ਤਾਜਾ ਖ਼ਬਰਾਂ


ਯੂਥ ਕਾਂਗਰਸੀ ਆਗੂ ਅਮਨਦੀਪ ਸਿੰਘ ਦੇ ਮਾਰੀ ਗੋਲੀ
. . .  1 day ago
ਨਾਭਾ ,21 ਫਰਵਰੀ {ਅਮਨਦੀਪ ਸਿੰਘ ਲਵਲੀ} -ਨਾਭਾ ਕੋਤਵਾਲੀ ਤੋਂ ਤਕਰੀਬਨ 250 ਮੀਟਰ ਨਜ਼ਦੀਕ ਯੂਥ ਕਾਂਗਰਸੀ ਆਗੂ ਅਮਨਦੀਪ ਸਿੰਘ ਉਰਫ਼ ਗੋਸੂ ਦੇ ਰਾਤ 9 ਵਜੇ ਦੇ ਕਰੀਬ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਕੋਤਵਾਲੀ ਨਾਭਾ ...
ਸੁਖਦੇਵ ਸਿੰਘ ਢੀਂਡਸਾ ਨੇ ਲਿਆ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ
. . .  1 day ago
ਸੰਗਰੂਰ, 21 ਫਰਵਰੀ (ਦਮਨਜੀਤ ਸਿੰਘ)- 23 ਫਰਵਰੀ ਨੂੰ ਟਕਸਾਲੀਆ ਵੱਲੋਂ ਸੰਗਰੂਰ ਦੀ ਅਨਾਜ ਮੰਡੀ ਵਿਚ ਕੀਤੀ ਜਾ ਰਹੀ ਰੈਲੀ ਵਾਲੀ ਜਗ੍ਹਾ ਦਾ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਜਾਇਜ਼ਾ ...
ਅਕਾਲੀ ਅਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਚਲ ਰਹੀ ਹੈ ਸਰਕਾਰ- ਬੈਂਸ
. . .  1 day ago
ਅੰਮ੍ਰਿਤਸਰ ,21 ਫਰਵਰੀ { ਅ . ਬ .}-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਅੱਜ ਅੰਮ੍ਰਿਤਸਰ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਪਹੁੰਚੇ ।ਜਿੱਥੇ ਉਨ੍ਹਾਂ 2022 ਵਿਚ ਵਿਧਾਨ ਸਭਾ ਚੋਣਾਂ ਵਿਚ ...
ਤੀਸਰੇ ਦਿਨ ਵੀ ਵਾਰਤਾਕਾਰ ਸ਼ਾਹੀਨ ਬਾਗ ਪੁੱਜੇ
. . .  1 day ago
ਨਵੀਂ ਦਿੱਲੀ, 21 ਫਰਵਰੀ - ਦਿੱਲੀ ਦੇ ਸ਼ਾਹੀਨ ਬਾਗ ਦੇ ਸੀ.ਏ.ਏ. ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਵਾਰਤਾਕਾਰ ਸ਼ਾਹੀਨ ਬਾਗ ਜਾ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੱਢਣ 'ਚ ਜੁੱਟੇ ਹੋਏ ਹਨ। ਸੁਪਰੀਮ ਕੋਰਟ ਵਲੋਂ ਨਿਯੁਕਤ...
ਪ੍ਰਧਾਨ ਮੰਤਰੀ ਮੋਦੀ ਨੇ ਅਜਮੇਰ ਸ਼ਰੀਫ ਦਰਗਾਹ ਲਈ ਚਾਦਰ ਭੇਟ ਕੀਤੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਜਮੇਰ ਸ਼ਰੀਫ਼ ਦਰਗਾਹ ਵਿਚ ਚੜ੍ਹਾਉਣ ਲਈ ਚਾਦਰ ਭੇਟ ਕੀਤੀ। ਇਸ ਮੌਕੇ ਅਜਮੇਰ ਸ਼ਰੀਫ਼ ਸੂਫ਼ੀ ਦਰਗਾਹ ਦਾ ਇਕ ਵਫ਼ਦ ਵੀ ਮੌਜੂਦ ਸੀ। ਉੱਥੇ ਹੀ ਇਸ ਦੌਰਾਨ ਘੱਟ ਮਾਮਲਿਆਂ ਬਾਰੇ...
ਸ੍ਰੀ ਮੁਕਤਸਰ ਸਾਹਿਬ: ਅੰਤਰਰਾਸ਼ਟਰੀ ਨਗਰ ਕੀਰਤਨ ਦੀ ਰਵਾਨਗੀ 22 ਨੂੰ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ 22 ਫ਼ਰਵਰੀ ਤੋਂ 7 ਮਾਰਚ ਤੱਕ ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੇ ਜਾ ਰਹੇ ਅੰਤਰਰਾਸ਼ਟਰੀ ਨਗਰ...
ਸਹਾਇਕ ਥਾਣੇਦਾਰ ਨੂੰ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਗੰਭੀਰ ਜ਼ਖ਼ਮੀ
. . .  1 day ago
ਬਟਾਲਾ, 21 ਫਰਵਰੀ (ਕਾਹਲੋਂ)-ਅੱਜ ਬਟਾਲਾ 'ਚ ਡਾਕ ਲੈ ਕੇ ਆਏ ਸਹਾਇਕ ਥਾਣੇਦਾਰ ਨੂੰ ਇਕ ਦੁਕਾਨਦਾਰ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦੀ ਖ਼ਬਰ ਹੈ। ਇਸ ਬਾਰੇ ਥਾਣਾ ਸਿਟੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ...
ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 21 ਫਰਵਰੀ - ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਦਿੱਲੀ ਆਏ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 7 ਲੋਕ ਕਲਿਆਣ ਮਾਰਗ ਪਹੁੰਚ ਕੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ...
ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਦਿੱਤੀ ਸਖਤ ਚੇਤਾਵਨੀ
. . .  1 day ago
ਪੈਰਿਸ, 21 ਫਰਵਰੀ - ਵਿਸ਼ਵ ਅੱਤਵਾਦ ਵਿੱਤੀ ਨਿਗਰਾਨ ਸੰਸਥਾ ਐਫ.ਏ.ਟੀ.ਐਫ. ਨੇ ਅੱਜ ਪਾਕਿਸਤਾਨ ਨੂੰ ਗ੍ਰੇਅ ਲਿਸਟ ਵਿਚ ਬਣਾਏ ਰੱਖਣ ਦਾ ਪੈਰਿਸ 'ਚ ਫ਼ੈਸਲਾ ਲਿਆ ਹੈ ਤੇ ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਲਸ਼ਕਰੇ ਤੋਇਬਾ ਤੇ ਜੈਸ਼ ਏ ਮੁਹੰਮਦ...
ਵੈਟਰਨਰੀ ਇੰਸਪੈਕਟਰਾਂ ਵਲੋਂ ਰੋਹ ਭਰਪੂਰ ਰੈਲੀ ਅਤੇ ਵਿਧਾਨ ਸਭਾ ਵੱਲ ਮਾਰਚ
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਮਾਸੂਮਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ ਅਵਾਰਾ ਤੇ ਖ਼ਤਰਨਾਕ ਪਾਲਤੂ ਕੁੱਤੇ

ਭਾਵੇਂ ਕਿ ਕਿਸੇ ਵੀ ਕਿਸਮ ਦੇ ਖ਼ਤਰਨਾਕ ਕੁੱਤੇ ਰੱਖਣ 'ਤੇ ਉੱਚ-ਅਦਾਲਤ ਵਲੋਂ ਮਨਾਹੀ ਹੈ ਪਰ ਫਿਰ ਵੀ ਕਈ ਲੋਕ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਜਿਥੇ ਅਜਿਹੇ ਕੁੱਤੇ ਪਾਲ ਕੇ ਮਾਸੂਮਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ, ਉਥੇ ਹੀ ਅਵਾਰਾ ਕੁੱਤਿਆਂ ਦਾ ਵੀ ਕਹਿਰ ਨਿਰੰਤਰ ਜਾਰੀ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਪਿੱਟਬੁਲ ਕੁੱਤੇ ਨੇ ਜਿਥੇ ਇਕ ਗਾਂ ਨੂੰ ਆਪਣੀ ਪਕੜ ਵਿਚ ਲਿਆ, ਉਥੇ ਹੀ ਹਾਲ ਵਿਚ ਇਕ ਹੋਰ ਘਟਨਾ ਵਾਪਰੀ ਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਵਿਚ ਜਲੰਧਰ ਸ਼ਹਿਰ 'ਚ ਇਕ ਟਿਊਸ਼ਨ ਪੜ੍ਹਨ ਜਾਂਦੇ ਬੱਚੇ 'ਤੇ ਇਕ ਕੁੱਤੇ ਨੇ ਜਾਨ ਲੇਵਾ ਹਮਲਾ ਕਰ ਦਿੱਤਾ। ਉਸ ਦੀ ਪਕੜ ਏਨੀ ਮਜ਼ਬੂਤ ਸੀ ਕਿ ਦਰਜਨ ਦੇ ਕਰੀਬ ਲੋਕਾਂ ਦੀ ਲੰਬੀ ਜੱਦੋ-ਜਹਿਦ ਤੋਂ ਬਾਅਦ ਇਸ ਖੂੰਖਾਰ ਕੁੱਤੇ ਕੋਲੋਂ ਬੱਚੇ ਨੂੰ ਛੁਡਵਾਇਆ ਗਿਆ, ਜਿਸ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਉਣਾ ਪਿਆ। ਕੁੱਤੇ ਨੇ ਬੱਚੇ ਦੇ ਕਈ ਹਿੱਸਿਆਂ 'ਤੇ ਵੱਢਿਆ। ਇਸੇ ਤਰ੍ਹਾਂ ਹੀ ਅਵਾਰਾ ਕੁੱਤਿਆਂ ਨੇ ਪਿਛਲੇ ਦਿਨੀਂ ਖੰਨਾ ਨੇੜੇ ਇਕ ਪੰਜ ਸਾਲ ਦਾ ਬੱਚਾ ਵੀ ਨੋਚਿਆ। ਅਜਿਹੀਆਂ ਪਿਛਲੇ ਲੰਮੇਂ ਸਮੇਂ ਤੋਂ ਕਈ ਖ਼ਤਰਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ। ਭਾਵੇਂ ਪ੍ਰਸ਼ਾਸਨ ਵਲੋਂ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਫੜ ਕੇ ਨਸਬੰਦੀ ਕੀਤੀ ਜਾ ਰਹੀ ਹੈ ਪਰ ਇਸ ਦੀ ਰਫ਼ਤਾਰ ਏਨੀ ਮੱਧਮ ਹੈ ਕਿ ਕੁੱਤਿਆਂ ਦੀ ਓਨੀ ਨਸਬੰਦੀ ਨਹੀਂ ਹੁੰਦੀ ਜਿੰਨਾ ਕਿ ਉਨ੍ਹਾਂ ਦੀ ਆਬਾਦੀ ਵਿਚ ਵਾਧਾ ਹੋ ਰਿਹਾ ਹੈ। ਅਵਾਰਾ ਕੁੱਤੇ ਗਲੀਆਂ, ਮੁਹੱਲਿਆਂ, ਪਿੰਡਾਂ ਦੀਆਂ ਹੱਡਾ ਰੋੜੀਆਂ 'ਤੇ ਹਰਲ-ਹਰਲ ਕਰਦੇ ਫਿਰਦੇ ਹਨ, ਜੋ ਬਜ਼ੁਰਗਾਂ, ਬੱਚਿਆਂ, ਰਾਹਗੀਰਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਦੇ ਅਤੇ ਕਈਆਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੰਦੇ ਹਨ ਪ੍ਰੰਤੂ ਪ੍ਰਸ਼ਾਸਨ ਅਤੇ ਸਰਕਾਰ ਇਸ ਦਾ ਕੋਈ ਠੋਸ ਹੱਲ ਨਹੀਂ ਕਰ ਰਹੀ। ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਾਗਣ ਦਾ ਕੀ ਫਾਇਦਾ? ਜੇਕਰ ਕੁੱਤੇ ਮਾਰਨ 'ਤੇ ਪਾਬੰਦੀ ਲੱਗੀ ਹੋਈ ਹੈ ਤਾਂ ਉਥੇ ਅਜਿਹੇ ਖੂੰਖਾਰ ਪਾਲਤੂ ਕੁੱਤਿਆਂ 'ਤੇ ਸਖ਼ਤ ਪਾਬੰਦੀ ਲੱਗਣੀ ਚਾਹੀਦੀ ਹੈ। ਉਥੇ ਹੀ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੇ ਕੰਮ ਵਿਚ ਵੀ ਤੇਜ਼ੀ ਲਿਆਉਣੀ ਚਾਹੀਦੀ ਹੈ ਅਤੇ ਨਸਬੰਦੀ ਕੀਤੇ ਕੁੱਤਿਆਂ ਨੂੰ ਸ਼ਹਿਰੋਂ ਬਾਹਰ ਦੂਰ ਰੱਖਣ ਦੇ ਵੀ ਇੰਤਜ਼ਾਮ ਕਰਨੇ ਚਾਹੀਦੇ ਹਨ ਤਾਂ ਜੋ ਇਹ ਕੁੱਤੇ ਰਾਹਗੀਰਾਂ, ਬੱਚਿਆਂ, ਬਜ਼ੁਰਗਾਂ ਦੀ ਮੌਤ ਦਾ ਕਾਰਨ ਨਾ ਬਣਨ। ਲੋੜ ਹੈ ਸਰਕਾਰ ਨੂੰ ਇਸ ਪਾਸੇ ਤੁਰੰਤ ਪ੍ਰਭਾਵ ਨਾਲ ਪੁਖਤਾ ਤੇ ਠੋਸ ਕਦਮ ਚੁੱਕਣ ਦੀ। ਸੋ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਖ਼ਤਰਨਾਕ ਕੁੱਤੇ ਜਿਹੜੇ ਜਾਨ ਲੇਵਾ ਸਾਬਤ ਹੋ ਰਹੇ ਹਨ, ਉਨ੍ਹਾਂ ਨੂੰ ਰੱਖਣ ਤੋਂ ਹੀ ਗੁਰੇਜ਼ ਕਰਨ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਮਾਸੂਮ ਦੀ ਜਾਨ ਖ਼ਤਰੇ ਵਿਚ ਨਾ ਪਵੇ।

-ਸ਼ਾਹਬਾਦੀਆ, ਜਲੰਧਰ।


ਖ਼ਬਰ ਸ਼ੇਅਰ ਕਰੋ

ਸਮੱਸਿਆਵਾਂ ਘਟਾਉਣ ਲਈ ਵਧਦੀ ਆਬਾਦੀ ਨੂੰ ਵੀ ਠੱਲ੍ਹ ਪਾਉਣੀ ਪਵੇਗੀ

ਸਾਡੀ ਕੁੱਲ ਧਰਤੀ ਦੁਨੀਆ ਦੀ ਧਰਤੀ ਦਾ ਢਾਈ ਫੀਸਦੀ ਹੈ ਜਦੋਂ ਕਿ ਸਾਡੇ ਕੋਲ਼ ਡੇਢ ਫੀਸਦੀ ਕੁਦਰਤੀ ਸਾਧਨ ਹਨ। ਪਰ ਆਬਾਦੀ 16 ਫੀਸਦੀ ਹੈ। ਵਿਸ਼ਵ ਦੇ ਸਾਧਨਾਂ ਅਤੇ ਧਰਤੀ ਦੇ ਅਨੁਸਾਰ ਸਾਡੀ ਆਬਾਦੀ ਵੀਹ ਕਰੋੜ ਹੋਣੀ ਚਾਹੀਦੀ ਸੀ। ਭਾਰਤ ਫੇਰ ਹੀ ਵਿਕਸਤ ਦੇਸ਼ ਬਣ ਸਕਦਾ ਸੀ। ਪਰ ਇਥੇ ਤਾਂ ਹਰ ਵਰ੍ਹੇ ਪੂਰੇ ਆਸਟਰੇਲੀਆ ਜਿੰਨੀ ਆਬਾਦੀ ਵਧ ਜਾਂਦੀ ਹੈ। ਏਥੇ ਇਕ ਵਰਗ ਕਿਲੋਮੀਟਰ ਵਿਚ 368 ਆਦਮੀ ਆਉਂਦੇ ਹਨ ਜਦੋਂ ਕਿ ਚੀਨ ਵਿਚ 139, ਅਮਰੀਕਾ ਵਿਚ 34, ਰੂਸ ਵਿਚ 8, ਕੈਨੇਡਾ ਵਿਚ 4 ਅਤੇ ਆਸਟਰੇਲੀਆ ਵਿਚ ਇਹ ਗਿਣਤੀ ਸਿਰਫ 3 ਹੈ। ਵੱਧ ਆਬਾਦੀ ਦੇ ਕਾਰਨ ਹੀ ਸਾਡੇ ਦੇਸ਼ ਵਿਚ ਅੰਤਾਂ ਦੀ ਗਰੀਬੀ , ਭੁੱਖਮਰੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਲੁੱਟਾਂ-ਖੋਹਾਂ ਅਤੇ ਕਤਲੋਗਾਰਤ ਦਾ ਬੋਲਬਾਲਾ ਹੈ। ਐਨੀ ਲਗਾਤਾਰ ਵਧ ਰਹੀ ਆਬਾਦੀ ਲਈ ਲੱਖਾਂ ਨਵੇਂ ਸਕੂਲ, ਹਸਪਤਾਲ, ਮਕਾਨ ਅਤੇ ਰੁਜ਼ਗਾਰ ਦੇ ਸਾਧਨ ਕਿੱਥੋਂ ਮੁਹੱਈਆ ਹੋਣਗੇ? ਇਕੱਲੀ ਦਿੱਲੀ ਦੀ ਝੁੱਗੀ ਝਂੌਪੜੀ ਵਾਲੀ ਵਸੋਂ ਦੇ ਲਈ ਬੀ. ਐੱਸ. ਢਿੱਲੋਂ ਦੀ ਖ਼ੋਜ ਅਨੁਸਾਰ ਪੁਨਰ ਵਾਸ ਲਈ ਢਾਈ ਹਜ਼ਾਰ ਏਕੜ ਜ਼ਮੀਨ 'ਤੇ ਪੰਜਾਹ ਅਰਬ ਰੁਪਏ ਦੀ ਲੋੜ ਹੈ। ਇਨ੍ਹਾਂ ਵਿਚ ਇਕ ਲੱਖ ਬੱਚੇ ਭਿਖਾਰੀ ਹਨ। ਭਾਰਤ ਦੇ ਹਰ ਕਸਬੇ ਅਤੇ ਸ਼ਹਿਰ ਵਿਚ ਝੁੱਗੀਅ ਝੌਂਪੜੀਆਂ ਦੀ ਭਰਮਾਰ ਹੈ। ਬੇਰੁਜ਼ਗਾਰੀ ਦੀ ਵੱਡੀ ਫ਼ੌਜ ਲਈ ਵੀ ਵਸੋਂ ਦਾ ਬੇਤਹਾਸ਼ਾ ਵਾਧਾ ਹੈ। ਸੰਨ 1951 ਵਿਚ ਭਾਰਤ ਦੀ ਆਬਾਦੀ 31 ਕਰੋੜ ਸੀ ਜਿਹੜੀ ਹੁਣ ਵਧ ਕੇ 125 ਕਰੋੜ ਤੋਂ ਜ਼ਿਆਦਾ ਤੱਕ ਪੁੱਜ ਗਈ ਹੈ। ਚੀਨ ਨੇ ਕਾਨੂੰਨ ਸਖ਼ਤੀ ਨਾਲ ਲਾਗੂ ਕਰਕੇ ਬਕਾਇਦਾ ਆਪਣੀ ਵਧਦੀ ਆਬਾਦੀ ਉੱਪਰ ਪੂਰੀ ਤਰ੍ਹਾਂ ਕੰਟਰੋਲ ਕੀਤਾ ਹੋਇਆ ਹੈ। ਜੇ ਸਾਡੀ ਆਬਾਦੀ ਏਸੇ ਤਰ੍ਹਾਂ ਹੀ ਵਧਦੀ ਗਈ ਤਾਂ ਜਲਦੀ ਹੀ ਚੀਨ ਨੂੰ ਪਛਾੜਕੇ ਨੰਬਰ ਇਕ 'ਤੇ ਆ ਜਾਵਾਂਗੇ। ਯਾਦ ਰਹੇ ਉਨ੍ਹਾਂ ਕੋਲ ਧਰਤੀ ਸਾਡੇ ਨਾਲੋਂ ਦੁੱਗਣੀ ਹੈ। ਸੀਮਿਤ ਸਾਧਨਾਂ ਦੇ ਨਾਲ ਐਨੀ ਖ਼ਲਕਤ ਨੂੰ ਮੁੱਢਲੀਆਂ ਸਹੂਲਤਾਂ ਹੀ ਦੇਣਾ ਖ਼ਾਲਾ ਜੀ ਦਾ ਵਾੜਾ ਨਹੀਂ ਹੈ। ਵਧਦੀ ਆਬਾਦੀ ਕਾਰਨ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਦਯੋਗਾਂ 'ਤੇ ਬੜਾ ਮਾੜਾ ਅਸਰ ਪੈ ਰਿਹਾ ਹੈ। ਸਪਰੇਆਂ, ਖਾਦਾਂ ਅਤੇ ਖੇਤੀਬਾੜੀ ਨਾਲ ਜਿਥੇ ਅਸੀਂ ਪਾਣੀ ਬਹੁਤ ਥੱਲੇ ਭੇਜ ਦਿੱਤਾ ਹੈ ਉਥੇ ਪੂਰੀ ਤਰ੍ਹਾਂ ਜ਼ਹਿਰੀਲਾ ਵੀ ਕਰ ਦਿੱਤਾ ਹੈ। ਉਦਯੋਗਾਂ ਨੇ ਵਾਤਾਵਰਨ ਨੂੰ ਖ਼ਰਾਬ ਕਰਨ ਦੀ ਰਹਿੰਦੀ ਕਸਰ ਕੱਢ ਦਿੱਤੀ ਹੈ। ਜਿਸ ਕਾਰਨ ਸਾਡਾ ਮੁਲਕ ਕੈਂਸਰ, ਸ਼ੂਗਰ, ਕੁਸ਼ਟ ਰੋਗ ਅਤੇ ਹੈਪੇਟਾਈਟਸ ਜਿਹੇ ਘਾਤਕ ਰੋਗਾਂ ਵਿਚ ਪਹਿਲੇ ਨੰਬਰ ਉਤੇ ਆ ਗਿਆ ਹੈ। ਘਰ-ਘਰ ਦਵਾਈਆਂ ਦੀਆਂ ਸ਼ੀਸ਼ੀਆਂ ਅਤੇ ਗੋਲੀਆਂ ਦੇ ਪੱਤੇ ਤੁਹਾਨੂੰ ਆਮ ਵੇਖਣ ਲਈ ਮਿਲਣਗੇ। ਸਾਡੀ ਔਸਤ ਉਮਰ ਬਾਕੀ ਦੇਸ਼ਾਂ ਦੇ ਮੁਕਾਬਲੇ ਬੜੀ ਤੇਜ਼ੀ ਨਾਲ ਘੱਟ ਰਹੀ ਹੈ। ਪੈਸੇ ਦੀ ਕਾਣੀ ਵੰਡ ਗਰੀਬ ਵਧਦੀ ਆਬਾਦੀ ਨੂੰ ਹੋਰ ਵੀ ਨਰਕਾਂ ਵੱਲ ਧੱਕ ਰਹੀ ਹੈ। ਆਬਾਦੀ ਘਟਾਉਣ ਦੀ ਥਾਂ ਕੁਝ ਸੌੜੀ ਸੋਚ ਵਾਲੇ ਲੋਕ ਇਸ ਕਰਕੇ ਆਬਾਦੀ ਘਟਾਉਣ ਲਈ ਪ੍ਰੇਰਿਤ ਨਹੀਂ ਕਰਦੇ ਕਿ ਕਿਤੇ ਸਾਡੀ ਕੌਮ, ਧਰਮ ਅਤੇ ਜਾਤ ਦੀ ਆਬਾਦੀ ਹੋਰਾਂ ਨਾਲੋਂ ਘਟ ਨਾ ਜਾਵੇ। ਇਹ ਤੰਗ ਸੋਚ ਸਮੁੱਚੇ ਦੇਸ਼ ਲਈ ਬੜੀ ਘਾਤਕ ਹੈ। ਸੋ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਬਿਨਾਂ ਕਿਸੇ ਦੇਰੀ ਦੇ ਪਰਿਵਾਰ ਨਿਯੋਜਨ ਸਬੰਧੀ ਸਖ਼ਤ ਕਾਨੂੰਨ ਬਣਾਏ ਜਾਣ ਅਤੇ ਪੂਰੀ ਸਖ਼ਤੀ ਨਾਲ ਲਾਗੂ ਕੀਤੇ ਜਾਣ। ਪੋਲੀਓ ਮੁਹਿੰਮ ਵਾਂਗ ਇਹ ਮੁਹਿੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲਾਈ ਜਾਵੇ। ਹੇਠਲੇ ਪੱਧਰ ਤੱਕ ਲੋਕਾਂ ਨੂੰ ਚੰਗੀ ਤਰ੍ਹਾਂ ਜਾਗਰੂਕ ਕੀਤਾ ਜਾਵੇ। ਵੋਟ ਬੈਂਕ ਤੋਂ ਉੱਪਰ ਉਠ ਕੇ ਸਿਆਸੀ ਲੋਕਾਂ ਨੂੰ ਸਮੁੱਚੇ ਦੇਸ਼ ਦੇ ਭਵਿੱਖ ਬਾਰੇ ਚਿੰਤਤ ਹੋ ਕੇ ਸੋਚਣਾ ਚਾਹੀਦਾ ਹੈ। ਪਹਿਲਾਂ ਹੀ ਬੜੀ ਦੇਰੀ ਹੋ ਚੁੱਕੀ ਹੈ ਹੋਰ ਦੇਰੀ ਦੇਸ਼ ਲਈ ਬੇਹੱਦ ਘਾਤਕ ਸਿੱਧ ਹੋ ਸਕਦੀ ਹੈ।

-ਗਿੱਲ ਨਗਰ ਗਲੀ ਨੰ-13. ਮੁੱਲਾਂਪੁਰ ਦਾਖ਼ਾ (ਲੁਧਿਆਣਾ)। ਮੋਬਾ : 9463542896.

 

ਚੰਗੇ ਅਤੇ ਉਸਾਰੂ ਸਿਆਸਤਦਾਨਾਂ ਦੀ ਘਾਟ ਕਾਰਨ ਜੂਝ ਰਹੀ ਦੇਸ਼ ਦੀ ਸਿਆਸਤ

ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਪਿਛਲੇ ਦਿਨੀਂ ਇਕੋਨੋਮਿਸਟ ਇੰਟੈਲੀਜੈਂਸ ਯੂਨਿਟ (ਯੂ.ਕੇ. ਆਧਾਰਿਤ ਕੰਪਨੀ) ਵਲੋਂ ਆਪਣਾ 12ਵਾਂ ਐਡੀਸ਼ਨ ਪੇਸ਼ ਕੀਤਾ ਗਿਆ, ਜਿਸ ਵਿਚ 167 ਦੇ ਕਰੀਬ ਦੇਸ਼ਾਂ ਦੇ ਲੋਕਤੰਤਰੀ ਢਾਂਚੇ ਦਾ ਮੁਲਾਂਕਣ ਕੀਤਾ ਗਿਆ। ਉਸ ਦੀ ਸੂਚੀ ਵਿਚ ਭਾਰਤ ਪਹਿਲਾਂ ਨਾਲੋਂ ਦਸ ਸਥਾਨ ਪਿੱਛੇ ਚਲਾ ਗਿਆ ਅਤੇ 10 ਵਿਚੋਂ 6.9 ਅੰਕ ਲੈ ਕੇ 51ਵੇਂ ਸਥਾਨ 'ਤੇ ਰਿਹਾ। ਅਸਲ ਵਿਚ ਇਹ ਸਰਵੇਖਣ ਦੇਸ਼ਾਂ ਦੇ ਅੰਦਰੂਨੀ ਰਾਜਨੀਤਕ ਅਤੇ ਅਰਥ ਵਿਵਸਥਾ ਆਦਿ ਦੇ ਪੈਮਾਨਿਆਂ ਨੂੰ ਜਾਂਚ ਕੇ ਤਿਆਰ ਕੀਤਾ ਜਾਂਦਾ ਹੈ। ਸ਼ਾਇਦ ਮਗਰਲੇ ਸਾਲ ਦੇਸ਼ ਵਿਚ ਹੋਈਆਂ ਕੁਝ ਰਾਜਨੀਤਕ ਸਰਗਰਮੀਆਂ ਕਾਰਨ ਦੇਸ਼ ਦੀ ਅਰਥ-ਵਿਵਸਥਾ ਨੂੰ ਸੱਟ ਵੱਜੀ ਹੈ, ਜਿਸ ਨੇ ਦੇਸ਼ ਨੂੰ 41 ਤੋਂ 51ਵੇਂ ਸਥਾਨ 'ਤੇ ਪਹੁੰਚਾ ਦਿੱਤਾ। ਇਸ ਮਸਲੇ ਨੂੰ ਦੇਸ਼ ਦੇ ਨੇਤਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਅਸਲ ਵਿਚ ਇਸ ਪਿੱਛੇ ਇਕ ਨਹੀਂ ਕਈ ਕਾਰਨ ਹੋ ਸਕਦੇ ਹਨ। ਸਭ ਤੋਂ ਵੱਡਾ ਕਾਰਨ ਸਾਡੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਵਿਕਾਸ ਤੇ ਪ੍ਰਗਤੀਸ਼ੀਲ ਕੰਮ ਕਰਨ ਦੀ ਬਜਾਏ ਆਪਸੀ ਖਿਚੋਤਾਣ ਵਿਚ ਜ਼ਿਆਦਾ ਰੁਚੀ ਰੱਖਦੀਆਂ ਹਨ। ਸਿਆਸਤਦਾਨ ਸੱਤਾ 'ਚ ਆਉਣ ਤੋਂ ਮਗਰੋਂ ਆਪੋ-ਆਪਣੀਆਂ ਰਾਜਸੀ ਖੁੰਦਕਾਂ ਕੱਢਣ ਲਗਦੇ ਹਨ ਤੇ ਦੇਸ਼ ਦਾ ਵਿਕਾਸ ਉਥੇ ਦਾ ਉਥੇ ਹੀ ਖੜ੍ਹਾ ਰਹਿੰਦਾ ਹੈ। ਨਾਰਵੇ ਵਰਗੇ ਨਿੱਕੇ ਜਿਹੇ ਦੇਸ਼ ਨੇ ਇਸ ਸਰਵੇਖਣ ਵਿਚ ਦਸਾਂ ਵਿਚੋਂ 9.87 ਅੰਕ ਲੈ ਕੇ ਪਹਿਲੇ ਸਥਾਨ 'ਤੇ ਪਹੁੰਚ ਕੇ ਇਹ ਸੁਨੇਹਾ ਦਿੱਤਾ ਕਿ ਕਿੰਝ ਉਥੋਂ ਦੀਆਂ ਸਰਕਾਰਾਂ ਅਤੇ ਪ੍ਰਣਾਲੀ ਲੋਕਾਂ ਪ੍ਰਤੀ ਸਹਾਇਕ ਹੈ ਅਤੇ ਕਿੰਝ ਉਥੋਂ ਦੇ ਲੋਕਾਂ ਨੂੰ ਆਪਣੀਆਂ ਸਰਕਾਰਾਂ ਅਤੇ ਪ੍ਰਣਾਲੀ 'ਤੇ ਮਾਣ ਹੈ। ਜਿਸ ਨੇ ਸਭ ਨੂੰ ਇਕ ਧਾਗੇ ਵਿਚ ਪਰੋ ਕੇ ਰੱਖਿਆ ਹੈ। ਅੱਜ ਦੇਸ਼ ਦਾ ਹਰ ਨਾਗਰਿਕ ਟੈਕਸ ਅਦਾ ਕਰ ਰਿਹਾ ਹੈ ਪਰ ਬਦਲੇ ਵਿਚ ਨਾਗਰਿਕ ਨੂੰ ਸਹੂਲਤ ਨਾਂਹ ਦੇ ਬਰਾਬਰ ਹੀ ਮਿਲ ਰਹੀ ਹੈ। ਸਾਡੇ ਰਾਜਨੀਤਕ ਨੇਤਾਵਾਂ ਨੂੰ ਚਾਹੀਦਾ ਹੈ ਕਿ ਸਾਡੇ ਦੇਸ਼ ਦੀ ਤਰੱਕੀ ਦੀ ਰਫ਼ਤਾਰ ਵਿਚ ਨਿਰੰਤਰ ਵਾਧਾ ਕਰਨ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਕੋਈ ਵੀ ਨਾਗਰਿਕ ਆਪਣੇ ਦੇਸ਼ ਵਿਚ ਰਹਿਣਾ ਵੀ ਚੰਗਾ ਮਹਿਸੂਸ ਨਹੀਂ ਕਰੇਗਾ।

-ਲੁਧਿਆਣਾ। ਮੋਬਾਈਲ : 99143-21937.

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ?

ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸ ਤੋਂ ਬਾਅਦ ਜਿਨਾਹ ਨੇ ਰੱਖਿਆ ਸੀ। ਭਾਰਤ ਇਕ ਧਰਮ ਨਿਰਪੱਖ ਲੋਕਤੰਤਰ ਹੈ ਜਿਸ ਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੇ ਪੈਰੀਂ ਹੱਥ ਲਾਏ ਅਤੇ ਗੋਲੀ ਮਾਰ ਦਿੱਤੀ, ਇਹੋ ਭਾਜਪਾ ਸਰਕਾਰ ਦੁਹਰਾ ਰਹੀ ਹੈ ਕਿ ਸੰਵਿਧਾਨ ਨੂੰ ਮੱਥਾ ਟੇਕ ਉਸ ਦੀ ਉਲੰਘਣਾ ਕੀਤੀ ਜਾ ਰਹੀ ਹੈ।ਭਾਰਤੀ ਸੰਵਿਧਾਨ ਦੇ ਭਾਗ 2 ਦੇ ਅਨੁਛੇਦ ਪੰਜ ਤੋਂ ਗਿਆਰਾਂ ਨਾਗਰਿਕਤਾ ਸਬੰਧੀ ਹਨ। ਨਾਗਰਿਕਤਾ ਕਾਨੂੰਨ, 1955 ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤੀ ਨਾਗਰਿਕਤਾ ਹਾਸਿਲ ਕਰਨਾ, ਨਾਗਰਿਕਤਾ ਮਿਲਣਾ, ਤੈਅ ਕਰਨਾ ਅਤੇ ਖ਼ਾਰਿਜ ਕਰਨ ਦੇ ਸਬੰਧ ਵਿਚ ਇਕ ਕਾਨੂੰਨ ਹੈ। ਨਾਗਰਿਕਤਾ ਸਬੰਧੀ ਸਮੇਂ ਸਮੇਂ ਤੇ ਕਾਨੂੰਨ ਬਣਾਉਣ ਅਤੇ ਬਦਲਣ ਦਾ ਅਧਿਕਾਰ ਸੰਵਿਧਾਨ ਦੁਆਰਾ ਭਾਰਤੀ ਸੰਸਦ ਨੂੰ ਦਿੱਤਾ ਗਿਆ ਹੈ। ਇਸ ਕਾਨੂੰਨ ਨੂੰ ਸਾਲ 2019 ਤੋਂ ਪਹਿਲਾਂ 1986, 1992, 2003, 2005 ਅਤੇ 2015 ਵਿਚ ਪੰਜ ਵਾਰ ਸੋਧਿਆ ਜਾ ਚੁੱਕਾ ਹੈ।ਨਾਗਰਿਕਤਾ (ਸੋਧ) ਐਕਟ, 2019 ਨੂੰ ਭਾਰਤ ਦੀ ਸੰਸਦ ਨੇ 11 ਦਸੰਬਰ 2019 ਨੂੰ ਪਾਸ ਕੀਤਾ। ਨਵੀਂ ਸੋਧ ਤੋਂ ਬਾਅਦ ਇਸ ਕਾਨੂੰਨ ਵਿਚ ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਹਿੰਦੂ, ਬੋਧੀ, ਜੈਨ, ਪਾਰਸੀ, ਇਸਾਈ ਅਤੇ ਸਿੱਖ, ਛੇ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਤਜਵੀਜ਼ ਕੀਤੀ ਗਈ ਹੈ ਅਤੇ ਮੁਸਲਮਾਨਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਧਰਮ ਨਿਰਪੱਖਤਾ ਦੀ ਗੱਲ ਕਰਨ ਵਾਲੇ ਲੋਕਤੰਤਰ ਵਿਚ ਧਰਮ ਨੂੰ ਭਾਰਤੀ ਕਾਨੂੰਨ ਦੇ ਤਹਿਤ ਨਾਗਰਿਕਤਾ ਦੇ ਮਾਪਦੰਡ ਵਜੋਂ ਵਰਤਿਆ ਜਾਣਾ, ਭਾਰਤੀ ਲੋਕਤੰਤਰ ਦੀ ਆਤਮਾ 'ਤੇ ਹਮਲਾ ਹੈ।ਜਦ ਇਹ ਬਿਲ ਸੰਸਦ ਵਿਚ ਪੇਸ਼ ਹੋਇਆ ਤਾਂ ਬੰਗਲਾਦੇਸ਼ ਦੇ ਦੋ ਮੰਤਰੀਆਂ ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਸੀ। ਬਿਪਤਾ ਦੇ ਸਮੇਂ ਸ਼ਰਨ ਚਾਹੁਣ ਵਾਲੇ ਵਿਅਕਤੀਆਂ ਨੂੰ ਧਰਮ ਦੇ ਆਧਾਰ 'ਤੇ ਸ਼ਰਨ ਨਾ ਦੇਣਾ ਧਰਮ ਨਿਰਪੱਖ ਦੇਸ਼ ਲਈ ਠੀਕ ਨਹੀਂ ਹੈ। ਇਸ ਵਿਚ ਵੀ ਕੋਈ ਦੋ ਰਾਵਾਂ ਨਹੀਂ ਕਿ ਐੱਨ.ਪੀ.ਆਰ., ਐੱਨ.ਆਰ.ਸੀ. ਦਾ ਹੀ ਮੂਲ ਆਧਾਰ ਹੈ। ਇਹ ਪੂਰੀ ਪ੍ਰਕਿਰਿਆ ਹੂ-ਬ-ਹੂ ਹਿਟਲਰ ਦੀ ਨਕਲ ਹੈ ਜਦ ਉਸਨੇ 1939-45 ਦੇ ਵਿਚ ਯਹੂਦੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ 'ਜਿਊਜ਼ ਬੈਜ' ਜਾਰੀ ਕੀਤੇ ਸੀ।ਸਾਡੇ ਗੁਆਂਢੀ ਦੇਸ਼ ਮਿਆਂਮਾਰ (ਬਰਮਾ) ਵਿਚੋਂ 10 ਲੱਖ ਦੇ ਕਰੀਬ ਰੋਹਿੰਗਿਆ ਮੁਸਲਮਾਨਾਂ ਨੂੰ ਮਾਰ-ਕੁੱਟ ਕੇ ਕੱਢਿਆ ਗਿਆ ਅਤੇ ਪਾਕਿਸਤਾਨ ਵਿਚ ਅਹਿਮਦੀਆ ਮੁਸਲਮਾਨਾਂ 'ਤੇ ਤਸ਼ੱਦਦ ਢਾਹਿਆ ਗਿਆ ਪਰ ਕੇਂਦਰ ਸਰਕਾਰ ਨੂੰ ਮਾਨਵਤਾ ਦੇ ਆਧਾਰ ਤੇ ਇਨ੍ਹਾਂ 'ਤੇ ਕੋਈ ਤਰਸ ਨਹੀਂ ਆਇਆ। ਸਿਰਫ਼ ਬੰਗਲਾਦੇਸ਼ ਨੇ ਇਨ੍ਹਾਂ ਨੂੰ ਸ਼ਰਨ ਦਿੱਤੀ ਜਿਸਦੀ ਅੰਤਰਰਾਸ਼ਟਰੀ ਪੱਧਰ 'ਤੇ ਸਿਫ਼ਤ ਹੋ ਰਹੀ ਹੈ। ਦੇਸ਼ ਵਿਚ ਇਸ ਕਾਨੂੰਨ ਦੇ ਖਿਲਾਫ ਧਰਨੇ-ਮੁਜ਼ਾਹਰੇ ਕੀਤੇ ਜਾ ਰਹੇ ਹਨ।ਸਮੇਂ ਦੀ ਲੋੜ ਹੈ ਕਿ ਸਬੰਧਤ ਕਾਨੂੰਨ ਦੀ ਪੁਨਰ ਨਜ਼ਰਸਾਨੀ ਕੀਤੀ ਜਾਵੇ ਅਤੇ ਭਾਰਤੀ ਸੰਵਿਧਾਨ ਦੀ ਧਰਮ ਨਿਰਪੱਖਤਾ ਦੇ ਅਹਿਦ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ।

-ਪਿੰਡ ਤੇ ਡਾਕ. ਬਰੜਵਾਲ (ਧੂਰੀ)
ਜ਼ਿਲ੍ਹਾ ਸੰਗਰੂਰ (ਪੰਜਾਬ)
ਈਮੇਲ- bardwal.gobinder@gmail.com

ਸਥਾਨਕ ਲੋਕਾਂ ਲਈ ਮੁਸੀਬਤ ਬਣਦੇ ਹਨ ਰਿਹਾਇਸ਼ੀ ਖੇਤਰਾਂ ਵਿਚਲੇ ਮੈਰਿਜ ਪੈਲੇਸ

ਮੈਰਿਜ ਪੈਲੇਸ ਜਾਂ ਵਿਆਹ ਮਹਿਲ ਜਿੱਥੇ ਅਸੀਂ ਆਪਣੀ ਸੁਵਿਧਾ ਦੇ ਲਈ ਪਰ ਵਿੱਤੋਂ ਬਾਹਰ ਜਾ ਕੇ ਜਿੰਦਗੀ ਦਾ ਅਹਿਮ ਕਾਰਜ ਵਿਆਹ ਜਾ ਸ਼ਾਦੀ ਕਰਦੇ ਹਾਂ। ਇਹ ਸਭ ਕੁਝ ਇੰਜ ਵਾਪਰ ਰਿਹਾ ਹੈ ਜਿਵੇਂ 1965 ਵਿਚ ਆਈ 'ਹਰੀ ਕ੍ਰਾਂਤੀ' ਤੋਂ ਬਾਅਦ ਭਿਆਨਕ ਨਤੀਜਿਆਂ ਦੇ ਕਾਰਨ ਕਿਸਾਨੀ ਹੁਣ ਤੱਕ ਮੁੜ ਸੰਭਲ ਨਹੀਂ ਪਾ ਰਹੀ। ਉਸੇ ਤਰ੍ਹਾਂ ਪੈਲਿਸ ਸੱਭਿਆਚਾਰ ਨੇ ਜਿਥੇ ਰਸਮਾਂ ਰਿਵਾਜਾਂ ਤੇ ਆਰਥਿਕਤਾ ਨੂੰ ਡੂੰਘੀ ਸੱਟ ਮਾਰੀ ਹੈ ਉਥੇ ਹੀ ਕਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾਇਸ਼ੀ ਖੇਤਰ ਵਿਚ ਆਮ ਜਨਤਾ ਅਤੇ ਸਰਕਾਰ ਲਈ ਮੁਸੀਬਤਾਂ ਦਾ ਹੜ੍ਹ ਲਿਆਂਦਾ ਹੋਇਆ ਹੈ। ਪੰਜਾਬ ਦੇ ਵੱਡੇ ਸ਼ਹਿਰ ਜਿਵੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਮੁਹਾਲੀ ਤੇ ਚੰਡੀਗੜ੍ਹ ਨਾਲ ਜੁੜੇ ਜ਼ੀਰਕਪੁਰ ਵਿਚ ਆਲੀਸ਼ਾਨ ਪੈਲਿਸਾਂ ਦੀ ਭਰਮਾਰ ਹੈ ਜ਼ਿਆਦਾਤਰ ਪੈਲਿਸ ਕਨੂੰਨ ਨੂੰ ਛਿੱਕੇ ਟੰਗ ਸਰਕਾਰ ਨੂੰ ਖੁੱਲੀ ਚੁਣੌਤੀ ਦੇ ਰਹੇ ਹਨ। 2012 ਵਿਚ ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਜ਼ਰੂਰ ਪਟਿਆਲੇ ਜ਼ਿਲ੍ਹੇ ਦੇ 78 ਪੈਲਿਸਾਂ ਨੂੰ ਨੋਟਿਸ ਜਾਂ ਸੀਲ ਕਰਨ ਦੀ ਕਾਰਵਾਈ ਕੀਤੀ ਸੀ ਇਸ ਵਿਚੋਂ ਕਾਨੂੰਨੀ ਕਾਰਵਾਈ ਦੇ ਨਾਲੋ ਨਾਲ ਸਿਆਸੀ ਕਿੜਾਂ ਵੀ ਲੁਕੀਆਂ ਨਾ ਰਹੀਆਂ ਪਰ ਇਸ ਤੋਂ ਪਹਿਲਾਂ ਜਾਂ ਅੱਜ ਤੱਕ ਕੁਝ ਅਜਿਹਾ ਨਾ ਹੋਇਆ। ਦਹਾਕੇ ਪਹਿਲਾਂ ਭਾਵੇ ਇਹ ਘਰਾਂ ਦੀ ਦੂਰੀ 'ਤੇ ਬਣੇ ਹੋਏ ਸਨ ਮੌਜੂਦਾ ਦੌਰ ਵਿਚ ਇਹ ਬਿਲਕੁਲ ਹੀ ਰਿਹਾਇਸ਼ੀ ਖੇਤਰ ਦੇ ਵਿਚਕਾਰ ਹਨ ਜਾਂ ਲੋਕਾਂ ਨੂੰ ਨੇੜੇ ਸਹੂਲਤਾਂ ਦੇਣ ਅਤੇ ਵਪਾਰਕ ਵਾਧੇ ਨੂੰ ਭਾਂਪਦਿਆਂ ਚੋਰ ਮੋਰੀਆਂ ਆਸਰੇ ਨਵੀਂ ਉਸਾਰੀ ਆਬਾਦ ਏਰੀਏ ਨੇੜੇ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਵੀ ਜਨਤਕ ਵਰਤੋਂ ਦੇ ਸਥਾਨ ਲਈ ਸਰਕਾਰ ਵਲੋਂ ਤੈਅ ਕੀਤੇ ਨਿਯਮ ਹੁੰਦੇ ਹਨ ਤਾਂ ਜੋ ਸਥਾਨਕ ਬਸ਼ਿੰਦਿਆਂ ਦੀਆਂ ਸਮੱਸਿਆਵਾਂ ਨੂੰ ਅਸਾਨੀ ਨਾਲ ਨਜਿੱਠਿਆ ਜਾ ਸਕੇ। ਇਸ ਜ਼ਰੂਰੀ ਹੈ ਕਿ ਪੈਲਿਸ ਬਣਾਉਣ ਤੋਂ ਪਹਿਲਾਂ ਜ਼ਿਲ੍ਹਾ ਟਾਊਨ ਪਲੇਨਰ ਤੋਂ ਨਕਸ਼ਾਂ, ਬਿਜਲੀ ਵਿਭਾਗ, ਫਾਇਰ ਸਟੇਸ਼ਨ, ਜਲ ਸਪਲਾਈ ਤੇ ਸੀਵਰੇਜ, ਵਾਤਾਵਰਨ, ਜੰਗਲਾਤ, ਰਾਜ ਤੇ ਕੇਂਦਰੀ ਸੜਕ ਵਿਭਾਗ ਤੋਂ ਪਹਿਲਾਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਭਾਵੇਂ ਹਾਈਕੋਰਟ ਨੇ ਪਟੀਸ਼ਨ ਨੰ 6213/16 ਦਾ 22-7-19 ਨੂੰ ਫੈਸਲਾ ਕਰਦਿਆਂ ਪੰਜਾਬ ਵਿਚ ਪੈਲਿਸਾਂ, ਧਾਰਮਿਕ ਸਥਾਨਾਂ ਤੇ ਸਮਾਜਿਕ ਸਮਾਗਮਾਂ ਵਿਚ ਰਾਤੀਂ 10 ਵਜੇ ਤੋਂ ਸਵੇਰੇ 6 ਵਜੇ ਤੱਕ ਉੱਚੀ ਆਵਾਜ਼ 'ਚ ਸਪੀਕਰ ਵਜਾਉਣ ਦੀ ਸੰਪੂਰਨ ਮਨਾਹੀ ਕੀਤੀ ਤੇ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੈਜਿਸਟ੍ਰੇਟ, ਐਸ.ਐਸ.ਪੀ ਤੇ ਐਸ.ਪੀ ਰੈਂਕ ਦੇ ਅਧਿਕਾਰੀ ਹੁਕਮਾਂ ਨੂੰ ਪੂਰੀ ਤਰਾਂ ਲਾਗੂ ਕਰਨ ਲਈ ਜ਼ਿੰਮੇਵਾਰ ਦਰਸਾਏ ਹਨ। ਜੇ ਖੁਸ਼ੀਆਂ ਦੇ ਕਾਰਜ ਦੂਜਿਆਂ ਦੀਆਂ ਮੁਸ਼ਕਿਲਾਂ ਧਿਆਨ ਵਿਚ ਰੱਖ ਕੇ ਮਨਾਏ ਜਾਣ ਤਾਂ ਹੀ ਅਸਲ ਤੇ ਆਤਮਿਕ ਖੁਸ਼ੀ ਮਿਲਦੀ ਅਤੇ ਇਕ ਸੱਭਿਅਕ ਮਨੁੱਖ ਸਮਾਜ ਪ੍ਰਤੀ ਜ਼ਿੰਮੇਵਾਰੀ ਦੇ ਚਲਦਿਆਂ ਅਜਿਹੀਆਂ ਦੁਸ਼ਵਾਰੀਆਂ ਤੋਂ ਪਾਸਾ ਵੱਟਦਾ ਹੈ।

-ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ (ਪੰਜਾਬ)।
ਮੋਬਾਈਲ : 99880-03419.

ਬੋਰਡ ਪ੍ਰੀਖਿਆ ਦੀ ਘਬਰਾਹਟ ਨੂੰ ਕਿਵੇਂ ਕੀਤਾ ਜਾਵੇ ਦੂਰ?

ਜਿਵੇਂ ਹੀ ਮਾਰਚ ਮਹੀਨਾ ਨਜ਼ਦੀਕ ਆਉਂਦਾ ਹੈ ਹਜ਼ਾਰਾਂ ਵਿਦਿਆਰਥੀ ਜੋ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੁੰਦੇ ਹਨ, ਉਨ੍ਹਾਂ ਦੇ ਮਨ ਵਿਚ ਘਬਰਾਹਟ ਅਤੇ ਡਰ ਪੈਦਾ ਹੋ ਜਾਂਦਾ ਹੈ । ਉਹ ਆਪਣੇ ਮਨ ਵਿਚ ਸੋਚਦੇ ਹਨ ਕਿ 'ਕੀ ਮੈਂ ਪੂਰੀ ਤਿਆਰੀ ਕਰ ਲਈ ਹੈ?, 'ਕੀ ਮੈਂ ਕੁਝ ਭੁੱਲ ਚੁੱਕਾ ਹਾਂ?, 'ਕੀ ਮੈਨੂੰ ਖਾਸ ਵਿਸ਼ੇ 'ਤੇ ਧਿਆਨ ਦੇਣ ਦੀ ਲੋੜ ਹੈ? ਵਿਦਿਆਰਥੀਆਂ ਦਾ ਦਿਮਾਗ ਇਸ ਤਰ੍ਹਾਂ ਦੇ ਵਿਚਾਰਾਂ ਨਾਲ ਭਰ ਜਾਂਦਾ ਹੈ । ਤੁਸੀਂ ਕਿੰਨ੍ਹੀ ਦੇਰ ਪੜ੍ਹਦੇ ਹੋ, ਕਿਹੜੇ ਵਿਸ਼ਿਆਂ ਦੇ ਦੁਹਰਾਈ ਕਰਦੇ ਹੋ, ਇਸ ਨਾਲ ਕੋਈ ਸਬੰਧ ਨਹੀਂ ਹੈ । ਪੂਰਾ ਵਿਸ਼ਾ ਸਮਝ ਪਾਉਣ ਵਿਦਿਆਰਥੀ ਲਈ ਮੁਸ਼ਕਿਲ ਹੋ ਸਕਦਾ ਹੈ । ਜੇਕਰ ਤੁਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਸਮਝ ਪਾਉਂਦੇ ਹੋ ਤਾਂ ਤੁਹਾਨੂੰ ਇਸ ਘਬਰਾਹਟ ਤੋਂ ਨਿਜ਼ਾਤ ਮਿਲ ਸਕਦੀ ਹੈ । ਬੋਰਡ ਦੀਆਂ ਪ੍ਰੀਖਿਆਵਾਂ ਆਮ ਹੋਣ ਵਾਲੀਆਂ ਵਾਂਗ ਹੀ ਹੁੰਦੀਆਂ ਹਨ, ਫਰਕ ਸਿਰਫ ਇੰਨਾ ਹੈ ਕਿ ਇਹ ਦੂਸਰੇ ਸਕੂਲਾਂ ਜਾਂ ਹੋਰ ਪ੍ਰੀਖਿਆ ਕੇਂਦਰਾਂ ਵਿਚ ਹੁੰਦੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਅਪਣਾਉਣਾ ਚਾਹੀਦਾ ਹੈ। ਪੜ੍ਹਨ ਦੇ ਨੁਕਤੇ : ਤਿਆਰੀ ਲਈ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਹੈ । ਜਦੋਂ ਪ੍ਰੀਖਿਆ ਦਾ ਅੱਧਾ ਕੁ ਮਹੀਨਾ ਰਹਿ ਜਾਵੇ ਤਾਂ ਤੁਸੀਂ ਇਸ ਸਮੇਂ ਦੀ ਯੋਗ ਵਰਤੋਂ ਪੜ੍ਹਾਈ ਲਈ ਕਿਵੇਂ ਕਰਦੇ ਹੋ? ਵਿਦਿਆਰਥੀਆਂ ਨੂੰ ਆਖਰੀ ਪੇਪਰ ਨੂੰ ਪਹਿਲਾ ਅਤੇ ਪਹਿਲੇ ਪੇਪਰ ਨੂੰ ਅਖੀਰ ਵਿਚ ਸਮਾਂ ਦੇਣਾ ਚਾਹੀਦਾ ਹੈ। ਸਵੇਰ ਦੇ ਸਮੇਂ ਪ੍ਰੀਖਿਆ ਦੀ ਤਿਆਰੀ ਵਧੀਆ ਹੁੰਦੀ ਹੈ ਕਿਉਂਕਿ ਇਸ ਸਮੇਂ ਦਿਮਾਗ਼ ਅਤੇ ਸਰੀਰ ਤਰੋ ਤਾਜ਼ਾ ਹੁੰਦਾ ਹੈ। ਇਹ ਸਲਾਹ ਦਿੱਤੀ ਹੈ ਕਿ ਵਿਸ਼ੇ ਦੇ ਮੁੱਖ ਬਿੰਦੂਆਂ ਦੇ ਨੋਟਿਸ ਤਿਆਰ ਕਰ ਲੈਣੇ ਚਾਹੀਦੇ ਹਨ, ਕਿਉਂਕਿ ਇਸ ਸਮੇਂ ਪੂਰੇ ਵਿਸ਼ਾ ਪੜ੍ਹ ਸਕਣਾ ਮੁਸ਼ਕਿਲ ਹੁੰਦਾ ਹੈ। ਨੋਟਿਸ ਇਸ ਨੂੰ ਆਸਾਨ ਬਣਾ ਦਿੰਦੇ ਹਨ । ਦੂਜਾ ਤਰੀਕਾ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਹੱਲ ਕਰਨੇ ਚਾਹੀਦੇ ਹਨ । ਇਸ ਨਾਲ ਬੱਚਿਆਂ ਦਾ ਪੇਪਰ ਪ੍ਰਤੀ ਡਰ ਅਤੇ ਪੇਪਰ ਨੂੰ ਹੱਲ ਕਰਨ ਵਿਚ ਲੱਗੇ ਸਮੇਂ ਦਾ ਪਤਾ ਲੱਗ ਜਾਂਦਾ ਹੈ। ਇਸ ਨਾਲ ਬੱਚਿਆਂ ਦੀ ਪੇਪਰ ਨੂੰ ਸਹੀ ਹੱਲ ਕਰਨ ਦੀ ਸਮਰੱਥਾ ਵਧ ਜਾਂਦੀ ਹੈ ਅਤੇ ਆਪਣੇ ਆਪ 'ਤੇ ਵਿਸ਼ਵਾਸ ਪੈਦਾ ਹੁੰਦਾ ਹੈ । ਪ੍ਰੀਖਿਆ ਦੇ ਨਜ਼ਦੀਕ ਮਾਤਾ-ਪਿਤਾ ਦਾ ਵੀ ਅਹਿਮ ਰੋਲ ਹੁੰਦਾ ਹੈ । ਮਾਤਾ-ਪਿਤਾ ਨੂੰ ਬੱਚਿਆਂ ਨੂੰ ਸਹਿਯੋਗ ਅਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਬੱਚਿਆਂ ਵਿਚ ਅਨੁਸ਼ਾਸਨ, ਆਪਣੇ 'ਤੇ ਵਿਸ਼ਵਾਸ ਅਤੇ ਹੋਰ ਪ੍ਰਾਪਤੀ ਦੀਆਂ ਭਾਵਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ ।

-ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਮੰਡੀ ਹਰਜੀ ਰਾਮ ਮਲੋਟ । ਮੋਬਾਈਲ : 9465682110

ਮੋਬਾਈਲ ਦੀ ਦੁਰਵਰਤੋਂ ਨਾ ਕਰਨ ਵਿਦਿਆਰਥੀ

ਅੱਜ ਦੇ ਮਨੁੱਖ ਨੇ ਵਿਅਕਤੀਗਤ ਸੂਚਨਾ ਦੇ ਆਦਾਨ-ਪ੍ਰਦਾਨ ਵਿਚ ਚਿੱਠੀ-ਪੱਤਰ ਤੋਂ ਮੋਬਾਈਲ ਅਤੇ ਇੰਟਰਨੈੱਟ ਦਾ ਸਫ਼ਰ ਤੈਅ ਕਰ ਲਿਆ ਹੈ। ਦੂਰ-ਦੁਰੇਡੇ ਤੱਕ ਪਸਰਿਆ ਹੋਇਆ ਸਮੁੱਚਾ ਸੰਸਾਰ ਬਸ ਕੰਧ ਓਹਲੇ ਬੈਠਾ ਹੋਇਆ ਪ੍ਰਤੀਤ ਹੋਣ ਲੱਗ ਪਿਆ ਹੈ। ਮੋਬਾਈਲ ਨੈੱਟ ਮੀਡੀਆ ਦਾ ਇਕ ਤੇਜ਼ਤਰਾਰ ਅਤੇ ਪ੍ਰਮੁੱਖ ਸਾਧਨ ਬਣ ਗਿਆ ਹੈ। ਸਮੁੱਚੀ ਦੁਨੀਆ ਦਾ ਗਿਆਨ ਮੋਬਾਈਲ ਦੇ ਜ਼ਰੀਏ ਆਪਣੀ ਜੇਬ ਵਿਚ ਪਾਈ ਫਿਰਦੇ ਹਾਂ, ਬਸ ਵਰਤੋਂ ਕਰਨੀ ਆਉਂਦੀ ਹੋਣੀ ਚਾਹੀਦੀ ਹੈ। ਵਿਦਿਆਰਥੀ ਆਪਣੇ ਵਿੱਦਿਅਕ ਅਦਾਰੇ ਵਿਚ ਕਾਪੀ-ਪੈਨਸਿਲ ਲਿਜਾਣਾ ਤਾਂ ਭੁੱਲ ਸਕਦੇ ਹਨ ਪਰ ਮੋਬਾਈਲ ਲਿਜਾਣਾ ਨਹੀਂ। ਗੱਲ ਉਨ੍ਹਾਂ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਹੈ ਜੋ ਅੱਲ੍ਹੜ ਉਮਰ ਵਿਚ ਹਨ। ਉਹ ਦਿਮਾਗ਼ ਦੇ ਅੰਤਰਗਤ ਨਹੀਂ, ਭਾਵਨਾਵਾਂ ਦੇ ਅੰਤਰਗਤ ਜ਼ਿਆਦਾ ਪ੍ਰਤੀਕਿਰਿਆ ਕਰਦੇ ਹਨ। ਤੜਕ-ਭੜਕ ਦੀ ਜ਼ਿੰਦਗੀ ਉਨ੍ਹਾਂ ਨੂੰ ਵਧੇਰੇ ਆਕਰਸ਼ਤ ਕਰਦੀ ਹੈ। ਇਹੋ ਜਿਹੇ ਵਿਦਿਆਰਥੀਆਂ ਦੇ ਹੱਥਾਂ ਵਿਚ ਮੋਬਾਈਲ ਉਨ੍ਹਾਂ ਦੇ ਵਿਦਿਆਰਥੀ ਜੀਵਨ ਦੀ ਗਿਰਾਵਟ ਬਣ ਰਿਹਾ ਹੈ। ਵਿਦਿਆਰਥੀ ਆਪਣੀ ਪੜ੍ਹਾਈ ਦਾ ਸਮਾਂ ਵੀ ਮੋਬਾਈਲ ਤੇ ਪਾਈਆਂ ਘਟੀਆ ਸੂਚਨਾਵਾਂ ਅਤੇ ਮੂਵੀਆਂ ਵੇਖਣ ਵਿਚ ਲਗਾ ਰਹੇ ਹਨ। ਬੇਸ਼ੱਕ ਬਹੁਤ ਸਾਰੇ ਸਕੂਲਾਂ ਵਿਚ ਮੋਬਾਈਲ ਲਿਜਾਣਾ ਮਨ੍ਹਾਂ ਹੈ ਫਿਰ ਵੀ ਤਕਰੀਬਨ ਹਰ ਵਿਦਿਆਰਥੀ ਕੋਲ ਮੋਬਾਈਲ ਵੇਖਿਆ ਜਾ ਸਕਦਾ ਹੈ।ਮੋਬਾਈਲ ਕਲਚਰ ਤੋਂ ਪਹਿਲਾਂ ਭਾਵ ਥੋੜ੍ਹਾ ਸਮਾਂ ਪਹਿਲਾਂ ਹਰ ਵਿਦਿਆਰਥੀ ਵਿਹਲੇ ਸਮੇਂ ਖੇਡ-ਕਿਰਿਆਵਾਂ ਵਿਚ ਹਿੱਸਾ ਲਿਆ ਕਰਦੇ ਸਨ। ਖੇਡ-ਕਿਰਿਆਵਾਂ ਜਿਥੇ ਇਕ ਨੌਜਵਾਨ ਨੂੰ ਆਪਾ ਪ੍ਰਗਟ ਕਰਨ ਅਤੇ ਭਵਿੱਖ ਸੰਵਾਰਨ ਦਾ ਮੌਕਾ ਦਿੰਦੀਆਂ ਹਨ, ਉਥੇ ਚੰਗੀ ਸਿਹਤ ਅਤੇ ਬੌਧਿਕ ਪੱਧਰ ਦਾ ਵਿਕਾਸ ਵੀ ਕਰਦੀਆਂ ਹਨ। ਅੱਜ ਬੱਚੇ ਖੇਡਾਂ ਤਾਂ ਖੇਡਦੇ ਹਨ, ਮਨੋਰੰਜਨ ਵੀ ਕਰਦੇ ਹਨ ਪਰ ਉਹ ਖੇਡਾਂ ਮੈਦਾਨ ਵਿਚ ਨਹੀਂ ਮੋਬਾਈਲ 'ਤੇ ਖੇਡੀਆਂ ਜਾਂਦੀਆਂ ਹਨ। ਸਰੀਰਕ ਹਰਕਤ ਘਟਣ ਨਾਲ ਆਲਸੀ ਬਣਨਾ ਤੇ ਮੋਟਾਪਾ ਹੋਣਾ ਸੁਭਾਵਿਕ ਹੈ। ਜਿਹੜਾ ਸਮੇਂ ਦੇ ਬੀਤਣ ਨਾਲ ਉੱਚ ਲਹੂ ਦਬਾਅ, ਸ਼ੂਗਰ ਰੋਗ, ਬਦਹਜ਼ਮੀ ਅਤੇ ਜੋੜਾਂ ਦੇ ਦਰਦ ਦਾ ਕਾਰਨ ਬਣਦਾ ਹੈ। ਮਾਪੇ ਬੱਚਿਆਂ ਨੂੰ ਮੋਬਾਈਲ ਦੀ ਸਹੂਲਤ ਇਹ ਵੇਖ ਕੇ ਦੇਣ ਕਿ ਉਨ੍ਹਾਂ ਦਾ ਬੱਚਾ ਵਧੀਆ ਸੰਸਕਾਰੀ ਹੈ ਅਤੇ ਉਹ ਮੋਬਾਈਲ ਦੀ ਵਰਤੋਂ ਆਪਣੇ ਗਿਆਨ ਦੇ ਵਾਧੇ ਲਈ ਕਰਦਾ ਹੈ। ਬੱਚੇ ਦੇ ਦੋਸਤਾਂ ਦਾ ਦਾਇਰਾ ਚੰਗੀ ਸੋਹਬਤ ਵਾਲਾ ਹੈ। ਪਰ ਫੇਰ ਵੀ ਇਹ ਸੋਚ ਕੇ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਕਿ ਸਭ ਠੀਕ ਹੈ। ਬੱਚੇ ਵਲੋਂ ਮੋਬਾਈਲ ਦੀ ਵਰਤੋਂ ਕਰਦਿਆਂ ਮਾਪਿਆਂ ਨੂੰ ਉਸ ਦੀਆਂ ਮੋਬਾਈਲ ਦੀਆਂ ਗਤੀਵਿਧੀਆਂ ਦੀ ਘੋਖ ਰੱਖਣੀ ਚਾਹੀਦੀ ਹੈ।

-ਮੋਬਾਈਲ : 94789-31455.

ਕੀ ਪੰਜਾਬ ਵਿਚ ਭ੍ਰਿਸ਼ਟਾਚਾਰ ਹੁਣ ਕੋਈ ਮੁੱਦਾ ਨਹੀਂ ਹੈ?

ਇਸ ਲੇਖ ਵਿਚ ਤਾਂ ਅਸੀਂ ਆਪਣੇ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ ਹੀ ਗੱਲ ਕਰਾਂਗੇ। ਕਿਉਂਕਿ 'ਭ੍ਰਿਸ਼ਟਾਚਾਰ' ਦੀ ਇਹ ਬੁਰਾਈ ਬਾਕੀ ਦੇਸ਼ ਵਾਂਗ ਸਾਡੇ ਪੰਜਾਬ ਵਿਚ ਵੀ ਅਮਰਵੇਲ ਵਾਂਗ ਫੈਲ ਗਈ ਹੈ। ਦੇਸ਼ ਦੇ ਆਜ਼ਾਦ ਹੋਣ ਬਾਅਦ ਕੁਝ ਸਾਲਾਂ ਤੱਕ ਅਫਸਰਸ਼ਾਹੀ, ਮੁਲਾਜ਼ਮ ਅਤੇ ਨੇਤਾਵਾਂ ਨੇ ਬੜੇ ਉੱਚ ਨੈਤਿਕ ਆਦਰਸ਼ਾਂ ਦਾ ਪਾਲਣ ਕਰਦਿਆਂ ਦੇਸ਼ ਦੇ ਵਿਕਾਸ ਦੀ ਨੀਂਹ ਰੱਖੀ ਸੀ। ਪਰ ਬਾਅਦ ਵਿਚ ਸਭ ਕੁਝ ਉਲਟ ਹੋ ਗਿਆ। ਭਾਰਤੀ ਸਿਆਸਤ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਅਤੇ ਹੋਰ ਕਈ ਬੁਰਾਈਆਂ ਦਾ ਬੋਲਬਾਲਾ ਹੋ ਗਿਆ। ਭ੍ਰਿਸ਼ਟਾਚਾਰ ਇਨ੍ਹਾਂ 'ਚੋਂ ਪ੍ਰਮੁੱਖ ਸੀ। ਪੰਜਾਬ ਵਿਧਾਨ ਸਭਾ ਦੀਆਂ 2002, 2007, 2012 ਅਤੇ 2017 ਦੀਆਂ ਚੋਣਾਂ ਸਮੇਂ ਭ੍ਰਿਸ਼ਟਾਚਾਰ ਸਭ ਤੋਂ ਵੱਡਾ ਮੁੱਦਾ ਸੀ। ਜਰਜ਼ਰ ਹੋ ਚੁੱਕਾ ਢਾਂਚਾ ਅਤੇ ਬੇਰੁਜ਼ਗਾਰੀ ਸਭ ਸਮੱਸਿਆਵਾਂ ਦੀ ਜੜ੍ਹ ਭ੍ਰਿਸ਼ਟਾਚਾਰ ਦੀ ਬੁਰਾਈ ਵਿਚ ਹੀ ਹੈ। ਪੰਜਾਬ ਦੇ ਵੱਖ-ਵੱਖ ਨੇਤਾਵਾਂ 'ਤੇ ਕਈ ਮੁਕੱਦਮੇ ਵੱਖ-ਵੱਖ ਅਦਾਲਤਾਂ ਵਿਚ ਭ੍ਰਿਸ਼ਟਾਚਾਰ ਸਬੰਧੀ ਚੱਲ ਰਹੇ ਹਨ। ਪਰ ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਜਿਵੇਂ ਕੋਈ ਮੁੱਦਾ ਹੀ ਨਹੀਂ ਹੈ। ਨਾ ਤਾਂ ਕੋਈ ਸਿਆਸੀ ਪਾਰਟੀ ਤੇ ਨਾ ਹੀ ਮੀਡੀਆ ਇਸ ਸਬੰਧੀ ਗੱਲ ਕਰ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ। ਇਸ ਸਮੇਂ ਤਾਂ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਕੋਈ ਸਰਕਾਰੀ ਵਿਭਾਗ ਜਾਂ ਦਫ਼ਤਰ ਅਜਿਹਾ ਨਹੀਂ ਜਿਥੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਬੋਲਬਾਲਾ ਨਹੀਂ। ਇਥੇ ਮੈਂ ਪੰਜਾਬ ਦੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਾਂਗਾ। ਪੰਜਾਬ ਦਾ ਸ਼ਾਇਦ ਕੋਈ ਵਿਰਲਾ ਹੀ ਪੁਲਿਸ ਥਾਣਾ ਹੋਵੇਗਾ, ਜਿਥੇ ਹਰ ਰੋਜ਼ ਲੱਖਾਂ ਦਾ ਲੈਣ-ਦੇਣ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨਾ ਹੁੰਦਾ ਹੋਵੇ। ਬੇਇਨਸਾਫੀ ਮੀਡੀਏ ਤੇ ਸੋਸ਼ਲ ਮੀਡੀਏ ਦੇ ਇਸ ਦੌਰ ਵਿਚ ਕੋਈ ਲੁਕਵੀਂ ਗੱਲ ਨਹੀਂ। ਪੰਜਾਬ ਵਿਚ ਚਲਦੀ ਰੇਤ ਦੀ ਨਾਜਾਇਜ਼ ਮਾਈਨਿੰਗ ਸਾਰੇ ਦੇਸ਼ ਦੇ ਮੀਡੀਏ ਦੀਆਂ ਸੁਰਖੀਆਂ ਬਣਨ ਦੇ ਬਾਵਜੂਦ, ਪ੍ਰਣਾਲੀ ਦੇ ਭ੍ਰਿਸ਼ਟਾਚਾਰੀ ਹੋਣ ਕਾਰਨ ਬਾਦਸਤੂਰ ਜਾਰੀ ਹੈ। ਨਸ਼ਿਆਂ ਦੀ ਵੱਡੀ ਤੇ ਚਰਚਿਤ ਬੁਰਾਈ ਵੀ ਭ੍ਰਿਸ਼ਟਾਚਾਰ ਕਾਰਨ ਹੀ ਖਤਮ ਨਹੀਂ ਹੋ ਰਹੀ। ਇਸ ਮਾਹੌਲ ਵਿਚ ਆਮ ਆਦਮੀ ਇਨਸਾਫ਼ ਕਿਥੋਂ ਹਾਸਲ ਕਰੇਗਾ? ਵੱਡੀ ਸਿਤਮ ਜ਼ਾਰੀਫ਼ੀ ਹੈ ਕਿ ਇਸ ਬੁਰਾਈ ਦੇ ਦੈਂਤ ਨੇ 'ਅਦਾਲਤਾਂ' ਨੂੰ ਵੀ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਇਸ ਸਮੇਂ ਵੀ ਵੱਡੀ ਲੋੜ ਹੈ ਕਿ ਇਸ ਭ੍ਰਿਸ਼ਟ ਵਿਵਸਥਾ ਤੇ ਤਾਣੇ-ਬਾਣੇ ਦੇ ਖਿਲਾਫ਼ ਅਤੇ ਆਪਣੀ ਹੋਣੀ ਨੂੰ ਸੰਵਾਰਨ ਲਈ ਸਮੂਹ ਪੰਜਾਬੀ ਅਤੇ ਦੇਸ਼ ਵਾਸੀ ਇਕਜੁੱਟ ਹੋ ਕੇ ਅੰਦੋਲਨ ਕਰਨ ਅਤੇ ਮੁਹਿੰਮ ਚਲਾਉਣ। ਜਦ ਤੱਕ ਆਮ ਜਨਤਾ ਲਾਮਬੰਦ ਅਤੇ ਜਾਗਰੂਕ ਹੋ ਕੇ 'ਭ੍ਰਿਸ਼ਟਾਚਾਰ' ਦਾ ਵਿਰੋਧ ਨਹੀਂ ਕਰਦੀ, ਤਦ ਤੱਕ ਕਿਸੇ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

-ਪਿੰਡ ਪੀਰ ਦੀ ਸੈਨ, ਡਾਕ: ਬੱਬਰੀ-ਨੰਗਲ, ਜ਼ਿਲ੍ਹਾ ਗੁਰਦਾਸਪੁਰ-143529.
sohalpalwinder11@g.mail.com

 

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX