ਤਾਜਾ ਖ਼ਬਰਾਂ


ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ
. . .  23 minutes ago
ਬਾਲਿਆਂਵਾਲੀ, 9 ਅਗਸਤ - (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਬਾਲਿਆਂਵਾਲੀ ‘ਚ ਲੰਘੀ ਰਾਤ ਨੌਜਵਾਨ ਹਰਜੀਤ ਸਿੰਘ(19) ਪੁੱਤਰ ਤੇਜਾ ਸਿੰਘ ਵਾਸੀ ਬਾਲਿਆਵਾਲੀ ਦੀ ਨਸ਼ੇ ਦੀ ਓਵਰਡੋਜ ਕਰਨ ਦੀ ...
ਪਠਾਨਕੋਟ ‘ਚ 21 ਹੋਰ ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ
. . .  39 minutes ago
ਪਠਾਨਕੋਟ ,9 ਅਗਸਤ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਫਿਰ ਕੋਰੋਨਾ ਮਰੀਜ਼ਾਂ ਦੀ ਵੱਡੀ ਗਿਣਤੀ ਸਾਹਮਣੇ ਆਈ ਹੈ ਅਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ 21 ਹੋਰ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ...
ਬੰਗਾ ਦੇ ਲਾਗੇ ਪਿੰਡ ਪਠਲਾਵਾ ਵਿਖੇ ਦੁਬਾਰਾ ਦਿੱਤੀ ਕਰੋਨਾ ਨੇ ਦਸਤਕ
. . .  46 minutes ago
ਬੰਗਾ 9 ਅਗਸਤ (ਜਸਬੀਰ ਸਿੰਘ ਨੂਰਪੁਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿਖੇ ਮਨਜੀਤ ਨਾਮ ਦੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਵੇਰੇ ਆਈ ਰਿਪੋਰਟ ਦੇ ਵਿੱਚ ਮਨਜੀਤ ਪੰਜਾਬ ...
ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਅਕਾਲੀ ਦਲ ਨੂੰ ਆਖੀ ਅਲਵਿਦਾ
. . .  about 1 hour ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸੀਨੀਅਰ ਅਕਾਲੀ ਆਗੂ ਅਤੇ ਮਾਨਸਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਕਾਰਨ ਬਜ਼ੁਰਗ ਦੀ ਮੌਤ, 49 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 1 hour ago
ਸੰਗਰੂਰ, 9 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨਾਲ ਇਕ 80 ਸਾਲਾ ਬਜ਼ੁਰਗ ਦੀ ਮੌਤ ਹੋਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 36 ਹੋ ਗਈ ਹੈ। ਇਸੇ ਦੌਰਾਨ 49 ਹੋਰ ਮਾਮਲੇ ਆਉਣ ਜ਼ਿਲ੍ਹੇ ਵਿਚ ਕੋਰੋਨਾ...
ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ-ਹਾਲਤ ਗੰਭੀਰ
. . .  about 2 hours ago
ਗੁਰਦਾਸਪੁਰ, 9 ਅਗਸਤ (ਭਾਗਦੀਪ ਸਿੰਘ ਗੋਰਾਇਆ)-ਇਥੋਂ ਨਜ਼ਦੀਕੀ ਪਿੰਡ ਸਿੰਘੋਵਾਲ ਵਿਖੇ ਸਥਿਤ ਇਕ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਠੇਕੇ ਦੇ ਮਾਲਕ ਵਿਨੋਦ ਰਾਣਾ ਨੇ...
ਗਰਨੇਡ ਮਿਲਣ ਕਾਰਨ ਇਲਾਕੇ 'ਚ ਫੈਲੀ ਸਨਸਨੀ
. . .  about 2 hours ago
ਪਠਾਨਕੋਟ, 9 ਅਗਸਤ (ਚੌਹਾਨ) - ਜਲੰਧਰ ਨੈਸ਼ਨਲ ਹਾਈਵੇ 'ਤੇ ਪਠਾਨਕੋਟ ਸਰਹੱਦ ਡਮਟਾਲ ਦੀਆਂ ਪਹਾੜੀਆਂ 'ਤੇ ਗਰਨੇਡ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਤੇ ਆਰਮੀ ਅਧਿਕਾਰੀ ਮੌਕੇ 'ਤੇ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 20 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਮਹਿਲ ਕਲਾਂ, 9 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 20 ਮਾਮਲਿਆਂ 'ਚ 10 ਮਾਮਲੇ ਸ਼ਹਿਰ ਬਰਨਾਲਾ, 7 ਮਾਮਲੇ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ, 246 ਨਵੇਂ ਮਾਮਲੇ ਸਾਹਮਣੇ ਆਏ
. . .  about 2 hours ago
ਲੁਧਿਆਣਾ, 9 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ਅਤੇ ਅੱਜ ਫਿਰ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਅੱਜ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ, ਸਾਰੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਪ੍ਰੋ. ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਕਿਹਾ ਅਲਵਿਦਾ
. . .  about 3 hours ago
ਅਮਰਗੜ੍ਹ/ਕੁੱਪ ਕਲਾਂ (ਸੰਗਰੂਰ) 9 ਅਗਸਤ ( ਝੱਲ , ਸਰੌਦ ) - ਉੱਘੇ ਕਾਰੋਬਾਰੀ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ , ਉਹ ਲੋਕ ਇਨਸਾਫ ਪਾਰਟੀ ਦੇ ਸਕੱਤਰ ਜਨਰਲ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਇੰਚਾਰਜ...
ਪਾਕਿ ਵਿਚ 16 ਸਾਲਾ ਹਿੰਦੂ ਲੜਕੀ ਕੀਤੀ ਅਗਵਾ - ਮਨਜਿੰਦਰ ਸਿੰਘ ਸਿਰਸਾ
. . .  about 3 hours ago
ਨਵੀਂ ਦਿੱਲੀ, 9 ਅਗਸਤ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ 'ਤੇ ਜ਼ੁਲਮ ਅਤੇ ਤਸ਼ੱਦਦ ਢਾਹੁਣ ਦਾ ਸਿਲਸਿਲਾ ਰੁਕਣ ਦਾ ਨਾਂ ਲਈਂ ਲੈ ਲਿਆ ਤੇ ਹੁਣ 16 ਸਾਲਾ ਲੜਕੀ ਕਵਿਤਾ ਨੂੰ ਆਦਿਲ...
ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕਾਰਜਸ਼ੀਲ ਰਹਾਂਗਾ-ਜਥੇਦਾਰ ਸਿਧਵਾਂ
. . .  about 3 hours ago
ਡੇਅਰੀਵਾਲ ਦਰੋਗਾ (ਬਟਾਲਾ), 9 ਅਗਸਤ (ਹਰਦੀਪ ਸਿੰਘ) - ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨ ਬਟਾਲਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਮੇਰੀ ਸ਼ਮੂਲੀਅਤ ਬਾਰੇ ਪ੍ਰਕਾਸ਼ਤ ਹੋਈਆਂ ਖ਼ਬਰਾਂ ਗਲਤ ਹਨ ਕਿਉਂਕਿ ਮੈਂ ਬਟਾਲਾ ਵਿਖੇ...
ਸ਼ਾਹਕੋਟ ’ਚ ਯੂਕੋ ਬੈਂਕ ਦੇ ਮੁਲਾਜਮ ਸਮੇਤ ਤਿੰਨ ਵਿਅਕਤੀਆਂ ’ਚ ਕੋਰੋਨਾ ਦੀ ਪੁਸ਼ਟੀ
. . .  about 3 hours ago
ਸ਼ਾਹਕੋਟ, (ਜਲੰਧਰ) 9 ਅਗਸਤ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਸਿਹਤ ਬਲਾਕ ਸ਼ਾਹਕੋਟ ਵਿੱਚ ਐਤਵਾਰ ਨੂੰ ਤਿੰਨ ਕੋਰੋਨਾ ਪਾਜੀਟਿਵ ਮਰੀਜ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਯੂਕੋ ਬੈਂਕ ਦਾ ਮੁਲਾਜ਼ਮ ਹੈ, ਜਦਕਿ ਬਾਕੀ ਦੋ ਵਿੱਚੋਂ ਇੱਕ ਆਟੋ ਡ੍ਰਾਇਵਰ ਅਤੇ ਇੱਕ ਹਾਕੀ ਖਿਡਾਰੀ ਹੈ। ਸੀਨੀਅਰ ਮੈਡੀਕਲ...
ਜੋਧਾਂ (ਲੁਧਿਆਣਾ) 'ਚ ਕੋਰੋਨਾ ਮਰੀਜਾਂ ਦੀ ਗਿਣਤੀ ਵਧਣ ਲੱਗੀ
. . .  about 3 hours ago
ਜੋਧਾਂ, 9 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) ਵਿਖੇ ਪਿਛਲੇ ਦਿਨੀ ਇੱਕ ਪਰਿਵਾਰ ਦੇ 6 ਮੈਬਰਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਲੇ ਦੁਆਲੇ ਨੂੰ ਸੀਲ ਕੀਤਾ ਗਿਆ ਸੀ। ਸੀਲ ਕੀਤੇ ਗਏ ਇਲਾਕੇ ਵਿੱਚੋ ਲੋਕਾਂ ਦੇ ਕੋਵਿੰਡ-19 ਦੇ ਟੈਸਟ ਕੀਤੇ ਗਏ। ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ...
ਮਾਨਸਾ 'ਚ ਨਿੱਜੀ ਡਾਕਟਰ ਸਮੇਤ 12 ਨੂੰ ਕੋਰੋਨਾ ਦੀ ਪੁਸ਼ਟੀ
. . .  about 3 hours ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲੇ 'ਚ 12 ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪਾਜ਼ੀਟਿਵ ਪਾਏ ਗਏ ਵਿਅਕਤੀਆਂ 'ਚ ਸਥਾਨਕ ਸ਼ਹਿਰ ਦੀ ਇੱਕ ਨਿੱਜੀ ਡਾਕਟਰ, ਦਵਾਈ ਵਿਕਰੇਤਾ ਤੇ ਉਨਾਂ ਦੇ ਸਬੰਧੀ ਵੀ ਸ਼ਾਮਲ...
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਦਾ ਵੱਡਾ ਧਮਾਕਾ ਇੱਕੋ ਦਿਨ ਵਿਚ ਆਏ 41 ਨਵੇਂ ਮਾਮਲੇ
. . .  about 3 hours ago
ਫਤਿਹਗੜ੍ਹ ਸਾਹਿਬ 9 ਅਗਸਤ (ਬਲਜਿੰਦਰ ਸਿੰਘ )- ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਨੇ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ ਨਵੇਂ 41 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦੇ ਵਿੱਚ ਸਹਿਮ ਤੇ ਦਹਿਸ਼ਤ ਦਾ ਮਾਹੌਲ...
ਮੈਂ ਅਕਾਲੀ ਦਲ ਡੈਮੋਕ੍ਰੇਟਿਕ 'ਚ ਸ਼ਾਮਿਲ ਨਹੀਂ ਹੋਇਆ, ਪੰਥਕ ਲਹਿਰ ਦਾ ਸਰਗਰਮ ਮੈਂਬਰ ਰਹਾਂਗਾ : ਜਥੇਦਾਰ ਅਮਰੀਕ ਸਿੰਘ ਸ਼ਾਹਪੁਰ
. . .  about 3 hours ago
ਡੇਰਾ ਬਾਬਾ ਨਾਨਕ, 9 ਅਗਸਤ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਬਟਾਲਾ ਨੇੜੇ ਪੈਂਦੇ ਪਿੰਡ ਧੁੱਪਸੜੀ ਦੇ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਵਲੋਂ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਵਿਚ ਸਾਥੀਆਂ ਸਮੇਤ ਪਹੁੰਚੇ ਆਪਣਾ ਪੰਜਾਬ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ...
ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ - ਰਾਣਾ ਗੁਰਮੀਤ ਸਿੰਘ ਸੋਢੀ
. . .  about 3 hours ago
ਨੱਥੂਵਾਲਾ ਗਰਬੀ (ਜ਼ਿਲ੍ਹਾ ਮੋਗਾ), 9 ਅਗਸਤ (ਸਾਧੂ ਰਾਮ ਲੰਗੇਆਣਾ) - ਬੀਤੇ ਦਿਨੀਂ ਚੀਨ ਦੀ ਸਰਹੱਦ ਉਤੇ ਦੇਸ਼ ਲਈ ਡਿਊਟੀ ਦੇਣ ਦੌਰਾਨ ਸ਼ਹੀਦ ਹੋਏ ਸਿਪਾਹੀ ਲਖਵੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਉਸਦੇ ਜੱਦੀ ਪਿੰਡ ਡੇਮਰੂ ਖੁਰਦ ਵਿਖੇ ਹੋਇਆ, ਜਿਸ ਵਿੱਚ ਪੰਜਾਬ ਸਰਕਾਰ...
ਟੋਲ ਪਲਾਜਾ ਨਿੱਝਰਪੁਰਾ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਟੋਲ ਪਲਾਜਾ ਪ੍ਰਬੰਧਕਾਂ ਵਿਚਕਾਰ ਹੋਇਆ ਤਕਰਾਰ 
. . .  about 3 hours ago
ਜੰਡਿਆਲਾ ਗੁਰੂ, 9 ਅਗਸਤ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਨਜਦੀਕ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜਾ ਨਿੱਝਰਪੁਰਾ ਵਿਖੇ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਟੋਲ ਪਲਾਜ਼ਾ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਟੋਲ ਪਲਾਜਾ ਵਾਲਿਆਂ ਵੱਲੋਂ ਕੀਤੀ ਜਾਂਦੀ ਮਨਮਰਜ਼ੀ...
ਸੰਸਦ ਮੈਂਬਰ ਔਜਲਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 3 hours ago
ਅੰਮ੍ਰਿਤਸਰ, 9 ਅਗਸਤ - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਨੈਗੇਟਿਵ...
ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਪਠਾਨਕੋਟ, 9 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 5 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ...
ਸ੍ਰੀ ਮੁਕਤਸਰ ਸਾਹਿਬ ਵਿਖੇ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 3 ਮਰੀਜ਼ ਸ੍ਰੀ ਮੁਕਤਸਰ ਸਾਹਿਬ (ਇਕ ਮਰੀਜ 29 ਸਾਲ, ਦੂਜਾ ਮਰੀਜ ਬੂੜਾ ਗੁੱਜਰ ਰੋਡ 50 ਸਾਲ ਅਤੇ ਤੀਜਾ 23 ਸਾਲਾਂ ਮਰੀਜ਼ ਆਦਰਸ਼ ਨਗਰ ਗਲੀ ਨੰਬਰ 1), ਇਕ ਮਰੀਜ਼ ਪਿੰਡ...
ਪਰਮਬੰਸ ਸਿੰਘ ਰੋਮਾਣਾ ਨੂੰ ਸਦਮਾ, ਮਾਤਾ ਦਾ ਦੇਹਾਂਤ
. . .  about 4 hours ago
ਫ਼ਰੀਦਕੋਟ, 9 ਅਗਸਤ (ਜਸਵੰਤ ਸਿਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਉਸ ਵਕਤ ਵੱਡਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਰੋਮਾਣਾ (ਪੰਮੀ ਰੋਮਾਣਾ ਧਰਮ ਪਤਨੀ ਸਵ: ਹਰਬੰਸ ਸਿੰਘ ਰੋਮਾਣਾ...
ਅੰਮ੍ਰਿਤਸਰ 'ਚ ਕੋਰੋਨਾ ਦੇ 69 ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ, 4 ਦੀ ਮੌਤ
. . .  about 4 hours ago
ਅੰਮ੍ਰਿਤਸਰ, 9 ਅਗਸਤ (ਜਸਵੰਤ ਸਿੰਘ ਜੱਸ/ ਰਾਜੇਸ਼ ਸ਼ਰਮਾ) : ਅੰਮ੍ਰਿਤਸਰ ਚ ਅੱਜ 69 ਹੋਰ ਕੋਰੋਣਾ ਪੋਸਿਟੀਵ ਮਰੀਜਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 4 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਹੁਣ ਅੰਮ੍ਰਿਤਸਰ ਵਿਚ ਕੋਰੋਣਾ ਪੋਸਿਟੀਵ ਮਰੀਜਾਂ ਦੀ...
ਮੋਗਾ ਵਿਚ 24 ਹੋਰ ਆਏ ਕੋਰੋਨਾ ਪਾਜ਼ੀਟਿਵ ਮਾਮਲੇ
. . .  about 4 hours ago
ਮੋਗਾ, 9 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 24 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਹੁਣ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 600 ਤੇ ਐਕਟਿਵ ਕੇਸਾਂ ਦੀ ਗਿਣਤੀ 277 ਹੋ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਧਾਰ ਲਈ ਮੌਲਿਕ ਤਬਦੀਲੀਆਂ ਦੀ ਲੋੜ

ਪਿਛਲੇ ਦਿਨੀਂ (29 ਫਰਵਰੀ, 2020) 'ਅਜੀਤ' ਵਿਚ ਛਪੇ ਇਕ ਲੇਖ ਅੰਦਰ ਸਮੇਂ ਦੀ ਲੋੜ ਅਨੁਸਾਰ ਸਿੱਖ ਵਿਦਵਾਨ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਰ ਵਿਚ ਸੁਧਾਰ ਲਿਆਉਣ ਉਤੇ ਜ਼ੋਰ ਦਿੱਤਾ ਹੈ। ਇਸ ਮਸਲੇ ਉਤੇ ਸਿੱਖ ਭਾਈਚਾਰੇ ਅੰਦਰ ਗੰਭੀਰ ਮੰਥਨ ਹੋ ਰਿਹਾ ਅਤੇ ਚਾਰ ਚੁਫੇਰਿਓਂ ਇਹੋ ਹੀ ਅਵਾਜ਼ਾਂ ਆ ਰਹੀਆਂ ਹਨ ਕਿ ਸ਼੍ਰੋਮਣੀ ਕਮੇਟੀ ਦੀ ਕਾਰਜ ਪ੍ਰਣਾਲੀ ਵਿਚ ਤੁਰੰਤ ਸੁਧਾਰ ਹੋਵੇ। ਤਕਰੀਬਨ 150 ਸਾਲ ਪਹਿਲਾਂ ਅੰਗਰੇਜ਼ੀ ਰਾਜ ਸਮੇਂ ਗਿਆਨੀ ਦਿੱਤ ਸਿੰਘ, ਪ੍ਰੋ: ਗੁਰਮੁਖ ਸਿੰਘ ਵਰਗੇ ਜਾਗ੍ਰਿਤ ਸਿੱਖ ਬੁਧੀਜੀਵੀਆਂ ਨੇ ਸਿੱਖ ਪੰਥ ਦੀ ਖੁਰਦੀ ਅਡਰੀ ਪਛਾਣ ਅਤੇ ਵਿੱਲਖਣ ਹਸਤੀ ਨੂੰ ਬਚਾਉਣ ਅਤੇ ਕਾਇਮ ਰਖਣ ਲਈ ਸਿੰਘ ਸਭਾ ਲਹਿਰ ਦਾ ਮੁੱਢ ਬੰਨ੍ਹਿਆ ਸੀ। ਜਿਸ ਦੇ ਫਲਸਰੂਪ ਨਿਵੇਕਲੀ ਸਿੱਖ ਪਛਾਣ, ਵੱਖਰੀ ਧਾਰਮਿਕ ਮਰਿਯਾਦਾ ਨਾਲ ਭਾਰਤੀ ਸਮਾਜ ਵਿਚ ਸਿੱਖੀ ਜੀਵਨ ਜਾਂਚ ਸਥਾਪਤ ਹੋਈ। ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੀ ਧਾਰਮਿਕ ਉੱਚਤਾ ਅਤੇ ਸੰਕਲਪਿਤ ਪ੍ਰਭੂਸੱਤਾ ਵਿਚ ਨਿਖਾਰ ਆਇਆ। ਅੰਗਰੇਜ਼ੀ ਸਰਕਾਰ ਦੇ ਪਿਠੂ ਭ੍ਰਿਸ਼ਟ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾ ਕੇ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। ਸਰਕਾਰੀ ਤੇ ਕਾਨੂੰਨੀ ਮਾਨਤਾ 1925 ਵਿਚ ਮਿਲਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਕ ਆਦਰਸ਼ਕ ਸਿੱਖ ਸੰਸਥਾ ਦੇ ਤੌਰ ਉਤੇ ਕੰਮ ਕੀਤਾ।
ਸਿੰਘ ਸਭਾ ਦੀ ਉਹੀ ਡੇਢ ਸਦੀ ਪਹਿਲਾਂ ਵਾਲੀ ਭਾਵਨਾ ਹਿਤ ਅਤੇ ਗੁਰਦੁਆਰਾ ਨਿਜ਼ਾਮ ਵਿਚ ਸੁਧਾਰ ਲਿਆਉਣ ਦੀ ਵਚਨਬੱਧਤਾ ਉਤੇ ਕਾਇਮ ਰਹਿੰਦਿਆਂ ਹੋਇਆਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ 100 ਸਾਲ ਦੇ ਕੰਮਕਾਰ, ਚੋਣ ਪ੍ਰਣਾਲੀ ਅਤੇ ਕੇਂਦਰ ਸਰਕਾਰ ਦੀ ਸਿੱਧੀ ਅਸਿੱਧੀ ਦਖਲਅੰਦਾਜ਼ੀ ਅਤੇ ਚੋਣਾਂ ਕਰਵਾਉਣ ਦੇ ਸਰਕਾਰੀ ਏਕਾਧਿਕਾਰ ਨੂੰ ਪੂਰੀ ਗੰਭੀਰਤਾ ਨਾਲ ਵਿਚਾਰਿਆ ਹੈ। ਕਈ ਵਿਦਵਾਨਾਂ ਨਾਲ ਇਸ ਸਬੰਧ ਵਿਚ ਖੁਲ੍ਹੇ ਵਿਚਾਰ-ਵਟਾਂਦਰੇ ਕੀਤੇ ਹਨ। ਉਸ ਮੰਥਨ ਵਿਚੋਂ ਨਿਕਲੇ ਕੁਝ ਤੱਤਰੂਪੀ ਸਿੱਟੇ ਅਸੀਂ ਸਿੱਖ ਸੰਗਤ ਦੇ ਵਿਚਾਰਨ ਲਈ ਸੰਖੇਪ ਰੂਪ ਵਿਚ ਪੇਸ਼ ਕਰ ਰਹੇ ਹਾਂ।
1. ਪ੍ਰੋ: ਕਪੂਰ ਨੇ ਇਸ ਨੁਕਤੇ ਦੀ ਠੀਕ ਪਕੜ ਕੀਤੀ ਹੈ ਕਿ 1947 ਦੀ ਅਜ਼ਾਦੀ ਉਪਰੰਤ ਜਿਹੜੀ ਦੇਸ਼ ਨੇ ਲੋਕਰਾਜੀ ਪ੍ਰਣਾਲੀ ਰਾਜਸੱਤਾ ਪ੍ਰਾਪਤੀ ਲਈ ਅਪਣਾਈ, ਉਸ ਅੰਦਰ ਛੇਤੀ ਹੀ ਸਦਾਚਾਰ ਅਤੇ ਲੋਕਰਾਜੀ ਕਦਰਾਂ ਕੀਮਤਾਂ ਦਾ ਨਿਘਾਰ ਹੋ ਗਿਆ। ਰਾਜਸੀ ਸਤਾ ਹਥਿਆਉਣ ਲਈ ਨੰਗਾ ਚਿੱਟਾ ਭ੍ਰਿਸ਼ਟ ਅਤੇ ਗ਼ੈਰਜਮਹੂਰੀ ਅਮਲ ਸਿਆਸੀ ਪਾਰਟੀਆਂ ਨੇ ਸ਼ੁਰੂ ਕਰ ਦਿੱਤਾ। ਇਸ ਅਮਲ ਦੇ ਜ਼ੋਰ ਫੜਨ ਦਾ ਇਕ ਵੱਡਾ ਕਾਰਨ ਭਾਰਤੀ ਚੋਣ ਪ੍ਰਣਾਲੀ ਹੈ, ਜਿਥੇ 31 ਤੋਂ 35 ਪ੍ਰਤੀਸ਼ਤ ਵੋਟ ਲੈ ਕੇ ਕਾਂਗਰਸ ਪਹਿਲਾਂ ਤੀਹ ਸਾਲ ਦੇਸ਼ ਉਤੇ ਰਾਜ ਕਰ ਗਈ ਅਤੇ ਫਿਰ 2014 ਵਿਚ 31 ਪ੍ਰਤੀਸ਼ਤ ਵੋਟ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਹੂੰਝਾ ਫੇਰੂ ਜਿੱਤ ਕਿਹਾ ਗਿਆ। ਇਸ ਚੋਣ ਪ੍ਰਣਾਲੀ ਨੂੰ ਦੁਨੀਆ ਵਿਚ 'ਫਸਟ-ਪਾਸਟ ਦੀ ਪੋਸਟ' ਕਿਹਾ ਜਾਂਦਾ ਹੈ, ਜਿਸ ਨੂੰ ਦੁਨੀਆ ਦੇੇ 90 ਤੋਂ ਵੱਧ ਮੁਲਕ ਛੱਡ ਚੁਕੇ ਹਨ। ਇਸ ਦੇ ਬਦਲੇ ਉਹਨਾਂ ਮੁਲਕਾਂ ਨੇ ਅਨੁਪਾਤਕ ਪ੍ਰਤੀਨਿਧਤਾ (Proport}ona& Representat}ve S਼stem) ਨੂੰ ਅਪਣਾ ਲਿਆ ਹੈ, ਜਿਸ ਅਨੁਸਾਰ ਹਰ ਪਾਰਟੀ ਨੂੰ ਪ੍ਰਾਪਤ ਕੀਤੀਆਂ ਵੋਟਾਂ ਦੇ ਆਧਾਰ ਉਤੇ ਮੈਂਬਰਾਂ ਨੂੰ ਜੇਤੂ ਮੰਨਿਆ ਜਾਂਦਾ ਹੈ।
ਅਫਸੋਸ ਹੈ ਕਿ ਸੁਹਿਰਦ ਚੋਣ ਸੁਧਾਰਾਂ ਦੀ ਗੱਲ ਕਰਨ ਵਾਲੇ ਸਾਡੇ ਸਿੱਖ ਬੁਧੀਜੀਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੌਲਿਕ ਚੋਣ ਸੁਧਾਰਾਂ ਦੀ ਵਕਾਲਤ ਨਹੀਂ ਕਰਦੇ। ਕਾਂਗਰਸ ਨੇ 1950 ਵਿਚ ਸਿਆਸੀ ਗਿਣਤੀਆਂ ਮਿਣਤੀਆਂ ਕਰ ਕੇ ਹੀ 'ਫਸਟ-ਪਾਸਟ ਦੀ ਪੋਸਟ' ਚੋਣ ਪ੍ਰਣਾਲੀ ਚੁਣੀ ਸੀ, ਜਿਸ ਨੇ ਦੇਸ਼ ਦੀ ਜਮਹੂਰੀਅਤ ਵਿਚ ਵੱਡੇ ਵਿਗਾੜ ਪੈਦਾ ਕਰ ਦਿੱਤੇ ਹਨ। ਉਸੇ ਚੋਣ ਪ੍ਰਣਾਲੀ ਰਾਹੀਂ ਹੋ ਰਹੀ ਸ਼੍ਰੋਮਣੀ ਕਮੇਟੀ ਦੀ ਚੋਣ ਕਿਵੇਂ ਧਾਰਮਿਕ, ਨਿਰਸਵਾਰਥ ਅਤੇ ਇਮਾਨਦਾਰ ਸਿੱਖਾਂ ਨੂੰ ਅਗੇ ਚੁਣ ਕੇ ਲਿਆ ਸਕਦੀ ਹੈ? ਹੈਰਤ ਉਦੋਂ ਹੁੰਦੀ ਹੈ ਜਦੋਂ ਗੁਰਦੁਆਰਾ ਕਮੇਟੀ ਉਤੇ ਚੋਣਾਂ ਰਾਹੀਂ ਕਾਬਜ਼ ਹੋਣ ਲਈ ਤਰਲੋ-ਮੱਛੀ ਹੋ ਰਹੇ ਸਿੱਖ ਲੀਡਰ ਦਿਲੀ ਵਿਚ ਕੇਂਦਰ ਸਰਕਾਰ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਪਿੱਛੇ ਭੱਜੇ ਫਿਰ ਰਹੇ ਹਨ। ਉਹ ਸਿਰਫ਼ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਹੀ ਕਰਨਾ ਚਾਹੁੰਦੇ ਹਨ, ਸੁਧਾਰ ਨਹੀਂ।
2. ਦੂਜਾ ਨੁਕਤਾ ਸ਼੍ਰੋਮਣੀ ਕਮੇਟੀ ਵਿਚ ਚੋਣ ਕਰਵਾਉਣ ਦੇ ਅਧਿਕਾਰ ਦਾ ਹੈ। ਗੁਰਦੁਆਰਾ ਐਕਟ 1925 ਦੇ ਆਧਾਰ ਉਤੇ ਸ਼੍ਰੋਮਣੀ ਕਮੇਟੀ ਨੂੰ ਸਰਕਾਰੀ ਮਾਨਤਾ ਮਿਲਣ ਨਾਲ ਸਿੱਖ ਪੰਥ ਨੂੰ ਅਸਲ ਵਿਚ ਅਦਿੱਖ ਜਾਲ ਅੰਦਰ ਫਸਾ ਲਿਆ ਗਿਆ ਹੈ। ਅੰਗਰੇਜ਼ਾਂ ਦੇ ਸਮੇਂ ਪੰਜਾਬ ਸਰਕਾਰ ਦਾ ਚੋਣ ਕਰਵਾਉਣਾ ਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਕਮੇਟੀ ਦਾ ਗਠਨ ਹੋਣਾ ਬਹੁਤਾ ਰੜਕਿਆ ਨਹੀਂ, ਕਿਉਂਕਿ ਅੰਗਰੇਜ਼ਾਂ ਦੀ ਸਿੱਖ ਧਰਮ ਅੰਦਰ ਉਸ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਸੀ, ਜਿਸ ਤਰ੍ਹਾਂ 1947 ਤੋਂ ਬਾਅਦ ਕੇਂਦਰ ਸਰਕਾਰ ਵਲੋਂ ਸ਼ੁਰੂ ਹੋਈ। ਸਮਾਜਿਕ ਪੱਧਰ ਉਤੇ ਘੱਟ ਨਿਖੇੜਾ ਹੋਣ ਕਰਕੇ ਪਹਿਲਾਂ ਕਾਂਗਰਸ ਤੇ ਫਿਰ ਰਾਸ਼ਟਰਵਾਦੀ ਹਾਕਮ ਵਰਗ ਸਿੱਖਾਂ ਨੂੰ ਬਹੁਗਿਣਤੀ ਹਿੰਦੂ ਸਮਾਜ ਦੇ ਅੰਗ ਵਜੋਂ ਹੀ ਪੇਸ਼ ਕਰਦੇ ਆ ਰਹੇ ਹਨ।
ਤੀਹ ਸਾਲ ਪਹਿਲਾਂ ਚੌਰਾਸੀ ਵਾਪਰਨ ਤੋਂ ਬਾਅਦ ਸਿੱਖਾਂ ਦੇ ਬਦਲੇ ਤੌਰ ਤਰੀਕਿਆਂ ਤੋਂ ਚੁਕੰਨੇ ਹੋ ਕੇ ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੱਕ ਨਹੀਂ ਹੋਣ ਦਿੱਤੀਆ। ਹੁਣ ਇਕ ਵਾਰ ਫਿਰ ਸਿੱਖਾਂ ਦੀ ਲੋੜੀਂਦੀ ਧਾਰਮਿਕ ਘੇਰਾਬੰਦੀ ਨੂੰ ਮੁੱਖ ਰਖ ਕੇ 'ਆਪਣਿਆਂ' ਨੂੰ ਜਿਤਾਉਣ ਲਈ ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੇ ਅਮਲ ਨੂੰ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ। ਇਸ ਕਰਕੇ ਸੁਹਿਰਦ ਸਿੱਖਾਂ ਨੂੰ ਇਹ ਜੱਦੋ-ਜਹਿਦ ਤੇ ਮੰਗ ਕਰਨੀ ਪਵੇਗੀ ਕਿ ਗੁਰਦੁਆਰਾ ਐਕਟ ਵਿਚ ਤਰਮੀਮਾਂ ਹੋਣ। ਕੇਂਦਰ ਦੀ ਬਜਾਏ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਦਾ ਅਧਿਕਾਰ ਹੋਵੇ, ਕਿਉਂਕਿ 98 ਪ੍ਰਤੀਸ਼ਤ ਮੈਂਬਰ ਤਾਂ ਪੰਜਾਬ ਵਿਚੋਂ ਹੀ ਚੁਣੇ ਜਾਂਦੇ ਹਨ। ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਵਿਚੋਂ ਮੈਂਬਰਾਂ ਦਾ ਸਮੁੱਚੇ ਸ਼੍ਰੋਮਣੀ ਕਮੇਟੀ ਦੇ ਹਾਊਸ ਵਿਚ ਹਿੱਸਾ ਬਹੁਤ ਹੀ ਨਿਗੂਣਾ ਹੈ। ਪੰਜਾਬ ਸਰਕਾਰ ਨਾਲ ਲਗਦੇ ਦੂਜੇ ਸੂਬਿਆਂ ਵਿਚੋਂ ਆਉਂਦੇ 12 ਮੈਂਬਰਾਂ ਦੀ ਚੋਣ ਦਾ ਵੀ ਬੰਦੋਬਸਤ ਕਰ ਸਕਦੀ ਹੈ।
3. ਸ਼੍ਰੋਮਣੀ ਕਮੇਟੀ ਦੇ ਵੋਟਰਾਂ ਨੂੰ ਸਹੀ ਪ੍ਰਵਾਨਿਤ ਧਾਰਮਿਕ ਮਾਪਦੰਡਾਂ ਅਨੁਸਾਰ ਹੀ ਚੋਣ ਸੂਚੀ ਵਿਚ ਦਰਜ ਕੀਤਾ ਜਾਵੇ। ਸਿੱਖ ਸੰਗਤ ਨੂੰ ਵੋਟਰਾਂ ਦੇ ਮਾਪਦੰਡਾਂ ਉਤੇ ਖਰੇ ਉਤਰਨ ਦੀ ਪਰਖ ਕਰਨ ਲਈ ਵੋਟਰ ਸੂਚੀ ਨੂੰ ਚਾਰ ਮਹੀਨੇ ਪਹਿਲਾਂ 'ਗੁਰਦੁਆਰਾ ਚੋਣ ਵੈਬਸਾਈਟ' ਉਤੇ ਪਾਇਆ ਜਾਵੇ। ਗੁਰਦੁਆਰਾ ਚੋਣ ਕਮਿਸ਼ਨ ਵੋਟਰਾਂ ਲਈ ਪਛਾਣ ਪੱਤਰ ਜਾਰੀ ਕਰੇ ਅਤੇ ਵੋਟਰਾਂ ਦੀ ਲੋੜੀਂਦੀ ਧਾਰਮਿਕ ਯੋਗਤਾ ਵਿਰੁੱਧ 10 ਅੰਮ੍ਰਿਤਧਾਰੀ ਸਿੱਖਾਂ ਵਲੋਂ ਉਠਾਏ ਇਤਰਾਜ਼ਾਂ ਨੂੰ ਵੀ ਵੈਬਸਾਈਟ ਉਤੇ ਪਾਇਆ ਜਾਵੇ ਅਤੇ ਪਬਲਿਕ ਸੁਣਵਾਈ ਰਾਹੀਂ ਚੋਣ ਕਮਿਸ਼ਨ 'ਵੋਟਰ' ਦੇ ਵੋਟ ਦੇਣ ਦੇ ਅਧਿਕਾਰ ਨੂੰ ਪਰਖੇ ਅਤੇ ਖਰਾ ਨਾ ਉਤਰਨ 'ਤੇ ਉਸ ਦੀ ਵੋਟ ਰੱਦ ਕਰ ਦਿੱਤੀ ਜਾਵੇ।
4. ਸਿੱਖਾਂ ਦੀ ਉੱਚ ਧਾਰਮਿਕ ਸੰਸਥਾ ਹੋਣ ਕਰਕੇ ਸ਼੍ਰੋਮਣੀ ਕਮੇਟੀ ਦੀ ਚੋਣ ਸਿਆਸੀ ਪਾਰਟੀਆਂ ਦੇ ਪੱਧਰ ਉਤੇ ਨਾ ਲੜੀ ਜਾਵੇ। ਵੱਖ-ਵੱਖ ਸਿਆਸੀ ਵਿਚਾਰ/ਮਤਿ ਰੱਖਣ ਵਾਲੇ ਸਿੱਖਾਂ ਨੂੰ ਵਿਅਕਤੀਗਤ ਤੌਰ 'ਤੇ ਜਾਂ ਕਿਸੇ ਸਮੂਹ/ਗਰੁੱਪ ਵਿਚ ਇਕੱਠੇ ਹੋ ਕੇ ਚੋਣ ਲੜਨ ਦਾ ਅਧਿਕਾਰ ਹੋਵੇ। ਉਹ ਆਪਣੀ ਧਾਰਮਿਕ ਸਮਝ/ਗੁਰਦੁਆਰਾ ਸੁਧਾਰ ਅਤੇ ਸਿੱਖਾਂ ਦੀ ਨਿਵੇਕਲੀ ਧਾਰਮਿਕ ਹਸਤੀ ਨੂੰ ਕਾਇਮ ਰੱਖਣ ਲਈ ਆਪਣਾ ਚੋਣ ਮਨੋਰਥ ਪੱਤਰ ਦਸਤਾਵੇਜ਼ੀ ਰੂਪ ਵਿਚ ਜਾਰੀ ਕਰ ਸਕਦੇ ਹਨ।
5. ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਤੇ ਹੋਰ ਸਿੱਖ ਵਿਦਵਾਨ ਸ਼੍ਰੋਮਣੀ ਕਮੇਟੀ ਦੀ ਵਿਗੜੀ ਹੋਈ ਹਾਲਤ ਦਾ ਭਾਂਡਾ ਇਸ ਦੇ 'ਸਿਆਸੀਕਰਨ' ਹੋ ਜਾਣ ਦੇ ਸਿਰ ਭੰਨਦੇ ਹਨ। ਇਸ ਦੇ ਉਲਟ ਅਸੀਂ ਮੰਨਦੇ ਹਾਂ ਸਿਧਾਂਤਕ ਤੌਰ ਉਤੇ ਸਿੱਖ ਪੰਥ ਅੰਦਰ ਧਰਮ ਅਤੇ ਸਿਆਸਤ ਅਲੱਗ-ਅਲੱਗ ਨਹੀਂ ਹਨ। ਹਰ ਸਮਾਜ ਵਿਚ ਵਿਅਕਤੀ (ਸਿੱਖ) ਮੂਲ ਤੌਰ ਉਤੇ ਸਿਆਸੀ ਪ੍ਰਾਣੀ ਹੁੰਦਾ ਹੈ, ਕਿਉਂਕਿ ਸਰਕਾਰਾਂ/ਹਾਕਮਾਂ ਦੀ ਹਰ ਸਿਆਸੀ ਚਾਲ ਉਸ ਉਤੇ ਅਸਰ-ਅੰਦਾਜ਼ ਹੁੰਦੀ ਹੈ। ਜਮਹੂਰੀ ਨਿਜ਼ਾਮਾਂ ਅੰਦਰ ਤਾਂ ਰਾਜਨੀਤੀ/ਸਰਕਾਰਾਂ ਦੇ ਹਰ ਫੈਸਲੇ ਨਾਗਰਿਕ/ਨਾਗਰਿਕਾਂ ਦੀ ਤਰਫੋਂ ਜਾਂ ਉਹਨਾਂ ਦੀ ਬਿਨ੍ਹਾਂ ਉਤੇ ਹੀ ਕੀਤੇ ਜਾਂਦੇ ਹਨ। ਸਿਧਾਂਤਕ ਤੌਰ ਉਤੇ ਸਰਕਾਰ ਹਰ ਫੈਸਲੇ ਲਈ ਨਾਗਰਿਕ/ਨਾਗਰਿਕਾਂ ਨੂੰ ਜਵਾਬਦੇਹ ਹੁੰਦੀ ਹੈ। ਯਾਦ ਰਹੇ ਕਿ ਸਿੱਖਾਂ ਦਾ ਗੁਰਦੁਆਰਾ ਪੂਜਾ-ਪਾਠ ਅਤੇ ਕਰਮਕਾਂਡ ਲਈ ਬਣਿਆ ਕੋਈ ਮੰਦਰ ਨਹੀਂ ਬਲਕਿ ਉਹ ਧਾਰਮਿਕ, ਸਮਾਜਿਕ ਅਤੇ ਸਿਆਸੀ ਪਹਿਲੂਆਂ ਉਤੇ ਵਿਚਾਰ ਕਰਨ ਲਈ ਸਿੱਖ ਸੰਗਤ ਵਾਸਤੇ ਇਕੱਠੇ ਜੁੜ ਬੈਠਣ ਦਾ ਇਕ ਸਥਾਨ ਹੈ। ਸਿੱਖ ਆਪਣੀ ਰੂਹਾਨੀ ਬੁਲੰਦੀ ਸੰਗਤ ਵਿਚ ਜੁੜ ਬੈਠ ਕੇ ਆਪਣੇ ਸ਼ੁਭ ਸਮਾਜੀ ਅਮਲ ਰਾਹੀਂ ਹੀ ਪ੍ਰਾਪਤ ਕਰ ਸਕਦਾ ਹੈ। ਗੁਰਮਤਿ ਇਸ ਬਾਰੇ ਬੜੀ ਸਪੱਸ਼ਟ ਹੈ ਕਿ ਸਿੱਖ ਨੂੰ ਇਹ ਰੂਹਾਨੀ ਪ੍ਰਾਪਤੀ ਪਹਾੜ ਦੀ ਕੁੰਦਰ ਵਿਚ ਬੈਠ ਕੇ ਮਾਲਾ ਦੇ ਮਣਕੇ ਫੇਰਨ ਨਾਲ ਨਹੀਂ ਹੋ ਸਕਦੀ। ਸਿਆਸਤ ਤੋਂ ਲਾਂਭੇ ਰੱਖਣ ਦਾ ਸੰਕਲਪ ਅਤੇ ਸਮਝ ਪੱਛਮੀ ਮਾਡਰਨ ਲਿਬਰਲ ਵਿਚਾਰਧਾਰਾ ਦੀ ਪੈਦਾਇਸ਼ ਹੈ, ਜਿਸ ਨੂੰ ਹਾਕਮ ਵਰਗ ਆਮ ਲੋਕਾਂ ਨੂੰ ਸੱਤਾ ਦੀ ਰਾਜਨੀਤੀ ਤੋਂ ਦੂਰ ਰਖਣ ਲਈ ਜਾਂ ਤਰ੍ਹਾਂ-ਤਰ੍ਹਾਂ ਦੇ ਭਰਮ ਭੁਲੇਖੇ ਖੜ੍ਹੇ ਕਰਨ ਲਈ ਲੋੜ ਤੋਂ ਵਧੇਰੇ ਪ੍ਰਚਾਰਦਾ ਹੈ।
ਅਫ਼ਸੋਸ ਹੈ ਕਿ ਦੇਸ਼ ਦੀ ਅਜ਼ਾਦੀ ਤੋਂ ਪਿਛੋਂ ਅੰਗਰੇਜ਼ੀ ਭਾਵ ਪੱਛਮੀ ਵਿੱਦਿਅਕ ਪ੍ਰਬੰਧ ਵਿਚ ਪੜ੍ਹੇ-ਲਿਖੇ ਬਹੁਤੇ ਸਿੱਖ ਵਿਦਵਾਨ ਇਸ ਵਿਚਾਰਧਾਰਕ ਦਵੰਦ ਦਾ ਸ਼ਿਕਾਰ ਹੋ ਕੇ ਸਿੱਖ ਸਿਧਾਂਤ ਅਤੇ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿਚ ਆਪਣਾ ਲੋੜੀਂਦਾ ਯੋਗਦਾਨ ਨਹੀਂ ਪਾ ਸਕੇ। ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਦੀ ਅਧੋਗਤੀ ਇਸ ਦੇ 'ਸਿਆਸੀਕਰਨ' ਕਰਕੇ ਨਹੀਂ ਬਲਕਿ ਗ਼ਲਤ ਚੋਣ ਪ੍ਰਕਿਰਿਆ ਤੇ 'ਬਿਗਾਨਿਆਂ ਦੇ ਹਥ ਪਤੰਗ ਦੀ ਡੋਰ' ਫੜਾਉਣ ਕਰਕੇ ਹੈ। ਮੌਜੂਦਾ ਪ੍ਰਬੰਧ ਅਤੇ ਪ੍ਰਚਲਿਤ ਤੌਰ ਤਰੀਕਿਆਂ ਨਾਲ ਕਰਾਈ ਚੋਣ ਸ਼੍ਰੋਮਣੀ ਕਮੇਟੀ ਅੰਦਰ ਕਦੇ ਵੀ ਭ੍ਰਿਸ਼ਟਾਚਾਰ ਮੁਕਤ ਅਤੇ ਇਮਾਨਦਾਰ ਕਾਰਜਸ਼ੈਲੀ ਨਹੀਂ ਲਿਆ ਸਕੇਗੀ।
6. ਚੁਣੇ ਹੋਏ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ 1920-25 ਦੀ ਤਰਜ਼ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਧਾਰਮਿਕ ਸੁਧਾਈ ਹੋਵੇ ਅਤੇ ਉਨ੍ਹਾਂ ਦੇ ਸਿੱਖੀ ਸਦਾਚਾਰਕ ਅਮਲਾਂ ਨੂੰ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੋਂ ਦੇਸ਼-ਵਿਦੇਸ਼ ਵਿਚ ਪ੍ਰਚਾਰਿਆ ਜਾਵੇ। ਉਹ ਆਪਣੇ ਅਮਲ ਰਾਹੀਂ ਸਿੱਖ ਕਦਰਾਂ-ਕੀਮਤਾਂ ਦੇ ਪ੍ਰਚਾਰਕ ਹੋਣ।
7. ਸ਼੍ਰੋਮਣੀ ਕਮੇਟੀ ਮੈਂਬਰ ਸਿਰਫ ਸਾਲ ਵਿਚ ਇਕ ਵਾਰ ਹੀ ਕਾਰਜਕਾਰੀ ਅਤੇ ਪ੍ਰਧਾਨ ਦੀ ਚੋਣ ਲਈ ਇਕੱਠੇ ਨਾ ਹੋਣ ਸਗੋਂ ਸਾਲ ਅੰਦਰ ਘੱਟੋ-ਘੱਟ ਦੋ ਵਾਰ ਸੱਤ ਦਿਨਾਂ ਦੀਆਂ ਇਕੱਤਰਤਾਵਾਂ ਕਰਨ, ਜਿਨ੍ਹਾਂ ਵਿਚ ਸਿੱਖ ਪੰਥ ਨੂੰ ਦਰਪੇਸ਼ ਹਰ ਧਾਰਮਿਕ, ਸਮਾਜਿਕ ਅਤੇ ਸਿਆਸੀ ਮਸਲਾ ਵਿਚਾਰਿਆ ਜਾਵੇ। ਫਿਰ ਹੀ ਸਹੀ ਰੂਪ ਵਿਚ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਕਹਾਉਣ ਦਾ ਹੱਕ ਪ੍ਰਾਪਤ ਕਰ ਸਕੇਗੀ।
8. ਕਮੇਟੀ ਦੀ ਕਾਰਜ਼ਸੈਲੀ ਤੇ ਮੁਲਾਜ਼ਮਾਂ ਦੀ ਭਰਤੀ ਅਤੇ ਕਾਰਗੁਜ਼ਾਰੀ ਨੂੰ ਪਾਰਦਰਸ਼ੀ ਬਣਾਉਣ ਲਈ ਹਰ ਫ਼ੈਸਲਾ ਕਮੇਟੀ ਦੀ ਵੈਬਸਾਈਟ ਉੱਪਰ ਪਾਇਆ ਜਾਵੇ। ਸਿੱਖ ਭਾਈਚਾਰੇ ਵਲੋਂ ਸ਼ਰਧਾ ਹਿਤ ਦਿੱਤੀ ਭੇਟਾ ਅਤੇ ਗੋਲਕ ਨੂੰ ਬ੍ਰਾਹਮਣਵਾਦੀ ਧਾਰਮਿਕ ਕਰਮਕਾਂਡ ਵਾਂਗ ਸਿੱਖਾਂ ਅੰਦਰ ਉੱਭਰੇ ਨਵੇਂ ਪੁਜਾਰੀ ਵਰਗ ਦੀ ਤਰਜ਼ ਉਤੇ ਪੈਦਾ ਹੋਏ ਨਵੇਂ ਮਹੰਤਾਂ ਦੀ ਸੇਵਾ ਹਿਤ ਨਾ ਵਰਤਿਆ ਜਾਵੇ ਸਗੋਂ ਸਿੱਖੀ ਵਿਚ ਸਮਾਜੀ ਉਭਾਰ ਲਿਆਉਣ ਲਈ ਵਰਤਿਆ ਜਾਵੇ।
ਅਜਿਹੇ ਨੁਕਤੇ ਸਿੱਖ ਸੰਗਤ ਦਾ ਤੁਰੰਤ ਧਿਆਨ ਮੰਗਦੇ ਹਨ। ਵੱਡਾ ਡਰ ਹੈ ਕਿ ਸਾਡੀ ਬੇਪ੍ਰਵਾਹੀ, ਅਵੇਸਲਾਪਣ ਅਤੇ ਲੀਡਰਾਂ ਦੇ ਲਾਰਿਆਂ ਵਿਚ ਫਸੇ ਰਹਿਣ ਦੀ ਪ੍ਰਵਿਰਤੀ ਕਿਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਤੋਂ ਕੋਹਾਂ ਦੂਰ ਨਾ ਲੈ ਜਾਵੇ।


-ਜਨਰਲ ਸਕਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਲਾਟ ਨੰਬਰ 1, ਸੈਕਟਰ 28, ਚੰਡੀਗੜ੍ਹ।
ਮੋਬਾਈਲ : 93161-07093.


ਖ਼ਬਰ ਸ਼ੇਅਰ ਕਰੋ

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -2

ਜਦੋਂ ਖ਼ਾਲਸਾ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸੰਭਾਲਿਆ

ਸਿੰਘ ਸਭਾ ਲਹਿਰ ਨੇ ਸਮਾਜ ਵਿਚ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਅਤੇ ਪਿੱਛੇ ਰਹੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਕਈ ਮੁਸਲਮਾਨਾਂ ਨੇ ਵੀ ਅੰਮ੍ਰਿਤ ਛਕਿਆ। ਪਿੱਛੇ ਰਹੀਆਂ ਸ਼੍ਰੇਣੀਆਂ ਵਿਚ ਪ੍ਰਚਾਰ ਕਰਨ ਲਈ ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ ਕਾਇਮ ਕੀਤਾ ਗਿਆ। ਚੀਫ਼ ਖ਼ਾਲਸਾ ਦੀਵਾਨ ਦੀ ਸਲਾਹ ਨਾਲ ਖ਼ਾਲਸਾ ਬਰਾਦਰੀ ਦਾ ਦੀਵਾਨ ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਵਿਖੇ 10, 11 ਤੇ 12 ਅਕਤੂਬਰ, 1920 ਈ: ਨੂੰ ਪੰਜਾਬ ਭਰ ਦੇ ਰਵਿਦਾਸੀਏ ਸਿੱਖਾਂ ਵਲੋਂ ਕੀਤਾ ਗਿਆ ਸੀ। ਇਨ੍ਹਾਂ ਨੇ ਮਿਤੀ 11 ਅਕਤੂਬਰ, 1920 ਨੂੰ ਮਤਾ ਪਾਸ ਕੀਤਾ ਸੀ ਕਿ ਪੁਜਾਰੀ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਸਾਡਾ ਪ੍ਰਸ਼ਾਦ ਨਹੀਂ ਚੜ੍ਹਨ ਦਿੰਦੇ।
ਇਸ ਮਜ਼੍ਹਬੀ ਗੁਲਾਮੀ ਨੂੰ ਦੂਰ ਕਰਨ ਲਈ ਭਲਕੇ 12 ਅਕਤੂਬਰ ਕੜਾਹ ਪ੍ਰਸ਼ਾਦ ਲੈ ਕੇ ਸ੍ਰੀ ਦਰਬਾਰ ਸਾਹਿਬ ਚੱਲਣਾ ਹੈ। ਇਨ੍ਹਾਂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰਾਂ ਅਤੇ ਨੌਜਵਾਨ ਵਿਦਿਆਰਥੀਆਂ ਨੇ ਨਾਲ ਜਾਣ ਦਾ ਭਰੋਸਾ ਦਿੱਤਾ। ਇਸ ਸਮਾਗਮ ਵਿਚ ਬਹੁਤ ਸਾਰੇ ਰਵਿਦਾਸੀਆਂ ਨੇ ਅੰਮ੍ਰਿਤ ਛਕਿਆ ਅਤੇ 12 ਅਕਤੂਬਰ, 1920 ਈ: ਨੂੰ ਨਵੇਂ ਸਜੇ ਸਿੰਘ ਭਾਈ ਮਹਿਤਾਬ ਸਿੰਘ 'ਬੀਰ' ਦੀ ਅਗਵਾਈ ਹੇਠ ਜਲ੍ਹਿਆਂਵਾਲੇ ਬਾਗ਼ ਵਿਚੋਂ ਸਮੇਤ ਖ਼ਾਲਸਾ ਕਾਲਜ ਦੇ ਕੁਝ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦਾ ਜਥਾ ਬਣਾ ਕੇ ਅਤੇ ਕੜਾਹ ਪ੍ਰਸ਼ਾਦ ਲੈ ਕੇ ਸਵੇਰੇ 9 ਵਜੇ ਸ੍ਰੀ ਦਰਬਾਰ ਸਾਹਿਬ ਪੁੱਜੇ। ਪੁਜਾਰੀਆਂ ਨੇ ਪਹਿਲਾਂ ਤਾਂ ਇਨ੍ਹਾਂ ਨੂੰ ਦਰਬਾਰ ਸਾਹਿਬ ਅੰਦਰ ਆਉਣ ਤੋਂ ਰੋਕਿਆ ਪਰ ਸੰਗਤ ਬਹੁਤ ਸੀ, ਜਿਸ ਕਾਰਨ ਉਹ ਸਾਰੇ ਅੰਦਰ ਲੰਘ ਗਏ। ਜਦ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਨ ਲਈ ਪੁਜਾਰੀਆਂ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਪ੍ਰੋਫੈਸਰਾਂ ਨੇ ਬਹੁਤ ਕਿਹਾ ਪਰ ਉਨ੍ਹਾਂ ਨੇ ਕਿਸੇ ਦੀ ਕੋਈ ਗੱਲ ਨਾ ਮੰਨੀ। ਅਖ਼ੀਰ ਬਾਬਾ ਹਰਕ੍ਰਿਸ਼ਨ ਸਿੰਘ ਪ੍ਰੋਫੈਸਰ ਖ਼ਾਲਸਾ ਕਾਲਜ ਨੇ ਆਖਿਆ, 'ਖ਼ਾਲਸਾ ਜੀ ਇਹ ਕੋਈ ਸਾਡੇ ਨਾਲੋਂ ਵੱਡੇ ਸਿੱਖ ਹਨ? ਅਸੀਂ ਵੀ ਸਿੱਖ ਹਾਂ, ਅਸੀਂ ਆਪਣੇ ਪ੍ਰਸ਼ਾਦ ਦਾ ਅਰਦਾਸਾ ਵੀ ਆਪ ਕਰ ਸਕਦੇ ਹਾਂ। ਇਹ ਬੇਸ਼ੱਕ ਨਾ ਕਰਨ। ਉੱਠੋ, ਅਰਦਾਸਾ ਹੁੰਦਾ ਹੈ।' ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਇਕ ਵਿਦਿਆਰਥੀ ਨੇ ਅਰਦਾਸ ਕੀਤੀ।
ਸਿੰਘਾਂ ਨੇ ਅਜੇ ਪ੍ਰਸ਼ਾਦ ਵਰਤਾਣਾ ਸ਼ੁਰੂੁ ਕਰਨਾ ਹੀ ਸੀ ਕਿ ਉਸ ਸਮੇਂ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਵੀ ਪਹੁੰਚ ਗਏ। ਝੱਬਰ ਜੀ ਨੇ ਬੈਠਦੇ ਸਾਰ ਇਕ ਸਿੰਘ ਕੋਲੋਂ ਪੁੱਛਿਆ ਕਿ ਪੁਜਾਰੀਆਂ ਨੇ ਪ੍ਰਸ਼ਾਦ ਪ੍ਰਵਾਨ ਕੀਤਾ ਹੈ ਕਿ ਨਹੀਂ? ਉਸ ਸਿੰਘ ਨੇ ਜੋ ਕੁਝ ਵਾਪਰਿਆ ਸੀ ਉਹ ਸਾਰਾ ਕੁਝ ਦੱਸ ਦਿੱਤਾ ਕਿ ਪੁਜਾਰੀਆਂ ਨੇ ਸੰਗਤ ਦੀ ਕੋਈ ਗੱਲ ਨਹੀਂ ਮੰਨੀ। ਜਥੇਦਾਰ ਝੱਬਰ ਖੜ੍ਹੇ ਹੋ ਗਏ ਅਤੇ ਪ੍ਰਸ਼ਾਦ ਵਰਤਾਉਣ ਵਾਲੇ ਸਿੰਘ ਨੂੰ ਕਿਹਾ ਕਿ ਬੈਠ ਜਾਓ, ਉਹ ਬੈਠ ਗਏ। ਜਥੇਦਾਰ ਝੱਬਰ ਜੀ ਨੇ ਪੁਜਾਰੀਆਂ ਨੂੰ ਕੁਝ ਗੱਲਾਂ ਕਹੀਆਂ ਅਤੇ ਅਖ਼ੀਰ ਕਿਹਾ ਕਿ 'ਤੁਹਾਨੂੰ ਸਾਧ ਸੰਗਤ ਦਾ ਹੁਕਮ ਮੰਨਣਾ ਚਾਹੀਦਾ ਹੈ। ਜੇ ਤੁਸੀਂ ਪੰਥ ਦਾ ਹੁਕਮ ਨਹੀਂ ਮੰਨੋਗੇ ਤਾਂ ਤੁਹਾਨੂੰ ਹੁਣੇ ਹੀ ਬਾਹਰ ਕੱਢ ਦਿਆਂਗੇ ਅਤੇ ਗੁਰੂ ਕੇ ਝਾੜੂ-ਬਰਦਾਰ ਅਸੀਂ ਹੋਰ ਮੁਕੱਰਰ ਕਰ ਦੇਵਾਂਗੇ।'
ਇਸ ਤਰ੍ਹਾਂ ਥੋੜ੍ਹੇ ਜਿਹੇ ਵਾਦ-ਵਿਵਾਦ ਪਿੱਛੋਂ ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋ ਗਈਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ ਜਾਵੇ। ਮਹਾਰਾਜ ਦੀ ਤਾਬਿਆ ਬੈਠੇ ਮੁੱਖ ਪੁਜਾਰੀ ਨੇ ਹੁਕਮਨਾਮਾ ਲਿਆ ਜੋ ਪੰਨਾ 638 'ਤੇ ਇਸ ਪ੍ਰਕਾਰ ਸੀ :
ਸੋਰਠਿ ਮਹਲਾ ੩ ਦੁਤੁਕੀ॥
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ॥ ੧॥
ਹਰਿ ਜੀਉ ਆਪੇ ਬਖਸਿ ਮਿਲਾਇ॥
ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਿਗੁਰਿ ਲਏ ਰਲਾਇ॥ ਰਹਾਉ॥
ਇਸ ਫੁਰਮਾਨ ਨਾਲ ਸਾਰਾ ਵਾਤਾਵਰਨ 'ਧੰਨ ਗੁਰੂ ਅਮਰਦਾਸ' ਤੇ 'ਧੰਨ ਗੁਰੂ ਰਾਮਦਾਸ' ਦੀਆਂ ਧੁਨਾਂ ਨਾਲ ਗੂੰਜ ਉੱਠਿਆ ਅਤੇ ਸੰਗਤ ਬਹੁਤ ਹੀ ਪ੍ਰਭਾਵਿਤ ਹੋਈ। ਸਤਿਗੁਰੂ ਜੀ ਨੇ ਮੌਕੇ ਮੁਤਾਬਿਕ ਹੁਕਮ ਬਖ਼ਸ਼ਿਆ ਸੀ ਅਤੇ ਡੋਲਦੇ ਮਨ ਸਿਦਕ ਨਾਲ ਭਰ ਗਏ।
ਮੁੱਖ ਪੁਜਾਰੀ ਨੇ ਕਿਹਾ, ਸਾਧ ਸੰਗਤ ਜੀ, ਅਸੀਂ ਇਸ ਧੁਰੋਂ ਆਏ ਹੁਕਮ ਅੱਗੇ ਸਿਰ ਝੁਕਾਉਂਦੇ ਹਾਂ। ਪਰ ਇਸ ਪ੍ਰਸ਼ਾਦ ਦਾ ਅਰਦਾਸਾ ਪਹਿਲਾਂ ਹੋ ਚੁੱਕਿਆ ਹੈ, ਹੋਰ ਪ੍ਰਸ਼ਾਦ ਲਿਆਉ ਤਾਂ ਅਰਦਾਸਾ ਸੋਧਿਆ ਜਾਵੇਗਾ। ਖ਼ਾਲਸਾ ਬਰਾਦਰੀ ਵਲੋਂ ਭਾਈ ਮਹਿਤਾਬ ਸਿੰਘ ਬੀਰ ਬਾਹਰ ਗਏ ਅਤੇ ਪ੍ਰਸ਼ਾਦ ਦਾ ਹੋਰ ਥਾਲ ਲੈ ਆਏ। ਅਰਦਾਸੀਏ ਸਿੰਘ ਨੇ ਅਰਦਾਸ ਕੀਤੀ। ਜਿਉਂ ਜਿਉਂ ਸੰਗਤ ਨੂੰ ਪਤਾ ਲਗਦਾ ਗਿਆ ਸੰਗਤ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੀ ਗਈ। ਸਾਰਾ ਹਰਿਮੰਦਰ ਸਾਹਿਬ ਹੇਠਾਂ, ਉੱਤੇ ਛੱਤ ਤੇ ਪਰਿਕਰਮਾ ਵਿਚ ਏਨਾ ਇਕੱਠ ਸੀ ਕਿ ਤਿਲ ਸੁੱਟਿਆਂ ਜ਼ਮੀਨ 'ਤੇ ਨਹੀਂ ਡਿਗਦਾ ਸੀ।
ਹੁਕਮ ਸੁਣਨ ਪਿੱਛੋਂ ਜਥੇਦਾਰ ਝੱਬਰ ਨੇ ਆਖਿਆ, 'ਕੜਾਹ ਪ੍ਰਸ਼ਾਦ ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਨੂੰ ਦਿੱਤਾ ਜਾਵੇ। ਉਸ ਸਮੇਂ ਪੁਜਾਰੀ ਸਿੰਘ ਹਰਿਮੰਦਰ ਸਾਹਿਬ ਦੇ ਪ੍ਰਬੰਧਕ ਸਨ, ਇਸ ਲਈ ਪ੍ਰਸ਼ਾਦ ਵਰਤਾਉਣ ਦੀ ਸ਼ੁਰੂਆਤ ਪੁਜਾਰੀ ਸਿੰਘਾਂ ਤੋਂ ਹੀ ਕੀਤੀ ਜਾਵੇ।' ਪ੍ਰਸ਼ਾਦ ਵਰਤਾਇਆ ਗਿਆ, ਕਈ ਪੁਜਾਰੀ ਉੱਠ ਕੇ ਤੁਰ ਗਏ, ਕਈ ਪੁਜਾਰੀਆਂ ਨੇ ਪ੍ਰਸ਼ਾਦ ਨਾ ਲਿਆ ਅਤੇ ਕਈ ਪੁਜਾਰੀਆਂ ਨੇ ਪ੍ਰਸ਼ਾਦ ਲੈ ਕੇ ਵੀ ਨਾ ਛਕਿਆ। ਜਥੇਦਾਰ ਝੱਬਰ ਨੇ ਸਾਰੀ ਸੰਗਤ ਨੂੰ ਇਸੇ ਤਰ੍ਹਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪ੍ਰਸ਼ਾਦ ਭੇਟ ਕਰਨ ਲਈ ਪ੍ਰੇਰਿਆ।
ਸ੍ਰੀ ਹਰਿਮੰਦਰ ਸਾਹਿਬ ਅੰਦਰ ਵਾਪਰੀ ਘਟਨਾ ਨੂੰ ਦੇਖ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਅਕਾਲ ਤਖ਼ਤ ਸਾਹਿਬ ਤੋਂ ਭੱਜ ਗਏ। ਜਦ ਸਾਰੀ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ ਤਾਂ ਪੁਜਾਰੀ ਪਹਿਲਾਂ ਹੀ ਤਖ਼ਤ ਖਾਲੀ ਛੱਡ ਕੇ ਭੱਜ ਚੁੱਕੇ ਸਨ। ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਜ ਗਈਆਂ। ਜਥੇਦਾਰ ਝੱਬਰ ਨੇ ਆਖਿਆ ਕਿ ਪੁਜਾਰੀ ਸਿੰਘਾਂ ਨੂੰ ਬੁਲਾਓ। ਪਰ ਪੁਜਾਰੀ ਤਾਂ ਪਹਿਲਾਂ ਹੀ ਜਾ ਚੁੱਕੇ ਸਨ। ਉਸ ਸਮੇਂ ਮਾਸਟਰ ਚੰਦਾ ਸਿੰਘ, ਭਾਈ ਸੁੰਦਰ ਸਿੰਘ ਚਾਵਲ ਮੰਡੀ ਵਾਲੇ, ਆਪਣੇ ਨਾਲ ਹੋਰ ਸਿੰਘਾਂ ਨੂੰ ਲੈ ਕੇ ਮਹੰਤ ਸੁੰਦਰ ਸਿੰਘ ਪੁਜਾਰੀ ਦੇ ਘਰ ਗਏ। ਉਥੇ ਹੋਰ ਵੀ ਪੁਜਾਰੀ ਬੈਠੇ ਸਲਾਹ ਕਰ ਰਹੇ ਸਨ ਤਾਂ ਮਾਸਟਰ ਚੰਦਾ ਸਿੰਘ ਨੇ ਆਖਿਆ, 'ਚਲੋ ਖ਼ਾਲਸਾ ਜੀ, ਦੀਵਾਨ ਵਿਚ' ਉੱਤਰ ਵਿਚ ਪੁਜਾਰੀਆਂ ਨੇ ਕਿਹਾ, 'ਅਸੀਂ ਨਹੀਂ ਜਾਂਦੇ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋ: 98155-33725.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਮਾਤਾ ਕਿਸ਼ਨ ਕੌਰ ਕਾਉਂਕੇ

ਇਲਾਹੀ ਇਸ਼ਕ ਵਿਚ ਰੰਗੇ ਸਾਡੇ ਇਤਿਹਾਸ ਵਿਚ ਸੇਵਾ, ਸਿਮਰਨ, ਸਮਰਪਣ ਵਿਚ ਆਪਣਾ-ਆਪ ਮਿਟਾਉਣ ਵਾਲੀਆਂ ਰੂਹਾਂ ਦੀ ਕਮੀ ਨਹੀਂ। ਸ੍ਰੀ ਦਸਮੇਸ਼ ਜੀ ਦੀਆਂ ਬੀਰ ਸਪੁੱਤਰੀਆਂ ਜਿਥੇ ਅਣਖ, ਧਰਮ, ਇੱਜ਼ਤ ਅਤੇ ਸਵੈਮਾਣ ਦੀ ਰੱਖਿਆ ਲਈ ਜੂਝ ਕੇ ਕੁਰਬਾਨ ਹੁੰਦੀਆਂ ਰਹੀਆਂ, ਉਥੇ ਹੀ ਚੜ੍ਹਦੀ ਕਲਾ, ਸਿਦਕ ਅਤੇ ਭਾਣੇ ਵਿਚ ਰਹਿ ਕੇ ਮਨੁੱਖਤਾ ਦੀ ਅਪਾਰ ਸੇਵਾ ਵਿਚ ਜੁਟੀਆਂ ਰਹੀਆਂ। ਆਪਣਾ ਸਾਰਾ ਜੀਵਨ ਤਿਆਗ ਅਤੇ ਸੇਵਾ ਭਾਵ ਦੇ ਲੇਖੇ ਲਾਉਣ ਵਾਲੇ ਮਾਤਾ ਕਿਸ਼ਨ ਕੌਰ ਜੀ ਇਕ ਸੱਚੇ ਸੰਤ ਸਿਪਾਹੀ ਸਨ। ਇਨ੍ਹਾਂ ਦਾ ਜਨਮ ਸੰਨ 1856 ਵਿਚ, ਪਿਤਾ ਸੋਭਾ ਸਿੰਘ ਅਤੇ ਮਾਤਾ ਸੋਭਾਂ ਦੇ ਘਰ ਪਿੰਡ ਲੋਹਗੜ੍ਹ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਇਹ ਪਰਿਵਾਰ ਫਿਰ ਪਿੰਡ ਦੌਧਰ ਜ਼ਿਲ੍ਹਾ ਫਿਰੋਜ਼ਪੁਰ ਵਿਚ ਵਸ ਗਿਆ, ਜਿਥੇ ਬੱਚੀ ਕਿਸ਼ਨ ਕੌਰ ਨੇ ਗੁਰਦੁਆਰੇ ਦੇ ਗੁਰਮੁਖੀ ਸਕੂਲ ਵਿਚੋਂ ਗੁਰਮਤਿ ਅਤੇ ਸਿੱਖ ਇਤਿਹਾਸ ਦੀ ਸੋਝੀ ਪ੍ਰਾਪਤ ਕੀਤੀ। ਚੰਗੇ ਸੰਸਕਾਰਾਂ ਵਿਚ ਪਲੀ ਬੱਚੀ ਹਰ ਸਮੇਂ ਨਾਮ, ਬਾਣੀ, ਸੇਵਾ, ਸਿਮਰਨ ਵਿਚ ਮਖ਼ਸੂਰ ਰਹਿੰਦੀ ਸੀ। ਇਨ੍ਹਾਂ ਦਾ ਵਿਆਹ ਪਿੰਡ ਕਾਉਂਕੇ ਕਲਾਂ, ਜ਼ਿਲ੍ਹਾ ਲੁਧਿਆਣਾ ਦੇ ਇਕ ਅੰਮ੍ਰਿਤਧਾਰੀ ਨੌਜਵਾਨ ਸ: ਹਰਨਾਮ ਸਿੰਘ ਨਾਲ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਆਜ਼ਾਦ ਕਰਵਾਉਣ ਲਈ ਮਾਤਾ ਜੀ ਨੇ ਬਹੁਤ ਦਲੇਰੀ ਦਿਖਾਈ। ਸੰਨ 1922 ਵਿਚ ਗੁਰੂ ਕੇ ਬਾਗ਼ ਦਾ ਮੋਰਚਾ ਲੱਗਾ ਤਾਂ ਬੀ.ਟੀ. ਨੇ ਨਿਰਦੋਸ਼ ਨਿਹੱਥੇ ਸਿੰਘਾਂ ਉਤੇ ਅੰਨ੍ਹਾ ਤਸ਼ੱਦਦ ਢਾਹਿਆ। ਮਾਤਾ ਕਿਸ਼ਨ ਕੌਰ ਜੀ ਉਥੇ ਜਾ ਕੇ ਜ਼ਖ਼ਮੀਆਂ ਦੀ ਮਲ੍ਹਮ ਪੱਟੀ ਕਰਨ ਲੱਗੇ। ਗੁਰੂ ਪੰਥ ਦੇ ਹੁਕਮ ਨਾਲ ਸਿੰਘ ਸ਼ਾਂਤਮਈ ਸੰਘਰਸ਼ ਕਰਦੇ ਹੋਏ ਜ਼ੁਲਮ ਸਹਾਰ ਰਹੇ ਸਨ। ਇਕ ਦਿਨ ਬੀ.ਟੀ. ਨੇ ਸਖ਼ਤ ਲਾਠੀਚਾਰਜ ਕੀਤਾ ਅਤੇ ਮਾਤਾ ਕਿਸ਼ਨ ਕੌਰ ਜੀ ਨੂੰ ਹੱਸ ਕੇ ਦੱਸਣ ਲੱਗਾ ਕਿ ਅੱਜ ਮੈਂ ਸਿੰਘਾਂ ਦੀ ਇਹੋ ਜਿਹੀ ਭੁਗਤ ਸਵਾਰੀ ਹੈ ਜਿਸ ਨੂੰ ਇਹ ਹਮੇਸ਼ਾ ਯਾਦ ਰੱਖਣਗੇ। ਮਾਤਾ ਜੀ ਨੇ ਰੋਹ ਵਿਚ ਆ ਕੇ ਬੀ.ਟੀ. ਦੇ ਮੂੰਹ 'ਤੇ ਏਨੀ ਕੱਸ ਕੇ ਚਪੇੜ ਮਾਰੀ ਕਿ ਉਹ ਮੂਧੇ ਮੂੰਹ ਜਾ ਡਿੱਗਾ ਅਤੇ ਸ਼ਰਮਿੰਦਾ ਹੋ ਕੇ ਆਪਣੇ ਕੈਂਪ ਵਿਚ ਜਾ ਵੜਿਆ। ਸੰਨ 1923 ਵਿਚ ਅੰਗਰੇਜ਼ਾਂ ਨੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਉਂ ਲਾਹ ਦਿੱਤਾ ਤਾਂ ਮਾਤਾ ਜੀ ਨੇ ਪਿੰਡਾਂ ਦੇ ਦੌਰੇ ਕਰਕੇ ਇਸ ਬੇਇਨਸਾਫ਼ੀ ਪ੍ਰਤੀ ਰੋਹ ਜਗਾਇਆ। ਜੈਤੋ ਦੇ ਮੋਰਚੇ ਸਮੇਂ ਮਾਤਾ ਜੀ ਸ਼ਹੀਦੀ ਬਾਣਾ ਪਹਿਨ ਕੇ ਸ਼ਹੀਦੀ ਜਥੇ ਵਿਚ ਸ਼ਾਮਿਲ ਹੋਏ।
ਮਾਤਾ ਜੀ ਨੂੰ ਰਾਜ ਧਰੋਹ ਦੇ ਕੇਸ ਵਿਚ 4 ਸਾਲ ਦੀ ਸਖ਼ਤ ਸਜ਼ਾ ਹੋਈ। ਨਾਭਾ ਜੇਲ੍ਹ ਵਿਚੋਂ 1928 ਵਿਚ ਰਿਹਾਅ ਹੋਣ 'ਤੇ ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼ਾਨਦਾਰ ਸਿਰੋਪਾਓ, 'ਮਾਤਾ' ਦਾ ਖਿਤਾਬ ਅਤੇ 15 ਰੁਪਏ ਮਹੀਨਾ ਪੈਨਸ਼ਨ ਦੇ ਕੇ ਸਨਮਾਨਿਆ ਗਿਆ। ਗੁਰਮੁਖਤਾ, ਸੱਚ, ਸੁੱੱਚ, ਸੰਜਮ ਅਤੇ ਪਵਿੱਤਰਤਾ ਭਰਿਆ ਜੀਵਨ ਗੁਜ਼ਾਰ ਕੇ 10 ਅਗਸਤ, 1952 ਈ: ਨੂੰ 96 ਸਾਲ ਦੀ ਉਮਰ ਵਿਚ ਗੁਰਦੁਆਰਾ ਗੁਰੂਸਰ ਕਾਉਂਕੇ ਕਲਾਂ ਵਿਖੇ ਇਨ੍ਹਾਂ ਨੇ ਸਰੀਰ ਤਿਆਗਿਆ। ਅੰਤ ਤੱਕ ਉਹ ਗੁਰਮਤਿ ਦਾ ਪ੍ਰਚਾਰ, ਸੇਵਾ ਅਤੇ ਸਮਾਜ ਸੁਧਾਰ ਦੇ ਕੰਮਾਂ ਵਿਚ ਜੁਟੇ ਰਹੇ। ਅੱਜ ਵੀ ਲੋਕ ਉਨ੍ਹਾਂ ਨੂੰ ਕਾਵਿਮਈ ਸ਼ਰਧਾਂਜਲੀ ਭੇਟ ਕਰਦੇ ਹਨ। **

ਭਾਈ ਹਰਦਿੱਤ ਸਿੰਘ ਪਿੰਡ ਕੋਟ ਫਤੂਹੀ (ਹੁਸ਼ਿਆਰਪੁਰ)

ਭਾਈ ਹਰਦਿੱਤ ਸਿੰਘ ਦਾ ਜਨਮ ਪਿੰਡ ਕੋਟ ਫਤੂਹੀ, ਜ਼ਿਲ੍ਹਾ ਹੁਸ਼ਿਆਰਪੁਰ, ਵਿਚ 1887 ਈਸਵੀ ਨੂੰ ਹੋਇਆ। ਆਪ ਦੇ ਪਿਤਾ ਦਾ ਨਾਂਅ ਸ: ਗੰਗਾ ਸਿੰਘ ਢਿੱਲੋਂ ਅਤੇ ਮਾਂ ਦਾ ਨਾਂਅ ਸ੍ਰੀਮਤੀ ਰੁਕਮਣੀ ਸੀ। ਬਚਪਨ ਪਿੰਡ ਵਿਚ ਹੀ ਬੀਤਿਆ। ਪਿੰਡ ਦੇ ਕੁਝ ਵਸਨੀਕ ਕੈਨੇਡਾ ਵਿਚ ਗਏ ਹੋਏ ਸਨ, ਉਨ੍ਹਾਂ ਦੀਆਂ ਗੱਲਾਂਬਾਤਾਂ ਸੁਣਦਿਆਂ ਗੱਭਰੂ ਭਾਈ ਹਰਦਿੱਤ ਸਿੰਘ ਦੇ ਮਨ ਵਿਚ ਵੀ ਕੈਨੇਡਾ ਜਾਣ ਦਾ ਵਿਚਾਰ ਪੈਦਾ ਹੋਇਆ ਅਤੇ ਉਹ ਪਿੰਡ ਦੇ ਕੁਝ ਹੋਰ ਗੱਭਰੂਆਂ ਦੀ ਸੰਗਤ ਵਿਚ 1907 ਦੇ ਅਖ਼ੀਰ ਕੈਨੇਡਾ ਦੇ ਸ਼ਹਿਰ ਵਿਕਟੋਰੀਆ ਪਹੁੰਚ ਗਿਆ ਅਤੇ ਆਪਣੇ ਪਿੰਡ ਤੋਂ ਪਹਿਲਾਂ ਕੈਨੇਡਾ ਆਏ ਮਿੱਤਰਾਂ ਦੇ ਨਾਲ ਲੱਕੜ ਮਿੱਲ ਵਿਚ ਕੰਮ ਕਰਨ ਲੱਗਾ। ਥੋੜ੍ਹੇ ਸਮੇਂ ਪਿੱਛੋਂ ਸਾਰੇ ਬੇਲੀ ਵਿਕਟੋਰੀਆ ਛੱਡ ਕੇ ਵੈਨਕੂਵਰ ਆ ਗਏ। ਉਨ੍ਹਾਂ ਨੇ ਸਖਤ ਮਿਹਨਤ ਕਰ ਕੇ ਚੰਗੀ ਜਾਇਦਾਦ ਬਣਾ ਲਈ। ਕੁਝ ਕੈਨੇਡਾ ਦੇ ਸਥਾਨਕ ਵਾਸੀਆਂ ਵਲੋਂ ਪ੍ਰਵਾਸੀਆਂ ਨਾਲ ਕੀਤੀ ਜਾ ਰਹੀ ਨਫ਼ਰਤ ਦੇ ਹੱਡੀਂ ਹੰਢਾਏ ਅਨੁਭਵ ਅਤੇ ਕੁਝ ਕੈਨੇਡੀਅਨ ਦੇਸ਼ ਭਗਤਾਂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਭਗਵਾਨ ਸਿੰਘ 'ਪ੍ਰੀਤਮ' ਆਦਿ ਦੀ ਸੰਗਤ ਤੋਂ ਦੇਸ਼ ਪਿਆਰ ਦੀ ਲਗਨ ਲੱਗੀ। ਜਦ ਗ਼ਦਰ ਪਾਰਟੀ ਨੇ ਪਹਿਲੀ ਸੰਸਾਰ ਜੰਗ ਨੂੰ ਅੰਗਰੇਜ਼ਾਂ ਖਿਲਾਫ਼ ਹਥਿਆਰਬੰਦ ਅੰਦੋਲਨ ਕਰ ਕੇ ਆਜ਼ਾਦੀ ਪ੍ਰਾਪਤੀ ਲਈ ਢੁਕਵਾਂ ਮੌਕਾ ਸਮਝਦਿਆਂ ਗ਼ਦਰੀਆਂ ਨੂੰ ਦੇਸ਼ ਪਹੁੰਚਣ ਦਾ ਸੱਦਾ ਦਿੱਤਾ ਤਾਂ ਇਸ ਸੱਦੇ ਉੱਤੇ ਫੁੱਲ ਚੜ੍ਹਾਉਂਦਿਆਂ ਹੋਰ ਗ਼ਦਰੀਆਂ ਨਾਲ ਹਰਦਿੱਤ ਸਿੰਘ ਵੀ ਤੋਸ਼ਾ ਮਾਰੂ ਜਹਾਜ਼ ਰਾਹੀਂ 29 ਅਕਤੂਬਰ 1914 ਵਿਚ ਦੇਸ਼ ਪਰਤਿਆ। 1916 ਵਿਚ ਅੰਗਰੇਜ਼ ਸਰਕਾਰ ਦੇ ਖ਼ੁਫ਼ੀਆ ਮਹਿਕਮੇ ਵਲੋਂ ਪ੍ਰਕਾਸ਼ਿਤ ਗ਼ਦਰ ਡਾਇਰੈਕਟਰੀ ਵਿਚ ਇਹ ਮਿਤੀ 1 ਸਤੰਬਰ 1914 ਦੱਸੀ ਗਈ ਹੈ, ਜੋ ਗ਼ਲਤ ਹੈ। ਕਲਕੱਤੇ ਜਹਾਜ਼ ਤੋਂ ਉਤਰਨ ਸਾਰ ਪੰਜਾਬ ਪੁਲਿਸ ਨੇ ਆਪਣੀ ਨਿਗਰਾਨੀ ਹੇਠ ਇਨ੍ਹਾਂ ਨੂੰ ਰੇਲ ਵਿਚ ਸਵਾਰ ਕਰਵਾ ਕੇ ਪੰਜਾਬ ਨੂੰ ਤੋਰ ਲਿਆ। ਰਾਹ ਵਿਚ ਪੁੱਛਗਿੱਛ ਵੀ ਹੁੰਦੀ ਰਹੀ। ਜਿਨ੍ਹਾਂ ਗ਼ਦਰੀਆਂ ਨੂੰ ਖਤਰਨਾਕ ਸਮਝਿਆ ਗਿਆ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਗਈ। ਭਾਈ ਹਰਦਿੱਤ ਸਿੰਘ ਗ੍ਰਿਫ਼ਤਾਰ ਗ਼ਦਰੀਆਂ ਵਿਚ ਸ਼ਾਮਿਲ ਸੀ। ਉਨ੍ਹਾਂ ਨੂੰ ਪਹਿਲਾਂ ਮੁਲਤਾਨ ਜੇਲ੍ਹ ਅਤੇ ਫਿਰ ਅੰਬਾਲਾ ਜੇਲ੍ਹ ਵਿਚ ਰੱਖਿਆ ਗਿਆ। ਅਗਸਤ 1916 ਵਿਚ ਆਪ ਨੂੰ ਰਿਹਾਅ ਤਾਂ ਕੀਤਾ ਗਿਆ ਪਰ ਜੂਹਬੰਦੀ ਦੀ ਸ਼ਰਤ ਲਾ ਦਿੱਤੀ ਗਈ, ਜੋ 9 ਮਹੀਨੇ ਲਾਗੂ ਰਹੀ।
ਗੁਰਦੁਆਰਿਆਂ ਉੱਤੇ ਕਾਬਜ਼ ਵਿਲਾਸੀ ਮਹੰਤਾਂ ਖ਼ਿਲਾਫ਼ ਸਿੱਖ ਸੰਗਤ ਵਿਚ ਰੋਸ ਪੈਦਾ ਹੋਇਆ ਤਾਂ ਸਿੱਖ ਜਥੇਬੰਦ ਹੋਣ ਲੱਗ ਪਏ। ਇਉਂ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਭਾਈ ਹਰਦਿੱਤ ਸਿੰਘ ਇਸ ਵਿਚ ਸਰਗਰਮ ਹੋ ਗਏ। ਅਕਾਲੀਆਂ ਦੀ ਨੀਤੀ ਸ਼ਾਂਤਮਈ ਰਹਿ ਕੇ ਜਥੇਬੰਦਕ ਜ਼ੋਰ ਨਾਲ ਮਹੰਤਾਂ ਨੂੰ ਗੁਰਦੁਆਰਿਆਂ ਵਿਚੋਂ ਬੇਦਖਲ ਕਰਨ ਦੀ ਸੀ ਪਰ ਜਦ ਜਨਵਰੀ 1921 ਵਿਚ ਤਰਨ ਤਾਰਨ ਅਤੇ ਫਰਵਰੀ 1921 ਵਿਚ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਤਾਂ ਕੁਝ ਅਕਾਲੀਆਂ ਦਾ ਸਬਰ ਜਵਾਬ ਦੇ ਗਿਆ। ਉਨ੍ਹਾਂ ਮਹੰਤਾਂ, ਉਨ੍ਹਾਂ ਦੇ ਹਮਾਇਤੀਆਂ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਅੰਗਰੇਜ਼ ਅਫਸਰਾਂ ਨੂੰ ਸੋਧਣ ਦਾ ਰਾਹ ਅਖ਼ਤਿਆਰ ਕਰ ਲਿਆ। ਇਸ ਮਤ ਵਾਲੇ ਗਰਮ ਖਿਆਲੀ ਸਿੱਖਾਂ ਨੇ ਆਪਣੇ ਆਪ ਨੂੰ ਬਬਰ ਅਕਾਲੀ ਸੰਗਿਆ ਦਿੱਤੀ। ਇਹ ਸੋਚ ਕਿਉਂ ਜੋ ਗ਼ਦਰੀਆਂ ਦੀ ਸੋਚ ਨਾਲ ਰਲਦੀ ਸੀ ਇਸ ਲਈ ਬਹੁਤੇ ਗ਼ਦਰੀ ਇਸ ਵਿਚ ਸ਼ਾਮਿਲ ਹੋ ਗਏ। ਭਾਈ ਹਰਦਿੱਤ ਸਿੰਘ ਵੀ ਬੱਬਰ ਅਕਾਲੀਆਂ ਵਿਚ ਕੰਮ ਕਰਨ ਲੱਗੇ। ਬੱਬਰਾਂ ਦੀਆਂ ਗਤੀਵਿਧੀਆਂ ਵਿਚ ਉਨ੍ਹਾਂ ਦੀ ਸਹਿਭਾਗਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਬਬਰਾਂ ਦਾ ਅਖ਼ਬਾਰ 'ਬੱਬਰ ਅਕਾਲੀ ਦੋਆਬਾ' ਲੰਮਾਂ ਸਮਾਂ ਆਪ ਦੇ ਘਰੋਂ ਹੀ ਛਪਦਾ ਰਿਹਾ। ਬੱਬਰਾਂ ਨੂੰ ਇਸ ਪਿੰਡ ਟਿਕਾਣਾ ਮਿਲਦਾ ਸੀ ਜਿਸ ਕਾਰਨ ਉਹ ਇੱਥੇ ਆ ਕੇ ਹੀ ਸੋਚ ਵਿਚਾਰ ਕਰਨ ਉਪਰੰਤ ਨੀਤੀ ਫ਼ੈਸਲੇ ਲੈਂਦੇ। ਇਸ ਕਾਰਨ ਇਸ ਪਿੰਡ ਨੂੰ 'ਬੱਬਰਾਂ ਦੀ ਚੀਫ਼ ਕੋਰਟ' ਆਖਿਆ ਜਾਣ ਲੱਗਾ। ਆਪ ਦੀ ਪਹਿਲਕਦਮੀ ਉੱਤੇ ਹੀ ਫਰਵਰੀ 1922 ਵਿਚ ਕੋਟ ਫਤੂਹੀ ਵਿਚ ਵੱਡੀ ਅਕਾਲੀ ਕਾਨਫਰੰਸ ਹੋਈ ਜਿਸ ਵਿਚ ਮਾਸਟਰ ਮੋਤਾ ਸਿੰਘ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਨਿਕਲੇ ਹੋਏ ਸਨ, ਨੇ ਵੀ ਭਾਸ਼ਨ ਦਿੱਤਾ। ਕਾਨਫਰੰਸ ਦੀ ਨਿਗਰਾਨੀ ਕਰਨ ਲਈ ਪੁਲਿਸ ਦੀ ਧਾੜ ਹਾਜ਼ਰ ਸੀ ਪਰ ਭਾਈ ਹਰਦਿੱਤ ਸਿੰਘ ਦੀ ਹੁਸ਼ਿਆਰੀ ਸਦਕਾ ਮਾਸਟਰ ਮੋਤਾ ਸਿੰਘ ਪੁਲਿਸ ਦੇ ਪਹਿਰੇ ਵਿਚੋਂ ਬਚ ਕੇ ਨਿਕਲ ਗਏ। ਅਕਾਲੀ ਲਹਿਰ ਵਿਚ ਆਪ ਵਲੋਂ ਨਿਡਰਤਾ ਨਾਲ ਪਾਏ ਯੋਗਦਾਨ ਸਦਕਾ ਆਪ ਨੂੰ 1923 ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਕਾਲੀ ਜਥੇ ਦਾ ਜਥੇਦਾਰ ਥਾਪਿਆ ਗਿਆ।
ਜਦ 1925 ਵਿਚ ਗੁਰਦੁਆਰਾ ਐਕਟ ਬਣ ਗਿਆ ਅਤੇ ਵਧੇਰੇ ਅਕਾਲੀਆਂ ਦਾ ਧਿਆਨ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਹੱਥਾਂ ਲੈਣ ਤੱਕ ਸੀਮਤ ਹੋ ਗਿਆ ਤਾਂ ਆਪ ਆਜ਼ਾਦੀ ਪ੍ਰਾਪਤੀ ਦੇ ਨਿਸ਼ਾਨੇ ਤੱਕ ਪਹੁੰਚਣ ਲਈ ਕਮਿਊਨਿਸਟ ਪਾਰਟੀ ਵਿਚ ਸਰਗਰਮ ਹੋ ਗਏ। ਲੋਕ ਸੇਵਾ ਲਈ ਜੂਝਦਿਆਂ ਹੀ ਆਪ ਦਾ ਦਿਹਾਂਤ ਆਪਣੇ ਪਿੰਡ ਵਿਚ 24 ਅਕਤੂਬਰ 1967 ਨੂੰ ਹੋੋਇਆ।
ਪੰਜਾਬ ਪੁਲਿਸ ਨੇ ਗ਼ਦਰੀ ਵਜੋਂ ਉਸ ਦੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣ ਵਾਸਤੇ ਫਾਈਲ ਨੰਬਰ 670/1914 ਲਾਈ ਹੋਈ ਸੀ। ਪਿੱਛੋਂ ਅਕਾਲੀ ਲਹਿਰ ਦੌਰਾਨ ਉਸ ਦੀਆਂ ਗਤੀਵਿਧੀਆਂ ਦਾ ਵੇਰਵਾ ਫਾਈਲ ਨੰਬਰ 9220 ਐੱਸ.ਬੀ. ਵਿਚ ਰੱਖਿਆ ਗਿਆ।


-3154, ਸੈਕਟਰ 71, ਮੁਹਾਲੀ-160071.
ਮੋਬਾਈਲ : 094170-49417.

ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਿਹੈ ਅੰਮ੍ਰਿਤਸਰ ਦਾ 'ਮਾਡਰਨ ਹੈਰੀਟੇਜ'

ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ
ਅੰਮ੍ਰਿਤਸਰ ਤੋਂ ਅਟਾਰੀ-ਵਾਹਗਾ ਸਰਹੱਦ ਨੂੰ ਜਾਂਦੀ ਸੜਕ 'ਤੇ ਸ਼ਾਮ ਸਿੰਘ ਅਟਾਰੀਵਾਲਾ ਚੌਂਕ ਦੇ ਪਾਸ 7 ਏਕੜ ਰਕਬੇ 'ਚ 150 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ 'ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ' ਦੇਸ਼ ਦੀ ਰੱਖਿਆ ਕਰਦਿਆਂ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਸੂਰਬੀਰ ਯੋਧਿਆਂ, ਸਦੀਆਂ ਪੁਰਾਣੇ ਯੁੱਧਾਂ-ਜੰਗਾਂ ਅਤੇ ਭਾਰਤੀ ਫ਼ੌਜ ਦੇ ਗੌਰਵਮਈ ਇਤਿਹਾਸ ਤੋਂ ਦਰਸ਼ਕਾਂ ਨੂੰ ਰੂ-ਬਰੂ ਕਰਵਾ ਰਿਹਾ ਹੈ। ਉਕਤ ਮੈਮੋਰੀਅਲ ਵਿਖੇ ਸ਼ਕਤੀ ਦੇ ਪ੍ਰਤੀਕ ਵਜੋਂ ਸਥਾਪਿਤ ਕੀਤੀ ਗਈ ਮਾਈਲਡ ਸਟੀਲ ਦੀ 54 ਟਨ ਭਾਰੀ ਤੇ 45 ਮੀਟਰ ਉੱਚੀ ਤਲਵਾਰ ਇਸ ਸੜਕ ਤੋਂ ਲੰਘ ਕੇ ਅਟਾਰੀ-ਵਾਹਗਾ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਵੇਖਣ ਜਾਣ ਵਾਲੇ ਸੈਲਾਨੀਆਂ ਦਾ ਧਿਆਨ ਖ਼ੁਦ-ਬਖ਼ੁਦ ਆਪਣੇ ਵੱਲ ਖਿੱਚ ਲੈਂਦੀ ਹੈ ਅਤੇ ਉਹ ਸੈਲਾਨੀ ਇਸ ਯਾਦਗਾਰ ਵਿਖੇ ਦਸਤਕ ਦੇਣਾ ਨਹੀਂ ਖੁੰਝਦੇ।
ਪੰਜਾਬ ਸਰਕਾਰ ਦੁਆਰਾ ਉਸਾਰੇ ਗਏ ਦੇਸ਼ ਦੇ ਆਪਣੀ ਕਿਸਮ ਦੇ ਇਸ ਪਹਿਲੇ ਵਾਰ ਮੈਮੋਰੀਅਲ ਦੇ ਪ੍ਰਮੁੱਖ ਦਰਵਾਜ਼ੇ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਖੱਬੇ ਹੱਥ 'ਵਾਲ ਆਫ਼ ਹੀਰੋਜ਼' ਬਣਾਈ ਗਈ ਹੈ, ਜਿਸ 'ਤੇ ਸਾਰਾਗੜ੍ਹੀ ਯੁੱਧ 'ਚ ਸ਼ਹਾਦਤ ਦੇਣ ਵਾਲੇ 21 ਸੂਰਬੀਰ ਸ਼ਹੀਦ ਸਿੱਖ ਸੈਨਿਕਾਂ ਦੇ ਮਿਊਰਲ ਚਿੱਤਰੇ ਗਏ ਹਨ ਅਤੇ ਨਾਲ ਹੀ ਦੀਵਾਰ 'ਤੇ ਉਨ੍ਹਾਂ ਸੈਨਿਕਾਂ ਦੇ ਨਾਂ ਵੀ ਲਿਖੇ ਗਏ ਹਨ।
'ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ' ਵਿਚ 9 ਗੈਲਰੀਆਂ ਉਸਾਰੀਆਂ ਗਈਆਂ ਹਨ। ਪਹਿਲੀ ਗੈਲਰੀ 'ਚ 4 ਹਜ਼ਾਰ ਸਾਲ ਪੁਰਾਣਾ ਜੰਗਾਂ-ਯੁੱਧਾਂ ਦਾ ਇਤਿਹਾਸ, ਸਿਕੰਦਰ ਪੋਰਸ ਦੇ ਯੁੱਧ, ਅਸ਼ੋਕਾ ਚੱਕਰ, ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਮੇਤ ਉਕਤ ਗੈਲਰੀ 'ਚ ਮੌਜੂਦ ਡੋਮ ਥੀਏਟਰ 'ਚ ਆਧੁਨਿਕ ਤਕਨੀਕਾਂ ਰਾਹੀਂ ਤਿਆਰ ਐਚ. ਡੀ. ਮੂਵੀ ਦੁਆਰਾ ਪਹਿਲੇ ਪੰਜ ਗੁਰੂ ਸਾਹਿਬਾਨ ਦਾ ਸੰਖੇਪ ਜੀਵਨ ਦਰਸਾਇਆ ਜਾ ਰਿਹਾ ਹੈ। ਦੂਜੀ ਗੈਲਰੀ 'ਚ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸੰਕਲਪ ਤੇ ਉਨ੍ਹਾਂ ਵਲੋਂ ਜ਼ਬਰ ਜ਼ੁਲਮ ਵਿਰੁੱਧ ਲੜੀਆਂ ਜੰਗਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਰਚਨਾ ਕੀਤੇ ਜਾਣ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰਨਾਂ ਸਿੰਘ-ਸਿੰਘਣੀਆਂ ਦੀਆਂ ਸ਼ਹਾਦਤਾਂ ਦਾ ਇਤਿਹਾਸ ਚਿੱਤਰਾਂ ਰਾਹੀਂ ਵਿਖਾਇਆ ਗਿਆ ਹੈ। ਤੀਜੀ ਗੈਲਰੀ 'ਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਲਾਹੌਰ ਦਰਬਾਰ ਅਤੇ ਦਰਬਾਰ ਦੇ ਪ੍ਰਸ਼ਾਸਨਿਕ ਪ੍ਰਬੰਧਾਂ, ਸਿੱਖ ਦਰਬਾਰ ਵਲੋਂ ਲੜੀਆਂ ਵੱਖ-ਵੱਖ ਜੰਗਾਂ, ਐਂਗਲੋ-ਸਿੱਖ ਯੁੱਧ ਤੇ ਕੋਹਿਨੂਰ ਹੀਰੇ ਦੀ ਪ੍ਰਾਪਤੀ ਬਾਰੇ ਸੰਪੂਰਨ ਹਾਲ ਸਿਲੀਕਾਨ ਦੇ ਬਣੇ ਆਦਮ ਕੱਦ ਬੁੱਤਾਂ ਅਤੇ ਆਧੁਨਿਕ ਤਕਨੀਕਾਂ ਦੁਆਰਾ ਵਿਸਥਾਰ ਸਹਿਤ ਪੇਸ਼ ਕੀਤਾ ਗਿਆ ਹੈ। ਚੌਥੀ ਗੈਲਰੀ ਜਿਸ ਦਾ ਕਿ ਕੁੱਝ ਹਿੱਸਾ ਅਜੇ ਨਿਰਮਾਣ ਅਧੀਨ ਹੈ ਇਸ 'ਚ ਪੰਜਾਬ ਦੀ ਅੰਗਰੇਜ਼ੀ ਰਾਜ ਦੀ ਸਥਾਪਤੀ, ਸਾਰਾਗੜ੍ਹੀ ਕਿਲ੍ਹੇ 'ਚ 21 ਸਿੱਖ ਸੈਨਿਕਾਂ ਦੀ ਸ਼ਹਾਦਤ ਅਤੇ ਸੰਨ 1849 ਤੋਂ ਲੈ ਕੇ ਦੇਸ਼ ਦੀ ਵੰਡ ਤਕ ਲੜੀਆਂ ਗਈਆਂ ਵੱਖ-ਵੱਖ ਜੰਗਾਂ ਦਾ ਇਤਿਹਾਸ ਦਰਸਾਇਆ ਗਿਆ ਹੈ। ਪੰਜਵੀਂ ਗੈਲਰੀ 'ਚ ਸੰਨ 1947-48 'ਚ ਪਾਕਿਸਤਾਨੀ ਘੁਸਪੈਠੀਆਂ ਵਲੋਂ ਕਸ਼ਮੀਰ 'ਤੇ ਕੀਤੇ ਹਮਲੇ ਦੀ ਮੁਕੰਮਲ ਜਾਣਕਾਰੀ ਦਿੱਤੀ ਗਈ ਹੈ। (ਚਲਦਾ)


ਫ਼ੋਨ : 9356127771

ਗ਼ੈਰ-ਸਿੱਖ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਦੇ ਸਿੱਖੀ ਬਾਰੇ ਵਿਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਖ਼ਲਾਕ ਹੁਸੈਨ ਦੇਹਲਵੀ : ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੀ ਸ਼ਰਧਾ ਭੇਟ ਕਰਦੇ ਹੋਏ 'ਖੋਜ-ਦਰਪਣ' ਵਿਚ ਲਿਖਦੇ ਹਨ ਕਿ ਪਵਿੱਤਰ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਹੀ ਸਤਿਕਾਰਯੋਗ ਗ੍ਰੰਥ ਨਹੀਂ, ਸਗੋਂ ਸਾਰੇ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਸੈਕੂਲਰ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਨਿੱਜੀ ਪਛਾਣ ਅਤੇ ਰੱਬੀ ਪਛਾਣ ਦੀ ਵੱਡਮੁੱਲੀ ਦਾਤ ਪ੍ਰਾਪਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚੋਂ ਰੂਹਾਨੀਅਤ ਦੀ ਮਸਤੀ ਦਾ ਸਰੂਰ ਹਾਸਲ ਹੁੰਦਾ ਹੈ, ਜਿਸ ਰਾਹੀਂ ਮਨੁੱਖ ਇਨਸਾਨ ਬਣ ਜਾਂਦਾ ਹੈ।
ਡਾ: ਮੁਹੰਮਦ ਯੂਸਫ਼ ਅਬਾਸੀ : ਪਾਕਿਸਤਾਨ ਦੇ ਕਾਇਦ-ਏ-ਆਜ਼ਮ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੀ ਨਿਰਪੱਖ ਰਾਇ ਪ੍ਰਗਟਾਉਂਦੇ ਹੋਏ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਸ਼ਵ-ਗਿਆਨ ਦਾ ਖ਼ਜ਼ਾਨਾ ਹਨ। ਗੁਰਬਾਣੀ ਵਿਸ਼ਾਲ ਸਮੁੰਦਰ ਵਾਂਗ ਹੈ, ਜਿੱਥੋਂ ਹਰ ਅਭਿਲਾਸ਼ੀ ਨੂੰ ਮਨਭਾਉਂਦੇ ਹੀਰੇ-ਜਵਾਹਾਰਾਤ ਮਿਲ ਸਕਦੇ ਹਨ।
ਬਰਟ੍ਰੰਡ ਰੱਸਲ : ਪ੍ਰਸਿੱਧ ਬਰਤਾਨਵੀ ਦਾਰਸ਼ਨਿਕ ਅਤੇ ਗਣਿਤ ਵਿਗਿਆਨੀ ਬਰਟੰਡ ਰੱਸਲ ਅਨੁਸਾਰ, 'ਸਿੱਖ ਧਰਮ ਅਤੇ ਇਸ ਦੇ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਸਮੁੱਚੇ ਸੰਸਾਰ ਨੂੰ ਦੱਸਣ ਲਈ ਕੁਝ ਵਿਸ਼ੇਸ਼ ਮਹੱਤਵ ਵਾਲਾ ਹੈ। ਜੇਕਰ ਤੀਜੇ ਵਿਸ਼ਵ ਯੁੱਧ ਦੌਰਾਨ ਚੱਲਣ ਵਾਲੇ ਐਟਮ ਤੇ ਹਾਈਡ੍ਰੋਜਨ ਬੰਬਾਂ ਦੀ ਮਾਰ ਤੋਂ ਕੋਈ ਖ਼ੁਸ਼ਕਿਸਮਤ ਇਨਸਾਨ ਬਚ ਨਿਕਲਦਾ ਹੈ ਤਾਂ ਉਸ ਨੂੰ ਸੇਧ ਦੇਣ ਲਈ ਕੇਵਲ ਸਿੱਖ ਧਰਮ ਹੀ ਇਕੋ-ਇਕ ਵਸੀਲਾ ਹੋਵੇਗਾ।'
ਜਦ ਰੱਸਲ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਤੀਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਗੱਲ ਕਰਦੇ ਹੋ; ਕੀ ਇਹ ਧਰਮ ਉਸ ਤੋਂ ਪਹਿਲਾਂ ਮਨੁੱਖਤਾ ਨੂੰ ਕੁਝ ਅਗਵਾਈ ਦੇਣ ਦੀ ਸਮਰੱਥਾ ਨਹੀਂ ਰੱਖਦਾ? ਰੱਸਲ ਨੇ ਉੱਤਰ ਦਿੱਤਾ - ਸਮਰੱਥਾ ਤਾਂ ਪੂਰੀ ਰੱਖਦਾ ਹੈ ਪਰ ਸਿੱਖਾਂ ਨੇ ਇਸ ਧਰਮ ਦੇ ਬਿਹਤਰੀਨ ਅਸੂਲਾਂ ਨੂੰ, ਜਿਹੜੇ ਸਾਰੀ ਮਾਨਵਤਾ ਲਈ ਹੋਂਦ ਵਿਚ ਆਏ ਹਨ, ਕਦੀ ਹਵਾ ਹੀ ਨਹੀਂ ਲਗਵਾਈ। ਇਹ ਸਿੱਖਾਂ ਦਾ ਸਭ ਤੋਂ ਵੱਡਾ ਕਸੂਰ ਹੈ, ਜਿਸ ਤੋਂ ਉਹ ਕਦੀ ਵੀ ਮੁਕਤ ਨਹੀਂ ਹੋ ਸਕਦੇ।
ਅਰਨੋਲਡ ਟਾਇਨਬੀ : ਅਰਨੋਲਡ ਟਾਇਨਬੀ ਇੰਗਲੈਂਡ ਦਾ ਇਕ ਅਜਿਹਾ ਇਤਿਹਾਸਕਾਰ ਹੈ, ਜਿਸ ਨੇ ਵਿਸ਼ਵ ਦੇ ਸੱਭਿਆਚਾਰਾਂ ਦੇ ਤੁਲਨਾਤਮਕ ਅਧਿਐਨ ਉੱਪਰ ਮਹੱਤਵਪੂਰਨ ਕੰਮ ਕੀਤਾ ਹੈ, ਆਪਣੀ ਵਿਸ਼ਵ ਪ੍ਰਸਿੱਧ ਪੁਸਤਕ 'ਏ ਸਟੱਡੀ ਆਫ਼ ਹਿਸਟਰੀ' ਵਿਚ ਲਿਖਦਾ ਹੈ 'ਮਾਨਵਤਾ ਦਾ ਧਾਰਮਿਕ ਭਵਿੱਖ ਧੁੰਦਲਾ ਹੋ ਸਕਦਾ ਹੈ ਪਰ ਇਕ ਗੱਲ ਦੀ ਭਵਿੱਖਭਾਣੀ ਕੀਤੀ ਜਾ ਸਕਦੀ ਹੈ ਕਿ ਵਧ ਰਹੇ ਸੰਚਾਰ-ਸਾਧਨਾਂ ਦੇ ਇਸ ਯੁੱਗ ਵਿਚ ਵਿਸ਼ਵ ਦੇ ਵੱਖ-ਵੱਖ ਭਾਗਾਂ ਅਤੇ ਮਨੁੱਖੀ ਨਸਲ ਦੀਆਂ ਵੱਖ-ਵੱਖ ਸ਼ਾਖਾਵਾਂ ਦਰਮਿਆਨ ਵਿਸ਼ਵ ਦੇ ਉਚੇਰੇ ਧਰਮ ਪਹਿਲਾਂ ਨਾਲੋਂ ਕਿਤੇ ਵਧ ਇਕ-ਦੂਜੇ ਧਰਮ ਨੂੰ ਪ੍ਰਭਾਵਿਤ ਕਰਨਗੇ। ਇਹ ਸੱਭਿਅਤਾ, ਸਮੇਤ ਆਧੁਨਿਕ ਪੱਛਮੀ ਸੱਭਿਆਤਾਵਾਂ ਦੇ, ਪਹਿਲੀਆਂ ਸੱਭਿਆਤਾਵਾਂ ਨਾਲੋਂ ਆਪਣੇ ਬੁਨਿਆਦੀ ਗੁਣਾਂ ਵਿਚ ਗੁਣਾਤਮਕ ਤੌਰ 'ਤੇ ਬਹੁਤ ਭਿੰਨ ਹੋਵੇਗੀ। ਸਿੱਖ ਧਰਮ ਅਤੇ ਇਸ ਦੀ ਧਾਰਮਿਕ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਕੀ ਸੰਸਾਰ ਨੂੰ ਕੋਈ ਵਿਸ਼ੇਸ਼ ਸੰਦੇਸ਼ ਦੇ ਸਕੇਗਾ ਅਤੇ ਨਵੀਂ ਸੱਭਿਅਤਾ ਦੇ ਨਿਰਮਾਣ ਵਿਚ ਵਿਸ਼ੇਸ਼ ਭੂਮਿਕਾ ਨਿਭਾ ਸਕੇਗਾ। ਸਿੱਖ ਧਰਮ ਵਿਚ ਉਹ ਸੰਭਾਵਨਾਵਾਂ ਮੌਜੂਦ ਹਨ, ਜੋ ਤੀਸਰੀ ਸ਼ਤਾਬਦੀ ਦਹਾਕੇ ਨੂੰ ਇਕ ਨਵੀਂ ਅਤੇ ਉਚੇਰੀ ਸੱਭਿਅਤਾ ਵਿਚ ਬਦਲ ਸਕੇ। ਇਸ ਲਈ ਇਹ ਜ਼ਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਜਿੰਨੇ ਵੱਧ ਤੋਂ ਵੱਧ ਲੋਕਾਂ ਦੇ ਸੰਪਰਕ ਵਿਚ ਲਿਆਂਦਾ ਜਾ ਸਕੇ, ਲਿਆਂਦਾ ਜਾਵੇ।' (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬ: 9815501381

ਪ੍ਰਾਚੀਨ ਤੇ ਪ੍ਰਸਿੱਧ ਮਹਾਂਬਲੀਪੁਰਮ ਮੰਦਰ ਤਾਮਿਲਨਾਡੂ

ਭਾਰਤ ਵਿਚ ਮੰਦਰਾਂ ਦੀ ਦੁਨੀਆ ਬਹੁਤ ਹੀ ਅਦਭੁੱਤ, ਸੁੰਦਰ ਤੇ ਬੇਹੱਦ ਅਸ਼ਚਰਜਪੂਰਨ ਹੈ। ਦੱਖਣੀ ਭਾਰਤ ਦਾ ਮਹਾਂਬਲੀਪੁਰਮ ਤਾਮਿਲਨਾਡੂ ਬਹੁਤ ਹੀ ਪ੍ਰਾਚੀਨ ਸ਼ਹਿਰ ਹੈ ਜਿਸਨੂੰ ਮੰਦਰਾਂ ਦੀ ਜਨਮ ਭੂਮੀ ਕਿਹਾ ਜਾਂਦਾ ਹੈ। ਮਹਾਂਬਲੀਪੁਰਮ ਨੂੰ ਮਾਮੱਲਾ ਪੁਰਮ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਮਹਾਂਬਲੀਪੁਰਮ ਮੰਦਰ ਬੰਗਾਲ ਦੀ ਖਾੜੀ ਦੇ ਤੱਟ ਉੱਪਰ ਸਥਿਤ ਹੈ। ਲਗਪਗ 1300 ਸਾਲ ਪੁਰਾਣਾ ਇਹ ਮੰਦਰ ਪੱਲਵ ਰਾਜਵੰਸ਼ ਵਲੋਂ ਸਥਾਪਤ ਕੀਤਾ ਗਿਆ ਸੀ। ਸਮੁੰਦਰੀ ਤਟ ਉੱਪਰ ਬਣਿਆ ਇਹ ਮੰਦਰ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ। ਮਹਾਂਬਲੀਪੁਰਮ 7ਵੀਂ ਸਦੀ ਵਿਚ ਪੱਲਵ ਰਾਜਿਆਂ ਦੀ ਰਾਜਧਾਨੀ ਸੀ। ਇਹ ਮੰਦਰ ਦ੍ਰਾਵਿੜ ਵਾਸਤੂ ਕਲਾ ਦਾ ਜਿਊਂਦਾ-ਜਾਗਦਾ ਪ੍ਰਮਾਣ ਹੈ। ਗ੍ਰੇਨਾਈਟ ਪੱਥਰਾਂ ਨਾਲ 7ਵੀਂ ਸਦੀ ਵਿਚ ਬਣਿਆ ਇਹ ਮੰਦਰ 1300 ਸਾਲ ਦੀ ਉਮਰ ਹੰਢਾ ਕੇ ਵੀ ਆਪਣੀ ਸੁੰਦਰਤਾ ਲਈ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੈ। ਸ੍ਰੀ ਕ੍ਰਿਸ਼ਨ ਭਗਵਾਨ ਨੂੰ ਸਮਰਪਿਤ ਇਹ ਮੰਦਰ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਮੱਖਣ ਦੇ ਗੋਲੇ ਦੇ ਆਕਾਰ ਦਾ ਬਣਿਆ 'ਬਟਰ ਵਾਲ' ਪੱਲਵ ਵੰਸ਼ ਦੀ ਮੂਰਤੀ ਕਲਾ ਦਾ ਅਦਭੁੱਤ ਨਮੂਨਾ ਪੇਸ਼ ਕਰਦਾ ਹੈ। ਮੰਦਰ ਦੇ ਆਂਗਨ ਵਿਚ ਇਕ ਚੱਟਾਨ ਉੱਪਰ ਟਿਕਿਆ ਗੋਲ ਪੱਥਰ ਅੱਜ ਵੀ ਦੇਖਣ ਵਾਲੇ ਨੂੰ ਹੈਰਾਨ ਕਰ ਦਿੰਦਾ ਹੈ ਜੋ 13 ਸਦੀਆਂ ਤੋਂ ਆਪਣੀ ਜਗ੍ਹਾ ਤੋਂ ਹਿੱਲਿਆ ਨਹੀਂ ਜਦਕਿ 2001 ਵਿਚ ਆਈ ਸੁਨਾਮੀ ਨੇ ਸਮੁੰਦਰੀ ਤੱਟ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਇਹ ਮੰਨਿਆ ਜਾਂਦਾ ਹੈ ਕਿ ਪੱਲਵ ਰਾਜਿਆਂ ਤੋਂ ਬਾਅਦ ਆਏ ਚੌਲ ਸ਼ਾਸਕਾਂ ਨੇ ਇਸ ਮੰਦਰ ਉੱਪਰ ਖੂਬਸੂਰਤ ਨੱਕਾਸ਼ੀ ਦਾ ਕੰਮ ਕਰਵਾਇਆ ਸੀ। ਪਾਂਡਵਾਂ ਨਾਲ ਸਬੰਧਿਤ ਚਾਰ ਰੱਥਾਂ, ਗਾਂ, ਸਾਨ੍ਹ, ਦੁਰਗਾ ਅਤੇ ਸ਼ੇਰ ਦੀਆਂ ਮੂਰਤੀਆਂ ਦਾ ਨਿਰਮਾਣ ਕਰਵਾਇਆ ਗਿਆ ਸੀ। ਸੰਸਾਰ ਭਰ ਵਿਚ ਪ੍ਰਸਿੱਧ ਇਸ ਮੰਦਰ ਨੂੰ ਯੂਨੈਸਕੋ ਵਲੋਂ ਵਿਸ਼ਵ ਵਿਰਾਸਤ ਦਾ ਦਰਜਾ ਵੀ ਪ੍ਰਾਪਤ ਹੈ। ਇਸ ਮਹਾਨ ਮੰਦਰ ਨੂੰ ਦੇਖਣ ਲਈ ਹਵਾਈ ਜਹਾਜ਼ ਜਾਂ ਰੇਲ ਗੱਡੀ ਰਾਹੀਂ ਚੇਨਈ ਪਹੁੰਚਿਆ ਜਾ ਸਕਦਾ ਹੈ। ਚੇਨਈ ਤੋਂ ਮਹਾਂਬਲੀਪੁਰਮ ਦਾ 55 ਕਿਲੋਮੀਟਰ ਦਾ ਸਫ਼ਰ ਬੱਸ ਜਾਂ ਟੈਕਸੀ ਦੁਆਰਾ ਕੀਤਾ ਜਾ ਸਕਦਾ ਹੈ। ਦੱਖਣੀ ਭਾਰਤ ਦੇ ਪ੍ਰਸਿੱਧ ਅਤੇ ਪ੍ਰਾਚੀਨ ਮੰਦਰਾਂ ਦੀ ਸੈਰ ਕਰਦੇ ਸਮੇਂ ਸਾਨੂੰ ਇਸ ਮਹਾਨ ਮੰਦਰ ਦੇ ਦਰਸ਼ਨ ਵੀ ਕਰਨੇ ਚਾਹੀਦੇ ਹਨ।


-ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94653-69343.

ਸ਼ਬਦ ਵਿਚਾਰ

ਬਹੁਤਾ ਕਰਮੁ ਲਿਖਿਆ ਨਾ ਜਾਇ॥

'ਜਪੁ' ਪਉੜੀ ਪੱਚਵੀਂ
ਬਹੁਤਾ ਕਰਮੁ ਲਿਖਿਆ ਨਾ ਜਾਇ॥
ਵਡਾ ਦਾਤਾ ਤਿਲੁ ਨ ਤਮਾਇ॥
ਕੇਤੇ ਮੰਗਹਿ ਜੋਧ ਅਪਾਰ॥
ਕੇਤਿਆ ਗਣਤ ਨਹੀ ਵੀਚਾਰੁ॥
ਕੇਤੇ ਖਪਿ ਤੁਟਹਿ ਵੇਕਾਰ॥
ਕੇਤੇ ਲੈ ਲੈ ਮੁਕਰੁ ਪਾਹਿ॥
ਕੇਤੇ ਮੂਰਖ ਖਾਹੀ ਖਾਹਿ॥
ਕੇਤਿਆ ਦੂਖ ਭੂਖ ਸਦ ਮਾਰ।
ਏਹਿ ਭਿ ਦਾਤਿ ਤੇਰੀ ਦਾਤਾਰ॥
ਬੰਦਿ ਖਲਾਸੀ ਭਾਣੈ ਹੋਇ॥
ਹੋਰੁ ਆਖਿ ਨ ਸਕੈ ਕੋਇ॥
ਜੇ ਕੋ ਖਾਇਕੁ ਆਖਣਿ ਪਾਇ॥
ਓਹੁ ਜਾਣੈ ਜੇਤੀਆ ਮੁਹਿ ਖਾਇ॥
ਆਪੇ ਜਾਣੈ ਆਪੇ ਦੇਇ॥
ਆਖਹਿ ਸਿਭਿ ਕੇਈ ਕੇਇ॥
ਜਿਸ ਨੋ ਬਖਸੇ ਸਿਫਤਿ ਸਾਲਾਹ॥
ਨਾਨਕ ਪਾਤਿਸਾਹੀ ਪਾਤਿਸਾਹੁ॥੨੫॥
(ਅੰਗ : 5)
ਪਦ ਅਰਥ : ਕਰਮੁ-ਬਖਸ਼ਿਸ਼। ਤਿਲੁ ਨ-ਤਿਲ ਜਿੰਨਾ ਵੀ, ਰਤਾ ਭਰ ਵੀ। ਤਮਾਇ-ਤਮਾ, ਲਾਲਸਾ। ਜੋਧ ਅਪਾਰ-ਅਣਗਿਣਤ ਸੂਰਮੇ। ਕੇਤਿਆ-ਕਿੰਨੇ ਹੋਰ। ਕੇਤੇ-ਕਿਤਨੇ, ਬੇਅੰਤ। ਗਣਤ-ਗਿਣਤੀ। ਤੁਟਹਿ-ਨਾਸ ਹੁੰਦੇ ਹਨ। ਖਪਿ ਤੁਟਹਿ-ਖਪ ਖਪ ਕੇ ਨਾਸ ਹੁੰਦੇ ਹਨ। ਵੇਕਾਰ-ਵਿਕਾਰਾਂ ਵਿਚ। ਮੁਕਰੁ ਪਾਹਿ-ਮੁਕਰ ਜਾਂਦੇ ਹਨ। ਖਾਹੀ ਖਾਹਿ-ਖਾਈ ਹੀ ਜਾਂਦੇ ਹਨ। ਦੂਖ ਭੂਖ ਸਦ ਮਾਰ-ਸਦਾ ਦੁਖ ਤੇ ਭੁੱਖ ਦੇ ਮਾਰੇ ਰਹਿੰਦੇ ਹਨ, ਸਦਾ ਦੁੱਖ ਤੇ ਭੁੱਖ ਦੀ ਮਾਰ ਪੈਂਦੀ ਰਹਿੰਦੀ ਹੈ। ਬੰਦਿ ਖਲਾਸੀ-ਮਾਇਆ ਦੇ ਮੋਹ ਤੋਂ ਛੁਟਕਾਰਾ। ਭਾਣੈ ਹੋਇ-ਪ੍ਰਭੂ ਦੇ ਭਾਣੇ ਵਿਚ ਰਿਹਾਂ ਹੀ। ਹੋਰੁ-ਹੋਰ ਕੋਈ ਢੰਗ ਤਰੀਕਾ। ਆਖਿ ਨ ਸਕੈ ਕੋਇ-ਕੋਈ ਹੋਰ (ਢੰਗ ਤਰੀਕਾ) ਦੱਸ ਨਹੀਂ ਸਕਦਾ। ਖਾਇਕੁ-ਮੂਰਖ। ਆਖਣਿ ਪਾਇ-ਆਖਣ ਦੇ ਯਤਨ ਕਰਦਾ ਹੈ। ਓਹੁ ਜਾਣੈ-ਉਹੀ ਜਾਣਦਾ ਹੈ। ਜੇਤੀਆ ਮੁਹਿ ਖਾਹਿ-ਮੂੰਹ ਤੇ ਜੋ ਚੋਟਾਂ ਪੈਂਦੀਆਂ ਹਨ ਭਾਵ ਜੋ ਦੁੱਖ ਉਸ ਨੂੰ ਸਹਿਣੇ ਪੈਂਦੇ ਹਨ। ਆਪੇ ਜਾਣੈ-ਆਪ ਹੀ ਜਾਣਦਾ ਹੈ। ਆਪੇ ਦੇਇ-ਆਪ ਹੀ ਦਿੰਦਾ ਹੈ। ਸਿਭਿ-ਇਹ ਗੱਲ ਵੀ। ਕੇਇ ਕੇਇ-ਕਈ ਮਨੁੱਖ। ਆਖਹਿ ਸਿਭਿ-ਇਹ ਗੱਲ ਵੀ ਆਖਦੇ ਹਨ। ਬਖਸੈ-ਦਾਤ ਬਖ਼ਸ਼ਦਾ ਹੈ। ਪਾਤਿਸਾਹੀ ਪਾਤਿਸਾਹੁ-ਪਾਤਸ਼ਾਹਾਂ ਦਾ ਪਾਤਸ਼ਾਹ ਹੈ।
ਭਾਰਤੀ ਪ੍ਰਾਚੀਨ ਸ਼ਾਸਤਰਾਂ ਅਨੁਸਾਰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਇਸ ਦਾ ਪ੍ਰਬੰਧ ਕਰਨ ਅਤੇ ਇਸ ਨੂੰ ਨਾਸ ਕਰਨ ਵਾਲੀਆਂ ਵੱਖ-ਵੱਖ ਹਸਤੀਆਂ ਹਨ ਪ੍ਰੰਤੂ ਗੁਰਮਤਿ ਅਨੁਸਾਰ ਇਸ ਸਭ ਕੁਝ ਦੀ ਦੇਖ-ਭਾਲ ਕਰਨ ਵਾਲਾਕੇਵਲ ਇਕ ਆਪ ਦਾਤਾਰ ਪ੍ਰਭੂ ਹੀ ਹੈ ਜੋ ਜੀਵਾਂ ਨੂੰ ਪੈਦਾ ਕਰਨ ਵਾਲਾ, ਆਪ ਉਨ੍ਹਾਂ ਦੀ ਦੇਖ-ਭਾਲ ਕਰਨ ਅਤੇ ਦਾਤਾਂ ਦੇਣ ਵਾਲਾ ਅਤੇ ਆਪ ਹੀ ਫਿਰ ਉਨ੍ਹਾਂ ਨੂੰ ਹਰਨ ਵਾਲਾ ਹੈ। ਗੁਰਵਾਕ ਹੈ:
ਦਾਤਾ ਕਰਤਾ ਆਪਿ ਤੂੰ
ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ
ਲੈਸਹਿ ਜਿੰਦੁ ਕਵਾਉ॥
(ਰਾਗੁ ਆਸਾ ਕੀ ਵਾਰ ਮਹਲਾ ੧,
ਅੰਗ : 463)
ਤੁਸਿ-ਪ੍ਰਸੰਨ ਹੋ ਕੇ। ਦੇਵਹਿ-ਦਿੰਦਾ ਹੈ। ਪਸਾਉ-ਮਿਹਰ, ਪ੍ਰਸਾਦਿ, ਬਖਸ਼ਿਸ਼। ਜਾਣੋਈ-ਜਾਣਨ ਵਾਲਾ। ਸਭਸੈ-ਸਭਨਾਂ ਦਾ। ਦੇ-(ਜਿੰਦ) ਦੇ ਕੇ। ਲੈਸਹਿ-ਲੈ ਲਵੇਗਾ। ਕਵਾਉ-ਲਿਬਾਸ। ਜਿੰਦੁ ਕਵਾਉ-ਜਿੰਦ ਦਾ ਲਿਬਾਸ ਭਾਵ ਸਰੀਰ।
ਦਾਤਾਰ ਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜੀਵ ਪੈਦਾ ਮਗਰੋਂ ਹੁੰਦਾ ਹੈ, ਉਸ ਦੇ ਰਿਜਕ ਦਾ ਪ੍ਰਬੰਧ ਉਹ ਪਹਿਲਾਂ ਕਰ ਦਿੰਦਾ ਹੈ। ਬੱਚਾ ਪੈਦਾ ਹੋਣ ਦੇ ਨਾਲ ਹੀ ਮਾਂ ਦੀਆਂ ਦੁੱਧੀਆਂ ਵਿਚ ਦੁੱਧ ਆ ਜਾਂਦਾ ਹੈ। ਇਹ ਹਨ ਮਾਲਕ ਪ੍ਰਭੂ ਦੀਆਂ ਬਖਸ਼ਿਸ਼ਾਂ। ਰਾਗੁ ਮਾਝ ਵਿਚ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ:
ਪਹਿਲੋ ਦੇ ਤੈਂ ਰਿਜਕੁ ਸਮਾਹਾ॥
ਪਿਛੋ ਦੇ ਤੈਂ ਜੰਤੁ ਉਪਾਹਾ॥
(ਅੰਗ : 130)
ਤੈਂ-ਤੂੰ। ਸਮਾਹਾ-ਪ੍ਰਬੰਧ ਕੀਤਾ। ਜੰਤੁ-ਜੀਵ। ਉਮਾਹਾ-ਪੈਦਾ ਕਰਦਾ ਹੈ।
ਇਸ ਲਈ ਹੇ ਭਾਈ ਇਕ ਦਾਤਾਰ ਪ੍ਰਭੂ ਦੀ ਹੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਅਤੇ ਇਕ ਪਰਮਾਤਮਾ ਤੋਂ ਹੀ ਦਾਤ ਮੰਗਣੀ ਚਾਹੀਦੀ ਹੈ ਤਾਂ ਹੀ ਮਨ ਇੱਛਤ ਫਲ਼ ਪ੍ਰਾਪਤ ਹੁੰਦੇ ਹਨ:
ਹਰਿ ਇਕੋ ਦਾਤਾ ਸੇਵੀਐ
ਹਰਿ ਇਕੁ ਧਿਆਈਐ॥
ਹਰਿ ਇਕੋ ਦਾਤਾ
ਮੰਗੀਐ ਮਨ ਚਿੰਦਿਆ ਪਾਈਐ॥
(ਰਾਗੁ ਵਡਹੰਸ ਕੀ ਵਾਰ
ਮਹਲਾ ੪, ਅੰਗ : 590)
ਮਨ ਚਿੰਦਿਆ-ਮਨ ਇੱਛਤ।
ਪਿਆਰਾ ਪ੍ਰਭੂ ਆਪਣੇ ਅਜਿਹੇ ਭਗਤਾਂ 'ਤੇ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਆਪ ਹੀ ਆਪਣੇ ਨਾਲ ਜੋੜ ਲੈਂਦਾ ਹੈ:
ਭਗਤ ਜਨਾ ਕਉ ਆਪਿ ਤੁਠਾ ਮੇਰਾ ਪਿਆਰਾ
ਆਪੇ ਲਾਇਅਨੁ ਜਨ ਲਾਇ॥
(ਅੰਗ : 590)
ਫਿਰ ਭਗਤਾਂ ਦੇ ਸਿਰ 'ਤੇ ਸੱਚਾ ਛਤਰ ਝੁਲਾ ਕੇ ਪਰਮਾਤਮਾ ਨੇ ਉਨ੍ਹਾਂ ਭਗਤਾਂ ਨੂੰ ਪਾਤਸ਼ਾਹੀਆਂ ਬਖ਼ਸ਼ੀਆਂ ਹਨ:
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ
ਸਿਰਿ ਛਤੁ ਸਚਾ ਹਰਿ ਬਣਾਇ॥
(ਅੰਗ : 590)
ਪਉੜੀ ਦੇ ਅਖਰੀਂ ਅਰਥ : ਅਕਾਲ ਪੁਰਖ ਦੀ ਬਖਸ਼ਿਸ਼ ਦਾ ਲੇਖਾ ਲਿਖਿਆ ਨਹੀਂ ਜਾ ਸਕਦਾ। ਉਸ ਵੱਡੇ ਦਾਤਾਰ ਨੂੰ ਰਤਾ ਭਰ ਵੀ ਲਾਲਚ ਨਹੀਂ, ਕਿਸੇ ਪ੍ਰਕਾਰ ਦੀ ਲਾਲਸਾ ਨਹੀਂ। ਅਨੇਕਾਂ ਯੋਧੇ ਸੂਰਮੇ ਉਸ ਦੇ ਦਰ 'ਤੇ ਭਿਖਾਰੀ ਹਨ, ਕਿੰਨੇ ਹੋਰ ਜੋ ਉਸ ਪਾਸੋਂ ਮੰਗਦੇ ਹਨ। ਉਨ੍ਹਾਂ ਦੀ ਗਿਣਤੀ ਤੇ ਵਿਚਾਰ ਕੀਤੀ ਨਹੀਂ ਜਾ ਸਕਦੀ। ਭਾਵ ਬੇਅੰਤ ਉਸ ਤੋਂ ਮੰਗਣ ਵਾਲੇ ਹਨ ਜਿਨ੍ਹਾਂ ਦਾ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ। ਕਈ ਅਜਿਹੇ ਹਨ ਜੋ ਉਸ ਦੀਆਂ ਦਾਤਾਂ ਭੋਗ ਕੇ ਵਿਕਾਰਾਂ ਵਿਚ ਫਸ ਕੇ ਨਾਸ ਹੋ ਜਾਂਦੇ ਹਨ।
ਕਈ ਅਨੇਕਾਂ ਅਜਿਹੇ ਹਨ ਜੋ ਪ੍ਰਭੂ ਦੀਆਂ ਦਾਤਾਂ ਭੋਗ ਭੋਗ ਕੇ ਮਗਰੋਂ ਮੁੱਕਰ ਜਾਂਦੇ ਹਨ ਭਾਵ ਨਾਸ਼ੁਕਰੇ ਹੋ ਜਾਂਦੇ ਹਨ। ਅਜਿਹੇ ਮੂਰਖ ਮਨੁੱਖ ਦਾਤਾਰ ਪ੍ਰਭੂ ਦੀਆਂ ਦਾਤਾਂ ਨੂੰ ਭੋਗ ਭੋਗ ਕੇ (ਖਾ ਖਾ ਕੇ) ਨਾਸ਼ੁਕਰੇ ਹੋਏ ਰਹਿੰਦੇ ਹਨ ਭਾਵ ਦੇਣ ਵਾਲੇ ਦਾਤਾਰ ਨੂੰ ਯਾਦ ਨਹੀਂ ਕਰਦੇ।
ਅਨੇਕਾਂ ਜੀਵਾਂ ਨੂੰ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਅਤੇ ਭੁੱਖ ਦੀ ਸਦਾ ਮਾਰ ਪੈਂਦੀ ਰਹਿੰਦੀ ਹੈ ਪ੍ਰੰਤੂ ਹੇ ਪ੍ਰਭੂ, ਇਹ ਦੁੱਖ ਅਤੇ ਭੁੱਖ ਦੀ ਮਾਰ ਵੀ ਤੇਰੀ ਹੀ ਦਾਤ ਹੈ।
ਮਾਇਆ ਦੇ ਮੋਹ ਤੋਂ ਛੁਟਕਾਰਾ ਪਰਮਾਤਮਾ ਦੀ ਰਜ਼ਾ ਵਿਚ ਰਿਹਾਂ ਹੀ ਹੁੰਦਾ ਹੈ। ਪਰਮਾਤਮਾ ਦੀ ਰਜ਼ਾ ਤੋਂ ਬਿਨਾਂ ਕੋਈ ਹੋਰ ਢੰਗ ਦਸ ਨਹੀਂ ਸਕਦਾ।
ਪ੍ਰੰਤੂ ਜੇਕਰ ਕੋਈ ਮੂਰਖ ਹੋਰ ਹੋਰ ਢੰਗ ਤਰੀਕੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਮੂੰਹ 'ਤੇ ਜੋ ਚੋਟਾਂ ਪੈਂਦੀਆਂ ਹਨ ਭਾਵ ਜੋ ਦੁੱਖ ਕਲੇਸ਼ ਉਸ ਨੂੰ ਸਹਿਣੇ ਪੈਂਦੇ ਹਨ, ਇਸ ਗੱਲ ਦਾ ਅਹਿਸਾਸ ਉਸ ਮਨੁੱਖ ਨੂੰ ਨਹੀਂ ਹੁੰਦਾ ਹੈ।
ਪ੍ਰਭੂ ਦੀ ਰਜ਼ਾ ਵਿਚ ਰਹਿਣ ਵਾਲੇ ਕਈ ਮਨੁੱਖ ਇਹ ਵੀ ਆਖਦੇ ਹਨ ਕਿ ਸਭਨਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ ਅਤੇ ਜੀਆਂ ਦੀ ਲੋੜ ਅਨੁਸਾਰ ਉਨ੍ਹਾਂ ਨੂੰ ਦੇਈ ਜਾ ਰਿਹਾ ਹੈ।
ਅੰਤਲੀਆਂ ਤੁਕਾਂ ਵਿਚ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਸਿਫ਼ਤ ਸਾਲਾਹ ਦੀ ਦਾਤ ਬਖਸ਼ਿਸ਼ ਕਰਦਾ ਹੈ, ਉਹ ਮਾਨੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ।


-214, ਆਰ. ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਦੂਜਿਆਂ ਦੀ ਨਕਲ ਕਰਨਾ ਸੱਭਿਅਤਾ ਦੇ ਲੱਛਣ ਨਹੀਂ

ਵਿੱਦਿਆ ਤਾਂ ਕਿਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਜਿਸ ਸਿੱਖਿਆ/ਵਿੱਦਿਆ ਨਾਲ ਰਾਸ਼ਟਰ ਪ੍ਰੇਮ ਜਾਂ ਰਾਸ਼ਟਰੀਅਤਾ ਅਲੋਪ ਹੁੰਦੀ ਹੈ, ਉਸ ਨੂੰ ਸਹੀ ਸਿੱਖਿਆ ਨਹੀਂ ਕਿਹਾ ਜਾ ਸਕਦਾ। ਅਜਿਹੀ ਸਿੱਖਿਆ ਨਾਲ ਤਰੱਕੀ ਨਹੀਂ ਸਗੋਂ ਪਤਨ ਹੁੰਦਾ ਹੈ। ਸਵਾਮੀ ਵਿਵੇਕਾਨੰਦ ਜੀ 'ਸਿੱਖਿਆ ਦਾ ਆਦਰਸ਼' ਨਾਂਅ ਦੀ ਪੁਸਤਕ ਵਿਚ ਲਿਖਦੇ ਹਨ ਕਿ ਵਿੱਦਿਆ ਭਾਵੇਂ ਜਿਥੋਂ ਮਰਜ਼ੀ ਗ੍ਰਹਿਣ ਕਰੋ ਪਰ ਉਤਾਵਲੇ ਜਾਂ ਬੇਚੈਨ ਹੋ ਕੇ ਦੂਜਿਆਂ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰੋ। ਦੂਜਿਆਂ ਦੀ ਨਕਲ ਕਰਨਾ ਸੱਭਿਅਤਾ ਦਾ ਲੱਛਣ ਨਹੀਂ। ਸਾਨੂੰ ਇਹ ਪਾਠ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕੋਈ ਰਾਜੇ ਵਰਗੇ ਕੱਪੜੇ ਪਹਿਨ ਲਵੇ ਤਾਂ ਉਹ ਰਾਜਾ ਨਹੀਂ ਬਣ ਜਾਂਦਾ। ਸ਼ੇਰ ਦੀ ਖੱਲ ਜੇ ਗਧੇ 'ਤੇ ਪਾ ਦਿੱਤੀ ਜਾਵੇ ਤਾਂ ਉਸ ਵਿਚ ਸ਼ੇਰ ਦੇ ਗੁਣ ਨਹੀਂ ਆ ਸਕਦੇ। ਨੀਚ ਅਤੇ ਕਾਇਰ ਦੀ ਨਕਲ ਕਰਨ ਨਾਲ ਕਦੇ ਤਰੱਕੀ ਨਹੀਂ ਹੋ ਸਕਦੀ। ਅਜਿਹਾ ਕਰਨਾ ਤਾਂ ਮਨੁੱਖ ਦੇ ਪਤਨ ਦੀ ਨਿਸ਼ਾਨੀ ਹੈ। ਜਿਹੜਾ ਵਿਅਕਤੀ ਆਪਣੇ ਵਿਰਸੇ ਵਿਚ ਸ਼ਰਮ ਮਹਿਸੂਸ ਕਰਦਾ ਹੈ ਅਤੇ ਆਪਣੇ ਪੂਰਵਜ਼ਾਂ ਕਾਰਨ ਆਪਣੇ-ਆਪ ਨੂੰ ਹੀਣ ਸਮਝਦਾ ਹੈ ਤਾਂ ਸਮਝ ਲਵੋ ਉਸ ਦਾ ਵਿਨਾਸ਼ ਨੇੜੇ ਹੈ। ਸਾਨੂੰ ਆਤਮ-ਵਿਸ਼ਵਾਸ਼ ਬਣਨਾ ਚਾਹੀਦਾ ਹੈ। ਆਪਣੇ ਪੁਰਖਿਆਂ 'ਤੇ ਸ਼ਰਮ ਨਹੀਂ ਸਗੋਂ ਮਾਣ ਮਹਿਸੂਸ ਕਰਨਾ ਚਹੀਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾਈਲ : +9194175-50741.

ਸਿੱਖ ਧਰਮ ਵਿਚ ਲੰਗਰ ਪਰੰਪਰਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਤਿ ਅਫ਼ਸੋਸਜਨਕ ਮੰਜ਼ਰ ਉਸ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਸ਼ਹੀਦੀ ਜੋੜ ਮੇਲਿਆਂ 'ਤੇ ਇਸ ਤਰ੍ਹਾਂ ਦੇ ਵੰਨ-ਸੁਵੰਨੇ ਪਕਵਾਨਾਂ ਦੇ ਲੰਗਰ ਲੱਗੇ ਦੇਖਦੇ ਹਾਂ। ਛੋਟੇ-ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਨੀਂਹਾਂ ਵਿਚ ਚਿਣਵਾਉਣ ਦੀ ਘਟਨਾ ਨੂੰ ਯਾਦ ਕਰਕੇ ਹਰ ਵਿਅਕਤੀ ਦਾ, ਚਾਹੇ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਹਿਰਦਾ ਵਲੂੰਧਰਿਆ ਜਾਂਦਾ ਹੈ ਅਤੇ ਅੱਖਾਂ ਨਮ ਹੋ ਜਾਂਦੀਆਂ ਹਨ। ਪਰ ਕੀ ਅਸੀਂ ਇਸ ਤਰ੍ਹਾਂ ਦੇ ਵੱਖਰੇ-ਵੱਖਰੇ ਪਕਵਾਨਾਂ ਦੇ ਲੰਗਰ ਲਾ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਾਂ? ਕੀ ਸਾਨੂੰ ਦੇਖਾ-ਦੇਖੀ ਆਪਣੇ ਪਿੰਡ, ਗਲੀ ਜਾਂ ਮੁਹੱਲੇ ਦੀ ਫੋਕੀ ਸ਼ਾਨ ਦਾ ਦਿਖਾਵਾ ਕਰਦੇ ਹੋਏ ਇਹ ਵੀ ਯਾਦ ਨਹੀਂ ਰਹਿੰਦਾ ਕਿ ਇਹ ਤਾਂ ਸਾਹਿਬਜ਼ਾਦਿਆਂ ਦਾ ਬਰਸੀ ਸਮਾਗਮ ਹੈ? ਪੰਜਾਬ ਵਿਚ ਸਰਹਿੰਦ ਦੇ ਸ਼ਹੀਦੀ ਜੋੜ ਮੇਲੇ 'ਤੇ ਹਰ ਕਿਲੋਮੀਟਰ ਦੇ ਫ਼ਾਸਲੇ 'ਤੇ ਇਕ ਨਵਾਂ ਲੰਗਰ ਲੱਗਿਆ ਮਿਲਦਾ ਹੈ। ਲੰਗਰ ਪ੍ਰਬੰਧਕਾਂ ਵਲੋਂ ਸੜਕ 'ਤੇ ਜਾਂਦੇ ਹਰ ਰਾਹਗੀਰ ਨੂੰ ਧੱੱਕੇ ਨਾਲ ਰੋਕ-ਰੋਕ ਕੇ ਲੰਗਰ ਛਕਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰਬਾਣੀ ਦੇ ਸੰਦੇਸ਼ 'ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥' ਅਨੁਸਾਰ ਅੱਜ ਜ਼ਰੂਰਤ ਲੋੜਵੰਦਾਂ ਤੱਕ ਭੋਜਨ ਪਹੁੰਚਾਉਣ ਦੀ ਹੈ, ਨਾ ਕਿ ਕਾਰਾਂ, ਗੱਡੀਆਂ ਰੋਕ-ਰੋਕ ਕੇ ਲੰਗਰ ਛਕਾਉਣ ਦੀ। ਇਹ ਰੱਜੇ ਪੁੱਜੇ ਲੋਕ ਬੀ ਪੀ ਤੇ ਸ਼ੂਗਰ ਆਦਿ ਦਾ ਸ਼ਿਕਾਰ ਹੋਣ ਕਰਕੇ ਬਰੈੱਡ ਪਕੌੜੇ ਤੇ ਜਲੇਬੀਆਂ ਅਦਿ ਰਾਹ ਵਿਚ ਹੀ ਸੁੱਟ ਜਾਂਦੇ ਹਨ।
ਪੰਗਤ ਤੇ ਸੰਗਤ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਗੁਰੂ ਸਾਹਿਬ ਨੇ ਸੰਗਤ ਨਾਲੋਂ ਪੰਗਤ ਨੂੰ ਪਹਿਲਾ ਦਰਜਾ ਦਿੱਤਾ ਹੈ। ਗੁਰੂ ਅਮਰਦਾਸ ਜੀ ਦਾ ਇਹ ਨੇਮ ਬਣ ਗਿਆ ਸੀ ਕਿ ਜੇ ਕੋਈ ਵਿਅਕਤੀ ਉਨ੍ਹਾਂ ਨੂੰ ਮਿਲਣ ਆਵੇ, ਉਹ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕੇ। ਉਨ੍ਹਾਂ 'ਪਹਿਲੇ ਪੰਗਤ ਪਾਛੈ ਸੰਗਤ' ਕਹਿ ਕੇ ਪੰਗਤ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਸੀ। ਪਰ ਅੱਜ ਦੇ ਤੇਜ਼ ਅਤੇ ਪਦਾਰਥਵਾਦੀ ਯੁੱਗ ਵਿਚੋਂ ਪੰਗਤ ਮਨਫੀ ਹੁੰਦੀ ਜਾਪਦੀ ਹੈ। ਲੰਗਰ ਨੂੰ ਪੰਗਤ ਵਿਚ ਬਿਠਾ ਕੇ ਛਕਾਉਣ ਦੀ ਬਜਾਏ ਚਲਦੀਆਂ ਬੱਸਾਂ, ਟਰੱਕਾਂ ਅਤੇ ਕਾਰਾਂ ਦੇ ਸ਼ੀਸ਼ਿਆਂ ਵਿਚੋਂ ਦੀ ਹੀ ਲੋਕਾਂ ਤੱਕ ਪਹੁੰਚਾਉਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਸ਼ਹਿਰ ਦੇ ਤੰਗ ਬਾਜ਼ਾਰਾਂ ਵਿਚ ਉੱਚੇ ਜਿਹੇ ਮੇਜ਼ ਉੱਪਰ ਚੜ੍ਹ ਕੇ ਲੋਕਾਂ ਦੀ ਭੀੜ ਨੂੰ ਦਹੀਂ-ਭੱਲੇ, ਛੋਲੇ-ਪੂੜੀਆਂ, ਕੁਲਚੇ-ਛੋਲੇ ਜਾਂ ਫਲ ਫੜਾਉਣ ਦਾ ਦ੍ਰਿਸ਼ ਅਕਸਰ ਦੇਖਣ ਨੂੰ ਮਿਲਦਾ ਹੈ ਜਿਸ ਵਿਚ ਲੋਕ ਇੱਕ-ਦੂਜੇ ਨੂੰ ਧੱਕੇ ਮਾਰ-ਮਾਰ ਕੇ, ਉਛਲ ਉਛਲ ਕੇ ਪੈਰ ਮਿੱਧਦੇ ਖਾਣ ਪੀਣ ਦੀਆਂ ਚੀਜ਼ਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਖੁਸ਼ੀ ਜਾਂ ਗ਼ਮੀ ਦੇ ਮੌਕੇ 'ਤੇ ਕਰਵਾਏ ਗਏ ਪਾਠ ਤੋਂ ਬਾਅਦ ਲੰਗਰ ਨੂੰ ਪੰਗਤ ਵਿਚ ਬਿਠਾ ਕੇ ਛਕਾਉਣ ਦੀ ਥਾਂ ਟੇਬਲਾਂ ਉੱਤੇ ਲਗਾ ਦਿੱਤਾ ਜਾਂਦਾ ਹੈ। ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਆਏ ਧਾਰਮਿਕ ਆਗੂ ਵੀ ਬਿਨਾਂ ਕਿਸੇ ਝਿਜਕ ਦੇ ਇਸ ਵਿਚ ਸ਼ਰੀਕ ਹੋ ਜਾਂਦੇ ਹਨ। ਪੰਗਤ ਵਿਚ ਬੈਠ ਕੇ ਲੰਗਰ ਛਕਣਾ ਏਕਤਾ ਅਤੇ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਜਾਰੀ ਕੀਤੀ ਗਈ ਸਿੱਖ ਰਹਿਤ ਮਰਿਆਦਾ ਵਿਚ ਵੀ ਲੰਗਰ ਛਕਣ ਲਈ ਪੰਗਤ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ।
ਗੁਰੂ ਸਾਹਿਬਾਨ ਨੇ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ ਕਿ ਲੰਗਰ ਦੀ ਇਹ ਸੇਵਾ ਬੜੀ ਉੱਤਮ ਸੇਵਾ ਹੈ। ਸੇਵਾ ਕਰਨ ਨਾਲ ਹਉਮੈ ਦੀ ਨਵਿਰਤੀ ਹੁੰਦੀ ਹੈ। ਗੁਰੂ ਦਾ ਲੰਗਰ ਇੱਕ ਤਰ੍ਹਾਂ ਦੀ ਪ੍ਰਯੋਗਸ਼ਾਲਾ ਹੈ, ਜਿੱਥੇ ਸੇਵਾ ਦੀ ਜਾਂਚ ਸਿੱਖਣੀ ਹੁੰਦੀ ਹੈ। ਜਿੱਥੇ ਨਿਮਰਤਾ ਸੇਵਾ ਭਾਵ ਉਪਜਦੇ ਹਨ, ਉੱਥੇ ਸੇਵਾ ਦੇ ਕੰਮਾਂ ਨੂੰ ਉੱਦਮ, ਉਤਸ਼ਾਹ ਤੇ ਲਗਨ ਨਾਲ ਕਰਨ ਦੀ ਆਦਤ ਵੀ ਪਾਉਂਦੇ ਹਨ। ਵਰਤਮਾਨ ਸਮੇਂ ਦੌਰਾਨ ਸੇਵਾ ਭਾਵਨਾ ਦੀ ਕਮੀ ਅਤੇ ਸਮੇਂ ਦੀ ਘਾਟ ਕਾਰਨ ਲੰਗਰ ਛਕਣ ਤੋਂ ਬਾਅਦ ਜੂਠੇ ਭਾਂਡੇ ਮਾਂਜਣ ਤੋਂ ਬਚਣ ਲਈ ਡਿਸਪੋਜ਼ਲ ਭਾਂਡਿਆਂ ਦੀ ਜ਼ਿਆਦਾ ਵਰਤੋਂ ਹੋਣ ਲੱਗੀ ਹੈ। ਲੰਗਰ ਦੀ ਸਮਾਪਤੀ ਤੋਂ ਬਾਅਦ ਜੂਠੇ ਪਲਾਸਟਿਕ ਦੇ ਭਾਂਡਿਆਂ ਦੇ ਖਿਲਰਨ ਕਰਕੇ ਸੜਕਾਂ, ਗਲੀਆਂ ਅਤੇ ਮੁਹੱਲਿਆਂ ਵਿਚ ਪਲਾਸਟਿਕ ਪ੍ਰਦੂਸ਼ਣ ਫੈਲਦਾ ਰਹਿੰਦਾ ਹੈ। ਜੇ ਇਨ੍ਹਾਂ ਨੂੰ ਇਕੱਠੇ ਕਰਕੇ ਅੱਗ ਵੀ ਲਗਾਉਂਦੇ ਹਾਂ ਤਾਂ ਵੀ ਜ਼ਹਿਰੀਲੀਆਂ ਗੈਸਾਂ ਕਾਰਨ ਵਾਤਾਵਰਨ ਪਲੀਤ ਹੁੰਦਾ ਰਹਿੰਦਾ ਹੈ। ਸਾਨੂੰ ਉਪਰੋਕਤ ਗੱਲਾਂ ਨੂੰ ਵਿਚਾਰਦੇ ਹੋਏ ਗੁਰੂ ਸਾਹਿਬ ਦੇ ਵਚਨ 'ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ' (ਪੰਨਾ 612) ਅਨੁਸਾਰ ਮਾਨਵ ਜਾਤੀ ਦੀ ਏਕਤਾ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਗੁਰੂ ਕੇ ਲੰਗਰ ਦੀ ਮਹਾਨਤਾ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। (ਸਮਾਪਤ)


-ਮੋ: 9417831583

ਸੇਵਾ ਤੇ ਸਿਮਰਨ ਦੇ ਸੋਮੇ ਸੰਤ ਮਹਿੰਦਰ ਸਿੰਘ ਹਰਖੋਵਾਲ ਵਾਲੇ

ਸ਼ਾਂਤੀ ਦੇ ਪੁੰਜ ਅਤੇ ਗੁਰਬਾਣੀ ਕੀਰਤਨ ਦੇ ਧਨੀ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਤੋਂ ਵਰੋਸਾਏ ਸੰਤ ਮਹਿੰਦਰ ਸਿੰਘ ਹਰਖੋਵਾਲ ਵਾਲਿਆਂ ਦਾ ਜਨਮ ਪਿਤਾ ਸ: ਸੁੰਦਰ ਸਿੰਘ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ 28 ਮਾਰਚ 1926 ਈ: ਨੂੰ ਪਿੰਡ ਲੱਖਣਪੁਰ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਕਰਨੀ, ਕਥਨੀ ਵਿਚ ਪੂਰੇ ਗੁਰਸਿੱਖ ਸਨ, ਜਿਨ੍ਹਾਂ ਨੇ ਸਾਰੀ ਉਮਰ ਸ਼ਬਦ ਦੀ ਕਮਾਈ ਕੀਤੀ, ਪ੍ਰਭੂ ਦਾ ਸਿਮਰਨ ਹਰ ਸਮੇਂ ਕਰਦੇ ਰਹਿੰਦੇ ਅਤੇ ਸੰਗਤਾਂ ਨੂੰ ਸਿਮਰਨ ਕਰਾਉਂਦੇ ਰਹੇ। ਹੋਤੀ ਮਰਦਾਨ ਸੰਪਰਦਾ ਦੇ ਚਾਨਣ ਸੰਤ ਬਾਬਾ ਆਇਆ ਸਿੰਘ ਦੀ ਆਗਿਆ ਦਾ ਪਾਲਣ ਕਰਕੇ ਸੇਵਾ ਸਿਮਰਨ ਅਤੇ ਬੰਦਗੀ ਵਾਸਤੇ ਹੁਸ਼ਿਆਰਪੁਰ ਤੋਂ 8 ਕੁ ਮੀਲ ਦੂਰੀ 'ਤੇ ਸੰਤ ਬਾਬਾ ਜਵਾਲਾ ਸਿੰਘ ਨੇ 1919 ਈ: ਵਿਚ ਧਰਮ ਪ੍ਰਚਾਰ ਕੇਂਦਰ ਦੀ, ਸੰਤਗੜ੍ਹ ਡੇਰਾ, ਹਰਖੋਵਾਲ ਵਿਚ ਸਥਾਪਨਾ ਕੀਤੀ।
ਦੋਆਬੇ ਦੀ ਪਾਵਨ ਧਰਤੀ 'ਤੇ ਜਲੰਧਰ ਸ਼ਹਿਰ ਦੇ ਨਜ਼ਦੀਕ ਕਪੂਰਥਲਾ ਰੋਡ 'ਤੇ 15 ਨਵੰਬਰ 1982 ਨੂੰ ਨਵ-ਡੇਰਾ ਸੰਤਗੜ੍ਹ ਹਰਖੋਵਾਲ ਦੀ ਸਥਾਪਨਾ ਕਰਵਾ ਕੇ ਸਿੱਖੀ ਦੀ ਪਾਵਨ ਮਹਿਕ ਨੂੰ ਬਿਖੇਰਨ ਲਈ ਸਿੱਖ ਧਰਮ ਦਾ ਮਹਾਨ ਕੇਂਦਰ ਉਸਾਰਿਆ, ਜਿਥੇ ਕਿ ਆਪ ਜੀ ਤੋਂ ਵਰੋਸਾਏ ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਨੇ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਵਾਈ।
ਆਖਰੀ ਸਮੇਂ ਆਪ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਦੇ ਨਜ਼ਦੀਕ ਇਕ ਪਿੰਡ ਵਿਚ ਸਿੱਖੀ ਪ੍ਰਚਾਰ ਵਾਸਤੇ ਗਏ ਹੋਏ ਸਨ, ਜਿਥੇ ਕਿ 12 ਮਾਰਚ 1984 ਈ: ਨੂੰ ਆਪ ਸਦਾ ਲਈ ਪ੍ਰਭੂ ਚਰਨਾਂ 'ਚ ਅਭੇਦ ਹੋ ਗਏ। ਆਪ ਨੇ 58 ਸਾਲ ਗੁਰਮਤਿ ਪ੍ਰਚਾਰ ਦੀਆਂ ਕਿਰਨਾਂ ਦੁਆਰਾ ਸਿੱਖ ਸੰਗਤ ਨੂੰ ਰੁਸ਼ਨਾਇਆ। ਸੰਤ ਮੁਹਿੰਦਰ ਸਿੰਘ ਹਰਖੋਵਾਲਿਆਂ ਦੇ ਪਾਵਨ ਜਨਮ ਦਿਨ ਦੇ ਸਬੰਧ ਵਿਚ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਡੇਰਾ ਸੰਤਗੜ੍ਹ ਲੱਖਣਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ 26 ਤੋਂ 28 ਮਾਰਚ ਤੱਕ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲਿਆਂ ਦੀ ਅਗਵਾਈ ਵਿਚ ਮਹਾਨ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ 26 ਮਾਰਚ ਨੂੰ ਸਵੇਰੇ ਅਖੰਡ ਪਾਠ ਆਰੰਭ ਹੋਣਗੇ। 27 ਮਾਰਚ ਨੂੰ ਸਵੇਰ ਤੋਂ ਕੀਰਤਨ ਦਰਬਾਰ ਸਜੇਗਾ, ਜਿਸ ਵਿਚ ਪੰਥਕ ਕੀਰਤਨੀਏ, ਰਾਗੀ, ਕਥਾਵਾਚਕ ਤੇ ਸੰਤ ਮਹਾਂਪੁਰਸ਼ ਹਾਜ਼ਰੀ ਭਰਨਗੇ। 28 ਮਾਰਚ ਨੂੰ ਸਵੇਰੇ ਭੋਗ ਉਪਰੰਤ ਵਿਸ਼ੇਸ਼ ਸੰਤ ਸਮਾਗਮ ਹੋਵੇਗਾ।


-ਮੋਬਾ: 76528-09190

ਧਾਰਮਿਕ ਸਾਹਿਤ

ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਦਕੀ ਸਿੱਖ
ਲੇਖਕ : ਹਰਵਿੰਦਰ ਸਿੰਘ ਖ਼ਾਲਸਾ
ਪਬਲਿਸ਼ਰ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ।
ਸਫ਼ੇ : 128, ਮੁੱਲ : 200
ਸੰਪਰਕ : 98155-33725.


ਹਰਵਿੰਦਰ ਸਿੰਘ ਖ਼ਾਲਸਾ ਸਿੱਖ ਧਰਮ ਨਾਲ ਸਬੰਧਿਤ ਵਾਰਤਕ ਅਤੇ ਕਾਵਿ-ਰਚਨਾਵਾਂ ਲਿਖਣ ਵਾਲੇ ਪ੍ਰਸਿੱਧ ਵਿਦਵਾਨ ਹਨ, ਇਸ ਪੁਸਤਕ ਦੇ ਪਹਿਲੇ ਕਾਂਡ ਵਿਚ ਇਤਿਹਾਸਕਾਰਾਂ ਦੇ ਹਵਾਲਿਆਂ ਨਾਲ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਸਮੇਂ ਦਾ ਇਤਿਹਾਸ ਉਲੀਕਿਆ ਗਿਆ ਹੈ। ਦੂਜੇ ਕਾਂਡ ਵਿਚ ਸਿੱਖ ਮਤ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਦੀ ਜੀਵਨੀ ਦਿੱਤੀ ਗਈ ਹੈ, ਜਿਸ ਵਿਚ ਉਨ੍ਹਾਂ ਦੇ ਗੁਰੂ ਘਰ ਨਾਲ ਨਿਕਟ ਸਬੰਧਾਂ ਤੇ ਰੋਸ਼ਨੀ ਪਾਈ ਗਈ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਗਿਆ ਹੈ ਕਿ ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਭਤੀਜੇ, ਬੀਬੀ ਭਾਨੀ ਦੇ ਭਰਾ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲਗਦੇ ਸਨ। ਗੁਰਮਤਿ ਸਾਹਿਤ ਦੀ ਵਿਆਖਿਆ ਵਿਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 'ਕੁੰਜੀ' ਕਹਿ ਕੇ ਸਨਮਾਨ ਦਿੱਤਾ।
ਸਾਂਭਣਯੋਗ ਗੱਲ ਇਹ ਹੈ ਕਿ ਰਚਨਾ 'ਸਿੱਖਾਂ ਦੀ ਭਗਤਮਾਲਾ' ਭਾਈ ਗੁਰਦਾਸ ਜੀ ਦੀ ਗਿਆਰਵੀਂ ਵਾਰ 'ਤੇ ਆਧਾਰਿਤ ਹੈ। ਇਸ ਦੇ ਆਧਾਰ 'ਤੇ ਖਾਲਸਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਿਦਕੀ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਹੈ। ਭਾਈ ਗੁਰਦਾਸ ਜੀ ਵਾਰ ਵਿਚ ਪਹਿਲੇ ਛੇ ਗੁਰੂਆਂ ਦੇ ਸੰਪਰਕ ਵਿਚ ਆਏ 318 ਸਿਦਕੀ ਸਿੱਖਾਂ ਬਾਰੇ ਮੁਢਲੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਬਾਰੇ ਵਿਸਤ੍ਰਿਤ ਜਾਣਕਾਰੀ ਭਾਈ ਮਨੀ ਸਿੰਘ ਜੀ ਨੇ 'ਸਿੱਖਾਂ ਦੀ ਭਗਤਮਾਲਾ' ਵਿਚ ਕਰਵਾਈ ਹੈ। ਲੇਖਕ ਨੇ ਹੋਰ ਵਿਦਵਾਨਾਂ ਦੇ ਹਵਾਲਿਆਂ ਨਾਲ ਆਪਣੇ ਵਿਚਾਰਾਂ ਤੇ ਪੁਸ਼ਟੀ ਕੀਤੀ ਹੈ। ਭਾਈ ਗੁਰਦਾਸ ਦੀ 11ਵੀਂ ਵਾਰ ਦੀਆਂ 31 ਪਉੜੀਆਂ ਹਨ, ਜਿਨ੍ਹਾਂ ਵਿਚ ਛੇ ਗੁਰੂਆਂ ਦੇ ਪਿਆਰੇ ਸਿੱਖਾਂ ਦਾ ਜ਼ਿਕਰ ਹੈ। ਪਹਿਲੀਆਂ 12 ਪਉੜੀਆਂ ਵਿਚ ਗੁਰੂ ਜੀ ਦੀ ਮਹਿਮਾ ਅਤੇ ਗੁਰੂ ਸਿੱਖ ਦੇ ਲੱਛਣ ਦੱਸੇ ਹਨ। 13ਵੀਂ, 14ਵੀਂ ਵਿਚ ਪਹਿਲੀ ਪਾਤਸ਼ਾਹੀ ਵਲੋਂ ਵਰੋਸਾਏ ਸਿੱਖਾਂ ਦਾ ਵਰਣਨ ਹੈ। ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤਮਾਲਾ ਵਿਚ ਇਸ ਵਾਰ ਦਾ ਟੀਕਾ ਕੀਤਾ ਹੈ।
ਭਾਈ ਤਾਰੂ ਪੋਪਟ ਜੀ ਨੇ ਨਿੱਕੀ ਉਮਰ ਵਿਚ ਗੁਰੂ ਨਾਨਕ ਜੀ ਪਾਸੋਂ ਨਾਮ ਜਪਣ ਤੇ ਨੇਕ ਕਾਰਜ ਕਰਨ ਦੀ ਸਿੱਖਿਆ ਲੈ ਕੇ ਚੰਗੇ ਕੰਮ ਕਰਨੇ ਸ਼ੁਰੂ ਕੀਤੇ। ਭਾਈ ਮੂਲਾ ਕੀੜਾ ਜੀ ਸਿੱਖ ਬਣ ਕੇ ਆਏ ਚੋਰ ਦਾ ਪਰਦਾ ਢਕਿਆ। ਬਾਬੇ ਨਾਨਕ ਨੇ ਬਾਈ ਪ੍ਰਿਥਾ ਜੀ ਤੇ ਖੇਡਾ ਜੀ ਨੂੰ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣ ਅਤੇ ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਭਾਈ ਮਰਦਾਨਾ ਰਬਾਬੀ ਬਾਰੇ, ਹੋਰਨਾਂ ਵਿਦਵਾਨਾਂ ਦੁਆਰਾ ਪੁਸ਼ਟੀ ਕਰਕੇ, ਬਹੁ-ਪੱਖੀ ਜਾਣਕਾਰੀ ਦਿੱਤੀ ਗਈ ਹੈ। ਭਾਈ ਪ੍ਰਿਥੀ ਮਲ ਸਹਿਗਲ ਤੇ ਰਾਮਾ ਡਿਡੀ ਜੀ ਨੂੰ ਭਗਤੀ ਦਾ ਸਹਿਜ ਮਾਰਗ ਦੱਸਿਆ। ਦੌਲਤ ਖਾਂ ਲੋਧੀ ਵਾਲੀ ਸਾਖੀ ਵਿਚ ਬੇਈਂ-ਪ੍ਰਵੇਸ਼ ਦਾ ਜ਼ਿਕਰ ਹੈ। ਇਸ ਤੋਂ ਬਿਨਾਂ ਨਾਨਕ ਜੀ ਨੇ ਨਮਾਜ਼ ਪੜ੍ਹਨ ਸਮੇਂ ਮਨ ਨੂੰ ਇਕਾਗਰ ਕਰਨ ਦੀ ਲੋੜ ਸਮਝਾਈ ਹੈ। ਭਾਈ ਮਾਲੋ ਜੀ ਤੇ ਭਾਈ ਮਾਂਗਾ ਜੀ ਨੂੰ ਇੰਦਰੀਆਂ ਅਤੇ ਮਨ ਨੂੰ ਕਾਬੂ ਕਰਨਾ ਅਤੇ ਸਰੀਰ ਨੂੰ ਕਸ਼ਟ ਦੇ ਕੇ ਭਗਤੀ ਕਰਨ ਤੋਂ ਵਰਜਿਆ ਹੈ। ਭਾਈ ਕਾਲੂ ਖੱਤਰੀ ਜੀ (ਗੁਰੂ ਨਾਨਕ ਜੀ ਦਾ ਪਿਤਾ ਨਹੀਂ) ਗੁਰਮੁਖ ਅਤੇ ਮਨਮੁਖ ਦਾ ਅੰਤਰ ਸਮਝਾਇਆ ਹੈ। ਭਾਈ ਭਗਤਾ ਓਹਰੀ ਜੀ ਅਤੇ ਭਾਈ ਜਾਪੂ ਵੰਸ਼ੀ ਜੀ ਨੂੰ ਮਨੁਮੁਖਾਂ ਦੇ ਕਰਮਾਂ ਦਾ ਤਿਆਗ ਕਰਨ ਬਾਰੇ ਦੱਸਿਆ ਹੈ। ਭਾਈ ਸੀਹਾਂ ਉੱਪਲ ਅਤੇ ਭਾਈ ਗੱਜਣ ਉੱਪਲ ਜੀ ਨੂੰ ਨਾਮ ਦੁਆਰਾ ਚਾਰ ਪਦਾਰਥ ਪਾਉਣ ਦੀ ਵਿਧੀ ਸਮਝਾਈ। ਸੁਭਾਅ ਬਣਾਉਣ ਬਾਰੇ ਇਸ ਸਾਖੀ ਦੀ ਪਹੁੰਚ ਮਨੋਵਿਗਿਆਨਕ ਹੈ। ਭਾਈ ਭਗੀਰਥ ਜੀ ਮਲਸ਼ੀਹ ਦੀ ਭਗਤੀ ਦਾ ਸਰੂਪ ਕਾਲੀ ਮਾਤਾ ਜੀ ਥਾਂ ਵਾਹਿਗੁਰੂ ਵੱਲ ਰੂਪਾਂਤਰਤ ਕੀਤਾ। ਭਾਈ ਬੁੱਢਾ ਜੀ ਦੇ ਯੋਗਦਾਨ ਨੂੰ ਇਤਿਹਾਸਕ ਹਵਾਲਿਆਂ ਅਤੇ ਸਾਖੀਆਂ ਦੁਆਰਾ ਸਿੱਧ ਕੀਤਾ ਹੈ। ਇਸ ਸਾਖੀ ਵਿਚ ਬਾਬਾ ਨਾਨਕ ਦੇ ਪੋਤਰੇ ਭਾਈ ਧਰਮ ਚੰਦ ਜੀ ਦੇ ਸਪੁੱਤਰ ਬਾਬਾ ਮਾਣਕ ਚੰਦ ਤੇ ਬਾਬਾ ਮੇਹਰ ਚੰਦ ਨੂੰ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਦੇ ਬਿਆਨਿਆ ਗਿਆ ਹੈ। ਭਾਈ ਫਿਰਣਾ ਜੀ ਤੇ ਭਾਈ ਜੋਧ ਖਹਿਰਾ ਜੀ ਵਾਲੀ ਸਾਖੀ ਵਿਚ ਮਨ ਨੀਵਾਂ ਰੱਖਣਾ, ਸਿਮਰਨ ਕਰਨਾ ਅਤੇ ਸਾਧ ਸੰਗਤ ਵਿਚ ਹਾਜ਼ਰੀ ਭਰਨ ਦੀ ਸਿੱਖਿਆ ਦਿੱਤੀ ਗਈ ਹੈ। ਭਾਈ ਅਜਿਤਾ ਜੀ ਦੀ ਸੰਸਾਨਿਵ੍ਰਿਤੀ ਕੀਤੀ। ਭਗਤੀ ਯੋਗ ਦਾ ਮਹੱਤਵ ਦੱਸਿਆ। ਇਸ ਤੋਂ ਬਿਨਾਂ ਲੇਖਕ ਨੇ 13ਵੀਂ ਪਉੜੀ ਤੋਂ 31ਵੀਂ ਪਉੜੀ ਤੱਕ ਦਾ ਮੂਲ ਪਾਠ ਵੀ ਦਿੱਤਾ ਹੈ ਅਤੇ 6 ਗੁਰੂਆਂ ਦੇ ਸੰਪਰਕ ਵਿਚ ਆਉਣ ਵਾਲੇ ਸਿਦਕੀ ਸਿੱਖਾਂ ਦੀਆਂ ਸੂਚੀਆਂ ਵੀ ਦਿੱਤੀਆਂ ਹਨ।
ਸਵੈ-ਸਿੱਧ ਲੇਖਕ ਗੁਰਮਤਿ ਬਾਰੇ ਭਰਪੂਰ ਗਿਆਨ ਰੱਖਦਾ ਹੈ। ਉਸ ਨੇ ਸੌਖੀ ਭਾਸ਼ਾ ਵਿਚ ਪਾਠਕਾਂ ਨੂੰ ਮੁੱਲਵਾਨ ਜਾਣਕਾਰੀ ਦਿੱਤੀ ਹੈ।


-ਡਾ: ਧਰਮ ਚੰਦ ਵਾਤਿਸ਼
ਮੋਬਾਈਲ : 98144-46007Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX