ਤਾਜਾ ਖ਼ਬਰਾਂ


ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਵੱਡਾ ਧਮਾਕਾ, ਅੱਜ ਮਿਲੇ 5 ਕੋਰੋਨਾ ਪਾਜ਼ੀਟਿਵ ਮਾਮਲੇ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਅੱਜ ਵਡਾ ਧਮਾਕਾ ਹੋਇਆ ਹੈ। ਸੀ.ਐਮ.ਸਿਟੀ ਵਿਖੇ ਅੱਜ ਕੋਰੋਨਾ ਦੇ 5 ਨਵੇ ਮਾਮਲੇ ਸਾਹਮਣੇ ਆਏ ਹਨ। ਅੱਜ ਕੋਰੋਨਾ ਪਾਜ਼ੀਟਿਵ ਆਏ ਮਾਮਲਿਆਂ ਵਿਚ 4 ਮਾਮਲੇ ਉਸ ਪਰਿਵਾਰ ਦੇ ਸ਼ਾਮਿਲ ਹਨ, ਜਿਸ ਪਰਿਵਾਰ ਦੇ ਤਿਨ ਮੈਂਬਰ ਬੀਤੇ ਕੱਲ੍ਹ ਪਾਜ਼ੀਟਿਵ ਆਏ ਸਨ...
ਹੁਸ਼ਿਆਰਪੁਰ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 107
. . .  1 day ago
ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ) - ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ 'ਚੋ ਅੱਜ 60 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਮਿਲੇ ਤਿੰਨ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਮੁਕੇਰੀਆਂ, 24 ਮਈ (ਸਰਵਜੀਤ ਸਿੰਘ) - ਉਪ ਮੰਡਲ ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਇਕੋ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਅਟਲਗੜ੍ਹ ਇਕਾਂਤਵਾਸ ਕੇਂਦਰ ਵਿਚ ਦਾਖਲ ਸਨ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਹੈ। ਸਿਹਤ ਵਿਭਾਗ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਵਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ
. . .  1 day ago
ਸੰਗਰੂਰ, 24 ਮਈ (ਧੀਰਜ ਪਸ਼ੌਰੀਆ) - ਚਰਚਿਤ ਤੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ...
ਸਿੱਖਿਆ ਵਿਭਾਗ ਕਰ ਰਿਹਾ ਹੈ ਫਰੰਟ ਲਾਈਨ 'ਤੇ ਕੰਮ ਪ੍ਰਵਾਸੀ ਮਜ਼ਦੂਰਾਂ ਪਿਤਰੀ ਸੂਬਿਆਂ ਵਿਚ ਭੇਜਣ ਲਈ ਨਿਭਾ ਰਿਹਾ ਹੈ ਅਹਿਮ ਭੂਮਿਕਾ
. . .  1 day ago
ਪਠਾਨਕੋਟ, 24 ਮਈ (ਸੰਧੂ) ਕੋਵਿਡ-19 ਦੇ ਖਿਲਾਫ ਚੱਲ ਰਹੇ ਯੁੱਧ ਵਿਚ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਫਰੰਟ ਲਾਈਨ 'ਤੇ ਆ ਕੇ ਕੰਮ ਕਰ ਰਿਹਾ ਹੈ ਚਾਹੇ ਗੱਲ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਹੋਵੇ, ਚਾਹੇ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਿਆਂ ਦੀ ਡਿਊਟੀ ਦੀ...
ਧਾਗਾ ਮਿਲ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 24 ਮਈ (ਅਮਰੀਕ ਸਿੰਘ ਬਤਰਾ) - ਸਥਾਨਕ ਚੀਮਾ ਚੌਂਕ ਨਜ਼ਦੀਕ ਆਰ.ਕੇ ਰੋਡ 'ਤੇ ਇੱਕ ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਅੱਗ ਲੱਗਣ ਸਮੇਂ ਧਾਗਾ ਮਿਲ ਬੰਦ ਸੀ, ਪਰੰਤੂ ਮਾਲਕ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗਣ...
ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਕਤਲ
. . .  1 day ago
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਾਧੋਪੁਰੀ 'ਚ ਧੀ...
ਆਦਮਪੁਰ ਤੋਂ ਦਿੱਲੀ-ਜੈਪੁਰ ਜਾਣ ਵਾਲੀਆਂ ਉਡਾਣਾਂ 31 ਮਈ ਤੱਕ ਰੱਦ
. . .  1 day ago
ਆਦਮਪੁਰ, 24 ਮਈ (ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚਲਦਿਆਂ ਆਦਮਪੁਰ ਤੋਂ ਦਿੱਲੀ ਅਤੇ...
'ਆਪ' ਆਗੂਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਪਟਿਆਲਾ, 24 ਮਈ (ਗੁਰਪ੍ਰੀਤ ਸਿੰਘ ਚੱਠਾ)- ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਪਟਿਆਲਾ ਵਿਖੇ ਸਿੱਖਿਆ...
ਸ੍ਰੀ ਦਰਬਾਰ ਸਾਹਿਬ ਨੂੰ 520 ਕੁਇੰਟਲ ਕਣਕ ਭੇਟ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ...
ਪਠਾਨਕੋਟ 'ਚ ਕੋਰੋਨਾ ਦੇ ਛੇ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ, 24 ਮਈ (ਸੰਧੂ)- ਪਠਾਨਕੋਟ 'ਚ ਕੋਰੋਨਾ ਨਾਲ ਸੰਬੰਧਿਤ ਛੇ ਹੋਰ ਮਰੀਜ਼ਾਂ...
ਐਤਵਾਰ ਨੂੰ ਵੀ ਖੁੱਲ੍ਹਣ ਲੱਗੀਆਂ ਦੁਕਾਨਾਂ
. . .  1 day ago
ਬਾਘਾਪੁਰਾਣਾ, 24 ਮਈ (ਬਲਰਾਜ ਸਿੰਗਲਾ)- ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਰਾਤ ਨੂੰ ਕਰਫ਼ਿਊ ਅਤੇ ਦਿਨ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਕੋਰੋਨਾ ਵਾਇਰਸ ਦੇ ਸਮੇਂ ਵਿਚ ਸਿੱਖ ਭਾਈਚਾਰੇ ਦੀ ਭੂਮਿਕਾ

ਅੱਜ ਕੌਮਾਂਤਰੀ ਪੱਧਰ 'ਤੇ ਕੋਰੋਨਾ ਵਾਇਰਸ, ਜਿਸ ਨੂੰ ਵਿਸ਼ਵ ਸਿਹਤ ਸੰਸਥਾ ਵਲੋਂ 'ਕੋਵਿਡ-19' ਕਹਿਣਾ ਉੱਚਿਤ ਦੱਸਿਆ ਗਿਆ ਹੈ ਅਤੇ ਇਸ ਬਿਮਾਰੀ ਦੀ ਆੜ 'ਚ ਕਿਸੇ ਵੀ ਦੇਸ਼, ਕੌਮ ਅਤੇ ਰੰਗ-ਨਸਲ ਦੇ ਲੋਕਾਂ ਨਾਲ ਵਿਤਕਰਾ ਨਾ ਕਰਨ ਦੀ ਤਾੜਨਾ ਵੀ ਕੀਤੀ ਗਈ ਹੈ, ਦਾ ਮੁੱਦਾ ਹਰ ਜਗ੍ਹਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕੈਨੇਡਾ ਵਿਚ ਵੀ ਜਿਥੇ ਕੋਵਿਡ-19 ਦੇ ਖ਼ਤਰਨਾਕ ਪ੍ਰਭਾਵ ਲਗਾਤਾਰ ਵਧ ਰਹੇ ਹਨ, ਉਥੇ ਬ੍ਰਿਟਿਸ਼ ਕੋਲੰਬੀਆ ਸਮੇਤ ਕਈ ਸੂਬਿਆਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਲੋਕ ਵਾਇਰਸ ਦੇ ਡਰੋਂ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਅਤੇ ਹਾਲਾਤ ਹੋਰ ਵਿਗੜਨ ਦੇ ਫ਼ਿਕਰ 'ਚ ਉਹ ਗੁੰਮਰਾਹ ਵੀ ਹੋ ਰਹੇ ਹਨ। ਜਿਵੇਂ ਕਿ ਕੁਝ ਘਬਰਾਏ ਲੋਕ ਸਟੋਰਾਂ ਤੋਂ ਭਾਰੀ ਰਾਸ਼ਨ ਲਿਆ ਕੇ ਘਰੀਂ ਜਮ੍ਹਾਂ ਕਰ ਰਹੇ ਹਨ, ਜਦਕਿ ਹੋਰਨਾਂ ਨੂੰ ਭੋਜਨ ਪਦਾਰਥਾਂ ਦੀ ਘਾਟ ਕਾਰਨ ਤੰਗੀ ਆ ਰਹੀ ਹੈ। ਕੁਝ ਲਾਲਚੀ ਲੋਕ ਸਟੋਰਾਂ 'ਤੇ ਸਾਮਾਨ ਮਹਿੰਗਾ ਵੇਚ ਕੇ ਬਦਨਾਮੀ ਖੱਟ ਰਹੇ ਹਨ, ਜਦਕਿ ਇਹ ਗ਼ੈਰ-ਕਾਨੂੰਨੀ ਵਰਤਾਰਾ ਹੈ। ਅੰਨ੍ਹੇਵਾਹ ਸਾਮਾਨ ਸੰਚਿਤ ਕਰਨ ਦੀਆਂ ਕੁਝ ਘਟਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਏਨਾ ਫੈਲਾ ਦਿੱਤਾ ਗਿਆ ਹੈ ਕਿ ਹਰ ਕੋਈ ਆਪਣੇ-ਆਪ 'ਚ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ।
ਦੂਸਰੇ ਪਾਸੇ ਕੈਨੇਡਾ ਦੀਆਂ ਸਿੱਖ ਨੌਜਵਾਨ ਸੰਸਥਾਵਾਂ ਨੇ ਅਜਿਹੇ ਸੰਕਟਮਈ ਸਮੇਂ ਮਨੁੱਖਤਾ ਦੀ ਸੇਵਾ ਦਾ ਜਿਹੜਾ ਰਾਹ ਅਪਣਾਇਆ ਹੈ, ਉਸ ਚੰਗੇ ਪੱਖ ਨੂੰ ਬਹੁਤ ਘੱਟ ਪ੍ਰਚਾਰਿਆ ਜਾ ਰਿਹਾ ਹੈ। ਗੱਲ ਸਰੀ ਤੋਂ ਸ਼ੁਰੂ ਕਰਦੇ ਹਾਂ, ਜਿਥੇ ਬ੍ਰਿਟਿਸ਼ ਕੋਲੰਬੀਆ ਸਿੱਖਜ਼ ਅਤੇ ਸੈਫ਼ ਇੰਟਰਨੈਸ਼ਨਲ ਵਲੋਂ 'ਨੋ ਹੰਗਰੀ ਟਮੀ' ਭਾਵ ਕੋਈ ਪੇਟ ਭੁੱਖਾ ਨਹੀਂ ਰਹੇਗਾ, ਮੁਹਿੰਮ ਚੱਲ ਰਹੀ ਹੈ, ਜਿਸ ਰਾਹੀਂ ਕੈਨੇਡਾ ਦੇ ਸੈਂਕੜੇ ਸਿੱਖ ਬੱਚੇ-ਬੱਚੀਆਂ ਸਿਹਤ ਨਿਯਮਾਂ ਦਾ ਖਿਆਲ ਰੱਖਦੇ ਹੋਏ ਲੋੜਵੰਦ ਲੋਕਾਂ ਨੂੰ ਭੋਜਨ ਪਦਾਰਥ ਪਹੁੰਚਾ ਰਹੇ ਹਨ। ਲੋਅਰ ਮੇਨਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਘਰੋ-ਘਰੀ ਜਾ ਕੇ ਸੇਵਾ ਕਰਨ ਵਾਲੇ ਇਹ ਵਲੰਟੀਅਰ, ਬਗੈਰ ਕਿਸੇ ਭਿੰਨ-ਭੇਦ ਦੇ, ਹਰੇਕ ਰੰਗ-ਨਸਲ ਤੇ ਫਿਰਕੇ ਨਾਲ ਸਬੰਧਿਤ ਪਰਿਵਾਰਾਂ ਦੀ ਸੇਵਾ ਕਰ ਰਹੇ ਹਨ, ਉਂਜ ਇਹ ਸੰਸਥਾਵਾਂ ਲੰਮੇ ਅਰਸੇ ਤੋਂ, ਕੈਨੇਡਾ ਤੋਂ ਇਲਾਵਾ ਭਾਰਤ 'ਚ ਵੀ ਬੱਚਿਆਂ ਲਈ ਵੱਖ-ਵੱਖ ਸੇਵਾਵਾਂ ਨਿਭਾਅ ਰਹੀਆਂ ਹਨ। ਅੱਜ ਦੇ ਔਖੇ ਵੇਲੇ ਕੈਨੇਡਾ ਵਸਦੇ ਭਾਈਚਾਰੇ ਲਈ ਸਤਿਕਾਰ ਦੇ ਪਾਤਰ ਬਣਨ ਵਾਲੇ ਅਜਿਹੇ ਸੇਵਾਦਾਰਾਂ ਦੀ ਗਿਣਤੀ ਬਹੁਤ ਵੱਡੀ ਹੈ। ਇਨ੍ਹਾਂ ਵਿਚ ਰੈਸਟੋਰੈਂਟਾਂ ਤੇ ਫੂਡ ਸਟੋਰਾਂ ਵਾਲੇ ਕਾਰੋਬਾਰੀ ਵੀ ਸ਼ਾਮਿਲ ਹਨ, ਜਿਹੜੇ ਬਿਲਕੁਲ ਮੁਫ਼ਤ ਸੇਵਾਵਾਂ ਦੇ ਰਹੇ ਹਨ। 'ਦੇਸੀ ਬਾਈਟਸ ਰੈਸਟੋਰੈਂਟ' ਵਲੋਂ 'ਫ੍ਰੀ ਟਿਫ਼ਨ' ਦੇ ਨਾਂਅ ਹੇਠ ਲੋੜਵੰਦ ਪਰਿਵਾਰਾਂ, ਖਾਸ ਕਰਕੇ ਕੈਨੇਡਾ 'ਚ ਪੜ੍ਹਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੇਵਾ ਚਲਾਈ ਜਾ ਰਹੀ ਹੈ, ਜਿਥੇ ਖਾਲੀ ਟਿਫ਼ਨ ਤਾਜ਼ਾ ਭੋਜਨ ਦੇ ਭਰ ਕੇ ਅਤੇ ਲੋੜ ਪੈਣ 'ਤੇ ਘਰਾਂ 'ਚ ਵੀ ਪਹੁੰਚਦੇ ਕਰ ਕੇ, ਇਹ ਸੇਵਾਦਾਰ ਸਮੁੱਚੇ ਸਿੱਖ ਭਾਈਚਾਰੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਉਂ ਹੀ ਕੈਨੇਡਾ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਵਿਚ ਵੀ ਸੈਂਕੜੇ ਹੀ ਅਜਿਹੇ ਨਿਸ਼ਕਾਮ ਸੇਵਾਦਾਰ ਸਰਗਰਮ ਹਨ, ਜਿਹੜੇ ਕੋਵਿਡ-19 ਦੇ ਸੰਕਟਮਈ ਹਾਲਾਤ ਵਿਚ ਇਤਿਹਾਸਕ ਭੂਮਿਕਾ ਨਿਭਾਅ ਰਹੇ ਹਨ।
ਕੈਨੇਡਾ 'ਚ ਖ਼ਾਲਸਾ ਸਾਜਨਾ ਦਿਹਾੜੇ 'ਤੇ ਸਜਾਏ ਜਾਂਦੇ ਨਗਰ ਕੀਰਤਨ ਮੌਜੂਦਾ ਹਾਲਾਤ ਵਿਚ ਮੁਲਤਵੀ ਕਰ ਦਿੱਤੇ ਗਏ ਹਨ, ਤਾਂ ਕਿ ਕੋਵਿਡ-19 ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ। ਦੂਜੇ ਪਾਸੇ ਗੁਰਦੁਆਰਾ ਸੰਸਥਾਵਾਂ ਦੇ ਪ੍ਰਬੰਧਕਾਂ ਵਲੋਂ ਨਗਰ ਕੀਰਤਨਾਂ 'ਚ ਲਗਾਏ ਜਾਂਦੇ ਭੋਜਨ ਸਟਾਲਾਂ ਦੀ ਥਾਂ, ਹੁਣ ਲੋੜਵੰਦ ਲੋਕਾਂ ਨੂੰ ਸੇਵਾਵਾਂ ਦੇਣ ਦੇ ਉਪਰਾਲੇ ਹੋ ਰਹੇ ਹਨ, ਜੋ ਕਿ ਸ਼ਲਾਘਾਯੋਗ ਹਨ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵਲੋਂ ਇਹ ਐਲਾਨ ਕੀਤਾ ਗਿਆ ਹੈ, ਕਿ ਗੁਰੂ ਕਾ ਲੰਗਰ ਜ਼ਰੂਰਤਮੰਦਾਂ ਨੂੰ, ਉਨ੍ਹਾਂ ਦੇ ਘਰਾਂ ਵਿਚ ਪਹੁੰਚਦਾ ਕੀਤਾ ਜਾਵੇਗਾ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਲੋਂ ਸਰਬੱਤ ਲਈ ਸਰਬਪੱਖੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਵਿਸ਼ੇਸ਼ ਕਰਕੇ ਕੌਮਾਂਤਰੀ ਵਿਦਿਆਰਥੀਆਂ ਦੀ ਮੁਸ਼ਕਿਲ ਦੀ ਘੜੀ ਬਾਂਹ ਫੜਨ ਲਈ ਜਿਵੇਂ ਗੁਰਦੁਆਰਾ ਸੰਸਥਾਵਾਂ ਭੂਮਿਕਾ ਨਿਭਾਅ ਰਹੀਆਂ ਹਨ, ਉਹ ਬੇਮਿਸਾਲ ਹੈ। ਲੋੜਵੰਦ ਵਿਦਿਆਰਥੀਆਂ ਲਈ ਰੋਟੀ-ਕੱਪੜਾ ਕਈ ਮਹੀਨਿਆਂ ਤੱਕ ਮੁਹੱਈਆ ਕਰਨਾ ਅਤੇ ਮਾਲੀ ਮਦਦ ਵੀ ਕਰਨਾ ਉਨ੍ਹਾਂ ਉਪਰਾਲਿਆਂ ਵਿਚੋਂ ਕੁਝ ਹਨ, ਜਿਹੜੇ ਕੈਨੇਡਾ ਦੇ ਕਈ ਸ਼ਹਿਰਾਂ 'ਚ ਜ਼ੋਰਾਂ 'ਤੇ ਹਨ, ਪਰ ਅਫ਼ਸੋਸ ਇਹ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ 'ਤੇ ਕਈ ਵਿਅਕਤੀ ਗੁਰਦੁਆਰਿਆਂ ਦੇ ਸ਼ਰਧਾ ਪੱਖ ਨੂੰ ਆਲੋਚਨਾ ਦੇ ਘੇਰੇ 'ਚ ਲਿਆ ਕੇ ਨਿੰਦਣਾ ਸ਼ੁਰੂ ਕਰ ਦਿੰਦੇ ਹਨ, ਜਦਕਿ ਗੁਰਦੁਆਰਿਆਂ ਵਲੋਂ ਅੱਜ ਸਮਾਜਿਕ ਤੇ ਭਾਈਚਾਰਕ ਕਾਰਜਾਂ 'ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਜਾਣਬੁੱਝ ਕੇ ਛੁਟਿਆਉਂਦੇ ਹਨ।
ਕੌਮਾਂਤਰੀ ਪੱਧਰ 'ਤੇ 'ਖ਼ਾਲਸਾ ਏਡ' ਸੰਸਥਾ ਨੇ ਜਿਥੇ ਹੱਦਾਂ-ਸਰਹੱਦਾਂ ਤੋਂ ਪਾਰ, ਵੱਖ-ਵੱਖ ਦੇਸ਼ਾਂ 'ਚ ਹਰ ਮੁਸ਼ਕਿਲ ਘੜੀ 'ਚ ਮੋਹਰੀ ਭੂਮਿਕਾ ਨਿਭਾਈ ਹੈ ਤੇ ਅੱਜ ਵੀ ਨਿਭਾਈ ਜਾ ਰਹੀ ਹੈ। ਉਥੇ ਸਥਾਨਕ ਪੱਧਰ 'ਤੇ ਵੀ ਭਾਈਚਾਰਾ ਸਿੱਖ ਕੌਮ ਦੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਸਿਧਾਂਤ 'ਤੇ ਪਹਿਰਾ ਦੇ ਰਿਹਾ ਹੈ। ਕੋਰੋਨਾ ਵਾਇਰਸ ਦਾ ਸੰਕਟ ਵੀ 'ਦੁੱਖ ਤੇ ਸੁੱਖ ਵਾਂਗ ਮਨੁੱਖੀ ਜੀਵਨ ਦੇ ਇਕ ਪੜਾਅ ਦੀ ਤਰ੍ਹਾਂ ਹੈ, ਮਾਨਵਵਾਦੀ ਸੋਚ ਨੂੰ 'ਚੜ੍ਹਦੀ ਕਲਾ' ਦੀ ਲੀਹ 'ਤੇ ਪਾਉਣ ਨਾਲ ਹੀ ਇਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਚਾਹੇ ਮਹਾਂਸ਼ਕਤੀਆਂ ਵਲੋਂ ਕੋਵਿਡ-19 'ਜੈਵਿਕ ਜੰਗ ਦੀ ਮਸ਼ਕ' ਹੋਵੇ, ਚਾਹੇ ਫਾਸ਼ੀਵਾਦੀ ਤਾਕਤਾਂ ਵਲੋਂ ਇਸ ਬਹਾਨੇ ਲੋਕਾਂ ਦਾ ਧਿਆਨ ਆਪਣੀ ਧੱਕੇਸ਼ਾਹੀ ਤੋਂ ਹਟਾਉਣ ਦੀ ਸਾਜਿਸ਼ ਚੱਲ ਰਹੀ ਹੋਵੇ, ਚਾਹੇ ਆਰਥਿਕ ਮੰਦਵਾੜੇ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਵੀ ਇਸ ਦਾ ਸਹਾਰਾ ਲਿਆ ਜਾ ਰਿਹਾ ਹੋਵੇ, ਕੁਝ ਵੀ ਹੋਵੇ, ਪਰ ਇਸ ਸਮੇਂ ਕੌਮਾਂਤਰੀ ਮੰਚ 'ਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ, ਇਕ ਵਾਰ ਫਿਰ ਸਮੂਹ ਮਾਨਵ ਜਾਤੀ ਦੀ ਸੇਵਾਦਾਰ ਬਣ ਕੇ ਉੱਭਰੀ ਹੈ।


ਫੋਨ : 001-604-825-1550
ਈਮੇਲ : singhnews@gmail.com


ਖ਼ਬਰ ਸ਼ੇਅਰ ਕਰੋ

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -4

ਸ਼੍ਰੋਮਣੀ ਕਮੇਟੀ ਹੋਂਦ ਵਿਚ ਕਿਵੇਂ ਆਈ?

ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਪੁਜਾਰੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖਾਲੀ ਛੱਡ ਕੇ ਚਲੇ ਜਾਣ ਦੀ ਇਤਲਾਹ ਸ: ਸੁੰਦਰ ਸਿੰਘ ਰਾਮਗੜ੍ਹੀਆ ਸਰਬਰਾਹ ਨੂੰ ਦਿੱਤੀ। ਉਨ੍ਹਾਂ ਨੇ ਪੁਜਾਰੀਆਂ ਨੂੰ ਸੱਦਿਆ ਪਰ ਉਹ ਨਾ ਆਏ। ਦੂਜੇ ਦਿਨ 13 ਅਕਤੂਬਰ ਡਿਪਟੀ ਕਮਿਸ਼ਨਰ ਨੇ ਕੁਝ ਮੁਖੀਆਂ, ਸਰਬਰਾਹ ਤੇ ਪੁਜਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਸਬੰਧੀ ਬੁਲਾਇਆ। ਪੁਜਾਰੀ ਉਸ ਮੀਟਿੰਗ ਵਿਚ ਸ਼ਾਮਿਲ ਨਾ ਹੋਏ। ਸ: ਸੁੰਦਰ ਸਿੰਘ ਰਾਮਗੜ੍ਹੀਆ ਸਰਬਰਾਹ ਦਰਬਾਰ ਸਾਹਿਬ 14 ਅਕਤੂਬਰ, 1920 ਨੂੰ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇ ਦੇ ਸਿੰਘਾਂ ਕੋਲ ਆਇਆ ਤੇ ਕਹਿਣ ਲੱਗਿਆ ਕਿ ਜਥੇਦਾਰ ਭੁੱਚਰ ਜੀ ਅਤੇ ਜਥੇਦਾਰ ਝੱਬਰ ਜੀ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੇ ਬੁਲਾਇਆ ਹੈ ਆਪ ਚਲੋ। ਜਥੇਦਾਰ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ-ਆਪ ਨਹੀਂ ਆਉਂਦੇ, ਸਾਹਿਬ ਪੁਲਿਸ ਨੂੰ ਭੇਜ ਦੇਵੇ ਤੇ ਗ੍ਰਿਫ਼ਤਾਰ ਕਰ ਕੇ ਲੈ ਜਾਵੇ। ਸ: ਸੁੰਦਰ ਸਿੰਘ ਨੇ ਵਾਪਸ ਜਾ ਕੇ ਜਥੇਦਾਰਾਂ ਦਾ ਉੱਤਰ ਦੱਸਿਆ ਤਾਂ ਡਿਪਟੀ ਕਮਿਸ਼ਨਰ ਨੇ ਸਰਬਰਾਹ ਨੂੰ ਫਿਰ ਭੇਜਿਆ ਤੇ ਕਿਹਾ ਮੈਂ ਜਥੇਦਾਰਾਂ ਨੂੰ ਕਚਹਿਰੀ ਨਹੀਂ ਬੁਲਾਇਆ, ਘਰ ਬੁਲਾਇਆ ਹੈ ਅਤੇ ਕੁਝ ਗੱਲ ਕਰਨੀ ਹੈ। ਸਰਬਰਾਹ ਦੇ ਕਹਿਣ 'ਤੇ ਕੁਝ ਸਿੰਘਾਂ ਨਾਲ ਰਾਇ ਕਰਕੇ ਜਥੇਦਾਰ ਜਾਣ ਲਈ ਤਿਆਰ ਹੋ ਗਏ, ਪਰ ਸੋਚਿਆ ਕਿ ਅਸੀਂ ਅੰਗਰੇਜ਼ੀ ਨਹੀਂ ਜਾਣਦੇ, ਸਾਹਿਬ ਨਾਲ ਗੱਲ ਕਿਵੇਂ ਹੋਵੇਗੀ। ਉਸੇ ਸਮੇਂ ਇਕ ਸਿੰਘ ਨੂੰ ਸਾਇਕਲ ਦੇ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਭੇਜਿਆ। ਸ: ਧਰਮ ਸਿੰਘ ਉਸਮੇਂ ਵਾਲੇ, ਸ: ਬਸੰਤ ਸਿੰਘ ਰਸਾਲਦਾਰ ਨੌਸ਼ਹਿਰਾ ਪੰਨੂਆਂ, ਜਥੇਦਾਰ ਭੁੱਚਰ ਜੀ, ਸ: ਤੇਜਾ ਸਿੰਘ ਚੂਹੜਕਾਣਾ ਅਤੇ ਜਥੇਦਾਰ ਕਰਤਾਰ ਸਿੰਘ 'ਝੱਬਰ' ਇਹ ਸਾਰੇ ਡਿਪਟੀ ਕਮਿਸ਼ਨਰ ਦੀ ਕੋਠੀ ਰਾਮ ਬਾਗ ਪਹੁੰਚ ਗਏ। ਖ਼ਾਲਸਾ ਕਾਲਜ ਤੋਂ ਪ੍ਰੋਫੈਸਰ ਕਸ਼ਮੀਰਾ ਸਿੰਘ, ਬਾਵਾ ਹਰਕਿਸ਼ਨ ਸਿੰਘ ਸਮੇਤ ਚਾਰ ਪ੍ਰੋਫੈਸਰ ਵੀ ਆ ਪਹੁੰਚੇ। ਡਿਪਟੀ ਕਮਿਸ਼ਨਰ ਵਲੋਂ ਬੁਲਾਉਣ 'ਤੇ ਜਥੇਦਾਰ ਭੁੱਚਰ ਜੀ, ਜਥੇਦਾਰ ਝੱਬਰ ਜੀ, ਸ: ਬਸੰਤ ਸਿੰਘ ਤੇ ਸ: ਧਰਮ ਸਿੰਘ ਚਾਰੇ ਅੰਦਰ ਚਲੇ ਗਏ। ਅੱਗੋਂ ਡਿਪਟੀ ਕਮਿਸ਼ਨਰ ਬਾਲਟਨ ਸਾਹਿਬ ਤੇ ਪੁਲਿਸ ਕਪਤਾਨ ਉੱਠ ਕੇ ਮਿਲੇ। ਡਿਪਟੀ ਕਮਿਸ਼ਨਰ ਨਾਲ ਸਿੰਘਾਂ ਦੀ ਗੱਲਬਾਤ ਹੋਈ ਅਤੇ ਡਿਪਟੀ ਕਮਿਸ਼ਨਰ ਦੇ ਕਹਿਣ 'ਤੇ 9 ਮੈਂਬਰਾਂ ਦੀ ਆਰਜ਼ੀ ਕਮੇਟੀ ਬਣਾਈ ਗਈ। ਇਸ 9 ਮੈਂਬਰੀ ਕਮੇਟੀ ਵਿਚ ਸ: ਸੁੰਦਰ ਸਿੰਘ ਰਾਮਗੜ੍ਹੀਆ, ਜਥੇਦਾਰ ਤੇਜਾ ਸਿੰਘ ਭੁੱਚਰ, ਜਥੇਦਾਰ ਕਰਤਾਰ ਸਿੰਘ ਝੱਬਰ, ਭਾਈ ਬਹਾਦਰ ਸਿੰਘ ਹਕੀਮ, ਬਾਵਾ ਹਰਕਿਸ਼ਨ ਸਿੰਘ, ਪ੍ਰੋ: ਤੇਜਾ ਸਿੰਘ, ਸ: ਦੇਵਾ ਸਿੰਘ, ਸ: ਚੰਦਾ ਸਿੰਘ ਅਤੇ ਡਾ: ਗੁਰਬਖਸ਼ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਕ ਵੱਖਰੇ ਕਾਗਜ਼ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦਾ ਕਬਜ਼ਾ ਇਸ ਕਮੇਟੀ ਦੇ ਹਵਾਲੇ ਕਰ ਦੇਣ ਬਾਰੇ ਲਿਖ ਦਿੱਤਾ ਅਤੇ ਇਸ ਕਮੇਟੀ ਦਾ ਮੁਖੀ ਸਰਬਰਾਹ ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਬਣਾ ਦਿੱਤਾ ਗਿਆ।
ਕਮੇਟੀ ਦੇ ਮੈਂਬਰ ਸਾਹਿਬਾਨ ਬਾਅਦ ਦੁਪਹਿਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅਤੇ ਜਥੇਦਾਰ ਝੱਬਰ ਜੀ ਨੇ ਸਾਰੀ ਗੱਲਬਾਤ ਸੰਗਤ ਨੂੰ ਦੱਸੀ, ਜੋ ਡਿਪਟੀ ਕਮਿਸ਼ਨਰ ਨਾਲ ਹੋਈ ਸੀ। ਜਥੇਦਾਰ ਝੱਬਰ ਜੀ ਨੇ ਉਨ੍ਹਾਂ ਸ਼ਰਾਰਤੀ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਜੋ ਟੋਲੀਆਂ ਬਣਾ ਕੇ ਥਾਂ-ਥਾਂ 'ਤੇ ਬੈਠਦੇ ਅਤੇ ਫਾਲਤੂ ਬੋਲਦੇ ਸਨ, ਇਹ ਸਥਾਨ ਨਾਮ ਜਪਣ, ਭਜਨ ਕਰਨ ਅਤੇ ਸ਼ਬਦ ਕੀਰਤਨ ਕਰਨ ਲਈ ਹੈ। ਜੇਕਰ ਕਿਸੇ ਨੇ ਜਥੇ ਦੇ ਪ੍ਰਬੰਧ ਵਿਚ ਦਖ਼ਲ ਦਿੱਤਾ ਤਾਂ ਉਸ ਨੂੰ ਸੋਧਾਂਗੇ। ਏਨੀ ਗੱਲ ਸੁਣਨ ਉਪਰੰਤ ਉਹ ਤਮਾਸ਼ਬੀਨ ਚਲੇ ਗਏ।
ਇਸ ਤੋਂ ਬਾਅਦ ਪੁਜਾਰੀਆਂ ਨੇ ਬੁੱਢਾ ਦਲ ਦੇ ਆਗੂਆਂ ਨੂੰ ਅਕਾਲੀਆਂ ਦੇ ਵਿਰੁੱਧ ਲੜਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਬਜ਼ਾ ਕਰਨ ਲਈ ਭੜਕਾਇਆ ਪਰ ਬਾਬਾ ਕੇਹਰ ਸਿੰਘ ਪੱਟੀ ਵਾਲਿਆਂ ਨੇ ਨਿਹੰਗ ਸਿੰਘਾਂ ਨੂੰ ਸਮਝਾਇਆ ਕਿ ਜਦੋਂ ਤੱਕ ਸਿੱਖਾਂ ਦਾ ਕੋਈ ਸਾਂਝਾ ਇਕੱਠ ਹੋ ਕੇ ਕੋਈ ਫ਼ੈਸਲਾ ਨਹੀਂ ਹੁੰਦਾ, ਉਸ ਸਮੇਂ ਤੱਕ ਸਿੰਘਾਂ ਦਾ ਜਥਾ ਹੀ ਸੇਵਾ ਕਰਦਾ ਰਹੇਗਾ।
ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੇਵਾ ਸੰਭਾਲ ਬਾਰੇ ਜਿਉਂ-ਜਿਉਂ ਸੰਗਤਾਂ ਨੂੰ ਪਤਾ ਲਗਦਾ ਗਿਆ ਤਾਂ ਸੰਗਤਾਂ ਦਾ ਸ੍ਰੀ ਦਰਬਾਰ ਸਾਹਿਬ ਇਕੱਠ ਹੋਣਾ ਸ਼ੁਰੂ ਹੋ ਗਿਆ। ਸ੍ਰੀ ਦਰਬਾਰ ਸਾਹਿਬ ਕੀਰਤਨੀ ਜਥਿਆਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਕੇ ਲੰਗਰ ਲਈ ਸੰਗਤਾਂ ਨੇ ਵੱਡੀ ਮਾਤਰਾ ਵਿਚ ਰਾਸ਼ਨ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਕਾ ਲੰਗਰ ਆਰੰਭ ਹੋ ਗਿਆ।
ਪੰਥਕ ਸੋਚ ਵਾਲੇ ਸਿੰਘ ਝੱਬਰ ਜੀ ਨੂੰ ਮਿਲਣ ਲਈ ਆਉਣ ਲੱਗੇ, ਇਸੇ ਤਰ੍ਹਾਂ 17 ਅਕਤੂਬਰ, 1920 ਈ: ਨੂੰ ਸ: ਹਰਬੰਸ ਸਿੰਘ ਅਟਾਰੀ ਵਾਲੇ ਝੱਬਰ ਜੀ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਆਏ ਅਤੇ ਉਨ੍ਹਾਂ ਦੀ ਮਹਾਰਾਜਾ ਸ਼ੇਰ ਸਿੰਘ ਜੀ ਦੇ ਬੁੰਗੇ ਵਿਚ ਬੈਠ ਕੇ ਦੋ ਘੰਟੇ ਗੱਲਬਾਤ ਹੋਈ।
ਸਿੱਖ ਲੀਗ ਦਾ ਸਮਾਗਮ 18, 19, 20 ਅਕਤੂਬਰ, 1920 ਈ: ਨੂੰ ਬਰੈਡਲਾ ਹਾਲ ਲਾਹੌਰ ਵਿਖੇ ਹੋਇਆ। ਜਥੇਦਾਰ ਕਰਤਾਰ ਸਿੰਘ 'ਝੱਬਰ' 19 ਅਕਤੂਬਰ ਨੂੰ ਲਾਹੌਰ ਜਲਸੇ ਵਿਚ ਪਹੁੰਚ ਗਏ। ਉਸ ਸਥਾਨ 'ਤੇ ਸ: ਗੋਪਾਲ ਸਿੰਘ ਭਾਗੋਵਾਲੀਆ ਨੇ ਜਥੇਦਾਰ 'ਝੱਬਰ' ਜੀ ਨੂੰ ਵੱਖਰੇ ਕਰ ਕੇ ਆਖਿਆ ਕਿ ਮੈਨੂੰ ਲਾਟ ਸਾਹਿਬ ਨੇ ਤੁਹਾਡੇ ਕੋਲ ਭੇਜਿਆ ਹੈ ਅਤੇ ਕਿਹਾ ਹੈ ਕਿ 'ਤੁਹਾਡੀਆਂ ਜੋ ਵੀ ਰਾਜਸੀ ਮੰਗਾਂ ਹਨ ਭਾਵ ਗੁਰਦੁਆਰੇ ਅਤੇ ਕਿਰਪਾਨ ਦੀ ਆਜ਼ਾਦੀ, ਪੰਜਾਬ ਕੌਂਸਲ ਦੀਆਂ 33 ਫ਼ੀਸਦੀ ਸੀਟਾਂ, ਰਾਜਸੀ ਕੈਦੀਆਂ ਦੀ ਰਿਹਾਈ ਆਦਿ ਮੈਂ ਸਭ ਪੂਰੀਆਂ ਕਰ ਦਿਆਂਗਾ ਪਰ ਸਿੱਖ ਲੀਗ ਦੇ ਜਲਸੇ ਵਿਚ ਨਾ-ਮਿਲਵਰਤਣ ਦਾ ਮਤਾ ਪਾਸ ਨਾ ਕਰੋ।'
ਇਸੇ ਤਰ੍ਹਾਂ ਗੋਪਾਲ ਸਿੰਘ ਭਾਗੋਵਾਲੀਆ ਨੇ ਸ: ਅਮਰ ਸਿੰਘ ਐਡੀਟਰ ਲਾਇਲ ਗਜ਼ਟ ਨੂੰ ਵੀ ਆਖਿਆ। ਅੱਗੋਂ 'ਝੱਬਰ' ਜੀ ਨੇ ਕਿਹਾ ਕਿ ਅਸੀਂ ਹੀ ਤਾਂ ਲੋਕਾਂ ਨੂੰ ਨਾ-ਮਿਲਵਰਤਣ ਵਾਸਤੇ ਤਿਆਰ ਕੀਤਾ ਹੈ। ਹੁਣ ਜਨਤਾ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇ, ਇਹ ਮੁਸ਼ਕਿਲ ਹੈ। ਸਮਾਗਮ ਵਿਚ ਦੋ ਵਜੇ ਤੋਂ ਚਾਰ ਵਜੇ ਤੱਕ ਜਥੇਦਾਰ 'ਝੱਬਰ' ਜੀ ਨੇ ਭਾਸ਼ਨ ਦਿੱਤਾ। ਝੱਬਰ ਜੀ ਨੇ ਆਪਣੇ ਭਾਸ਼ਨ ਵਿਚ ਦੋ ਗੱਲਾਂ ਖ਼ਾਲਸੇ ਦੇ ਵਿਚਾਰ ਲਈ ਦੱਸੀਆਂ :
1. ਆਪਣੀ ਜਥੇਬੰਦੀ ਦੀਆਂ ਮੀਟਿੰਗਾਂ ਕਰੋ, ਮੁਲਕ ਲਈ ਕੁਰਬਾਨੀਆਂ ਕਰੋ ਪਰ ਕਾਂਗਰਸ ਵਿਚ ਓਨਾ ਚਿਰ ਸ਼ਾਮਿਲ ਨਾ ਹੋਵੋ ਜਦ ਤੱਕ ਕਾਂਗਰਸ ਤੋਂ ਸਿੱਖ ਹੱਕਾਂ ਦਾ ਕੋਈ ਫ਼ੈਸਲਾ ਨਹੀਂ ਕਰਵਾ ਲੈਂਦੇ।
2. ਭਲਕੇ ਅਸਾਂ ਨਾ-ਮਿਲਵਰਤਣ ਦਾ ਮਤਾ ਪਾਸ ਕਰਨਾ ਹੈ। ਇਹ ਮਤਾ ਗਾਂਧੀ ਜੀ ਦੇ ਭਾਸ਼ਨ ਤੋਂ ਪਹਿਲਾਂ ਹੀ ਪਾਸ ਕਰ ਲੈਣਾ ਚਾਹੀਦਾ ਹੈ। ਜੇ ਗਾਂਧੀ ਜੀ ਦੇ ਲੈਕਚਰ ਤੋਂ ਪਿੱਛੋਂ ਕੀਤਾ ਗਿਆ ਤਾਂ ਲੋਕਾਂ ਉੱਤੇ ਇਹ ਅਸਰ ਹੋਵੇਗਾ ਕਿ ਇਹ ਮਤਾ ਉਨ੍ਹਾਂ ਦੇ ਭਾਸ਼ਨ ਸਦਕਾ ਪਾਸ ਹੋਇਆ ਹੈ।
ਮਹਾਤਮਾ ਗਾਂਧੀ ਨੇ 20 ਅਕਤੂਬਰ, 1920 ਈ: ਨੂੰ ਆਪਣੇ ਭਾਸ਼ਨ ਵਿਚ ਸਿੱਖਾਂ ਨੂੰ ਕਿਹਾ ਕਿ, 'ਮੁਝੇ ਮਾਲੂਮ ਹੂਆ ਹੈ ਕਿ ਕੁਛ ਨੌਜਵਾਨ ਸਿੱਖ ਗੁਰਦੁਆਰੋਂ ਪਰ ਕਬਜ਼ੇ ਕਰ ਰਹੇ ਹੈਂ ਯਹ ਠੀਕ ਨਹੀਂ ਹੈ, ਮਹੰਤ ਲੋਗੋਂ ਕੋ ਨਿਕਾਲ ਕਰ ਗੁਰਦੁਆਰੋਂ ਕਾ ਕਬਜ਼ਾ ਕਰਨਾ ਜਬਰ ਹੈ। ਕਾਂਗਰਸ ਕਾ ਕਾਮ ਕਰਨਾ ਚਾਹੀਏ।'
ਇਸ ਤੋਂ ਪਿੱਛੋਂ ਨਾ-ਮਿਲਵਰਤਣ ਦਾ ਮਤਾ ਪਾਸ ਹੋ ਗਿਆ।
ਉਪਰੰਤ ਡਾਕਟਰ ਸੈਫੂਦੀਨ ਕਿਚਲੂ ਬੋਲਿਆ, ਇਸ ਨੇ ਬੜੇ ਜੋਸ਼ ਨਾਲ ਭਾਸ਼ਨ ਦਿੱਤਾ ਤੇ ਕਿਹਾ ਕਿ, 'ਮਹਾਤਮਾ ਗਾਂਧੀ ਜੀ ਕਾ ਯਹ ਕਹਿਣਾ ਹੈ ਕਿ ਜੋ ਕਾਮ ਦੇਸ਼ ਕੀ ਆਜ਼ਾਦੀ ਕੇ ਲੀਏ ਹਿੰਦੂਓਂ ਨੇ ਕਾਂਗਰਸ ਕੇ ਜ਼ਰੀਏ 35 ਸਾਲ ਮੇਂ ਕੀਆ ਔਰ ਮੁਸਲਮਾਨੋਂ ਨੇ ਲੀਗ ਕਰਕੇ 25 ਸਾਲੋਂ ਮੇ ਕੀਆ ਹੈ, ਵੋਹ ਖ਼ਾਲਸਾ ਜੀ ਨੇ ਪਾਂਚ ਮਹੀਨੇ ਮੇਂ ਕਰ ਲੀਆ ਹੈ।'
ਅਖੀਰ ਵਿਚ ਕਿਚਲੂ ਜੀ ਨੇ ਆਖਿਆ:
'ਹਮਾਰੀ ਖੁਸ਼ੀ ਕਾ ਕੋਈ ਟਿਕਾਨਾ ਨਹੀਂ, ਅੰਗਰੇਜ਼ ਗੋਰਮਿੰਟ ਕਾ ਦਾਇਆਂ ਬਾਜੂ ਜਿਸ ਕੀ ਤਾਕਤ ਸੇ ਅੰਗਰੇਜ਼ੋਂ ਨੇ ਬਰਮਾ, ਮਲਾਇਆ-ਚੀਨ-ਮਿਸਰ ਮੇਂ ਜੀਤੇਂ ਹਾਸਲ ਕੀ ਆਜ ਵੇਹ ਟੂਟ ਗਿਆ ਹੈ। ਵੋਹ ਬਾਜੂ ਆਜ ਕਾਂਗਰਸ ਕਾ ਦਾਇਆ ਬਾਜੂ ਬਣ ਗਿਆ ਹੈ, ਖ਼ੁਦਾ ਕਾ ਸ਼ੁਕਰ ਹੈ।'


-ਬਠਿੰਡਾ। ਮੋ: 98155-33725.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬੀਬੀ ਸਮਸ਼ੇਰ ਕੌਰ

ਕਲਗੀਧਰ ਜੀ ਨੇ ਖ਼ਾਲਸੇ ਵਿਚ ਰੱਬੀ ਗੁਣ ਭਰ ਕੇ ਉਸ ਨੂੰ ਬਹਾਦਰੀ, ਹਿੰਮਤ, ਕੁਰਬਾਨੀ ਅਤੇ ਪਰਉਪਕਾਰ ਦੀ ਮੂਰਤ ਬਣਾ ਦਿੱਤਾ। ਜਦੋਂ ਵੀ ਕਿਸੇ ਨੇ ਖ਼ਾਲਸੇ ਅੱਗੇ ਧੀਆਂ-ਭੈਣਾਂ ਦੀ ਇੱਜ਼ਤ ਦਾ ਵਾਸਤਾ ਪਾਇਆ ਤਾਂ ਆਪਣੀ ਜਾਨ 'ਤੇ ਖੇਡ ਕੇ ਖ਼ਾਲਸੇ ਨੇ ਉਨ੍ਹਾਂ ਨੂੰ ਬਚਾਇਆ ਤੇ ਘਰੋ-ਘਰੀਂ ਪਹੁੰਚਾਇਆ ਅਤੇ ਉੱਚੇ-ਸੁੱਚੇ ਇਖ਼ਲਾਕ ਦੀ ਮਿਸਾਲ ਕਾਇਮ ਕੀਤੀ। 18ਵੀਂ ਸਦੀ ਵਿਚ ਮਿਸਲਾਂ ਦੇ ਸਮੇਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦਾ ਸਰਦਾਰ ਸੀ ਅਤੇ ਕੁਝ ਸਮੇਂ ਲਈ ਹਾਂਸੀ (ਹਰਿਆਣਾ) ਦੇ ਇਲਾਕੇ ਵਿਚ ਆ ਵਸਿਆ ਸੀ। ਇਕ ਦਿਨ ਇਕ ਬ੍ਰਾਹਮਣ ਰੋਂਦਾ ਕੁਰਲਾਉਂਦਾ ਰਾਮਗੜ੍ਹੀਏ ਸਰਦਾਰ ਕੋਲ ਆਇਆ ਅਤੇ ਦੱਸਿਆ ਕਿ ਹਿਸਾਰ ਦਾ ਹਾਕਮ ਅਲੀ ਬੇਗ ਉਨ੍ਹਾਂ ਦੇ ਪਿੰਡ ਵਿਚੋਂ ਲੰਘਿਆ ਅਤੇ ਉਸ ਦੀਆਂ ਦੋ ਮੁਟਿਆਰ ਧੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ। ਸਰਦਾਰ ਨੇ ਉਸੇ ਸਮੇਂ ਆਪਣੀ ਸੈਨਿਕ ਟੁਕੜੀ ਨਾਲ ਜਾ ਕੇ ਹਿਸਾਰ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਲੜਾਈ ਵਿਚ ਤਿੰਨ ਸਿੰਘ ਵੀ ਸ਼ਹੀਦ ਹੋਏ ਪਰ ਉਨ੍ਹਾਂ ਨੇ ਬ੍ਰਾਹਮਣ ਦੀਆਂ ਦੋ ਧੀਆਂ ਦੇ ਨਾਲ ਤਿੰਨ ਹੋਰ ਹਿੰਦੂ ਲੜਕੀਆਂ ਨੂੰ ਵੀ ਛੁਡਾ ਲਿਆ। ਬੇਗ਼ਮ ਦੇ ਤਰਲੇ 'ਤੇ ਅਲੀ ਬੇਗ ਨੂੰ ਸੁਧਰ ਜਾਣ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਕੁਝ ਦਿਨਾਂ ਬਾਅਦ ਬ੍ਰਾਹਮਣ ਆਪਣੀਆਂ ਲੜਕੀਆਂ ਨੂੰ ਫਿਰ ਲੈ ਕੇ ਆਇਆ ਅਤੇ ਕਹਿਣ ਲੱਗਾ ਕਿ ਪਿੰਡ ਵਿਚ ਕੋਈ ਉਸ ਨਾਲ ਵਰਤਣ ਨੂੰ ਤਿਆਰ ਨਹੀਂ ਹੈ। ਲੜਕੀਆਂ ਨੇ ਕਿਹਾ ਕਿ ਹੁਣ ਅਸੀਂ ਵਾਪਸ ਜਾ ਕੇ ਡਰਪੋਕਾਂ ਨਾਲ ਰਹਿਣਾ ਨਹੀਂ ਚਾਹੁੰਦੀਆਂ, ਇਸ ਲਈ ਸਾਨੂੰ ਸ਼ਰਨ ਦਿੱਤੀ ਜਾਵੇ। ਜੱਸਾ ਸਿੰਘ ਨੇ ਇਕ ਪਿਤਾ ਵਾਂਗ ਲੜਕੀਆਂ ਦੀ ਸਾਂਭ-ਸੰਭਾਲ ਕੀਤੀ। ਲੜਕੀਆਂ ਦੀ ਬੇਨਤੀ 'ਤੇ ਉਨ੍ਹਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਵੱਡੀ ਦਾ ਨਾਮ ਸਮਸ਼ੇਰ ਕੌਰ ਅਤੇ ਛੋਟੀ ਦਾ ਨਾਂਅ ਰਾਮ ਕੌਰ ਰੱਖ ਦਿੱਤਾ ਗਿਆ। ਉਹ ਛੇਤੀ ਹੀ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਵਿਚ ਮਾਹਿਰ ਹੋ ਗਈਆਂ। ਸਮਾਂ ਪਾ ਕੇ ਇਨ੍ਹਾਂ ਦੇ ਆਨੰਦ ਕਾਰਜ ਵੀ ਕਰ ਦਿੱਤੇ ਗਏ। ਸਮਸ਼ੇਰ ਕੌਰ ਮਰਦਾਵੀਂ ਵਰਦੀ ਪਾ ਕੇ ਹਰ ਲੜਾਈ ਵਿਚ ਹਿੱਸਾ ਲੈਂਦੀ ਸੀ। ਲੋਕ ਉਸ ਨੂੰ ਸਮਸ਼ੇਰ ਸਿੰਘ ਹੀ ਸਮਝਦੇ ਸਨ। ਸ: ਜੱਸਾ ਸਿੰਘ ਨੇ ਹਾਂਸੀ ਕੋਲ ਪੰਜ ਪਿੰਡ ਇਸ ਬੀਬੀ ਨੂੰ ਦੇ ਦਿੱਤੇ ਤਾਂ ਜੋ ਇਲਾਕੇ ਵਿਚ ਕੋਈ ਜ਼ਾਲਮ ਨਿਰਦੋਸ਼ਾਂ 'ਤੇ ਜ਼ੁਲਮ ਨਾ ਕਰੇ। ਪਿੰਡ ਕੋਟ ਅਲੀ ਖ਼ਾਨ ਦਾ ਸਰਦਾਰ ਮੁਹੰਮਦ ਅਲੀ ਬਹੁਤ ਵਿਭਚਾਰੀ ਸੀ। ਉਹ ਲੋਕਾਂ ਦੀਆਂ ਬੇਟੀਆਂ ਦੀਆਂ ਇੱਜ਼ਤਾਂ ਨਾਲ ਖੇਡਦਾ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੈਦ ਕਰ ਲੈਂਦਾ ਸੀ। ਸਮਸ਼ੇਰ ਕੌਰ ਨੇ ਰਾਤ ਨੂੰ ਅਚਾਨਕ ਹਮਲਾ ਕਰਕੇ ਉਸ ਦੀ ਹਵੇਲੀ ਨੂੰ ਘੇਰ ਲਿਆ ਅਤੇ ਬਹੂ-ਬੇਟੀਆਂ ਨੂੰ ਆਜ਼ਾਦ ਕਰਵਾਇਆ। ਮੁਹੰਮਦ ਅਲੀ ਨੇ ਮੁਆਫ਼ੀ ਮੰਗ ਲਈ ਪਰ ਬਾਅਦ ਵਿਚ ਮੁਸਲਮਾਨ ਮੁਖੀਆਂ ਦਾ ਇਕੱਠ ਕਰਕੇ ਸਮਸ਼ੇਰ ਕੌਰ ਦੇ ਕਿਲ੍ਹੇ 'ਤੇ ਹਮਲਾ ਕਰ ਦਿੱਤਾ। ਸਮਸ਼ੇਰ ਕੌਰ ਨੇ ਅਲੀ ਨੂੰ ਲਲਕਾਰਿਆ ਅਤੇ ਭੁੱਖੀ ਸ਼ੇਰਨੀ ਵਾਂਗ ਝਪਟ ਕੇ ਉਸ ਦੀ ਬਾਂਹ ਵੱਢ ਦਿੱਤੀ। ਅੱਖ ਝਪਕਦੇ ਹੀ ਉਸ ਦਾ ਸਿਰ ਧੜ ਤੋਂ ਵੱਖਰਾ ਕਰ ਦਿੱਤਾ। ਉਸ ਦਾ ਪਤੀ ਵੀ ਬਹਾਦਰੀ ਨਾਲ ਲੜਦਾ ਸ਼ਹੀਦ ਹੋ ਗਿਆ। ਕੁਝ ਦੇਰ ਬਾਅਦ ਮਰਹੱਟਿਆਂ ਨੇ ਭਾਰੀ ਫ਼ੌਜ ਨਾਲ ਹਮਲਾ ਕਰ ਦਿੱਤਾ। ਸਮਸ਼ੇਰ ਕੌਰ ਨੂੰ ਸੈਨਾ ਨੇ ਘੇਰ ਲਿਆ ਅਤੇ ਜ਼ਖ਼ਮੀ ਸ਼ੇਰਨੀ ਬਹਾਦਰੀ ਨਾਲ ਲੜਦੀ ਹੋਈ ਸ਼ਹੀਦੀ ਜਾਮ ਪੀ ਗਈ।

ਸ਼ਬਦ ਵਿਚਾਰ

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥

'ਜਪ' ਪਉੜੀ ਸਤਾਈਵੀਂ
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ।
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ
ਗਾਵੈ ਰਾਜਾ ਧਰਮੁ ਦੁਆਰੇ॥
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ
ਲਿਖਿ ਲਿਖਿ ਧਰਮੁ ਵੀਚਾਰੇ॥
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ॥
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ॥
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥
ਗਾਵਨਿ ਜਤੀ ਗਤੀ ਸੰਤੋਖੀ ਗਾਵਹਿ ਵੀਰ ਕਰਾਰੇ॥
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ॥
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ
ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ
ਨਾਨਕੁ ਕਿਆ ਵੀਚਾਰੇ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ॥
ਰੰਗੀ ਰੰਗੀ ਭਾਤੀ ਕਰਿ ਕਰਿ
ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ
ਨਾਨਕ ਰਹਣੁ ਰਜਾਈ॥੨੭॥ (ਅੰਗ :6)
ਪਦਅਰਥ : ਸੋ ਦਰੁ-ਉਹ ਘਰ। ਕੇਹਾ-ਕਿਹੋ ਜਿਹਾ ਹੈ। ਜਿਤੁ ਬਹਿ-ਜਿਥੇ ਤੂੰ ਬੈਠ ਕੇ। ਸਰਬ-ਸਾਰੇ ਜੀਵਾਂ ਦੀ। ਸਮਾਲੇ-ਸੰਭਾਲ ਕਰ ਰਿਹਾ ਹੈਂ। ਨਾਦ-ਧੁਨੀ, ਰਾਗੁ॥ ਅਸੰਖਾ-ਅਣਗਿਣਤ। ਵਾਵਣਹਾਰੇ-ਵਜਾਉਣ ਵਾਲੇ। ਪਰੀਸਿਉ-ਰਾਗਣੀਆਂ ਸਮੇਤ। ਕਹੀਅਨਿ-ਆਖੇ ਜਾਂਦੇ ਹਨ। ਕੇਤੇ-ਅਨੇਕਾਂ। ਗਾਵਣਹਾਰੇ-ਗਾਉਣ ਵਾਲੇ ਹਨ।
ਤੁਹਨੋ-ਤੁਧਨੂੰ, ਤੈਨੂੰ। ਪਉਣੁ-ਹਵਾ। ਬੈਸੰਤਰੁ-ਅੱਗ। ਰਾਜਾ ਧਰਮੁ-ਧਰਮ ਰਾਜ। ਦੁਆਰੇ-ਦਰ ਤੇ, ਤੇਰੇ ਦਰ 'ਤੇ। ਚਿਤੁ ਗੁਪਤੁ-ਚਿਤਰ ਗੁਪਤ (ਜੀਵਾਂ ਦੇ ਕਰਮਾਂ ਦਾ ਹਿਸਾਬ ਲਿਖਣ ਵਾਲੇ ਧਰਮਰਾਜ ਦੇ ਮੁਨਸ਼ੀ। ਧਰਮੁ-ਧਰਮ ਰਾਜ। ਈਸਰੁ-ਸ਼ਿਵਜੀ। ਬਰਮਾ-ਬ੍ਰਹਮਾ। ਦੇਵੀ-ਦੇਵੀਆਂ।
ਸੋਹਨਿ-ਸੋਹਣੇ ਲਗਦੇ ਹਨ। ਸਵਾਰੇ-ਤੇਰੇ ਸਵਾਰੇ ਹੋਏ, ਤੇਰੇ ਬਣਾਏ ਹੋਏ। ਇੰਦ-ਇੰਦਰ। ਇਦਾਸਣਿ-ਇੰਦਰ ਦੇ ਆਸਣ ਤੇ, ਤਖਤ ਤੇ। ਦੇਵਤਿਆਂ ਨਾਲੇ-ਦੇਵਤਿਆਂ ਸਮੇਤ। ਦਰਿ-ਤੇਰੇ ਦਰ ਤੇ। ਸਮਾਧੀ ਅੰਦਰਿ-ਸਮਾਧੀ ਲਾ ਕੇ। ਵਿਚਾਰੇ-ਵਿਚਾਰ ਕਰ ਕਰ ਕੇ। ਵੀਰ ਕਰਾਰੇ-ਬੜੇ ਬੜੇ ਸੂਰਮੇ। ਰਖੀਸਰ-ਵੱਡੇ ਵੱਡੇ ਰਿਸ਼ੀ। ਜੁਗੁ ਜੁਗੁ-ਜੁਗਾਂ ਜੁਗਾਂ ਤੋਂ। ਮੋਹਣੀਆ-ਮਨ ਨੂੰ ਮੋਹ ਲੈਣ ਵਾਲੀਆਂ ਸੁੰਦਰੀਆਂ। ਮਛ-ਮਾਤਲੋਕ। ਪਇਆਲੇ-ਪਾਤਾਲ ਵਿਚ। ਉਪਾਏ ਤੇਰੇ-ਤੇਰੇ ਪੈਦਾ ਕੀਤੇ ਹੋਏ। ਖਾਣੀ ਚਾਰੇ-ਚਾਰ ਖਾਣੀਆਂ (ਅੰਡਜ, ਜੇਰਜ, ਸੇਤਜ ਅਤੇ ਉਤਭੁਜ)। ਮਹਾਬਲ-ਮਹਾਂਬਲੀ। ਖੰਡ-ਟਾਪੂ। ਮੰਡਲ-ਦੇਸ਼। ਵਰਭੰਡਾ-ਬ੍ਰਹਮੰਡ। ਕਰਿ ਕਰਿ-ਪੈਦਾ ਕਰਕੇ। ਰੱਖੇ ਧਾਰੇ-ਟਿਕਾ ਰੱਖੇ ਹਨ। ਭਾਵਨਿ-ਭਾਉਂਦੇ ਹਨ, ਚੰਗੇ ਲਗਦੇ ਹਨ। ਰਤੇ-ਪ੍ਰੇਮ ਰੰਗ ਵਿਚ ਰੱਤੇ ਹੋਏ। ਰਸਾਲੇ-ਰਸੀਏ। ਮੈ ਚਿਤਿ ਆਵਨਿ-ਮੈਨੂੰ ਚਿਤ ਵਿਚ ਨਹੀਂ ਆਉਂਦੇ ਭਾਵ ਗਿਣੇ ਨਹੀਂ ਜਾਂਦੇ। ਕਿਆ ਵੀਚਾਰੇ-ਕੀ ਵਿਚਾਰ ਕਰ ਸਕਦਾ ਹਾਂ, ਕੀ ਦੱਸ ਸਕਦਾ ਹਾਂ। ਸਾਚੀ ਨਾਈ-ਵਡਿਆਈ ਵੀ, ਸੱਚੀ ਹੈ। ਹੈ ਭੀ ਹੋਸੀ-ਹੁਣ ਵੀ ਹੈ, ਪਹਿਲਾਂ ਵੀ ਸੀ ਅਤੇ ਅੱਗੇ ਨੂੰ ਵੀ ਸਦਾ ਕਾਇਮ ਰਹੇਗੀ। ਜਾਇ-ਜੰਮਦਾ ਹੈ। ਜਾਸੀ-ਮਰਦਾ ਹੈ। ਜਾਇ ਨ ਜਾਸੀ-ਨਾਹੀ ਜੰਮਦਾ ਹੈ ਅਤੇ ਨਾ ਹੀ ਮਰੇਗਾ। ਰਚਨਾ-ਸ੍ਰਿਸ਼ਟੀ। ਰਚਾਈ-ਪੈਦਾ ਕੀਤੀ। ਰੰਗੀ ਰੰਗੀ-ਭਾਂਤ-ਭਾਂਤ ਦੇ ਰੰਗਾਂ ਦੀ। ਭਾਤੀ-ਭਾਂਤ-ਭਾਂਤ ਦੀ, ਕਈ ਕਿਸਮਾਂ ਦੀ। ਜਿਨਸੀ-ਕਈ ਜਿਨਸਾਂ ਦੀ, ਕਈ ਪ੍ਰਕਾਰ ਦੀ। ਭਾਵੈ ਭਾਉਂਦਾ ਹੈ, ਚੰਗਾ ਲਗਦਾ ਹੈ। ਸੋਈ ਕਰਸੀ-ਉਹੀ ਕੁਝ ਉਹ ਕਰੇਗਾ। ਰਹਣੁ ਰਜਾਈ-ਰਜਾ ਵਿਚ ਹੀ ਰਹਿਣਾ ਚਾਹੀਦਾ ਹੈ।
ਪਉੜੀ ਵਿਚ ਜਗਤ ਗੁਰੂ ਬਾਬਾ ਪਰਮਾਤਮਾ ਜੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਦੀ ਮਹਮਾ ਕਰ ਰਹੇ ਹਨ, ਜੋ ਉਹੀ ਕੁਝ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ। ਇਸ ਲਈ ਉਸ ਦੀ ਰਜ਼ਾ ਵਿਚ ਰਹਿਣਾ ਹੀ ਭਲਾ ਕੰਮ ਹੈ।
ਗੁਰੂ ਬਾਬਾ ਦ੍ਰਿੜ ਕਰਵਾ ਰਹੇ ਹਨ ਕਿ ਜੋ ਕੁਝ ਉਸ ਨੂੰ ਚੰਗਾ ਲਗਦਾ ਹੈ, ਉਹੋ ਕੁਝ ਕਰਦਾ ਹੈ। ਉਸਨੂੰ ਕਿਸੇ ਪ੍ਰਕਾਰ ਦਾ ਹੁਕਮ ਨਹੀਂ ਕੀਤਾ ਜਾ ਸਕਦਾ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਉਸ ਦੇ ਹੁਕਮ ਅਰਥਾਤ ਰਜ਼ਾ ਵਿਚ ਰਹਿਣਾ ਹੀ ਚੰਗੀ ਗੱਲ ਹੈ।


-217 ਆਰ., ਮਾਡਲ ਟਾਊਨ, ਜਲੰਧਰ।

ਦੇਸ਼ ਦੀ ਵੰਡ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਹੱਡਬੀਤੀ ਬਿਆਨ ਕਰਦਾ

ਪਾਰਟੀਸ਼ਨ ਮਿਊਜ਼ੀਅਮ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਅੰਮ੍ਰਿਤਸਰ ਦੇ ਟਾਊਨ ਹਾਲ ਵਿਚ ਉਸਾਰਿਆ ਗਿਆ ਪਾਰਟੀਸ਼ਨ ਮਿਊਜ਼ੀਅਮ ਦਰਸ਼ਕਾਂ ਨੂੰ ਦੇਸ਼ ਦੀ ਵੰਡ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਹੱਡ-ਬੀਤੀ ਅਤੇ ਉਨ੍ਹਾਂ ਦੀਆਂ ਨਿਸ਼ਾਨੀਆਂ ਤੋਂ ਰੂ-ਬਰੂ ਕਰਵਾਉਣ ਦੇ ਨਾਲ-ਨਾਲ ਪੰਜਾਬ ਦੀਆਂ ਆਜ਼ਾਦੀ ਲਹਿਰਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾ ਰਿਹਾ ਹੈ। 'ਦ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ' ਵਲੋਂ ਅੰਮ੍ਰਿਤਸਰ ਦੀ ਧਰਤੀ 'ਤੇ ਉਸਾਰਿਆ ਗਿਆ ਇਹ ਨਿਵੇਕਲਾ ਅਜਾਇਬ-ਘਰ ਦੇਸ਼ ਦੀ ਵੰਡ ਨਾਲ ਜੁੜੀਆਂ ਦਰਦ ਅਤੇ ਮੁਹੱਬਤ ਦੀਆਂ ਕਹਾਣੀਆਂ ਨੂੰ ਇੱਕ ਸਾਥ ਬਿਆਨ ਕਰ ਰਿਹਾ ਹੈ। ਇਸ ਦੀ ਪੰਜਾਬ ਗੈਲਰੀ ਵਲੋਂ ਪ੍ਰਵੇਸ਼ ਕਰਨ 'ਤੇ ਦਰਸ਼ਕਾਂ ਨੂੰ ਪੰਜਾਬ ਨਾਲ ਸਬੰਧਿਤ ਮੁਗ਼ਲ ਕਾਲ ਤੇ ਮਹਾਰਾਜਾ ਰਣਜੀਤ ਸਿੰਘ ਸਹਿਤ ਸੂਫ਼ੀ ਕਵੀਆਂ ਬਾਬਾ ਬੁੱਲ੍ਹੇਸ਼ਾਹ, ਵਾਰਿਸ ਸ਼ਾਹ ਅਤੇ ਸ਼ਾਹ ਹੁਸੈਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਜੁੜੇ ਚਾਰ ਹੋਰਨਾਂ ਕਮਰਿਆਂ 'ਚ ਦਰਸ਼ਕਾਂ ਨੂੰ ਅੰਮ੍ਰਿਤਸਰ ਦੀਆਂ ਵਿਰਾਸਤੀ ਇਮਾਰਤਾਂ ਤੇ ਇਤਿਹਾਸ ਸਹਿਤ ਦੇਸ਼ ਦੀ ਆਜ਼ਾਦੀ ਲਈ ਸੰਨ 1900 ਤੋਂ ਲੈ ਕੇ ਦੇਸ਼ ਦੀ ਵੰਡ ਤਕ ਚਲੀਆਂ ਹਰ ਪ੍ਰਕਾਰ ਦੀਆਂ ਲਹਿਰਾਂ ਸੰਬੰਧੀ ਪ੍ਰਮਾਣਿਕ ਜਾਣਕਾਰੀ ਦਿੱਤੀ ਜਾ ਰਹੀ ਹੈ। ਮਿਊਜ਼ੀਅਮ ਦੇ ਹਾਲ 'ਚ ਭਾਰਤ ਦੀ ਧਰਤੀ ਨੂੰ ਦੋ ਹਿੱਸਿਆਂ ਵਿਚ ਵੰਡਦਾ ਆਰਾ, ਢਹਿ-ਢੇਰੀ ਹੋਏ ਘਰਾਂ ਦੇ ਢਾਂਚੇ, ਰਾਵਲਪਿੰਡੀ ਦੇ ਥੋਹਾ ਖ਼ਾਲਸਾ ਦਾ ਉਹ ਇਤਿਹਾਸਕ ਖੂਹ ਜਿਸ 'ਚ ਆਪਣੀ ਇੱਜ਼ਤ ਬਚਾਉਣ ਲਈ 96 ਗ਼ੈਰਤਮੰਦ ਸਿੱਖ ਬੀਬੀਆਂ ਨੇ ਛਲਾਂਗਾਂ ਲਗਾ ਕੇ ਆਪਣੀ ਕੁਰਬਾਨੀ ਦਿੱਤੀ ਸੀ ਸਮੇਤ ਫ਼ਿਰਕੂ ਦੰਗਿਆਂ ਦੇ ਚਲਦਿਆਂ ਲਹੂ-ਲੁਹਾਨ ਹੋਇਆ ਰੇਲਵੇ ਸਟੇਸ਼ਨ ਵੀ ਵਿਖਾਇਆ ਗਿਆ ਹੈ। ਅਜਾਇਬ-ਘਰ 'ਚ ਦੇਸ਼ ਦੀ ਵੰਡ ਦਾ ਸੰਤਾਪ ਹੰਢਾਉਣ ਵਾਲੇ ਲਗਪਗ 500 ਲੋਕਾਂ ਨਾਲ ਕੀਤੀ ਗਈ ਗੱਲਬਾਤ ਵੀਡੀਓ ਤੇ ਆਡੀਓ ਦੀ ਮਾਰਫ਼ਤ ਦਰਸ਼ਕਾਂ ਨੂੰ ਵੇਖਣ ਤੇ ਸੁਣਨ ਨੂੰ ਮਿਲ ਰਹੀ ਹੈ। ਇਸ ਦੇ ਇਲਾਵਾ ਇਸ 'ਚ ਦੇਸ਼ ਦੀ ਵੰਡ ਨਾਲ ਸਬੰਧਿਤ ਮਹੱਤਵਪੂਰਨ ਦਸਤਾਵੇਜ਼, ਪੱਤਰ, ਸਾਹਿਤਕ ਪੁਸਤਕਾਂ, ਤਸਵੀਰਾਂ ਅਤੇ ਹੋਰ ਵਸਤੂਆਂ ਰੱਖੀਆਂ ਗਈਆਂ ਹਨ।


-ਫ਼ੋਨ : 9356127771

ਅਕਾਲੀ ਲਹਿਰ-5

ਭਾਈ ਦਰਬਾਰਾ ਸਿੰਘ ਪਿੰਡ ਮੱਲਣ (ਫ਼ਿਰੋਜ਼ਪੁਰ)

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਭਾਈ ਦਰਬਾਰਾ ਸਿੰਘ ਦਾ ਜਨਮ 1890 ਦੇ ਨੇੜ ਪਿੰਡ ਮੱਲਣ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਸ: ਰਾਮ ਸਿੰਘ ਦੇ ਘਰ ਹੋਇਆ। ਗੱਭਰੂ ਉਮਰ ਵਿਚ ਉਸ ਨੇ ਰੋਜ਼ਗਾਰ ਲਈ ਕੈਨੇਡਾ ਜਾਣ ਦਾ ਮਨ ਬਣਾਇਆ ਪਰ ਕਿਉਂ ਜੋ ਉਹਨੀਂ ਦਿਨੀਂ ਹਿੰਦੁਸਤਾਨ ਤੋਂ ਕੈਨੇਡਾ ਲਈ ਸਿੱਧਾ ਜਹਾਜ਼ ਨਹੀਂ ਸੀ ਚਲਦਾ, ਇਸ ਲਈ ਉਹ 1913 ਵਿਚ ਪਹਿਲਾਂ ਹਾਂਗਕਾਂਗ ਪਹੁੰਚਿਆ। ਕੈਨੇਡਾ ਸਰਕਾਰ ਦੇ ਦਬਾਅ ਕਾਰਨ ਇੱਥੇ ਵੀ ਕੋਈ ਜਹਾਜ਼ੀ ਕੰਪਨੀ ਕੈਨੇਡਾ ਦਾ ਟਿਕਟ ਨਹੀਂ ਸੀ ਦਿੰਦੀ ਇਸ ਲਈ ਭਾਈ ਦਰਬਾਰਾ ਸਿੰਘ ਨੂੰ ਇੱਥੇ ਰੁਕਣਾ ਪਿਆ। ਅਗਲੇ ਸਾਲ ਬਾਬਾ ਗੁਰਦਿੱਤ ਸਿੰਘ ਨੇ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਉੱਤੇ ਲੈ ਕੇ ਕੈਨੇਡਾ ਜਾਣ ਦੀ ਯੋਜਨਾ ਬਣਾਈ ਤਾਂ ਭਾਈ ਦਰਬਾਰ ਸਿੰਘ ਨੇ ਵੀ ਕੈਨੇਡਾ ਜਾਣ ਦੀ ਟਿਕਟ ਲੈ ਲਈ। ਬਦਕਿਸਮਤ ਨਾਲ ਇਸ ਜਹਾਜ਼ ਦੇ ਮੁਸਾਫ਼ਿਰਾਂ ਨੂੰ ਕੈਨੇਡਾ ਨਾ ਉਤਰਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਵਾਪਸ ਹਿੰਦੁਸਤਾਨ ਪਰਤਣਾ ਪਿਆ। ਇਸ ਜ਼ਿਆਦਤੀ ਕਾਰਨ ਮੁਸਾਫ਼ਿਰਾਂ ਦੇ ਮਨ ਵਿਚ ਸਰਕਾਰ ਵਿਰੁੱਧ ਗੁੱਸਾ ਪਨਪਨਾ ਲਾਜ਼ਮੀ ਸੀ ਜਿਸ ਕਾਰਨ ਉਹ ਗ਼ਦਰ ਪਾਰਟੀ ਦੇ ਪੱਖੀ ਬਣ ਗਏ। ਸਰਕਾਰ ਨੇ 28 ਸਤੰਬਰ 1914 ਨੂੰ ਇਸ ਜਹਾਜ਼ ਦੇ ਮੁਸਾਫ਼ਿਰਾਂ ਨੂੰ ਕਲੱਕਤੇ ਨੇੜੇ ਬਜ ਬਜ ਦੇ ਘਾਟ ਉੱਤੇ ਜਹਾਜ਼ ਵਿਚੋਂ ਉਤਾਰਿਆ ਅਤੇ ਪੰਜਾਬ ਜਾਣ ਵਾਸਤੇ ਰੇਲ ਵਿਚ ਬੈਠਣ ਲਈ ਮਜਬੂਰ ਕਰਨਾ ਸ਼ੁਰੂ ਕੀਤਾ। ਨਤੀਜਾ ਝੜਪ ਵਿਚ ਨਿਕਲਿਆ ਜਿਸ ਵਿਚ ਲਗਭਗ ਡੇਢ ਦਰਜਨ ਯਾਤਰੂ ਮਾਰੇ ਗਏ ਅਤੇ ਬਹੁਤਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਵਿਚ ਸੁੱਟ ਦਿੱਤਾ ਗਿਆ। ਭਾਈ ਦਰਬਾਰ ਸਿੰਘ ਵੀ ਜੇਲ੍ਹ ਵਿਚ ਬੰਦ ਕੀਤੇ ਜਾਣ ਵਾਲਿਆਂ ਵਿਚ ਸ਼ਾਮਲ ਸੀ। ਉਸ ਨੂੰ ਅਲੀਪੁਰ ਜੇਲ ਤੋਂ ਰਿਹਾਅ ਕਰ ਕੇ ਜੂਹਬੰਦੀ ਦੀ ਸ਼ਰਤ ਲਾ ਕੇ ਪਿੰਡ ਛੱਡ ਦਿੱਤਾ ਗਿਆ ਜੋ 1920 ਦੇ ਸ਼ਾਹੀ ਐਲਾਨ ਦੀ ਲੋਅ ਵਿਚ ਖਤਮ ਹੋਈ।
ਇਨ੍ਹੀਂ ਦਿਨੀਂ ਅਕਾਲੀ ਲਹਿਰ ਜ਼ੋਰ ਫੜ ਰਹੀ ਸੀ ਅਤੇ ਭਾਈ ਦਰਬਾਰਾ ਸਿੰਘ ਅਕਾਲੀ ਸਰਗਰਮੀਆਂ ਵਿਚ ਭਾਗ ਲੈਣ ਲੱਗਾ। ਦਸੰਬਰ 1921 ਵਿਚ ਉਸ ਨੇ ਆਪਣੇ ਪਿੰਡ ਵਿਚ ਵੱਡਾ ਅਕਾਲੀ ਦੀਵਾਨ ਆਯੋਜਿਤ ਕੀਤਾ ਜਿਸ ਵਿਚ ਗਰਮ ਖਿਆਲੀ ਅਕਾਲੀਆਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਭਾਸ਼ਨ ਦਿੱਤੇ। ਸਰਕਾਰ ਨੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਅਤੇ ਅਦਾਲਤ ਨੇ 8 ਜੁਲਾਈ 1922 ਨੂੰ ਹਿੰਦ ਦੰਡਾਵਲੀ ਦੀ ਧਾਰਾ 124-ਏ ਦਾ ਦੋਸ਼ੀ ਗਰਦਾਨ ਕੇ ਭਾਈ ਦਰਬਾਰਾ ਸਿੰਘ ਨੂੰ ਪੰਦਰਾਂ ਮਹੀਨੇ ਦੀ ਕੈਦ ਬਾਮੁਸ਼ੱਕਤ ਸਜ਼ਾ ਸੁਣਾਈ। ਜੇਲ੍ਹ ਤੋਂ ਰਿਹਾਈ ਉਪਰੰਤ ਉਹ ਵਧੇਰੇ ਸਰਗਰਮੀ ਨਾਲ ਕੰਮ ਕਰਨ ਲੱਗਾ। ਮੁਕਤਸਰ ਸਾਹਿਬ ਦੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਵਾਸਤੇ ਉਸ ਨੇ ਮੋਹਰੀਆਂ ਵਾਲਾ ਕੰਮ ਕੀਤਾ। ਜੈਤੋ ਦੇ ਮੋਰਚੇ ਦੌਰਾਨ ਜਦ ਪੰਡਤ ਜਵਾਹਰ ਲਾਲ ਨਹਿਰੂ, ਸ੍ਰੀ ਗਿਡਵਾਨੀ ਅਤੇ ਕੇ. ਸੰਨਤਾਨਮ ਮੋਰਚੇ ਦਾ ਜਾਇਜ਼ਾ ਲੈਣ ਆਏ ਤਾਂ 23 ਸਤੰਬਰ 1923 ਨੂੰ ਉਸ ਨੇ ਜੈਤੋ ਜਾਣ ਲਈ ਉਨ੍ਹਾਂ ਦੀ ਅਗਵਾਨੀ ਕੀਤੀ। ਉਨ੍ਹਾਂ ਨੂੰ ਜੈਤੋ ਵਿਚ ਵੜਨ ਤੋਂ ਮਨ੍ਹਾਂ ਕੀਤਾ ਗਿਆ ਪਰ ਉਹ ਸਰਕਾਰੀ ਹੁਕਮ ਦੀ ਅਣਦੇਖੀ ਕਰ ਕੇ ਜੈਤੋ ਵਿਚ ਗਏ। ਪੁਲਿਸ ਨੇ ਭਾਈ ਦਰਬਾਰਾ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ। ਇਸ ਮੁਕੱਦਮੇ ਵਿਚ ਉਸ ਨੂੰ ਦੋ ਸਾਲ ਕੈਦ ਬਾਮੁਸ਼ੱਕਤ ਸਜ਼ਾ ਹੋਈ।
ਪੰਜਾਬ ਪੁਲਿਸ ਵਲੋਂ ਸਮੂਹ ਸਰਗਰਮ ਅਕਾਲੀਆਂ ਦੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣ ਲਈ ਲਾਈ ਫਾਈਲ ਨੰ: 9220-ਐੱਸ.ਬੀ. ਵਿਚ ਉਸ ਦੀ ਕਾਰਗੁਜ਼ਾਰੀ ਦਾ ਰਿਕਾਰਡ ਰੱਖੇ ਜਾਣ ਤੋਂ ਬਿਨਾਂ ਉਸ ਬਾਰੇ ਦੋ ਹੋਰ ਫਾਈਲਾਂ ਨੰ:37 ਅਤੇ ਨੰ:7677 ਲਾਈਆਂ ਗਈਆਂ ਸਨ ਜੋ ਉਸ ਦੇ ਆਪਣੇ ਸਮੇਂ ਦੇ ਸਰਗਰਮ ਅਕਾਲੀ ਹੋਣ ਦਾ ਸਬੂਤ ਹਨ। (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-3154, ਸੈਕਟਰ 71, ਮੁਹਾਲੀ-160071. ਮੋਬਾਈਲ : 094170-49417.

ਗ਼ੈਰ-ਸਿੱਖ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਦੇ ਸਿੱਖੀ ਬਾਰੇ ਵਿਚਾਰ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਐੱਚ.ਐੱਲ. ਬਰਾਡਸ਼ਾਅ : ਸਿੱਖ ਧਰਮ ਦੀ ਫਿਲਾਸਫ਼ੀ ਨੂੰ ਪੂਰੀ ਤਰ੍ਹਾਂ ਘੋਖਣ ਉਪਰੰਤ ਅਮਰੀਕਾ ਦਾ ਪ੍ਰਸਿੱਧ ਇਤਿਹਾਸਕਾਰ ਪ੍ਰੋਫ਼ੈਸਰ ਐੱਚ.ਐੱਲ. ਬਰਾਡਸ਼ਾਅ ਲਿਖਦਾ ਹੈ, 'ਸਿੱਖ ਧਰਮ ਇਕ ਸਰਬ-ਵਿਆਪੀ ਵਿਸ਼ਵ ਮਤ ਹੈ, ਜਿਸ ਦਾ ਸੰਦੇਸ਼ ਸਮੁੱਚੀ ਮਾਨਵਤਾ ਲਈ ਹੈ। ਇਹ ਗੱਲ ਗੁਰੂ ਸਾਹਿਬਾਨਾਂ ਦੀਆਂ ਲਿਖਤਾਂ ਤੋਂ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ। ਸਿੱਖਾਂ ਨੂੰ ਆਪਣੇ ਧਰਮ ਬਾਰੇ ਕੇਵਲ ਇਕ ਹੋਰ ਚੰਗਾ ਧਰਮ ਸਮਝਣਾ ਬੰਦ ਕਰਕੇ ਇਸ ਨੂੰ ਨਵੇਂ ਯੁੱਗ ਦਾ ਧਰਮ ਸਮਝਣਾ ਸ਼ੁਰੂ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੁਆਰਾ ਚਲਾਇਆ ਗਿਆ ਧਰਮ ਨਵੇਂ ਯੁੱਗ ਦਾ ਧਰਮ ਹੈ। ਇਹ ਪੁਰਾਣੇ ਧਰਮਾਂ ਦੀਆਂ ਸਾਰੀਆਂ ਮਾਨਤਾਵਾਂ ਨੂੰ ਪੂਰੀ ਤਰ੍ਹਾਂ ਉਖੇੜਦਾ ਵੀ ਹੈ ਅਤੇ ਉਨ੍ਹਾਂ ਦੀ ਪੂਰਤੀ ਵੀ ਕਰਦਾ ਹੈ। ਇਸ ਗੱਲ ਨੂੰ ਸਿੱਧ ਕਰਨ ਲਈ ਪੁਸਤਕਾਂ ਜ਼ਰੂਰ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਦੂਸਰੇ ਧਰਮਾਂ ਵਿਚ ਵੀ ਸੱਚ ਹੈ ਪਰ ਸਿੱਖ ਧਰਮ ਵਿਚ ਪੂਰਨ ਸੱਚ ਹੈ। ਵਿਸ਼ਵ ਦੇ ਸਾਰੇ ਧਰਮਾਂ ਵਿਚੋਂ ਇਕੱਲਾ ਗੁਰੂ ਗ੍ਰੰਥ ਸਾਹਿਬ ਹੀ ਇਹ ਗੱਲ ਕਹਿ ਰਿਹਾ ਹੈ ਕਿ ਸਾਡੀ ਸ੍ਰਿਸ਼ਟੀ ਅਤੇ ਸੰਸਾਰ ਤੋਂ ਇਲਾਵਾ ਹੋਰ ਵੀ ਸ੍ਰਿਸ਼ਟੀਆਂ ਅਤੇ ਸੰਸਾਰ ਹਨ। ਇਸ ਤੋਂ ਪਹਿਲੇ ਸਾਰੇ ਧਰਮ-ਗ੍ਰੰਥਾਂ ਦਾ ਸਬੰਧ ਕੇਵਲ ਇਸ ਸੰਸਾਰ ਅਤੇ ਇਸ ਦੇ ਰੂਹਾਨੀ ਪ੍ਰਤੀਰੂਪ ਨਾਲ ਹੀ ਹੈ। ਇਹ ਭਾਵ ਕੱਢਣਾ ਕਿ ਉਹ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਦੂਸਰੇ ਸੰਸਾਰਾਂ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਸਪੱਸ਼ਟ ਅਰਥ ਨੂੰ ਪ੍ਰਸੰਗ ਤੋਂ ਬਾਹਰ ਖਿੱਚਣਾ ਹੈ। ਆਧੁਨਿਕ ਮਨੁੱਖ ਦੀਆਂ ਸਮੱਸਿਆਵਾਂ ਦਾ ਅਸਲ ਹੱਲ ਸਿੱਖ ਧਰਮ ਹੀ ਹੈ। ਬਾਕੀ ਧਰਮਾਂ ਵਿਚ ਸੱਚ ਦਾ ਅੰਸ਼ ਹੈ ਪਰ ਸਿੱਖ ਧਰਮ ਵਿਚ ਨਿਰੋਲ ਸੱਚ ਹੀ ਸੱਚ ਹੈ।'
ਡੌਰਥੀ ਫ਼ੀਲਡ : ਅਮਰੀਕਨ ਗੀਤਕਾਰ ਅਤੇ ਲੇਖਿਕਾ ਡੌਰਥੀ ਫ਼ੀਲਡ ਆਪਣੀ ਪੁਸਤਕ 'ਦਿ ਰਿਲੀਜਨ ਆਫ਼ ਦਿ ਸਿੱਖਸ' ਵਿਚ ਲਿਖਦੀ ਹੈ, 'ਅਸਲ ਸਿੱਖ ਧਰਮ ਹਿੰਦੂ ਰਸਮਾਂ ਉੱਪਰ ਨਿਰਭਰਤਾ ਤੋਂ ਉੱਪਰ ਹੈ ਅਤੇ ਜਦ ਤਕ ਸਿੱਖ ਆਪਣੀ ਨਿਵੇਕਲੀ ਪਹਿਚਾਣ ਨੂੰ ਕਾਇਮ ਰੱਖਣਗੇ ਇਹ ਤਦ ਤਕ ਇਕ ਵਿਸ਼ਵ ਧਰਮ ਵਜੋਂ ਆਪਣਾ ਨਿਵੇਕਲਾ ਸਥਾਨ ਕਾਇਮ ਰੱਖਣ ਦੇ ਸਮਰੱਥ ਹੈ। ਇਹ ਧਰਮ ਅਜਿਹਾ ਧਰਮ ਵੀ ਹੈ, ਜੋ ਪੱਛਮੀ ਬਿਰਤੀ ਨੂੰ ਵੀ ਟੁੰਬ ਸਕਦਾ ਹੈ। ਬੁਨਿਆਦੀ ਤੌਰ 'ਤੇ ਇਹ ਇਕ ਵਿਹਾਰਿਕ ਧਰਮ ਹੈ। ਜੇਕਰ ਇਸ ਨੂੰ ਕੁਝ ਖੇਤਰਾਂ ਵਿਚ ਪ੍ਰਚਲਿਤ ਵਿਹਾਰਿਕਤਾ ਦੀ ਧਾਰਨਾ ਵਜੋਂ ਦੇਖਿਆ ਜਾਵੇ ਤਾਂ ਵੀ ਇਹ ਵਿਸ਼ਵ ਭਰ ਵਿਚ 'ਪਹਿਲੇ ਸਥਾਨ' 'ਤੇ ਆਵੇਗਾ। ('ਪਹਿਲੇ ਸਥਾਨ' ਉੱਪਰ ਬਲ ਖ਼ੁਦ ਲੇਖਕ ਦੁਆਰਾ ਦਿੱਤਾ ਗਿਆ ਹੈ।) ਇਹ ਧਰਮ ਬਹੁਤ ਹੀ ਘੱਟ ਸਮੇਂ ਵਿਚ ਇਕ ਕੌਮ ਦੀ ਸਿਰਜਣਾ ਕਰ ਸਕਿਆ ਹੈ, ਇਹ ਗੱਲ ਕਿਸੇ ਵੀ ਹੋਰ ਧਰਮ ਬਾਰੇ ਨਹੀਂ ਕਹੀ ਜਾ ਸਕਦੀ।' ਫ਼ੀਲਡ ਅਨੁਸਾਰ, 'ਸਿੱਖਾਂ ਦਾ ਧਰਮ ਭਾਰਤ ਦੇ, ਸ਼ਾਇਦ ਸਮੁੱਚੇ ਸੰਸਾਰ ਦੇ ਮੌਜੂਦਾ ਧਰਮਾਂ ਵਿਚੋਂ ਸਭ ਤੋਂ ਵੱਧ ਦਿਲਚਸਪ ਹੈ। ਗ੍ਰੰਥ ਦਾ ਅਧਿਐਨ ਇਹ ਜ਼ੋਰਦਾਰ ਸੁਝਾਅ ਦਿੰਦਾ ਹੈ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇਕ ਸੁਧਰਿਆ ਹੋਇਆ ਰੂਪ ਕਹਿਣ ਦੀ ਬਜਾਇ ਇਕ ਨਵਾਂ ਧਰਮ ਸਮਝਿਆ ਜਾਣਾ ਚਾਹੀਦਾ ਹੈ।' (ਚਲਦਾ)


-292/13, ਹਿਮਾਂਯੂਪੁਰ, ਸਰਹਿੰਦ । ਮੋਬ: 9815501381

ਬੇਹੱਦ ਜ਼ਰੂਰੀ ਹੈ ਕੋਰੋਨਾ ਦੇ ਕਹਿਰ ਵਿਚ ਆਸ਼ਾਵਾਦੀ ਬਣੇ ਰਹਿਣਾ

ਅੱਜ ਸਾਰੀ ਮਨੁੱਖਤਾ ਉੱਪਰ 'ਕੋਰੋਨਾ ਵਾਇਰਸ' ਦਾ ਕਹਿਰ ਨਿਰੰਤਰ ਜਾਰੀ ਹੈ। ਇਸ ਦਾ ਅਜੇ ਕੋਈ ਹੱਲ ਦਿਖਾਈ ਨਹੀਂ ਦਿੰਦਾ। ਸਗੋਂ ਆਮ ਲੋਕਾਂ ਵਿਚ ਇਸ ਦਾ ਡਰ ਵਧਦਾ ਜਾ ਰਿਹਾ, ਇਸ ਦੇ ਨਾਲ ਲੋਕ ਫੋਬੀਆ ਵਰਗੇ ਮਨੋ ਰੋਗ ਦੇ ਨਾਲ ਆਤਮਕ ਕਮਜ਼ੋਰੀ ਦਾ ਸ਼ਿਕਾਰ ਹੋ ਰਹੇ ਹਨ। ਦੂਸਰੇ ਪਾਸੇ ਸਾਰੇ ਡਾਕਟਰ ਮਨੁੱਖ ਨੂੰ ਦਵਾਈ ਨਾ ਮਿਲਣ ਦੀ ਸੂਰਤ ਵਿਚ ਆਪਣੀ ਬਿਮਾਰੀ ਦਾ ਸਾਹਮਣਾ ਕਰਨ ਲਈ ਅੰਦਰੂਨੀ ਸ਼ਕਤੀ ਨੂੰ ਵਧਾਉਣ ਦੀ ਹਦਾਇਤ ਕਰ ਰਹੇ ਹਨ। ਸੱਚਮੁੱਚ ਸਾਰੇ ਸੰਸਾਰ ਲਈ ਇਹ ਇਕ ਇਮਤਿਹਾਨ ਦੀ ਘੜੀ ਹੈ। ਅਸਲ ਵਿਚ ਅੱਧੀ ਬਿਮਾਰੀ ਤਾਂ ਮਨੁੱਖ ਆਪਣੇ ਅੰਦਰਲੇ ਡਰ ਨਾਲ ਹੀ ਵਧਾ ਲੈਂਦਾ ਹੈ, ਗੁਰੂ ਸਾਹਿਬ ਮਨੁੱਖ ਨੂੰ ਹਮੇਸ਼ਾ ਕਿਸੇ ਵੀ ਆਈ ਆਫ਼ਤ ਦਾ ਟਾਕਰਾ ਕਰਨ ਲਈ ਆਪਣੇ-ਆਪ ਨੂੰ (ਮਨ ਦੇ ਤਲ 'ਤੇ) ਨਿਡਰਤਾ ਵਿਚ ਬਦਲਣ ਦਾ ਉਪਦੇਸ਼ ਦਿੰਦੇ ਹਨ। ਗੁਰੂ ਵਾਕ ਹੈ:-
ਡਡਾ ਡਰ ਉਪਜੇ ਡਰੁ ਜਾਈ॥
ਤਾ ਡਰ ਮਹਿ ਡਰੁ ਰਹਿਆ ਸਮਾਈ॥
ਜਉ ਡਰ ਡਰੈ ਤ ਫਿਰ ਡਰੁ ਲਾਗੈ॥
ਨਿਡਰ ਹੂਆ ਡਰੁ ਉਰ ਹੋਇ ਭਾਗੈ॥
(ਗਉੜੀ ਕਬੀਰ, ਪੰ : 341)
ਮਨ ਦਾ ਸਰੀਰ ਦੀ ਹਰ ਕਿਰਿਆ ਨਾਲ ਸਿੱਧਾ ਸਬੰਧ ਹੈ। ਜਦੋਂ ਡਾਕਟਰ ਸਾਨੂੰ ਇਹ ਸਲਾਹ ਦਿੰਦੇ ਹਨ ਕਿ ਆਪਣੀ ਸਰੀਰ ਦੀ ਉਸ ਸ਼ਕਤੀ ਨੂੰ ਮਜ਼ਬੂਤ ਕਰੋ ਜਿਸ ਨਾਲ ਤੁਹਾਡੇ ਸਰੀਰ ਵਿਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਵਿਚ ਵਾਧਾ ਹੋ ਜਾਵੇ। ਇਸੇ ਨੂੰ ਡਾਕਟਰੀ ਭਾਸ਼ਾ ਵਿਚ ਐਮਿਯੂਨ ਸਿਸਟਮ ਕਹਿੰਦੇ ਹਨ। ਮਨੁੱਖੀ ਜੀਵਨ ਵਿਚ ਅਕਸਰ ਇਹ ਵਰਤਾਰਾ ਤਾਂ ਹੀ ਵਰਤਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨ ਦੇ ਤਲ 'ਤੇ ਆਪਣੇ-ਆਪ ਨੂੰ ਤਿਆਰ ਹੋਣ ਲਈ 'ਚੜ੍ਹਦੀ ਕਲਾ' ਦੇ ਬੋਲੇ ਦੀ ਬਖਸ਼ਿਸ਼ ਕੀਤੀ। 'ਚੜ੍ਹਦੀ ਕਲਾ' ਸ਼ਬਦ ਆਪਣੇ-ਆਪ ਵਿਚ ਹੀ ਇੰਨਾ ਦਮ-ਦਾਰ ਹੈ ਕਿ ਇਹ ਮਨੁੱਖ ਵਿਚ ਸਕਾਰਾਤਮਿਕ ਊਰਜਾ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਸਤਿਗੁਰਾਂ ਦਾ ਗੁਰ ਸਿੱਖ ਦੀ ਰੋਜ਼ਾਨਾ ਜ਼ਿੰਦਗੀ ਵਿਚ 'ਫਤਹਿ' ਸ਼ਬਦ ਨੂੰ ਲੈ ਆਉਣਾ ਇਕ ਐਸੀ ਬਖਸ਼ਿਸ਼ ਹੈ ਜਿਸ ਨਾਲ ਆਮ ਜਿਹੇ ਮਨੁੱਖਾਂ ਨੇ ਗੁਰਸਿੱਖ ਬਣ ਕੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਸੋ ਮਨ ਦੇ ਤਕੜੇ ਹੋਣ ਦੀ ਭੂਮਿਕਾ ਸਰੀਰ ਨੂੰ ਇਕ ਸੰਤੁਲਨ ਵਿਚ ਰੱਖਦੀ ਹੈ। ਮਨ ਨੂੰ ਤਕੜਾ ਕਰਨ ਦੇ ਨੁਕਤੇ ਸਬੰਧੀ ਗੁਰੂ ਸਾਹਿਬ ਮਨੱਖ ਨੂੰ ਉਪਦੇਸ਼ ਕਰਦੇ ਹਨ ਕਿ ਹੇ ਮਨੁੱਖ ਸਭ ਤੋਂ ਪਹਿਲਾਂ ਤੈਨੂੰ ਰੱਬ 'ਤੇ ਭਰੋਸਾ ਕਰਨਾ ਪਵੇਗਾ:-
ਟੋਡੀ ਮਹਲਾ ੫॥
ਹਰਿ ਬਿਸਰਤ ਸਦਾ ਖੁਆਰੀ॥
ਤਾ ਕਉ ਧੋਖਾ ਕਹਾ ਥਿਆਪੈ ਜਾ ਕਉ ਓਟ ਤੁਹਾਰੀ॥ ਰਹਾਓ॥
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ॥
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ॥੧॥
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ॥
ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ॥੨॥੨॥
(ਅੰਗ : 711-712)
ਪ੍ਰਿੰਸੀਪਲ ਗੰਗਾ ਸਿੰਘ ਆਪਣੇ ਇਕ ਲੇਖ 'ਚੜ੍ਹਦੀ ਕਲਾ' ਵਿਚ ਪੰਨਾ ਨੰਬਰ 129 ਉਪਰ ਰੱਬ ਦੀ ਰਜ਼ਾ ਵਿਚ ਜੁੜੇ ਪਿਆਰੇ ਦੀ ਸਥਿਤੀ ਨੂੰ ਸਮਝਦੇ ਹੋਏ ਲਿਖਦੇ ਹਨ ਕਿ, 'ਦ੍ਰਿਸ਼ਟਮਾਨ ਕੁਦਰਤ ਦੇ ਪਿਛੇ ਕੰਮ ਕਰ ਰਹੇ ਅਦ੍ਰਿਸ਼ਟ ਕਾਦਰ ਨਾਲ ਮਨ ਜੋੜ, ਪਿਆਰ ਪਾ ਤੇ ਹਜ਼ੂਰੀ ਹਾਸਲ ਕਰ। ਉਸਦੀ ਸਾਜੀ ਕੁਦਰਤ ਦਾ ਮਿੱਤ੍ਰ ਬਣ ਸੇਵਾ ਵਿਚ ਜੁਟਣਾ, ਇਹ ਗਾਡੀ ਰਾਹ ਬਾਬਾ ਜੀ ਨੇ ਚਲਾਇਆ। ਜੋ ਜੋ ਇਹਦੇ 'ਤੇ ਤੁਰੇ, ਉਹਨਾਂ ਦੇ ਮਨ ਖੇੜੇ ਤੇ ਉਤਸ਼ਾਹ ਨਾਲ ਭਰਦੇ ਗਏ।
ਹੁਣ ਅਸੀਂ ਫਿਰ ਕੋਰੋਨਾ ਵਾਇਰਸ ਦੀ ਕਰੋਪੀ 'ਤੇ ਆਉਂਦੇ ਹਾਂ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਅਜੇ ਇਸ ਦੀ ਕੋਈ ਦਵਾਈ ਈਜਾਦ ਨਹੀਂ ਹੋਈ ਪ੍ਰੰਤੂ ਇਸ ਦਾ ਇਹ ਵੀ ਮਤਲਬ ਨਹੀਂ ਕਿ ਆਪਣੇ ਆਪ ਨੂੰ ਡਰ ਕਾਰਨ ਰੋਗੀ ਬਣਾ ਲਈਏ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਸਮੇਂ ਵਿਚ ਜਿਥੇ ਜਲਦੀ ਦਰੁਸਤ ਇਲਾਜ ਦੀ ਜ਼ਰੂਰਤ ਹੈ ਉਥੇ ਮਾਨਸਿਕ ਤੌਰ 'ਤੇ ਤਾਕਤਵਰ ਹੋਣ ਦੀ ਬਹੁਤ ਜ਼ਰੂਰਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਮਾਨਸਿਕ ਤੌਰ 'ਤੇ ਤਕੜਾ ਕਰਦੇ ਹਨ। ਗੁਰੂ ਸਾਹਿਬ ਹੁਕਮ ਕਰਦੇ ਹਨ : ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥ (ਪੰਨਾ : 468) ਜ਼ਿੰਦਗੀ ਬਿਤਾਉਣ ਦਾ ਅਸਲ ਅਸੂਲ ਹੀ ਰੱਬ ਦੇ ਹੁਕਮ ਨੂੰ ਪਛਾਨਣ ਅਤੇ ਉਸ ਦੀ ਮਸਤੀ ਹੰਢਾਉਣ ਤੇ ਹੁਕਮ ਦੀ ਪਾਲਣਾ ਕਰਨ ਵਿਚ ਹੈ। ਨਾਲ ਹੀ ਸੰਸਾਰੀ ਸਮੱਸਿਆਵਾਂ ਨੂੰ ਬਿਬੇਕਤਾ ਨਾਲ ਸਮਝਣ ਤੇ ਨਜਿੱਠਣ ਦੀ ਸੋਝੀ ਬਖਸ਼ਦੇ ਹਨ। ਸਤਿਗੁਰਾਂ ਨੇ ਜਿੱਥੇ ਆਪਣੇ ਜੀਵਨ ਕਾਲ ਵਿਚ ਦਵਾਖਾਨੇ ਖੋਲ੍ਹੇ ਸਨ ਉਥੇ ਸੰਤੋਖ, ਸੰਜਮ ਦਾ ਉਪਦੇਸ਼ ਵੀ ਦਿੱਤਾ ਹੈ। ਇਲਾਜ ਦੇ ਨਾਲ ਨਾਲ ਸੰਜਮ ਦੀ ਜ਼ਰੂਰਤ ਹੁੰਦੀ ਹੈ, ਸਹਿਜੇ-ਸਹਿਜੇ ਭਵਿੱਖ ਵਿਚ ਸਾਰੇ ਹੱਲ ਨਿਕਲ ਆਉਂਦੇ ਹਨ, ਹਰ ਹੱਲ ਸਮੇਂ ਦੀ ਮੰਗ ਕਰਦੇ ਹੁੰਦੇ ਹਨ, ਸਮਾਂ ਦੇਣ ਲਈ ਸੰਜਮ ਦੀ ਜ਼ਰੂਰਤ ਹੁੰਦੀ ਹੈ..! ਸੋ ਸੰਜਮ ਬਣਾਏ ਰੱਖਣ ਦੀ ਜ਼ਰੂਰਤ ਹੈ।
ਜਿਸ ਤਰ੍ਹਾਂ ਸਾਰੀ ਫ਼ੌਜ ਨੂੰ ਕਮਾਂਡਰ ਆਦੇਸ਼ ਦੇ ਕੇ ਲੜਾਈ ਲਈ ਤਿਆਰ ਕਰਦਾ ਹੈ, ਇਸੇ ਤਰ੍ਹਾਂ ਦਿਮਾਗ ਦੇ ਵਿਚ ਆਤਮ ਭਰੋਸੇ ਦੀ ਕਮਾਂਡ ਅਤਿ ਜ਼ਰੂਰੀ ਹੈ। ਜਿਸ ਦੇ ਨਾਲ ਮਨੁੱਖੀ ਸਰੀਰ ਦਾ ਐਮਿਯੂਨ ਸਿਸਟਮ ਬੱਝਾ ਹੋਇਆ ਹੈ। ਇਸ ਨੂੰ ਅਸੀ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਰੱਖਿਆ ਪ੍ਰਣਾਲੀ ਵੀ ਕਹਿੰਦੇ ਹਾਂ, ਆਸ਼ਾਵਾਦੀ ਅਤੇ ਚੜ੍ਹਦੀ ਕਲਾ ਵਾਲੇ ਧਾਰਨੀ ਸਰੀਰ ਵਿਚ ਇਹ ਪ੍ਰਣਾਲੀ ਗਜ਼ਬ ਦੀ ਸ਼ਕਤੀ ਰੱਖਦੀ ਹੈ। ਆਪ ਨੇ ਸਟੀਫਨ ਹਾਕਿੰਗ ਦਾ ਨਾਂਅ ਸੁਣਿਆ ਹੋਵੇਗਾ। ਉਹ ਮਹਾਨ ਵਿਗਿਆਨੀ ਜਿਸ ਨੇ ਖਗੋਲ ਵਿਗਿਆਨ ਨੂੰ ਨਵੀਆਂ ਧਾਰਨਾਵਾਂ, ਭੌਤਿਕ ਵਿਗਿਆਨ ਨੁੰ ਨਵੀਂ ਦਿਸ਼ਾ ਦਿੱਤੀ। ਦੁਨੀਆ ਭਰ ਦੇ ਮਨੋ-ਵਿਗਿਆਨੀ ਉਸ ਦੇ ਦਿਮਾਗ ਦਾ ਲੋਹਾ ਮੰਨਦੇ ਹੋਏ ਇਸ ਵਿਸ਼ਵਾਸ ਨਾਲ ਸਹਿਮਤ ਹਨ ਕਿ ਜਦੋਂ ਇਕ ਆਮ ਵਿਆਕਤੀ ਦਾ ਦਿਮਾਗ਼ 2 ਫੀਸਦੀ ਕੰਮ ਕਰਦਾ ਹੈ ਤਾਂ ਮੁਕਾਬਲਤਨ ਸਟੀਫਨ ਦਾ ਦਿਮਾਗ 17 ਫੀਸਦੀ ਕੰਮ ਕਰਦਾ ਸੀ। ਇਸ ਦੇ ਪਿੱਛੇ ਉਸ ਦੀ ਦ੍ਰਿੜ੍ਹਤਾ ਕੰਮ ਕਰਦੀ ਸੀ। ਇਸ ਵਿਗਿਆਨੀ ਨੂੰ 21 ਸਾਲ ਦੀ ਉਮਰ ਵਿਚ ਇਕ ਲਾ-ਇਲਾਜ ਬੀਮਾਰੀ ਚਿੰਬੜ ਗਈ। ਇਸ ਨਾਲ ਆਦਮੀ ਦੀ ਕੁਝ ਹੀ ਮਹੀਨਿਆਂ ਵਿਚ ਮੌਤ ਹੋ ਜਾਂਦੀ ਹੈ, ਪ੍ਰੰਤੂ ਸਟੀਫਨ ਆਪਣੀ ਇੱਛਾ ਸ਼ਕਤੀ ਕਾਰਨ 50 ਸਾਲ ਤੋਂ ਵੀ ਵੱਧ ਸਮਾਂ ਜੀਵਿਆ। 2010 ਵਿਚ ਗਾਰਡੀਅਨ ਅਖਬਾਰ ਨਾਲ ਆਪਣੀ ਇਕ ਇੰਟਰਵਿਊ ਵਿਚ ਉਸ ਨੇ ਕਿਹਾ ਕਿ ਸਾਡਾ ਦਿਮਾਗ ਇਕ ਕੰਪਿਊਟਰ ਹੈ, ਜਦੋਂ ਇਸ ਦੇ ਹਿੱਸੇ ਖ਼ਤਮ ਹੋ ਜਾਂਦੇ ਹਨ ਤਾਂ ਇਸ ਨੂੰ ਮੌਤ ਕਹਿੰਦੇ ਹਨ। ਉਹ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਉਹ ਹੋਰ ਜਿਊਣਾ ਚਾਹੁੰਦਾ ਹੈ ਤੇ ਸੰਸਾਰ ਨੂੰ ਹੋਰ ਖੋਜਾਂ ਦੇਣੀਆਂ ਚਾਹੁੰਦਾ ਹੈ। ਅੰਤ ਉਸਦਾ ਸਰੀਰ ਇਕ ਨਕਾਰਾ, ਅਪੰਗ, ਆਵਾਜ਼ ਰਹਿਤ ਹੋ ਗਿਆ ਜੋ ਹਮੇਸ਼ਾ ਵੀਲ ਚੇਅਰ ਉਪਰ ਬੈਠਾ ਮਸ਼ੀਨ ਰਾਹੀਂ ਦੂਸਰਿਆਂ ਨਾਲ ਗੱਲ ਬਾਤ ਕਰਦਾ। ਅਜਿਹੇ ਹਾਲਾਤ ਵਿਚ ਸਟੀਫਨ ਨੇ ਹੱਥਾਂ ਉੱਤੇ ਸਰ੍ਹੋਂ ਜਮਾ ਕੇ ਦਿਖਾਈ। ਉਸ ਨੇ 'ਦਾ ਬ੍ਰੀਫ ਹਿਸਟਰੀ ਆਫ ਟਾਈਮ' ਨਾਂਅ ਦੀ ਭੌਤਿਕ ਵਿਗਿਆਨ ਦੀ ਕਿਤਾਬ ਕੱਢੀ ਜਿਸ ਦੀ ਇਕ ਕਰੋੜ ਕਾਪੀ ਦੀ ਇਕਦਮ ਵਿਕਰੀ ਹੋਈ। ਸੋ ਸਾਨੂੰ ਹਮੇਸ਼ਾ ਆਸ਼ਾਵਾਦੀ ਬਣੇ ਰਹਿਣਾ ਚਾਹੀਦਾ ਹੈ। ਆਸ਼ਾਵਾਦੀ ਮਨੁੱਖ 'ਮੌਤ' ਨੂੰ ਚਕਮਾਂ ਦੇ ਦਿੰਦੇ ਹਨ, ਇਹ ਇਕ ਸਚਾਈ ਹੈ।
ਇਸੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਜੋ ਪਰਮਾਤਮਾ ਦਾ ਡਰ (ਭਾਵ, ਅਦਬ ਸਤਿਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ, ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ, ਨਿਰਭਉ ਹੋ ਗਿਆ, ਉਸ ਦੇ ਮਨ ਦਾ ਜੋ ਵੀ ਸਹਿਮ ਹੈ, ਸਭ ਨੱਸ ਜਾਂਦਾ ਹੈ।


-ਸਕੱਤਰ,
(ਗੁ: ਸ੍ਰੀ ਗੁ੍ਰੂ ਨਾਨਕ ਨਿਵਾਸ ਨੌਰਵੇ)

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -3

ਜਦੋਂ ਖ਼ਾਲਸਾ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸੰਭਾਲਿਆ

(ਲੜੀ ਜੋੜਨ ਲਈ 24 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮਾਸਟਰ ਚੰਦਾ ਸਿੰਘ ਜੀ ਨੇ ਵਾਪਸ ਆਉਣ 'ਤੇ ਦੱਸਿਆ ਕਿ 'ਪੁਜਾਰੀ ਮਹੰਤ ਸੁੰਦਰ ਸਿੰਘ ਦੇ ਘਰ ਬੈਠੇ ਹਨ, ਪਰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਆਉਣ ਤੋਂ ਜਵਾਬ ਦੇ ਦਿੱਤਾ ਹੈ ਅਤੇ ਆਖਦੇ ਹਨ, ਜਾਓ ਜੋ ਮਰਜ਼ੀ ਕਰੋ, ਅਸੀਂ ਨਹੀਂ ਆਉਂਦੇ।' ਮਾਸਟਰ ਚੰਦਾ ਸਿੰਘ ਜੀ ਦੀ ਗੱਲ ਸੁਣ ਕੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਪੰਝੀ ਨੌਜਵਾਨ ਸਿੰਘ ਚਾਹੀਦੇ ਹਨ। ਇਕ ਝੱਬਰ ਤਿਆਰ ਹੈ, ਚੌਵੀ ਹੋਰ ਭਰਤੀ ਹੋਣ ਲਈ ਉੱਠੋ। ਸ਼ਰਤਾਂ ਇਹ ਹਨ-
1. ਫਾਂਸੀ ਮਿਲੇ ਤਾਂ ਹੱਸ ਕੇ ਚੜ੍ਹ ਜਾਣਾ।
2. ਜੇ ਕਾਲੇ ਪਾਣੀ ਜਾਣਾ ਪਵੇ ਜਾਂ ਜਾਇਦਾਦ ਜ਼ਬਤ ਹੋਵੇ ਤਾਂ ਖਿੜੇ ਮੱਥੇ ਪ੍ਰਵਾਨ ਕਰਨਾ।
3. ਉਮਰ ਕੈਦ ਮਿਲੇ ਤਾਂ ਪ੍ਰਵਾਨ ਕਰਨਾ।
ਜਥੇਦਾਰ ਝੱਬਰ ਦੀ ਸਾਰੀ ਗੱਲ ਸੁਣ ਕੇ ਸਤਾਰਾਂ ਸਿੰਘ ਉੱਠੇ ਅਤੇ ਫਿਰ ਚੁੱਪ ਵਰਤ ਗਈ। ਇਸ ਸਮੇਂ ਸੰਗਤ ਦੀ ਗਿਣਤੀ 7-8 ਹਜ਼ਾਰ ਸੀ, ਪਰ ਸ਼ਰਤਾਂ ਸੁਣ ਕੇ ਸੰਗਤ ਚੁੱਪ ਹੋ ਗਈ। ਜਿਨ੍ਹਾਂ ਸਿੰਘਾਂ ਨੇ ਨਾਂਅ ਲਿਖਵਾਏ ਸਨ, ਉਨ੍ਹਾਂ ਨੂੰ ਤਖ਼ਤ ਸਾਹਿਬ ਦੇ ਸਾਹਮਣੇ ਖੜ੍ਹੇ ਕਰਕੇ ਜਥੇਦਾਰ ਝੱਬਰ ਨੇ ਅਰਦਾਸਾ ਸੋਧਿਆ। ਜਥੇਦਾਰ ਝੱਬਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਅਕਾਲ ਤਖ਼ਤ ਸਾਹਿਬ ਖਾਲੀ ਛੱਡ ਕੇ ਡਰ ਗਏ ਹਨ ਅਤੇ ਤਖ਼ਤ ਸਾਹਿਬ ਖਾਲੀ ਨਹੀਂ ਰਹਿਣਾ ਚਾਹੀਦਾ। ਸੋ, ਖ਼ਾਲਸਾ ਤਖ਼ਤ ਸਾਹਿਬ ਦੀ ਸੇਵਾ ਖ਼ੁਦ ਸੰਭਾਲੋ। ਇਸ ਉਪਰੰਤ ਉਹ ਸਤਾਰਾਂ ਸਿੰਘ ਅਕਾਲ ਤਖ਼ਤ ਸਾਹਿਬ ਉੱਪਰ ਚਲੇ ਗਏ।
ਭਾਈ ਮਹਿਤਾਬ ਸਿੰਘ 'ਬੀਰ' ਨੇ ਕੜਾਹ ਪ੍ਰਸ਼ਾਦ ਅਤੇ ਪੰਝੀ ਰੁਪਏ ਸ੍ਰੀ ਅਕਾਲ ਤਖ਼ਤ ਸਾਹਿਬ ਭੇਟ ਕੀਤੇ ਅਤੇ ਅਰਦਾਸ ਕਰ ਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਫਿਰ ਝੱਬਰ ਜੀ ਨੇ ਜਥੇਦਾਰ ਭੁੱਚਰ ਜੀ ਨੂੰ ਕਿਹਾ ਕਿ ਜਥੇਦਾਰ ਜੀ ਖੜ੍ਹੇ ਹੋ ਕੇ ਦਰਸ਼ਨ ਦਿਓ। ਆਪ ਖੜ੍ਹੇ ਹੋ ਗਏ। ਸੰਗਤਾਂ ਜਥੇਦਾਰ ਤੇਜਾ ਸਿੰਘ 'ਭੁੱਚਰ' ਨੂੰ ਚੜ੍ਹਦੀ ਕਲਾ ਵਿਚ ਦੇਖ ਕੇ ਪ੍ਰਸੰਨ ਹੋ ਗਈਆਂ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਕੇ ਪ੍ਰਵਾਨਗੀ ਦਿੱਤੀ। ਜਥੇਦਾਰ ਝੱਬਰ ਨੇ ਜਥੇਦਾਰ ਭੁੱਚਰ ਨੂੰ ਬੇਨਤੀ ਕੀਤੀ ਕਿ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਅਤੇ ਜਥੇ ਦੀ ਕਮਾਨ ਸੰਭਾਲੋ। ਖ਼ਾਲਸਾ ਬਰਾਦਰੀ ਦੇ ਸਿੰਘਾਂ ਵਲੋਂ ਕੜਾਹ ਪ੍ਰਸ਼ਾਦ ਵਰਤਾਇਆ ਗਿਆ ਅਤੇ ਖ਼ਾਲਸਾ ਬਰਾਦਰੀ ਵਲੋਂ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ 'ਭੁੱਚਰ' ਨੂੰ 'ਸ੍ਰੀ ਸਾਹਿਬ' ਦੇ ਕੇ ਸਨਮਾਨਿਤ ਕੀਤਾ। ਜਿਹੜੇ ਸਤਾਰਾਂ ਸਿੰਘਾਂ ਨੇ ਸੇਵਾ ਸੰਭਾਲੀ ਸੀ, ਉਨ੍ਹਾਂ ਵਿਚੋਂ ਦਸ ਸਿੰਘ ਮਜ਼੍ਹਬੀ ਅਤੇ ਰਾਮਦਾਸੀਏ ਸਿੰਘ ਸਨ। ਇਸ ਤਰ੍ਹਾਂ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਖ਼ਾਲਸਾ ਪੰਥ ਨੇ ਸੰਭਾਲਿਆ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-ਬਠਿੰਡਾ। ਮੋ: 98155-33725.

ਗ਼ੈਰ-ਸਿੱਖ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਦੇ ਸਿੱਖੀ ਬਾਰੇ ਵਿਚਾਰ

(ਲੜੀ ਜੋੜਨ ਲਈ 24 ਮਾਰਚ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਮਿਸ ਪਰਲ ਐਸ. ਬੱਕ : ਅਮਰੀਕਾ ਦੀ ਨੋਬਲ ਇਨਾਮ ਜੇਤੂ ਮਿਸ ਪਰਲ ਐਸ. ਬੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੀ ਟਿੱਪਣੀ ਵਿਚ ਲਿਖਦੀ ਹੈ, 'ਮੈਂ ਮਹਾਨ ਧਰਮਾਂ ਦੇ ਧਰਮ-ਗ੍ਰੰਥਾਂ ਦਾ ਅਧਿਐਨ ਕੀਤਾ ਹੈ ਪਰ ਦਿਲ ਅਤੇ ਦਿਮਾਗ਼ ਨੂੰ ਟੁੰਬਣ ਵਾਲੀ ਜੋ ਸ਼ਕਤੀ ਇਨ੍ਹਾਂ ਪੋਥੀਆਂ ਵਿਚ ਮਿਲੀ ਹੈ, ਉਹ ਮੈਨੂੰ ਕਿਤੇ ਵੀ ਹੋਰ ਨਹੀਂ ਲੱਭੀ। ਆਪਣੇ ਆਕਾਰ ਦੇ ਬਾਵਜੂਦ ਇਹ ਇਕ-ਸੂਤਰ ਵਿਚ ਪਰੋਈਆਂ ਹੋਈਆਂ ਹਨ ਅਤੇ ਇਨ੍ਹਾਂ ਵਿਚ ਮਨੁੱਖੀ ਦਿਲ ਦੀਆਂ ਵਿਸ਼ਾਲ ਉਡਾਣਾਂ ਤੋਂ ਪਰਮਾਤਮਾ ਦੇ ਅਤਿ ਮੰਨਣਯੋਗ ਸੰਕਲਪ ਤਕ ਅਤੇ ਇਸ ਤੋਂ ਲੈ ਕੇ ਮਨੁੱਖੀ ਸਰੀਰ ਦੀਆਂ ਵਿਵਹਾਰਿਕ ਲੋੜਾਂ ਤਕ ਹਰ ਚੀਜ਼ ਨੂੰ ਮਾਨਤਾ ਦਿੱਤੀ ਗਈ ਹੈ।
ਇਨ੍ਹਾਂ ਪੋਥੀਆਂ ਬਾਰੇ ਇਕ ਅਜੀਬ ਕਿਸਮ ਦੀ ਆਧੁਨਿਕਤਾ ਦਾ ਅਹਿਸਾਸ ਹੁੰਦਾ ਹੈ ਅਤੇ ਇਸ ਤੋਂ ਮੈਂ ਤਦ ਤਕ ਕੁਝ ਅਚੰਭਿਤ ਹੁੰਦੀ ਰਹੀ ਜਦ ਤਕ ਮੈਨੂੰ ਇਹ ਪਤਾ ਨਹੀਂ ਲੱਗਿਆ ਕਿ ਇਹ ਮੁਕਾਬਲਤਨ ਬਹੁਤ ਨਵੀਆਂ ਹਨ, ਕਿਉਂਕਿ ਇਹ ਸੋਲਵੀਂ ਸਦੀਂ ਵਿਚ ਉਸ ਸਮੇਂ ਵਿਚ ਹੀ ਰਚੀਆਂ ਗਈਆਂ ਸਨ ਜਦ ਖੋਜੀਆਂ ਨੇ ਹਾਲੇ ਇਸ ਧਰਤੀ ਦੀ ਖੋਜ ਕਰਨੀ ਹੀ ਆਰੰਭੀ ਸੀ। ਇਨ੍ਹਾਂ ਪੋਥੀਆਂ ਵਿਚ ਉਸ ਸਮੇਂ ਹੀ ਲਿਖ ਦਿੱਤਾ ਗਿਆ ਸੀ ਕਿ ਜਿਸ ਧਰਤੀ ਉੱਪਰ ਅਸੀਂ ਸਾਰੇ ਹੀ ਰਹਿ ਰਹੇ ਹਾਂ ਇਹ ਬਿਲਕੁਲ ਇਕ ਹੀ ਹੈ ਅਤੇ ਇਸ ਉੱਪਰ ਅਸੀਂ ਖ਼ੁਦ ਹੀ ਆਪਣੀ ਮਰਜ਼ੀ ਅਨੁਸਾਰ ਲਕੀਰਾਂ ਵਾਹ ਲਈਆਂ ਹਨ। ਸ਼ਾਇਦ ਇਹ ਇਕ ਹੋਣ ਦੀ ਭਾਵਨਾ ਹੀ ਹੈ, ਜੋ ਇਨ੍ਹਾਂ ਪੋਥੀਆਂ ਵਿਚੋਂ ਮੈਨੂੰ ਮਿਲਣ ਵਾਲੀ ਸ਼ਕਤੀ ਦਾ ਸੋਮਾ ਹੈ। ਇਹ ਹਰ ਧਰਮ ਦੇ ਜਾਂ ਕਿਸੇ ਵੀ ਧਰਮ ਨਾਲ ਸਬੰਧ ਨਾ ਰੱਖਣ ਵਾਲੇ ਲੋਕਾਂ ਬਾਰੇ ਗੱਲ ਕਰਦੀਆਂ ਹਨ। ਇਹ ਮਨੁੱਖੀ ਦਿਲ ਲਈ ਅਤੇ ਖੋਜੀ ਦਿਮਾਗ਼ ਲਈ ਸੰਦੇਸ਼ ਦਿੰਦੀਆਂ ਹਨ।... ਸਿੱਖ ਧਰਮ ਸਾਰੇ ਧਰਮਾਂ ਦੀ ਸਿਰਮੌਰ ਸ਼ਾਨ ਹੈ। ਇਸ ਹਨ੍ਹੇਰੇ ਯੁੱਗ ਵਿਚ ਗੁਰੂ ਨਾਨਕ ਦਾ ਪਿਆਰ ਦਾ ਸੰਦੇਸ਼ ਮਨੁੱਖਤਾ ਅਤੇ ਸੰਸਾਰ ਨੂੰ ਬਚਾਅ ਸਕਦਾ ਹੈ।'
ਆਰਕਰ : ਪ੍ਰਸਿੱਧ ਅੰਗ੍ਰੇਜ਼ੀ ਵਿਦਵਾਨ ਅਤੇ ਪੁਸਤਕ 'ਸਿੱਖ ਫ਼ੇਥ' ਦੇ ਲੇਖਕ, ਆਰਕਰ ਦੇ ਸ਼ਬਦਾਂ ਵਿਚ, 'ਆਦਿ-ਗ੍ਰੰਥ ਦਾ ਧਰਮ ਇਕ ਵਿਸ਼ਵ-ਵਿਆਪੀ ਅਤੇ ਵਿਹਾਰਿਕ ਧਰਮ ਹੈ... ਸਿੱਖਾਂ ਦੀਆਂ ਪੁਰਾਣੀਆਂ ਧਾਰਨਾਵਾਂ ਕਾਰਣ ਇਹ ਵਿਸ਼ਵ ਵਿਚ ਨਹੀਂ ਫੈਲ ਸਕਿਆ। ਵਿਸ਼ਵ ਨੂੰ ਅੱਜ ਇਸ ਦੇ ਸ਼ਾਂਤੀ ਅਤੇ ਪਿਆਰ ਦੇ ਸੰਦੇਸ਼ ਦੀ ਲੋੜ ਹੈ।'
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-292/13, ਹਿਮਾਂਯੂਪੁਰ, ਸਰਹਿੰਦ। ਮੋਬ: 9815501381

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬੀਬੀ ਅਨੂਪ ਕੌਰ

ਕਲਗੀਧਰ ਪਿਤਾ ਜੀ ਦੀ ਸਦਾਚਾਰਕ ਸਿੱਖਿਆ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਨੇ ਸਿੰਘਣੀਆਂ ਵਿਚ ਏਨੀ ਪਵਿੱਤਰਤਾ ਭਰ ਦਿੱਤੀ ਕਿ ਉਹ ਸ਼ਹੀਦ ਹੋ ਗਈਆਂ ਪਰ ਆਪਣਾ ਧਰਮ ਤੇ ਇਖ਼ਲਾਕ ਬਚਾਈ ਰੱਖਿਆ। ਸਿੱਖ ਇਤਿਹਾਸ ਨੂੰ ਸੁਗੰਧਿਤ ਕਰਨ ਵਾਲੀਆਂ ਹਸਤੀਆਂ ਵਿਚੋਂ ਬੀਬੀ ਅਨੂਪ ਕੌਰ ਨੂੰ 'ਸ਼ਹੀਦ ਸਤੀ' ਕਹਿ ਕੇ ਸਤਿਕਾਰਿਆ ਜਾਂਦਾ ਹੈ। ਇਸ ਦਾ ਜਨਮ ਬਾਬਾ ਬਕਾਲੇ ਦੇ ਨੇੜੇ ਪਿੰਡ ਜਲੋਪੁਰ ਖੇੜੇ ਵਿਚ ਸੋਢੀ ਲਛਮਣ ਦਾਸ ਦੇ ਘਰ ਹੋਇਆ। ਹਾਲੇ ਇਹ ਬੱਚੀ ਪੰਜ ਕੁ ਸਾਲ ਦੀ ਸੀ ਕਿ ਇਹ ਪਰਿਵਾਰ 1694 ਈ: ਵਿਚ ਸ੍ਰੀ ਆਨੰਦਪੁਰ ਸਾਹਿਬ ਆ ਵਸਿਆ। ਸੰਨ 1699 ਦੀ ਵਿਸਾਖੀ 'ਤੇ ਸਾਰੇ ਪਰਿਵਾਰ ਨੇ ਅੰਮ੍ਰਿਤਪਾਨ ਕੀਤਾ। ਮਾਤਾ ਸੁੰਦਰੀ ਜੀ ਅਤੇ ਸ੍ਰੀ ਦਸਮੇਸ਼ ਜੀ ਦੀ ਆਗਿਆ ਨਾਲ ਅੰਮ੍ਰਿਤਧਾਰੀ ਬੱਚੀਆਂ ਨੂੰ ਗਤਕੇ, ਜੰਗੀ ਸਿਖਲਾਈ ਅਤੇ ਹਥਿਆਰਾਂ ਦੀ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ ਗਿਆ। ਛੇਤੀ ਹੀ ਆਪਣੀ ਬਹਾਦਰੀ, ਆਤਮ-ਵਿਸ਼ਵਾਸ ਅਤੇ ਸ਼ੁੱਭ ਗੁਣਾਂ ਸਦਕਾ ਅਨੂਪ ਕੌਰ ਬੀਬੀਆਂ ਦੇ ਜਥੇ ਦੀ ਮੁਖੀ ਬਣ ਗਈ। ਇਹ ਜਥਾ ਪਹਿਲੀ ਵਾਰ ਨਾਦੌਣ ਦੇ ਯੁੱਧ ਵਿਚ ਸ਼ਾਮਿਲ ਹੋਇਆ ਅਤੇ ਅਲਫ਼ ਖਾਂ 'ਤੇ ਜਿੱਤ ਪ੍ਰਾਪਤ ਕੀਤੀ। ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਸਮੇਂ ਗੁਰੂ ਸਾਹਿਬ ਜੀ ਦੇ ਮਹਿਲਾਂ ਅਤੇ ਮਾਤਾ ਗੁਜਰੀ ਜੀਦੀ ਸੇਵਾ-ਸੰਭਾਲ ਦਾ ਕਾਰਜ ਬੀਬੀ ਅਨੂਪ ਕੌਰ ਨੂੰ ਸੌਂਪਿਆ ਗਿਆ। ਇਕ ਫ਼ੌਜੀ ਟੁਕੜੀ ਨਾਲ ਝਪਟ ਹੋਣ 'ਤੇ ਅਨੂਪ ਕੌਰ ਨੇ ਅਜਿਹੀ ਤੇਗ਼ ਵਾਹੀ ਕਿ ਟੁਕੜੀ ਪਿਛੇ ਹਟ ਗਈ। ਅੱਗਿਉਂ ਸ਼ੇਰ ਮੁਹੰਮਦ ਖ਼ਾਨ ਦੀ ਫ਼ੌਜ ਨਾਲ ਟਾਕਰਾ ਹੋ ਗਿਆ। ਲੜਦੇ-ਲੜਦੇ ਬੀਬੀ ਦਾ ਘੋੜਾ ਸਖ਼ਤ ਜ਼ਖ਼ਮੀ ਹੋ ਕੇ ਡਿਗ ਪਿਆ ਅਤੇ ਬੀਬੀ ਦੀ ਇਕ ਬਾਂਹ ਟੁੱਟ ਗਈ। ਨਵਾਬ ਮਲੇਰਕੋਟਲਾ ਨੇ ਘਾਇਲ ਸ਼ੇਰਨੀ ਨੂੰ ਕੈਦੀ ਬਣਾ ਲਿਆ। ਬੀਬੀ ਦੀ ਦੈਵੀ ਸੁੰਦਰਤਾ ਦਾ ਕੀਲਿਆ ਹੋਇਆ ਨਵਾਬ ਇਸ ਨਾਲ ਨਿਕਾਹ ਕਰਨ ਦੇ ਮਨਸੂਬੇ ਬਣਾਉਣ ਲੱਗਾ। ਬੀਬੀ ਨੂੰ ਪਾਲਕੀ ਵਿਚ ਬਿਠਾ ਕੇ ਨਵਾਬ ਦੇ ਮਹਿਲਾਂ ਵਿਚ ਲਿਆਂਦਾ ਗਿਆ। ਉਹ ਸਾਰਾ ਸਮਾਂ ਬੰਦਗੀ ਵਿਚ ਜੁੜੀ ਰਹਿੰਦੀ ਸੀ। ਸ਼ੇਰ ਖਾਂ ਨੇ ਕਈ ਢੰਗਾਂ ਨਾਲ ਬੀਬੀ 'ਤੇ ਦਬਾਓ ਪਾਉਣਾ ਸ਼ੁਰੂ ਕੀਤਾ। ਉਸ ਨੇ ਕਾਜ਼ੀ ਬੁਲਾ ਲਿਆ ਕਿ ਬੀਬੀ ਦਾ ਧਰਮ ਬਦਲ ਕੇ ਨਵਾਬ ਨਾਲ ਨਿਕਾਹ ਕਰਾਇਆ ਜਾਏ। ਬੀਬੀ ਨੇ ਵਿਚਾਰਿਆ ਕਿ ਹੁਣ ਲੜਦਿਆਂ ਸ਼ਹੀਦੀ ਪਾਉਣ ਦਾ ਅਵਸਰ ਤਾਂ ਨਹੀਂ ਹੈ ਪਰ ਉਸ ਨੇ ਹਰ ਹਾਲ ਵਿਚ ਆਪਣੇ ਸਰੀਰ ਅਤੇ ਧਰਮ ਦੀ ਪਵਿੱਤਰਤਾ ਕਾਇਮ ਰੱਖਣੀ ਹੈ। ਇਸ ਤੋਂ ਪਹਿਲਾਂ ਕਿ ਕੋਈ ਨਾਪਾਕ ਹੱਥ ਬੀਬੀ ਦੇ ਜਿਸਮ ਨੂੰ ਛੋਹੇ, ਬੀਬੀ ਨੇ ਸੀਨੇ ਵਿਚ ਖੰਜਰ ਮਾਰ ਕੇ ਸਰੀਰ ਤਿਆਗ ਦਿੱਤਾ। ਸ਼ੇਰ ਖਾਂ ਨੇ ਉਸ ਦਾ ਸਰੀਰ ਕਬਰ ਵਿਚ ਦਫਨਾ ਦਿੱਤਾ। ਸਰਹਿੰਦ ਫ਼ਤਹਿ ਉਪਰੰਤ ਬੰਦਾ ਸਿੰਘ ਬਹਾਦਰ ਨੇ ਮਲੇਰਕੋਟਲਾ 'ਤੇ ਕਬਜ਼ਾ ਕੀਤਾ, ਬੀਬੀ ਦੇ ਸਰੀਰ ਨੂੰ ਕਬਰ ਵਿਚੋਂ ਕੱਢ ਕੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ।

ਸ਼ਬਦ ਵਿਚਾਰ

ਅਮੁਲ ਗੁਣ ਅਮੁਲ ਵਾਪਾਰ॥ 'ਜਪੁ' ਪਉੜੀ ਛੱਬਵੀਂ

ਅਮੁਲ ਗੁਣ ਅਮੁਲ ਵਾਪਾਰ॥
ਅਮੁਲ ਵਾਪਾਰੀਏ ਅਮੁਲ ਭੰਡਾਰ॥
ਅਮੁਲ ਆਵਹਿ ਅਮੁਲ ਲੈ ਜਾਹਿ॥
ਅਮੁਲ ਭਾਇ ਅਮੁਲਾ ਸਮਾਹਿ॥
ਅਮੁਲੁ ਧਰਮੁ ਅਮੁਲੁ ਦੀਬਾਣੁ॥
ਅਮੁਲੁ ਤੁਲੁ ਅਮੁਲੁ ਪਰਵਾਣੁ॥
ਅਮੁਲੁ ਬਖਸੀਸ ਅਮੁਲੁ ਨੀਸਾਣੁ॥
ਅਮੁਲੁ ਕਰਮੁ ਅਮੁਲੁ ਫੁਰਮਾਣੁ॥
ਅਮੁਲੋ ਅਮੁਲੁ ਆਖਿਆ ਨ ਜਾਇ॥
ਆਖਿ ਆਖਿ ਰਹੇ ਲਿਵ ਲਾਇ॥
ਆਖਹਿ ਵੇਦ ਪਾਠ ਪੁਰਾਣ॥
ਆਖਹਿ ਪੜੇ ਕਰਹਿ ਵਖਿਆਣ॥
ਆਖਹਿ ਬਰਮੇ ਆਖਹਿ ਇੰਦ॥
ਆਖਹਿ ਗੋਪੀ ਤੈ ਗੋਵਿੰਦ॥
ਆਖਹਿ ਈਸਰ ਆਖਹਿ ਸਿਧ॥
ਆਖਹਿ ਕੇਤੇ ਕੀਤੇ ਬੁਧ॥
ਆਖਹਿ ਦਾਨਵ ਆਖਹਿ ਦੇਵ॥
ਆਖਹਿ ਸੁਰਿ ਨਰ ਮੁਨਿ ਜਨ ਸੇਵ॥
ਕੇਤੇ ਆਖਹਿ ਆਖਣਿ ਪਾਹਿ॥
ਕੇਤੇ ਕਹਿ ਕਹਿ ਉਠਿ ਉਠਿ ਜਾਹਿ॥
ਏਤੇ ਕੀਤੇ ਹੋਰਿ ਕਰੇਹਿ॥
ਤਾ ਆਖਿ ਨ ਸਕਹਿ ਕੇਈ ਕੇਇ॥
ਜੇਵਡੁ ਭਾਵੈ ਤੇਵਡੁ ਹੋਇ॥
ਨਾਨਕ ਜਾਣੈ ਸਾਚਾ ਸੋਇ॥
ਜੇ ਕੋ ਆਖੈ ਬੋਲੁਵਿਗਾੜੁ॥
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ॥੨੬॥ (ਅੰਗ : 5-6)
ਪਦ ਅਰਥ : ਅਮੁਲ-ਅਮੋਲਕ, ਜਿਸ ਦਾ ਮੁੱਲ ਪਾਇਆ ਨਾ ਜਾ ਸਕੇ। ਵਾਪਾਰੀਏ-ਪਰਮਾਤਮਾ ਦੇ ਗੁਣਾਂ ਦਾ ਵਣਜ ਕਰਨ ਵਾਲੇ। ਭੰਡਾਰ-ਖ਼ਜ਼ਾਨੇ। ਆਵਹਿ-ਨਾਮ ਰੂਪੀ ਵਣਜ ਕਰਨ ਲਈ ਆਉਂਦੇ ਹਨ। ਲੈ ਜਾਹਿ-ਖਰੀਦ ਕੇ ਅਰਥਾਤ ਵਿਹਾਜ ਕੇ ਲੈ ਜਾਂਦੇ ਹਨ। ਭਾਇ-ਪ੍ਰੇਮ ਵਿਚ। ਸਮਾਹਿ-ਲੀਨ ਹੋ ਜਾਂਦੇ ਹਨ। ਧਰਮੁ-ਨਿਆਉ, ਵਿਤਕਰੇ ਰਹਿਤ ਨਿਆਉ। ਦੀਬਾਣੁ-ਦਰਬਾਰ, ਕਚਹਿਰੀ, ਸੱਚ ਦਾ ਨਿਆਂ ਕਰਨ ਵਾਲੀ ਕਚਹਿਰੀ। ਤੁਲੁ-ਨਿਆਂ ਨੂੰ ਤੋਲਣ ਵਾਲਾ ਧਰਮ ਕੰਡਾ। ਪਰਵਾਣੁ-ਵੱਟਾ, ਤੋਲਣ ਵਾਲਾ ਵੱਟਾ। ਬਖਸੀਸ-ਬਖਸ਼ੀਸ਼, ਦਇਆ। ਨੀਸਾਣੁ-ਨਿਸ਼ਾਨ, ਚਿੰਨ੍ਹ। ਕਰਮੁ-ਬਖਸ਼ਿਸ, ਕਿਰਪਾ, ਦਇਆ। ਅਮੁਲੋ-ਅਮੁਲੁ-ਅਮੋਲਕ ਹੀ ਅਮੋਲਕ। ਆਖਿਆ ਨ ਜਾਇ-ਕਥਿਆ ਨਹੀਂ ਜਾ ਸਕਦਾ, ਕਥਨ ਤੋਂ ਬਾਹਰ ਹੈ। ਲਿਵ ਲਾਇ-ਧਿਆਨ ਲਾ ਕੇ। ਪੜ੍ਹੇ-ਪੜ੍ਹੇ, ਲਿਖੇ, ਵਿਦਵਾਨ। ਕਰਹਿ ਵਖਿਆਣ-ਵਿਖਿਆਨ ਕਰਦੇ ਹਨ। ਉਪਦੇਸ਼ ਦਿੰਦੇ ਹਨ। ਬਰਮੇ-ਕਈ ਬ੍ਰਹਮਾ। ਆਖਹਿ-ਗੁਣ ਕਥਨ ਕਰਦੇ ਹਨ। ਗੋਵਿੰਦ-ਕਈ ਕਾਨ੍ਹ। ਈਸਰ-ਸ਼ਿਵ। ਕੇਤੇ-ਕਈ। ਕੀਤੇ-ਕਰਤਾਰ ਨੇ ਪੈਦਾ ਕੀਤੇ। ਬੁਧ-ਮਹਾਤਮਾ ਬੁੱਧ। ਦਾਨਵ-ਰਾਖਸ਼, ਦੈਂਤ। ਦੇਵ-ਦੇਵਤੇ। ਸੁਰਿ ਨਰ-ਦੇਵਤਾ ਸਭਾਉ ਵਾਲੇ ਮਨੁੱਖ। ਮੁਨਿ-ਮੁਨੀ। ਜਨ ਸੇਵ-ਸੇਵਕ ਜਨ। ਕੇਤੇ ਕਹਿ ਕਹਿ-ਕਿੰਨੇ ਹੀ ਜੀਵ ਪ੍ਰਭੂ ਦਾ ਗੁਣ ਗਾ ਗਾ ਕੇ। ਉਠਿ ਉਠਿ ਜਾਹਿ-ਉਠਦੇ ਜਾ ਰਹੇ ਹਨ, ਚਲੇ ਜਾ ਰਹੇ ਹਨ। ਏਤੇ ਕੀਤੇ-ਜਿਤਨੇ (ਜੀਵ) ਪੈਦਾ ਕੀਤੇ ਹਨ। ਹੋਰਿ ਕਰੇਹਿ-ਜੇਕਰ ਤੂੰ ਹੋਰ ਪੈਦਾ ਕਰ ਦੇਵੇਂ। ਤਾ-ਤਾਂ ਵੀ। ਕੇਈ ਕੇਇ-ਕੋਈ ਵੀ ਮਨੁੱਖ। ਜੇਵਡੁ ਭਾਵੇਂ-ਜਿੰਨਾ ਵੱਡਾ ਹੋਣਾ ਚਾਹੁੰਦਾ ਹੈ। ਤੇਵਡੁ-ਉਤਨਾ ਹੀ ਵੱਡਾ। ਸਾਚਾ ਸੋਇ-ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਬੋਲੁਵਿਗਾੜੁ-ਬੜਬੋਲਾ। ਸਿਰ ਆਵਾਰਾ ਗਾਵਾਰੁ-ਮੂਰਖਾਂ ਸਿਰ ਮੂਰਖ, ਮਹਾਂਮੂਰਖ।
ਪਉੜੀ ਦੇ ਅਖਰੀ ਅਰਥ : ਪਰਮਾਤਮਾ ਦੇ ਗੁਣ ਅਮੋਲਕ ਹਨ, ਭਾਵ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦੇ ਗੁਣਾਂ ਦਾ ਵਪਾਰ ਵੀ ਅਮੋਲਕ ਹੈ। ਜੋ ਪਰਮਾਤਮਾ ਦੇ ਗੁਣਾਂ ਦਾ ਵਪਾਰ ਕਰਦੇ ਹਨ, ਬਿਹਾਝਦੇ ਹਨ, ਉਹ ਭਗਤ ਜਨ ਵੀ ਅਮੋਲਕ ਹਨ। ਅਕਾਲ ਪੁਰਖ ਦੇ ਖਜ਼ਾਨੇ ਵੀ ਅਮੋਲਕ ਹਨ, ਜਿਨ੍ਹਾਂ ਦਾ ਕੋਈ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ।
ਅਕਾਲ ਪੁਰਖ ਅਮੋਲਕ ਹੀ ਅਮੋਲਕ ਹੈ, ਜਿਸ ਦੇ ਗੁਣ ਪਰੇ ਤੋਂ ਪਰੇ ਹਨ ਜਿਨ੍ਹਾਂ ਬਾਰੇ ਕੁਝ ਵੀ ਆਖਿਆ ਨਹੀਂ ਜਾ ਸਕਦਾ। ਜਿਹੜੇ ਪੂਰਨ ਤੌਰ 'ਤੇ ਧਿਆਨ ਨੂੰ ਉਸ ਵਿਚ ਜੋੜ ਕੇ ਉਸ ਦਾ ਅੰਦਾਜ਼ਾ ਲਾਉਣ ਦਾ ਯਤਨ ਕਰਦੇ ਹਨ, ਉਹ ਵੀ ਅੰਤ ਨੂੰ ਹਾਰ ਜਾਂਦੇ ਹਨ।
ਵੇਦਾਂ ਅਤੇ ਪੁਰਾਣਾ ਦਾ ਪਾਠ ਕਰਨ ਨਾਲ ਇਹੋ ਪਤਾ ਲਗਦਾ ਹੈ ਕਿ ਇਹ ਵੀ ਪਰਮਾਤਮਾ ਦੇ ਗੁਣਾਂ ਦਾ ਹੀ ਕਥਨ ਕਰਦੇ ਹਨ ਅਤੇ ਇਨ੍ਹਾਂ ਨੂੰ ਪੜ੍ਹਨ ਵਾਲੇ ਵਿਦਵਾਨ ਵੀ ਪਰਮਾਤਮਾ ਦੇ ਅਮੋਲਕ ਗੁਣਾਂ ਦਾ ਉਪਦੇਸ਼ ਦਿੰਦੇ ਹਨ। ਕਈ ਬ੍ਰਹਮਾ, ਕਈ ਇੰਦਰ, ਗੋਪੀਆਂ ਅਤੇ ਕਾਨ੍ਹ ਵੀ ਉਸ ਅਮੋਲਕ ਗੁਣਾਂ ਵਾਲੇ ਦਾਤੇ ਦਾ ਹੀ ਕਥਨ ਕਰਦੇ ਹਨ। ਸ਼ਿਵਜੀ, ਅਨੇਕਾਂ ਸਿੱਧ ਅਤੇ ਹੋਰ ਅਨੇਕਾਂ ਪੈਦਾ ਕੀਤੇ ਹੋਏ ਬੁੱਧ ਅਵਤਾਰ ਵੀ ਪਰਮਾਤਮਾ ਦੇ ਗੁਣਾਂ ਦਾ ਕਥਨ ਕਰਦੇ ਹਨ।
ਅੰਤਲੀਆਂ ਤੁਕਾਂ ਵਿਚ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਅਕਥ ਪ੍ਰਭੂ ਜਿੰਨਾ ਚਾਹੁੰਦਾ ਹੈ ਓਨਾ ਹੀ ਵੱਡਾ ਹੋ ਜਾਂਦਾ ਹੈ। ਉਹ ਸੱਚਾ ਪ੍ਰਭੂ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਕੁ ਵੱਡਾ ਹੈ ਪ੍ਰੰਤੂ ਫਿਰ ਵੀ ਜੇਕਰ ਕੋਈ ਹੋਛਾ (ਬੜਬੋਲਾ) ਮਨੁੱਖ ਪੂਰਨ ਤੌਰ 'ਤੇ ਉਸ ਦੀ ਵਡਿਆਈ ਨੂੰ ਵਰਣਨ ਕਰਨ ਦਾ ਯਤਨ ਕਰਦਾ ਹੈ ਤਾਂ ਉਹ ਮੂਰਖਾਂ ਸਿਰ ਮੂਰਖ ਹੀ ਲਿਖਿਆ ਜਾਂਦਾ ਹੈ ਅਰਥਾਤ ਮਹਾਂਮੂਰਖ ਹੀ ਆਖਿਆ ਜਾਂਦਾ ਹੈ।


-217, ਆਰ. ਮਾਡਲ ਟਾਊਨ, ਜਲੰਧਰ।

ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਿਹੈ ਅੰਮ੍ਰਿਤਸਰ ਦਾ 'ਮਾਡਰਨ ਹੈਰੀਟੇਜ'

(ਲੜੀ ਜੋੜਨ ਲਈ 24 ਮਾਰਚ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਛੇਵੀਂ ਗੈਲਰੀ 'ਚ ਸੰਨ 1962 ਦੇ ਭਾਰਤ-ਚੀਨ ਯੁੱਧ ਅਤੇ ਸੰਨ 1965 ਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਜੰਗਾਂ ਸਮੇਤ ਸਾਲ 1999 'ਚ ਹੋਈ ਕਾਰਗਿਲ ਜੰਗ ਸਬੰਧੀ ਮੁਕੰਮਲ ਜਾਣਕਾਰੀ ਤਸਵੀਰਾਂ, ਮਾਡਲਾਂ ਅਤੇ ਆਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਦਰਸਾਈ ਗਈ ਹੈ। ਇਸ ਦੇ ਨਾਲ ਉਕਤ ਜੰਗਾਂ ਦੌਰਾਨ ਇਸਤੇਮਾਲ 'ਚ ਲਿਆਂਦੇ ਗਏ ਟੈਂਕਾਂ, ਤੋਪਾਂ ਅਤੇ ਹੋਰਨਾਂ ਸ਼ਸਤਰਾਂ ਦੀ ਜਾਣਕਾਰੀ ਵੀ ਵਿਸ਼ੇਸ਼ ਮਾਡਲਾਂ ਦੀ ਮਾਰਫ਼ਤ ਦਿੱਤੀ ਗਈ ਹੈ। ਸੱਤਵੀਂ ਗੈਲਰੀ 'ਚ ਸੰਨ 1971 ਦੀ ਜੰਗ 'ਚ ਲਾਸਾਨੀ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਸ਼ਹਾਦਤ ਦੇਣ ਵਾਲੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਸੈਨਿਕਾਂ ਬਾਰੇ ਸਾਰੀ ਜਾਣਕਾਰੀ ਤਸਵੀਰਾਂ ਦੀ ਮਾਰਫ਼ਤ ਬਿਆਨ ਕੀਤੀ ਗਈ ਹੈ, ਜਦੋਂ ਕਿ 8ਵੀਂ ਤੇ 9ਵੀਂ ਗੈਲਰੀ ਦਾ ਨਿਰਮਾਣ ਅਜੇ ਜਾਰੀ ਹੈ ਅਤੇ ਇਨ੍ਹਾਂ ਦੇ ਬਣਨ ਉਪਰੰਤ ਇਨ੍ਹਾਂ ਵਿਚ ਭਾਰਤੀ ਫ਼ੌਜ ਵਲੋਂ ਅਜੇ ਤਕ ਦੀਆਂ ਜੰਗਾਂ 'ਚ ਇਸਤੇਮਾਲ ਕੀਤੇ ਗਏ ਹਥਿਆਰਾਂ ਨੂੰ ਪ੍ਰਦਰਸ਼ਨੀ ਹਿਤ ਰੱਖਿਆ ਜਾਵੇਗਾ। 'ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ' ਵਿਚ 8 ਮਿੰਟਾਂ ਦੀ 7 ਡੀ ਥੀਏਟਰ 'ਚ ਵਿਖਾਈ ਜਾਣ ਵਾਲੀ ਫ਼ਿਲਮ, ਹਿੰਦ-ਪਾਕਿ ਜੰਗਾਂ ਦੌਰਾਨ ਪਾਕਿ ਫ਼ੌਜ ਤੋਂ ਖੋਹੇ ਗਏ ਪੈਟਨ ਤੇ ਸ਼ਰਮਨ ਟੈਂਕ, ਜੰਗੀ ਹਵਾਈ ਜਹਾਜ਼, ਜੰਗੀ ਜਹਾਜ਼ ਵਿਕਰਾਂਤ ਤੇ ਸਿਮੂਲੇਟਰ, ਤੋਪਾਂ ਤੇ ਹੋਰ ਹਥਿਆਰ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


ਫ਼ੋਨ : 9356127771

ਅਕਾਲੀ ਲਹਿਰ-5

ਭਾਈ ਚਤਰ ਸਿੰਘ ਪਿੰਡ ਕੱਥੂਨੰਗਲ (ਅੰਮ੍ਰਿਤਸਰ)

(ਲੜੀ ਜੋੜਨ ਲਈ 24 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਭਾਈ ਚਤਰ ਸਿੰਘ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਥੂਨੰਗਲ ਵਿਚ 1865 ਦੇ ਨੇੜ ਸ: ਮੇਵਾ ਸਿੰਘ ਆਹਲੂਵਾਲੀਆ ਦੇ ਘਰ ਹੋਇਆ। ਉਸ ਨੇ 1885 ਵਿਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਅਤੇ ਉੱਤਰ ਪੱਛਮੀ ਰੇਲਵੇ ਵਿਚ ਗਾਰਡ ਭਰਤੀ ਹੋ ਗਿਆ। ਪੈਨਸ਼ਨ ਯੋਗ ਵੀਹ ਕੁ ਸਾਲ ਦੀ ਨੌਕਰੀ ਹੋਣ ਉਪਰੰਤ ਉਸ ਨੇ ਨੌਕਰੀ ਛੱਡ ਦਿੱਤੀ ਅਤੇ 1905 ਵਿਚ ਬਰਮਾ ਚਲਾ ਗਿਆ। ਬਰਮਾ ਵਿਚ ਕੁਝ ਸਮਾਂ ਠੇਕੇਦਾਰੀ ਕਰਨ ਪਿੱਛੋਂ ਉਹ ਸਿਆਮ ਜਾ ਕੇ ਬੋਰਨੀਓ ਕੰਪਨੀ ਵਿਚ ਏਜੰਟ ਬਣ ਗਿਆ। ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਮੁਸਾਫ਼ਿਰ ਚਿੰਗਮਈ ਦੇ ਗੁਰਦੁਆਰੇ ਵਿਚ ਠਹਿਰਿਆ ਕਰਦੇ ਸਨ। ਜਦ ਅਮਰੀਕਾ ਵਿਚ 1913 ਵਿਚ ਗ਼ਦਰ ਪਾਰਟੀ ਦਾ ਗਠਨ ਹੋਇਆ ਤਾਂ ਪਾਰਟੀ ਵਲੋਂ ਪ੍ਰਕਾਸ਼ਿਤ ਅਖ਼ਬਾਰ ਗ਼ਦਰ ਵੀ ਆਉਣ ਲੱਗਾ। ਅਖ਼ਬਾਰ ਦੇ ਅਸਰ ਹੇਠ ਸਿਆਮ ਵਿਚਲੇ ਹਿੰਦੁਸਤਾਨੀਆਂ ਵਿਚ ਵੀ ਦੇਸ਼ ਪਿਆਰ ਦੀ ਭਾਵਨਾ ਉਪਜਣ ਲੱਗੀ ਅਤੇ ਉਨ੍ਹਾਂ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ। ਸਿਆਮ ਵਸਦੇ ਦੇਸ਼ਭਗਤਾਂ ਅਤੇ ਗ਼ਦਰ ਪਾਰਟੀ ਦਰਮਿਆਨ ਖਤ ਪੱਤਰ ਕਰਨ ਦਾ ਕੰਮ ਭਾਈ ਚਤਰ ਸਿੰਘ ਦੇ ਜ਼ਿੰਮੇ ਸੀ। ਜਦ ਸਿਆਮੀ ਅਧਿਕਾਰੀਆਂ ਨੂੰ ਸੂਹ ਮਿਲੀ ਅਤੇ ਗ੍ਰਿਫ਼ਤਾਰੀਆਂ ਹੋਣ ਲੱਗੀਆਂ ਤਾਂ ਪੁਲਿਸ ਨੇ ਭਾਈ ਚਤਰ ਸਿੰਘ ਨੂੰ ਵੀ ਫੜ ਲਿਆ ਅਤੇ ਹਿੰਦੁਸਤਾਨ ਭੇਜਣ ਲਈ ਜਹਾਜ਼ ਚੜ੍ਹਾ ਦਿੱਤਾ। ਇਸ ਦੀ ਸੂਹ ਹਿੰਦੁਸਤਾਨ ਸਰਕਾਰ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ ਇਸ ਲਈ ਜੁਲਾਈ 1916 ਵਿਚ ਕਲਕੱਤੇ ਬੰਦਰਗਾਹ ਉੱਤੇ ਪੁੱਜਣ ਸਾਰ ਉਸ ਨੂੰ ਇੰਗਰੈੱਸ ਇਨਟੂ ਇੰਡੀਆ ਆਰਡੀਨੈਂਸ ਅਧੀਨ ਗ੍ਰਿਫ਼ਤਾਰ ਕਰ ਕੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਪੁਲਿਸ ਨੇ ਉਸ ਨੂੰ ਲਗਭਗ ਡੇਢ ਸਾਲ ਕੈਂਬਲਪੁਰ ਜੇਲ ਵਿਚ ਰੱਖਣ ਉਪਰੰਤ ਜੁਲਾਈ 1918 ਵਿਚ ਉਸ ਉੱਤੇ ਜੂਹਬੰਦੀ ਦੀ ਸ਼ਰਤ ਲਾ ਕੇ ਛੱਡਿਆ।
ਸਤੰਬਰ 1918 ਵਿਚ ਉਹ ਜੂਹਬੰਦੀ ਦੀ ਸ਼ਰਤ ਤੋਂ ਮੁਕਤ ਹੋਇਆ ਤਾਂ ਉਸ ਨੇ ਲਾਹੌਰ ਜਾ ਕੇ ਸ: ਸਰਦੂਲ ਸਿੰਘ ਕਵੀਸ਼ਰ ਨਾਲ ਕੰਮ ਕਰਨਾ ਸ਼ੂਰੂ ਕੀਤਾ। ਇੱਥੇ ਉਸ ਦਾ ਸੰਪਰਕ ਕਿਸ਼ਨ ਸਿੰਘ ਗੜਗੱਜ ਨਾਲ ਹੋਇਆ ਤਾਂ ਉਹ ਗਰਮ ਖਿਆਲੀ ਅਕਾਲੀ ਬਣ ਗਿਆ। ਪੁਲਿਸ ਨੇ ਉਸ ਨੂੰ ਪਹਿਲੇ ਅਕਾਲੀ ਸਾਜ਼ਿਸ਼ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਪਰ ਸਬੂਤ ਨਾ ਮਿਲਣ ਕਾਰਨ ਉਸ ਦਾ ਨਾਂ ਦੋਸ਼ੀਆਂ ਦੀ ਸੂਚੀ ਵਿਚੋਂ ਕੱਢ ਦਿੱਤਾ ਗਿਆ। ਤੁਰੰਤ ਪਿੱਛੋਂ ਉਸ ਨੂੰ ਇਕ ਬਗਾਵਤੀ ਕਿਤਾਬਚਾ ਛਾਪਣ ਦੇ ਦੋਸ਼ ਵਿਚ 6 ਮਹੀਨੇ ਕੈਦ ਬਾਮੁਸ਼ੱਕਤ ਸਜ਼ਾ ਹੋਈ। ਕੈਦ ਭੁਗਤ ਕੇ ਬਾਹਰ ਆਉਣ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਗੁਰਦੁਆਰਾ ਮੈਨੇਜਰ ਵਜੋਂ ਭਰਤੀ ਕਰ ਲਿਆ। ਉਸ ਦੀ ਪਹਿਲੀ ਨਿਯੁਕਤੀ ਪਿੰਡ ਰਮਦਾਸ ਸਥਿਤ ਗੁਰਦੁਆਰਾ ਬਾਬਾ ਬੁੱਢਾ ਜੀ ਦੇ ਸਹਾਇਕ ਮੈਨੇਜਰ ਵਜੋਂ ਹੋਈ ਅਤੇ ਫਿਰ ਉਸ ਨੂੰ ਖਡੂਰ ਸਾਹਿਬ ਬਦਲਿਆ ਗਿਆ। ਪੁਲਿਸ ਰਿਪੋਰਟ ਵਿਚ ਉਸ ਨੂੰ ''ਸਭ ਤੋਂ ਭੈੜੀ ਕਿਸਮ ਦਾ ਅਕਾਲੀ'' ਦਰਜ ਕੀਤਾ ਹੋਇਆ ਹੈ। ਇਕ ਅਕਾਲੀ ਵਜੋਂ ਉਸ ਦੀਆਂ ਅਕਾਲੀ ਗਤੀਵਿਧੀਆਂ ਦਾ ਰਿਕਾਰਡ ਗ਼ਦਰੀ-ਅਕਾਲੀਆਂ ਦੀ ਪੈੜ ਨੱਪਣ ਲਈ ਲਾਈ ਫਾਈਲ ਨੰਬਰ 9220 ਐੱਸ.ਬੀ. ਵਿਚ ਤਾਂ ਹੈ ਹੀ, ਇਸ ਤੋਂ ਬਿਨਾਂ ਸੀ.ਆਈ.ਡੀ ਪੁਲਿਸ ਦੀ ਫਾਈਲ ਨੰ: 2207 ਇਕੱਲੇ ਉਸ ਦੀਆਂ ਸਰਗਰਮੀਆਂ ਦਾ ਵੇਰਵਾ ਦਰਜ ਕਰਨ ਵਾਸਤੇ ਲਾਈ ਗਈ ਸੀ। ਭਾਵੇਂ ਉਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ, ਪਰ ਉਪਰੋਕਤ ਦਸਤਾਵੇਜ਼ ਇਸ ਗੱਲ ਦਾ ਸਬੂਤ ਹਨ ਕਿ ਉਹ ਸਰਗਰਮ ਅਕਾਲੀ ਵਰਕਰ ਸੀ। (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-3154, ਸੈਕਟਰ 71, ਮੁਹਾਲੀ-160071. ਮੋਬਾਈਲ : 094170-49417.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX