ਤਾਜਾ ਖ਼ਬਰਾਂ


ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਪੁਸ਼ਪ ਬਾਲੀ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਲਾਈਨ ਹਾਜ਼ਰ
. . .  9 minutes ago
ਕਰਤਾਰਪੁਰ, 28 ਮਾਰਚ (ਭਜਨ ਸਿੰਘ ਧੀਰਪੁਰ)- ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਕਰਫ਼ਿਊ ਦੌਰਾਨ ਲੋਕਾਂ ਨੂੰ ਬਾਹਰ ਨਿਕਲਣ ਤੋਂ ਰੋਕਣ ਲਈ ਥਾਣਾ ਕਰਤਾਰਪੁਰ...
ਡਾਈਓਸਿਸ ਆਫ਼ ਜਲੰਧਰ ਦੇ ਸਾਰੇ ਹੀ ਕਾਨਵੈਂਟ ਸਕੂਲ ਆਈਸੋਲੇਸ਼ਨ ਵਾਰਡ ਬਣਨ ਲਈ ਤਿਆਰ
. . .  22 minutes ago
ਗੁਰਦਾਸਪੁਰ, 28 ਮਾਰਚ (ਆਰਿਫ਼)- ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ 'ਚ ਹਸਪਤਾਲਾਂ ਦੀ ਕਮੀ ਨਾ ਆ ਜਾਵੇ ਇਸ ਲਈ ਡਾਈਓਸਿਸ...
ਥਾਣਾ ਸ਼ੰਭੂ ਦੇ ਸਹਿਯੋਗ ਨਾਲ ਜੇ.ਐੱਸ.ਡਬਲਿਊ. ਨੇ 400 ਪਰਿਵਾਰਾਂ ਦੇ ਘਰ ਪਹੁੰਚਾਇਆ ਰਾਸ਼ਨ
. . .  36 minutes ago
ਘਨੌਰ, 28ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ) - ਹਲਕਾ ਘਨੌਰ ਚ ਜੇ.ਐੱਸ.ਡਬਲਿਊ. ਵੱਲਭ ਟੀਨਪਲੇਟ ਪ੍ਰਾਈਵੇਟ ਲਿਮਟਿਡ ਵੱਲੋਂ ਜਿੱਥੇ ਵੱਡੇ ਪੱਧਰ 'ਤੇ ਹਲਕਾ ਘਨੌਰ ਦੇ ....
ਸ਼ਾਹਕੋਟ 'ਚ ਪ੍ਰਵਾਸੀ ਭਾਰਤੀਆਂ ਨੇ ਕਰੀਬ 300 ਲੋੜਵੰਦ ਲੋਕਾਂ ਨੂੰ ਵੰਡਿਆ ਰਾਸ਼ਨ
. . .  about 1 hour ago
ਸ਼ਾਹਕੋਟ, 28 ਮਾਰਚ (ਦਲਜੀਤ ਸਚਦੇਵਾ)- ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਪ੍ਰਵਾਸੀ ਭਾਰਤੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਅੱਜ ਡੀ.ਐਸ.ਪੀ ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਐਨ.ਆਰ.ਆਈ ਦਰਸ਼ਨ ਸਿੰਘ ਦਾਨੇਵਾਲ ਕੈਨੇਡਾ ਤੇ ਸੁੱਚਾ ਸਿੰਘ ਰਾਣੀਪੁਰ (ਫਗਵਾੜਾ) ਯੂ.ਐਸ.ਏ ਨੇ...
ਜਲੰਧਰ ਜ਼ਿਲ੍ਹੇ ’ਚ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਲਏ ਗਏ ਸੈਂਪਲ
. . .  about 1 hour ago
ਧਰਮਸੋਤ ਨੇ ਪੰਜਾਬ ਦੇ ਨਿਵੇਕਲੇ ਪਿੰਡ ਅਗੇਤਾ ਦਾ ਕੀਤਾ ਦੌਰਾ ਪਿੰਡ ਵਾਸੀਆਂ ਨੇ ਆਪਣੇ ਤੌਰ ਤੇ ਪੂਰੇ ਪਿੰਡ ਨੂੰ ਕੀਤਾ ਲਾਕਡਾਊਨ
. . .  about 1 hour ago
ਨਾਭਾ 28 ਮਾਰਚ (ਕਰਮਜੀਤ ਸਿੰਘ-) ਪੰਜਾਬ ਦਾ ਪਿੰਡ ਅਗੇਤਾ ਜਿਥੋਂ ਦੇ ਵਸਨੀਕਾਂ ਨੇ ਖੁਦ ਪਹਿਲ ਕਰਦੇ ਹੋਏ ਪੂਰੇ ਪਿੰਡ ਨੂੰ ਲਾਕ ਡਾਊਨ ਕਰ ਦਿੱਤਾ ਸੀ ਖੁਦ ਹੀ ਪਿੰਡ ਨੂੰ ਜਾਂਦੇ ਤਿੰਨ ਰਸਤਿਆਂ ਤੇ ਬੈਰੀਕੇਡ ਲਗਾ ਪਿੰਡ ਵਿੱਚ ਐਂਟਰੀ ਬੈਨ ਕੀਤੀ ਹੋਈ ਹੈ ਤੇ ਸਿਰਫ ਮੈਡੀਕਲ ਐਮਰਜੈਂਸੀ ਦੌਰਾਨ ਹੀ ਜਾਣ ਦੀ ਇਜਾਜਤ ਦਿੱਤੀ ਗਈ ਹੈ ਤੇ ਨਿਯਮ ਵੀ ਖੁਦ ਪਿੰਡ...
ਜ਼ਿਲ੍ਹੇ ਦੀ ਪ੍ਰਮੁੱਖ ਸਬਜ਼ੀ ਮੰਡੀ ਵਿਚ ਕੱਲ ਤੱਕ ਆਮ ਵਾਂਗ ਹੋਵੇਗੀ ਸਪਲਾਈ
. . .  about 1 hour ago
ਜ਼ਿਲ੍ਹਾ ਜਲੰਧਰ ’ਚ ਆਮ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਨਵੀਆਂ ਹਦਾਇਤਾਂ ਜਾਰੀ
. . .  about 1 hour ago
ਜਲੰਧਰ, 28 ਮਾਰਚ (ਚਿਰਾਗ ਸ਼ਰਮਾ) - ਜ਼ਿਲ੍ਹਾ ਜਲੰਧਰ ’ਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਪਰੰਤੂ ਆਮ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਬਰੈੱਡ, ਬਿਸਕੁੱਟ, ਕੇਕ, ਆਦਿ ਨੂੰ ਕਰਫਿਊ ਤੋਂ ਛੁੱਟ ਦੇ ਦਿੱਤੀ ਗਈ...
ਰਾਧਾ ਸੁਆਮੀ ਸਤਸੰਗ ਘਰ ਤੋਂ ਲੰਗਰ ਬਣਾਉਣ ਦੀ ਸੇਵਾ ਹੋਈ ਸ਼ੁਰੂ
. . .  about 1 hour ago
ਵਿੱਤ ਮੰਤਰੀ ਦੇ ਹੁਕਮਾਂ 'ਤੇ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ
. . .  1 minute ago
ਬਠਿੰਡਾ, 28 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ) - ਕੋਵਿਡ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਤੱਕ ਬੁਨਿਆਦੀ ਜਰੂਰਤ ਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸਬੰਧੀ ਹੁਣ ਸੂਬੇ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਵਿਅੰਗ: 'ਨਮਸਤੇ' ਵਿਸ਼ਵ ਵਿਚ ਵਾਇਰਲ ਹੋ ਗਈ

ਅਖ਼ਬਾਰਾਂ ਵਿਚ ਵਿਸ਼ਵ ਦੀ ਮਹਾਂਸ਼ਕਤੀ ਅਮਰੀਕਾ ਦੇ ਸੰਸਾਰ ਭਰ ਵਿਚ ਸਭ ਤੋਂ ਤਾਕਤਵਰ ਸਮਝੇ ਜਾਂਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਿਰ ਬਰਤਾਨੀਆ ਦੇ ਪਿ੍ੰਸ ਚਾਰਲਸ ਦੀਆਂ ਨਮਸਤੇ-ਮੁਦਰਾ ਵਾਲੀਆਂ ਤਸਵੀਰਾਂ ਦੇਖੀਆਂ ਤਾਂ ਲਗਾ ਕਿ ਸਦੀਆਂ ਪੁਰਾਣੀ ਭਾਰਤੀ ਰਵਾਇਤੀ ਪ੍ਰਣਾਮ ਕਰਨ ਦੀ ਸੁਆਗਤੀ ਵਿਧੀ ਗਲੋਬਲ ਹੋ ਗਈ ਹੈ |
ਜਗਿਆਸਾ ਵਸ ਹੋਰ ਪੜ੍ਹਨ 'ਤੇ ਪਤਾ ਲਗਾ ਕਿ ਕੋਰੋਨਾ ਵਾਇਰਸ ਦੀ ਆਲਮੀ ਦਹਿਸ਼ਤ ਨੇ ਨਮਸਤੇ ਵਾਇਰਲ ਕਰ ਦਿੱਤੀ ਹੈ | ਡਰ ਦੇ ਮਾਰੇ ਲੋਕ ਹੁਣ ਪੱਛਮੀ ਮੁਲਕਾਂ ਤੋਂ ਆਏ 'ਹੈਂਡਸ਼ੇਕ' (ਹੱਥ ਮਿਲਾਉਣਾ) ਨੂੰ ਦੂਰੋਂ ਹੀ ਸਲਾਮ ਕਰ ਰਹੇ ਹਨ ਅਤੇ ਨਮਸਤੇ/ਨਮਸਕਾਰ ਨੂੰ ਅਪਣਾ ਰਹੇ ਹਨ | ਕਾਰਨ ਇਹ ਹੈ ਕਿ ਹੱਥ ਮਿਲਾਉਣਾ ਇਕ ਸਰੀਰਕ ਸਪੱਰਸ਼ੀ ਕਿਰਿਆ ਹੈ ਜਦ ਕਿ ਨਮਸਤੇ ਨਿਰਛੋਹੀ ਗਰੀਟਿੰਗ ਹੈ |
ਕੋਰੋਨਾ ਦੇ ਡਰੋਂ ਟਰੰਪ ਨੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਲੀਓ ਵਰਦਕਾਰ ਨਾਲ ਵਾਈਟ ਹਾਊਸ ਵਿਚ ਹੱਥ ਮਿਲਾਉਣ ਦੀ ਬਜਾਏ ਹੱਥ ਜੋੜ ਕੇ ਨਮਸਤੇ ਕਹੀ | ਨਾਲ ਹੀ ਟਰੰਪ ਨੇ ਨਮਸਤੇ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਇਹ ਉਨ੍ਹਾਂ ਨੇ ਆਪਣੇ ਭਾਰਤ ਦੇ ਤਾਜ਼ਾ ਦੌਰੇ ਦੌਰਾਨ ਸਿੱਖੀ ਸੀ | ਉਨ੍ਹਾਂ ਇਹ ਵੀ ਕਿਹਾ ਕਿ ਜਾਪਾਨ ਅਤੇ ਭਾਰਤ ਇਸ ਗਲੋਂ ਬੜੇ ਅੱਗੇ ਹਨ  ਕਿ ਉਹ ਸਪੱਰਸ਼ੀ ਪ੍ਰਣਾਮ ਦੀ ਬਜਾਏ ਝੁਕ ਕੇ ਜਾਂ ਨਮਸਤੇ ਕਰ ਕੇ ਅਗਲੇ ਨੂੰ ਜੀ ਆਇਆਂ ਕਹਿੰਦੇ ਹਨ | ਇਸ ਤਰਾਂ੍ਹ ਹੀ ਪਿ੍ੰਸ ਚਾਰਲਸ ਨੇ ਵੀ ਬਰਤਾਨਵੀ ਮਹਿਮਾਨਾਂ ਅਤੇ ਮੰਤਰੀਆਂ ਨੂੰ ਨਮਸਤੇ ਕਹਿ ਕੇ ਹੀ ਗਰੀਟ ਕੀਤਾ | ਉਨ੍ਹਾਂ ਪਹਿਲਾਂ ਆਦਤ ਮੁਤਾਬਕ ਹੱਥ ਅੱਗੇ ਵਧਾਇਆ ਜਿਵੇਂ ਹੈਂਡਸ਼ੇਕ ਕਰਨਾ ਚਾਹੁੰਦੇ ਹੋਣ ਪਰ ਫਿਰ ਇਕ ਦਮ ਹੱਥ ਪਿਛੇ ਖਿੱਚ ਕੇ ਨਮਸਤੇ ਕੀਤੀ | ਅਗਿਆਨਵੱਸ  ਅਮਰੀਕਾ ਦੇ ਮੀਡੀਆ ਵਿਚ ਇਸ ਨੂੰ ਚਾਰਲਸ ਦੀ 'ਪ੍ਰਾਰਥਨਾ-ਨੁਮਾ' ਕਾਰਵਾਈ ਕਹਿ ਕੇ ਵਿਅੰਗਮਈ ਚੋਟ ਕੀਤੀ ਗਈ | ਹੋਰ ਤਾਂ ਹੋਰ, ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤਾਂ ਆਪਣੇ ਹਮਵਤਨਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਣ ਲਈ ਭਾਰਤੀ ਨਮਸਤੇ ਕਹਿਣ ਲਈ ਕਿਹਾ ਹੈ | ਉਨ੍ਹਾਂ ਨੇ ਤਾਂ ਇਹ ਮੁਦਰਾ ਕਰ ਕੇ ਵੀ ਦਿਖਾਈ | ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ, ਫਰਾਂਸ ਦੇ ਪ੍ਰਧਾਨ ਅਮੈਨੂਯਲ ਮੈਕਰੋਨ ਅਤੇ ਕਈ ਹੋਰ ਵਿਸ਼ਵ ਆਗੂ ਨਮਸਤੇ ਦੇ ਮੁਦਈ ਅਤੇ ਮੁਰੀਦ ਬਣ ਗਏ ਹਨ | ਕਈ ਆਗੂ ਇਕ ਹੱਥ ਦਿਲ ਵਾਲੇ ਪਾਸੇ ਛਾਤੀ ਉਪਰ ਰਖ ਕੇ ਵੀ ਦੁਆ-ਸਲਾਮ ਕਰਨ ਲੱਗ ਪਏ ਹਨ |
ਨਮਸਤੇ ਨੇ ਹੱਥ-ਮਿਲਾਉਣ, ਜੱਫੀ-ਪੱਪੀ ਕਲਚਰ, ਹਵਾਈ ਚੁੰਮਣ, ਬੰਦ ਮੁੱਠੀਆਂ ਜਾਂ ਕੂਹਣੀਆਂ ਟਕਰਾਉਣ, ਗਲੇ ਮਿਲਣ/ਬਗਲਗੀਰ ਹੋਣ ਨੂੰ ਪਿੱਛੇ ਪਾ ਦਿੱਤਾ ਹੈ | ਇਸ ਕਾਰਨ ਆਸ਼ਕਾਂ ਲਈ ਬੜੇ ਮਾੜੇ ਦਿਨ ਆ ਗਏ ਹਨ | ਕੋਰੋਨਾ ਦੇ ਪ੍ਰਕੋਪ ਕਾਰਨ ਕੋਈ 'ਰਿਸਕ' ਲੈਣੋਂ ਵੀ ਰਹੇ | ਇਕ ਦਿਲ-ਜਲੇ ਆਸ਼ਕ ਦਾ ਦਰਦ ਸੁਣੋ-
'ਗਲੇ ਜੋ ਲਗਨੇ ਲਗਾ ਮੈਂ ਅਪਨੀ ਮਹਿਬੂਬ ਕੇ /ਬੋਲੀ ਕਿ ਜ਼ਰਾ ਦੂਰ ਸੇ ਹੀ ਨਮਸਕਾਰ ਕਰ/'ਕੋਰੋਨਾ' ਕਾ ਕਹਿਰ ਬਰਪਾ ਹੈ ਪੂਰੇ ਵਿਸ਼ਵ ਮੇਂ, /ਤੂੰ ਅਬ ਜ਼ਰਾ 'ਡਿਸਟੈਂਸ' ਸੇ ਹੀ ਮੁਝ ਕੋ ਪਿਆਰ ਕਰ'!
ਕਈਆਂ ਨੂੰ ਤਾਂ ਐਨਾਂ ਘੁੱਟ ਕੇ ਹੱਥ ਮਿਲਾਉਣ ਦੀ ਲਤ ਲਗੀ ਹੰੁਦੀ ਹੈ ਕਿ ਦੂਸਰੇ ਦੇ ਹੱਥ ਦੇ ਕੁੜੱਲ ਕੱਢ ਦੇਣਗੇ, ਵਿਚਾਰਾ ਕਾਫੀ ਦੇਰ ਤੱਕ ਆਪਣਾ ਹੱਥ ਘੁਟਦਾ ਰਹੇਗਾ, ਕਈ ਵਾਰ ਤਾਂ ਸੇਕ ਦੇਣ ਦੀ ਨੌਬਤ ਵੀ ਆ ਜਾਂਦੀ ਹੈ | ਕੋਰੋਨਾ ਨੇ ਅਜਿਹੀਆਂ ਤਸ਼ੱਦਦੀ ਹੱਥ-ਮਰੋੜੀਆਂ ਤੋਂ ਕਈਆਂ ਨੂੰ ਬਚਾਇਆ! ਹਾਂ, ਇਸ ਦੇ ਬਿਲਕੁਲ ਉਲਟ ਕਈ ਇਸ ਤਰ੍ਹਾਂ ਵੀ ਮੋਇਆ ਜਿਹਾ ਹੱਥ ਅੱਗੇ ਕਰਨਗੇ ਜਿਵੇਂ ਕਹਿ ਰਹੇ ਹੋਣ ਕਿ ਉਤਾਂਹ ਨੂੰ ਚੁੱਕ ਸਕਦੇ ਹੋ ਤਾਂ ਚੁੱਕ ਕੇ ਮਿਲਾ ਲਉ ਨਹੀਂ ਹੇਠਾਂ ਵੱਲ ਨੂੰ ਤਾਂ ਹੈ ਹੀ |
ਸਾਨੂੰ ਆਪਣੇ ਉਨ੍ਹਾਂ ਭਾਰਤੀ ਨੇਤਾਵਾਂ ਦਾ ਬੜਾ ਫ਼ਿਕਰ ਹੈ ਜੋ ਵਿਸ਼ਵ ਆਗੂਆਂ ਨੂੰ ਧਾਹ  ਧਾਹ ਕੇ ਜੱਫ਼ੀਆਂ ਪਾਉਣ ਦੇ ਆਦੀ ਹਨ | ਨਿਰਾ ਜੱਫੀਆਂ ਹੀ ਨਹੀਂ ਸਗੋਂ ਮਹਿਮਾਨਾਂ ਦੇ ਹੱਥਾਂ ਨੂੰ ਘੁੱਟ ਕੇ ਇਸ ਤਰ੍ਹਾਂ ਦੇਰ ਤੱਕ ਝਟਕੇ ਜਿਹੇ ਦਿੰਦੇ ਰਹਿਣਗੇ ਕਿ ਅਗਲਾ ਇਸ ਗੱਲੋਂ ਹੀ ਡਰੀ ਜਾਵੇ ਕਿ ਕਿਧਰੇ ਉਸ ਦਾ ਹੱਥ ਬਾਂਹ ਨਾਲੋਂ ਲਹਿ ਕੇ ਹੇਠਾਂ ਹੀ ਨਾ ਡਿਗ ਜਾਏ! ਕਈ ਤਾਂ ਵਾਰ-ਵਾਰ ਮਹਿਮਾਨ ਦੇ ਮੋਢੇ ਉੱਪਰ ਹੱਥ ਰੱਖੀ ਜਾਣਗੇ ਜਾਂ ਕਲਾਵਾ ਭਰੀ ਜਾਣਗੇ | ਕਈਆਂ ਨੂੰ ਹਥੇਲੀ ਪਸਾਰ ਕੇ ਅਗਲੇ ਦੀ ਹਥੇਲੀ ਉੱਪਰ ਚਪੇੜ ਜਿਹੀ ਮਾਰਨ ਦੀ ਭੈੜੀ ਵਾਦੀ ਹੁੰਦੀ ਹੈ |
ਸਾਡੀ ਆਪਣੇ ਰਾਸ਼ਟਰੀ ਆਗੂਆਂ, ਖਾਸ ਕਰਕੇ ਵਿਸ਼ਵ-ਰਟਨੀ ਨੇਤਾਵਾਂ, ਨੂੰ ਇਹ ਹੀ ਬੇਨਤੀ ਹੈ ਕਿ ਜੇ ਸੰਸਾਰ ਭਰ ਦੇ ਨੇਤਾ ਭਾਰਤੀ ਅਦਬੋ-ਆਦਾਬ, ਸਾਹਿਬ –ਸਲਾਮ, ਪ੍ਰਣਾਮੀ ਐਟੀਕੇਟ 'ਨਮਸਤੇ' ਅਪਣਾ ਰਹੇ ਹਨ ਤਾਂ ਸਾਡਾ ਤਾਂ ਸਭ ਤੋਂ ਜ਼ਿਆਦਾ ਫਰਜ਼ ਬਣਦਾ ਹੈ ਕਿ ਇਸ ਦਾ ਪਾਸਾਰ ਕਰੀਏ | ਕੋਰੋਨਾ ਇਕ ਨਵਾਂ ਵਾਇਰਸ ਹੈ ਅਤੇ ਇਸ ਨੇ ਵਿਸ਼ਵ ਵਿਚ ਇਕ ਨਵੇਂ ਗਰੀਟਿੰਗ ਸੱਭਿਆਚਾਰ ਨੂੰ ਜਨਮ ਦਿੱਤਾ ਹੈ | ਹਾਂ, ਇਹ ਭਾਰਤ ਲਈ ਨਵਾਂ ਨਹੀਂ ਹੈ ਪਰ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠਾਂ ਪੁਰਾਣਾ ਜ਼ਰੂਰ ਹੋਈ ਜਾ ਰਿਹਾ ਤੇ ਭੁਲਦਾ ਵੀ ਜਾ ਰਿਹਾ ਹੈ |
ਸਾਡਾ ਇਹ ਸਭਿਆਚਾਰ ਨਿਰਛੋਹੀ ਹੈ | ਹਿੰਦੂ ਜੇ ਨਮਸਤੇ ਕਹਿੰਦੇ ਹਨ ਤਾਂ ਸਿੱਖ 'ਫਤਹਿ' ਬੁਲਾਉਂਦੇ ਹਨ | ਗੁਰ ਫਤਿਹ ਤੋਂ ਇਲਾਵਾ ਕਈ 'ਸਤਿ ਸ੍ਰੀ ਅਕਾਲ' ਕਹਿੰਦੇ ਹਨ | ਇਸਲਾਮ ਵਿਚ ਸਲਾਮ, ਅਦਾਬ ਦਾ ਚਲਣ ਹੈ | ਇਹ ਸਾਰੀਆਂ ਪ੍ਰਣਾਮ ਵਿਧੀਆਂ ਵਿਚ ਸਰੀਰਕ ਸਪੱਰਸ਼ ਜਾਂ ਛੋਹ ਬਿਲਕੁਲ ਨਹੀਂ ਹੈ | ਹੱਥ ਜੋੜ ਕੇ ਨਮਸਤੇ ਕਹਿਣ ਜਾਂ ਫਤਹਿ ਬੁਲਾਉਣ ਜਾਂ ਹੱਥ ਨਾਲ ਸਲਾਮ ਕਰਨ ਵਿਚ ਇਕ ਲੋੜੀਂਦੀ ਵਿੱਥ ਵੀ ਰੱਖੀ ਜਾਂਦੀ ਹੈ | ਕੋਰੋਨਾ ਦੀ ਦਹਿਸ਼ਤ ਕਾਰਨ ਸਿਹਤ ਦੇ ਮਾਹਿਰ ਹੁਣ ਸਾਨੂੰ 'ਸੋਸ਼ਲ ਡਿਸਟੈਂਸਿੰਗ' (ਸਮਾਜਿਕ ਮੇਲ ਮਿਲਾਪ ਸਮੇਂ ਵਿੱਥ)  ਲਈ ਕਹਿ ਰਹੇ ਹਨ ਪਰ ਸਾਡੇ ਪੁਰਖਿਆਂ, ਮਹਾਂਪੁਰਖਾਂ, ਗੁਰੂਆਂ-ਪੀਰਾਂ ਨੇ ਇਹ ਪਰਹੇਜ਼ਗਾਰੀ ਸਦੀਆਂ ਪਹਿਲਾਂ ਦੱਸੀ ਹੋਈ ਹੈ |
ਵਿੱਕੀਪੀਡੀਆ ਅਨੁਸਾਰ ਨਮਸਤੇ 'ਅੰਜਲੀ ਮੁਦਰਾ' ਹੈ | ਇਹ ਸੂਰਿਯਾ ਨਮਸਕਾਰ ਅਤੇ ਹੋਰ ਕਈ ਯੋਗ ਆਸਣਾਂ ਵਿਚ ਵਰਤੀ ਜਾਂਦੀ ਹੈ | ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਅਨੁਸਾਰ ਨਮਸਤੇ ਸ਼ਬਦ ਸੰਸਕਿ੍ਤ ਦੇ ਧਾਤੂ 'ਨਮ' ਤੋਂ  ਬਣਿਆਂ ਹੈ ਜਿਸ ਦਾ ਅਰਥ ਨਮਸਕਾਰ ਕਰਨਾ, ਝੁਕਣਾ, ਨਿਉਣਾ, ਪ੍ਰਣਾਮ ਹੈ (ਫਾਰਸੀ ਵਿਚ ਇਸ ਦਾ ਅਰਥ ਗਿੱਲਾ, ਤਰ ਹੈ) | ਇਕ ਹੋਰ ਅਰਥ ਬੰਦਨਾਂ ਕਰਨਾ ਵੀ ਹੈ-'ਨਮਸਕਾਰ ਡੰਡਉਤ ਬੰਦਨਾ' (ਬਾਣੀ) | ਨਮਸਤੇ ਦਾ  ਅਰਥ ਹੈ-ਮੈਂ ਤੇਰੇ ਵਿਚਲੇ ਦੈਵੀਪਨ ਅੱਗੇ ਝੁਕਦਾ ਹਾਂ | ਸ੍ਰੀ ਗੁਰੂੁ ਗੋੁਬਿੰਦ ਸਿੰਘ ਜੀ ਨੇ 'ਜਾਪ ਸਾਹਿਬ' ਵਿਚ ਪ੍ਰਭੂ ਉਸਤਤੀ ਲਈ 'ਨਮਸਤੇ' ਸ਼ਬਦ ਅਨੇਕ ਬਾਰ ਵਰਤਿਆ ਹੈ-'ਨਮਸਤੇ ਅਰੂਪੇ...ਨਮਸਤੇ ਅਕਾਲੇ'!
ਵੈਸੇ ਵੀ ਜੁੜੇ ਹੋਏ ਹੱਥ ਨਿਮਰਤਾ, ਸਤਿਕਾਰ, ਸਹਿਮਤੀ, ਸਹਿਣਸ਼ੀਲਤਾ, ਸਹਿਜ, ਸ਼ਾਂਤੀ, ਸ਼ਰਧਾ ਦੇ ਪ੍ਰਤੀਕ ਹਨ | ਜੁੜੇ ਹੋਏ ਹੱਥ ਨਿਰ-ਹਥਿਆਰ ਹੁੰਦੇ ਹਨ, ਅਮਨ, ਪਿਆਰ, ਮੁਹੱਬਤ ਦੇ ਹਰਕਾਰੇ!
ਨਮਸਤੇ ਇਕ ਰੁਹਾਨੀ ਸ਼ਬਦ ਹੈ ਜੋ ਭਾਰਤੀ ਸੰਸਕਿ੍ਤੀ ਅਤੇ ਅਧਿਆਤਮ ਨੇ ਸੰਸਾਰ ਨੂੰ ਤੋਹਫ਼ੇ ਵਜੋਂ ਦਿੱਤਾ ਹੈ ਪਰ ਜਿਸ ਨੂੰ ਅਸੀਂ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਵਿਸਾਰਦੇ ਜਾ ਰਹੇ ਹਾਂ |
ਕੋਰੋਨਾ ਦੇ ਡਰੋਂ ਹੀ ਸਹੀ, ਕੱੁਲ ਦੁਨੀਆ ਹੁਣ ਨਮਸਤੇ-ਨਮਸਤੇ ਕਰ ਰਹੀ ਹੈ! ਵੈਸੇ ਤਾਂ 'ਸਲਾਮ ਲੰਡਨ', 'ਸਲਾਮ ਨਮਸਤੇ' ਨਾਂਅ ਦੀਆਂ ਹਿੰਦੀ ਫ਼ਿਲਮਾਂ ਵੀ ਪਹਿਲਾਂ ਬਣ ਚੁੱਕੀਆਂ ਹਨ | 'ਸਲਾਮੇਂ ਇਸ਼ਕ ਮੇਰੀ ਜਾਂਅ ਜ਼ਰਾ ਕਬੂਲ ਕਰ ਲੋ...' ਵਰਗੇ ਹਿੰਦੀ ਗਾਣੇ ਵੀ ਪ੍ਰਚਲਤ ਹੋ ਚੁੱਕੇ ਹਨ | ਅੱਜਕਲ੍ਹ ਕਈਆਂ ਨੇ ਸੋਸ਼ਲ ਮੀਡੀਆ ਉਪਰ ਕੋਰੋਨਾ ਤੋਂ ਬਚਣ ਲਈ ਨਸੀਹਤੀ ਪੋਸਟਰ ਪਾਏ ਹਨ-'ਦਿਲ ਮਿਲਾਉ, ਹੱਥ ਨਹੀਂ', 'ਫਤਿਹ ਬੁਲਾਉ, ਹੱਥ ਨਾ ਮਿਲਾਉ', 'ਜੱਫੀ ਪੱਪੀ ਬੰਦ ਕਰੋ, ਨਮਸਤੇ ਨੂੰ ਪਸੰਦ ਕਰੋ' ਆਦਿ | ਬਾਲੀਵੁੱਡ ਸਟਾਰਾਂ ਸਲਮਾਨ ਖਾਨ, ਪਿ੍ਯੰਕਾ ਚੋਪੜਾ, ਪ੍ਰਣੀਤੀ ਚੋਪੜਾ ਆਦਿ ਨੇ ਵੀ ਕੋਰੋਨਾ ਤੋਂ ਬਚਣ ਲਈ ਨਮਸਤੇ/ਸਲਾਮ ਦੀ ਵਕਾਲਤ ਕੀਤੀ ਹੈ | ਬਿੱਗ ਬੀ ਤਾਂ ਕਵੀ ਬਣ ਗਿਐ! ਸਟਾਰ ਐਕਟਰ ਹੋਣ ਦੇ ਨਾਲ-ਨਾਲ ਅਮਿਤਾਬ ਬੱਚਨ ਗਾਇਕ ਤਾਂ ਪਹਿਲਾਂ ਹੀ ਸੀ (ਉਸ ਦਾ ਗਾਇਆ 'ਰੰਗ ਬਰਸੇ ਭੀਗੇ ਚੁਨਰ ਵਾਲੀ...' ਗੀਤ ਹਰ ਹੋਲੀ ਦੇ ਤਿਉਹਾਰ ਦਾ ਰਾਸ਼ਟਰੀ ਤਰਾਨਾ ਹੈ), ਕੋਰੋਨਾ ਨੇ ਕਵੀ ਵੀ ਬਣਾ ਦਿੱਤਾ | ਉਸ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਕੋਰੋਨਾ ਦੇ ਇਲਾਜ ਬਾਰੇ ਦੱਸੇ ਘਰੇਲੂ ਨੁਸਖਿਆਂ ਉਪਰ ਕਟਾਖਸ਼ ਕਰਦਿਆਂ ਇਸ ਵਾਇਰਸ ਨੂੰ 'ਠੇਂਗਾ' ਦਿਖਾਉਣ ਦੀ ਸਲਾਹ ਦਿੱਤੀ ਹੈ-'ਬਹੁਤ ਇਲਾਜ ਬਤਾਤੇ ਹੈਂ ਜਨ-ਜਨਮਾਨਸ ਸਬ, ਕਿਸ ਕੀ ਸੁਨੇਂ ਕਿਸ ਕੀ ਨਹੀਂ, ਕੌਨ ਬਤਾਏ ਅਬ/ਕੋਈ ਕਹਿਤਾ ਹੈ ਕਲੌਾਜੀ ਪੀਸੋ, ਕੋਈ ਕਹਿਤਾ ਹੈ ਆਵਲਾ ਰਸ/ਕੋਈ ਕਹਿਤਾ ਹੈ ਘਰ ਮੇਂ ਬੈਠੋ, ਹਿਲੋ ਨਾ ਟੱਸ ਸੇ ਮੱਸ..../ਆਨੇ ਦੋ ਕੋਰੋਨਾ-ਵੋਰੋਨਾ ਠੈਂਗਾ ਦਿਖਾਓ ਤਬ |' ਕੋਰੋਨਾ ਦੇ ਤ੍ਰਾਹ-ਤ੍ਰਾਹ ਕਰਦੇ ਅਜੋਕੇ ਦੌਰ ਵਿਚ ਬਸ਼ੀਰ ਬਦਰ ਦੇ ਇਕ ਪੁਰਾਣੇ ਸ਼ੇਅਰ ਨਾਲ ਗੱਲ ਮੁਕਾਉਂਦੇ ਹਾਂ-
'ਕੋਈ ਹਾਥ ਭੀ ਨਾ ਮਿਲਾਏਗਾ
ਜੋ ਗਲੇ ਮਿਲੋਗੇ ਤਪਾਕ ਸੇ,
ਯੇ ਨਏ ਮਿਜ਼ਾਜ ਕਾ ਸ਼ਹਿਰ ਹੈ
ਜ਼ਰਾ ਫ਼ਾਸਲੇ ਸੇ ਮਿਲਾ ਕਰੋ |'

-ਫਗਵਾੜਾ। ਮੋਬਾਈਲ : 98766-55055


ਖ਼ਬਰ ਸ਼ੇਅਰ ਕਰੋ

ਗੁੱਸਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਗੁੱਸੇ ਦੀਆਂ ਕਿਸਮਾਂ : 1. ਉਹ ਗੁੱਸਾ ਜੋ ਥੋੜ੍ਹੇ ਸਮੇਂ ਲਈ ਹੁੰਦਾ ਹੈ ਅਤੇ ਜੋ ਹਾਲਾਤ ਬਦਲਦਿਆਂ ਢਲ ਜਾਂਦਾ ਹੈ | 2. ਇਹ ਅਜਿਹਾ ਗੁੱਸਾ ਹੁੰਦਾ ਹੈ, ਜੋ ਬਾਅਦ ਵਿਚ ਵੀ ਅੰਦਰੋ-ਅੰਦਰੀ ਵਧਦਾ ਰਹਿੰਦਾ ਹੈ, ਇਹ ਗੁੱਸਾ ਨਫ਼ਰਤ ਦਾ ਜਨਮਦਾਤਾ ਹੁੰਦਾ ਹੈ |
• ਗੁੱਸੇਖੋਰ ਅਤੇ ਚਿੜਚਿੜੇ ਵਿਅਕਤੀ ਦੇ ਚਿਹਰੇ 'ਤੇ ਤੇਜ ਨਹੀਂ ਰਹਿੰਦਾ |
• ਮੂਡ ਠੀਕ ਨਾ ਹੋਣ ਦੀ ਸਥਿਤੀ ਵਿਚ ਜੇਕਰ ਤੁਹਾਨੂੰ ਕੋਈ ਫੋਨ ਕਰਦਾ ਹੈ ਤਾਂ ਉਸ ਨੂੰ ਗੁੱਸੇ ਦਾ ਨਿਸ਼ਾਨਾ ਨਾ ਬਣਾਓ ਤੇ ਜਦ ਫੋਨ ਬੰਦ ਕਰਨਾ ਹੋਵੇ ਤਾਂ ਰਸੀਵਰ ਨੂੰ ਜ਼ੋਰ ਨਾਲ ਮਾਰ ਕੇ ਨਾ ਬੰਦ ਕਰੋ |
• ਅੱਖਾਂ ਤੋਂ ਵੀ ਗੁੱਸੇ ਦਾ ਪਤਾ ਲਗਦਾ ਹੈ |
• ਗੁੱਸੇ 'ਚ ਮਨੁੱਖ ਨੂੰ ਹਮੇਸ਼ਾ ਦੂਜਿਆਂ ਦੀ ਹੀ ਗ਼ਲਤੀ ਦਿਖਾਈ ਦਿੰਦੀ ਹੈ | ਖੁਦ ਨੂੰ ਉਹ ਸਹੀ ਸਮਝਦਾ ਹੈ | ਕਈ ਸਾਧੂਆਂ-ਸੰਤਾਂ ਵਿਚ ਵੀ ਗੁੱਸਾ ਦੇਖਿਆ ਜਾ ਸਕਦਾ ਹੈ |
• ਕਈ ਵਾਰ ਕਰੋਧੀ ਬੰਦਾ ਬੇਜਾਨ ਚੀਜ਼ਾਂ 'ਤੇ ਵੀ ਆਪਣਾ ਗੁੱਸਾ ਕੱਢਦਾ ਹੈ |
• ਗੁੱਸੇ ਵਿਚ ਆਦਮੀ ਕਦੀ-ਕਦੀ ਫਜ਼ੂਲ ਦੀਆਂ ਗੱਲਾਂ ਕਰਦਾ ਹੈ ਤਾਂ ਕਦੀ-ਕਦੀ ਮਨ ਦੀ ਗੱਲ ਵੀ ਕਹਿ ਜਾਂਦਾ ਹੈ |
• ਗੁੱਸਾ ਕਰਨ ਵਾਲੇ ਜ਼ਿੱਦੀ ਹੁੰਦੇ ਹਨ ਅਤੇ ਉਨ੍ਹਾਂ ਵਿਚ ਧੀਰਜ ਘੱਟ ਹੀ ਹੁੰਦਾ ਹੈ | ਅਜਿਹੇ ਲੋਕ ਚਿੜਚਿੜੇ ਹੁੰਦੇ ਹਨ ਤੇ ਦੂਜਿਆਂ ਨਾਲ ਘੱਟ ਹੀ ਘੁਲਦੇ-ਮਿਲਦੇ ਹਨ | ਅਜਿਹੇ ਲੋਕ ਛੋਟੀਆਂ-ਛੋਟੀਆਂ ਗੱਲਾਂ 'ਤੇ ਵੀ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦੇ ਹਨ |
• ਅਮਲੀ ਕੰਮਾਂ ਨਾਲ ਵਿੱਦਿਆ ਦਾ, ਚੰਗੇ ਸੁਭਾਅ ਨਾਲ ਖਾਨਦਾਨ ਦਾ, ਗੁਣਾਂ ਨਾਲ ਉੱਚ ਦਰਜੇ ਦਾ ਅਤੇ ਅੱਖਾਂ ਨਾਲ ਗੁੱਸੇ ਦਾ ਤੁਰੰਤ ਪਤਾ ਚਲਦਾ ਹੈ |
• ਬੱਚੇ ਵਿਚ ਵੀ ਗੁੱਸੇ ਦੀ ਭਾਵਨਾ ਹੁੰਦੀ ਹੈ, ਉਹ ਵੀ ਤੁਹਾਡੇ ਨਾਲ ਕਦੀ-ਕਦੀ ਨਾਰਾਜ਼ ਹੋ ਕੇ ਆਪਣਾ ਗੁੱਸਾ ਪ੍ਰਗਟ ਕਰਦਾ ਹੈ |
• ਕ੍ਰੋਧ ਵਿਚ ਵਿਅਕਤੀ ਸਚਾਈ ਘੱਟ ਹੀ ਕਹਿੰਦਾ ਹੈ, ਉਹ ਉਦੋਂ ਸਿਰਫ਼ ਦੂਸਰੇ ਦਾ ਦਿਲ ਦਖਾਉਣਾ ਹੀ ਚਾਹੁੰਦਾ ਹੈ |
• ਗੁੱਸਾ ਆਉਣ 'ਤੇ ਚੀਕਣ ਲਈ ਤਾਕਤ ਨਹੀਂ ਚਾਹੀਦੀ ਪਰ ਗੁੱਸਾ ਆਉਣ 'ਤੇ ਚੁੱਪ ਰਹਿਣ ਲਈ ਬਹੁਤ ਤਾਕਤ ਚਾਹੀਦੀ ਹੈ |
• ਕ੍ਰੋਧ ਦੀ ਅੱਗ ਬੁਝਾਉਣਾ ਹੀ ਯਥਾਰਥ ਵਿਚ ਮਸਤਕ ਦੇ ਤਾਪਮਾਨ ਦਾ ਨਿਯੰਤਰਣ ਹੈ |
• ਹੇਠ ਲਿਖੇ 6 ਨੁਕਤੇ, 6 ਨੁਕਤਿਆਂ ਨੂੰ ਖਤਮ ਕਰ ਦਿੰਦੇ ਹਨ:
ਮੁਆਫ਼ ਕਰਨਾ-ਗ਼ਲਤੀ ਨੂੰ
ਦੁੱਖ-ਜ਼ਿੰਦਗੀ ਨੂੰ
ਸਾਥ-ਗ਼ਮ ਨੂੰ
ਗੁੱਸਾ-ਰਿਸ਼ਤੇ ਨੂੰ
ਧੋਖਾ-ਪਿਆਰ ਨੂੰ
ਖ਼ੁਸ਼ੀ-ਦੁੱਖ ਨੂੰ |
• ਕਿਸੇ ਨੂੰ ਗੁੱਸੇ ਵਿਚ ਕੁਝ ਨਾ ਕਹੋ ਜੋ ਤੁਹਾਡੇ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ |
• ਸੁਸਤ ਬੰਦੇ ਦੀ ਸਜ਼ਾ ਇਕੱਲੀ ਅਸਫ਼ਲਤਾ ਹੀ ਨਹੀਂ ਹੁੰਦੀ ਸਗੋਂ ਗੁੱਸਾ, ਈਰਖਾ, ਸਾੜਾ ਅਤੇ ਗ਼ਰੀਬੀ ਵੀ ਹੁੰਦੀ ਹੈ |
• ਗੁੱਸੇ ਨਾਲ ਸਾਰੇ ਕੰਮ ਉਵੇਂ ਨਹੀਂ ਬਣਦੇ ਜਿਵੇਂ ਸ਼ਾਂਤੀ ਨਾਲ ਬਣਦੇ ਹਨ |
• ਗੁੱਸੇਖੋਰ ਲੋਕ ਜਵਾਨੀ ਨੂੰ ਵਧੇਰੇ ਸਮੇਂ ਤੱਕ ਬਰਕਰਾਰ ਨਹੀਂ ਰੱਖ ਸਕਦੇ |
• ਗੁੱਸੇਖੋਰ ਵਿਅਕਤੀ ਅਸਲ ਵਿਚ ਆਪਣੇ-ਆਪ ਨਾਲ ਵੀ ਗੁੱਸੇ ਰਹਿੰਦਾ ਹੈ |
• ਗੁੱਸਾ ਜਿਊਾਦੇ ਮਨੁੱਖ ਨੂੰ ਮਾਰਨ ਬਰਾਬਰ ਕਰ ਦਿੰਦਾ ਹੈ | (ਚਲਦਾ)

-ਮੋਬਾਈਲ : 99155-63406.

 

ਕਹਾਣੀ: ਇੰਟਰਵਿਊ

ਸੋਨੀ ਮੈਡਮ ਨੇ ਆਪਣੀ ਬੌਸ ਨੂੰ ਇਕ ਦਰਖਾਸਤ ਦਿੱਤੀ ਕਿ ਮੈਡਮ ਕੱਲ੍ਹ ਮੇਰੀ ਇੰਟਰਵਿਊ ਹੈ, ਮੈਨੂੰ ਇਕ ਦਿਨ ਦੀ ਛੁੱਟੀ ਦਿੱਤੀ ਜਾਵੇ | ਬੌਸ ਨੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਨਾਲ ਦਰਖਾਸਤ ਪੜ੍ਹੀ ਅਤੇ ਫਿਰ ਬੜੇ ਗਹੁ ਨਾਲ ਸੋਨੀ ਮੈਡਮ ਵੱਲ ਵੇਖਦਿਆਂ ਰੋਅਬ ਨਾਲ ਪੁੱਛਿਆ, 'ਤੈਨੂੰ 50 ਹਜ਼ਾਰ ਰੁਪਏ ਸਰਕਾਰ ਦਿੰਦੀ ਹੈ | ਦਫ਼ਤਰ ਵਿਚ ਆ ਕੇ ਦੋ-ਤਿੰਨ ਫਾਈਲਾਂ ਭਰ ਦਿੱਤੀਆਂ ਤੇ ਫਿਰ ਸਾਰਾ ਦਿਨ ਗੱਪਾਂ ਮਾਰ ਕੇ ਚਲੀਆਂ ਜਾਂਦੀਆਂ ਹੋ | ਹੁਣ ਇਸ ਤੋਂ ਚੰਗੀ ਤੈਂ ਹੋਰ ਕਿਹੜੀ ਨੌਕਰੀ ਕਰਨੀ ਹੈ?' ਸੋਨੀ ਮੈਡਮ ਚੁੱਪਚਾਪ ਬੌਸ ਮੈਡਮ ਦਾ ਭਾਸ਼ਨ ਸੁਣ ਰਹੀ ਸੀ ਤੇ ਦਿਲ ਵਿਚ ਸੋਚ ਰਹੀ ਸੀ ਕਿ ਕਿੰਨਾ ਸੋਹਣਾ ਭਾਸ਼ਨ ਹੈ | ਚਲੋ ਅਸੀਂ ਤਾਂ ਫਿਰ ਵੀ ਦੋ-ਤਿੰਨ ਫਾਈਲਾਂ ਭਰ ਲੈਂਦੀਆਂ ਹਾਂ ਪਰ ਤੇਰੇ ਕੋਲੋਂ ਤਾਂ ਉਨ੍ਹਾਂ 'ਤੇ ਦਸਤਖ਼ਤ ਵੀ ਨਹੀਂ ਕਰ ਹੁੰਦੇ | ਹਰ ਵਾਰੀ ਢਿੱਲਾ ਜਿਹਾ ਜਵਾਬ ਦੇ ਛੱਡਦੀ ਐਾ, ਵਈ ਕੱਲ੍ਹ ਕਰਵਾ ਲੈਣਾ |
ਮੈਡਮ ਮੇਰੇ ਭਵਿੱਖ ਦਾ ਸਵਾਲ ਹੈ, ਸੋਨੀ ਨੇ ਹਲੀਮੀ ਨਾਲ ਕਿਹਾ | ਅਖੀਰ ਨੂੰ ਅੱਛਾ ਕਹਿ ਕੇ ਬੌਸ ਮੈਡਮ ਨੇ ਦਸਤਖ਼ਤ ਕਰ ਕੇ ਇਕ ਦਿਨ ਦੀ ਛੁੱਟੀ ਦੇ ਦਿੱਤੀ |
ਜਦੋਂ ਛੁੱਟੀ ਕੱਟ ਕੇ ਸੋਨੀ ਦੁਬਾਰਾ ਦਫ਼ਤਰ ਗਈ ਤਾਂ ਬੌਸ ਮੈਡਮ ਨੇ ਪੁੱਛਿਆ, 'ਕੀ ਬਣਿਆ ਤੇਰੀ ਇੰਟਰਵਿਊ ਦਾ |'
'ਬਸ ਦੇਖੋ ਮੈਡਮ ਕੀ ਬਣਦਾ ਹੈ | ਵੈਸੇ ਇੰਟਰਵਿਊ ਲਈ ਤਾਂ ਚਾਰ-ਪੰਜ ਕੁੜੀਆਂ ਹੀ ਪਹੁੰਚੀਆਂ ਸਨ |' 'ਫਿਰ ਤਾਂ ਤੇਰੀ ਇਲੈਕਸ਼ਨ ਹੋ ਹੀ ਜਾਣੀ ਹੈ | ਹੁਸ਼ਿਆਰ ਤਾਂ ਹੈਾ ਹੀ ਤੂੰ', ਬੌਸ ਕਹਿਣ ਲੱਗੀ ਅਤੇ ਉਸ ਨੂੰ ਬੜੇ ਪਿਆਰ ਨਾਲ ਆਪਣੇ ਕੈਬਿਨ ਵਿਚ ਲੈ ਗਈ |
ਦਰਅਸਲ ਬੌਸ ਮੈਡਮ ਬਹੁਤ ਹੀ ਸਖਤ ਸੁਭਾਅ ਦੀ ਔਰਤ ਸੀ ਅਤੇ ਹਰ ਕੋਈ ਉਸ ਦੇ ਕੈਬਿਨ ਵਿਚ ਜਾਣ ਤੋਂ ਝਿਜਕਦਾ ਵੀ ਸੀ ਅਤੇ ਘਬਰਾਉਂਦਾ ਵੀ ਸੀ ਪਰ ਉਸ ਦਿਨ ਬੌਸ ਮੈਡਮ ਚੰਗੇ ਮੂਡ ਵਿਚ ਲਗਦੀ ਸੀ | ਉਸ ਨੇ ਸੋਨੀ ਮੈਡਮ ਨੂੰ ਕੋਲ ਬਿਠਾਇਆ ਅਤੇ ਚਾਹ ਮੰਗਵਾ ਲਈ | ਚਾਹ ਦਾ ਘੁੱਟ ਭਰਦਿਆਂ ਬੌਸ ਮੈਡਮ ਨੇ ਪੁੱਛਿਆ, 'ਕਿਹੜੀ ਨੌਕਰੀ ਲਈ ਇੰਟਰਵਿਊ ਦੇਣ ਗਈ ਸੀ |'
ਬੌਸ ਮੈਡਮ ਦਾ ਸਵਾਲ ਸੁਣਦਿਆਂ ਸੋਨੀ ਦੀਆਂ ਅੱਖਾਂ ਵਿਚ ਹੰਝੂ ਆ ਗਏ | ਇਹ ਦੇਖ ਕੇ ਹੈਰਾਨ ਹੁੰਦਿਆਂ ਬੌਸ ਮੈਡਮ ਨੇ ਪੁੱਛਿਆ, 'ਤੈਨੂੰ ਕੀ ਹੋਇਆ, ਇਹ ਤਾਂ ਖ਼ੁਸ਼ੀ ਵਾਲੀ ਗੱਲ ਹੈ ਕਿ ਕੋਈ ਇਸ ਤੋਂ ਵੀ ਹੋਰ ਚੰਗੀ ਨੌਕਰੀ ਤੈਨੂੰ ਮਿਲਣ ਜਾ ਰਹੀ ਹੈ |'
ਸੋਨੀ ਨੇ ਚਾਹ ਦਾ ਕੱਪ ਟੇਬਲ 'ਤੇ ਰੱਖਿਆ ਤੇ ਹੰਝੂ ਪੂੰਝਦੇ ਹੋਏ ਗੱਲ ਬਦਲਣ ਦੀ ਕੋਸ਼ਿਸ਼ ਕਰਨ ਲੱਗੀ | ਉਹ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸੀ ਲਗਦੀ ਤਾਂ ਬੌਸ ਮੈਡਮ ਉੱਠ ਕੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗੀ, 'ਸੋਨੀ, ਮੈਨੂੰ ਦੱਸ ਕੀ ਗੱਲ ਹੈ | ਗੱਲ ਦੱਸਣ ਨਾਲ ਮਨ ਤਾਂ ਹੌਲਾ ਹੁੰਦਾ ਹੀ ਹੈ ਪਰ ਨਾਲ ਹੀ ਕਈ ਵਾਰ ਮਸਲੇ ਹੱਲ ਵੀ ਹੋ ਜਾਂਦੇ ਹਨ |'
ਬੌਸ ਮੈਡਮ ਦੇ ਜ਼ਿਆਦਾ ਜ਼ੋਰ ਪਾਉਣ 'ਤੇ ਸੋਨੀ ਦੱਸਣ ਲੱਗੀ, 'ਇਕ ਬੰਦਾ ਕੈਨੇਡਾ ਤੋਂ ਆਇਆ ਸੀ, ਜਿਸ ਨੇ ਅਖ਼ਬਾਰ ਵਿਚ ਇਸ਼ਤਿਹਾਰ ਦਿੱਤਾ ਸੀ ਕਿ ਉਸ ਦੀ ਉਮਰ 50 ਸਾਲ ਹੈ ਅਤੇ ਪਹਿਲੀ ਘਰ ਵਾਲੀ ਨਾਲ ਤਲਾਕ ਹੋ ਚੁੱਕਾ ਹੈ | ਬਿਨਾਂ ਬੱਚੇ ਵਾਲੀ ਖੂਬਸੂਰਤ ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ | ਇਹੋ ਇੰਟਰਵਿਊ ਦੇਣ ਗਈ ਸੀ ਪਰ ਮੈਂ ਫੇਲ੍ਹ ਹੋ ਜਾਣੈ ਕਿਉਂਕਿ ਮੇਰੇ ਕੋਲ ਪਹਿਲੇ ਵਿਆਹ ਤੋਂ ਇਕ ਲੜਕੀ ਹੈ |'
ਸੋਨੀ ਦੀ ਗੱਲ ਸੁਣ ਕੇ ਬੌਸ ਮੈਡਮ ਥੋੜ੍ਹੀ ਭਾਵੁਕ ਹੋ ਗਈ ਅਤੇ ਸੋਚਾਂ ਵਿਚ ਪੈ ਗਈ | ਫਿਰ ਕਹਿਣ ਲੱਗੀ, 'ਸੋਨੀ ਤੂੰ ਮੇਰੀ ਛੋਟੀ ਭੈਣ ਵਰਗੀ ਹੈਾ | ਮੈਨੂੰ ਵੀ ਮੇਰੇ ਘਰ ਵਾਲੇ ਨੇ 30 ਸਾਲ ਪਹਿਲਾਂ ਭਰੀ ਜਵਾਨੀ ਵਿਚ ਤਲਾਕ ਦੇ ਦਿੱਤਾ ਸੀ | ਮੈਂ ਵੀ ਦਿਨ ਕੱਟੇ ਹਨ ਪਰ ਤੂੰ ਚਿੰਤਾ ਨਾ ਕਰ | ਉਸ ਆਦਮੀ ਦੀ ਉਮਰ ਅਤੇ ਤੇਰੀ ਉਮਰ ਵਿਚ ਕਰੀਬ 15 ਸਾਲ ਦਾ ਫਰਕ ਹੈ | ਤੂੰ ਉਸ ਬਾਰੇ ਸੋਚਣਾ ਛੱਡ, ਮੈਂ ਤੇਰੇ ਵਾਸਤੇ ਕੋਈ ਚੰਗਾ ਰਿਸ਼ਤਾ ਦੇਖਾਂਗੀ | ਫਿਰ ਪੁੱਛਣ ਲੱਗੀ, 'ਸੋਨੀ ਤੇਰੀ ਕੁੜੀ ਦੀ ਉਮਰ ਕਿੰਨੀ ਹੈ?' 'ਮੈਡਮ ਉਹ ਕਰੀਬ 18 ਸਾਲ ਦੀ ਹੋਣ ਵਾਲੀ ਹੈ |'
ਫਿਰ ਕੁਝ ਦਿਨ ਬਾਅਦ ਬੌਸ ਮੈਡਮ ਨੇ ਸੋਨੀ ਨੂੰ ਆਪਣੇ ਦਫ਼ਤਰ ਵਿਚ ਬੁਲਾਇਆ ਅਤੇ ਖੁਸ਼ੀ ਨਾਲ ਜੱਫੀ ਪਾ ਲਈ | ਸੋਨੀ ਹੈਰਾਨ ਸੀ ਤੇ ਕੁਝ ਸਮਝ ਨਹੀਂ ਪਾ ਰਹੀ ਸੀ | ਫਿਰ ਉਸ ਨੇ ਹੌਸਲਾ ਕਰਕੇ ਪੁੱਛਿਆ, 'ਮੈਡਮ ਜੀ ਪਹਿਲਾਂ ਕਦੇ ਤੁਹਾਨੂੰ ਏਨਾ ਖੁਸ਼ ਨਹੀਂ ਦੇਖਿਆ, ਕੀ ਗੱਲ ਹੈ?' ਬੌਸ ਮੈਡਮ ਕਹਿਣ ਲੱਗੀ, 'ਸੋਨੀ ਮੇਰੇ ਪਹਿਲੇ ਵਿਆਹ ਤੋਂ ਇਕ ਲੜਕਾ ਹੈ, ਜਿਸ ਦੀ ਉਮਰ 22 ਸਾਲ ਹੈ ਅਤੇ ਬੈਂਕ ਵਿਚ ਚੰਗੀ ਨੌਕਰੀ ਕਰਦਾ ਹੈ | ਮੈਂ ਉਸ ਨੂੰ ਤੇਰੇ ਬਾਰੇ ਸਭ ਕੁਝ ਦੱਸਿਆ ਅਤੇ ਉਸ ਨੂੰ ਕੋਈ ਇਤਰਾਜ਼ ਵੀ ਨਹੀਂ ਹੈ | ਅੱਜ ਤੋਂ ਤੇਰੀ ਧੀ ਮੇਰੇ ਘਰ ਦੀ ਨੂੰ ਹ ਹੈ |'
ਸੋਨੀ ਮੈਡਮ ਨੂੰ ਆਪਣੇ ਕੰਨਾਂ ਉਤੇ ਯਕੀਨ ਨਹੀਂ ਸੀ ਹੋ ਰਿਹਾ | ਉਸ ਦੀਆਂ ਅੱਖਾਂ ਵਿਚ ਇਕ ਵਾਰ ਫਿਰ ਖੁਸ਼ੀ ਦੇ ਹੰਝੂਆਂ ਦਾ ਦਰਿਆ ਵਗਣ ਲੱਗਾ | ਉਹ ਮੰਨ ਹੀ ਮਨ ਸੋਚਣ ਲੱਗੀ ਕਿ 'ਬੌਸ ਮੈਡਮ ਅੱਜ ਤੋਂ ਸੱਚ ਹੀ ਤੂੰ ਮੇਰੀ ਬੌਸ ਬਣ ਗਈ ਹੈਾ |'

-ਗੁਰੂ ਨਾਨਕਪੁਰਾ, ਫਗਵਾੜਾ | ਮੋਬਾਈਲ : 98155-43325.

 

ਵਿਅੰਗ: ਸੁਲਝੇ ਹੋਏ ਆਦਮੀ

'ਵੇਖੋ ਜੀ, ਅਸੀਂ ਤਾਂ ਸੁਲਝੇ ਹੋਏ ਆਦਮੀ ਹਾਂ | ਫਾਲਤੂ ਦੀਆਂ ਰਸਮਾਂ, ਰਿਵਾਜਾਂ, ਅਡੰਬਰਾਂ, ਵਿਖਾਵਿਆਂ ਅਤੇ ਦਾਜ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਅਸੀਂ ਘੋਰ ਵਿਰੁੱਧ ਹਾਂ | ਇਨ੍ਹਾਂ ਵਿਚ ਵਿਸ਼ਵਾਸ ਕਰਨਾ ਤਾਂ ਬੇ-ਸਮਝ ਲੋਕਾਂ ਦਾ ਕੰਮ ਹੈ... |' ਹਰ ਰੋਜ਼ ਵਾਂਗ ਸਵੇਰ ਦੀ ਸੈਰ ਤੇ ਜਾਂਦਿਆਂ ਡਾਕਟਰ ਭਰਭੂਰ ਸਿੰਘ ਭੁੱਖੜ ਨੇ ਆਪਣੇ ਪ੍ਰਵਚਨ ਸ਼ੁਰੂ ਕਰ ਦਿੱਤੇ ਸਨ |
'ਡਾਕਟਰ ਸਾਹਿਬ ਜੀ, ਉਂਜ ਤਾਂ ਸਾਨੂੰ ਕਿਸੇ ਨੂੰ ਵੀ ਤੁਹਾਡੇ ਸੁਲਝੇ ਹੋਏ ਹੋਣ 'ਤੇ ਕੋਈ ਸ਼ੱਕ ਨਹੀਂ ਹੈ ਪਰ ਤੁਸੀਂ ਆਪਣੀ ਕੋਠੀ ਦੇ ਬਾਹਰ ਕਾਲਾ ਕੁੱਜਾ ਕਿਉਂ ਟਿਕਾ ਰੱਖਿਐ?' ਬਾਬੂ ਟੇਕ ਚੰਦ ਟਿੱਚਰੀ ਡਾਕਟਰ ਭੁੱਖੜ ਦੇ ਪੋਲੀ ਜਿਹੀ ਚੂੰਢੀ ਭਰਦਾ ਹੈ |
'ਬਾਬੂ ਟੇਕ ਚੰਦ ਜੀ, ਸਾਡੀ ਇਹ ਕੋਠੀ ਘੱਟੋ-ਘੱਟ ਦੋ ਕਰੋੜ ਰੁਪੈ ਦੀ ਹੋਵੇਗੀ | ਇਹ ਆਲੀਸ਼ਾਨ ਕੋਠੀ ਸੁੱਖ ਨਾਲ ਪੂਰੀਆਂ ਦੋ ਕਨਾਲਾਂ ਵਿਚ ਬਣੀ ਐ | ਹੁਣ ਜਿਹੜਾ ਵੀ ਏਧਰ ਦੀ ਲੰਘਦੈ, ਉਹ ਸਾਡੀ ਇਸ ਕੋਠੀ ਨੂੰ ਵੇਖ ਕੇ ਠੰਢੇ-ਠੰਢੇ ਹਉਕੇ ਭਰਦੈ... ਬੱਲੇ-ਬੱਲੇ ਬਈ ਬੜੀ ਵੱਡੀ ਕੋਠੀ ਬਣਾਈ ਐ ਡਾਕਟਰ ਨੇ ਤਾਂ... ਇਹ ਸ਼ਾਹੀ ਮਹਿਲ ਵਰਗੀ ਕੋਠੀ ਡਾਕਟਰ ਤੋਂ ਇਲਾਵਾ ਆਪਣੇ ਸ਼ਹਿਰ ਵਿਚ ਹੋਰ ਕਿਸੇ ਦੀ ਵੀ ਹੈਨੀ... ਬੜੇ ਨੋਟ ਥੱਪੇ ਐ ਬਈ ਡਾਕਟਰ ਨੇ ਇਸ ਕੋਠੀ 'ਤੇ... | ਬਾਬੂ ਜੀ, ਕਈ ਲੋਕਾਂ ਦੀ ਨਜ਼ਰ ਬੜੀ ਚੰਦਰੀ ਹੁੰਦੀ ਐ | ਕੀ ਪਤਾ ਕਿਹੜੇ ਵੇਲੇ ਕਿਹੜੇ ਚੰਦਰੇ ਦੀ ਨਜ਼ਰ ਸਾਡੀ ਕੋਠੀ ਨੂੰ ਲੱਗ ਜਾਵੇ | ਫੇਰ ਭਲਾ ਅਸੀਂ ਕੀਹਦੀ ਮਾਂ ਨੂੰ ਮਾਸੀ ਆਖਾਂਗੇ | ਸੋ, ਲੋਕਾਂ ਦੀ ਭੈੜੀ ਨਜ਼ਰ ਤੋਂ ਬਚਣ ਲਈ ਅਸੀਂ ਇਹ ਅੱਕ ਚੱਬਿਐ | ਵੈਸੇ ਊਾ ਅਸੀਂ ਵਹਿਮਾਂ-ਭਰਮਾਂ ਦੇ ਘੋਰ ਵਿਰੁੱਧ ਹਾਂ | ਨਾਲੇ ਅੱਜ ਦਾ ਯੁੱਗ ਤਾਂ ਵਿਗਿਆਨ ਦਾ ਯੁੱਗ ਐ ਤੇ ਇਸ ਯੁੱਗ ਵਿਚ ਵਹਿਮਾਂ-ਭਰਮਾਂ ਵਿਚ ਯਕੀਨ ਰੱਖਣਾ ਉੱਲੂ ਲੋਕਾਂ ਦਾ ਕੰਮ ਐ | ਪਰ ਆਪਾਂ ਤਾਂ ਐਨ ਸੋਲਾਂ ਆਨੇ ਸੁਲਝੇ ਹੋਏ ਆਦਮੀ ਹਾਂ... ਹੈ ਕਿ ਨਾ... ਹੀਂ... ਹੀਂ... ਹੀਂ... |' ਡਾਕਟਰ ਭਰਭੂਰ ਸਿੰਘ ਭੁੱਖੜ ਦੀ ਹਾਲਤ ਐਸੇ ਚੋਰ ਵਰਗੀ ਹੋ ਗਈ ਸੀ, ਜਿਹੜਾ ਚੋਰੀ ਕਰਦਾ ਰੰਗੇ ਹੱਥੀਂ ਫੜਿਆ ਗਿਆ ਹੋਵੇ |
'ਡਾਕਟਰ ਸਾਹਿਬ ਜੀ, ਜੇ ਤੁਸੀਂ ਏਨੇ ਹੀ ਸੁਲਝੇ ਹੋਏ ਓ ਤਾਂ ਹਰ ਸਾਲ ਸਾਡੀ ਭਰਜਾਈ ਸਾਹਿਬਾਂ ਨੂੰ ਕਰੁਏ ਦਾ ਵਰਤ ਕਾਹਤੋਂ ਰਖਵਾਉਂਦੇ ਓ? ਇਹ ਤਾਂ ਔਰਤ ਦੀ ਗੁਲਾਮੀ ਦਾ ਪ੍ਰਤੀਕ ਐ | ਬਾਹਰਲੇ ਦੇਸ਼ਾਂ ਦੇ ਲੋਕ ਤਾਂ ਚੰਦ 'ਤੇ ਕੋਠੀਆਂ ਪਾਉਣ ਨੂੰ ਤਿਆਰ ਬੈਠੇ ਹਨ ਤੇ ਏਧਰ ਤੁਸੀਂ ਔਰਤ ਨੂੰ ਅਜੇ ਵੀ ਗੁਲਾਮੀ ਦੇ ਜੂਲੇ ਵਿਚੋਂ ਬਾਹਰ ਨਹੀਂ ਕੱਢ ਰਹੇ | ਅਖੇ ਜੀ ਵਰਤ ਰੱਖਣ ਨਾਲ ਔਰਤ ਦੇ ਪਤੀ ਦੀ ਉਮਰ ਲੰਬੀ ਹੋ ਜਾਂਦੀ ਐ | ਇਹ ਕਿੱਧਰਲੀ ਵਿਗਿਆਨਕ ਸੋਚ ਐ ਡਾਕਟਰ ਸਾਅਬ? ਪ੍ਰੋਫੈਸਰ ਸੁਮੀਤ ਸੇਖੋਂ ਡਾਕਟਰ ਭੁੱਖੜ ਦਾ ਅੱਗਾ ਵਲਦਾ ਹੈ |
'ਵੇਖੋ ਪ੍ਰੋਫੈਸਰ ਸਾਅਬ ਜੀ, ਅਸੀਂ ਔਰਤ ਦੀ ਸੰਪੂਰਨ ਆਜ਼ਾਦੀ ਦੇ ਹੱਕ ਵਿਚ ਹਾਂ | ਔਰਤ ਨੂੰ ਵੀ ਸਮਾਜ ਵਿਚ ਬਰਾਬਰੀ ਦਾ ਦਰਜਾ ਮਿਲਣਾ ਚਾਹੀਦਾ ਐ | ਪਰ ਇਹਦੇ ਨਾਲ-ਨਾਲ ਸਾਨੂੰ ਸਮਾਜ ਦੀਆਂ ਰਹੁ-ਰੀਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਐ | ਇਸੇ ਕਰਕੇ ਸਾਡੀ ਸਰਦਾਰਨੀ ਸਾਹਿਬਾਂ ਹਰ ਸਾਲ ਕਰੂਏ ਦਾ ਵਰਤ ਨਿਰਵਿਘਨ ਰੱਖਦੀ ਆ ਰਹੀ ਐ | ਉਹਦੇ ਲਈ ਹਰ ਸਾਲ ਸ਼ੁੱਧ ਸੋਨੇ ਦਾ ਕੋਈ ਨਾ ਕੋਈ ਗਹਿਣਾ ਬਣਾ ਕੇ ਦੇਣਾ, ਕੀਮਤੀ ਅਤੇ ਲੇਟੈੱਸਟ ਸੂਟ ਲਿਆ ਕੇ ਦੇਣੇ, ਦੁਪਹਿਰ ਵੇਲੇ ਕਿਸੇ ਸੁਲਝੇ ਹੋਏ ਪੰਡਤ ਜੀ ਦਾ ਪ੍ਰਬੰਧ ਕਰਕੇ ਦੇਣਾ, ਫ਼ਲ-ਫਰੂਟ ਅਤੇ ਹੋਰ ਲਟਰਮ-ਪਟਰਮ ਲਿਆ ਕੇ ਦੇਣਾ, ਇਹ ਸਾਡੀ ਪਰਮ-ਅਗੇਤਰ ਜ਼ਿੰਮੇਵਾਰੀ ਹੁੰਦੀ ਐ, ਤਾਂ ਕਿ ਉਹ ਦੁਪਹਿਰ ਵੇਲੇ ਪੰਡਤ ਜੀ ਤੋਂ ਕਹਾਣੀ ਸੁਣ ਕੇ ਕੁਝ ਖਾ-ਪੀ ਸਕੇ | ਵੈਸੇ ਊਾ ਅਸੀਂ ਸਮਾਂ ਵਿਹਾ ਚੁੱਕੀਆਂ ਗਲੀਆਂ-ਸੜੀਆਂ ਪਰੰਪਰਾਵਾਂ ਦੇ ਘੋਰ ਵਿਰੁੱਧ ਹਾਂ | ਜੇ ਸਾਡੇ ਵਰਗੇ ਵਿਗਿਆਨ ਦੇ ਵਿਦਿਆਰਥੀ ਹੀ ਅਜਿਹੇ ਮਨੁੱਖਤਾ ਵਿਰੋਧੀ ਕਾਰਜ ਕਰਨਗੇ ਤਾਂ ਸਾਡਾ ਸਮਾਜ ਤਾਂ ਜਮਾਂ ਹੀ ਗਰਕ ਹੋ ਜੂ... | ' ਡਾਕਟਰ ਭਰਭੂਰ ਸਿੰਘ ਭੁੱਖੜ ਇਕ ਹੰਢੇ ਹੋਏ ਸਿਆਸਤਦਾਨ ਵਾਂਗ ਪੈਰਾਂ 'ਤੇ ਭੋਰਾ ਵੀ ਪਾਣੀ ਨਹੀਂ ਸੀ ਪੈਣ ਦੇ ਰਿਹਾ |
ਡਾਕਟਰ ਸਾਹਿਬ ਜੀ, ਤੁਸੀਂ ਹਰ ਸਾਲ ਸਰਦੀਆਂ ਵਿਚ ਗਰੀਬ, ਬੇ-ਘਰ ਅਤੇ ਬੇ-ਸਹਾਰਿਆਂ ਨੂੰ ਗਰਮ ਕੰਬਲ, ਕੋਟੀਆਂ ਆਦਿ ਤਕਸੀਮ ਕਰਦੇ ਰਹਿੰਦੇ ਓ | ਇਹ ਸਮਾਜ ਪ੍ਰਤੀ ਤੁਹਾਡਾ ਸਲਾਹੁਣਯੋਗ ਉਪਰਾਲਾ ਹੈ ਪਰ ਕੰਬਲ ਤੁਸੀਂ ਚਾਰ ਵੰਡਦੇ ਓ ਅਤੇ ਚਾਲੀ ਅਖ਼ਬਾਰਾਂ ਵਿਚ ਉਹਦੀ ਪਬਲੀਸਿਟੀ ਕਰਵਾ ਲੈਂਦੇ ਓ | ਕੋਈ ਅਖ਼ਬਾਰ ਵੇਖ ਲਓ, ਹਰ ਅਖ਼ਬਾਰ ਵਿਚ ਤੁਹਾਡੀਆਂ ਵਿੰਗੇ-ਟੇਢੇ ਪੋਜ਼ਾਂ ਵਾਲੀਆਂ ਤਸਵੀਰਾਂ ਸੈਨਤਾਂ ਮਾਰਦੀਆਂ ਦਿਸ ਹੀ ਜਾਂਦੀਆਂ ਹਨ | ਅਖੇ ਡਾਕਟਰ ਭਰਭੂਰ ਸਿੰਘ ਭੁੱਖੜ ਸਟੇਸ਼ਨ ਉੱਪਰ ਲਾਵਾਰਸ ਪਏ ਮੰਗਤੇ ਨੂੰ ਕੰਬਲ ਦਾਨ ਕਰਦੇ ਹੋਏ... | ਡਾਕਟਰ ਭੁੱਖੜ ਇਕ ਯਤੀਮ ਬੱਚੇ ਦੇ ਖੱਬੇ ਪੈਰ ਵਿਚ ਜੁਰਾਬ ਪਹਿਨਾਉਂਦੇ ਹੋਏ... | ਕੀ ਇਹ ਸਸਤੀ ਸ਼ੁਹਰਤ ਪ੍ਰਾਪਤ ਕਰਨ ਲਈ ਕੀਤਾ ਗਿਆ ਅਡੰਬਰ ਨਹੀਂ? ਕੀ ਇਹ ਯਤੀਮ ਬੱਚਿਆਂ ਦੀ ਗਰੀਬੀ ਦਾ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ?' ਬਾਬੂ ਟੇਕ ਚੰਦ ਟਿੱਚਰੀ ਡਾਕਟਰ ਭੁੱਖੜ ਦੇ ਹੋਰ ਪੋਤੜੇ ਫਰੋਲਣ ਦੇ ਰੌਾਅ ਵਿਚ ਸੀ |
'ਹੀਂ... ਹੀਂ... ਹੀਂ... ਵੇਖੋ ਜੀ ਟਿੱਚਰੀ ਸਾਅਬ, ਤੁਸੀਂ ਬਿਲਕੁਲ ਸਹੀ ਫਰਮਾ ਰਹੇ ਓ | ਸਿਆਣੇ ਕਹਿੰਦੇ ਹੁੰਦੇ ਹਨ ਕਿ ਜੇ ਖੱਬਾ ਹੱਥ ਦਾਨ ਕਰੇ ਤਾਂ ਸੱਜੇ ਨੂੰ ਇਹਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਹੋਣਾ ਚਾਹੀਦਾ | ਨੇਕੀ ਕਰ ਦਰਿਆ ਮੇਂ ਡਾਲ | ਪਰ ਸਾਡੇ ਆਸੇ-ਪਾਸੇ ਪਤਾ ਨਹੀਂ ਚੰਦਰੀ ਹਵਾ ਹੀ ਕੇਹੀ ਵਗ ਗਈ ਐ | ਸਰਦੀਆਂ ਵਿਚ ਕੋਈ ਵੀ ਅਖ਼ਬਾਰ ਚੁੱਕੋ, ਹਰ ਅਖ਼ਬਾਰ ਦੇ ਹਰੇਕ ਪੰਨੇ ਤੇ ਅਜਿਹੇ ਸਮਾਰੋਹਾਂ ਦਾ ਜ਼ਿਕਰ ਹੀ ਵੇਖਣ ਨੂੰ ਮਿਲਦਾ ਐ | ਕਿਧਰੇ ਬੂਟ ਵੰਡ ਸਮਾਰੋਹ, ਕਿਤੇ ਚੱਪਲ ਵੰਡ ਸਮਾਰੋਹ | ਕਿਧਰੇ ਵਰਦੀ ਵੰਡ ਸਮਾਰੋਹ | ਕਿਧਰੇ ਕੁੜਤਾ ਵੰਡ ਤੇ ਕਿਧਰੇ ਸੁੱਥੂ ਵੰਡ ਸਮਾਰੋਹ | ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵ੍ਹਾਂ 'ਕੱਲੀ ਦੇ ਅਨੁਸਾਰ ਜਦੋਂ ਹਰੇਕ ਲੱਲੀ-ਛੱਲੀ ਅਖ਼ਬਾਰ ਵਿਚ ਆਪਣੀ ਐਵੇਂ ਫੋਕੀ ਟੌਹਰ ਬਣਾ ਰਹੀ ਹੰੁਦੀ ਐ ਤਾਂ ਇਹ ਸਭ ਵੇਖ ਸਾਡਾ ਦਿਲ ਵੀ ਘਾਊਾ-ਮਾਊਾ ਕਰਨ ਲੱਗ ਪੈਂਦਾ ਹੈ | ਵੈਸੇ ਊਾ ਅਸੀਂ ਅਜਿਹੇ ਅੰਡਬਰਾਂ ਅਤੇ ਝੂਠੇ ਵਿਖਾਵਿਆਂ ਦੇ ਘੋਰ ਵਿਰੋਧੀ ਹਾਂ | ਜੇ ਸਾਡੇ ਵਰਗੇ ਸੁਲਝੇ ਹੋਏ ਆਦਮੀ ਹੀ ਅਜਿਹੇ ਘਟੀਆ ਕੰਮ ਕਰਨਗੇ , ਫੇਰ ਤਾਂ ਇਹ ਬਹੁਤ ਹੀ ਮਾੜੀ ਬਾਤ ਹੈ... |' ਡਾਕਟਰ ਭਰਭੂਰ ਸਿੰਘ ਭੁੱਖੜ ਦੀ ਜ਼ਬਾਨ ਹੁਣ ਹੋਰ ਝੂਠ ਤੇ ਪਰਦਾ ਪਾਉਣ ਤੋਂ ਅਸਮਰੱਥ ਜਾਪ ਰਹੀ ਸੀ |
'ਡਾਕਟਰ ਸਾਅਬ ਜੀ, ਆਹ ਪਿਛਲੇ ਦਿਨੀਂ ਤੁਸੀਂ ਆਪਣੇ ਇਕਲੌਤੇ ਕਾਕੇ ਦਾ ਜਿਹੜਾ ਵਿਆਹ ਕੀਤਾ ਹੈ, ਉਹ ਵੀ ਤੁਸੀਂ ਬਗੈਰ ਕਿਸੇ ਦਾਜ-ਦਹੇਜ ਤੋਂ ਹੀ ਕੀਤਾ ਲੱਗਦੈ | ਤਾਹੀਂ ਤੁਸੀਂ ਬਿਲਕੁਲ ਚੁੱਪ-ਚੁਪੀਤੇ ਅਤੇ ਬਗੈਰ ਯਾਰਾਂ-ਦੋਸਤਾਂ ਨੂੰ ਬੁਲਾਇਆਂ ਇਹ ਕਾਰਜ ਨੇਪਰੇ ਚਾੜ੍ਹ ਲਿਐ ... ? ਪ੍ਰੋਫੈਸਰ ਸੁਮੀਤ ਸੇਖੋਂ ਭਰਭੂਰ ਸਿੰਘ ਭੁੱਖੜ ਦੀ ਬੋਲਤੀ ਬਿਲਕੁਲ ਹੀ ਬੰਦ ਕਰਨੀ ਚਾਹੁੰਦਾ ਸੀ |
'ਵੇਖੋ ਜੀ ਸੇਖੋਂ ਸਾਅਬ, ਦਾਜ ਬਹੁਤ ਹੀ ਵੱਡੀ ਸਮਾਜਿਕ ਬੁਰਾਈ ਹੈ | ਸਾਨੂੰ ਸਭ ਨੂੰ ਰਲਮਿਲ ਕੇ ਇਸ ਨਾ-ਮੁਰਾਦ ਬੁਰਾਈ ਦੀ ਵਿਰੋਧਤਾ ਕਰਨੀ ਬਣਦੀ ਹੈ | ਇਸੇ ਕਰਕੇ ਹੀ ਅਸੀਂ ਕੁੜੀ ਵਾਲਿਆਂ ਦਾ ਵਿਆਹ ਤੇ ਮੋਰੀ ਵਾਲਾ ਇਕ ਪੈਸਾ ਵੀ ਨਾਜ਼ਾਇਜ ਨਹੀਂ ਲੁਆਇਆ | ਅੱਜਕਲ੍ਹ ਤਾਂ ਮੁੰਡੇ ਵਾਲੇ ਤਿੰਨ ਫੁੱਟ ਲੰਬਾ 'ਮੰਗ-ਪੱਤਰ' ਪਹਿਲਾਂ ਹੀ ਕੁੜੀ ਵਾਲਿਆਂ ਦੇ ਘਰ ਭੇਜ ਦਿੰਦੇ ਹਨ | ਮਹਿੰਗੀ ਏ. ਸੀ. ਕਾਰ, ਇਨਫੀਲਡ ਮੋਟਰਸਾਈਕਲ, ਫਰਿੱਜ, ਟੀ.ਵੀ., ਗਹਿਣੇ-ਗੱਟੇ, ਕਾਕੇ ਦੇ 'ਜੇਬ-ਖ਼ਰਚ' ਲਈ ਲੱਖਾਂ ਰੁਪਏ, ਕੁੜੀ ਵਾਲਿਆਂ ਨੂੰ ਬਿਲਕੁਲ ਹੀ ਕੰਗਾਲ ਕਰ ਦਿੰਦੇ ਹਨ | ਪਰ ਅਸੀਂ ਕੁੜੀ ਵਾਲਿਆਂ ਨੂੰ ਭੋਰਾ ਵੀ ਤੰਗ ਨਹੀਂ ਕੀਤਾ | ਬਰਾਤ ਦੇ ਐਵੇਂ ਦਸ ਕੁ ਬੰਦੇ ਗਏ ਸੀ ਅਤੇ ਚੰੁਨੀ ਚੜ੍ਹਾਵਾ ਕਰ ਕੇ ਕੁੜੀ ਘਰ ਲੈ ਆਏ | ਸਾਦਾ ਅਤੇ ਬਿਲਕੁਲ ਅਡੰਬਰ ਰਹਿਤ ਵਿਆਹ – ਇਹ ਸਾਡੇ ਸੁਲਝੇ ਹੋਏ ਹੋਣ ਦਾ ਪ੍ਰਤੀਕ ਐ | ਭਵਿੱਖ ਵਿਚ ਲੋਕ ਸਾਡੇ ਇਸ ਮਿਸਾਲੀ ਵਿਆਹ ਦੀਆਂ ਬਾਤਾਂ ਪਾਇਆ ਕਰਨਗੇ | ਊਾ ਅਸੀਂ ਤੁਹਾਡੇ ਗਿਆਨ ਵਿਚ ਵਾਧਾ ਵੀ ਕਰ ਦੇਈਏ ਕਿ ਕੁੜੀ ਮਾਪਿਆਂ ਦੀ ਇਕਲੌਤੀ ਸੰਤਾਨ ਹੈ | ਕੁੜੀ ਦਾ ਬਾਪ ਸਰਕਾਰੀ ਮਹਿਕਮੇ ਵਿਚੋਂ ਇਕ ਵੱਡਾ ਅਫ਼ਸਰ ਰਿਟਾਇਰ ਹੋਇਐ | ਕੁੜੀ ਦੇ ਮਾਪਿਆਂ ਕੋਲ ਪੰਜਾਹ ਕਿੱਲੇ ਝੋਟੇ ਦੇ ਸਿਰ ਵਰਗੀ ਜ਼ਮੀਨ ਐ | ਇਕ ਮਹਿਲ ਵਰਗੀ ਕੋਠੀ ਉਨ੍ਹਾਂ ਪਿੰਡ ਵਿਚ ਬਣਾ ਰੱਖੀ ਐ ਤੇ ਇਕ ਕੋਠੀ ਹੁਣੇ-ਹੁਣੇ ਉਨ੍ਹਾਂ ਕੁੜੀ ਵਾਸਤੇ ਸ਼ਹਿਰ ਵਿਚ ਬਣਾਈ ਐ | ਹੁਣ ਤੁਸੀਂ ਐਨੇ ਸਮਝਦਾਰ ਤਾਂ ਜ਼ਰੂਰ ਹੀ ਹੋਵੋਗੇ, ਜਿਸ ਨਾਲ ਇਹ ਜਾਣ ਸਕੋਂ ਕਿ ਮਾਪਿਆਂ ਦੀ ਇਕਲੌਤੀ ਸੰਤਾਨ ਹੋਣ ਕਰਕੇ ਇਹ ਸਭ 'ਮਾਲ-ਮੱਤਾ' ਆਪਣੇ ਹੀ ਘਰ ਆ ਜਾਣਾ ਹੈ | ਨਾਲੇ ਜੀ ਅਸੀਂ ਤਾਂ ਬਾਬੇ ਨਾਨਕ ਦੇ ਪੱਕੇ ਪੈਰੋਕਾਰ ਹਾਂ ਤੇ ਬੇਗਾਨਾ ਹੱਕ ਸਾਡੇ ਲਈ ਹੱਡ ਖਾਣ ਦੇ ਬਰਾਬਰ ਹੈ | ਊਾ ਵੀ ਜੇ ਸਾਡੇ ਵਰਗੇ ਸੁਲਝੇ ਹੋਏ ਆਦਮੀ ਅਜਿਹਾ ਕੁਝ ਕਰਨਗੇ ਤਾਂ ਆਮ ਬੰਦੇ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ... ਹੀਂ... ਹੀਂ... ਹੀਂ... |' ਇਸ ਤੋਂ ਪਹਿਲਾਂ ਕਿ ਡਾਕਟਰ ਭਰਭੂਰ ਸਿੰਘ ਭੁੱਖੜ ਵੱਲ ਸਵੇਰ ਦੀ ਸੈਰ ਕਰ ਰਹੇ ਉਸ ਦੇ ਸਹਿਯੋਗੀ ਕੋਈ ਹੋਰ ਅਗਨ-ਬਾਣ ਚਲਾਉਂਦੇ, ਉਹ ਫੁਰਤੀ ਨਾਲ ਤੁਰਦਾ ਹੋਇਆ ਕਾਫ਼ੀ ਅੱਗੇ ਲੰਘ ਚੁੱਕਾ ਸੀ |

-ਮੋਬਾਈਲ : 94176-71364

 Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX