ਤਾਜਾ ਖ਼ਬਰਾਂ


ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 51 ਮਾਮਲਿਆਂ ਦੀ ਹੋਈ ਪੁਸ਼ਟੀ
. . .  3 minutes ago
ਚੰਡੀਗੜ੍ਹ, 3 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ...
ਕਰਫ਼ਿਊ ਦੀ ਉਲੰਘਣਾ ਤਹਿਤ 8 ਵਾਹਨ ਜ਼ਬਤ, 1 ਖ਼ਿਲਾਫ਼ ਮਾਮਲਾ ਦਰਜ
. . .  10 minutes ago
ਨਸਰਾਲਾ, 3 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਵੱਲੋਂ ਕਰਫ਼ਿਊ ਦੌਰਾਨ ਸਖ਼ਤੀ ਬਣਾਈ ਰੱਖਣ ...
ਵਿਸਾਖੀ ਮੌਕੇ ਨਹੀਂ ਹੋਵੇਗਾ ਇਕੱਠ : ਜਥੇਦਾਰ ਹਰਪ੍ਰੀਤ ਸਿੰਘ
. . .  23 minutes ago
ਅੰਮ੍ਰਿਤਸਰ, 3 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀਡੀਓ...
ਤਪਾ ਪੁਲਿਸ ਨੇ ਮਾਮਲਾ ਦਰਜ਼ ਕਰ ਆਰਜ਼ੀ ਜੇਲ੍ਹ 'ਚ ਭੇਜੇ ਦੋ ਨੌਜਵਾਨ
. . .  50 minutes ago
ਤਪਾ ਮੰਡੀ, 3 ਅਪ੍ਰੈਲ (ਵਿਜੇ ਸ਼ਰਮਾ)- ਵਿਸ਼ਵ ਭਰ 'ਚ ਫੈਲੇ ਕੋਰੋਨਾਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ 14 ਅਪ੍ਰੈਲ....
ਬਲਾਕ ਬਾਘਾ ਪੁਰਾਣਾ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  56 minutes ago
ਠੱਠੀ ਭਾਈ, 3 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਆਪਣੇ ਆਪਣੇ ਪਿੰਡ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ ਲਈ ਬਲਾਕ ਬਾਘਾ ਪੁਰਾਣਾ...
ਭਿੰਡੀ ਸੈਦਾਂ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਵਾਹਨ ਕੀਤੇ ਕਾਬੂ
. . .  1 minute ago
ਭਿੰਡੀ ਸੈਦਾਂ, 3 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵੱਲੋਂ ਅੱਜ...
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਭਾਈ ਨਿਰਮਲ ਸਿੰਘ ਖ਼ਾਲਸਾ ਨਮਿਤ ਸ੍ਰੀ ਸਹਿਜ ਪਾਠ ਆਰੰਭ
. . .  59 minutes ago
ਅੰਮ੍ਰਿਤਸਰ,3 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)- ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ...
ਰਾਜਪੁਰਾ : 7 ਵਿਅਕਤੀਆਂ ਖਿਲਾਫ ਕਰਫ਼ਿਊ ਉਲੰਘਣਾ ਦੇ ਚੱਲਦਿਆਂ ਮਾਮਲੇ ਦਰਜ
. . .  about 1 hour ago
ਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ - ਪੰਜ ਸਿੰਘ ਸਾਹਿਬਾਨਾਂ ਦੀ ਹੋਈ ਬੈਠਕ ’ਚ ਲਿਆ ਗਿਆ ਫ਼ੈਸਲਾ
. . .  about 1 hour ago
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ) - ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਚੱਲਦਿਆਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਮਨਾਉਣ ਸਬੰਧੀ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ। ਇਸ ਮੌਕੇ ਇਹ ਫ਼ੈਸਲਾ...
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਲੋਕਾਂ ਖਿਲਾਫ ਮਾਮਲਾ ਦਰਜ
. . .  about 2 hours ago
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ

ਰੱਬ ਦੀ ਕਿਰਪਾ

ਇਕ ਪਿੰਡ ਵਿਚ ਇਕ ਲੜਕੀ ਜੋਤਿਕਾ ਆਪਣੀ ਬੁੱਢੀ ਦਾਦੀ ਅਮਰ ਕੌਰ ਨਾਲ ਰਹਿੰਦੀ ਸੀ। ਬਚਪਨ ਵਿਚ ਹੀ ਉਸ ਦੇ ਮਾਤਾ-ਪਿਤਾ ਸੜਕ ਹਾਦਸੇ 'ਚ ਮਾਰੇ ਗਏ ਸਨ। ਦਾਦੀ ਕੋਲ ਪੁਸ਼ਤੈਨੀ ਜ਼ਮੀਨ ਸੀ। ਜਿਸ ਦੀ ਆਮਦਨ ਤੋਂ ਘਰ ਦਾ ਗੁਜ਼ਾਰਾ ਚਲਦਾ ਸੀ।
ਜੋਤਿਕਾ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਤੀਸਰੀ ਜਮਾਤ ਦੀ ਵਿਦਿਆਰਥਣ ਸੀ। ਉਹ ਪੜ੍ਹਾਈ 'ਚ ਬੇਹੱਦ ਕਮਜ਼ੋਰ ਸੀ। ਪੜ੍ਹਾਈ ਲਈ ਮਨ ਵਿਚ ਲਗਨ ਹੋਣ ਦੇ ਬਾਵਜੂਦ ਜੋਤਿਕਾ ਨੂੰ ਨਾ ਹਿਸਾਬ ਦੇ ਸਵਾਲ ਸਮਝ ਆਉਂਦੇ ਸਨ, ਨਾ ਹੀ ਹਿੰਦੀ, ਪੰਜਾਬੀ, ਅੰਗਰੇਜ਼ੀ ਸਮਝ ਆਉਂਦੀ ਸੀ। ਅਕਸਰ ਅਧਿਆਪਕਾਂ ਤੋਂ ਉਸ ਨੂੰ ਝਿੜਕਾਂ ਸਹਿਣੀਆਂ ਪੈਂਦੀਆਂ ਪਰ ਆ ਕੇ ਉਹ ਕਿੰਨਾ-ਕਿੰਨਾ ਚਿਰ ਆਪਣੀ ਦਾਦੀ ਦੀ ਬੁੱਕਲ 'ਚ ਬਹਿ ਕੇ ਹੰਝੂ ਵਹਾਉਂਦੀ ਰਹਿੰਦੀ। ਦਾਦੀ ਉਸ ਨੂੰ ਵਰਚਾਉਂਦੀ ਅਤੇ ਹੌਸਲਾ ਨਾ ਛੱਡਣ ਲਈ ਪ੍ਰੇਰਿਤ ਕਰਦੀ ਰਹਿੰਦੀ। ਦਾਦੀ ਸਮਝਾਉਂਦੀ, 'ਧੀਏ! ਦਿਲ ਛੋਟਾ ਨਾ ਕਰ। ਇਹ ਵੀ ਤਾਂ ਤੇਰੇ ਉਤੇ ਉਸ ਸੱਚੇ ਰੱਬ ਦੀ ਕਿਰਪਾ ਹੀ ਹੈ ਕਿ ਭਾਵੇਂ ਪੜ੍ਹਾਈ ਤੇਰੇ ਪੱਲੇ ਨਹੀਂ ਪੈਂਦੀ ਪਰ ਤੇਰੇ ਮਨ 'ਚ ਪੜ੍ਹਾਈ ਲਈ ਲਗਨ ਤਾਂ ਹੈ, ਕਈ ਬੱਚੇ ਐਸੇ ਬਦਕਿਸਮਤ ਹਨ ਕਿ ਉਨ੍ਹਾਂ ਨੂੰ ਪੜ੍ਹਾਈ ਚੰਗੀ ਹੀ ਨਹੀਂ ਲਗਦੀ, ਜਦ ਕਿ ਉਨ੍ਹਾਂ ਦੀ ਬੁੱਧੀ, ਉਨ੍ਹਾਂ ਦਾ ਦਿਮਾਗ਼ ਬਹੁਤ ਤੇਜ਼ ਹੁੰਦਾ ਹੈ ਪਤਾ ਨਹੀਂ ਉਨ੍ਹਾਂ ਉਤੇ ਪਰਮਾਤਮਾ ਦੀ ਉਸ ਰੱਬ ਦੀ ਕੀ ਕਰੋਪੀ ਹੁੰਦੀ ਹੈ ਕਿ ਉਨ੍ਹਾਂ ਦੇ ਮਨ 'ਚ ਪੜ੍ਹਾਈ ਪ੍ਰਤੀ ਲਗਨ ਨਹੀਂ ਜਾਗਦੀ। ਦਾਦੀ ਅਕਸਰ ਇਹ ਗੱਲਾਂ ਜੋਤਿਕਾ ਨੂੰ ਸਮਝਾਉਂਦੀ ਰਹਿੰਦੀ।' ਦਾਦੀ ਇੰਜ ਵੀ ਕਹਿੰਦੀ ਰਹਿੰਦੀ ਕਿ 'ਬੇਟੀ! ਰੱਬ 'ਤੇ ਭਰੋਸਾ ਰੱਖ ਕੇ ਪੜ੍ਹਾਈ ਵਿਚ ਮਿਹਨਤ ਕਰਿਆ ਕਰ। ਰੱਬ ਜ਼ਰੂਰ ਕਿਰਪਾ ਕਰੇਗਾ।
ਇਕ ਦਿਨ ਜੋਤਿਕਾ ਦਾਦੀ ਨੂੰ ਕਹਿਣ ਲੱਗੀ, 'ਦਾਦੀ ਸਕੂਲ ਵਿਚ ਸਾਡੇ ਅਧਿਆਪਕ ਤਾਂ ਮੈਨੂੰ ਮਿਹਨਤ ਨਾਲ ਪੜ੍ਹਾਉਂਦੇ ਹੀ ਹਨ। ਮੈਂ ਹੋਰ ਮਿਹਨਤ ਕਰਨ ਲਈ ਪਿੰਡ 'ਚ ਇਕ ਅਧਿਆਪਕਾ ਤੋਂ ਟਿਊਸ਼ਨ ਰੱਖ ਲਵਾਂ?' ਦਾਦੀ ਝੱਟ ਮੰਨ ਗਈ। ਇਸ ਤਰ੍ਹਾਂ ਸਕੂਲ ਅਤੇ ਟਿਊਸ਼ਨ 'ਤੇ ਜਾ ਕੇ ਲਗਾਤਾਰ ਉਹ ਪੜ੍ਹਾਈ ਕਰਦੀ। ਨਾਲ ਹੀ ਅਕਸਰ ਜਦੋਂ ਉਹ ਕੋਈ ਪੁਸਤਕ ਪੜ੍ਹਨ ਲਗਦੀ ਜਾਂ ਕਾਪੀ 'ਤੇ ਲਿਖਣ ਲੱਗਦੀ ਤਾਂ ਉਹ ਰੱਬ ਵੱਲ ਧਿਆਨ ਕਰਕੇ ਆਪਣਾ ਸਿਰ ਝੁਕਾਉਂਦੀ। ਸਮਾਂ ਪਾ ਕੇ ਜੋਤਿਕਾ ਦੀ ਲਗਨ ਉਸ ਦੇ ਕੰਮ ਆਈ। ਜਿਹੜੀ ਪੜ੍ਹਾਈ ਉਸ ਦੇ ਪੱਲੇ ਨਹੀਂ ਪੈਂਦੀ ਸੀ ਉਹ ਹੁਣ ਉਸ ਨੂੰ ਸਮਝ ਆਉਣ ਲੱਗੀ ਸੀ। ਅਧਿਆਪਕ ਵੀ ਉਸ ਦੀ ਲਗਨ ਦੇਖ ਕੇ ਬੜੇ ਖ਼ੁਸ਼ ਸਨ ਤੇ ਹੈਰਾਨ ਵੀ।
ਜਦੋਂ ਸਾਲਾਨਾ ਪ੍ਰੀਖਿਆ ਹੋਈ ਤਾਂ ਜੋਤਿਕਾ ਚੰਗੇ ਨੰਬਰਾਂ ਨਾਲ ਪਾਸ ਹੋ ਗਈ। ਉਸ ਦੀ ਮਿਹਨਤ ਅਤੇ ਲਗਨ ਰੰਗ ਲਿਆਈ। ਇਕ ਦਿਨ ਬੜੀ ਹੈਰਾਨ ਅਤੇ ਖ਼ੁਸ਼ ਹੋ ਕੇ ਉਸ ਨੇ ਦਾਦੀ ਨੂੰ ਪੁੱਛਿਆ, 'ਦਾਦੀ ਜੀ, ਇਹ ਕਿਸ ਤਰ੍ਹਾਂ ਹੋਇਆ ਕਿ ਜਿਹੜੀ ਪੜ੍ਹਾਈ ਮੈਨੂੰ ਸਮਝ ਨਹੀਂ ਸੀ ਆਉਂਦੀ, ਹੁਣ ਮੈਂ ਹੁਸ਼ਿਆਰ ਬੱਚਿਆਂ 'ਚ ਸ਼ਾਮਿਲ ਹੋ ਗਈ ਹਾਂ। ਦਾਦੀ ਨੇ ਕਿਹਾ, 'ਬੇਟੀ, ਸ਼ਾਇਦ ਇਹੋ ਰੱਬ ਦੀ ਕਿਰਪਾ ਹੈ। ਬਸ ਤੂੰ ਪੜ੍ਹਾਈ ਵਿਚ ਲਗਨ ਅਤੇ ਮਿਹਨਤ ਕਰਨੀ ਨਾ ਛੱਡੀਂ, ਬਸ ਫਿਰ ਰੱਬ ਦੀ ਕਿਰਪਾ ਤੇਰੇ 'ਤੇ ਬਣੀ ਰਹੇਗੀ।'

-ਮੋਬਾਈਲ : 98146-81444.


ਖ਼ਬਰ ਸ਼ੇਅਰ ਕਰੋ

ਬੱਚਿਓ ਆਓ ਜਾਣੀਏ ਪਿਟਬੁੱਲ ਕੁੱਤੇ ਬਾਰੇ

ਪਿਆਰੇ ਬੱਚਿਓ, ਸਾਡੇ ਦੇਸ਼ ਵਿਚ ਕੁੱਤੇ ਪਾਲਣ ਦਾ ਸ਼ੌਕ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਦੇਖੋ-ਦੇਖੀ ਇਹ ਸ਼ੌਕ ਪਿੰਡਾਂ ਵਿਚ ਵੀ ਆਮ ਦਿਖਾਈ ਦਿੰਦਾ ਹੈ। ਸਵੇਰੇ-ਸ਼ਾਮ ਲੋਕ ਕੁੱਤੇ ਦੀ ਸੰਗਲੀ ਫੜੀ ਸੈਰ ਕਰਦੇ ਆਮ ਦੇਖੇ ਜਾ ਸਕਦੇ ਹਨ। ਕੁੱਤਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਵਿਚੋਂ ਅੱਜ ਪਿੱਟਬੁੱਲ ਕੁੱਤਾ ਦੁਨੀਆ ਦੇ ਖਤਰਨਾਕ ਕੁੱਤਿਆਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਪਿਟਬੁੱਲ ਅਮਰੀਕਨ ਨਸਲ ਦਾ ਦਰਮਿਆਨੇ ਆਕਾਰ ਦਾ ਠੋਸ ਬੁੱਧੀਮਾਨ ਕੁੱਤਾ ਹੈ। ਇਸ ਦਾ ਵਿਗਿਆਨਕ ਨਾਮ 'ਕੈਲਿਸ ਲੁਪਸ ਫੈਮਲੀਅਸ' ਹੈ। ਇਸ ਨਰ ਕੁੱਤੇ ਦੀ ਉਚਾਈ 18 ਤੋਂ 21 ਇੰਚ ਤੇ ਭਾਰ 35 ਤੋਂ 60 ਪੌਂਡ ਤੱਕ ਹੁੰਦਾ ਹੈ। ਇਸ ਦਾ ਜੀਵਨ ਕਾਲ 8 ਤੋਂ 15 ਸਾਲ ਤੱਕ ਦਾ ਹੈ। ਇਸ ਕੁੱਤੇ ਦਾ ਇਤਿਹਾਸ ਦੱਸਦਾ ਹੈ ਕਿ ਇਸ ਦੀ ਉਤਪਤੀ ਬੁੱਲਡਾਗ ਅਤੇ ਟੇਰਿਅਰ ਨਸਲ ਦੇ ਕੁੱਤਿਆਂ ਦੇ ਮਿਸ਼ਰਣ ਤੋਂ ਹੋਈ ਹੈ। ਇਸ ਦੀ ਵਿਰਾਸਤ ਦਾ ਸਬੰਧ ਇੰਗਲੈਂਡ ਨਾਲ ਹੈ। ਅਕਤੂਬਰ 1974 ਈ: ਨੂੰ ਬਰਤਾਨੀਆ ਦੀ ਸੰਸਥਾ ਏ.ਕੀ.ਸੀ. ਸਟੋਰ ਬੁੱਕ ਵਿਚ ਪਿਟਬੁੱਲ ਦਾ ਪੰਜੀਕਰਨ ਕੀਤਾ ਗਿਆ ਸੀ। ਇੰਗਲੈਂਡ ਤੋਂ ਹੀ ਪ੍ਰਵਾਸ ਦੇ ਰੂਪ ਵਿਚ ਇਹ ਕੁੱਤਾ ਅਮਰੀਕਾ ਵਿਚ ਆਇਆ ਸੀ। ਅਮਰੀਕਾ ਵਰਗੇ ਦੇਸ਼ ਵਿਚ ਕੁੱਤਿਆਂ ਨੂੰ ਪਾਲਣ ਵਾਲੀਆਂ ਸੰਸਥਾਵਾਂ ਨੇ 2008 ਵਿਚ 1.7 ਮਿਲੀਅਨ ਕੁੱਤਿਆਂ ਨੂੰ ਇੱਛਾ-ਮੌਤ ਦਿੱਤੀ ਸੀ। ਜਿਸ ਵਿਚ 9,80,000 ਭਾਵ 58 ਫ਼ੀਸਦੀ ਕੁੱਤੇ ਪਿੱਟਬੁੱਲ ਸਨ। 20ਵੀਂ ਸਦੀ ਵਿਚ ਪਿਟਬੁੱਲ ਕੁੱਤਿਆਂ ਦੀ ਗਿਣਤੀ ਅਮਰੀਕੀ ਨਸਲੀ ਕੁੱਤਿਆਂ ਦੀ ਗਿਣਤੀ ਵਿਚ ਕੀਤੀ ਜਾਣ ਲੱਗੀ। ਅਮਰੀਕਾ ਵਿਚ 'ਦਾ ਯੂਨਾਈਟਿਡ ਕੈਨਲ ਕਲੱਬ' (ਯੂ.ਕੇ.ਸੀ.) ਅਮਰੀਕੀ ਪਿਟਬੁੱਲ ਨੂੰ ਮਾਨਤਾ ਦੇਣ ਵਾਲੀ ਪਹਿਲੀ ਸੰਸਥਾ ਹੈ, ਜਿਸ ਦੇ ਸੰਸਥਾਪਕ ਸੀ. ਜੈਡ ਬੇਲੇਟ ਨੇ 1898 ਵਿਚ ਆਪਣੇ ਕੁੱਤੇ 'ਬੇਨੇ ਟਸ ਰਿੰਗ' ਦੀ ਪਹਿਲੀ ਰਜਿਸਟ੍ਰੇਸ਼ਨ ਕਰਵਾਈ ਸੀ। ਅੱਜ ਇਹ ਅਮਰੀਕੀ ਕੁੱਤਾ ਸਾਰੀ ਦੁਨੀਆ ਵਿਚ ਸਹਿਯੋਗੀ ਕੁੱਤੇ ਅਤੇ ਪੁਲਿਸ ਦੇ ਕੁੱਤਿਆਂ ਦੀ ਭੂਮਿਕਾ ਨਿਭਾਅ ਰਿਹਾ ਹੈ। ਇਸ ਕੁੱਤੇ ਦਾ ਇਤਿਹਾਸ ਦਸਦਾ ਹੈ ਕਿ ਇਸ ਨੂੰ ਪਾਲਣਾ ਖਤਰਨਾਕ ਹੈ, ਇਹ ਸਾਡੇ ਬੱਚਿਆਂ, ਬਜ਼ੁਰਗਾਂ ਤੇ ਕਦੀ ਹਮਲਾ ਕਰ ਸਕਦਾ ਹੈ। ਇਹ ਏਨਾ ਸ਼ਕਤੀਸ਼ਾਲੀ ਹੈ ਕਿ ਇਸ ਦੇ ਮੂੰਹ ਵਿਚ ਜਾਂ ਇਸ ਦੀ ਪਕੜ ਵਿਚ ਆਇਆ ਵਿਅਕਤੀ ਬਚ ਨਹੀਂ ਸਕਦਾ, ਫਿਰ ਅਜਿਹਾ ਮਹਿੰਗਾ ਸ਼ੌਕ ਅਸੀਂ ਕਿਉਂ ਪਾਲ ਰਹੇ ਹਾਂ। ਦੇਸ਼ ਦੀ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਲੜਨਾ ਜ਼ਰੂਰੀ ਹੈ। ਆਪਣੇ ਫ਼ਰਜ਼ ਤੇ ਕਰਤੱਵ ਨਿਭਾਉਣੇ ਜ਼ਰੂਰੀ ਹਨ। ਅੱਜ ਦੇ ਸਮੇਂ ਦੀ ਜ਼ਰੂਰਤ ਹੈ ਕਿ ਅਜਿਹੇ ਖਤਰਨਾਕ ਕੁੱਤਿਆਂ ਨੂੰ ਪਾਲਣ ਵਾਲਿਆਂ 'ਤੇ ਰੋਕ ਲਗਾਈ ਜਾਵੇ। ਬਿਨਾਂ ਆਗਿਆ ਤੋਂ ਪਾਲਣ ਵਾਲੇ ਲੋਕਾਂ ਨੂੰ ਜੁਰਮਾਨੇ ਲਗਾਏ ਜਾਣ। ਸਾਰੇ ਦੇਸ਼ ਵਿਚ ਇਸ ਦੀ ਰਜਿਸਟ੍ਰੇਸ਼ਨ ਕਰਵਾ ਕੇ ਇਸ ਦੀ ਗਿਣਤੀ ਦਾ ਪਤਾ ਲਗਾਇਆ ਜਾਵੇ। ਬੱਚਿਓ, ਪਿੱਟਬੁੱਲ ਕੁੱਤੇ ਸਬੰਧੀ ਜਾਣਕਾਰੀ ਤੁਹਾਡੇ ਲਈ ਰੌਚਿਕ ਵਿਸ਼ਾ ਹੋਵੇਗਾ।

-ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94653-69343.

ਅਨੋਖੀ ਹੈ ਕੱਚ ਦੀ ਦੁਨੀਆ

ਪਿਆਰੇ ਬੱਚਿਓ, ਕੱਚ ਨੂੰ ਤਿਆਰ ਕਰਨ ਦੀ ਕਲਾ ਮੈਡੀਟੇਰਨੀਅਨ ਖੇਤਰ ਦੇ ਲੋਕਾਂ ਨੂੰ ਲਗਪਗ 4000 ਸਾਲ ਪਹਿਲਾਂ ਪਤਾ ਸੀ। ਜਦ ਫੁੱਟਣ ਸਮੇਂ ਲਾਵਾ ਬਾਹਰ ਆ ਕੇ ਠੰਢਾ ਹੁੰਦਾ ਹੈ ਤਾਂ ਉਸ ਦੇ ਠੰਢਾ ਹੋਣ ਨਾਲ ਕੁਝ ਕੱਚ ਵੀ ਬਣਦਾ ਹੈ, ਜਿਸ ਨੂੰ ਕੁਦਰਤੀ ਕੱਚ ਕਹਿੰਦੇ ਹਨ। ਕੱਚ ਵਿਚ ਮੁੱਖ ਤੌਰ 'ਤੇ ਸੋਡੀਅਮ ਸਿਲੀਕੇਟ ਹੁੰਦਾ ਹੈ ਜੋਕਿ ਰੇਤ (ਸਿਲੀਕਾਨ ਡਾਈਆਕਸਾਈਡ) ਅਤੇ ਬੋਰੈਕਸ (ਸੋਡੀਅਮ ਕਾਰਬੋਨੇਟ ਦੇ ਮਿਸ਼ਰਨ ਨੂੰ 1700 ਡਿਗਰੀ ਸੈਲਸੀਅਸ ਤੱਕ ਗਰਮ ਕਰਕੇ ਪਿਘਲਾ ਕੇ ਫਿਰ ਠੰਢਾ ਕਰਕੇ ਬਣਦਾ ਹੈ। ਸਿਲੀਕਾਨਡਾਈਕਸਾਈਡ+ਸੋਡੀਅਮ ਕਾਰਬੋਨੇਟ 1700 ਡਿਗਰੀ ਸੈਲਸੀਅਸ ਸੋਡੀਅਮ ਸਿਲੀਕੇਟ ਇਸ ਕਰਕੇ ਕੱਚ ਨੂੰ ਅਤਿ ਠੰਢਾ ਤਰਲ ਵੀ ਕਹਿੰਦੇ ਹਨ। ਕੱਚ ਨੂੰ ਵੱਖੋ-ਵੱਖਰੇ ਰੰਗ ਵਿਚ ਮਜ਼ਬੂਤੀ ਦੇਣ ਲਈ ਇਸ ਵਿਚ ਰੰਗਦਾਰ ਖਣਿਜ ਪਾ ਕੇ ਤਿਆਰ ਕੀਤਾ ਜਾਂਦਾ ਹੈ। ਸਾਲ 1945 ਦੇ ਪ੍ਰਮਾਣੂ ਧਮਾਕਿਆਂ ਤੋਂ ਬਾਅਦ ਬਚੇ-ਖੁਚੇ ਪ੍ਰਮਾਣੂ ਫੋਕਟ ਤੋਂ ਬਣੇ ਹਰੇ ਅਤੇ ਰੇਡੀਓਐਕਟਿਵ ਕੱਚ ਕਹਿੰਦੇ ਹਨ। ਇਸ ਨੂੰ ਟਰਾਈਨਾਟ੍ਰਾਈਟ, ਐਟੋਮਾਈਟ ਕਹਿੰਦੇ ਹਨ। ਕੱਚ ਦੇ ਖਾਸ ਗੁਣ ਜਿਵੇਂ ਜਲ ਰੋਧੀ, ਜੈਵਿਕ ਪੱਖੋਂ ਅਕਿਰਿਆਸ਼ੀਲ ਨਾ ਗਲਣਾ, ਨਾ ਜੰਗ ਲੱਗਣਾ, ਪਾਰਦਰਸ਼ੀ ਹੋਣਾ ਇਸ ਨੂੰ ਉਪਯੋਗੀ ਬਣਾਉਂਦਾ ਹੈ। ਵਪਾਰਕ ਕੱਚ ਨੂੰ ਸੋਡਾ-ਲਾਈਮ ਕੱਚ ਵੀ ਕਹਿੰਦੇ ਹਨ। ਜਿਸ ਕੱਚ ਵਿਚ 24 ਫ਼ੀਸਦੀ ਲੈਂਡ ਆਕਸਾਈਡ ਹੋਵੇ, ਉਸ ਨੂੰ ਲੈਂਡ ਗਲਾਸ ਕਹਿੰਦੇ ਹਨ। ਜਿਸ ਕੱਚੇ ਦੇ ਨਿਰਮਾਣ ਸਮੇਂ ਬੋਰਿਕ ਆਕਸਾਈਡ ਸੋਡੀਅਮ, ਅਕਸਾਈਡ, ਪੋਟਾਸ਼ੀਆਮ ਆਕਸਾਈਡ ਅਤੇ ਐਲੂਮੀਨੀਅਮ ਆਕਸਾਈਡ ਹੋਵੇ ਉਸ ਨੂੰ ਬੋਰੋਸਿਲੀਕੇਟ ਕੱਚ ਕਹਿੰਦੇ ਹਨ। ਰੇਸ਼ੇਦਾਰ ਕੱਚ ਨੂੰ ਗਲਾਸ ਫਾਈਬਰ ਕਹਿੰਦੇ ਹਨ। ਆਲਕਲੀਬੇਰੀਅਮ ਗਲਾਸ ਐਕਸ ਕਿਰਨਾਂ ਤੋਂ ਵੀ ਬਚਾਉਂਦਾ ਹੈ। ਪਰਤਦਾਰ ਕੱਚ ਬੁਲੇਟ ਪਰੂਫ ਹੁੰਦਾ ਹੈ।

-505-506, ਡਢਵਾਲ ਹਾਊਸ, ਨੇੜੇ ਜਾਨਕੀ ਮੰਦਰ, ਬਸਤੀ ਬਾਵਾ ਖੇਲ, ਜਲੰਧਰ। ਮੋਬਾਈਲ : 94175-50741.

ਬਾਲ ਨਾਵਲ-25

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਫੇਰ ਤੁਹਾਨੂੰ ਟੋਏ ਵਿਚੋਂ ਕੁਝ ਲੱਭਾ?' ਸਾਰੇ ਬੱਚੇ ਇਕੱਠੇ ਬੋਲ ਪਏ।
'ਹੁਣੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਨੂੰ ਕੀ-ਕੀ ਲੱਭਿਆ। ਅਗਲੇ ਦਿਨ ਮੈਂ ਮੂੰਹ-ਹਨੇਰੇ ਹੀ ਆਪਣੀ ਜ਼ਮੀਨ ਉੱਪਰ ਆ ਗਿਆ ਅਤੇ ਇਕ ਟੋਇਆ ਪੁੱਟਿਆ। ਉਸ ਵਿਚੋਂ ਕੁਝ ਨਾ ਨਿਕਲਿਆ। ਮੈਂ ਉਸ ਨੂੰ ਹੋਰ ਡੂੰਘਾ ਕੀਤਾ ਪਰ ਉਥੇ ਕੁਝ ਵੀ ਨਹੀਂ ਸੀ। ਫੇਰ ਮੈਂ ਦੂਸਰਾ ਟੋਇਆ ਪੁੱਟਣਾ ਸ਼ੁਰੂ ਕੀਤਾ ਕਿ ਸ਼ਾਇਦ ਦੂਸਰੇ ਟੋਏ ਵਿਚੋਂ ਕੁਝ ਇਕੱਠਾ ਨਿਕਲ ਆਏਗਾ। ਦੂਸਰਾ ਟੋਇਆ ਵੀ ਜਦੋਂ ਮੈਂ ਬਹੁਤਾ ਡੂੰਘਾ ਪੁੱਟ ਲਿਆ ਅਤੇ ਉਸ ਵਿਚੋਂ ਵੀ ਕੁਝ ਨਾ ਨਿਕਲਿਆ ਤਾਂ ਮੈਂ ਹੌਂਸਲਾ ਛੱਡ ਕੇ ਫੇਰ ਖੇਤ ਦੀ ਵੱਟ ਉੱਪਰ ਆ ਬੈਠਾ।'
'ਤੁਹਾਡੇ ਦੋਸਤ ਦੇ ਪਿਤਾ ਜੀ ਨੇ ਤੁਹਾਨੂੰ ਝੂਠ ਬੋਲਿਆ ਸੀ?' ਤਿੰਨੇ ਦੋਹਤਰੀਆਂ ਇਕੱਠੀਆਂ ਬੋਲ ਪਈਆਂ।
'ਪਹਿਲਾਂ ਮੈਂ ਵੀ ਇਹੋ ਸਮਝਿਆ ਸੀ ਪਰ ਕੁਝ ਦੇਰ ਬਾਅਦ ਹੀ ਚਾਚਾ ਜੀ ਮੇਰੇ ਕੋਲ ਆ ਗਏ ਅਤੇ ਮੈਨੂੰ ਕਹਿਣ ਲੱਗੇ, 'ਸੁਣਾ ਟੋਏ ਵਿਚੋਂ ਕੁਝ ਨਿਕਲਿਆ ਕਿ ਨਹੀਂ?'
'ਮੈਂ ਥੋੜ੍ਹਾ ਔਖਾ ਹੋ ਕੇ ਕਿਹਾ, ਮੈਂ ਤਾਂ ਲੱਭ-ਲੱਭ ਕੇ ਥੱਕ ਗਿਆਂ, ਅਜੇ ਤੱਕ ਤੇ ਕੁਝ ਨਹੀਂ ਲੱਭਾ। ਉਹ ਹੱਸ ਕੇ ਕਹਿਣ ਲੱਗੇ, 'ਫ਼ਿਕਰ ਨਾ ਕਰ, ਤੈਨੂੰ ਬੜਾ ਕੁਝ ਇਨ੍ਹਾਂ ਟੋਇਆਂ ਵਿਚੋਂ ਹੀ ਲੱਭੇਗਾ। ਇਸ ਲਈ ਥੋੜ੍ਹਾ ਸਬਰ-ਸੰਤੋਖ ਕਰਨਾ ਪਏਗਾ।' ਉਨ੍ਹਾਂ ਨੇ ਹੌਲੀ-ਹੌਲੀ ਸਾਰੇ ਖੇਤ ਵਿਚ ਮੇਰੇ ਕੋਲੋਂ ਬੜੇ ਢੰਗ ਨਾਲ ਟੋਏ ਪੁਟਵਾਏ, ਖਾਦ ਪਵਾਈ ਅਤੇ ਪਾਣੀ ਲਵਾਇਆ।
'ਤੁਹਾਨੂੰ ਕਿਸੇ ਵੀ ਟੋਏ ਵਿਚੋਂ ਕੁਝ ਨਹੀਂ ਲੱਭਾ?' ਬੱਚਿਆਂ ਨੇ ਫੇਰ ਸਵਾਲ ਕਰ ਦਿੱਤਾ।
'ਤੁਸੀਂ ਅੱਗੋਂ ਸੁਣੋਗੇ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਏਗਾ।'
'ਤੇ ਫੇਰ ਜਲਦੀ ਅੱਗੋਂ ਦੱਸੋ', ਬੱਚਿਆਂ ਦਾ ਸਬਰ ਖ਼ਤਮ ਹੁੰਦਾ ਜਾ ਰਿਹਾ ਲਗਦਾ ਸੀ।
'ਫੇਰ ਚਾਚਾ ਜੀ ਮੈਨੂੰ ਸ਼ਹਿਰ ਇਕ ਬੜੀ ਵੱਡੀ ਨਰਸਰੀ ਵਿਚ ਲੈ ਗਏ।'
'ਤੁਹਾਨੂੰ ਨਰਸਰੀ ਸਕੂਲ ਵਿਚ ਲੈ ਗਏ?' ਜੀਤੀ ਨੇ ਹੈਰਾਨੀ ਨਾਲ ਪੁੱਛਿਆ।
'ਨਹੀਂ ਬੱਚਿਓ, ਨਰਸਰੀ ਸਕੂਲ ਵਿਚ ਨਹੀਂ ਲੈ ਗਏ। ਨਰਸਰੀ ਉਸ ਨੂੰ ਕਹਿੰਦੇ ਹਨ, ਜਿਥੇ ਚੰਗੀ ਕਿਸਮ ਦੇ ਫਲਾਂ ਅਤੇ ਫੁੱਲਾਂ ਦੇ ਬੂਟੇ ਤਿਆਰ ਕੀਤੇ ਜਾਂਦੇ ਹਨ। ਜਿਵੇਂ ਤੁਹਾਨੂੰ ਛੋਟੇ-ਛੋਟੇ ਬੱਚਿਆਂ ਨੂੰ ਵੀ ਨਰਸਰੀ ਸਕੂਲ ਵਿਚ ਇਸ ਤਰ੍ਹਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਕਿ ਤੁਸੀਂ ਵੱਡੇ ਹੋ ਕੇ ਬਹੁਤ ਵਧੀਆ, ਲਾਇਕ ਅਤੇ ਮਿਹਨਤੀ ਬੱਚੇ ਬਣੋ। ਨਰਸਰੀ 'ਚੋਂ ਉਨ੍ਹਾਂ ਨੇ ਸਭ ਤੋਂ ਵਧੀਆ ਕਿਸਮ ਦੇ ਅੰਬਾਂ ਦੇ ਬੂਟੇ ਆਪਣੇ ਕੋਲੋਂ ਪੈਸੇ ਖਰਚ ਕੇ ਮੈਨੂੰ ਖਰੀਦ ਦਿੱਤੇ। ਫੇਰ ਉਨ੍ਹਾਂ ਨੇ ਆਪਣੀ ਨਿਗਰਾਨੀ ਵਿਚ ਮੇਰੇ ਕੋਲੋਂ ਬੂਟੇ ਲਵਾਏ। ਉਸ ਤੋਂ ਬਾਅਦ ਉਨ੍ਹਾਂ ਨੇ ਟੋਇਆਂ ਦੇ ਵਿਚਕਾਰ ਖਾਲੀ ਥਾਂ ਨੂੰ ਠੀਕ ਕਰਵਾ ਕੇ ਉਥੇ ਵੀ ਰੂੜੀ ਅਤੇ ਖਾਦ ਪਵਾਈ। ਉਸ ਥਾਂ 'ਤੇ ਉਨ੍ਹਾਂ ਨੇ ਮੇਰੇ ਕੋਲੋਂ ਮੌਸਮ ਦੀਆਂ ਸਬਜ਼ੀਆਂ ਲਵਾਈਆਂ। ਪਹਿਲੀ ਵਾਰੀ ਤਾਂ ਸਬਜ਼ੀਆਂ ਘੱਟ ਹੋਈਆਂ ਪਰ ਹੌਲੀ-ਹੌਲੀ ਉਨ੍ਹਾਂ ਸਬਜ਼ੀਆਂ ਦੀ ਆਮਦਨ ਨਾਲ ਸਾਡੇ ਘਰ ਦਾ ਮਾੜਾ-ਮੋਟਾ ਗੁਜ਼ਾਰਾ ਚੱਲਣ ਲੱਗ ਪਿਆ।
'ਅੰਬਾਂ ਦੇ ਬੂਟਿਆਂ ਨੂੰ ਅੰਬ ਨਹੀਂ ਸੀ ਲੱਗੇ?' ਬੱਚਿਆਂ ਨੇ ਪੁੱਛਿਆ।
'ਅੰਬਾਂ ਦੇ ਬੂਟੇ ਹੌਲੀ-ਹੌਲੀ ਵੱਡੇ ਹੋ ਰਹੇ ਸਨ। ਉਹ ਜਿਵੇਂ-ਜਿਵੇਂ ਵੱਡੇ ਹੋ ਰਹੇ ਸਨ, ਤਿਵੇਂ-ਤਿਵੇਂ ਮੇਰੇ ਚਿਹਰੇ ਉੱਤੇ ਉਦਾਸੀ ਦੀ ਥਾਂ ਖ਼ੁਸ਼ੀ ਆਉਣ ਲੱਗੀ। ਕੁਝ ਸਾਲਾਂ ਬਾਅਦ ਹੀ ਜਦੋਂ ਪਹਿਲੀ ਵਾਰੀ ਅੰਬ ਲੱਗੇ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।'
'ਫੇਰ ਤਾਂ ਤੁਸੀਂ ਸਾਰਿਆਂ ਨੇ ਰੱਜ ਕੇ ਅੰਬ ਚੂਪੇ ਹੋਣਗੇ', ਬੱਚਿਆਂ ਨੇ ਖ਼ੁਸ਼ ਹੁੰਦਿਆਂ ਕਿਹਾ।
'ਨਹੀਂ ਬੱਚਿਓ, ਪਹਿਲੇ ਕੁਝ ਸਾਲ ਜਦੋਂ ਅੰਬ ਲੱਗਣੇ ਸ਼ੁਰੂ ਹੋਏ ਤਾਂ ਅਸੀਂ ਆਪ ਬੜੀ ਕੰਜੂਸੀ ਨਾਲ ਅੰਬ ਚੂਪਦੇ ਸਾਂ, ਕਿਉਂਕਿ ਸਾਨੂੰ ਪੈਸਿਆਂ ਦੀ ਬੜੀ ਜ਼ਰੂਰਤ ਸੀ। ਤੁਹਾਡੀ ਮੰਮੀ ਅਤੇ ਮਾਸੀ ਦੀ ਪੜ੍ਹਾਈ ਵਿਚ ਮੈਂ ਕਦੇ ਵੀ ਵਿਘਨ ਨਹੀਂ ਪੈਣ ਦਿੱਤਾ। ਮੇਰੀ ਇਕੋ ਹੀ ਇੱਛਾ ਸੀ ਕਿ ਮੈਂ ਬਹੁਤੀ ਪੜ੍ਹਾਈ ਨਹੀਂ ਕਰ ਸਕਿਆ ਪਰ ਮੇਰੀਆਂ ਦੋਵੇਂ ਬੇਟੀਆਂ ਵੱਧ ਤੋਂ ਵੱਧ ਪੜ੍ਹਾਈ ਕਰ ਕੇ ਬਹੁਤ ਯੋਗ ਬਣ ਜਾਣ।'
'ਇਸੇ ਕਰਕੇ ਸਾਨੂੰ ਵੀ ਹਰ ਵੇਲੇ ਮੰਮੀ ਬਹੁਤ ਪੜ੍ਹਾਈ ਕਰਨ ਨੂੰ ਕਹਿੰਦੇ ਹਨ।'
'ਬਿਲਕੁਲ ਠੀਕ ਕਹਿੰਦੀ ਹੈ, ਤੁਹਾਡੀ ਮੰਮੀ। ਪੜ੍ਹਾਈ ਹੀ ਸਭ ਕੁਝ ਹੈ। ਤੁਸੀਂ ਵੀ ਬਹੁਤ ਸਾਰੀ ਪੜ੍ਹਾਈ ਕਰ ਕੇ ਆਪਣੇ ਮੰਮੀ-ਪਾਪਾ ਤੋਂ ਵੀ ਲਾਇਕ ਬਣਨਾ ਹੈ।'
'ਨਾਨਾ ਜੀ, ਅਸੀਂ ਬਹੁਤ ਸਾਰੀ ਪੜ੍ਹਾਈ ਕਰਾਂਗੇ ਪਰ ਤੁਸੀਂ ਸਾਨੂੰ ਅੱਗੋਂ ਕਹਾਣੀ ਸੁਣਾਓ।'
'ਸਾਡੇ ਬਾਗ਼ ਦੇ ਅੰਬ ਹੌਲੀ-ਹੌਲੀ ਸਾਰੇ ਇਲਾਕੇ ਵਿਚ ਮਸ਼ਹੂਰ ਹੋਣੇ ਸ਼ੁਰੂ ਹੋ ਗਏ ਅਤੇ ਆਮ ਅੰਬਾਂ ਤੋਂ ਮਹਿੰਗੇ ਵਿਕਣ ਲੱਗ ਪਏ। ਜਿੰਨੇ ਵੀ ਅੰਬ ਲਗਦੇ, ਲੋਕੀਂ ਬਾਗ਼ ਵਿਚੋਂ ਹੀ ਆ ਕੇ ਲੈ ਜਾਂਦੇ ਸਨ। ਸਮਾਂ ਪਾ ਕੇ ਜਦੋਂ ਮੈਂ ਕੁਝ ਪੈਸੇ ਜੋੜ ਲਏ ਤਾਂ ਨਾਲ ਵਾਲਾ ਖੇਤ ਵੀ ਖ਼ਰੀਦ ਲਿਆ। ਉਥੇ ਵੀ ਟੋਏ ਕੱਢ ਕੇ ਅੰਬਾਂ ਦੇ ਹੋਰ ਬੂਟੇ ਲਗਾ ਦਿੱਤੇ। ਉਸ ਤੋਂ ਬਾਅਦ ਮੈਨੂੰ ਕੋਈ ਕਮੀ ਨਹੀਂ ਰਹੀ। ਮੈਂ ਜਿਹੜਾ ਇਕ ਟੋਏ ਵਿਚੋਂ ਕੋਈ ਚੀਜ਼ ਲੱਭਦਾ ਸਾਂ, ਅੱਜ ਮੈਨੂੰ ਉਸੇ ਟੋਏ ਨੇ ਯਾਨੀ ਇਕ-ਇਕ ਬੂਟੇ ਨੇ ਹਜ਼ਾਰਾਂ ਰੁਪਏ ਦੇ ਦਿੱਤੇ ਹਨ ਅਤੇ ਲਗਾਤਾਰ ਮਿਲੀ ਜਾ ਰਹੇ ਹਨ। ਮੇਰੀ ਤੁਸੀਂ ਇਕ ਗੱਲ ਯਾਦ ਰੱਖਣੀ ਕਿ ਕੋਈ ਵੀ ਕੰਮ ਜੇ ਤੁਸੀਂ ਮਿਹਨਤ, ਲਗਨ, ਹਿੰਮਤ, ਇਮਾਨਦਾਰੀ ਅਤੇ ਸਬਰ-ਸੰਤੋਖ ਨਾਲ ਕਰਦੇ ਹੋ ਤਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ। (ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

ਮੋਬਾਈਲ : 98889-24664

ਬਾਲ ਗੀਤ

ਫੇਰ ਕੋਰੋਨਾ ਕੁਝ ਨਾ ਕਹਿੰਦਾ

ਸਾਫ਼ ਪਾਣੀ ਦੀ ਟੂਟੀ ਚਲਾ ਕੇ,
ਵੀਹ ਸਕਿੰਟ ਤੱਕ ਸਾਬਣ ਲਾ ਕੇ।
ਹੱਥਾਂ ਨੂੰ ਕਰ ਸਾਫ਼ ਜੋ ਲੈਂਦਾ,
ਫੇਰ ਕੋਰੋਨਾ ਕੁਝ ਨਾ ਕਹਿੰਦਾ।
ਨਮਸਤੇ ਕਰੋ ਜਾਂ ਫ਼ਤਹਿ ਬੁਲਾਵੋ,
ਦੂਜਿਆਂ ਨਾਲ ਨਾ ਹੱਥ ਮਿਲਾਵੋ।
ਰੱਖੇ ਧਿਆਨ ਜੋ ਉੱਠਦਾ ਬਹਿੰਦਾ,
ਫੇਰ ਕੋਰੋਨਾ ਕੁਝ ਨਾ ਕਹਿੰਦਾ।
ਕਿਸੇ ਜੇ ਕੰਮ ਜ਼ਰੂਰ ਹੈ ਜਾਣਾ,
ਪਹਿਲਾਂ ਮੂੰਹ 'ਤੇ ਮਾਸਕ ਪਾਉਣਾ,
ਮੀਟਰ ਤੱਕ ਜੋ ਦੂਰ ਹੈ ਰਹਿੰਦਾ।
ਫੇਰ ਕੋਰੋਨਾ ਕੁਝ ਨਾ ਕਹਿੰਦਾ।

-ਕਰਮਜੀਤ ਸਿੰਘ ਗਰੇਵਾਲ
ਮੋਬਾਈਲ : 98728-68913

ਪੁਲਾਂ ਦਾ ਇਤਿਹਾਸ

ਬੱਚਿਓ, ਜਦੋਂ ਤੁਸੀਂ ਕਦੇ ਬਸ ਕਾਰ ਜਾਂ ਰੇਲ ਗੱਡੀ ਰਾਹੀਂ ਲੰਬੀ ਯਾਤਰਾ 'ਤੇ ਗਏ ਹੋਵੋਗੇ ਤਾਂ ਤੁਸੀਂ ਕਈ ਪੁਲਾਂ ਨੂੰ ਪਾਰ ਕੀਤਾ ਹੋਵੇਗਾ। ਦਰਿਆਵਾਂ, ਘਾਟੀਆਂ ਅਤੇ ਚੱਟਾਨਾਂ ਨੂੰ ਤਰਾਸ਼ ਕੇ ਬਣਾਏ ਇਹ ਪੁਲ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰਦੇ ਹਨ। ਇਨ੍ਹਾਂ ਦੇ ਸਾਨੂੰ ਅਨੇਕਾਂ ਹੀ ਲਾਭ ਹਨ। ਇਨ੍ਹਾਂ ਨਾਲ ਸਮੇਂ ਦੀ ਬੱਚਤ ਹੀ ਨਹੀਂ ਹੁੰਦੀ ਸਗੋਂ ਭਿਆਨਕ ਦੁਰਘਟਨਾਵਾਂ ਤੋਂ ਵੀ ਬਚਿਆ ਜਾ ਸਕਦਾ ਹੈ। ਇਨ੍ਹਾਂ ਦੇ ਬਣਨ ਨਾਲ ਸੰਘਣੀ ਵਸੋਂ ਵਾਲੇ ਇਲਾਕਿਆਂ, ਭਿਆਨਕ ਮੋੜਾਂ ਅਤੇ ਢਲਾਣਦਾਰ ਚੱਟਾਨਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
ਇਤਿਹਾਸ : ਦੁਨੀਆ ਦਾ ਸਭ ਤੋਂ ਪਹਿਲਾ ਪੁਲ ਕਿਸੇ ਛੋਟੀ ਨਦੀ ਨੂੰ ਪਾਰ ਕਰਨ ਲਈ ਕਿਸੇ ਮਜ਼ਬੂਤ ਦਰੱਖਤ ਦੇ ਟਾਹਣੇ ਦਾ ਬਣਿਆ ਹੋਇਆ ਮੰਨਿਆ ਜਾਂਦਾ ਹੈ ਪਰ ਜਿਵੇਂ-ਜਿਵੇਂ ਮਨੁੱਖੀ ਦਿਮਾਗ ਵਿਕਸਤ ਹੁੰਦਾ ਗਿਆ ਤਾਂ ਤਾਕਤਵਰ ਪੁਲ ਵੀ ਬਣਨ ਲੱਗ ਪਏ। ਰੋਮਨ ਦੇ ਇੰਜੀਨੀਅਰਾਂ ਨੇ 200 ਬੀ.ਸੀ. ਵਿਚ ਪੱਥਰਾਂ ਅਤੇ ਲੱਕੜਾਂ ਦੀ ਮਦਦ ਨਾਲ ਪਹਿਲਾ ਪੁਲ ਤਿਆਰ ਕੀਤਾ। ਸੰਨ 1779 ਵਿਚ ਇੰਗਲੈਂਡ ਦੇ ਆਇਰਨਬਰਿਜ ਵਿਚ ਲੋਹੇ ਦਾ ਪੁਲ ਬਣਾਇਆ ਅਤੇ 1883 ਵਿਚ ਅਮਰੀਕਾ ਨੇ ਨਿਊਯਾਰਕ ਵਿਚ ਸਟੀਲ ਦਾ ਪਹਿਲਾ ਪੁਲ ਤਿਆਰ ਕੀਤਾ। ਸੰਨ 1930 ਵਿਚ ਸਵਿਟਜ਼ਰਲੈਂਡ ਵਿਚ ਪੁਲ ਨੂੰ ਮਜ਼ਬੂਤੀ ਦੇਣ ਲਈ ਕੰਕਰੀਟ (ਰੇਤ, ਬਜਰੀ ਅਤੇ ਸੀਮੈਂਟ) ਅਤੇ ਸਟੀਲ ਦੀ ਵਰਤੋਂ ਕਰਦਿਆਂ ਪੁਲ ਤਿਆਰ ਕੀਤਾ। ਸੰਨ 1932 ਵਿਚ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਇਕ ਚੌੜਾ ਪੁਲ ਜਿਸ ਵਿਚ ਰੇਲਵੇ ਅਤੇ ਸੜਕ ਦੀ ਆਵਾਜਾਈ ਲਈ ਸਟੀਲ ਦੀ ਮਦਦ ਨਾਲ ਇਕ ਕਮਾਨੀਦਾਰ ਪੁਲ ਅਤੇ 1998 ਵਿਚ ਜਾਪਾਨ ਵਿਚ ਇਕ ਅਜਿਹਾ ਪੁਲ ਤਿਆਰ ਕੀਤਾ ਜਿਸ ਨੂੰ ਦੁਨੀਆ ਦਾ ਸਭ ਤੋਂ ਲੰਬਾ ਪੁਲ ਮੰਨਿਆ ਜਾਂਦਾ ਹੈ।
ਵਧਦੀ ਹੋਈ ਆਬਾਦੀ ਅਤੇ ਟ੍ਰੈਫਿਕ ਨੂੰ ਕਾਬੂ ਵਿਚ ਰੱਖਣ ਲਈ ਪੰਜਾਬ ਵਿਚ ਵੀ ਪੁਲਾਂ ਦੇ ਜਾਲ ਵਿਛਾਏ ਜਾ ਰਹੇ ਹਨ। ਅੱਜਕਲ੍ਹ ਜ਼ਿਆਦਾ ਕਰਕੇ ਇਹ ਪੁਲ ਸਟੀਲ ਅਤੇ ਕੰਕਰੀਟ ਦੇ ਹੀ ਬਣਾਏ ਜਾਂਦੇ ਹਨ, ਜੋ ਬਹੁਤ ਹੀ ਮਜ਼ਬੂਤ ਅਤੇ ਲਚਕਦਾਰ ਹੁੰਦੇ ਹਨ।

-ਨਿਊ ਕੁੰਦਨਪੁਰੀ, ਲੁਧਿਆਣਾ।

ਕੀ ਤੁਸੀਂ ਜਾਣਦੇ ਹੋ?

1. ਹਿੰਦੁਸਤਾਨ ਦੀ ਭਾਰਤ-ਪਾਕਿਸਤਾਨ ਵੰਡ ਵੇਲੇ ਬ੍ਰਿਟਿਸ਼ ਗਵਰਨਰ-ਜਨਰਲ ਲਾਰਡ ਮਾਊਂਟ ਬੈਟਿਨ ਸਨ।
2. ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਹਨ।
3. ਪੰਜਾਬ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਹੈ।
4. ਚੀਨ ਵਿਚ ਕੋਰੋਨਾ ਵਾਇਰਸ ਨਾਲ ਕੁਝ ਲੋਕਾਂ ਦੀ ਮੌਤ ਹੋ ਚੁੱਕੀ ਹੈ।
5. ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਕੇਕਿਆਂਗ ਹਨ।
6. ਨੀਤੀ ਅਯੋਗ ਦਾ ਮੁੱਖ ਦਫ਼ਤਰ (ਭਾਰਤ ਵਿਚ) ਨਵੀਂ ਦਿੱਲੀ ਵਿਚ ਹੈ।
7. ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਹੈ।
8. ਨੰਗਲ ਡੈਮ ਝੀਲ ਭਾਰਤ ਦੀਆਂ ਬਹੁਤ ਖੂਬਸੂਰਤ ਝੀਲਾਂ ਵਿਚੋਂ ਇਕ ਹੈ। ਇਸ ਨੰਗਲ ਡੈਮ ਜਲਗਾਹ ਨੂੰ ਅੰਤਰਰਾਸ਼ਟਰੀ ਜਲਗਾਹ ਦਾ ਦਰਜਾ ਮਿਲ ਗਿਆ ਹੈ।
9. ਸਰਦਾਰ ਪਟੇਲ (ਵੱਲਭ ਭਾਈ ਪਟੇਲ) ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਨ।
10. ਭਾਰਤ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ।
11. ਪਾਕਿਸਤਾਨ ਦੇ ਰਾਸ਼ਟਰਪਤੀ ਆਰਫ਼ ਅਲਵੀ ਹਨ।

-ਜਗਦੀਸ਼ ਰਾਏ
(ਰਿਟਾਇਰਡ ਮਾਸਟਰ ਐਮ.ਏ., ਐਮ. ਐਡ)
212, ਫੂਲਕੀਆ, ਇਨਕਲੇਵ, ਪਟਿਆਲਾ (ਪੰਜਾਬ)।
ਮੋਬਾਈਲ: 98556-35149.

ਬੁਝਾਰਤ

ਕੁਦਰਤ ਦਾ ਇਕ ਸੂਖਮ ਜਾਇਆ,
ਜੋ ਮੁਸੀਬਤ ਬਣ ਕੇ ਆਇਆ।
ਕਿਸੇ ਨੂੰ ਵੀ ਨਜ਼ਰ ਨਾ ਆਵੇ,
ਦੁਨੀਆ ਨੂੰ ਡਰਾਈ ਜਾਵੇ।
ਖਾ ਗਿਆ ਉਹ ਹਜ਼ਾਰਾਂ ਬੰਦੇ,
ਚੌਪਟ ਕਰਤੇ ਸਾਰੇ ਧੰਦੇ।
ਸਾਰੀ ਦੁਨੀਆ ਕਰਤੀ ਜਾਮ,
ਕਹਿੰਦਾ ਘਰ ਵਿਚ ਕਰੋ ਅਰਾਮ।
ਭਲੂਰੀਆ ਪ੍ਰੇਸ਼ਾਨ ਹੈ ਡਾਹਢਾ,
ਬੁੱਝੋ ਕਿਹੜਾ ਦੁਸ਼ਮਣ ਸਾਡਾ।
ਬੱਚੇ ਨਿਕਲੇ ਬੜੇ ਹੁਸ਼ਿਆਰ,
ਉੱਤਰ ਦੇਣ ਲਈ ਸਾਰੇ ਤਿਆਰ।
-0-
ਪਹਿਲਾਂ ਬੋਲ ਪਿਆ ਸੀ ਸੋਨਾ,
ਸਾਰੇ ਕਹਿੰਦੇ ਵਾਇਰਸ ਕੋਰੋਨਾ।

-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)। ਮੋਬਾਈਲ : 99159-95505.

ਕਾਵਿ-ਬੁਝਾਰਤ

ਬਿਜਲੀ

ਬਿਨਾਂ ਮੇਰੇ ਹੈ ਘੁੱਪ ਹਨੇਰਾ,
ਹਨੇਰੇ ਨੂੰ ਮੈਂ ਕਰਾਂ ਸਵੇਰਾ।
ਤਾਰਾਂ ਰਾਹੀਂ ਹਾਂ ਜਾਂਦੀ-ਆਉਂਦੀ,
ਮੈਂ ਨਾ ਸ਼ੋਰ ਰਤਾ ਵੀ ਪਾਉਂਦੀ।
ਡੰਗ, ਸੱਪ ਤੋਂ ਵੀ ਹੈ ਮੇਰਾ ਤੇਜ਼,
ਹੱਥ ਲਾਉਣ ਤੋਂ ਕਰੋ ਪ੍ਰਹੇਜ਼।
ਡੈਮਾਂ ਉੱਤੇ ਹੁੰਦੈ ਮੇਰਾ ਨਿਰਮਾਣ,
ਚਾਨਣ ਦੇਣਾ ਮੇਰੀ ਪਹਿਚਾਣ।
ਪੁੱਜ ਗਈ ਹਾਂ ਅੱਜ ਥਾਂ-ਪੁਰ-ਥਾਂ,
ਬੁੱਝੋ ਬੱਚਿਓ ਤੁਸੀਂ ਮੇਰਾ ਨਾਂਅ?

-ਰਵਿੰਦਰ ਰੁਪਾਲ ਕੌਲਗੜ੍ਹ,
ਭੁਪਿੰਦਰ ਨਗਰ, ਅਮਲੋਹ ਰੋਡ, ਖੰਨਾ-141401. ਮੋਬਾ: 093162-88955



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX