ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  32 minutes ago
ਸ੍ਰੀ ਮੁਕਤਸਰ ਸਾਹਿਬ ,8 ਅਪ੍ਰੈਲ {ਰਣਜੀਤ ਸਿੰਘ ਢਿੱਲੋਂ} - ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਹਸਪਤਾਲ ਵਿਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ । ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਨੌਜਵਾਨ ...
ਜਲੰਧਰ : ਪ੍ਰਸ਼ਾਸਨ ਨੇ ਮਿੱਠਾ ਬਾਜ਼ਾਰ ਦੇ ਘਰਾਂ ਨੂੰ ਕੀਤਾ ਕੁਆਰਨਟਾਈਨ
. . .  40 minutes ago
ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
. . .  53 minutes ago
ਪਟਿਆਲਾ , 8 ਅਪ੍ਰੈਲ { ਅਮਨਦੀਪ ਸਿੰਘ }- ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਦੇ ਮਾਮਲੇ ...
ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹੋਈ ਮੌਤ, ਕੱਲ੍ਹ ਆਵੇਗੀ ਰਿਪੋਰਟ
. . .  about 1 hour ago
ਮਹਿਲ ਕਲਾਂ, 8 ਅਪ੍ਰੈਲ (ਪੱਤਰ ਪ੍ਰੇਰਕ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਸੋਢੇ ਨਾਲ ਸਬੰਧਿਤ ਇਕ 42 ਸਾਲਾ ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮੌਤ ਹੋਣ ਪਤਾ ਲੱਗਿਆ...
ਕੋਰੋਨਾ ਤੋਂ ਬਚਾਅ ਲਈ ਸਰਕਾਰੀ ਕੰਮ ਈ-ਮੇਲ, ਵੀਡੀਓ ਕਾਨਫਰੰਂਸਿੰਗ ਆਦਿ ਰਾਹੀਂ ਕਰਨ ਦੇ ਹੁਕਮਾਂ ਤੋਂ ਪਿੱਛੇ ਹਟੀ ਸਰਕਾਰ
. . .  about 1 hour ago
ਲੋਹਟਬੱਦੀ, 8 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਸੂਬੇ ਦੇ ਸਮੂਹ ਵਿਭਾਗ ਮੁਖੀਆਂ, ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਡਵੀਜ਼ਨਲ ਕਮਿਸ਼ਨਰਾਂ, ਸਮੂਹ ਜ਼ਿਲ੍ਹਾ ਤੇ ਸੈਸ਼ਨ ਜੱਜ, ਸਮੂਹ ਡਿਪਟੀ ਕਮਿਸ਼ਨਰ...
ਜਲੰਧਰ 'ਚ ਇੱਕ ਹੀ ਦਿਨ ਆਇਆ ਕੋਰੋਨਾ ਦਾ ਦੂਸਰਾ ਮਾਮਲਾ ਪਾਜ਼ੀਟਿਵ
. . .  about 2 hours ago
ਜਲੰਧਰ, 8 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ 'ਚ ਇੱਕ ਹੀ ਦਿਨ ਕੋਰੋਨਾ ਵਾਇਰਸ ਦਾ ਦੂਸਰਾ ਮਾਮਲਾ ਪਾਜ਼ੀਟਿਵ ਆਇਆ ਹੈ। ਮਿੱਠਾ ਬਾਜ਼ਾਰ ਦੇ ਰਹਿਣ ਵਾਲੇ 59 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਨੋਡਲ ਅਫ਼ਸਰ...
ਕੋਵਿਡ-19 ਤੋਂ ਸਿਹਤਯਾਬ ਹੋਏ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਸਰਕਾਰ, ਪ੍ਰਸ਼ਾਸਨ ਤੇ ਡਾਕਟਰਾਂ ਦਾ ਕੀਤਾ ਧੰਨਵਾਦ
. . .  about 2 hours ago
ਚੰਡੀਗੜ੍ਹ, 8 ਅਪ੍ਰੈਲ (ਸੁਰਿੰਦਰਪਾਲ ਸਿੰਘ) - ਕੋਵਿਡ-19 ਤੋਂ ਸਿਹਤਯਾਬ ਹੋਣ ਬਾਅਦ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਆਖਿਆ ਕਿ ਇਸ ਬਿਮਾਰੀ ਨਾਲ ਬੁਲੰਦ ਹੌਸਲੇ ਨਾਲ ਲੜਨ ਦੀ ਲੋੜ ਹੈ ਨਾ ਕਿ ਡਰਨ ਦੀ। ਉਨ੍ਹਾਂ ਨੇ ਉਨ੍ਹਾਂ ਸਮੇਤ ਪਠਲਾਵਾ ਦੇ ਕੋਵਿਡ-19 ਪੀੜਤਾਂ ਨੂੰ...
ਕੋਰੋਨਾ ਵਾਇਰਸ : ਯੂ ਕੇ 'ਚ ਅੱਜ ਹੋਈਆਂ 936 ਮੌਤਾਂ
. . .  about 2 hours ago
ਲੰਡਨ, 8 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬੀਤੇ 24 ਘੰਟਿਆਂ ਵਿਚ ਯੂ ਕੇ ਵਿਚ 936 ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। ਹੁਣ ਤੱਕ ਯੂ ਕੇ ਵਿਚ ਕੁੱਲ 7095 ਮੌਤਾਂ...
ਪੰਜਾਬ 'ਚ ਕੋਰੋਨਾ ਕਾਰਨ ਹੁਣ ਤੱਕ 8 ਮੌਤਾਂ, 106 ਮਾਮਲਿਆਂ ਦੀ ਪੁਸ਼ਟੀ
. . .  about 2 hours ago
ਚੰਡੀਗੜ੍ਹ, 8 ਅਪ੍ਰੈਲ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ 106...
ਮਸਜਿਦ 'ਚ ਰਹਿਣ ਵਾਲੇ 12 ਲੋਕ ਆਈਸੋਲੇਸ਼ਨ ਲਈ ਲਏ ਗਏ ਕਬਜ਼ੇ 'ਚ
. . .  about 2 hours ago
ਜਲੰਧਰ, 8 ਅਪ੍ਰੈਲ - ਸਥਾਨਕ ਪੁਰਾਣਾ ਰੇਲਵੇ ਰੋਡ 'ਤੇ ਸਥਿਤ ਮਸਜਿਦ 'ਚ ਰਹਿਣ ਵਾਲੇ 12 ਲੋਕਾਂ ਨੂੰ ਸਿਵਲ ਹਸਪਤਾਲ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਆਈਸੋਲੇਸ਼ਨ ਲਈ ਕਬਜ਼ੇ ਵਿਚ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕਰਫ਼ਿਊ-ਲਾਕਡਾਊਨ ਸਮੇਂ

ਸੁੱਤੇ ਸ਼ਹਿਰ ਦਾ ਸਫ਼ਰ

ਸ਼ਹਿਰ ਕਦੀ ਸੌਂਦੇ ਨਹੀਂ ਅਤੇ ਨਾ ਹੀ ਖਾਮੋਸ਼ ਹੁੰਦੇ ਹਨ। ਪਰ ਅੱਜਕਲ੍ਹ ਸ਼ਹਿਰ ਖ਼ਾਮੋਸ਼ ਵੀ ਹੈ ਅਤੇ ਸੁੱਤਾ ਵੀ ਪਿਆ ਹੈ। ਕੋਰੋਨਾ ਕਰਫਿਊ-ਲਾਕਡਾਊਨ ਉਪਰੰਤ ਇਕ ਸੁੰਨ ਤੇ ਸੰਨਾਟਾ ਹੈ ਸ਼ਹਿਰ ਵਿਚ। ਸਿਖਰ ਦੁਪਹਿਰ ਦੀ ਸੁੰਨ ਅੱਧੀ ਰਾਤ ਦੇ ਸੰਨਾਟੇ ਜਾਂ ਸਾਝਰੇ ਦੀ ਸ਼ਾਂਤੀ ਨਾਲੋਂ ਬੜੀ ਵੱਖਰੀ ਹੁੰਦੀ ਹੈ। ਸਿਵਿਆਂ ਦੇ ਸੰਨਾਟੇ ਤੇ ਧੜਕਦੀ ਜ਼ਿੰਦਗੀ ਦੇ ਸੰਨਾਟੇ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ, ਜਿਵੇਂ ਮਾਤਮ ਦੇ ਵੈਣ ਅਤੇ ਵਿਆਹ-ਸ਼ਾਦੀ ਦੇ ਗੀਤਾਂ ਵਿਚ। ਚੰਚਲ ਬਾਲ ਜੇ ਟਿਕ ਕੇ ਬਹਿ ਜਾਏ ਤਾਂ ਸਮਝੋ ਡਰ ਦਾ ਮਾਰਾ ਬੈਠਾ ਹੈ ਜਾਂ ਕੋਈ ਢਿੱਲਾ-ਮੱਠਾ ਹੈ। ਸ਼ਹਿਰ ਵੀ ਚੰਚਲ-ਸ਼ਰਾਰਤੀ ਬਾਲ ਵਾਂਗ ਹਨ, ਇਹ ਟਿਕ ਕੇ ਨਹੀਂ ਬਹਿ ਸਕਦੇ, ਇਨ੍ਹਾਂ ਨੂੰ ਟਿਕਾ ਹੈ ਹੀ ਨਹੀਂ। ਸ਼ੋਰ-ਸ਼ਰਾਬਾ, ਭੀੜ-ਭੜੱਕਾ, ਧੱਕਮ-ਧੱਕਾ ਅਜੋਕੇ ਸ਼ਹਿਰ ਦੀ ਪਹਿਚਾਣ ਹੈ।
ਪਰ ਹੁਣ ਸ਼ਹਿਰ ਦੀ ਧੜਕਣ ਰੁਕ ਗਈ ਹੈ। ਡਰ ਅਤੇ ਸਹਿਮ ਦਾ ਮਾਹੌਲ ਹੈ। ਬੰਦਾ ਘਰ ਵਿਚ ਦੁਬਕਿਆ ਬੈਠਾ ਹੈ। ਆਪਣੇ ਹੀ ਅੰਗਾਂ ਤੋਂ ਡਰ ਰਿਹਾ ਹੈ-ਹੱਥਾਂ ਤੋਂ, ਅੱਖਾਂ ਤੋਂ, ਨੱਕ ਤੋਂ। ਬਾਰ ਬਾਰ ਰਗੜ ਰਗੜ ਹੱਥ ਧੋ ਰਿਹਾ ਹੈ। ਘਰ ਦੀਆਂ ਸ਼ੈਆਂ ਤੋਂ ਡਰ ਰਿਹਾ ਹੈ-ਗੇਟ ਦੀ ਨਾਬ ਤੋਂ, ਸਟੀਲ ਦੇ ਸਮਾਨ ਤੋਂ, ਤਨ ਦੇ ਕੱਪੜਿਆਂ ਤੋਂ। ਟੱਬਰ ਦੇ ਜੀਅ ਦੂਸਰੇ ਜੀਆਂ ਤੋਂ ਡਰ ਰਹੇ ਹਨ। ਸਮਾਜਿਕ ਵਿੱਥ ਦੇ ਧਾਰਨੀ ਪਤੀ-ਪਤਨੀ ਇਕ-ਦੂਜੇ ਨੂੰ ਇਕ ਮੀਟਰ ਦੀ ਦੂਰੀ ਬਣਾ ਕੇ ਮਿਲ-ਗਿਲ ਰਹੇ ਹਨ। ਬਾਹਰ ਵਾਲਿਆਂ ਤੋਂ ਖੌਫ਼ ਆਉਂਦਾ ਹੈ। ਕੁੰਡੇ ਜਿੰਦਰੇ ਲਾ ਕੇ ਰੱਖੀਦੇ ਐ। ਸੁਰਜੀਤ ਪਾਤਰ ਦਾ ਸ਼ੇਅਰ ਯਾਦ ਆ ਰਿਹਾ ਹੈ:
'ਕੁੰਡਾ ਜਿੰਦਰਾ ਮਾਰ ਕੇ ਬੂਹਾ ਢੋਇਆ ਸੀ,
ਬਾਹਰ ਜੀ ਆਇਆਂ ਨੂੰ ਲਿਖਿਆ ਹੋਇਆ ਸੀ।'
ਮਾਡਰਨ ਪ੍ਰਾਹੁਣਚਾਰੀ ਦੀ ਸਥਿਤੀ ਹੁਣ ਇਸ ਤੋਂ ਅੱਗੇ ਨਿਕਲ ਚੁੱਕੀ ਹੈ। ਅਸੀਂ ਇਥੇ ਇਸ ਸ਼ੇਅਰ ਨੂੰ 'ਕੋਰੋਨਾ ਟਵਿਸਟ' ਦਿੰਦੇ ਹਾਂ-'ਕੁੰਡਾ ਜਿੰਦਰਾ ਮਾਰ ਕੇ ਬੂਹਾ ਢੋਇਆ ਸੀ/ਬਾਹਰ 'ਐਂਵੇਂ ਨਾ ਆਇਉ' ਲਿਖਿਆ ਹੋਇਆ ਸੀ'। ਮਨੋਮਨੀ ਅਰਦਾਸ ਕਰੀਦੀ ਹੈ ਕਿ ਕੋਈ ਨਾ ਹੀ ਆਵੇ ਤਾਂ ਚੰਗੈ। ਜੇ ਕੋਈ ਆ ਹੀ ਜਾਵੇ ਤਾਂ ਲਗਦੈ 'ਕੋਰੋਨਾ' ਆ ਗਿਆ।
ਕੋਰੋਨਾ ਨੇ 'ਮੀ ਫਸਟ' (ਪਹਿਲਾਂ ਮੈਂ) ਦਾ ਅਸੂਲ ਪ੍ਰਧਾਨ ਕਰ ਦਿੱਤੈ। ਯਾਦ ਹੈ ਨਾ1999ਦੀ ਮਸ਼ਹੂਰ ਹਿੰਦੀ ਫ਼ਿਲਮ 'ਤਾਲ' ਵਿਚਲੇ ਹੀਰੋ ਅਨਿਲ ਕਪੂਰ ਵਲੋਂ ਹੀਰੋਇਨ ਐਸ਼ਵਰਿਆ ਰਾਏ ਅੱਗੇ ਪੇਸ਼ ਕੀਤੇ ਗਏ ਦੋ ਚਾਰਟ ਜਿਨ੍ਹਾਂ ਉਪਰ ਵੀਹਵੀਂ ਅਤੇ ਇਕੀਵੀਂ ਸਦੀ ਦੇ 'ਵੈਲਿਯੂ ਸਿਸਟਮ' (ਕਦਰਾਂ ਕੀਮਤਾਂ) ਦੇ ਕਮਾਂਡਮੈਂਟ ਦਰਜ ਹਨ। ਇਸ ਵਿਚ ਨਾਇਕ ਦੀ ਮਾਈ (ਮਾਂ), ਜੋ ਪੁਰਾਣੀ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਹੈ, ਪਰ-ਹਿੱਤ ਨੂੰ ਪਹਿਲ ਦਿੰਦੀ ਹੈ। ਪਰ ਉਸ ਦਾ ਇਕ ਮੂੰਹ-ਬੋਲਾ ਮਾਮਾ, ਜੋ ਨਵੀਂ ਪੀੜ੍ਹੀ ਦਾ ਤਰਜਮਾਨ ਹੈ, ਨਿੱਜ-ਹਿੱਤ (ਮੀ ਫਸਟ) ਨੂੰ ਤਰਜੀਹ ਦਿੰਦਾ ਹੈ। ਕੋਰੋਨਾ ਨੇ 'ਪਹਿਲਾਂ ਮੈਂ, ਮੇਰਾ ਪਰਿਵਾਰ' ਮਹੱਤਵ ਪੂਰਨ ਹੈ, ਦਾ ਸਿਧਾਂਤ ਪ੍ਰਬਲ ਕਰ ਦਿੱਤਾ ਹੈ। ਮੈਨੂੰ ਮੇਰੀ ਸਿਹਤ ਪਿਆਰੀ ਹੈ, ਟੱਬਰ ਦੇ ਜੀਆਂ ਦੀ ਤੰਦਰੁਸਤੀ ਮਾਅਨੇ ਰੱਖਦੀ ਹੈ, ਬਾਕੀ ਸਭ ਕੁਛ ਬਾਅਦ ਵਿਚ ਹੈ-ਕੰਮ, ਆਂਢ-ਗੁਆਂਢ, ਸਮਾਜਿਕ ਰਿਸ਼ਤੇ ਜਾਂ ਹੋਰ ਲਟਰਮ-ਪਟਰਮ ਜੋ ਜੀਵਨ ਵਿਚ ਲੋੜੀਂਦਾ ਹੈ।
ਬਾਹਰ 'ਤੇ ਬੇਹੱਦ ਬੇਭਰੋਸਗੀ ਹੈ। ਕੋਰੋਨਾ ਨੇ ਵਿਸ਼ਵੀਕਰਨ, ਜਿਸ ਦਾ ਅਸੀਂ ਦਹਾਕਿਆਂ ਤੋਂ ਡੌਰੂ ਵਜਾ ਰਹੇ ਸਾਂ, ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਵਿਸ਼ਵ ਭਰ ਵਿਚ ਲਾਕਡਾਊਨ ਹੈ। ਦੇਸ਼ ਦੇਸ਼ਾਂ ਨਾਲੋਂ, ਪ੍ਰਾਂਤ, ਪ੍ਰਾਂਤਾਂ ਨਾਲੋਂ, ਜ਼ਿਲ੍ਹੇ ਜ਼ਿਲ੍ਹਿਆਂ ਨਾਲੋਂ, ਸ਼ਹਿਰ-ਸ਼ਹਿਰਾਂ ਨਾਲੋਂ, ਮੁਹੱਲੇ ਮੁਹੱਲਿਆਂ ਨਾਲੋਂ, ਘਰ ਘਰਾਂ ਨਾਲੋਂ, ਘਰ ਦੇ ਮੈਂਬਰ ਦੂਸਰੇ ਮੈਂਬਰਾਂ ਨਾਲੋਂ 'ਕੱਟ ਆਫ' ਹਨ। ਕੋਈ ਕਿਸੇ ਨੂੰ ਮਿਲ ਨਹੀਂ ਰਿਹਾ। ਇਹ ਕੈਸੀਆਂ ਛੁੱਟੀਆਂ ਹਨ ਕਿ ਬੰਦਾ ਕਿਧਰੇ ਵੀ ਨਹੀਂ ਜਾ ਸਕਦਾ ਅਤੇ ਨਾ ਹੀ ਕਿਸੇ ਨੂੰ ਮਿਲ ਸਕਦੈ। ਸੋਸ਼ਲ ਮੀਡੀਆ ਉਪਰ ਕਾਵਿਕ ਸਤਰਾਂ ਪੋਸਟ ਹੋ ਰਹੀਆਂ ਹਨ-'ਏਕ ਆਰਜ਼ੂ ਥੀ ਫੁਰਸਤ ਕੀ/ਮਿਲੀ ਤੋ ਇਸ ਸੂਰਤ ਪੇ/ਕਿ ਕਿਸੀ ਸੇ ਨਾ ਮਿਲੋ'। ਗੁਲਜ਼ਾਰ ਦੀਆਂ ਲਾਈਨਾਂ ਵੀ 'ਵਾਇਰਲ' ਹੋਈਆਂ ਹਨ-'ਤੁਮ ਨੇ ਕਹਾ ਥਾ/ਹਰ ਸ਼ਾਮ ਹਾਲ ਪੂਛੇਂਗੇ ਤੁਮਹਾਰਾ/ਤੁਮ ਬਦਲ ਗਏ ਹੋ/ਯਾ ਤੁਮਹਾਰੇ ਸ਼ਹਿਰ ਮੇਂ ਸ਼ਾਮ ਨਹੀਂ ਹੋਤੀ?'।
ਆਪਣੀ70ਸਾਲ ਦੀ ਉਮਰ ਵਿਚ ਅਸੀਂ ਇਹ ਪਹਿਲੀ ਵਾਰ ਦੇਖਿਆ ਹੈ ਕਿ ਹਵਾਈ, ਰੇਲ, ਸੜਕੀ ਆਵਾਜਾਈ ਬੰਦ ਹੋਈ ਹੋਵੇ ਅਤੇ ਉਹ ਵੀ ਐਨੇ ਲੰਮੇ ਸਮੇਂ ਲਈ। ਆਪਣੇ ਹੀ ਮੁਲਕ ਆਉਣ ਵਾਲੇ ਪਰਵਾਸੀ ਭਾਰਤੀ ਦੋਸ਼ੀਆਂ ਦੀ ਨਜ਼ਰ ਨਾਲ ਦੇਖੇ ਜਾ ਰਹੇ ਹਨ, ਕੋਰੋਨਾ-ਕੈਰੀਅਰ, ਵਾਰਿਸ-ਵਾਹਨ ਸਮਝੇ ਜਾ ਰਹੇ ਹਨ। ਪੰਜਾਬ ਵਿਚ ਵਿਦੇਸ਼ੋਂ ਜਾ ਕੇ ਆਏ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ 'ਤੇ ਮੌਤ ਹੋਣ ਉਪਰੰਤ ਉਸ ਦਾ ਟੈਸਟ ਕੋਰੋਨਾ-ਪਾਜ਼ੇਟਿਵ ਆਉਣ ਕਾਰਨ ਉਸ ਦਾ ਮਖੌਲ ਉਡਾਇਆ ਜਾ ਰਿਹਾ ਹੈ, ਭੰਡੀਨੁਮਾ ਗੀਤ ਬਣਾਏ/ਗਾਏੇ ਜਾ ਰਹੇ ਹਨ। ਹੋਰ ਤਾਂ ਹੋਰ, ਆਪਣੇ ਹੀ ਦੇਸ਼ ਦੇ ਪ੍ਰਾਂਤਾਂ ਚੋਂ ਆਪਣੇ ਘਰਾਂ ਨੂੰ ਪਰਤ ਰਹੇ ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਉਪਰ ਅਮਾਨਵੀ ਢੰਗ ਨਾਲ ਲਾਗ-ਰੋਧਕ ਕੈਮੀਕਲ ਸਪਰੇ ਕੀਤੇ ਜਾ ਰਹੇ ਹਨ। ਭਲਾ ਕਿਥੇ ਗਿਆ ਭਾਈ ਆਪਸੀ ਭਾਈਚਾਰਾ, 'ਵਿਸ਼ਵ-ਪਿੰਡ' ਦਾ ਨਾਹਰਾ, 'ਵਾਸੂਦੇਵ-ਕੁਟੰਬਮ' ਦੀ ਵਿਚਾਰਧਾਰਾ? ਐਨੀ ਖੁਦਸਰੀ, ਸਵਾਰਥ, ਨਿੱਜਪ੍ਰਸਤੀ। ਐਨੀ ਦਹਿਸ਼ਤ, ਐਡਾ ਖੌਫ, ਐਨਾ ਭੈਅ ਇਕ ਐਸੇ ਵਇਰਸ ਤੋਂ ਜੋ ਨੰਗੀ ਅੱਖ ਨਾਲ ਦੇਖਿਆ ਵੀ ਨਹੀਂ ਜਾ ਸਕਦਾ। ਹਾਲ ਦੀ ਘੜੀ ਤਾਂ ਮਹਾਂਬਲੀ ਮਾਨਵ ਦੀ ਗੋਡਣੀ ਲਗੀ ਪਈ ਹੈ।
ਇਉਂ ਲਗਦੈ ਜਿਵੇਂ ਰੱਬ ਤੋਂ ਭਰੋਸਾ ਹੀ ਉਠ ਗਿਆ ਬੰਦੇ ਦਾ। ਪਰ ਇਹ ਵੀ ਸੱਚ ਹੈ ਕਿ ਬੰਦਾ ਰੱਬ ਦਾ ਸ਼ਰੀਕ ਹੀ ਬਣਿਆ ਫਿਰਦਾ ਸੀ। ਭੁੱਲ ਗਿਆ ਸੀ ਕਿ ਰੱਬ ਲਾ-ਸ਼ਰੀਕ ਹੈ। ਕਈ ਤਾਂ ਰੱਬ ਹੀ ਬਣ ਬੈਠੇ ਸਨ। ਕਾਦਰ ਦੀ ਕੁਦਰਤ ਨੂੁੰ ਟਿੱਚ ਜਾਣਦੇ ਸਨ। ਸਭ ਆਨੇ ਵਾਲੀ ਥਾਂ ਆ ਗਏ ਇਕ ਹੀ ਝਟਕੇ ਨਾਲ। ਕੀ ਅਮੀਰ, ਕੀ ਗਰੀਬ, ਕੀ ਸ਼ਾਹ ਸੁਲਤਾਨ, ਕੀ ਫਕੀਰ। ਅਮਰੀਕਾ ਵਰਗੀ ਸੁਪਰ ਪਾਵਰ ਦੇ ਨਾਸੀਂ ਧੂੰਆਂ ਨਿਕਲਿਆ ਪਿਐ, ਚੀਨ ਵਰਗੀ ਮਹਾਂ ਸ਼ਕਤੀ ਦੀ ਬਸ ਹੋਈ ਪਈ ਐ, ਯੂਰਪ ਦੇ ਵਿਕਸਤ ਦੇਸ਼ਾਂ ਦੀ ਪੀਂ ਬੋਲੀ ਪਈ ਹੈ, ਭਾਰਤ ਮਹਾਨ ਦੀ ਵੀ ਰਾਤ ਅੱਠ ਵਜੇ ਦੋ ਵਾਰੀ 'ਭਾਈਉ ਔਰ ਬਹਿਨੋਂ' ਹੋ ਚੁੱਕੀ ਹੈ। ਦੁਨੀਆਂ ਭਰ ਵਿਚ ਦੋ ਅਰਬ ਤੋਂ ਵੱਧ ਲੋਕ ਘਰਾਂ ਅੰਦਰ ਕੈਦ ਹਨ, ਹਾਇ ਕੋਰੋਨਾ ਹਾਇ ਕੋਰੋਨਾ ਕਰ ਰਹੇ ਹਨ। ਸ਼ੋਅਲੇ ਫ਼ਿਲਮ ਦੇ ਗੱਬਰ ਸਿੰਘ ਦਾ ਭਲਾ ਕੀ ਡਰ ਸੀ ਜੋ ਕੋਰੋਨਾ ਦਾ ਹੈ। ਹਬੀਬ ਜਾਲਿਬ ਦਾ ਇਕ ਸ਼ੇਅਰ ਯਾਦ ਆ ਰਿਹਾ ਹੈ-' ਤੁਮ ਸੇ ਪਹਿਲੇ ਵੋ ਜੋ ਏਕ ਸ਼ਖਸ ਯਹਾਂ ਤਖ਼ਤ ਨਸ਼ੀਂ ਥਾ/ਉਸ ਕੋ ਭੀ ਅਪਨੇ ਖੁਦਾ ਹੋਨੇ ਪੇ ਇਤਨਾ ਹੀ ਯਕੀਂ ਥਾ'।
ਹੁਣ ਕਮਰਿਆਂ ਦੀ ਕੈਦ ਵਿਚ ਬੈਠੇ ਸਭ ਰੱਬ ਰੱਬ ਕਰ ਰਹੇ ਹਨ-'ਮੈਂ ਡਰਦੀ ਰੱਬ ਰੱਬ ਕਰਦੀ ਵੇ ਮੈਂ ਡਰਦੀ ਰੱਬ ਰੱਬ...'। ਬੰਦਾ, ਬੰਦੇ ਦਾ ਪੁੱਤ ਬਣਿਆਂ ਬੈਠੈ। ਸਭ ਆਪਣੇ ਆਪਣੇ ਇਸ਼ਟ ਨੂੰ ਧਿਆ ਰਹੇ ਹਨ। ਭਲਿਉ ਮਾਣਸੋ, ਜੇ ਭਲਿਆਂ ਵੇਲਿਆਂ 'ਚ ਰੱਬ ਨੂੰ ਯਾਦ ਰੱਖਿਆ ਹੁੰਦਾ ਤਾਂ ਭੇੈੜੇ ਵੇਲਿਆਂ ਵਿਚ ਸਹਿਜ-ਭਾਅ ਨਾਂਅ ਵਿਚਰਦੇ? ਪਰ ਹਾਲੇ ਵੀ ਕਈਆਂ ਨੂੰ ਮੌਤ ਭੁੱਲੀ ਹੋਈ ਹੈ ਅਤੇ ਉਹ ਇਸ ਕਸ਼ਟਮਈ ਸਮੇਂ ਦਾ ਨਜਾਇਜ਼ ਲਾਭ ਉਠਾ ਰਹੇ ਹਨ। ਜ਼ਰੂਰੀ ਚੀਜ਼ਾਂ ਵਸਤਾਂ ਦੇ ਭਾਅ ਵਧਾ ਕੇ ਲੋਕਾਂ ਦੀ ਛਿੱਲ ਲਾਹ ਰਹੇ ਹਨ। ਪਰ ਕਈ ਰੱਬ ਦੇ ਬੰਦੇ ਖੁਦ ਤਰਸ ਵੀ ਹਨ ਜੋ ਲੋੜਵੰਦਾਂ ਲਈ ਲੰਗਰ ਲਗਾ ਰਹੇ, ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾ ਰਹੇ ਹਨ।
ਹਰ ਸ਼ਹਿਰ ਦਾ ਆਪਣਾ ਕਿਰਦਾਰ ਹੁੰਦੈ, ਇਕ ਮੂੰਹ-ਮੁਹਾਂਦਰਾ, ਚਿਹਰਾ-ਮੁਹਰਾ ਹੁੰਦੈ, ਆਪਣੀ ਪਹਿਚਾਣ ਹੁੰਦੀ ਹੈ। ਸਾਡੇ ਸ਼ਹਿਰ ਦਾ ਵੀ ਹੈ-ਇਸ ਦੀਆਂ ਮਿੱਲਾਂ, ਫੈਕਟਰੀਆਂ, ਮੇਨਲਾਈਨ, ਸ਼ੋਰੂਮ, ਵਿਦਿਅਕ ਸੰਸਥਾਵਾਂ, ਐਨ. ਆਰ. ਆਈ. ਹੱਬ। ਜਦ ਪਿੰਡਾਂ ਵਿਚ ਘੜੀਆਂ ਨਹੀਂ ਸਨ ਹੁੰਦੀਆਂ ਤਾਂ ਮਿੱਲ ਦਾ ਘੁੱਗੂ ਹੀ ਸਮਾ-ਸੰਕੇਤਕ ਹੁੰਦਾ ਸੀ, ਬੇਸ਼ਕ ਹੁਣ ਦੀ ਗੱਲ ਹੋਰ ਹੈ।
(ਸ਼ਬਦ-ਵਿਗਿਆਨ ਅਨੁਸਾਰ ਅੰਗਰੇਜ਼ੀ ਦਾ ਸ਼ਬਦ 'ਸਿਟੀ'(ਸ਼ਹਿਰ) ਫਰੈਂਚ ਭਾਸ਼ਾ ਦੇ 'ਸੀਟੇ' ਅਤੇ ਲਾਤੀਨੀ ਭਾਸ਼ਾ ਦੇ 'ਸਿਵਿਸ/ਸਿਵੀਟਾਸ/ਸਿਟੀਜ਼ਨ' ਤੋਂ ਬਣਿਆਂ ਹੈ, ਜਿਸ ਦਾ ਅਰਥ ਹੈ 'ਸ਼ਹਿਰੀ/ਨਾਗਰਿਕ। ਸਾਹਿਤ ਵਿਚ ਸ਼ਹਿਰਾਂ ਉਪਰ ਬੜਾ ਕੁਝ ਲਿਖਿਆ ਗਿਐ ਪਰ ਚਾਰਲਸ ਡਿਕਨਜ਼ ਨੇ1859ਵਿਚ ਦੋ ਸ਼ਹਿਰਾਂ ਉਪਰ ਆਧਾਰਤ ਕਲਾਸਕੀ ਇਤਿਹਾਸਕ ਨਾਵਲ 'ਦ ਟੇਲ ਆਫ ਟੂ ਸਿਟੀਜ਼'-ਦੋ ਸ਼ਹਿਰਾਂ ਦੀ ਦਾਸਤਾਂ- ਲਿਖਿਆ ਅਤੇ ਅਠਾਰਵੀਂ ਸਦੀ ਦੇ ਕਵੀ ਵਿਲੀਅਮ ਕੂਪਰ ਨੇ 'ਗਾਡ ਮੇਡ ਦ ਕੰਟਰੀ ਐਂਡ ਮੈਨ ਮੇਡ ਦ ਟਾਊਨ-ਰੱਬ ਨੇ ਪਿੰਡ ਬਣਾਏ ਅਤੇ ਬੰਦੇ ਨੇ ਸ਼ਹਿਰ-ਨਾਮ ਦੀ ਮਸ਼ਹੂਰ ਕਵਿਤਾ ਲਿਖੀ)।
ਖ਼ੈਰ, ਕੋਰੋਨਾ ਕਾਰਨ ਕਈ ਗੱਲਾਂ ਚੰਗੀਆਂ ਵੀ ਹੋਈਆਂ ਹਨ। ਇਸ ਨੇ ਬਹੁਤੇ ਕਾਹਲਿਆਂ ਨੂੰ ਘਰੀਂ ਬਿਠਾ ਦਿੱਤੈ, ਆਪਣੇ ਬਾਲ-ਬੱਚਿਆਂ-ਬੀਵੀ ਕੋਲ। ਸ਼ਹਿਦ ਦੀਆਂ ਮੱਖੀਆਂ ਵਾਂਗ ਰੁੱਝੇ ਰਹਿਣ ਵਾਲੇ ਕਾਰੋਬਾਰੀ ਵੀ ਕਮਰਿਆਂ ਵਿਚ ਬੰਦ ਹਨ, ਭਾਵੇਂ ਮਜਬੂਰੀਵੱਸ ਹੀ ਸਹੀ-'ਜਿਹੜੇ ਕਹਿੰਦੇ ਸੀ ਵਿਹਲ ਨਹੀਂ ਮਰਨ ਦੀ/ਵਿਹਲੇ ਬੈਠੇ ਮਰਨ ਪਏ'। ਸ਼ੋਰ ਅਤੇ ਹਵਾ ਦਾ ਪ੍ਰਦੂਸ਼ਣ ਘਟ ਗਿਆ ਹੈ। ਦੁਰਘਟਨਾਵਾਂ ਨਾਂਅ ਮਾਤਰ ਹੋ ਗਈਆਂ ਹਨ। ਵੱਡਿਆਂ ਘਰਾਂ ਦੇ ਕਾਕੇ, ਜੋ ਸਾਰੀ ਦਿਹਾੜੀ ਸੜਕਾਂ ਕੱਛਦੇ ਰਹਿੰਦੇ ਸਨ, ਹੁਣ ਆਪਣੇ ਤੇਜ਼-ਰਫਤਾਰ ਮੋਟਰ ਸਾਈਕਲਾਂ ਦੇ ਡਰਾਵਣੇ ਪ੍ਰੈੱਸ਼ਰ ਹਾਰਨ ਨਹੀਂ ਵਜਾਉਂਦੇ। ਸੜਕਾਂ ਨੂੰ ਸੁਖ ਦਾ ਸਾਹ ਆਇਐ। ਆਦਮੀ/ਔਰਤ ਨੂੰ ਆਪਣੇ ਕੋਲ ਬਹਿਣ ਅਤੇ ਆਪਣਿਆਂ ਕੋਲ ਬਹਿਣ ਦਾ ਅਵਸਰ ਮਿਲਿਐ। ਲੋਕ ਆਪਸ ਵਿਚ ਦੁੱਖ-ਸੁੱਖ ਕਰ ਰਹੇ ਹਨ। ਨਿੱਜ ਦਾ ਨਿੱਜ ਨਾਲ ਰਿਸ਼ਤਾ ਬਣਾ ਰਹੇ ਹਨ। ਕਈ ਧਰਮੀ-ਕਰਮੀ (ਜਾਂ ਕਈ ਕੋਰੋਨਾ ਦੇ ਡਰੋਂ) ਪ੍ਰਭੂ ਨੂੰ ਧਿਆਉਣ ਲਈ ਧਿਆਨ ਧਰ ਰਹੇ ਹਨ। ਕਈ ਪੜ੍ਹ-ਲਿਖ ਵੀ ਰਹੇ ਹਨ ਜਾਂ ਆਪਣੇ ਹੋਰ ਸ਼ੌਕ ਪੂਰੇ ਕਰ ਰਹੇ ਹਨ।
ਕੋਰੋਨਾ ਕਾਰਨ ਇਕ ਗੱਲ ਹੋਰ ਵਧੀਆ ਹੋਈ। ਪੰਛੀਆਂ ਦੀ ਚਹਿਚਹਾਟ, ਜੋ ਪਹਿਲਾਂ ਸ਼ੋਰ ਵਿਚ ਗੁਆਚੀ ਰਹਿੰਦੀ ਸੀ, ਸੁਣਨ ਨੂੰ ਮਿਲੀ। ਮੈਂ ਉਸ ਵੇਲੇ ਹੈਰਾਨ ਹੋ ਗਿਆ ਜਦ ਅੰਮ੍ਰਿਤ ਵੇਲੇ ਕੋਇਲ ਦੀ ਕੂਅ ਕੂਅ ਸੁਣਾਈ ਦਿੱਤੀ। ਅੱਜ ਤੱਕ ਕਦੀ ਵੀ ਢਾਈ-ਤਿੰਨ ਵਜੇ ਤੜਕੇ ਇਹ ਆਵਾਜ਼ ਨਹੀਂ ਸੀ ਸੁਣੀ। 60-65ਸਾਲ ਪਹਿਲਾਂ ਆਪਣੇ ਲੜਕਪਨ ਦੇ ਦਿਨਾਂ ਵਿਚ ਪਿੰਡ ਇਹ ਆਵਾਜ਼ ਮਾਰਚ-ਅਪਰੈਲ ਮਹੀਨੇ ਵਿਚ ਅਕਸਰ ਸੁਣਨ ਨੂੰ ਮਿਲਦੀ ਸੀ ਅਤੇ 4-5 ਮਹੀਨੇ ਸੁਣਦੀ ਰਹਿੰਦੀ ਸੀ। ਅੰਗਰੇਜ਼ੀ ਦਾ ਕਵੀ ਵਰਡਸਵਰਥ ਆਪਣੀ ਕਵਿਤਾ 'ਕੱਲੀ ਵਾਢਣ' (ਸੌਲੀਟਰੀ ਰੀਪਰ') ਵਿਚ ਇਸ ਪੰਛੀ ਦਾ ਜ਼ਿਕਰ ਕਰਦੈ। ਗੁਰਬਾਣੀ ਵਿਚ ਵੀ ਇਸ ਦਾ ਜ਼ਿਕਰ ਹੈ। ਕਈ ਫ਼ਿਲਮੀ ਗੀਤਾਂ ਅਤੇ ਕਵਿਤਾਵਾਂ ਵਿਚ ਵੀ ਇਸ ਦੀ ਮਿੱਠੀ ਆਵਾਜ਼ ਦੀ ਚਰਚਾ ਹੈ-'ਕੋਇਲ ਸੀ ਤੇਰੀ ਬੋਲੀ ਕੁਕੂੁ ਕੁਕੂੁ...(ਫ਼ਿਲਮ ਬੇਟੀ)।
ਦੂਸਰੀ ਆਵਾਜ਼ ਕਾਲੇ ਤਿੱਤਰ ਦੀ ਸੁਣੀ। ਇਹ ਪੰਛੀ ਤਾਂ ਹੁਣ ਪਿੰਡਾਂ 'ਚੋਂ ਅਲੋਪ ਹੋ ਰਿਹਾ ਹੈ, ਸ਼ਹਿਰਾਂ 'ਚ ਭਲਾ ਕਿੱਥੇ? ਪਰ ਤੜਕੇ ਤੜਕੇ ਇਸ ਦੀ ਵਿਲੱਖਣ ਆਵਾਜ਼ ਸੁਣ ਕੇ ਆਪਣੇ ਸਵਰਗਵਾਸੀ ਪਿਤਾ ਵਲੋਂ ਇਸ ਦੀ ਚਾਰ ਵੱਖ-ਵੱਖ ਕੰਮਕਾਰ ਵਾਲਿਆਂ ਦੁਆਰਾ ਕੀਤੀ ਗਈ ਵਿਆਖਿਆ ਯਾਦ ਆ ਗਈ-ਪੁਜਾਰੀ ਕਹੇ ਕਿ ਕਾਲਾ ਤਿੱਤਰ 'ਭਗਵਾਨ ਤੇਰੀ ਕੁਦਰਤ' ਕਹਿੰਦਾ ਹੈ; ਮੌਲਵੀ ਦਾਅਵਾ ਕਰੇ ਕਿ ਇਹ 'ਅੱਲਾ ਹੂ ਅਕਬਰ' ਕਹਿੰਦੈ; ਦੁਕਾਨਦਾਰ ਆਖੇ ਕਿ ਇਹ 'ਲੂਣ ਤੇਲ 'ਤੇ ਅਦਰਕ' ਕਹਿੰਦੈ ਅਤੇ ਭਲਵਾਨ ਕਹੇ ਕਿ ਇਹ 'ਖਾ ਘੇ 'ਤੇ ਕਰ ਕਸਰਤ' ਆਖ ਰਿਹੈ।
ਹੋਰ ਵੀ ਅਨੇਕਾਂ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ:
'ਸ਼ਹਿਰ ਮੇਂ ਸ਼ੋਰ ਥਮਾ ਤੋ ਪਰਿੰਦੇ ਸੁਨਾਈ ਪੜੇ
ਸਪੀਕਰੋਂ ਕੀ ਦਹਾੜ ਕਮ ਹੂਈ ਤੋ ਕਾਦਰ ਦਿਖਾਈ ਪੜੇ'।
ਮੈਨੂੰ ਐਦਾਂ ਲੱਗ ਰਿਹਾ ਸੀ ਜਿਵੇਂ ਪੰਛੀ ਪੁੱਛ ਰਹੇ ਹੋਣ-
'ਜ਼ਰਾ ਸੀ ਕੈਦ ਸੇ ਘੁਟਨ ਹੋਨੇ ਲਗੀ
ਤੁਮ ਤੋ ਪੰਛੀਉਂ ਕੋ ਪਿੰਜਰੋਂ ਮਂੇ ਪਾਲਤੇ ਹੋ'।
ਪਰ ਜਲੇਬੀਆਂ ਜਿੰਨੀਆਂ ਮਰਜ਼ੀ ਸੁਆਦ ਹੋਣ, ਇਕ ਹੱਦ ਤਕ ਹੀ ਖਾਧੀਆਂ ਜਾ ਸਕਦੀਆਂ ਹਨ, ਫਿਰ ਮੂੰਹ ਭਕਲਣ ਲੱਗ ਪੈਂਦੈ। ਭਾਵੇਂ ਘਰ ਬਹਿਣਾ ਬੜਾ ਸੁਖਾਵਾਂ ਅਨੁਭਵ ਹੈ ਪਰ ਬਹੁਤਾ ਘਰ ਵੀ ਨਹੀਂ ਬੈਠਿਆ ਜਾ ਸਕਦਾ। ਖਾਸ ਕਰਕੇ ਕੰਮਕਾਜੀ ਲੋਕਾਂ ਵਲੋਂ ਅਤੇ ਸੁਭਾ ਦੀਆਂ 'ਭੌਣੀਆਂ ਬਿੱਲ਼ੀਆਂ' ਵਲੋਂ, ਜੋ ਜਿੰਨਾ ਚਿਰ ਸੱਤ ਘਰ ਨਾ ਫਿਰ ਲੈਣ ਤਾਂ ਉਨ੍ਹਾਂ ਨੂੰ ਚੈਨ ਨਹੀਂ ਆਉਂਦਾ। ਅਸੀਂ ਭੌਣੀ ਬਿੱਲੀ ਤਾਂ ਨਹੀਂ ਪਰ ਇਕ ਪੱਧਰ 'ਤੇ ਘਰ ਵੱਢ-ਵੱਢ ਖਾਣ ਲੱਗ ਪਿਆ। ਕਾਹਲ ਜਿਹੀ ਪੈਣ ਲਗ ਪਈ, ਅਚੋਆਣੀ ਜਿਹੀ ਹੋਣ ਲੱਗ ਪਈ, ਘਬਰਾਹਟ ਜਿਹੀ ਵੀ।
10ਦਿਨ ਦੇ ਸਵੈ-ਇਕਾਂਤਵਾਸ ਉਪਰੰਤ ਅਸੀਂ ਇਕ ਦਿਨ ਕਰਫ਼ਿਊ ਪਾਸ ਜੇਬ ਵਿਚ ਪਾ ਸ਼ਹਿਰ ਦਾ ਗੇੜਾ ਲਾਇਆ। ਜਿਹੜੇ ਬਜ਼ਾਰਾਂ ਵਿਚ ਕੁਰਬਲ ਕੁਰਬਲ ਹੁੰਦੀ ਰਹਿੰਦੀ ਸੀ ਉਹ ਸੁੰਨ ਪਏ ਸਨ। ਜੀਟੀ ਰੋਡ(ਰਾਸ਼ਟਰੀ ਸ਼ਾਹਮਾਰਗ), ਜੋ ਸਦਾ ਤੁੰਨੀ ਰਹਿੰਦੀ ਸੀ, ਭਾਂ ਭਾਂ ਕਰ ਰਹੀ ਸੀ। ਸ਼ਿਵ ਬਟਾਲਵੀ ਦੀਆਂ ਲਾਈਨਾਂ ਯਾਦ ਆ ਗਈਆਂ-'ਸ਼ਹਿਰ ਤੇਰੇ ਤਰਕਾਲਾਂ ਢਲੀਆਂ/ਗਲ ਲਗ ਰੋਈਆਂ ਤੇਰੀਆਂ ਗਲੀਆਂ'। ਇਉਂ ਲੱਗੇ ਜਿਵੇਂ 'ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ/ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ' (ਸ਼ਿਵ)। ਅਸੀਂ ਅਕਸਰ ਇਥੇ ਪਏ ਰਹਿੰਦੀ ਸਦੀਵੀ ਭੀੜ ਤੋਂ ਅੱਕੇ ਰਹਿੰਦੇ ਸਾਂ ਅਤੇ ਧੜੀ ਧੜੀ ਦੀਆਂ ਗਾਲ੍ਹਾਂ ਕੱਢਿਆ ਕਰਦੇ ਸਾਂ(ਭਾਵੇਂ ਅਸੀਂ ਵੀ ਉਸੇ ਭੀੜ ਦਾ ਹਿੱਸਾ ਹੁੰਦੇ ਸਾਂ-'ਹਰ ਸ਼ਖਸ ਦੌੜਤਾ ਹੈ ਯਹਾਂ ਭੀੜ ਕੀ ਤਰਫ/ਫਿਰ ਯੇਹ ਭੀ ਚਾਹਤਾ ਹੈ ਉਸੇ ਰਾਸਤਾ ਮਿਲੇ'-ਵਸੀਮ ਬਰੇਲਵੀ)। ਪਰ ਅੱਜ ਪਤਾ ਲੱਗਾ ਕਿ ਇਹ ਭੀੜ ਹੀ ਸ਼ਾਹ ਮਾਰਗਾਂ ਦੀ ਧੜਕਣ ਹੈ, ਦਲੀ ਤੇ ਮਲੀ ਚੜ੍ਹੀ ਰਹਿਣਾ ਹੀ ਤਾਂ ਬਜ਼ਾਰਾਂ ਦੀ ਰੌਣਕ ਹੈ, ਸ਼ੋਰ-ਸ਼ਰਾਬਾ ਹੀ ਤਾਂ ਸ਼ਹਿਰ ਦੀ ਜ਼ਿੰਦਗੀ ਹੈ।
ਸ਼ਹਿਰ ਹਰ ਹਾਲਤ ਵਿਚ ਨੀਂਦ ਤੋਂ ਜਾਗੇਗਾ, ਸੜਕਾਂ ਫਿਰ ਠੁੂਸੀਆਂ ਜਾਣਗੀਆਂ, ਬਾਜ਼ਾਰ ਮੁੜ ਭਿੰਨ-ਭਿੰਨਾਉਣਗੇ। ਮੈਡੀਕਲ ਸਾਇੰਸ ਕੋਰੋਨਾ ਉਪਰ ਜਿੱਤ ਪ੍ਰਾਪਤ ਕਰੇਗੀ। ਬੰਦਾ ਇਨ੍ਹਾਂ ਵਾਇਰਸਾਂ ਤੋਂ ਨਾ ਹੀ ਪਹਿਲਾਂ ਹਾਰਿਐ, ਨਾ ਹੁਣ ਹਾਰੇਗਾ।
ਜ਼ਿੰਦਗੀ ਹਰ ਹਾਲ ਵਿਚ ਜਿਤੇਗੀ। ਲੋੜ ਜ਼ਰਾ ਸੁਚੇਤ ਰਹਿਣ ਦੀ ਹੈ, ਸਹਿਮਣ ਦੀ ਨਹੀਂ।
ਮੁਸ਼ਤਾਕ ਅਹਿਮਦ ਮੁਸ਼ਤਾਕ ਨੇ ਕਿੰਨਾ ਖੂਬਸੂਰਤ ਕਿਹੈ-
'ਬੇਸਬੱਬ ਹਮ ਕੋ ਨਾ ਦਬਾਨੇ ਕੀ ਕੋਸ਼ਿਸ ਕਰਨਾ,
ਹਮ ਵੋ ਸਬਜ਼ੇ ਹੈਂ ਜੋ ਪੱਥਰ ਸੇ ਨਿਕਲ ਆਤੇ ਹੈਂ'।


-ਫਗਵਾੜਾ। ਮੋਬਾਈਲ : 98766-55055


ਖ਼ਬਰ ਸ਼ੇਅਰ ਕਰੋ

ਅਨਮੋਲ ਰਤਨ : ਭਾਈ ਨਿਰਮਲ ਸਿੰਘ ਖ਼ਾਲਸਾ ਦਾ ਤੁਰ ਜਾਣਾ

ਕੋਰੋਨਾ ਮਹਾਂਮਾਰੀ ਦੀ ਅੰਤਰਰਾਸ਼ਟਰੀ ਆਫ਼ਤ ਨੇ ਰਾਗ-ਰਤਨ ਦੇ ਅਨਮੋਲ ਹੀਰੇ ਪਦਮਸ੍ਰੀ ਭਾਈ ਨਿਰਮਲ ਸਿੰਘ ਨੂੰ ਵੀ ਨਿਗਲ ਲਿਆ ਹੈ। ਆਫ਼ਤ ਦੇ ਦੌਰ ਵਿਚ ਕੁਦਰਤ ਦਾ ਕਹਿਰ ਦੇਖੋ ਕਿ ਦੇਸ਼-ਵਿਦੇਸ਼ ਵਿਚ ਲੱਖਾਂ ਚਾਹੁੰਣ ਵਾਲਿਆਂ ਦੇ ਬਾਵਜੂਦ ਖੂਨ ਦੇ ਰਿਸ਼ਤੇ, ਪਰਿਵਾਰਕ ਰਿਸ਼ਤੇਦਾਰ, ਸੱਜਣ-ਸਨੇਹੀ ਸ਼ਾਮਿਲ ਨਹੀਂ ਹੋ ਸਕੇ।
ਗੁਰਮਤਿ ਸੰਗੀਤ ਦੇ ਅਨਮੋਲ ਰਤਨ ਤੇ ਲੇਖਕ ਭਾਈ ਨਿਰਮਲ ਸਿੰਘ ਖ਼ਾਲਸਾ, ਗੁਰਮਤਿ ਸੰਗੀਤ ਨੂੰ ਰੋਮ-ਰੋਮ ਤੋਂ ਸਮਰਪਿਤ, ਰਤਨਾਂ ਦੇ ਪਾਰਖੂ, ਕਦਰਦਾਨ, ਵਿਸ਼ਵ ਪ੍ਰਸਿੱਧ ਕੀਰਤਨੀਏ, ਉੱਚ ਕੋਟੀ ਦੇ ਲੇਖਕ, ਬੁਲਾਰੇ ਤੇ ਵਾਰਤਾਕਾਰ ਸਨ। ਗੁਰਮਤਿ ਸੰਗੀਤ ਉਨ੍ਹਾਂ ਨੂੰ ਵਿਰਸੇ 'ਚੋਂ ਪ੍ਰਾਪਤ ਨਹੀਂ ਹੋਇਆ ਸੀ। ਪੰਜਾਬ ਦੇ ਜਰਖੇਜ਼ ਦਿਹਾਤੀ ਖੇਤਰ ਮਾਲਵੇ ਦੇ ਜੰਮਪਲ, ਦੁਆਬੇ ਦੀ ਧਰਤੀ 'ਤੇ ਗ਼ਰੀਬੀ-ਗੁਰਬਤ ਤੇ ਸਮਾਜਿਕ ਨਾ-ਬਰਾਬਰੀ ਨਾਲ ਨਿਰੰਤਰ ਸੰਘਰਸ਼ ਕਰ, ਮਾਝੇ ਦੀ ਧਰਤੀ 'ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਦੇ ਸੁਰ-ਤਾਲ ਦੀਆਂ ਬਰੀਕੀਆਂ ਦੀ ਸੂਖਮ ਸੂਝ ਪ੍ਰਾਪਤ ਕਰ, ਗੁਰਬਾਣੀ ਗੁਰਮਤਿ ਵਿਚਾਰਧਾਰਾ ਤੇ ਸਿੱਖ ਪਰੰਪਰਾਵਾਂ 'ਚ ਜਵਾਨ ਹੋ, ਗੁਰਮਤਿ ਸੰਗੀਤ ਦੇ ਧਰੂ-ਤਾਰੇ ਵਾਂਗ ਚਮਕੇ ਤੇ ਪ੍ਰਵਾਨ ਚੜ੍ਹੇ, ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਸਨ। ਵਿਸ਼ਵ-ਵਿਆਪੀ ਗੁਰਬਾਣੀ ਦੇ ਕਦਰਦਾਨਾਂ, ਸੰਗੀਤ ਪ੍ਰੇਮੀਆਂ ਵਾਸਤੇ ਉਨ੍ਹਾਂ ਦੀ ਆਵਾਜ਼ ਖੇਤਰੀ ਸੀਮਾਵਾਂ ਤੋਂ ਸੁਤੰਤਰ ਹੋ ਬ੍ਰਹਿਮੰਡੀ ਪਹਿਚਾਣ ਬਣ ਚੁੱਕੀ ਸੀ। ਗੁਰਬਾਣੀ ਆਧਾਰਿਤ ਗੁਰਮਤਿ ਸੰਗੀਤ ਦੀ ਕਰਾਮਾਤ ਸਦਕਾ ਵਿਸ਼ਵ ਦੇ ਪ੍ਰਸਿੱਧ 55 ਦੇਸ਼ਾਂ ਦਾ ਕਈ ਵਾਰ ਭਰਮਣ ਕਰ ਚੁੱਕੇ ਭਾਈ ਨਿਰਮਲ ਸਿੰਘ ਦੀ ਗਿਆਨ ਪ੍ਰਾਪਤੀ ਦੀ ਅਮੁੱਕ ਜਿਗਿਆਸਾ, ਸੋਚ, ਸ਼ਕਤੀ, ਸਮਰੱਥਾ ਸਦਕਾ, ਦ੍ਰਿਸ਼ਟੀ ਬਹੁਦਿਸ਼ਾਵੀ, ਵਿਸ਼ਾਲ ਤੇ ਵਿਕਸਿਤ ਹੋ ਚੁੱਕੀ ਸੀ।
ਮਾਲਵੇ ਦੇ ਪਛੜੇ-ਸਰਹੱਦੀ ਇਲਾਕੇ, ਵਣਾਂ, ਜੰਡਾਂ, ਕਰੀਰਾਂ, ਅੱਕਾਂ ਦੀ ਧਰਤੀ ਜੰਡਵਾਲਾ ਭੀਮੇਸ਼ਾਹ 'ਚ ਗਿਆਨੀ ਚੰਨਣ ਸਿੰਘ ਤੇ ਮਾਤਾ ਗੁਰਦੇਵ ਕੌਰ ਦੇ ਘਰ 12 ਅਪ੍ਰੈਲ, 1952 ਈ: ਨੂੰ ਪੈਦਾ ਹੋਏ ਭਾਈ ਨਿਰਮਲ ਸਿੰਘ ਪਰਿਵਾਰ ਦੇ ਪਲੇਠੇ ਪੁੱਤਰ ਸਨ। ਜੰਡਵਾਲਾ ਭੀਮੇਸ਼ਾਹ ਤੋਂ ਮੁੱਢਲੀ ਵਿੱਦਿਆ ਪ੍ਰਾਪਤ ਕਰ, 1968 ਈ: ਨੂੰ ਪਿੰਡ ਮੰਡਾਲਾ ਜ਼ਿਲ੍ਹਾ ਜਲੰਧਰ ਦੇ ਮੰਡ ਖੇਤਰ 'ਚ ਜ਼ਮੀਨ ਅਲਾਟ ਹੋਣ ਕਾਰਨ, ਦਰਿਆ ਸਤਲੁਜ ਨਾਲ ਕਲੋਲਾਂ ਕਰਦਿਆਂ, ਇਨ੍ਹਾਂ ਨੇ ਜਵਾਨੀ 'ਚ ਪ੍ਰਵੇਸ਼ ਕੀਤਾ। ਅੱਠ ਪੜ੍ਹਿਆ ਇਹ ਨੌਜਵਾਨ ਖੇਤੀ ਕਾਰਜਾਂ 'ਚ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰਦਾ, ਮੰਡਾਲੇ ਦੇ ਮੰਡ ਖੇਤਰ 'ਚ ਚਰਾਂਦਾਂ 'ਚ ਡੰਗਰ ਚਾਰਦਾ, ਸਿਰ ਪੈਰ ਤੋਂ ਨੰਗਾ ਇਹ ਵਾਗੀ ਮੁੰੰਡਾ, ਕਾਦਰ ਦੇ ਕਰਤੇ ਵਲੋਂ ਬਖਸ਼ਿਸ਼ ਸੁਰੀਲੀ ਆਵਾਜ਼ 'ਚ ਲੋਕ ਗੀਤ ਗੁਣ ਗੁਣਾਂਦਾ ਰਹਿੰਦਾ। ਕਈ ਵਾਰ ਸੱਥਾਂ 'ਚ ਬੋਹੜਾਂ ਹੇਠ ਬਜ਼ੁਰਗ-ਨੌਜਵਾਨ ਇਨ੍ਹਾਂ ਪਾਸੋਂ ਹੀਰ, ਮਿਰਜ਼ਾ, ਸੱਸੀ ਆਦਿ ਸੁਣ ਕੇ ਵਾਹ-ਵਾਹ ਕਰ ਉੱਠਦੇ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦਾਖ਼ਲਾ ਲੈਣਾ ਵੀ ਅਜੀਬ ਵਰਤਾਰੇ ਨਾਲੋਂ ਘੱਟ ਨਹੀਂ ਸੀ। ਕਿਸੇ ਨੇਕ ਪੁਰਸ਼ ਨੇ ਇਨ੍ਹਾਂ ਨੂੰ ਸਲਾਹ ਦਿੱਤੀ ਕਿ ਤੇਰੇ ਪਾਸ ਮਿੱਠੀ ਤਰਾਸ਼ੀ ਹੋਈ ਆਵਾਜ਼ ਹੈ, ਜੇਕਰ ਤੂੰ ਸੁਰ-ਤਾਲ ਦਾ ਗਿਆਨ ਰਾਗ ਵਿੱਦਿਆ ਦੇ ਮਾਹਰਾਂ ਪਾਸੋਂ ਪ੍ਰਾਪਤ ਕਰ ਲਵੇ ਤਾਂ ਇਹ ਸੋਨੇ 'ਤੇ ਸੁਹਾਗਾ ਹੋਵੇਗਾ। ਇਨ੍ਹਾਂ ਦੇ ਮਨ ਵਿਚ ਗਾਉਣ ਦੀ ਤਾਂ ਪਹਿਲਾਂ ਹੀ ਹੁੱਬ ਸੀ ਪਰ ਇਨ੍ਹਾਂ ਦੇ ਪਿਤਾ ਖੇਤੀ ਦੇ ਕੰੰਮ, ਨਾਲੋਂ ਇਸ ਨੂੰ ਨਖਿੱਧ ਕੰਮ ਸਮਝਦੇ ਸਨ। ਖ਼ੈਰ! ਇਨ੍ਹਾਂ ਨੇ ਕਿਸੇ ਦੇ ਰਾਹੀਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦਾਖ਼ਲ ਹੋਣ ਲਈ ਦਰਖ਼ਾਸਤ ਭੇਜ ਦਿੱਤੀ। ਇਨ੍ਹਾਂ ਨੂੰ ਸੱਦਾ ਵੀ ਪ੍ਰਾਪਤ ਹੋ ਗਿਆ ਪਰ ਕੁਝ ਦਿਨ ਸ਼ਰੀਕਾਂ ਨੇ ਦੱਬੀ ਰੱਖਿਆ। ਗੁਰਮਤਿ ਸੰਗੀਤ ਦੀ ਸੂਝ-ਸਮਝ ਪ੍ਰਾਪਤ ਕਰਨ 'ਚ ਇਨ੍ਹਾਂ ਦੀ ਸਤਿਕਾਰਤ ਮਾਤਾ ਨੇ ਵਿਸ਼ੇਸ਼ ਰੁਚੀ ਦਿਖਾਈ। ਉਨ੍ਹਾਂ ਨੇ ਆਪਣੀ ਸੋਨੇ ਦੀ ਛਾਪ ਭਾਈ ਨਿਰਮਲ ਸਿੰਘ ਨੂੰ ਦਿੱਤੀ ਤੇ ਕਿਹਾ ਕਿ ਦੂਸਰੇ ਪਿੰਡ ਵੇਚ ਕੇ ਦਾਖਲਾ ਲੈਣ ਵਾਸਤੇ ਕੱਪੜਿਆਂ ਦਾ ਪ੍ਰਬੰਧ ਅਤੇ ਆਉਣ ਜਾਣ ਆਦਿ ਦਾ ਖ਼ਰਚਾ ਕਰ ਲੈ ਪਰ ਪਿਤਾ ਤੋਂ ਚੋਰੀ। ਤੇਜਾ ਸਿੰਘ ਸਮੁੰਦਰੀ ਹਾਲ 'ਚ ਦਾਖ਼ਲੇ ਵਾਸਤੇ ਪ੍ਰੀਖਿਆ ਲਈ ਜਾ ਰਹੀ ਸੀ। ਇਹ ਵੀ ਫ਼ਾਂਟਾਂ ਵਾਲਾ ਪਜਾਮਾ ਪਾਈ, ਸਿਰ 'ਤੇ ਸਾਫ਼ਾ ਬੰਨ੍ਹ ਕੇ ਹਾਜ਼ਰ ਹੋ ਗਏ। ਪ੍ਰੀਖਿਆ ਲੈਣ ਵਾਲਿਆਂ ਵਿਚ ਸਨ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ: ਗੁਰਬਖ਼ਸ਼ ਸਿੰਘ ਮੈਂਬਰ, ਧਰਮ ਪ੍ਰਚਾਰ ਕਮੇਟੀ, ਪ੍ਰਿੰ: ਹਰਿਭਜਨ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੇ ਪ੍ਰੋ: ਅਵਤਾਰ ਸਿੰਘ ਨਾਜ਼ ਸੰਗੀਤ ਦੇ ਉਸਤਾਦ। ਇਨ੍ਹਾਂ ਨੂੰ ਪੁੱਛਿਆ ਗਿਆ ਕੋਈ ਸ਼ਬਦ ਆਉਂਦਾ ਹੈ, ਇਨ੍ਹਾਂ ਨੇ ਹਾਂ ਕਰ ਦਿੱਤੀ। ਹਾਲਾਂਕਿ ਉਸ ਸਮੇਂ ਇਨ੍ਹਾਂ ਨੂੰ ਸ਼ਬਦ ਤੇ ਗੀਤ ਦੇ ਅੰਤਰ ਦਾ ਅਨੁਭਵ ਨਹੀਂ ਸੀ। ਇਨ੍ਹਾਂ ਨੇ ਨਰਿੰਦਰ ਬੀਬਾ ਦਾ ਧਾਰਮਿਕ ਗੀਤ ਗਾ ਕੇ ਸੁਣਾਇਆ :
ਕਲਗੀਧਰ ਪੰਥ ਪਿਆਰੇ ਦਾ,
ਇਕ ਹੁਕਮ ਵਜਾ ਕੇ ਤੁਰ ਚਲਿਆ,
ਚਮਕੌਰ ਗੜ੍ਹੀ ਦੀਆਂ ਕੰਧਾਂ ਨੂੰ
ਸੋਚਾਂ 'ਚ ਪਾ ਕੇ ਤੁਰ ਚਲਿਆ।
ਦੂਸਰਾ ਗੀਤ ਜਿਸ ਨੂੰ ਵੀ ਇਹ ਸ਼ਬਦ ਹੀ ਸਮਝਦੇ ਸਨ, ਇਨ੍ਹਾਂ ਕੰਨ 'ਤੇ ਹੱਥ ਰੱਖ ਕੇ ਸੁਣਾਇਆ-
ਚੰਨ ਮਾਤਾ ਗੁਜਰੀ ਦਾ
ਸੁੱਤਾ ਕੰਡਿਆ ਦੀ ਸੇਜ ਵਿਛਾਈ।
ਪਾਰਖੂ ਸ਼ਖ਼ਸੀਅਤਾਂ ਨੇ ਪਹਿਚਾਣ ਲਿਆ ਕੇ ਜੇਕਰ ਇਸ ਨੌਜਵਾਨ ਦੇ ਗਾਉਣ ਦੇ ਸ਼ੌਕ ਤੇ ਕੁਦਰਤੀ ਆਵਾਜ਼ ਨੂੰ ਤਰਾਸ਼ਿਆ ਜਾਵੇ ਤਾਂ ਇਕ ਨਿਵੇਕਲੀ ਸ਼ਖ਼ਸੀਅਤ ਦੀ ਘਾੜਤ ਘੜੀ ਜਾ ਸਕਦੀ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਉਸਤਾਦਾਂ ਦੀ ਮਾਰ, ਭਾਈ ਨਿਰਮਲ ਸਿੰਘ ਦੀ ਜਿਗਿਆਸਾ, ਮਿਹਨਤ, ਲਗਨ ਤੇ ਸਿਰੜ ਨੇ ਇਕ ਵਾਗੀ ਮੁੰਡੇ ਨੂੰ ਸਿਰਤਾਜ ਰਾਗੀ ਹੋਣ ਦਾ ਮਾਣ ਸਤਿਕਾਰ ਦਿਵਾਇਆ।
ਗੁਰਮਤਿ ਸੰਗੀਤ ਦੀ ਸੂਝ-ਸਮਝ ਤੇ ਸਿੱਖਿਆ ਪ੍ਰਾਪਤ ਕਰ ਭਾਈ ਨਿਰਮਲ ਸਿੰਘ ਦੀ ਪਹਿਲੀ ਨਿਯੁਕਤੀ ਬਤੌਰ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਰੋਹਤਕ, ਹਰਿਆਣਾ ਵਿਖੇ ਹੋਈ ਅਤੇ 1978 'ਚ ਕੁਝ ਮਹੀਨੇ ਇਨ੍ਹਾਂ ਨੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ 'ਚ ਕੰਡਕਟਰ ਦੀ ਡਿਊਟੀ ਵੀ ਕੀਤੀ। ਇਸ ਸਮੇਂ ਹੀ ਇਨ੍ਹਾਂ ਨੇ ਪਹਿਲੀ ਰਚਨਾ ਕਿਸਾਨੀ ਦੀ ਮੰਦਹਾਲੀ ਬਾਰੇ ਲਿਖੀ ਜੋ ਨਵ ਭਾਰਤ ਟਾਈਮਜ਼ ਦਿੱਲੀ 'ਚ ਪ੍ਰਕਾਸ਼ਿਤ ਹੋਈ। ਕੁਝ ਸਮੇਂ ਬਾਅਦ ਹੀ ਗੁਰਮਤਿ ਸੰਗੀਤ ਦਾ ਸਿਖਿਆਰਥੀ, ਗੁਰਮਤਿ ਸੰਗੀਤ ਅਧਿਆਪਕ ਬਣ ਰਿਸ਼ੀਕੇਸ਼ ਵਿਖੇ ਕਾਰਜਸ਼ੀਲ ਹੋਇਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋਹੜ, ਰਾਜਸਥਾਨ ਵਿਖੇ ਵੀ ਇਨ੍ਹਾਂ ਨੇ ਦੋ ਸਾਲ ਗੁਰਮਤਿ ਸੰਗੀਤ ਦੀ ਤਾਲੀਮ ਵਿਦਿਆਰਥੀਆਂ ਨੂੰ ਦਿੱਤੀ।
1979 ਈ: 'ਚ ਭਾਈ ਨਿਰਮਲ ਸਿੰਘ ਦੀ ਚਿਰਕੋਣੀ ਰੀਝ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ 'ਚ ਭਾਈ ਗੁਰਮੇਜ ਸਿੰਘ ਜੀ ਹਜ਼ੂਰੀ ਰਾਗੀ ਨਾਲ ਸਹਾਇਕ ਰਾਗੀ ਵਜੋਂ ਨਿਯੁਕਤ ਹੋ ਕੇ ਪੂਰੀ ਹੋਈ। 1985 ਈ: ਤੱਕ ਭਾਈ ਗੁਰਮੇਜ ਸਿੰਘ ਨਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾ ਕੇ ਇਨ੍ਹਾਂ ਨੇ 1986 ਈ: 'ਚ ਆਪਣਾ ਰਾਗੀ ਜਥਾ ਬਣਾ ਲਿਆ।
1984 ਈ: 'ਚ ਵਾਪਰੇ ਦੁਖਦਾਈ ਘੱਲੂਘਾਰੇ ਦਾ ਦਰਦ ਇਨ੍ਹਾਂ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ 'ਚ ਹੰਢਾਇਆ, ਜਿਸ ਨੂੰ ਇਹ ਕਦੇ ਭੁਲਾ ਨਹੀਂ ਸਕੇ। ਬਹੁਤ ਲੰਬੇ ਸਮੇਂ ਤੋਂ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਤੇ ਭਾਈ ਕਰਤਾਰ ਸਿੰਘ ਤਬਲੇ 'ਤੇ ਇਨ੍ਹਾਂ ਨਾਲ ਸੰਗਤ ਕਰਦੇ ਰਹੇ ਹਨ। ਭਾਈ ਨਿਰਮਲ ਸਿੰਘ ਦਾ ਮੰਨਣਾ ਹੈ ਕਿ ਗੁਰੂ ਰਾਮਦਾਸ ਦੇ ਦਰਬਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹੋ ਕੇ ਵਿਚਰਨਾ ਤੇ ਜੀਵਨ ਜਿਊਣਾ, ਸਭ ਤੋਂ ਸਤਿਕਾਰਮਈ ਤੇ ਮਾਣਯੋਗ ਹੈ ਪਰ ਸੰਸਾਰ ਵਿਚ ਵਿਚਰਦਿਆਂ ਇਹ ਮਾਰਗ ਏਨਾ ਆਸਾਨ ਤੇ ਸੁਖਾਲਾ ਵੀ ਨਹੀਂ, ਸਗੋਂ ਬਿਖਮ-ਬਿਖੜਾ ਤੇ ਮੁਸ਼ਕਿਲਾਂ ਭਰਪੂਰ ਵੀ ਹੈ। ਸੰਸਾਰ 'ਚ ਧਾਰਮਿਕ ਹੋ ਵਿਚਰਨਾ ਆਸਾਨ ਹੈ ਪਰ ਸੰਸਾਰਿਕ ਰੰਗ ਤਮਾਸ਼ਿਆਂ, ਸੁਖ-ਸਹੂਲਤਾਂ ਦਾ ਤਿਆਗ ਕਰਨਾ ਪੈਂਦਾ ਹੈ। ਧਾਰਮਿਕ ਵਿਅਕਤੀ ਵਾਸਤੇ, ਨੇਮਬੱਧ, ਅਨੁਸ਼ਾਸਨਮਈ, ਧਰਮੀ ਜੀਵਨ ਜਿਊਣਾ ਆਸਾਨ ਹੈ ਪਰ ਲੋਕਾਈ ਦੀਆਂ ਨਜ਼ਰਾਂ 'ਚ ਅਜਿਹਾ ਰਹਿਣਾ ਬਹੁਤ ਬਿਖ਼ੜਾ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਨੂੰ 1987 ਈ: 'ਚ ਸਰਕਾਰ ਵਲੋਂ ਕੀਤੇ ਗਏ ਆਪ੍ਰੇਸ਼ਨ ਬਲੈਕ ਥੰਡਰ 'ਚ ਪੁਲਿਸ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ।
ਭਾਈ ਨਿਰਮਲ ਸਿੰਘ ਗੁਰਬਾਣੀ ਨੂੰ ਨਿਰਧਾਰਿਤ ਰਾਗਾਂ 'ਚ ਗਾਉਣ ਦੀ ਮੁਹਾਰਤ ਰੱਖਦੇ ਸਨ। ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ 'ਚ ਸ਼ਬਦ ਗਾਇਨ ਕਰਕੇ ਪੁਰਾਤਨ ਕੀਰਤਨ ਸ਼ੈਲੀ ਨੂੰ ਬਹਾਲ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਕੀਰਤਨ ਸੇਵਾ ਕਰਦਿਆਂ ਇਨ੍ਹਾਂ ਨੇ ਪੰਜਾਂ ਤਖ਼ਤਾਂ, ਦੇਸ਼-ਵਿਦੇਸ਼ 'ਚ ਸਥਿਤ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ, ਕੀਰਤਨ ਦਰਬਾਰਾਂ ਤੇ ਪ੍ਰਸਿੱਧ ਸਟੇਜਾਂ 'ਤੇ ਕੀਰਤਨ ਰਾਹੀਂ ਹਾਜ਼ਰੀ ਭਰ ਕੇ ਨਾਮਣਾ ਖੱਟਿਆ।
ਗੁਰਬਾਣੀ ਨੂੰ ਪੁਰਾਤਨ ਰੀਤਾਂ ਅਨੁਸਾਰ ਤੰਤੀ ਸਾਜ਼ਾਂ ਨਾਲ ਗਾ ਕੇ ਇਹ ਰੂਹਾਨੀ ਅਨੁਭਵ ਮਹਿਸੂਸ ਕਰਦੇ ਸਨ। ਭਾਈ ਨਿਰਮਲ ਸਿੰਘ ਗੁਰਮਤਿ ਸੰਗੀਤ ਦੇ ਮੁਢਲੇ ਸਾਜ਼ ਰਬਾਬ, ਤਾਊਸ, ਦਿਲਰੁਬਾ, ਅਸਰਾਜ, ਵਚਿੱਤਰ-ਵੀਣਾ, ਸਰੋਦ, ਤਾਨਪੁਰਾ ਆਦਿ ਨੂੰ ਗੁਰਮਤਿ ਸੰਗੀਤ ਲਈ ਉੱਤਮ ਮੰਨਦੇ ਸਨ। ਭਾਈ ਸਾਹਿਬ ਨੂੰ ਪੜਤਾਲ ਗਾਇਕੀ, ਧਰੁਪਦ ਗਾਇਕੀ, ਖਿਆਲ ਗਾਇਕੀ, ਪੁਰਾਤਨ ਬੰਦਸ਼ਾਂ, ਰੀਤਾਂ ਨੂੰ ਵੱਖ-ਵੱਖ ਤਾਲਾਂ ਜਿਵੇਂ ਚਾਰਤਾਲ, ਝੱਪਤਾਲ, ਆੜਾ ਚਾਰ ਤਾਲ, ਸੂਲ ਤਾਲ, ਛੋਟਾ ਤੀਨਤਾਲ, ਇਕਤਾਲ, ਫ਼ਰੋਦਸਤ, ਰੂਪਕ, ਦੀਪ ਚੰਦੀ, ਦਾਦਰਾ, ਕਹਿਰਵਾ ਆਦਿ 'ਚ ਗਾਉਣ ਦਾ ਵਿਸ਼ੇਸ਼ ਅਨੰਦ ਆਉਂਦਾ ਸੀ। ਭਾਰਤੀ ਸੰਗੀਤ ਪਰੰਪਰਾ ਨਾਲ ਸਬੰਧਿਤ ਮਾਲ ਕੌਂਸ, ਚੰਦਰ ਕੌਂਸ, ਬਾਗੇਸ਼ਵਰੀ, ਪਹਾੜੀ, ਪੀਲੂ, ਅਹੀਰ ਭੈਰਵੀ ਪਟਦੀਪ, ਕਿਰਵਾਨੀ, ਮਾਰਵਾ, ਭੈਰਵੀ ਆਦਿ ਰਾਗਾਂ 'ਚ ਵੀ ਗਾਉਣਾ ਉਨ੍ਹਾਂ ਦੇ ਮਨ ਨੂੰ ਭਾਉਂਦਾ ਸੀ।
ਭਾਰਤ ਭਰ ਦੀਆਂ ਪ੍ਰਸਿੱਧ ਰਿਕਾਰਡਿੰਗ ਕੰਪਨੀਆਂ ਟੀ-ਸੀਰੀਜ਼, ਮਿਊਜ਼ਿਕ ਟੂਡੇ, ਟਿਪਸ, ਫਾਈਨਟੱਚ, ਮਿਊਜਕ ਮੈਮੋਰੀਜ਼ ਆਦਿ ਨੇ 50 ਤੋਂ ਵਧੇਰੇ ਰਿਕਾਰਡ, ਟੇਪਾਂ, ਸੀਡੀਜ਼, ਡੀ.ਵੀ.ਡੀ, ਵੀਡੀਉ ਆਦਿ ਰਾਹੀਂ ਭਾਈ ਨਿਰਮਲ ਸਿੰਘ ਦੀ ਕੀਰਤਨ ਸ਼ੈਲੀ ਨੂੰ ਸੰਭਾਲਣ ਦਾ ਯਤਨ ਕੀਤਾ।
ਵੱਖ-ਵੱਖ ਰਾਗਾਂ 'ਚ ਹਜ਼ਾਰਾਂ ਸ਼ਬਦ ਗਾਇਨ ਕਰ ਚੁੱਕੇ ਭਾਈ ਸਾਹਿਬ ਨੇ ਮਿੱਠੀ ਸੁਰੀਲੀ ਆਵਾਜ਼ 'ਚ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਚਨਾ ਸੁਖਮਨੀ ਸਾਹਿਬ ਨੂੰ ਗਾਉੜੀ ਰਾਗ 'ਚ ਗਾਇਨ ਕੀਤਾ, ਜਿਸ ਨੂੰ ਸਰੋਤਿਆਂ ਨੇ ਬੇਹੱਦ ਸਲਾਹਿਆ। ਹਜ਼ਾਰਾਂ ਗੁਰਮਤਿ ਸੰਗੀਤ ਤੇ ਸੂਫ਼ੀ ਗਾਇਕੀ ਦੇ ਪ੍ਰੇਮੀਆਂ ਦੀ ਰੀਝ ਨੂੰ ਪੂਰਾ ਕਰਨ ਵਾਸਤੇ ਇਨ੍ਹਾਂ ਨੇ ਬਾਬਾ ਫ਼ਰੀਦ ਜੀ ਦੇ ਸਲੋਕਾਂ ਨੂੰ ਸੂਫ਼ੀਆਨਾ ਅੰਦਾਜ਼ 'ਚ ਗਾਇਆ। ਭਾਈ ਸੁਰਜਨ ਸਿੰਘ ਜੀ ਵਲੋਂ ਗਾਇਨ ਕੀਤੀ ਗਈ ਆਸਾ ਦੀ ਵਾਰ ਤੋਂ ਬਾਅਦ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਦੀ ਗਾਇਨ ਕੀਤੀ ਆਸਾ ਦੀ ਵਾਰ ਨੂੰ ਗੁਰਬਾਣੀ ਪ੍ਰੇਮੀਆਂ ਨੇ ਏਨਾ ਪਸੰਦ ਕੀਤਾ ਹੈ ਕਿ ਹੁਣ ਤੱਕ ਉਸ ਦੀਆਂ 60 ਲੱਖ ਸੀ.ਡੀਜ਼ ਵਿਕ ਚੁੱਕੀਆਂ ਹਨ।
ਭਾਈ ਨਿਰਮਲ ਸਿੰਘ ਦੀ ਸ਼ਖ਼ਸੀਅਤ ਬਹੁਭਾਤੀ ਸੀ ਜਿਸ ਨੂੰ ਸਮਝਣਾ ਏਨਾ ਅਹਿਸਾਨ ਨਹੀਂ ਸੀ। ਉਹ ਇਕੋ ਹੀ ਸਮੇਂ ਵਿਸ਼ਵ ਪ੍ਰਸਿੱਧ ਗੁਰੂ-ਘਰ ਦੇ ਕੀਰਤਨੀਏ, ਗੁਰਮਤਿ ਸੰਗੀਤ ਅਚਾਰੀਆ, ਦੂਰ ਦ੍ਰਿਸ਼ਟੀ ਰੱਖਣ ਵਾਲੇ ਲੇਖਕ, ਦੁਨੀਆ ਦੇਖਣ-ਮਾਨਣ ਦੇ ਚਾਹਵਾਨ, ਯਾਰਾਂ ਦੇ ਯਾਰ ਸਨ। ਇਨ੍ਹਾਂ ਦੇ ਪ੍ਰਸੰਸਕਾਂ, ਚਾਹੁਣ ਵਾਲਿਆਂ, ਸੁਭਚਿੰਤਕਾਂ, ਦੋਸਤਾਂ, ਮਿੱਤਰਾਂ ਦਾ ਘੇਰਾ ਬਹੁਤ ਵਿਸ਼ਾਲ ਸੀ। ਮੇਰੇ ਵਰਗੇ ਸੁਦਾਮਿਆਂ ਤੋਂ ਲੈ ਕੇ ਸਮਾਜਿਕ, ਧਾਰਮਿਕ, ਰਾਜਨੀਤਕ, ਪ੍ਰਸ਼ਾਸਨਿਕ ਉੱਚ ਪਦਵੀਆਂ ਤੇ ਅਹੁਦਿਆਂ 'ਤੇ ਬਿਰਾਜਮਾਨ ਸ਼ਖ਼ਸੀਅਤਾਂ ਨਾਲ ਇਨ੍ਹਾਂ ਦੀਆਂ ਵਿਚਾਰਾਂ, ਖਾਣ-ਪੀਣ, ਚਲਣ-ਫਿਰਨ, ਘੁੰਮਣ ਦੀ ਸਾਂਝ ਬਹੁਤ ਪੁਰਾਣੀ ਸੀ। ਕੀਰਤਨ ਖੇਤਰ 'ਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਕਾਰਨ ਇਨ੍ਹਾਂ ਦੀ ਪਹੁੰਚ ਤੇ ਸੁਣਵਾਈ ਦੇਸ਼-ਵਿਦੇਸ਼ 'ਚ ਉੱਚ ਅਧਿਕਾਰੀਆਂ ਤੇ ਪਦਵੀ ਤੱਕ ਸਹਿਜ ਸੁਭਾਅ ਸੀ।
ਵਿਸ਼ਵ ਪ੍ਰਸਿੱਧ ਗ਼ਜ਼ਲ ਗਾਇਕ ਗੁਲਾਮ ਅਲੀ ਖਾਂ ਸਾਹਿਬ ਨੂੰ ਭਾਈ ਨਿਰਮਲ ਸਿੰਘ ਨੇ ਉਸਤਾਦ ਧਾਰਨ ਕੀਤਾ ਹੋਇਆ ਸੀ। ਸੰਗੀਤਕ ਸਾਂਝ ਕਾਰਨ ਇਹ ਰਿਸ਼ਤਾ ਉਸਤਾਦ ਸ਼ਗਿਰਦ ਦਾ ਹੈ ਪਰ ਇਨ੍ਹਾਂ 'ਚ ਗੂੜ੍ਹੀ ਆੜੀ ਤੇ ਯਾਰੀ ਵੀ ਸੀ।
ਭਾਈ ਨਿਰਮਲ ਸਿੰਘ 'ਚ ਘੁੰਮਣ-ਫਿਰਨ, ਵੱਖ-ਵੱਖ ਧਰਮਾਂ, ਜਾਤਾਂ, ਸੱਭਿਆਚਾਰਾਂ ਦੇ ਲੋਕਾਂ ਨੂੰ ਮਿਲਣ ਦੀ ਪ੍ਰਬਲ ਰੀਝ ਸੀ, ਜਿਸ ਸਦਕਾ ਇਨ੍ਹਾਂ ਨੂੰ ਭਾਰਤ ਭਰ ਦੇ ਭਰਮਣ ਤੋਂ ਇਲਾਵਾ ਦੁਨੀਆ ਦੇ 55 ਦੇਸ਼ਾਂ 'ਚ ਵਾਰ-ਵਾਰ ਜਾਣ-ਆਉਣ ਦਾ ਮੌਕਾ ਪ੍ਰਾਪਤ ਹੋਇਆ। ਇਨ੍ਹਾਂ ਸਫ਼ਰਾਂ ਦੀ ਕਹਾਣੀ, ਇਨ੍ਹਾਂ ਦੇ ਵਿਸ਼ਾਲ ਡਰਾਇੰਗ ਰੂਮ 'ਚ ਸਜਾਏ ਹੋਏ ਸਰਟੀਫਿਕੇਟਾਂ, ਸਨਮਾਨ-ਚਿੰਨ੍ਹਾਂ, ਤਸ਼ਤਰੀਆਂ, ਟੇਪਾਂ, ਸੀ. ਡੀ. ਆਦਿ ਤੋਂ ਪ੍ਰੱਤਖ ਪੜ੍ਹੀ ਜਾ ਸਕਦੀ ਹੈ।
ਭਾਰਤ ਦੇ ਸਤਿਕਾਰਤ ਸਨਮਾਨ ਪਦਮਸ੍ਰੀ ਦੀ ਪ੍ਰਾਪਤੀ ਕਰਕੇ ਵੀ ਵਿਸ਼ਵ ਦੇ ਇਕਲੌਤੇ ਗੁਰੂ-ਘਰ ਦੇ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਦਾ ਕਹਿਣਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਗੁਰੂ ਰਾਮਦਾਸ ਦੇ ਪਾਵਨ ਦਰਬਾਰ ਤੋਂ ਹੋਈਆਂ ਪ੍ਰਾਪਤੀਆਂ ਤੇ ਸੰਗਤਾਂ ਵਲੋਂ ਮਿਲੇ ਪਿਆਰ-ਅਸੀਸਾਂ ਦੇ ਸਨਮੁੱਖ ਸੰਸਾਰਿਕ ਸਨਮਾਨ ਤੁੱਛ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਜੋ ਕੁਝ ਵੀ ਹਾਂ ਸਭ ਸ਼ਬਦ ਗੁਰੂ ਦੀ ਕਮਾਈ ਤੇ ਗੁਰਬਾਣੀ ਨੂੰ ਸਮਰਪਿਤ ਹੋਣ ਦੀ ਪ੍ਰਤੱਖ ਕਰਾਮਾਤ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਦਾ ਮੰਨਣਾ ਸੀ ਕਿ ਮੰੰਡ ਖੇਤਰ ਦੇ ਬੇਲਿਆਂ-ਬਰੇਤਿਆਂ ਤੇ ਦਲਦਲੀ ਛੰਬਾਂ ਤੋਂ ਭਾਰਤ ਦੇ ਰਾਸ਼ਟਰਪਤੀ ਭਵਨ, ਪ੍ਰਧਾਨ-ਮੰਤਰੀ ਨਿਵਾਸ, ਕੈਨੇਡਾ ਦੀ ਪਾਰਲੀਮੈਂਟ ਤੱਕ ਦਾ ਬਿਖਮ-ਬਿਖੜਾ ਤੇ ਲੰਮੇਰਾ ਸਫ਼ਰ, ਸ਼ਬਦ ਗੁਰੂ ਦੇ ਆਸਰੇ, ਸੁਰਤਾਲ ਦੀ ਮੁਹਾਰਤ ਸਦਕਾ ਸਹਿਜ-ਸੁਖਾਵਾਂ ਤੇ ਸੁਹਾਵਣਾ ਹੋ ਨਿਬੜਿਆ।
ਭਾਈ ਨਿਰਮਲ ਸਿੰਘ ਸੁਭਾਅ ਦਾ ਖੁੱਲ੍ਹਾ, ਬੇਬਾਕ, ਪਰ ਸਿੱਖੀ ਸਿਦਕ ਭਰੋਸਾ ਤੇ ਦਰਦ ਰੱਖਣ ਵਾਲਾ ਸੀ। ਇਟਲੀ ਦੇ ਏਅਰਪੋਰਟ 'ਤੇ ਜੇਕਰ ਸਿੱਖਾਂ ਦੀ ਦਸਤਾਰ ਉਤਾਰ ਕੇ ਚੈੱਕ ਕਰਨ ਦੀ ਸ਼ਰਮਨਾਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਨ੍ਹਾਂ ਨੇ ਛੁਪਾਇਆ ਨਹੀਂ ਸਗੋਂ ਸਭ ਤੋਂ ਪਹਿਲੇ ਸਿੱਖੀ ਦੀ ਸ਼ਾਨ ਦਸਤਾਰ ਦੇ ਸਤਿਕਾਰ ਤੇ ਸਵੈਮਾਣ ਦੀ ਬਹਾਲੀ ਵਾਸਤੇ ਭਾਰਤ ਸਰਕਾਰ ਵਲੋਂ ਇਨ੍ਹਾਂ ਨੂੰ ਪ੍ਰਦਾਨ ਕੀਤੇ ਵਕਾਰੀ ਸਨਮਾਨ ਪਦਮਸ੍ਰੀ ਨੂੰ ਵਾਪਸ ਕਰਨ ਦਾ ਫ਼ੈਸਲਾ ਕਰ ਲਿਆ ਸੀ। ਇਨ੍ਹਾਂ ਦੀ ਪਹਿਲ ਸਦਕਾ ਹੀ ਇਹ ਮਸਲਾ ਦੇਸ਼ ਦੁਨੀਆ ਵਿਚ ਭਖਿਆ ਤੇ ਅੰਤ ਨੂੰ ਹੱਲ ਹੋ ਗਿਆ। ਗੁਰਬਾਣੀ ਗਾਇਨ ਤੋਂ ਇਲਾਵਾ ਭਾਈ ਨਿਰਮਲ ਸਿੰਘ ਨੂੰ ਲਿਖਣ ਕਲਾ 'ਚ ਵੀ ਮੁਹਾਰਤ ਸੀ। ਵੱਖ-ਵੱਖ ਅਖ਼ਬਾਰਾਂ ਤੇ ਮੈਗਜ਼ੀਨਾਂ ਵਿਚ ਲਿਖਣ ਤੋਂ ਇਲਾਵਾ ਉਨ੍ਹਾਂ ਨੇ ਦੋ ਪੁਸਤਕਾਂ ਵੀ ਲਿਖੀਆਂ।
ਬੇਵੱਸੀ ਦੇ ਇਸ ਆਲਮ ਵਿਚ ਅਸੀਂ ਸਾਰੇ ਬੇਵੱਸ ਹਾਂ। ਸਾਰੇ ਸਾਧਨ, ਸ਼ਕਤੀ ਅਤੇ ਲਗਾਓ ਹੋਣ ਕਰਕੇ ਵੀ ਅਸੀਂ ਆਪਣੇ ਚਾਹੁੰਣ ਵਾਲਿਆਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਨਹੀਂ ਹੋ ਸਕੇ। ਮੌਤ ਕੁਦਰਤ ਦਾ ਵਰਤਾਰਾ ਹੈ ਪਰ ਜੇ ਕੁਦਰਤੀ ਆਮ ਹਾਲਤਾਂ ਵਿਚ ਭਾਈ ਨਿਰਮਲ ਸਿੰਘ ਅਕਾਲ ਚਲਾਣਾ ਕਰਦੇ ਤਾਂ ਉਨ੍ਹਾਂ ਦੀਆਂ ਅੰਤਮ ਰਸਮਾਂ ਸਮੇਂ ਬੇਓੜਕ ਇਕੱਠ ਹੋਣਾ ਸੀ। ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਧਾਰਮਿਕ, ਸਮਾਜਿਕ, ਰਾਜਨੀਤਕ ਲੋਕਾਂ/ਲੀਡਰਾਂ ਅਤੇ ਸਰਕਾਰੀ ਸਨਮਾਨਾਂ ਅਨੁਸਾਰ ਇਹ ਰਸਮਾਂ ਨਿਭਾਈਆਂ ਜਾਣੀਆਂ ਸਨ। ਹੁਣ ਤਾਂ ਭਾਈ ਨਿਰਮਲ ਸਿੰਘ ਦੇ ਬੇਟੇ ਦੇ ਸ਼ਬਦਾਂ ਵਿਚ ਕਿ ਅਸੀਂ ਬੇਵੱਸ ਹਾਂ, ਵਾਹਿਗੁਰੂ ਸਾਨੂੰ ਸਿਹਤਯਾਬੀ ਬਖਸ਼ੇ, ਹਾਲਾਤ ਆਮ ਹੋਣ 'ਤੇ ਪਾਪਾ ਜੀ ਦਾ ਸ਼ਰਧਾਂਜਲੀ ਸਮਾਗਮ ਕਰਾਂਗੇ।


-ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਆ ਵੇ ਦਿਲਾ ਦੁਆਵਾਂ ਮੰਗੀਏ

* ਸੱਤਾ ਵੈਰੋਵਾਲੀਆ *

ਆ ਵੇ ਦਿਲਾ ਦੁਆਵਾਂ ਮੰਗੀਏ, ਸਹਿਮੇ ਸ਼ਹਿਰ ਘਰਾਵਾਂ ਦੇ ਲਈ
ਹੱਸਦੀ ਰੌਣਕ ਮੋੜੀਂ ਵੇ ਮੌਲਾ, ਸੁੰਨੀਆਂ ਹੋਈਆਂ ਰਾਹਵਾਂ ਦੇ ਲਈ।
ਆ ਵੇ ਦਿਲਾ ਦੁਆਵਾਂ ਮੰਗੀਏ, ਸਹਿਮੇ ਸ਼ਹਿਰ ਘਰਾਵਾਂ ਦੇ ਲਈ।

ਇਹ ਕੁਦਰਤ ਨਾਲ ਛੇੜਾਂ ਜੋ ਬੰਦੇ ਨੇ ਕਰੀਆਂ, ਬੰਦੇ ਨੇ ਕਰੀਆਂ ਬੰਦੇ ਨੇ ਭਰੀਆਂ
ਬੰਦਾ ਹੀ ਬਣਿਆ ਹੈ ਜ਼ਹਿਰਾਂ ਦਾ ਜ਼ਰੀਆ, ਰੱਬ ਦੀਆਂ ਸਾਫ਼ ਹਵਾਵਾਂ ਦੇ ਲਈ
ਆ ਵੇ ਦਿਲਾ ਦੁਆਵਾਂ ਮੰਗੀਏ, ਸਹਿਮੇ ਸ਼ਹਿਰ ਘਰਾਵਾਂ ਦੇ ਲਈ।

ਇਹ ਜਾਨਾਂ 'ਤੇ ਖੇਡੇ ਜੋ ਡਾਕਟਰ ਤੇ ਨਰਸਾਂ,
ਇਹ ਪੁਲਿਸਾਂ ਵੀ ਛੱਡ ਆਈਆਂ ਟੱਬਰ ਨੇ ਘਰ ਤਾਂ
ਹਰ ਕਾਮੇ ਲਈ ਸਿਜਦਾ ਤਾਂ ਬਣਦੈ, ਬਿਪਤਾ 'ਚ ਫ਼ਰਜ਼ ਸੇਵਾਵਾਂ ਦੇ ਲਈ,
ਆ ਵੇ ਦਿਲਾ ਦੁਆਵਾਂ ਮੰਗੀਏ, ਸਹਿਮੇ ਸ਼ਹਿਰ ਘਰਾਵਾਂ ਦੇ ਲਈ।

ਕਿ ਹੱਸਦੀ ਰੌਣਕ ਮੋੜੀਂ ਓ ਮੌਲਾ, ਸੁੰਨੀਆਂ ਹੋਈਆਂ ਰਾਹਵਾਂ ਦੇ ਲਈ
ਆ ਵੇ ਦਿਲਾ ਦੁਆਵਾਂ ਮੰਗੀਏ, ਸਹਿਮੇ ਸ਼ਹਿਰ ਘਰਾਵਾਂ ਦੇ ਲਈ।

'ਸੱਤੇ' ਸਮਿਆਂ ਦੇ ਹਾਣੀ ਬਣੀਏ, ਲਿਖੀਏ ਕੋਈ ਸਹਿਯੋਗਾਂ ਦੀ ਗੱਲ ਵੇ
ਕਿ ਬੰਦੇ ਤੋਂ ਬੰਦੇ ਦੀ ਦੂਰੀ ਹੀ ਬਣ ਕੇ, ਨਿਕਲੂ ਗੀ ਫਿਰ ਮਿਲਾਪਾਂ ਦਾ ਹੱਲ ਵੇ
ਉਹ ਮਿਹਰਾਂ ਦਾ ਦਾਤਾ ਹੈ ਦੇਵੇਗਾ ਮੁਆਫ਼ੀ, ਸਭ ਦੇ ਪਾਪ ਗੁਨਾਹਾਂ ਦੇ ਲਈ
ਆ ਵੇ ਦਿਲਾ ਦੁਆਵਾਂ ਮੰਗੀਏ, ਸਹਿਮੇ ਸ਼ਹਿਰ ਘਰਾਵਾਂ ਦੇ ਲਈ।

ਕਿ ਹੱਸਦੀ ਰੌਣਕ ਮੋੜੀਂ ਵੇ ਮੌਲਾ, ਸੁੰਨੀਆਂ ਹੋਈਆਂ ਰਾਹਵਾਂ ਦੇ ਲਈ
ਆ ਵੇ ਦਿਲਾ ਦੁਆਵਾਂ ਮੰਗੀਏ, ਸਹਿਮੇ ਸ਼ਹਿਰ ਘਰਾਵਾਂ ਦੇ ਲਈ।

ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ...

ਇਕ ਬੱਚੇ ਲਈ ਦੁਨੀਆ ਦੀ ਸਭ ਤੋਂ ਵੱਧ ਪਿਆਰੀ ਤੇ ਖੂਬਸੂਰਤ ਔਰਤ ਉਸ ਦੀ ਮਾਂ ਹੁੰਦੀ ਹੈ। ਮਾਂ ਤੇ ਪੁੱਤ ਅਤੇ ਮਾਂ ਤੇ ਧੀ ਦੇ ਪਿਆਰ ਦੇ ਤੁਲ ਹੋਰ ਕੋਈ ਪਿਆਰ ਨਹੀਂ ਹੁੰਦਾ। ਮਾਂ ਤੇ ਧੀ ਦੇ ਪਿਆਰ ਦੀ ਗਹਿਰਾਈ, ਸ਼ਿੱਦਤ ਤੇ ਘਣਤਾ ਨੂੰ ਨਾਪਣਾ-ਤੋਲਣਾ ਕਠਿਨ ਹੈ। ਧੀ ਦੇ ਬਾਲਪਨ ਦੀ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਅਵਸਥਾ, ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਨ ਦੀ ਅਵਸਥਾ, ਵਿਆਹੇ ਜਾਣ ਤੇ ਵਿਆਹ ਹੋ ਜਾਣ ਪਿਛੋਂ ਦੀ ਅਵਸਥਾ ਦੇ ਵੱਖ-ਵੱਖ ਪੜਾਅ ਜ਼ਰੂਰ ਹਨ ਪਰ ਹਰੇਕ ਸਮੇਂ ਮਾਂ ਅਤੇ ਧੀ ਦੇ ਪਿਆਰ ਦਾ ਰੰਗ ਗੂੜ੍ਹਾ ਹੁੰਦਾ ਜਾਂਦਾ ਵੇਖਿਆ ਜਾ ਸਕਦਾ ਹੈ।
ਮਾਵਾਂ ਤੇ ਠੰਢੀਆਂ ਛਾਵਾਂ
ਮੈਂ ਮਾਂ ਦੀ ਧੀ ਸਦਵਾਵਾਂ...
ਕਹਿੰਦੇ ਹਨ ਇਕ ਮਾਂ ਆਪਣਾ ਬਚਪਨ ਆਪਣੀ ਬੇਟੀ ਵਿਚੋਂ ਦੇਖਦੀ ਹੈ। ਵੇਖਦਿਆਂ-ਵੇਖਦਿਆਂ ਉਹ ਕੋਮਲ ਪਰੀ ਉਸ ਦੀ ਦੋਸਤ, ਉਸ ਦੀ ਸਹੇਲੀ, ਉਸ ਦੀ ਭੈਣ ਵੀ ਬਣ ਜਾਂਦੀ ਹੈ। ਮਾਂ ਤੇ ਧੀ ਨਾਲੋਂ ਵਧੀਆ ਦੋਸਤੀ ਹੋਰ ਕਿਧਰੇ ਘੱਟ ਹੀ ਹੁੰਦੀ ਹੋਵੇਗੀ। ਮਾਂ ਵਲੋਂ ਦਿੱਤੀ ਸਾਕਾਰਾਤਮਿਕ ਸੇਧ ਸਾਰੀ ਉਮਰ ਵਾਸਤੇ ਉਸ ਦੀ ਧੀ ਦੇ ਰਾਹ ਰੁਸ਼ਨਾਉਂਦੀ ਰਹਿੰਦੀ ਹੈ। ਸਮਾਜ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਬਾਰੇ ਸੂਝ ਪੂਰਵਕ ਗੱਲਾਂ ਮਾਂ ਹੀ ਆਪਣੀ ਧੀ ਨੂੰ ਸਮਝਾਉਂਦੀ ਹੈ। ਮਾਂ ਆਪਣੇ ਜੀਵਨ ਦੇ ਵਧੀਆ ਨਿਰਣੇ ਆਪਣੀ ਧੀ ਉੱਪਰ ਲਾਗੂ ਕਰਨ ਦੇ ਯਤਨ ਵਿਚ ਹੁੰਦੀ ਹੈ ਤਾਂ ਜੋ ਜੀਵਨ ਵਿਚ ਕਾਮਯਾਬ ਹੋਣ ਲਈ ਧੀ ਸੇਧ ਹਾਸਲ ਕਰ ਸਕੇ। ਪੰਜਾਬੀ ਲੋਕ ਗੀਤਾਂ ਵਿਚ ਮਾਵਾਂ-ਧੀਆਂ ਦਰਮਿਆਨ ਲੰਮੀਆਂ/ਗੂੜ੍ਹੀਆਂ ਗੱਲਾਂ ਚੱਲਦੀਆਂ ਹਨ:
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ
ਕੋਈ ਕਰਦੀਆਂ ਗਲੋੜੀਆਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ...
ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏਂ
ਕੋਈ ਟੁੱਟਦੀ ਏ ਕਹਿਰਾਂ ਦੇ ਨਾਲ
ਕਣਕਾਂ ਨਿਸਰੀਆਂ ਧੀਆਂ ਕਿਉਂ ਵਿਸਰੀਆਂ ਮਾਏਂ...
ਮਾਂ ਤੇ ਧੀ ਦਾ ਰਿਸ਼ਤਾ ਬੇਤੋਲ, ਬੇਜੋੜ, ਅਣਮੇਲ ਤੇ ਲਾਸਾਨੀ ਰਿਸ਼ਤਾ ਬਣ ਕੇ ਪ੍ਰਗਟ ਹੁੰਦਾ ਹੈ। ਇਸ ਰਿਸ਼ਤੇ ਨਾਲੋਂ ਵਧੇਰੇ ਆਪਣੇਪਨ ਦਾ ਅਹਿਸਾਸ, ਨਿੱਘ ਤੇ ਨੇੜਤਾ ਹੋਰ ਕਿਸੇ ਰਿਸ਼ਤੇ ਵਿਚ ਨਹੀਂ ਹੁੰਦੀ। 'ਮਾਂ ਵਰਗਾ ਘਣਛਾਵਾਂ ਬੂਟਾ' ਹੋਰ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਮਾਂ ਆਪਣੀ ਧੀ ਲਈ ਰੱਖਿਆ ਪ੍ਰਦਾਤੀ ਹੁੰਦੀ ਹੈ। ਮਾਂ ਉਸ ਲਈ ਬਿਹਤਰੀਨ ਅਧਿਆਪਕ ਤੇ ਗਾਈਡ ਹੁੰਦੀ ਹੈ। ਧੀ ਨੂੰ ਉਹ ਨੈਤਿਕ ਤੇ ਸਮਾਜਿਕ ਸਿੱਖਿਆ ਪ੍ਰਦਾਨ ਕਰਦੀ ਹੈ। ਕਿਸੇ ਮੁਸੀਬਤ ਵੇਲੇ, ਦੁੱਖ ਦੇ ਵਕਤ ਜਾਂ ਸੰਕਟ ਦੀ ਘੜੀ ਵਿਚ ਧੀ-ਪੁੱਤਰ ਨੂੰ ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਹੈ। ਅਜਿਹੇ ਸਮੇਂ 'ਹਾਇ ਰੱਬਾ' ਜਾਂ 'ਹਾਇ ਮਾਂ' ਹੀ ਮੂੰਹੋਂ ਨਿਕਲਣ ਵਾਲੇ ਸ਼ਬਦ ਹੁੰਦੇ ਹਨ।
ਮਾਂ ਦਾ ਪਿਆਰ ਕਾਗਜ਼ ਦੇ ਕਿਸੇ ਪੁਰਜ਼ੇ ਉੱਪਰ ਲਿਖੇ ਸਵਾਲ ਜਾਂ ਉਸ ਦੇ ਜਵਾਬ ਦਾ ਮੁਥਾਜ ਨਹੀਂ ਹੁੰਦਾ। ਮਾਂ ਦਾ ਪਿਆਰ ਤਾਂ ਸਮੁੰਦਰ ਜਿੰਨੀ ਗਹਿਰਾਈ ਤੇ ਅਸਮਾਨ ਜਿੰਨੀ ਵਿਸ਼ਾਲਤਾ ਜਿਹਾ ਹੁੰਦਾ ਹੈ। ਮਾਂ ਸਿਰਫ਼ 'ਮਾਂ' ਹੀ ਹੋ ਸਕਦੀ ਹੈ। ਵਿਗਿਆਨ ਨੇ ਅਜੇ ਤੱਕ ਮਾਂ ਦੇ ਪਿਆਰ ਦੀ ਗਹਿਰਾਈ ਤੇ ਵਿਸ਼ਾਲਤਾ ਨੂੰ ਨਾਪਣ ਵਾਲਾ ਯੰਤਰ ਤਿਆਰ ਨਹੀਂ ਕੀਤਾ। ਮਾਂ ਦੇ ਪਿਆਰ ਭਰੇ ਬੋਲਾਂ ਦੀ ਕੀਮਤ ਤੇ ਮਹੱਤਵ ਕੋਈ ਉਨ੍ਹਾਂ ਬੱਚਿਆਂ ਕੋਲੋਂ ਪੁੱਛੇ ਜਿਨ੍ਹਾਂ ਦੀਆਂ ਮਾਵਾਂ ਨਹੀਂ ਹੁੰਦੀਆਂ। ਸੁਭਾਗਿਆਂ ਨੂੰ ਮਿਲਦਾ ਹੈ ਮਾਂ ਦਾ ਅਦੁੱਤੀ ਪਿਆਰ। ਕਿੰਨੀ ਮਧੁਰ ਤੇ ਕਾਲਜੇ ਨੂੰ ਧੂਹ ਪਾਉਣ ਵਾਲੀ ਹੁੰਦੀ ਹੈ ਮਾਂ ਦੀ ਮਧੁਰ ਆਵਾਜ਼। ਧੀ ਵਾਸਤੇ ਮਾਂ ਦੇ ਪਿਆਰ ਦਾ ਹੋਰ ਕੋਈ ਬਦਲ ਹੁੰਦਾ ਹੀ ਨਹੀਂ।
ਪੀਹ ਪੀਹ ਕੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁੱਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਏਂ...
ਮਾਂ ਬਹੁਤ ਭਾਵੁਕ, ਸੰਵੇਦਨਸ਼ੀਲ ਤੇ ਨਾਜ਼ੁਕ ਤਬੀਅਤ ਦੀ ਮਾਲਕ ਹੁੰਦੀ ਹੈ। ਉਹ ਆਪਣੇ ਬੱਚਿਆਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ। ਬੱਚੇ ਦਾ ਦੁੱਖ ਸੁਣ/ਵੇਖ ਕੇ ਮਾਂ ਦਾ ਮੋਮ ਵਰਗਾ ਦਿਲ ਪਿਘਲ ਜਾਂਦਾ ਹੈ। ਮਾਂ-ਪੁੱਤ ਦੇ ਪਿਆਰ, ਮਾਵਾਂ-ਧੀਆਂ ਦੀ ਦੋਸਤੀ, ਅੰਮੜੀ ਦੀਆਂ ਝਿੜਕਾਂ ਆਦਿ ਦੀਆਂ ਗੱਲਾਂ ਜਗਤ ਪ੍ਰਸਿੱਧ ਹਨ। ਮਾਂ ਹਰੇਕ ਪਲ ਆਪਣੇ ਬੱਚੇ ਦੇ ਸਵਾਸਾਂ ਵਿਚ ਹਾਜ਼ਰ ਰਹਿੰਦੀ ਹੈ। ਮਾਂ ਨੂੰ ਰੱਬ ਦਾ ਰੂਪ ਕਹਿ ਕੇ ਵਡਿਆਇਆ ਜਾਂਦਾ ਹੈ ਤੇ ਉਸ ਨੂੰ ਸਨਮਾਨ ਦਿੱਤਾ ਜਾਂਦਾ ਹੈ। ਮਾਂ ਦੇ ਪਿਆਰ ਦੀ ਟੋਹ ਨੂੰ, ਮਮਤਾ ਦੇ ਨਿੱਘ ਨੂੰ ਕੇਵਲ ਉਸ ਦੇ ਧੀਆਂ-ਪੁੱਤਰ ਹੀ ਸਮਝ ਸਕਦੇ ਹਨ। ਬੱਚਿਆਂ ਦਾ ਰੋਮ-ਰੋਮ ਮਾਂ ਦੇ ਪਿਆਰ ਦਾ ਰਿਣੀ ਹੁੰਦਾ ਹੈ। ਪੰਜਾਬੀ ਲੋਕ-ਗੀਤਾਂ ਵਿਚ ਮਾਵਾਂ-ਧੀਆਂ ਆਪਣੇ ਦੁੱਖ-ਸੁੱਖ ਫਰੋਲਦੀਆਂ ਹਨ:
ਮਾਏਂ ਪੀੜ੍ਹੀ ਬੈਠੀਏ ਨੀ
ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ...

ਮਹਿਲ ਹੇਠ ਮੇਰੀ ਮਾਂ ਖੜੀ
ਸੁਣ ਸੁਣ ਨੈਣ ਭਰ੍ਹੇ
ਨਾ ਰੋ ਅੰਮੜੀ ਮੇਰੀਏ
ਧੀਆਂ ਦੇ ਦੁੱਖ ਬੁਰੇ...

ਕਾਲੇ ਖੰਭ ਨੇ ਕਾਵਾਂ ਦੇ
ਧੀਆਂ ਪ੍ਰਦੇਸ ਗਈਆਂ
ਧੰਨ ਜਿਗਰੇ ਮਾਵਾਂ ਦੇ...
ਬਹੁਤੇ ਲੋਕ ਗੀਤਾਂ ਨੇ ਸਮੇਂ ਦੇ ਭਾਵੁਕ ਵੇਗ ਵਿਚੋਂ ਜਨਮ ਲਿਆ ਹੁੰਦਾ ਹੈ। ਅਜਿਹਾ ਇਕ ਲੰਮਾ ਲੋਕ ਗੀਤ ਮਾਂ-ਧੀ ਦੇ ਪਿਆਰ ਦਾ ਪ੍ਰਗਟਾਵਾ ਵੀ ਕਰਦਾ ਹੈ ਤੇ ਉਨ੍ਹਾਂ ਦੇ ਦਿਲਾਂ ਦੀ ਹੂਕ ਬਣ ਕੇ ਵੀ ਪ੍ਰਗਟ ਹੁੰਦਾ ਹੈ:
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ
ਰਵ੍ਹਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ
ਮੇਰੀ ਡੋਲੀ ਨੂੰ ਰੱਜ ਕੇ ਵੇਖ ਨੀ ਮਾਂ
ਮੈਂ ਚੱਲੀ ਬੇਗਾਨੇ ਦੇਸ ਨੀ ਮਾਂ
ਮੇਰੀ ਡੋਲੀ ਨੂੰ ਹੋਰ ਛੁਪਾ ਕੇ ਨੀ ਮਾਂ
ਧੀਆਂ ਕੱਢਣ ਘਰੋਂ ਹੱਥੀਂ ਮਾਪੇ ਨੀ ਮਾਂ...
* ਕਲੀਆਂ :
ਮਾਵਾਂ ਧੀਆਂ ਮਿਲਣ ਲੱਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ...
ਕੁਝ ਸਮਾਜਿਕ ਰਿਸ਼ਤਿਆਂ ਦਾ ਨਿਵੇਕਲਾ ਅਧਿਆਤਮ ਹੁੰਦਾ ਹੈ। ਕੁਝ ਰਿਸ਼ਤਿਆਂ ਦਾ ਮਹਾਤਮ ਵੀ ਹੁੰਦਾ ਹੈ। ਮਾਵਾਂ-ਧੀਆਂ ਦੇ ਰਿਸ਼ਤੇ ਵਿਚਲੇ ਮਹਾਤਮ ਬਾਰੇ ਸ਼ਬਦਾਂ ਰਾਹੀਂ ਕਹਿ ਸਕਣਾ ਕਠਿਨ ਹੈ। ਮਾਂ ਆਪਣੇ ਬੱਚਿਆਂ ਦੀ ਖਾਤਰ ਹਰੇਕ ਮੌਸਮ/ਰੁੱਤ ਦੀ ਕਰੋਪੀ ਨੂੰ ਆਪਣੇ ਸਿਰ 'ਤੇ ਅਤੇ ਤਨ-ਮਨ 'ਤੇ ਝਲਦੀ ਹੈ। ਬੱਚੇ ਨੂੰ ਆਪਣੀ ਕੁੱਖ ਵਿਚ ਭਰੂਣ ਰੂਪ ਵਿਚ ਧਾਰਨ ਕਰਨ ਦੇ ਸਮੇਂ ਤੋਂ ਲੈ ਕੇ ਆਪਣੀ ਪੂਰੀ ਉਮਰ ਮਾਂ ਆਪਣੇ ਬੱਚੇ ਦੇ ਲੇਖੇ ਲਾ ਦਿੰਦੀ ਹੈ। ਤੰਗੀਆਂ-ਤੁਰਸ਼ੀਆਂ ਝਲਦੀ ਹੈ। ਆਪਣਾ ਦਰਦ ਆਪਣੇ ਅੰਦਰ ਹੀ ਪੀ ਲੈਂਦੀ ਹੈ ਪਰ ਆਪਣੇ ਬੱਚਿਆਂ ਸਾਹਵੇਂ ਉਹ ਆਪਣਾ ਵੱਧ ਤੋਂ ਵੱਧ ਖੂਬਸੂਰਤ ਚਿਹਰਾ ਲੈ ਕੇ ਪ੍ਰਸਤੁਤ ਹੁੰਦੀ ਹੈ।
ਵੱਖ-ਵੱਖ ਭਾਸ਼ਾਵਾਂ ਦੇ ਲੋਕ ਗੀਤਾਂ ਵਿਚ ਮਾਂ ਦੀ ਮਮਤਾ ਤੇ ਮਾਂ ਦੇ ਪਿਆਰ ਨੂੰ ਸਰਬੋਤਮ ਪਿਆਰ ਵਜੋਂ ਪੇਸ਼ ਕੀਤਾ ਗਿਆ ਹੈ। ਪੰਜਾਬੀ ਵਿਚ ਕਈ ਅਜਿਹੇ ਲੋਕ ਗੀਤ ਮਿਲਦੇ ਹਨ ਜੋ ਮਾਂ-ਧੀ ਦੇ ਪਿਆਰ ਦੀ ਤਰਜ਼ਮਾਨੀ ਕਰਨ ਵਾਲੇ ਅਮਰ ਲੋਕ ਗੀਤ ਬਣ ਗਏ ਹਨ:
ਉੱਡ ਉੱਡ ਚਿੜੀਏ ਨੀ,
ਉੱਡ ਬਹਿ ਜਾ ਖਿੜਕੀ
ਮੇਰੀ ਅੰਮੜੀ ਬਾਝੋਂ ਨੀ ,
ਮੈਂ ਸਭ ਨੇ ਝਿੜਕੀ
ਉੱਡ ਉੱਡ ਚਿੜੀਏ ਨੀ,
ਉੱਡ ਬਹਿ ਜਾ ਉਖਲੀ
ਮੇਰੀ ਅੰਮੜੀ ਬਾਝੋਂ ਨੀ,
ਕੌਣ ਭੇਜੇ ਗੁਥਲੀ?
ਉੱਡ ਉੱਡ ਚਿੜੀਏ ਨੀ,
ਉੱਡ ਬਹਿ ਜਾ ਖੂਹੇ
ਮੇਰੀ ਅੰਮੜੀ ਬਾਝੋਂ ਨੀ,
ਕੌਣ ਭੇਜੇ ਸੂਹੇ?
ਪੰਜਾਬੀ ਲੋਕ ਕਾਵਿ ਮਾਂ-ਧੀ ਦੇ ਪਿਆਰ ਦੀ ਗੱਲ ਭਾਵਨਾਤਮਿਕ ਸੁਰ ਵਿਚ ਕਹਿੰਦਾ ਆਇਆ ਹੈ। ਸਮਾਜਚਾਰੇ ਵਿਚ ਮਾਂ-ਧੀ ਦਾ ਪਿਆਰ ਆਪਣੀ ਗੂੜ੍ਹੀ ਛਾਪ ਛੱਡਦਾ ਆਇਆ ਹੈ। ਮਾਵਾਂ-ਧੀਆਂ ਦੇ ਪਿਆਰ ਨੂੰ ਪੰਜਾਬੀ ਲੋਕ-ਕਾਵਿ ਨੇ ਬੜੇ ਮੋਹ ਭਰੇ ਤੇ ਕਲਾਤਮਿਕ ਲਹਿਜ਼ੇ ਰਾਹੀਂ ਕਾਵਿਤਾਇਆ ਹੈ।


-185, ਵਸੰਤ ਵਿਹਾਰ, ਡੀ.ਸੀ. ਰੈਜ਼ੀਡੈਂਸ ਰੋਡ, ਹੁਸ਼ਿਆਰਪੁਰ-146001.
ਮੋਬਾਈਲ : 98885-10185.
mehrokpritpal@gmail.com

ਕਿਰਤ, ਕਲਾ ਸਮੇਤ ਅਲੋਪ ਹੋ ਰਹੇ ਵਿਰਾਸਤੀ ਖੇਤੀ ਸੰਦ ਸਾਧਨ

ਮਸ਼ੀਨਰੀ ਦੇ ਯੁੱਗ 'ਚ ਖੇਤੀ ਕਲਾ ਕਿਰਤ ਸਮੇਤ ਵਿਰਾਸਤੀ ਖੇਤੀ ਸੰਦ ਸਾਧਨ ਹਲ-ਪੰਜਾਲੀ, ਫਾਲਾ, ਜੰਗ੍ਹੀ, ਅਰਲੀ ਵਾਢੀ, ਬੇੜ, ਖੱਬਲ, ਖਲਵਾੜਾ, ਫਲ੍ਹੇ, ਧੜ, ਤੰਗਲੀ, ਸਾਂਘਾ, ਛੱਜ, ਛੱਜਲੀ, ਬੋਹਲ, ਕੁੱਪ ਜਾਂ ਮੂਸਲ, ਸੁਹਾਗਾ, ਗੱਡਾ, ਵੇਲਣੇ, ਹੱਥ ਵਾਲੇ ਟੋਕੇ, ਦਾਤਰੀ, ਟਕੋਰਾ (ਦਾਤਰੀਆਂ ਦੇ ਦੰਦੇ ਕੱਢਣ ਲਈ), ਰੰਬੇ, ਕਹੀ, ਟਿੰਡਾਂ ਵਾਲੇ ਖੂਹ, ਢੋਲ, ਝਵੱਕਲੀ, ਬੈੜ, ਨਿਸਾਰ, ਮਣ੍ਹੇ, ਗੁਲੇਲ ਗੋਪੀਏ, ਛੱਪੜ, ਖਾਲ ਅਤੇ ਖਰਾਸ ਆਦਿ ਬਹੁਤੇ ਅਲੋਪ ਹੋ ਗਏ ਹਨ। ਸਾਡੇ ਪੁਰਖੇ ਬਾਬੇ, ਦਾਦੇ, ਬਾਪੂ, ਧਰਤੀ ਪੁੱਤਰ, ਕਿਰਤੀ-ਕਾਮੇ, ਫ਼ਸਲਾਂ ਦੇ ਪਾਲਕ, ਹੱਥੀਂ ਕੰਮ ਕਰਨ ਵਿਚ ਯਕੀਨ ਰੱਖਦੇ ਸਨ। ਪੋਹ ਮਾਘ ਦੀਆਂ ਹੱਡ ਚੀਰਵੀਆਂ ਠੰਡੀਆਂ ਰਾਤਾਂ ਨੂੰ ਖੂਹ ਜੋਂਦੇ, ਬਰਫ਼ੀਲੇ ਨਹਿਰੀ ਪਾਣੀ ਦੇ ਨੱਕੇ ਮੋੜ ਕਿਆਰੇ ਭਰਦੇ ਸਨ। ਭਾਦੋਂ ਦੇ ਚਮਾਸਿਆਂ ਦੇ ਦਿਨੀਂ ਖੇਤਾਂ 'ਚ ਕੱਦੂ ਕਰਨੇ, ਕੱਦੂ ਦੇ ਸੜਦੇ ਪਾਣੀ ਵਿਚ ਝੋਨਾ ਲਾਉਣਾ, ਗੋਡੀਆਂ, ਘਾਹ ਫੂਸ ਕੱਢਣਾ ਆਦਿ ਸਖ਼ਤ ਕੰਮਾਂ 'ਚ ਬਹੁਤ ਲਹੂ-ਮੁੜ੍ਹਕਾ ਵਹਾਉਂਦੇ ਸਨ। ਬਚਪਨ 'ਚ ਅਸੀਂ ਆਪਣੇ ਬਾਪੂਆਂ ਨੂੰ ਹਲ ਵਾਹ, ਪੈਲੀ ਬਣਾ, ਹਾੜ੍ਹੀ ਦੀ ਫ਼ਸਲ ਬੀਜਣ, ਵੱਢਣ ਤੇ ਗਾਹੁਣ, ਬੋਹਲ ਅਤੇ ਤੂੜੀ ਸਾਂਭਣ ਤੱਕ ਸਾਰਾ ਕੰਮ ਹੱਥੀਂ ਕਰਦੇ ਵੇਖਦੇ ਸੀ। ਧੰਨ ਸਨ ਉਹ ਭਲੇ ਸਮੇਂ ਤੇ ਸਾਡੇ ਬਜ਼ਰਗ।
ਵਿਸਾਖ ਮਹੀਨਾ, ਵਿਸਾਖੀ ਦਾ ਤਿਉਹਾਰ ਪੰਜਾਬੀਆਂ ਅਤੇ ਖਾਸ ਕਰਕੇ ਖੇਤੀ ਨਾਲ ਜੁੜੀ ਕਿਸਾਨੀ ਲਈ ਖਾਸ ਮਹੱਤਵ ਰੱਖਦਾ ਹੈ। ਖੇਤਾਂ ਵਿਚ ਝੂੰੰਮ ਰਹੀਆਂ ਕਣਕ ਦੀਆਂ ਸੁਨਹਿਰੀ ਬਲੀਆਂ ਧਰਤੀ 'ਤੇ ਵਿਛੀ ਸਤਰੰਗੀ ਚਾਦਰ ਦਾ ਭੁਲੇਖਾ ਪਾਉਂਦੀਆਂ ਹਨ। ਇਨ੍ਹਾਂ ਸਿੱਟਿਆਂ ਦੀ ਲਾਲੀ ਦੇਖ ਜਦੋਂ ਕਿਸਾਨ ਦੇ ਚਿਹਰੇ 'ਤੇ ਖ਼ੁਸ਼ੀ ਖਿੜਦੀ ਹੈ ਤਾਂ ਉਹ ਆਪ ਮੁਹਾਰਾ ਨੱਚ ਉੱਠਦਾ ਹੈ।
ਵਿਸਾਖੀ ਨੂੰ ਵਾਢੀਆਂ ਦੇ ਰੰਗਲੇ ਦਿਨਾਂ ਦੀ ਆਮਦ ਹੁੰਦੀ ਸੀ। ਵਾਢੀ ਬੈਠਣ ਤੋਂ ਪਹਿਲਾਂ ਕਿਸੇ ਰੁੱਖ ਦੇ ਸਾਂਘਣ ਵਿਚ ਟਿਕਾ ਕੇ ਸਾਂਭੀ ਪਰਾਲੀ ਨੂੰ ਟੋਏ ਜਾਂ ਛੱਪੜ ਦੇ ਪਾਣੀ ਵਿਚ ਭਿਉਂ ਕੇ ਉਸ ਦੇ ਬੇੜ ਜਾਂ ਖੱਬੜ ਵੱਟ ਲਏ ਜਾਂਦੇ ਸਨ। ਵਾਢੀ ਤੋਂ ਬਾਅਦ ਢੇਰੀਆਂ ਨੂੰ ਬੇੜਾਂ/ਖੱਬੜਾਂ ਨਾਲ ਭਰੀਆਂ ਬੰਨ੍ਹ ਖਲਵਾੜੇ ਜਾ ਲਾਉਂਦੇ ਸਨ। ਲੁਹਾਰਾਂ ਦੀਆਂ ਭੱਠੀਆਂ ਦਿਨ-ਰਾਤ ਤਪਦੀਆਂ ਸਨ। ਉਹ ਨਵੀਆਂ ਦਾਤਰੀਆਂ ਬਣਾਉਂਦੇ, ਪੁਰਾਣੀਆਂ ਦੇ ਦੰਦੇ ਕੱਢਦੇ। ਸ਼ੌਕੀਨ ਗੱਭਰੂ ਕਾਮੇ ਦਾਤਰੀਆਂ ਦੇ ਦਸਤਿਆਂ 'ਤੇ ਪੀਲੇ ਪਿੱਤਲ ਦੇ ਕੋਕਿਆਂ ਦੀ ਮੀਨਾਕਾਰੀ ਕਰਵਾਉਂਦੇ ਸਨ। ਵਾਢੀ ਦਾ ਬੜਾ ਚਾਅ ਹੁੰਦਾ ਸੀ। ਸਵਾਣੀਆਂ ਨੇ ਤੜਕਸਾਰ ਉੱਠ ਕੇ ਚਾਹ ਧਰ ਦੇਣੀ, ਦੁੱਧ ਰਿੜਕ , ਮੱਖਣ ਕੱਢ ਲੱਸੀ ਦੀ ਚਾਟੀ ਭਰ ਲੈਣੀ। ਘਰ ਦੇ ਬੰਦਿਆਂ ਨੇ ਬਲਦਾਂ ਅਤੇ ਹੋਰ ਡੰਗਰ ਵੱਛੇ ਨੂੰ ਪੱਠਾ ਦੱਥਾ ਪਾ ਦੇਣਾ। ਚਾਹ ਪੀ ਕੇ ਕਾਮੇ ਨਾਲ ਗੱਡਾ ਜੋਅ ਖੇਤ ਪਹੁੰਚ ਜਾਣਾ। ਜ਼ਿਆਦਾਤਰ ਕਿਸਾਨ ਵਾਢੀ ਰਲ-ਮਿਲ ਕੇ ਕਰਦੇ ਸਨ।
ਮੰਗ ਪਾਉਣੀ : ਆਪਣੇ ਸਕੇ-ਸੰਬੰਧੀ, ਸ਼ਰੀਕੇ ਬਿਰਾਦਰੀ ਅਤੇ ਭਾਈਚਾੲਕ ਸਾਂਝ ਵਾਲੇ ਘਰਾਂ ਦੇ ਗਭਰੂਆਂ ਦੀ ਕਣਕ ਵੱਢਣ ਲਈ ਮੰਗ ਪਾਈ ਜਾਂਦੀ ਸੀ। ਤੜਕਸਾਰ ਘਰ ਵਾਲਿਆਂ ਦੇ ਨਾਲ ਹੀ ਮਾਂਗੇ ਖੇਤ ਪਹੁੰਚ ਜਾਂਦੇ ਸਨ। ਸੂਰਜ ਦੇਵਤੇ ਦੇ ਆਗਮਨ ਦੇ ਨਾਲ ਹੀ ਵਾਢੇ ਰੱਬ ਦਾ ਨਾਂਅ ਲੈ ਵਾਢੀ ਕਰਨ ਬੈਠਦੇ ਸਨ। ਚੋਬਰਾਂ ਦੇ ਕਸਰਤੀ ਡੌਲੇ ਦਾਤਰੀਆਂ ਪਰਖਦੇ ਅਤੇ ਪਰਾਤਾਂ ਦੀਆਂ ਪਰਾਤਾਂ ਵੱਢ-ਵੱਢ ਪਿੱਛੇ ਢੇਰੀਆਂ ਲਾ, ਨਬੇੜੀ ਜਾਂਦੇ। ਇਸ ਦੌਰਾਨ ਪਿੰਡ ਤੋਂ ਸਵਾਣੀਆਂ 'ਸ਼ਾਹ ਵੇਲਾ' ਲੈ ਆਉਂਦੀਆਂ। ਪਰਾਂਠੇ, ਦਹੀਂ, ਮੱਖਣ, ਅਚਾਰ ਤੇ ਲੱਸੀ ਦੇ ਛੰਨੇ ਭਰ-ਭਰ ਪੀ ਫਿਰ ਦੁਪਹਿਰ ਤੱਕ ਵਾਢੀ ਹੋਣੀ। ਦੁਪਹਿਰੇ ਸੂਏ, ਖਾਲ ਜਾਂ ਖੂਹ ਨੇੜਲੇ ਰੁੱਖਾਂ ਦੀ ਛਾਂ ਹੇਠ ਬੈਠ ਜਾਂਦੇ। ਘਰ ਦੀ ਵੱਡੀ ਨੂੰਹ ਤੇ ਲਾਗਣ ਵਲੋਂ ਲਿਆਂਦਾ 'ਦੁਪਹਿਰ ਵੇਲਾ' ਖੁੱਲ੍ਹਦਾ। ਚੋਪੜੀਆਂ ਤੰਦੂਰ ਦੀਆਂ ਰੋਟੀਆਂ, ਤਰਦੇ ਦੇਸੀ ਘਿਓ ਵਾਲੀ ਮੌਸਮੀ ਸਬਜ਼ੀ, ਸ਼ੱਕਰ ਘਿਓ, ਗੰਢਾ ਅਚਾਰ ਆਦਿ ਨਾਲ ਲੇਹੜਦੇ।
ਇਹ ਜਵਾਨ ਵਾਢੇ ਫਿਰ ਖੇਤ 'ਚ ਆਪਣੀ ਸਰੀਰਕ ਕਲਾਕਾਰੀ ਦਾ ਮੰਜ਼ਰ ਸਿਰਜਦੇ। ਆਥਣ ਵੇਲੇ ਵਾਢੇ ਵੱਢੀਆਂ ਢੇਰੀਆਂ ਇਕੱਠੀਆਂ ਕਰ, ਬੇੜਾਂ ਨਾਲ ਭਰੀਆਂ ਬੰਨ੍ਹ ਖਲਵਾੜੇ ਜਾ ਲਾਉਂਦੇ। ਵਾਢੇ ਨਹਾ ਧੋ ਲੈਂਦੇ, ਹਵੇਲੀ 'ਚ ਪਾਣੀ ਤਰੌਂਕਾ ਮਾਰ ਡਾਹੇ ਮੰਜਿਆਂ 'ਤੇ ਸੱਜ ਜਾਂਦੇੇ। ਤੰਦੂਰੀ ਰੋਟੀਆਂ ਤੇ ਸੰਘਣੀ ਤਰੀ ਵਾਲੇ ਮੀਟ ਨਾਲ ਕੁੱਖਾਂ ਕੱਢਦੇ।
ਫਲ੍ਹੇ ਪਾਉਣੇ : ਖਲਵਾੜੇ ਤੋਂ ਭਰੀਆਂ ਲਿਆ ਗੋਲ ਪਿੜ ਵਿਚ ਵਿਛਾ ਦਿੱਤੀਆਂ ਜਾਂਦੀਆਂ ਸਨ। ਫਲ੍ਹਾ ਲੱਗਪਗ ਵਰਗਾਕਾਰ ਜਾਂ ਅੱਠ ਦਸ ਬਾਹੀ ਦੇ ਚੌਰਸ ਢਾਂਚੇ ਨੂੰ ਜ਼ਮੀਨ 'ਤੇ ਰੱਖ, ਉਸ ਉਪਰ ਮਸ਼ੇਟੀ, ਕਿੱਕਰ, ਬੇਰੀ ਦੇ ਛਾਪੇ, ਛਾਪਿਆਂ 'ਤੇ ਪਰਾਲੀ ਵਿਛਾ ਉੱਤੇ ਬੱਲੀਆਂ ਰੱਖ ਰੱਸੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਪਰਾਲੀ ਇਸ ਕਰਕੇ ਵਿਛਾਈ ਜਾਂਦੀ ਸੀ ਕਿ ਫਲ਼੍ਹੇ 'ਤੇ ਬਲਦਾਂ ਦੀ ਜੋਗ ਨੂੰ ਹਿੱਕਣ ਵਾਲੇ ਜਾਂ ਝੂਟੇ ਲੈਣ ਵਾਲੇ ਬਾਲਾਂ ਨੂੰ ਕੰਡੇ ਨਾ ਚੁੱਭਣ। ਫਿਰ ਵਿੰਗੀ ਲੱਕੜ ਦੀ ਢੋਅ ਜਾਂ ਗੇਜ ਨਾਲ ਫਲ੍ਹੇ ਅਤੇ ਬਲਦਾਂ ਦੀ ਪੰਜਾਲੀ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਬਲਦ ਗੋਲ ਪਿੜ ਵਿਚ ਚੱਕਰ ਲਾਉਣਾ ਸ਼ੁਰੂ ਕਰਦੇ, ਪਿੱਛੇ ਪਿੱਛੇ ਫਲ਼੍ਹਾ ਚਲਦਾ ਰਹਿੰਦਾ। ਲੌਢੇ ਵੇਲੇ ਤੱਕ ਸੋਨ ਰੰਗੇ ਦਾਣਿਆਂ ਅਤੇ ਤੂੜੀ ਦੀ ਧੜ ਲੱਗ ਜਾਂਦੀ। ਫਿਰ ਉਡਾਵੇ ਛੱਜਲੀਆਂ ਲੈ ਹਵਾ ਨੂੰ ਉਡੀਕਦੇ। ਹਵਾ ਚਲਦੀ। ਉਡਾਵੇ ਧੜ ਉਡਾਉਂਦੇ। ਦਾਣੇ ਤੂੜੀ ਵੱਖ ਕਰ ਲਏ ਜਾਂਦੇ। ਦਾਣਿਆਂ ਦਾ ਬੋਹਲ ਬਣਾ ਲੈਂਦੇ ਸਨ।
ਮੂਸਲ ਜਾਂ ਕੁੱਪ : ਤੂੜੀ ਸਾਂਭਣ ਲਈ ਲੱਗੀ ਧੜ ਦੇ ਆਲੇ-ਦੁਆਲੇ ਨਾੜ ਅਤੇ ਬੇੜਾਂ ਨਾਲ ਗੋਲ ਮੂਸਲ ਬਣਾਇਆ ਜਾਂਦਾ ਸੀ ਜਿਸ ਵਿਚ ਤੂੜੀ ਸਾਂਭ ਲਈ ਜਾਂਦੀ। ਤੂੜੀ ਦੀ ਧੜ ਦੁਆਲੇ ਮੰਜੀਆਂ ਬੰਨ੍ਹ, ਤੂੜੀ ਨੂੰ ਲਿਤਾੜਿਆ ਜਾਂਦਾ ਸੀ। ਇਸ ਤਰ੍ਹਾਂ ਤੂੜੀ ਸਾਂਭਣ ਲਈ ਕੁੱਪ ਬਣਾ ਲਿਆ ਜਾਂਦਾ ਸੀ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਪ੍ਰੀਤ ਨਗਰ-143109 (ਅੰਮ੍ਰਿਤਸਰ)।
ਮੋਬਾਈਲ : 98140-82217

ਪੰਜਾਬੀ ਸਿਨੇਮਾ

ਤਕੀਆ ਕਲਾਮ ਲਈ ਮਸ਼ਹੂਰ ਜਸਵਿੰਦਰ ਭੱਲਾ

ਪਿਛਲੇ ਕੁਝ ਸਮੇਂ ਦੀਆਂ ਪੰਜਾਬੀ ਫਿਲਮਾਂ 'ਤੇ ਜੇਕਰ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਨੱਬੇ ਫੀਸਦੀ ਫਿਲਮਾਂ 'ਚ ਜਸਵਿੰਦਰ ਭੱਲਾ ਕਿਸੇ ਨਾ ਕਿਸੇ ਰੂਪ 'ਚ ਜ਼ਰੂਰ ਵਿਚਰਿਆ ਸੀ। ਖਾਸ ਤੌਰ 'ਤੇ ਉਸ ਦਾ ਤਾਲਮੇਲ ਗੁਰਪ੍ਰੀਤ ਘੁੱਗੀ ਅਤੇ ਬੀਨੂ ਢਿੱਲੋਂ ਨਾਲ ਬਹੁਤ ਹੀ ਕਮਾਲ ਦਾ ਨਜ਼ਰ ਆਇਆ ਹੈ। ਕਹਿਣ ਦਾ ਭਾਵ ਇਹ ਹੈ ਕਿ ਉਸ ਦੀ ਪਛਾਣ ਪੰਜਾਬੀ ਸਿਨੇਮਾ ਦੇ ਵਧੀਆ ਕਾਮੇਡੀਅਨਾਂ 'ਚੋਂ ਹੁੰਦੀ ਹੈ।
ਪਰ ਮਜ਼ਾਹੀਆ ਕਿਸਮ ਦੇ ਰੋਲ ਕਰਨ ਵਾਲਾ ਇਹ ਕਲਾਕਾਰ ਲੁਧਿਆਣਾ ਵਿਖੇ ਸਥਿਤ ਖੇਤੀਬਾੜੀ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਹੈ ਅਤੇ ਉਸ ਕੋਲ ਪੀ.ਐਚ.ਡੀ. ਦੀ ਡਿਗਰੀ ਵੀ ਹੈ। ਦੋਰਾਹੇ ਵਰਗੇ ਛੋਟੇ ਜਿਹੇ ਕਸਬੇ 'ਚ 4 ਮਈ, 1960 ਨੂੰ ਜਨਮੇ ਭੱਲਾ ਦੀ ਮੁਢਲੀ ਪੜ੍ਹਾਈ ਦੋਰਾਹੇ 'ਚ ਹੀ ਹੋਈ ਸੀ। ਉਸ ਦਾ ਪਿਤਾ ਇਕ ਸਕੂਲ ਮਾਸਟਰ ਸੀ, ਇਸ ਲਈ ਉਸ ਦੀ ਖਾਹਿਸ਼ ਇਹੋ ਸੀ ਕਿ ਉਸ ਦਾ ਪੁੱਤਰ ਵੀ ਪੜ੍ਹਾਈ ਲਿਖਾਈ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰੇ। ਜਸਵਿੰਦਰ ਨੇ ਪਿਤਾ ਦੀ ਇਹ ਇੱਛਾ ਤਾਂ ਐਗਰੀਕਲਚਰ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਲੈ ਕੇ ਅਤੇ ਉਥੇ ਹੀ ਪ੍ਰੋਫੈਸਰ ਬਣ ਕੇ ਪੂਰੀ ਕਰ ਦਿੱਤੀ, ਪਰ ਇਸ ਤੋਂ ਇਲਾਵਾ ਉਸ ਨੇ ਇਕ ਹੋਰ ਕਾਰਨਾਮਾ ਵੀ ਕੀਤਾ।
ਜਸਵਿੰਦਰ ਦੀ ਇਹ ਪ੍ਰਾਪਤੀ ਅਭਿਨੈ ਦੇ ਖੇਤਰ ਨਾਲ ਸਬੰਧਿਤ ਸੀ। ਖਾਸ ਤੌਰ 'ਤੇ ਕਾਮੇਡੀ ਉਪਰ ਉਸ ਦੀ ਕਮਾਲ ਦੀ ਪਕੜ ਸੀ। ਆਪਣੇ ਸਹਿਪਾਠੀ ਬਾਲ ਮੁਕੰਦ ਨਾਲ ਮਿਲ ਕੇ ਉਸ ਨੇ ਕਈ ਤਰ੍ਹਾਂ ਦੇ ਕਾਮੇਡੀ ਸ਼ੋਅ ਯੂਨੀਵਰਸਿਟੀ 'ਚ ਪੜ੍ਹਦਿਆਂ-ਪੜ੍ਹਦਿਆਂ ਕਰਨੇ ਸ਼ੁਰੂ ਕਰ ਦਿੱਤੇ ਸਨ। ਬਾਅਦ 'ਚ ਇਹੀ ਕਿਰਤਾਂ 'ਛਣਕਾਟਾ' ਦੇ ਰੂਪ ਵਿਚ ਕਦੇ ਦੂਰਦਰਸ਼ਨ ਤੋਂ ਨਜ਼ਰ ਆਈਆਂ ਸਨ ਅਤੇ ਕਦੇ ਵੀਡੀਓ ਐਲਬਮਾਂ ਦੇ ਮਾਧਿਅਮ ਰਾਹੀਂ ਦਰਸ਼ਕਾਂ ਦੀ ਨਜ਼ਰ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚ ਜਸਵਿੰਦਰ ਭੱਲਾ ਇਕ ਵਿਸ਼ੇਸ਼ ਪਾਤਰ (ਚਾਚਾ ਚਤਰ ਸਿੰਘ) ਦੇ ਰੂਪ 'ਚ ਪੇਸ਼ ਹੁੰਦਾ ਸੀ। ਨੀਲੂ ਦੇ ਨਾਲ ਰਲ ਕੇ ਇਨ੍ਹਾਂ ਦੋਵਾਂ ਕਲਾਕਾਰਾਂ (ਭੱਲਾ, ਸ਼ਰਮਾ) ਨੇ 27 ਦੇ ਕਰੀਬ ਛਣਕਾਟਾ ਆਡੀਓ/ਵੀਡੀਓ ਕੈਸੇਟਾਂ ਨੂੰ ਰਿਕਾਰਡ ਕਰਵਾਇਆ ਸੀ। ਦੂਰਦਰਸ਼ਨ ਦੇ ਕਈ ਪ੍ਰੋਗਰਾਮਾਂ ਵਿਚ ਵੀ 'ਛਣਕਾਟਾ' ਦੀ ਆਵਾਜ਼ ਸੁਣਾਈ ਦਿੱਤੀ ਸੀ।
ਇਸ ਤੋਂ ਬਾਅਦ ਭੱਲਾ ਦੇ ਲਈ ਫਿਲਮਾਂ 'ਚ ਪ੍ਰਵੇਸ਼ ਕਰਨਾ ਸੌਖਾ ਹੋ ਗਿਆ ਸੀ। 'ਮਾਹੌਲ ਠੀਕ ਹੈ', 'ਜੀਜਾ ਜੀ', 'ਜਿਨ੍ਹੇ ਮੇਰਾ ਦਿਲ ਲੁੱਟਿਆ', 'ਪਾਵਰ ਕੱਟ', 'ਕਬੱਡੀ ਵਨਸ ਅਗੇਨ', 'ਆਪਾਂ ਫਿਰ ਮਿਲਾਂਗੇ', 'ਮੇਲ ਕਰਾ ਦੇ ਰੱਬਾ', 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਅਟ', 'ਜੱਟ ਏਅਰਵੇਜ਼' ਵਰਗੀਆਂ ਫਿਲਮਾਂ 'ਚ ਭੱਲੇ ਨੇ ਆਪਣੀ ਵਿਭਿੰਨਤਾ ਦਿਖਾਈ ਸੀ।
ਪਰ ਫਿਰ ਵੀ ਜਸਵਿੰਦਰ ਭੱਲਾ ਨੂੰ ਟਾਈਪਡ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਉਸ ਦੇ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਤਕੀਆ ਕਲਾਮ ਵੀ ਜ਼ਿੰਮੇਵਾਰ ਹਨ। 'ਮੈਂ ਤਾਂ ਭੰਨ ਦਉਂ ਬੁੱਲ੍ਹਾਂ ਨਾਲ ਅਖਰੋਟ', 'ਜੇ ਚੰਡੀਗੜ੍ਹ ਢਹਿ ਜਾਊ ਪਿੰਡਾਂ ਵਰਗਾ ਤਾਂ ਰਹਿ ਜਾਊ' ਅਤੇ 'ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਸੁਆਇਆ' ਵਰਗੇ ਤਕੀਆ ਕਲਾਮ ਹਾਸ-ਰਸ ਨੂੰ ਤਾਂ ਜ਼ਰੂਰ ਪੈਦਾ ਕਰਦੇ ਹਨ ਪਰ ਮੌਲਿਕਤਾ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਫਿਰ ਵੀ ਜਸਵਿੰਦਰ ਭੱਲਾ ਨੂੰ ਬਤੌਰ ਇਕ ਵਧੀਆ ਕਲਾਕਾਰ ਤਾਂ ਸਾਰਿਆਂ ਨੂੰ ਸਵੀਕਾਰ ਕਰਨਾ ਹੀ ਪਵੇਗਾ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਕਰਕੇ ਉਸ ਨੂੰ ਕਈ ਅਦਾਰਿਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ ਹੈ।


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1978 ਵਿਚ ਕੇਂਦਰੀ ਪੰਜਾਬੀ ਲਿਖਾਰੀ ਸਭਾ ਜਲੰਧਰ ਦੀ ਚੋਣ ਜੋ ਬਟਾਲੇ ਬੇਰਿੰਗ ਕਾਲਜ ਵਿਚ ਹੋਈ ਸੀ, ਉਸ ਵਕਤ ਖਿੱਚੀ ਗਈ ਸੀ। ਉਸ ਵਕਤ ਸਰਬ ਸੰਮਤੀ ਨਾਲ ਪ੍ਰੋ: ਪ੍ਰੀਤਮ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਸੀ। ਇਹ ਸਾਰੇ ਸਾਹਿਤਕਾਰ ਉਸ ਸਮੇਂ ਚੋਣ ਵਿਚ ਹਿੱਸਾ ਲੈਣ ਲਈ ਬਟਾਲੇ ਆਏ ਸਨ।


ਮੋਬਾਈਲ : 98767-41231

ਵਿਸ਼ਵ ਸ਼ਾਂਤੀ ਲਈ ਬਹੁਤ ਘਾਲਣਾ ਸੀ ਬੁਤਰਸ ਬੁਤਰਸ ਘਾਲੀ ਦੀ

ਮਿਸਰ ਦੇ ਰਾਜਨੀਤੀਵਾਨ ਬੁਤਰਸ ਬੁਤਰਸ ਘਾਲੀ ਨੇ ਸੰਯੁਕਤ ਰਾਸ਼ਟਰ ਲਈ ਸਕੱਤਰ ਜਨਰਲ ਵਜੋਂ ਸੇਵਾਵਾਂ ਨਿਭਾਅ ਕੇ ਆਪਣੀ ਸਮਰੱਥ ਕਾਰਜ ਕੁਸ਼ਲਤਾ ਦਾ ਲੋਹਾ ਮਨਵਾਇਆ ਸੀ। ਉਸ ਨੂੰ ਨਿਮਰਤਾ, ਸਾਦਗੀ, ਹਸਮੁੱਖ ਕਰਕੇ ਇਸ ਤੋਂ ਵੱਧ ਸਤਿਕਾਰ ਨਾਲ ਵੇਖਿਆ ਜਾਂਦਾ ਰਿਹਾ ਹੈ। ਸਮੱਸਿਆ ਕੋਈ ਵੀ ਸਾਹਮਣੇ ਆਵੇ ਉਹ ਗੰਭੀਰਤਾ ਦੀ ਤਹਿ ਤੱਕ ਤਾਂ ਚਲੇ ਜਾਂਦਾ ਸੀ ਪਰ ਉਸ ਦੇ ਚਿਹਰੇ ਦੀ ਮੁਸਕਰਾਹਟ ਇਹ ਦਰਸਾਉਂਦੀ ਹੁੰਦੀ ਸੀ ਕਿ 'ਗੱਲ ਕੋਈ ਖਾਸ ਨਹੀਂ ਹੈ'। 14 ਨਵੰਬਰ, 1922 ਨੂੰ ਕਾਹਿਰਾ (ਮਿਸਰ) 'ਚ ਜਨਮ ਲੈਣ ਵਾਲੇ ਬੁਤਰਸ ਘਾਲੀ ਨੇ 1 ਜਨਵਰੀ 1992 ਨੂੰ ਸੰਯੁਕਤ ਰਾਸ਼ਟਰ ਦੇ ਛੇਵੇਂ ਸਕੱਤਰ ਜਨਰਲ ਵਜੋਂ ਆਪਣਾ ਕਾਰਜਕਾਲ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਉਹ ਮਿਸਰ ਦੇ ਵਿਦੇਸ਼ ਮਾਮਲਿਆਂ ਦੇ ਡਿਪਟੀ ਪ੍ਰਧਾਨ ਮੰਤਰੀ ਅਤੇ 1991 ਤੱਕ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਵੀ ਰਹੇ। ਇਨ੍ਹਾਂ ਕੁਸ਼ਲ ਸੇਵਾਵਾਂ ਲਈ ਹੀ ਮਿਸਟਰ ਘਾਲੀ ਸੰਯੁਕਤ ਰਾਸ਼ਟਰ ਵਿਚ ਵੱਡਾ ਮਾਣ ਹਾਸਲ ਕਰਨ ਵਿਚ ਕਾਮਯਾਬ ਰਹੇ।
ਉਨ੍ਹਾਂ ਨੇ ਆਪਣੇ ਦੇਸ਼ ਦੇ ਅਨੇਕਾਂ ਡੈਲੀਗੇਸ਼ਨਾਂ ਦੀ ਅਗਵਾਈ ਲਈ ਅਫਰੀਕਨ ਸੰਗਠਨ ਯੂਨਿਟੀ (ਓ ਏ ਯੂ) ਅਤੇ ਗੈਰ-ਸਬੰਧਿਤ ਦੇਸ਼ਾਂ ਦੀ ਲਹਿਰ ਦੇ ਨਾਲ ਨਾਲ ਫਰਾਂਸੀਸੀ ਅਤੇ ਅਫਰੀਕੀ ਰਾਜਾਂ ਨੂੰ ਇਸ ਕਾਨਫਰੰਸ ਜ਼ਰੀਏ ਇਕ ਮਹੱਤਵਪੂਰਨ ਥਾਂ ਲੈ ਕੇ ਦਿੱਤੀ ਅਤੇ 1990 ਵਿਚ ਜਨਰਲ ਵਿਧਾਨ ਸਭਾ ਦੇ ਸੈਸ਼ਨ ਵਿਚ ਇਸ ਕਾਨਫਰੰਸ ਲਈ ਮਿਸਰ ਦੇ ਵਫ਼ਦ ਦੀ ਅਗਵਾਈ ਕਰਨ ਵਾਲਾ ਵੀ ਬੁਤਰਸ ਘਾਲੀ ਹੀ ਸੀ।
1949 ਵਿਚ ਪੈਰਿਸ ਯੂਨੀਵਰਸਿਟੀ ਤੋਂ ਉਸ ਨੇ ਅੰਤਰਰਾਸ਼ਟਰੀ ਕਾਨੂੰਨ ਵਿਸ਼ੇ 'ਤੇ ਪੀ. ਐੱਚ. ਡੀ. ਕੀਤੀ ਤੇ ਨਾਲ ਹੀ ਪੈਰਿਸ ਯੂਨੀਵਰਸਿਟੀ ਤੋਂ ਹੀ ਰਾਜਨੀਤਕ ਵਿਗਿਆਨ, ਅਰਥ ਸ਼ਾਸਤਰ ਅਤੇ ਜਨਤਕ ਕਾਨੂੰਨ ਵਿਚ ਨਾਲੋ-ਨਾਲ ਵੱਖਰੇ ਡਿਪਲੋਮੇ ਵੀ ਹਾਸਲ ਕੀਤੇ। ਇਹ ਮਾਣ ਵੀ ਬੁਤਰਸ ਘਾਲੀ ਨੂੰ ਹੀ ਜਾਂਦਾ ਹੈ ਕਿ 1949 ਤੋਂ 1977 ਤੱਕ ਬੁਤਰਸ ਘਾਲੀ ਕਾਹਿਰਾ ਯੂਨੀਵਰਸਿਟੀ ਵਿਚ ਅੰਤਰਰਾਸ਼ਟਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਪ੍ਰੋਫੈਸਰ ਸਨ। 1965 ਤੋਂ ਮਿਸਰ ਦੀ ਸੁਸਾਇਟੀ ਦੇ ਅੰਤਰਰਾਸ਼ਟਰੀ ਕਾਨੂੰਨ ਦੇ ਪ੍ਰਧਾਨ ਰਹਿਣ ਵਾਲੇ ਬੁਤਰਸ ਘਾਲੀ ਅਲ ਅਰਹਾਮ ਅਧਿਐਨ ਕੇਂਦਰ ਦੇ ਪ੍ਰਧਾਨ, 1978 ਤੋਂ ਹੇਗ ਅਕੈਡਮੀ ਆਫ ਇੰਟਰਨੈਸ਼ਨਲ ਲਾਅ ਦੇ ਕੌਂਸਲ ਮੈਂਬਰ ਅਤੇ ਫਰਾਂਸ ਦੀ ਇਕ ਵਿਗਿਆਨ ਕਮੇਟੀ ਲਈ ਉੱਚ ਅਹੁਦੇ 'ਤੇ ਕੰਮ ਵੀ ਕਰਦੇ ਰਹੇ। ਉਨ੍ਹਾਂ ਨੇ ਇਕ ਤਿਮਾਹੀ ਮੈਗਜ਼ੀਨ ਅਲ-ਸਿਆਸਾ ਨੂੰ ਵੀ ਦਸੰਬਰ 1991 ਤੱਕ ਸੰਪਾਦਤ ਕੀਤਾ ਅਤੇ ਇਹ ਮੈਗਜ਼ੀਨ ਵੀ ਮਨੁੱਖੀ ਅਧਿਕਾਰਾਂ, ਅੰਤਰਰਾਸ਼ਟਰੀ ਮਾਮਲਿਆਂ ਅਤੇ ਸਮਾਜਿਕ ਨਾ-ਬਰਾਬਰੀ ਦੇ ਵਿਸ਼ਿਆਂ 'ਤੇ ਇਕ ਜਾਗਰੂਕ ਚੇਤਨਾ ਵਜੋਂ ਕੰਮ ਕਰ ਰਿਹਾ ਸੀ।
ਸਟੇਟ ਇੰਸਟੀਚਿਊਟ ਆਫ ਲਾਅ ਐਂਡ ਰੂਸੀ ਅਕੈਡਮੀ ਆਫ ਸਾਇੰਸਜ਼ ਮਾਸਕੋ ਨੇ ਬੁਤਰਸ ਬੁਤਰਸ ਘਾਲੀ ਨੂੰ 1992 ਵਿਚ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਸੀ। ਪੈਰਿਸ ਨੇ 1993 ਵਿਚ ਇਹੋ ਹੀ ਸਨਮਾਨ ਦਿੱਤਾ। ਇਨ੍ਹਾਂ ਤੋਂ ਸਿਵਾ ਵਰਡਲ ਅਫੇਅਰ ਕੌਂਸਲ ਬੋਸਟਨ ਵਲੋਂ ਸਨਮਾਨ 'ਤੇ ਕ੍ਰਿਸ਼ਚੀਅਨ ਮੈਮੋਰੀਅਲ ਐਵਾਰਡ ਤੇ ਕੈਥੋਲਿਕ ਯੂਨੀਵਰਸਿਟੀ ਤੋਂ ਵੀ ਉਸ ਨੂੰ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਦਾ ਮਾਣ ਪ੍ਰਾਪਤ ਹੈ।
ਬੁਤਰਸ ਬੁਤਰਸ ਘਾਲੀ ਨੇ ਸੰਯੁਕਤ ਰਾਸ਼ਟਰ ਲਈ ਜਿਹੜੀਆਂ ਸੇਵਾਵਾਂ ਨਿਭਾਈਆਂ, ਉਨ੍ਹਾਂ 'ਚ ਵਿਸ਼ਵ ਸ਼ਾਂਤੀ ਨੂੰ ਤਰਜੀਹੀ ਤੌਰ 'ਤੇ ਅਮਲੀ ਰੂਪ ਵਿਚ ਵੀ ਲਾਗੂ ਕਰਕੇ ਵਿਖਾਇਆ ਹੈ। ਅਸਲ 'ਚ ਉਨ੍ਹਾਂ ਦਾ ਇਹ ਸੇਵਾ ਕਾਲ ਹੀ ਵਿਸ਼ਵ ਸ਼ਾਂਤੀ ਦਾ ਪ੍ਰਤੀਕ ਵੀ ਰਿਹਾ ਹੈ। 16 ਫਰਵਰੀ 2016 'ਚ ਇਸ ਘੁੱਗ ਵਸਦੀ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਬੁਤਰਸ ਘਾਲੀ ਦੀਆਂ ਸੇਵਾਵਾਂ ਵਿਸ਼ਵ ਲਈ ਹਮੇਸ਼ਾ ਸ਼ਾਂਤੀ ਦੇ ਦੀਵੇ ਜਗਾਈ ਰੱਖਣਗੀਆਂ।


Email: ashokbhaura@gmail.com



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX