ਤਾਜਾ ਖ਼ਬਰਾਂ


ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 594 ਨਵੇਂ ਮਾਮਲੇ ਆਏ ਸਾਹਮਣੇ
. . .  16 minutes ago
ਸਿਓਲ, 29 ਫਰਵਰੀ- ਚੀਨ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਤੋਂ ਬਾਅਦ ਹੁਣ ਦੱਖਣੀ ਕੋਰੀਆ ਵੀ ਇਸ ਦੀ ਲਪੇਟ ...
ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਮੀਂਹ ਕਾਰਨ ਜ਼ਮੀਨ 'ਤੇ ਵਿਛੀ
. . .  34 minutes ago
ਅਜਨਾਲਾ, 29 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਪਏ ਮੀਂਹ ਦੇ ਚੱਲਦਿਆਂ ਸਰਹੱਦੀ ਖੇਤਰ 'ਚ ਕਈ ਥਾਵਾਂ 'ਤੇ ਕਿਸਾਨਾਂ...
ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  about 1 hour ago
ਕਰਾਚੀ, 29 ਫਰਵਰੀ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਬੱਸ ਅਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ...
ਅੱਜ ਦਾ ਵਿਚਾਰ
. . .  about 1 hour ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਜਲੰਧਰ , 28 ਫਰਵਰੀ - ਹਾਈ ਸਕਿਉਰਿਟੀ ਜ਼ੋਨ ਮੰਨੇ ਜਾਂਦੇ ਫੋਕਲ ਪੁਆਇੰਟ ਨਜ਼ਦੀਕ ਬਿਨਾਂ ਸਿਰ ਦੇ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ । ਪੁਲਿਸ ਸਿਰ ਲੱਭਣ 'ਚ ਲੱਗੀ ਹੈ ।
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿਚ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ...
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਮਲੌਦ, 28 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਮਲੌਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਨੀਪੁਰ ਦੇ ਮੁੱਖ ਅਧਿਆਪਕ ਅੰਮ੍ਰਿਤਪਾਲ ਸਿੰਘ ਟਿਵਾਣਾ ਦੀਆਂ ਸ਼ਾਨਦਾਰ ਸ਼ੇਵਾਵਾਂ ਨੂੰ ਮੁੱਖ ...
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਭੁਵਨੇਸ਼ਵਰ, 28 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ। ਇਸ ਵਿਚ ਮੁਸਲਮਾਨਾਂ ਦੀ...
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  1 day ago
ਨਵੀਂ ਦਿੱਲੀ, 28 ਫਰਵਰੀ - ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਇਕ ਆਤਸ਼ੀ ਨੂੰ ਗੋਆ ਤੇ ਜਰਨੈਲ ਸਿੰਘ ਨੂੰ ਪੰਜਾਬ ਆਪ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦ ਦੋਵਾਂ ਸੂਬਿਆਂ ਲਈ ਜਥੇਬੰਦਕ ਨਿਰਮਾਣ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ...
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  1 day ago
ਬਰਨਾਲਾ/ਰੂੜੇਕੇ ਕਲਾਂ, 28 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਫ਼ਿਰਕੂ ਹਿੰਸਾ ਦੌਰਾਨ ਮਾਰੇ ਗਏ 27 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਧੁੰਦਲਕਿਆਂ 'ਚ ਗੁਆਚਿਆ ਸਾਡਾ ਜੀਵਨ

ਸਾਨੂੰ ਸਭਨਾਂ ਨੂੰ ਲੰਬੀ ਉਮਰ ਭੋਗਣ ਦੀ ਸ਼ੁੱਭ-ਕਾਮਨਾ ਆਮ ਮਿਲਦੀ ਰਹਿੰਦੀ ਹੈ | ਇਕ ਮਨਚਲੇ ਦੀ ਲੰਬੀ ਉਮਰ ਭੋਗਣ ਪ੍ਰਤੀ ਇਹ ਪ੍ਰਕਿਰਿਆ ਵੀ ਹੈ :
'ਜ਼ਿੰਦਗੀ ਕੀ ਦੁਆ ਨਾ ਦੇ ਐ ਜ਼ਾਲਿਮ,
ਯਿਹ ਜ਼ਿੰਦਗੀ ਕਿਸ ਕੋ ਰਾਸ ਆਈ ਹੈ |'
ਕਿਸੇ ਵੀ ਨਜ਼ਰੀਏ ਨਾਲ ਨਿਹਾਰਿਆਂ, ਜੀਵਨ ਨੂੰ ਅਰਥ ਅਰਪਣ ਕਰਨੇ ਸੰਭਵ ਨਹੀਂ ਜਾਪਦੇ | ਵਿਚਾਰਿਆ ਜਾਵੇ ਤਾਂ ਸੰਗੀਤ ਦੇ ਵੀ ਕੋਈ ਅਰਥ ਨਹੀਂ ਨਿਕਲਦੇ ਪਰ ਜਿਸ ਨੂੰ ਸੁਣਦਿਆਂ ਅਨੰਦ ਦਾ ਅਨੁਭਵ ਹੁੰਦਾ ਹੈ | ਇਹੋ ਸਥਿਤੀ ਜੀਵਨ ਦੀ ਹੈ, ਜਿਸ ਬਾਰੇ ਇਹ ਪੁੱਛਣਾ ਹੀ ਠੀਕ ਨਹੀਂ ਕਿ ਇਸ ਦੇ ਕੀ ਅਰਥ ਹਨ | ਜੀਵਨ ਨੂੰ ਤਾਂ ਸਗੋਂ ਹਰ ਇਕ ਨੂੰ ਆਪ ਟੀਚੇ ਨਿਰਧਾਰਤ ਕਰਦਿਆਂ, ਕਾਰਜ-ਕਾਰਨਾਮੇ ਨੇਪਰੇ ਚਾੜ੍ਹਦਿਆਂ ਅਤੇ ਹੋਰਨਾਂ ਨਾਲ ਮੋਹ ਪਾਲਦਿਆਂ ਅਰਥ ਅਰਪਣ ਕਰਨੇ ਪੈਂਦੇ ਹਨ |
ਮਹਾਤਮਾ ਬੁੱਧ ਦੀ ਸੋਚ ਤੋਂ ਪ੍ਰਭਾਵਿਤ ਜਰਮਨ ਫਿਲਾਸਫਰ, ਸ਼ਾਪਨਹਾਅਰ ਨੇ ਮਾਨਵੀ ਹੋਂਦ ਨੂੰ ਇੰਜ ਚਿਤਵਿਆ : 'ਹਰ ਇਕ ਨੇ ਬੁੱਢਾ ਹੋਣਾ ਹੈ, ਰੋਗ ਸਹੇੜਨੇ ਹਨ ਅਤੇ ਦੁਰਬਲਤਾ ਨਾਲ ਮੱਥਾ ਮਾਰਦਿਆਂ ਸੰਸਾਰੋਂ ਵਿਦਾ ਹੋ ਜਾਣਾ ਹੈ | ਜਵਾਨੀ ਦੌਰਾਨ ਭਾਵੇਂ ਸੰਭਾਵਨਾਵਾਂ ਦਾ ਅੰਬਾਰ ਉਸਰਿਆ ਨਜ਼ਰ ਆਉਂਦਾ ਰਹਿੰਦਾ ਹੈ, ਜਿਹੜਾ ਮੱਧ ਆਯੂ 'ਚ ਪੈਰ ਧਰਦਿਆਂ ਹੀ ਢਹਿ-ਢੇਰੀ ਹੋ ਜਾਂਦਾ ਹੈ | ਨਾਲ ਹੀ ਨਿੱਘ ਅਤੇ ਸਨੇਹ ਦਾ ਆਧਾਰ ਬਣਦੇ ਵੇਗ ਵਿਦਾ ਹੋ ਜਾਂਦੇ ਹਨ ਅਤੇ ਅਰੋਗਤਾ ਘਾਇਲ ਹੋਈ ਸਿਸਕਣ ਲਗਦੀ ਹੈ, ਜਦ ਕਿ ਰੀਝਣ ਅਤੇ ਰਿਝਾਉਣ ਵਾਲੀ ਰੁਚੀ ਵੀ ਹਵਾ ਹੋ ਜਾਂਦੀ ਹੈ |'
ਜੀਵਨ ਪ੍ਰਤੀ ਅਜਿਹੇ ਅਨੁਭਵ ਦੇ ਸਤਾਏ ਗ਼ਾਲਿਬ ਨੂੰ ਵੀ ਇਹ ਗਿਲਾ ਸੀ :
'ਦੋਨੋਂ ਜਹਾਨ ਦੇ ਕੇ ਵੋਹ ਸਮਝੇ ਯਿਹ ਖੁਸ਼ ਰਹਾ,
ਯਾਂ ਆ ਪੜੀ ਯਿਹ ਸ਼ਰਮ ਕਿ ਤਕਰਾਰ ਕਿਆ ਕਰੇਂ |'
ਜੀਵਨ ਬਾਰੇ ਨਿਰਾਸ਼ਾਜਨਕ ਸਥਿਤੀ ਇਹ ਵੀ ਹੈ ਕਿ ਸਾਨੂੰ ਨਾ ਮੰਜ਼ਿਲ ਦਾ ਅਨੁਭਵ ਹੈ ਅਤੇ ਨਾ ਇਸ ਦਾ ਥਹੁ ਕਿ ਅਸੀਂ ਜਾ ਕਿਧਰੇ ਰਹੇ ਹਾਂ | ਜੀਵਨ ਬਿਤਾਉਂਦਿਆਂ ਅਸੀਂ ਅਸ਼ਾਂਤ ਭਟਕਦੇ ਰਹਿੰਦੇ ਹਾਂ | ਛੇਕੜ ਚੈਨ ਮਿਲਦਾ ਹੈ ਤਾਂ ਅੰਤਿਮ-ਰੇਖਾ 'ਤੇ ਪੁੱਜ ਕੇ | ਜੀਵਨ ਦੀ ਦੌੜ ਦਾ ਅੰਤਿਮ-ਰੇਖਾ ਤੇ ਅੰਤ ਹੋਣਾ ਨਿਸਚਿਤ ਭਾਵੇਂ ਹੈ, ਪਰ ਕੋਈ ਨਹੀਂ ਜਾਣਦਾ ਕਿ ਉਸ ਲਈ ਅੰਤਿਮ-ਰੇਖਾ ਹੈ ਕਿਥੇ?
ਜੀਵਨ ਦੀ ਸੱਭ ਤੋਂ ਲੰਬੀ ਦੌੜ ਇਕ ਫਰਾਂਸੀਸੀ ਇਸਤਰੀ ਜੀਨ ਲੁਇਸ ਕਾਲਮੈਂਟ ਨੇ ਦੌੜੀ | ਉਹ 122 ਵਰ੍ਹੇ ਅਤੇ 164 ਦਿਨ ਸੰਸਾਰ ਵਿਚ ਬਿਤਾ ਕੇ, 1997 'ਚ ਪੂਰੀ ਹੋਈ | ਉਸ ਨੇ ਆਪਣੀ ਇਕੋ-ਇਕ ਧੀ ਨਾਲੋਂ 63 ਵਰ੍ਹੇ ਵੱਧ ਅਤੇ ਆਪਣੇ ਪਤੀ ਨਾਲੋਂ 50 ਵਰ੍ਹੇ ਵੱਧ ਜੀਵਨ ਭੋਗਿਆ | ਉਸ ਦੀ ਮੌਤ ਨੂੰ ਹੋਰ ਤਾਂ ਕੋਈ ਨਹੀਂ, ਉਸ ਦਾ ਵਕੀਲ ਦਿਨ-ਰਾਤ ਉਡੀਕਦਾ ਰਿਹਾ | ਜਦ ਕਾਲਮਨ 90 ਵਰਿ੍ਹਆਂ ਦੀ ਸੀ, ਤਦ ਹੱਥ ਤੰਗ ਹੋਣ ਕਰਕੇ ਉਸ ਨੇ ਆਪਣੀ ਰਿਹਾਇਸ਼ਗਾਹ ਦਾ ਸੌਦਾ ਆਪਣੇ ਵਕੀਲ ਨਾਲ ਕੁਝ ਸ਼ਰਤਾਂ ਸਹਿਤ ਕੀਤਾ | ਇਕ ਸ਼ਰਤ ਤਾਂ ਇਹ ਕਿ ਜਦ ਤਕ ਉਹ ਸੰਸਾਰ ਵਿਚ ਹੈ, ਉਹ ਆਪਣੇ ਮਕਾਨ 'ਚ ਰਹਿੰਦੀ ਰਹੇਗੀ ਅਤੇ ਇਹ ਵੀ ਕਿ ਵਕੀਲ, ਆਏ ਮਹੀਨੇ, ਉਸ ਨੂੰ 2500 ਫਰੈਂਕ ਅਦਾ ਕਰਦਾ ਰਹੇਗਾ | ਉਸ ਦੇ ਸੰਸਾਰੋਂ ਵਿਦਾ ਹੋ ਜਾਣ ਮਗਰੋਂ ਹੀ ਮਕਾਨ ਉਪਰ ਵਕੀਲ ਦਾ ਅਧਿਕਾਰ ਹੋਵੇਗਾ | ਕਾਲਮਨ ਦੀ ਉਮਰ ਨੂੰ ਆਪਣੀ ਉਮਰ ਨਾਲ ਮੇਲਦਿਆਂ ਵਕੀਲ ਨੂੰ ਇਹ ਸਸਤਾ ਸੌਦਾ ਲਗਾ | ਕਾਲਮਨ 30 ਵਰ੍ਹੇ, 9 ਲੱਖ ਫਰੈਂਕ, ਕਿਸ਼ਤ-ਦਰ-ਕਿਸ਼ਤ, ਉਸ ਘਰ ਉਪਰ ਕਬਜ਼ਾ ਕਰਨ ਲਈ ਅਦਾ ਕਰਦਾ ਰਿਹਾ, ਜਿਸ 'ਚ ਉਹ ਰਹਿ ਵੀ ਨਾ ਸਕਿਆ | ਉਹ ਆਪ 1995 'ਚ ਪੂਰਾ ਹੋ ਗਿਆ, ਜਦ ਹਾਲੀਂ, ਆਏ ਹਫਤੇ ਕਿਲੋ ਭਰ ਚਾਕਲੇਟ ਚਖਦੀ ਹੋਈ ਕਾਲਮਨ ਸੰਸਾਰ ਵਿਚ ਵਿਚਰ ਰਹੀ ਸੀ | ਇਸ ਦੇ ਇਹ ਅਰਥ ਨਹੀਂ ਕਿ ਚਾਕਲੇਟ ਦਾ ਲੰਬੀ ਉਮਰ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਹੈ | ਕਈ ਅਜਿਹੇ ਹੋ ਗੁਜ਼ਰੇ ਹਨ, ਜਿਹੜੇ ਚਾਕਲੇਟ ਦਾ ਸ਼ੌਕ ਪੂਰਾ ਕਰਦੇ ਹੋਏ ਵੀ 60 ਵਰਿ੍ਹਆਂ ਤੋਂ ਵੱਧ ਉਮਰ ਨਾ ਭੋਗ ਸਕੇ |
ਇਹੋ ਜਿਹੀ ਇਕ ਹੋਰ ਘਟਨਾ ਕੁਝ ਸਮਾਂ ਪਹਿਲਾਂ, ਸਵੀਡਨ ਵਿਚ ਵਾਪਰੀ | ਉਦੋਂ ਚਾਹ ਅਤੇ ਕਾਫੀ ਦੇ ਸਰੀਰ ਉਪਰ ਪੈ ਰਹੇ ਪ੍ਰਭਾਵ ਬਾਰੇ ਚਰਚਾ ਛਿੜੀ ਹੋਈ ਸੀ | ਸਵੀਡਨ ਦਾ ਰਾਜਾ ਜਾਣਨ ਲਈ ਉਤਸੁਕ ਸੀ ਕਿ ਇਹ ਪੀਣਯੋਗ ਪਦਾਰਥ ਕਿਸ ਹੱਦ ਤਕ ਅਰੋਗਤਾ ਨੂੰ ਪ੍ਰਭਾਵਿਤ ਕਰ ਰਹੇ ਹਨ | ਆਪਣੇ-ਆਪ ਨੂੰ ਸੰਤੁਸ਼ਟ ਕਰਨ ਲਈ ਉਸ ਨੇ ਡਾਕਟਰਾਂ ਦੀ ਟੀਮ ਚੁਣੀ ਅਤੇ ਦੋ ਅਜਿਹੇ ਕੈਦੀ ਚੁਣੇ ਜਿਨ੍ਹਾਂ ਨੇ ਫਾਂਸੀ ਲਗਣਾ ਸੀ | ਇਨ੍ਹਾਂ 'ਚੋਂ ਇਕ ਉਪਰ ਚਾਹ ਦਾ ਪ੍ਰਭਾਵ ਅਜ਼ਮਾਇਆ ਗਿਆ ਅਤੇ ਦੂਜੇ ਉਪਰ ਕਾਫੀ ਦਾ | ਇਹ ਪ੍ਰਯੋਗ ਵਰਿ੍ਹਆਂ-ਬੱਧੀ ਚੱਲਿਆ, ਜਿਸ ਦਾ ਛੇਕੜ ਸਿੱਟਾ ਇਹ ਨਿਕਲਿਆ ਕਿ ਦੋਵੇਂ ਕੈਦੀ ਤਾਂ ਚਾਹ ਅਤੇ ਕਾਫੀ ਆਸਰੇ ਜੀਅ ਰਹੇ ਸਨ, ਜਦ ਕਿ ਨਾ ਇਨ੍ਹਾਂ ਪ੍ਰਯੋਗਾਂ ਦੀ ਅਗਵਾਈ ਕਰ ਰਹੇ ਡਾਕਟਰਾਂ 'ਚੋਂ ਕੋਈ ਰਿਹਾ ਸੀ ਅਤੇ ਨਾ ਉਤਸੁਕਤਾ ਸੰਤੁਸ਼ਟ ਕਰਨ ਦਾ ਚਾਹਵਾਨ, ਰਾਜਾ ਰਿਹਾ ਸੀ |
ਸੰਸਾਰ ਵਿਚ ਬਹੁਤ ਕੁਝ ਆਸ ਦੇ ਉਲਟ ਵਾਪਰਦਾ ਰਹਿੰਦਾ ਹੈ | ਅੱਜ ਇਹ ਆਸ ਤਾਂ ਕੀਤੀ ਜਾ ਸਕਦੀ ਹੈ ਕਿ 10 ਹਜ਼ਾਰ ਵਿਅਕਤੀਆਂ 'ਚੋਂ ਕੋਈ ਵੀ ਇਕ 100 ਵਰਿ੍ਹਆਂ ਦੀ ਉਮਰ ਭੋਗੇਗਾ, ਪਰ ਇੰਨੀ ਲੰਬੀ ਉਮਰ ਭੋਗੇਗਾ ਕੌਣ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ | ਸਾਧਾਰਨ, ਇਸਤਰੀਆਂ ਪੁਰਸ਼ਾਂ ਨਾਲੋਂ ਲੰਬੀ ਉਮਰ ਭੋਗ ਰਹੀਆਂ ਹਨ | ਇਸ ਦਾ ਜਿਹੜਾ ਕਾਰਨ ਸਮਝ ਆ ਰਿਹਾ ਹੈ, ਉਹ ਇਹ ਕਿ ਮਰਦਾਂ ਦੇ ਟਾਕਰੇ ਇਸਤਰੀਆਂ 'ਚ ਜੀਨਾਂ ਦਾ ਵਾਧੂ ਭੰਡਾਰ ਹੈ | ਸਰੀਰਕ ਪਖੋਂ ਉਹ ਪੁਰਸ਼ਾਂ ਦੇ ਟਾਕਰੇ ਸੂਖਮ ਹਨ, ਮਲੂਕ ਹਨ, ਜਦ ਕਿ ਔਖ ਸਮੇਂ ਮਾਨਸਿਕ ਸੰਤੁਲਨ ਬਣਾਈ ਰੱਖਣ 'ਚ ਉਹ ਪੁਰਸ਼ਾਂ ਨਾਲੋਂ ਬਹੁਤ ਅਗਾਂਹ ਹਨ | ਹਾਲਾਤ ਨਾਲ ਸਮਝੌਤਾ ਕਰਨ ਦੀ ਉਨ੍ਹਾਂ 'ਚ ਵੱਧ ਲਚਕ ਹੈ ਅਤੇ ਉਨ੍ਹਾਂ ਨੂੰ ਵੱਧ ਜਾਚ ਹੈ |
ਸਾਡਾ ਅੰਤ ਝਟਪਟ ਵੀ ਹੋ ਸਕਦਾ ਹੈ ਜਾਂ ਫਿਰ ਲੰਬਾ ਸਮਾਂ ਉਡੀਕ ਕੇ ਵੀ | ਦਿਲ ਦੇ ਭਰਵੇਂ ਦੌਰੇ ਉਪਰੰਤ, ਦੋ-ਚਾਰ ਦਿਨਾਂ 'ਚ ਜਾਨ ਲੇਵਾ ਰੋਗ ਚੰਬੜ ਜਾਣ ਉਪਰੰਤ ਜਾਂ ਫਿਰ ਦੁਰਘਟਨਾ ਵਾਪਰਨ ਉਪਰੰਤ ਅੰਤ ਉਡੀਕਣਾ ਨਹੀਂ ਪੈਂਦਾ | ਜੇਕਰ ਅਜਿਹਾ ਨਹੀਂ ਹੁੰਦਾ, ਤਦ ਅੰਤ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਉਡੀਕ 'ਚ ਸਰੀਰ ਦਾ ਬਿਰਧ ਅਵਸਥਾ 'ਚ ਪ੍ਰਵੇਸ਼ ਕਰਨਾ ਲਾਜ਼ਮੀ ਹੈ | ਕਈ ਤਾਂ ਇਸ ਉਡੀਕ ਤੋਂ ਹੁਸੜ ਵੀ ਜਾਂਦੇ ਹਨ | ਸ਼ਹਿਰਯਾਰ ਦੀ ਆਪਣੇ ਅੰਤ ਦੀ ਕੀਤੀ ਜਾ ਰਹੀ ਉਡੀਕ, ਉਸ ਦੇ ਕਹੇ ਇਸ ਸ਼ਿਅਰ 'ਚੋਂ ਝਲਕ ਰਹੀ ਹੈ :
'ਨਹੀਂ ਨਾਮ ਲੇ ਰਹੀ ਸਿਆਹ ਰਾਤ ਢਲਨੇ ਕਾ,
ਯਹੀ ਤੋ ਵਕਤ ਹੈ ਸੂਰਜ ਤੇਰੇ ਨਿਕਲਨੇ ਕਾ |'
ਜਿਵੇਂ ਜਿਵੇਂ ਸਾਡੀ ਉਮਰ ਲੰਬੀ ਹੋਈ ਜਾ ਰਹੀ ਹੈ, ਬਿਰਧ ਅਵਸਥਾ ਅਧੀਨ ਸਮਾਂ ਵੀ ਲਮਕਦਾ ਜਾ ਰਿਹਾ ਹੈ | ਬਿਰਧ ਅਵਸਥਾ ਦੇ ਸੰਕੇਤ, ਬੀਤਦੇ ਸਮੇਂ ਨਾਲ, ਗੰਭੀਰ ਰੂਪ ਧਾਰਨ ਕਰਦੇ ਰਹਿੰਦੇ ਹਨ | ਫਿਰਨਾ-ਤੁਰਨਾ ਸੁਸਤ ਹੋ ਜਾਂਦਾ ਹੈ; ਕੁਝ ਕਰਨ ਦਾ ਉਤਸ਼ਾਹ ਫਿੱਕਾ ਪੈਣ ਲਗਦਾ ਹੈ; ਹੋਰਨਾਂ ਪ੍ਰਤੀ ਨਜ਼ਰੀਆ ਲਚਕੀਲਾ ਨਹੀਂ ਰਹਿੰਦਾ ਅਤੇ ਆਪਣੀ ਬੇਵਸੀ ਉਪਰ ਝੂਰਦੇ ਰਹਿਣਾ ਸੁਭਾਅ ਬਣ ਜਾਂਦਾ ਹੈ | ਸਰੀਰਕ ਪੱਧਰ 'ਤੇ ਵੀ ਬਹੁਤ ਕੁਝ ਅਪਮਾਨਜਨਕ ਬੀਤਣਾ ਆਰੰਭ ਹੋ ਜਾਂਦਾ ਹੈ | ਚਮੜੀ ਝੁਰੜਾਈ ਜਾਂਦੀ ਹੈ ਅਤੇ ਖੁਸ਼ਕ ਹੋ ਜਾਂਦੀ ਹੈ | ਚਮੜੀ ਹੇਠਲੀ ਚਿਕਨੀ ਪਰਤ ਪਤਲੀ ਪੈਂਦੀ ਪੈਂਦੀ ਅਲੋਪ ਹੋ ਜਾਂਦੀ ਹੈ; ਲਹੂ ਦਾ ਸਰੀਰ 'ਚ ਸੰਚਾਰ ਕਰ ਰਹੀਆਂ ਨਾੜੀਆਂ ਭੁਰਭੁਰੀਆਂ ਹੋ ਕੇ ਸਿੰਮਣ ਲਗ ਪੈਂਦੀਆਂ ਹਨ; ਦਿਲ 'ਚੋਂ ਦੀ ਲਹੂ ਦਾ ਵਗਣਾ ਕੁਮਲਾ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਅੰਗਾਂ ਨੂੰ ਘੱਟ ਲਹੂ ਪੁੱਜਦਾ ਹੈ ਅਤੇ ਰੋਗ ਰੋਧਕ ਪ੍ਰਣਾਲੀ ਵੀ ਆਠਰ ਜਾਂਦੀ ਹੈ, ਜਿਹੜੀ ਰੋਗਾਣੂਆਂ ਦੀ ਪਛਾਣ ਕਰਨ 'ਚ ਥਿੜਕਣ ਲਗਦੀ ਹੈ ਅਤੇ ਫਿਰ ਵੀ :
'ਫਿਜ਼ਾ-ਏ ਦਿਲ ਪੇ ਉਦਾਸੀ ਬਿਖਰਤੀ ਜਾਤੀ ਹੈ,
ਫ਼ਸੁਰਦਗੀ ਹੈ ਕਿ ਜਾਨ ਤਕ ਉਤਰਤੀ ਜਾਤੀ ਹੈ |'
ਬਿਰਧ ਅਵਸਥਾ 'ਚ ਵਿਅਕਤੀ ਪ੍ਰਵੇਸ਼ ਤਦ ਕਰਨਾ ਆਰੰਭ ਕਰ ਦਿੰਦਾ ਹੈ ਜਦ ਸੈੱਲਾਂ ਵਿਚ ਪ੍ਰਕਿਰਿਆਵਾਂ ਸਹੀ ਗਤੀ ਨਾਲ ਸਪੰਨ ਨਾ ਹੁੰਦੀਆਂ ਹੋਈਆਂ, ਔਝੜਨ ਲਗਦੀਆਂ ਹਨ ਅਤੇ ਨਵੇਂ ਸੈ ੱਲਾਂ ਦੀ ਉਪਜ ਵੀ ਸਮਾਂ ਲੈਣ ਲਗਦੀ ਹੈ | ਸਾਧਰਨ, ਸੈ ੱਲ 50 ਕੁ ਵਾਰ ਵੰਡੇ ਜਾਣ ਯੋਗ ਹਨ, ਜਿਸ ਉਪਰੰਤ ਇਨ੍ਹਾਂ ਅੰਦਰ ਬੋਦੀਆਂ ਹੋਈਆਂ ਪ੍ਰਕਿਰਿਆਵਾਂ ਤਾਜ਼ਾ ਹੋਣ ਨੂੰ ਤਰਸਦੀਆਂ ਰਹਿੰਦੀਆਂ ਹਨ | ਇਸ ਤੋਂ ਇਹ ਜਾਪਦਾ ਹੈ ਕਿ ਜਿਸ ਤੇਜ਼ੀ ਨਾਲ ਸਰੀਰ ਵਿਚ ਸੈ ੱਲ ਵੰਡੇ ਜਾ ਰਹੇ ਹਨ, ਉਸੇ ਤੇਜ਼ੀ ਨਾਲ ਸਰੀਰ ਬਿਰਧ ਅਵਸਥਾ ਵੱਲ ਨੂੰ ਵਧਦਾ ਰਹਿੰਦਾ ਹੈ | ਕ੍ਰੋਮੋਸੋਮਾਂ ਦੇ ਇਕ ਸਿਰੇ 'ਤੇ ਜੜੇ ਟੀਲੋਮੀਅਰ ਦੀ ਲੰਬਾਈ ਹਰ ਇਕ ਸੈ ੱਲ-ਵੰਡਾਰੇ ਉਪਰੰਤ ਥੋੜੀ ਕੁ ਘਟ ਜਾਂਦੀ ਹੈ | ਜਦ ਕ੍ਰੋਮੋਸੋਮ ਨਾਲ ਜੁੜੀ ਇਹ ਬਣਤਰ ਥੱਲਾ ਛੋਹ ਲੈਂਦੀ ਹੈ, ਤਦ ਸੈ ੱਲ ਦਾ ਦੋ ਬਣਨਾ ਸੰਭਵ ਨਹੀਂ ਰਹਿੰਦਾ |
ਸੈ ੱਲਾਂ ਵਿਚ ਇਕ ਹੋਰ ਤਰ੍ਹਾਂ ਦੇ ਅਣੂ ਵੀ ਅਜਿਹੇ ਉਪਜਦੇ ਹਨ, ਜਿਹੜੇ ਪ੍ਰਕਿਰਿਆਵਾਂ 'ਚ ਰੁਕਾਵਟ ਪਾਉਂਦੇ ਰਹਿੰਦੇ ਹਨ | ਇਹ ਹਨ, ਆਕਸੀਜਨ ਦੀ ਉਪਜ, ਫ੍ਰੀ-ਰੈਡੀਕਲ (6ree-Radical) | ਆਕਸੀਜਨ ਨੇ ਤਾਂ ਹਰ ਇਕ ਸੈ ੱਲ 'ਚ ਪ੍ਰਵੇਸ਼ ਕਰਨਾ ਹੀ ਹੁੰਦਾ ਹੈ ਅਤੇ ਸਿੱਟੇ ਵਜੋਂ ਹਰ ਇਕ ਸੈ ੱਲ 'ਚ ਫ੍ਰੀ-ਰੈਡੀਕਲ ਵੀ ਉਪਜਦੇ ਰਹਿੰਦੇ ਹਨ | ਫ੍ਰੀ-ਰੈਡੀਕਲ, ਸੁਭਾਅ ਪੱਖੋਂ, ਉਪਦ੍ਰਵੀ ਅਣੂ ਹਨ | ਜਿੰਨੀ ਵੱਧ ਮਾਤਰਾ 'ਚ ਇਹ ਸਰੀਰ ਵਿਚ ਇਕੱਤਰ ਹੋਣ ਲਗਦੇ ਹਨ, ਉਸੇ ਗਤੀ ਨਾਲ ਸਰੀਰ ਵੀ ਬੁੱਢਾ ਹੋਣਾ ਆਰੰਭ ਕਰ ਦਿੰਦਾ ਹੈ | ਫ੍ਰੀ-ਰੈਡੀਕਲਾਂ ਦੁਆਰਾ ਸਰੀਰ ਨੂੰ ਪੁੱਜ ਰਹੇ ਨੁਕਸਾਨ ਦਾ ਕੀ ਕੋਈ ਇਲਾਜ ਹੈ ? ਸਾਡੇ ਅਹਾਰ ਅੰਦਰ ਸ਼ਾਮਿਲ ਕੁਝ ਤੱਤ ਅਜਿਹੇ ਹਨ, ਜਿਹੜੇ ਫ੍ਰੀ-ਰੈਡੀਕਲ ਵਿਰੋਧੀ ਹਨ | ਐਾਟੀਆਕਸੀਡੈਂਟ (1ntioxidant) ਸੱਦੇ ਜਾ ਰਹੇ ਅਜਿਹੇ ਤੱਤ ਫ੍ਰੀ-ਰੈਡੀਕਲਾਂ ਨੂੰ ਸੈ ੱਲਾਂ ਵਿਚ ਇਕੱਤਰ ਨਹੀਂ ਹੋਣ ਦਿੰਦੇ | ਇਹ ਤੱਤ ਹਨ, ਵਿਟਾਮਿਨ ਏ, ਸੀ ਅਤੇ ਈ ਅਤੇ ਫਲਾਂ, ਸਬਜ਼ੀਆਂ ਅੰਦਰ ਸਮਾਏ ਵਿਸ਼ੇਸ਼ ਤੱਤ | ਅਖ਼ਰੋਟ, ਬਾਦਾਮ, ਅਲਸੀ, ਤਿੱਲ, ਜੈਤੂਨ, ਮੱਛੀ ਆਦਿ 'ਚ ਸਮਾਇਆ ਓਮੇਗਾ-3 ਵੀ ਇਸੇ ਵੰਨਗੀ ਦਾ ਤੱਤ ਹੈ | ਅਜਿਹੇ ਤੱਤ ਜੇਕਰ ਅਹਾਰ 'ਚ ਸ਼ਾਮਲ ਹਨ, ਤਦ ਬੁੱਢੇ ਹੋਣ ਦੀ ਪ੍ਰਕਿਰਿਆ ਵੀ ਢਿੱਲੀ ਪੈ ਜਾਂਦੀ ਹੈ |
ਸਨੇਹਮਈ ਸਬੰਧਾਂ ਦੀ ਵੀ ਉਮਰ ਨੂੰ ਲੰਬਾ ਕਰਨ 'ਚ ਭੂਮਿਕਾ ਹੈ ਅਤੇ ਨਿੱਘ ਦਾ ਅਨੁਭਵ ਕਰਵਾਉਂਦੇ ਮਾਹੌਲ 'ਚ ਬਿਰਧ ਅਵਸਥਾ ਵੀ ਸਨਮਾਨ ਸਹਿਤ ਅਲਸਾਈ ਬੀਤਦੀ ਹੈ | ਅਜਿਹੇ ਵਾਤਾਵਰਨ 'ਚ ਵਿਚਰਦਿਆਂ ਇਕ ਤਾਂ ਅਵੈੜੀਆਂ ਕਠੋਰ ਭਾਵਨਾਵਾਂ ਉਤੇਜਿਤ ਨਹੀਂ ਹੁੰਦੀਆਂ ਅਤੇ ਦੂਜੇ ਸੂਝ ਅਤੇ ਭਾਵਨਾਵਾਂ ਵਿਚਕਾਰ ਸੰਤੁਲਨ ਬਣਿਆ ਰਹਿੰਦਾ ਹੈ | ਅਜਿਹੀ ਵਿਵਸਥਾ ਅਧੀਨ ਉਤਸ਼ਾਹ ਸਹਿਤ ਰੁੱਝੇ ਰਹਿਣਾ ਸੌਖਾ ਹੈ ਅਤੇ ਰੋਗਾਂ ਦਾ ਜਾਂ ਵਿਗਾੜ ਦਾ ਕਾਰਨ ਬਣਦੇ ਜੀਨਾਂ ਨੂੰ ਵੀ ਸਰਗਰਮ ਹੋਣ ਦਾ ਮੌਕਾ ਨਹੀਂ ਮਿਲਦਾ | ਵਿਵਾਦ ਵਾਲੇ ਜਾਂ ਝਗੜਾਲੂ ਵਾਤਾਵਰਨ 'ਚ ਵਿਚਰਦਿਆਂ ਸਥਿਤੀ ਬਦਲ ਜਾਂਦੀ ਹੈ | ਦਿਮਾਗ਼ ਭਮੱਤਰਿਆ ਵੱਧ ਅਤੇ ਸ਼ਾਂਤ ਘੱਟ ਰਹਿਣ ਲਗਦਾ ਹੈ | ਬਿਨਾਂ ਕਾਰਨੋਂ ਮਨ ਅਸਫਲ ਹੋ ਹੋ ਉਦਾਸ ਰਹਿਣ ਲਗਦਾ ਹੈ | ਅਜਿਹੀ ਨਿੱਘਰੀ ਸਥਿਤੀ 'ਚ ਦਿਮਾਗ਼ ਅੰਦਰ ਨਿਊਰਾਨਾਂ ਦੇ ਨਸ਼ਟ ਹੋਣ ਨੂੰ ਗਤੀ ਅਰਪਣ ਹੋ ਜਾਂਦੀ ਹੈ ਅਤੇ ਹਾਨੀ ਦਾ ਕਾਰਨ ਬਣਦੇ ਜੀਨ ਵੀ ਭੜਕ ਉਠਦੇ ਹਨ | ਉਧਰ, ਦਿਮਾਗ਼ ਵਿਚ ਉਪਜ ਰਹੀਆਂ ਪ੍ਰੋਟੀਨਾਂ 'ਚੋਂ ਕੁਝ, ਪ੍ਰਕਿਰਿਆਵਾਂ 'ਚ ਭਾਗ ਲੈਣ ਦੀ ਬਜਾਏ, ਇਕੱਤਰ ਹੁੰਦੀਆਂ ਹੋਈਆਂ, ਨਿਯੂਰਾਨਾਂ ਦੀ ਕਿ੍ਆਸ਼ੀਲਤਾ ਭੰਗ ਕਰਨਾ ਆਰੰਭ ਕਰ ਦਿੰਦੀਆਂ ਹਨ | ਇਸ ਦੇ ਵੀ ਸਬੂਤ ਮਿਲ ਰਹੇ ਹਨ ਕਿ ਦਿਮਾਗ਼ ਅੰਦਰ, ਬਿਰਧ ਅਵਸਥਾ ਦੌਰਾਨ, ਅਮਿਲਾਇਡ (1myloid) ਪ੍ਰੋਟੀਨ ਦੀਆਂ ਪੇਪੜੀਆਂ ਦੇ ਜੰਮ ਜਾਣ ਕਾਰਨ ਯਾਦਾਸ਼ਤ ਕਮਜ਼ੋਰ ਪੈਣ ਲਗਦੀ ਹੈ |
ਜੀਵਨ ਚੰਗੀ ਤਰ੍ਹਾਂ ਬਿਤਾਉਣ ਲਈ ਸਾਨੂੰ 'ਗਿਆਨ' ਦੇ ਨਾਲ ਨਾਲ 'ਆਸ' ਉਪਰ ਨਿਰਭਰ ਰਹਿਣ ਦੀ ਵੀ ਲੋੜ ਹੈ | ਨਾ ਜਨਮ ਦਾ ਇਲਾਜ ਹੈ, ਨਾ ਮਰਨ ਦਾ : ਇਨ੍ਹਾਂ ਦੋਵਾਂ ਵਿਚਕਾਰਲਾ ਸਮਾਂ ਹਰ ਹਾਲ, ਗੁਜ਼ਾਰਨਾ ਹੀ ਪੈਂਦਾ ਹੈ | ਇਕ ਵਿਅਕਤੀ ਜੀਵਨ ਮਾਣ ਰਿਹਾ ਹੈ ਜਾਂ ਫਿਰ ਨੀਰਸਤਾ ਦਾ ਡਸਿਆ ਦਿਨ ਕੱਟ ਰਿਹਾ ਹੈ, ਇਹ ਕੁਝ ਹੱਦ ਤਕ ਹਾਲਾਤ ਉਪਰ, ਜਾਂ ਵਧੇਰੇ ਕਰਕੇ ਉਸ ਦੇ ਆਪਣੇ ਨਜ਼ਰੀਏ ਉਪਰ ਨਿਰਭਰ ਹੁੰਦਾ ਹੈ | ਆਸ, ਜੀਵਨ ਦੇ ਹਰ ਪੜਾਅ ਨੂੰ ਜਿਊਣ ਯੋਗ ਬਣਾ ਰਹੀ ਹੈ, ਜਿਹੜੀ ਜੀਵਨ 'ਚ ਰਸ ਘੋਲ-ਘੋਲ ਇਸ ਨੂੰ ਲੁਭਾਉਣਾਪਣ ਅਰਪਣ ਕਰਦੀ ਰਹਿੰਦੀ ਹੈ | ਆਸ ਹੈ ਕੀ? ਹੈ ਤਾਂ ਇਹ ਵੀ ਫਰੇਬ ਹੀ, ਅਜਿਹਾ ਫਰੇਬ, ਜਿਹੜਾ ਹੈ ਤਾਂ ਹਕੀਕਤ ਤੋਂ ਬਿਗਾਨਾ, ਪਰ ਹੈ ਭਰਮਾਉਣ 'ਚ ਮਾਹਿਰ ਅਤੇ ਮਨ ਅੰਦਰ ਉਤਸ਼ਾਹ ਨੂੰ ਮਘਦਿਆਂ ਰੱਖਣ ਦਾ ਇਕ ਸਾਧਨ | ਆਸ ਦੀ ਲੋਅ ਨੂੰ , ਇਸੇ ਲਈ ਛੇਕੜ ਤਕ ਬੁਝਣ ਨਹੀਂ ਦੇਣਾ ਚਾਹੀਦਾ | ਜੇਕਰ ਪੌਸ਼ਟਿਕ ਅਹਾਰ ਸੰਜਮਸਹਿਤ ਗ੍ਰਹਿਣ ਕੀਤੇ ਜਾਂਦੇ ਰਹਿਣ, ਨਿਯਮਤ ਕਸਰਤ ਹੁੰਦੀ ਰਹੇ, ਅਰੋਗਤਾ ਦਾ ਆਧਾਰ ਬਣਦੀਆਂ ਆਦਤਾਂ ਅਪਣਾ ਲਈਆਂ ਜਾਣ ਅਤੇ ਮਨ ਚਾਹਿਆ ਰੁਝੇਵਾਂ ਪਾਲ ਲਿਆ ਜਾਵੇ, ਤਦ ਵੀ ਜੀਵਨ ਦੇ ਸੁਖਾਵਾਂ ਬੀਤਣ ਨੂੰ ਆਧਾਰ ਅਰਪਣ ਹੁੰਦਾ ਰਹਿੰਦਾ ਹੈ |
ਬਿਰਧ ਅਵਸਥਾ ਦਾ ਤਾਂ ਛੇਕੜ ਅੰਤ ਹੋਣਾ ਹੀ ਹੈ, ਜਿਸ ਤੋਂ ਤ੍ਰਭਕਣ ਦੀ ਲੋੜ ਨਹੀਂ | ਅੰਤ ਸਮੇਂ ਦਿਮਾਗ਼ 'ਚ ਰਿਸ ਰਹੇ ਰਸਾਇਣਾਂ ਦਾ ਹੜ੍ਹ ਆ ਜਾਂਦਾ ਹੈ, ਜਿਨ੍ਹਾਂ 'ਚ ਅਨੰਦ ਦਾ ਅਨੁਭਵ ਕਰਵਾਉਂਦੇ ਐਾਡਾਰਫਨ ਵੀ ਭਲੀ ਮਾਤਰਾ 'ਚ ਸਮਾਏ ਹੁੰਦੇ ਹਨ | ਤਦ, ਸਨੇਹੀ ਭਾਵੇਂ ਇਸ ਅਟੱਲ ਮੌਕੇ 'ਤੇ ਪ੍ਰੇਸ਼ਾਨ ਹੋ ਰਹੇ ਹੋਣ, ਪਰ ਅਵਸਰ ਭੋਗ ਰਿਹਾ ਵਿਅਕਤੀ, ਕਬੀਰ ਵਾਂਗ, ਸਵਰਗ 'ਚ ਪ੍ਰਵੇਸ਼ ਕਰ ਰਿਹਾ ਅਨੁਭਵ ਕਰਦਾ ਹੈ :
'ਕਬੀਰ ਜਿਸੁ ਮਰਨੇ ਤੇ ਜਗੁ ਡਰੈ
ਮੇਰੇ ਮਨਿ ਆਨੰਦੁ¨'


ਖ਼ਬਰ ਸ਼ੇਅਰ ਕਰੋ

ਅੱਜ ਜਲਗਾਹ ਦਿਵਸ 'ਤੇ ਵਿਸ਼ੇਸ਼

ਜਲਗਾਹਾਂ ਦੀ ਹੋਂਦ 'ਤੇ ਮੰਡਰਾ ਰਹੇ ਨੇ ਖ਼ਤਰੇ

ਜਿਨ੍ਹਾਂ ਥਾਵਾਂ ਨੂੰ ਚਿਰੋਕਣੇ ਲੂਣੇ, ਖਾਰੇ ਜਾਂ ਤਾਜ਼ੇ ਪਾਣੀ ਨੇ ਢਕਿਆ ਹੋਵੇ, ਜਿੱਥੇ ਬਨਸਪਤੀਆਂ ਮੌਲਣ, ਜਲ ਜੀਵਾਂ ਦੀਆਂ ਰਹਿਣਗਾਹਾਂ ਹੋਣ, ਜਿਸ ਦਾ ਆਪਣਾ ਵਿਲੱਖਣ ਵਾਤਾਵਰਨਿਕ (eco system) ਪ੍ਰਬੰਧ ਹੋਵੇ, ਉਹ ਥਾਵਾਂ ਜਲਗਾਹਾਂ (wetlands) ਹੁੰਦੀਆਂ ਹਨ | ਦਲਦਲ, ਖੋਭੇ, ਛੱਪੜ ਟੋਭੇ, ਝੀਲਾਂ ਦਰਿਆਵਾਂ ਦੇ ਕੰਢਿਆਂ 'ਤੇ ਬਣੇ ਤਿਕੋਣੇ ਿਖ਼ੱਤੇ , ਜਲਗਾਹਾਂ ਦਾ ਹੀ ਰੂਪ ਹਨ |
 ਸਾਡੀ ਧਰਤੀ ਇਕ ਉਤਪਾਦਕ ਰਹਿਣਗਾਹ ਹੈ ਜੋ ਕੁਦਰਤ ਨੇ ਸਾਨੂੰ ਬਖ਼ਸ਼ੀ ਹੈ | ਇੱਥੇ ਪ੍ਰਾਣੀ, ਜੀਅ ਜੰਤ ਬਨਸਪਤੀਆਂ ਬਰਾਬਰ ਵਧਦੀਆਂ ਫੁੱਲਦੀਆਂ ਹਨ | ਜਲਗਾਹਾਂ ਅਣਗਿਣਤ ਜਲਜੀਵਾਂ, ਥਣਧਾਰੀਆਂ, ਜਨੌਰਾਂ, ਮੱਛੀਆਂ, ਰੀੜ੍ਹਰਹਿਤ ਜੀਵਾਂ ਦਾ ਜ਼ਖ਼ੀਰਾ ਹੁੰਦੀਆਂ ਹਨ | ਮਨੁੱਖ ਲਈ ਹਿਤਕਾਰੀ ਆਬੋਹਵਾ ਤਿਆਰ ਕਰਦੀਆਂ ਹਨ | ਗੰਧਲ਼ੇ ਪਾਣੀਆਂ ਨੂੰ ਪੁਣਦੀਆਂ ਤੇ ਹੜ੍ਹਾਂ ਨੂੰ ਥੰਮ੍ਹਦੀਆਂ ਹਨ | ਝੱਖੜਾਂ ਦੀ ਤੀਬਰਤਾ ਨੂੰ ਘਟਾਉਂਦੀਆਂ ਹਨ | ਭਲਾ ਸੋਚੋ, ਜੇ ਪ੍ਰਦੂਸ਼ਤ ਪਾਣੀ ਸਾਨੂੰ ਸੋਧਣੇ ਪੈ ਜਾਣ | ਹੜ੍ਹਾਂ ਨੂੰ ਬੰਨ੍ਹ ਮਾਰਨਾ ਪੈ ਜਾਵੇ ਤਾਂ ਕਿੰਨਾ ਧਨ ਦੌਲਤ ਖ਼ਰਚ ਹੋ ਜਾਵੇਗਾ | ਜਲਗਾਹਾਂ ਨਾ ਹੋਣ ਤਾਂ ਝੱਖੜ ਤੁਰਦੀ ਜ਼ਿੰਦਗੀ 'ਚ ਰੁਕਾਵਟ ਖੜ੍ਹੀ ਕਰ ਦੇਣ | ਜੀਵ ਜੰਤੂ ਘਰਾਂ ਦੇ ਰਾਹ ਭੁੱਲ ਜਾਣ | ਤੇਜ਼ ਨ੍ਹੇਰੀਆਂ, ਉਨ੍ਹਾਂ ਨੂੰ ਮੌਤ ਦੇ ਮੂੰਹ 'ਚ ਸੁੱਟ ਦੇਣ |
ਜਲਗਾਹਾਂ ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ | ਪਹਿਲੀ ਕਿਸਮ ਦੀਆਂ ਤਟਵਰਤੀ ਜਲਗਾਹਾਂ ਹੁੰਦੀਆਂ ਹਨ, ਜੋ ਸਮੁੰਦਰੀ ਕੰਢਿਆਂ ਲਾਗੇ ਹੁੰਦੀਆਂ ਹਨ | ਦੂਜੀਆਂ ਉਹ ਜਲਗਾਹਾਂ ਸਮੁੰਦਰੀ ਕੰਢਿਆਂ ਤੋਂ ਦੂਰ ਅੰਦਰਲੀ ਭੋਇੰ 'ਤੇ ਹੁੰਦੀਆਂ ਹਨ | ਤੀਜੀਆਂ ਉਹ ਜੋ ਮਨੁੱਖ ਨੇ ਖ਼ੁਦ ਤਿਆਰ ਕੀਤੀਆਂ ਹੁੰਦੀਆਂ ਹਨ | ਜਿਵੇਂ ਕਿ ਛੱਪੜ , ਟੋਭੇ, ਝੀਲਾਂ, ਡੈਮ, ਥਰਾਜ ਅਤੇ ਮੌਸਮੀ ਹੜ੍ਹਾਂ ਕਾਰਨ ਨਿਵਾਣਾਂ 'ਚ ਖਲੋਤੇ ਪਾਣੀ | ਜਲਗਾਹਾਂ ਦੀ ਮਿੱਟੀ ਵਿਚ ਕਾਰਬਨ ਦੀ ਮੌਜੂਦਗੀ ਹੁੰਦੀ ਹੈ | ਇਸ ਮਿੱਟੀ 'ਚ ਗੰਧਕ, ਫਾਸਫੋਰਸ, ਨਾਈਟਰੋਜਨ ਵੀ ਮਿਲਦੇ ਹਨ | ਫਾਸਫੋਰਸ ਪਾਣੀਆਂ ਵਿਚ ਰਸਾਇਣਕ ਤਬਦੀਲੀ ਲਿਆਉਂਦਾ ਹੈ | ਕਾਰਬਨ, ਨਾਈਟਰੋਜਨ , ਹਾਈਡਰੋਜਨ ਦਾ ਪੌਸ਼ਟਿਕਤਾ ਚੱਕਰ , ਜਲਚਰਾਂ ਦੀ ਸਾਹ ਕਿਰਿਆ ਨਾਲ ਪ੍ਰਭਾਵਿਤ ਹੁੰਦਾ ਹੈ |
ਜਲਗਾਹਾਂ ਅੰਦਰ ਪੌਦੇ ਅਤੇ ਜੀਵ ਜੰਤੂ : ਜਲਗਾਹਾਂ ਅੰਦਰ ਜੀਵ ਜੰਤੂਆਂ ਵਿਚ ਊਦ ਬਿਲਾਵ, ਡੱਕੇ ਮਰੋੜ ਕੇ ਚਿੱਕੜ ਵਿਚ ਘਰ ਬਣਾਉਂਦਾ ਹੈ | ਪੱਤੇ ਖਾਂਦਾ ਹੈ | ਰੀਂਗਣ ਵਾਲੇ ਰੈਪਟਾਈਲਜ਼, ਭੁਜੰਗਮ ਸੱਪ, ਲੰਬੀਆਂ ਪੂਛਾਂ ਵਾਲੇ ਕਿਰਲੇ, ਨਿੱਕੇ ਕੀੜੇ ਖਾਂਦੇ ਬੱਤਖਾਂ, ਡੱਡੂ , ਮੱਛੀਆਂ, ਟੈਡਪੋਲ, ਬਿੱਛੂ, ਠੂੰਹੇ ਜਲਗਾਹਾਂ 'ਚ ਵਸੇਬਾ ਕਰਦੇ ਹਨ | ਤਾਜ਼ੇ ਪਾਣੀਆਂ 'ਚ ਘੜਿਆਲ ਤੇ ਲੂਣੇ ਪਾਣੀਆਂ 'ਚ ਮਗਰਮੱਛ ਰਹਿੰਦੇ ਹਨ | ਪਰ ਫਲੋਰੀਡਾ 'ਚ ਐਵਰ ਗਲੇਡਜ ਦੇ ਪਾਣੀਆਂ ਵਿਚ ਮਗਰਮੱਛ ਵੀ ਹਨ ਅਤੇ ਘੜਿਆਲ ਵੀ | ਜਲਗਾਹਾਂ ਅੰਦਰ ਜਲਜੀਵਾਂ ਦੀਆਂ ਇਕ ਲੱਖ ਤੋਂ ਵੱਧ ਉਪਜਾਤੀਆਂ ਦੀ ਮੌਜੂਦਗੀ ਦੇਖੀ ਗਈ ਹੈ | ਦਲਦਲ ਕੰਢੇ ਪੌਦਿਆਂ 'ਚ ਡੱਕ ਵੀਡ ਨੂੰ ਮੱਛੀਆਂ ਚਾਅ ਨਾਲ ਖਾਂਦੀਆਂ ਹਨ | ਐਰੋ ਘਾਹ ਦੇ ਤਣੇ 'ਤੇ ਬੀਜ ਲਗਦੇ ਹਨ | ਬਾਲਟਿਕ ਰਸ ਪੌਦਿਆਂ ਨੂੰ ਪਸ਼ੂ ਚਰਦੇ ਹਨ | ਪਰਾਗਣ 'ਚ ਮਦਦ ਕਰਦੇ ਹਨ | ਦੱਖਣੀ ਮੇਡਨ ਹੇਅਰ ਫਰਨ ਕੋਸੇ ਪਾਣੀਆਂ 'ਚ ਹੁੰਦੇ ਹਨ, ਜਿੱਥੇ ਸੰਘਣੇ ਪ੍ਰਛਾਵੇਂ ਪੈਂਦੇ ਹੋਣ |
ਮੀਂਹਾਂ ਦਾ ਪਾਣੀ : ਇਹ ਜਲਗਾਹਾਂ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ ਕਿ ਕਿਹੜੀ ਜਲਗਾਹ ਕਿਹੜੇ ਜਲਵਾਯੂ ਖੇਤਰ ਵਿਚ ਹੈ | ਉੱਥੋਂ ਦੀਆਂ ਜਲਗਾਹਾਂ , ਜਿੱਥੇ ਗਰਮੀ ਅਧਿਕ ਪੈਂਦੀ ਹੈ, ਕੋਸੀਆਂ ਅਤੇ ਠੰਢੀਆਂ ਥਾਵਾਂ ਦੀਆਂ ਜਲਗਾਹਾਂ ਠੰਢੀਆਂ | ਪਰ ਤਾਪਮਾਨ ਕਦੀ ਵੀ ਚਰਮ ਸੀਮਾ ਨਹੀਂ ਟੱਪਦਾ | ਵੇਲਜ਼ ਅਤੇ ਸਕਾਟਲੈਂਡ ਵਿਚ ਜਲਗਾਹਾਂ 1500 ਮਿ.ਮੀ. ਤੱਕ ਦੀ ਵਰਖਾ ਤੋਂ ਪਾਣੀ ਲੈਂਦੀਆਂ ਹਨ | ਦੱਖਣੀ ਪੂਰਬੀ ਏਸ਼ੀਆ 'ਚ ਮੀਂਹ ਵੱਧ ਪੈਂਦੇ ਹਨ | ਉੱਥੇ ਜਲਗਾਹਾਂ 10000 ਮਿ.ਮੀ. ਤੱਕ ਦੀ ਵਰਖਾ ਨੂੰ ਸਮੇਟ ਲੈਂਦੀਆਂ ਹਨ | ਉੱਤਰੀ ਅਮਰੀਕਾ ਵਿਚ ਜਲਗਾਹਾਂ ਹਰ ਵਰ੍ਹੇ 180 ਮਿ.ਮੀ.ਵਰਖਾ ਦਾ ਪਾਣੀ ਸਮੇਟਦੀਆਂ ਹਨ |
ਰਾਮਸਾਰ ਜਲਗਾਹ ਸਮਝੌਤਾ : ਜਲਗਾਹ ਦੇ ਸੰਦਰਭ 'ਚ ਵਿਸ਼ਵ ਵਿਆਪੀ ਤਵੱਜੋਂ ਦੇਣ ਲਈ, ਇਨ੍ਹਾਂ ਦੇ ਵਿਘਟਨ ਅਤੇ ਨੁਕਸਾਨ ਦੀ ਨਜ਼ਰਸਾਨੀ ਕਰਨ ਲਈ ਰਾਮਸਾਰ ਅੰਤ੍ਰਰਾਸ਼ਟਰੀ ਸੂਚੀ ਤਿਆਰ ਕੀਤੀ ਗਈ ਹੈ | ਇਸ ਦਾ ਮੁਢਲਾ ਮੰਤਵ ਲੋਕਾਂ ਨੂੰ ਜਾਗਰੂਕ ਕਰਨਾ ਹੈ | ਉਨ੍ਹਾਂ ਨੂੰ ਇਸ ਪ੍ਰਚਲਿਤ ਧਾਰਨਾ ਤੋਂ ਕਿਨਾਰਾ ਕਰ ਲੈਣਾ ਕਿ ਜਲਗਾਹਾਂ (wetlands) ਕੂੜਾ ਸੁੱਟਣ ਲਈ ਵਾਧੂ ਥਾਵਾਂ (wastelands) ਨਹੀਂ ਹੁੰਦੀਆਂ | ਰਾਮਸਾਰ ਇਕਰਾਰਨਾਮੇ ਦਾ ਸਾਥ, ਪੰਜ ਅੰਤਰਰਾਸ਼ਟਰੀ ਸੰਸਥਾਵਾਂ: ਬਰਡਲਾਈਫ ਇੰਟਰਨੈਸ਼ਨਲ, ਆਈ.ਯੂ.ਸੀ.ਐਨ, ਇੰਟਰਨੈਸ਼ਨਲ ਵਾਟਰ ਮੈਨੇਜਮੈਂਟ ਸੰਸਥਾ, ਵੈੱਟਲੈਂਡ ਇੰਟਰਨੈਸ਼ਨਲ, ਵਰਲਡ ਲਾਈਫ਼ ਫੰਡ ਫਾਰ ਨੇਚਰ ਦੇ ਰਹੀਆਂ ਹਨ | ਖੋਜ ਅਧਿਐਨ, ਸੈਮੀਨਾਰ, ਮੀਟਿੰਗਾਂ 'ਤੇ ਪੁਨਰ ਪੜਚੋਲ ਚਲਦੀ ਰਹਿੰਦੀ ਹੈ | ਇਸ ਸਮਝੌਤੇ ਅਧੀਨ 476000 ਏਕੜ ਰਕਬੇ 'ਤੇ ਫੈਲੀਆਂ ਜਲਗਾਹਾਂ ਨੂੰ ਸਾਂਭਿਆ ਗਿਆ ਹੈ ਤਾਂ ਜੋ ਇਨ੍ਹਾਂ ਦਾ ਲੁਤਫ਼ ਆਉਣ ਵਾਲ਼ੀਆਂ ਪੀੜ੍ਹੀਆਂ ਉਠਾ ਸਕਣ |
ਜਲਗਾਹਾਂ ਦੇ ਮੱਲੇ ਖੇਤਰ : ਸਾਡੇ ਮੁਲਕ ਅੰਦਰ ਤਕਰੀਬਨ 58.2 ਮਿਲੀਅਨ ਹੈਕਟੇਅਰ ਇਲਾਕਾ ਜਲਗਾਹਾਂ ਨੇ ਘੇਰਿਆ ਹੋਇਆ ਹੈ | ਪੰਜਾਬ ਤੇ ਚੰਡੀਗੜ੍ਹ ਅੰਦਰ ਕੇਵਲ 71879 ਹੈਕਟੇਅਰ ਰਕਬੇ 'ਤੇ ਜਲਗਾਹਾਂ ਹਨ | ਪੰਜਾਬ ਅੰਦਰ ਮੁੱਖ ਜਲਗਾਹਾਂ: ਹਰੀਕੇ, ਕਾਂਜਲੀ ਤੇ ਰੋਪੜ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਰਾਮਸਾਰ ਸੂਚੀ 'ਚ ਦਰਜ ਹੋਣ ਦਾ ਰੁਤਬਾ ਹਾਸਲ ਹੈ | ਹਰੀਕੇ ਜਲਗਾਹ ਦਾ 4100 ਹੈਕਟੇਅਰ ਹੈ | ਰੋਪੜ ਜਲਗਾਹ ਦਾ ਰਕਬਾ 1365 ਹੈਕਟੇਅਰ ਅਤੇ ਕਾਂਜਲੀ ਜਲਗਾਹ ਦਾ ਰਕਬਾ 183 ਹੈਕਟੇਅਰ ਹੈ | ਹਰੀਕੇ ਜਲਗਾਹ ਨੂੰ ਸਤਲੁਜ ਅਤੇ ਬਿਆਸ ਦਰਿਆ ਲਗਦੇ ਹਨ | ਇਹ ਉੱਤਰੀ ਭਾਰਤ 'ਚ ਪੰਛੀਆਂ ਦੀ ਮਹੱਤਵਪੂਰਨ ਪਨਾਹਗਾਹ ਹੈ | ਕਪੂਰਥਲੇ ਲਾਗੇ ਕਾਂਜਲੀ ਜਲਗਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜੁੜੀ ਕਾਲੀ ਵੇਂਈ ਨੇੜੇ ਸਥਿਤ ਹੈ | ਸ਼ਿਵਾਲਿਕ ਪਹਾੜੀਆਂ ਦੀ ਗੋਦੀ 'ਚ, ਸਤਲੁਜ ਦੇ ਕੰਢਿਆਂ 'ਤੇ ਸਥਿਤ ਰੋਪੜ ਜਲਗਾਹ, ਪੰਜਾਬ ਅੰਦਰ, ਸਰਹਿੰਦ ਨਹਿਰੀ ਪ੍ਰਬੰਧ ਜ਼ਰੀਏ, ਪਾਣੀ ਦੀਆਂ ਲੋੜਾਂ ਪੂਰੀਆਂ ਕਰਦੀ ਹੈ |
ਸਾਂਭ ਸੰਭਾਲ : ਪੰਜਾਬ ਦੀਆਂ ਮੁੱਖ ਜਲਗਾਹਾਂ ਦੇ ਕੀਤੇ ਸਰਵੇਖਣ ਉਪਰੰਤ ਹਰੀਕੇ ਵਿਖੇ ਰੁੱਖ ਲਗਾਏ ਗਏ ਹਨ | ਨਿਰੀਖਿਅਕ ਬੰਨ੍ਹ ਉਸਾਰੇ ਗਏ ਹਨ | ਬੁੱਢੇ ਨਾਲੇ ਨੂੰ ਸਾਫ਼ ਕਰਨ ਦੀ ਪੰਜਾਬ ਸਰਕਾਰ ਦੀ ਯੋਜਨਾ ਵੀ ਇਸੇ ਲੜੀ ਦਾ ਹਿੱਸਾ ਹੈ | ਰੋਪੜ ਜਲਗਾਹ ਵਿਚੋਂ ਰੇਤ ਬੱਜਰੀ ਵਾਲੀ ਗਾਰ ਕੱਢੀ ਗਈ ਸੀ | ਖਵਾਸ ਪੁਰ ਨੇੜੇ ਤੀਹ ਹੈਕਟੇਅਰ ਇਲਾਕੇ ਵਿਚ ਰੁੱਖ ਲਗਾਏ ਗਏ ਹਨ | ਇਸ ਦੇ ਪਾਣੀਆਂ ਅੰਦਰ ਜਿਸਤ, ਕ੍ਰੋਮੀਅਮ, ਨਿਕਲ ਅਤੇ ਕੀਟਨਾਸ਼ਕਾਂ ਦਾ ਪਤਾ ਲੱਗਾ ਹੈ | ਵੱਡੇ ਸ਼ਹਿਰਾਂ ਦਾ ਸੀਵਰੇਜ ਅਤੇ ਖੇਤਾਂ ਦਾ ਪਾਣੀ ਇਸ ਜਲਗਾਹ ਵਿਚ ਪ੍ਰਵੇਸ਼ ਕਰਦਾ ਹੈ | ਕਾਂਜਲੀ ਜਲਗਾਹ ਲਾਗੇ 34 ਹੈਕਟੇਅਰ ਰਕਬੇ 'ਤੇ ਕੱਚੇ ਬੰਨ੍ਹ ਦੇ ਨਾਲ ਨਾਲ ਰੁੱਖ ਲਗਾਏ ਗਏ ਹਨ | ਇਸ ਦੇ ਪਾਣੀ ਦੀ ਗੁਣਵੱਤਾ ਨੂੰ ਸੋਧਣ ਦੇ ਯਤਨ ਕੀਤੇ ਜਾ ਰਹੇ ਹਨ | ਇਸੇ ਤਰ੍ਹਾਂ ਵਿਸ਼ਵ ਵਿਆਪੀ ਅਤੇ ਕੌਮੀ ਜਲਗਾਹਾਂ ਨੂੰ ਸੁਧਾਰਨ ਦੇ ਯਤਨ ਜਾਰੀ ਹਨ |
ਜਲਗਾਹਾਂ ਦੀ ਅਧੋਗਤੀ: ਜਲਗਾਹਾਂ ਧਰਤੀ ਦੇ ਗੁਰਦੇ ਹੁੰਦੀਆਂ ਹਨ | ਇਹ ਕੁਦਰਤ ਦਾ ਸੰਤੁਲਨ ਬਣਾਈ ਰੱਖਦੀਆਂ ਹਨ | ਪਰ ਅੱਜ ਇਨ੍ਹਾਂ ਦੀ ਦੁਰਦਸ਼ਾ ਹੋ ਰਹੀ ਹੈ | ਲੋਕਾਂ ਨੇ ਇਨ੍ਹਾਂ ਨੂੰ ਕੂੜਾ ਘਰ ਬਣਾ ਰੱਖਿਆ ਹੈ | ਰੁੱਖਾਂ 'ਤੇ ਵਪਾਰੀਆਂ ਦੇ ਆਰੇ ਚੱਲ ਰਹੇ ਹਨ | ਜਲਗਾਹਾਂ ਵਿਚ ਮਿੱਟੀ 'ਤੇ ਗਾਰ ਇਕੱਠੀ ਹੋਣ ਲ਼ੱਗੀ ਹੈ | ਇਨ੍ਹਾਂ ਦੀ ਡੁੰਘਾਈ ਘਟ ਗਈ ਹੈ | ਪ੍ਰਦੂਸ਼ਤ ਅਤੇ ਬਦਲੇ ਤਾਪ ਮਾਨ ਦਾ ਤਸੀਹਾ ਜਲਗਾਹਾਂ ਵੀ ਕੱਟ ਰਹੀਆਂ ਹਨ | ਲੋਕਾਂ ਨੇ ਟੋਭੇ ਛੱਪੜ ਭਰ ਦਿੱਤੇ | ਜਲਗਾਹਾਂ 'ਚ ਮਿੱਟੀ ਭਰ ਕੇ ਖੇਤ ਬਣਾ ਲਏ, ਫਸਲਾਂ ਬੀਜ ਲਈਆਂ | ਉਦਯੋਗਾਂ ਨੇ ਇਨ੍ਹਾਂ ਨੂੰ ਕੂੜਾ ਘਰ ਬਣਾ ਦਿੱਤਾ | ਹਰੀ ਕ੍ਰਾਂਤੀ ਨੇ ਜਲਗਾਹਾਂ ਦੇ ਪਾਣੀਆਂ ਵਿਚ ਜ਼ਹਿਰਾਂ ਘੋਲ ਦਿੱਤੀਆਂ | ਸੈਰ ਸਪਾਟੇ 'ਤੇ ਨਿਕਲੇ ਲੋਕ ਇਨ੍ਹਾਂ ਵਿਚ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਕੂੜਾ ਸੁੱਟ ਰਹੇ ਹਨ | ਇਹ ਜਲਗਾਹਾਂ ਸੁੰਗੜਨ ਲੱਗੀਆਂ ਹਨ | ਕੁਝ ਇਕ ਅਲੋਪ ਵੀ ਹੋ ਗਈਆਂ ਹਨ | ਥੋੜ੍ਹੀਆਂ ਜਲਗਾਹਾਂ ਹੀ ਹਨ ਜੋ ਸਿਰੜ ਨਾਲ ਆਪਣੀ ਹੋਂਦ ਬਚਾਈ ਬੈਠੀਆਂ ਹਨ | ਕੱਲ੍ਹ ਨੂੰ ਇਹ ਵੀ ਨਾ ਕਿਤੇ ਦਮ ਤੋੜ ਜਾਣ |
ਜਲਗਾਹ ਦਿਵਸ: ਵਿਸ਼ਵ ਜਲਗਾਹ ਦਿਵਸ (2 ਫ਼ਰਵਰੀ ) ਦੇ ਮੌਕੇ 'ਤੇ ਲੋਕਾਂ ਨੂੰ ਜਲਗਾਹਾਂ ਪ੍ਰਤੀ ਸੁਚੇਤ ਕੀਤਾ ਜਾਣਾ ਅਤਿ ਜ਼ਰੂਰੀ ਹੈ | ਇਸ ਦਿਨ ਸੈਮੀਨਾਰ ਕਰਵਾਏ ਜਾਣ, ਰੈਲੀਆਂ ਕੱਢੀਆਂ ਜਾਣ, ਪੋਸਟਰ ਤੇ ਪੈਂਫ਼ਲਿਟ ਵੰਡੇ ਜਾਣੇ ਚਾਹੀਦੇ ਹਨ | ਚਰਚਾ ਛੇੜੀ ਜਾਵੇ ਕਿ ਜਲਗਾਹਾਂ ਕਿਉਂ ਖਤਮ ਹੁੰਦੀਆਂ ਜਾ ਰਹੀਆਂ ਹਨ? ਇਨਸਾਨ ਇਨ੍ਹਾਂ ਦੇ ਖ਼ਾਤਮੇ ਲਈ ਕਿੰਨਾ ਕੁ ਜ਼ਿੰਮੇਵਾਰ ਹੈ? ਇਸ ਦਿਨ ਸਕੂਲਾਂ ਦੇ ਵਿਦਿਆਰਥੀ ਆਪਣੇ ਨੇੜੇ ਦੀਆਂ ਜਲਗਾਹਾਂ ਦਾ ਟੂਰ ਪ੍ਰੋਗਰਾਮ ਬਣਾਉਣ | ਜਲਗਾਹਾਂ 'ਤੇ ਆਏ ਉੱਡਣੇ ਮਹਿਮਾਨ ਪੰਛੀਆਂ ਨੂੰ ਨਿਹਾਰਨ | ਆਪਣੇ ਅਧਿਆਪਕਾਂ ਤੋਂ ਉਨ੍ਹਾਂ ਪੰਛੀਆਂ ਬਾਰੇ ਜਾਣਕਾਰੀ ਲੈਣ | ਇਸ ਦਿਨ ਰੁੱਖ ਲਗਾਏ ਜਾਣ | ਬਾਗ਼ਾਂ, ਰੱਖਾਂ, ਬੀੜਾਂ 'ਚ ਜਨੌਰਾਂ ਦੇ ਆਲ੍ਹਣੇ ਟੰਗੇ ਜਾਣ |
ਚਿਤਾਵਨੀ
ਜੇ ਜਲਗਾਹਾਂ ਇਸੇ ਤਰ੍ਹਾਂ ਹੀ ਪਲੀਤ ਹੁੰਦੀਆਂ ਰਹੀਆਂ, ਇਨ੍ਹਾਂ ਅੰਦਰ ਰਹਿੰਦੇ ਜਲ ਜੀਵਾਂ ਦਾ ਸਾਹ ਘੁਟਦਾ ਰਿਹਾ, ਬਨਸਪਤੀਆਂ ਸੁੱਕਣ ਲੱਗੀਆਂ, ਰੁੱਖਾਂ ਦੇ ਚਿਹਰਿਆਂ 'ਚੋਂ ਮੁਰਦੇਹਾਣੀ ਝਾਕਣ ਲੱਗੀ ਤਾਂ ਲੋਕੋ ਥੋਡੀਆਂ ਇਨ੍ਹਾਂ ਜਲਗਾਹਾਂ 'ਤੇ ਦੂਰ ਧਰਤੀਆਂ ਤੋਂ ਵੰਨ ਸੁਵੰਨੇ ਪੰਛੀ ਉੱਡ ਕੇ ਨਹੀਂ ਆਉਣੇ | ਉਹ ਉੱਥੇ ਚਲੇ ਜਾਣਗੇ ਜਿੱਥੇ ਮਨਭਾਉਂਦੀਆਂ ਜਲਗਾਹਾਂ ਹੋਣਗੀਆਂ | ਉਹ ਉੱਥੇ ਹੀ ਨੱਚਣਗੇ ਗਾਉਣਗੇ ਅਤੇ ਆਲ੍ਹਣੇ ਪਾਉਣਗੇ | ਕਿਤੇ ਜਲਗਾਹਾਂ ਬੀਤੇ ਵਕਤ ਦੀ ਕੋਈ ਕਹਾਣੀ ਨਾ ਬਣ ਕੇ ਰਹਿ ਜਾਣ | ਸਾਨੂੰ ਜਲਗਾਹਾਂ ਨੂੰ ਬਚਾਉਣ ਲਈ ਲੋਕ ਲਹਿਰ ਉਸਾਰਨ ਦੀ ਬੇਹੱਦ ਲੋੜ ਹੈ |

-398, ਵਿਕਾਸ ਨਗਰ, ਗਲੀ-10, ਪੱਖੋਵਾਲ ਰੋਡ, ਲੁਧਿਆਣਾ-141013 (ਪੰਜਾਬ)
ਮੋਬਾਈਲ : 97806-67686.

ਦੁਨੀਆ ਨੂੰ ਮਿਲ ਗਿਆ ਜੀਵਤ ਰੋਬੋਟ

(ਲਿਵਿੰਗ ਰੋਬੋਟ (ਭਾਵ ਜੀਵਤ) ਦੀ ਇਹ ਖੋਜ ਭਵਿੱਖ ਦੇ ਮਨੁੱਖ ਦੀ ਉਤਪਤੀ ਵੱਲ ਬਹੁਤ ਸ਼ੁਰੂਆਤੀ ਸੰਕੇਤ ਹੈ | ਫਿਲਹਾਲ ਇਸ ਦੇ ਸਾਹਮਣੇ ਆਉਣ ਨਾਲ ਤੈਅ ਹੋ ਗਿਆ ਹੈ ਕਿ ਨੇੜ ਭਵਿੱਖ ਵਿਚ ਸਿਹਤ ਅਤੇ ਦਵਾਈਆਂ ਤੋਂ ਇਲਾਵਾ ਰੋਬੋਟਿਕਸ ਅਤੇ ਏ.ਆਈ. ਬਨਾਵਟੀ ਸਿਆਣਪ ਦੇ ਖੇਤਰ ਵਿਚ ਵੀ ਚਮਤਕਾਰਿਕ ਬਦਲਾਅ ਹੋਣ ਵਾਲੇ ਹਨ |)
ਇਹ ਜ਼ੇਨੋਬੋਟ ਹੈ | ਭਵਿੱਖ ਵਿਚ ਜੇਕਰ ਆਮ ਆਦਮੀ ਵੀ 150 ਸਾਲ ਤੋਂ ਜ਼ਿਆਦਾ ਆਸਾਨੀ ਨਾਲ ਜਿਊਣ ਲੱਗੇ, ਸਰੀਰ ਦੇ ਜਨਮ ਸਬੰਧੀ ਵਿਗਾੜ ਕੋਈ ਸਮੱਸਿਆ ਨਾ ਰਹੇ ਅਤੇ ਕਿਸੇ ਵੀ ਅੰਗ ਨੂੰ ਮੁੜ ਉਗਾਉਣ, ਬਣਾਉਣ ਦੀ ਸਮਰੱਥਾ ਹਾਸਲ ਹੁੰਦੀ ਹੈ ਜਾਂ ਇਸ ਲਈ ਖ਼ਾਸ ਦਵਾਈਆਂ ਬਣਾਈਆਂ ਜਾ ਸਕਣ ਤਾਂ ਉਨ੍ਹਾਂ ਵਿਚ ਇਸ ਦਾ ਬਹੁਤ ਵੱਡਾ ਹੱਥ ਹੋਵੇਗਾ | ਜ਼ੇਨਬੋਟ ਭਾਵ ਪਹਿਲਾ ਜ਼ਿੰਦਾ ਰੋਬੋਟ | ਜ਼ਿੰਦਾ ਰੋਬੋਟ ਤੋਂ ਭਾਵ ਉਸ ਮਜ਼ਬੂਤ ਜਿਊਾਦੀ ਸਰੀਰਕ ਰਚਨਾ ਤੋਂ ਹੈ ਜਿਸ ਨੂੰ ਰੋਬੋਟ ਦੀ ਤਰ੍ਹਾਂ ਚਲਾਇਆ ਜਾ ਸਕਦਾ ਹੋਵੇ ਅਤੇ ਉਹ ਪਹਿਲਾਂ ਤੈਅ ਕੀਤੇ ਆਦੇਸ਼ਾਂ ਅਨੁਸਾਰ ਕੰਮ ਕਰ ਸਕਦਾ ਹੋਵੇ |
ਇਹ ਜਿਊਾਦਾ ਹੈ ਕਿਉਂਕਿ ਉਹ ਜੀਵਤ ਕੋਸ਼ਿਕਾਵਾਂ ਤੋਂ ਬਣਿਆ ਹੈ | ਖ਼ੁਦ ਠੀਕ ਹੋ ਸਕਦਾ ਹੈ | ਪੋਸ਼ਣ 'ਤੇ ਆਤਮ-ਨਿਰਭਰ ਹੈ | ਬਿਨਾਂ ਸ਼ੱਕ ਇਹ ਜੀਵ ਹੈ ਪਰ ਇਹ ਰੋਬੋਟ ਵੀ ਹੈ | ਇਹ ਲੋਹੇ ਜਾਂ ਕਿਸੇ ਹੋਰ ਧਾਤੂ ਭਾਵ ਪਲਾਸਟਿਕ ਤੋਂ ਨਹੀਂ ਬਣਿਆ ਹੈ | ਇਸ ਦੇ ਚਮਕੀਲੇ ਪੁਰਜ਼ੇ ਨਜ਼ਰ ਨਹੀਂ ਆਉਂਦੇ ਅਤੇ ਨਾ ਹੀ ਇਸ ਦੇ ਰੋਬੋਟਿਕ ਅੰਗ ਨਜ਼ਰ ਆਉਂਦੇ ਹਨ | ਇਹ ਕਿਸੇ ਜੀਵ ਵਿਚ ਤਕਨੀਕੀ ਬਦਲਾਅ ਕਰਕੇ ਨਹੀਂ ਬਣਾਇਆ ਗਿਆ ਹੈ | ਫਿਰ ਵੀ ਇਹ ਰੋਬੋਟ ਹੈ | ਇਸ ਨੂੰ ਪੈਦਾ ਕੀਤਾ ਗਿਆ ਹੈ | ਬਣਾਇਆ ਗਿਆ ਹੈ | ਇਹ ਪਹਿਲਾਂ ਜ਼ਿੰਦਾ ਰੋਬੋਟ ਹੈ |
ਇਹ ਜੀਵਤ ਰੋਬੋਟ, ਰੋਬੋਟਿਕਸ, ਬਨਾਉਟੀ ਬੁੱਧੀ, ਸਿਹਤ, ਕੋਸ਼ਿਕਾ ਵਿਗਿਆਨ, ਲੰਮੀ ਉਮਰ ਵਾਲੇ, ਰੀਜੈਨਰੇਟਿਵ ਮੈਡੀਸਨ ਵਰਗੀਆਂ ਆਧੁਨਿਕ ਦਵਾਈਆਂ ਨਾਲ ਬਣੇ ਅਤੇ ਰੱਖਿਆ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਵਾਲੇ ਹੋਣਗੇ | ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਜੀਵਤ ਰੋਬੋਟ ਜ਼ੇਨੋਬੋਟ ਨੂੰ ਡੱਡੂ ਦੀਆਂ ਸਟੇਮ ਕੋਸ਼ਿਕਾਵਾਂ ਤੋਂ ਨਿਕਲੀਆਂ ਜੀਵਤ ਕੋਸ਼ਿਕਾਵਾਂ ਤੋਂ ਵਿਕਸਤ ਕੀਤਾ ਹੈ | ਸਟੈਮ ਸੈੱਲ ਅਜਿਹੀਆਂ ਖ਼ਾਸ ਕੋਸ਼ਿਕਾਵਾਂ ਹਨ ਜੋ ਕਿਸੇ ਖ਼ਾਸੀਅਤ ਨੂੰ ਧਾਰਨ ਨਹੀਂ ਕਰਦੀਆਂ | ਭਾਵ ਇਹ ਸਿਰਫ ਇਸ ਮਾਮਲੇ ਵਿਚ ਖ਼ਾਸ ਹਨ ਕਿ ਇਨ੍ਹਾਂ ਤੋਂ ਤਮਾਮ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਵਾਂ ਬਣ ਸਕਦੀਆਂ ਹਨ | ਵਿਗਿਆਨੀਆਂ ਨੇ ਇਸ ਸਟੈਮ ਸੈੱਲ ਨੂੰ ਜਿਨੋਪਸ ਲੇਵਿਸ ਪਰਜਾਤੀ ਦੇ ਡੱਡੂ ਦੇ ਭਰੂਣ ਤੋਂ ਉਦੋਂ ਕੱਢਿਆ ਜਦੋਂ ਉਹ ਕੋਸ਼ਿਕਾ ਵੰਡ ਦੀ ਬਲਾਸਟੁਲਾ ਸਥਿਤੀ ਵਿਚ ਪਹੁੰਚ ਚੁੱਕਾ ਸੀ | ਉਸ ਦੀ ਹਰੀ ਚਮੜੀ ਕੋਸ਼ਿਕਾਵਾਂ ਅਤੇ ਲਾਲ ਹਿਰਦੇ ਕੋਸ਼ਿਕਾਵਾਂ ਤੋਂ ਇਕ ਖ਼ਾਸ ਮਜ਼ਬੂਤ ਸਰੀਰ ਰਚਨਾ ਵਾਲੇ ਜੀਵਧਾਰੀ ਨੂੰ ਵਿਕਸਤ ਕੀਤਾ |
ਇਸ ਜੀਵਧਾਰੀ ਸਰੀਰ ਨੂੰ ਵਿਕਾਸ ਸਬੰਧੀ ਗਿਣਨ ਵਿਧੀ 'ਤੇ ਕੰਮ ਕਰਨ ਵਾਲੇ ਇਕ ਸੁਪਰ ਕੰਪਿਊਟਰ ਦੀ ਮਦਦ ਨਾਲ ਡਿਜ਼ਾਈਨ ਕੀਤਾ ਗਿਆ | ਕੰਪਿਊਟਰ ਦੱਸਦਾ ਹੈ ਕਿ ਚਮੜੀ ਅਤੇ ਦਿਲ ਦੀਆਂ ਕੋਸ਼ਿਕਾਵਾਂ ਨੂੰ ਇਕ-ਦੂਜੇ ਦੇ ਉੱਪਰ ਕਿਸ ਕ੍ਰਮ ਅਨੁਸਾਰ ਰੱਖਣਾ ਹੈ | ਇਸ ਸੁਪਰ ਕੰਪਿਊਟਰ ਵਲੋਂ ਥ੍ਰੀ ਡੀ ਦੇ ਹਜ਼ਾਰਾਂ ਅਜਿਹੇ ਰੂਪਾਂ 'ਤੇ ਇਸ ਦਾ ਪ੍ਰੀਖਣ ਕੀਤਾ ਗਿਆ ਹੈ ਜੋ ਜੀਵਨ ਲਈ ਉਸ ਦੇ ਮੁਢਲੇ ਕੰਮਾਂ ਲਈ ਜ਼ਰੂਰੀ ਹਨ | ਇਨ੍ਹਾਂ ਪ੍ਰੀਖਣਾਂ ਨੇ ਇਨ੍ਹਾਂ ਸੂਖਮ ਜੀਵਤ ਕੰਪਿਊਟਰਾਂ ਨੂੰ ਆਪਣੇ ਅੱਗੇ ਵਧਣ ਦੀ ਸਮਰੱਥਾ ਵਿਕਸਤ ਹੋਣ ਵਿਚ ਮਦਦ ਕੀਤੀ | ਇਸ ਨੂੰ ਇਸ ਤਰ੍ਹਾਂ ਦੇ ਡਿਜ਼ਾਈਨ ਦਾ ਬਣਾਇਆ ਗਿਆ ਹੈ ਜਿਸ ਨੂੰ ਕੁਦਰਤ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ | ਖਾਣ ਵਾਲੇ ਅਤੇ ਲਿਪਿਡ ਪ੍ਰੋਟੀਨ ਨਾਲ ਭਰੇ ਢੱਕਣ ਰੱਖੇ ਗਏ | ਵਿਕਸਤ ਹੋਣ 'ਤੇ ਨਿਕਲੇ ਸੀਲੀਆ ਭਾਵ ਉਪਰਲੀ ਪਰਤ ਨੂੰ ਕੱਟ ਦਿੱਤਾ ਗਿਆ ਕਿਉਂਕਿ ਇਨ੍ਹਾਂ ਨੇ ਤੈਰਨ ਨਾਲੋਂ ਜ਼ਿਆਦਾ ਚੱਲਣਾ ਸੀ |
ਧੜਕਦਾ ਅਤੇ ਚਮੜੀ ਦੀਆਂ ਕੋਸ਼ਿਕਾਵਾਂ ਨਾਲ ਬੱਝਾ ਹੋਇਆ ਇਹ ਲਾਲ ਹਰਾ ਜੀਵਤ ਰੋਬੋਟ ਸਿਰਫ 0.04 ਤੋਂ 0.7 ਇੰਚ ਤੱਕ ਦਾ ਹੈ | ਏਨਾ ਸੂਖਮ ਕਿ ਸਰੀਰ ਦੇ ਅੰਦਰ ਰਹਿ ਸਕਦਾ ਹੈ | ਇਸ ਦੀ ਉਮਰ 7 ਦਿਨ ਦੀ ਹੈ ਭਾਵ ਇਹ 7 ਦਿਨ ਤੱਕ ਬਿਨਾਂ ਭੋਜਨ ਦੇ ਰਹਿ ਸਕਦਾ ਹੈ | ਇਹ ਜੀਵਤ ਮਸ਼ੀਨ ਹੈ ਆਪਣੇ ਅੰਦਰ ਪਹਿਲਾਂ ਤੋਂ ਭਰੇ ਭੋਜਨ 'ਤੇ ਜਿਊਾਦੀ ਰਹਿੰਦੀ ਹੈ | ਇਹ ਬਿਲਕੁਲ ਨਵੇਂ ਤਰ੍ਹਾਂ ਦਾ ਜੀਵਨ ਰੂਪ ਹੈ | ਛੋਟੇ-ਛੋਟੇ ਬੰਬ ਦੀ ਤਰ੍ਹਾਂ ਜ਼ੇਨੋਬੋਟ ਜਿਨ੍ਹਾਂ ਦਾ ਵਿਚਲਾ ਹਿੱਸਾ ਦਵਾਈ ਲੈਣ ਵਰਗੇ ਕੰਮ ਲਈ ਖਾਲੀ ਰਹਿੰਦਾ ਹੈ, ਗੁਲਾਬੀ ਚਮੜੀ ਵਿਚ ਫੈਲੇ ਰਹਿੰਦੇ ਹਨ | ਇਨ੍ਹਾਂ ਨੂੰ ਤਾਕਤ, ਧੜਕਨ ਅਤੇ ਗਤੀ ਮਿਲਦੀ ਹੈ ਦਿਲ ਦੀਆਂ ਜ਼ਿੰਦਾ ਮਾਸਪੇਸ਼ੀਆਂ ਤੋਂ ਜਿਨ੍ਹਾਂ ਵਿਚ ਖ਼ੁਦ ਹੀ ਇਕ ਇਕਸੁਰਤਾ ਨਾਲ ਫੈਲਣ, ਸੁੰਗੜਨ ਦਾ ਕੁਦਰਤੀ ਸੁਭਾਅ ਹੁੰਦਾ ਹੈ |
ਜੋਸ਼ੂਆ ਬੋਂਗਾਰਡ ਜੋ ਇਸ ਖੋਜ ਦਲ ਦੇ ਦੂਜੇ ਨੰਬਰ ਦੇ ਮੈਂਬਰ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਾ ਤਾਂ ਰਵਾਇਤੀ ਰੋਬੋਟ ਹੈ ਅਤੇ ਨਾ ਹੀ ਕੋਈ ਮੰਨੀ ਹੋਈ ਭਾਵ ਪਹਿਲਾਂ ਤੋਂ ਜਾਣਕਾਰੀ ਪ੍ਰਾਪਤ ਜੰਤੂ ਪ੍ਰਜਾਤੀ | ਇਹ ਨਵੀਂ ਚੀਜ਼ ਹੈ | ਜੀਵਤ ਪਰ ਪ੍ਰੋਗਰਾਮ ਕੀਤੀ ਜਾਣ ਵਾਲੀ ਸਮੁੱਚੀ ਸਰੀਰਕ ਰਚਨਾ | ਆਖ਼ਰ ਬਹੁਤ ਸਾਰੇ ਜੀਵਧਾਰੀ ਅਜਿਹੇ ਹਨ ਜੋ ਦਿਮਾਗ ਨਹੀਂ ਰੱਖਦੇ | ਲੈਂਗਿਕ ਭਾਵ ਕਿਸੇ ਵੀ ਤਰ੍ਹਾਂ ਦਾ ਪ੍ਰਜਨਨ ਵੀ ਨਹੀਂ ਕਰਦੇ | ਆਪਣੇ ਜ਼ਖ਼ਮ ਠੀਕ ਕਰ ਸਕਦੇ ਹਨ ਅਤੇ ਸਮੂਹ ਵਿਚ ਕੰਮ ਕਰ ਸਕਦੇ ਹਨ | ਸਰਗਰਮੀ ਦਿਖਾਉਂਦੇ ਹਨ | ਕਿਸੇ ਸਾਧਾਰਨ ਜੀਵ ਸੰਗਠਨ ਨਾਲ ਜੁੜੇ ਹੋਣ 'ਤੇ ਪਛਾਣੇ ਜਾਂਦੇ ਹਨ | ਇਹ ਜ਼ੇਨੋਬੋਟ ਵੀ ਅਜਿਹੇ ਹੀ ਹਨ |
ਰਵਾਇਤੀ ਰੋਬੋਟ ਜਾਂ ਮਾਈਕਰੋਬੋਟ ਧਾਤੂ, ਸਿਰੇਮਿਕ ਅਤੇ ਪਲਾਸਟਿਕ ਆਦਿ ਤੋਂ ਬਣਦੇ ਸਨ | ਸਰੀਰ ਦੇ ਅੰਦਰ ਮਾੜੇ ਪ੍ਰਭਾਵ ਪਾ ਸਕਦੇ ਸਨ ਪਰ ਇਹ ਸਰੀਰ ਅਤੇ ਵਾਤਾਵਰਨ ਦੋਵਾਂ ਲਈ ਬਿਲਕੁਲ ਸੁਰੱਖਿਅਤ ਹੈ | ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਜਦੋਂ ਇਹ ਬੇਕਾਰ ਹੁੰਦੇ ਹਨ ਤਾਂ ਇਹ ਸਿਰਫ ਇਕ ਮਰੀ ਹੋਈ ਚਮੜੀ ਦੇ ਬਹੁਤ ਛੋਟੇ ਹਿੱਸੇ ਵਰਗੇ ਹੋ ਸਕਦੇ ਹਨ | ਅਜੇ ਇਹ ਬਹੁਤ ਛੋਟੇ ਹਨ ਪਰ ਛੇਤੀ ਹੀ ਇਹ ਵੱਡੇ ਬਣਨਗੇ | ਵਿਗਿਆਨੀ ਸੋਚ ਰਹੇ ਹਨ ਕਿ ਘੱਟ ਤੋਂ ਘੱਟ ਮਿਲੀਮੀਟਰ ਤੋਂ ਅੱਗੇ ਤਾਂ ਵਧਿਆ ਹੀ ਜਾਏ, ਦੂਜੀਆਂ ਕੋਸ਼ਿਕਾਵਾਂ ਤੋਂ ਵੀ ਇਨ੍ਹਾਂ ਨੂੰ ਬਣਾਇਆ ਜਾਏ | ਜਿਵੇਂ ਤੰਤਿ੍ਕਾ ਕੋਸ਼ਿਕਾਵਾਂ ਤੋਂ, ਜਿਸ ਨਾਲ ਇਨ੍ਹਾਂ ਵਿਚ ਮਹਿਸੂਸ ਕਰਨ ਦੀ ਸਮਰੱਥਾ ਵੀ ਆ ਸਕੇ | ਹਾਲਾਂ ਕਿ ਉਹ ਲਹੂ ਵਾਹਨੀਆਂ ਦੀਆਂ ਕੋਸ਼ਿਕਾਵਾਂ ਨਾਲ ਵੀ ਇਨ੍ਹਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਨਾਲ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਇਕ ਕਿਰਿਆਤਮਕ ਸਰੀਰ ਜਾਂ ਕਾਰਜਸ਼ੀਲ ਸਰੀਰ ਬਣਾਉਣ ਲਈ ਕੋਸ਼ਿਕਾਵਾਂ ਆਪਸ ਵਿਚ ਕਿਵੇਂ ਸਹਿਯੋਗ ਕਰਦੀਆਂ ਹਨ, ਇਸ ਦੇ ਸੰਕੇਤਾਂ ਨੂੰ ਕਾਫੀ ਹੱਦ ਤੱਕ ਸਮਝਿਆ ਜਾ ਚੁੱਕਾ ਹੈ |
ਹੁਣ ਸਵਾਲ ਇਹ ਹੈ ਕਿ ਕੀ ਇਹ ਜਾਣਕਾਰੀ ਇਸ ਪੱਧਰ ਤੱਕ ਵੀ ਪਹੁੰਚ ਗਈ ਹੈ ਕਿ ਇਨ੍ਹਾਂ ਸੰਕੇਤਾਂ ਦੀ ਅਦਲਾ-ਬਦਲੀ ਕਰਕੇ ਇਕ ਅਜਿਹਾ ਤੰਤਰ ਬਣਾਇਆ ਜਾ ਸਕਦਾ ਹੈ ਜੋ ਨਾ ਸਿਰਫ ਜੀਵ ਹੋਵੇ ਸਗੋਂ ਸੰਕੇਤਾਂ ਨੂੰ ਗ੍ਰਹਿਣ ਕਰਕੇ ਕੰਮ ਵੀ ਕਰੇ? ਇਸ ਖੋਜ ਨੇ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਹੈ | ਇਕ ਵਾਰ ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਸ਼ਿਕਾਵਾਂ ਕਿਵੇਂ ਕਿਸੇ ਸਰੀਰਕ ਰਚਨਾ ਦੇ ਨਿਰਮਾਣ ਲਈ ਪ੍ਰੇਰਿਤ ਹੁੰਦੀਆਂ ਤਾਂ ਫਿਰ ਇਹ ਗਿਆਨ ਨਾ ਸਿਰਫ ਕਿਸੇ ਅੰਗ ਤੇ ਮੁੜ ਨਿਰਮਾਣ ਲਈ ਪ੍ਰੇਰਿਤ ਕਰਨ, ਨਵਾਂ ਅੰਗ ਬਣਾਉਣ ਸਗੋਂ ਰੋਬੋਟਿਕਸ ਸੰਚਾਰ ਪ੍ਰਣਾਲੀ, ਰੋਬੋਟਿਕਸ ਤੋਂ ਵਧੀਆ ਬਣਾਉਣ ਵਾਲੇ ਕੁਝ ਸਿਧਾਂਤਾਂ ਅਤੇ ਇਥੋਂ ਤੱਕ ਕਿ ਕੁਦਰਤੀ ਦਿਮਾਗ ਦੇ ਵੀ ਵੱਡੇ ਕੰਮ ਆ ਸਕਦੀ ਹੈ |
ਅੱਗੇ ਚੱਲ ਕੇ ਇਹ ਪਤਾ ਲਗਾਉਣਾ ਹੈ ਕਿ ਕੋਸ਼ਿਕਾਵਾਂ ਆਪਣੀ ਦਿ੍ਸ਼ਟੀਗੋਚਰ ਅਤੇ ਸਮਰੱਥਾ ਦੀ ਵਰਤੋਂ ਹੱਥ ਅਤੇ ਅੱਖ ਵਰਗੇ ਅੰਗ ਬਣਾਉਣ ਵਿਚ ਕਿਵੇਂ ਕਰਦੀਆਂ ਹਨ? ਜ਼ਾਹਰ ਹੈ ਬਾਇਓਮੈਡੀਸਿਨ, ਰੋਬੋਟਿਕਸ ਅਤੇ ਮਾਰਫੋਲਾਜੀ ਮਿਲ ਕੇ ਬਹੁਤ ਵੱਡਾ ਧਮਾਕਾ ਕਰਨ ਵਾਲੇ ਹਨ | ਇਸ ਦਿਸ਼ਾ ਵਿਚ ਜੀਵਤ ਰੋਬੋਟ ਬੇਹੱਦ ਮਹੱਤਵਪੂਰਨ ਅਤੇ ਪਹਿਲਾ ਵੱਡਾ ਕਦਮ ਹੈ | ਇਸ ਨਾਲ ਬਿਮਾਰੀਆਂ, ਲਾਗਿਵਿਟੀ ਜਾਂ ਲੰਮੀ ਉਮਰ ਵਰਗੇ ਸਾਰੇ ਖੇਤਰਾਂ ਵਿਚ ਚਮਤਕਾਰ ਹੋਵੇਗਾ | ਫਿਲਹਾਲ ਸਰੀਰ ਵਿਚ ਦਵਾਈ ਪਹੁੰਚਾਉਣ ਤੋਂ ਇਲਾਵਾ ਸਮੁੰਦਰੀ ਕਚਰੇ ਦੇ ਨਿਪਟਾਰੇ ਵਰਗਾ ਕੰਮ ਵੀ ਇਸ ਤੋਂ ਲਿਆ ਜਾਣਾ ਹੈ | ਇਸ ਦੀ ਰੱਖਿਆ ਤਕਨੀਕ ਵਿਚ ਵਰਤੋਂ ਹੋ ਸਕਦੀ ਹੈ | ਖਰਾਬ ਅੰਗਾਂ ਨੂੰ ਬਣਾਉਣ, ਕੈਂਸਰ ਜਾਂ ਟਿਊਮਰ ਦੇ ਸੈੱਲ ਨੂੰ ਸਾਧਾਰਨ ਸੈੱਲ ਵਿਚ ਮੁੜ ਸਰਗਰਮ ਕਰਨ, ਭਿਆਨਕ ਦੁਰਘਟਨਾਵਾਂ ਵਿਚ ਜ਼ਖ਼ਮੀਆਂ ਨੂੰ ਆਰਾਮ ਦੇਣ, ਬੁਢਾਪੇ ਨੂੰ ਦੂਰ ਕਰਨ ਅਤੇ ਅੰਗਾਂ ਨੂੰ ਮੁੜ ਤੋਂ ਕਾਰਜਸ਼ੀਲ ਬਣਾਉਣ ਵਿਚ ਕੀਤਾ ਜਾਏਗਾ |

ਮਿਰਜ਼ਾ-ਸਾਹਿਬਾਂ : ਕਹਾਣੀ ਦਾ ਇਕ ਮੌਖਿਕ ਬਿਰਤਾਂਤ

ਪੰਜਾਬ ਦੀਆਂ ਪ੍ਰੇਮ ਕਹਾਣੀਆਂ ਵਿਚੋਂ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ ਕਈਆਂ ਗੱਲਾਂ ਵਿਚ ਵਿਲੱਖਣ ਹੈ | ਮੋਟੇ ਤੌਰ 'ਤੇ ਇਹ ਕਹਾਣੀ ਪੰਜਾਬੀ ਗੱਭਰੂ ਦੀ ਜਵਾਂ ਮਰਦੀ, ਸੂਰਬੀਰਤਾ, ਹੱਠ ਅਤੇ ਔਰਤ ਦੀ ਦੁਫੇੜ ਮਾਨਸਿਕਤਾ ਅਤੇ ਕਬੀਲਾ ਮੋਹ ਦੀ ਕਹਾਣੀ ਹੈ | ਸਾਨੂੰ ਪਤਾ ਹੈ ਕਿ ਮਿਰਜ਼ਾ ਸਹਿਬਾਂ ਦੇ ਕਿੱਸਾਕਾਰਾਂ ਦੀ ਗਿਣਤੀ ਸੌ ਤੋਂ ਉੱਪਰ ਹੈ | ਇਹ ਹਰ ਸਦੀ ਵਿਚ ਲਿਖੀ ਜਾਂਦੀ ਰਹੀ ਹੈ ਅਤੇ ਹਰ ਧਰਮ ਦੇ ਲੇਖਕਾਂ ਨੇ ਇਸ ਉੱਪਰ ਕਲਮ ਅਜ਼ਮਾਈ ਕੀਤੀ ਹੈ | ਮਿਰਜ਼ਾ ਸਾਹਿਬਾਂ ਦਾ ਸਭ ਤੋਂ ਪਹਿਲਾ ਕਿੱਸਾਕਾਰ ਪੀਲੂ ਹੈ ਅਤੇ ਏਸੇ ਦੀ ਰਚਨਾ ਨੂੰ ਇਸ ਪਰੰਪਰਾ ਦਾ ਸ਼ਾਹਕਾਰ ਮੰਨਿਆ ਗਿਆ ਹੈ | ਗਵੰਤਰੀਆਂ ਕੋਲੋਂ ਸੁਣ ਕੇ ਪੀਲੂ ਦੇ ਕਿੱਸੇ ਨੂੰ ਸਭ ਤੋਂ ਪਹਿਲਾਂ ਲਿਪੀ-ਬੱਧ ਕਰਨ ਵਾਲਾ ਇਕ ਅੰਗਰੇਜ਼ ਅਫ਼ਸਰ ਸਰ ਰਿਚਰਡ ਟੈਂਪਲ ਸੀ | ਸਾਰੇ ਕਿੱਸਾਕਾਰਾਂ ਦੀ ਕਹਾਣੀ, ਥੋੜ੍ਹੇ ਬਹੁਤੇ ਫ਼ਰਕ ਨਾਲ, ਇਕ ਹੀ ਹੈ ਪਰ ਕਹਾਣੀ ਦੇ ਜਿਸ ਬਿਰਤਾਂਤ ਦਾ ਚਰਚਾ ਅਜ ਅਸੀਂ ਕਰਨ ਲੱਗੇ ਹਾਂ, ਇਨ੍ਹਾਂ ਨਾਲੋਂ ਵੱਖਰੀ ਹੈ ਅਤੇ ਮਹੱਤਵਪੂਰਨ ਵੀ ਹੈ | ਸਾਡੀ ਇਸ ਚਰਚਾ ਦਾ ਆਧਾਰ ਮੱੁਖ ਤੌਰ 'ਤੇ ਦੋ ਵੀਡੀਓਜ਼ ਹਨ (ਦਸੰਬਰ 2017 ਅਤੇ ਦਸੰਬਰ 2018) ਜੋ ਨਾ ਕੇਵਲ ਅਸਲ ਥਾਵਾਂ ਉੱਪਰ ਜਾ ਕੇ ਬਣਾਈਆਂ ਗਈਆਂ ਹਨ, ਸਗੋਂ ਇਸ ਕਹਾਣੀ ਦਾ ਵਾਚਕ ਮਿਰਜ਼ੇ ਦੇ ਖਾਨਦਾਨ ਦਾ ਇਕ ਬਸ਼ਰ ਹੈ | ਇਹ ਕਹਾਣੀ ਬਾਬਾ ਵਲਾਇਤ ਖਾਨ ਸ਼ਾਹੀ ਸੁਣਾ ਰਿਹਾ ਹੈ ਜੋ ਮਿਰਜ਼ੇ ਦੇ ਭਰਾ ਗਰਜਾ ਦੀ ਔਲਾਦ ਵਿਚੋਂ ਯਾਰਵੀਂ (11ਵੀਂ) ਪੀੜ੍ਹੀ ਦਾ ਵੰਸ਼ਜ਼ ਹੈ |
ਬਾਬਾ ਵਲਾਇਤ ਖਾਨ ਦੇ ਦੱਸਣ ਮੁਤਾਬਿਕ, ਮਿਰਜ਼ੇ ਹੋਰੀਂ ਚਾਰ ਭਰਾ ਤੇ ਇਕ ਭੈਣ ਸਨ | ਭੈਣ ਛੱਤੀ ਤੋਂ ਇਲਾਵਾ ਸਰਜਾ, ਗਰਜਾ, ਮਿਰਜ਼ਾ ਅਤੇ ਨੂਰ ਸਮੰਦ ਚਾਰ ਭਰਾ ਸਨ | ਮਿਰਜ਼ੇ ਦੀ ਜਨਮ ਤਰੀਖ 27 ਮਾਰਚ 1586ਈ. ਹੈ ਅਤੇ ਸਾਹਿਬਾਂ ਦੀ 18 ਮਾਰਚ 1587ਈ: ਹੈ | ਇਹ ਅਕਬਰ ਦਾ ਸਮਕਾਲ ਹੈ | ਮਿਰਜ਼ਾ ਦਾਨਾਬਾਦ ਦਾ ਰਹਿਣ ਵਾਲਾ ਸੀ ਜਿਸ ਦੇ ਪਿਉ ਦਾ ਨਾਂਅ ਵੰਝਲ ਖ਼ਾਨ ਜਾਂ ਰਾਏ ਵੰਝਲ ਖ਼ਾਨ ਸੀ | ਮਿਰਜ਼ਾ ਖਰਲ ਗੋਤ ਦਾ ਜੱਟ ਸੀ | ਦਾਨਾਬਾਦ ਰਹਿੰਦਿਆਂ ਇਹ ਮਿੱਟੀ ਦੇ ਗੁਲੇਲਿਆਂ ਦੇ ਨਾਲ ਪਨਿਹਾਰੀਆਂ ਦੇ ਘੜੇ ਤੋੜ ਕੇ ਪਿਉ ਨੂੰ ਉਲ੍ਹਾਮੇ ਦੁਆਇਆ ਕਰਦਾ ਸੀ | ਉਲ੍ਹਾਮਿਆਂ ਤੋਂ ਬਚਣ ਲਈ ਪਿਉ ਨੇ ਮਿਰਜ਼ੇ ਨੂੰ ਸਾਹਿਬਾਂ ਦੇ ਪਿੰਡ ਖੀਵੇ ਭੇਜ ਦਿੱਤਾ ਜੋ ਰਿਸ਼ਤੇ ਵਿਚ ਇਸ ਦੇ ਮਾਮੇ ਦੀ ਧੀ ਸੀ | ਦੋਵੇਂ ਮਸੀਤ ਵਿਚ ਇਕੱਠੇ ਪੜ੍ਹਦੇ ਰਹੇ | ਜਦੋਂ ਮਿਰਜ਼ਾ ਥੋੜ੍ਹਾ ਵੱਡਾ ਹੋਇਆ ਤਾਂ ਉਸ ਨੂੰ ਵਾਪਸ ਦਾਨਾਬਾਦ ਭੇਜ ਦਿੱਤਾ ਗਿਆ | ਇਥੇ ਹੀ ਇਸ ਦੀ ਜ਼ਮੀਨ ਜਾਇਦਾਦ ਸੀ | ਇਹ ਮਾਲੀਆ ਦੇਣ ਤੋਂ ਇਨਕਾਰੀ ਹੋ ਗਿਆ ਅਤੇ ਨੰਬਰਦਾਰ ਨੇ, ਜੋ ਰਿਸ਼ਤੇ ਵਿਚੋਂ ਇਸ ਦਾ ਸਕਾ ਚਾਚਾ ਸੀ, ਮਿਰਜ਼ੇ ਦੀ ਸ਼ਿਕਾਇਤ ਬਾਦਸ਼ਾਹ ਅਕਬਰ ਨੂੰ ਕਰ ਦਿੱਤੀ | ਸਰਕਾਰੀ ਅਹਿਲਕਾਰਾਂ ਨੇ ਇਸ ਨੂੰ ਫੜ ਕੇ ਕੈਦ ਖ਼ਾਨੇ ਵਿਚ ਸੁੱਟ ਦਿੱਤਾ ਤੇ ਉਹ ਅੱਠ ਸਾਲ ਪੁਰਾਣੀ ਦਿੱਲੀ ਦੀ ਜੇਲ਼੍ਹ ਵਿਚ ਰਿਹਾ | ਹੁਕਮ ਅਦੂਲੀ ਦੇ ਜ਼ੁਰਮ ਵਿਚ ਮਿਰਜ਼ੇ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ | ਫਾਂਸੀ ਤੋਂ ਪਹਿਲਾਂ ਉਸ ਦੀ ਆਖ਼ਰੀ ਇੱਛਾ ਪੁੱਛੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਦਿੱਲੀ ਦੇ ਬਾਜ਼ਾਰਾਂ ਦੀ ਸੈਰ ਕਰਵਾਈ ਜਾਵੇ | ਦਿੱਲੀ ਦੇ ਬਾਜ਼ਾਰਾਂ ਵਿਚ ਘੁੰਮਦਿਆਂ ਮਿਰਜ਼ੇ ਦੀ ਸਥਾਨਕ ਲੋਕਾਂ ਨਾਲ ਲੜਾਈ ਹੋ ਗਈ ਤੇ ਮਾਰ-ਕੁਟਾਈ ਹੋਣ ਲੱਗੀ | ਇਸ ਮਾਰ-ਕੁਟਾਈ ਵਿਚ ਮਿਰਜ਼ੇ ਨੇ ਆਪਣੀ ਦਲੇਰੀ ਅਤੇ ਯੁੱਧ ਕੌਸ਼ਲਤਾ ਵਿਖਾਈ | ਇਤਫ਼ਾਕ ਨਾਲ ਸਾਰਾ ਕੁਝ ਸ਼ੇਖ਼ੂ (ਸਲੀਮ/ਜਹਾਂਗੀਰ ਜਿਸ ਦੇ ਨਾਂਅ ਉੱਪਰ ਪਾਕਿਸਤਾਨ ਦਾ ਸ਼ਹਿਰ ਸ਼ੇਖ਼ੂਪੁਰਾ ਵੱਸਿਆ ਹੋਇਆ ਹੈ) ਵੇਖ ਰਿਹਾ ਸੀ | ਪੁੱਛਣ 'ਤੇ ਉਸ ਨੂੰ ਸਾਰੀ ਕਹਾਣੀ ਸੁਣਾਈ ਗਈ | ਸ਼ੇਖ਼ੂ, ਮਿਰਜ਼ੇ ਦੀ ਜੱਫ਼ਾਕਸ਼ੀ ਅਤੇ ਦਲੇਰੀ ਤੋਂ ਏਨਾ ਪ੍ਰਭਾਵਿਤ ਹੋ ਗਿਆ ਅਤੇ ਉਸਨੇ ਮਿਰਜ਼ੇ ਨੂੰ ਪੱਗ ਵੱਟ ਭਰਾ ਬਣਾ ਲਿਆ | ਇਵੇਂ ਮਿਰਜ਼ੇ ਦੀ ਫਾਂਸੀ ਦੀ ਸਜ਼ਾ ਰੱਦ ਹੋ ਗਈ | ਰਿਹਾਈ ਵੇਲੇ ਅਕਬਰ ਬਾਦਸ਼ਾਹ ਦੇ ਹੁਕਮ ਨਾਲ ਉਸ ਨੂੰ ਘੋੜੀ (ਬੱਕੀ) ਅਤੇ ਤਿੰਨ ਸੌ ਸੱਠ ਤੀਰ ਦੇ ਕੇ ਦਾਨਾਬਾਦ ਵੱਲ ਰਵਾਨਾ ਕੀਤਾ ਗਿਆ | ਮਿਰਜ਼ਾ ਜਦ ਵਾਪਸ ਪਿੰਡ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡੀ ਭੱਟੀਆਂ ਪਿੰਡ ਕੋਲੋਂ ਲੰਘਦਿਆਂ ਉਸ ਦਾ ਸਾਹਮਣਾ ਦੁੱਲੇ ਭੱਟੀ ਨਾਲ ਹੋ ਗਿਆ | ਦੁੱਲੇ ਭੱਟੀ ਨੇ ਸੋਚਿਆ ਕਿ ਉਸ ਦੀ ਘੋੜੀ ਖੋਹ ਲਈ ਜਵੇ | ਦੁੱਲੇ ਦੇ ਮੁਰਸ਼ਦ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਦੋਹਾਂ ਵਿਚ ਸੁਲਹ ਸਫਾਈ ਕਰਵਾ ਦਿੱਤੀ | ਏਨੇ ਨੂੰ ਮਿਰਜ਼ੇ ਨੂੰ ਖ਼ਬਰ ਮਿਲੀ ਕਿ ਅੱਜ ਸਾਹਿਬਾਂ ਦਾ ਵਿਆਹ ਹੈ | ਸਾਹਿਬਾਂ ਨੂੰ ਵੀ ਮਿਰਜ਼ੇ ਦੀ ਰਿਹਾਈ ਦਾ ਪਤਾ ਲੱਗ ਚੁੱਕਾ ਸੀ | ਉਸ ਨੇ ਕਰਮੂ ਬ੍ਰਾਹਮਣ ਹੱਥ ਸੁਨੇਹਾ ਭੇਜਿਆ ਕਿ ਉਹ ਉਸ ਨੂੰ ਉਧਾਲ ਕੇ ਲੈ ਜਾਵੇ | ਸੁਨੇਹਾ ਮਿਲਦਿਆਂ ਹੀ ਉਹ ਤਿਆਰ ਹੋ ਗਿਆ |
ਪਿਉ ਵੰਝਲ ਤੇ ਭੈਣ ਛੱਤੀ ਉਸਨੂੰ ਵਰਜ ਰਹੇ ਪਰ ਮਿਰਜ਼ਾ ਨਾ ਮੁੜਿਆ | ਮਿਰਜ਼ੇ ਦਾ ਮੇਲ ਕੁਦਰਤੀ ਚੰਧੜਾਂ ਦੀ ਜਾ ਰਹੀ ਬਰਾਤ ਨਾਲ ਹੋ ਗਿਆ ਜੋ ਸਾਹਿਬਾਂ ਨੂੰ ਵਿਆਹੁਣ ਜਾ ਰਹੇ ਸਨ | ਮਿਰਜ਼ੇ ਦੀ ਕਮਜ਼ੋਰ ਤੇ ਲਿੱਸੀ ਜਿਹੀ ਬੱਕੀ ਨੂੰ ਦੇਖ ਚੰਧੜ ਉਸ ਨੂੰ ਟਿਚਕਰਾਂ ਕਰਨ ਲੱਗੇ | ਫ਼ੈਸਲਾ ਹੋਇਆ ਕਿ ਦੋਹਾਂ ਧਿਰਾਂ ਦਰਮਿਆਨ ਘੋੜ ਦੌੜ ਹੋ ਜਾਵੇ, ਜਿਹੜੀ ਧਿਰ ਜਿੱਤ ਜਾਵੇ ਉਹ ਹਾਰੀ ਹੋਈ ਧਿਰ ਦਾ ਸਿਰ ਲਾਹ ਲਵੇਗੀ | ਮਿਰਜ਼ਾ ਜਿੱਤ ਗਿਆ ਪਰ ਸਿਰ ਲਾਹੁਣ ਦੀ ਬਜਾਇ ਉਸ ਨੇ ਸਾਰੇ ਬਰਾਤੀਆਂ ਦੀਆਂ ਪੱਗਾਂ ਉਤਰਵਾ ਕੇ ਪੰਡ ਬੰਨ੍ਹ ਲਈ | ਢੁਕਾਅ ਵੇਲੇ ਸਾਹਿਬਾਂ ਦੇ ਘਰ ਵਾਲਿਆਂ ਪੁੱਛਿਆ ਕਿ ਚੰਧੜ ਨੰਗੇ ਸਿਰ ਬਰਾਤ ਕਿਉਂ ਲੈ ਕੇ ਆਏ ਹਨ? ਉਨ੍ਹਾਂ ਜੁਆਬ ਦਿੱਤਾ ਕਿ ਨੰਗੇ ਸਿਰ ਢੁਕਣਾ ਉਨ੍ਹਾਂ ਦੀ ਰੀਤ ਹੈ | ਮਿਰਜ਼ੇ ਨੇ ਸਾਹਿਬਾਂ ਨੂੰ ਸੁਨੇਹਾ ਭੇਜਿਆ ਕਿ ਉਹ ਆਪਣੀ ਮਾਸੀ (ਬੀਬੋ) ਦੇ ਘਰ ਆ ਜਾਵੇ ਅਤੇ ਨਾਲ ਹੀ ਲੁਹਾਰ ਨੂੰ ਲੋਹੇ ਦੀਆਂ ਕਿੱਲੀਆਂ ਤਿਆਰ ਕਰਨ ਲਈ ਕਹਿ ਦਿੱਤਾ, ਜਿਨ੍ਹਾਂ ਦੀ ਪੌੜੀ ਬਣਾ ਕੇ ਸਾਹਿਬਾਂ ਥੱਲੇ ਆ ਜਾਵੇ | ਅਜਿਹਾ ਹੀ ਹੋਇਆ | ਸਾਹਿਬਾਂ ਪੌੜੀ ਸਹਾਰੇ ਥੱਲੇ ਉੱਤਰ ਆਈ ਅਤੇ ਦੋਵੇਂ ਬੱਕੀ ਉੱਪਰ ਬੈਠ ਕੇ ਰਾਤ ਦੇ ਹਨੇਰੇ ਵਿਚ ਹਵਾ ਹੋ ਗਏ | ਸਾਰੀ ਰਾਤ ਸਫ਼ਰ ਵਿਚ ਰਹੇ | ਦਿਨ ਚੜ੍ਹ ਗਿਆ | ਰਸਤੇ ਵਿਚ ਫਿਰੋਜ਼ ਡੋਗਰ ਮਿਰਜ਼ੇ ਨੂੰ ਮਿਲਿਆ ਤਾਂ ਉਸ ਨੇ ਪਿੱਛੇ ਬੈਠੀ ਸਵਾਰੀ ਬਾਰੇ ਪੁੱਛ-ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਮਰਾਸੀਆਂ ਦਾ ਮੁੰਡਾ ਹੈ ਅਤੇ ਗੌਣਪਾਣੀ ਸੁਨਣ ਲਈ ਉਸ ਨੂੰ ਨਾਲ ਲੈ ਚੱਲਿਆ ਹੈ | ਡੋਗਰ ਨੂੰ ਸ਼ੱਕ ਹੋ ਗਿਆ | ਅਸਲੀਅਤ ਸਾਹਮਣੇ ਆ ਗਈ ਪਰ ਡੋਗਰ ਨੇ ਉਸਨੂੰ ਨਿਸ਼ਾਨੇਬਾਜ਼ੀ ਦੀ ਪ੍ਰੀਖਿਆ ਦੇਣ ਲਈ ਕਿਹਾ | ਲਾਗੇ ਹੀ ਇਕ ਦਰੱਖਤ ਉੱਪਰ ਇਕ ਘੁੱਗੀ ਬੈਠੀ ਹੋਈ ਸੀ ਜਿਸ ਨੇ ਆਪਣੀ ਚੁੰਝ ਵਿਚ ਇਕ ਕੀੜਾ ਫੜਿਆ ਹੋਇਆ ਸੀ | ਡੋਗਰ ਨੇ ਮਿਰਜ਼ੇ ਨੂੰ ਕੀੜੇ ਉੱਪਰ ਨਿਸ਼ਾਨਾ ਲਗਾਉਣ ਲਈ ਕਿਹਾ, ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਕਿ ਘੁੱਗੀ ਸਲਾਮਤ ਰਹੇ | ਮਿਰਜ਼ੇ ਨੇ ਨਿਸ਼ਾਨਾ ਸਾਧਿਆ | ਕੀੜਾ ਫਿਰੋਜ਼ ਡੋਗਰ ਦੀ ਝੋਲੀ ਵਿਚ ਆ ਡਿਗਿਆ ਤੇ ਘੁੱਗੀ ਬਚੀ ਰਹੀ | ਇਹ ਸਭ ਕੁਝ ਸਾਹਿਬਾਂ ਨੇ ਅੱਖੀਂ ਵੇਖਿਆ | ਉਹ ਉਥੋਂ ਚੱਲ ਕੇ ਦਾਨਾਬਾਦ ਦੀ ਜੂਹ ਅਤੇ ਆਪਣੀ ਜਾਗੀਰ ਵਿਚ ਆਣ ਵੜੇ | ਰਾਤ ਦੇ ਉਨੀਂਦਰੇ ਅਤੇ ਥਕਾਨ ਨੇ ਮਿਰਜ਼ੇ ਨੂੰ ਨਿਢਾਲ ਕਰ ਛੱਡਿਆ ਸੀ | ਆਪਣੀ ਜੂਹ ਵਿਚ ਪਹੁੰਚ ਜਾਣ ਕਰਕੇ ਮਿਰਜ਼ਾ ਬੇ-ਫਿਕਰ ਹੋ ਗਿਆ | ਉਸਨੇ ਜੰਡ ਹੇਠ ਆਰਾਮ ਕਰਨ ਅਤੇ ਠੌਾਕਾ ਲਗਾਉਣ ਦੀ ਜ਼ਿੱਦ ਕੀਤੀ | ਸਾਹਿਬਾਂ ਨੂੰ ਨਿਗਰਾਨੀ ਕਰਨ ਦੀ ਤਾਕੀਦ ਕਰ ਦਿੱਤੀ | ਮਿਰਜ਼ੇ ਦੀ ਨਿਸ਼ਾਨੇਬਾਜ਼ੀ ਦੇ ਜੌਹਰ ਸਾਹਿਬਾਂ ਅੱਖੀਂ ਵੇਖ ਚੁੱਕੀ ਸੀ | ਜਦ ਮਿਰਜ਼ਾ ਸੌਾ ਗਿਆ ਤਾਂ ਉਸ ਨੇ ਮਨ ਹੀ ਮਨ ਸੋਚਿਆ ਕਿ ਉਸ ਦੇ ਪਿੰਡ, ਕਬੀਲੇ ਨੂੰ ਉਸ ਦੇ ਉਧਲ ਜਾਣ ਦੀ ਖ਼ਬਰ ਹੋ ਗਈ ਹੋਵੇਗੀ | ਜੇ ਚੰਧੜ ਪਿੱਛਾ ਕਰਦੇ ਹੋਏ ਉਸ ਥਾਂ ਆ ਪਹੁੰਚੇ ਤਾਂ ਉਹ ਬਚ ਕੇ ਨਹੀਂ ਜਾ ਸਕਣਗੇ | ਇਸ ਲਈ ਸਾਹਿਬਾਂ ਨੇ ਕਾਨੀਆਂ ਤੋੜ ਦਿੱਤੀਆਂ | ਰਾਤ ਦੇ ਰੰਗ ਤਮਾਸ਼ਿਆਂ ਤੋਂ ਜਦ ਚੰਧੜ ਵਿਹਲੇ ਹੋਏ ਤਾਂ ਉਨ੍ਹਾਂ ਨੂੰ ਰਾਤੋ-ਰਾਤ ਵਾਪਰੇ ਭਾਣੇ ਦਾ ਪਤਾ ਲੱਗਾ | ਲਾੜਾ ਤਾਹਿਰ ਖਾਂ, ਭਰਾ ਸ਼ਮੀਰ ਅਤੇ ਦੂਜੇ ਲੋਕ ਵਾਹਰ ਦੀ ਸ਼ਕਲ ਵਿਚ ਦਾਨਾਬਾਦ ਵੱਲ ਉੱਠ ਦੌੜੇ | ਰਾਹ ਵਿਚ ਫਿਰੋਜ਼ ਡੋਗਰ ਨੇ ਵੀ ਚੰਧੜਾਂ ਨੂੰ ਸਭ ਕੁਝ ਦੱਸ ਦਿੱਤਾ | ਵਾਹਰ ਨਾਲ ਸ਼ਿਕਾਰੀ ਕੁੱਤੇ ਵੀ ਦੌੜ ਰਹੇ ਸਨ ਅਤੇ ਉਹ ਉਂਨ੍ਹਾਂ ਨੂੰ ਉਸ ਛੱਪੜੀ ਅਤੇ ਜੰਡ ਤੱਕ ਲੈ ਆਏ, ਜਿਥੇ ਮਿਰਜ਼ਾ ਸਾਹਿਬਾਂ ਮੌਜੂਦ ਸਨ | ਹੜਬੜਾਇਆ ਮਿਰਜ਼ਾ ਉੱਠ ਕੇ ਤੀਰ ਕਮਾਨ ਵੱਲ ਅਹੁਲਿਆ ਪਰ ਤੀਰ ਤਾਂ ਸਾਹਿਬਾਂ ਨੇ ਪਹਿਲਾਂ ਹੀ ਭੰਨ੍ਹ ਦਿੱਤੇ ਸਨ | ਮਿਰਜ਼ਾ ਬੇ-ਵੱਸ ਹੋ ਕੇ ਰਹਿ ਗਿਆ ਅਤੇ ਵਾਹਰ ਨੇ ਉਸਦੇ ਟੋਟੇ-ਟੋਟੇ ਕਰ ਦਿੱਤੇ | ਜਿਸ ਥਾਂ ਮਿਰਜ਼ੇ ਨੂੰ ਵੱਢਿਆ ਗਿਆ ਇਹ ਦਾਨਾਬਾਦ ਤੋਂ ਪੰਜ ਛੇ ਮੀਲ ਉਰ੍ਹਾਂ ਹੈ | ਖਾਲੀ ਘੋੜੀ ਦਾਨਾਬਾਦ ਪਹੁੰਚ ਗਈ | ਮਿਰਜ਼ੇ ਦੇ ਭਰਾ, ਭਤੀਜੇ ਉਸਦਾ ਸਾਥ ਨਾ ਦੇ ਸਕਣ ਕਰਕੇ ਝੂਰਨ ਲੱਗੇ | ਘੋੜੀ ਉਨ੍ਹਾਂ ਨੂੰ ਉਸ ਥਾਂ ਲੈ ਆਈ ਜਿਥੇ ਮਿਰਜ਼ਾ ਸਾਹਿਬਾਂ ਸਦਾ ਲਈ ਸੌ ਰਹੇ ਸਨ | ਪਿੰਡ ਲਿਜਾਣ ਦੀ ਥਾਂ ਉਨ੍ਹਾਂ ਨੂੰ ਉਥੇ ਹੀ ਦਫ਼ਨ ਕਰ ਦਿੱਤਾ ਗਿਆ | ਇਸ ਥਾਂ ਉੱਤੇ ਹੁਣ ਤਿੰਨ ਕਬਰਾਂ ਹਨ | ਇਕ ਸਾਹਿਬਾਂ ਦੀ, ਦੂਜੀ ਮਿਰਜ਼ੇ ਦੀ ਅਤੇ ਤੀਜੀ ਮਿਰਜ਼ੇ ਦੇ ਪਿਉ ਵੰਝਲ ਦੀ | ਇਹ ਪਿੰਡ ਅੱਜਕਲ੍ਹ ਪੰਜ ਸੌ ਪਚਾਸੀ ਗਾਫ਼ ਬੇ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਚਨਿਓਟ ਕਰਕੇ ਜਾਣਿਆ ਜਾਂਦਾ ਹੈ | ਮਿਰਜ਼ਾ-ਸਾਹਿਬਾਂ ਦੇ ਮਰਨ ਤੋਂ ਬਾਅਦ ਬੱਕੀ ਉਨ੍ਹਾਂ ਦੇ ਗ਼ਮ ਵਿਚ ਮਰ ਗਈ ਜਿਸ ਦੀ ਕਬਰ ਥੋੜ੍ਹੀ ਹਟਵੀਂ ਉਸ ਥਾਂ ਉੱਪਰ ਹੈ | ਜੰਡ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਜੰਡ ਹੁਣ ਪੰਜ ਸੌ ਸਾਲਾਂ ਤੋਂ ਉੱਪਰ ਹੈ | ਇਹ ਅੰਦਰੋਂ ਖੋਖਲਾ ਹੋ ਚੁੱਕਾ ਹੈ | ਵਣ ਦਾ ਬੂਟਾ ਅਤੇ ਛੱਪੜੀ ਵੀ ਉਸੇ ਥਾਂ ਹੈ | ਪਹਿਲਾਂ ਮਜ਼ਾਰ ਖਸਤਾ ਹਾਲਤ ਵਿਚ ਸੀ ਪਰ ਹੁਣ ਨਾਰਵੇ ਵਿਚ ਵਸ ਗਏ ਇਕ ਪਾਕਿਸਤਾਨੀ ਹੋਟਲ ਮਾਲਕ ਨਜ਼ੀਰ ਨੇ ਪੰਜ ਲੱਖ ਤੋਂ ਵੱਧ ਦੀ ਰਕਮ ਖਰਚ ਕੇ ਇਸ ਦੇ ਆਲੇ ਦੁਆਲੇ ਗੁੰਬਦਵਾਲੀ ਇਮਾਰਤ ਖੜ੍ਹੀ ਕਰਵਾ ਦਿੱਤੀ ਹੈ | ਇਸ ਥਾਂ ਉੱਪਰ ਹਰ ਸਾਲ 15-16 ਚੇਤਰ ਨੂੰ ਉਰਸ ਮਨਾਇਆ ਜਾਂਦਾ ਹੈ | ਮਜ਼ਾਰ ਦੀ ਦੇਖਭਾਲ ਬਾਬਾ ਵਲਾਇਤ ਖਾਨ ਕਰ ਰਿਹਾ ਹੈ |

-ਮੋਬਾਈਲ : 98889-39808.

ਪੰਜਾਬੀ ਸਿਨੇਮਾ : ਪਾਲੀਵੁੱਡ ਦੀ ਸੁਪਰ ਸਟਾਰ ਨਾਇਕਾ : ਨੀਰੂ ਬਾਜਵਾ

ਜੇਕਰ ਪੰਜਾਬੀ ਫ਼ਿਲਮਾਂ ਦੇ ਇਤਿਹਾਸ ਦਾ ਸਰਵੇਖਣ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਨਿਸ਼ੀ, ਇੰਦਰਾ (ਬਿੱਲੀ) ਅਤੇ ਪ੍ਰੀਤੀ ਸਪਰੂ ਤੋਂ ਬਾਅਦ ਦਰਸ਼ਕਾਂ ਦਾ ਮਨ ਜਿੱਤਣ 'ਚ ਸਫਲ ਹੋਣ ਵਾਲੀ ਜਾਂ ਲੋਕਪਿ੍ਅਤਾ ਦੀਆਂ ਵਧੇਰੇ ਪੌੜੀਆਂ ਚੜ੍ਹਨ ਵਾਲੀ ਨਾਇਕਾ ਨੀਰੂ ਬਾਜਵਾ ਹੀ ਹੈ | ਸਰਲ ਭਾਸ਼ਾ 'ਚ ਸ਼ਾਇਦ ਅਸੀਂ ਉਸ ਨੂੰ ਪਾਲੀਵੁੱਡ ਦੀਆਂ ਸਭ ਤੋਂ ਸਫਲ ਸਮਝੀਆਂ ਜਾਣ ਵਾਲੀਆਂ ਨਾਇਕਾਵਾਂ ਵਿਚੋਂ ਇਕ ਕਹਿ ਸਕਦੇ ਹਾਂ |
ਨੀਰੂ ਬਾਜਵਾ ਦਾ ਅਸਲੀ ਨਾਂਅ ਨੀਰੂ ਜੀਤ ਕੌਰ ਬਾਜਵਾ ਹੈ | ਉਸ ਦਾ ਜਨਮ 26 ਅਗਸਤ, 1980 ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ 'ਚ ਹੋਇਆ ਸੀ | ਨੀਰੂ ਆਪਣੀ ਸਿੱਖਿਆ ਹਾਈ ਸਕੂਲ ਤੱਕ ਦੇ ਪੱਧਰ ਦੀ ਵੀ ਪੂਰੀ ਨਹੀਂ ਕਰ ਸਕੀ ਅਤੇ ਪੜ੍ਹਾਈ ਅਧੂਰੀ ਛੱਡ ਕੇ ਬਾਲੀਵੁੱਡ ਵਿਚ ਪ੍ਰਵੇਸ਼ ਕਰਨ ਲਈ ਮੰੁਬਈ ਆ ਗਈ ਸੀ |
ਮੰੁਬਈ 'ਚ ਨੀਰੂ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ ਸੀ | ਇਸ ਲਈ ਉਸ ਨੇ ਦੇਵ ਆਨੰਦ ਦੀ ਇਕ ਫਲਾਪ ਰਹਿਣ ਵਾਲੀ ਫ਼ਿਲਮ 'ਮੈਂ ਸੋਲਹਾ ਬਰਸ ਕੀ' ਵਿਚ ਇਕ ਮਹੱਤਵਹੀਣ ਭੂਮਿਕਾ ਸਵੀਕਾਰ ਕਰ ਲਈ ਸੀ | ਇਸ ਤੋਂ ਬਾਅਦ ਉਸ ਨੇ ਛੋਟੇ ਪਰਦੇ ਲਈ 'ਅਸਤਿਤਵ', 'ਹਰੀ ਮਿਰਚੀ ਲਾਲ ਮਿਰਚੀ' ਅਤੇ ਸੀ.ਆਈ.ਡੀ. ਵਰਗੇ ਕੁਝ ਕੁ ਲੜੀਵਾਰਾਂ 'ਚ ਵੀ ਕੰਮ ਕੀਤਾ ਸੀ | ਉਸ ਨੇ ਕੁਝ ਕੁ 'ਸੀ' ਗਰੇਡ ਦੀਆਂ ਫ਼ਿਲਮਾਂ 'ਫੰੂਕ' ਰਾਹੀਂ ਵੀ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ | ਨੀਰੂ ਦੇ ਉਤਾਵਲੇਪਨ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਫੌਰੀ ਤੌਰ 'ਤੇ ਪਛਾਣ ਬਣਾਉਣ ਲਈ ਮਹੱਤਵਹੀਣ ਭੂਮਿਕਾਵਾਂ ਸਵੀਕਾਰ ਕਰਨ ਤੋਂ ਇਲਾਵਾ ਬਹੁਤ ਸਾਰੇ ਵੀਡੀਓ ਪ੍ਰਸੰਗਾਂ 'ਚ ਵੀ ਭਾਗ ਲਿਆ |
ਪਰ ਕਹਿੰਦੇ ਹਨ ਕਿ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ | ਇਸ ਪ੍ਰਮਾਣਿਕ ਸੱਚਾਈ ਦੇ ਅਨੁਸਾਰ ਹੀ ਨੀਰੂ ਦੀ ਕਿਸਮਤ ਨੇ ਪਾਸਾ ਪਲਟਿਆ | ਫੋਟੋਗ੍ਰਾਫ਼ਰ ਨਿਰਦੇਸ਼ਕ ਮਨਮੋਹਨ ਸਿੰਘ 'ਅਸਾਂ ਨੂੰ ਮਾਣ ਵਤਨਾ ਦਾ' (2004) ਬਣਾਉਣ ਦੀ ਯੋਜਨਾ ਬਣਾ ਰਿਹਾ ਸੀ | ਇਸ ਫ਼ਿਲਮ ਦਾ ਨਾਇਕ ਹਰਭਜਨ ਮਾਨ ਪਹਿਲਾਂ ਹੀ ਘੋਸ਼ਿਤ ਕੀਤਾ ਜਾ ਚੁੱਕਿਆ ਸੀ | ਪਰ ਨਾਇਕਾ ਦੇ ਲਈ ਉਸ ਨੂੰ ਲੋੜੀਂਦਾ ਚਿਹਰਾ ਮਿਲ ਨਹੀਂ ਰਿਹਾ ਸੀ | ਇਸ ਲਈ ਜਦੋਂ ਨੀਰੂ ਬਾਜਵਾ ਦਾ ਨਾਂਅ ਉਸ ਅੱਗੇ ਰੱਖਿਆ ਗਿਆ ਤਾਂ ਉਸ ਨੇ ਸਬੰਧਿਤ ਅਭਿਨੇਤਰੀ ਦੇ ਪਿਛਲੇ ਅਨੁਭਵ ਨੂੰ ਪਹਿਲ ਦਿੰਦਿਆਂ ਹੋਇਆਂ ਉਸ ਨੂੰ ਆਪਣੀ ਫ਼ਿਲਮ ਦੀ ਨਾਇਕਾ ਬਣਾ ਦਿੱਤਾ | ਇਸ ਫ਼ਿਲਮ ਦੀ ਸਫਲਤਾ ਨੇ ਨੀਰੂ ਲਈ ਪੰਜਾਬੀ ਫ਼ਿਲਮਾਂ ਦੀ ਸਰਬੋਤਮ ਨਾਇਕਾ ਬਣਨ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ |
'ਅਸਾਂ ਨੂੰ ਮਾਣ ਵਤਨਾ ਦਾ' ਤੋਂ ਬਾਅਦ ਨੀਰੂ ਨੇ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ 'ਚ ਕਈ ਨਾਇਕਾਂ ਦੇ ਨਾਲ ਕੰਮ ਕੀਤਾ | ਇਨ੍ਹਾਂ ਫ਼ਿਲਮਾਂ 'ਚੋਂ 'ਮੰੁਡੇ ਯੂ ਕੇ ਦੇ' (2009), 'ਹੀਰ ਰਾਂਝਾ' (2009), 'ਮੇਲ ਕਰਾਦੇ ਰੱਬਾ' (2010), 'ਜੀਹਨੇ ਮੇਰਾ ਦਿਲ ਲੁੱਟਿਆ' (2011), 'ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ' (2012), 'ਜੱਟ ਐਾਡ ਜੂਲੀਅਟ' (2012), 'ਪਿੰਕੀ ਮੋਗੇ ਵਾਲੀ' (2012), 'ਜੱਟ ਐਾਡ ਜੂਲੀਅਟ-2' (2013), 'ਨਾਟੀ ਜਟਸ' (2013), 'ਮੰੁਡੇ ਯੂ. ਕੇ. ਦੇ-2' (2014), 'ਪਰਾਪਰ ਪਟੋਲਾ' (2014), 'ਆਰ.ਐਸ.ਵੀ.ਪੀ.' (2013) ਅਤੇ 'ਸਰਦਾਰ ਜੀ' (2015) ਵਰਗੀਆਂ ਫ਼ਿਲਮਾਂ ਦੇ ਨਾਂਅ ਆਸਾਨੀ ਨਾਲ ਹੀ ਲਏ ਜਾ ਸਕਦੇ ਹਨ |
ਪ੍ਰਮੁੱਖ ਤੌਰ 'ਤੇ ਤਾਂ ਨੀਰੂ ਨੇ ਇਨ੍ਹਾਂ ਫ਼ਿਲਮਾਂ 'ਚ ਰੁਮਾਂਟਿਕ ਪੱਧਰ ਦੀਆਂ ਭੂਮਿਕਾਵਾਂ ਹੀ ਪੇਸ਼ ਕੀਤੀਆਂ ਸਨ ਪਰ ਕਿਉਂਕਿ ਇਨ੍ਹਾਂ 'ਚੋਂ ਬਹੁ-ਗਿਣਤੀ 'ਚ ਫ਼ਿਲਮਾਂ ਸਫ਼ਲ ਰਹੀਆਂ ਸਨ, ਇਸ ਲਈ ਪਾਲੀਵੁੱਡ ਦੇ ਹਰ ਨਾਇਕ ਦੀ ਇਹ ਕੋਸ਼ਿਸ਼ ਜ਼ਰੂਰ ਹੀ ਰਹੀ ਸੀ ਕਿ ਨੀਰੂ ਹੀ ਉਸ ਦੀ ਫ਼ਿਲਮ ਦੀ ਨਾਇਕਾ ਹੋਵੇ | ਇਸ ਲਈ ਨੀਰੂ ਨੇ ਹਰਭਜਨ ਮਾਨ ਤੋਂ ਇਲਾਵਾ ਜਿੰਮੀ ਸ਼ੇਰਗਿੱਲ 'ਮੇਲ ਕਰਾਦੇ ਰੱਬਾ', ਦਿਲਜੀਤ ਦੋਸਾਂਝ 'ਜੱਟ ਐਾਡ ਜੂਲੀਅਟ) ਅਤੇ ਗੈਵੀ ਚਾਹਲ 'ਪਿੰਕੀ ਮੋਗੇ ਵਾਲੀ' ਵਰਗੇ ਦੂਜੇ ਨਾਇਕਾਂ ਨਾਲ ਵੀ ਜੋੜੀ ਬਣਾਈ | ਨੀਰੂ ਦੀ ਲੋਕਪਿ੍ਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਵੀ ਕੁਝ ਨਵੇਂ ਨਾਇਕਾਂ ਨੇ ਉਸ ਨਾਲ ਕੰਮ ਕੀਤਾ ਤਾਂ ਨੀਰੂ ਦਾ ਹੀ ਆਸਰਾ ਉਨ੍ਹਾਂ ਦੀਆਂ ਫ਼ਿਲਮਾਂ ਦਾ ਆਧਾਰ ਬਣਿਆ ਸੀ | ਸ਼ਾਇਦ ਇਸ ਕਾਰਨ ਹੀ ਨੀਰੂ ਦੀ 'ਪਰਾਪਰ ਪਟੋਲਾ' ਵਿਚ ਦੋਹਰੀ ਭੂਮਿਕਾ ਰੱਖੀ ਗਈ ਸੀ |
ਦਰਸ਼ਕਾਂ 'ਚ ਨੀਰੂ ਪ੍ਰਤੀ ਇਸ ਕ੍ਰੇਜ਼ ਦੇ ਕਾਰਨ ਹੀ ਸਮੇਂ-ਸਮੇਂ ਸਿਰ ਕਈ ਪੰਜਾਬੀ ਟੀ.ਵੀ. ਚੈਨਲਾਂ ਨੇ ਉਸ ਨੂੰ ਸਨਮਾਨਿਤ ਕੀਤਾ ਹੈ | ਇਸੇ ਕਰਕੇ ਹੀ ਪੀ.ਟੀ.ਸੀ. ਚੈਨਲ ਦੁਆਰਾ ਆਯੋਜਿਤ ਪੰਜਾਬੀ ਸਿਨੇਮਾ ਦੇ ਸਨਮਾਨ ਸਮਾਰੋਹਾਂ 'ਚ ਉਸ ਦਾ ਨਾਂਅ ਵਿਸ਼ੇਸ਼ ਤੌਰ 'ਤੇ ਉੱਭਰ ਕੇ ਆਉਂਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਸੰਨ ਤਾਂ ਮੈਨੂੰ ਯਾਦ ਨਹੀਂ ਪਰ ਜਦੋਂ ਦੂਰਦਰਸ਼ਨ ਕੇਂਦਰ ਅੰਮਿ੍ਤਸਰ ਤੋਂ ਪ੍ਰਸਾਰਨ ਚਾਲੂ ਹੋਇਆ ਸੀ, ਉਸ ਦਾ ਪਹਿਲਾ ਕਵੀ ਦਰਬਾਰ ਰੇਡੀਓ ਸਟੇਸ਼ਨ ਜਲੰਧਰ ਵਿਖੇ ਹੋਇਆ ਸੀ | ਇਸ ਕਵੀ ਦਰਬਾਰ ਵਿਚ ਸਾਰੀਆਂ ਬੋਲੀਆਂ ਦੇ ਕਵੀਆਂ ਨੂੰ ਸੱਦਿਆ ਗਿਆ ਸੀ | ਵਿਅੰਗਮਈ ਕਵਿਤਾ ਸੁਣਾਉਣ ਵਾਲੇ ਕਵੀ ਤੇ ਬੀਰਰਸ ਵਾਲੀਆਂ ਕਵਿਤਾਵਾਂ ਸੁਣਾਉਣ ਵਾਲੇ ਕਵੀ ਵੀ ਸੱਦੇ ਗਏ ਸਨ | ਇਸ ਤਰ੍ਹਾਂ ਦਾ ਪ੍ਰਭਾਵਸ਼ਾਲੀ ਕਵੀ ਦਰਬਾਰ ਮੁੜ ਬਹੁਤ ਘੱਟ ਦੇਖਿਆ ਹੈ |

-ਮੋਬਾਈਲ : 98767-41231

ਸੋਹਣਿਓ, ਪਲੀਜ਼ ਕਰ ਲਓ ਦਿਲ ਦੀ ਗੱਲ

ਦੇਖਿਆ ਪਤਾ ਲੱਗ ਗਿਆ ਨਾ ਮੈਨੂੰ | ਤੁਹਾਡੇ ਦਿਲ 'ਚ ਹੈ ਨਾ ਕੋਈ ਗੱਲ | ਤੁਸੀਂ ਇਹ ਗੱਲ ਕਿਸੇ ਨਾਲ ਕਰ ਵੀ ਨਹੀਂ ਰਹੇ | ਪਲੀਜ਼ ਕਰ ਲਓ ਮਨ ਹਲਕਾ | ਕੱਢ ਦਿਓ ਗੱਲ | ਓ ਬੋਲੋ ਨਾ ਪਲੀਜ਼! ਓ ਮੇਰੇ ਸੋਨੇ ਸੋਨੇ... ਓ ਮੇਰੀ ਮਿਲਕ-ਸਿਲਕ... ਓ ਮੇਰੇ... ਪਲੀਜ਼ ਬੋਲ ਨਾ | ਚੰਗਾ ਚੱਲ 'ਵਟਸਐਪ' ਓਪਨ ਕਰ | ਤੂੰ ਲਿਖ... ਮੈਂ ਪੜ੍ਹਾਂ... ਫਟਾਫਟ 'ਚੈਟ ਕਲੀਅਰ' ਕਰਾਂ... ਨਾਲੇ ਤੇਰੇ ਮਨ ਦਾ ਬੋਝ ਵੀ | ਕਿਤੇ ਨਹੀਂ ਜਾਂਦੀ ਗੱਲ | ਅੱਗੇ ਕਦੀ-ਗਈ ਏਥੇ ਹੀ ਦਫ਼ਨ | ਮੈਨੂੰ ਇਸ ਸਥਿਤੀ (ਜਦੋਂ ਬੰਦਾ ਗੱਲ ਨਹੀਂ ਕਰਦਾ) ਦਾ ਪਤਾ ਇਸ ਲਈ ਹੈ ਕਿਉਂਕਿ ਛੇਤੀ-ਛੇਤੀ ਮੈਂ ਵੀ ਕਿਸੇ ਨਾਲ ਦਿਲ ਦੀ ਗੱਲ ਨਹੀਂ ਕਰਦਾ | ਦਿਲ ਦੀ ਗੱਲ ਸਾਂਝੀ ਕਰਨਾ ਵੀ ਵੱਡੇ ਇਮਤਿਹਾਨ ਵਾਂਗ ਹੈ | ਜੇ ਸੁਣਨ ਵਾਲਾ ਮੂਰਖ ਹੋਵੇ ਤਾਂ ਤੁਹਾਡਾ ਕਰੀਅਰ, ਪਰਿਵਾਰ, ਪਿਆਰ, ਯੋਜਨਾ, ਪੈਸਾ, ਪ੍ਰਾਪਰਟੀ ਤਬਾਹ ਹੋ ਸਕਦੀ ਹੈ | ਤੁਹਾਡੇ ਮਿਲਣ ਵਾਲੇ ਤੁਹਾਡਾ ਚਿਹਰਾ ਪੜ੍ਹ ਲੈਂਦੇ ਹਨ | ਉਨ੍ਹਾਂ ਦਾ ਇਹ ਸਵਾਲ ਤਰਕਸੰਗਤ ਹੁੰਦਾ ਹੈ, 'ਕੋਈ ਗੱਲ ਤਾਂ ਹੈ, ਚਿਹਰੇ 'ਤੇ ਅੱਜ ਸਮਾਈਲ ਨਹੀਂ?' ਮੈਂ ਇਸ ਸਵਾਲ ਨੂੰ ਅਕਸਰ ਨਕਲੀ ਸਮਾਈਲ ਬਿਖੇਰ ਕੇ ਟਾਲਦਾ ਹਾਂ | 'ਨਹੀਂ ਬੱਸ ਵੈਸੇ ਈ... ਓ ਟਰੈਵਲ ਬੜਾ ਕੀਤਾ ਨਾ ਪਿਛਲੇ ਦਿਨੀਂ |' ਅਸਲ 'ਚ ਮੈਨੂੰ ਇਹ ਖ਼ਤਰਾ ਰਹਿੰਦਾ ਹੈ ਕਿ ਮੇਰੇ ਮੰੂਹੋਂ ਕੱਢੀ ਗੱਲ ਟਰੈਵਲ ਨਾ ਕਰ ਜਾਵੇ | ਇਸ ਤੇਜ਼ ਰਫ਼ਤਾਰ ਯੁੱਗ 'ਚ ਜ਼ਿੰਦਗੀ ਇਕ, ਜ਼ਿੰਦਗੀ ਦੇ 36 ਯੱਭ | ਕੋਈ ਕਿਵੇਂ ਦੁਖੀ ਤੇ ਕੋਈ ਕਿਵੇਂ | ਬੰਦੇ ਦੇ ਅੰਦਰ ਦੀਆਂ ਗੱਲਾਂ ਤਾਂ ਵਾਕਿਆ ਹੀ ਕਮਾਲ ਦੀਆਂ ਹੁੰਦੀਆਂ ਹਨ | ਕਈ ਵਾਰੀ ਤਾਂ ਤੁਹਾਡਾ ਮੰੂਹ ਹੀ ਟੱਡਿਆ ਰਹਿ ਜਾਂਦਾ ਹੈ | ਮੈਡਮ ਟੋਚਨ ਪਲਾਸ ਅਤੇ ਸਰ ਠਾਹ ਸੋਟਾ ਦੇ ਵਿਆਹ ਦੀ ਦਸਵੀਂ ਵਰ੍ਹੇਗੰਢ ਦੀ ਬਹੁਤ ਹੀ ਸ਼ਾਨਦਾਰ ਪਾਰਟੀ ਨੂੰ ਮੈਂ ਸ਼ਾਇਦ ਹੀ ਕਦੇ ਭੁੱਲ ਸਕਾਂ | ਇਸ ਪਾਰਟੀ 'ਚ ਮਹਿਮਾਨਾਂ/ਪਕਵਾਨਾਂ ਦੀ ਧੰਨ-ਧੰਨ ਸੀ | ਪਾਰਟੀ ਤੋਂ ਬਾਅਦ ਅਗਲੇ ਦਿਨ ਸਰ ਠਾਹ ਸੋਟਾ ਮੈਨੂੰ ਸੁਖਨਾ ਲੇਕ 'ਤੇ ਲੈ ਗਏ | ਉਨ੍ਹਾਂ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ 'ਭਾ ਜੀ ਬੜੀ ਹਰਾਮ ਦੀ ਜ਼ਨਾਨੀ... ਇਹ ਗਿੱਠ ਕੁ ਜਨਾਨੀ ਜਿੰਨੀ ਉਤੇ ਓਨੀ ਧਰਤੀ 'ਚ ਆ... ਅਸਲ 'ਚ ਇਹਦੀ ਮਾਂ ਵੀ ਹਰਾਮ ਦੀ ਸੀ... ਅੱਕੜੀ ਨੇ ਅੱਕ ਈ ਜੰਮਣਾ 'ਤੀ... ਇਸ... ਨੂੰ ਕਿਸੇ ਨਾਲ ਕੋਈ ਮਤਲਬ ਨਹੀਂ... ਬੜੀ ਸ਼ੱਕੀ ਜ਼ਨਾਨੀ... ਮੈਂ ਤਾਂ ਬੱਚਿਆਂ ਕਰਕੇ ਚੁੱਪ ਆਂ... ਨਹੀਂ ਤਾਂ ਬੋਦਿਓਾ ਫੜ ਕੇ ਕੱਢਦਾ ਬਾਹਰ |' ਮੈਡਮ ਟੋਚਨ ਪਲਾਸ ਵੀ ਮੇਰੇ ਨਾਲ ਦਿਲ ਦੀ ਗੱਲ ਕਰ ਲੈਂਦੀ ਹੈ | ਸੁਣਨਾ ਚਾਹੋਗੇ, 'ਸਰ ਏਹ ਤੁਹਾਡੇ ਫਰੈਂਡ ਐ... ਮੈਨੂੰ ਪਤਾ... ਸਰ ਇਹ ਟੱਬਰ ਈ ਕਰੈਕਟਰਲੈੱਸ ਐ... ਏਹਨਾਂ ਦੀ ਭੈਣ ਦਾ ਚਲੋ ਕੀ ਨਾਂਅ ਲੈਣਾ, ਨਿਰਾ ਈ ਗੰਦ... ਏਹਨਾਂ ਦੇ ਪਿਓ ਕੁੱਤੇ ਦਾ ਥੋਨੂੰ ਪਤਾ ਈ ਐ... ਮਾਂ ਕੰਜਰੀ ਦੀਆਂ ਕਬਰ 'ਚ ਲੱਤਾਂ... ਕੁੱਤੀ ਅਜੇ ਵੀ ਵਿਆਜ 'ਤੇ ਪੈਸੇ ਦੇਈ ਜਾਂਦੀ... ਹੁਣ ਇਹ ਬੰਦਾ ਥਾਈਲੈਂਡ ਜਾ ਕੇ ਆਇਆ... ਸਰ ਮੈਨੂੰ ਕਿਹੜਾ ਸਮਝ ਨੀਂ', ਮੈਂ ਤੀਵੀ ਦੀ ਗੱਲ ਸੁਣੀ | ਮੈਂ ਬੰਦੇ ਦੀ ਗੱਲ ਸੁਣੀ | ਦੋਵਾਂ ਦੀ ਗੱਲ ਖੂਹ 'ਚ ਸੁੱਟੀ | ਪਾਪਾ ਨੇ ਮਰਨ ਤੋਂ ਪਹਿਲਾਂ ਸਵਿੱਸ ਬੈਂਕ ਦਾ ਅਕਾਊਾਟ ਨੰਬਰ ਤਾਂ ਨਹੀਂ ਦਿੱਤਾ ਪਰ ਇਕ ਅਹਿਮ ਗੱਲ ਜ਼ਰੂਰ ਦੱਸੀ, 'ਗੁੱਡ ਲਿਸਨਰ ਬਣੋ', 'ਗੁੱਡ ਲਿਸਨਰ' ਬਣਨਾ ਅਤੇ ਆਪਣਾ ਹਾਜ਼ਮਾ ਦਰੁੱਸਤ ਰੱਖਣਾ (ਗੱਲ ਹਜ਼ਮ ਕਰਨੀ) ਚੰਗੀ ਜ਼ਿੰਦਗੀ ਲਈ ਜ਼ਰੂਰੀ ਹੈ, ਮੈਨੂੰ ਮੈਡੀਕਲ ਲਾਈਨ ਦੀ ਬਹੁਤੀ ਸਮਝ ਨਹੀਂ ਪਰ ਮੇਰਾ ਡਾਕਟਰਾਂ/ਹਸਪਤਾਲਾਂ ਨਾਲ ਵਾਹ ਹੈ | ਇਕ ਦਿਨ ਮੇਰੇ ਜਾਣਕਾਰ ਮਿਸਟਰ ਜੀ.ਬੀ. ਰੋਡ ਦੀ ਬਹੁਤ ਹੀ ਖੂਬਸੀਰਤ ਪਤਨੀ ਮੈਡਮ ਸਲੀਕਾ ਸਵਿੱਤਰੀ ਇਕ ਖੂਬਸੂਰਤ ਮੁਟਿਆਰ ਮਿਸ ਮਜਬੂਰੀ ਨੂੰ ਤੜਕਸਾਰ ਹੀ ਮੇਰੇ ਘਰ ਲੈ ਕੇ ਆਈ | ਮੈਡਮ ਸਲੀਕਾ ਨੇ ਮੈਨੂੰ ਮਿਸ ਮਜਬੂਰੀ ਨਾਲ ਮਿਲਵਾਇਆ | ਫੇਰ ਜ਼ਰਾ ਲਾਂਭੇ ਹੋ ਕੇ ਦੱਸਿਆ ਕਿ ਮਿਸ ਮਜਬੂਰੀ ਦੇ ਮੇਰੇ ਪਤੀ ਨਾਲ ਸਬੰਧ ਹਨ | ਮੈਂ ਤਾਂ ਇਹ ਸੁਣ ਕੇ ਹੈਰਾਨ ਹੀ ਰਹਿ ਗਿਆ | ਮੈਂ ਆਪਣੀ ਜ਼ਿੰਦਗੀ ਵਿਚ ਮੈਡਮ ਸਲੀਕਾ ਸਵਿੱਤਰੀ ਵਰਗੀ ਕੋਈ ਹੋਰ ਇਸਤਰੀ ਨਹੀਂ ਵੇਖੀ | ਮੈਂ ਉਸ ਦੀ ਮਦਦ ਵੀ ਕੀਤੀ | ਉਸ ਨੂੰ ਬੜੇ ਹੀ ਭਰੋਸੇ ਨਾਲ ਡਾਕਟਰ ਕੋਲ ਲੈ ਕੇ ਗਿਆ | ਵਿਚਾਰੀ ਸਵਿੱਤਰੀ ਨੇ ਕਿਹੜਾ 1857 ਦੇ ਵਿਦਰੋਹ ਦੀ ਤਿਆਰੀ ਕਰਨੀ ਸੀ | ਸਿਰਫ਼ ਇਹੀ ਪਤਾ ਕਰਨਾ ਸੀ ਕਿ ਮਿਸ ਮਜਬੂਰੀ ਨੂੰ ਏਡਜ਼ ਤਾਂ ਨਹੀਂ? ਬਹੁਤ ਪਿਆਰ ਕਰਨ ਵਾਲੇ ਮੇਰੇ ਵਿਦਿਆਰਥੀ ਮਿੱਤਰ ਚਿੱਟੇ ਦਿਨ ਮੈਨੂੰ 'ਚੈਟ' ਵੀ ਪੜ੍ਹਾ ਦਿੰਦੇ ਹਨ, ਜਿਹੜੀ ਉਨ੍ਹਾਂ ਨੇ ਅੱਧੀ ਰਾਤੀਂ ਕੀਤੀ ਹੁੰਦੀ ਹੈ | ਬਹੁਤ ਅਸ਼ਲੀਲ ਚੈੱਟ ਵੀ | ਆ 'ਚੈਟ' ਤਾਂ ਹੁਣ ਜੰਮੀ ਐ | ਮੇਰੇ ਕੋਲ ਤਾਂ ਕਈ ਮਿੱਤਰਾਂ, ਸਹੇਲੀਆਂ ਦੇ ਲਵ ਲੈਟਰਜ਼ ਅਤੇ ਫੋਟੋਆਂ ਵੀ ਸਾਂਭੀਆਂ ਪਈਆਂ ਹਨ | ਇਹ ਕਦੇ ਵੀ ਨਹੀਂ ਹੋਵੇਗਾ ਕਿ ਭਾਫ਼ ਵੀ ਨਿਕਲ ਜਾਏ | ਜ਼ਿੰਦਗੀ ਦੀ ਅਸਲ ਆਕਸੀਜਨ ਦਾ ਨਾਂਅ ਹੈ ਵਿਸ਼ਵਾਸ | ਇਕ ਇਸਤਰੀ ਰੋਗਾਂ/ਵਿਆਹ ਸਮੱਸਿਆਵਾਂ/ਮਾਨਸਿਕ ਸਮੱਸਿਆਵਾਂ/ਸਰੀਰਕ ਸਫਾਈ ਬਾਰੇ ਅਹਿਮ ਨੁਕਤੇ ਦੱਸਦੀ ਹੈ | ਹਿੰਦੁਸਤਾਨੀ ਔਰਤ ਦੁੱਖ ਝਲਦੀ ਹੈ ਪਰ ਦਿਲ ਦੀ ਗੱਲ ਨਹੀਂ ਕਰਦੀ | ਡਾ: ਗੰੁਝਲਦਾਰ ਬੁਝਾਰਤ ਅਨੁਸਾਰ 'ਕੈਲਾਸ਼ ਮਾਨਸਰੋਵਰ' ਦੀ ਯਾਤਰਾ ਸੌਖੀ ਹੈ ਪਰ ਇਸਤਰੀ ਦੇ ਦਿਲ ਤੱਕ ਪਹੁੰਚਣਾ ਔਖਾ ਹੈ |' ਇਕ ਐਸ.ਡੀ.ਐਮ. ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ | ਕਮਾਲ ਦੀ ਗੱਲ ਇਹ ਹੋਈ ਕਿ ਇਸ ਨੇਕ ਅਫਸਰ ਨੇ ਮਰਨ ਤੋਂ ਪਹਿਲਾਂ ਇਕ ਡੀ.ਐਸ.ਪੀ. ਨੂੰ ਫੋਨ ਕੀਤਾ ਅਤੇ ਕੁਝ ਦੱਸਣਾ ਵੀ ਚਾਹਿਆ ਪਰ ਸਫਲ ਨਹੀਂ ਹੋ ਸਕਿਆ | ਖੁਦਕੁਸ਼ੀ ਦਰਵਾਜ਼ੇ ਲਾਗਿਓਾ ਮੁੜੀ ਇਕ ਮਹਿਲਾ ਪਿੰ੍ਰਸੀਪਲ ਅੱਜ ਜੀਅ ਰਹੀ ਹੈ ਕਿਉਂਕਿ ਮੇਰੇ ਇਹ ਸ਼ਬਦ ਜਾਦੂ ਕਰ ਗਏ 'ਮੈਡਮ ਜ਼ਿੰਦਗੀ ਨਹਿਰ ਨਹੀਂ... ਜ਼ਹਿਰ ਨਹੀਂ |'
ਪ੍ਰੇਮੀ-ਪ੍ਰੇਮਿਕਾ, ਪਤੀ-ਪਤਨੀ ਵਿਚਾਲੇ ਵੀ ਅਕਸਰ ਈਗੋ ਰੁੱਖ ਜੰਮ ਪੈਂਦੇ ਹਨ ਅਤੇ ਕਈ ਵਾਰੀ ਈਗੋ ਹਨੇਰੀ ਸਭ ਕੁਝ ਤਬਾਹ ਕਰ ਦਿੰਦੀ ਹੈ | ਅੱਛਾ ਜੀ, ਓ. ਕੇ.... ਓ.ਕੇ.... ਬਾਏ, ਦਰਵਾਜ਼ੇ ਦੀ ਬੈੱਲ ਵਜ਼ਾ ਰਿਹੈ ਮਿਸਟਰ ਡਬਲ ਖ਼ਾਮੋਸ਼ ਮੁੱਛੜੀਆ... ਦਿਲ ਦੀ ਗੱਲ ਸਾਂਝੀ ਕਰਨ ਆਇਆ | ਬਾਈ ਜੀ ਬੜੀ ਕਲਹਿਣੀ ਆਂ ਏਹਦੀ ਗਿੱਠ ਦੀ ਰੰਨ... ਬਣੀ ਹੋਈ ਰਕਮ... ਕੁੱਤੇ ਦੀ ਵੱਢੀ ਹੋਈ... ਮੈਡਮ ਈਗੋ ਬਲਾਸਟ |

-ਭਾਖੜਾ ਰੋਡ, ਨੰਗਲ-140124.
ਮੋਬਾਈਲ : 98156-24927.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX