ਤਾਜਾ ਖ਼ਬਰਾਂ


ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਮੁੜ ਜਾਂਚ ਵਾਲੀ ਅਰਜ਼ੀ 'ਤੇ ਅਦਾਲਤ 'ਚ ਹੋਈ ਸੁਣਵਾਈ
. . .  23 minutes ago
ਐੱਸ. ਏ. ਐੱਸ. ਨਗਰ, 26 ਫਰਵਰੀ (ਜਸਬੀਰ ਸਿੰਘ ਜੱਸੀ)- ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਦੀ ਮੁੜ ਜਾਂਚ ਵਾਲੀ ਅਰਜ਼ੀ, ਜੋ ਕਿ ਸੁਪਰੀਮ ਕੋਰਟ ਵਲੋਂ ਖ਼ਾਰਜ ਕਰ ਦਿੱਤੀ ਗਈ ਸੀ, 'ਤੇ ਅੱਜ ਸੀ. ਬੀ. ਆਈ. ਦੀ...
ਦਿੱਲੀ ਹਿੰਸਾ : ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 22
. . .  29 minutes ago
ਨਵੀਂ ਦਿੱਲੀ, 26 ਫਰਵਰੀ- ਉੱਤਰੀ-ਪੂਰਬੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਫੈਲੀ ਹਿੰਸਾ 'ਚ ਮੌਤਾਂ ਦਾ ਅੰਕੜਾ ਵੱਧ ਕੇ 22 ਹੋ ਗਿਆ ਹੈ। ਗੁਰੂ ਤੇਗ ਬਹਾਦਰ ਹਸਪਤਾਲ 'ਚ 21 ਲੋਕਾਂ...
ਪਤਨੀ ਅਤੇ ਬੇਟੇ ਸਣੇ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੂੰ ਭੇਜਿਆ ਜੇਲ੍ਹ
. . .  43 minutes ago
ਲਖਨਊ, 26 ਫਰਵਰੀ- ਉੱਤਰ ਪ੍ਰਦੇਸ਼ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਨੇ ਆਪਣੀ ਪਤਨੀ ਤੰਜ਼ੀਨ ਫ਼ਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਖ਼ਾਨ ਨਾਲ ਅੱਜ ਰਾਮਪੁਰ ਦੀ ਇੱਕ ਵਿਸ਼ੇਸ਼...
ਬਜਟ ਇਜਲਾਸ : ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਨਹੀਂ ਦਿੱਤੇ ਸਮਾਰਟ ਫ਼ੋਨ- ਅਮਨ ਅਰੋੜਾ
. . .  1 minute ago
ਬਜਟ ਇਜਲਾਸ : ਸਪੀਕਰ ਨੇ ਪੱਖਪਾਤ ਕੀਤਾ, ਸਾਨੂੰ ਕਿਹਾ ਕਿ ਅਖੀਰ 'ਚ ਬੋਲਣ ਦਿਆਂਗੇ ਪਰ ਬੋਲਣ ਨਹੀਂ ਦਿੱਤਾ- ਮਜੀਠੀਆ
. . .  about 1 hour ago
ਬਜਟ ਇਜਲਾਸ : ਟੀਨੂੰ ਤੇ ਹੋਰ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਰਕਾਰ ਤੇ ਮੁੱਖ ਮੰਤਰੀ ਕੋਲ ਕੋਈ ਜਵਾਬ ਨਹੀਂ
. . .  about 1 hour ago
ਸੰਦੌੜ ਵਿਖੇ ਕਿਸਾਨ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  about 1 hour ago
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ)- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਹਥਨ ਦੀ ਅਗਵਾਈ...
ਉੱਤਰੀ ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਦੀ ਮੌਤ 'ਤੇ ਦਿੱਲੀ ਹਾਈਕੋਰਟ ਨੇ ਜਤਾਈ ਚਿੰਤਾ
. . .  about 1 hour ago
ਦਿੱਲੀ ਹਿੰਸਾ 'ਤੇ ਹਾਈਕੋਰਟ ਦੀ ਸਖ਼ਤ ਟਿੱਪਣੀ- ਇੱਕ ਹੋਰ 1984 ਨਹੀਂ ਹੋਣ ਦੇਵਾਂਗੇ
. . .  2 minutes ago
ਨਵੀਂ ਦਿੱਲੀ, 26 (ਜਗਤਾਰ ਸਿੰਘ)- ਦਿੱਲੀ ਹਿੰਸਾ ਮਾਮਲੇ 'ਤੇ ਅੱਜ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ...
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਕਰਨ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ - ਹਾਈਕੋਰਟ
. . .  about 1 hour ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਿੰਸਾ ਮਾਮਲੇ 'ਤੇ ਸੁਣਵਾਈ ਕਰਦਿਆ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਹਿੰਸਾ ਪ੍ਰਭਾਵਿਤ ਇਲਾਕਿਆਂ...
ਹੋਰ ਖ਼ਬਰਾਂ..

ਖੇਡ ਜਗਤ

ਪੰਜਾਬੀ ਖਿਡਾਰੀਆਂ ਲਈ ਮਾਣ-ਸਨਮਾਨ ਦਾ ਵਰ੍ਹਾ ਰਿਹਾ 2019

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਵਿਸ਼ਵ ਪੁਲਿਸ ਖੇਡਾਂ:- ਚੀਨ 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ 'ਚ ਬਹੁਤ ਸਾਰੇ ਪੰਜਾਬੀਆਂ ਨੇ ਦੇਸ਼ ਲਈ ਤਗਮੇ ਜਿੱਤੇ। ਜਿਨ੍ਹਾਂ 'ਚ ਜੂਡੋਕਾ ਜਸਲੀਨ ਕੌਰ ਤੇ ਹਰਮੀਤ ਸਿੰਘ, ਅਥਲੀਟ ਰੁਪਿੰਦਰ ਕੌਰ ਤੇ ਜਸਦੀਪ ਸਿੰਘ ਢਿੱਲੋਂ ਨੇ ਸੋਨ ਤਗਮੇ ਜਿੱਤੇ।
ਪੁਰਸਕਾਰ ਤੇ ਅਹੁਦੇ:- ਇਸ ਵਰ੍ਹੇ ਕੌਮੀ ਖੇਡ ਦਿਵਸ ਮੌਕੇ ਪ੍ਰਦਾਨ ਕੀਤੇ ਜਾਣ ਵਾਲੇ ਕੌਮੀ ਪੁਰਸਕਾਰਾਂ ਤਹਿਤ ਨਾਮਵਰ ਅਥਲੈਟਿਕਸ ਕੋਚ ਮਹਿੰਦਰ ਸਿੰਘ ਢਿੱਲੋਂ ਨੂੰ ਦਰੋਣਾਚਾਰੀਆ, ਗੋਲਾ ਸੁਟਾਵੇ ਤੇਜਿੰਦਰਪਾਲ ਸਿੰਘ ਤੂਰ ਅਤੇ ਫੁੱਟਬਾਲਰ ਗੁਰਪ੍ਰੀਤ ਸਿੰਘ ਨੂੰ ਅਰਜੁਨਾ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਸ: ਮਹਿੰਦਰ ਸਿੰਘ ਢਿੱਲੋਂ ਨੂੰ ਏਸ਼ੀਅਨ ਅਥਲੈਟਿਕਸ ਫੈਡਰੇਸ਼ਨ ਵਲੋਂ ਦੋਹਾ (ਕਤਰ) ਵਿਖੇ ਏਸ਼ੀਆ ਦੇ ਸਰਬੋਤਮ ਅਥਲੈਟਿਕਸ ਕੋਚ ਵਜੋਂ ਸਨਮਾਨਿਤ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਸ ਵਰ੍ਹੇ ਦੇਸ਼ ਦੀ ਸਰਬੋਤਮ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫ਼ੀ ਜਿੱਤਣ ਦਾ ਮਾਣ ਹਾਸਲ ਕੀਤਾ। ਸੰਦੀਪ ਸਿੰਘ ਬੱਢੂਵਾਲ ਨੇ ਦੰਦਾਂ ਵਾਲੇ ਬੁਰਸ਼ 'ਤੇ 1 ਮਿੰਟ 8.15 ਸਕਿੰਟ ਬਾਸਕਟਬਾਲ ਘੁਮਾਉਣ ਦਾ ਵਿਸ਼ਵ ਕੀਰਤੀਮਾਨ ਬਣਾ ਕੇ, ਗਿੰਨੀਜ਼ ਬੁੱਕ ਆਫ ਰਿਕਾਰਡਜ਼ ਦੇ ਕਵਰ 'ਤੇ ਆਪਣੀ ਤਸਵੀਰ ਛਪਵਾਉਣ ਦਾ ਮਾਣ ਹਾਸਲ ਕੀਤਾ। ਇਹ ਰੁਤਬਾ ਪਾਉਣ ਵਾਲਾ ਸੰਦੀਪ ਪਹਿਲਾ ਪੰਜਾਬੀ ਹੈ। ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਅਰਜੁਨਾ ਐਵਾਰਡੀ ਸੁਖਪਾਲ ਸਿੰਘ ਪਾਲੀ ਕ੍ਰਮਵਾਰ ਪੰਜਾਬੀ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਜਨਰਲ ਸਕੱਤਰ ਬਣੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਖੇਡਾਂ ਦੇ ਖੇਤਰ 'ਚ ਦੇਸ਼ ਦੀ ਅੱਵਲ ਨੰਬਰ ਯੂਨੀਵਰਸਿਟੀ ਬਣਾਉਣ ਵਾਲੇ ਡਾ: ਰਾਜ ਕੁਮਾਰ ਸ਼ਰਮਾ ਨੇ ਇਸ ਵਰ੍ਹੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਖੇਡ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ। ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਵਰ੍ਹੇ ਜੂਡੋ ਯੂਨੀਅਨ ਆਫ ਏਸ਼ੀਆ ਦੇ ਪ੍ਰਧਾਨ ਬਣੇ। ਉਹ ਭਾਰਤੀ ਜੂਡੋ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ। ਉਦੈਵੀਰ ਸਿੰਘ ਮਿੱਢੂਖੇੜਾ ਪੰਜਾਬ ਕਸਟੋਬਾਲ ਐਸੋਸੀਏਸ਼ਨ ਦੇ ਪ੍ਰਧਾਨ, ਗੁਰਦੀਪ ਸਿੰਘ ਬਿੱਟੀ ਘੱਗਾ ਜਨਰਲ ਸਕੱਤਰ ਤੇ ਸ਼ੀਸ਼ਪਾਲ ਗਰਗ ਚੇਅਰਮੈਨ ਬਣੇ।
ਹੋਰ ਖੇਡਾਂ:- ਪਟਿਆਲਾ ਦੇ ਡਾ: ਅਮਨ ਸੂਦ ਨੇ ਮਾਰਸ਼ਲ ਆਰਟ ਥਰੋਅਜ਼ ਤਹਿਤ 1 ਮਿੰਟ 'ਚ 79 ਥਰੋਅਜ਼ ਲਗਾ ਕੇ, ਵਿਸ਼ਵ ਕੀਰਤੀਮਾਨ ਆਪਣੇ ਨਾਂਅ ਕੀਤਾ। ਰਾਜਪੁਰਾ (ਪਟਿਆਲਾ) ਦੀ ਖਿਡਾਰਨ ਸੇਜਲ ਨੇ ਇੰਡੀਆ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਕੱਪ 'ਚੋਂ ਸੋਨ ਤਗਮਾ ਜਿੱਤਿਆ। ਤਲਵਾਰਬਾਜ਼ੀ 'ਚ ਪੰਜਾਬ ਦੇ ਖਿਡਾਰੀਆਂ ਨੇ ਕੌਮੀ ਸਕੂਲ ਖੇਡਾਂ 'ਚੋਂ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਫੁੱਟਬਾਲ 'ਚ ਪੰਜਾਬ ਦੀ ਟੀਮ ਕੌਮੀ ਸਕੂਲ ਖੇਡਾਂ ਅੰਡਰ-19 ਦੀ ਚੈਂਪੀਅਨ ਬਣੀ। ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਗਰੀਕੋ ਰੋਮਨ ਵਰਗ 'ਚ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਸੋਨ ਤਗਮੇ ਜਿੱਤੇ। ਇਹ ਦੋਨੋਂ ਪਹਿਲਵਾਨ ਕੌਮੀ ਚੈਂਪੀਅਨ ਵੀ ਬਣੇ। ਨਵਜੋਤ ਕੌਰ ਤੇ ਸਿਮਰਨਜੀਤ ਕੌਰ ਨੇ ਕੌਮੀ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚੋਂ ਤਗਮੇ ਜਿੱਤੇ। ਮਿੱਟੀ ਦੀ ਕੁਸ਼ਤੀ 'ਚ ਜੱਸਾ ਪੱਟੀ ਦੀ ਤੂਤੀ ਬੋਲਦੀ ਰਹੀ। ਟੈਨਿਸ ਖਿਡਾਰੀ ਗੁਰਕਿਰਨ ਸਿੰਘ, ਖਾਹਿਸ਼ਪ੍ਰੀਤ ਕੌਰ, ਵਰਿੰਦਰ ਸਿੰਘ ਤੇ ਕੁੰਵਰਦੀਪ ਸਿੰਘ ਪਾਤੜਾਂ (ਪਟਿਆਲਾ) ਦੀ ਚੋਣ ਭਾਰਤੀ ਜੂਨੀਅਰ ਟੀਮ 'ਚ ਹੋਈ ਅਤੇ ਉਨ੍ਹਾਂ ਨੇ ਸਰਬੀਆ ਤੇ ਚੀਨ 'ਚ ਹੋਏ ਟੂਰਨਾਮੈਂਟਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਉਮਰ ਵਰਗਾਂ ਦੇ 6 ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚੋਂ 5 ਚੈਂਪੀਅਨਸ਼ਿਪਾਂ ਪਟਿਆਲਾ ਜ਼ਿਲ੍ਹੇ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਪੋਲੈਂਡ, ਹੰਗਰੀ ਤੇ ਜਰਮਨੀ 'ਚ ਸਿਖਲਾਈ ਦੇਣ ਦਾ ਮਾਣ ਹਾਸਲ ਕੀਤਾ। (ਸਮਾਪਤ)


-ਪਟਿਆਲਾ। ਮੋਬਾ: 97795-90575


ਖ਼ਬਰ ਸ਼ੇਅਰ ਕਰੋ

ਟੋਕੀਓ ਉਲੰਪਿਕ ਹਾਕੀ 2020 'ਤੇ ਅੱਖ ਹਾਕੀ ਸਟਾਰ ਗੁਰਜੰਟ ਦੀ

ਟੋਕੀਓ ਉਲੰਪਿਕ ਹਾਕੀ 2020 'ਚ ਖੇਡਣ ਵਾਲੀ ਭਾਰਤੀ ਹਾਕੀ ਟੀਮ ਦੇ ਸੰਭਾਵਿਤ ਖਿਡਾਰੀਆਂ ਵਿਚੋਂ ਗੁਰਜੰਟ ਸਿੰਘ ਨੂੰ ਅਸੀਂ ਪ੍ਰਮੁੱਖ ਮੰਨਦੇ ਹਾਂ। ਜੂਨੀਅਰ ਵਰਲਡ ਕੱਪ ਜੇਤੂ (2016, ਲਖਨਊ) ਦਾ ਇਹ ਬਿਹਤਰੀਨ ਫਾਰਵਰਡ ਖਿਡਾਰੀ ਅੱਜ ਵੀ ਸੰਸਾਰ ਦੀ ਕਿਸੇ ਵੀ ਹਾਕੀ ਟੀਮ ਦੀ ਰੱਖਿਆਤਮਕ ਪੰਕਤੀ ਨੂੰ ਚੀਰ ਕੇ ਗੋਲ ਕਰਨ ਦੀ ਸਮਰੱਥਾ ਰੱਖਦਾ ਹੈ। 26 ਜਨਵਰੀ, 1995 ਨੂੰ ਪਿੰਡ ਖਲੈਹਿਰਾ (ਜੰਡਿਆਲਾ ਗੁਰੂ, ਅੰਮ੍ਰਿਤਸਰ) ਵਿਖੇ ਜਨਮ ਲੈਣ ਵਾਲਾ ਇਹ ਮਝੈਲ ਖਿਡਾਰੀ ਪਿਤਾ ਬਲਦੇਵ ਸਿੰਘ ਅਤੇ ਮਾਤਾ ਸੁਖਜਿੰਦਰ ਕੌਰ ਦੇ, ਵੱਡਾ ਹੋ ਕੇ ਹਾਕੀ ਦੀ ਦੁਨੀਆ 'ਚ ਛਾ ਜਾਣ ਦੇ ਸੁਪਨਿਆਂ ਨੂੰ ਪੂਰਿਆਂ ਕਰਨ ਲਈ ਲਗਾਤਾਰ ਗਤੀਸ਼ੀਲ ਹੈ। ਗੁਰਜੰਟ ਦੱਸਦਾ ਹੈ ਕਿ ਉਸ ਦਾ ਪਰਿਵਾਰ ਖੇਤੀਬਾੜੀ ਦਾ ਧੰਦਾ ਕਰਦਾ ਹੈ, ਪਰ ਉਸ ਨੂੰ ਬਚਪਨ ਤੋਂ ਹਾਕੀ ਖੇਡਣ ਦਾ ਸ਼ੌਕ ਸੀ। ਮਾਂ-ਬਾਪ ਨੇ ਆਪਣੇ ਬੇਟੇ ਦੀਆਂ ਭਾਵਨਾਵਾਂ ਨੂੰ ਹਾਕੀ ਦੇ ਲੜ ਹੀ ਲਾਉਣਾ ਠੀਕ ਸਮਝਿਆ। ਉਸ ਦੇ ਪਹਿਲੇ ਕੋਚ ਰਣਜੀਤ ਸਿੰਘ ਚੀਮਾ ਹਨ, ਉਹ ਚੀਮਾ ਹਾਕੀ ਅਕੈਡਮੀ, ਬਟਾਲਾ ਦੀ ਪੈਦਾਵਾਰ ਹੈ। ਜਿਉਂ-ਜਿਉਂ ਉਸ ਦਾ ਖੇਡ ਕੈਰੀਅਰ ਅੱਗੇ ਵਧਿਆ ਉਸ ਨੂੰ ਬਹੁਤ ਹੀ ਪ੍ਰਤਿਭਾਸ਼ਾਲੀ ਕੋਚ ਮਿਲੇ, ਜਿਨ੍ਹਾਂ ਵਿਚੋਂ ਜਸਬੀਰ ਸਿੰਘ ਬਾਜਵਾ ਚੰਡੀਗੜ੍ਹ, ਗੁਰਮਿੰਦਰ ਸਿੰਘ ਹਨ। ਗੁਰਜੰਟ ਦੇ ਮਾਮਾ ਹਰਦੇਵ ਸਿੰਘ ਭੱਪ ਨੇ ਉਸ ਨੂੰ ਹਾਕੀ ਲਈ ਬਹੁਤ ਉਤਸ਼ਾਹਿਤ ਕੀਤਾ ਕਿਉਂਕਿ ਉਹ ਆਪ ਹਾਕੀ ਦੀ ਖੇਡ ਨਾਲ ਜੁੜੇ ਹੋਏ ਸਨ। ਖੇਡ ਕੈਰੀਅਰ ਦੇ ਆਰੰਭਲੇ ਪੜਾਅ 'ਚ ਉਸ ਨੇ ਸੁਰਜੀਤ ਕੱਪ, ਬੇਟਨ ਕੱਪ, ਬੰਬੇ ਗੋਲਡ ਕੱਪ ਖੇਡਦਿਆਂ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ। ਫਿਰ ਅੰਤਰਰਾਸ਼ਟਰੀ ਕੈਰੀਅਰ 'ਚ ਉਸ ਨੇ ਆਪਣੇ ਕੋਚਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਜੂਨੀਅਰ ਏਸ਼ੀਆ ਕੱਪ ਤੋਂ ਬਾਅਦ ਉਸ ਨੇ ਜੂਨੀਅਰ ਪੱਧਰ 'ਤੇ ਬਹੁਤ ਸਾਰੇ ਟੂਰਨਾਮੈਂਟ ਖੇਡੇ। ਕਈ ਟੂਰਨਾਮੈਂਟ ਅਤੇ ਕਈ ਮੈਚਾਂ 'ਚ ਉਹ 'ਮੈਨ ਆਫ਼ ਦੀ ਮੈਚ' ਬਣਿਆ।
ਭਾਰਤੀ ਹਾਕੀ ਟੀਮ ਦੇ ਸੀਨੀਅਰ ਖਿਡਾਰੀ ਰੁਪਿੰਦਰ ਪਾਲ ਸਿੰਘ ਨੂੰ ਆਪਣਾ ਆਦਰਸ਼ ਮੰਨ ਕੇ ਚੱਲਣ ਵਾਲਾ ਇਹ ਮਝੈਲ ਫਾਰਵਰਡ, ਸ਼ਹੀਦ ਬਾਬਾ ਦੀਪ ਸਿੰਘ ਜੀ 'ਚ ਆਪਣੀ ਧਾਰਮਿਕ ਆਸਥਾ ਰੱਖਦਾ ਹੈ। ਅੰਤਰਰਾਸ਼ਟਰੀ ਖੇਡ ਕੈਰੀਅਰ 'ਚ ਉਸ ਆਸਟ੍ਰੇਲੀਆ ਦੇ ਪ੍ਰਸਿੱਧ ਖਿਡਾਰੀ ਜੇ ਸਟੈਸੀ ਤੋਂ ਬਹੁਤ ਪ੍ਰਭਾਵਿਤ ਹੈ। 6 ਫੁੱਟ ਲੰਮਾ ਇਹ ਪ੍ਰਤਿਭਾਸ਼ਾਲੀ ਖਿਡਾਰੀ ਹਾਕੀ ਇੰਡੀਆ ਲੀਗ ਦੇ ਸਾਰੇ ਐਡੀਸ਼ਨਾਂ 'ਚ ਜੋ ਉਸ ਨੇ ਖੇਡੇ, ਘਰੇਲੂ ਮੈਦਾਨ 'ਚ ਘਰੇਲੂ ਦਰਸ਼ਕਾਂ ਦੀ ਚੰਗੀ ਵਾਹ-ਵਾਹ ਲੁੱਟ ਸਕਿਆ ਹੈ।
ਸੀਨੀਅਰ ਪੱਧਰ 'ਤੇ ਗੁਰਜੰਟ ਨੇ ਯੂਰਪੀਨ ਟੈਸਟ ਸੀਰੀਜ਼ ਬੈਲਜੀਅਮ ਦੇ ਵਿਰੁੱਧ ਅਤੇ ਫਿਰ ਹਾਲੈਂਡ ਦੇ ਖਿਲਾਫ਼ 2017 'ਚ ਖੇਡੀ। 2017 ਦੇ ਹੀ ਹੀਰੋ ਏਸ਼ੀਆ ਕੱਪ (ਢਾਕਾ ਬੰਗਲਾਦੇਸ਼) 'ਚ ਉਹ ਗੋਲਡ ਮੈਡਲ ਮੈਚ (ਫਾਈਨਲ ਦਾ ਮੈਨ ਆਫ਼ ਦਾ ਮੈਚ) ਬਣਿਆ। ਉਸ ਤੋਂ ਬਾਅਦ ਉਸ ਨੇ ਓਡੀਸ਼ਾ 'ਚ ਹਾਕੀ ਵਰਲਡ ਲੀਗ ਫਾਈਨਲ ਭਵਨੇਸ਼ਵਰ (2017) 'ਚ ਆਪਣਾ ਦਮਦਾਰ ਪ੍ਰਦਰਸ਼ਨ ਕੀਤਾ। 2018 'ਚ ਅਜਲਾਨ ਸ਼ਾਹ ਕੱਪ ਖੇਡਿਆ। ਬੀਤੇ ਸਾਲ ਆਸਟ੍ਰੇਲੀਆ ਵਿਖੇ ਰਾਸ਼ਟਰ ਮੰਡਲ ਖੇਡਾਂ ਹਿੱਸਾ ਲਿਆ। ਏਸ਼ੀਅਨ ਚੈਂਪੀਅਨ ਟਰਾਫ਼ੀ ਮਸਕਟ ਵਿਖੇ ਖੇਡੀ, 2019 'ਚ ਭੁਵਨੇਸ਼ਵਰ ਵਿਖੇ ਐਫ.ਆਈ.ਐਚ. ਸੀਰੀਜ਼ ਖੇਡੀ ਅਤੇ ਜਾਪਾਨ ਦੇ ਖਿਲਾਫ਼ ਟੈਸਟ ਸੀਰੀਜ਼ ਖੇਡੀ। ਗੁਰਜੰਟ ਦਾ ਕਹਿਣਾ ਕਿ ਹੁਣ ਉਸ ਤੇ ਉਸ ਦਾ ਟੀਮ ਦੇ ਸਾਹਮਣੇ ਸਿਰਫ਼ ਇਕੋ ਵੱਡਾ ਨਿਸ਼ਾਨਾ ਟੋਕੀਓ ਉਲੰਪਿਕ 2020 'ਚ ਇਕ ਮੈਡਲ ਪ੍ਰਾਪਤ ਕਰਨਾ ਹੈ। ਉਸ ਨੂੰ ਡਰ ਹੈ ਕਿ ਜੇ ਇਸ ਵਾਰੀ ਵੀ ਮੈਡਲ ਨਾ ਆਇਆ ਤਾਂ ਹਾਕੀ ਜਾਦੂਗਰਾਂ ਦੇ ਇਸ ਦੇਸ਼ 'ਚ ਹਾਕੀ ਰੁਮਾਂਚ ਖਤਮ ਹੋ ਜਾਵੇਗਾ।


-ਡੀ.ਏ.ਵੀ. ਕਾਲਜ ਅੰਮ੍ਰਿਤਸਰ।
ਮੋਬਾਈਲ : 98155-35410.

ਫੁੱਟਬਾਲ : ਪੰਜਾਬ ਦੇ ਅਰਜਨ ਪੁਰਸਕਾਰ ਜੇਤੂ ਖਿਡਾਰੀ

ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜੰਮੇ ਜਿੰਨੇ ਜ਼ੋਰ ਨਾਲ ਹਲ ਵਾਹੁੰਦੇ ਹਨ, ਓਨੇ ਹੀ ਜ਼ੋਰ ਨਾਲ ਖੇਡਦੇ ਹਨ। ਪੰਜਾਬ ਹਮੇਸ਼ਾ ਦਿਲਾਂ ਦੇ ਰਾਠ ਤੇ ਨਰੋਈਆਂ ਦੇਹਾਂ ਵਾਲੇ ਖਿੱਤੇ ਵਜੋਂ ਜਾਣਿਆ ਜਾਂਦਾ ਹੈ। ਖੇਡਾਂ ਦੇ ਖੇਤਰ ਵਿਚ ਵੀ ਪੰਜਾਬੀ ਮੋਹਰੀ ਰਹੇ ਹਨ, ਵੱਖ-ਵੱਖ ਖੇਡਾਂ ਵਿਚ ਪੰਜਾਬੀ ਖਿਡਾਰੀਆਂ ਨੇ ਭਾਰਤ ਅਤੇ ਏਸ਼ਿਆਈ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ ਅਤੇ ਕਈ ਜਗਤ ਜੇਤੂ ਰਹੇ। ਇਸੇ ਸੰਦਰਭ 'ਚ ਰੂ-ਬਰੂ ਹੋਈਏ ਪੰਜਾਬ ਦੇ ਉਨ੍ਹਾਂ ਫੁੱਟਬਾਲ ਖਿਡਾਰੀਆਂ ਦੇ ਜਿਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਸਰਬਉੱਚ ਖੇਡ ਪੁਰਸਕਾਰ ਅਰਜਨ ਐਵਾਰਡ ਨਾਲ ਸਨਮਾਨਿਤ ਗਿਆ ਹੈ।
ਜਰਨੈਲ ਸਿੰਘ : ਅਰਜਨ ਐਵਾਰਡ 1964 : ਭਾਰਤੀ ਫੁੱਟਬਾਲ ਦੇ ਅੰਬਰ ਦੇ ਧਰੂ ਤਾਰੇ ਜਰਨੈਲ ਸਿੰਘ ਦੀ ਖੇਡ ਕਲਾ ਬਾਰੇ ਲਿਖਣ ਲੱਗਿਆਂ ਹਰਫ਼ਾਂ ਦੀਆਂ ਜਰਬਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ। ਜਰਨੈਲ ਸਿੰਘ 1958 ਦੇ ਅਖੀਰ ਤੋਂ ਲੈ ਕੇ 1967 ਤੱਕ ਭਾਰਤੀ ਟੀਮ ਨੂੰ ਖੇਡਦਿਆਂ ਸ਼ੁਹਰਤ ਦੇ ਸਿਖਰ ਦੀਆਂ ਸੁਰਖੀਆਂ 'ਚ ਰਹੇ। 20 ਫਰਵਰੀ, 1936 ਦੇ ਲਾਇਲਪੁਰ ਦੇ ਚੱਕ ਨੰਬਰ 272 (ਪਾਕਿਸਤਾਨ) 'ਚ ਫੁੱਟਬਾਲ ਦੇ ਜਰਨੈਲ ਦਾ ਜਨਮ ਹੋਇਆ। 1947 ਦੇ ਰੌਲਿਆਂ ਤੋਂ ਬਾਅਦ ਉਸ ਦਾ ਪਰਿਵਾਰ ਗੜ੍ਹਸ਼ੰਕਰ ਨੇੜੇ ਪਨਾਮ ਵਿਚ ਆ ਵਸਿਆ। ਖ਼ਾਲਸਾ ਕਾਲਜ ਪੜ੍ਹਦਿਆਂ ਉਹ ਪੰਜਾਬ ਟੀਮ ਲਈ ਚੁਣਿਆ ਗਿਆ। 1957 'ਚ ਡੀ.ਐਸ.ਐਮ. ਟੂਰਨਾਮੈਂਟ (ਦਿੱਲੀ) 'ਚ ਖੇਡਦਿਆਂ ਉਹ ਰਾਜਸਥਾਨ ਕਲੱਬ ਦੇ ਮਾਰਵਾੜੀਆਂ ਨੂੰ ਜਚ ਗਿਆ। 1958 'ਚ ਉਹ ਰਾਜਸਥਾਨ ਕਲੱਬ ਵਲੋਂ ਖੇਡਿਆ। 1959 'ਚ ਉਸ ਨੂੰ ਮੋਹਣ ਬਗਾਨ ਕਲੱਬ ਵਾਲੇ ਲੈ ਗਏ ਤੇ ਲਗਪਗ 10 ਸਾਲ ਉਹ ਇਸੇ ਕਲੱਬ ਵਲੋਂ ਖੇਡਿਆ।
ਪ੍ਰਾਪਤੀਆਂ ਦੀ ਅਗਲੀ ਲੜੀ 'ਚ ਉਹ 1964 ਦੀਆਂ ਟੋਕੀਓ ਉਲੰਪਿਕ (ਜਾਪਾਨ) 'ਚ ਖੇਡਿਆ। 1964 ਏਸ਼ੀਆ ਕੱਪ (ਤੇਲ ਅਵੀਵ) 'ਚ ਸਿਲਵਰ ਮੈਡਲ ਜਿੱਤਿਆ। ਉਸ ਨੇ 1966 ਦੀਆਂ ਬੈਂਕਾਕ ਏਸ਼ਿਆਈ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ। ਮਡਰੇਕਾ ਕੱਪ ਵਿਚ ਭਾਰਤੀ ਟੀਮ ਦੀ ਅਗਵਾਈ ਕਰਦਿਆਂ 1964 'ਚ ਸੋਨ ਤਗਮਾ ਅਤੇ 1966 'ਚ ਕਾਂਸੀ ਤਗਮਾ ਜਿੱਤਿਆ। ਜਰਨੈਲ ਸਿੰਘ 1965-66 ਅਤੇ 67 ਵਿਚ ਭਾਰਤੀ ਟੀਮ ਦੇ ਕਪਤਾਨ ਰਹੇ। 1966 'ਚ ਉਹ ਵਿਸ਼ਵ ਫੁੱਟਬਾਲ ਟੀਮ ਲਈ ਚੁਣੇ ਗਏ। ਏਸ਼ਿਆਈ ਫੁੱਟਬਾਲ ਦੇ ਜਰਨੈਲ ਦੀਆਂ ਅੰਬਰ ਟਾਕੀ ਲਾਉਣ ਵਾਲੀਆਂ ਪ੍ਰਾਪਤੀਆਂ ਲਈ 1964 'ਚ ਭਾਰਤ ਸਰਕਾਰ ਨੇ ਖੇਡਾਂ ਦੇ ਸਰਵਉੱਚ ਸਨਮਾਨ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਪੰਜਾਬੀ ਫੁੱਟਬਾਲ ਦੇ ਮਹਾਨਾਇਕ ਜਰਨੈਲ ਸਿੰਘ 13 ਅਕਤੂਬਰ, 2000 ਨੂੰ (ਵੈਨਕੂਵਰ) ਸਦੀਵੀ ਵਿਛੋੜਾ ਦੇ ਗਏ।
ਇੰਦਰ ਸਿੰਘ : ਅਰਜਨ ਐਵਾਰਡ-1969 : ਇੰਦਰ ਸਿੰਘ ਦਾ ਜਨਮ 23 ਦਸੰਬਰ, 1943 ਨੂੰ ਫਗਵਾੜੇ 'ਚ ਹੋਇਆ, ਉਸ ਦੇ ਯਾਰ-ਬੇਲੀ ਦੱਸਦੇ ਹਨ, ਜਦੋਂ ਉਸ ਨੂੰ ਤੁਰਨਾ ਆਇਆ ਤੇ ਉਸਨੇ ਪਹਿਲੇ ਕਦਮ ਗੇਂਦ ਨੂੰ ਠੁੱਡ ਮਾਰੀ ਸੀ, ਜਦੋਂ ਪੜ੍ਹਨ ਜੋਗਾ ਹੋਇਆ ਤਾਂ ਕਾਇਦੇ ਨੂੰ ਘੂਰ-ਘੂਰ ਵੇਖਦਾ ਸੀ। ਖੇਡ ਕੈਰੀਅਰ ਦੀ ਸ਼ੁਰੂਆਤ ਉਸ ਨੇ 1959 'ਚ ਪੰਜਾਬ ਸਕੂਲ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਕੀਤੀ। 1962 ਤੋਂ 1974 ਤੱਕ ਦਾ ਖੇਡਣ ਦਾ ਸਮਾਂ ਉਸ ਦਾ ਲੀਡਰ ਕਲੱਬ ਜਲੰਧਰ ਨਾਲ ਗੁਜ਼ਰਿਆ। 1974 ਤੋਂ 1985 ਤੱਕ ਉਹ ਜੇ.ਸੀ.ਟੀ. ਫਗਵਾੜਾ ਲਈ ਖੇਡਿਆ। 1963 ਵਿਚ ਪਹਿਲੀ ਵਾਰ ਇੰਦਰ ਸਿੰਘ ਭਾਰਤੀ ਟੀਮ ਦਾ ਮੈਂਬਰ ਬਣਿਆ ਅਤੇ ਪ੍ਰੀ-ਉਲੰਪਿਕ ਟੂਰਨਾਮੈਂਟ ਸ੍ਰੀਲੰਕਾ ਵਿਚ ਖੇਡਿਆ। ਉਸ ਨੇ 1964 'ਚ ਪ੍ਰੀ-ਉਲੰਪਿਕ ਗੇਮਜ਼ ਤਹਿਰਾਨ (ਈਰਾਨ) 'ਚ ਹਿੱਸਾ ਲਿਆ। 1964 'ਚ ਹੀ ਕੁਆਲਾਲੰਪੁਰ 'ਚ ਮਡਰੇਕਾ ਕੱਪ ਖੇਡਦਿਆਂ ਇੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ। 1964 ਏਸ਼ੀਆ ਕੱਪ 'ਚ ਵੀ ਭਾਰਤ ਨੇ ਚਾਂਦੀ ਦਾ ਤਗਮਾ ਜਿੱਤਿਆ। 1966 ਦੀਆਂ ਬੈਂਕਾਕ (ਥਾਈਲੈਂਡ) ਏਸ਼ਿਆਈ ਖੇਡਾਂ 'ਚ ਇੰਦਰ ਸਿੰਘ ਭਾਰਤੀ ਟੀਮ ਵਲੋਂ ਖੇਡਿਆ। ਸੰਨ 1975 'ਚ ਇੰਡੋਨੇਸ਼ੀਆ 'ਚ ਖੇਡੇ ਗਏ ਹਾਲੇਲ ਕੱਪ 'ਚ ਹਿੱਸਾ ਲਿਆ। ਇੰਦਰ ਸਿੰਘ ਨੇ 1967, 1968, 1969, 1970 ਅਤੇ 1977 ਮਡਰੇਕਾ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਇਸ ਤੋਂ ਇਲਾਵਾ ਕਈ ਹੋਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੁਕਾਬਲਿਆਂ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਸੰਨ 1967 'ਚ ਉਹ ਏਸ਼ੀਅਨ ਆਲ ਸਟਾਰ ਟੀਮ ਲਈ ਵੀ ਚੁਣੇ ਗਏ।
ਗੁਰਦੇਵ ਸਿੰਘ ਗਿੱਲ : ਅਰਜਨ ਐਵਾਰਡ 1978: ਗੁਰਦੇਵ ਸਿੰਘ ਬਾਰੇ ਲਿਖਣਾ ਲਫ਼ਜ਼ਾਂ ਨਾਲ ਕੁਸ਼ਤੀ ਲੜਨਾ ਹੈ, ਉਹ ਜਿੰਨਾ ਤਕੜਾ ਖਿਡਾਰੀ ਹੈ, ਓਨਾ ਤਕੜਾ ਗਾਲੜੀ ਵੀ ਹੈ, ਗੱਲਾਂ-ਗੱਲਾਂ ਵਿਚ ਉਹ ਹੈਂਡ ਨਾਲ ਪੈਨਾਲਿਟੀ ਕਿੱਕ ਵੀ ਲਾ ਜਾਂਦਾ ਹੈ। ਉਹ ਸੁਭਾਅ ਦਾ ਥੋੜ੍ਹਾ ਕੌੜਾ ਪਰ ਸੱਚ ਬੋਲਣ ਦੀ ਜੁਰਅਤ ਰੱਖਦਾ ਹੈ। ਉਹ ਵਰ੍ਹਿਆਂਬੱਧੀ ਪੰਜਾਬ ਅਤੇ ਭਾਰਤ ਲਈ ਖੇਡਿਆ। ਗੁਰਦੇਵ ਸਿੰਘ ਦਾ ਜਨਮ 20 ਅਪ੍ਰੈਲ, 1950 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੈੜ ਅੱਛਰੋਵਾਲ 'ਚ ਹੋਇਆ। 1971 'ਚ ਉਸ ਨੇ ਪੰਜਾਬ ਯੂਨੀਵਰਸਿਟੀ ਦੀ ਕਪਤਾਨੀ ਕੀਤੀ। ਉਹ 1970 ਤੋਂ 1990 ਤੱਕ ਫੁੱਟਬਾਲ ਮੈਦਾਨ ਦਾ ਨਾਇਕ ਬਣ ਕੇ ਵਿਚਰਿਆ। ਲਗਪਗ 10 ਸਾਲ ਉਹ ਭਾਰਤੀ ਟੀਮ ਦਾ ਮੈਂਬਰ ਰਿਹਾ। 1974 ਤੋਂ 1990 ਤੱਕ ਉਹ ਪੰਜਾਬ ਪੁਲਿਸ ਲਈ ਖੇਡੇ ਅਤੇ ਕੋਚਿੰਗ ਕੀਤੀ। 1970 ਤੋਂ 1973 ਤੱਕ ਉਹ ਲੀਡਰ ਕਲੱਬ ਨਾਲ ਵੀ ਜੁੜੇ। ਸੰਨ 2008 'ਚ ਪੁਲਿਸ 'ਚ ਬਤੌਰ ਕਮਾਂਡੈਂਟ ਸੇਵਾ-ਮੁਕਤ ਹੋਏ।
ਗੁਰਦੇਵ ਸਿੰਘ ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਲੰਮੀ ਲੜੀ ਹੈ। ਸੰਨ 1972 'ਚ ਉਨ੍ਹਾਂ ਪ੍ਰੀ-ਉਲੰਪਿਕ ਟੂਰਨਾਮੈਂਟ ਰੰਗੂਨ (ਬਰਮਾ) 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। 1978 ਬੈਕਾਂਕ ਏਸ਼ਿਆਈ ਖੇਡਾਂ ਵਿਚ ਹਿੱਸਾ ਲਿਆ। 1976 'ਚ ਕੁਆਲਾਲੰਪੁਰ 'ਚ ਮਡਰੇਕਾ ਕੱਪ ਖੇਡਿਆ, 1974 'ਚ ਤਹਿਰਾਨ 'ਚ ਹੋਈਆਂ ਏਸ਼ੀਅਨ ਖੇਡਾਂ 'ਚ ਗੁਰਦੇਵ ਸਿੰਘ ਭਾਰਤੀ ਟੀਮ ਵਲੋਂ ਖੇਡਿਆ 1978 ਆਗਾ ਖਾਨ ਗੋਲਡ ਕੱਪ 'ਚ ਬੰਗਲਾਦੇਸ਼ ਖ਼ਿਲਾਫ਼ ਹੈਟਟ੍ਰਿਕ ਲਗਾਈ ਤੇ ਸਿਲਵਰ ਮੈਡਲ ਜਿੱਤਿਆ, 1971 'ਚ ਉਨ੍ਹਾਂ ਨੇ ਗੋਲਡ ਕੱਪ 'ਚ ਅਤੇ 1974 ਮਡਰੇਕਾ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਭਾਰਤ ਸਰਕਾਰ ਨੇ ਸੰਨ 1978 'ਚ ਗੁਰਦੇਵ ਸਿੰਘ ਨੂੰ ਅਰਜਨ ਐਵਾਰਡ ਅਤੇ ਪੰਜਾਬ ਸਰਕਾਰ ਨੇ 1984 'ਚ ਮਹਾਰਾਣਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ, ਦਿੱਲੀ ਖੇਡ ਪੱਤਰਕਾਰ ਜਥੇਬੰਦੀ ਨੇ ਉਨ੍ਹਾਂ ਨੂੰ ਸੰਨ 2000 'ਚ ਫੁੱਟਬਾਲਰ ਆਫ਼ ਮਿਲੇਨੀਅਨ ਦੇ ਖਿਤਾਬ ਨਾਲ ਨਿਵਾਜ਼ਿਆ।
ਗੁਰਪ੍ਰੀਤ ਸਿੰਘ ਸੰਧੂ : ਅਰਜਨ ਐਵਾਰਡ 2019 : ਗੁਰਪ੍ਰੀਤ ਸਿੰਘ ਸੰਧੂ ਅਰਜਨ ਐਵਾਰਡ ਪ੍ਰਾਪਤ ਕਰਨ ਵਾਲੇ 26ਵੇਂ ਭਾਰਤੀ ਫੁੱਟਬਾਲਰ ਹਨ, ਉਹ ਭਾਰਤੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਯੁਵਾ ਖਿਡਾਰੀਆਂ ਵਿਚੋਂ ਇਕ ਹਨ ਅਤੇ ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਚੌਥੇ ਗੋਲਕੀਪਰ ਹਨ, ਇਸ ਤੋਂ ਪਹਿਲਾਂ ਸੁਬਰਤੋ ਪਾਲ (2016) ਬ੍ਰਮਾਨੰਦ ਸੰਖਵਾਲਕਰ (1997) ਅਤੇ ਪੀਟਰ ਥਾਗਾਰਾਜ (1967) 'ਚ ਇਹ ਵਕਾਰੀ ਐਵਾਰਡ ਪ੍ਰਾਪਤ ਕਰ ਚੁੱਕੇ ਹਨ। ਗੁਰਪ੍ਰੀਤ ਸਿੰਘ ਟੀਮ ਇੰਡੀਆ ਲਈ 2010 'ਚ ਅੰਡਰ-19 ਅਤੇ 2012 'ਚ ਅੰਡਰ-23 ਟੀਮ ਦਾ ਹਿੱਸਾ ਰਹਿ ਚੁੱਕਾ ਹੈ। ਉਹ ਭਾਰਤੀ ਦੀ ਸੀਨੀਅਰ ਟੀਮ ਲਈ ਵੀ ਖੇਡ ਰਹੇ ਹਨ। ਸੰਨ 2009 ਅਤੇ 2014 ਤੱਕ ਉਹ ਈਸਟ ਬੰਗਾਲ ਕਲੱਬ ਵਲੋਂ ਮੈਦਾਨ 'ਚ ਉਤਰਿਆ ਸੀ। ਉਹ ਨਾਰਵੇ ਦੀ ਕਲੱਬ ਸਟਾਵੀਕ ਵਲੋਂ ਵੀ ਖੇਡੇ, ਇਸੇ ਦੌਰਾਨ ਉਸ ਨੇ 2016 'ਚ ਯੂਰਪ ਲੀਗ ਵੀ ਖੇਡੀ। ਸੰਨ 2017 ਤੋਂ ਹੁਣ ਤੱਕ ਗੁਰਪ੍ਰੀਤ ਬੰਗਲੁਰੂ ਕਲੱਬ ਲਈ ਖੇਡ ਰਿਹਾ ਹੈ। 3 ਫਰਵਰੀ, 1992 'ਚ ਚਮਕੌਰ ਸਾਹਿਬ 'ਚ ਜਨਮੇ ਮਾਤਾ ਹਰਜੀਤ ਕੌਰ ਅਤੇ ਪਿਤਾ ਤਜਿੰਦਰ ਸਿੰਘ (ਐਸ.ਪੀ. ਪੁਲਿਸ) ਦੇ ਲਾਡਲੇ ਸਪੁੱਤਰ ਦੀ ਅਰਜਨ ਐਵਾਰਡ ਦੀ ਪ੍ਰਾਪਤੀ ਪੰਜਾਬ ਲਈ ਵੱਡੇ ਫ਼ਖ਼ਰ ਦੀ ਗੱਲ ਹੈ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਵੀਲਚੇਅਰ ਕ੍ਰਿਕਟ ਟੀਮ ਦਾ ਰਾਸ਼ਟਰੀ ਖਿਡਾਰੀ ਹੈ ਦੀਪੂ ਸਿੰਘ ਰਾਣਾ

ਉਤਰਾਖੰਡ ਦੀ ਅਪਾਹਜ ਖਿਡਾਰੀਆਂ ਦੀ ਵੀਲਚੇਅਰ ਕ੍ਰਿਕਟ ਟੀਮ ਦਾ ਰਾਸ਼ਟਰੀ ਖਿਡਾਰੀ ਹੈ ਦੀਪੂ ਸਿੰਘ ਰਾਣਾ ਜਿਸ ਨੇ ਆਪਣੀ ਖੇਡ ਕਲਾ ਨਾਲ ਦੂਸਰੇ ਲੋਕਾਂ ਦੇ ਮਨ ਹੀ ਨਹੀ ਜਿੱਤੇ ਸਗੋਂ ਉਹ ਦੂਸਰਿਆਂ ਲਈ ਪ੍ਰੇਰਨਾ ਸ੍ਰੋਤ ਵੀ ਬਣਿਆ ਹੈ। ਦੀਪੂ ਸਿੰਘ ਰਾਣਾ ਦਾ ਜਨਮ 1 ਅਪ੍ਰੈਲ, 1992 ਨੂੰ ਪਿਤਾ ਤਿਵਾਰੀ ਸਿੰਘ ਰਾਣਾ ਦੇ ਘਰ ਮਾਤਾ ਮੁੰਨੀ ਦੇਵੀ ਦੀ ਕੁੱਖੋਂ ਹੋਇਆ। ਦੀਪੂ ਰਾਣਾ ਅਜੇ ਤਿੰਨ ਸਾਲ ਦਾ ਹੀ ਸੀ ਕਿ ਉਸ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਡਾਕਟਰ ਨੇ ਲਾਪਰਵਾਹੀ ਨਾਲ ਗ਼ਲਤ ਟੀਕਾ ਲਗਾ ਦਿੱਤਾ ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਨੂੰ ਪੋਲੀਓ ਹੋ ਗਿਆ ਅਤੇ ਉਹ ਬੈਸਾਖੀਆਂ ਦੇ ਸਹਾਰੇ ਤੁਰਨ ਲਈ ਮਜਬੂਰ ਹੋ ਗਿਆ। ਜ਼ਿੰਦਗੀ ਆਪਣੀ ਤੋਰ ਚੱਲਣ ਲੱਗੀ ਅਤੇ ਉਸ ਨੂੰ ਕ੍ਰਿਕਟ ਖੇਡਣ ਦਾ ਜਨੂੰਨ ਹੱਦੋਂ ਵੱਧ ਸੀ ਅਤੇ ਉਹ ਸੋਚਦਾ ਕਿ ਆਖਰ ਕ੍ਰਿਕਟ ਕਿਵੇਂ ਖੇਡੀ ਜਾਵੇ। ਹੌਲੀ-ਹੌਲੀ ਉਸ ਨੂੰ ਇਹ ਪਤਾ ਚਲਿਆ ਕਿ ਵੀਲਚੇਅਰ 'ਤੇ ਵੀ ਕ੍ਰਿਕਟ ਖੇਡੀ ਜਾ ਸਕਦੀ ਹੈ ਅਤੇ ਉਸ ਦੀ ਮੁਲਾਕਾਤ ਉਤਰਾਖੰਡ ਦੀ ਵੀਲਚੇਅਰ ਕ੍ਰਿਕਟ ਟੀਮ ਦੇ ਕਪਤਾਨ ਰਜਿੰਦਰ ਸਿੰਘ ਧਾਮੀ ਨਾਲ ਹੋਈ ਅਤੇ ਉਸ ਨੇ ਕ੍ਰਿਕਟ ਖੇਡਣ ਦੀ ਇੱਛਾ ਪ੍ਰਗਟਾਈ ਅਤੇ ਰਜਿੰਦਰ ਸਿੰਘ ਧਾਮੀ ਅਤੇ ਟੀਮ ਦੇ ਮੈਨੇਜਰ ਹਰੀਸ਼ ਚੌਧਰੀ ਨੇ ਉਸ ਨੂੰ ਆਪਣੀ ਟੀਮ ਵਿਚ ਸ਼ਾਮਿਲ ਕਰ ਲਿਆ ਅਤੇ ਅੱਜ ਉਹ ਟੀਮ ਦਾ ਇਕ ਅਹਿਮ ਹਿੱਸਾ ਹੈ ਅਤੇ ਉਹ ਰਾਸ਼ਟਰੀ ਪੱਧਰ 'ਤੇ ਕਈ ਅਹਿਮ ਮੈਚ ਖੇਡ ਚੁੱਕਾ ਹੈ ਅਤੇ ਉਹ ਟੀਮ ਦਾ ਆਲਰਾਊਂਡਰ ਖਿਡਾਰੀ ਹੈ ਅਤੇ ਉਹ ਬੈਟਸਮੈਨ ਵੀ ਹੈ ਅਤੇ ਬਾਊਲਰ ਵੀ ਹੈ ਅਤੇ ਸਾਲ 2018 ਵਿਚ ਊਸ ਨੂੰ ਮੈਨ ਆਫ ਦਾ ਮੈਚ ਵੀ ਚੁਣਿਆ ਗਿਆ। ਦੀਪੂ ਸਿੰਘ ਰਾਣਾ ਆਖਦਾ ਹੈ ਕਿ, ਸਰਕਾਰਾਂ ਨੂੰ ਖ਼ਾਸ ਤੌਰ 'ਤੇ ਚਾਹੀਦਾ ਹੈ ਕਿ ਉਹ ਅਪਾਹਜ ਖਿਡਾਰੀਆਂ ਦੀ ਆਰਥਿਕ ਮਦਦ ਕਰਨ ਤਾਂ ਕਿ ਉਹ ਵੀ ਦੇਸ਼ ਲਈ ਖੇਡ ਕੇ ਦੇਸ਼ ਦਾ ਮਾਣ ਬਣਨ।


ਮੋ: 9855114484

ਯੋਗ ਖੇਡ ਨਿਰਦੇਸ਼ਕ

ਡਾ: ਰਾਜ ਕੁਮਾਰ ਸ਼ਰਮਾ

ਡਾਕਟਰ ਰਾਜ ਕੁਮਾਰ ਸ਼ਰਮਾ ਤਕਰੀਬਨ 12 ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੇਡ ਵਿਭਾਗ ਦੇ ਡਾਇਰੈਕਟਰ ਰਹੇ ਅਤੇ ਇਸ ਦੌਰਾਨ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਪੂਰਾ ਖੇਡ ਜਗਤ ਵਾਕਿਫ਼ ਹੈ। ਪੰਜਾਬੀ ਯੂਨੀਵਰਸਿਟੀ ਵਿਚ ਵਿਸ਼ਵ ਪੱਧਰੀ ਖੇਡ ਵਾਤਾਵਰਨ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਉਥੋਂ ਦੇਸ਼ ਨੂੰ ਅਨੇਕਾਂ ਅੰਤਰਰਾਸ਼ਟਰੀ ਖਿਡਾਰੀ ਦਿੱਤੇ। ਉਨ੍ਹਾਂ ਦੀ ਯੋਗ ਅਗਵਾਈ ਵਿਚ ਯੂਨੀਵਰਸਿਟੀ ਨੇ ਸਾਲ 2006 ਵਿਚ ਪਹਿਲੀ ਵਾਰ ਦੇਸ਼ ਦੀ ਸਬ ਤੋਂ ਸਰਵਉੱਚ ਖੇਡ ਟਰਾਫੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਜਿੱਤੀ। ਉਸ ਤੋਂ ਬਾਅਦ ਯੂਨੀਵਰਸਿਟੀ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਜਾਰੀ ਰੱਖਿਆ ਅਤੇ 2007-08, 2008-09, 2011-12, 2012-13, 2014-15 ਅਤੇ 2015-16 ਵਿਚ ਇਹ ਸਨਮਾਨ ਦੁਹਰਾਇਆ ਅਤੇ ਇਤਿਹਾਸ ਬਣਾਇਆ। ਰਾਜ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਦੇਸ਼ ਨੂੰ ਅਨੇਕਾਂ ਹੀ ਅੰਤਰਰਾਸ਼ਟਰੀ ਖਿਡਾਰੀ ਮਿਲੇ ਅਤੇ ਯੂਨੀਵਰਸਿਟੀ ਨੂੰ ਖੇਡ ਹੱਬ ਬਣਾ ਦਿੱਤਾ ਗਿਆ। 2016 ਵਿਚ ਡਾਕਟਰ ਸਾਹਿਬ ਆਪਣੀਆਂ ਸੇਵਾਵਾਂ ਤੋਂ ਰਿਟਾਇਰ ਹੋ ਗਏ। ਇਸ ਤੋਂ ਬਾਅਦ ਅਪ੍ਰੈਲ 2019 ਵਿਚ ਉਨ੍ਹਾਂ ਨੇ ਜਲੰਧਰ ਵਿਚ ਸਥਿਤ ਦੇਸ਼ ਦੀ ਪ੍ਰਸਿੱਧ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਵਿਖੇ ਖੇਡ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ ਅਤੇ ਇਥੇ ਆ ਕੇ ਆਪਣੀ ਯੋਗ ਅਗਵਾਈ ਅਧੀਨ ਅਤੇ ਆਪਣੀ ਟੀਮ ਨਾਲ ਮਿਲ ਕੇ ਇਥੋਂ ਖਿਡਾਰੀਆਂ ਨੂੰ ਪੂਰੀਆਂ ਸਹੂਲਤਾਂ ਦੇ ਕੇ ਇਥੇ ਸਥਿਤ ਆਧੁਨਿਕ ਖੇਡ ਵਾਤਾਵਰਨ ਨੂੰ ਵਰਤੋਂ ਵਿਚ ਲਿਆਉਂਦਿਆਂ ਇਥੇ ਵੀ ਆਪਣੇ ਫ਼ਰਜ਼ ਨੂੰ ਬਾਖ਼ੂਬੀ ਨਿਭਾਉਣਾ ਸ਼ੁਰੂ ਕੀਤਾ। ਇਸੇ ਸਾਲ ਉਨ੍ਹਾਂ ਦੀ ਅਗਵਾਈ ਵਿਚ ਯੂਨੀਵਰਸਿਟੀ ਦੇ ਲੜਕਿਆਂ ਦੀ ਹਾਕੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਗੀ ਮਿਆਰੀ ਯੂਨੀਵਰਸਿਟੀ ਨੂੰ ਹਰਾ ਕੇ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਲਈ ਕੁਆਲੀਫਾਈ ਕੀਤਾ। ਹੈਂਡਬਾਲ ਲੜਕੀਆਂ ਦੀ ਟੀਮ ਨੇ ਵੀ ਗੁਰੂ ਨਾਨਕ ਦੇਵ ਅਤੇ ਗੁਰੂ ਜੰਬੇਸ਼ਵਰ ਵਰਗੀਆਂ ਵਧੀਆ ਯੂਨੀਵਰਸਿਟੀਆਂ ਨੂੰ ਹਰਾ ਕੇ ਆਲ ਇੰਡੀਆ ਲਈ ਕੁਆਲੀਪਾਈ ਕੀਤਾ ਹੈ। ਇਸ ਤੋਂ ਇਲਾਵਾ ਇਥੋਂ ਦੀਆਂ ਹੈਂਡਬਾਲ ਟੀਮਾਂ ਨੇ ਓਪਨ ਪੱਧਰ ਦੇ ਟੂਰਨਾਮੈਂਟਾਂ ਵਿਚ ਵੀ ਆਪਣਾ ਨਾਮਣਾ ਖੱਟਿਆ ਹੈ। ਖੋ-ਖੋ ਵਿਚ ਵੀ ਚੰਗੀਆਂ ਚੰਗੀਆਂ ਯੂਨੀਵਰਸਿਟੀਆਂ ਨੂੰ ਆਪਣੇ ਜ਼ੋਨ ਵਿਚ ਹਰਾ ਕੇ ਆਲ ਇੰਡੀਆ ਲਈ ਕੁਆਲੀਫਾਈ ਕੀਤਾ ਹੈ। ਇਸ ਤੋਂ ਇਲਾਵਾ ਵਾਲੀਬਾਲ ਅਤੇ ਸਾਈਕਲਿੰਗ ਵਰਗੀਆਂ ਖੇਡਾਂ ਵਿਚ ਵੀ ਯੂਨੀਵਰਸਿਟੀ ਦੇ ਖਿਡਾਰੀ ਅਤੇ ਟੀਮਾਂ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਰਹੇ ਹਨ। ਵਾਟਰ ਪੋਲੋ ਵਿਚ ਯੂਨੀਵਰਸਿਟੀ ਇਸ ਸਾਲ ਚੈਂਪੀਅਨ ਬਣ ਚੁੱਕੀ ਹੈ। ਯੂਨੀਵਰਸਿਟੀ ਦੀ ਮਹਿਲਾ ਮੁੱਕੇਬਾਜ਼ ਮੰਜੂ ਵੀ ਵਿਸ਼ਵ ਚੈਂਪੀਅਨਸ਼ਿਪ ਵਿਚੋਂ ਸਿਲਵਰ ਮੈਡਲ ਜਿੱਤ ਕੇ ਆਈ ਹੈ। ਯੂਨੀਵਰਸਿਟੀ ਦੀ ਪਹਿਲਵਾਨ ਪੂਜਾ ਗਹਿਲੋਤ ਅੰਡਰ 23 ਦੇ ਵਿਸ਼ਵ ਮੁਕਾਬਲਿਆਂ ਦੇ ਫਾਈਨਲ ਤੱਕ ਪਹੁੰਚਣ ਵਿਚ ਕਾਮਯਾਬ ਰਹੀ ਸੀ। ਇਸ ਤੋਂ ਇਲਾਵਾ ਅਥਲੈਟਿਕਸ ਵਿਚ ਵੀ ਅਨੇਕਾਂ ਅਥਲੀਟ ਅੰਤਰਰਾਸ਼ਟਰੀ ਬਣ ਚੁੱਕੇ ਹਨ। ਕਹਿਣ ਤੋਂ ਭਾਵ ਹੈ ਕਿ ਰਾਜ ਕੁਮਾਰ ਸ਼ਰਮਾ ਦੀ ਕੁਸ਼ਲ ਅਗਵਾਈ ਵਿਚ ਤੇ ਉਨ੍ਹਾਂ ਵਲੋਂ ਦਿੱਤੀ ਹੱਲਾਸ਼ੇਰੀ ਨਾਲ ਇਥੋਂ ਦੇ ਖਿਡਾਰੀਆਂ ਅਤੇ ਕੋਚਾਂ ਵਿਚ ਇਕ ਨਵੀਂ ਜਾਣ ਫੂਕੀ ਗਈ ਹੈ ਤੇ ਨਤੀਜਾ ਸਭ ਦੇ ਸਾਹਮਣੇ ਹੈ। ਇਸ ਲਈ ਜੇਕਰ ਮੌਜੂਦਾ ਸਹੂਲਤਾਂ ਨੂੰ ਸਹੀ ਢੰਗ ਨਾਲ ਪ੍ਰਯੋਗ ਕਰਨ ਦੇ ਨਾਲ ਖਿਡਾਰੀਆਂ ਨੂੰ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਖਿਡਾਰੀ ਚੰਗਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਆਪਣੇ ਦੇਸ਼ ਲਈ ਯੋਗ ਖਿਡਾਰੀ ਸਿੱਧ ਹੁੰਦੇ ਹਨ। ਸੋ, ਲੋੜ ਹੈ ਅੱਜ ਦੇ ਕੋਚਾਂ ਅਤੇ ਖੇਡ ਪ੍ਰਬੰਧਕਾਂ ਨੂੰ ਡਾਕਟਰ ਸਾਹਿਬ ਦੇ ਨਕਸ਼ੇ ਕਦਮ 'ਤੇ ਚੱਲਣ ਦੀ।


-ਮੋਬਾਈਲ : 83605-64449

ਪੰਜਾਬੀ ਖਿਡਾਰੀਆਂ ਲਈ ਮਾਣ ਸਨਮਾਨ ਦਾ ਵਰ੍ਹਾ ਰਿਹਾ 2019

ਸਾਲ 2019 ਪੰਜਾਬ ਦੇ ਖਿਡਾਰੀਆਂ ਲਈ ਮਾਣ-ਸਨਮਾਨ ਵਾਲੇ ਵਰ੍ਹੇ ਵਜੋਂ ਯਾਦ ਰੱਖਿਆ ਜਾਵੇਗਾ। ਇਸ ਸਾਲ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 82 ਨਵੇਂ-ਪੁਰਾਣੇ ਖਿਡਾਰੀਆਂ ਨੂੰ ਵਿਸ਼ਵ ਖੇਡ ਮੰਚ 'ਤੇ ਮੱਲਾਂ ਮਾਰਨ ਬਦਲੇ ਮਹਾਰਾਜਾ ਰਣਜੀਤ ਸਿੰਘ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖਿਡਾਰੀਆਂ 'ਚ 12 ਉਹ ਸਿਤਾਰੇ ਵੀ ਸ਼ਾਮਲ ਸਨ, ਜਿਨ੍ਹਾਂ ਨੂੰ 2011, 12, 13, 14 ਤੇ 15 'ਚ ਭਾਰਤ ਸਰਕਾਰ ਨੇ ਪਦਮਸ਼੍ਰੀ, ਦਰੋਣਾਚਾਰੀਆ, ਰਾਜੀਵ ਗਾਂਧੀ ਖੇਲ ਰਤਨ, ਅਰਜੁਨਾ ਐਵਾਰਡ ਤੇ ਧਿਆਨ ਚੰਦ ਐਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਸੀ। ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਉੱਦਮ ਨੇ ਰਾਜ ਦੇ ਖਿਡਾਰੀਆਂ 'ਚ ਨਵਾਂ ਉਤਸ਼ਾਹ ਭਰਿਆ।
ਮੁੱਕੇਬਾਜ਼ੀ:- ਇਸ ਵਰ੍ਹੇ ਪੰਜਾਬਣ ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ ਨੇ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਦੇਸ਼ ਲਈ ਚਾਂਦੀ, ਇੰਡੀਆ ਓਪਨ ਟੂਰਨਾਮੈਂਟ 'ਚੋਂ ਚਾਂਦੀ, ਪ੍ਰੈਜ਼ੀਡੈਂਟ ਕੱਪ ਇੰਡੋਨੇਸ਼ੀਆ 'ਚੋਂ ਸੋਨ ਅਤੇ ਕੌਮੀ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤ ਕੇ, ਪੰਜਾਬ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਪਟਿਆਲਵੀ ਮੁੱਕੇਬਾਜ਼ ਤਾਨਿਸ਼ਬੀਰ ਕੌਰ ਸੰਧੂ ਤੇ ਖੁਸ਼ੀ ਨੇ ਕਰਮਵਾਰ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸੋਨ ਤੇ ਚਾਂਦੀ ਦੇ ਤਗਮੇ ਜਿੱਤੇ। ਤਾਨਿਸ਼ਬੀਰ ਕੌਰ ਨੇ ਯੂਥ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਿਆ। ਕੋਮਲਪ੍ਰੀਤ ਕੌਰ ਨੇ ਵਿਸ਼ਵ ਯੂਥ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਿਆ।
ਨਿਸ਼ਾਨੇਬਾਜ਼ੀ:- ਮਨਿੰਦਰ ਬਾਠ ਤਰਨਤਾਰਨ (ਭਾਰਤੀ ਸੈਨਾ) ਨੇ ਜਰਮਨੀ 'ਚ ਹੋਈ ਓਪਨ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ 10 ਮੀਟਰ ਪਿਸਟਲ ਵਰਗ 'ਚੋਂ ਸੋਨ ਤਗਮਾ ਜਿੱਤਿਆ। ਮਾਨਸਾ ਜ਼ਿਲ੍ਹੇ ਦੇ ਸਕੇ ਭਰਾਵਾਂ ਵਿਜੈਵੀਰ ਸਿੰਘ ਸਿੱਧੂ ਤੇ ਊਦੈਵੀਰ ਸਿੰਘ ਸਿੱਧੂ ਨੇ ਜਰਮਨੀ 'ਚ ਹੋਏ ਜੂਨੀਅਰ ਵਿਸ਼ਵ ਕੱਪ ਦੇ 25 ਮੀਟਰ ਏਅਰ ਪਿਸਟਲ ਵਰਗ 'ਚੋਂ ਸੋਨ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਰਾਜਕੰਵਰ ਸਿੰਘ ਸੰਧੂ ਤੇ ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚੋਂ ਸੋਨ ਤਗਮੇ ਜਿੱਤੇ। ਇਸ਼ਮੀਤ ਔਲਖ ਪਟਿਆਲਾ, ਖੁਸ਼ਕੀਰਤ ਕੌਰ ਸੰਧੂ ਤੇ ਸਿਮਰਤ ਕੌਰ ਬਰਾੜ ਫ਼ਰੀਦਕੋਟ ਨੇ ਕੌਮੀ ਚੈਂਪੀਅਨਸ਼ਿਪ 'ਚੋਂ ਸੋਨ ਤਗਮੇ ਜਿੱਤੇ। ਵਿਜੈਵੀਰ ਸਿੰਘ, ਉਦੈਵੀਰ ਸਿੰਘ ਤੇ ਸਿਮਰਨਜੀਤ ਕੌਰ ਜੌਹਲ ਪਟਿਆਲਾ ਨੇ ਖੇਲੋ ਇੰਡੀਆ ਖੇਡਾਂ 'ਚੋਂ ਵੀ ਸੋਨ ਤਗਮੇ ਜਿੱਤੇ।
ਹਾਕੀ:- ਮਿੱਠਾਪੁਰੀਏ ਮਨਪ੍ਰੀਤ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ 'ਤੇ ਆਪਣਾ ਕਬਜ਼ਾ ਇਸ ਵਰ੍ਹੇ ਵੀ ਕਾਇਮ ਰੱਖਿਆ। ਉਸ ਨੇ ਏਸ਼ੀਆ ਦੇ ਸਰਬੋਤਮ ਖਿਡਾਰੀ ਦਾ ਖਿਤਾਬ ਵੀ ਜਿੱਤਿਆ। ਹਰਮਨਪ੍ਰੀਤ ਸਿੰਘ, ਕਿਸ਼੍ਰਨ ਬਹਾਦਰ ਪਾਠਕ, ਹਾਰਦਿਕ ਸਿੰਘ, ਅਕਾਸ਼ਦੀਪ ਸਿੰਘ, ਵਰੁਣ ਕੁਮਾਰ, ਗੁਰਿੰਦਰ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਸਿਮਰਨਜੀਤ ਸਿੰਘ ਨੇ ਵੱਖ-ਵੱਖ ਟੂਰਨਾਮੈਂਟਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਗੁਰਜੀਤ ਕੌਰ ਡਰੈਗ ਫਲਿੱਕਰ ਵਜੋਂ ਭਾਰਤੀ ਔਰਤਾਂ ਦੀ ਟੀਮ ਦਾ ਧੁਰਾ ਬਣੀ ਰਹੀ ਅਤੇ ਭਾਰਤੀ ਟੀਮ ਨੂੰ ਉਲੰਪਿਕ ਲਈ ਕੁਆਲੀਫਾਈ ਕਰਵਾਉਣ 'ਚ ਉਸ ਦਾ ਵੱਡਾ ਯੋਗਦਾਨ ਰਿਹਾ। ਇਸ ਤੋਂ ਇਲਾਵਾ ਉਹ ਵੱਖ-ਵੱਖ ਕੌਮਾਂਤਰੀ ਟੂਰਨਾਮੈਂਟਾਂ 'ਚ ਵੀ ਕੌਮੀ ਟੀਮ ਦੀ ਅਹਿਮ ਮੈਂਬਰ ਵਜੋਂ ਖੇਡੀ। 5-ਏ ਸਾਈਡ ਹਾਕੀ ਦਾ ਕੌਮੀ ਖਿਤਾਬ ਪੰਜਾਬ ਦੀ ਟੀਮ ਨੇ ਜਿੱਤਿਆ। ਇਸ ਵਰ੍ਹੇ ਪੰਜਾਬ ਪੁਲਿਸ ਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਟੀਮਾਂ ਨਹਿਰੂ ਹਾਕੀ ਦੇ ਫਾਈਨਲ ਮੁਕਾਬਲੇ ਦੌਰਾਨ ਦਿੱਲੀ ਵਿਖੇ ਮੈਚ ਦੌਰਾਨ ਆਪਸ 'ਚ ਖਹਿਬੜ ਪਈਆਂ। ਇਸ ਮਾਰ-ਕੁਟਾਈ ਵਾਲੀ ਘਟਨਾ 'ਤੇ ਸਖਤ ਰੁਖ ਅਪਣਾਉਂਦਿਆ ਹਾਕੀ ਇੰਡੀਆ ਨੇ ਪੰਜਾਬ ਪੁਲਿਸ 'ਤੇ 4 ਖਿਡਾਰੀਆਂ 'ਤੇ ਇਕ ਮੈਨੇਜਰ ਤੇ ਪੰਜਾਬ ਨੈਸ਼ਨਲ ਬੈਂਕ ਦੇ 2 ਖਿਡਾਰੀਆਂ 'ਤੇ 2-2 ਸਾਲ ਦੀ ਪਾਬੰਦੀ ਲਗਾਈ ਹੈ। ਨਹਿਰੂ ਹਾਕੀ ਵਲੋਂ ਆਪਣੇ ਟੂਰਨਾਮੈਂਟ 'ਚ ਖੇਡਣ ਲਈ ਪੰਜਾਬ ਪੁਲਿਸ 'ਤੇ 4 ਸਾਲ ਲਈ ਅਤੇ ਪੰਜਾਬ ਨੈਸ਼ਨਲ ਬੈਂਕ 'ਤੇ 2 ਸਾਲ ਲਈ ਪਾਬੰਦੀ ਲਗਾ ਦਿੱਤੀ।
ਅਥਲੈਟਿਕਸ:- 2012 'ਚ ਹੋਈ ਵਿਸ਼ਵ ਪੈਦਲ ਚਾਲ ਚੈਂਪੀਅਨਸ਼ਿਪ 'ਚੋਂ ਚੌਥੇ ਸਥਾਨ 'ਤੇ ਰਹੀ ਭਾਰਤੀ ਟੀਮ ਰੂਸੀ ਖਿਡਾਰੀਆਂ ਦੇ ਡੋਪਿੰਗ ਦੇ ਦੋਸ਼ੀ ਪਾਏ ਜਾਣ ਕਾਰਨ, ਕਾਂਸੀ ਦੇ ਤਗਮੇ ਦੀ ਹੱਕਦਾਰ ਬਣੀ। ਕੋਚ ਗੁਰਦੇਵ ਸਿੰਘ ਨਾਗਰਾ ਦੀ ਅਗਵਾਈ ਵਾਲੀ ਉਕਤ ਟੀਮ 'ਚ ਪੰਜਾਬੀ ਪੁੱਤਰ ਸੁਰਿੰਦਰ ਸਿੰਘ ਵੀ ਸ਼ਾਮਲ ਸੀ। ਤੇਜਿੰਦਰਪਾਲ ਸਿੰਘ ਤੂਰ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਦੇਸ਼ ਦੀ ਪ੍ਰਤੀਨਿਧਤਾ ਵੀ ਕੀਤੀ। ਉਸ ਨੇ ਸੈਫ ਖੇਡਾਂ 'ਚੋਂ ਸੋਨ ਤਗਮਾ ਜਿੱਤਿਆ। ਡਿਸਕਸ ਸੁਟਾਵੇ ਕਿਰਪਾਲ ਸਿੰਘ ਬਾਠ ਨੇ ਵੀ ਸੈਫ ਖੇਡਾਂ 'ਚੋਂ ਸੋਨ ਤਗਮਾ ਜਿੱਤਿਆ। ਇਨ੍ਹਾਂ ਖੇਡਾਂ ਦੀ ਰਿਲੇਅ ਦੌੜ 'ਚੋਂ ਗੁਰਿੰਦਰਵੀਰ ਸਿੰਘ, ਹਰਜੀਤ ਸਿੰਘ ਨੇ ਚਾਂਦੀ ਦੇ ਤਗਮੇ ਜਿੱਤੇ। ਵੀਰਪਾਲ ਕੌਰ ਭਾਈ ਰੂਪਾ ਨੇ ਰਿਲੇਅ ਦੌੜ 'ਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਕੌਮੀ ਪੱਧਰ 'ਤੇ ਅਰਪਿੰਦਰ ਸਿੰਘ, ਨਵਜੀਤ ਕੌਰ, ਕਮਲਪ੍ਰੀਤ ਕੌਰ, ਜਸਦੀਪ ਸਿੰਘ ਢਿੱਲੋਂ, ਅਰਸ਼ਦੀਪ ਸਿੰਘ ਬਰਾੜ, ਮਹਿਕਪ੍ਰੀਤ ਸਿੰਘ, ਅੰਮ੍ਰਿਤ ਕੌਰ, ਬਲਜੀਤ ਕੌਰ, ਹਰਮਿਲਨ ਬੈਂਸ, ਗਗਨਦੀਪ ਸਿੰਘ, ਰੁਪਿੰਦਰ ਕੌਰ, ਪਰਮਜੋਤ ਕੌਰ, ਅਮਨਦੀਪ ਸਿੰਘ, ਦਵਿੰਦਰ ਸਿੰਘ ਕੰਗ ਤੇ ਕਰਨਵੀਰ ਸਿੰਘ ਵੱਖ-ਵੱਖ ਕੌਮੀ ਚੈਂਪੀਅਨਸ਼ਿਪਾਂ 'ਚੋਂ ਸੋਨ ਤਗਮੇ ਜੇਤੂ ਬਣੇ। ਹੈਮਰ ਥਰੋਅਰ ਦਮਨੀਤ ਸਿੰਘ ਬਰਨਾਲਾ ਨਵੇਂ ਸਿਤਾਰੇ ਵਜੋਂ ਉੱਭਰਿਆ।
ਬਾਸਕਟਬਾਲ:- ਪੰਜਾਬ ਦੇ ਗੱਭਰੂਆਂ ਨੇ ਇਸ ਵਰ੍ਹੇ ਕੌਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਖੇਲੋ ਇੰਡੀਆ ਅੰਡਰ-17 ਤੇ 21 ਵਰਗਾਂ 'ਚ ਪੰਜਾਬ ਦੇ ਮੁੰਡਿਆਂ ਨੇ ਖਿਤਾਬ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਪੰਜਾਬ ਦੀ ਜੂਨੀਅਰ ਟੀਮ ਨੇ ਵੀ ਬਾਸਕਟਬਾਲ 'ਚ ਕੌਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਦੁਨੀਆ ਦੀ ਸਭ ਤੋਂ ਵੱਡੀ ਬਾਸਕਟਬਾਲ ਲੀਗ ਐਨ.ਬੀ.ਏ. 'ਚ ਖੇਡਣ ਵਾਲੇ ਪੰਜਾਬੀ ਪੁੱਤਰ ਸਤਨਾਮ ਸਿੰਘ ਬੰਮਰਾ ਇਸ ਵਰ੍ਹੇ ਡੋਪਿੰਗ ਵਿਵਾਦ 'ਚ ਘਿਰ ਗਿਆ। ਪੰਜਾਬਣ ਖਿਡਾਰਨ ਹਰਸਿਮਰਨ ਕੌਰ ਇਸ ਵਰ੍ਹੇ ਭਾਰਤੀ ਟੀਮ ਦਾ ਸ਼ਿੰਗਾਰ ਬਣੀ ਅਤੇ ਵਿਦੇਸ਼ੀ ਲੀਗਜ਼ 'ਚ ਖੇਡਣ ਦਾ ਵੀ ਉਸ ਨੂੰ ਮੌਕਾ ਮਿਲਿਆ।
ਕਿਸ਼ਤੀ ਚਾਲਣ:- ਸ਼ਗਨਦੀਪ ਸਿੰਘ ਦਲੇਲ ਵਾਲਾ (ਮਾਨਸਾ) ਨੇ ਏਸ਼ੀਅਨ ਜੂਨੀਅਰ ਇੰਡੋਰ ਕਿਸ਼ਤੀ ਚਾਲਣ ਚੈਂਪੀਅਨਸ਼ਿਪ ਦੇ ਸਿੰਗਲ, ਮਿਕਸ ਤੇ ਡਬਲ ਸਕੱਲ ਮੁਕਾਬਲਿਆਂ 'ਚੋਂ ਨਵੇਂ ਕੀਰਤੀਮਾਨ ਸਿਰਜ ਕੇ, ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਸੀਨੀਅਰ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ 'ਚੋਂ ਨਵਨੀਤ ਕੌਰ ਸਬ-ਇੰਸਪੈਕਟਰ ਪੰਜਾਬ ਪੁਲਿਸ ਨੇ ਸਿੰਗਲ ਸਕੱਲ ਤੇ ਮਿਕਸ ਡਬਲ ਸਕੱਲ ਵਰਗ 'ਚੋਂ ਸੋਨ ਤਗਮੇ ਜਿੱਤੇ। ਸ਼ਗਨਦੀਪ ਸਿੰਘ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਏਸ਼ੀਅਨ ਚੈਂਪੀਅਨਸ਼ਿਪ 'ਚ ਪੰਜਾਬੀ ਪੁੱਤਰ ਜਸਵੀਰ ਸਿੰਘ ਸਿੱਧੂ ਬਠਿੰਡਾ, ਚਰਨਜੀਤ ਸਿੰਘ ਸਮਰਾ ਨੇ ਸੋਨ, ਸਵਰਨ ਸਿੰਘ ਦਲੇਲ ਵਾਲਾ (ਮਾਨਸਾ), ਸੁਖਮੀਤ ਸਿੰਘ ਫਰਵਾਹੀ (ਮਾਨਸਾ) ਨੇ ਚਾਂਦੀ ਤੇ ਕਾਂਸੀ, ਇਕਬਾਲ ਸਿੰਘ ਹੁਸ਼ਿਆਰਪੁਰ, ਮਲਕੀਤ ਸਿੰਘ ਸੰਧੂ ਤਰਨਤਾਰਨ, ਖੁਸ਼ਪ੍ਰੀਤ ਸਿੰਘ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਸੰਗਰੂਰ ਤੇ ਗੁਰਿੰਦਰ ਚੀਮਾ ਮੁਹਾਲੀ ਨੇ ਕਾਂਸੀ ਦਾ ਤਗਮਾ ਜਿੱਤਿਆ। ਇੰਡੋਰ ਜੂਨੀਅਰ ਕੌਮੀ ਚੈਂਪੀਅਨਸ਼ਿਪ 'ਚ ਅਰਵਿੰਦਰ ਮਾਨ, ਸ਼ਗਨਦੀਪ ਸਿੰਘ, ਕਰਨਵੀਰ ਸਿੰਘ ਤੇ ਹਰਨੂਰ ਸਿੰਘ ਚੈਂਪੀਅਨ ਬਣੇ। ਕੌਮੀ ਇੰਡੋਰ ਕਿਸ਼ਤੀ ਚਾਲਣ ਚੈਂਪੀਅਨਸ਼ਿਪ ਵੀ ਪੰਜਾਬੀਆਂ ਨੇ ਕੋਚ ਤੇਜਿੰਦਰ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਦੀ ਅਗਵਾਈ 'ਚ ਜਿੱਤੀ।
ਤੀਰਅੰਦਾਜ਼ੀ:- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੇ ਸ਼ਾਗਿਰਦ ਸੁਖਬੀਰ ਸਿੰਘ ਫ਼ਿਰੋਜ਼ਪੁਰ ਤੇ ਰਾਜ ਕੌਰ ਅੰਮ੍ਰਿਤਸਰ ਨੇ ਕ੍ਰਮਵਾਰ ਵਿਸ਼ਵ ਯੂਥ ਤੇ ਸੀਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਸੁਖਬੀਰ ਸਿੰਘ ਤੇ ਸੰਗਮਪ੍ਰੀਤ ਸਿੰਘ ਪਟਿਆਲਾ ਨੇ ਯੂਥ ਵਿਸ਼ਵ ਚੈਂਪੀਅਨਸ਼ਿਪ ਦੇ ਟੀਮ ਮੁਕਾਬਲੇ 'ਚੋਂ ਕਾਂਸੀ ਅਤੇ ਸੁਖਬੀਰ ਸਿੰਘ ਨੇ ਮਿਕਸ ਟੀਮ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਹਰਵਿੰਦਰ ਸਿੰਘ ਧੰਜੂ ਨੇ ਏਸ਼ੀਅਨ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚੋਂ ਕਾਂਸੀ ਦਾ ਤਗਮਾ ਜਿੱਤ ਕੇ, ਟੋਕੀਓ ਪੈਰਾ ਉਲੰਪਿਕ ਦੀ ਟਿਕਟ ਵੀ ਕਟਾਈ।
ਕਬੱਡੀ:- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਅੱਠ ਮੁਲਕਾਂ ਦੀਆਂ ਟੀਮਾਂ ਨੇ ਹਿੱਸਾ। ਇਸ ਟੂਰਨਾਮੈਂਟ ਨੂੰ ਭਾਰਤੀ ਟੀਮ ਨੇ ਜਿੱਤਣ ਮਾਣ ਪ੍ਰਾਪਤ ਕੀਤਾ। ਇਸ ਵਰ੍ਹੇ ਨੂੰ ਦਾਇਰੇ ਵਾਲੀ ਕਬੱਡੀ 'ਚ ਡੋਪ ਟੈਸਟਿੰਗ ਕਾਰਨ ਯਾਦ ਰੱਖਿਆ ਜਾਵੇਗਾ। ਪੰਜਾਬ ਦੀਆਂ ਸਿਰਕੱਢ ਕਬੱਡੀ ਜਥੇਬੰਦੀਆਂ ਵਲੋਂ ਡੋਪਿੰਗ ਖਿਲਾਫ ਵਿੱਢੀ ਮੁਹਿੰਮ ਤਹਿਤ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ 52 ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੇ 39 ਖਿਡਾਰੀ ਡੋਪਿੰਗ ਦੇ ਕਥਿਤ ਤੌਰ 'ਤੇ ਦੋਸ਼ੀ ਕਰਾਰ ਦਿੱਤੇ ਗਏ। ਇਨ੍ਹਾਂ ਨਤੀਜਿਆਂ ਖਿਲਾਫ ਕਬੱਡੀ ਜਗਤ 'ਚ ਵੱਡਾ ਉਬਾਲ ਆਇਆ। ਜਿਸ ਦਾ ਸੇਕ ਸਭ ਤੋਂ ਪਹਿਲਾਂ ਕਬੱਡੀ ਜਗਤ 'ਚ ਸਭ ਤੋਂ ਮਹਿੰਗੀ ਮੰਨੀ ਜਾਂਦੀ ਕੈਨੇਡਾ ਦੀ ਕਬੱਡੀ ਨੂੰ ਲੱਗਿਆ, ਜਿਸ ਕਾਰਨ ਇਸ ਵਰ੍ਹੇ ਕੈਨੇਡਾ 'ਚ ਕਬੱਡੀ ਕੱਪ ਨਹੀਂ ਹੋਏ। ਡੋਪਿੰਗ ਵਿਵਾਦ 'ਚੋਂ ਕਬੱਡੀ ਪ੍ਰਬੰਧਕਾਂ ਤੇ ਟੀਮਾਂ 'ਚ ਕਾਫੀ ਭੰਨ-ਤੋੜ ਹੋਈ, ਜਿਸ ਕਾਰਨ ਖਿਡਾਰੀਆਂ ਵਲੋਂ ਮੇਜਰ ਕਬੱਡੀ ਲੀਗ ਨਾਂਅ ਦੀ ਸੰਸਥਾ ਦਾ ਗਠਨ ਵੀ ਕੀਤਾ ਗਿਆ। ਇਸੇ ਤਰ੍ਹਾਂ ਵੱਖ-ਵੱਖ ਮੁਲਕਾਂ ਦੀਆਂ ਕਬੱਡੀ ਜਥੇਬੰਦੀਆਂ ਡੋਪ ਟੈਸਟਿੰਗ ਦੇ ਮੁੱਦੇ 'ਤੇ ਇਕਮੱਤ ਵੀ ਹੋਈਆਂ। ਇਸ ਵਰ੍ਹੇ ਹਰਿਆਣਾ 'ਚ ਹੋਈ ਔਰਤਾਂ ਦੀ ਪਹਿਲੀ ਲੀਗ 'ਚ ਪੰਜਾਬ ਕੁਈਨਜ਼ ਟੀਮ ਨੇ ਖਿਤਾਬ ਜਿੱਤਿਆ। ਨੇਪਾਲ 'ਚ ਹੋਈਆਂ ਸੈਫ ਖੇਡਾਂ 'ਚ ਸੋਨ ਤਗਮਾ ਜੇਤੂ ਟੀਮ ਪੰਜਾਬਣ ਖਿਡਾਰੀ ਹਰਵਿੰਦਰ ਨੋਨਾ ਵੀ ਸ਼ਾਮਿਲ ਸੀ। ਏਸ਼ੀਅਨ ਖੇਡਾਂ 'ਚੋਂ ਚਾਂਦੀ ਦਾ ਤਗਮਾ ਅਤੇ ਦਾਇਰੇ ਵਾਲੀ ਕਬੱਡੀ ਦੀ ਵਿਸ਼ਵ ਚੈਂਪੀਅਨ ਖਿਡਾਰਨ ਰਣਦੀਪ ਕੌਰ ਇਸ ਵਰ੍ਹੇ ਵਿਆਹ ਦੇ ਬੰਧਨ 'ਚ ਬੱਝ ਗਈ। ਵਿਸ਼ਵ ਚੈਂਪੀਅਨ ਕਬੱਡੀ ਖਿਡਾਰੀ ਨਰਿੰਦਰ ਕੁਮਾਰ ਬਿੱਟੂ ਦੁਗਾਲ (ਪਟਿਆਲਾ) ਇਸ ਵਰ੍ਹੇ ਸਦੀਵੀ ਵਿਛੋੜਾ ਦੇ ਗਿਆ, ਜਿਸ ਨਾਲ ਸਮੁੱਚਾ ਕਬੱਡੀ ਜਗਤ ਝੰਜੋੜਿਆ ਗਿਆ।
ਕ੍ਰਿਕਟ:- ਇਸ ਵਰ੍ਹੇ ਸ਼ੁਭਮਨ ਗਿੱਲ ਦੀ ਦੱਖਣੀ ਅਫ਼ਰੀਕਾ ਖਿਲਾਫ਼ ਖੇਡੀ ਭਾਰਤੀ ਟੈਸਟ ਟੀਮ 'ਚ ਚੋਣ ਹੋਈ ਪਰ ਉਸ ਨੂੰ ਖੇਡਣ ਦਾ ਮੌਕਾ ਨਾ ਮਿਲਿਆ। ਇਸੇ ਤਰ੍ਹਾਂ ਮਿਯੰਕ ਮਾਰਕੰਡੇ ਨੂੰ ਵੀ ਆਸਟ੍ਰੇਲੀਆ ਖਿਲਾਫ ਟੀ-20 ਲੜੀ ਲਈ ਕੌਮੀ ਟੀਮ 'ਚ ਚੁਣਿਆ ਗਿਆ ਪਰ ਉਸ ਨੂੰ ਵੀ ਖੇਡਣ ਦਾ ਮੌਕਾ ਨਾ ਮਿਲਿਆ। ਹਰਮਨਪ੍ਰੀਤ ਕੌਰ ਇਸ ਵਰ੍ਹੇ ਭਾਰਤੀ ਟੀ-20 ਟੀਮ ਦੀ ਕਪਤਾਨ ਬਣੀ। ਰਾਜਿੰਦਰ ਸਿੰਘ ਗੁਪਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ। ਰਣਜੀ ਟਰਾਫੀ 'ਚ ਪੰਜਾਬ ਦੀ ਟੀਮ ਨਾਕ ਆਊਟ ਦੌਰ 'ਚ ਨਾ ਪੁੱਜ ਸਕੀ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪਟਿਆਲਾ। ਮੋਬਾ: 97795-90575

ਖੇਡ ਦਾ ਮਤਲਬ ਸਿਰਫ਼ ਜਿੱਤਣਾ ਹੀ ਨਹੀਂ ਹੁੰਦਾ

ਕਿਸੇ ਵੀ ਦੇਸ਼ ਦੀ ਕੋਈ ਵੀ ਖੇਡ ਹੋਵੇ, ਉਸ ਦੇ ਪ੍ਰੇਮੀ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਖਿਡਾਰੀ ਜਿੱਤ ਕੇ ਹੀ ਆਉਣ। ਸਵਦੇਸ਼ੀ ਪ੍ਰੇਮ ਦੀ ਆਪਣੀ ਮਹੱਤਤਾ ਹੈ, ਪਰ ਨਾਲ-ਨਾਲ ਸਾਨੂੰ ਦੂਜਿਆਂ ਦੇਸ਼ਾਂ ਦੇ ਬਿਹਤਰੀਨ ਖਿਡਾਰੀਆਂ ਨੂੰ ਦਾਦ ਦੇਣੀ ਵੀ ਆਉਣੀ ਚਾਹੀਦੀ ਹੈ। ਸੱਚ ਤਾਂ ਇਹ ਹੈ ਕਿ ਖੇਡ ਦਾ ਮਜ਼ਾ ਤਾਂ ਇਸ ਦੀ ਅਨਿਸਚਿਤਤਾ ਵਿਚ ਹੀ ਹੁੰਦਾ ਹੈ। ਖੇਡਾਂ ਦੀ ਦੁਨੀਆ ਵੀ ਬਹੁਤ ਹੀ ਅਲੋਕਾਰ ਜਿਹੀ ਹੁੰਦੀ ਹੈ। ਇਹ ਕੋਈ ਨਹੀਂ ਕਹਿ ਸਕਦਾ ਕਿਸੇ ਦਿਨ ਖੇਡ ਰਹੇ ਖਿਡਾਰੀ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ ਅਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਸਮਤ ਕਦੋਂ ਕਿਸੇ ਖਿਡਾਰੀ ਦਾ ਸਾਥ ਦੇ ਦੇਵੇ। ਇਸ ਲਈ ਖੇਡਾਂ ਨੂੰ ਖੇਡਾਂ ਦੀ ਭਾਵਨਾ ਨਾਲ ਹੀ ਲਿਆ ਜਾਣਾ ਚਾਹੀਦਾ ਹੈ। ਇਨ੍ਹਾਂ 'ਚ ਇਹ ਭਾਵਨਾ ਬਿਮਾਰ ਮਾਨਸਿਕਤਾ ਵੱਲ ਨਹੀਂ ਵਧਣੀ ਚਾਹੀਦੀ, ਸਗੋਂ ਤੰਦਰੁਸਤ ਸੋਚ ਦੀ ਲਖਾਇਕ ਹੋਣੀ ਚਾਹੀਦੀ ਹੈ।
ਅਸੀਂ ਸਮਝਦੇ ਹਾਂ ਕਿ ਇਸ ਪੱਖੋਂ ਮੀਡੀਆ ਨੂੰ ਵੀ ਆਪਣਾ ਰੋਲ ਦੇਸ਼ ਹਿਤ ਵਿਚ ਨਿਭਾਉਣਾ ਚਾਹੀਦਾ ਹੈ। ਭਾਰਤ 'ਚ ਮੀਡੀਆ ਨੇ ਹੀ ਕ੍ਰਿਕਟ ਨੂੰ ਇਕ ਜਨੂੰਨ ਬਣਾ ਦਿੱਤਾ ਹੈ। ਕ੍ਰਿਕਟਰਾਂ ਦੇ ਨਾਲ-ਨਾਲ ਮੀਡੀਆ ਦੀ ਆਪਣੀ ਕਮਾਈ ਵੀ ਇਸ 'ਚ ਲੁਕੀ ਹੋਈ ਹੈ। ਅੱਜਕਲ੍ਹ ਯੂ-ਟਿਊਬ ਚੈਨਲਾਂ ਦਾ ਵੀ ਜ਼ਮਾਨਾ ਹੈ। ਹਰ ਕੋਈ ਆਪਣੇ ਚੈਨਲ ਵੱਲ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਖ਼ਬਰ ਨੂੰ ਖਾਸ ਬਣਾ ਕੇ ਪੇਸ਼ ਕਰਨਾ ਚਾਹੁੰਦਾ ਹੈ। ਕਈ ਵਾਰ ਲੋਕ ਇਨ੍ਹਾਂ ਖਾਸ ਬਣੀਆਂ ਖ਼ਬਰਾਂ ਵੱਲ ਭਾਵੁਕ ਜਿਹੇ ਹੋ ਜਾਂਦੇ ਹਨ। ਸਾਡੇ ਦੇਸ਼ 'ਚ ਕ੍ਰਿਕਟ ਦੇ ਹਾਰਨ ਦਾ ਦੁੱਖ ਉਸ ਸ਼ਿੱਦਤ ਨਾਲ ਖੇਡ ਪ੍ਰੇਮੀਆਂ ਨੂੰ ਨਹੀਂ ਹੁੰਦਾ, ਜਿਸ ਤੀਬਰਤਾ ਨਾਲ ਮੀਡੀਆ ਨੂੰ ਹੁੰਦਾ ਹੈ। ਖ਼ਾਸ ਕਰਕੇ ਬਿਜਲਈ ਮੀਡੀਆ ਨੂੰ ਭਾਰਤ 'ਚ ਕ੍ਰਿਕਟ ਦੀ ਹਾਰ ਕਰਕੇ ਵੱਖ-ਵੱਖ ਬਿਜਲਈ ਚੈਨਲਾਂ ਦੀ ਦਿਲਚਸਪ ਸਮੱਗਰੀ ਜੋ ਉਨ੍ਹਾਂ ਨੇ ਆਪਣੇ ਦਰਸ਼ਕਾਂ ਅੱਗੇ ਪਰੋਸਣੀ ਹੁੰਦੀ ਹੈ, ਉਹ ਰਹਿ ਜਾਂਦੀ ਹੈ। ਜਿੱਤ ਦੇ ਜਸ਼ਨ 'ਚ ਜੋ ਰਹਿ ਜਾਂਦਾ ਮੀਡੀਆ ਉਸ ਨੂੰ ਫਿਰ ਦੇਸ਼ 'ਚ ਪਿੱਟ-ਸਿਆਪਾ ਪਾ ਕੇ ਪੂਰਾ ਕਰਨਾ ਚਾਹੁੰਦਾ ਹੈ। ਕਿਉਂਕਿ ਮੀਡੀਆ ਨੂੰ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਸਮੱਗਰੀ ਦੀ ਲੋੜ ਹੁੰਦੀ ਹੈ। ਅਸੀਂ ਸਮਝਦੇ ਹਾਂ ਕਿ ਜੋ ਲੋਕ ਹਾਰਨ 'ਤੇ ਵਿਰੋਧ, ਮੁਜ਼ਾਹਰੇ ਕਰਦੇ ਹਨ, ਉਨ੍ਹਾਂ ਨੂੰ ਸੱਚਮੁੱਚ ਖੇਡ ਦੇ ਫੈਨ ਨਹੀਂ ਕਿਹਾ ਜਾ ਸਕਦਾ। ਇਹ ਲੋਕ ਇਕ ਤਰ੍ਹਾਂ ਨਾਲ ਪ੍ਰਚਾਰ ਦੇ ਭੁੱਖੇ ਹੁੰਦੇ ਹਨ।
ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹ ਠੀਕ ਹੈ ਕਿ ਦੇਸ਼ ਵਾਸੀਆਂ ਨੂੰ ਆਪਣੇ ਖਿਡਾਰੀਆਂ ਦੀ ਜਿੱਤ 'ਤੇ ਖ਼ੁਸ਼ੀ ਹੁੰਦੀ ਹੈ ਪਰ ਹਾਰ ਵੀ ਤਾਂ ਉਸੇ ਖੇਡ ਦਾ ਇਕ ਪਹਿਲੂ ਹੁੰਦਾ ਹੈ। ਉਸ 'ਤੇ ਹੱਦ ਦਰਜੇ ਦੀ ਨਾਰਾਜ਼ਗੀ ਪ੍ਰਗਟਾਉਣਾ ਜਾਂ ਨਾਰਾਜ਼ਗੀ ਪ੍ਰਗਟਾਉਣ ਲਈ ਦੇਸ਼ ਦੇ ਮੀਡੀਆ ਵਲੋਂ ਹੱਲਾਸ਼ੇਰੀ ਦੇਣੀ ਕਿਸੇ ਤਰ੍ਹਾਂ ਦੀ ਵੀ ਖੇਡ ਭਾਵਨਾ ਨਹੀਂ ਹੈ। ਅਸੀਂ ਤਾਂ ਇਹ ਕਹਿਣਾ ਚਾਹਾਂਗੇ ਕਿ ਸਾਡੇ ਬਹੁਤ ਲੋਕਾਂ ਦਾ ਖੇਡਾਂ ਵਿਚਲੀ ਜਿੱਤ ਹਾਰ ਪ੍ਰਤੀ ਅਜਬ ਵਰਤਾਰਾ ਹੈ। ਨਾ ਸਾਡੇ ਤੋਂ ਹਾਰ ਸਹਾਰੀ ਜਾਂਦੀ ਹੈ, ਨਾ ਜਿੱਤ ਪਚਾਈ ਜਾਂਦੀ ਹੈ। ਆਪਣੀ ਟੀਮ ਜਿੱਤ ਜਾਵੇ ਤਾਂ ਉਨ੍ਹਾਂ ਨੂੰ ਜਿੱਤ ਦਾ ਬੁਖਾਰ ਚੜ੍ਹ ਜਾਂਦਾ ਹੈ ਜੇ ਹਾਰ ਜਾਵੇ ਤਾਂ ਹਾਰ ਦੇ ਨਮੂਨੀਏ ਤੋਂ ਉਹ ਬਚ ਨਹੀਂ ਸਕਦੇ। ਪਰ ਇਹ ਇਕ ਸਿਹਤਮੰਦ ਖੇਡ ਪ੍ਰੇਮੀ ਕਦੇ ਇੰਜ ਨਾ ਸੋਚੇ, ਉਸ ਨੂੰ ਬਸ ਆਪਣੀ ਖੇਡ ਪਿਆਰੀ ਹੋਵੇ।


-ਡੀ.ਏ.ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਲੱਖਾਂ ਦੀ ਦੌੜ ਤੇ ਕਰੋੜਾਂ ਦੀ ਵਿਕਟ

ਇਹ ਖੇਡ ਹੈ ਜਾਂ ਸੱਟਾ ਬਾਜ਼ਾਰ?

ਆਈ.ਪੀ.ਐਲ. 2020 ਲਈ ਹੋਈ ਨਿਲਾਮੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕੰਮਿਨਸ ਨੂੰ 15.5 ਕਰੋੜ ਰੁਪਏ ਵਿਚ ਖ਼ਰੀਦਿਆ ਹੈ ਅਤੇ ਇਸ ਤਰ੍ਹਾਂ ਉਹ ਇਸ ਆਈ.ਪੀ.ਐਲ. ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਜਾਂਦੇ ਹਨ। ਜੇ ਇਹ ਮੰਨ ਕੇ ਚੱਲੀਏ ਕਿ ਲੀਗ ਸਟੇਜ ਦੇ ਸਾਰੇ 14 ਮੈਚਾਂ ਵਿਚ ਪੈਟ ਕੰਮਿਨਸ ਆਪਣੇ ਚਾਰ ਓਵਰਾਂ ਦਾ ਕੋਟਾ ਪੂਰਾ ਕਰਨਗੇ ਜਾਂ ਕੁੱਲ 336 ਗੇਂਦ ਸੁੱਟਣਗੇ ਤਾਂ ਇਸ ਦਾ ਭਾਵ ਹੈ ਕਿ ਉਹ ਇਕ ਗੇਂਦ ਸੁੱਟਣ ਲਈ 4.6 ਲੱਖ ਰੁਪਏ ਲੈਣਗੇ। ਸਵਾਲ ਹੈ ਕਿ ਕੀ ਇਕ ਗੇਂਦ ਲਈ ਏਨੇ ਪੈਸੇ ਦੇਣਾ ਜਾਇਜ਼ ਹੈ, ਖ਼ਾਸਕਰ ਜੇ ਉਸ ਗੇਂਦ 'ਤੇ ਵਿਕਟ ਨਾ ਮਿਲੇ?
ਬੱਲੇਬਾਜ਼ਾਂ 'ਚੋਂ ਸਭ ਤੋਂ ਜ਼ਿਆਦਾ ਰਾਸ਼ੀ (10.75 ਕਰੋੜ ਰੁਪਏ) ਕਿੰਗਜ਼ ਇਲੈਵਨ ਪੰਜਾਬ ਨੇ ਆਸਟਰੇਲੀਆ ਦੇ ਗਲੇਨ ਮੈਕਸਵੈਲ ਨੂੰ ਖ਼ਰੀਦਣ ਲਈ ਦਿੱਤੀ। ਇਹ ਕਹਿਣਾ ਤਾਂ ਔਖਾ ਹੈ ਕਿ ਆਈ.ਪੀ.ਐਲ. 2020 ਵਿਚ ਮੈਕਸਵੈਲ ਕਿੰਨੀਆਂ ਦੌੜਾਂ ਬਣਾਉਣਗੇ, ਪਰ ਆਈ.ਪੀ.ਐਲ. 2018 ਵਿਚ ਉਨ੍ਹਾਂ ਨੇ 169 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਦੀ ਇਕ ਦੌੜ 6.4 ਲੱਖ ਰੁਪਏ ਵਿਚ ਪਈ ਸੀ ਤਾਂ ਕੀ ਇਕ ਦੌੜ ਲਈ ਲੱਖਾਂ ਰੁਪਏ ਦੇਣਾ ਜਾਇਜ਼ ਹੈ, ਖ਼ਾਸਕਰ ਜਦੋਂ ਉਹ ਟ੍ਰਾਫੀ ਨਾ ਜਿੱਤ ਸਕੇ? ਦਰਅਸਲ, ਆਈ.ਪੀ.ਐਲ. ਦੀ ਹਰ ਖ਼ਰੀਦਦਾਰੀ ਜੂਆ ਹੈ। ਇਕ ਖਿਡਾਰੀ ਨੂੰ ਕਰੋੜਾਂ ਰੁਪਏ ਵਿਚ ਖਰੀਦਣਾ ਸਫਲਤਾ ਦੀ ਗਾਰੰਟੀ ਨਹੀਂ ਹੈ।
ਕਦੇ-ਕਦੇ ਤਾਂ ਸਭ ਤੋਂ ਮਹਿੰਗੀ ਖ਼ਰੀਦਦਾਰੀ ਬਹੁਤ ਖਰਾਬ ਨਿਵੇਸ਼ ਸਾਬਤ ਹੋ ਸਕਦੀ ਹੈ। ਪਰ ਇਕ ਵਾਰ ਕੋਈ ਟੀਮ ਕਿਸੇ ਖਿਡਾਰੀ ਨੂੰ ਖ਼ਰੀਦ ਲਏ ਤਾਂ ਫਿਰ ਵਾਪਸ ਜਾਣ ਦਾ ਕੋਈ ਰਸਤਾ ਨਹੀਂ ਹੈ। ਮਸਲਨ, ਕਿੰਗਜ਼ ਇਲੈਵਨ ਪੰਜਾਬ ਨੇ ਆਈ.ਪੀ.ਐਲ. 2019 ਲਈ ਹਰਫਨਮੌਲਾ ਖਿਡਾਰੀ ਵਰੁਣ ਚੱਕਰਵਰਤੀ ਨੂੰ 8.4 ਕਰੋੜ ਰੁਪਏ ਵਿਚ ਖ਼ਰੀਦਿਆ। ਉਹ ਪੂਰੇ ਸੀਜ਼ਨ ਵਿਚ ਸਿਰਫ ਇਕ ਮੈਚ ਖੇਡੇ, ਉਸ ਵਿਚ ਉਸ ਨੇ ਇਕ ਦੌੜ ਵੀ ਨਹੀਂ ਬਣਾਈ, 18 ਗੇਂਦਾਂ ਸੁੱਟਣ ਦਾ ਮੌਕਾ ਮਿਲਿਆ ਭਾਵ ਇਕ ਗੇਂਦ 46 ਲੱਖ ਰੁਪਏ ਵਿਚ ਸੁੱਟੀ, ਇਕ ਵਿਕਟ ਮਿਲਿਆ, ਜਿਸ ਦਾ ਭਾਵ ਇਹ ਹੋਇਆ ਕਿ ਇਕ ਵਿਕਟ ਕਿੰਗਜ਼ ਇਲੈਵਨ ਪੰਜਾਬ ਨੂੰ 8.4 ਕਰੋੜ ਰੁਪਏ ਵਿਚ ਪਈ। ਇਸੇ ਤਰ੍ਹਾਂ ਮੁੰਬਈ ਇੰਡੀਅਨਜ਼ ਨੇ ਬਰਿੰਦਰ ਸਿੰਘ ਸਰਨ ਅਤੇ ਰਸਿਕ ਧਰ ਨੂੰ ਕ੍ਰਮਵਾਰ 3.4 ਕਰੋੜ ਰੁਪਏ ਤੇ 20 ਲੱਖ ਰੁਪਏ ਵਿਚ ਖ਼ਰੀਦਿਆ ਸੀ, ਪਰ ਦੋਵਾਂ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।
ਪੈਟ ਕੰਮਿਨਸ ਤੋਂ ਇਲਾਵਾ ਜਿਹੜੇ ਗੇਂਦਬਾਜ਼ ਇਸ ਵਾਰ ਮਹਿੰਗੇ ਖ਼ਰੀਦੇ ਗਏ ਹਨ, ਉਹ ਹਨ ਦੱਖਣੀ ਅਫਰੀਕਾ ਦੇ ਕ੍ਰਿਸ ਮੋਰਿਸ, ਜਿਨ੍ਹਾਂ ਨੂੰ ਰਾਇਲ ਚੈਲੇਂਜਰਜ਼ ਬੰਗਲੂਰੁ ਨੇ 10 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਸ ਦੀ ਇਕ ਗੇਂਦ ਲੀਗ ਪੱਧਰ 'ਤੇ 2.9 ਲੱਖ ਰੁਪਏ ਵਿਚ ਪਏਗੀ। ਵੈਸਟ ਇੰਡੀਜ਼ ਦੇ ਸ਼ੇਲਡਨ ਕੋਟ੍ਰਰੇਲ, ਜਿਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 8.5 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਸ ਦੀ ਇਕ ਗੇਂਦ ਲੀਗ ਪੱਧਰ 'ਤੇ 2.5 ਲੱਖ ਰੁਪਏ ਵਿਚ ਪਏਗੀ। ਆਸਟ੍ਰੇਲੀਆ ਦੇ ਨਾਥਨ ਕੋਲਟਰ-ਨਾਈਲ ਜਿਨ੍ਹਾਂ ਨੂੰ ਮੁੰਬਈ ਇੰਡੀਅਨਸ ਨੇ 8 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਸ ਦੀ ਇਕ ਗੇਂਦ ਲੀਗ ਪੱਧਰ 'ਤੇ 2.4 ਲੱਖ ਰੁਪਏ ਵਿਚ ਪਏਗੀ ਅਤੇ ਭਾਰਤ ਦੇ ਪਿਯੂਸ਼ ਚਾਵਲਾ, ਜਿਨ੍ਹਾਂ ਨੂੰ ਚੇਨੱਈ ਸੁਪਰ ਕਿੰਗਜ਼ ਨੇ 6.75 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਨ੍ਹਾਂ ਦੀ ਇਕ ਗੇਂਦ ਲੀਗ ਪੱਧਰ 'ਤੇ 2 ਲੱਖ ਰੁਪਏ ਵਿਚ ਪਏਗੀ।
ਜਿਥੋਂ ਤੱਕ ਗਲੈਨ ਮੈਕਸਵੈੱਲ ਤੋਂ ਇਲਾਵਾ ਇਸ ਵਾਰ ਮਹਿੰਗੇ ਖ਼ਰੀਦੇ ਗਏ ਬੱਲੇਬਾਜ਼ ਹਨ, ਤਾਂ ਉਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਵੈਸਟ ਇੰਡੀਜ਼ ਦੇ ਸ਼ਿਮਰਨ ਹੇਟਮਇਰ, ਜਿਸ ਨੂੰ ਡੇਲੀ ਕੈਪੀਟਲਜ਼ ਨੇ 7.75 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਸ ਨੇ ਆਈ.ਪੀ.ਐਲ. 2019 ਵਿਚ ਰਾਇਲ ਚੈਂਲੇਜਰਜ਼ ਬੰਗਲੂਰੁ ਲਈ 8.6 ਲੱਖ ਰੁਪਏ ਪ੍ਰਤੀ ਦੌੜ ਦੇ ਹਿਸਾਬ ਨਾਲ ਸਿਰਫ 90 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਇਓਨ ਮਾਰਗਨ ਜਿਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 5.25 ਕਰੋੜ ਰੁਪਏ ਵਿਚ ਖ਼ਰੀਦਿਆ ਹੈ, ਉਸ ਨੇ ਆਈ.ਪੀ.ਐਲ. 2017 ਵਿਚ 8.1 ਲੱਖ ਰੁਪਏ ਪ੍ਰਤੀ ਦੌੜ ਦੇ ਹਿਸਾਬ ਨਾਲ ਕੁੱਲ 65 ਦੌੜਾਂ ਬਣਾਈਆਂ ਸਨ।
ਗ਼ੌਰਤਲਬ ਹੈ ਕਿ 2019 ਵਿਚ ਦੱਖਣੀ ਅਫਰੀਕਾ ਦੇ ਕੋਲਿਨ ਇਨਗ੍ਰਾਮ ਨੂੰ ਡੇਲੀ ਕੈਪੀਟਲਜ਼ ਨੇ 6.4 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਉਸ ਨੇ ਕੁੱਲ 184 ਦੌੜਾਂ ਬਣਾਈਆਂ, ਇਕ ਦੌੜ 3.5 ਲੱਖ ਰੁਪਏ ਦੀ ਪਈ ਸੀ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਲ ਨੂੰ ਸਨਰਾਈਜ਼ਰ ਹੈਦਰਾਬਾਦ ਨੇ 4.2 ਕਰੋੜ ਵਿਚ ਖ਼ਰੀਦਿਆ ਸੀ, ਉਸ ਦੀਆਂ ਕੁੱਲ 90 ਦੌੜਾਂ 4.7 ਲੱਖ ਰੁਪਏ ਵਿਚ ਪ੍ਰਤੀ ਦੌੜ ਦੇ ਹਿਸਾਬ ਨਾਲ ਪਈਆਂ। ਇਸੇ ਤਰ੍ਹਾਂ ਜੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਕਿੰਗਜ਼ ਇਲੈਵਨ ਪੰਜਾਬ ਨੇ ਭਾਰਤ ਦੇ ਐਮ. ਅਸ਼ਵਿਨ 2 ਕਰੋੜ ਰੁਪਏ ਅਤੇ ਅਰਸ਼ਦੀਪ ਸਿੰਘ 2 ਕਰੋੜ ਰੁਪਏ ਵਿਚ ਨੂੰ ਖ਼ਰੀਦਿਆ ਸੀ। ਅਸ਼ਵਿਨ ਨੇ 5 ਵਿਕਟਾਂ ਲਈਆਂ ਸਨ ਭਾਵ 40 ਲੱਖ ਰੁਪਏ ਵਿਚ ਇਕ ਵਿਕਟ, ਜਦੋਂ ਕਿ ਅਰਸ਼ਦੀਪ ਨੇ 3 ਵਿਕਟਾਂ ਲਈਆਂ ਭਾਵ 66.7 ਲੱਖ ਰੁਪਏ ਵਿਚ ਇਕ ਵਿਕਟ।
ਉਂਜ ਆਈ.ਪੀ.ਐਲ. ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ (ਜਾਂ ਸਭ ਤੋਂ ਖ਼ਰਾਬ) ਗੇਂਦਬਾਜ਼ ਰਾਜਸਥਾਨ ਰਾਇਲ ਦੇ ਲਈ ਜੈਦੇਵ ਉਨਦਕਤ (ਖ਼ਰੀਦ 8.4 ਕਰੋੜ), ਜਿਸ ਨੇ ਆਪਣੇ 10 ਵਿਕਟ 84 ਲੱਖ ਰੁਪਏ ਪ੍ਰਤੀ ਵਿਕਟ ਦੇ ਹਿਸਾਬ ਨਾਲ ਲਏ ਅਤੇ ਚੇਨਈ ਸੁਪਰਕਿੰਗਜ਼ ਦੇ ਮੋਹਿਤ ਸ਼ਰਮਾ (ਖ਼ਰੀਦ 5 ਕਰੋੜ ਰੁਪਏ) ਜਿਨ੍ਹਾਂ ਨੇ ਆਪਣਾ ਇਕ ਵਿਕਟ 5 ਕਰੋੜ ਰੁਪਏ ਵਿਚ ਲਿਆ, ਰਹੇ ਹਨ। ਸਵਾਲ ਇਹ ਹੈ ਕਿ ਕੀ ਇਨ੍ਹਾਂ ਅਸਫ਼ਲਤਾਵਾਂ ਨਾਲ ਟੀਮਾਂ ਨੇ ਕੋਈ ਸਬਕ ਸਿੱਖਿਆ ਹੈ? ਸ਼ਾਇਦ ਨਹੀਂ। ਮਸਲਨ, ਵਰੁਣ ਚੱਕਰਵਰਤੀ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 4 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਜੈਦੇਵ ਉਨਦਕਤ ਨੂੰ ਰਾਜਸਥਾਨ ਰਾਇਲਜ਼ ਨੇ 3 ਕਰੋੜ ਰੁਪਏ ਵਿਚ ਖ਼ਰੀਦਿਆ।
ਉਂਜ ਆਈ.ਪੀ.ਐਲ. ਦੇ ਇਤਿਹਾਸ 'ਤੇ ਜੇ ਝਾਤੀ ਮਾਰੀ ਜਾਏ ਤਾਂ ਜਿਹੜੇ ਖਿਡਾਰੀ ਬਹੁਤ ਮਹਿੰਗੇ ਖ਼ਰੀਦੇ ਗਏ ਹਨ, ਉਹ ਚੰਗੇ ਹੋਣ ਦੇ ਬਾਵਜੂਦ ਪਤਾ ਨਹੀਂ ਚੰਗਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕੇ ਜਾਂ ਇੰਜ ਕਹਿ ਸਕਦੇ ਹਾਂ ਕਿ ਆਪਣੀ 'ਕੀਮਤ' ਨੂੰ ਉਚਿਤ ਨਾ ਠਹਿਰਾ ਸਕੇ, ਜਿਵੇਂ ਯੁਵਰਾਜ ਸਿੰਘ 2014 (ਰਾਇਲਜ਼ ਚੈਲੇਂਜਰਜ਼ ਬੰਗਲੂਰੂ, 14 ਕਰੋੜ ਰੁਪਏ) ਤੇ 2015 (ਡੇਲੀ ਡੇਅਰਡੇਵਿਲਜ਼, 16 ਕਰੋੜ ਰੁਪਏ), ਬੇਨ ਸਟੋਕਸ 2018 (ਰਾਜਸਥਾਨ ਰਾਇਲਜ਼, 12.5 ਕਰੋੜ ਰੁਪਏ) ਜਾਂ ਫਿਰ ਦਿਨੇਸ਼ ਕਾਰਤਿਕ 2014 (ਡੇਲੀ ਡੇਅਰਡੇਵਿਲਜ਼, 12.5 ਕਰੋੜ ਰੁਪਏ)।
ਇਸ ਵਾਰ ਨਵੇਂ ਉੱਭਰਦੇ ਨੌਜਵਾਨ ਖਿਡਾਰੀਆਂ 'ਤੇ ਵੱਡੇ ਦਾਅ ਖੇਡੇ ਗਏ ਹਨ, ਜਿਵੇਂ ਰਾਜਸਥਾਨ ਰਾਇਲਜ਼ ਨੇ 17 ਸਾਲਾ ਯਸ਼ਸਵੀ ਜੈਸਵਾਲ (2.4 ਕਰੋੜ ਰੁਪਏ), 19 ਸਾਲਾ ਰਵੀ ਬਿਸ਼ਨੋਈ (2 ਕਰੋੜ ਰੁਪਏ) ਤੇ 19 ਸਾਲਾ ਕਾਰਤਿਕ ਤਿਆਗੀ (1.3 ਕਰੋੜ ਰੁਪਏ), ਸਨਰਾਈਜ਼ਰ ਹੈਦਰਾਬਾਦ ਨੇ 19 ਸਾਲਾ ਪ੍ਰਿਯਮ ਗਰਗ (1.9 ਕਰੋੜ ਰੁਪਏ) ਤੇ 22 ਸਾਲਾ ਵਿਰਾਟ ਸਿੰਘ (1.9 ਕਰੋੜ ਰੁਪਏ) ਨੂੰ ਖ਼ਰੀਦਿਆ। ਹੁਣ ਇਹ ਦੇਖਣਾ ਬਾਕੀ ਹੈ ਕਿ ਇਹ ਨੌਜਵਾਨ ਖਿਡਾਰੀ ਖ਼ੁਦ ਨੂੰ ਸਥਾਪਿਤ ਕਰ ਸਕਣਗੇ ਜਾਂ ਪੈਸੇ ਦੀ ਚਮਕ-ਦਮਕ ਵਿਚ ਹੀ ਕਿਤੇ ਗੁਆਚ ਜਾਣਗੇ?


-(ਇਮੇਜ ਰਿਫਲੈਕਸ਼ਨ ਸੈਂਟਰ)

ਫ਼ੀਫ਼ਾ ਕਲੱਬ ਵਿਸ਼ਵ ਕੱਪ ਖਿਤਾਬ ਜੇਤੂ

ਲਿਵਰਪੂਲ ਬਣਿਆ ਵਿਸ਼ਵ ਦਾ ਬਿਹਤਰੀਨ ਫੁੱਟਬਾਲ ਕਲੱਬ

ਇੰਗਲੈਂਡ ਦੇ ਇਤਿਹਾਸਕ ਕਲੱਬ, ਲਿਵਰਪੂਲ ਫੁੱਟਬਾਲ ਕਲੱਬ ਨੇ ਬੀਤੇ ਦਿਨੀਂ ਦੁਨੀਆ ਦਾ ਸਭ ਤੋਂ ਵਧੀਆ ਫੁੱਟਬਾਲ ਕਲੱਬ ਬਣਨ ਦਾ ਮਾਣ ਹਾਸਲ ਕੀਤਾ। ਲਿਵਰਪੂਲ ਨੇ ਬ੍ਰਾਜ਼ੀਲ ਦੇ ਫਲੇਮਿੰਗੋ ਕਲੱਬ ਨੂੰ ਹਰਾ ਕੇ ਪਹਿਲੀ ਵਾਰ ਫ਼ੀਫ਼ਾ ਕਲੱਬ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ਦੋਹਾ (ਕਤਰ) ਦੇ ਖਲੀਫ਼ਾ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਫ਼ੀਫ਼ਾ ਕਲੱਬ ਵਿਸ਼ਵ ਕੱਪ ਦੇ ਫਾਈਨਲ ਵਿਚ ਲਿਵਰਪੂਲ ਨੇ ਉਹ ਖੇਡ ਵਿਖਾਈ ਜੋ ਇਸ ਖਿਤਾਬ ਦੀ ਸਹੀ ਹੱਕਦਾਰ ਵੀ ਸੀ। ਇਸ ਮੁਕਾਬਲੇ ਵਿਚ ਲਿਵਰਪੂਲ ਨੂੰ ਤੈਅ ਸਮੇਂ ਅੰਦਰ ਇਕ ਪਨੈਲਟੀ ਕਿੱਕ ਵੀ ਮਿਲੀ ਪਰ ਵੀਡੀਓ ਅਸਿਸਟੈਂਟ ਰੈਫ਼ਰੀ (ਵਾਰ) ਦੀ ਮਦਦ ਨਾਲ ਉਹ ਫ਼ੈਸਲਾ ਪਲਟ ਦਿੱਤਾ ਗਿਆ ਸੀ ਪਰ ਫੇਰ ਵੀ ਲਿਵਰਪੂਲ ਨੇ ਆਪਣੇ ਸਿਰੜ ਸਦਕਾ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ ਵਿਚ ਲਿਵਰਪੂਲ ਟੀਮ ਨੇ ਉਸ ਵੇਲੇ ਜਿੱਤ ਦਰਜ ਕੀਤੀ ਜਦੋਂ ਉਨ੍ਹਾਂ ਲਗਾਤਾਰ ਹਰ ਹਫ਼ਤੇ ਦੋ-ਦੋ ਮੈਚ ਖੇਡੇ ਸਨ ਅਤੇ ਗਜ਼ਬ ਦੀ ਸਮਰਥਾ ਵਿਖਾਉਂਦੇ ਹੋਏ ਇਸ ਟੀਮ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੌਜੂਦਾ ਸੀਜ਼ਨ ਵਿਚ ਲਿਵਰਪੂਲ ਫੁੱਟਬਾਲ ਕਲੱਬ ਦੀ ਇਹ ਤਾਜ਼ਾ ਤਰੀਨ ਪ੍ਰਾਪਤੀ ਹੈ। ਕੁਝ ਮਹੀਨੇ ਪਹਿਲਾਂ, ਇਸ ਟੀਮ ਨੇ ਚੈਲਸੀ ਨੂੰ ਹਰਾ ਕੇ ਯੂਏਫਾ ਸੂਪਰ ਕੱਪ ਦਾ ਖਿਤਾਬ ਵੀ ਜਿੱਤਿਆ ਸੀ ਜਦਕਿ ਇਹੀ ਟੀਮ, ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਟੂਰਨਾਮੈਂਟ 'ਯੂਏਫਾ ਚੈਂਪੀਅਨਜ਼ ਲੀਗ' ਦੇ ਖਿਤਾਬ ਨੂੰ ਜਿੱਤਦੇ ਹੋਏ ਇਕ ਨਵਾਂ ਇਤਿਹਾਸ ਪਹਿਲਾਂ ਹੀ ਰਚ ਚੁੱਕੀ ਹੈ। ਦੁਨੀਆ ਦੇ ਸਭ ਤੋਂ ਵਧੀਆ ਫੁੱਟਬਾਲ ਕੋਚ ਐਲਾਨੇ ਜਾ ਚੁੱਕੇ, ਲਿਵਰਪੂਲ ਕੋਚ ਜਰਗਨ ਕਲੌਪ ਦੀ ਪਿਛਲੇ ਚਾਰ ਸਾਲਾਂ ਦੀ ਮਿਹਨਤ ਹੁਣ ਟੀਮ ਦੀ ਵਰਦੀ ਵਰਗਾ ਸੂਹਾ ਲਾਲ ਰੰਗ ਲਿਆਈ ਹੈ। ਇਸ ਵੇਲੇ ਲਿਵਰਪੂਲ ਕੋਲ ਰਿਕਾਰਡ ਜਿੱਤਾਂ, ਰਿਕਾਰਡ ਅੰਕ, ਰਿਕਾਰਡ ਡਿਫੈਂਸ ਅਤੇ ਅਜੇਤੂ ਹੋਣ ਦਾ ਰਿਕਾਰਡ ਮੌਜੂਦ ਹੈ।
ਇਸ ਦੌਰਾਨ ਲਿਵਰਪੂਲ ਦੇ ਖਿਡਾਰੀ ਵੀ ਲਗਾਤਾਰ ਚਮਕ ਰਹੇ ਹਨ। ਬੀਤੇ ਦਿਨੀਂ ਲਿਵਰਪੂਲ ਦੇ ਸਟਾਰ ਫ਼ਾਰਵਰਡ ਸਾਡੀਓ ਮਾਨੇ ਨੂੰ ਸਮੁੱਚੇ ਅਫ਼ਰੀਕਾ ਮਹਾਂਦੀਪ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ ਹੈ। ਫ਼ੀਫ਼ਾ ਵਲੋਂ ਸਾਲ ਦੇ ਸਭ ਤੋਂ ਬਿਹਤਰੀਨ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਵਕਾਰੀ 'ਬੈਲਨ-ਡੋਰ' ਐਵਾਰਡ ਭਾਵੇਂ, ਲਿਓਨਲ ਮੈਸੀ ਨੇ ਜਿੱਤਿਆ ਸੀ ਪਰ ਲਿਵਰਪੂਲ ਕਲੱਬ ਦੇ ਵਰਜਿਲ ਵੈਨ ਡਾਈਕ ਬਹੁਤੇ ਲੋਕਾਂ ਦੀ ਨਜ਼ਰ ਵਿਚ ਸਹੀ ਜੇਤੂ ਸਨ ਅਤੇ ਦੁਹਾਂ ਦਰਮਿਆਨ ਸਿਰਫ਼ ਸੱਤ ਅੰਕਾਂ ਦਾ ਹੀ ਫ਼ਰਕ ਸੀ ਅਤੇ ਉਹ ਵੀ ਉਸ ਵੇਲੇ ਜਦੋਂ ਵਰਜਿਲ ਵੈਨ ਡਾਈਕ ਦੀ ਮੌਜੂਦਗੀ ਵਿਚ ਲਿਵਰਪੂਲ ਨੇ ਮੈਸੀ ਦੀ ਟੀਮ ਬਾਰਸੀਲੋਨਾ ਨੂੰ ਯੂਏਫਾ ਚੈਂਪੀਅਨਜ਼ ਲੀਗ ਦੇ ਸੈਮੀਫ਼ਾਈਨਲ ਵਿਚ ਹਰਾਇਆ ਸੀ। ਇਸ ਤਰ੍ਹਾਂ, ਇਕ ਡਿਫੈਂਡਰ ਦਾ ਮੈਸੀ ਅਤੇ ਰੋਨਾਲਡੋ ਦਰਮਿਆਨ ਵਿਸ਼ਵ ਫੁੱਟਬਾਲ ਦੇ ਸਭ ਤੋਂ ਵੱਡੇ ਇਨਾਮ ਮੌਕੇ ਖੜ੍ਹੇ ਹੋਣਾ ਆਪਣੇ-ਆਪ ਵਿਚ ਵਰਜਿਲ ਵੈਨ ਡਾਈਕ ਦੇ ਉੱਚੇ ਕੱਦ ਦੀ ਗਵਾਹੀ ਭਰਦਾ ਹੈ ਅਤੇ ਕਹਿੰਦੇ ਕਹਾਉਂਦੇ ਫੁੱਟਬਾਲ ਮਾਹਿਰ ਹੁਣ ਆਖ਼ਰਕਾਰ ਵਰਜਿਲ ਵੈਨ ਡਾਈਕ ਦਾ ਨਾਂਅ ਸਹੀ ਢੰਗ ਨਾਲ ਲਿਖਣ ਬਾਰੇ ਸਿੱਖ ਲੈਣਗੇ। ਇਸ ਦੌਰਾਨ ਲਿਵਰਪੂਲ ਕਲੱਬ ਦੇ ਬ੍ਰਾਜ਼ੀਲੀ ਗੋਲਕੀਪਰ ਐਲੀਸਨ ਬੈਕਰ ਨੂੰ ਦੁਨੀਆ ਦਾ ਸਭ ਤੋਂ ਵਧੀਆ ਗੋਲਕੀਪਰ ਐਲਾਨਿਆ ਜਾ ਚੁੱਕਿਆ ਹੈ ਜਦਕਿ ਲਿਵਰਪੂਲ ਦੇ ਹੀ ਮੁਹੰਮਦ ਸਲਾਹ, ਸਾਡੀਓ ਮਾਨੇ ਅਤੇ ਐਲਕਸੈਡਰ ਆਰਨਲਡ ਵੀ ਚੋਟੀ ਦੇ ਦਸ ਖਿਡਾਰੀਆਂ ਵਿਚ ਸ਼ਾਮਿਲ ਐਲਾਨੇ ਗਏ ਜੋ ਇਸ ਇਤਿਹਾਸਕ ਕਲੱਬ ਲਈ ਮਾਣ ਵਾਲੀ ਗੱਲ ਹੈ।


-ਪਿੰਡ: ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ: ਜਲੰਧਰ 144023
E-mail: sudeepsdhillon@ymail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX