ਤਾਜਾ ਖ਼ਬਰਾਂ


ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  1 minute ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  22 minutes ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  24 minutes ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  29 minutes ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  31 minutes ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀ ਆਈ ਨਜ਼ਰ
. . .  36 minutes ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ 'ਤੇ...
ਪਠਾਨਕੋਟ ਵਿਖੇ ਪਿਉ-ਪੁੱਤਰ ਨੂੰ ਹੋਇਆ ਕੋਰੋਨਾ
. . .  about 1 hour ago
ਪਠਾਨਕੋਟ, 28 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਦੋਨੋਂ ਕੋਰੋਨਾ ...
ਲੁਧਿਆਣਾ 'ਚ ਰੇਲਵੇ ਸੁਰੱਖਿਆ ਪੁਲਿਸ ਜਵਾਨ ਦੀ ਕੋਰੋਨਾ ਕਾਰਨ ਹੋਈ ਮੌਤ
. . .  about 1 hour ago
ਲੁਧਿਆਣਾ, 28 ਮਈ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਹਸਪਤਾਲ ...
ਅੰਮ੍ਰਿਤਸਰ 'ਚ ਕੋਰੋਨਾ ਪੀੜਤ ਔਰਤ ਦੀ ਹੋਈ ਮੌਤ
. . .  about 1 hour ago
ਅੰਮ੍ਰਿਤਸਰ, 28 ਮਈ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਜੇਰੇ ਇਲਾਜ ਔਰਤ ਦੀ ਮੌਤ ਹੋ ਗਈ ਹੈ ਜਿਸ ਦੀ ਕੋਰੋਨਾ ਰਿਪੋਰਟ...
ਕੋਰੋਨਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਦੇ 4 ਹੋਰਨਾਂ ਵਾਸੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮਿਆਣੀ, 28 ਮਈ (ਹਰਜਿੰਦਰ ਸਿੰਘ ਮੁਲਤਾਨੀ) - ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਵਾਇਰਸ ਦਾ ਹਾਟ ...
ਚੰਡੀਗੜ੍ਹ 'ਚ 91 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਚੰਡੀਗੜ੍ਹ, 28 ਮਈ (ਮਨਜੋਤ ਸਿੰਘ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾ...
'ਪਾਤਾਲ ਲੋਕ' ਨੂੰ ਬੰਦ ਕਰਵਾਉਣ ਸੰਬੰਧੀ ਪੰਡਿਤ ਰਾਓ ਧਰੇਨਵਰ ਨੇ ਦਿੱਤਾ ਬੇਨਤੀ ਪੱਤਰ
. . .  about 1 hour ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਡਿਤ ਰਾਓ ਧਰੇਨਵਰ ਨੇ ਵੈੱਬ ਸੀਰੀਜ਼ 'ਪਾਤਾਲ ਲੋਕ' ਨੂੰ ਬੰਦ ਕਰਵਾਉਣ ...
ਸੁਖਬੀਰ ਬਾਦਲ ਵੱਲੋਂ 30 ਮਈ ਨੂੰ ਸੱਦੀ ਗਈ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  about 2 hours ago
ਚੰਡੀਗੜ੍ਹ, 28 ਮਈ (ਅ.ਬ)- ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਊਬਵੈੱਲ, ਬੀਜਾਂ ਦੇ ਘੁਟਾਲੇ, ਮਾਲੀਆ...
ਬੀਜ ਘੁਟਾਲੇ ਦੀ ਉਚ ਪੱਧਰੀ ਜਾਂਚ ਸਬੰਧੀ ਅਕਾਲੀ ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 2 hours ago
ਫ਼ਿਰੋਜ਼ਪੁਰ, 28 ਮਈ (ਜਸਵਿੰਦਰ ਸਿੰਘ ਸੰਧੂ)- ਝੋਨੇ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ...
ਪਿੰਡ ਸਾਹਿਬ ਚੰਦ ਵਿਖੇ ਪਤਨੀ ਦਾ ਕਹੀ ਮਾਰ ਕੇ ਕਤਲ
. . .  about 2 hours ago
ਗਿੱਦੜਬਾਹਾ, 28 ਮਈ (ਬਲਦੇਵ ਸਿੰਘ)- ਪਿੰਡ ਸਾਹਿਬ ਚੰਦ ਵਿਖੇ ਇਕ ਵਿਅਕਤੀ ਵੱਲੋਂ ਕਹੀ ਮਾਰ ਕੇ ਆਪਣੀ ਪਤਨੀ ਦਾ ਗਲਾ ਵੱਢ ...
ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ
. . .  about 2 hours ago
ਗੁਰੂ ਹਰਸਹਾਏ, 28 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ....
ਗੜ੍ਹਸ਼ੰਕਰ ਨੇੜੇ ਵਿਅਕਤੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 2 hours ago
ਗੜ੍ਹਸ਼ੰਕਰ , 28 ਮਈ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਆਦਮਪੁਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਸੜਕ...
ਟਿੱਡੀ ਦਲ ਦੀ ਸੰਭਾਵੀ ਆਮਦ 'ਤੇ ਪੰਜਾਬ-ਹਰਿਆਣਾ ਹਾਈ ਅਲਰਟ 'ਤੇ
. . .  about 3 hours ago
ਮੰਡੀ ਕਿੱਲਿਆਂਵਾਲੀ/ਡੱਬਵਾਲੀ, 28 ਮਈ (ਇਕਬਾਲ ਸਿੰਘ ਸ਼ਾਂਤ)- ਚੀਨੀ ਬਿਮਾਰੀ ਕੋਰੋਨਾ ਦੇ ਬਾਅਦ ਪਾਕਿਸਤਾਨੀ ਟਿੱਡੀ ਦਲ...
ਕੈਪਟਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ
. . .  about 3 hours ago
ਚੰਡੀਗੜ੍ਹ, 28 ਮਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਾਸੀਆਂ...
ਮਜੀਠੀਆ ਦੀ ਅਗਵਾਈ 'ਚ ਅਕਾਲੀ ਆਗੂਆਂ ਨੇ ਏ.ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸਰਦਾਰ ਬਿਕਰਮ ਸਿੰਘ ...
ਅਕਾਲੀ ਦਲ ਵੱਲੋਂ ਬੀਜ ਘੋਟਾਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ
. . .  about 3 hours ago
ਜਲੰਧਰ, 28 ਮਈ (ਜੀ.ਪੀ ਸਿੰਘ)- ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮਾਨਯੋਗ ਰਾਜਪਾਲ ਜੀ ਪੰਜਾਬ, ਚੰਡੀਗੜ੍ਹ ਤੋਂ ਇਹ...
ਤਰਨਤਾਰਨ ਦੇ ਦੋ ਹੋਰ ਵਿਅਕਤੀਆਂ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  about 3 hours ago
ਤਰਨਤਾਰਨ, 28 ਮਈ (ਹਰਿੰਦਰ ਸਿੰਘ)- ਤਰਨਤਾਰਨ 'ਚ ਦੋ ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ...
ਲਘੂ ਉਦਯੋਗਾਂ ਨੂੰ ਕੀਤਾ ਜਾਵੇ ਪ੍ਰਫੁੱਲਿਤ : ਕੈਪਟਨ
. . .  about 3 hours ago
ਲੋੜਵੰਦਾਂ ਦੀ ਮਦਦ ਕਰਨ ਦੀ ਲੋੜ : ਕੈਪਟਨ
. . .  about 3 hours ago
ਮਨਰੇਗਾ ਤਹਿਤ ਲੋੜਵੰਦਾਂ ਨੂੰ ਮਿਲੇ ਰੁਜ਼ਗਾਰ : ਕੈਪਟਨ
. . .  about 3 hours ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਕੋਰੋਨਾ ਵਾਇਰਸ ਦੇ ਸਮੇਂ ਵਿਚ ਸਿੱਖ ਭਾਈਚਾਰੇ ਦੀ ਭੂਮਿਕਾ

ਅੱਜ ਕੌਮਾਂਤਰੀ ਪੱਧਰ 'ਤੇ ਕੋਰੋਨਾ ਵਾਇਰਸ, ਜਿਸ ਨੂੰ ਵਿਸ਼ਵ ਸਿਹਤ ਸੰਸਥਾ ਵਲੋਂ 'ਕੋਵਿਡ-19' ਕਹਿਣਾ ਉੱਚਿਤ ਦੱਸਿਆ ਗਿਆ ਹੈ ਅਤੇ ਇਸ ਬਿਮਾਰੀ ਦੀ ਆੜ 'ਚ ਕਿਸੇ ਵੀ ਦੇਸ਼, ਕੌਮ ਅਤੇ ਰੰਗ-ਨਸਲ ਦੇ ਲੋਕਾਂ ਨਾਲ ਵਿਤਕਰਾ ਨਾ ਕਰਨ ਦੀ ਤਾੜਨਾ ਵੀ ਕੀਤੀ ਗਈ ਹੈ, ਦਾ ਮੁੱਦਾ ਹਰ ਜਗ੍ਹਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕੈਨੇਡਾ ਵਿਚ ਵੀ ਜਿਥੇ ਕੋਵਿਡ-19 ਦੇ ਖ਼ਤਰਨਾਕ ਪ੍ਰਭਾਵ ਲਗਾਤਾਰ ਵਧ ਰਹੇ ਹਨ, ਉਥੇ ਬ੍ਰਿਟਿਸ਼ ਕੋਲੰਬੀਆ ਸਮੇਤ ਕਈ ਸੂਬਿਆਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਲੋਕ ਵਾਇਰਸ ਦੇ ਡਰੋਂ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਅਤੇ ਹਾਲਾਤ ਹੋਰ ਵਿਗੜਨ ਦੇ ਫ਼ਿਕਰ 'ਚ ਉਹ ਗੁੰਮਰਾਹ ਵੀ ਹੋ ਰਹੇ ਹਨ। ਜਿਵੇਂ ਕਿ ਕੁਝ ਘਬਰਾਏ ਲੋਕ ਸਟੋਰਾਂ ਤੋਂ ਭਾਰੀ ਰਾਸ਼ਨ ਲਿਆ ਕੇ ਘਰੀਂ ਜਮ੍ਹਾਂ ਕਰ ਰਹੇ ਹਨ, ਜਦਕਿ ਹੋਰਨਾਂ ਨੂੰ ਭੋਜਨ ਪਦਾਰਥਾਂ ਦੀ ਘਾਟ ਕਾਰਨ ਤੰਗੀ ਆ ਰਹੀ ਹੈ। ਕੁਝ ਲਾਲਚੀ ਲੋਕ ਸਟੋਰਾਂ 'ਤੇ ਸਾਮਾਨ ਮਹਿੰਗਾ ਵੇਚ ਕੇ ਬਦਨਾਮੀ ਖੱਟ ਰਹੇ ਹਨ, ਜਦਕਿ ਇਹ ਗ਼ੈਰ-ਕਾਨੂੰਨੀ ਵਰਤਾਰਾ ਹੈ। ਅੰਨ੍ਹੇਵਾਹ ਸਾਮਾਨ ਸੰਚਿਤ ਕਰਨ ਦੀਆਂ ਕੁਝ ਘਟਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਏਨਾ ਫੈਲਾ ਦਿੱਤਾ ਗਿਆ ਹੈ ਕਿ ਹਰ ਕੋਈ ਆਪਣੇ-ਆਪ 'ਚ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ।
ਦੂਸਰੇ ਪਾਸੇ ਕੈਨੇਡਾ ਦੀਆਂ ਸਿੱਖ ਨੌਜਵਾਨ ਸੰਸਥਾਵਾਂ ਨੇ ਅਜਿਹੇ ਸੰਕਟਮਈ ਸਮੇਂ ਮਨੁੱਖਤਾ ਦੀ ਸੇਵਾ ਦਾ ਜਿਹੜਾ ਰਾਹ ਅਪਣਾਇਆ ਹੈ, ਉਸ ਚੰਗੇ ਪੱਖ ਨੂੰ ਬਹੁਤ ਘੱਟ ਪ੍ਰਚਾਰਿਆ ਜਾ ਰਿਹਾ ਹੈ। ਗੱਲ ਸਰੀ ਤੋਂ ਸ਼ੁਰੂ ਕਰਦੇ ਹਾਂ, ਜਿਥੇ ਬ੍ਰਿਟਿਸ਼ ਕੋਲੰਬੀਆ ਸਿੱਖਜ਼ ਅਤੇ ਸੈਫ਼ ਇੰਟਰਨੈਸ਼ਨਲ ਵਲੋਂ 'ਨੋ ਹੰਗਰੀ ਟਮੀ' ਭਾਵ ਕੋਈ ਪੇਟ ਭੁੱਖਾ ਨਹੀਂ ਰਹੇਗਾ, ਮੁਹਿੰਮ ਚੱਲ ਰਹੀ ਹੈ, ਜਿਸ ਰਾਹੀਂ ਕੈਨੇਡਾ ਦੇ ਸੈਂਕੜੇ ਸਿੱਖ ਬੱਚੇ-ਬੱਚੀਆਂ ਸਿਹਤ ਨਿਯਮਾਂ ਦਾ ਖਿਆਲ ਰੱਖਦੇ ਹੋਏ ਲੋੜਵੰਦ ਲੋਕਾਂ ਨੂੰ ਭੋਜਨ ਪਦਾਰਥ ਪਹੁੰਚਾ ਰਹੇ ਹਨ। ਲੋਅਰ ਮੇਨਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਘਰੋ-ਘਰੀ ਜਾ ਕੇ ਸੇਵਾ ਕਰਨ ਵਾਲੇ ਇਹ ਵਲੰਟੀਅਰ, ਬਗੈਰ ਕਿਸੇ ਭਿੰਨ-ਭੇਦ ਦੇ, ਹਰੇਕ ਰੰਗ-ਨਸਲ ਤੇ ਫਿਰਕੇ ਨਾਲ ਸਬੰਧਿਤ ਪਰਿਵਾਰਾਂ ਦੀ ਸੇਵਾ ਕਰ ਰਹੇ ਹਨ, ਉਂਜ ਇਹ ਸੰਸਥਾਵਾਂ ਲੰਮੇ ਅਰਸੇ ਤੋਂ, ਕੈਨੇਡਾ ਤੋਂ ਇਲਾਵਾ ਭਾਰਤ 'ਚ ਵੀ ਬੱਚਿਆਂ ਲਈ ਵੱਖ-ਵੱਖ ਸੇਵਾਵਾਂ ਨਿਭਾਅ ਰਹੀਆਂ ਹਨ। ਅੱਜ ਦੇ ਔਖੇ ਵੇਲੇ ਕੈਨੇਡਾ ਵਸਦੇ ਭਾਈਚਾਰੇ ਲਈ ਸਤਿਕਾਰ ਦੇ ਪਾਤਰ ਬਣਨ ਵਾਲੇ ਅਜਿਹੇ ਸੇਵਾਦਾਰਾਂ ਦੀ ਗਿਣਤੀ ਬਹੁਤ ਵੱਡੀ ਹੈ। ਇਨ੍ਹਾਂ ਵਿਚ ਰੈਸਟੋਰੈਂਟਾਂ ਤੇ ਫੂਡ ਸਟੋਰਾਂ ਵਾਲੇ ਕਾਰੋਬਾਰੀ ਵੀ ਸ਼ਾਮਿਲ ਹਨ, ਜਿਹੜੇ ਬਿਲਕੁਲ ਮੁਫ਼ਤ ਸੇਵਾਵਾਂ ਦੇ ਰਹੇ ਹਨ। 'ਦੇਸੀ ਬਾਈਟਸ ਰੈਸਟੋਰੈਂਟ' ਵਲੋਂ 'ਫ੍ਰੀ ਟਿਫ਼ਨ' ਦੇ ਨਾਂਅ ਹੇਠ ਲੋੜਵੰਦ ਪਰਿਵਾਰਾਂ, ਖਾਸ ਕਰਕੇ ਕੈਨੇਡਾ 'ਚ ਪੜ੍ਹਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੇਵਾ ਚਲਾਈ ਜਾ ਰਹੀ ਹੈ, ਜਿਥੇ ਖਾਲੀ ਟਿਫ਼ਨ ਤਾਜ਼ਾ ਭੋਜਨ ਦੇ ਭਰ ਕੇ ਅਤੇ ਲੋੜ ਪੈਣ 'ਤੇ ਘਰਾਂ 'ਚ ਵੀ ਪਹੁੰਚਦੇ ਕਰ ਕੇ, ਇਹ ਸੇਵਾਦਾਰ ਸਮੁੱਚੇ ਸਿੱਖ ਭਾਈਚਾਰੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਉਂ ਹੀ ਕੈਨੇਡਾ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਵਿਚ ਵੀ ਸੈਂਕੜੇ ਹੀ ਅਜਿਹੇ ਨਿਸ਼ਕਾਮ ਸੇਵਾਦਾਰ ਸਰਗਰਮ ਹਨ, ਜਿਹੜੇ ਕੋਵਿਡ-19 ਦੇ ਸੰਕਟਮਈ ਹਾਲਾਤ ਵਿਚ ਇਤਿਹਾਸਕ ਭੂਮਿਕਾ ਨਿਭਾਅ ਰਹੇ ਹਨ।
ਕੈਨੇਡਾ 'ਚ ਖ਼ਾਲਸਾ ਸਾਜਨਾ ਦਿਹਾੜੇ 'ਤੇ ਸਜਾਏ ਜਾਂਦੇ ਨਗਰ ਕੀਰਤਨ ਮੌਜੂਦਾ ਹਾਲਾਤ ਵਿਚ ਮੁਲਤਵੀ ਕਰ ਦਿੱਤੇ ਗਏ ਹਨ, ਤਾਂ ਕਿ ਕੋਵਿਡ-19 ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ। ਦੂਜੇ ਪਾਸੇ ਗੁਰਦੁਆਰਾ ਸੰਸਥਾਵਾਂ ਦੇ ਪ੍ਰਬੰਧਕਾਂ ਵਲੋਂ ਨਗਰ ਕੀਰਤਨਾਂ 'ਚ ਲਗਾਏ ਜਾਂਦੇ ਭੋਜਨ ਸਟਾਲਾਂ ਦੀ ਥਾਂ, ਹੁਣ ਲੋੜਵੰਦ ਲੋਕਾਂ ਨੂੰ ਸੇਵਾਵਾਂ ਦੇਣ ਦੇ ਉਪਰਾਲੇ ਹੋ ਰਹੇ ਹਨ, ਜੋ ਕਿ ਸ਼ਲਾਘਾਯੋਗ ਹਨ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵਲੋਂ ਇਹ ਐਲਾਨ ਕੀਤਾ ਗਿਆ ਹੈ, ਕਿ ਗੁਰੂ ਕਾ ਲੰਗਰ ਜ਼ਰੂਰਤਮੰਦਾਂ ਨੂੰ, ਉਨ੍ਹਾਂ ਦੇ ਘਰਾਂ ਵਿਚ ਪਹੁੰਚਦਾ ਕੀਤਾ ਜਾਵੇਗਾ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਲੋਂ ਸਰਬੱਤ ਲਈ ਸਰਬਪੱਖੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਵਿਸ਼ੇਸ਼ ਕਰਕੇ ਕੌਮਾਂਤਰੀ ਵਿਦਿਆਰਥੀਆਂ ਦੀ ਮੁਸ਼ਕਿਲ ਦੀ ਘੜੀ ਬਾਂਹ ਫੜਨ ਲਈ ਜਿਵੇਂ ਗੁਰਦੁਆਰਾ ਸੰਸਥਾਵਾਂ ਭੂਮਿਕਾ ਨਿਭਾਅ ਰਹੀਆਂ ਹਨ, ਉਹ ਬੇਮਿਸਾਲ ਹੈ। ਲੋੜਵੰਦ ਵਿਦਿਆਰਥੀਆਂ ਲਈ ਰੋਟੀ-ਕੱਪੜਾ ਕਈ ਮਹੀਨਿਆਂ ਤੱਕ ਮੁਹੱਈਆ ਕਰਨਾ ਅਤੇ ਮਾਲੀ ਮਦਦ ਵੀ ਕਰਨਾ ਉਨ੍ਹਾਂ ਉਪਰਾਲਿਆਂ ਵਿਚੋਂ ਕੁਝ ਹਨ, ਜਿਹੜੇ ਕੈਨੇਡਾ ਦੇ ਕਈ ਸ਼ਹਿਰਾਂ 'ਚ ਜ਼ੋਰਾਂ 'ਤੇ ਹਨ, ਪਰ ਅਫ਼ਸੋਸ ਇਹ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ 'ਤੇ ਕਈ ਵਿਅਕਤੀ ਗੁਰਦੁਆਰਿਆਂ ਦੇ ਸ਼ਰਧਾ ਪੱਖ ਨੂੰ ਆਲੋਚਨਾ ਦੇ ਘੇਰੇ 'ਚ ਲਿਆ ਕੇ ਨਿੰਦਣਾ ਸ਼ੁਰੂ ਕਰ ਦਿੰਦੇ ਹਨ, ਜਦਕਿ ਗੁਰਦੁਆਰਿਆਂ ਵਲੋਂ ਅੱਜ ਸਮਾਜਿਕ ਤੇ ਭਾਈਚਾਰਕ ਕਾਰਜਾਂ 'ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਜਾਣਬੁੱਝ ਕੇ ਛੁਟਿਆਉਂਦੇ ਹਨ।
ਕੌਮਾਂਤਰੀ ਪੱਧਰ 'ਤੇ 'ਖ਼ਾਲਸਾ ਏਡ' ਸੰਸਥਾ ਨੇ ਜਿਥੇ ਹੱਦਾਂ-ਸਰਹੱਦਾਂ ਤੋਂ ਪਾਰ, ਵੱਖ-ਵੱਖ ਦੇਸ਼ਾਂ 'ਚ ਹਰ ਮੁਸ਼ਕਿਲ ਘੜੀ 'ਚ ਮੋਹਰੀ ਭੂਮਿਕਾ ਨਿਭਾਈ ਹੈ ਤੇ ਅੱਜ ਵੀ ਨਿਭਾਈ ਜਾ ਰਹੀ ਹੈ। ਉਥੇ ਸਥਾਨਕ ਪੱਧਰ 'ਤੇ ਵੀ ਭਾਈਚਾਰਾ ਸਿੱਖ ਕੌਮ ਦੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਸਿਧਾਂਤ 'ਤੇ ਪਹਿਰਾ ਦੇ ਰਿਹਾ ਹੈ। ਕੋਰੋਨਾ ਵਾਇਰਸ ਦਾ ਸੰਕਟ ਵੀ 'ਦੁੱਖ ਤੇ ਸੁੱਖ ਵਾਂਗ ਮਨੁੱਖੀ ਜੀਵਨ ਦੇ ਇਕ ਪੜਾਅ ਦੀ ਤਰ੍ਹਾਂ ਹੈ, ਮਾਨਵਵਾਦੀ ਸੋਚ ਨੂੰ 'ਚੜ੍ਹਦੀ ਕਲਾ' ਦੀ ਲੀਹ 'ਤੇ ਪਾਉਣ ਨਾਲ ਹੀ ਇਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਚਾਹੇ ਮਹਾਂਸ਼ਕਤੀਆਂ ਵਲੋਂ ਕੋਵਿਡ-19 'ਜੈਵਿਕ ਜੰਗ ਦੀ ਮਸ਼ਕ' ਹੋਵੇ, ਚਾਹੇ ਫਾਸ਼ੀਵਾਦੀ ਤਾਕਤਾਂ ਵਲੋਂ ਇਸ ਬਹਾਨੇ ਲੋਕਾਂ ਦਾ ਧਿਆਨ ਆਪਣੀ ਧੱਕੇਸ਼ਾਹੀ ਤੋਂ ਹਟਾਉਣ ਦੀ ਸਾਜਿਸ਼ ਚੱਲ ਰਹੀ ਹੋਵੇ, ਚਾਹੇ ਆਰਥਿਕ ਮੰਦਵਾੜੇ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਵੀ ਇਸ ਦਾ ਸਹਾਰਾ ਲਿਆ ਜਾ ਰਿਹਾ ਹੋਵੇ, ਕੁਝ ਵੀ ਹੋਵੇ, ਪਰ ਇਸ ਸਮੇਂ ਕੌਮਾਂਤਰੀ ਮੰਚ 'ਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ, ਇਕ ਵਾਰ ਫਿਰ ਸਮੂਹ ਮਾਨਵ ਜਾਤੀ ਦੀ ਸੇਵਾਦਾਰ ਬਣ ਕੇ ਉੱਭਰੀ ਹੈ।


ਫੋਨ : 001-604-825-1550
ਈਮੇਲ : singhnews@gmail.com


ਖ਼ਬਰ ਸ਼ੇਅਰ ਕਰੋ

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -4

ਸ਼੍ਰੋਮਣੀ ਕਮੇਟੀ ਹੋਂਦ ਵਿਚ ਕਿਵੇਂ ਆਈ?

ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਪੁਜਾਰੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖਾਲੀ ਛੱਡ ਕੇ ਚਲੇ ਜਾਣ ਦੀ ਇਤਲਾਹ ਸ: ਸੁੰਦਰ ਸਿੰਘ ਰਾਮਗੜ੍ਹੀਆ ਸਰਬਰਾਹ ਨੂੰ ਦਿੱਤੀ। ਉਨ੍ਹਾਂ ਨੇ ਪੁਜਾਰੀਆਂ ਨੂੰ ਸੱਦਿਆ ਪਰ ਉਹ ਨਾ ਆਏ। ਦੂਜੇ ਦਿਨ 13 ਅਕਤੂਬਰ ਡਿਪਟੀ ਕਮਿਸ਼ਨਰ ਨੇ ਕੁਝ ਮੁਖੀਆਂ, ਸਰਬਰਾਹ ਤੇ ਪੁਜਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਸਬੰਧੀ ਬੁਲਾਇਆ। ਪੁਜਾਰੀ ਉਸ ਮੀਟਿੰਗ ਵਿਚ ਸ਼ਾਮਿਲ ਨਾ ਹੋਏ। ਸ: ਸੁੰਦਰ ਸਿੰਘ ਰਾਮਗੜ੍ਹੀਆ ਸਰਬਰਾਹ ਦਰਬਾਰ ਸਾਹਿਬ 14 ਅਕਤੂਬਰ, 1920 ਨੂੰ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇ ਦੇ ਸਿੰਘਾਂ ਕੋਲ ਆਇਆ ਤੇ ਕਹਿਣ ਲੱਗਿਆ ਕਿ ਜਥੇਦਾਰ ਭੁੱਚਰ ਜੀ ਅਤੇ ਜਥੇਦਾਰ ਝੱਬਰ ਜੀ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੇ ਬੁਲਾਇਆ ਹੈ ਆਪ ਚਲੋ। ਜਥੇਦਾਰ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ-ਆਪ ਨਹੀਂ ਆਉਂਦੇ, ਸਾਹਿਬ ਪੁਲਿਸ ਨੂੰ ਭੇਜ ਦੇਵੇ ਤੇ ਗ੍ਰਿਫ਼ਤਾਰ ਕਰ ਕੇ ਲੈ ਜਾਵੇ। ਸ: ਸੁੰਦਰ ਸਿੰਘ ਨੇ ਵਾਪਸ ਜਾ ਕੇ ਜਥੇਦਾਰਾਂ ਦਾ ਉੱਤਰ ਦੱਸਿਆ ਤਾਂ ਡਿਪਟੀ ਕਮਿਸ਼ਨਰ ਨੇ ਸਰਬਰਾਹ ਨੂੰ ਫਿਰ ਭੇਜਿਆ ਤੇ ਕਿਹਾ ਮੈਂ ਜਥੇਦਾਰਾਂ ਨੂੰ ਕਚਹਿਰੀ ਨਹੀਂ ਬੁਲਾਇਆ, ਘਰ ਬੁਲਾਇਆ ਹੈ ਅਤੇ ਕੁਝ ਗੱਲ ਕਰਨੀ ਹੈ। ਸਰਬਰਾਹ ਦੇ ਕਹਿਣ 'ਤੇ ਕੁਝ ਸਿੰਘਾਂ ਨਾਲ ਰਾਇ ਕਰਕੇ ਜਥੇਦਾਰ ਜਾਣ ਲਈ ਤਿਆਰ ਹੋ ਗਏ, ਪਰ ਸੋਚਿਆ ਕਿ ਅਸੀਂ ਅੰਗਰੇਜ਼ੀ ਨਹੀਂ ਜਾਣਦੇ, ਸਾਹਿਬ ਨਾਲ ਗੱਲ ਕਿਵੇਂ ਹੋਵੇਗੀ। ਉਸੇ ਸਮੇਂ ਇਕ ਸਿੰਘ ਨੂੰ ਸਾਇਕਲ ਦੇ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਭੇਜਿਆ। ਸ: ਧਰਮ ਸਿੰਘ ਉਸਮੇਂ ਵਾਲੇ, ਸ: ਬਸੰਤ ਸਿੰਘ ਰਸਾਲਦਾਰ ਨੌਸ਼ਹਿਰਾ ਪੰਨੂਆਂ, ਜਥੇਦਾਰ ਭੁੱਚਰ ਜੀ, ਸ: ਤੇਜਾ ਸਿੰਘ ਚੂਹੜਕਾਣਾ ਅਤੇ ਜਥੇਦਾਰ ਕਰਤਾਰ ਸਿੰਘ 'ਝੱਬਰ' ਇਹ ਸਾਰੇ ਡਿਪਟੀ ਕਮਿਸ਼ਨਰ ਦੀ ਕੋਠੀ ਰਾਮ ਬਾਗ ਪਹੁੰਚ ਗਏ। ਖ਼ਾਲਸਾ ਕਾਲਜ ਤੋਂ ਪ੍ਰੋਫੈਸਰ ਕਸ਼ਮੀਰਾ ਸਿੰਘ, ਬਾਵਾ ਹਰਕਿਸ਼ਨ ਸਿੰਘ ਸਮੇਤ ਚਾਰ ਪ੍ਰੋਫੈਸਰ ਵੀ ਆ ਪਹੁੰਚੇ। ਡਿਪਟੀ ਕਮਿਸ਼ਨਰ ਵਲੋਂ ਬੁਲਾਉਣ 'ਤੇ ਜਥੇਦਾਰ ਭੁੱਚਰ ਜੀ, ਜਥੇਦਾਰ ਝੱਬਰ ਜੀ, ਸ: ਬਸੰਤ ਸਿੰਘ ਤੇ ਸ: ਧਰਮ ਸਿੰਘ ਚਾਰੇ ਅੰਦਰ ਚਲੇ ਗਏ। ਅੱਗੋਂ ਡਿਪਟੀ ਕਮਿਸ਼ਨਰ ਬਾਲਟਨ ਸਾਹਿਬ ਤੇ ਪੁਲਿਸ ਕਪਤਾਨ ਉੱਠ ਕੇ ਮਿਲੇ। ਡਿਪਟੀ ਕਮਿਸ਼ਨਰ ਨਾਲ ਸਿੰਘਾਂ ਦੀ ਗੱਲਬਾਤ ਹੋਈ ਅਤੇ ਡਿਪਟੀ ਕਮਿਸ਼ਨਰ ਦੇ ਕਹਿਣ 'ਤੇ 9 ਮੈਂਬਰਾਂ ਦੀ ਆਰਜ਼ੀ ਕਮੇਟੀ ਬਣਾਈ ਗਈ। ਇਸ 9 ਮੈਂਬਰੀ ਕਮੇਟੀ ਵਿਚ ਸ: ਸੁੰਦਰ ਸਿੰਘ ਰਾਮਗੜ੍ਹੀਆ, ਜਥੇਦਾਰ ਤੇਜਾ ਸਿੰਘ ਭੁੱਚਰ, ਜਥੇਦਾਰ ਕਰਤਾਰ ਸਿੰਘ ਝੱਬਰ, ਭਾਈ ਬਹਾਦਰ ਸਿੰਘ ਹਕੀਮ, ਬਾਵਾ ਹਰਕਿਸ਼ਨ ਸਿੰਘ, ਪ੍ਰੋ: ਤੇਜਾ ਸਿੰਘ, ਸ: ਦੇਵਾ ਸਿੰਘ, ਸ: ਚੰਦਾ ਸਿੰਘ ਅਤੇ ਡਾ: ਗੁਰਬਖਸ਼ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਕ ਵੱਖਰੇ ਕਾਗਜ਼ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦਾ ਕਬਜ਼ਾ ਇਸ ਕਮੇਟੀ ਦੇ ਹਵਾਲੇ ਕਰ ਦੇਣ ਬਾਰੇ ਲਿਖ ਦਿੱਤਾ ਅਤੇ ਇਸ ਕਮੇਟੀ ਦਾ ਮੁਖੀ ਸਰਬਰਾਹ ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਬਣਾ ਦਿੱਤਾ ਗਿਆ।
ਕਮੇਟੀ ਦੇ ਮੈਂਬਰ ਸਾਹਿਬਾਨ ਬਾਅਦ ਦੁਪਹਿਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅਤੇ ਜਥੇਦਾਰ ਝੱਬਰ ਜੀ ਨੇ ਸਾਰੀ ਗੱਲਬਾਤ ਸੰਗਤ ਨੂੰ ਦੱਸੀ, ਜੋ ਡਿਪਟੀ ਕਮਿਸ਼ਨਰ ਨਾਲ ਹੋਈ ਸੀ। ਜਥੇਦਾਰ ਝੱਬਰ ਜੀ ਨੇ ਉਨ੍ਹਾਂ ਸ਼ਰਾਰਤੀ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਜੋ ਟੋਲੀਆਂ ਬਣਾ ਕੇ ਥਾਂ-ਥਾਂ 'ਤੇ ਬੈਠਦੇ ਅਤੇ ਫਾਲਤੂ ਬੋਲਦੇ ਸਨ, ਇਹ ਸਥਾਨ ਨਾਮ ਜਪਣ, ਭਜਨ ਕਰਨ ਅਤੇ ਸ਼ਬਦ ਕੀਰਤਨ ਕਰਨ ਲਈ ਹੈ। ਜੇਕਰ ਕਿਸੇ ਨੇ ਜਥੇ ਦੇ ਪ੍ਰਬੰਧ ਵਿਚ ਦਖ਼ਲ ਦਿੱਤਾ ਤਾਂ ਉਸ ਨੂੰ ਸੋਧਾਂਗੇ। ਏਨੀ ਗੱਲ ਸੁਣਨ ਉਪਰੰਤ ਉਹ ਤਮਾਸ਼ਬੀਨ ਚਲੇ ਗਏ।
ਇਸ ਤੋਂ ਬਾਅਦ ਪੁਜਾਰੀਆਂ ਨੇ ਬੁੱਢਾ ਦਲ ਦੇ ਆਗੂਆਂ ਨੂੰ ਅਕਾਲੀਆਂ ਦੇ ਵਿਰੁੱਧ ਲੜਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਬਜ਼ਾ ਕਰਨ ਲਈ ਭੜਕਾਇਆ ਪਰ ਬਾਬਾ ਕੇਹਰ ਸਿੰਘ ਪੱਟੀ ਵਾਲਿਆਂ ਨੇ ਨਿਹੰਗ ਸਿੰਘਾਂ ਨੂੰ ਸਮਝਾਇਆ ਕਿ ਜਦੋਂ ਤੱਕ ਸਿੱਖਾਂ ਦਾ ਕੋਈ ਸਾਂਝਾ ਇਕੱਠ ਹੋ ਕੇ ਕੋਈ ਫ਼ੈਸਲਾ ਨਹੀਂ ਹੁੰਦਾ, ਉਸ ਸਮੇਂ ਤੱਕ ਸਿੰਘਾਂ ਦਾ ਜਥਾ ਹੀ ਸੇਵਾ ਕਰਦਾ ਰਹੇਗਾ।
ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੇਵਾ ਸੰਭਾਲ ਬਾਰੇ ਜਿਉਂ-ਜਿਉਂ ਸੰਗਤਾਂ ਨੂੰ ਪਤਾ ਲਗਦਾ ਗਿਆ ਤਾਂ ਸੰਗਤਾਂ ਦਾ ਸ੍ਰੀ ਦਰਬਾਰ ਸਾਹਿਬ ਇਕੱਠ ਹੋਣਾ ਸ਼ੁਰੂ ਹੋ ਗਿਆ। ਸ੍ਰੀ ਦਰਬਾਰ ਸਾਹਿਬ ਕੀਰਤਨੀ ਜਥਿਆਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਕੇ ਲੰਗਰ ਲਈ ਸੰਗਤਾਂ ਨੇ ਵੱਡੀ ਮਾਤਰਾ ਵਿਚ ਰਾਸ਼ਨ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਕਾ ਲੰਗਰ ਆਰੰਭ ਹੋ ਗਿਆ।
ਪੰਥਕ ਸੋਚ ਵਾਲੇ ਸਿੰਘ ਝੱਬਰ ਜੀ ਨੂੰ ਮਿਲਣ ਲਈ ਆਉਣ ਲੱਗੇ, ਇਸੇ ਤਰ੍ਹਾਂ 17 ਅਕਤੂਬਰ, 1920 ਈ: ਨੂੰ ਸ: ਹਰਬੰਸ ਸਿੰਘ ਅਟਾਰੀ ਵਾਲੇ ਝੱਬਰ ਜੀ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਆਏ ਅਤੇ ਉਨ੍ਹਾਂ ਦੀ ਮਹਾਰਾਜਾ ਸ਼ੇਰ ਸਿੰਘ ਜੀ ਦੇ ਬੁੰਗੇ ਵਿਚ ਬੈਠ ਕੇ ਦੋ ਘੰਟੇ ਗੱਲਬਾਤ ਹੋਈ।
ਸਿੱਖ ਲੀਗ ਦਾ ਸਮਾਗਮ 18, 19, 20 ਅਕਤੂਬਰ, 1920 ਈ: ਨੂੰ ਬਰੈਡਲਾ ਹਾਲ ਲਾਹੌਰ ਵਿਖੇ ਹੋਇਆ। ਜਥੇਦਾਰ ਕਰਤਾਰ ਸਿੰਘ 'ਝੱਬਰ' 19 ਅਕਤੂਬਰ ਨੂੰ ਲਾਹੌਰ ਜਲਸੇ ਵਿਚ ਪਹੁੰਚ ਗਏ। ਉਸ ਸਥਾਨ 'ਤੇ ਸ: ਗੋਪਾਲ ਸਿੰਘ ਭਾਗੋਵਾਲੀਆ ਨੇ ਜਥੇਦਾਰ 'ਝੱਬਰ' ਜੀ ਨੂੰ ਵੱਖਰੇ ਕਰ ਕੇ ਆਖਿਆ ਕਿ ਮੈਨੂੰ ਲਾਟ ਸਾਹਿਬ ਨੇ ਤੁਹਾਡੇ ਕੋਲ ਭੇਜਿਆ ਹੈ ਅਤੇ ਕਿਹਾ ਹੈ ਕਿ 'ਤੁਹਾਡੀਆਂ ਜੋ ਵੀ ਰਾਜਸੀ ਮੰਗਾਂ ਹਨ ਭਾਵ ਗੁਰਦੁਆਰੇ ਅਤੇ ਕਿਰਪਾਨ ਦੀ ਆਜ਼ਾਦੀ, ਪੰਜਾਬ ਕੌਂਸਲ ਦੀਆਂ 33 ਫ਼ੀਸਦੀ ਸੀਟਾਂ, ਰਾਜਸੀ ਕੈਦੀਆਂ ਦੀ ਰਿਹਾਈ ਆਦਿ ਮੈਂ ਸਭ ਪੂਰੀਆਂ ਕਰ ਦਿਆਂਗਾ ਪਰ ਸਿੱਖ ਲੀਗ ਦੇ ਜਲਸੇ ਵਿਚ ਨਾ-ਮਿਲਵਰਤਣ ਦਾ ਮਤਾ ਪਾਸ ਨਾ ਕਰੋ।'
ਇਸੇ ਤਰ੍ਹਾਂ ਗੋਪਾਲ ਸਿੰਘ ਭਾਗੋਵਾਲੀਆ ਨੇ ਸ: ਅਮਰ ਸਿੰਘ ਐਡੀਟਰ ਲਾਇਲ ਗਜ਼ਟ ਨੂੰ ਵੀ ਆਖਿਆ। ਅੱਗੋਂ 'ਝੱਬਰ' ਜੀ ਨੇ ਕਿਹਾ ਕਿ ਅਸੀਂ ਹੀ ਤਾਂ ਲੋਕਾਂ ਨੂੰ ਨਾ-ਮਿਲਵਰਤਣ ਵਾਸਤੇ ਤਿਆਰ ਕੀਤਾ ਹੈ। ਹੁਣ ਜਨਤਾ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇ, ਇਹ ਮੁਸ਼ਕਿਲ ਹੈ। ਸਮਾਗਮ ਵਿਚ ਦੋ ਵਜੇ ਤੋਂ ਚਾਰ ਵਜੇ ਤੱਕ ਜਥੇਦਾਰ 'ਝੱਬਰ' ਜੀ ਨੇ ਭਾਸ਼ਨ ਦਿੱਤਾ। ਝੱਬਰ ਜੀ ਨੇ ਆਪਣੇ ਭਾਸ਼ਨ ਵਿਚ ਦੋ ਗੱਲਾਂ ਖ਼ਾਲਸੇ ਦੇ ਵਿਚਾਰ ਲਈ ਦੱਸੀਆਂ :
1. ਆਪਣੀ ਜਥੇਬੰਦੀ ਦੀਆਂ ਮੀਟਿੰਗਾਂ ਕਰੋ, ਮੁਲਕ ਲਈ ਕੁਰਬਾਨੀਆਂ ਕਰੋ ਪਰ ਕਾਂਗਰਸ ਵਿਚ ਓਨਾ ਚਿਰ ਸ਼ਾਮਿਲ ਨਾ ਹੋਵੋ ਜਦ ਤੱਕ ਕਾਂਗਰਸ ਤੋਂ ਸਿੱਖ ਹੱਕਾਂ ਦਾ ਕੋਈ ਫ਼ੈਸਲਾ ਨਹੀਂ ਕਰਵਾ ਲੈਂਦੇ।
2. ਭਲਕੇ ਅਸਾਂ ਨਾ-ਮਿਲਵਰਤਣ ਦਾ ਮਤਾ ਪਾਸ ਕਰਨਾ ਹੈ। ਇਹ ਮਤਾ ਗਾਂਧੀ ਜੀ ਦੇ ਭਾਸ਼ਨ ਤੋਂ ਪਹਿਲਾਂ ਹੀ ਪਾਸ ਕਰ ਲੈਣਾ ਚਾਹੀਦਾ ਹੈ। ਜੇ ਗਾਂਧੀ ਜੀ ਦੇ ਲੈਕਚਰ ਤੋਂ ਪਿੱਛੋਂ ਕੀਤਾ ਗਿਆ ਤਾਂ ਲੋਕਾਂ ਉੱਤੇ ਇਹ ਅਸਰ ਹੋਵੇਗਾ ਕਿ ਇਹ ਮਤਾ ਉਨ੍ਹਾਂ ਦੇ ਭਾਸ਼ਨ ਸਦਕਾ ਪਾਸ ਹੋਇਆ ਹੈ।
ਮਹਾਤਮਾ ਗਾਂਧੀ ਨੇ 20 ਅਕਤੂਬਰ, 1920 ਈ: ਨੂੰ ਆਪਣੇ ਭਾਸ਼ਨ ਵਿਚ ਸਿੱਖਾਂ ਨੂੰ ਕਿਹਾ ਕਿ, 'ਮੁਝੇ ਮਾਲੂਮ ਹੂਆ ਹੈ ਕਿ ਕੁਛ ਨੌਜਵਾਨ ਸਿੱਖ ਗੁਰਦੁਆਰੋਂ ਪਰ ਕਬਜ਼ੇ ਕਰ ਰਹੇ ਹੈਂ ਯਹ ਠੀਕ ਨਹੀਂ ਹੈ, ਮਹੰਤ ਲੋਗੋਂ ਕੋ ਨਿਕਾਲ ਕਰ ਗੁਰਦੁਆਰੋਂ ਕਾ ਕਬਜ਼ਾ ਕਰਨਾ ਜਬਰ ਹੈ। ਕਾਂਗਰਸ ਕਾ ਕਾਮ ਕਰਨਾ ਚਾਹੀਏ।'
ਇਸ ਤੋਂ ਪਿੱਛੋਂ ਨਾ-ਮਿਲਵਰਤਣ ਦਾ ਮਤਾ ਪਾਸ ਹੋ ਗਿਆ।
ਉਪਰੰਤ ਡਾਕਟਰ ਸੈਫੂਦੀਨ ਕਿਚਲੂ ਬੋਲਿਆ, ਇਸ ਨੇ ਬੜੇ ਜੋਸ਼ ਨਾਲ ਭਾਸ਼ਨ ਦਿੱਤਾ ਤੇ ਕਿਹਾ ਕਿ, 'ਮਹਾਤਮਾ ਗਾਂਧੀ ਜੀ ਕਾ ਯਹ ਕਹਿਣਾ ਹੈ ਕਿ ਜੋ ਕਾਮ ਦੇਸ਼ ਕੀ ਆਜ਼ਾਦੀ ਕੇ ਲੀਏ ਹਿੰਦੂਓਂ ਨੇ ਕਾਂਗਰਸ ਕੇ ਜ਼ਰੀਏ 35 ਸਾਲ ਮੇਂ ਕੀਆ ਔਰ ਮੁਸਲਮਾਨੋਂ ਨੇ ਲੀਗ ਕਰਕੇ 25 ਸਾਲੋਂ ਮੇ ਕੀਆ ਹੈ, ਵੋਹ ਖ਼ਾਲਸਾ ਜੀ ਨੇ ਪਾਂਚ ਮਹੀਨੇ ਮੇਂ ਕਰ ਲੀਆ ਹੈ।'
ਅਖੀਰ ਵਿਚ ਕਿਚਲੂ ਜੀ ਨੇ ਆਖਿਆ:
'ਹਮਾਰੀ ਖੁਸ਼ੀ ਕਾ ਕੋਈ ਟਿਕਾਨਾ ਨਹੀਂ, ਅੰਗਰੇਜ਼ ਗੋਰਮਿੰਟ ਕਾ ਦਾਇਆਂ ਬਾਜੂ ਜਿਸ ਕੀ ਤਾਕਤ ਸੇ ਅੰਗਰੇਜ਼ੋਂ ਨੇ ਬਰਮਾ, ਮਲਾਇਆ-ਚੀਨ-ਮਿਸਰ ਮੇਂ ਜੀਤੇਂ ਹਾਸਲ ਕੀ ਆਜ ਵੇਹ ਟੂਟ ਗਿਆ ਹੈ। ਵੋਹ ਬਾਜੂ ਆਜ ਕਾਂਗਰਸ ਕਾ ਦਾਇਆ ਬਾਜੂ ਬਣ ਗਿਆ ਹੈ, ਖ਼ੁਦਾ ਕਾ ਸ਼ੁਕਰ ਹੈ।'


-ਬਠਿੰਡਾ। ਮੋ: 98155-33725.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬੀਬੀ ਸਮਸ਼ੇਰ ਕੌਰ

ਕਲਗੀਧਰ ਜੀ ਨੇ ਖ਼ਾਲਸੇ ਵਿਚ ਰੱਬੀ ਗੁਣ ਭਰ ਕੇ ਉਸ ਨੂੰ ਬਹਾਦਰੀ, ਹਿੰਮਤ, ਕੁਰਬਾਨੀ ਅਤੇ ਪਰਉਪਕਾਰ ਦੀ ਮੂਰਤ ਬਣਾ ਦਿੱਤਾ। ਜਦੋਂ ਵੀ ਕਿਸੇ ਨੇ ਖ਼ਾਲਸੇ ਅੱਗੇ ਧੀਆਂ-ਭੈਣਾਂ ਦੀ ਇੱਜ਼ਤ ਦਾ ਵਾਸਤਾ ਪਾਇਆ ਤਾਂ ਆਪਣੀ ਜਾਨ 'ਤੇ ਖੇਡ ਕੇ ਖ਼ਾਲਸੇ ਨੇ ਉਨ੍ਹਾਂ ਨੂੰ ਬਚਾਇਆ ਤੇ ਘਰੋ-ਘਰੀਂ ਪਹੁੰਚਾਇਆ ਅਤੇ ਉੱਚੇ-ਸੁੱਚੇ ਇਖ਼ਲਾਕ ਦੀ ਮਿਸਾਲ ਕਾਇਮ ਕੀਤੀ। 18ਵੀਂ ਸਦੀ ਵਿਚ ਮਿਸਲਾਂ ਦੇ ਸਮੇਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦਾ ਸਰਦਾਰ ਸੀ ਅਤੇ ਕੁਝ ਸਮੇਂ ਲਈ ਹਾਂਸੀ (ਹਰਿਆਣਾ) ਦੇ ਇਲਾਕੇ ਵਿਚ ਆ ਵਸਿਆ ਸੀ। ਇਕ ਦਿਨ ਇਕ ਬ੍ਰਾਹਮਣ ਰੋਂਦਾ ਕੁਰਲਾਉਂਦਾ ਰਾਮਗੜ੍ਹੀਏ ਸਰਦਾਰ ਕੋਲ ਆਇਆ ਅਤੇ ਦੱਸਿਆ ਕਿ ਹਿਸਾਰ ਦਾ ਹਾਕਮ ਅਲੀ ਬੇਗ ਉਨ੍ਹਾਂ ਦੇ ਪਿੰਡ ਵਿਚੋਂ ਲੰਘਿਆ ਅਤੇ ਉਸ ਦੀਆਂ ਦੋ ਮੁਟਿਆਰ ਧੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ। ਸਰਦਾਰ ਨੇ ਉਸੇ ਸਮੇਂ ਆਪਣੀ ਸੈਨਿਕ ਟੁਕੜੀ ਨਾਲ ਜਾ ਕੇ ਹਿਸਾਰ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਲੜਾਈ ਵਿਚ ਤਿੰਨ ਸਿੰਘ ਵੀ ਸ਼ਹੀਦ ਹੋਏ ਪਰ ਉਨ੍ਹਾਂ ਨੇ ਬ੍ਰਾਹਮਣ ਦੀਆਂ ਦੋ ਧੀਆਂ ਦੇ ਨਾਲ ਤਿੰਨ ਹੋਰ ਹਿੰਦੂ ਲੜਕੀਆਂ ਨੂੰ ਵੀ ਛੁਡਾ ਲਿਆ। ਬੇਗ਼ਮ ਦੇ ਤਰਲੇ 'ਤੇ ਅਲੀ ਬੇਗ ਨੂੰ ਸੁਧਰ ਜਾਣ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਕੁਝ ਦਿਨਾਂ ਬਾਅਦ ਬ੍ਰਾਹਮਣ ਆਪਣੀਆਂ ਲੜਕੀਆਂ ਨੂੰ ਫਿਰ ਲੈ ਕੇ ਆਇਆ ਅਤੇ ਕਹਿਣ ਲੱਗਾ ਕਿ ਪਿੰਡ ਵਿਚ ਕੋਈ ਉਸ ਨਾਲ ਵਰਤਣ ਨੂੰ ਤਿਆਰ ਨਹੀਂ ਹੈ। ਲੜਕੀਆਂ ਨੇ ਕਿਹਾ ਕਿ ਹੁਣ ਅਸੀਂ ਵਾਪਸ ਜਾ ਕੇ ਡਰਪੋਕਾਂ ਨਾਲ ਰਹਿਣਾ ਨਹੀਂ ਚਾਹੁੰਦੀਆਂ, ਇਸ ਲਈ ਸਾਨੂੰ ਸ਼ਰਨ ਦਿੱਤੀ ਜਾਵੇ। ਜੱਸਾ ਸਿੰਘ ਨੇ ਇਕ ਪਿਤਾ ਵਾਂਗ ਲੜਕੀਆਂ ਦੀ ਸਾਂਭ-ਸੰਭਾਲ ਕੀਤੀ। ਲੜਕੀਆਂ ਦੀ ਬੇਨਤੀ 'ਤੇ ਉਨ੍ਹਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਵੱਡੀ ਦਾ ਨਾਮ ਸਮਸ਼ੇਰ ਕੌਰ ਅਤੇ ਛੋਟੀ ਦਾ ਨਾਂਅ ਰਾਮ ਕੌਰ ਰੱਖ ਦਿੱਤਾ ਗਿਆ। ਉਹ ਛੇਤੀ ਹੀ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਵਿਚ ਮਾਹਿਰ ਹੋ ਗਈਆਂ। ਸਮਾਂ ਪਾ ਕੇ ਇਨ੍ਹਾਂ ਦੇ ਆਨੰਦ ਕਾਰਜ ਵੀ ਕਰ ਦਿੱਤੇ ਗਏ। ਸਮਸ਼ੇਰ ਕੌਰ ਮਰਦਾਵੀਂ ਵਰਦੀ ਪਾ ਕੇ ਹਰ ਲੜਾਈ ਵਿਚ ਹਿੱਸਾ ਲੈਂਦੀ ਸੀ। ਲੋਕ ਉਸ ਨੂੰ ਸਮਸ਼ੇਰ ਸਿੰਘ ਹੀ ਸਮਝਦੇ ਸਨ। ਸ: ਜੱਸਾ ਸਿੰਘ ਨੇ ਹਾਂਸੀ ਕੋਲ ਪੰਜ ਪਿੰਡ ਇਸ ਬੀਬੀ ਨੂੰ ਦੇ ਦਿੱਤੇ ਤਾਂ ਜੋ ਇਲਾਕੇ ਵਿਚ ਕੋਈ ਜ਼ਾਲਮ ਨਿਰਦੋਸ਼ਾਂ 'ਤੇ ਜ਼ੁਲਮ ਨਾ ਕਰੇ। ਪਿੰਡ ਕੋਟ ਅਲੀ ਖ਼ਾਨ ਦਾ ਸਰਦਾਰ ਮੁਹੰਮਦ ਅਲੀ ਬਹੁਤ ਵਿਭਚਾਰੀ ਸੀ। ਉਹ ਲੋਕਾਂ ਦੀਆਂ ਬੇਟੀਆਂ ਦੀਆਂ ਇੱਜ਼ਤਾਂ ਨਾਲ ਖੇਡਦਾ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੈਦ ਕਰ ਲੈਂਦਾ ਸੀ। ਸਮਸ਼ੇਰ ਕੌਰ ਨੇ ਰਾਤ ਨੂੰ ਅਚਾਨਕ ਹਮਲਾ ਕਰਕੇ ਉਸ ਦੀ ਹਵੇਲੀ ਨੂੰ ਘੇਰ ਲਿਆ ਅਤੇ ਬਹੂ-ਬੇਟੀਆਂ ਨੂੰ ਆਜ਼ਾਦ ਕਰਵਾਇਆ। ਮੁਹੰਮਦ ਅਲੀ ਨੇ ਮੁਆਫ਼ੀ ਮੰਗ ਲਈ ਪਰ ਬਾਅਦ ਵਿਚ ਮੁਸਲਮਾਨ ਮੁਖੀਆਂ ਦਾ ਇਕੱਠ ਕਰਕੇ ਸਮਸ਼ੇਰ ਕੌਰ ਦੇ ਕਿਲ੍ਹੇ 'ਤੇ ਹਮਲਾ ਕਰ ਦਿੱਤਾ। ਸਮਸ਼ੇਰ ਕੌਰ ਨੇ ਅਲੀ ਨੂੰ ਲਲਕਾਰਿਆ ਅਤੇ ਭੁੱਖੀ ਸ਼ੇਰਨੀ ਵਾਂਗ ਝਪਟ ਕੇ ਉਸ ਦੀ ਬਾਂਹ ਵੱਢ ਦਿੱਤੀ। ਅੱਖ ਝਪਕਦੇ ਹੀ ਉਸ ਦਾ ਸਿਰ ਧੜ ਤੋਂ ਵੱਖਰਾ ਕਰ ਦਿੱਤਾ। ਉਸ ਦਾ ਪਤੀ ਵੀ ਬਹਾਦਰੀ ਨਾਲ ਲੜਦਾ ਸ਼ਹੀਦ ਹੋ ਗਿਆ। ਕੁਝ ਦੇਰ ਬਾਅਦ ਮਰਹੱਟਿਆਂ ਨੇ ਭਾਰੀ ਫ਼ੌਜ ਨਾਲ ਹਮਲਾ ਕਰ ਦਿੱਤਾ। ਸਮਸ਼ੇਰ ਕੌਰ ਨੂੰ ਸੈਨਾ ਨੇ ਘੇਰ ਲਿਆ ਅਤੇ ਜ਼ਖ਼ਮੀ ਸ਼ੇਰਨੀ ਬਹਾਦਰੀ ਨਾਲ ਲੜਦੀ ਹੋਈ ਸ਼ਹੀਦੀ ਜਾਮ ਪੀ ਗਈ।

ਸ਼ਬਦ ਵਿਚਾਰ

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥

'ਜਪ' ਪਉੜੀ ਸਤਾਈਵੀਂ
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ।
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ
ਗਾਵੈ ਰਾਜਾ ਧਰਮੁ ਦੁਆਰੇ॥
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ
ਲਿਖਿ ਲਿਖਿ ਧਰਮੁ ਵੀਚਾਰੇ॥
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ॥
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ॥
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥
ਗਾਵਨਿ ਜਤੀ ਗਤੀ ਸੰਤੋਖੀ ਗਾਵਹਿ ਵੀਰ ਕਰਾਰੇ॥
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ॥
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ
ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ
ਨਾਨਕੁ ਕਿਆ ਵੀਚਾਰੇ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ॥
ਰੰਗੀ ਰੰਗੀ ਭਾਤੀ ਕਰਿ ਕਰਿ
ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ
ਨਾਨਕ ਰਹਣੁ ਰਜਾਈ॥੨੭॥ (ਅੰਗ :6)
ਪਦਅਰਥ : ਸੋ ਦਰੁ-ਉਹ ਘਰ। ਕੇਹਾ-ਕਿਹੋ ਜਿਹਾ ਹੈ। ਜਿਤੁ ਬਹਿ-ਜਿਥੇ ਤੂੰ ਬੈਠ ਕੇ। ਸਰਬ-ਸਾਰੇ ਜੀਵਾਂ ਦੀ। ਸਮਾਲੇ-ਸੰਭਾਲ ਕਰ ਰਿਹਾ ਹੈਂ। ਨਾਦ-ਧੁਨੀ, ਰਾਗੁ॥ ਅਸੰਖਾ-ਅਣਗਿਣਤ। ਵਾਵਣਹਾਰੇ-ਵਜਾਉਣ ਵਾਲੇ। ਪਰੀਸਿਉ-ਰਾਗਣੀਆਂ ਸਮੇਤ। ਕਹੀਅਨਿ-ਆਖੇ ਜਾਂਦੇ ਹਨ। ਕੇਤੇ-ਅਨੇਕਾਂ। ਗਾਵਣਹਾਰੇ-ਗਾਉਣ ਵਾਲੇ ਹਨ।
ਤੁਹਨੋ-ਤੁਧਨੂੰ, ਤੈਨੂੰ। ਪਉਣੁ-ਹਵਾ। ਬੈਸੰਤਰੁ-ਅੱਗ। ਰਾਜਾ ਧਰਮੁ-ਧਰਮ ਰਾਜ। ਦੁਆਰੇ-ਦਰ ਤੇ, ਤੇਰੇ ਦਰ 'ਤੇ। ਚਿਤੁ ਗੁਪਤੁ-ਚਿਤਰ ਗੁਪਤ (ਜੀਵਾਂ ਦੇ ਕਰਮਾਂ ਦਾ ਹਿਸਾਬ ਲਿਖਣ ਵਾਲੇ ਧਰਮਰਾਜ ਦੇ ਮੁਨਸ਼ੀ। ਧਰਮੁ-ਧਰਮ ਰਾਜ। ਈਸਰੁ-ਸ਼ਿਵਜੀ। ਬਰਮਾ-ਬ੍ਰਹਮਾ। ਦੇਵੀ-ਦੇਵੀਆਂ।
ਸੋਹਨਿ-ਸੋਹਣੇ ਲਗਦੇ ਹਨ। ਸਵਾਰੇ-ਤੇਰੇ ਸਵਾਰੇ ਹੋਏ, ਤੇਰੇ ਬਣਾਏ ਹੋਏ। ਇੰਦ-ਇੰਦਰ। ਇਦਾਸਣਿ-ਇੰਦਰ ਦੇ ਆਸਣ ਤੇ, ਤਖਤ ਤੇ। ਦੇਵਤਿਆਂ ਨਾਲੇ-ਦੇਵਤਿਆਂ ਸਮੇਤ। ਦਰਿ-ਤੇਰੇ ਦਰ ਤੇ। ਸਮਾਧੀ ਅੰਦਰਿ-ਸਮਾਧੀ ਲਾ ਕੇ। ਵਿਚਾਰੇ-ਵਿਚਾਰ ਕਰ ਕਰ ਕੇ। ਵੀਰ ਕਰਾਰੇ-ਬੜੇ ਬੜੇ ਸੂਰਮੇ। ਰਖੀਸਰ-ਵੱਡੇ ਵੱਡੇ ਰਿਸ਼ੀ। ਜੁਗੁ ਜੁਗੁ-ਜੁਗਾਂ ਜੁਗਾਂ ਤੋਂ। ਮੋਹਣੀਆ-ਮਨ ਨੂੰ ਮੋਹ ਲੈਣ ਵਾਲੀਆਂ ਸੁੰਦਰੀਆਂ। ਮਛ-ਮਾਤਲੋਕ। ਪਇਆਲੇ-ਪਾਤਾਲ ਵਿਚ। ਉਪਾਏ ਤੇਰੇ-ਤੇਰੇ ਪੈਦਾ ਕੀਤੇ ਹੋਏ। ਖਾਣੀ ਚਾਰੇ-ਚਾਰ ਖਾਣੀਆਂ (ਅੰਡਜ, ਜੇਰਜ, ਸੇਤਜ ਅਤੇ ਉਤਭੁਜ)। ਮਹਾਬਲ-ਮਹਾਂਬਲੀ। ਖੰਡ-ਟਾਪੂ। ਮੰਡਲ-ਦੇਸ਼। ਵਰਭੰਡਾ-ਬ੍ਰਹਮੰਡ। ਕਰਿ ਕਰਿ-ਪੈਦਾ ਕਰਕੇ। ਰੱਖੇ ਧਾਰੇ-ਟਿਕਾ ਰੱਖੇ ਹਨ। ਭਾਵਨਿ-ਭਾਉਂਦੇ ਹਨ, ਚੰਗੇ ਲਗਦੇ ਹਨ। ਰਤੇ-ਪ੍ਰੇਮ ਰੰਗ ਵਿਚ ਰੱਤੇ ਹੋਏ। ਰਸਾਲੇ-ਰਸੀਏ। ਮੈ ਚਿਤਿ ਆਵਨਿ-ਮੈਨੂੰ ਚਿਤ ਵਿਚ ਨਹੀਂ ਆਉਂਦੇ ਭਾਵ ਗਿਣੇ ਨਹੀਂ ਜਾਂਦੇ। ਕਿਆ ਵੀਚਾਰੇ-ਕੀ ਵਿਚਾਰ ਕਰ ਸਕਦਾ ਹਾਂ, ਕੀ ਦੱਸ ਸਕਦਾ ਹਾਂ। ਸਾਚੀ ਨਾਈ-ਵਡਿਆਈ ਵੀ, ਸੱਚੀ ਹੈ। ਹੈ ਭੀ ਹੋਸੀ-ਹੁਣ ਵੀ ਹੈ, ਪਹਿਲਾਂ ਵੀ ਸੀ ਅਤੇ ਅੱਗੇ ਨੂੰ ਵੀ ਸਦਾ ਕਾਇਮ ਰਹੇਗੀ। ਜਾਇ-ਜੰਮਦਾ ਹੈ। ਜਾਸੀ-ਮਰਦਾ ਹੈ। ਜਾਇ ਨ ਜਾਸੀ-ਨਾਹੀ ਜੰਮਦਾ ਹੈ ਅਤੇ ਨਾ ਹੀ ਮਰੇਗਾ। ਰਚਨਾ-ਸ੍ਰਿਸ਼ਟੀ। ਰਚਾਈ-ਪੈਦਾ ਕੀਤੀ। ਰੰਗੀ ਰੰਗੀ-ਭਾਂਤ-ਭਾਂਤ ਦੇ ਰੰਗਾਂ ਦੀ। ਭਾਤੀ-ਭਾਂਤ-ਭਾਂਤ ਦੀ, ਕਈ ਕਿਸਮਾਂ ਦੀ। ਜਿਨਸੀ-ਕਈ ਜਿਨਸਾਂ ਦੀ, ਕਈ ਪ੍ਰਕਾਰ ਦੀ। ਭਾਵੈ ਭਾਉਂਦਾ ਹੈ, ਚੰਗਾ ਲਗਦਾ ਹੈ। ਸੋਈ ਕਰਸੀ-ਉਹੀ ਕੁਝ ਉਹ ਕਰੇਗਾ। ਰਹਣੁ ਰਜਾਈ-ਰਜਾ ਵਿਚ ਹੀ ਰਹਿਣਾ ਚਾਹੀਦਾ ਹੈ।
ਪਉੜੀ ਵਿਚ ਜਗਤ ਗੁਰੂ ਬਾਬਾ ਪਰਮਾਤਮਾ ਜੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਦੀ ਮਹਮਾ ਕਰ ਰਹੇ ਹਨ, ਜੋ ਉਹੀ ਕੁਝ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ। ਇਸ ਲਈ ਉਸ ਦੀ ਰਜ਼ਾ ਵਿਚ ਰਹਿਣਾ ਹੀ ਭਲਾ ਕੰਮ ਹੈ।
ਗੁਰੂ ਬਾਬਾ ਦ੍ਰਿੜ ਕਰਵਾ ਰਹੇ ਹਨ ਕਿ ਜੋ ਕੁਝ ਉਸ ਨੂੰ ਚੰਗਾ ਲਗਦਾ ਹੈ, ਉਹੋ ਕੁਝ ਕਰਦਾ ਹੈ। ਉਸਨੂੰ ਕਿਸੇ ਪ੍ਰਕਾਰ ਦਾ ਹੁਕਮ ਨਹੀਂ ਕੀਤਾ ਜਾ ਸਕਦਾ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਉਸ ਦੇ ਹੁਕਮ ਅਰਥਾਤ ਰਜ਼ਾ ਵਿਚ ਰਹਿਣਾ ਹੀ ਚੰਗੀ ਗੱਲ ਹੈ।


-217 ਆਰ., ਮਾਡਲ ਟਾਊਨ, ਜਲੰਧਰ।

ਦੇਸ਼ ਦੀ ਵੰਡ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਹੱਡਬੀਤੀ ਬਿਆਨ ਕਰਦਾ

ਪਾਰਟੀਸ਼ਨ ਮਿਊਜ਼ੀਅਮ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਅੰਮ੍ਰਿਤਸਰ ਦੇ ਟਾਊਨ ਹਾਲ ਵਿਚ ਉਸਾਰਿਆ ਗਿਆ ਪਾਰਟੀਸ਼ਨ ਮਿਊਜ਼ੀਅਮ ਦਰਸ਼ਕਾਂ ਨੂੰ ਦੇਸ਼ ਦੀ ਵੰਡ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਹੱਡ-ਬੀਤੀ ਅਤੇ ਉਨ੍ਹਾਂ ਦੀਆਂ ਨਿਸ਼ਾਨੀਆਂ ਤੋਂ ਰੂ-ਬਰੂ ਕਰਵਾਉਣ ਦੇ ਨਾਲ-ਨਾਲ ਪੰਜਾਬ ਦੀਆਂ ਆਜ਼ਾਦੀ ਲਹਿਰਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾ ਰਿਹਾ ਹੈ। 'ਦ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ' ਵਲੋਂ ਅੰਮ੍ਰਿਤਸਰ ਦੀ ਧਰਤੀ 'ਤੇ ਉਸਾਰਿਆ ਗਿਆ ਇਹ ਨਿਵੇਕਲਾ ਅਜਾਇਬ-ਘਰ ਦੇਸ਼ ਦੀ ਵੰਡ ਨਾਲ ਜੁੜੀਆਂ ਦਰਦ ਅਤੇ ਮੁਹੱਬਤ ਦੀਆਂ ਕਹਾਣੀਆਂ ਨੂੰ ਇੱਕ ਸਾਥ ਬਿਆਨ ਕਰ ਰਿਹਾ ਹੈ। ਇਸ ਦੀ ਪੰਜਾਬ ਗੈਲਰੀ ਵਲੋਂ ਪ੍ਰਵੇਸ਼ ਕਰਨ 'ਤੇ ਦਰਸ਼ਕਾਂ ਨੂੰ ਪੰਜਾਬ ਨਾਲ ਸਬੰਧਿਤ ਮੁਗ਼ਲ ਕਾਲ ਤੇ ਮਹਾਰਾਜਾ ਰਣਜੀਤ ਸਿੰਘ ਸਹਿਤ ਸੂਫ਼ੀ ਕਵੀਆਂ ਬਾਬਾ ਬੁੱਲ੍ਹੇਸ਼ਾਹ, ਵਾਰਿਸ ਸ਼ਾਹ ਅਤੇ ਸ਼ਾਹ ਹੁਸੈਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਜੁੜੇ ਚਾਰ ਹੋਰਨਾਂ ਕਮਰਿਆਂ 'ਚ ਦਰਸ਼ਕਾਂ ਨੂੰ ਅੰਮ੍ਰਿਤਸਰ ਦੀਆਂ ਵਿਰਾਸਤੀ ਇਮਾਰਤਾਂ ਤੇ ਇਤਿਹਾਸ ਸਹਿਤ ਦੇਸ਼ ਦੀ ਆਜ਼ਾਦੀ ਲਈ ਸੰਨ 1900 ਤੋਂ ਲੈ ਕੇ ਦੇਸ਼ ਦੀ ਵੰਡ ਤਕ ਚਲੀਆਂ ਹਰ ਪ੍ਰਕਾਰ ਦੀਆਂ ਲਹਿਰਾਂ ਸੰਬੰਧੀ ਪ੍ਰਮਾਣਿਕ ਜਾਣਕਾਰੀ ਦਿੱਤੀ ਜਾ ਰਹੀ ਹੈ। ਮਿਊਜ਼ੀਅਮ ਦੇ ਹਾਲ 'ਚ ਭਾਰਤ ਦੀ ਧਰਤੀ ਨੂੰ ਦੋ ਹਿੱਸਿਆਂ ਵਿਚ ਵੰਡਦਾ ਆਰਾ, ਢਹਿ-ਢੇਰੀ ਹੋਏ ਘਰਾਂ ਦੇ ਢਾਂਚੇ, ਰਾਵਲਪਿੰਡੀ ਦੇ ਥੋਹਾ ਖ਼ਾਲਸਾ ਦਾ ਉਹ ਇਤਿਹਾਸਕ ਖੂਹ ਜਿਸ 'ਚ ਆਪਣੀ ਇੱਜ਼ਤ ਬਚਾਉਣ ਲਈ 96 ਗ਼ੈਰਤਮੰਦ ਸਿੱਖ ਬੀਬੀਆਂ ਨੇ ਛਲਾਂਗਾਂ ਲਗਾ ਕੇ ਆਪਣੀ ਕੁਰਬਾਨੀ ਦਿੱਤੀ ਸੀ ਸਮੇਤ ਫ਼ਿਰਕੂ ਦੰਗਿਆਂ ਦੇ ਚਲਦਿਆਂ ਲਹੂ-ਲੁਹਾਨ ਹੋਇਆ ਰੇਲਵੇ ਸਟੇਸ਼ਨ ਵੀ ਵਿਖਾਇਆ ਗਿਆ ਹੈ। ਅਜਾਇਬ-ਘਰ 'ਚ ਦੇਸ਼ ਦੀ ਵੰਡ ਦਾ ਸੰਤਾਪ ਹੰਢਾਉਣ ਵਾਲੇ ਲਗਪਗ 500 ਲੋਕਾਂ ਨਾਲ ਕੀਤੀ ਗਈ ਗੱਲਬਾਤ ਵੀਡੀਓ ਤੇ ਆਡੀਓ ਦੀ ਮਾਰਫ਼ਤ ਦਰਸ਼ਕਾਂ ਨੂੰ ਵੇਖਣ ਤੇ ਸੁਣਨ ਨੂੰ ਮਿਲ ਰਹੀ ਹੈ। ਇਸ ਦੇ ਇਲਾਵਾ ਇਸ 'ਚ ਦੇਸ਼ ਦੀ ਵੰਡ ਨਾਲ ਸਬੰਧਿਤ ਮਹੱਤਵਪੂਰਨ ਦਸਤਾਵੇਜ਼, ਪੱਤਰ, ਸਾਹਿਤਕ ਪੁਸਤਕਾਂ, ਤਸਵੀਰਾਂ ਅਤੇ ਹੋਰ ਵਸਤੂਆਂ ਰੱਖੀਆਂ ਗਈਆਂ ਹਨ।


-ਫ਼ੋਨ : 9356127771

ਅਕਾਲੀ ਲਹਿਰ-5

ਭਾਈ ਦਰਬਾਰਾ ਸਿੰਘ ਪਿੰਡ ਮੱਲਣ (ਫ਼ਿਰੋਜ਼ਪੁਰ)

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਭਾਈ ਦਰਬਾਰਾ ਸਿੰਘ ਦਾ ਜਨਮ 1890 ਦੇ ਨੇੜ ਪਿੰਡ ਮੱਲਣ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਸ: ਰਾਮ ਸਿੰਘ ਦੇ ਘਰ ਹੋਇਆ। ਗੱਭਰੂ ਉਮਰ ਵਿਚ ਉਸ ਨੇ ਰੋਜ਼ਗਾਰ ਲਈ ਕੈਨੇਡਾ ਜਾਣ ਦਾ ਮਨ ਬਣਾਇਆ ਪਰ ਕਿਉਂ ਜੋ ਉਹਨੀਂ ਦਿਨੀਂ ਹਿੰਦੁਸਤਾਨ ਤੋਂ ਕੈਨੇਡਾ ਲਈ ਸਿੱਧਾ ਜਹਾਜ਼ ਨਹੀਂ ਸੀ ਚਲਦਾ, ਇਸ ਲਈ ਉਹ 1913 ਵਿਚ ਪਹਿਲਾਂ ਹਾਂਗਕਾਂਗ ਪਹੁੰਚਿਆ। ਕੈਨੇਡਾ ਸਰਕਾਰ ਦੇ ਦਬਾਅ ਕਾਰਨ ਇੱਥੇ ਵੀ ਕੋਈ ਜਹਾਜ਼ੀ ਕੰਪਨੀ ਕੈਨੇਡਾ ਦਾ ਟਿਕਟ ਨਹੀਂ ਸੀ ਦਿੰਦੀ ਇਸ ਲਈ ਭਾਈ ਦਰਬਾਰਾ ਸਿੰਘ ਨੂੰ ਇੱਥੇ ਰੁਕਣਾ ਪਿਆ। ਅਗਲੇ ਸਾਲ ਬਾਬਾ ਗੁਰਦਿੱਤ ਸਿੰਘ ਨੇ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਉੱਤੇ ਲੈ ਕੇ ਕੈਨੇਡਾ ਜਾਣ ਦੀ ਯੋਜਨਾ ਬਣਾਈ ਤਾਂ ਭਾਈ ਦਰਬਾਰ ਸਿੰਘ ਨੇ ਵੀ ਕੈਨੇਡਾ ਜਾਣ ਦੀ ਟਿਕਟ ਲੈ ਲਈ। ਬਦਕਿਸਮਤ ਨਾਲ ਇਸ ਜਹਾਜ਼ ਦੇ ਮੁਸਾਫ਼ਿਰਾਂ ਨੂੰ ਕੈਨੇਡਾ ਨਾ ਉਤਰਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਵਾਪਸ ਹਿੰਦੁਸਤਾਨ ਪਰਤਣਾ ਪਿਆ। ਇਸ ਜ਼ਿਆਦਤੀ ਕਾਰਨ ਮੁਸਾਫ਼ਿਰਾਂ ਦੇ ਮਨ ਵਿਚ ਸਰਕਾਰ ਵਿਰੁੱਧ ਗੁੱਸਾ ਪਨਪਨਾ ਲਾਜ਼ਮੀ ਸੀ ਜਿਸ ਕਾਰਨ ਉਹ ਗ਼ਦਰ ਪਾਰਟੀ ਦੇ ਪੱਖੀ ਬਣ ਗਏ। ਸਰਕਾਰ ਨੇ 28 ਸਤੰਬਰ 1914 ਨੂੰ ਇਸ ਜਹਾਜ਼ ਦੇ ਮੁਸਾਫ਼ਿਰਾਂ ਨੂੰ ਕਲੱਕਤੇ ਨੇੜੇ ਬਜ ਬਜ ਦੇ ਘਾਟ ਉੱਤੇ ਜਹਾਜ਼ ਵਿਚੋਂ ਉਤਾਰਿਆ ਅਤੇ ਪੰਜਾਬ ਜਾਣ ਵਾਸਤੇ ਰੇਲ ਵਿਚ ਬੈਠਣ ਲਈ ਮਜਬੂਰ ਕਰਨਾ ਸ਼ੁਰੂ ਕੀਤਾ। ਨਤੀਜਾ ਝੜਪ ਵਿਚ ਨਿਕਲਿਆ ਜਿਸ ਵਿਚ ਲਗਭਗ ਡੇਢ ਦਰਜਨ ਯਾਤਰੂ ਮਾਰੇ ਗਏ ਅਤੇ ਬਹੁਤਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਵਿਚ ਸੁੱਟ ਦਿੱਤਾ ਗਿਆ। ਭਾਈ ਦਰਬਾਰ ਸਿੰਘ ਵੀ ਜੇਲ੍ਹ ਵਿਚ ਬੰਦ ਕੀਤੇ ਜਾਣ ਵਾਲਿਆਂ ਵਿਚ ਸ਼ਾਮਲ ਸੀ। ਉਸ ਨੂੰ ਅਲੀਪੁਰ ਜੇਲ ਤੋਂ ਰਿਹਾਅ ਕਰ ਕੇ ਜੂਹਬੰਦੀ ਦੀ ਸ਼ਰਤ ਲਾ ਕੇ ਪਿੰਡ ਛੱਡ ਦਿੱਤਾ ਗਿਆ ਜੋ 1920 ਦੇ ਸ਼ਾਹੀ ਐਲਾਨ ਦੀ ਲੋਅ ਵਿਚ ਖਤਮ ਹੋਈ।
ਇਨ੍ਹੀਂ ਦਿਨੀਂ ਅਕਾਲੀ ਲਹਿਰ ਜ਼ੋਰ ਫੜ ਰਹੀ ਸੀ ਅਤੇ ਭਾਈ ਦਰਬਾਰਾ ਸਿੰਘ ਅਕਾਲੀ ਸਰਗਰਮੀਆਂ ਵਿਚ ਭਾਗ ਲੈਣ ਲੱਗਾ। ਦਸੰਬਰ 1921 ਵਿਚ ਉਸ ਨੇ ਆਪਣੇ ਪਿੰਡ ਵਿਚ ਵੱਡਾ ਅਕਾਲੀ ਦੀਵਾਨ ਆਯੋਜਿਤ ਕੀਤਾ ਜਿਸ ਵਿਚ ਗਰਮ ਖਿਆਲੀ ਅਕਾਲੀਆਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਭਾਸ਼ਨ ਦਿੱਤੇ। ਸਰਕਾਰ ਨੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਅਤੇ ਅਦਾਲਤ ਨੇ 8 ਜੁਲਾਈ 1922 ਨੂੰ ਹਿੰਦ ਦੰਡਾਵਲੀ ਦੀ ਧਾਰਾ 124-ਏ ਦਾ ਦੋਸ਼ੀ ਗਰਦਾਨ ਕੇ ਭਾਈ ਦਰਬਾਰਾ ਸਿੰਘ ਨੂੰ ਪੰਦਰਾਂ ਮਹੀਨੇ ਦੀ ਕੈਦ ਬਾਮੁਸ਼ੱਕਤ ਸਜ਼ਾ ਸੁਣਾਈ। ਜੇਲ੍ਹ ਤੋਂ ਰਿਹਾਈ ਉਪਰੰਤ ਉਹ ਵਧੇਰੇ ਸਰਗਰਮੀ ਨਾਲ ਕੰਮ ਕਰਨ ਲੱਗਾ। ਮੁਕਤਸਰ ਸਾਹਿਬ ਦੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਵਾਸਤੇ ਉਸ ਨੇ ਮੋਹਰੀਆਂ ਵਾਲਾ ਕੰਮ ਕੀਤਾ। ਜੈਤੋ ਦੇ ਮੋਰਚੇ ਦੌਰਾਨ ਜਦ ਪੰਡਤ ਜਵਾਹਰ ਲਾਲ ਨਹਿਰੂ, ਸ੍ਰੀ ਗਿਡਵਾਨੀ ਅਤੇ ਕੇ. ਸੰਨਤਾਨਮ ਮੋਰਚੇ ਦਾ ਜਾਇਜ਼ਾ ਲੈਣ ਆਏ ਤਾਂ 23 ਸਤੰਬਰ 1923 ਨੂੰ ਉਸ ਨੇ ਜੈਤੋ ਜਾਣ ਲਈ ਉਨ੍ਹਾਂ ਦੀ ਅਗਵਾਨੀ ਕੀਤੀ। ਉਨ੍ਹਾਂ ਨੂੰ ਜੈਤੋ ਵਿਚ ਵੜਨ ਤੋਂ ਮਨ੍ਹਾਂ ਕੀਤਾ ਗਿਆ ਪਰ ਉਹ ਸਰਕਾਰੀ ਹੁਕਮ ਦੀ ਅਣਦੇਖੀ ਕਰ ਕੇ ਜੈਤੋ ਵਿਚ ਗਏ। ਪੁਲਿਸ ਨੇ ਭਾਈ ਦਰਬਾਰਾ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ। ਇਸ ਮੁਕੱਦਮੇ ਵਿਚ ਉਸ ਨੂੰ ਦੋ ਸਾਲ ਕੈਦ ਬਾਮੁਸ਼ੱਕਤ ਸਜ਼ਾ ਹੋਈ।
ਪੰਜਾਬ ਪੁਲਿਸ ਵਲੋਂ ਸਮੂਹ ਸਰਗਰਮ ਅਕਾਲੀਆਂ ਦੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣ ਲਈ ਲਾਈ ਫਾਈਲ ਨੰ: 9220-ਐੱਸ.ਬੀ. ਵਿਚ ਉਸ ਦੀ ਕਾਰਗੁਜ਼ਾਰੀ ਦਾ ਰਿਕਾਰਡ ਰੱਖੇ ਜਾਣ ਤੋਂ ਬਿਨਾਂ ਉਸ ਬਾਰੇ ਦੋ ਹੋਰ ਫਾਈਲਾਂ ਨੰ:37 ਅਤੇ ਨੰ:7677 ਲਾਈਆਂ ਗਈਆਂ ਸਨ ਜੋ ਉਸ ਦੇ ਆਪਣੇ ਸਮੇਂ ਦੇ ਸਰਗਰਮ ਅਕਾਲੀ ਹੋਣ ਦਾ ਸਬੂਤ ਹਨ। (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-3154, ਸੈਕਟਰ 71, ਮੁਹਾਲੀ-160071. ਮੋਬਾਈਲ : 094170-49417.

ਗ਼ੈਰ-ਸਿੱਖ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਦੇ ਸਿੱਖੀ ਬਾਰੇ ਵਿਚਾਰ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਐੱਚ.ਐੱਲ. ਬਰਾਡਸ਼ਾਅ : ਸਿੱਖ ਧਰਮ ਦੀ ਫਿਲਾਸਫ਼ੀ ਨੂੰ ਪੂਰੀ ਤਰ੍ਹਾਂ ਘੋਖਣ ਉਪਰੰਤ ਅਮਰੀਕਾ ਦਾ ਪ੍ਰਸਿੱਧ ਇਤਿਹਾਸਕਾਰ ਪ੍ਰੋਫ਼ੈਸਰ ਐੱਚ.ਐੱਲ. ਬਰਾਡਸ਼ਾਅ ਲਿਖਦਾ ਹੈ, 'ਸਿੱਖ ਧਰਮ ਇਕ ਸਰਬ-ਵਿਆਪੀ ਵਿਸ਼ਵ ਮਤ ਹੈ, ਜਿਸ ਦਾ ਸੰਦੇਸ਼ ਸਮੁੱਚੀ ਮਾਨਵਤਾ ਲਈ ਹੈ। ਇਹ ਗੱਲ ਗੁਰੂ ਸਾਹਿਬਾਨਾਂ ਦੀਆਂ ਲਿਖਤਾਂ ਤੋਂ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ। ਸਿੱਖਾਂ ਨੂੰ ਆਪਣੇ ਧਰਮ ਬਾਰੇ ਕੇਵਲ ਇਕ ਹੋਰ ਚੰਗਾ ਧਰਮ ਸਮਝਣਾ ਬੰਦ ਕਰਕੇ ਇਸ ਨੂੰ ਨਵੇਂ ਯੁੱਗ ਦਾ ਧਰਮ ਸਮਝਣਾ ਸ਼ੁਰੂ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੁਆਰਾ ਚਲਾਇਆ ਗਿਆ ਧਰਮ ਨਵੇਂ ਯੁੱਗ ਦਾ ਧਰਮ ਹੈ। ਇਹ ਪੁਰਾਣੇ ਧਰਮਾਂ ਦੀਆਂ ਸਾਰੀਆਂ ਮਾਨਤਾਵਾਂ ਨੂੰ ਪੂਰੀ ਤਰ੍ਹਾਂ ਉਖੇੜਦਾ ਵੀ ਹੈ ਅਤੇ ਉਨ੍ਹਾਂ ਦੀ ਪੂਰਤੀ ਵੀ ਕਰਦਾ ਹੈ। ਇਸ ਗੱਲ ਨੂੰ ਸਿੱਧ ਕਰਨ ਲਈ ਪੁਸਤਕਾਂ ਜ਼ਰੂਰ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਦੂਸਰੇ ਧਰਮਾਂ ਵਿਚ ਵੀ ਸੱਚ ਹੈ ਪਰ ਸਿੱਖ ਧਰਮ ਵਿਚ ਪੂਰਨ ਸੱਚ ਹੈ। ਵਿਸ਼ਵ ਦੇ ਸਾਰੇ ਧਰਮਾਂ ਵਿਚੋਂ ਇਕੱਲਾ ਗੁਰੂ ਗ੍ਰੰਥ ਸਾਹਿਬ ਹੀ ਇਹ ਗੱਲ ਕਹਿ ਰਿਹਾ ਹੈ ਕਿ ਸਾਡੀ ਸ੍ਰਿਸ਼ਟੀ ਅਤੇ ਸੰਸਾਰ ਤੋਂ ਇਲਾਵਾ ਹੋਰ ਵੀ ਸ੍ਰਿਸ਼ਟੀਆਂ ਅਤੇ ਸੰਸਾਰ ਹਨ। ਇਸ ਤੋਂ ਪਹਿਲੇ ਸਾਰੇ ਧਰਮ-ਗ੍ਰੰਥਾਂ ਦਾ ਸਬੰਧ ਕੇਵਲ ਇਸ ਸੰਸਾਰ ਅਤੇ ਇਸ ਦੇ ਰੂਹਾਨੀ ਪ੍ਰਤੀਰੂਪ ਨਾਲ ਹੀ ਹੈ। ਇਹ ਭਾਵ ਕੱਢਣਾ ਕਿ ਉਹ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਦੂਸਰੇ ਸੰਸਾਰਾਂ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਸਪੱਸ਼ਟ ਅਰਥ ਨੂੰ ਪ੍ਰਸੰਗ ਤੋਂ ਬਾਹਰ ਖਿੱਚਣਾ ਹੈ। ਆਧੁਨਿਕ ਮਨੁੱਖ ਦੀਆਂ ਸਮੱਸਿਆਵਾਂ ਦਾ ਅਸਲ ਹੱਲ ਸਿੱਖ ਧਰਮ ਹੀ ਹੈ। ਬਾਕੀ ਧਰਮਾਂ ਵਿਚ ਸੱਚ ਦਾ ਅੰਸ਼ ਹੈ ਪਰ ਸਿੱਖ ਧਰਮ ਵਿਚ ਨਿਰੋਲ ਸੱਚ ਹੀ ਸੱਚ ਹੈ।'
ਡੌਰਥੀ ਫ਼ੀਲਡ : ਅਮਰੀਕਨ ਗੀਤਕਾਰ ਅਤੇ ਲੇਖਿਕਾ ਡੌਰਥੀ ਫ਼ੀਲਡ ਆਪਣੀ ਪੁਸਤਕ 'ਦਿ ਰਿਲੀਜਨ ਆਫ਼ ਦਿ ਸਿੱਖਸ' ਵਿਚ ਲਿਖਦੀ ਹੈ, 'ਅਸਲ ਸਿੱਖ ਧਰਮ ਹਿੰਦੂ ਰਸਮਾਂ ਉੱਪਰ ਨਿਰਭਰਤਾ ਤੋਂ ਉੱਪਰ ਹੈ ਅਤੇ ਜਦ ਤਕ ਸਿੱਖ ਆਪਣੀ ਨਿਵੇਕਲੀ ਪਹਿਚਾਣ ਨੂੰ ਕਾਇਮ ਰੱਖਣਗੇ ਇਹ ਤਦ ਤਕ ਇਕ ਵਿਸ਼ਵ ਧਰਮ ਵਜੋਂ ਆਪਣਾ ਨਿਵੇਕਲਾ ਸਥਾਨ ਕਾਇਮ ਰੱਖਣ ਦੇ ਸਮਰੱਥ ਹੈ। ਇਹ ਧਰਮ ਅਜਿਹਾ ਧਰਮ ਵੀ ਹੈ, ਜੋ ਪੱਛਮੀ ਬਿਰਤੀ ਨੂੰ ਵੀ ਟੁੰਬ ਸਕਦਾ ਹੈ। ਬੁਨਿਆਦੀ ਤੌਰ 'ਤੇ ਇਹ ਇਕ ਵਿਹਾਰਿਕ ਧਰਮ ਹੈ। ਜੇਕਰ ਇਸ ਨੂੰ ਕੁਝ ਖੇਤਰਾਂ ਵਿਚ ਪ੍ਰਚਲਿਤ ਵਿਹਾਰਿਕਤਾ ਦੀ ਧਾਰਨਾ ਵਜੋਂ ਦੇਖਿਆ ਜਾਵੇ ਤਾਂ ਵੀ ਇਹ ਵਿਸ਼ਵ ਭਰ ਵਿਚ 'ਪਹਿਲੇ ਸਥਾਨ' 'ਤੇ ਆਵੇਗਾ। ('ਪਹਿਲੇ ਸਥਾਨ' ਉੱਪਰ ਬਲ ਖ਼ੁਦ ਲੇਖਕ ਦੁਆਰਾ ਦਿੱਤਾ ਗਿਆ ਹੈ।) ਇਹ ਧਰਮ ਬਹੁਤ ਹੀ ਘੱਟ ਸਮੇਂ ਵਿਚ ਇਕ ਕੌਮ ਦੀ ਸਿਰਜਣਾ ਕਰ ਸਕਿਆ ਹੈ, ਇਹ ਗੱਲ ਕਿਸੇ ਵੀ ਹੋਰ ਧਰਮ ਬਾਰੇ ਨਹੀਂ ਕਹੀ ਜਾ ਸਕਦੀ।' ਫ਼ੀਲਡ ਅਨੁਸਾਰ, 'ਸਿੱਖਾਂ ਦਾ ਧਰਮ ਭਾਰਤ ਦੇ, ਸ਼ਾਇਦ ਸਮੁੱਚੇ ਸੰਸਾਰ ਦੇ ਮੌਜੂਦਾ ਧਰਮਾਂ ਵਿਚੋਂ ਸਭ ਤੋਂ ਵੱਧ ਦਿਲਚਸਪ ਹੈ। ਗ੍ਰੰਥ ਦਾ ਅਧਿਐਨ ਇਹ ਜ਼ੋਰਦਾਰ ਸੁਝਾਅ ਦਿੰਦਾ ਹੈ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇਕ ਸੁਧਰਿਆ ਹੋਇਆ ਰੂਪ ਕਹਿਣ ਦੀ ਬਜਾਇ ਇਕ ਨਵਾਂ ਧਰਮ ਸਮਝਿਆ ਜਾਣਾ ਚਾਹੀਦਾ ਹੈ।' (ਚਲਦਾ)


-292/13, ਹਿਮਾਂਯੂਪੁਰ, ਸਰਹਿੰਦ । ਮੋਬ: 9815501381Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX