ਤਾਜਾ ਖ਼ਬਰਾਂ


ਬਜਟ ਇਜਲਾਸ : ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਨਹੀਂ ਦਿੱਤੇ ਸਮਾਰਟ ਫ਼ੋਨ- ਅਮਨ ਅਰੋੜਾ
. . .  14 minutes ago
ਬਜਟ ਇਜਲਾਸ : ਸਪੀਕਰ ਨੇ ਪੱਖਪਾਤ ਕੀਤਾ, ਸਾਨੂੰ ਕਿਹਾ ਕਿ ਅਖੀਰ 'ਚ ਬੋਲਣ ਦਿਆਂਗੇ ਪਰ ਬੋਲਣ ਨਹੀਂ ਦਿੱਤਾ- ਮਜੀਠੀਆ
. . .  15 minutes ago
ਬਜਟ ਇਜਲਾਸ : ਟੀਨੂੰ ਤੇ ਹੋਰ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਰਕਾਰ ਤੇ ਮੁੱਖ ਮੰਤਰੀ ਕੋਲ ਕੋਈ ਜਵਾਬ ਨਹੀਂ
. . .  16 minutes ago
ਸੰਦੌੜ ਵਿਖੇ ਕਿਸਾਨ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  22 minutes ago
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ)- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਹਥਨ ਦੀ ਅਗਵਾਈ...
ਉੱਤਰੀ ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਦੀ ਮੌਤ 'ਤੇ ਦਿੱਲੀ ਹਾਈਕੋਰਟ ਨੇ ਜਤਾਈ ਚਿੰਤਾ
. . .  35 minutes ago
ਦਿੱਲੀ 'ਚ ਇੱਕ ਹੋਰ 1984 ਨਹੀਂ ਹੋਣ ਦੇਵਾਂਗੇ- ਹਾਈਕੋਰਟ
. . .  36 minutes ago
ਨਵੀਂ ਦਿੱਲੀ, 26 (ਜਗਤਾਰ ਸਿੰਘ)- ਦਿੱਲੀ ਹਿੰਸਾ ਮਾਮਲੇ 'ਤੇ ਅੱਜ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ 'ਚ ਇੱਕ ਹੋਰ...
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਕਰਨ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ - ਹਾਈਕੋਰਟ
. . .  46 minutes ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਿੰਸਾ ਮਾਮਲੇ 'ਤੇ ਸੁਣਵਾਈ ਕਰਦਿਆ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਹਿੰਸਾ ਪ੍ਰਭਾਵਿਤ ਇਲਾਕਿਆਂ...
ਸੋਨੀਆ ਗਾਂਧੀ ਦਾ ਬਿਆਨ ਮੰਦਭਾਗਾ - ਜਾਵੜੇਕਰ
. . .  57 minutes ago
ਨਵੀਂ ਦਿੱਲੀ, 26 ਫਰਵਰੀ - ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਹਿੰਸਾ ਨੂੰ ਲੈ ਕੇ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਸੋਨੀਆ ਗਾਂਧੀ...
ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ
. . .  1 minute ago
ਅੰਮ੍ਰਿਤਸਰ, 26 ਫਰਵਰੀ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ 'ਚ ਕਾਂਗਰਸ ਪਾਰਟੀ ਵਲੋਂ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਅੰਮ੍ਰਿਤਸਰ...
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ                             
. . .  about 1 hour ago
ਨਾਭਾ, 26 ਫਰਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ  ਵੀ ਜਾਰੀ ਰਿਹਾ 1 ਧਰਨੇ ਵਿਚ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ...
ਹੋਰ ਖ਼ਬਰਾਂ..

ਫ਼ਿਲਮ ਅੰਕ

ਅਨੰਨਿਆ ਪਾਂਡ

ਆਈ ਲਵ ਵੈੱਡਿੰਗ

'ਪਤੀ ਪਤਨੀ ਔਰ ਵੋਹ' ਵਾਲੀ ਅਨੰਨਿਆ ਪਾਂਡੇ ਨੂੰ ਰੋਟੀ ਨਾ ਖਾਣੀ ਮਨਜ਼ੂਰ ਪਰ ਤੜਕੇ ਉਠ ਮੋਬਾਈਲ ਤੇ ਵੱਖ-ਵੱਖ ਸਮਾਜਿਕ ਐਪਾਂ ਚਲਾ ਕੇ ਉਨ੍ਹਾਂ 'ਤੇ ਲਿਖੀ ਸਮੱਗਰੀ ਸਮੇਤ ਤਸਵੀਰਾਂ ਪਾਉਣੀਆਂ ਲਾਜ਼ਮੀ ਹੈ ਤੇ ਇਹ ਉਸ ਦੀ ਪਹਿਲੀ ਕਾਰਵਾਈ ਹੁੰਦੀ ਹੈ ਤੇ ਫਿਰ ਇਸ ਤੋਂ ਕੋਈ ਦੂਸਰਾ ਕੰਮ। ਸਹੇਲੀ ਕ੍ਰਿਸ਼ਾ ਪਾਰੇਖ ਦੇ ਵਿਆਹ 'ਤੇ ਸ਼ਰਾਰਾ ਪਹਿਨ ਕੇ ਗਈ ਮਿਸ ਪਾਂਡੇ ਨੇ ਤਸਵੀਰਾਂ ਖਿਚਵਾ, ਨਾਲ ਸਿਰਲੇਖ ਦਿੱਤਾ ਕਿ 'ਆਈ ਲਵ ਵੈਡਿੰਗ' ਤੇ ਇੰਸਟਾਗ੍ਰਾਮ 'ਤੇ ਇਸ ਨੂੰ 10 ਲੱਖ ਵਿਊਜ਼ ਝੱਟ-ਪਟ ਮਿਲ ਗਏ। ਹੁਣ ਮਜ਼ਾਕ ਨਾਲ ਕ੍ਰਿਸ਼ਾ ਨੇ ਅਨੰਨਿਆ ਨੂੰ ਕਿਹਾ ਕਿ ਸਹੇਲੜੀ ਦਾ ਚਿੱਤ ਵੀ ਵਿਆਹ ਕਰਵਾਉਣ ਨੂੰ ਕਰਦਾ ਹੈ ਤੇ ਮਿਸ ਪਾਂਡੇ ਸ਼ਰਮਾਅ ਗਈ ਤੇ ਫੋਟੋਆਂ ਮੁੜ-ਮੁੜ ਦੇਖਣ ਲੱਗੀ। ਅਨੰਨਿਆ ਨੇ ਗੰਨਿਆਂ ਦੇ ਖੇਤ 'ਚ ਤਸਵੀਰਾਂ ਖਿਚਵਾ ਕੇ ਪਾਈਆਂ ਤਾਂ ਭਾਈ-ਭਤੀਜਾਵਾਦ ਤੋਂ ਅੱਕੇ ਦਰਸ਼ਕਾਂ ਨੇ ਅਨੰਨਿਆ ਦੀ ਫੋਟੋ ਹੇਠ ਅਜੀਬ ਤਰਕ ਲਿਖੇ। ਇਕ ਸੀ 'ਤੁਹਾਡੇ ਨਾਲੋਂ ਵਿਚਾਰੇ ਗੰਨੇ ਤੇ ਘਾਹ ਨੇ ਜ਼ਿਆਦਾ ਸੰਘਰਸ਼ ਕੀਤਾ ਹੈ।' 'ਖੇਤ 'ਚ ਡਰਾਮਾ' ਇਕ ਤਰਕ ਸੀ ਤੇ ਇਕ ਆਲੋਚਕ ਨੇ ਅਨੰਨਿਆ ਨੂੰ ਟਵੀਟ ਕੀਤਾ ਕਿ 'ਫ਼ਿਲਮਾਂ ਛੱਡ ਖੇਤੀਬਾੜੀ ਕਰ...', ਅਸਲ 'ਚ ਪੁਆੜਾ ਉਸ ਆਪ ਇਹ ਕਹਿ ਕੇ ਸਹੇੜਿਆ ਸੀ ਕਿ 'ਸਟਾਰ ਬੱਚਿਆਂ ਦੀ ਆਪਣੀ ਸੰਘਰਸ਼ ਸ਼ੈਲੀ ਹੁੰਦੀ ਹੈ। ਲੋਕ ਕਹਿ ਰਹੇ ਨੇ ਕਿ ਮੂੰਹ 'ਚ ਚਾਂਦੀ ਦਾ ਚਮਚਾ ਲੈ ਕੇ ਜਨਮ ਲੈਣ ਵਾਲੀ ਨੂੰ ਕੀ ਪਤਾ ਕਿ ਜਿਥੇ ਗ਼ਰੀਬ ਐਕਟਰ ਦੇ ਸੁਪਨੇ ਪੂਰੇ ਹੁੰਦੇ ਨੇ, ਉਥੇ ਸਟਾਰ ਬੱਚਿਆਂ ਦਾ ਰਾਜ ਆ ਜਾਂਦਾ ਹੈ। ਖ਼ੈਰ 'ਖਾਲੀ ਪੀਲੀ' ਫ਼ਿਲਮ ਕਰ ਰਹੀ ਅਨੰਨਿਆ ਪਾਂਡੇ ਸਮਝੇ ਕਿ 'ਜਿਨ ਕੇ ਘਰ ਸ਼ੀਸ਼ੋਂ ਕੇ ਹੋਤੇ ਹੈਂ ਵੋਹ ਦੂਸਰੋਂ ਪਰ ਪੱਥਰ ਫੈੈਂਕਾ ਨਹੀਂ ਕਰਤੇ।'


ਖ਼ਬਰ ਸ਼ੇਅਰ ਕਰੋ

ਨੂਪੁਰ ਸੈਨਨ

'ਫਿਲਹਾਲ' ਖ਼ੂਬ ਚਰਚਾ 'ਚ ਹੈ

'ਫਿਲਹਾਲ' ਇਸ ਸੰਗੀਤ ਵੀਡੀਓ ਦੀ ਰਿਲੀਜ਼ ਹੋਣ ਸਾਰ ਹੀ ਇਸ ਦੇ ਪੂਰੇ ਚਰਚੇ ਹਨ। ਹਰ ਪਾਸੇ ਗੱਲਾਂ ਖਾਸ ਕਰ ਸੰਗੀਤ ਤੇ ਫ਼ਿਲਮ ਨਗਰੀ 'ਚ 'ਫਿਲਹਾਲ' ਦੀਆਂ ਹੋ ਰਹੀਆਂ ਹਨ ਕਿਉਂਕਿ ਨੂਪੁਰ ਸੈਨਨ ਨਾਲ ਰੋਮਾਂਸ ਦਾ ਚਲਣਾ 'ਫਿਲਹਾਲ' 'ਚ ਅੱਕੀ ਨੇ ਦਿਖਾਇਆ ਹੈ। ਨੂਪੁਰ ਸੈਨਨ ਹੈ ਅਭਿਨੇਤਰੀ ਕ੍ਰਿਤੀ ਸੈਨਨ ਦੀ ਪਿਆਰੀ ਭੈਣ ਤੇ ਨੂਪੁਰ ਕਦੇ ਸਿਫ਼ਤ ਬੀ. ਪਰਾਕ ਦੀ ਗਾਇਕੀ ਦੀ ਕਰਦੀ ਹੈ, ਕਦੇ ਪ੍ਰੇਮੀਆਂ ਦੀ ਗੱਲ ਕਰਦੀ ਹੈ ਤੇ ਕਦੇ ਅਕਸ਼ੈ ਕੁਮਾਰ ਮਹਾਨ ਕਹਿੰਦੀ ਹੈ। ਨੂਪੁਰ ਨੇ ਚਰਚਾ 'ਚ ਰਹਿਣ ਲਈ ਕ੍ਰਿਤੀ ਦੇ ਭੇਦ ਜ਼ਾਹਿਰ ਕੀਤੇ ਹਨ ਕਿ ਉਸ ਦੀ ਭੈਣ 1970-80 ਦੇ ਸਮੇਂ ਦੀ ਤਰ੍ਹਾਂ ਪ੍ਰੇਮ ਪੱਤਰ ਲਿਖਣੇ ਪਸੰਦ ਕਰਦੀ ਹੈ। ਨੂਪੁਰ ਨੇ ਮੁਕੇਸ਼ ਛਾਬੜਾ ਨੂੰ ਆਪਣਾ ਅਭਿਨੈ ਗੁਰੂ ਬਣਾਇਆ ਹੈ ਤੇ ਪ੍ਰਸ਼ਾਂਤ ਸਿੰਘ ਤੋਂ ਅਭਿਨੈ ਦੇ ਗੁਰ ਲੈ ਰਹੀ ਹੈ। ਅਭਿਸ਼ੇਕ ਪਾਂਡੇ ਦੇ ਅਭਿਨੈ ਸਕੂਲ 'ਚ ਜਾ ਕੇ ਜਮਾਤ ਵੀ ਨੂਪੁਰ ਲਾ ਰਹੀ ਹੈ। ਜਿਮ, ਡਾਂਸ ਕਲਾਸ ਤੇ ਗਾਇਕੀ 'ਤੇ ਧਿਆਨ ਦੇ ਰਹੀ ਨੂਪੁਰ ਨੂੰ ਜਾਨ ਖ਼ਾਨ ਦਾ ਸਾਥ ਵੀ ਮਿਲ ਰਿਹਾ ਹੈ। ਇਧਰ 'ਫਿਲਹਾਲ' ਦੀ ਕਾਮਯਾਬੀ ਤੋਂ ਬਾਅਦ 'ਫਿਲਹਾਲ-2' ਦਾ ਐਲਾਨ ਹੋ ਗਿਆ ਹੈ ਤੇ ਵਿਚ ਨੁਰਪੂਰ ਨੂੰ ਥਾਂ ਮਿਲੀ ਹੈ। ਮਤਲਬ ਨੂਪੁਰ ਲਈ ਅਕਸ਼ੈ ਕੁਮਾਰ ਨਾਲ ਫ਼ਿਲਮ ਕਰਨ ਦੇ ਪਲ ਨਜ਼ਦੀਕ ਆ ਰਹੇ ਹਨ। ਨੂਪੁਰ ਨੇ ਤਾਂ ਕਾਮਯਾਬੀ 'ਚ ਭੈਣ ਕ੍ਰਿਤੀ ਨੂੰ ਵੀ ਪਛਾੜ ਦੇਣਾ ਹੈ। ਕਹਿਣ ਵਾਲੇ ਇਹ ਵੀ ਕਹਿ ਰਹੇ ਹਨ, ਸਭ ਸਹੀ ਹੋ ਰਿਹਾ ਹੈ ਪਰ ਨੂਪੁਰ ਦਾ ਟੀ.ਵੀ. ਅਭਿਨੇਤਾ ਜਾਨ ਖ਼ਾਨ ਨਾਲ ਜਾਨ ਤੋਂ ਪਿਆਰਾ ਸਾਥ ਕਿਤੇ ਕੈਰੀਅਰ 'ਚ ਰੁਕਾਵਟ ਦਾ ਪੱਥਰ ਨਾ ਬਣ ਸਾਹਮਣੇ ਆਏ, ਡਰ ਇਸੇ ਗੱਲ ਦਾ ਹੈ। ਫਿਲਹਾਲ ਨੂਪੁਰ ਲਈ ਮੌਸਮ ਸੁਹਾਵਣਾ ਹੈ ਤੇ ਕੱਲ੍ਹ ਕੀ ਹੋਵੇਗਾ, ਇਸ ਬਾਰੇ ਤਾਂ ਰੱਬ ਨੂੰ ਹੀ ਪਤਾ ਹੋਵੇਗਾ।

ਨੁਸ਼ਰਤ ਭਰੂਚਾ

ਡ੍ਰੀਮ ਗਰਲ ਕੁਮੈਂਟ ਨਹੀਂ ਪੜ੍ਹਦੀ

'ਪਿਆਕ ਕਾ ਪੰਚਨਾਮਾ-2' ਤੇ 'ਅਕਾਸ਼ਵਾਣੀ' ਫ਼ਿਲਮਾਂ ਨੇ ਨੁਸ਼ਰਤ ਭਰੂਚਾ ਨੂੰ ਕਾਰਤਿਕ ਆਰੀਅਨ ਦੇ ਦਿਲ ਦੀ ਰਾਣੀ ਬਣਾਇਆ ਸੀ ਪਰ ਨੁਸ਼ਰਤ ਨੇ ਮੀਡੀਆ ਨੂੰ ਇਹੀ ਕਿਹਾ ਸੀ ਕਿ ਨਹੀਂ, ਕੁਝ ਨਹੀਂ ਪਰ ਕਾਰਤਿਕ ਨੇ ਇਕ ਮੁਲਾਕਾਤ ਸਮੇਂ ਕਹਿ ਦਿੱਤਾ ਕਿ ਨੁਸ਼ਰਤ ਪ੍ਰਤੀ ਉਹ ਇਕ ਸਮੇਂ ਜ਼ਿਆਦਾ ਹੀ ਗੰਭੀਰ ਹੋ ਗਿਆ ਸੀ। ਨੁਸ਼ਰਤ ਪਿਛਲੇ ਦੋ ਮਹੀਨੇ ਥਾਈਲੈਂਡ ਅਕਸਰ ਜਾਂਦੀ ਰਹੀ। ਕਹਿਣ ਨੂੰ ਉਹ ਅਰਾਮ 'ਤੇ ਸੀ ਪਰ ਦਰਅਸਲ ਨੁਸ਼ਰਤ ਇਸ ਦੌਰਾਨ ਆਪਣੀਆਂ ਬਿਕਨੀ ਵਾਲੀਆਂ 'ਤਸਵੀਰਾਂ' ਖਿਚਵਾ ਰਹੀ ਸੀ। ਨੁਸ਼ਰਤ ਆਪਣੇ ਚਮਕੀਲੇ ਅਵਤਾਰ ਨਾਲ ਫਿਰ ਚਰਚਾ ਚਾਹੁੰਦੀ ਹੈ ਤੇ ਸ਼ਾਇਦ ਅਗਾਂਹ ਵਧਣ ਲਈ ਨੁਸ਼ਰਤ ਕੋਲ ਜਿਸਮ ਦਿਖਾਵਾ ਵੱਡਾ ਹਥਿਆਰ ਹੈ। ਗੱਲ ਦੱਖਣ ਦੀ ਤਾਂ ਪਸੰਦ ਦਾ ਕੰਮ ਨਹੀਂ ਮਿਲਿਆ, ਇਸ ਕਰਕੇ ਉਥੇ ਨੁਸ਼ਰਤ ਦੀ ਦਾਲ ਜ਼ਿਆਦਾ ਨਹੀਂ ਗਲ ਰਹੀ। 'ਸੋਨੂੰ ਕੇ ਟੀਟੂ ਕੀ ਸਵੀਟੀ' ਜਿਹੀਆਂ ਫ਼ਿਲਮਾਂ ਉਹ ਉਥੇ ਭਾਲਦੀ ਹੈ ਪਰ ਦੱਖਣ ਦਾ ਪੈਮਾਨਾ ਉਸ ਲਈ ਹੋਰ ਹੈ। ਫਿਰ ਵੀ ਦੱਖਣ ਉਸ ਅਨੁਸਾਰ ਮੁੰਬਈ ਫ਼ਿਲਮੀ ਸੰਸਾਰ ਤੋਂ ਕਿਤੇ ਵਧੀਆ ਹੈ। ਸੋਸ਼ਲ ਮੀਡੀਆ ਲਈ ਉਸ ਦਾ ਨਿਯਮ ਹੈ ਕਿ ਪੋਸਟ ਤੇ ਮਿਲ ਰਹੇ ਕੁਮੈਂਟ/ਪ੍ਰਤੀਕਿਰਿਆ ਬਸ ਨਾ ਹੀ ਪੜ੍ਹੋ, ਵਰਨਾ ਖਾਹਮਖਾਹ ਦਿਲ ਦੁਖਣ ਵਾਲੀ ਗੱਲ ਹੈ। 'ਡ੍ਰੀਮ ਗਰਲ' ਵਾਲੀ ਨੁਸ਼ਰਤ ਭਰੂਚਾ ਹੁਣ 'ਤੁੱਰਮ ਖ਼ਾਨ' ਫ਼ਿਲਮ 'ਚ ਨਜ਼ਰ ਆਵੇਗੀ। ਰਾਜ ਕੁਮਾਰ ਰਾਵ ਉਸ ਨਾਲ ਇਸ 'ਚ ਹੀਰੋ ਹੈ।

ਇਮਰਾਨ ਹਾਸ਼ਮੀ

ਦਮ-ਖ਼ਮ ਬਾਕੀ ਹੈ

ਫੇਲ੍ਹ ਹੋ ਕੇ ਇਮਰਾਨ ਹਾਸ਼ਮੀ ਖ਼ਤਰਾ ਮੁੱਲ ਲੈਣ ਤੋਂ ਝਿਜਕਦਾ ਨਹੀਂ ਹੈ ਕਿ ਉਹ ਆਪਣੀ ਪਹਿਲੀ ਦਿੱਖ ਲਾਂਭੇ ਕਰਕੇ ਨਵੇਂ ਕਿਰਦਾਰ ਕਰੇ। 'ਸ਼ੰਘਾਈ', 'ਟਾਈਗਰਜ਼' ਤੋਂ ਬਾਅਦ ਨੈਟਫਲਿਕਸ ਦੀ ਲੜੀ 'ਬਾਰਡ ਆਫ਼ ਬਲੱਡ' 'ਚ ਵੱਖਰਾ ਹੀ ਹਾਸ਼ਮੀ ਦੇਖਣ ਨੂੰ ਮਿਲਿਆ। ਉਹ ਆਪਣੀ ਹਰ ਫ਼ਿਲਮ ਨਾਲ ਕੁਝ ਨਵਾਂ ਕਰਦਾ ਹੈ। ਹੁਣ ਇਮਰਾਨ ਤੇ ਇਹ ਸਭ ਉਸ ਅਨੁਸਾਰ ਸੌਖਾ ਨਹੀਂ ਹੈ। ਉਸ ਦਾ ਵਿਚਾਰ ਹੈ ਕਿ ਦੂਸਰਿਆਂ ਦੀਆਂ ਆਸਾਂ 'ਤੇ ਖਰਾ ਉਤਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਆਪਣੇ ਲਏ ਗਏ ਫੈਸਲਿਆਂ 'ਤੇ ਵਿਸ਼ਵਾਸ ਕਰਨਾ। ਇਸ ਸਮੇਂ ਉਹ 'ਮੁੰਬਈ ਸਾਗਾ' ਫ਼ਿਲਮ ਕਰ ਰਿਹਾ ਹੈ। ਕਾਫੀ ਲੰਮੇ ਸਮੇਂ ਬਾਅਦ ਉਸ ਨੇ ਸੰਜੇ ਗੁਪਤਾ ਦੀ ਇਹ ਵਪਾਰਕ ਫ਼ਿਲਮ ਕੀਤੀ ਹੈ। ਜਾਨ ਅਬਰਾਹਮ ਉਸ ਨਾਲ ਇਸ ਫ਼ਿਲਮ 'ਚ ਹੈ। ਵੈਸੇ 'ਝਲਕ ਦਿਖਲਾ ਜਾ' ਨਵੇਂ ਤਰੀਕੇ ਨਾਲ ਕੀਤੇ ਗਾਣੇ 'ਚ ਤਾਂ 'ਦਾ ਬਾਡੀ' ਫ਼ਿਲਮ 'ਚ ਇਮਰਾਨ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਤੇ ਚੜ੍ਹਦੇ ਨਵੇਂ 2020 ਸਾਲ 'ਚ ਉਸ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਹਾਲੇ ਇਮਰਾਨ 'ਚ ਦਮ-ਖਮ ਹੈ। ਅਮਿਤਾਭ ਬੱਚਨ ਨਾਲ ਇਮਰਾਨ ਦੀ ਫ਼ਿਲਮ 'ਚਿਹਰੇ' ਆਉਣੀ ਹੈ ਪਰ ਇਹ ਫ਼ਿਲਮ ਕਦੇ ਝਮੇਲੇ, ਕਦੇ ਰਿਲੀਜ਼ ਤਰੀਕ ਅੱਗੇ ਦੇ ਸੰਕਟ 'ਚ ਹੈ। ਪਰ ਹੁਣ ਇਮਰਾਨ ਅਨੁਸਾਰ ਇਨ੍ਹਾਂ ਗਰਮੀਆਂ ਦੌਰਾਨ ਉਸ ਦੀ ਇਹ ਫ਼ਿਲਮ ਆ ਜਾਵੇਗੀ। ਇਮਰਾਨ ਨੇ ਆਪ ਕਿਹਾ ਕਿ 'ਦਾ ਬਾਡੀ' ਸਮੇਂ ਉਸ ਨੇ ਨਾਬਾਲਿਗਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਸ ਦੀ ਫ਼ਿਲਮ ਨਾ ਦੇਖਣ ਤੇ ਇਸ ਨੂੰ ਪ੍ਰਮਾਣ ਪੱਤਰ ਵੀ 'ਏ' ਮਿਲਿਆ ਸੀ। ਸੱਚੇ ਤੇ ਖਰੇ ਇਮਰਾਨ ਹਾਸ਼ਮੀ ਨੂੰ ਲੋਕਾਂ ਦਾ ਪਿਆਰ ਮਿਲਣਾ ਜਾਰੀ ਹੈ ਤੇ ਮਤਲਬ ਇਮਰਾਨ ਦਾ ਸਮਾਂ ਹਾਲੇ ਚੰਗਾ ਹੈ ਤੇ 2020 'ਚ ਵੀ ਉਸ ਦਾ ਪੂਰਾ ਰੌਲਾ ਹੋਵੇਗਾ।


-ਸੁਖਜੀਤ ਕੌਰ

ਅਜੈ ਦੇਵਗਨ ਦੀ ਨਾਇਕਾ ਬਣੀ ਪ੍ਰਿਆਮਣੀ

'ਰਕਤ ਚਰਿੱਤਰ', 'ਰਾਵਣ', 'ਚੇਨਈ ਐਕਸਪ੍ਰੈੱਸ' ਫ਼ਿਲਮਾਂ ਵਿਚ ਆਪਣਾ ਚਿਹਰਾ ਚਮਕਾ ਚੁੱਕੀ ਪ੍ਰਿਆਮਣੀ ਦੱਖਣ ਦੀਆਂ ਫ਼ਿਲਮਾਂ ਦੀ ਵੱਡੀ ਸਟਾਰ ਹੈ ਪਰ ਬਾਲੀਵੁੱਡ ਵਿਚ ਉਹ ਅਜੇ ਤੱਕ ਵੀ ਆਪਣੀ ਪਛਾਣ ਮਜ਼ਬੂਤ ਨਹੀਂ ਕਰ ਸਕੀ। ਹੁਣ 'ਬਧਾਈ ਹੋ' ਫੇਮ ਨਿਰਦੇਸ਼ਕ ਅਮਿਤ ਸ਼ਰਮਾ ਨੇ ਆਪਣੀ ਅਗਲੀ ਫ਼ਿਲਮ 'ਮੈਦਾਨ' ਵਿਚ ਪ੍ਰਿਆਮਣੀ ਨੂੰ ਕਾਸਟ ਕੀਤਾ ਹੈ ਅਤੇ ਇਸ ਵਿਚ ਉਸ ਨੂੰ ਅਜੈ ਦੇਵਗਨ ਦੀ ਨਾਇਕਾ ਦੇ ਤੌਰ 'ਤੇ ਚਮਕਾਇਆ ਜਾ ਰਿਹਾ ਹੈ। ਆਪਣੀਆਂ ਪਹਿਲਾਂ ਦੀਆਂ ਹਿੰਦੀ ਫ਼ਿਲਮਾਂ ਦੇ ਮੁਕਾਬਲੇ ਪ੍ਰਿਆ ਨੂੰ ਇਸ ਵਾਰ ਵੱਡਾ ਮੌਕਾ ਮਿਲਿਆ ਹੈ।
ਉਂਝ, ਜਦੋਂ 'ਮੈਦਾਨ' ਦਾ ਐਲਾਨ ਕੀਤਾ ਗਿਆ ਸੀ ਉਦੋਂ ਅਜੈ ਦੀ ਨਾਇਕਾ ਦੇ ਤੌਰ 'ਤੇ ਦੱਖਣ ਦੀ ਹੀ ਹੀਰੋਇਨ ਕੀਰਤੀ ਸੁਰੇਸ਼ ਨੂੰ ਚੁਣਿਆ ਗਿਆ ਸੀ। ਬਾਅਦ ਵਿਚ ਉਹ ਇਸ ਫ਼ਿਲਮ ਤੋਂ ਵੱਖ ਹੋ ਗਈ ਅਤੇ ਇਸ ਵਿਚ ਪ੍ਰਿਆਮਣੀ ਦਾ ਦਾਖਲਾ ਹੋ ਗਿਆ। ਉਸ ਨੂੰ ਵਿਸ਼ਵਾਸ ਹੈ ਕਿ ਹੁਣ ਇਸ ਫ਼ਿਲਮ ਰਾਹੀਂ ਉਹ ਬਾਲੀਵੁੱਡ ਵਿਚ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਹੋ ਜਾਵੇਗੀ।
'ਮੈਦਾਨ' ਨਾਂਅ ਤੋਂ ਇਹ ਤਾਂ ਸਾਫ਼ ਹੈ ਕਿ ਇਸ ਦੀ ਕਹਾਣੀ ਖੇਡ 'ਤੇ ਆਧਾਰਿਤ ਹੋਵੇਗੀ ਅਤੇ ਇਸ ਵਿਚ ਅਜੈ ਦੇਵਗਨ ਵਲੋਂ ਫੁੱਟਬਾਲ ਕੋਚ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਫ਼ਿਲਮ ਦੀ ਕਹਾਣੀ ਫੁੱਟਬਾਲ ਕੋਚ ਸਈਅਦ ਅਬਦੁਲ ਰਹੀਮ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ ਅਤੇ ਇਥੇ ਪ੍ਰਿਆ ਦੇ ਹਿੱਸੇ ਅਜੈ ਦੀ ਪਤਨੀ ਦੀ ਭੂਮਿਕਾ ਨਿਭਾਉਣਾ ਆਇਆ ਹੈ।
ਪ੍ਰਿਆ ਦੇ ਮੁਕਾਬਲੇ ਇਥੇ ਉਸ ਦਾ ਕਿਰਦਾਰ ਅਸਲ ਜ਼ਿੰਦਗੀ ਦੇ ਕਿਰਦਾਰ ਤੋਂ ਤਾਂ ਪ੍ਰੇਰਿਤ ਤਾਂ ਹੈ ਹੀ, ਨਾਲ ਹੀ ਇਹ ਭੂਮਿਕਾ ਧਿਆਨ ਆਕਰਸ਼ਕ ਵੀ ਹੈ ਅਤੇ ਇਸ ਫ਼ਿਲਮ ਦੀ ਬਦੌਲਤ ਬਾਲੀਵੁੱਡ ਵਿਚ ਵੀ ਆਪਣੀ ਥਾਂ ਬਣਾ ਸਕਣ ਵਿਚ ਕਾਮਯਾਬ ਹੋ ਜਾਵੇਗੀ।

ਵਿੱਦਿਆ ਬਾਲਨ

ਨਟਖਟ 'ਸ਼ਕੁੰਤਲਾ ਦੇਵੀ'

ਟੀ.ਵੀ. ਸੀਰੀਅਲ 'ਹਮ ਪਾਂਚ' ਤੋਂ 'ਮਿਸ਼ਨ ਮੰਗਲ' ਤੱਕ ਲੋਕ ਦਿਲਾਂ 'ਤੇ ਰਾਜ ਕਰਨ ਵਾਲੀ ਵਿਦਿਆ ਬਾਲਨ ਦੀ ਨਵੀਂ ਚਾਹਤ ਹੈ ਕਿ ਉਸ ਦੀ ਨਵੀਂ ਫ਼ਿਲਮ 'ਤਿੰਨ ਖਾਨਜ਼' ਆਮਿਰ, ਸ਼ਾਹਰੁਖ ਤੇ ਸਲਮਾਨ ਖ਼ਾਨ ਦੀਆਂ ਫ਼ਿਲਮਾਂ ਨਾਲੋਂ ਜ਼ਿਆਦਾ ਵੱਡੀ 'ਓਪਨਿੰਗ' ਲਏ ਭਾਵ ਪਹਿਲੇ ਦਿਨ, ਪਹਿਲਾ ਸ਼ੋਅ ਇਨ੍ਹਾਂ 'ਖਾਨ ਹੀਰੋਜ਼' ਦੀਆਂ ਫ਼ਿਲਮਾਂ ਦੀ ਓਪਨਿੰਗ ਨੂੰ ਪਛਾੜ ਦੇਵੇ। 2020 ਤਾਂ ਹੈ ਹੀ ਔਰਤ ਪ੍ਰਧਾਨ ਫ਼ਿਲਮਾਂ ਦਾ ਸਾਲ ਤੇ ਇਸ ਨੇ ਵਿੱਦਿਆ ਦਾ ਲਾਲਚ ਵਧਾ ਦਿੱਤਾ ਹੈ। 41 ਸਾਲ ਦੀ ਹੋ ਗਈ ਸ੍ਰੀਮਤੀ ਬਾਲਨ ਕਪੂਰ ਕਹਿ ਰਹੀ ਹੈ 'ਸ਼ਕੁੰਤਲਾ ਦੇਵੀ' ਉਸ ਦੀ ਆਉਣ ਵਾਲੀ ਫ਼ਿਲਮ ਹੈ। ਨਵੀਂ ਪਨੀਰੀ ਲਈ ਆਦਰਸ਼ ਵਿੱਦਿਆ ਨੂੰ ਇਕ ਨਵੀਂ ਫ਼ਿਲਮ 'ਚ 'ਫਾਰੈਸਟ ਅਫ਼ਸਰ' ਦਾ ਕਿਰਦਾਰ ਮਿਲਿਆ ਹੈ। ਉਸ ਦੀ 'ਸ਼ਕੁੰਤਲਾ ਦੇਵੀ' 500 ਕਰੋੜ ਦੀ ਕਮਾਈ ਕਰ ਕੇ ਸਾਰੇ ਇਤਿਹਾਸ ਪਲਟ ਦੇਵੇ, ਇਹੀ ਉਹ ਚਾਹੁੰਦੀ ਹੈ।

ਅਮਿਤਾਭ ਦੀਆਂ ਦੋ ਫ਼ਿਲਮਾਂ ਦੀ ਟੱਕਰ ਟਲੀ

ਬਾਲੀਵੁੱਡ ਵਿਚ ਇਹ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਕਦੀ ਕਿਸੇ ਵੱਡੇ ਸਟਾਰ ਦੀਆਂ ਦੋ ਫ਼ਿਲਮਾਂ ਘੱਟ ਵਕਫ਼ੇ ਬਾਅਦ ਪ੍ਰਦਰਸ਼ਿਤ ਹੁੰਦੀਆਂ ਹਨ ਤਾਂ ਦਰਸ਼ਕ ਗਿਣਤੀ ਵੰਡੇ ਜਾਣ ਨਾਲ ਦੋਵਾਂ ਫ਼ਿਲਮਾਂ ਨੂੰ ਨੁਕਸਾਨ ਸਹਿਣਾ ਪੈ ਜਾਂਦਾ ਹੈ। ਇਸ ਬਾਰੇ ਸਭ ਤੋਂ ਵੱਡਾ ਉਦਾਹਰਨ 'ਤੂਫ਼ਾਨ' ਅਤੇ 'ਜਾਦੂਗਰ' ਦਾ ਦਿੱਤਾ ਜਾਂਦਾ ਹੈ। ਦੋਵੇਂ ਹੀ ਫ਼ਿਲਮਾਂ ਦੇ ਨਾਇਕ ਅਮਿਤਾਭ ਬੱਚਨ ਸਨ ਅਤੇ ਸਾਲ 1989 ਵਿਚ ਪ੍ਰਦਰਸ਼ਿਤ ਹੋਈਆਂ ਦੋਵੇਂ ਫ਼ਿਲਮਾਂ ਦੀ ਰਿਲੀਜ਼ ਵਿਚਾਲੇ ਸਿਰਫ਼ ਦੋ ਹਫ਼ਤੇ ਦਾ ਵਕਫ਼ਾ ਸੀ ਅਤੇ ਇਸ ਦਾ ਖਮਿਆਜ਼ਾ ਦੋਵੇਂ ਫ਼ਿਲਮਾਂ ਨੂੰ ਭੁਗਤਣਾ ਪਿਆ ਸੀ।
ਹੁਣ 2020 ਵਿਚ ਵੀ ਅਮਿਤਾਭ ਦੀਆਂ ਹੀ ਦੋ ਫ਼ਿਲਮਾਂ ਅੱਗੇ-ਪਿੱਛੇ ਪ੍ਰਦਰਸ਼ਿਤ ਹੋਣ ਵਾਲੀਆਂ ਸਨ ਪਰ ਹੁਣ ਇਹ ਟੱਕਰ ਟਲ ਗਈ ਹੈ। ਇਹ ਦੋ ਫ਼ਿਲਮਾਂ ਹਨ 'ਗੁਲਾਬੋ ਸਿਤਾਬੋ' ਅਤੇ 'ਚਿਹਰੇ'। ਅਗਾਮੀ ਅਪ੍ਰੈਲ ਮਹੀਨੇ ਵਿਚ ਇਹ ਦੋਵੇਂ ਫ਼ਿਲਮਾਂ ਅੱਗੇ-ਪਿੱਛੇ ਪ੍ਰਦਰਸ਼ਿਤ ਹੋਣ ਵਾਲੀਆਂ ਸਨ ਪਰ ਹੁਣ 'ਚਿਹਰੇ' ਦੀ ਰਿਲੀਜ਼ ਤਰੀਕ ਅੱਗੇ ਖਿਸਕਾ ਦਿੱਤੀ ਗਈ ਹੈ। 'ਚਿਹਰੇ' ਦੇ ਨਿਰਮਾਤਾ ਆਨੰਦ ਪੰਡਿਤ ਨੇ ਖ਼ੁਦ ਇਹ ਨਿਰਣਾ ਲੈ ਕੇ ਦੋਵੇਂ ਫ਼ਿਲਮਾਂ ਨੂੰ ਬਚਾ ਲਿਆ ਹੈ। ਹੁਣ 'ਚਿਹਰੇ' ਫ਼ਿਲਮ 17 ਜੁਲਾਈ ਨੂੰ ਪ੍ਰਦਰਸ਼ਿਤ ਹੋਵੇਗੀ। ਪ੍ਰਦੀਪ ਸਰਕਾਰ ਵਲੋਂ ਨਿਰਦੇਸ਼ਿਤ 'ਗੁਲਾਬੋ ਸਿਤਾਬੋ' ਹਲਕੀ-ਫੁਲਕੀ ਫ਼ਿਲਮ ਹੈ ਅਤੇ ਇਸ ਵਿਚ ਅਮਿਤਾਭ ਵਲੋਂ ਬਜ਼ੁਰਗ ਦੀ ਭੂਮਿਕਾ ਨਿਭਾਈ ਗਈ ਹੈ ਅਤੇ 'ਚਿਹਰੇ' ਥ੍ਰਿਲਰ ਫ਼ਿਲਮ ਹੈ। ਲੇਖਕ ਤੋਂ ਨਿਰਦੇਸ਼ਕ ਬਣੇ ਰੂਮੀ ਜ਼ਾਫ਼ਰੀ ਦੀ 'ਚਿਹਰੇ' ਵਿਚ ਅਮਿਤਾਭ ਦੇ ਨਾਲ ਇਮਰਾਨ ਹਾਸ਼ਮੀ ਹਨ ਅਤੇ ਇਸ ਵਿਚ ਰੀਆ ਚੱਕਰਵਰਤੀ, ਸਿਧਾਂਤ ਕਪੂਰ, ਕ੍ਰਿਸਿਟਲ ਡਿਸੂਜ਼ਾ, ਰਘੁਵੀਰ ਯਾਦਵ ਅਤੇ ਅਨੂ ਕਪੂਰ ਵੀ ਹਨ।
ਆਨੰਦ ਪੰਡਿਤ ਅਨੁਸਾਰ 'ਗੁਲਾਬੋ ਸਿਤਾਬੋ' ਦੇ ਨਿਰਮਾਤਾ ਨੇ ਉਨ੍ਹਾਂ ਨੂੰ ਫ਼ਿਲਮ ਦੀ ਰਿਲੀਜ਼ ਦੀ ਤਰੀਕ ਅੱਗੇ ਖਿਸਕਾਉਣ ਦੀ ਬੇਨਤੀ ਕੀਤੀ ਸੀ ਅਤੇ ਦੋਵੇਂ ਫ਼ਿਲਮਾਂ ਦੇ ਫਾਇਦੇ ਨੂੰ ਧਿਆਨ ਵਿਚ ਰੱਖ ਕੇ 'ਚਿਹਰੇ' ਦੀ ਤਰੀਕ ਅੱਗੇ ਪਾ ਦਿੱਤੀ ਗਈ ਹੈ।

ਐਸ਼ਵਰਿਆ ਰਾਏ ਹੁਣ ਨਟੀ ਬਿਨੋਦਿਨੀ ਦੀ ਭੂਮਿਕਾ ਵਿਚ

ਬਾਇਓਪਿਕ 'ਸਰਬਜੀਤ' ਵਿਚ ਸਰਬਜੀਤ ਦੀ ਭੈਣ ਦਲਬੀਰ ਕੌਰ ਦੀ ਭੂਮਿਕਾ ਨਿਭਾਉਣ ਵਾਲੀ ਐਸ਼ਵਰਿਆ ਰਾਏ ਹੁਣ ਇਕ ਹੋਰ ਬਾਇਓਪਿਕ ਵਿਚ ਕੰਮ ਕਰਨ ਜਾ ਰਹੀ ਹੈ ਅਤੇ ਇਸ ਵਾਰ ਉਹ ਨਟੀ ਬਿਨੋਦਿਨੀ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਇਸ ਬਾਇਓਪਿਕ ਦੇ ਨਿਰਦੇਸ਼ਕ ਹਨ ਪ੍ਰਦੀਪ ਸਰਕਾਰ।
ਨਟੀ ਬਿਨੋਦਿਨੀ ਦੇ ਨਾਂਅ ਤੇ ਕੰਮ ਤੋਂ ਦੇਸ਼ ਦੇ ਜ਼ਿਆਦਾਤਰ ਲੋਕ ਭਾਵੇਂ ਹੀ ਅਣਜਾਣ ਹੋਣ ਪਰ ਬੰਗਾਲ ਦੀ ਰੰਗਮੰਚ ਦੀ ਦੁਨੀਆ ਵਿਚ ਇਸ ਅਦਾਕਾਰਾ ਦਾ ਨਾਂਅ ਬਹੁਤ ਇੱਜ਼ਤ ਨਾਲ ਲਿਆ ਜਾਂਦਾ ਹੈ ਅਤੇ ਬੰਗਲਾ ਰੰਗਮੰਚ ਦੇ ਵਿਕਾਸ ਵਿਚ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਬਿਨੋਦਿਨੀ ਦੀ ਮਾਂ ਬਦਨਾਮ ਪੇਸ਼ੇ ਨਾਲ ਜੁੜੀ ਔਰਤ ਸੀ ਅਤੇ ਬਿਨੋਦਿਨੀ ਨੂੰ ਵੀ ਮਜਬੂਰਨ ਇਸੇ ਪੇਸ਼ੇ ਵਿਚ ਆਉਣਾ ਪਿਆ ਸੀ। ਉਸ ਦੀ ਜ਼ਿੰਦਗੀ ਦਾ ਰਸਤਾ ਉਦੋਂ ਬਦਲ ਗਿਆ ਜਦੋਂ ਉਹ ਇਕ ਨਾਟਕਕਰਮੀ ਦੇ ਸੰਪਰਕ ਵਿਚ ਆਈ ਅਤੇ ਉਹ ਉਸ ਨੂੰ ਰੰਗਮੰਚ ਦੀ ਦੁਨੀਆ ਵਿਚ ਲੈ ਆਏ। ਆਪਣੀ ਅਭਿਨੈ ਪ੍ਰਤਿਭਾ ਦੇ ਦਮ 'ਤੇ ਬਿਨੋਦਿਨੀ ਨੇ ਬਹੁਤ ਨਾਂਅ ਕਮਾਇਆ ਅਤੇ ਕਦੀ ਬਦਨਾਮ ਪੇਸ਼ੇ ਨਾਲ ਜੁੜੀ ਇਸ ਅਦਾਕਾਰਾ ਨੇ ਰੰਗਮੰਚ 'ਤੇ ਧਾਰਮਿਕ ਕਿਰਦਾਰਾਂ ਨੂੰ ਏਨੇ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਕਿ ਦਰਸ਼ਕ ਵਾਹ-ਵਾਹ ਕਰ ਉੱਠਦੇ ਸਨ। ਉਸ ਦੇ ਅਭਿਨੈ ਦੀ ਪ੍ਰਸਿੱਧੀ ਸੁਣ ਕੇ ਸਵਾਮੀ ਰਾਮਕ੍ਰਿਸ਼ਣਨ ਪਰਮਹੰਸ ਵੀ ਉਸ ਦਾ ਨਾਟਕ ਦੇਖਣ ਆਏ ਸਨ। ਇਸ ਅਦਾਕਾਰਾ ਨੇ ਅਭਿਨੈ ਦੇ ਨਾਲ-ਨਾਲ ਮੇਕਅਪ, ਕੱਪੜੇ ਤੇ ਨਾਟਕ ਦੀ ਪੇਸ਼ਕਾਰੀ ਵਿਚ ਨਵੇਂ-ਨਵੇਂ ਪ੍ਰਯੋਗ ਕਰ ਕੇ ਬੰਗਲਾ ਰੰਗਮੰਚ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ ਸੀ।
ਇਸ ਤਰ੍ਹਾਂ ਦੇ ਤਾਕਤਵਰ ਕਿਰਦਾਰ ਲਈ ਪ੍ਰਦੀਪ ਸਰਕਾਰ ਨੇ ਪਹਿਲਾਂ ਵਿਦਿਆ ਬਾਲਨ ਅਤੇ ਦੀਪਿਕਾ ਪਾਦੂਕੋਨ ਬਾਰੇ ਸੋਚਿਆ ਸੀ ਪਰ ਗੱਲ ਨਹੀਂ ਬਣ ਸਕੀ। ਜਦੋਂ ਉਨ੍ਹਾਂ ਨੇ ਐਸ਼ਵਰਿਆ ਰਾਏ ਨੂੰ ਇਸ ਕਿਰਦਾਰ ਤੇ ਫ਼ਿਲਮ ਬਾਰੇ ਦੱਸਿਆ ਤਾਂ ਉਹ ਏਨੀ ਪ੍ਰਭਾਵਿਤ ਹੋ ਗਈ ਕਿ ਤੁਰੰਤ ਹਾਂ ਕਹਿ ਦਿੱਤੀ।
ਪਹਿਲਾਂ ਐਸ਼ਵਰਿਆ ਨੇ ਬੰਗਾਲੀ ਕੁੜੀ ਪਾਰੋ ਬਣ ਕੇ ਬਹੁਤ ਝੰਡੇ ਗੱਡੇ ਸਨ। ਉਮੀਦ ਹੈ ਕਿ ਹੁਣ ਬਿਨੋਦਿਨੀ ਬਣ ਉਹ ਫਿਰ ਇਕ ਵਾਰ ਸਫਲਤਾ ਦਾ ਇਤਿਹਾਸ ਦੁਹਰਾਉਣ ਵਿਚ ਕਾਮਯਾਬ ਰਹੇਗੀ।


-ਮੁੰਬਈ ਪ੍ਰਤੀਨਿਧ

ਪਤੀ-ਪਤਨੀ ਦੇ ਰਿਸ਼ਤੇ 'ਤੇ ਬਣੀ ਕਾਮੇਡੀ-ਥ੍ਰਿਲਰ ਫ਼ਿਲਮ 'ਓ ਪੁਸ਼ਪਾ ਆਈ ਹੇਟ ਟੀਅਰਜ਼'

ਨਿਰਦੇਸ਼ਕ ਜੋੜੀ ਅੱਬਾਸ-ਮਸਤਾਨ ਦਾ ਨਾਂਅ ਥ੍ਰਿਲਰ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਨਾਲ ਬਤੌਰ ਸਹਾਇਕ ਦਿਨਕਰ ਕਪੂਰ ਨੇ 'ਸੋਲਜ਼ਰ', 'ਬਾਜ਼ੀਗਰ' ਆਦਿ ਫ਼ਿਲਮਾਂ ਕੀਤੀਆਂ ਅਤੇ ਬਾਅਦ ਵਿਚ ਦਿਨਕਰ ਜਦੋਂ ਆਜ਼ਾਦ ਨਿਰਦੇਸ਼ਕ ਬਣੇ ਤਾਂ ਉਨ੍ਹਾਂ ਨੇ ਵੀ ਥ੍ਰਿਲਰ ਵਿਸ਼ੇ ਨੂੰ ਤਵੱਜੋਂ ਦੇਣਾ ਪਸੰਦ ਕੀਤਾ। ਉਨ੍ਹਾਂ ਵਲੋਂ ਨਿਰਦੇਸ਼ਿਤ 'ਯੇ ਕੈਸੀ ਮੁਹੱਬਤ' ਵਿਚ ਮਰਡਰ ਮਿਸਟਰੀ ਦਾ ਤਾਣਾ-ਬਾਣਾ ਬੁਣਿਆ ਗਿਆ ਸੀ। ਹੁਣ ਉਹ 'ਓ ਪੁਸ਼ਪਾ ਆਈ ਹੇਟ ਟੀਅਰਜ਼' ਦੇ ਰੂਪ ਵਿਚ ਇਕ ਇਸ ਤਰ੍ਹਾਂ ਦੀ ਕਾਮੇਡੀ-ਥ੍ਰਿਲਰ ਫ਼ਿਲਮ ਲਿਆਏ ਹਨ ਜਿਸ ਵਿਚ ਪਤੀ-ਪਤਨੀ ਦੇ ਰਿਸ਼ਤੇ ਦੀ ਵੀ ਕਹਾਣੀ ਹੈ।
ਸਦਾਬਹਾਰ ਫ਼ਿਲਮ 'ਅਮਰ ਪ੍ਰੇਮ' ਵਿਚ ਰਾਜੇਸ਼ ਖੰਨਾ ਵਲੋਂ ਬੋਲੇ ਗਏ ਸੰਵਾਦ 'ਤੇ ਇਸ ਫ਼ਿਲਮ ਦਾ ਨਾਂਅ ਰੱਖਿਆ ਗਿਆ ਹੈ ਅਤੇ ਇਸ ਵਿਚ ਪੁਸ਼ਪਾ (ਅਰਜੁਮਨ ਮੁਗਲ) ਨਾਮੀ ਇਕ ਇਸ ਤਰ੍ਹਾਂ ਦੀ ਔਰਤ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜੋ ਵਿਆਹੁਤਾ ਹੈ। ਪੁਸ਼ਪਾ ਦਾ ਪਤੀ ਆਦਿਤਿਆ (ਕਾਰਤਿਕ ਜੈਰਾਮ) ਰੰਗੀਨ ਮਿਜਾਜ਼ ਆਦਮੀ ਹੈ ਅਤੇ ਉਸ ਨੂੰ ਆਪਣੀ ਪਤਨੀ ਦੇ ਜਜ਼ਬਾਤ ਦੀ ਕਦਰ ਨਹੀਂ ਹੈ। ਪਤੀ ਦੀਆਂ ਹਰਕਤਾਂ ਤੋਂ ਤੰਗ ਆਈ ਪੁਸ਼ਪਾ ਆਪਣੀ ਜ਼ਿੰਦਗੀ ਤੋਂ ਅੱਕ ਚੁੱਕੀ ਹੈ ਅਤੇ ਉਸ ਦੇ ਚਿਹਰੇ ਤੋਂ ਹਾਸਾ ਗ਼ਾਇਬ ਹੈ। ਇਕੱਲੇ ਬੈਠ ਅੱਥਰੂ ਬਹਾਉਂਦੀ ਰਹਿੰਦੀ ਪੁਸ਼ਪਾ ਦੀ ਜ਼ਿੰਦਗੀ ਵਿਚ ਸ਼ਿਆਮ (ਕ੍ਰਿਸ਼ਣਾ ਅਭਿਸ਼ੇਕ) ਦਾ ਆਗਮਨ ਹੁੰਦਾ ਹੈ ਅਤੇ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਪੁਸ਼ਪਾ ਆਪਣੇ ਪਤੀ ਆਦਿਤਿਆ ਦਾ ਟੀਨਾ (ਅਨੁਸਮ੍ਰਿਤੀ ਸਰਕਾਰ) ਦੇ ਨਾਲ ਚੱਕਰ ਹੋਣ ਦੀ ਵਜ੍ਹਾ ਕਰ ਕੇ ਪਰੇਸ਼ਾਨੀ ਭਰੀ ਜ਼ਿੰਦਗੀ ਜੀਅ ਰਹੀ ਹੈ ਤਾਂ ਉਹ ਪੁਸ਼ਪਾ ਦੀ ਜ਼ਿੰਦਗੀ ਵਿਚ ਦੁਬਾਰਾ ਖ਼ੁਸ਼ੀਆਂ ਲਿਆਉਣ ਦੀ ਠਾਨ ਲੈਂਦਾ ਹੈ। ਆਦਿਤਿਆ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਸ਼ਿਆਮ ਇਕ ਯੋਜਨਾ ਬਣਾਉਂਦਾ ਹੈ ਪਰ ਉਦੋਂ ਸਾਰਾ ਕੁਝ ਗੜਬੜਾ ਜਾਂਦਾ ਹੈ ਜਦੋਂ ਇਕ ਕਤਲ ਹੋ ਜਾਂਦਾ ਹੈ। ਉਸ ਦਾ ਕਤਲ ਕਿਸ ਨੇ ਕੀਤਾ, ਇਹ ਕਹਾਣੀ ਦਾ ਅੱਗੇ ਦਾ ਹਿੱਸਾ ਹੈ।

ਇਕ ਰਾਤ ਦੀ ਕਹਾਣੀ ਦਿਖਾਉਂਦੀ 'ਦ ਹੰਡ੍ਰੇਡ ਬਕਸ'

ਅਭਿਨੇਤਾ ਤੋਂ ਨਿਰਦੇਸ਼ਕ ਬਣੇ ਦੁਸ਼ਯੰਤ ਪ੍ਰਤਾਪ ਸਿੰਘ ਨੇ ਨਵੇਂ ਤੇ ਉੱਭਰਦੇ ਕਲਾਕਾਰਾਂ ਦੇ ਨਾਲ 'ਦ ਹੰਡ੍ਰੇਡ ਬਕਸ' ਬਣਾਈ ਹੈ। ਅੰਗਰੇਜ਼ੀ ਟਾਈਟਲ ਵਾਲੀ ਇਸ ਹਿੰਦੀ ਫ਼ਿਲਮ ਵਿਚ ਇਕ ਇਸ ਤਰ੍ਹਾਂ ਦੀ ਬਦਨਾਮ ਪੇਸ਼ੇ ਵਾਲੀ ਔਰਤ ਦੀ ਕਹਾਣੀ ਦਿਖਾਈ ਗਈ ਹੈ ਜੋ ਸੌ ਰੁਪਏ ਕਮਾਉਣ ਲਈ ਇਕ ਰਾਤ ਘਰ ਤੋਂ ਨਿਕਲਦੀ ਹੈ। ਉਸ ਇਕ ਰਾਤ ਵਿਚ ਉਸ ਦੇ ਨਾਲ ਤੇ ਆਲੇ-ਦੁਆਲੇ ਕੀ ਘਟਨਾਵਾਂ ਵਾਪਰ ਜਾਂਦੀਆਂ ਹਨ, ਇਹ ਕਹਾਣੀ ਵਿਚ ਪਰੋਇਆ ਗਿਆ ਹੈ।
ਨਵੀਂ ਹੀਰੋਇਨ ਕਵਿਤਾ ਤ੍ਰਿਪਾਠੀ ਵਲੋਂ ਇਥੇ ਮੋਹਿਨੀ ਦਾ ਕਿਰਦਾਰ ਨਿਭਾਇਆ ਗਿਆ ਹੈ। ਬਦਨਾਮ ਪੇਸ਼ੇ ਨਾਲ ਜੁੜੀ ਮੋਹਿਨੀ ਦੇ ਕਿਰਦਾਰ ਲਈ ਕਵਿਤਾ ਨੇ ਕੁਝ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੇਖੀਆਂ ਜਿਨ੍ਹਾਂ ਵਿਚ ਇਸ ਤਰ੍ਹਾਂ ਦੇ ਕਿਰਦਾਰ ਨੂੰ ਪੇਸ਼ ਕੀਤਾ ਗਿਆ ਸੀ। 'ਮੰਡੀ', 'ਚਮੇਲੀ', 'ਮੌਸਮ' ਆਦਿ ਫ਼ਿਲਮਾਂ ਦੇਖ ਕੇ ਕਵਿਤਾ ਨੇ ਖੁਦ ਨੂੰ ਮੋਹਿਨੀ ਦੇ ਕਿਰਦਾਰ ਲਈ ਤਿਆਰ ਕੀਤਾ ਸੀ। ਕਵਿਤਾ ਅਨੁਸਾਰ ਪਹਿਲਾਂ ਉਹ ਬਦਨਾਮ ਔਰਤਾਂ ਬਾਰੇ ਵੱਖਰੀ ਹੀ ਰਾਏ ਰੱਖਦੀ ਸੀ ਪਰ ਇਸ ਤਰ੍ਹਾਂ ਦੀ ਔਰਤ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਜਾਣਿਆ ਕਿ ਇਨ੍ਹਾਂ ਦਾ ਵੀ ਆਪਣਾ ਪਰਿਵਾਰ ਹੁੰਦਾ ਹੈ। ਆਪਣੀ ਮਜਬੂਰੀ ਹੁੰਦੀ ਹੈ ਅਤੇ ਆਪਣਾ ਦਰਦ ਹੁੰਦਾ ਹੈ। ਹੁਣ ਉਹ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਹਮਦਰਦੀ ਦੀ ਨਜ਼ਰ ਨਾਲ ਦੇਖਣ ਲੱਗੀ ਹੈ ਅਤੇ ਉਸ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਹੈ ਕਿ ਕਲ੍ਹ ਜੇਕਰ ਉਹ ਵੱਡੀ ਸਟਾਰ ਬਣ ਜਾਂਦੀ ਹੈ ਅਤੇ ਬਹੁਤ ਪੈਸੇ ਕਮਾ ਲੈਂਦੀ ਹੈ ਤਾਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਉੱਚਾ ਚੁੱਕਣ ਲਈ ਜ਼ਰੂਰ ਕੰਮ ਕਰੇਗੀ।
**

ਰੈਪ ਨਾਲ ਸ਼ੋਹਰਤ ਹਾਸਲ ਕਰਨ ਵਾਲਾ ਗੌਤਮ

ਆਪਣੀ ਯੋਗਤਾ ਬੀ. ਟੈੱਕ ਮੁਤਾਬਿਕ ਹੀ ਗੌਤਮ ਹਰ ਕੰਮ ਦਿਮਾਗੀ ਤਕਨੀਕ ਨਾਲ ਨਿਵੇਕਲਾ ਕਰਦਾ ਹੈ। ਹਾਕੀ ਤੇ ਪਹਿਲੀ ਵੱਡੀ ਪੰਜਾਬੀ ਫ਼ਿਲਮ ਬਿਨ ਗੀਤਾਂ ਦੇ 'ਭਿੜ ਜਾ' ਲਿਖ ਕੇ ਆਪ ਉਸ ਦੀ ਸਿਨੇਮਾ ਫੋਟੋਗ੍ਰਾਫ਼ੀ ਕਰ ਕੇ ਨਿਰਮਾਣ-ਨਿਰਦੇਸ਼ਨ ਤੇ ਨਾਇਕ ਵਜੋਂ ਬਣਾ ਕੇ ਪੀ.ਵੀ.ਆਰ. ਤੱਕ ਉਸ ਇਹ ਫ਼ਿਲਮ ਪਹੁੰਚਾਈ ਤੇ ਹੁਣ ਵਿਦੇਸ਼ੀ ਪੁਰਸਕਾਰ ਮੇਲਿਆਂ ਲਈ ਜਾ ਰਹੀ ਹੈ। ਫਿਰ 'ਢੀਚੂ' ਨਾਂਅ ਦਾ ਰੈਪ ਐਲਬਮ 'ਤੇ ਹੁਣ 'ਮੈਡ ਐਟ ਦਾ ਵਰਲਡ' ਬਾਲੀਵੁੱਡ ਰੰਗਤ ਦਾ ਰੈਪ ਹੈ ਤੇ ਇਸ ਅਰਥ ਭਰਪੂਰ ਰੈਪ ਨੇ ਗੌਤਮ ਨੂੰ ਬੀ-ਟਾਊਨ 'ਚ ਚਰਚਿਤ ਕੀਤਾ ਹੈ। ਬਾਦਸ਼ਾਹ, ਟੋਨੀ ਕੱਕੜ, ਬਣਨ ਲਈ ਤਾਂ ਹਰੇਕ ਸੋਚੇਗਾ ਪਰ ਵੱਖਰਾ ਕਰਕੇ ਗੌਤਮ ਬਣਨਾ ਹੀ ਅਸਲੀ ਕਾਮਯਾਬੀ ਉਸ ਅਨੁਸਾਰ ਹੈ। 'ਮੈਂ ਵੋਹ ਨਹੀਂ' ਗੌਤਮ ਦੇ ਰੈਪ ਨੂੰ ਟਵਿੱਟਰ ਤੋਂ ਯੂ-ਟਿਊਬ ਤੱਕ ਗੰਭੀਰ ਸੋਚ ਦੇ ਜਵਾਨ ਕਲਾ ਪ੍ਰੇਮੀਆਂ ਨੇ ਸਰਾਹਿਆ ਹੈ। ਗੌਤਮ ਨਰਵਤ 'ਟਰੈਵਲਿੰਗ ਦਾ ਰੋਡ ਨੈਵਰ ਟਰੈਵਲਡ' ਜਿਹੇ ਵੱਖਰੇ ਅਲੌਕਿਕ ਰੈਪ ਨਾਲ 'ਰੋਡ ਰੇਜ਼', 'ਮੈਡ ਐਟ ਦਾ ਵਰਲਡ' ਰੈਪ ਦੇ ਜਲਵੇ ਹਾਲੀਵੁੱਡ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ। ਕਿਰਨ ਦੇਵੀ ਦੀ ਸਕ੍ਰਿਪਟ ਨਾਲ ਸੰਗੀਤਕ ਸਾਈਟਸ, ਰੈਪ ਵਰਲਡ ਤੇ ਰਾਗਾ, ਕੈਟੀ ਪੈਰੀ, ਜਾਨ ਕਲੌਨਿਸ, ਬਾਦਸ਼ਾਹ, ਤਨਿਸ਼ਕ ਬਾਗਚੀ ਦੀ ਤਰ੍ਹਾਂ ਲੋਕਪ੍ਰਿਅਤਾ ਪ੍ਰਾਪਤ ਕਰਨ ਦੇ ਨਿਸ਼ਾਨੇ ਨਾਲ ਗੌਤਮ ਸਰਗਰਮ ਹੈ ਤੇ ਇਕ ਦਿਨ ਜ਼ਰੂਰ ਮੇਰਾ ਹੋਵੇਗਾ ਉਸ ਦਾ ਆਤਮ-ਵਿਸ਼ਵਾਸ ਪ੍ਰਭਾਵ ਦਿੰਦਾ ਹੈ ਕਿ ਮੰਜ਼ਿਲਾਂ ਨੂੰ ਛੂਹਣਾ ਔਖਾ ਨਹੀਂ ਹੁੰਦਾ, ਕਲਾ, ਲਗਨ ਮਿਹਨਤ ਤੇ ਮੰਤਵ ਜ਼ਰੂਰੀ ਹਨ।

ਸੰਗੀਤ ਦੀ ਫੁਲਵਾੜੀ ਦਾ ਸਦਾ ਬਹਾਰ ਫੁੱਲ ਹਰਿੰਦਰ ਸੰਧੂ

ਅਜੋਕੇ ਸੰਗੀਤ ਦੀ ਦੁਨੀਆ ਵਿਚ ਸਰਸਰੀ ਨਿਗ੍ਹਾ ਮਾਰੀਏ ਤਾਂ ਪਰਵਾਨ ਚੜ੍ਹਨ ਵਾਲੇ ਪੋਟਿਆਂ 'ਤੇ ਹੀ ਗਿਣੇ ਜਾਣ ਵਾਲੇ ਕਲਾਕਾਰ ਰਹਿ ਗਏ ਹਨ, ਜਿਨ੍ਹਾਂ ਵਿਚੋਂ ਹਰਿੰਦਰ ਸਿੰਘ ਸੰਧੂ ਅਜਿਹਾ ਕਲਾਕਾਰ ਹੈ ਜਿਸ ਨੂੰ ਚੁੱਲ੍ਹਿਆਂ 'ਤੇ ਬੈਠ ਕੇ ਸੁਣਿਆਂ ਜਾ ਸਕਦਾ ਹੈ। ਅਜੋਕੇ ਤੜਕ-ਭੜਕ ਵਾਲੇ ਗੀਤਾਂ ਤੋਂ ਹਟ ਕੇ ਹਥਿਆਰਾਂ, ਲੱਚਰਤਾ, ਬੰਦੂਕਾਂ ਅਤੇ ਮਸ਼ੂਕਾਂ ਦੀ ਜ਼ਿੰਦਗੀ ਵਾਲੇ ਗੀਤਾਂ ਤੋਂ ਕੋਹਾਂ ਦੂਰ ਹਰਿੰਦਰ ਸੰਧੂ ਨੇ ਅਧਿਆਪਕ ਦੇ ਕਿੱਤੇ ਦੇ ਨਾਲ-ਨਾਲ ਸੰਗੀਤ ਦੇ ਖੇਤਰ ਵਿਚ ਇਕ ਨਿਵੇਕਲੀ ਥਾਂ ਬਣਾ ਲਈ ਹੈ। ਉਸ ਦੇ ਗੀਤ 'ਗੁੱਡੀ ਦਾ ਪ੍ਰਾਹੁਣਾ ਆ ਗਿਆ' ਨਾਲ ਉਸ ਦੀ ਚੁਫੇਰਿਓਂ ਵਾਹ-ਵਾਹ ਹੋਣ ਲੱਗ ਪਈ। ਇਹ ਗੀਤ ਸਰੋਤਿਆਂ ਨੇ ਖੂਬ ਸਲਾਹਿਆ ਅਤੇ ਹਰ ਇਕ ਜ਼ਬਾਨ 'ਤੇ ਆਪ ਮੁਹਾਰੇ ਚੜ੍ਹ ਗਿਆ। ਦਿਲ ਨੂੰ ਛੂਹਣ ਵਾਲੇ 'ਜੇ ਪੁੱਤਰ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ' ਗੀਤ ਨੇ ਤਾਂ ਧੁੰਮਾਂ ਪਾ ਹੀ ਦਿੱਤੀਆਂ। ਉਸ ਨੇ ਆਪਣੇ ਗੀਤਾਂ ਵਿਚ ਸੱਭਿਅਕ ਸ਼ਬਦਾਵਲੀ ਨਾਲ ਪਵਿੱਤਰ ਰਿਸ਼ਤਿਆਂ ਦੀ ਸਹੀ ਤਰਜਮਾਨੀ ਕੀਤੀ ਹੈ। ਨੂੰਹ ਸਹੁਰੇ ਅਤੇ ਨੂੰਹ ਸੱਸ ਦੀ ਨੋਕ ਝੋਕ ਵਾਲੇ ਗੀਤ ਉਸ ਦੀ ਸਾਫ਼-ਸੁਥਰੀ ਗਾਇਕੀ ਦੀ ਗਵਾਹੀ ਭਰਦੇ ਹਨ। ਅਜੋਕੇ ਦੌਰ ਵਿਚ ਸਮਾਜਿਕ ਬੁਰਾਈਆਂ ਨੁੰ ਦਰਸਾਉਂਦੇ ਗੀਤ 'ਪਲਦੇ ਲੇਜਾਂ 'ਤੇ' ਵਰਗੇ ਅਨੇਕਾਂ ਗੀਤਾਂ ਤੋਂ ਇਲਾਵਾ 'ਕੱਚ ਦਾ ਗਿਲਾਸ', ਘੈਂਟ ਵਿਚੋਲਾ' ਅਤੇ 'ਮੇਰੇ ਤੋਂ ਜਾਨ ਵਾਰਦੀ ਮੇਰੀ ਸਰਦਾਰਨੀ' ਉਸ ਨੇ ਖੂਬ ਚਰਚਿਤ ਗੀਤ ਗਾਏ ਹਨ। ਹਰਿੰਦਰ ਸੰਧੂ ਵਧੀਆ ਕਲਾਕਾਰ ਹੋਣ ਦੇ ਨਾਲ -ਨਾਲ ਇਕ ਵਧੀਆ ਇਨਸਾਨ ਅਤੇ ਸਮਾਜ ਸੇਵੀ ਵੀ ਹੈ। ਉਸ ਨੇ ਪ੍ਰਣ ਕੀਤਾ ਹੈ ਕਿ ਉਹ ਜਿੱਥੇ ਵੀ ਆਪਣਾ ਪ੍ਰਗਰਾਮ ਦੇਣ, ਰਿਸ਼ਤੇਦਾਰੀ ਜਾਂ ਫਿਰ ਕਿਸੇ ਦੋਸਤ ਕੋਲ ਜਾਵੇਗਾ ਤਾਂ ਉਹ ਦੋ ਜਾਂ ਇਸ ਤੋਂ ਵੱਧ ਬੂਟੇ ਸ਼ਗਨ ਵਜੋਂ ਦੇ ਕੇ ਆਵੇਗਾ। ਹਰਿੰਦਰ ਸਿੰਘ ਸੰਧੂ ਕਹਿੰਦਾ ਹੈ ਕਿ ਉਹ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੀ ਗਾਉਂਦਾ ਹੈ ਅਤੇ ਗਾਉਂਦਾ ਰਹੇਗਾ। ਉਸ ਦਾ ਸਰੋਤਿਆਂ ਨੂੰ ਕਹਿਣਾ ਹੈ ਕਿ ਉਹ ਹਮੇਸ਼ਾ ਚੰਗਾ ਹੀ ਸੁਣਨ, ਨਸ਼ਿਆਂ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਆਵਾਜ਼ ਉਠਾਉਣ।


-ਸ਼ਿਵਰਾਜ ਸਿੰਘ ਬਰਾੜ
ਪੱਤਰ ਪ੍ਰੇਰਕ ਲੰਬੀ

ਸੂਫ਼ੀ ਗਾਇਕੀ ਦਾ ਉੱਭਰਦਾ ਸਿਤਾਰਾ : ਕਰਮ ਰਾਜਪੂਤ

ਸਾਡੀ ਗਾਇਕੀ ਉੱਪਰ ਪੱਛਮੀ ਪਰਛਾਵਾਂ ਪੈਣ ਕਾਰਨ ਹੁਣ ਇਸ ਮਾਣਮੱਤੀ ਗਾਇਕੀ ਦੀ ਜਗ੍ਹਾ ਲੱਚਰ ਗਾਇਕੀ ਨੇ ਲੈ ਲਈ ਹੈ। ਇਹ ਆਏ ਦਿਨ ਪੰਜਾਬ ਦੇ ਮਾਹੌਲ ਵਿਚ ਪ੍ਰਦੂਸ਼ਣ ਪੈਦਾ ਕਰ ਰਹੀ ਹੈ, ਇਸ ਦੇ ਬਾਵਜੂਦ ਪੰਜਾਬ ਦੇ ਸੱਭਿਆਚਾਰਕ, ਵਿਰਸੇ ਅਤੇ ਸੂਫ਼ੀ ਗਾਇਕੀ ਨੂੰ ਸਾਂਭਣ ਵਾਲੇ ਗਾਇਕ ਅਜੇ ਵੀ ਮੌਜੂਦ ਹਨ, ਜਿਨ੍ਹਾਂ ਵਿਚ 'ਕਰਮ ਰਾਜਪੂਤ' ਦਾ ਨਾਂਅ ਉਭਰ ਕੇ ਸਾਹਮਣੇ ਆਉਂਦਾ ਹੈ। ਕਰਮ ਰਾਜਪੂਤ ਦਾ ਜਨਮ 1987 'ਚ ਪਿਤਾ ਸ: ਨਿਰਮਲਜੀਤ ਸਿੰਘ ਦੇ ਘਰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਜੰਡਿਆਲਾ ਗੁਰੂ ਦੇ ਪਿੰਡ ਗਦਲੀ 'ਚ ਹੋਇਆ। ਇਨ੍ਹਾਂ ਦੇ ਪਿਤਾ ਅਤੇ ਮਾਤਾ ਇਸ ਨੂੰ ਅਧਿਆਪਕ ਬਣਾਉਣਾ ਚਾਹੁੰਦੇ ਸਨ ਪਰ ਕਰਮ ਰਾਜਪੂਤ ਛੋਟੇ ਹੁੰਦਿਆਂ ਹੀ ਸੂਫ਼ੀ ਕਲਾਮ ਅਤੇ ਪੂਰਨ ਚੰਦ ਤੇ ਪਿਆਰੇ ਲਾਲ ਵਡਾਲੀ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਸੀ। 2005 ਵਿਚ ਉਹ ਪੂਰਨ ਚੰਦ ਵਡਾਲੀ ਜੀ ਦੇ ਘਰ ਗਿਆ ਤਾਂ ਉਸ ਨੇ ਉਨ੍ਹਾਂ ਨੂੰ 'ਅਸਾਬਰੀ' ਰਾਗ ਸੁਣਾਇਆ ਤੇ ਉਸ ਨੂੰ ਸੁਣ ਕੇ ਉਨ੍ਹਾਂ ਨੇ ਅਗਲੇ ਦਿਨ ਆਪਣੇ ਨਾਲ ਪ੍ਰੋਗਰਾਮ 'ਤੇ ਜਾਣ ਲਈ ਬੁਲਾ ਲਿਆ। ਕਰਮ ਰਾਜਪੂਤ ਨੇ ਵਡਾਲੀ ਬ੍ਰਦਰਜ਼ ਨੂੰ ਗੁਰੂ ਧਾਰਨ ਕਰ ਕੇ ਇਨ੍ਹਾਂ ਕੋਲੋਂ ਅਤੇ ਆਪਣੇ ਹੋਰ ਪ੍ਰੋਫੈਸਰਾਂ ਕੋਲੋਂ ਰਾਗਾਂ ਦੀ ਤਾਲੀਮ ਹਾਸਲ ਕੀਤੀ ਅਤੇ ਰਾਗ, ਠੁਮਰੀ, ਗ਼ਜ਼ਲ, ਕਾਫੀ ਆਦਿ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ। ਇਸ ਨੇ ਪੂਰਨ ਚੰਦ ਪਿਆਰੇ ਲਾਲ ਵਡਾਲੀ ਨਾਲ ਕੈਨੇਡਾ, ਇੰਗਲੈਂਡ, ਸਿੰਗਾਪੁਰ, ਡੁਬਈ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਪ੍ਰੋਗਰਾਮ ਪੇਸ਼ ਕੀਤੇ। ਸੂਫ਼ੀ ਗਾਇਕ ਕਰਮ ਰਾਜਪੂਤ ਬੀਤੇ ਦਿਨੀਂ ਆਪਣਾ ਪਹਿਲਾ ਸੂਫ਼ੀ ਗੀਤ 'ਸੋਹਣੀ ਸੂਰਤ' ਲੈ ਕੇ ਦਰਸ਼ਕਾਂ ਦੇ ਰੂਬਰੂ ਹੋਇਆ ਹੈ, ਜਿਸ ਨੂੰ ਪੀ.ਟੀ.ਸੀ. ਰਿਕਾਰਡ ਵਲੋਂ ਜਾਰੀ ਕੀਤਾ ਗਿਆ ਹੈ, ਜੋ ਕਿ ਭਾਰਤ ਵਿਚ ਹੀ ਨਹੀਂ, ਸਗੋਂ ਦੇਸ਼ ਵਿਦੇਸ਼ਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਆਦਿ ਵਿਚ ਕਾਫੀ ਧੁੰਮਾਂ ਪਾ ਰਿਹਾ ਹੈ। ਇਸ ਗੀਤ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ। ਕਰਮ ਰਾਜਪੂਤ ਜੋ ਹੁਣ ਆਪਣੇ ਪਰਿਵਾਰ ਅਤੇ ਮਾਤਾ-ਪਿਤਾ ਸਮੇਤ ਜੰਡਿਆਲਾ ਗੁਰੂ ਵਿਖੇ ਰਹਿ ਰਿਹਾ ਹੈ, ਨੇ ਦੱਸਿਆ ਕਿ 'ਸੋਹਣੀ ਸੂਰਤ' ਗਾਣਾ ਸੰਨੀ ਧੱਕੋਵਾਲ ਦਾ ਲਿਖਿਆ ਹੈ ਅਤੇ ਮਿਊਜ਼ਿਕ ਦਲਜੀਤ ਸਿੰਘ ਨੇ ਦਿੱਤਾ ਹੈ।


-ਪਰਮਿੰਦਰ ਸਿੰਘ ਜੋਸਨ
ਨਿੱਜੀ ਪੱਤਰ ਪ੍ਰੇਰਕ, ਜੰਡਿਆਲਾ ਗੁਰੂ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX