ਤਾਜਾ ਖ਼ਬਰਾਂ


ਲੌਂਗੋਵਾਲ ਵੈਨ ਹਾਦਸੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਸਿਮਰਜੀਤ ਬੈਂਸ ਨੇ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ.ਸ. ਖੰਨਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੌਂਗੋਵਾਲ ਪੁੱਜ ਕੇ ਵੈਨ ਹਾਦਸੇ ਵਿਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨਾਂ ਪਰਿਵਾਰ ਨਾਲ ...
ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ 5 ਮਾਰਚ ਤੋਂ ਹਵਾਈ ਉਡਾਣ ਸ਼ੁਰੂ ਹੋਵੇਗੀ-ਪ੍ਰੋ. ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੰਮੇ ਅਰਸੇ ਤੋਂ ਲੋਕਾਂ ਵੱਲੋਂ ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਫਾਈ ...
ਡੇਰਾਬਸੀ ਰੇਲਵੇ ਲਾਈਨ ਤੋਂ ਨੌਜਵਾਨ ਦੀ ਬਿਨਾਂ ਸਿਰ ਮਿਲੀ ਲਾਸ਼
. . .  1 day ago
ਡੇਰਾਬਸੀ ,19 ਫਰਵਰੀ (ਸ਼ਾਮ ਸਿੰਘ ਸੰਧੂ)-ਡੇਰਾਬਸੀ ਕੈਂਟਰ ਯੂਨੀਅਨ ਨੇੜਿਉਂ ਲੰਘਦੀ ਰੇਲਵੇ ਲਾਈਨ ਤੋਂ ਇੱਕ 19 ਸਾਲਾਂ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਬਿਨਾਂ ਸਿਰ ਤੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਮਿਤ ਪੁੱਤਰ ਰਾਜੂ ਮੁਗ਼ਲ...
ਭਗਵੰਤ ਮਾਨ ਦੀ ਹਾਜ਼ਰੀ 'ਚ ਬਲਾਚੌਰ 'ਚ ਹੋਈ ਸਿਆਸੀ ਹਲਚਲ
. . .  1 day ago
ਬਲਾਚੌਰ, 19 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਸਾਬਕਾ ਵਿਧਾਇਕ ਬਲਾਚੌਰ ਐਡਵੋਕੇਟ ਰਾਮ ਕਿਸ਼ਨ ਕਟਾਰੀਆ ਅਤੇ ਉਨ੍ਹਾਂ ਦੀ ਨੂੰਹ ਸੰਤੋਸ਼ ਕਟਾਰੀਆ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸਿਰਮੌਰ ਆਗੂਆਂ ਹਰਪਾਲ ਸਿੰਘ...
ਸੈਸ਼ਨ ਵਧਾਉਣ ਵਿਚ ਕੋਈ ਦਿੱਕਤ ਨਹੀਂ ਹੈ ਪਰ ਅਕਾਲੀ ਦਲ ਸੈਸ਼ਨ ਵਿਚ ਆਉਂਦਾ ਹੀ ਨਹੀਂ - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ
. . .  1 day ago
ਫ਼ਾਜ਼ਿਲਕਾ, 19 ਫਰਵਰੀ (ਪ੍ਰਦੀਪ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਬਜਟ ਇਜਲਾਸ ਦੇ ਸੈਸ਼ਨ ਨੂੰ ਵਧਾਉਣ ਦੀ ਮੰਗ ਤੇ ਫ਼ਾਜ਼ਿਲਕਾ ਫੇਰੀ ਦੌਰਾਨ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪਾਰਟੀ ਤੋਂ ਪੰਜਾਬ...
ਅਕਾਲੀ ਦਲ ਬਾਦਲਾਂ ਤੋਂ ਮੁਕਤ ਤੇ ਸ਼੍ਰੋਮਣੀ ਕਮੇਟੀ ਮਸੰਦਾਂ ਤੋਂ ਮੁਕਤ ਕਰਵਾਉਣਾ ਸਾਡਾ ਮੁੱਖ ਮਕਸਦ - ਸਿਮਰਜੀਤ ਸਿੰਘ ਬੈਂਸ
. . .  1 day ago
ਲੌਂਗੋਵਾਲ,19 ਫਰਵਰੀ (ਸ.ਸ.ਖੰਨਾ,ਵਿਨੋਦ) - ਸਥਾਨਕ ਕਸਬੇ ਅੰਦਰ ਅੱਜ ਕਰਨੈਲ ਸਿੰਘ ਦੁੱਲਟ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਉਨ੍ਹਾਂ ਅਜੀਤ ਨਾਲ ਗੱਲਬਾਤ...
ਭਾਰਤ ਪਾਕਿਸਤਾਨ ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, 56 ਗ੍ਰਾਮ ਅਫ਼ੀਮ, 25 ਰੌਂਦ ਬਰਾਮਦ
. . .  1 day ago
ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)—ਤਰਨ ਤਾਰਨ ਪੁਲਿਸ ਨੇ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਜ਼ੀਰੋ ਲਾਈਨ 'ਤੇ ਬਾਬਾ ਸ਼ੇਖ ਬ੍ਰਹਮ ਜੀ ਦੀ ਮਜ਼ਾਰ ਦੇ ਕੋਲ ਪਾਕਿਸਤਾਨੀ ਸਮਗਲਰਾਂ ਵਲੋਂ ਭਾਰਤੀ ਸਮਗਲਰਾਂ ਲਈ ਭੇਜੀ 4 ਕਿੱਲੋ ਹੈਰੋਇਨ, ਇਕ ਪਿਸਟਲ...
194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 19 ਫਰਵਰੀ (ਅਜੀਤ ਬਿਉਰੋ) - 194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅੱਜ ਐੱਸ.ਟੀ. ਐੱਫ ਵੱਲੋਂ ਅਕਾਲੀ ਆਗੂ ਅਨਵਰ ਮਸੀਹ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਦੱਸਣਯੋਗ...
ਗ੍ਰਹਿ ਮੰਤਰੀ ਨਾਲ ਸ਼ਹੀਨ ਬਾਗ 'ਤੇ ਕੋਈ ਗੱਲਬਾਤ ਨਹੀਂ ਹੋਈ - ਕੇਜਰੀਵਾਲ
. . .  1 day ago
ਨਵੀਂ ਦਿੱਲੀ, 19 ਫਰਵਰੀ - ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉੱਥੇ ਹੀ, ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰਦੇ ਹੋਏ...
ਖੇਮਕਰਨ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ
. . .  1 day ago
ਖੇਮਕਰਨ, 19 ਫਰਵਰੀ (ਸੰਦੀਪ ਮਹਿਤਾ)- ਤਰਨਤਾਰਨ ਦੇ ਸੈਕਟਰ ਖੇਮਕਰਨ ਵਿਖੇ ਭਾਰਤੀ ਸਰਹੱਦੀ ਚੌਕੀ ਮੀਆਂਵਾਲਾ ਦੇ ਇਲਾਕੇ ਤੋਂ ਬੀ. ਐੱਸ. ਐੱਫ. ਅਤੇ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਟਮਾਟਰ, ਮਿਰਚਾਂ ਤੇ ਬੈਂਗਣਾਂ ਦੀ ਲੁਆਈ ਦਾ ਸਮਾਂ

ਆਮ ਤੌਰ 'ਤੇ ਕਿਸਾਨ ਹੁਣ ਫ਼ਰਵਰੀ ਦੇ ਮਹੀਨੇ ਨੂੰ ਵਿਹਲ ਵਾਲਾ ਮਹੀਨਾ ਸਮਝਦੇ ਹਨ। ਹੁਣ ਕਮਾਦ ਦੀ ਪਿੜਾਈ ਤੇ ਫ਼ਸਲਾਂ ਦੀ ਗੁਡਾਈ ਨਹੀਂ ਕੀਤੀ ਜਾਂਦੀ ਪਰ ਇਹ ਮਹੀਨਾ ਸਬਜ਼ੀਆਂ ਦੀ ਬਿਜਾਈ ਲਈ ਢੁਕਵਾਂ ਹੈ। ਟਮਾਟਰ, ਮਿਰਚਾਂ ਤੇ ਬੈਂਗਣਾਂ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਗਾਉਣ ਦਾ ਇਹ ਢੁਕਵਾਂ ਸਮਾਂ ਹੈ।
ਬੈਂਗਣਾਂ ਦੀ ਪਨੀਰੀ ਪੁੱਟ ਕੇ ਲਗਾਉਣ ਦਾ ਇਹ ਢੁਕਵਾਂ ਸਮਾਂ ਹੈ। ਪੰਜਾਬ ਨੀਲਮ, ਪੀ ਬੀ ਐਚ ਆਰ-41, ਪੀ ਬੀ ਐਚ ਆਰ-42, ਬੀ ਐਚ-2, ਗੋਲ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐਚ-5, ਪੀ ਬੀ ਐਚ-4, ਪੰਜਾਬ ਸਦਾਬਹਾਰ ਅਤੇ ਪੰਜਾਬ ਰੌਣਕ ਲੰਬੇ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐਚ-3 ਪੰਜਾਬ ਭਰਪੂਰ ਅਤੇ ਪੰਜਾਬ ਨਗੀਨਾ ਬੈਂਗਣੀ ਦੀਆਂ ਕਿਸਮਾਂ ਹਨ। ਸਭ ਤੋਂ ਵਧ ਝਾੜ ਦੋਗਲੀ ਕਿਸਮ ਪੀ ਬੀ ਐਚ-4 ਦਾ ਕੋਈ 270 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ 35 ਸੈਂਟੀਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ 55 ਕਿੱਲੋ ਯੂਰੀਆ, 155 ਕਿੱਲੋ ਸੁਪਰਫਾਸਫੇਟ ਅਤੇ 20 ਕਿੱਲੋ ਮਿਊਰੇਟ ਆਫ ਪੋਟਾਸ਼ ਡ੍ਰਿਲ ਨਾਲ ਪਾਵੋ।
ਇਸ ਮਹੀਨੇ ਟਮਾਟਰਾਂ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਈ ਜਾ ਸਕਦੀ ਹੈ। ਇਸ ਮੌਸਮ ਲਈ ਪੰਜਾਬ ਗੌਰਵ, ਪੰਜਾਬ ਸਰਤਾਜ, ਟੀ ਐਚ - 1 ਪੰਜਾਬ ਸਵਰਨਾ, ਪੰਜਾਬ ਸੋਨਾ ਚੈਰੀ ਅਤੇ ਪੰਜਾਬ ਵਰਖਾ ਬਹਾਰ-2 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਟੀ ਐਚ-1 ਤੋਂ ਕੋਈ 245 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। ਬੂਟੇ ਲਗਾਉਂਦੇ ਸਮੇਂ ਕਤਾਰਾਂ ਵਿਚਕਾਰ ਫ਼ਾਸਲਾ 130 ਅਤੇ ਬੂਟਿਆਂ ਵਿਚਕਾਰ ਫਾਸਲਾ 30 ਸੈਂਟੀਮੀਟਰ ਰਖਣਾ ਚਾਹੀਦਾ ਹੈ। ਟਮਾਟਰਾਂ ਨੂੰ ਵੀ ਬੈਂਗਣਾਂ ਦੇ ਬਰਾਬਰ ਹੀ ਖਾਦ ਚਾਹੀਦੀ ਹੈ। ਮਿਰਚਾਂ ਦੀ ਪਨੀਰੀ ਵੀ ਹੁਣ ਪੁੱਟ ਕੇ ਲਗਾਉਣ ਦਾ ਸਮਾਂ ਹੈ। ਸੀ ਐਚ-27, ਸੀ ਐਚ-3, ਸੀ ਐਚ-1 ਦੋਗਲੀਆਂ ਕਿਸਮਾਂ ਹਨ। ਪੰਜਾਬ ਸੰਧੂਰੀ, ਪੰਜਾਬ ਸੁਰਖ ਅਤੇ ਪੰਜਾਬ ਗੁਛੇਦਾਰ ਦੂਸਰੀਆਂ ਕਿਸਮਾਂ ਹਨ। ਬੂਟਿਆਂ ਨੂੰ 45 ਸੈਂਟੀਮੀਟਰ ਦੇ ਫਾਸਲੇ ਉੱਤੇ ਲਗਾਵੋ। ਲਾਈਨਾਂ ਵਿਚਕਾਰ 75 ਸੈਂਟੀਮੀਟਰ ਫ਼ਾਸਲਾ ਰੱਖੋ, ਦੋਗਲੀਆਂ ਕਿਸਮਾਂ 100 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀਆਂ ਹਨ।
ਇਨ੍ਹਾਂ ਤਿੰਨਾਂ ਸਬਜ਼ੀਆਂ ਦੇ ਬੂਟੇ ਲਗਾਉਣ ਤੋਂ ਤੁਰੰਤ ਪਿਛੋਂ ਪਾਣੀ ਦੇਣਾ ਜ਼ਰੂਰੀ ਹੈ। ਮੁੜ ਲੋੜ ਅਨੁਸਾਰ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਖੇਤ ਵਿਚ ਨਦੀਨ ਨਹੀਂ ਹੋਣੇ ਚਾਹੀਦੇ। ਸਾਰੀਆਂ ਸਬਜ਼ੀਆਂ ਦੇਸੀ ਰੂੜੀ ਨੂੰ ਬਹੁਤ ਮੰਨਦੀਆਂ ਹਨ। ਇਸ ਕਰਕੇ ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਵਧੀਆ ਰੂੜੀ ਪ੍ਰਤੀ ਏਕੜ ਜ਼ਰੂਰ ਪਾਉਣੀ ਚਾਹੀਦੀ ਹੈ।
ਮਾਹਿਰਾਂ ਅਨੁਸਾਰ ਇਸ ਮਹੀਨੇ ਮੱਕੀ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਹ ਵੀ ਮੰਨਿਆ ਗਿਆ ਹੈ ਕਿ ਹੁਣ ਦੀ ਮੱਕੀ ਦਾ ਝਾੜ ਗਰਮੀਆਂ ਵਿਚ ਬੀਜੀ ਮੱਕੀ ਤੋਂ ਵਧ ਨਿਕਲਦਾ ਹੈ। ਇਸ ਮੌਸਮ ਵਿਚ ਕਾਸ਼ਤ ਲਈ ਪੀ 1844, ਪੀ ਐਮ ਐਚ 10, ਡੀ ਕੇ ਸੀ 9108, ਪੀ ਐਮ ਐਚ 8, ਪੀ ਐਮ ਐਚ 7 ਅਤੇ ਪੀ ਐਮ ਐਚ 1 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀ 1844 ਤੋਂ 32 ਕੁਇੰਟਲ ਝਾੜ ਪ੍ਰਾਪਤ ਹੁੰਦਾ ਹੈ ਤੇ ਇਹ ਪੱਕਣ ਵਿਚ 120 ਦਿਨ ਲੈਂਦੀ ਹੈ। ਬਿਜਾਈ ਵੱਟਾਂ ਉੱਤੇ 6 ਤੋਂ 7 ਸੈਂਟੀਮੀਟਰ ਦੀ ਉੱਚਾਈ ਉੱਤੇ ਚੋਕੇ ਨਾਲ ਕਰੋ ਅਤੇ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਤਾਂ ਮਿੱਟੀ ਚੜ੍ਹਾ ਦੇਵੋ। ਇਕ ਏਕੜ ਲਈ 10 ਕਿੱਲੋ ਬੀਜ ਚਾਹੀਦਾ ਹੈ। ਬਿਜਾਈ ਤੋਂ 15 ਦਿਨਾਂ ਪਿਛੋਂ ਪਹਿਲੀ ਗੋਡੀ ਕਰੋ। ਮੱਕੀ ਵੀ ਰੂੜੀ ਦੀ ਖਾਦ ਨੂੰ ਬਹੁਤ ਮੰਨਦੀ ਹੈ। ਬਿਜਾਈ ਸਮੇਂ ਛੇ ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਈ ਜਾਵੇ। ਜੇਕਰ ਪਰਾਲੀ ਦੀ ਖਾਦ ਬਣਾਈ ਹੈ ਤਾਂ ਰੂੜੀ ਦੀ ਥਾਂ 180 ਕਿੱਲੋ ਪਰਾਲੀ ਦੀ ਖਾਦ ਪ੍ਰਤੀ ਏਕੜ ਪਾਵੋ।


ਖ਼ਬਰ ਸ਼ੇਅਰ ਕਰੋ

ਪੱਤਝੜੀ ਫਲਦਾਰ ਬੂਟਿਆਂ ਦੀ ਕਾਸ਼ਤ

ਫਲ਼ਦਾਰ ਬੂਟੇ ਲਗਾਉਣ ਦਾ ਸਮਾਂ: ਸਿਫਾਰਸ਼ ਕੀਤੀਆਂ ਕਿਸਮਾਂ ਦੇ ਫਲ਼ਦਾਰ ਬੂਟੇ ਜਨਵਰੀ ਤੇ ਫਰਵਰੀ ਮਹੀਨਿਆਂ ਵਿਚ ਲਗਾ ਦਿਉ। ਇਹ ਬੂਟੇ ਨਵੀਂ ਫੋਟ ਸ਼ੁਰੂ ਹੋਣ ਤੋ ਪਹਿਲਾਂ ਬਾਗ਼ ਵਿਚ ਲਗਾ ਦੇਣੇ ਚਾਹੀਦੇ ਹਨ। ਇਨ੍ਹਾਂ ਬੂਟਿਆਂ ਵਿਚ ਆੜੂ ਅਤੇ ਅਲੂਚਾ ਜਿਨ੍ਹਾਂ ਵਿਚ ਨਵੀਂ ਫੋਟ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਅੰਗੂਰ, ਨਾਸ਼ਪਾਤੀ ਅਤੇ ਅਨਾਰ ਦੇ ਬੂਟਿਆਂ ਨੂੰ ਫਰਵਰੀ ਦੇ ਦੂਜੇ ਪੰਦਰਵਾੜੇ ਤੱਕ ਲਗਾ ਦਿਉ।
ਬਾਗ਼ ਦੀ ਜ਼ਮੀਨ ਦੀ ਨਿਸ਼ਾਨਬੰਦੀ: ਬਾਗ਼ ਵਿਚ ਪਤਝੜੀ ਬੂਟੇ ਲਗਾਉਣ ਤੋਂ ਪਹਿਲਾਂ ਬਾਗ਼ ਦੀ ਨਿਸ਼ਾਨਬੰਦੀ ਕਿਸੇ ਬਾਗ਼ਬਾਨੀ ਮਾਹਿਰ ਦੀ ਮਦਦ ਨਾਲ਼ ਕਰਵਾ ਲੈਣੀ ਚਾਹੀਦੀ ਹੈ।
ਫਲ਼ਦਾਰ ਬੂਟੇ ਲਗਾਉਣ ਲਈ ਜ਼ਮੀਨ ਦੀ ਚੋਣ: ਫਲ਼ਦਾਰ ਬੂਟੇ ਲਾਉਣ ਲਈ ਜ਼ਮੀਨ ਡੂੰਘੀ, ਚੰਗੇ ਪਾਣੀ ਦੇ ਨਿਕਾਸ ਵਾਲੀ, ਦਰਮਿਆਨੀ, ਭਾਰੀ ਅਤੇ ਉਪਜਾਊ ਹੋਣੀ ਚਾਹੀਦੀ ਹੈ। ਇਸ ਦੀ 2 ਮੀਟਰ ਤੱਕ ਦੀ ਡੂੰਘਾਈ ਤੱਕ ਕੋਈ ਰੋੜ੍ਹ ਜਾਂ ਸਖਤ ਤਹਿ ਨਹੀਂ ਹੋਣੀ ਚਾਹੀਦੀ ਹੈ। ਇਸ ਵਿਚ ਕੋਈ ਲੂਣਾ ਜਾਂ ਤੇਜ਼ਾਬੀਪਨ ਨਹੀਂ ਹੋਣਾ ਚਾਹੀਦਾ ਹੈ। ਪਾਣੀ ਦਾ ਪੱਧਰ 3 ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ਅਤੇ ਇਸ ਵਿਚ ਕੋਈ ਉਤਰਾਅ-ਚੜ੍ਹਾਅ ਨਹੀਂ ਆਉਣਾ ਚਾਹੀਦਾ ਹੈ। ਫਲ਼ਦਾਰ ਬੂਟਿਆਂ ਵਾਲੀ ਜ਼ਮੀਨ ਦੀ ਹੇਠਲੀ ਤਹਿ 'ਤੇ ਤੱਤਾਂ ਦਾ ਦਰਜਾ ਅਤੇ ਹੋਰ ਹਾਲਤਾਂ ਵੀ ਫ਼ਲਦਾਰ ਬੂਟਿਆਂ ਦੇ ਵਾਧੇ ਲਈ ਬਹੁਤ ਜ਼ਰੂਰੀ ਹਨ। ਇਸ ਕਰਕੇ ਬਾਗ਼ ਲਗਾਉਣ ਤੋਂ ਪਹਿਲਾਂ ਜ਼ਮੀਨ ਦੀ 2 ਮੀਟਰ ਦੀ ਡੂੰਘਾਈ ਤੱਕ ਪਰਖ ਕਰਵਾ ਲੈਣੀ ਚਾਹੀਦੀ ਹੈ। ਇਸ ਕੰਮ ਲਈ ਜ਼ਮੀਨ ਦੀ ਹਰ ਤਹਿ ਵਿੱੱਚੋਂ ਲੋਹੇ ਦੀ ਬੋਕੀ ਜਾਂ ਔਗਰ ਨਾਲ਼ ਜਾਂ ਟੋਆ ਪੁੱਟ ਕੇ 500 ਗ੍ਰਾਮ ਮਿੱਟੀ ਦਾ ਨਮੂਨਾ ਲਉ। ਫਿਰ ਇਹ ਨਮੂਨੇ ਨੇੜੇ ਦੇ ਕਿਸੇ ਸਰਕਾਰੀ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਜਾਂ ਆਪਣੇ ਜ਼ਿਲ੍ਹੇ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨ ਮਾਹਿਰ ਨੂੰ ਭੇਜ ਦਿਉ। ਇਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਜ਼ਮੀਨ ਦੇ ਅਨੁਕੂਲ ਅਤੇ ਬਾਗ਼ਬਾਨੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਬਾਗ਼ ਲਗਾਉਣ ਦੀ ਵਿਉਂਤਬੰਦੀ ਕਰੋ।
ਫਲ਼ਦਾਰ ਬੂਟਿਆਂ ਦੀਆਂ ਕਿਸਮਾਂ ਦੀ ਚੋਣ ਅਤੇ ਖਰੀਦ: ਹਮੇਸ਼ਾਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਸ਼ ਕੀਤੀਆਂ ਫਲ਼ਦਾਰ ਬੂਟਿਆਂ ਦੀਆਂ ਕਿਸਮਾਂ ਹੀ ਬਾਗ਼ ਵਿਚ ਲਗਾਉਣੀਆਂ ਚਾਹੀਦੀਆਂ ਹਨ ਤਾਂ ਕਿ ਚੰਗੀ ਫਲ਼ਾਂ ਦੀ ਪੈਦਾਵਾਰ ਅਤੇ ਗੁਣਵੱਤਾ ਪ੍ਰਾਪਤ ਕੀਤੀ ਜਾ ਸਕੇ। ਇਸ ਮੌਸਮ ਵਿਚ ਵੱਖ-ਵੱਖ ਪਤਝੜੀ ਫਲ਼ਦਾਰ ਬੂਟਿਆਂ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਵੱਖ-ਵੱਖ ਕਿਸਮਾਂ ਨੂੰ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਇਨ੍ਹਾਂ ਬੂਟਿਆਂ ਵਿਚ ਸਖਤ ਨਾਸ਼ਪਾਤੀ ਵਿਚ ਪੰਜਾਬ ਨਾਖ ਅਤੇ ਪੱਥਰਨਾਖ; ਅਰਧ- ਨਰਮਨਾਸ਼ਪਾਤੀ ਵਿਚ ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਬੱਗੂਗੋਸ਼ਾ ;ਨਰਮ ਨਾਸ਼ਪਾਤੀ ਵਿਚ ਨਿਜੀਸਿਕੀ, ਪੰਜਾਬ ਸੋਫਟ; ਆੜੂ ਵਿਚ ਪਰਤਾਪ, ਫਲ਼ੋਰਿਡਾ ਪ੍ਰਿੰਸ, ਸ਼ਾਨੇ-ਪੰਜਾਬ, ਅਰਲੀ ਗਰੈਂਡ, ਪ੍ਰਭਾਤ, ਸ਼ਰਬਤੀ, ਪੰਜਾਬ ਨੈਕਟਰੇਨ: ਅਲੂਚਾ ਵਿਚ ਸਤਲੁਜ ਪਰਪਲ, ਕਾਲਾ ਅੰਮ੍ਰਿਤਸਰੀ, ਅੰਗੂਰ ਵਿਚ ਸੁਪੀਰੀਅਰ ਸੀਡਲੈਸ, ਪੰਜਾਬ ਪਰਪਲ, ਫਲ਼ੇਮ ਸੀਡਲੈਸ, ਬਿਊਟੀ ਸੀਡਲੈਸ, ਪਰਲਿਟ; ਅਨਾਰ ਵਿਚ ਗਨੇਸ਼ ਅਤੇ ਕੰਧਾਰੀ, ਅੰਜੀਰ ਵਿਚ ਬਰਾਊਨ ਟਰਕੀ ਅਤੇ ਬਲੈਕ ਫਿੱਗ ਕਿਸਮਾਂ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਫਾਲਸਾ ਦੇ ਬੂਟੇ ਵੀ ਇਸ ਮੌਸਮ ਵਿਚ ਲਗਾਏ ਜਾਂਦੇ ਹਨ। ਇਹ ਬੂਟੇ ਵਧੀਆ ਨਸਲ ਦੇ, ਨੰਗੀਆਂ ਜੜ੍ਹਾਂ ਵਾਲੇ, ਸਿਹਤਮੰਦ, ਕੀੜਿਆਂ ਅਤੇ ਬੀਮਾਰੀਆਂ ਤੋਂ ਰਹਿਤ, ਨਰੋਏ ਅਤੇ ਦਰਮਿਆਨੀ ਉਚਾਈ ਵਾਲੇ ਹੋਣੇ ਚਾਹੀਦੇ ਹਨ। ਇਨ੍ਹਾਂ ਦੀ ਖਰੀਦ ਕਰਨ ਲੱਗੇ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਇਨ੍ਹਾਂ ਦੀ ਪਿਉਂਦ ਸਹੀ ਜੜ੍ਹ-ਮੁੱਢ 'ਤੇ ਕੀਤੀ ਹੋਵੇ।
ਫਲ਼ਦਾਰ ਬੂਟੇ ਲਗਾਉਣ ਦਾ ਸਹੀ ਢੰਗ: ਬੂਟੇ ਲਗਾਉਣ ਤੋਂ ਪਹਿਲਾਂ ਬਾਗ਼ ਲਈ ਸੜਕ, ਪਾਣੀ ਵਾਸਤੇ ਖਾਲੀਆਂ ਅਤੇ ਬਾਗ਼ ਵਿਚਕਾਰ ਰਸਤੇ ਆਦਿ ਦੀ ਵਿਉਂਤਬੰਦੀ ਕਰ ਲਉ। ਬੂਟੇ ਲਗਾਉਣ ਤੋਂ ਪਹਿਲਾਂ ਜਗ੍ਹਾ ਨੂੰ ਚੰਗੀ ਤਰ੍ਹਾਂ ਨਾਲ਼ ਪੱਧਰੀ ਕਰ ਲਵੋ। ਬੂਟਿਆਂ ਨੂੰ ਸਹੀ ਫਾਸਲੇ 'ਤੇ ਲਗਾਉਣ ਲਈ ਪਲਾਟਿੰਗ ਬੋਰਡ ਦੀ ਸਹਾਇਤਾ ਲਵੋ। ਬੂਟੇ ਪੁੱਟਣ ਲਈ ਟੋਏ ਕਹੀ ਜਾਂ ਟੋਏ ਪੁੱਟਣ ਵਾਲੀ ਮਸ਼ੀਨ ਦੀ ਮਦਦ ਲਵੋ। ਹਰ ਇਕ ਬੂਟੇ ਲਈ ਇਕ ਮੀਟਰ ਡੂੰਘੇ ਅਤੇ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਟੋਏ ਨੂੰ ਦੁਬਾਰਾ ਭਰਨ ਲਈ ਉੱਪਰਲੀ 30 ਸੈਂਟੀਮੀਟਰ ਤੱਕ ਦੀ ਮਿੱਟੀ ਇਕ ਪਾਸੇ ਰੱਖ ਲਵੋ। ਇਨ੍ਹਾਂ ਵਿਚ ਬੂਟੇ ਲਗਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ਼ ਧੁੱਪ ਲਗਾਉ।


-ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ।

ਸੁਯੋਗ ਯੋਜਨਾਬੰਦੀ ਨਾਲ ਖੇਤੀ ਨੂੰ ਬਣਾਇਆ ਜਾ ਸਕਦਾ ਹੈ ਲਾਹੇਵੰਦ

ਖੇਤੀ ਹੁਣ ਕੇਵਲ ਜੀਵਨ ਬਸਰ ਕਰਨ ਦਾ ਸਾਧਨ ਹੀ ਨਹੀਂ ਇਸ ਦੀ ਰੂਪ-ਰੇਖਾ ਬੜੀ ਬਦਲ ਗਈ ਹੈ। ਖੇਤੀ ਹੁਣ ਵਪਾਰਕ ਪੱਧਰ 'ਤੇ ਕਰਨ ਦੀ ਲੋੜ ਹੈ ਤਾਂ ਜੋ ਇਸ ਤੋਂ ਵੱਧ ਤੋਂ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕੇ। ਵੱਧ ਆਮਦਨ ਪ੍ਰਾਪਤ ਕਰਨ ਲਈ ਯੋਜਨਾਬੰਦੀ ਦੀ ਲੋੜ ਹੈ। ਖੇਤੀ ਦਾ ਠੀਕ ਢੰਗ ਨਾਲ ਪ੍ਰਬੰਧ ਕਰ ਕੇ ਮਨੁੱਖ ਥੋੜ੍ਹੇ ਸਾਧਨਾਂ ਰਾਹੀਂ ਵੀ ਆਪਣੇ ਉਦੇਸ਼ਾਂ ਨੂੰ ਪੂਰਾ ਕਰ ਸਕਦਾ ਹੈ। ਖੇਤੀ ਵਿਚ ਸਮੱਗਰੀ, ਪਾਣੀ, ਵਧੀਆ ਬੀਜ ਤੇ ਯੋਗ ਮਸ਼ੀਨਾਂ ਦਾ ਪ੍ਰਬੰਧ ਕਰਨਾ ਅਤੇ ਫ਼ਸਲ ਦੀ ਯੋਗ ਢੰਗ ਨਾਲ ਵਿੱਕਰੀ ਕਰਨਾ ਹੀ ਕਿਸਾਨ ਦੀ ਸਫ਼ਲਤਾ ਦੀ ਕੁੰਜੀ ਹੈ। ਖੇਤੀ ਦਾ ਸੁੱਚਜਾ ਪ੍ਰਬੰਧ ਕਰਨ ਲਈ ਖੇਤੀ ਪ੍ਰਬੰਧ ਦਾ ਗਿਆਨ ਹੋਣਾ ਜ਼ਰੂਰੀ ਹੈ। ਖੇਤੀ ਦੇ ਯੋਗ ਪ੍ਰਬੰਧ ਲਈ ਯੋਜਨਾ ਬਣਾਉਣ ਦੀ ਬੜੀ ਅਹਿਮੀਅਤ ਹੈ। ਇਹ ਯੋਜਨਾ ਭਾਵੇਂ ਲੰਮੇ ਅਰਸੇ ਲਈ ਹੋਵੇ ਜਾਂ ਥੋੜ੍ਹੇ ਸਮੇਂ ਲਈ, ਖੇਤੀ ਦਾ ਹਰ ਪੱਖ ਇਸ 'ਤੇ ਆਧਾਰਿਤ ਹੈ - ਜਿਵੇਂ ਕਿ ਸਾਧਨਾਂ ਦੀ ਸਹੀ ਵਰਤੋਂ, ਖੇਤੀ ਸਮੱਗਰੀ ਦੀ ਸਹੀ ਖਰੀਦ ਅਤੇ ਕਾਸ਼ਤ ਸਬੰਧੀ ਯੋਜਨਾ ਬਨਾਉਣੀ ਅਤੇ ਵਧੇਰੇ ਆਮਦਨ ਦੀ ਪ੍ਰਾਪਤੀ ਲਈ ਮੰਡੀਕਰਨ ਸਬੰਧੀ ਗਿਆਨ ਪ੍ਰਾਪਤ ਕਰਨਾ ਅਤੇ ਫਸਲ ਦੀ ਵਿਕਰੀ ਸਬੰਧੀ ਸਹੀ ਢੰਗ ਨਾਲ ਸੋਚਣਾ।
ਅੱਜ ਖੇਤੀ ਨੂੰ ਨਵੀਆਂ ਚੁਣੌਤੀਆਂ ਦਰਪੇਸ਼ ਹਨ : ਪਾਣੀ ਦੇ ਪੱਧਰ ਦਾ ਹੇਠਾਂ ਜਾਣਾ, ਮਸ਼ੀਨਰੀ ਦਾ ਲੋੜ ਨਾਲੋਂ ਵੱਧ ਇਸਤੇਮਾਲ, ਖੇਤ ਮਜ਼ਦੂਰਾਂ ਦੀ ਘਾਟ, ਖੇਤੀ ਸਮੱਗਰੀ ਦਾ ਮਹਿੰਗੇ ਹੋਣਾ ਅਤੇ ਮੌਸਮ ਦੀ ਤਬਦੀਲੀ। ਨਵੇਂ ਫ਼ਸਲੀ- ਚੱਕਰ ਅਪਣਾਉਣ ਦੇ ਨਾਲ ਯੋਜਨਾਬੰਦੀ ਦੀ ਬਹੁਤ ਮਹੱਤਤਾ ਹੋ ਗਈ ਹੈ। ਯੋਜਨਾ ਉਲੀਕਣ ਤੋਂ ਬਾਅਦ ਇਸ ਵਿਚ ਸਮੇਂ-ਸਮੇਂ ਅਨੁਸਾਰ ਸੋਧ ਵੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਅਖ਼ੀਰ 'ਚ ਇਹ ਚਿਤਾਵਨਾ ਜ਼ਰੂਰੀ ਹੋ ਜਾਂਦਾ ਹੈ ਕਿ ਸਾਧਨਾਂ ਦੀ ਸਹੀ ਵਰਤੋਂ ਕੀਤੀ ਗਈ ਹੈ। ਦੇਖਣ ਵਿਚ ਆਇਆ ਹੈ ਕਿ ਆਮ ਕਿਸਾਨਾਂ ਵਿਚ ਯੋਜਨਾਬੰਦੀ ਦੀ ਰੁਚੀ ਨਹੀਂ ਹੈ। ਕੁਦਰਤੀ ਸਰੋਤਾਂ ਦੀ ਸੁਯੋਗ ਵਰਤੋਂ, ਉਨ੍ਹਾਂ ਦੀ ਸਹੀ ਢੰਗ ਨਾਲ ਸਾਂਭ-ਸੰਭਾਲ, ਕੀਮਿਆਈ ਖਾਦਾਂ, ਕੀਟਨਾਸ਼ਕਾਂ ਅਤੇ ਸੁਧਰੇ ਬੀਜਾਂ ਦੀ ਸੁਯੋਗ ਵਰਤੋਂ ਰਾਹੀਂ ਖੇਤੀ ਤੋਂ ਹੋਣ ਵਾਲੇ ਸ਼ੁੱੱਧ ਲਾਭ ਨੂੰ ਯਕੀਨੀ ਬਣਾਇਆ ਜਾ ਸਕਦੈ। ਖੇਤੀ ਵਿਚ ਪੂਰਾ ਵੇਰਵੇ ਸਹਿਤ ਹਿਸਾਬ-ਕਿਤਾਬ ਰੱਖਣ ਦੀ ਬਹੁਤ ਹੀ ਲੋੜ ਹੈ। ਇਸ ਤੋਂ ਬਿਨਾਂ ਸਹੀ ਯੋਜਨਾਬੰਦੀ ਨਹੀਂ ਹੋ ਸਕਦੀ। ਇਸ ਨਾਲ ਯੋਜਨਾਬੰਦੀ ਕਰਨ ਵਾਲੇ ਵਿਅਕਤੀ ਨੂੰ ਖੇਤ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਵੱਧ ਆਮਦਨ ਨੂੰ ਮੁੱਖ ਰੱਖ ਕੇ ਅਤੇ ਘੱਟ ਆਮਦਨ ਵਾਲੇ ਕੰਮਾਂ ਨੂੰ ਤਿਲਾਂਜਲੀ ਦੇ ਕੇ ਖੇਤੀ ਨੂੰ ਲਾਹੇਵੰਦ ਬਣਾ ਸਕਦਾ ਹੈ। ਹਿਸਾਬ-ਕਿਤਾਬ ਤੋਂ ਹੀ ਪਤਾ ਲਗਦਾ ਹੈ ਕਿ ਖੇਤੀ ਵਿਚ ਵਧੇਰੇ ਲਾਗਤ ਕਰਨ ਨਾਲ ਆਮਦਨ ਵੀ ਵਧੀ ਹੈ ਕਿ ਨਹੀਂ। ਖੇਤੀ ਆਮਦਨ ਵਧਣ ਨਾਲ ਹੀ ਇਸ ਵਿਚ ਨਵਾਂਕਰਨ ਲਿਆਉਣ ਦੀ ਸੰਭਾਵਨਾ ਹੈ। ਇਹੋ ਨਹੀਂ ਹਿਸਾਬ-ਕਿਤਾਬ ਰੱਖਣ ਨਾਲ ਗਿਆਨ ਵਿਚ ਵਾਧਾ ਹੁੰਦਾ ਹੈ ਜਿਸ ਨਾਲ ਕਿਸਾਨ ਆਪਣੀ ਆਮਦਨ ਵਧਾਉਣ ਸਬੰਧੀ ਵਧੇਰੇ ਸੂਝ-ਬੂਝ ਨਾਲ ਸੋਚ ਸਕਦਾ ਹੈ।
ਖੇਤੀ ਦੀ ਯੋਜਨਾਬੰਦੀ ਵਿਚ ਕਿਹੜੀ ਫ਼ਸਲ ਦੀ ਕਾਸ਼ਤ ਕਰਨੀ ਹੈ ਅਤੇ ਕੀ ਸਹਾਇਕ ਧੰਦੇ ਅਪਣਾਉਣੇ ਹਨ ਜਾਂ ਨਹੀਂ, ਵੱਖੋ-ਵੱਖ ਕਿਸਮਾਂ ਦੀਆਂ ਫ਼ਸਲਾਂ ਹੇਠ ਕਿੰਨਾ ਰਕਬਾ ਲਿਆਉਣਾ ਹੈ ਅਤੇ ਕਿਹੜੇ-ਕਿਹੜੇ ਖੇਤ ਵਿਚ ਕਿਹੜੀ ਫ਼ਸਲ ਬੀਜਣੀ ਹੈ-ਇਹ ਸਭ ਕੁਝ ਵਿਚਾਰਨ ਦੀ ਲੋੜ ਹੈ। ਇਸ ਤੋਂ ਇਲਾਵਾ ਹਰ ਇਕ ਫ਼ਸਲ ਲਈ ਕਿਹੜੇ ਬੀਜ, ਖਾਦਾਂ, ਨਦੀਨ ਨਾਸ਼ਕਾਂ ਅਤੇ ਕੀੜੇਮਾਰ ਦਵਾਈਆਂ, ਮਸ਼ੀਨਰੀ ਅਤੇ ਹੋਰ ਸੰਦ ਲੋੜੀਂਦੇ ਹਨ। ਮੰਡੀਕਰਨ ਸਬੰਧੀ ਇਹ ਯੋਜਨਾਬੰਦੀ ਕਰਨ ਦੀ ਲੋੜ ਹੈ ਕਿ, ਕੀ ਫ਼ਸਲ ਭੰਡਾਰ ਕਰਨ ਵਿਚ ਫਾਇਦਾ ਰਹੇਗਾ ਜਾਂ ਤੁਰੰਤ ਮੰਡੀਕਰਨ ਕਰਨ ਵਿਚ। ਜਿਨ੍ਹਾਂ ਫ਼ਸਲਾਂ ਦੀ ਸਰਕਾਰੀ ਖਰੀਦ ਨਹੀਂ ਉਨ੍ਹਾਂ ਫ਼ਸਲਾਂ ਦੀ ਕੀਮਤ ਦੇ ਉਤਰਾਅ-ਚੜ੍ਹਾਅ ਵਿਚ ਬੜੀ ਤੇਜ਼ੀ ਨਾਲ ਤਬਦੀਲੀ ਆਉਂਦੀ ਹੈ, ਉਸ ਨੂੰ ਵਿਚਾਰ ਕੇ ਹੀ ਮੰਡੀਕਰਨ ਸਬੰਧੀ ਫ਼ੈਸਲਾ ਲੈਣਾ ਚਾਹੀਦਾ ਹੈ।
ਖੇਤ ਵਿਚ ਕੀਮਿਆਈ ਖਾਦਾਂ, ਕੀਟਨਾਸ਼ਕਾਂ ਦੀ ਸਹੀ ਤੇ ਸਿਫਾਰਸ਼ਸ਼ੁਦਾ ਮਾਤਰਾ ਪਾਉਣੀ ਚਾਹੀਦੀ ਹੈ। ਕਿਸਾਨਾਂ ਦੀ ਬਹੁਮਤ ਯੂਰੀਏ ਦੇ ਚਾਰ ਥੈਲਿਆਂ ਤੱਕ ਵੀ ਕਣਕ ਵਿਚ ਪਾਈ ਜਾ ਰਹੇ ਹਨ ਜਦੋਂ ਕਿ ਸਿਫਾਰਸ਼ਸ਼ੁਦਾ ਮਾਤਰਾ 110 ਕਿੱਲੋ ਪ੍ਰਤੀ ਏਕੜ ਯੂਰੀਏ ਦੀ ਹੈ। ਕੇਂਦਰ ਵਲੋਂ ਖਾਦਾਂ ਤੇ ਸਬਸਿਡੀ ਘਟਾਏ ਜਾਣ ਨਾਲ ਕਿਸਾਨਾਂ ਲਈ ਖਾਦ ਹੋਰ ਮਹਿੰਗੇ ਹੋ ਜਾਣਗੇ। ਇਸ ਸਬੰਧੀ ਵਿਚਾਰ ਕੇ ਫੈਸਲਾ ਲੈਣ ਦੀ ਲੋੜ ਹੈ। ਜੋ ਕੀਟਨਾਸ਼ਕ ਮੰਡੀ ਵਿਚ ਮਿਆਰ ਤੋਂ ਘਟੀਆ, ਨਕਲੀ ਤੇ ਡੁਪਲੀਕੇਟ ਵਿਕ ਰਹੇ ਹਨ, ਉਸ ਸਬੰਧੀ ਪੰਜਾਬ ਦੇ ਖੇਤੀਬਾੜੀ ਸਕੱਤਰ ਸ: ਕਾਹਨ ਸਿੰਘ ਪੰਨੂੰ ਨੇ ਕਰਾਪ ਕੇਅਰ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਉਨ੍ਹਾਂ ਦਾ ਭੋਗ ਪਾਉਣ ਦੀ ਯੋਜਨਾ ਬਣਾਈ ਹੈ। ਸ: ਪੰਨੂੰ ਨੇ ਇਸ ਵਿਚ ਸੁਧਾਰ ਤਾਂ ਲਿਆਂਦਾ ਹੈ ਪ੍ਰੰਤੂ ਹੋਰ ਸੁਧਾਰ ਲਿਆਉਣ ਦੀ ਲੋੜ ਹੈ ਤਾਂ ਜੋ ਮਿਆਰੀ ਤੇ ਸ਼ੁੱਧ ਦਵਾਈਆਂ ਹੀ ਕਿਸਾਨਾਂ ਨੂੰ ਉਪਲੱਬਧ ਹੋਣ। ਖੇਤੀਬਾੜੀ ਸਕੱਤਰ ਨੇ ਇਸ ਵਿਚ ਕਿਸਾਨ, ਉਦਯੋਗ ਤੇ ਸਰਕਾਰ ਨੂੰ ਮੋਢੇ ਨਾਲ ਮੋਢਾ ਜੋੜ ਕੇ ਇਸ ਬਿਮਾਰੀ ਨੂੰ ਖਤਮ ਕਰਨ ਲਈ ਸੇਧ ਦਿੱਤੀ ਹੈ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਖੇਤੀ ਸਮੱਗਰੀ ਖਰੀਦਣ ਲੱਗਿਆਂ ਪਰਖ ਕੇ ਖਰੀਦਣ ਤਾਂ ਜੋ ਉਹ ਖਰਚ ਕੀਤੇ ਗਏ ਪੈਸੇ ਦਾ ਪੂਰਾ ਮੁੱਲ ਵਸੂਲ ਕਰਨ।
ਕਿਸਾਨਾਂ ਨੂੰ ਆਪਣੀਆਂ ਘਰ ਅਤੇ ਖੇਤੀ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਹੀ ਕਰਜ਼ਾ ਲੈਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਕਿੰਨਾ ਕਰਜ਼ਾ ਲੈਣ ਦੀ ਲੋੜ ਹੈ, ਕਿਹੜੀ ਏਜੰਸੀ ਤੋਂ ਕਰਜ਼ਾ ਲਿਆ ਜਾਵੇ, ਕਿੱਥੇ ਘੱਟ ਸੂਦ ਅਤੇ ਖੱਜਲ-ਖੁਆਰੀ ਤੋਂ ਬਿਨਾਂ ਕਰਜ਼ਾ ਮਿਲ ਸਕਦਾ ਹੈ, ਇਸ ਸਬੰਧੀ ਕਿਸਾਨਾਂ ਨੂੰ ਸਾਰੇ ਕਰਜ਼ਾ ਦੇਣ ਵਾਲੇ ਅਦਾਰਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਕਿਸਾਨਾਂ ਨੂੰ ਆਪਣਾ ਗਿਆਨ ਤੇ ਸੋਚਣ ਸ਼ਕਤੀ ਵਿਚ ਵਾਧਾ ਕਰਨ ਲਈ ਕਿਸਾਨ ਮੇਲਿਆਂ ਅਤੇ ਸਿਖਲਾਈ ਕੈਂਪਾਂ ਵਿਚ ਵਿਗਿਆਨੀਆਂ ਨਾਲ ਤਾਲਮੇਲ ਜੋੜਨਾ ਚਾਹੀਦਾ ਹੈ। ਉਨ੍ਹਾਂ ਦੀ ਮਦਦ ਤੇ ਅਗਵਾਈ ਨਾਲ ਕਿਸਾਨ ਆਪਣੀ ਖੇਤੀ ਦੀ ਅਗਾਂਊਂ ਯੋਜਨਾ ਬਣਾ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ।
ਜੋ ਕਿਸਾਨ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕਰਦੇ ਹਨ ਉਹ ਆਮ ਤੌਰ 'ਤੇ ਇਨ੍ਹਾਂ ਦੀਆਂ ਕਾਸ਼ਤ ਤਕਨੀਕਾਂ ਇਕੋ ਜਿਹੀਆਂ ਸਮਝਦੇ ਹਨ। ਸਬਜ਼ੀਆਂ ਅਤੇ ਬਾਗ਼ ਲਗਾਉਣ ਦਾ ਕੰਮ ਵੀ ਇੱਕੋ ਬਾਗ਼ਬਾਨੀ ਵਿਭਾਗ ਦੇ ਸਪੁਰਦ ਹੈ। ਪ੍ਰੰਤੂ ਸਬਜ਼ੀਆਂ ਦੀ ਕਾਸ਼ਤ ਇਕ ਘੱਟ ਸਮੇਂ ਦੀ ਅਤੇ ਵੱਧ ਜ਼ੋਖ਼ਮ ਵਾਲਾ ਧੰਦਾ ਹੈ। ਬਾਗ਼ ਲਗਾਉਣਾ ਇਕ ਲੰਮੇ ਸਮੇਂ ਦਾ ਘੱਟ ਜ਼ੋਖ਼ਮ ਵਾਲਾ ਧੰਦਾ ਹੈ। ਬਾਗ਼ਾਂ ਲਈ ਲੰਮੇ ਸਮੇਂ ਲਈ ਯੋਜਨਾਬੰਦੀ ਕੀਤੀ ਜਾਂਦੀ ਹੈ ਜਦੋਂ ਕਿ ਸਬਜ਼ੀਆਂ ਲਈ ਯੋਜਨਾਬੰਦੀ ਥੋੜ੍ਹੇ ਸਮੇਂ ਲਈ ਕਰਨੀ ਲੋੜੀਂਦੀ ਹੈ। ਕਿਸਾਨਾਂ ਨੂੰ ਇਸ ਤਰ੍ਹਾਂ ਸਮੇਂ ਸਿਰ ਯੋਜਨਾਬੰਦੀ ਕਰ ਕੇ ਆਪਣੇ ਸਮੇਂ ਅਤੇ ਸਾਧਨਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ।
ਕਿਸਾਨਾਂ ਨੂੰ ਹੁਣ ਜੋ ਕਣਕ ਦਸੰਬਰ ਵਿਚ ਬੀਜੀ ਗਈ ਹੈ, ਉਸ ਨੂੰ ਦੂਜਾ ਪਾਣੀ ਦੇ ਦੇਣਾ ਚਾਹੀਦਾ ਹੈ। ਜਦੋਂ ਖੇਤ ਵਿਚ ਪੀਲੀ ਕੁੰਗੀ ਦਾ ਹਮਲਾ ਹੋਵੇ ਤਾਂ ਸਿਫਾਰਸ਼ਸ਼ੁਦਾ ਕੀਟਨਾਸ਼ਕ ਦਾ ਸਪਰੇਅ ਕਰ ਦੇਣਾ ਚਾਹੀਦਾ ਹੈ। ਤੇਲ ਬੀਜ ਫ਼ਸਲਾਂ ਨੂੰ ਕੋਰੇ ਤੋਂ ਬਚਾਉਣ ਲਈ, ਜੋ ਫ਼ਸਲ ਫੁੱਲਾਂ 'ਤੇ ਆ ਗਈ ਉਸ ਨੂੰ ਹਲਕਾ ਜਿਹਾ ਪਾਣੀ ਦੇ ਦੇਣਾ ਚਾਹੀਦਾ ਹੈ। ਸੂਰਜਮੁਖੀ ਦੀ ਫ਼ਸਲ ਦੀ ਬਿਜਾਈ ਜਲਦੀ ਪੂਰੀ ਕਰ ਲੈਣੀ ਚਾਹੀਦੀ ਹੈ। ਅੱਧ-ਫਰਵਰੀ ਤੋਂ ਕਮਾਦ ਦੀ ਬਿਜਾਈ ਸ਼ੂਰੁ ਕਰ ਦੇਣੀ ਚਾਹੀਦੀ ਹੈ। ਬਰਸੀਮ ਦੀ ਫ਼ਸਲ ਨੂੰ ਮੌਸਮ ਨੂੰ ਵੇਖਦੇ ਹੋਏ 15 ਦਿਨਾਂ ਦੇ ਫਰਕ ਨਾਲ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ।


-ਮੋਬਾਈਲ : 98152-36307

ਅਵੇਸਲੇ ਨਾ ਹੋਵੋ

ਇਸ ਸਾਲ ਮੌਸਮ ਦਾ ਮਿਜਾਜ਼ ਬਹੁਤ ਚੰਗਾ ਰਿਹਾ ਹੈ। ਰੱਜ ਕੇ ਠੰਢ ਪਈ ਹੈ ਤੇ ਹੁਣ ਧੁੱਪ ਨਾਲ ਠੰਢੀ ਹਵਾ ਵੀ ਹੈ। ਇਹ ਕਣਕ ਦੀ ਫ਼ਸਲ ਲਈ ਬਹੁਤ ਲਾਭਕਾਰੀ ਹੈ। ਜਦੋਂ ਵੀ ਵੱਧ ਠੰਢ ਪਵੇਗੀ, ਫ਼ਸਲਾਂ ਤੇ ਫ਼ਲਾਂ ਦਾ ਝਾੜ ਵਧੇਗਾ। ਇਸੇ ਤਰ੍ਹਾਂ ਜੇ ਇਕਦਮ ਗਰਮੀ ਨਾ ਪਵੇ ਤਾਂ ਫ਼ਲ ਜਾਂ ਦਾਣੇ ਦੀ ਗੁਣਵੱਤਾ ਵੀ ਵਧੇਗੀ। ਪਰ ਜਿਥੇ ਕੁਦਰਤ, ਫ਼ਸਲਾਂ ਨੂੰ ਭਰਪੂਰਤਾ ਨਾਲ ਜ਼ੋਬਨ ਦਿੰਦੀ ਹੈ, ਉਥੇ ਹੀ ਆਪਣੀ ਸਾਜੀ ਸ੍ਰਿਸ਼ਟੀ ਦੇ ਜੀਵਾਂ (ਸਣੇ ਕੀੜੇ ਮਕੌੜੇ ਤੇ ਬਿਮਾਰੀ ਦੇ ਅਣੂ) ਨੂੰ ਵੀ ਰੱਜਵੇਂ ਭੋਜਨ ਦੀ ਆਸ ਦਿੰਦੀ ਹੈ। ਮਨੁੱਖ ਨੇ ਆਪਣੀਆਂ ਲੋੜਾਂ ਖਾਤਰ ਫ਼ਸਲ ਨੂੰ ਬਚਾਉਣਾ ਹੁੰਦਾ ਹੈ। ਹੁਣ ਮੌਕਾ ਹੈ ਕਿ ਰੋਜ਼ ਆਪਣੇ ਖੇਤ ਨੂੰ ਜਾਂਚੋ, ਸੁੰਡੀ ਜਾਂ ਕੂੰਗੀ ਆਦਿ ਨਾ ਲੱਗੀ ਹੋਵੇ। ਸਿਰਫ ਆਪਣੇ ਹੀ ਖੇਤ ਨਹੀਂ ਸਗੋਂ ਆਲੇ-ਦੁਆਲੇ ਦੇ ਪੰਜ ਖੇਤ ਦੀ ਦੂਰੀ ਤੱਕ ਜਾਂਚ ਕਰੋ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਬਿਮਾਰੀ ਹੋਰਨਾਂ ਖੇਤਾਂ ਵਿਚਲੀ ਫ਼ਸਲ ਤੋਂ ਵੀ ਆ ਸਕਦੀ ਹੈ। ਯਾਦ ਰੱਖੋ ਜੇ ਪੀਲੀ ਕੂੰਗੀ ਜਾਂ ਸਮਟ ਇਕ ਵਾਰ ਆ ਗਈ ਤਾਂ ਫਿਰ ਕੋਈ ਇਲਾਜ ਨਹੀਂ ਹੈ। ਇਸ ਲਈ ਸਾਰੇ ਕਿਸਾਨਾਂ ਨੂੰ ਸਮੂਹਿਕ ਤੌਰ 'ਤੇ ਇਹ ਉਪਰਾਲਾ ਕਰਨਾ ਚਾਹੀਦਾ ਹੈ। ਇਹ ਵੀ ਇਕ ਜਾਣਕਾਰੀ ਹੈ ਕਿ ਇਹ ਬਿਮਾਰੀਆਂ ਪਹਿਲਾਂ ਪਹਾੜ ਵਾਲੇ ਪਾਸੇ ਤੋਂ ਸ਼ੁਰੂ ਹੁੰਦੀਆਂ ਹਨ, ਜਿਵੇਂ ਹੁਸ਼ਿਆਰਪੁਰ ਆਦਿ।


E-mail : janmeja@gmail.com

ਪਾਣੀ ਬਚਾਓ

ਮੇਰੇ ਦੇਸ਼ ਦੇ ਕਿਸਾਨੋ, ਸੁਣੋ ਬੇਨਤੀ ਭਰਾਓ,
ਬੇਸ਼ਕੀਮਤੀ ਹੈ ਪਾਣੀ, ਤੁਸੀਂ ਪਾਣੀ ਨੂੰ ਬਚਾਓ।
ਓਨਾ ਚਿਰ ਹੀ ਹੈ ਜੀਵਨ, ਜਿੰਨਾ ਚਿਰ ਹੈ ਪਾਣੀ,
ਜਦੋਂ ਮੁੱਕ ਗਿਆ ਪਾਣੀ, ਹੋਜੂ ਖਤਮ ਕਹਾਣੀ,
ਪੁੱਤ-ਪੋਤਿਆਂ ਦੇ ਲਈ ਨਾ, ਮੁਸ਼ਕਿਲਾਂ ਵਧਾਓ,
ਬੇਸ਼ਕੀਮਤੀ ਹੈ ਪਾਣੀ....।
ਸਭ ਫ਼ਸਲਾਂ ਤੋਂ ਵੱਧ, ਝੋਨਾ ਪਾਣੀ ਹੈ ਲੈਂਦਾ,
ਦੇਖੋ ਲਾ ਕੇ ਹਿਸਾਬ, ਸਾਨੂੰ ਕਿੰਨਾ ਮਹਿੰਗਾ ਪੈਂਦਾ,
ਜੋ ਘੱਟ ਪਾਣੀ ਲੈਣ, ਉਹ ਫ਼ਸਲਾਂ ਉਗਾਓ,
ਬੇਸ਼ਕੀਮਤੀ ਹੈ ਪਾਣੀ....।
ਪਾਣੀ ਬਿਨ ਇਹ ਧਰਤੀ, ਬੇਜਾਨ ਹੋ ਜਾਊਗੀ,
ਬਨਸਪਤੀ ਬਿਨਾਂ ਇਹ, ਵੀਰਾਨ ਹੋ ਜਾਊਗੀ,
ਧਰਤੀ ਨੂੰ ਬਚਾਉਣ ਲਈ, ਤੁਸੀਂ ਯੋਗਦਾਨ ਪਾਓ,
ਬੇਸ਼ਕੀਮਤੀ ਹੈ ਪਾਣੀ....।
ਗ਼ੈਰ-ਖੇਤੀ ਖੇਤਰ 'ਚ ਵੀ, ਹੁੰਦੀ ਹੈ ਦੁਰਵਰਤੋਂ
ਪਾਣੀ ਨੂੰ ਬਚਾਉਣਾ ਹੁਣ, ਸ਼ੁਰੂ ਕਰੀਏ ਘਰ ਤੋਂ,
ਭਲੂਰੀਏ ਨੇ ਆਪਣਾ, ਦੇ ਦਿੱਤਾ ਹੈ ਸੁਝਾਓ,
ਬੇਸ਼ਕੀਮਤੀ ਹੈ ਪਾਣੀ, ਤੁਸੀਂ ਪਾਣੀ ਨੂੰ ਬਚਾਓ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।
ਮੋਬਾਈਲ : 99159-95505

ਇਸ ਮਹੀਨੇ ਕਿਸਾਨਾਂ ਲਈ ਖੇਤੀ ਰੁਝੇਵੇਂ

ਕਣਕ: ਦਸੰਬਰ ਵਿਚ ਬੀਜੀ ਗਈ ਕਣਕ ਨੂੰ ਦੂਸਰਾ ਪਾਣੀ ਦੇ ਦਿਉ। ਖੇਤ ਵਿਚੋਂ ਪੱਤੇ ਦੀ ਕਾਂਗਿਆਰੀ ਤੋਂ ਪ੍ਰਭਾਵਤ ਬੂਟੇ ਪੁੱਟ ਦਿਉ ਅਤੇ ਨਸ਼ਟ ਕਰ ਦਿਉ ਤਾਂ ਜੋ ਆਉਂਦੇ ਸਾਲਾਂ ਵਿਚ ਇਸਦਾ ਪ੍ਰਭਾਵ ਖ਼ਤਮ ਹੋ ਜਾਵੇ। ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਿਸਾਨ ਇਨ੍ਹਾਂ ਬੀਮਾਰੀਆਂ ਵੱਲ ਖਾਸ ਧਿਆਨ ਦੇਣ। ਜਦੋਂ ਹੀ ਖੇਤ ਵਿਚ ਪੀਲੀ ਕੁੰਗੀ ਦਾ ਹਮਲਾ ਹੋਵੇ ਤਾਂ ਕੈਵੀਅਟ 200 ਗ੍ਰਾਮ ਜਾਂ ਨਟੀਵੋ 120 ਗ੍ਰਾਮ ਓੁਪੇਰਾ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਸਟਿਲਟ ਜਾਂ ਕੰਮਪਾਸ ਜਾਂ ਮਾਰਕਜ਼ੋਲ 200 ਮਿ.ਲਿ. 200 ਲਿਟਰ ਪਾਣੀ ਵਿਚ ਪਾ ਕੇ ਛਿੜਕਾਅ ਕਰੋ। ਜੇਕਰ ਚੇਪੇ ਦਾ ਹਮਲਾ ਨੁਕਸਾਨ ਕਰਨ ਦੀ ਸਮਰੱਥਾ ਤੱਕ ਪਹੁੰਚ ਜਾਵੇ ਤਾਂ 20 ਗ੍ਰਾਮ ਐਕਟਾਰਾ/ਤਾਇਓ 25 ਡਬਲਯੂ. ਜੀ. (ਥਾਇਆਮੈਥੌਕਸਮ) ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਬਹਾਰ ਰੁੱਤ ਦੀ ਮੱਕੀ: ਮੱਕੀ ਦੀਆਂ ਪੀ ਐਮ ਐਚ-10, ਡੀ ਕੇ ਸੀ-9108, ਪੀ ਐਮ ਐਚ-8, ਪੀ ਐਮ ਐਚ-7 ਅਤੇ ਪੀ ਐਮ ਐਚ-1 ਕਿਸਮਾਂ ਦੀ ਬਿਜਾਈ ਪੂਰਬ-ਪੱਛਮ 60 ਸੈ.ਮੀ. ਦੀ ਵਿੱਥ ਤੇ ਵੱਟਾਂ ਬਣਾ ਕੇ ਜਾਂ 67.5 ਸੈ.ਮੀ. ਦੀ ਵਿੱਥ ਤੇ ਬੈੱਡ ਬਣਾ ਕੇ 15 ਫਰਵਰੀ ਤੱਕ ਕੀਤੀ ਜਾ ਸਕਦੀ ਹੈ। ਵੱਟਾਂ ਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈ.ਮੀ. ਅਤੇ ਬੈੱਡਾਂ ਉੱਪਰ ਬੂਟੇ ਤੋਂ ਬੂਟੇ ਦਾ ਫਾਸਲਾ 18 ਸੈ.ਮੀ. ਰੱਖਣਾ ਚਾਹੀਦਾ ਹੈ। ਨਦੀਨਾਂ ਦਾ ਖਾਤਮਾ ਕਰਨ ਲਈ ਐਟਰਾਟਾਫ 50 ਡਬਲਯੂ ਪੀ (ਐਟਰਾਜੀਨ), 500 ਗ੍ਰਾਮ/ਏਕੜ ਹਲਕੀਆਂ ਜ਼ਮੀਨਾਂ ਲਈ ਅਤੇ 800 ਗ੍ਰਾਮ/ਏਕੜ ਭਾਰੀਆਂ ਜ਼ਮੀਨਾਂ ਲਈ, ਦਾ ਛਿੜਕਾਅ ਦੋ ਦਿਨਾਂ ਦੇ ਵਿਚ-ਵਿਚ 200 ਲਿਟਰ ਪਾਣੀ ਪਾ ਕੇ ਕਰ ਦਿਓ।
ਤੇਲ ਬੀਜ ਫ਼ਸਲਾਂ: ਤੇਲ ਬੀਜ ਫ਼ਸਲਾਂ ਨੂੰ ਕੋਰੇ ਦੇ ਨੁਕਸਾਨ ਤੋਂ ਬਚਾਉਣ ਲਈ, ਫੁੱਲਾਂ ਤੇ ਆਈ ਫ਼ਸਲ ਨੂੰ ਹਲਕਾ ਪਾਣੀ ਦਿਉ। ਜੇਕਰ ਸਰ੍ਹੋਂ ਤੇ ਚੇਪੇ ਦਾ ਹਮਲਾ ਹੋਵੇ ਤਾਂ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ/ਕੋਰੋਬਾਨ 20 ਤਾਕਤ ਨੂੰ 125 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ । ਛਿੜਕਾਅ ਦੁਪਹਿਰ ਬਾਅਦ ਕਰਨਾ ਚਾਹੀਦਾ ਹੈ।
ਦਾਲਾਂ: ਮਸਰ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਪਾਣੀ ਦਿਓ। ਛੋਲਿਆਂ ਦੀ ਸੁੰਡੀ, ਪੱਤੇ, ਫੁਲ ਅਤੇ ਫ਼ਲੀਆਂ ਖਾਂਦੀ ਹੈ। ਪਕਾਵੇਂ ਮਟਰਾਂ ਤੇ ਚਿਟੋਂ ਦਾ ਹਮਲਾ ਰੋਕਣ ਲਈ ਸਲਫੈਕਸ 600 ਗਾ੍ਰਮ ਦਾ 100 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਦਸ ਦਿਨਾਂ ਦੀ ਵਿੱਥ ਤੇ ਛਿੜਕਾਅ ਦੁਹਰਾਓ।
ਸੂਰਜਮੁਖੀ: ਸੂਰਜਮੁਖੀ ਦੀ ਬਿਜਾਈ ਜਿੰਨੀ ਜਲਦੀ ਹੋ ਸਕੇ ਕਰ ਲਉ। ਸੂਰਜਮੁਖੀ ਦੀ ਬਿਜਾਈ ਪਛੇਤੀ ਹੁੰਦੀ ਜਾਪੇ ਤਾਂ ਇਸ ਦੀ ਕਾਸ਼ਤ ਪਨੀਰੀ ਰਾਹੀਂ ਵੀ ਕੀਤੀ ਜਾ ਸਕਦੀ ਹੈ। ਜਲਦੀ ਪੱਕਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ ਪਹਿਲ ਦਿਉ ਜਿਵੇਂ ਕਿ ਪੀ ਐਸ ਐਚ 1962, ਡੀ ਕੇ 3849, ਪੀ ਐਸ ਐਚ 996, ਪੀ ਐਸ ਐਚ 569 ਅਤੇ ਪੀ ਐਸ ਐਫ ਐਚ 118 । ਫਰਵਰੀ ਦੇ ਪਹਿਲੇ ਹਫਤੇ ਵਿਚ ਹੀ ਬਿਜਾਈ ਖਤਮ ਕਰ ਲਓ ਅਤੇ ਇਸ ਸਮੇਂ ਪੀ ਐਸ ਐਚ 559 ਕਿਸਮ ਨੂੰ ਬੀਜਣ ਲਈ ਤਰਜੀਹ ਦਿਓ। ਫ਼ਸਲ ਨੂੰ 60 ਸੈਂ. ਮੀ. ਚੌੜੀਆਂ ਕਤਾਰਾਂ ਵਿਚ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈ.ਮੀ. ਰੱਖੋ। ਵੱਟਾਂ ਪੂਰਬ ਤੋਂ ਪੱਛਮ ਵੱਲ ਅਤੇ ਬਿਜਾਈ ਦੱਖਣ ਵੱਲ ਕਰੋ। ਬੀਜ ਨੂੰ ਵੱਟਾਂ ਦੀ ਢਲਾਣ ਦੇ 6-8 ਸੈ. ਮੀ. ਹੇਠਾਂ ਵੱਲ ਬੀਜੋ। ਵੱਟਾਂ ਤੇ ਬੀਜੀ ਫ਼ਸਲ ਨੂੰ ਬਿਜਾਈ ਦੇ 2-3 ਦਿਨਾਂ ਬਾਅਦ ਪਾਣੀ ਦਿਉ ਅਤੇ ਪਾਣੀ ਦਿੰਦੇ ਸਮੇਂ ਇਹ ਧਿਆਨ ਰੱਖੋ ਕਿ ਪਾਣੀ ਬੀਜ ਦੀ ਸਤਹਿ ਤੋਂ ਹੇਠਾਂ ਹੀ ਰਹੇ। ਦੋ ਕਿਲੋ ਬੀਜ ਹੀ ਇਕ ਏਕੜ ਲਈ ਕਾਫ਼ੀ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ, ਟੈਗ੍ਰਾਨ 6 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ, ਸੋਧ ਲਉੁ। ਬਿਜਾਈ ਸਮੇਂ 50 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਹਲਕੀਆਂ ਜ਼ਮੀਨਾਂ ਵਿਚ 50 ਕਿਲੋ ਯੂਰੀਆ ਪ੍ਰਤੀ ਏਕੜ ਦੋ ਕਿਸ਼ਤਾਂ ਵਿਚ ਇਕ ਬਿਜਾਈ ਵੇਲੇ ਤੇ ਦੂਸਰੀ ਇਕ ਮਹੀਨਾ ਬਾਅਦ ਪਾਓ। ਜੇਕਰ ਸੂਰਜਮੁਖੀ ਆਲੂਆਂ ਤੋਂ ਬਾਅਦ ਬੀਜਣਾ ਹੋਵੇ, ਜਿਨ੍ਹਾਂ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਹੋਵੇ, ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉ। ਜੇਕਰ ਮਿੱਟੀ ਪਰਖ਼ ਅਨੁਸਾਰ ਜ਼ਮੀਨ ਵਿਚ ਪੋਟਾਸ਼ੀਅਮ ਦੀ ਘਾਟ ਹੋਵੇ ਤਾਂ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ 40 ਕਿਲੋ ਮਿਊਰੇਟ ਆਫ ਪੋਟਾਸ਼ ਪਾਓ।
ਕਮਾਦ: ਇਸ ਮਹੀਨੇ ਦੇ ਅੱਧ ਤੋਂ ਕਮਾਦ ਦੀ ਬਿਜਾਈ ਸ਼ੁਰੂ ਕਰ ਦਿਉ। ਸਿਫ਼ਾਰਸ਼ ਕੀਤੀਆਂ ਕਿਸਮਾਂ ਸੀ ਓ ਪੀ ਬੀ-92, ਸੀ ਓ 118, ਸੀ ਓ ਜੇ 85, ਸੀ ਓ ਜੇ 64 (ਅਗੇਤੀਆਂ ਕਿਸਮਾਂ) ਸੀ ਓ ਪੀ ਬੀ-94, ਸੀ ਓ ਪੀ ਬੀ-93, ਸੀ ਓ ਪੀ ਬੀ-91, ਸੀ ਓ-238 ਅਤੇ ਸੀ ਓ ਜੇ 88 (ਦਰਮਿਆਨੀਆਂ, ਪਿਛੇਤੀ ਪੱਕਣ ਵਾਲੀਆਂ) ਕਿਸਮਾਂ ਵਰਤੋ। ਬੀਜ ਰੱਤਾ ਰੋਗ, ਸੋਕੜਾ, ਕਾਂਗਿਆਰੀ, ਮਧਰੇਪਣ ਅਤੇ ਘਾਹ ਵਰਗੀਆਂ ਸ਼ਾਖਾਂ ਦੇ ਰੋਗ ਤੋਂ ਮੁਕਤ ਵਰਤਣਾ ਚਾਹੀਦਾ ਹੈ। ਸਿਉਂਕ ਦੇ ਹਮਲੇ ਤੋਂ ਬਚਣ ਲਈ ਰੂੜੀ ਦੀ ਗਲੀ-ਸੜੀ ਖਾਦ ਵਰਤੋ। ਸਿਉਂਕ ਦੀ ਰੋਕਥਾਮ ਲਈ 45 ਮਿ.ਲਿ. ਈਮੀਡਾਕਲੋਪਰਿਡ 17.8 ਐਸ ਐਲ ਨੂੰ 400 ਲਿਟਰ ਪਾਣੀ ਵਿਚ ਘੋਲ ਕੇ ਸਿਆੜਾਂ ਦੇ ਨਾਲ-ਨਾਲ ਫੁਆਰੇ ਨਾਲ ਪਾ ਕੇ ਹਲਕੀ ਜਿਹੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਤਲਾ ਪਾਣੀ ਲਾ ਦਿਓ। ਅਗੇਤੀ ਫੋਟ ਦੇ ਗੜੂੰਏ ਦੀ ਰੋਕਥਾਮ ਲਈ 10 ਕਿਲੋ ਰੀਜੈਂਟ/ਮੋਰਟੈਲ/ਰਿਪਨ 0.3 ਜੀ (ਫਿਪਰੋਨਿਲ) ਦਾਣੇਦਾਰ ਨੂੰ 20 ਕਿਲੋ ਗਿੱਲੀ ਮਿੱਟੀ ਵਿਚ ਮਿਲਾ ਕੇ ਗੁੱਲੀਆਂ ਉਪਰ ਪਾ ਕੇ ਸੁਹਾਗੇ ਨਾਲ ਗੁੱਲੀਆਂ ਢਕ ਦਿਉ ਜਾਂ ਫਿਰ ਫ਼ਸਲ ਉੱਗਣ (ਤਕਰੀਬਨ ਗੁੱਲੀਆਂ ਲਾਉਣ ਤੋਂ 45 ਕੁ ਦਿਨਾਂ ਬਾਅਦ) ਤੇ 10 ਕਿਲੋ ਰੀਜੈਂਟ/ਮੌਰਟੈਲ/ਰਿਪਨ 0.3 ਜੀ ਨੂੰ 20 ਕਿਲੋ ਰੇਤ ਵਿਚ ਮਿਲਾ ਕੇ ਜਾਂ 150 ਮਿ.ਲਿ. ਕੋਰਾਜਨ 18.5 ਤਾਕਤ ਜਾਂ 2 ਲਿਟਰ ਡਰਮਟ/ਕਲਾਸਿਕ /ਡਰਸਬਾਨ/ ਮਾਰਕਪਾਈਰੀਫਾਸ 20 ਤਾਕਤ ਨੂੰ 400 ਲਿਟਰ ਪਾਣੀ ਵਿਚ ਘੋਲ ਕੇ ਸਿਆੜਾਂ ਦੇ ਨਾਲ-ਨਾਲ ਫ਼ੁਹਾਰੇ ਨਾਲ ਪਾ ਕੇ ਹਲਕੀ ਜਿਹੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਤਲਾ ਜਿਹਾ ਪਾਣੀ ਲਾ ਦਿਉ। ਮੌਸਮੀ ਨਦੀਨਾਂ ਦੀ ਰੋਕਥਾਮ ਲਈ ਕਾਰਮੈਕਸ ਜਾਂ ਕਲਾਸ 80 ਘੁਲਣਸ਼ੀਲ (ਡਾਈਯੂਰਾਨ) 800 ਗ੍ਰਾਮ ਪ੍ਰਤੀ ਏਕੜ ਕਮਾਦ ਦੀ ਫ਼ਸਲ ਬੀਜਣ ਤੋਂ ਬਾਅਦ ਅਤੇ ਨਦੀਨ ਉਗਣ ਤੋਂ ਪਹਿਲਾਂ ਛਿੜਕੋ। ਗੰਨੇ ਦੀ ਬਿਜਾਈ ਤੋਂ 15 ਦਿਨ ਪਹਿਲਾਂ 8 ਟਨ ਰੂੜੀ ਜਾਂ ਪ੍ਰੈਸ ਮੱਡ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵਿਚ ਚੰਗੀ ਤਰ੍ਹਾਂ ਮਿਲਾ ਦਿਉ। ਜੇਕਰ ਰੂੜੀ ਜਾਂ ਪ੍ਰੈਸ ਮੱਡ ਪਾਈ ਹੋਵੇ ਤਾਂ ਨਾਈਟਰੋਜਨ ਦੀ ਮਾਤਰਾ 60 ਕਿਲੋ ਪ੍ਰਤੀ ਏਕੜ ਤੋਂ ਘਟਾ ਕੇ 40 ਕਿਲੋ ਪ੍ਰਤੀ ਏਕੜ ਕਰ ਦਿਉ ਪਰੰਤੂ ਹਲਕੀਆਂ ਜ਼ਮੀਨਾਂ ਵਿਚ ਖਾਦ ਦੀ ਮਿਕਦਾਰ ਨਾ ਘਟਾਓ। ਫਾਸਫੋਰਸ ਤੱਤ ਮਿੱਟੀ ਪਰਖ ਅਨੁਸਾਰ ਵਰਤੋ । ਆਮ ਹਾਲਤਾਂ ਵਿਚ ਗੰਨੇ ਦੀ ਬਿਜਾਈ ਸਮੇਂ 65 ਕਿਲੋ ਯੂਰੀਆ ਪ੍ਰਤੀ ਏਕੜ ਵਰਤੋ। ਇਸ ਤੋਂ ਇਲਾਵਾ ਬਿਜਾਈ ਸਮੇਂ 4 ਕਿਲੋ ਅਜੋਟੋਬੈਕਟਰ (ਜੀਵਾਣੂ ਖਾਦ) ਪ੍ਰਤੀ ਏਕੜ ਪਾਓ।
ਹਰੇ ਚਾਰੇ: ਜ਼ਮੀਨ ਦੀ ਕਿਸਮ ਅਤੇ ਮੌਸਮ ਨੂੰ ਦੇਖਦੇ ਹੋਏ 15-20 ਦਿਨਾਂ ਦੇ ਫ਼ਰਕ ਤੇ ਬਰਸੀਮ ਅਤੇ ਲੂਸਣ ਦੀ ਫ਼ਸਲ ਨੂੰ ਪਾਣੀ ਦਿੰਦੇ ਰਹੋ। ਜੇਕਰ ਹਰਾ ਚਾਰਾ ਜ਼ਿਆਦਾ ਹੋਵੇ ਤਾਂ ਇਸ ਮਹੀਨੇ ਦੇ ਅਖ਼ੀਰ 'ਚ ਜਾਂ ਮਾਰਚ ਦੇ ਸ਼ੁਰੂ ਵਿਚ ਜਵੀਂ ਦੀ ਫ਼ਸਲ ਜਦੋਂ ਦੋਧੀ ਹੋਵੇ ਤਾਂ ਅਚਾਰ ਬਣਾ ਲਵੋ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX