ਤਾਜਾ ਖ਼ਬਰਾਂ


ਪੰਚਾਇਤੀ ਫ਼ੰਡਾਂ 'ਚੋਂ ਰੋਜ਼ਾਨਾ ਦਿਹਾੜੀਦਾਰਾਂ ਅਤੇ ਲੋੜਵੰਦਾਂ ਲਈ ਦਵਾਈਆਂ ਅਤੇ ਭੋਜਨ ਖ਼ਰੀਦ ਸਕਦੀਆਂ ਹਨ ਗ੍ਰਾਮ ਪੰਚਾਇਤਾਂ
. . .  5 minutes ago
ਚੰਡੀਗੜ੍ਹ, 28 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਾਮ ਪੰਚਾਇਤਾਂ ਨੂੰ ਪੰਚਾਇਤੀ ਫ਼ੰਡਾਂ 'ਚੋਂ ਰੋਜ਼ਾਨਾ ਦਿਹਾੜੀਦਾਰਾਂ...
ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ
. . .  16 minutes ago
ਬਰਨਾਲਾ ਵਿਖੇ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੁੱਲ੍ਹਣਗੀਆਂ ਕੈਮਿਸਟ ਦੀਆਂ ਦੁਕਾਨਾਂ ਅਤੇ ਲੈਬਾਰਟਰੀਆਂ
. . .  19 minutes ago
ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਪੁਸ਼ਪ ਬਾਲੀ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਲਾਈਨ ਹਾਜ਼ਰ
. . .  31 minutes ago
ਕਰਤਾਰਪੁਰ, 28 ਮਾਰਚ (ਭਜਨ ਸਿੰਘ ਧੀਰਪੁਰ)- ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਕਰਫ਼ਿਊ ਦੌਰਾਨ ਲੋਕਾਂ ਨੂੰ ਬਾਹਰ ਨਿਕਲਣ ਤੋਂ ਰੋਕਣ ਲਈ ਥਾਣਾ ਕਰਤਾਰਪੁਰ...
ਡਾਈਓਸਿਸ ਆਫ਼ ਜਲੰਧਰ ਦੇ ਸਾਰੇ ਹੀ ਕਾਨਵੈਂਟ ਸਕੂਲ ਆਈਸੋਲੇਸ਼ਨ ਵਾਰਡ ਬਣਨ ਲਈ ਤਿਆਰ
. . .  44 minutes ago
ਗੁਰਦਾਸਪੁਰ, 28 ਮਾਰਚ (ਆਰਿਫ਼)- ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ 'ਚ ਹਸਪਤਾਲਾਂ ਦੀ ਕਮੀ ਨਾ ਆ ਜਾਵੇ ਇਸ ਲਈ ਡਾਈਓਸਿਸ...
ਥਾਣਾ ਸ਼ੰਭੂ ਦੇ ਸਹਿਯੋਗ ਨਾਲ ਜੇ.ਐੱਸ.ਡਬਲਿਊ. ਨੇ 400 ਪਰਿਵਾਰਾਂ ਦੇ ਘਰ ਪਹੁੰਚਾਇਆ ਰਾਸ਼ਨ
. . .  58 minutes ago
ਘਨੌਰ, 28ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ) - ਹਲਕਾ ਘਨੌਰ ਚ ਜੇ.ਐੱਸ.ਡਬਲਿਊ. ਵੱਲਭ ਟੀਨਪਲੇਟ ਪ੍ਰਾਈਵੇਟ ਲਿਮਟਿਡ ਵੱਲੋਂ ਜਿੱਥੇ ਵੱਡੇ ਪੱਧਰ 'ਤੇ ਹਲਕਾ ਘਨੌਰ ਦੇ ....
ਸ਼ਾਹਕੋਟ 'ਚ ਪ੍ਰਵਾਸੀ ਭਾਰਤੀਆਂ ਨੇ ਕਰੀਬ 300 ਲੋੜਵੰਦ ਲੋਕਾਂ ਨੂੰ ਵੰਡਿਆ ਰਾਸ਼ਨ
. . .  about 1 hour ago
ਸ਼ਾਹਕੋਟ, 28 ਮਾਰਚ (ਦਲਜੀਤ ਸਚਦੇਵਾ)- ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਪ੍ਰਵਾਸੀ ਭਾਰਤੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਅੱਜ ਡੀ.ਐਸ.ਪੀ ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਐਨ.ਆਰ.ਆਈ ਦਰਸ਼ਨ ਸਿੰਘ ਦਾਨੇਵਾਲ ਕੈਨੇਡਾ ਤੇ ਸੁੱਚਾ ਸਿੰਘ ਰਾਣੀਪੁਰ (ਫਗਵਾੜਾ) ਯੂ.ਐਸ.ਏ ਨੇ...
ਜਲੰਧਰ ਜ਼ਿਲ੍ਹੇ ’ਚ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਲਏ ਗਏ ਸੈਂਪਲ
. . .  about 1 hour ago
ਧਰਮਸੋਤ ਨੇ ਪੰਜਾਬ ਦੇ ਨਿਵੇਕਲੇ ਪਿੰਡ ਅਗੇਤਾ ਦਾ ਕੀਤਾ ਦੌਰਾ ਪਿੰਡ ਵਾਸੀਆਂ ਨੇ ਆਪਣੇ ਤੌਰ ਤੇ ਪੂਰੇ ਪਿੰਡ ਨੂੰ ਕੀਤਾ ਲਾਕਡਾਊਨ
. . .  about 1 hour ago
ਨਾਭਾ 28 ਮਾਰਚ (ਕਰਮਜੀਤ ਸਿੰਘ-) ਪੰਜਾਬ ਦਾ ਪਿੰਡ ਅਗੇਤਾ ਜਿਥੋਂ ਦੇ ਵਸਨੀਕਾਂ ਨੇ ਖੁਦ ਪਹਿਲ ਕਰਦੇ ਹੋਏ ਪੂਰੇ ਪਿੰਡ ਨੂੰ ਲਾਕ ਡਾਊਨ ਕਰ ਦਿੱਤਾ ਸੀ ਖੁਦ ਹੀ ਪਿੰਡ ਨੂੰ ਜਾਂਦੇ ਤਿੰਨ ਰਸਤਿਆਂ ਤੇ ਬੈਰੀਕੇਡ ਲਗਾ ਪਿੰਡ ਵਿੱਚ ਐਂਟਰੀ ਬੈਨ ਕੀਤੀ ਹੋਈ ਹੈ ਤੇ ਸਿਰਫ ਮੈਡੀਕਲ ਐਮਰਜੈਂਸੀ ਦੌਰਾਨ ਹੀ ਜਾਣ ਦੀ ਇਜਾਜਤ ਦਿੱਤੀ ਗਈ ਹੈ ਤੇ ਨਿਯਮ ਵੀ ਖੁਦ ਪਿੰਡ...
ਜ਼ਿਲ੍ਹੇ ਦੀ ਪ੍ਰਮੁੱਖ ਸਬਜ਼ੀ ਮੰਡੀ ਵਿਚ ਕੱਲ ਤੱਕ ਆਮ ਵਾਂਗ ਹੋਵੇਗੀ ਸਪਲਾਈ
. . .  about 1 hour ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

23 ਮਾਰਚ ਨੂੰ ਸ਼ਹੀਦੀ ਦਿਨ 'ਤੇ ਵਿਸ਼ੇਸ਼

ਇਹ ਜੰਗ ਜਾਰੀ ਰਹੇਗੀ

ਮਿਲੇ ਗਵਰਨਰ ਪੰਜਾਬ, ਸ਼ਿਮਲਾ
ਸ੍ਰੀਮਾਨ,

ਉਚਿਤ ਸਨਮਾਨ ਨਾਲ ਅਸੀਂ ਤੁਹਾਡਾ ਧਿਆਨ ਹੇਠ ਲਿਖੀਆਂ ਗੱਲਾਂ ਵੱਲ ਦਿਵਾਂਦੇ ਹਾਂ |
ਭਾਰਤ ਵਿਚ ਅੰਗੇਰਜ਼ੀ ਸਰਕਾਰ ਦੇ ਮੁਖੀ, ਵਾਇਸਰਾਏ ਦੇ ਵਿਸ਼ੇਸ਼ ਲਾਹੌਰ ਸਾਜਿਸ਼ ਕੇਸ ਬਾਰੇ ਹੁਕਮ ਦੇ ਮੁਤਾਬਿਕ, ਸਾਡੇ ਕੇਸ ਦੀ ਸੁਣਵਾਈ ਲਈ ਖ਼ਾਸ ਅਦਾਲਤ (ਟਿ੍ਬਿਊਨਲ) ਕਾਇਮ ਕੀਤੀ ਗਈ ਸੀ, ਜਿਸ ਨੇ ਸਾਨੂੰ 7 ਅਕਤੂਬਰ, 1930 ਵਾਲੇ ਦਿਨ ਫਾਂਸੀ ਦੀ ਸਜ਼ਾ ਸੁਣਾਈ ਸੀ | ਸਭ ਤੋਂ ਵੱਡਾ ਦੋਸ਼, ਇੰਗਲੈਂਡ ਦੇ ਰਾਜੇ ਸਮਰਾਟ ਜਾਰਜ ਪੰਚਮ ਵਿਰੁੱਧ ਜੰਗ ਛੇੜਨ ਦਾ ਸੀ |
ਇਹ ਫੈਸਲਾ ਦਿੰਦੇ ਸਮੇਂ ਅਦਾਲਤ ਨੇ ਦੋ ਗੱਲਾਂ ਮਿੱਥੀਆਂ ਹਨ |
ਪਹਿਲੀ ਇਹ ਕਿ ਅੰਗਰੇਜ਼ਾਂ ਤੇ ਭਾਰਤੀ ਜਨਤਾ ਵਿਚਾਲੇ ਜੰਗ ਚੱਲ ਰਹੀ ਹੈ | ਦੂਸਰਾ ਇਹ ਕਿ ਅਸਾਂ ਨਿਸਚਿਤ ਰੂਪ ਵਿਚ ਇਸ ਜੰਗ ਵਿਚ ਹਿੱਸਾ ਲਿਆ ਹੈ ਜਿਸ ਕਰਕੇ ਅਸੀਂ ਜੰਗੀ ਕੈਦੀ ਹਾਂ |
ਭਾਵੇਂ ਦੂਸਰੀ ਗੱਲ ਦੀ ਵਿਆਖਿਆ ਕਰਦੇ ਹੋਏ ਬਹੁਤ ਹੱਦ ਤੱਕ ਚਲਾਕੀ ਤੋਂ ਕੰਮ ਲਿਆ ਗਿਆ, ਜਿਸ ਕਰਕੇ ਇਸ ਦੇ ਖਿਲਾਫ਼ ਕੁਝ ਕਹਿਣਾ ਜ਼ਰੂਰ ਭਾਸਦਾ ਹੈ ਪਰ ਫਿਰ ਵੀ ਅਸੀਂ ਇਹ ਕਹੇ ਬਗ਼ੈਰ ਨਹੀਂ ਰਹਿ ਸਕਦੇ ਕਿ ਸਾਡੇ ਬਾਰੇ ਇਸ ਤਰ੍ਹਾਂ ਕਹਿ ਕੇ, ਸਾਨੂੰ ਸਨਮਾਨਿਆ ਗਿਆ ਹੈ |
ਜੰਗ ਵਾਲੀ ਹਾਲਤ
ਜਿਥੋਂ ਤੱਕ ਪਹਿਲੀ ਮਿਥੀ ਗੱਲ ਦਾ ਸਬੰਧ ਹੈ, ਉਸ 'ਤੇ ਅਸੀਂ ਥੋੜ੍ਹੇ ਵਿਸਥਾਰ ਨਾਲ ਰੌਸ਼ਨੀ ਪਾਉਣਾ ਚਾਹਾਂਗੇ | ਪ੍ਰਤੱਖ ਰੂਪ ਵਿਚ ਐਸੀ ਕੋਈ ਲੜਾਈ ਛਿੜੀ ਹੋਈ ਨਜ਼ਰ ਨਹੀਂ ਆਉਂਦੀ | ਫਿਰ ਵੀ ਇਸ ਦੇ ਲਫ਼ਜ਼ੀ ਅਰਥਾਂ ਵਿਚ ਇਸ ਵਿਆਖਿਆ ਨੂੰ ਮੰਨਣ ਲਈ ਤਿਆਰ ਹਾਂ | ਪਰ ਅਸੀਂ ਇਸ ਨੂੰ ਹੋਰ ਵਿਸਥਾਰ ਨਾਲ ਦੱਸਣਾ ਚਾਹਾਂਗੇ ਤਾਂ ਕਿ ਸਾਨੂੰ ਠੀਕ ਤਰ੍ਹਾਂ ਨਾਲ ਸਮਝਿਆ ਜਾਵੇ | ਅਸੀਂ ਇਹ ਐਲਾਨ ਕਰਦੇ ਹਾਂ ਕਿ ਇਕ ਯੁੱਧ ਚੱਲ ਰਿਹਾ ਹੈ ਤੇ ਇਹ ਤਦ ਤੱਕ ਚਲਦਾ ਰਹੇਗਾ, ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਨ੍ਹਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁਟਦੇ ਰਹਿਣਗੇ | ਉਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਵੇਂ ਰਲਵੇਂ, ਚਾਹੇ ਉਹ ਜਨਤਾ ਦਾ ਖ਼ੂਨ ਚੂਸਣ ਲਈ ਨਿਰੋਲ ਭਾਰਤੀ ਨੌਕਰਸ਼ਾਹੀ ਜਾਂ ਸਾਂਝੀ ਰਲੀ-ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ | ਇਸ ਸਭ ਕੁਝ ਨਾਲ ਸਾਨੂੰ ਕੋਈ ਫ਼ਰਕ ਨਹੀਂ ਪਏਗਾ | ਜੇ ਤੁਹਾਡੀ ਸਰਕਾਰ, ਛੋਟੀਆਂ-ਛੋਟੀਆਂ ਸਹੂਲਤਾਂ ਦੇ ਕੇ ਜਾਂ ਸਮਝੌਤਾ ਕਰਕੇ ਭਾਰਤੀ ਨੇਤਾਵਾਂ ਤੇ ਇਸ ਸਮਾਜ ਦੇ ਉੱਚ-ਤਬਕੇ ਦੇ ਮੁਖੀਆਂ ਨੂੰ ਆਪਣੇ ਨਾਲ ਗੰਢਣ ਵਿਚ ਕਾਮਯਾਬ ਹੋ ਜਾਂਦੀ ਹੈ ਤੇ ਕੁਝ ਅਰਸੇ ਲਈ ਜਨਤਾ ਦੀ ਤਾਕਤ ਨੂੰ ਮੱਧਮ ਕਰ ਦਿੰਦੀ ਹੈ ਤਾਂ ਵੀ ਇਸ ਨਾਲ ਹਾਲਾਤ ਵਿਚ ਕੋਈ ਫ਼ਰਕ ਨਹੀਂ ਆਵੇਗਾ | ਇਸ ਦੀ ਵੀ ਕੋਈ ਚਿੰਤਾ ਨਹੀਂ ਕਿ ਇਕ ਵਾਰ ਫਿਰ ਭਾਰਤੀ ਲਹਿਰ ਦੇ ਮੋਹਰੀ ਦਸਤੇ, ਇਨਕਲਾਬੀ ਪਾਰਟੀ ਨੂੰ ਜ਼ੋਰਾਂ ਦੀ ਲੜਾਈ ਵਿਚ ਖੜਿ੍ਹਆਂ ਨੂੰ ਧੋਖਾ ਦਿੱਤਾ ਗਿਆ ਹੈ | ਇਸ ਦਾ ਵੀ ਕੋਈ ਫਰਕ ਨਹੀਂ ਪਵੇਗਾ, ਜੇ ਭਾਰਤੀ ਨੇਤਾ, ਜਿਨ੍ਹਾਂ ਦੇ ਅਸੀਂ ਜਾਤੀ ਤੌਰ 'ਤੇ ਇਸ ਕਰਕੇ ਧੰਨਵਾਦੀ ਹਾਂ ਕਿ ਉਨ੍ਹਾਂ ਸਾਡੇ ਲਈ ਹਮਦਰਦੀ ਤੇ ਚੰਗੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ, ਏਨੇ ਬਦਲਾ ਲਊ ਹੋ ਗਏ ਹਨ ਕਿ ਉਨ੍ਹਾਂ ਨੇ ਸ਼ਾਂਤੀ ਸਮਝੌਤਾ ਵਾਰਤਾ ਵਿਚ ਬੇਘਰ ਤੇ ਬੇਸਹਾਰਾ ਇਸਤਰੀ ਰਾਜਨੀਤਕ ਕਾਰਕੁਨਾਂ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ | ਕਿਉਂਕਿ ਉਨ੍ਹਾਂ ਨੂੰ ਇਨਕਲਾਬੀ ਪਾਰਟੀ ਦੇ ਮੈਂਬਰ ਸਮਝਿਆ ਗਿਆ ਹੈ ਤੇ ਨੇਤਾਵਾਂ ਦੀ ਨਜ਼ਰ ਵਿਚ ਇਨਕਲਾਬੀ ਪਾਰਟੀ ਉਨ੍ਹਾਂ ਦੀ ਸ਼ੇਖਚਿਲੀ ਵਾਲੀ ਕਲਪਿਤ ਅਹਿੰਸਾ ਦੀ ਵਿਰੋਧੀ ਹੈ | ਭਾਵੇਂ ਇਹ ਅਹਿੰਸਾ ਹੁਣ ਇਕ ਬੋਦੀ ਗੱਲ ਬਣ ਚੁੱਕੀ ਹੈ | ਇਹ ਉਹ ਭਾਰਤ ਦੀਆਂ ਬਹਾਦਰ ਸਪੁੱਤਰੀਆਂ ਹਨ, ਜਿਨ੍ਹਾਂ ਦੀ ਆਪਣੀ ਕੁਰਬਾਨੀ ਤਾਂ ਬੇਮਿਸਾਲ ਹੈ | ਨਾਲ ਹੀ ਜਿਨ੍ਹਾਂ ਆਪਣੇ ਪਤੀਆਂ ਤੇ ਭਰਾਵਾਂ ਨੂੰ ਜਾਂ ਬਲੀ ਵੇਦੀ 'ਤੇ ਭੇਟ ਚੜ੍ਹਾਇਆ ਹੈ ਜਾਂ ਬਲੀ ਲਈ ਆਪਣੇ ਹੱਥੀਂ ਤੋਰਿਆ ਹੈ, ਇਨ੍ਹਾਂ ਬਹਾਦਰ ਦੇਵੀਆਂ ਨੇ ਆਪਣੀ ਜਾਨ ਸਮੇਤ, ਹਰ ਪਿਆਰੀ ਤੇ ਨਜ਼ਦੀਕੀ ਚੀਜ਼ ਨੂੰ ਕੁਰਬਾਨੀ ਲਈ ਭੇਟ ਕੀਤਾ ਹੈ ਤੇ ਤੁਹਾਡੀ ਸਰਕਾਰ ਨੇ ਇਨ੍ਹਾਂ ਨੂੰ ਵਿਦਰੋਹੀ ਕਰਾਰ ਦਿੱਤਾ ਹੈ | ਜੇ ਤੁਹਾਡੇ ਏਜੰਟ ਏਨੇ ਗਿਰ ਗਏ ਹਨ ਕਿ ਉਨ੍ਹਾਂ ਮਨਘੜਤ ਕਹਾਣੀਆਂ ਘੜ ਕੇ ਇਨ੍ਹਾਂ ਤੇ ਇਨ੍ਹਾਂ ਦੀ ਪਾਰਟੀ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਵੀ ਇਹ ਯੁੱਧ ਚਲਦਾ ਰਹੇਗਾ |
ਚੋਣ ਤੁਹਾਡੇ 'ਤੇ ਹੈ
ਹੋ ਸਕਦਾ ਹੈ ਕਿ ਇਹ ਲੜਾਈ ਵੱਖ-ਵੱਖ ਪੜਾਵਾਂ ਵਿਚ ਵੱਖ-ਵੱਖ ਰੂਪ ਧਾਰੇ | ਕਿਸੇ ਸਮੇਂ ਇਹ ਲੜਾਈ ਪ੍ਰਗਟ ਰੂਪ ਵਿਚ ਹੋਵੇ, ਕਦੀ ਖੁਫੀਆ, ਕਦੀ ਨਿਰੋਲ ਅੰਦੋਲਨਕਾਰੀ ਤੇ ਕਦੇ ਇਹ ਏਨੀ ਭਿਆਨਕ ਹੋਵੇ ਕਿ ਜੀਵਨ ਤੇ ਮੌਤ ਦੀ ਬਾਜ਼ੀ ਲੱਗ ਜਾਵੇ | ਪਰ ਇਹ ਕਿਹੋ ਜਿਹਾ ਰੂਪ ਧਾਰਦੀ ਹੈ, ਖੂਨੀ ਜਾਂ ਥੋੜ੍ਹਾ ਸ਼ਾਂਤੀ ਪੂਰਨ, ਇਸ ਦੀ ਚੋਣ ਤੁਹਾਡੇ 'ਤੇ ਨਿਰਭਰ ਹੈ | ਸੋ, ਤੁਸੀਂ ਇਸ ਦੇ ਰੂਪ ਦੀ ਚੋਣ ਆਪਣੀ-ਆਪਣੀ ਮਰਜ਼ੀ ਮੁਤਾਬਿਕ ਕਰ ਸਕਦੇ ਹੋ | ਪਰ ਇਹ ਜੰਗ, ਐਵੇਂ ਨਿੱਕੀਆਂ-ਨਿੱਕੀਆਂ ਗੱਲਾਂ ਵਿਚ ਪਏ ਬਗ਼ੈਰ ਤੇ ਬੇਮਤਲਬ ਨੈਤਿਕ ਸਿਧਾਂਤਾਂ ਵਿਚ ਉਲਝੇ ਬਿਨਾਂ ਲਗਾਤਾਰ ਚਲਦੀ ਰਹੇਗੀ |
ਜਦ ਤੱਕ ਸਮਾਜਵਾਦੀ ਲੋਕਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖਤਮ ਕਰ ਕੇ ਉਸ ਦੀ ਥਾਂ ਸਮਾਜ ਖੁਸ਼ਹਾਲੀ ਤੇ ਆਧਾਰਿਤ ਨਵਾਂ ਸਮਾਜਿਕ ਢਾਂਚਾ ਨਹੀਂ ਉੱਸਰ ਜਾਂਦਾ, ਜਦ ਤਕ ਹਰ ਕਿਸਮ ਦੀ ਲੁੱਟ-ਖਸੁੱਟ ਅਸੰਭਵ ਬਣਾ ਕੇ ਮਨੁੱਖਤਾ ਉਤੇ ਅਮਨ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੇ ਨਿਡਰਦਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ | ਨਿਕਟ ਭਵਿੱਖ ਵਿਚ ਆਖਰੀ ਯੁੱਧ ਲੜਿਆ ਜਾਵੇਗਾ ਤੇ ਉਹ ਫ਼ੈਸਲਾਕੰੁਨ ਹੋਵੇਗਾ |
ਸਾਮਰਾਜੀ ਤੇ ਸਰਮਾਏਦਾਰ ਲੁਟ ਕੁਝ ਦਿਨਾਂ ਦੀ ਖੇਡ ਹੈ | ਇਹ ਜੰਗ ਨਾ ਅਸਾਂ ਤੋਂ ਸ਼ੁਰੂ ਹੋਈ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖਤਮ ਹੋਵੇਗਾ | ਇਹ ਤਾਂ ਇਤਿਹਾਸਕ ਕਾਰਨਾਂ ਤੇ ਆਲੇ-ਦੁਆਲੇ ਪਸਰੇ ਹਾਲਾਤ ਦਾ ਜ਼ਰੂਰੀ ਨਤੀਜਾ ਹੈ | ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲੜੀ ਦੀ ਇਕ ਕੜੀ ਹੈ ਜਿਸ ਨੂੰ ਜਤਿਨ ਦਾਸ ਦੀ ਬੇਮਿਸਾਲ ਕੁਰਬਾਨੀ ਨੇ, ਸ਼ਹੀਦ ਭਗਵਤੀ ਚਰਨ ਦੀ ਅਤਿ ਭਿਆਨਕ ਪਰ ਪਵਿੱਤਰ ਤੇ ਮਹਾਨ ਕੁਰਬਾਨੀ ਨੇ ਤੇ ਸਾਡੇ ਮਹਿਬੂਬ ਜਰਨੈਲ ਆਜ਼ਾਦ (ਚੰਦਰ ਸ਼ੇਖਰ ਆਜ਼ਾਦ) ਦੀ ਸ਼ਾਨਦਾਰ ਸ਼ਹਾਦਤ ਨੇ ਚਾਰ ਚੰਨ ਲਾਏ ਹਨ |
ਫਾਂਸੀ ਥਾਂ ਗੋਲੀ
ਜਿਥੋਂ ਤੱਕ ਸਾਡੀ ਹੋਣੀ ਦਾ ਸਵਾਲ ਹੈ, ਅਸੀਂ ਦਿ੍ੜ੍ਹ ਇਰਾਦੇ ਨਾਲ ਕਹਿਣਾ ਚਾਹੁੰਦੇ ਹਾਂ ਕਿ ਤੁਸਾਂ ਜਦ ਸਾਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਹੈ ਤਾਂ ਤੁਸੀਂ ਜ਼ਰੂਰ ਹੀ ਇਸ ਨੂੰ ਪੂਰਾ ਕਰੋਗੇ | ਤੁਹਾਡੇ ਹੱਥ ਵਿਚ ਤਾਕਤ ਹੈ ਤੇ ਦੁਨੀਆ ਵਿਚ ਤਾਕਤ ਨੂੰ ਹਰ ਹੱਕ ਹਾਸਲ ਹੈ | ਅਸੀਂ ਜਾਣਦੇ ਹਾਂ ਕਿ ਤੁਹਾਡਾ ਇਰਾਦਾ ਪੂਰਾ ਕਰਨ ਲਈ 'ਜਿਸ ਦੀ ਲਾਠੀ ਉਸ ਦੀ ਭੈਂਸ' ਵਾਲਾ ਮੁਹਾਵਰਾ ਕੰਮ ਕਰਦਾ ਹੈ | ਸਾਡੇ ਮੁਕੱਦਮੇ ਦੀ ਸੁਣਵਾਈ ਇਸ ਦਾ ਸੋਹਣਾ ਸਬੂਤ ਹੈ | ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਹੀ ਅਦਾਲਤ ਦੇ ਫ਼ੈਸਲੇ ਅਨੁਸਾਰ ਸਾਡੇ ਉਤੇ ਯੁੱਧ ਵਿੱਢਣ ਦਾ ਦੋਸ਼ ਹੈ, ਜਿਸ ਕਰਕੇ ਅਸੀਂ ਜੰਗੀ ਕੈਦੀ ਹਾਂ ਅਤੇ ਇਸੇ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਨਾਲ ਜੰਗੀ ਕੈਦੀਆਂ ਵਾਲਾ ਹੀ ਸਲੂਕ ਕੀਤਾ ਜਾਵੇ | ਯਾਨੀ ਕਿ ਫਾਂਸੀ 'ਤੇ ਲਟਕਾਉਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ | ਹੁਣ ਇਹ ਸਿੱਧ ਕਰਨਾ ਤੁਹਾਡਾ ਕੰਮ ਹੈ ਕਿ ਜੋ ਤੁਹਾਡੀ ਅਦਾਲਤ ਨੇ ਕਿਹਾ ਹੈ, ਉਸ ਵਿਚ ਤੁਹਾਡਾ ਪੂਰਾ ਵਿਸ਼ਵਾਸ ਹੈ ਜਾਂ ਨਹੀਂ |
ਸੋ, ਅਸੀਂ ਨਿਮਰਤਾ ਪੂਰਵਕ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਫ਼ੌਜੀ ਵਿਭਾਗ ਨੂੰ ਹੁਕਮ ਦਿਓ ਕਿ ਸਾਨੂੰ ਗੋਲੀ ਨਾਲ ਉਡਾਣ ਲਈ ਇਕ ਫ਼ੌਜੀ ਟੋਲੀ ਭੇਜ ਦੇਵੇ |
ਤੁਹਾਡੇ
ਭਗਤ ਸਿੰਘ, ਰਾਜਗੁਰੂ, ਸੁਖਦੇਵ

ਇਨਕਲਾਬ ਦਾ ਚਿੰਨ੍ਹ
ਫਾਂਸੀ ਦੇ ਇਕ ਦਿਨ ਪਹਿਲਾਂ 22 ਮਾਰਚ, 1931 ਨੂੰ ਸੈਂਟਰਲ ਜੇਲ੍ਹ ਲਾਹੌਰ ਦੇ 14 ਨੰਬਰ ਵਾਰਡ ਵਿਚ ਰਹਿਣ ਵਾਲੇ ਦੂਸਰੇ ਲਾਹੌਰ ਸਾਜਿਸ਼ ਕੇਸ ਦੇ ਬੰਦੀ ਇਨਕਲਾਬੀਆਂ ਨੇ ਭਗਤ ਕੋਲ ਇਕ ਚਿੱਟ ਭੇਜੀ, ਸੁਨੇਹਾ ਸੀ, 'ਸਰਦਾਰ, ਜੇ ਤੁਸੀਂ ਫਾਂਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਦੱਸੋ | ਇਨ੍ਹਾਂ ਘੜੀਆਂ ਵਿਚ ਸ਼ਾਇਦ ਕੁਝ ਹੋ ਸਕੇ |' ਭਗਤ ਸਿੰਘ ਨੇ ਲਿਖ ਕੇ ਇਹ ਨੋਟ ਜਵਾਬ ਵਿਚ ਭੇਜਿਆ |
ਸ਼ਹੀਦੀ ਤੋਂ ਇਕ ਦਿਨ ਪਹਿਲਾਂ
ਜਿਊਾਦਿਆਂ ਰਹਿਣ ਦੀ ਖ਼ਾਹਸ਼ ਕੁਦਰਤੀ ਤੌਰ 'ਤੇ ਮੈਨੂੰ ਵੀ ਹੋਣੀ ਚਾਹੀਦੀ ਹੈ | ਮੈਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦਾ ਪਰ ਮੇਰਾ ਜਿਊਾਦਿਆਂ ਰਹਿਣਾ ਇਕ ਸ਼ਰਤ 'ਤੇ ਹੈ | ਮੈਂ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਜਿਊਾਦਾ ਨਹੀਂ ਰਹਿਣਾ ਚਾਹੁੰਦਾ |
ਮੇਰਾ ਨਾਂਅ ਹਿੰਦੁਸਤਾਨੀ ਇਨਕਲਾਬ ਦਾ ਨਿਸ਼ਾਨ ਬਣ ਚੁੱਕਿਆ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਅਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਿਆਂ ਕਰ ਦਿੱਤਾ ਹੈ | ਏਨਾ ਉੱਚਾ ਕਿ ਜਿਊਾਦਿਆਂ ਰਹਿਣ ਦੀ ਸੂਰਤ ਵਿਚ ਇਸ ਨਾਲੋਂ ਉੱਚਾ ਮੈਂ ਕਦੇ ਵੀ ਨਹੀਂ ਹੋ ਸਕਦਾ |
ਅੱਜ ਮੇਰੀਆਂ ਕਮਜ਼ੋਰੀਆਂ ਲੋਕਾਂ ਸਾਹਮਣੇ ਨਹੀਂ ਹਨ | ਜੇ ਮੈਂ ਫਾਂਸੀ ਤੋਂ ਬਚ ਗਿਆ ਤਾਂ ਉਹ ਜ਼ਾਹਿਰ ਹੋ ਜਾਣਗੀਆਂ ਅਤੇ ਇਨਕਲਾਬ ਦਾ ਨਿਸ਼ਾਨ ਮੱਧਮ ਪੈ ਜਾਵੇਗਾ ਜਾਂ ਸ਼ਾਇਦ ਮਿਟ ਜਾਵੇ | ਪਰ ਮੇਰੇ ਦਲੇਰੀ ਭਰੇ ਢੰਗ ਨਾਲ ਹੱਸਦਿਆਂ-ਹੱਸਦਿਆਂ ਫਾਂਸੀ ਚੜ੍ਹਨ ਦੀ ਸੂਰਤ ਵਿਚ ਹਿੰਦੋਸਤਾਨੀ ਮਾਵਾਂ ਆਪਣਿਆਂ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਆਰਜ਼ੂ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਰਹੇਗੀ |
ਹਾਂ, ਇਕ ਖਿਆਲ ਅੱਜ ਵੀ ਆਉਂਦਾ ਹੈ | ਦੇਸ਼ ਅਤੇ ਇਨਸਾਨੀਅਤ ਲਈ ਜੋ ਕੁਝ ਕਰਨ ਦੀਆਂ ਹਸਰਤਾਂ ਮੇਰੇ ਦਿਲ ਵਿਚ ਸਨ, ਉਨ੍ਹਾਂ ਦਾ ਹਜ਼ਾਰਵਾਂ ਹਿੱਸਾ ਵੀ ਪੂਰਾ ਨਹੀਂ ਕਰ ਸਕਿਆ | ਜੇ ਆਜ਼ਾਦ ਜਿਊਾਦਾ ਰਹਿ ਸਕਦਾ ਤਾਂ ਸ਼ਾਇਦ ਇਨ੍ਹਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਅਤੇ ਮੈਂ ਆਪਣੀਆਂ ਹਸਰਤਾਂ ਪੂਰੀਆਂ ਕਰ ਸਕਦਾ |
ਇਹਦੇ ਬਿਨਾਂ ਕੋਈ ਲਾਲਚ ਮੇਰੇ ਦਿਲ ਵਿਚ ਫਾਂਸੀ ਤੋਂ ਬਚੇ ਰਹਿਣ ਲਈ ਕਦੇ ਨਹੀਂ ਆਇਆ | ਮੈਥੋਂ ਵੱਧ ਖ਼ੁਸ਼ਕਿਸਮਤ ਕੌਣ ਹੋਏਗਾ? ਮੈਨੂੰ ਅੱਜਕਲ੍ਹ ਆਪਣੇ-ਆਪ ਉਤੇ ਬਹੁਤ ਨਾਜ਼ ਹੈ | ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ | ਆਰਜ਼ੂ ਹੈ ਕਿ ਇਹ ਹੋਰ ਨੇੜੇ ਹੋ ਜਾਏ |
-ਤੁਹਾਡਾ ਸਾਥੀ
ਭਗਤ ਸਿੰਘ |


ਖ਼ਬਰ ਸ਼ੇਅਰ ਕਰੋ

ਕੋਰੋਨਾ ਵਾਇਰਸ ਸਹਿਮ ਦੇ ਸਾਏ ਹੇਠ ਦੁਨੀਆ

ਦਸੰਬਰ 2019 ਦੇ ਸ਼ੁਰੂ ਤੱਕ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਕਿ ਅਗਲੇ ਕੁਝ ਦਿਨਾਂ ਤੱਕ, ਤੇਜ਼ ਗਤੀ ਨਾਲ ਦੌੜਦੀ ਇਹ ਦੁਨੀਆ ਰੁਕ ਜਾਵੇਗੀ | ਨੰਗੀ ਅੱਖ ਨਾਲ ਨਾ ਦਿਸਣ ਵਾਲਾ ਸੂਖਮ ਵਾਇਰਸ ਏਨਾ ਖ਼ਤਰਨਾਕ ਰੂਪ ਅਖ਼ਤਿਆਰ ਕਰ ਲਵੇਗਾ ਕਿ ਪੂਰੀ ਦੁਨੀਆ ਦੇ ਲੋਕ ਇਕਦਮ ਸਹਿਮ ਜਾਣਗੇ |
ਕੀ ਹੈ ਕੋਰੋਨਾ ਵਾਇਰਸ : ਲੈਟਿਨ ਭਾਸ਼ਾ ਵਿਚ ਕੋਰੋਨਾ ਦਾ ਅਰਥ ਹੁੰਦਾ ਹੈ ਤਾਜ | ਬੇਸ਼ੱਕ ਕੋਰੋਨਾ ਪਰਿਵਾਰ ਦੇ ਵਾਇਰਸ ਪਹਿਲਾਂ ਵੀ ਮੌਜੂਦ ਸਨ ਪਰ ਦੁਨੀਆ ਵਿਚ ਤਬਾਹੀ ਮਚਾਉਣ ਵਾਲੇ ਨੋਵਲ ਕੋਰੋਨਾ ਵਾਇਰਸ ਨੂੰ WHO ਨੇ 30 ਜਨਵਰੀ 2020 ਨੂੰ ਖ਼ਤਰਨਾਕ ਵਾਇਰਸ ਮੰਨਦਿਆਂ COVID-19 ਦਾ ਨਾਮ ਦਿੱਤਾ | ਇਸ ਵਿਚ 3O ਦਾ ਮਤਲਬ ਹੈ ਕੋਰੋਨਾ, VI ਦਾ ਭਾਵ ਹੈ ਵਾਇਰਸ, D ਦਾ ਭਾਵ ਡਿਜ਼ੀਜ਼ (ਬਿਮਾਰੀ) ਅਤੇ 19 ਦਾ ਅਰਥ ਹੈ 2019 ਹੈ | ਕੋਰੋਨਾ ਵਾਇਰਸ ਇਕ ਅਜਿਹਾ ਵਾਇਰਸ ਹੈ ਜਿਸ ਦੀ ਦਿੱਖ ਤਾਜ ਵਰਗੀ ਹੈ ਅਤੇ ਇਹ ਮਨੁੱਖ ਦੀ ਛਾਤੀ ਵਿਚ ਜਾ ਕੇ ਉਸ ਦੀਆਂ ਸਾਹ ਨਲੀਆਂ 'ਤੇ ਛਤਰੀ ਤਾਣ ਦਿੰਦਾ ਹੈ | ਮਨੁੱਖ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲਗਦੀ ਹੈ |
ਕੋਰੋਨਾ ਦਾ ਪ੍ਰਕੋਪ : ਚੀਨ ਦੇ ਵੁਹਾਨ ਸ਼ਹਿਰ ਦੀ ਇੰਸਟੀਚਿਊਟ ਆਫ ਵਾਇਰਲੌਜੀ ਬਾਇਓਸੇਫਟੀ ਲੈਬ ਨਾਮ ਦੀ ਲੈਬ ਵਿਚ ਖੋਜਾਂ ਕਰ ਰਹੇ ਵਿਗਿਆਨੀਆਂ ਨੇ, ਦਸੰਬਰ 2019 ਦੇ ਪਹਿਲੇ ਹਫ਼ਤੇ ਵਿਚ ਇਕ ਅਜੀਬ ਜਿਹਾ ਵਾਇਰਸ ਵੇਖਿਆ | ਗੌਰ ਨਾਲ ਵੇਖਣ 'ਤੇ ਪਤਾ ਚੱਲਿਆ ਕਿ ਇਸ ਵਾਇਰਸ ਦਾ ਜੈਨੇਟਿਕ ਸੀਕੁਐਾਸ ਚਮਗਿੱਦੜਾਂ ਦੇ ਜੈਨੇਟਿਕ ਸੀਕੁਐਾਸ ਨਾਲ ਮਿਲਦਾ ਜੁਲਦਾ ਸੀ | ਇਹ ਵੇਖ ਕੇ ਵਿਗਿਆਨਕ ਵੀ ਹੈਰਾਨ ਹੋਏ | ਇਨ੍ਹਾਂ ਦਿਨਾਂ ਦੌਰਾਨ ਹੀ ਇਸੇ ਸ਼ਹਿਰ ਵੁਹਾਨ ਦੀ ਸੀਫੂਡ ਮਾਰਕੀਟ ਵਿਚ ਕਈ ਲੋਕ ਅਚਾਨਕ ਬੁਖਾਰ ਤੋਂ ਪੀੜਤ ਹੋਣੇ ਸ਼ੁਰੂ ਹੋਏ ਸਨ | ਇਨ੍ਹਾਂ ਮਰੀਜ਼ਾਂ ਦੇ ਖ਼ੂਨ ਦੇ ਸੈਂਪਲ ਉਕਤ ਲੈਬਾਰਟਰੀ ਵਿਚ ਭੇਜੇ ਗਏ | ਇਹ ਨਤੀਜੇ ਬਿਮਾਰੀ ਦੀ ਭਿਆਨਕਤਾ ਵੱਲ ਇਸ਼ਾਰਾ ਕਰ ਰਹੇ ਸਨ ਪਰ ਅਫ਼ਰਾ-ਤਫ਼ਰੀ ਦੇ ਮਾਹੌਲ ਤੋਂ ਬਚਣ ਲਈ ਚੀਨੀ ਸਰਕਾਰ ਨੇ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਅੰਕੜੇ ਜਾਣਬੁੱਝ ਕੇ ਛੁਪਾਈ ਰੱਖੇ | ਦਸੰਬਰ ਦੇ ਆਖ਼ਰੀ ਹਫ਼ਤੇ ਵੁਹਾਨ ਦੇ ਇਕ ਮਸ਼ਹੂਰ ਡਾਕਟਰ, ਡਾ: ਲੀਅ ਵਿਲਿਆਨ ਦੇ ਹਸਪਤਾਲ ਵਿਚ ਕੋਰੋਨਾ ਦੇ ਸੱਤ ਮਰੀਜ਼ ਆਏ | ਇਨ੍ਹਾਂ ਮਰੀਜ਼ਾਂ ਦੇ ਲੱਛਣ ਦੇਖ ਕੇ ਡਾ: ਲੀਅ ਨੂੰ ਇਹ ਸਮਝ ਪਈ ਕਿ ਇਹ ਸਾਰੇ ਮਰੀਜ਼ ਕਿਸੇ ਭਿਆਨਕ ਵਾਇਰਸ ਦਾ ਸ਼ਿਕਾਰ ਹੋ ਗਏ ਹਨ | ਡਾ: ਲੀਅ ਨੇ ਇਸ ਬਿਮਾਰੀ ਦਾ ਖੁਲਾਸਾ ਕਰਦਿਆਂ ਆਪਣੇ ਸਾਥੀ ਡਾਕਟਰਾਂ ਨੂੰ ਇਸ ਸਬੰਧੀ ਸੁਚੇਤ ਕੀਤਾ | ਉਸ ਨੇ ਆਪਣੇ ਮੋਬਾਈਲ ਤੋਂ ਮੈਸੇਜ ਕਰਕੇ ਇਸ ਭਿਆਨਕ ਬਿਮਾਰੀ ਸਬੰਧੀ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ | ਕੁਝ ਹੀ ਘੰਟਿਆਂ ਵਿਚ ਡਾ: ਲੀਅ ਦਾ ਇਹ ਮੈਸੈਜ਼ ਲੱਖਾਂ ਲੋਕਾਂ ਤੱਕ ਵਾਇਰਲ ਹੋ ਗਿਆ | ਲੋਕ ਮਰ ਰਹੇ ਸਨ ਪਰ ਇਸ ਦੇ ਨਾਲ-ਨਾਲ ਨਵੇਂ ਸਾਲ ਦੇ ਜ਼ਸ਼ਨ ਚੀਨ ਸਮੇਤ ਪੂਰੀ ਦੁਨੀਆ ਵਿਚ ਮਨਾਏ ਜਾ ਰਹੇ ਸਨ | ਵਿਗਿਆਨਕ ਸਮਝ ਰਹੇ ਸਨ ਕਿ ਇਹ ਖ਼ਤਰਨਾਕ ਵਾਇਰਸ ਚਮਗਿੱਦੜਾਂ ਤੋਂ ਮਨੁੱਖਾਂ ਤੱਕ ਆਇਆ ਹੈ ਕਿਉਂ ਕਿ ਵੁਹਾਨ ਸ਼ਹਿਰ ਦੇ ਆਸ-ਪਾਸ ਚਮਗਿੱਦੜਾਂ ਦੀ ਭਰਮਾਰ ਹੈ | ਚੀਨੀ ਲੋਕ ਇਸ ਦਾ ਮੀਟ ਅਤੇ ਸੂਪ ਬੜੇ ਸ਼ੌਕ ਨਾਲ ਖਾਂਦੇ ਹਨ | ਵੁਹਾਨ ਦੀ ਇਸ 'ਸੀ ਫੂਡ' ਮਾਰਕੀਟ ਵਿਚ ਲੋਕ ਚਮਗਿੱਦੜ ਤੋਂ ਇਲਾਵਾ ਕੁੱਤੇ, ਬਿੱਲੀਆਂ, ਚੂਹੇ, ਡੱਡੂ, ਸੱਪ ਆਦਿ ਕਈ ਤਰ੍ਹਾਂ ਦਾ ਮਾਸ ਖਾਂਦੇ ਹਨ | ਕੁਝ ਜਿਉਂਦੇ ਅਤੇ ਅਧਮੋਏ ਜਾਨਵਰਾਂ ਦਾ ਮਾਸ ਖਾਣ ਦਾ ਵੀ ਇੱਥੇ ਰਿਵਾਜ ਹੈ |
ਡਾ: ਲੀਅ ਇਸ ਬਿਮਾਰੀ ਪ੍ਰਤੀ ਹੋਰ ਲੋਕਾਂ ਅਤੇ ਸਾਥੀ ਡਾਕਟਰਾਂ ਨੂੰ ਸੁਚੇਤ ਕਰ ਰਹੇ ਸਨ | ਮਰੀਜ਼ਾਂ ਨੂੰ ਅਲੱਗ-ਥਲੱਗ ਕਰਨ ਦੀ ਸਲਾਹ ਦੇ ਰਹੇ ਸਨ | ਇਸੇ ਦੌਰਾਨ ਉਸ ਵਲੋਂ ਵਾਇਰਲ ਕੀਤੇ ਮੈਸੇਜ ਸਬੰਧੀ ਉਸ ਨੂੰ ਜਵਾਬਦੇਹ ਬਣਾਇਆ ਗਿਆ | ਇੱਥੇ ਹੀ ਬੱਸ ਨਹੀਂ ਉਸ 'ਤੇ ਅਫਵਾਹ ਫੈਲਾਉਣ ਦਾ ਦੋਸ਼ ਲਗਾਇਆ ਗਿਆ ਅਤੇ ਇਸ ਲਈ ਡਾ: ਲੀਅ ਨੂੰ ਮੁਆਫੀ ਵੀ ਮੰਗਣੀ ਪਈ | ਜਦੋਂ ਵੁਹਾਨ ਸ਼ਹਿਰ ਅਤੇ ਇਸ ਦੇ ਆਸਪਾਸ ਦੇ ਇਲਾਕੇ ਵਿਚ ਸੈਂਕੜੇ ਲੋਕ ਕੋਰੋਨਾ ਨਾਲ ਬਿਮਾਰ ਹੋ ਰਹੇ ਸਨ ਤਾਂ ਇਸੇ ਦੌਰਾਨ 7 ਫਰਵਰੀ ਨੂੰ ਇਹ ਖਬਰ ਆਈ ਕਿ ਲੋਕਾਂ ਨੂੰ ਇਸ ਖ਼ਤਰਨਾਕ ਵਾਇਰਸ ਤੋਂ ਜਾਣੂ ਕਰਾਉਣ ਵਾਲੇ ਡਾ: ਲੀਅ ਦੀ ਇਸੇ ਬਿਆਨਕ ਬਿਮਾਰੀ ਨਾਲ ਮੌਤ ਹੋ ਗਈ ਹੈ | ਕੋਰੋਨਾ ਵਾਇਰਸ ਦਾ ਇਹ ਜਿੰਨ ਜਾਨਵਰਾਂ ਤੋਂ ਮਨੁੱਖਾਂ ਤੱਕ ਫੈਲਿਆ ਜਾਂ ਚੀਨ ਦੀ ਕਿਸੇ ਲੈਬ ਵਿਚੋਂ ਨਿਕਲਿਆ ਜਾਂ ਇਸ ਪਿੱਛੇ ਕਿਸੇ ਹੋਰ ਦੇਸ਼ ਦੀ ਵੱਡੀ ਸਾਜਿਸ਼ ਹੈ ਇਹ ਅਜੇ ਤੱਕ ਰਹੱਸ ਬਣਿਆ ਹੋਇਆ ਹੈ |
ਕੋਰੋਨਾ ਦੇ ਲੱਛਣ: ਕੋਰੋਨਾ ਦੇ ਲੱਛਣ ਸ਼ੁਰੂਆਤੀ ਦੌਰ ਵਿਚ ਨਜ਼ਰ ਨਹੀਂ ਆਉਦੇ | ਇਸ ਵਿਚ ਸੁੱਕੀ ਖੰਘ ਅਤੇ ਇਕ ਸੌ ਚਾਰ ਡਿਗਰੀ ਤੱਕ ਬੁਖਾਰ ਹੁੰਦਾ ਹੈ ਸਾਹ ਲੈਣ ਵਿਚ ਦਿੱਕਤ ਹੁੰਦੀ ਹੈ | ਸਬੰਧਤ ਮਰੀਜ਼ ਬੜੀ ਤੇਜ਼ੀ ਨਾਲ ਸਰੀਰ ਵਿਚ ਕਮਜ਼ੋਰੀ ਮਹਿਸੂਸ ਕਰਦਾ ਹੈ | ਆਮ ਲੱਗਣ ਵਾਲਾ ਜੁਕਾਮ ਜਾਂ ਇਸ ਨਾਲ ਹੋਣ ਵਾਲਾ ਥੋੜ੍ਹਾ ਬੁਖਾਰ ਕੋਰੋਨਾ ਦੇ ਲੱਛਣ ਨਹੀਂ ਹਨ | ਬੁਖਾਰ, ਥਕਾਵਟ, ਸੁੱਕੀ ਖੰਘ, ਸਾਹ ਲੈਣ ਵਿਚ ਦਿੱਕਤ ਆਦਿ ਇਸ ਬਿਮਾਰੀ ਦੇ ਲੱਛਣ ਹਨ | ਜਿਹੜੇ ਲੋਕਾਂ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ (ਇੰਮਿਊਨਿਟੀ) ਘੱਟ ਹੈ ਉਨ੍ਹਾਂ ਲੋਕਾਂ ਦੀ ਮੌਤ ਹੋਣ ਦੇ ਖ਼ਤਰੇ ਵਧ ਜਾਂਦੇ ਹਨ |
ਰੁਕ ਗਈ ਰਫ਼ਤਾਰ : ਵੁਹਾਨ ਸ਼ਹਿਰ ਤੋਂ ਦੁਨੀਆ ਭਰ ਵਿਚ ਫੈਲਿਆ ਇਹ ਵਾਇਰਸ ਪੂਰੀ ਦੁਨੀਆ ਨੂੰ ਆਪਣੀ ਗਿ੍ਫ਼ਤ ਵਿਚ ਲੈ ਰਿਹਾ ਹੈ | ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਕਰੀਬ ਦਸ ਹਜ਼ਾਰ ਦੀ ਗਿਣਤੀ ਵਿਚ ਲੋਕ ਇਸ ਬਿਮਾਰੀ ਨਾਲ ਮਾਰੇ ਜਾ ਚੁੱਕੇ ਹਨ | ਹੁਣ ਤੱਕ ਜਪਾਨ, ਮਲੇਸ਼ੀਆ ਸਾਊਥ ਕੋਰੀਆ ਕੈਨੇਡਾ, ਸਿੰਘਾਪੁਰ, ਅਮਰੀਕਾ, ਵੀਅਤਨਾਮ, ਆਸਟਰੇਲੀਆ, ਚੀਨ, ਭਾਰਤ, ਪਾਕਿਸਤਾਨ, ਇਟਲੀ, ਈਰਾਨ ਆਦਿ ਇਕ ਸੌ ਅੱਸੀ ਤੋਂ ਵੱਧ ਦੇਸ਼ਾਂ ਵਿਚ ਇਸ ਵਾਇਰਸ ਦਾ ਸਹਿਮ ਬਣਿਆ ਹੋਇਆ ਹੈ | ਲੋਕਾਂ ਨੂੰ ਘਰਾਂ ਵਿਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ | ਕਦੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਦੁਨੀਆ ਦੇ ਵੱਡੇ ਵੱਡੇ ਸ਼ਹਿਰਾਂ ਦੀਆਂ ਸੜਕਾਂ ਇਕ ਵਾਇਰਸ ਕਰਕੇ ਸੁੰਨਸਾਨ ਹੋ ਜਾਣਗੀਆਂ | ਕੋਰੋਨਾ ਦੁਨੀਆ ਅੱਗੇ ਇਕ ਵੱਡੀ ਚੁਣੌਤੀ ਬਣ ਕੇ ਖੜ੍ਹਾ ਹੋਇਆ ਹੈ | ਬੇਸ਼ੱਕ ਇਸ ਸਬੰਧੀ ਸੁਚੇਤ ਹੋਣ ਦੀ ਲੋੜ ਹੈ, ਡਰਨ ਅਤੇ ਘਬਰਾਉਣ ਦੀ ਲੋੜ ਨਹੀਂ | ਦੁਨੀਆ ਭਰ ਵਿਚ ਕੈਂਸਰ, ਹਾਰਟ ਅਟੈਕ, ਹੈਪੇਟਾਈਟਸ ਬੀ ਅਤੇ ਸੀ ਗੁਰਦਿਆਂ ਦੇ ਫੇਲ੍ਹ ਹੋਣ ਵਰਗੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਮੌਤ ਦਰ ਇਸ ਤੋਂ ਕਿਤੇ ਵੱਧ ਹੈ | ਕੋਰੋਨਾ ਨੂੰ ਇਸ ਲਈ ਭਿਆਨਕ ਮੰਨਿਆ ਜਾ ਰਿਹਾ ਹੈ ਕਿ ਇਹ ਲਾਗ ਨਾਲ ਲੱਗਣ ਵਾਲਾ ਅਤੇ ਤੇਜ਼ੀ ਨਾਲ ਫੈਲਣ ਵਾਲਾ ਰੋਗ ਹੈ | ਇਸੇ ਲਈ ਦੁਨੀਆ ਭਰ ਵਿਚ ਏਅਰਲਾਈਨ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਲਗਭਗ ਠੱਪ ਕਰ ਦਿੱਤੀਆਂ ਹਨ | ਭਾਰਤ ਸਰਕਾਰ ਨੇ ਇਤਿਹਾਸਕ ਇਮਾਰਤਾਂ, ਧਰਮ ਅਸਥਾਨ, ਸਿਨੇਮਾਘਰ, ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਬੰਦ ਕਰਨ ਦਾ ਫੈਸਲਾ ਲਿਆ ਹੈ | ਇੱਥੋਂ ਤੱਕ ਕਿ ਧਰਮ ਅਸਥਾਨ ਜਿੱਥੇ ਮੁਸ਼ਕਲਾਂ ਸਮੱਸਿਆਵਾਂ ਦੇ ਬਚਾਅ ਲਈ ਅਰਦਾਸਾਂ ਬੇਨਤੀਆਂ ਹੁੰਦੀਆਂ ਹਨ ਉਹ ਵੀ ਸੁੰਨ-ਸਾਨ ਹੋਣ ਲੱਗ ਪਏ ਹਨ | ਅਫ਼ਸੋਸ ਦੀ ਗੱਲ ਇਹ ਹੈ ਅਜਿਹੇ ਸਮੇਂ ਜਦੋਂ ਲੋਕ ਬਿਮਾਰੀ ਦੇ ਡਰ ਨਾਲ ਭੈਭੀਤ ਹਨ ਤਾਂ ਲੋਕਾਂ ਦੇ ਭੈਅ ਤੋਂ ਕਮਾਈਆਂ ਕਰਨ ਵਾਲੇ ਵੀ ਸਰਗਰਮ ਹੋ ਗਏ ਹਨ | ਜਮ੍ਹਾਂਖੋਰੀ ਕਰਨ ਵਾਲੇ ਹਰਕਤ ਵਿਚ ਆ ਗਏ ਹਨ ਇਸ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੁੰਦਾ ਹੈ | ਲੋੜ ਹੈ ਅਸੀਂ ਇਸ ਸੰਕਟ ਵਿਚ ਮਨੁੱਖਾਂ ਨਾਲ ਮਨੁੱਖਾਂ ਵਾਲਾ ਵਿਹਾਰ ਕਰੀਏ |
ਕੋਰੋਨਾ ਦਾ ਪ੍ਰਭਾਵ: ਕੋਰੋਨਾ ਦੀ ਮਹਾਂਮਾਰੀ ਨਾਲ ਪੂਰੀ ਦੁਨੀਆ ਦਾ ਅਰਥਚਾਰਾ ਬੁਰੀ ਤਰ੍ਹਾਂ ਲੜਖੜਾ ਗਿਆ ਹੈ | ਸ਼ੇਅਰ ਬਾਜ਼ਾਰ ਵਿਚ ਰਿਕਾਰਡ ਤੋੜ ਗਿਰਾਵਟ ਜਾਰੀ ਹੈ | ਦੁਨੀਆ ਦੇ ਸਭ ਤੋਂ ਵੱਡੇ ਬੈਂਕ ਮੰਨ ਰਹੇ ਹਨ ਕਿ ਦੁਨੀਆ ਮੰਦੀ ਦੇ ਮੁਹਾਣ 'ਤੇ ਖੜੀ ਹੈ | ਵੇਖਣਾ ਇਹ ਹੋਵੇਗਾ ਕਿ ਇਹ ਮੰਦੀ ਕਿੰਨੀ ਦੇਰ ਤੱਕ ਚੱਲੇਗੀ | ਅਮਰੀਕਾ ਦੇ ਰਾਸ਼ਟਰਪਤੀ ਡੋਨੈਲ ਟਰੰਪ ਨੇ ਮੰਨਿਆ ਇਹ ਬਹੁਤ ਮਾੜਾ ਸਿੱਧ ਹੋਵੇਗਾ | ਦੁਨੀਆ ਭਰ ਦੇ ਅਰਥਸ਼ਾਸਤਰੀ ਕੋਰੋਨਾ ਦੀ ਦਹਿਸ਼ਤ ਨੂੰ ਸਮਝ ਨਹੀਂ ਰਹੇ | ਚੀਨ ਨੂੰ ਕੋਰੋਨਾ ਤੋਂ ਹੋਣ ਵਾਲਾ ਨੁਕਸਾਨ ਕਿਤੇ ਵੱਧ ਹੈ | ਵੁਹਾਨ ਸ਼ਹਿਰ ਚੀਨ ਲਈ ਕਿੰਨਾ ਮਹੱਤਵਪੂਰਨ ਹੈ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਇਕੱਲੇ ਵੁਹਾਨ ਸ਼ਹਿਰ ਦੀ ਜੀ ਡੀ ਪੀ ਦੁਨੀਆ ਦੇ ਕਈ ਦੇਸ਼ਾਂ ਨਾਲੋਂ ਜ਼ਿਆਦਾ ਹੈ | ਇੱਥੇ ਹੁੰਡਾਈ, ਜੀ. ਐਮ. ਮੋਟਰ, ਹਾਂਡਾ ਵਰਗੀਆਂ 300 ਕੰਪਨੀਆਂ ਦੀਆਂ ਵੱਡੀਆਂ ਫੈਕਟਰੀਆਂ ਹਨ | ਜਿੱਥੇ ਕੱਚਾ ਮਾਲ ਖਪਤ ਹੁੰਦਾ ਹੈ | ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਚੀਨੀ ਅਰਥਵਿਵਸਥਾ ਦਾ ਮੁਕਾਬਲਾ ਜਿੱਥੇ ਦੁਨੀਆ ਦੇ ਵੱਡੇ ਦੇਸ਼ ਵੀ ਨਹੀਂ ਕਰ ਸਕੇ ਉੱਥੇ ਇਕ ਵਾਇਰਸ ਨੇ ਇਸ ਨੂੰ ਇਕ ਦਮ ਰੋਕ ਦਿੱਤਾ ਹੈ | ਦੇਸ਼ ਭਰ ਵਿਚ ਕਾਰਾਂ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਹਨ | ਮੋਬਾਈਲ ਫੋਨ ਅਤੇ ਇਸ ਦੇ ਪੁਰਜ਼ੇ ਬਣਾਉਣ ਵਾਲੀਆਂ ਫੈਕਟਰੀਆਂ ਵੀ ਫਿਲਹਾਲ ਬੰਦ ਪਈਆਂ ਹਨ | ਕੋਰੋਨਾ ਵਾਇਰਸ ਨੇ ਦੁਨੀਆ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੈ ਕਿ ਇਸ ਦੇ ਪ੍ਰਭਾਵ ਤੋਂ ਬਾਅਦ ਦੁਨੀਆ ਦੀਆਂ ਬਹੁਤ ਸਾਰੀਆਂ ਤਰਜੀਹਾਂ ਬਦਲ ਜਾਣਗੀਆਂ |
ਕੋਰੋਨਾ ਵੈਕਸਿਨ: ਇਸ ਰੋਗ ਦੀ ਲਾਗ ਰੋਕਣ ਲਈ ਟੀਕੇ (ਵੈਕਸਿਨ) ਦਾ ਬਣਾਇਆ ਜਾਣਾ ਅਤੇ ਇਸ ਦਾ ਟੈਸਟ ਹੋਣਾ ਇਹ ਇਕ ਲੰਮੀ ਪ੍ਰੀਕਿਰਿਆ ਹੈ, ਜਿਸ ਵਿਚ ਮਹੀਨੇ ਲੱਗ ਸਕਦੇ ਹਨ | ਇਸ ਦੀ ਵੈਕਸਿਨ ਤਿਆਰ ਕਰਨ ਲਈ ਬਹੁਤ ਸਾਰੇ ਦੇਸ਼ਾਂ ਵਿਚ ਦੌੜ ਲੱਗ ਗਈ ਹੈ | ਕਿਉਂਕਿ ਇਸ ਦੀ ਵੈਕਸਿਨ ਤਿਆਰ ਹੋਣ ਨਾਲ ਅਰਬਾਂ ਡਾਲਰ ਦੀ ਕਮਾਈ ਹੋਣ ਵਾਲੀ ਹੈ |
ਡਰਨ ਦੀ ਲੋੜ ਨਹੀਂ: ਕੋਰੋਨਾ ਦੇ ਰਹੱਸ ਨੂੰ ਸਮਝਿਆ ਜਾਣਾ ਅਜੇ ਬਾਕੀ ਹੈ | ਇਹ ਕਿਵੇਂ ਰਿਲੀਜ਼ ਹੋਇਆ? ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ? ਇਹ ਭਵਿੱਖ ਹੀ ਦੱਸੇਗਾ | ਕੋਰੋਨਾ ਦੀ ਲਾਗ ਵਾਲੇ ਮਰੀਜ਼ਾਂ ਦੀ ਮੌਤ ਦਰ ਇਕ ਤੋਂ ਦੋ ਪ੍ਰਤੀਸ਼ਤ ਹੈ | ਭਾਵ ਜੇਕਰ 100 ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਆਪਣੀ ਗਿ੍ਫਤ ਵਿਚ ਲੈਂਦੀ ਹੈ ਤਾਂ ਇਨ੍ਹਾਂ 'ਚੋਂ ਇਕ ਜਾਂ ਦੋ ਰੋਗੀਆਂ ਦੇ ਮਰਨ ਦੀ ਸੰਭਾਵਨਾ ਹੈ | ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇੰਨਾ ਹੱਲਾ ਗੁੱਲਾ ਕਿਉਂ ਮਚਾਇਆ ਜਾ ਰਿਹਾ ਹੈ? ਇਸ ਦਾ ਜਵਾਬ ਇਹ ਹੈ ਇਸ ਬਿਮਾਰੀ ਦੀ ਲਾਗ ਬੜੀ ਤੇਜ਼ੀ ਨਾਲ ਫੈਲਦੀ ਹੈ ਅਤੇ ਇਹ ਤੇਜ਼ੀ ਨਾਲ ਹੋਰ ਲੋਕਾਂ ਨੂੰ ਆਪਣੀ ਗਿ੍ਫ਼ਤ ਵਿਚ ਲੈਂਦਾ ਹੈ | ਉਹ ਮਰੀਜ਼ ਜੋ ਪਹਿਲਾਂ ਦਿਲ ਦੇ ਰੋਗ, ਦਮਾ, ਕੈਂਸਰ, ਗੁਰਦਿਆਂ ਆਦਿ ਦੀ ਬਿਮਾਰੀ ਤੋਂ ਪੀੜਤ ਹਨ, ਲਈ ਇਸ ਬਿਮਾਰੀ ਦੀ ਲਾਗ ਭਿਆਨਕ ਹੋ ਸਕਦੀ | ਪਰ ਇਹ ਮਰੀਜ਼ ਵੀ ਨਾ ਮਰਨ, ਇਸ ਤੋਂ ਪਹਿਲਾਂ ਕਿ ਇਹ ਬਿਮਾਰੀ ਕਿਸੇ ਖਿੱਤੇ ਵਿਚ ਭਿਆਨਕ ਰੂਪ ਅਖਤਿਆਰ ਕਰ ਜਾਵੇ, ਇਹ ਬੜਾ ਜ਼ਰੂਰੀ ਹੈ ਕਿ ਇਸ ਦੇ ਫੈਲਾਅ ਨੂੰ ਰੋਕਿਆ ਜਾਵੇ | ਇਸ ਵਾਇਰਸ ਦਾ ਆਕਾਰ ਚਾਰ ਸੌ ਤੋਂ ਪੰਜ ਸੌ ਮਾਈਕਰੋਨ ਹੁੰਦਾ ਹੈ ਕੋਈ ਆਮ ਮਾਸਕ ਇਸ ਨੂੰ ਆਸਾਨੀ ਨਾਲ ਰੋਕ ਸਕਦਾ ਹੈ | ਇਹ ਵਾਇਰਸ ਹਵਾ ਰਾਹੀਂ ਨਹੀਂ ਫੈਲਦਾ | ਇਹ ਪ੍ਰਭਾਵਿਤ ਜੀਵ ਤੋਂ ਦੂਜੇ ਜੀਵ ਤੱਕ ਸਿੱਧੇ ਅਸਿੱਧੇ ਸੰਪਰਕ ਨਾਲ ਪ੍ਰਵੇਸ਼ ਕਰਦਾ ਹੈ | ਜੇਕਰ ਇਹਦੀ ਲਾਗ ਕਿਸੇ ਧਾਤ 'ਤੇ ਹੋਵੇ ਤਾਂ ਇਹ ਬਾਰਾਂ ਘੰਟਿਆਂ ਤੱਕ ਹੀ ਜ਼ਿੰਦਾ ਰਹਿੰਦਾ ਹੈ | ਕੱਪੜਿਆਂ 'ਤੇ ਇਹ ਨੌਾ ਘੰਟੇ ਤੱਕ ਜ਼ਿੰਦਾ ਰਹਿ ਸਕਦਾ ਹੈ | ਗਰਮ ਪਾਣੀ ਪੀਓ | ਇਹ ਵਾਇਰਸ ਹੱਥਾਂ 'ਤੇ ਦਸ ਘੰਟਿਆਂ ਤੱਕ ਰਹਿ ਸਕਦਾ ਹੈ | ਇਸ ਤੋਂ ਬਚਾਅ ਲਈ ਸੂਰਜ ਦੀ ਧੁੱਪ ਵਿਚ ਬੈਠੋ | ਠੰਢੀਆਂ ਚੀਜ਼ਾਂ ਆਈਸਕਰੀਮ ਅਤੇ ਹੋਰ ਠੰਢੇ ਖਾਣ ਤੋਂ ਪ੍ਰਹੇਜ਼ ਕਰੋ | ਵਧੇਰੇ ਕਰਕੇ ਘਰ ਦਾ ਬਣਿਆ ਖਾਣਾ ਖਾਓ | ਭੀੜ-ਭੜੱਕੇ ਵਾਲੀਆਂ ਥਾਂਵਾਂ 'ਤੇ ਨਾ ਜਾਓ | ਕੁਝ ਦਿਨਾਂ ਬਾਅਦ ਦੁਨੀਆ ਇਸ ਵਾਇਰਸ ਤੋਂ ਨਿਜਾਤ ਪਾ ਲਵੇਗੀ | ਸਹਿਮ ਦੇ ਬੱਦਲ ਛਟ ਜਾਣਗੇ | ਸੁਚੇਤ ਹੋਣ ਦੀ ਲੋੜ ਹੈ ਪਰ ਭੈਭੀਤ ਨਾ ਹੋਵੋ |

-ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ |

 

 

 

 

 

 

 

 

 

 

 

 

 

ਅੱਜ ਸੰਸਾਰ ਜਲ ਦਿਵਸ 'ਤੇ ਵਿਸ਼ੇਸ਼

ਮਨੁੱਖੀ ਹਿੰਮਤ ਅਤੇ ਪਹਿਲਕਦਮੀ ਦੇ ਕ੍ਰਿਸ਼ਮੇ

ਜਲ-ਸੰਕਟ, ਹੱਟੀਆਂ-ਭੱਠੀਆਂ ਦੀ ਚੁੰਝ ਚਰਚਾ ਬਣ ਚੁੱਕਾ ਹੈ | ਪਰੰਤੂ ਅਸੀਂ ਸਿਰਫ਼ ਕਲਪਦੇ ਹਾਂ, ਹੱਲ ਲਈ ਕਰਦੇ ਕੁਝ ਨਹੀਂ | ਫ਼ਿਰ ਵੀ ਵਿਰਲੇ-ਟਾਵੇਂ ਅਜਿਹੇ ਕਰਮਯੋਗੀ ਵੀ ਹਨ, ਜਿਹੜੇ ਹੱਥੀਂ ਔਹਲ ਰਹੇ ਹਨ | ਸਾਡੀ ਸਭ ਦੀ ਸਲਾਮ ਦੇ ਹੱਕਦਾਰ ਇਹ ਲੋਕ | ਉਨ੍ਹਾਂ ਦੀ ਹੀ ਬਾਤ ਪਾਉਣੀ ਹੈ ਅੱਜ | ਅਚੇਤ-ਸੁਚੇਤ ਸਰਬੱਤ ਦਾ ਭਲਾ ਕਰਨ ਵਾਲੇ ਇਨ੍ਹਾਂ ਕਰਮਯੋਗੀਆਂ ਦੀ ਘਾਲਣਾ ਦਾ ਸੰਖ਼ੇਪ ਵਿਵਰਣ ਹਨ | ਇਹ ਗਾਥਾਵਾਂ | ਇਨ੍ਹਾਂ ਗਾਥਾਵਾਂ ਦੇ ਪਾਤਰ ਹੱਡ-ਮਾਸ ਦੇ ਬਣੇ ਹੋਏ ਜਿਊਾਦੇ- ਜਾਗਦੇ ਇਨਸਾਨ ਹਨ | ਨਵੀਂ ਜ਼ਿੰਦਗੀ ਨੂੰ ਸਾਕਾਰ ਹੋਇਆ ਦੇਖਣਾ ਚਾਹੁਣ ਵਾਲੇ ਜਿਨ੍ਹਾਂ, ਆਪਣੇ ਸੁਫ਼ਨਿਆਂ ਨੂੰ ਹਕੀਕਤ ਵਿਚ ਢਾਲਿਆ | ਲਓ-ਸੁਣੋ, ਇਕ ਤੋਂ ਬਾਅਦ ਇਕ ਤਿੰਨ ਕਹਾਣੀਆਂ :
ਇਨ੍ਹਾਂ 'ਚੋਂ ਹੀ ਇਕ ਹੈ ਹੁਣ ਨੱਬਿਆਂ ਨੂੰ ਢੁਕਿਆ ਭੂਰੇ ਖ਼ਾਂ | ਰਾਜਸਥਾਨ ਦੇ ਮੇਵਾਤ ਿਖ਼ੱਤੇ ਦੇ ਪਿੰਡ ਭੋੜ ਦੇ ਇਸ ਗੁੰਮਨਾਮ ਯੋਧੇ ਨੇ ਪਿੰਡ ਦੀਆਂ ਤਿੰਨ ਪਥਰੀਲੀਆਂ ਪਹਾੜੀਆਂ ਚੀਰ ਕੇ ਵਰਖਾ ਦੇ ਪਾਣੀ ਨੂੰ ਸਾਂਭਣ ਲਈ ਇਕ ਨਹੀਂ, ਤਿੰਨ ਤਲਾਬ ਬਣਾ ਦਿੱਤੇ | ਭੂਰੇ ਖ਼ਾਂ ਮੁਤਾਬਿਕ ਕੈਥਵਾੜਾ, ਰਾਜਸਥਾਨ (ਹੁਣ ਪਾਕਿਸਤਾਨ) ਵਿਚ ਉਸ ਦਾ ਪਿਤਾ-ਪੁਰਖੀ ਘਰ ਸੀ | ਸੰਤਾਲੀ ਦੇ ਬਟਵਾਰੇ ਉਪਰੰਤ ਉਹ ਮੇਵਾਤ ਆ ਗਏ | ਮਹਿਜ਼ 14 ਕੁ ਵਰਿ੍ਹਆਂ ਦਾ ਸੀ ਉਹ ਉਦੋਂ | ਹਾਲਤਾਂ ਵੱਸ ਭੋੜ ਪਿੰਡ 'ਚ ਉਸ ਚਰਵਾਹੇ ਦਾ ਕੰਮ ਸ਼ੁਰੂ ਕੀਤਾ | ਇਕੋ-ਇਕ ਮਾਂ ਸੀ, ਦਹਾਕੇ ਕੁ ਬਾਅਦ ਉਹ ਵੀ ਚੱਲ ਵਸੀ | ਭੂਰੇ ਖ਼ਾਂ ਬੜਾ ਰੋਇਆ-ਕਲਪਿਆ | ਨਾ ਘਰ ਬਣਾ ਸਕਿਆ, ਨਾ ਹੀ ਸ਼ਾਦੀ ਹੋ ਸਕੀ | ਬਸ, ਦਿਨ ਭਰ ਅਰਾਵਲੀ ਦੀਆਂ ਪਹਾੜੀਆਂ ਵਿਚ ਜਾਨਵਰ ਚਾਰਦਿਆਂ ਉਮਰ ਬੀਤਣ ਲੱਗੀ | ਅੱਲ੍ਹੜ ਵਰੇਸ ਤੋਂ ਹੀ ਭੂਰੇ ਖ਼ਾਂ ਲਈ ਪੇਡ-ਪੌਦੇ ਅਤੇ ਜਾਨਵਰ ਹੀ ਸਾਰਾ ਕੁਝ ਸਨ | ਦੁਨੀਆ ਤੋਂ ਕਰੀਬ-ਕਰੀਬ ਉਪਰਾਮ, ਇਸ ਸ਼ਖ਼ਸ ਨੂੰ ਪਤਾ ਹੀ ਨਾ ਲੱਗਾ, ਕਦ ਚਿਹਰੇ 'ਤੇ ਝੁਰੜੀਆਂ ਆਉਣ ਲੱਗੀਆਂ | ਧੌਲ-ਦਾਹੜੀਏ ਭੂਰੇ ਖ਼ਾਂ, ਜਿਸ ਬਚਪਨ-ਜਵਾਨੀ 'ਚ ਹਰੀ-ਕਚੂਰ ਹਰਿਆਵਲ ਅਤੇ ਕਲ-ਕਲ ਕਰਦੇ ਝਰਨੇ ਤੱਕੇ ਸਨ, ਨੂੰ ਰੁੰਡ-ਮਰੁੰਡ ਪਹਾੜੀਆਂ ਅਤੇ ਪਸ਼ੂ ਪੰਖੇਰੂਆਂ ਦੀ ਭੁੱਖ ਪਿਆਸ ਬਿਹਬਲ ਕਰਨ ਲੱਗੀ |
ਬਸ, ਇਸੇ ਤੋਂ ਦੁਖੀ ਹੋ ਭੂਰੇ ਖ਼ਾਂ ਨੇ ਪਾਣੀ ਨੂੰ ਸਾਂਭਣ-ਵਿਗਸਾਉਣ ਦਾ ਤਹੱਈਆ ਕੀਤਾ | ਬੇਹੱਦ ਔਖ਼ਾ ਨਿਸ਼ਾਨਾ ਸੀ ਉਸ ਦਾ, ਜਿਹੜਾ ਆਪਣੇ ਹਠ ਨਾਲ ਉਸ ਪੂਰਾ ਕੀਤਾ | ਬਿਲਕੁੱਲ ਕੱਲਮ-'ਕੱਲਿਆਂ | ਹੁਣ ਵਰਖਾ ਨਾਲ ਦਿਨਾਂ ਵਿਚ ਹੀ ਉਸ ਦੇ ਬਣਾਏ-ਸੰਵਾਰੇ ਤਾਲਾਬ ਲਬਾ-ਲਬ ਭਰ ਜਾਂਦੇ ਹਨ | ਬੜੇ ਦੂਰ ਰਸ ਸਿੱਟੇ ਕੱਢਣ ਲੱਗੇ ਹਨ ਇਹ | ਕੁਝ ਵਰ੍ਹੇ ਪਹਿਲਾਂ ਤੱਕ ਭੂਰੇ ਖ਼ਾਂ ਦੇ ਕੰਮਾਂ ਬਾਰੇ ਸਰਕਾਰੀ ਪ੍ਰਬੰਧਕ ਬੇਖ਼ਬਰ ਸਨ | ਲੋਕ-ਚਰਚਾ ਸੁਣੀ ਤਾਂ ਸਰਵੇ ਕਰਵਾਇਆ | ਪ੍ਰਾਪਤ ਬਹੁ-ਪੱਖੀ ਲਾਭਾਂ ਬਾਰੇ ਸੁਣ-ਜਾਣ ਕੇ ਸਰਕਾਰ ਦੰਗ ਰਹਿ ਗਈ | ਜਲ-ਤਲ ਅਤੇ ਹਰਿਆਵਲ ਵਧੀ, ਪੌਣ-ਪਾਣੀ ਦੀ ਫ਼ਿਜ਼ਾ ਵੀ ਬਦਲੀ | ਇਹ ਸਭ ਉਸ ਵਲੋਂ ਬਣਾਏ ਗਏ ਸੰਵਾਰੇ ਤਲਾਬਾਂ ਦਾ ਹੀ ਸਿੱਟਾ ਸੀ | ਮੇਵਾਤ ਖਿੱਤੇ ਦੀਆਂ ਭੂਮੀ ਤੇ ਜਲ-ਸੰਭਾਲ ਸੰਸਥਾਵਾਂ ਨੇ ਭੂਰੇ ਖ਼ਾਂ ਦੀ ਬੱਲੇ-ਬੱਲੇ ਕੀਤੀ | ਇਨ੍ਹਾਂ ਤਲਾਬਾਂ ਨੂੰ ਫ਼ੁੱਟੇ ਦਾ ਜੋਹੜ, ਗਾਂਵ ਵਾਲਾ ਜੋਹੜ ਅਤੇ ਜੋਹੜ ਜੋਹੜ ਭੂਰੇ ਖ਼ਾਂ ਕਰ ਕੇ ਜਾਣਿਆ ਜਾਂਦਾ ਹੈ | ਜਦ ਤੱਕ ਇਹ ਤਲਾਬ ਅਤੇ ਇਨ੍ਹਾਂ ਦੀਆਂ ਬਰਕਤਾਂ ਰਹਿਣਗੀਆਂ, ਪ੍ਰੇਰਨਾ-ਸ੍ਰੋਤ ਭੂਰੇ ਖ਼ਾਂ ਵੀ ਲੋਕ-ਮਨਾਂ 'ਚ ਜ਼ਿੰਦਾ ਰਹੇਗਾ |
ਮੇਘਾ ਡਾਂਗਰੀ; ਮੇਘਾ ਡੰਗਰ ਚਰਾਉਂਦਾ ਹੁੰਦਾ ਸੀ | ਇਹ ਕਿੱਸਾ ਸਦੀ ਪੁਰਾਣਾ ਹੈ | ਮੇਘਾ ਮੂੰਹ ਹਨੇਰੇ ਨਿਕਲ ਜਾਂਦਾ | ਜਦ ਮੁੜਦਾ ਡੂੰਘਾ ਆਥਣ ਹੁੰਦਾ | ਕੋਹਾਂ ਤੱਕ ਫ਼ੈਲਿਆ ਸਪਾਟ ਰੇਗਿਸਤਾਨ | ਮੇਘਾ ਦਿਨ ਭਰ ਦਾ ਪਾਣੀ ਮਿੱਟੀ ਦੀ ਸੁਰਾਹੀ ਵਿਚ ਲੈ ਜਾਂਦਾ | ਇਕ ਦਿਨ ਥੋੜ੍ਹਾ ਜਿਹਾ ਪਾਣੀ ਬਚ ਗਿਆ | ਮੇਘੇ ਨੂੰ ਪਤਾ ਨੀ ਕੀ ਸੁੱਝਿਆ, ਉਸ ਇਕ ਛੋਟਾ ਜਿਹਾ ਟੋਆ ਪੁੱਟਿਆ, ਉਸ ਵਿਚ ਬਚਿਆ ਪਾਣੀ ਪਾਇਆ ਅਤੇ ਅੱਕ ਦੇ ਪੱਤਿਆਂ ਨਾਲ ਢੱਕ ਦਿੱਤਾ | ਚਰਵਾਹੇ ਦਾ ਪੱਕਾ ਟਿਕਾਣਾ ਨਹੀਂ ਹੁੰਦਾ, ਅੱਜ ਇੱਥੇ ਕੱਲ੍ਹ ਉੱਥੇ | ਮੇਘਾ ਉੱਧਰ ਨਾ ਜਾ ਸਕਿਆ | ਤੀਜੇ ਦਿਨ ਜਦੋਂ ਉੱਥੇ ਅੱਪੜਿਆ ਤਾਂ ਬੇਸਬਰੀ ਨਾਲ ਪੱਤੇ ਚੁੱਕੇ | ਟੋਏ ਵਿਚ ਪਾਣੀ ਤਾਂ ਨਹੀਂ ਸੀ ਪਰ ਠੰਢੀ ਹਵਾ ਜ਼ਰੂਰ ਰੁਮਕੀ | ਮੇਘੇ ਦੇ ਮੂੰਹੋਂ ਅਚਾਨਕ ਨਿਕਲਿਆ 'ਭਾਫ਼' | ਉਸ ਨੇ ਸੋਚਿਆ ਜੇ ਜ਼ਰਾ ਜਿਹੇ ਪਾਣੀ ਨਾਲ ਸਿੱਲ੍ਹ ਬਚ ਸਕਦੀ ਹੈ ਤਾਂ ਫ਼ੇਰ ਇੱਥੇ ਤਲਾਬ ਕਿਉਂ ਨਹੀਂ ਬਣ ਸਕਦਾ? Ðਰੇਗਿਸਤਾਨ ਵੀ ਤਾਂ ਜਮ੍ਹਾਂ ਕਰ ਸਕਦਾ ਹੈ, ਪਾਣੀ |
ਢੁਕਵੀਂ ਥਾਂ ਵੇਖ ਮੇਘੇ ਨੇ 'ਕੱਲਿਆਂ ਹੀ ਤਲਾਬ ਬਣਾਉਣਾ ਸ਼ੁਰੂ ਕਰ ਦਿੱਤਾ | ਲੋਕ ਮੁਸਕੜੀ ਹੱਸਦੇ | 'ਕੱਲਾ-ਕਹਿਰਾ ਹੀ ਡਟਿਆ ਰਿਹਾ ਉਹ ਆਪਦੇ ਅਕੀਦੇ ਨੂੰ ਪਰਖ਼ਣ ਲਈ | ਉਹ ਰੋਜ਼ ਆਪਣੇ ਨਾਲ ਕਹੀ-ਤਸਲਾ ਲੈ ਜਾਂਦਾ | ਸਾਰਾ ਦਿਨ ਮਿਹਨਤ ਕਰਦਾ | ਡੰਗਰ ਵੀ ਆਲੇ-ਦੁਆਲੇ ਚਰਦੇ ਰਹਿੰਦੇ | ਭੀਮ ਜਿਹੀ ਤਾਕਤ ਨਹੀਂ ਸੀ ਉਸ ਵਿਚ, ਪਰ ਭੀਮ ਜਿਹਾ ਦਿ੍ੜ੍ਹ-ਇਰਾਦਾ ਜ਼ਰੂਰ ਸੀ ਉਸ ਕੋਲ | ਦੋ ਸਾਲ ਤੱਕ 'ਕੱਲਾ ਹੀ ਲੱਗਿਆ ਰਿਹਾ | ਬਿਲਕੁਲ ਸਪਾਟ ਰੇਗਿਸਤਾਨ ਵਿਚ ਤਲਾਬ ਦਾ ਘੇਰਾ ਦੂਰੋਂ ਹੀ ਦਿਸਣ ਲੱਗ ਪਿਆ ਸੀ | ਬੰਨ੍ਹ ਦੀ ਖ਼ਬਰ ਚੁਫ਼ੇਰੇ ਫ਼ੈਲ ਗਈ | ਹੁਣ ਪਿੰਡ ਦੇ ਬੱਚੇ ਬਜ਼ੁਰਗ ਵੀ ਮੇਘਾ ਦਾ ਸਾਥ ਦੇਣ ਲਈ ਆਉਣ ਲੱਗੇ | 12 ਸਾਲ ਹੋ ਚੁੱਕੇ ਸਨ, ਫ਼ੇਰ ਵੀ ਤਲਾਬ ਉੱਤੇ ਵੱਖ-ਵੱਖ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ | ਸਮੇਂ ਤੋਂ ਪਹਿਲਾਂ ਹੀ ਮੇਘਾ ਚੱਲ ਵਸਿਆ | ਚਿਤਾ ਉੱਤੇ ਪਤਨੀ ਦਾ ਸਤੀ ਹੋ ਜਾਣਾ ਉਸ ਸਮੇਂ ਦੀ ਪ੍ਰਥਾ ਸੀ ਉੱਧਰ, ਪਰ ਉਹ ਸਤੀ ਨਾ ਹੋਈ | ਮੇਘੇ ਦਾ ਅਧੂਰਾ ਸੁਫ਼ਨਾ ਪੂਰਾ ਕਰਨ ਲਈ ਉਸ ਸਮਾਜ ਦੀ ਇਸ ਰੀਤ ਨੂੰ ਠੋਕਰ ਮਾਰ ਦਿੱਤੀ | ਪਤਨੀ ਨੇ ਮੇਘਾ ਦਾ ਕੰਮ ਚਾਲੂ ਰੱਿਖ਼ਆ, ਉਹ ਉਸ ਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੀ ਸੀ ਇੰਜ ਕਰ ਕੇ | ਇਹ ਤਲਾਬ ਭਾਫ਼ ਕਾਰਨ ਬਣਨਾ ਸ਼ੁਰੂ ਹੋਇਆ ਸੀ, ਇਸੇ ਕਰ ਕੇ ਇਸ ਜਗ੍ਹਾ ਦਾ ਨਾਂਅ ਵੀ ਭਾਫ਼ ਪੈ ਗਿਆ, ਬਾਅਦ ਵਿਚ ਵਿਗੜ ਕੇ ਭਾਪ ਫ਼ਿਰ ਬਾਪ ਹੋ ਗਿਆ | ਚਰਵਾਹੇ ਮੇਘਾ ਨੂੰ ਸਮਾਜ ਨੇ 'ਮੇਘੋ ਜੀ' ਦੇ ਨਾਂਅ ਨਾਲ ਯਾਦ ਰੱਖਿਆ | ਤਲਾਬ ਉੱਤੇ ਇਕ ਸੋਹਣੀ ਛਤਰੀ (ਯਾਦਗਾਰ) ਉਸ ਦੇ ਨਾਂਅ ਅਤੇ ਉਸ ਦੀ ਪਤਨੀ ਦੀ ਯਾਦ ਵਿਚ ਬਣਾਈ | ਹੁਣ 'ਬਾਪ' ਬੀਕਾਨੇਰ ਅਤੇ ਜੈਸਲਮੇਰ ਦੇ ਰਾਹ ਉੱਤੇ ਇਕ ਛੋਟਾ ਜਿਹਾ ਕਸਬਾ ਹੈ | ਚਾਹ-ਕਚੌਰੀ ਦੀਆਂ ਪੰਜ-ਸੱਤ ਦੁਕਾਨਾਂ ਵਾਲਾ ਛੋਟਾ ਜਿਹਾ ਬੱਸ ਅੱਡਾ | ਬੱਸਾਂ ਤੋਂ ਕਿਤੇ ਉੱਚਾ ਬੰਨ੍ਹ ਅੱਡੇ ਦੇ ਲਾਗੇ ਮਾਣ-ਮੱਤੀ ਹਿੱਕ ਤਾਣੀ ਅਜੇ ਵੀ ਖ਼ੜ੍ਹਾ ਹੈ | ਭਰ-ਗਰਮੀਆਂ ਵਿਚ ਬੰਨ੍ਹ ਦੇ ਇਕ ਪਾਸੇ ਤੱਤੀ-ਲੂ ਵਗਦੀ ਹੈ, ਦੂਜੇ ਪਾਸੇ ਮੇਘੋ ਜੀ ਦੇ ਤਲਾਬ ਵਿਚੋਂ ਨਮ-ਲਹਿਰਾਂ ਉੱਠਦੀਆਂ ਹਨ | ਬਰਸਾਤ ਦੇ ਦਿਨਾਂ ਵਿਚ ਤਾਂ ਇੱਥੇ ਪਾਣੀ ਚਾਰ-ਪੰਜ ਮੀਲ ਤੱਕ ਫ਼ੈਲ ਜਾਂਦਾ ਹੈ | ਮੇਘ (ਬੱਦਲ) ਇੱਥੇ ਭਾਵੇਂ ਘੱਟ (ਆਉਂਦੇ) ਹੋਣ, ਪਰ ਮੇਘੋ ਜੀ ਜਿਹੇ ਲੋਕਾਂ ਦੀ ਇਸ ਮਰੂ-ਭੂਮੀ ਵਿਚ ਵੀ ਕਮੀ ਨਹੀਂ | ਮੇਘਾ ਡਾਂਗਰੀ ਉਨ੍ਹਾਂ ਦਾ ਪ੍ਰੇੇਰਨਾ ਸ੍ਰੋਤ ਹੈ |
ਦਰ-ਹਕੀਕਤ; ਵਰਖਾ ਹੀ ਪਾਣੀ ਦਾ ਮੁਢਲਾ ਸੋਮਾ ਹੈ ਅਤੇ ਜ਼ਮੀਨ-ਦੋਜ਼ ਪਾਣੀ ਸਾਡੀ ਸੰਕਟ ਅਤੇ ਭਵਿੱਖ ਲਈ ਐਫ਼.ਡੀ. | ਜੇ ਅਸੀਂ ਧਰਤੀ ਹੇਠੋਂ 30 ਫ਼ੀਸਦੀ ਪਾਣੀ ਵਰਤੀਏ ਅਤੇ ਇਵਜ਼ ਵਿਚ 100 ਫ਼ੀਸਦੀ ਧਰਤੀ ਵਿਚ ਜਾਵੇ ਤਾਂ ਇਹ ਸਾਵਾਂਪਣ ਹੈ | ਜੇ ਵਰਤੋਂ 40 ਫ਼ੀਸਦੀ ਹੋ ਜਾਵੇ ਤਾਂ ਇਹ ਖ਼ਤਰਨਾਕ ਸਥਿਤੀ ਹੈ | ਧਰਤੀ ਹੇਠਲੇ ਪਾਣੀ ਦੀ ਵਰਤੋਂ 70 ਫ਼ੀਸਦੀ ਹੋ ਜਾਵੇ ਤਾਂ ਸਥਿਤੀ ਭਿਅੰਕਰ ਬਣ ਜਾਂਦੀ ਹੈ, ਪਰੰਤੂ ਅਸੀਂ ਤਾਂ 146 ਫੀਸਦੀ ਵਰਤ ਰਹੇ ਹਾਂ | ਅਰਥਾਤ 100 ਗੜਬੀਆਂ ਧਰਤੀ 'ਚ ਜਾਣ ਦੀ ਨਿਸਬਤ ਅਸੀਂ 146 ਗੜਬੀਆਂ ਪਾਣੀ ਕੱਢੀ ਜਾ ਰਹੇ ਹਾਂ |
ਕੁਦਰਤ ਵਿਰੋਧੀ ਬੇ-ਲਗਾਮ ਮਨੁੱਖ਼ੀ ਗਤੀਵਿਧੀਆਂ ਅਤੇ ਤੁਰੰਤ ਪੈਰੀਂ ਮੁਨਾਫ਼ੇ ਦੀ ਲਾਲਸਾ ਨਾਲ ਪਾਣੀ ਦੇ ਮੁਢਲੇ ਸੋਮੇਂ ਵਰਖਾ ਬਾਰੇ ਵੀ ਬੇ-ਭਰੋਸਗੀ ਪੈਦਾ ਹੋ ਗਈ ਹੈ | ਵਰਖਾ ਦੀ ਹਰ ਤਿੱਪ ਨੂੰ ਸਾਂਭ ਲਵੋ ਤੁਹਾਡੇ ਵਾਰਸਾਂ ਦੇ ਕੰਮ ਆਵੇਗੀ | ਇੰਝ ਜਲ-ਤਲ ਵੀ ਵਧੇਗਾ, ਜੰਗਲ ਵੀ | ਮਿੱਟੀ, ਪਾਣੀ ਅਤੇ ਜੰਗਲ ਕਿਸੇ ਵੀ ਕੌਮ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸ਼ਕਤੀ ਹੁੰਦੇ ਹਨ | ਜੇ ਮਿੱਟੀ ਅਤੇ ਪਾਣੀ ਹੈ, ਤਦ ਹੀ ਬਨਸਪਤੀ (ਜੰਗਲ) ਹੈ | ਜੰਗਲ; ਜੋ ਮਿੱਟੀ ਅਤੇ ਵਰਖਾ ਦੇ ਸਾਕਸ਼ੀ ਹਨ | ਵਰਖ਼ਾ;ਪਾਣੀ ਦਾ ਮੁਢਲਾ ਸੋਮਾ ਹੈ | ਪਾਣੀ ਅਤੇ ਮਿੱਟੀ;ਜੀਵਨ ਦਾ ਆਧਾਰ ਹਨ | ਵੇਲਾ ਹੈ; ਆਓ ਬਿਰਖ਼ਾਂ ਦੀ ਗੱਲ ਕਰੀਏ, ਦਰਿਆਵਾਂ ਦੀ ਬਾਂਹ ਫ਼ੜੀਏ, ਧਰਤੀ ਦਾ ਅਦਬ ਕਰੀਏ | ਤੁਰੰਤ ਪੈਰੀਂ; ਸਾਨੂੰ ਸਭ ਨੂੰ ਇਸ ਨਾਅਰੇ ਉੱਤੇ ਅਮਲ ਕਰਨਾ ਪਵੇਗਾ, 'ਖੇਤ ਦੀ ਮਿੱਟੀ ਖੇਤ 'ਚ, ਖੇਤ ਦਾ ਪਾਣੀ ਖ਼ੇਤ 'ਚ | ਪਿੰਡ ਦੀ ਮਿੱਟੀ ਪਿੰਡ ਵਿਚ, ਪਿੰਡ ਦਾ ਪਾਣੀ ਪਿੰਡ ਵਿਚ |' ਭਲਕ ਤੱਕ ਤਾਂ ਬੜੀ ਦੇਰ ਹੋ ਜਾਵੇਗੀ | ਜ਼ਿੰਦਾ ਕੌਮਾਂ ਉਡੀਕ ਨਹੀਂ ਕਰਦੀਆਂ | ਕਿਵੇਂ! Ñਲਓ ਸੁਣੋ ਇਕ ਹੋਰ ਕਹਾਣੀ: ਮਹਾਰਾਸ਼ਟਰ ਦੇ ਔਰੰਗਾਬਾਦ ਸ਼ਾਹਮਾਰਗ ਉੱਤੇ ਸਥਿਤ ਇਕ ਪਿੰਡ ਹੈ-ਅੜਗਾਂਵ | ਆਬਾਦੀ ਹੈ ਕੋਈ ਤਿੰਨ ਹਜ਼ਾਰ | ਦਹਾਕਾ ਕੁ ਪਹਿਲਾਂ ਇਥੇ ਭੁੱਖ਼ਮਰੀ ਸੀ | ਸਾਲ ਦੇ ਦਸ ਕੁ ਮਹੀਨੇ ਪਾਣੀ ਟੈਂਕਰਾਂ ਰਾਹੀਂ ਸਪਲਾਈ ਹੁੰਦਾ ਸੀ | ਪਿੰਡ ਦੇ ਕੁੱਲ 53 ਖ਼ੂਹਾਂ ਵਿਚੋਂ ਸਿਰਫ਼ 6 ਖ਼ੂਹ ਹੀ ਪਾਣੀ ਦਿੰਦੇ ਸਨ | ਨਤੀਜਨ ਲੋਕ ਬੇਰੁਜ਼ਗਾਰ ਸਨ ਅਤੇ ਡੰਗਰ ਕਮਜ਼ੋਰ | ਅਜਿਹੀ ਵਿਕਰਾਲ ਸਥਿਤੀ ਵਿਚ ਪਿੰਡ ਦੇ ਕੁਝ ਜਾਗਰੂਕ ਨੌਜਵਾਨਾਂ ਨੇ ਲੋਕਾਂ ਦਾ ਸਹਿਯੋਗ ਲਿਆ | ਕਾਰ ਸੇਵਾ ਅਤੇ ਸਾਂਝੇ ਉੱਦਮ ਨਾਲ ਵਰਖਾ ਦੀ ਹਰ ਬੂੰਦ ਰੋਕਣ ਲਈ ਬੰਨ੍ਹ ਬਣਾਏ | ਪਾਣੀ ਜਮ੍ਹਾਂ ਕਰਨ ਲਈ ਛੋਟੇ-ਛੋਟੇ ਤਲਾਅ ਬਣਾਏ | ਖੱਡਾਂ ਚੋਆਂ ਵਿਚ ਮਿੱਟੀ, ਬਨਸਪਤੀ ਦੀਆਂ ਰੋਕਾਂ ਅਤੇ ਪੱਕੇ-ਕੱਚੇ ਬੰਨ੍ਹ ਉਸਾਰੇ | ਇੰਜ ਵਰਖਾ ਦਾ ਪਾਣੀ ਜੋ ਵਿਅਰਥ ਰੁੜ੍ਹ ਜਾਂਦਾ ਸੀ, ਨੁਕਸਾਨ ਕਰਦਾ ਸੀ, ਦਾ ਕਾਫ਼ੀ ਹਿੱਸਾ ਰੋਕ ਕੇ ਉਸ ਨੂੰ ਜ਼ਮੀਨ ਵਿਚ ਉਤਾਰਿਆ ਗਿਆ |
ਨਤੀਜਾ? ਨਾ ਸਿਰਫ਼ ਪਿੰਡ ਦੀ ਜੂਹ ਵਿਚ ਹੀ ਬੋਰਾਂ, ਨਲਕਿਆਂ, ਖ਼ੂਹਾਂ ਦੀ ਜਲ ਸਤਾਹ ਉੱਚੀ ਹੋਣ ਲੱਗ ਪਈ, ਬਲਕਿ ਗੁਆਂਢੀ ਪਿੰਡਾਂ ਨੂੰ ਵੀ ਲਾਭ ਪਹੁੰਚਿਆ | ਖੇਤਾਂ ਵਿਚ ਦੋ-ਦੋ ਫ਼ਸਲਾਂ ਹੋਣ ਲੱਗੀਆਂ | ਅੰਨ ਉਤਪਾਦਨ ਅਤੇ ਦੁੱਧ ਦੀ ਪੈਦਾਵਾਰ ਵਿਚ ਵਾਧਾ ਹੋਇਆ | ਇਸ ਪਿੰਡ ਦੀ 1986-87 ਵਿਚ ਪ੍ਰਤੀ ਵਿਅਕਤੀ ਔਸਤ ਆਮਦਨ ਜੋ 700 ਰੁਪਏ ਪ੍ਰਤੀ ਮਾਹ ਸੀ, ਉਹ ਹੁਣ 7000 ਹੋ ਗਈ ਹੈ | ਬਨਸਪਤੀ ਦੇ ਵਾਧੇ ਸਮੇਤ ਮੌਸਮੀ ਤਬਦੀਲੀਆਂ ਵੀ ਵਾਪਰੀਆਂ | ਪਹਿਲਾਂ ਕੰਗਾਲੀ ਅਤੇ ਭੁੱਖ਼ਮਰੀ ਦਾ ਸ਼ਿਕਾਰ ਗਿਣਿਆ ਜਾਣ ਵਾਲਾ ਅੜਗਾਂਵ ਅੱਜ ਹਰ ਤਰ੍ਹਾਂ ਦੀਆਂ ਮੁਢਲੀਆਂ ਸਹੂਲਤਾਂ ਵਾਲਾ 'ਨੰਦ-ਨੰਦਨ' ਬਣ ਗਿਆ ਹੈ | ਲੋਕਾਂ ਨੇ ਸਰਕਾਰ ਉੱਤੇ ਟੇਕ ਨਾ ਰੱਖੀ | ਵਿਹਲਾ ਸਮਾਂ, ਉਸਾਰੂ ਕਾਰਜਾਂ ਹਿੱਤ ਲਗਾਇਆ | ਉਨ੍ਹਾਂ ਮੂੰਹ ਟੱਡ ਕੇ ਉੱਪਰ ਨੂੰ ਨਾ ਤੱਕਿਆ, ਨਾ ਹੀ ਕਿਸੇ ਗ਼ੈਬੀ ਸ਼ਕਤੀ ਨੂੰ ਉਡੀਕਿਆ | ਸਵੈ-ਵਿਸ਼ਵਾਸ, ਨਿੱਜੀ ਹਿੰਮਤ ਅਤੇ ਹੱਥੀਂ ਕੀਤੀ ਕਾਰ ਸੇਵਾ ਨੇ ਉਨ੍ਹਾਂ ਦਾ ਮੌਜੂਦਾ ਨਰਕ, ਸਦੀਵੀ ਸਵਰਗ 'ਚ ਬਦਲ ਦਿੱਤਾ |

-ਮੋਬਾਈਲ : 9463439075

 

ਅਧੂਰੇ ਸੁਪਨਿਆਂ ਵਿਚ ਧੜਕਦੀ ਜ਼ਿੰਦਗੀ-ਪ੍ਰੀਤਨਗਰ

'ਪ੍ਰੀਤਨਗਰ' ਪੰਜਾਬੀਅਤ ਦੇ ਦਾਨਸ਼ਵਰ ਸੁਪਨਸਾਜ਼ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਇਕ ਅਜਿਹਾ ਸੁਪਨਾ ਸੀ ਜੋ ਸਾਕਾਰ ਹੋਣ ਤੋਂ ਪਹਿਲਾਂ ਹੀ ਅਧੂਰਾ ਰਹਿ ਗਿਆ | ਸਾਲ 1938 ਵਿਚ ਲਾਹੌਰ ਅਤੇ ਅੰਮਿ੍ਤਸਰ ਬਿਲਕੁਲ ਵਿਚਕਾਰ ਇਕ ਵਿਉਂਤਬੱਧ ਗ੍ਰਾਮੀਣ ਸਮਾਜਿਕ ਸੱਭਿਆਚਾਰਕ ਕਸਬਾ 'ਪ੍ਰੀਤਨਗਰ' ਵਸਾਉਣ ਦਾ ਇਹ ਸੁਪਨਾ, ਇਸ ਲੋੜ ਵਿਚੋਂ ਹੋਂਦ ਵਿਚ ਆਇਆ ਸੀ ਕਿ ਇਕ ਸਾਂਝੇ ਮਨੁੱਖੀ ਭਾਈਚਾਰੇ ਦਾ ਵਿਕਾਸ ਕੀਤਾ ਜਾ ਸਕੇ, ਗਿਆਨ ਨੂੰ ਵਧਾਇਆ, ਭਰਮਾਂ ਨੂੰ ਹਟਾਇਆ ਅਤੇ ਮਨੁੱਖੀ ਪ੍ਰਤਿਭਾਵਾਂ ਨੂੰ ਪੁੰਗਰਨ ਪਲਰਨ ਲਈ ਕੁਦਰਤੀ ਸੁਖਾਵਾਂ ਸਾਜ਼ਗਾਰ ਮਾਹੌਲ ਪ੍ਰਦਾਨ ਕੀਤਾ ਜਾ ਸਕੇ | 200 ਏਕੜ ਦਾ ਰਕਬਾ, ਜਿੱਥੇ 4 ਸਦੀਆਂ ਪਹਿਲਾਂ ਮੁਗਲ ਸ਼ਹਿਨਸ਼ਾਹ ਜਹਾਂਗੀਰ ਦੀ ਆਰਾਮਗਾਹ ਹੋਇਆ ਕਰਦੀ ਸੀ | ਦਿੱਲੀ ਤੋਂ ਲਾਹੌਰ ਯਾਤਰਾ ਦੇ ਸਫ਼ਰ ਦੀ ਕਿਆਮਗਾਹ | ਸਭ ਤੋਂ ਪਹਿਲਾਂ 7 ਜੂਨ 1938 ਨੂੰ 16 ਪਰਿਵਾਰਾਂ ਨੇ ਇਸ ਕਸਬੇ ਵਿਚ ਵਾਸ ਕੀਤਾ, ਜਿਨ੍ਹਾਂ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਾਵਲਕਾਰ ਨਾਨਕ ਸਿੰਘ, ਗਿਆਨੀ ਹਰਭਜਨ ਸਿੰਘ, ਪੰਡਿਤ ਦੀਨ ਦਿਆਲ, ਕਰਤਾਰ ਸਿੰਘ ਸੱਚਦੇਵ, ਬਖਸ਼ੀਸ਼ ਸਿੰਘ, ਗੁਰਬਚਨ ਸਿੰਘ ਖੁਰਾਣਾ, ਕਵੀ ਪਿਆਰਾ ਸਿੰਘ ਸਹਿਰਾਈ, ਕਹਾਣੀਕਾਰ ਨੌਰੰਗ ਸਿੰਘ,ਡੀਸੀ ਡਾਵਰ, ਚਮਨ ਲਾਲ, ਅਮਰ ਸਿੰਘ, ਦਲੀਪ ਸਿੰਘ, ਤਾਰਾ ਸਿੰਘ ਮਲਹੋਤਰਾ, ਹਰਚਰਨ ਸਿੰਘ ਵਰਗੇ ਉੱਚ ਕੋਟੀ ਦੇ ਲੇਖਕਾਂ, ਦੇਸ਼ਭਗਤਾਂ ਅਤੇ ਵਿਦਵਾਨਾਂ ਦੇ ਪਰਿਵਾਰ ਸ਼ਾਮਲ ਸਨ | ਹੌਲੀ-ਹੌਲੀ ਇਸ ਕਸਬੇ ਦਾ ਵਿਸਥਾਰ ਹੋਣ ਲੱਗਿਆ ਅਤੇ ਨਵੇਂ ਲੋਕ ਆ ਕੇ ਵੱਸਣ ਲੱਗੇ | ਵਿਸ਼ਵ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਵੀ ਪ੍ਰੀਤ ਨਗਰ ਵਿਚ ਰਹਿਣ ਲੱਗੇ | ਸਾਂਝਾ ਲੰਗਰ, ਸਾਂਝੀ ਡੇਅਰੀ, ਸਾਂਝਾ ਬਹੁਮੰਤਵੀ ਰਸਦ ਸਟੋਰ, ਸਵੱਛ ਆਹਾਰ ਵਾਲਾ ਸਾਂਝਾ ਰੈਸਟੋਰੈਂਟ, ਸਾਂਝੀ ਖੇਤੀ, ਸਾਂਝਾ ਛਾਪਾਖਾਨਾ, ਹਸਪਤਾਲ, ਸ਼ੌਚਾਲੇ ਅਤੇ ਜਨਤਕ ਇਸ਼ਨਾਨਘਰ ਵੀ ਬਣਾਏ ਗਏ | ਕੁੜੀਆਂ ਮੁੰਡਿਆਂ ਨੂੰ ਸਾਂਝੀ ਸਿੱਖਿਆ ਦੇਣ ਵਾਲਾ ਰਿਹਾਇਸ਼ੀ ਸਰਗਰਮੀ ਸਕੂਲ ਦੇ ਨਾਲ-ਨਾਲ ਇਕ ਦਿਹਾਤੀ ਸਕੂਲ ਵੀ ਖੋਲਿ੍ਹਆ, ਜਿਸ ਵਿਚ ਰਵਾਇਤੀ ਕਿੱਤਿਆਂ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ | ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਵੀ ਕਈ ਨਵੇਂ ਪ੍ਰਯੋਜਨ ਕੀਤੇ ਗਏ | ਸੁਪਨੇ ਤਾਬੀਰ ਹੋਣ ਲੱਗੇ | 23 ਮਈ 1941 ਨੂੰ ਗੁਰੂਦੇਵ ਰਵਿੰਦਰ ਨਾਥ ਟੈਗੋਰ ਨੇ ਆਪਣੇ ਵਸਾਏ ਸ਼ਾਂਤੀ ਨਿਕੇਤਨ ਵਿਚਲੇ 'ਵਿਸ਼ਵ ਭਾਰਤੀ ਵਿਸ਼ਵ ਵਿਦਿਆਲਿਆ' ਦੇ ਉੱਪ ਕੁਲਪਤੀ ਨੂੰ ਇਹ ਕਸਬਾ ਵੇਖਣ ਲਈ ਭੇਜਿਆ, ਜੋ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਸਾਂਝੇ ਉਦਮਾਂ ਨੂੰ ਦੇਖ ਕੇ ਡਾਢਾ ਪ੍ਰਭਾਵਿਤ ਹੋਇਆ | 23 ਮਈ, 1942 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਇਸ ਕਸਬੇ ਵਿਚ ਵਿਸ਼ੇਸ਼ ਫੇਰੀ ਪਾਈ | ਉਰਦੂ ਕਵੀ ਫ਼ੈਜ਼ ਅਹਿਮਦ ਫ਼ੈਜ਼, ਪੰਜਾਬੀ ਨਾਟਕ ਦੀ ਨਕੜ-ਨਾਨੀ ਨੌਰਾ ਰਿਚਰਡਸ, ਪੰਜਾਬੀਅਤ ਦੇ ਬੋਹੜ ਮੁਹਿੰਦਰ ਸਿੰਘ ਰੰਧਾਵਾ, ਬਲਰਾਜ ਸਾਹਨੀ ਵੀ ਗਾਹੇ-ਬਗਾਹੇ ਪ੍ਰੀਤਨਗਰ ਵਿਚ ਪੈੜਾਂ ਪਾਉੰਦੇ ਰਹੇ | ਬਲਵੰਤ ਗਾਰਗੀ ਨੇ ਤਾਂ ਆਪਣਾ ਨਾਟਕ ' ਲੋਹਾ ਕੁੱਟ' ਲਿਖਿਆ ਹੀ ਪ੍ਰੀਤਨਗਰ ਰਹਿ ਕੇ ਸੀ | ਫਿਲਮ ਇੰਡਸਟਰੀ ਮੁੰਬਈ ਦੀ ਨਾਮਵਰ ਅਦਾਕਾਰ ਅਚਲਾ ਸਚਦੇਵ ਨੇ ਇਥੇ ਨਾਟਕ ਵੀ ਕੀਤੇ | ਸਮਾਜਿਕ ਤੇ ਆਰਥਿਕ ਗਤੀਵਿਧੀਆਂ ਦੇ ਨਾਲ-ਨਾਲ ਸਾਹਿਤ, ਰੰਗਮੰਚ, ਚਿੱਤਰਕਲਾ, ਸੰਗੀਤ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰਾਂ ਨਾਲ ਜੁੜੀਆਂ ਸਰਗਰਮੀਆਂ ਨੂੰ ਵੀ ਹੱਕੀ ਬਣਦੀ ਥਾਂ ਦਿੱਤੀ ਜਾਂਦੀ ਰਹੀ | ਸਭਿਅਕ ਮਨੁੱਖੀ ਵਾਸੇ ਦੇ ਇਸ ਨਵੇਂ ਮਾਡਲ ਦੀ ਚਰਚਾ ਦੂਰ-ਦੂਰ ਤੱਕ ਹੋਣ ਲੱਗੀ ਸੀ | ਪ੍ਰੰਤੂ 1947 ਦੀ ਗੈਰ-ਕੁਦਰਤੀ ਵੰਡ ਦੇ ਕਹਿਰ ਨੇ ਪ੍ਰੀਤਨਗਰ ਦੇ ਸੁਪਨੇ ਦਾ ਜਵਾਨ ਹੋਣ ਤੋਂ ਪਹਿਲਾਂ ਹੀ ਗਲਾ ਘੁੱਟ ਦਿੱਤਾ | ਲਾਹੌਰ ਅਤੇ ਅੰਮਿ੍ਤਸਰ ਦੇ ਬਿਲਕੁਲ ਵਿਚਕਾਰ ਇਕ ਸੱਭਿਆਚਾਰਕ ਸਾਂਝ ਦੇ ਕੇਂਦਰ ਵਜੋਂ ਤਾਮੀਰ ਹੋ ਰਿਹੈ ਪ੍ਰੀਤਨਗਰ ਹੁਣ ਇਕ ਉਜਾੜ ਸਰਹੱਦੀ ਕਸਬੇ ਦਾ ਰੂਪ ਧਾਰਨ ਲੱਗਿਆ | ਅਨੇਕਾਂ ਪਰਿਵਾਰ ਪ੍ਰੀਤ ਨਗਰ ਨੂੰ ਬੇਹੱਦ ਉਦਾਸ ਮਨਾਂ ਨਾਲ ਛੱਡ ਕੇ ਦੂਰ-ਦੁਰਾਡੇ ਹੋਰ ਥਾਵਾਂ 'ਤੇ ਚਲੇ ਗਏ | ਗੈਰ-ਸਮਾਜੀ ਅਨਸਰਾਂ ਦੀ ਨਜ਼ਰ ਅਮੀਰ ਵਿਰਸੇ ਨੂੰ ਤਕਾਉਣ ਲੱਗੀ | ਇਕ ਘੋਰ ਉਦਾਸੀ ਚੁਫੇਰੇ ਛਾ ਗਈ | ਰਹਿੰਦੀ-ਸੁਹੰਦੀ ਕਸਰ 1965 ਅਤੇ 1971 ਦੀਆਂ ਭਾਰਤ-ਪਾਕਿਸਤਾਨ ਲੜਾਈਆਂ ਨੇ ਕੱਢ ਦਿੱਤੀ | ਇਕ ਸਹਿਕ ਰਿਹਾ ਪ੍ਰੀਤ ਸੁਪਨਾ ਦਮ ਤੋੜਨ ਦੇ ਕਗਾਰ ਜਾ ਪਹੁੰਚਿਆ | ਇਕ ਦੌਰ ਵਿਚ ਜਿੱਥੇ ਬਲਰਾਜ ਸਾਹਨੀ, ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਹਿਰਦੈਪਾਲ ਸਿੰਘ, ਉਮਾ ਗੁਰਬਖਸ਼ ਸਿੰਘ ਵਰਗੇ ਅਨੇਕਾਂ ਲੇਖਕ ਅਦਾਕਾਰ, ਚਿੱਤਰਕਾਰ ਅਤੇ ਦਾਨਸ਼ਵਰ ਲੋਕ ਇਸ ਕਸਬੇ ਵਿਚ ਵੱਸ ਰਹੇ ਸਨ | ਰੋਜ਼ਾਨਾ ਇਕੱਤਰਤਾਵਾਂ ਹੁੰਦੀਆਂ, ਵਿਚਾਰ ਵਟਾਂਦਰੇ ਹੁੰਦੇ, ਬੱਚੇ ਕੱਠੇ ਖੇਡਦੇ-ਮੱਲਦੇ, ਇਕੱਠੇ ਖਾਣਾ ਖਾਂਦੇ | ਛਾਪੇਖਾਨੇ ਵਿਚ 'ਪ੍ਰੀਤਲੜੀ', 'ਬਾਲ ਸੰਦੇਸ਼' ਵਰਗੇ ਰਸਾਲੇ ਛਪਦੇ, ਪੋਸਟ ਹੁੰਦੇ |
ਪੰਜਾਬ ਸਮੇਤ ਦੁਨੀਆਂ ਦੇ ਕੋਨੇ ਕੋਨੇ ਵਿਚ ਪੰਜਾਬੀ ਘਰਾਂ ਤੱਕ ਪਹੁੰਚਦੇ,ਪ੍ਰੀਤ ਪਾਠਕਾਂ ਦਾ ਮੇਲਾ ਲੱਗਿਆ ਰਹਿੰਦਾ | ਇਕ ਆਦਰਸ਼ਕ ਭਾਈਚਾਰਕ ਮਾਹੌਲ ਜਿਸ ਵਿਚ ਹਰ ਇਨਸਾਨ ਦੇ ਬੌਧਿਕ ਵਿਕਾਸ ਲਈ ਸਾਵਾਂ ਸੁਖਾਵਾਂ ਵਾਤਾਵਰਨ ਸਿਰਜਿਆ ਗਿਆ ਸੀ, ਆਜ਼ਾਦੀ ਆਉਣ ਤੋਂ ਬਾਅਦ ਨਿਹਾਇਤ ਉਦਾਸ ਹੋ ਗਿਆ | ਇਸ ਦੌਰ ਵਿਚ ਸਾਡੇ ਸਮਾਜਿਕ ਢਾਂਚੇ ਨੇ ਵੀ ਇਕ ਨਵੀੰ ਅੰਗੜਾਈ ਲੈਣੀ ਸ਼ੁਰੂ ਕਰ ਲਈ ਜਿਸ ਵਿਚ ਪ੍ਰੀਤ ਦੀ ਬਜਾਏ ਖ਼ੁਦਪ੍ਰਸਤੀ ਭਾਰੂ ਹੋਣ ਲੱਗੀ | ਪਿਛਲੇ ਕੁਝ ਅਰਸੇ ਤੋਂ ਇਸ ਦੇ ਵਾਰਸਾਂ ਨੇ ਪ੍ਰੀਤਨਗਰ ਦੀ ਇਸ ਵਿਰਾਸਤ ਨੂੰ ਸੰਭਾਲਣ ਲਈ ਮੁੜ ਤੋਂ ਯਤਨ ਸ਼ੁਰੂ ਕੀਤੇ ਹਨ | 'ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ' ਦਾ ਗਠਨ ਕਰਕੇ ਪ੍ਰੀਤਨਗਰ ਦੇ ਸੁਪਨਿਆਂ ਨੂੰ ਫਿਰ ਤੋਂ ਤਾਮੀਰ ਕਰਨ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ ਹਨ | ਇਸ ਫਾਊਾਡੇਸ਼ਨ ਵਲੋਂ ਆਪਣੀਆਂ ਗਤੀਵਿਧੀਆਂ ਚਲਾਉਣ ਲਈ ਪ੍ਰੀਤਨਗਰ ਨੂੰ ਆਪਣੇ ਮੁੱਖ ਦਫ਼ਤਰ ਦੇ ਰੂਪ ਵਿਚ ਚੁਣਿਆ ਹੈ | ਇਸ ਥਾਂ ਉੱਤੇ ਇਕ ਬਹੁਤ ਹੀ ਸ਼ਾਨਦਾਰ ਗੁਰਬਖ਼ਸ਼ ਸਿੰਘ, ਨਾਨਕ ਸਿੰਘ ਭਵਨ ਦੀ ਉਸਾਰੀ ਕੀਤੀ ਗਈ ਹੈ | ਦੋ ਮੰਜ਼ਿਲਾ ਇਸ ਸੱਭਿਆਚਾਰ ਕੇਂਦਰ ਦੀ ਇਮਾਰਤ ਨੂੰ 'ਪ੍ਰੀਤ ਭਵਨ' ਦਾ ਨਾਂ ਦਿੱਤਾ ਗਿਆ ਹੈ, ਜਿਸ ਵਿਚ ਇਕ ਲਾਇਬ੍ਰੇਰੀ, ਇਕ ਆਰਟ ਰੂਮ, ਓਪਨ ਏਅਰ ਥੀਏਟਰ, ਵਰਕਸ਼ਾਪਾਂ, ਵਿਚਾਰ ਚਰਚਾਵਾਂ ਜਾਂ ਛੋਟੀਆਂ ਕਲਾਤਮਕ ਸਰਗਰਮੀਆਂ ਲਈ ਵਰਤਣ ਲਈ ਹਾਲ ਕਮਰਾ, ਇਸ ਤੋਂ ਇਲਾਵਾ ਚਾਰ ਰਿਹਾਇਸ਼ੀ ਕਮਰੇ ਹਨ ਜਿੱਥੇ ਖੋਜਕਾਰ ਵਿਦਿਆਰਥੀ ਅਤੇ ਲੇਖਕ ਕੁਝ ਅਰਸੇ ਲਈ ਠਹਿਰ ਵੀ ਸਕਦੇ ਹਨ | ਆਧੁਨਿਕ ਸਹੂਲਤਾਂ ਨਾਲ ਲੈਸ ਆਡੀਟੋਰੀਅਮ ਜੋ ਪੂਰੀ ਤਰ੍ਹਾਂ ਡਿਜੀਟਲ ਅਤੇ ਵਾਤਾਅਨੁਕੂਲ ਹੈ | ਇਕ ਸ਼ਾਨਦਾਰ ਲਾਇਬ੍ਰੇਰੀ ਜਿਸ ਵਿਚ ਹਜ਼ਾਰਾਂ ਮਿਆਰੀ ਪੁਸਤਕਾਂ ਹਾਜ਼ਰ ਹਨ ਅਤੇ ਸਭ ਤੋਂ ਵੱਡਾ ਇਕ ਕੁਦਰਤੀ ਸ਼ਾਂਤ ਵਾਤਾਵਰਨ ਜੋ ਤੁਹਾਡੇ ਜਗਿਆਸੂ ਮਨ ਨੂੰ ਕਲਪਨਾਵਾਂ ਦੇ ਅੰਬਰ ਵਿਚ ਲੈ ਜਾਣ ਲਈ ਸਾਜ਼ਗਾਰ ਬਣਿਆ ਰਹਿੰਦਾ ਹੈ | ਇਸ ਪ੍ਰੀਤ ਭਵਨ ਵਿਚ ਛੋਟੇ-ਛੋਟੇ ਸਮਾਗਮ, ਨਾਟਕ ਅਤੇ ਵਿਚਾਰ ਚਰਚਾਵਾਂ ਆਯੋਜਿਤ ਹੁੰਦੀਆਂ ਰਹਿੰਦੀਆਂ ਹਨ | ਨਾਮਵਰ ਨਾਟਕਕਾਰ ਕੇਵਲ ਧਾਲੀਵਾਲ ਵਲੋਂ ਇਸ ਥਾਂ ਤੇ ਸਮੇਂ-ਸਮੇਂ ਨਾਟਕ ਵੀ ਕੀਤੇ ਜਾਂਦੇ ਹਨ | ਪਿਛਲੇ ਸਾਲ ਤੋਂ 'ਕਾਮਰੇਡ ਜਗਜੀਤ ਅਨੰਦ+ਉਰਮਿਲਾ ਆਨੰਦ ਸਿਮਰਤੀ ਸਮਾਗਮ' ਵੀ ਮਾਰਚ ਮਹੀਨੇ ਇੱਥੇ ਆਯੋਜਿਤ ਹੋਣ ਲੱਗਾ ਹੈ | ਇਸ ਵਰ੍ਹੇ ਵੀ 22 ਮਾਰਚ ਨੂੰ ਇਹ ਸਮਾਗਮ ਉੱਥੇ ਆਯੋਜਿਤ ਹੋ ਰਿਹਾ ਹੈ, ਜਿਸ ਵਿਚ ਇਕ ਪੱਤਰਕਾਰ ਅਤੇ ਪੰਜਾਬੀ ਭਾਸ਼ਾ ਦੀ ਇਕ ਚੋਣਵੀਂ ਕਹਾਣੀ ਨੂੰ 51000/- ਰੁਪਏ ਅਤੇ 21000/- ਰੁਪਏ ਦਾ ਪੁਰਸਕਾਰ ਦਿੱਤਾ ਜਾ ਹੈ | ਪ੍ਰੀਤ ਨਗਰ ਦੇ ਸੁਪਨਿਆਂ ਨੂੰ ਇਸੇ ਤਰ੍ਹਾਂ ਪੁਨਰ ਸੁਰਜੀਤ ਕਰਨ ਦੀ ਅਣਸਰਦੀ ਲੋੜ ਹੈ, ਨਾ ਸਿਰਫ ਅੰਮਿ੍ਤਸਰ ਦੇ ਆਲੇ ਦੁਆਲੇ ਦੀਆਂ ਸਾਹਿਤਕ ਸੱਭਿਆਚਾਰਕ ਸੰਸਥਾਵਾਂ ਨੂੰ ਸਾਲ ਵਿਚ ਉੱਥੇ ਇਕ ਸਮਾਗਮ ਕਰਨ ਦੀ ਲੋੜ ਹੈ ਉੱਥੇ ਆਲੇ ਦੁਆਲੇ ਦੇ ਸਕੂਲੀ ਵਿਦਿਆਰਥੀਆਂ ਨੂੰ ਵੀ ਇਸ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਹਿੱਤ ਇੱਥੇ ਵਿੱਦਿਅਕ ਯਾਤਰਾ ਵਜੋਂ ਲਿਆਉਣ ਦੀ ਜ਼ਰੂਰਤ ਹੈ | ਪੰਜਾਬ ਭਰ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਅਧਿਆਪਕਾਂ ਨੂੰ ਇਹ ਜਗ੍ਹਾ ਜ਼ਿਆਰਤ ਕਰਨ ਲਈ ਪਹੁੰਚਣਾ ਚਾਹੀਦਾ ਹੈ | ਸਾਹਿਤ ਸਭਾਵਾਂ ਅਤੇ ਹੋਰ ਸਾਹਿਤਕ ਸੰਸਥਾਵਾਂ ਨੂੰ ਪ੍ਰੀਤਨਗਰ ਦੀਆਂ ਯਾਤਰਾਵਾਂ ਕਰਵਾਉਣੀਆਂ ਚਾਹੀਦੀਆਂ ਹਨ | ਬਲਕਿ ਪੰਜਾਬ ਭਰ ਵਿਚੋਂ ਹੀ ਨਹੀਂ ਸਗੋਂ ਬਾਹਰੋਂ ਵੀ ਜੋ ਲੋਕ ਅੰਮਿ੍ਤਸਰ ਵਿਖੇ ਹਰਿਮੰਦਰ ਸਾਹਿਬ, ਜਲਿ੍ਹਆਂਵਾਲਾ ਬਾਗ ਅਤੇ ਹੋਰਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਹਨ, ਉਨ੍ਹਾਂ ਨੂੰ ਅੰਮਿ੍ਤਸਰ ਤੋਂ ਸਿਰਫ਼ 30 ਕਿੱਲੋਮੀਟਰ ਦੂਰ ਪ੍ਰੀਤਨਗਰ ਨੂੰ ਵੀ ਆਪਣੀ ਯਾਤਰਾ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ, ਤਾਂ ਕਿ ਉਹ ਉਸ ਅਮੀਰ ਸੱਭਿਆਚਾਰਕ ਵਿਰਾਸਤ ਤੋਂ ਵੀ ਜਾਣੂ ਹੋ ਸਕਣ, ਜਿਸ ਦਾ ਸੁਪਨਾ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਸਾਂਝੇ ਮਨੁੱਖੀ ਸੱਭਿਆਚਾਰ ਦੀ ਉਸਾਰੀ ਕਰਨ ਹਿੱਤ 1938 ਦੇ ਵਿਚ ਲਿਆ ਸੀ ... |

-ਮੋਬਾਈਲ : 98729-89313.

 

ਸਾਡੇ ਰੌਣਕ-ਮੇਲੇ ਤੇ ਰੰਗ ਤਮਾਸ਼ੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਲੋਹੜੀ ਤੇ ਬਸੰਤ ਵਾਂਗ ਹੋਲੀ ਵੀ ਖਿੱਤੇ ਦੀ ਮੌਸਮੀ ਤਬੀਅਤ ਨਾਲ ਜੁੜਿਆ ਤਿਉਹਾਰ ਹੈ | ਇਸ ਤਿਉਹਾਰ ਮੌਕੇ ਬਹਾਰ ਦੀ ਰੁੱਤ ਨੇ ਸਿਖ਼ਰ 'ਤੇ ਆਉਣਾ ਹੁੰਦਾ ਹੈ ਤੇ ਸਾਰੀ ਬਨਸਪਤੀ ਖਿੜਨ ਤੋਂ ਬਾਅਦ ਫਲਣ ਵਾਲੀ ਅਵਸਥਾ 'ਚ ਆ ਜਾਂਦੀ ਹੈ | ਅਜਿਹੇ ਕੁਦਰਤੀ ਮਾਹੌਲ 'ਚ ਲੋਕਾਂ ਦੇ ਮਨਾਂ 'ਚ ਪੈਦਾ ਹੋਏ ਚਾਅ ਤੇ ਉਮੰਗਾਂ ਨੂੰ ਰੰਗਾਂ ਰਾਹੀਂ ਇਕ ਦੂਜੇ 'ਤੇ ਸੁੱਟ ਕੇ ਹੋਲੀ ਮਨਾਉਣ ਦਾ ਮੁੱਢ ਬੱਝਿਆ | ਹਰਨਾਕਸ਼ ਦੀ ਭੈਣ ਹੋਲਿਕਾ ਤੇ ਪ੍ਰਹਿਲਾਦ ਦੀ ਪੌਰਾਣਕ ਕਥਾ ਇਸ ਤਿਉਹਾਰ ਦੀ ਮਿਥਿਹਾਸਕ ਪਰੰਪਰਾ ਨੂੰ ਯਾਦ ਕਰਾਉਂਦੀ ਹੈ | ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਸ਼ਤਰ ਵਿਦਿਆ ਦੇ ਮੁਕਾਬਲੇ ਕਰਵਾਉਣ ਦੀ ਪਰੰਪਰਾ ਸ਼ੁਰੂ ਕਰਕੇ ਰੰਗਾਂ ਦੇ ਇਸ ਤਿਉਹਾਰ ਨੂੰ ਨਵਾਂ ਰੂਪ ਦਿੱਤਾ ਤੇ ਕੌਮ 'ਚ ਬੀਰਰਸੀ ਭਾਵ ਪੈਦਾ ਕਰਨ ਲਈ ਹੋਲਾ ਮਹੱਲਾ ਮਨਾਉਣ ਦੀ ਰੀਤ ਚਲਾਈ | ਅੱਜ ਪਿੰਡਾਂ ਸ਼ਹਿਰਾਂ ਦੀ ਮੰਡੀਰ ਹੋਲੀ ਦੇ ਤਿਉਹਾਰ ਨੂੰ ਮਨਾਉਣ ਲਈ ਇਸ ਦੇ ਭੂਗੋਲਿਕ ਜਾਂ ਇਤਿਹਾਸਕ ਸਰੋਕਾਰਾਂ ਨੂੰ ਸਮਝਣ ਦੀ ਕਦੇ ਕੋਸ਼ਿਸ਼ ਨਹੀਂ ਕਰਦੀ | ਹੁਣ ਅੜਬ ਨੌਜਵਾਨਾਂ ਵਲੋਂ ਆਪਣੇ ਮੋਟਰ ਸਾਈਕਲਾਂ ਦੀ ਆਵਾਜ਼ ਉੱਚੀ ਪੈਦਾ ਕਰਨ ਲਈ ਸਾਈਲੈਂਸਰ ਪੜਵਾ ਤਿੰਨ ਚਾਰ ਜਣਿਆਂ ਵਲੋਂ ਸਵਾਰ ਹੋ ਗੰਦੇ-ਮੰਦੇ ਬਜ਼ਾਰੂ ਰੰਗ ਗਲੀਆਂ-ਬਜ਼ਾਰਾਂ 'ਚ ਕੰਮਕਾਰ ਕਰ ਰਹੇ ਲੋਕਾਂ ਖਾਸ ਕਰਕੇ ਔਰਤਾਂ ਅਤੇ ਲੜਕੀਆਂ 'ਤੇ ਸੁੱਟਣ ਨੂੰ ਹੋਲੀ ਮਨਾਉਣ ਦਾ ਨਾਂਅ ਦਿੱਤਾ ਜਾਂਦਾ ਹੈ | ਆਪਣੇ ਗ਼ੈਰ-ਸੱਭਿਅਕ ਵਤੀਰੇ ਨੂੰ ਅਮਲੀ ਜਾਮਾ ਦੇਣ ਵਾਲੀ ਮਨਚਲੀ ਮੰਡ੍ਹੀਰ ਲਈ ਲੋਕਾਂ 'ਤੇ ਜ਼ਬਰਦਸਤੀ ਥੋਪਿਆ ਜਾਂਦਾ ਅੜਬਪੁਣਾ ਤੇ ਤਮਾਸ਼ਗਿਰੀ 'ਰੰਗਾਂ ਦੇ ਤਿਉਹਾਰ ਦੀ ਖੂਬਸੂਰਤੀ ਨੂੰ ਕੁਹਜ 'ਚ ਬਦਲ ਰਿਹਾ ਹੈ |
ਮੇਲੇ ਤੇ ਤਿਉਹਾਰਾਂ ਤੋਂ ਇਲਾਵਾ ਪੰਜਾਬ ਦੀ ਸਮਾਜਿਕ ਜ਼ਿੰਦਗੀ 'ਚ ਸ਼ਾਦੀ, ਵਿਆਹ, ਕੁੜਮਾਈ, ਜੰਮਣ ਤੇ ਮਰਨੇ ਵੀ ਬੜੀ ਅਹਿਮੀਅਤ ਰੱਖਿਆ ਕਰਦੇ ਸਨ | ਜਿਊਣ ਦੇ ਬਦਲ ਰਹੇ ਤੌਰ ਤਰੀਕਿਆਂ ਤੇ ਸਮਾਜ 'ਚ ਆਪਣੀ ਹੋਂਦ ਦਿਖਾਉਣ ਦੀ ਖਵਾਇਸ਼ ਨੇ ਪੰਜਾਬੀਆਂ ਦੇ ਹਰ ਸਮਾਜਿਕ ਧਾਰਮਿਕ ਕਾਰਜ ਨੂੰ ਸਿਰੇ ਦੇ ਦਿਖ਼ਾਵੇ ਤੇ ਫਜ਼ੂਲ ਖ਼ਰਚੀ ਦੇ ਭਰਮਜਾਲ 'ਚ ਬੁਰੀ ਤਰ੍ਹਾਂ ਜਕੜ ਦਿੱਤਾ ਹੈ | ਪੰਜਾਬ 'ਚ ਸਾਦੇ ਵਿਆਹ ਦੀ ਗੱਲ ਮਿਹਣੇ ਦੇ ਬਰਾਬਰ ਤੇ ਬੰਦੇ ਦੀ ਵਿੱਤੀ ਕਮਜ਼ੋਰੀ ਦਾ ਸੰਕੇਤ ਮੰਨੀ ਜਾਂਦੀ ਹੈ | ਇਥੇ ਕਿਸੇ ਵੀ ਵਿਆਹ ਮੌਕੇ ਲੱਕ ਤੋੜਵਾਂ ਖਰਚਾ ਤੇ ਮੰੁਡੇ ਵਾਲਿਆਂ ਨੂੰ ਮਹਿੰਗੇ ਤੋਹਫੇ ਲੜਕੀ ਵਾਲਿਆਂ ਵਲੋਂ ਦੇਣੇ ਲਾਜ਼ਮੀ ਸ਼ਰਤ ਹੈ | ਸ਼ਾਦੀ ਵਿਆਹ ਦੀ ਹਰ ਹਸਰਤ ਤੇ ਚਾਅ ਮਲ੍ਹਾਰ ਪੈਲੇਸ ਸੱਭਿਆਚਾਰ ਦੀਆਂ ਮਹਿੰਗੀਆਂ ਤੇ ਫਜ਼ੂਲ ਰਸਮਾਂ ਦੁਆਲੇ ਸਿਮਟ ਰਹੇ ਹਨ | ਪੈਲੇਸ 'ਚ ਸੌ ਤਰ੍ਹਾਂ ਦੇ ਪਾਧ ਪਦਾਰਥ ਤੇ ਸ਼ਰਾਬ ਦੀਆਂ ਖੁੱਲ੍ਹੀਆਂ ਦਾਅਵਤਾਂ ਤੋਂ ਬਿਨਾਂ ਵਿਆਹ ਸਮਾਗਮ ਨੇਪਰੇ ਨਹੀਂ ਚੜ੍ਹਦਾ | ਵਿਆਹ ਸ਼ਾਦੀ ਦੀਆਂ ਸਾਦੀਆਂ ਤੇ ਰਵਾਇਤੀ ਰਸਮਾਂ ਤੇ ਸੁਹਾਗ, ਘੋੜੀਆਂ, ਢੋਲੇ, ਟੱਪੇ, ਸਿੱਠਣੀਆਂ ਰਾਹੀਂ ਕੀਤੇ ਜਾਂਦੇ ਸਾਰੇ ਚਾਅ ਤੇ ਵਲਵਲੇ ਵਿਆਹ ਵਾਲੇ ਘਰ ਦੇਰ ਰਾਤ ਤੱਕ ਚੱਲਣ ਵਾਲੇ ਹਾਈਵੋਲਟੇਜ ਡੀ.ਜੇ. 'ਤੇ ਵੱਜਦੇ ਲਲਕਾਰਿਆਂ ਦੇ ਖਰੂਦ 'ਚ ਗੁਆਚ ਗਏ ਹਨ | ਸਮਾਜ 'ਚ ਆਪਣੀ ਧੌਾਸ ਤੇ ਰੋਅਬ ਦਿਖਾਉਣ ਦੇ ਮੰਤਵ ਨਾਲ ਕੁੜੀ ਮੰਡੇ ਦੇ ਵਿਆਹ ਮੌਕੇ ਕੱਢੀ ਜਾਂਦੀ ਜਾਗੋ 'ਤੇ Ñਲਾਇਸੈਂਸੀ ਜਾਂ ਨਾਜਾਇਜ਼ ਹਥਿਆਰਾਂ ਨਾਲ ਫਾਇਰ ਕੱਢਣੇ ਵੀ ਪੰਜਾਬ ਦੇ ਵਿਆਹਾਂ ਦੀ ਜ਼ਰੂਰੀ ਰਸਮ ਬਣ ਗਈ ਹੈ | ਉਂਝ ਕਹਿਣ ਨੂੰ ਪੰਜਾਬ ਦੀ ਖੇਤੀ ਵਿੱਤੀ ਸੰਕਟ ਦੀ ਸ਼ਿਕਾਰ ਹੈ ਤੇ ਇਸ ਸੰਕਟ ਤੋਂ ਬਚਣ ਲਈ ਪੰਜਾਬ ਦਾ ਹਰ ਜਵਾਨ ਵਿਦੇਸ਼ਾਂ ਵੱਲ ਉਡਾਰੀਆਂ ਮਾਰਨ ਲਈ ਤਿਆਰ ਬੈਠਾ ਹੈ | ਇਹ ਤਾਂ ਲੋਕਾਂ ਦਾ ਰੱਬ ਹੀ ਜਾਣਦਾ ਹੈ ਕਿ ਪੰਜਾਬ ਦੇ ਲੋਕ ਪੈਲੇਸਾਂ ਦੇ ਮਹਿੰਗੇ ਵਿਆਹ, ਮਹਿੰਗੇ ਤੋਹਫ਼ਿਆਂ, ਸ਼ਰਾਬਾਂ ਤੇ ਖਾਣ ਪੀਣ ਵਾਲੀਆਂ ਦਾਅਵਤਾਂ ਲਈ ਪੈਸੇ ਦਾ ਜੁਗਾੜ ਕਿਵੇਂ ਕਰ ਰਹੇ ਹਨ | ਦਿਖਾਵੇ ਤੇ ਫਜ਼ੂਲ-ਖਰਚੀ ਦਾ ਲੋਕਾਂ ਦੀ ਸਮਾਜਿਕ ਜ਼ਿੰਦਗੀ 'ਤੇ ਏਨਾ ਅਸਰ ਹੈ ਕਿ ਲੋਕਾਂ ਨੇ ਆਪਣੇ ਮਰਨ ਤੇ ਸੋਗ ਦੇ ਸਮਾਗਮਾਂ 'ਚ ਵੀ ਸਾਦਗੀ ਨਹੀਂ ਰਹਿਣ ਦਿੱਤੀ | ਬਜ਼ੁਰਗਾਂ ਦੇ ਇਕੱਠਾਂ ਤੇ ਭੋਗ ਸਮਾਗਮਾਂ 'ਤੇ ਵੀ ਹੁਣ ਵਿਆਹਾਂ ਵਰਗੇ ਸ਼ਾਮਿਆਨੇ ਤੇ ਸੁਆਦੀ ਪਕਵਾਨ ਖਾਧੇ ਤੇ ਖਿਲਾਏ ਜਾਂਦੇ ਹਨ | ਫੋਕੀ ਟੌਹਰ ਤੇ ਹਊਮੈ ਦਾ ਦਿਖਾਵਾ ਕਰਨ ਦੇ ਚੱਕਰ 'ਚ ਲੋਕਾਂ ਨੂੰ ਇਸ ਗੱਲ ਦਾ ਚੇਤਾ ਹੀ ਨਹੀਂ ਰਹਿੰਦਾ ਕਿ ਘਰ 'ਚੋਂ ਕੋਈ ਜੀਅ ਸਦਾ ਸਦਾ ਲਈ ਰੁਖ਼ਸਤ ਹੋ ਗਿਆ ਹੈ ਤੇ ਉਸਦੇ ਜਾਣ ਦੇ ਸੋਗ ਨੂੰ ਹੀ ਧਿਆਨ 'ਚ ਰੱਖ ਲਿਆ ਜਾਵੇ |
ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਮੇਲੇ ਤਿਉਹਾਰ ਤੇ ਰੀਤੀ ਰਿਵਾਜ ਕਿਸੇ ਸਮਾਜ ਦੀ ਸੱਭਿਆਚਾਰਕ ਅਮੀਰੀ ਦਾ ਸਬੂਤ ਹੁੰਦੇ ਹਨ ਤੇ ਇਹ ਜੀਵਨ ਦੇ ਸੁਭਾਵਿਕ ਅਮਲ ਵਜੋਂ ਆਪਣੀ ਹੋਂਦ ਰੱਖਦੇ ਹਨ | ਇਨ੍ਹਾਂ 'ਚੋਂ ਜੇ ਲੋਕ ਜੀਵਨ ਦੀ ਸਾਂਝ ਤੇ ਆਪ-ਮੁਹਾਰੇ ਪ੍ਰਵਾਹ ਨੂੰ ਛੱਡ ਦਿੱਤਾ ਜਾਵੇ ਤਾਂ ਇਨ੍ਹਾਂ ਨੂੰ ਮਨਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ | ਮੇਲੇ ਤੇ ਤਿਉਹਾਰਾਂ ਦਾ ਰਵਾਇਤੀ ਰੂਪ ਬਰਕਰਾਰ ਰੱਖ ਕੇ ਹੀ ਇਨ੍ਹਾਂ ਦੇ ਮਹੱਤਵ ਨੂੰ ਸਮਝਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ | (ਸਮਾਪਤ)

-ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ |
deshpunjab777@gmail.com

 

 

 

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ ਅਨੋਖਾ ਅਦਾਕਾਰ : ਖ਼ਰੈਤੀ ਭੈਂਗਾ

1965 ਵਿਚ ਬਣਾਈ ਗਈ ਫ਼ਿਲਮ 'ਸ਼ੌਾਕਣ ਮੇਲੇ ਦੀ' ਦੇ ਨਿਰਮਾਤਾ ਮੇਰੇ ਗੁਆਂਢੀ ਸਨ | ਉਨ੍ਹਾਂ ਨੇ ਇਸ ਫ਼ਿਲਮ ਨਾਲ ਜੁੜੀ ਹੋਈ ਇਕ ਬੜੀ ਹੀ ਦਿਲਚਸਪ ਘਟਨਾ ਮੈਨੂੰ ਉਸ ਸਮੇਂ ਸੁਣਾਈ ਜਦੋਂ ਇਹ ਫ਼ਿਲਮ ਨਿਰਮਾਣ ਅਧੀਨ ਸੀ | ਇਸ ਵਾਕਿਆ ਦਾ ਸਬੰਧ ਖ਼ਰੈਤੀ ਭੈਂਗੇ ਨਾਲ ਸੀ |
ਨਿਰਮਾਤਾਵਾਂ ਦੇ ਅਨੁਸਾਰ ਉਨ੍ਹਾਂ ਨੇ ਆਪਣੇ ਨਿਰਦੇਸ਼ਕ (ਕੇਵਲ ਮਿਸ਼ਰਾ) ਦੀ ਸਿਫ਼ਾਰਸ਼ 'ਤੇ ਆਪਣੀ ਫ਼ਿਲਮ ਲਈ ਕਾਮੇਡੀਅਨ ਗੋਪਾਲ ਸਹਿਗਲ ਨੂੰ ਸਾਈਨ ਕੀਤਾ ਸੀ | ਸ਼ੂਟਿੰਗ ਵੀ ਸ਼ੁਰੂ ਹੋ ਗਈ ਸੀ ਪਰ ਦਿੱਕਤ ਇਹ ਆਈ ਕਿ ਫ਼ਿਲਮ ਦੇ ਵਿਤਰਕਾਂ ਨੇ ਸ਼ਰਤ ਰੱਖੀ ਕਿ ਇਸ ਵਿਚ ਖ਼ਰੈਤੀ ਦਾ ਕੋਈ ਯੋਗਦਾਨ ਨਹੀਂ ਹੈ, ਇਸ ਲਈ ਉਹ ਇਸ ਨੂੰ ਖਰੀਦਣ ਤੋਂ ਅਸਮਰੱਥ ਹਨ | ਮਜਬੂਰਨ ਉਨ੍ਹਾਂ ਨੂੰ ਇਸ ਫ਼ਿਲਮ 'ਚ ਖ਼ਰੈਤੀ ਨੂੰ ਵੀ ਲੈਣਾ ਪਿਆ ਸੀ | ਇਹ ਇਕ ਨਵੀਂ ਪ੍ਰਥਾ ਸੀ ਕਿਉਂਕਿ ਆਮ ਤੌਰ 'ਤੇ ਗੋਪਾਲ ਸਹਿਗਲ ਅਤੇ ਖ਼ਰੈਤੀ 'ਚੋਂ ਸਿਰਫ਼ ਇਕ ਹੀ ਕਾਮੇਡੀਅਨ ਪੰਜਾਬੀ ਫ਼ਿਲਮਾਂ 'ਚ ਹੋਇਆ ਕਰਦਾ ਸੀ |
ਖ਼ਰੈਤੀ ਦਾ ਸਬੰਧ ਲਾਹੌਰ ਨਾਲ ਸੀ | ਉਸ ਨੇ ਲਾਹੌਰ 'ਚ ਬਣ ਰਹੀਆਂ (ਦੇਸ਼ ਵੰਡ ਤੋਂ ਪਹਿਲਾਂ) ਕੁਝ ਕੁ ਫ਼ਿਲਮਾਂ 'ਚ ਸੰਖੇਪ ਜਿਹੇ ਰੋਲ ਕੀਤੇ ਸਨ | ਉਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਸੀ ਕਿ ਉਹ ਆਪਣੀਆਂ ਅੱਖਾਂ ਨੂੰ ਇੰਜ ਟੇਢਾ ਕਰਦਾ ਸੀ ਕਿ ਜਿਵੇਂ ਉਹ ਭੈਂਗਾ ਹੋਵੇ | ਉਸ ਦੀ ਇਹ ਹੀ ਅਦਾ ਦਰਸ਼ਕਾਂ ਨੂੰ ਆਕਰਸ਼ਤ ਕਰਦੀ ਸੀ | ਦਿਲਚਸਪ ਗੱਲ ਤਾਂ ਇਹ ਵੀ ਹੋਈ ਕਿ ਉਸ ਦੇ ਇਸ ਭੈਂਗੇਪਨ 'ਤੇ ਆਧਾਰਿਤ ਕਈ ਸੰਵਾਦ ਅਤੇ ਗੀਤ ਅਜੇ ਵੀ ਪੁਰਾਣੇ ਸਿਨੇਮਾ ਪ੍ਰੇਮੀਆਂ ਨੂੰ ਯਾਦ ਹਨ | ਖਾਸ ਤੌਰ 'ਤੇ ਵੱਖ-ਵੱਖ ਨਾਇਕਾਵਾਂ ਦੇ ਨਾਲ ਪੇਸ਼ ਕੀਤੀ ਗਈ ਨੋਕ-ਝੋਕ ਉਸ ਦੇ ਭੈਂਗੇਪਨ ਨੂੰ ਉਜਾਗਰ ਜ਼ਰੂਰ ਹੀ ਕਰਦੀ ਸੀ | ਸ਼ਾਇਦ ਹੀ ਉਸ ਸਮੇਂ ਦੀ ਕੋਈ ਨਾਇਕਾ ਹੋਵੇ ਜਿਸ ਨੇ ਇਹ ਸੰਵਾਦ ਨਾ ਬੋਲਿਆ ਹੋਵੇ, 'ਮਰ ਜਾਣਿਆ ਭੈਂਗਿਆ, ਤੂੰ ਜੁੱਤੀਆਂ ਦਾ ਕੱਚਾ ਹੈਾ, ਮੈਂ ਤੈਨੂੰ ਹੁਣੇ ਸਿੱਧਾ ਕਰਦੀ ਹਾਂ |'
ਖ਼ਰੈਤੀ ਦੀ ਅਦਾਕਾਰੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਉਹ ਬਹੁਤ ਹੀ ਹਾਜ਼ਰ ਜਵਾਬ ਸੀ | ਅਕਸਰ ਉਹ ਆਪਣੇ ਸੰਵਾਦ ਖੁਦ ਹੀ ਲਿਖ ਕੇ ਬੋਲਦਾ ਹੁੰਦਾ ਸੀ | ਇਸ ਅਭਿਨੈ ਵਿਸ਼ੇਸ਼ਤਾ ਨੂੰ ਅਭਿਨੇਤਰੀ ਨਿਸ਼ੀ ਨੇ ਵੀ ਕਈ ਵਾਰ ਸਵੀਕਾਰ ਕੀਤਾ ਸੀ |
ਨਿਸ਼ੀ ਅਨੁਸਾਰ ਇਕ ਫ਼ਿਲਮ ਦੇ ਇਕ ਦਿ੍ਸ਼ 'ਚ ਉਸ ਨੇ ਭੈਂਗੇ ਨੂੰ ਜੁੱਤੀਆਂ ਮਾਰਨ ਦੀ ਧਮਕੀ ਦੇਣੀ ਸੀ | ਲਿਹਾਜ਼ਾ ਉਸ ਨੇ ਫ਼ਿਲਮ ਦੇ ਸੈੱਟ 'ਤੇ ਆਪਣੀ ਚੱਪਲ ਉਤਾਰੀ ਅਤੇ ਗੁੱਸੇ ਦੇ ਲਹਿਜ਼ੇ 'ਚ ਕਿਹਾ, 'ਮੋਇਆ ਭੈਂਗਿਆ, ਤੇਰਾ ਇਲਾਜ ਇਹ ਛਿੱਤਰ ਹਨ |' ਇਸ ਸੰਵਾਦ ਦੇ ਜਵਾਬ 'ਚ ਭੈਂਗਾ ਸਿਰਫ਼ ਆਪਣਾ ਸਿਰ ਨਿਸ਼ੀ ਅੱਗੇ ਝੁਕਾ ਦਿੰਦਾ ਹੈ | ਨਿਸ਼ੀ ਇਹ ਅੰਦਾਜ਼ ਦੇਖ ਕੇ ਖੁਦ ਹੀ ਨਿੰਮੋਝੂਣਾ ਹੋ ਜਾਂਦੀ ਹੈ ਅਤੇ ਚੱਪਲ ਆਪਣੇ ਪੈਰੀਂ ਪਾ ਲੈਂਦੀ ਹੈ | ਇਸ ਸਮੇਂ ਖ਼ਰੈਤੀ ਨੇ ਆਪਣੀ ਤਰਫ਼ੋਂ ਉਸ ਵੇਲੇ ਘੜ ਕੇ ਇਹ ਸੰਵਾਦ ਬੋਲਿਆ, 'ਕੀ ਗੱਲ, ਸਲਾਹ ਹਟ ਗਈ ਜੇ?'
ਇਸੇ ਹੀ ਤਰ੍ਹਾਂ ਖ਼ਰੈਤੀ ਦੀ ਅਦਾਕਾਰੀ ਦੀ ਇਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਕਾਮੇਡੀਅਨ ਦੇ ਨਾਲ ਖਲਨਾਇਕੀ ਪ੍ਰਵਿਰਤੀਆਂ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਯੋਗਤਾ ਰੱਖਦਾ ਸੀ | ਇਸ ਦਿ੍ਸ਼ਟੀਕੋਣ ਤੋਂ ਵੀ ਉਹ ਕਮਾਲ ਦੀ ਹਾਜ਼ਰ ਜਵਾਬੀ ਦਾ ਪ੍ਰਗਟਾਵਾ ਕਰਦਾ ਹੁੰਦਾ ਸੀ | ਮਰਹੂਮ ਮਦਨ ਪੁਰੀ ਨੇ ਇਸ ਪੱਖ ਤੋਂ ਵੀ ਇਕ ਦਿਲਚਸਪ ਕਿੱਸਾ ਸੁਣਾਇਆ ਸੀ | ਫ਼ਿਲਮ 'ਗੁੱਡੀ' ਦੇ ਇਕ ਦਿ੍ਸ਼ 'ਚ ਨਾਇਕਾ (ਨਿਸ਼ੀ) ਮਦਨ ਪੁਰੀ ਨੂੰ ਥੱਪੜ ਮਾਰਦੀ ਹੈ | ਖ਼ਰੈਤੀ ਦੂਰੋਂ ਹੀ ਇਸ ਘਟਨਾ ਨੂੰ ਦੇਖ ਰਿਹਾ ਹੁੰਦਾ ਹੈ | ਪਰ ਉਹ ਮਦਨ ਪੁਰੀ ਨੂੰ ਇੰਜ ਸਵਾਲਾਂ ਦੇ ਘੇਰੇ 'ਚ ਲਿਆਉਂਦਾ ਹੈ, 'ਲੰਬੜਦਾਰਾ, ਇਹ ਪਟਾਕਾ ਕਿਥੋਂ ਚਲਿਆ ਹੈ?' ਸਪੱਸ਼ਟ ਹੈ ਲੰਬੜਦਾਰ (ਮਦਨ ਪੁਰੀ) ਸ਼ਰਮਿੰਦਾ ਹੋ ਜਾਂਦਾ ਹੈ |
ਖ਼ਰੈਤੀ ਦੀ ਇਹ ਮਜ਼ਾਹੀਆ ਖਲਨਾਇਕੀ 'ਦੋ ਲੱਛੀਆਂ' ਵਿਚ ਆਪਣੇ ਸਿਖਰ 'ਤੇ ਸੀ | ਇਸ ਫ਼ਿਲਮ 'ਚ ਉਹ ਇਕ ਕਮੀਨੇ ਪਾਤਰ ਦੇ ਰੂਪ ਵਿਚ ਨਾਇਕ ਅਤੇ ਨਾਇਕਾ ਦੇ ਦਰਮਿਆਨ ਗ਼ਲਤਫਹਿਮੀ ਦੀ ਦੀਵਾਰ ਪੈਦਾ ਕਰ ਦਿੰਦਾ ਹੈ | ਉਹ ਦੋ ਸਹੇਲੀਆਂ (ਇੰਦਰਾ ਬਿੱਲੀ ਅਤੇ ਕ੍ਰਿਸ਼ਨਾ) ਦੇ ਦਰਮਿਆਨ ਝਗੜਾ ਵੀ ਕਰਵਾ ਦਿੰਦਾ ਹੈ | ਇਨ੍ਹਾਂ ਕਰਤੂਤਾਂ ਕਰਕੇ ਪਿੰਡ ਵਾਲੇ ਉਸ ਨੂੰ ਪਿੰਡੋਂ ਬਾਹਰ ਕੱਢ ਦਿੰਦੇ ਹਨ |
ਖਲਨਾਇਕੀ ਅਤੇ ਕਾਮੇਡੀ ਦਾ ਇਹ ਮਿਸ਼ਰਣ 'ਭੰਗੜਾ' ਵਿਚ ਵੀ ਦੇਖਣ ਨੂੰ ਮਿਲਿਆ | ਉਸ ਦੀਆਂ ਮਾੜੀਆਂ ਹਰਕਤਾਂ ਕਰਕੇ ਉਸ ਨੂੰ ਸਜ਼ਾ ਵੀ ਭੁਗਤਣੀ ਪੈਂਦੀ ਹੈ | ਨਾਇਕ (ਸੰੁਦਰ) ਅਤੇ ਨਾਇਕਾ (ਨਿਸ਼ੀ) ਨੂੰ ਦੂਰ ਕਰਨ 'ਚ ਉਹ ਕਈ ਵਿਉਂਤਾ ਘੜਦਾ ਹੋਇਆ ਦੱਸਿਆ ਗਿਆ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

 

 

ਆਧੁਨਿਕ ਪੁਲਾੜ ਦੀ ਖੋਜ ਅਤੇ ਇਸ ਦੀ ਸ਼ਾਂਤੀਪੂਰਵਕ ਵਰਤੋਂ ਦਾ ਪਹਿਰੇਦਾਰ ਸੀ ਕੁਰਤ ਵਲਡਹੀਮ

ਸੰਯੁਕਤਰ ਰਾਸ਼ਟਰ ਦੇ ਚੌਥੇ ਸਕੱਤਰ ਜਨਰਲ ਕੁਰਤ ਵਲਡਹੀਮ ਵੀ ਵਿਆਨਾ (ਆਸਟਰੀਆ) ਨਾਲ ਹੀ ਸਬੰਧਿਤ ਸਨ | ਆਪਣੀਆਂ ਸੇਵਾਵਾਂ ਦੌਰਾਨ ਉਸ ਨੇ ਸੰਯੁਕਤ ਰਾਸ਼ਟਰ ਵਲੋਂ ਵਿਸ਼ੇਸ਼ ਚਿੰਤਾ ਦੇ ਖੇਤਰਾਂ ਦਾ ਦੌਰਾ ਕਰਨ ਲਈ, ਨਜ਼ਰਸਾਨੀ ਕਰਨ ਲਈ ਇਕ ਤਰ੍ਹਾਂ ਨਾਲ ਇਕ ਮਹੱਤਵਪੂਰਨ ਅਭਿਆਸ ਅਰੰਭਿਆ | ਇਸੇ ਦਾ ਹੀ ਸਿੱਟਾ ਸੀ ਕਿ ਮਾਰਚ 1972 ਵਿਚ ਉਸਨੇ ਨਾਬੀਬੀਆ ਦੀ ਸਮੱਸਿਆ ਦਾ ਹੱਲ ਲੱਭਣ ਵਿਚ ਮਦਦ ਕਰਨ ਲਈ ਸੁਰੱਖਿਆ ਕੌਾਸਲ ਦੁਆਰਾ ਦਿੱਤੇ ਗਏ ਆਦੇਸ਼ ਦੀ ਪਾਲਣਾ ਹਿੱਤ ਨਾ ਸਿਰਫ ਅਫਰੀਕਾ ਅਤੇ ਨਾਬੀਬੀਆ ਦੀ ਯਾਤਰਾ ਕੀਤੀ ਸਗੋਂ ਇਸ ਸਮੱਸਿਆ ਨੂੰ ਵੀ ਤਲੀ 'ਤੇ ਸਰ੍ਹੋਂ ਟਿਕਾਉਣ ਵਾਂਗ ਹੱਲ ਕਰਕੇ ਦਿਖਾਇਆ ਹੈ | ਸੰਯੁਕਤ ਰਾਸ਼ਟਰ ਇਸੇ ਹੀ ਕਰਕੇ ਕੁਰਤ ਵਲਡਹੀਮ ਨੂੰ ਅਹਿਮ ਥਾਂ ਅਤੇ ਮਾਣ ਦੇਂਦਾ ਆਇਆ ਹੈ | 1ਜਨਵਰੀ 1972 ਵਿਚ ਕੁਰਤ ਵਲਡਹੀਮ ਨੂੰ ਸੰਯੁਕਤ ਰਾਸ਼ਟਰ ਵਿਚ ਸਕੱਤਰ ਜਨਰਲ ਦਾ ਰੁਤਬਾ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ | ਉਸਦੀ ਨਿਯੁਕਤੀ ਦੀ ਸਿਫਾਰਿਸ਼ 1971 ਵਿਚ ਜਨਰਲ ਅਸੰਬਲੀ ਨੇ ਸਾਂਝੇ ਰੂਪ ਵਿਚ ਕੀਤੀ ਸੀ | 21 ਦਸੰਬਰ 1918 ਨੂੰ ਵਿਆਨਾ ਵਿਚ ਜਨਮੇ ਕੁਰਤ ਵਲਡਹੀਮ ਨੇ 1944 ਵਿਚ ਵਿਆਨਾ ਯੂਨੀਵਰਸਿਟੀ ਤੋਂ ਹੀ ਗਰੈਜੂਏਸ਼ਨ ਕੀਤੀ ਅਤੇ ਉਹ ਵੀਜ਼ਾ ਕੌਾਸਲੇਟ ਅਕਾਦਮੀ ਦਾ ਗਰੈਜੂਏਟ ਵੀ ਸੀ | ਕੁਰਤ ਵਲਡਹੀਮ ਨੇ ਆਸਟਰੀਆ ਦੀ ਕੂਟਨੀਤਕ ਸੇਵਾ 1945 ਵਿਚ ਆਰੰਭ ਕੀਤੀ ਸੀ ਅਤੇ 1948 ਤੋਂ 51 ਤੱਕ ਤਿੰਨ ਸਾਲ ਉਹ ਪੈਰਿਸ 'ਚ ਫਰਸਟ ਸੈਕਟਰੀ ਤੇ ਫਿਰ 1955 ਤੱਕ ਵਿਦੇਸ਼ ਮਾਮਲਿਆਂ ਦੇ ਵਿਭਾਗ ਦੇ 1955 ਤੱਕ ਮੁਖੀ ਰਹੇ | ਇਸੇ ਸਾਲ ਹੀ ਉਸਨੂੰ ਆਸਟਰੀਆ ਲਈ ਸੰਯੁਕਤ ਰਾਸ਼ਟਰ ਵਿਚ ਨਿਯੁਕਤ ਕੀਤਾ ਤੇ ਉਹ ਆਸਟਰੀਅਨ ਮਿਸ਼ਨ ਦੇ ਮੁਖੀ ਬਣਨ ਉਪਰੰਤ ਆਸਟਰੀਆ ਨੂੰ ਸੰਗਠਿਤ ਕਰਨ ਵਿਚ ਉਨ੍ਹਾਂ ਪ੍ਰਮੁੱਖ ਭੂਮਿਕਾ ਨਿਭਾਈ | ਇਕ ਅੰਬੈਸਡਰ ਵਜੋਂ 1956 ਤੋਂ ਲੈ ਕੇ 60 ਤੱਕ ਕਰਟ ਨੇ ਕੈਨੇਡਾ ਵਿਚ ਆਸਟਰੀਆ ਦੀ ਪ੍ਰਤੀਨਿਧਤਾ ਕੀਤੀ ਅਤੇ ਵਾਪਸ ਪਰਤਣ ਤੇ ਉਸਨੂੰ ਆਸਟਰੀਅਨ ਸਰਕਾਰ ਨੇ ਰਾਜਨੀਤਕ ਮਾਮਲਿਆਂ ਦੇ ਡਾਇਰੈਕਟਰ ਜਨਰਲ ਦਾ ਅਹੁਦੇ ਦੇ ਦਿੱਤਾ | 1968 ਵਿਚ ਸੰਯੁਕਤ ਰਾਸ਼ਟਰ ਲਈ ਉਹ ਆਸਟਰੀਆ ਦਾ ਸਥਾਈ ਪ੍ਰਤੀਨਿਧ ਸੀ ਤੇ ਉਹ ਰਾਸ਼ਟਰ ਦੇ ਆਊਟ ਸਪੇਸ ਸ਼ਾਂਤਮਈ ਯਤਨਾਂ ਬਾਰੇ ਕਮੇਟੀ ਦਾ ਚੇਅਰਮੈਨ ਰਿਹਾ | 1970 ਵਿਚ ਕਰਟ ਆਸਟਰੀਆ ਦੇ ਵਿਦੇਸ਼ੀ ਮਾਮਲਿਆਂ ਦੇ ਫੈਡਰਲ ਮੰਤਰੀ ਸਨ ਤੇ ਜਦੋਂ ਸਹਿਮਤੀ ਨਾਲ ਉਸ ਨੇ ਇਹ ਅਹੁਦਾ ਛੱਡਿਆ ਤਾਂ ਉਸਨੂੰ ਸਰਬਸੰਮਤੀ ਨਾਲ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੀ ਸੁਰੱਖਿਆ ਕਮੇਟੀ ਦਾ ਚੇਅਰਮੈਨ ਲਗਾ ਦਿੱਤਾ ਗਿਆ | ਇਹ ਵਲਡਹੇਮ ਲਈ ਉਹੀ ਮਾਣ ਭਰਿਆ ਵਰ੍ਹਾ ਸੀ ਜਦੋਂ ਸੰਯੁਕਤ ਰਾਸ਼ਟਰ ਨੇ ਉਸਨੂੰ ਦੁਬਾਰਾ ਆਸਟਰੀਅਨ ਸਥਾਈ ਪ੍ਰਤੀਨਧ ਵਜੋਂ ਨਿਯੁਕਤ ਕਰ ਦਿੱਤਾ | ਉਹ ਇਸ ਅਹੁਦੇ 'ਤੇ ਉਦੋਂ ਤੱਕ ਰਿਹਾ ਜਦੋਂ ਤੱਕ ਉਸਨੂੰ ਸੰਯੁਕਤ ਰਾਸ਼ਟਰ ਲਈ ਸਕੱਤਰ ਜਨਰਲ ਨਿਯੁਕਤ ਨਹੀਂ ਕਰ ਦਿੱਤਾ ਗਿਆ |
14 ਜੂਨ 2007 ਨੂੰ ਆਪਣੇ ਦੇਸ਼ ਲਈ ਕੂਟਨੀਤਕ ਨੀਤੀਆਂ ਦਾ ਇਕ ਸਿਹਤਮੰਦ ਇਤਿਹਾਸ ਲਿਖਣ ਵਾਲੇ ਕਰਟ ਨੂੰ ਆਸਟਰੀਆ ਹੀ ਨਹੀਂ, ਯੂਰੋਪ ਹੀ ਨਹੀਂ ਸਗੋਂ ਸੰਯੁਕਤ ਰਾਸ਼ਟਰ ਅਤੇ ਸਮੁੱਚਾ ਵਿਸ਼ਵ ਯਾਦ ਕਰਦਾ ਰਹੇਗਾ |

Email: ashokbhaura@gmail.com

 

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਖਿੱਚੀ ਗਈ ਸੀ, ਜਦੋਂ ਪੰਜਾਬ ਸਰਕਾਰ ਨੇ ਮੁਹਾਲੀ ਵਿਚ ਫ਼ਿਲਮ ਮੇਲਾ ਕਰਵਾਇਆ ਸੀ | ਉਸ ਮੇਲੇ ਵਿਚ ਬੰਬਈ ਤੋਂ ਬਹੁਤ ਸਾਰੇ ਪੰਜਾਬੀ ਕਲਾਕਾਰ ਆਏ ਸਨ | ਪੰਜਾਬੀ ਕਲਾਕਾਰ ਸ: ਭਾਗ ਸਿੰਘ ਦੇ ਮਿੱਤਰ ਸਨ | ਸ: ਭਾਗ ਸਿੰਘ ਉਸ ਸਮੇਂ ਲੋਕ ਸੰਪਰਕ ਵਿਭਾਗ ਪੰਜਾਬ ਦੇ ਅਧਿਕਾਰੀ ਸਨ | ਇਹ ਸਾਂਝੀ ਤਸਵੀਰ ਉਸ ਸਮੇਂ ਖਿੱਚੀ ਗਈ ਸੀ |

-ਮੋਬਾਈਲ : 98767-41231

 Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX