ਤਾਜਾ ਖ਼ਬਰਾਂ


ਕਰਫ਼ਿਊ ਵਧਾਉਣ 'ਤੇ ਹਾਲੇ ਕੋਈ ਫ਼ੈਸਲਾ ਨਹੀਂ, ਮੌਜੂਦਾ ਸਥਿਤੀ 'ਤੇ ਕਰੇਗਾ ਨਿਰਭਰ : ਕੈਪਟਨ
. . .  7 minutes ago
ਚੰਡੀਗੜ੍ਹ, 3 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪਸ਼ਟ ਕਰਦਿਆਂ ...
ਸ਼੍ਰੋਮਣੀ ਕਮੇਟੀ ਨੇ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ- ਭਾਈ ਲੌਂਗੋਵਾਲ
. . .  16 minutes ago
ਅੰਮ੍ਰਿਤਸਰ, 3 ਅਪ੍ਰੈਲ(ਰਾਜੇਸ਼ ਕੁਮਾਰ ਸੰਧੂ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਲੋੜਵੰਦਾਂ ਲਈ ਵੱਡੀ...
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 70 ਦੇ ਕਰੀਬ ਲੋਕਾਂ 'ਤੇ ਪੁਲਿਸ ਨੇ ਕੀਤੀ ਕਾਨੂੰਨੀ ਕਾਰਵਾਈ
. . .  21 minutes ago
ਫ਼ਾਜ਼ਿਲਕਾ, 3 ਅਪ੍ਰੈਲ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਦਿਨ 'ਚ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਫ਼ਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਖੇਤਰ 'ਚ
ਘਰ 'ਚ ਕਹੀ ਨਾਲ ਕੰਮ ਕਰ ਕੇ ਪੰਜਾਬ ਵਾਸੀਆਂ ਨੂੰ ਗੁਰਜੀਤ ਔਜਲਾ ਦੇ ਰਹੇ ਹਨ ਖ਼ਾਸ ਸੁਨੇਹਾ
. . .  24 minutes ago
ਅਜਨਾਲਾ, 3 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਲੱਗੇ ਕਰਫ਼ਿਊ ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ...
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 51 ਮਾਮਲਿਆਂ ਦੀ ਹੋਈ ਪੁਸ਼ਟੀ
. . .  32 minutes ago
ਚੰਡੀਗੜ੍ਹ, 3 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ...
ਕਰਫ਼ਿਊ ਦੀ ਉਲੰਘਣਾ ਤਹਿਤ 8 ਵਾਹਨ ਜ਼ਬਤ, 1 ਖ਼ਿਲਾਫ਼ ਮਾਮਲਾ ਦਰਜ
. . .  39 minutes ago
ਨਸਰਾਲਾ, 3 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਵੱਲੋਂ ਕਰਫ਼ਿਊ ਦੌਰਾਨ ਸਖ਼ਤੀ ਬਣਾਈ ਰੱਖਣ ...
ਵਿਸਾਖੀ ਮੌਕੇ ਨਹੀਂ ਹੋਵੇਗਾ ਇਕੱਠ : ਜਥੇਦਾਰ ਹਰਪ੍ਰੀਤ ਸਿੰਘ
. . .  52 minutes ago
ਅੰਮ੍ਰਿਤਸਰ, 3 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀਡੀਓ...
ਤਪਾ ਪੁਲਿਸ ਨੇ ਮਾਮਲਾ ਦਰਜ਼ ਕਰ ਆਰਜ਼ੀ ਜੇਲ੍ਹ 'ਚ ਭੇਜੇ ਦੋ ਨੌਜਵਾਨ
. . .  about 1 hour ago
ਤਪਾ ਮੰਡੀ, 3 ਅਪ੍ਰੈਲ (ਵਿਜੇ ਸ਼ਰਮਾ)- ਵਿਸ਼ਵ ਭਰ 'ਚ ਫੈਲੇ ਕੋਰੋਨਾਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ 14 ਅਪ੍ਰੈਲ....
ਬਲਾਕ ਬਾਘਾ ਪੁਰਾਣਾ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  about 1 hour ago
ਠੱਠੀ ਭਾਈ, 3 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਆਪਣੇ ਆਪਣੇ ਪਿੰਡ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ ਲਈ ਬਲਾਕ ਬਾਘਾ ਪੁਰਾਣਾ...
ਭਿੰਡੀ ਸੈਦਾਂ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਵਾਹਨ ਕੀਤੇ ਕਾਬੂ
. . .  about 1 hour ago
ਭਿੰਡੀ ਸੈਦਾਂ, 3 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵੱਲੋਂ ਅੱਜ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪੰਜਾਬ ਵਿਚ ਮਹਾਂਮਾਰੀਆਂ ਦੇ ਕਹਿਰ ਦਾ ਇਤਿਹਾਸ

ਮਹਾਂਮਾਰੀਆਂ ਸਮੇਂ-ਸਮੇਂ ਸਿਰ ਵਿਸ਼ਵ ਵਿਚ ਵਾਪਰਦੀਆਂ ਰਹੀਆਂ ਹਨ ਅਤੇ ਲੋਕ ਇਨ੍ਹਾਂ ਦਾ ਸਮਰੱਥਾ ਅਨੁਸਾਰ ਸਾਹਮਣਾ ਕਰਦੇ ਆਏ ਹਨ। ਵਰਤਮਾਨ ਵਿਗਿਆਨ ਅਤੇ ਮੈਡੀਕਲ ਸਾਇੰਸ ਦੇ ਯੁੱਗ ਵਿਚ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਨੇ ਦੁਨੀਆ ਭਰ ਨੂੰ ਆਪਣੇ ਲਪੇਟੇ ਵਿਚ ਲੈ ਲਿਆ ਹੈ ਅਤੇ ਲੋਕ ਇਸ ਤੋਂ ਡਾਢੇ ਚਿੰਤਾਤੁਰ ਅਤੇ ਡਰੇ ਹੋਏ ਹਨ। ਇਸ ਬਿਮਾਰੀ ਦੇ ਵਾਇਰਸ ਦੇ ਕਾਰਨਾਂ ਦਾ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਭਾਵੇਂ ਇਹ ਚੀਨ ਦੇਸ਼ ਤੋਂ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਈ। ਇਸ ਬਿਮਾਰੀ ਦਾ ਸਟੀਕ ਇਲਾਜ ਅਜੇ ਤੱਕ ਨਹੀਂ ਲੱਭ ਸਕਿਆ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਨਿਕਟ ਭਵਿੱਖ ਵਿਚ ਬਿਮਾਰੀ ਦਾ ਉਪਚਾਰ ਲੱਭ ਲਿਆ ਜਾਵੇਗਾ।
ਮਲੇਰੀਆ, ਚੇਚਕ (ਸੀਤਲਾ, ਵੱਡੀ ਮਾਤਾ), ਹੈਜ਼ਾ ਅਤੇ ਪਲੇਗ ਆਦਿ ਬਿਮਾਰੀਆਂ ਭਾਰਤ ਵਿਚ ਭੂਤਕਾਲ ਪਸਰਦੀਆਂ ਰਹੀਆਂ ਹਨ। ਪੰਜਾਬ ਜਿਸ ਵਿਚ ਪਾਕਿਸਤਾਨੀ ਅਤੇ ਭਾਰਤੀ ਪੰਜਾਬ ਸ਼ਾਮਿਲ ਹੈ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਸਨ, ਉੱਪਰ ਮਲੇਰੀਏ ਨੇ 1850 ਈ: ਤੋਂ ਲੈ ਕੇ 1947 ਤੱਕ 15 ਹਮਲੇ ਕੀਤੇ, ਜਿਸ ਨਾਲ 5177407 ਜ਼ਿੰਦਗੀਆਂ ਖਤਮ ਹੋਈਆਂ। 1891 ਵਿਚ ਕਈ ਵਰਗਮੀਲ ਵਿਚ ਬੀਜੀ ਝੋਨੇ ਦੀ ਪੱਕੀ ਫ਼ਸਲ ਇਸ ਵਾਸਤੇ ਵੱਢੀ ਅਤੇ ਸਾਂਭੀ ਨਾ ਜਾ ਸਕੀ ਕਿਉਂਕਿ ਪਿੰਡਾਂ ਦੇ ਲੋਕ ਏਨੇ ਕਮਜ਼ੋਰ ਹੋ ਗਏ ਸਨ ਕਿ ਉਹ ਫ਼ਸਲ ਨੂੰ ਵੱਢ ਅਤੇ ਸਾਂਭ ਨਾ ਸਕੇ। ਸ਼ਹਿਰਾਂ ਵਿਚ ਰੋਟੀ ਕਮਾਉਣ ਵਾਲੇ ਮਰਦ ਬਿਮਾਰ ਸਨ, ਜਿਸ ਕਾਰਨ ਪਰਿਵਾਰ ਭੁੱਖੇ ਮਰ ਰਹੇ ਸਨ। ਇਸ ਬਿਮਾਰੀ ਨੇ ਪੰਜਾਬ ਦੇ 25 ਕੇਂਦਰੀ ਜ਼ਿਲ੍ਹਿਆਂ ਵਿਚ ਤਬਾਹੀ ਮਚਾਈ ਹੋਈ ਸੀ, ਜਿਥੇ 2203576 ਜ਼ਿੰਦਗੀਆਂ ਖਤਮ ਹੋਈਆਂ। ਜਲੰਧਰ, ਅੰਮ੍ਰਿਤਸਰ, ਲਾਹੌਰ, ਗੁੱਜਰਾਂਵਾਲਾ ਅਤੇ ਸ਼ਾਹਪੁਰ ਜ਼ਿਲ੍ਹਿਆਂ ਅਤੇ ਰਾਵਲਪਿੰਡੀ ਤੇ ਪੇਸ਼ਾਵਰ ਦੇ ਨੀਮ ਪਹਾੜੀ ਖੇਤਰਾਂ ਵਿਚ ਵਧੇਰੇ ਬਾਰਸ਼ ਹੋਈ, ਮੱਛਰ ਬਹੁਤ ਪੈਦਾ ਹੋਇਆ। ਮਿੰਟਗੁਮਰੀ, ਲਾਇਲਪੁਰ, ਝੰਗ, ਮੁਲਤਾਨ ਅਤੇ ਡੇਰਾ ਗਾਜ਼ੀ ਖਾਂ ਦੇ ਖੁਸ਼ਕ ਖੇਤਰਾਂ ਵਿਚ ਵੀ 878763 ਲੋਕ ਜਾਨ ਗੁਆ ਬੈਠੇ। ਪੰਜਾਬ ਦੇ ਹਿਮਾਲੀਆ ਖੇਤਰ ਵਿਚ ਵੀ 155493 ਮੌਤਾਂ ਹੋਈਆਂ।
ਚੇਚਕ ਦੀ ਬਿਮਾਰੀ ਤੋਂ 1868-1947 ਤੱਕ ਪੰਜਾਬ ਦੇ ਖੇਤਰ ਵਿਚ 830591 ਮੌਤਾਂ ਹੋਈਆਂ। 1875-1919 ਵਿਚ ਜਦ ਚੇਚਕ ਨੇ ਬਹੁਤ ਜ਼ੋਰ ਫੜਿਆ ਤਾਂ 27 ਜ਼ਿਲ੍ਹਿਆਂ ਵਿਚ 250000 ਲੋਕਾਂ ਨੇ ਜਾਨ ਗੁਆਈ। ਉੱਤਰ-ਪੱਛਮੀ ਅਤੇ ਦੱਖਣ-ਪੂਰਬੀ ਜ਼ਿਲ੍ਹਿਆਂ ਵਿਚ ਇਸ ਬਿਮਾਰੀ ਦਾ ਬਹੁਤ ਜ਼ੋਰ ਸੀ, ਜਿਥੇ ਲੋਕ ਬਜਾਏ ਟੀਕੇ ਲਵਾਉਣ ਦੇ ਪੂਜਾ ਅਰਚਨਾ ਵਿਚ ਯਕੀਨ ਰੱਖਦੇ ਸਨ। ਕਰਨਾਲ, ਰੋਹਤਕ ਅਤੇ ਨਾਲ ਦੇ ਖੇਤਰਾਂ ਦੇ ਲੋਕ ਗੁੜਗਾਉਂ ਵਿਖੇ ਸ਼ੀਤਲਾ ਦੇਵੀ ਦੇ ਮੰਦਰ ਬਹੁਤਾ ਜਾਂਦੇ ਸਨ ਅਤੇ ਟੀਕੇ ਲਵਾਉਣੇ ਪਸੰਦ ਨਹੀਂ ਕਰਦੇ ਸਨ।
1866 ਤੋਂ 1921 ਦੇ ਵਿਚਕਾਰ 12 ਹੈਜ਼ੇ ਦੇ ਹਮਲੇ ਹੋਏ, ਜਿਨ੍ਹਾਂ ਨਾਲ 249050 ਲੋਕਾਂ ਨੇ ਜਾਨ ਗਵਾਈ। ਸਾਲ ਵਿਚ ਔਸਤਨ 4357 ਜਾਨਾਂ ਖਤਮ ਹੋਈਆਂ। ਗੁੱਜਰਾਂਵਾਲਾ, ਹਜ਼ਾਰਾ, ਰਾਵਲਪਿੰਡੀ, ਅੰਬਾਲਾ, ਗੁੜਗਾਉਂ, ਲਾਹੌਰ, ਜਲੰਧਰ, ਪੇਸ਼ਾਵਰ, ਅੰਮ੍ਰਿਤਸਰ ਅਤੇ ਸ਼ਾਹਪੁਰ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਇਨ੍ਹਾਂ ਜ਼ਿਲ੍ਹਿਆਂ ਵਿਚ ਸਥਾਨਕ ਅਤੇ ਖੇਤਰੀ ਮੇਲਿਆਂ ਉੱਪਰ ਭੀੜ-ਭੜੱਕਾ, ਸਿਹਤਯਾਬ ਹਾਲਾਤ ਵਿਚ ਨਾ ਰਹਿਣ ਅਤੇ ਇਸ ਤੋਂ ਇਲਾਵਾ ਸਾਫ਼ ਪਾਣੀ ਦੀ ਅਣਹੋਂਦ ਕਾਰਨ ਮਹਾਂਮਾਰੀ ਫੈਲੀ।
1897-1918 ਦੇ ਸਮੇਂ ਪੰਜਾਬ ਦੇ ਪੰਜਾਬ ਦੇ 26 ਜ਼ਿਲ੍ਹਿਆਂ ਵਿਚ ਪਲੇਗ ਦੀ ਬਿਮਾਰੀ ਮਹਾਂਮਾਰੀ ਦਾ ਰੂਪ ਅਖ਼ਤਿਆਰ ਕਰ ਗਈ ਅਤੇ ਕੁੱਲ ਹਿੰਦ ਦੀ ਔਸਤਨ ਮੌਤ ਦਰ ਤੋਂ ਇਹ ਦਰ ਚੌਗੁਣੀ ਸੀ। ਦੂਸਰੀਆਂ ਮਹਾਂਮਾਰੀਆਂ ਨਾਲੋਂ ਇਹ ਬਹੁਤੀ ਭਿਆਨਕ ਸੀ। ਪਲੇਗ ਜ਼ਿਲ੍ਹਾ ਜਲੰਧਰ ਦੇ ਪਿੰਡ ਖਟਕੜ ਕਲਾਂ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਤੋਂ ਸ਼ੁਰੂ ਹੋਈ ਜਿਥੇ ਇਸ ਬਿਮਾਰੀ ਦਾ ਪਹਿਲਾ ਮਰੀਜ਼ 17 ਅਕਤੂਬਰ, 1897 ਨੂੰ ਮਿਲਿਆ। 1899 ਤੱਕ ਪਲੇਗ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੱਕ ਸੀਮਤ ਰਹੀ ਅਤੇ ਇਸ ਦੇ ਕਾਰਨਾਂ ਦੀ ਵਜ੍ਹਾ ਅਤੇ ਵਧਣ ਦੇ ਕਾਰਨਾਂ ਤੋਂ ਲੋਕਾਂ ਦੇ ਅਣਜਾਣ ਹੋਣ ਕਾਰਨ ਇਹ 1900 ਤੱਕ ਰਿਆਸਤ ਪਟਿਆਲਾ ਵਿਚ ਵੀ ਫੈਲ ਗਈ। 1901 ਵਿਚ ਇਹ ਮਹਾਂਮਾਰੀ ਹੋਰ ਘਣੀ ਖੇਤੀ ਵਾਲੇ ਅਤੇ ਸੰਘਣੀ ਆਬਾਦੀ ਵਾਲੇ ਮੱਧ ਪੰਜਾਬ ਦੇ ਖੇਤਰਾਂ ਵਿਚ ਪਸਰੀ ਅਤੇ 7 ਜ਼ਿਲ੍ਹੇ ਪ੍ਰਭਾਵਿਤ ਹੋਏ ਅਤੇ ਨਾਲ ਹੀ ਫਿਰੋਜ਼ਪੁਰ, ਗੁਰਦਾਸਪੁਰ ਅਤੇ ਸਿਆਲਕੋਟ ਜ਼ਿਲ੍ਹੇ ਵੀ ਇਸ ਦੀ ਮਾਰ ਥੱਲੇ ਆ ਗਏ। 1901-02 ਵਿਚ ਵਿਰਲਤਾ ਨਾਲ ਉਨ੍ਹਾਂ ਦੱਖਣ-ਪੱਛਮੀ ਖੇਤਰਾਂ ਵਿਚ ਵੀ ਚਲੀ ਗਈ ਜਿਥੇ ਨਹਿਰਾਂ ਦੀ ਉਸਾਰੀ ਕਰਕੇ ਲੋਕਾਂ ਨੂੰ ਸਥਾਪਤ ਕੀਤਾ ਜਾ ਰਿਹਾ ਸੀ। ਨਹਿਰੀ ਸਿੰਚਾਈ ਨਾਲ ਨਮੀ ਦਾ ਪੱਧਰ ਵਧ ਗਿਆ, ਜਿਸ ਨੇ ਇਸ ਬਿਮਾਰੀ ਦੇ ਫੈਲਾਉਣ ਵਿਚ ਵਾਧਾ ਕੀਤਾ। 1902-03 ਦੇ ਅੰਤ 21 ਜ਼ਿਲ੍ਹੇ ਪ੍ਰਭਾਵਿਤ ਹੋਏ ਅਤੇ 1904-05 ਤੱਕ 26 ਜ਼ਿਲ੍ਹੇ ਇਸ ਦੀ ਮਾਰ ਥੱਲੇ ਆ ਗਏ, ਸਮੇਤ ਸਿੰਧ ਤੋਂ ਪਾਰ ਦਾ ਡੇਰਾ ਗਾਜ਼ੀ ਖਾਂ ਦਾ ਜ਼ਿਲ੍ਹਾ ਵੀ। ਲੇਖਕ ਦੀ ਦਾਦੀ ਦਸਦੀ ਹੁੰਦੀ ਸੀ ਕਿ ਇਸ ਬਿਮਾਰੀ ਦਾ ਇਹ ਹਾਲ ਸੀ ਕਿ ਲੋਕ ਘਰ ਦੇ ਇਕ ਜੀਅ ਦਾ ਸਸਕਾਰ ਕਰਕੇ ਆਉਂਦੇ ਸਨ, ਘਰ ਆਉਂਦਿਆਂ ਇਕ ਹੋਰ ਜੀਅ ਮਰਿਆ ਹੁੰਦਾ ਸੀ।
ਪੇਂਡੂ ਆਬਾਦੀ ਜਿਥੇ ਗਿੱਲੇ ਅਤੇ ਦਲਦਲੀ ਹਾਲਾਤ ਹੁੰਦੇ ਸਨ, ਮੱਛਰਾਂ ਦੇ ਪਲਣ ਲਈ ਵਧੀਆ ਥਾਂ ਸੀ। ਪੈਸੇ ਦੀ ਕਮੀ ਕਾਰਨ ਪਿੰਡਾਂ ਦੇ ਛੱਪੜਾਂ ਤੇ ਟੋਇਆਂ ਆਦਿ ਵਿਚੋਂ ਜਲ-ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ। ਬੰਦੇ ਅਤੇ ਡਾਕਟਰੀ ਸਹਾਇਤਾ ਵੀ ਲੋੜ ਅਨੁਸਾਰ ਉਪਲਬੱਧ ਨਹੀਂ ਸਨ। ਲੋਕਾਂ ਨੂੰ ਕੁਝ ਸੁਝਦਾ ਨਹੀਂ ਸੀ ਤੇ ਉਨ੍ਹਾਂ ਪਾਸ ਬਿਮਾਰੀ ਦੇ ਕਾਰਨਾਂ ਅਤੇ ਲੋੜੀਂਦੇ ਰੋਗ ਰੋਕੂ ਤਰੀਕੇ ਅਪਣਾਉਣ ਲਈ ਕੋਈ ਜਾਣਕਾਰੀ ਨਹੀਂ ਸੀ।
1868 ਤੋਂ 1890 ਤੱਕ ਪੇਂਡੂ ਖੇਤਰਾਂ ਵਿਚ ਹੈਜ਼ੇ ਨਾਲ ਮਰਨ ਵਾਲਿਆਂ ਦੀ ਦਰ ਸ਼ਹਿਰੀ ਖੇਤਰਾਂ ਨਾਲੋਂ 4 ਗੁਣਾ ਵੱਧ ਸੀ। ਪਿੰਡਾਂ ਵਿਚ ਪੀਣ ਵਾਲਾ ਪਾਣੀ ਜੋ ਕੱਚੇ ਤਾਲਾਬਾਂ ਜਾਂ ਖੁੱਲ੍ਹੇ ਖੂਹਾਂ ਤੋਂ ਉਪਲਬੱਧ ਹੁੰਦਾ ਸੀ, ਉਹ ਗੰਦਾ ਹੁੰਦਾ ਸੀ। ਖਾਣ-ਪੀਣ ਦੇ ਪਦਾਰਥ ਜਿਹੜੇ ਪਿੰਡਾਂ ਵਿਚ ਵੇਚੇ ਜਾਂਦੇ ਸਨ, ਮਿਲਾਵਟੀ ਅਤੇ ਗਲੇ-ਸੜੇ ਹੁੰਦੇ ਸਨ। ਸ਼ਹਿਰਾਂ ਵਿਚ ਦੁੱਧ, ਮੱਖਣ ਅਤੇ ਹੋਰ ਖਾਣ ਵਾਲੇ ਪਦਾਰਥਾਂ ਦੀ ਫਰੋਖਤ ਮਿਊਂਸਪਲ ਕਮੇਟੀਆਂ ਦੀ ਦੇਖ-ਰੇਖ ਅਧੀਨ ਹੋਣ ਕਾਰਨ ਉਥੇ ਹਾਲਾਤ ਕੁਝ ਚੰਗੇ ਸਨ।
ਪਲੇਗ ਦਾ ਵੀ ਬਹੁਤਾ ਪਿੰਡਾਂ ਵਿਚ ਹੀ ਪ੍ਰਕੋਪ ਸੀ, ਕਿਉਂਕਿ ਉਥੇ ਰਿਹਾਇਸ਼ੀ ਮਕਾਨ ਘੱਟ ਹਵਾਦਾਰ ਸਨ। ਅਜਿਹੇ ਮਕਾਨ ਜਿਨ੍ਹਾਂ ਦੀ ਉਸਾਰੀ ਦੀ ਵਿਉਂਤ ਵੀ ਗ਼ਲਤ ਹੁੰਦੀ ਅਤੇ ਛੋਟੇ ਹੋਣ ਕਾਰਨ ਭੀੜ-ਭੜੱਕਾ ਬਹੁਤਾ ਹੁੰਦਾ ਰਹਿੰਦਾ ਸੀ। ਉਥੇ ਬਿਮਾਰੀ ਛੇਤੀ ਫੈਲਦੀ ਸੀ। ਪਿੰਡਾਂ ਵਿਚ ਅਨਾਜ ਦਾ ਭੰਡਾਰਨ ਸ਼ਹਿਰਾਂ ਨਾਲੋਂ ਜ਼ਿਆਦਾ ਹੁੰਦਾ ਸੀ ਅਤੇ ਮਕਾਨ ਵੀ ਕੱਚੇ ਹੁੰਦੇ ਸਨ, ਜਿਸ ਕਰਕੇ ਚੂਹੇ ਬਹੁਤ ਪਲਦੇ ਸਨ। ਇਸ ਕਰਕੇ ਪਿੰਡਾਂ ਵਿਚ ਪਲੇਗ ਦਾ ਫੈਲਾਓ ਸ਼ਹਿਰਾਂ ਨਾਲੋਂ ਬਹੁਤਾ ਹੁੰਦਾ ਸੀ। ਚੂਹੇ ਇਸ ਬਿਮਾਰੀ ਦਾ ਵੱਡਾ ਕਾਰਨ ਸਨ।
ਮਹਾਮਾਰੀਆਂ ਦਾ ਬਹੁਤਾ ਪਸਾਰ ਸਮਾਜਿਕ ਰਹਿਣ-ਸਹਿਣ, ਗਰੀਬੀ, ਅਨਪੜ੍ਹਤਾ, ਅਸਵਥ ਅਤੇ ਗ਼ੈਰ-ਸਿਹਤਮੰਦਾਨਾ ਜੀਵਨ ਬਿਸਾਰਨ ਕਰਕੇ ਸੀ। ਬ੍ਰਿਟਿਸ਼ ਸ਼ਾਸਕ ਭਾਰਤ ਨੂੰ ਬਿਮਾਰੀਆਂ ਦਾ ਘਰ ਸਮਝਦੇ ਸਨ। ਪਲੇਗ ਨੂੰ ਗਰੀਬੀ ਅਤੇ ਗੰਦਗੀ ਦੀ ਬਿਮਾਰੀ ਸਮਝਿਆ ਗਿਆ। ਪਿੰਡਾਂ ਵਿਚ ਘਰਾਂ ਦੇ ਫਰਸ਼ ਕੱਚੇ ਹੋਣ ਕਾਰਨ ਗੰਦਗੀ ਛੇਤੀ ਫੜਦੇ ਸਨ, ਅਤੇ ਬਾਰਿਸ਼ਾਂ ਦੇ ਦਿਨਾਂ ਵਿਚ ਹੋਰ ਗੰਦੇ ਹੋ ਜਾਂਦੇ ਸਨ ਅਤੇ ਪੈਰਾਂ ਨਾਲ ਘਰਾਂ ਵਿਚ ਰੋਗਾਂ ਦੇ ਕੀਟਾਣੂੰ ਆਉਂਦੇ ਸਨ। ਚੇਚਕ ਦੀ ਬਿਮਾਰੀ ਨੂੰ ਰੋਕਣ ਦੀ ਬਜਾਏ ਵਧਣ ਦਿੱਤਾ ਜਾਂਦਾ ਸੀ ਤੇ ਪੂਜਾ ਕੀਤੀ ਜਾਂਦੀ ਸੀ। 1873 ਵਿਚ ਕਾਂਗੜਾ, ਹੁਸ਼ਿਆਰਪੁਰ, ਜਲੰਧਰ ਅਤੇ ਗੁਜਰਾਤ ਵਿਚ ਬਹੁਤਾ ਪੂਜਾ ਵੱਲ ਧਿਆਨ ਦਿੱਤਾ ਜਾਂਦਾ ਸੀ, ਜਿਸ ਕਾਰਨ ਬਿਮਾਰੀ ਮਾਰੂ ਰੂਪ ਧਾਰਨ ਕਰ ਗਈ। ਲੋਕ ਇਕੱਠੇ ਹੋ ਕੇ ਮਰੀਜ਼ਾਂ ਅਤੇ ਲਾਸ਼ਾਂ ਦੇ ਕੋਲ ਹਮਦਰਦੀ ਕਰਨ ਖਾਤਰ ਬੈਠਦੇ ਸਨ, ਜਿਸ ਨਾਲ ਬਿਮਾਰੀ ਨੂੰ ਵਧਣ ਲਈ ਬਲ ਮਿਲਦਾ ਸੀ।
ਧਾਰਮਿਕ ਮੇਲਿਆਂ ਵਿਚ ਯਾਤਰਾ 'ਤੇ ਜਾਣਾ ਹੈਜ਼ੇ ਦੇ ਫੈਲਣ ਦਾ ਵੱਡਾ ਕਾਰਨ ਸੀ ਕਿਉਂਕਿ ਇਨ੍ਹਾਂ ਅਸਥਾਨਾਂ 'ਤੇ ਵੱਡੀ ਭੀੜ ਹੁੰਦੀ ਸੀ। ਸਫਾਈ ਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਅਣਹੋਂਦ ਕਾਰਨ ਲੋਕ ਛੂਤ ਦੇ ਰੋਗ ਤੋਂ ਪ੍ਰਭਾਵਿਤ ਹੋ ਜਾਂਦੇ ਸਨ ਅਤੇ ਇਨ੍ਹਾਂ ਥਾਵਾਂ ਤੋਂ ਜੋ ਪਾਣੀ ਪ੍ਰਸ਼ਾਦ ਦੇ ਰੂਪ ਵਿਚ ਲਿਆਉਂਦੇ ਸਨ, ਉਹ ਵੀ ਅਸ਼ੁੱਧ ਹੁੰਦਾ ਸੀ ਅਤੇ ਇਹ ਯਾਤਰੂ ਵਾਪਸੀ ਵੇਲੇ ਹੋਰਨਾਂ ਲੋਕਾਂ ਨੂੰ ਬਿਮਾਰ ਕਰ ਦਿੰਦੇ ਸਨ। ਹਰਿਦੁਆਰ ਦਾ ਕੁੰਭ ਦਾ ਮੇਲਾ, ਨੂਰਪੁਰ, ਕਟਾਸਰਾਜ, ਜਵਾਲਾਮੁਖੀ ਅਤੇ ਨੈਣਾ ਦੇਵੀ ਦੇ ਮੇਲਿਆਂ ਵਿਚ ਜਾਣ ਕਰਕੇ ਹਜ਼ਾਰਾਂ ਲੋਕਾਂ ਦਾ ਰੋਗਾਂ ਤੋਂ ਪ੍ਰਭਾਵਿਤ ਹੋਣਾ ਲਗਪਗ ਤੈਅ ਹੁੰਦਾ ਸੀ। 1872 ਵਿਚ ਪੇਸ਼ਾਵਰ ਮਾਊਨਟੇਨ ਬੈਟਰੀ ਦੇ ਫ਼ੌਜੀ ਲੁਸ਼ਾਈ ਮੁਹਿੰਮ ਤੋਂ ਜਦੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਤੋਂ ਜੇਹਲਮ, ਰਾਵਲਪਿੰਡੀ, ਲਾਹੌਰ ਅਤੇ ਮੀਆਂਮੀਰ ਵਿਚ ਹੈਜ਼ਾ ਫੈਲ ਗਿਆ।
ਬ੍ਰਿਟਿਸ਼ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਸਨ ਕਿ ਨਹਿਰਾਂ ਬਣਾਉਣ, ਰੇਲਵੇ ਅਤੇ ਸੜਕਾਂ ਬਣਾਉਣ ਨਾਲ ਮਹਾਂਮਾਰੀਆਂ ਫੈਲਣ ਵਿਚ ਵਾਧਾ ਹੋਇਆ ਪਰ ਫਿਰ ਵੀ ਭਾਰਤ ਸਰਕਾਰ ਨੇ 1875 ਵਿਚ ਇਹ ਵੇਖਿਆ ਕਿ ਪੱਛਮੀ ਯਮਨਾ ਨਹਿਰ ਦੇ ਪਾਣੀ ਨਾਲ ਸਿੰਜਾਈ ਵਾਲੇ ਜ਼ਿਲ੍ਹਿਆਂ ਵਿਚ ਦੂਸਰੇ ਜ਼ਿਲ੍ਹਿਆਂ ਦੇ ਮੁਕਾਬਲੇ ਵੱਧ ਲੋਕ ਮਹਾਂਮਾਰੀਆਂ 'ਚ ਗ੍ਰਸਤ ਸਨ। ਕਰਨਾਲ ਲਾਗੇ ਨਹਿਰ ਦੀ ਕਤਾਰਬੰਦੀ ਚਾਰ ਸੌ ਸਾਲ ਪਹਿਲਾਂ ਵਾਲੀ ਨਹਿਰ ਦੀ ਸੀ ਜੋ ਗ਼ਲਤ ਸੀ ਤੇ ਉਹ ਸੇਮ ਦੀ ਵੱਡੀ ਸਮੱਸਿਆ ਦਾ ਕਾਰਨ ਬਣੀ। ਖੇਤਾਂ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਮੱਛਰ ਪੈਦਾ ਹੋਇਆ ਅਤੇ ਮਲੇਰੀਆ ਫੈਲਿਆ। ਝੋਨੇ ਦੀ ਫਸਲ ਨੂੰ ਪਾਣੀ ਦੇਣ ਨਾਲ ਬਿਮਾਰੀ ਫੈਲੀ। ਇਹੋ ਹਾਲ ਬਾਰੀ ਦੁਆਬ ਨਹਿਰ ਅਤੇ ਚਨਾਬ ਨਹਿਰਾਂ ਦੇ ਖੇਤਰ ਵਿਚ ਸੀ। ਰੇਲਵੇ ਲਾਈਨ ਬਣਾਉਣ ਲਈ ਜੋ ਖਤਾਨ ਲਾਏ ਗਏ, ਉਹ ਬਾਰਸ਼ੀ ਪਾਣੀ ਦੇ ਭਰਨ ਨਾਲ ਮੱਛਰਾਂ ਦੀ ਬਰੀਡਿੰਗ ਨਰਸਰੀ ਸਾਬਤ ਹੋਏ। ਰੇਲਵੇ ਲਾਈਨਾਂ ਬਣਨ ਨਾਲ ਲਾਏ ਬੰਨ੍ਹਾਂ ਕਰਕੇ ਪਾਣੀਦਾ ਨਿਕਾਸ ਰੁਕ ਗਿਆ ਅਤੇ ਨੀਵੀਆਂ ਥਾਵਾਂ 'ਚ ਪਾਣੀ ਭਰਨ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਇਆ ਤੇ ਸੇਮ ਦੀ ਸਮੱਸਿਆ ਵਧੀ, ਜਿਸ ਨੇ ਮਲੇਰੀਏ ਨੂੰ ਜਨਮ ਦਿੱਤਾ। ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਵੇਖਿਆ ਕਿ ਦਿੱਲੀ, ਅੰਮ੍ਰਿਤਸਰ ਰੇਲਵੇ ਲਾਈਨ ਅਤੇ ਜੀ.ਟੀ. ਰੋਡ ਦੇ ਬੰਨ੍ਹਾਂ ਕਾਰਨ ਜਲੰਧਰ ਦੁਆਬ ਵਿਚ ਮਲੇਰੀਏ ਨਾਲ ਹੋਈਆਂ ਮੌਤਾਂ ਦਾ ਦਰ ਉੱਚਾ ਸੀ।
ਨਹਿਰੀਕਰਨ ਨੇ ਨਾਮੀ ਦੀ ਪੱਧਰ ਵਧਾਈ ਜਿਸ ਕਾਰਨ ਝੰਗ, ਗੁਜਰਾਂਵਾਲਾ ਅਤੇ ਲਾਹੌਰ ਵਿਚ ਕ੍ਰਮਵਾਰ 1902-1906, 1892-1905 ਅਤੇ 1904-06 ਵਿਚ ਮਲੇਰੀਆ ਬਹੁਤ ਫੈਲਿਆ। 1897 ਵਿਚ ਇਹ ਨਤੀਜਾ ਕੱਢਿਆ ਗਿਆ ਕਿ ਮਲੇਰੀਆ ਦੀ ਬਿਮਾਰੀ ਮੱਛਰਾਂ ਕਾਰਨ ਹੁੰਦੀ ਹੈ ਅਤੇ ਇਸ ਤਰ੍ਹਾਂ ਮੱਛਰ ਮਾਰ ਮੁਹਿੰਮ ਸ਼ੁਰੂ ਹੋਈ। ਲੋਕਾਂ ਨੂੰ ਕੁਨੀਨ ਦੀਆਂ ਗੋਲੀਆਂ ਦਿੱਤੀਆਂ ਜਾਣ ਲੱਗੀਆਂ। 1898 ਤੋਂ ਡਾਕੀਏ ਵੀ ਪਿੰਡਾਂ ਵਿਚ ਕੁਨੀਨ ਵੰਡਣ ਉੱਪਰ ਲਾਏ ਗਏ। 1901 ਅਤੇ 1908 ਵਿਚ ਫੈਸਲਾ ਹੋਇਆ ਕਿ ਮੱਛਰਾਂ ਦੀਆਂ ਪਨਾਹਗਾਹਾਂ ਨੂੰ ਖਤਮ ਕੀਤਾ ਜਾਵੇ। ਸੋ, ਜਮ੍ਹਾਂ ਹੋਏ ਪਾਣੀ ਦਾ ਨਿਕਾਸ ਕੀਤਾ ਗਿਆ, ਛੱਪੜਾਂ, ਛੰਭਾਂ ਵਿਚ ਤੇਲ ਛਿੜਕਿਆ ਗਿਆ ਅਤੇ ਮੱਛਰਾਂ ਨੂੰ ਮਾਰਨ ਲਈ ਹਰ ਹੀਲਾ ਵਰਤਿਆ ਗਿਆ। 1940 ਵਿਚ ਜਾਵਾਦੀਪ ਅੰਗਰੇਜ਼ਾਂ ਦੇ ਹੱਥੋਂ ਜਾਂਦਾ ਰਿਹਾ ਜਿਸ ਕਾਰਨ ਕੁਨੀਨ ਦਵਾਈ ਦੀ ਕਮੀ ਆ ਗਈ। 1944 ਵਿਚ ਮੱਛਰ ਮਾਰਨ ਲਈ ਡੀ.ਡੀ.ਟੀ. ਦੀ ਵਰਤੋਂ ਸ਼ੁਰੂ ਕੀਤੀ ਗਈ। ਲਾਹੌਰ ਵਿਚ ਮਹਿਕਮਾ ਨਹਿਰ ਵਲੋਂ ਇਕ ਜਲ ਨਿਕਾਸ ਸਰਕਲ ਖੋਲ੍ਹਿਆ ਗਿਆ।
ਚੇਚਕ ਦੀ ਬਿਮਾਰੀ ਦੇ ਟੀਕੇ ਲੱਗਣੇ ਸ਼ੁਰੂ ਹੋਏ। ਇਸ ਖਾਤਰ ਇਕ ਮਹਿਕਮਾ ਖੋਲ੍ਹਿਆ ਗਿਆ। ਲੋਕਾਂ ਨੂੰ ਇਕੱਠੇ ਕਰਕੇ ਟੀਕੇ ਲਾਏ ਜਾਂਦੇ ਸਨ। ਬੱਚਿਆਂ ਨੂੰ ਟੀਕੇ ਲਵਾਉਣੇ ਜ਼ਰੂਰੀ ਕਰ ਦਿੱਤੇ। 1929 ਵਿਚ ਟੀਕਾਕਰਨ ਨੂੰ ਪੇਂਡੂ ਖੇਤਰਾਂ ਵਿਚ ਲਿਜਾਇਆ ਗਿਆ। ਕਈ ਥਾਈਂ ਵਿਰੋਧਤਾ ਹੋਈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਕਰਮਚਾਰੀਆਂ ਵਲੋਂ ਲੋਕਾਂ ਨੂੰ ਟੀਕੇ ਲਗਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਇਹ ਟੀਕੇ 1947 ਤੋਂ ਮਗਰੋਂ ਵੀ ਕਈ ਸਾਲ ਲਗਦੇ ਰਹੇ।
ਪਲੇਗ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਕਈ ਜ਼ਿਲ੍ਹਿਆਂ ਦੇ ਅਫ਼ਸਰਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ। ਫਿਜ਼ੀਕਲ ਡਿਸਟੈਂਸਿੰਗ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ। ਪਿੰਡਾਂ ਨੂੰ ਸੰਕ੍ਰਾਤਮਕ ਕਰਨ ਲਈ ਪੂਰੀ ਤਰ੍ਹਾਂ ਖਾਲੀ ਕਰਾਇਆ ਗਿਆ। ਮਕਾਨਾਂ ਨੂੰ ਡਿਸਇਨਫੈਕਟ ਕੀਤਾ ਗਿਆ। ਪਲੇਗ ਗ੍ਰਸਤ ਖੇਤਰਾਂ ਨੂੰ ਸੀਲ ਕੀਤਾ ਗਿਆ ਅਤੇ ਲੋਕਾਂ ਨੂੰ 48 ਘੰਟਿਆਂ ਵਿਚ ਜ਼ਰੂਰੀ ਸਾਮਾਨ ਲੈ ਕੇ ਕੈਂਪਾਂ 'ਚ ਜਾਣ ਲਈ ਕਿਹਾ ਗਿਆ। ਛੱਡੇ ਗਏ ਘਰਾਂ ਨੂੰ ਸ਼ੁੱਧ ਤੇ ਕੀਟਾਣੂੰ ਰਹਿਤ ਕੀਤਾ ਗਿਆ, ਰੌਸ਼ਨਦਾਨ ਰੱਖੇ ਗਏ ਅਤੇ ਮਕਾਨਾਂ ਨੂੰ ਸਫੈਦੀ ਕਰਵਾਈ ਗਈ। ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਦਾ ਦੂਸਰੀ ਥਾਂ ਜਾਣਾ ਮਨ੍ਹਾਂ ਕਰ ਦਿੱਤਾ ਗਿਆ। ਰੇਲ ਮੁਸਾਫਿਰਾਂ ਦਾ ਰਿਕਾਰਡ ਰੱਖਿਆ ਜਾਂਦਾ ਸੀ ਤੇ ਉਨ੍ਹਾਂ ਦਾ ਕਈ ਥਾਈਂ ਮੁਆਇਨਾ ਹੁੰਦਾ ਸੀ ਕਿਉਂਕਿ ਪਲੇਗ ਬ੍ਰਿਟਿਸ਼ ਸਰਕਾਰ ਦੇ ਆਰਥਿਕ ਆਧਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਸੀ ਜੋ ਸਰਕਾਰ ਨੇ ਉਚੇਚੇ ਤਰੀਕੇ ਅਖ਼ਤਿਆਰ ਕਰਦਿਆਂ ਇਸ ਬਿਮਾਰੀ ਨੂੰ ਦੂਰ ਕਰਨ ਲਈ ਆਪਣੇ ਦ੍ਰਿੜ੍ਹ ਇਰਾਦੇ ਦਾ ਪ੍ਰਯੋਗ ਕੀਤਾ ਜਿਸ ਕਾਰਨ ਬਿਮਾਰੀ ਛੇਤੀ ਹੀ ਖਤਮ ਹੋ ਗਈ। ਲੋਕਾਂ ਨੇ ਵੀ ਆਪਣਾ ਬੜਾ ਯੋਗਦਾਨ ਪਾਇਆ।


-ਮੋਬਾਈਲ : 98140-74901, 97798-98282.


ਖ਼ਬਰ ਸ਼ੇਅਰ ਕਰੋ

ਮਨੁੱਖਤਾ ਦੀ ਨੋਵਲ ਕੋਰੋਨਾ ਵਾਇਰਸ ਨਾਲ ਲੜਾਈ

ਕੋਰੋਨਾ ਵਾਇਰਸ ਮਹਾਂਮਾਰੀ ਫੈਲਣ ਤੋਂ ਪਹਿਲਾਂ ਅੱਜ ਤੱਕ ਮਨੁੱਖ 'ਤੇ ਅਜਿਹੀ ਮਾਰ ਕਦੇ ਨਹੀਂ ਪਈ ਕਿ ਇਕੋ ਸਮੇਂ ਪੂਰਾ ਸੰਸਾਰ ਤਾਲਾਬੰਦੀ ਭਾਵ 'ਲਾਕਡਾਊਨ' ਦੀ ਸਥਿਤੀ ਵਿਚ ਆ ਗਿਆ ਹੋਵੇ। ਇਹ ਇਕ ਜਾਂ ਵੱਧ ਦੇਸ਼ਾਂ ਦਰਮਿਆਨ ਲੜਾਈ ਕਾਰਨ ਨਹੀਂ ਹੋਇਆ ਬਲਕਿ ਇਹ ਤਾਂ ਮਨੁੱਖ ਵਲੋਂ ਕੀਤੀਆਂ ਗਈਆਂ ਅਣਗਹਿਲੀਆਂ ਤੋਂ ਬਾਅਦ ਫੈਲੀ ਅਜਿਹੀ ਮਹਾਂਮਾਰੀ ਕਾਰਨ ਹੋਇਆ ਹੈ ਕਿ ਪੂਰੀ ਦੁਨੀਆ ਇਸ ਦੀ ਲਪੇਟ ਵਿਚ ਆ ਗਈ ਹੈ। ਕਹਿ ਸਕਦੇ ਹਾਂ ਕਿ ਇਕ ਅਜਿਹੀ ਲੜਾਈ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਕਿਸੇ ਦੇਸ਼ ਵਲੋਂ ਤਾਕਤ ਦਿਖਾਉਣ ਲਈ ਨਹੀਂ ਬਲਕਿ ਮਨੁੱਖਤਾ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਜਿਸ ਨੂੰ ਸਾਰੇ ਦੇਸ਼ ਇਕਜੁੱਟ ਹੋ ਕੇ ਲੜਨ ਲਈ ਇਕ ਮੰਚ 'ਤੇ ਇਕੱਠੇ ਹੋ ਗਏ ਹਨ। ਇਸ ਤੋਂ ਪਹਿਲਾਂ ਵੀ ਇਨਸਾਨ ਨੂੰ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਮੌਜੂਦਾ ਹਾਲਾਤ ਵਿਚ ਮਨੁੱਖ ਨੂੰ ਵੱਖਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚੁਣੌਤੀ ਦਾ ਨਾਂਅ ਹੈ 'ਨੋਵਲ ਕੋਰੋਨਾ ਵਾਇਰਸ'। ਚੀਨ ਦੇ ਵੁਹਾਨ ਸ਼ਹਿਰ ਦੇ ਹੁਬੋਈ ਸੂਬੇ 'ਚੋਂ ਪੂਰੀ ਦੁਨੀਆ ਵਿਚ ਫੈਲ ਚੁੱਕੇ ਕੋਰੋਨਾ ਵਾਇਰਸ ਨੇ ਮਨੁੱਖੀ ਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ ਜਿਸ ਦਾ ਕੇਂਦਰ ਚੀਨ ਦਾ ਵੁਹਾਨ ਸ਼ਹਿਰ ਮੰਨਿਆ ਗਿਆ ਹੈ। ਇਹ ਵਾਇਰਸ ਕਿਵੇਂ ਫੈਲਿਆ, ਇਸ ਦੇ ਕੋਈ ਪੁਖਤਾ ਸਬੂਤ ਮੌਜੂਦ ਨਹੀਂ ਹਨ ਪਰ ਇਸ ਦੇ ਸ਼ੁਰੂਆਤੀ ਮਰੀਜ਼ ਵੁਹਾਨ ਸ਼ਹਿਰ ਵਿਚ ਪਾਏ ਗਏ ਜਿਨ੍ਹਾਂ ਨੂੰ ਇਹ ਵਾਇਰਸ ਹੋਣ ਦਾ ਕਾਰਨ ਉਨ੍ਹਾਂ ਵਲੋਂ ਲਿਆ ਗਿਆ ਸਮੁੰਦਰੀ ਭੋਜਨ ਜਾਂ ਵੁਹਾਨ ਸ਼ਹਿਰ ਦੀ ਜਾਨਵਰਾਂ ਦੀ ਮਾਰਕੀਟ ਸੀ। ਵੁਹਾਨ ਸ਼ਹਿਰ ਦੀ ਵੈੱਟ ਮਾਰਕੀਟ (ਜਾਨਵਰ ਬਾਜ਼ਾਰ) ਵਿਚ ਸੈਂਕੜੇ ਤੋਂ ਵੀ ਵੱਧ ਤਰ੍ਹਾਂ-ਤਰ੍ਹਾਂ ਦੇ ਜਿਊਂਦੇ ਜਾਨਵਰਾਂ ਦੇ ਨਾਲ-ਨਾਲ ਮਰੇ ਜਾਨਵਰਾਂ ਦੀ ਵੀ ਮੰਡੀ ਲਗਦੀ ਹੈ ਜਿਸ ਵਿਚ ਜਾਨਵਰਾਂ ਨੂੰ ਪਕਾ ਕੇ ਜਾਂ ਕੱਚੇ ਹੀ ਖਾ ਲਿਆ ਜਾਂਦਾ ਹੈ। ਇਸ ਜਾਨਵਰ ਬਾਜ਼ਾਰ ਵਿਚ ਕੇਵਲ ਮੁਰਗਾ, ਮੱਛੀ ਜਾਂ ਬੱਕਰੇ ਦਾ ਮਾਸ ਹੀ ਨਹੀਂ ਮਿਲਦਾ ਬਲਕਿ ਇੱਥੇ ਹਰ ਤਰ੍ਹਾਂ ਦਾ ਅਜਿਹਾ ਮਾਸ ਵੀ ਮਿਲਦਾ ਹੈ ਜਿਸ ਨੂੰ ਖਾਣ ਦੀ, ਜਾਂ ਤਾਂ ਇਨਸਾਨ ਇੱਛਾ ਰੱਖਦਾ ਹੈ ਜਾਂ ਖਾਇਆ ਜਾ ਸਕਦਾ ਹੈ। ਇਸ ਮੰਡੀ ਵਿਚ ਦੁਰਲੱਭ ਜਾਂ ਖ਼ਤਰੇ ਦੇ ਕੰਢੇ 'ਤੇ ਖੜ੍ਹੀਆਂ ਪ੍ਰਜਾਤੀਆਂ ਨੂੰ ਵੀ ਖਾਇਆ ਜਾਂਦਾ ਹੈ ਜਿਸ ਵਿਚ ਸੂਰ, ਗਾਵਾਂ, ਮੱਝਾਂ, ਲੂਮੜੀਆਂ, ਕੁੱਤੇ, ਮੋਰ, ਭੇੜੀਏ ਦੇ ਬੱਚੇ, ਬੱਤਖ, ਖਰਗੋਸ਼, ਸ਼ੁਤਰਮੁਰਗ, ਚੂਹੇ, ਹਿਰਨ, ਸੱਪ, ਮੱਗਰਮੱਛ, ਬਿੱਛੂ, ਕੱਛੂ, ਊਠ, ਘੜਿਆਲ, ਗਧੇ, ਡੱਡੂ, ਇੱਲਾਂ ਅਤੇ ਹੋਰ ਕੀੜਿਆਂ ਸਮੇਤ ਹਰ ਤਰ੍ਹਾਂ ਦੇ ਜਾਨਵਰ ਨੂੰ ਖਾ ਲਿਆ ਜਾਂਦਾ ਹੈ। ਇੱਥੇ ਡੱਡੂਆਂ ਨਾਲ ਭਰਿਆ ਬਾਜ਼ਾਰ ਅਲੱਗ ਤੋਂ ਮੌਜੂਦ ਹੈ। ਇਸ ਬਾਜ਼ਾਰ ਵਿਚ ਕਈ ਪ੍ਰਜਾਤੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਖਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਸ ਮਾਰਕੀਟ ਵਿਚ ਗਧੇ ਨੂੰ ਲੱਤਾਂ ਪੈਰ ਬੰਨ੍ਹ ਕੇ ਜ਼ਿੰਦਾ ਕੱਟ ਦਿੱਤਾ ਜਾਂਦਾ ਹੈ ਅਤੇ ਤੁਰੰਤ ਬਾਅਦ ਇਸ ਦਾ ਕੱਚਾ ਮਾਸ ਗਾਹਕਾਂ ਨੂੰ ਪਰੋਸਿਆ ਜਾਂਦਾ ਹੈ। ਸੋ, ਇਨਸਾਨ ਕਿੰਨਾ ਨਿਰਦਈ ਹੈ, ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਬਾਹਰੋਂ ਆਏ ਲੋਕਾਂ ਲਈ ਇਹ ਬਾਜ਼ਾਰ ਏਨਾ ਗੰਦਗੀ ਭਰਿਆ ਹੁੰਦਾ ਹੈ ਕਿ ਇੱਥੇ ਤੁਰਨਾ-ਫਿਰਨਾ ਤਾਂ ਦੂਰ ਸਾਹ ਲੈਣਾ ਵੀ ਔਖਾ ਹੁੰਦਾ ਹੈ। ਇਸ ਮਾਰਕੀਟ ਵਿਚ ਮਾਸਾਹਾਰੀ ਕਚਰਾ ਇੰਨਾ ਜ਼ਿਆਦਾ ਬਿਖਰਿਆ ਹੁੰਦਾ ਹੈ ਕਿ ਖ਼ਤਰਨਾਕ ਬਿਮਾਰੀਆਂ ਫੈਲਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਆਖਰਕਾਰ ਕੋਰੋਨਾ ਵਾਇਰਸ ਫੈਲਣ ਨਾਲ ਅਜਿਹਾ ਹੋਇਆ ਵੀ। ਮਨੁੱਖ ਦੀ ਅਣਗਹਿਲੀ ਕਾਰਨ ਇਸ ਭਿਆਨਕ ਬਿਮਾਰੀ ਨੇ ਜਾਨਵਰਾਂ ਵਿਚੋਂ ਇਨਸਾਨਾਂ ਵਿਚ ਪ੍ਰਵੇਸ਼ ਕਰ ਲਿਆ। ਉਹ ਖ਼ਤਰਨਾਕ ਵਿਸ਼ਾਣੂ, ਜੋ ਕਦੇ ਸਿਰਫ਼ ਜਾਨਵਰਾਂ ਨੂੰ ਪ੍ਰਭਾਵਿਤ ਕਰਦੇ ਸਨ, ਹੁਣ ਇਨਸਾਨ ਦੇ ਸਰੀਰਾਂ 'ਚ ਆਪਣਾ ਘਰ ਬਣਾਉਣ ਦੇ ਲਾਇਕ ਹੋ ਗਏ ਹਨ। ਸ਼ਇਦ ਕੁਦਰਤ ਇਨਸਾਨ ਤੋਂ ਬਦਲਾ ਲੈਣ ਦੀ ਤਿਆਰੀ ਵਿਚ ਹੈ। ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਇਸ ਬਾਜ਼ਾਰ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਅਤੇ ਇਥੇ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਹੋਇਆ ਹੈ। ਇਨਸਾਨ ਲਈ ਇਹ ਇਕ ਤਰ੍ਹਾਂ ਦੀ ਕੁਦਰਤੀ ਚਿਤਾਵਨੀ ਹੈ ਕਿਉਂਕਿ ਇਨਸਾਨ ਨੇ ਆਪਣੇ ਹਿਤਾਂ ਲਈ ਕੁਦਰਤ ਜਾਂ ਕੁਦਰਤ ਦੇ ਬਣਾਏ ਜੀਵਾਂ ਨਾਲ ਬਹੁਤ ਵੱਡੇ ਪੱਧਰ 'ਤੇ ਖਿਲਵਾੜ ਕੀਤਾ ਹੈ ਜਿਸ ਦੀ ਗਵਾਹੀ ਸੋਸ਼ਲ ਮੀਡੀਆ 'ਤੇ ਫੈਲੀਆਂ ਵੀਡੀਓਜ਼ ਭਰ ਰਹੀਆਂ ਹਨ। ਇਨਸਾਨ ਨੂੰ ਇਹ ਸਮਝਣਾ ਪਵੇਗਾ ਕਿ ਇਹ ਧਰਤੀ ਕੇਵਲ ਇਨਸਾਨ ਲਈ ਹੀ ਨਹੀਂ ਬਣੀ ਬਲਕਿ ਇਸ 'ਤੇ ਜਾਨਵਰਾਂ ਦਾ ਵੀ ਬਰਾਬਰ ਦਾ ਹੱਕ ਹੈ।
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਹਿਲਕਾ ਮਚਾ ਕੇ ਵੱਡੇ-ਵੱਡੇ ਵਿਕਸਿਤ ਦੇਸ਼ਾਂ ਦੀਆਂ ਸਿਹਤ ਸੰਸਥਾਵਾਂ ਨੂੰ ਵਖ਼ਤ ਪਾਉਂਦਿਆਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਜਿਸ ਵਿਚ ਚੀਨ, ਇਟਲੀ, ਅਮਰੀਕਾ, ਸਪੇਨ, ਜਰਮਨੀ, ਈਰਾਨ ਅਤੇ ਫਰਾਂਸ ਪ੍ਰਮੁੱਖ ਤੌਰ 'ਤੇ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ। ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਜਿਸ ਵਾਇਰਸ ਨੇ ਦੁਨੀਆ ਦੀਆਂ ਇਨ੍ਹਾਂ ਮਹਾਸ਼ਕਤੀਆਂ ਨੂੰ ਸਿਹਤ ਐਮਰਜੈਂਸੀਆਂ ਲਾਉਣ 'ਤੇ ਮਜਬੂਰ ਕੀਤਾ ਹੋਵੇ ਤਾਂ ਵਿਕਾਸਸ਼ੀਲ ਦੇਸ਼ਾਂ ਵਿਚ ਇਸ ਵਾਇਰਸ ਦੀ ਮਾਰ ਕਿੰਨੀ ਭਿਆਨਕ ਹੋਵੇਗੀ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਿਕਲ ਹੈ। ਇਸ ਲਈ ਭਾਰਤ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਅੱਜ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਭਾਰਤ ਬਹੁਤ ਪਛੜਿਆ ਹੋਇਆ ਹੈ। ਇਸ ਵਾਇਰਸ ਨੂੰ ਰੋਕਣ ਲਈ ਕਿਸੇ ਵੀ ਦੇਸ਼ ਕੋਲ ਕੋਈ ਦਵਾਈ ਮੌਜੂਦ ਨਾ ਹੋਣ ਕਾਰਨ ਇਸ ਦੇ ਮਰੀਜ਼ਾਂ ਦੀ ਗਿਣਤੀ ਦਿਨ-ਪ੍ਰਤੀਦਿਨ ਵਧਦੀ ਹੀ ਜਾ ਰਹੀ ਹੈ ਅਤੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦਿਸ ਰਹੇ ਹਨ।
ਮਾਹਿਰਾਂ ਦੇ ਕਹਿਣ ਮੁਤਾਬਿਕ ਇਹ ਵਾਇਰਸ ਭਾਰਤ ਵਿਚ ਅਜੇ ਦੂਜੀ ਸਟੇਜ 'ਤੇ ਹੈ ਅਤੇ ਹਾਲਾਤ ਕਾਬੂ ਵਿਚ ਹਨ ਪਰ ਜੇਕਰ ਇਹ ਤੀਸਰੀ ਸਟੇਜ ਵਿਚ ਦਾਖ਼ਲ ਹੋ ਜਾਂਦਾ ਹੈ ਤਾਂ ਇਸ ਨੂੰ ਭਾਰਤ ਸਰਕਾਰ ਵਲੋਂ ਰੋਕਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਕੋਰੋਨਾ ਵਾਇਰਸ ਇਕ ਅਜਿਹੀ ਮਹਾਂਮਾਰੀ ਹੈ ਜਿਸ ਬਾਰੇ 2019 ਵਿਚ ਪਤਾ ਲੱਗਿਆ ਸੀ। ਇਸ ਤੋਂ ਪਹਿਲਾਂ ਇਸ ਦਾ ਇਨਸਾਨਾਂ ਵਿਚ ਹੋਣ ਦਾ ਪਤਾ ਨਹੀਂ ਸੀ। ਕੋਰੋਨਾ ਵਾਇਰਸ ਅਜਿਹੀ ਬਿਮਾਰੀ ਹੈ ਜਿਹੜੀ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਿਸਮਾਂ ਦੇ ਕੋਰੋਨਾ ਵਾਇਰਸ ਹਨ ਜਿਹੜੇ ਜਾਨਵਰਾਂ ਵਿਚ ਤਾਂ ਹਨ ਪਰ ਕਿਸੇ ਇਨਸਾਨ ਵਿਚ ਇਨ੍ਹਾਂ ਦੀ ਮੌਜੂਦਗੀ ਦਾ ਅਜੇ ਪਤਾ ਨਹੀਂ ਹੈ। ਨੋਵਲ ਕੋਰੋਨਾ ਵਾਇਰਸ ਹੋਣ ਦੇ ਮੁੱਖ ਲੱਛਣ ਬੁਖਾਰ, ਖ਼ਾਂਸੀ ਅਤੇ ਸਾਹ ਲੈਣ ਵਿਚ ਤਕਲੀਫ਼ ਹੋਣਾ ਆਦਿ ਹਨ ਜਦਕਿ ਜ਼ਿਆਦਾ ਗੰਭੀਰ ਕੇਸਾਂ ਵਿਚ ਗੁਰਦਿਆਂ ਦੇ ਫੇਲ੍ਹ ਹੋਣ ਦੇ ਨਾਲ-ਨਾਲ ਮੌਤ ਵੀ ਹੋ ਸਕਦੀ ਹੈ। ਇਸ ਬਿਮਾਰੀ ਤੋਂ ਬਚਣ ਅਤੇ ਫੈਲਣ ਤੋਂ ਰੋਕਣ ਲਈ ਸਾਨੂੰ ਲਗਾਤਾਰ ਹੱਥਾਂ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਖਾਂਸੀ ਅਤੇ ਛਿੱਕ ਮਾਰਨ ਸਮੇਂ ਮੂੰਹ ਅਤੇ ਨੱਕ ਨੂੰ ਢਕ ਕੇ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਸਾਹਾਰੀ ਲੋਕਾਂ ਨੂੰ ਮਾਸ ਅਤੇ ਆਂਡਿਆਂ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ। ਜੇਕਰ ਕੋਈ ਇਨਸਾਨ ਜਿਸ ਨੂੰ ਬੁਖਾਰ, ਖੰਘ ਜਾਂ ਖ਼ਾਂਸੀ ਹੋਵੇ, ਉਸ ਤੋਂ ਦੂਰੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਹੱਥ ਮਿਲਾਉਣ ਜਾਂ ਗਲੇ ਮਿਲਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਇਸ ਵਾਇਰਸ ਤੋਂ ਬਚਾਅ ਲਈ ਵੱਡੇ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਅਤੇ ਡਬਲਿਊ. ਐਚ. ਓ. ਵਲੋਂ ਵਰਡਲ ਇੰਟਰਨੈਸ਼ਨਲ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਇਹੋ ਜਿਹੇ ਹਾਲਾਤ ਵਿਚ ਲੋਕਾਂ ਨੂੰ ਵੀ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 22 ਮਾਰਚ ਨੂੰ 'ਜਨਤਾ ਕਰਫ਼ਿਊ' ਲਾਇਆ ਗਿਆ ਸੀ ਤਾਂ ਜੋ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੂਰੇ ਦੇਸ਼ ਵਿਚ ਸਕੂਲੀ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਆਪਣੇ ਦਫ਼ਤਰੀ ਕੰਮ ਘਰਾਂ ਤੋਂ ਕਰਨ ਲਈ ਕਿਹਾ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਸਾਰੀਆਂ ਸਿੱਖਿਆ ਸੰਸਥਾਵਾਂ (ਸਕੂਲਾਂ, ਯੂਨੀਵਰਸਿਟੀਆਂ) ਜਿੰਮ, ਮਿਊਜ਼ੀਅਮ, ਕਲਚਰਲ ਅਤੇ ਸੋਸ਼ਲ ਸੈਂਟਰ, ਸਵੀਮਿੰਗ ਪੂਲ, ਸਿਨੇਮਿਆਂ ਨੂੰ ਬੰਦ ਕੀਤਾ ਜਾ ਚੁੱਕਾ ਹੈ ਅਤੇ ਰੈਸਟੋਰੈਂਟਾਂ ਨੂੰ ਸਫਾਈ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ। ਵਿਦਿਆਰਥੀਆਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੰਦਿਆਂ ਆਨਲਾਈਨ ਕਲਾਸਾਂ ਨੂੰ ਤਰਜੀਹ ਦੇਣ ਨੂੰ ਕਿਹਾ ਗਿਆ ਹੈ। ਵੀਡੀਓ ਕਾਨਫ਼ਰੰਸ ਦੇ ਜ਼ਰੀਏ ਮੀਟਿੰਗਾਂ ਕਰਨ ਨੂੰ ਕਿਹਾ ਗਿਆ ਹੈ। ਜਿਹੜੇ ਲੋਕਾਂ ਦਾ ਪਾਚਨ ਤੰਤਰ ਕਮਜ਼ੋਰ ਹੈ ਜਿਵੇਂ ਕਿ 65 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ ਹੈ। ਲੋਕਾਂ ਨੂੰ ਸਾਰੀਆਂ ਸਹੂਲਤਾਂ ਘਰ ਬੈਠੇ ਪ੍ਰਦਾਨ ਕਰਨ ਲਈ ਆਈ.ਟੀ. ਇੰਡਸਟਰੀ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਜਿਵੇਂ ਕਿ ਬੈਂਕਿੰਗ, ਬੀਮਾ, ਪੂਰਤੀ (ਸਪਲਾਈ) ਚੇਨ, ਟੈਲੀਕਾਮ ਅਤੇ ਇੰਟਰਨੈੱਟ ਵਰਗੀਆਂ ਸਹੂਲਤਾਂ ਨਿਰਵਿਘਨ ਦੇ ਰਹੀ ਹੈ।
ਡਬਲਿਊ. ਐਚ. ਓ. ਦੇ ਤਾਜ਼ਾ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਵਿਚ ਇਸ ਦੇ 3,34,981 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਲਗਪਗ 20,000 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਵਾਇਰਸ ਦੁਨੀਆ ਦੇ 190 ਮੁਲਕਾਂ ਵਿਚ ਫੈਲ ਚੁੱਕਿਆ ਹੈ। ਇਸ ਬਿਮਾਰੀ ਦੇ ਜ਼ਿਆਦਾਤਰ ਕੇਸ ਚੀਨ ਅਤੇ ਇਟਲੀ ਵਿਚੋਂ ਸਾਹਮਣੇ ਆ ਰਹੇ ਹਨ ਜਿੱਥੇ ਮੌਜੂਦਾ ਹਾਲਾਤ ਬਹੁਤ ਖ਼ਰਾਬ ਹਨ। ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਅੰਕੜਿਆਂ ਮੁਤਾਬਕ ਕੁੱਲ 600 ਤੋਂ ਜ਼ਿਆਦਾ ਮਰੀਜ਼ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ 16 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਭਾਰਤ ਵਿਚ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿਚੋਂ ਸਾਹਮਣੇ ਆਏ ਹਨ।
ਇਸ ਵਾਇਰਸ ਨੂੰ ਰੋਕਣ ਲਈ ਦੇਸ਼ ਦੇ ਹਰ ਨਾਗਰਿਕ ਨੂੰ ਸਰਕਾਰ ਦਾ ਪੂਰਨ ਤੌਰ 'ਤੇ ਸਹਿਯੋਗ ਕਰਨਾ ਚਾਹੀਦਾ ਹੈ। ਅੱਜਕਲ੍ਹ ਸੋਸ਼ਲ ਮੀਡੀਆ 'ਤੇ ਇਸ ਵਾਇਰਸ ਨਾਲ ਸਬੰਧਿਤ ਅਫ਼ਵਾਹਾਂ ਦਾ ਦੌਰ ਲਗਾਤਾਰ ਜਾਰੀ ਹੈ ਜਿਸ ਨਾਲ ਆਮ ਲੋਕਾਂ ਵਿਚ ਇਸ ਦਾ ਡਰ ਵਧ ਰਿਹਾ ਹੈ। ਇਸ ਲਈ ਜ਼ਿੰਮੇਵਾਰ ਨਾਗਰਿਕ ਬਣਦੇ ਹੋਏ ਪੂਰਾ ਗਿਆਨ ਨਾ ਹੋਣ 'ਤੇ ਕਿਸੇ ਤਰ੍ਹਾਂ ਵੀ ਅਫ਼ਵਾਹਾਂ ਫੈਲਾਉਣ ਤੋਂ ਰੁਕਣਾ ਚਾਹੀਦਾ ਹੈ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣੀ ਚਾਹੀਦੀ ਹੈ। ਲੋਕਾਂ ਵਿਚ ਸੈਨੇਟਾਈਜ਼ਰ, ਮਾਸਕ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਹੋਣ ਦਾ ਡਰ ਪੈਦਾ ਕਰਕੇ ਉਨ੍ਹਾਂ ਨੂੰ ਮਹਿੰਗੇ ਭਾਅ ਵਿਚ ਵੇਚਿਆ ਜਾ ਰਿਹਾ ਹੈ। ਜਿਸ 'ਤੇ ਲਗਾਮ ਲਗਾਉਣ ਲਈ ਭਾਰਤ ਸਰਕਾਰ ਵਲੋਂ 200 ਮਿਲੀਲੀਟਰ ਸੈਨੇਟਾਈਜ਼ਰ ਬੋਤਲ ਦੀ ਵੱਧ ਤੋਂ ਵੱਧ ਕੀਮਤ 100 ਰੁਪਏ ਫਿਕਸ ਕਰ ਦਿੱਤੀ ਗਈ ਹੈ ਅਤੇ 2 ਪਲਾਈ ਅਤੇ 3 ਪਲਾਈ ਕੁਆਲਟੀ ਦੇ ਮਾਸਕ ਦੀ ਕੀਮਤ ਨੂੰ 8 ਤੋਂ 10 ਰੁਪਏ ਦੇ ਵਿਚਕਾਰ ਰੱਖਿਆ ਗਿਆ ਹੈ ਇਹ ਹੁਕਮ 30 ਜੂਨ, 2020 ਤੱਕ ਲਾਗੂ ਰਹਿਣਗੇ। ਭਾਰਤ ਸਰਕਾਰ ਵਲੋਂ ਲੋਕਾਂ ਨੂੰ ਬਿਨਾਂ ਲੋੜ ਤੋਂ ਸਫ਼ਰ ਕਰਨ ਤੋਂ ਰੋਕਿਆ ਗਿਆ ਹੈ ਅਤੇ ਡਾਕਟਰਾਂ ਦੀ ਸਲਾਹ ਮੁਤਾਬਿਕ ਚੱਲਣ ਨੂੰ ਕਿਹਾ ਗਿਆ ਹੈ। ਅਜਿਹੇ ਕਦਮ ਲੋਕਾਂ ਨੂੰ, ਉਨ੍ਹਾਂ ਦੇ ਪਰਿਵਾਰਾਂ ਨੂੰ ਅਤੇ ਦੋਸਤਾਂ-ਮਿੱਤਰਾਂ ਨੂੰ ਤੰਦਰੁਸਤ ਰੱਖਣ ਵਿਚ ਮਦਦਗਾਰ ਸਾਬਿਤ ਹੋਣਗੇ। ਪੰਜਾਬ ਸਰਕਾਰ ਦੁਆਰਾ ਵੀ ਲਾਕਡਾਊਨ ਦੀ ਘੋਸ਼ਣਾ ਕੀਤੀ ਗਈ ਹੈ। ਸਵੈ-ਨਿਯੰਤਰਣ ਅਤੇ ਅਨੁਸ਼ਾਸਨ ਦੇ ਇਹ ਦਿਨ ਸਾਡੇ ਲਈ ਸਹਾਇਕ ਸਾਬਤ ਹੋ ਸਕਦੇ ਹਨ ਕਿਉਂਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਬਲਕਿ ਸਾਵਧਾਨੀਆਂ ਵਰਤਣ ਦੀ ਲੋੜ ਹੈ। ਅਸੀਂ ਪੰਜਾਬੀਆਂ ਨੇ ਹਮੇਸ਼ਾ ਅੱਗੇ ਹੋ ਕੇ ਮੁਸੀਬਤਾਂ ਦਾ ਟਾਕਰਾ ਕੀਤਾ ਹੈ ਤੇ ਹੁਣ ਫਿਰ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਦ੍ਰਿੜ੍ਹਤਾ ਤੇ ਏਕਤਾ ਦਾ ਸਬੂਤ ਪੂਰੇ ਦੇਸ਼ ਨੂੰ ਦਈਏ।


-ਮੋਬਾਈਲ : 94642-60010

ਰੱਬ ਦਾ ਡਾਕਟਰ ਲੀ ਵੇਨਲੀਆਂਗ

ਸੰਸਾਰ ਵਿਚ ਏਸ ਵੇਲੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੀ ਕੋਈ ਦਵਾਈ ਨਹੀਂ ਹੈ। ਇਹ ਲਾਇਲਾਜ ਵਾਇਰਸ ਚੀਨ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਕੁੱਲ 195 ਮੁਲਕਾਂ ਵਿਚੋਂ 192 ਮੁਲਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਚੁੱਕਾ ਹੈ। ਹੁਣ ਤਕ ਇਸ ਵਾਇਰਸ ਦੀ ਲਪੇਟ ਵਿਚ ਦੁਨੀਆ ਦੇ ਲਗਪਗ ਸਾਢੇ ਤਿੰਨ ਲੱਖ ਲੋਕ ਆ ਚੁੱਕੇ ਹਨ ਤੇ ਪੰਦਰਾਂ ਹਜ਼ਾਰ ਦੇ ਲਗਭਗ ਮੌਤਾਂ ਹੋ ਚੁੱਕੀਆਂ ਹਨ। ਇਹ ਗਿਣਤੀ ਦਿਨ-ਬ-ਦਿਨ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਸਥਾ ਵਲੋਂ ਇਸ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਚੀਨ ਤੋਂ ਬਾਅਦ ਹੁਣ ਇਸ ਦਾ ਕੇਂਦਰੀ ਬਿੰਦੂ ਇਟਲੀ ਦੇ ਨਾਲ ਪੂਰਾ ਯੂਰਪ ਬਣ ਚੁੱਕਾ ਹੈ। ਇਟਲੀ ਸਿਹਤ ਸੰਭਾਲ ਪੱਖੋਂ ਦੁਨੀਆਂ ਦਾ ਦੂਜੇ ਨੰਬਰ ਦਾ ਮੁਲਕ ਹੈ ਪਰ ਇਸ ਦੇ ਬਾਵਜੂਦ ਇਕੱਲੇ ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ ਪੰਜ ਹਜ਼ਾਰ ਨੂੰ ਪਾਰ ਕਰ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਇਟਲੀ ਵਿਚ ਮਰਨ ਵਾਲਿਆਂ ਦੀ ਔਸਤਨ ਗਿਣਤੀ ਪ੍ਰਤੀ ਦਿਨ ਸਾਢੇ ਛੇ ਸੌ ਦੇ ਕਰੀਬ ਹੈ।
30 ਦਸੰਬਰ, 2019 ਨੂੰ ਚੀਨੀ ਡਾਕਟਰ ਲੀ ਵੇਨਲੀਆਂਗ ਨੇ ਆਪਣੇ ਸਾਥੀ ਡਾਕਟਰਾਂ ਨੂੰ ਚੀਨ ਵਿਚ ਕੋਰੋਨਾ ਵਾਇਰਸ ਦੇ ਪੈਦਾ ਹੋਣ ਬਾਰੇ ਖ਼ਬਰਦਾਰ ਕਰਦਿਆਂ ਪਹਿਲੀ ਵਾਰ ਇਸ ਵਾਇਰਸ ਬਾਰੇ ਵੀਚੈਟ (Wechat) ਰਾਹੀਂ ਮੈਸਿਜ ਭੇਜਿਆ ਸੀ ਤੇ ਬਾਅਦ ਵਿਚ ਉਸ ਮੈਸਿਜ ਦੇ ਸਕਰੀਨ ਸ਼ਾਟ ਪੂਰੇ ਚੀਨ ਵਿਚ ਵਾਇਰਲ ਹੋ ਗਏ ਸਨ। ਕੁਝ ਦਿਨਾਂ ਬਾਅਦ ਚੀਨੀ ਪੁਲਿਸ ਨੇ 'ਝੂਠੀਆਂ ਅਫ਼ਵਾਹਾਂ ਫੈਲਾਉਣ' ਦੇ ਜੁਰਮ ਹੇਠ ਡਾਕਟਰ ਲੀ ਵੇਨਲੀਆਂਗ ਖ਼ਿਲਾਫ਼ ਕਾਨੂੰਨੀ ਨੋਟਿਸ ਅਧੀਨ ਜਨਤਕ ਮਾਫ਼ੀ ਮੰਗਣ ਲਈ ਕਿਹਾ ਸੀ। ਸਰਕਾਰੀ ਦਬਾਅ ਦੇ ਚਲਦਿਆਂ ਡਾਕਟਰ ਲੀ ਨੂੰ ਪੁਲਿਸ ਦੀ ਮੌਜਦੂਗੀ ਵਿਚ ਲਿਖਤ ਮਾਫ਼ੀ ਮੰਗਣੀ ਪਈ ਪਰ ਇਸ ਸਭ ਦੇ ਬਾਵਜੂਦ ਡਾਕਟਰ ਲੀ ਦਿਨ ਰਾਤ ਕੋਰੋਨਾ ਵਾਇਰਸ ਪੀੜਤ ਲੋਕਾਂ ਦੇ ਇਲਾਜ ਵਿਚ ਲੱਗੇ ਰਹੇ ਤੇ ਕੁਝ ਦਿਨਾਂ ਬਾਅਦ ਇਲਾਜ ਕਰਦੇ-ਕਰਦੇ ਖੁਦ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ। ਡਾਕਟਰ ਲੀ ਨੇ ਆਪਣੀ ਚੁੱਪ ਤੋੜਦਿਆਂ ਹਸਪਤਾਲ ਦੇ ਬੈੱਡ ਤੋਂ ਇਕ ਅਖ਼ਬਾਰ ਨੂੰ ਇੰਟਰਵਿਊ ਦਿੰਦਿਆਂ ਕਿਹਾ ਸੀ, 'ਜੇਕਰ ਅਧਿਕਾਰੀਆਂ ਨੇ ਇਸ ਮਹਾਂਮਾਰੀ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਹੁੰਦੀ, ਤਾਂ ਮੈਨੂੰ ਲਗਦਾ ਹੈ ਹਾਲਾਤ ਬਹੁਤ ਬਿਹਤਰ ਹੋਣੇ ਸਨ। ਇਥੇ ਵਧੇਰੇ ਖੁੱਲ੍ਹਾਪਣ ਤੇ ਪਾਰਦਰਸ਼ਤਾ ਹੋਣੀ ਚਾਹੀਦੀ ਹੈ।' ਇਸ ਇੰਟਰਵਿਊ ਤੋਂ ਕੁਝ ਦਿਨਾਂ ਬਾਅਦ ਮਹਿਜ 34 ਸਾਲਾ ਡਾਕਟਰ ਲੀ ਵੇਨਲੀਆਂਗ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ। ਚੀਨ ਦੇ ਸਰਕਾਰੀ ਅਖ਼ਬਾਰ ਪੀਪਲ'ਜ਼ ਡੇਲੀ ਵਲੋਂ ਦਿੱਤੀ ਅਧਿਕਾਰਕ ਸੂਚਨਾ ਅਨੁਸਾਰ ਡਾਕਟਰ ਲੀ ਦੀ ਮੌਤ 7 ਫਰਵਰੀ 2020 ਨੂੰ ਹੋਈ ਸੀ। ਡਾਕਟਰ ਲੀ ਦੀ ਮੌਤ ਬਾਰੇ ਕਈ ਵਿਰੋਧਾਭਾਸੀ ਰਿਪਰੋਟਾਂ ਆਈਆਂ ਪਰ ਤਾਨਾਸ਼ਾਹ ਤੰਤਰ ਦੇ ਦਬਾਅ ਹੇਠ ਦਬ ਕੇ ਰਹਿ ਗਈਆਂ। ਸਰਕਾਰੀ ਰਿਪੋਰਟਾਂ ਅਨੁਸਾਰ ਭਾਵੇਂ ਚੀਨ ਵਿਚ ਮੌਤਾਂ ਦੀ ਗਿਣਤੀ ਤੇਤੀ ਸੌ ਦੱਸੀ ਜਾ ਰਹੀ ਹੈ ਪਰ ਸਚਾਈ ਇਸ ਦੇ ਉਲਟ ਜਾਪਦੀ ਹੈ। ਚੀਨ ਦੀਆਂ ਟੈਲੀਕੌਮ ਕੰਪਨੀਆਂ ਅਨੁਸਾਰ ਪਿਛਲੇ ਦੋ ਤਿੰਨ ਮਹੀਨਿਆਂ ਦੌਰਾਨ ਡੇਢ ਲੱਖ ਦੇ ਕਰੀਬ ਮੋਬਾਈਲ ਸਿਮ ਬੰਦ ਹੋਏ ਹਨ। ਇਹ ਅੰਕੜੇ ਮੌਤਾਂ ਨਾਲ ਵੀ ਜੁੜੇ ਹੋ ਸਕਦੇ ਹਨ।
ਡਾਕਟਰ ਰੱਬ ਦਾ ਰੂਪ ਹੁੰਦਾ ਹੈ। ਇਹ ਸੁਣਦੇ ਸੀ ਪਰ ਦੁਨੀਆ ਵਿਚ ਕੋਰੋਨਾ ਕਹਿਰ ਨੇ ਇਸ ਕਹਾਵਤ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਵੇਲੇ ਦੁਨੀਆ ਭਰ ਦੇ ਡਾਕਟਰ, ਨਰਸਾਂ ਤੇ ਹੋਰ ਕਰਮਚਾਰੀ ਕੋਰੋਨਾ ਪੀੜਤ ਮਰੀਜ਼ਾਂ ਨੂੰ ਬਚਾਉਣ ਲਈ ਦਿਨ ਰਾਤ ਸੇਵਾ ਨਿਭਾਅ ਰਹੇ ਹਨ। ਇਟਲੀ ਦੇ ਹਾਲਾਤ ਏਸ ਵੇਲੇ ਸਭ ਤੋਂ ਨਾਜ਼ੁਕ ਹਨ। ਉਥੇ ਕੋਰੋਨਾ ਵਾਇਰਸ ਕਰਕੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਟਲੀ ਵਿਚ ਇਲਾਜ ਕਰਦੇ ਹੋਏ ਸਤਾਰਾਂ ਡਾਕਟਰਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ ਦੋ ਡਾਕਟਰ ਪਤੀ ਪਤਨੀ ਸਨ। ਇਨ੍ਹਾਂ ਡਾਕਟਰਾਂ, ਨਰਸਾਂ ਤੇ ਸਿਹਤ ਕਰਮਚਾਰੀਆਂ ਨੂੰ ਸਲਾਮ ਕਰਨਾ ਬਣਦਾ ਹੈ ਜੋ ਆਪਣੇ ਨਿੱਜ ਤੋਂ ਉਪਰ ਉਠ ਕੇ ਨਿਰਸੁਵਾਰਥ ਮਾਨਵਤਾ ਦੀ ਸੇਵਾ ਵਿਚ ਲੱਗੇ ਹੋਏ ਆਪਣੀਆਂ ਜਾਨਾਂ ਵਾਰ ਰਹੇ ਹਨ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਵਿਚ ਰਹਿ ਕੇ ਇਨ੍ਹਾਂ ਡਾਕਟਰਾਂ ਦੀ ਪ੍ਰੇਸ਼ਾਨੀ ਘੱਟ ਕਰੀਏ। ਇਹ ਲੋਕ ਸਾਡੇ ਕਾਰਨ ਆਪਣੀਆਂ ਜਾਨਾਂ ਦਾਓ 'ਤੇ ਲਗਾ ਰਹੇ ਹਨ ਕੀ ਅਸੀਂ ਕੁਝ ਦਿਨ ਆਪਣੇ ਘਰਾਂ ਅੰਦਰ ਰਹਿ ਕੇ ਸਵੈ-ਅਲਿਹਦਗੀ ਦੀ ਪਾਲਣਾ ਨਹੀਂ ਕਰ ਸਕਦੇ?
ਸਾਰਾ ਪੰਜਾਬ ਏਸ ਵੇਲੇ ਕਰਫ਼ਿਊ ਹੇਠ ਹੈ ਕਿਉਂਕਿ ਅਸੀਂ ਪੰਜਾਬੀ ਇਸ ਖੌਫ਼ਨਾਕ ਵਾਇਰਸ ਦੀ ਗੀਭਰਤਾ ਨੂੰ ਸਮਝਣ ਵਿਚ ਕੁਝ ਢਿੱਲ ਵਰਤ ਰਹੇ ਹਾਂ। ਇਹ ਵਕਤ ਹੁੱਲੜਬਾਜ਼ੀ, ਚੌਧਰੀਪੁਣੇ ਤੇ ਅਫ਼ਵਾਹਾਂ ਫੈਲਾਉਣ ਦਾ ਨਹੀਂ ਹੈ ਬਲਕਿ ਇਮਤਿਹਾਨ ਦਾ ਹੈ। ਜੇ ਅੱਜ ਅਸੀਂ ਇਸ ਵਾਇਰਸ ਦੀ ਚਿੰਤਾ ਨਾ ਕੀਤੀ ਤਾਂ ਕੱਲ੍ਹ ਨੂੰ ਕਿਧਰੇ ਇਹ ਨਾ ਹੋਵੇ ਕਿ ਚਿਤਾ ਨੂੰ ਅੱਗ ਦੇਣ ਵਾਸਤੇ ਕੋਈ ਬੰਦਾ ਨਾ ਲੱਭੇ। ਇਲਾਜ ਹੈ ਕਿ ਅਸੀਂ ਆਪਣੇ ਆਪ ਨੂੰ ਘਰਾਂ ਅੰਦਰ ਰੱਖੀਏ ਤੇ ਬਾਹਰ ਨਾ ਨਿਕਲੀਏ। ਜੇਕਰ ਸਾਨੂੰ ਤੇਜ਼ ਬੁਖਾਰ, ਖਾਂਸੀ ਜਾਂ ਸਾਹ ਲੈਣ ਵਿਚ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੀਏ। ਜੇਕਰ ਤੁਹਾਨੂੰ ਡਾਕਟਰਾਂ ਵਲੋਂ ਸਵੈ-ਅਲਹਿਦਗੀ ਲਈ ਕਿਹਾ ਗਿਆ ਹੈ ਤਾਂ ਇਮਾਨਦਾਰੀ ਨਾਲ ਇਸ ਹਿਦਾਇਤ ਦਾ ਪਾਲਣ ਕਰੀਏ। ਜੇਕਰ ਨਹੀਂ ਕਰਾਂਗੇ ਦਾ ਅਸੀਂ ਆਪਣੀ ਮੌਤ ਦਾ ਕਾਰਨ ਤਾਂ ਬਣਾਂਗੇ ਹੀ ਨਾਲ ਹੀ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਤੇ ਦੂਜੇ ਮਨੁੱਖਾਂ ਦੀ ਮੌਤ ਦਾ ਕਾਰਨ ਵੀ ਬਣ ਸਕਦੇ ਹਾਂ।
ਇਸ ਖ਼ਤਰਨਾਕ ਸਥਿਤੀ ਵਿਚੋਂ ਜਿੰਨਾ ਛੇਤੀ ਬਾਹਰ ਨਿਕਲ ਸਕੀਏ ਓਨਾ ਹੀ ਸਾਡੇ ਲਈ ਚੰਗਾ ਹੈ। ਇਹ ਘੜੀ ਮਨੁੱਖਤਾ ਲਈ ਇਮਤਿਹਾਨ ਦੀ ਘੜੀ ਹੈ। ਅਸੀਂ ਆਪਣੇ ਆਪ ਨੂੰ ਥੋੜੇ ਦਿਨਾਂ ਲਈ ਅਨੁਸ਼ਾਸਨ ਵਿਚ ਰੱਖੀਏ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਈਏ। ਬਸ ਕੁਝ ਦਿਨ੍ਹਾਂ ਲਈ ਮੰਦਰ, ਮਸਜਿਦ, ਚਰਚ ਤੇ ਗੁਰਦੁਆਰੇ ਜਾਣ ਦੀ ਬਜਾਇ ਆਪਣੇ ਘਰਾਂ ਅੰਦਰ ਬੈਠ ਕੇ ਆਪਣੇ ਇਸ਼ਟ ਦੀ ਅਰਾਧਨਾ ਕਰੀਏ ਤੇ ਬੇਵਸ ਹੋਈ ਲੋਕਾਈ ਦੇ ਭਲੇ ਲਈ ਅਰਦਾਸ ਕਰੀਏ। ਕੇਵਲ ਏਨਾ ਹੀ ਪ੍ਰਣ ਕਰਨਾ ਹੈ ਕਿ ਮੈਂ ਆਪਣੇ ਆਪ ਨੂੰ ਬਚਾ ਕੇ ਆਪਣੇ ਪਰਿਵਾਰ, ਸਮਾਜ ਤੇ ਮਨੁੱਖਤਾ ਨੂੰ ਬਚਾਉਣਾ ਹੈ ਤੇ ਕਿਸੇ ਦੂਜੇ ਦੀ ਮੌਤ ਦਾ ਕਾਰਨ ਨਹੀਂ ਬਣਨਾ ਹੈ। ਚੀਨੀ ਡਾਕਟਰ ਲੀ ਦੀ ਇਮਾਨਦਾਰ ਸਲਾਹ ਨੂੰ ਜੇਕਰ ਚੀਨੀ ਸਰਕਾਰ ਨੇ ਸਮੇਂ ਸਿਰ ਮੰਨ ਲਿਆ ਹੁੰਦਾ ਤਾਂ ਲੀ ਜਿਹਾ ਡਾਕਟਰ ਤੇ ਹੋਰ ਅਨੇਕਾਂ ਮਾਸੂਮ ਲੋਕ ਬਚ ਸਕਦੇ ਸਨ ਪਰ ਹੁਣ ਸਮਾਂ ਲੰਘ ਗਿਆ ਹੈ। ਆਓ! ਲੀ ਵਰਗੇ ਰੱਬ ਦੇ ਪਿਆਰਿਆਂ ਦੀ ਸ਼ਹਾਦਤ ਨੂੰ ਅਜਾਈਂ ਨਾ ਜਾਣ ਦੇਈਏ। ਸਵੈ-ਅਲਹਿਦਗੀ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਡਾਕਟਰ ਲੀ ਤੇ ਬਾਕੀ ਹੋਰ ਡਾਕਟਰ, ਜਿਹੜੇ ਆਪਣੀ ਜਾਨ ਦਾਓ 'ਤੇ ਲਗਾ ਕੇ ਮਾਨਵਤਾ ਦੀ ਸੇਵਾ ਵਿਚ ਲੱਗੇ ਹੋਏ ਹਨ, ਨੂੰ ਸਲਾਮ ਕਰੀਏ, ਹੌਸਲਾ ਅਫ਼ਜ਼ਾਈ ਕਰੀਏ ਤੇ ਉਨ੍ਹਾਂ ਲਈ ਮੁਸੀਬਤ ਨਾ ਬਣੀਏ। ਅਸੀਂ ਗੁਰੂ ਨਾਨਕ ਦੇ ਵਾਰਿਸ ਹਾਂ। ਆਓ, 'ਸਰਬੱਤ ਦੇ ਭਲੇ' ਲਈ ਸਹਿਯੋਗ ਦਈਏ।


-ਮੋਬਾਈਲ : 9056490559

ਮਾਲਥਸ ਦਾ ਭੂਤ ਫਿਰ ਜਾਗ ਪਿਆ

ਚੀਨ ਦੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਆਲਮੀ ਪੱਧਰ 'ਤੇ ਪੈਰ ਪਸਾਰੇ ਹੋਏ ਹਨ। ਵੁਹਾਨ ਤੋਂ ਸ਼ੁਰੂ ਹੋਈ ਇਹ ਅਲਾਮਤ ਦੁਨੀਆ ਦੇ ਪੌਣੇ ਦੋ ਸੌ ਤੋਂ ਵੱਧ ਦੇਸ਼ਾਂ ਤੱਕ ਪਹੁੰਚ ਚੁੱਕੀ ਹੈ। ਵਿਗਿਆਨ ਵਿਚ ਬਹੁਤ ਤਰੱਕੀ ਕਰ ਚੁੱਕੇ ਦੇਸ਼ ਵੀ ਇਸ ਮਹਾਂਮਾਰੀ 'ਤੇ ਕਾਬੂ ਪਾਉਣ ਵਿਚ ਔਖ ਮਹਿਸੂਸ ਕਰ ਰਹੇ ਹਨ। ਆਲਮੀ ਪੱਧਰ 'ਤੇ ਇਸ ਨੇ ਲੱਖਾਂ ਲੋਕਾਂ ਨੂੰ ਆਪਣੀ ਜਕੜ ਵਿਚ ਲਿਆ ਹੈ ਅਤੇ ਤਕਰੀਬਨ 20 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ ਪਰ ਅਜੇ ਤੱਕ ਵਿਗਿਆਨੀ ਇਸ ਵਾਇਰਸ ਦਾ ਤੋੜ ਨਹੀਂ ਲੱਭ ਸਕੇ। ਇਸ ਤੋਂ ਬੇਵਸ ਹੋ ਕੇ ਦੋ ਵੱਡੇ ਦੇਸ਼ ਅਮਰੀਕਾ ਅਤੇ ਚੀਨ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਤੇ ਉਤਰ ਆਏ ਹਨ। ਸਾਰੇ ਪ੍ਰਭਾਵਤ ਦੇਸ਼ਾਂ ਨੇ ਆਪਣੇ ਸਾਰੇ ਕੰਮ ਰੋਕ ਕੇ ਆਪਣੀ ਸਾਰੀ ਸ਼ਕਤੀ ਇਸ ਨੂੰ ਕਾਬੂ ਕਰਨ 'ਤੇ ਲਾਈ ਹੋਈ ਹੈ। ਸਾਡੇ ਦੇਸ਼ ਵਿਚ ਵੀ ਦੁਕਾਨਾਂ, ਮਾਲ, ਕਾਰਖਾਨੇ, ਵਿਆਹ-ਸ਼ਾਦੀਆਂ, ਰਾਜਨੀਤਕ ਤੇ ਧਾਰਮਿਕ ਇਕੱਠ, ਬਾਜ਼ਾਰ, ਮੰਡੀਆਂ, ਸੜਕੀ ਆਵਾਜਾਈ ਤੇ ਹਵਾਈ ਸਫਰ ਸਭ ਠੱਪ ਹੋ ਚੁੱਕੇ ਹਨ। ਹਰ ਪ੍ਰਭਾਵਤ ਮੁਲਕ ਆਪਣੀਆਂ ਸਰਹੱਦਾਂ ਸੀਲ ਕਰਨ ਜਾ ਰਿਹਾ ਹੈ। ਆਪਣੇ ਵਸਨੀਕਾਂ ਨੂੰ ਆਪਣੇ ਘਰਾਂ ਅੰਦਰ ਰਹਿ ਕੇ ਇਸ ਮਹਾਂਮਾਰੀ ਤੋਂ ਬਚਣ ਦੀਆਂ ਹਦਾਇਤਾਂ ਕਰ ਰਿਹਾ ਹੈ।
ਮਹਾਂਮਾਰੀ ਦੇ ਇਤਿਹਾਸ ਵਿਚ ਪਹਿਲਾਂ ਵੀ ਧਰਤੀ 'ਤੇ ਬਹੁਤ ਵਾਰੀ ਆਫ਼ਤਾਂ ਆਉਂਦੀਆਂ ਰਹੀਆਂ ਹਨ। ਕਿਹਾ ਜਾਂਦਾ ਹੈ ਕਿ ਚੀਨ ਵਿਚ 3000 ਸਾਲ ਈਸਵੀ ਪੂਰਵ ਵੀ ਕੋਈ ਮਹਾਂਮਾਰੀ ਫੈਲੀ ਸੀ। ਬਹੁਤ ਸਾਰੇ ਲੋਕ ਮਾਰੇ ਗਏ ਸਨ। ਉਨ੍ਹਾਂ ਨੂੰ ਚੀਨ ਵਿਚ ਹੇਮਿਨਾ ਮੇਘਾ ਨਾਮੀ ਸਥਾਨ 'ਤੇ ਘਰਾਂ ਵਿਚ ਹੀ ਦੱਬ ਦਿੱਤਾ ਗਿਆ ਸੀ। ਉਨ੍ਹਾਂ ਦੇ ਪੱਥਰਾਟ ਅਜੋਕੇ ਸਮੇਂ ਵਿਚ ਲੱਭੇ ਗਏ ਹਨ। ਇਸੇ ਤਰ੍ਹਾਂ 1720 ਈਸਵੀ ਵਿਚ ਸੰਸਾਰ ਵਿਚ ਪਲੇਗ ਫੈਲੀ ਜਿਸ ਨਾਲ ਕਈ ਦੇਸ਼ਾਂ ਵਿਚ ਇੱਕ ਲੱਖ ਦੇ ਕਰੀਬ ਮੌਤਾਂ ਹੋ ਗਈਆਂ ਸਨ। ਫਿਰ ਸੰਨ 1820 ਵਿਚ ਹੈਜ਼ਾ ਫੈਲਿਆ, ਉਦੋਂ ਵੀ ਲੱਗਭਗ ਇਕ ਲੱਖ ਮਨੁੱਖ ਇਸ ਦੁਨੀਆ ਤੋਂ ਤੁਰ ਗਏ ਸਨ। ਸੰਨ 1920 ਦੌਰਾਨ ਸਪੈਨਿਸ਼ ਵਾਇਰਸ ਨੇ ਸੌ ਕਰੋੜ ਦੇ ਨੇੜੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ ਅਤੇ ਤਕਰੀਬਨ ਦਸ ਕਰੋੜ ਪ੍ਰਾਣੀ ਜਾਨ ਤੋਂ ਹੱਥ ਧੋ ਬੈਠੇ ਸਨ। ਇਨ੍ਹਾਂ ਆਫ਼ਤਾਂ ਦਾ ਸਬੰਧ ਕਿਸੇ ਵਿਸ਼ੇਸ਼ ਸਾਲ ਨਾਲ ਨਹੀਂ ਹੈ ਇਹ ਕਦੇ ਵੀ ਵਾਪਰ ਸਕਦੀਆਂ ਹਨ। ਸਮੇਂ-ਸਮੇਂ ਬਹਤੇ ਵਿਗਿਆਨੀਆਂ ਨੇ ਇਨ੍ਹਾਂ ਆਫ਼ਤਾਂ ਨੂੰ ਸੰਸਾਰ ਦੀ ਲੋੜੋਂ ਵੱਧ ਵਧੀ ਆਬਾਦੀ ਨਾਲ ਜੋੜਿਆ ਹੈ। ਚਿੰਤਕਾਂ ਦੀਆਂ ਆਬਾਦੀ ਬਾਰੇ ਸਮੇਂ-ਸਮੇਂ ਵੱਖਰੀਆਂ-ਵੱਖਰੀਆਂ ਧਾਰਨਾਵਾਂ ਰਹੀਆਂ ਹਨ।
ਭਾਰਤੀ ਅਰਥ-ਸ਼ਾਸਤਰੀ ਕੌਟੱਲਿਆ ਨੇ ਆਬਾਦੀ ਬਾਰੇ ਆਖਿਆ ਸੀ ਕਿ ਕਿਸੇ ਦੇਸ਼ ਦੀ ਆਬਾਦੀ ਜਿੰਨੀ ਜ਼ਿਆਦਾ ਹੋਵੇਗੀ ਓਨਾ ਹੀ ਉਹ ਦੇਸ਼ ਆਰਥਿਕ, ਰਾਜਨੀਤੱਕ ਅਤੇ ਸੁਰੱਖਿਆ ਦੇ ਮਾਮਲੇ ਵਿਚ ਸੰਪੰਨ ਹੋਵੇਗਾ। 14ਵੀਂ ਸਦੀ ਵਿਚ ਅਰਬ ਦੇ ਇਤਿਹਾਸਕਾਰ ਇਬਨ ਖਾਲਦੀਨ ਨੇ ਵੀ ਇਸੇ ਗੱਲ ਦੀ ਪ੍ਰੌੜ੍ਹਤਾ ਕੀਤੀ ਸੀ। ਯਹੂਦੀਆਂ ਮੁਤਾਬਕ ਪ੍ਰਮਾਤਮਾ ਨੇ ਆਦਮ ਅਤੇ ਈਵ ਨੂੰ ਵੀ ਮਨੁੱਖਤਾ ਦੇ ਲਾਭਕਾਰੀ ਵਾਧੇ ਲਈ ਧਰਤੀ 'ਤੇ ਭੇਜਿਆ ਸੀ। ਚੀਨ ਦੇ ਫ਼ਿਲਾਸਫ਼ਰ ਕਨਫੂਸ਼ੀਅਸ ਨੇ ਦਲੀਲ ਦਿੱਤੀ ਸੀ ਕਿ ਆਬਾਦੀ ਦਾ ਵਾਧਾ ਕੁਦਰਤੀ ਵਸੀਲਿਆਂ ਦੇ ਲੋੜੀਂਦੇ ਅਨਪਾਤ ਵਿਚ ਹੀ ਹੋਣਾ ਚਾਹੀਦਾ ਹੈ ਤਾਂ ਹੀ ਲਾਭਕਾਰੀ ਹੋਵੇਗਾ। ਯੂਨਾਨ ਦੇ ਚਿੰਤਕ ਪਲੈਟੋ ਨੇ ਵੀ ਆਬਾਦੀ ਨੂੰ ਆਰਥਿਕ ਸਾਧਨਾਂ ਦੇ ਅਨੁਪਾਤ ਵਿਚ ਰੱਖਣ ਦੀ ਵਕਾਲਤ ਕੀਤੀ ਸੀ।
ਥੌਮਸ ਰੋਬਰਟ ਮਾਲਥਸ ਇਕ ਅੰਗਰੇਜ਼ ਅਰਥਸ਼ਾਸ਼ਤਰੀ ਦੇ ਪਿਤਾ ਡੇਨੀਅਲ ਮਾਲਥਸ ਦੇ ਦੋਸਤ ਵਿਲੀਅਮ ਗੋਡਵਿਨ ਨੇ ਇਕ ਕਿਤਾਬ ਪੋਲੀਟੀਕਲ ਜਸਟਿਸ ਲਿਖੀ ਜਿਸ ਵਿਚ ਉਸ ਨੇ ਵਧਦੀ ਆਬਾਦੀ ਦੇ ਬਹੁਤ ਗੁਣ ਗਾਏ ਜਿਹੜੇ ਕਿ ਥੌਮਸ ਰੋਬਰਟ ਮਾਲਥਸ ਨੂੰ ਠੀਕ ਨਹੀਂ ਲੱਗੇ। ਉਸ ਨੇ ਸੰਨ 1798 ਈਸਵੀ ਵਿਚ ਇਸ ਦੇ ਜਵਾਬ ਵਿਚ ਇਕ ਕਿਤਾਬ ਪ੍ਰਿੰਸੀਪਲਜ਼ ਆਫ਼ ਪਾਪੂਲੇਸ਼ਨ ਥਿਊਰੀ ਲਿਖੀ ਜਿਸ ਵਿਚ ਉਸ ਨੇ ਪਹਿਲੀ ਵਾਰ ਦੱਸਿਆ ਕਿ ਆਬਾਦੀ ਗੁਣਾਆਤਮਕ ਤਰੀਕੇ ਨਾਲ ਵਧਦੀ ਹੈ (1, 2, 4, 8, 16) ਅਤੇ ਇਹ 25 ਸਾਲਾਂ ਵਿਚ ਦੁੱਗਣੀ ਹੋ ਜਾਂਦੀ ਹੈ। ਇਸ ਦੇ ਮੁਕਾਬਲੇ ਭੋਜਨ ਅਤੇ ਭੋਜਨ ਪੈਦਾ ਕਰਨ ਵਾਲੇ ਸਾਧਨ ਗਣਿਤ ਮੁਤਾਬਿਕ (1, 2, 3, 4.5) ਹਿਸਾਬ ਨਾਲ ਵਧਦੇ ਹਨ। ਇਸ ਤਰ੍ਹਾਂ ਆਬਾਦੀ ਅਤੇ ਭੋਜਨ ਵਿਚ ਪਾੜਾ ਵਧਦਾ ਜਾਂਦਾ ਹੈ। ਮਾਲਥਸ ਨੇ ਇਹ ਵੀ ਦੱਸਿਆ ਕਿ ਜਦੋਂ ਇਹ ਪਾੜਾ ਬਹੁਤ ਹੀ ਵਧ ਜਾਂਦਾ ਹੈ ਤਾਂ ਕੁਦਰਤ ਦੁਆਰਾ ਆਬਾਦੀ ਅਤੇ ਭੋਜਨ ਵਿਚ ਤਵਾਜ਼ਨ ਪੈਦਾ ਕਰਨ ਲਈ ਹੜ੍ਹ, ਭੁਚਾਲ, ਗੰਭੀਰ ਬਿਮਾਰੀਆਂ (ਮਹਾਂਮਾਰੀ), ਯੁੱਧ-ਵਿਸ਼ਵ ਯੁੱਧ ਅਤੇ ਕਾਲ (ਭੁੱਖਮਰੀ) ਆਦਿ ਵਾਪਰਦੇ ਹਨ। ਇਨ੍ਹਾਂ ਮਹਾਂਮਾਰੀਆਂ ਨੂੰ ਦੇਖਦੇ ਹੋਏ ਵਿਸ਼ਵ ਬੈਂਕ ਦੇ ਨੁਮਾਇੰਦਿਆਂ ਨੇ ਕਿਹਾ ਸੀ ਕਿ ਮਾਲਥਸ ਦਾ ਭੂਤ ਅਜੇ ਦੱਬਿਆ ਨਹੀਂ ਜਾ ਸਕਿਆ। ਸੁਨਾਮੀ, ਕੈਟਰੀਨਾ ਅਤੇ ਰੀਟਾ ਵਰਗੇ ਤਬਾਹਕੁੰਨ ਵਰਤਾਰੇ ਵੀ ਇਸ ਗੱਲ ਦੇ ਗਵਾਹ ਹਨ। ਮਾਲਥਸ ਨੇ ਆਬਾਦੀ ਨੂੰ ਕੰਟਰੋਲ ਕਰਨ ਲਈ ਦੇਰ ਨਾਲ ਵਿਆਹ ਕਰਨਾ ਜਾਂ ਵਿਆਹ ਨਾ ਕਰਨਾ ਆਦਿ ਦੇ ਸੁਝਾਅ ਵੀ ਦਿੱਤੇ।
ਇਸ ਪਾੜੇ ਨੂੰ ਪੂਰਾ ਕਰਨ ਲਈ ਮਨੁੱਖ ਮਸਨੂਈ ਸਾਧਨਾਂ ਨਾਲ ਭੋਜਨ ਪੈਦਾ ਕਰਨ ਦੇ ਰਾਹ ਪੈਂਦਾ ਹੈ । ਉਹ ਹਰ ਤਰ੍ਹਾਂ ਦੇ ਜਾਨਵਰਾਂ ਦਾ ਮਾਸ ਖਾਣਾ ਸ਼ੁਰੂ ਕਰ ਦਿੰਦਾ ਹੈ। ਗ਼ੈਰ-ਕੁਦਰਤੀ ਸਾਧਨਾ ਨਾਲ ਪੈਦਾ ਕੀਤਾ ਗਿਆ ਭੋਜਨ ਮਨੁੱਖ ਲਈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰਦਾ ਹੈ। ਇਸ ਦੀ ਉਦਾਹਰਣ ਪੰਜਾਬ ਦੀ ਧਰਤੀ ਦੀ ਦਿੱਤੀ ਜਾ ਸਕਦੀ ਹੈ। ਹਰੇ ਇਨਕਲਾਬ ਨੇ ਅਨਾਜ ਭਾਵੇਂ ਬਹੁਤੀ ਮਾਤਰਾ ਵਿਚ ਪੈਦਾ ਕਰ ਦਿੱਤਾ ਪਰ ਅਸੀਂ ਪਵਿੱਤਰ ਪਾਣੀ, ਸਾਫ਼ ਤੇ ਉਪਜਾਊ ਧਰਤੀ ਅਤੇ ਸਿਹਤਮੰਦ ਵਾਤਾਵਰਨ ਤੋਂ ਵਿਰਵੇ ਹੋ ਗਏ । ਕੈਂਸਰ ਅਤੇ ਹੋਰ ਬਿਮਾਰੀਆਂ ਨੇ ਮਰੀਜ਼ਾਂ ਨਾਲ ਹਸਪਤਾਲ ਭਰ ਦਿੱਤੇ। ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਵੀ ਇਹੀ ਹਾਲ ਹੈ। ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸੀਚਿਊਟ ਦੇ 79 ਦੇਸ਼ਾਂ ਦੇ ਸਰਵੇ ਮੁਤਾਬਕ 65 ਦੇਸ਼ ਭੁੱਖਮਰੀ ਨਾਲ ਗ੍ਰਸੇ ਦੇਸ਼ਾਂ ਵਿਚ ਆਉਂਦੇ ਹਨ।
ਕੋਰੋਨਾ ਵਾਇਰਸ ਜਿਹੜਾ ਕਿ ਚੀਨ ਵਿਚ ਵੁਹਾਨ ਦੀ ਮਾਸ-ਮੰਡੀ ਤੋਂ ਮਨੁੱਖੀ ਸਰੀਰ ਵਿਚ ਦਾਖਲ ਹੋਇਆ ਮੰਨਿਆ ਜਾ ਰਿਹਾ ਹੈ, ਦੁਨੀਆ ਭਰ ਵਿਚ ਹਜ਼ਾਰਾਂ ਮਨੁੱਖਾਂ ਦੀਆਂ ਜਾਨਾਂ ਲੈ ਚੁੱਕਿਆ ਹੈ। ਸਾਰਸ, ਇਬੋਲਾ, ਬਰਡ ਫਲੂ, ਸਵਾਈਨ ਫਲੂ, ਸਪੈਨਿਸ਼ ਫਲੂ, ਮੇਰਿਸ ਫਲੂ ਤੇ ਏਸ਼ੀਅਨ ਫਲੂ ਇਨਫਲੂਐਂਜ਼ਾ ਵੀ ਇਸ ਦੇ ਨਾਲ ਮਿਲਦੇ ਜੁਲਦੇ ਵਾਇਰਸ ਸਨ ਜਿਹੜੇ ਕਿ ਸਮੇਂ-ਸਮੇਂ ਦੁਨੀਆ ਦੇ ਕਈ ਦੇਸ਼ਾਂ ਵਿਚ ਫੈਲੇ। ਇਨ੍ਹਾਂ ਵਿਚੋਂ ਬਹੁਤੇ ਜਾਨਵਰਾਂ ਤੇ ਪੰਛੀਆਂ ਤੋਂ ਹੀ ਮਨੁੱਖ ਜਾਤੀ ਵਿਚ ਸਪਰਸ਼ ਰਾਹੀਂ ਜਾਂ ਮਾਸ ਖਾਣ ਨਾਲ ਦਾਖਲ ਹੋਏ ਮੰਨੇ ਜਾਂਦੇ ਹਨ। ਇਹ ਕੁਦਰਤੀ ਵਰਤਾਰੇ ਹਨ। ਦੁਨੀਆ ਭਰ ਵਿਚ ਮਨੁੱਖ ਵਲੋਂ ਕੁਦਰਤ ਨਾਲ ਕੀਤੇ ਗਏ ਖਿਲਵਾੜ ਪ੍ਰਤੀ ਕੁਦਰਤ ਦਾ ਸਬਰ ਦਾ ਪਿਆਲਾ ਭਰ ਕੇ ਉਛਲ ਪਿਆ ਹੈ। ਅਸੀਂ ਤਰੱਕੀ ਦੇ ਨਾਂਅ 'ਤੇ ਆਪਣੀਆਂ ਵੱਡੀਆਂ-ਛੋਟੀਆਂ ਫੈਕਟਰੀਆਂ ਦੇ ਰਸਾਇਣਕ ਮਲ ਨੂੰ ਨਦੀਆਂ ਨਾਲਿਆਂ, ਦਰਿਆਵਾਂ ਵਿਚ ਸੁੱਟ ਕੇ-ਇਥੋਂ ਤੱਕ ਸਮੁੰਦਰ ਨੂੰ ਵੀ ਦੂਸ਼ਿਤ ਕਰ ਦਿੱਤਾ ਹੈ। ਖੇਤੀ-ਯੋਗ ਭੂਮੀ ਨੂੰ ਰਸਾਇਣਕ ਖਾਦਾਂ ਦੇ ਚਾਬੁਕ ਮਾਰ ਮਾਰ ਕੇ ਦੁੱਗਣੀ-ਤਿੱਗਣੀ ਫ਼ਸਲ ਪ੍ਰਾਪਤ ਕਰ ਕੇ ਦੂਸ਼ਿਤ ਅਤੇ ਨਿਸਲ ਕਰ ਬੈਠੇ ਹਾਂ। ਅਸੀਂ ਕੁਦਰਤੀ ਜੰਗਲਾਂ ਤੇ ਕੋਈ ਤਰਸ ਨਹੀਂ ਕੀਤਾ-ਜਿੰਨੇ ਦਰਖੱਤ ਵੱਢੇ ਉਨ੍ਹਾਂ ਦਾ ਇਕ ਪ੍ਰਤੀਸ਼ਤ ਵੀ ਮੁੜ ਕੇ ਨਹੀਂ ਲਗਾਇਆ। ਜੰਗਲਾਂ ਦੀ ਘਾਟ ਕਾਰਨ ਹਵਾਵਾਂ ਵੀ ਜ਼ਖ਼ਮੀ ਹੋਈਆਂ ਹਨ। ਹੁਣ ਕੁਦਰਤ ਵੀ ਬੇਬੱਸ ਹੋਈ ਜਾਪਦੀ ਹੈ। ਕੋਰੋਨਾ ਵਾਇਰਸ ਬਾਰੇ ਬਹੁਤ ਸਾਰੀਆ ਅਫ਼ਵਾਹਾਂ ਚੱਲ ਰਹੀਆਂ ਹਨ। ਇਨ੍ਹਾਂ ਗੱਲਾਂ ਵਿਚ ਕੋਈ ਸਚਾਈ ਨਹੀਂ ਹੈ। ਲੋਕਾਂ ਨੂੰ ਇਨ੍ਹਾਂ ਅਫ਼ਵਾਹਾਂ 'ਤੇ ਕੋਈ ਯਕੀਨ ਨਹੀਂ ਕਰਨਾ ਚਹੀਦਾ ਹੈ ਨਾ ਹੀ ਫੈਲਾਉਣੀਆਂ ਚਾਹੀਦੀਆਂ ਹਨ। ਸੋਸ਼ਲ ਮੀਡੀਆ ਵੀ ਇਸ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਜਿਥੇ ਇਸ ਵਿਚ ਸਰਕਾਰੀ ਹਦਾਇਤਾਂ ਜਾਰੀ ਹੋ ਰਹੀਆਂ ਹਨ ਜਿਹੜੀਆਂ ਕਿ ਸਾਡੇ ਬਚਾਓ ਲਈ ਬਹੁਤ ਜ਼ਰੂਰੀ ਹਨ, ਉਥੇ ਮੀਡੀਆ 'ਤੇ ਬਹੁਤ ਗੁੰਮਰਾਹ ਕਰਨ ਵਾਲੀਆ ਪੋਸਟਾਂ ਵੀ ਆ ਰਹੀਆਂ ਹਨ ਜਿਨ੍ਹਾਂ ਤੋਂ ਬਚਣ ਦੀ ਲੋੜ ਹੈ। ਤਰੱਕੀ-ਯਾਫ਼ਤਾ ਅਤੇ ਸਾਡੇ ਨਾਲੋਂ ਘੱਟ ਆਬਾਦੀ ਵਾਲੇ ਦੇਸ਼ਾਂ ਦੀ ਹਾਲਤ ਵੇਖਦੇ ਹੋਏ ਸਾਨੂੰ ਬਹੁਤ ਇਹਤਿਆਦ ਵਰਤਣ ਦੀ ਲੋੜ ਹੈ। ਹੁਣ ਸਿਹਤ ਮਹਿਕਮਾ ਅਤੇ ਸਰਕਾਰੀ ਹਦਾਇਤਾਂ ਮੁਤਾਬਿਕ ਚੱਲ ਕੇ ਆਪਣਾ ਤੇ ਸਮਾਜ ਦਾ ਭਲਾ ਕਰਨ ਦਾ ਸਮਾਂ ਹੈ।


-ਆਬਕਾਰੀ ਕਰ ਅਫਸਰ (ਰਿਟਾ), 246, ਅਰਬਨ ਸਟੇਟ ਫਗਵਾੜਾ। ਮੋਬਾਈਵਲ-9872673703.

ਅਫ਼ਗਾਨਿਸਤਾਨ ਨੂੰ ਵਿਕਾਸ ਦੀ ਲੀਹੇ ਪਾਉਣ ਵਿਚ ਜ਼ੇਵੀਅਰ ਫਿਲਪ ਰਿਕਾਡੋ ਵੀ ਯਤਨਸ਼ੀਲ ਰਿਹਾ

ਲੀਮਾ, ਪੇਰੂ ਵਿਚ 19 ਜਨਵਰੀ 1920 ਨੂੰ ਜਨਮੇ ਤੇ ਸੰਯੁਕਤ ਰਾਸ਼ਟਰ ਦੇ ਪੰਜਵੇਂ ਸਕੱਤਰ ਜਨਰਲ ਬਣੇ ਫਿਲਪ ਰਿਕਾਡੋ ਨੇ ਇਕ ਵਕੀਲ ਵਜੋਂ ਆਪਣਾ ਜੀਵਨ ਸਫ਼ਰ ਸ਼ੁਰੂ ਕਰ ਕੇ ਇਕ ਸਫਲ ਡਿਪਲੋਮੈਟ ਕਰੀਅਰ ਨਾਲ ਮੁਕੰਮਲ ਕੀਤਾ ਸੀ। ਰਿਕਾਡੋ 1940 ਵਿਚ ਪੇਰੂ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਵਿਚ ਸ਼ਾਮਿਲ ਹੋਇਆ ਸੀ ਅਤੇ ਇਸ ਤੋਂ 4 ਸਾਲ ਬਾਅਦ ਉਹ ਕੂਟਨੀਤਕ ਸੇਵਾ ਵਿਚ ਸ਼ੁਮਾਰ ਕਰਦਾ ਰਿਹਾ। ਫਿਲਪ ਰਿਕਾਡੋ ਨੇ 1 ਜਨਵਰੀ 1982 ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਵਜੋਂ ਅਹੁਦਾ ਸੰਭਾਲਿਆ ਤੇ ਇਹ ਉਸ ਦੀ ਲਿਆਕਤ ਅਤੇ ਸੰਯੁਕਤ ਰਾਸ਼ਟਰ ਵਿਚ ਲੋਕਪ੍ਰਿਯਤਾ ਹੀ ਸੀ ਕਿ ਉਸ ਨੂੰ ਦੂਜੀ ਵਾਰ ਇਸ ਅਹੁਦੇ ਲਈ ਚੁਣ ਲਿਆ ਗਿਆ ਸੀ ਤੇ ਜਿਸ ਮਿਸ਼ਨ ਲਈ ਸੰਯੁਕਤ ਰਾਸ਼ਟਰ ਨੇ ਉਸ ਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਉਹ ਉਸ ਵਿਚ ਪੂਰੀ ਤਰ੍ਹਾਂ ਸਫਲ ਵੀ ਹੋਇਆ। ਲੀਮਾ, ਪੇਰੂ ਪਰਤਦੇ ਸਮੇਂ ਉਸ ਨੂੰ 1961 ਵਿਚ ਅੰਬੈਸਡਰ ਦਾ ਰੁਤਬਾ ਦਿੱਤਾ ਗਿਆ। ਇਸੇ ਤਹਿਤ ਫਿਲਪ ਰਿਕਾਡੋ ਨੇ ਕਾਨੂੰਨੀ ਵਿਭਾਗ ਦੇ ਪ੍ਰਸ਼ਾਸਨ, ਪ੍ਰੋਟੋਕਾਲ ਅਤੇ ਰਾਜਨੀਤਕ ਮਾਮਲਿਆਂ ਦੇ ਡਾਇਰੈਕਟਰ ਵਜੋਂ ਸਫਲਤਾਪੂਰਵਕ ਸੇਵਾਵਾਂ ਨਿਭਾਈਆਂ। 1966 ਵਿਚ ਪੇਰੂ ਨੇ ਉਸ ਨੂੰ ਵਿਦੇਸ਼ੀ ਮਾਮਲਿਆਂ ਦਾ ਸਕੱਤਰ ਜਨਰਲ, ਜਿਸ ਦਾ ਰੁਤਬਾ ਮੰਤਰੀ ਦੇ ਬਰਾਬਰ ਦਾ ਸੀ, ਨਿਯੁਕਤ ਕੀਤਾ ਤੇ ਸੰਯੁਕਤ ਰਾਸ਼ਟਰ ਵਿਚ ਆਉਣ ਤੋਂ ਪਹਿਲਾਂ ਉਹ ਵਿਦੇਸ਼ੀ ਮਾਮਲਿਆਂ ਦਾ ਕਾਨੂੰਨੀ ਸਲਾਹਕਾਰ ਸੀ।
ਜਿਸ ਅਫ਼ਗਾਨਿਸਤਾਨ ਨੂੰ ਅੱਜ ਤੱਕ ਸਥਾਈ ਸ਼ਾਂਤੀ ਨਸੀਬ ਨਹੀਂ ਹੋਈ, ਉਸ ਪ੍ਰਤੀ ਉਸ ਨੇ ਫਰਵਰੀ 1979 ਵਿਚ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਾਜਨੀਤਕ ਮਾਮਲਿਆਂ ਦੇ ਅਡੀਸ਼ਨਲ ਜਨਰਲ ਵਜੋਂ ਕੰਮ ਕਰਦਿਆਂ ਅਫ਼ਗਾਨਿਸਤਾਨ ਨੂੰ ਸਮੂਹਿਕ ਵਿਕਾਸ ਦੇ ਰਾਹ ਪਾਉਣ ਲਈ ਨੀਤੀ ਖਰੜਾ ਤਿਆਰ ਕੀਤਾ ਸੀ ਤੇ ਇਸ 'ਤੇ ਅਮਲ ਕਰਨ ਲਈ ਆਪ ਵੀ ਯਤਨ ਆਰੰਭੇ ਹਨ। ਜ਼ਿਕਰਯੋਗ ਇਹ ਵੀ ਹੈ ਕਿ ਅਫ਼ਗਾਨਿਸਤਾਨ ਦੀ ਸਥਿਤੀ 'ਤੇ ਫਿਲਪ ਨੇ ਸਕੱਤਰ ਜਨਰਲ ਦੇ ਨਿੱਜੀ ਪ੍ਰਤੀਨਿਧ ਰਹਿੰਦਿਆਂ ਸੰਯੁਕਤ ਰਾਸ਼ਟਰ ਕੋਲ 'ਅਫ਼ਗਾਨਿਸਤਾਨ ਨੂੰ ਲੋੜੀਂਦਾ ਕੀ ਹੈ?' ਬਾਰੇ ਵਿਸਥਾਰਿਤ ਰਿਪੋਰਟ ਪੇਸ਼ ਕੀਤੀ। ਇਸੇ ਮਕਸਦ ਲਈ ਉਹ ਅਫ਼ਗਾਨਿਸਤਾਨ ਤੇ ਪਾਕਿਸਤਾਨ ਜਾਂਦਾ ਵੀ ਰਿਹਾ ਅਤੇ ਦੋਵਾਂ ਦੇਸ਼ਾਂ ਵਿਚ ਇਕ ਕੜੀ ਦੀ ਤਰ੍ਹਾਂ ਵਿਚਰਿਆ ਵੀ। ਯੂਰਪੀ ਤੇ ਮੱਧ ਪੂਰਵੀ ਦੇਸ਼ਾਂ ਦੀਆਂ ਨਾਮੀ ਯੂਨੀਵਰਸਿਟੀਆਂ ਤੋਂ ਆਨਰੇਰੀ ਡਾਕਟਰੇਟ ਦੀਆਂ ਡਿਗਰੀਆਂ ਹਾਸਲ ਕਰਨ ਵਾਲੇ ਫਿਲਪ ਨੇ ਪੇਰੂ ਦੇ ਵਿੱਦਿਅਕ ਡਿਪਲੋਮੈਟਿਕਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਪ੍ਰੋਫ਼ੈਸਰ ਦੇ ਤੌਰ 'ਤੇ ਵੀ ਸੇਵਾਵਾਂ ਦਿੱਤੀਆਂ। ਉਸ ਨੇ 1964 ਵਿਚ 'ਡਿਪਲੋਮੈਟ ਤੇ ਲਾਅ ਐਂਡ ਮੈਨੂਅਲਜ਼' ਦੀ ਪੁਸਤਕ ਵੀ ਲਿਖੀ। ਸੰਯੁਕਤ ਰਾਸ਼ਟਰ ਵਿਚ ਸਕੱਤਰ ਜਨਰਲ ਰਹਿੰਦਿਆਂ ਅਤੇ ਆਪਣੇ ਜੀਵਨ ਕਾਲ ਵਿਚ ਵੱਖ-ਵੱਖ ਦੇਸ਼ਾਂ ਤੋਂ 25 ਦੇ ਕਰੀਬ ਮਾਣ ਸਨਮਾਨ ਵੀ ਪ੍ਰਾਪਤ ਕੀਤੇ। ਇਨ੍ਹਾਂ ਵਿਚ ਖਾਸ ਜ਼ਿਕਰਯੋਗ ਪ੍ਰਾਪਤੀ ਇਹ ਸੀ ਕਿ 1977 ਵਿਚ 'ਪ੍ਰਿੰਸ ਆਫ਼ ਆਸਟ੍ਰੇਲੀਆ' ਪੁਰਸਕਾਰ ਤੇ 1989 ਵਿਚ ਕੌਮਾਂਤਰੀ ਸੂਝਬੂਝ ਰੱਖਣ, ਸਮੱਸਿਆਵਾਂ ਸੁਲਝਾਉਣ ਲਈ ਉਸ ਨੂੰ ਜਵਾਹਰ ਲਾਲ ਨਹਿਰੂ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ। ਵਿਸ਼ਵ ਵਿਚ ਬਿਹਤਰ ਇਤਿਹਾਸਕ ਸੇਵਾਵਾਂ ਨਿਭਾਉਣ ਲਈ ਜਾਣੇ ਜਾਂਦੇ ਫਿਲਪ ਰਿਕਾਡੋ 97 ਸਾਲਾਂ ਦੀ ਉਮਰ ਵਿਚ ਵੀ ਰਿਸ਼ਟ-ਪੁਸ਼ਟ ਹਨ ਅਤੇ ਉਨ੍ਹਾਂ ਨੇ ਇਵੇਤੀ ਰੋਬਟਸ ਨਾਲ ਵਿਆਹ ਕਰਵਾਇਆ ਤੇ ਇਸ ਵੇਲੇ ਉਹ ਪੇਰੂ ਦੀਆਂ ਰਾਜਨੀਤਕ, ਕੂਟਨੀਤਕ ਸੇਵਾਵਾਂ ਵਿਚ ਬੜੇ ਸਤਿਕਾਰ ਨਾਲ ਵੀ ਜਾਣਿਆ ਜਾਂਦਾ ਹੈ।


Email: ashokbhaura@gmail.com

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ

ਅਨੋਖਾ ਅਦਾਕਾਰ : ਖ਼ਰੈਤੀ ਭੈਂਗਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਆਪਣੇ ਜ਼ਮਾਨੇ 'ਚ ਖ਼ਰੈਤੀ ਦੀ ਇੰਨੀ ਚੜ੍ਹਤ ਸੀ ਕਿ ਉਸ ਦੇ ਸਾਹਮਣੇ ਵੱਡੇ-ਵੱਡੇ ਨਾਇਕ ਵੀ ਬੌਣੇ ਨਜ਼ਰ ਆਉਂਦੇ ਸਨ। ਇਸ ਸਬੰਧ 'ਚ ਨਿਰਮਾਤਾ-ਨਿਰਦੇਸ਼ਕ ਜੇ. ਓਮ ਪ੍ਰਕਾਸ਼ ਦੀ ਫ਼ਿਲਮ 'ਆਸਰਾ ਪਿਆਰ ਦਾ' ਦਾ ਹਵਾਲਾ ਦੇਣਾ ਇਥੇ ਸ਼ਾਇਦ ਉਚਿਤ ਹੀ ਹੋਵੇਗਾ। ਇਸ ਫ਼ਿਲਮ ਨਿਰਮਾਤਾ ਦਾ ਹਿੰਦੀ ਸਿਨੇਮਾ 'ਚ ਬੜਾ ਉੱਚਾ ਕੱਦ ਸੀ। ਪੰਜਾਬੀ ਭਾਸ਼ਾ ਦੇ ਨਾਲ ਉਸ ਨੂੰ ਖਾਸ ਲਗਾਓ ਸੀ। ਇਸ ਲਈ ਉਸ ਨੇ ਆਪਣੀ ਫ਼ਿਲਮ ਲਈ ਨਵੀਨ ਨਿਸ਼ਚਲ (ਜੋ ਉਸ ਵੇੇਲੇ ਦਾ ਇਕ ਲੋਕਪ੍ਰਿਆ ਹਿੰਦੀ ਫ਼ਿਲਮਾਂ ਦਾ ਨਾਇਕ ਸੀ) ਲੈਣ ਦਾ ਫੈਸਲਾ ਕੀਤਾ ਪਰ ਜੇ. ਓਮ ਪ੍ਰਕਾਸ਼ ਦੀ ਹੈਰਾਨਗੀ ਦੀ ਹੱਦ ਨਾ ਰਹੀ ਜਦੋਂ ਵਿਤਰਕਾਂ ਨੇ ਉਸ ਨੂੰ ਖ਼ਰੈਤੀ ਭੈਂਗੇ ਦੀ ਗ਼ੈਰ-ਹਾਜ਼ਰੀ 'ਚ ਫ਼ਿਲਮ ਨੂੰ ਹੱਥ ਲਾਉਣ ਤੋਂ ਹੀ ਨਾਂਹ ਕਰ ਦਿੱਤੀ ਸੀ ਪਰ ਖ਼ਰੈਤੀ ਉਦੋਂ ਬਿਮਾਰ ਸੀ। ਹਾਰ ਕੇ ਉਸ ਨੇ ਮਿਹਰ ਮਿੱਤਲ ਨੂੰ ਲਿਆ ਸੀ।
ਇਸ ਪੰਜਾਬੀ ਫ਼ਿਲਮਾਂ ਦੇ ਅਦੁੱਤੀ ਕਲਾਕਾਰ ਦੇ ਨਾਲ ਉਸ ਦੀ ਪ੍ਰਤਿਭਾ ਦੇ ਅਨੁਸਾਰ ਕਦੇ ਵੀ ਇਨਸਾਫ਼ ਨਹੀਂ ਸੀ ਹੋਇਆ। ਉਸ ਦੀ ਮਾਇਕ ਹਾਲਤ ਬਹੁਤ ਹੀ ਖਰਾਬ ਸੀ। ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਉਸ ਨੇ ਬਿਜਲੀ ਦਾ ਸਾਮਾਨ ਵੇਚਣ ਦੀ ਇਕ ਛੋਟੀ ਜਿਹੀ ਦੁਕਾਨ ਖੋਲ੍ਹੀ ਹੋਈ ਸੀ। ਫਿਰ ਵੀ ਕੰਗਾਲੀ ਦੀ ਇਹ ਹਾਲਤ ਸੀ ਕਿ ਇਕ ਵਾਰ ਸਰਦੀਆਂ ਦੀ ਰੁੱਤ 'ਚ ਉਸ ਨੇ ਸ਼ੂਟਿੰਗ ਕਰਨ ਲਈ ਜਦੋਂ ਪੰਜਾਬ ਆਉਣਾ ਸੀ ਤਾਂ ਗਰਮ ਕੱਪੜਿਆਂ ਦੇ ਨਾਂਅ 'ਤੇ ਉਸ ਕੋਲ ਪਾਟਾ ਪੁਰਾਣਾ ਇਕ ਸਵੈਟਰ ਹੀ ਸੀ।
ਨਿਰਮਾਤਾ-ਨਿਰਦੇਸ਼ਕ ਰਾਮਾਨੰਦ ਸਾਗਰ ਵੀ ਉਸ ਦੀ ਪ੍ਰਤਿਭਾ ਦਾ ਕਾਇਲ ਸੀ। ਇਸ ਲਈ ਉਸ ਨੇ ਖ਼ਰੈਤੀ ਨੂੰ ਆਪਣੀ ਚਰਚਿਤ ਫ਼ਿਲਮ 'ਆਰਜ਼ੂ' ਲਈ ਇਕ ਛੋਟੀ ਜਿਹੀ ਭੂਮਿਕਾ 'ਚ ਪੇਸ਼ ਵੀ ਕੀਤਾ ਸੀ ਪਰ ਫਿਰ ਵੀ ਖ਼ਰੈਤੀ ਅਣਗੌਲਿਆ ਹੀ ਰਿਹਾ।
ਇਕ ਵਾਰ ਬੀ.ਆਰ. ਝੀਂਗਣ ਅਤੇ ਇੰਦਰਜੀਤ ਹਸਨਪੁਰੀ ਦੇ ਨਾਲ ਮੈਂ ਜਦੋਂ ਉਸ ਨੂੰ ਮਿਲਣ ਲਈ ਘਰ ਗਿਆ ਤਾਂ ਬਾਲੀਵੁੱਡ ਦੇ ਝੂਠੇ ਗਲੈਮਰ ਦੀ ਸਹੀ ਤਸਵੀਰ ਸਾਹਮਣੇ ਆਈ। ਉਸ ਦਾ ਘਰ ਟੀਨ ਦੀਆਂ ਚਾਦਰਾਂ ਨਾਲ ਇਕ ਸਲੱਮ ਇਲਾਕੇ ਵਿਚ ਸੀ। ਉਸ ਦੀ ਇਹ ਖਸਤਾ ਹਾਲਤ ਦੇਖ ਕੇ ਅਸੀਂ ਹੈਰਾਨ ਰਹਿ ਗਏ। ਉਸ ਵੇਲੇ ਮੈਨੂੰ ਚਾਰਲੀ ਚੈਪਲਿਨ ਦੇ ਇਹ ਸ਼ਬਦ ਯਾਦ ਆਏ, 'ਦੁਨੀਆ ਨੂੰ ਹਸਾਉਣ ਵਾਲਾ ਕਲਾਕਾਰ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।'
ਕਹਿਣ ਦੀ ਲੋੜ ਨਹੀਂ ਕਿ ਖ਼ਰੈਤੀ ਲਾਹੌਰੀਆ ਜ਼ਿੰਦਗੀ ਦੀ ਸੱਚਾਈ ਦੇ ਘੁੱਟ ਸਦਾ ਹੀ ਪੀਂਦਾ ਰਿਹਾ ਸੀ।


-ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਸ: ਗੁਰਿੰਦਰ ਸਿੰਘ ਸ਼ਾਮਪੁਰਾ ਦੇ ਘਰ ਖ਼ੁਸ਼ੀ ਦੇ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਖਿੱਚੀ ਗਈ ਸੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਹਿੱਸਾ ਲੈਣ ਲਈ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਜ: ਮਨਜੀਤ ਸਿੰਘ ਕਲਕੱਤਾ ਤੇ ਪ੍ਰਧਾਨ ਜ: ਗੁਰਚਰਨ ਸਿੰਘ ਟੌਹੜਾ ਆਏ ਸਨ। ਤਸਵੀਰ ਵਿਚ ਸਾਰੇ ਮੈਂਬਰ ਪ੍ਰਧਾਨ ਜੀ ਨਾਲ ਗੱਲਬਾਤ ਕਰ ਰਹੇ ਨਜ਼ਰ ਆ ਰਹੇ ਹਨ।


-ਮੋਬਾਈਲ : 98767-41231

ਭਾਰਤ ਵਿਚ ਕਰਫ਼ਿਊ

24 ਮਾਰਚ ਨੂੰ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੋਸ਼ਣਾ ਕੀਤੀ ਕਿ ਅਗਲੇ 21 ਦਿਨ ਤੱਕ ਸਾਰੇ ਦੇਸ਼ ਵਿਚ ਤਾਲਾਬੰਦੀ/ਕਰਫ਼ਿਊ ਲਾਗੂ ਰਹੇਗਾ ਤਾਂ ਇਹ ਸਪਸ਼ਟ ਹੋ ਗਿਆ ਕਿ ਕੋਰੋਨਾ ਵਾਇਰਸ ਵਿਰੁੱਧ ਸੰਘਰਸ਼ ਸਾਡੀ ਸਭ ਤੋਂ ਲੰਮੀ, ਖ਼ਤਰਨਾਕ ਅਤੇ ਮਨੁੱਖੀ ਗੁਣਾਂ ਦੀ ਪਰਖ ਕਰਨ ਵਾਲੀ ਜੰਗ ਸਿੱਧ ਹੋਣ ਵਾਲੀ ਹੈ। ਇਸ ਚੁਣੌਤੀ ਭਰੇ ਮੌਕੇ ਤੇ ਭਾਰਤ ਦੇ ਪਿਛਲੇ ਸਾਰੇ ਜੰਗਾਂ ਦੀਆਂ ਤਸਵੀਰਾਂ ਮਨ ਦੇ ਚਿੱਤਰਪਟ ਤੇ ਉਭਰ ਆਈਆਂ।
ਨਵੀਂ ਪੀੜ੍ਹੀ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੀਆਂ ਸਾਰੀਆਂ ਜੰਗਾਂ ਵੇਲੇ ਕਦੇ ਵੀ ਕਰਫ਼ਿਊ ਲਾਉਣ ਦੀ ਲੋੜ ਨਹੀਂ ਪਈ ਸੀ। ਪਹਿਲੇ ਅਤੇ ਦੂਜੇ ਵਿਸ਼ਵ ਯੁੱਧਾਂ ਵਿਚ ਭਾਰਤੀ ਸੈਨਿਕ ਤਾਂ ਯੂਰਪ, ਅਫ਼ਰੀਕਾ ਅਰਬ ਅਤੇ ਹੋਰ ਦੇਸ਼ਾਂ ਤੱਕ ਜਾ ਕੇ ਲੜੇ ਅਤੇ ਕੁਰਬਾਨੀਆਂ ਕੀਤੀਆਂ, ਪਰ ਭਾਰਤ ਵਿਚ ਇਕ ਗੋਲ਼ੀ ਵੀ ਨਹੀਂ ਸੀ ਚੱਲੀ। ਸਿਰਫ਼ ਆਜ਼ਾਦ ਹਿੰਦ ਫ਼ੌਜ ਹੀ ਸਰਹੱਦ ਨੇੜੇ ਪਹੁੰਚੀ ਸੀ।
1947-48 ਦੀ ਪਾਕਿਸਤਾਨ ਵਿਰੁੱਧ ਲੜਾਈ ਜੰਮੂ-ਕਸ਼ਮੀਰ ਤੱਕ ਹੀ ਸੀਮਤ ਰਹੀ। 1962 ਦੀ ਭਾਰਤ-ਚੀਨ ਜੰਗ ਦਾ ਵੀ ਜਨ-ਜੀਵਨ 'ਤੇ ਕੋਈ ਪ੍ਰਭਾਵ ਨਹੀਂ ਪਿਆ ਸੀ। ਸਭ ਕੰਮ ਕਾਜ ਆਮ ਵਾਂਗ ਚਲਦੇ ਰਹੇ ਸਨ। ਇਸ ਜੰਗ ਵੇਲੇ ਗਾਏ ਗਏ ਦੇਸ਼ਭਗਤੀ ਦੇ ਗੀਤਾਂ ਨੇ ਸਾਰੇ ਦੇਸ਼ ਨੂੰ ਹਲੂਣ ਦਿੱਤਾ ਸੀ। ਪੰਡਿਤ ਨਹਿਰੂ ਦੀਆਂ ਅੱਖਾਂ ਵਿਚ ਪਾਣੀ ਲਿਆਉਣ ਵਾਲਾ ਲਤਾ-ਕਵੀ ਪ੍ਰਦੀਪ-ਸੀ. ਰਾਮਚੰਦਰ ਦਾ ਅਮਰ ਗੀਤ 'ਐ ਮੇਰੇ ਵਤਨ ਕੇ ਲੋਗੋ' ਅਤੇ ਰਫ਼ੀ-ਜਾਂ ਨਿਸਾਰ ਅਖ਼ਤਰ-ਖੱਯਾਮ ਦਾ ਸ਼ਾਹਕਾਰ 'ਆਵਾਜ਼ ਦੋ ਹਮ ਏਕ ਹੈਂ' ਆਦਿ ਕਦੇ ਨਹੀਂ ਭੁਲਾਏ ਜਾ ਸਕਦੇ। 1965 ਅਤੇ 1971 ਦੀਆਂ ਜੰਗਾਂ ਸਮੇਂ ਵੀ ਕਿਤੇ ਕਰਫ਼ਿਊ ਲਾਉਣ ਦੀ ਲੋੜ ਨਹੀਂ ਪਈ ਸੀ। ਹਵਾਈ ਹਮਲਿਆਂ ਦੇ ਡਰ ਕਾਰਨ ਸਿਰਫ਼ ਰਾਤ ਨੂੰ ਰੌਸ਼ਨੀ ਕਰਨਾ ਬਿਲਕੁਲ ਮਨ੍ਹਾਂ ਸੀ। ਸਾਇਰਨ ਵੱਜਣ ਤੇ ਲੋਕ ਆਪਣਾ ਬਚਾ ਆਪ ਕਰ ਲੈਂਦੇ ਸਨ। ਸਿਰਫ਼ 1984 ਵਿਚ ਓਪਰੇਸ਼ਨ ਬਲੂਸਟਾਰ ਵੇਲੇ ਕਰਫ਼ਿਊ ਲਗਾਇਆ ਗਿਆ ਸੀ। ਉਸ ਤੋਂ ਬਾਅਦ ਹੁਣ ਸਭ ਤੋਂ ਲੰਮੇ ਸਮੇਂ ਲਈ ਕਰਫ਼ਿਊ ਲਾਉਣਾ ਪਿਆ ਹੈ।
ਕੋਰੋਨਾ ਵਾਇਰਸ ਵਿਰੁੱਧ ਜੰਗ ਪਿਛਲੀਆਂ ਜੰਗਾਂ ਨਾਲੋਂ ਵੱਧ ਖ਼ਤਰਨਾਕ ਹੈ। ਸਾਹਿਰ ਲੁਧਿਆਨਵੀ ਦੀ ਨਜ਼ਮ 'ਪਰਛਾਈਆਂ' ਦਾ ਇਹ ਸ਼ੇਅਰ ਬਿਲਕੁਲ ਢੁੱਕਦਾ ਹੈ; 'ਗੁਜ਼ਿਸ਼ਤਾ ਜੰਗ ਮੇਂ ਘਰ ਹੀ ਜਲੇ ਮਗਰ ਇਸ ਬਾਰ, ਅਜਬ ਨਹੀਂ ਕਿ ਯੇਹ ਤਨਹਾਈਆਂ ਭੀ ਜਲ ਜਾਏਂ/ਗੁਜ਼ਿਸ਼ਤਾ ਜੰਗ ਮੇਂ ਪੈਕਰ ਜਲੇ ਮਗਰ ਇਸ ਬਾਰ, ਅਜਬ ਨਹੀਂ ਕਿ ਯੇਹ ਪਰਛਾਈਆਂ ਭੀ ਜਲ ਜਾਏਂ।' ਦੁਸ਼ਮਣ ਜਿੰਨਾ ਮਹੀਨ ਹੈ, ਉੱਨਾ ਹੀ ਗੁੱਝਾ ਹੈ। ਪ੍ਰਮਾਣੂ ਬੰਬ ਦੇ ਵਿਨਾਸ਼ ਦੀ ਵੀ ਕੋਈ ਹੱਦ ਹੁੰਦੀ ਹੈ ਪਰ ਕੋਰੋਨਾ ਨੇ ਸਾਰੀ ਦੁਨੀਆ ਨੂੰ ਜਕੜ ਲਿਆ ਹੈ। ਅਥਾਹ ਦੌਲਤ ਅਤੇ ਵਿਗਿਆਨਕ ਤਰੱਕੀ ਤੇ ਹੰਕਾਰ ਕਰਨ ਵਾਲੇ ਦੇਸ਼ਾਂ ਦੇ ਵੀ ਗੋਡੇ ਟਿਕ ਗਏ ਹਨ। ਸਭ ਨੂੰ ਡਰ ਹੈ ਕਿ ਇਹ ਦੈਂਤ ਪਤਾ ਨਹੀਂ ਕਿਸ ਚੋਰ ਮੋਰੀ ਰਾਹੀਂ ਅੰਦਰ ਆ ਜਾਵੇ। ਹਰ ਪਾਸੇ ਘਬਰਾਹਟ ਹੈ, ਡਰ ਹੈ, ਸਹਿਮ ਹੈ।
ਬਿਪਤਾ ਦੀ ਇਸ ਘੜੀ ਵਿਚ ਸੋਸ਼ਲ ਮੀਡੀਆ ਦਾ ਬੋਲਬਾਲਾ ਹੈ। ਹਰ ਕਿਸੇ ਨੂੰ ਬਣ ਠਣ ਕੇ ਘਸੇ ਪਿਟੇ ਪੋਸਟ ਦੁਹਰਾ ਕੇ ਸਿਆਣਪ ਵਿਖਾਉਣ ਦਾ ਮੌਕਾ ਮਿਲ ਗਿਆ ਹੈ। ਨਵੇਂ ਤੋਂ ਨਵੇਂ ਡਰ, ਬਚਾਅ ਦੇ ਤਰੀਕੇ ਅਤੇ ਇਲਾਜ ਸਾਹਮਣੇ ਆ ਰਹੇ ਹਨ। ਅਜੇ ਤਾਂ ਗੰਢਿਆਂ ਉੱਤੇ ਨਮਕ ਪਾ ਕੇ ਖਾਣ ਬਾਰੇ ਕਿਹਾ ਹੈ; ਕੱਲ੍ਹ ਨੂੰ ਕਹਿਣਗੇ ਕਿ ਕਰੀਰ ਦੇ ਪੱਤਿਆਂ ਉੱਤੇ ਚਿੜੀਆਂ ਦਾ ਦੁੱਧ ਪਾ ਕੇ ਸੇਵਨ ਕਰੋ। ਪ੍ਰਦੂਸ਼ਣ ਅਤੇ ਬੇਤਹਾਸ਼ਾ ਆਬਾਦੀ ਵਧਾ ਕੇ ਭਗਵਾਨ ਦੀ ਧਰਤੀ ਦਾ ਨਾਸ਼ ਤਾਂ ਆਪ ਮਾਰ ਦਿੱਤਾ ਅਤੇ ਹੁਣ ਕਹਿੰਦੇ ਹਨ ਕਿ ਬਚਣ ਲਈ ਫਲਾਣਾ ਜਾਪ ਐਨੇ ਵਾਰ ਕਰੋ! ਦੁਖੀਏ ਨੂੰ ਕੂੜ ਪਿਆਰਾ। ਅਰਬਾਂ ਖ਼ਰਬਾਂ ਦੇ ਸੌਦੇ ਕਰਨ ਵਾਲੇ ਡਾਕਟਰ ਟਰੰਪ ਚਾਰ ਪੈਸੇ ਦੀ ਗੋਲ਼ੀ ਦੀ ਸਿਫ਼ਾਰਿਸ਼ ਕਰ ਰਹੇ ਹਨ। ਕਈ ਲੋਕ ਧਾਰਮਿਕ ਆਸਥਾ ਵਰਤ ਰਹੇ ਹਨ ਅਤੇ ਕਈ ਦੇਸੀ ਟੋਟਕੇ ਦੱਸ ਕੇ ਕਮਾਈ ਕਰ ਰਹੇ ਹਨ।
ਬਹੁਤੇ ਲੋਕਾਂ ਵਾਸਤੇ ਘਰ ਬੈਠਣਾ ਬਹੁਤ ਔਖਾ ਹੈ। ਮਨੋਰੰਜਨ ਦੇ ਬਹੁਤ ਸਾਧਨ ਹਨ; ਟੈਲੀਵਿਜ਼ਨ, ਰੇਡੀਓ, ਇੰਟਰਨੈੱੱਟ। ਕਈ ਲੋਕਾਂ ਨੇ ਤਾਸ਼, ਕੈਰਮ, ਲੁਡੋ, ਸ਼ਤਰੰਜ ਵੀ ਖੁੰਜਾਂ ਖੂੰਜਿਆਂ ਵਿਚੋਂ ਲੱਭ ਲਏ ਹਨ। ਨਵੀਂ ਪੀੜ੍ਹੀ ਨੂੰ ਤਾਂ ਸਮਾਰਟਫੋਨ ਅਤੇ ਲੈਪਟਾਪ ਤੇ ਗੇਮਾਂ ਖੇਡਣ ਦੀ ਲਾਟਰੀ ਨਿਕਲ ਆਈ। ਵੱਡੇ ਲੋਕ ਚੋਰੀ ਛੁਪੇ ਏਧਰ ਉਧਰ ਘੁੰਮ ਵੀ ਆਉਂਦੇ ਹਨ। ਸੁੰਨੀਆਂ ਗਲ਼ੀਆਂ ਵਿਚ ਕਈ ਮਿਰਜ਼ੇ ਨਿਕਲ ਪੈਂਦੇ ਹਨ ਅਤੇ ਨਜ਼ਰਾਂ ਦੇ ਤੀਰ ਚਲਾਉਣ ਤੋਂ ਪਹਿਲਾਂ ਹੀ ਪੁੜੇ ਭਨਵਾ ਆਉਂਦੇ ਹਨ। ਕਹਿੰਦੇ ਹਨ ਕਿ ਬੰਦਾ ਸ਼ੌਕ, ਪਿਆਰ, ਲਾਲਚ ਜਾਂ ਡੰਡੇ ਨਾਲ ਕੰਮ ਕਰਦਾ ਹੈ। ਹੁਣ ਸਿਰਫ਼ ਕੋਰੋਨਾ ਅਤੇ ਪੁਲਿਸ ਦਾ ਡੰਡਾ ਹੀ ਕੰਮ ਕਰ ਰਿਹਾ ਹੈ।
ਜੇ ਸਮਾਰਟਫੋਨ ਦਾ ਸਹੀ ਪ੍ਰਯੋਗ ਕੀਤਾ ਜਾਵੇ ਤਾਂ ਇਸ ਸੰਕਟ ਵਿਚ ਇਹ ਵਰਦਾਨ ਸਿੱਧ ਹੋ ਸਕਦਾ ਹੈ। ਕਈ ਥਾਈਂ ਸਮਾਜ ਸੇਵੀ ਸੰਸਥਾਵਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਨੰਬਰ ਭੇਜ ਕੇ ਲੋੜਵੰਦਾਂ ਨੂੰ ਆਟਾ, ਭੋਜਨ, ਦਵਾਈਆਂ ਆਦਿ ਦੇ ਸੁਨੇਹੇ ਵਾਇਰਲ ਕਰ ਦਿੱਤੇ ਹਨ। (ਵੈਸੇ 'ਵਾਇਰਲ' ਸ਼ਬਦ 'ਵਾਇਰਸ' ਤੋਂ ਹੀ ਬਣਿਆ ਹੈ!) ਇਸ ਵੇਲੇ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਹਰ ਰੋਜ਼ ਰੋਟੀ ਕਮਾਉਣ ਵਾਲਾ ਗ਼ਰੀਬ ਤਬਕਾ ਘਰ ਬੈਠ ਕੇ ਰੋਟੀ ਕਿੱਥੋਂ ਖਾਵੇਗਾ। ਪਿੰਡਾਂ ਵਿਚ ਤਾਂ ਕੋਈ ਭੁੱਖਾ ਨਹੀਂ ਮਰਦਾ, ਪਰ ਸ਼ਹਿਰਾਂ ਵਿਚ ਗੰਭੀਰ ਖ਼ਤਰਾ ਹੈ।
ਲੰਬੇ ਸਮੇਂ ਤੱਕ ਘਰ ਬੈਠਣਾ ਵੀ ਇਕ ਕਲਾ ਹੈ ਜੋ ਹਰ ਕਿਸੇ ਨੂੰ ਸਿੱਖਣੀ ਪੈਣੀ ਹੈ। ਇਕੱਠੇ ਬੈਠਣ ਦਾ ਮੌਕਾ ਵੀ ਹੈ ਅਤੇ ਚਿੜਚਿੜਾਪਣ ਪੈਦਾ ਹੋ ਕੇ ਝਗੜੇ ਹੋਣ ਦਾ ਡਰ ਵੀ ਹੈ। ਕਿਸੇ ਸਮੇ ਇਕ ਮੀਟਰ ਅਤੇ ਕਿਸੇ ਸਮੇਂ ਦਸ ਮੀਟਰ ਦੂਰੀ ਜ਼ਰੂਰੀ ਹੈ। ਵਰਜਿਸ਼ ਦੀ ਕਮੀ ਨੂੰ ਘਰ ਵਿਚ ਗੇੜੇ ਲਾ ਕੇ, ਯੋਗਾ ਕਰ ਕੇ, ਕਿਆਰੀਆਂ ਗੁੱਡ ਕੇ ਜਾਂ ਬੈਡਮਿੰਟਨ ਖੇਡ ਕੇ ਪੂਰੀ ਕੀਤੀ ਜਾ ਸਕਦੀ ਹੈ। ਪੁਰਾਣੀਆਂ ਕਿਤਾਬਾਂ ਤੋਂ ਫਿਰ ਗਰਦ ਝਾੜੀ ਜਾ ਸਕਦੀ ਹੈ। ਕਲਮ ਝਰੀਟਣ ਵਾਲੇ ਨਵੀਂ ਕਿਤਾਬ ਵਿੱਢ ਸਕਦੇ ਹਨ। ਸਭ ਲਈ ਇਸ ਚੁਣੌਤੀ ਨੂੰ ਮੌਕੇ ਵਿਚ ਬਦਲਣ ਦਾ ਵਕਤ ਹੈ ਇਹ ਸੰਕਟ।


-305, ਮਾਡਲ ਟਾਊਨ (ਫੇਜ਼), ਬਠਿੰਡਾ-151001.
ਫੋਨ: 98149-41214

ਦੋ ਮਿੰਨੀ ਵਿਅੰਗ

ਲੀਡਰਾਂ ਵਾਂਗ...
ਇੱਕ ਬੀਬੀ ਦੀਆਂ ਕੰਨਾਂ ਦੀਆਂ ਵਾਲੀਆਂ ਚੋਰੀ ਹੋ ਗਈਆਂ। ਉਸ ਨੇ ਰੱਬ ਦੇ ਘਰ ਡੇਰੇ ਵਿੱਚ ਜਾ ਕੇ ਸੁੱਖ ਸੁੱਖੀ ਜੇਕਰ ਮੇਰੀਆਂ ਵਾਲੀਆਂ ਮਿਲ ਜਾਣ ਤਾਂ ਮੈਂ ਪੰਜ ਰੁਪਏ ਦਾ ਪ੍ਰਸ਼ਾਦ ਚੜ੍ਹਾਵਾਂ। ਜਦੋਂ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਦੇ ਮੂਹਰੇ ਇੱਕ ਵਾਲੀ ਪਈ ਸੀ। ਉਸ ਨੇ ਰੱਬ ਨੂੰ ਉਲਾਂਭਾ ਦਿੰਦਿਆਂ ਹੋਇਆਂ ਕਿਹਾ ਕਿ ਰੱਬਾਂ ਤੂੰ ਵੀ ਲੀਡਰਾਂ ਵਾਂਗ ਫਿਫਟੀ-ਫਿਫਟੀ ਕਰਨ ਲੱਗ ਪਿਆਂ।
ਕਾਫੀ
ਸਾਡੇ ਨਾਲ 40 ਕੁ ਸਾਲ ਪਹਿਲਾਂ ਨਾਇਬ ਸਿੰਘ ਨਾਂਅ ਦਾ ਮੁੰਡਾ ਪੜ੍ਹਦਾ ਸੀ। ਉਹ ਬਹੁਤ ਸ਼ਰਾਰਤੀ ਸੀ। ਇੱਕ ਦਿਨ ਮਾਸਟਰ ਦਿਆਲ ਸਿੰਘ, ਬਾਬਾ ਬੁਲ੍ਹੇ ਸ਼ਾਹ ਬਾਰੇ ਪੜ੍ਹਾ ਰਹੇ ਸਨ। ਉਹ ਦੱਸ ਰਹੇ ਸਨ ਕਿ ਕਿ ਬੁਲ੍ਹੇ ਸ਼ਾਹ ਦੀ ਕਾਫੀ ਬੜੀ ਮਸ਼ਹੂਰ ਹੈ। ਨਾਇਬ ਸਿੰਘ ਮਾਸਟਰ ਜੀ ਨੂੰ ਪੁੱਛਣ ਲੱਗਿਆ ਬਾਬਾ ਬੁਲ੍ਹੇ ਸ਼ਾਹ ਦੀ ਦੁਕਾਨ ਕਿੱਥੇ ਹੈ, ਕਿਤੇ ਜਾ ਕੇ ਪੀ ਆਵਾਂਗੇ।


-ਡਾ: ਰਾਜ ਨਰਿੰਦਰ ਝਬੇਲਵਾਲੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਮੋਬਾਈਲ : 96462-08088



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX