ਤਾਜਾ ਖ਼ਬਰਾਂ


ਜੈਤੋ 'ਚ ਪੈਟਰੋਲ ਪੰਪ ਤੋਂ 7 ਹਜ਼ਾਰ ਦੀ ਲੁੱਟ, ਕੀਤੇ ਹਵਾਈ ਫਾਇਰ
. . .  26 minutes ago
ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਮੁਕਤਸਰ ਰੋਡ 'ਤੇ ਸਥਿਤ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਵਿਖੇ ਪ੍ਰਿੰਸ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ ਕਰਿੰਦੇ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 7 ਹਜ਼ਾਰ ਰੁਪਏ ਦੀ ਲੁੱਟ ਤੋਂ ਬਾਅਦ ਦੋ ਹਵਾਈ ਫਾਇਰ ਕਰ ਕੇ ਫ਼ਰਾਰ ਹੋਣ ਜਾਣ ਦਾ ਪਤਾ ਲੱਗਿਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆ...
ਕੋਰੋਨਾ ਨੇ ਮਮਦੋਟ ਵਿਚ ਵੀ ਦਿੱਤੀ ਦਸਤਕ
. . .  32 minutes ago
ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ) - ਕੋਰੋਨਾ ਵਾਇਰਸ ਦੀ ਮਮਦੋਟ ਵਿਚ ਦਸਤਕ ਨਾਲ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾਕਟਰ ਰਜਿੰਦਰ ਮਨਚੰਦਾ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਦੌਰਾਨ ਬੀ.ਐੱਸ.ਐੱਫ ਦੀ 124 ਬਟਾਲੀਅਨ...
ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ
. . .  about 1 hour ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ...
ਪਠਾਨਕੋਟ 'ਚ 1 ਹੋਰ ਮਰੀਜ਼ ਆਇਆ ਕੋਰੋਨਾ ਪਾਜ਼ੀਟਿਵ
. . .  about 1 hour ago
ਪਠਾਨਕੋਟ, 5 ਜੁਲਾਈ (ਆਰ. ਸਿੰਘ) ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਇਕ ਹੋਰ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 213 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ...
ਪਾਤੜਾਂ (ਪਟਿਆਲਾ) ਅੰਦਰ ਸਿਹਤ ਕਰਮੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ
. . .  about 2 hours ago
ਪਾਤੜਾਂ 5 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ..
ਲੋਹੀਆਂ 'ਚ 2 ਪਾਜ਼ੀਟਿਵ ਮਰੀਜ਼ਾਂ ਨਾਲ ਕੋਰੋਨਾ ਨੇ ਮੁੜ ਦਿੱਤੀ ਦਸਤਕ
. . .  about 2 hours ago
ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ 'ਚ ਭਾਵੇਂ ਲਾਕਡਾਊਨ 'ਚ ਦਿਨੋਂ ਦਿਨ ਢਿੱਲ ਦਿੱਤੀ ...
ਸ੍ਰੀ ਮੁਕਤਸਰ ਸਾਹਿਬ ਦੀ ਕੋਰੋਨਾ ਪੀੜਤ ਔਰਤ ਦੀ ਲੁਧਿਆਣਾ 'ਚ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਾਸੀ....
ਅੰਮ੍ਰਿਤਸਰ 'ਚ ਕੋਰੋਨਾ ਦੇ 7 ਮਾਮਲਿਆਂ ਦੀ ਪੁਸ਼ਟੀ
. . .  about 2 hours ago
ਅੰਮ੍ਰਿਤਸਰ, 5 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
ਸ਼ਾਹਕੋਟ ਦੇ ਪਿੰਡ ਫਾਜਲਪੁਰ 'ਚ ਦੋ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ 25 ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ
. . .  about 2 hours ago
ਸ਼ਾਹਕੋਟ, 5 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਕੋਰੋਨਾ ਮਹਾਂਮਾਰੀ ਦਰਮਿਆਨ ਮੁੱਢਲੀ ਕਤਾਰ 'ਚ ਲੋਕਾਂ ਦੀ ....
ਪੰਜਾਬ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ
. . .  about 2 hours ago
ਫ਼ਾਜ਼ਿਲਕਾ, 5 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ...
ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਫ਼ਰੀਦਕੋਟ, 5 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚ ਫ਼ਰੀਦਕੋਟ ...
ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  about 2 hours ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 3 hours ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 4 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 4 hours ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 4 hours ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 4 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 4 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 5 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਦਾ ਛੱਡਿਆ ਪੱਲਾ
. . .  about 5 hours ago
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਐੱਸ.ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ....
ਕਿਸਾਨ ਵਿਰੋਧੀ ਆਰਡੀਨੈਂਸ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਨਾਲ ਕੀਤਾ ਧੋਖਾ : ਕੈਪਟਨ
. . .  about 6 hours ago
ਚੰਡੀਗੜ੍ਹ, 5 ਜੁਲਾਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ...
ਪਿੰਡ ਜੱਜਲ ਲਾਗੇ ਰਜਵਾਹਾ ਟੁੱਟਣ ਨਾਲ ਕਿਸਾਨਾਂ ਦੀਆਂ ਫ਼ਸਲਾਂ 'ਚ ਭਰਿਆ ਪਾਣੀ
. . .  about 6 hours ago
ਤਲਵੰਡੀ ਸਾਬੋ /ਸੀਂਗੋ ਮੰਡੀ, 5 ਜੁਲਾਈ (ਲਕਵਿੰਦਰ ਸ਼ਰਮਾ/ਰਣਜੀਤ ਰਾਜੂ) - ਬੀਤੀ ਰਾਤ ਤਲਵੰਡੀ ਸਾਬੋ ਦੇ ਪਿੰਡ ਜੱਜਲ 'ਚ ਮੀਂਹ ਹਨੇਰੀ ਕਾਰਨ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਵਿਰਾਸਤੀ ਤੇ ਰਿਆਸਤੀ ਸ਼ਹਿਰ ਫ਼ਰੀਦਕੋਟ ਦੀ ਇਤਿਹਾਸਕ ਗਾਥਾ

(ਲੜੀ ਜੋੜਨ ਲਈ 18 ਮਈ ਦਾ ਅੰਕ ਦੇਖੋ)
ਮਹਾਰਾਜਾ ਬਿਕਰਮ ਸਿੰਘ : ਫ਼ਰੀਦਕੋਟ ਦੇ ਇਤਿਹਾਸ ਵਿਚ ਮਹਾਰਾਜਾ ਬਿਕਰਮ ਸਿੰਘ ਦੇ ਰਾਜਕਾਲ ਦਾ ਸਮਾਂ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਨੇ ਰਿਆਸਤ ਦੇ ਚਾਰ ਪਰਗਣਿਆਂ ਨੂੰ ਦੋ ਪ੍ਰਗਣਿਆਂ 'ਚ ਵੰਡਿਆ। ਉਨ੍ਹਾਂ ਨੇ ਕਾਨੂੰਨ ਦੇ ਮਹਿਕਮੇਂ ਵੱਲ ਖਾਸ ਤਵੱਜੋਂ ਦਿੰਦਿਆਂ ਫ਼ੌਜਦਾਰੀ ਅਤੇ ਦੀਵਾਨੀ ਅਦਾਲਤਾਂ ਕਾਇਮ ਕੀਤੀਆਂ। ਸੰਨ 1884 'ਚ ਫ਼ਰੀਦਕੋਟ ਰਿਆਸਤ ਨੂੰ ਅੰਗਰੇਜ਼ੀ ਸਰਕਾਰ ਦੀ ਮਦਦ ਨਾਲ ਛੋਟੀ ਰੇਲ ਪਟੜੀ ਰਾਹੀਂ ਫ਼ਰੀਦਕੋਟ ਇਕ ਪਾਸਿਓ, ਲਾਹੌਰ ਅਤੇ ਦੂਜੇ ਪਾਸਿਓਂ ਕੋਟਕਪੂਰਾ, ਬਠਿੰਡਾ, ਸਿਰਸਾ, ਹਿਸਾਰ, ਦਿੱਲੀ ਰਾਹੀਂ ਬੰਬਈ ਨਾਲ ਜੁੜਿਆ ਅਤੇ ਸੰਨ 1885 ਵਿਚ ਸਰਹਿੰਦ ਨਹਿਰ ਤੋਂ ਪਾਣੀ ਲੈ ਕੇ ਰਿਆਸਤ ਦੀਆਂ ਜ਼ਮੀਨਾਂ ਦੀ ਆਬਕਾਸ਼ੀ ਸ਼ੁਰੂ ਕਰਾਈ। ਸ਼ਹਿਰ ਦੇ ਅੰਦਰ ਅਤੇ ਸ਼ਹਿਰ ਦੇ ਦੁਆਲੇ ਪੱਕੀ ਸੜਕ ਬਣਾਈ ਗਈ ਅਤੇ ਸ਼ਹਿਰ ਨਾਲ ਜੋੜਨ ਵਾਲੀਆਂ ਹੋਰ ਸੜਕਾਂ ਦਾ ਨਿਰਮਾਣ ਵੀ ਕਰਵਾਇਆ। ਫ਼ਰੀਦਕੋਟ ਅਤੇ ਕੋਟਕਪੂਰਾ ਸ਼ਹਿਰ 'ਚ ਅਨਾਜ ਮੰਡੀਆਂ ਬਣਵਾਈਆਂ ਅਤੇ ਪਸ਼ੂ ਮੰਡੀਆਂ ਦਾ ਵੀ ਪ੍ਰਬੰਧ ਕੀਤਾ। ਸੰਨ 1875 ਵਿਚ ਫ਼ਰੀਦਕੋਟ ਵਿਚ ਪਹਿਲਾ ਬੈਂਕ ਵੀ ਖੋਲ੍ਹਿਆ ਗਿਆ। ਧਾਰਮਿਕ ਖਿਆਲਾਂ ਵਿਚ ਰੁਚੀ ਰੱਖਦਿਆਂ ਮਹਾਰਾਜਾ ਨੇ 5 ਸਾਲ ਦੀ ਸਖ਼ਤ ਮਿਹਨਤ ਨਾਲ ਗੁਰਬਾਣੀ ਦਾ ਟੀਕਾ ਵੀ ਤਿਆਰ ਕਰਵਾਇਆ ਅਤੇ ਵਜ਼ੀਰ ਹਿੰਦ ਪ੍ਰੈੱਸ ਅੰਮ੍ਰਿਤਸਰ ਤੋਂ ਛਪਵਾਇਆ ਅਤੇ ਸਿੰਘ ਸਭਾ ਦਾ ਗਠਨ ਕੀਤਾ।
ਮਹਾਰਾਜਾ ਬਲਵੀਰ ਸਿੰਘ : ਸੰਨ 1889 ਵਿਚ ਮਹਾਰਾਜਾ ਬਿਕਰਮ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਉਨ੍ਹਾਂ ਦੇ ਸਪੁੱਤਰ ਮਹਾਰਾਜਾ ਬਲਵੀਰ ਸਿੰਘ ਨੂੰ ਅੰਗਰੇਜ਼ ਹੁਕਮਰਾਨ ਏ, ਹੈਂਡਰਸਨ ਨੇ ਕਲਗੀ ਸੀਸ 'ਤੇ ਸਜਾ ਕੇ ਅਤੇ ਕਿਰਚ ਪਹਿਨਾ ਕੇ ਮਹਾਰਾਜਾ ਨੂੰ ਰਾਜਭਾਗ ਸੌਂਪਣ ਦੀ ਰਸਮ ਨਿਭਾਈ। ਗੱਦੀ 'ਤੇ ਬਿਰਾਜਮਾਨ ਹੋਣ ਸਮੇਂ ਮਹਾਰਾਜਾ ਦੀ ਉਮਰ 29 ਸਾਲ ਸੀ। ਮਹਾਰਾਜਾ ਪੜ੍ਹੇ ਲਿਖੇ ਦੂਰ ਅੰਦੇਸ਼ ਸ਼ਾਸਕ ਸਨ। ਸੰਨ 1899 ਵਿਚ ਬਹੁਤ ਵੱਡਾ ਕਾਲ ਪਿਆ ਜਿਸ ਨਾਲ ਨਜਿੱਠਣ ਲਈ ਮਹਾਰਾਜਾ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਅਤੇ ਅਨਾਜ ਮੁਹੱਈਆ ਕਰਵਾਇਆ। ਮਹਾਰਾਜਾ ਸਿੱਖੀ ਨੂੰ ਪਿਆਰ ਕਰਨ ਵਾਲੇ, ਸਾਹਿਤਕ ਰੁਚੀਆਂ ਰੱਖਣ ਵਾਲੇ ਅਤੇ ਖੁਦ ਵੀ ਚੰਗੇ ਲੇਖਕ ਸਨ, ਉਨ੍ਹਾਂ ਨੇ ਆਪਣੇ ਸਮੇਂ ਦੌਰਾਨ ਕਈ ਪੁਸਤਕਾਂ ਲਿਖੀਆਂ ਅਤੇ ਛਪਵਾਈਆਂ ਜਿਨ੍ਹਾਂ ਵਿਚ 'ਆਇਨਾ ਏ ਬਰਾੜ ਬੰਸ', 'ਏਕ ਰਾਜਾ ਔਰ ਉਸ ਕਾ ਦੌਰ' ਦਾ ਖਾਸ ਜ਼ਿਕਰ ਆਉਂਦਾ ਹੈ। ਮਹਾਰਾਜਾ ਬਲਵੀਰ ਸਿੰਘ ਨੂੰ ਇਮਾਰਤਸਾਜ਼ੀ ਦਾ ਵੀ ਬਹੁਤ ਸ਼ੌਕ ਸੀ। ਆਪ ਨੇ ਕਿਲ੍ਹੇ ਤੋਂ ਬਾਹਰ ਰਾਜ ਮਹਿਲ, ਦਰਬਾਰ ਗੰਜ, ਬੀੜ ਵਾਲੀ ਕੋਠੀ, ਮੁਜ਼ੰਗ ਲਾਹੌਰ ਵਾਲੀ ਕੋਠੀ, ਡਾਕ ਬੰਗਲਾ, ਪਰੀ ਮਹਿਲ, ਆਰਾਇਸ਼ ਗੰਜ, ਰੈਵੇਨਿਊ ਸੈਕਰੇਟਰੀ ਆਦਿ ਇਮਾਰਤਾਂ ਦਾ ਨਿਰਮਾਣ ਕਰਵਾਇਆ, ਜਿਨ੍ਹਾਂ ਦੇ ਬਹੁਤੇ ਨਕਸ਼ੇ ਉਨ੍ਹਾਂ ਨੇ ਖੁਦ ਤਿਆਰ ਕੀਤੇ। ਅੰਤ 37 ਸਾਲ ਦੀ ਭਰ ਜਵਾਨ ਉਮਰ ਵਿਚ ਉਹ ਪ੍ਰਲੋਕ ਸਿਧਾਰ ਗਏ।
ਮਹਾਰਾਜਾ ਬ੍ਰਿਜਿੰਦਰ ਸਿੰਘ : ਮਹਾਰਾਜਾ ਬਲਵੀਰ ਸਿੰਘ ਦੇ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਉਨ੍ਹਾਂ ਨੇ ਆਪਣੇ ਭਰਾ ਕੰਵਰ ਗਜਿੰਦਰ ਸਿੰਘ ਦੇ ਟਿੱਕਾ ਬ੍ਰਿਜਿੰਦਰ ਸਿੰਘ ਨੂੰ ਗੋਦ ਲਿਆ ਹੋਇਆ ਸੀ। ਮਹਾਰਾਜਾ ਬਲਵੀਰ ਸਿੰਘ ਦੇ ਅਕਾਲ ਚਲਾਣੇ ਸਮੇਂ ਉਹ ਸਿਰਫ 10 ਸਾਲ ਦੀ ਉਮਰ ਦੇ ਸਨ। ਉਨ੍ਹਾਂ ਨੂੰ ਸੰਨ 1906 ਵਿਚ ਰਾਜ ਸਿੰਘਾਸਨ 'ਤੇ ਬਿਠਾਇਆ ਗਿਆ। ਨਾਬਾਲਗ ਹੋਣ ਕਰਕੇ ਰਾਜ ਪ੍ਰਬੰਧ ਇਕ ਕੌਂਸਲ ਦੀ ਮਦਦ ਨਾਲ ਚਲਾਇਆ ਗਿਆ। ਕੌਂਸਲ ਦੇ ਸਮੇਂ ਕਈ ਨਵੀਆਂ ਇਮਾਰਤਾਂ ਬਣੀਆਂ, ਜਿਨ੍ਹਾਂ ਵਿਚ ਅਸਤਬਲ, ਲੇਡੀਡੇਨ ਰਾਣੀ ਸੂਰਜ ਕੌਰ ਹਸਪਤਾਲ, ਬਲਵੀਰ ਹਾਈ ਸਕੂਲ, ਬੋਰਡਿੰਗ ਹਾਊਸ, ਡਿਸਟਿਲਰੀ, ਕੋਟਕਪੂਰਾ ਮਾਡਲ ਪਿੰਡ, ਕੋਟਕਪੂਰਾ ਸਕੂਲ ਤੇ ਥਾਣਾ ਅਤੇ ਡੇਨ ਗਰੈਨਰੀਜ਼ ਦੇ ਨਾਂਅ ਵਰਨਣਯੋਗ ਹਨ। ਸੰਨ 1916 ਵਿਚ ਉਹ 20 ਸਾਲ ਦੇ ਹੋ ਗਏ ਅਤੇ ਪੂਰਾ ਰਾਜ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ। ਉਹ ਖੇਡਾਂ ਵਿਚ ਬਹੁਤ ਰੁਚੀ ਰੱਖਦੇ ਸਨ ਅਤੇ ਟੈਨਿਸ ਤੇ ਪੋਲੋ ਦੇ ਖੁਦ ਵੀ ਚੰਗੇ ਖਿਡਾਰੀ ਸਨ। ਫੋਟੋਗ੍ਰਾਫੀ ਤੇ ਡਾਇਰੀ ਲਿਖਣ ਦਾ ਸ਼ੌਕ ਵੀ ਰੱਖਦੇ ਸਨ। ਉਨ੍ਹਾਂ ਨੂੰ ਪੂਰਾ ਰਾਜ ਭਾਗ ਸੰਭਾਲਿਆਂ ਅਜੇ 2 ਸਾਲ ਹੀ ਬੀਤੇ ਸਨ ਕਿ 22 ਦਸੰਬਰ 1918 ਨੂੰ ਉਹ ਰੱਬ ਨੂੰ ਪਿਆਰੇ ਹੋ ਗਏ।
ਮਹਾਰਾਜਾ ਹਰਿੰਦਰ ਸਿੰਘ : ਸੰਨ 1915 'ਚ ਜਨਮੇ ਮਹਾਰਾਜਾ ਹਰਿੰਦਰ ਸਿੰਘ ਨੂੰ ਸਿਰਫ ਤਿੰਨ ਸਾਲ ਦੀ ਉਮਰ ਵਿਚ ਰਾਜ ਗੱਦੀ 'ਤੇ ਬਿਠਾਇਆ ਗਿਆ। ਸੰਨ 1934 ਵਿਚ ਬਾਲਗ ਹੋਣ 'ਤੇ ਉਨ੍ਹਾਂ ਪੂਰਾ ਰਾਜ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ। ਉਨ੍ਹਾਂ ਰਿਆਸਤ ਵਿਚ ਆਰਟਸ ਸਾਇੰਸ ਕਾਲਜ, ਬਿਕਰਮ ਕਾਲਜ ਆਫ ਕਾਮਰਸ, ਜੇ. ਬੀ. ਟੀ. ਟ੍ਰੇਨਿੰਗ ਕਾਲਜ, ਬਾਰਾਂ ਹਾਈ ਸਕੂਲ ਅਤੇ ਪਿੰਡ-ਪਿੰਡ ਖੋਲ੍ਹੇ ਗਏ ਪ੍ਰਾਇਮਰੀ ਸਕੂਲ ਵਰਨਣਯੋਗ ਹਨ। ਮਹਾਰਾਜਾ ਨੇ ਵਿੱਦਿਆ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਸੰਨ 1935 ਵਿਚ ਇਕ ਉੱਚ ਦਰਜੇ ਦਾ ਸਟੇਡੀਅਮ ਵੀ ਬਣਵਾਇਆ। ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਲਈ ਸੜਕਾਂ ਦਾ ਨਿਰਮਾਣ ਕਰਵਾਇਆ। ਪਿੰਡਾਂ ਵਿਚ ਪੰਚਾਇਤਾਂ ਦਾ ਗਠਨ ਕੀਤਾ। ਕਿਸਾਨਾਂ ਦੀ ਸਹੂਲਤ ਲਈ ਸਹਿਕਾਰੀ ਸਭਾਵਾਂ ਅਤੇ ਬੈਂਕ ਖੋਲ੍ਹੇ। ਰਾਜ ਪ੍ਰਬੰਧ ਵਿਚ ਨਿਆਂਇਕ ਪ੍ਰਣਾਲੀ ਦਾ ਵਿਸਥਾਰ ਕਰਦਿਆਂ ਸੰਨ 1934 ਵਿਚ ਵਿਦੇਸ਼ੀ ਆਰਕੀਟੈਕਟ ਦੀ ਮਦਦ ਨਾਲ ਸੈਕਰੇਟੇਰੀਏਟ (ਜਿਸ ਨੂੰ ਅੱਜਕਲ੍ਹ ਜ਼ਿਲ੍ਹਾ ਕਚਹਿਰੀ ਕਹਿੰਦੇ ਹਨ ਦੀ ਆਲੀਸ਼ਾਨ ਇਮਾਰਤ ਬਣਵਾਈ। ਗੱਦੀ ਨਸ਼ੀਨੀ ਦੇ 55 ਸਾਲ ਬਾਅਦ 16 ਅਕਤੂਬਰ, 1989 ਨੂੰ ਮਹਾਰਾਜਾ ਹਰਿੰਦਰ ਸਿੰਘ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਇਕਲੌਤਾ ਪੁੱਤਰ ਹਰਮਹਿੰਦਰ ਸਿੰਘ ਪਹਿਲਾਂ ਹੀ 13 ਅਕਤੂਬਰ, 1983 ਵਿਚ ਸਵਰਗਵਾਸ ਹੋ ਗਿਆ ਸੀ। ਮਹਾਰਾਜਾ ਸਾਹਿਬ ਦੇ ਦੋ ਬੇਟੀਆਂ ਸਨ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ। ਅੱਜ ਕੱਲ੍ਹ ਮਹਾਰਾਜਾ ਸਾਹਿਬ ਦੀ ਸਲਤਨਤ ਦੀ ਅਰਬਾਂ-ਖ਼ਰਬਾਂ ਦੀ ਸਾਰੀ ਜਾਇਦਾਦ ਦੀ ਦੇਖ ਰੇਖ, 'ਮਹਾਰਾਵਲ ਖੇਵਾ ਜੀ ਟਰੱਸਟ' ਕਰ ਰਿਹਾ ਹੈ। ਇਸ ਇਤਿਹਾਸਕ ਸ਼ਹਿਰ ਦੇ ਚਾਰੇ ਪਾਸੇ ਜੋ ਦੀਵਾਰ ਅਤੇ ਸ਼ਹਿਰ ਵਿਚ ਦਾਖਲ ਹੋਣ ਲਈ ਅੱਠ ਦਰਵਾਜ਼ੇ ਸਨ, ਉਨ੍ਹਾਂ ਦਾ ਤਾਂ ਹੁਣ ਨਾਮੋ ਨਿਸ਼ਾਨ ਨਹੀਂ ਰਿਹਾ ਪਰ ਫ਼ਰੀਦਕੋਟ ਸਲਤਨਤ ਦੀਆਂ ਕਾਫੀ ਨਿਸ਼ਾਨੀਆਂ ਜਿਵੇਂ ਰਾਜ ਮਹਿਲ, ਘੰਟਾ ਘਰ, ਗੁਰਦੁਆਰਾ, ਸਰਕਾਰੀ ਧਰਮਸ਼ਾਲਾ, ਖਜ਼ਾਨਾ ਦਫ਼ਤਰ, ਲੇਡੀਡੇਨ ਰਾਣੀ ਸੂਰਜ ਕੌਰ ਹਸਪਤਾਲ, ਸਰਕਾਰੀ ਹਸਪਤਾਲ, ਡਾਕ ਬੰਗਲਾ, ਜੇਲ੍ਹ, ਸੈਕਰੇਟੇਰੀਏਟ (ਕਚਹਿਰੀ) ਨਹਿਰੂ ਗੇਟ, ਦਰਬਾਰ ਗੰਜ, ਕਿਲ੍ਹਾ ਮੁਬਾਰਕ, ਬ੍ਰਿਜਿੰਦਰ ਕਾਲਜ, ਬਲਵੀਰ ਸਕੂਲ, ਅਸਤਬਲ, ਜਹਾਜ਼ ਗਰਾਊਂਡ, ਮਹਾਰਾਜਿਆਂ ਦੀਆਂ ਸਮਾਧੀਆਂ ਆਦਿ ਵੇਖਣਯੋਗ ਹਨ। (ਸਮਾਪਤ)


-(ਪੱਤਰਕਾਰ) ਮੋਬਾਈਲ : 98143-06545


ਖ਼ਬਰ ਸ਼ੇਅਰ ਕਰੋ

4 ਜੂਨ ਨੂੰ ਜਨਮ ਦਿਨ 'ਤੇ ਵਿਸ਼ੇਸ਼

ਮਹਾਂਮਾਰੀਆਂ ਦਾ ਪ੍ਰਕੋਪ ਤੇ ਭਗਤ ਪੂਰਨ ਸਿੰਘ

ਪ੍ਰਕਿਰਤੀ ਜਾਂ ਕੁਦਰਤ ਦਾ ਮਨੁੱਖ ਨਾਲ ਅਟੁੱਟ ਰਿਸ਼ਤਾ ਹੈ। ਕੁਦਰਤ ਅਤੇ ਮਨੁੱਖ ਦੀ ਉਤਪਤੀ ਇਕੋ ਨੂਰ ਤੋਂ ਹੋਈ ਹੈ। ਇਸ ਲਈ ਉਹ ਨਾ ਕੇਵਲ ਇਕ ਦੂਜੇ ਦੇ ਪੂਰਕ ਹਨ, ਬਲਕਿ ਉਨ੍ਹਾਂ ਦਾ ਵਿਕਾਸ ਤੇ ਵਿਨਾਸ਼ ਵੀ ਸਾਂਝਾ ਹੈ।
ਕੁਦਰਤ ਜਾਂ ਪ੍ਰਕਿਰਤੀ ਦੀ ਲੁੱਟ-ਖਸੁੱਟ ਭਾਵੇਂ ਮਨੁੱਖ ਦੀਆਂ ਕੀਤੀਆਂ ਖੋਜਾਂ ਦੁਆਰਾ ਹੋਵੇ ਜਾਂ ਇਹ ਸੋਚੀ ਸਮਝੀ ਸਾਜਿਸ਼ ਤਹਿਤ ਹੋਵੇ, ਕੁਦਰਤ ਆਪਣੀ ਹੋ ਰਹੀ ਲੁੱਟ-ਖਸੁੱਟ ਤੋਂ ਜਦੋਂ ਪਾਸਾ ਵੱਟਦੀ ਹੈ ਤਾਂ ਮਹਾਂਮਾਰੀਆਂ ਜਾਂ ਆਫ਼ਤਾਂ ਸੰਸਾਰ 'ਤੇ ਆਉਂਦੀਆਂ ਹਨ। ਇਸ ਕੁਦਰਤੀ ਵਰਤਾਰੇ ਨਾਲ ਭਾਵੇਂ ਭਿਅੰਕਰ ਭੁੱਖਮਰੀ ਹੋਵੇ ਜਾਂ ਭਿਆਨਕ ਮਹਾਂਮਾਰੀਆਂ ਫੈਲਣ, ਹੜ੍ਹ ਆਉਣ ਜਾਂ ਸੋਕੇ ਪੈਣ, ਭੁਚਾਲ ਆਉਣ ਜਾਂ ਸੁਨਾਮੀਆਂ ਆਉਣ, ਸਭ ਵਰਤਾਰਾ ਮਨੁੱਖ ਨੂੰ ਆਪਣੇ ਪਿੰਡੇ 'ਤੇ ਹਢਾਉਣਾ ਪੈਂਦਾ ਹੈ।
ਪਿਛਲੇ ਲਗਪਗ ਦੋ ਮਹੀਨੇ ਤੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਭਾਰਤ ਵਿਚ ਵੀ ਵਧਦਾ ਜਾ ਰਿਹਾ। ਇਸ ਮਹਾਂਮਾਰੀ ਤੋਂ ਬਚਣ ਲਈ ਸਰਕਾਰਾਂ ਨੇ ਮੋਟੇ ਤੌਰ 'ਤੇ ਜੋ ਗੱਲਾਂ ਦੱਸੀਆਂ ਹਨ, ਉਨ੍ਹਾਂ ਗੱਲਾਂ ਨੂੰ ਸਮਝਦਿਆਂ ਮੈਨੂੰ ਵਾਰ-ਵਾਰ ਭਗਤ ਪੂਰਨ ਸਿੰਘ ਜੀ ਦੀ ਯਾਦ ਆ ਰਹੀ ਹੈ। ਸਰਕਾਰਾਂ/ਸਿਹਤ ਵਿਭਾਗ ਇਸ ਸਮੇਂ ਸਭ ਤੋਂ ਪਹਿਲੀ ਗੱਲ ਉਤੇ ਜ਼ੋਰ ਦੇ ਰਿਹਾ ਹੈ ਕਿ ਇਕਾਂਤਵਾਸ ਭਾਵ ਘਰ ਬੈਠੋ ਤੇ ਸਾਫ ਸੁਥਰੀ ਕਾਇਆ ਰੱਖੋ ਤੇ ਸਰੀਰ ਦੀ ਤਾਕਤ ਵਧਾਉਣ ਲਈ ਕੁਦਰਤ ਨਾਲ ਜੁੜੋ। ਕੁਦਰਤ ਦੀ ਦੇਣ ਚੰਗੀ ਖੁਰਾਕ ਖਾਓ, ਪਰਮਾਤਮਾ ਦੀ ਭਗਤੀ ਕਰੋ ਅਤੇ ਕੰਮ ਧੰਦਿਆਂ ਦੇ ਮੋਹ ਤੋਂ ਥੋੜ੍ਹਾ ਉੱਪਰ ਉੱਠ ਕੇ ਕੇਵਲ ਸਾਦੀ ਖੁਰਾਕ ਤੇ ਸਾਦੇ ਜੀਵਨ ਜਿਊਣ ਦੀ ਕਲਾ ਸਿਖੋ।
ਭਗਤ ਪੂਰਨ ਸਿੰਘ ਜੀ ਦੇ ਜੀਵਨ 'ਤੇ ਝਾਤ ਪਾਉਂਦਿਆਂ ਹੀ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਰੁਟੀਨ ਦਿਖਾਈ ਪੈਂਦੀ ਤੇ ਜਿਸ ਵਿਚ ਉਹ ਆਪਣੇ ਗਲ ਵਿਚ ਟੱਲੀ ਪਾ ਕੇ ਅੰਮ੍ਰਿਤਸਰ ਦੇ ਬਾਜ਼ਾਰਾਂ ਵਿਚ ਖੜ੍ਹ ਕੇ ਕੁਝ ਵਿਅਕਤੀਆਂ ਦੇ ਇਕੱਤਰ ਹੋਣ ਤੇ ਆਪਣੇ ਭਾਸ਼ਣਾਂ ਰਾਹੀਂ ਸੰਸਾਰ ਵਿਚ ਪਨਪ ਰਹੇ ਖ਼ਤਰਿਆਂ ਦੀ ਚਿਤਾਵਨੀ ਦੇਣੀ ਸ਼ੁਰੂ ਕਰ ਦਿੰਦੇ ਸਨ। ਉਹ ਇਸ ਕਾਇਨਾਤ ਵਿਚ ਵਿਚਰ ਰਹੇ ਹਰ ਮਨੁੱਖ, ਜੀਵ ਜੰਤੂ, ਪਸ਼ੂ ਪੰਛੀ, ਬਨਸਪਤੀ, ਹਵਾ, ਪਾਣੀ ਦੀ ਆਵਾਜ਼ ਬਣ ਕੇ ਬੋਲਦੇ ਤੇ ਮਨੁੱਖਾਂ ਨੂੰ ਸਾਦਾ ਜੀਵਨ ਜਿਊਣ ਦੀ ਪ੍ਰੇਰਨਾ ਕਰਦੇ ਲੂਲੇ ਲੰਗੜੇ, ਬੇਸਹਾਰਾ ਲੋਕਾਂ ਦੀ ਸਾਂਭ ਸੰਭਾਲ ਦਾ ਵਾਸਤਾ ਪਾਉਂਦੇ। ਭਗਤ ਜੀ ਜਿਥੇ ਆਪਣੇ ਭਾਸ਼ਨਾਂ ਰਾਹੀਂ ਜਾਂ ਆਪਣੀਆਂ ਲਿਖਤਾ ਰਾਹੀਂ ਲੋਕਾਂ ਨੂੰ ਸੁਚੇਤ ਕਰਦੇ ਉਥੇ ਆਪ ਵੀ ਮਨੁੱਖਤਾ ਅਤੇ ਕਾਇਨਾਤ ਦੇ ਭਲੇ ਲਈ ਉਹ ਕੰਮ ਕਰਦੇ ਜੋ ਇਕ ਉਦਾਹਰਨ ਬਣਦੇ। ਸਾਹਿਤਕ ਪੱਧਰ 'ਤੇ ਮਨੁੱਖਾਂ ਨੂੰ ਸੁਚੇਤ ਕਰਦਿਆਂ ਭਗਤ ਪੂਰਨ ਸਿੰਘ ਜੀ ਨੇ ਬਹੁਤ ਵੱਡਾ ਸਾਹਿਤ ਰਚ ਕੇ, ਛਪਾ ਕੇ ਲੱਖਾਂ ਕਰੋੜਾਂ ਦੀ ਗਿਣਤੀ ਵਿਚ ਮੁਫ਼ਤ ਵੰਡਿਆ।
ਭਗਤ ਜੀ ਮਨੁੱਖਤਾ, ਪਸ਼ੂ, ਪੰਛੀਆਂ, ਬਨਸਪਤੀ ਤੇ ਸਮੁੱਚੀ ਕਾਇਨਾਤ ਲਈ ਭਾਰੇ ਫਿਕਰ ਰੱਖਦੇ ਸਨ। ਆਲ ਇੰਡੀਆ ਪਿੰਗਲਵਾੜਾ ਸੰਸਥਾ ਅਤੇ ਇਸ ਦੇ ਹੁਣ ਦੇ ਸੰਚਾਲਕ ਡਾ: ਬੀਬੀ ਇੰਦਰਜੀਤ ਕੌਰ ਜੀ ਉਨ੍ਹਾਂ ਦੇ ਦੱਸੇ ਰਾਹ 'ਤੇ ਹੀ ਚੱਲ ਰਹੇ ਹਨ ਅਤੇ ਇਹ ਸੰਸਥਾ ਮਨੁੱਖਤਾ, ਪਸ਼ੂ, ਪੰਛੀਆਂ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਬੇਸਹਾਰਿਆਂ, ਬੇਘਰਿਆਂ, ਅਪਾਹਜਾਂ ਦੀ ਸੇਵਾ ਵਿਚ ਲਗਾਤਾਰ ਤਤਪਰ ਰਹਿੰਦੀ ਹੈ। ਇਸ ਸੰਸਥਾ ਦਾ ਇਤਿਹਾਸ ਫਰੋਲਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਪਿਛਲੇ 60-70 ਸਾਲਾਂ ਵਿਚ ਨਾ ਕੇਵਲ ਭਾਰਤ ਬਲਕਿ ਵਿਦੇਸ਼ਾਂ ਦੇ ਵਿਚਕਾਰ ਜਦੋਂ ਵੀ ਕੁਦਰਤੀ ਜਾਂ ਗੈਰ-ਕੁਦਰਤੀ ਆਫਤ ਮਨੁੱਖਤਾ 'ਤੇ ਆਈ ਹੈ, ਇਸ ਸੰਸਥਾ ਨੇ ਵੱਧ ਚੜ੍ਹ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ।
ਭਗਤ ਜੀ ਨੇ ਅੱਜ ਤੋਂ 50-60 ਸਾਲ ਪਹਿਲਾਂ ਹੀ ਮਨੁੱਖਤਾ 'ਤੇ ਮੰਡਰਾ ਰਹੇ ਇਨ੍ਹਾਂ ਖਤਰਿਆਂ ਨੂੰ ਭਾਂਪ ਲਿਆ ਸੀ ਅਤੇ ਅਕਸਰ ਉਹ ਇਸ ਦਾ ਜ਼ਿਕਰ ਆਪਣੀ ਲੇਖਣੀ ਵਿਚ ਕਰਦੇ ਰਹਿੰਦੇ ਸਨ। ਭਗਤ ਜੀ ਦੀ ਲਿਖੀ ਇਕ ਪੁਸਤਕ 'ਖ਼ਤਰੇ ਦੀ ਘੰਟੀ' ਵਿਚ ਉਹ ਲਿਖਦੇ ਹਨ ਕਿ ਹਜ਼ਾਰਾਂ ਲੱਖਾਂ ਸਾਲਾਂ ਤੋਂ ਇਸ ਧਰਤੀ 'ਤੇ ਮਨੁੱਖ ਜਾਨਵਰਾਂ, ਬਨਸਪਤੀ ਦੀ ਹੋਂਦ ਹੈ ਪਰ ਇਨ੍ਹਾਂ ਦੀ ਜੋ ਤਬਾਹੀ ਪਿਛਲੇ 250-300 ਸਾਲਾਂ ਵਿਚ ਹੋਈ ਹੈ, ਉਹ ਸ਼ਾਇਦ ਪਹਿਲਾਂ ਨਹੀਂ ਹੋਈ, ਇਸ ਦਾ ਇਕੋ ਇਕ ਕਾਰਨ ਉਹ ਮਸ਼ੀਨੀ ਸੱਭਿਅਤਾ ਨੂੰ ਮੰਨਦੇ ਹਨ। ਮਸ਼ੀਨੀ ਸੱਭਿਅਤਾ ਆਉਣ ਕਾਰਨ ਜੋ ਵਾਤਾਵਰਨ ਵਿਚ ਪ੍ਰਦੂਸ਼ਣ ਵਧਿਆ ਹੈ ਅਤੇ ਕੁਦਰਤ ਦੇ ਨਿਯਮਾਂ ਵਿਚ ਭਾਰੀ ਭੰਨ-ਤੋੜ ਹੋਣ ਕਾਰਨ ਜੋ ਨੁਕਸਾਨ ਹੋ ਰਿਹਾ ਹੈ, ਉਹ ਇਸ ਮਸ਼ੀਨੀ ਸੱਭਿਅਤਾ ਦੇ ਆਉਣ ਤੋਂ ਪਹਿਲਾਂ ਕਦੇ ਵੀ ਨਹੀਂ ਸੀ। ਮੋਟਰ-ਸਾਈਕਲਾਂ, ਕਾਰਾਂ, ਸਕੂਟਰਾਂ, ਬੱਸਾਂ ਆਦਿ ਦੀ ਬਹੁਤ ਜ਼ਿਆਦਾ ਵਰਤੋਂ ਪ੍ਰਦੂਸ਼ਣ ਬਣ ਕੇ ਇਨਸਾਨੀ ਸਰੀਰਾਂ ਨੂੰ ਅਨੇਕਾਂ ਭਿਆਨਕ ਬਿਮਾਰੀਆਂ ਵਿਚ ਰੋਲ ਰਹੀ ਹੈ।
ਭਗਤ ਜੀ ਅਨੁਸਾਰ ਅਨੇਕਾਂ ਪ੍ਰਕਾਰ ਦੀਆਂ ਮਨੁੱਖੀ ਲਾਪ੍ਰਵਾਹੀਆਂ ਵੱਡੀ ਤਬਾਹੀ ਦਾ ਕਾਰਨ ਬਣਨਗੀਆਂ ਜਿਵੇਂ ਡੀਜ਼ਲ, ਪੈਟਰੋਲ, ਕੋਲੇ ਦੀ ਵਰਤੋਂ ਧਰਤੀ ਨੂੰ ਖਾਲੀ ਕਰ ਰਹੀ ਹੈ ਅਤੇ ਜ਼ਿਆਦਾ ਖਣਿਜ ਪਦਾਰਥਾਂ ਦੀ ਵਰਤੋਂ ਕਾਰਨ ਭੁਚਾਲ ਦੇ ਖਤਰੇ ਵਧ ਰਹੇ ਹਨ। ਜ਼ਿਆਦਾ ਪ੍ਰਦੂਸ਼ਣ ਕਾਰਨ ਧਰਤੀ ਦਾ ਮੌਸਮ ਬਹੁਤ ਗਰਮ ਹੋ ਰਿਹਾ ਹੈ, ਜਿਸ ਕਾਰਨ ਬਰਫ਼ ਦੇ ਗਲੇਸ਼ੀਅਰ ਪਿਘਲ ਰਹੇ ਹਨ ਜੋ ਮੈਦਾਨੀ ਇਲਾਕਿਆਂ ਵਿਚ ਹੜ੍ਹ ਲਿਆ ਰਹੇ ਹਨ। ਦਰੱਖਤਾਂ ਦੇ ਕੱਟਣ ਨਾਲ ਵੀ ਸਮੱਸਿਆ ਬੜੀ ਗੰਭੀਰ ਬਣ ਰਿਹੀ ਹੈ। ਪਿੰਡਾਂ ਵਿਚੋਂ ਆਬਾਦੀ ਪਲਾਇਣ ਕਰਕੇ ਸ਼ਹਿਰਾਂ ਵਿਚ ਬਹੁਤ ਵਾਧਾ ਹੋ ਗਿਆ ਹੈ, ਜਿਸ ਕਾਰਨ ਸ਼ਹਿਰਾਂ ਦੀ ਟ੍ਰੈਫਿਕ ਬੇਕਾਬੂ ਹੋ ਗਈ ਹੈ ਅਤੇ ਇਸ ਕਾਰਨ ਨਿਤ ਦੁਰਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਓਜ਼ੋਨ ਲੇਅਰ ਦੀ ਲੀਕੇਜ ਧਰਤੀ ਦੇ ਪ੍ਰਾਣੀਆਂ ਲਈ ਵੱਡਾ ਖ਼ਤਰਾ ਬਣ ਰਹੀ ਹੈ। ਭਗਤ ਜੀ ਅਕਸਰ ਆਪਣੇ ਲੇਖਾਂ ਰਾਹੀਂ ਮਨੁੱਖਤਾ ਨੂੰ ਵਾਰ-ਵਾਰ ਇਸ ਗੱਲ ਦੀ ਦੁਹਾਈ ਪਾਉਂਦੇ ਹੋਏ ਕਹਿੰਦੇ ਹਨ ਕਿ ਜਿਹੜੀ ਧਰਤੀ ਤੁਹਾਨੂੰ ਮਿਲੀ ਹੋਈ ਹੈ ਇਹ ਰੱਬ ਦੀ ਸੰਸਾਰ ਨੂੰ ਬਹੁਤ ਵੱਡੀ ਦਾਤ ਹੈ। ਇਸ 'ਤੇ ਕੇਵਲ ਤੁਹਾਡਾ ਹੀ ਹੱਕ ਨਹੀਂ ਹੈ ਜਿਨ੍ਹਾਂ ਦੇ ਕਬਜ਼ੇ ਵਿਚ ਇਹ ਸਮੇਂ ਹੈ ਬਲਕਿ ਉਨ੍ਹਾਂ ਦਾ ਵੀ ਹੱਕ ਓਨਾ ਹੀ ਹੈ ਜਿਨ੍ਹਾਂ ਨੇ ਤੁਹਾਡੇ ਪਿੱਛੋਂ ਆਉਣਾ ਹੈ।
ਅੱਜ ਦੀ ਸਥਿਤੀ ਵਿਚ ਕੋਰੋਨਾ ਵਾਇਰਸ ਦੀ ਬਿਮਾਰੀ ਮਨੁੱਖਤਾ ਲਈ ਬਹੁਤ ਭਿਆਨਕ ਬਣੀ ਹੋਈ ਹੈ। ਕੋਰੋਨਾ ਵਾਇਰਸ ਜਿਥੇ ਮਨੁੱਖੀ ਜਾਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਉਥੇ ਲੋਕਾਂ ਦੀ ਮਾਨਸਿਕਤਾ ਨੂੰ ਵੀ ਖੋਰਾ ਲਗਾਇਆ ਜਾ ਰਿਹਾ ਹੈ। ਸਮੁੱਚੇ ਵਿਸ਼ਵ ਵਿਚ ਜਿਥੇ ਇਸ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ ਉਥੇ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਇਨ੍ਹਾਂ ਬਿਮਾਰੀਆਂ ਦੀ ਪਲ-ਪਲ ਦੀ ਖ਼ਬਰ ਸਭ ਤੱਕ ਪੁੱਜਦੀ ਕਰ ਰਿਹਾ ਹੈ, ਉਥੇ ਇਸ ਤੋਂ ਬਚਣ ਦੇ ਉਪਾਅ ਅਤੇ ਸਥਿਤੀ ਨਾਲ ਨਜਿੱਠਣ ਲਈ ਸਰਕਾਰਾਂ ਦੀ ਮਦਦ ਵੀ ਕਰ ਰਹੇ ਹਨ। ਸਮੁੱਚੀ ਮਨੁੱਖਤਾ ਅੱਜ ਜਿਥੇ ਭੁੱਖਮਰੀ, ਰੋਜ਼ਗਾਰ ਦੀਆਂ ਪ੍ਰੇਸ਼ਾਨੀਆਂ ਨਾਲ ਦੋ ਚਾਰ ਹੋ ਰਹੀ ਹੈ, ਉਥੇ ਭਗਤ ਜੀ ਦੁਆਰਾ ਦਿੱਤੇ ਕੁਝ ਵਿਚਾਰ ਅੱਜ ਵੀ ਸਾਡੇ ਜੀਵਨ ਨੂੰ ਰੁਸ਼ਨਾਉਣ ਲਈ ਸਾਰਥਕ ਰੋਲ ਅਦਾ ਕਰ ਸਕਦੇ ਹਨ। ਭਗਤ ਜੀ ਦੇ ਨਿਮਨਲਿਖਤ ਵਿਚਾਰ ਜੋ ਕਿ ਉਨ੍ਹਾਂ ਦੁਆਰਾ ਲਿਖੇ ਹਰ ਕਿਤਾਬਚੇ ਅਤੇ ਪੁਸਤਕ ਜੋ ਕਿ ਪਿੰਗਲਵਾੜਾ ਸੰਸਥਾ ਵਲੋਂ ਛਪੀ ਹੈ, ਉਸ ਦਾ ਸ਼ਿੰਗਾਰ ਹਨ।
1) ਕੁਦਰਤੀ ਸੋਮਿਆਂ ਦੀ ਰੱਖਿਆ ਅਤੇ ਸੰਜਮੀ ਵਰਤੋਂ। 2) ਸਾਦਾ ਜੀਵਨ ਬਤੀਤ ਕਰੋ। 3) ਵੱਧ ਤੋਂ ਵੱਧ ਰੁੱਖ ਲਗਾ ਕੇ ਮਨੁੱਖਤਾ ਦਾ ਭਲਾ ਕਰੋ। 4) ਸਾਦਾ ਖਾਣਾ, ਸਾਦਾ ਪਾਉਣਾ ਤੇ ਸਾਦਗੀ ਵਿਚ ਰਹਿਣ ਦਾ ਅਨੰਦ ਹੀ ਵੱਖਰਾ ਹੈ। 5) ਡੀਜ਼ਲ ਤੇ ਪੈਟਰੋਲ ਦੀ ਘੱਟ ਤੋਂ ਘੱਟ ਵਰਤੋਂ ਕਰੋ। ਵਧ ਰਹੀ ਆਬਾਦੀ ਨੂੰ ਠੱਲ ਪਾਉਣ ਲਈ ਸੰਜਮੀ ਜੀਵਨ ਬਤੀਤ ਕਰੋ। 6) ਹਵਾ, ਪਾਣੀ ਅਤੇ ਧਰਤੀ ਮਾਤਾ ਦੀ ਪੁਕਾਰ ਸੁਣੋ। ਰੁੱਖ ਲਾਉਣੇ ਨਾ ਭੁੱਲੋ, ਰੁੱਖ ਦੇਸ਼ ਦੀ ਖੁਸ਼ਹਾਲੀ ਦਾ ਸਾਧਨ ਹਨ। 7) ਜਾਨਵਰਾਂ ਦੀ ਰੱਖਿਆਂ ਲਈ ਮਨੁੱਖ ਨੂੰ ਆਪਣੇ ਅੰਦਰ ਦਇਆਮਈ ਭਾਵਨਾ ਰੱਖਦਿਆ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ।


-ਪ੍ਰਿੰਸੀਪਲ , ਢੁਡਿਆਲ ਖ਼ਾਲਸਾ ਸੀਨੀ. ਸੈਕੰ. ਸਕੂਲ, ਪਟਿਆਲਾ। ਮੋਬਾਈਲ ਨੰ. 94171-46381

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -10

ਗੁ: ਸ੍ਰੀ ਪੰਜਾ ਸਾਹਿਬ ਦਾ ਪ੍ਰਬੰਧ ਪੰਥ ਨੇ ਕਿਵੇਂ ਸੰਭਾਲਿਆ?

(ਲੜੀ ਜੋੜਨ ਲਈ 18 ਮਈ ਦਾ ਅੰਕ ਦੇਖੋ)
ਪੰਜਾ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ ਸਮੇਂ ਜਥੇਦਾਰ ਕਰਤਾਰ ਸਿੰਘ 'ਝੱਬਰ' ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਉਸ ਪ੍ਰਬੰਧ ਨੂੰ ਠੀਕ ਤਰੀਕੇ ਨਾਲ ਕਾਇਮ ਰੱਖਣ ਦੇ ਲਈ ਇਕ ਪੱਕੇ ਜਥੇ ਦੀ ਜ਼ਰੂਰਤ ਹੈ। ਜਦੋਂ ਵੀ ਲੋੜ ਪਵੇ, ਇਸ ਜਥੇ ਨੂੰ ਬੁਲਾ ਲਿਆ ਜਾਵੇ, ਕਿਉਂਕਿ ਗੁਰਦੁਆਰਾ ਪੰਜਾ ਸਾਹਿਬ ਦੇ ਪ੍ਰਬੰਧ ਨੂੰ ਸੰਭਾਲਣ ਸਮੇਂ ਮਹੰਤ ਮਿੱਠਾ ਸਿੰਘ ਦੀ ਵਿਧਵਾ ਨੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਇਕੱਠਿਆਂ ਕੀਤਾ ਅਤੇ ਉਸ ਨੇ ਔਰਤਾਂ ਤੋਂ ਸਿੰਘਾਂ ਉੱਪਰ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਇਸ ਕਰਕੇ ਇਸ 'ਅਕਾਲੀ ਫੌਜ' ਵਿਚ ਕੁਝ ਬੀਬੀਆਂ ਵੀ ਸ਼ਾਮਿਲ ਕੀਤੀਆਂ ਜਾਣ। ਜਥੇਦਾਰ ਕਰਤਾਰ ਸਿੰਘ 'ਝੱਬਰ' ਹਰ ਰੋਜ਼ ਸਾਰੇ ਦਿਨ ਦੀ ਕਾਰਵਾਈ ਲਿਖ ਕੇ ਲਿਫ਼ਾਫ਼ੇ ਵਿਚ ਬੰਦ ਕਰਕੇ ਸੌਂਦੇ ਸਨ। ਜੋ ਅਕਾਲੀ ਅਖ਼ਬਾਰ ਵਿਚ ਰੋਜ਼ ਦੇ ਰੋਜ਼ ਛਪਦੀ ਸੀ। ਜਥੇਦਾਰ ਝੱਬਰ ਨੇ ਪੰਜਾ ਸਾਹਿਬ ਤੋਂ ਚਿੱਠੀ ਵਿਚ ਤਜਵੀਜ਼ ਲਿਖੀ ਕਿ, 'ਵਿਰੋਧੀ ਲੋਕਾਂ ਨੂੰ ਰੋਕ ਪਾਉਣ ਲਈ ਦੋ ਸੌ ਸਿੰਘਾਂ ਦਾ ਇਕ ਜਥਾ ਅੰਮ੍ਰਿਤਸਰ ਰੱਖਿਆ ਜਾਵੇ, ਜਦੋਂ ਕਿਧਰੇ ਲੋੜ ਪਵੇ ਤਾਂ ਉਸ ਜਥੇ ਨੂੰ ਭੇਜਿਆ ਜਾਵੇ। ਇਹ ਤਜਵੀਜ਼ ਅਕਾਲੀ ਅਖ਼ਬਾਰ ਵਿਚ ਛਪੀ। ਜੋ ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਲਈ ਬਹੁਤ ਹੀ ਮਹੱਤਵਪੂਰਨ ਸੀ।
ਇਸ ਤੋਂ ਪਹਿਲਾਂ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਆਪਣੇ ਸਾਥੀਆਂ ਸਰਦਾਰ ਹਰਚੰਦ ਸਿੰਘ, ਤੇਜਾ ਸਿੰਘ ਸਮੁੰਦਰੀ, ਪ੍ਰੋਫ਼ੈਸਰ ਨਿਰੰਜਨ ਸਿੰਘ ਤੇ ਕੁਝ ਹੋਰ ਪਤਵੰਤੇ ਸਿੱਖਾਂ ਨਾਲ ਸਲਾਹ ਕਰ ਕੇ ਰੋਜ਼ਾਨਾ ਅਖ਼ਬਾਰ ਕੱਢਣ ਦਾ ਫ਼ੈਸਲਾ ਕੀਤਾ, ਜਿਸ ਸਬੰਧੀ ਇਕ ਇਕੱਤਰਤਾ ਸ: ਸਰਦੂਲ ਸਿੰਘ ਕਵੀਸ਼ਰ ਦੇ ਘਰ 1 ਮਈ, 1920 ਈ: ਨੂੰ ਲਾਹੌਰ ਵਿਖੇ ਹੋਈ। ਇਸ ਇਕੱਤਰਤਾ ਵਿਚ 21 ਮਈ ਤੋਂ ਅਖ਼ਬਾਰ ਸ਼ੁਰੂ ਕਰਨ ਅਤੇ ਅਖ਼ਬਾਰ ਦਾ ਨਾਂਅ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਕਹਿਣ 'ਤੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਨਾਂਅ 'ਤੇ 'ਅਕਾਲੀ' ਰੱਖਣ ਦਾ ਫ਼ੈਸਲਾ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਮੇਂ 21 ਮਈ, 1920 ਈ: ਨੂੰ ਪਹਿਲਾ ਪਰਚਾ ਕੱਢਿਆ ਗਿਆ। ਇਸ ਪਹਿਲੇ ਪਰਚੇ ਵਿਚ ਗਿਆਨੀ ਹੀਰਾ ਸਿੰਘ 'ਦਰਦ' ਦੀ 'ਅਕਾਲੀ' ਕਵਿਤਾ ਛਾਪੀ ਗਈ ਅਤੇ ਪਹਿਲੇ ਪਰਚੇ ਨੂੰ ਲਾਹੌਰ ਦੇ ਵਿਚ ਮੁਫ਼ਤ ਵੰਡਿਆ ਗਿਆ। ਜਿਸ ਸਮੇਂ ਇਹ ਪਰਚਾ ਵੰਡਿਆ ਜਾ ਰਿਹਾ ਸੀ, ਤਾਂ ਪਰਚਾ ਵੰਡਣ ਵਾਲੇ ਸਾਰੇ ਮੈਂਬਰ ਰਲ ਕੇ ਇਸ ਕਵਿਤਾ ਨੂੰ ਗਾ ਰਹੇ ਸਨ।
ਅੱਖਾਂ ਖੋਲ੍ਹੋ ਢਿੱਲੜ ਵੀਰੋ,
ਆ ਗਿਆ ਫੇਰ ਅਕਾਲੀ ਜੇ,
ਝੰਡਾ ਫੜਿਆ ਹੱਥ ਅਮਨ ਦਾ,
ਜੋਤ ਮਾਰਦੀ ਲਾਲੀ ਜੇ,
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-ਬਠਿੰਡਾ, ਮੋਬਾਈਲ : 98155-33725

ਸ਼ਬਦ ਵਿਚਾਰ

ਆਸਣੁ ਲੋਇ ਲੋਇ ਭੰਡਾਰ॥

'ਜਪੁ' ਪਉੜੀ ਇਕੱਤਵੀ
ਆਸਣੁ ਲੋਇ ਲੋਇ ਭੰਡਾਰ॥
ਜੋ ਕਿਛੁ ਪਾਇਆ ਸੁ ਏਕਾ ਵਾਰ॥
ਕਰਿ ਕਰਿ ਵੇਖੈ ਸਿਰਜਣਹਾਰੁ॥
ਨਾਨਕ ਸਚੇ ਕੀ ਸਾਚੀ ਕਾਰ॥
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ
ਜੁਗੁ ਜੁਗੁ ਏਕੋ ਵੇਸੁ॥੩੧॥ (ਅੰਗ : 7)
ਪਦਅਰਥ: ਆਸਣੁ-ਟਿਕਾਮਾ, ਸੰਘਾਸਣ। ਲੋਇ-ਲੋਕ ਵਿਚ, ਲੋਕਾਈ ਵਿਚ। ਲੋਇ ਲੋਇ-ਹਰੇਕ ਲੋਕ ਵਿਚ, ਸਾਰੇ ਬ੍ਰਹਮੰਡ ਵਿਚ। ਭੰਡਾਰ-ਭੰਡਾਰ ਕਾਇਮ ਹਨ, ਚਲ ਰਹੇ ਹਨ। ਪਾਇਆ-ਪਾ ਦਿੱਤਾ ਹੈ। ਸੁ-ਉਹ। ਏਕਾ ਵਾਰ-ਇਕ ਹੀ ਵਾਰ। ਵੇਖੈ-ਦੇਖ ਭਾਲ, ਸਾਂਭ ਸੰਭਾਲ। ਸਿਰਜਨਹਾਰੁ-ਪੈਦਾ ਕਰਨ ਵਾਲਾ, ਕਰਤਾ ਪੁਰਖ, ਅਕਾਲ ਪੁਰਖ। ਸਚੇ ਕੀ-ਅਕਾਲ ਪੁਰਖ ਦੀ। ਸਾਚੀ ਕਾਰੁ-ਸੱਚੀ ਵਡਿਆਈ ਹੈ। ਆਦੇਸੁ-ਪਰਣਾਮ ਹੈ, ਨਮਸਕਾਰ ਹੈ। ਅਨੀਲੁ-ਰੰਗ ਰੂਪ ਤੋਂ ਰਹਿਤ। ਅਨਾਹਤਿ-ਨਾਸ ਤੋਂ ਰਹਿਤ, ਅਬਿਨਾਸੀ। ਜੁਗੁ ਜੁਗੁ-ਜੁਗਾਂ ਜੁਗਾਂਤਰਾਂ ਤੋਂ। ਵੇਸੁ-ਭੇਸ, ਰੂਪ।
ਕਰਤਾ ਪੁਰਖ ਦੀ ਕਿਸੇ ਨੇ ਸਥਾਪਨਾ ਨਹੀਂ ਕੀਤੀ। ਉਸ ਨੇ ਆਪ ਹੀ ਆਪਣੇ-ਆਪ ਨੂੰ ਸਾਜਿਆ ਹੈ ਅਤੇ ਆਪ ਹੀ ਆਪਣੇ ਨਾਮ ਦੀ ਰਚਨਾ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਫਿਰ ਕੁਦਰਤ ਦੀ ਰਚਨਾ ਕੀਤੀ ਅਤੇ ਇਸ ਵਿਚ ਆਸਣ ਲਾ ਕੇ ਜਗਤ ਦੇ ਕੌਤਕਾਂ ਨੂੰ ਦੇਖਣ ਲੱਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਗਤ ਗੁਰੂ ਬਾਬਾ ਨੇ ਰਾਗੁ ਆਸਾ ਦੀ ਵਾਰ ਵਿਚ ਇਸ ਪ੍ਰਕਾਰ ਕੀਤਾ ਹੈ:
ਆਪੀਨ੍ਰੈ ਆਪੁ ਸਾਜਿਓ ਆਪੀਨ੍ਰੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ (ਅੰਗ : 463)
ਆਪੀਨੈ-ਆਪ ਨੇ ਹੀ, ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਤੋਂ। ਦੁਯੀ-ਦੂਜੀ। ਸਾਜੀਐ-ਸਾਜੀ ਹੈ, ਬਣਾਈ ਹੈ। ਚਾਉ-ਰੰਗ ਤਮਾਸ਼ਾ, ਕੌਤਕ।
ਪ੍ਰਭੂ ਦੀ ਉਸਤਿਤ ਕਰਦੇ ਹੋਏ ਗੁਰੂ ਜੀ ਬਚਨ ਕਰ ਰਹੇ ਹਨ ਕਿ ਹੇ ਪ੍ਰਭੂ, ਤੂੰ ਆਪ ਹੀ ਜੀਵਾਂ ਦਾ ਕਰਤਾ ਹੈਂ ਭਾਵ ਰਚਨਹਾਰਾ ਹੈਂ, ਆਪ ਹੀ ਇਨ੍ਹਾਂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ ਅਰਥਾਤ ਦਾਤਾਂ ਦੇਣ ਵਾਲਾ ਹੈ:
ਦਾਤਾ ਕਰਤਾ ਆਪਿ ਤੂੰ
ਤੁਸਿ ਦੇਵਹਿ ਕਰਹਿ ਪਸਾਉ॥ (ਅੰਗ : 463)
ਤੁਸਿ-ਤੂੰ। ਪਸਾਉ-ਮਿਹਰ ਕਰਦਾ ਹੈਂ, ਬਖਸ਼ਿਸ਼ ਕਰਦਾ ਹੈਂ।
ਹੇ ਪ੍ਰਭੂ, ਤੂੰ ਸਭ ਦੇ ਦਿਲਾਂ ਦੀਆਂ ਜਾਣਦਾ ਹੈਂ, ਜਦੋਂ ਤੇਰੀ ਮਰਜ਼ੀ ਹੁੰਦੀ ਹੈ ਤੂੰ ਜੀਵਾਂ ਨੂੰ ਪੈਦਾ ਕਰ ਕੇ ਫਿਰ ਉਨ੍ਹਾਂ ਦੀ ਜਿੰਦ (ਜਾਨ) ਨੂੰ ਲੈ ਲੈਂਦਾ ਹੈਂ ਭਾਵ ਫਿਰ ਆਪ ਹੀ ਉਨ੍ਹਾਂ ਨੂੰ ਮਾਰ ਦਿੰਦਾ ਹੈਂ। ਇਸ ਪ੍ਰਕਾਰ ਜਗਤ ਦੀ ਰਚਨਾ ਕਰਕੇ, ਇਸ ਵਿਚ ਆਸਣ ਲਾ ਕੇ ਤੂੰ ਜਗਤ ਦੀ ਸਾਰੀ ਖੇਡ ਦੇਖ ਰਿਹਾ ਹੈਂ:
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥ (ਅੰਗ : 463)
ਆਪ ਜੀ ਦੇ ਬਾਣੀ 'ਜਪੁ' ਜੀ ਸਾਹਿਬ ਦੀ ਤੀਜੀ ਪਉੜੀ ਵਿਚ ਵੀ ਪਾਵਨ ਬਚਨ ਹਨ ਕਿ ਜੁਗਾਂ ਜੁਗਾਂਤਰਾਂ ਤੋਂ ਜੀਵ ਪਰਮਾਤਮਾ ਵਲੋਂ ਦਿੱਤੇ ਪਦਾਰਥਾਂ ਨੂੰ ਖਾ ਰਹੇ ਹਨ। ਫਿਰ ਵੀ ਪਰਮਾਤਮਾ ਜੀਵਾਂ ਨੂੰ ਦੇਈ ਜਾ ਰਿਹਾ ਹੈ ਭਾਵੇਂ ਜੀਵ ਆਪਿ ਲੈ ਲੈ ਕੇ ਥੱਕ ਜਾਂਦੇ ਹਨ:
ਦੇਦਾ ਦੇ ਲੈਦੇ ਥਕਿ ਪਾਹਿ॥
ਜੁਗਾ ਜੁਗੰਤਰਿ ਖਾਹੀ ਖਾਹਿ॥ (ਅੰਗ : 2)
ਪਰਮਾਤਮਾ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ, ਸਭ ਕੁਝ ਉਸ ਦਾ ਕੀਤਾ ਕਰਾਇਆ ਹੀ ਹੋ ਰਿਹਾ ਹੈ। ਹੇ ਪ੍ਰਭੂ, ਤੇਰੇ ਤੋਂ ਬਿਨਾਂ ਤੇਰੇ ਵਰਗਾ ਹੋਰ ਕੋਈ ਨਹੀਂ ਜੋ ਜੀਵਾਂ ਨੂੰ ਪੈਦਾ ਕਰਕੇ ਉਨ੍ਹਾਂ ਦੀ ਫਿਰ ਸਾਂਭ-ਸੰਭਾਲ ਵੀ ਆਪ ਹੀ ਕਰਦਾ ਹੈ ਅਤੇ ਆਪ ਹੀ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਗੁਰਵਾਕ ਹੈ:
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ॥
ਤੁਧੁ ਬਿਨੁ ਦੂਜਾ ਅਵਰੁ ਨ ਕੋਇ॥
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ॥
ਜਨ ਨਾਨਕ ਗੁਰਮੁਖਿ ਪਰਗਟੁ ਹੋਇ॥
(ਰਾਗੁ ਆਸਾ ਮਹਲਾ ੪, ਅੰਗ : 365)
ਅਵਰੁ-ਹੋਰ।
ਉਸ ਦਾਤਾਰ ਜਿੰਨਾ ਹੋਰ ਕੋਈ ਵੱਡਾ ਕੌਣ ਹੋ ਸਕਦਾ ਹੈ? ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੈ, ਜੋ ਜੀਵ ਨੂੰ ਪੈਦਾ ਮਗਰੋਂ ਕਰਦਾ ਹੈ, ਪਹਿਲਾਂ ਉਸ ਦੇ ਰਿਜਕ ਦਾ ਪ੍ਰਬੰਧ ਕਰਦਾ ਹੈ। ਕਿੰਨੀ ਅਸਚਰਜ ਗੱਲ ਹੈ ਕਿ ਬੱਚਾ ਪੈਦਾ ਮਗਰੋਂ ਹੁੰਦਾ ਹੈ ਪਹਿਲਾਂ ਮਾਂ ਦੀਆਂ ਦੁਧੀਆਂ ਵਿਚ ਦੁੱਧ ਆ ਜਾਂਦਾ ਹੈ। ਗੁਰਵਾਕ ਹੈ:
ਪਹਿਲੋ ਦੇ ਤੈਂ ਰਿਜਕੁ ਸਮਾਹਾ॥
ਪਿਛੋ ਦੇ ਤੈਂ ਜੰਤੁ ਉਪਾਹਾ॥
(ਰਾਗੁ ਮਾਝ ਮਹਲਾ ੫, ਅੰਗ : 130)
ਸਮਾਹਾ-ਪ੍ਰਬੰਧ ਕੀਤਾ। ਜੰਤੁ-ਜੀਵ। ਉਪਾਹਾ-ਪੈਦਾ ਕੀਤਾ।
ਜੀਵਾਂ ਨੂੰ ਦਾਤਾਂ ਦੇ ਦੇ ਕੇ ਵੀ ਪਰਮਾਤਮਾ ਦੇ ਭੰਡਾਰਾਂ ਵਿਚ ਕਿਸੇ ਪ੍ਰਕਾਰ ਦੀ ਥੁੜ ਪੈਦਾ ਨਹੀਂ ਹੁੰਦੀ ਪ੍ਰੰਤੂ ਥੋੜ੍ਹ ਦਿਲੇ ਪ੍ਰਾਣੀ ਦਾਤਾਂ ਲੈ ਲੈ ਕੇ ਮੁਕਰ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਨਾਮ ਵਿਚ ਜੁੜਨ ਦੀ ਰੀਝ ਪੈਦਾ ਨਹੀਂ ਹੁੰਦੀ ਅਤੇ ਪ੍ਰਭੂ ਤੋਂ ਬਿਨਾਂ ਉਹ ਹੋਰ ਹੋਰ ਆਸਰਿਆਂ ਵੱਲ ਹੀ ਤਕਦੇ ਰਹਿੰਦੇ ਹਨ। ਫਲਸਰੂਪ ਅਜਿਹੇ ਪ੍ਰਾਣੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਮਾਰਗ ਤੋਂ ਖੁੰਝੇ ਰਹਿੰਦੇ ਹਨ। ਰਾਗੁ ਮਾਰੂ ਸੋਲਹੇ ਵਿਚ ਜਗਤ ਗੁਰੂ ਬਾਬਾ ਦੇ ਬੜੇ ਅਨਮੋਲ ਬਚਨ ਹਨ:
ਦੇਦੇ ਤੋਟਿ ਨ ਆਵੈ ਸਾਚੇ॥
ਲੈ ਲੈ ਮੁਕਰਿ ਪਉਦੇ ਕਾਚੇ॥
ਮੂਲੁ ਨ ਬੂਝਹਿ ਸਾਚਿ ਨ ਰੀਝਹਿ
ਦੂਜੈ ਭਰਮਿ ਭੁਲਾਈ ਹੇ॥ (ਅੰਗ : 1024)
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ


-217-ਆਰ., ਮਾਡਲ ਟਾਊਨ, ਜਲੰਧਰ।

ਅਕਾਲੀ ਲਹਿਰ-9

ਭਾਈ ਇੰਦਰ ਸਿੰਘ ਉਰਫ ਲੋਚਨ ਸਿੰਘ ਪਿੰਡ ਚੜਿੱਕ (ਮੋਗਾ)

ਇਕ ਸਰਕਾਰੀ ਦਸਤਾਵੇਜ਼ ਵਿਚ ਭਾਈ ਇੰਦਰ ਸਿੰਘ ਦੇ ਕਈ ਨਾਉਂ ਦਰਜ ਕੀਤੇ ਮਿਲੇ ਹਨ, ਇਹ ਹਨ ਇੰਦਰ
ਸਿੰਘ ਗਿੱਲ ਉਰਫ ਰਤਨ ਸਿੰਘ ਉਰਫ ਤਰਲੋਚਨ ਸਿੰਘ ਉਰਫ ਲੋਚਨ ਸਿੰਘ ਪਰ ਇਹ ਨਹੀਂ ਦੱਸਿਆ ਗਿਆ ਕਿ ਭਾਈ ਇੰਦਰ ਸਿੰਘ ਨੇ ਇਹ ਨਾਉਂ ਕਦੋਂ-ਕਦੋਂ ਅਤੇ ਕਿੱਥੇ-ਕਿੱਥੇ ਵਰਤੇ? ਇਸ ਤੋਂ ਬਿਨਾਂ 'ਕਾਮਾਗਾਟਾ ਮਾਰੂ' ਜਹਾਜ਼ ਵਿੱਚ ਸਵਾਰ ਹੋ ਕੇ ਕੈਨੇਡਾ ਤੋਂ ਵਾਪਸ ਪਰਤੇ ਮੁਸਾਫਰਾਂ ਵਿੱਚੋਂ ਹੋਣ ਕਾਰਨ ਉਸ ਨੇ ਆਪਣੇ ਨਾਉਂ ਨਾਲ 'ਜਹਾਜ਼ੀ' ਸ਼ਬਦ ਜੋੜ ਕੇ ਇੰਦਰ ਸਿੰਘ 'ਜਹਾਜ਼ੀ' ਵੀ ਲਿਖਿਆ ਹੈ। ਪੰਜਾਬ ਵਾਪਸ ਆ ਕੇ ਉਹ ਨਿੱਡਰ ਹੋ ਕੇ ਦੇਸ਼-ਸੇਵਾ ਦੇ ਕੰਮ ਵਿੱਚ ਜੁੱਟ ਗਿਆ, ਜਿਸ ਕਾਰਨ ਉਸ ਨੂੰ 'ਨਿਧੜਕ' ਉਪਨਾਮ ਨਾਲ ਵੀ ਸੰਬੋਧਤ ਕੀਤਾ ਜਾਂਦਾ ਰਿਹਾ।
ਭਾਈ ਇੰਦਰ ਸਿੰਘ ਦਾ ਜਨਮ 1880 ਈਸਵੀ ਦੇ ਨੇੜੇ ਪਿੰਡ ਚੜਿੱਕ, ਰਿਆਸਤ ਕਲਸੀਆ (ਹੁਣ ਜ਼ਿਲ੍ਹ੍ਹਾ ਮੋਗਾ) ਵਿਚ ਹੋਇਆ। ਉਸ ਦੇ ਪਿਤਾ ਦਾ ਨਾਂਅ ਈਸ਼ਰ ਸਿੰਘ ਉਰਫ ਪਰਤਾਪ ਸਿੰਘ ਸੀ। ਪਰਿਵਾਰ ਬੜਾ ਸਰਦਾ ਪੁੱਜਦਾ ਅਤੇ ਸਮਝਦਾਰ ਸੀ ਜਿਸ ਕਾਰਨ ਭਾਈ ਇੰਦਰ ਸਿੰਘ ਨੂੰ ਮੁਢਲੀ ਸਿੱਖਿਆ ਪਿੰਡ ਵਿਚ ਹੀ ਪ੍ਰਾਪਤ ਕਰਨ ਪਿੱਛੋਂ ਅਗਲੀ ਵਿੱਦਿਆ ਲਈ ਖ਼ਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਵਿਚ ਦਾਖਲ ਕਰਵਾਇਆ ਗਿਆ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਪਿੱਛੋਂ ਉਹ ਦਿੱਲੀ ਜਾ ਕੇ ਨੌਕਰੀ ਕਰਨ ਲੱਗਾ ਜਿੱਥੋਂ ਉਹ ਕੈਨੇਡਾ ਜਾਣ ਦੀ ਨੀਅਤ ਨਾਲ 1913 ਈਸਵੀ ਵਿਚ ਸ਼ੰਘਾਈ ਪਹੁੰਚ ਗਿਆ। ਅਗਲੇ ਸਾਲ ਜਦ ਬਾਬਾ ਗੁਰਦਿੱਤ ਸਿੰਘ ਨੇ ਹਿੰਦੁਸਤਾਨੀਆਂ ਨੂੰ ਕੈਨੇਡਾ ਲੈ ਜਾਣ ਲਈ ਕਾਮਾਗਾਟਾ ਮਾਰੂ ਜਹਾਜ਼ ਤਿਆਰ ਕੀਤਾ ਤਾਂ ਉਹ ਇਸ ਵਿਚ ਸਵਾਰ ਹੋ ਕੇ ਕੈਨੇਡਾ ਪਹੁੰਚਿਆ। ਜਹਾਜ਼ ਦੀ ਯਾਤਰਾ ਦੌਰਾਨ ਗ਼ਦਰੀਆਂ ਨਾਲ ਸੰਪਰਕ ਹੋਣ ਕਾਰਨ ਉਸ ਦੇ ਮਨ ਵਿਚ ਅੰਗਰੇਜ਼ ਵਿਰੋਧੀ ਭਾਵਨਾ ਉਤਪੰਨ ਹੋਈ। ਪੜ੍ਹੇ ਲਿਖੇ ਸੂਝਵਾਨ ਨੌਜਵਾਨ ਹੋਣ ਕਾਰਨ ਉਹ ਬਾਬਾ ਗੁਰਦਿੱਤ ਸਿੰਘ ਦੇ ਨਿਕਟਵਰਤੀਆਂ ਵਿਚ ਸ਼ਾਮਿਲ ਹੋ ਗਿਆ ਅਤੇ ਬਾਬਾ ਜੀ ਨੇ ਉਸ ਨੂੰ ਜਹਾਜ਼ ਦਾ ਪ੍ਰਬੰਧ ਦੇਖਣ ਵਾਲੀ ਕਮੇਟੀ ਦਾ ਮੈਂਬਰ ਥਾਪਿਆ। ਯਾਤਰਾ ਦੌਰਾਨ ਕੈਨੇਡਾ ਦੀ ਸਰਕਾਰ ਵਲੋਂ ਇਸ ਜਹਾਜ਼ ਦੇ ਮੁਸਾਫਿਰਾਂ ਨੂੰ ਆਪਣੀ ਧਰਤੀ ਉੱਤੇ ਨਾ ਉਤਰਨ ਦੇਣ ਕਾਰਨ ਬਾਕੀ ਯਾਤਰੀਆਂ ਨਾਲ ਉਸ ਨੂੰ ਵੀ ਵਾਪਸ ਮੁੜਨਾ ਪਿਆ। 29 ਸਤੰਬਰ, 1914 ਦੇ ਦਿਨ ਬਜਬਜ ਘਾਟ ਉੱਤੇ ਉਸ ਨੇ ਬੜੇ ਹੌਸਲੇ ਅਤੇ ਬਹਾਦਰੀ ਦਾ ਸਬੂਤ ਦਿੱਤਾ। ਇਸ ਸਮੇਂ ਉਸ ਦੀ ਆਪਾ ਵਾਰੂ ਕੁਰਬਾਨੀ ਬਾਰੇ ਬਾਬਾ ਗੁਰਦਿੱਤ ਸਿੰਘ ਨੇ ਸ੍ਰੀ ਅਮਰ ਨਾਥ ਮੈਜਿਸਟ੍ਰੇਟ ਦਰਜਾ ਅੱਵਲ, ਅੰਮ੍ਰਿਤਸਰ ਦੀ ਕਚਹਿਰੀ ਵਿਚ ਚੱਲ ਰਹੇ ਮੁਕੱਦਮੇ ਦੌਰਾਨ ਦਿੱਤੇ ਆਪਣੇ ਲਿਖਤੀ ਬਿਆਨ ਵਿਚ ਉਸ ਬਾਰੇ ਲਿਖਿਆ ਹੈ, 'ਮੁਸਾਫਰ ਤੁਰੇ ਜਾਂਦੇ ਸਨ ਤਾਂ ਇਕ ਗੋਰਾ ਅਫ਼ਸਰ ਪਿਸਤੌਲ ਭਰ ਕੇ ਰਸਤੇ ਵਿਚ ਮੁਸਾਫਰਾਂ ਦੇ ਅੱਗੇ ਗੋਲੀ ਮਾਰਨ ਲਈ ਖਲੋ ਗਿਆ ਤੇ ਸ੍ਰੀ ਮਾਨ ਭਾਈ ਇੰਦਰ ਸਿੰਘ ਜੀ ਅਕਾਲੀ ਚੜਿੱਕ (ਕਲਸੀਆਂ) ਨੇ ਆਪਣੀ ਛਾਤੀ ਅੱਗੇ ਕਰ ਕੇ ਉਸ ਦੀ ਪਿਸਤੌਲ ਦੀ ਮੋਰੀ ਨਾਲ ਜਾ ਲਾਈ ਤੇ ਕਿਹਾ 'ਮਾਰ, ਪ੍ਰੰਤੂ ਉਸ ਗੋਰੇ ਨੇ ਖ਼ਬਰ ਨਹੀਂ ਗੋਲੀ ਕਿਉਂ ਨਾ ਮਾਰੀ ਅਤੇ ਪਿੱਛੇ ਹਟ ਗਿਆ।' ਇੰਦਰ ਸਿੰਘ ਕੁਝ ਦਿਨ ਪੁਲਿਸ ਦੀ ਅੱਖ ਤੋਂ ਬਚਿਆ ਰਿਹਾ ਪਰ 1 ਅਕਤੂਬਰ 1914 ਨੂੰ ਪੁਲਿਸ ਦੇ ਹੱਥ ਆ ਗਿਆ। ਉਸ ਨੂੰ ਪ੍ਰੈਜ਼ੀਡੈਂਸੀ ਜੇਲ੍ਹ, ਕਾਲੀ ਘਾਟ, ਕਲਕੱਤਾ ਵਿਚ ਬੰਦ ਕਰ ਦਿੱਤਾ ਗਿਆ। ਲਗਭਗ ਇਕ ਸਾਲ ਪਿੱਛੋਂ ਸਤੰਬਰ 1915 ਵਿਚ ਉਸ ਨੂੰ ਪੰਜਾਬ ਦੀ ਕੈਂਬਲਪੁਰ ਜੇਲ੍ਹ ਵਿਚ ਬਦਲਿਆ ਗਿਆ ਜਿਥੋਂ ਜਨਵਰੀ 1916 ਵਿਚ ਰਿਹਾਅ ਕਰ ਕੇ ਜੂਹਬੰਦੀ ਲਾਗੂ ਕਰ ਦਿੱਤੀ ਗਈ ਜੋ ਅਪ੍ਰੈਲ, 1917 ਵਿਚ ਟੁੱਟੀ। ਉਹ ਕੁਝ ਸਮਾਂ ਗੁਆਂਢੀ ਪਿੰਡ ਮੱਲ੍ਹੀਆਂ ਵਾਲਾ ਦੇ ਸਕੂਲ ਵਿਚ ਪੜ੍ਹਾਉਣ ਪਿੱਛੋਂ ਪਿੰਡ ਚੂਹੜਚੱਕ ਦੇ ਖ਼ਾਲਸਾ ਸਕੂਲ, ਜੋ ਉਹਨੀਂ ਦਿਨੀਂ ਇਨਕਲਾਬੀ ਸਰਗਰਮੀਆਂ ਦਾ ਅੱਡਾ ਸੀ, ਵਿਚ ਅਧਿਆਪਕ ਜਾ ਲੱਗਾ ਅਤੇ ਨਾਲ ਹੀ ਸਿੱਖ ਲੀਗ ਵਿਚ ਸਰਗਰਮ ਹੋ ਗਿਆ। 20ਵੀਂ ਸਦੀ ਦੇ ਦੂਜੇੇ ਦਹਾਕੇ ਦੇ ਅੰਤਲੇ ਵਰ੍ਹਿਆਂ ਦੌਰਾਨ ਉਸ ਨੇ ਪਿੰਡ ਛੱਡ ਕੇ ਅੰਮ੍ਰਿਤਸਰ ਨੂੰ ਟਿਕਾਣਾ ਬਣਾ ਲਿਆ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਉਸ ਨੇ ਰਿਆਸਤ ਪਟਿਆਲਾ ਅਤੇ ਜ਼ਿਲ੍ਹ੍ਹਾ ਅੰਬਾਲਾ ਵਿਚ ਪਰਚਾਰ ਕਾਰਜ ਕੀਤਾ। ਗਿਆਨੀ ਹੀਰਾ ਸਿੰਘ 'ਦਰਦ' ਨੇ ਆਪਣੀ ਪੁਸਤਕ ''ਜੀਵਨ ਚਰਿੱਤਰ ਬਾਬਾ ਗੁਰਦਿੱਤ ਸਿੰਘ ਜੀ'' ਦੀ ਭੂਮਿਕਾ ਵਿਚ ਲਿਖਿਆ ਹੈ ਕਿ ਉਸ ਨੂੰ ਕਾਮਾਗਾਟਾਮਾਰੂ ਦੀ ਕਹਾਣੀ ਬਾਰੇ ਜਾਣਨ ਅਤੇ ਬਾਬਾ ਜੀ ਦਾ ਜੀਵਨ ਚਰਿੱਤਰ ਲਿਖਣ ਵਿਚ ਇੰਦਰ ਸਿੰਘ 'ਜਹਾਜ਼ੀ' ਦਾ ਸਹਿਯੋਗ ਪ੍ਰਾਪਤ ਰਿਹਾ। ਉਹ ਪ੍ਰਸਿੱਧ ਗ਼ਦਰੀ ਅਤੇ ਅਕਾਲੀ ਲਹਿਰ ਵਿਚ ਸਰਗਰਮ ਭਾਈ ਪਿਆਰਾ ਸਿੰਘ 'ਲੰਗੇਰੀ' ਦਾ ਸਹਿਯੋਗੀ ਵੀ ਰਿਹਾ।
ਗੁਰਦੁਆਰਾ ਸੁਧਾਰ ਲਹਿਰ ਤੋਂ ਪਿੱਛੋਂ ਉਹ ਕਿੱਥੇ ਰਿਹਾ ਅਤੇ ਉਸ ਦੀਆਂ ਗਤੀਵਿਧੀਆਂ ਕੀ ਰਹੀਆਂ, ਇਸ ਬਾਰੇ ਬਹੁਤੀ ਸੂਚਨਾ ਨਹੀਂ ਮਿਲਦੀ, ਕੇਵਲ ਏਨਾ ਪਤਾ ਲੱਗਦਾ ਹੈ ਕਿ ਉਸ ਨੇ ਅਕਾਲੀ ਲਹਿਰ ਸਮੇਂ ਪਟਿਆਲਾ ਰਿਆਸਤ ਅਤੇ ਅੰਬਾਲਾ ਜ਼ਿਲ੍ਹ੍ਹੇ ਵਿਚ ਪ੍ਰਚਾਰ ਦਾ ਕੰਮ ਕੀਤਾ।
ਪੰਜਾਬ ਦੀ ਸੀ.ਆਈ.ਡੀ. ਪੁਲਿਸ ਨੇ ਭਾਈ ਇੰਦਰ ਸਿੰਘ ਦੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣ ਵਾਸਤੇ ਦੋ ਫਾਈਲਾਂ ਨੰ: 37 ਅਤੇ 7421 ਐੱਸ.ਬੀ. ਬਣਾਈਆਂ ਹੋਈਆਂ ਸਨ।


-3154, ਸੈਕਟਰ 71, ਮੁਹਾਲੀ-160071.
ਮੋਬਾਈਲ : 094170-49417.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਮਦਨ ਸਿੰਘ ਕਾਠਾ ਸਿੰਘ

ਚਮਕੌਰ ਸਾਹਿਬ ਦੀ ਗੜ੍ਹੀ ਦੇ ਅਮਰ ਸ਼ਹੀਦਾਂ ਵਿਚੋਂ ਸਭ ਤੋਂ ਪਹਿਲਾਂ ਜਾਨਾਂ ਵਾਰਨ ਵਾਲੇ ਦੋ ਸਕੇ ਭਰਾ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਸਨ। ਇਨ੍ਹਾਂ ਦਾ ਜਨਮ ਪਿੰਡ ਭਗੜਾਣੇ ਵਿਖੇ ਭਾਈ ਦਿਆਲਾ ਜੀ ਦੇ ਘਰ ਹੋਇਆ, ਜੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਰਧਾਲੂ ਸਨ। ਇਹ ਕੱਪੜਾ ਬੁਣਨ ਵਾਲੇ ਕਿਰਤੀ ਸਿੱਖ ਸਨ। ਇਨ੍ਹਾਂ ਨੇ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਉਪਰੰਤ ਆਪਣੇ ਦੋਵੇਂ ਸਪੁੱਤਰ ਸ੍ਰੀ ਦਸਮੇਸ਼ ਜੀ ਦੀ ਸੇਵਾ ਵਿਚ ਭੇਜ ਦਿੱਤੇ। ਦੋਵਾਂ ਭਰਾਵਾਂ ਨੇ 1699 ਈ: ਦੀ ਇਤਿਹਾਸਕ ਵਿਸਾਖੀ ਵਾਲੇ ਦਿਨ ਅੰਮ੍ਰਿਤਪਾਨ ਕੀਤਾ। ਵੱਡੇ ਭਰਾ ਦਾ ਨਾਮ ਭਾਈ ਮਦਨ ਸਿੰਘ ਅਤੇ ਛੋਟੇ ਦਾ ਨਾਂਅ ਭਾਈ ਕਾਠਾ ਸਿੰਘ ਸੀ। ਇਨ੍ਹਾਂ ਉੱਪਰ ਗੁਰਸਿੱਖੀ ਦਾ ਗੂੜ੍ਹਾ ਰੰਗ ਚੜ੍ਹ ਗਿਆ। ਇਹ ਹਰ ਸਮੇਂ ਸੇਵਾ ਅਤੇ ਸਿਮਰਨ ਵਿਚ ਗੜੂੰਦ ਰਹਿੰਦੇ ਸਨ। ਭਾਈ ਮਦਨ ਸਿੰਘ ਮਹਾਰਾਜ ਜੀ ਦੇ ਘੋੜਿਆਂ ਦੀ ਸੇਵਾ ਕਰਿਆ ਕਰਦਾ ਸੀ। ਇਹ ਦਸਵੇਂ ਪਾਤਸ਼ਾਹ ਜੀ ਦਾ ਦਰਬਾਰੀ ਕਵੀ ਵੀ ਸੀ। ਦੋਵੇਂ ਭਰਾ ਸ਼ਸਤਰ ਵਿੱਦਿਆ ਵਿਚ ਨਿਪੁੰਨ ਸਨ। ਸ੍ਰੀ ਅਨੰਦਪੁਰ ਸਾਹਿਬ ਦੇ ਲੰਮੇ ਘੇਰੇ ਸਮੇਂ ਦੋਵੇਂ ਭਾਈ ਮਹਾਰਾਜ ਦੀ ਦੇ ਨਾਲ ਰਹੇ। ਜਿਸ ਸਮੇਂ ਸ੍ਰੀ ਦਸਮੇਸ਼ ਜੀ ਨੇ ਅਨੰਦਪੁਰ ਸਾਹਿਬ ਤੋਂ ਸਰਸਾ ਵੱਲ ਕੂਚ ਕੀਤਾ ਤਾਂ ਸਭ ਤੋਂ ਪਿੱਛੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਥਾ ਸੀ, ਜਿਸ ਵਿਚ ਭਾਈ ਮਦਨ ਸਿੰਘ ਵੀ ਜੂਝ ਰਿਹਾ ਸੀ। ਜਦੋਂ ਜ਼ਖ਼ਮੀ ਹਾਲਤ ਵਿਚ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਖਾਂ ਵਿਖੇ ਲਿਜਾਇਆ ਗਿਆ ਤਾਂ ਵੀ ਭਾਈ ਮਦਨ ਸਿੰਘ ਉਨ੍ਹਾਂ ਦੇ ਨਾਲ ਸਨ। ਜਦੋਂ ਮਹਾਰਾਜ ਜੀ ਚਾਲੀ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਪਹੁੰਚੇ ਤਾਂ ਇਹ ਦੋਵੇਂ ਭਰਾ ਨਾਲ ਸਨ। ਸ੍ਰੀ ਦਸਮੇਸ਼ ਜੀ ਨੇ ਅੱਠ ਅੱਠ ਸਿੰਘਾਂ ਨੂੰ ਗੜ੍ਹੀ ਦੀਆਂ ਚਾਰੇ ਦੀਵਾਰਾਂ 'ਤੇ ਤਾਇਨਾਤ ਕੀਤਾ। ਫਿਰ ਮਹਾਰਾਜ ਜੀ ਨੇ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਨੂੰ ਗੜ੍ਹੀ ਦੇ ਦਰਵਾਜ਼ੇ 'ਤੇ ਪਹਿਰੇਦਾਰ ਨਿਯੁਕਤ ਕੀਤਾ। ਦਸ ਲੱਖ ਦੀ ਭਾਰੀ ਫ਼ੌਜ ਗੜ੍ਹੀ ਦੇ ਦਰਵਾਜ਼ੇ ਵੱਲ ਧਾਈ ਕਰਕੇ ਵਧਣ ਲੱਗੀ ਪਰ ਇਨ੍ਹਾਂ ਬਹਾਦਰ ਵੀਰਾਂ ਨੇ ਦੁਸ਼ਮਣ ਸੈਨਾ ਨੂੰ ਰੋਕੀ ਰੱਖਿਆ। ਸ੍ਰੀ ਗੁਰੂ ਪ੍ਰਤਾਪ ਗ੍ਰੰਥ ਵਿਚ ਲਿਖਿਆ ਹੋਇਆ ਹੈ:
ਕਾਠਾ ਸਿੰਘ ਏਕ ਔ ਮਦਨ ਸਿਘ ਦੋਨੋ ਹੂੰ ਕੋ
ਦੀਨੋ ਪੌਰ ਗਾਢੇ ਰਹੇ ਕੀਜੈ ਰਿਪ ਹੇਰਿ ਹਾਨ॥
ਗੁਲਕਾ ਬਰੂਦ ਨਹਿ ਡਾਰੀਏ ਤੁਫੰਗ ਬੀਚ
ਤੋੜਾ ਦੇਹੁ ਡਾਂਭਿ ਡਾਂਭਿ ਛੂਟਹਿ ਨ ਸੰਕ ਠਾਨਿ॥
ਸ੍ਰੀ ਦਸਮੇਸ਼ ਜੀ ਨੇ ਜਦੋਂ ਜ਼ਫ਼ਰਨਾਮਾ ਰਚਿਆ ਤਾਂ 31, 32 ਅਤੇ 33 ਸ਼ੇਅਰ ਵਿਚ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਦੀ ਮਹਾਨ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਮਰਜੀਵੜਿਆਂ 'ਤੇ ਤੋਪਾਂ ਅਤੇ ਤੀਰਾਂ ਦੀ ਵਰਖਾ ਹੁੰਦੀ ਰਹੀ ਪਰ ਸ੍ਰੀ ਦਸਮੇਸ਼ ਦੇ ਪਿਆਰ ਵਿਚ ਇਹ ਆਪਣੀ ਥਾਂ 'ਤੇ ਡਟੇ ਰਹੇ। ਆਖ਼ਰ ਸੈਂਕੜੇ ਜ਼ਖ਼ਮ ਖਾ ਕੇ ਇਹ ਸੂਰਮੇ ਇਸ਼ਕ ਦੀ ਲਾਟ ਤੋਂ ਕੁਰਬਾਨ ਹੋ ਗਏ। ਇਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਕਲਗੀਧਰ ਜੀ ਨੇ ਭਾਈ ਸ਼ੇਰ ਸਿੰਘ ਅਤੇ ਭਾਈ ਨਾਹਰ ਸਿੰਘ ਜੀ ਨੂੰ ਗੜ੍ਹੀ ਦੇ ਦਰਵਾਜ਼ੇ ਦੇ ਰੱਖਿਅਕ ਨਿਯੁਕਤ ਕੀਤਾ।
ਹਿੱਕਾਂ ਤਾਣ ਸਾਹਵੇਂ ਇਹ ਮੌਤ ਦੇ ਖਲੋਤੇ ਰਹੇ,
ਪਿੱਠਾਂ ਤੇ ਨਹੀਂ ਸੀਨਿਆਂ 'ਤੇ ਖਾਧੀਆਂ ਸੀ ਗੋਲੀਆਂ,
ਭੰਬਟਾਂ ਦੇ ਵਾਂਗ ਜਲੇ ਇਸ਼ਕੇ ਦੀ ਲਾਟ ਉਤੋਂ
ਖੇਡ ਗਏ ਹੱਸ-ਹੱਸ ਖ਼ੂਨ ਦੀਆਂ ਹੋਲੀਆਂ।

ਕੱਲ੍ਹ ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਗੁਰ ਅਰਜਨ ਵਿਟਹੁ ਕੁਰਬਾਣੀ

ਸ਼ਾਂਤੀ ਦੇ ਪੁੰਜ, ਗੁਰਮਤਿ ਵਿਚ ਗੰਭੀਰ ਚਿਤ, ਧੀਰਜ ਰੂਪੀ ਧਰਮ ਦੇ ਮਾਲਿਕ, ਪਰਾਏ ਦੁੱਖ ਹਰਨ ਵਾਲੇ, ਪ੍ਰਭੂ ਜਿਹੇ ਉਦਾਰ ਚਿਤ ਅਤੇ ਹਊਮੈ ਨੂੰ ਦੂਰ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਨੇ ਸੇਵਾ ਦੀ ਪੁੰਜ ਮਾਤਾ ਬੀਬੀ ਭਾਨੀ ਅਤੇ ਚੌਥੇ ਨਾਨਕ ਗੁਰੂ ਰਾਮਦਾਸ ਜੀ ਦੇ ਘਰ, ਭੱਟ ਕਲਸਹਾਰ ਦੇ ਸ਼ਬਦਾਂ ਵਿਚ 'ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ' 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਿਆ | ਭਗਤੀ ਦੇ ਜੋਗ ਨੂੰ ਜਿੱਤਣ ਵਾਲੇ ਗੁਰੂ ਅਰਜਨ ਦੇਵ ਜੀ ਨੇ 'ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ' ਜਨਮ ਸਮੇਂ ਤੋਂ ਹੀ ਗੁਰੂ ਦੀ ਮਤ ਦੁਆਰਾ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਸੀ | ਨਾਨਾ ਗੁਰਦੇਵ, ਗੁਰੂ ਅਮਰਦਾਸ ਜੀ ਦੇ ਬਚਨਾਂ 'ਦੋਹਿਤਾ ਬਾਣੀ ਕਾ ਬੋਹਿਥਾ' ਮੁਤਾਬਕ ਆਪ ਜੀ ਨੇ ਇਕ ਮਹਾਨ ਬੀੜਕਾਰ ਵਜੋਂ ਆਦਿ ਗ੍ਰੰਥ ਦਾ ਸੰਪਾਦਨ ਕੀਤਾ |
ਗੁਰੂ ਰਾਮਦਾਸ ਜੀ ਨੇ ਜਦੋਂ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਦੇ ਨਿਰਮਲ ਪੰਥ ਦਾ ਪੰਜਵਾਂ ਵਾਰਸ ਥਾਪਿਆ ਤਾਂ ਆਪ ਦਾ ਵੱਡਾ ਭਰਾ ਦੁਨਿਆਵੀ ਹੱਕਾਂ ਵਾਂਗ ਇਸ ਨਿਰਮਲ ਵਿਰਾਸਤ 'ਤੇ ਵੀ ਆਪਣਾ ਅਧਿਕਾਰ ਜਮਾਉਣ ਲੱਗਾ ਤਾਂ ਗੁਰੂ ਅਰਜਨ ਦੇਵ ਜੀ ਆਪਣੇ ਭਰਾਵਾਂ ਨੂੰ ਦੁਨਿਆਵੀ ਦੌਲਤਾਂ ਛੱਡ ਅਕਾਲ ਪੁਰਖ ਦੀ ਸਿਫ਼ਤ ਦਾ ਖਜ਼ਾਨਾ ਨਾਲ ਲੈ ਅੰਮਿ੍ਤਸਰ ਵਿਖੇ ਆ ਗਏ ਅਤੇ ਆਪਣੇ ਗੁਰੂ ਪਿਤਾ ਦੇ ਸਰੋਵਰ ਨਿਰਮਾਣ ਕਾਰਜ ਨੂੰ ਪੂਰਾ ਕੀਤਾ | ਗੁਰੂ ਜੀ ਦੀ ਸ਼ਖ਼ਸੀਅਤ ਸੰਗਤਾਂ ਨੂੰ ਨਿਹਾਲ ਕਰਦੀ ਗਈ, ਗੁਰੂ ਘਰ ਦੇ ਦੋਖੀਆਂ ਨੂੰ ਇਹ ਸਭ ਰਾਸ ਨਾ ਆਇਆ ਅਤੇ ਨਵੇਂ ਬਣੇ ਮੁਗ਼ਲ ਸ਼ਾਸਕ ਜਹਾਂਗੀਰ ਕੋਲ ਗੁਰੂ ਅਰਜਨ ਦੇਵ ਜੀ ਦੀ ਚੁਗਲੀ ਹੋਣ ਲੱਗੀ |
ਜਹਾਂਗੀਰ ਆਪਣੇ ਪਿਤਾ ਅਕਬਰ ਵਾਂਗ ਦੂਰ ਅੰਦੇਸ਼ ਅਤੇ ਸਹਿਣਸ਼ੀਲਤਾ ਵਾਲਾ ਬਾਦਸ਼ਾਹ ਨਹੀਂ ਸੀ | ਆਪਣੇ ਪੁੱਤਰ ਖੁਸਰੋ ਦੇ ਬਾਗੀ ਹੋਣ ਤੋਂ ਬਾਅਦ ਉਹ ਗੁਰੂ ਅਰਜਨ ਦੇਵ ਜੀ ਨਾਲ ਖਾਰ ਖਾਣ ਲੱਗਾ | ਚੰਦੂ ਦੀਵਾਨ ਅਤੇ ਪਿ੍ਥੀ ਚੰਦ ਦੀਆਂ ਚੁਗਲੀਆਂ ਨੇ ਬਲਦੀ 'ਤੇ ਤੇਲ ਪਾਇਆ | ਗੁਰੂ ਅਰਜਨ ਦੇਵ ਜੀ ਪ੍ਰਤੀ ਜਹਾਂਗੀਰ ਦੀ ਘਿ੍ਣਤ ਭਾਵਨਾ ਦਾ ਅੰਦਾਜ਼ਾ ਉਸ ਦੀ ਆਪਣੀ ਪੁਸਤਕ 'ਤੁਜ਼ਕੇ ਜਹਾਂਗੀਰੀ' ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ;
'ਬਿਆਸ ਨਦੀ ਦੇ ਕੰਢੇ 'ਤੇ ਗੋਇੰਦਵਾਲ ਪਿੰਡ ਵਿਚ ਇਕ ਹਿੰਦੂ ਅਰਜਨ ਨਾਮੀ ਪੀਰਾਂ ਬਜ਼ੁਰਗਾਂ ਦੇ ਭੇਸ ਵਿਚ ਰਹਿੰਦਾ ਸੀ | ਉਹਦਾ ਪਖੰਡ ਤੇ ਫਰੇਬ ਇੰਨਾ ਸੀ ਕਿ ਕਈ ਮੂਰਖ ਤੇ ਬੇਸਮਝ ਮੁਸਲਮਾਨ ਵੀ ਉਸ ਨੂੰ ਆਪਣਾ ਪੀਰ ਗੁਰੂ ਮੰਨਦੇ ਸਨ | ਉਸ ਦਾ ਈਸ਼ਵਰ ਦੇ ਨਜ਼ਦੀਕੀ ਹੋਣ ਦਾ ਪੱਕਾ ਦਾਅਵਾ ਸੀ | ਲੋਕੀ ਫਰੇਬ ਦੇ ਪੁਜਾਰੀ ਤੇ ਪੂਰਾ ਇਹਤਕਾਦ ਰੱਖਦੇ ਸਨ ਤੇ ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਗਰਮ ਸੀ | ਬੜੀ ਦੇਰ ਤੋਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਇਸ ਪਖੰਡ ਤੇ ਝੂਠ ਦੇ ਫਰੇਬ ਨੂੰ ਬੰਦ ਕਰਨਾ ਚਾਹੀਦਾ ਹੈ | ਜਾਂ ਉਸ ਨੂੰ ਮੁਸਲਮਾਨੀ ਮੱਤ ਵਿਚ ਲਿਆਉਣਾ ਚਾਹੀਦਾ ਹੈ | ਇਨ੍ਹਾਂ ਹੀ ਦਿਨਾਂ ਵਿਚ ਖੁਸਰੋ, ਜੋ ਬਾਗੀ ਹੋਇਆ ਨੱਸਿਆ ਜਾ ਰਿਹਾ ਸੀ, ਇਥੋਂ ਦੀ ਦਰਿਆ ਪਾਰ ਹੋਇਆ, ਇਸ ਜਾਹਲ ਤੇ ਹਕੀਰ ਆਦਮੀ ਕੋਲ ਉਹ ਠਹਿਰਿਆ | ਇਸ ਨੇ ਉਸ ਨਾਲ ਪਹਿਲਾਂ ਮਿਥੀਆਂ ਹੋਈਆਂ ਬਹੁਤ ਗੱਲਾਂ ਕੀਤੀਆਂ ਤੇ ਅਸ਼ੀਰਵਾਦ ਦੇ ਕੇ ਤਿਲਕ ਲਾਇਆ | ਜਦ ਇਹ ਗੱਲ ਮੈਂ ਸੁਣੀ ਤਾਂ ਹੁਕਮ ਦਿੱਤਾ ਕਿ ਇਕਦਮ ਇਸ ਨੂੰ ਫੜਿਆ ਜਾਵੇ ਤੇ ਤਸੀਹੇ ਦੇ ਕੇ ਕਤਲ ਕੀਤਾ ਜਾਵੇ |' (ਸਰੋਤ-ਗੁਰਮਤਿ ਪ੍ਰਕਾਸ਼ ਮਾਰਚ 1972)
ਜਹਾਂਗੀਰ ਦਾ ਗੁਰੂ ਅਰਜਨ ਦੇਵ ਜੀ ਪ੍ਰਤੀ ਨਫ਼ਰਤ ਵਾਲਾ ਸੁਭਾਅ ਗੁਰੂ ਘਰ ਦੇ ਦੋਖੀਆਂ ਨੂੰ ਬਹੁਤ ਰਾਸ ਆਇਆ | ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਯਾਸਾ (13ਵੀਂ ਸਦੀ ਵਿਚ ਚੰਗੇਜ਼ ਖਾਨ ਦੁਆਰਾ ਚਲਾਈ ਗਈ ਫ਼ਕੀਰਾਂ ਦੀ ਸਜ਼ਾ ਜਿਸ ਵਿਚ ਖੂਨ ਦਾ ਇਕ ਵੀ ਕਤਰਾ ਡੁੱਲਣ ਤੋਂ ਬਿਨਾਂ ਮਾਰਿਆ ਜਾਂਦਾ ਹੈ) ਦੀ ਸਜ਼ਾ ਸੁਣਾ ਕਸ਼ਮੀਰ ਵੱਲ ਚਲਾ ਗਿਆ | ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ, ਤੱਤੀ ਤਵੀ 'ਤੇ ਬਿਠਾਇਆ ਗਿਆ, ਉਬਲਦੇ ਪਾਣੀ ਵਿਚ ਰੱਖਿਆ ਗਿਆ ਪਰ ਗੁਰੂ ਜੀ ਅਡੋਲ ਰਹੇ ਅਤੇ 'ਤੇਰਾ ਕੀਆ ਮੀਠਾ ਲਾਗੈ¨ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ¨' ਅਨੁਸਾਰ ਭਾਣੇ ਵਿਚ ਰਹੇ |
ਆਮ ਪ੍ਰਚਲਿਤ ਰਵਾਇਤ ਅਨੁਸਾਰ ਗੁਰੂ ਅਰਜਨ ਦੇਵ ਜੀ ਰਾਵੀ ਵਿਚ ਇਸ਼ਨਾਨ ਕਰਨ ਗਏ ਅਤੇ ਅਲੋਪ ਹੋ ਗਏ ਪਰ ਕੁਝ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਜਲਾਦਾਂ ਨੇ ਗੁਰੂ ਜੀ ਦਾ ਛਾਲਿਆਂ ਨਾਲ ਭਰਿਆ ਜਿਸਮ ਇੱਟਾਂ-ਵੱਟਿਆਂ ਨਾਲ ਫੇਹ ਦਿੱਤਾ, ਜਿਸ ਨਾਲ ਖੂਨ ਵਹਿ ਤੁਰਿਆ ਅਤੇ ਯਾਸਾ ਦੀ ਸਜ਼ਾ ਕਾਮਯਾਬ ਨਾ ਹੋ ਸਕੀ | ਕੇਸਰ ਸਿੰਘ ਅਨੁਸਾਰ ਗੁਰੂ ਜੀ ਦੇ ਮੱਥੇ ਉਪਰ ਇੱਟ ਦੀ ਚੋਟ ਕਾਰਨ ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ ਅਤੇ ਜਲਾਦਾਂ ਦੁਆਰਾ ਆਪ ਦੇ ਸਰੀਰ ਨੂੰ ਰਾਵੀ ਵਿਚ ਰੋੜ੍ਹ ਦਿੱਤਾ ਗਿਆ | ਇਹ ਘਟਨਾ 30 ਮਈ 1606 ਨੂੰ ਵਾਪਰੀ | ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਮਨੁੱਖਤਾ ਦੇ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਮੋੜ ਵਜੋਂ ਦੇਖਿਆ ਜਾਂਦਾ ਹੈ | ਇਹ ਸ਼ਹੀਦੀ ਇਕ ਅਜਿਹੀ ਘਟਨਾ ਸੀ, ਜਿਸ ਨਾਲ ਸਿੱਖ ਧਰਮ ਨਵੇਂ ਢੰਗ ਨਾਲ ਜਥੇਬੰਦ ਹੋਇਆ | ਕਵੀਆਂ ਅਨੁਸਾਰ ''ਦੋ ਤਲਵਾਰਾਂ ਬੱਧੀਆਂ ਇਕ ਮੀਰੀ ਦੀ ਇਕ ਪੀਰੀ ਦੀ'' ਦੁਆਰਾ ਸਿੱਖ ਧਰਮ ਵਿਚ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੋਇਆ, ਜਿਸ ਨਾਲ ਸਿਮਰਨ ਅਤੇ ਸੂਰਮਗਤੀ ਦੀ ਸਾਂਝ ਪਈ |

-ਸਹਾਇਕ ਪ੍ਰੋਫੈਸਰ, ਅਰਜਨ ਦਾਸ ਕਾਲਜ, ਧਰਮਕੋਟ (ਮੋਗਾ) |
ਸੰਪਰਕ : 89683-86290

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ

ਹੱਕ, ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਹਨ | ਸਿੱਖ ਧਰਮ ਅੰਦਰ 'ਸ਼ਹਾਦਤ' ਸ਼ਬਦ ਬਹੁਤ ਹੀ ਸਤਿਕਾਰ ਭਰੇ ਸ਼ਬਦਾਂ ਵਿਚ ਰੂਪਮਾਨ ਹੈ | ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਆਵਾਜ਼ ਬੁਲੰਦ ਰੱਖਣ ਲਈ ਦਿੱਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਹੈ ਅਤੇ ਇਹ ਗਵਾਹੀ ਕੋਈ ਆਮ ਨਹੀਂ ਸਗੋਂ ਸਮਾਜਕ ਸਰੋਕਾਰਾਂ ਦੇ ਨਾਲ-ਨਾਲ ਰੂਹਾਨੀਅਤ ਨਾਲ ਵੀ ਲਬਰੇਜ਼ ਹੈ | ਪੰਜਵੇਂ ਪਾਤਸ਼ਾਹ ਜੀ ਵਲੋਂ ਦਿੱਤੀ ਗਈ ਸ਼ਹਾਦਤ ਸਿੱਖ ਕੌਮ ਲਈ ਉਹ ਸ਼ਕਤੀ ਬਣ ਕੇ ਉੱਭਰੀ ਜਿਸ ਤੋਂ ਅਗਵਾਈ ਲੈ ਕੇ ਸਿੱਖ ਪੰਥ ਨੇ ਸ਼ਹਾਦਤਾਂ ਦੀ ਇਕ ਅਜਿਹੀ ਲੜੀ ਸਿਰਜੀ, ਜਿਸ ਦਾ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਹੋਰ ਕੋਈ ਮੁਕਾਬਲਾ ਨਹੀਂ ਕਰ ਸਕਿਆ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖ ਕੌਮ ਨੂੰ ਜਥੇਬੰਦ ਕਰਨ ਦੀਆਂ ਤਿਆਰੀਆਂ ਆਰੰਭੀਆਂ ਤਾਂ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਸਿਖ਼ਰ 'ਤੇ ਪੁੱਜ ਗਈ |
ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਜਿਥੇ ਉੱਚ ਆਤਮਿਕ ਜੀਵਨ ਜਿਊਣ ਦੀ ਪ੍ਰੇਰਨਾ ਕੀਤੀ, ਉਥੇ ਹੀ ਸਿੱਖੀ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਾਰਜ ਕੀਤੇ | ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਏ ਨਗਰ 'ਗੁਰੂ ਕਾ ਚੱਕ' ਨੂੰ 'ਚੱਕ ਰਾਮਦਾਸ/ ਰਾਮਦਾਸਪੁਰ' ਦਾ ਨਾਂਅ ਦੇ ਕੇ ਇਸ ਦਾ ਵਿਕਾਸ ਕਰਨਾ ਆਪ ਜੀ ਦੀ ਹੀ ਦੇਣ ਹੈ, ਜੋ ਬਾਅਦ ਵਿਚ ਸ੍ਰੀ ਅੰਮਿ੍ਤਸਰ ਦੇ ਨਾਂਅ ਨਾਲ ਪ੍ਰਸਿੱਧ ਹੋਇਆ | ਇਸ ਦੇ ਨਾਲ ਹੀ ਪੰਜਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਤਿਆਰ ਕਰਵਾਏ ਜਾ ਰਹੇ ਅੰਮਿ੍ਤ ਸਰੋਵਰ ਦੀ ਸੰਪੂਰਨਤਾ ਕਰਵਾ ਕੇ ਇਸ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ | ਆਪ ਵਲੋਂ ਕੀਤੇ ਗਏ ਅਹਿਮ ਕਾਰਜਾਂ ਵਿਚੋਂ ਇਕ ਮਹਾਨ ਕੰਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਵੀ ਹੈ | ਇਸੇ ਤਰ੍ਹਾਂ ਆਪ ਨੇ ਵੱਖ-ਵੱਖ ਅਸਥਾਨਾਂ ਦੀ ਸਥਾਪਨਾ ਕੀਤੀ, ਸਰੋਵਰ ਬਣਵਾਏ ਅਤੇ ਸਿੱਖਾਂ ਨੂੰ ਵਾਪਾਰ ਲਈ ਪ੍ਰੇਰਿਆ | ਆਪ ਜੀ ਵਲੋਂ ਤੀਹ ਰਾਗਾਂ ਵਿਚ ਰਚੀ ਗਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਹੈ | ਇਨ੍ਹਾਂ ਸਭ ਕਾਰਜਾਂ ਸਮੇਤ ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਲਈ ਆਪ ਨੇ ਅਨੇਕਾਂ ਹੋਰ ਕਾਰਜ ਵੀ ਕੀਤੇ |
ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਵਿਰੋਧੀਆਂ ਤੋਂ ਸਹਾਰੀ ਨਾ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮਨੁੱਖਤਾ ਦੇ ਹਮਦਰਦ, ਸ਼ਾਂਤੀ ਸਰੂਪ, ਨਿਮਰਤਾ ਦੇ ਪੁੰਜ, ਆਦਰਸ਼ਕ ਸ਼ਖਸੀਅਤ ਨੂੰ ਅਨੇਕਾਂ ਸਰੀਰਕ ਤਸੀਹੇ ਦਿੱਤੇ ਗਏ | ਇਸ ਤਰਾਂ 30 ਮਈ 1606 ਈ: ਨੂੰ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ |
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਅਨੇਕਾਂ ਕਾਰਨ ਮੰਨੇ ਜਾਂਦੇ ਹਨ, ਪਰ ਅਸਲ ਕਾਰਨ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ | ਬਾਕੀ ਸਾਰੇ ਕਾਰਨ ਸਹਾਇਕ ਸਿੱਧ ਹੋਏ | ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਉਨ੍ਹਾਂ ਦੇ ਮੁਖੀ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ | ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਤੁਜ਼ਕੇ ਜਹਾਂਗੀਰੀ ਵਿਚ ਵੀ ਕਰਦਾ ਹੈ | ਉਸ ਨੂੰ ਬਹਾਨੇ ਦੀ ਤਲਾਸ਼ ਸੀ ਅਤੇ ਉਹ ਉਸ ਨੂੰ ਖੁਸਰੋ ਦੀ ਬਗ਼ਾਵਤ ਵਿਚੋਂ ਮਿਲਿਆ | ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ ਜਿਸ ਤੋਂ ਭਾਵ ਹੈ ਕਿ ਤਸੀਹੇ ਦੇ ਕੇ ਮਾਰਨਾ |
ਦੂਸਰੇ ਪਾਸੇ ਗੁਰੂ ਸਾਹਿਬ ਦੀ ਸ਼ਹੀਦੀ ਨੇ ਸਿੱਖ ਲਹਿਰ ਨੂੰ ਨਵੀਂ ਸੇਧ ਦਿੱਤੀ ਅਤੇ ਪੰਜਾਬ ਦੇ ਇਤਿਹਾਸ ਉਤੇ ਇਸ ਦਾ ਦੂਰਗਾਮੀ ਅਸਰ ਹੋਇਆ | ਇਸ ਨਾਲ ਸਿੱਖਾਂ ਦੇ ਮਨਾਂ ਉਤੇ ਇਹ ਗੱਲ ਘਰ ਕਰ ਗਈ ਕਿ ਧਰਮ ਦੀ ਰੱਖਿਆ ਲਈ ਜ਼ੁਲਮ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਹਥਿਆਰਬੰਦ ਹੋਣਾ ਤੇ ਵੈਰੀ ਨਾਲ ਦੋ ਹੱਥ ਕਰਨਾ ਲਾਜ਼ਮੀ ਹੈ | ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਅਕਾਲ ਪੁਰਖ ਦੇ ਸਦਾ ਰਹਿਣ ਵਾਲੇ ਤਖ਼ਤ 'ਸ੍ਰੀ ਅਕਾਲ ਤਖ਼ਤ ਸਾਹਿਬ' ਦੀ ਸਥਾਪਨਾ ਕੀਤੀ |
ਇਤਿਹਾਸਕਾਰਾਂ ਦੀ ਨਜ਼ਰ ਵਿਚ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਧਰਮ ਦੇ ਇਤਿਹਾਸ ਵਿਚ ਇਕ ਮਹਾਨ ਤੇ ਜੁਗ ਪਲਟਾਊ ਘਟਨਾ ਅਤੇ ਇਨਕਲਾਬੀ ਮੋੜ ਦੀ ਸੂਚਕ ਹੈ | ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ ਤੇ ਸਬਰ, ਸੰਤੋਖ ਤੇ ਦਿ੍ੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਐਸਾ ਪੱਕਾ ਤੇ ਮਜ਼ਬੂਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਜ਼ੁਲਮ ਤੇ ਝੱਖੜ ਇਸ ਦਾ ਕੁਝ ਨਾ ਵਿਗਾੜ ਸਕੇ | ਸੋ ਆਓ, ਗੁਰੂ ਸਾਹਿਬ ਵਲੋਂ ਦਿੱਤੀ ਗਈ ਪਾਵਨ ਸ਼ਹਾਦਤ ਦੇ ਅਸਲ ਮਨੋਰਥ ਅਨੁਸਾਰ ਆਪਣੀਆਂ ਜੀਵਨ ਸੇਧਾਂ ਨਿਰਧਾਰਤ ਕਰੀਏ |

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |

ਆਪਸੀ ਭਾਈਚਾਰੇ ਦਾ ਪ੍ਰਤੀਕ ਈਦ-ਉਲ-ਫ਼ਿਤਰ ਦਾ ਤਿਉਹਾਰ

ਸਾਡਾ ਦੇਸ਼ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਤੇ ਇਕ ਮਹਾਨ ਦੇਸ਼ ਹੈ | ਸਾਡੇ ਦੇਸ਼ ਵਿਚ ਹਰ ਧਰਮ ਦੇ ਭਾਈਚਾਰਿਆਂ ਦੇ ਲੋਕ ਆਪਸ ਵਿਚ ਬਹੁਤ ਹੀ ਪਿਆਰ ਨਾਲ ਮਿਲ-ਜੁਲ ਕੇ ਰਹਿੰਦੇ ਹਨ | ਸਾਡੇ ਦੇਸ਼ ਵਿਚ ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ ਜਿਸ ਦਿਨ ਕਿਸੇ ਨਾ ਕਿਸੇ ਧਰਮ ਦਾ ਤਿਉਹਾਰ ਨਾ ਹੋਵੇ | ਈਦ-ਉਲ-ਫ਼ਿਤਰ ਦਾ ਦਿਹਾੜਾ ਅਸਲ ਵਿਚ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਵਿਚ ਕੀਤੀ ਗਈ ਬੰਦਗ਼ੀ (ਭਗਤੀ) ਦੇ ਬਦਲੇ ਵਿਚ ਮਿਲਣ ਵਾਲੇ ਇਨਾਮ ਦਾ ਸ਼ੁਕਰੀਆ ਅਦਾ ਕਰਨ ਲਈ ਮਨਾਇਆ ਜਾਂਦਾ ਹੈ | ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ਵਿਚ ਇਕ ਇਮਾਨ ਵਾਲਾ ਸਵੇਰੇ (ਸਰਘੀ) ਤੋਂ ਸ਼ਾਮ ਅਫ਼ਤਾਰੀ (ਰੋਜ਼ਾ ਖੁੱਲ੍ਹਣ) ਤੱਕ ਅੱਲਾਹ ਪਾਕ ਦੀ ਰਜ਼ਾ ਵਾਲੀ ਜ਼ਿੰਦਗੀ ਬੜੀ ਜ਼ਿੰਮੇਵਾਰੀ ਨਾਲ ਬਿਤਾਉਂਦਾ ਹੈ | ਉਹ ਸਾਰਾ ਦਿਨ ਸਾਰੀਆਂ ਸੁੱਖ-ਸਹੂਲਤਾਂ ਹੋਣ ਦੇ ਬਾਵਜੂਦ ਤਮੰਨਾਵਾਂ ਤੋਂ ਮੁੱਖ ਮੋੜ ਲੈਂਦਾ ਹੈ ਤੇ ਇਕ ਸੱਚੇ ਅੱਲਾਹ ਦੀ ਬੰਦਗ਼ੀ (ਭਗਤੀ) ਵਿਚ ਲੀਨ ਹੋ ਜਾਂਦਾ ਹੈ | ਹਰ ਵਕਤ ਇਕ ਸੱਚੇ ਰੱਬ ਨੂੰ ਯਾਦ ਕਰਦਾ ਹੋਇਆ ਜ਼ਿੰਦਗੀ ਗੁਜ਼ਾਰਦਾ ਹੈ ਤੇ ਉਸੇ ਰੱਬ ਦੀ ਖ਼ੁਸ਼ਨੂਦੀ (ਰਜ਼ਾ) ਪ੍ਰਾਪਤ ਕਰਨ ਲਈ ਤਤਪਰ ਰਹਿੰਦਾ ਹੈ |
'ਈਦ-ਉਲ-ਫ਼ਿਤਰ' ਦਾ ਤਿਉਹਾਰ ਲੋਕਾਂ ਨਾਲ ਆਪਸੀ ਭਾਈਚਾਰਾ, ਪਿਆਰ, ਮੁਹੱਬਤ ਅਤੇ ਇਕ ਦੂਜੇ ਨਾਲ ਹਮਦਰਦੀ ਕਰਨ ਦੀ ਸਾਨੂੰ ਸਿੱਖਿਆ ਦਿੰਦਾ ਹੈ | ਇਸੇ ਕਰਕੇ ਇਹ ਹੁਕਮ ਦਿੱਤਾ ਗਿਆ ਹੈ ਕਿ ਈਦ-ਉਲ-ਫ਼ਿਤਰ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਹੀ ਆਪਣੇ ਘਰ ਦੇ ਸਾਰੇ ਮੈਂਬਰਾਂ ਵਲੋਂ ਸਦਕਾ-ਏ-ਫ਼ਿਤਰ ਅਦਾ ਕੀਤਾ ਜਾਵੇ | ਮੈਂਬਰ ਚਾਹੇ ਛੋਟਾ ਜਾਂ ਵੱਡਾ ਹੋਵੇ ਤਾਂ ਜੋ ਗ਼ਰੀਬ, ਮਸਕੀਨ, ਯਤੀਮ ਮਜ਼ਲੂਮ ਅਤੇ ਵਿਧਵਾਵਾਂ ਵੀ ਆਪਣੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਸਾਡੇ ਨਾਲ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕਰ ਸਕਣ ਕਿਉਂਕਿ ਅਸਲ ਖ਼ੁਸ਼ੀ ਬੇਸਹਾਰਾ ਲੋਕਾਂ ਨੂੰ ਨਾਲ ਲੈ ਕੇ ਈਦ ਦਾ ਦਿਹਾੜਾ ਮਨਾਉਣ ਦਾ ਨਾਂਅ ਹੈ, ਜਿਸ ਨਾਲ ਆਪਸੀ ਪਿਆਰ, ਮੁਹੱਬਤ, ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ, ਆਪਸੀ ਸਾਂਝਾਂ, ਮੇਲ-ਜੋਲ, ਜਜ਼ਬਾਤ ਉਤਪੰਨ ਹੁੰਦੇ ਹਨ |
ਇਕ ਵਾਰੀ ਪੈਗ਼ੰਬਰ 'ਹਜ਼ਰਤ ਮੁਹੰਮਦ ਸੱਲ. ਸਾਹਿਬ' ਮਦੀਨੇ ਦੀਆਂ ਗਲੀਆਂ 'ਚੋਂ ਦੀ ਨਮਾਜ਼ ਪੜ੍ਹਨ ਜਾ ਰਹੇ ਸਨ | ਆਪ ਨੇ ਦੇਖਿਆ ਕਿ ਕੁਝ ਬੱਚੇ ਗਲੀ ਵਿਚ ਖੇਡ ਰਹੇ ਸਨ ਪਰ ਇਕ ਬੱਚਾ ਮਾਯੂਸ ਹਾਲਤ ਵਿਚ ਕੋਲ ਖੜ੍ਹਾ ਰੋ ਰਿਹਾ ਸੀ, ਜਿਸ ਦੀਆਂ ਮਾਸੂਮ ਅੱਖਾਂ 'ਚੋਂ ਅੱਥਰੂ ਵਗ ਰਹੇ ਸਨ | ਇਹ ਦਿ੍ਸ਼ ਦੇਖ ਕੇ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ. ਸਾਹਿਬ ਬੇਚੈਨ ਹੋ ਗਏ ਅਤੇ ਬੱਚੇ ਤੋਂ ਮਾਯੂਸੀ ਦਾ ਕਾਰਨ ਪੁੱਛਿਆ, 'ਬੱਚੇ ਨੇ ਬਹੁਤ ਹੀ ਅਹਿਤਰਾਮ (ਅਦਬ) ਨਾਲ ਜਵਾਬ ਦਿੱਤਾ ਕਿ 'ਐ ਅੱਲਾਹ ਦੇ ਨਬੀ! ਮੈਂ ਯਤੀਮ ਹਾਂ, ਮੇਰੇ ਕੋਲ ਘਰ ਨਹੀਂ, ਦਰ ਨਹੀਂ, ਦੌਲਤ ਨਹੀਂ, ਮੇਰਾ ਕੋਈ ਗ਼ਮਖ਼ਾਰ ਨਹੀਂ, ਮੈਂ ਈਦ ਦੀਆਂ ਖ਼ੁਸ਼ੀਆਂ ਕਿਵੇਂ ਮਨਾਵਾਂ? ਪੂਰੀ ਮਨੁੱਖਤਾ ਲਈ ਰਹਿਮਤ ਬਣ ਕੇ ਆਏ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ. ਸਾਹਿਬ ਦਾ ਦਿਲ ਪਸੀਜ ਗਿਆ ਅਤੇ ਆਪ ਬੇਚੈਨ ਹੋ ਗਏ | ਬੱਚੇ ਦਾ ਹੱਥ ਫੜ ਕੇ ਘਰ ਲੈ ਆਏ ਅਤੇ ਹਜ਼ਰਤ ਆਇਸ਼ਾ (ਰਜੀ.) ਨੂੰ ਫ਼ਰਮਾਇਆ ਕਿ 'ਇਸ ਨੂੰ ਨਹਿਲਾਓ, ਵਧੀਆ ਕੱਪੜੇ ਪਹਿਨਾਓ, ਖ਼ੁਸ਼ਬੂ ਲਗਾਓ | ਫ਼ਿਰ ਇਰਸ਼ਾਦ ਫ਼ਰਮਾਇਆ ਕਿ 'ਐ ਪਿਆਰੇ ਬੱਚੇ; ਖ਼ੁਸ਼ ਹੋ ਜਾ! ਅੱਜ ਤੋਂ ਬਾਅਦ ਮੁਹੰਮਦ ਤੇਰਾ ਬਾਪ, ਆਇਸ਼ਾ ਤੇਰੀ ਮਾਂ, ਫ਼ਾਤਿਮਾ ਤੇਰੀ ਭੈਣ ਅਤੇ ਹਸਨ-ਹੁਸੈਨ ਤੇਰੇ ਭਰਾ ਹਨ | ਇਹ ਸੁਣਨਾ ਸੀ ਕਿ ਬੱਚਾ ਬਾਗ਼ੋ-ਬਾਗ਼ ਹੋ ਗਿਆ ਅਤੇ ਖ਼ੁਸ਼ੀ ਨਾਲ ਝੂਮਣ ਲੱਗਾ | ਜਿਹੜਾ ਬੱਚਾ ਕੁਝ ਦੇਰ ਪਹਿਲਾਂ ਮਾਯੂਸ ਨਜ਼ਰ ਆ ਰਿਹਾ ਸੀ ਹੁਣ ਖ਼ੁਸ਼ੀ ਨਾਲ ਕਹਿਣ ਲੱਗਾ ਕਿ ਮੇਰੇ ਮਾਂ-ਬਾਪ ਤੇ ਭੈਣ ਭਾਈ ਫ਼ਾਤਿਮਾ ਤੇ ਹਸਨ-ਹੁਸੈਨ ਹਨ |
ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਇੱਥੋਂ ਤੱਕ ਕਿ ਮੁਸਲਿਮ ਭਰਾ ਆਪਣੇ ਗ਼ੈਰ-ਮੁਸਲਿਮ ਭਰਾਵਾਂ ਨਾਲ ਈਦ-ਉਲ-ਫ਼ਿਤਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ | ਈਦ-ਉਲ-ਫ਼ਿਤਰ ਵਾਲੇ ਦਿਨ ਹੀ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਆਪਸ ਵਿਚ ਇਕ ਦੂਸਰੇ ਨੂੰ ਮਠਿਆਈਆਂ ਦਿੰਦੇ ਅਤੇ ਗਲਵੱਕੜੀਆਂ ਪਾਉਂਦੇ ਅਤੇ ਰਲ-ਮਿਲ ਕੇ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ | ਸਾਡੇ ਦੇਸ਼ ਭਾਰਤ ਦੀ ਇਹ ਇਕ ਵਿਲੱਖਣਤਾ ਹੈ ਕਿ ਆਪਸੀ ਭਾਈਚਾਰਾ, ਪਿਆਰ ਮੁਹੱਬਤ, ਸਾਂਝੀਵਾਲਤਾ, ਸਰਬੱਤ ਦਾ ਭਲਾ, ਹਮਦਰਦੀ, ਬਰਾਬਰਤਾ ਤੇ ਇਕ ਦੇਸ਼ ਦੇ ਨਾਗਰਿਕ ਹੋਣ ਦਾ ਸੁਨੇਹਾ ਦਿੰਦੇ ਹੋਏ ਦੇਸ਼ ਦੀ ਏਕਤਾ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਹੋਰ ਵੀ ਤਕੜਾ ਕਰਦੇ ਹਨ |

-ਪੱਤਰ-ਪ੍ਰੇਰਕ ਰੋਜ਼ਾਨਾ ਅਜੀਤ, ਮਾਲੇਰਕੋਟਲਾ, ਜ਼ਿਲ੍ਹਾ ਸੰਗਰੂਰ |
ਸੰਪਰਕ:-95927-54907

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ ਭਾਈ ਬਿਧੀ ਚੰਦ ਜੀ

ਇਸ਼ਕ ਦੇ ਰਾਹ ਵੀ ਅਨੋਖੇ ਹੁੰਦੇ ਹਨ | ਇਸ ਦਾ ਰੰਗ ਚੜ੍ਹਦਾ ਹੈ ਤਾਂ ਸੁਰਤੀ ਬਿਰਤੀ ਬਦਲ ਜਾਂਦੀ ਹੈ | ਅੰਦਰ ਇਕ ਰਸ, ਸਰੂਰ, ਖੁਮਾਰ, ਸੰਗੀਤ, ਮਸਤੀ ਅਤੇ ਰੰਗ-ਤਰੰਗ ਪੈਦਾ ਹੋ ਜਾਂਦੇ ਹਨ | ਭਾਈ ਬਿਧੀ ਚੰਦ ਜੀ ਨੂੰ ਜਦੋਂ ਮੁਰਸ਼ਦ ਦੇ ਇਸ਼ਕ ਦਾ ਰੰਗ ਚੜਿ੍ਹਆ ਤਾਂ ਉਹ ਪ੍ਰਵਾਨ ਰੰਗ ਰੱਤੜੇ ਸੂਰਮੇ ਬਣ ਗਏ | ਇਨ੍ਹਾਂ ਦਾ ਜਨਮ ਪਿੰਡ ਛੀਨਾ ਜ਼ਿਲ੍ਹਾ ਲਾਹੌਰ ਵਿਚ ਭਾਈ ਵੱਸਣ ਜੀ ਦੇ ਘਰ ਹੋਇਆ | ਇਨ੍ਹਾਂ ਦੇ ਨਾਨਕੇ ਸਰਹਾਲੀ ਪਿੰਡ ਵਿਚ ਸਨ | ਭਾਈ ਅਦਲੀ ਜੀ ਦੀ ਸੰਗਤ ਕਰਕੇ ਇਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਏ ਅਤੇ ਫਿਰ ਇਹ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ | ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਉਪਰੰਤ ਛੇਵੇਂ ਪਾਤਸ਼ਾਹ ਜੀ ਦੇ ਆਦੇਸ਼ ਅਨੁਸਾਰ ਆਪ ਨੇ ਪਿੰਡ ਸੁਰਸਿੰਘ ਦੇ 52 ਨੌਜਵਾਨਾਂ ਸਮੇਤ ਆਪਣੀਆਂ ਜਵਾਨੀਆਂ ਗੁਰੂ ਸਾਹਿਬ ਜੀ ਦੇ ਨਜ਼ਰ ਕੀਤੀਆਂ | ਭਾਈ ਬਿਧੀ ਚੰਦ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨਾਲ ਪਿੰਡਾਂ ਵਿਚ ਵਿਚਰ ਕੇ ਕੌਮ ਵਿਚ ਚੜ੍ਹਦੀ ਕਲਾ ਅਤੇ ਜੋਸ਼ ਦਾ ਜਜ਼ਬਾ ਭਰਿਆ | ਸੂਰਬੀਰਾਂ ਦੀ ਗਿਣਤੀ ਕਾਫ਼ੀ ਹੋ ਗਈ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਨ੍ਹਾਂ ਦੇ ਜਥੇ ਬਣਾ ਦਿੱਤੇ | ਭਾਈ ਬਿਧੀ ਚੰਦ ਜੀ ਨੂੰ ਗੁਰੀਲਾ ਯੁੱਧ ਕਰਨ ਵਾਲੇ ਜਥੇ ਦਾ ਆਗੂ ਥਾਪਿਆ ਗਿਆ | ਭਾਈ ਸਾਹਿਬ ਦਾ ਜੁੱਸਾ ਬਹੁਤ ਬਲਵਾਨ ਅਤੇ ਫੁਰਤੀਲਾ ਸੀ | ਦਲੇਰੀ ਅਤੇ ਬਹਾਦਰੀ ਵਿਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਸੀ | ਜਦੋਂ ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਵਿਚ ਸਨ ਤਾਂ ਭਾਈ ਜੀ ਨੇ ਪਿੰਡ-ਪਿੰਡ ਪ੍ਰਚਾਰ ਕਰ ਕੇ ਚੇਤਨਾ ਜਗਾਈ | ਜਦੋਂ ਬੰਦੀ ਛੋੜ ਸਤਿਗੁਰੂ ਜੀ ਕਿਲ੍ਹੇ ਤੋਂ ਬਾਹਰ ਆਏ ਤਾਂ ਭਾਈ ਜੀ ਨੇ ਮਹਾਰਾਜ ਜੀ ਦੇ ਅੰਗ ਰੱਖਿਅਕ ਦੀ ਸੇਵਾ ਸੰਭਾਲੀ | ਗੁਰੂ ਸਾਹਿਬ ਜੀ ਦੀਆਂ ਚਾਰੇ ਜੰਗਾਂ ਵਿਚ ਭਾਈ ਬਿਧੀ ਚੰਦ ਜੀ ਸੈਨਾਪਤੀ ਜਥੇਦਾਰ ਸਨ |
ਇਕ ਵਾਰ ਕਾਬਲ ਤੋਂ ਭਾਈ ਕਰੋੜੀਆ ਦੋ ਸੰੁਦਰ ਘੋੜੇ ਦਿਲਬਾਗ਼ ਅਤੇ ਗੁਲਬਾਗ਼ ਛੇਵੇਂ ਪਾਤਸ਼ਾਹ ਜੀ ਦੀ ਭੇਟਾ ਲਈ ਲਿਆ ਰਹੇ ਸੀ ਤਾਂ ਲਾਹੌਰ ਦੇ ਹਾਕਮ ਨੇ ਉਹ ਜ਼ਬਰਦਸਤੀ ਖੋਹ ਲਏ | ਮਹਾਰਾਜ ਜੀ ਦੀ ਕਿਰਪਾ ਨਾਲ ਭਾਈ ਬਿਧੀ ਚੰਦ ਜੀ ਨੇ ਪਹਿਲਾ ਘੋੜਾ ਘਾਹੀ ਬਣ ਕੇ ਅਤੇ ਦੂਜਾ ਘੋੜਾ ਨਜੂਮੀ ਬਣ ਕੇ ਬੜੀ ਦਲੇਰੀ ਨਾਲ ਲਾਹੌਰ ਦੇ ਕਿਲ੍ਹੇ ਵਿਚੋਂ ਦਰਿਆ ਰਾਵੀ ਵਿਚ ਛਾਲ ਮਰਵਾ ਕੇ ਕੱਢ ਲਿਆਂਦਾ | ਇਸੇ ਤਰ੍ਹਾਂ ਪੱਟੀ ਵਿਖੇ ਮੁਗਲ ਹਾਕਮਾਂ ਵਲੋਂ ਸੰਗਤਾਂ ਦੇ ਖੋਹੇ ਦੁਸ਼ਾਲੇ ਲਿਆ ਕੇ ਗੁਰੂ ਦਰਬਾਰ ਵਿਚ ਭੇਟਾ ਕੀਤੇ | ਛੇਵੇਂ ਪਾਤਸ਼ਾਹ ਜੀ ਨੇ ਭਾਈ ਸਾਹਿਬ ਨੂੰ ਛਾਤੀ ਨਾਲ ਲਾ ਕੇ ਬਚਨ ਕੀਤਾ:
ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ
ਪ੍ਰੇਮ ਭਗਤ ਲੀਨਾ |
ਗੁਰੂ ਸਾਹਿਬ ਨੇ ਆਪ ਨੂੰ ਗੁਰਮਤਿ ਦੇ ਪ੍ਰਚਾਰ ਲਈ ਦੇਉ ਨਗਰ (ਅਯੁੱਧਿਆ) ਭੇਜ ਦਿੱਤਾ ਜਿਥੇ ਇਨ੍ਹਾਂ ਨੇ ਸਿੱਖੀ ਦੇ ਆਦਰਸ਼ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ | ਉਥੇ ਇਨ੍ਹਾਂ ਦੀ ਮਿੱਤਰਤਾ ਸਾੲੀਂ ਬੁੱਢਣ ਸ਼ਾਹ ਦੇ ਚੇਲੇ ਸੰੁਦਰ ਸ਼ਾਹ ਨਾਲ ਹੋਈ | ਇਨ੍ਹਾਂ ਦੇ ਪ੍ਰੇਮ ਦੀ ਇੰਤਹਾ ਸੀ ਕਿ ਦੋਵਾਂ ਮਿੱਤਰਾਂ ਨੇ ਇਕੋ ਸਮੇਂ, ਇਕੋ ਥਾਂ 15 ਅਗਸਤ, 1638 ਈ: ਨੂੰ ਸਰੀਰ ਤਿਆਗ ਦਿੱਤੇ | ਭਾਈ ਸਾਹਿਬ ਦੀ ਸਮਾਧ ਅਤੇ ਸੰੁਦਰ ਸ਼ਾਹ ਦੀ ਕਬਰ ਇਕੋ ਥਾਂ 'ਤੇ ਬਣੀ ਹੋਈ ਹੈ | ਅੱਜ ਵੀ ਭਾਈ ਬਿਧੀ ਚੰਦ ਜੀ ਦੇ ਨਾਮ ਦਾ ਨਿਹੰਗ ਸਿੰਘਾਂ ਦਾ ਦਲ ਚੜ੍ਹਦੀ ਕਲਾ ਵਿਚ ਵਿਚਰ ਰਿਹਾ ਹੈ |
-0-

ਭਾਈ ਆਸਾ ਸਿੰਘ ਉਰਫ਼ ਮਹਿਤਾਬ ਸਿੰਘ ਪਿੰਡ ਭੁਕੜੁੱਦੀ (ਜਲੰਧਰ)

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)

ਭਾਈ ਮਹਿਤਾਬ ਸਿੰਘ ਦੇ ਮਨ ਵਿਚ ਗ਼ਦਰ ਲਹਿਰ ਦੀ ਇਨਕਲਾਬੀ ਸੋਚ ਸਮਾਈ ਹੋਈ ਸੀ | ਕੈਨੇਡਾ ਤੋਂ ਹੀ ਆਇਆ ਉਸ ਦਾ ਸੰਗੀ ਭਾਈ ਕਰਮ ਸਿੰਘ ਦੌਲਤਪੁਰ ਵੀ ਉਸ ਦੀ ਸੋਚ ਨਾਲ ਸਹਿਮਤ ਸੀ | ਇਸ ਲਈ ਉਨ੍ਹਾਂ ਨੇ ਭਾਈ ਕਰਮ ਸਿੰਘ ਸੂੰਢ, ਭਾਈ ਹਰੀ ਸਿੰਘ ਆਦਿ ਸਾਥੀ ਨਾਲ ਲਏ ਅਤੇ ਗੁਪਤ ਰੂਪ ਵਿਚ ਹਥਿਆਰਬੰਦ ਅੰਦੋਲਨ ਕਰਨ ਦੀ ਤਿਆਰੀ ਵਿਚ ਜੁਟ ਗਏ | ਉਹਨੀਂ ਦਿਨੀਂ ਮਾਸਟਰ ਮੋਤਾ ਸਿੰਘ, ਸ. ਕਿਸ਼ਨ ਸਿੰਘ ਗੜਗੱਜ ਆਦਿ ਨੇ ਵੀ ਆਜ਼ਾਦੀ ਪ੍ਰਾਪਤੀ ਲਈ ਸ਼ਾਂਤਮਈ ਨੀਤੀ ਨੂੰ ਤਿਲਾਂਜਲੀ ਦੇ ਕੇ ਹਥਿਆਰਬੰਦ ਅੰਦੋਲਨ ਦਾ ਪ੍ਰਚਾਰ ਕਰਨ ਲਈ ਚੱਕਰਵਰਤੀ ਜਥਾ ਬਣਾਇਆ ਹੋਇਆ ਸੀ | ਅਗਸਤ, 1922 ਦੇ ਅੰਤਲੇ ਦਿਨੀਂ ਦੋਵਾਂ ਜਥਿਆਂ ਦੀ ਸਾਂਝੀ ਮੀਟਿੰਗ ਹੋਈ ਅਤੇ ਉਨ੍ਹਾਂ ਨੇ 'ਬੱਬਰ ਅਕਾਲੀ ਜਥਾ' ਬਣਾ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ | ਬੱਬਰ ਅਕਾਲੀ ਆਪਣੇ ਮਤ ਦਾ ਪ੍ਰਚਾਰ ਕਰਨ ਲਈ ਬੰਗਾ, ਗੜ੍ਹਸ਼ੰਕਰ, ਨਵਾਂਸ਼ਹਿਰ ਆਦਿ ਕਸਬਿਆਂ ਦੇ ਇਰਦ-ਗਿਰਦ ਪਿੰਡਾਂ ਵਿਚ ਇਕੱਤਰਤਾਵਾਂ ਕਰਨ ਲੱਗ ਪਏ | ਇਕੱਤਰਤਾ ਵਿਚ ਭਾਈ ਕਰਮ ਸਿੰਘ ਦੌਲਤਪੁਰ ਦਾ ਭਾਸ਼ਨ ਹੋਣ ਤੋਂ ਪਹਿਲਾਂ ਭਾਈ ਆਸਾ ਸਿੰਘ ਕਵਿਤਾਵਾਂ ਸੁਣਾ ਕੇ ਜੋਸ਼ੀਲਾ ਮਾਹੌਲ ਤਿਆਰ ਕਰਦਾ | ਉਨ੍ਹਾਂ ਨੇ ਗ਼ਦਰ ਪਾਰਟੀ ਦੀ ਲੀਹ ਦੀ ਪੈਰਵੀ ਕਰਦਿਆਂ 'ਬੱਬਰ ਅਕਾਲੀ' ਨਾਂਅ ਦਾ ਅਖ਼ਬਾਰ ਵੀ ਛਾਪਣਾ ਸ਼ੁਰੂ ਕੀਤਾ | ਇਸ ਤਰ੍ਹਾਂ ਭਾਈ ਆਸਾ ਸਿੰਘ ਨੇ ਬੱਬਰ ਲਹਿਰ ਵਿਚ ਦੀਵਾਨ ਸਜਾਉਣ, ਹਥਿਆਰ ਇਕੱਠੇ ਕਰਨ ਅਤੇ ਬੱਬਰ ਅਕਾਲੀ ਅਖ਼ਬਾਰ ਛਾਪਣ ਲਈ ਕੰਮ ਕੀਤਾ | ਪੰਜਾਬ ਸਰਕਾਰ ਨੂੰ ਉਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲੀ ਤਾਂ ਉਸ ਦੀ ਗਿ੍ਫ਼ਤਰੀ ਦੇ ਵਾਰੰਟ ਜਾਰੀ ਕਰ ਦਿੱਤੇ |
1923 ਦੇ ਹੋਲੇ ਮਹੱਲੇ ਸਮੇਂ ਬੱਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਇਕੱਠੇ ਹੋਣਾ ਸੀ | ਪੁਲਿਸ ਨੂੰ ਇਸ ਦੀ ਸੂਹ ਲੱਗ ਗਈ ਤਾਂ ਉਸ ਨੇ ਬੱਬਰਾਂ ਨੂੰ ਫੜਨ ਲਈ ਪੇਸ਼ਬੰਦੀ ਕਰ ਲਈ | ਹੋਰ ਕੋਈ ਬੱਬਰ ਅਕਾਲੀ ਤਾਂ ਪੁਲਿਸ ਦੇ ਕਾਬੂ ਨਾ ਆਇਆ ਪਰ ਭਾਈ ਆਸਾ ਸਿੰਘ ਨੂੰ 1 ਮਾਰਚ 1923 ਦੇ ਦਿਨ ਕੀਰਤਪੁਰ ਵਿਚ ਪੁਲਸ ਨੇ ਫੜ ਲਿਆ | ਉਸ ਉੱਤੇ ਹਿੰਦ ਦੰਡਵਾਲੀ ਦੀ ਧਾਰਾ 124-ਏ ਅਤੇ ਧਾਰਾ 153-ਏ ਅਧੀਨ ਮੁਕੱਦਮਾ ਚੱਲਿਆ | ਮੁਕੱਦਮੇ ਦੌਰਾਨ ਭਾਈ ਆਸਾ ਸਿੰਘ ਨੇ ਪੂਰਨ ਨਾ-ਮਿਲਵਰਤਨ ਦਾ ਰੁਖ਼ ਅਪਣਾਇਆ ਅਤੇ ਕੋਈ ਬਿਆਨ ਨਾ ਦਿੱਤਾ | ਜ਼ਿਲ੍ਹਾ ਮੈਜਿਸਟ੍ਰੇਟ, ਜਲੰਧਰ ਨੇ 18 ਅਪ੍ਰੈਲ 1923 ਨੂੰ ਮੁਕੱਦਮੇ ਦਾ ਫ਼ੈਸਲਾ ਸੁਣਾਉਂਦਿਆਂ ਉਸ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ | ਉਸ ਨੂੰ ਕੈਦ ਭੁਗਤਣ ਵਾਸਤੇ 27 ਅਪ੍ਰੈਲ, 1923 ਨੂੰ ਮੁਲਤਾਨ ਜੇਲ੍ਹ ਵਿਚ ਭੇਜਿਆ ਗਿਆ | ਥੋੜ੍ਹੇ ਹੀ ਸਮੇਂ ਪਿੱਛੋਂ ਬੱਬਰ ਸਾਜ਼ਿਸ਼ ਮੁਕੱਦਮੇ, ਜਿਸ ਵਿਚ ਭਾਈ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਅਤੇ ਹੋਰ ਬੱਬਰ ਫੜੇ ਗਏ ਸਨ, ਬਾਰੇ ਪੁਲਿਸ ਨੇ ਪੜਤਾਲ ਸ਼ੁਰੂ ਕੀਤੀ ਤਾਂ ਪੁਲਸ ਦੇ ਜਬਰ ਨੂੰ ਸਹਿਣ ਨਾ ਕਰਦਿਆਂ ਕੁਝ ਮੁਲਜ਼ਮ ਵਾਅਦਾ ਮਾਫ ਗਵਾਹ ਬਣ ਗਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਬੱਬਰ ਜਥੇ ਦੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ | ਗਵਾਹੀਆਂ ਅਨੁਸਾਰ ਬੱਬਰਾਂ ਦੀਆਂ ਕਾਰਵਾਈਆਂ ਵਿਚ ਵਾਰ-ਵਾਰ ਆਸਾ ਸਿੰਘ ਦਾ ਨਾਉਂ ਵੀ ਆਉਂਦਾ ਸੀ ਇਸ ਲਈ ਪੁਲਿਸ ਨੇ 2 ਅਗਸਤ 1923 ਨੂੰ ਉਸ ਨੂੰ ਮੁਲਤਾਨ ਜੇਲ੍ਹ ਤੋਂ ਜਲੰਧਰ ਦੀ ਕੇਂਦਰੀ ਜੇਲ੍ਹ ਵਿਚ ਲੈ ਆਂਦਾ | ਪੁਲਿਸ ਨੇ ਭਾਈ ਆਸਾ ਸਿੰਘ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਜਿਸ ਨੂੰ ਨਾ ਝੱਲਦਿਆਂ ਉਸ ਨੇ ਵੀ ਇਸ ਮੁਕੱਦਮੇ ਵਿਚ ਵਾਅਦਾ ਮਾਫ ਗਵਾਹ ਬਣਨਾ ਪ੍ਰਵਾਨ ਕਰ ਲਿਆ ਪਰ ਉਸ ਨੇ ਏਨੀ ਸਾਵਧਾਨੀ ਵਰਤੀ ਕਿ ਕੇਵਲ ਉਤਨੀ ਕੁ ਹੀ ਜਾਣਕਾਰੀ ਜ਼ਾਹਿਰ ਕੀਤੀ ਜਿਸ ਬਾਰੇ ਬਾਕੀ ਗਵਾਹ ਪਹਿਲਾਂ ਹੀ ਪੁਲਿਸ ਨੂੰ ਸੂਚਨਾ ਦੇ ਚੁੱਕੇ ਸਨ | ਭਾਈ ਆਸਾ ਸਿੰਘ ਜੀਵਨ ਭਰ ਆਪਣੀ ਇਸ ਕਮਜ਼ੋਰੀ ਬਾਰੇ ਪਛਤਾਉਂਦਾ ਰਿਹਾ | ਕੈਦ ਪੂਰੀ ਹੋਣ ਉਪਰੰਤ ਪਿੰਡ ਆ ਕੇ ਭਾਈ ਆਸਾ ਸਿੰਘ ਨੇ ਮੁੜ ਰਾਜਸੀ ਕੰੰਮਾਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ | ਉਸ ਨੇ ਪਹਿਲਾਂ ਕਿਰਤੀ ਕਿਸਾਨ ਪਾਰਟੀ ਅਤੇ ਫਿਰ ਕਮਿਊਨਿਸਟ ਪਾਰਟੀ ਵਿਚ ਸਰਗਰਮੀ ਨਾਲ ਕੰਮ ਕੀਤਾ | ਅਪ੍ਰੈਲ, 1973 ਦੌਰਾਨ ਉਹ ਆਪਣੇ ਪਿੰਡ ਵਿਚ ਹੀ ਸਵਰਗਵਾਸ ਹੋਇਆ | ਭਾਈ ਆਸਾ ਸਿੰਘ ਜੀਵਨ ਭਰ ਮੋਢੀ ਗ਼ਦਰੀਆਂ ਵਾਂਗ ਸਿੱਖੀ ਜੀਵਨ ਨੂੰ ਪ੍ਰਣਾਇਆ ਰਿਹਾ |

-ਮੋਬਾਈਲ : 094170-49417.

ਸ਼ਬਦ ਵਿਚਾਰ

ਏਕਾ ਮਾਈ ਜੁਗਤਿ ਵਿਆਈ...

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਅਬਿਨਾਸੀ ਪ੍ਰਭਿ ਖੇਲੁ ਰਚਾਇਆ
ਗੁਰਮੁਖਿ ਸੋਝੀ ਹੋਈ¨
ਨਾਨਕ ਸਭਿ ਜੁਗ ਆਪੇ ਵਰਤੈ
ਦੂਜਾ ਅਵਰੁ ਨ ਕੋਈ¨73¨1¨ (ਅੰਗ : 946)
ਅਬਿਨਾਸੀ-ਨਾਸ ਤੋਂ ਰਹਿਤ | ਖੇਲੁ-ਜਗਤ ਖੇਡ, ਜਗਤ ਤਮਾਸ਼ਾ | ਅਵਰੁ-ਹੋਰ |
ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ, ਕੋਈ ਉਸ ਦਾ ਆਰਲਾ-ਪਾਰਲਾ ਬੰਨਾ ਨਹੀਂ ਲੱਭ ਸਕਦਾ | ਇਸ ਗੱਲ ਦੀ ਸੋਝੀ ਪੂਰੇ ਗੁਰੂ ਦੁਆਰਾ ਹੀ ਹੁੰਦੀ ਹੈ | ਆਪ ਜੀ ਦੇ ਪਾਵਨ ਬਚਨ ਹਨ:
ਤਾ ਕਾ ਅੰਤੁ ਨ ਜਾਣੈ ਕੋਈ¨
ਪੂਰੇ ਗੁਰ ਤੇ ਸੋਝੀ ਹੋਈ¨
(ਰਾਗੁ ਮਾਰੂ ਸੋਹਲੇ ਮਹਲਾ 1, ਅੰਗ : 1036)
ਅਜਿਹੇ ਪਰਮਾਤਮਾ ਨੂੰ ਲੱਖਾਂ ਵਾਰੀ ਨਮਸਕਾਰ ਕਰਨੀ ਚਾਹੀਦੀ ਹੈ, ਲੱਖਾਂ ਵਾਰ ਉਸ ਅੱਗੇ ਸਿਰ ਨਿਵਾਉਣਾ ਚਾਹੀਦਾ ਹੈ | ਗੁਰੂ ਪੰਚਮ ਪਾਤਸ਼ਾਹ ਦਿ੍ੜ ਕਰਵਾ ਰਹੇ ਹਨ ਕਿ ਮੰਨ ਨੂੰ ਉਸ ਪ੍ਰਭੂ ਤੋਂ ਵਾਰ ਦੇਣਾ ਚਾਹੀਦਾ ਹੈ, ਜਿਸ ਦੇ ਨਾਮ ਦਾ ਸਿਮਰਨ ਕਰਨ ਨਾਲ ਸਾਰੇ ਦੁੱਖਾਂ-ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ, ਮਨ ਖਿੜਿਆ ਰਹਿੰਦਾ ਹੈ ਅਤੇ ਕੋਈ ਦੁੱਖ ਨਹੀਂ ਵਿਆਪਦਾ:
ਨਮਸਕਾਰ ਤਾ ਕਉ ਲਖ ਬਾਰ¨
ਇਹੁ ਮਨੁ ਦੀਜੈ ਤਾ ਕਉ ਵਾਰਿ¨
ਸਿਮਰਨਿ ਤਾ ਕੈ ਮਿਟਹਿ ਸੰਤਾਪ¨
ਹੋਇ ਅਨੰਦੁ ਨ ਵਿਆਪਹਿ ਤਾਪ¨1¨
(ਰਾਗੁ ਭੈਰਉ ਮਹਲਾ 5, ਅੰਗ : 1142)
ਸੰਤਾਪ-ਦੁੱਖ, ਕਲੇਸ਼ | ਵਾਰਿ-ਵਾਰ ਦੇਣਾ ਚਾਹੀਦਾ ਹੈ | ਮਿਟਹਿ-ਮਿਟ ਜਾਂਦੇ ਹਨ, ਨਾਸ ਹੋ ਜਾਂਦੇ ਹਨ | ਤਾਪ-ਦੁੱਖ |
ਪਉੜੀ ਦੇ ਅੱਖਰੀ ਅਰਥ : ਪਰਚਲਤ ਕਥਾ ਅਨੁਸਾਰ ਇਕ ਵਾਰੀ ਪ੍ਰਸੂਤੀ (ਗਰਭਵਤੀ) ਮਾਇਆ ਨੇ ਜੁਗਤੀ ਦੁਆਰਾ ਤਿੰਨ ਪਰਮਾਣੀਕ ਸੇਵਕਾਂ (ਦੇਵਾਂ) ਨੂੰ ਜਨਮ ਦਿੱਤਾ | ਜਿਨ੍ਹਾਂ ਵਿਚੋਂ ਕਿ ਸੰਸਾਰੀ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ, ਦੂਜਾ ਭੰਡਾਰੀ ਜੀਵਾਂ ਨੂੰ ਅੰਨ, ਪਾਣੀ, ਭੋਜਨ ਪਹੁੰਚਾਉਣ ਵਾਲਾ ਅਤੇ ਤੀਜਾ ਦਰਬਾਰੀ ਭਾਵ ਨਿਆਂ ਕਰਨ ਵਾਲਾ |
ਅਗਲੀਆਂ ਤੁੱਕਾਂ ਵਿਚ ਜਗਤ ਗੁਰੂ ਬਾਬਾ ਸਪੱਸ਼ਟ ਕਰ ਰਹੇ ਹਨ ਕਿ ਜਿਵੇਂ ਅਕਾਲ ਪੁਰਖ ਨੂੰ ਭਾਉਂਦਾ ਹੈ, ਚੰਗਾ ਲਗਦਾ ਹੈ, ਉਹ ਆਪਣੇ ਹੁਕਮ ਅਨੁਸਾਰ ਇਨ੍ਹਾਂ ਤਿੰਨਾਂ ਦੇਵਾਂ ਨੂੰ ਚਲਾਉਂਦਾ ਹੈ ਭਾਵ ਸਭ ਕੁਝ ਕਰਨ ਕਰਾਵਨ ਵਾਲਾ ਉਹ ਪਰਮਾਤਮਾ ਆਪ ਹੀ ਹੈ | ਵੱਡੀ ਅਸਚਰਜ ਵਾਲੀ ਗੱਲ ਇਹ ਹੈ ਕਿ ਪਰਮਾਤਮਾ ਆਪ ਤਾਂ ਇਨ੍ਹਾਂ ਤਿੰਨਾਂ ਦੇ ਕੰਮਕਾਜ ਨੂੰ ਦੇਖਦਾ ਹੈ, ਉਨ੍ਹਾਂ 'ਤੇ ਨਿਗਰਾਨੀ ਰੱਖਦਾ ਹੈ ਪਰ ਇਹ ਦੇਵ ਉਸ ਕਰਤਾ ਪੁਰਖ ਨੂੰ ਦੇਖ ਨਹੀਂ ਸਕਦੇ |
ਇਸ ਲਈ ਹੇ ਭਾਈ, ਕੇਵਲ ਇਕ ਨਿਰੰਕਾਰ ਨੂੰ ਹੀ ਪ੍ਰਣਾਮ ਕਰੋ, ਇਕ ਪਰਮਾਤਮਾ ਦੇ ਨਾਮ ਦਾ ਹੀ ਸਿਮਰਨ ਕਰੋ ਜੋ ਸਭ ਦਾ ਮੁੱਢ ਹੈ ਅਤੇ ਨਾਸ ਤੋਂ ਰਹਿਤ ਹੈ | ਜੁਗਾਂ-ਜੁਗਾਂ ਤੋਂ ਉਸ ਦਾ ਇਕੋ ਹੀ ਰੂਪ ਇਕ ਰਸਵਿਆਪਕ ਰਹਿੰਦਾ ਹੈ | ਸਮੇਂ ਦਾ ਉਸ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ |

-217-ਆਰ, ਮਾਡਲ ਟਾਊਨ, ਜਲੰਧਰ |



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX