼ ਉਸ ਦੇ ਹੀ ਨਿਰਦੇਸ਼ਤ ਕੀਤੇ ਹੋਏ ਹਨ ਜਦਕਿ ਟਵਿੰਕਲ ਕਪੂਰ ਨੇ ਦੱਖਣ ਦੇ ਟੀ.ਵੀ. ਚੈਨਲਜ਼ 'ਤੇ ਕੰਮ ਕਰਨ ਤੋਂ ਇਲਾਵਾ ਰੀਮਿਕਸ ਗਾਣੇ ਵੀ ਕੀਤੇ ਹਨ। ਟਵਿੰਕਲ ਨਾਲ ਜੋੜੀ ਦੇ ਸਬੰਧ 'ਚ ਗੋਪੀ ਨੇ ਕਿਹਾ ਕਿ ਚੰਗਾ ਤਾਲਮੇਲ ਹਮੇਸ਼ਾ ਕਾਮਯਾਬੀ ਦਿਵਾਉਂਦਾ ਹੈ ਤੇ ਪਾਲੀਵੁੱਡ ਫ਼ਿਲਮ ਦੀ ਡਾਇਰੈਕਸ਼ਨ ਉਸ ਕੋਲ ਹੈ। ਕਹਾਣੀ ਅਨੁਸਾਰ ਟਵਿੰਕਲ ਫਿੱਟ ਹੈ।

ਯੂ. ਪੀ. ਵਿਚ ਗੰਗਾ ਕਿਨਾਰੇ ਫ਼ਿਲਮ ਸਮਾਰੋਹ

ਅਗਾਮੀ 28, 29 ਫਰਵਰੀ ਤੇ 1 ਮਾਰਚ ਨੂੰ ਯੂਪੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਆਯੋਜਨ ਬਨਾਰਸ ਵਿਚ ਹੋਵੇਗਾ। ਇਸ ਫ਼ਿਲਮ ਸਮਾਰੋਹ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਇਸ ਨੂੰ ਕਿਸੇ ਥੀਏਟਰ ਜਾਂ ਸਭਾਗ੍ਰਹਿ ਵਿਚ ਨਹੀਂ ਸਗੋਂ ਗੰਗਾ ਕਿਨਾਰੇ ਆਯੋਜਿਤ ਕੀਤਾ ਜਾਵੇਗਾ। ਤਿੰਨ ਦਿਨ ਤੱਕ ਖੁੱਲ੍ਹੇ ਆਸਮਾਨ ਹੇਠ ਬਨਾਰਸ ਦੇ ਅੱਸੀ ਘਾਟ ਤੇ ਡਾ: ਰਾਜੇਂਦਰ ਪ੍ਰਸਾਦ ਘਾਟ 'ਤੇ ਫ਼ਿਲਮਾਂ, ਚੱਲ-ਚਿੱਤਰ ਫ਼ਿਲਮਾਂ, ਐਨੀਮੇਸ਼ਨ ਫ਼ਿਲਮਾਂ ਤੇ ਮਿਊਜ਼ਿਕ ਵੀਡੀਓ ਵੀ ਇਸ ਸਮਾਰੋਹ ਵਿਚ ਦਿਖਾਈਆਂ ਜਾਣਗੀਆਂ। ਭਾਰਤ ਦੇ ਨਾਲ-ਨਾਲ ਵਿਦੇਸ਼ੀ ਫ਼ਿਲਮਕਾਰ ਵੀ ਇਸ ਸਮਾਰੋਹ ਵਿਚ ਹਿੱਸਾ ਲੈਣਗੇ।
ਇਸ ਸਮਾਰੋਹ ਦੇ ਮੁੱਖ ਆਯੋਜਕ ਤੇ ਫ਼ਿਲਮ ਨਿਰਮਾਤਾ ਕ੍ਰਿਸ਼ਨ ਮਿਸ਼ਰਾ ਅਨੁਸਾਰ ਬਨਾਰਸ ਕਲਾ ਦਾ ਕੇਂਦਰ ਰਿਹਾ ਹੈ। ਇਹ ਧਾਰਮਿਕ ਨਗਰੀ ਦੇ ਨਾਲ-ਨਾਲ ਕਲਾ ਨਗਰੀ ਵੀ ਹੈ। ਸੰਗੀਤ ਤੇ ਸਾਹਿਤ ਦੇ ਖੇਤਰ ਵਿਚ ਇਸ ਨਗਰੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਹੀ ਵਜ੍ਹਾ ਹੈ ਕਿ ਇਸ ਫ਼ਿਲਮ ਸਮਾਰੋਹ ਦਾ ਆਯੋਜਨ ਬਨਾਰਸ ਵਿਚ ਕੀਤਾ ਜਾ ਰਿਹਾ ਹੈ। ਸਾਡੇ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਆਪਣੇ ਸੰਸਦੀ ਖੇਤਰ ਦੀ ਕਾਇਆਕਲਪ ਕੀਤੀ ਹੈ ਤੇ ਗੰਗਾ ਕਿਨਾਰੇ ਦੇ ਘਾਟਾਂ ਨੂੰ ਸੰਵਾਰਿਆ ਹੈ, ਉਸ ਵਜ੍ਹਾ ਨਾਲ ਉਥੇ ਫ਼ਿਲਮਾਂ ਦਾ ਪ੍ਰਦਰਸ਼ਨ ਸੰਭਵ ਹੋਇਆ ਹੈ। ਇਹ ਅਨੋਖਾ ਪ੍ਰਯੋਗ ਹੈ ਕਿ ਕਿਸੇ ਫ਼ਿਲਮ ਸਮਾਰੋਹ ਦਾ ਆਯੋਜਨ ਨਦੀ ਕਿਨਾਰੇ ਹੋਵੇਗਾ।
ਕ੍ਰਿਸ਼ਣਾ ਮਿਸ਼ਰਾ ਦਾ ਇਹ ਵੀ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਇਸ ਸਮਾਰੋਹ ਵਿਚ ਪਹੁੰਚ ਰਹੀਆਂ ਹਨ ਅਤੇ ਜੇਤੂਆਂ ਨੂੰ ਟ੍ਰਾਫ਼ੀਆਂ ਦੇ ਨਾਲ-ਨਾਲ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ।
ਕਈ ਵਿਦੇਸ਼ੀ ਫ਼ਿਲਮਕਾਰਾਂ ਨੂੰ ਵੀ ਜਿਊਰੀ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ ਇਟਲੀ ਦੇ ਲੇਖਕ ਤੇ ਅਭਿਨੇਤਾ ਇਟੇਲੋ ਸਪਿਨੇਲੀ, ਹਾਲੀਵੁੱਡ ਦੇ ਲੇਖਕ ਤੇ ਅਭਿਨੇਤਾ ਡੇਵਿਡ ਸ਼ੇਪਿਰੋ ਦੇ ਨਾਂਅ ਪ੍ਰਮੁੱਖ ਹਨ। ਬਾਲੀਵੁੱਡ ਤੋਂ ਨਿਰਦੇਸ਼ਕ ਵਿਨੈ ਸ਼ੁਕਲਾ, ਸਾਵਨ ਕੁਮਾਰ ਟਾਕ, ਸਲੀਮ ਅਖ਼ਤਰ ਇਸ ਜਿਊਰੀ ਦੇ ਮੈਂਬਰ ਹਨ।


-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX