ਤਾਜਾ ਖ਼ਬਰਾਂ


ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ
. . .  3 minutes ago
ਅੰਮ੍ਰਿਤਸਰ, 26 ਫਰਵਰੀ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ 'ਚ ਕਾਂਗਰਸ ਪਾਰਟੀ ਵਲੋਂ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਅੰਮ੍ਰਿਤਸਰ...
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ                             
. . .  6 minutes ago
ਨਾਭਾ, 26 ਫਰਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ  ਵੀ ਜਾਰੀ ਰਿਹਾ 1 ਧਰਨੇ ਵਿਚ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ...
ਦਿੱਲੀ ਹਿੰਸਾ : ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
. . .  14 minutes ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ''ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ...
ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਮਿਲੀ ਖ਼ੁਫ਼ੀਆ ਬਿਊਰੋ ਦੇ ਅਫ਼ਸਰ ਦੀ ਲਾਸ਼
. . .  29 minutes ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਦੇ ਉੱਤਰੀ-ਪੂਰਬੀ ਜ਼ਿਲ੍ਹੇ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ (ਆਈ. ਬੀ.) ਦੇ ਅਫ਼ਸਰ ਅੰਕਿਤ ਸ਼ਰਮਾ ਦੀ ਲਾਸ਼ ਮਿਲੀ ਹੈ। ਹਾਲਾਂਕਿ ਇਸ ਲਾਸ਼...
ਦਿੱਲੀ ਹਿੰਸਾ ਲਈ ਗ੍ਰਹਿ ਮੰਤਰੀ ਜ਼ਿੰਮੇਵਾਰ, ਅਸਤੀਫ਼ਾ ਦੇਣ- ਸੋਨੀਆ ਗਾਂਧੀ
. . .  31 minutes ago
ਨਵੀਂ ਦਿੱਲੀ, 26 ਫਰਵਰੀ- ਦਿੱਲੀ 'ਚ ਭੜਕੀ ਹਿੰਸਾ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਇਸ ਦੇ ਲਈ ਭਾਜਪਾ ਨੇਤਾਵਾਂ...
ਲੁਟੇਰਿਆਂ ਨੇ ਘਰ 'ਚ ਦਾਖ਼ਲ ਹੋ ਕੇ ਪਰਿਵਾਰ 'ਤੇ ਕੀਤਾ ਹਮਲਾ, ਤਿੰਨ ਮੈਂਬਰ ਜ਼ਖ਼ਮੀ
. . .  43 minutes ago
ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ, 26 ਫਰਵਰੀ (ਰਣਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਘੱਟੋਂ)- ਬੀਤੀ ਦੇਰ ਰਾਤ ਗਿੱਦੜਬਾਹਾ ਦੇ ਨੇੜਲੇ ਪਿੰਡ ਹੁਸਨਰ 'ਚ ਬੇਖ਼ੌਫ਼ ਲੁਟੇਰਿਆਂ ਵਲੋਂ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ। ਲੁਟੇਰਿਆਂ...
ਮਹਿਬੂਬਾ ਨੂੰ ਹਿਰਾਸਤ 'ਚ ਰੱਖਣ 'ਤੇ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਮੰਗਿਆ ਜਵਾਬ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਨੇਤਾ ਮਹਿਬੂਬਾ ਮੁਫ਼ਤੀ ਨੂੰ ਜਨਤਕ ਸੁਰੱਖਿਆ ਕਾਨੂੰਨ (ਪੀ. ਐੱਸ. ਏ.) ਤਹਿਤ ਹਿਰਾਸਤ...
ਦਵਾਈਆਂ ਦੇ ਮਾਮਲੇ 'ਚ ਕੈਬਨਿਟ ਮੰਤਰੀ ਬਲਬੀਰ ਸਿੱਧੂ ਵਲੋਂ ਸਫ਼ਾਈ
. . .  about 1 hour ago
ਚੰਡੀਗੜ੍ਹ, 26 ਫਰਵਰੀ (ਗੁਰਿੰਦਰ)- ਦਵਾਈਆਂ ਦੇ ਮਾਮਲੇ 'ਚ ਕੈਬਨਿਟ ਬਲਬੀਰ ਸਿੱਧੂ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਵਾਲੇ ਖ਼ੁਦ ਦਵਾਈਆਂ ਖ਼ਰੀਦਦੇ ਹਨ। ਉਨ੍ਹਾਂ ਕਿਹਾ ਕਿ...
ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਮੌਤ
. . .  about 1 hour ago
ਜੈਪੁਰ, 26 ਫਰਵਰੀ- ਰਾਜਸਥਾਨ ਦੇ ਬੂੰਦੀ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੋਂ ਦੇ ਪਾਪੜੀ ਪਿੰਡ ਦੇ ਨੇੜੇ ਬਰਾਤੀਆਂ ਨਾਲ ਭਰੀ ਇੱਕ ਬੱਸ ਮੇਜ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ ਅਜੇ ਤੱਕ 24 ਲੋਕਾਂ...
ਸਾਲਾਨਾ ਪ੍ਰੀਖਿਆਵਾਂ 'ਚ ਨਕਲ ਰੋਕਣ ਸੰਬੰਧੀ ਐੱਸ. ਸੀ. ਈ. ਆਰ. ਟੀ. ਵਲੋਂ ਸਕੂਲ ਮੁਖੀਆਂ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਅਜਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਐੱਸ. ਸੀ. ਈ. ਆਰ. ਟੀ. (ਪੰਜਾਬ) ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਦੇ ਮੁਖੀਆਂ ਨਾਲ ਅੱਜ ਦੁਪਹਿਰ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪਸ਼ੂ ਪਾਲਕਾਂ ਲਈ ਵਰਦਾਨ ਹੈ ਬਾਇਓ ਗੈਸ

ਭਾਰਤ ਨੇ ਦੁੱਧ ਉਤਪਾਦਨ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਇਸ ਦਾ ਸਾਲਾਨਾ ਦੁੱਧ ਉਤਪਾਦਨ ਲਗਭਗ 16.5 ਕਰੋੜ ਟਨ ਹੈ। ਇਹ ਉਤਪਾਦਨ ਪਸ਼ੂਆਂ ਦੀ ਇਕ ਵੱਡੀ ਆਬਾਦੀ ਤੋਂ ਆਉਂਦਾ ਹੈ, ਜਿਸ ਵਿਚ ਲਗਭਗ 19 ਕਰੋੜ ਗਾਵਾਂ, 10.87 ਕਰੋੜ ਮੱਝਾਂ ਅਤੇ 13.5 ਕਰੋੜ ਬੱਕਰੀਆਂ ਹਨ (ਬੇਸਿਕ ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਅੰਕੜੇ 2017)। ਪਸ਼ੂਆਂ ਦੀ ਇਸ ਵੱਡੀ ਆਬਾਦੀ ਦੇ ਨਾਲ, ਗੈਰ ਰਵਾਇਤੀ ਊਰਜਾ ਸਰੋਤ ਦੇ ਤੌਰ 'ਤੇ ਬਾਇਓ ਗੈਸ ਨੂੰ ਬੜੇ ਵਧੀਆ ਢੰਗ ਨਾਲ ਵਰਤਿਆ ਜਾ ਸਕਦਾ ਹੈ। ਅੱਜ ਦੁਨੀਆ ਇਕ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਹੈ, ਜਦੋਂ ਵਾਤਾਵਰਨ ਤਬਦੀਲੀ ਅਤੇ ਗਲੋਬਲ ਵਾਰਮਿੰਗ ਦੀ ਸਮੱਸਿਆ ਉਜਾਗਰ ਹੁੰਦੀ ਜਾ ਰਹੀ ਹੈ ਅਤੇ ਗੈਰ ਰਵਾਇਤੀ ਊਰਜਾ ਸੈਕਟਰ ਦੇ ਬੇਮਿਸਾਲ ਵਿਕਾਸ ਦੀ ਲੋੜ ਹੈ। ਵਧਦੀਆਂ ਤੇਲ ਦੀਆਂ ਕੀਮਤਾਂ ਅਤੇ ਘਟਦੇ ਕੁਦਰਤੀ ਸੋਮੇ ਸਾਨੂੰ ਗੈਰ ਰਵਾਇਤੀ ਊਰਜਾ ਸਰੋਤ ਜਿਵੇਂ ਕਿ ਬਾਇਓਗੈਸ ਵਰਤਣ ਲਈ ਪ੍ਰੇਰਿਤ ਕਰਦੇ ਹਨ। ਪਸ਼ੂਆਂ ਦੀਆਂ ਵੱਡੀ ਆਬਾਦੀ ਸਾਡੇ ਦੇਸ਼ ਵਿਚ ਬਾਇਓ ਗੈਸ ਦੀ ਵਰਤੋਂ ਦੀ ਅਥਾਹ ਸੰਭਾਵਨਾਵਾਂ ਪੈਦਾ ਕਰਦਾ ਹੈ, ਜੋ ਨਾ ਸਿਰਫ ਪਸ਼ੂ ਪਾਲਕਾਂ ਦੀ ਆਰਥਿਕਤਾ ਨੂੰ ਸੁਧਾਰਨ ਵਿਚ ਸਹਿਯੋਗ ਦੇਵੇਗਾ, ਬਲਕਿ ਵਾਤਾਵਰਨ ਨੂੰ ਵੀ ਸਾਫ਼ ਰੱਖਣ ਵਿਚ ਸਹਾਈ ਹੋਵੇਗਾ। ਡੇਅਰੀ ਫਾਰਮਿੰਗ ਲੰਬੇ ਸਮੇਂ ਤੋਂ ਭਾਰਤੀ ਪੇਂਡੂ ਘਰਾਂ ਦਾ ਮੁੱਖ ਸਹਾਇਕ ਧੰਦਾ ਹੈ ਅਤੇ ਬਾਇਓ ਗੈਸ ਦੀ ਵਰਤੋਂ ਪੇਂਡੂ ਆਰਥਿਕਤਾ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਸਸਤੀ ਊਰਜਾ ਦੇ ਸਰੋਤ ਪ੍ਰਦਾਨ ਕਰਕੇ ਪੇਂਡੂ ਅਰਥਚਾਰੇ ਦੀ ਸਹਾਇਤਾ ਕਰਨ ਲਈ ਇਕ ਸਾਧਨ ਹੋ ਸਕਦੀ ਹੈ। ਇਹ ਰਵਾਇਤੀ ਊਰਜਾ ਸਰੋਤਾਂ 'ਤੇ ਉਨ੍ਹਾਂ ਦੀ ਨਿਰਭਰਤਾ ਨੂੰ ਘਟਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਦੀ ਲਾਗਤ ਨੂੰ ਘਟਾ ਸਕਦਾ ਹੈ ਅਤੇ ਇਹ ਇਕ ਨਵਿਆਉਣਯੋਗ ਊਰਜਾ ਸਰੋਤ ਬਣ ਕੇ ਵਾਤਾਵਰਨ ਦੀ ਰੱਖਿਆ ਵਿਚ ਸਹਾਇਤਾ ਕਰੇਗਾ।
ਖੇਤੀਬਾੜੀ, ਪਸ਼ੂਆਂ, ਉਦਯੋਗਿਕ ਅਤੇ ਮਿਊਂਸਪਲ ਰਹਿੰਦ-ਖੂੰਹਦ ਨੂੰ ਊਰਜਾ ਵਿਚ ਤਬਦੀਲ ਕਰਨ ਲਈ ਗ਼ੈਰ-ਰਵਾਇਤੀ ਊਰਜਾ ਦੇ ਤੌਰ 'ਤੇ ਬਾਇਓ ਗੈਸ ਸਾਹਮਣੇ ਆਈ ਹੈ। ਬਾਇਓ ਗੈਸ ਨੂੰ ਸਵੱਛਤਾ ਦੇ ਨਾਲ ਨਾਲ ਹਵਾ ਪ੍ਰਦੂਸ਼ਣ ਅਤੇ ਗ੍ਰੀਨਹਾਊਸ ਗੈਸਾਂ ਨੂੰ ਘਟਾਉਣ ਦੀਆਂ ਰਣਨੀਤੀਆਂ ਨਾਲ ਜੋੜਿਆ ਜਾ ਸਕਦਾ ਹੈ। ਬਾਇਓ ਗੈਸ ਜੈਵਿਕ ਪਦਾਰਥ ਜਿਵੇਂ ਪਸ਼ੂਆਂ ਦੇ ਗੋਬਰ, ਮੁਰਗੀਆਂ ਦੀਆਂ ਵਿੱਠਾਂ, ਸੂਰਾਂ ਦਾ ਮਲ, ਮਨੁੱਖੀ ਨਿਕਾਸ, ਫ਼ਸਲਾਂ ਦੇ ਰਹਿੰਦ-ਖੂੰਹਦ, ਨਾਸ਼ਵਾਨ ਖਾਣ ਪੀਣ ਵਾਲੇ ਪਦਾਰਥਾਂ ਅਤੇ ਰਸੋਈ ਦੇ ਰਹਿੰਦ-ਖੂੰਹਦ ਆਦਿ ਦੇ ਅਨੈਰੋਬਿਕ ਪਾਚਨ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਆਮ ਤੌਰ 'ਤੇ ਇਕ ਗਾਂ / ਮੱਝ 15-20 ਕਿਲੋ ਗੋਬਰ ਕਰਦੀ ਹੈ ਅਤੇ ਇਕ ਕਿਲੋ ਪਸ਼ੂ ਗੋਬਰ ਤਕਰੀਬਨ 0.04 ਘਣ ਮੀਟਰ ਬਾਇਓ ਗੈਸ ਪੈਦਾ ਕਰਦਾ ਹੈ। ਦੂਜੇ ਸ਼ਬਦਾਂ ਵਿਚ ਇਕ ਘਣ ਮੀਟਰ ਬਾਇਓ ਗੈਸ ਦੇ ਉਤਪਾਦਨ ਲਈ ਲਗਭਗ 25 ਕਿਲੋ ਪਸ਼ੂ ਗੋਬਰ ਦੀ ਜ਼ਰੂਰਤ ਹੈ। ਬਾਇਓ ਗੈਸ ਦੇ 25 ਘਣ ਮੀਟਰ ਤੋਂ ਲਗਭਗ 3 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਬਾਇਓ ਗੈਸ ਪਲਾਂਟ, ਮੁਰਗੀਆਂ ਦੀਆਂ ਵਿੱਠਾਂ ਨਾਲ ਵੀ ਚਲਾਇਆ ਜਾ ਸਕਦਾ ਹੈ ਅਤੇ ਤਕਰੀਬਨ 250-300 ਪੰਛੀਆਂ ਦੀਆਂ ਵਿੱਠਾਂ ਇਕ ਘਣ ਮੀਟਰ ਸਮਰੱਥਾ ਵਾਲੇ ਬਾਇਓ ਗੈਸ ਪਲਾਂਟ ਨੂੰ ਚਲਾਉਣ ਲਈ ਕਾਫ਼ੀ ਹਨ। ਇਸ ਪਲਾਂਟ ਤੋਂ ਗੈਸ ਦਾ ਉਤਪਾਦਨ ਪਸ਼ੂਆਂ ਦੇ ਗੋਬਰ ਨਾਲੋਂ 6 ਗੁਣਾ ਵੱਧ ਹੋਵੇਗਾ। ਬਾਇਓ ਗੈਸ ਪਲਾਂਟ ਦੀਆਂ ਵੱਖ-ਵੱਖ ਕਿਸਮਾਂ ਦੀ ਸਮਰੱਥਾ, ਵੱਖੋ-ਵੱਖਰੇ ਜਾਨਵਰਾਂ ਤੋਂ ਗੋਬਰ ਦੀ ਜ਼ਰੂਰਤ ਅਤੇ ਕਿੰਨੇ ਵਿਅਕਤੀਆਂ ਦੇ ਖਾਣਾ ਪਕਾਉਣ ਲਈ ਢੁਕਵੀਂ ਹੋਵੇਗੀ।
ਜੈਵਿਕ ਰਹਿੰਦ-ਖੂੰਹਦ ਦੇ ਸੜਨ ਦੇ ਨਤੀਜੇ ਵਜੋਂ ਮਿਥੇਨ (55-65%), ਕਾਰਬਨ ਡਾਈਆਕਸਾਈਡ (30-40%), ਹਾਈਡਰੋਜਨ (1-5%), ਨਾਈਟ੍ਰੋਜਨ (1%), ਹਾਈਡ੍ਰੋਜਨ ਸਲਫਾਈਡ (0.1%) ਅਤੇ ਪਾਣੀ ਦੀ ਭਾਫ਼ (0.1%) ਪੈਦਾ ਹੁੰਦੀ ਹੈ। ਬਾਇਓ ਗੈਸ ਦਾ ਕੈਲੋਰੀਫਿਕ ਮੁੱਲ ਲਗਪਗ 5000 ਕਿਲੋ ਕੈਲੋਰੀ ਪ੍ਰਤੀ ਘਣ ਮੀਟਰ ਹੁੰਦਾ ਹੈ, ਜੋ ਕਿ ਆਮ ਵਰਤੋਂ ਵਿਚ ਆਉਣ ਵਾਲੀ ਲੱਕੜ ਦੇ ਬਾਲਣ ਜਾਂ ਪਾਥੀਆਂ ਨਾਲੋਂ ਵੱਧ ਹੁੰਦਾ ਹੈ। ਇਸ ਦੀ ਥਰਮਲ ਸਮਰੱਥਾ 60 ਪ੍ਰਤੀਸ਼ਤ ਹੁੰਦੀ ਹੈ, ਜੋ ਮਿੱਟੀ ਦੇ ਤੇਲ ਜਾਂ ਘਰੇਲ਼ੂ ਗੈਸ ਦੇ ਲਗਭਗ ਬਰਾਬਰ ਹੁੰਦੀ ਹੈ। ਬਾਇਓ ਗੈਸ ਪਲਾਂਟ ਦੇ ਵੱਖ-ਵੱਖ ਹਿੱਸਿਆਂ ਤੋਂ ਬਣਦਾ ਹੈ, ਜਿਸ ਵਿਚ ਡਾਈਜੈਸਟਰ ਚੈਂਬਰ, ਗੈਸ ਸਟੋਰੇਜ ਗੁੰਬਦ, ਮਿਕਸਿੰਗ ਟੈਂਕ, ਇਨਲੈੱਟ ਪਾਈਪ, ਆਊਟਲੈੱਟ ਚੈਂਬਰ, ਗੈਸ ਆਊਟਲੈੱਟ ਪਾਈਪ, ਗੇਟ ਵਾਲਵ, ਗੈਸ ਪਾਈਪਲਾਈਨ, ਪਾਣੀ ਦਾ ਟ੍ਰੈਪ ਅਤੇ ਬਾਇਓ ਗੈਸ 'ਤੇ ਚੱਲਣ ਲਈ ਸੰਦ ਸ਼ਾਮਲ ਹਨ। ਵੱਖ-ਵੱਖ ਕਿਸਮਾਂ ਦੇ ਬਾਇਓ ਗੈਸ ਪਲਾਂਟ ਲਗਾਉਣ ਦੀ ਲਾਗਤ, ਮਾਡਲ ਅਤੇ ਸਮਰੱਥਾ 'ਤੇ ਨਿਰਭਰ ਕਰਦੀ ਹੈ।


-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ।
ਮੋਬਾਈਲ : 95018-00488


ਖ਼ਬਰ ਸ਼ੇਅਰ ਕਰੋ

ਬਾਗ਼ਬਾਨੀ ਲਈ ਢੁਕਵੀਂ ਮਸ਼ੀਨਰੀ ਦੀ ਚੋਣ

ਸਬ ਸੋਆਇਲਰ:- ਇਸ ਦੇ ਲਈ 45 ਹਾਰਸ ਪਾਵਰ ਤੋਂ ਵੱਧ ਦਾ ਟਰੈਕਟਰ ਲੋੜੀਂਦਾ ਹੈ। ਇਹ ਜ਼ਮੀਨ ਦੇ ਹੇਠਾਂ ਬਣੀ ਸਖ਼ਤ ਤਹਿ ਨੂੰ ਤੋੜਦਾ ਹੈ। ਇਹ 40 ਸੈਂਟੀਮੀਟਰ ਤੋਂ ਵੱਧ ਡੂੰਘਾਈ ਤੱਕ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਫਲ਼ਾਂ ਅਤੇ ਸਬਜ਼ੀਆਂ ਵਿਚ ਬਾਰਿਸ਼ ਦੇ ਵਾਧੂ ਪਾਣੀ ਦੀ ਜ਼ਮੀਨ ਦੇ ਹੇਠਾਂ ਵਧੀਆ ਨਿਕਾਸੀ ਹੋਵੇਗੀ।
ਟਰੈਕਟਰ ਚਾਲਤ ਪੋਸਟ ਹੋਲ ਡਿੱਗਰ:- ਇਹ ਮਸ਼ੀਨ ਬਾਗ਼ਬਾਨੀ ਲਈ ਟੋਏ ਪੁੱਟਣ ਦਾ ਕੰਮ ਕਰਦੀ ਹੈ। ਟੋਏ ਦਾ ਘੇਰਾ 15 ਤੋਂ 75 ਸੈਂਟੀਮੀਟਰ ਅਤੇ ਡੂੰਘਾਈ 90 ਸੈਂਟੀਮੀਟਰ ਤੱਕ ਹੋ ਸਕਦੀ ਹੈ। ਇਹ ਮਸ਼ੀਨ ਟਰੈਕਟਰ ਦੀ ਪੀ.ਟੀ.ਓ. ਦੁਆਰਾ ਇਕ ਗੀਅਰ ਬਾਕਸ ਨਾਲ ਚਲਦੀ ਹੈ ਅਤੇ ਟਰੈਕਟਰ ਦੀਆਂ ਲਿੰਕਾਂ ਉਤੇ ਇਸ ਨੂੰ ਫਿੱਟ ਕੀਤਾ ਜਾਂਦਾ ਹੈ। ਆਮ ਹਾਲਤਾਂ ਵਿਚ ਇਹ ਮਸ਼ੀਨ ਇਕ ਘੰਟੇ ਵਿਚ 90 ਸੈਂਟੀਮੀਟਰ ਡੂੰਘਾਈ ਦੇ 60-70 ਟੋਏ ਪੁੱਟਦੀ ਹੈ।
ਆਫਸੈਟ ਰੋਟਾਵੇਟਰ (ਇਕ ਪਾਸੇ ਬਾਹਰ ਨੂੰ):- ਇਸ ਰੋਟਾਵੇਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਟਰੈਕਟਰ ਦੇ ਪਿੱਛੇ ਵਹਾਈ ਦਾ ਕੰਮ ਕਰਨ ਦੇ ਨਾਲ-ਨਾਲ ਦਰੱਖਤਾਂ ਦੀਆਂ ਕਤਾਰਾਂ ਵਿਚਕਾਰ ਵਾਲੀ ਥਾਂ 'ਤੇ ਵੀ ਇਸ ਨਾਲ ਵਹਾਈ ਦਾ ਕੰਮ ਇਕੋ ਸਮੇਂ 'ਤੇ ਕੀਤਾ ਜਾ ਸਕਦਾ ਹੈ। ਇਸ ਰੋਟਾਵੇਟਰ 'ਤੇ ਹਾਈਡਰੋਲਿਕ ਸਾਈਡ ਸ਼ਿਫਟ ਸਿਸਟਮ ਅਤੇ ਸੈਂਸਰ ਲੱਗਿਆ ਹੈ। ਇਹ ਸੈਂਸਰ ਦਰੱਖਤ/ਬੂਟੇ ਦੇ ਤਣੇ ਨਾਲ ਜਦੋਂ ਲਗਦਾ ਹੈ ਤਾਂ ਹਾਈਡਰੌਲਿਕ ਸਿਸਟਮ ਰੋਟਾਵੇਟਰ ਨੂੰ ਟਰੈਕਟਰ ਦੇ ਪਿੱਛੇ ਲਿਆੳਂੁਦਾ ਹੈ ਅਤੇ ਦਰੱਖਤ/ਬੂਟੇ ਲੰਘ ਜਾਣ ਤੋਂ ਬਾਅਦ ਫਿਰ ਆਪਣੇ-ਆਪ ਰੋਟਾਵੇਟਰ ਦਰੱਖਤ/ਬੂਟੇ ਦੀ ਕਤਾਰ ਵਿਚ ਵਹਾਈ ਦਾ ਕੰਮ ਸ਼ੁਰੂ ਕਰ ਦਿੰਦਾ ਹੈ। ਇਸ ਰੋਟਾਵੇਟਰ ਦੀ ਚੌੌੌੜਾਈ 178 ਸੈਂਟੀਮੀਟਰ ਹੈ ਅਤੇ ਇਹ 54 ਸੈਂਟੀਮੀਟਰ ਤੱਕ ਆਫਸੈਟ (ਕਤਾਰਾਂ ਵਿਚ) ਕੀਤਾ ਜਾ ਸਕਦਾ ਹੈ।
ਬੈਡ ਬਣਾਉਣ ਅਤੇ ਪਲਾਸਟਿਕ ਮਲਚ ਵਿਛਾਉਣ ਵਾਲੀ ਮਸ਼ੀਨ:- ਇਹ ਮਸ਼ੀਨ ਸਬਜ਼ੀਆਂ ਦੀ ਬਿਜਾਈ ਲਈ ਬੈੱਡ ਬਣਾਉਣ, ਡਰਿੱਪ ਪਾਈਪ ਪਾਉਣ, ਮਲਚ ਦੇ ਤੌਰ 'ਤੇ ਪਲਾਸਟਿਕ ਸ਼ੀਟ ਵਿਛਾਉਣ ਅਤੇ ਪਲਾਸਟਿਕ ਸ਼ੀਟ ਵਿਚ ਲੋੜੀਂਦੀ ਵਿੱਥ 'ਤੇ ਸੁਰਾਖ ਕੱਢਣ ਦੇ ਚਾਰ ਕੰਮ ਇਕੋ ਵਾਰ ਕਰਦੀ ਹੈ। ਇਸ ਮਸ਼ੀਨ ਨੂੰ ਚਲਾਉਣ ਲਈ 45-50 ਹਾਰਸ ਪਾਵਰ ਵਾਲੇ ਟਰੈਕਟਰ ਦੀ ਲੋੜ ਪੈਂਦੀ ਹੈ ਅਤੇ ਇਸ ਦੀ ਸਮਰੱਥਾ 0.60 ਏਕੜ ਪ੍ਰਤੀ ਘੰਟਾ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਹੱਥ ਦੇ ਕੰਮ ਦੇ ਮੁਕਾਬਲੇ 92 % ਲੇਬਰ ਦੀ ਬੱਚਤ ਹੁੰਦੀ ਹੈ।
ਰੋਟਰੀ ਪਾਵਰ ਵੀਡਰ:- ਇਸ ਮਸ਼ੀਨ ਆਪਣੇ-ਆਪ ਚੱਲਣ ਵਾਲੀ ਹੈ ਅਤੇ ਇਸ ਵਿਚ ਪੰਜ ਹਾਰਸ ਪਾਵਰ ਵਾਲਾ ਇੰਜਣ ਲੱਗਿਆ ਹੈ ਜਿਸ ਨਾਲ ਇਹ ਚਲਦੀ ਹੈ। ਇਹ ਮਸ਼ੀਨ ਬਾਗ਼ਾਂ ਵਿਚ ਅਤੇ ਜ਼ਿਆਦਾ ਦੂਰੀ ਵਾਲੀਆਂ ਫ਼ਸਲਾਂ ਵਿਚ ਗੋਡੀ ਕਰਨ ਲਈ ਵਰਤੀ ਜਾਂਦੀ ਹੈ। ਇਸ ਮਸ਼ੀਨ ਨੂੰ 1.5 ਤੋਂ 2.0 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ 'ਤੇ ਚਲਾਇਆ ਜਾਂਦਾ ਹੈ। ਇਹ 62.2 ਸੈਟੀਮੀਟਰ (ਦੋ ਵਾਰੀਆਂ ਵਿਚ) ਦੀ ਗੋਡੀ ਖੁੱਲ੍ਹੀਆਂ ਕਤਾਰਾਂ ਵਾਲੀਆਂ ਫ਼ਸਲਾਂ ਵਿਚ ਕਰਦੀ ਹੈ। ਇਹ 4-7 ਸੈਂਟੀਮੀਟਰ ਦੀ ਡੂੰਘਾਈ ਤੱਕ ਚਲਦੀ ਹੈ। ਇਹ ਨਦੀਨ ਬੂਟਿਆਂ ਨੂੰ 86% ਤੱਕ ਖ਼ਤਮ ਕਰ ਦਿੰਦੀ ਹੈ। ਇਸ ਮਸ਼ੀਨ ਦੀ ਸਮਰੱਥਾ 1.5-2.5 ਏਕੜ ਪ੍ਰਤੀ ਦਿਨ ਹੈ।
ਬਾਗ਼ਾਂ ਲਈ ਸਪਰੇਅਰ: ਜ਼ਿਆਦਾਤਰ ਕਿਸਾਨ ਬਾਗ਼ਾਂ ਵਿਚ ਪੈਰ ਨਾਲ ਚੱਲਣ ਵਾਲੇ ਸਪਰੇਅਰ ਅਤੇ ਪਾਵਰ ਸਪਰੇਅਰ ਵਰਤਦੇ ਹਨ। ਵੱਡੇ ਬਾਗ਼ਾਂ ਲਈ ਕਿਸਾਨ ਵੀਰ ਬਾਗ਼ਾਂ ਵਾਲੇ ਸਪਰੇਅਰ ਦੀ ਵਰਤੋਂ ਕਰ ਰਹੇ ਹਨ। ਇਸ ਸਪਰੇਅਰ ਨਾਲ ਸਮੇਂ, ਲੇਬਰ ਦੀ ਬੱਚਤ ਤੋਂ ਇਲਾਵਾ ਸਮੇਂ ਸਿਰ ਸਪਰੇਅ ਹੋ ਜਾਂਦੀ ਹੈ। ਇਸ ਸਪਰੇਅਰ ਵਿਚ ਇਕ ਬਲੋਅਰ ਹੈ ਅਤੇ ਉਸ ਦੇ ਆਲੇ-ਦੁਆਲੇ ਨੋਜ਼ਲਾਂ ਹੁੰਦੀਆਂ ਹਨ। ਇਹ ਬੂਟਿਆਂ ਦੀਆਂ ਲਾਈਨਾਂ ਵਿਚਕਾਰ ਹਵਾ ਦੇ ਪ੍ਰੈਸ਼ਰ ਨਾਲ ਕੀਟਨਾਸ਼ਕ ਦਵਾਈ ਦੇ ਸਪਰੇਅ ਨੂੰ (ਦੋਵਾਂ ਪਾਸੇ) ਖਿਲਾਰਦੀ ਹੈ। ਇਸ ਵਿਚ 1000 ਲੀਟਰ ਦਾ ਟੈਂਕ ਲੱਗਿਆ ਹੁੰਦਾ ਹੈ। ਇਸ ਸਪਰੇਅਰ ਨਾਲ 6 ਮੀਟਰ ਤੱਕ ਉਚਾਈ ਵਾਲੇ ਬੂਟਿਆਂ ਨੂੰ ਸਪਰੇਅ ਕੀਤਾ ਜਾ ਸਕਦਾ ਹੈ। ਇਸ ਸਪਰੇਅਰ ਦੀ ਸਮਰੱਥਾ ਲਗਭਗ 2-2.5 ਏਕੜ ਪ੍ਰਤੀ ਘੰਟਾ ਹੈ ਅਤੇ ਕਿਸਾਨ ਵੀਰ ਇਸ ਸਪਰੇਅਰ ਨੂੰ ਕਿਰਾਏ 'ਤੇ ਵੀ ਚਲਾ ਸਕਦੇ ਹਨ।
ਪਿੱਕ ਪੁਜ਼ੀਸ਼ਨਰ: ਟਰੈਕਟਰ ਚਾਲਤ ਪਿੱਕ ਪੁਜ਼ੀਸ਼ਨਰ ਦੀ ਵਰਤੋਂ ਬਾਗ਼ਾਂ ਵਿਚ ਫਲ਼ਾਂ ਦੀ ਤੁੜਾਈ ਅਤੇ ਦਰੱਖਤਾਂ ਦੀ ਕਾਂਟ-ਛਾਂਟ ਲਈ ਕੀਤੀ ਜਾਂਦੀ ਹੈ। ਇਹ ਇਕ ਲੋਹੇ ਦਾ ਬਣਿਆ ਪਲੇਟਫਾਰਮ (ਆਦਮੀ ਦੇ ਖੜ੍ਹੇ ਹੋਣ ਲਈ) ਹੈ, ਜੋ ਕਿ ਹਾਈਡਰੋਲਿਕ ਲ਼ਿਫਟ ਦੁਆਰਾ 30-31 ਫੁੱਟ ਦੀ ਉਚਾਈ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਨਾਲ ਦਰੱਖਤਾਂ ਦੀ ਕਾਂਟ-ਛਾਂਟ ਦੇ ਕੰਮ ਵਿਚ 90 ਪ੍ਰਤੀਸ਼ਤ ਅਤੇ ਫਲ਼ਾਂ ਦੀ ਤੁੜਾਈ ਦੇ ਕੰਮ ਵਿਚ 75% ਲੇਬਰ ਦੀ ਬੱਚਤ ਹੁੰਦੀ ਹੈ।
ਜੜ੍ਹਦਾਰ ਸਬਜ਼ੀਆਂ ਪੁੱਟਣ ਵਾਲੀ ਮਸ਼ੀਨ :- ਇਸ ਮਸ਼ੀਨ ਦੀ ਵਰਤੋਂ ਵੱਖ-2 ਜੜ੍ਹਦਾਰ ਸਬਜ਼ੀਆਂ ਜਿਵੇਂ ਕਿ ਗਾਜਰ, ਆਲੂ, ਲਸਣ ਅਤੇ ਪਿਆਜ਼ ਦੀ ਪੁਟਾਈ ਲਈ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਸਮੱਰਥਾ 0.5 ਏਕੜ ਪ੍ਰਤੀ ਘੰਟਾ ਹੈ। ਪੁਟਾਈ ਦੀ ਕਾਰਜਕੁਸ਼ਲਤਾ 96-99 % ਹੈ। ਇਸ ਨਾਲ 60-70 % ਲੇਬਰ ਦੀ ਬੱਚਤ ਹੁੰਦੀ ਹੈ।
ਬੀਜ ਕੱਢਣ ਵਾਲੀ ਮਸ਼ੀਨ:- ਇਹ ਮਸ਼ੀਨ ਸਬਜ਼ੀਆਂ ਅਤੇ ਫਲ਼ਾਂ ਜਿਵੇਂ ਕਿ ਟਮਾਟਰ, ਮਿਰਚ, ਤਰਬੂਜ਼, ਖੀਰਾ, ਟਿੰਡਾ ਆਦਿ ਦੇ ਬੀਜ ਕੱਢਣ ਲਈ ਵਰਤੀ ਜਾਂਦੀ ਹੈ। ਇਸ ਵਿਚ ਇਕ ਮੁਢਲਾ ਕਟਾਈ ਵਾਲਾ ਚੈਂਬਰ ਹੈ, ਜਿਸ ਵਿਚ ਸਬਜ਼ੀਆਂ ਅਤੇ ਫਲ਼ਾਂ ਦੀ ਛੋਟੇ ਟੁਕੜਿਆਂ ਵਿਚ ਕਟਾਈ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਫੇਰ ਇਕ ਰੋਟਰ 'ਤੇ ਲੱਗੇ ਬਲੇਡਾਂ ਨਾਲ ਦਰੜਿਆ ਜਾਂਦਾ ਹੈ। ਵੱਖ- ਵੱਖ ਸਾਈਜ਼ ਦੇ ਬੀਜਾਂ ਲਈ ਵੱਖਰੀਆਂ ਜਾਲੀਆਂ ਉਪਲੱਬਧ ਹਨ। ਬੀਜ ਕੱਢਣ ਵੇਲੇ ਖੁੱਲ੍ਹੇ ਪਾਣੀ ਦਾ ਪ੍ਰਬੰਧ ਕੀਤਾ ਹੋਣਾ ਚਾਹੀਦਾ ਹੈ।


-ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਰਿੰਗ ਵਿਭਾਗ
ਮੋਬਾਈਲ :94173-83464

ਪੰਜਾਬ 'ਚ ਹਾੜ੍ਹੀ ਦੀਆਂ ਫ਼ਸਲਾਂ ਲਈ ਵਿਸ਼ੇਸ਼ ਮੁਹਿੰਮ

ਪੰਜਾਬ ਸਰਕਾਰ ਨੇ ਕਣਕ ਦਾ ਉਤਪਾਦਨ ਤੇ ਉਤਪਾਦਕਤਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਮੁਹਿੰਮ ਅਨੁਸਾਰ ਅਹਿਮੀਅਤ ਕੀਮਿਆਈ ਖਾਦਾਂ ਦੀ ਯੋਗ ਵਰਤੋਂ ਅਤੇ ਕਿਸਾਨਾਂ ਨੂੰ ਸਹੀ ਉਤਪਾਦਨ ਨੀਤੀ ਅਤੇ ਤਕਨਾਲੋਜੀ ਅਪਨਾਉਣ ਸਬੰਧੀ ਸਿਖਲਾਈ ਦੇਣ ਨੂੰ ਦਿੱਤੀ ਗਈ ਹੈ। ਪਿਛਲੇ ਸਾਲਾਂ ਵਿਚ ਮਹੱਤਤਾ ਵਧੇਰੇ ਨਿਸ਼ਾਨਿਆਂ ਦੀ ਪੂਰਤੀ ਨੂੰ ਦਿੱਤੀ ਜਾਂਦੀ ਰਹੀ ਹੈ। ਵਧੇਰੇ ਝਾੜ ਦੇਣ ਵਾਲੀ ਹਰ ਕਿਸਮ ਦੀ ਸਮੇਂ ਅਨੁਸਾਰ ਯੋਗ ਕਿਸਮ ਦੀ ਬਿਜਾਈ ਅਤੇ ਯੂਰੀਏ ਦਾ ਲਾਭਦਾਇਕ ਮਾਤਰਾ ਵਿਚ ਪਾਇਆ ਜਾਣਾ ਮੁਹਿੰਮ ਦਾ ਵਿਸ਼ੇਸ਼ ਅੰਗ ਹਨ। ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਜਿਨ੍ਹਾਂ ਵਿਚ ਐਚ. ਡੀ.- 3086, ਐਚ. ਡੀ.- 2967, ਉੱਨਤ ਪੀ. ਬੀ. ਡਬਲਿਊ. - 550, ਪੀ. ਬੀ. ਡਬਲਿਊ.- 1 ਜ਼ਿੰਕ, ਡਬਲਿਊ. ਐਚ.- 1105, ਪੀ. ਬੀ. ਡਬਲਿਊ. - 677 ਅਤੇ ਪੀ. ਬੀ. ਡਬਲਿਊ. - 725 ਕਿਸਮਾਂ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾ ਜ਼ੀਰੋ ਟਿਲੇਜ ਨਾਲ ਬੀਜਣ ਵਾਲੀਆਂ ਹਾਲ ਵਿਚ ਰਲੀਜ਼ ਹੋਈਆਂ ਐਚ. ਡੀ.-3226 ਅਤੇ ਐਚ. ਡੀ. ਸੀ. ਐਸ. ਡਬਲਿਊ. 18 ਕਿਸਮਾਂ ਸ਼ਾਮਿਲ ਹਨ, ਦੀ ਕਾਸ਼ਤ 34.90 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ। ਭਾਵੇਂ ਕਣਕ ਦੀ ਕਾਸ਼ਤ ਥੱਲੇ ਰਕਬਾ ਪਿਛਲੇ ਸਾਲਾਂ ਦੇ ਮੁਕਾਬਲੇ ਮਾਮੂਲੀ ਜਿਹਾ ਘਟਿਆ ਹੈ ਪ੍ਰੰਤੂ ਖੇਤੀਬਾੜੀ ਵਿਭਾਗ ਅਨੁਸਾਰ ਉਤਪਾਦਨ ਘਟਣ ਨਹੀਂ ਦਿੱਤਾ ਜਾਏਗਾ। ਪਿਛਲੇ ਸਾਲ ਉਤਪਾਦਨ 182.62 ਲੱਖ ਟਨ ਹੋਇਆ ਸੀ। ਇਸ ਸਾਲ ਟੀਚਾ ਤਾਂ 178 ਲੱਖ ਟਨ ਕਣਕ ਪੈਦਾ ਕਰਨ ਦਾ ਰੱਖਿਆ ਗਿਆ ਹੈ ਪਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਕਹਿੰਦੇ ਹਨ ਕਿ ਜੇ ਮੌਸਮ ਠੀਕ ਰਿਹਾ ਤਾਂ ਉਤਪਾਦਕਤਾ ਵਧਾ ਕੇ ਉਤਪਾਦਨ ਪਿਛਲੇ ਸਾਲ ਦੇ ਪੱਧਰ ਤੋਂ ਵੱਧ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਜੋ ਬਾਰਿਸ਼ਾਂ ਪਈਆਂ ਹਨ ਅਤੇ ਤਾਪਮਾਨ ਵਿਚ ਗਿਰਾਵਟ ਆਉਣ ਨਾਲ ਠੰਢ ਪਈ ਹੈ ਉਸ ਦੇ ਮੱਦੇਨਜ਼ਰ ਫ਼ਸਲ ਦੀ ਹਾਲਤ ਬੜੀ ਆਸ਼ਾਜਨਕ ਹੈ। ਜੇ ਇਸੇ ਤਰ੍ਹਾਂ ਮੌਸਮ ਅਨੁਕੂਲ ਰਿਹਾ ਤਾਂ ਉਤਪਾਦਨ ਦਾ ਵਧਣਾ ਸੰਭਾਵਕ ਹੈ, ਕਿਉਂਕਿ ਪ੍ਰਤੀ ਹੈਕਟੇਅਰ ਝਾੜ ਵਿਚ ਇਜ਼ਾਫਾ ਹੋਵੇਗਾ।
ਇਸ ਸਾਲ ਸਬਸਿਡੀ 'ਤੇ ਬੀਜ ਸਭ ਉਨ੍ਹਾਂ ਕਿਸਾਨਾਂ ਨੂੰ ਦੇ ਦਿੱਤਾ ਗਿਆ ਹੈ ਜਿਹੜੇ ਇਸ ਨੂੰ ਲੈਣ ਦੇ ਚਾਹਵਾਨ ਸਨ। ਜੋ ਬੀਜ ਦੀ ਮਾਤਰਾ ਜ਼ਿਲ੍ਹਿਆਂ 'ਚ ਭੇਜੀ ਗਈ ਸੀ, ਉਸ ਵਿਚੋਂ ਕੁਝ ਬੱਚ ਕੇ ਪਨਸੀਡ ਨੂੰ ਵਾਪਸ ਆ ਗਈ ਹੈ। ਵਿਭਾਗ ਅਨੁਸਾਰ ਇਸ ਤੋਂ ਸਪੱਸ਼ਟ ਹੈ ਕਿ ਸਾਰੇ ਕਿਸਾਨਾਂ ਦੀ ਮੰਗ ਪੂਰੀ ਕਰ ਦਿੱਤੀ ਗਈ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ਸਭ ਕਿਸਮਾਂ ਨਾਲੋਂ ਵੱਧ ਰਕਬਾ ਵਧੇਰੇ ਝਾੜ ਦੇਣ ਵਾਲੀਆਂ ਐਚ. ਡੀ.-3086 ਅਤੇ ਐਚ. ਡੀ.- 2967 ਕਿਸਮਾਂ ਦੀ ਕਾਸ਼ਤ ਥੱਲੇ ਹੈ। ਟਿਊਬਵੈੱਲਾਂ ਲਈ ਲੋੜ ਅਨੁਸਾਰ ਬਿਜਲੀ ਯਕੀਨੀ ਬਣਾ ਦਿੱਤੀ ਗਈ ਹੈ ਤਾਂ ਜੋ ਸਿੰਜਾਈ ਦੀ ਲੋੜ ਸਮੇਂ ਸਿਰ ਪੂਰੀ ਹੋ ਸਕੇ। ਨਹਿਰਾਂ ਦਾ ਪਾਣੀ ਵੀ ਮਤਵਾਤਰ ਖੇਤਾਂ ਨੂੰ ਉਪਲੱਬਧ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਡਾਇਰੈਕਟਰ ਐਰੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਕਿਸਾਨਾਂ ਦੇ ਸਿਖਲਾਈ ਕੈਂਪ ਹਰ ਜ਼ਿਲ੍ਹੇ 'ਚ ਲਾਏ ਗਏ ਹਨ ਜਿਸ ਵਿਚ ਪੰਜਾਬ ਖੇਤੀ ਯੂਨੀਵਰਸਿਟੀ ਅਤੇ ਵਿਭਾਗ ਦੇ ਮਾਹਿਰਾਂ ਨੇ ਕੁਝ ਚੁਣਵੇ ਕਿਸਾਨਾਂ ਨੂੰ ਪੂਰੀ ਸਿਖਲਾਈ ਦੇ ਕੇ ਟਰੇਂਡ ਕੀਤਾ ਹੈ। ਜੋ ਸਿਖਲਾਈ ਕੈਂਪ ਪਿੰਡ ਪੱਧਰ 'ਤੇ ਪਿੰਡਾਂ ਵਿਚ ਲਗਾਏ ਗਏ ਹਨ, ਉਨ੍ਹਾਂ ਕੈਂਪਾਂ ਵਿਚ ਆਉਣ ਵਾਲੇ ਕਿਸਾਨਾਂ ਦਾ ਜ਼ਿਲ੍ਹਾ ਪੱਧਰ 'ਤੇ ਸਿਖਲਾਈ ਲੈਣ ਵਾਲੇ ਕਿਸਾਨਾਂ ਨਾਲ ਸੰਪਰਕ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਰਾਹੀਂ ਹੀ ਗਿਆਨ ਤੇ ਵਿਗਿਆਨ ਛੋਟੇ ਕਿਸਾਨਾਂ ਤੱਕ ਪਹੁੰਚੇ। ਇਸ ਤੋਂ ਇਲਾਵਾ ਪੰਜਾਬ ਖੇਤੀ ਯੂਨੀਵਰਸਿਟੀ ਅਤੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵੱਲੋਂ ਕਿਸਾਨਾਂ ਨੂੰ ਸਿਖਲਾਈ ਤੇ ਗਿਆਨ ਮੁਹੱਈਆ ਕਰਨ ਲਈ ਹਾੜੀ (ਰਬੀ) ਦੀਆਂ ਫ਼ਸਲਾਂ ਸਬੰਧੀ ਕਿਸਾਨ ਮੇਲੇ ਲਾਏ ਗਏ ਹਨ। ਇਨ੍ਹਾਂ ਮੇਲਿਆਂ ਵਿਚ ਤਕਨਾਲੋਜੀ, ਸੰਦਾਂ, ਬੀਜਾਂ ਅਤੇ ਫ਼ਸਲਾਂ ਦੀਆਂ ਨੁਮਾਇਸ਼ਾਂ, ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਹਨ ਅਤੇ ਕਿਸਾਨਾਂ ਨੂੰ ਸਾਹਿਤ ਵੀ ਮੁਹਈਆ ਕੀਤਾ ਗਿਆ ਹੈ।
ਛੋਟੇ ਕਿਸਾਨਾਂ ਨੂੰ 24000 ਨਵੀਆਂ ਮਸ਼ੀਨਾਂ ਤੇ ਸੰਦ ਸਬਸਿਡੀ 'ਤੇ ਦਿੱਤੇ ਗਏ (ਪਿਛਲੇ ਸਾਲ 28600 ਮਸ਼ੀਨਾਂ ਰਿਆਇਤੀ ਮੁੱਲ 'ਤੇ ਉਪਲੱਬਧ ਕੀਤੀਆਂ ਗਈਆਂ ਸਨ)। ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਦੱਸਿਆ ਕਿ 'ਸਮਾਮ ਸਕੀਮ' ਥੱਲੇ 100 ਕਰੋੜ ਰੁਪਏ ਦੀ ਮਸ਼ੀਨਾਂ 'ਤੇ ਸਬਸਿਡੀ ਦੇਣ ਲਈ ਕਿਸਾਨਾਂ ਤੋਂ ਬਿਨੈਪੱਤਰ ਮੰਗੇ ਗਏ ਹਨ। ਇਹ ਮਸ਼ੀਨਾਂ ਇਸੇ ਹਾੜ੍ਹੀ ਵਿਚ ਕਿਸਾਨਾਂ ਨੂੰ ਉਪਲੱਬਧ ਕਰ ਦਿੱਤੀਆਂ ਜਾਣਗੀਆਂ। ਕੰਬਾਈਨ ਨਾਲ ਕਟੇ ਝੋਨੇ ਦੇ ਵੱਢਾਂ ਵਿਚ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਹੈਪੀ ਸੀਡਰ ਮਸ਼ੀਨਾਂ ਕਾਲ ਸੈਂਟਰਾਂ ਰਾਹੀਂ ਅਤੇ ਐਸ. ਐਮ. ਐਸ. ਫਿਟਿਡ ਕੰਬਾਈਨਾਂ ਮੁਹਈਆ ਕੀਤੀਆਂ ਗਈਆਂ ਹਨ ਤਾਂ ਜੋ ਪਰਾਲੀ ਸਾੜਨ ਦੀ ਲੋੜ ਨਾ ਪਵੇ ਅਤੇ ਨਦੀਨਾਂ ਦਾ ਹਮਲਾ ਵੀ ਘੱਟ ਹੋਵੇ। ਗੁੱਲੀ ਡੰਡੇ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਜਿੱਥੇ ਸ਼ੁੱਧ ਤੇ ਮਿਆਰੀ ਨਦੀਨ ਨਾਸ਼ਕ ਕਿਸਾਨਾਂ ਨੂੰ ਉਪਲੱਬਧ ਕੀਤੇ ਗਏ ਹਨ ਉੱਥੇ ਕਿਸਾਨਾਂ ਨੂੰ ਇਸ ਹਾਨੀਕਾਰਕ ਨਦੀਨ (ਜੋ ਕਈ ਥਾਵਾਂ 'ਤੇ 60 ਫ਼ੀਸਦੀ ਤੱਕ ਝਾੜ ਘਟਾਉਂਦਾ ਹੈ) ਤੋਂ ਛੁਟਕਾਰਾ ਪਾਉਣ ਲਈ ਸਰਵਪੱਖੀ ਨਦੀਨ ਪ੍ਰਬੰਧ ਅਪਨਾਉਣ 'ਤੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਕਾਸ਼ਤਕਾਰੀ ਢੰਗ ਅਪਨਾਉਣ ਦੀ ਆਦਤ ਪਵੇ। ਨਦੀਨ ਨਾਸ਼ਕਾਂ ਦੀ ਲਗਾਤਾਰ ਵਰਤੋਂ ਨਾਲ ਗੁੱਲੀ ਡੰਡੇ ਵਿਚ ਨਦੀਨ ਨਾਸ਼ਕ ਪ੍ਰਤੀ ਰੋਧਣ ਸ਼ਕਤੀ (ਟਾਕਰਾ ਕਰਨ ਦੀ ਸ਼ਕਤੀ) ਪੈਦਾ ਹੋ ਗਈ ਹੈ। ਜਿਸ ਕਰਕੇ ਕਿਸਾਨ ਨਦੀਨ ਨਾਸ਼ਕਾਂ ਦੇ ਇਕ ਤੋਂ ਵੱਧ ਛਿੜਕਾਅ ਕਰਨ ਲਈ ਮਜਬੂਰ ਹਨ।
ਖੇਤੀਬਾੜੀ ਸਕੱਤਰ ਸ: ਕਾਹਨ ਸਿੰਘ ਪੰਨੂੰ ਅਨੁਸਾਰ ਸਰਕਾਰ ਯੂਰੀਏ ਦੀ ਖਪਤ ਘਟਾਉਣਾ ਚਾਹੁੰਦੀ ਹੈ। ਸਰਕਾਰ ਦਾ ਜ਼ੋਰ ਇਸ 'ਤੇ ਹੈ ਕਿ ਕਿਸਾਨ ਦੋ ਥੈਲਿਆਂ ਤੋਂ ਵੱਧ ਅਤੇ 55 ਦਿਨਾਂ ਤੋਂ ਬਾਅਦ ਯੂਰੀਆ ਫ਼ਸਲ ਨੂੰ ਨਾ ਪਾਉਣ। ਅਜਿਹਾ ਕਰਨ ਨਾਲ ਝਾੜ ਤਾਂ ਨਹੀਂ ਵੱਧਦਾ ਪ੍ਰੰਤੂ ਤੇਲੇ ਅਤੇ ਹੋਰ ਕੀੜਿਆਂ 'ਤੇ ਬਿਮਾਰੀਆਂ ਦਾ ਹਮਲਾ ਹੋ ਜਾਂਦਾ ਹੈ। ਜਿਸ ਦੀ ਰੋਕਥਾਮ ਲਈ ਫੇਰ ਹੋਰ ਸਪਰੇਆਂ ਦੀ ਲੋੜ ਪੈਂਦੀ ਹੈ ਅਤੇ ਕਿਸਾਨਾਂ ਦਾ ਖਰਚਾ ਵਧਦਾ ਹੈ। ਕਈ ਕਿਸਾਨ ਕਣਕ ਨੂੰ ਪੀਲੀ ਹੋਈ ਦੇਖ ਕੇ ਯੂਰੀਆ ਪਾਈ ਜਾਂਦੇ ਹਨ ਪਰ ਜੇ ਯੂਰੀਆ ਪਾਉਣਾ ਹੀ ਹੈ ਤਾਂ ਉਹ ਤਿੰਨ ਕਿੱਲੋ ਯੂਰੀਆ 100 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰ ਦੇਣ। ਅਜਿਹਾ ਕਰਨ ਨਾਲ ਕਣਕ ਠੀਕ ਹੋ ਜਾਵੇਗੀ। ਕਿਸਾਨਾਂ ਦਾ ਖਰਚਾ ਵੀ ਘਟੇਗਾ ਅਤੇ ਯੂਰੀਏ ਦੀ ਵੀ ਬੱਚਤ ਹੋਵੇਗੀ। ਯੂਰੀਆ, ਫਾਸਫੇਟ ਅਤੇ ਜ਼ਿੰਕ ਆਦਿ ਖਾਦਾਂ ਦੀ ਠੀਕ ਮਿਕਦਾਰ ਪਾਉਣ ਸਬੰਧੀ ਕਿਸਾਨਾਂ ਦੀ ਅਗਵਾਈ ਲਈ ਉਨ੍ਹਾਂ ਨੂੰ ਭੌਂਅ ਪਰਖ ਕਾਰਡ ਵੀ ਮੁਹੱਈਆ ਕਰ ਦਿੱਤੇ ਗਏ ਹਨ। ਸ: ਪੰਨੂੰ ਕਹਿੰਦੇ ਹਨ ਕਿ ਸਰਕਾਰ ਇਸ ਸਾਲ ਕਣਕ ਦਾ ਰਿਕਾਰਡ ਉਤਪਾਦਨ ਕਰਨ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਉਤਪਾਦਕਤਾ ਵਧ ਕੇ ਕਿਸਾਨਾਂ ਦੀ ਆਮਦਨ ਵਧੇ। ਕਣਕ ਦੀ ਵੱਟਤ ਅਤੇ ਖਰਚਿਆਂ ਦੇ ਵਿਚ ਜੋ ਫ਼ਰਕ ਘਟਦਾ ਜਾ ਰਿਹਾ ਹੈ, ਉਸ ਨੂੰ ਵਧਾਉਣ ਲਈ ਸਰਕਾਰ ਦੇ ਇਸ ਸਾਲ ਉਪਰਾਲੇ ਹਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ।
ਤੇਲ ਬੀਜਾਂ ਅਤੇ ਦਾਲਾਂ ਦਾ ਉਤਪਾਦਨ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਡਾਇਰੈਕਟਰ ਐਰੀ ਨੇ ਖੇਤੀਬਾੜੀ ਵਿਭਾਗ ਦੇ ਫੀਲਡ ਸਟਾਫ਼ ਦੀਆਂ ਡਿਊਟੀਆਂ ਨੀਯਤ ਕਰ ਦਿੱਤੀਆਂ ਹਨ ਤਾਂ ਜੋ ਉਹ ਲੋੜੀਂਦਾ ਫ਼ਸਲ ਦਾ ਸਰਵੇਖਣ ਕਰਦੇ ਰਹਿਣ ਅਤੇ ਸਮੇਂ-ਸਮੇਂ ਸਿਰ ਲੋੜੀਂਦੀ ਕਾਰਵਾਈ ਕਰਨ ਲਈ ਕਿਸਾਨਾਂ ਨੂੰ ਅਗਵਾਈ ਦਿੰਦੇ ਰਹਿਣ।


-ਮੋਬਾਈਲ : 98152-36307

ਧਰਤੀਏ ਰੰਗ ਬਿਰੰਗੀਏ

ਧਰਤੀ ਹੀ ਹਰ ਚੀਜ਼ ਦਾ ਮੂਲ ਸਰੋਤ ਹੈ। ਧਰਤੀ ਵਿਚ ਕਿੰਨਾਂ ਕੁਝ ਹੈ, ਇਹ ਜਾਨਣਾ ਹਾਲੇ ਮਨੁੱਖ ਦੀ ਸਮਝ ਤੋਂ ਬਾਹਰ ਹੈ। ਧਰਤੀ ਦੀ ਮਹਾਂਸ਼ਕਤੀ ਨੂੰ ਕਿਸੇ ਇੰਝਣ ਦੀ ਲੋੜ ਨਹੀਂ। ਧਰਤੀ ਦੇ ਵੇਗ ਨੂੰ ਕਿਸੇ ਪਰਾਂ ਦੀ ਲੋੜ ਨਹੀਂ। ਕਿੱਥੇ ਕੀ ਉੱਗਣਾ ਹੈ ਜਾਂ ਨਹੀਂ, ਇਹ ਸਿਰਫ ਧਰਤੀ ਨੂੰ ਹੀ ਪਤਾ ਹੈ। ਕਿਹੜਾ ਬੀਜ, ਕਿਹੜੀ ਪਰਕ੍ਰਿਤੀ ਤੇ ਕਿਹੜੀ ਪਰਜਾਤੀ ਕਿੱਥੇ ਇਕ-ਦੂਜੇ 'ਤੇ ਨਿਰਭਰ ਕਰ ਇਕੱਠੇ ਜਿਊਣ ਲਈ ਪੈਦਾ ਕਰਨੇ ਹਨ, ਇਹ ਧਰਤੀ ਹੀ ਜਾਣਦੀ ਹੈ। ਧਰਤੀ ਆਪਣੇ ਅੰਦਰ ਅਣਗਿਣਤ ਪਦਾਰਥ (ਧਾਤਾਂ ਆਦਿ) ਛੁਪਾਈ ਬੈਠੀ ਹੈ। ਕਿਤੇ-ਕਿਤੇ ਹੀ ਇਹ ਸਾਰੇ ਰੰਗ ਇਕ ਥਾਂ ਦਿਖਾਉਂਦੀ ਹੈ। ਅਮਰੀਕਾ ਦੇ ਉਜਾੜਾਂ ਵਿਚ ਇਹ ਕ੍ਰਿਸ਼ਮਾ ਦੇਖ ਕੇ ਹੀ ਯਕੀਨ ਆਉਂਦਾ ਹੈ। ਸਦਾਬਹਾਰ ਹੋਲੀ ਜਾਂ ਕਹਿ ਲਵੋ ਸਤਰੰਗੀ ਪੀਂਘ। ਪਰ ਇਹ ਦੇਖ ਓਹੀ ਸਕਦਾ ਜੋ ਮੇਰੇ ਵਾਂਗ ਵਿਹਲਾ ਹੋਵੇ। ਜੀਵਨ ਦੌੜਾਂ 'ਚ ਫਸੇ ਲੋਕਾਂ ਤੋਂ ਇਹ ਕੋਹਾਂ ਦੂਰ ਹਨ।


-ਮੋਬਾ: 98159-45018

ਵਿਰਸੇ ਦੀ ਸ਼ਾਨ

ਕਿੱਥੇ ਗਏ ਉਹ ਰੰਗਲੇ ਚਰਖੇ,
ਕਿੱਥੇ ਗਈਆਂ ਨੇ ਫੁਲਕਾਰੀਆਂ।

ਖ਼ਬਰੇ ਕਿਹੜੇ ਰਾਹਾਂ 'ਤੇ ਵਿਰਸਾ ਗੁਆਚ ਗਿਆ,
ਮੁੜ ਕਿਉਂ ਨਾ ਆਇਆ ਜੋ ਕਿੱਸਾ ਗੁਆਚ ਗਿਆ।
ਬਸ ਰਹਿ ਗਈਆਂ ਯਾਦਾਂ ਉਸ ਵੇਲੇ ਦੀਆਂ
ਜਦੋਂ ਕੱਤਦੀਆਂ ਨਾਰਾਂ ਜਾਗ ਰਾਤਾਂ ਸਾਰੀਆਂ।
ਕਿੱਥੇ ਗਏ ਉਹ ਰੰਗਲੇ ਚਰਖੇ,
ਕਿੱਥੇ ਗਈਆਂ ਨੇ ਫੁਲਕਾਰੀਆਂ।

ਰਹਿ ਗਏ ਨੇ ਸੁੰਨੇ ਉਹ ਵਿਹੜੇ,
ਤੀਆਂ ਨਾਲ ਸੀ ਸਜਦੇ ਜਿਹੜੇ।
ਨਾ ਉਹ ਪੀਂਘਾਂ, ਨਾ ਹੀ ਹੁਲਾਰੇ,
ਸੁੰਨੀਆਂ ਰਹਿ ਗਈਆਂ ਪਿੱਪਲ ਤੇ ਟਾਹਲੀਆਂ।
ਕਿੱਥੇ ਗਏ ਉਹ ਰੰਗਲੇ ਚਰਖੇ,
ਕਿੱਥੇ ਗਈਆਂ ਨੇ ਫੁਲਕਾਰੀਆਂ।

ਗੁਆਚ ਗਏ ਦੁਪੱਟੇ ਜੋ ਸਿਰ 'ਤੇ ਸੀ ਸਜਾਉਂਦੀਆਂ,
ਮਿੱਠੀਆਂ ਆਵਾਜ਼ਾਂ ਨਾਲ ਰਲ-ਮਿਲ ਸੀ ਗਾਉਂਦੀਆਂ।
ਭੁੱਲ ਗਿਆ ਹਰ ਕੋਈ ਵਿਰਸੇ ਦੀ ਸ਼ਾਨ ਨੂੰ,
ਅੱਜ ਤੋੜ ਦਿੰਦੇ ਪਲਾਂ ਵਿਚ ਯਾਰੀਆਂ।
ਕਿੱਥੇ ਗਏ ਉਹ ਰੰਗਲੇ ਚਰਖੇ,
ਕਿੱਥੇ ਗਈਆਂ ਨੇ ਫੁਲਕਾਰੀਆਂ।


-ਰਾਜਵੀਰ ਕੌਰ
ਸਪੁੱਤਰੀ ਬਾਰੂ ਸਿੰਘ, ਪੱਤੀ ਕ. ਕਾਂਧਲ, ਅਕਲੀਆ (ਮਾਨਸਾ)।
ਮੋਬਾਈਲ : 94176-40723

ਅਜੋਕੇ ਸਮੇਂ ਦੀ ਲੋੜ ਹੈ ਕੁਦਰਤੀ ਖੇਤੀ

ਹਰੀ ਕ੍ਰਾਂਤੀ ਤੋਂ ਬਾਅਦ ਲਗਾਤਾਰ ਹੋ ਰਹੀ ਰਸਾਇਣਕ ਦਵਾਈਆਂ ਦੀ ਵਰਤੋਂ, ਖੇਤੀਬਾੜੀ ਨੂੰ ਨਿਘਾਰ ਵੱਲ ਲਿਜਾ ਰਹੀ ਹੈ। ਇਨ੍ਹਾਂ ਦਵਾਈਆਂ ਦੀ ਵਰਤੋਂ ਸਬਜ਼ੀਆਂ, ਫ਼ਲਾਂ, ਕਣਕ ਅਤੇ ਝੋਨੇ ਆਦਿ ਫ਼ਸਲਾਂ ਲਈ ਲਗਾਤਾਰ ਹੋ ਰਹੀ ਹੈ। ਇਨ੍ਹਾਂ ਦਵਾਈਆਂ ਦੀ ਲਗਾਤਾਰ ਵਰਤੋਂ ਕਾਰਨ ਮਨੁੱਖ ਦੀ ਖ਼ੁਰਾਕ ਜ਼ਹਿਰੀਲੀ ਹੋ ਚੁੱਕੀ ਹੈ, ਜਿਸ ਕਾਰਨ ਉਹ ਅੱਜ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਾ ਹੈ। ਬਿਮਾਰੀਆਂ ਕਾਰਨ ਉਹ ਲਗਾਤਾਰ ਹਸਪਤਾਲ ਦੇ ਚੱਕਰ ਕੱਟਦਾ ਹੈ ਅਤੇ ਆਪਣੀ ਪੂੰਜੀ ਦਾ ਜ਼ਿਆਦਾਤਰ ਹਿੱਸਾ ਦਵਾਈਆਂ 'ਤੇ ਖਰਚ ਕਰ ਰਿਹਾ ਹੈ। ਅੱਜ ਅਸੀਂ ਵੇਖਦੇ ਹਾਂ ਕਿ ਔਰਤਾਂ 'ਤੇ ਗਰਭ ਧਾਰਨ ਤੋਂ ਬਾਅਦ ਹੀ ਦਵਾਈਆਂ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਜ਼ਿਆਦਾਤਰ ਜੰਮਦੇ ਬੱਚਿਆਂ ਨੂੰ ਹੀ ਬਿਮਾਰੀਆਂ ਘੇਰ ਲੈਂਦੀਆਂ ਹਨ। ਕਹਿਣ ਦਾ ਭਾਵ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਦਵਾਈਆਂ ਦੇ ਆਸਰੇ ਦਿਨ ਕਟੀ ਕਰ ਰਿਹਾ ਹੈ। ਦੂਸਰਾ ਸਾਡੇ ਘਰੇਲੂ ਪਸ਼ੂ ਵੀ ਅੱਜ ਬਿਮਾਰੀਆਂ ਦਾ ਸ਼ਿਕਾਰ ਹਨ, ਕਿਉਂਕਿ ਪਸ਼ੂਆਂ ਦਾ ਚਾਰਾ ਵੀ ਜ਼ਹਿਰੀਲੀਆਂ ਦਵਾਈਆਂ ਦੇ ਛਿੜਕਾਅ ਬਿਨਾਂ ਪੈਦਾ ਨਹੀਂ ਹੁੰਦਾ। ਮਤਲਬ ਜੋ ਦੁੱਧ ਅਸੀਂ ਅੱਜ ਪੀ ਰਿਹਾ ਹਾਂ ਉਹ ਵੀ ਜ਼ਹਿਰੀਲਾ ਹੋ ਚੁੱਕਾ ਹੈ।
ਲਗਾਤਾਰ ਦਵਾਈਆਂ ਦੀ ਵਰਤੋਂ ਕਾਰਨ ਫ਼ਸਲਾਂ ਦਾ ਉਪਜਾਊਪਣ ਵੀ ਘਟ ਰਿਹਾ ਹੈ। ਇਕ ਏਕੜ ਫ਼ਸਲ ਲਈ ਜਿੰਨਾ ਅਸੀਂ ਦਵਾਈ ਦਾ ਛੜਕਾਅ ਅੱਜ ਕੀਤਾ ਹੈ, ਉਹ ਅਗਲੀ ਵਾਰ ਵਧ ਜਾਵੇਗਾ ਅਤੇ ਇਹ ਵਾਧੇ ਦਾ ਸਿਲਸਿਲਾ ਸਾਲ ਦਰ ਸਾਲ ਲਗਾਤਾਰ ਜਾਰੀ ਰਹਿੰਦਾ ਹੈ। ਇਕ ਤਾਂ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦਾ ਪੂਰਾ ਮੁੱਲ ਨਹੀਂ ਦਿੰਦੀ ਤੇ ਦੂਜੇ ਬੰਨੇ ਲਗਾਤਾਰ ਦਵਾਈਆਂ ਦੀ ਵਧਦੀ ਵਰਤੋਂ ਕਾਰਨ ਸਾਡੀ ਪੂੰਜੀ ਅਜਾਈਂ ਜਾ ਰਹੀ ਹੈ; ਕਿਉਂਕਿ ਦਵਾਈਆਂ ਹਰ ਸਾਲ ਮਹਿੰਗੀਆਂ ਹੋ ਰਹੀਆਂ ਹਨ। ਦਵਾਈਆਂ ਦਾ ਲਗਾਤਾਰ ਵਧਦਾ ਖਰਚ ਕਿਸਾਨਾਂ ਨੂੰ ਅੱਜ ਕਰਜ਼ਾਈ ਬਣਾ ਰਿਹਾ ਹੈ। ਕਰਜ਼ੇ ਹੇਠ ਦੱਬੇ ਕਿਸਾਨ ਅੱਜ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ।
ਅਜੋਕੀ ਹਾਲਤ ਨੂੰ ਬਦਲਣ ਦਾ ਇਕੋ ਇਕ ਰਾਹ ਕੁਦਰਤੀ ਖੇਤੀ ਹੈ। ਪਹਿਲੇ ਨੰਬਰ 'ਤੇ ਸਾਨੂੰ ਕੁਦਰਤੀ ਖੇਤੀ ਲਈ ਜ਼ਹਿਰੀਲੀਆਂ ਦਵਾਈਆਂ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਸਾਡੀ ਪੂੰਜੀ ਦਾ ਬਚਾਅ ਹੁੰਦਾ ਹੈ। ਅਸੀਂ ਇੱਥੇ ਇਹ ਸੋਚ ਸਕਦੇ ਹਾਂ ਕਿ ਕੁਦਰਤੀ ਖੇਤੀ ਨਾਲ ਫ਼ਸਲਾਂ ਦਾ ਝਾੜ ਘੱਟ ਨਿਕਲਦਾ ਹੈ। ਪ੍ਰੰਤੂ ਕੁਦਰਤੀ ਖੇਤੀ ਕਰਨ ਵਾਲਿਆਂ ਤੋਂ ਪਤਾ ਲਗਦਾ ਹੈ ਕਿ ਝਾੜ ਦਾ ਸ਼ੁਰੂਆਤ ਵਿਚ ਕੁਝ ਫ਼ਰਕ ਜ਼ਰੂਰ ਪੈਂਦਾ ਹੈ। ਫਿਰ ਇਹ ਹਰ ਸਾਲ ਵਧਦਾ ਰਹਿੰਦਾ ਹੈ। ਦੂਸਰੀ ਸੋਚਣ ਵਾਲੀ ਗੱਲ ਇਹ ਹੈ ਕਿ, ਮੰਨ ਲਓ ਝਾੜ ਘੱਟ ਵੀ ਨਿਕਲੇ ਤਾਂ ਵੀ ਘੱਟੋ ਘੱਟ ਸਾਨੂੰ ਬਿਮਾਰੀਆਂ 'ਤੇ ਹੋਣ ਵਾਲੇ ਖ਼ਰਚ ਤੋਂ ਤਾਂ ਛੁਟਕਾਰਾ ਮਿਲੇਗਾ। ਕਿਉਂਕਿ ਸਾਡੀਆਂ ਬਿਮਾਰੀਆਂ ਦਾ ਕਾਰਨ ਹੀ ਜ਼ਹਿਰੀਲੀਆਂ ਦਵਾਈਆਂ ਨਾਲ ਪੈਦਾ ਹੋਣ ਵਾਲੀ ਖੁਰਾਕ ਹੈ। ਇਸ ਤਰ੍ਹਾਂ ਕੁਦਰਤੀ ਖੇਤੀ ਨਾਲ ਸਾਡਾ ਰਸਾਇਣਕ ਦਵਾਈਆਂ ਤੇ ਹੋਣ ਵਾਲਾ ਖਰਚ ਅਤੇ ਸਰੀਰਕ ਬਿਮਾਰੀਆਂ 'ਤੇ ਹੋਣ ਵਾਲਾ ਖ਼ਰਚ ਬਚ ਜਾਂਦਾ ਹੈ। ਸਧਾਰਨ ਝਾੜ ਵੀ ਸਾਡੀ ਮਿਹਨਤ ਦਾ ਮੁੱਲ ਮੋੜ ਦਿੰਦਾ ਹੈ। ਤੀਸਰਾ ਬੀਮਾਰੀਆਂ ਕਾਰਨ ਮੌਤ ਦਰ ਵਿਚ ਹੋ ਰਹੇ ਵਾਧੇ ਤੋਂ ਵੀ ਛੁਟਕਾਰਾ ਮਿਲਦਾ ਹੈ ਕਿਉਂਕਿ ਲੰਬੇਰੀ ਉਮਰ ਲਈ ਸਿਹਤਮੰਦ ਖੁਰਾਕ ਦਾ ਹੋਣਾ ਜ਼ਰੂਰੀ ਹੈ, ਜੋ ਸਾਨੂੰ ਕੁਦਰਤੀ ਖੇਤੀ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਕੁਦਰਤੀ ਖੇਤੀ ਦਾ ਚੌਥਾ ਫਾਇਦਾ ਇਹ ਹੋਵੇਗਾ ਕਿ ਕਿਸਾਨ ਕਰਜ਼ੇ ਦੇ ਬੋਝ ਥੱਲਿਓਂ ਨਿਕਲਣਗੇ ਇਸ ਦਾ ਕਾਰਨ ਰਸਾਇਣਕ 'ਤੇ ਬਿਮਾਰੀਆਂ 'ਤੇ ਹੋਣ ਵਾਲੇ ਖਰਚ ਤੋਂ ਬਚਾਅ ਹੈ। ਇਸ ਨਾਲ ਕਿਸਾਨਾਂ ਦੀਆਂ ਹੋ ਰਹੀਆਂ ਖ਼ੁਦਕੁਸ਼ੀਆਂ ਵੀ ਰੁਕਣਗੀਆਂ। ਇਸ ਲਈ ਅਜੋਕਾ ਸਮਾਂ ਕੁਦਰਤੀ ਖੇਤੀ ਦੀ ਮੰਗ ਕਰਦਾ ਹੈ।


-ਪਿੰਡ ਬੱਲਿਆਂਵਾਲਾ, ਡਾਕ: ਮਹਿਮੂਦਪੁਰਾ (ਤਰਨ ਤਾਰਨ)
ਮੋਬਾਈਲ :7087070050 

ਗਰਮ ਰੁੱਤ ਦੀ ਮੂੰਗੀ ਬੀਜੋ

ਪੰਜਾਬ ਵਿਚ ਬਹਾਰ/ਗਰਮ ਰੁੱਤ ਦੌਰਾਨ ਮੱਕੀ ਅਤੇ ਮੂੰਗੀ ਦੀ ਫ਼ਸਲ ਦੀ ਕਾਸ਼ਤ ਕੀਤੀ ਜਾਂਦੀ ਹੈ। ਪਰੰਤੂ ਕਿਸਾਨ ਵੀਰਾਂ ਦਾ ਜ਼ਿਆਦਾ ਰੁਝਾਨ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਵੱਲ ਵੱਧ ਰਿਹਾ ਹੈ। ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਜ਼ਿਆਦਾਤਰ ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਰੋਪੜ ਆਦਿ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਫ਼ਸਲ ਜਨਵਰੀ/ਫਰਵਰੀ-ਜੂਨ ਸਮੇਂ ਦੌਰਾਨ ਪੈਦਾ ਕੀਤੀ ਜਾਂਦੀ ਹੈ। ਅਪ੍ਰੈੈਲ-ਜੂਨ ਵਿਚ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਇਹ ਫ਼ਸਲ ਵੱਧ ਪਾਣੀ ਮੰਗਦੀ ਹੈ। ਬਹਾਰ ਰੁੱਤ ਦੀ ਮੱਕੀ ਨੂੰ ਤਕਰੀਬਨ 15-18 ਪਾਣੀ ਲਾਉਣੇ ਪੈਂਦੇ ਹਨ ਕਿਉਂਕਿ ਉਸ ਸਮੇਂ ਦੌਰਾਨ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਮੱਕੀ ਦੀ ਫ਼ਸਲ ਵੱਧ ਤਾਪਮਾਨ ਨਹੀਂ ਸਹਾਰ ਸਕਦੀ ਜਿਸ ਕਰਕੇ ਵਾਰ-ਵਾਰ ਪਾਣੀ ਲਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਨਾਲ-ਨਾਲ ਮੱਕੀ ਨੂੰ ਵੱਧ ਖਾਦ ਦੀ ਵੀ ਲੋੜ ਹੁੰਦੀ ਹੈ।
ਬਹਾਰ ਰੁੱਤ ਦੀ ਮੱਕੀ ਦੀ ਥਾਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਪਾਣੀ ਦੀ ਬੱਚਤ ਕਰਨ ਤੋਂ ਇਲਾਵਾ ਮਨੁੱਖੀ ਅਤੇ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਲਿਆ ਸਕਦੇ ਹਾਂ। ਦਾਲਾਂ ਪ੍ਰੋਟੀਨ, ਫਾਈਬਰ ਅਤੇ ਹੋਰ ਜ਼ਰੂਰੀ ਤੱਤਾਂ ਦਾ ਚੰਗਾ ਸਰੋਤ ਹਨ ਜੋ ਕਿ ਸ਼ਾਕਾਹਾਰੀ ਲੋਕਾਂ ਦੀ ਸੰਤੁਲਿਤ ਖੁਰਾਕ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ। ਦਾਲਾਂ ਕੈਂਸਰ, ਸ਼ੂਗਰ ਅਤੇ ਦਿਲ ਦੀਆਂ ਬੀਮਾਰਿਆਂ ਨਾਲ ਲੜਨ ਦੀ ਤਾਕਤ ਦਿੰਦੀਆਂ ਹਨ। ਆਪਣੀ ਲੋੜ ਪੂਰੀ ਕਰਨ ਲਈ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਫ਼ਸਲੀ ਚੱਕਰ ਵਿਚ ਘੱਟ ਸਮਾਂ ਲੈਣ ਵਾਲੀਆਂ ਦਾਲਾਂ ਜਿਵੇਂ ਕਿ ਗਰਮ ਰੁੱਤ ਦੀ ਮੂੰਗੀ ਬੀਜ ਕੇ ਪਾਣੀ ਦੀ ਬੱਚਤ ਹੋ ਸਕਦੀ ਹੈ, ਜ਼ਮੀਨ ਦੀ ਸਿਹਤ ਸੁਧਾਰੀ ਜਾ ਸਕਦੀ ਹੈ ਅਤੇ ਮਨੁੱਖੀ ਸਿਹਤ ਲਈ ਪੌਸ਼ਟਿਕ ਖੁਰਾਕ ਮਿਲ ਸਕਦੀ ਹੈ।
ਗਰਮ ਰੱਤ ਦੀ ਮੂੰਗੀ ਇਕ ਘੱਟ ਸਮਾਂ (ਤਕਰੀਬਨ 60-65 ਦਿਨ), ਖਾਦ ਅਤੇ ਪਾਣੀ ਲੈਣ ਵਾਲੀ ਫ਼ਸਲ ਹੈ ਜਦੋਂ ਕਿ ਬਹਾਰ ਰੁੱਤ ਦੀ ਮੱਕੀ ਇਕ ਵੱਧ ਸਮਾਂ (ਤਕਰੀਬਨ 120 ਦਿਨ), ਖਾਦ ਅਤੇ ਪਾਣੀ ਲੈਣ ਵਾਲੀ ਫ਼ਸਲ ਹੈ। ਆਲੂਆਂ ਤੋਂ ਬਾਅਦ ਮੱਕੀ/ਝੋਨਾ-ਆਲੂ-ਗਰਮੀ ਰੁੱਤ ਮੂੰਗੀ ਦੇ ਫ਼ਸਲੀ ਚੱਕਰ ਵਿਚ ਮੂੰਗੀ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਹੈ। ਪਰ ਬਹਾਰ ਰੁੱਤ ਦੀ ਮੱਕੀ ਨੂੰ ਤਕਰੀਬਨ 110 ਕਿਲੋ ਯੂਰੀਆ, 55 ਕਿਲੋ ਡੀ. ਏ. ਪੀ. ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉਣ ਦੀ ਲੋੜ ਪੈਂਦੀ ਹੈ। ਇਸ ਦੇ ਨਾਲ-ਨਾਲ ਗਰਮ ਰੁੱਤ ਦੀ ਮੂੰਗੀ ਤਕਰੀਬਨ 25 ਕਿੱਲੋ ਨਾਈਟ੍ਰੋਜਨ ਪ੍ਰਤੀ ਏਕੜ ਹਵਾ ਵਿਚੋਂ ਜ਼ਮੀਨ ਵਿਚ ਜਜ਼ਬ ਕਰਦੀ ਹੈ। ਗਰਮ ਰੁੱਤ ਦੀ ਮੂੰਗੀ ਦੀ ਵਾਢੀ ਤੋਂ ਬਾਅਦ ਮੂੰਗੀ ਦੇ ਨਾੜ ਨੂੰ ਖੇਤ ਵਿਚ ਵਾਹੁਣ ਨਾਲ ਅਗਲੀ (ਝੋਨੇ ਦੀ) ਫ਼ਸਲ ਵਿਚ 1/3 ਹਿੱਸਾ ਨਾਈਟ੍ਰੋਜਨ (ਤਕਰੀਬਨ 30 ਕਿਲੋ ਯੂਰੀਆ ਪ੍ਰਤੀ ਏਕੜ) ਦੀ ਬੱਚਤ ਹੁੰਦੀ ਹੈ। ਬਹਾਰ ਰੁੱਤ ਦੀ ਮੱਕੀ ਨੂੰ ਤਕਰੀਬਨ 15-18 ਅਤੇ ਗਰਮ ਰੁੱਤ ਦੀ ਮੂੰਗੀ ਨੂੰ ਤਕਰੀਬਨ 3-4 ਪਾਣੀਆਂ ਦੀ ਲੋੜ ਹੁੰਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਬਜਾਏ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਕਿਸਾਨ ਤਕਰੀਬਨ 70-80% ਪਾਣੀ ਦੀ ਬੱਚਤ ਕਰ ਸਕਦੇ ਹਨ।
ਗਰਮ ਰੁੱਤ ਦੀ ਮੂੰਗੀ ਦੀਆਂ ਐਸ. ਐਮ. ਐਲ. 1827, ਟੀ. ਐਮ. ਬੀ. 37, ਐਸ ਐਮ ਐਲ 832 ਅਤੇ ਐਸ. ਐਮ. ਐਲ. 668 ਉੱਨਤ ਕਿਸਮਾਂ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਬੀਜੀਆਂ ਜਾ ਸਕਦੀਆਂ ਹਨ। ਮੂੰਗੀ ਦੀ ਕਿਸਮ ਐਸ. ਐਮ. ਐਲ. 668 ਲਈ 15 ਕਿਲੋ ਅਤੇ ਬਾਕੀ ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਬਿਜਾਈ ਲਈ ਕਾਫੀ ਹੁੰਦਾ ਹੈ। ਇਨ੍ਹਾਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 22.5 ਸੈਂਟੀਮੀਟਰ ਅਤੇ ਡੂੰਘਾਈ 4-6 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬਿਜਾਈ ਤੋਂ ਪਹਿਲਾਂ ਮੂੰਗੀ ਦੇ ਬੀਜ ਨੂੰ ਮਿਸ਼ਰਤ ਜੀਵਾਣੂੰ ਖਾਦ ਦੇ ਟੀਕੇ ਦਾ ਇਕ ਪੈਕਟ (ਰਾਈਜ਼ੋਬੀਅਮ ਐਲ. ਐਸ. ਐਮ. ਆਰ-1 ਅਤੇ ਰਾਈਜ਼ੋਬੈਕਟੀਰੀਅਮ ਆਰ. ਬੀ.-3) ਲਾ ਲੈਣਾ ਚਾਹੀਦਾ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਉਤੇ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਣ ਵਾਲੇ ਬੈਡ ਪਲਾਂਟਰ ਨਾਲ ਮੂੰਗੀ ਦੀਆਂ ਦੋ ਕਤਾਰਾਂ 20 ਸੈਂਟੀਮੀਟਰ ਦੇ ਫਾਸਲੇ ਤੇ 67.5 ਸੈਂਟੀਮੀਟਰ ਵਿੱਥ ਦੇ ਬੈਡਾਂ (37.5 ਸੈਂਟੀਮੀਟਰ ਬੈਡ ਦਾ ਉਪਰਲਾ ਹਿੱਸਾ ਤੇ 30 ਸੈਂਟੀਮੀਟਰ ਖਾਲ਼ੀ) ਉਤੇ ਕਰਕੇ 20-30 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਆਲੂਆਂ ਤੋਂ ਬਾਅਦ ਮੱਕੀ/ਝੋਨਾ-ਆਲੂ-ਗਰਮੀ ਰੁੱਤ ਮੂੰਗੀ ਦੇ ਫ਼ਸਲੀ ਚੱਕਰ ਵਿਚ ਮੂੰਗੀ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਹੈ। ਨਦੀਨਾਂ ਦੇ ਖਾਤਮੇ ਲਈ ਦੋ ਗੋਡੀਆਂ ਬਿਜਾਈ ਤੋਂ 4 ਅਤੇ 6 ਹਫ਼ਤੇ ਬਾਅਦ ਕਰਨੀਆਂ ਚਾਹੀਦੀਆਂ ਹਨ। ਇਸ ਨੂੰ ਤਕਰੀਬਨ 3-5 ਪਾਣੀ ਬਿਜਾਈ ਦੇ ਸਮੇਂ, ਜ਼ਮੀਨ ਮੁਤਾਬਕ ਅਤੇ ਬਾਰਸ਼ ਦੇ ਅਨੁਸਾਰ ਲਾਉਣ ਦੀ ਲੋੜ ਪੈਂਦੀ ਹੈ। ਫ਼ਸਲ ਦੇ ਇਕਸਾਰ ਪਕਾਅ ਲਈ ਗਰਮ ਰੁੱਤ ਦੀ ਮੂੰਗੀ ਨੂੰ ਅਖੀਰਲਾ ਪਾਣੀ ਬਿਜਾਈ ਤੋਂ 55 ਦਿਨਾਂ ਬਾਅਦ ਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ।


-ਮੋ:94174-52596

ਪੱਤਝੜੀ ਫ਼ਲਾਂ ਦੇ ਮਿਆਰੀ ਬੂਟੇ ਤਿਆਰ ਕਰਨ ਲਈ ਕੁਝ ਅਹਿਮ ਨੁਕਤੇ

ਨਾਸ਼ਪਾਤੀ: ਨਾਖ ਦੇ ਬੂਟੇ ਤਿਆਰ ਕਰਨ ਲਈ ਕੈਂਥ ਇਕ ਢੁਕਵਾਂ ਜੜ੍ਹ-ਮੁੱਢ ਹੈ। ਅਕਤੂਬਰ ਮਹੀਨੇ ਦੌਰਾਨ ਕੈਂਥ ਦੇ ਪੱਕੇ ਫਲਾਂ ਨੂੰ ਤੋੜ ਲੈਣਾ ਚਾਹੀਦਾ ਹੈ। ਸਖਤ ਹੋਣ ਕਰਕੇ ਫਲਾਂ ਨੂੰ ਗਾਲ ਕੇ ਬੀਜ ਕੱਢਣਾ ਪੈਂਦਾ ਹੈ। ਬੀਜ ਕੱਢਣ ਤੋਂ ਬਾਅਦ ਨਾਲ ਹੀ ਲੱਕੜ ਦੀਆਂ ਪੇਟੀਆਂ ਵਿਚ ਵੱਖ-ਵੱਖ ਤਹਿਆਂ ਵਿਚ ਬੀਜ ਦੇਣਾ ਚਾਹੀਦਾ ਹੈ। 10-12 ਦਿਨਾਂ ਵਿਚ ਬੀਜ ਪੁੰਗਰ ਆਉਂਦਾ ਹੈ। ਨਵੇਂ ਪੁੰਗਰੇ ਹੋਏ ਬੂਟੇ ਜਦੋਂ 2-4 ਪੱਤੇ ਕੱਢ ਲੈਣ, ਜਨਵਰੀ ਵਿਚ 10 ਸੈਂਟੀਮੀਟਰ ਫਾਸਲੇ 'ਤੇ ਨਰਸਰੀ ਵਿਚ ਲਾਉਣੇ ਚਾਹੀਦੇ ਹਨ ਅਤੇ ਹਰੇਕ ਚਾਰ ਕਤਾਰਾਂ ਬਾਅਦ 2 ਫੁੱਟ ਦਾ ਫਾਸਲਾ ਛੱਡਣਾ ਚਾਹੀਦਾ ਹੈ। ਇਨ੍ਹਾਂ ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਕਲੋਰਪਾਈਰੀਫਾਸ (3.75 ਮਿਲੀ ਲੀਟਰ ਪ੍ਰਤੀ ਲੀਟਰ ਪਾਣੀ) ਵਿਚ ਘੋਲ ਕੇ ਜ਼ਮੀਨ ਵਿਚ ਪਾਉਣੀ ਚਾਹੀਦੀ ਹੈ। ਲਘੂ ਤੱਤਾਂ ਦੀ ਘਾਟ ਦੀ ਪੂਰਤੀ ਕਰਨ ਲਈ ਜ਼ਿੰਕ ਸਲਫੇਟ ਅਤੇ ਫੈਰਸ ਸਲਫੇਟ 3.0 ਗ੍ਰਾਮ ਪ੍ਰਤੀ ਲੀਟਰ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਹ ਬੂਟੇ ਮਈ ਜੂਨ ਵਿਚ ਟੀ-ਪਿਉਂਦ ਅਤੇ ਦਸੰਬਰ-ਜਨਵਰੀ ਵਿਚ ਜੀਭੀ ਪਿਉਂਦ ਲਈ ਤਿਆਰ ਹੋ ਜਾਂਦੇ ਹਨ।
ਆੜੂ : ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀ ਆੜੂ ਦੀ ਸ਼ਰਬਤੀ ਅਤੇ ਫਲੋਰਡਾਗਾਰਡ ਕਿਸਮ ਦੇ ਪੱਕੇ ਫਲਾਂ ਤੋਂ ਜੂਨ-ਜੁਲਾਈ ਵਿਚ ਬੀਜ ਕੱਢ ਕੇ ਅਤੇ ਧੋ ਕੇ 5-6 ਦਿਨ ਛਾਵੇਂ ਸੁਕਾ ਕੇ ਬੀਜ ਨੂੰ ਜੀਰਮ/ਕਪਤਾਨ /ਥੀਰਮ 3.0 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਤਾਂ ਜੋ ਕੋਈ ਬਿਮਾਰੀ ਨਾ ਲੱਗੇ। ਇਸ ਤੋਂ ਬਾਅਦ ਬੀਜ ਨੂੰ ਕੋਲਡ ਸਟੋਰ ਵਿਚ ਰੱਖਣਾ ਚਾਹੀਦਾ ਹੈ। ਨਵੰਬਰ ਦੇ ਮਹੀਨੇ ਵਿਚ ਬੀਜਾਂ ਨੂੰ ਸਿੱਲ੍ਹੀ ਅਤੇ ਠੰਢੀ ਰੇਤ ਵਿਚ 7.2 ਡਿਗਰੀ ਤੋਂ ਘੱਟ ਤਾਪਮਾਨ 'ਤੇ 100-120 ਦਿਨਾਂ ਲਈ ਰੱਖਿਆ ਜਾਂਦਾ ਹੈ। ਇਸ ਵਿਧੀ ਨੂੰ ਸਟਰੈਟੀਫਿਕੇਸ਼ਨ ਕਹਿੰਦੇ ਹਨ ਜਿਸ ਨਾਲ ਬੀਜਾਂ ਨੂੰ ਪੁੰਗਰਣ ਵਿਚ ਮਦਦ ਮਿਲਦੀ ਹੈ। ਪੁੰਗਰੇ ਹੋਏ ਬੀਜਾਂ ਨੂੰ ਜਨਵਰੀ ਦੇ ਅਖੀਰਲੇ ਹਫ਼ਤੇ ਤੋਂ ਅੱਧ ਫ਼ਰਵਰੀ ਤੱਕ ਨਰਸਰੀ ਵਿਚ 30 ਸੈਂਟੀਮੀਟਰ ਕਤਾਰ ਤੋਂ ਕਤਾਰ ਅਤੇ 15 ਸੈਂਟੀਮੀਟਰ ਬੀਜ ਤੋਂ ਬੀਜ ਫਾਸਲੇ 'ਤੇ ਬੀਜਣਾ ਚਾਹੀਦਾ ਹੈ। ਬੀਜ ਤੋਂ ਤਿਆਰ ਹੋਏ ਪੌਦਿਆਂ ਨੂੰ ਅਗਲੇ ਸਾਲ ਦਸੰਬਰ-ਜਨਵਰੀ ਵਿਚ ਜੀਭੀ ਪਿਉਂਦ ਕੀਤੀ ਜਾਂਦੀ ਹੈ। ਇਸ ਵਿਧੀ ਅਨੁਸਾਰ ਆੜੂ ਦੇ ਬੂਟੇ ਤਿਆਰ ਕਰਨ ਵਿਚ ਦੋ ਸਾਲ ਦਾ ਸਮਾਂ ਲੱਗਦਾ ਹੈ ।
ਅੰਗੂਰ : ਅੰਗੂਰਾਂ ਦੀ ਨਰਸਰੀ ਪੱਕੀ ਲੱਕੜ ਦੀ ਕਲਮ ਤੋਂ ਤਿਆਰ ਕੀਤੀ ਜਾਂਦੀ ਹੈ। ਕਲਮਾਂ ਇਕ ਸਾਲ ਪੁਰਾਣੀ ਅਤੇ ਤੰਦਰੁਸਤ ਟਾਹਣੀ ਦੇ ਵਿਚਕਾਰਲੇ ਹਿੱਸੇ ਤੋਂ ਜਨਵਰੀ-ਫਰਵਰੀ ਵਿਚ ਤਿਆਰ ਕੀਤੀਆਂ ਜਾਂਦੀਆਂ ਹਨ। ਕਲਮ 30-40 ਸੈਂਟੀਮੀਟਰ ਦੀ ਹੋਣੀ ਚਾਹੀਦੀ ਹੈ ਜਿਸ ਦੀਆਂ 3-4 ਅੱਖਾਂ ਹੋਣ। ਨਰਸਰੀ ਵਿਚ ਲਾਉਣ ਤੋਂ ਪਹਿਲਾਂ ਕਲਮਾਂ ਨੂੰ 24 ਘੰਟੇ ਲਈ 100 ਪੀ.ਪੀ.ਐਮ., ਆਈ.ਬੀ.ਏ ਦੇ ਘੋਲ ਵਿਚ ਚੰਗੀ ਜੜ੍ਹ ਲਿਆਉਣ ਲਈ ਡੁਬੋ ਦਿਓ। ਅੰਗੂਰਾਂ ਦੀਆਂ ਕਲਮਾਂ ਨੂੰ ਸਿਉਂਕ ਬਹੁਤ ਲੱਗਦੀ ਹੈ, ਇਸ ਦੀ ਰੋਕਥਾਮ ਲਈ ਥੋੜ੍ਹੇ-ਥੋੜ੍ਹੇ ਵਕਫੇ ਬਾਅਦ ਕਲੋਰਪਾਈਰੀਫਾਸ 3.75 ਮਿ. ਲੀ. ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਜ਼ਮੀਨ ਵਿਚ ਪਾਓ। ਟਹਿਣੀਆਂ ਦੇ ਸੌਕੇ ਦੇ ਰੋਗ ਤੋਂ ਬਚਾਉਣ ਲਈ ਵੇਲਾਂ ਨੂੰ ਬਾਵਿਸਟਨ 50 ਘੁਲਣਸ਼ੀਲ ਜਾਂ ਸਕੋਰ 25 ਈ ਸੀ (1.0 ਗ੍ਰਾਮ ਪ੍ਰਤੀ ਲੀਟਰ) ਪਾਣੀ ਵਿਚ ਘੋਲ ਕੇ ਮਾਰਚ ਤੋਂ ਸਤੰਬਰ ਮਹੀਨੇ ਤੱਕ ਬਦਲ- ਬਦਲ ਕੇ ਸਪਰੇਅ ਕਰੋ।
ਅਨਾਰ: ਅਨਾਰ ਦਾ ਨਸਲੀ ਵਾਧਾ ਪੱਕੀ ਲੱਕੜ ਦੀ ਕਲਮ ਰਾਹੀਂ ਦਸੰਬਰ-ਜਨਵਰੀ ਵਿਚ ਕੀਤਾ ਜਾਂਦਾ ਹੈ। ਅਨਾਰ ਦੇ ਪੌਦੇ ਵਪਾਰਕ ਪਧਰ ਉਤੇ ਪਿਛਲੇ ਸਾਲ ਦੀਆਂ ਸ਼ਾਖਾਵਾਂ ਤੋਂ 8-10 ਸੈਂ ਮੀ ਲੰਬਾਈ ਦੀਆਂ ਕਲਮਾਂ ਲੈ ਕੇ ਦਸੰਬਰ ਵਿਚ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਕਲਮਾਂ ਤੋਂ ਜੜ੍ਹ ਆਸਾਨੀ ਨਾਲ ਨਹੀਂ ਉਗਦੀ ਇਸ ਲਈ ਇਸ ਦੇ ਹੇਠਲੇ ਹਿਸੇ ਨੂੰ ਆਈ ਬੀ ਏ ਦਾ 100 ਪੀ ਪੀ ਐਮ ਦੇ ਘੋਲ ਵਿਚ 24 ਘੰਟਿਆਂ ਲਈ ਡੁਬੋ ਕੇ ਰਖੋ। ਫੇਰ ਇਨ੍ਹਾਂ ਦੇ 2/3 ਹਿਸੇ ਨੂੰ ਜ਼ਮੀਨ ਵਿਚ ਦਬ ਦਿਉ ਤਾਂ ਜੋ 1/3 ਹਿਸਾ ਬਾਹਰ ਰਹਿ ਜਾਵੇ। ਨਦੀ ਦੀ ਰੇਤ ਕਲਮਾਂ ਦੀਆਂ ਜੜ੍ਹਾਂ ਨੂੰ ਪੁੰਗਾਰਨ ਵਿਚ ਬਹੁਤ ਮਦਦ ਕਰਦੀ ਹੈ। ਦਸੰਬਰ-ਜਨਵਰੀ ਦਾ ਮਹੀਨਾ ਕਲਮਾਂ ਤਿਆਰ ਕਰਨ ਦਾ ਸਭ ਤੋਂ ਢੁਕਵਾਂ ਸਮਾਂ ਹੈ।


-ਐਮ ਐਸ ਰੰਧਾਵਾ ਫ਼ਲ ਖੋਜ ਕੇਂਦਰ, ਗੰਗੀਆਂ।

ਲਾਹੇਵੰਦ ਸਾਬਤ ਹੋ ਰਹੀ ਹਲਦੀ ਤੇ ਕੁਆਰ ਗੰਦਲ ਦੀ ਜੈਵਿਕ ਖੇਤੀ

ਕਿਸਾਨਾਂ ਲਈ ਮੌਜੂਦਾ ਦੌਰ 'ਚ ਹਲਦੀ ਅਤੇ ਐਲੋਵੇਰਾ (ਕੁਆਰ ਗੰਦਲ) ਦੀ ਜੈਵਿਕ ਖੇਤੀ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਜਿਥੇ ਇਸ ਨਾਲ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਹੋ ਰਿਹਾ, ਉੱਥੇ ਹੀ ਇਹ ਗਾਹਕਾਂ ਲਈ ਵੀ ਬੜੀਆਂ ਲਾਹੇਵੰਦ ਸਾਬਤ ਹੋ ਰਹੀਆਂ ਹਨ। ਐਲੋਵੇਰਾ (ਕੁਆਰ ਗੰਦਲ) ਦੀ ਹੋਈ ਖੋਜ 'ਚ ਪਾਇਆ ਗਿਆ ਹੈ ਕਿ ਇਹ ਕਈ ਤਰ੍ਹਾਂ ਦੇ ਰੋਗਾਂ ਦੇ ਨਿਧਾਨ ਲਈ ਲਾਭਦਾਇਕ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਪ੍ਰਯੋਗ ਨਾਲ ਅਲਸਰ, ਕਬਜ਼, ਭੁੱਖ ਨਾ ਲੱਗਣਾ, ਬਵਾਸੀਰ, ਹਾਜ਼ਮੇ ਦੀ ਸ਼ਿਕਾਇਤ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਮੁਹੱਈਆ ਕਰਾਏ ਜਾ ਰਹੇ ਤਕਨੀਕੀ ਸਹਿਯੋਗ ਨਾਲ ਅੰਮ੍ਰਿਤਸਰ ਦੇ ਪਿੰਡ ਤਰਸਿੱਕਾ 'ਚ ਹਲਦੀ ਅਤੇ ਐਲੋਵੇਰਾ ਦੀ ਖੇਤੀ ਕਰਨ ਵਾਲੇ ਮਾਸਟਰ ਸੁਲਤਾਨ ਸਿੰਘ ਦੱਸਦੇ ਹਨ ਕਿ ਐਲੋਵੇਰਾ ਭਾਰ ਨੂੰ ਘੱਟ ਕਰਨ ਅਤੇ ਸ਼ਕਤੀ ਵਧਾਉਣ 'ਚ ਬਹੁਤ ਜ਼ਿਆਦਾ ਲਾਭਦਾਇਕ ਹੈ। ਬਹੁਤ ਸਾਰੇ ਲੋਕ ਤਾਂ ਇਸ ਦਾ ਲਗਾਤਾਰ ਪ੍ਰਯੋਗ ਵਧੀਆ ਸਿਹਤ-ਲਾਭ ਪ੍ਰਾਪਤ ਕਰਨ ਲਈ ਵੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਖੋਜ 'ਚ ਇਹ ਵੀ ਪਾਇਆ ਗਿਆ ਹੈ ਕਿ ਐਲੋਵੇਰਾ ਜਦ ਪੀਤਾ ਜਾਂਦਾ ਹੈ ਤਾਂ ਇਹ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ ਅਤੇ ਟਿਊਮਰ ਦੇ ਰੋਗੀਆਂ 'ਚ ਖ਼ੂਨ ਦੇ ਪ੍ਰਵਾਹ ਨੂੰ ਨਿਯੰਤ੍ਰਿਤ ਕਰ ਕੇ ਰਾਹਤ ਪਹੁੰਚਾਉਂਦਾ ਹੈ। ਐਲੋਵੇਰਾ ਲੀਵਰ 'ਚ ਹਾਨੀਕਾਰਕ ਰਸਾਇਣਾਂ ਦੇ ਬੁਰੇ ਪ੍ਰਭਾਵਾਂ ਨੂੰ ਦੂਰ ਕਰਦਾ ਹੈ ਅਤੇ ਕੈਂਸਰ ਵਰਗੇ ਭਿਆਨਕ ਰੋਗ ਦੇ ਇਲਾਜ 'ਚ ਲਾਭਦਾਇਕ ਹੁੰਦਾ ਹੈ। ਇਸ 'ਚ ਐਲੋਮਨਨ ਪਾਇਆ ਜਾਂਦਾ ਹੈ, ਜੋ ਕਿਡਨੀ ਦੀਆਂ ਕੋਸ਼ਿਕਾਵਾਂ ਨੂੰ ਬਣਾਉਂਦਾ ਹੈ ਅਤੇ ਪੱਥਰੀ ਤੋਂ ਬਚਾਉਂਦਾ ਹੈ। ਦਵਾਈਆਂ ਦੇ ਵਧੇਰੇ ਪ੍ਰਯੋਗ ਨਾਲ ਸ਼ਰਾਬ ਦੇ ਬੁਰੇ ਪ੍ਰਭਾਵਾਂ ਅਤੇ ਪਾਚਨ ਪ੍ਰਣਾਲੀ ਦੀ ਖ਼ਰਾਬੀ ਨੂੰ ਦੂਰ ਕਰਦਾ ਹੈ। ਦਮੇ ਦੇ ਰੋਗ 'ਚ ਵੀ ਇਸ ਦੇ ਗੁਣਾਂ ਦੇ ਕਾਰਨ ਇਹ ਬਹੁਤ ਸਾਰੇ ਲੋਕਾਂ ਲਈ ਲਾਭਦਾਇਕ ਸਿੱਧ ਹੋਇਆ ਹੈ। ਇਸ ਦੀ ਵਰਤੋਂ ਨਾਲ ਖ਼ੂਨ 'ਚ ਕਲੈਸਟ੍ਰੋਲ ਦੀ ਮਾਤਰਾ, ਸ਼ੂਗਰ ਦੀ ਮਾਤਰਾ ਅਤੇ ਹੋਰ ਰਸਾਇਣ ਨਿਯੰਤਰਨ ਵਿਚ ਰਹਿੰਦੇ ਹਨ। ਐਲੋਵੇਰਾ ਸਾਡੇ ਸਰੀਰਕ ਇੰਸੁਲਿਨ ਨੂੰ ਵਧੇਰੇ ਮਾਤਰਾ 'ਚ ਬਚਾਉਣ 'ਚ ਸਹਾਇਕ ਸਿੱਧ ਹੁੰਦਾ ਹੈ। ਇਸ ਦੇ ਇਲਾਵਾ ਇਹ ਮੋਟਾਪਾ, ਸ਼ੂਗਰ, ਕਲੈਸਟ੍ਰੋਲ (ਵਸਾ), ਯੂਰਿਕ ਐਸਿਡ, ਜੋੜਾਂ ਦੇ ਦਰਦ (ਗੱਠੀਆ), ਬਲੱਡ ਪ੍ਰੈਸ਼ਰ, ਚਮੜੀ ਰੋਗਾਂ ਤੋਂ ਰਾਹਤ ਦੇਣ ਦੇ ਨਾਲ-ਨਾਲ ਸਫ਼ੈਦ ਵਾਲਾਂ ਅਤੇ ਵਾਲਾਂ ਦੇ ਝੜਨ ਤੋਂ ਰੋਕਣ 'ਚ ਮਦਦਗਾਰ ਸਾਬਤ ਹੋ ਰਿਹਾ ਹੈ।
ਗੋਹੇ ਦੀ ਰੂੜੀ ਅਤੇ ਗੰਡੋਆ ਖਾਦ ਤੋਂ ਤਿਆਰ ਕੀਤੀ ਸਟੀਮ ਦੁਆਰਾ ਤਿਆਰ ਤੇਲ ਯੁਕਤ ਹਲਦੀ ਬਾਰੇ ਉਨ੍ਹਾਂ ਨੇ ਦੱਸਿਆ ਜੈਵਿਕ ਵਿਧੀ ਨਾਲ ਉਗਾਈ ਹਲਦੀ ਜਿਥੇ ਕੈਂਸਰ ਰੋਕਣ ਵਾਲੀਆਂ ਦਵਾਈਆਂ 'ਚ ਵਰਤੀ ਜਾਂਦੀ ਹੈ। ਉੱਥੇ ਹੀ ਰੋਜ਼ਾਨਾ ਹਲਦੀ ਅੱਧਾ ਚਮਚ ਕੋਸੇ ਦੁੱਧ ਨਾਲ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ, ਸਰੀਰ ਸਾਰਾ ਦਿਨ ਊਰਜਾ ਭਰਪੂਰ ਰਹਿੰਦਾ ਹੈ, ਕਈ ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ। ਇਹ ਮਿਹਦੇ ਅਤੇ ਖ਼ੂਨ ਨੂੰ ਸਾਫ਼ ਕਰਦੀ ਹੈ, ਕੁਦਰਤੀ ਐਂਟੀ ਸੈਪਟਿਕ ਹੋਣ ਕਰਕੇ ਕਈ ਕਿਸਮ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੀ ਹੈ। ਹਲਦੀ ਦੇ ਹੋਰਨਾਂ ਲਾਭਾਂ ਬਾਰੇ ਮਾਸਟਰ ਸੁਲਤਾਨ ਸਿੰਘ ਦੱਸਦੇ ਹਨ ਕਿ ਇਹ ਹਰ ਤਰ੍ਹਾਂ ਦੇ ਪੈਦਾ ਹੋਣ ਵਾਲੇ ਕੈਂਸਰ ਦੇ ਸੈੱਲਾਂ ਨੂੰ ਬਣਨ ਤੋਂ ਰੋਕਦੀ ਹੈ। ਹਲਦੀ ਵਿਚ ਕਰੁਕਮਿਨ ਨਾਂਅ ਦਾ ਇਕ ਤੱਤ ਮੌਜੂਦ ਹੁੰਦਾ ਹੈ, ਇਸ ਨੂੰ ਕੈਂਸਰ ਦੇ ਇਲਾਜ ਵਜੋਂ ਵਰਤਿਆ ਜਾਂਦਾ ਹੈ। ਸਰੀਰ 'ਚ ਬਣੀਆਂ ਰਸੌਲੀਆਂ 'ਚ ਨਵੀਆਂ ਖ਼ੂਨ ਦੀਆਂ ਨਾੜੀਆਂ ਅਤੇ ਸੈਲਾਂ ਨੂੰ ਬਣਨ ਅਤੇ ਰਸੋਲੀ ਵਧਣ ਤੋਂ ਰੋਕਦੀ ਹੈ। ਚਮੜੀ ਦੀਆਂ ਕਈ ਬਿਮਾਰੀਆਂ ਜਿਵੇਂ ਕਿ ਦਾਗ਼, ਕਿੱਲ, ਛਾਈਆਂ ਆਦਿ ਨਹੀਂ ਪੈਣ ਦਿੰਦੀ, ਲਾਲ ਧੱਬੇ ਆਦਿ ਦੇ ਇਲਾਜ ਲਈ ਹਲਦੀ ਦਾ ਸੇਵਨ ਲਾਹੇਵੰਦ ਹੈ। ਇਸੇ ਤਰ੍ਹਾਂ ਜੋੜਾਂ ਦੇ ਦਰਦ ਅਤੇ ਸੋਜ 'ਚ ਹਲਦੀ ਦੇ ਸੇਵਨ ਨਾਲ ਰਾਹਤ ਮਿਲਦੀ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਇੰਸੁਲਿਨ ਦੇ ਪੱਧਰ ਨੂੰ ਠੀਕ ਰੱਖਦੀ ਹੈ। ਉਹ ਇਹ ਵੀ ਦਾਅਵਾ ਕਰਦੇ ਹਨ ਕਿ ਬਾਹਰੀ ਜਾਂ ਅੰਦਰੂਨੀ ਸੱਟ ਲੱਗਣ 'ਤੇ ਮਰੀਜ਼ ਨੂੰ ਹਲਦੀ ਦੁੱਧ 'ਚ ਘੋਲ ਕੇ ਪਿਲਾਉਣ ਨਾਲ ਦਰਦ ਘਟਦੀ ਹੈ, ਸੋਜ ਅਤੇ ਅੰਦਰੂਨੀ ਜ਼ਖ਼ਮ ਜਲਦੀ ਠੀਕ ਹੁੰਦੇ ਹਨ। ਡਿਸਕ ਸਰਵਾਈਕਲ ਦੀ ਸਮੱਸਿਆ ਹੋਣ 'ਤੇ ਹਲਦੀ ਦਾ ਸੇਵਨ ਲਾਹੇਵੰਦ ਹੈ। ਉਕਤ ਦੇ ਇਲਾਵਾ ਚਿਹਰੇ 'ਤੇ ਨਿਖਾਰ ਲਿਆਉਣ ਲਈ ਹਲਦੀ ਦਾ ਲੇਪ ਵੀ ਲਗਾਇਆ ਜਾ ਸਕਦਾ ਹੈ।

ਫ਼ਸਲੀ-ਵਿਭਿੰਨਤਾ ਪੱਖੋਂ ਕਿੰਨੂ ਦਾ ਭਵਿੱਖ

ਕਿੰਨੂ ਪੰਜਾਬ ਦਾ ਪ੍ਰਮੁੱਖ ਫ਼ਲ ਹੈ। ਪੰਜਾਬ ਵਿਚ ਫ਼ਲਾਂ ਦੀ ਕਾਸ਼ਤ ਥੱਲੇ 80 ਹਜ਼ਾਰ ਹੈਕਟੇਅਰ ਰਕਬੇ ਵਿਚੋਂ ਕਿੰਨੂ ਦੀ ਕਾਸ਼ਤ ਤਕਰੀਬਨ 63-64 ਫ਼ੀਸਦੀ ਰਕਬੇ 'ਤੇ ਕੀਤੀ ਹੋਈ ਹੈ। ਇਸ ਦੀ ਕਾਸ਼ਤ ਥੱਲੇ 49-50 ਹਜ਼ਾਰ ਹੈਕਟੇਅਰ ਦੇ ਕਰੀਬ ਰਕਬਾ ਹੈ। ਕਿੰਨੂ ਆਪਣੇ ਪੂਰੇ ਰੂਪ ਵਿਚ ਅੱਧ ਜਨਵਰੀ ਤੋਂ ਅੱਧ ਫਰਵਰੀ ਦੇ ਸਮੇਂ ਦੇ ਦੌਰਾਨ ਆਉਂਦਾ ਹੈ ਪ੍ਰੰਤੂ ਠੇਕੇਦਾਰ ਪ੍ਰਣਾਲੀ ਹੋਣ ਕਾਰਨ ਇਸ ਦੀ ਕਾਫ਼ੀ ਮਾਤਰਾ ਹੁਣ ਨਵੰਬਰ ਵਿਚ ਹੀ ਤੋੜ ਲਈ ਜਾਂਦੀ ਹੈ। ਤਲਵੰਡੀ ਸਾਬੋ ਨੇੜੇ ਬੁਰਜ ਮਾਨਸਾ ਪਿੰਡ ਦੇ ਕੁਝ ਉਤਪਾਦਕਾਂ ਨੇ ਦਸੰਬਰ ਤੱਕ ਹੀ 1.5 ਲੱਖ ਤੋਂ 2 ਲੱਖ ਰੁਪਏ ਪ੍ਰਤੀ ਏਕੜ ਤੱਕ ਵੱਟ ਲਏ ਸਨ। ਉਹ ਆਪਣੇ ਬਾਗ਼ਾਂ ਦਾ ਫ਼ਲ ਜੂਸ ਲਈ ਸ਼ਹਿਰਾਂ ਦੇ ਵਿਕਰੇਤਾਵਾਂ ਨੂੰ ਵੇਚਦੇ ਸਨ। ਜਿਨ੍ਹਾਂ ਕਿਸਾਨਾਂ ਨੇ ਆਪਣੇ ਬਾਗ਼ ਠੇਕੇ 'ਤੇ ਦਿੱਤੇ ਹੋਏ ਹਨ, ਉਨ੍ਹਾਂ ਨੇ ਵੀ ਚੋਖੀ ਵੱਟਤ ਕੀਤੀ ਹੈ। ਬਠਿੰਡਾ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਬਲਜੀਤ ਸਿੰਘ ਵਿਰਕ ਨੇ ਆਪਣਾ 3 ਏਕੜ ਬਾਗ਼ 4 ਲੱਖ ਰੁਪਏ 'ਚ ਠੇਕੇ 'ਤੇ ਦਿੱਤਾ ਹੈ। ਇਸ ਸਾਲ ਕਿੰਨੂ ਉਤਪਾਦਕ ਬੜੇ ਖੁਸ਼ ਹਨ। ਭਾਅ ਬੜਾ ਲਾਹੇਵੰਦ ਹੈ। ਪ੍ਰਚੂਨ 'ਚ ਵਧੀਆ ਆਕਾਰ ਵਾਲਾ ਫ਼ਲ 40 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ। ਜਿਸ ਵਿਚੋਂ ਉਤਪਾਦਕ ਨੂੰ 20 ਰੁਪਏ ਪ੍ਰਤੀ ਕਿੱਲੋ ਦੇ ਭਾਅ ਵਸੂਲ ਹੋ ਰਹੇ ਹਨ। ਦੋਇਮ ਤੇ ਸੋਇਮ ਦਰਜੇ ਦਾ ਫ਼ਲ 20 ਤੋਂ 25 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਉਤਪਾਦਕਾਂ ਨੂੰ 12 ਤੋਂ 20 ਰੁਪਏ ਦਰਮਿਆਨ ਪ੍ਰਤੀ ਕਿੱਲੋ ਦਾ ਭਾਅ ਵਸੂਲ ਹੋ ਰਿਹਾ ਹੈ। ਮੁਕਤਸਰ ਜ਼ਿਲ੍ਹੇ ਦੇ ਅਬੁਲ ਖੁਰਾਨਾ ਪਿੰਡ ਦੇ ਕੁਝ ਬਾਗ਼ਬਾਨਾਂ ਨੇ ਟਿੱਬਿਆਂ 'ਤੇ ਵੀ ਕਿੰਨੂ ਲਾਇਆ ਹੋਇਆ ਹੈ ਜੋ ਚੰਗੀ ਕਮਾਈ ਕਰ ਰਹੇ ਹਨ। ਮੁਕਤਸਰ ਜ਼ਿਲ੍ਹੇ ਦੇ ਕੁਝ ਕਿਸਾਨਾਂ ਨੇ ਕਿਹਾ ਕਿ ਉਹ ਝੋਨਾ ਨਹੀਂ ਲਾਉਣਗੇ ਸਗੋਂ ਉਹ ਝੋਨੇ ਦੀ ਥਾਂ ਕਿੰਨੂ ਲਗਾਉਣ ਨੂੰ ਤਰਜੀਹ ਦੇਣਗੇ ਜੇ ਸਰਕਾਰ ਤੁਪਕਾ ਸਿੰਜਾਈ ਤੇ ਸਬਸਿਡੀ ਦੀ ਰਕਮ ਵਧਾ ਦੇਵੇ। ਇਸ ਸਾਲ ਕਿੰਨੂ ਉਤਪਾਦਕ ਸਣੇ ਆਲੂ ਤੇ ਮਟਰ ਬੀਜਣ ਵਾਲੇ ਬੜੇ ਖੁਸ਼ ਹਨ ਅਤੇ ਉਹ ਫ਼ਸਲੀ-ਵਿਭਿੰਨਤਾ ਸਬੰਧੀ ਸੋਚਣ ਲੱਗ ਪਏ ਹਨ।
ਪੰਜਾਬ ਦਾ ਕਿੰਨੂ ਦਿੱਲੀ, ਬੰਗਲੋਰ, ਚੇਨਈ, ਹੈਦਰਾਬਾਦ, ਬਰਮਾ, ਭੁਟਾਨ, ਸ੍ਰੀਲੰਕਾ, ਥਾਈਲੈਂਡ ਅਤੇ ਹਾਂਗਕਾਂਗ ਦੇ ਦੇਸ਼ਾਂ ਵਿਚ ਵੀ ਖਪਤਕਾਰਾਂ ਦੀ ਪੰਸਦ ਬਣਿਆ ਹੋਇਆ ਹੈ। ਪਰ ਕਿੰਨੂ ਫ਼ਲ ਦਾ ਤਾਂ ਹੀ ਭਾਅ ਮਿਲਦਾ ਹੈ ਅਤੇ ਐਕਸਪੋਰਟ ਲਈ ਮੁੱਲ ਪੈਂਦਾ ਹੈ ਜੇ ਇਸ ਨੂੰ ਉਸ ਸਮੇਂ ਤੋੜਿਆ ਜਾਵੇ ਜਦੋਂ ਇਸ ਦਾ ਪੂਰਾ ਆਕਾਰ, ਛਿਲਕੇ ਦਾ ਰੰਗ ਅਤੇ ਅੰਦਰੂਨੀ ਹਿੱਸੇ ਦੀ ਗੁਣਵੱਤਾ ਬਣ ਜਾਵੇ। ਇਸ ਨੂੰ ਪੂਰਾ ਪੱਕਣ ਤੋਂ ਬਾਅਦ ਹੀ ਤੋੜਿਆ ਜਾਵੇ। ਇਸ ਦਾ ਮਿਆਰ ਬਣਾਈ ਰੱਖਣ ਲਈ ਤੁੜਾਈ ਕਲਿੱਪਰ ਨਾਲ ਕਰਨੀ ਚਾਹੀਦੀ ਹੈ। ਫਲ ਨੂੰ ਕਦੇ ਵੀ ਹੱਥ ਨਾਲ ਖਿੱਚ ਕੇ ਨਹੀਂ ਤੋੜਨਾ ਚਾਹੀਦਾ। ਤੁੜਾਈ ਸਵੇਰ ਵੇਲੇ ਹੀ ਕੀਤੀ ਜਾਵੇ ਪਰ ਫ਼ਲਾਂ ਉੱਤੇ ਤਰੇਲ ਨਾ ਪਈ ਹੋਵੇ ਅਤੇ ਮੌਸਮ ਵਿਚ ਸਿੱਲ੍ਹਾਪਣ ਨਾ ਹੋਵੇ। ਤੁੜਾਈ ਉਪਰੰਤ ਫ਼ਲ ਨੂੰ ਸਾਫ ਪਾਣੀ ਨਾਲ ਧੋ ਕੇ ਛਾਵਂੇ ਰੱਖ ਦੇਣਾ ਚਾਹੀਦਾ ਹੈ। ਫੇਰ ਮੰਡੀਕਰਨ ਤੋਂ ਪਹਿਲਾਂ ਇਸ ਦੀ ਦਰਜਾਬੰਦੀ ਆਕਾਰ ਮੁਤਾਬਕ ਕਰਨੀ ਚਾਹੀਦੀ ਹੈ। ਫ਼ਲਾਂ ਉੱਪਰ ਮੋਮ ਵੀ ਚੜ੍ਹਾਈ ਜਾਂਦੀ ਹੈ ਤਾਂ ਜੋ ਦਿੱਖ ਵਧੀਆ ਲੱਗੇ ਅਤੇ ਫ਼ਲ ਨੂੰ ਜ਼ਿਆਦਾ ਸਮੇਂ ਲਈ ਰੱਖਿਆ ਜਾ ਸਕੇ। ਮੌਮ ਫ਼ਲ ਵਿਚ ਪਾਣੀ ਦੀ ਮਾਤਰਾ ਨੂੰ ਬਣਾਈ ਰੱਖਦੀ ਹੈ। ਜਿਸ ਨਾਲ ਢੋਆ-ਢੁਆਈ ਅਤੇ ਮੰਡੀਕਰਨ ਦੌਰਾਨ ਖਪਤਕਾਰ ਨੂੰ ਫ਼ਲ ਦੀ ਗੁਣਵੱਤਾ ਭਾਂਪਦੀ ਹੈ। ਕਿੰਨੂ ਦੀ ਹਰਮਨ ਪਿਆਰਤਾ ਨੇ ਮਾਲਟਾ ਤੇ ਸੰਤਰਾ ਪਿੱਛੇ ਛੱਡ ਦਿੱਤੇ ਹਨ ਅਤੇ ਨਿੰਬੂ ਜਾਤੀ ਦੇ ਸਾਰੇ ਫ਼ਲਾਂ ਦੇ ਨਾਲੋਂ ਕਿੰਨੂ ਖਪਤਕਾਰਾਂ ਦੀ ਖਿੱਚ ਬਣ ਗਿਆ। ਪੰਜਾਬ ਵਿਚ ਕਿੰਨੂਆਂ ਦੀ ਕਾਸ਼ਤ ਜਾਂ ਤਾਂ ਕੰਡੀ ਦੇ ਇਲਾਕੇ ਵਿਚ (ਹੁਸ਼ਿਆਰਪੁਰ ਜ਼ਿਲ੍ਹੇ ਵਿਚ) ਕੀਤੀ ਜਾਂਦੀ ਹੈ ਜਾਂ ਅਬੋਹਰ, ਮੁਕਤਸਰ, ਫ਼ਾਜ਼ਿਲਕਾ ਆਦਿ ਇਲਾਕਿਆਂ 'ਚ। ਰਾਜਸਥਾਨ ਦੇ ਗੰਗਾਨਗਰ ਇਲਾਕੇ ਵਿਚ ਵੀ ਕਿੰਨੂ ਦੀ ਭਰਪੂਰ ਕਾਸ਼ਤ ਹੈ। ਕੰਡੀ ਦੇ ਇਲਾਕੇ ਵਿਚ ਪੈਦਾ ਹੋਏ ਫ਼ਲ ਵਿਚ ਜੂਸ ਦੀ ਮਿਠਾਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਛਿਲਕਾ ਪਤਲਾ ਹੁੰਦਾ ਹੈ ਜਦੋਂ ਕਿ ਅਬੋਹਰ, ਫਾਜ਼ਿਲਕਾ (ਦੱਖਣ-ਪੱਛਮੀ ਜ਼ਿਲ੍ਹਿਆਂ) ਆਦਿ ਇਲਾਕਿਆਂ ਵਿਚ ਪੈਦਾ ਹੋਏ ਕਿੰੰਨੂ ਦਾ ਆਕਾਰ ਵਧੀਆ ਹੁੰਦਾ ਹੈ। ਪੰਜਾਬ ਸਰਕਾਰ ਕਿੰਨੂ ਦੀ ਵਿਕਰੀ ਤੇ ਕਾਸ਼ਤ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਬਾਗ਼ਬਾਨੀ ਵਿਭਾਗ 27 ਜਨਵਰੀ ਨੂੰ ਅਬੋਹਰ ਵਿਖੇ ਨਿੰਬੂ ਜਾਤੀ ਦੇ ਫ਼ਲਾਂ ਦੀ ਪ੍ਰਦਰਸ਼ਨੀ ਲਗਾ ਰਿਹਾ ਹੈ ਜਿਸ ਵਿਚ ਕਿੰਨੂ ਦੀ ਪ੍ਰਧਾਨਤਾ ਹੋਵਗੀ। ਦੱਖਣੀ ਭਾਰਤ ਦੇ ਸ਼ਹਿਰਾਂ ਵਿਚ ਵੀ ਕਿੰਨੂ ਦੀ ਮੰਗ ਵਧ ਰਹੀ ਹੈ ਕਿਉਂਕਿ ਉੱਥੇ ਭੇਜੇ ਜਾ ਰਹੇ ਕਿੰਨੂ ਦੀ ਆਕਰਸ਼ਿਤ ਦਿੱਖ ਵਧੀਆ ਹੈ ਅਤੇ ਜੂਸ ਦਾ ਮਿਆਰ ਚੰਗਾ ਹੈ। ਲਾਹੇਵੰਦ ਮੰਡੀਕਰਨ ਲਈ ਫ਼ਲ ਨੂੰ ਦਰਜਾਬੰਦੀ ਕਰ ਕੇ ਫਾਈਬਰ ਬੋਰਡ ਜਾਂ ਗੱਤਿਆਂ ਦੇ ਡੱਬਿਆਂ ਵਿਚ ਪੈਕ ਕਰ ਕੇ ਭੇਜਣਾ ਚਾਹੀਦਾ ਹੈ।
ਬਾਗ਼ਬਾਨੀ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਕਿੰਨੂ ਦੇ ਬੂਟਿਆਂ 'ਤੇ ਫ਼ਲ ਬਹੁਤ ਲੱਗਦਾ ਹੈ। ਤਕਰੀਬਨ 400 - 500 ਕਿੰਨੂ ਪ੍ਰਤੀ ਬੂਟਾ ਵੀ ਵੇਖੇ ਜਾਂਦੇ ਹਨ। ਜਦੋਂ ਤੱਕ ਦਰੱਖਤ ਪੰਜ ਸਾਲ ਦਾ ਨਾ ਹੋ ਜਾਵੇ ਕੁਝ ਫ਼ਲ ਤੋੜ ਦੇਣਾ ਚਾਹੀਦਾ ਹੈ। ਇਸ ਨੂੰ ਬਰਸਾਤ ਦੇ ਮੌਸਮ ਅਤੇ ਮੌਸਮ ਬਹਾਰ ਵਿਚ ਵੀ ਲਗਾਇਆ ਜਾ ਸਕਦਾ ਹੈ। ਪ੍ਰੰਤੂ ਅਗਸਤ-ਸਤੰਬਰ ਵਿਚ ਲਗਾਉਣਾ ਬਿਹਤਰ ਹੋਵੇਗਾ ਕਿਉਂਕਿ ਬੂਟਾ ਮਰੇਗਾ ਨਹੀਂ। ਵਧੀਆ ਨਰਸਰੀ ਤੋਂ ਬੂਟੇ ਲਏ ਜਾਣੇ ਚਾਹੀਦੇ ਹਨ। ਬੂਟੇ ਕਾਸ਼ਤ ਕਰਨ ਲੱਗਿਆਂ ਰੂੜੀ ਖਾਦ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਸਿਊਂਕ ਤੋਂ ਬੂਟੇ ਨੂੰ ਬਚਾਉਣ ਲਈ ਕਲੋਰੋਪਾਇਰੋਫਾਸ ਪਾ ਦੇਣੀ ਚਾਹੀਦੀ ਹੈ।
ਕਿੰਨੂ ਵਿਚ ਵਿਟਾਮਿਨ 'ਸੀ' ਦੀ ਮਾਤਰਾ ਮਾਲਟੇ ਅਤੇ ਸੰਤਰੇ ਨਾਲੋਂ ਜ਼ਿਆਦਾ ਹੈ ਅਤੇ ਇਸ ਵਿਚ ਦੂਜੇ ਫ਼ਲਾਂ ਦੇ ਮੁਕਾਬਲੇ 2.5 ਗੁਣਾ ਕੈਲਸ਼ੀਅਮ ਵੀ ਜ਼ਿਆਦਾ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਕਿੰਨੂ ਦੇ ਬੂਟਿਆਂ ਵਿਚ ਲਿਮੋਨਿਲ ਬਹੁਤ ਹੈ ਜੋ ਕੈਂਸਰ ਨੂੰ ਰੋਕਣ ਵਿਚ ਸਹਾਈ ਹੁੰਦਾ ਹੈ। ਅੱਜ ਕਿੰਨੂ ਪੰਜਾਬ ਦੇ ਰਾਜਾ ਫ਼ਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਤੇ ਫ਼ਸਲੀ-ਵਿਭਿੰਨਤਾ ਲਿਆਉਣ ਦੀਆਂ ਆਸਾਂ ਲੱਗੀਆਂ ਹੋਈਆਂ ਹਨ।
ਕਿੰਨੂ ਹਾਈਬ੍ਰਿਡ ਫ਼ਲ ਹੈ ਜਿਸ ਦਾ ਵਿਕਾਸ ਅਮਰੀਕਾ ਦੇ ਕੈਲੀਫੋਰਨੀਆ ਵਿਚ ਰਿਵਰਸਾਈਡ ਵਿਖੇ ਕਿੰਗ ਤੇ ਵਿੱਲੋ ਨਾਰੰਗੀਆਂ ਦੇ ਕਰਾਸ ਨਾਲ ਹੋਇਆ। ਮੁਲਕ ਦੀ ਵੰਡ ਹੋਣ ਤੋਂ ਪਹਿਲਾਂ ਇਹ ਫ਼ਲ ਪੰਜਾਬ ਵਿਚ ਸੰਨ 1935 ਵਿਚ ਰਿਲੀਜ਼ ਕੀਤਾ ਗਿਆ। ਇਸ ਵੇਲੇ ਪਾਕਿਸਤਾਨ ਕਿੰਨੂ ਦੇ ਉਤਪਾਦਨ ਵਿਚ ਅੱਗੇ ਹੈ ਪ੍ਰੰਤੂ ਕਿੰਨੂ ਦਾ ਵਿਕਾਸ ਪਾਕਿਸਤਾਨ ਵਿਚ ਨਹੀਂ ਹੋਇਆ।


-ਮੋਬਾਈਲ : 98152-36307

ਲਾਹੇਵੰਦ ਸ਼ੌਕ-ਘਰੇਲੂ ਬਗੀਚੀ

ਆਮ ਤੌਰ 'ਤੇ ਮਨੁੱਖ ਰੋਜ਼ਮਰ੍ਹਾ ਦੇ ਕੰਮਕਾਜ ਦੇ ਰੁਝੇਵੇਂ ਵਿਚੋਂ ਕੁਝ ਸਮਾਂ ਬਚਾ ਕੇ ਆਪਣੇ ਸ਼ੌਕ ਪੂਰਤੀ ਲਈ ਲਾਉਂਦਾ ਹੈ। ਖਾਸ ਗੁਣਾਂ ਦੇ ਧਾਰਨੀ ਜਾਂ ਹੁਨਰਮੰਦ ਵਿਅਕਤੀ ਨੂੰ ਤਾਂ ਸ਼ੌਕ ਆਪ-ਮੁਹਾਰੇ ਹੀ ਮਿਲ ਜਾਂਦਾ ਹੈ। ਸਾਹਿਤਕ ਰੁਚੀ ਰੱਖਣ ਵਾਲੇ ਸਾਹਿਤ ਵੱਲ, ਗੀਤ ਸੰਗੀਤ ਦੇ ਰਸੀਏ ਗਾਉਣ ਵਜਾਉਣ ਵੱਲ, ਸਮਾਜ ਸੇਵੀ ਲੋਕ ਸੇਵਾ ਵੱਲ, ਧਾਰਮਿਕ ਪ੍ਰਵਿਰਤੀ ਵਾਲੇ ਧਾਰਮਿਕ ਕੰਮ ਕਰਕੇ ਆਪਣਾ ਸ਼ੌਕ ਪੂਰਾ ਕਰ ਲੈਂਦੇ ਹਨ। ਪਰੰਤੂ ਸਮਾਜ ਵਿਚ ਬਹੁਤ ਲੋਕੀਂ ਹਨ ਜਿਹੜੇ ਕੋਈ ਖਾਸ ਗੁਣ ਦੇ ਮਾਲਕ ਨਾ ਹੋਣ ਦੇ ਬਾਵਜੂਦ ਵੀ ਕੁਦਰਤ ਦੀ ਰਚਨਾ ਹਰਿਆਲੀ ਨਾਲ ਪਿਆਰ ਕਰਦੇ ਹਨ ਅਤੇ ਪੇੜ ਪੌਦਿਆਂ ਨੂੰ ਪ੍ਰਫੁਲਿੱਤ ਹੁੰਦੇ ਵੇਖ ਅੰਤਰੀਵੀ ਖੁਸ਼ੀ ਮਹਿਸੂਸ ਕਰਦੇ ਹੋਏ ਵਾਧੂ ਸਮਾਂ ਗੁਜ਼ਾਰਦੇ ਹਨ। ਘਰੇਲੂ ਬਗੀਚੀ ਵੀ ਉਸੇ ਸ਼ੌਕ ਵੀ ਵਿਚੋਂ ਇਕ ਹੈ। ਹਥਲੇ ਲੇਖ ਵਿਚ ਘਰੇਲੂ ਬਗੀਚੀ ਬਾਰੇ ਹੀ ਕੁਝ ਵਿਚਾਰ ਪੇਸ਼ ਹਨ ।
ਕੁਦਰਤ ਦਾ ਪਸਾਰਾ ਹਰੀ ਭਰੀ ਬਨਸਪਤੀ ਦਾ ਮੋਹ ਕੁਦਰਤ ਦੀ ਹੀ ਉਪਜ ਮਨੁੱਖ ਦੀ ਫਿਤਰਤ ਵਿਚ ਸੁਭਾਵਿਕ ਹੀ ਹੁੰਦਾ ਹੈ। ਹੋਵੇ ਵੀ ਕਿਉਂ ਨਾ ਕਿਉਂਕਿ ਵਾਤਾਵਰਨ ਦੀ ਤਾਜ਼ਗੀ, ਨਵਾਂਪਣ, ਸ਼ੁੱਧਤਾ ਅਤੇ ਖੂਬਸੂਰਤੀ ਦਾ ਸੋਮਾ ਹੀ ਬਨਸਪਤੀ ਹੈ। ਆਖਰ ਹਰ ਜਿਊਂਦੇ ਜੀਅ ਦੀ ਖੁਰਾਕ ਦੀ ਪ੍ਰਾਪਤੀ ਧਰਤੀ 'ਤੇ ਉੱਗ ਰਹੀ ਬਨਸਪਤੀ ਤੋਂ ਹੀ ਹੁੰਦੀ ਹੈ। ਮਨੁੱਖ ਦੀ ਖੁਰਾਕ ਵਿਚ ਰੋਜ਼ ਵਰਤੋਂ ਵਿਚ ਆਉਣ ਵਾਲੇ ਫਲ ਅਤੇ ਸਾਗ, ਸਬਜ਼ੀ ਦਾ ਸਥਾਨ ਸਿਰਫ਼ ਖਾਸ ਹੀ ਨਹੀਂ ਸਗੋਂ ਅਨਿੱਖੜਵਾਂ ਹੈ। ਸਾਗ ਸਬਜ਼ੀ ਦੇ ਉਪਭੋਗਤਾਵਾਂ ਉੱਤੇ ਕਾਸ਼ਤਕਾਰਾਂ ਦਾ ਇਕ ਤਰ੍ਹਾਂ ਦਾ ਰਿਣ ਹੈ।
ਸਬਜ਼ੀ ਫਰੂਟ ਆਦਿ ਦੀ ਉਪਲੱਬਧਤਾ ਮੰਡੀ ਜਾਂ ਸਬਜ਼ੀ ਵਿਕ੍ਰੇਤਾ ਤੋਂ ਹੁੰਦੀ ਹੈ। ਪਰੰਤੂ ਆਮ ਤੌਰ 'ਤੇ ਵੇਖਣ ਵਿਚ ਆ ਰਿਹਾ ਹੈ ਕਿ ਆਮ ਸ਼ਹਿਰੀ ਨੂੰ ਇਹ ਖਾਣ ਸਮੱਗਰੀ ਸ਼ੁੱਧ ਅਤੇ ਦੋਸ਼ ਰਹਿਤ ਮਿਲਣੀ ਦੁਰਲੱਭ ਹੋ ਗਈ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਲੋਕ ਗੰਭੀਰ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਵਰਤਮਾਨ ਲੋਕਤੰਤਰੀ ਤਾਣੇ-ਬਾਣੇ ਵਿਚ ਲੋਕਾਂ ਦੀਆਂ ਲੱਖ ਕੋਸ਼ਿਸ਼ਾਂ ਅਤੇ ਸਰਕਾਰਾਂ ਦੇ ਦਾਅਵਿਆਂ ਦੇ ਬਾਵਜੂਦ ਪ੍ਰਦੂਸ਼ਿਤ ਚੀਜ਼ਾਂ ਦਾ ਵਿਕਣਾ ਬੰਦ ਨਹੀਂ ਹੋ ਰਿਹਾ ਹੈ। ਆਪਣੀ ਰੋਜ਼ਾਨਾ ਜ਼ਰੂਰਤ ਪੂਰੀ ਕਰਨ ਲਈ ਘਰੇਲੂ ਬਗੀਚੀ ਨੂੰ ਬਣਾਉਣ ਅਤੇ ਦੇਖ ਭਾਲ ਲਈ ਦਿਲਚਸਪੀ ਲੈਣੀ ਹੋਵੇਗੀ। ਛੋਟੀਆਂ ਕਿਆਰੀਆਂ ਵਿਚ ਜਿੱਥੇ ਹਵਾ ਅਤੇ ਧੁੱਪ ਦੀ ਪਹੁੰਚ ਹੋਵੇ ਇਹ ਸ਼ੌਕ ਪੂਰਾ ਕੀਤਾ ਜਾ ਸਕਦਾ ਹੈ। ਗਮਲਿਆਂ ਜਾਂ ਘਰਾਂ ਦੀਆਂ ਛੱਤਾਂ 'ਤੇ ਵੀ ਸਬਜ਼ੀ ਉਗਾਈ ਜਾ ਸਕਦੀ ਹੈ। ਸ਼ੌਕ ਦਾ ਕੋਈ ਮੁੱਲ ਨਹੀਂ ਪਰ ਇਹ ਸ਼ੌਕ ਤਾਂ ਨਾਲੇ ਪੁੰਨ ਤੇ ਨਾਲੇ ਫਲੀਆਂ। ਵਡੇਰੀ ਉਮਰ ਵਾਲਿਆਂ ਵਾਸਤੇ ਤਾਂ ਇਹ ਸ਼ੌਕ ਬਹੁਤ ਮੁਫ਼ੀਦ ਹੈ।
ਪਰੰਤੂ ਧਿਆਨ ਰਹੇ ਕਿ ਕਿਚਨ ਗਾਰਡਨਿੰਗ ਰਾਹੀਂ ਪੈਦਾ ਕੀਤੀ ਕੋਈ ਵੀ ਖਾਣ ਸਮੱਗਰੀ ਰਸਾਇਣਕ ਜਾਂ ਜ਼ਹਿਰੀਲੇ ਖਾਦਾਂ ਅਤੇ ਸਪਰੇਆਂ ਤੋਂ ਰਹਿਤ ਹੋਵੇ, ਬਿਲਕੁਲ ਸ਼ੁੱਧ ਆਰਗੈਨਿਕ, ਤਾਂ ਹੀ ਕਿਚਨ ਗਾਰਡਨਿੰਗ ਸਾਰਥਿਕ ਹੋਵੇਗੀ। ਕੈਮੀਕਲ ਖਾਦ ਦੀ ਥਾਂ ਨਿਰੋਲ ਦੇਸੀ ਖਾਦ ਹੀ ਇਸਤੇਮਾਲ ਕੀਤੀ ਜਾਵੇ। ਘਰ ਦੀ ਗਿੱਲੀ ਰਹਿੰਦ-ਖੂਹੰਦ ਤੋਂ ਕੰਪੋਸਟ ਖਾਦ ਵੀ ਬਣਾਈ ਜਾ ਸਕਦੀ ਹੈ। ਨੁਕਸਾਨਦੇਹ ਕੀੜੇ ਮਕੌੜਿਆਂ ਦੀ ਰੋਕ ਥਾਮ ਵੀ ਆਰਗੈਨਿਕ ਸਪਰੇਅ ਨਾਲ ਹੀ ਕੀਤੀ ਜਾਵੇ ।
ਘਰੇਲੂ ਬਗੀਚੀ ਵਿਚ ਕੀਤੀ ਥੋੜ੍ਹੀ ਮਿਹਨਤ ਨਾਲ ਜਿੱਥੇ ਸਰੀਰਕ ਕਸਰਤ ਰਾਹੀਂ ਅਤੇ ਥੋੜ੍ਹਾ ਪਸੀਨਾ ਵਹਾ ਕੇ ਸਰੀਰ ਨੂੰ ਫਾਇਦਾ ਮਿਲਦਾ ਹੈ, ਸ਼ੁੱਧ ਹਵਾ ਦਾ ਸੇਵਨ ਹੁੰਦਾ ਹੈ, ਹਰਿਆਲੀ ਆਪ-ਮੁਹਾਰੇ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦਗਾਰ ਹੁੰਦੀ ਹੈ ਉੱਥੇ ਦਿਲ ਅਤੇ ਦਿਮਾਗ ਦੀ ਖੁਰਾਕ ਤਾਜ਼ਗੀ ਅਤੇ ਖੇੜਾ ਪ੍ਰਦਾਨ ਹੁੰਦਾ ਹੈ ਅਤੇ ਤਾਜ਼ਾ, ਸਾਫ-ਸੁਥਰੀ ਸ਼ੁੱਧ ਚੀਜ਼ ਦੀ ਵਰਤੋਂ ਨਾਲ ਬਹੁਤ ਵੱਡਾ ਮਨੋਵਿਗਿਆਨਕ ਲਾਭ ਵੀ ਪੁੱਜਦਾ ਹੈ ।
ਇਸ ਤੋਂ ਇਲਾਵਾ ਘਰੇਲੂ ਬਗੀਚੀ ਵਿਚ ਕੀਤੀ ਥੋੜ੍ਹੀ ਮਿਹਨਤ ਦਾ ਫਲ ਵੀ ਫੌਰੀ ਤੌਰ 'ਤੇ ਆਰਥਿਕ ਪੱਖੋਂ ਮਿਲਣਾ ਸ਼ੁਰੂ ਹੋ ਜਾਂਦਾ ਹੈ, ਬਲਕਿ ਮੱਧ ਸ਼੍ਰੇਣੀ ਦੇ ਅਰਥਚਾਰੇ ਨੂੰ ਤਾਂ ਕਾਫੀ ਸਹਾਰਾ ਮਿਲਦਾ ਹੈ। ਜੋ ਤਾਜ਼ਾ ਸਬਜ਼ੀ ਤੁਹਾਨੂੰ ਅਪਣੇ ਬਗੀਚੇ ਤੋਂ ਮਿਲ ਸਕਦੀ ਹੈ ਉਹ ਮੰਡੀ ਤੋਂ ਸ਼ਾਇਦ ਹੀ ਕਦੇ ਨਸੀਬ ਹੋਵੇ। ਛੋਟੀਆਂ ਚੀਜ਼ਾਂ ਜਿਵੇਂ ਹਰੀ ਮਿਰਚ, ਹਰਾ ਧਨੀਆ, ਪੁਦੀਨਾ, ਟਮਾਟਰ ਆਦਿ ਵਾਸਤੇ ਹੋਰ ਕੰਮ ਛੱਡ ਕੇ ਬਾਜ਼ਾਰ ਦੇ ਚੱਕਰ ਨਹੀਂ ਲਾਉਣੇ ਪੈਣਗੇ। ਇਹ ਸਮਝ ਲਓ ਕਿ ਘਰੇਲੂ ਬਗੀਚੀ ਦੀ ਦੇਖ ਭਾਲ ਵਿਚ ਜੇਕਰ ਸਮਾਂ ਲਗਦਾ ਹੈ ਤਾਂ ਬਚਦਾ ਵੀ ਹੈ। ਅੱਜ ਲੋੜ ਹੈ ਸ਼ੁੱਧ ਖੁਰਾਕ ਦੀ ਅਹਿਮੀਅਤ ਅਤੇ ਜ਼ਰੂਰਤ ਨੂੰ ਸਮਝਣ ਦੀ ਅਤੇ ਅਵੇਸਲਾਪਣ ਛੱਡ ਘਰੇਲੂ ਬਗੀਚੀ ਦੀ ਮੁਹਿੰਮ ਨੂੰ ਸ਼ਹਿਰ ਸ਼ਹਿਰ, ਪਿੰਡ ਪਿੰਡ ਵਿਚ ਵਿਕਸਿਤ ਕਰਨ ਦੀ ।


# 164, ਜ਼ੈਲ ਸਿੰਘ ਨਗਰ ਰੋਪੜ।
ਮੋਬਾਈਲ : 94171-89547.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX