ਤਾਜਾ ਖ਼ਬਰਾਂ


ਅਧਿਕਾਰੀਆਂ ਦੇ ਪਾਜ਼ੀਟਿਵ ਆਉਣ 'ਤੇ ਹੁਸ਼ਿਆਰਪੁਰ 'ਚ ਨਿਗਮ, ਤਹਿਸੀਲ ਤੇ ਡੀ. ਸੀ. ਦਫ਼ਤਰ 2 ਦਿਨਾਂ ਲਈ ਬੰਦ
. . .  13 minutes ago
ਹੁਸ਼ਿਆਰਪੁਰ, 9 ਜੁਲਾਈ (ਬਲਜਿੰਦਰਪਾਲ ਸਿੰਘ)- ਬੀਤੇ ਦਿਨੀਂ ਹੁਸ਼ਿਆਰਪੁਰ ਦੇ ਐੱਸ. ਡੀ. ਐੱਮ. ਅਮਿਤ ਮਹਾਜਨ ਅਤੇ ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ...
ਦਿਨ-ਦਿਹਾੜੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
. . .  25 minutes ago
ਘੁਮਾਣ, 9 ਜੁਲਾਈ (ਬਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਭੋਮਾ ਵਿਖੇ ਇੱਕ ਨੌਜਵਾਨ ਨੂੰ ਦਿਨ-ਦਿਹਾੜੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਇਸ ਹਮਲੇ 'ਚ...
ਮੱਕੀ ਦੀ ਜਿਣਸ ਘੱਟੋ-ਘੱਟ ਖ਼ਰੀਦ ਮੁੱਲ 'ਤੇ ਨਾ ਵਿਕਣ ਕਾਰਨ ਲੁਧਿਆਣਾ 'ਚ ਪ੍ਰਦਰਸ਼ਨ
. . .  36 minutes ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਲੋਕ ਲਹਿਰ ਪੰਜਾਬ ਦੇ ਆਗੂ ਅਤੇ ਖੇਤੀਬਾੜੀ ਆਰਥਿਕ ਮਾਹਿਰ ਡਾ. ਸਰਦਾਰਾ ਸਿੰਘ ਜੌਹਲ ਦੀ ਅਗਵਾਈ 'ਚ ਇੱਕ ਵਫ਼ਦ ਵਲੋਂ ਅੱਜ ਮੱਕੀ ਦੀ ਜਿਣਸ ਦੀ ਘੱਟੋ-ਘੱਟ ਖ਼ਰੀਦ ਮੁੱਲ 'ਤੇ...
ਨਗਰ ਨਿਗਮ ਪਟਿਆਲਾ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਦਫ਼ਤਰ ਅਗਲੇ ਹੁਕਮਾਂ ਤੱਕ ਕੀਤੇ ਗਏ ਬੰਦ
. . .  41 minutes ago
ਪਟਿਆਲਾ, 9 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ 'ਚ ਕੋਰੋਨਾ ਪਾਜ਼ੀਟਿਵ ਕੇਸਾਂ 'ਚ ਹੋਏ ਵਾਧੇ ਤੋਂ ਸਹਿਮੇ ਕੁਝ ਵਿਭਾਗਾਂ ਵਲੋਂ ਸਾਰੇ ਮੁਲਾਜ਼ਮਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ...
ਪੰਜਾਬ 'ਚ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  53 minutes ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੇ ਅੱਜ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ...
ਫ਼ਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ, ਬੀ. ਐੱਸ. ਐੱਫ. ਦੇ 8 ਜਵਾਨਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  59 minutes ago
ਫ਼ਿਰੋਜ਼ਪੁਰ , 9 ਜੁਲਾਈ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ 'ਚ ਬੀ. ਐੱਸ. ਐੱਫ. ਦੇ 8 ਜਵਾਨਾਂ ਦੀ ਕੋਰੋਨਾ ਪਾਜ਼ੀਟਿਵ ਆਉਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਜਵਾਨ ਮਮਦੋਟ ਖੇਤਰ...
ਹਰਸਿਮਰਤ ਬਾਦਲ ਨੇ ਸੁਖਬੀਰ ਬਾਦਲ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  35 minutes ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ...
ਲੁਧਿਆਣਾ 'ਚ ਯੂਥ ਅਕਾਲੀ ਦਲ ਨੇ ਪੈਟਰੋਲ ਅਤੇ ਡੀਜ਼ਲ ਦਾ ਲਾਇਆ ਲੰਗਰ
. . .  about 1 hour ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਤੇਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਖ਼ਿਲਾਫ਼ ਅੱਜ ਡੀਜ਼ਲ ਅਤੇ ਪੈਟਰੋਲ ਦਾ ਲੰਗਰ ਲਗਾਇਆ...
ਸੇਖਵਾਂ ਨੇ ਪਹਿਲਾਂ ਬਾਦਲ ਪਰਿਵਾਰ ਅਤੇ ਹੁਣ ਬ੍ਰਹਮਪੁਰਾ ਨਾਲ ਵੀ ਕੀਤਾ ਧੋਖਾ- ਸਾਬਕਾ ਚੇਅਰਮੈਨ ਵਾਹਲਾ
. . .  about 1 hour ago
ਬਟਾਲਾ, 9 ਜੁਲਾਈ (ਕਾਹਲੋਂ)- ਪੰਜਾਬ ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਵਾਹਲਾ ਨੇ ਬ੍ਰਹਮਪੁਰਾ ਦਾ ਧੜਾ ਛੱਡ ਕੇ ਢੀਂਡਸਾ ਧੜੇ 'ਚ ਸ਼ਾਮਲ ਹੋਏ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ 'ਤੇ...
ਪਟਿਆਲਾ 'ਚ ਕੋਰੋਨਾ ਦਾ ਧਮਾਕਾ, 48 ਮਾਮਲੇ ਆਏ ਸਾਹਮਣੇ
. . .  about 1 hour ago
ਪਟਿਆਲਾ, 9 ਜੁਲਾਈ (ਅਮਨਦੀਪ ਸਿੰਘ, ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਪਟਿਆਲਾ 'ਚ ਅੱਜ ਕੋਰੋਨਾ ਦੇ 48 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ...
ਵਾਰਾਣਸੀ 'ਚ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨ ਵਾਲਿਆਂ ਨਾਲ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਗੱਲਬਾਤ
. . .  about 1 hour ago
ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਕਰਕੇ ਮਹਿਲਾ ਜੱਜ ਸਮੇਤ ਸੱਤ ਕੋਰਟ ਸਟਾਫ਼ ਮੈਂਬਰ ਹੋਏ ਹੋਮ ਕੁਆਰੰਟਾਈਨ
. . .  about 2 hours ago
ਫ਼ਿਰੋਜ਼ਪੁਰ, 9 ਜੁਲਾਈ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ 'ਚ ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਉਪਰੰਤ ਇੱਕ ਮਹਿਲਾ ਜੱਜ ਸਮੇਤ ਕੋਰਟ ਸਟਾਫ਼ ਦੇ ਸੱਤ...
ਕੋਰੋਨਾ ਕਾਰਨ ਸੁਲਤਾਨਪੁਰ ਲੋਧੀ 'ਚ ਪਹਿਲੀ ਮੌਤ
. . .  58 minutes ago
ਸੁਲਤਾਨਪੁਰ ਲੋਧੀ, 9 ਜੁਲਾਈ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ 'ਚ ਕੋਰੋਨਾ ਨਾਲ ਪਹਿਲੀ ਮੌਤ ਹੋ ਗਈ ਹੈ। ਉਕਤ ਮਰੀਜ਼ ਦਾ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ...
ਰਾਜਸਥਾਨ 'ਚ ਕੋਰੋਨਾ ਦੇ 149 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਜੈਪੁਰ, 9 ਜੁਲਾਈ- ਰਾਜਸਥਾਨ 'ਚ ਅੱਜ ਕੋਰੋਨਾ ਦੇ 149 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 7 ਮੌਤਾਂ ਹੋਈਆਂ ਹਨ। ਸੂਬੇ 'ਚ ਹੁਣ ਕੋਰੋਨਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ...
ਰਾਜਨਾਥ ਸਿੰਘ ਵਲੋਂ ਜੰਮੂ 'ਚ 6 ਨਵੇਂ ਪੁਲਾਂ ਦਾ ਉਦਘਾਟਨ
. . .  about 2 hours ago
ਨਵੀਂ ਦਿੱਲੀ, 9 ਜੁਲਾਈ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜੰਮੂ 'ਚ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਵਲੋਂ ਬਣਾਏ ਗਏ 6 ਨਵੇਂ ਪੁਲਾਂ ਦਾ ਉਦਘਾਟਨ...
ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵਰਾਜ ਚੌਹਾਨ ਨੇ ਯੋਗੀ ਨਾਲ ਕੀਤੀ ਗੱਲਬਾਤ
. . .  about 2 hours ago
ਭੋਪਾਲ, 9 ਜੁਲਾਈ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਜੈਨ ਤੋਂ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਫ਼ੋਨ 'ਤੇ...
ਸੰਗਰੂਰ 'ਚ ਕੋਰੋਨਾ ਦੇ 14 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦਾ...
ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਢੀਂਡਸਾ
. . .  about 2 hours ago
ਅੰਮ੍ਰਿਤਸਰ, 9 ਜੁਲਾਈ (ਜਸਵੰਤ ਸਿੰਘ ਜੱਸ, ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ)- ਨਵੇਂ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਕੋਰੋਨਾ ਨੇ ਸੰਗਰੂਰ ਜ਼ਿਲ੍ਹੇ 'ਚ ਲਈ 17ਵੀਂ ਜਾਨ
. . .  about 3 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਕੋਰੋਨਾ ਨੇ ਜ਼ਿਲ੍ਹਾ ਸੰਗਰੂਰ 'ਚ ਬੀਤੀ ਰਾਤ 17ਵੇਂ ਵਿਅਕਤੀ ਦੀ ਜਾਨ ਲੈ ਲਈ ਹੈ। ਅਹਿਮਦਗੜ੍ਹ ਬਲਾਕ ਨਾਲ ਸੰਬੰਧਿਤ ਮ੍ਰਿਤਕ ਪ੍ਰਦੀਪ ਕੁਮਾਰ (59) ਸ਼ੂਗਰ ਸਮੇਤ ਹੋਰ...
ਕਾਨਪੁਰ ਪੁਲਿਸ ਕਤਲਕਾਂਡ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਗ੍ਰਿਫ਼ਤਾਰ
. . .  about 3 hours ago
ਭੋਪਾਲ, 9 ਜੁਲਾਈ- ਕਾਨਪੁਰ 'ਚ 8 ਪੁਲਿਸ ਵਾਲਿਆਂ ਦੀ ਹੱਤਿਆ ਕਰਕੇ ਫ਼ਰਾਰ ਹੋਏ ਉੱਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ ਲਗਭਗ...
ਆਤਮ ਸਮਰਪਣ ਕਰ ਸਕਦੈ ਵਿਕਾਸ ਦੂਬੇ
. . .  about 4 hours ago
ਨੋਇਡਾ, 9 ਜੁਲਾਈ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ 8 ਪੁਲਿਸ ਵਾਲਿਆਂ ਦੀ ਹੱਤਿਆ ਦਾ ਦੋਸ਼ੀ ਫ਼ਰਾਰ ਗੈਂਗਸਟਰ ਵਿਕਾਸ ਦੂਬੇ ਆਤਮ ਸਮਰਪਣ ਕਰ ਸਕਦਾ ਹੈ। ਰਿਪੋਰਟਾਂ ਮੁਤਾਬਿਕ ਵਿਕਾਸ ਦੂਬੇ ਮੀਡੀਆ ਅੱਗੇ ਆਤਮ ਸਮਰਪਣ...
ਵਿਕਾਸ ਦੂਬੇ ਦੇ ਦੋ ਹੋਰ ਸਾਥੀ ਢੇਰ ਪਰੰਤੂ ਦਰਿੰਦਾ ਅਜੇ ਵੀ ਫ਼ਰਾਰ
. . .  about 5 hours ago
ਕਾਨਪੁਰ, 9 ਜੁਲਾਈ - ਕਾਨਪੁਰ ਕਾਂਡ 'ਚ ਫ਼ਰਾਰ ਚੱਲ ਰਹੇ ਅਤਿ ਲੁੜੀਂਦੇ ਖ਼ਤਰਨਾਕ ਅਪਰਾਧੀ ਵਿਕਾਸ ਦੂਬੇ ਦਾ ਇਕ ਹੋਰ ਕਰੀਬੀ ਸਾਥੀ ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਮੁੱਠਭੇੜ ਵਿਚ ਢੇਰ ਕਰ ਦਿੱਤਾ ਹੈ। ਜਦਕਿ ਇਟਾਵਾ ਵਿਚ ਵਿਕਾਸ ਦੂਬੇ ਦਾ ਇਕ ਹੋਰ ਸਾਥੀ ਰਣਬੀਰ ਸ਼ੁਕਲਾ...
ਕੌਮੀ ਯੂਥ ਆਗੂ ਸੋਨੂੰ ਲੰਗਾਹ ਸਮੇਤ 50-60 ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ
. . .  about 5 hours ago
ਕੋਟਲੀ ਸੂਰਤ ਮੱਲ੍ਹੀ, 9 ਜੁਲਾਈ (ਕੁਲਦੀਪ ਸਿੰਘ ਨਾਗਰਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਮੀ ਯੂਥ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦੀ ਅਗਵਾਈ 'ਚ ਕੋਟਲੀ ਸੂਰਤ ਮੱਲ੍ਹੀ, ਰਾਏ ਚੱਕ ਤੇ...
ਅੱਜ ਦਾ ਵਿਚਾਰ
. . .  about 5 hours ago
ਇਲਾਕਾ ਸੰਦੌੜ ਅੰਦਰ ਪੈਰ ਪਸਾਰਨ ਲੱਗਿਆ ਕੋਰੋਨਾ , ਵੱਖ-ਵੱਖ ਪਿੰਡਾਂ ਦੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਆਏ
. . .  1 day ago
ਸੰਦੌੜ ,8 ਜੁਲਾਈ ( ਜਸਵੀਰ ਸਿੰਘ ਜੱਸੀ ) ਪਿੰਡ ਝੁਨੇਰ ਵਿਖੇ ਇੱਕ ਪੁਲਿਸ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੁਨੇਰ ਦਾ ਸਾਧੂ ਸਿੰਘ ਜੋ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਤੇਜ਼ੀ ਨਾਲ ਪਿਘਲ ਰਿਹਾ ਹੈ ਥਾਵੇਟਸ ਗਲੇਸ਼ੀਅਰ

ਕਿਤੇ ਧਰਤੀ ਡੁੱਬ ਨਾ ਜਾਵੇ!

ਅੰਟਾਰਕਟਿਕਾ ਵਿਚ ਐਂਪਰਰ ਪੇਂਗੁਇਨ ਦੀ ਜੋ ਦੂਜੀ ਸਭ ਤੋਂ ਵੱਡੀ ਕਾਲੋਨੀ ਸੀ, ਉਹ 2016 ਵਿਚ ਢਹਿ-ਢੇਰੀ ਹੋ ਗਈ ਸੀ। ਇਸ ਤਰ੍ਹਾਂ 10 ਹਜ਼ਾਰ ਤੋਂ ਵੱਧ ਪੇਂਗੁਇਨ ਦਾ ਨੁਕਸਾਨ ਹੋਇਆ ਜਿਸ ਦੀ ਭਰਪਾਈ ਹਾਲੇ ਤੱਕ ਨਹੀਂ ਹੋ ਸਕੀ ਹੈ। ਕੁਝ ਪੇਂਗੁਇਨ ਦੂਜੀ ਥਾਂ ਰਹਿਣ ਲੱਗੇ, ਪਰ ਆਪਣੀ ਸਭ ਤੋਂ ਸੁਰੱਖਿਅਤ ਰੇਂਜ ਵਿਚ ਵੀ ਐਂਪਰਰ ਪੇਂਗੁਇਨ ਲਈ ਬੜਾ ਖ਼ਤਰਾ ਹੈ। ਇਸ ਤੋਂ ਹੋਰ ਵੀ ਗੰਭੀਰ ਤੇ ਵੱਡੀਆਂ ਚਿੰਤਾਵਾਂ ਪੈਦਾ ਹੁੰਦੀਆਂ ਹਨ। ਬ੍ਰਿਟਿਸ਼ ਅੰਟਾਰਕਟਿਕ ਸਰਵੇ (ਕੈਂਬਰਿਜ, ਇੰਗਲੈਂਡ) ਨਾਲ ਜੋ ਜੀਵ-ਵਿਗਿਆਨ ਸੰਭਾਲ ਮੁਖੀ ਫਿਲਤਰਥਨ ਹਨ, ਉਨ੍ਹਾਂ ਅਨੁਸਾਰ 'ਇਸ ਦਾ ਭਾਵ ਇਹ ਹੈ ਕਿ ਇਹ ਥਾਂ ਹੁਣ ਏਨੀ ਸੁਰੱਖਿਅਤ ਨਹੀਂ ਰਹੀ, ਜਿੰਨੀ ਕਿ ਅਸੀਂ ਸੋਚਦੇ ਸੀ। ਹੈਲੇ ਬੇਅ ਦੀ ਕਾਲੋਨੀ ਪੂਰੀ ਤਰ੍ਹਾਂ ਲੁਪਤ ਹੋ ਗਈ ਹੈ।'
ਐਂਪਰਰ ਪੇਂਗੁਇਨ ਵਿਸ਼ਵ ਦੀ ਸਭ ਤੋਂ ਵੱਡੀ ਪੇਂਗੁਇਨ ਹੈ ਜੋ ਸਮੁੰਦਰੀ ਬਰਫ਼ 'ਤੇ ਜੰਮੇ ਹੋਏ ਸਮੁੰਦਰ ਦੇ ਪਾਣੀ ਦੇ ਟੁਕੜੇ 'ਤੇ ਬ੍ਰੀਡ ਤੇ ਮੋਲਟ (ਪਰ ਝਾੜਣ ਤਾਂ ਕਿ ਨਵੇਂ ਨਿਕਲ ਆਉਣ) ਕਰਦੀ ਹੈ। ਉਹ ਜ਼ਮੀਨ 'ਤੇ ਅਸਹਿਜ, ਬਰਫ਼ੀਲੀਆਂ ਚੋਟੀਆਂ 'ਤੇ ਨਾ ਚੜ੍ਹ ਸਕਣ ਆਦਿ ਦੇ ਕਾਰਨ ਗਰਮ ਮੌਸਮ ਤੇ ਬਰਫ਼ 'ਤੇ ਚੱਲਣ ਵਾਲੀਆਂ ਤੇਜ਼ ਹਵਾਵਾਂ ਦੇ ਖ਼ਤਰੇ ਵਿਚ ਆ ਜਾਂਦੀ ਹੈ। ਪਿਛਲੇ 60 ਸਾਲਾਂ ਦੌਰਾਨ ਹੈਲੇ ਬੇਅ ਵਿਚ ਅਲਨੀਨੋ ਦਾ ਸਭ ਤੋਂ ਵੱਡਾ ਪ੍ਰਭਾਵ ਪਿਆ ਸੀ। ਸਾਲ 2015 ਵਿਚ ਸਤੰਬਰ ਦਾ ਮਹੀਨਾ ਖ਼ਾਸ ਤੌਰ 'ਤੇ ਤੂਫ਼ਾਨੀ ਸੀ। ਤੇਜ਼ ਹਵਾਵਾਂ ਤੇ ਸਮੁੰਦਰੀ ਬਰਫ਼ ਦੀ ਕਮੀ ਵਿਚ ਸਾਰੇ ਰਿਕਾਰਡ ਟੁੱਟ ਗਏ ਸਨ। ਹੈਲੇ ਬੇਅ ਵਿਚ ਪੇਂਗੁਇਨ ਆਮ ਤੌਰ 'ਤੇ ਅਪ੍ਰੈਲ ਤੋਂ ਦਸੰਬਰ ਤੱਕ ਰਹਿੰਦੇ ਸਨ, ਜਦੋਂ ਉਨ੍ਹਾਂ ਦੇ ਬੱਚਿਆਂ ਦੇ ਪਰ ਨਿਕਲ ਆਉਂਦੇ ਸਨ। ਪਰ ਤੂਫ਼ਾਨ ਬੱਚਿਆਂ ਦੇ ਪਰ ਨਿਕਲਣ ਤੋਂ ਪਹਿਲਾਂ ਹੀ ਆ ਗਿਆ। ਇਸ ਹਾਲਤ ਕਾਰਨ ਉਸ ਸਾਲ ਲਗਪਗ 14,500 ਤੋਂ 25,000 ਅੰਡੇ ਜਾਂ ਬੱਚੇ ਪਹਿਲੇ ਸਾਲ ਹੀ ਖ਼ਤਮ ਹੋ ਗਏ, ਜਿਨ੍ਹਾਂ ਦੀ ਭਰਪਾਈ ਨਹੀਂ ਹੋ ਸਕੀ ਹੈ।
ਇਸ ਪੱਧਰ ਦਾ ਪਤਨ ਬਰਤਾਨਵੀ ਟੀਮ (ਜੋ 1956 ਤੋਂ ਇਸ ਖੇਤਰ ਵਿਚ ਪੇਂਗੁਇਨ ਦਾ ਅਧਿਐਨ ਕਰ ਰਹੀ ਹੈ) ਨੇ ਪਹਿਲਾਂ ਕਦੀ ਨਹੀਂ ਦੇਖਿਆ ਸੀ। ਸਵਾਲ ਹੈ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ? ਜ਼ਾਹਿਰ ਹੈ ਕਿ ਵਾਤਾਵਰਨ ਬਦਲ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਐਂਪਰਰ ਪੇਂਗੁਇਨ ਲਈ ਆਉਣ ਵਾਲੇ ਦਹਾਕੇ ਵਿਚ ਸਥਿਤੀ ਬਦ ਤੋਂ ਬਦਤਰ ਹੋ ਜਾਵੇਗੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਤਾਵਰਨ ਤਬਦੀਲੀ ਦਾ ਮਨੁੱਖ ਲਈ ਕੀ ਸੰਕੇਤ ਜਾਂ ਸੰਦੇਸ਼ ਹੈ? ਜਵਾਬ ਜਾਣਨ ਤੋਂ ਪਹਿਲਾਂ ਇਹ ਸਮਝ ਲਓ ਕਿ ਜੋ ਕੁਝ ਅੰਟਾਰਕਟਿਕਾ ਵਿਚ ਹੋ ਰਿਹਾ ਹੈ, ਉਸ ਦਾ ਪ੍ਰਭਾਵ ਹਰ ਕਿਸੇ 'ਤੇ ਪਵੇਗਾ ਅਤੇ ਅੰਟਾਰਕਟਿਕਾ ਵਿਚ ਬਹੁਤ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਅੰਟਾਰਕਟਿਕਾ ਧਰਤੀ ਦਾ ਸਭ ਤੋਂ ਠੰਢਾ ਮਹਾਂਦੀਪ ਹੈ। ਇਸ ਦੀ ਬਰਫ਼ ਦੀ ਪਰਤ, ਜੋ ਲਗਪਗ ਤਿੰਨ ਮੀਲ ਮੋਟੀ ਹੈ, ਵਿਚ ਵਿਸ਼ਵ ਦਾ 90 ਫ਼ੀਸਦੀ ਤਾਜ਼ਾ ਪਾਣੀ ਹੈ। ਸਾਲ 2014-17 ਦੌਰਾਨ ਇਸ ਨੇ ਓਨੀ ਹੀ ਬਰਫ਼ ਗਵਾਈ ਹੈ ਜਿੰਨੀ ਕਿ ਆਰਕਟਿਕ ਨੇ ਪਿਛਲੇ 30 ਸਾਲਾਂ ਵਿਚ ਗਵਾਈ ਹੈ। 6 ਫਰਵਰੀ, 2020 ਨੂੰ ਅੰਟਾਰਕਟਿਕਾ ਦਾ ਹੁਣ ਤੱਕ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ (18.3 ਡਿਗਰੀ ਸੈਲੀਅਸ) ਰਿਕਾਰਡ ਕੀਤਾ ਗਿਆ।
ਗਰਮ ਹਵਾਵਾਂ ਅਤੇ ਸਮੁੰਦਰ ਦਾ ਗਰਮ ਪਾਣੀ ਅੰਟਾਰਕਟਿਕਾ ਵਿਚ ਬਰਫ਼ ਨੂੰ ਪਿਘਲਾ ਰਹੇ ਹਨ। ਵਿਗਿਆਨੀਆਂ ਨੂੰ ਸ਼ੱਕ ਹੈ ਕਿ 20-25 ਸਾਲ ਵਿਚ ਗਰਮੀਆਂ ਦੀ ਸਮੁੰਦਰੀ ਬਰਫ਼ ਖ਼ਤਮ ਵੀ ਹੋ ਸਕਦੀ ਹੈ। ਧਿਆਨ ਰਹੇ ਕਿ 1980 ਦੇ ਦਹਾਕੇ ਦੀ ਤੁਲਨਾ ਵਿਚ ਇਸ ਸਮੇਂ ਅੰਟਾਰਕਟਿਕਾ 6 ਗੁਣਾ ਜ਼ਿਆਦਾ ਬਰਫ਼ ਗਵਾ ਰਿਹਾ ਹੈ। ਬਰਫ਼ ਦਾ ਇਹ ਪਿਘਲਣਾ ਗਲੋਬਲ ਸਮੁੰਦਰੀ ਪੱਧਰ ਨੂੰ 10 ਫੁੱਟ ਤੋਂ ਜ਼ਿਆਦਾ ਵਧਾ ਸਕਦਾ ਹੈ, ਜਿਸ ਨਾਲ ਆਈਲੈਂਡ ਦੇਸ਼ ਜਿਵੇਂ ਮਾਲਦੀਵ ਆਦਿ ਤਾਂ ਡੁੱਬ ਹੀ ਜਾਣਗੇ ਅਤੇ ਸਮੁੰਦਰੀ ਕਿਨਾਰਿਆਂ 'ਤੇ ਵਸੇ ਸ਼ਹਿਰ ਜਿਵੇਂ ਮੁੰਬਈ, ਗੋਆ ਆਦਿ ਲਈ ਵੀ ਗੰਭੀਰ ਖ਼ਤਰਾ ਪੈਦਾ ਹੋ ਜਾਵੇਗਾ। ਅਜਿਹਾ ਪੂਰੇ ਵਿਸ਼ਵ ਵਿਚ ਵਾਪਰੇਗਾ। ਇਹ ਖ਼ਤਰਾ ਇਸ ਲਈ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਅੰਟਾਰਕਟਿਕਾ ਦਾ ਥਾਵੇਟਸ ਗਲੇਸ਼ੀਅਰ, ਜੋ ਵਿਸ਼ਵ ਲਈ ਅਤਿ ਮਹੱਤਵਪੂਰਨ ਹੈ, ਸੁੰਗੜਦਾ ਜਾ ਰਿਹਾ ਹੈ ਅਤੇ ਉਸ ਦਾ ਪ੍ਰਭਾਵ ਹੁਣ ਦਿਖਾਈ ਵੀ ਦੇਣ ਲੱਗ ਪਿਆ ਹੈ। ਥਾਵੇਟਸ ਪਾਈਨ ਆਈਲੈਂਡ ਬੇਅ (ਖਾੜੀ) ਦੇ ਕੋਲ ਸਥਿਤ ਹੈ ਅਤੇ ਅਮੁੰਡਸੇਨ ਸਮੁੰਦਰ ਦਾ ਹਿੱਸਾ ਹੈ। ਥਾਵੇਟਸ ਗਲੇਸ਼ੀਅਰ ਦਾ ਆਕਾਰ ਲਗਪਗ ਇੰਗਲੈਂਡ ਜਿੰਨਾ ਹੈ ਅਤੇ ਇਸ ਦਾ ਟਰਮੀਨਸ ਤਕਰੀਬਨ 120 ਕਿ.ਮੀ. ਚੌੜਾ ਹੈ। ਇਸ ਦਾ ਬੈੱਡ ਸਮੁੰਦਰ ਦੇ ਪੱਧਰ ਤੋਂ 1000 ਮੀਟਰ ਤੋਂ ਜ਼ਿਆਦਾ ਨੀਵਾਂ ਹੈ।
ਥਾਵੇਟਸ ਗਲੇਸ਼ੀਅਰ ਅਤੇ ਉਸ ਦੇ ਗੁਆਂਢੀ ਪਾਈਨ ਆਈਲੈਂਡ ਗਲੇਸ਼ੀਅਰ ਨੇ ਮਿਲ ਕੇ ਜ਼ਮੀਨੀ ਆਈਸ-ਸ਼ੀਟ ਦੇ ਲਗਪਗ 3 ਫ਼ੀਸਦੀ ਖੇਤਰ ਨੂੰ ਘੇਰਿਆ ਹੋਇਆ ਹੈ। ਪਿਛਲੇ ਕੁਝ ਦਹਾਕਿਆਂ ਵਿਚ ਥਾਵੇਟਸ ਗਲੇਸ਼ੀਅਰ ਨੇ 600 ਬਿਲੀਅਨ ਟਨ ਬਰਫ਼ ਗਵਾ ਦਿੱਤੀ ਹੈ। ਹਾਲ ਹੀ ਦੇ ਸਾਲਾਂ ਵਿਚ ਬਰਫ਼ ਗਵਾਉਣ ਦੀ ਦਰ ਤਕਰੀਬਨ 50 ਬਿਲੀਅਨ ਟਨ ਹਰ ਸਾਲ ਹੋ ਗਈ ਹੈ। ਸਰਵੇ ਤੋਂ ਪਤਾ ਲਗਦਾ ਹੈ ਕਿ ਸਿਰਫ਼ ਤਿੰਨ ਦਹਾਕਿਆਂ ਵਿਚ ਥਾਵੇਟਸ ਗਲੇਸ਼ੀਅਰ ਤੋਂ ਜੋ ਬਰਫ਼ ਦੀ ਮਾਤਰਾ ਖੁਰ ਰਹੀ ਹੈ, ਉਹ ਦੋਗੁਣੀ ਹੋ ਗਈ ਹੈ। ਅਧਿਐਨਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਕਾਰਨ 1990 ਦੇ ਦਹਾਕੇ ਦੇ ਦਰਮਿਆਨ ਤੋਂ ਗਲੋਬਲ ਸਮੁੰਦਰ ਦੇ ਪੱਧਰਾਂ ਵਿਚ ਵਾਧਾ ਹੋ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਥਾਵੇਟਸ ਗਲੇਸ਼ੀਅਰ ਦੀ ਬਰਫ਼ ਦੇ ਸਮੁੰਦਰ ਵਿਚ ਆਉਣ ਨਾਲ ਜੋ ਗਲੋਬਲ ਸਮੁੰਦਰੀ ਪੱਧਰ ਵਿਚ ਵਾਧੇ ਦਾ ਯੋਗਦਾਨ ਹੈ, ਉਹ ਹੁਣ 4 ਫ਼ੀਸਦੀ ਹੈ। ਜ਼ਿਆਦਾ ਚਿੰਤਾ ਵਾਲੀ ਗੱਲ ਇਹ ਹੈ ਕਿ ਖੋਜ ਕਰਨ ਵਾਲਿਆਂ ਨੇ ਥਾਵੇਟਸ ਗਲੇਸ਼ੀਅਰ ਦੇ ਬੇਸ 'ਤੇ ਹੁਣ ਜੋ ਗਰਮ ਪਾਣੀ ਦੇਖਿਆ ਹੈ, ਉਹ ਬਰਫ਼ ਜੰਮਣ ਵਾਲੇ ਪੁਆਇੰਟ ਤੋਂ 2 ਡਿਗਰੀ ਤੋਂ ਜ਼ਿਆਦਾ ਉੱਪਰ ਹੈ।
ਇਹ ਗਰਮ ਪਾਣੀ ਪਿਘਲੇਗਾ ਤਾਂ ਥਾਵੇਟਸ ਗਲੇਸ਼ੀਅਰ ਹੈਰਾਨੀਜਨਕ ਢੰਗ ਨਾਲ ਸੁੰਗੜਨ ਲੱਗੇਗਾ। ਇਸ ਵਿਚ ਪੂਰੀ ਪੱਛਮੀ ਅੰਟਾਰਕਟਿਕ ਆਈਸ ਸ਼ੀਟ ਅਸਥਿਰ ਹੋ ਜਾਵੇਗੀ ਅਤੇ ਸਮੁੰਦਰ ਦਾ ਪੱਧਰ 12 ਫੁੱਟ ਉੱਪਰ ਹੋ ਜਾਵੇਗਾ। ਹੁਣ ਇਸ ਗੱਲ ਤੋਂ ਉਨ੍ਹਾਂ ਲੋਕਾਂ ਨੂੰ ਕਿਉਂ ਚਿੰਤਾ ਕਰਨੀ ਚਾਹੀਦੀ ਹੈ ਜੋ ਅੰਟਾਰਕਟਿਕ ਤੋਂ ਦੂਰ ਰਹਿ ਰਹੇ ਹਨ? ਨਿਊਯਾਰਕ ਯੂਨੀਵਰਸਿਟੀ ਵਿਚ 'ਐਨਵਾਇਰਨਮੈਂਟਲ ਫਲੂਇਡ ਡਾਇਨਾਮਿਕਸ ਲੈਬੋਰੇਟਰੀ' ਦੇ ਨਿਰਦੇਸ਼ਕ ਡੇਵਿਡ ਹਾਲੈਂਡ ਜੋ ਹਾਲ ਹੀ ਵਿਚ ਆਪਣੀ ਟੀਮ ਨਾਲ ਥਾਵੇਟਸ ਗਲੇਸ਼ੀਅਰ ਗਏ ਸਨ, ਦਾ ਕਹਿਣਾ ਹੈ, 'ਜੇਕਰ ਹੁਣ ਵੀ ਸਹੀ ਕਦਮ ਨਾ ਚੁੱਕੇ ਗਏ ਤਾਂ 'ਆਈਸ-ਸ਼ੀਟ' ਦੀ ਅਸਥਿਰਤਾ ਨਾਲ ਨਿਊਯਾਰਕ ਤੋਂ ਲੈ ਕੇ ਬੰਗਲਾਦੇਸ਼ ਤੱਕ ਦਾ ਖੇਤਰ ਪਾਣੀ ਹੇਠਾਂ ਆ ਜਾਵੇਗਾ। ਅਜਿਹਾ ਦਹਾਕਿਆਂ ਤੋਂ ਸਦੀਆਂ ਤੱਕ ਵਿਚ ਹੋ ਸਕਦਾ ਹੈ, ਪਰ ਸਮਾਂ ਰੇਖਾ ਹੁਣੇ ਪੈਦਾ ਹੋਣ ਲੱਗੀ ਹੈ। ਇਹ ਤੂਫ਼ਾਨ ਦੀ ਤਰ੍ਹਾਂ ਨਹੀਂ ਹੋਵੇਗਾ, ਜਿਸ ਦਾ ਅਸੀਂ ਅਨੁਭਵ ਕਰਦੇ ਰਹਿੰਦੇ ਹਾਂ ਸਗੋਂ ਇਹ ਇਕ ਵਾਰ ਦੀ ਘਟਨਾ ਹੋਵੇਗਾ, ਬਸ।'
ਇਸ ਸਥਿਤੀ ਨੂੰ ਰੋਕਣ ਦਾ ਇਕ ਹੀ ਰਸਤਾ ਹੈ-ਕਾਰਬਨਡਾਈਆਕਸਾਈਡ ਨੂੰ ਘੱਟ ਕੀਤਾ ਜਾਵੇ। ਕਾਰਬਨਡਾਈਆਕਸਾਈਡ ਦੀ ਮਾਤਰਾ ਵਧ ਰਹੀ ਹੈ ਅਤੇ ਕਾਰਬਨ ਡਾਈਆਕਸਾਈਡ ਹਵਾ ਦੇ ਤਾਪਮਾਨ ਨੂੰ ਬਦਲ ਦਿੰਦੀ ਹੈ। ਹੋਰ ਥਾਵਾਂ ਦੀ ਤੁਲਨਾ ਵਿਚ ਇਸ ਵਧੇ ਹੋਏ ਤਾਪਮਾਨ ਦਾ ਅਸਰ ਆਰਕਟਿਕ ਤੇ ਅੰਟਾਰਕਟਿਕ ਵਿਚ ਛੇਤੀ ਹੀ ਦੇਖਣ ਨੂੰ ਮਿਲਦਾ ਹੈ, ਜੋ ਕਿ ਠੰਢੀਆਂ ਥਾਵਾਂ ਹਨ। ਬਰਫ ਕਾਰਨ ਕਿਸੇ ਵੀ ਬਦਲਾਅ ਦੀ ਪ੍ਰਤੀਕਿਰਿਆ ਉਥੇ ਤੇਜ਼ ਹੁੰਦੀ ਹੈ ਅਤੇ ਉਥੋਂ ਦਾ ਬਦਲਾਅ ਬਾਕੀ ਗ੍ਰਹਿਆਂ ਵਿਚ ਵੀ ਤੇਜ਼ੀ ਨਾਲ ਬਦਲਾਅ ਲਿਆਉਂਦਾ ਹੈ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਵਿਗਿਆਨ ਜੋ ਦਿਖਾ ਰਿਹਾ ਹੈ, ਉਸ 'ਤੇ ਹੁਣੇ ਫ਼ੈਸਲਾ ਲੈਣ।
-0-


ਖ਼ਬਰ ਸ਼ੇਅਰ ਕਰੋ

'ਮਾਸਕ

ਅੱਜਕਲ੍ਹ, ਦੁਨੀਆ ਭਰ ਵਿਚ 'ਮਾਸਕ' ਇਕ ਅਤਿ-ਜ਼ਰੂਰੀ ਚੀਜ਼ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਕਹਿਰ ਕਾਰਨ ਇਸ ਨੂੰ 'ਸਰਬ-ਵਿਆਪਕ' ਦੀ ਉਪਾਧੀ ਦਿੱਤੀ ਜਾ ਸਕਦੀ ਹੈ।
ਮਾਨਵ ਵਿਗਿਆਨ ਵਿਚ ਅੱਜ ਵੀ ਇਹ ਚੁਣੌਤੀ ਭਰਿਆ ਸਵਾਲ ਹੈ ਕਿ 'ਮਾਸਕ' (ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਮੁਖੌਟੇ ਕਿਹਾ ਜਾਂਦਾ ਹੈ) ਦੀ ਸ਼ੁਰੂਆਤ ਦੁਨੀਆ ਦੀਆਂ ਵੱਖ-ਵੱਖ ਸੱਭਿਅਤਾਵਾਂ ਵਿਚ ਕਦੋਂ ਅਤੇ ਕਿਨ੍ਹਾਂ ਕਾਰਨਾਂ ਕਰਕੇ ਹੋਈ। ਕਈ ਪੁਰਾਤੱਤਵ ਵਿਗਿਆਨੀਆਂ ਅਨੁਸਾਰ ਮੁਖੌਟਿਆਂ ਦੀ ਵਰਤੋਂ ਕਈ ਹਜ਼ਾਰ ਸਦੀਆਂ ਪਹਿਲਾਂ ਪੂਰਨ ਜਾਗ੍ਰਿਤੀ ਕਾਲ ਵਿਚ ਇਨਸਾਨ ਦੁਆਰਾ ਕੋਈ ਸਮਾਜਿਕ ਜਾਂ ਅਧਿਆਤਮਿਕ ਰੂਪ ਧਾਰਨ ਕਰਨ ਲਈ ਕੀਤੀ ਜਾਂਦੀ ਹੋਵੇਗੀ।
ਕਰੀਬ 9000 ਸਾਲ ਪੁਰਾਤਨ ਪੱਥਰ ਦਾ ਬਣਾਇਆ ਗਿਆ ਮਖੌਟਾ ਪੈਰਿਸ ਦੇ 'ਬਿਬਲੀਕਲ ਮਿਊਜ਼ੀਅਮ' ਵਿਚ ਮੌਜੂਦ ਹੈ। ਇਹ ਮਖੌਟਾ ਪੱਥਰ ਯੁੱਗ ਵਿਚ ਇਸਤੇਮਾਲ ਕੀਤਾ ਜਾਂਦਾ ਸੀ। ਪਰ ਮੰਨਿਆ ਜਾਂਦਾ ਹੈ ਕਿ ਮਨੁੱਖ ਵਲੋਂ ਮੁਖੌਟਿਆਂ ਦੀ ਵਰਤੋਂ ਇਸ ਤੋਂ ਪਹਿਲਾਂ ਵੀ ਕੀਤੀ ਜਾਂਦੀ ਰਹੀ ਸੀ। ਕਿਉਂਕਿ ਪੂਰਵ-ਪੱਥਰ ਯੁੱਗ ਵਿਚ ਵਣ-ਮਾਨਸ ਵਲੋਂ ਗੁਫ਼ਾਵਾਂ ਵਿਚ ਬਣਾਈਆਂ ਗਈਆਂ ਕਲਾਕ੍ਰਿਤੀਆਂ, ਉਸ ਸਮੇਂ ਵੀ ਮੁਖੌਟਿਆਂ ਦੀ ਵਰਤੋਂ ਵੱਲ ਸੰਕੇਤ ਕਰਦੀਆਂ ਹਨ।
ਸਦੀਆਂ ਤੋਂ ਹੀ ਮੁਖੌਟਿਆਂ ਦੀ ਵਰਤੋਂ ਧਾਰਮਿਕ ਸਮਾਗਮਾਂ, ਸਮਾਜਿਕ ਇਕੱਠਾਂ, ਰੀਤੀ-ਰਿਵਾਜ, ਨਾਚ ਅਤੇ ਮਨਪ੍ਰਚਾਵੇ ਲਈ ਕੀਤੀ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਸ਼ੁਰੂ ਤੋਂ ਹੀ ਮਨੁੱਖ ਨੇ ਇਸ ਨੂੰ ਲੜਾਈਆਂ ਵਿਚ, ਸ਼ਿਕਾਰ ਕਰਨ ਵੇਲੇ, ਖੇਡਾਂ ਵਿਚ ਅਤੇ ਸਜਾਵਟ ਦੇ ਤੌਰ 'ਤੇ ਵੀ ਵਰਤਿਆ ਹੈ। ਮਿੱਟੀ ਤੋਂ ਲੈ ਕੇ ਪੱਥਰ ਤੱਕ, ਤਾਂਬੇ ਤੋਂ ਲੈ ਕੇ ਸੋਨੇ ਤੱਕ ਅਤੇ ਲੱਕੜ ਤੋਂ ਲੈ ਕੇ ਧਾਤੂ ਤੱਕ ਤੇ ਫਿਰ ਕੱਪੜੇ ਤੋਂ ਲੈ ਕੇ ਕਾਗਜ਼ ਤੇ ਫਿਰ ਪਲਾਸਟਿਕ ਤੱਕ ਇਸ ਦੀ ਵਰਤੋਂ ਅਤੇ ਬਣਾਵਟ ਮਨੁੱਖ ਦੇ ਵਿਗਸਣ ਨਾਲ ਵਿਕਸਿਤ ਹੁੰਦੀ ਰਹੀ।
ਮਿਸਰ ਦੇ ਫੈਰੋ ਟੁਟਾਨਖਾਮਨ ਦਾ ਮ੍ਰਿਤਕ ਮਖੌਟਾ ਸ਼ਾਇਦ ਦੁਨੀਆ ਵਿਚ ਸਭ ਤੋਂ ਮਸ਼ਹੂਰ ਮਖੌਟਾ ਹੈ। ਇਹ ਨਿੱਗਰ ਸੋਨੇ ਦਾ ਬਣਿਆ ਹੋਇਆ ਹੈ ਅਤੇ ਇਸ ਦੀ ਸਜਾਵਟ ਬੇਸ਼ਕੀਮਤੀ ਜਵਾਹਰਾਤ ਨਾਲ ਕੀਤੀ ਹੋਈ ਹੈ। ਇਹ 10 ਕਿੱਲੋ ਤੋਂ ਵੀ ਵੱਧ ਵਜ਼ਨ ਦਾ ਮਖੌਟਾ ਟੁਟਾਨਖਾਮਨ ਦੇ ਤਾਬੂਤ ਉੱਪਰ ਜੜਿਆ ਹੋਇਆ ਸੀ, ਜਿਸ ਵਿਚ ਉਸ ਦਾ ਮ੍ਰਿਤਕ ਸਰੀਰ (ਮੱਮੀ) ਪਾਇਆ ਗਿਆ। ਮਿਸਰ ਦੀ ਪੁਰਾਤਨ ਸੱਭਿਅਤਾ ਦੇ ਲੋਕ, ਮੌਤ ਤੋਂ ਬਾਅਦ ਜ਼ਿੰਦਗੀ ਵਿਚ ਵਿਸ਼ਵਾਸ ਕਰਦੇ ਸਨ ਅਤੇ ਮ੍ਰਿਤਕ ਦੇਹ ਜਿਸ ਨੂੰ 'ਮੱਮੀ' ਬਣਾਇਆ ਜਾਂਦਾ ਸੀ, ਦੇ ਤਾਬੂਤ 'ਤੇ ਉਸ ਦੀ ਸ਼ਕਲ ਵਰਗਾ ਮਖੌਟਾ ਜੜਿਆ ਜਾਂਦਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਮ੍ਰਿਤਕ ਦੀ ਆਤਮਾ ਆਸਾਨੀ ਨਾਲ ਉਸ ਦੀ ਦੇਹ ਨੂੰ ਪਛਾਣ ਲਏਗੀ।
ਅਫ਼ਰੀਕਾ ਵਿਚ ਪੁਰਾਤਨ ਸਮੇਂ ਵਿਚ ਅਤੇ ਮੌਜੂਦਾ ਸਮੇਂ ਵਿਚ ਵੀ, ਕਈ ਕਟੁੰਬਾਂ ਵਿਚ ਮੁਖੌਟੇ ਧਾਰਮਿਕ ਰੀਤੀ-ਰਿਵਾਜਾਂ ਵਿਚ ਪੂਰਵਜਾਂ ਦੀਆਂ ਆਤਮਾਵਾਂ ਨਾਲ ਗੱਲਬਾਤ ਕਰਨ ਲਈ ਵਰਤੇ ਜਾਂਦੇ ਰਹੇ ਹਨ। ਇਨ੍ਹਾਂ ਨੂੰ ਬਣਾਉਣ ਦੀ ਕਲਾ ਅੱਜ ਵੀ ਕੁਝ ਵਿਸ਼ੇਸ਼ ਪਰਿਵਾਰਾਂ ਤੱਕ ਹੀ ਸੀਮਤ ਹੈ ਅਤੇ ਇਹ ਕਲਾ ਪੀੜ੍ਹੀ-ਦਰ-ਪੀੜ੍ਹੀ ਚਲੀ ਆ ਰਹੀ ਹੈ। ਅਫ਼ਰੀਕਾ ਦੇ ਆਧੁਨਿਕ ਨਾਚਾਂ ਵਿਚ ਜਾਨਵਰਾਂ ਦੇ ਮੁਖੌਟੇ ਵੀ ਵਰਤੇ ਜਾਂਦੇ ਹਨ।
ਇਨਕਾਸ ਜੋ ਪੇਰੂ (ਦੱਖਣੀ ਅਮਰੀਕਾ) ਦੀ ਪੁਰਾਤਨ ਸੱਭਿਅਤਾ ਦੇ ਵਸਨੀਕ ਸਨ, ਤੋਂ ਲੈ ਕੇ ਐਜ਼ਟੈਕਸ, ਮੈਕਸੀਕੋ ਦੀ ਪੁਰਾਤਨ ਸੱਭਿਅਤਾ ਦੇ ਲੋਕਾਂ ਤੋਂ ਲੈ ਕੇ ਪੁਰਾਤਨ ਯੂਨਾਨੀਆਂ ਅਤੇ ਰੋਮਨਾਂ ਤੱਕ ਮੁਖੌਟਿਆਂ ਨੇ ਸੱਭਿਆਚਾਰਕ ਰਸਮਾਂ, ਮਨਪ੍ਰਚਾਵੇ ਅਤੇ ਮਨੋਰੰਜਨ ਵਿਚ ਅਹਿਮ ਭੂਮਿਕਾ ਨਿਭਾਈ ਹੈ। 'ਕਾਰਨੀਵਾਲ ਆਫ਼ ਵੈਨਸ' (ਇਟਲੀ) ਅਤੇ 'ਕਾਰਨੀਵਾਲ ਆਫ਼ ਬ੍ਰਾਜ਼ੀਲ' (ਬ੍ਰਾਜ਼ੀਲ) ਜੋ ਕਿ 12ਵੀਂ ਸਦੀ ਤੋਂ ਮਨਾਏ ਜਾਂਦੇ ਆਏ ਹਨ, ਅੱਜ ਵੀ ਵਿਸ਼ਵ ਭਰ ਵਿਚ ਸਭ ਤੋਂ ਮਸ਼ਹੂਰ ਮੁਖੌਟਿਆਂ ਵਾਲੇ ਮੇਲੇ ਹਨ। ਕਿਹਾ ਜਾਂਦਾ ਹੈ ਕਿ 15ਵੀਂ ਸਦੀ ਵਿਚ ਯਹੂਦੀਆਂ ਨੇ ਵੀ ਆਪਣੇ ਵਿਸ਼ੇਸ਼ ਤਿਉਹਾਰਾਂ ਵਿਚ ਮੁਖੌਟਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਇਥੋਂ ਤੱਕ ਹੀ ਨਹੀਂ ਮੁਖੌਟਿਆਂ ਨੂੰ ਇਕ ਸੁਰੱਖਿਆ ਕਵਚ ਵਜੋਂ ਵੀ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਚਾਹੇ ਉਹ ਰੋਮ ਦੇ ਗਲੈਡੀਏਟਰ (ਲੜਾਕੂ) ਸਨ ਤੇ ਚਾਹੇ ਉਹ ਹਿੰਦੁਸਤਾਨ ਦੇ ਰਾਜਿਆਂ ਦੇ ਸਿਪਾਹੀ, ਚਾਹੇ ਉਹ ਤੁਰਕੀ ਦੇ ਓਟੋਮੈਨ ਸਾਮਰਾਜ ਦੀ ਸੈਨਾ ਸੀ ਅਤੇ ਚਾਹੇ ਜਾਪਾਨ ਦੇ ਸਮੁਰਾਏ (ਲੜਾਕੂ), ਮੁਖੌਟਿਆਂ ਦਾ ਕਵਚ ਨਾ ਕੇਵਲ ਯੁੱਧ ਵਿਚ ਸੁਰੱਖਿਆ ਲਈ ਪਾਇਆ ਜਾਂਦਾ ਰਿਹਾ ਹੈ, ਬਲਕਿ ਇਸ ਨੂੰ ਦੁਸ਼ਮਣ ਨੂੰ ਡਰਾਉਣ ਲਈ ਵੀ ਵਰਤਿਆ ਜਾਂਦਾ ਰਿਹਾ ਹੈ।
ਜਾਪਾਨ ਅਤੇ ਕੋਰੀਆ ਵਿਚ ਮੁਖੌਟਿਆਂ ਦਾ ਇਸਤੇਮਾਲ ਭੂਤਾਂ ਅਤੇ ਵਿਨਾਸ਼ਕਾਰੀ ਰੂਹਾਂ ਨੂੰ ਭਜਾਉਣ ਲਈ ਕੀਤਾ ਜਾਂਦਾ ਸੀ। ਪਰ ਅੱਜਕਲ੍ਹ ਜਾਪਾਨ ਦੇ ਵਿਸ਼ਵ ਪ੍ਰਸਿੱਧ ਨਾਟਸ਼ਾਲਾ ਵਿਚ ਮੁਖੌਟੇ ਇੰਨੇ ਕਲਾਤਮਿਕ ਹੁੰਦੇ ਹਨ ਕਿ ਇਹ ਨਾਟਕ ਕਰਨ ਵਾਲੇ ਅਦਾਕਾਰ ਦੇ ਹਾਵ-ਭਾਵ ਸਰੋਤਿਆਂ ਤੱਕ ਪਹੁੰਚਾਉਂਦੇ ਹਨ। ਚੀਨ ਵਿਚ ਵਿਸ਼ਵ ਪ੍ਰਸਿੱਧ 'ਚਾਈਨੀਜ਼ ਓਪੇਰਾ' ਦੇ ਮੁਖੌਟਿਆਂ ਦੇ ਰੰਗਾਂ ਰਾਹੀਂ ਹੀ ਨਾਟਕ ਵਿਚ ਨਿਭਾਈ ਗਈ ਭੂਮਿਕਾ ਦੀ ਸ਼ਖ਼ਸੀਅਤ ਦਾ ਵਿਸ਼ਲੇਸ਼ਣ ਹੁੰਦਾ ਹੈ।
ਯੂਰਪ ਦੀਆਂ ਖੇਤਰੀ ਰਵਾਇਤਾਂ ਵਿਚ ਭਿੰਨ ਕਿਸਮਾਂ ਦੇ ਮੁਖੌਟੇ ਹਰੇਕ ਖੇਤਰ ਦੀ ਵੱਖਰੀ ਪਛਾਣ ਪ੍ਰਗਟ ਕਰਦੇ ਹਨ। ਮੱਧਕਾਲ ਯੂਰਪ ਦੇ 'ਸ਼ੇਮ ਮਾਸਕ' (ਜੁਰਮ ਕਰਨ ਵਾਲੇ ਨੂੰ ਪਹਿਨਾਇਆ ਜਾਣ ਵਾਲਾ ਲੋਹੇ ਦਾ ਮਖੌਟਾ) ਤੋਂ ਲੈ ਕੇ ਅੱਜਕਲ੍ਹ ਮਨਾਏ ਜਾਂਦੇ 'ਹੈਲੋਵਿਨ' ਤਿਉਹਾਰ, ਮੁਖੌਟਿਆਂ ਕਰਕੇ ਹੀ ਪ੍ਰਚੱਲਿਤ ਹਨ।
ਅੱਜ ਵੀ ਭਾਰਤ ਵਿਚ ਮਹਾਂਭਾਰਤ ਅਤੇ ਰਾਮਾਇਣ ਦੀਆਂ ਕਥਾਵਾਂ ਦਾ ਬਿਆਨ ਕਰਨ ਲਈ ਮੁਖੌਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਦੇ ਕਈ ਹਿੱਸਿਆਂ ਦੇ ਲੋਕ ਨਾਚਾਂ ਅਤੇ ਲੋਕ ਗਾਥਾਵਾਂ ਵਿਚ ਮੁਖੌਟਿਆਂ ਦਾ ਵਿਸ਼ੇਸ਼ ਸਥਾਨ ਹੈ। ਜਿਵੇਂ ਲੱਦਾਖ ਅਤੇ ਹਿਮਾਚਲ ਦੇ ਕੁਝ ਹਰਮਨ-ਪਿਆਰੇ ਨਾਚ, ਪੂਰਬੀ ਭਾਰਤ ਦੇ ਕਈ ਕਬੀਲਿਆਂ ਦੇ ਨਾਚ ਅਤੇ ਦੱਖਣੀ ਭਾਰਤ ਦਾ ਮਸ਼ਹੂਰ ਕਥਕਕਲੀ ਨਾਚ, ਮੁਖੌਟਿਆਂ ਨਾਲ ਹੀ ਕੀਤਾ ਜਾਂਦਾ ਹੈ। ਭੁਟਾਨ, ਬਰਮਾ, ਇੰਡੋਨੇਸ਼ੀਆ ਅਤੇ ਥਾਈਲੈਂਡ ਦੇ ਬਹੁਤ ਸਾਰੇ ਵਿਸ਼ੇਸ਼ ਨਾਚ ਅਤੇ ਲੋਕ ਗਾਥਾਵਾਂ, ਉਥੋਂ ਦੇ ਇਤਿਹਾਸ ਅਤੇ ਮਿਥਿਹਾਸ ਨਾਲ ਜੋੜੇ ਮੁਖੌਟਿਆਂ ਦੀ ਇਕ ਵਿਲੱਖਣ ਰੂਪ-ਰੇਖਾ ਅਤੇ ਪੇਸ਼ਕਾਰੀ ਹਨ।
ਖੇਡਾਂ ਤੋਂ ਲੈ ਕੇ ਫ਼ਿਲਮਾਂ ਤੱਕ ਅਤੇ ਫ਼ਿਲਮਾਂ ਤੋਂ ਲੈ ਕੇ ਕਾਰਟੂਨ ਤੱਕ, ਮੁਖੌਟੇ ਅਲੱਗ-ਅਲੱਗ ਆਕਾਰ, ਪ੍ਰਕਾਰ ਅਤੇ ਰੂਪਾਂ ਵਿਚ ਮੌਜੂਦ ਹਨ। ਫੁੱਟਬਾਲ, ਬੇਸਬਾਲ, ਕ੍ਰਿਕਟ, ਫੈਂਸਿੰਗ, ਆਈਸ ਹਾਕੀ ਵਰਗੀਆਂ ਖੇਡਾਂ ਮੁਖੌਟਿਆਂ ਤੋਂ ਬਿਨਾਂ ਖੇਡਣੀਆਂ ਜਾਇਜ਼ ਨਹੀਂ। ਹਾਲੀਵੁੱਡ ਦੀਆਂ ਕੁਝ ਸਦਾਬਹਾਰ ਫ਼ਿਲਮਾਂ ਜਿਵੇਂ 'ਦੀ ਮਾਸਕ' ਅਤੇ 'ਦੀ ਮਾਸਕ ਆਫ਼ ਜ਼ੁਰੂ' ਦੀ ਵਿਸ਼ੇਸ਼ਤਾ ਮੁਖੌਟਿਆਂ ਦੀ ਚਮਤਕਾਰੀ ਹੀ ਹੈ। ਮਸ਼ਹੂਰ ਨਾਇਕ (ਖ਼ਾਸ ਕਰਕੇ ਬੱਚਿਆਂ ਦੇ) ਜਿਵੇਂ ਫੈਂਟਮ, ਸੁਪਰਮੈਨ, ਸਪਾਈਡਰਮੈਨ, ਕੈਪਟਨ ਅਮੈਰੀਕਾ ਅਤੇ ਆਇਰਨਮੈਨ ਹਮੇਸ਼ਾ ਤਾਕਤਵਰ ਮੁਖੌਟਿਆਂ ਦੇ ਪਿੱਛੇ ਹੀ ਹੁੰਦੇ ਹਨ। ਮੁਖੌਟੇ ਚੋਰ-ਉਚੱਕਿਆਂ ਨੂੰ ਵੀ ਓਨੇ ਹੀ ਪਸੰਦ ਹਨ ਜਿੰਨੇ ਕਿ ਪ੍ਰਦੂਸ਼ਣ ਜਾਂ ਤੇਜ਼ ਧੁੱਪ ਤੋਂ ਬਚਣ ਲਈ ਔਰਤਾਂ ਨੂੰ ਅਤੇ ਇਸ ਵੇਲੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਵੀ ਅਤਿ ਜ਼ਰੂਰੀ ਹਨ।
ਲਗਦਾ ਹੈ ਕਿ ਮੁਖੌਟਿਆਂ (ਮਾਸਕ) ਸ਼ਬਦ ਦਾ ਸਹੀ ਮਤਲਬ ਅਤੇ ਇਸਤੇਮਾਲ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਿਚਰਦੇ ਭੁੱਲ ਹੀ ਗਏ ਸੀ ਪਰ ਸਮੇਂ ਨੇ ਇਸ ਨੂੰ ਮੁੜ-ਅਹਿਮੀਅਤ ਪ੍ਰਦਾਨ ਕਰ ਦਿੱਤੀ ਹੈ।


E-mail : sarvinder_ajit@yahoo.co.in
Blog : sarvinderkaur.wordpress.com

ਸਭ ਤੋਂ ਸਸਤੀ ਤੇ ਕਾਰਗਰ ਕੋਰੋਨਾ ਟੈਸਟਿੰਗ ਕਿੱਟ ਤਿਆਰ ਕਰਨ ਵਾਲੀ

ਮੀਨਲ ਦਖਾਵੇ ਭੌਸਲੇ

ਮੀਨਲ ਦਖਾਵੇ ਉਹ ਵਾਇਰਸ ਵਿਗਿਆਨੀ ਹੈ ਜਿਸ ਦੀ ਅਗਵਾਈ ਵਿਚ ਭਾਰਤ ਨੇ ਪਹਿਲੀ ਕੋਰੋਨਾ ਵਾਇਰਸ ਵਰਕਿੰਗ ਟੈਸਟਿੰਗ ਕਿੱਟ ਰਿਕਾਰਡ ਸਮੇਂ ਵਿਚ ਤਿਆਰ ਕੀਤੀ ਹੈ। ਬੀਤੀ 26 ਮਾਰਚ, 2020 ਨੂੰ ਭਾਰਤ ਦੀ ਪਹਿਲੀ ਕੋਰੋਨਾ ਵਾਇਰਸ ਟੈਸਟਿੰਗ ਕਿੱਟ ਮਹਿਜ਼ 4 ਹਫ਼ਤਿਆਂ ਦੇ ਅੰਦਰ ਤਿਆਰ ਹੋ ਕੇ ਬਾਜ਼ਾਰ ਤੱਕ ਪਹੁੰਚ ਗਈ ਜਦਕਿ ਦੁਨੀਆ ਵਿਚ ਇਸ ਤੋਂ ਪਹਿਲਾਂ ਕੋਈ ਵੀ ਅਜਿਹੀ ਟੈਸਟਿੰਗ ਕਿੱਟ ਸਾਢੇ ਤਿੰਨ ਮਹੀਨੇ ਤੋਂ ਪਹਿਲਾਂ ਤਿਆਰ ਨਹੀਂ ਸੀ ਹੋਈ। ਇਹੀ ਨਹੀਂ ਇਸ ਟੈਸਟਿੰਗ ਕਿੱਟ ਦੀਆਂ ਹੋਰ ਕਈ ਖੂਬੀਆਂ ਹਨ ਜੋ ਇਸ ਨੂੰ ਦੁਨੀਆ ਵਿਚ ਸਭ ਤੋਂ ਬਿਹਤਰੀਨ ਕਿੱਟ ਬਣਾਉਂਦੀਆਂ ਹਨ।
ਇਕ ਤਾਂ ਇਹ ਦੁਨੀਆ ਵਿਚ ਸਭ ਤੋਂ ਸਸਤੀ ਟੈਸਟਿੰਗ ਕਿੱਟ ਹੈ, ਦੂਜੀ ਇਹ ਹੈ ਦੁਨੀਆ ਦੀ ਸਭ ਤੋਂ ਸਮਾਰਟ ਟੈਸਟਿੰਗ ਕਿੱਟ ਵੀ ਹੈ। ਦੂਜੀਆਂ ਕਿੱਟਾਂ ਜਿਥੇ 70 ਤੋਂ 80 ਫ਼ੀਸਦੀ ਤੱਕ ਹੀ ਸਹੀ ਨਤੀਜੇ ਦਿੰਦੀਆਂ ਹਨ। ਉਥੇ ਇਹ ਕਿੱਟ 100 ਫ਼ੀਸਦੀ ਨਤੀਜੇ ਦਿੰਦੀ ਹੈ। ਦੁਨੀਆ ਦੀਆਂ ਬਾਕੀ ਟੈਸਟਿੰਗ ਕਿੱਟਾਂ ਜਿਥੇ 7 ਤੋਂ 8 ਘੰਟੇ ਵਿਚ ਨਤੀਜਾ ਦਿੰਦੀਆਂ, ਉਥੇ ਇਹ ਮਹਿਜ਼ 2 ਤੋਂ 2.30 ਘੰਟੇ ਵਿਚ ਨਤੀਜਾ ਦੇ ਦਿੰਦੀ ਹੈ। ਇਸ ਤਰ੍ਹਾਂ ਹੁਣ ਤੱਕ ਦੁਨੀਆ ਦੀ ਸਭ ਤੋਂ ਚੰਗੀ, ਸਸਤੀ ਅਤੇ ਸਮਾਰਟ ਕੋਰੋਨਾ ਵਾਇਰਸ ਟੈਸਟਿੰਗ ਕਿੱਟ ਹੈ। ਇਸ ਤੋਂ ਵੀ ਕਿਤੇ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਕਿੱਟ ਨੂੰ ਤਿਆਰ ਕਰਨ ਵਾਲੀ ਟੀਮ ਦੀ ਮੁਖੀ ਮੀਨਲ ਦਖਾਵੇ ਭੌਸਲੇ ਹੈ। ਉਂਜ ਤਾਂ ਇਸ ਕਾਮਯਾਬੀ ਵਿਚ ਪੁਣੇ ਦੀ 'ਮਾਈਲੈਬ ਡਿਸਕਵਰੀ' ਫਰਮ ਦੇ ਸਾਰੇ ਕਰਮਚਾਰੀਆਂ ਨੂੰ ਸਲਾਮ ਕਰਨਾ ਬਣਦਾ ਹੈ ਪਰ ਜੇਕਰ ਲੈਬ ਦੇ ਮੈਡੀਕਲ ਮਾਮਲਿਆਂ ਦੇ ਨਿਰਦੇਸ਼ਕ ਡਾ: ਗੌਤਮ ਵਾਨਖੇੜੇ ਦੀ ਗੱਲ ਮੰਨੀਏ ਤਾਂ ਇਸ ਵਿਚ ਸਭ ਤੋਂ ਵੱਡਾ ਯੋਗਦਾਨ ਲੈਬ ਦੀ ਖੋਜ ਤੇ ਵਿਕਾਸ ਮੁਖੀ ਵਾਇਰਾਲੋਜਿਸਟ ਮੀਨਲ ਦਖਾਵੇ ਭੌਸਲੇ ਦਾ ਹੈ। ਮੀਡੀਆ ਨਾਲ ਗੱਲ ਕਰਦਿਆਂ ਡਾ: ਗੌਤਮ ਵਾਨਖੇੜੇ ਨੇ ਉਨ੍ਹਾਂ ਦੇ ਜਿਸ ਮਿਸਾਲੀ ਹੌਸਲੇ ਵੱਲ ਇਸ਼ਾਰਾ ਕੀਤਾ ਹੈ, ਉਹ ਬੇਹੱਦ ਤਣਾਅ ਅਤੇ ਜ਼ੋਖ਼ਮ ਭਰੇ ਸਮੇਂ ਵਿਚ ਉਨ੍ਹਾਂ ਦਾ ਬਹੁਤ ਠਰ੍ਹੰਮੇ ਵਾਲੇ ਅਤੇ ਸਬਰ ਤੇ ਸੰਤੋਖੀ ਬਣੇ ਰਹਿਣਾ ਹੈ।
ਅਸੀਂ ਸਭ ਜਾਣਦੇ ਹਾਂ ਕਿ ਆਮ ਤੌਰ 'ਤੇ ਅਸੀਂ ਜਿਸ ਕਲਾ ਵਿਚ ਮਾਹਿਰ ਹੁੰਦੇ ਹਾਂ, ਉਸ ਨੂੰ ਵੀ ਤਣਾਅ ਅਤੇ ਬੇਹੱਦ ਦਬਾਅ ਦੇ ਛਿਣਾਂ ਵਿਚ ਓਨੀ ਕੁਸ਼ਲਤਾ ਨਾਲ ਅੰਜਾਮ ਨਹੀਂ ਦੇ ਸਕਦੇ। ਭਾਰਤ ਸਰਕਾਰ ਨੇ ਪੁਣੇ ਦੀ ਇਸ ਲੈਬ ਨੂੰ ਕੋਰੋਨਾ ਟੈਸਟਿੰਗ ਕਿੱਟ ਨੂੰ ਛੇਤੀ ਤੋਂ ਛੇਤੀ ਬਣਾਉਣ ਲਈ ਕਿਹਾ ਸੀ। ਉਦੋਂ ਇਸ ਲੈਬ 'ਤੇ ਕੁਝ ਦਬਾਅ ਆ ਗਿਆ ਸੀ। ਹਾਲਾਂਕਿ ਅਧਿਕਾਰਤ ਰੂਪ ਵਿਚ ਤਾਂ ਇਹ ਲੈਬ ਇਹ ਨਹੀਂ ਕਹਿੰਦੀ ਪਰ ਉਸ ਦੇ ਦੂਜੇ ਸੀਨੀਅਰ ਮਰਦ ਵਾਇਰਸ ਵਿਗਿਆਨੀ ਇਸ ਜ਼ਿੰਮੇਵਾਰੀ ਨੂੰ ਨਹੀਂ ਚੁੱਕ ਸਕਦੇ ਸਨ, ਪਰ ਲੈਬ ਇਹ ਮੰਨਦੀ ਹੈ, ਇਸ ਮੌਕੇ 'ਤੇ ਆਰ. ਐਂਡ ਡੀ. ਹੈੱਡ ਵਾਇਰਸ ਵਿਗਿਆਨੀ ਮੀਨਲ ਦਖਾਵੇ ਭੌਸਲੇ ਨੂੰ ਇਹ ਜ਼ਿੰਮੇਵਾਰੀ ਸੌਂਪੇ ਜਾਣ ਪਿੱਛੇ ਉਨ੍ਹਾਂ ਵਿਚਲਾ ਤਣਾਅ ਦੇ ਸਮੇਂ ਵਿਚ ਵੀ ਬਹੁਤ ਸੰਜਮੀ ਬਣੇ ਰਹਿਣ ਵਾਲਾ ਔਰਤ ਦਾ ਸੁਭਾਅ ਵੀ ਸੀ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਮਾਲੀਕਿਊਲਰ ਡਾਇਗਨੋਸਟਿਕ ਕੰਪਨੀ ਮਾਈ ਲੈਬ ਨੂੰ ਐਚ.ਆਈ.ਵੀ., ਹੈਪੇਟਾਈਟਿਸ-ਬੀ ਅਤੇ ਸੀ ਸਮੇਤ ਕਈ ਦੂਜੀਆਂ ਬਿਮਾਰੀਆਂ ਲਈ ਟੈਸਟਿੰਗ ਕਿੱਟ ਬਣਾਉਣ ਦਾ ਕਾਫੀ ਤਜਰਬਾ ਹੈ। ਫਿਰ ਵੀ ਕੋਵਿਡ-19 ਟੈਸਟ ਕਿੱਟ ਸਮੇਂ ਤੋਂ ਕਾਫੀ ਪਹਿਲਾਂ ਬਣਾਉਣਾ ਉਸ ਲਈ ਇਕ ਬਹੁਤ ਵੱਡੀ ਚੁਣੌਤੀ ਸੀ, ਜਿਸ ਕਾਰਨ ਕਿਸੇ ਵੱਡੇ ਤੋਂ ਵੱਡੇ ਅਤੇ ਤਜਰੇਬਕਾਰ ਮਾਹਿਰ ਦਾ ਦਬਾਅ ਵਿਚ ਆ ਜਾਣਾ ਸੁਭਾਵਿਕ ਸੀ ਪਰ ਸਾਨੂੰ ਹਿੰਦੁਸਤਾਨੀਆਂ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਵੀ ਮੀਨਲ ਦਖਾਵੇ ਭੌਸਲੇ ਨੂੰ ਸਲੂਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਨਾ ਸਿਰਫ਼ ਮਿੱਥੇ ਸਮੇਂ ਤੋਂ ਇਕ ਤਿਹਾਈ ਸਮੇਂ ਵਿਚ ਹੀ ਇਹ ਕਿੱਟ ਤਿਆਰ ਕਰ ਦਿੱਤੀ, ਬਲਕਿ ਉਸ ਤੋਂ ਪਹਿਲਾਂ ਤੋਂ ਹੀ ਲਾਈਆਂ ਗਈਆਂ ਸਾਰੀਆਂ ਉਮੀਦਾਂ ਤੋਂ ਬਿਹਤਰ ਵੀ ਤਿਆਰ ਕੀਤਾ। ਉਨ੍ਹਾਂ ਦੀ ਇਹ ਸਫ਼ਲਤਾ ਉਦੋਂ ਹੋਰ ਵੀ ਜ਼ਿਆਦਾ ਹੌਸਲੇ ਵਾਲੀ ਅਤੇ ਧੀਰਜ ਦੀ ਨਿਸ਼ਾਨੀ ਬਣ ਜਾਂਦੀ ਹੈ, ਜਦੋਂ ਅਸੀਂ ਇਹ ਜਾਣਦੇ ਹਾਂ ਕਿ ਜਿਨ੍ਹਾਂ ਦਿਨਾਂ ਵਿਚ ਉਹ ਇਸ ਪ੍ਰੋਜੈਕਟ 'ਤੇ ਦਿਨ-ਰਾਤ ਕੰਮ ਕਰ ਰਹੀ ਸੀ, ਉਨ੍ਹਾਂ ਦਿਨਾਂ ਵਿਚ ਉਹ ਨੌਵੇਂ ਮਹੀਨੇ ਦੀ ਗਰਭ ਅਵਸਥਾ ਵਿਚੋਂ ਵੀ ਗੁਜ਼ਰ ਰਹੀ ਸੀ। ਉਸ ਨੇ ਸਮੇਂ ਦੇ ਕਿਨ੍ਹਾਂ ਦਬਾਵਾਂ ਵਿਚ ਇਸ ਟੀਚੇ ਨੂੰ ਪੂਰਾ ਕੀਤਾ ਹੋਵੇਗਾ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਦਿਨ 18 ਮਾਰਚ, 2020 ਉਨ੍ਹਾਂ ਦੀ ਅਗਵਾਈ ਵਿਚ ਤਿਆਰ ਹੋਈ ਇਸ ਕਿੱਟ ਨੂੰ ਪਹਿਲਾਂ ਨੈਸ਼ਨਲ ਇੰਸਚੀਟਿਊਟ ਆਫ਼ ਵਾਇਰੋਲੋਜੀ (ਐਨ.ਆਈ.ਵੀ.) ਨੂੰ ਸੌਂਪਿਆ ਗਿਆ ਅਤੇ ਉਥੋਂ ਪਾਸ ਹੋਣ ਤੋਂ ਬਾਅਦ ਉਸੇ ਸ਼ਾਮ ਇਸ ਨੂੰ ਭਾਰਤ ਸਰਕਾਰ ਦੇ ਫੂਡ ਐਂਡ ਡਰੱਗ ਕੰਟਰੋਲ ਅਥਾਰਟੀ ਕੋਲ ਵਪਾਰਕ ਪੈਦਾਵਾਰ ਦੀ ਆਗਿਆ ਲਈ ਭੇਜਿਆ ਗਿਆ। ਇਨ੍ਹਾਂ ਆਖਰੀ ਜ਼ਿੰਮੇਵਾਰੀਆਂ ਨੂੰ ਖਤਮ ਕਰ ਕੇ ਹੀ ਉਹ ਹਸਪਤਾਲ ਗਈ ਅਤੇ ਇਕ ਬੇਟੀ ਨੂੰ ਜਨਮ ਦਿੱਤਾ ਹੈ।
ਕਹਿਣ ਦਾ ਮਤਲਬ ਇਹ ਹੈ ਕਿ 'ਲੇਬਰ ਪੇਨ' ਤੋਂ ਪਹਿਲਾਂ ਤੱਕ ਉਹ ਆਪਣੀ ਡਿਊਟੀ 'ਤੇ ਹਾਜ਼ਰ ਰਹੀ। ਇਹ ਡਿਊਟੀ ਕੋਈ ਸਾਧਾਰਨ ਡਿਊਟੀ ਨਹੀਂ ਸੀ, ਬਲਕਿ ਆਪਣੀ ਆਮ ਸਮਰੱਥਾ ਤੋਂ ਕਈ ਗੁਣਾ ਵਧੇਰੇ ਮਿਹਨਤ ਕਰਨ ਅਤੇ ਹੌਸਲਾ ਦਿਖਾਉਣ ਵਾਲੀ ਡਿਊਟੀ ਸੀ ਕਿਉਂਕਿ ਨਾ ਸਿਰਫ਼ ਉਸ ਦੀ ਅਗਵਾਈ ਵਾਲੀ 10 ਵਿਅਕਤੀਆਂ ਦੀ ਟੀਮ ਦੀ ਪੂਰੀ ਸਾਖ਼ ਅਤੇ ਮਿਹਨਤ ਇਸ ਪ੍ਰਾਜੈਕਟ ਦੀ ਸਫਲਤਾ 'ਤੇ ਟਿਕੀ ਹੋਈ ਸੀ, ਬਲਕਿ ਪੂਰੇ ਦੇਸ਼ ਅਤੇ ਦੁਨੀਆ ਦੀ ਆਰਥਿਕ ਸੀਮਾ ਵਿਚ ਰਹਿ ਕੇ ਕੋਰੋਨਾ ਨਾਲ ਜੰਗ ਲੜਨ ਦੀਆਂ ਉਮੀਦਾਂ ਦਾ ਭਵਿੱਖ ਵੀ ਇਸੇ 'ਤੇ ਟਿਕਿਆ ਹੋਇਆ ਸੀ। ਧਿਆਨ ਦੇਣਯੋਗ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਜੋ ਕੋਰੋਨਾ ਵਾਇਰਸ ਦੀਆਂ ਟੈਸਟਿੰਗ ਕਿੱਟਾਂ ਵਿਸ਼ਵ ਵਿਚ ਮੌਜੂਦ ਸਨ, ਉਹ ਘੱਟ ਤੋਂ ਘੱਟ 4500 ਰੁਪਏ ਦੀ ਕੀਮਤ ਵਾਲੀਆਂ ਸਨ ਅਤੇ ਉਨ੍ਹਾਂ ਦੀ ਕਿੱਟ ਦੇ ਕੀਤੇ ਗਏ ਟੈਸਟ ਦਾ ਨਤੀਜਾ ਘੱਟ ਤੋਂ ਘੱਟ 6-7 ਘੰਟੇ ਬਾਅਦ ਪ੍ਰਾਪਤ ਹੁੰਦਾ ਸੀ, ਜਦਕਿ ਮੀਨਲ ਦਖਾਵੇ ਭੌਸਲੇ ਦੀ ਅਗਵਾਈ ਵਿਚ ਤਿਆਰ ਹੋਈ ਪਹਿਲੀ ਟੈਸਟਿੰਗ ਕਿੱਟ 'ਪਾਥੋ ਡਿਟੈਕਟ' ਦੀ ਵੱਧ ਤੋਂ ਵੱਧ ਕੀਮਤ 1200 ਰੁਪਏ ਹੈ। ਜੋ ਕਿ ਦੁਨੀਆ ਦੀ ਸਭ ਤੋਂ ਸਸਤੀ ਕਿੱਟ ਹੈ। ਇਸ ਮਹਾਨ ਪ੍ਰਾਪਤੀ ਲਈ ਵਾਇਰਸ ਵਿਗਿਆਨੀ ਮੀਨਲ ਦਖਾਵੇ ਅਤੇ ਉਨ੍ਹਾਂ ਦੀ ਟੀਮ ਦੇ ਇਸ ਕਾਰਜ 'ਤੇ ਦੇਸ਼ ਨੂੰ ਬੜਾ ਮਾਣ ਹੈ।


-ਇਮੇਜ ਰਿਫਲੈਕਸ਼ਨ ਸੈਂਟਰ।

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ

ਖ਼ਲਨਾਇਕੀ ਤੋਂ ਕਾਮੇਡੀ ਤੱਕ : ਬੀ.ਐਨ. ਸ਼ਰਮਾ

ਕਾਮੇਡੀ ਇਕ ਕਠਿਨ ਕਲਾ ਹੈ ਅਤੇ ਇਸ ਨੂੰ ਸੁਭਾਵਿਕ ਢੰਗ ਨਾਲ ਪੇਸ਼ ਕਰਨਾ ਤਾਂ ਹੋਰ ਵੀ ਮੁਸ਼ਕਿਲ ਕੰਮ ਹੈ। ਪਰ ਬੀ.ਐਨ. ਸ਼ਰਮਾ ਦੀ ਪ੍ਰਸੰਸਾ ਕਰਨੀ ਪਵੇਗੀ ਕਿ ਉਸ ਨੇ ਆਪਣੀ ਅਨੋਖੀ ਅਦਾਕਾਰੀ ਦੇ ਨਾਲ ਪੰਜਾਬੀ ਸਿਨੇਮਾ ਦੇ ਖੇਤਰ 'ਚ ਕਈ ਦੁਰਲੱਭ ਕੀਰਤੀਮਾਨ ਕਾਇਮ ਕੀਤੇ ਹਨ। ਇਹ ਪਿਛੋਕੜ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਬਗੈਰ ਕਿਸੇ ਗਾਡਫਾਦਰ ਦੇ ਇਸ ਕਲਾਕਾਰ ਨੇ ਆਪਣੀ ਮਿਹਨਤ ਦੇ ਨਾਲ ਆਪਣਾ ਨਾਂਅ ਰੌਸ਼ਨ ਕੀਤਾ ਹੈ।
ਬੀ.ਐਨ. ਸ਼ਰਮਾ ਦਾ ਪਿਛੋਕੜ ਵੈਸੇ ਤਾਂ ਗੁਜਰਾਂਵਾਲਾ (ਪਾਕਿਸਤਾਨ) ਨਾਲ ਜੁੜਦਾ ਹੈ ਪਰ ਉਸ ਦਾ ਜਨਮ 23 ਅਗਸਤ, 1965 ਨੂੰ ਦਿੱਲੀ ਵਿਚ ਹੋਇਆ ਸੀ। ਅਦਾਕਾਰੀ ਉਸ ਦੇ ਖ਼ੂਨ 'ਚ ਸਮਾਈ ਹੋਈ ਸੀ। ਬੇਸ਼ੱਕ ਉਸ ਦੇ ਘਰ ਵਾਲੇ ਉਸ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ ਪਰ ਉਹ ਦਿੱਲੀ ਨੂੰ ਛੱਡ ਕੇ ਚੰਡੀਗੜ੍ਹ ਆ ਗਿਆ ਅਤੇ ਪੁਲਿਸ 'ਚ ਬਤੌਰ ਸਿਪਾਹੀ ਭਰਤੀ ਹੋ ਗਿਆ। ਇਥੋਂ ਹੀ ਉਹ ਥੀਏਟਰ ਦੇ ਨਾਲ ਇਕਮਿਕ ਹੋ ਗਿਆ ਸੀ।
ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਉਸ ਨੂੰ ਪਹਿਲੀ ਭੂਮਿਕਾ ਜਿਹੜੀ ਛੋਟੇ ਪਰਦੇ ਲਈ ਮਿਲੀ ਉਹ ਇਕ ਖਲਨਾਇਕੀ ਪ੍ਰਵਿਰਤੀਆਂ ਵਾਲੀ ਸੀ। 'ਜੇਬ ਕਤਰੇ' ਨਾਮਕ ਲੜੀਵਾਰ 'ਚ ਉਸ ਨੇ ਇਹ ਭੂਮਿਕਾ ਵੀ ਵਧੀਆ ਢੰਗ ਨਾਲ ਪੇਸ਼ ਕੀਤੀ ਸੀ। ਜਲੰਧਰ ਦੂਰਦਰਸ਼ਨ ਨੇ ਉਸ ਲਈ ਫ਼ਿਲਮਾਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਸਨ। ਲਿਹਾਜ਼ਾ ਉਸ ਵੇਲੇ ਦੇ ਜਲੰਧਰ ਦੂਰਦਰਸ਼ਨ ਨਾਲ ਜੁੜੇ ਹੋਏ ਨਿਰਦੇਸ਼ਕ ਹਰਜੀਤ ਨੇ ਉਸ ਨੂੰ ਕਾਫੀ ਹੱਦ ਤੱਕ ਉਤਸ਼ਾਹਿਤ ਕੀਤਾ ਸੀ। ਫ਼ਿਲਮ 'ਵਿਸਾਖੀ' ਤੋਂ ਹੀ ਬੀ.ਐਨ. ਸ਼ਰਮਾ ਦਾ ਫ਼ਿਲਮਾਂ 'ਚ ਸਹੀ ਪ੍ਰਵੇਸ਼ ਹੋਇਆ ਸੀ।
ਹਰਜੀਤ ਤੋਂ ਇਲਾਵਾ ਜਸਪਾਲ ਭੱਟੀ ਨੇ ਵੀ ਬੀ.ਐਨ. ਸ਼ਰਮਾ ਦੀ ਸਮੇਂ-ਸਮੇਂ ਸਿਰ ਮਦਦ ਕੀਤੀ ਸੀ। ਭੱਟੀ ਦੇ 'ਮਾਹੌਲ ਠੀਕ ਹੈ', 'ਉਲਟਾ-ਪੁਲਟਾ' ਅਤੇ 'ਫਲਾਪ ਸ਼ੋਅ' ਵਿਚ ਵੀ ਬੀ.ਐਨ. ਸ਼ਰਮਾ ਨੇ ਆਪਣੀ ਪਛਾਣ ਬਣਾਈ ਸੀ। ਦਿਲਚਸਪ ਗੱਲ ਇਹ ਵੀ ਹੈ ਕਿ 30 ਤੋਂ 40 ਫ਼ਿਲਮਾਂ ਤੱਕ ਕੰਮ ਕਰਦਿਆਂ ਹੋਇਆਂ ਵੀ ਉਸ ਨੇ ਸਿਪਾਹੀ ਵਾਲੀ ਨੌਕਰੀ ਨਹੀਂ ਛੱਡੀ ਸੀ।
ਇਸ ਵੇਲੇ ਸਥਿਤੀ ਇਹ ਹੈ ਕਿ ਉਸ ਦੀਆਂ ਫ਼ਿਲਮਾਂ ਸੈਂਚਰੀ ਮਾਰਨ ਦੇ ਨਜ਼ਦੀਕ ਹਨ। ਸ਼ਾਇਦ ਹੀ ਕੋਈ ਪੰਜਾਬੀ ਫ਼ਿਲਮ ਹੋਵੇ, ਜਿਸ 'ਚ ਉਸ ਦਾ ਚਿਹਰਾ ਨਜ਼ਰ ਨਾ ਆਏ। ਫਿਰ ਵੀ ਉਸ ਦੀਆਂ 'ਕੈਰੀ ਆਨ ਜੱਟਾ', 'ਯਾਰਾਂ ਦਾ ਕੈਚ ਅੱਪ', 'ਓ ਯਾਰਾ ਐਵੇਂ ਐਵੇਂ ਲੁਟ ਗਿਆ', 'ਜੱਟ ਅਤੇ ਜੂਲੀਅਟ' ਵਰਗੀਆਂ ਫ਼ਿਲਮਾਂ ਉਸ ਦੀ ਲਾਸਾਨੀ ਪ੍ਰਤਿਭਾ ਦਾ ਪ੍ਰਤੀਕ ਹਨ।
ਸਚਾਈ ਤਾਂ ਇਹ ਵੀ ਹੈ ਕਿ ਉਸ ਨੇ ਬਹੁਤ ਸਾਰੇ ਪਾਤਰਾਂ ਨੂੰ ਸਦੀਵੀ ਸਰੂਪ ਵੀ ਸੌਂਪਿਆ ਹੈ। ਇਨ੍ਹਾਂ 'ਚੋਂ 'ਸ਼ੈਂਪੀ ਦਾ ਡੈਡੀ' (ਜੱਟ ਐਂਡ ਜੂਲੀਅਟ) ਅਤੇ ਸਿਕੰਦਰ ਸਿੰਘ ਟਿਵਾਣਾ (ਕੈਰੀ ਆਨ ਜੱਟਾ) ਵਰਗੇ ਪਾਤਰ ਬੀ.ਐਨ. ਸ਼ਰਮਾ ਦੀ ਕਲਾ ਕਰਕੇ ਹੀ ਚਰਚਿਤ ਹੋਏ ਸਨ।
ਭਿੰਨ-ਭਿੰਨ ਤਰ੍ਹਾਂ ਦੇ ਮਜਾਹੀਆ ਪਾਤਰਾਂ ਨੂੰ ਪਰਦੇ 'ਤੇ ਪੇਸ਼ ਕਰਨ ਵਾਲਾ ਇਹ ਕਲਾਕਾਰ ਨਿੱਜੀ ਜ਼ਿੰਦਗੀ 'ਚ ਬੁਹਤ ਹੀ ਸੰਜੀਦਾ ਹੈ। ਸ਼ਾਇਦ ਉਸ ਨੇ ਚਾਰਲੀ ਚੈਪਲਿਨ ਤੋਂ ਸਿੱਖਿਆ ਲਈ ਹੈ, ਜਿਸ ਨੇ ਕਦੇ ਕਿਹਾ ਸੀ, 'ਲੋਕਾਂ ਨੂੰ ਹਸਾਉਣ ਲਈ, ਤੁਹਾਨੂੰ ਨਿੱਜੀ ਜ਼ਿੰਦਗੀ 'ਚ ਰੋਣਾ ਪੈਂਦਾ ਹੈ।'


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1975 ਵਿਚ ਜਦੋਂ ਸ੍ਰੀਨਗਰ ਕਸ਼ਮੀਰ ਵਿਖੇ ਵਿਸ਼ਵ ਪੰਜਾਬੀ ਕਾਨਫ਼ਰੰਸ ਹੋਈ ਸੀ, ਉਸ ਵਕਤ ਖਿੱਚੀ ਗਈ ਸੀ। ਉਸ ਵਕਤ ਡਾ: ਸਾਧੂ ਸਿੰਘ ਹਮਦਰਦ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸਨ। ਉਸ ਕਾਨਫ਼ਰੰਸ ਵਿਚ ਹਿੱਸਾ ਲੈਣ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਜਲੰਧਰ ਦੇ ਬਹੁਤ ਸਾਰੇ ਮੈਂਬਰ ਤੇ ਹੋਰ ਸਾਹਿਤਕਾਰ ਹਮਦਰਦ ਜੀ ਨਾਲ ਸ੍ਰੀਨਗਰ ਕਸ਼ਮੀਰ ਗਏ ਸਨ। ਇਹ ਤਸਵੀਰ ਉਸ ਵਕਤ ਖਿੱਚੀ ਗਈ ਸੀ।


-ਮੋਬਾਈਲ : 98767-41231

ਵਿਸ਼ਵ ਸ਼ਾਂਤੀ ਲਈ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਕੋਫੀ ਅੰਨਾਨ

ਅਫਰੀਕੀ ਮੂਲ ਦੇ ਕੋਫੀ ਅੰਨਾਨ ਦੀਆਂ ਸੰਯੁਕਤ ਰਾਸ਼ਟਰ ਦੀਆਂ ਸੇਵਾਵਾਂ ਨੂੰ ਇਸ ਕਰਕੇ ਵੀ ਵਡਿਆਇਆ ਜਾਂਦਾ ਰਹੇਗਾ ਕਿ ਉਨ੍ਹਾਂ ਨੇ ਇਹ ਮਸ਼ਵਰਾ ਬਾ-ਦਲੀਲ ਦਿੱਤਾ ਸੀ ਕਿ ਯੂਰਪ ਲਗਭਗ ਭ੍ਰਿਸ਼ਟਾਚਾਰ ਮੁਕਤ ਹੈ। ਜੇ ਦੁਨੀਆ ਦੇ ਬਾਕੀ ਦੇਸ਼ ਵੀ ਭ੍ਰਿਸ਼ਟਾਚਾਰ ਨੂੰ ਤਰਜੀਹੀ ਤੌਰ 'ਤੇ ਖ਼ਤਮ ਕਰਨ ਦਾ ਯਤਨ ਕਰਨ ਤਾਂ ਵਿਸ਼ਵ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੋ ਜਾਵੇਗਾ ਤੇ ਹਰ ਦੇਸ਼ ਸਮੂਹਿਕ ਵਿਕਾਸ ਅਤੇ ਸਮਾਜਿਕ ਬਰਾਬਰੀ ਵਿਚ ਅੱਗੇ ਵਧ ਸਕਦਾ ਹੈ। ਅਜਿਹੀਆਂ ਕੋਸ਼ਿਸ਼ਾਂ ਨੂੰ ਕੋਫੀ ਅੰਨਾਨ ਨੇ ਆਪਣੇ ਸੇਵਾ ਕਾਲ ਦੌਰਾਨ ਅਮਲ ਵਿਚ ਲਿਆਉਣ ਲਈ ਯਤਨ ਵੀ ਕੀਤੇ। ਸੰਯੁਕਤ ਰਾਸ਼ਟਰ ਸੰਘ ਦੇ ਸੱਤਵੇਂ ਸਕੱਤਰ ਜਨਰਲ ਕੋਫੀ ਅੰਨਾਨ ਨੇ 1997 ਤੋਂ 2006 ਤੱਕ ਸੇਵਾ ਨਿਭਾਈ। ਉਹ ਲਗਭਗ ਨਿਰਵਿਰੋਧ ਸਤਿਕਾਰਿਆ ਜਾਣ ਵਾਲਾ ਇਕ ਵਧੀਆ ਪ੍ਰਸ਼ਾਸਕ ਵੀ ਮੰਨਿਆ ਗਿਆ ਸੀ।
ਕੋਫੀ ਅੰਨਾਨ ਨੇ ਕੁਮਾਸੀ ਘਾਨਾ ਵਿਚ ਵਿਗਿਆਨ ਅਤੇ ਤਕਨਾਲੋਜੀ ਵਿਚ ਪੜ੍ਹਾਈ ਕੀਤੀ ਅਤੇ 1961 ਵਿਚ ਸੇਂਟ ਪੌਲ ਮੈਕਾਲੈਸਟਰ ਕਾਲਜ ਤੋਂ ਅਰਥ ਸ਼ਾਸਤਰ ਵਿਚ ਅੰਡਰ ਗਰੈਜੂਏਟ ਦੀ ਸਿੱਖਿਆ ਮੁਕੰਮਲ ਕੀਤੀ। 1961-62 ਵਿਚ ਅੰਤਰਰਾਸ਼ਟਰੀ ਮਾਮਲਿਆਂ ਦੇ ਇੰਸਟੀਚਿਊਟ ਤੋਂ ਗਰੈਜੂਏਸ਼ਨ ਕਰਨ ਉਪਰੰਤ 1972 ਵਿਚ ਮੈਸਾਚੁਸੈਟਸ ਇੰਸਟੀਚਿਊਟ ਆਫ ਤਕਨਾਲੋਜੀ ਦੇ ਸਲੋਨ ਸਕੂਲ ਤੋਂ ਮੈਨੇਜਮੈਂਟ ਵਿਚ ਸਾਇੰਸ ਦੀ ਡਿਗਰੀ ਹਾਸਲ ਕੀਤੀ।
79 ਸਾਲਾ ਕੋਫੀ ਅੰਨਾਨ 8 ਅਪ੍ਰੈਲ 1938 ਨੂੰ ਘਾਨਾ ਜਿਸ ਦਾ ਪਹਿਲਾ ਨਾਂਅ ਕੁਮਸੀ ਗੋਲਡ ਕੋਸਟ ਸੀ, ਵਿਚ ਇਕ ਸਾਧਾਰਨ ਪਰਿਵਾਰ ਵਿਚ ਜਨਮਿਆ ਪਰ ਜੋ ਉਸ ਨੇ ਵਿਸ਼ਵ ਲਈ ਕੀਤਾ ਦੁਨੀਆ ਵਿਚ ਉਸ ਦੀ ਵਡਿਆਈ ਹੁੰਦੀ ਹੀ ਰਹੇਗੀ। ਸਕੱਤਰ ਜਨਰਲ ਦਾ ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਨੇ ਵਿਸ਼ਵ ਸ਼ਾਂਤੀ ਸਥਾਪਨਾ ਲਈ ਸ਼ੁਰੂ ਕੀਤੇ ਯਤਨਾਂ ਨੂੰ ਹੋਰ ਅਸਰਦਾਰ ਬਣਾਉਣ ਲਈ ਸਮੂਹ ਦੇਸ਼ਾਂ ਨੂੰ ਨਾਲ ਤੋਰਨ ਦੀ ਸਮਰੱਥਾ ਨਾਲ ਇਸ ਰੁਤਬੇ ਦੀ ਮਾਣ ਮਰਿਆਦਾ ਨੂੰ ਹੋਰ ਵੱਡਾ ਕਰ ਦਿੱਤਾ ਸੀ। 2005 ਵਿਚ ਉਸ ਨੇ ਦੋ ਹੋਰ ਨਵੀਆਂ ਅੰਤਰ-ਸਰਕਾਰੀ ਸੰਸਥਾਵਾਂ ਪੀਸ ਬਿਲਡਿੰਗ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕੌਂਸਲ ਸਥਾਪਿਤ ਕੀਤੀਆਂ। ਕੋਫੀ ਅੰਨਾਨ ਦੇ ਕਾਰਜਕਾਲ ਦੌਰਾਨ ਹੋਰ ਵੀ ਜ਼ਿਕਰਯੋਗ ਕੂਟਨੀਤਕ ਨੀਤੀਆਂ ਬਣਦੀਆਂ ਰਹੀਆਂ। 1988 ਵਿਚ ਉਨ੍ਹਾਂ ਨੇ ਨਾਈਜ਼ੀਰੀਆ ਵਿਚ ਨਾਗਰਿਕ ਸਾਸ਼ਨ ਵਿਚ ਤਬਦੀਲੀ ਨੂੰ ਸੌਖਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸੇ ਸਾਲ ਹੀ ਹਥਿਆਰਾਂ ਦੇ ਨਿਰੀਖਣ ਅਤੇ ਹੋਰ ਮਾਮਲਿਆਂ ਵਿਚ ਸ਼ਾਮਿਲ ਮੁੱਦਿਆਂ ਦੇ ਅਮਲ ਨੂੰ ਧਿਆਨ ਵਿਚ ਰੱਖਦਿਆਂ ਨਾਈਜ਼ੀਰੀਆ ਅਤੇ ਸੁਰੱਖਿਆ ਕੌਂਸਲ ਦਰਮਿਆਨ ਅੜਿੱਕਾ ਸੁਲਝਾਉਣ ਦੀ ਕੋਸ਼ਿਸ਼ ਵਿਚ ਇਰਾਕ ਜਾ ਕੇ ਮਹੌਲ ਨੂੰ ਸਾਜ਼ਗਾਰ ਬਣਾਉਣ ਲਈ ਇਕ ਅਹਿਮ ਕੜੀ ਦਾ ਕੰਮ ਕੀਤਾ ਤਾਂ ਜੋ ਤਣਾਓ ਅਤੇ ਦੁਸ਼ਮਣੀ ਨੂੰ ਘਟਾਇਆ ਜਾ ਸਕੇ।
ਕੋਫੀ ਅੰਨਾਨ ਨੇ ਆਪਣੀਆਂ ਯੋਗਤਾਵਾਂ ਅਤੇ ਪ੍ਰਬੰਧਕੀ ਜ਼ੁੰਮੇਵਾਰੀਆਂ ਨਿਭਾਉਂਦਿਆਂ ਪਹਿਲਾ ਸਨਮਾਨ ਲੋਕਾਂ ਦੇ ਦਿਲਾਂ ਵਿਚ ਵਸਣ ਦਾ ਲਿਆ ਸੀ। ਪਰ 2001 ਵਿਚ ਉਸ ਨੂੰ ਵਿਸ਼ਵ ਸ਼ਾਂਤੀ ਦੇ ਯਤਨਾਂ ਲਈ ਨੋਬਲ ਪੁਰਸਕਾਰ ਵੀ ਦਿੱਤਾ ਗਿਆ। ਅਸਲ ਵਿਚ ਇਸ ਮਾਣ ਸਨਮਾਨ ਦੇ ਯੋਗ ਬਣਨ ਲਈ ਉਸ ਦਾ ਸੰਯੁਕਤ ਰਾਸ਼ਟਰ ਵਿਚਲਾ ਪ੍ਰਬੰਧ ਹੀ ਮੁੱਖ ਸੀ। ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਹੋਰ ਵੀ ਅਨੇਕਾਂ ਮਾਣ ਸਨਮਾਨ ਮਿਲਦੇ ਰਹੇ। ਨੈਨੇ ਲੈਗਰਗਰੈਨ ਉਸਦੀ ਦੂਜੀ ਪਤਨੀ ਹੈ ਜਦ ਕਿ ਤਿੰਨ ਬੱਚਿਆਂ ਕੋਜੋ, ਅਮਾ ਅਤੇ ਨਿਨਾ ਦਾ ਸਫਲ ਬਾਪ ਅਤੇ ਵਿਸ਼ਵ ਦਾ ਇਕ ਹਰਮਨ-ਪਿਆਰਾ ਪ੍ਰਬੰਧਕ ਸੀ। ਕਮਾਲ ਇਹ ਹੈ ਕਿ 1974 ਤੋਂ 1976 ਤੱਕ ਉਸ ਨੇ ਘਾਨਾ ਦੇ ਸੈਰ-ਸਪਾਟਾ ਵਿਭਾਗ ਵਿਚ ਡਾਇਰੈਕਟਰ ਵਜੋਂ ਸੇਵਾ ਨਿਭਾਈ, 1987 ਤੋਂ 1996 ਮਨੁੱਖ ਸ੍ਰੋਤ ਪ੍ਰਬੰਧ ਵਿਭਾਗ ਵਿਚ ਕੋਆਰਡੀਨੇਟਰ ਤੇ 1994-1995 ਵਿਚ ਅੰਡਰ ਸੈਕਰੇਟਰੀ ਜਨਰਲ ਅਤੇ 1996 ਵਿਚ ਪੰਜ ਮਹੀਨਿਆਂ ਲਈ ਯੂਗੋਸਲਾਵੀਆ ਵਿਚ ਸੈਕਟਰੀ ਜਨਰਲ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਚ ਸਕੱਤਰ ਜਨਰਲ ਬਣਨ ਵਾਲੇ ਕੋਫੀ ਅੰਨਾਨ ਦੁਨੀਆਂ ਦੇ ਅੰਤਰਰਾਸ਼ਟਰੀ ਹਾਲਾਤ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਵਸੇ ਰਹਿਣਗੇ। ਵਿਸ਼ਵ ਨੂੰ ਬਿਹਤਰੀਨ ਸੇਵਾਵਾਂ ਦੇਣ ਵਾਲੇ ਕੋਫੀ ਅੰਨਾਨ 18 ਅਗਸਤ 2018 ਨੂੰ ਸਾਡੇ ਤੋਂ ਹਮੇਸ਼ਾ ਲਈ ਵਿੱਛੜ ਗਏ।


Email: ashokbhaura@gmail.com

ਪੱਤਰਾ-ਪੱਤਰਾ ਖੋਜ ਦਾ ਬਣਿਆ ਇਕ ਕਿਤਾਬ...

ਇਕ ਵਿਲੱਖਣ ਸ਼ਖ਼ਸੀਅਤ ਅੰਤਰਰਾਸ਼ਟਰੀ ਪੱਤਰਕਾਰ, ਨਰਪਾਲ ਸਿੰਘ ਸ਼ੇਰਗਿੱਲ ਨੇ ਪੰਜਾਬੀਆਂ ਨੂੰ ਆਪਣੀਆਂ ਲਿਖਤਾਂ ਅਤੇ ਖੋਜਾਂ ਵਿਚ ਉਹ ਕੁਝ ਦਿੱਤਾ ਹੈ, ਜੋ ਸ਼ਾਇਦ ਬਹੁਤ ਘੱਟ ਲੇਖਕਾਂ, ਪੱਤਰਕਾਰਾਂ, ਖੋਜੀ ਪੱਤਰਕਾਰਾਂ ਦੇ ਹਿੱਸੇ ਆਇਆ ਹੈ। ਪੰਜਾਬੀ ਸੱਭਿਆਚਾਰ ਦੇ 550 ਸਾਲਾਂ ਦੀਆਂ ਪੱਤਰੀਆਂ ਖੋਲ੍ਹਦਿਆਂ ਉਸ 'ਪੰਜਾਬੀ ਹੈਰੀਟੇਜ ਆਫ 550 ਈਅਰਜ਼' ਆਪਣੀ ਲਗਪਗ ਸਾਲਾਨਾ ਲਿਖੀ ਜਾ ਰਹੀ ਖੋਜ ਪੁਸਤਕ ਦਾ 22ਵਾਂ ਅੰਕ ਇੰਡੀਅਨਜ਼ ਐਬਰੋਡ 2020 (ਹੈਰੀਟੇਜ ਐਡੀਸ਼ਨ) ਲੋਕ ਅਰਪਿਤ ਕੀਤਾ ਹੈ, ਜਿਸ ਦਾ ਅੰਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬੀ.ਐਸ. ਘੁੰਮਣ ਨੇ ਜਾਰੀ ਕੀਤਾ ਸੀ।
ਇਸ ਅੰਕ ਵਿਚ ਬਹੁਤ ਕੁਝ ਹੈ। ਆਉ ਆਪਾਂ ਇਕ ਝਾਤੀ ਮਾਰਦੇ ਹਾਂ-
* ਰੰਗਦਾਰ 388 ਸਫ਼ਿਆਂ ਦੇ ਇਸ ਵਡਮੁੱਲੇ ਅੰਕ ਵਿਚ 8 ਅੰਤਰਰਾਸ਼ਟਰੀ ਡਾਇਰੈਕਟਰੀਆਂ ਹਨ, ਜਿਨਾਂ ਵਿਚ 52 ਦੇਸ਼ਾਂ ਦੇ ਪੰਜਾਬੀਆਂ ਦੇ ਥਹੁ-ਪਤੇ ਹਨ ਜੋ ਵਿਦੇਸ਼ਾਂ 'ਚ ਨਿਵਾਸ ਕਰਦੇ ਹਨ ਅਤੇ ਲਗਭਗ 114 ਦੇਸ਼ਾਂ 'ਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਅਤੇ 150 ਕੌਂਸਲੇਟਾਂ ਅਤੇ ਦੇਸ਼ ਵਿਦੇਸ਼ਾਂ ਵਿਚ ਛਪਦੇ ਅਖਬਾਰਾਂ ਦਾ ਵੇਰਵਾ ਇਸ ਵਿਚ ਸ਼ਾਮਿਲ ਹੈ।
* ਸਿੱਖ ਜਗਤ ਦੀ ਏ ਟੂ ਜ਼ੈਡ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦੇ ਬਾਰੇ ਖੋਜ ਭਰਪੂਰ ਜਾਣਕਾਰੀ ਵੀ ਸ਼ਾਮਿਲ ਹੈ।
* ਵੱਖੋ-ਵੱਖਰੇ ਖੇਤਰਾਂ ਭਾਰਤੀ, ਪੰਜਾਬੀਆਂ, ਸਿੱਖਾਂ ਦੀਆਂ ਪ੍ਰਾਪਤੀਆਂ 'ਦੀ ਕਲਾਸ ਆਫ ਫਸਟਜ਼' ਵਿਚ ਸ਼ਾਮਿਲ ਹਨ।
* ਭਾਰਤੀ ਕਲਾ ਅਤੇ ਚਿੱਤਰਕਾਰੀ, ਵਿਸ਼ਵ ਭਰ ਦੇ ਪੰਜਾਬੀ ਲੇਖਕ, ਵਿਸ਼ਵ ਪੰਜਾਬੀ ਕਬੱਡੀ, ਸਿੱਖਾਂ ਦੇ ਵਿਸ਼ਵ ਭਰ 'ਚ ਸਬੰਧਾਂ ਦੇ ਪਸਾਰ ਅਤੇ 114 ਸਾਲਾਂ 'ਚ ਵਿਸ਼ਵ ਭਰ 'ਚ ਸਿੱਖ ਵਿਰੋਧੀ ਸੰਪਰਦਾਇਕ ਵਿਤਕਰਿਆਂ ਦੀ ਦਾਸਤਾਨ ਦੇ ਖੋਜ ਭਰਪੂਰ ਲੇਖ ਅਤੇ ਸਪਲੀਮੈਂਟ ਇਸ ਪੁਸਤਕ ਦਾ ਸ਼ਿੰਗਾਰ ਹਨ।
ਇਸ ਆਪਣੀ ਕਿਸਮ ਦੀ ਪੁਸਤਕ ਵਿਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਲੇਖਕਾਂ ਅਤੇ ਪੱਤਰਕਾਰਾਂ, ਵਿਦੇਸ਼ ਵਸਦੇ ਲੇਖਕਾਂ, ਪੱਤਰਕਾਰਾਂ ਜਿਨ੍ਹਾਂ ਵਿਚ ਗੁਰਮੀਤ ਸਿੰਘ ਪਲਾਹੀ, ਉਜਾਗਰ ਸਿੰਘ, ਅਵਤਾਰ ਸਿੰਘ, ਸੰਤੋਖ ਲਾਲ ਵਿਰਦੀ, ਡਾ: ਸੁਜਿੰਦਰ ਸਿੰਘ ਸੰਘਾ ਯੂ.ਕੇ., ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ ਯੂ.ਕੇ., ਭੁਪਿੰਦਰ ਸਿੰਘ ਹਾਲੈਂਡ, ਐਸ. ਬਲਵੰਤ ਯੂ.ਕੇ., ਬਲਵਿੰਦਰ ਸਿੰਘ ਚਾਹਲ ਯੂ.ਕੇ., ਸੰਤੋਖ ਸਿੰਘ ਭੁੱਲਰ ਯੂ.ਕੇ., ਸਿਰਮਜੀਤ ਸਿੰਘ ਕੰਗ, ਪ੍ਰੋ: ਹਰਬੰਸ ਸਿੰਘ ਬੋਲੀਨਾ, ਪ੍ਰੋ: ਰਣਜੀਤ ਸਿੰਘ ਧਨੋਆ, ਡਾ: ਪਰਮਜੀਤ ਸਿੰਘ ਮਾਨਸਾ, ਡਾ: ਤਾਰਾ ਸਿੰਘ ਆਲਮ ਯੂ.ਕੇ., ਜਰਨੈਲ ਸਿੰਘ ਆਰਟਿਸਟ ਕੈਨੇਡਾ, ਜਗਮੋਹਨ ਸਿੰਘ ਗਿੱਲ ਕਲਕੱਤਾ, ਜਸਵਿੰਦਰ ਸਿੰਘ ਦਾਖਾ, ਸਾਬਕਾ ਡਿਪਟੀ ਕਮਿਸ਼ਨਰ ਜੀ. ਕੇ. ਸਿੰਘ, ਹਰਪ੍ਰੀਤ ਔਲਖ ਅਤੇ ਸੰਪਾਦਕ ਨਰਪਾਲ ਸਿੰਘ ਸ਼ੇਰਗਿੱਲ ਅਤੇ ਹੋਰਨਾਂ ਦੇ ਖੋਜ ਭਰਪੂਰ ਅਤੇ ਅਮੀਰ ਪੰਜਾਬੀ ਵਿਰਸੇ 'ਚ ਵਾਧਾ ਕਰਨ ਵਾਲੇ ਵੱਖੋ-ਵੱਖਰੇ ਵਿਸ਼ਿਆਂ 'ਤੇ ਲੇਖ ਸ਼ਾਮਿਲ ਕੀਤੇ ਗਏ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਹ ਪੁਸਤਕ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਵਿਚ ਆਪ ਜਾ ਕੇ, ਨਿੱਜੀ ਜਾਣਕਾਰੀ ਲੈ ਕੇ, ਉਨ੍ਹਾਂ ਥਾਵਾਂ, ਗੁਰਦੁਆਰਿਆਂ ਦਾ ਇਤਿਹਾਸ ਫਰੋਲ ਕੇ, ਮਾਣ-ਮੱਤੀਆਂ ਉਨ੍ਹਾਂ ਪੰਜਾਬੀ ਭਾਰਤੀ ਸਖ਼ਸ਼ੀਅਤਾਂ ਨਾਲ ਮਿਲ ਬੈਠ ਕੇ ਤਿਆਰ ਕੀਤੀ ਗਈ ਹੈ। ਇਹ ਕਾਰਜ ਬਹੁਤ ਹੀ ਸੂਰਮਤਾਈ ਦਾ ਪਵਿੱਤਰ ਕਾਰਜ ਸੀ। ਵਿਸ਼ਵ ਪੱਧਰ ਦੇ ਲੇਖਕਾਂ, ਪੱਤਰਕਾਰਾਂ, ਸੱਭਿਆਚਾਰਕ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨੇ ਉਨ੍ਹਾਂ ਦੇ ਕੰਮ ਦੀ ਸਦਾ ਕਦਰ ਕੀਤੀ ਹੈ।
ਸਾਲ 1982 ਵਿਚ ਦਿੱਲੀ ਵਿਚ ਹੋਈ ਕਾਮਨਵੈਲਥ ਕਾਨਫ਼ਰੰਸ ਵਿਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਉਨਾਂ ਦੀਆਂ ਅੰਤਰਰਾਸ਼ਟਰੀ ਪੱਤਰਕਾਰੀ ਦੀਆਂ ਵਿਲੱਖਣ ਪ੍ਰਾਪਤੀਆਂ ਕਾਰਨ ਉਨ੍ਹਾਂ ਨੂੰ ਸਨਮਾਨਿਆ ਸੀ। 25 ਸਤੰਬਰ 1995 ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਉਨ੍ਹਾਂ ਨੂੰ ਸਿੱਖ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦੀ ਪਹਿਲੀ ਅੰਤਰਰਾਸ਼ਟਰੀ ਡਾਇਰੈਕਟਰੀ ਛਾਪਣ ਲਈ ਸਨਮਾਨਿਆ।
ਨਰਪਾਲ ਸਿੰਘ ਸ਼ੇਰਗਿੱਲ ਦੀਆਂ ਇਨ੍ਹਾਂ ਪ੍ਰਾਪਤੀਆਂ ਉੱਤੇ ਪੰਜਾਬੀਆਂ ਨੂੰ ਮਾਣ ਹੈ, ਜਿਹੜੇ ਉਨ੍ਹਾਂ ਦੀਆਂ ਸੇਵਾਵਾਂ ਦੀ ਦਿਲੋਂ ਕਦਰ ਕਰਦੇ ਹਨ।
ਸ਼ਾਲਾ! ਸ਼ੇਰਗਿੱਲ ਭਵਿੱਖ ਵਿਚ ਇਸ ਤੋਂ ਵੀ ਵੱਡੀਆਂ ਪੁਲਾਘਾਂ ਪੁੱਟੇ। ਨਰਪਾਲ ਸਿੰਘ ਸ਼ੇਰਗਿੱਲ ਆਪਣੇ ਸ਼ਬਦਾਂ ਵਿਚ 'ਪੱਤਰਾ-ਪੱਤਰਾ ਖੋਜ ਦਾ ਬਣਿਆ ਇਕ ਕਿਤਾਬ, ਵਿਸ਼ਵ 'ਤੇ ਵਸਦਾ ਵੇਖ ਲਓ ਇਹ ਮੇਰਾ ਪੰਜਾਬ' ਨੂੰ ਸਾਰਥਕ ਕਰਦਾ ਹੈ।


ਮੋਬਾਈਲ : 98158-02070.

ਕਿਰਤ ਕਲਾ ਸਮੇਤ ਅਲੋਪ ਹੋ ਰਹੇ ਵਿਰਾਸਤੀ ਖੇਤੀ ਸੰਦ ਸਾਧਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਣ੍ਹਾ, ਗੋਪੀਆ ਤੇ ਗੁਲੇਲ : ਸੱਠਵੇਂ ਦਹਾਕੇ ਦੀ ਸ਼ੁਰੂਆਤ 'ਚ ਮੱਕੀ ਦੀ ਬਿਜਾਈ ਬਹੁਤ ਹੁੰਦੀ ਸੀ। ਇਹ ਸਿਲਸਲਾ ਮੈਕਸੀਕਨ ਕਣਕ ਦੀ ਆਮਦ ਤੱਕ ਜਾਰੀ ਰਿਹਾ। ਫਿਰ ਹੌਲੀ-ਹੌਲੀ ਘਟਦਾ ਰਿਹਾ। ਅਸੀਂ ਮੱਕੀ ਦੀ ਰੋਟੀ ਤੇ ਸਿਆਲ ਵਿਚ ਚੌਲ ਖਾ-ਖਾ ਅੱਕ ਜਾਂਦੇ ਸੀ। ਕਣਕ ਦੀ ਰੋਟੀ , ਖੰਡ ਦੀ ਚਾਹ ਕਿਸੇ ਪ੍ਰਾਹੁਣੇ ਆਉਣ ਕਰਕੇ ਬਣਦੀ ਸੀ। ਅਵਾਰਾ ਜਾਨਵਰਾਂ ਤੋਂ ਮੱਕੀ ਦੇ ਖੇਤ ਦੀ ਰਾਖੀ ਲਈ ਪੈਲੀ ਵਿਚ ਉੱਚਾ ਮਣਾ ਬਣਾਇਆ ਜਾਂਦਾ ਸੀ। ਕਿਸਾਨ ਮਣ੍ਹੇ 'ਤੇ ਚੜ੍ਹ ਕੇ ਗੋਪੀਏ ਗੁਲੇਲ ਨਾਲ ਰੋੜੇ ਮਾਰ-ਮਾਰ ਪੰਛੀਆਂ ਅਤੇ ਜਾਨਵਰਾਂ ਨੂੰ ਭਜਾਉਂਦੇ ਸੀ। ਮਣ੍ਹਾ ਬਣਾਉਣ ਲਈ ਲੱਕੜ ਦੀਆਂ ਚਾਰ ਥੰਮ੍ਹੀਆਂ ਗੱਡ, ਉੇਨ੍ਹਾਂ ਉੱਤੇ ਚੌਰਸ ਬਲੀਆਂ ਨੂੰ ਕਸ ਕੇ ਬੰਨ੍ਹ ਦਿੱਤਾ ਜਾਂਦਾ ਸੀ। ਇਨ੍ਹਾਂ ਉਪਰ ਟਾਹਲੀ ਜਾਂ ਤੂਤ ਦੀਆਂ ਛਮਕਾਂ 'ਤੇ ਪਰਾਲੀ ਵਿਛਾ ਰੱਸੀਆਂ ਨਾਲ ਬੁਣ ਲਿਆ ਜਾਂਦਾ ਸੀ ਅਤੇ ਸਿਰ ਲੁਕਾਵੇ ਲਈ ਘਾਹ ਫੁਸ ਦੀ ਛੱਤ ਬਣਾ ਲਈ ਜਾਂਦੀ ਸੀ। ਇਸ ਤਰ੍ਹਾਂ ਮੱਕੀ ਦੇ ਖੇਤ ਦੀ ਰਾਖੀ ਲਈ 'ਮਣ੍ਹਾ' ਤਿਆਰ ਕਰ ਲਿਆ ਜਾਂਦਾ ਸੀ।
ਗੱਡਾ (ਬੈਲ ਗੱਡੀ) : ਇਨ੍ਹਾਂ ਖੇਤੀ ਨਾਲ ਸਬੰਧਿਤ ਸੰਦਾਂ ਦਾ ਜਿਥੇ ਆਪਣਾ ਮਹੱਤਵ ਹੈ ਉੱਥੇ ਗੱਡਾ ਕਿਸਾਨੀ ਦੀ ਜੀਵਨ ਰੇਖਾ ਰਿਹਾ ਹੈ। ਇੰਜਣ ਵਾਲੀ ਖੇਤੀ ਮਸ਼ੀਨਰੀ ਦੀ ਆਮਦ ਤੋਂ ਪਹਿਲਾਂ ਗੱਡਾ ਖੇਤਾਂ ਵਿਚੋਂ ਪਸ਼ੂਆਂ ਦਾ ਚਾਰਾ ਢੋਣ, ਅਨਾਜ ਮੰਡੀ ਪਹੁੰਚਾਉਣ, ਖੇਤਾਂ ਲਈ ਰੂੜੀ ਲੈ ਜਾਣ ਵਾਸਤੇ ਕੰਮ ਆਉਂਦਾ ਸੀ। ਗੱਡੇ ਉੱਤੇ ਖੇਤੀਬਾੜੀ ਦੀਆਂ ਵਸਤਾਂ ਅਤੇ ਹੋਰ ਸਾਜ਼ੋ-ਸਮਾਨ ਢੋਇਆ ਜਾਂਦਾ ਸੀ। ਇਸ ਤੋਂ ਇਲਾਵਾ ਗੱਡਾ ਆਵਾਜਾਈ ਦਾ ਪ੍ਰਮੁਖ ਸਾਧਨ ਵੀ ਹੁੰਦਾ ਸੀ। ਪੁਰਾਣੇ ਲੋਕ ਵਿਆਹ-ਸ਼ਾਦੀਆਂ ਅਤੇ ਮੇਲੇ ਆਦਿ ਜਾਣ ਲਈ ਗੱਡੇ ਦੀ ਵਰਤੋਂ ਕਰਦੇ ਸਨ। ਸੰਤਾਲੀ ਦੀ ਵੰਡ ਵਾਰੇ ਸਮੇਂ ਉਜਾੜੇ ਦੇ ਬਹੁਤੇ ਪੀੜ੍ਹਤ ਲੱਖਾਂ ਪੰਜਾਬੀ ਇਧਰੋਂ ਉਧਰ ਅਤੇ ਉਧਰੋਂ ਇਧਰ ਗੱਡਿਆਂ 'ਤੇ ਹੀ ਆਏ ਸਨ।
ਉਨ੍ਹਾਂ ਸਮਿਆਂ ਵਿਚ ਮਹਿੰਗਾ ਹੋਣ ਕਰਕੇ ਗੱਡਾ ਹਰੇਕ ਕਿਸਾਨ ਕੋਲ ਨਹੀਂ ਸੀ ਹੁੰਦਾ ਪਰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਣ ਕਰਕੇ ਗੱਡਾ ਅਤੇ ਹੋਰ ਖੇਤੀ ਸੰਦ ਮੰਗ ਕੇ ਬੁੱਤਾ ਸਾਰ ਲਿਆ ਜਾਂਦਾ ਸੀ। ਮਿਸਤਰੀ ਗੱਡੇ ਦੀ ਮਜ਼ਬੂਤੀ ਲਈ ਕਾਲੀ ਟਾਹਲੀ ਜਾਂ ਕਿੱਕਰ ਦੀ ਲੱਕੜ ਦੀ ਵਰਤੋਂ ਕਰਦੇ ਸਨ। ਗੱਡੇ ਦੇ ਜੂਲੇ ਤੋਂ ਵਿੱਢ, ਪਿੰਜਣੀਆਂ, ਸੁੰਗਨੀ ਤੱਕ ਪਿੱਤਲ ਦੀ ਮੀਨਾਕਾਰੀ ਅਤੇ ਧੁਰੇ ਵਿਚ ਚਲਦੇ ਲੱਕੜ ਦੇ ਪਹੀਏ ਹੁੰਦੇ ਸਨ। ਬਲਦਾਂ ਦੇ ਕੰਨਾਂ ਨੂੰ ਨਰਮ ਰੱਖਣ ਲਈ ਲੱਕੜ ਦੇ ਜੂਲੇ ਅਤੇ ਡਾਲੇ ਲਈ ਲੱਕੜ ਵਰਤੀ ਜਾਂਦੀ ਸੀ। ਫਿਰ ਦੋ ਬਲਦਾਂ ਵਾਲੇ ਗੱਡੇ ਦੀ ਥਾਂ ਇਕ ਬੈਲ ਵਾਲੀ ਗੱਡੀ ਆ ਗਈ। ਫਿਰ ਲੋਹੇ ਦੇ ਰਿੰਮਾਂ ਅਤੇ ਟਾਇਰਾਂ ਵਾਲੀਆਂ ਮੋਟਰਸਾਈਕਲ ਰੇੜ੍ਹੀਆਂ ਆ ਗਈਆਂ। ਹੁਣ ਤਾਂ ਗੱਡੇ ਆਧੁਨਿਕਤਾ ਦੇ ਹਨੇਰੇ ਵਿਚ ਲਗਪਗ ਗੁਆਚ ਹੀ ਗਏ ਹਨ।
ਵੇਲਣਾ : ਗੰਨੇ ਦੀ ਰਹੁ ਕੱਢਣ ਵਾਲੇ ਵੇਲਣੇ (ਘੁਲਾੜੀਆਂ ) ਵੀ ਟਾਵੇਂ ਟਾਵੇਂ ਰਹਿ ਗਏ ਹਨ। ਸੜਕਾਂ ਕਿਨਾਰੇ ਬਿਹਾਰ ਤੇ ਯੂ.ਪੀ. ਦੇ ਕਿਰਤੀਆਂ ਦੀਆਂ ਘੁਲਾੜੀਆਂ ਜ਼ਰੂਰ ਨਜ਼ਰ ਆਉਂਦੀਆਂ ਹਨ। ਸੁੱਖ ਰਹਿਣੇ ਹੋ ਗਏ ਕਿਸਾਨ ਆਪਣਾ ਗੰਨਾ ਖੰਡ ਮਿੱਲਾਂ ਨੂੰ ਲੈ ਜਾਣ ਲੱਗ ਪਏ ਹਨ। ਕਮਾਦ (ਗੰਨਾ) ਵੱਢ, ਗੰਨਿਆਂ ਦੀ ਖੋਰੀ ਲਾਹ, ਛਿੱਲ ਲਏ ਜਾਂਦੇ। ਬਲਦਾਂ ਨਾਲ ਵੇਲਣੇ ਨੂੰ ਜੋੜ ਕੇ ਗੰਨੇ ਦਾ ਰਸ ਕੱਢਿਆ ਜਾਂਦਾ ਹੈ। ਫਿਰ ਰਸ ਕੜ੍ਹਾਹੇ ਵਿਚ ਪਾ, ਉਸ ਨੂੰ ਚੁੰਭੇ 'ਤੇ ਰੱਖ, ਹੇਠਾਂ ਸੁੱਕੀ ਖੋਰੀ, ਪੱਛੀਆਂ ਤੇ ਛਿੱਟੀਆਂ ਆਦਿ ਨਾਲ ਅੱਗ ਬਾਲੀ ਜਾਂਦੀ। ਉਬਲ-ਉਬਲ ਰਸ ਗਾੜ੍ਹਾ ਹੋ ਕੇ ਗੁੜ ਦਾ ਰੂਪ ਧਾਰਨ ਕਰ ਲੈਂਦਾ ਹੈ। ਕੜਾਹੇ ਵਿਚਲਾ ਗੁੜ ਗੰਡ ਵਿਚ ਪਾ, ਠੰਢਾ ਹੋਣ 'ਤੇ ਰੋੜੀਆਂ/ਭੇਲੀਆਂ ਵੱਟ ਲਈਆਂ ਜਾਂਦੀਆਂ। ਭਲੇ ਸਮੇਂ ਸਨ ਤੇ ਬਿਨਾਂ ਕਿਸੇ ਵਿਤਕਰੇ, ਭੇਦਭਾਵ ਦੇ ਸਾਰੇ ਗੰਡ ਵਿਚੋਂ ਤੱਤਾ-ਤੱਤਾ ਗੁੜ ਖਾਂਦੇ ਸਨ ਜੋ ਕਿ ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਪ੍ਰਤੀਕ ਸੀ। (ਸਮਾਪਤ)


-ਪ੍ਰੀਤ ਨਗਰ-143109 (ਅੰਮ੍ਰਿਤਸਰ)। ਮੋਬਾਈਲ : 98140-82217

ਲਘੂ ਕਥਾਵਾਂ

ਸਮਾਜਿਕ ਦੂਰੀ

ਚੰਦਰਮਾ ਨੇ ਆਪਣੇ ਸੀ.ਸੀ.ਟੀ.ਵੀ. ਕੈਮਰੇ ਖੋਲ੍ਹ ਕੇ ਧਰਤੀ 'ਤੇ ਹੋ ਰਹੇ ਵਰਤਾਰਿਆਂ ਦਾ ਵਿਸ਼ਲੇਸ਼ਣ ਕੀਤਾ। ਉਸ ਨੇ ਦੇਖੇ ਅਗਜ਼ਨੀ ਦੇ ਦ੍ਰਿਸ਼ , ਕਤਲੋਗਾਰਤ ਦੌਰਾਨ ਮਨੁੱਖੀ ਖ਼ੂਨ ਨਾਲ ਰੰਗੀਆਂ ਸੜਕਾਂ, ਦਰਿਆਵਾਂ , ਨਹਿਰਾਂ ਦਾ ਪ੍ਰਦੂਸ਼ਤ ਹੋਇਆ ਪਾਣੀ, ਦਰੱਖਤਾਂ ਤੋਂ ਵਾਂਝੇ ਹੋਏ ਰੋਡੇ-ਭੋਡੇ ਪਰਬਤ, ਟੈਂਕਾਂ ਮਿਜਾਈਲਾਂ, ਰਾਡਾਰਾਂ ਦੀਆਂ ਨੁਮਾਇਸ਼ਾਂ, ਅਣਦੇਖੇ ਵਾਇਰਸ ਤੋਂ ਡਰਦੇ ਆਪਣੇ ਹੀ ਘਰਾਂ ਵਿਚ ਕੈਦ ਹੋਏ ਲੋਕ। ਸਭ ਕੁਝ ਦੇਖ ਕੇ ਚੰਦਰਮਾ ਨੇ ਧਰਤੀ ਦੇ ਲੋਕਾਂ ਨੂੰ ਵੱਟਸਐਪ 'ਤੇ ਇਕ ਸੁਨੇਹਾ ਲਿਖ ਕੇ ਭੇਜਿਆ।
'ਮੇਰੇ ਉੱਤੇ ਆਉਣ ਦੀ ਇੱਛਾ ਛੱਡ ਕੇ ਆਪਣੀ ਧਰਤੀ ਨੂੰ ਸੰਭਾਲੋ, ਐਥੇ ਆਊਗੇ, ਘਰ ਬਣਾਓਗੇ, ਪਿੰਡ ਵਸਾਓਗੇ, ਸ਼ਹਿਰ ਵਸਾਓਗੇ 'ਤੇ ਫਿਰ ਗੰਦ ਪਾਓਗੇ। ਮੇਰੇ ਮੱਥੇ 'ਤੇ ਮਜ਼ਲੂਮਾਂ ਦੀ ਰੱਤ ਦਾ ਕਲੰਕ ਲਾਓਗੇ। ਵਾਸਤਾ ਹੈ ! ਸਮਾਜਿਕ ਦੂਰੀ ਦਾ ਖਿਆਲ ਰੱਖੋ। ਤੁਹਾਨੂੰ ਦੂਰੋਂ ਹੀ 'ਬਾਏ -ਬਾਏ'।


-ਪਿੰਡ ਤੇ ਡਾਕ: ਕੁਹਾੜਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 94633-53760.

ਲਘੂ ਕਥਾਵਾਂ

ਬੇਵਸੀ

'ਗੁੱਡ ਮਾਰਨਿੰਗ ਮੈਮ' ਮੇਰੇ ਕਲਾਸ ਵਿਚ ਦਾਖਲ ਹੁੰਦਿਆਂ ਹੀ ਬੱਚਿਆਂ ਨੇ ਗਰਮਜੋਸ਼ੀ ਨਾਲ ਕਿਹਾ। 'ਵੈਰੀ ਗੁੱਡ-ਮਾਰਨਿੰਗ ਪੁੱਤਰੋ, ਸਿੱਟ ਡਾਊਨ', ਮੈਂ ਵੀ ਪਿਆਰ ਤੇ ਉਤਸ਼ਾਹ ਨਾਲ ਜਵਾਬ ਦਿੱਤਾ। 'ਹਾਂ ਜੀ ਬੱਚਿਓ! ਦੋ ਛੁੱਟੀਆਂ ਵਿਚ ਤੁਸੀਂ ਚੰਗੀ ਤਰ੍ਹਾਂ ਪੜ੍ਹਾਈ ਕਰ ਲਈ ਹੋਵੇਗੀ', ਮੈਂ ਹਾਜ਼ਰੀ ਲਗਾ ਕੇ ਕਲਾਸ ਨੂੰ ਸੰਬੋਧਨ ਕੀਤਾ। 'ਹਾਂ ਜੀ ਮੈਡਮ' ਬੱਚਿਆਂ ਦੀ ਉਤਸ਼ਾਹ ਭਰੀ ਆਵਾਜ਼ ਨੇ ਮੈਨੂੰ ਸਕੂਨ ਦਿੱਤਾ। 'ਲਿਆਓ ਫੇਰ ਮੈਂ ਟੈਸਟ ਪਾਵਾਂ, ਦਿਓ ਮੈਨੂੰ ਕਿਤਾਬ ਤੇ ਖੋਲ੍ਹੋ ਕਾਪੀਆਂ। ਲਾਈਨਾਂ ਬਣਾ ਕੇ ਬੈਠ ਜਾਓ, ਇਹ ਅਭਿਆਸ ਬਹੁਤ ਜ਼ਰੂਰੀ ਹੈ, ਧਿਆਨ ਨਾਲ ਟੈਸਟ ਕਰਨਾ ਹੈ, ਗਲਤੀ ਨਹੀਂ ਕਰਨੀ', ਮੈਂ ਚਾਕ ਹੱਥ ਵਿਚ ਫੜ ਕੇ ਬੋਰਡ ਵੱਲ ਹੁੰਦਿਆਂ ਕਿਹਾ। ਮੈਂ ਸਵਾਲ ਬੋਰਡ ਉਤੇ ਲਿਖ ਦਿੱਤੇ। ਬੱਚੇ ਆਪਣੇ ਟੈਸਟ ਵਿਚ ਮਗਨ ਹੋ ਗਏ। ਮੈਂ ਨਿਗਰਾਨੀ ਲਈ ਕਲਾਸ ਵਿਚ ਇਧਰ-ਉਧਰ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ। ਮੇਰੀ ਨਿਗ੍ਹਾ ਖੂੰਜੇ ਵਿਚ ਬੈਠੇ ਹਰਮਨ 'ਤੇ ਵਾਰ-ਵਾਰ ਜਾ ਰਹੀ ਸੀ। ਉਹ ਕਦੇ ਅੱਖਾਂ ਮਲਣ ਲੱਗਦਾ, ਕਦੇ ਮੱਥੇ ਨੂੰ ਹੱਥ ਦੀਆਂ ਉਂਗਲਾਂ ਨਾਲ ਫੜ ਕੇ ਸੋਚਣ ਲੱਗਦਾ। ਮੇਰੀ ਪਾਰਖੂ ਨਜ਼ਰ ਸਮਝ ਗਈ ਕਿ ਅੱਜ ਹਰਮਨ ਦੀ ਟੈਸਟ ਦੀ ਤਿਆਰੀ ਨਹੀਂ ਹੈ। ਮੈਂ ਉਸ ਦੇ ਕੋਲ ਜਾ ਕੇ ਕਿਹਾ, 'ਕੀ ਗੱਲ ਹਰਮਨ ਅੱਜ ਦੇ ਟੈਸਟ ਦੀ ਤਿਆਰੀ ਨਹੀਂ ਕੀਤੀ? ਤੂੰ ਚੌਥੇ ਆਇਆ ਵੀ ਨਹੀਂ, ਪੇਪਰਾਂ ਦੇ ਦਿਨਾਂ ਨੇੜੇ ਨੇ ਪੁੱਤ, ਤੂੰ ਵਧੀਆ ਨੰਬਰ ਲੈਣ ਵਾਲਾ ਮੁੰਡਾ ਏਂ, ਅੱਸੀ ਪ੍ਰਸੈਂਟ ਤੋਂ ਵੱਧ ਨੰਬਰ ਆਏ ਤਾਂ ਪਲੱਸ ਵੰਨ ਤੇ ਪਲੱਸ ਟੂ ਮੁਫ਼ਤ। ਮੈਰੀਟੋਰੀਅਸ ਸਕੂਲ ਜਾਵੇਂਗਾ। ਧਿਆਨ ਦੇ ਪੁੱਤ, ਤੂੰ ਅੱਜ ਉਖੜਿਆ ਜਿਹਾ ਲਗਦੈਂ। ਕੀ ਗੱਲ ਹੈ?' 'ਕੁਝ ਨਹੀਂ ਮੈਡਮ ਜੀ' ਉਸ ਨੇ ਕੁਝ ਦੱਸਣਾ ਨਹੀਂ ਚਾਹਿਆ। ਪਰ ਮੈਨੂੰ ਲੱਗਿਆ ਕਿ ਇਹ ਕੋਈ ਗੱਲ ਛੁਪਾ ਰਿਹਾ ਹੈ। ਘੰਟੀ ਖਤਮ ਹੋਣ 'ਤੇ ਮੈਂ ਉਸ ਨੂੰ ਬਾਹਰ ਬੁਲਾ ਕੇ ਗੱਲ ਜਾਨਣੀ ਚਾਹੀ। 'ਮੈਡਮ ਜੀ ਮੇਰਾ ਸ਼ਰਾਬੀ ਪਿਓ ਮੇਰੀ ਮੰਮੀ ਨੂੰ ਰੋਜ਼ ਕੁੱਟਦੈ, ਤਿੰਨ ਦਿਨ ਪਹਿਲਾਂ ਮੇਰੀ ਮੰਮੀ ਦੀਆਂ ਪੱਸਲੀਆਂ 'ਤੇ ਸੱਟ ਵੱਜੀ, ਘਰੇ ਦਵਾਈ ਨੂੰ ਪੈਸੇ ਨੀ ਹੈਗੇ। ਤਿੰਨ ਦਿਨ ਹੋਗੇ ਜੀ, ਮੈਂ ਦਿਨੇ ਮਿਸਤਰੀ ਨਾਲ ਤੇ ਰਾਤ ਨੂੰ ਵੇਟਰ ਦਾ ਕੰਮ ਕਰ ਕੇ ਮੰਮੀ ਦੀ ਦਵਾਈ ਦਾ ਇੰਤਜ਼ਾਮ ਕੀਤੈ। ਸੌਰੀ ਮੈਡਮ ਜੀ, ਅੱਜ ਦੇ ਟੈਸਟ ਦੀ ਮੈਥੋਂ ਤਿਆਰੀ ਨੀ ਹੋਈ', ਉਸ ਨੇ ਨੀਵੀਂ ਪਾ ਕੇ ਹੌਲੀ ਹੌਲੀ ਮੇਰੇ ਨਾਲ ਆਪਣਾ ਦਰਦ ਸਾਂਝਾ ਕਰ ਦਿੱਤਾ। ਉਹਦੀਆਂ ਉਨੀਂਦੀਆਂ ਅੱਖਾਂ ਦੀ ਬੇਵਸੀ ਅੱਗੇ ਮੈਂ ਕੁਝ ਵੀ ਬੋਲਣ ਤੋਂ ਅਸਮਰੱਥ ਹੋ ਗਈ।


-ਸੰਗਰੂਰ। ਮੋਬਾਈਲ : 94654-34177.

ਲਘੂ ਕਥਾਵਾਂ

ਵੀ.ਆਈ.ਪੀ.

ਚੋਣ ਪ੍ਰਚਾਰ ਸਿਖਰ 'ਤੇ ਚੱਲ ਰਿਹਾ ਸੀ। ਗੁਰਭੇਜ ਸਿੰਘ ਨੇ ਗਲੀ-ਗਲੀ, ਮੁਹੱਲਾ-ਮੁਹੱਲਾ ਬਿਨਾਂ ਅੰਗ ਰੱਖਿਅਕਾਂ ਦੀ ਪ੍ਰਵਾਹ ਕੀਤੇ ਵੋਟਰਾਂ ਤੱਕ ਪਹੁੰਚ ਕਰਨ ਲਈ ਦਿਨ-ਰਾਤ ਇੱਕ ਕੀਤਾ ਹੋਇਆ ਸੀ। ਗੁਰਭੇਜ ਸਿੰਘ ਨੇ ਆਪਣੇ ਡਰਾਈਵਰ ਨੂੰ ਵੀ ਕਹਿ ਰੱਖਿਆ ਸੀ ਕਿ ਉਹ ਜਦੋਂ ਪਿੰਡ ਜਾਂ ਸ਼ਹਿਰ 'ਚੋਂ ਲੰਘ ਰਹੇ ਹੋਣ ਤਾਂ ਹਾਰਨ ਵੀ ਨਹੀਂ ਵਜਾਉਣਾ ਅਤੇ ਨਾ ਹੀ ਅੰਗ ਰੱਖਿਅਕਾਂ ਨੇ ਕਿਸੇ ਨੂੰ ਕੌੜੀ ਭਾਸ਼ਾ 'ਚ ਰਸਤੇ ਤੋਂ ਪਾਸੇ ਕਰਨਾ ਹੈ। ਗੁਰਭੇਜ ਸਿੰਘ ਦੁਆਰਾ ਕੀਤਾ ਜਾ ਰਿਹਾ ਇਹ ਸਾਰਾ ਕੁਝ ਉਸ ਦੇ ਨਿਮਾਣੇਪਨ ਦਾ ਹਿੱਸਾ ਨਹੀਂ ਸੀ ਸਗੋਂ ਚੋਣਾਂ ਦਾ ਸਮਾਂ ਹੋਣ ਕਰਕੇ, ਉਸ ਨੇ ਸਾਦਗੀ ਤੇ ਨਿਮਰਤਾ ਦਾ ਮਖੌਟਾ ਪਹਿਨਿਆ ਹੋਇਆ ਸੀ। ਚੋਣਾਂ ਦਾ ਦੌਰ ਖਤਮ ਹੋਇਆ ਤੇ ਗੁਰਭੇਜ ਸਿੰਘ ਚੋਣ ਜਿੱਤ ਗਿਆ। ਸਰਕਾਰੀ ਅਹੁਦਾ ਹੱਥ ਲੱਗਦਿਆ ਹੀ ਗੁਰਭੇਜ ਸਿੰਘ ਦੇ ਤੌਰ-ਤਰੀਕੇ ਬਦਲ ਗਏ। ਜਿਨ੍ਹਾਂ ਗਲੀਆਂ 'ਚ ਗੁਰਭੇਜ ਸਿੰਘ ਬੇਪ੍ਰਵਾਹ ਹੋਇਆ ਫਿਰਦਾ ਸੀ, ਉਨ੍ਹਾਂ 'ਚੋਂ ਹੁਣ ਉਸ ਨੂੰ ਬੁਦਬੂ ਆਉਣ ਲੱਗੀ। ਉਸ ਨੂੰ ਇਲਾਕੇ ਦੇ ਲੋਕ ਕੰਮਾਂ-ਕਾਰਾਂ ਸਬੰਧੀ ਮਿਲਣ ਆਉਂਦੇ ਤਾਂ ਅੰਗ ਰੱਖਿਅਕ ਤਲਾਸ਼ੀ ਲੈ ਕੇ ਮਿਲਣ ਦਿੰਦੇ ਜਿਸ ਗੱਡੀ ਦਾ ਡਰਾਈਵਰ ਚੋਣਾਂ ਦੌਰਾਨ ਹਾਰਨ ਨਹੀਂ ਮਾਰਦਾ ਸੀ, ਉਹ ਹੁਣ ਸ਼ਹਿਰ 'ਚ ਵੜਨ 'ਤੇ ਹੂਟਰ ਤੋਂ ਹੱਥ ਨਹੀਂ ਚੁੱਕਦਾ ਸੀ। ਉਸ ਦੇ ਅੰਗ ਰੱਖਿਅਕ ਵੀ ਰਸਤੇ ਜਾਂਦੇ ਲੋਕਾਂ ਨੂੰ ਅੱਖਾਂ ਦਿਖਾਉਣ ਲੱਗ ਗਏ ਸਨ। ਜਦੋਂ ਗੁਰਭੇਜ ਸਿੰਘ ਸ਼ਹਿਰ 'ਚ ਆਉਂਦਾ ਤਾਂ ਸਥਾਨਕ ਪੁਲਿਸ ਵੀ ਪੱਬਾਂ ਭਾਰ ਹੋ ਜਾਂਦੀ ਅਤੇ ਲੋਕਾਂ ਨੂੰ ਕਹਿੰਦੀ ਵੀ.ਆਈ.ਪੀ. ਆ ਰਿਹਾ ਹੈ। ਆਪਣੀ ਗੱਡੀਆਂ ਸੜਕ ਤੋਂ ਹੇਠਾ ਉਤਾਰ ਲਓ। ਲੋਕ ਹੈਰਾਨ ਸਨ ਕਿ ਚੋਣਾਂ ਦੌਰਾਨ ਨਿਮਾਣਾ ਹੋਣ ਦਾ ਮਖੌਟਾ ਪਹਿਨਣ ਵਾਲਾ ਗੁਰਭੇਜ ਸਿੰਘ ਹੁਣ ਵੀ.ਆਈ.ਪੀ. ਬਣ ਚੁੱਕਿਆ ਸੀ।


-ਪਟਿਆਲਾ। ਮੋਬਾਈਲ : 9779590575Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX