ਤਾਜਾ ਖ਼ਬਰਾਂ


ਬਜਟ ਇਜਲਾਸ : ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਨਹੀਂ ਦਿੱਤੇ ਸਮਾਰਟ ਫ਼ੋਨ- ਅਮਨ ਅਰੋੜਾ
. . .  12 minutes ago
ਬਜਟ ਇਜਲਾਸ : ਸਪੀਕਰ ਨੇ ਪੱਖਪਾਤ ਕੀਤਾ, ਸਾਨੂੰ ਕਿਹਾ ਕਿ ਅਖੀਰ 'ਚ ਬੋਲਣ ਦਿਆਂਗੇ ਪਰ ਬੋਲਣ ਨਹੀਂ ਦਿੱਤਾ- ਮਜੀਠੀਆ
. . .  13 minutes ago
ਬਜਟ ਇਜਲਾਸ : ਟੀਨੂੰ ਤੇ ਹੋਰ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਰਕਾਰ ਤੇ ਮੁੱਖ ਮੰਤਰੀ ਕੋਲ ਕੋਈ ਜਵਾਬ ਨਹੀਂ
. . .  14 minutes ago
ਸੰਦੌੜ ਵਿਖੇ ਕਿਸਾਨ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  20 minutes ago
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ)- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਹਥਨ ਦੀ ਅਗਵਾਈ...
ਉੱਤਰੀ ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਦੀ ਮੌਤ 'ਤੇ ਦਿੱਲੀ ਹਾਈਕੋਰਟ ਨੇ ਜਤਾਈ ਚਿੰਤਾ
. . .  33 minutes ago
ਦਿੱਲੀ 'ਚ ਇੱਕ ਹੋਰ 1984 ਨਹੀਂ ਹੋਣ ਦੇਵਾਂਗੇ- ਹਾਈਕੋਰਟ
. . .  34 minutes ago
ਨਵੀਂ ਦਿੱਲੀ, 26 (ਜਗਤਾਰ ਸਿੰਘ)- ਦਿੱਲੀ ਹਿੰਸਾ ਮਾਮਲੇ 'ਤੇ ਅੱਜ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ 'ਚ ਇੱਕ ਹੋਰ...
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਕਰਨ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ - ਹਾਈਕੋਰਟ
. . .  44 minutes ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਿੰਸਾ ਮਾਮਲੇ 'ਤੇ ਸੁਣਵਾਈ ਕਰਦਿਆ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਹਿੰਸਾ ਪ੍ਰਭਾਵਿਤ ਇਲਾਕਿਆਂ...
ਸੋਨੀਆ ਗਾਂਧੀ ਦਾ ਬਿਆਨ ਮੰਦਭਾਗਾ - ਜਾਵੜੇਕਰ
. . .  55 minutes ago
ਨਵੀਂ ਦਿੱਲੀ, 26 ਫਰਵਰੀ - ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਹਿੰਸਾ ਨੂੰ ਲੈ ਕੇ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਸੋਨੀਆ ਗਾਂਧੀ...
ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ
. . .  59 minutes ago
ਅੰਮ੍ਰਿਤਸਰ, 26 ਫਰਵਰੀ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ 'ਚ ਕਾਂਗਰਸ ਪਾਰਟੀ ਵਲੋਂ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਅੰਮ੍ਰਿਤਸਰ...
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ                             
. . .  about 1 hour ago
ਨਾਭਾ, 26 ਫਰਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ  ਵੀ ਜਾਰੀ ਰਿਹਾ 1 ਧਰਨੇ ਵਿਚ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਅਣਪਹਿਨਿਆ ਗਹਿਣਾ

ਹਰ ਰੋਜ਼ ਦੀ ਤਰ੍ਹਾਂ ਐਸ.ਐਸ.ਪੀ. ਰਣਵੀਰ ਸਿੰਘ ਨੇ ਡਿਊਟੀ 'ਤੇ ਜਾਣ ਲਈ ਤਿਆਰ ਹੋ ਕੇ ਆਪਣੇ ਸਾਥੀ ਏ.ਐਸ.ਆਈ. ਜਸਪਾਲ ਸਿੰਘ ਨੂੰ ਫੋਨ ਕਰਕੇ ਸਮੇਂ ਸਿਰ ਪਹੁੰਚਣ ਦੀ ਤਾਕੀਦ ਕੀਤੀ | ਅੱਜ ਉਨ੍ਹਾਂ ਕਿਸੇ ਵੱਡੇ ਫਾਰਮ 'ਤੇ ਨਸ਼ੇ ਦੀ ਖੇਪ ਫੜਨ ਲਈ ਛਾਪਾ ਮਾਰਨਾ ਸੀ, ਜਿਸ ਬਾਰੇ ਉਨ੍ਹਾਂ ਨੂੰ ਮੁਖਬਰੀ ਹੋਈ ਸੀ |
ਛਾਪੇਮਾਰੀ ਲਈ ਗੱਡੀਆਂ ਦਾ ਕਾਫ਼ਲਾ ਰਵਾਨਾ ਹੋ ਗਿਆ | ਰਸਤੇ ਵਿਚ ਇਕ ਅਨਾਥ ਆਸ਼ਰਮ 'ਤੇ ਰੁਕਿਆ | ਐਸ.ਐਸ.ਪੀ. ਸਾਹਬ ਗੱਡੀ ਵਿਚੋਂ ਉਤਰੇ ਤੇ ਅਨਾਥ ਆਸ਼ਰਮ ਦੇ ਗੇਟ 'ਤੇ ਬੈਠੀ ਮਾਈ ਪਾਸ਼ੋ ਦੇ ਪੈਰੀਂ ਹੱਥ ਲਾਏ | 'ਜਿਊਾਦਾ ਰਹਿ ਪੁੱਤ ਰੱਬ ਤੇਰੇ 'ਤੇ ਮਿਹਰ ਕਰੇ ਤੇ ਕਾਮਯਾਬੀ ਦੇਵੇ' ਮਾਈ ਪਾਸ਼ੋ ਨੇ ਰਣਵੀਰ ਸਿੰਘ ਐਸ.ਐਸ.ਪੀ. ਦਾ ਮੱਥਾ ਚੰੁਮਦਿਆਂ ਅਸੀਸ ਦਿੱਤੀ | ਰਣਵੀਰ ਸਿੰਘ ਨੇ ਕੁਝ ਪਲ ਆਸ਼ਰਮ ਵੱਲ ਤੱਕਿਆ ਤੇ ਮੁੜ ਆਪਣੀ ਗੱਡੀ ਵਿਚ ਬੈਠਦਿਆਂ ਕਿਹਾ, 'ਚਲੋ ਬਈ |'
ਰਣਵੀਰ ਸਿੰਘ ਆਪਣੇ ਅਸੂਲਾਂ ਵਿਚ ਪ੍ਰਪੱਕ ਹੋਣ ਕਰਕੇ ਵੱਖਰੀ ਪਛਾਣ ਰੱਖਦਾ ਸੀ | ਉਸ ਨੇ ਆਪਣੇ ਸਟਾਫ਼ ਉੱਪਰ ਰੋਅਬ ਝਾੜਨ ਦੀ ਥਾਂ ਦੋਸਤੀ ਵਾਲਾ ਮਾਹੌਲ ਬਣਾ ਕੇ ਕੰਮ ਕਰਵਾਉਣ ਲਈ ਮਹਿਕਮੇ ਵਿਚ ਨਵੀਂ ਪਿਰਤ ਪਾਈ ਸੀ | ਜ਼ਿਲ੍ਹੇ ਦੇ ਲੋਕ ਵੀ ਉਸ ਦੀ ਤਾਰੀਫ਼ ਕਰਦੇ ਸਨ | ਜਸਪਾਲ ਸਿੰਘ ਏ.ਐਸ.ਆਈ. ਨੂੰ ਉਹ ਆਪਣੇ ਭਰਾਵਾਂ ਵਾਂਗ ਸਮਝਦਾ ਸੀ ਤੇ ਸਦਾ ਆਪਣੇ ਨਾਲ ਡਿਊਟੀ 'ਤੇ ਰੱਖਦਾ ਸੀ |
'ਜਨਾਬ ਇਕ ਗੱਲ ਦੱਸੋ, ਜਦੋਂ ਤੁਸੀਂ ਇਸ ਰਸਤੇ ਲੰਘਦੇ ਹੋ ਤਾਂ ਇਸ ਆਸ਼ਰਮ 'ਤੇ ਜ਼ਰੂਰ ਰੁਕਦੇ ਹੋ | ਲਗਦਾ ਹੈ ਤੁਹਾਨੂੰ ਇਥੋਂ ਦੇ ਬੱਚਿਆਂ ਨਾਲ ਬਹੁਤ ਪਿਆਰ ਹੈ', ਜਸਪਾਲ ਸਿੰਘ ਨੇ ਸਾਹਬ ਨੂੰ ਪੁੱਛਦਿਆਂ, ਜਵਾਬ ਵੀ ਆਪ ਹੀ ਲੱਭ ਲਿਆ |
'ਹਾਂ, ਜਸਪਾਲ ਸਿੰਘ ਇਹ ਗੱਲ ਤੇਰੀ ਬਿਲਕੁਲ ਠੀਕ ਹੈ | ਮੈਂ ਇਸ ਆਸ਼ਰਮ ਨੂੰ ਆਪਣਾ ਗੁਰਦੁਆਰਾ, ਮੰਦਰ ਤੇ ਮਸਜਿਦ ਸਮਝਦਾ ਹਾਂ | ਮੈਂ ਆਪਣੀ ਤਨਖਾਹ ਵਿਚੋਂ ਦਸਵਾਂ ਦਸੌਾਧ ਤੇ ਕਈ ਵਾਰ ਅੱਧ ਵੀ ਇਸ ਆਸ਼ਰਮ ਨੂੰ ਦੇ ਦਿੰਦਾ ਹਾਂ | ਇਨ੍ਹਾਂ ਬੱਚਿਆਂ ਦਾ ਕੋਈ ਨਹੀਂ ਸਭ ਕੁਝ ਇਹ ਆਸ਼ਰਮ ਹੀ ਹੈ | ਇਨ੍ਹਾਂ ਵਿਚੋਂ ਕਈਆਂ ਨੇ ਅਫ਼ਸਰ ਬਣਨਾ ਹੈ ਤੇ ਕਿਸੇ ਨੇ ਮੇਰੇ ਵਾਂਗ ਐਸ.ਐਸ.ਪੀ. | ਮੈਨੂੰ ਪੂਰੀ ਉਮੀਦ ਹੈ, ਅਨਾਥ ਆਸ਼ਰਮ 'ਚ ਪਲੇ ਬੱਚੇ ਵੱਡਿਆਂ ਘਰਾਂ ਦੇ ਕਾਕਿਆਂ ਵਾਂਗ ਵਿਗੜਨਗੇ ਨਹੀਂ', ਰਣਵੀਰ ਸਿੰਘ ਭਾਵੁਕ ਜਿਹਾ ਹੋ ਗਿਆ ਸੀ |
'ਹਾਂ, ਜਨਾਬ ਇਨ੍ਹਾਂ ਵਿਚਾਰਿਆਂ ਨੂੰ ਕਿਹੜਾ ਬੁਲਟ ਮਿਲਣੈ, ਜਿਹੜਾ ਇਹ ਉਹਦੇ ਨਾਲ ਬਾਜ਼ਾਰਾਂ ਵਿਚ ਪਟਾਕੇ ਮਾਰ ਸਕਣ', ਜਸਪਾਲ ਸਿੰਘ ਨੇ ਵਿਅੰਗ ਜਿਹਾ ਕੱਸਿਆ |
'ਹਾਂ ਜਸਪਾਲ ਸਿੰਘ, ਕਦੇ-ਕਦੇ ਮੈਂ ਸੋਚਦਾਂ, ਅੱਜਕਲ੍ਹ ਆਈ.ਏ.ਐਸ., ਪੀ.ਪੀ.ਐਸ. ਕਰਨ ਲਈ ਖਰਚ ਬਹੁਤ ਆਉਂਦਾ ਹੈ, ਜਿਹੜਾ ਅਨਾਥ ਆਸ਼ਰਮ ਵਿਚ ਪਲੇ ਬੱਚਿਆਂ ਲਈ ਮੁਸ਼ਕਲ ਹੋਇਆ ਪਿਆ ਹੈ | ਬਾਕੀ ਪੰਜਾਬ ਦੇ ਬੱਚੇ ਰੁਜ਼ਗਾਰ ਲਈ ਵਿਦੇਸ਼ਾਂ ਵਿਚ ਤੁਰੇ ਜਾਂਦੇ ਨੇ | ਹੋਰ ਚਾਰ-ਪੰਜ ਸਾਲਾਂ ਨੂੰ ਇਥੇ ਕੋਈ ਪੰਜਾਬੀ ਆਈ.ਏ.ਐਸ., ਪੀ.ਪੀ.ਐਸ. ਜਾਂ ਕੋਈ ਹੋਰ ਅਫ਼ਸਰ ਨਹੀਂ ਲੱਭਣਾ | ਡੀ.ਸੀ., ਐਸ.ਐਸ.ਪੀ. ਦੂਜੇ ਸੂਬਿਆਂ ਤੋਂ ਆਉਣਗੇ |' ਰਣਵੀਰ ਸਿੰਘ ਨੇ ਚਿੰਤਾ ਜਿਹੀ ਪ੍ਰਗਟਾਈ |
ਫਾਰਮ ਹਾਊਸ ਵਿਚ ਪੁਲਿਸ ਦੀਆਂ ਗੱਡੀਆਂ ਵੜਨ ਤੋਂ ਪਹਿਲਾਂ ਹੀ ਉਥੇ ਭਗਦੜ ਮਚ ਗਈ | ਦੋ-ਤਿੰਨ ਗੱਡੀਆਂ ਪੱਤੀ ਦੇ ਕੱਚੇ ਰਸਤੇ ਰਾਹੀਂ ਨਿਕਲ ਗਈਆਂ | ਫਾਰਮ ਹਾਊਸ ਨੂੰ ਘੇਰਾ ਪਾ ਲਿਆ ਗਿਆ | ਤਲਾਸ਼ੀ ਦੌਰਾਨ ਚਿੱਟੇ ਨਸ਼ੇ ਦੇ ਕਈ ਪੈਕੇਟ ਪੁਲਿਸ ਨੇ ਕਬਜ਼ੇ ਵਿਚ ਲੈ ਲਏ | ਐਸ.ਐਸ.ਪੀ. ਸਾਹਬ ਦੇ ਫੋਨ ਦੀ ਘੰਟੀ ਖੜਕੀ | ਸਾਹਬ ਨੇ ਕੁਝ ਮਿੰਟ ਗੱਲਬਾਤ ਕਰਨ ਤੋਂ ਬਾਅਦ ਜਸਪਾਲ ਸਿੰਘ ਨੂੰ ਇਸ਼ਾਰਾ ਕੀਤਾ, 'ਚਲੋ ਵਾਪਸ ਜਲਦੀ ਜਾਣਾ | ਮੰਤਰੀ ਜੀ ਨਾਲ ਹੁਣੇ ਹੀ ਜ਼ਰੂਰੀ ਮੀਟਿੰਗ ਕਰਨੀ ਹੈ | ਕੱਲ੍ਹ ਆਸ਼ਰਮ ਵਿਚ ਲਾਇਬ੍ਰੇਰੀ ਦਾ ਉਦਘਾਟਨ ਹੈ |
ਜਸਪਾਲ ਸਿੰਘ ਸਮਝ ਗਿਆ ਸੀ | ਬਿਨਾਂ ਕਿਸੇ ਗਿ੍ਫ਼ਤਾਰੀ ਤੋਂ ਪੁਲਿਸ ਅਮਲਾ ਵਾਪਸ ਚਲਾ ਗਿਆ | ਰਣਵੀਰ ਸਿੰਘ ਦੇ ਮਨ ਵਿਚ ਚੀਸ ਜਿਹੀ ਲਹਿਰ ਬਣ ਕੇ ਉੱਠੀ ਪਰ ਖਾਰੇ ਸਮੰੁਦਰ ਵਿਚ ਦੱਬ ਕੇ ਰਹਿ ਗਈ |
ਅਨਾਥ ਆਸ਼ਰਮ ਵਿਚ ਬਣੀ ਲਾਇਬ੍ਰੇਰੀ ਦੇ ਉਦਘਾਟਨ ਦੀ ਪੂਰੀ ਤਿਆਰੀ ਕਰ ਲਈ | ਪੁਲਿਸ ਦੇ ਭਗੌੜੇ ਬਿਸ਼ਨੇ ਬਦਮਾਸ਼ ਦੀ ਮੰਤਰੀ ਨੂੰ ਮਾਰਨ ਦੀ ਦਿੱਤੀ ਧਮਕੀ ਤੋਂ ਚੌਕਸ ਪੁਲਿਸ ਹੈੱਡ ਆਫਿਸ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਐਸ.ਐਸ.ਪੀ. ਰਣਵੀਰ ਸਿੰਘ ਨੂੰ ਦਿੱਤੀ ਹੋਈ ਸੀ | ਰਣਵੀਰ ਸਿੰਘ ਨੇ ਮੰਤਰੀ ਜੀ ਦੀ ਸੁਰੱਖਿਆ ਦੇ ਕਰੜੇ ਪ੍ਰਬੰਧ ਕਰ ਲਏ |
ਮੰਤਰੀ ਸਮਸ਼ੇਰ ਸਿੰਘ ਜੀ ਪਹੁੰਚ ਗਏ | ਜ਼ਿੰਦਾਬਾਦ ਦੇ ਨਾਅਰੇ ਲੱਗੇ | ਚਾਹ ਪਾਣੀ ਪੀਣ ਤੋਂ ਬਾਅਦ ਲਾਇਬ੍ਰੇਰੀ ਦਾ ਉਦਘਾਟਨੀ ਸਮਾਰੋਹ ਚਾਲੂ ਹੋਇਆ | ਜਿਉਂ ਹੀ ਮੰਤਰੀ ਜੀ ਪੱਥਰ ਤੋਂ ਪਰਦਾ ਚੁੱਕਣ ਲਈ ਅੱਗੇ ਹੋਏ ਤਾਂ ਮਾਈ ਪਾਸ਼ੋ ਦੀ ਨਜ਼ਰ ਹੱਥ ਵਿਚ ਪਿਸਤੌਲ ਲਈ ਭੀੜ ਵਿਚ ਖੜ੍ਹੇ ਬਿਸ਼ਨੇ 'ਤੇ ਪਈ | ਬਿਸ਼ਨੇ ਨੇ ਮੰਤਰੀ 'ਤੇ ਗੋਲੀ ਚਲਾਈ ਤਾਂ ਮਾਈ ਪਾਸ਼ੋ ਅੱਗੇ ਹੋ ਗਈ | ਗੋਲੀ ਮਾਈ ਪਾਸ਼ੋ ਦੇ ਦਿਲ ਵਿਚ ਲੱਗ ਗਈ | ਐਸ.ਐਸ.ਪੀ. ਰਣਵੀਰ ਸਿੰਘ ਨੇ ਗੋਲੀ ਬਿਸ਼ਨੇ 'ਤੇ ਚਲਾ ਕੇ ਢੇਰੀ ਕਰ ਦਿੱਤਾ | ਭਗਦੜ ਮਚ ਗਈ, ਜ਼ਖ਼ਮੀ ਮਾਈ ਪਾਸ਼ੋ ਨੂੰ ਰਣਵੀਰ ਸਿੰਘ ਨੇ ਬੁੱਕਲ ਵਿਚ ਲੈ ਲਿਆ, 'ਇਹ ਕੀ ਕੀਤਾ ਮਾਤਾ | ਮੰਤਰੀ ਜੀ ਨੂੰ ਬਚਾਉਣ ਲਈ ਤੂੰ ਆਪ?'
'ਹਾਂ ਪੁੱਤ ਕੁਦਰਤ ਨੇ ਖੇਲ ਹੀ ਅਜਿਹਾ ਖੇਡਿਆ | ਮੇਰਾ ਆਖਰੀ ਸਮਾਂ ਆ ਗਿਆ | ਸਾਲਾਂ ਬੱਧੀ ਛੁਪਾਇਆ ਸੱਚ ਅੱਜ ਮੈਂ ਤੈਨੂੰ ਦੱਸੇ ਬਿਨਾਂ ਨਹੀਂ ਮਰਾਂਗੀ |'
'ਅੱਜ ਤੋਂ ਚਾਲੀ ਸਾਲ ਪਹਿਲਾਂ ਮੈਂ ਉੱਚੇ ਪਿੰਡ ਵਾਲੇ ਸਰਪੰਚ ਦੇ ਘਰ ਕੰਮ ਕਰਦੀ ਸੀ, ਜਿਸ ਦੌਰਾਨ ਮੇਰੇ ਸਰਪੰਚ ਨਾਲ ਸਬੰਧ ਬਣ ਗਏ | ਮੈਂ ਮਾਂ ਬਣਨ ਵਾਲੀ ਹੋ ਗਈ | ਮੈਂ ਸਰਪੰਚ ਨੂੰ ਵਿਆਹ ਵਾਸਤੇ ਕਿਹਾ | ਮੇਰੀ ਜਾਤ ਛੋਟੀ ਹੋਣ ਕਰਕੇ ਸਰਪੰਚ ਨਾ ਮੰਨਿਆ ਤੇ ਮੈਨੂੰ ਦਸ ਹਜ਼ਾਰ ਰੁਪਏ ਦੇ ਕੇ ਬੱਚਾ ਗਿਰਾਉਣ ਲਈ ਕਿਹਾ | ਭਰੂਣ ਹੱਤਿਆ ਪ੍ਰਤੀ ਸਖ਼ਤੀ ਤੇ ਜ਼ਿੰਦਗੀ ਨੂੰ ਖਤਰਾ ਕਹਿ ਕੇ ਡਾਕਟਰ ਨੇ ਨਾਂਹ ਕਰ ਦਿੱਤੀ | ਆਪਣੀ ਮਾਸੀ ਦੇ ਪਿੰਡ ਜਾ ਕੇ ਮੈਂ ਇਕ ਬੇਟੇ ਨੂੰ ਜਨਮ ਦਿੱਤਾ | ਕੁਝ ਦਿਨ ਪਾਲਣ-ਪੋਸ਼ਣ ਤੋਂ ਬਾਅਦ ਤਾਅਨਿਆਂ ਭਰੀ ਦੁਨੀਆ ਤੋਂ ਡਰਦਿਆਂ ਦਿਲ 'ਤੇ ਪੱਥਰ ਰੱਖ ਕੇ ਮੈਂ ਆਪਣਾ ਬੱਚਾ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਰੱਖ ਆਈ, ਜਿਹੜਾ ਕਿ ਬਾਅਦ ਵਿਚ ਉਨ੍ਹਾਂ ਨੇ ਇਸ ਅਨਾਥ ਆਸ਼ਰਮ ਵਿਚ ਦੇ ਦਿੱਤਾ | ਆਪਣੇ ਪੁੱਤ ਨੂੰ ਪਾਲਣ ਲਈ ਮੈਂ ਇਸ ਆਸ਼ਰਮ ਵਿਚ ਸੇਵਾਦਾਰ ਦੀ ਨੌਕਰੀ ਕਰ ਲਈ | ਤਾਅਨੇ-ਮਿਹਣਿਆਂ ਦੀ ਧੂੜ ਨਾਲ ਭਰੇ ਇਸ ਸਮਾਜ ਤੋਂ ਡਰਦੀ ਮੈਂ ਆਪਣੇ ਪੁੱਤ ਨੂੰ ਪੁੱਤ ਨਾ ਕਹਿ ਸਕੀ ਤੇ ਅਣਪਹਿਨੇ ਗਹਿਣੇ ਵਾਂਗ ਦੂਰੋਂ ਹੀ ਦੇਖ ਕੇ ਦਿਨ ਕਟੀ ਕਰਦੀ ਰਹੀ ਪਰ ਕਦੇ ਪਹਿਨ ਨਾ ਸਕੀ | ਰੱਬ ਦੀ ਮੇਹਰ ਹੋਈ ਮੇਰਾ ਪੁੱਤ ਲਾਇਕ ਨਿਕਲਿਆ | ਅਨਾਥ ਆਸ਼ਰਮ ਦੀ ਸਹਾਇਤਾ ਨਾਲ ਐਸ.ਐਸ.ਪੀ. ਬਣ ਕੇ ਅੱਜ ਮੇਰੇ ਸਾਹਮਣੇ ਖੜ੍ਹਾ ਹੈ | ਅੱਜ ਮੈਨੂੰ ਇਸ ਪਾਪੀ ਸਮਾਜ ਦਾ ਵੀ ਕੋਈ ਡਰ ਨਹੀਂ | ਅੱਜ ਮੈਂ ਆਪਣੇ ਰਣਵੀਰ ਨੂੰ ਪੁੱਤ ਜ਼ਰੂਰ ਕਹਾਂਗੀ', ਮਾਈ ਪਾਸ਼ੋ ਦਾ ਬੋਲ ਥਿੜ੍ਹਕ ਰਿਹਾ ਸੀ |
'ਮਾਂ...ਮਾਂ...ਮਾਂ...' ਮੈਂ ਤੈਨੂੰ ਏਨੀ ਵਾਰੀ ਮਾਂ ਕਹਾਂ, ਮੈਨੂੰ ਕੁਦਰਤ ਨੇ ਸਮਾਂ ਵੀ ਨਹੀਂ ਦਿੱਤਾ | ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ', ਰਣਵੀਰ ਦੀਆਂ ਭੁੱਬਾਂ ਨਿਕਲ ਗਈਆਂ |
'ਮੇਰਾ ਅੰਤਿਮ ਸਮਾਂ ਨੇੜੇ ਆ ਗਿਆ ਹੈ | ਵੱਡਾ ਜਿਗਰਾ ਕਰਕੇ ਇਕ ਗੱਲ ਹੋਰ ਸੁਣ | ਇਹ ਮੰਤਰੀ ਹੀ ਸਮਸ਼ੇਰ ਸਿੰਘ ਤੇਰਾ ਬਾਪ ਹੈ ਤੇ ਮਰਨ ਵਾਲਾ ਵੀ ਕੋਈ ਬਿਗਾਨਾ ਨਹੀਂ, ਬਿਸ਼ਨਾ ਮੇਰਾ ਪਤੀ ਹੈ | ਜਦੋਂ ਮੈਂ ਉਸ ਨੂੰ ਸਾਰੀ ਅਸਲੀਅਤ ਦੱਸੀ ਤਾਂ ਉਹ ਮੰਤਰੀ ਸਮਸ਼ੇਰ ਸਿੰਘ ਦੇ ਖ਼ੂਨ ਦਾ ਪਿਆਸਾ ਹੋ ਗਿਆ | ਮਰਨ ਵਾਲੇ ਵੀ ਤੇਰੇ ਤੇ ਮਰਵਾਉਣ ਵਾਲੇ ਵੀ ਤੇਰੇ ਤੇ ਮਾਰਨ ਵਾਲੇ ਹੱਥ ਵੀ...' ਦੁਸ਼ਮਣਾਂ ਤੋਂ ਡਰ ਨਹੀਂ | ਪੁੱਤ ਸਿਆਣਾ ਬਣੀਂ, ਬਿਸ਼ਨੇ ਵਾਂਗ ਆਪਣੀ ਚਲਦੀ ਜ਼ਿੰਦਗੀ ਅੱਗੇ ਖ਼ੂਨੀ ਟੋਏ ਨਾ ਪੁੱਟੀਂ |' ਕੰਬਦੀ ਆਵਾਜ਼ ਵਿਚ ਰਣਵੀਰ ਨੂੰ ਨਸੀਅਤ ਦੇ ਕੇ ਮਾਈ ਪਾਸ਼ੋ ਦਮ ਤੋੜ ਗਈ |
ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਬੇਵਸ ਹੋ ਕੇ ਰਣਵੀਰ ਸਿੰਘ ਨੇ ਮੰਤਰੀ ਵੱਲ ਤੱਕਿਆ | ਮੰਤਰੀ ਜੱਕਾ-ਤੱਕਾ ਕਰਦਾ ਰਣਵੀਰ ਵੱਲ ਵਧਿਆ, 'ਬੇਟਾ ਮੈਨੂੰ ਮੁਆਫ਼ ਕਰਦੇ, ਮੈਂ ਤੇਰਾ ਤੇ ਪਾਸ਼ੋ ਦਾ ਗੁਨਾਹਗਾਰ ਹਾਂ, ਜਿਸ ਦੇਵੀ ਨੂੰ ਮੈਂ ਦੁਰਕਾਰ ਦਿੱਤਾ ਸੀ, ਉਸ ਨੇ ਹੀ ਮੇਰੀ ਜਾਨ ਬਚਾਅ ਕੇ ਨਵੀਂ ਜ਼ਿੰਦਗੀ ਦਿੱਤੀ | ਪਾਸ਼ੋ ਨੂੰ ਰੋਲਣ ਦੀ ਸਜ਼ਾ ਮੈਨੂੰ ਰੱਬ ਨੇ ਦੇ ਦਿੱਤੀ ਹੈ | ਮੇਰੀ ਪਤਨੀ ਦੇ ਕੋਈ ਔਲਾਦ ਨਹੀਂ ਹੋਈ | ਹੁਣ ਮੈਨੂੰ ਇਸ ਝੂਠੀ ਸ਼ਾਨ ਵਾਲੀ ਦੁਨੀਆ ਦਾ ਕੋਈ ਡਰ ਨਹੀਂ | ਰਣਵੀਰ ਪੁੱਤ ਮੇਰੇ ਨਾਲ ਘਰ ਚੱਲ |'
'ਨਹੀਂ ਮੰਤਰੀ ਜੀ, ਤੁਹਾਨੂੰ ਮੈਨੂੰ ਬੇਟਾ ਕਹਿਣ ਦਾ ਕੋਈ ਹੱਕ ਨਹੀਂ | ਪਿਛਲੇ ਚਾਲੀ ਸਾਲ 'ਬਾਪੂ' ਤੇ 'ਮਾਂ' ਜਿਹੇ ਡੁੱਬੇ ਸ਼ਬਦ ਕਿੱਥੋਂ ਕੱਢ ਕੇ ਲਿਆਉਂਗੇ? ਜਿਨ੍ਹਾਂ ਨੂੰ ਮੈਂ ਤੁਹਾਡੇ ਵਿਖਾਵਾਧਾਰੀ ਸਮਾਜ ਦੇ ਸਮੰੁਦਰ ਵਿਚੋਂ ਡੁਬਕੀਆਂ ਲਾ-ਲਾ ਕੇ ਲੱਭਦਾ ਰਿਹਾ | ਤੁਹਾਡਾ ਚਿੱਕੜ ਵਿਚ ਸੁੱਟਿਆ ਹੋਇਆ ਮੈਂ, ਰੱਬ ਦੀ ਦਿੱਤੀ ਹੋਈ ਹਿੰਮਤ ਤੇ ਮਿਹਨਤ ਨਾਲ ਉਸ ਵਿਚੋਂ ਫੁੱਲ ਬਣ ਕੇ ਨਿਕਲ ਆਇਆ | ਤੁਹਾਡੀ ਵਿਖਾਵਾਧਾਰੀ ਦੁਨੀਆ ਤੁਹਾਨੂੰ ਮੁਬਾਰਕ, 'ਕਹਿ ਕੇ ਰਣਵੀਰ ਸਿੰਘ ਭਰੀਆਂ ਅੱਖਾਂ ਨਾਲ ਆਪਣੀ ਗੱਡੀ ਵਿਚ ਬੈਠ ਕੇ ਸ਼ਹਿਰ ਵੱਲ ਚੱਲ ਪਿਆ |'
ਅਗਲੇ ਦਿਨ ਅਖ਼ਬਾਰ ਵਿਚ ਮੋਟੀ ਖ਼ਬਰ ਪੜ੍ਹ ਕੇ ਲੋਕ ਹੈਰਾਨ ਰਹਿ ਗਏ, 'ਸਮਸ਼ੇਰ ਸਿੰਘ ਮੰਤਰੀ ਅਸਤੀਫ਼ਾ ਦੇ ਕੇ ਕਿਸੇ ਅਣਦੱਸੀ ਥਾਂ ਚਲੇ ਗਏ |'

-ਪਿੰਡ ਕਾਹਨ ਸਿੰਘ ਵਾਲਾ, ਡਾਕ: ਜੋਗੇਵਾਲਾ, ਜ਼ਿਲ੍ਹਾ ਮੋਗਾ-142048. ਫੋਨ : 89686-00674.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ: ਆਤਮ ਹੱਤਿਆ

ਸਾਰੇ ਪਿੰਡ ਵਿਚ ਫ਼ੌਜੀ ਬਲਕਾਰ ਸਿੰਘ ਦੇ ਆਤਮ ਹੱਤਿਆ ਕਰ ਲੈਣ ਦੀ ਬੜੀ ਚਰਚਾ ਸੀ | ਜਿੰਨੇ ਮੂੰਹ ਓਨੀਆਂ ਗੱਲਾਂ ਕਰ ਰਹੇ ਸਨ | ਅੱਜ ਭੋਗ 'ਤੇ ਵੀ ਸਾਰੇ ਬੁਲਾਰਿਆਂ ਨੇ ਦੱਬਵੀਂ ਜੀਭ ਨਾਲ ਆਤਮ-ਹੱਤਿਆ ਕਰਨ ਦੀ ਨਿਖੇਧੀ ਕੀਤੀ | ਇਸ ਨੂੰ ਬੁਜ਼ਦਿਲਾਂ, ਡਰਪੋਕਾਂ ਅਤੇ ਕੰਮਜ਼ੋਰਾਂ ਦੀ ਮੌਤ ਦੱਸਿਆ | ਸਭ ਤੋਂ ਆਖਰ ਵਿਚ ਉਘੇ ਵਿਦਵਾਨ ਜਸਦੇਵ ਸਿੰਘ ਦੀ ਵਾਰੀ ਸੀ | ਉਸ ਨੇ ਦੱਸਿਆ, '1965 ਵਿਚ ਅਤੇ 1971 ਦੀ ਹਿੰਦ-ਪਾਕਿ ਜੰਗ ਵਿਚ ਫ਼ੌਜੀ ਬਲਕਾਰ ਸਿੰਘ ਵਲੋਂ ਬਹਾਦਰੀ ਦੇ ਸ਼ਾਨਦਾਰ ਕਾਰਨਾਮੇ ਕੀਤੇ ਗਏ ਸਨ ਜਿਸ ਕਰਕੇ ਭਾਰਤ ਸਰਕਾਰ ਵਲੋਂ ਐਨਾ ਮਾਣ-ਸਨਮਾਨ ਦਿੱਤਾ ਗਿਆ ਸੀ | ਫ਼ੌਜੀ ਬਲਕਾਰ ਸਿੰਘ ਨੇ ਆਤਮ-ਹੱਤਿਆ ਕੀਤੀ ਤਾਂ ਕਿਉਂ ਕੀਤੀ ਹੈ? ਇਸ ਗੱਲ 'ਤੇ ਵਿਚਾਰ ਕਰਨ ਦੀ ਵੱਡੀ ਲੋੜ ਹੈ ਅਸੀਂ ਮਹਾਰਾਜ ਦੀ ਹਾਜ਼ਰੀ ਵਿਚ ਵੀ ਸੱਚ ਕਹਿਣ ਤੋਂ ਕਿੰਨਾ ਝਿਜਕਦੇ ਹਾਂ | ਸਾਰੇ ਪਿੰਡ ਨੂੰ ਆਤਮ-ਹੱਤਿਆ ਦੇ ਕਾਰਨਾਂ ਦਾ ਭਲੀ ਭਾਂਤ ਪਤਾ ਹੈ ਕਿ ਕਿਵੇਂ ਉਸ ਦੇ ਸ਼ਰੀਕਾਂ ਨੇ ਪੈਸੇ ਦੇ ਜ਼ੋਰ, ਹੈਂਕੜ ਅਤੇ ਹੰਕਾਰ ਨਾਲ ਉਸ ਦੇਸ਼ ਭਗਤ ਦਾ ਹੱਕ ਅਤੇ ਹਿੱਸਾ ਨੱਪਿਆ ਹੋਇਆ ਸੀ | ਪਿੰਡ ਵਾਲੇ ਦੱਸਣ ਕਿ ਉਹ ਕਿਸ ਪੰਚ, ਸਰਪੰਚ ਅਤੇ ਮੋਹਤਬਰ ਬੰਦੇ ਕੋਲ ਨਹੀਂ ਗਿਆ ਸੀ | ਗ਼ਰੀਬ ਅਤੇ ਸ਼ਰੀਫ ਹੋਣ ਕਰਕੇ ਉਸ ਦੀ ਕਿਸੇ ਨੇ ਵੀ ਇਕ ਨਾ ਸੁਣੀ | ਤੁਸੀਂ ਲੋਕਾਂ ਨੇ ਹੱਕ ਤਾਂ ਕੀ ਦਿਵਾਉਣਾ ਸੀ ਫੋਕੀ ਹਮਦਰਦੀ ਵੀ ਨਹੀਂ ਜਤਾਅ ਸਕੇ | ਐਨੀ ਲੰਬੀ ਲੜਾਈ ਉਸ ਨੇ ਇਕੱਲੇ ਨੇ ਲੜੀ | ਕੁਝ ਖਾਸ ਮਜਬੂਰੀਆਂ ਕਾਰਨ ਕਈ ਵਾਰ ਫ਼ੌਜਾਂ ਵੀ ਹਥਿਆਰ ਸੁੱਟ ਦਿੰਦੀਆਂ ਹਨ | ਤੁਸੀਂ ਅੱਜ ਕਿਹੜੇ ਮੂੰਹ ਨਾਲ ਉਸ ਮਹਾਨ ਦਲੇਰ ਦੇਸ਼ ਭਗਤ ਫ਼ੌਜੀ ਨੂੰ ਬੁਜ਼ਦਿਲ ਤੇ ਡਰਪੋਕ ਦੱਸ ਰਹੇ ਹੋ? ਬੁਜ਼ਦਿਲ ਤੇ ਡਰਪੋਕ ਤਾਂ ਤੁਸੀਂ ਹੋ ਜੋ ਹੱਕ, ਸੱਚ ਅਤੇ ਇਨਸਾਫ ਦੀ ਗੱਲ ਨਹੀਂ ਕਰ ਸਕੇ | ਤੁਸੀਂ ਮਹਾਨ ਦੇਸ਼ ਭਗਤ ਫ਼ੌਜੀ ਦੇ ਕਾਤਲ ਹੋ ਜਿਨ੍ਹਾਂ ਨੇ ਉਸ ਨੂੰ ਮਾਨਸਿਕ ਰੋਗੀ ਕਰ ਕੇ ਮਰਨ ਲਈ ਮਜਬੂਰ ਕੀਤਾ ਹੈ' | ਆਖਰੀ ਬੁਲਾਰੇ ਦੀ ਜੁਅਰਤ, ਹਿੰਮਤ ਅਤੇ ਸੱਚ ਕਹਿਣ ਦੀ ਦਲੇਰੀ ਦੀ ਬਾਹਰੋਂ ਆਈ ਸਾਰੀ ਸੰਗਤ ਦਾਦ ਦੇ ਰਹੀ ਸੀ | ਜੋ ਲੋਕ ਪਿਛਲੇ ਦਸ ਦਿਨ ਤੋਂ ਇਸ ਨੂੰ ਆਤਮ-ਹੱਤਿਆ ਕਹਿ ਰਹੇ ਸਨ ਹੁਣ ਕਤਲ ਮੰਨ ਰਹੇ ਸਨ |

-ਗਿੱਲ ਨਗਰ, ਗਲੀ ਨੰ:13, ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 9463542896.

ਵਿਅੰਗ: ਦੇਸ਼ ਪ੍ਰੇਮੀ ਜੀ

ਨਾਂਅ ਤੋਂ ਹੀ ਜ਼ਾਹਰ ਹੈ ਕਿ ਦੇਸ਼ ਪ੍ਰੇਮੀ ਜੀ ਆਪਣੇ ਦੇਸ਼ ਨੂੰ ਬਹੁਤ ਪ੍ਰੇਮ ਕਰਦੇ ਹਨ | ਭਾਵੇਂ ਇਥੇ ਜਬਰ ਜਨਾਹਾਂ ਦੀ ਭਰਮਾਰ ਹੈ, ਕੰਜਕਾਂ ਕੁਆਰੀਆਂ, ਅੱਲੜ ਮੁਟਿਆਰਾਂ ਦਾ ਜੀਵਨ ਦੁਸ਼ਵਾਰ ਹੈ, ਕੁੜੀਆਂ ਕੱਤਰੀਆਂ ਲਈ ਮਾਹੌਲ ਖਰਾਬ ਹੈ | ਭਾਵੇਂ ਇਥੇ ਭਿ੍ਸ਼ਟਾਚਾਰ ਦੀ ਸਰਦਾਰੀ ਹੈ, ਪੈਸੇ ਬਗੈਰ ਹੁੰਦੀ ਖੱਜਲ-ਖੁਆਰੀ ਹੈ, ਕਾਰਪੋਰੇਟ ਘਰਾਣਿਆਂ ਦੀ ਤਰਫ਼ਦਾਰੀ ਹੈ, ਭਾਵੇਂ ਇਥੇ ਨੌਜਵਾਨਾਂ 'ਚ ਬੇਰੁਜ਼ਗਾਰੀ ਹੈ, ਮਹਿੰਗਾਈ ਦੀ ਲਗਾਤਾਰ ਘੰੁਮ ਰਹੀ ਗਰਾਰੀ ਹੈ, ਫੇਰ ਵੀ ਦੇਸ਼ ਪ੍ਰੇਮੀ ਜੀ ਦੇ ਮਨ ਤੇ ਆਤਮਾ 'ਚ ਦੇਸ਼ ਲਈ ਸਿੱਕ ਕਰਾਰੀ ਹੈ |
ਦੇਸ਼ ਪ੍ਰੇਮੀ ਜੀ ਭਾਵੇਂ ਸ਼ਹੀਦਾਂ ਵਾਂਗ, ਜਾਨ ਦੀ ਬਾਜ਼ੀ ਤਾਂ ਨਹੀਂ ਲਗਾ ਸਕਦੇ ਪਰ ਫਿਰ ਵੀ ਉਹ ਆਪਣੀ ਜਾਨ ਨੂੰ ਵੀ ਪ੍ਰੇਮ ਕਰਦੇ ਹਨ ਤੇ ਦੇਸ਼ ਨੂੰ ਵੀ ਪ੍ਰੇਮ ਕਰਨਾ ਪਿੱਛੇ ਨਹੀਂ ਹਟਦੇ | ਦੇਸ਼ ਪ੍ਰੇਮੀ ਜੀ ਦਾ ਕਹਿਣਾ ਹੈ, 'ਜ਼ਰੂਰੀ ਨਹੀਂ ਕਿ ਵੱਡੀਆਂ-ਵੱਡੀਆਂ, ਭਾਰੀ-ਭਾਰੀ, ਕੁਰਬਾਨੀਆਂ ਵਿਚ ਹੀ ਦੇਸ਼ ਭਗਤੀ ਜ਼ਾਹਰ ਹੁੰਦੀ ਹੋਵੇ, ਦੇਸ਼-ਪ੍ਰੇਮ ਤਾਂ ਛੋਟੀਆਂ-ਛੋਟੀਆਂ, ਨਿੱਕੀਆਂ-ਨਿੱਕੀਆਂ ਹਰਕਤਾਂ ਵਿਚ ਵੀ ਪ੍ਰਗਟ ਕੀਤੀ ਜਾ ਸਕਦੀ ਹੈ | ਛੋਟੀਆਂ-ਛੋਟੀਆਂ ਝਲਕੀਆਂ ਵਿਚ ਵੀ ਦੇਸ਼ ਪ੍ਰੇਮ ਦਾ ਜਜ਼ਬਾ ਦਿਖਾਇਆ ਜਾ ਸਕਦਾ ਹੈ |
ਮਿਸਾਲ ਦੇ ਤੌਰ 'ਤੇ ਹਿੰਦ-ਪਾਕਿ ਦਾ ਕ੍ਰਿਕਟ ਮੈਚ ਹੀ ਲੈ ਲਵੋ | ਦੇਸ਼ ਪ੍ਰੇਮੀ ਜੀ ਕ੍ਰਿਕਟ ਪ੍ਰੇਮੀ ਵੀ ਹੱਦੋਂ ਵਧ ਕੇ ਹਨ | ਇਥੇ ਵੀ ਉਹ ਆਪਣੇ ਦੇਸ਼ ਪ੍ਰੇਮ ਦਾ ਪ੍ਰਗਟਾਵਾ ਖੁੱਲ੍ਹ ਕੇ ਕਰਦੇ ਹਨ | ਜਦੋਂ ਵਿਰਾਟ ਕੋਹਲੀ ਸੈਂਕੜਾ ਪੂਰਾ ਕਰਦਾ ਹੈ ਤਾਂ ਉਹ ਟੀ.ਵੀ. ਨੂੰ ਚੰੁਮਣ ਤੱਕ ਜਾਂਦੇ ਹਨ | ਜੇ ਕਿਤੇ ਕੋਟਲਾ ਗਰਾਊਾਡ ਵਿਚ ਮੈਚ ਦੇਖ ਰਹੇ ਹੁੰਦੇ ਤਾਂ ਉਨ੍ਹਾਂ ਭੱਜ ਕੇ ਵਿਰਾਟ ਕੋਹਲੀ ਨੂੰ ਹੀ ਚਿੰਬੜ ਜਾਣਾ ਸੀ ਤੇ ਆਪਣੇ ਦੇਸ਼ ਪ੍ਰੇਮ ਦਾ ਖੁੱਲ੍ਹ ਕੇ ਇਜ਼ਹਾਰ ਕਰ ਦੇਣਾ ਸੀ | ਵਿਰਾਟ ਕੋਹਲੀ ਦੇ ਆਊਟ ਹੋਣ 'ਤੇ ਉਨ੍ਹਾਂ ਦੀਆਂ ਕੋਮਲ ਅੱਖਾਂ ਵਿਚੋਂ ਹੰਝੂ ਵਗਣ ਲਗਦੇ ਹਨ ਤੇ ਉਨ੍ਹਾਂ ਦਾ ਦੇਸ਼ ਪ੍ਰੇਮ ਢਹਿ-ਢੇਰੀ ਹੋਣ ਲਗਦਾ ਹੈ | ਇਸ ਦੇ ਉਲਟ ਵਸੀਮ ਅਕਰਮ ਦਾ ਛੱਕਾ (6) ਵੱਜ ਜਾਵੇ ਤਾਂ ਉਨ੍ਹਾਂ ਦੇ ਦਿਲ ਨੂੰ ਘੇਰਨੀਆਂ ਪੈਣ ਲਗਦੀਆਂ ਹਨ, ਸਮਝੋ ਰੋਣਾ ਆਇਆ ਕਿ ਆਇਆ | ਵਸੀਮ ਅਕਸਰ ਆਊਟ ਨਾ ਹੋ ਰਿਹਾ ਹੋਵੇ ਤਾਂ ਉਹ ਕਚੀਚੀਆਂ ਵੱਟਣ ਲੱਗ ਪੈਂਦੇ ਹਨ | ਇਹੋ ਜਿਹੀ ਹਾਲਤ ਵਿਚ ਜੇ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਆਪ ਬਾਊਲਰ ਬਣ ਕੇ ਵਸੀਮ ਅਕਸਰ ਨੂੰ ਆਪਣੀ ਇਕ ਹੀ ਗੇਂਦ ਨਾਲ ਆਊਟ ਕਰ ਕੇ ਦੇਸ਼ ਭਗਤੀ ਦਾ ਪ੍ਰਗਟਾਵਾ ਕਰ ਕੇ ਆਉਣ | ਸ਼ਾਹਿਦ ਅਫਰੀਦੀ ਦੀ ਫਿਰਕੀ ਗੇਂਦ ਨਾਲ ਜੇ ਸਾਡਾ ਕੋਈ ਵੱਡਾ ਖਿਡਾਰੀ ਸਮਝੋ ਸਚਿਨ ਤੇਂਦੁਲਕਰ ਵਰਗਾ ਆਊਟ ਹੋ ਜਾਵੇ ਤਾਂ ਪੰਡਾਲ ਤਾੜੀਆਂ ਨਾਲ ਗੰੂਜ ਊਠਦਾ ਹੈ, ਪਰ ਸਾਡੇ ਦੇਸ਼ ਪ੍ਰੇਮੀ ਜੀ ਤਾੜੀ ਨਾ ਵਜਾ ਕੇ ਦੇਸ਼ ਭਗਤੀ ਦਾ ਇਜ਼ਹਾਰ ਕਰਦੇ ਹਨ | ਵਿਰੋਧੀਆਂ ਦੇ ਸ਼ਾਨਦਾਰ ਕਾਰਜ 'ਤੇ ਤਾੜੀ ਨਾ ਮਾਰਨਾ ਵੀ ਇਕ ਤਰ੍ਹਾਂ ਨਾਲ ਦੇਸ਼ ਪ੍ਰੇਮ ਹੀ ਤਾਂ ਹੁੰਦਾ ਹੈ | ਅਜਿਹੇ ਸਮੇਂ ਮੰੂਹ ਚੁੱਕ-ਚੁੱਕ ਤਾੜੀਆਂ ਮਾਰਨ ਵਾਲੇ ਦਰਸ਼ਕ ਦੇਸ਼ ਪ੍ਰੇਮੀ ਜੀ ਨੂੰ ਦੇਸ਼ ਧ੍ਰੋਹੀ ਦਿਸਣ ਲਗਦੇ ਹਨ | ਦੇਸ਼ੀ ਪ੍ਰੇਮੀ ਜੀ ਅਕਸਰ ਹੀ ਤੁਹਾਥੋਂ ਪੁੱਛ ਕੇ ਰਹਿੰਦੇ ਹਨ, 'ਕੀ ਆਪਣੇ ਖਿਡਾਰੀਆਂ ਦੇ ਵੱਡੇ ਕਾਰਨਾਮੇ 'ਤੇ ਤਾੜੀਆਂ ਮਾਰ ਕੇ ਖੁਸ਼ ਹੋਣਾ ਇਕ ਤਰ੍ਹਾਂ ਨਾਲ ਦੇਸ਼ ਭਗਤੀ ਦਾ ਪ੍ਰਗਟਾਵਾ ਨਹੀਂ ਹੈ? ਕਿਉਂ ਜੀ, ਕੀ ਪਏ ਆਂਹਦੇ ਓ? ਗੱਲ ਸੋਲ੍ਹਾਂ ਆਨੇ ਪੱਕੀ ਏ ਨਾ ਜੀ?' ਤੇ ਉਹ ਆਪ ਹੀ ਸਵਾਲ ਪੁੱਛ ਕੇ, ਆਪ ਹੀ ਜਵਾਬ ਦੇਣ ਡਹਿ ਪੈਂਦੇ ਹਨ, 'ਜ਼ਰੂਰੀ ਨਹੀਂ ਏ ਜੀ ਕਿ ਵੱਡੇ ਕਾਰਨਾਮਿਆਂ ਵਿਚ ਵੀ ਦੇਸ਼ ਭਗਤੀ ਸਮਾਈ ਹੁੰਦੀ ਏ | ਛੋਟੀਆਂ-ਛੋਟੀਆਂ ਗੱਲਾਂ 'ਚ ਵੀ ਦੇਸ਼ ਪ੍ਰੇਮ ਪ੍ਰਗਟ ਹੋ ਸਕਦਾ ਏ | ਜੇ ਸੁਦਾਮਾ ਦੇ ਸੱਤੂਆਂ ਨਾਲ ਭਗਵਾਨ ਕ੍ਰਿਸ਼ਨ ਪ੍ਰਸੰਨ ਹੋ ਸਕਦੇ ਹਨ ਤਾਂ ਸਾਡਾ ਪਿਆਰਾ ਦੇਸ਼ ਸਾਡੀਆਂ ਛੋਟੀਆਂ-ਛੋਟੀਆਂ ਦੇਸ਼ ਪ੍ਰੇਮੀ ਹਰਕਤਾਂ ਨਾਲ ਭਲਾ ਖ਼ੁਸ਼ ਕਿਉਂ ਨੀਂ ਹੋ ਸਕਦਾ? ਇਸ ਦੇਸ਼ ਵਿਚ ਸਭ ਕੁਝ ਹੋ ਸਕਦਾ ਐ ਜੀ...' ਤੇ ਦੇਸ਼ ਪ੍ਰੇਮੀ ਜੀ ਦਾ ਚਿਹਰਾ ਖਿੜੇ ਹੋਏ ਦੇਸ਼ ਪ੍ਰੇਮ ਜਿਹਾ ਹੋ ਜਾਂਦਾ ਹੈ |
ਆਓ! ਦੇਸ਼ ਪ੍ਰੇਮੀ ਜੀ ਦੇ ਪ੍ਰੇਮ ਦੀ ਇਕ ਅੰਤਰਰਾਸ਼ਟਰੀ ਝਲਕੀ ਵੀ ਦੇਖ ਲਈਏ | ਜਦੋਂ ਡਾਲਰ ਦੇ ਮੁਕਾਬਲੇ ਰੁਪਈਆ ਚੜ੍ਹਦਾ ਹੈ ਤਾਂ ਦੇਸ਼ ਪ੍ਰੇਮੀ ਜੀ ਬਾਗੋਬਾਗ ਹੋ ਜਾਂਦੇ ਹਨ | ਦੇਸ਼ ਦੇ ਸਿਆਣੇ ਲੀਡਰਾਂ ਦੇ ਗੁਣ ਹੀ ਗਾਉਣੋ ਨਹੀਂ ਹਟਦੇ | ਸੁਫਨੇ ਵਿਚ ਉਨ੍ਹਾਂ ਦੀ ਪਿੱਠ 'ਤੇ ਥਾਪੀਆਂ ਮਾਰਦੇ ਰਹਿੰਦੇ ਹਨ | ਇਹੋ ਜਿਹੇ ਵੇਲੇ ਉਹ ਸੁਫਨੇ ਵਿਚ ਵੀ ਭਾਸ਼ਨ ਝਾੜਣ ਲਗਦੇ ਹਨ, 'ਖੁਸ਼ ਰਹੋ ਅਹਿਲੇ ਵਤਨ, ਹਮ ਤੋ ਸਫ਼ਰ ਕਰਤੇ ਹੈਾ... ਚੜ੍ਹਦਾ ਰੁਪਈਆ ਸਾਡੀ ਤਾਕਤ ਤੇ ਸਿਆਣਪ ਦਾ ਪ੍ਰਤੀਕ ਹੈ | ਰੁਪਈਆ ਏਦਾਂ ਹੀ ਚੜ੍ਹਦਾ ਰਿਹਾ ਤਾਂ ਸਾਡਾ ਪਿਆਰਾ ਦੇਸ਼ ਦੁਨੀਆ ਦੀ ਵੱਡੀ ਤਾਕਤ ਬਣ ਜਾਵੇਗਾ, ਇਕ ਦਿਨ ਮੁੜ ਤੋਂ ਸੋਨੇ ਦੀ ਚਿੜੀ ਅਖਵਾਏਗਾ... ਧੰਨ ਹੈ ਮੇਰਾ ਮਹਾਨ ਦੇਸ਼, ਮੇਰਾ ਆਦਰਸ਼... ਮੇਰਾ ਦੇਸ਼... |' ਪਰ ਜੇ ਰੁਪਈਆ ਡਾਲਰ ਦੇ ਮੁਕਾਬਲੇ ਗੋਡੇ ਟੇਕਣ ਲੱਗ ਪਏ ਤਾਂ ਦੇਸ਼ ਪ੍ਰੇਮੀ ਜੀ ਦੀਆਂ ਬੁੱਲ੍ਹੀਆਂ ਢਿੱਲੀਆਂ ਪੈਣ ਲਗਦੀਆਂ ਹਨ | ਮੰੂਹ ਦਾ ਰੰਗ ਉੱਡਣ ਲਗਦਾ ਹੈ |
ਇਹੋ ਜਿਹੇ ਵੇਲੇ ਉਨ੍ਹਾਂ ਨੂੰ ਗੁੱਸਾ ਚੜ੍ਹਨ ਲਗਦਾ ਹੈ | ਮਨ ਬੇਚੈਨ ਹੋਣ ਲਗਦਾ ਹੈ | ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ, ਇਹੋ ਜਿਹੇ ਵੇਲੇ ਜੇ ਪ੍ਰੈਜ਼ੀਡੈਂਟ ਟਰੰਪ ਵੀ ਉਨ੍ਹਾਂ ਸਾਹਮਣੇ ਆ ਜਾਵੇ, ਉਸ ਦੇ ਵੀ ਥੱਪੜ ਕਿਹੜਾ ਨਾ ਜੜ ਦੇਣ | ਉਸ ਵੇਲੇ ਉਹ ਗਰਜ਼ ਕੇ ਆਖਣੋਂ ਵੀ ਗੁਰੇਜ਼ ਨਹੀਂ ਕਰਨਗੇ, 'ਸੰਭਾਲ ਓਏ ਆਪਣੀ ਇਸ ਡਾਲਰੀ ਜਿਹੀ ਨੂੰ | ਕੀ ਐਵੇਂ ਪੀਂਘਾਂ ਜਿਹੀਆਂ ਚੜ੍ਹਵਾਈ ਜਾਨੈਂ | ਰਿਸ਼ੀਆਂ-ਮੁਨੀਆਂ ਦੇ ਦੇਸ਼ ਦੇ ਰੁਪਈਏ ਨਾਲ ਇਹਦਾ ਕੀ ਮੁਕਾਬਲਾ, ਹੈਾਅ |' ਤੇ ਦੇਸ਼ ਪ੍ਰੇਮੀ ਜੀ ਮੁੱਕੀਆਂ ਵੱਟ-ਵੱਟ, ਕਚੀਚੀਆਂ ਵੱਟਣ ਲੱਗ ਪੈਂਦੇ ਹਨ | ਸਾਡੇ ਦੇਸ਼ ਪ੍ਰੇਮੀ ਜੀ ਦੇ ਗੁੱਸੇ ਮੂਹਰੇ, ਸੱਚ ਜਾਣੋ, ਟਰੰਪ ਨੇ ਕਿਥੇ ਖਲੋਣਾ ਸੀ | ਜਿਨ੍ਹਾਂ ਨੇ ਦੇਸ਼ ਪ੍ਰੇਮ ਨਹੀਂ ਕੀਤਾ ਹੁੰਦਾ, ਉਹ ਦੇਸ਼ ਪ੍ਰੇਮ ਦੀ ਤਾਕਤ ਬਾਰੇ ਕੀ ਜਾਣ ਸਮਝ ਸਕਦੇ ਹਨ? ਦੇਸ਼ ਪ੍ਰੇਮ 'ਚ ਤਾਂ ਅਜਿਹੀ ਤਾਕਤ ਹੁੰਦੀ ਹੈ ਜੋ ਵੱਡੇ-ਵੱਡੇ ਤਾਜ-ਓ-ਤਖਤਾਂ ਤੱਕ ਨੂੰ ਵੀ ਹਿਲਾ ਸਕਦੀ ਹੈ | ਸਾਡੇ ਦੇਸ਼ ਪ੍ਰੇਮੀ ਜੀ ਦੇ ਗੁੱਸੇ ਮੂਹਰੇ ਡਾਲਰੀ ਜਿਹੀ ਨੇ ਕੀ ਖਲੋਣਾ ਸੀ | ਅਗਲੇ ਦਿਨ ਹੀ ਅਚਾਨਕ ਰੁਪਈਆ ਦੋ ਪੈਸੇ ਚੜ੍ਹ ਗਿਆ ਸੀ | ਦੇਖਦੇ ਸੁਣਦਿਆਂ ਹੀ ਦੇਸ਼ ਪ੍ਰੇਮੀ ਦੀ ਧੌਣ ਮਾਣ ਨਾਲ ਉੱਚੀ ਹੋ ਗਈ | ਮਨ ਹੀ ਮਨ ਕਹਿ ਰਹੇ ਸਨ, 'ਦੇਖੀ ਦੇਖੀ ਸਾਡੇ ਦੇਸ਼ ਪ੍ਰੇਮ ਦੀ ਸ਼ਕਤੀ, ਦੇਸ਼ ਪ੍ਰੇਮ ਦੀ ਤਾਕਤ... |'
ਦੇਸ਼ ਦਾ ਕੁੱਲ ਘਰੇਲੂ ਉਤਪਾਦ ਘਟਣ ਲੱਗੇ ਤਾਂ ਦੇਸ਼ ਦੇ ਖਜ਼ਾਨਾ ਮੰਤਰੀ ਤੇ ਪ੍ਰਧਾਨ ਮੰਤਰੀ ਤੋਂ ਪਹਿਲਾਂ ਸਾਡੇ ਇਨ੍ਹਾਂ ਦੇਸ਼ ਪ੍ਰੇਮੀ ਜੀ ਨੂੰ ਚਿੰਤਾ ਸਤਾਉਣ ਲਗਦੀ ਹੈ | ਦੇਸ਼ ਪ੍ਰੇਮੀ ਜੀ ਇਹ ਵੀ ਜਾਣਦੇ ਹਨ ਕਿ ਚਿੰਤਾ ਦੀਰਘ ਰੋਗ ਹੈ, ਮਤ ਕਰਿਓ ਕੋਈ ਚਿੰਤਾ... ਪਰ ਫਿਰ ਵੀ ਇਸ ਫ਼ਾਨੀ ਤੇ ਨਸ਼ਵਰ ਸਰੀਰ ਵਿਚ ਚਿੰਤਾ ਦਾ ਵਾਸ ਹੋ ਹੀ ਜਾਂਦਾ ਹੈ | ਬਿਹਬਲ ਹੋ ਕੇ ਕਹਿਣ ਲਗਦੇ ਹਨ, 'ਦੇਸ਼ ਦਾ ਕੀ ਬਣੂੰ? ਇਉਂ ਘਰੇਲੂ ਉਤਪਾਦ ਝਪਟਣ ਲੱਗ ਪਿਆ ਤਾਂ ਦੇਸ਼ ਦੀ ਕਿਸ਼ਤੀ ਅੱਜ ਵੀ ਡੁੱਬੀ, ਕੱਲ੍ਹ ਵੀ ਡੁੱਬੀ | ਦੇਸ਼ ਸੋਨੇ ਦੀ ਚਿੜੀ ਕਿਵੇਂ ਬਣੰੂ? ਚਿੰਤਾ ਨਾਲ ਉਨ੍ਹਾਂ ਦੀ ਭੁੱਖ ਮਰਨ ਲਗਦੀ ਹੈ | ਚਿਹਰੇ 'ਤੇ ਪਲੱਤਣ ਛਾ ਜਾਂਦੀ ਹੈ | ਦਿਨ-ਰਾਤ ਅਰਦਾਸ ਕਰਨ ਲਗਦੇ ਹਨ ਕਿ ਦੇਸ਼ ਦਾ ਘਰੇਲੂ ਉਤਪਾਦ ਵਧ ਜਾਵੇ | ਦੇਸ਼ ਦਾ ਘਰੇਲੂ ਉਤਪਾਦ ਵਧਾਉਣ ਲਈ ਦੇਸ਼ ਪ੍ਰੇਮੀ ਜੀ ਨੇ ਤਾਂ ਚੂਰਮੇ ਵਾਲੇ ਬਾਬਾ ਜੀ ਦਾ ਮਣ ਪੱਕਾ ਚੂਰਮਾਵੀ ਸੁੱਖ ਲਿਆ ਹੈ | ਪ੍ਰਧਾਨ ਮੰਤਰੀ ਦੀ ਹੱਸਦੇ ਦੀ ਫੋਟੋ ਅਖ਼ਬਾਰ 'ਚ ਛਪਦੀ ਹੈ ਤਾਂ ਦੇਸ਼ ਪ੍ਰੇਮੀ ਜੀ ਨੂੰ ਚੀਹ ਚੜ੍ਹਨ ਲਗਦੀ ਹੈ | ਮੰੂਹ 'ਚ ਹੀ ਬੁੜਬੁੜ ਕਰਦੇ ਹੋਏ ਆਖਣ ਲਗਦੇ ਹਨ, 'ਘਰੇਲੂ ਉਤਪਾਦ ਘਟਣ ਨਾਲ ਇਥੇ ਸੁੱਕ-ਸੁੱਕ ਤੀਲ੍ਹ ਹੁੰਦੇ ਜਾਂਦੇ ਹਾਂ ਤੇ ਇਨ੍ਹਾਂ ਨੂੰ ਫਿਕਰ ਈ ਕੋਈ ਨੀ ਲਗਦਾ, ਕਿਵੇਂ ਦੰਦ ਕੱਢੀ ਜਾਂਦੇ ਐ | ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ?'
ਦੇਸ਼ ਪ੍ਰੇਮ ਕਹਿਣਾ ਸੌਖਾ ਹੈ ਪਰ ਕਰਨਾ ਬਹੁਤ ਔਖਾ ਹੈ | ਦੇਸ਼ ਪ੍ਰੇਮ ਦੀ ਪੀੜ ਦੇਸ਼ ਪ੍ਰੇਮੀ ਜਿਹੇ ਕਦਰਦਾਨ ਹੀ ਜਾਣ ਸਕਦੇ ਹਨ | ਬਹੁਤ ਕਠਿਨ ਹੈ, ਡਗਰ ਪਨਘਟ ਕੀ, ਕੈਸੇ ਆਊਾ ਮੈਂ ਨਦੀਆ ਕੇ ਤੀਰ... ਦੇਸ਼ ਪ੍ਰੇਮੀ ਜੀ ਦੇਸ਼ ਪ੍ਰੇਮੀ ਇਸ ਮਹਿੰਗਾਈ ਦੇ ਜ਼ਮਾਨੇ 'ਚ ਮਿਲਣੇ ਤੇ ਲੱਭਣੇ ਔਖੇ ਹੀ ਨਹੀਂ, ਬੁਹਤ ਔਖੇ ਹਨ |

ਮੋਬਾਈਲ : 94635-37050.

ਚਿੰਤਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਸਿਰਫ਼ ਚਿੰਤਾ ਹੀ ਕਰਦੇ ਰਹਿਣਾ ਕਿਸੇ ਸਮੱਸਿਆ ਦਾ ਹੱਲ ਨਹੀਂ |
• ਚਿੰਤਾ ਦੀ ਹਾਲਤ ਵਿਚ ਇਕ ਮਨੁੱਖ ਬਿਨਾਂ ਕੰਮ ਕਰਦਿਆਂ, ਕੰਮ ਕਰ ਰਿਹਾ ਹੁੰਦਾ ਹੈ |
• ਚਿੰਤਾ ਕਰਨ ਵਾਲਾ ਮਨੁੱਖ ਤਰੋਤਾਜ਼ਾ ਨਹੀਂ ਰਹਿ ਸਕਦਾ |
• ਚਿੰਤਾ ਕਰਨ ਵਾਲਾ ਮਨੁੱਖ ਹਮੇਸ਼ਾ ਥੱਕਿਆ ਰਹਿੰਦਾ ਹੈ ਤੇ ਥੱਕੇ ਹੋਏ ਵਿਅਕਤੀ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਹੈ |
• ਚਿੰਤਾ ਕਰਨ ਵਾਲੇ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ |
• ਚਿੰਤਾ ਕਰਨ ਵਾਲੇ ਦੇ ਚਿਹਰੇ 'ਤੇ ਹਾਸਾ ਨਜ਼ਰ ਨਹੀਂ ਆਉਂਦਾ |
• ਆਮ ਕਰਕੇ ਚਿੰਤਾ ਨੂੰ ਚਿਤਾ ਸਮਾਨ ਕਿਹਾ ਜਾਂਦਾ ਹੈ ਪਰ ਕਈ ਚਿੰਤਾ ਨੂੰ ਦੁੱਖਾਂ ਦਾ ਸੋਮਾ ਵੀ ਕਹਿੰਦੇ ਹਨ | ਚਿੰਤਾ ਤੋਂ ਨਿਕਲੇ ਦੁੱਖ ਲੰਮਾ ਸਮਾਂ ਤੰਗ ਕਰਦੇ ਹਨ |
• ਬੀਤੇ ਕੱਲ੍ਹ ਦਾ ਅਫ਼ਸੋਸ ਅਤੇ ਆਉਣ ਵਾਲੇ ਕੱਲ੍ਹ ਦੀ ਚਿੰਤਾ ਇਹ ਦੋ ਐਸੇ ਚੋਰ ਨੇ ਜੋ ਸਾਡੀ ਅੱਜ ਦੀ ਖੂਬਸੂਰਤੀ ਨੂੰ ਚੁਰਾ ਲੈਂਦੇ ਹਨ |
• ਚਿੰਤਾ ਕੱਲ੍ਹ ਦੀਆਂ ਸਮੱਸਿਆਵਾਂ ਨੂੰ ਦੂਰ ਨਹੀਂ ਕਰਦੀ ਸਗੋਂ ਇਹ ਅੱਜ ਦੀ ਯੋਜਨਾ ਤੇ ਕੱਲ੍ਹ ਦੀ ਆਸ ਨੂੰ ਵੀ ਚੁਰਾ ਲੈਂਦੀ ਹੈ |
• ਚਿੰਤਾਵਾਂ ਲੈ ਕੇ ਬਿਸਤਰੇ 'ਤੇ ਜਾਣਾ ਆਪਣੀ ਪਿੱਠ 'ਤੇ ਗੱਠੜੀ ਲੈ ਕੇ ਸੌਣ ਦੇ ਬਰਾਬਰ ਹੈ |
• ਚਿੰਤਾ ਜੀਵਨ ਵਿਚ ਕਾਇਰਤਾ ਅਤੇ ਜ਼ਹਿਰ ਭਰ ਦਿੰਦੀ ਹੈ |
• ਕੰਮ ਕਦੇ ਵੀ ਵੱਧ ਨਹੀਂ ਹੁੰਦਾ, ਚਿੰਤਾ ਉਸ ਨੂੰ ਵਧ ਬਣਾ ਦਿੰਦੀ ਹੈ |
• ਸੁਬਹਾ ਤੋਂ ਸ਼ਾਮ ਤੱਕ ਕੰਮ ਕਰ ਕੇ ਆਦਮੀ ਓਨਾ ਨਹੀਂ ਥੱਕਦਾ ਜਿੰਨਾ ਕ੍ਰੋਧ ਜਾਂ ਚਿੰਤਾ ਦੇ ਇਕ ਘੰਟੇ ਵਿਚ ਥੱਕ ਜਾਂਦਾ ਹੈ |
• ਚਿੰਤਾਵਾਂ ਸਾਨੂੰ ਨਿਰਾਸ਼ਾਵਾਦੀ ਬਣਾਉਂਦੀਆਂ ਹਨ ਤੇ ਚਿਖਾ ਤੱਕ ਛੇਤੀ ਪਹੁੰਚਾ ਦਿੰਦੀਆਂ ਹਨ |
• ਸਮੱਸਿਆਵਾਂ ਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਚਿੰਤਾ ਕਰਨਾ, ਆਪਣੀ ਹਾਨੀ ਕਰਨਾ ਹੁੰਦਾ ਹੈ |
• ਚਿੰਤਾਵਾਂ ਮਨੁੱਖ ਦੀ ਸਾਰੀ ਊਰਜਾ/ਸ਼ਕਤੀ ਖ਼ਤਮ ਕਰ ਦਿੰਦੀਆਂ ਹਨ |
• ਚਿੰਤਾ ਮਸਤਕ ਨੂੰ ਧੰੁਦਲਾ ਅਤੇ ਸੋਚਣ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ | ਚਿੰਤਾ ਤੁਹਾਡੀਆਂ ਆਪਣੀਆਂ ਖ਼ੁਸ਼ੀਆਂ ਨੂੰ ਹੀ ਖਤਮ ਨਹੀਂ ਕਰਦੀ, ਸਗੋਂ ਦੂਸਰਿਆਂ ਦੀਆਂ ਖ਼ੁਸ਼ੀਆਂ ਨੂੰ ਵੀ ਖ਼ਤਮ ਕਰ ਦਿੰਦੀ ਹੈ |
• ਬੀਤੇ ਹੋਏ ਸਮੇਂ ਨੂੰ ਤੁਸੀਂ ਬਦਲ ਨਹੀਂ ਸਕਦੇ ਪਰ ਭਵਿੱਖ ਦੀ ਚਿੰਤਾ ਕਰ ਕੇ ਤੁਸੀਂ ਆਪਣੇ ਵਰਤਮਾਨ ਸਮੇਂ ਨੂੰ ਬਰਬਾਦ/ਨਸ਼ਟ ਕਰ ਸਕਦੇ ਹੋ |
• ਚਿੰਤਾ ਇਸ ਤਰ੍ਹਾਂ ਦੀ ਕਾਲੀ ਦੀਵਾਰ ਦਾ ਨਿਰਮਾਣ ਕਰ ਦਿੰਦੀ ਹੈ ਜਿਸ ਵਿਚ ਘਿਰਨ ਤੋਂ ਬਾਅਦ ਫਿਰ ਕੋਈ ਗਲੀ ਨਹੀਂ ਸੁੱਝਦੀ |
• ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਕਿ:
ਗਮ ਸਾਹਾਂ ਨੂੰ ਸੂਤਦੇ, ਗਮ ਹੀ ਰਤ ਸੁਕਾਉਣ |
ਉਮਰਾਂ ਲੰਮ-ਸੁਲੰਮੀਆਂ, ਜੇ ਗ਼ਮ ਨੇੜੇ ਨਾ ਆਉਣ |
ਉਸ ਵਿਚ ਹੋਣ ਖਰਾਬੀਆਂ, ਖੂਬੀ ਲੱਭੇ ਘੱਟ |
ਜੋ ਆਪਣੇ ਗੁਣ ਗਾਣ ਦੀ, ਲਾਈ ਰੱਖੇ ਰੱਟ |
• ਬਿਮਾਰ ਹੋਣ ਤੋਂ ਬਚਣ ਲਈ ਘੱਟ ਖਾਓ | ਜ਼ਿੰਦਗੀ ਨੂੰ ਲੰਮੇਰੀ ਕਰਨ ਲਈ ਚਿੰਤਾ ਘੱਟ ਕਰੋ, ਕਿਉਂਕਿ ਚਿੰਤਾ ਜ਼ਿੰਦਗੀ ਦੀ ਦੁਸ਼ਮਣ ਹੈ | ਜ਼ਿੰਦਗੀ ਉਹ ਹੈ ਜੋ ਮਰਜ਼ੀ ਨਾਲ ਜੀਵੀ ਜਾਵੇ ਵਰਨਾ ਜ਼ਿੰਦਗੀ ਕੇਵਲ ਟਾਈਮ ਪਾਸ ਹੈ |
• ਚਿੰਤਾ ਅਤੇ ਗੁੱਸੇ ਦਾ ਪ੍ਰਭਾਵ ਸਾਡੇ ਦਿਲ 'ਤੇ ਚੰਗਾ ਨਹੀਂ ਪੈਂਦਾ | ਯੂਨੀਵਰਸਿਟੀ ਆਫ਼ ਫਿਟਸਬਰਗ, ਸਕੂਲ ਆਫ਼ ਮੈਡੀਸਨ ਦੇ ਮਾਹਿਰਾਂ ਵਲੋਂ ਇਹ ਖੋਜ ਕੀਤੀ ਗਈ ਹੈ |
• ਪਾਣੀ ਦੇ ਭਰੇ ਗਿਲਾਸ ਨੂੰ ਜੇ 1-2 ਮਿੰਟ ਫੜੀ ਰੱਖਾਂਗੇ ਤਾਂ ਇਹ ਹਲਕਾ ਲਗਦਾ ਹੈ | ਜੇ ਇਕ ਘੰਟਾ ਫੜੀ ਰੱਖੀਏ ਤਾਂ ਇਸ ਦੇ ਭਾਰ ਨਾਲ ਹੱਥ ਵਿਚ ਥੋੜ੍ਹਾ ਦਰਦ ਹੋਵੇਗਾ ਤੇ ਜੇ ਇਸ ਨੂੰ ਪੂਰਾ ਦਿਨ ਫੜੀ ਰੱਖੀਏ ਤਾਂ ਹੱਥ ਇਕਦਮ ਸੰੁਨ ਪੈ ਸਕਦੇ ਹਨ ਅਤੇ ਗਿਲਾਸ ਏਨਾ ਭਾਰਾ ਲਗਣ ਲੱਗੇਗਾ ਕਿ ਉਹ ਹੱਥੋਂ ਛੁਟਣ ਲੱਗੇਗਾ | ਇਸੇ ਤਰ੍ਹਾਂ ਜ਼ਿੰਦਗੀ ਵਿਚ ਚਿੰਤਾਵਾਂ ਤੇ ਤਣਾਅ ਕਾਫ਼ੀ ਹੱਦ ਤੱਕ ਹੱਥ ਵਿਚ ਫੜੇ ਪਾਣੀ ਦੇ ਗਿਲਾਸ ਵਾਂਗ ਹਨ | ਜੇ ਇਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਸੋਚੋ ਤਾਂ ਕੁਝ ਨਹੀਂ ਹੋਵੇਗਾ | ਥੋੜ੍ਹਾ ਜ਼ਿਆਦਾ ਸਮਾਂ ਸੋਚੋ ਤਾਂ ਇਸ ਨਾਲ ਥੋੜ੍ਹਾ ਸਿਰ ਦਰਦ ਹੋਣਾ ਸ਼ੁਰੂ ਹੋਵੇਗਾ, ਜੇ ਇਨ੍ਹਾਂ ਨੂੰ ਪੂਰਾ ਸੋਚੋਗੇ ਤਾਂ ਤੁਹਾਡਾ ਦਿਮਾਗ ਸੰੁਨ ਪੈ ਸਕਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਕਹਾਣੀ: ਮਾਂ, ਡੱਡਾਂ ਤੇ ਮੈਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨੌਕਰੀ ਮਿਲਣ ਦੇ ਨਾਲ ਈ ਵਿਆਹ ਕਰਤਾ ਘਰਦਿਆਂ ਨੇ, ਸਾਲ ਬਾਅਦ ਜਦੋਂ ਬੇਟਾ ਪੈਦਾ ਹੋਇਆ ਤਾਂ ਉਹਨੂੰ ਸਾਂਭਣ ਲਈ ਮਾਂ ਨੂੰ ਸੱਦਾ ਭੇਜਿਆ, ਕਿਉਂਕਿ ਮੇਰੀ ਘਰ ਵਾਲੀ ਨੌਕਰੀ ਕਰਦੀ ਸੀ | ਭੱਜੀ ਆਈ ਆਵਦੇ ਪੜਪੋਤੇ ਨੂੰ ਸਾਂਭਣ, 80 ਸਾਲ ਦੀ ਉਮਰ 'ਚ | ਇਕ ਦਿਨ ਕਿਸੇ ਗਲੋਂ ਖਿਝਿਆ ਹੋਇਆ ਯੂਨੀਵਰਸਿਟੀ ਤੋਂ ਵਾਪਸ ਆਇਆ ਤਾਂ ਉਹ ਬੇਟੇ ਨੂੰ ਦਸਤ ਲੱਗਣ ਕਾਰਨ ਵਾਰ-ਵਾਰ ਉਹਦੀ ਸਫਾਈ ਕਰਨ ਕਰਕੇ ਕੁਝ ਖਿਝੀ ਹੋਈ ਸੀ | ਬੇਟਾ ਰੋਣੋਂ ਚੁੱਪ ਨਹੀਂ ਸੀ ਹੋ ਰਿਹਾ | ਮੈਂ ਦੋ ਤਿੰਨ ਵਾਰ ਲਗਾਤਾਰ ਉਹਨੂੰ ਚੁੱਪ ਕਰਵਾਉਣ ਨੂੰ ਕਿਹਾ ਤਾਂ ਅੱਗੋਂ ਝਈ ਲੈ ਕੇ ਪਈ, 'ਮੈਥੋਂ ਨੀ ਸੰਭਦਾ ਤੇਰਾ ਜੁਆਕ | ਪਿੰਡ ਛੱਡਿਆ ਮੈਨੂੰ |' 'ਆਵਦੇ ਕਿਵੇਂ ਪਾਲੇ ਸੀ', ਮੇਰੇ ਮੰੂਹੋਂ ਗੁੱਸੇ 'ਚ ਨਿਕਲ ਗਿਆ | ਬਸ ਫੇਰ ਤਾਂ ਪੁੱਛੋੋ ਨਾ, ਘਰਵਾਲੀ ਜਦੋਂ ਸਕੂਲੋਂ ਮੁੜੀ ਤਾਂ ਆਉਂਦੀ ਨੂੰ ਟੁੱਟ ਕੇ ਪੈ ਗਈ, ਅਖੇ ਮੈਨੂੰ ਕਹਿੰਦਾ ਆਵਦੇ ਕਿਵੇਂ ਪਾਲੇ ਸੀ, ਸ਼ਰਮ ਨਾ ਆਈ ਇਹਨੂੰ ਇਹ ਗੱਲ ਕਹਿੰਦਿਆਂ |
ਜਦੋਂ ਵਾਪਸ ਪਿੰਡ ਗਈ ਤਾਂ ਛੱਜ 'ਚ ਪਾ ਕੇ ਛੱਟਿਆ ਮੈਨੂੰ ਘਰਾਂ ਦੀਆਂ ਜ਼ਨਾਨੀਆਂ 'ਚ | ਮੈਂ ਮਿਲਣ ਗਿਆ ਤਾਂ ਉਹ ਪਹਿਲਾਂ ਵਾਂਗ ਹੀ ਗਲ ਲੱਗ ਕੇ ਰੋਈ, ਕੋਈ ਗਿਲਾ ਨੀ ਸੀ ਉਹਦੇ ਮਨ 'ਚ, ਪਰ ਆਂਢ-ਗੁਆਂਢ ਦੀਆਂ ਜ਼ਨਾਨੀਆਂ, ਸਣੇ ਚਾਚੀਆਂ-ਤਾਈਆਂ, ਮੁਸਕੜੀਆਂ 'ਚ ਹੱਸਣ, ਮੈਨੂੰ ਧਰਤੀ ਵਿਹਲ ਨਾ ਦੇਵੇ, 'ਆਪਣੇ ਕਿਵੇਂ ਪਾਲੇ ਸੀ', ਕਹੇ ਸ਼ਬਦ ਯਾਦ ਕਰਦਿਆਂ | ਸਮਾਂ ਲੰਘਦਾ ਗਿਆ, ਜੁਆਕ ਜਵਾਨ ਹੋ ਗਏ ਤੇ ਮਾਂ ਹੋਰ ਬੁੱਢੀ | ਪਰ 100 ਸਾਲ ਦੀ ਹੋਣ ਦੇ ਬਾਵਜੂਦ ਆਂਢ-ਗੁਆਂਢ ਤੁਰੀ ਫਿਰਦੀ ਸੀ ਖੰੂਡੀ ਲੈ ਕੇ, ਕਦੇ-ਕਦੇ ਪਿਤਾ ਜੀ ਮੁਕਤਸਰ ਲੈ ਜਾਂਦੇ, ਪਰ ਛੇਤੀ ਪਿੰਡ ਮੁੜ ਜਾਇਆ ਕਰੇ ਬਹਾਨਾ ਲਾ ਕੇ ਸ਼ਹਿਰ 'ਚ ਰਿੜਕਨੇ ਦੀ ਲੱਸੀ ਨੀ ਮਿਲਦੀ | ਫਿਰ ਇਕ ਦਿਨ ਪਿੰਡੋਂ ਫੋਨ ਆਇਆ ਲੁਧਿਆਣੇ ਮੈਨੂੰ, ਕਿ ਮਾਂ ਦਾ ਡਿੱਗ ਕੇ ਚੂਕਣਾ ਟੁੱਟ ਗਿਆ ਤੇ ਮੁਕਤਸਰ ਦਾਖਲ ਐ ਹਸਪਤਾਲ 'ਚ | ਮੈਂ ਜਦੋਂ ਪਹੁੰਚਿਆ ਤਾਂ ਬਹੁਤ ਰੋਈ ਗਲ ਲੱਗ ਕੇ | ਡਾਕਟਰਾਂ ਨੇ ਜਵਾਬ ਦੇ ਦਿੱਤਾ ਇਹ ਕਹਿ ਕੇ ਇਕ ਏਸ ਉਮਰ 'ਚ ਆਪ੍ਰੇਸ਼ਨ ਮੁਸ਼ਕਿਲ ਐ | ਕਈ ਦਿਨ ਪਈ ਰਹੀ, ਹੌਲੀ-ਹੌਲੀ ਹੱਡੀ ਜੁੜਦੀ-ਜੁੜਦੀ ਜੁੜ ਗਈ ਤੇ ਇਕ ਦਿਨ ਉਠ ਕੇ ਫਿਰ ਤੁਰਨ ਲੱਗ ਪਈ | ਸਾਰਾ ਪਿੰਡ ਹੈਰਾਨ ਸੀ, 'ਕੰਮ ਬਹੁਤ ਕੀਤੇ ਬੇਬੇ ਨੇ ਸਾਰੀ ਉਮਰ ਬਈ', ਉਹਦਾ ਫਲ ਐ, ਉਹ ਗੱਲਾਂ ਕਰਦੇ | ਮਹੀਨਾ ਕੁ ਲੰਘਿਆ ਤੇ ਉਹ ਫੇਰ ਡਿੱਗ ਪਈ, ਫੇਰ ਕਦੇ ਨਾ ਉੱਠਣ ਲਈ | ਚਾਚੀ ਨੇ ਬਹੁਤ ਸੇਵਾ ਕੀਤੀ, ਪਰ ਇਕ ਦਿਨ ਉਹਦੇ ਉਸ ਘਰ ਤੁਰਨ ਦਾ ਸੁਨੇਹਾ ਆ ਗਿਆ, ਜਿਥੋਂ ਕੋਈ ਵਾਪਸ ਨੀ ਮੁੜਦਾ | ਪਿੰਡ ਪਹੁੰਚਦਿਆਂ-ਪਹੁੰਚਦਿਆਂ ਆਥਣ ਹੋਗੀ, ਸਾਨੂੰ ਈ ਉਡਕਦੇ ਖੜ੍ਹੇ ਸੀ ਸਾਰੇ | ਮੈਨੂੰ ਲੱਗਿਆ ਜਿਵੇਂ ਕਿਸੇ ਨੇ ਵਿਚੋਂ ਕਿਹਾ ਹੋਵੇ, ਸ਼ਰਮ ਤਾਂ ਨੀਂ ਆਈ ਸਭ ਤੋਂ ਪਿਛੋਂ ਪਹੁੰਚਦੇ ਨੂੰ , ਸਾਰਿਆਂ ਤੋਂ ਲਾਡਲਾ ਸੀ ਉਹਦਾ | ਅਰਥੀ ਚੁੱਕੀ ਤਾਂ ਚਾਚੇ ਨੇ ਲੇਰ ਮਾਰੀ 'ਮਾਂ ਹੁਣ ਫੇਰ ਕਦੋਂ ਆਵੇਂਗੀ' ਮੈਂ ਕਹਿੰਦਾ-ਕਹਿਦਾ ਰਹਿ ਗਿਆ, ਵੇਖ ਕਿਵੇਂ ਖੇਖਣ ਕਰਦੈ, ਸਾਰੀ ਉਮਰ ਕੋਲ ਬਹਿ ਕੇ ਗੱਲ ਨੀ ਕੀਤੀ, ਤਰਸਦੀ ਰਹਿਗੀ | ਉਹ ਦੇਹ ਨੂੰ ਲਾਂਬੰੂ ਲੱਗਣ ਸਾਰ ਸਾਰਾ ਪਿੰਡ ਤੇ ਰਿਸ਼ਤੇਦਾਰ ਪਿੰਡ ਦੇ ਗੁਰਦੁਆਰੇ ਨੂੰ ਹੋਰ ਤੁਰੇ | ਮੈਂ ਬੈਠਾ ਰਿਹਾ ਸਿਵਿਆਂ 'ਚ ਤੇ ਮੈਨੂੰ ਵੇਖ ਕੇ ਘਰਾਂ 'ਚੋਂ ਭਰਾ ਲਗਦਾ ਬਸੰਤਾ ਵੀ | ਥੋੜੇ੍ਹ ਚਿਰ ਪਿਛੋਂ ਬਸੰਤਾ ਬੋਲਿਆ, 'ਸੁਆਹ ਈ ਰਹਿ ਗਈ ਹੁਣ ਤਾਂ, ਚੱਲ ਉਠ ਚੱਲੀਏ ਗੁਰਦੁਆਰੇ' ਤੇ ਮੈਂ ਬਿਨਾਂ ਬੋਲੇ ਅੱਗੇ ਲੱਗ ਤੁਰਿਆ | ਛੱਪੜ ਕੋਲ ਪਹੁੰਚੇ ਤਾਂ ਮੈਂ ਅੱਡ ਹੋ ਕੇ ਉਹਦੀ ਢਲਾਣ ਉੱਤਰ ਗਿਆ, ਪਾਣੀ ਦੇ ਨਾਲ-ਨਾਲ ਗਿੱਲੀ ਰੇਤ ਤੇ ਡੱਡਾਂ ਈ ਡੱਡਾਂ ਬੈਠੀਆਂ ਸਨ | ਮੈਂ ਗਿੱਲੀ ਰੇਤ 'ਤੇ ਪਾਣੀ ਦੇ ਨਾਲ-ਨਾਲ ਤੁਰਦਾ ਗਿਆ, ਕਿਸੇ ਵੀ ਡੱਡ ਨੇ ਪਹਿਲਾਂ ਵਾਂਗ ਡਰ ਕੇ ਪਾਣੀ 'ਚ ਛਾਲ ਨਾ ਮਾਰੀ | ਮੈਨੂੰ ਲੱਗਿਆ ਜਿਵੇਂ ਉਹ ਇਕ-ਦੂਜੀ ਨੂੰ ਕਹਿ ਰਹੀਆਂ, 'ਬੇਬੇ ਨੰਦ ਕੌਰ ਦਾ ਪੋਤਾ ਐ, ਆਪਾਂ ਨੂੰ ਥੋੜ੍ਹਾ ਮਿੱਧ ਦਿਊਗਾ |' ਹੁਣ ਵੀ ਯੂਨੀਵਰਸਿਟੀ 'ਚ ਰਹਿੰਦਿਆਂ ਜਦੋਂ ਕਦੇ ਹਨੇਰੇ ਸਵੇਰੇ ਘਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਲਾਅਨ 'ਚ ਜਾਣ ਲੱਗਿਆਂ ਪੈਰਾਂ ਕੋਲ ਕਦੇ ਕੋਈ ਡੱਡ ਦਿਸ ਪਵੇ ਤਾਂ ਪਿੰਡ ਚਾਚੇ ਦੇ ਘਰ ਖੜ੍ਹੀਆਂ ਮੱਝਾਂ ਅੱਖਾਂ ਅੱਗੇ ਆ ਜਾਂਦੀਆਂ ਤੇ ਪੈਰ ਆਪਣੇ-ਆਪ ਵਾਪਸ ਦਰਵਾਜ਼ੇ ਅੰਦਰ ਮੁੜ ਆਉਂਦੇ ਹਨ | ਗੁਰਦੁਆਰਾ ਸਾਹਿਬ ਪਹੁੰਚੇ ਤਾਂ ਅਰਦਾਸ ਹੋ ਚੁੱਕੀ ਸੀ | ਘਰੇ ਜਾ ਕੇ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ ਮਾਂ ਦੀਆਂ | ਮੰਜਾ ਚੁੱਕ ਮੈਂ ਖੁੱਲ੍ਹੇ ਅਸਮਾਨ ਥੱਲੇ ਡਾਹ ਲਿਆ | ਤਾਰਿਆਂ ਵੱਲ ਵੇਖ ਕੇ ਸੋਚਣ ਲੱਗਿਆ, 'ਮਾਂ ਨੇ ਲਗਪਗ 75 ਸਾਲ ਬਿਤਾਏ ਇਸ ਘਰ 'ਚ 25 ਸਾਲ ਦੀ ਸੀ ਜਦੋਂ ਵਿਆਹ ਕੇ ਆਈ ਬਾਪੂ ਨਾਲ | ਕਹਿੰਦੇ ਸੀ ਊਠਾਂ 'ਤੇ ਢੁੱਕੀ ਸੀ ਜੰਨ | 1933-34 ਦੇ ਆਸ-ਪਾਸ ਦੀ ਗੱਲ ਹੋਣੀ ਐ, ਕਈ ਦਿਨ ਰਹੇ ਸੀ ਮਾਂ ਦੇ ਪੇਕੀਂ | ਮਾਂ ਦੇ ਪਿੰਡ ਦੇ ਲੋਕ ਕਹਿੰਦੇ ਸੀ, 'ਮੰੁਡੇ ਦੀ ਉਮਰ ਤਾਂ ਪੱਕੜ ਐ, ਪਰ ਹੈ ਜੰਨ 'ਚੋਂ ਸਾਰਿਆਂ ਤੋਂ ਸੋਹਣਾ ਤੇ ਜਵਾਨ |' ਗਜ਼ ਚੌੜੀ ਛਾਤੀ ਸੀ ਉਸ ਦੀ, ਨਾ ਕੰਮ ਕਰਦਾ ਥੱਕਦਾ ਤੇ ਨਾ ਖਾਂਦਾ ਰੱਜਦਾ | 46 ਸਾਲ ਦਾ ਸੀ ਉਹ ਵਿਆਹ ਵੇਲੇ | ਕਈ ਸਾਲ ਮਾਂ ਤੋਂ ਲੁਕ ਕੇ ਦਾੜ੍ਹੀ ਰੰਗਦਾ ਰਿਹਾ | ਮਾਂ ਨੂੰ , ਸਾਨੂੰ ਆਪੇ ਦੱਸੀ ਇਸ ਗੱਲ 'ਤੇ, ਅਸੀਂ ਕਦੇ-ਕਦੇ ਛੇੜਦੇ ਹੁੰਦੇ ਸੀ | 90 ਸਾਲ ਦੀ ਉਮਰ ਭੋਗ ਕੇ 1980 'ਚ ਪੂਰਾ ਹੋਇਆ ਉਹ ਤੇ ਮਾਂ 2013 'ਚ ਸੌ ਸਾਲ ਦੀ ਹੋ ਕੇ | ਮਨ ਬਹੁਤ ਉਦਾਸ ਸੀ, ਮੈਂ ਫੇਰ ਤਾਰਿਆਂ ਵੱਲ ਟਿਕ-ਟਿਕੀ ਲਾ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ | ਅਚਨਚੇਤ ਉਹ ਇਕ ਤਾਰੇ 'ਚੋਂ ਉਭਰੀ, 'ਕਿਉਂ ਮੰੂਹ ਸਜਾ ਕੇ ਪਿਐਾ? ਹੁਣ ਹੋਰ ਕਿੰਨਾ ਚਿਰ ਬੈਠੀ ਰਹਿੰਦੀ ਮੈਂ? ਪੂਰੀ ਉਮਰ ਭੋਗ ਕੇ ਆਈ ਆਂ, ਮੈਂ ਤੁਹਾਥੋਂ ਦੂਰ ਥੋੜ੍ਹਾ ਗਈ ਆਂ | ਆਵਦੇ ਚਾਚੇ ਦਾ ਖਿਆਲ ਰੱਖੀਂ, ਊਾ ਚੰਗਾ ਲੱਗਿਆ ਮੈਨੂੰ ਜਦੋਂ ਮੇਰੀ ਲੋਥ ਚੁੱਕਣ ਲੱਗਿਆਂ ਲੇਰ ਮਾਰੀ ਸੀ ਨਿੱਜੜੇ ਨੇ |' ਕੁਝ ਹੰਝੂ ਮੇਰੇ ਕੋਇਆਂ 'ਚੋਂ ਨਿਕਲ ਕੇ ਪੁੜਪੁੜੀਆਂ ਤੇ ਕੰਨ ਹੇਠਦੀ ਹੁੰਦੇ ਹੋਏ ਗਿੱਚੀ ਕੋਲ ਜਾ ਕੇ ਸਿਰਹਾਣੇ ਦੇ ਲੋਗੜ 'ਚ ਸਮਾ ਗਏ | ਕਿੰਨੇ ਸਾਲ ਹੋਗੇ ਉਹਨੂੰ ਗਈ ਨੂੰ , ਕਦੇ-ਕਦੇ ਪਿੰਡ ਜਾਨੈ ਹੁਣ, ਪਰ ਜਦੋਂ ਵੀ ਜਾਵਾਂ ਜਾਂਦਿਆਂ ਸਾਰ ਅੱਖਾਂ ਲੱਭਦੀਐਾ ਉਹਨੂੰ, ਲਗਦੈ ਹੁਣੇ ਐਥੋਂ ਖੰੂਡੀ ਫੜੀ ਕਿਸੇ ਕਮਰੇ 'ਚੋਂ ਨਿਕਲ ਆਊ ਤੇ ਕਹੂ,'ਮੈਂ ਸਦਕੇ ਜਾਵਾਂ, ਆ ਗਿਆ ਮੇਰਾ ਪਿੰਦਰ |' (ਸਮਾਪਤ)

-8/33, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ |
ਮੋਬਾਈਲ : 75085-02300.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX