ਤਾਜਾ ਖ਼ਬਰਾਂ


ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਵੱਡਾ ਧਮਾਕਾ, ਅੱਜ ਮਿਲੇ 5 ਕੋਰੋਨਾ ਪਾਜ਼ੀਟਿਵ ਮਾਮਲੇ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਅੱਜ ਵਡਾ ਧਮਾਕਾ ਹੋਇਆ ਹੈ। ਸੀ.ਐਮ.ਸਿਟੀ ਵਿਖੇ ਅੱਜ ਕੋਰੋਨਾ ਦੇ 5 ਨਵੇ ਮਾਮਲੇ ਸਾਹਮਣੇ ਆਏ ਹਨ। ਅੱਜ ਕੋਰੋਨਾ ਪਾਜ਼ੀਟਿਵ ਆਏ ਮਾਮਲਿਆਂ ਵਿਚ 4 ਮਾਮਲੇ ਉਸ ਪਰਿਵਾਰ ਦੇ ਸ਼ਾਮਿਲ ਹਨ, ਜਿਸ ਪਰਿਵਾਰ ਦੇ ਤਿਨ ਮੈਂਬਰ ਬੀਤੇ ਕੱਲ੍ਹ ਪਾਜ਼ੀਟਿਵ ਆਏ ਸਨ...
ਹੁਸ਼ਿਆਰਪੁਰ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 107
. . .  1 day ago
ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ) - ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ 'ਚੋ ਅੱਜ 60 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਮਿਲੇ ਤਿੰਨ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਮੁਕੇਰੀਆਂ, 24 ਮਈ (ਸਰਵਜੀਤ ਸਿੰਘ) - ਉਪ ਮੰਡਲ ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਇਕੋ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਅਟਲਗੜ੍ਹ ਇਕਾਂਤਵਾਸ ਕੇਂਦਰ ਵਿਚ ਦਾਖਲ ਸਨ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਹੈ। ਸਿਹਤ ਵਿਭਾਗ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਵਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ
. . .  1 day ago
ਸੰਗਰੂਰ, 24 ਮਈ (ਧੀਰਜ ਪਸ਼ੌਰੀਆ) - ਚਰਚਿਤ ਤੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ...
ਸਿੱਖਿਆ ਵਿਭਾਗ ਕਰ ਰਿਹਾ ਹੈ ਫਰੰਟ ਲਾਈਨ 'ਤੇ ਕੰਮ ਪ੍ਰਵਾਸੀ ਮਜ਼ਦੂਰਾਂ ਪਿਤਰੀ ਸੂਬਿਆਂ ਵਿਚ ਭੇਜਣ ਲਈ ਨਿਭਾ ਰਿਹਾ ਹੈ ਅਹਿਮ ਭੂਮਿਕਾ
. . .  1 day ago
ਪਠਾਨਕੋਟ, 24 ਮਈ (ਸੰਧੂ) ਕੋਵਿਡ-19 ਦੇ ਖਿਲਾਫ ਚੱਲ ਰਹੇ ਯੁੱਧ ਵਿਚ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਫਰੰਟ ਲਾਈਨ 'ਤੇ ਆ ਕੇ ਕੰਮ ਕਰ ਰਿਹਾ ਹੈ ਚਾਹੇ ਗੱਲ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਹੋਵੇ, ਚਾਹੇ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਿਆਂ ਦੀ ਡਿਊਟੀ ਦੀ...
ਧਾਗਾ ਮਿਲ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 24 ਮਈ (ਅਮਰੀਕ ਸਿੰਘ ਬਤਰਾ) - ਸਥਾਨਕ ਚੀਮਾ ਚੌਂਕ ਨਜ਼ਦੀਕ ਆਰ.ਕੇ ਰੋਡ 'ਤੇ ਇੱਕ ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਅੱਗ ਲੱਗਣ ਸਮੇਂ ਧਾਗਾ ਮਿਲ ਬੰਦ ਸੀ, ਪਰੰਤੂ ਮਾਲਕ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗਣ...
ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਕਤਲ
. . .  1 day ago
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਾਧੋਪੁਰੀ 'ਚ ਧੀ...
ਆਦਮਪੁਰ ਤੋਂ ਦਿੱਲੀ-ਜੈਪੁਰ ਜਾਣ ਵਾਲੀਆਂ ਉਡਾਣਾਂ 31 ਮਈ ਤੱਕ ਰੱਦ
. . .  1 day ago
ਆਦਮਪੁਰ, 24 ਮਈ (ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚਲਦਿਆਂ ਆਦਮਪੁਰ ਤੋਂ ਦਿੱਲੀ ਅਤੇ...
'ਆਪ' ਆਗੂਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਪਟਿਆਲਾ, 24 ਮਈ (ਗੁਰਪ੍ਰੀਤ ਸਿੰਘ ਚੱਠਾ)- ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਪਟਿਆਲਾ ਵਿਖੇ ਸਿੱਖਿਆ...
ਸ੍ਰੀ ਦਰਬਾਰ ਸਾਹਿਬ ਨੂੰ 520 ਕੁਇੰਟਲ ਕਣਕ ਭੇਟ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ...
ਪਠਾਨਕੋਟ 'ਚ ਕੋਰੋਨਾ ਦੇ ਛੇ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ, 24 ਮਈ (ਸੰਧੂ)- ਪਠਾਨਕੋਟ 'ਚ ਕੋਰੋਨਾ ਨਾਲ ਸੰਬੰਧਿਤ ਛੇ ਹੋਰ ਮਰੀਜ਼ਾਂ...
ਐਤਵਾਰ ਨੂੰ ਵੀ ਖੁੱਲ੍ਹਣ ਲੱਗੀਆਂ ਦੁਕਾਨਾਂ
. . .  1 day ago
ਬਾਘਾਪੁਰਾਣਾ, 24 ਮਈ (ਬਲਰਾਜ ਸਿੰਗਲਾ)- ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਰਾਤ ਨੂੰ ਕਰਫ਼ਿਊ ਅਤੇ ਦਿਨ...
ਹੋਰ ਖ਼ਬਰਾਂ..

ਦਿਲਚਸਪੀਆਂ

ਇੱਜ਼ਤ

ਸ਼ਿੰਗਾਰਾ ਸਿੰਘ ਦਾ ਜਿਵੇਂ ਦਾ ਨਾਂਅ ਉਸ ਤਰ੍ਹਾਂ ਹੀ ਪੂਰੇ ਪਿੰਡ ਦਾ ਸ਼ਿੰਗਾਰ। ਪਿੰਡ ਦਾ ਹਰੇਕ ਨੁਮਾਇੰਦਾ ਉਸ ਦੀ ਪੂਰੀ ਇੱਜ਼ਤ ਕਰਦਾ। ਜੇ ਕੋਈ ਪਿੰਡ ਵਿਚ ਚੰਗਾ ਮਾੜਾ ਕੰਮ ਵੀ ਹੋ ਜਾਣਾ ਤਾਂ ਸ਼ਿੰਗਾਰਾ ਸਿੰਘ ਨੇ ਉੱਥੇ ਪਹਿਲੀਆਂ ਵਿਚ ਪਹੁੰਚ ਜਾਣਾ। ਲੋਕਾਂ ਨੂੰ ਇਉਂ ਮਹਿਸੂਸ ਹੋਣਾ ਕਿ ਸਾਡੇ ਨਾਲ ਕੋਈ ਖੜ੍ਹਾ ਹੈ, ਸਾਨੂੰ ਹੁਣ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ। ਵਿਆਹ-ਸ਼ਾਦੀਆਂ ਵਿਚ ਵੀ ਇਸ ਨੇ ਸਭ ਤੋਂ ਪਹਿਲਾਂ ਅਗਲੇ ਦੇ ਘਰ ਵਿਚ ਜਾਣਾ ਤੇ ਉਨ੍ਹਾਂ ਨੂੰ ਕੋਈ ਮੱਤ ਦੀ ਹੀ ਗੱਲ੍ਹ ਦੱਸਣੀ। ਇੱਥੋਂ ਤੱਕ ਕਿ ਜਦੋਂ ਕੋਈ ਪਿੰਡ ਵਿਚ ਨਵੀਂ ਨੂੰਹ ਵਿਆਹ ਕੇ ਆਉਣੀ ਤਾਂ ਆਉਂਦਿਆ ਸਾਰ ਸੱਸ ਨੇ ਨੂੰਹ ਪੁੱਤਰ ਤੋਂ ਪਾਣੀ ਵਾਰਨ ਤੋਂ ਬਾਅਦ ਸਭ ਤੋ ਪਹਿਲਾਂ ਇਹੋ ਹੀ ਦੱਸਣਾ। ਸਾਡਾ ਪਿੰਡ ਆਮ ਹੋਰਨਾਂ ਪਿੰਡਾ ਵਾਂਗੂੰ ਨਹੀਂ ਹੈ ਇੱਥੇ ਲੋਕਾਂ ਵਿਚ ਬਹੁਤ ਭਾਈਚਾਰਾ ਤੇ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਕਦੇ ਕਿਸੇ ਨੇ ਲੜਾਈ-ਝਗੜੇ ਬਾਰੇ ਸੋਚਿਆ ਹੀ ਨਹੀਂ। ਜੇ ਛੋਟੀ-ਮੋਟੀ ਗੱਲ ਹੋ ਵੀ ਜਾਵੇ ਤਾਂ ਬਾਪੂ ਸ਼ਿੰਗਾਰਾ ਸਿੰਘ ਹੀ ਆ ਕੇ ਉਨ੍ਹਾਂ ਦੀ ਸੁਲ੍ਹਾ-ਸਫ਼ਾਈ ਕਰਾ ਦਿੰਦਾ ਹੈ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਹਾਈ ਹੁੰਦੇ ਨੇ, ਘਰ ਵਾਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਘਰ ਵਿਚ ਕੌਣ ਕੰਮ ਕਰ ਗਿਆ ਹੈ। ਬਾਕੀ ਰਹੀ ਗੱਲ ਧੀਆਂ-ਭੈਣਾਂ ਦੀ ਇੱਜ਼ਤ ਦੀ, ਉਹ ਵੀ ਇਕ-ਦੂਜੇ ਦੀ ਬੜੀ ਇੱਜ਼ਤ ਕਰਦੇ ਤੇ ਭੈਣਾਂ-ਭਰਾਵਾਂ ਵਾਂਗੂੰ ਇਕ-ਦੂਜੇ ਨਾਲ ਮਿਲ ਕੇ ਰਹਿੰਦੇ। ਸਭ ਤੋਂ ਵੱਡੀ ਗੱਲ ਕਿ ਭਾਜੀ ਸ਼ਿੰਗਾਰਾ ਸਿੰਘ ਸਾਡੇ ਪਿੰਡ ਦਾ ਮੁਹਤਬਰ ਤੇ ਲੰਬੜਦਾਰ ਹੈ। ਜਦੋਂ ਦੀ ਮੈਂ ਇੱਥੇ ਵਿਆਹ ਕੇ ਆਈ ਹਾਂ ਉਸ ਸਮੇਂ ਤੋਂ ਸਾਡੇ ਪਿੰਡ ਵਿਚ ਕੋਈ ਪੰਚਾਇਤੀ ਇਲੈਕਸ਼ਨ ਨਹੀਂ ਹੋਈ। ਬਾਪੂ ਨੇ ਜਿਸ ਦੇ ਸਿਰ ਉੱਤੇ ਹੱਥ ਰੱਖ ਦਿੱਤਾ ਸਮਝੋ ਉਹ ਹੀ ਸਰਪੰਚ ਬਣ ਜਾਂਦੈ। ਇਸੇ ਤਰ੍ਹਾਂ ਬਾਪੂ ਪੰਚਾਂ ਦੀ ਵੀ ਚੋਣ ਕਰ ਦਿੰਦਾ, ਰਹੀ ਗੱਲ ਅਗਲੀ ਕਿ ਕਿਸੇ ਦੀ ਨੂੰਹ-ਧੀ ਦੀ ਕੀ ਮਜ਼ਾਲ ਕਿ ਉਹ ਨੰਗੇ ਸਿਰ ਘਰੋਂ ਬਾਹਰ ਵੀ ਨਿਕਲ ਜਾਵੇ, ਸਾਰੀਆਂ ਨੇ ਸਿਰ ਉੱਤੇ ਚੁੰਨੀ ਲੈ ਕੇ ਹੀ ਇੱਧਰ ਉੱਧਰ ਜਾਣਾ ਹੁੰਦਾ ਹੈ। ਅਸੀਂ ਤਾਂ ਕੀ ਸਾਡੀਆਂ ਸੱਸਾ ਵੀ ਅਜੇ ਤੱਕ ਨੰਗੇ ਮੂੰਹ ਉਸ ਦੇ ਸਾਹਮਣੇ ਗੱਲ ਨਹੀਂ ਕਰਦੀਆਂ। ਜਿੱਥੇ ਕਿਧਰੇ ਪੰਚਾਇਤ ਜਾਂ ਸੱਥ ਵਿਚ ਬੈਠਾ ਹੋਵੇ ਤਾਂ ਉੱਥੋਂ ਕੋਈ ਬੰਦਾ ਵੀ ਲੰਘਣ ਦੀ ਹਿੰਮਤ ਨਹੀਂ ਕਰਦਾ ਫਿਰ ਜ਼ਨਾਨੀਆਂ ਕਿੱਥੋਂ ਲੰਘ ਸਕਦੀਆਂ ਹਨ। ਇੰਨੀ ਤੂਤੀ ਬੋਲਦੀ ਸੀ ਸ਼ਿੰਗਾਰਾ ਸਿੰਘ ਦੀ। ਪਰ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਦੇ ਇਕ ਦਿਨ ਮੇਰੀ ਵੀ ਕੋਈ ਇੱਜ਼ਤ ਖ਼ਰਾਬ ਕਰ ਦੇਵੇਗਾ। ਹੋਇਆ ਕੀ ਕਿ ਉਸ ਦਾ ਇਕ ਪੋਤਰਾ ਜੋ ਬਾਹਰ ਪੜ੍ਹਨ ਗਿਆ ਸੀ ਉਥੇ ਮੁੰਡਿਆਂ ਨਾਲ ਰਲ੍ਹ ਕੇ ਐਬੀ ਬਣ ਗਿਆ। ਬੱਸ ਪੜ੍ਹਿਆ ਘੱਟ ਤੇ ਗਲ੍ਹਿਆ ਜ਼ਿਆਦਾ, ਪਿੰਡ ਵਿਚ ਤਾਂ ਉਸ ਦੀ ਹਿੰਮਤ ਨਾ ਹੋਈ ਕਿ ਕੋਈ ਹਰਕਤ ਕਰ ਸਕਦਾ ਪਰ ਬਾਹਰ ਉਸ ਨੇ ਚੰਦ ਚੜ੍ਹਾ ਦਿੱਤਾ। ਕੀ ਹੋਇਆ ਕਿ ਪਿੰਡੋਂ ਬਾਹਰ ਵਾਰ ਠੰਡੀ ਕੁੱਟ ਗਡੀਰੀਆਂ ਵਾਲੇ ਕੁਝ ਕੁ ਦਿਨਾਂ ਲਈ ਰੁਕੇ ਸਨ, ਉਨ੍ਹਾਂ ਦੀ ਨੌਜਵਾਨ ਕੁੜੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੈ ਕੇ ਫਰਾਰ ਹੋ ਗਿਆ। ਗਡੀਰੀ ਵਾਲਿਆਂ ਨੇ ਰਲ੍ਹ ਕੇ ਖੋਜ ਕੀਤੀ ਕਿ ਇਹ ਹਰਕਤ ਸ਼ਿੰਗਾਰਾ ਸਿੰਘ ਦੇ ਪੋਤਰੇ ਨੇ ਕੀਤੀ ਹੈ ਤੇ ਸਾਰੇ ਹੀ ਗਡੀਰੀ ਵਾਲੇ ਆਪਣਾ ਕਬੀਲਾ ਲੈ ਕੇ ਸਵੇਰੇ-ਸਵੇਰੇ ਸ਼ਿੰਗਾਰਾ ਸਿੰਘ ਦੇ ਘਰੇ ਆ ਗਏ ਤੇ ਲੱਗ ਪਏ ਉੱਚੀ-ਉੱਚੀ ਆਵਾਜ਼ਾਂ ਮਾਰਨ। ਸ਼ਿੰਗਾਰਾ ਸਿੰਘ ਨੇ ਸੋਚਿਆ ਕਿ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆਮ ਲੋਕ ਉਸ ਕੋਲ ਆਪਣੇ ਕੰਮ ਲਈ ਆਉਂਦੇ ਹਨ ਤੇ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਵੀ ਕਈ ਕੰਮ ਪੈ ਗਿਆ ਹੋਵੇ। ਸ਼ਿੰਗਾਰਾ ਸਿੰਘ ਆਪਣੀ ਦਾਹੜੀ ਮੁੱਛਾਂ ਨੂੰ ਸਵਾਰਦਾ ਹੋਇਆ ਹਰ ਰੋਜ਼ ਦੀ ਤਰ੍ਹਾਂ ਬਾਹਰ ਨਿਕਲਿਆਂ ਤੇ ਆਉਂਦਿਆਂ ਹੀ ਕਹਿਣ ਲੱਗਾ 'ਆਓ ਭਾਈ ਬੈਠੋ ਚਾਹ ਪਾਣੀ ਪੀਂਦੇ ਹਾਂ ਫਿਰ ਤੁਹਾਡੀ ਕੋਈ ਗੱਲ੍ਹ ਸੁਣਦੇ ਹਾਂ।' ਕਬੀਲੇ ਦਾ ਇਕ ਸਰਦਾਰ ਕਹਿਣ ਲੱਗਾ 'ਓਏ ਸਰਦਾਰਾ ਆਪ ਹਮਾਰੇ ਸੇ ਪੁਛੋਗੇ ਕਿ ਕਿਆ ਹੂਆ ਹੈ, ਯੇ ਤੋ ਅੱਬ ਹਮ ਆਪ ਸੇ ਪੁਛੇਂਗੇ ਕਿ ਹਮਾਰੀ ਲੜਕੀ ਕਹਾਂ ਹੈ।' 'ਤੁਹਾਡੀ ਲੜਕੀ ਉਹ ਤਾਂ ਤੁਹਾਡੇ ਘਰੇ ਹੋਵੇਗੀ ਸਾਨੂੰ ਕੀ ਪਤਾ' ਸ਼ਿੰਗਾਰਾ ਸਿੰਘ ਨੇ ਅੱਗੋਂ ਜਵਾਬ ਦਿੱਤਾ। 'ਸਰਦਾਰ ਜੀ ਵੋਹ ਹਮਾਰੀ ਲੜਕੀ ਆਪਕਾ ਛੋਕਰਾ ਭਗਾ ਕੇ ਲੇ ਗਿਆ ਹੈ। ਅੱਬ ਹਮ ਉਸ ਕੀ ਸ਼ਾਦੀ ਉਸੀ ਛੋਕਰੇ ਸੇ ਕਰੇਂਗੇ। ਹਮਾਰੀ ਬੀ ਕੋਈ ਇੱਜ਼ਤ ਹੈ ਯੇ ਨਹੀਂ ਕਿ ਬੜੇ ਲੋਗੋਂ ਕੀ ਇੱਜ਼ਤ ਹੋਤੀ ਹੈ ਔਰ ਗ਼ਰੀਬੋਂ ਕੀ ਨਹੀਂ। ਹਮ ਤੋ ਇੱਜ਼ਤ ਕੀ ਰੋਟੀ ਖਾਤੇ ਹੈਂ ਸੜਕੋਂ ਪੇ ਇੱਜ਼ਤ ਕੋ ਬੇਚਤੇ ਨਹੀਂ, ਜਿਤਨੀ ਇੱਜ਼ਤ ਆਪ ਕੋ ਪਿਆਰੀ ਹੈ ਉਤਨੀ ਹਮੇ ਬੀ ਪਿਆਰੀ ਹੈ। ਬੇਸ਼ੱਕ ਹਮਾਰਾ ਘਰ-ਘਾਟ ਨਹੀਂ ਹੋਤਾ ਹੱਮ ਸੜਕੋਂ ਪਰ ਘੂਮਤੇ ਰਹਿਤੇ ਹੈਂ ਪਰ ਕਬੀ ਇੱਜ਼ਤ ਕੋ ਆਂਚ ਨਹੀਂ ਆਨੇ ਦੇਤੇ।' ਬੱਸ ਸ਼ਿਗਾਰਾ ਸਿੰਘ ਚੁੱਪ-ਚਾਪ ਉਨ੍ਹਾਂ ਦੇ ਮੂੰਹ ਵੱਲ ਵੇਖਦਾ ਰਿਹਾ ਤੇ ਇੱਜ਼ਤ ਦਾ ਮਾਰਾ ਘਰ ਦੇ ਅੰਦਰ ਵੜ ਗਿਆ ਕਿ ਇਨ੍ਹਾਂ ਨੂੰ ਹੁਣ ਕੀ ਜਵਾਬ ਦੇਵਾਂ ਕਿ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ।


-ਪਿੰਡ ਤੇ ਡਾਂਕ ਮਮਦੋਟ (ਫ਼ਿਰੋਜਪੁਰ)
ਮੋਬਾਈਲ : 75891-55501.


ਖ਼ਬਰ ਸ਼ੇਅਰ ਕਰੋ

ਸਵੈ-ਮਾਣ ਵਧਾਉਣਾ

ਅੰਗਰੇਜ਼ੀ ਦੇ ਮਹਾਨ ਨਾਟਕਕਾਰ ਅਤੇ ਕਵੀ ਸ਼ੈਕਸਪੀਅਰ ਨੇ ਕਿਹਾ ਹੈ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ। ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂਅ ਹੈ। ਅਜਿਹਾ ਸੰਘਰਸ਼ ਜੋ ਹਰ ਵਿਅਕਤੀ ਜੀਵਨ ਦੇ ਆਰੰਭ ਤੋਂ ਅੰਤ ਤੱਕ ਕਰਦਾ ਰਹਿੰਦਾ ਹੈ। ਇਹ ਵੀ ਸੱਚ ਹੈ ਕਿ ਸੰਘਰਸ਼ ਹੀ ਇਕ ਆਮ ਮਨੁੱਖ ਨੂੰ ਮਹਾਨ ਬਣਾਉਂਦਾ ਹੈ। ਜਿਹੜੇ ਵਿਅਕਤੀ ਸਵੈ-ਮਾਣ ਨਾਲ ਜੀਵਨ ਜਿਉਂਦੇ ਹੋਏ ਸੰਘਰਸ਼ ਤੋਂ ਬਿਨਾਂ ਘਬਰਾਏ ਅਗਾਂਹ ਵਧਦੇ ਰਹਿੰਦੇ ਹਨ, ਉਹ ਹੀ ਵਿਅਕਤੀ ਇਤਿਹਾਸ ਵਿਚ ਆਪਣਾ ਨਾਂਅ ਦਰਜ ਕਰਾਉਂਦੇ ਹਨ।
ਸਵੈ-ਮਾਣ ਸ਼ਬਦ ਇਕ ਵਿਆਪਕ ਧਾਰਨਾ ਹੈ ਜਿਸ ਦਾ ਅਰਥ ਹੈ ਆਪਣੀ ਕੀਮਤ ਜਾਣਨਾ ਭਾਵ ਅਸੀਂ ਜਿਵੇਂ ਵੀ ਹਾਂ, ਉਸ ਉੱਤੇ ਮਾਣ ਮਹਿਸੂਸ ਕਰਨਾ। ਅਸਲ ਵਿਚ ਤਾਂ ਸਵੈ-ਮਾਣ ਵਿਅਕਤੀ ਦਾ ਆਪਣੀਆਂ ਨਜ਼ਰਾਂ ਵਿਚ ਖੁਦ ਦਾ ਮੁਲਾਂਕਣ ਹੈ ਅਤੇ ਆਪਣੀਆਂ ਵਿਸ਼ੇਸ਼ਤਾਵਾਂ ਦੀ ਸਮਝ ਅਤੇ ਇਸ 'ਤੇ ਮਾਣ ਮਹਿਸੂਸ ਕਰਨਾ ਹੈ।
ਆਓ! ਹੁਣ ਅਸੀਂ ਜਾਣਦੇ ਹਾਂ ਕਿ ਕਿਵੇਂ ਵਿਕਲਾਂਗ ਵਿਅਕਤੀਆਂ ਦੇ ਸਵੈ-ਮਾਣ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਉਹ ਸਫਲ ਜੀਵਨ ਬਿਤਾ ਕੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਨ।
* ਸਭ ਤੋਂ ਪਹਿਲਾਂ ਇਸ ਸੱਚ ਨੂੰ ਅਪਨਾਉਣ ਦੀ ਜ਼ਰੂਰਤ ਹੈ ਕਿ ਵਿਕਲਾਂਗ ਵਿਅਕਤੀ ਵਿਚ ਕਿਹੜੀਆਂ ਅਯੋਗਤਾਵਾਂ ਹਨ। ਜੇਕਰ ਮਾਂ-ਬਾਪ ਯਥਾਰਥਵਾਦੀ ਸੋਚ ਅਪਣਾ ਲੈਣ ਤਾਂ ਉਹ ਇਕ ਵਿਕਲਾਂਗ ਬੱਚੇ ਨੂੰ ਉਸ ਦੀ ਕਮੀ ਦੇ ਨਾਲ ਸਵੀਕਾਰ ਕਰਣਗੇ ਅਤੇ ਉਸ ਬੱਚੇ ਦੀਆਂ ਯੋਗਤਾਵਾਂ ਨੂੰ ਦੇਖ ਕੇ ਉਸ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਨ ਜਿਸ ਨਾਲ ਉਸ ਬੱਚੇ ਵਿਚ ਸਵੈ-ਮਾਣ ਵਧੇਗਾ।
* ਕਦੇ ਵੀ ਵਿਕਲਾਂਗ ਵਿਅਕਤੀ ਦੀ ਤੁਲਨਾ ਸਿਹਤਮੰਦ ਵਿਅਕਤੀ ਨਾਲ ਨਾ ਕਰੋ। ਉਸ ਵਿਚ ਕੋਈ ਅਜਿਹਾ ਗੁਣ ਜ਼ਰੂਰ ਹੋਵੇਗਾ ਜੋ ਉਨ੍ਹਾਂ ਨੂੰ ਬਾਕੀਆਂ ਤੋਂ ਵਿਸ਼ੇਸ਼ ਬਣਾਏਗਾ। ਇਸ ਲਈ ਉਸ ਵਿਸ਼ੇਸ਼ਤਾ ਦੀ ਭਾਲ ਕਰੋ ਅਤੇ ਉਨ੍ਹਾਂ ਨੂੰ ਮੌਕੇ ਅਤੇ ਵਾਤਾਵਰਨ ਦਿਓ।
* ਜ਼ਰੂਰਤ ਹੈ ਸਿਰਫ ਉਸ ਵਿਚਲੇ ਵਿਸ਼ੇਸ਼ ਗੁਣ ਲੱਭਣ ਦੀ ਅਤੇ ਉਸ ਨੂੰ ਇਸ ਦਾ ਅਹਿਸਾਸ ਕਰਵਾਉਣ ਦੀ। ਉਸ ਤੋਂ ਬਾਅਦ ਇਕ ਉਦੇਸ਼ ਨਿਸਚਿਤ ਕਰੋ ਅਤੇ ਪੁਰਜ਼ੋਰ ਕੋਸਿਸ ਕਰੋ ਕਿ ਉਹ ਵਿਅਕਤੀ ਉਸ ਉਦੇਸ਼ ਨੂੰ ਪੂਰਾ ਕਰ ਸਕੇ। ਪਹਿਲਾਂ ਛੋਟੇ ਤੇ ਸੁਖਾਲੇ ਉਦੇਸ਼ ਨਿਸਚਿਤ ਕੀਤੇ ਜਾਣ ਤਾਂ ਜੋ ਛੋਟੀ ਸਫਲਤਾ ਨਾਲ ਆਤਮ-ਵਿਸ਼ਵਾਸ ਦਾ ਸੰਚਾਰ ਹੋ ਸਕੇ।
* ਸਭ ਤੋਂ ਜ਼ਰੂਰੀ ਹੈ ਵਿਕਲਾਂਗ ਵਿਅਕਤੀ ਦੀ ਦਿਲਚਸਪੀ ਅਤੇ ਉਸ ਦੀ ਸਰੀਰਕ, ਮਾਨਸਿਕ ਅਤੇ ਬੌਧਿਕ ਯੋਗਤਾ ਨੂੰ ਦੇਖਦੇ ਹੋਏ ਉਸ ਵਿਚ ਕੁਸ਼ਲਤਾਵਾਂ ਦਾ ਵਿਕਾਸ ਕੀਤਾ ਜਾਵੇ। ਉਸ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਕੇ ਅਤੇ ਉਸ ਦਾ ਸਵੈ-ਮਾਣ ਵਧਾਇਆ ਜਾ ਸਕਦਾ ਹੈ।
* ਇਕ ਵਿਅਕਤੀ ਦਾ ਸਵੈ-ਮਾਣ ਵਧਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦਾ ਸਮਾਜ ਦੀ ਬਿਹਤਰੀ ਅਤੇ ਭਲਾਈ ਵਿਚ ਯੋਗਦਾਨ ਹੈ। ਉਸ ਦੇ ਇਸ ਯੋਗਦਾਨ ਦੀ ਪ੍ਰਸੰਸਾ ਜਾਂ ਸ਼ਲਾਘਾ ਕੀਤੀ ਜਾਵੇ ਤਾਂ ਉਸ ਦੇ ਸਵੈ-ਮਾਣ ਵਿਚ ਵਾਧਾ ਹੁੰਦਾ ਹੈ। ਉਸ ਨੂੰ ਮੌਕਾ ਦਿਓ ਕਿ ਉਹ ਦੂਜਿਆਂ ਦੀ ਜ਼ਿੰਦਗੀ ਸੰਵਾਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ।
* ਉਸ ਦੇ ਸਵੈ-ਮਾਣ ਨੂੰ ਵਧਾਉਣ ਲਈ ਉਸ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਲਾਜ਼ਮੀ ਹੈ। ਇਸ ਤਰ੍ਹਾਂ ਉਸ ਦਾ ਆਤਮ-ਬਲ ਹੋਰ ਵਧੇਗਾ। ਉਹ ਖੁਦ ਨੂੰ ਕਿਸੇ 'ਤੇ ਬੋਝ ਨਹੀਂ ਸਮਝੇਗਾ।
* ਬਚਪਨ ਤੋਂ ਹੀ ਪਿਆਰ ਭਰਿਆ ਵਾਤਾਵਰਨ ਦੇਣ ਨਾਲ ਉਸ ਵਿਚ ਆਪਣੀ ਯੋਗਤਾ ਅਤੇ ਕੁਸ਼ਲਤਾ ਦੀ ਪਛਾਣ ਕਰਨ ਦੀ ਸੂਝ-ਬੂਝ ਅਤੇ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਜੋ ਉਸ ਦੇ ਸਵੈ-ਮਾਣ ਨੂੰ ਵਧਾਉਂਦਾ ਹੈ।
* ਇਕ ਵਿਕਲਾਂਗ ਵਿਅਕਤੀ ਦੇ ਜੀਵਨ ਵਿਚ ਹਰ ਰੋਜ਼ ਆਮ ਇਨਸਾਨ ਨਾਲੋਂ ਕਿਤੇ ਵੱਧ ਸਮੱਸਿਆਵਾਂ ਆਉਂਦੀਆਂ ਹਨ। ਸੋ, ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਵਿਕਲਾਂਗ ਵਿਅਕਤੀਆਂ ਦੇ ਸਵੈ-ਮਾਣ ਨੂੰ ਵਧਾਉਣ ਵਿਚ ਆਪਣਾ ਯੋਗਦਾਨ ਪਾਈਏ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਏਨਾ ਵਧਾ ਦੇਈਏ ਕਿ ਉਹ ਇਸ ਸਮਾਜ ਵਿਚ ਸਿਰ ਉੱਚਾ ਚੁੱਕ ਕੇ ਮਾਣ ਨਾਲ ਜ਼ਿੰਦਗੀ ਬਿਤਾਉਣ ਅਤੇ ਆਪਣੇ ਦ੍ਰਿੜ ਇਰਾਦਿਆਂ ਸਦਕਾ ਲੋਕਾਂ ਦੀ ਉਨ੍ਹਾਂ ਪ੍ਰਤੀ ਸੋਚ ਨੂੰ ਬਦਲ ਦੇਣ।


-ਮੋਬਾਈਲ : 9914459033

ਅਭੁੱਲ ਯਾਦ

ਗੱਲ ਮੇਰੇ ਵਿਆਹ ਦੀ ਹੈ। ਮਾਹੌਲ ਬਹੁਤਾ ਸੁਖਾਵਾਂ ਨਹੀਂ ਸੀ। ਪਿਤਾ ਜੀ ਵਿਦੇਸ਼ ਤੋਂ ਨਹੀਂ ਸਨ ਆ ਸਕੇ। ਖ਼ੈਰ, ਵਿਆਹ ਤਿੰਨ ਜਨਵਰੀ ਦਾ ਸੀ। ਠੰਢ ਦਾ ਕਹਿਰ ਸੀ ਤੇ ਉਤੋਂ ਮੀਂਹ ਪੈ ਰਿਹਾ ਸੀ। ਘਰ ਵਿਚ ਮੰਮੀ ਹੀ ਸਨ। ਸਾਰਾ ਕੰਮ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੇ ਰਲ-ਮਿਲ ਕੇ ਸੰਭਾਲਿਆ ਹੋਇਆ ਸੀ।
ਸਾਡੇ ਘਰਾਂ ਵਿਚ ਵਿਆਹ ਦੌਰਾਨ ਜ਼ਿਆਦਾ ਰਸਮ-ਰਿਵਾਜ ਨਹੀਂ ਹੁੰਦੇ ਪਰ ਮੈਨੂੰ ਜੈ ਮਾਲਾ ਦਾ ਬਹੁਤ ਸ਼ੌਕ ਸੀ। ਮੇਰੇ ਵੱਡੇ ਮਾਸੀ ਜੀ ਨੂੰ ਇਸ ਗੱਲ ਦਾ ਪਤਾ ਸੀ ਤੇ ਉਹ ਮੇਰਾ ਇਹ ਸ਼ੌਕ ਪੂਰਾ ਕਰਨਾ ਚਾਹੁੰਦੇ ਸਨ। ਮਾਸੀ ਜੀ ਨੇ ਜੈ ਮਾਲਾ ਲਈ ਹਾਰ ਵੀ ਮੰਗਵਾ ਲਏ ਸਨ। ਲਾਵਾਂ ਤੋਂ ਬਾਅਦ ਮਾਸੀ ਜੀ ਨੇ ਮਾਮਾ ਜੀ ਨੂੰ ਜੈ ਮਾਲਾ ਦੀ ਰਸਮ ਕਰਨ ਬਾਰੇ ਕਿਹਾ। ਮਾਮਾ ਜੀ ਨੇ ਕਿਹਾ, 'ਕੋਈ ਨ੍ਹੀਂ ਦੇਖਦੇ ਹਾਂ'। ਦਿਨ ਛੋਟੇ ਸਨ, ਮੀਂਹ ਪੈ ਰਿਹਾ ਸੀ ਤੇ ਬਰਾਤ ਨੇ ਕਾਫ਼ੀ ਦੂਰ ਜਾਣਾ ਸੀ। ਮਾਮਾ ਜੀ ਚਾਹੁੰਦੇ ਸਨ ਕਿ ਸਮੇਂ ਸਿਰ ਬਰਾਤ ਵਿਦਾ ਹੋ ਜਾਵੇ। ਬਰਾਤ ਨੂੰ ਵਿਦਾ ਕਰਨ ਵੇਲੇ ਮੈਨੂੰ ਡੋਲੀ ਵਾਲੀ ਕਾਰ 'ਚ ਬਿਠਾਉਂਦਿਆਂ ਉਨ੍ਹਾਂ ਨੇ ਜੈ ਮਾਲਾ ਵਾਲੇ ਹਾਰ ਮੇਰੇ ਹੱਥ ਵਿਚ ਫੜਾ ਦਿੱਤੇ ਤੇ ਕਹਿਣ ਲੱਗੇ ਕਿ ਇਥੇ ਸਮਾਂ ਨਹੀਂ ਸੀ, ਆਪਣੇ ਘਰ ਜਾ ਕੇ ਪਾ ਲਿਓ। ਉਸ ਸਮੇਂ ਸਾਡਾ ਹਾਸਾ ਨਿਕਲ ਗਿਆ।
ਹੁਣ ਮੇਰੇ ਵਿਆਹ ਨੂੰ 10 ਸਾਲ ਹੋ ਗਏ ਹਨ ਪਰ ਜਦੋਂ ਕਿਸੇ ਵੀ ਵਿਆਹ ਵਿਚ ਜੈ ਮਾਲਾ ਦੀ ਰਸਮ ਹੁੰਦੀ ਹੈ ਤਾਂ ਮੇਰੀਆਂ ਅੱਖਾਂ ਅੱਗੇ 10 ਸਾਲ ਪਹਿਲਾਂ ਵਾਲਾ ਉਹ ਦ੍ਰਿਸ਼ ਤਾਜ਼ਾ ਹੋ ਜਾਂਦਾ ਹੈ।


-ਸ਼ੇਰਪੁਰ, ਲੁਧਿਆਣਾ।
ਮੋਬਾਈਲ : 94646-33059.

ਅਮਰੀਕਾ ਤੋਂ ਦੂਰ

ਕਿਸੇ ਸਮੇਂ ਮੇਰੇ ਸਹਿਕਰਮੀ ਰਹਿ ਚੁੱਕੇ ਗੁਰਦੀਪ ਸਿੰਘ ਨੂੰ ਆਪਣੇ ਸਹੁਰਾ ਸਾਹਿਬ ਨੂੰ ਗੰਭੀਰ ਹਾਲਤ ਵਿਚ ਦੂਜੀ ਵਾਰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਲੈ ਕੇ ਜਾਣਾ ਪੈ ਗਿਆ।
ਮੈਨੂੰ ਵੀ ਸਾਰੀ ਸਥਿਤੀ ਦੀ ਜਾਣਕਾਰੀ ਟੈਲੀਫੋਨ ਰਾਹੀਂ ਮਿਲਦੀ ਰਹੀ।
...ਪਰ ਵਿਸਥਾਰ ਨਾਲ ਤਾਂ ਗੱਲਬਾਤ ਮਿਲਣ 'ਤੇ ਹੀ ਹੋ ਸਕੀ।
ਸੰਕਟ ਬਣਨ 'ਤੇ ਆਪਣੀ ਕਾਰ ਰਾਹੀਂ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ, ਪਹਿਲਾਂ ਮੰਡੀ ਡੱਬਵਾਲੀ ਅਤੇ ਫਿਰ ਉਥੋਂ ਐਂਬੂਲੈਂਸ ਰਾਹੀਂ ਇਕ ਡਾਕਟਰ ਦੇ ਸਹਿਯੋਗ ਨਾਲ ਆਪਣੇ ਸਹੁਰੇ ਨੂੰ ਉਹ ਚੰਡੀਗੜ੍ਹ ਲੈ ਕੇ ਗਏ। ਜੇਕਰ ਹਿੰਮਤ ਕਰ ਕੇ ਅਜਿਹੀ ਤੇਜ਼ੀ ਨਾ ਵਿਖਾਈ ਜਾਂਦੀ ਤਾਂ ਕੁਝ ਵੀ ਹੋ ਸਕਦਾ ਸੀ।
ਜਦ ਉਸ ਨੇ ਆਪਣੇ ਸਰੀਰਕ ਤੇ ਮਾਨਸਿਕ ਤੌਰ 'ਤੇ ਅਤਿਅੰਤ ਥੱਕ-ਟੁੱਟ ਜਾਣ ਦਾ ਜ਼ਿਕਰ ਕੀਤਾ ਤਾਂ ਮੈਨੂੰ ਅਚਾਨਕ ਯਾਦ ਆ ਗਿਆ ਕਿ ਗੁਰਦੀਪ ਸਿੰਘ ਦੇ ਭਰੇ ਪੂਰੇ ਪਰਿਵਾਰ ਵਾਲੇ ਦੋ ਸਾਲੇ ਵੀ ਤਾਂ ਹਨ।
'ਵੱਡਾ ਤਾਂ ਪਿਛਲੇ ਲੰਮੇ ਅਰਸੇ ਤੋਂ ਅਮਰੀਕਾ 'ਚ ਐ।'
'ਤੇ ਤੁਹਾਡਾ ਛੋਟਾ ਸਾਲਾ...? ਉਹ ਕਿਉਂ ਨਹੀਂ ਜਾ ਸਕਿਆ ਨਾਲ?' ਮੈਂ ਇਕੱਠੇ ਹੀ ਦੋ ਸਵਾਲ ਕਰ ਦਿੱਤੇ।
ਗੁਰਦੀਪ ਸਿੰਘ ਨੇ ਕਿਹਾ, 'ਸਾਂਝੀ ਕੰਧ ਐ, ਉਸ ਦੀ ਬਜ਼ੁਰਗਾਂ ਨਾਲ।'
'ਫੇਰ?'
'ਪਰ ਰਹਿੰਦਾ ਉਹ ਅਮਰੀਕਾ ਤੋਂ ਵੀ ਦੂਰ ਐ।'
ਮੈਂ ਕੁਝ ਪਲਾਂ ਲਈ ਚੁੱਪ ਕਰ ਗਿਆ।
'ਸਮਝ ਗਏ ਨਾ' ਜਦ ਮੇਰੇ ਮਿੱਤਰ ਨੇ ਇਹ ਸਿੱਧਾ ਜਿਹਾ ਸਪੱਸ਼ਟੀਕਰਨ ਦੇ ਦਿੱਤਾ ਤਾਂ ਮੇਰਾ ਜਵਾਬ ਸੀ, 'ਭਲਾ, ਇਹਦੇ ਵਿਚ ਸਮਝਣ ਵਾਲੀ ਕਿਹੜੀ ਗੱਲ ਰਹਿ ਗਈ ਐ?'


-ਗੁਰੂ ਨਾਨਕ ਨਗਰ, ਗਿੱਦੜਬਾਹਾ-152101.
ਮੋਬਾਈਲ : 94640-76257.

ਲਾਕਡਾਊਨ

ਮਹਾਂਮਾਰੀ ਫੈਲਣ ਦੇ ਪ੍ਰਕੋਪ ਤੋਂ ਡਰਦਿਆਂ ਮੈਂ ਵੀ ਹੋਰਨਾਂ ਵਾਂਗ ਲਾਕਡਾਊਨ ਦੀ ਮਰਿਆਦਾ ਦਾ ਪਾਲਣ ਕਰਨ ਲੱਗਾ। ਲਾਕਡਾਊਨ ਦੇ ਪਹਿਲੇ ਦੋ ਦਿਨ ਸਾਕ-ਸੰਬੰਧੀਆਂ, ਯਾਰਾਂ-ਦੋਸਤਾਂ ਨਾਲ ਫੋਨ 'ਤੇ ਕੋਰੋਨਾ ਵਾਇਰਸ ਦੀ ਚਰਚਾ ਕਰਦਿਆਂ ਗੁਜ਼ਾਰੇ। ਜ਼ਿੰਦਗੀ ਟੀ.ਵੀ. ਤੇ ਵਟਸਐਪ ਦੇ ਆਲੇ-ਦੁਆਲੇ ਘੁੰਮਣ ਲੱਗੀ। ਲਾਕਡਾਊਨ ਨੇ ਘਰ ਦੇ ਮੇਨ ਗੇਟ ਨੂੰ ਜਿਵੇਂ ਪੱਕੇ ਤੌਰ 'ਤੇ ਲਾਕ ਕਰ ਦਿੱਤਾ ਸੀ। ਕਈ ਵਾਰ ਗਲੀ 'ਚ ਘੁੰਮਦੇ ਆਦਮੀਆਂ ਦੀ ਰੀਸ ਕਰਨ ਨੂੰ ਵੀ ਜੀਅ ਕਰਦਾ, ਪਰ....।
ਤੀਸਰੇ ਦਿਨ ਮਕਾਨ ਦੀ ਉਸਾਰੀ ਅਧੀਨ ਦੂਜੀ ਮੰਜ਼ਿਲ ਦੀ ਸਫ਼ਾਈ ਕਰਨ ਦਾ ਮਨ ਬਣਿਆ। ਦੂਜੀ ਮੰਜ਼ਿਲ ਦੀ ਛੱਤ ਅਤੇ ਫਰਸ਼ ਪੈ ਜਾਣ 'ਤੇ ਕੁਝ ਸਾਮਾਨ ਅਲਮਾਰੀਆਂ ਆਦਿ ਵਿਚ ਵੀ ਰੱਖ ਦਿੱਤਾ ਗਿਆ ਸੀ ਪ੍ਰੰਤੂ ਦਰਵਾਜ਼ੇ ਤੇ ਖਿੜਕੀਆਂ ਲੱਗਣੇ ਅਜੇ ਬਾਕੀ ਸਨ। ਸਫ਼ਾਈ ਕਰਦਿਆਂ ਅਚਾਨਕ ਮੇਰੀ ਨਜ਼ਰ ਇਕ ਸ਼ਾਂਤ ਤੇ ਅਡੋਲ ਕਬੂਤਰੀ 'ਤੇ ਪਈ ਜਿਸ ਨੇ ਲੋਹੇ ਦੀ ਅਲਮਾਰੀ ਦੇ ਉੱਪਰ ਕੁਝ ਤੀਲੇ ਰੱਖ ਕੇ ਇਕ ਛੋਟਾ ਜਿਹਾ ਆਲ੍ਹਣਾ ਬਣਾਇਆ ਹੋਇਆ ਸੀ ਤੇ ਉਹ ਜਿਵੇਂ ਦੁਨੀਆ ਤੋਂ ਬੇਖ਼ਬਰ ਬਿਲਕੁਲ ਬੇਪ੍ਰਵਾਹ ਆਪਣੇ ਅੰਡਿਆਂ 'ਤੇ ਬੈਠੀ ਹੋਈ ਸੀ। ਦੇਖ ਕੇ ਮਨ ਨੂੰ ਸਕੂਨ ਜਿਹਾ ਮਿਲਿਆ। ਸਫ਼ਾਈ ਦਾ ਕੰਮ ਪੂਰਾ ਹੋ ਗਿਆ ਸੀ ਪਰ ਰੋਜ਼ਾਨਾ ਦੂਜੀ ਮੰਜ਼ਿਲ 'ਤੇ ਆ ਕੇ ਉਸ ਕਬੂਤਰੀ ਨੂੰ ਦੇਖਣ ਦਾ ਰੁਝਾਨ ਜਿਹਾ ਬਣ ਗਿਆ। ਜਿੰਨੀ ਵਾਰ ਵੀ ਦੇਖਦਾ, ਮੈਨੂੰ ਕਦੇ ਵੀ ਉਹ ਆਪਣਾ ਆਲ੍ਹਣਾ ਛੱਡ ਕੇ ਗਈ ਨਾ ਜਾਪਦੀ। ਕਦੇ ਸੋਚਦਾਂ ਕਿ ਕਬੂਤਰੀ ਦਾ ਮਨ ਵੀ ਕਰਦਾ ਹੋਊ ਕਿ ਹੁਣ ਤਾਂ ਇਨਸਾਨਾਂ ਵਲੋਂ ਪੈਦਾ ਕੀਤੀ ਵਾਤਾਵਰਨ ਦੂਸ਼ਿਤਾ ਦੀ ਪਰਕੋਪ ਘਟਿਆ ਹੈ, ਹਵਾ ਸਾਫ਼ ਤੇ ਸ਼ੁੱਧ ਹੋਣ 'ਤੇ ਉਹ ਵੀ ਖੁੱਲ੍ਹੇ ਵਾਤਾਵਰਨ 'ਚ ਉਡਾਰੀ ਮਾਰ ਆਵੇ ਪਰ ਮੈਂ ਕਬੂਤਰੀ ਨੂੰ ਕਦੇ ਅਜਿਹਾ ਕਰਦੇ ਨਹੀਂ ਦੇਖਿਆ।
ਕਬੂਤਰੀ ਦੀ ਇਸ ਹਾਜ਼ਰੀ ਨੇ ਮੇਰੇ ਚੰਚਲ ਮਨ ਨੂੰ ਟੁੰਬਿਆ। ਇਹ ਇਨਸਾਨੀ ਫਿਤਰਤ ਆਪਣੇ ਉੱਡੂੰ-ਉੱਡੂੰ ਕਰਦੇ ਮਨ ਨੂੰ ਨਹੀਂ ਸਮਝਾ ਰਹੀ ਕਿ ਬਾਹਰ ਆਪਣੀ ਤੇ ਆਪਣਿਆਂ ਦੀ ਜਾਨ ਨੂੰ ਖ਼ਤਰਾ ਹੈ। ਕੁਝ ਦਿਨ ਲਾਕਡਾਊਨ ਦੀ ਲੋੜ ਨੂੰ ਸਮਝੀਏ। ਆਪਣੀਆਂ ਲੋੜਾਂ ਤੇ ਖਾਹਿਸ਼ਾਂ ਵਿਚਲੇ ਫਰਕ ਨੂੰ ਪਹਿਚਾਨੀਏ ਤੇ ਆਪਣਾ ਵਕਤ ਘਰ ਰਹਿ ਕੇ ਆਪਣੇ ਪਰਿਵਾਰ 'ਚ ਗੁਜ਼ਾਰੀਏ। ਔਖਾ ਵੇਲਾ ਗੁਜ਼ਰ ਜਾਵੇਗਾ। ਫਿਰ ਇਹ ਲਾਕ ਵੀ ਖੁੱਲ੍ਹ ਜਾਣਗੇ। ਪਰਮਾਤਮਾ ਕਰੇ ਕਿ ਅਜਿਹਾ ਛੇਤੀ ਹੋ ਜਾਵੇ। ਆਮੀਨ...।


-ਸਰਕਾਰੀ ਕੰਨਿਆ ਹਾਈ ਸਕੂਲ, ਅਲਗੋਂ ਕੋਠੀ
ਤਰਨ ਤਾਰਨ। ਮੋਬਾਈਲ : 98159-42652.

ਕਾਵਿ-ਵਿਅੰਗ

ਅਜੀਬ ਇਨਸਾਨ

* ਨਵਰਾਹੀ ਘੁਗਿਆਣਵੀ *

ਸ਼ੈਤਾਨ ਆਖੀਏ ਜਾਂ ਹੈਵਾਨ ਕਹੀਏ,
ਕਿਉਂ ਕਰ ਅੱਜ ਇਨਸਾਨ ਅਜੀਬ ਹੋਇਆ।
ਰਹੀ ਸੋਚ ਨਾ, ਸੂਝ ਅਲੋਪ ਹੋਈ,
ਸਭ ਕੁਝ ਹੁੰਦਿਆਂ ਬੜਾ ਗਰੀਬ ਹੋਇਆ।
ਆਪਣੀ ਮੌਤ ਦਾ ਕਰੇ ਸਾਮਾਨ ਪੈਦਾ,
ਭਾਗਾਂਵਾਲਾ ਇਹ ਬਦਨਸੀਬ ਹੋਇਆ।
ਕੀ ਸਮਝੀਏ ਏਸ ਦੇ ਕਾਰਨਾਮੇ,
ਜਾਂ ਅੱਜ ਏਸ ਦਾ ਅੰਤ ਕਰੀਬ ਹੋਇਆ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਸ਼ੱਕੀ ਬਿਮਾਰ

* ਹਰਦੀਪ ਢਿੱਲੋਂ *

ਪਹਿਰੂ ਸਿਹਤ ਸੇਵਾਵਾਂ ਦਾ ਫਿਰੇ ਪੁੱਛਦਾ,
ਭੱਜੇ ਸ਼ੱਕੀ ਬਿਮਾਰ ਹੁਣ ਗਏ ਕਿੱਥੇ?
ਰਾਸ਼ਨ ਮੁੱਕ ਗਿਆ ਸ਼ਹਿਰ ਪਰਵੇਸ਼ ਕਰਦਾ,
ਦਮੜੇ ਘੱਲੇ ਸਰਕਾਰ ਹੁਣ ਗਏ ਕਿੱਥੇ?
ਤੋਰੇ ਜਿਨ੍ਹਾਂ ਨੇ ਕਾਮੇ ਰੋਜ਼ਗਾਰ ਖੋਹ ਕੇ,
ਦੰਭੀ ਰਿਜਕ ਦਾਤਾਰ ਹੁਣ ਗਏ ਕਿੱਥੇ?
'ਮੁਰਾਦਵਾਲਿਆ' ਕਸ਼ਟ ਭਜਾਉਣ ਵਾਲੇ,
ਬੂਬਨੇ ਬੱਤੀ ਹਜ਼ਾਰ ਹੁਣ ਗਏ ਕਿੱਥੇ?


-ਮੋਬਾਈਲ : 98764-57242.

ਕੋਰੋਨਾ ਦੀ ਮੰਜ਼ਰਕਸ਼ੀ

* ਡਾ: ਅਰਮਨਪ੍ਰੀਤ *

ਕੋਰੋਨਾ ਦੇ ਕਹਿਰ ਵਾਲੇ ਦਿਸ ਰਹੇ ਸਾਹਮਣੇ ਮੰਜ਼ਰ।
ਮਨੁੱਖਤਾ ਬੈਠ ਗਈ ਆਪਣੇ ਘਰਾਂ ਦੇ ਆਲ੍ਹਣੇ ਅੰਦਰ।
ਪਰਿੰਦੇ ਬੰਦਿਆਂ ਨੂੰ ਪੁੱਛ ਰਹੇ ਉੱਡ-ਉੱਡ ਬਨੇਰੇ ਤੋਂ,
ਸਹਿਮ ਕੇ ਬੈਠ ਗਏ ਕਾਹਤੋਂ ਘਰਾਂ ਹੀ ਆਪਣੇ ਅੰਦਰ?
ਹੈ ਕੁਦਰਤ ਰੱਬ ਦੀ ਕੋਈ ਜਾਂ ਬੰਦੇ ਦਾ ਹੀ ਕਾਰਾ ਹੈ ,
ਕੋਰੋਨਾ ਆਣ ਕੇ ਬਾਹਰੋਂ ਹਲਾ ਸਾਡੇ ਗਿਆ ਅੰਦਰ ।
ਬਣੋ ਹਿੰਮਤੀ ਕਰੋ ਚਾਰਾ ਜਿਸਮ ਨੂੰ ਸਾਫ ਵੀ ਰੱਖਣਾ,
ਮੁਹੱਬਤ ਧੜਕਦੀ ਰਹਿੰਦੀ ਸਰੀਰਕ ਫਾਸਲੇ ਅੰਦਰ।
ਮੁਕਤ ਰੋਗਾਂ ਤੋਂ ਹੋਵਣ ਲਈ ਜਿਥੇ ਕਰਦੇ ਦੁਆਵਾਂ ਸੀ,
ਹੋ ਗਏ ਬੰਦ ਲੋਕਾਂ ਲਈ ਰੱਬ ਦੇ ਘਰ ਆਸਰੇ ਮੰਦਰ।
ਘਰਾਂ ਵਿਚ ਬੈਠ ਕੇ ਵੇਲਾ ਹੈ ਜ਼ਿੰਦਗੀ ਨੂੰ ਬਚਾਉਣੇ ਦਾ,
ਸਿਆਣੇ ਦੇ ਕਹਿਣ ਵਾਲੀ ਛੁਪੀ ਗੱਲ ਆਂਵਲੇ ਅੰਦਰ।
ਪਾਣੀ ਧਾਰਾ ਤੋਂ ਟੁੱਟ ਕੇ ਫੇਰ ਵੀ ਪਾਣੀ ਰਿਹਾ ਆਖਰ,
ਇਸ ਤਰ੍ਹਾਂ ਤੋਰ ਜੀਵਨ ਦੀ ਵਕਤ ਦੇ ਮਾਮਲੇ ਅੰਦਰ ।
ਰਲ਼ ਕੇ ਜੇ ਲੜੇ ਆਪਾਂ ਤਾਂ ਜੰਗ ਇਹ ਜਿੱਤ ਜਾਵਾਂਗੇ ,
ਹੁੰਦਾ ਛੁਪਿਆ ਹੈ ਇਕ ਮੌਕਾ ਵੈਰੀ ਦੇ ਸਾਹਮਣੇ ਅੰਦਰ।
ਪੱਥਰ ਬਣੇ ਜਿਸ ਘਰ ਨੂੰ ਵਰਤਿਆ ਸੌਣ ਲਈ ਕੇਵਲ,
ਹੈ ਮਮਤਾ ਵੰਡ ਰਿਹਾ ਅਰਮਨ ਕਲ਼ਾਵੇ ਆਪਣੇ ਅੰਦਰ।


-ਸੰਪਰਕ- 98722-31840

ਮਹਿੰਗਾਈ

ਸਾਰੇ ਦੁੱਖ ਦੁਨੀਆ ਦੇ ਮੰਦੇ
ਸਭ ਤੋਂ ਬੁਰੀ ਜੁਦਾਈ।
ਮਾਰਾਂ ਹੋਰ ਬਥੇਰੀਆਂ ਸਾਨੂੰ
ਸਭ ਤੋਂ ਕਠਿਨ ਮਹਿੰਗਾਈ।
ਹਰ ਪਾਸੇ ਪੈ ਗਈ ਦੁਹਾਈ।
ਹਾਏ ਮਹਿੰਗਾਈ, ਹਾਏ ਮਹਿੰਗਾਈ।
ਮਹਿੰਗੇ ਗੰਢੇ, ਸਬਜ਼ੀ, ਦਾਲ।
ਰੋਟੀ ਖਾਈਏ ਮਿਰਚਾਂ ਨਾਲ।
ਲੋਕਾਂ ਹਾ ਹਾ ਕਾਰ ਮਚਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਆਮ ਲੋਕ ਢਿੱਡ ਭਰ ਨੀ ਸਕਦੇ।
ਬੱਚਿਆਂ ਦਾ ਦੁੱਖ ਜਰ ਨੀ ਸਕਦੇ।
ਚੇਹਰਿਆਂ ਉਤੇ ਉਦਾਸੀ ਛਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਅੰਨ ਕਈ ਥਾਈਂ ਸੜਦਾ ਜਾਵੇ।
ਭੁਖਿਆਂ ਤਾਈਂ ਕੌਣ ਪਹੁੰਚਾਵੇ।
ਸਰਕਾਰਾਂ ਨੂੰ ਦਰਦ ਨਾ ਕਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਵੱਡੇ ਵਪਾਰੀ ਲੁੱਟ ਕੇ ਖਾ ਗਏ।
ਅਰਬਾਂ ਕਾਲਾ ਧਨ ਬਣਾ ਗਏ।
ਬਾਹਰ ਜਾਂਦੇ ਜਮ੍ਹਾਂ ਕਰਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਕਹਿੰਦੇ ਭੁੱਖਾ ਕੋਈ ਨਾ ਮਰਸੀ।
ਪਰ ਦੱਸੋ ਬੰਦਾ ਕੀ ਕਰਸੀ।
ਕਿਤੇ ਨਾ ਹੁੰਦੀ ਏ ਸੁਣਵਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਦੇਵਣ ਭਾਵੇਂ ਲੱਖ ਬਿਆਨ।
ਸਭਦਾ ਕੁਰਸੀ ਵੱਲ ਧਿਆਨ।
ਮਰਦੀ ਹੈ ਤਾਂ ਮਰੇ ਲੁਕਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਤੋਹਫ਼ਾ ਆਜ਼ਾਦੀ ਦਾ ਭਾਰੀ।
ਅੱਜ ਗਰੀਬੀ ਬੇਰੁਜ਼ਗਾਰੀ।
ਖ਼ੁਦਕੁਸ਼ੀਆਂ ਤੱਕ ਨੌਬਤ ਆਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਹੁਕਮਰਾਨ ਦੇ ਘਰ ਖੁਸ਼ਹਾਲੀ।
ਲੋਕਾਂ ਲਈ ਖਜ਼ਾਨਾ ਖਾਲੀ।
ਜਾਂਦੇ ਬਿਜਲੀ ਦਰਾਂ ਵਧਾਈ,
ਹਾਏ ਮਹਿੰਗਾਈ ਹਾਏ ਮਹਿੰਗਾਈ।


-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਲੁਧਿਆਣਾ।
ਮੋਬਾਈਲ : 98720-86101.

ਵਹਿਮ ਭਰਮ

ਕਾਲਾ ਮੁਰਗਾ ਹੱਥ ਵਿਚ ਫੜਿਆ ਹੋਇਆ ਤੇ ਦਰਵਾਜ਼ੇ ਵਿਚ ਆਉਂਦਿਆਂ ਹੀ ਆਵਾਜ਼ ਮਾਰੀ, 'ਬੇਬੇ, ਵਿਚਾਰੇ ਨੂੰ ਨਹਿਰ ਕੋਲੋਂ ਅਵਾਰਾ ਕੁੱਤਿਆਂ ਤੋਂ ਮਸਾਂ-ਮਸਾਂ ਬਚਾ ਕੇ ਲਿਆਇਆਂ! ਉੱਥੇ ਖੰਮਣੀਆਂ, ਕੁਝ ਦਾਣੇ, ਲੱਸੀ, ਸੰਧੂਰ ਤੇ ਲਾਲ ਕੱਪੜਾ ਵੀ ਪਿਆ ਸੀ! ਜ਼ਖ਼ਮੀ ਐ ਵਿਚਾਰਾ, ਸਾਰੇ ਰਲ ਕੇ ਇਲਾਜ ਕਰੀਏ। ' ਬੇਬੇ ਗੁੱਸੇ ਨਾਲ ਬੋਲੀ, 'ਪਤਾ ਨਹੀਂ ਤੈਨੂੰ ਕਦੋਂ ਅਕਲ ਆਊ, ਘਰ ਵਿਚ ਬਾਬੇ ਦੇ ਢਾਲੇ ਦਾ ਪਰਛਾਵਾਂ ਲੈ ਆਇਐਂ! ਹੇ ਰੱਬਾ... ਹੁਣ ਕੀ ਹੋਊ ਇਸ ਪਰਿਵਾਰ ਦਾ! ਛੱਡ ਕੇ ਆ ਜਿੱਥੋਂ ਲੈ ਕੇ ਆਇਆ ਏਂ। ' ਬੇਬੇ ਦੀ ਗੱਲ ਅਣਸੁਣੀ ਜਿਹੀ ਕਰ ਦਿੱਤੀ ਤੇ ਜ਼ਖ਼ਮ ਵਾਲੀ ਥਾਂ 'ਤੇ ਹਲਦੀ ਲਗਾਉਣ ਲੱਗਾ। ਮੁਰਗੇ ਨੇ ਕੁਝ ਰਾਹਤ ਮਹਿਸੂਸ ਕੀਤੀ ਤੇ ਅੱਖਾਂ ਰਾਹੀਂ ਬੇਬੇ ਨੂੰ ਘੂਰ ਰਿਹਾ ਸੀ ਕਿ ਪਤਾ ਨਹੀਂ ਕਦੋਂ ਸਾਡੀ ਜਾਨ ਦਾ ਛੁਟਕਾਰਾ ਹੋਊ ਤੇ ਤੁਹਾਡੇ ਵਹਿਮਾਂ ਭਰਮਾਂ ਦਾ!


-ਰਮਿੰਦਰ ਫ਼ਰੀਦਕੋਟੀ
3 ਫਰੈਂਡਜ਼ ਐਵੀਨਿਊ, ਨਿਊ ਹਰਿੰਦਰਾ ਨਗਰ, ਫ਼ਰੀਦਕੋਟ। ਮੋਬਾਈਲ : 98159-53929

ਖ਼ੂਨਦਾਨ-ੳੁੱਤਮ ਦਾਨ

'ਅੱਜ ਬੜੀ ਖ਼ੁਸ਼ ਨਜ਼ਰ ਆ ਰਹੀ ਏ' ਕਾਲਜੋਂ ਆਉਂਦੀ ਆਪਣੀ ਧੀ ਸੀਮਾ ਨੂੰ ਦੇਖ ਕੇ ਉਸ ਦੀ ਮਾਂ ਸੰਤੋਸ਼ ਨੇ ਕਿਹਾ।
'ਮਾਂ ਅੱਜ ਸਾਡੇ ਕਾਲਜ ਵਿਚ ਖ਼ੂਨਦਾਨ ਕੈਂਪ ਲੱਗਿਆ ਸੀ, ਮੈਂ ਤੇ ਮੇਰੀਆਂ ਸਹੇਲੀਆਂ ਨੇ ਖ਼ੂਨਦਾਨ ਕੀਤਾ। ਮਾਂ ਮੇਰੇ ਦਿੱਤੇ ਖ਼ੂਨ ਨਾਲ ਕਈ ਮਰੀਜ਼ ਮੌਤ ਦੇ ਮੂੰਹ 'ਚ ਜਾਣ ਤੋਂ ਬਚ ਜਾਣਗੇ। ਹੁਣ ਮੈਂ ਖ਼ੂਨਦਾਨ ਕਰਕੇ ਗ਼ਰੀਬਾਂ ਦੀ ਸਹਾਇਤਾ ਕਰਿਆ ਕਰਾਂਗੀ।'
'ਠੀਕ ਹੈ ਬੇਟੀ, ਖ਼ੂਨਦਾਨ ਕਰਨਾ ਬਹੁਤ ਚੰਗੀ ਗੱਲ ਹੈ। ਕਈ ਸਾਡੇ ਖਾਤਰ ਲੜਦੇ ਫ਼ੌਜੀ ਵੀਰਾਂ ਨੂੰ ਖ਼ੂਨ ਦੇ ਕੇ ਬਚਾਇਆ ਜਾਂਦਾ ਹੈ। ਲੈ ਹੁਣ ਤੂੰ ਆ ਕੇ ਰੋਟੀ ਖਾ ਲੈ', ਸੰਤੋਸ਼ ਨੇ ਕਿਹਾ।
ਹੁਣ ਜਿਥੇ ਵੀ ਖ਼ੂਨਦਾਨ ਹੁੰਦਾ ਸੀਮਾ ਤੇ ਉਸ ਦੀਆਂ ਸਹੇਲੀਆਂ ਅੱਗੇ ਹੁੰਦੀਆਂ।
ਇਕ ਦਿਨ ਲਾਗਲੇ ਪਿੰਡ ਖ਼ੂਨਦਾਨ ਕੈਂਪ ਲੱਗਿਆ ਸੀ। ਜਦ ਸੀਮਾ ਨੂੰ ਖ਼ੂਨਦਾਨ ਕੈਂਪ ਬਾਰੇ ਪਤਾ ਲੱਗਿਆ ਤਾਂ ਉਹ ਤੇ ਉਸ ਦੀਆਂ ਸਹੇਲੀਆਂ ਆਪਣੀਆਂ-ਆਪਣੀਆਂ ਐਕਟਿਵਾਂ ਸਕੂਟਰੀਆਂ 'ਤੇ ਚੱਲ ਪਈਆਂ। ਅਜੇ ਉਹ ਪਿੰਡ ਨੇੜੇ ਹੀ ਪੁਹੰਚੀਆਂ ਸਨ ਕਿ ਸੀਮਾ ਦੀ ਸਕੂਟਰੀ ਦਾ ਕਾਰ ਨਾਲ ਐਕਸੀਡੈਂਟ ਹੋ ਗਿਆ। ਸੀਮਾ ਸੜਕ 'ਤੇ ਡਿੱਗ ਪਈ। ਕੁੜੀਆਂ ਨੇ ਸੀਮਾ ਨੂੰ ਫਟਾਫਟ ਚੁੱਕਿਆ। ਖ਼ੂਨ ਕਾਫੀ ਵਹਿ ਚੁੱਕਾ ਸੀ। ਕੁੜੀਆਂ ਸੀਮਾ ਨੂੰ ਨੇੜੇ ਹੀ ਹਸਪਤਾਲ ਵਿਚ ਲੈ ਗਈਆਂ। ਡਾਕਟਰ ਨੇ ਸੀਮਾ ਨੂੰ ਦੇਖਿਆ ਤੇ ਉਸ ਨੇ ਕਿਹਾ, 'ਖ਼ੂਨ ਕਾਫੀ ਵਹਿ ਚੁੱਕਾ ਹੈ ਖ਼ੂਨ ਦੀ ਲੋੜ ਹੈ, ਜਲਦੀ ਇੰਤਜ਼ਾਮ ਕਰੋ।'
ਕੁੜੀਆਂ ਕਾਫੀ ਘਬਰਾਈਆਂ ਹੋਈਆਂ ਸਨ, ਉਨ੍ਹਾਂ ਨੇ ਡਾਕਟਰ ਸਾਹਿਬ ਨੂੰ ਕਿਹਾ, 'ਡਾਕਟਰ ਸਾਹਿਬ ਲਾਗਲੇ ਪਿੰਡ ਖ਼ੂਨਦਾਨ ਕੈਂਪ ਲੱਗਿਆ ਹੈ, ਅਸੀਂ ਉਥੇ ਖੂਨਦਾਨ ਕਰਨ ਚੱਲੀਆਂ ਸੀ ਪਰ ਇਹ ਭਾਣਾ ਵਾਪਰ ਗਿਆ।'
ਡਾਕਟਰ ਸਭ ਸਮਝ ਗਿਆ, ਉਸ ਨੇ ਲਾਗਲੇ ਪਿੰਡ ਹਸਪਤਾਲ ਵਿਚ ਫੋਨ ਕੀਤਾ। 10 ਮਿੰਟਾਂ ਵਿਚ ਹਸਪਤਾਲ ਦੀ ਵੈਨ ਖ਼ੂਨ ਲੈ ਕੇ ਆ ਗਈ। ਸੀਮਾ ਨੂੰ ਖੂਨ ਚੜ੍ਹਾਇਆ ਗਿਆ, ਕੁਝ ਚਿਰ ਬਾਅਦ ਸੀਮਾ ਨੇ ਅੱਖਾਂ ਖੋਲ੍ਹੀਆਂ। ਉਸ ਨੇ ਹੱਥ ਜੋੜ ਕੇ ਸਭ ਦਾ ਧੰਨਵਾਦ ਕੀਤਾ ਜਿਵੇਂ ਉਹ ਕਹਿ ਰਹੀ ਹੋਵੇ ਕਿ ਮੈਂ ਖ਼ੂਨਦਾਨ ਕਰ ਕੇ ਸਭ ਮਰੀਜ਼ਾਂ ਨੂੰ ਬਚਾਉਂਦੀ ਸੀ ਤੇ ਅੱਜ ਤੁਸੀਂ ਮੈਨੂੰ ਖ਼ੂਨ ਦੇ ਕੇ ਬਚਾ ਲਿਆ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਖ਼ੂਨ ਦੇ ਕੇ ਵੈਸੇ ਵੀ ਸਭ ਦੀ ਸਹਾਇਤਾ ਕਰੋ ਫਿਰ ਪਰਮਾਤਮਾ ਤੁਹਾਡੀ ਵੀ ਸਹਾਇਤਾ ਕਰੇਗਾ।


-ਸਤਿਆ ਭਾਰਤੀ ਸ਼ੇਰਪੁਰ।
ਮੋਬਾਈਲ : 94632-48191.

ਖਾਨਾ ਖ਼ਰਾਬ - ਗਾਣਾ ਖ਼ਰਾਬ

ਸੰਗੀਤ, ਗਾਇਕੀ ਜਿਸ ਰੂਪ ਵਿਚ ਅੱਜ ਸਾਡੇ ਸਾਹਮਣੇ ਹੈ, ਪਹਿਲੇ ਜ਼ਮਾਨੇ ਵਿਚ ਇਸ ਕਿੱਤੇ ਨਾਲ ਜੁੜੇ ਲੋਕਾਂ ਦੇ ਹਾਲਾਤ ਬਿਲਕੁਲ ਇਸ ਦੇ ਉਲਟ ਸਨ। ਅੱਜ ਦੀ ਗਾਇਕੀ ਵਿਚ ਦੌਲਤ ਹੈ, ਸ਼ੌਹਰਤ ਹੈ ਤੇ ਮਾਣ-ਇੱਜ਼ਤ ਵੀ ਪਰ ਪੰਜ ਕੁ ਦਹਾਕੇ ਪਹਿਲਾਂ ਹੀ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਸੀ ਤੇ ਉਨ੍ਹਾਂ ਦੇ ਪੱਲੇ ਹੁੰਦੀ ਸੀ ਫਾਕਾਕਸ਼ੀ ਤੇ ਬੇਚਾਰਗੀ। ਬਹੁਤੇ ਕਿੱਤਾ ਛੱਡ ਗਏ ਹੋਣੇ ਤੇ ਕੁਝ ਕੁ ਪਰਿਵਾਰ ਅਜਿਹੇ ਹੋਣੇ ਨੇ, ਜਿਨ੍ਹਾਂ ਨੇ ਇਹ ਕਿੱਤਾ ਨਾ ਛੱਡਿਆ, ਪੁਸ਼ਤੈਨੀ ਹੋਣ ਕਰਕੇ ਜਾਂ ਫਿਰ ਸੁਰਾਂ ਨਾਲ ਉਨ੍ਹਾਂ ਦੇ ਸਦੀਵੀ ਰਿਸ਼ਤੇ, ਉਨ੍ਹਾਂ ਦੀ ਰੂਹਦਾਰੀ ਫ਼ਿਤਰਤ ਨੇ ਉਨ੍ਹਾਂ ਨੂੰ ਕੋਈ ਫ਼ੈਸਲਾ ਨਹੀਂ ਕਰਨ ਦਿੱਤਾ ਹੋਣੈ। ਅਜਿਹੇ ਹੀ ਖਾਨਾ ਖ਼ਰਾਬ ਲੋਕਾਂ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਖਾਨਾ ਖ਼ਰਾਬੀ ਸੋਚ ਨੇ ਮੈਨੂੰ ਕਈ ਦਰਵਾਜ਼ਿਆਂ 'ਤੇ ਲਿਆ ਖੜ੍ਹਾਇਆ ਸੀ।
ਇਕ ਦਿਲਚਸਪ ਗੱਲਬਾਤ ਤੇ ਮੰਜ਼ਰ ਵੀ ਸਾਹਮਣੇ ਆਇਆ। ਮੈਂ ਇਕ ਪੁਰਾਣੇ ਬਜ਼ੁਰਗ ਦੇ ਮੰਜੇ ਦੀ ਬਾਹੀ 'ਤੇ ਬੈਠਾ ਆਪਣੇ ਮਕਸਦ ਬਾਰੇ ਭੂਮਿਕਾ ਬੰਨ੍ਹ ਰਿਹਾ ਸੀ।
'ਬਾਬਾ ਜੀ, ਤੁਸੀਂ ਉਹ ਸਾਰੇ ਹਾਲਾਤ ਦੇਖੇ ਨੇ, ਕਲਾਕਾਰਾਂ 'ਚ ਵਿਚਰੇ ਹੋ, ਕੀ ਤੁਸੀਂ ਮੈਨੂੰ ਕਿਸੇ ਅਜਿਹੇ ਖਾਨਾ ਖ਼ਰਾਬ ਬਾਰੇ ਦੱਸੋਗੇ, ਜਿਸ ਨੇ ਦੁੱਖ ਪਿੰਡੇ 'ਤੇ ਹੰਢਾਏ, ਸਮਾਜ ਦੇ ਮਿਹਣੇ ਸਹੇ, ਭੁੱਖਾਂ ਕੱਟੀਆਂ ਪਰ ਉਸ ਨੇ ਕਲਾ ਸੰਭਾਲ ਕੇ ਰੱਖੀ ਤੇ ਉਸ ਨੂੰ ਅੱਗੇ ਤੋਰਿਆ ਹੋਵੇ?'
ਬਜ਼ੁਰਗ ਦੇ ਚਿਹਰੇ 'ਤੇ ਆਏ ਭਾਵ ਸ਼ਾਇਦ ਝੁਰੜੀਆਂ ਦੀ ਬਹੁਤਾਤ ਕਾਰਨ ਮੈਂ ਨਾ ਪੜ੍ਹ ਸਕਿਆ ਪਰ ਇੰਨਾ ਮੈਨੂੰ ਸਪੱਸ਼ਟ ਹੋ ਗਿਆ ਸੀ ਕਿ ਮੇਰਾ ਸਵਾਲ ਉਸ ਦੀ ਚਾਹਤ ਅਨੁਸਾਰ ਕਤਈ ਨਹੀਂ ਸੀ। ਕੁਝ ਦੇਰ ਚੁੱਪ ਰਿਹਾ ਤੇ ਫਿਰ ਤਲਖੀ ਨਾਲ ਬੋਲਿਆ ਸੀ, 'ਕਾਕਾ ਮੈਨੂੰ ਤਾਂ ਤੇਰਾ ਵੀ ਖਾਨਾ ਖ਼ਰਾਬ ਈ ਲਗਦੈ, ਭੁੱਖ ਨੰਗ ਦੀਆਂ ਕਹਾਣੀਆਂ ਭਾਲਦੈਂ ਫਿਰਦੈਂ।'
'ਮੈਂ ਉਨ੍ਹਾਂ ਲੋਕਾਂ ਵਾਸਤੇ ਕੁਝ ਕਰਨਾ ਚਾਹੁੰਨਾਂ...।'
'ਓ ਕਾਕਾ। ਅਕਲ ਬਦਾਮ ਖਾ ਕੇ ਨਈਂ ਧੱਕੇ ਖਾ ਕੇ ਆਉਂਦੀ ਐ, ਮੈਂ ਵੀ ਤੇਰੇ ਵਰਗਾ ਈ ਸਾਂ... ਮੂਰਖ... ਇਨ੍ਹਾਂ ਖਾਨਾ ਖ਼ਰਾਬਾਂ 'ਚ ਈ ਸਾਰੀ ਉਮਰ ਖ਼ਰਾਬ ਕਰ ਲੀ...।'
ਬਾਬੇ ਦੇ ਚਿਹਰੇ 'ਤੇ ਹੁਣ ਤਲਖੀ ਝੁਰੜੀਆਂ ਤੋਂ ਵੀ ਵੱਧ ਉਭਰ ਆਈ ਸੀ, ਮੈਂ ਜਿਵੇਂ ਉਸ ਦਾ ਕੋਈ ਜ਼ਖ਼ਮ ਛੇੜ ਦਿੱਤਾ ਸੀ। ਮੈਨੂੰ ਲੱਗਿਆ ਸੀ ਹੁਣ ਗੱਲ ਕਰਨਾ ਬੇਕਾਰ ਹੈ। ਮੈਂ ਮੰਜੇ ਤੋਂ ਉਠਿਆ, ਹੱਥ ਜੋੜੇ ਤੇ ਚੱਲਣ ਹੀ ਲੱਗਿਆ ਸਾਂ ਕਿ ਬਾਬਾ ਬੋਲਿਆ, 'ਓਹ ਕਾਕਾ, ਆਪਣੀ ਉਮਰ ਦੇਖ ਤੇ ਸੰਭਲ ਜਾ, ਓ ਹੁਣ ਤਾਂ ਖਾਨਾਖ਼ਰਾਬ ਦੀ ਗੱਲ ਨਈਂ ਗਾਣਾ ਖ਼ਰਾਬ ਦੀ ਗੱਲ ਕਰਨ ਦਾ ਟੈਮ ਆ। ਗਾਣਾ ਖ਼ਰਾਬਾਂ ਦੀ ਗੱਲ ਕਰ, ਪੂਰੀ ਫ਼ੌਜ ਭਰੀ ਪਈ ਐ ਇਨ੍ਹਾਂ ਦੀ। ਇਨ੍ਹਾਂ ਦੀਆਂ ਮੁਲਾਕਾਤਾਂ ਅਖ਼ਬਾਰਾਂ ਵਿਚ ਛਾਪ ਚਾਰ ਪੈਸੇ ਵੀ ਬਣ ਜਾਣਗੇ', ਕਹਿੰਦਾ-ਕਹਿੰਦਾ ਬਾਬਾ ਮੈਨੂੰ ਆਪਣੇ ਘਰ ਦੇ ਦਰਵਾਜ਼ੇ 'ਤੇ ਲੈ ਆਇਆ ਸੀ।
ਮੈਂ ਬਜ਼ੁਰਗ ਦੇ ਚਿਹਰੇ ਵੱਲ ਦੇਖਦਿਆਂ ਉਸ ਵਲੋਂ ਵਿਖਾਈ ਜਾ ਰਹੀ ਬੇਰੁਖ਼ੀ ਦਾ ਕਾਰਨ ਲੱਭ ਰਿਹਾ ਸਾਂ, ਜਿਹੜਾ ਕਿ ਛੇਤੀ ਹੀ ਮੈਨੂੰ ਲੱਭ ਗਿਆ ਸੀ... ਮੈਂ ਅਸਲੋਂ ਖਾਨਾ ਖ਼ਰਾਬ ਨਾਲ ਮੁਖਾਤਿਬ ਸਾਂ। ਮੈਂ ਨਿਰਾਸ਼ ਹੋ ਗਿਆ ਸੀ, ਮੇਰੇ ਪੱਲੇ ਕੁਝ ਨਹੀਂ ਪਿਆ ਸੀ ਪਰ ਇੰਨੀ ਪ੍ਰਾਪਤੀ ਨਾਲ ਵੀ ਖ਼ੁਸ਼ ਸਾਂ ਕਿ ਉਸ ਨੇ ਆਪਣੀ ਸਿਆਣਪ ਨਾਲ ਉਹ ਕੰਮ ਕਰ ਦਿੱਤਾ ਸੀ ਜੋ ਕਿਸੇ ਨੇ ਨਹੀਂ ਕੀਤਾ ਸੀ ਕਿ ਉਸ ਨੇ ਬੇਸੁਰੇ ਕਲਾਕਾਰਾਂ ਦੀ ਜਮਾਤ ਨੂੰ ਕਿੰਨੀ ਆਸਾਨੀ ਨਾਲ ਨਾਂਅ ਦੇ ਦਿੱਤਾ ਸੀ 'ਗਾਣਾ ਖ਼ਰਾਬ'।


-ਮੋਬਾਈਲ : 99156-20944.
tarsem54@gmail.com

ਕਹਾਣੀ- ਮਕਾਣ

ਪਾਲ ਸਿੰਘ ਆਪਣੇ ਸਵਰਗਵਾਸ ਹੋਏ ਭਣੋਈਏ ਦਰਬਾਰਾ ਸਿੰਘ ਦਾ ਅੰਤਮ ਸੰਸਕਾਰ ਕਰਵਾਉਣ ਲਈ ਆਪਣੇ ਸਕੇ-ਸੰਬੰਧੀਆਂ ਸਮੇਤ ਸਿੱਧਾ ਉੱਚੇ ਪਿੰਡ ਸ਼ਮਸ਼ਾਨਘਾਟ ਪਹੁੰਚ ਗਿਆ | ਸੰਸਕਾਰ ਕਰਵਾ ਕੇ ਉਹ ਤੇ ਪਿੰਡ ਦੀ ਸਾਰੀ ਸੰਗਤ ਗੁਰਦੁਆਰਾ ਸਾਹਿਬ ਪਹੁੰਚ ਗਈ | ਅਲਾਹੁਣੀਆਂ ਦਾ ਪਾਠ ਕਰ ਕੇ ਅਰਦਾਸ ਕਰਨ ਤੋਂ ਬਾਅਦ ਪਾਠੀ ਸਿੰਘ ਨੇ ਮਾਈਕ ਵਿਚ ਆਵਾਜ਼ ਦਿੱਤੀ, 'ਭਾਈ ਪਰਸੋਂ ਦਰਬਾਰਾ ਸਿੰਘ ਦਾ ਅੰਗੀਠਾ ਸੰਭਾਲਿਆ ਜਾਵੇਗਾ | ਮਕਾਣਾਂ ਦਾ ਆਉਣਾ ਤੇ ਜਾਣਾ ਪੰਚਾਇਤ ਵਲੋਂ ਬੰਦ ਹੈ |'
ਗੁਰਦੁਆਰਾ ਸਾਹਿਬ ਤੋਂ ਨਿਕਲਦਿਆਂ ਹੀ ਬੀਬੀਆਂ ਨੇ ਬੰਦ ਮਕਾਣਾਂ ਬਾਰੇ ਘੁਸਰ-ਮੁਸਰ ਸ਼ੁਰੂ ਕਰ ਦਿੱਤੀ | 'ਲੈ ਭਾਈ ਕਹਿੰਦਾ ਕਹਾਉਂਦਾ ਸਰਦਾਰ ਸੀ, ਭਰਿਆ ਘਰ ਛੱਡ ਕੇ ਗਿਆ, 10 ਸਾਲ ਸਰਪੰਚੀ ਕੀਤੀ, ਭੈਣੇ ਮਕਾਣਾਂ ਤਾਂ ਬਣਦੀਆਂ', ਤਾਈ ਮਹਿੰਦਰੋ ਨੇ ਘੁਸਰ-ਮੁਸਰ ਨੂੰ ਹਵਾ ਦੇ ਦਿੱਤੀ | ਪਾਲ ਸਿੰਘ ਤੇ ਨਾਲ ਆਏ ਪਤਵੰਤਿਆਂ ਨੇ ਬਥੇਰਾ ਕਿਹਾ ਕਿ ਜਦ ਪਿੰਡ ਦੀ ਪੰਚਾਇਤ ਨੇ ਮਕਾਣਾਂ ਬੰਦ ਕਰਵਾਈਆਂ ਤਾਂ ਆਪਾਂ ਨੂੰ ਮਕਾਣ ਨਹੀਂ ਆਉਣਾ ਚਾਹੀਦਾ, 75 ਸਾਲ ਦੀ ਉਮਰ ਸੀ, ਧੀਆਂ-ਪੁੱਤਾਂ ਵਲੋਂ ਵੀ ਸੌਖਾ ਗਿਆ | ਪਰ ਬੀਬੀਆਂ ਨੇ ਉਨ੍ਹਾਂ ਦੀ ਇਕ ਨਾ ਸੁਣੀ | ਅਖੀਰ ਪਤਵੰਤਿਆਂ ਨੂੰ ਝੁਕਣਾ ਪਿਆ | ਦੋਵਾਂ ਪਰਿਵਾਰਾਂ ਨੇ ਸਲਾਹ ਕਰ ਕੇ ਆਉਂਦੇ ਮੰਗਲਵਾਰ ਨੂੰ ਦਰਬਾਰਾ ਸਿੰਘ ਦੇ ਪਿੰਡ ਉੱਚੇ ਪਿੰਡ ਮਕਾਣ ਆਉਣ ਦਾ ਸੱਦਾ ਦੇ ਦਿੱਤਾ ਗਿਆ | ਪਾਲ ਸਿੰਘ ਤੇ ਸਾਰੇ ਸਕੇ ਸੰਬੰਧੀ ਘਰ ਜਾਣ ਦੀ ਬਜਾਏ ਗੁਰਦੁਆਰਾ ਸਾਹਿਬ ਤੋਂ ਹੀ ਆਪਣੀ ਭੈਣ ਨਾਲ ਦੁੱਖ ਸਾਂਝਾ ਕਰਕੇ ਆਪਣੇ ਪਿੰਡ ਨੂੰ ਰਵਾਨਾ ਹੋ ਗਏ |
ਪਾਲ ਸਿੰਘ ਨੇ ਆਪਣੇ ਸ਼ਰੀਕੇ ਦੇ ਬੰਦਿਆਂ ਨੂੰ ਮਕਾਣ ਜਾਣ ਲਈ ਦੋ ਗੱਡੀਆਂ ਵਿਚ ਬਿਠਾ ਲਿਆ ਤੇ ਪਿੰਡ ਵਿਚੋਂ ਆਪਣੇ ਦੋਸਤ 'ਬੰਸੇ' ਨੂੰ ਟਰੈਕਟਰ ਟਰਾਲੀ ਵਿਚ ਮਾਈਆਂ ਨੂੰ ਲੈਕੇ ਜਾਣ ਦੀ ਤਾਕੀਦ ਕੀਤੀ | ਪਾਲ ਸਿੰਘ ਨੇ ਬੰਸੇ ਨੂੰ ਆਪਣੇ ਭਣੋਈਏ ਦਾ ਘਰ ਸਮਝਾ ਦਿੱਤਾ |
ਪਾਲ ਸਿੰਘ ਤੇ ਸਾਥੀ ਗੱਡੀਆਂ ਲੈ ਕੇ ਤੁਰ ਪਏ ਤੇ ਬੰਸਾ ਮਾਈਆਂ ਨੂੰ ਟਰੈਕਟਰ-ਟਰਾਲੀ ਵਿਚ ਬਿਠਾ ਕੇ ਉੱਚੇ ਪਿੰਡ ਵੱਲ ਚੱਲ ਪਿਆ |
ਤਾਈ ਮਹਿੰਦਰੋ ਵੈਣ ਪਾਉਣ ਦੀ ਮਾਹਰ ਸੀ | ਉਸ ਨੂੰ ਸਾਰਾ ਪਿੰਡ ਮਕਾਣ ਲੈ ਕੇ ਜਾਂਦਾ ਤੇ ਉਸ ਨੂੰ ਵੀ ਜਦੋਂ ਕੋਈ ਮਕਾਣ ਆਉਂਦੀ ਤਾਂ ਚਾਅ ਜਿਹਾ ਚੜ੍ਹ ਜਾਂਦਾ | ਤਾਈ ਮਹਿੰਦਰੋ ਗੋਲ਼ੀ ਖਾ ਕੇ ਪੂਰੀ ਤਿਆਰੀ ਵਿਚ ਸੀ |
ਬੰਸੇ ਨੇ ਟਰੈਕਟਰ ਉੱਚੇ ਪਿੰਡ ਜਾ ਕੇ ਦਰਵਾਜ਼ੇ ਵਿਚ ਰੋਕ ਲਿਆ | ਮਾਈਆਂ ਨੇ ਟਰਾਲੀ ਵਿਚੋਂ ਉਤਰਦਿਆਂ ਹੀ ਵੈਣ ਪਾਉਣੇ ਤੇ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ | ਸੱਥਰ 'ਤੇ ਬੈਠੇ ਬੰਦਿਆਂ ਤੇ ਮਾਈਆਂ ਦਾ ਧਿਆਨ ਉਨ੍ਹਾਂ ਵੱਲ ਜਾਣਾ ਕੁਦਰਤੀ ਸੀ | ਤਾਈ ਮਹਿੰਦਰੋ ਦੀ ਪ੍ਰਧਾਨਗੀ ਹੇਠ ਜਦੋਂ ਪਿੱਟ ਸਿਆਪਾ ਪੂਰੇ ਜੋਬਨ 'ਤੇ ਪਹੰੁਚ ਗਿਆ ਤਾਂ ਸੱਥਰ 'ਤੇ ਬੈਠੀ ਕਿਸੇ ਮਾਈ ਨੇ ਚੰਦੂ ਅਮਲੀ ਦੇ ਕੰਨ ਵਿਚ ਕੁਝ ਕਿਹਾ | ਚੰਦੂ ਅਮਲੀ ਤਾਈ ਮਹਿੰਦਰੋ ਕੋਲ ਜਾ ਕੇ ਉਸ ਦੇ ਕੰਨ ਵਿਚ ਕੁਝ ਕਹਿਣ ਹੀ ਲੱਗਾ ਸੀ ਕਿ ਵੈਣ ਪਾਉਂਦੀ ਵਜ਼ਨ ਵਿਚ ਭਾਰੀ ਤਾਈ ਮਹਿੰਦਰੋ ਦਾ ਪਾਸਾ ਚੰਦੂ ਅਮਲੀ ਦੇ ਵੱਜਾ ਤੇ ਚੰਦੂ ਰਿੜ੍ਹਦਾ ਹੋਇਆ ਵਰਾਂਡੇ ਵਿਚ ਬੰਨ੍ਹੀ ਗਾਂ ਦੀਆਂ ਲੱਤਾਂ ਵਿਚ ਜਾ ਵੱਜਾ | ਗਾਂ ਰੱਸਾ ਤੁੜਵਾ ਕੇ ਵਿਹੜੇ ਵਿਚ ਭੱਜਣ ਲੱਗੀ | ਚਾਰ ਜਣਿਆਂ ਨੇ ਗਾਂ ਨੂੰ ਮਸਾਂ ਕਾਬੂ ਕੀਤਾ, ਵਿਚ ਬੈਠੇ ਲੰਬੜਦਾਰ ਕਰਤਾਰ ਸਿੰਘ ਨੇ ਉੱਚੀ ਆਵਾਜ਼ ਵਿਚ ਕਿਹਾ, 'ਭਾਈ ਬੱਸ ਕਰੋ | ਇਸ ਘਰੇ ਤਾਂ ਸਾਡੀ ਮਾਤਾ ਦਾ ਸਵਰਗਵਾਸ ਹੋਇਆ, ਦਰਬਾਰਾ ਸਿੰਘ ਦਾ ਘਰ ਤਾਂ ਅਗਲੀ ਗਲੀ 'ਚ ਹੈ |'
ਮਾਈਆਂ ਸੁਸਰੀ ਵਾਂਗ ਸੌਾ ਗਈਆਂ ਜਿਵੇਂ ਕਿਸੇ ਨੇ ਚਲਦੇ ਸਪੀਕਰ ਦੀ ਸਵਿੱਚ ਕੱਟ ਦਿੱਤਾ ਹੋਵੇ | ਚਵਾ-ਚਵੀ ਕਰਦੀਆਂ ਉਸ ਘਰੋਂ ਨਿਕਲ ਕੇ ਦਰਬਾਰਾ ਸਿੰਘ ਦੇ ਘਰ ਵੱਲ ਹੋ ਤੁਰੀਆਂ |
ਦਰਬਾਰਾ ਸਿੰਘ ਦੇ ਘਰ ਥੋੜ੍ਹੇ ਜਿਹੇ ਵੈਣ ਪਾ ਕੇ ਸੱਥਰ 'ਤੇ ਬੈਠ ਗਈਆਂ ਜਿਵੇਂ ਸਾਰੇ ਵੈਣ ਪਹਿਲਾਂ ਹੀ ਖਤਮ ਕਰ ਆਈਆਂ ਹੋਣ |
ਪਾਲ ਸਿੰਘ ਹੋਰੀਂ ਪਹਿਲਾਂ ਬੈਠੇ ਸਨ | 'ਭਾਈ ਬਹੁਤ ਮਾੜਾ ਹੋਇਆ, ਬਜ਼ੁਰਗਾਂ ਦਾ ਤਾਂ ਘਰ ਬੈਠਿਆਂ ਦਾ ਹੀ ਬਹੁਤ ਆਸਰਾ ਹੁੰਦਾ ਹੈ', ਕੁਝ ਕੁ ਮੁਹਤਬਰਾਂ ਨੇ ਅਜਿਹੇ ਦੋ ਕੁ ਸ਼ਬਦ ਦਰਬਾਰਾ ਸਿੰਘ ਦੇ ਬੇਟੇ ਜੀਤੇ ਨਾਲ ਸਾਂਝੇ ਕੀਤੇ ਤੇ ਆਪੋ-ਆਪਣੀਆਂ ਛੱਡਣ ਲੱਗੇ, 'ਐਸ ਸਰਕਾਰ ਨੇ ਆਹ ਨੀ ਕੀਤਾ, ਓਸ ਸਰਕਾਰ ਨੇ ਆਹ ਕਰਤਾ, ਗੇਲੇ ਕੀ ਕਣਕ ਦਾ ਝਾੜ ਬਹੁਤ ਨਿਕਲਿਆ, ਪੰਮੇ ਕੇ ਖੇਤ ਬਹੁਤ ਖਤਰਨਾਕ ਸੱਪਾਂ ਦਾ ਜੋੜਾ ਰਹਿੰਦੈ |' ਐਰਾ-ਵਗੈਰਾ ਕਰਕੇ, ਮਟਰ ਪਨੀਰ ਨਾਲ ਰੋਟੀ ਤੇ ਬਦਾਮਾਂ ਵਾਲੀ ਖੀਰ ਕੇ ਆਪਣੇ ਪਿੰਡ ਨੂੰ ਚਾਲੇ ਪਾ ਦਿੱਤੇ |
ਤਾਈ ਮਹਿੰਦਰੋ ਨੇ ਸ਼ਰਮ ਮਹਿਸੂਸ ਕਰਦਿਆਂ ਆਪਣੇ ਪਿੰਡ ਨੂੰ ਜਾਂਦੇ ਹੋਏ ਟਰਾਲੀ ਵਿਚ ਹੀ ਬੈਠਿਆਂ ਸਾਰੀਆਂ ਮਾਈਆਂ ਦੀ ਸਹਿਮਤੀ ਨਾਲ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਸਮਾਜਿਕ ਕੁਰੀਤੀਆਂ ਵਿਰੁੱਧ ਕੀਤੇ ਪੰਚਾਇਤਾਂ ਦੇ ਫੈਸਲੇ ਨਹੀਂ ਤੋੜਨੇ |

-ਪਿੰਡ ਕਾਹਨ ਸਿੰਘ ਵਾਲਾ, ਡਾਕ: ਜੋਗੇਵਾਲਾ, ਜ਼ਿਲ੍ਹਾ ਮੋਗਾ | ਮੋਬਾਈਲ : 89686-00674.

ਇਕ ਅਪ੍ਰੈਲ ਦੇ ਪ੍ਰਸੰਗ ਵਿਚ ਕਿੱਦਾਂ ਰਿਹਾ ਐਪ੍ਰਲ ਫੂਲ

ਐਪ੍ਰਲ ਫੂਲ ਵਾਲੇ ਦਿਨ 'ਘੁੱਦੂ ਮੀਰਜ਼ਾਦਾ' ਘੋੜੀ 'ਤੇ ਸਵਾਰ ਹੋ ਕੇ ਬੈਠਾ ਹੋਇਆ ਸੀ ਅਤੇ ਜੋ ਆਪਣੇ ਸਿਰ ਉੱਪਰ ਪੱਠਿਆਂ ਦੀ ਪੰਡ ਰੱਖ ਕੇ ਇਕ ਗੀਤ ਦੀਆਂ ਤੁੱਕਾਂ 'ਜੋਗੀ ਉੱਤਰ ਪਹਾੜੋਂ ਆਇਆ...' ਗਾਉਂਦਾ ਹੋਇਆ ਸੱਥ ਵਿਚ ਦੀ ਲੰਘ ਰਿਹਾ ਸੀ |
ਓਏ ਸੁਣਾ ਬਈ ਮੀਰਜ਼ਾਦਿਆ... ਆਹ ਕੀ ਪਤੰਦਰਾ ਜਲੂਸ ਜਿਹਾ ਕੱਢੀ ਫਿਰਦੈਂ, ਕਿਤੇ ਪਾਗਲ ਤਾਂ ਨਹੀਂ ਹੋ ਗਿਆ', ਸੱਥ 'ਚ ਤਾਸ਼ ਖੇਡਦੇ ਬੰਦਿਆਂ ਦੀ ਢਾਣੀ ਨੇ ਹੈਰਾਨਗੀ ਪ੍ਰਗਟਾਉਂਦਿਆਂ ਇਕੋ ਹੀ ਆਵਾਜ਼ 'ਚ ਪੁੱਛਿਆ |
ਓ... ਬਈ ਪ੍ਰਭੋ.... ਰਾਜਿਆਂ ਦੀਆਂ ਖੈਰਾਂ, ਮਹਾਰਾਜਿਆਂ ਦੀਆਂ ਖੈਰਾਂ... ਗੱਲ ਇਸ ਤਰ੍ਹਾਂ ਐ ਕਿ ਕੱਲ੍ਹ ਮੇਰੀ ਘੋੜੀ ਜ਼ਰਾ ਢਿੱਲੀ-ਮੱਠੀ ਜਿਹੀ ਹੋ ਗਈ ਸੀ ਤੇ ਡਾਕਟਰ ਨੇ ਘੋੜੀ 'ਤੇ ਜ਼ਿਆਦਾ ਵਜ਼ਨ ਨਾ ਪਾਉਣ ਦੀ ਸਲਾਹ ਦਿੱਤੀ ਸੀ |
ਹਾਅ... ਹਾਅ... ਹਾਅ... ਪਤੰਦਰਾ ਫੇਰ ਤੈਥੋਂ ਏਦੰੂ ਵੱਡਾ ਮੂਰਖ ਕਿਹੜਾ ਹੋ ਸਕਦੈ... ਇਕ ਤਾਂ ਘੋੜੀ ਉੱਪਰ ਆਪ ਚੜਿ੍ਹਆ ਬੈਠਾ ਏਾ ਅਤੇ ਦੂਜਾ ਆਵਦੇ ਸਿਰ ਉੱਪਰ ਪੱਠਿਆਂ ਦੀ ਪੰਡ ਰੱਖੀ ਫਿਰਦੈਂ... ਓਏ ਨਾਲੇ ਆਹ ਇਕ ਪੀਪਾ ਜਿਹਾ ਕਾਹਦਾ ਪਿਛੇ ਲਮਕਾਈ ਫਿਰਦੈਂ, ਕੈਲੇ ਬੁੜ੍ਹੇ ਨੇ ਇਕ ਹੋਰ ਸਵਾਲ ਕਰਦਿਆਂ ਕਿਹਾ |
ਪ੍ਰਭਾ ਆਤੂ ਮਹਾਜਨ ਦੀ ਦੁਕਾਨ ਤੋਂ ਇਹ ਘਿਓ ਦਾ ਪੀਪਾ ਖਰੀਦ ਕੇ ਲਿਆਇਆ ਹਾਂ ਮੇਰੀ ਬਹੂ ਕੋਲ ਮਸਾਂ ਹੀ ਤਿੰਨ ਸਾਲ ਬਾਅਦ ਮੰੁਡਾ ਹੋਇਆ ਹੈ ਉਹਦੇ ਵਾਸਤੇ ਪੰਜੀਰੀ ਬਣਾ ਕੇ ਲਿਜਾਣੀ ਹੈ |
ਓਏ ਪਤੰਦਰਾ ਸਾਨੂੰ ਮੂਰਖ ਬਣਾਉਨੈਂ, ਤੇਰੀ ਬਹੂ ਤਾਂ ਤੇਰੇ ਨਾਲ ਰੁੱਸ ਕੇ ਆਵਦੇ ਪੇਕੇ ਘਰ ਬੈਠੀ ਐ |
ਹਾਂ ਪ੍ਰਭਾ ਬਹੂ ਤਾਂ ਆਵਦੇ ਪੇਕੇ ਘਰ ਬੈਠੀ ਐ, ਤਿੰਨ ਸਾਲ ਤੋਂ ਨਾ ਕਦੇ ਉਹ ਆਵਦੇ ਸਹੁਰੇ ਘਰ ਆਈ ਹੈ ਅਤੇ ਨਾ ਹੀ ਮੈਂ ਕਦੇ ਸਹੁਰੇ ਘਰ ਗਿਆ ਹਾਂ |
ਹਾਅ... ਹਾਅ... ਹਾਅ... ਪਤੰਦਰਾ ਤਿੰਨ ਸਾਲ ਦੇ ਵਕਫ਼ੇ ਕਾਰਨ ਮੰੁਡਾ... ਗੱਲ ਕੋਈ ਜਚਦੀ ਨਹੀਂ, ਤਾਹੀਂ ਤਾਂ ਤੇਰੇ ਮਾਪਿਆਂ ਨੇ ਤੇਰਾ ਨਾਂਅ ਸਹੀ ਹੀ ਘੁੱਦੂ ਮੀਰਜ਼ਾਦਾ ਰੱਖਿਆ ਸੀ | ਸਾਨੂੰ ਤਾਂ ਤੂੰ ਮੂਰਖ ਹੀ ਨਹੀਂ ਮਹਾਂ ਮੂਰਖ ਲਗਦੈਂ |
ਹਾਅ... ਹਾਅ... ਹਾਅ... | ਪ੍ਰਭਾ ਖ਼ੁਸ਼ ਰਹੋ, ਜਿਊਾਦੇ ਰਹੋ, ਵਸਦੇ ਰਹੋ, ਇਹ ਪੀਪਾ ਤਾਂ ਪਾਣੀ ਵਾਲਾ ਐ, ਮੈਂ ਫਿਲਟਰ ਤੋਂ ਪਾਣੀ ਭਰ ਕੇ ਲਿਆਇਆ ਹਾਂ ਅਤੇ ਨਾ ਤਾਂ ਮੈਂ ਮੂਰਖ ਹਾਂ ਅਤੇ ਨਾ ਹੀ ਤੁਸੀਂ ਮੇਰੀਆਂ ਗੱਲਾਂ ਸੁਣਨ ਵਾਲੇ ਮੂਰਖ ਹੋ... ਅੱਜ ਦਾ ਤਾਂ ਦਿਨ ਹੀ ਇਕ-ਦੂਜੇ ਨੂੰ ਮੂਰਖ ਬਣਾਉਣ ਦਾ ਹੀ ਮੰਨਿਆ ਗਿਆ ਹੈ | ਜਿਸ ਦਾ ਨਾਂਅ ਹੀ ਹੈ... ਐਪ੍ਰਲ ਫੂਲ ਹੈ | ਚੰਗਾ ਮੈਂ ਚਲਦੈ... ਸਦਾ ਖੁਸ਼ ਰਹੋ |

-ਪਿੰਡ ਲੰਗੇਆਣਾ ਕਲਾਂ, ਜ਼ਿਲ੍ਹਾ ਮੋਗਾ |
ਮੋਬਾਈਲ : 98781-17285.

ਮੌਤ ਦੇ ਸਾਏ ਹੇਠ

ਸਾਰੀ ਰਾਤ ਮੈਨੂੰ ਨੀਂਦ ਨਹੀਂ ਸੀ ਪਈ, ਮਨ ਵਿਚ ਡਰਾਉਣੀਆਂ ਤੇ ਦਿਲ ਕੰਬਾਊ ਘਟਨਾਵਾਂ ਮੇਰਾ ਪਿੱਛਾ ਕਰਦੀਆਂ ਰਹੀਆਂ, ਪੋਤਰੀ ਗੁਰਲੀਨ ਦੇ ਮਾਸੂਮ ਭੋਲੇ ਬੋਲ ਕਿ 'ਦਾਦਾ ਜੀ ਇਹ ਤੁਸੀਂ ਚੰਗਾ ਨਹੀਂ ਕੀਤਾ' ਉਸ ਨਾਲ... | ਤੁਸੀਂ ਤੇ ਬੁੱਧੀਮਾਨ ਹੋ ਦਾਦਾ ਜੀ, ਉਨ੍ਹਾਂ ਦੇ ਘਰ ਜਾ ਕੇ ਮਾਂ-ਪਿਉ ਨੂੰ ਸਮਝਾਉਂਦੇ ਤੇ ਹੋਰ ਕਈ ਸਿਆਣੇ ਦੇ ਕਰਨ ਵਾਲੀਆਂ ਗੱਲਾਂ ਉਹ ਮੈਨੂੰ ਆਪਣੇ ਭੋਲੇ ਮੱੁਖ ਤੋਂ ਕਹਿ ਗਈ... |
ਮੈਨੂੰ ਕਦੇ ਦਿੱਲੀ ਵਿਚ 8 ਸਾਲ ਦੀ ਲੜਕੀ ਨਾਲ ਕੀਤੇ ਗਏ ਸਮੂਹਿਕ ਜਬਰ ਜਨਾਹ ..., ਕਦੇ ਮਾਸੂਮ ਬੱਚੀ ਦੇ ਜਬਰ ਜਨਾਹ ਤੋਂ ਬਾਅਦ 50 ਸਾਲ ਦੇ ਬਜ਼ੁਰਗ ਵਲੋਂ ਕੀਤੇ ਉਸ ਦੇ ਕਤਲ ਦਾ..., ਤੇ ਕਦੇ ਟਾਫੀਆਂ ਦੇਣ ਦੇ ਬਹਾਨੇ ਗਲੀ ਵਿਚ ਆਉਂਦੀ ਨੰਨ੍ਹੀ ਨੂੰ ਨੌਜਵਾਨ ਵਲੋਂ ਫੁਸਲਾਅ ਕੇ ਜਬਰ ਜਨਾਹ ਕਰਕੇ ਲਾਸ਼ ਤੂੜੀ ਵਿਚ ਦੱਬ ਦੇਣ ਬਾਰੇ... ਖਿਆਲ ਆਉਂਦੇ ਰਹੇ | ਮੇਰਾ ਮਨ ਮੈਨੂੰ ਫਿਟਕਾਰਾਂ ਪਾ ਰਿਹਾ ਸੀ ਕਿ ਤੂੰ ਉਸ ਮਾਸੂਮ ਦੇ ਭੋਲੇ ਮਾਪਿਆਂ ਨੂੰ ਕਿਉਂ ਨਹੀਂ ਮਿਲ ਕੇ ਆਇਆ ਤੇ ਕਿਉਂ ਨਹੀਂ ਉਨ੍ਹਾਂ ਨੂੰ ਸਮਾਜ ਵਿਚ ਮਾਸੂਮ ਬਾਲੜੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਬਾਰੇ ਦੱਸਿਆ |
ਗੱਲ ਕੱਲ੍ਹ 2 ਕੁ ਵਜੇ ਦੀ ਸੀ ਕਿ ਮੈਂ ਇਕੱਲਾ ਮੋਟਰਸਾਈਕਲ ਉਪਰ ਸਵਾਰ ਹੋ ਕੇ ਇਕ ਸ਼ਗਨ ਵੇਖ ਕੇ 10 ਕੁ ਕਿਲੋਮੀਟਰ ਹਟਵੇਂ ਆਪਣੇ ਪਿੰਡ ਪਰਤ ਰਿਹਾ ਸੀ ਰਸਤੇ ਵਿਚ ਪੈਂਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਇਕ 8 ਕੁ ਸਾਲ ਦੀ ਲੜਕੀ ਨੇ ਮੈਨੂੰ ਹੱਥ ਦਿੱਤਾ...ਅੰਕਲ ਰੁਕੋ... | ਮੈਂ ਮੋਟਰਸਾਈਕਲ ਰੋਕ ਕੇ ਪੁੱਛਿਆ ਹਾਂ ਬੇਟੀ ਕਿਥੇ ਜਾਣਾ ਏ ਤੂੰ, ਉਸ ਨੇ ਕਿਹਾ ਅੰਕਲ ਭੱਠੇ ਉਪਰ ਉਤਾਰ ਦੇਣਾ | ਭੱਠਾ ਸਕੂਲ ਤੋਂ 3 ਕਿਲੋਮੀਟਰ ਹਟਵਾਂ ਸੀ |
ਮੈਂ ਉਸ ਨੂੰ ਪੁੱਛਿਆ ਬੇਟੀ ਇਕੱਲੀ ਆਉਂਦੀ ਏਾ..., ਹਾਂ ਅੰਕਲ ਭੱਠੇ ਤੋਂ ਮੈਂ ਇਕੱਲੀ ਹੀ ਪੜ੍ਹਨ ਆਉਂਦੀ ਹਾਂ | ਉਸ ਨੇ ਮੇਰੇ ਮੋਟਰਸਾਈਕਲ ਉੱਪਰ ਬੈਠਦਿਆਂ ਕਿਹਾ | ਬੇਟੀ ਤੈਨੂੰ ਕੋਈ ਸਕੂਲ ਛੱਡਣ ਜਾਂ ਲੈ ਜਾਣ ਨਹੀਂ ਆਉਂਦਾ... | ਅੰਕਲ ਕਦੇ-ਕਦੇ ਪਾਪਾ ਆ ਜਾਂਦੇ ਹਨ ਪਰ ਹੁਣ ਜ਼ਿਆਦਾ ਕੰਮ ਹੋਣ ਕਾਰਨ ਅਤੇ ਘਰ ਵਿਚ ਤਿੰਨ ਨਿੱਕੇ ਭੈਣ-ਭਰਾ ਹੋਣ ਕਾਰਨ ਜ਼ਿਆਦਾ ਦਿਨ ਮੈਂ ਇਕੱਲੀ ਹੀ ਸਕੂਲ ਪੈਦਲ ਜਾਂਦੀ ਹਾਂ ਤੇ ਆਉਂਦੀ ਹਾਂ ਜਾਂ ਕਈ ਵਾਰ ਆਪ ਵਰਗੇ ਅੰਕਲ ਦੇ ਪਿੱਛੇ ਬੈਠ ਜਾਂਦੀ ਹਾਂ |
ਉਸ ਮਾਸੂਮ ਨੂੰ ਭੱਠੇ 'ਤੇ ਉਤਾਰ ਕੇ ਜਦੋਂ ਮੈਂ ਘਰ ਪੁੱਜਾ ਤਾ ਮੇਰੀ ਸ਼ਹਿਰ ਸਕੂਲ ਪੜ੍ਹਦੀ ਪੋਤਰੀ ਮੈਨੂੰ ਗਲਵਕੜੀ ਪਾ ਕੇ ਪਿਆਰ ਨਾਲ ਮਿਲੀ... | ਉਸ ਦੇ ਚਿਹਰੇ ਵੱਲ ਵੇਖ ਮੈਨੂੰ ਅਹਿਸਾਸ ਹੋਇਆ ਕਿ ਮਨਾਂ ਉਹ ਵੀ ਤਾਂ ਤੇਰੀ ਪੋਤਰੀ ਵਰਗੀ ਸੀ ਤੇ ਉਸ ਦੀ ਉਮਰ ਵੀ....ਇੰਨੀ ਹੀ ਸੀ, ਜੇਕਰ ਤੇਰੀ ਪੋਤਰੀ ਉਸ ਜਗ੍ਹਾ ਹੁੰਦੀ ਤਾਂ ਕਿ ਤੂੰ... | ਨਹੀਂ-ਨਹੀਂ ਇਹ ਨਹੀਂ ਹੋ ਸਕਦਾ... ਮਨ ਵਿਚ ਆਏ ਇਸ ਭੈੜੇ ਵਿਚਾਰਾਂ ਨੂੰ ਲੈ ਕੇ ਮਨ ਸਾਰੀ ਰਾਤ ਪ੍ਰੇਸ਼ਾਨ ਰਿਹਾ ਸੀ... | ਸਵੇਰ ਹੁੰਦੇ ਹੀ ਮੈਂ ਭੱਠੇ ਉਪਰ ਉਸ ਮਾਸੂਮ ਲੜਕੀ ਦੇ ਘਰ ਪੁੱਜ ਗਿਆ ਸੀ ਤੇ ਉਸ ਦੇ ਗਰੀਬ ਮਾਂ-ਬਾਪ ਨੂੰ ਸਮਾਜ ਵਿਚ ਹੋ ਰਹੀਆਂ ਘਟਨਾਵਾਂ ਬਾਰੇ ਦੱਸਿਆ ਤੇ ਬੇਨਤੀ ਕੀਤੀ ਕਿ ਬੇਟੀ ਨੂੰ ਤੁਸੀਂ ਆਪ ਸਕੂਲ ਛੱਡ ਕੇ ਅਤੇ ਲੈ ਕੇ ਆਇਆ ਕਰੋ | ਉਸ ਦੇ ਪਿਤਾ ਨੇ ਮੇਰੀ ਗੱਲ ਧਿਆਨ ਨਾਲ ਸੁਣੀ ਤੇ ਵਿਸ਼ਵਾਸ ਦਿਵਾਇਆ ਕਿ ਅੱਜ ਤੋਂ ਬਾਅਦ ਮੈਂ ਲੜਕੀ ਨੂੰ ਆਪ ਸਕੂਲ ਛੱਡ ਕੇ ਅਤੇ ਲੈ ਕੇ ਆਇਆ ਕਰੂੰ | ਇਹ ਸੁਣ ਮੇਰੇ ਮਨ ਨੂੰ ਹੌਸਲਾ ਹੋਇਆ ਅਤੇ ਰਾਤ ਦੀ ਹੋ ਰਹੀ ਪ੍ਰੇਸ਼ਾਨੀ ਤੋਂ ਕੁਝ ਰਾਹਤ ਮਿਲੀ |
ਉਸ ਮਾਸੂਮ ਦੇ ਘਰੋਂ ਮੈਂ ਚਾਹ ਪੀ ਵਾਪਸ ਪਿੰਡ ਨੂੰ ਮੋਟਰਸਾਈਕਲ ਉਪਰ ਸਵਾਰ ਹੋ ਕੇ ਆ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਸਰਕਾਰ ਲੱਖਾਂ-ਕਰੋੜਾਂ ਰੁਪਏ ਆਪਣੇ ਮੰਤਰੀਆਂ, ਵਿਧਾਇਕਾਂ ਤੇ ਹੋਰਨਾ ਨਿਕੰਮੇ ਕਾਰਜਾਂ ਲਈ ਖਰਚ ਰਹੀ ਹੈ ਪਰ ਗਰੀਬਾਂ ਦੇ ਬੱਚਿਆਂ ਲਈ ਇਕ ਨਿਗੂਣੀ ਬੱਸ ਜਾਂ ਟੈਂਪੂ ਦੀ ਸਰਵਿਸ ਵਾਸਤੇ ਇਨ੍ਹਾਂ ਕੋਲ ਕੋਈ ਵੀ ਬਜਟ ਨਹੀਂ ਹੈ ਤੇ ਨਾ ਹੀ ਇਸ ਬਾਰੇ ਕਦੇ ਕਿਸੇ ਲੀਡਰ ਜਾਂ ਮੰਤਰੀ ਨੇ ਸੋਚਿਆ ਹੈ |

-ਮੋਬਾਈਲ : 9855250365

ਲਾਚਾਰੀ

ਦਿਨ-ਬਦਿਨ ਕੰਮ ਕਰਨ ਦੀ ਘਟਦੀ ਸਮਰੱਥਾ ਦਾ ਝੋਰਾ ਅਤੇ ਵਧਦੀ ਮਹਿੰਗਾਈ ਨੂੰ ਠੱਲ੍ਹਣ 'ਚ ਨਾਕਾਮ ਮੇਲੂ ਆਪਣੀ ਟੁੱਟੀ ਕਬੀਲਦਾਰੀ ਨੂੰ ਗੰਢਣ ਦੇ ਉਧੇੜਬੁਣ ਕਰਦਾ ਆਪਣੇ-ਆਪ ਨੂੰ ਝੰਬਿਆ ਹੋਇਆ ਮਹਿਸੂਸ ਕਰ ਰਿਹਾ ਸੀ | ਨਸ਼ੇ ਨਾਲ ਰੱਜੇ ਮਿਸਤਰੀ ਨੇ ਕਿਹਾ, 'ਮਸਾਲੇ ਨੂੰ ਭੋਰਾ ਨਰਮ ਕਰ ਲੈ, ਲਗਦਾ ਕਈ ਦਿਨ ਲੱਗ ਗੇ ਤੇਰੇ |' ਕੋਲ ਬੈਠੇ ਮਾਲਕ ਨੇ ਟਾਂਚ ਮਾਰਦਿਆਂ ਕਿਹਾ | ਬੱਠਲ 'ਚ ਚਮਚੇ ਨਾਲ ਪਾਣੀ ਪਾ ਲੈ | ਮਨ ਹੀ ਮਨ ਮੇਲੂ ਨੂੰ ਇਕ ਕਿੜ੍ਹ ਜਿਹੀ ਚੜ੍ਹੀ ਪਰ ਆਰਥਿਕਤਾ ਦੀ ਮਜਬੂਰੀ ਨੇ ਉਸ ਨੂੰ ਨੀਵੀਂ ਪਾ ਕੰਮ 'ਤੇ ਲੱਗਣ ਲਈ ਮਜਬੂਰ ਕਰ ਦਿੱਤਾ ਸੀ | ਉਸ ਨੇ ਮਾਲਕ ਨੂੰ ਗਾਲ੍ਹ ਕੱਢਣ ਵਾਂਗ ਕਿਹਾ, 'ਤੈਨੂੰ ਕੀ ਪਤਾ ਸਰਕਾਰੀ ਦਫ਼ਤਰਾਂ 'ਚ ਬੁਰਕੀਆਂ ਚਰਨ ਵਾਲੇ ਸਰਕਾਰੀ ਬੰਦੇ ਨੂੰ ਕਿਵੇਂ ਹੁੰਦੀ ਆ ਗਰਮੀ ਦੇ ਹੰੁਮਸ ਭਰੇ ਮੌਸਮ ਵਿਚ ਮਜ਼ਦੂਰੀ | ਭੇਡ ਤੋਂ ਉੱਨ ਲਾਹੁਣ ਵਾਂਗ ਅਗਲੇ ਦਿਹਾੜੀਦਾਰ ਦਾ ਚੰਮ ਉਧੇੜ ਕੇ ਛੱਡਦੇ ਨੇ | ਉਹ ਆਪਣੀ ਕਲਪਨਾਮਈ ਸੋਚ ਵਿਚ ਆਖਦਾ ਹੈ ਕਿ ਸਰਕਾਰੀ ਬੰਦੇ ਤਾਂ ਸਤਿਕਾਰ ਸਹਿਤ ਸੇਵਾਮੁਕਤ ਹੋ ਪੈਨਸ਼ਨਰ ਹੋ ਜਾਂਦੇ ਨੇ ਪਰ ਮਜ਼ਦੂਰ ਨੂੰ ਕੌਣ ਸੇਵਾਮੁਕਤ, ਕਿਹੜੀ ਪੈਨਸ਼ਨ ਅਤੇ ਭੱਤੇ ਕੌਣ ਦਿੰਦਾ ਹੈ | ਮਿਸਤਰੀ ਦੁਬਾਰਾ ਆਵਾਜ਼ ਮਾਰਦਾ ਹੈ ਉਹ ਆਪਣੇ ਹੱਥਲੇ ਕੰਮ ਨੂੰ ਕਾਹਲੀ ਨਾਲ ਨਿਬੇੜਨ ਲੱਗ ਪਿਆ |

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 98156-88236.

ਤੋਲਾ

ਬਿਸ਼ਨੀ ਨੇ ਮੇਰੇ ਸਕੂਟਰ ਅੱਗੇ ਹੱਥ ਦੇ ਕੇ ਮੈਨੂੰ ਗਲੀ 'ਚ ਹੀ ਰੋਕ ਲਿਆ ਤੇ ਇਕੋ ਸਾਹੇ ਬੋਲਣਾ ਸ਼ੁਰੂ ਕਰ ਦਿੱਤਾ, 'ਮੈਡਮ ਜੀ! ਮੈਨੂੰ ਹਜ਼ਾਰ ਰੁਪਈਆ ਉਧਾਰਾ ਦੇ ਦਿਓ... ਮੈਂ ਕਣਕ ਖਰੀਦਣੀ ਹੈ | ਮੈਂ ਵੀ ਹਾਮੀ ਭਰਦਿਆਂ ਨਾਲ ਹੀ ਸਲਾਹ ਵੀ ਦੇ ਦਿੱਤੀ', ਕਣਕ ਨਾਲੋਂ ਤੂੰ ਆਟਾ ਖਰੀਦ ਲਿਆ ਕਰ |
ਨਹੀਂ ਮੈਡਮ ਜੀ... ਮੈਂ ਆਪਣੇ ਮੰੁਡੇ ਦਾ ਤੋਲਾ ਕਰਵਾਉਣਾ ਹੈ | ਇਕੋ ਮੰੁਡਾ ਹੈ ਮੇਰਾ...ਉਹ ਵੀ ਬਿਮਾਰ ਰਹਿੰਦਾ ਹੈ... ਪੰਡਤ ਨੇ ਗ੍ਰਹਿ ਸ਼ਾਂਤੀ ਲਈ ਤੋਲਾ ਦੱਸਿਆ ਹੈ |
ਮੈਨੂੰ ਗੁੱਸਾ ਆ ਗਿਾ | ਬਿਨਾਂ ਬੋਲੇ ਮੈਂ ਸਕੂਟਰ ਦੀ ਕਿੱਕ ਮਾਰੀ ਤੇ ਘਰ ਪਹੁੰਚ ਗਈ | ਤਰਕ ਵਿਹੂਣੀ ਜ਼ਿੰਦਗੀ ਵਿਚ ਕਿਵੇਂ ਅਗਿਆਨਤਾ ਵੱਸ ਇਹ ਲੋਕ ਜ਼ਿੰਦਗੀ ਦਾ ਢੋਣਾ ਢੋਅ ਰਹੇ ਹਨ | ਇਸੇ ਬਿਸ਼ਨੀ ਨੇ ਕੁਝ ਹਫ਼ਤੇ ਪਹਿਲਾਂ ਕਿਸੇ ਸੰਸਥਾ ਤੋਂ ਉਹ ਰਾਸ਼ਨ ਇਕੱਠਾ ਕੀਤਾ ਸੀ ਜੋ ਗਰੀਬ ਤੇ ਲੋੜਵੰਦਾਂ ਨੂੰ ਮਿਲਦਾ ਹੈ |

ਮੋਬਾਈਲ : 82849-37530. ekadshi0gmail.com

ਹਾਸਾ-ਠੱਠਾ

• ਅਧਿਆਪਕ (ਮੋਨੂੰ ਨੂੰ )-ਮੋਨੂੰ ਤੂੰ ਅਜੇ ਤੱਕ ਦੁਨੀਆ ਦਾ ਨਕਸ਼ਾ ਨਹੀਂ ਖਰੀਦਿਆ ?
ਮੋਨੂੰ-ਸਰ ਜੀ, ਤੁਸੀਂ ਤਾਂ ਕਹਿੰਦੇ ਓ, ਕਿ ਦੁਨੀਆ ਕਾਫੀ ਤੇਜ਼ੀ ਨਾਲ ਬਦਲ ਰਹੀ ਹੈ, ਮੈਂ ਸੋਚਿਆ ਜਦ ਸਥਿਰ ਹੋ ਜਾਵੇਗੀ ਤਾਂ ਖਰੀਦ ਲਵਾਂਗਾ |
• ਇਕ ਆਦਮੀ ਆਪਣੀ ਪਤਨੀ ਨੂੰ ਕੁੱਟ ਰਿਹਾ ਸੀ
ਦੋਸਤ-ਤੈਨੂੰ ਸ਼ਰਮ ਆਉਣੀ ਚਾਹੀਦੀ ਐ, ਤੂੰ ਆਪਣੀ ਪਤਨੀ ਨੂੰ ਏਨੀ ਬੇਰਹਿਮੀ ਨਾਲ ਕੁੱਟ ਰਿਹਾ ਐਾ,
ਆਦਮੀ-ਸਰਮ ਕਾਹਦੀ ਭਰਾਵਾ, ਡਾਕਟਰ ਨੇ ਕਿਹਾ ਕਿ ਜੇ ਤੂੰ ਆਪਣੀ ਪਤਨੀ ਨੂੰ ਜਲਦੀ ਠੀਕ ਕਰਨਾ ਹੈ ਤਾਂ ਚੰਗੀ ਤਰ੍ਹਾਂ ਕੁੱਟ ਕੇ ਫਿਰ ਦਵਾਈ ਦੇਵੀਂ |
• ਬੇਟਾ (ਪਾਪਾ ਨੂੰ )-ਪਾਪਾ ਜੀ, ਤੁਹਾਡੇ ਲਈ ਖੁਸ਼ੀ ਦੀ ਖਬਰ ਹੈ,
ਪਾਪਾ-ਉਹ ਕਿਵੇਂ ?
ਬੇਟਾ-ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਮੈਂ ਪੇਪਰਾਂ 'ਚੋਂ ਪਾਸ ਹੋ ਗਿਆ ਤਾਂ ਤੁਸੀਂ ਮੈਨੂੰ ਮੋਟਰਸਾਈਕਲ ਦਿਵਾਓਗੇ,
ਪਾਪਾ-ਹਾਂ ਜੀ ਕੀਤਾ ਸੀ,
ਬੇਟਾ-ਤਾਂ ਫਿਰ ਤੁਹਾਡੇ ਪੰਜਾਹ ਹਜ਼ਾਰ ਦੀ ਬੱਚਤ ਹੋ ਗਈ |
• ਮੰਮੀ (ਬੇਟੇ ਨੂੰ )-ਪੂਰੇ ਪੰਦਰਾਂ ਹਜ਼ਾਰ ਦੀਆਂ ਕਿਤਾਬਾਂ ਆਈਆਂ ਤੇਰੀਆਂ, ਕਦੇ ਖੋਲ੍ਹ ਕੇ ਦੇਖੀਆਂ ਤੂੰ ?
ਬੇਟਾ-ਪੂਰੇ ਵੀਹ ਹਜ਼ਾਰ ਦਾ ਫੋਨ ਆਇਆ ਮੇਰਾ, ਕਦੇ ਚੰਗੀ ਤਰ੍ਹਾਂ ਖੋਲ ਕੇ ਦੇਖਣ ਦਿੱਤਾ ਤੁਸੀਂ ਮੈਨੂੰ ?
• ਪਤਨੀ-ਮੈਂ ਜਨਮ ਦਿਨ 'ਤੇ ਤੁਹਾਡੇ ਕੋਲੋਂ ਗਹਿਣੇ ਮੰਗੇ ਸੀ ਤੇ ਤੁਸੀਂ ਮੈਨੂੰ ਖਾਲੀ ਡੱਬਾ ਹੀ ਫੜਾ ਦਿੱਤਾ, ਪਤਾ ਮੇਰਿਆਂ ਦੋਸਤਾਂ ਸਾਹਮਣੇ ਮੈਨੂੰ ਕਿੰਨੀ ਸ਼ਰਮ ਆਈ?
ਪਤੀ-ਮੇਰੀ ਪਾਗਲ ਪਤਨੀ ਜੀ, ਸ਼ਰਮ ਹੀ ਤਾਂ ਔਰਤ ਦਾ ਗਹਿਣਾ ਹੁੰਦਾ ਹੈ |
• ਪ੍ਰੇਮ (ਦੋਸਤ ਨੂੰ )-ਯਾਰ ਅੱਜ ਬੜਾ ਪ੍ਰੇਸ਼ਾਨ ਲੱਗ ਰਿਹਾ ਏਾ, ਕੀ ਗੱਲ ਹੋ ਗਈ ?
ਦੋਸਤ-ਯਾਰ ਪੰਜ ਮਹੀਨੇ ਪਹਿਲਾਂ ਮੈਂ ਲੋਨ ਲੈ ਕੇ ਗੱਡੀ ਲਈ ਸੀ ਤੇ ਕਿਸ਼ਤਾਂ ਨਾ ਭਰਨ ਕਰਕੇ ਬੈਂਕ ਵਾਲੇ ਮੇਰੀ ਗੱਡੀ ਲੈ ਗਏ,
ਪ੍ਰੇਮ-ਅੱਛਾ, ਤੇ ਤੂੰ ਇਸ ਕਾਰਨ ਪ੍ਰੈਸ਼ਾਨ ਏਾ?
ਦੋਸਤ-ਨਹੀਂ ਯਾਰ, ਮੈਂ ਸੋਚ ਰਿਹਾ ਹਾਂ, ਕਾਸ਼ ਕਿ ਮੈਂ ਵਿਆਹ ਵੀ ਕਰਜ਼ਾ ਲੈ ਕੇ ਕੀਤਾ ਹੁੰਦਾ, ਤਾਂ ਕਿੰਨਾ ਚੰਗਾ ਹੁੰਦਾ |
• ਕਮਲ ਤੇ ਉਸ ਦੀ ਪਤਨੀ ਇਕ ਸ਼ਾਪਿੰਗ ਮਾਲ ਵਿਚ ਖਰੀਦਦਾਰੀ ਕਰਨ ਗਏ ਤਾਂ ਪਤਨੀ ਕੋਈ ਸਾਮਾਨ ਲੈਣ ਲਈ ਦੂਸਰੇ ਪਾਸੇ ਚਲੀ ਗਈ | ਜਦ ਕੁਝ ਸਮਾਂ ਉਹ ਵਾਪਸ ਨਾ ਆਈ ਤਾਂ ਪਤੀ ਨੇ ਮੈਨੇਜਰ ਨੂੰ ਕਿਹਾ ਕਿ-'ਕਾਫੀ ਸਮਾਂ ਹੋ ਗਿਆ ਮੇਰੀ ਪਤਨੀ ਵਾਪਸ ਨਹੀਂ ਆਈ, ਕਿਥੇ ਗੁਆਚ ਗਈ ?
ਮੈਨੇਜਰ –ਕੋਈ ਨਾ ਭਾਈ ਸਾਹਬ, ਤੁਸੀਂ ਇੱਥੇ ਸਟੋਰ ਦੀ ਸੇਲਜ਼-ਗਰਲ ਨਾਲ ਗੱਲ ਕਰਨੀ ਸ਼ੁਰੂ ਕਰ ਦਿਓ, ਦੋ ਮਿੰਟਾਂ ਵਿਚ ਤੁਹਾਡੇ ਕੋਲ ਪਹੁੰਚ ਜਾਵੇਗੀ |

-ਨੇੜੇ ਭਾਰੂ ਗੇਟ ਗਿੱਦੜਬਾਹਾ |
ਮੋਬਾਈਲ : 94174 47986.

ਡਿਜੀਟਲ ਲਾਇਬ੍ਰੇਰੀ

ਡਿਜੀਟਲ ਲਾਇਬ੍ਰੇਰੀ ਆਨਲਾਈਨ ਇਨਫਰਮੇਸ਼ਨ ਰਿਟਰੀਵਲ ਸਿਸਟਮ ਹੈ ਜਿਸ ਨੂੰ ਇਲੈਕਟ੍ਰੋਨਿਕ ਲਾਇਬ੍ਰੇਰੀ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਦੇ ਅੰਦਰ ਡਿਜੀਟਲ ਆਬਜੈਕਟ ਦਾ ਸੰਗ੍ਰਹਿ ਹੁੰਦਾ ਹੈ ਜਿਵੇਂ ਕਿ ਆਡਿਓ, ਵੀਡੀਓ, ਈ ਬੁੱਕਸ, ਈ ਨਿਊਜ਼ਪੇਪਰ ਆਦਿ ਜਿਸ ਨੂੰ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਸੂਚਨਾ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ |
ਇਸ ਦੇ ਲਈ ਕੰਪਿਊਟਰ, ਸਟੋਰੇਜ਼ ਡਿਵਾਈਸ, ਸਕੈਨਰ, ਪਿ੍ੰਟਰ, ਇੰਟਰਨੈੱਟ ਆਦਿ ਹਾਰਡਵੇਅਰ ਦੀ ਜ਼ਰੂਰਤ ਪੈਂਦੀ ਹੈ | ਲੱਖਾਂ ਦੀ ਗਿਣਤੀ ਵਿਚ ਮੈਗਜ਼ੀਨ ਅਤੇ ਕਿਤਾਬਾਂ ਨੂੰ ਬਿਨਾਂ ਦੁਕਾਨਾਂ ਤੇ ਜਾ ਕੇ, ਖਰੀਦਣ ਕੇ ਵਿਅਕਤੀ ਘਰ ਬੈਠੇ ਹੀ ਪੜ੍ਹ ਸਕਦਾ ਹੈ ਅਤੇ ਲੋੜ ਪੈਣ 'ਤੇ ਉਸ ਦਾ ਪਿ੍ੰਟ ਵੀ ਲੈ ਸਕਦਾ ਹੈ | ਇਨ੍ਹਾਂ ਨੂੰ ਸਕੂਲਾਂ, ਬੈਂਕਾਂ, ਕੰਪਨੀਆਂ, ਹਸਪਤਾਲਾਂ ਆਦਿ ਵਿਚ ਵਰਤਿਆ ਜਾਂਦਾ ਹੈ ਪਰ ਇਸ ਦੀ ਉਚਿਤ ਵਰਤੋਂ ਲਈ ਯੂਜ਼ਰ ਨੂੰ ਟ੍ਰੇਨਿੰਗ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਇਸ ਦਾ ਲਾਭ ਉਠਾ ਸਕੇ ਅਤੇ ਇਸ ਵਿਚ ਉਪਲਭਧ ਜਾਣਕਾਰੀ ਦੀ ਭਰੋਸੇਯੋਗਤਾ ਵੀ ਇਕ ਸਮੱਸਿਆ ਹੈ |
ਆਮ ਲਾਇਬ੍ਰੇਰੀ ਵਿਚ ਕਾਫੀ ਜ਼ਿਆਦਾ ਦੇਰ ਤੋਂ ਪਈਆਂ ਕਿਤਾਬਾਂ ਦੇ ਪੇਪਰ ਦਾ ਰੰਗ ਬਦਲ ਜਾਂਦਾ ਹੈ ਅਤੇ ਸਿਆਹੀ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ | ਕਿਤਾਬਾਂ ਨੂੰ ਸਟੋਰ ਕਰਨ ਦੀ ਉਸ ਵਿਚ ਥਾਂ ਵੀ ਸੀਮਿਤ ਹੁੰਦੀ ਹੈ ਅਤੇ ਨਿਯਮ ਅਨੁਸਾਰ ਇਕ ਕਿਤਾਬ ਨੂੰ ਇਸ਼ੂ ਕਰ ਕੇ ਉਸ ਨੂੰ ਮਿੱਥੀ ਮਿਤੀ ਨੂੰ ਵਾਪਿਸ ਕਰਨਾ ਪੈਂਦਾ ਹੈ ਪਰ ਅਜਿਹੀਆਂ ਸਾਰੀਆਂ ਦਿੱਕਤਾਂ ਡਿਜੀਟਲ ਲਾਇਬ੍ਰੇਰੀ ਵਿਚ ਨਹੀਂ ਹਨ ਕਿਉਂਕਿ ਇਸ ਵਿਚ ਕਿਤਾਬਾਂ ਦੇ ਪੇਜ ਦਾ ਰੰਗ ਅਤੇ ਸਿਆਹੀ ਦੀ ਕੁਆਲਿਟੀ ਦੀ ਮਿਆਰ ਖਰਾਬ ਨਹੀਂ ਹੁੰਦੀ ਕਿਉਂਕਿ ਉਹ ਆਨਲਾਈਨ ਹੈ ਅਤੇ ਇਸ ਵਿਚ ਬਹੁਤ ਸਾਰੇ ਲੋਕ ਇਕੋ ਸਮੇਂ 'ਤੇ ਡਿਜੀਟਲ ਲਾਇਬ੍ਰੇਰੀ ਦੀ ਵਰਤੋਂ ਕਰ ਸਕਦੇ ਹਨ ਅਤੇ ਇਸ ਵਿਚ ਸਟੋਰੇਜ ਸਪੇਸ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਦਾ ਹਰ ਕੋਈ ਵਿਅਕਤੀ ਲਾਭ ਲੈ ਸਕਦਾ ਹੈ |
-ਸਰਕਾਰੀ ਹਾਈ ਸਕੂਲ, ਕਲਿਆਣਪੁਰ, ਜਲੰਧਰ |
ਮੋਬਾ: 98764-89369

ਛੋਟੀ ਕਹਾਣੀ-ਟੈਂਕੀਆਂ ਵਾਲੀ ਡਿਗਰੀ

ਬੇਰੁਜ਼ਗਾਰੀ ਦੇ ਝੰਭੇ ਪਏ ਨੌਜਵਾਨ ਕਈ ਦਿਨਾਂ ਤੋਂ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਨੌਕਰੀ ਦੀ ਮੰਗ ਕਰ ਰਹੇ ਸਨ | ਉਨ੍ਹਾਂ ਨਾਲ ਵੱਖ-ਵੱਖ ਥਾਵਾਂ ਤੋਂ ਆਈਆਂ ਨੌਜਵਾਨ ਕੁੜੀਆਂ ਵੀ ਇਸ ਸੰਘਰਸ਼ ਦਾ ਹਿੱਸਾ ਬਣ ਕੇ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਸਨ | ਉਨ੍ਹਾਂ ਦੇ ਦੂਜੇ ਸਾਥੀ ਸੜਕ 'ਤੇ ਧਰਨਾ ਲਾਈ ਬੈਠੇ ਸਨ | ਲੰਗਰ-ਪਾਣੀ ਦਾ ਪ੍ਰਬੰਧ ਇਸ ਮੁਹਿੰਮ ਨਾਲ ਜੁੜੇ ਸਮੱਰਥਕਾਂ ਵਲੋਂ ਕੀਤਾ ਜਾ ਰਿਹਾ ਸੀ | ਇਕ ਅਖ਼ਬਾਰ ਦੇ ਪ੍ਰਤੀਨਿਧ ਨੇ ਜਦੋਂ ਟੈਂਕੀ ਦੇ ਉੱਪਰ ਚੜ੍ਹ ਕੇ ਉਨ੍ਹਾਂ ਕੋਲੋਂ ਮੰਗਾਂ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਸੰਘਰਸ਼ ਦੀ ਅਗਵਾਈ ਕਰ ਰਹੇ ਇਕ ਨੌਜਵਾਨ ਨੇ ਆਪਣੀਆਂ ਪ੍ਰਾਪਤੀਆਂ ਵਾਲੀ ਫਾਈਲ ਵਿਖਾਉਂਦਿਆਂ ਕਿਹਾ, 'ਇਸ ਫਾਈਲ ਵਿਚ ਪੀ.ਐਚ.ਡੀ. ਦੀ ਡਿਗਰੀ, ਡਬਲ ਐਮ.ਏ. ਦੀਆਂ ਡਿਗਰੀਆਂ, ਬੀ.ਐੱਡ ਅਤੇ ਐਮ.ਐਡ ਦੀਆਂ ਡਿਗਰੀਆਂ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿਚ ਪ੍ਰਾਪਤੀਆਂ ਦੇ ਸਰਟੀਫਿਕੇਟ ਸ਼ਾਮਿਲ ਹਨ | ਇਸ ਤਰ੍ਹਾਂ ਦੀਆਂ ਡਿਗਰੀਆਂ ਨਾਲ ਮੇਰੇ ਸਾਥੀਆਂ ਦੀਆਂ ਫਾਈਲਾਂ ਭਰੀਆਂ ਪਈਆਂ ਹਨ, ਜਿਨ੍ਹਾਂ 'ਤੇ ਹੁਣ ਧੂੜ ਜੰਮੀ ਪਈ ਹੈ |' ਫਿਰ ਉਸ ਨੇ ਹਉਕਾ ਭਰ ਕੇ ਕਿਹਾ, 'ਸਾਡੀ ਬਦਕਿਸਮਤੀ, ਸਾਡੀਆਂ ਜੇਬਾਂ ਖਾਲੀ ਨੇ ਅਤੇ ਅਸੀਂ ਸੁਪਨਿਆਂ ਦੀਆਂ ਲਾਸ਼ਾਂ ਚੁੱਕੀ ਹੁਣ 'ਟੈਂਕੀਆਂ ਵਾਲੀ ਡਿਗਰੀ' ਪ੍ਰਾਪਤ ਕਰ ਰਹੇ ਹਾਂ | ਬਸ ਇਹ ਡਿਗਰੀ ਸਾਡੇ ਕੋਲ ਨਹੀਂ ਸੀ | '
ਬੁੱਝੇ ਜਿਹੇ ਚਿਹਰਿਆਂ ਵਾਲੇ ਉੱਥੇ ਬੈਠੇ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਸਾਥੀ ਦੇ ਬੋਲਾਂ ਨਾਲ ਸਹਿਮਤ ਹੁੰਦਿਆਂ ਚੋਣਾਂ ਸਮੇਂ ਲੀਡਰਾਂ ਦੇ ਕੀਤੇ ਵਾਅਦੇ ਅਤੇ ਲਾਰਿਆਂ ਨੂੰ ਲਾਹਣਤਾਂ ਪਾ ਰਹੇ ਸਨ |

-ਪ੍ਰੋਜੈਕਟ ਡਾਇਰੈਕਟ, ਨਸ਼ਾ ਛੁਡਾਊ ਕੇਂਦਰ, ਸੰਗਰੂਰ ਮੋਬਾਈਲ : 94171-48866.

ਮੰਤਰੀ ਜੀ

ਬੱਚਿਆਂ ਬਿਨਾਂ ਸਰਕਾਰੀ ਸਕੂਲ ਖ਼ਾਲੀ ਹਨ ਤੇ ਸੂਬਾ ਸਰਕਾਰ ਦੇ ਖਜ਼ਾਨੇ ਖ਼ਾਲੀ ਹਨ | ਇਕ ਪਿੰਡ ਦਾ ਮੋਹਰੀ ਬੰਦਾ ਇਨ੍ਹਾਂ ਦੋਵੇਂ ਸਮੱਸਿਆਵਾਂ ਤੋਂ ਬੜਾ ਦੁਖੀ ਹੋਇਆ | ਉਸ ਨੇ ਦਰਖ਼ਾਸਤ ਲੈ ਕੇ ਨੇੜੇ ਦੇ ਮੰਤਰੀ ਕੋਲ ਜਾਣ ਬਾਰੇ ਸੋਚਿਆ | ਇਕ ਦਿਨ ਮਨ ਜਿਹਾ ਬਣਾ ਕੇ ਉਹ ਮੰਤਰੀ ਜੀ ਦੇ ਦੁਆਰੇ ਜਾ ਪਹੁੰਚਿਆ |
ਮੰਤਰੀ ਜੀ ਫੋਨ 'ਤੇ ਗੱਲ ਕਰ ਰਹੇ ਸੀ |
'ਹਾਂ ਪੁੱਤ, ਪਹੁੰਚ ਗਈ ਮੇਰੀ ਧੀ, ਪੁੱਤ ਵੀਰਾ ਮਿਲ ਗਿਆ...ਵੈਰੀ ਗੁੱਡ! ਕੰਮ ਬਾਰੇ ਅੰਕਲ ਨਾਲ ਗੱਲ ਕਰ ਲਵੀਂ ਪੁੱਤ ਮੇਰੀ ਉਨ੍ਹਾਂ ਨਾਲ ਸਾਰੀ ਗੱਲ ਹੋ ਗਈ ਸੀ | ਉਹ ਤੈਨੂੰ ਚੰਗਾ ਜਿਹਾ ਕੰਮ ਲੱਭ ਦੇਣਗੇ ਤੇ ਹਾਂ ਇਕ ਗੱਲ ਹੋਰ ਜੇ ਜੀਅ ਨਾ ਲੱਗਿਆ ਤਾਂ ਆਪਣੀ ਮਾਸੀ ਨੂੰ ਕਾਲ ਕਰ ਲਵੀਂ ਤੇਰੇ ਨੇੜੇ ਹੀ ਰਹਿੰਦੀ ਹੈ, ਉਹ ਮਿਲ ਜਾਊ ਆ ਕੇ ਤੈਨੂੰ | ਚੰਗਾ ਮੇਰਾ ਪੁੱਤ ਧਿਆਨ ਰੱਖੀਂ ਆਪਣਾ, ਓ ਕੇ.., | ' 'ਹਾਂਜੀ ਭਾਈ ਸਾਹਬ ਹੁਣ ਦੱਸੋ ਤੁਸੀਂ ਕੀ ਕਹਿ ਰਹੇ ਸੀ?' 'ਮੈਂ ਤਾਂ ਇਹ ਕਹਿ ਰਿਹਾ ਸੀ ਮੰਤਰੀ ਜੀ ਕੁਝ ਸੋਚੋ! ਪਿੰਡਾਂ ਵਾਲੇ ਸਕੂਲਾਂ ਵਿਚੋਂ ਬੱਚੇ ਘੱਟਦੇ ਜਾ ਰਹੇ ਨੇ ਤੇ ਸ਼ਹਿਰਾਂ ਵਿਚ ਆਈਲੈਟਸ ਸੈਂਟਰਾਂ ਦੀ ਭਰਮਾਰ ਆ' | ਮੰਤਰੀ ਹੱਸਿਆ ਤੇ ਬੋਲਿਆ, 'ਲੈ ਦੱਸ ਜੈਲ ਸਿਆਂ ਮੈਂ ਹੁਣ ਕੀ ਕਹਾਂ ਮੇਰੇ ਤਾਂ ਆਪ ਦੋਨੋਂ ਬੱਚੇ ਬਾਹਰ ਆ |' ਮੰਤਰੀ ਜੀ ਦਾ ਜਵਾਬ ਸੁਣ ਕੇ ਜੈਲ ਸਿੰਘ ਬਿਨਾਂ ਕੁਝ ਹੋਰ ਬੋਲੇ ਉੱਠ ਕੇ ਵਾਪਸ ਤੁਰ ਪਿਆ |

-ਪ੍ਰੀਤ ਨਗਰ, ਹਰੇੜੀ ਰੋਡ, ਸੰਗਰੂਰ
ਮੋਬਾਈਲ: 9781677772

ਚੱਲ ਕੋਈ ਨਾ...

ਉਦੋਂ ਅਜੇ ਮੇਰਾ ਵਿਆਹ ਨਹੀਂ ਸੀ ਹੋਇਆ
ਇਕ ਦਿਨ ਖੇਡ ਲੇਖਕ ਪ੍ਰਿੰਸੀਪਲ ਸਰਵਨ ਸਿੰਘ ਮੇਰੇ ਕੋਲ ਸਕੂਲ ਆਏ। ਸਾਰੀ ਛੁੱਟੀ ਹੋਣ ਵਾਲੀ ਹੀ ਸੀ। ਘੰਟੀ ਵੱਜਣ ਉਪਰੰਤ ਮੈਂ ਉਨ੍ਹਾਂ ਨੂੰ ਆਪਣੀ ਰਿਹਾਇਸ਼ ਨਿਊ ਟਾਊਨ ਵਾਲੇ ਕਿਰਾਏ ਦੇ ਚੁਬਾਰੇ ਵਿਚ ਲੈ ਗਿਆ। ਚਾਹ ਪੀਣ ਉਪਰੰਤ ਉਹ ਬੋਲੇ, 'ਵਿਆਹ-ਵੂਹ ਕਰਵਾਉਣ ਬਾਰੇ ਕੀ ਖਿਆਲ ਹੈ?'
'ਕਰਵਾਉਣਾ ਈ ਐ ਜੀ। ਕੋਈ ਆਪਣੇ ਕਿੱਤੇ ਦੀ ਨੌਕਰੀ-ਪੇਸ਼ਾ ਕੁੜੀ ਮਿਲ ਜਾਵੇ ਤਾਂ...। ' ਮੈਂ ਉੱਤਰ ਮੋੜਿਆ।
'ਇਕ ਕੁੜੀ ਮੇਰੀ ਸਰਦਾਰਨੀ ਨਾਲ ਨੌਕਰੀ ਕਰਦੀ ਐ, ਢੁੱਡੀਕੇ ਲੈਕਚਰਾਰ ਐ। ਕਾਲਜ 'ਚ ਮੇਰੀ ਵਿਦਿਆਰਥਣ ਰਹੀ ਐ। ਚੰਗੀ ਕੁੜੀ ਐ', ਕਹਿੰਦਿਆਂ ਪ੍ਰਿੰਸੀਪਲ ਹੁਰਾਂ ਜੇਬ 'ਚੋਂ ਇਕ ਤਹਿਦਾਰ ਕਾਗਜ਼ ਕੱਢ ਲਿਆ।
'ਵੇਖ ਲਓ', ਮੈਂ ਕਿਹਾ।
'ਵੇਖਣਾ ਕੀ ਐ ? ਉਨ੍ਹਾਂ ਦਾ ਸਾਰਾ ਲਾਣਾ ਮੇਰੇ ਕੋਲ ਪੜ੍ਹਿਐ। ਅਹਿ ਉਹਦਾ ਸਾਰਾ ਵੇਰਵਾ ਐ। ਧਿਆਨ ਮਾਰ ਲੈ', ਉਨ੍ਹਾਂ ਇਹ ਕਹਿੰਦਿਆਂ ਹੱਥਲਾ ਕਾਗਜ਼ ਮੇਰੇ ਵੱਲ ਵਧਾ ਦਿੱਤਾ।
ਉਸ ਕਾਗਜ਼ 'ਤੇ ਉਸ ਦੀ ਪੜ੍ਹਾਈ, ਅਹੁਦਾ, ਪਰਿਵਾਰ, ਕੱਦ ਤੇ ਜਨਮ-ਤਾਰੀਖ ਆਦਿ ਸਾਰਾ ਕੁਝ ਲਿਖਿਆ ਹੋਇਆ ਸੀ।
ਮੈਂ ਹਿਸਾਬ ਲਾਇਆ, ਕੁੜੀ ਮੈਥੋਂ ਨੌਂ ਕੁ ਇੰਚ ਛੋਟੀ ਸੀ ਅਤੇ ਇੰਨੇ ਕੁ ਮਹੀਨੇ ਵੱਡੀ ਸੀ। ઠ
'ਮੇਰੇ ਮੁਕਾਬਲੇ ਕੱਦ ਛੋਟਾ ਹੈ', ਮੈਂ ਬੋਲਿਆ।
'ਮੁਸੀਬਤ ਜਿੰਨੀ ਛੋਟੀ ਹੋਵੇ, ਓਨੀ ਚੰਗੀ ਰਹਿੰਦੀ ਐ', ਪ੍ਰਿੰਸੀਪਲ ਹੁਰਾਂ ਦੇ ਮਖ਼ੌਲੀਆ ਅੰਦਾਜ਼ ਨੇ ਹਾਸਾ ਛਣਕਾਅ ਦਿੱਤਾ ਸੀ।
'ਚਲੋ ਇਹ ਤਾਂ ਠੀਕ ਐ, ਮੰਨ ਲੈਂਦਾਂ ਪਰ ਉਮਰੋਂ ਮੈਥੋਂ ਵਾਹਵਾ ਵੱਡੀ ਐ। ' ਮੈਂ ਉਨ੍ਹਾਂ ਵੱਲ ਝਾਕਦਿਆਂ ਕਿਹਾ।
'ਕੋਈ ਗੱਲ ਨਹੀਂ। ਇਹ ਸਗੋਂ ਚੰਗੀ ਗੱਲ ਐ', ਕਹਿੰਦਿਆਂ ਪ੍ਰਿੰਸੀਪਲ ਸਾਹਿਬ ਮੁਸਕੁਰਾਏ।
'ਚੰਗੀ ਗੱਲ ਕਿਵੇਂ ਐ ਜੀ?' ਮੈਂ ਹੱਸਦਿਆਂ ਪੁੱਛਿਆ।
'ਜੇ ਕਿਤੇ ਘਰ ਵਾਲੀ ਝਿੜਕ ਵੀ ਲਵੇ ਤਾਂ ਉਦੋਂ ਇਹ ਸੋਚ ਲਈਦਾ ਹੁੰਦੈ, ਚੱਲ ਕੋਈ ਨਾ, ਮੇਰੇ ਤੋਂ ਵੱਡੀ ਐ। '
ਸੁਣਦਿਆਂ ਸਾਰ ਕਮਰਾ ਹਾਸੇ ਨਾਲ ਗੂੰਜ ਉੱਠਿਆ ਸੀ।

# ਏ-1, ਜੁਝਾਰ ਨਗਰ, ਮੋਗਾ-142001.
ਸੰਪਰਕ: 98555-43660.

ਕਾਵਿ-ਵਿਅੰਗ

ਲੋਕ-ਦਰਦ
_ ਨਵਰਾਹੀ ਘੁਗਿਆਣਵੀ -
ਸੁੱਚੇ ਧਰਮ ਨੂੰ ਵਰਤਦੀ ਰਾਜਨੀਤੀ,
ਤਾਂ ਹੀ ਲੋਕਾਂ ਦਾ ਨਹੀਂ ਕਲਿਆਣ ਹੁੰਦਾ।
ਨਫ਼ਰਤ ਫੈਲਦੀ ਜੰਗਲੀ ਅੱਗ ਵਾਂਗੂੰ,
ਸ਼ਰੇਆਮ ਪਿਆਰ ਦਾ ਘਾਣ ਹੁੰਦਾ।
ਬੜਾ ਯਤਨ ਹੈ ਸਾਂਝ ਦੀ ਗੱਲ ਕਰੀਏ,
ਦਰਦ ਲੋਕਾਂ ਦਾ ਨਹੀਂ ਬਿਆਨ ਹੁੰਦਾ।
ਜਿਹੜਾ ਬਹੁੜਦਾ ਦੁੱਖ ਦੀ ਘੜੀ ਅੰਦਰ,
ਓਹੀ ਅਸਲ ਦੇ ਵਿਚ ਇਨਸਾਨ ਹੁੰਦਾ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX