ਤਾਜਾ ਖ਼ਬਰਾਂ


ਜੇਲ੍ਹ ਤੋਂ ਸੁਣਵਾਈ ਲਈ ਜਾ ਰਹੇ ਆਜ਼ਮ ਖਾਨ ਨੇ ਕਿਹਾ- ਅੱਤਵਾਦੀ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਸਲੂਕ
. . .  8 minutes ago
ਨਵੀਂ ਦਿੱਲੀ, 29 ਫਰਵਰੀ- ਉਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਰਾਮਪੁਰ ਸੁਣਵਾਈ ਦੇ ਲਈ ਜਾ ਰਹੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ
ਨਵਾਂ ਸ਼ਹਿਰ 'ਚ ਹੋਈ ਗੜੇਮਾਰੀ
. . .  15 minutes ago
ਨਵਾਂ ਸ਼ਹਿਰ, 29 ਫਰਵਰੀ (ਹਰਵਿੰਦਰ ਸਿੰਘ)- ਬੀਤੀ ਰਾਤ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ...
ਅਜਨਾਲਾ ਦੀ ਅਗਵਾ ਹੋਈ ਨੌਜਵਾਨ ਲੜਕੀ ਦੀ ਮਿਲੀ ਲਾਸ਼
. . .  34 minutes ago
ਅਜਨਾਲਾ, 29 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਅਗਵਾ ਹੋਈ ਅਜਨਾਲਾ ਦੀ ਰਹਿਣ ਵਾਲੀ ਨੌਜਵਾਨ ਲੜਕੀ ਦੀ ਅੰਮ੍ਰਿਤਸਰ ਦੇ ਨੇੜੇ ਇਕ ਨਿੱਜੀ ਸਕੂਲ ਇਕ ਨਿੱਜੀ ਸਕੂਲ ਕੋਲੋਂ ਬੀਤੀ...
ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  44 minutes ago
ਸ਼ਿਮਲਾ, 29 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ...
ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 594 ਨਵੇਂ ਮਾਮਲੇ ਆਏ ਸਾਹਮਣੇ
. . .  56 minutes ago
ਸਿਓਲ, 29 ਫਰਵਰੀ- ਚੀਨ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਤੋਂ ਬਾਅਦ ਹੁਣ ਦੱਖਣੀ ਕੋਰੀਆ ਵੀ ਇਸ ਦੀ ਲਪੇਟ ...
ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਮੀਂਹ ਕਾਰਨ ਜ਼ਮੀਨ 'ਤੇ ਵਿਛੀ
. . .  about 1 hour ago
ਅਜਨਾਲਾ, 29 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਪਏ ਮੀਂਹ ਦੇ ਚੱਲਦਿਆਂ ਸਰਹੱਦੀ ਖੇਤਰ 'ਚ ਕਈ ਥਾਵਾਂ 'ਤੇ ਕਿਸਾਨਾਂ...
ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  about 1 hour ago
ਕਰਾਚੀ, 29 ਫਰਵਰੀ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਬੱਸ ਅਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ...
ਅੱਜ ਦਾ ਵਿਚਾਰ
. . .  about 2 hours ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਜਲੰਧਰ , 28 ਫਰਵਰੀ - ਹਾਈ ਸਕਿਉਰਿਟੀ ਜ਼ੋਨ ਮੰਨੇ ਜਾਂਦੇ ਫੋਕਲ ਪੁਆਇੰਟ ਨਜ਼ਦੀਕ ਬਿਨਾਂ ਸਿਰ ਦੇ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ । ਪੁਲਿਸ ਸਿਰ ਲੱਭਣ 'ਚ ਲੱਗੀ ਹੈ ।
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿਚ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ...
ਹੋਰ ਖ਼ਬਰਾਂ..

ਖੇਡ ਜਗਤ

ਪੰਜਾਬੀ ਖਿਡਾਰੀਆਂ ਲਈ ਮਾਣ-ਸਨਮਾਨ ਦਾ ਵਰ੍ਹਾ ਰਿਹਾ 2019

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਵਿਸ਼ਵ ਪੁਲਿਸ ਖੇਡਾਂ:- ਚੀਨ 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ 'ਚ ਬਹੁਤ ਸਾਰੇ ਪੰਜਾਬੀਆਂ ਨੇ ਦੇਸ਼ ਲਈ ਤਗਮੇ ਜਿੱਤੇ। ਜਿਨ੍ਹਾਂ 'ਚ ਜੂਡੋਕਾ ਜਸਲੀਨ ਕੌਰ ਤੇ ਹਰਮੀਤ ਸਿੰਘ, ਅਥਲੀਟ ਰੁਪਿੰਦਰ ਕੌਰ ਤੇ ਜਸਦੀਪ ਸਿੰਘ ਢਿੱਲੋਂ ਨੇ ਸੋਨ ਤਗਮੇ ਜਿੱਤੇ।
ਪੁਰਸਕਾਰ ਤੇ ਅਹੁਦੇ:- ਇਸ ਵਰ੍ਹੇ ਕੌਮੀ ਖੇਡ ਦਿਵਸ ਮੌਕੇ ਪ੍ਰਦਾਨ ਕੀਤੇ ਜਾਣ ਵਾਲੇ ਕੌਮੀ ਪੁਰਸਕਾਰਾਂ ਤਹਿਤ ਨਾਮਵਰ ਅਥਲੈਟਿਕਸ ਕੋਚ ਮਹਿੰਦਰ ਸਿੰਘ ਢਿੱਲੋਂ ਨੂੰ ਦਰੋਣਾਚਾਰੀਆ, ਗੋਲਾ ਸੁਟਾਵੇ ਤੇਜਿੰਦਰਪਾਲ ਸਿੰਘ ਤੂਰ ਅਤੇ ਫੁੱਟਬਾਲਰ ਗੁਰਪ੍ਰੀਤ ਸਿੰਘ ਨੂੰ ਅਰਜੁਨਾ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਸ: ਮਹਿੰਦਰ ਸਿੰਘ ਢਿੱਲੋਂ ਨੂੰ ਏਸ਼ੀਅਨ ਅਥਲੈਟਿਕਸ ਫੈਡਰੇਸ਼ਨ ਵਲੋਂ ਦੋਹਾ (ਕਤਰ) ਵਿਖੇ ਏਸ਼ੀਆ ਦੇ ਸਰਬੋਤਮ ਅਥਲੈਟਿਕਸ ਕੋਚ ਵਜੋਂ ਸਨਮਾਨਿਤ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਸ ਵਰ੍ਹੇ ਦੇਸ਼ ਦੀ ਸਰਬੋਤਮ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫ਼ੀ ਜਿੱਤਣ ਦਾ ਮਾਣ ਹਾਸਲ ਕੀਤਾ। ਸੰਦੀਪ ਸਿੰਘ ਬੱਢੂਵਾਲ ਨੇ ਦੰਦਾਂ ਵਾਲੇ ਬੁਰਸ਼ 'ਤੇ 1 ਮਿੰਟ 8.15 ਸਕਿੰਟ ਬਾਸਕਟਬਾਲ ਘੁਮਾਉਣ ਦਾ ਵਿਸ਼ਵ ਕੀਰਤੀਮਾਨ ਬਣਾ ਕੇ, ਗਿੰਨੀਜ਼ ਬੁੱਕ ਆਫ ਰਿਕਾਰਡਜ਼ ਦੇ ਕਵਰ 'ਤੇ ਆਪਣੀ ਤਸਵੀਰ ਛਪਵਾਉਣ ਦਾ ਮਾਣ ਹਾਸਲ ਕੀਤਾ। ਇਹ ਰੁਤਬਾ ਪਾਉਣ ਵਾਲਾ ਸੰਦੀਪ ਪਹਿਲਾ ਪੰਜਾਬੀ ਹੈ। ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਅਰਜੁਨਾ ਐਵਾਰਡੀ ਸੁਖਪਾਲ ਸਿੰਘ ਪਾਲੀ ਕ੍ਰਮਵਾਰ ਪੰਜਾਬੀ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਜਨਰਲ ਸਕੱਤਰ ਬਣੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਖੇਡਾਂ ਦੇ ਖੇਤਰ 'ਚ ਦੇਸ਼ ਦੀ ਅੱਵਲ ਨੰਬਰ ਯੂਨੀਵਰਸਿਟੀ ਬਣਾਉਣ ਵਾਲੇ ਡਾ: ਰਾਜ ਕੁਮਾਰ ਸ਼ਰਮਾ ਨੇ ਇਸ ਵਰ੍ਹੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਖੇਡ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ। ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਵਰ੍ਹੇ ਜੂਡੋ ਯੂਨੀਅਨ ਆਫ ਏਸ਼ੀਆ ਦੇ ਪ੍ਰਧਾਨ ਬਣੇ। ਉਹ ਭਾਰਤੀ ਜੂਡੋ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ। ਉਦੈਵੀਰ ਸਿੰਘ ਮਿੱਢੂਖੇੜਾ ਪੰਜਾਬ ਕਸਟੋਬਾਲ ਐਸੋਸੀਏਸ਼ਨ ਦੇ ਪ੍ਰਧਾਨ, ਗੁਰਦੀਪ ਸਿੰਘ ਬਿੱਟੀ ਘੱਗਾ ਜਨਰਲ ਸਕੱਤਰ ਤੇ ਸ਼ੀਸ਼ਪਾਲ ਗਰਗ ਚੇਅਰਮੈਨ ਬਣੇ।
ਹੋਰ ਖੇਡਾਂ:- ਪਟਿਆਲਾ ਦੇ ਡਾ: ਅਮਨ ਸੂਦ ਨੇ ਮਾਰਸ਼ਲ ਆਰਟ ਥਰੋਅਜ਼ ਤਹਿਤ 1 ਮਿੰਟ 'ਚ 79 ਥਰੋਅਜ਼ ਲਗਾ ਕੇ, ਵਿਸ਼ਵ ਕੀਰਤੀਮਾਨ ਆਪਣੇ ਨਾਂਅ ਕੀਤਾ। ਰਾਜਪੁਰਾ (ਪਟਿਆਲਾ) ਦੀ ਖਿਡਾਰਨ ਸੇਜਲ ਨੇ ਇੰਡੀਆ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਕੱਪ 'ਚੋਂ ਸੋਨ ਤਗਮਾ ਜਿੱਤਿਆ। ਤਲਵਾਰਬਾਜ਼ੀ 'ਚ ਪੰਜਾਬ ਦੇ ਖਿਡਾਰੀਆਂ ਨੇ ਕੌਮੀ ਸਕੂਲ ਖੇਡਾਂ 'ਚੋਂ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਫੁੱਟਬਾਲ 'ਚ ਪੰਜਾਬ ਦੀ ਟੀਮ ਕੌਮੀ ਸਕੂਲ ਖੇਡਾਂ ਅੰਡਰ-19 ਦੀ ਚੈਂਪੀਅਨ ਬਣੀ। ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਗਰੀਕੋ ਰੋਮਨ ਵਰਗ 'ਚ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਸੋਨ ਤਗਮੇ ਜਿੱਤੇ। ਇਹ ਦੋਨੋਂ ਪਹਿਲਵਾਨ ਕੌਮੀ ਚੈਂਪੀਅਨ ਵੀ ਬਣੇ। ਨਵਜੋਤ ਕੌਰ ਤੇ ਸਿਮਰਨਜੀਤ ਕੌਰ ਨੇ ਕੌਮੀ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚੋਂ ਤਗਮੇ ਜਿੱਤੇ। ਮਿੱਟੀ ਦੀ ਕੁਸ਼ਤੀ 'ਚ ਜੱਸਾ ਪੱਟੀ ਦੀ ਤੂਤੀ ਬੋਲਦੀ ਰਹੀ। ਟੈਨਿਸ ਖਿਡਾਰੀ ਗੁਰਕਿਰਨ ਸਿੰਘ, ਖਾਹਿਸ਼ਪ੍ਰੀਤ ਕੌਰ, ਵਰਿੰਦਰ ਸਿੰਘ ਤੇ ਕੁੰਵਰਦੀਪ ਸਿੰਘ ਪਾਤੜਾਂ (ਪਟਿਆਲਾ) ਦੀ ਚੋਣ ਭਾਰਤੀ ਜੂਨੀਅਰ ਟੀਮ 'ਚ ਹੋਈ ਅਤੇ ਉਨ੍ਹਾਂ ਨੇ ਸਰਬੀਆ ਤੇ ਚੀਨ 'ਚ ਹੋਏ ਟੂਰਨਾਮੈਂਟਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਉਮਰ ਵਰਗਾਂ ਦੇ 6 ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚੋਂ 5 ਚੈਂਪੀਅਨਸ਼ਿਪਾਂ ਪਟਿਆਲਾ ਜ਼ਿਲ੍ਹੇ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਪੋਲੈਂਡ, ਹੰਗਰੀ ਤੇ ਜਰਮਨੀ 'ਚ ਸਿਖਲਾਈ ਦੇਣ ਦਾ ਮਾਣ ਹਾਸਲ ਕੀਤਾ। (ਸਮਾਪਤ)


-ਪਟਿਆਲਾ। ਮੋਬਾ: 97795-90575


ਖ਼ਬਰ ਸ਼ੇਅਰ ਕਰੋ

ਟੋਕੀਓ ਉਲੰਪਿਕ ਹਾਕੀ 2020 'ਤੇ ਅੱਖ ਹਾਕੀ ਸਟਾਰ ਗੁਰਜੰਟ ਦੀ

ਟੋਕੀਓ ਉਲੰਪਿਕ ਹਾਕੀ 2020 'ਚ ਖੇਡਣ ਵਾਲੀ ਭਾਰਤੀ ਹਾਕੀ ਟੀਮ ਦੇ ਸੰਭਾਵਿਤ ਖਿਡਾਰੀਆਂ ਵਿਚੋਂ ਗੁਰਜੰਟ ਸਿੰਘ ਨੂੰ ਅਸੀਂ ਪ੍ਰਮੁੱਖ ਮੰਨਦੇ ਹਾਂ। ਜੂਨੀਅਰ ਵਰਲਡ ਕੱਪ ਜੇਤੂ (2016, ਲਖਨਊ) ਦਾ ਇਹ ਬਿਹਤਰੀਨ ਫਾਰਵਰਡ ਖਿਡਾਰੀ ਅੱਜ ਵੀ ਸੰਸਾਰ ਦੀ ਕਿਸੇ ਵੀ ਹਾਕੀ ਟੀਮ ਦੀ ਰੱਖਿਆਤਮਕ ਪੰਕਤੀ ਨੂੰ ਚੀਰ ਕੇ ਗੋਲ ਕਰਨ ਦੀ ਸਮਰੱਥਾ ਰੱਖਦਾ ਹੈ। 26 ਜਨਵਰੀ, 1995 ਨੂੰ ਪਿੰਡ ਖਲੈਹਿਰਾ (ਜੰਡਿਆਲਾ ਗੁਰੂ, ਅੰਮ੍ਰਿਤਸਰ) ਵਿਖੇ ਜਨਮ ਲੈਣ ਵਾਲਾ ਇਹ ਮਝੈਲ ਖਿਡਾਰੀ ਪਿਤਾ ਬਲਦੇਵ ਸਿੰਘ ਅਤੇ ਮਾਤਾ ਸੁਖਜਿੰਦਰ ਕੌਰ ਦੇ, ਵੱਡਾ ਹੋ ਕੇ ਹਾਕੀ ਦੀ ਦੁਨੀਆ 'ਚ ਛਾ ਜਾਣ ਦੇ ਸੁਪਨਿਆਂ ਨੂੰ ਪੂਰਿਆਂ ਕਰਨ ਲਈ ਲਗਾਤਾਰ ਗਤੀਸ਼ੀਲ ਹੈ। ਗੁਰਜੰਟ ਦੱਸਦਾ ਹੈ ਕਿ ਉਸ ਦਾ ਪਰਿਵਾਰ ਖੇਤੀਬਾੜੀ ਦਾ ਧੰਦਾ ਕਰਦਾ ਹੈ, ਪਰ ਉਸ ਨੂੰ ਬਚਪਨ ਤੋਂ ਹਾਕੀ ਖੇਡਣ ਦਾ ਸ਼ੌਕ ਸੀ। ਮਾਂ-ਬਾਪ ਨੇ ਆਪਣੇ ਬੇਟੇ ਦੀਆਂ ਭਾਵਨਾਵਾਂ ਨੂੰ ਹਾਕੀ ਦੇ ਲੜ ਹੀ ਲਾਉਣਾ ਠੀਕ ਸਮਝਿਆ। ਉਸ ਦੇ ਪਹਿਲੇ ਕੋਚ ਰਣਜੀਤ ਸਿੰਘ ਚੀਮਾ ਹਨ, ਉਹ ਚੀਮਾ ਹਾਕੀ ਅਕੈਡਮੀ, ਬਟਾਲਾ ਦੀ ਪੈਦਾਵਾਰ ਹੈ। ਜਿਉਂ-ਜਿਉਂ ਉਸ ਦਾ ਖੇਡ ਕੈਰੀਅਰ ਅੱਗੇ ਵਧਿਆ ਉਸ ਨੂੰ ਬਹੁਤ ਹੀ ਪ੍ਰਤਿਭਾਸ਼ਾਲੀ ਕੋਚ ਮਿਲੇ, ਜਿਨ੍ਹਾਂ ਵਿਚੋਂ ਜਸਬੀਰ ਸਿੰਘ ਬਾਜਵਾ ਚੰਡੀਗੜ੍ਹ, ਗੁਰਮਿੰਦਰ ਸਿੰਘ ਹਨ। ਗੁਰਜੰਟ ਦੇ ਮਾਮਾ ਹਰਦੇਵ ਸਿੰਘ ਭੱਪ ਨੇ ਉਸ ਨੂੰ ਹਾਕੀ ਲਈ ਬਹੁਤ ਉਤਸ਼ਾਹਿਤ ਕੀਤਾ ਕਿਉਂਕਿ ਉਹ ਆਪ ਹਾਕੀ ਦੀ ਖੇਡ ਨਾਲ ਜੁੜੇ ਹੋਏ ਸਨ। ਖੇਡ ਕੈਰੀਅਰ ਦੇ ਆਰੰਭਲੇ ਪੜਾਅ 'ਚ ਉਸ ਨੇ ਸੁਰਜੀਤ ਕੱਪ, ਬੇਟਨ ਕੱਪ, ਬੰਬੇ ਗੋਲਡ ਕੱਪ ਖੇਡਦਿਆਂ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ। ਫਿਰ ਅੰਤਰਰਾਸ਼ਟਰੀ ਕੈਰੀਅਰ 'ਚ ਉਸ ਨੇ ਆਪਣੇ ਕੋਚਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਜੂਨੀਅਰ ਏਸ਼ੀਆ ਕੱਪ ਤੋਂ ਬਾਅਦ ਉਸ ਨੇ ਜੂਨੀਅਰ ਪੱਧਰ 'ਤੇ ਬਹੁਤ ਸਾਰੇ ਟੂਰਨਾਮੈਂਟ ਖੇਡੇ। ਕਈ ਟੂਰਨਾਮੈਂਟ ਅਤੇ ਕਈ ਮੈਚਾਂ 'ਚ ਉਹ 'ਮੈਨ ਆਫ਼ ਦੀ ਮੈਚ' ਬਣਿਆ।
ਭਾਰਤੀ ਹਾਕੀ ਟੀਮ ਦੇ ਸੀਨੀਅਰ ਖਿਡਾਰੀ ਰੁਪਿੰਦਰ ਪਾਲ ਸਿੰਘ ਨੂੰ ਆਪਣਾ ਆਦਰਸ਼ ਮੰਨ ਕੇ ਚੱਲਣ ਵਾਲਾ ਇਹ ਮਝੈਲ ਫਾਰਵਰਡ, ਸ਼ਹੀਦ ਬਾਬਾ ਦੀਪ ਸਿੰਘ ਜੀ 'ਚ ਆਪਣੀ ਧਾਰਮਿਕ ਆਸਥਾ ਰੱਖਦਾ ਹੈ। ਅੰਤਰਰਾਸ਼ਟਰੀ ਖੇਡ ਕੈਰੀਅਰ 'ਚ ਉਸ ਆਸਟ੍ਰੇਲੀਆ ਦੇ ਪ੍ਰਸਿੱਧ ਖਿਡਾਰੀ ਜੇ ਸਟੈਸੀ ਤੋਂ ਬਹੁਤ ਪ੍ਰਭਾਵਿਤ ਹੈ। 6 ਫੁੱਟ ਲੰਮਾ ਇਹ ਪ੍ਰਤਿਭਾਸ਼ਾਲੀ ਖਿਡਾਰੀ ਹਾਕੀ ਇੰਡੀਆ ਲੀਗ ਦੇ ਸਾਰੇ ਐਡੀਸ਼ਨਾਂ 'ਚ ਜੋ ਉਸ ਨੇ ਖੇਡੇ, ਘਰੇਲੂ ਮੈਦਾਨ 'ਚ ਘਰੇਲੂ ਦਰਸ਼ਕਾਂ ਦੀ ਚੰਗੀ ਵਾਹ-ਵਾਹ ਲੁੱਟ ਸਕਿਆ ਹੈ।
ਸੀਨੀਅਰ ਪੱਧਰ 'ਤੇ ਗੁਰਜੰਟ ਨੇ ਯੂਰਪੀਨ ਟੈਸਟ ਸੀਰੀਜ਼ ਬੈਲਜੀਅਮ ਦੇ ਵਿਰੁੱਧ ਅਤੇ ਫਿਰ ਹਾਲੈਂਡ ਦੇ ਖਿਲਾਫ਼ 2017 'ਚ ਖੇਡੀ। 2017 ਦੇ ਹੀ ਹੀਰੋ ਏਸ਼ੀਆ ਕੱਪ (ਢਾਕਾ ਬੰਗਲਾਦੇਸ਼) 'ਚ ਉਹ ਗੋਲਡ ਮੈਡਲ ਮੈਚ (ਫਾਈਨਲ ਦਾ ਮੈਨ ਆਫ਼ ਦਾ ਮੈਚ) ਬਣਿਆ। ਉਸ ਤੋਂ ਬਾਅਦ ਉਸ ਨੇ ਓਡੀਸ਼ਾ 'ਚ ਹਾਕੀ ਵਰਲਡ ਲੀਗ ਫਾਈਨਲ ਭਵਨੇਸ਼ਵਰ (2017) 'ਚ ਆਪਣਾ ਦਮਦਾਰ ਪ੍ਰਦਰਸ਼ਨ ਕੀਤਾ। 2018 'ਚ ਅਜਲਾਨ ਸ਼ਾਹ ਕੱਪ ਖੇਡਿਆ। ਬੀਤੇ ਸਾਲ ਆਸਟ੍ਰੇਲੀਆ ਵਿਖੇ ਰਾਸ਼ਟਰ ਮੰਡਲ ਖੇਡਾਂ ਹਿੱਸਾ ਲਿਆ। ਏਸ਼ੀਅਨ ਚੈਂਪੀਅਨ ਟਰਾਫ਼ੀ ਮਸਕਟ ਵਿਖੇ ਖੇਡੀ, 2019 'ਚ ਭੁਵਨੇਸ਼ਵਰ ਵਿਖੇ ਐਫ.ਆਈ.ਐਚ. ਸੀਰੀਜ਼ ਖੇਡੀ ਅਤੇ ਜਾਪਾਨ ਦੇ ਖਿਲਾਫ਼ ਟੈਸਟ ਸੀਰੀਜ਼ ਖੇਡੀ। ਗੁਰਜੰਟ ਦਾ ਕਹਿਣਾ ਕਿ ਹੁਣ ਉਸ ਤੇ ਉਸ ਦਾ ਟੀਮ ਦੇ ਸਾਹਮਣੇ ਸਿਰਫ਼ ਇਕੋ ਵੱਡਾ ਨਿਸ਼ਾਨਾ ਟੋਕੀਓ ਉਲੰਪਿਕ 2020 'ਚ ਇਕ ਮੈਡਲ ਪ੍ਰਾਪਤ ਕਰਨਾ ਹੈ। ਉਸ ਨੂੰ ਡਰ ਹੈ ਕਿ ਜੇ ਇਸ ਵਾਰੀ ਵੀ ਮੈਡਲ ਨਾ ਆਇਆ ਤਾਂ ਹਾਕੀ ਜਾਦੂਗਰਾਂ ਦੇ ਇਸ ਦੇਸ਼ 'ਚ ਹਾਕੀ ਰੁਮਾਂਚ ਖਤਮ ਹੋ ਜਾਵੇਗਾ।


-ਡੀ.ਏ.ਵੀ. ਕਾਲਜ ਅੰਮ੍ਰਿਤਸਰ।
ਮੋਬਾਈਲ : 98155-35410.

ਫੁੱਟਬਾਲ : ਪੰਜਾਬ ਦੇ ਅਰਜਨ ਪੁਰਸਕਾਰ ਜੇਤੂ ਖਿਡਾਰੀ

ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜੰਮੇ ਜਿੰਨੇ ਜ਼ੋਰ ਨਾਲ ਹਲ ਵਾਹੁੰਦੇ ਹਨ, ਓਨੇ ਹੀ ਜ਼ੋਰ ਨਾਲ ਖੇਡਦੇ ਹਨ। ਪੰਜਾਬ ਹਮੇਸ਼ਾ ਦਿਲਾਂ ਦੇ ਰਾਠ ਤੇ ਨਰੋਈਆਂ ਦੇਹਾਂ ਵਾਲੇ ਖਿੱਤੇ ਵਜੋਂ ਜਾਣਿਆ ਜਾਂਦਾ ਹੈ। ਖੇਡਾਂ ਦੇ ਖੇਤਰ ਵਿਚ ਵੀ ਪੰਜਾਬੀ ਮੋਹਰੀ ਰਹੇ ਹਨ, ਵੱਖ-ਵੱਖ ਖੇਡਾਂ ਵਿਚ ਪੰਜਾਬੀ ਖਿਡਾਰੀਆਂ ਨੇ ਭਾਰਤ ਅਤੇ ਏਸ਼ਿਆਈ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ ਅਤੇ ਕਈ ਜਗਤ ਜੇਤੂ ਰਹੇ। ਇਸੇ ਸੰਦਰਭ 'ਚ ਰੂ-ਬਰੂ ਹੋਈਏ ਪੰਜਾਬ ਦੇ ਉਨ੍ਹਾਂ ਫੁੱਟਬਾਲ ਖਿਡਾਰੀਆਂ ਦੇ ਜਿਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਸਰਬਉੱਚ ਖੇਡ ਪੁਰਸਕਾਰ ਅਰਜਨ ਐਵਾਰਡ ਨਾਲ ਸਨਮਾਨਿਤ ਗਿਆ ਹੈ।
ਜਰਨੈਲ ਸਿੰਘ : ਅਰਜਨ ਐਵਾਰਡ 1964 : ਭਾਰਤੀ ਫੁੱਟਬਾਲ ਦੇ ਅੰਬਰ ਦੇ ਧਰੂ ਤਾਰੇ ਜਰਨੈਲ ਸਿੰਘ ਦੀ ਖੇਡ ਕਲਾ ਬਾਰੇ ਲਿਖਣ ਲੱਗਿਆਂ ਹਰਫ਼ਾਂ ਦੀਆਂ ਜਰਬਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ। ਜਰਨੈਲ ਸਿੰਘ 1958 ਦੇ ਅਖੀਰ ਤੋਂ ਲੈ ਕੇ 1967 ਤੱਕ ਭਾਰਤੀ ਟੀਮ ਨੂੰ ਖੇਡਦਿਆਂ ਸ਼ੁਹਰਤ ਦੇ ਸਿਖਰ ਦੀਆਂ ਸੁਰਖੀਆਂ 'ਚ ਰਹੇ। 20 ਫਰਵਰੀ, 1936 ਦੇ ਲਾਇਲਪੁਰ ਦੇ ਚੱਕ ਨੰਬਰ 272 (ਪਾਕਿਸਤਾਨ) 'ਚ ਫੁੱਟਬਾਲ ਦੇ ਜਰਨੈਲ ਦਾ ਜਨਮ ਹੋਇਆ। 1947 ਦੇ ਰੌਲਿਆਂ ਤੋਂ ਬਾਅਦ ਉਸ ਦਾ ਪਰਿਵਾਰ ਗੜ੍ਹਸ਼ੰਕਰ ਨੇੜੇ ਪਨਾਮ ਵਿਚ ਆ ਵਸਿਆ। ਖ਼ਾਲਸਾ ਕਾਲਜ ਪੜ੍ਹਦਿਆਂ ਉਹ ਪੰਜਾਬ ਟੀਮ ਲਈ ਚੁਣਿਆ ਗਿਆ। 1957 'ਚ ਡੀ.ਐਸ.ਐਮ. ਟੂਰਨਾਮੈਂਟ (ਦਿੱਲੀ) 'ਚ ਖੇਡਦਿਆਂ ਉਹ ਰਾਜਸਥਾਨ ਕਲੱਬ ਦੇ ਮਾਰਵਾੜੀਆਂ ਨੂੰ ਜਚ ਗਿਆ। 1958 'ਚ ਉਹ ਰਾਜਸਥਾਨ ਕਲੱਬ ਵਲੋਂ ਖੇਡਿਆ। 1959 'ਚ ਉਸ ਨੂੰ ਮੋਹਣ ਬਗਾਨ ਕਲੱਬ ਵਾਲੇ ਲੈ ਗਏ ਤੇ ਲਗਪਗ 10 ਸਾਲ ਉਹ ਇਸੇ ਕਲੱਬ ਵਲੋਂ ਖੇਡਿਆ।
ਪ੍ਰਾਪਤੀਆਂ ਦੀ ਅਗਲੀ ਲੜੀ 'ਚ ਉਹ 1964 ਦੀਆਂ ਟੋਕੀਓ ਉਲੰਪਿਕ (ਜਾਪਾਨ) 'ਚ ਖੇਡਿਆ। 1964 ਏਸ਼ੀਆ ਕੱਪ (ਤੇਲ ਅਵੀਵ) 'ਚ ਸਿਲਵਰ ਮੈਡਲ ਜਿੱਤਿਆ। ਉਸ ਨੇ 1966 ਦੀਆਂ ਬੈਂਕਾਕ ਏਸ਼ਿਆਈ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ। ਮਡਰੇਕਾ ਕੱਪ ਵਿਚ ਭਾਰਤੀ ਟੀਮ ਦੀ ਅਗਵਾਈ ਕਰਦਿਆਂ 1964 'ਚ ਸੋਨ ਤਗਮਾ ਅਤੇ 1966 'ਚ ਕਾਂਸੀ ਤਗਮਾ ਜਿੱਤਿਆ। ਜਰਨੈਲ ਸਿੰਘ 1965-66 ਅਤੇ 67 ਵਿਚ ਭਾਰਤੀ ਟੀਮ ਦੇ ਕਪਤਾਨ ਰਹੇ। 1966 'ਚ ਉਹ ਵਿਸ਼ਵ ਫੁੱਟਬਾਲ ਟੀਮ ਲਈ ਚੁਣੇ ਗਏ। ਏਸ਼ਿਆਈ ਫੁੱਟਬਾਲ ਦੇ ਜਰਨੈਲ ਦੀਆਂ ਅੰਬਰ ਟਾਕੀ ਲਾਉਣ ਵਾਲੀਆਂ ਪ੍ਰਾਪਤੀਆਂ ਲਈ 1964 'ਚ ਭਾਰਤ ਸਰਕਾਰ ਨੇ ਖੇਡਾਂ ਦੇ ਸਰਵਉੱਚ ਸਨਮਾਨ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਪੰਜਾਬੀ ਫੁੱਟਬਾਲ ਦੇ ਮਹਾਨਾਇਕ ਜਰਨੈਲ ਸਿੰਘ 13 ਅਕਤੂਬਰ, 2000 ਨੂੰ (ਵੈਨਕੂਵਰ) ਸਦੀਵੀ ਵਿਛੋੜਾ ਦੇ ਗਏ।
ਇੰਦਰ ਸਿੰਘ : ਅਰਜਨ ਐਵਾਰਡ-1969 : ਇੰਦਰ ਸਿੰਘ ਦਾ ਜਨਮ 23 ਦਸੰਬਰ, 1943 ਨੂੰ ਫਗਵਾੜੇ 'ਚ ਹੋਇਆ, ਉਸ ਦੇ ਯਾਰ-ਬੇਲੀ ਦੱਸਦੇ ਹਨ, ਜਦੋਂ ਉਸ ਨੂੰ ਤੁਰਨਾ ਆਇਆ ਤੇ ਉਸਨੇ ਪਹਿਲੇ ਕਦਮ ਗੇਂਦ ਨੂੰ ਠੁੱਡ ਮਾਰੀ ਸੀ, ਜਦੋਂ ਪੜ੍ਹਨ ਜੋਗਾ ਹੋਇਆ ਤਾਂ ਕਾਇਦੇ ਨੂੰ ਘੂਰ-ਘੂਰ ਵੇਖਦਾ ਸੀ। ਖੇਡ ਕੈਰੀਅਰ ਦੀ ਸ਼ੁਰੂਆਤ ਉਸ ਨੇ 1959 'ਚ ਪੰਜਾਬ ਸਕੂਲ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਕੀਤੀ। 1962 ਤੋਂ 1974 ਤੱਕ ਦਾ ਖੇਡਣ ਦਾ ਸਮਾਂ ਉਸ ਦਾ ਲੀਡਰ ਕਲੱਬ ਜਲੰਧਰ ਨਾਲ ਗੁਜ਼ਰਿਆ। 1974 ਤੋਂ 1985 ਤੱਕ ਉਹ ਜੇ.ਸੀ.ਟੀ. ਫਗਵਾੜਾ ਲਈ ਖੇਡਿਆ। 1963 ਵਿਚ ਪਹਿਲੀ ਵਾਰ ਇੰਦਰ ਸਿੰਘ ਭਾਰਤੀ ਟੀਮ ਦਾ ਮੈਂਬਰ ਬਣਿਆ ਅਤੇ ਪ੍ਰੀ-ਉਲੰਪਿਕ ਟੂਰਨਾਮੈਂਟ ਸ੍ਰੀਲੰਕਾ ਵਿਚ ਖੇਡਿਆ। ਉਸ ਨੇ 1964 'ਚ ਪ੍ਰੀ-ਉਲੰਪਿਕ ਗੇਮਜ਼ ਤਹਿਰਾਨ (ਈਰਾਨ) 'ਚ ਹਿੱਸਾ ਲਿਆ। 1964 'ਚ ਹੀ ਕੁਆਲਾਲੰਪੁਰ 'ਚ ਮਡਰੇਕਾ ਕੱਪ ਖੇਡਦਿਆਂ ਇੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ। 1964 ਏਸ਼ੀਆ ਕੱਪ 'ਚ ਵੀ ਭਾਰਤ ਨੇ ਚਾਂਦੀ ਦਾ ਤਗਮਾ ਜਿੱਤਿਆ। 1966 ਦੀਆਂ ਬੈਂਕਾਕ (ਥਾਈਲੈਂਡ) ਏਸ਼ਿਆਈ ਖੇਡਾਂ 'ਚ ਇੰਦਰ ਸਿੰਘ ਭਾਰਤੀ ਟੀਮ ਵਲੋਂ ਖੇਡਿਆ। ਸੰਨ 1975 'ਚ ਇੰਡੋਨੇਸ਼ੀਆ 'ਚ ਖੇਡੇ ਗਏ ਹਾਲੇਲ ਕੱਪ 'ਚ ਹਿੱਸਾ ਲਿਆ। ਇੰਦਰ ਸਿੰਘ ਨੇ 1967, 1968, 1969, 1970 ਅਤੇ 1977 ਮਡਰੇਕਾ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਇਸ ਤੋਂ ਇਲਾਵਾ ਕਈ ਹੋਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੁਕਾਬਲਿਆਂ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਸੰਨ 1967 'ਚ ਉਹ ਏਸ਼ੀਅਨ ਆਲ ਸਟਾਰ ਟੀਮ ਲਈ ਵੀ ਚੁਣੇ ਗਏ।
ਗੁਰਦੇਵ ਸਿੰਘ ਗਿੱਲ : ਅਰਜਨ ਐਵਾਰਡ 1978: ਗੁਰਦੇਵ ਸਿੰਘ ਬਾਰੇ ਲਿਖਣਾ ਲਫ਼ਜ਼ਾਂ ਨਾਲ ਕੁਸ਼ਤੀ ਲੜਨਾ ਹੈ, ਉਹ ਜਿੰਨਾ ਤਕੜਾ ਖਿਡਾਰੀ ਹੈ, ਓਨਾ ਤਕੜਾ ਗਾਲੜੀ ਵੀ ਹੈ, ਗੱਲਾਂ-ਗੱਲਾਂ ਵਿਚ ਉਹ ਹੈਂਡ ਨਾਲ ਪੈਨਾਲਿਟੀ ਕਿੱਕ ਵੀ ਲਾ ਜਾਂਦਾ ਹੈ। ਉਹ ਸੁਭਾਅ ਦਾ ਥੋੜ੍ਹਾ ਕੌੜਾ ਪਰ ਸੱਚ ਬੋਲਣ ਦੀ ਜੁਰਅਤ ਰੱਖਦਾ ਹੈ। ਉਹ ਵਰ੍ਹਿਆਂਬੱਧੀ ਪੰਜਾਬ ਅਤੇ ਭਾਰਤ ਲਈ ਖੇਡਿਆ। ਗੁਰਦੇਵ ਸਿੰਘ ਦਾ ਜਨਮ 20 ਅਪ੍ਰੈਲ, 1950 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੈੜ ਅੱਛਰੋਵਾਲ 'ਚ ਹੋਇਆ। 1971 'ਚ ਉਸ ਨੇ ਪੰਜਾਬ ਯੂਨੀਵਰਸਿਟੀ ਦੀ ਕਪਤਾਨੀ ਕੀਤੀ। ਉਹ 1970 ਤੋਂ 1990 ਤੱਕ ਫੁੱਟਬਾਲ ਮੈਦਾਨ ਦਾ ਨਾਇਕ ਬਣ ਕੇ ਵਿਚਰਿਆ। ਲਗਪਗ 10 ਸਾਲ ਉਹ ਭਾਰਤੀ ਟੀਮ ਦਾ ਮੈਂਬਰ ਰਿਹਾ। 1974 ਤੋਂ 1990 ਤੱਕ ਉਹ ਪੰਜਾਬ ਪੁਲਿਸ ਲਈ ਖੇਡੇ ਅਤੇ ਕੋਚਿੰਗ ਕੀਤੀ। 1970 ਤੋਂ 1973 ਤੱਕ ਉਹ ਲੀਡਰ ਕਲੱਬ ਨਾਲ ਵੀ ਜੁੜੇ। ਸੰਨ 2008 'ਚ ਪੁਲਿਸ 'ਚ ਬਤੌਰ ਕਮਾਂਡੈਂਟ ਸੇਵਾ-ਮੁਕਤ ਹੋਏ।
ਗੁਰਦੇਵ ਸਿੰਘ ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਲੰਮੀ ਲੜੀ ਹੈ। ਸੰਨ 1972 'ਚ ਉਨ੍ਹਾਂ ਪ੍ਰੀ-ਉਲੰਪਿਕ ਟੂਰਨਾਮੈਂਟ ਰੰਗੂਨ (ਬਰਮਾ) 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। 1978 ਬੈਕਾਂਕ ਏਸ਼ਿਆਈ ਖੇਡਾਂ ਵਿਚ ਹਿੱਸਾ ਲਿਆ। 1976 'ਚ ਕੁਆਲਾਲੰਪੁਰ 'ਚ ਮਡਰੇਕਾ ਕੱਪ ਖੇਡਿਆ, 1974 'ਚ ਤਹਿਰਾਨ 'ਚ ਹੋਈਆਂ ਏਸ਼ੀਅਨ ਖੇਡਾਂ 'ਚ ਗੁਰਦੇਵ ਸਿੰਘ ਭਾਰਤੀ ਟੀਮ ਵਲੋਂ ਖੇਡਿਆ 1978 ਆਗਾ ਖਾਨ ਗੋਲਡ ਕੱਪ 'ਚ ਬੰਗਲਾਦੇਸ਼ ਖ਼ਿਲਾਫ਼ ਹੈਟਟ੍ਰਿਕ ਲਗਾਈ ਤੇ ਸਿਲਵਰ ਮੈਡਲ ਜਿੱਤਿਆ, 1971 'ਚ ਉਨ੍ਹਾਂ ਨੇ ਗੋਲਡ ਕੱਪ 'ਚ ਅਤੇ 1974 ਮਡਰੇਕਾ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਭਾਰਤ ਸਰਕਾਰ ਨੇ ਸੰਨ 1978 'ਚ ਗੁਰਦੇਵ ਸਿੰਘ ਨੂੰ ਅਰਜਨ ਐਵਾਰਡ ਅਤੇ ਪੰਜਾਬ ਸਰਕਾਰ ਨੇ 1984 'ਚ ਮਹਾਰਾਣਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ, ਦਿੱਲੀ ਖੇਡ ਪੱਤਰਕਾਰ ਜਥੇਬੰਦੀ ਨੇ ਉਨ੍ਹਾਂ ਨੂੰ ਸੰਨ 2000 'ਚ ਫੁੱਟਬਾਲਰ ਆਫ਼ ਮਿਲੇਨੀਅਨ ਦੇ ਖਿਤਾਬ ਨਾਲ ਨਿਵਾਜ਼ਿਆ।
ਗੁਰਪ੍ਰੀਤ ਸਿੰਘ ਸੰਧੂ : ਅਰਜਨ ਐਵਾਰਡ 2019 : ਗੁਰਪ੍ਰੀਤ ਸਿੰਘ ਸੰਧੂ ਅਰਜਨ ਐਵਾਰਡ ਪ੍ਰਾਪਤ ਕਰਨ ਵਾਲੇ 26ਵੇਂ ਭਾਰਤੀ ਫੁੱਟਬਾਲਰ ਹਨ, ਉਹ ਭਾਰਤੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਯੁਵਾ ਖਿਡਾਰੀਆਂ ਵਿਚੋਂ ਇਕ ਹਨ ਅਤੇ ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਚੌਥੇ ਗੋਲਕੀਪਰ ਹਨ, ਇਸ ਤੋਂ ਪਹਿਲਾਂ ਸੁਬਰਤੋ ਪਾਲ (2016) ਬ੍ਰਮਾਨੰਦ ਸੰਖਵਾਲਕਰ (1997) ਅਤੇ ਪੀਟਰ ਥਾਗਾਰਾਜ (1967) 'ਚ ਇਹ ਵਕਾਰੀ ਐਵਾਰਡ ਪ੍ਰਾਪਤ ਕਰ ਚੁੱਕੇ ਹਨ। ਗੁਰਪ੍ਰੀਤ ਸਿੰਘ ਟੀਮ ਇੰਡੀਆ ਲਈ 2010 'ਚ ਅੰਡਰ-19 ਅਤੇ 2012 'ਚ ਅੰਡਰ-23 ਟੀਮ ਦਾ ਹਿੱਸਾ ਰਹਿ ਚੁੱਕਾ ਹੈ। ਉਹ ਭਾਰਤੀ ਦੀ ਸੀਨੀਅਰ ਟੀਮ ਲਈ ਵੀ ਖੇਡ ਰਹੇ ਹਨ। ਸੰਨ 2009 ਅਤੇ 2014 ਤੱਕ ਉਹ ਈਸਟ ਬੰਗਾਲ ਕਲੱਬ ਵਲੋਂ ਮੈਦਾਨ 'ਚ ਉਤਰਿਆ ਸੀ। ਉਹ ਨਾਰਵੇ ਦੀ ਕਲੱਬ ਸਟਾਵੀਕ ਵਲੋਂ ਵੀ ਖੇਡੇ, ਇਸੇ ਦੌਰਾਨ ਉਸ ਨੇ 2016 'ਚ ਯੂਰਪ ਲੀਗ ਵੀ ਖੇਡੀ। ਸੰਨ 2017 ਤੋਂ ਹੁਣ ਤੱਕ ਗੁਰਪ੍ਰੀਤ ਬੰਗਲੁਰੂ ਕਲੱਬ ਲਈ ਖੇਡ ਰਿਹਾ ਹੈ। 3 ਫਰਵਰੀ, 1992 'ਚ ਚਮਕੌਰ ਸਾਹਿਬ 'ਚ ਜਨਮੇ ਮਾਤਾ ਹਰਜੀਤ ਕੌਰ ਅਤੇ ਪਿਤਾ ਤਜਿੰਦਰ ਸਿੰਘ (ਐਸ.ਪੀ. ਪੁਲਿਸ) ਦੇ ਲਾਡਲੇ ਸਪੁੱਤਰ ਦੀ ਅਰਜਨ ਐਵਾਰਡ ਦੀ ਪ੍ਰਾਪਤੀ ਪੰਜਾਬ ਲਈ ਵੱਡੇ ਫ਼ਖ਼ਰ ਦੀ ਗੱਲ ਹੈ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਵੀਲਚੇਅਰ ਕ੍ਰਿਕਟ ਟੀਮ ਦਾ ਰਾਸ਼ਟਰੀ ਖਿਡਾਰੀ ਹੈ ਦੀਪੂ ਸਿੰਘ ਰਾਣਾ

ਉਤਰਾਖੰਡ ਦੀ ਅਪਾਹਜ ਖਿਡਾਰੀਆਂ ਦੀ ਵੀਲਚੇਅਰ ਕ੍ਰਿਕਟ ਟੀਮ ਦਾ ਰਾਸ਼ਟਰੀ ਖਿਡਾਰੀ ਹੈ ਦੀਪੂ ਸਿੰਘ ਰਾਣਾ ਜਿਸ ਨੇ ਆਪਣੀ ਖੇਡ ਕਲਾ ਨਾਲ ਦੂਸਰੇ ਲੋਕਾਂ ਦੇ ਮਨ ਹੀ ਨਹੀ ਜਿੱਤੇ ਸਗੋਂ ਉਹ ਦੂਸਰਿਆਂ ਲਈ ਪ੍ਰੇਰਨਾ ਸ੍ਰੋਤ ਵੀ ਬਣਿਆ ਹੈ। ਦੀਪੂ ਸਿੰਘ ਰਾਣਾ ਦਾ ਜਨਮ 1 ਅਪ੍ਰੈਲ, 1992 ਨੂੰ ਪਿਤਾ ਤਿਵਾਰੀ ਸਿੰਘ ਰਾਣਾ ਦੇ ਘਰ ਮਾਤਾ ਮੁੰਨੀ ਦੇਵੀ ਦੀ ਕੁੱਖੋਂ ਹੋਇਆ। ਦੀਪੂ ਰਾਣਾ ਅਜੇ ਤਿੰਨ ਸਾਲ ਦਾ ਹੀ ਸੀ ਕਿ ਉਸ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਡਾਕਟਰ ਨੇ ਲਾਪਰਵਾਹੀ ਨਾਲ ਗ਼ਲਤ ਟੀਕਾ ਲਗਾ ਦਿੱਤਾ ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਨੂੰ ਪੋਲੀਓ ਹੋ ਗਿਆ ਅਤੇ ਉਹ ਬੈਸਾਖੀਆਂ ਦੇ ਸਹਾਰੇ ਤੁਰਨ ਲਈ ਮਜਬੂਰ ਹੋ ਗਿਆ। ਜ਼ਿੰਦਗੀ ਆਪਣੀ ਤੋਰ ਚੱਲਣ ਲੱਗੀ ਅਤੇ ਉਸ ਨੂੰ ਕ੍ਰਿਕਟ ਖੇਡਣ ਦਾ ਜਨੂੰਨ ਹੱਦੋਂ ਵੱਧ ਸੀ ਅਤੇ ਉਹ ਸੋਚਦਾ ਕਿ ਆਖਰ ਕ੍ਰਿਕਟ ਕਿਵੇਂ ਖੇਡੀ ਜਾਵੇ। ਹੌਲੀ-ਹੌਲੀ ਉਸ ਨੂੰ ਇਹ ਪਤਾ ਚਲਿਆ ਕਿ ਵੀਲਚੇਅਰ 'ਤੇ ਵੀ ਕ੍ਰਿਕਟ ਖੇਡੀ ਜਾ ਸਕਦੀ ਹੈ ਅਤੇ ਉਸ ਦੀ ਮੁਲਾਕਾਤ ਉਤਰਾਖੰਡ ਦੀ ਵੀਲਚੇਅਰ ਕ੍ਰਿਕਟ ਟੀਮ ਦੇ ਕਪਤਾਨ ਰਜਿੰਦਰ ਸਿੰਘ ਧਾਮੀ ਨਾਲ ਹੋਈ ਅਤੇ ਉਸ ਨੇ ਕ੍ਰਿਕਟ ਖੇਡਣ ਦੀ ਇੱਛਾ ਪ੍ਰਗਟਾਈ ਅਤੇ ਰਜਿੰਦਰ ਸਿੰਘ ਧਾਮੀ ਅਤੇ ਟੀਮ ਦੇ ਮੈਨੇਜਰ ਹਰੀਸ਼ ਚੌਧਰੀ ਨੇ ਉਸ ਨੂੰ ਆਪਣੀ ਟੀਮ ਵਿਚ ਸ਼ਾਮਿਲ ਕਰ ਲਿਆ ਅਤੇ ਅੱਜ ਉਹ ਟੀਮ ਦਾ ਇਕ ਅਹਿਮ ਹਿੱਸਾ ਹੈ ਅਤੇ ਉਹ ਰਾਸ਼ਟਰੀ ਪੱਧਰ 'ਤੇ ਕਈ ਅਹਿਮ ਮੈਚ ਖੇਡ ਚੁੱਕਾ ਹੈ ਅਤੇ ਉਹ ਟੀਮ ਦਾ ਆਲਰਾਊਂਡਰ ਖਿਡਾਰੀ ਹੈ ਅਤੇ ਉਹ ਬੈਟਸਮੈਨ ਵੀ ਹੈ ਅਤੇ ਬਾਊਲਰ ਵੀ ਹੈ ਅਤੇ ਸਾਲ 2018 ਵਿਚ ਊਸ ਨੂੰ ਮੈਨ ਆਫ ਦਾ ਮੈਚ ਵੀ ਚੁਣਿਆ ਗਿਆ। ਦੀਪੂ ਸਿੰਘ ਰਾਣਾ ਆਖਦਾ ਹੈ ਕਿ, ਸਰਕਾਰਾਂ ਨੂੰ ਖ਼ਾਸ ਤੌਰ 'ਤੇ ਚਾਹੀਦਾ ਹੈ ਕਿ ਉਹ ਅਪਾਹਜ ਖਿਡਾਰੀਆਂ ਦੀ ਆਰਥਿਕ ਮਦਦ ਕਰਨ ਤਾਂ ਕਿ ਉਹ ਵੀ ਦੇਸ਼ ਲਈ ਖੇਡ ਕੇ ਦੇਸ਼ ਦਾ ਮਾਣ ਬਣਨ।


ਮੋ: 9855114484

ਯੋਗ ਖੇਡ ਨਿਰਦੇਸ਼ਕ

ਡਾ: ਰਾਜ ਕੁਮਾਰ ਸ਼ਰਮਾ

ਡਾਕਟਰ ਰਾਜ ਕੁਮਾਰ ਸ਼ਰਮਾ ਤਕਰੀਬਨ 12 ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੇਡ ਵਿਭਾਗ ਦੇ ਡਾਇਰੈਕਟਰ ਰਹੇ ਅਤੇ ਇਸ ਦੌਰਾਨ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਪੂਰਾ ਖੇਡ ਜਗਤ ਵਾਕਿਫ਼ ਹੈ। ਪੰਜਾਬੀ ਯੂਨੀਵਰਸਿਟੀ ਵਿਚ ਵਿਸ਼ਵ ਪੱਧਰੀ ਖੇਡ ਵਾਤਾਵਰਨ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਉਥੋਂ ਦੇਸ਼ ਨੂੰ ਅਨੇਕਾਂ ਅੰਤਰਰਾਸ਼ਟਰੀ ਖਿਡਾਰੀ ਦਿੱਤੇ। ਉਨ੍ਹਾਂ ਦੀ ਯੋਗ ਅਗਵਾਈ ਵਿਚ ਯੂਨੀਵਰਸਿਟੀ ਨੇ ਸਾਲ 2006 ਵਿਚ ਪਹਿਲੀ ਵਾਰ ਦੇਸ਼ ਦੀ ਸਬ ਤੋਂ ਸਰਵਉੱਚ ਖੇਡ ਟਰਾਫੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਜਿੱਤੀ। ਉਸ ਤੋਂ ਬਾਅਦ ਯੂਨੀਵਰਸਿਟੀ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਜਾਰੀ ਰੱਖਿਆ ਅਤੇ 2007-08, 2008-09, 2011-12, 2012-13, 2014-15 ਅਤੇ 2015-16 ਵਿਚ ਇਹ ਸਨਮਾਨ ਦੁਹਰਾਇਆ ਅਤੇ ਇਤਿਹਾਸ ਬਣਾਇਆ। ਰਾਜ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਦੇਸ਼ ਨੂੰ ਅਨੇਕਾਂ ਹੀ ਅੰਤਰਰਾਸ਼ਟਰੀ ਖਿਡਾਰੀ ਮਿਲੇ ਅਤੇ ਯੂਨੀਵਰਸਿਟੀ ਨੂੰ ਖੇਡ ਹੱਬ ਬਣਾ ਦਿੱਤਾ ਗਿਆ। 2016 ਵਿਚ ਡਾਕਟਰ ਸਾਹਿਬ ਆਪਣੀਆਂ ਸੇਵਾਵਾਂ ਤੋਂ ਰਿਟਾਇਰ ਹੋ ਗਏ। ਇਸ ਤੋਂ ਬਾਅਦ ਅਪ੍ਰੈਲ 2019 ਵਿਚ ਉਨ੍ਹਾਂ ਨੇ ਜਲੰਧਰ ਵਿਚ ਸਥਿਤ ਦੇਸ਼ ਦੀ ਪ੍ਰਸਿੱਧ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਵਿਖੇ ਖੇਡ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ ਅਤੇ ਇਥੇ ਆ ਕੇ ਆਪਣੀ ਯੋਗ ਅਗਵਾਈ ਅਧੀਨ ਅਤੇ ਆਪਣੀ ਟੀਮ ਨਾਲ ਮਿਲ ਕੇ ਇਥੋਂ ਖਿਡਾਰੀਆਂ ਨੂੰ ਪੂਰੀਆਂ ਸਹੂਲਤਾਂ ਦੇ ਕੇ ਇਥੇ ਸਥਿਤ ਆਧੁਨਿਕ ਖੇਡ ਵਾਤਾਵਰਨ ਨੂੰ ਵਰਤੋਂ ਵਿਚ ਲਿਆਉਂਦਿਆਂ ਇਥੇ ਵੀ ਆਪਣੇ ਫ਼ਰਜ਼ ਨੂੰ ਬਾਖ਼ੂਬੀ ਨਿਭਾਉਣਾ ਸ਼ੁਰੂ ਕੀਤਾ। ਇਸੇ ਸਾਲ ਉਨ੍ਹਾਂ ਦੀ ਅਗਵਾਈ ਵਿਚ ਯੂਨੀਵਰਸਿਟੀ ਦੇ ਲੜਕਿਆਂ ਦੀ ਹਾਕੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਗੀ ਮਿਆਰੀ ਯੂਨੀਵਰਸਿਟੀ ਨੂੰ ਹਰਾ ਕੇ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਲਈ ਕੁਆਲੀਫਾਈ ਕੀਤਾ। ਹੈਂਡਬਾਲ ਲੜਕੀਆਂ ਦੀ ਟੀਮ ਨੇ ਵੀ ਗੁਰੂ ਨਾਨਕ ਦੇਵ ਅਤੇ ਗੁਰੂ ਜੰਬੇਸ਼ਵਰ ਵਰਗੀਆਂ ਵਧੀਆ ਯੂਨੀਵਰਸਿਟੀਆਂ ਨੂੰ ਹਰਾ ਕੇ ਆਲ ਇੰਡੀਆ ਲਈ ਕੁਆਲੀਪਾਈ ਕੀਤਾ ਹੈ। ਇਸ ਤੋਂ ਇਲਾਵਾ ਇਥੋਂ ਦੀਆਂ ਹੈਂਡਬਾਲ ਟੀਮਾਂ ਨੇ ਓਪਨ ਪੱਧਰ ਦੇ ਟੂਰਨਾਮੈਂਟਾਂ ਵਿਚ ਵੀ ਆਪਣਾ ਨਾਮਣਾ ਖੱਟਿਆ ਹੈ। ਖੋ-ਖੋ ਵਿਚ ਵੀ ਚੰਗੀਆਂ ਚੰਗੀਆਂ ਯੂਨੀਵਰਸਿਟੀਆਂ ਨੂੰ ਆਪਣੇ ਜ਼ੋਨ ਵਿਚ ਹਰਾ ਕੇ ਆਲ ਇੰਡੀਆ ਲਈ ਕੁਆਲੀਫਾਈ ਕੀਤਾ ਹੈ। ਇਸ ਤੋਂ ਇਲਾਵਾ ਵਾਲੀਬਾਲ ਅਤੇ ਸਾਈਕਲਿੰਗ ਵਰਗੀਆਂ ਖੇਡਾਂ ਵਿਚ ਵੀ ਯੂਨੀਵਰਸਿਟੀ ਦੇ ਖਿਡਾਰੀ ਅਤੇ ਟੀਮਾਂ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਰਹੇ ਹਨ। ਵਾਟਰ ਪੋਲੋ ਵਿਚ ਯੂਨੀਵਰਸਿਟੀ ਇਸ ਸਾਲ ਚੈਂਪੀਅਨ ਬਣ ਚੁੱਕੀ ਹੈ। ਯੂਨੀਵਰਸਿਟੀ ਦੀ ਮਹਿਲਾ ਮੁੱਕੇਬਾਜ਼ ਮੰਜੂ ਵੀ ਵਿਸ਼ਵ ਚੈਂਪੀਅਨਸ਼ਿਪ ਵਿਚੋਂ ਸਿਲਵਰ ਮੈਡਲ ਜਿੱਤ ਕੇ ਆਈ ਹੈ। ਯੂਨੀਵਰਸਿਟੀ ਦੀ ਪਹਿਲਵਾਨ ਪੂਜਾ ਗਹਿਲੋਤ ਅੰਡਰ 23 ਦੇ ਵਿਸ਼ਵ ਮੁਕਾਬਲਿਆਂ ਦੇ ਫਾਈਨਲ ਤੱਕ ਪਹੁੰਚਣ ਵਿਚ ਕਾਮਯਾਬ ਰਹੀ ਸੀ। ਇਸ ਤੋਂ ਇਲਾਵਾ ਅਥਲੈਟਿਕਸ ਵਿਚ ਵੀ ਅਨੇਕਾਂ ਅਥਲੀਟ ਅੰਤਰਰਾਸ਼ਟਰੀ ਬਣ ਚੁੱਕੇ ਹਨ। ਕਹਿਣ ਤੋਂ ਭਾਵ ਹੈ ਕਿ ਰਾਜ ਕੁਮਾਰ ਸ਼ਰਮਾ ਦੀ ਕੁਸ਼ਲ ਅਗਵਾਈ ਵਿਚ ਤੇ ਉਨ੍ਹਾਂ ਵਲੋਂ ਦਿੱਤੀ ਹੱਲਾਸ਼ੇਰੀ ਨਾਲ ਇਥੋਂ ਦੇ ਖਿਡਾਰੀਆਂ ਅਤੇ ਕੋਚਾਂ ਵਿਚ ਇਕ ਨਵੀਂ ਜਾਣ ਫੂਕੀ ਗਈ ਹੈ ਤੇ ਨਤੀਜਾ ਸਭ ਦੇ ਸਾਹਮਣੇ ਹੈ। ਇਸ ਲਈ ਜੇਕਰ ਮੌਜੂਦਾ ਸਹੂਲਤਾਂ ਨੂੰ ਸਹੀ ਢੰਗ ਨਾਲ ਪ੍ਰਯੋਗ ਕਰਨ ਦੇ ਨਾਲ ਖਿਡਾਰੀਆਂ ਨੂੰ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਖਿਡਾਰੀ ਚੰਗਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਆਪਣੇ ਦੇਸ਼ ਲਈ ਯੋਗ ਖਿਡਾਰੀ ਸਿੱਧ ਹੁੰਦੇ ਹਨ। ਸੋ, ਲੋੜ ਹੈ ਅੱਜ ਦੇ ਕੋਚਾਂ ਅਤੇ ਖੇਡ ਪ੍ਰਬੰਧਕਾਂ ਨੂੰ ਡਾਕਟਰ ਸਾਹਿਬ ਦੇ ਨਕਸ਼ੇ ਕਦਮ 'ਤੇ ਚੱਲਣ ਦੀ।


-ਮੋਬਾਈਲ : 83605-64449

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX