ਤਾਜਾ ਖ਼ਬਰਾਂ


ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਵੱਡਾ ਧਮਾਕਾ, ਅੱਜ ਮਿਲੇ 5 ਕੋਰੋਨਾ ਪਾਜ਼ੀਟਿਵ ਮਾਮਲੇ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਅੱਜ ਵਡਾ ਧਮਾਕਾ ਹੋਇਆ ਹੈ। ਸੀ.ਐਮ.ਸਿਟੀ ਵਿਖੇ ਅੱਜ ਕੋਰੋਨਾ ਦੇ 5 ਨਵੇ ਮਾਮਲੇ ਸਾਹਮਣੇ ਆਏ ਹਨ। ਅੱਜ ਕੋਰੋਨਾ ਪਾਜ਼ੀਟਿਵ ਆਏ ਮਾਮਲਿਆਂ ਵਿਚ 4 ਮਾਮਲੇ ਉਸ ਪਰਿਵਾਰ ਦੇ ਸ਼ਾਮਿਲ ਹਨ, ਜਿਸ ਪਰਿਵਾਰ ਦੇ ਤਿਨ ਮੈਂਬਰ ਬੀਤੇ ਕੱਲ੍ਹ ਪਾਜ਼ੀਟਿਵ ਆਏ ਸਨ...
ਹੁਸ਼ਿਆਰਪੁਰ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 107
. . .  1 day ago
ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ) - ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ 'ਚੋ ਅੱਜ 60 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਮਿਲੇ ਤਿੰਨ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਮੁਕੇਰੀਆਂ, 24 ਮਈ (ਸਰਵਜੀਤ ਸਿੰਘ) - ਉਪ ਮੰਡਲ ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਇਕੋ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਅਟਲਗੜ੍ਹ ਇਕਾਂਤਵਾਸ ਕੇਂਦਰ ਵਿਚ ਦਾਖਲ ਸਨ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਹੈ। ਸਿਹਤ ਵਿਭਾਗ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਵਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ
. . .  1 day ago
ਸੰਗਰੂਰ, 24 ਮਈ (ਧੀਰਜ ਪਸ਼ੌਰੀਆ) - ਚਰਚਿਤ ਤੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ...
ਸਿੱਖਿਆ ਵਿਭਾਗ ਕਰ ਰਿਹਾ ਹੈ ਫਰੰਟ ਲਾਈਨ 'ਤੇ ਕੰਮ ਪ੍ਰਵਾਸੀ ਮਜ਼ਦੂਰਾਂ ਪਿਤਰੀ ਸੂਬਿਆਂ ਵਿਚ ਭੇਜਣ ਲਈ ਨਿਭਾ ਰਿਹਾ ਹੈ ਅਹਿਮ ਭੂਮਿਕਾ
. . .  1 day ago
ਪਠਾਨਕੋਟ, 24 ਮਈ (ਸੰਧੂ) ਕੋਵਿਡ-19 ਦੇ ਖਿਲਾਫ ਚੱਲ ਰਹੇ ਯੁੱਧ ਵਿਚ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਫਰੰਟ ਲਾਈਨ 'ਤੇ ਆ ਕੇ ਕੰਮ ਕਰ ਰਿਹਾ ਹੈ ਚਾਹੇ ਗੱਲ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਹੋਵੇ, ਚਾਹੇ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਿਆਂ ਦੀ ਡਿਊਟੀ ਦੀ...
ਧਾਗਾ ਮਿਲ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 24 ਮਈ (ਅਮਰੀਕ ਸਿੰਘ ਬਤਰਾ) - ਸਥਾਨਕ ਚੀਮਾ ਚੌਂਕ ਨਜ਼ਦੀਕ ਆਰ.ਕੇ ਰੋਡ 'ਤੇ ਇੱਕ ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਅੱਗ ਲੱਗਣ ਸਮੇਂ ਧਾਗਾ ਮਿਲ ਬੰਦ ਸੀ, ਪਰੰਤੂ ਮਾਲਕ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗਣ...
ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਕਤਲ
. . .  1 day ago
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਾਧੋਪੁਰੀ 'ਚ ਧੀ...
ਆਦਮਪੁਰ ਤੋਂ ਦਿੱਲੀ-ਜੈਪੁਰ ਜਾਣ ਵਾਲੀਆਂ ਉਡਾਣਾਂ 31 ਮਈ ਤੱਕ ਰੱਦ
. . .  1 day ago
ਆਦਮਪੁਰ, 24 ਮਈ (ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚਲਦਿਆਂ ਆਦਮਪੁਰ ਤੋਂ ਦਿੱਲੀ ਅਤੇ...
'ਆਪ' ਆਗੂਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਪਟਿਆਲਾ, 24 ਮਈ (ਗੁਰਪ੍ਰੀਤ ਸਿੰਘ ਚੱਠਾ)- ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਪਟਿਆਲਾ ਵਿਖੇ ਸਿੱਖਿਆ...
ਸ੍ਰੀ ਦਰਬਾਰ ਸਾਹਿਬ ਨੂੰ 520 ਕੁਇੰਟਲ ਕਣਕ ਭੇਟ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ...
ਪਠਾਨਕੋਟ 'ਚ ਕੋਰੋਨਾ ਦੇ ਛੇ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ, 24 ਮਈ (ਸੰਧੂ)- ਪਠਾਨਕੋਟ 'ਚ ਕੋਰੋਨਾ ਨਾਲ ਸੰਬੰਧਿਤ ਛੇ ਹੋਰ ਮਰੀਜ਼ਾਂ...
ਐਤਵਾਰ ਨੂੰ ਵੀ ਖੁੱਲ੍ਹਣ ਲੱਗੀਆਂ ਦੁਕਾਨਾਂ
. . .  1 day ago
ਬਾਘਾਪੁਰਾਣਾ, 24 ਮਈ (ਬਲਰਾਜ ਸਿੰਗਲਾ)- ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਰਾਤ ਨੂੰ ਕਰਫ਼ਿਊ ਅਤੇ ਦਿਨ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦੋ ਗ਼ਜ਼ਲਾਂ

* ਡਾ: ਸਰਬਜੀਤ ਕੌਰ ਸੰਧਾਵਾਲੀਆ *

ਕੌਣ ਆ ਕੇ ਧੜਕਣਾਂ ਵਿਚ ਜ਼ਿੰਦਗੀ ਹੈ ਭਰ ਗਿਆ,
ਖ਼ਾਨਗਾਹ ਮੱਥੇ ਦੀ ਉੱਪਰ ਕੌਣ ਦੀਵਾ ਧਰ ਗਿਆ।
ਦਿਲ ਮੇਰੇ ਦੀਆਂ ਸਰਦਲਾਂ 'ਤੇ ਕੌਣ ਟੂਣਾ ਕਰ ਗਿਆ,
ਕੌਣ ਆ ਕੇ ਦਰਦ ਦੀ ਚਾਦਰ ਨੂੰ ਲੀਰਾਂ ਕਰ ਗਿਆ।
ਮਸਤੀਆਂ, ਮਦਹੋਸ਼ੀਆਂ, ਦਿਲਦਾਰੀਆਂ, ਕਿਲਕਾਰੀਆਂ,
ਕੌਣ ਆ ਕੇ ਬਰਕਤਾਂ ਮੇਰੀ ਤਲੀ 'ਤੇ ਧਰ ਗਿਆ।
ਕੌਣ ਆ ਕੇ ਮੇਰਿਆਂ ਸਾਹਾਂ ਦੇ ਅੰਦਰ ਮਹਿਕਿਆ,
ਕੌਣ ਆ ਕੇ ਲਾਲ ਰੱਤਾ ਗਹਿਬਰਾ ਰੰਗ ਭਰ ਗਿਆ।
ਕੌਣ ਆ ਕੇ ਜ਼ਿੰਦਗੀ ਨੂੰ ਜਿਊਣ ਜੋਗਾ ਕਰ ਗਿਆ,
ਕੌਣ ਆ ਕੇ ਪੌਣ ਦੇ ਖੰਭਾਂ 'ਤੇ ਮੈਨੂੰ ਧਰ ਗਿਆ।
ਕੌਣ ਆ ਕੇ ਖ਼ਾਕ ਦੀ ਮੁੱਠੀ 'ਚ ਚਿਣਗਾਂ ਧਰ ਗਿਆ,
ਕੌਣ ਆ ਕੇ ਗੋਦ ਦਿਲ ਦੀ ਚਾਨਣੇ ਨਾਲ ਭਰ ਗਿਆ।
ਕੌਣ ਆ ਕੇ ਆਤਮਾ ਤੇ ਗੇਰੂਆ ਹੈ ਮਲ ਗਿਆ,
ਕੌਣ ਆ ਕੇ ਸਾਡੀਆਂ ਨਾੜਾਂ ਦੇ ਵਿਚ ਸਿੰਜਰ ਗਿਆ।
ਰੌਸ਼ਨੀ ਰੌਣਕ ਖ਼ੁਸ਼ੀ ਦੀਵਾਨਗੀ ਮਸਤਾਨਗੀ,
ਕੌਣ ਆ ਕੇ ਦੌਲਤਾਂ ਦੇ ਨਾਲ ਝੋਲ਼ੀ ਭਰ ਗਿਆ।
ਮਿੱਟੀਆਂ ਦੇ ਗੀਤ ਹੁਣ ਪਹੁੰਚੇ ਆਕਾਸ਼ਾਂ ਤੀਕ ਨੇ,
ਕੌਣ ਆ ਕੇ ਖ਼ਾਕ ਵਿਚ ਪਰਵਾਜ਼ ਐਸੀ ਭਰ ਗਿਆ।
-0-
ਮੇਰੇ ਨੈਣਾਂ ਦੇ ਅੰਦਰ ਭਰ ਗਏ ਤੇਰੇ ਨਜ਼ਾਰੇ ਨੇ,
ਮੇਰੇ ਸਭ ਗੀਤ ਨਗ਼ਮੇ ਬਣ ਗਏ ਤੇਰੇ ਇਸ਼ਾਰੇ ਨੇ।
ਬਹੁਤ ਕੁਝ ਕਹਿ ਨਹੀਂ ਸਕਦੇ ਮੇਰੇ ਅੱਖਰ ਸੰਗਾਊ ਨੇ,
ਬਹੁਤ ਹੀ ਤਰਲ ਤੇ ਉਜਲੇ ਮੇਰੇ ਜਜ਼ਬੇ ਕੁਆਰੇ ਨੇ।
ਤੇਰੇ ਅਹਿਸਾਸ ਨੂੰ ਹਰਫ਼ਾਂ 'ਚ ਦੱਸ ਮੈਂ ਕਿਸ ਤਰ੍ਹਾਂ ਢਾਲਾਂ,
ਹਨੇਰੇ ਹੋ ਗਏ ਰੌਸ਼ਨ, ਤੇਰੇ ਅਨੁਭਵ ਨਿਆਰੇ ਨੇ।
ਤੇਰੇ ਰਾਹਾਂ 'ਚ ਹੱਥ ਬੰਨ੍ਹ ਕੇ ਮੇਰੇ ਅੱਥਰੂ ਖਲੋਤੇ ਨੇ,
ਕਿਵੇਂ ਦੱਸਾਂ ਉਡੀਕਾਂ ਦੇ ਇਹ ਪਲ ਕਿੰਨੇ ਕੁ ਭਾਰੇ ਨੇ।
ਤੇਰੇ ਦੀਦਾਰ ਬਿਨ ਮੇਰੀ ਨਜ਼ਰ ਦਾ ਜੀਅ ਨਹੀਂ ਲਗਦਾ,
ਇਨ੍ਹਾਂ ਮੁਸ਼ਤਾਕ ਨੈਣਾਂ ਨੂੰ ਤਾਂ ਬੱਸ ਤੇਰੇ ਸਹਾਰੇ ਨੇ।
ਮੇਰੇ ਹਰਬਰ, ਮੇਰੇ ਰਹਿਬਰ, ਮੇਰੇ ਦਿਲਬਰ, ਮੇਰੇ ਹਮਦਮ,
ਤੂੰ ਮਿਲ ਜਾਏਂ ਤਾਂ ਮੇਰੇ ਇਸ਼ਕ ਦੇ ਵਾਰੇ ਨਿਆਰੇ ਨੇ।
ਮੇਰੇ ਅੰਦਰ ਤੇ ਬਾਹਰ ਹਰ ਤਰਫ਼ ਤੇਰਾ ਬਸੇਰਾ ਏ,
ਮੇਰੀ ਮਿੱਟੀ ਦੇ ਕਿਣਕੇ ਬਣ ਗਏ ਰੌਸ਼ਨ ਸਿਤਾਰੇ ਨੇ।
ਤੇਰੇ ਬਾਝੋਂ ਤਾਂ ਆਪਣਾ-ਆਪ ਵੀ ਆਪਣਾ ਨਹੀਂ ਲਗਦਾ,
ਤੇਰੇ ਹੀ ਨਾਲ ਮੇਰੀ ਜ਼ਿੰਦਗੀ ਦੇ ਸਾਕ ਸਾਰੇ ਨੇ।
ਦਿਲੇ ਦਰਵੇਸ਼ ਨੂੰ ਤੇਰੇ ਬਿਨਾਂ ਕੋਈ ਹੋਰ ਨਾ ਭਾਉਂਦਾ,
ਸੁਆਸਾਂ ਧੜਕਣਾਂ ਅੰਦਰ ਵੀ ਤੇਰੇ ਹੀ ਹੁਲਾਰੇ ਨੇ।
-0-


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਨਹੀਂ ਹੈ

ਇਕ ਦਿਨ ਮੈਂ ਸੋਚਿਆ ਕਿ ਕਿਉਂ ਨਾ ਮੈਂ ਇੰਗਲੈਂਡ ਜਾ ਕੇ ਜਨਰਲ ਡਾਇਰ ਦੀ ਮਾਂ ਨੂੰ ਵੇਖ ਕੇ ਆਵਾਂ ਕਿ ਉਸ ਵਿਚ ਐਹੋ ਜਿਹਾ ਕੀ ਸੀ ਕਿ ਉਸ ਨੇ ਐਹੋ ਜਿਹਾ ਨਿਰਦਈ ਪੁੱਤਰ ਜੰਮਿਆ, ਜਿਸ ਨੇ ਨਿਹੱਥੇ, ਬੇ-ਕਸੂਰ, ਬੱਚੇ, ਜਵਾਨ, ਬੁੱਢਿਆਂ ਅਤੇ ਔਰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ...?
ਤੇ ਫੇਰ ਮੈਂ ਸੋਚਿਆ ਕਿ ਹੁਣ ਇੰਗਲੈਂਡ ਜਾਣ ਦੀ ਕੀ ਲੋੜ ਹੈ। ਉਸ ਵਰਗੇ ਤਾਂ ਭਾਰਤ ਵਿਚ ਵੀ ਮੌਜੂਦ ਨੇ। ਭਾਵੇਂ ਉਨ੍ਹਾਂ ਦਾ ਨਾਂਅ ਡਾਇਰ ਨਹੀਂ ਹੈ।


-ਕਿਰਪਾਲ ਸਿੰਘ 'ਨਾਜ਼'
ਮੋਬਾਈਲ : 98554-80191


ਜਦੋ-ਜਹਿਦ
ਕਰੀਬ 62-63 ਵਰ੍ਹਿਆਂ ਦਾ ਸਿਆਣਾ-ਬਿਆਣਾ ਆਦਮੀ ਆਪਣੀ ਲਗਜ਼ਰੀ ਕਾਰ ਨੂੰ ਭਰੇ ਬਾਜ਼ਾਰ 'ਚ ਬੜੀ ਤੇਜ਼ੀ ਨਾਲ ਦੌੜਾ ਰਿਹਾ ਸੀ। ਗੱਡੀ ਦੀ ਖੱਬੀ ਸਾਈਡ ਤਾਜ਼ੀ ਛਿੱਲੀ ਹੋਈ ਦੇਖ ਹਰ ਕੋਈ ਤਰਾਹ-ਤਰਾਹ ਕਰ ਰਿਹਾ ਸੀ। ਫਿਰ ਜਿੰਨੇ ਮੂੰਹ ਓਨੀਆਂ ਹੀ ਗੱਲਾਂ।
ਪਰ ਉਹ ਭੱਦਰ ਪੁਰਸ਼ ਤਾਂ ਹਾਈਵੇ ਤੇ ਕਿਸੇ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਕੇ ਸੁੱਟੇ ਗੰਭੀਰ ਜ਼ਖ਼ਮੀ ਦੀ ਜਾਨ ਬਚਾਉਣ ਲਈ ਪੂਰੀ ਜੱਦੋ-ਜਹਿਦ ਕਰ ਰਿਹਾ ਸੀ।


-ਗੁਰਦੀਪ 'ਮਣਕੂ' ਪੋਨਾ
ਐਚ.ਐਸ.ਐਮ. ਜਗਰਾਉਂ।
ਮੋਬਾਈਲ : 94639-88918.

ਦੋ ਮਿੰਨੀ ਵਿਅੰਗ

ਚਾਦਰ
ਉਹ ਪੰਚਾਇਤ ਸੰਮਤੀ ਦੀ ਮੈਂਬਰ ਬਣਨ ਉਪਰੰਤ ਅੱਜ ਪਹਿਲੀ ਵਾਰ ਚੇਅਰਮੈਨ ਸਾਹਿਬ ਨਾਲ, ਆਪਣੇ ਪਤੀ ਦੇਵ ਨੂੰ ਥਾਣੇ 'ਚੋਂ ਛਡਾਉਣ ਗਈ ਸੀ, ਜੋ ਨਾਜਾਇਜ਼ ਦਾਰੂ ਸਿੱਕੇ ਦਾ ਧੰਦਾ ਕਰਦਾ ਸੀ।
ਇੰਸਪੈਕਟਰ ਨੇ ਚੇਅਰਮੈਨ ਦਾ ਸਤਿਕਾਰ ਕਰਦਿਆਂ, 'ਧੰਨ ਕੌਰ ਦੇ ਪਤੀ ਗੰਢਾ ਸਿੰਘ ਨੂੰ ਨੇਕ ਚਾਲ ਚੱਲਣੀ 'ਤੇ ਚੱਲਣ ਅਤੇ ਇਸ ਰਾਹੋਂ ਬਾਜ਼ ਆਉਣ ਦੇ ਆਦੇਸ਼ ਦਿੰਦਿਆਂ ਛੱਡ ਦਿੱਤਾ।'
ਇਸ ਜਿੱਤ ਦੀ ਖ਼ੁਸ਼ੀ ਵਿਚ ਧੰਨ ਕੌਰ ਦੀ ਅੱਡੀ ਭੋਇੰ 'ਤੇ ਨਹੀਂ ਲੱਗ ਰਹੀ ਸੀ। ਉਸ ਨੇ ਖ਼ੁਸ਼ੀ 'ਚ ਕੁੱਪਾ ਹੁੰਦੀ ਤੇ ਕਾਰ 'ਚ ਬੈਠਦਿਆਂ, ਚੇਅਰਮੈਨ ਨੂੰ ਮਖੌਲ ਕਰਦਿਆਂ ਕਿਹਾ, 'ਚੇਅਰਮੈਨ ਸਾਹਬ, ਮੈਂ ਤੁਹਾਡੀ ਬਹੁਤ ਸ਼ੁਕਰੁਗਜ਼ਾਰ ਹਾਂ, ਜਿਨ੍ਹਾਂ ਮੇਰੀ ਹੱਦੋਂ ਵੱਧ ਮਦਦ ਕੀਤੀ ਅਤੇ ਵਾਅਦਾ ਕਰਦੀ ਹਾਂ ਕਿ ਜਦ ਤੁਸੀਂ ਪ੍ਰਲੋਕ ਸਿਧਾਰੇ ਤਾਂ ਮੈਂ ਤੁਹਾਡੇ 'ਤੇ ਬੜੀ ਸੁੰਦਰ ਤੇ ਪਿਆਰੀ ਚਾਦਰ ਜ਼ਰੂਰ ਪਾਵਾਂਗੀ। '
ਇਹ ਸੁਣ ਚੇਅਰਮੈਨ ਬਨਾਉਟੀ ਦੰਦਾਂ ਨੂੰ ਸੰਭਾਲਦਾ ਤੇ ਮੁਸਕੜੀ ਹੱਸਦਾ ਕਹਿਣ ਲੱਗਾ, 'ਸੌਹਰੀਏ! ਮਰੇ 'ਤੇ ਚਾਦਰ ਪਾਉਣ ਦਾ ਕੀ ਫਾਇਦਾ, ਫਿਰ ਮੈਂ ਕਿਹੜਾ ਦੇਖਣੀ ਹੈ, ਕਰ ਹਿੰਮਤ ਤੇ ਅਤੇ ਜਿਊਂਦੇ 'ਤੇ ਹੀ ਪਾ ਲੈ।'
ਟਰਾਈ
ਇਕ ਦਿਨ ਲੱਭੂ ਰਾਮ ਭੌਂਦਾ-ਭੌਂਦਾ ਤੇ ਮੂੰਹ ਲਟਕਾਈ ਲਾਲਾ ਮੋਹਨ ਸ਼ਾਹ ਦੀ ਦੁਕਾਨ 'ਤੇ ਗਿਆ ਤੇ ਆਪਣਾ ਰੋਣਾ ਰੋਂਦਾ ਤੇ ਦੁੱਖੜਾ ਫਰੋਲਦਾ ਕਹਿਣ ਲੱਗਾ, 'ਲਾਲਾ ਮੋਹਨ ਸ਼ਾਹ ਜੀ, ਤੁਸੀਂ ਬੜੇ ਕਿਸਮਤ ਤੇ ਭਾਗਾਂ ਵਾਲੇ ਹੋ, ਜਿਨ੍ਹਾਂ ਦੇ ਮੁੰਡੇ ਮੋਗੇ ਵਿਆਹ ਕੇ ਵੀ ਖੁਸ਼ ਤੇ ਪ੍ਰਸੰਨ ਰਹਿੰਦੇ ਹੋ। ਸੱਚ ਜਾਣੋ, ਮੈਂ ਤਾਂ ਇਕ ਮੁੰਡਾ ਉਥੇ ਵਿਆਹ ਕੇ ਚੌਰਾਸੀ ਦੇ ਚੱਕਰਾਂ 'ਚ ਪਿਆ ਪਛਤਾਅ ਰਿਹਾ ਹਾਂ। '
ਮੋਹਨ ਲਾਲ ਮਿੰਨਾ-ਮਿੰਨਾ ਮੁਸਕਰਾਉਂਦਾ ਤੇ ਖਚਰੀ ਹਾਸੀ ਹੱਸਦਾ ਬੋਲਿਆ, 'ਲੱਭੂ ਰਾਮਾ, ਇਹ ਤਾਂ ਆਪੋ-ਆਪਣੀ ਕਿਸਮਤ ਐ, ਫਿਰ ਮੇਰਾ ਤਾਂ ਤੀਸਰਾ ਸੁਲੱਗਵੀ ਉਥੇ ਟਰਾਈ ਮਾਰ ਰਿਹਾ ਹੈ। ਸ਼ਾਇਦ ਉਸ ਦਾ ਵੀ ਉਥੇ ਟਾਂਕਾ ਫਿੱਟ ਹੋ ਜਾਵੇ।
'ਅੱਛਾ। '
'ਜੀ ਹਾਂ। '
ਇਹ ਸੁਣ ਲੱਭੂ ਰਾਮ ਦੇ ਹੱਥੋਂ ਚਾਹ ਦਾ ਕੱਪ ਡਿੱਗ ਪਿਆ ਤੇ ਉਹ ਬੇਹੋਸ਼ ਹੋ ਗਿਆ। ਪਤਾ ਨਹੀਂ ਕਿਉਂ?


-ਸਟਰੀਟ ਆਰ. ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ,
ਫਿਰੋਜ਼ਪੁਰ ਸ਼ਹਿਰ। ਮੋਬਾਈਲ : 90418-26725.

ਕਹਾਣੀ

ਕਾਫ਼ਲਾ

ਦੇਸ਼ ਦੀ ਵੰਡ ਦਾ ਐਲਾਨ ਹੋ ਚੁੱਕਾ ਸੀ।
ਪਿੰਡ ਸਾਰੰਗੜਾ ਅਤੇ ਇਸ ਦੇ ਆਸੇ-ਪਾਸੇ ਦੇ ਪਿੰਡਾਂ ਵਿਚ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਪਸਰੀ ਹੋਈ ਸੀ। ਪਾਕਿਸਤਾਨ ਬਣਨ ਦੇ ਐਲਾਨ ਨਾਲ ਜਿੱਥੇ ਗਾਜ਼ੀਆਂ ਦੇ ਚਿਹਰੇ ਖਿੜੇ ਹੋਏ ਸਨ, ਉੱਥੇ ਵਾਪਰ ਰਿਹਾ ਘਟਨਾਕ੍ਰਮ ਪਿੰਡਾਂ ਦੇ ਮਿਹਨਤਕਸ਼ ਕਾਮਿਆਂ ਦੀ ਸਮਝ ਤੋਂ ਬਾਹਰ ਸੀ। ਕੰਨੋ-ਕੰਨ ਆ ਰਹੀਆਂ ਖ਼ਬਰਾਂ ਨੇ ਸਵਾਣੀਆਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਸੀ। ਅਗਲੇ ਪਲ ਵਾਪਰਨ ਵਾਲੀ ਸੰਭਾਵਿਤ ਹੋਣੀ ਨੇ ਪਿੰਡ ਵਾਸੀਆਂ ਦੇ ਚਿਹਰੇ ਦੇ ਹਾਸੇ ਖੋਹ ਲਏ ਸਨ।
ਚੌਧਰੀ ਅਕਰਮ ਅਲੀ ਨੇ ਆਪਣੇ ਵੱਡੇ ਮੁੰਡੇ ਗੁਲਾਮ ਅਲੀ ਨੂੰ ਪਿੰਡ ਨੂੰ ਜਾਣ ਦੀ ਤਾਕੀਦ ਕੀਤੀ। ਗੁਲਾਮ ਨੇ ਆਪਣੇ ਕਾਮੇ ਲਿਆਕਤ ਨੂੰ ਕੁਝ ਖੇਤੀ ਸਬੰਧੀ ਕੰਮ ਦੱਸੇ ਤੇ ਆਪ ਬਲਦਾਂ ਦੀਆਂ ਹਰਨਾਲੀਆਂ ਕਰਕੇ ਪਿੰਡ ਨੂੰ ਹੋ ਤੁਰਿਆ। ਚੌਧਰੀ ਅਕਰਮ ਵੀ ਘੋੜੀ 'ਤੇ ਸਵਾਰ ਹੋਇਆ ਤੇ ਗੁਲਾਮ ਦੇ ਮਗਰੇ ਹੀ ਪਿੰਡ ਨੂੰ ਚੱਲ ਪਿਆ।
ਰਸਤੇ ਵਿਚ ਚੌਧਰੀ ਅਕਰਮ ਸੋਚਦਾ ਜਾ ਰਿਹਾ ਸੀ, 'ਕੀ ਬਣੇਗਾ, ਕੋਈ ਸਮਝ ਨਹੀਂ ਆ ਰਹੀ ....ਸਾਡੇ ਪਿੰਡ ਦਾ ਤਾਂ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਇਹ ਪਾਕਿਸਤਾਨ ਵਿਚ ਹੈ ਜਾਂ ਹਿੰਦੋਸਤਾਨ ਵਿਚ। ਉਂਜ ਗਾਮਾ ਤਾਂ ਦੱਸਦਾ ਸੀ ਕਿ ਸਾਰੀ ਅਜਨਾਲਾ ਤਹਿਸੀਲ ਹੀ ਪਾਕਿਸਤਾਨ ਵਿਚ ਆ ....ਪਰ ਕੀ ਪਤਾ ਆ ਲੀਡਰਾਂ ਦਾ ਜੇ ਸਾਨੂੰ ਜਾਣਾ ਪਿਆ ਤਾਂ ਕਿੱਥੇ ਜਾਵਾਂਗੇ? ....ਲਾਹੌਰ ਵਾਲੀ ਕੰਨੀ ਤਾਂ ਨਾ ਸਾਡਾ ਅੰਗ ਨਾ ਸਾਕ। ਉਂਜ ਵੀ ਜਵਾਲੇ ਹੁਰੀਂ ਦੱਸਦੇ ਆ ਰੌਲਾ-ਰੱਪਾ ਕੁਝ ਕੁ ਦਿਨਾਂ ਦਾ ਈ ਆ ਫਿਰ ਸਭ ਨੇ ਘਰੋ-ਘਰੀ ਆਉਣਾ ਆ। ਇੰਨੀਆਂ ਜਾਇਦਾਦਾ ਛੱਡ ਕੇ ਆਖਰ ਜਾਣਾ ਵੀ ਕਿੱਥੇ ਆ....?'
ਕੀ ਹਾਲ ਆ ਚੌਧਰੀ ਸਾਹਿਬ ! ਸਾਹਮਣੇ ਤੋਂ ਆ ਰਹੇ ਬਾਬੇ ਬੁੱਧ ਸਿਹੁੰ ਨੇ ਰਸਮੀ ਤੌਰ 'ਤੇ ਜ਼ੁਬਾਨ ਸਾਂਝੀ ਕੀਤੀ। ਚੌਧਰੀ ਅਕਰਮ ਅਲੀ ਨੇ ਵੀ ਦੁਆ ਸਲਾਮ ਕੀਤੀ। ਦੋਹਾਂ ਆਵਾਜ਼ਾਂ ਵਿਚ ਹੀ ਓਪਰਾਪਣ ਪ੍ਰਤੱਖ ਝਲਕ ਰਿਹਾ ਹੀ। ਦੋਵੇਂ ਆਪੋ-ਆਪਣੇ ਰਾਹੇ ਪੈ ਗਏ।
ਬਾਬੇ ਬੁੱਧ ਸਿੰਘ ਦਾ ਖੂਹ ਗੁਰਮੇ ਵਾਲਾ ਅਤੇ ਚੌਧਰੀ ਅਕਰਮ ਅਲੀ ਦਾ ਖੂਹ ਗੁੰਨੀ ਆਲਾ ਆਸ-ਪਾਸ ਹੀ ਸਨ। ਪਿੰਡੋਂ ਆਸੇ ਹੂਰੇ ਨੂੰ ਆਉਂਦੀ ਡੰਡੀ ਇਨ੍ਹਾਂ ਦੇ ਖੇਤਾਂ ਨੂੰ ਚੀਰ ਜਾਂਦੀ ਸੀ। ਗੁਰਮੇ ਆਲਾ ਡੰਡੀ ਤੋਂ ਲਹਿੰਦੇ ਬਾਹੀ ਅਤੇ ਗੁੰਨੀ ਆਲਾ ਚੜ੍ਹਦੇ ਬਾਹੀ। ਕਹੀ- ਕੁਹਾੜੀ ਅਤੇ ਦਾਤੀ -ਰੰਬੇ ਦੇ ਲੈਣ-ਦੇਣ ਦੀਆਂ ਗੂੜ੍ਹੀਆਂ ਸਾਂਝਾਂ। ਬੁੱਧ ਸਿਹੁੰ ਗਾਲੜੀ ਸੁਭਾਅ ਦਾ ਬੰਦਾ ਸੀ। ਗੁੰਨੀ ਆਲੇ ਖੂਹ ਦੇ ਸੰਘਣੇ ਬੋਹੜ ਹੇਠਾਂ ਬੁੱਧ ਸਿੰਹੁ ਨੇ ਆ ਜਾਣਾ ਤੇ ਸਾਰੀ ਦਿਹਾੜੀ ਚੁੰਝ ਚਰਚਾ ਚੱਲਦੀ ਰਹਿਣੀ। ਚੌਧਰੀ ਅਕਰਮ ਵੀ ਨਿੱਘੇ ਸੁਭਾਅ ਦਾ ਬੰਦਾ ਸੀ। ਦੋਵਾਂ ਨੇ ਲੋਹੜੀ -ਵਿਸਾਖੀ ਕਦੇ ਘੁੱਟ- ਘੁੱਟ ਲਾ ਵੀ ਲੈਣੀ।
ਘੋੜੀ 'ਤੇ ਜਾਂਦਿਆਂ-ਜਾਂਦਿਆਂ ਚੌਧਰੀ ਅਕਰਮ ਨੇ ਇਕ ਵਾਰ ਪਿੱਛੇ ਮੁੜ ਕੇ ਵੇਖਿਆ। ਬਾਬਾ ਬੁੱਧ ਸਿਹੁੰ ਕੌੜਿਆਂ ਦੇ ਸਵਰਨ ਕੋਲ ਕਮਾਦ ਦੀ ਵੱਟ 'ਤੇ ਖਲੋਤਾ ਸੀ। ਚੌਧਰੀ ਅਕਰਮ ਸੋਚਣ ਲੱਗ ਪਿਆ।
ਸਿੱਖ ਵੀ ਵੱਟੇ-ਘੁੱਟੇ ਜਿਹੇ ਫਿਰਦੇ ਆ। ਬੁੱਧ ਸਿਹੁੰ ਕੰਨੀ ਈ ਵੇਖ ਲਵੋ। ਅੱਖਾਂ ਈ ਹੋਰ ਹੋ ਗਈਆ ਆ। ਕਿੰਨੇ ਦਿਨ ਹੋਗੇ ਖੂਹ 'ਤੇ ਨਹੀਂ ਆਇਆ। ਅੱਗੋਂ-ਪਿੱਛੋਂ ਜੇ ਆਪ ਨਾ ਆਉਣਾ ਤਾਂ 'ਵਾਜ਼ ਮਾਰ ਲੈਣੀ.... ਆ ਜਾ ਚੌਧਰੀ ਛਾਵੇਂ.... ਮੁੰਡੇ ਕੰਮ ਨੂੰ ਬਥੇਰੇ ਆ ਹੁਣ... ਬਹੁਤਾ ਖਪਿਆ ਨਾ ਕਰ। ਜੇ ਆਮ ਵਰਗੇ ਹਾਲਾਤ ਹੁੰਦੇ ਤਾਂ ਬੁੱਧ ਸਿਹੁੰ ਨੇ ਘੋੜੀ ਘੇਰਨ ਤੱਕ ਜਾਣਾ ਸੀ, ਗੱਲਾਂ ਹੀ ਨਹੀਂ ਸਨ ਮੁੱਕਣੀਆਂ। ....ਤੇ ਹੁਣ... ਹੁਣ ਤਾਂ ਜਾਪਦਾ ਆ ਗੱਲਾਂ ਈ ਮੁੱਕ ਗਈਆਂ ਨੇ। ਅੱਜ ਤਾਂ ਬੁੱਧ ਸਿਹੁੰ ਨੂੰ ਵੀ ਸਾਸਰੀ ਕਾਲ ਤੋਂ ਅੱਗੇ ਕੋਈ ਗੱਲ ਹੀ ਨਹੀਂ ਅਹੁੜੀ।
ਚੌਧਰੀ ਅਕਰਮ ਘੋੜੀ ਤੋਂ ਉਤਰਿਆ। ਹਵੇਲੀ ਵਿਚ ਵਿਹੜੇ ਦੇ ਕਾਫ਼ੀ ਲੋਕ ਆ ਚੁੱਕੇ ਸਨ। ਫਜ਼ਲ ਹੁਰਾਂ ਨੇ ਧੂਹ-ਧੂਹ ਮੰਜੇ ਡਾਹ ਦਿੱਤੇ। ਸਿਆਣੇ ਬੰਦੇ ਮੰਜਿਆਂ 'ਤੇ ਬੈਠ ਗਏ। ਮੁੰਡੇ- ਖੁੰਡੇ ਕੰਧਾਂ-ਕੌਲਿਆਂ ਨਾਲ ਲੱਗੇ ਖੜ੍ਹੇ ਸਨ।
'ਤਹਾਨੂੰ ਸਭ ਨੂੰ ਪਤਾ ਏ ਭਈ ਪਾਕਿਸਤਾਨ ਬਣ ਗਿਆ ਏ....।' ਚੌਧਰੀ ਅਕਰਮ ਨੇ ਸਾਰਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ।
....ਜੇ ਆਪਣਾ ਪਿੰਡ ਪਾਕਿਸਤਾਨ ਵਿਚ ਹੋਇਆ ਤਾਂ ਹਿੰਦੂ -ਸਿੱਖਾਂ ਨੂੰ ਪਿੰਡ ਛੱਡ ਕੇ ਜਾਣਾ ਪਊ ਜੇ ਪਿੰਡ ਹਿੰਦੋਸਤਾਨ ਵਿਚ ਆ ਗਿਆ ਤਾਂ ਆਪਾਂ ਨੂੰ....।
'ਮਾਹੌਲ ਬਹੁਤ ਖ਼ਰਾਬ ਆ। ਮਾਲਵੇ ਵੱਲ ਤਾਂ ਸਿੱਖਾਂ ਨੇ ਬਹੁਤ ਜੁਰਮ ਕੀਤਾ ਏ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਨੇ' ਬਾਬੇ ਹੁਸੈਨ ਨੇ ਭਾਵੇਂ ਆਮ ਗੱਲ ਕੀਤੀ ਪਰ ਉਸਦੇ ਕਹਿਣ ਦਾ ਅੰਦਾਜ਼ ਜ਼ਹਿਰੀਲਾ ਸੀ।
'ਇਨ੍ਹਾਂ ਗੱਲਾਂ ਵਿਚ ਨਾ ਪਵੋ... ਮੁਸਲਮਾਨ ਕਿਹੜੀ ਘੱਟ ਕਰ ਰਹੇ ਨੇ, ਕੱਲ੍ਹ ਲਾਹੌਰ ਵਲੋਂ ਵੱਢੀ ਗੱਡੀ ਅੰਬਰਸਰ ਆਈ ਆ।' ਚੌਧਰੀ ਅਕਰਮ ਨੇ ਬਾਬੇ ਹੁਸੈਨ ਦੀ ਗੱਲ ਕੱਟਦਿਆਂ ਕਿਹਾ।
'ਜਿਹੜੀ ਗੱਲ ਲਈ ਆਪਾਂ ਸਾਰੇ ਭਰਾ ਇਕੱਠੇ ਹੋਏ ਆਂ, ਉਹ ਇਹ ਆ ਕੇ ਆਪਣੇ ਜ਼ੈਲਦਾਰ ਸੁੱਚਾ ਸਿਹੁੰ ਨੇ ਚੌਂਕੀਦਾਰ ਘੱਲਿਆ ਸੀ। ਉਨ੍ਹਾਂ ਕਿਹਾ ਕਿ ਸਿੱਖ-ਮੁਸਲਮਾਨ ਰਲ ਕੇ ਸਾਂਝੀ ਅਮਨ ਕਮੇਟੀ ਬਣਾ ਲਈਏ।' ਚੌਧਰੀ ਅਕਰਮ ਧਰਮ ਦੇ ਭਰਾਵਾਂ ਕੋਲ ਆਪਣੀ ਗੱਲ ਰੱਖੀ।
ਸਾਰੇ ਇਕੱਠ ਵਿਚ ਰੌਲਾ ਜਿਹਾ ਪੈ ਗਿਆ। ਮੁਸਲਮਾਨ ਗੱਭਰੂ ਕਿਸੇ ਕਮੇਟੀ ਦੇ ਹੱਕ ਵਿਚ ਨਹੀਂ ਸਨ। ਸਿਆਣੇ ਬੰਦੇ ਇਸ ਆਪੋ-ਧਾਪ 'ਤੇ ਨੌਜਵਾਨਾਂ ਨੂੰ ਝਿੜਕ ਰਹੇ ਸਨ।
ਅਗਲੇ ਦਿਨ ਪਹਿਲੇ ਪਹਿਰ ਹੀ ਬਾਬੇ ਮਹਿਮੂਦ ਦੀ ਦਰਗਾਹ 'ਤੇ ਸਿੱਖਾਂ ਅਤੇ ਮੁਸਲਮਾਨਾਂ ਦਾ ਇਕੱਠ ਹੋਇਆ। ਦੋਵਾਂ ਧਿਰਾਂ ਨੇ ਪਿੰਡ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਆਪੋ ਆਪਣੇ ਮਜ਼ਹਬ ਦੀ ਕਸਮ ਖਾਧੀ ਤੇ ਇਕ-ਦੂਜੇ ਦੀ ਹਿਫਾਜ਼ਤ ਦਾ ਅਹਿਦ ਲਿਆ।
ਪਿੰਡ ਵਿਚ ਅਮਨ ਕਮੇਟੀ ਬਣ ਜਾਣ ਨਾਲ ਇਕ ਵਾਰ ਫਿਰ ਵਿਸ਼ਵਾਸ ਦਾ ਦੌਰ ਪਰਤ ਆਇਆ। ਸਿੱਖ ਮੁਸਲਮਾਨਾਂ ਨਾਲ ਹੱਸ ਕੇ ਗੱਲ ਕਰਨ ਲੱਗ ਪਏ। ਮੁਸਲਮਾਨ ਸਿੱਖਾਂ ਨਾਲ ਦੁਆ ਸਲਾਮ ਕਰਨ ਲੱਗ ਪਏ।
ਥੋੜ੍ਹੇ ਕੁ ਦਿਨ ਹੀ ਲੰਘੇ ਸਨ। ਲਾਗਲੇ ਪਿੰਡ ਮੰਜ ਦੇ ਚੌਧਰੀ ਅੱਲ੍ਹਾ ਦਿੱਤਾ ਨੇ ਚੌਧਰੀ ਅਕਰਮ ਨੂੰ ਆਪਣਾ ਆਦਮੀ ਭੇਜ ਕੇ ਦੱਸਿਆ ਕੇ ਸਾਰੰਗੜਾ, ਮੰਜ, ਕੱਕੜ, ਰਾਣੀਆਂ, ਗਾਗਰਮੱਲ,ਪੰਡੋਰੀ, ਬੱਚੀਵਿੰਡ ਹਿੰਦੋਸਤਾਨ ਦਾ ਹਿੱਸਾ ਹਨ ਜਦੋਂ ਕੇ ਈਚੋਗਿੱਲ, ਭਸੀਨ, ਦਗੇਜ਼, ਠੱਠਾ ਪਾਕਿਸਤਾਨ ਵਿਚ ਆ ਗਏ ਹਨ। ਇਸ ਖ਼ਬਰ ਨਾਲ ਪਿੰਡ ਸਾਰੰਗੜਾ ਦੇ ਮੁਸਲਮਾਨਾਂ ਦੇ ਪੈਰਾਂ ਹੇਠਲੀ ਧਰਤੀ ਹਿੱਲ ਗਈ। ਮੁਸਲਮਾਨ ਘਰਾਂ ਵਿਚ ਮਾਤਮ ਛਾਇਆ ਹੋਇਆ ਸੀ। ਮੁਸਲਮਾਨ ਤ੍ਰੀਮਤਾਂ ਦੇ ਚਿਹਰਿਆ 'ਤੇ ਮੌਤ ਜਿਹੀ ਵਿਰਾਨਗੀ ਛਾ ਗਈ।
ਇਨ੍ਹਾਂ ਪਿੰਡਾਂ ਦੀ ਕਿਸਮਤ ਦੀ ਖ਼ਬਰ ਫੈਲਦਿਆਂ ਹੀ ਲਾਗਲੇ ਪਿੰਡਾਂ ਦੇ ਸਿੱਖਾਂ ਦਾ ਇਕ ਵੱਡਾ ਜਥਾ ਲੁੱਟਮਾਰ ਦੀ ਮਨਸਾ ਨਾਲ ਪਿੰਡੋਂ ਬਾਹਰਵਾਰ ਮੂਲਾ ਸਿਹੁੰ ਵਾਲੇ ਬਾਗ ਵਿਚ ਰਾਹ ਮੱਲ ਕੇ ਬੈਠ ਗਿਆ।
ਦੂਸਰੇ ਪਿੰਡਾਂ ਦੇ ਸਿੱਖਾਂ ਦੇ ਜਥੇ ਵਲੋਂ ਰਸਤਾ ਮੱਲ ਲੈਣ ਦੀ ਖਬਰ ਨਾਲ ਮੁਸਲਮਾਨਾਂ ਵਿਚ ਘਬਰਾਹਟ ਵਰਗੀ ਸਥਿਤੀ ਬਣ ਗਈ। ਪਿੰਡ ਸਾਰੰਗੜੇ ਤੋਂ ਸਰਹੱਦ ਦਾ ਪੰਧ ਭਾਵੇਂ 15 ਕੋਹ ਤੋਂ ਵੱਧ ਨਹੀਂ ਸੀ ਪਰ ਹੋ ਰਹੀ ਕਤਲੋਗਾਰਤ ਕਾਰਨ ਇਹ ਪੈਂਡਾ ਵੀ ਲੰਬੇਰਾ ਬਣਿਆ ਪਿਆ ਸੀ। ਮੁਸਲਮਾਨਾਂ ਨੇ ਰਾਤ ਜਾਗਦਿਆਂ ਕੱਟੀ। ਪਿੰਡ ਵਿਚੋਂ ਬਾਹਰ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਜਵਾਲਾ ਚੌਕੀਦਾਰ ਦੱਸ ਰਿਹਾ ਸੀ ਕਿ ਭੀਲੋਵਾਲ ਕੱਚੇ ਨੇੜੇ ਮੁਸਲਮਾਨ ਕਾਫ਼ਲਾ ਵੱਢ ਦਿੱਤਾ ਗਿਆ ਹੈ। ਕਸਬਾ ਪੁਲ ਕੰਜ਼ਰੀ ਦੇ ਬਾਜ਼ਾਰ ਸਾੜ ਕੇ ਸੁਆਹ ਕਰ ਦਿੱਤੇ ਹਨ। ਪਿੰਡ ਚੱਕ ਦੇ ਸਾਰੇ ਮੁਸਲਮਾਨ ਮਾਰ ਦਿੱਤੇ ਗਏ।
'ਚਾਚਾ ! ਹੁਣ ਕਿੱਥੇ ਆ ਤੇਰੀ ਅਮਨ ਕਮੇਟੀ ' ਹੱਥ ਵਿਚ ਬਰਛੀ ਵਾਲਾ ਸੋਟਾ ਫੜ੍ਹੀ ਗਾਮੇ ਨੇ ਚੌਧਰੀ ਅਕਰਮ 'ਤੇ ਵਿਅੰਗ ਕੱਸਿਆ।
'ਜਿੱਧਰ ਗਿਆ ਅਮਨ, ਉੱਥੇ ਗਈਆਂ ਕਮੇਟੀਆਂ...ਇਹ ਕਾਫਰ ਸਾਡੇ ਕਦੇ ਮਿੱਤ ਨਹੀਂ ਹੋ ਸਕਦੇ।' ਬਾਬੇ ਹੁਸੈਨ ਨੇ ਜ਼ਹਿਰੀਲੇ ਨਾਗ ਵਰਗਾ ਫੁੰਕਾਰਾ ਮਾਰਿਆ।
ਚੌਧਰੀ ਅਕਰਮ ਅਲੀ ਚੁੱਪ ਸੀ। ਜਦੋਂ ਦਾ ਪਿੰਡ ਦਾ ਪਤਾ ਲੱਗਾ ਸੀ ਉਦੋਂ ਦਾ ਸਿੱਖ ਭਾਈਚਾਰਾ ਵੀ ਖਾਮੋਸ਼ੀ ਦੇ ਆਲਮ ਵਿਚ ਘਿਰਿਆ ਹੋਇਆ ਸੀ। ਆਲੇ-ਦੁਆਲੇ ਦੇ ਪਿੰਡਾਂ ਵਿਚ ਮੌਤ ਤਾਡਵ ਨ੍ਰਿਤ ਕਰ ਰਹੀ ਸੀ। ਨਫ਼ਰਤ ਦੀ ਹਨੇਰੀ ਨੇ ਪਿੰਡ ਦੇ ਦੋ ਭਾਈਚਾਰਿਆਂ ਵਿਚਕਾਰ ਲਕੀਰ ਗੂੜ੍ਹੀ ਕਰ ਦਿੱਤੀ ਸੀ।
ਇਨ੍ਹਾਂ ਹੀ ਦਿਨਾਂ 'ਚ ਇਕ ਹੋਰ ਖਬਰ ਆ ਗਈ। ਮੰਜਾਂ ਵਾਲਾ ਚੌਧਰੀ ਅੱਲ੍ਹਾ ਦਿੱਤਾ ਰਾਤੋ-ਰਾਤ ਆਪਣੇ ਪਿੰਡ ਵਾਲੇ ਮੁਸਲਮਾਨਾਂ ਨਾਲ ਸਰਹੱਦ ਪਾਰ ਕਰ ਗਿਆ ਸੀ।
ਚੌਧਰੀ ਅੱਲ੍ਹਾ ਦਿੱਤੇ ਦੇ ਚਲੇ ਜਾਣ ਤੋਂ ਬਾਅਦ ਸਾਰੰਗੜੇ ਦੇ ਮੁਸਲਮਾਨਾਂ ਦੇ ਪੈਰ ਹਿੱਲ ਗਏ।
ਅਗਲੇ ਦਿਨ ਪਹਿਲੇ ਪਹਿਰ ਹੀ ਪਿੰਡ ਛੱਡ ਦੇਣ ਦਾ ਫੈਸਲਾ ਕਰ ਲਿਆ ਗਿਆ। ਚੌਧਰੀ ਅਕਰਮ ਅਲੀ ਅਤੇ ਉਸਦਾ ਭਰਾ ਫਰਜ਼ੰਦ ਅਲੀ ਘੋੜੀ 'ਤੇ ਸਵਾਰ ਸਨ। ਉਸਦਾ ਵੱਡਾ ਮੁੰਡਾ ਗੁਲਾਮ ਅਲੀ, ਛੋਟਾ ਨਵਾਬ ਅਲੀ ਅਤੇ ਭਤੀਜਾ ਬਰਕਤ ਗੱਡਾ ਜੋੜ ਕੇ ਲੋੜੀਂਦਾ ਸਾਮਾਨ ਲੱਦ ਰਹੇ ਸਨ। ਸਿੱਖ ਔਰਤਾਂ ਇਸ ਭਾਜੜ ਨੂੰ ਦਰਵਾਜ਼ਿਆ ਦੇ ਵਿਰਲਾਂ ਰਾਹੀਂ ਤੱਕ ਕੇ ਹੰਝੂ ਕੇਰ ਰਹੀਆਂ ਸਨ।
ਦੁਪਹਿਰ ਵੇਲੇ ਮੁਸਲਮਾਨ ਕਾਫ਼ਲਾ ਪਿੰਡੋਂ ਨਿਕਲਿਆ। ਮੁਸਲਮਾਨ ਨੌਜਵਾਨ ਹੱਥਾਂ ਵਿਚ ਬਰਛੇ ਫੜੀ ਕਾਫ਼ਲੇ ਨਾਲ ਚੁਕੰਨੇ ਹੋ ਕੇ ਜਾ ਰਹੇ ਸਨ। ਆਸੇ ਹੂਰੇ ਤੋਂ ਉਰ੍ਹਾਂ ਹੀ ਸੀ ਕੇ ਜਵਾਲਾ ਚੌਕੀਦਾਰ ਖ਼ਬਰ ਲਿਆਇਆ ਕੇ ਬਾਗ ਵਾਲਾ ਜਥਾ ਨਿਕਾਸੂ ਦੇ ਪੁਲ ਨੂੰ ਮੱਲ ਕੇ ਬੈਠ ਗਿਆ ਹੈ। ਕਾਫ਼ਲਾ ਰੁਕ ਗਿਆ।
ਪਿੰਡ ਵਲੋਂ ਘੋੜੀਆਂ ਦੇ ਪੈਰਾਂ ਦੀ ਅਵਾਜ਼ ਆਈ। ਔਰਤਾਂ ਕੋਈ ਅਣਹੋਣੀ ਸਮਝ ਕੇ ਰੋਣ ਲੱਗ ਪਈਆਂ। ਮੁਸਲਮਾਨ ਗੱਭਰੂਆਂ ਆਪਣੇ ਹਥਿਆਰ ਸਿੱਧੇ ਕਰ ਲਏ। ਪਲਾਂ ਵਿਚ ਹੀ ਘੋੜੀਆਂ ਕਾਫਲੇ ਦੇ ਮੂਹਰੇ ਆ ਗਈਆਂ।
ਬਾਬਾ ਬੁੱਧ ਸਿਹੁੰ, ਜ਼ੈਲਦਾਰ ਸੁੱਚਾ ਸਿਹੁੰ, ਚਾਨਣ ਸਿੰਘ, ਲਾਲਾ ਮਦਨ ਲਾਲ, ਸੁੰਦਰ ਸਿਹੁੰ, ਧਰਮ ਚੰਦ, ਗੁਰਮੁੱਖ ਸਿੰਘ ਅਤੇ ਪਿੰਡ ਦੇ ਹੋਰ ਕਈ ਜ਼ਿੰਮੇਵਾਰ ਘੋੜੀਆਂ ਤੋਂ ਉਤਰੇ। ਬਾਬੇ ਬੁੱਧ ਸਿੰਘ ਨੇ ਅਕਰਮ ਅਲੀ ਨੂੰ ਗਲਵੱਕੜੀ ਵਿਚ ਲੈ ਲਿਆ ਤੇ ਜਾਰੋ-ਜਾਰ ਰੋਣ ਲੱਗ ਪਿਆ। ਹੋਰ ਵੀ ਸਾਰੇ ਇਕ ਦੂਜੇ ਨੂੰ ਸਨੇਹ ਨਾਲ ਮਿਲ ਰਹੇ ਸਨ।
'ਯਾ ਅੱਲ੍ਹਾ! ਕੀ ਗੁਨਾਹ ਹੋ ਗਿਆ ਸਾਡੇ ਵੱਡਕਿਆਂ ਦੀ ਮਿੱਟੀ ਵੀ ਹੁਣ ਸਾਡੀ ਨਹੀਂ ਰਹੀ।' ਫੱਤੀ ਜੁਲਾਹੀ ਨੇ ਪਿੰਡ ਵੱਲ ਮੂੰਹ ਕਰਕੇ ਧਾਹ ਮਾਰੀ।
ਸਿਆਣੇ ਬੰਦੇ ਫੱਤੀ ਨੂੰ ਦਿਲਾਸਾ ਦੇਣ ਲੱਗੇ। ਪਰ ਵਿਰਲਾਪ ਘਟਣ ਦੀ ਥਾਂ ਵਧਦਾ ਜਾ ਰਿਹਾ ਸੀ। ਫੱਤੀ ਵੱਲ ਵੇਖ ਕੇ ਹੋਰ ਔਰਤਾਂ ਵੀ ਰੋਣ ਲੱਗ ਪਈਆਂ।
'ਚੰਗਾ ਭਈ ਭਰਾਵੋ! ਹੁਣ ਆਗਿਆ ਦਿਓ' ਚੌਧਰੀ ਅਕਰਮ ਨੇ ਮਿਲਣ ਆਏ ਸਿੱਖ ਭਰਾਵਾਂ ਨੂੰ ਸਾਂਝੇ ਸੰਬੋਧਨ ਵਿਚ ਕਿਹਾ।
'ਨਾ... ਨਾ ਚੌਧਰੀ ਸਾਹਿਬ! ਅਸੀਂ ਤੁਹਾਡੇ ਨਾਲ ਜਾਵਾਂਗੇ... ਕੀਤੇ ਬਚਨ ਪੁਗਾਉਣ ਦਾ ਵਕਤ ਆ ਗਿਆ ਹੈ', ਜ਼ੈਲਦਾਰ ਸੁੱਚਾ ਸਿਹੁੰ ਨੇ ਘੋੜੀ 'ਤੇ ਸਵਾਰ ਹੁੰਦਿਆ ਕਿਹਾ।
ਮੁਸਲਮਾਨਾਂ ਦੇ ਨਾਂਹ-ਨਾਂਹ ਕਰਦਿਆਂ ਵੀ ਸਿੱਖ ਭਰਾਵਾਂ ਦਾ ਹਿਫ਼ਾਜ਼ਤੀ ਦਸਤਾ ਕਾਫਲੇ ਦੇ ਮੂਹਰੇ ਨਿਕਾਸੂ ਦੇ ਪੁਲ ਵੱਲ ਨੂੰ ਚੱਲ ਪਿਆ।
ਨਿਕਾਸੂ ਦਾ ਪੁਲ ਖਾਲੀ ਸੀ। ਰਾਹ ਰੋਕੂ ਜਥਾ ਖਿਸਕ ਚੁੱਕਾ ਸੀ। ਆਪਣਿਆਂ ਦੀ ਮਾਣਮੱਤੀ ਹਿਫ਼ਾਜ਼ਤ ਵਿਚ ਕਾਫ਼ਲਾ ਸਰਹੱਦ ਵੱਲ ਵਧ ਗਿਆ।


-ਪਿੰਡ ਸਾਰੰਗੜਾ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾਈਲ : 98552-74305

ਗੁੱਸਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਗੁੱਸੇ ਦੀ ਹਾਲਤ ਵਿਚ ਭੋਜਨ ਨਹੀਂ ਕਰਨਾ ਚਾਹੀਦਾ। ਖਾਣਾ ਹਮੇਸ਼ਾ ਪ੍ਰਸੰਨਚਿੱਤ ਤੇ ਸ਼ਾਂਤ ਮਨ ਨਾਲ ਖਾਣਾ ਚਾਹੀਦਾ ਹੈ ਤਾਂ ਕਿ ਪਾਚਣ ਸ਼ਕਤੀ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕੇ।
* ਸਿਹਤਮੰਦੀ ਵਿਚ ਸਭ ਤੋਂ ਵੱਡੀ ਰੁਕਾਵਟ ਗੁੱਸਾ ਹੁੰਦਾ ਹੈ। ਗੁੱਸਾ ਸਾਡੇ ਦਿਲ ਲਈ ਤਾਂ ਖ਼ਤਰਨਾਕ ਹੈ ਹੀ, ਇਸ ਦਾ ਫੇਫੜਿਆਂ 'ਤੇ ਵੀ ਮਾੜਾ ਅਸਰ ਪੈਂਦਾ ਹੈ। ਗੁੱਸੇ ਵਿਚ ਰਹਿਣ ਵਾਲੇ ਲੋਕਾਂ ਨੂੰ ਉਮਰ ਵਧਣ 'ਤੇ ਡਿਪਰੈਸ਼ਨ, ਹਾਰਟ ਅਟੈਕ ਤੇ ਬਰੇਨ ਸਟਰੋਕ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
* ਜੋ ਸੁਭਾਅ ਦਾ ਕ੍ਰੋਧੀ ਹੁੰਦਾ ਹੈ, ਉਸ ਨੂੰ ਪੁੱਤਰ, ਨੌਕਰ, ਮਿੱਤਰ, ਪਤਨੀ ਵੀ ਅੰਦਰੋਂ ਪਸੰਦ ਨਹੀਂ ਕਰਦੇ।
* ਸਮਾਜ ਵਿਚ ਫੈਲੀ ਅਰਾਜਕਤਾ, ਹਿੰਸਾ ਤੇ ਤੋੜ-ਫੋੜ ਦੇ ਪਿਛੇ ਗੁੱਸੇ ਦੀ ਭਾਵਨਾ ਹੀ ਹੁੰਦੀ ਹੈ।
* ਕਰੋਧ ਸਾਰੀ ਉਮਰ ਸਿਆਣਪ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ ਅਤੇ ਅੰਦਰੋਂ ਦਰਵਾਜ਼ੇ ਨੂੰ ਕੁੰਡੀ ਲਗਾ ਦਿੰਦਾ ਹੈ।
* ਪੰਜ ਮਿੰਟ ਦਾ ਗੁੱਸਾ ਉਮਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ।
* ਗੁੱਸਾ ਇਕ ਅਜਿਹੀ ਭਾਵਨਾ ਹੈ, ਜੋ ਪਲਾਂ ਵਿਚ ਰੌਸ਼ਨ ਘਰਾਂ ਨੂੰ ਬੀਆਬਾਨ ਬਣਾ ਦਿੰਦੀ ਹੈ। ਗੁੱਸੇਖੋਰੀ ਆਦਮੀ ਦੇ ਵਿਅਕਤੀਤਵ ਨੂੰ ਵੀ ਪ੍ਰਭਾਵਿਤ ਕਰਦੀ ਹੈ।
* ਗੁੱਸਾ ਪਲਾਂ ਵਿਚ ਰਿਸ਼ਤੇ ਨਾਤੇ ਖੇਰੂੰ-ਖੇਰੂੰ ਕਰ ਦਿੰਦਾ ਹੈ। ਪਤੀ-ਪਤਨੀ ਵਿਚ ਤਲਾਕ ਕਰਵਾ ਦਿੰਦਾ ਹੈ ਤੇ ਭਰਾ ਨੂੰ ਭਰਾ ਦਾ ਦੁਸ਼ਮਣ ਬਣਾ ਦਿੰਦਾ ਹੈ।
* ਗੁੱਸਾ ਇਕ ਅਜਿਹਾ ਤੇਜ਼ਾਬ ਹੈ ਜੋ ਜਿਸ ਚੀਜ਼ 'ਤੇ ਪਾਇਆ ਜਾਂਦਾ ਹੈ, ਉਸ ਤੋਂ ਜ਼ਿਆਦਾ ਉਸ ਬਰਤਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਸ ਵਿਚ ਉਹ ਰੱਖਿਆ ਹੁੰਦਾ ਹੈ।
* ਕੋਈ ਵੀ ਇਨਸਾਨ ਅਜਿਹੇ ਵਿਅਕਤੀ ਦੇ ਨਾਲ ਸਮਾਂ ਬਿਤਾਉਣਾ ਨਹੀਂ ਚਾਹੁੰਦਾ ਜੋ ਬਹੁਤ ਜ਼ਿਆਦਾ ਗੁੱਸੇ ਵਾਲਾ ਹੋਵੇ ਜਾਂ ਬਹੁਤ ਜ਼ਿਆਦਾ ਚੁੱਪ ਰਹਿਣ ਵਾਲਾ ਹੋਵੇ।
* ਗੁੱਸਾ ਇਕੱਲਾ ਆਉਂਦਾ ਹੈ ਪਰ ਸਾਡੀ ਸਾਰੀ ਚੰਗਿਆਈ ਲੈ ਜਾਂਦਾ ਹੈ, ਜਦੋਂ ਕਿ ਸਬਰ ਵੀ ਇਕੱਲਾ ਆਉਂਦਾ ਹੈ ਪਰ ਸਾਨੂੰ ਸਾਰੀ ਚੰਗਿਆਈ ਦੇ ਜਾਂਦਾ ਹੈ।
* ਪੰਜਾਬੀ ਦੇ ਕਿਸੇ ਸ਼ਾਇਰ ਨੇ ਗੁੱਸੇ ਬਾਰੇ ਇੰਜ ਲਿਖਿਆ ਹੈ:
ਕਿੰਨਾ ਸੀ ਉਹ ਆਪਣਾ, ਭਰਮ ਗਏ ਸਭ ਟੁੱਟ
ਜਦ ਮੈਨੂੰ ਉਸ ਆਪਣੇ, ਦਿੱਤਾ ਖੂਹ ਵਿਚ ਸੁੱਟ।
ਹਰ ਥਾਂ ਵਧੀਆਂ ਦੂਰੀਆਂ, ਵਧੀਆ ਵੈਰ ਵਿਰੋਧ,
ਪਲ ਵਿਚ ਧੌਣਾ ਲਹਿੰਦੀਆਂ, ਚੜ੍ਹਦਾ ਜਦੋਂ ਕ੍ਰੋਧ।
* ਕਈ ਵਾਰੀ ਇਕ ਛੋਟੀ ਜਿਹੀ ਗੁੱਸੇ ਵਿਚ ਆ ਕੇ ਕੀਤੀ ਗ਼ਲਤੀ ਬਹੁਤ ਮਹਿੰਗੀ ਸਾਬਤ ਹੁੰਦੀ ਹੈ। ਗੁੱਸਾ ਟੀਚਾ ਹਾਸਲ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਹੈ।
* ਸਿਆਣੇ ਕਹਿੰਦੇ ਹਨ ਕਿ ਜੇਕਰ ਕਿਸੇ ਤੋਂ ਕੋਈ ਗ਼ਲਤ ਜਾਂ ਮੂਰਖਤਾਪੂਰਨ ਕੰਮ ਕਰਵਾਉਣਾ ਹੋਵੇ ਤਾਂ ਉਸ ਨੂੰ ਗੁੱਸਾ ਦਿਵਾ ਦਿਓ ਕਿਉਂਕਿ ਗੁੱਸੇ ਨਾਲ ਵਿਵੇਕ ਖਤਮ ਹੋ ਜਾਂਦਾ ਹੈ।
* ਗੁੱਸਾ ਮੂੜਤਾ ਪੈਦਾ ਕਰਦਾ ਹੈ, ਮੂੜਤਾ ਯਾਦਸ਼ਕਤੀ ਦਾ ਨਾਸ਼ ਕਰਦੀ ਹੈ, ਯਾਦਸ਼ਕਤੀ ਨਾਸ਼ ਹੋਣ ਨਾਲ ਅਕਲ ਦਾ ਨਾਸ਼ ਹੁੰਦਾ ਹੈ ਤੇ ਅਕਲ ਦੇ ਨਸ਼ਟ ਹੋਣ ਨਾਲ ਬੰਦਾ ਖੁਦ ਨਸ਼ਟ ਹੋ ਜਾਂਦਾ ਹੈ।
* ਤੁਸੀਂ ਉਸ ਨਾਲ ਹੱਥ ਨਹੀਂ ਮਿਲਾ ਸਕਦੇ ਜਿਸ ਨੇ ਘਸੁੰਨ ਵੱਟਿਆ ਹੋਵੇ।
* ਕਿਸੇ ਸ਼ਾਇਰ ਨੇ ਗੁੱਸੇ ਬਾਰੇ ਇੰਜ ਲਿਖਿਆ ਹੈ:
ਜੇ ਬੰਦਾ ਗੁੱਸੇ ਨਾਲ ਭਰ ਜੇ,
ਧਰਤੀ ਕੰਬੇ ਅੰਬਰ ਡਰ ਜੇ।
ਬਾਰ ਦੇ ਰਸਤੇ ਗੁੰਮ ਹੋ ਜਾਵਣ,
ਗੁੱਲ ਹੋ ਜਾਵਣ ਦੀਵੇ ਘਰ ਦੇ।
ਮਨੁੱਖੀ ਮਨ ਦੀ ਟੁੱਟ ਭੱਜ ਹੋ ਜੇ।
ਜਦ ਵੀ ਅੰਦਰ ਅਗਨੀ ਵੜ ਜੇ,
ਦੂਜਿਆਂ ਨੇ ਕੀ ਲਾਗੇ ਲੱਗਣਾ,
ਦੂਰ ਹੋ ਜਾਂਦੇ ਆਪਣੇ ਘਰ ਦੇ।
* ਮਨੋਰੋਗ ਦੀ ਸ਼ੁਰੂਆਤ ਗੁਸੈਲ ਸੁਭਾਅ ਤੋਂ ਹੁੰਦੀ ਹੈ।
* ਜੇ ਤੁਹਾਡੇ ਅੰਦਰ ਜਵਾਲਾਮੁਖੀ ਹੈ ਤਾਂ ਤੁਸੀਂ ਦਿਲ ਦੇ ਬਗੀਚੇ 'ਚ ਫੁੱਲਾਂ ਦੇ ਖਿੜਨ ਦੀ ਉਮੀਦ ਕਿਉਂ ਕਰ ਰਹੇ ਹੋ।
* ਜੇ ਤੁਸੀਂ ਗੁੱਸੇ ਦੇ ਇਕ ਪਲ ਵੇਲੇ ਧੀਰਜ ਰੱਖਦੇ ਹੋ ਤਾਂ ਤੁਸੀਂ ਦੁੱਖ ਦੇ ਸੌ ਦਿਨਾਂ ਤੋਂ ਬਚ ਜਾਂਦੇ ਹੋ।
* ਗੁੱਸੇ ਨਾਲ ਸਾਰੇ ਕੰਮ ਉਸ ਤਰ੍ਹਾਂ ਨਹੀਂ ਬਣਦੇ ਜਿਸ ਤਰ੍ਹਾਂ ਸ਼ਾਂਤੀ ਨਾਲ ਬਣਦੇ ਹਨ।
* ਗੁੱਸੇ ਅਤੇ ਚਿੰਤਾ ਦਾ ਪ੍ਰਭਾਵ ਸਾਡੇ ਦਿਲ 'ਤੇ ਚੰਗਾ ਨਹੀਂ ਪੈਂਦਾ। ਗੁੱਸਾ ਦਿਲ ਦੇ ਰੋਗਾਂ ਨੂੰ ਵਧਾਉਂਦਾ ਹੈ। ਇਹ ਖੋਜ ਯੂਨੀਵਰਸਿਟੀ ਆਫ਼ ਫਿਟਸਬਰਗ ਦੇ ਮਾਹਿਰਾਂ ਦੁਆਰਾ ਕੀਤੀ ਗਈ ਹੈ।
* ਗੁੱਸੇ ਵਿਚ ਆਉਣ 'ਤੇ ਤੁਹਾਨੂੰ ਹੋਰ ਕੋਈ ਸਜ਼ਾ ਭਾਵੇਂ ਦੇਵੇ ਜਾਂ ਨਾ ਦੇਵੇ ਪਰ ਤੁਹਾਡਾ ਗੁੱਸਾ ਤੁਹਾਨੂੰ ਖੁਦ ਸਜ਼ਾ ਦੇਵੇਗਾ।
* ਸਿਆਣੇ ਕਹਿੰਦੇ ਹਨ ਕਿ ਕਲੇਸ਼ ਦਾ ਘੁਣ ਉਮਰਾਂ ਖਾਂਦਾ ਹੈ।
* ਆਕੜ ਕੇ ਨੱਚਿਆ ਨਹੀਂ ਜਾ ਸਕਦਾ ਅਤੇ ਗੁੱਸੇ ਨਾਲ ਗਾਇਆ ਨਹੀਂ ਜਾ ਸਕਦਾ।
* ਕ੍ਰੋਧ ਵਿਚ ਦਿੱਤਾ ਗਿਆ ਅਸ਼ੀਰਵਾਦ ਵੀ ਬੁਰਾ ਲਗਦਾ ਹੈ ਪਰ ਮੁਸਕਰਾ ਕੇ ਕਹੇ ਗਏ ਬੁਰੇ ਸ਼ਬਦ ਵੀ ਚੰਗੇ ਲਗਦੇ ਹਨ।
* ਜਦੋਂ ਕ੍ਰੋਧ ਸਿੰਘਾਸਨ 'ਤੇ ਆ ਕੇ ਬੈਠਦਾ ਹੈ ਤਾਂ ਬੁੱਧੀ/ਅਕਲ ਉਥੋਂ ਚੁੱਪ-ਚਾਪ ਖਿਸਕ ਜਾਂਦੀ ਹੈ।
* ਇਸ ਤੋਂ ਪਹਿਲਾਂ ਕਿ ਗੁੱਸਾ ਤੁਹਾਨੂੰ ਜਲਾ ਕੇ ਖ਼ਾਕ ਕਰ ਦੇਵੇ, ਤੁਸੀਂ ਕ੍ਰੋਧ ਨੂੰ ਹੀ ਜਲਾ ਦਿਓ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ

ਦੁੱਧ ਅਤੇ ਸ਼ਰਾਬ ਵਿਚ ਫ਼ਰਕ

ਪੰਜਾਬੀ ਵਿਚ ਕਵੀ ਦਰਬਾਰ ਅਤੇ ਉਰਦੂ ਵਿਚ ਮੁਸ਼ਾਇਰਾ ਕਿਹਾ ਜਾਂਦਾ ਹੈ। ਕਵੀਆਂ ਦਾ ਇਹ ਪ੍ਰੋਗਰਾਮ ਸੁਨਣ ਲਈ ਸ਼ਾਇਰੀ ਸੁਣਨ ਦੇ ਸ਼ੌਕੀਨ ਹੁੰਮ-ਹੁਮਾ ਕੇ ਪਹੁੰਚਦੇ ਹਨ। ਉਰਦੂ ਮੁਸ਼ਾਇਰਾ ਸੁਣਨ ਦੇ ਸ਼ੌਕੀਨ ਲਖਨਊ ਵਾਸੀ ਇਸ ਦੇ ਸਭ ਤੋਂ ਉੱਚੇ ਦਰਜੇ ਦੇ ਸਰੋਤੇ ਹੁੰਦੇ ਹਨ। ਮੁਸ਼ਾਇਰੇ ਵਾਲੇ ਦਿਨ ਮਜ਼ਦੂਰ ਆਪਣੇ ਕੰਮ 'ਤੇ ਨਹੀਂ ਜਾਂਦੇ। ਹੋਰ ਤਰ੍ਹਾਂ ਦੇ ਕੰਮ ਕਰਨ ਵਾਲੇ ਵੀ ਸਵੇਰ ਤੋਂ ਹੀ ਮੁਸ਼ਾਇਰਾ ਸੁਣਨ ਦੀ ਤਿਆਰੀ ਕਰਦੇ ਨਜ਼ਰ ਆਉਂਦੇ ਹਨ। ਉਹ ਸ਼ੇਵ ਕਰ ਕੇ, ਨਹਾ-ਧੋ ਕੇ, ਧੋਤੇ ਕੱਪੜੇ ਪਾ ਕੇ, ਪਾਨ ਦੀਆਂ ਗਲੋਰੀਆਂ ਜੇਬ ਵਿਚ ਰੱਖ ਕੇ ਤਿਆਰੀ ਕਰਦੇ ਹਨ। ਇਨ੍ਹਾਂ ਦੀ ਹਾਜ਼ਰੀ ਮੁਸ਼ਾਇਰੇ ਦੀ ਕਾਮਯਾਬੀ ਦੀ ਗਾਰੰਟੀ ਹੁੰਦੀ ਹੈ। ਇਸ ਕਰਕੇ ਮੁਸ਼ਾਇਰੇ ਦੇ ਪ੍ਰਬੰਧਕ ਚੰਗੇ ਤੋਂ ਚੰਗੇ ਸ਼ਾਇਰ ਨੂੰ ਸੱਦਾ ਪੱਤਰ ਦਿੰਦੇ ਹਨ। ਸ਼ਾਇਰ ਵੀ ਮੂੰਹ ਮੰਗੀ ਰਕਮ ਤੋਂ ਬਿਨਾਂ ਮੁਸ਼ਾਇਰੇ ਵਿਚ ਸ਼ਾਮਿਲ ਨਹੀਂ ਹੁੰਦੇ।
ਇਕ ਵਾਰੀ ਇਕ ਮੁਸ਼ਾਇਰੇ ਦੇ ਪ੍ਰਬੰਧਕ ਮਸ਼ਹੂਰ ਸ਼ਾਇਰ ਅਹਿਸਾਨ ਦਾਨਿਸ਼ ਸਾਹਿਬ ਨੂੰ ਮਿਲੇ ਅਤੇ ਮੁਸ਼ਾਇਰੇ ਵਿਚ ਹਾਜ਼ਰ ਹੋਣ ਦੀ ਬੇਨਤੀ ਕੀਤੀ। ਦਾਨਿਸ਼ ਸਾਹਿਬ ਨੇ ਪਹਿਲਾ ਸਵਾਲ ਇਹ ਪੁੱਛਿਆ ਕਿ ਕਿੰਨੇ ਪੈਸੇ ਦਿਓਗੇ। ਪ੍ਰਬੰਧਕਾਂ ਨੇ ਕਿਹਾ, 'ਅਸੀਂ ਤੁਹਾਨੂੰ ਤਿੰਨ ਸੌ ਰੁਪਏ ਦਿਆਂਗੇ, ਏਨੇ ਹੀ ਪੈਸੇ ਲੈ ਕੇ ਜਨਾਬ ਹਫੀਜ਼ ਜਲੰਧਰੀ ਨੇ ਮੁਸ਼ਾਇਰੇ ਵਿਚ ਆਉਣਾ ਮੰਨ ਲਿਆ ਹੈ।' ਇਹ ਸੁਣ ਕੇ ਦਾਨਿਸ਼ ਸਾਹਿਬ ਨੇ ਜਵਾਬ ਦਿੱਤਾ, 'ਕਿਥੇ ਹਫੀਜ਼ ਸਾਹਿਬ ਕਿਥੇ ਇਕ ਮਜ਼ਦੂਰ ਸ਼ਾਇਰ ਅਹਿਸਾਨ, ਐਪਰ ਜਨਾਬ ਮੈਂ ਕਿਸੇ ਕੀਮਤ 'ਤੇ ਵੀ ਆਪਣੇ ਆਪ ਨੂੰ ਨੀਵਾਂ ਨਹੀਂ ਕਰਨਾ ਚਾਹੁੰਦਾ, ਮੈਂ ਪੰਜ ਸੌ ਰੁਪਏ ਤੋਂ ਘੱਟ ਨਹੀਂ ਲਵਾਂਗਾ। ਮੈਂ ਛੋਟਾ ਸ਼ਾਇਰ ਸਹੀ ਅਤੇ ਹਫੀਜ਼ ਸਾਹਿਬ ਬਹੁਤ ਵੱਡੇ ਸ਼ਾਇਰ ਸਹੀ ਪਰ ਯਾਦ ਰੱਖਣਾ ਦੁੱਧ ਬੜਾ ਫਾਇਦੇਮੰਦ ਅਤੇ ਵਧੀਆ ਚੀਜ਼ ਹੈ, ਫਿਰ ਵੀ ਇਹ ਗਲੀ-ਗਲੀ ਵਿਕਦਾ ਹੈ ਅਤੇ ਸ਼ਰਾਬ ਬਹੁਤ ਮਾੜੀ ਅਤੇ ਬਦਨਾਮ ਚੀਜ਼ ਹੈ ਫਿਰ ਵੀ ਉਹ ਆਪਣੇ ਮੁਕਾਮ 'ਤੇ ਹੀ ਵਿਕਦੀ ਹੈ।'


ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. (ਪੰਜਾਬ)।
ਮੋਬਾਈਲ : 94170-91668.

ਕਹਾਣੀ

ਉੱਚੇ ਪਹਾੜ, ਨੀਵਾਂ ਦਿਲ

35-40 ਸਾਲ ਪਹਿਲਾਂ ਦੀ ਗੱਲ ਹੈ, ਮੈਨੂੰ ਉੱਤਰਾਖੰਡ ਦੇ ਰੁਦਰਪ੍ਰਯਾਗ ਸ਼ਹਿਰ ਜਾਣ ਦਾ ਮੌਕਾ ਮਿਲਿਆ। ਉਥੇ ਮੇਰੀ ਇਕ ਰਿਸ਼ਤੇਦਾਰ ਲੜਕੀ ਸਿਲਾਈ-ਕਢਾਈ ਦੀ ਸੰਸਥਾ ਚਲਾ ਰਹੀ ਸੀ। ਇਹ ਸ਼ਹਿਰ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿਚ ਪੈਂਦਾ ਹੈ। ਉੱਚੇ-ਉੱਚੇ ਪਹਾੜਾਂ ਅਤੇ ਡੂੰਘੀਆਂ ਘਾਟੀਆਂ ਦਾ ਸਫ਼ਰ ਕਰਨ ਦਾ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ। ਸਵੇਰੇ ਰਿਸ਼ੀਕੇਸ਼ ਤੋਂ ਚਲ ਕੇ ਸ਼ਾਮ 5 ਵਜੇ ਦੇ ਕਰੀਬ ਮੈਂ ਰੁਦਰਪ੍ਰਯਾਗ ਪੁੱਜ ਗਿਆ। ਬੱਸ ਅੱਡੇ ਤੋਂ ਪਤਾ ਕਰ ਕੇ ਮੈਂ ਨਦੀ ਦਾ ਪੁਲ ਪਾਰ ਕੀਤਾ ਅਤੇ ਥੋੜ੍ਹੀ ਹੀ ਦੂਰੀ 'ਤੇ ਸਥਿਤ ਆਪਣੀ ਮੰਜ਼ਿਲ 'ਤੇ ਪੁੱਜ ਗਿਆ। ਇਹ ਇਕ ਦੋ ਛੱਤੀ ਇਮਾਰਤ ਸੀ, ਥੱਲੇ ਸਕੂਲ ਚਲਦਾ ਸੀ ਅਤੇ ਉੱਪਰ ਰਿਹਾਇਸ਼ ਦਾ ਪ੍ਰਬੰਧ ਸੀ। ਉੱਪਰ ਪਹਾੜੀ ਤਰਜ਼ ਦੇ ਢਾਲਵੀਂ ਛੱਤ ਵਾਲੇ ਕਮਰੇ ਵਿਚ ਮੇਰਾ ਰਹਿਣ ਦਾ ਪ੍ਰਬੰਧ ਕੀਤਾ ਗਿਆ। ਅਗਲੇ ਦਿਨ ਜਦ ਸਕੂਲ ਚਲ ਰਿਹਾ ਸੀ ਤਾਂ ਨਾਲ ਦੇ ਹੀ ਕਿਸੇ ਸ਼ਹਿਰ ਤੋਂ ਮੇਰੀ ਰਿਸ਼ਤੇਦਾਰ ਦੀ ਸਹੇਲੀ ਤਾਰਾ ਹਾਂਕੇ ਜੋ ਇਸੇ ਤਰ੍ਹਾਂ ਦਾ ਸਕੂਲ ਚਲਾ ਰਹੀ ਸੀ, ਉਸ ਨੂੰ ਮਿਲਣ ਆ ਗਈ। ਉਸ ਦੇ ਨਾਲ ਉਸ ਦੀ ਇਕ ਹੈਲਪਰ ਔਰਤ ਵੀ ਸੀ। ਉਸ ਦਾ ਨਾਂਅ ਮੈਨੂੰ ਯਾਦ ਨਹੀਂ ਜਾਂ ਸ਼ਾਇਦ ਮੈਂ ਪੁੱਛ ਹੀ ਨਹੀਂ ਸਕਿਆ। ਜਲ ਪਾਣੀ ਛਕ ਕੇ ਉਹ ਹੈਲਪਰ ਔਰਤ ਉੱਪਰ ਆ ਗਈ ਅਤੇ 'ਭਾਈ ਸਾਹਿਬ ਨਮਸਤੇ' ਕਹਿ ਕੇ ਮੇਰੇ ਬੈੱਡ 'ਤੇ ਮੇਰੇ ਨਾਲ ਹੀ ਬੈਠ ਗਈ। ਉਸ ਅਣਜਾਣ ਔਰਤ ਦਾ ਇਸ ਤਰ੍ਹਾਂ ਮੇਰੇ ਨਾਲ ਬੈਠਣਾ ਮੈਨੂੰ ਕੁਝ ਅਜੀਬ ਜਿਹਾ ਲੱਗਾ। ਖ਼ੈਰ ਉਸ ਗੋਰੀ-ਚਿੱਟੀ ਅਤੇ ਲੰਮੇ ਕੱਦ ਵਾਲੀ ਔਰਤ ਨੇ ਮੈਨੂੰ ਮੇਰੇ ਪੰਜਾਬ ਤੋਂ ਇਥੇ ਬਾਰੇ ਸਫ਼ਰ ਦੀ ਰਾਜ਼ੀ-ਖੁਸ਼ੀ ਪੁੱਛੀ ਅਤੇ ਫਿਰ ਆਪਣੇ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਉੁਹ ਇਹ ਕਹਿ ਕੇ ਥੱਲੇ ਚਲੀ ਗਈ, 'ਭਾਈ ਸਾਹਿਬ ਮੈਂ ਅਭੀ ਆਤੀ ਹੂੰ', ਕੁਝ ਮਿੰਟਾਂ ਬਾਅਦ ਫਿਰ ਵਾਪਸ ਆ ਗਈ। ਉਸ ਦੇ ਹੱਥਾਂ ਵਿਚ ਇਕ 10 ਰੁਪਏ ਦਾ ਨੋਟ ਸੀ। ਉਸ ਨੋਟ ਦੇ ਇਕ ਕੋਨੇ 'ਤੇ ਚਿੱਟੇ ਥਾਂ 'ਤੇ ਮਸਰਾਂ ਦੇ ਦਾਣੇ ਜਿੰਨਾ ਇਕ ਦਾਗ਼ ਸੀ। ਕਹਿਣ ਲੱਗੀ, 'ਭਾਈ ਸਾਹਿਬ ਸ਼ਾਮ ਕੋ ਬਾਜ਼ਾਰ ਜਾਏਂਗੇ, ਯੇ ਨੋਟ ਚੇਂਜ਼ ਕਰਵਾਨਾ ਹੈ ਨਹੀਂ ਤੋ ਕੁਝ ਖਰੀਦ ਲੇਂਗੈ। ਉਦੋਂ ਨੋਟ ਵੱਡੇ ਸਾਈਜ਼ ਦੇ ਹੁੰਦੇ ਸਨ। ਮੈਂ ਆਪਣੀ ਜੇਬ ਵਿਚੋਂ 10 ਰੁਪਏ ਦਾ ਨਵਾਂ ਨੋਟ ਉਸ ਨੂੰ ਦੇ ਦਿੱਤਾ ਅਤੇ ਉਸ ਦਾ ਆਪਣੀ ਜੇਬ ਵਿਚ ਪਾ ਲਿਆ, ਪਰ ਮੇਰੀ ਸਮਝ ਵਿਚ ਕੁਝ ਨਹੀਂ ਆਇਆ ਕੀ ਆਖਰ ਮਾਜਰਾ ਕੀ ਹੈ।'
ਨਵਾਂ ਨੋਟ ਸਾਂਭਦੀ ਹੋਈ ਕਹਿਣ ਲੱਗੀ, 'ਆਜ ਸ਼ਾਮ ਕੋ ਬਾਜ਼ਾਰ ਨਹੀਂ ਜਾਏਂਗੇ ਚਲੋ ਅਭੀ ਕਾਫੀ ਦਿਨ ਪੜਾ ਹੈ, ਨਦੀ ਕੇ ਸਾਥ-ਸਾਥ ਜਾ ਕੇ ਇਕ ਕੋਟੇਸ਼ਵਰ ਜਗ੍ਹਾ ਹੈ, ਮੈਂ ਵੁਹ ਆਪ ਕੋ ਦਿਖਾਤੀ ਹੂੰ।' ਅਸੀਂ ਦੋਵੇਂ ਹੀ ਇਕ ਪਗਡੰਡੀਨੁਮਾ ਰਸਤੇ 'ਤੇ ਚਲ ਪਏ। ਇਕ ਪਾਸੇ ਉੱਚੇ-ਉੱਚੇ ਪਹਾੜ ਦੂਜੇ ਪਾਸੇ ਬਹੁਤ ਡੂੰਘੀ ਨਦੀ ਤੇਜ਼ ਰਫਤਾਰ ਨਾਲ ਚਲ ਰਹੀ ਸੀ। ਕੋਟੇਸ਼ਵਰ ਪਹੁੰਚੇ, ਇਹ ਨਦੀ ਦੇ ਕਿਨਾਰੇ ਇਕ ਗੂਫ਼ਾਨੁਮਾ ਜਗ੍ਹਾ ਸੀ। ਜਿਸ ਵਿਚ ਨਦੀ ਦੀਆਂ ਛੱਲਾਂ ਦੇ ਛਿੱਟੇ ਉਸ ਹਨੇਰੀ ਗੁਫਾ ਨੂੰ ਗਿੱਲਾ ਕਰੀ ਰੱਖਦੇ ਹਨ। ਮੇਰਾ ਹੱਥ ਫੜ ਕੇ ਉਸ ਨੇ ਇਕ ਉਭਰੀ ਹੋਈ ਚੀਜ਼ 'ਤੇ ਰੱਖਿਆ ਜੋ ਕਾਲੇ ਪੱਥਰ ਵਿਚੋਂ ਨਿਕਲੀ ਇਕ ਚਿੱਟੇ ਰੰਗ ਦੀ ਪੱਥਰ ਵਰਗੀ ਚੀਜ਼ ਸੀ। ਕਹਿਣ ਲੱਗੀ, 'ਭਾਈ ਸਾਹਿਬ ਯੇਹ ਸ਼ਿਵਲਿੰਗ ਹੈ ਯਹਾਂ ਕੰਵਾਰੀ ਲੜਕੀਆਂ ਤੀਨ-ਤੀਨ ਪੱਤੋ ਵਾਲੀ ਇਕ ਸੌ ਪੱਤੀਆਂ ਲਾ ਕਰ ਇਸ ਕੀ ਪੂਜਾ ਕਰਤੀ ਹੈਂ। ਐਸੇ ਤਰੀਕੇ ਸੇ ਕੀ ਹੂਈ ਪੂਜਾ ਸੇ ਉਨ ਕੋ ਮਨਪਸੰਦ ਕਾ ਪਤੀ ਮਿਲਤਾ ਹੈ, ਜਿਸ ਸੇ ਵੁਹ ਬਹੁਤ ਸਾਰੇ ਪਿਆਰ ਕੀ ਆਸ਼ਾ ਕਰਤੀ ਹੈਂ।' ਕੋਟੇਸ਼ਵਰ ਤੋਂ ਵਾਪਸ ਮੁੜਦੇ ਸਮੇਂ ਕਾਫੀ ਹਨੇਰਾ ਹੋ ਚੁੱਕਾ ਸੀ। ਪਹਾੜਾਂ ਵਿਚ ਹਨੇਰਾ ਵੀ ਡਰਾਉਣਾ ਅਤੇ ਖੌਫ਼ਨਾਕ ਲਗਦਾ ਹੈ। ਥੋੜ੍ਹੀ ਦੂਰ ਜਾ ਕੇ ਉਸ ਨੇ ਮੈਨੂੰ ਪੁੱਛਿਆ, 'ਭਾਈ ਸਾਹਿਬ, ਆਪਕੀ ਸ਼ਾਦੀ ਹੋ ਚੁਕੀ ਹੈ ਜਾਂ ਕੰਵਾਰੇ ਹੋ?' 'ਜੀ ਸ਼ਾਦੀ ਹੋ ਚੁਕੀ ਹੈ' ਮੇਰਾ ਉੱਤਰ ਸੁਣ ਕੇ ਉਹ ਕਾਫੀ ਦੇਰ ਚੁੱਪ ਰਹੀ, ਹੁਣ ਮੈਨੂੰ ਉਸ ਦੇ ਹਾਵ-ਭਾਵਾਂ ਦੀ ਕੁਝ-ਕੁਝ ਸਮਝ ਪੈਣ ਲੱਗ ਪਈ ਸੀ, ਘਰ ਪਹੁੰਚ ਗਏ।
ਅਗਲੇ ਦਿਨ ਮੇਰਾ ਬਦਰੀਨਾਥ ਮੰਦਰ ਜਾਣ ਦਾ ਪ੍ਰੋਗਰਾਮ ਸੀ। ਸਵੇਰੇ ਉਠ ਕੇ ਨਾਸ਼ਤਾ ਕੀਤਾ ਅਤੇ ਸਫ਼ਰ 'ਤੇ ਚਲ ਪਿਆ। ਉਦੋਂ ਜੋਸ਼ੀ ਮੱਠ ਤੋਂ ਬਦਰੀ ਨਾਥ ਬੱਸ ਸਰਵਿਸ ਚਾਲੂ ਨਹੀਂ ਹੋਈ ਸੀ। ਪੈਦਲ ਹੀ ਜਾਣਾ ਪੈਂਦਾ ਸੀ। ਜਿਵੇਂ-ਜਿਵੇਂ ਅੱਗੇ ਵਧ ਰਿਹਾ ਸਾਂ ਪਹਾੜ ਉੱਚੇ ਤੋਂ ਉੱਚੇ ਹੋ ਰਹੇ ਸਨ। ਸਫ਼ਰ ਰੌਚਕ ਹੋਣ ਕਰਕੇ ਥਕਾਵਟ ਮਹਿਸੂਸ ਨਹੀਂ ਹੋ ਰਹੀ ਸੀ। ਰਸਤੇ ਵਿਚ ਪੈਦਲ ਆਉਂਦੇ ਹੋਏ ਮੈਨੂੰ ਮਾਲਵੇ ਇਲਾਕੇ ਦੇ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਮਿਲੇ। ਬੁਹਤੀ ਗਰਮ ਜੋਸ਼ੀ ਨਾਲ ਮਿਲੇ, ਉਹ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਮੁੜ ਰਹੇ ਸਨ। ਉਨ੍ਹਾਂ ਮੈਨੂੰ ਕਿਹਾ ਕਿ ਤੁਸੀਂ ਹੁਣ ਸ੍ਰੀ ਹੇਮਕੁੰਟ ਸਾਹਿਬ ਦੇ ਬਹੁਤ ਨਜ਼ਦੀਕ ਆ ਗਏ ਹੋ। ਜ਼ਰੂਰ ਦਰਸ਼ਨ ਕਰ ਕੇ ਜਾਣਾ। ਉਨ੍ਹਾਂ ਮੈਨੂੰ ਇਕ ਆਗਿਆ ਪੱਤਰ ਦਿੱਤਾ ਤੇ ਕਿਹਾ ਕਿ ਇਹ ਦਿਖਾ ਕੇ ਗੋਬਿੰਦਘਾਟ ਤੋਂ ਸੱਜੇ ਪਾਸੇ ਪੁਲਿਸ ਚੌਕੀ ਨੂੰ ਕਹਿ ਕੇ ਨਦੀ ਪਾਰ ਕਰਕੇ ਚਲੇ ਜਾਣਾ। ਉਨ੍ਹਾਂ ਦੀ ਤਾਕੀਦ ਸੀ ਕਿ ਸ੍ਰੀ ਹੇਮਕੁੰਟ ਦੇ ਦਰਸ਼ਨ ਜ਼ਰੂਰ ਕਰ ਕੇ ਜਾਇਓ। ਪਰ ਮੈਂ ਜਦੋਂ ਉਹ ਪੇਪਰ ਦੇਖਿਆ ਤਾਂ ਇਹ ਤਹਿਸੀਲਦਾਰ ਜੋਸ਼ੀ ਮੱਠ ਦੀ ਮੋਹਰ ਹੇਠ ਜਾਰੀ ਹੋਇਆ ਆਗਿਆ ਪੱਤਰ ਸੀ। ਪ੍ਰਿੰਸੀਪਲ ਸਾਹਿਬ ਦੀ ਫੋਟੋ ਵੀ ਉੱਪਰ ਲੱਗੀ ਹੋਈ ਸੀ। ਉਪਰ 56-60 ਸਾਲ ਲਿਖੀ ਹੋਈ ਸੀ। ਮੈਂ ਇਸ ਪੱਤਰ 'ਤੇ ਜਾਣਾ ਮੁਨਾਸਿਬ ਨਾ ਸਮਝਿਆ। ਗੋਬਿੰਦ ਘਾਟ ਪਹੁੰਚ ਕੇ ਮੈਨੂੰ ਪਤਾ ਲੱਗਿਆ ਕਿ ਚੌਕੀ ਵਾਲਿਆਂ ਨੂੰ ਪੰਜ-ਦਸ ਰੁਪਏ ਦੇ ਦਿਓ, ਤਾਂ ਉਹ ਨਦੀ ਪਾਰ ਕਰਕੇ ਸ੍ਰੀ ਹੇਮਕੁੰਟ ਸਾਹਿਬ ਜਾਣ ਦੀ ਆਗਿਆ ਦੇ ਦਿੰਦੇ ਹਨ। ਪ੍ਰਦੇਸ਼ ਦਾ ਮਾਮਲਾ ਬੇਗਾਨੀ ਪੁਲਿਸ ਕਰਕੇ ਮੈਂ ਸ੍ਰੀ ਹੇਮਕੁੰਟ ਸਾਹਿਬ ਨਾ ਜਾ ਸਕਿਆ ਅਤੇ ਸਿੱਧਾ ਬਦਰੀ ਨਾਥ ਮੰਦਰ ਪੁੱਜ ਗਿਆ। ਉਥੇ ਰਾਤ ਰਹਿ ਕੇ ਵਾਪਸੀ ਵੇਲੇ ਮੈਨੂੰ ਇਕ ਫ਼ੌਜੀ ਟਰੱਕ ਮਿਲ ਗਿਆ, ਮੈਂ ਸ਼ਾਮ ਨੂੰ ਆਰਾਮ ਨਾਲ ਵਾਪਸ ਰੁਦਰਪ੍ਰਯਾਗ ਪੁੱਜ ਗਿਆ।
ਵਾਪਸੀ 'ਤੇ ਘਰ ਆ ਕੇ ਮੈਨੂੰ ਪਤਾ ਲੱਗਾ ਕਿ ਉਸ ਲੜਕੀ ਨੇ ਨਦੀ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮੈਨੂੰ ਦੁੱਖ ਵੀ ਹੋਇਆ ਅਤੇ ਹੈਰਾਨੀ ਵੀ ਹੋਈ। ਉਸ ਦੀ ਸੀਨੀਅਰ ਮੈਡਮ ਤਾਰਾ ਹਾਂਕੇ ਅਜੇ ਉਥੇ ਹੀ ਸੀ, ਉਸ ਨੇ ਦੱਸਿਆ ਕਿ ਇਸ ਲੜਕੀ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਇਸ ਦਾ ਪਤੀ ਯੂ.ਪੀ. ਦੇ ਕਿਸੇ ਸ਼ਹਿਰ ਵਿਚ ਨੌਕਰੀ ਕਰਦਾ ਸੀ ਤੇ ਕਦੇ-ਕਦੇ ਸਾਲ ਦੋ ਸਾਲੀਂ ਘਰ ਆਉਂਦਾ ਪਰ ਆਪਣੀ ਪਤਨੀ ਨੂੰ ਨਾਲ ਨਹੀਂ ਲੈ ਕੇ ਜਾਂਦਾ ਸੀ। ਸਹੁਰੇ ਘਰ 'ਚ ਵੀ ਉਸ ਨੂੰ ਤੰਗੀ-ਤੁਰਸ਼ੀ ਦੇ ਦਿਨ ਕੱਟਣੇ ਪੈਂਦੇ ਸਨ। ਰੰਗ ਰੂਪ ਦੀ ਸੁਨੱਖੀ ਹੋਣ ਕਾਰਨ ਉਸ ਨੂੰ ਆਂਢ-ਗੁਆਂਢ ਤੋਂ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਪਤੀ ਖਰਚਾ ਵੀ ਨਹੀਂ ਭੇਜਦਾ ਸੀ। ਇਸ ਲਈ ਸੁਸਰਾਲ ਵਾਲੇ ਵੀ ਉਸ ਲੜਕੀ ਨੂੰ ਆਪਣੇ ਉਪਰ ਬੋਝ ਹੀ ਸਮਝਦੇ ਸਨ। ਲੜਕੀ ਬੜੀ ਨੇਕ ਦਿਲ ਅਤੇ ਠੰਢੇ ਸੁਭਾਅ ਵਾਲੀ ਸੀ। ਉਸ ਨੂੰ ਸ਼ੱਕ ਸੀ ਕਿ ਸ਼ਾਇਦ ਉਸ ਦੇ ਪਤੀ ਨੇ ਕੰਮ ਵਾਲੇ ਥਾਂ 'ਤੇ ਕੋਈ ਔਰਤ ਰੱਖੀ ਹੋਵੇਗੀ ਜਾਂ ਉਸ ਨੇ ਉਥੇ ਹੋ ਸਕਦਾ ਹੈ ਕਿ ਵਿਆਹ ਵੀ ਕਰਵਾ ਲਿਆ ਹੋਵੇ।
ਇਕ ਦਿਨ ਉਸ ਨੇ ਫ਼ੈਸਲਾ ਕੀਤਾ ਕਿ ਹੁਣ ਜਦੋਂ ਵੀ ਉਸ ਦਾ ਪਤੀ ਆਇਆ ਤਾਂ ਉਹ ਉਸ ਦੇ ਨਾਲ ਹੀ ਚਲੀ ਜਾਵੇਗੀ। ਉਹ ਆਇਆ ਅਤੇ ਇਕ ਰਾਤ ਰਹਿ ਕੇ ਸਵੇਰੇ ਫਿਰ ਤਿਆਰ ਹੋ ਗਿਆ। ਉਸ ਦੀ ਪਤਨੀ ਬੱਸ ਅੱਡੇ ਤੱਕ ਉਸ ਦੇ ਨਾਲ ਗਈ ਅਤੇ ਨਾਲ ਜਾਣ ਲਈ ਜ਼ਿੱਦ ਕਰਨ ਲੱਗੀ ਪਰ ਪਤੀ ਤਾਂ ਬਿਲਕੁਲ ਉਸ ਨੂੰ ਨਾਲ ਲੈ ਜਾਣ ਲਈ ਤਿਆਰ ਨਹੀਂ ਸੀ। ਇਸ ਲਈ ਉਸ ਨੇ ਬੱਸ ਅੱਡੇ 'ਤੇ ਹੀ ਪਤਨੀ ਦੀ ਪਿਟਾਈ ਕਰ ਦਿੱਤੀ ਅਤੇ ਰੋਂਦੀ ਕੁਰਲਾਉਂਦੀ ਨੂੰ ਛੱਡ ਕੇ ਚਲਾ ਗਿਆ। ਪਿਛਲੇ ਕੁਝ ਸਮੇਂ ਤੋਂ ਉਸ ਨੇ ਤਾਰਾ ਦੇ ਸਕੂਲੇ ਹੈਲਪਰ ਦੀ ਨੌਕਰੀ ਕਰ ਲਈ। ਤਾਰਾ ਵੀ ਹੈਰਾਨ ਸੀ ਕਿ ਸਮਝ ਨਹੀਂ ਆਉਂਦੀ ਕਿ ਉਸ ਨੇ ਖ਼ੁਦਕੁਸ਼ੀ ਕਿਉਂ ਕੀਤੀ, ਮੈਨੂੰ ਇਹ ਰਾਮ ਕਹਾਣੀ ਸੁਣ ਕੇ ਅਹਿਸਾਸ ਹੋਇਆ ਕਿ ਸ਼ਾਇਦ ਮੇਰੇ ਕੋਲੋਂ ਕੋਈ ਗ਼ਲਤੀ ਹੋਈ ਹੈ।


-ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।
ਮੋਬਾਈਲ : 99157-31345.

ਗ਼ਜ਼ਲ

* ਡਾ: ਸਰਬਜੀਤ ਕੌਰ ਸੰਧਾਵਾਲੀਆ *

ਕੀ ਲਿਖਾਂ ਤੇਰਾ ਪਤਾ ਤੇ ਕਿਸ ਜਗ੍ਹਾ ਦਾ ਨਾਂਅ ਲਿਖਾਂ,
ਕਿਹੜਿਆਂ ਹਰਫ਼ਾਂ 'ਚ ਤੈਨੂੰ ਕੀ ਲਿਖਾਂ ਕੀ ਨਾ ਲਿਖਾਂ।
ਸੂਰਜਾ ਵੇ ਲਿਖ ਦਿਆਂ ਸ਼ੁਰੂਆਤ ਵਿਚ ਜੇ ਨਾਂਅ ਤੇਰਾ,
ਅੰਤ ਵਿਚ ਆਪੇ ਨੂੰ ਤੇਰੀ ਧੁੱਪ ਹਾਂ ਜਾਂ ਛਾਂ ਲਿਖਾਂ।
ਇਸ਼ਕ ਤੇਰੇ ਵਿਚ ਭਿੱਜੇ ਮੌਸਮਾਂ ਦਾ ਦੌਰ ਹੈ,
ਨਾਮ ਤੇਰਾ ਬਾਰਿਸ਼ਾਂ ਵਿਚ ਕਿਸ ਤਰ੍ਹਾਂ ਕਿਸ ਥਾਂ ਲਿਖਾਂ।
ਲਿਖਣ ਲੱਗਿਆਂ ਹੀ ਸਿਆਹੀ ਹੰਝੂਆਂ ਨਾਲ ਵਹਿ ਗਈ,
ਅੱਖਰਾਂ ਨੂੰ ਚੜ੍ਹ ਗਿਆ ਸਾਹ ਦੱਸ ਹੁਣ ਕਿੱਦਾਂ ਲਿਖਾਂ।
ਉਂਜ ਤਾਂ ਤੂੰ ਜਾਣਦਾ ਹੈਂ ਧੜਕਣਾਂ ਦਾ ਹਾਲ ਵੀ,
ਤੂੰ ਹੀ ਦੱਸ ਕਿ ਜਜ਼ਬਿਆਂ ਦਾ ਤਰਜਮਾ ਕਿੱਦਾਂ ਲਿਖਾਂ।
ਸਾਰੀਆਂ ਨਾੜਾਂ 'ਚ ਤੇਰਾ ਧਿਆਨ ਤੇਰੀ ਯਾਦ ਹੈ,
ਕਿਸ ਤਰ੍ਹਾਂ ਭਿੱਜੀਆਂ ਸਵੇਰਾਂ ਕਿਸ ਤਰ੍ਹਾਂ ਸ਼ਾਮਾਂ ਲਿਖਾਂ।
ਪਿਆਰ ਤੇਰੇ ਨੇ ਸਿਖਾਇਆ ਸੂਲੀਆਂ ਤੇ ਥਿਰਕਣਾ,
ਕਿਸ ਤਰ੍ਹਾਂ ਸਰਸ਼ਾਰੀਆਂ ਤੇ ਕਿਸ ਤਰ੍ਹਾਂ ਹੂਕਾਂ ਲਿਖਾਂ।
ਨਾਮ ਤੇਰਾ ਲਿਖ ਦਿਆਂ ਜੇ ਟਹਿਕਦੇ ਫੁੱਲਾਂ ਦੇ ਨਾਲ,
ਕਿਸ ਤਰ੍ਹਾਂ ਮੈਂ ਨਾਮ ਤੇਰੇ ਰੂਹ ਦੀਆਂ ਮਹਿਕਾਂ ਲਿਖਾਂ।
ਹਰ ਅਦਾ ਖ਼ਾਮੋਸ਼ ਤੇਰੀ ਕਰ ਰਹੀ ਮਦਹੋਸ਼ ਹੈ,
ਕੀ ਕਰਾਂ ਇਜ਼ਹਾਰ ਤੇਰਾ ਕਿਸ ਤਰ੍ਹਾਂ ਰਮਜ਼ਾਂ ਲਿਖਾਂ।

ਤਿੰਨ ਰੁਬਾਈਆਂ ਕੋਰੋਨਾ ਦੇ ਨਾਂਅ

* ਜਸਵੰਤ ਸਿੰਘ ਸੇਖਵਾਂ *

ਹੈ ਦਿਨ ਜੇ ਢਲ ਰਿਹਾ ਲਗਦੈ ਤਾਂ ਮੁਕਣੀ ਰਾਤ ਵੀ ਆਖ਼ਿਰ।
ਇਹ 'ਨ੍ਹੇਰਾ ਸਿਮਟ ਕੇ ਰਹਿਣਾ ਚੜੂ ਪ੍ਰਭਾਤ ਵੀ ਆਖ਼ਿਰ।
ਮਹਾਂਮਾਰੀ ਨੇ ਮਰ ਜਾਣਾ ਤੇ ਮੌਲੂ ਜ਼ਿੰਦਗੀ ਫਿਰ ਤੋਂ,
ਹੈ ਚਲਣੀ 'ਸੇਖਵਾਂ' ਖ਼ੁਸ਼ੀਆਂ ਦੀ ਗੂੜ੍ਹੀ ਬਾਤ ਵੀ ਆਖ਼ਿਰ।

ਕੋਰੋਨਾ ਕਿੰਜ ਹੈ ਮਰਦਾ ਇਹ ਜਾਨਣ ਦੀ ਜ਼ਰੂਰਤ ਹੈ।
ਘਰੀਂ ਬੰਦ ਹੋ ਕੇ ਜ਼ਿੰਦਗੀ ਨੂੰ ਹੀ ਮਾਨਣ ਦੀ ਜ਼ਰੂਰਤ ਹੈ।
ਮਹਾਂਮਾਰੀ ਦੇ ਸੰਗ ਜੋ 'ਸੇਖਵਾਂ' ਪਏ ਜੂਝਦੇ ਯੋਧੇ,
ਉਨ੍ਹਾਂ ਦੇ ਲਈ ਦੁਆਵਾਂ ਦੇ ਹੀ ਚਾਨਣ ਦੀ ਜ਼ਰੂਰਤ ਹੈ।

ਗ਼ਜ਼ਬ ਦੇ ਝੁਲਦੇ ਝੱਖੜਾਂ ਨੂੰ ਤਾਂ ਰੁੱਖ ਵੀ ਝੁਕ ਕੇ ਸਹਿੰਦੇ ਨੇ।
ਉਡਾਰੀ ਭਰਨ ਨਾ ਪੰਛੀ ਕਿਤੇ ਲੁਕ ਛਿਪ ਕੇ ਬਹਿੰਦੇ ਨੇ।
ਸਮਾਂ ਕੁਝ 'ਸੇਖਵਾਂ' ਹਾਲੇ ਘਰਾਂ ਵਿਚ ਕੈਦ ਹੀ ਰਹੀਏ,
ਜੋ ਮੁਸ਼ਕਿਲ ਵਿਚ ਨਹੀਂ ਡੋਲੇ ਉਸੇ ਨੂੰ ਜੀਵਨ ਕਹਿੰਦੇ ਨੇ।


ਮੋਬਾਈਲ : 98184-89010

ਉਲੰਪਿਕ ਦਾ ਸੋਨ ਤਗਮਾ

ਸਵੇਰੇ ਜਦੋਂ ਮਾਨਸੀ ਪਾਰਕ ਕੋਲ ਦੀ ਲੰਘੀ ਤਾਂ ਉਸ ਨੇ ਦੇਖਿਆ ਕਿ ਪਾਰਕ ਵਿਚ ਚਾਂਦਨੀਆਂ ਕਨਾਤਾਂ ਲੱਗ ਰਹੀਆਂ ਹਨ। ਉਸ ਨੇ ਸੋਚਿਆ ਅੱਜ ਇਥੇ ਕੋਈ ਉਤਸਵ ਹੋਏਗਾ ਕਿਉਂਕਿ ਉਸ ਪਾਰਕ ਵਿਚ ਕਾਲੋਨੀ ਵਾਲਿਆਂ ਵਲੋਂ ਕੁਝ ਨਾ ਕੁਝ ਹੁੰਦਾ ਰਹਿੰਦਾ ਸੀ। ਕਦੇ ਸ਼ਾਦੀ, ਕਦੀ ਪਾਠ-ਪੂਜਾ ਤੇ ਕਦੀ ਕੋਈ ਪਾਰਟੀ। ਮਾਨਸੀ ਕਲਪਨਾ ਕਰਨ ਲੱਗੀ ਕਿ ਭਾਵੇਂ ਕੁਝ ਵੀ ਹੋਵੇ ਸ਼ਾਮ ਨੂੰ ਖਾਣਾ ਤਾਂ ਮਿਲੇਗਾ ਹੀ। ਉਸ ਨੇ ਰੱਬ ਅੱਗੇ ਬੇਨਤੀ ਕੀਤੀ ਕਿ ਅੱਜ ਉਸ ਦੀ ਬੋਰੀ ਜਲਦੀ ਭਰ ਜਾਵੇ ਤਾਂ ਕਿ ਉਹ ਜਲਦੀ ਵਿਹੀਲ ਹੋ ਕੇ ਇਥੇ ਆ ਸਕੇ। ਇਹ ਸੋਚਦਿਆਂ ਹਲਵਾ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗਾ।
ਸ਼ਾਇਦ ਰੱਬ ਨੇ ਉਸ ਦੀ ਬੇਨਤੀ ਸੁਣ ਲਈ ਸੀ। ਉਸ ਦੀ ਬੋਰੀ ਦਿਨੇ ਹੀ ਰੱਦੀ ਕਾਗਜ਼ਾਂ ਨਾਲ ਭਰ ਗਈ ਸੀ। ਜਦੋਂ ਉਹ ਝੌਂਪੜੀ 'ਚ ਪਹੁੰਚੀ ਤਾਂ ਉਸ ਦੀ ਮਾਂ 'ਕੱਲੀ ਉਦਾਸ ਜਿਹੀ ਬੋਰੀ 'ਤੇ ਬੈਠੀ ਸੋਚ ਰਹੀ ਸੀ ਕਿ ਅੱਜ ਉਹ ਬਿਮਾਰੀ ਕਰਕੇ ਕੁਝ ਵੀ ਲਿਆ ਨਹੀਂ ਸਕੀ ਤੇ ਡੱਬੇ ਵਿਚ ਰਾਤ ਨੂੰ ਖਾਣਾ ਲਈ ਚਾਵਲ ਵੀ ਨਹੀਂ। ਮਾਨਸੀ ਨੇ ਨੇੜੇ ਹੋ ਕੇ ਮਾਂ ਨੂੰ ਦੱਸਿਆ ਕਿ ਪਾਰਕ ਵਿਚ ਅੱਜ ਕੋਈ ਉਤਸਵ ਹੈ। ਸਾਰੇ ਉਥੇ ਜਾ ਰਹੇ ਹਨ, ਤੂੰ ਵੀ ਉੱਠ ਕੇ ਮੇਰੇ ਨਾਲ ਚੱਲ। ਉਥੇ ਖਾਣ ਲਈ ਬਹੁਤ ਕੁਝ ਬਣ ਰਿਹਾ ਹੈ।
'ਆਪਾਂ ਨੂੰ ਉਥੇ ਵੜਨ ਕੌਣ ਦੇਵੇਗਾ, ਉੱਥੇ ਤਾਂ ਮੋਟੂ ਡੰਡਾ ਲੈ ਕੇ ਗੇਟ 'ਤੇ ਖੜ੍ਹਾ ਰਹਿੰਦਾ।'
'ਮਾਂ ਤੂੰ ਚੱਲ ਤਾਂ ਸਹੀ, ਅੱਜ ਹਲਵਾ ਖਾਣ ਨੂੰ ਬਹੁਤ ਦਿਲ ਕਰਦਾ', ਮਾਨਸੀ ਨੇ ਮਾਂ ਦਾ ਹੱਥ ਫੜ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ।
ਜਦੋਂ ਉਹ ਦੋਵੇਂ ਪਾਰਕ ਕੋਲ ਪਹੁੰਚੀਆਂ ਤਾਂ ਉਨ੍ਹਾਂ ਦੇ ਸਾਰੇ ਆਂਢੀ-ਗੁਆਂਢੀ ਉਥੇ ਝੁਰਮਟ ਪਾਈ ਬੈਠੇ ਸਨ। ਮੋਟੂ ਨੇ ਆਪਣਾ ਡੰਡਾ ਘੁਮਾਉਂਦਿਆਂ ਸਭ ਨੂੰ ਗੇਟ ਤੋਂ ਪਰ੍ਹੇ ਹੋ ਕੇ, ਚੁੱਪ ਕਰ ਕੇ ਬੈਠਣ ਨੂੰ ਕਿਹਾ। ਨਾਲ ਹੀ ਉਸ ਨੇ ਚਿਤਾਵਨੀ ਵੀ ਦੇ ਦਿੱਤੀ ਕਿ 'ਜੇ ਰੌਲਾ ਪਿਆ ਤਾਂ ਡੰਡੇ ਮਾਰ-ਮਾਰ ਕੇ ਭੁੱਖੇ ਹੀ ਤੋਰਾਂਗਾ', ਮੋਟੂ ਦਾ ਡੰਡਾ ਘੁੰਮਦਾ ਦੇਖ ਕੇ ਸਾਰੇ ਚੁੱਪ ਕਰ ਕੇ ਗੇਟੋਂ ਪਰਾਂ ਹੋ ਕੇ ਬੈਠ ਗਏ।
ਉਨ੍ਹਾਂ ਨੂੰ ਉਥੇ ਬੈਠਿਆਂ ਘੰਟਾ ਬੀਤ ਗਿਆ। ਚਾਨਣੀਆਂ ਹੇਠ ਡੀ.ਜੇ. ਕੰਨ ਪਾੜ ਆਵਾਜ਼ ਨਾਲ ਥਰਥਰਾ ਰਿਹਾ ਸੀ। ਲੋਕ ਸ਼ਰਾਬ ਦੇ ਨਸ਼ੇ ਵਿਚ ਕੁਝ ਝੂਮ ਰਹੇ ਸਨ ਤੇ ਕੁਝ ਦੁਲੱਤੀਆਂ ਅਤੇ ਚੀਕਾਂ ਮਾਰ ਰਹੇ ਸਨ। ਕੋਈ ਗੱਲ ਸੁਣ ਨਹੀਂ ਸੀ ਰਹੀ। ਕੁਝ ਲੋਕ ਜਿਨ੍ਹਾਂ ਨੇ ਦੂਰ ਜਾਣਾ ਸੀ, ਉਹ ਪਲੇਟਾਂ ਚੁੱਕੀ, ਖਾਣੇ ਦੀ ਮੇਜ਼ ਦੁਆਲੇ ਚੱਕਰ ਕੱਢਦੇ ਵਰਾਇਟੀ ਦੇਖ ਰਹੇ ਸਨ ਕਿ ਉਹ ਪਲੇਟ ਵਿਚ ਕੀ ਰੱਖਣ ਤੇ ਕੀ ਨਾ ਰੱਖਣ।
ਵੇਟਰ ਬਣਿਆ ਹੋਇਆ ਖਾਣਾ ਮਾਨਸੀ ਹੁਰਾਂ ਦੇ ਅੱਗੋਂ ਦੀ ਲੈ ਕੇ ਆਉਂਦੇ ਸਨ। ਜਦੋਂ ਵੀ ਕੋਈ ਲੰਘਦਾ ਉਹ ਸਾਰੇ ਰੌਲੀ ਪੌਣ ਲੱਗ ਜਾਂਦੇ ਕਿ ਸਾਨੂੰ ਥੋੜ੍ਹਾ ਦੇ ਦੇ ਬੱਚੇ ਭੁੱਖੇ ਹਨ। ਉਨ੍ਹਾਂ ਦੀ ਰੌਲੀ ਸੁਣ ਕੇ ਮੋਟੂ ਡੰਡਾ ਘੁਮਾਉਂਦਾ ਉਨ੍ਹਾਂ ਨੂੰ ਚੁੱਪ ਕਰਨ ਲਈ ਕਹਿੰਦਾ ਤੇ ਮਿੰਟ ਕੁ ਖੜੋ ਕੇ ਫਿਰ ਪਰ੍ਹਾਂ ਚਲੇ ਜਾਂਦਾ।
ਥੋੜ੍ਹੇ ਚਿਰ ਪਿਛੋਂ ਇਕ ਬਜ਼ੁਰਗ ਨੇ ਮੋਟੂ ਨੂੰ ਕਿਹਾ ਉਨ੍ਹਾਂ ਦੀ ਲਾਈਨ ਲੁਆ ਕੇ ਰੋਟੀ ਵਰਤਾ ਦੇਵੇ ਕਿਉਂਕਿ ਅੰਦਰਲਾ ਇਕੱਠ ਤਕਰੀਬਨ ਰੋਟੀ ਖਾ ਹਟਿਆ ਸੀ। ਇਸ ਕੰਮ ਲਈ ਬਜ਼ੁਰਗ ਨੇ ਅੰਦਰੋਂ ਦੋ ਮੁੰਡੇ ਵੀ ਭੇਜ ਦਿੱਤੇ ਸਨ। ਉਨ੍ਹਾਂ ਮੁੰਡਿਆਂ ਨੇ ਫਟਾਫਟ ਚਾਰ-ਚਾਰ ਪੰਜ-ਪੰਜ ਰੋਟੀਆਂ ਸਾਰਿਆਂ ਦੇ ਹੱਥਾਂ ਉੱਤੇ ਰੱਖੀਆਂ ਤੇ ਰੋਟੀਆਂ ਦੇ ਉੱਤੇ ਹੀ ਸਬਜ਼ੀ ਪਾ ਕੇ ਉਨ੍ਹਾਂ ਨੂੰ ਉਠਣ ਲਈ ਕਹਿ ਦਿੱਤਾ। ਇਸ ਦੇ ਨਾਲ ਹੀ ਮੋਟੂ ਨੇ ਡੰਡਾ ਘੁਮਾਉਣਾ ਸ਼ੁਰੂ ਕਰ ਦਿੱਤਾ। ਤਕਰੀਬਨ ਸਾਰਾ ਲਾਣਾ ਹੀ ਉਠ ਤੁਰਿਆ ਸੀ ਕਿਉਂਕਿ ਹਨੇਰਾ ਕਾਫੀ ਹੋ ਗਿਆ ਸੀ। ਪਰ ਮਾਨਸੀ ਨੇ ਉਠਦੀ-ਉਠਦੀ ਨੇ ਕਾਫੀ ਚਿਰ ਲਾ ਦਿੱਤਾ। ਅਸਲ ਵਿਚ ਉਸਦੀ ਨਜ਼ਰ ਅੰਦਰ ਪਏ ਮੂੰਗੀ ਦੇ ਹਲਵੇ ਉੱਤੇ ਸੀ। ਉਸ ਨੇ ਮੁੰਡਿਆਂ ਨੂੰ ਕਿਹਾ ਵੀ ਸੀ ਪਰ ਕਿਸੇ ਨੇ ਨਹੀਂ ਸੀ ਸੁਣਿਆ ਜਾਂ ਘੇਸਲ ਵੱਟ ਗਏ। ਮਾਨਸੀ ਨੇ ਦੇਖਿਆ ਮੋਟੂ ਉਥੇ ਹੈ ਨਹੀਂ ਅੰਦਰ ਵੀ ਦੋ-ਤਿੰਨ ਬੰਦੇ ਹੀ ਖਾਣੇ ਦੀ ਮੇਜ਼ ਕੋਲ ਸਨ। ਉਹ ਆਲਾ-ਦੁਆਲਾ ਦੇਖਦੀ ਸਿੱਧੀ ਹਲਵੇ ਦੀ ਟਰੇ ਕੋਲ ਗਈ ਤੇ ਜਲਦੀ ਦੇਣੀ ਇਕ ਪੇਪਰ ਪਲੇਟ ਚੁੱਕੀ ਤੇ ਦੋ ਕੜਛੀਆਂ ਹਲਵਾ ਪਾਇਆ ਤੇ ਗੇਟ ਵੱਲ ਨੂੰ ਹੋ ਗਈ। ਅਜੇ ਉਹ ਅੱਧ ਵਿਚਾਲੇ ਹੀ ਸੀ ਕਿ ਮੋਟੂ ਡੰਡਾ ਘੁਮਾਉਂਦਾ ਉਸ ਵੱਲ ਨੂੰ ਆਇਆ। ਮਾਨਸੀ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ। ਪਰ ਉਹਨੇ ਹਿੰਮਤ ਨਾਲ ਸ਼ੂਟ ਵੱਟ ਲਈ। ਗੇਟ ਕੋਲ ਜਾ ਕੇ ਮਾਨਸੀ ਨੇ ਪਿਛੇ ਦੇਖਿਆ, ਮੋਟੂ ਵੀ ਦੌੜਾ ਆ ਰਿਹਾ ਸੀ। ਮਾਨਸੀ ਨੇ ਵੀ ਆਪਣਾ ਸਾਰਾ ਜ਼ੋਰ ਲਾ ਦਿੱਤਾ ਤੇ ਗੇਟ ਲੰਘ ਗਈ। ਗੇਟ ਲੰਘ ਕੇ ਵੀ ਉਸ ਨੇ ਮਾਂ ਕੋਲ ਜਾ ਕੇ ਹੀ ਸਾਹ ਲਿਆ। ਉਸ ਨੇ ਪਿਛੇ ਮੁੜ ਕੇ ਦੇਖਿਆ ਮੋਟੂ ਗੇਟ ਕੋਲ ਹੀ ਹਫਿਆ ਖੜ੍ਹਾ ਸੀ। ਉਸ ਦਾ ਢਿੱਡ ਲੁਹਾਰ ਦੀ ਧੌਂਖਨੀ ਵਾਂਗੂੰ ਹੇਠਾਂ ਉੱਤੇ ਹੋ ਰਿਹਾ ਸੀ। ਬੇਸ਼ਕ ਮਾਨਸੀ ਵੀ ਸਾਹੋਸਾਹ ਹੋਈ ਸੀ ਪਰ ਉਸ ਦਾ ਹਲਵਾ ਸਹੀ ਸਲਾਮਤ ਉਸ ਦੇ ਹੱਥ ਵਿਚ ਸੀ। ਇਹ ਦੇਖ ਕੇ ਉਹ ਏਨੀ ਖ਼ੁਸ਼ ਹੋਈ ਜਿਵੇਂ ਕਿਸੇ ਉਲੰਪਿਕ ਦੌੜਾਕ ਨੇ ਉਲੰਪਿਕ ਦਾ ਸੋਨ ਤਗਮਾ ਜਿੱਤ ਲਿਆ ਹੋਵੇ।


-ਮੋਬਾਈਲ : 98762-09542.

ਗੁੱਸਾ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
* ਗੁੱਸਾ ਆਉਣ ਨਾਲ ਬੰਦਾ ਦੰਦ ਪੀਸਦਾ ਹੈ। ਮਾਸ-ਪੇਸ਼ੀਆਂ ਮੀਚੀਆਂ ਜਾਂਦੀਆਂ ਹਨ। ਸਾਹ ਤੇਜ਼ ਹੋ ਜਾਂਦਾ ਹੈ ਅਤੇ ਦਿਲ ਦੀ ਧੜਕਣ ਵਧ ਜਾਂਦੀ ਹੈ।
* ਆਦਮੀ ਗੁੱਸੇ ਵਿਚ ਸਮੁੰਦਰ ਦੀ ਤਰ੍ਹਾਂ ਬਹਿਰਾ ਅਤੇ ਅੱਗ ਦੀ ਤਰ੍ਹਾਂ ਉਤਾਵਲਾ ਹੋ ਜਾਂਦਾ ਹੈ।
* ਗੁੱਸਾ ਸਮਝਦਾਰੀ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਹੈ ਅਤੇ ਅਕਲ ਦੇ ਦਰਵਾਜ਼ੇ ਬੰਦ ਕਰ ਦਿੰਦਾ ਹੈ।
* ਗੁੱਸਾ ਦਿਮਾਗ ਦਾ ਦੁਸ਼ਮਣ ਅਤੇ ਸਰੀਰ/ਸਿਹਤ ਦਾ ਸੱਤਿਆਨਾਸ ਕਰਦਾ ਹੈ।
* ਜਦੋਂ ਗੁੱਸਾ ਬਹੁਤ ਵੱਧ ਜਾਂਦਾ ਹੈ ਤਾਂ ਬੰਦੇ ਦੇ ਚੰਗੇ ਗੁਣ ਵੀ ਇਸ ਦੇ ਪਿਛੇ ਛੁਪ ਜਾਂਦੇ ਹਨ।
* ਪਰਿਵਾਰ ਵਿਚ ਗੁੱਸਾ ਹੀ ਬਹੁਤ ਸਾਰੀਆਂ ਲੜਾਈਆਂ ਦਾ ਕਾਰਨ ਹੁੰਦਾ ਹੈ।
* ਹਮੇਸ਼ਾ ਗੁੱਸੇ ਵਿਚ ਰਹਿਣਾ ਅਤੇ ਫਿਕਰਾਂ ਵਿਚ ਪਏ ਰਹਿਣਾ ਇਕ ਸਰਾਪ ਹੈ।
* ਗੁੱਸਾ ਇਕ ਨਸ਼ੇ ਵਾਂਗ ਹੈ। ਇਹ ਮਨੁੱਖ ਨੂੰ ਘਟਾਉਂਦਾ ਹੈ ਅਤੇ ਉਪਰੰਤ ਮਨੁੱਖ ਨੂੰ ਇਕ ਪਸ਼ੂ ਦੇ ਲੈਵਲ ਦੇ ਬਰਾਬਰ ਡੀਗਰੇਡ ਕਰ ਦਿੰਦਾ ਹੈ।
* ਹੰਕਾਰ ਮਨ ਨੂੰ ਖਾ ਜਾਂਦਾ ਹੈ, ਗੁੱਸਾ ਅਕਲ ਨੂੰ ਅਤੇ ਚਿੰਤਾ ਉਮਰ ਨੂੰ ਖਾ ਜਾਂਦੀ ਹੈ।
* ਗੁੱਸਾ ਇਕ ਅਜਿਹੀ ਚੀਜ਼ ਹੈ ਜੋ ਸਾਡੀ ਕੀਤੀ ਕਰਾਈ 'ਤੇ ਪਾਣੀ ਫੇਰ ਦਿੰਦਾ ਹੈ। ਇਸ ਲਈ ਇਸ ਨੂੰ ਪਿਆਰ, ਸਤਿਕਾਰ ਅਤੇ ਸਹਿਣਸ਼ੀਲਤਾ 'ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ।
* ਗੁੱਸਾ ਬੰਦੇ ਨੂੰ ਅੰਨ੍ਹਾ ਕਰ ਦਿੰਦਾ ਹੈ ਅਤੇ ਇਹ ਸ਼ਰੀਕੇਬਾਜ਼ੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ।
* ਉਹ ਮਨੁੱਖ ਸੱਚਮੁੱਚ ਹੀ ਬੁੱਧੀਮਾਨ ਹੁੰਦਾ ਹੈ, ਜਿਹੜਾ ਗੁੱਸੇ ਦੀ ਹਾਲਤ ਵਿਚ ਵੀ ਬੁਰੀ ਗਲ ਮੂੰਹੋਂ ਨਹੀਂ ਕੱਢਦਾ।
* ਵੱਡਿਆਂ ਦੇ ਬਰਾਬਰ ਬੋਲਣ ਨਾਲ, ਕਿਸੇ ਦੀ ਗੱਲ ਨੂੰ ਬਰਦਾਸ਼ਤ ਨਾ ਕਰਨਾ, ਗੁੱਸਾ/ਕਲੇਸ਼ ਪਾਉਣ ਨਾਲ ਘਰ ਦੀਆਂ ਨੀਹਾਂ ਕਮਜ਼ੋਰ ਹੁੰਦੀਆਂ ਹਨ।
* ਗੁੱਸੇ ਤੇ ਨਫ਼ਰਤ ਦਾ ਰਾਹ ਕਦੇ ਵੀ ਉੱਚੇ ਪਾਸੇ ਵੱਲ ਨਹੀਂ ਜਾਂਦਾ।
* ਗੁੱਸਾ ਦਿਮਾਗ਼ ਦੇ ਗਿਆਨ ਦੇ ਦੀਵੇ ਨੂੰ ਬੁਝਾ ਦਿੰਦਾ ਹੈ।
* ਕਰੋਧ ਦੀ ਅੱਗ ਵਿਚ ਗਿਆਨ ਤੇ ਅਕਲ ਸੜ ਕੇ ਨਸ਼ਟ ਹੋ ਜਾਂਦੀ ਹੈ।
* ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਹੀ ਭਸਮ ਕਰੇ। ਗੁੱਸੇ ਦੀ ਲਾਰ ਸਭ ਤੋਂ ਪਹਿਲਾਂ ਖੁਦ ਨੂੰ ਵੀ ਸਾੜ ਕੇ ਸੁਆਹ ਕਰ ਸਕਦੀ ਹੈ।
* ਜ਼ਿਆਦਾ ਗੁੱਸੇ ਵਿਚ ਰਹਿਣ ਵਾਲੇ ਵਿਅਕਤੀ ਦੇ ਦੋਸਤ ਘੱਟ ਤੇ ਦੁਸ਼ਮਣ ਵੱਧ ਹੁੰਦੇ ਹਨ।
* ਗੁੱਸੇਖੋਰ ਵਿਅਕਤੀ ਅਸਲ ਵਿਚ ਆਪਣੇ ਨਾਲ ਵੀ ਗੁੱਸੇ ਰਹਿੰਦਾ ਹੈ।
* ਜੇਕਰ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ ਤਾਂ ਤੁਹਾਨੂੰ ਦੁਸ਼ਮਣਾਂ ਦੀ ਲੋੜ ਨਹੀਂ। ਤੁਹਾਨੂੰ ਬਰਬਾਦ ਕਰਨ ਲਈ ਇਹ ਦੋ ਗੁਣ ਹੀ ਕਾਫ਼ੀ ਹਨ।
* ਗੁੱਸਾ ਤੁਹਾਨੂੰ ਛੋਟਾ ਬਣਾਉਂਦਾ ਹੈ, ਮੁਆਫ਼ੀ ਤੁਹਾਨੂੰ ਮਹਾਨ ਬਣਾਉਂਦੀ ਹੈ।
* ਜਦੋਂ ਗੁੱਸੇ ਦਾ ਤੂਫਾਨ ਆ ਕੇ ਲੰਘ ਜਾਂਦਾ ਹੈ ਤਾਂ ਪਿਛੇ ਸਿਰਫ਼ ਦੁੱਖ ਹੀ ਦੁੱਖ ਛੱਡ ਜਾਂਦਾ ਹੈ।
* ਗੁੱਸਾ ਜਿਸ 'ਤੇ ਕੀਤਾ ਜਾਂਦਾ ਹੈ, ਉਸ ਨੂੰ ਅੰਦਰ ਤੱਕ ਹਿਲਾ ਦਿੰਦਾ ਹੈ ਅਤੇ ਜੋ ਗੁੱਸਾ ਕਰਦਾ ਹੈ, ਉਹ ਵੀ ਹਿੱਲ ਜਾਂਦਾ ਹੈ।
* ਮਨੁੱਖ ਗੁੱਸੇ ਵਿਚ ਹੀ ਪਾਪ ਕਰਦਾ ਹੈ, ਪਿਆਰ ਵਿਚ ਕਦੇ ਪਾਪ ਨਹੀਂ ਹੁੰਦਾ। ਇਸ ਲਈ ਸਾਡੇ ਨਾਲ ਰਹਿਣ ਵਾਲਾ ਗੁੱਸਾ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ।
* ਸਿਆਣਿਆਂ ਦਾ ਕਥਨ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਦੀ ਅਕਲ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ ਉਹ ਇਸ ਗੁੱਸੇ ਵਿਚ ਅੰਨ੍ਹਾ ਹੋਇਆ ਕਈ ਵਾਰ ਅਜਿਹੇ ਕਦਮ ਚੁੱਕ ਲੈਂਦਾ ਹੈ, ਜਿਸ ਨਾਲ ਸਾਰੀ ਜ਼ਿੰਦਗੀ ਪਛਤਾਵੇ ਤੋਂ ਇਲਾਵਾ ਉਸ ਦੇ ਪੱਲੇ ਕੱਖ ਨਹੀਂ ਬਚਦਾ।
* ਗੁੱਸੇ 'ਚ ਆ ਕੇ ਵਿਅਕਤੀ ਜੋ ਵੀ ਕੰਮ ਕਰਦਾ ਹੈ, ਉਹ ਗ਼ਲਤ ਹੀ ਹੁੰਦਾ ਹੈ।
* ਗੁੱਸੇ ਵਿਚ ਮਨੁੱਖ ਆਪਣੇ ਜੀਵਨ ਵਿਚ ਬਹੁਤ ਨੁਕਸਾਨ ਕਰ ਲੈਂਦਾ ਹੈ।
* ਗੁੱਸਾ ਅਕਲ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ। ਸਮਾਜ ਵਿਚ ਜ਼ਿਆਦਾਤਰ ਅਪਰਾਧ ਤੇ ਕਤਲ ਗੁੱਸੇ ਕਾਰਨ ਹੀ ਹੁੰਦੇ ਹਨ।
* ਗੁੱਸਾ ਕਿਸੇ ਵੀ ਵਿਅਕਤੀ ਦਾ ਸੁਭਾਅ ਨਹੀਂ ਹੁੰਦਾ। ਗੁੱਸਾ ਕਰਨ ਵਾਲਾ ਆਪਣੀ ਹੀ ਸਿਹਤ ਨੂੰ ਵਿਗਾੜਦਾ ਹੈ, ਉਸ ਦੀ ਨੀਂਦ ਪ੍ਰਭਾਵਿਤ ਹੋ ਸਕਦੀ ਹੈ, ਉਸ ਨੂੰ ਕਬਜ਼ ਦੀ ਸ਼ਿਕਾਇਤ ਰਹਿ ਸਕਦੀ ਹੈ, ਉਸ ਨੂੰ ਭੁੱਖ ਵੀ ਘੱਟ ਲੱਗ ਸਕਦੀ ਹੈ।
* ਗੁੱਸੇ ਵਾਲਾ ਵਿਅਕਤੀ ਮਿੱਤਰਾਂ ਵਿਚ ਘ੍ਰਿਣਾ ਦਾ ਪਾਤਰ ਸਮਝਿਆ ਜਾਂਦਾ ਹੈ, ਇਹ ਵੀ ਕਿਹਾ ਜਾਂਦਾ ਹੈ ਕਿ ਹੰਕਾਰੀ ਬੰਦੇ ਲਈ ਕੋਈ ਈਸ਼ਵਰ ਨਹੀਂ, ਈਰਖਾਲੂ ਦਾ ਕੋਈ ਗੁਆਂਢੀ ਨਹੀਂ ਤੇ ਗੁਸੈਲ ਦਾ ਕੋਈ ਮਿੱਤਰ ਨਹੀਂ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 99155-63406.

ਵਿਅੰਗ

ਬੇਤੁਕੇ ਕਲਾਕਾਰਾਂ ਦਾ ਗੁੱਭ ਗੁਭਾਟ

ਬੇਤੁਕੇ ਗਾਇਕ ਤੇ ਗੀਤਕਾਰ ਸਰਕਾਰ ਦੇ ਆਪਹੁਦਰੇ ਫੈਸਲੇ ਤੋਂ ਅੰਤਾਂ ਦੇ ਦੁਖੀ ਹਨ। ਇਸ ਇਕ ਪਾਸੜ ਫ਼ੈਸਲੇ ਕਾਰਨ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਸੀ। ਸੰਵਿਧਾਨ ਵਲੋਂ ਮਿਲੇ ਆਜ਼ਾਦੀ ਦੇ ਅਧਿਕਾਰ ਨੂੰ ਖੋਹਿਆ ਜਾ ਰਿਹਾ ਸੀ। ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਊਲ-ਜਲੂਲ ਭੰਡੀ ਪ੍ਰਚਾਰ ਕਾਰਨ ਉਨ੍ਹਾਂ ਦਾ ਨਾਂਅ ਬੱਦੂ ਹੋ ਰਿਹਾ ਸੀ ਤੇ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਲੱਤ ਮਾਰੀ ਜਾ ਰਹੀ ਸੀ। ਅਖੇ, ਇਹੋ ਜਿਹੇ ਲੋਕ ਸੱਭਿਆਚਾਰ ਤੇ ਸਮਾਜ ਦੇ ਦੋਖੀ ਹਨ। ਇਨ੍ਹਾਂ ਨੂੰ ਨਸ਼ੇ, ਹਥਿਆਰਾਂ, ਸ਼ਰਾਬ ਦੇ ਪ੍ਰਚਾਰ ਤੇ ਔਰਤਾਂ ਦਾ ਅਪਮਾਨ ਕਰਨ ਤੋਂ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ।
ਇਨ੍ਹਾਂ ਨਦੀਨਾਂ 'ਤੇ ਵੀ ਨਦੀਨਨਾਸ਼ਕ ਛਿੜਕਣ ਦੀ ਲੋੜ ਹੈ। ਇਹੋ ਜਿਹੀ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਵਿਰੁੱਧ ਕੌਮੀ ਪੱਧਰ 'ਤੇ ਜੱਦੋ-ਜਹਿਦ ਕਰਨ ਦੀ ਲੋੜ ਹੈ। ਇਹ ਘਤਿੱਤੀ ਲੋਕ ਸਾਡੇ ਸੱਭਿਆਚਾਰ ਦੀ ਗ਼ਲਤ ਨੁਮਾਇੰਦਗੀ ਕਰਦੇ ਹਨ ਤੇ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਹਨ।
ਇਨ੍ਹਾਂ ਨੇ ਤਾਂ ਸਭ ਸੰਗ ਸ਼ਰਮ ਵੇਚ ਖਾਧੀ ਹੈ। ਹੁਣ ਸਾਡੇ ਸਬਰ ਦੀ ਇੰਤਹਾ ਹੋ ਗਈ ਹੈ। ਅਸੀਂ ਇਨ੍ਹਾਂ ਦੀ ਤਰਕਹੀਣ ਕਾਂਵਾਂਰੌਲੀ ਹੋਰ ਬਰਦਾਸ਼ਤ ਨਹੀਂ ਕਰਾਂਗੇ। ਇਹ ਜੰਗਲ ਦੀ ਅੱਗ ਵਾਂਗ ਫੈਲ ਰਹੀ ਲੱਚਰਤਾ ਖਤਮ ਕਰ ਕੇ ਹੀ ਸਾਹ ਲਵਾਂਗੇ। ਅਸੀਂ ਇਕ ਸੱਭਿਆਚਾਰ ਕਮਿਸ਼ਨ ਦਾ ਗਠਨ ਕਰਾਂਗੇ। ਲੱਚਰਤਾ ਤੇ ਹਿੰਸਾਤਮਕ ਰੁਝਾਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਾਂਗੇ, ਸੱਦ ਕੇ ਵੀ ਸਮਝਾਵਾਂਗੇ। ਜੇਕਰ ਇਨ੍ਹਾਂ ਨੇ ਫਿਰ ਵੀ ਕੋਝੀਆਂ ਹਰਕਤਾਂ ਤੋਂ ਗੁਰੇਜ਼ ਨਾ ਕੀਤਾ ਤਾਂ ਇਨ੍ਹਾਂ ਨਾਮਾਕੂਲਾਂ ਵਿਰੁੱਧ ਆਈ.ਪੀ.ਸੀ. ਦੀ ਫਲਾਣੀ-ਫਲਾਣੀ ਧਾਰਾ ਹੇਠ ਕੇਸ ਦਰਜ ਕਰਾਵਾਂਗੇ। ਜੇ ਫਿਰ ਵੀ ਨਾ ਹਟੇ ਤਾਂ...।
ਬੇਤੁਕੇ ਕਲਾਕਾਰ ਸਰਕਾਰ ਦੇ ਇਹੋ ਜਿਹੇ ਭੰਡੀ ਪ੍ਰਚਾਰ ਤੇ ਧਮਕੀਆਂ ਕਾਰਨ ਦੰਦ ਪੀਹ ਰਹੇ ਸਨ। ਉਹ ਰਹਿ-ਰਹਿ ਕੇ ਆਪਣੇ ਦੋਖੀਆਂ ਵਿਰੁੱਧ ਅਵਾ-ਤਵਾ ਬੋਲ ਕੇ ਦਿਲ ਦੀ ਭੜਾਸ ਕੱਢ ਰਹੇ ਸਨ। ਅਖੇ, ਇਹੋ ਜਿਹੇ ਕਲਾਕਾਰ ਸੱਭਿਆਚਾਰ ਤੇ ਸਮਾਜ ਦੇ ਦੋਖੀ ਹਨ। ਇਹ ਸਿਰਫਿਰੇ ਬਿਮਾਰ ਮਾਨਸਿਕਤਾ ਤੋਂ ਪੀੜਤ ਹਨ। ਇਹ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਹਨ। ਲਓ, ਕਰ ਲਓ ਗੱਲ। ਅਖੇ, ਇਹ ਸੱਭਿਆਚਾਰ ਤੇ ਸਮਾਜ ਦੇ ਦੋਖੀ ਹਨ। ਇਨ੍ਹਾਂ ਨੂੰ ਨਸ਼ੇ, ਹਥਿਆਰਾਂ, ਸ਼ਰਾਬ ਦੇ ਪ੍ਰਚਾਰ ਤੇ ਔਰਤਾਂ ਦਾ ਅਪਮਾਨ ਕਰਨ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ। ਬੱਲੇ ਉਏ ਬਹੁਤੇ ਸਿਆਣਿਓ। ਸਦਕੇ ਜਾਈਏ ਤੁਹਾਡੀ ਸੋਚ ਦੇ। ਤੁਸੀਂ ਕੋਈ ਜੁਆਕ ਤਾਂ ਨਹੀਂ ਬਈ ਰੋਟੀ ਨੂੰ ਚੋਚੀ ਕਹਿੰਦੇ ਓਂ। ਤੁਹਾਨੂੰ ਪਤਾ ਈ ਹੋਣੈ ਕਿ ਸਾਡੇ ਸੰਵਿਧਾਨ 'ਚ ਇਕ ਆਜ਼ਾਦੀ ਦੇ ਅਧਿਕਾਰ ਬਾਰੇ ਵੀ ਲਿਖਿਐ। ਸਾਨੂੰ ਦੇਸ਼ ਵਾਸੀਆਂ ਨੂੰ ਆਪਾ ਪ੍ਰਗਟਾਉਣ ਦੀ ਵੀ ਆਜ਼ਾਦੀ ਹੈ। ਅਸੀਂ ਭਾਸ਼ਨਾਂ ਤੇ ਗੀਤਾਂ ਰਾਹੀਂ ਦਿਲ ਦੇ ਵਲਵਲੇ ਬਾਹਰ ਕੱਢ ਸਕਦੇ ਹਾਂ। ਇਹ ਸਾਡਾ ਹੱਕ ਹੈ। ਇਸ ਅਧਿਕਾਰ 'ਤੇ ਰੋਕ ਲਾਉਣੀ ਤਾਂ ਸਾਡੇ ਦੇਸ਼ ਦੇ ਪਰਜਾਤੰਤਰਵਾਦੀ ਢਾਂਚੇ 'ਤੇ ਰੋਕ ਲਾਉਣ ਵਾਲੀ ਗੱਲ ਹੈ।
ਅਸੀਂ ਇਨ੍ਹਾਂ ਬੰਦਿਸ਼ਾਂ ਖਿਲਾਫ਼ ਯੂਨੀਅਨ ਬਣਾਵਾਂਗੇ। ਲੋੜ ਪਈ ਤਾਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਵਾਂਗੇ। ਅਸੀਂ ਆਪਣੇ ਆਜ਼ਾਦੀ ਦੇ ਹੱਕ 'ਤੇ ਡਾਕਾ ਨਹੀਂ ਪੈਣ ਦਿਆਂਗੇ।
ਰਹੀ ਗੱਲ ਨਸ਼ਿਆਂ, ਹਥਿਆਰਾਂ, ਸ਼ਰਾਬ ਤੇ ਔਰਤਾਂ ਬਾਰੇ ਲਿਖਣ/ਗਾਉਣ ਦੀ। ਭਾਈ, ਐਵੇਂ ਨਾ ਖਿਦੋ ਵਾਂਗਰ ਬੁੜ੍ਹਕੀ ਜਾਓ। ਅਸੀਂ ਤਾਂ ਸਿਰਫ਼ ਸਮਾਜ ਦੀ ਅਜੋਕੀ ਤਸਵੀਰ ਹੀ ਪੇਸ਼ ਕਰਦੇ ਹਾਂ।
ਸਮਾਜ ਵਿਚ ਫੈਲ ਰਹੇ ਹਥਿਆਰਾਂ ਦੇ ਮਾਰੂ ਪ੍ਰਭਾਵਾਂ, ਵਹਿਸ਼ੀਅਤ ਤੇ ਨੈਤਿਕ ਗਿਰਾਵਟ ਬਾਰੇ ਦੱਸ ਕੇ ਤਾਂ ਅਸੀਂ ਸਗੋਂ ਜਨਤਾ ਜਨਾਰਦਨ ਨੂੰ ਇਨ੍ਹਾਂ ਬਾਰੇ ਚੇਤੰਨ ਕਰ ਰਹੇ ਹਾਂ। ਆਪ ਹੀ ਦੱਸੋ ਕਿ ਮਾੜਾ ਕਰ ਰਹੇ ਹਾਂ? ਤੁਹਾਨੂੰ ਯਾਦ ਹੋਣੈ ਅੱਜ ਤੋਂ ਅੱਧੀ ਸਦੀ ਪਹਿਲਾਂ ਬੰਦੂਕਾਂ, ਰਾਈਫਲਾਂ ਤੇ ਨਾਜਾਇਜ਼ ਕਬਜ਼ਿਆਂ ਦੀਆਂ ਕਿਧਰੇ ਕੋਈ ਗੱਲਾਂ ਨਹੀਂ ਸੀ ਹੁੰਦੀਆਂ।
ਉਦੋਂ ਸਾਡੇ ਜਿਹੇ ਗੀਤਕਾਰਾਂ ਨੇ ਸਮੇਂ ਦੀ ਨਬਜ਼ ਪਛਾਣਦਿਆਂ ਉਹੋ ਜਿਹੇ ਗੀਤ ਲਿਖ ਦਿੱਤੇ ਤੇ ਗਾਇਕਾਂ ਨੇ ਉਹੀ ਗੀਤ ਗਾ ਦਿੱਤੇ। ਉਦੋਂ ਡਾਂਗ ਪ੍ਰਮੁੱਖ ਹਥਿਆਰ ਸੀ, ਗੀਤਕਾਰਾਂ ਨੇ 'ਡਾਂਗ' 'ਤੇ ਗੀਤ ਲਿਖ ਦਿੱਤੇ। ਹੁਣ ਸਾਇੰਸ ਦੀਆਂ ਖੋਜਾਂ ਕਾਰਨ ਬੰਦੂਕਾਂ, ਰਫਲਾਂ ਤੇ ਸਟੇਨਗੰਨਾਂ ਆ ਗਈਆਂ ਹਨ ਤਾਂ ਅਸੀਂ ਇਨ੍ਹਾਂ ਹਥਿਆਰਾਂ 'ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਇਹਦੇ 'ਚ ਮਾੜਾ ਕੀ ਹੈ? ਕੀ ਇਕ ਕਵੀ, ਗੀਤਕਾਰ ਜਾਂ ਲੇਖਕ ਸਮਾਜ 'ਚ ਵਿਚਰਦਾ ਹੋਇਆ, ਉਸ ਦੀ ਵਰਤਮਾਨ ਤਸਵੀਰ ਪੇਸ਼ ਕਰਨ ਤੋਂ ਪਾਸਾ ਵੱਟ ਲਵੇ ਤੇ ਸਮਾਜ ਨੂੰ ਨਿਰੰਤਰ ਬਦਲ ਰਹੀਆਂ ਹਾਲਤਾਂ ਤੇ ਖਤਰਿਆਂ ਤੋਂ ਆਗਾਹ ਨਾ ਕਰੇ? ਕੀ ਇਹ ਸਮਾਜ ਪ੍ਰਤੀ ਕੁਤਾਹੀ ਨਹੀਂ ਹੋਵੇਗੀ? ਗੱਲ ਬਦਲਦੇ ਹਾਲਾਤ ਦੀ ਹੈ। ਇਸ ਸੰਦਰਭ 'ਚ ਗੀਤ ਲਿਖਣਾ ਤਾਂ ਜਾਗਰੂਕਤਾ ਫੈਲਾਉਣਾ ਹੈ। ਸਮਾਜ ਤੇ ਕੌਮ ਨੂੰ ਖਤਰਿਆਂ ਤੋਂ ਸੁਚੇਤ ਕਰਨਾ ਤਾਂ ਸੂਰਬੀਰਤਾ ਹੈ। ਸਾਡੇ 'ਤੇ ਦੋਸ਼ ਮੜ੍ਹਨ ਵਾਲਿਓ ਲੋਕੋ, ਆਪਣੀ ਸੌੜੀ ਸੋਚ ਨੂੰ ਬਦਲੋ, ਇਸ ਦਾ ਨਵੀਨੀਕਰਨ ਕਰਾਓ।
ਥੋਡੀ ਸੋਚ ਸਮੇਂ ਦੇ ਹਾਣ ਦੀ ਹੋ ਜਾਊ ਤਾਂ ਥੋਨੂੰ ਆਪੇ ਹੀ ਸਭ ਕੁਝ ਚੰਗਾ ਲੱਗਣ ਲੱਗ ਜਾਊ।
ਤੁਸੀਂ ਇਲਜ਼ਾਮ ਲਾਉਂਦੇ ਓ ਕਿ ਅਸੀਂ ਬੇਤੁਕੇ ਗੀਤ ਲਿਖਦੇ ਹਾਂ ਤੇ ਬੇਤੁਕੇ ਗੀਤ ਹੀ ਗਾਉਂਦੇ ਹਾਂ। ਬਹੁਤੀ ਮੀਣ-ਮੇਖ ਕੱਢਣ ਵਾਲਿਓ। ਜ਼ਰਾ ਕੰਨ ਕਰਿਓ ਸਾਡੀ ਗੱਲ ਵੱਲ। ਜਦੋਂ ਮਾਨਵਤਾ ਨਾਲ ਸਰਸ਼ਾਰ ਦਿਲਾਂ 'ਚੋਂ ਸੱਚੇ ਵਲਵਲੇ ਆਪ-ਮੁਹਾਰੇ ਬਾਹਰ ਆਉਂਦੇ ਆ ਤਾਂ ਉਦੋਂ ਸਾਨੂੰ ਤੁਹਾਡੀਆਂ ਇਹ ਪਿੰਗਲ, ਅਰੂਜ ਵਾਲੀਆਂ ਬੰਦਿਸ਼ਾਂ ਨਹੀਂ ਚੇਤੇ ਰਹਿੰਦੀਆਂ। ਜਿਵੇਂ ਧਰਤੀ ਮਾਂ ਦੀ ਗੋਦ 'ਚੋਂ ਆਪ-ਮੁਹਾਰੇ ਹੀ ਚਸ਼ਮਾ ਫੁੱਟ ਨਿਕਲਦਾ ਹੈ, ਉਵੇਂ ਹੀ ਸਾਡੇ ਗੀਤ ਆਪ ਮੁਹਾਰੇ ਫੁਟਦੇ ਹਨ। ਇਹ ਲੋਕਾਈ ਦੇ ਦਰਦਾਂ ਨਾਲ ਓਤ-ਪੋਤ ਗੀਤ ਸਭ ਬੰਦਿਸ਼ਾਂ ਤੋੜ ਦਿੰਦੇ ਹਨ। ਆਪਣੇ ਮਨ 'ਚ ਲਬਾਲਬ ਭਰੇ ਕਰੁਨਾਰਸ ਦੇ ਪ੍ਰਗਟਾਵੇ ਲਈ ਅਸੀਂ ਤੁਹਾਡੇ ਦੱਸੇ ਫਾਰਮੂਲਿਆਂ 'ਤੇ ਚੱਲਣ ਲਈ ਮਜਬੂਰ ਨਹੀਂ। ਜਨਤਾ ਦੇ ਦੁੱਖਾਂ ਦਾ ਪ੍ਰਗਟਾਵਾ ਕਰਨਾ ਹੀ ਸਾਡਾ ਨੈਤਿਕ ਫ਼ਰਜ਼ ਹੈ। ਇਹੀ ਸਾਡਾ ਮਿਸ਼ਨ ਹੈ। ਇਹੀ ਸਾਡੀ ਪ੍ਰਤੀਬੱਧਤਾ ਹੈ।
ਅਸੀਂ ਨਹੀਂ ਆਪਣੇ ਪਵਿੱਤਰ ਫ਼ਰਜ਼ ਤੋਂ ਕੋਤਾਹੀ ਕਰਨੀ। ਅਖੇ ਤੂੰ ਕੌਣ? ਮੈਂ ਖਾਹਮਖਾਹ।
ਅਖੇ : ਅਸੀਂ ਸੱਭਿਆਚਾਰ ਕਮਿਸ਼ਨ ਦਾ ਗਠਨ ਕਰਾਂਗੇ। ਇਨ੍ਹਾਂ ਵਿਰੁੱਧ ਕੇਸ ਦਰਜ ਕਰਾਵਾਂਗੇ। ਇਸ ਕਾਂਗਿਆਰੀ 'ਤੇ ਨਦੀਨਨਾਸ਼ਕ ਛਿੜਕਾਂਗੇ। ਅਸੀਂ ਕਹਿਨੇ ਆਂ ਨਦੀਨਨਾਸ਼ਕ ਕਾਹਨੂੰ ਛਿੜਕਣੈ ਸਿੱਧਾ ਫਾਂਸੀ ਹੀ ਟੰਗ ਦਿਓ। ਸਾਨੂੰ ਇਹ ਵੀ ਮਨਜ਼ੂਰ ਹੈ। ਐਦਾਂ ਕਰ ਕੇ ਤੁਸੀਂ ਕੋਈ ਨਵੀਂ ਪਿਰਤ ਨਹੀਂ ਪਾਉਣੀ। ਸੱਚ ਦਾ ਪੱਲਾ ਫੜਨ ਵਾਲਿਆਂ 'ਤੇ ਤਾਂ ਸ਼ੁਰੂ ਤੋਂ ਹੀ ਜੁਲਮੋ-ਸਿਤਮ ਹੁੰਦੇ ਆਏ ਆ। ਤੁਹਾਡੇ ਵਰਗਿਆਂ ਦੀ ਸਿਤਮਜ਼ਰੀਫੀ ਕਾਰਨ ਹੀ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ।
ਅਖੇ : ਇਹ ਬੇਤੁਕੇ ਲੋਕ ਸਮਾਜ ਦੇ ਦੋਖੀ ਆ। ਇਹ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਆ। ਔਰਤਾਂ ਦਾ ਅਪਮਾਨ ਕਰਦੇ ਆ। ਲਓ ਕਰ ਲਓ ਗੱਲ। ਪੁੱਛਣ ਆਲਾ ਹੋਵੇ ਬਈ ਥੋਡੇ ਸ਼੍ਰੋਮਣੀ ਗੀਤਕਾਰ ਨਹੀਂ ਔਰਤਾਂ ਤੇ ਗੀਤ ਲਿਖਦੇ। ਥੋਡੇ ਇਹੀ ਗੀਤ ਸ੍ਰੇਸ਼ਟ ਤੇ ਸਾਡੇ ਗੀਤ ਤੁਕਬੰਦੀ। ਥੋਡਾ ਕੁੱਤਾ ਟੌਮੀ ਤੇ ਸਾਡਾ ਕੁੱਤਾ ਕੁਤੀੜ੍ਹ। ਸਮਝ ਨਹੀਂ ਆਉਂਦੇ ਥੋਡੇ ਮਾਪਦੰਡ।
ਸਾਨੂੰ ਵੀ ਆਪਣਾ ਇਹ ਪੈਮਾਨਾ ਮੁਹੱਈਆ ਕਰਾ ਦਿਓ ਤਾਂ ਕਿ ਅਸੀਂ ਵੀ ਤੁਕਬੰਦੀ ਛੱਡ ਕੇ ਤੁਹਡੇ ਵਰਗੇ ਆਲ੍ਹਾ ਤੇ ਲਾਸਾਨੀ ਗੀਤ ਲਿਖ ਸਕੀਏ ਜਾਂ ਫਿਰ ਗਾ ਸਕੀਏ। ਸੁੰਦਰਤਾ, ਹਥਿਆਰਾਂ ਜਾਂ ਨਸ਼ੇ ਦੀਆਂ ਵਹਿਬਤਾਂ ਦਾ ਸਵੀਕਾਰਨਯੋਗ ਜ਼ਿਕਰ ਕਰਨ ਲਈ ਸਾਨੂੰ ਵੀ ਕੋਈ ਕੋਸ਼ ਉਪਲਬਧ ਕਰਵਾ ਦਿਓ।
ਵਰਜਿਤ ਅੱਖਰਾਂ ਦੀ ਡਿਕਸ਼ਨਰੀ ਛਪਵਾ ਦਿਓ, ਸੁੰਦਰਤਾ ਬਿਆਨ ਕਰਨ ਦੀਆਂ ਸੀਮਾਵਾਂ ਦੱਸ ਦਿਓ, ਵਲਵਲਿਆਂ ਨੂੰ ਪ੍ਰਗਟਾਉਣ ਦੀ ਹੱਦ 'ਤੇ ਚਾਨਣਾ ਪਾ ਦਿਓ, ਆਪਣੇ ਵਲੋਂ ਮਨਜ਼ੂਰਸ਼ੁਦਾ ਸਮਾਨ-ਅਰਥੀ ਸ਼ਬਦਾਂ ਦੀ ਸੂਚੀ ਘੱਲ ਦਿਓ, ਕਿਸੇ ਦੀ ਸਿਫ਼ਤ ਕਰਨ ਦੀਆਂ ਹੱਦਾਂ ਮਿੱਥ ਦਿਓ।
ਜਦ ਤੱਕ ਤੁਹਾਡਾ ਇਹ ਵਿਸ਼ਵਕੋਸ਼, ਹਿਦਾਇਤਨਾਮਾ ਲਿਖਾਰੀ ਨਹੀਂ ਛਪ ਜਾਂਦਾ।
ਉਦੋਂ ਤੱਕ ਤਾਂ ਸਾਥੋਂ ਨਸ਼ਿਆਂ ਨੂੰ ਬਤਾਊਂ ਤੇ ਹਥਿਆਰਾਂ ਨੂੰ ਖਰਬੂਜ਼ਾ ਕਹਿ ਨਹੀਂ ਹੋਣਾ। ਇਹੋ ਜਿਹਾ ਕੁਫ਼ਰ ਸਾਡੇ ਤੋਂ ਨਹੀਂ ਤੋਲ ਹੋਣਾ। ਇਹ ਸਾਡੀ ਫ਼ਿਤਰਤ ਹੀ ਨਹੀਂ।

ਵਾਰਡ ਨੰ: 28, ਮਕਾਨ ਨੰ: 582, ਮੋਗਾ (ਪੰਜਾਬ)। ਮੋਬਾਈਲ : 93573-61417.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX