ਤਾਜਾ ਖ਼ਬਰਾਂ


ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 594 ਨਵੇਂ ਮਾਮਲੇ ਆਏ ਸਾਹਮਣੇ
. . .  17 minutes ago
ਸਿਓਲ, 29 ਫਰਵਰੀ- ਚੀਨ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਤੋਂ ਬਾਅਦ ਹੁਣ ਦੱਖਣੀ ਕੋਰੀਆ ਵੀ ਇਸ ਦੀ ਲਪੇਟ ...
ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਮੀਂਹ ਕਾਰਨ ਜ਼ਮੀਨ 'ਤੇ ਵਿਛੀ
. . .  35 minutes ago
ਅਜਨਾਲਾ, 29 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਪਏ ਮੀਂਹ ਦੇ ਚੱਲਦਿਆਂ ਸਰਹੱਦੀ ਖੇਤਰ 'ਚ ਕਈ ਥਾਵਾਂ 'ਤੇ ਕਿਸਾਨਾਂ...
ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  about 1 hour ago
ਕਰਾਚੀ, 29 ਫਰਵਰੀ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਬੱਸ ਅਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ...
ਅੱਜ ਦਾ ਵਿਚਾਰ
. . .  about 1 hour ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਜਲੰਧਰ , 28 ਫਰਵਰੀ - ਹਾਈ ਸਕਿਉਰਿਟੀ ਜ਼ੋਨ ਮੰਨੇ ਜਾਂਦੇ ਫੋਕਲ ਪੁਆਇੰਟ ਨਜ਼ਦੀਕ ਬਿਨਾਂ ਸਿਰ ਦੇ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ । ਪੁਲਿਸ ਸਿਰ ਲੱਭਣ 'ਚ ਲੱਗੀ ਹੈ ।
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿਚ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ...
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਮਲੌਦ, 28 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਮਲੌਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਨੀਪੁਰ ਦੇ ਮੁੱਖ ਅਧਿਆਪਕ ਅੰਮ੍ਰਿਤਪਾਲ ਸਿੰਘ ਟਿਵਾਣਾ ਦੀਆਂ ਸ਼ਾਨਦਾਰ ਸ਼ੇਵਾਵਾਂ ਨੂੰ ਮੁੱਖ ...
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਭੁਵਨੇਸ਼ਵਰ, 28 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ। ਇਸ ਵਿਚ ਮੁਸਲਮਾਨਾਂ ਦੀ...
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  1 day ago
ਨਵੀਂ ਦਿੱਲੀ, 28 ਫਰਵਰੀ - ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਇਕ ਆਤਸ਼ੀ ਨੂੰ ਗੋਆ ਤੇ ਜਰਨੈਲ ਸਿੰਘ ਨੂੰ ਪੰਜਾਬ ਆਪ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦ ਦੋਵਾਂ ਸੂਬਿਆਂ ਲਈ ਜਥੇਬੰਦਕ ਨਿਰਮਾਣ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ...
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  1 day ago
ਬਰਨਾਲਾ/ਰੂੜੇਕੇ ਕਲਾਂ, 28 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਫ਼ਿਰਕੂ ਹਿੰਸਾ ਦੌਰਾਨ ਮਾਰੇ ਗਏ 27 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਖ਼ਤਰਿਆਂ ਵਿਚ ਘਿਰੇ'ਗਣਤੰਤਰ' ਨੂੰ ਬਚਾਉਣ ਦੀ ਲੋੜ

ਕਿਸੇ ਵੀ ਦੇਸ਼ ਦੇ ਲੋਕਾਂ ਲਈ ਗੁਲਾਮੀ ਤੋਂ ਵੱਡੀ ਕੋਈ ਵੰਗਾਰ ਨਹੀਂ ਹੁੰਦੀ | ਇਸ ਲਾਹਣਤ ਨੂੰ ਦੂਰ ਕਰਨ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਕਈ ਸਿਰਲੱਥ ਯੋਧਿਆਂ ਦਾ ਖ਼ੂਨ ਖੌਲਣ ਲੱਗ ਜਾਂਦਾ ਹੈ | ਅਜਿਹੇ ਬਹਾਦਰ ਸੂਰਮਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤੀ ਪ੍ਰਾਪਤ ਹੋਈ | ਲੰਮੀ ਤੇ ਦੁਖਦਾਈ ਗੁਲਾਮੀ ਦਾ ਨਰਕ ਭੋਗ ਰਹੇ ਦੇਸ਼ ਵਾਸੀਆਂ ਨੇ ਜਦੋਂ ਆਪਣੀ ਮਾਤ-ਭੂਮੀ ਦੀ ਆਜ਼ਾਦ ਫਿਜ਼ਾ ਵਿਚ ਸਾਹ ਲਿਆ ਤਾਂ ਉਨ੍ਹਾਂ ਦਾ ਤਨ ਮਨ ਸਰਸ਼ਾਰ ਹੋਣਾ ਸੁਭਾਵਿਕ ਗੱਲ ਸੀ | ਦੇਸ਼ ਦੀ ਗੁਲਾਮੀ ਦੀ ਕਾਲੀ ਬੋਲੀ ਰਾਤ ਨੂੰ ਸਿਰਲੱਥ ਯੋਧਿਆਂ ਅਤੇ ਸ਼ਹੀਦਾਂ ਨੇ ਆਪਣੇ ਖੂਨ ਦੀ ਆਹੂਤੀ ਦੇ ਕੇ ਆਜ਼ਾਦੀ ਦੇ ਚਾਨਣ ਵਿਚ ਬਦਲਿਆ | ਹੱਸ ਹੱਸ ਕੇ ਫਾਂਸੀਆਂ ਦੇ ਰੱਸੇ ਆਪਣੇ ਗਲਾਂ 'ਚ ਪਾਉਣ ਵਾਲੇ ਸੂਰਬੀਰਾਂ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ ਬਹਾਦਰਾਂ, ਗ਼ਦਰੀ ਯੋਧਿਆਂ ਤੇ ਆਜ਼ਾਦੀ ਦੇ ਘੋਲ ਵਿਚ ਸਿਰ ਤਲੀ 'ਤੇ ਧਰ ਕੇ ਸ਼ਹਾਦਤਾਂ ਦੇਣ ਵਾਲੇ ਆਜ਼ਾਦੀ ਦੇ ਪ੍ਰਵਾਨਿਆਂ ਅੱਗੇ ਹਰ ਦੇਸ਼ ਵਾਸੀ ਦਾ ਸਿਰ ਝੁਕਦਾ ਹੈ | ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਚਲਾਉਣ ਲਈ ਵਿਸਥਾਰਤ ਰੂਪ ਵਿਚ ਨਿਯਮਾਂ ਤੇ ਕਾਨੂੰਨਾਂ ਦਾ ਦਸਤਾਵੇਜ਼ ਤਿਆਰ ਕਰਨ ਬਾਰੇ ਵਿਚਾਰ ਕੀਤਾ ਗਿਆ |
ਆਜ਼ਾਦੀ ਤੋਂ ਬਾਅਦ ਸ੍ਰੀ ਰਾਜਿੰਦਰ ਪ੍ਰਸਾਦ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਦਾ ਗਠਨ ਕੀਤਾ ਗਿਆ | ਫਿਰ ਵੱਖ-ਵੱਖ ਕਮੇਟੀਆਂ ਦਾ ਗਠਨ ਕਰ ਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਾਪੀ ਗਈ | ਡਾ: ਭੀਮ ਰਾਉ ਅੰਬੇਡਕਰ ਦੀ ਅਗਵਾਈ ਵਿਚ ਸੰਵਿਧਾਨਿਕ ਦਸਤਾਵੇਜ਼ ਦੇ ਮਸੌਦੇ ਨੁੰ ਤਿਆਰ ਕਰਨ ਲਈ ਇਕ ਵੱਖਰੀ ਕਮੇਟੀ ਨੂੰ ਜ਼ਿੰਮੇਵਾਰੀ ਸੌਾਪੀ ਗਈ | ਇਸ ਵਿਚ ਛੇ ਹੋਰ ਮੈਂਬਰ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿਚ ਗੋਬਿੰਦ ਵਲਭ ਪੰਤ, ਐਨ. ਗੁਪਾਲਾਸਵਾਮੀ ਐਇੰਗਰ, ਕੇ. ਐਮ. ਮੁਨਸ਼ੀ, ਕਿ੍ਸ਼ਨਾਸੁਆਮੀ ਅਈਅਰ, ਮੁਹੰਮਦ ਸਾਦਉੱਲਾ, ਡੀ.ਪੀ.ਖੇਤਾਨ ਆਦਿ ਸ਼ਾਮਿਲ ਕੀਤੇ ਗਏ | ਕਮੇਟੀ ਨੇ ਕਈ ਦੇਸ਼ਾਂ ਦੇ ਸੰਵਿਧਾਨਾਂ ਦਾ ਡੂੰਘਾ ਅਧਿਐਨ ਕਰਨ ਉਪਰੰਤ ਹੀ ਸੰਵਿਧਾਨ ਤਿਆਰ ਕੀਤਾ ਸੀ | ਸਾਰੇ ਦੇਸ਼ਾਂ ਦੇ ਸੰਵਿਧਾਨਾਂ ਦੀਆਂ ਚੰਗੀਆਂ ਗੱਲਾਂ ਨੂੰ ਇਸ ਵਿਚ ਸ਼ਾਮਿਲ ਕਰਨ ਪਿੱਛੇ ਸੁਹਿਰਦ ਭਾਵਨਾ ਇਹ ਸੀ ਕਿ ਦੇਸ਼ ਵਿਚ ਸਦੀਆਂ ਦੀ ਗੁਲਾਮੀ ਤੋਂ ਬਾਅਦ ਸਹੀ ਅਰਥਾਂ ਵਿਚ ਲੋਕਤੰਤਰੀ ਵਿਵਸਥਾ ਦੀ ਸਥਾਪਨਾ ਹੋ ਸਕੇ | ਵੱਖ ਵੱਖ ਸਭਿਆਚਾਰਾਂ, ਧਰਮਾਂ, ਬੋਲੀਆਂ, ਰਹੁ-ਰੀਤਾਂ, ਪਹਿਰਾਵਿਆਂ ਤੇ ਹੋਰ ਅਨੇਕਾਂ ਅਨੇਕਤਾਵਾਂ ਦੇ ਬਾਵਜੂਦ ਦੇਸ਼ ਏਕਤਾ ਦੇ ਸੂਤਰ ਵਿਚ ਬੱਝ ਸਕੇ | ਸੰਵਿਧਾਨ ਘੜਨੀ ਸਭਾ ਨੇ 26 ਨਵੰਬਰ 1949 ਨੂੰ ਸੰਵਿਧਾਨ ਦੇ ਅੰਤਿਮ ਖਰੜੇ ਨੂੰ ਪ੍ਰਵਾਨਗੀ ਦਿੱਤੀ ਅਤੇ ਇਹ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ | ਸੰਵਿਧਾਨ ਦੀ ਪ੍ਰਸਤਾਵਨਾ ਵਿਚ ਭਾਰਤ ਨੂੰ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ | 'ਧਰਮ ਨਿਰਪੱਖ' ਅਤੇ 'ਸਮਾਜਵਾਦੀ' ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਦਾ ਹਿੱਸਾ ਬਾਅਦ ਵਿਚ ਬਣਾਏ ਗਏ | ਸਾਡਾ ਸੰਵਿਧਾਨ ਸੰਸਾਰ ਦਾ ਸਭ ਤੋਂ ਵਿਸ਼ਾਲ ਲਿਖਤੀ ਸੰਵਿਧਾਨ ਹੈ | ਇਸ ਵਿਚ 465 ਅਨੁਛੇਦ ਅਤੇ 12 ਸੂਚੀਆਂ ਸ਼ਾਮਿਲ ਹਨ | ਇਸ ਵਿਸ਼ਾਲ ਦਸਤਾਵੇਜ਼ ਨੂੰ ਤਿਆਰ ਕਰਨ ਵਿਚ 2 ਸਾਲ, 11 ਮਹੀਨੇ ਤੇ 18 ਦਿਨ ਦਾ ਸਮਾਂ ਲੱਗਾ | ਸੰਵਿਧਾਨ ਦੇ ਸਿਰਜਣਹਾਰਿਆਂ ਨੇ ਦੇਸ਼ ਦੀ ਜਨਤਾ ਨੂੰ ਪ੍ਰਮੁੱਖਤਾ ਦਿੱਤੀ | ਸੰਵਿਧਾਨ ਦੀ ਪ੍ਰਸਤਾਵਨਾ ਦਾ ਆਰੰਭ ਇਨ੍ਹਾਂ ਸ਼ਬਦਾਂ ਨਾਲ ਹੁੰਦਾ ਹੈ; 'ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ... |' ਪਰ ਅੱਜ ਸਰਕਾਰਾਂ ਲੋਕਾਂ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹਨ |
ਸੰਵਿਧਾਨ ਨੇ ਜਿਹੜੇ ਟੀਚੇ ਅਤੇ ਆਦਰਸ਼ ਸਥਾਪਤ ਕੀਤੇ ਸਨ, ਉਹ ਖੇਰੂੰ-ਖੇਰੂੰ ਹੁੰਦੇ ਹਨ | ਨਿਆਂ, ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਮੁਕੰਮਲ ਰੂਪ ਵਿਚ ਸਥਾਪਿਤ ਕਰਨਾ ਸੰਵਿਧਾਨ ਬਣਾਉਣ ਵਾਲਿਆਂ ਦੇ ਮਨ ਦੀ ਸੱਚੀ-ਸੁੱਚੀ ਆਸ਼ਾ ਸੀ | ਅੱਜ ਦੇਸ਼ ਵਿਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਉਹ ਸੰਵਿਧਾਨ ਦੀ ਮੂਲ ਭਾਵਨਾ ਦੇ ਬਿਲਕਲ ਉਲਟ ਹੈ | ਹਰ ਪਾਸੇ ਅਸਹਿਣਸ਼ੀਲਤਾ ਦਾ ਵਰਤਾਰਾ ਹੈ | ਘੱਟ-ਗਿਣਤੀਆਂ, ਦਲਿਤ ਤੇ ਔਰਤਾਂ ਜਬਰ ਦਾ ਸ਼ਿਕਾਰ ਹੋ ਰਹੇ ਹਨ | ਧਰਮਾਂ ਵਿਚ ਆਪਸੀ ਨਫ਼ਰਤ ਦੇ ਬੀਜ ਬੀਜੇ ਜਾ ਰਹੇ ਹਨ ਤੇ ਇਹ ਦਰਸਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਦੇਸ਼ ਇਕ ਵਿਸ਼ੇਸ਼ ਧਰਮ ਵਿਚ ਆਸਥਾ ਰੱਖਣ ਵਾਲੇ ਲੋਕਾਂ ਦਾ ਹੀ ਦੇਸ਼ ਹੈ | ਨਫ਼ਰਤ ਦੇ ਇਸ ਵਰਤਾਰੇ ਨਾਲ ਆਮ ਲੋਕਾਂ ਕੋਲੋਂ ਤਾਂ ਜਿਊਣ ਦਾ ਹੱਕ ਹੀ ਖੋਇਆ ਜਾ ਰਿਹਾ ਹੈ | ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਬੰਦਸ਼ਾਂ ਲਾ ਕੇ ਤੇ ਵਿਰੋਧੀ ਵਿਚਾਰ ਰੱਖਣ ਵਾਲਿਆਂ 'ਤੇ ਝੂਠੇ ਮੁਕੱਦਮੇ ਚਲਾ ਕੇ ਅਜਿਹਾ ਵਾਤਾਵਰਨ ਸਿਰਜਿਆ ਜਾ ਰਿਹਾ ਹੈ, ਜਿਸ ਤੋਂ ਇਹ ਆਭਾਸ ਹੋਣ ਲੱਗਾ ਹੈ ਕਿ ਇਹ ਆਪਣੇ ਲੋਕਾਂ ਦੁਆਰਾ ਚੁਣੀ ਸਰਕਾਰ ਨਹੀਂ ਸਗੋਂ ਕੋਈ ਬਾਹਰੋਂ ਆਏ ਤਾਨਾਸ਼ਾਹ ਹਾਕਮ ਹਨ | ਕੀ ਸੰਵਿਧਾਨ ਦੇ ਸਿਰਜਣਹਾਰਿਆਂ ਨੇ ਦੇਸ਼ ਵਿਚ ਕਦੇ ਅਜਿਹਾ ਵਾਪਰਨਾ ਕਿਆਸਿਆ ਹੋਵੇਗਾ? ਹਰਗਿਜ਼ ਨਹੀਂ | ਸੰਵਿਧਾਨ ਬਾਰੇ ਡਾ.ਅੰਬੇਡਕਰ ਨੇ ਆਪਣੀ ਸੂਝ ਭਰੀ ਦੀਰਘ ਦਿ੍ਸ਼ਟੀ ਦਾ ਪ੍ਰਗਟਾਵਾ ਕਰਦਿਆਂ ਪਹਿਲਾਂ ਹੀ ਇਹ ਲਿਖ ਦਿੱਤਾ ਸੀ ਕਿ ਜੇ ਸੰਵਿਧਾਨ ਮਾੜਾ ਹੈ ਪਰ ਇਸ ਨੂੰ ਲਾਗੂ ਕਰਨ ਵਾਲੇ ਜ਼ਿੰਮੇਵਾਰ ਤੇ ਚੰਗੇ ਵਿਅਕਤੀ ਹਨ ਤਾਂ ਸੰਵਿਧਾਨ ਆਪਣੇ ਆਪ ਨੂੰ ਚੰਗਾ ਸਾਬਤ ਕਰੇਗਾ, ਪਰ ਜੇ ਸੰਵਿਧਾਨ ਚੰਗਾ ਹੈ ਪਰ ਇਸ ਨੂੰ ਲਾਗੂ ਕਰਨ ਵਾਲੇ ਲੋਕ ਮਾੜੇ ਹਨ ਤਾਂ ਸੰਵਿਧਾਨ ਆਪਣੇ ਆਪ ਨੂੰ ਮਾੜਾ ਹੀ ਸਿੱਧ ਕਰੇਗਾ | ਇਹ ਗੱਲ ਬਹੁਤ ਹੱਦ ਤੱਕ ਸੱਚ ਸਾਬਤ ਹੋਈ ਹੈ |
ਬੀਤੇ ਵਰਿ੍ਹਆਂ ਵਿਚ ਦੇਸ਼ ਵਿਕਾਸ ਦੇ ਕਈ ਪੜਾਵਾਂ ਵਿਚੋਂ ਗੁਜ਼ਰਿਆ ਹੈ | ਆਜ਼ਾਦੀ ਤੋਂ ਬਾਅਦ ਬਿਨਾਂ ਸ਼ੱਕ ਦੇਸ਼ ਨੇ ਕਈ ਖੇਤਰਾਂ ਵਿਚ ਤਰੱਕੀ ਦੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ, ਪਰ ਆਮ ਆਦਮੀ ਦੀ ਹਾਲਤ ਵਿਚ ਸੁਧਾਰ ਹੋਣ ਦੀ ਥਾਂ ਸਗੋਂ ਸਥਿਤੀ ਹੋਰ ਮਾੜੀ ਹੋਈ ਹੈ | ਦੁਖਦਾਈ ਗੱਲ ਇਹ ਹੈ ਕਿ ਵਿਕਾਸ ਯੋਜਨਾਵਾਂ ਬਣਾਉਣ ਵਾਲਿਆਂ ਨੇ ਦੇਸ਼ ਦੇ ਕਰੋੜਾਂ ਆਮ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਅਜਿਹੀਆਂ ਯੋਜਨਾਵਾਂ ਬਣਾਈਆਂ ਜਿਨ੍ਹਾਂ ਦਾ ਲਾਭ ਬਹੁਤ ਘੱਟ ਲੋਕਾਂ ਨੂੰ ਪ੍ਰਾਪਤ ਹੋਇਆ | ਸਿੱਟੇ ਵਜੋਂ ਆਜ਼ਾਦ ਭਾਰਤ ਦੇ ਕਰੋੜਾਂ ਲੋਕ ਅੱਜ ਵੀ ਅੰਤਾਂ ਦੀ ਗ਼ਰੀਬੀ ਭਰਿਆ ਜੀਵਨ ਭੋਗਦੇ ਇਸ ਧਰਤੀ ਤੋਂ ਰੁਖਸਤ ਹੋ ਜਾਂਦੇ ਹਨ | ਅੱਜ ਵੀ ਇਸ ਭਾਰਤ ਮਹਾਨ ਦੇ 77 ਫ਼ੀਸਦੀ ਲੋਕਾਂ ਦੀ ਆਮਦਨ ਵੀਹ ਰੁਪਏ ਪ੍ਰਤੀ ਦਿਨ ਤੋਂ ਵੀ ਘੱਟ ਹੈ | ਦੇਸ਼ ਦੀ 57 ਫ਼ੀਸਦੀ ਆਬਾਦੀ ਅੱਜ ਵੀ ਪੀਣ ਯੋਗ ਸ਼ੁੱਧ ਪਾਣੀ ਤੋਂ ਵਿਰਵੀ ਹੈ | ਦੇਸ਼ ਦੀ 60 ਫ਼ੀਸਦੀ ਆਬਾਦੀ ਅੱਜ ਵੀ ਭੁੱਖਮਰੀ ਤੇ ਘੋਰ ਗਰੀਬੀ ਦੀ ਦਲਦਲ ਵਿਚ ਖੁੱਭੀ ਹੋਈ ਹੈ | ਇਸ ਤਰ੍ਹਾਂ ਦੀ ਦਰਦਨਾਕ ਸਥਿਤੀ ਵਿਚ ਕਰੋੜਾਂ ਲੋਕਾਂ ਦਾ ਨਰਕ ਭਰਿਆ ਜੀਵਨ ਭੋਗਣ ਦੀ ਸਥਿਤੀ ਦਾ ਅਨੁਭਵ ਕਰਦਿਆਂ ਰੌਾਗਟੇ ਖੜੇ੍ਹ ਹੋ ਜਾਂਦੇ ਹਨ | ਇਸ ਸਥਿਤੀ ਲਈ ਦੇਸ਼ ਦੇ ਹਾਕਮ ਹੀ ਜ਼ਿੰਮੇਵਾਰ ਹਨ |
ਇਸ ਸਮੇਂ ਦੇਸ਼ ਵਿਚ ਜੋ ਵਾਪਰ ਰਿਹਾ ਹੈ, ਉਹ ਸਾਡੇ ਸੰਵਿਧਾਨ ਦੀ ਮੂਲ-ਭਾਵਨਾ ਤੋਂ ਬਿਲਕੁਲ ਉੱਲਟ ਹੈ | ਸੰਵਿਧਾਨ ਵਿਚ ਨਾਗਰਿਕਾਂ ਨੂੰ ਦਿੱਤੀਆਂ ਆਜ਼ਾਦੀਆਂ ਇਸ ਸਮੇਂ ਖ਼ਤਰੇ ਵਿਚ ਹਨ | ਫਿਰਕੂ, ਸੰਕੀਰਨ ਤੇ ਖ਼ੌਫ਼ਜ਼ਦਾ ਵਾਤਾਵਰਨ ਸਿਰਜ ਕੇ ਵੱਖ ਵੱਖ ਧਰਮਾਂ, ਫ਼ਿਰਕਿਆਂ ਵਿਚ ਪਾੜਾ ਪਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ | ਹਰ ਧਰਮ ਤੇ ਸੱਭਿਆਚਾਰ ਦੀਆਂ ਨਿਵੇਕਲੀਆਂ ਰਵਾਇਤਾਂ ਨੂੰ ਮਲੀਆ-ਮੇਟ ਕਰ ਕੇ ਇਕੋ ਰੰਗ ਵਿਚ ਰੰਗਣ ਦੀ ਨੀਤੀ ਸਾਡੇ ਸੰਵਿਧਾਨ ਦੇ ਰਚਣਹਾਰਿਆਂ ਨੇ ਸ਼ਾਇਦ ਕਦੇ ਸੋਚੀ ਵੀ ਨਾ ਹੋਵੇ | ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਇਸ ਸਮੇਂ ਸਭ ਤੋਂ ਵੱਧ ਖ਼ਤਰੇ ਵਿਚ ਹੈ | ਵਿਰੋਧੀ ਵਿਚਾਰਾਂ ਨੂੰ ਜਬਰ ਅਤੇ ਦਹਿਸ਼ਤ ਨਾਲ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ | ਅਨੇਕਤਾ ਸਾਡੇ ਸੰਵਿਧਾਨ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ | ਕਿਸੇ ਮੁੱਦੇ ਬਾਰੇ ਵੱਖਰੀ ਸੋਚ ਜਾਂ ਅਸਹਿਮਤੀ ਹੋਣਾ ਕਿਸੇ ਵੀ ਲੋਕਤੰਤਰੀ ਵਿਵਸਥਾ ਲਈ ਬਹੁਤ ਸਾਰਥਿਕ ਕਦਮ ਹੁੰਦਾ ਹੈ | ਆਜ਼ਾਦੀ ਤੋਂ ਬਾਅਦ ਸਰਕਾਰ ਤੇ ਵਿਰੋਧੀ ਪਾਰਟੀਆਂ ਵਲੋਂ ਆਪਣੇ ਵੱਖਰੇ ਵਿਚਾਰ ਪ੍ਰਗਟਾਉਣ ਦਾ ਵਰਤਾਰਾ ਹੀ ਸਾਡੇ ਲੋਕਤੰਤਰ ਦੀ ਖ਼ੂਬਸੂਰਤੀ ਰਿਹਾ ਹੈ | ਪਰ ਕੁਝ ਸਾਲਾਂ ਤੋਂ ਸਭ ਕੁਝ ਤਹਿਸ-ਨਹਿਸ ਕੀਤਾ ਜਾ ਰਿਹਾ ਹੈ | ਨਸ਼ਤਰ ਭਰੇ ਬੋਲ-ਕੁਬੋਲਾਂ ਨਾਲ ਉਤੇਜਨਾ ਪੈਦਾ ਕਰਕੇ ਇਹ ਦਰਸਾਉਣ ਦਾ ਭਰਮ ਪੈਦਾ ਕੀਤਾ ਜਾ ਰਿਹਾ ਹੈ ਕਿ ਅਸੀਂ ਹੀ 'ਦੇਸ਼ ਭਗਤ ' ਹਾਂ ਬਾਕੀ ਦੇਸ਼ ਦੇ ਕੁਝ ਨਹੀਂ ਲਗਦੇ | ਯੂਨੀਵਰਸਿਟੀਆਂ ਵਿਚ ਪੜ੍ਹਦੇ ਇਸ ਦੇਸ਼ ਦੇ 'ਭਵਿੱਖ' ਨੂੰ ਗਿਣ-ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਸੁਆਲ ਕਰਨ ਵਾਲਿਆਂ ਤੇ ਜਬਰ ਢਾਅ ਕੇ, ਉਨ੍ਹਾਂ ਦੇ ਵਿਚਾਰਾਂ ਨੂੰ ਕੁਚਲਣ ਦਾ ਯਤਨ ਸੰਵਿਧਾਨ ਦੀ ਅਸਲ ਭਾਵਨਾ ਦਾ ਨਿਰਾਦਰ ਹੈ | ਕਸ਼ਮੀਰ ਵਿਚ ਲੋਕਾਂ ਦੇ ਸੰਵਿਧਾਨਕ ਅਧਿਕਾਰ ਖੋਹਿਆਂ ਛੇ ਮਹੀਨੇ ਬੀਤ ਗਏ ਹਨ, ਤੇ ਸਰਕਾਰ ਕਹਿ ਰਹੀ ਹੈ ਕਿ ਸਥਿਤੀ 'ਕੰਟਰੋਲ' ਹੇਠ ਹੈ | ਨਾਗਰਿਕਤਾ ਸੋਧ ਐਕਟ, ਕੌਮੀ ਨਾਗਰਿਕਤਾ ਰਜਿਸਟਰ ਅਤੇ ਰਾਸ਼ਟਰੀ ਵਸੋਂ ਰਜਿਸਟਰ ਵਰਗੇ ਬੇਲੋੜੇ ਮੁੱਦਿਆਂ ਦਾ ਬਖੇੜਾ ਖੜ੍ਹਾ ਕਰਕੇ ਜਨਤਾ ਦੇ ਭਰਵੇਂ ਵਿਰੋਧ ਦੇ ਬਾਵਜੂਦ, ਸਾਰੇ ਦੇਸ਼ ਵਿਚ ਹੀ ਸਰਕਾਰ ਆਪਣੇ ਤਾਨਾਸ਼ਾਹੀ ਤੇ ਹਠੀ ਵਤੀਰੇ ਨਾਲ, ਲੋਕਾਂ ਦੇ ਜੀਵਨ ਨੂੰ ਅਸਤ-ਵਿਅਸਤ ਕਰ ਰਹੀ ਹੈ |
ਸੰਵਿਧਾਨ ਵਿਚ ਦਰਜ ਨਿਆਂ ਤੇ ਬਰਾਬਰੀ ਦੇ ਆਦਰਸ਼ਾਂ ਨੂੰ ਵੀ ਸਰਕਾਰਾਂ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਅਸਮਰੱਥ ਰਹੀਆਂ ਹਨ | ਇਹ ਸਭ ਕੁਝ ਪੜ੍ਹਨ-ਸੁਣਨ ਨੂੰ ਤਾਂ ਬਹੁਤ ਚੰਗਾ ਲਗਦਾ ਹੈ, ਪਰ ਜ਼ਮੀਨੀ ਹਕੀਕਤਾਂ ਹੋਰ ਹੀ ਦਿ੍ਸ਼ ਪੇਸ਼ ਕਰਦੀਆਂ ਹਨ | ਅਜੇ ਤੱਕ ਵੀ ਜਾਤ-ਪਾਤ ਦਾ ਘਿਨਾਉਣਾ ਵਰਤਾਰਾ ਭਾਰੂ ਹੈ | ਸਾਧਨ-ਵਿਹੂਣੇ ਤੇ ਗ਼ਰੀਬੀ ਵਿਚ ਫਾਥੇ ਇਸ ਦੇਸ਼ ਦੇ ਦਲਿਤਾਂ ਦੀ ਹੋਣੀ ਨੂੰ ਸੁਧਾਰਨ ਦੇ ਵਾਅਦੇ ਤਾਂ ਬਹੁਤ ਹੋਏ ਹਨ, ਪਰ ਅਸਲੀਅਤ ਇਸ ਨਾਲ ਮੇਲ ਨਹੀਂ ਖਾਂਦੀ | ਅਖੌਤੀ ਉੱਚ ਜਾਤੀਆਂ ਦੇ ਹੰਕਾਰ ਵਿਚ ਗ੍ਰੱਸੇ ਲੋਕ ਅੱਜ ਵੀ ਦਲਿਤਾਂ 'ਤੇ ਜਬਰ ਢਾਅ ਰਹੇ ਹਨ | ਕੀ ਸੰਵਿਧਾਨ ਨੇ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ | ਸੰਵਿਧਾਨਿਕ ਨਜ਼ਰੀਏ ਤੋਂ ਦੇਖੀਏ ਤਾਂ ਹੁਣ ਤੱਕ ਸਰਕਾਰਾਂ ਨੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾਈ | ਇਹ ਦੇਸ਼ ਤਾਂ ਸਭ ਨਾਗਰਿਕਾਂ ਦੀ ਸਾਂਝੀ ਵਿਰਾਸਤ ਹੈ | ਇਸ ਵਿਚ ਵੰਡੀਆਂ ਪਾਉਣ ਦਾ ਯਤਨ ਕਰਨਾ ਸੰਵਿਧਾਨ ਦੀ ਉਲੰਘਣਾ ਹੈ | ਦੇਸ਼ ਦੀਆਂ ਘੱਟ ਗਿਣਤੀਆਂ ਸਰਕਾਰ ਵਲੋਂ ਸਿਰਜੇ ਖੌਫਨਾਕ ਵਾਤਾਵਰਨ ਵਿਚ ਜੀਣ ਲਈ ਮਜਬੂਰ ਹਨ | ਦੇਸ਼ ਪ੍ਰਤੀ ਕਿਸੇ ਦੀ ਭਾਵਨਾ 'ਤੇ ਸ਼ੱਕ ਕਰਨਾ ਤੇ ਆਪਣੇ ਆਪ ਨੂੰ ਦੇਸ਼ ਭਗਤ ਦੱਸਣਾ, ਸੰਵਿਧਾਨ ਦੀ ਮੂਲ ਭਾਵਨਾ ਨਾਲ ਖਿਲਵਾੜ ਹੈ |
ਅੱਜ ਗਹਿਰੇ ਖ਼ਤਰੇ ਵਿਚ ਆ ਚੁੱਕੇ ਸੰਵਿਧਾਨਿਕ ਆਦਰਸ਼ਾਂ ਨੂੰ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ | ਮਹਿੰਗੇ ਮੱੁਲ ਪ੍ਰਾਪਤ ਹੋਈ ਆਜ਼ਾਦੀ ਨੂੰ ਸਲਾਮਤ ਰੱਖਣ ਲਈ ਲੋਕ ਜਾਗਰੂਕ ਹੋਣ ਅਤੇ ਏਕਤਾ ਦੇ ਹਥਿਆਰ ਰਾਹੀਂ ਅਜਿਹੀਆਂ ਸਿਆਸੀ ਜਮਾਤਾਂ ਨੂੰ ਮੂੰਹ ਤੋੜ ਜਵਾਬ ਦੇਣ ਜੋ ਦੇਸ਼ ਤੇ ਉਸ ਦੇ ਲੋਕਾਂ ਨਾਲ ਖਿਲਵਾੜ ਕਰ ਰਹੀਆਂ ਹਨ | ਜਿਸ ਰਾਹ 'ਤੇ ਅੱਜ ਦੇਸ਼ ਤੁਰਿਆ ਹੋਇਆ ਹੈ, ਇਹ ਸੰਵਿਧਾਨ ਦੇ ਮੂਲ ਆਦਰਸ਼ਾਂ ਦੀ ਘੋਰ ਉਲੰਘਣਾ ਹੈ | ਦੇਸ਼ ਨੂੰ ਅਨੇਕਾਂ ਮਸਲੇ ਦਰਪੇਸ਼ ਹਨ ਜਿਨ੍ਹਾਂ ਵੱਲ ਸਾਡੇ ਹਾਕਮਾਂ ਦਾ ਉੱਕਾ ਹੀ ਧਿਆਨ ਨਹੀਂ ਹੈ | ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਦੇਸ਼ ਦੇ ਲੋਕ ਖਾਸ ਕਰਕੇ ਨੌਜਵਾਨ ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਨੂੰ ਪੈਦਾ ਹੋਏ ਖ਼ਤਰੇ ਨੂੰ ਸਮਝਦੇ ਹੋਏ ਅੰਦੋਲਨ ਲਈ ਅੱਗੇ ਆ ਰਹੇ ਹਨ |

-ਪਿੰਡ-ਖਰਲ ਕਲਾਂ, ਡਾਕ: ਚੋਲਾਂਗ, ਜ਼ਿਲ੍ਹਾ ਜਲੰਧਰ |
ਮੋਬਾਈਲ : 9815356086.


ਖ਼ਬਰ ਸ਼ੇਅਰ ਕਰੋ

ਕਵਿਤਾਵਾਂ ਜ਼ਰੀਏ ਕਹਿੰਦਾ ਗਣਤੰਤਰ ਸੰਵਿਧਾਨ ਦਾ ਫ਼ਿਕਰ ਕਰੋ

26 ਜਨਵਰੀ 1950 ਉਹ ਇਤਿਹਾਸਕ ਦਿਨ ਸੀ ਜਦੋਂ ਭਾਰਤ ਵਿਚ, ਭਾਰਤ ਸਰਕਾਰ ਅਧੀਨਿਯਮ ਐਕਟ, 1935 ਨੂੰ ਹਟਾ ਕੇ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ | ਇਹੀ ਉਹ ਦਿਨ ਸੀ ਜਦੋਂ ਭਾਰਤ ਫ਼ਖ਼ਰ ਨਾਲ ਸਿਰ ਚੁੱਕ ਕੇ ਦੁਨੀਆ ਨੂੰ ਕਹਿ ਸਕਦਾ ਸੀ, ਹੁਣ ਸਾਡਾ ਆਪਣਾ ਸੰਵਿਧਾਨ ਹੈ | ਸੰਵਿਧਾਨ ਦੇ ਲਾਗੂ ਹੁੰਦਿਆਂ ਹੀ ਭਾਰਤ ਇਕ ਆਜ਼ਾਦ ਗਣਤੰਤਰ ਬਣ ਗਿਆ | ਇਸ ਨੂੰ 26 ਜਨਵਰੀ ਵਾਲੇ ਦਿਨ ਲਾਗੂ ਕੀਤਾ ਗਿਆ ਕਿਉਂਕਿ ਇਸੇ ਦਿਨ ਭਾਰਤੀ ਰਾਸ਼ਟਰੀ ਕਾਂਗਰਸ ਨੇ ਭਾਰਤ ਨੂੰ ਪੂਰੀ ਪੂਰਨ ਸਵਰਾਜ ਐਲਾਨ ਕਰ ਦਿੱਤਾ ਸੀ | ਇਸ ਤੋਂ ਬਾਅਦ ਅਸੀਂ ਲਗਾਤਾਰ ਸੰਵਿਧਾਨ ਦੀ ਪ੍ਰਸਾਤਵਨਾ ਦੁਹਰਾਉਂਦੇ ਰਹੇ, 'ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇਕ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਾਰਮਕ ਗਣਰਾਜ ਬਣਾਉਣ ਲਈ... |' ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਲਗਪਗ ਛੇ ਸੱਤ ਦਹਾਕਿਆਂ ਤੱਕ ਭਾਰਤ ਦਾ ਸੰਵਿਧਾਨ ਸੁਰੱਖਿਅਤ ਬਣਿਆ ਰਿਹਾ |
ਪੂਰੀ ਦੁਨੀਆ ਨੇ ਦੇਖਿਆ ਹੈ ਕਿ ਏਨੀ ਅਣਪੜ੍ਹਤਾ, ਗ਼ਰੀਬੀ, ਭੇਦ-ਭਾਵ ਅਤੇ ਵਿਭਿੰਨਤਾਵਾਂ ਦੇ ਬਾਵਜੂਦ ਗਣਤੰਤਰ ਬਚਿਆ ਰਿਹਾ, ਲੋਕਤੰਤਰ ਬਚਿਆ ਰਿਹਾ ਅਤੇ ਬਚਿਆ ਰਿਹਾ 'ਭਾਰਤ ਦਾ ਸੰਵਿਧਾਨ' | ਰਚਨਾਕਾਰ ਇਸ ਸੰਵਿਧਾਨ 'ਤੇ ਬਹੁਤ ਕੁਝ ਲਿਖਦੇ ਰਹੇ | ਗੀਤ, ਕਵਿਤਾਵਾਂ ਅਤੇ ਵਿਅੰਗ ਵੀ | ਸੰਵਿਧਾਨ ਦੇ ਹੱਕ ਵਿਚ ਲਿਖੇ ਗਏ ਕੁਝ ਗੀਤਾਂ ਨੇ ਤਾਂ ਸੱਚਮੁੱਚ ਭਾਰਤੀ ਦੀ ਆਮ ਜਨਤਾ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦਾ ਕੰਮ ਕੀਤਾ | ਗੀਤਕਾਰ ਹਰੀਓਮ ਪੰਵਾਰ ਦਾ ਇਕ ਗੀਤ ਲੱਖਾਂ ਲੋਕਾਂ ਨੇ ਸੁਣਿਆ | ਗੀਤ ਦੇ ਬੋਲ ਇਸ ਤਰ੍ਹਾਂ ਹਨ :
''ਮੈਂ ਭਾਰਤ ਕਾ ਸੰਵਿਧਾਨ ਹੂੰ,
ਲਾਲਕਿਲ੍ਹੇ ਸੇ ਬੋਲ ਰਹਾ ਹੂੰ |
ਮੇਰਾ ਅੰਤਰਮਨ ਘਾਇਲ ਹੈ,
ਦੁੱਖ ਕੀ ਗਾਂਠੇਂ ਖੋਲ ਰਹਾ ਹੂੰ |
ਮੈਂ ਸ਼ਕਤੀ ਕਾ ਅਮਰ ਗਰਵ ਹੂੰ,
ਆਜ਼ਾਦੀ ਕਾ ਵਿਜੈ ਪਰਵ ਹੂੰ,
ਪਹਿਲੇ ਰਾਸ਼ਟਰਪਤੀ ਕਾ ਗੁਣ ਹੂੰ |
ਬਾਬਾ ਭੀਮਰਾਵ ਕਾ ਮਨ ਹੂੰ,
ਮੈਂ ਬਲਿਦਾਨੋਂ ਕਾ ਚੰਦਨ ਹੂੰ,
ਕਰਤੱਵੋਂ ਕਾ ਅਭਿਨੰਦਨ ਹੂੰ,
ਲੋਕਤੰਤਰ ਕਾ ਉਦਬੋਧਨ ਹੂੰ,
ਅਧਿਕਾਰੋਂ ਕਾ ਸੰਬੋਧਨ ਹੂੰ... |''

ਇਸ ਲੰਬੇ ਗੀਤ ਨੂੰ ਜਦੋਂ ਹਰੀਓਮ ਪੰਵਾਰ ਗਾਉਂਦੇ ਹਨ ਤਾਂ ਅੱਜ ਵੀ ਸਰੋਤਿਆਂ ਦੀਆਂ ਤਾੜੀਆਂ ਰੁਕਦੀਆਂ ਨਹੀਂ ਹਨ | ਸੱਚ ਵੀ ਹੈ ਕਿ ਕਿਸੇ ਵੀ ਨਾਗਰਿਕ ਨੂੰ ਆਪਣੇ ਸੰਵਿਧਾਨ 'ਤੇ ਫ਼ਖ਼ਰ ਹੀ ਹੋਵੇਗਾ |
ਇਸ ਫ਼ਖ਼ਰ ਦੀ ਭਾਵਨਾ ਦੇ ਨਾਲ ਜਨਤਕ ਛੁੱਟੀ ਹੋਣ ਕਾਰਨ ਆਮ ਲੋਕ ਘਰਾਂ ਵਿਚ ਬੈਠ ਕੇ ਟੀ. ਵੀ. 'ਤੇ 26 ਜਨਵਰੀ ਦੀਆਂ ਝਾਕੀਆਂ ਦੇਖਦੇ ਹਨ | ਉਹ ਦੇਖਦੇ ਹਨ ਕਿ ਵੱਖ-ਵੱਖ ਸੂਬਿਆਂ ਦੀ ਪਛਾਣ ਅਤੇ ਸੱਭਿਆਚਾਰ ਕੀ ਹੈ, ਉਹ ਇਹ ਵੀ ਦੇਖਦੇ ਹਨ ਕਿ ਸੂਬਿਆਂ ਅਤੇ ਦੇਸ਼ ਵਿਚ ਵਿਕਾਸ ਕਿਸ ਤਰ੍ਹਾਂ ਹੋ ਰਿਹਾ ਹੈ | ਭਾਰਤ ਕਿਹੜੇ-ਕਿਹੜੇ ਨਵੇਂ ਅਸਤਰ-ਸ਼ਸਤਰ ਬਣਾ ਰਿਹਾ ਹੈ ਅਤੇ ਸਾਡੀਆਂ ਫੌਜਾਂ ਹਵਾ ਵਿਚ ਕੀ-ਕੀ ਕ੍ਰਿਸ਼ਮਾ ਕਰ ਸਕਦੀਆਂ ਹਨ | ਛੁੱਟੀ ਹੋਣ ਦੇ ਕਾਰਨ ਬੱਚਿਆਂ ਲਈ 26 ਜਨਵਰੀ ਸਿਰਫ਼ ਝਾਕੀਆਂ ਦੇਖਣ ਦਾ ਤਿਉਹਾਰ ਹੀ ਹੈ | ਪਰ ਰਚਨਾਕਾਰ ਇਸ ਨਾਲ ਸੰਤੁਸ਼ਟ ਨਹੀਂ ਹੁੰਦਾ |
ਪ੍ਰਸਿੱਧ ਵਿਅੰਗਕਾਰ ਹਰੀਸ਼ੰਕਰ ਪਰਸਾਈ ਨੇ ਇਕ ਵਿਅੰਗ ਲਿਖਿਆ ਸੀ—'ਠਿਠੁਰਤਾ ਹੂਆ ਗਣਤੰਤਰ' | ਇਸ ਵਿਚ ਉਨ੍ਹਾਂ ਨੇ ਆਪਣੀ ਖ਼ਾਸ ਸ਼ੈਲੀ ਵਿਚ ਇਹ ਕਿਹਾ ਕਿ 'ਚਾਰ ਵਾਰ ਮੈਂ ਗਣਤੰਤਰ ਦਿਵਸ ਦਾ ਜਲਸਾ ਦੇਖਣ ਦਿੱਲੀ ਜਾ ਚੁੱਕਾ ਹੂੰ | ਪੰਜਵੀਂ ਵਾਰ ਦੇਖਣ ਦਾ ਹੌਸਲਾ ਨਹੀਂ | ਆਿਖ਼ਰ ਕੀ ਗੱਲ ਹੈ ਕਿ ਹਰ ਵਾਰ ਜਦੋਂ ਮੈਂ ਗਣਤੰਤਰ ਸਮਾਰੋਹ ਦੇਖਦਾ, ਉਦੋਂ ਮੌਸਮ ਬਹੁਤ ਖ਼ਤਰਨਾਕ ਰਹਿੰਦਾ | 26 ਜਨਵਰੀ ਤੋਂ ਪਹਿਲਾਂ ਪਹਾੜਾਂ ਵਿਚ ਬਰਫ਼ ਪੈ ਜਾਂਦੀ ਹੈ | ਸ਼ੀਤ ਲਹਿਰ ਆਉਂਦੀ ਹੈ, ਬੱਦਲ ਛਾ ਜਾਂਦੇ ਹਨ, ਬੂੰਦਾਬਾਂਦੀ ਹੁੰਦੀ ਰਹਿੰਦੀ ਹੈ ਅਤੇ ਸੂਰਜ ਲੁੱਕ ਜਾਂਦਾ ਹੈ |' ਇਸੇ ਵਿਅੰਗ ਵਿਚ ਉਹ ਇਕ ਥਾਂ ਲਿਖਦੇ ਹਨ, 'ਮੈਂ ਇਕ ਕਾਂਗਰਸੀ ਮੰਤਰੀ ਤੋਂ ਪੁੱਛਿਆ ਸੀ ਕਿ ਹਰ ਗਣਤੰਤਰ ਦਿਵਸ ਨੂੰ ਸੂਰਜ ਲੁਕਿਆ ਰਹਿੰਦਾ ਹੈ? ਸੂਰਜ ਦੀਆਂ ਕਿਰਨਾਂ ਦੇ ਹੇਠ ਅਸੀਂ ਉਤਸਵ ਕਿਉਂ ਨਹੀਂ ਮਨਾ ਸਕਦੇ?'
ਉਨ੍ਹਾਂ ਕਿਹਾ, 'ਜ਼ਰਾ ਹੌਸਲਾ ਰੱਖੋ! ਅਸੀਂ ਕੋਸ਼ਿਸ਼ ਵਿਚ ਹਾਂ ਕਿ ਸੂਰਜ ਬਾਹਰ ਆ ਜਾਵੇ | ਪਰ ਏਨੇ ਵੱਡੇ ਸੂਰਜ ਨੂੰ ਬਾਹਰ ਕੱਢਣਾ ਸੌਖਾ ਨਹੀਂ ਹੈ | ਸਮਾਂ ਲੱਗੇਗਾ | ਸਾਨੂੰ ਸੱਤਾ ਦੇ ਘੱਟ ਤੋਂ ਘੱਟ ਸੌ ਸਾਲ ਤਾਂ ਦੇਵੋ |' ਇਸ ਪੂਰੇ ਵਿਅੰਗ ਵਿਚ ਹਰੀਸ਼ੰਕਰ ਪਰਸਾਈ ਸੂਰਜ ਨੂੰ ਸਮਾਨਤਾ, ਬਰਾਬਰੀ, ਵਿਕਾਸ, ਪਛੜੇਪਨ ਦੇ ਦੂਰ ਹੋ ਜਾਣ ਦਾ ਪ੍ਰਤੀਕ ਮੰਨਦੇ ਹਨ |
ਜ਼ਾਹਿਰ ਹੈ ਉਸ ਸਮੇਂ ਵੀ ਸੱਤਾ ਅਤੇ ਸਰਕਾਰ ਨਾਲ ਬੁੱਧੀਜੀਵੀਆਂ ਨੂੰ ਸ਼ਿਕਾਇਤ ਰਹੀ ਹੋਵੇਗੀ | ਪਰ ਉਨ੍ਹਾਂ ਦੇ ਲਿਖਣ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਸੀ | ਲੋਕਤੰਤਰ ਅਤੇ ਸੰਵਿਧਾਨ ਉਦੋਂ ਸੁਰੱਖਿਅਤ ਸੀ | ਪਰ ਪਿਛਲੇ ਕੁਝ ਸਾਲਾਂ ਵਿਚ ਭਾਰਤ ਵਿਚ ਬਹੁਤ ਕੁਝ ਬਦਲ ਗਿਆ ਹੈ | ਵੱਖ-ਵੱਖ ਅੰਦੋਲਨਾਂ ਵਿਚ ਇਹ ਅਸਹਿਮਤ ਕਵਿਤਾਵਾਂ ਅਤੇ ਗੀਤਾਂ ਦੇ ਮਾਧਿਅਮ ਰਾਹੀਂ ਸਾਹਮਣੇ ਆ ਰਿਹਾ ਹੈ | ਜੰਮੂ-ਕਸ਼ਮੀ ਵਿਚ ਧਾਰਾ 370 ਨੂੰ ਹਟਾਇਆ ਜਾਣਾ, ਮਾਬ ਲੀਚਿੰਗ ਅਤੇ ਨਾਗਰਿਕਤਾ ਸੋਧ ਕਾਨੂੰਨ 'ਤੇ ਦੇਸ਼ ਦੇ ਲਗਪਗ ਹਰ ਹਿੱਸੇ ਵਿਚ ਅੰਦੋਲਨ ਹੋ ਰਹੇ ਹਨ | ਉਨ੍ਹਾਂ ਵਿਚ ਇਹ ਰਚਨਾਤਮਕਤਾ ਤਿਖੀ ਹੋਈ ਦਿਖਾਈ ਦੇ ਰਹੀ ਹੈ | ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਦੇ ਵਿਰੋਧ ਵਿਚ ਮੁੰਬਈ ਵਿਚ ਹੋ ਰਹੇ ਅੰਦੋਲਨ ਦੇ ਦੌਰਾਨ ਇਕ ਨੌਜਵਾਨ ਪੁਨੀਤ ਸ਼ਰਮਾ ਨੇ ਕਵਿਤਾ ਪੜ੍ਹੀ—
''ਹਿੰਦੁਸਤਾਨ ਸੇ ਮੇਰਾ ਸੀਧਾ ਰਿਸ਼ਤਾ ਹੈ
ਤੁਮ ਕੌਨ ਹੋ ਬੇ
ਕਿਉਂ ਬਤਲਾਊਾ ਤੁਮਕੋ ਕਿਤਨਾ ਗਹਿਰਾ ਹੈ
ਤੁਮ ਕੌਨ ਹੋ ਬੇ
ਤੁਮ ਚੀਖੋ ਤੁਮ ਹੀ ਚਿੱਲਾਓ
ਕਾਗਜ਼ ਲਾ ਲਾਕਰ ਬਤਲਾਓ
ਪਰ ਮੇਰੇ ਕਾਨ ਨ ਖਾਓ ਤੁਮ
ਬੇਮਤਲਬ ਨ ਗੁਰਰਾਓ ਤੁਮ
ਯੇ ਮੇਰਾ ਦੇਸ਼ ਹੈ
ਇਸਸੇ ਮੈਂ ਚੁਪਚਾਪ ਮੁਹੱਬਤ ਕਰਤਾ ਹੂੰ... |''

ਇਹ ਕਵਿਤਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਹੈ | ਜ਼ਾਹਿਰ ਹੈ ਕਿ ਲੋਕ ਇਸ ਨੂੰ ਪਸੰਦ ਹੀ ਨਹੀਂ ਕਰ ਰਹੇ ਸਗੋਂ ਇਸ ਵਿਚ ਕਹੀਆਂ ਗਈਆਂ ਗੱਲਾਂ ਨਾਲ ਵੀ ਇਤਫ਼ਾਕ ਰੱਖਦੇ ਹਨ | ਪਿਛਲੇ ਕੁਝ ਸਮੇਂ ਵਿਚ ਸਾਡੇ ਗਣਤੰਤਰ ਨੇ ਮਾਬ ਲੀਚਿੰਗ ਵਰਗੀਆਂ ਚੀਜ਼ਾਂ ਨੂੰ ਵੀ ਪਹਿਲੀ ਵਾਰ ਦੇਖਿਆ | ਭੀੜ ਵਲੋਂ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਨਾਲ ਦੇਸ਼ ਵਿਚ ਭੈਅ ਦਾ ਮਾਹੌਲ ਪੈਦਾ ਹੋ ਗਿਆ | ਦਿੱਲੀ ਆਈ. ਆਈ. ਟੀ. ਦੇ ਨਵੀਨ ਚੌਰੇ ਨੇ ਇਸ 'ਤੇ ਇਕ ਕਵਿਤਾ ਲਿਖੀ, ਜਿਸ ਦੇ ਬੋਲ ਇਸ ਤਰ੍ਹਾਂ ਹਨ :
''ਇਸ ਸੜਕ ਪੇ ਖ਼ੂਨ ਹੈ
ਤਾਰੀਖ ਤਪਤਾ ਜੂਨ ਹੈ
ਏਕ ਉਂਗਲੀ ਹੈ ਪੜੀ
ਔਰ ਉਸਪੇ ਜੋ ਨਾਖੁਨ ਹੈ
ਨਾਖੁਨ ਪੇ ਹੈ ਏਕ ਨਿਸ਼ਾਂ
ਅਬ ਕੌਨ ਹੋਗਾ ਹੁਕਮਰਾਨ
ਯੇ ਉਂਗਲੀ ਭੀ ਤਬ ਥੀ ਵਹਾਂ
ਜਿਸਮ ਇਸਕਾ ਹੈ ਕਹਾਂ?
ਮਰ ਗਯਾ ਕਿ ਥਾ ਹੀ ਨਹੀਂ?...''

ਕਵਿਤਾ ਅੱਗੇ ਵੀ ਹੈ | ਜੁਲਾਈ ਵਿਚ ਯੂ-ਟਿਊਬ 'ਤੇ ਅਪਲੋਡ ਹੋਈ ਇਸ ਕਵਿਤਾ ਨੂੰ ਲੱਖਾਂ ਲੋਕਾਂ ਨੇ ਸੁਣਿਆ ਹੈ | ਹਰ ਵਿਅਕਤੀ ਦਾ ਵਿਰੋਧ ਅਤੇ ਪ੍ਰਤੀਰੋਧ ਦਾ ਆਪਣਾ ਢੰਗ ਹੈ | ਸਮਾਜ ਵਿਚ ਜੇਕਰ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਨਤਾ ਦੀ ਅਹਿਮੀਅਤ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤਾਂ ਸਾਨੂੰ ਇਕ ਵਾਰ ਫਿਰ ਤੋਂ ਸੋਚਣਾ ਹੋਵੇਗਾ | ਨਹੀਂ ਹਬੀਬ ਜਿਲਾਨੀ ਅਤੇ ਫੈਜ਼ ਅਹਿਮਦ ਫੈਜ਼ ਵਰਗੇ ਪਤਾ ਨਹੀਂ ਤਾਂ ਕਿੰਨੇ ਕਵੀ ਅਤੇ ਸ਼ਾਇਰਾਂ ਦੀਆਂ ਰਚਨਾਵਾਂ ਸਾਹਮਣੇ ਆਉਣਗੀਆਂ ਅਤੇ ਕਹਿਣਗੀਆਂ—'ਤੁਮ ਨਹੀਂ ਚਾਰਾਗਰ, ਕੋਈ ਮਾਨੇ ਮਗਰ ਮੈਂ ਨਹੀਂ ਮਾਨਤਾ, ਮੈਂ ਨਹੀਂ ਮਾਨਤਾ |' ਕਿਉਂਕਿ ਗਣਤੰਤਰ ਦਿਵਸ ਮਨਾਉਣ ਜਿੰਨਾ ਹੀ ਅਹਿਮ ਹੈ ਗਣਤੰਤਰ ਨੂੰ , ਸੰਵਿਧਾਨ ਨੂੰ ਬਚਾਉਣਾ |

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼ ਅਮਰ ਸ਼ਹੀਦ ਬਾਬਾ ਦੀਪ ਸਿੰਘ

ਸਿੱਖ ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਹਮੇਸ਼ਾ ਆਪਣੀ ਕੌਮ ਦੀ ਗ਼ੈਰਤ ਨੂੰ ਬਚਾਉਣ ਲਈ ਜਾਨਾਂ ਕੁਰਬਾਨ ਕੀਤੀਆਂ | ਅਸਲ ਵਿਚ ਸਿੱਖ ਇਤਿਹਾਸ ਹੈ ਹੀ ਸ਼ਹੀਦਾਂ ਦਾ ਇਤਿਹਾਸ | ਸ਼ਹੀਦ ਹੋਣ ਵਾਲੇ ਮਰਜ਼ੀਵੜੇ ਹਮੇਸ਼ਾ ਹੀ ਹੱਕ, ਸੱਚ ਤੇ ਇਨਸਾਫ਼ ਲਈ ਡਟੇ ਰਹਿੰਦੇ ਹਨ |
'ਸ਼ਹਾਦਤ' ਅਤੇ 'ਸ਼ਹੀਦ' ਸ਼ਬਦ ਅਰਬੀ ਭਾਸ਼ਾ ਦੇ ਹਨ | ਸ਼ਹਾਦਤ ਦਾ ਅਰਥ ਹੈ—ਗਵਾਹੀ | ਸ਼ਹੀਦ, ਸੱਚ ਲਈ ਸਰੀਰ ਦੀ ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ | ਸ਼ਹੀਦ ਰਾਹਾਂ 'ਤੇ ਨਹੀਂ ਤੁਰਦੇ, ਸਗੋਂ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਰਸਤੇ ਤਿਆਰ ਕਰਦੇ ਹਨ, ਜੋ ਉਨ੍ਹਾਂ ਦੀ ਸ਼ਹੀਦੀ ਦੀ ਅਸਲ ਯਾਦਗਾਰ ਹੋ ਨਿੱਬੜਦੇ ਹਨ | ਅਸਲ ਵਿਚ ਸੂਰਮਾ ਹੀ ਸ਼ਹੀਦੀ ਪਾ ਸਕਦਾ ਹੈ ਤੇ ਸੂਰਮੇ ਦੀ ਸੱਚੀ ਪਰਖ ਭਗਤ ਕਬੀਰ ਜੀ ਇੰਜ ਦੱਸਦੇ ਹਨ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ¨
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ¨
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ : 1105)

ਸੋ, ਸੱਚ ਤੇ ਇਨਸਾਫ਼ ਦੀ ਖ਼ਾਤਰ ਡਟ ਜਾਣਾ ਤਾਂ ਸ਼ਹੀਦਾਂ ਦੇ ਸੁਭਾਅ ਦਾ ਮੀਰੀ ਗੁਣ ਹੁੰਦਾ ਹੈ | ਉਹ ਮੈਦਾਨ-ਏ-ਜੰਗ ਵਿਚ ਪਿੱਠ ਨਹੀਂ ਵਿਖਾਉਂਦੇ, ਸਗੋਂ ਪ੍ਰਾਣਾਂ ਨੂੰ ਨਿਛਾਵਰ ਕਰਦੇ ਹਨ, ਨਿੱਜ ਲਈ ਨਹੀਂ, ਸਗੋਂ ਕੌਮ ਲਈ | ਜੋ ਸੂਰੇ ਕੌਮ ਲਈ ਜਾਨ ਕੁਰਬਾਨ ਕਰਦੇ ਹਨ, ਅਜਿਹੇ ਵਿਅਕਤੀਆਂ ਨੂੰ ਸੰਸਾਰ ਸ਼ਹੀਦਾਂ ਦੀ ਪਦਵੀ ਦੇ ਕੇ ਸਤਿਕਾਰਦਾ ਹੈ | ਅਜਿਹੇ ਸੂਰਿਆਂ ਵਿੱਚੋਂ ਸਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਸ਼ਹੀਦ ਦੀ ਪਦਵੀ ਦੇ ਕੇ ਸਤਿਕਾਰਿਆ ਗਿਆ ਹੈ |
ਬਾਬਾ ਦੀਪ ਸਿੰਘ ਜੀ ਦੇ ਜਨਮ ਬਾਰੇ ਇਤਿਹਾਸਕਾਰਾਂ ਵਿਚ ਮਤਭੇਦ ਪਾਏ ਜਾਂਦੇ ਹਨ | ਕੁਝ ਵਿਦਵਾਨਾਂ ਦੇ ਅਨੁਸਾਰ ਆਪ ਜੀ ਦਾ ਜਨਮ 14 ਮਾਘ ਸੰਮਤ 1737 (ਜਨਵਰੀ 1682 ਈ.) ਨੂੰ ਮਾਤਾ ਜੀਊਣੀ ਜੀ ਦੀ ਕੁੱਖੋਂ ਪਿੰਡ ਪਹੂਵਿੰਡ, ਜ਼ਿਲ੍ਹਾ ਅੰਮਿ੍ਤਸਰ ਵਿਖੇ ਭਾਈ ਭਗਤਾ ਜੀ ਦੇ ਘਰ ਹੋਇਆ | ਬਾਬਾ ਦੀਪ ਸਿੰਘ ਜੀ ਨੂੰ ਬਚਪਨ ਵਿਚ ਸਾਰੇ ਦੀਪਾ ਕਹਿ ਕੇ ਬੁਲਾਉਂਦੇ ਸਨ | ਪਿਤਾ ਜੀ ਪਾਸੋਂ ਗੁਰੂ-ਘਰ ਦੀਆਂ ਸਾਖੀਆਂ ਸੁਣ ਕੇ ਆਪ ਜੀ ਦੇ ਬਾਲ-ਮਨ ਉੱਪਰ ਡੂੰਘਾ ਅਸਰ ਹੋਇਆ | ਅਰਬੀ, ਫ਼ਾਰਸੀ ਭਾਸ਼ਾ ਦਾ ਗਿਆਨ ਆਪ ਜੀ ਨੇ ਅਨੰਦਪੁਰ ਸਾਹਿਬ ਵਿਖੇ ਕਲਗੀਧਰ ਜੀ ਦੇ ਦਰਬਾਰ ਵਿਚ ਰਹਿ ਕੇ ਹਾਸਲ ਕੀਤਾ | ਖ਼ਾਲਸਾ ਪੰਥ ਦੀ ਸਾਜਨਾ ਸਮੇਂ ਦਸਮੇਸ਼ ਜੀ ਦੇ ਕਾਰਜ ਦਾ ਆਪ ਜੀ ਉੱਪਰ ਬਹੁਤ ਪ੍ਰਭਾਵ ਪਿਆ | ਜਦ ਬਾਬਾ ਜੀ ਦੇ ਮਨ ਵਿਚ ਅੰਮਿ੍ਤਪਾਨ ਕਰਨ ਦੀ ਇੱਛਾ ਪ੍ਰਗਟ ਹੋਈ ਤਾਂ ਆਪ ਜੀ ਨੇ ਮਾਤਾ-ਪਿਤਾ ਸਮੇਤ 1700 ਈ: ਵਿਚ ਅੰਮਿ੍ਤ ਛਕ ਲਿਆ | ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਆਪ ਜੀ ਨੂੰ ਆਪਣੇ ਪਾਸ ਰੱਖ ਲਿਆ ਅਤੇ ਕਿਹਾ, 'ਇਹ ਇਥੇ ਰਹਿ ਕੇ ਹੀ ਹੋਰ ਦੀਪਕ ਜਗਾਏਗਾ!' ਸੋ ਬਾਬਾ ਜੀ ਨੇ ਸੱਚਮੁੱਚ ਹੀ ਆਪਣੀ ਸਾਰੀ ਜ਼ਿੰਦਗੀ ਸੰਗਤਾਂ ਨੂੰ ਰੱਬੀ ਗੁਰਬਾਣੀ ਦਾ ਚਾਨਣ ਵੰਡਦਿਆਂ ਬਤੀਤ ਕੀਤੀ | ਭਾਈ ਮਨੀ ਸਿੰਘ ਜੀ ਪਾਸੋਂ ਆਪ ਗੁਰਬਾਣੀ ਦੇ ਅਰਥ ਸਮਝਦੇ ਤੇ ਕੰਠ ਕਰਦੇ | ਨਾਲ ਹੀ ਬਾਬਾ ਦੀਪ ਸਿੰਘ ਜੀ ਨੇ ਨੇਜ਼ਾ, ਘੋੜ-ਸਵਾਰੀ, ਤਲਵਾਰਬਾਜ਼ੀ ਤੇ ਗਤਕੇਬਾਜ਼ੀ ਵਿਚ ਵੀ ਚੰਗੀ ਮੁਹਾਰਤ ਹਾਸਲ ਕਰ ਲਈ | ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੜਾਈਆਂ ਵਿਚ ਆਪ ਨੇ ਬੜੀ ਸੂਰਬੀਰਤਾ ਵਿਖਾਈ ਅਤੇ ਗੁਰੂ ਜੀ ਦਾ ਪੂਰਾ-ਪੂਰਾ ਸਾਥ ਦਿੱਤਾ | ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੂੰ ਲਗਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ ਤੇ ਫਿਰ ਗੁਰੂ ਜੀ ਨੇ ਸਿੱਖਾਂ ਨੂੰ ਬਾਣੀ ਦੇ ਅਰਥ ਪੜ੍ਹਾਏ | ਮੰਨਿਆ ਜਾਂਦਾ ਹੈ ਕਿ ਇਥੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਟਕਸਾਲ ਆਰੰਭ ਹੋਈ; ਜੋ ਅੱਜ ਦਮਦਮੀ ਟਕਸਾਲ ਦੇ ਨਾਂਅ ਨਾਲ ਜਾਣੀ ਜਾਂਦੀ ਹੈ | ਬਾਬਾ ਦੀਪ ਸਿੰਘ ਜੀ ਨੇ ਲਗਭਗ ਚਾਰ ਬੀੜਾਂ ਦਾ ਹੱਥੀਂ ਉਤਾਰਾ ਕੀਤਾ | ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਬਾਬਾ ਜੀ ਨੇ ਜੰਗਾਂ ਵਿਚ ਹਿੱਸਾ ਲਿਆ | ਮਿਸਲ-ਕਾਲ ਵਿਚ ਆਪ ਜੀ ਸ਼ਹੀਦ ਮਿਸਲ ਦੇ ਜਥੇਦਾਰ ਸਨ | ਅਬਦਾਲੀ ਜੋ ਸਿੱਖ-ਵਿਰੋਧੀ ਸੀ, ਉਹ ਸਿੱਖਾਂ ਨੂੰ ਮਾਰਨ ਲਈ ਤੁਲਿਆ ਹੋਇਆ ਸੀ | ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਜਦ ਉਹ ਲਾਹੌਰ ਠਹਿਰਿਆ ਤਾਂ ਉਸ ਨੇ ਅੰਮਿ੍ਤਸਰ ਸ਼ਹਿਰ ਨੂੰ ਲੁੱਟਿਆ, ਪਵਿੱਤਰ ਇਮਾਰਤਾਂ ਨੂੰ ਢਾਹ ਦਿੱਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਕੂੜੇ-ਕਰਕਟ ਨਾਲ ਭਰ ਦਿੱਤਾ | ਇਸ ਤੋਂ ਇਲਾਵਾ ਉਸ ਨੇ ਕਈ ਸੁੰਦਰ ਇਸਤਰੀਆਂ ਨੂੰ ਵੀ ਕੈਦ ਕਰ ਲਿਆ | ਇਸ ਬਾਰੇ ਜਦ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਤਾਂ ਆਪ ਨੇ ਗੁਰਧਾਮਾਂ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਸ: ਜੱਸਾ ਸਿੰਘ ਆਹਲੂਵਾਲੀਏ ਨਾਲ ਮਿਲ ਕੇ 500-500 ਸਿੰਘਾਂ ਦੇ ਜਥੇ ਬਣਾ ਕੇ ਗੁਰੀਲਾ ਯੁੱਧ ਕਰਨ ਦਾ ਫ਼ੈਸਲਾ ਕੀਤਾ | ਸਿੰਘਾਂ ਨੇ ਅਚਾਨਕ ਜ਼ੋਰਦਾਰ ਹਮਲਾ ਕਰ ਦਿੱਤਾ ਅਤੇ ਕੀਮਤੀ ਸਾਜ਼ੋ-ਸਾਮਾਨ ਤੇ ਮੁਟਿਆਰਾਂ ਵਾਲੇ ਗੱਡੇ ਹਿੱਕ ਲਿਆਂਦੇ | ਇਹ ਉਹ ਸਮਾਂ ਸੀ ਜਦੋਂ ਅਬਦਾਲੀ ਦੀ ਤਾਕਤ ਜ਼ੋਰ ਫੜ ਚੁੱਕੀ ਸੀ | ਕੋਈ ਵੀ ਮਰਹੱਟਾ, ਰੁਹੇਲਾ ਇਨ੍ਹਾਂ ਬੇਵੱਸ ਮੁਟਿਆਰਾਂ (ਜਿਨ੍ਹਾਂ ਨੂੰ ਅਬਦਾਲੀ ਨੇ ਬੰਦੀ ਬਣਾਇਆ) ਦੀ ਮਦਦ ਲਈ ਨਾ ਪਹੁੰਚਿਆ | ਬਾਬਾ ਦੀਪ ਸਿੰਘ ਜੀ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਇਨ੍ਹਾਂ ਮਜ਼ਲੂਮ ਇਸਤਰੀਆਂ ਨੂੰ ਛੁਡਵਾਉਣ ਦੇ ਨਾਲ-ਨਾਲ, ਘਰ-ਘਰ ਤੱਕ ਵੀ ਪਹੁੰਚਾਇਆ |
ਸਿੱਖਾਂ ਦੇ ਕੇਂਦਰੀ ਅਸਥਾਨ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਅਤੇ ਆਜ਼ਾਦ ਕਰਵਾਉਣ ਲਈ ਦੂਰ ਦੀਆਂ ਸਿੱਖ ਸੰਗਤਾਂ ਬਾਬਾ ਜੀ ਕੋਲ ਪਹੁੰਚ ਗਈਆਂ ਅਤੇ ਸਫਲਤਾ ਪ੍ਰਾਪਤ ਕਰਨ ਲਈ ਬਾਬਾ ਜੀ ਨੇ ਹੱਥ ਜੋੜ ਕੇ ਅਰਦਾਸ ਕੀਤੀ | ਉਧਰ ਜਹਾਨ ਖ਼ਾਨ ਨੇ ਸਹਾਇਕ ਅਤਾਈ ਖਾਨ ਨੂੰ ਸਿੱਖਾਂ ਉੱਤੇ ਹਮਲਾ ਕਰਨ ਦੇ ਆਦੇਸ਼ ਦੇ ਦਿੱਤੇ | ਜਹਾਨ ਖਾਨ ਘੋੜ-ਸਵਾਰ ਸੈਨਾ ਲੈ ਕੇ ਗੋਹਲਵੜ ਦੇ ਸਥਾਨ 'ਤੇ ਪਹੁੰਚ ਗਿਆ | ਸ੍ਰੀ ਹਰਿਮੰਦਰ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਸਿੱਖ ਜੋਸ਼ ਨਾਲ ਭਰੇ ਹੋਏ ਸਨ, ਜਾਨਾਂ ਹੂਲ ਕੇ ਲੜੇ ਅਤੇ ਅਫ਼ਗਾਨ ਜਾਬਰਾਂ ਦੇ ਛੱਕੇ ਛੁਡਾ ਦਿੱਤੇ | ਸਿੰਘਾਂ ਦੀ ਅਗਵਾਈ ਬਾਬਾ ਨੌਧ ਸਿੰਘ ਜੀ ਕਰ ਰਹੇ ਸਨ | ਲੜਾਈ ਸਮੇਂ ਜਦ ਬਾਬਾ ਨੌਧ ਸਿੰਘ ਜੀ ਸ਼ਹੀਦੀ ਪਾ ਗਏ ਤਾਂ ਆਮ ਤੌਰ 'ਤੇ ਆਗੂ ਦੀ ਮੌਤ ਤੋਂ ਬਾਅਦ ਫ਼ੌਜਾਂ ਪਿੱਛੇ ਹਟ ਜਾਂਦੀਆਂ ਹਨ, ਪਰ ਇਥੇ ਇਹ ਕਥਨ ਸਾਕਾਰ ਵਰਤਿਆ:
ਜਬੈ ਬਾਣ ਲਾਗÝੋ¨ ਤਬੈ ਰੋਸ ਜਾਗÝੋ¨ (ਬਚਿਤ੍ਰ ਨਾਟਕ)
ਜਥੇ ਦੀ ਕਮਾਨ ਬਾਬਾ ਦੀਪ ਸਿੰਘ ਜੀ ਨੇ ਸੰਭਾਲ ਲਈ | ਅਫ਼ਗਾਨੀ ਫ਼ੌਜ, ਜੋ ਸਿੱਖ ਫ਼ੌਜ ਤੋਂ ਤਿੰਨ ਗੁਣਾ ਜ਼ਿਆਦਾ ਸੀ, ਉਸ ਦੇ ਪੈਰ ਉਖੜ ਗਏ ਅਤੇ ਉਹ ਪਿਛਾਂਹ ਵੱਲ ਨੂੰ ਨੱਠ ਉੱਠੀ | ਜਹਾਨ ਖ਼ਾਨ ਨੇ ਬਾਬਾ ਦੀਪ ਸਿੰਘ ਜੀ ਨੂੰ ਦੋ ਹੱਥ ਕਰਨ ਲਈ ਵੰਗਾਰਿਆ |
ਬਾਬਾ ਦੀਪ ਸਿੰਘ ਜੀ ਸ਼ੇਰ ਵਾਂਗ ਗੱਜਦੇ ਹੋਏ ਵੈਰੀ 'ਤੇ ਜਾ ਪਏ | ਅਚਾਨਕ ਹੋਏ ਵਾਰ ਕਾਰਨ ਬਾਬਾ ਦੀਪ ਸਿੰਘ ਜੀ ਦੀ ਧੌਣ ਉੱਤੇ ਇਕ ਘਾਤਕ ਵਾਰ ਹੋ ਗਿਆ | ਜਹਾਨ ਖਾਨ ਵੀ ਗੰਭੀਰ ਜ਼ਖ਼ਮੀ ਹੋ ਗਿਆ | ਬਾਬਾ ਦੀਪ ਸਿੰਘ ਜੀ ਜ਼ਖ਼ਮੀ ਹੋ ਜਾਣ 'ਤੇ ਵੀ ਜ਼ਾਲਮਾਂ ਨਾਲ ਲੜਦੇ ਹੋਏ, ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਆਪਣਾ ਸੀਸ ਭੇਟ ਕਰ ਕੇ ਸ਼ਹੀਦ ਹੋ ਗਏ | ਉਸ ਸਮੇਂ ਆਪ ਦੀ ਉਮਰ ਲਗਪਗ 75 ਕੁ ਵਰ੍ਹੇ ਦੀ ਸੀ | ਕਥਨੀ ਤੇ ਕਰਨੀ ਦੇ ਸੂਰੇ ਨੇ ਗੁਰੂ ਦੇ ਨਾਂਅ ਆਪਣਾ ਸੀਸ ਭੇਟ ਕੀਤਾ ਅਤੇ ਹਮੇਸ਼ਾਂ ਲਈ ਅਮਰ ਹੋ ਗਏ | ਭਗਤ ਕਬੀਰ ਜੀ ਫ਼ਰਮਾਉਂਦੇ ਹਨ:
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ¨
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ¨ (ਅੰਗ : 1365)

ਇਸ ਪ੍ਰਕਾਰ ਬਾਬਾ ਦੀਪ ਸਿੰਘ ਜੀ ਨੇ ਗੁਰੂ-ਘਰ ਤੋਂ ਪ੍ਰਾਪਤ ਸਿੱਖਿਆ ਨੂੰ ਕਮਾਇਆ, ਬਜ਼ੁਰਗ ਅਵਸਥਾ ਵਿਚ ਵੀ ਕੀਤੇ ਹੋਏ ਪ੍ਰਣ ਨੂੰ ਪੂਰਾ ਕੀਤਾ | ਲੋੜ ਹੈ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਅਤੇ ਗੁਰਸਿੱਖੀ ਜੀਵਨ ਵਿਚ ਪ੍ਰਪੱਕ ਰਹਿਣ ਦੀ |

-ਰਿਸਰਚ ਸਕਾਲਰ, ਸਿੱਖ ਇਤਿਹਾਸ ਰਿਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |

ਜੀਨ ਡਾਮਨੀਕ ਬੌਬੀ ਜਿਸ ਨੇ ਪਲਕ ਨੂੰ ਉਂਗਲੀਆਂ ਬਣਾ ਲਿਆ

ਕਾਮਯਾਬੀ ਦੀ ਜਿਸ ਸਿਖ਼ਰ 'ਤੇ ਪਹੁੰਚਣ ਦਾ ਹਰੇਕ ਇਨਸਾਨ ਸੁਪਨਾ ਵੇਖਦਾ ਹੈ, ਬੌਬੀ ਉਸ ਸਿਖ਼ਰ ਨੂੰ ਚੁੰਮ ਚੁੱਕਾ ਸੀ | 'ਬੈਲੈਂਸਡ ਲਾਈਫ' ਦੇ ਨਾਂਅ 'ਤੇ ਉਸ ਕੋਲ ਵਾਈਟ ਕਾਲਰ ਜੌਬ, ਖੁੱਲ੍ਹਾ ਪੈਸਾ, ਚੰਗੀ ਪਤਨੀ, ਦੋ ਬੱਚੇ, ਉੱਚਾ ਰੁਤਬਾ, ਸਿਹਤਮੰਦ ਸਰੀਰ, ਦੁਨੀਆ ਦੀਆਂ ਸੈਰਾਂ ਅਤੇ ਐਸ਼ਪ੍ਰਸਤੀ ਦੀ ਜ਼ਿੰਦਗੀ ਸੀ | 23 ਅਪ੍ਰੈਲ, 1952 ਨੂੰ ਪੈਰਿਸ ਵਿਚ ਪੈਦਾ ਹੋਏ ਜੀਨ ਡਾਮਨੀਕ ਬੌਬੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਪੱਤਰਕਾਰ ਵਜੋਂ ਕੀਤੀ | ਸਫ਼ਲਤਾ ਦੀ ਪੌੜੀ ਚੜ੍ਹਦਿਆਂ ਉਹ ਪੈਰਿਸ ਦੀ ਮਸ਼ਹੂਰ ਫੈਸ਼ਨ ਮੈਗਜ਼ੀਨ '5LL95' ਦਾ ਚੀਫ਼ ਐਡੀਟਰ ਬਣ ਗਿਆ | ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਸੀ | ਉਹ ਹਫ਼ਤੇ ਵਿਚ 5 ਦਿਨ ਕੰਮ ਕਰਦਾ ਸੀ ਅਤੇ 2 ਦਿਨ ਆਪਣੀ ਪਤਨੀ ਅਤੇ ਬੱਚਿਆਂ ਨਾਲ ਮੌਜ-ਮਸਤੀ ਕਰਦਾ ਸੀ | ਉਸ ਨੂੰ ਵਾਇਲਨ ਵਜਾਉਣ ਦਾ ਸ਼ੌਕ ਸੀ | ਉਹ ਝੀਲਾਂ ਦੇ ਕਿਨਾਰੇ 'ਤੇ ਬੈਠ ਕੇ ਕਈ-ਕਈ ਘੰਟਿਆਂ ਤੱਕ ਵਾਇਲਨ ਵਜਾਉਂਦਾ ਰਹਿੰਦਾ ਸੀ | ਉਸ ਨੂੰ ਥੀਏਟਰ ਵਿਚ ਫ਼ਿਲਮਾਂ ਵੇਖਣ ਦਾ, ਨਵੇਂ ਨਵੇਂ ਰੈਸਟੋਰੈਂਟਾਂ 'ਚ ਖਾਣਾ ਖਾਣ ਦਾ, ਕਿਤਾਬਾਂ ਅਤੇ ਰਸਾਲੇ ਪੜ੍ਹਨ ਦਾ ਅਤੇ ਕੌਫੀ ਦੇ ਲੰਬੇ-ਲੰਬੇ ਘੁੱਟ ਭਰਦਿਆਂ ਪਤਨੀ ਨਾਲ ਗੱਲਾਂ ਕਰਨ ਦਾ ਵੀ ਸ਼ੌਕ ਸੀ | ਉਸ ਨੂੰ ਫੁੱਟਬਾਲ ਦੇ ਮੈਚ ਵੇਖਣਾ ਵੀ ਪਸੰਦ ਸੀ ਅਤੇ ਫੈਸ਼ਨ ਦੀ ਦੁਨੀਆ ਵਿਚ ਵਾਪਰ ਰਹੀਆਂ ਤਬਦੀਲੀਆਂ ਵਿਚ ਵੀ ਉਹ ਖੂਬ ਦਿਲਚਸਪੀ ਰੱਖਦਾ ਸੀ | ਫਿਰ ਉਸ ਦੀ ਜ਼ਿੰਦਗੀ ਵਿਚ ਇਕ 'ਯੂ ਟਰਨ' ਆਇਆ | ਇਹ 8 ਦਸੰਬਰ, 1995 ਦੀ ਦੁਪਹਿਰ ਸੀ | ਉਸ ਨੇ ਕੁਰਸੀ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਸਰੀਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ | ਉਹ ਕੋਮਾ ਵਿਚ ਚਲਾ ਗਿਆ ਸੀ | ਇਹ ਸਭ ਕੁਝ ਇਕ ਸਟਰੋਕ ਦਾ ਨਤੀਜਾ ਸੀ | ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦਾ ਸਰੀਰ ਜਾਮ ਹੋ ਚੁੱਕਾ ਸੀ | ਉਸ ਦਾ ਜਿਗਰ ਖ਼ੂਨ ਬਣਾ ਰਿਹਾ ਸੀ, ਉਸ ਦਾ ਦਿਲ ਖੂਨ ਨੂੰ ਪੰਪ ਵੀ ਕਰ ਰਿਹਾ ਸੀ ਅਤੇ ਇਹ ਖੂਨ ਸਾਰੀਆਂ ਰਗਾਂ ਵਿਚ ਦੌੜ ਕੇ ਮੁੜ ਦਿਲ ਵਿਚ ਪਰਤ ਕੇ ਵੀ ਆ ਰਿਹਾ ਸੀ | ਉਸ ਦੇ ਸਾਹ ਫੇਫੜਿਆਂ ਦੀਆਂ ਦੀਵਾਰਾਂ ਨਾਲ ਟਕਰਾ ਕੇ ਵਾਪਸ ਵੀ ਆ ਰਹੇ ਸਨ ਪਰ ਉਸ ਦੀ ਹੈਸੀਅਤ ਜਵਾਬ ਦੇ ਚੁੱਕੀ ਸੀ | ਉਸ ਦਾ ਸਰੀਰ, ਉਸ ਦਾ ਦਿਮਾਗ਼ ਅਤੇ ਉਸ ਦੀ ਰੂਹ ਸਭ ਡੂੰਘੀ ਨੀਂਦ ਵਿਚ ਸੌਾ ਚੁੱਕੇ ਸਨ | ਉਹ ਵੈਂਟੀਲੇਟਰ 'ਤੇ ਸੀ ਅਤੇ ਉਸ ਨੂੰ ਪਾਈਪ ਦੇ ਜ਼ਰੀਏ ਖੁਰਾਕ ਦਿੱਤੀ ਜਾ ਰਹੀ ਸੀ | ਡਾਕਟਰ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਦੇ ਹੱਥ ਹਰ ਰੋਜ਼ ਨਿਰਾਸ਼ਾ ਹੀ ਲੱਗਦੀ ਸੀ | 20 ਦਿਨ ਬਾਅਦ ਉਸ ਦੀ ਅੱਖ ਖੁੱਲ੍ਹੀ ਤਾਂ ਪਤਾ ਲੱਗਿਆ ਕਿ ਉਹ 'ਲਾਕ ਇਨ ਸਿੰਡਰੋਮ' ਨਾਂਅ ਦੀ ਬੀਮਾਰੀ ਦਾ ਸ਼ਿਕਾਰ ਹੋ ਚੁੱਕਾ ਸੀ | ਇਹ ਇਕ ਅਜਿਹੀ ਬੀਮਾਰੀ ਸੀ, ਜਿਸ ਵਿਚ ਇਨਸਾਨ ਦਾ ਸਿਰਫ਼ ਦਿਮਾਗ਼ ਚੱਲਦਾ ਹੈ ਪਰ ਸਰੀਰ ਦੇ ਬਾਕੀ ਅੰਗ ਕੰਮ ਕਰਨ ਤੋਂ ਇਨਕਾਰ ਕਰ ਦਿੰਦੇ ਹਨ | ਬੌਬੀ ਦਾ ਸਰੀਰ ਵੀ ਕੁਝ ਅਜਿਹਾ ਹੀ ਹੋ ਚੁੱਕਾ ਸੀ | ਬੌਬੀ ਨਾ ਖਾ ਸਕਦਾ ਸੀ, ਨਾ ਬੋਲ ਸਕਦਾ ਸੀ ਅਤੇ ਨਾ ਹੀ ਆਪਣੇ ਸਰੀਰ ਦੇ ਕਿਸੇ ਅੰਗ ਨੂੰ ਹਿਲਾ ਸਕਦਾ ਸੀ | ਆਪਣੀ ਗੱਲ ਸਮਝਾਉਣ ਲਈ ਉਸ ਕੋਲ ਨਾ ਆਵਾਜ਼ ਸੀ, ਨਾ ਹਰਕਤ ਸੀ ਅਤੇ ਨਾ ਹੀ ਇਸ਼ਾਰੇ ਕਰਨ ਜਿੰਨੀ ਤਾਕਤ ਸੀ, ਕਿਉਂਕਿ ਇਸ ਬੀਮਾਰੀ ਨੇ ਉਸ ਦੇ ਚਿਹਰੇ ਦੀਆਂ ਸਾਰੀਆਂ ਮਾਸਪੇਸ਼ੀਆਂ ਜਾਮ ਕਰ ਦਿੱਤੀਆਂ ਸਨ | ਫਿਰ ਇਕ ਦਿਨ ਪ੍ਰਮਾਤਮਾ ਦੀ ਮਿਹਰ ਹੋਈ ਅਤੇ ਬੌਬੀ ਦੀ ਸੁਣਨ ਦੀ ਤਾਕਤ ਵਾਪਸ ਆ ਗਈ | ਕੁਝ ਦਿਨ ਮਗਰੋਂ ਉਸ ਦੀ ਖੱਬੀ ਅੱਖ ਦੀ ਪਲਕ ਨੇ ਵੀ ਕੰਮ ਕਰਨਾ ਸ਼ੂਰੂ ਕਰ ਦਿੱਤਾ | ਡਾਕਟਰਾਂ ਨੇ ਹੋਰ ਕੋਸ਼ਿਸ਼ ਕੀਤੀ ਪਰ ਬੌਬੀ ਇਸ ਤੋਂ ਜ਼ਿਆਦਾ ਠੀਕ ਨਾ ਹੋ ਸਕਿਆ | ਹੁਣ ਉਹ ਸੁਣ ਸਕਦਾ ਸੀ, ਵੇਖ ਸਕਦਾ ਸੀ ਅਤੇ ਆਪਣੀ ਪਲਕ ਨਾਲ ਹਰਕਤ ਕਰ ਕੇ ਆਪਣੀ ਪਸੰਦ ਜਾਂ ਨਾਪਸੰਦ ਦਾ ਇਜ਼ਹਾਰ ਵੀ ਕਰ ਸਕਦਾ ਸੀ | ਉਸ ਦੀ ਸਾਰੀ ਜ਼ਿੰਦਗੀ ਦਾ ਬੋਝ ਕੇਵਲ ਇਕ ਪਲਕ 'ਤੇ ਆ ਖੜੋਤਾ ਸੀ | ਬੌਬੀ ਸਾਕਾਰਾਤਮਕ ਵਿਅਕਤੀਆਂ ਵਿਚੋਂ ਸੀ, ਜਿਸ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ | ਡਾਕਟਰਾਂ ਨੇ ਉਸ ਨੂੰ ਜਿਊਣ ਲਈ ਕੇਵਲ ਇਕ ਸਾਲ ਦੀ ਮੁਹਲਤ ਦਿੱਤੀ | ਬੌਬੀ ਇਕ ਅਜਿਹੀ ਕਿਤਾਬ ਲਿਖਣਾ ਚਾਹੁੰਦਾ ਸੀ ਜੋ ਉਸ ਦਾ ਨਾਂਅ ਰਹਿੰਦੀ ਦੁਨੀਆ ਤੱਕ ਕਾਇਮ ਰੱਖ ਸਕੇ | ਪਰੰਤੂ ਸਮੱਸਿਆ ਇਹ ਸੀ ਕਿ ਉਹ ਨਾ ਕੁਝ ਲਿਖ ਸਕਦਾ ਸੀ, ਨਾ ਬੋਲ ਸਕਦਾ ਸੀ ਅਤੇ ਨਾ ਹੀ ਇਸ਼ਾਰਿਆਂ ਨਾਲ ਕੁਝ ਸਮਝਾ ਸਕਦਾ ਸੀ | ਬੌਬੀ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਦੀ ਪਤਨੀ ਫਲੋਰੈਂਸ ਉਸ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੋ ਗਈ | ਫਲੋਰੈਂਸ ਦੇ ਹੌਸਲੇ ਸਦਕਾ ਇਸ ਪੁਸਤਕ ਦੀ ਸ਼ੁਰੂਆਤ ਹੋਈ | ਉਸ ਨੇ ਇਕ ਅਸਿਸਟੈਂਟ ਹਾਇਰ ਕਰ ਲਿਆ, ਜੋ ਬੌਬੀ ਦੇ ਸਾਹਮਣੇ ਟਾਈਪ ਰਾਈਟਰ ਲੈ ਕੇ ਬੈਠਦਾ ਸੀ | ਅਸਿਸਟੈਂਟ 'ਏ' ਤੋਂ ਲੈ ਕੇ 'ਜ਼ੈੱਡ' ਤੱਕ ਅੱਖਰਾਂ ਨੂੰ ਬੋਲਦਾ ਰਹਿੰਦਾ ਅਤੇ ਫਲੋਰੈਂਸ, ਬੌਬੀ ਦੀ ਪਲਕ ਵੱਲ ਵੇਖਦੀ ਰਹਿੰਦੀ | ਉਹ ਜਿਸ ਅੱਖਰ ਤੇ ਪਲਕ ਝਪਕਦਾ, ਉਸ ਅੱਖਰ ਨੂੰ ਟਾਈਪ ਕਰ ਦਿੱਤਾ ਜਾਂਦਾ ਸੀ | ਜਿਵੇਂ ਉਸ ਨੇ ਮਾੲੀਂਡ ਲਿਖਣਾ ਹੁੰਦਾ ਤਾਂ ਅਸਿਸਟਾੈਟ 'ਏ' ਤੋਂ ਬੋਲਣਾ ਸ਼ੁਰੂ ਕਰਦਾ, 'ਐਮ' ਤੱਕ ਪਹੁੰਚਦਾ ਅਤੇ ਬੌਬੀ ਆਪਣੀ ਪਲਕ ਝਪਕਦਾ | ਉਹ ਫਿਰ ਦੁਬਾਰਾ ਤੋਂ ਸ਼ੁਰੂਆਤ ਕਰਦਾ, 'ਆਈ' ਪਹੁੰਚਦਾ ਅਤੇ ਉਹ ਆਪਣੀ ਪਲਕ ਝਪਕਦਾ | ਇਸ ਤਰ੍ਹਾਂ ਬੌਬੀ ਵਲੋਂ ਝਪਕੀ ਇਕ-ਇਕ ਪਲਕ, ਇਕ-ਇਕ ਅੱਖਰ ਵਿਚ ਤਬਦੀਲ ਹੋਈ ਅਤੇ ਇਨ੍ਹਾਂ ਅੱਖਰਾਂ ਨੇ ਮਿਲ ਕੇ ਸ਼ਬਦਾਂ ਦਾ ਰੂਪ ਧਾਰਿਆ | ਇਹ ਸ਼ਬਦ ਵਾਕਾਂ ਵਿਚ ਤਬਦੀਲ ਹੋਏ ਅਤੇ ਇਨ੍ਹਾਂ ਵਾਕਾਂ ਨੇ ਮਿਲ ਕੇ ਪੈਰ੍ਹੇ ਬਣਾਏ | ਪੈਰ੍ਹੇ ਨਾਲ ਪੈਰ੍ਹਾ ਜੁੜਦਾ ਗਿਆ ਅਤੇ ਇਹ ਚੈਪਟਰ ਵਿਚ ਤਬਦੀਲ ਹੋ ਗਏ | ਅਜਿਹੇ ਕਈ ਚੈਪਟਰਾਂ ਦੇ ਮਿਲਾਪ ਨੇ ਇਕ ਪੁਸਤਕ ਨੂੰ ਜਨਮ ਦਿੱਤਾ, ਜਿਸ ਦਾ ਨਾਂਅ 'ਦ ਡਾਇਵਿੰਗ ਬੈੱਲ ਐਾਡ ਦ ਬਟਰਫਲਾਈ' ਰੱਖਿਆ ਗਿਆ | ਇਹ ਉਹ ਪੁਸਤਕ ਸੀ, ਜੋ ਬੌਬੀ ਦਾ ਸੁਪਨਾ ਸੀ | ਇਹ ਉਹ ਪੁਸਤਕ ਸੀ ਜਿਸ ਨੂੰ ਲਿਖਣ ਲਈ ਬੌਬੀ ਨੇ ਇਕ ਸਾਲ ਵਿਚ ਤਕਰੀਬਨ 2 ਲੱਖ ਵਾਰ ਪਲਕ ਝਪਕੀ | ਇਹ ਉਹ ਪੁਸਤਕ ਸੀ, ਜਿਸ ਦਾ ਇਕ-ਇਕ ਸ਼ਬਦ ਲਿਖਣ ਲਈ ਔਸਤਨ 2 ਮਿੰਟ ਦਾ ਸਮਾਂ ਲੱਗਿਆ ਅਤੇ ਇਹ ਉਹ ਪੁਸਤਕ ਸੀ, ਜਿਸ ਨੇ ਬੌਬੀ ਦਾ ਨਾਂਅ ਰਹਿੰਦੀ ਦੁਨੀਆਂ ਤੱਕ ਅਮਰ ਕਰ ਦਿੱਤਾ | ਇਸ ਪੁਸਤਕ ਦਾ ਪਹਿਲਾ ਐਡੀਸ਼ਨ 6 ਮਾਰਚ, 1997 ਨੂੰ ਮਾਰਕਿਟ ਵਿਚ ਰਿਲੀਜ਼ ਕੀਤਾ ਗਿਆ ਅਤੇ ਪਾਠਕਾਂ ਨੇ ਇਸ ਨੂੰ ਦਿਲ ਭਰਵਾਂ ਹੁੰਗਾਰਾ ਦਿੱਤਾ | ਇਸ ਦੀਆਂ ਪਹਿਲੇ ਹੀ ਦਿਨ 25000 ਤੋਂ ਵੱਧ ਕਾਪੀਆਂ ਵਿਕੀਆਂ ਅਤੇ ਪਹਿਲੇ ਹਫ਼ਤੇ ਦੇ ਖ਼ਤਮ ਹੋਣ ਤੱਕ ਇਸ ਦੀ ਵਿਕਰੀ ਡੇਢ ਲੱਖ ਕਾਪੀਆਂ ਤੋਂ ਵੱਧ ਹੋ ਚੁੱਕੀ ਸੀ | ਇਕ ਮਹੀਨੇ ਬਾਅਦ ਇਹ ਪੁਸਤਕ ਯੂਰਪ ਦੀ ਬੈਸਟ ਸੈਲਰ ਲਿਸਟ 'ਚ ਆਪਣੀ ਜਗ੍ਹਾ ਬਣਾ ਚੁੱਕੀ ਸੀ ਅਤੇ ਹੁਣ ਤੱਕ ਇਸ ਦੀਆਂ ਲੱਖਾਂ ਕਾਪੀਆਂ ਵਿਕ ਚੁੱਕੀਆਂ ਹਨ | ਲੋਕ ਬੌਬੀ ਦੀ ਹਿੰਮਤ ਅਤੇ ਹੌਸਲੇ ਨੂੰ ਝੁਕ ਕੇ ਸਲਾਮ ਕਰ ਰਹੇ ਸਨ | ਇਹ ਦੁਨੀਆ ਦੀ ਇਕਲੌਤੀ ਅਜਿਹੀ ਕਿਤਾਬ ਸੀ, ਜਿਸ ਦੀ ਸ਼ੁਰੂਆਤ ਅਤੇ ਅੰਤ ਪਲਕ ਦੇ ਝਪਕਣ ਨਾਲ ਕੀਤਾ ਗਿਆ ਅਤੇ ਲਿਖਣ ਵਾਲਿਆਂ ਨੇ ਇਕ- ਇਕ ਅੱਖਰ ਜੋੜ ਕੇ ਇਸ ਨੂੰ ਪੂਰਾ ਕੀਤਾ | 6 ਮਾਰਚ, 1997 ਨੂੰ ਇਹ ਕਿਤਾਬ ਬਾਜ਼ਾਰ ਵਿਚ ਆਈ | ਬੌਬੀ ਦੀ ਪਤਨੀ ਇਸ ਕਿਤਾਬ ਨੂੰ ਖਰੀਦ ਕੇ ਭੱਜਦੀ ਹੋਈ ਬੌਬੀ ਦੇ ਕਮਰੇ 'ਚ ਪਹੁੰਚੀ ਅਤੇ ਇਸ ਕਿਤਾਬ ਨੂੰ ਬੌਬੀ ਦੇ ਸਾਹਮਣੇ ਰੱਖ ਦਿੱਤਾ | ਉਸ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ ਅਤੇ ਉਹ ਕਹਿ ਰਹੀ ਸੀ, 'ਬੌਬੀ, ਤੁਹਾਡਾ ਸੁਪਨਾ ਪੂਰਾ ਹੋ ਗਿਆ ਹੈ, ਹੁਣ ਤੁਹਾਡਾ ਨਾਂਅ ਹਮੇਸ਼ਾ ਲਈ ਕਾਇਮ ਰਹੇਗਾ |' ਬੌਬੀ ਆਪਣੀ ਪਲਕ ਨਾਲ ਕਿਤਾਬ ਨੂੰ ਨਿਹਾਰ ਰਿਹਾ ਸੀ | ਉਸ ਦੀ ਪਲਕ ਤੇਜ਼ੀ ਨਾਲ ਝਪਕ ਰਹੀ ਸੀ | ਇੰਝ ਲੱਗ ਰਿਹਾ ਸੀ ਕਿ ਉਹ ਪਲਕ ਦੇ ਜ਼ਰੀਏ ਆਪਣੀ ਕਾਮਯਾਬੀ 'ਤੇ ਤਾੜੀਆਂ ਵਜਾ ਰਿਹਾ ਹੋਵੇ | ਉਸ ਦੀ ਪਤਨੀ ਵੀ ਤਾੜੀਆਂ ਵਜਾਉਣ ਲੱਗੀ | ਇਨ੍ਹਾਂ ਤਾੜੀਆਂ ਨੂੰ ਵੱਜਦਿਆਂ ਅਜੇ ਤਿੰਨ ਦਿਨ ਹੀ ਗੁਜ਼ਰੇ ਸਨ ਕਿ ਬੌਬੀ 9 ਮਾਰਚ, 1997 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਿਆ | ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਕਿਤਾਬ ਮੁਕੰਮਲ ਕਰਨ ਲਈ ਹੀ ਜਿਉ ਰਿਹਾ ਸੀ | ਇਸ ਪੁਸਤਕ ਉੱਪਰ ਇਕ ਫ਼ਿਲਮ ਬਣਾਈ ਗਈ ਅਤੇ ਉਸ ਫ਼ਿਲਮ ਨੂੰ ਵਿਸ਼ਵ ਪ੍ਰਸਿੱਧ ਕਾਨਸ ਫ਼ਿਲਮ ਫੈਸਟੀਵਲ ਵਿਚ ਪੁਰਸਕਾਰ ਵੀ ਮਿਲਿਆ |

-ਮੋਬਾਈਲ : 9888376923

ਪੰਜਾਬੀ ਸਿਨੇਮਾ : ਪ੍ਰੀਤਾਂ ਦੀ ਨਾਇਕਾ : ਪ੍ਰੀਤੀ ਸਪਰੂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
1983 ਵਿਚ ਹੀ ਪ੍ਰੀਤੀ ਦੀ ਇਕ ਹੋਰ ਫ਼ਿਲਮ 'ਆਸਰਾ ਪਿਆਰ ਦਾ' ਵੀ ਆਈ | ਜੇ. ਓਮ ਪ੍ਰਕਾਸ਼ ਦੇ ਬੈਨਰ (ਫ਼ਿਲਮ ਯੁੱਗ) ਅਧੀਨ ਇਸ ਫ਼ਿਲਮ ਨੂੰ ਉਸ ਵੇਲੇ ਕਾਫ਼ੀ ਵੱਡਾ ਸਮਝਿਆ ਗਿਆ ਸੀ | ਪ੍ਰੀਤੀ ਦੇ ਨਾਲ ਇਸ 'ਚ ਨਵੀਨ ਨਿਸਚਲ ਅਤੇ ਰਾਜ ਬੱਬਰ ਵੀ ਸ਼ਾਮਿਲ ਸਨ |
ਪਰ ਪ੍ਰੀਤੀ ਦੀ ਅਸਲੀ ਰੁਮਾਂਟਿਕ ਜੋੜੀ ਤਾਂ ਵਰਿੰਦਰ ਦੇ ਨਾਲ ਹੀ ਬਣੀ ਸੀ | ਹਾਲਾਂਕਿ ਵਰਿੰਦਰ ਉਸ ਵੇਲੇ ਸ਼ਾਦੀਸ਼ੁਦਾ ਸੀ ਪਰ ਫਿਰ ਵੀ ਦਰਸ਼ਕਾਂ ਨੂੰ ਇਹ ਜੋੜੀ ਬੜੀ ਪਸੰਦ ਆਈ ਸੀ | ਲਿਹਾਜ਼ਾ 1984 ਵਿਚ 'ਨਿੰਮੋ' ਫ਼ਿਲਮ 'ਚ ਨਿੰਮੋ ਦੇ ਕਿਰਦਾਰ 'ਚ ਉਹ ਇਕ ਵਾਰ ਫਿਰ ਦਰਸ਼ਕਾਂ ਦੇ ਰੂਬਰੂ ਹੋਈ ਸੀ | ਇਸ ਫ਼ਿਲਮ 'ਚ ਵਰਿੰਦਰ ਨੇ ਪੰਜਾਬ ਦੀ ਹਰੀ ਕ੍ਰਾਂਤੀ ਤੋਂ ਉਤਪੰਨ ਹੋਣ ਵਾਲੀ ਸੱਭਿਆਚਾਰਕ ਤਬਦੀਲੀ ਦਾ ਸਾਰਥਿਕ ਚਿਤਰਣ ਕੀਤਾ ਸੀ | ਵਿਸ਼ੇਸ਼ ਤੌਰ 'ਤੇ ਮਾਘੀ ਦੇ ਮੇਲੇ ਸਮੇਂ ਸ੍ਰੀ ਮੁਕਤਸਰ ਸਾਹਿਬ 'ਚ ਹੋਣ ਵਾਲੇ ਇਕੱਠ ਨੂੰ ਵਰਿੰਦਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਪਿਛੋਕੜ ਦੇ ਰੂਪ 'ਚ ਪੇਸ਼ ਕੀਤਾ ਸੀ | ਵਰਿੰਦਰ ਨੇ ਪੰਜਾਬ ਦੇ ਕਈ ਗਾਇਕਾਂ ਨੂੰ ਵੀ ਇਸ ਫ਼ਿਲਮ ਦੀ ਹਾਈਲਾਈਟ ਬਣਾਇਆ ਸੀ, ਕਹਿਣ ਦੀ ਲੋੜ ਨਹੀਂ ਹੈ ਕਿ 'ਸਰਪੰਚ' ਦੀ ਤਰ੍ਹਾਂ 'ਨਿੰਮੋ' ਵੀ ਸਫ਼ਲ ਕਿਰਤ ਸੀ |
'ਯਾਰੀ ਜੱਟ ਦੀ' ਵਿਚ ਪ੍ਰੀਤੀ ਨੇ ਬਿੱਲੋ ਦੇ ਰੂਪ 'ਚ ਵਰਿੰਦਰ ਦੇ ਨਾਲ ਹੀ ਲੀਡਿੰਗ ਰੋਲ ਅਦਾ ਕੀਤਾ ਸੀ | ਜਿਵੇਂ ਕਿ ਟਾਈਟਲ ਤੋਂ ਹੀ ਸਪੱਸ਼ਟ ਹੈ, ਇਹ ਫ਼ਿਲਮ ਵੀ ਕਿ ਦਿਹਾਤੀ ਰੁਮਾਂਸ ਸੀ ਅਤੇ ਇਹ ਰੁਮਾਂਟਿਕ ਜੋੜੀ ਇਸ ਪੈਮਾਨੇ 'ਤੇ ਵੀ ਖਰੀ ਉਤਰੀ ਸੀ |
1990 ਵਿਚ ਆਈ 'ਕੁਰਬਾਨੀ ਜੱਟ ਦੀ' ਵਿਚ ਪ੍ਰੀਤੀ ਨੇ ਜੀਤੋ ਅਤੇ ਪ੍ਰੀਤੋ ਦੀਆਂ ਦੋਹਰੀਆਂ ਭੂਮਿਕਾਵਾਂ ਪੇਸ਼ ਕੀਤੀਆਂ ਸਨ | ਪਰ ਇਸ ਵਾਰ ਉਸ ਦੇ ਨਾਲ ਗੁਰਦਾਸ ਮਾਨ ਅਤੇ ਰਾਜ ਬੱਬਰ ਨੂੰ ਬਤੌਰ ਨਾਇਕ ਉਤਾਰਿਆ ਗਿਆ ਸੀ | ਇਸ ਫ਼ਿਲਮ ਨੂੰ ਵੀ ਤਸੱਲੀਬਖ਼ਸ਼ ਸਫ਼ਲਤਾ ਮਿਲੀ ਸੀ |
ਇਸੇ ਤਰ੍ਹਾਂ ਹੀ 'ਮਹਿੰਦੀ ਸ਼ਗਨਾਂ ਦੀ' (1992' ਵਿਚ ਉਸ ਨੇ ਮਲਕੀਤ ਸਿੰਘ ਦੇ ਨਾਲ ਵੀ ਜੋੜੀ ਬਣਾਈ ਸੀ | ਇਹ ਇਕ ਸਧਾਰਨ ਪੱਧਰ ਦੀ ਰੁਮਾਂਟਿਕ ਪ੍ਰੇਮ ਤਿਕੋਣ ਫ਼ਿਲਮ ਸੀ |
ਪ੍ਰੀਤੀ ਨੇ ਲਗਾਤਾਰ ਇਕ ਦਹਾਕਾ ਪੰਜਾਬੀ ਸਿਨੇਮਾ ਦੇ ਤਖ਼ਤ 'ਤੇ ਰਾਜ ਕੀਤਾ ਸੀ | ਉਹ ਆਪਣੇ ਸਮੇਂ ਦੀ ਸਭ ਤੋਂ ਸਫ਼ਲ ਅਤੇ ਮਹਿੰਗੀ ਨਾਇਕਾ ਸੀ ਪਰ ਉਸ ਦੀ ਵੱਡੀ ਦੇਣ ਇਹ ਹੈ ਕਿ ਉਸ ਨੇ ਪੰਜਾਬੀ ਸਿਨੇਮਾ ਨੂੰ ਉਸ ਵੇਲੇ ਸਹਾਰਾ ਦਿੱਤਾ ਜਦੋਂ ਕਿ ਇਹ ਸਨਅਤ ਦਮ ਤੋੜ ਰਹੀ ਸੀ | ਉਹ ਪੰਜਾਬ ਦੇ ਉਸ ਵੇਲੇ ਦੇ ਮਾੜੇ ਹਾਲਾਤ ਤੋਂ ਪੂਰੀ ਤਰ੍ਹਾਂ ਵਾਕਿਫ਼ ਸੀ, ਪਰ ਫਿਰ ਵੀ ਉਹ ਪੰਜਾਬ ਆ ਕੇ ਸ਼ੂਟਿੰਗ ਕਰਨਾ ਪਸੰਦ ਕਰਦੀ ਸੀ | ਪਾਲੀਵੁੱਡ ਨਾਲ ਏਨਾ ਭਾਵਨਾਤਮਿਕ ਸਬੰਧ ਰੱਖਣ ਵਾਲੀ ਸ਼ਾਇਦ ਹੀ ਕੋਈ ਹੋਰ ਨਾਇਕਾ ਹੋਵੇ |
ਕਿਉਂਕਿ ਪ੍ਰੀਤੀ ਫ਼ਿਲਮਾਂ 'ਚ ਕਾਫੀ ਮਸਰੂਫ਼ ਰਹੀ, ਇਸ ਲਈ ਉਸ ਦੀ ਸ਼ਾਦੀ ਬਹੁਤ ਦੇਰੀ ਨਾਲ ਹਰਿਆਣੇ ਦੇ ਇਕ ਵਪਾਰੀ (ਉਤਪਲ ਆਹਲੂਵਾਲੀਆ) ਨਾਲ ਹੋਈ | ਉਹ ਇਸ ਵੇਲੇ ਆਪਣੇ ਗ੍ਰਹਿਸਥੀ ਜੀਵਨ 'ਚ ਬਹੁਤ ਸੰਤੁਸ਼ਟੀ ਨਾਲ ਵਿਚਰ ਰਹੀ ਹੈ | ਫਿਰ ਵੀ ਕਦੇ ਇਕਾਂਤ ਵਿਚ ਬੈਠ ਕੇ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਤਾਂ ਜ਼ਰੂਰ ਕਰਦੀ ਹੋਵੇਗੀ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

1974 ਵਿਚ ਸ਼ਿਵ ਕੁਮਾਰ ਬਟਾਲਵੀ ਦੀ ਪਹਿਲੀ ਬਰਸੀ ਸਮੇਂ ਇਹ ਤਸਵੀਰ ਖਿੱਚੀ ਗਈ ਸੀ | ਇਸ ਮੌਕੇ 'ਤੇ ਬਹੁਤ ਸਾਰੇ ਸਾਹਿਤਕਾਰ ਤੇ ਪੱਤਰਕਾਰ ਆਏ ਸਨ | ਸ਼ਿਵ ਦੀ ਇਹ ਪਹਿਲੀ ਬਰਸੀ ਖ਼ਾਲਸਾ ਹਾਈ ਸਕੂਲ ਬਟਾਲਾ ਦੇ ਹਾਲ ਵਿਚ ਮਨਾਈ ਗਈ ਸੀ | ਇਸ ਬਰਸੀ ਸਮਾਗਮ ਮੌਕੇ ਬਟਾਲੇ ਦੇ ਬਹੁਤ ਸਾਰੇ ਸਨਅਤਕਾਰ ਵੀ ਸ਼ਾਮਿਲ ਹੋਏ ਸਨ |

-ਮੋਬਾਈਲ : 98767-41231

ਨੌਕਰੀ ਦਾ ਮੇਰਾ ਪਹਿਲਾ ਦਿਨ

ਪਤਾ ਨਹੀਂ ਕਿਹਦੇ ਨਾਲ ਫੋਨ ਮਿਲ ਗਿਆ ਸੀ | ਕੋਈ ਅਣਜਾਣ ਨੰਬਰ ਸੀ | 'ਹੈਲੋ' ਕਹਿੰਦਿਆਂ ਹੀ ਪਤਾ ਲੱਗ ਗਿਆ ਤੇ ਮੈਂ 'ਸੌਰੀ' ਕਹਿਣ ਹੀ ਵਾਲੀ ਸਾਂ ਕਿ ਉਧਰੋਂ ਮੋਹ ਭਿੱਜੀ ਆਵਾਜ਼ ਆਈ, 'ਨਾ-ਨਾ ਫੋਨ ਨਾ ਰੱਖਣਾ, ਐਨੇ ਸਾਲਾਂ ਬਾਅਦ ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਹੈ | ਬਸ ਬੋਲਦੇ ਜਾਓ, ਪੂਰੇ 40 ਮਿੰਟ ਬੋਲਣਾ ਪਵੇਗਾ ਤੁਹਾਨੂੰ' | ਮੈਂ ਹੈਰਾਨ ਇਹ ਕੌਣ ਹੈ ਜੋ ਪੂਰੇ 40 ਮਿੰਟ ਬੋਲਣ ਦਾ ਹੁਕਮ ਦੇ ਰਹੀ ਹੈ | ਮੇਰਾ ਹਾਸਾ ਨਿਕਲ ਗਿਆ, 'ਪਹਿਲਾਂ ਆਪਣਾ ਨਾਂਅ ਤਾਂ ਦੱਸੋ, ਨਾਲੇ ਇਹ ਵੀ ਜਾਣ ਲਓ ਕਿ ਇਹ ਮੇਰਾ ਘਰ ਹੈ, ਕੋਈ ਸਕੂਲ ਨਹੀਂ ਜੋ 40 ਮਿੰਟ ਦੀ ਘੰਟੀ ਲਾਉਣੀ ਹੀ ਪਵੇਗੀ |' ਉਹ ਖਿੜਖਿੜਾ ਕੇ ਹੱਸ ਪਈ ਤੇ ਹੱਸਦੇ-ਹੱਸਦੇ ਬੋਲੀ, 'ਬਸ ਸਕੂਲ ਹੀ ਸਮਝ ਲਓ ਤੇ ਮੈਂ ਇਸ ਵੇਲੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੀ ਕਲਾਸ 10ਵੀਂ ਦੇ ਪਹਿਲੇ ਬੈਂਚ 'ਤੇ ਬੈਠੀ ਤੁਹਾਡੀ ਸਟੂਡੈਂਟ ਰਵੀਨਾ ਮਤਲਬ ਰਵੀ ਹਾਂ | ਜੇ ਮੇਰੀ ਗੱਲ ਤੋਂ ਗੁੱਸੇ ਹੋ ਗਏ ਹੋ ਤਾਂ ਲਓ ਮੈਂ ਕੰਨ ਫੜ ਕੇ ਮੁਰਗਾ ਬਣ ਜਾਂਦੀ ਹਾਂ' ਫਿਰ ਅਸੀਂ ਕਿੰਨੀ ਦੇਰ ਤੱਕ ਹੱਸਦੀਆਂ ਰਹੀਆਂ |
ਫਿਰ ਮੈਨੂੰ ਸਭ ਕੁਝ ਯਾਦ ਆ ਗਿਆ | ਉਸ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਨੌਕਰੀ ਦਾ ਮੇਰਾ ਪਹਿਲਾ ਦਿਨ ਸੀ | ਟਾਈਮ ਟੇਬਲ ਮੈਨੂੰ ਪਿੰ੍ਰਸੀਪਲ ਨੇ ਜੁਆਇਨ ਕਰਦਿਆਂ ਹੀ ਫੜਾ ਦਿੱਤਾ ਸੀ | ਉਸ ਵਕਤ ਸਕੂਲ ਦਾ ਤੀਜਾ ਪੀਰੀਅਡ ਚਲ ਰਿਹਾ ਸੀ, ਪਿੰ੍ਰਸੀਪਲ ਨੇ ਮੈਨੂੰ ਵਾਰਨਿੰਗ ਜਿਹੀ ਦਿੰਦਿਆਂ ਕਿਹਾ ਸੀ, 'ਇਸ ਵੇਲੇ ਤੁਹਾਡਾ ਦਸਵੀਂ-ਬੀ ਵਿਚ ਅੰਗਰੇਜ਼ੀ ਦਾ ਪੀਰੀਅਡ ਹੈ, ਇਸ ਦੇ ਬੱਚੇ ਮੰਨੇ ਹੋਏ ਸ਼ਰਾਰਤੀ ਹਨ | ਜ਼ਰਾ ਸੰਭਲ ਕੇ ਰਹਿਣਾ |'
ਮੇਰੇ ਤੋਂ ਪਹਿਲਾਂ ਜਿਹੜੀ ਟੀਚਰ ਇਸ ਕਲਾਸ ਨੂੰ ਪੜ੍ਹਾਉਂਦੀ ਸੀ, ਉਹ ਕਾਲਜ ਵਿਚ ਮੇਰੀ ਕਲਾਸ ਫੈਲੋ ਸੀ | ਬੜੀ ਹੀ ਸੋਹਣੀ, ਗੋਰੀ-ਚਿੱਟੀ, ਭਰਵੇਂ ਸਰੀਰ ਵਾਲੀ ਤੇ ਲੰਬੇ-ਲੰਬੇ ਵਾਲਾਂ ਵਾਲੀ ਕੁੜੀ ਸੀ | ਕੁੜੀਆਂ ਉਸ ਦੀਆਂ ਦੀਵਾਨੀਆਂ ਸਨ ਪਰ ਉਹ ਐਡਹਾਕ (ਟੈਮਪ੍ਰੇਰੀ) ਬੇਸ 'ਤੇ ਲੱਗੀ ਹੋਈ ਸੀ ਤੇ ਮੈਂ ਬਾਕਾਇਦਾ ਸੀਲੈਕਸ਼ਨ ਬੋਰਡ ਵਲੋਂ ਸੀਲੈਕਟ ਹੋ ਕੇ ਆਈ ਸਾਂ, ਇਸ ਲਈ ਉਸ ਨੂੰ ਉਹ ਪੋਸਟ ਛੱਡਣੀ ਪਈ ਸੀ | ਕੁੜੀਆਂ ਨੂੰ ਤਾਂ ਬੁਰਾ ਲਗਦਾ ਹੀ ਸੀ ਤੇ ਮੇਰਾ ਰੰਗ ਰੂਪ ਤੇ ਢਾਂਚਾ ਉਫ਼ ਸੁਣ ਕੇ ਤੁਸੀਂ ਹੱਸੋਗੇ | ਬਿਲਕੁਲ ਸੁੱਕੀ-ਸੜੀ ਜਿਹੀ, ਮਸੇਂ 35-40 ਕਿੱਲੋ ਦੀ, ਸਿਰ 'ਤੇ ਵਲੰੂਧਰੀਆਂ ਵਰਗੇ ਨਿੱਕੇ-ਨਿੱਕੇ ਵਾਲ, ਰੰਗ ਵੀ ਸਾਂਵਲਾ ਤੇ ਕੱਪੜੇ ਉਫ਼ | ਹੁਣ ਮੈਂ ਕੀ ਦੱਸਾਂ, ਚਿੱਟੀ ਲੱਠੇ ਦੀ ਸਲਵਾਰ ਹਰੇ ਰੰਗ ਦੀ ਕਮੀਜ਼ ਤੇ ਪੀਲੇ ਰੰਗ ਦੀ ਚੁੰਨੀ ਤੇ ਮੰੂਹ 'ਤੇ ਹਵਾਈਆਂ ਉੱਡੀਆਂ ਹੋਈਆਂ | ਪਿੰ੍ਰਸੀਪਲ ਦੀ ਗੱਲ ਨਾਲ ਤਾਂ ਮੇਰੇ ਹੋਸ਼ੋ-ਹਵਾਸ ਉਡ ਗਏ | ਜੀਅ ਕੀਤਾ ਇਥੋਂ ਹੀ ਪਿਛੇ ਭੱਜ ਜਾਵਾਂ ਤੇ ਘਰ ਜਾ ਕੇ ਹੀ ਸਾਹ ਲਵਾਂ ਪਰ ਅੱਗੇ ਘਰ ਵਿਚ ਜਿਹੜਾ ਹਿਟਲਰ ਮੇਰਾ ਬਾਪ ਬੈਠਾ ਸੀ, ਉਸ ਨੇ ਤਾਂ ਮੈਨੂੰ ਬਾਂਹ ਤੋਂ ਫੜ ਕੇ ਉਥੇ ਹੀ ਲਿਆ ਪਟਕਣਾ ਸੀ | ਖ਼ੈਰ, ਡਰਦਿਆਂ-ਡਰਦਿਆਂ ਮੈਂ ਅੰਦਰ ਜਾ ਵੜੀ ਤੇ ਤਖ਼ਤਪੋਸ਼ 'ਤੇ ਰੱਖੀ ਹੋਈ ਕੁਰਸੀ 'ਤੇ ਕੰਬਦੀ-ਕੰਬਦੀ ਜਾ ਕੇ ਬੈਠ ਗਈ | ਪਹਿਲਾਂ ਤਾਂ ਕੁੜੀਆਂ ਨੇ ਦੋ ਕੁ ਮਿੰਟ ਮੈਨੂੰ ਚੁੱਪ-ਚਾਪ ਵੇਖਿਆ ਤੇ ਫੇਰ ਏਨੇ ਜ਼ੋਰ ਦੀ ਹੱਸੀਆਂ ਕਿ ਨਾਲ ਵਾਲੇ ਕਮਰਿਆਂ ਤੋਂ ਵੀ ਟੀਚਰਾਂ ਨਿਕਲ ਕੇ ਬਰਾਂਡੇ ਵਿਚ ਆ ਗਈਆਂ | ਟੀਚਰਾਂ ਨੂੰ ਦੇਖ ਕੇ ਕੁੜੀਆਂ ਚੁੱਪ-ਚਾਪ ਆਪਣੇ ਡੈਸਕਾਂ 'ਤੇ ਬੈਠ ਗਈਆਂ | ਮੇਰੀ ਥਾਂ ਤੋਂ ਰਿਲੀਵ ਹੋਈ ਟੀਚਰ ਦਾ ਨਾਂਅ 'ਸੁਰਿੰਦਰ' ਸੀ | ਉਹ ਮੈਨੂੰ ਬਾਹਰ ਬਗੀਚੇ ਵਿਚ ਲੈ ਗਈ ਤੇ ਬੋਲੀ, 'ਘਬਰਾਉਣ ਦੀ ਲੋੜ ਨਹੀਂ, ਨਵੇਂ ਆਏ ਟੀਚਰਾਂ ਨਾਲ ਬੱਚੇ ਏਵੇਂ ਹੀ ਕਰਦੇ ਹਨ | ਇਹ ਸੈਕਸ਼ਨ ਤਾਂ ਵੈਸੇ ਵੀ ਮੰਨਿਆ ਹੋਇਆ ਸ਼ਰਾਰਤੀ ਸੈਕਸਨ ਹੈ | ਤੂੰ ਹੁਣ ਜ਼ਿਲ੍ਹੇ ਦੇ ਵੱਡੇ ਸਕੂਲ ਵਿਚ ਹੈਾ | ਇਥੇ ਸ਼ਹਿਰ ਦੇ ਵੱਡੇ-ਵੱਡੇ ਅਫਸਰਾਂ ਦੀਆਂ ਕੁੜੀਆਂ ਪੜ੍ਹਨ ਆਉਂਦੀਆਂ ਹਨ ਤੂੰ ਵੀ ਆਪਣੇ-ਆਪ ਨੂੰ ਥੋੜ੍ਹਾ ਬਦਲ ਲੈ, ਕੱਲ੍ਹ ਨੂੰ ਕੋਈ ਢੰਗ ਦਾ ਸੂਟ ਪਾ ਕੇ ਆਵੀਂ, ਆਪਣੇ ਇਨ੍ਹਾਂ ਨੀਲੇ-ਪੀਲੇ ਕੱਪੜਿਆਂ ਨੂੰ ਛੁੱਟੀ ਦੇ ਦੇ | ਬਾਕੀ ਲਿਆਕਤ ਦੀ ਤੇਰੇ ਵਿਚ ਕਮੀ ਨਹੀਂ ਹੈ ਪਰ ਉਹ ਬਾਅਦ ਦੀ ਗੱਲ ਹੈ | ਸਭ ਤੋਂ ਪਹਿਲਾਂ ਲੋਕ ਬਾਹਰ ਦੇ ਰੱਖ-ਰਖਾਓ ਨੂੰ ਦੇਖਦੇ ਐ |' ਮੈਨੂੰ ਉਸ ਦੀ ਗੱਲ ਤਾਂ ਜਚ ਗਈ ਪਰ ਨਾਲ ਹੀ ਇਹ ਵੀ ਸਮਝ ਆ ਗਈ ਕਿ ਇਸ ਤੋਂ ਬਾਅਦ ਕੁੜੀਆਂ ਮੇਰੀ ਲਿਆਕਤ ਦਾ ਵੀ ਇਮਤਿਹਾਨ ਲੈਣਗੀਆਂ | ਅਗਲੇ ਦਿਨ ਮੈਂ ਚਿੱਟਾ ਨਵਾਂ ਨਕੋਰ ਸੂਟ ਵੀ ਪਹਿਨ ਲਿਆ ਤੇ ਨਾਲੇ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਦੇ ਅਗਲੇ ਪਿਛਲੇ 4-5 ਚੈਪਟਰ ਚੰਗੀ ਤਰ੍ਹਾਂ ਰਟ ਲਏ | ਕੁੜੀਆਂ ਵੀ ਅੱਗੋਂ ਪੂਰੀ ਤਿਆਰੀ ਕਰ ਕੇ ਆਈਆਂ ਸਨ | ਅਗਲੇ ਬੈਂਚ ਵਾਲੀ ਕੁੜੀ ਨੇ ਝੱਟ ਸਵਾਲ ਦਾਗ ਦਿੱਤਾ, 'ਮੈਡਮ ਜੀ ਮੈਨੂੰ ਇਕ ਗੱਲ ਸਮਝਾ ਦਿਓ ਇਹ ਅੰਗਰੇਜ਼ੀ ਵਿਚ ਜੇ 2ut 'ਬੱਟ' ਹੁੰਦਾ ਹੈ ਤਾਂ Put 'ਪੁੱਟ' ਕਿਉਂ ਹੁੰਦਾ ਹੈ, 'ਪਟ' ਕਿਉਂ ਨਹੀਂ ਹੁੰਦਾ? ਤੇ ਉਸ ਦੇ ਨਾਲ ਵਾਲੀ ਕੁੜੀ ਨੇ ਵੀ ਆਪਣਾ ਸਵਾਲ ਪੁੱਛ ਲਿਆ, 'ਹਾਂ ਜੀ, ਮੈਡਮ ਜੀ ਮੇਰਾ ਵੀ ਇਕ ਸਵਾਲ ਹੈ ਕਿ walk ਨੂੰ ਵਾਕ ਕਿਉਂ ਕਹਿੰਦੇ ਹਨ, ਵਾਲਕ ਕਿਉਂ ਨਹੀਂ, ਨਾਲੇ 3halk ਨੂੰ ਚਾਕ ਕਿਉਂ ਬੋਲਦੇ ਐ, ਚਾਲਕ ਕਿਉਂ ਨਹੀਂ ਤੇ ਤੀਜੀ ਕੁੜੀ ਵੀ ਕੁਝ ਕਹਿਣ ਹੀ ਵਾਲੀ ਸੀ ਕਿ ਮੈਨੂੰ ਬਹੁਤ ਗੁੱਸਾ ਆ ਗਿਆ ਤੇ ਮੈਂ ਕੜਕ ਕੇ ਕਿਹਾ, 'ਸ਼ਟਅਪ ਅਦਰਵਾਈਜ ਆਈ ਵਿਲ ਮੇਕ ਯੂ ਮੇਕ ਯੂ (otherwise, 9 well make you make you) ਗੁੱਸੇ ਵਿਚ ਮੈਨੂੰ ਮੁਰਗੇ ਦੀ ਅੰਗਰੇਜ਼ੀ ਹੀ ਭੁੱਲ ਗਈ | ਏਨੇ ਵਿਚ ਉਹੀ ਪਹਿਲੇ ਬੈਂਚ ਵਾਲੀ ਕੁੜੀ ਝੱਟ ਬੋਲ ਪਈ, 'ਮੈਡਮ ਜੀ ਤੁਹਾਡਾ ਮਤਲਬ ਸਾਨੂੰ 3ock (ਮੁਰਗਾ) ਬਣਾਉਣ ਤੋਂ ਹੈ ਨਾ, ਲਓ ਅਸੀਂ ਸਾਰੀਆਂ ਮੁਰਗੇ ਬਣ ਜਾਂਦੀਆਂ ਹਾਂ | ਹਾਂ ਬਈ ਗਰਲਜ਼-ਉਸ ਨੇ ਪਿੱਛੇ ਵੱਲ ਨੂੰ ਮੰੂਹ ਕਰ ਕੇ ਕਿਹਾ, 'ਬਣ ਜਾਓ ਸਭ ਮੁਰਗੇ, ਮੈਡਮ ਜੀ ਏਹੀ ਚਾਹੁੰਦੇ ਹਨ |' ਵਿਚੋਂ ਹੀ ਇਕ ਕੁੜੀ ਬੋਲ ਪਈ, 'ਅਸੀਂ ਮੁਰਗੇ ਕਿਉਂ ਬਣੀਏ, ਅਸੀਂ ਤਾਂ ਕੁੜੀਆਂ, ਅਸੀਂ ਤਾਂ ਮੁਰਗੀਆਂ ਬਣਾਂਗੀਆਂ |' ਤੇ ਉਹ ਸਭ ਆਪਣੇ-ਆਪਣੇ ਮੇਜ਼ 'ਤੇ ਚੜ੍ਹ ਕੇ ਮੁਰਗੀਆਂ ਬਣ ਗਈਆਂ ਤੇ 'ਕੁਕੜੰੂ ਘੜੰੂ... ਕੁਕੜੰੂ ਘੜੰੂ ਕਰਨ ਲੱਗ ਪਈਆਂ |' ਪਿੰ੍ਰਸੀਪਲ ਦਾ ਦਫ਼ਤਰ ਨਾਲ ਹੀ ਸੀ, ਸ਼ੋਰ ਸੁਣ ਕੇ ਉਹ ਵੀ ਝੱਟਪਟ ਸਾਡੇ ਕਮਰੇ ਵਿਚ ਆ ਗਈ | ਉਸ ਨੂੰ ਦੇਖ ਕੇ ਸਭ ਕੁੜੀਆਂ ਆਪਣੀ-ਆਪਣੀ ਥਾਂ 'ਤੇ ਬੈਠ ਗਈਆਂ | ਏਨੇ 'ਚ ਘੰਟੀ ਵੱਜ ਗਈ ਤੇ ਪਿੰ੍ਰਸੀਪਲ ਮੈਨੂੰ ਆਪਣੇ ਨਾਲ ਦਫਤਰ ਵਿਚ ਲੈ ਗਈ ਤੇ ਪਾਣੀ ਦਾ ਗਿਲਾਸ ਮੈਨੂੰ ਫੜਾ ਕੇ ਬੋਲੀ, 'ਬੀਬਾ, ਗੁੱਸਾ ਨਾ ਕਰੀਂ, ਇਹ ਆਮ ਗੱਲਾਂ ਹਨ | ਜਿਵੇਂ ਸਕੂਲ ਕਾਲਜ ਵਿਚ ਰੈਗਿੰਗ ਦਾ ਰਿਵਾਜ ਹੈ, ਏਸੇ ਤਰ੍ਹਾਂ ਨਵੇਂ ਟੀਚਰਾਂ ਨਾਲ ਵੀ ਹੁੰਦਾ ਹੈ | ਦੋ-ਚਾਰ ਦਿਨਾਂ ਵਿਚ ਸਭ ਠੀਕ ਹੋ ਜਾਵੇਗਾ | ਬਾਕੀ ਇਕ ਗੱਲ ਦਾ ਧਿਆਨ ਰੱਖੀਂ ਕਿ ਜਿਹੜੇ ਸ਼ਬਦ ਦੀ ਅੰਗਰੇਜ਼ੀ ਨਹੀਂ ਆਉਂਦੀ, ਉਹ ਕਦੇ ਵੀ ਬੱਚਿਆਂ ਦੇ ਸਾਹਮਣੇ ਨਾ ਵਰਤੀਂ |' ਕਹਿ ਕੇ ਉਹ ਮੁਸਕਰਾਈ ਤੇ ਮੈਨੂੰ ਜਾਣ ਲਈ ਕਹਿ ਦਿੱਤਾ | ਉਸ ਦੀ ਗੱਲ ਠੀਕ ਸੀ | ਮੇਰੇ ਪੜ੍ਹਾਉਣ ਦਾ ਢੰਗ ਤੇ ਗੱਲਬਾਤ ਦਾ ਤਰੀਕਾ ਬੱਚਿਆਂ ਨੂੰ ਬਹੁਤ ਪਸੰਦ ਆਇਆ ਤੇ ਉਨ੍ਹਾਂ ਨੇ ਮੈਨੂੰ ਪੂਰੀ ਤਰ੍ਹਾਂ ਅਪਣਾ ਲਿਆ | ਇਹ ਫੋਨ ਵਾਲੀ ਕੁੜੀ ਉਹੀ ਸੀ ਜੋ ਸਭ ਤੋਂ ਪਹਿਲਾਂ ਮੁਰਗੀ ਬਣਨ ਲਈ ਮੇਜ਼ 'ਤੇ ਚੜ੍ਹੀ ਸੀ ਤੇ ਅਸੀਂ ਦੋਵੇਂ ਉਸ ਮੁਰਗੇ-ਮੁਰਗੀ ਦੀ ਕਹਾਣੀ ਵਿਚ ਅਜਿਹੀਆਂ ਉਲਝ ਗਈਆਂ ਤੇ ਭੁੱਲ ਹੀ ਗਈਆਂ ਕਿ ਉਮਰ ਤਾਂ ਹੁਣ ਵਕਤ ਦੀ ਕੈਦ 'ਚੋਂ ਨਿਕਲ ਕੇ ਲਗਪਗ ਅੱਧੀ ਸਦੀ ਅੱਗੇ ਨਿਕਲ ਆਈ ਸੀ ਤੇ ਅੱਜਕਲ੍ਹ ਦੇ ਕੰਪਿਊਟਰ ਯੁੱਗ ਵਿਚ ਬੱਚਿਆਂ ਨੇ ਟੀਚਰਾਂ ਨੂੰ ਤੰਗ ਕਰਨ ਦੇ ਨਵੇਂ-ਨਵੇਂ ਢੰਗ ਸਿਖ ਲਏ ਹਨ |

-1682-7 ਫੇਜ਼, ਮੁਹਾਲੀ | ਮੋਬਾਈਲ : 99881-52523.

ਜ਼ਿੰਦਗੀ ਦੀ ਪਤੰਗ

ਉਸ ਦਾ ਪੂਰਾ ਨਾਂਅ ਤਾਂ ਮੈਨੂੰ ਅੱਜ ਤੱਕ ਨਹੀਂ ਪਤਾ, ਪਰ ਸਾਰੇ ਉਸ ਨੂੰ ਬੰਸੀ ਆਖ ਕੇ ਬੁਲਾਉਂਦੇ ਸਨ | ਮੇਰੀ ਅਤੇ ਉਸ ਦੀ ਜਾਣ-ਪਛਾਣ ਮੇਰੇ ਬਚਪਨ ਵਿਚ ਹੀ ਹੋ ਗਈ ਸੀ | ਉਹ ਮੇਰੇ ਤੋਂ ਪੰਜ-ਸੱਤ ਸਾਲ ਵੱਡਾ ਸੀ | ਬੰਸੀ, ਸਾਡੇ ਸ਼ਹਿਰ ਦੀ ਖ਼ਾਸ ਸ਼ਖ਼ਸੀਅਤ ਸੀ | 'ਖਾਸ' ਇਸ ਕਰਕੇ ਨਹੀਂ ਕਿ ਉਸ ਕੋਲ ਖਾਸ ਪੜ੍ਹਾਈ ਸੀ | ਇਸ ਕਰਕੇ ਨਹੀਂ ਕਿ ਉਹ ਸਮਾਜ ਸੇਵੀ ਸੀ ਅਤੇ ਨਾ ਹੀ ਇਸ ਕਰਕੇ ਕਿ ਉਹ ਵਿਸ਼ੇਸ਼ ਸਮਝ ਦਾ ਮਾਲਕ ਸੀ | ਨਾ ਹੀ ਇਸ ਕਰਕੇ ਕਿ ਉਸ ਨੇ ਕੋਈ ਖਾਸ ਕੌਤਕ ਕਰਕੇ ਦਿਖਾਇਆ ਸੀ | ਉਸ ਦੀ ਪੋਸ਼ਾਕ ਬਹੁਤ ਸਧਾਰਨ ਸੀ | ਉਹ ਹਮੇਸ਼ਾ ਖੱਦਰ ਦਾ ਕੁਰਤਾ, ਪਜਾਮਾ ਪਹਿਨਦਾ | ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ, ਸਾਰੇ ਉਸ ਨੂੰ ਜਾਣਦੇ ਸਨ ਪਰ ਉਸ ਦੀ ਵਿਲੱਖਣਤਾ ਇਸ ਗੱਲ ਵਿਚ ਸੀ ਕਿ ਉਹ ਉੱਚ-ਕੋਟੀ ਦਾ ਪਤੰਗਬਾਜ਼ ਸੀ | ਉਸ ਨੂੰ ਪਤੰਗ ਚੜ੍ਹਾਉਣ ਦਾ ਬਹੁਤ ਸ਼ੌਕ ਸੀ | ਇਸ ਤੋਂ ਇਲਾਵਾ ਉਹ ਪਤੰਗ ਲੁੱਟਣ ਵਿਚ ਵੀ ਵਿਸ਼ੇਸ਼ ਮੁਹਾਰਤ ਰੱਖਦਾ ਸੀ | ਜਦੋਂ ਉਹ ਕੋਈ ਪਤੰਗ ਲੁੱਟ ਲੈਂਦਾ ਤਾਂ ਉਹ ਉਸ ਪਤੰਗ ਨੂੰ ਹੱਥ ਵਿਚ ਫੜ ਕੇ, ਭੰਗੜਾ ਪਾਉਣਾ ਸ਼ੁਰੂ ਕਰ ਦਿੰਦਾ | ਦੇਖਦਿਆਂ-ਦੇਖਦਿਆਂ ਕਈ ਲੜਕੇ ਉਸ ਦੇ ਇਰਦ-ਗਿਰਦ ਇਕੱਠੇ ਹੋ ਜਾਂਦੇ ਅਤੇ ਉਹ ਵੀ ਇਸ ਭੰਗੜੇ ਵਿਚ ਸ਼ਰੀਕ ਹੋ ਜਾਂਦੇ | ਜਿਧਰ ਵੀ ਉਹ ਜਾਂਦਾ, ਕੁਝ ਬੱਚਿਆਂ ਦੀ ਟੋਲੀ ਉਸ ਨਾਲ ਜ਼ਰੂਰ ਹੁੰਦੀ | ਕੋਈ ਉਸ ਪਾਸ ਲੁੱਟੀ ਹੋਈ ਪਤੰਗ ਲੈਣ ਵਾਸਤੇ ਆਉਂਦਾ, ਕੋਈ ਪਤੰਗ ਚੜ੍ਹਾਉਣੀ ਸਿੱਖਣ ਲਈ, ਕੋਈ ਪਤੰਗ ਨੂੰ ਤਲਾਵਾਂ ਪਵਾਉਣ ਲਈ ਅਤੇ ਕੋਈ ਡੋਰ ਨੂੰ ਮਾਂਝਾ ਲਵਾਉਣ ਲਈ ਆਉਂਦਾ | ਬੱਚਿਆਂ ਨੂੰ ਦੇਖ ਕੇ ਉਸ ਨੂੰ ਚਾਅ ਚੜ੍ਹ ਜਾਂਦਾ | ਉਸ ਦੇ ਚਿਹਰੇ ਦੀ ਮੁਸਕਾਨ, ਉਸ ਦਾ ਬੱਚਿਆਂ ਪ੍ਰਤੀ ਪਿਆਰ ਜਿਹੜਾ ਡੁੱਲ੍ਹ-ਡੁੱਲ੍ਹ ਕੇ ਬਾਹਰ ਆਉਂਦਾ ਸੀ, ਉਸ ਨੂੰ ਬੱਚਿਆਂ ਵਿਚ ਹਰਮਨ-ਪਿਆਰਾ ਬਣਾਉਂਦਾ ਸੀ | ਮੇਰੇ ਮਨ ਵਿਚ ਬਚਪਨ ਦੀ ਇਕ ਘਟਨਾ ਜਿਹੜੀ ਉਸ ਨਾਲ ਜੁੜੀ ਹੋਈ ਹੈ, ਅੱਜ ਤੱਕ ਵੀ ਤਰੋਤਾਜ਼ਾ ਹੈ |
ਮੈਂ ਚਾਰ-ਪੰਜ ਸਾਲ ਦਾ ਹੋਵਾਂਗਾ, ਜਦ ਮੈਨੂੰ ਬੁਖਾਰ ਹੋ ਗਿਆ ਸੀ, ਕਿਸੇ ਬੱਚੇ ਪਾਸੋਂ ਉਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ | ਸ਼ਾਮ ਨੂੰ , ਬੰਸੀ ਇਕ ਪਤੰਗ ਅਤੇ ਡੋਰ ਲੈ ਕੇ ਸਾਡੇ ਘਰ ਆ ਗਿਆ | ਉਸ ਨੂੰ ਅਤੇ ਉਸ ਦੇ ਹੱਥ ਵਿਚ ਪਤੰਗ ਅਤੇ ਡੋਰ ਦੇਖ ਕੇ, ਮੇਰੇ ਅੰਦਰ ਖ਼ੁਸ਼ੀ ਦੀ ਇਕ ਤਰੰਗ ਦੌੜ ਗਈ | ਮੇਰੀ ਮਾਂ ਦੁਆਰਾ ਮਨ੍ਹਾਂ ਕਰਦੇ-ਕਰਦੇ ਉਸ ਨੇ ਮੈਨੂੰ ਚੁੱਕਿਆ ਅਤੇ ਸਭ ਤੋਂ ਉੱਪਰਲੀ ਛੱਤ 'ਤੇ ਪਈ ਕੁਰਸੀ 'ਤੇ ਬਿਠਾ ਦਿੱਤਾ | ਉਸ ਦੇ ਨਾਲ ਜਿਹੜੇ ਦੋ ਲੜਕੇ ਆਏ ਸਨ, ਉਹ ਪਤੰਗ ਅਤੇ ਡੋਰ ਉੱਪਰ ਲੈ ਆਏ ਸਨ | ਬੰਸੀ ਨੇ ਬਹੁਤ ਉੱਚੀ ਪਤੰਗ ਚੜ੍ਹਾਈ | ਇੰਜ ਜਾਪਦਾ ਸੀ ਕਿ ਉਹ ਮਸਤੀ ਵਿਚ ਠੁਮਕੇ ਮਾਰ ਕੇ ਨੱਚ ਰਹੀ ਹੋਵੇ |
ਬੰਸੀ ਨੇ ਇਹ ਪਤੰਗ ਮੇਰੇ ਹੱਥ ਫੜਾ ਦਿੱਤੀ | ਮੈਨੂੰ ਇੰਜ ਮਹਿਸੂਸ ਹੋਣ ਲੱਗਾ ਕਿ ਮੇਰਾ ਬੁਖਾਰ, ਮੇਰੇ ਵਲੋਂ ਡੋਰ ਦੁਆਰਾ ਪਤੰਗ ਵੱਲ ਜਾ ਰਿਹਾ ਸੀ ਅਤੇ ਪਤੰਗ ਇਸ ਨੂੰ ਦੂਰ ਦੁਰਾਡੇ, ਆਕਾਸ਼ ਵਿਚ ਭੇਜ ਰਹੀ ਸੀ | ਅੱਧਾ ਘੰਟਾ, ਮੈਂ ਪਤੰਗ ਦਾ ਮਜ਼ਾ ਲਿਆ | ਬੰਸੀ ਚਲਾ ਗਿਆ ਅਤੇ ਨਾਲ ਹੀ ਮੇਰਾ ਬੁਖਾਰ ਵੀ | ਇਸ ਤੋਂ ਬਾਅਦ ਕਈ ਸਾਲ ਮੈਨੂੰ ਬੁਖਾਰ ਨਹੀਂ ਹੋਇਆ | ਇਹ ਘਟਨਾ ਮੇਰੇ ਲਈ ਅਭੁੱਲ ਬਣ ਗਈ | ਸਮਾਂ ਬੀਤਦਾ ਗਿਆ, ਮੈਂ ਪੜ੍ਹਾਈ ਕਰਨ ਤੋਂ ਬਾਅਦ ਅਧਿਆਪਕ ਬਣ ਗਿਆ | ਪਤੰਗਾਂ ਦੀ ਦੁਨੀਆ ਤੋਂ ਦੂਰ ਹੋ ਗਿਆ ਸੀ, ਬੰਸੀ ਨਾਲ ਕਦੇ-ਕਦੇ ਕਿਸੇ ਗਲੀ ਜਾਂ ਬਾਜ਼ਾਰ ਵਿਚ ਮੇਲ ਹੋ ਜਾਂਦਾ ਅਤੇ ਫਤਹਿ ਬੁਲਾ ਦਿੱਤੀ ਜਾਂਦੀ |
ਕੁਝ ਦਿਨ ਹੋਏ ਮੈਨੂੰ ਪਤਾ ਲੱਗਿਆ ਕਿ ਬੰਸੀ ਬਿਮਾਰ ਹੈ ਅਤੇ ਹਸਪਤਾਲ ਵਿਚ ਹੈ | ਮੈਂ ਉਸ ਦਾ ਹਾਲ ਪਤਾ ਕਰਨ ਲਈ ਹਸਪਤਾਲ ਗਿਆ | ਉਸ ਦੇ ਘਰ ਵਾਲੇ ਅਤੇ ਰਿਸ਼ਤੇਦਾਰ ਹਸਪਤਾਲ ਦੀ ਰਿਸੈਪਸ਼ਨ ਵਿਚ ਖੜ੍ਹੇ ਸਨ | ਉਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ ਤੋਂ ਮੈਂ ਜਾਣ ਲਿਆ ਕਿ ਸਭ ਕੁਝ ਠੀਕ ਨਹੀਂ ਹੈ | ਉਨ੍ਹਾਂ ਵਿਚੋਂ ਇਕ, ਮੈਨੂੰ ਬੰਸੀ ਦੇ ਬੈੱਡ ਦੇ ਕੋਲ ਲੈ ਗਿਆ | ਉਸ ਨੂੰ ਤੇਜ਼ ਬੁਖਾਰ ਸੀ ਅਤੇ ਉਹ ਸਰਸਾਮ ਵਿਚ ਬਦਲ ਚੁੱਕਾ ਸੀ | ਉਸ ਦੀਆਂ ਅੱਖਾਂ ਵਿਚ ਹੰਝੂ ਸਨ | ਕਦੇ-ਕਦੇ ਉਹ ਬੁੜਬੁੜਾਉਂਦਾ | ਮੈਂ ਨੇੜੇ ਹੋ ਕੇ ਉਸ ਨੂੰ ਸੁਣਨ ਦੀ ਕੋਸ਼ਿਸ਼ ਕੀਤੀ | ਮੈਨੂੰ ਇਹ ਸ਼ਬਦ ਸੁਣਾਈ ਦਿੱਤੇ, 'ਮੈਂ ਪਤੰਗਾਂ ਤਾਂ ਬਹੁਤ ਚੜ੍ਹਾਈਆਂ ਪਰ ਅਫ਼ਸੋਸ ਜ਼ਿੰਦਗੀ ਦੀ ਪਤੰਗ ਨਾ ਚੜ੍ਹਾ ਸਕਿਆ |' ਫਿਰ ਉਹ ਉੱਚੀ-ਉੱਚੀ ਬੋਲਣ ਲੱਗ ਪਿਆ, 'ਕਾਸ਼! ਮੈਂ ਜ਼ਿੰਦਗੀ ਦੀ ਪਤੰਗ ਚੜ੍ਹਾ ਸਕਦਾ... ਮੈਂ ਜ਼ਿੰਦਗੀ ਦੀ ਪਤੰਗ ਚੜ੍ਹਾ ਸਕਦਾ... |' ਮੈਂ ਭਾਵੁਕ ਹੋ ਗਿਆ ਅਤੇ ਸੇਜਲ ਅੱਖਾਂ ਨਾਲ ਬਾਹਰ ਆ ਗਿਆ | ਦੂਜੇ ਦਿਨ ਦੁਪਹਿਰ ਨੂੰ ਇਹ ਖ਼ਬਰ ਮਿਲ ਗਈ ਕਿ ਬੰਸੀ ਇਸ ਸੰਸਾਰ ਵਿਚ ਨਹੀਂ ਰਿਹਾ | ਪਰ ਉਸ ਦੇ ਇਹ ਸ਼ਬਦ 'ਕਾਸ਼! ਮੈਂ ਜ਼ਿੰਦਗੀ ਦੀ ਪਤੰਗ ਚੜ੍ਹਾ ਸਕਦਾ', ਮੇਰੇ ਕੰਨਾਂ ਵਿਚ ਗੰੂਜ ਰਹੇ ਸਨ | ਮੇਰੇ ਮਨ ਵਿਚ ਇਕ ਚੀਸ ਉੱਠੀ ਜਿਸ ਵਿਚੋਂ ਇਹ ਸ਼ਬਦ ਫੁੱਟ-ਫੁੱਟ ਕੇ ਬਾਹਰ ਆ ਰਹੇ ਸਨ, 'ਬੰਸੀ, ਤੂੰ ਤਾਂ ਜ਼ਿੰਦਗੀ ਦੀ ਪਤੰਗ ਬਹੁਤ ਉੱਚੀ ਚੜ੍ਹਾਈ ਹੈ | ਤੇਰੀ ਇਹ ਪਤੰਗ ਹਾਲੇ ਵੀ ਆਕਾਸ਼ ਵਿਚ ਬਹੁਤ ਉੱਚੀ ਲਹਿਰਾ ਰਹੀ ਹੈ | ਇਸ ਵਿਚੋਂ ਪਿਆਰ ਦੀਆਂ ਉਹ ਰਿਸ਼ਮਾਂ ਨਿਕਲ ਰਹੀਆਂ ਹਨ, ਜਿਹੜੀਆਂ ਕਾਗਜ਼ ਦੀਆਂ ਪਤੰਗਾਂ ਦੁਆਰਾ ਤੂੰ ਸਾਰਾ ਜੀਵਨ ਬੱਚਿਆਂ ਨੂੰ ਦਿੰਦਾ ਰਿਹਾ ਹੈਾ | ਤੇਰੀ ਇਹ ਪਤੰਗ, ਤੇਰੇ ਭੋਲੇ ਭਾਵ ਸਰਲਤਾ, ਸਾਦਗੀ ਅਤੇ ਨਿਸ਼ਕਪਟਤਾ ਦੀ ਪ੍ਰਤੀਕ ਹੈ | ਦੁਨਿਆਵੀ ਧਨ-ਦੌਲਤ, ਅਹੁਦੇ, ਮਹਿਲ ਮਾੜੀਆਂ ਅਤੇ ਸ਼ੋਹਰਤ, ਰੱਬ ਦੀ ਦਰਗਾਹ ਵਿਚ, ਤੇਰੀ ਪਤੰਗ ਵਿਚੋਂ ਨਿਕਲ ਰਹੀਆਂ ਰਿਸ਼ਮਾਂ ਸਾਹਮਣੇ ਬਹੁਤ ਫਿੱਕੇ ਹਨ | ਤੇਰੀ ਇਸ ਪਤੰਗ ਨੂੰ ਕੋਈ ਨਹੀਂ ਲੁੱਟ ਸਕਦਾ |'

-ਰਿਟਾਇਰਡ ਲੈਕਚਰਾਰ, ਕਰਤਾਰਪੁਰ (ਜਲੰਧਰ |

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX