ਤਾਜਾ ਖ਼ਬਰਾਂ


2 ਧਿਰਾਂ ਦਰਮਿਆਨ ਹੋਏ ਝਗੜੇ 'ਚ ਇੱਕ ਦੀ ਮੌਤ, ਔਰਤ ਸਣੇ 3 ਜ਼ਖਮੀ
. . .  about 1 hour ago
ਬਠਿੰਡਾ, 5 ਜੁਲਾਈ (ਨਾਇਬ ਸਿੱਧੂ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਵਿਚ ਸ਼ਾਮੀ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਸਮੇਤ ਤਿੰਨ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਉਨ੍ਹਾਂ ਵਿਚੋਂ ਇੱਕ...
ਖਾਲੀ ਪਲਾਟ 'ਚੋਂ ਮਿਲੀ ਗਲੀ ਸੜੀ ਲਾਸ਼
. . .  about 1 hour ago
ਜਲੰਧਰ, 5 ਜੁਲਾਈ - ਇੱਥੋਂ ਦੇ ਗਰੀਨ ਐਵਿਨਿਊ ਇਲਾਕੇ 'ਚ ਇੱਕ ਖਾਲੀ ਪਲਾਟ 'ਚੋਂ ਗਲੀ ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਸ ਦਾ ਪਤਾ ਲੱਗਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼...
ਰਾਜਪੁਰਾ (ਪਟਿਆਲਾ) 'ਚ 4 ਕੋਰੋਨਾ ਪਾਜ਼ੀਟਿਵ ਆਉਣ ਕਾਰਨ ਦਹਿਸ਼ਤ ਦਾ ਮਾਹੌਲ
. . .  about 2 hours ago
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਚੱਲਦਿਆਂ 3 ਮਰੀਜ਼ ਸ਼ਹਿਰ ਵਿਚ ਅਤੇ ਇਕ ਔਰਤ ਨੇੜਲੇ ਪਿੰਡ ਸਾਹਲ ਵਿਚ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਹ ਜਾਣਕਾਰੀ ਸੀ.ਐਮ.ਓ ਪਟਿਆਲਾ ਡਾ. ਹਰੀਸ਼ ਮਲਹੋਤਰਾ...
ਜੈਤੋ 'ਚ ਪੈਟਰੋਲ ਪੰਪ ਤੋਂ 7 ਹਜ਼ਾਰ ਦੀ ਲੁੱਟ, ਕੀਤੇ ਹਵਾਈ ਫਾਇਰ
. . .  about 2 hours ago
ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਮੁਕਤਸਰ ਰੋਡ 'ਤੇ ਸਥਿਤ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਵਿਖੇ ਪ੍ਰਿੰਸ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ ਕਰਿੰਦੇ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 7 ਹਜ਼ਾਰ ਰੁਪਏ ਦੀ ਲੁੱਟ ਤੋਂ ਬਾਅਦ ਦੋ ਹਵਾਈ ਫਾਇਰ ਕਰ ਕੇ ਫ਼ਰਾਰ ਹੋਣ ਜਾਣ ਦਾ ਪਤਾ ਲੱਗਿਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆ...
ਕੋਰੋਨਾ ਨੇ ਮਮਦੋਟ ਵਿਚ ਵੀ ਦਿੱਤੀ ਦਸਤਕ
. . .  about 2 hours ago
ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ) - ਕੋਰੋਨਾ ਵਾਇਰਸ ਦੀ ਮਮਦੋਟ ਵਿਚ ਦਸਤਕ ਨਾਲ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾਕਟਰ ਰਜਿੰਦਰ ਮਨਚੰਦਾ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਦੌਰਾਨ ਬੀ.ਐੱਸ.ਐੱਫ ਦੀ 124 ਬਟਾਲੀਅਨ...
ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ
. . .  about 3 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ...
ਪਠਾਨਕੋਟ 'ਚ 1 ਹੋਰ ਮਰੀਜ਼ ਆਇਆ ਕੋਰੋਨਾ ਪਾਜ਼ੀਟਿਵ
. . .  about 3 hours ago
ਪਠਾਨਕੋਟ, 5 ਜੁਲਾਈ (ਆਰ. ਸਿੰਘ) ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਇਕ ਹੋਰ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 213 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ...
ਪਾਤੜਾਂ (ਪਟਿਆਲਾ) ਅੰਦਰ ਸਿਹਤ ਕਰਮੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ
. . .  about 4 hours ago
ਪਾਤੜਾਂ 5 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ..
ਲੋਹੀਆਂ 'ਚ 2 ਪਾਜ਼ੀਟਿਵ ਮਰੀਜ਼ਾਂ ਨਾਲ ਕੋਰੋਨਾ ਨੇ ਮੁੜ ਦਿੱਤੀ ਦਸਤਕ
. . .  about 4 hours ago
ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ 'ਚ ਭਾਵੇਂ ਲਾਕਡਾਊਨ 'ਚ ਦਿਨੋਂ ਦਿਨ ਢਿੱਲ ਦਿੱਤੀ ...
ਸ੍ਰੀ ਮੁਕਤਸਰ ਸਾਹਿਬ ਦੀ ਕੋਰੋਨਾ ਪੀੜਤ ਔਰਤ ਦੀ ਲੁਧਿਆਣਾ 'ਚ ਮੌਤ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਾਸੀ....
ਅੰਮ੍ਰਿਤਸਰ 'ਚ ਕੋਰੋਨਾ ਦੇ 7 ਮਾਮਲਿਆਂ ਦੀ ਪੁਸ਼ਟੀ
. . .  about 4 hours ago
ਅੰਮ੍ਰਿਤਸਰ, 5 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
ਸ਼ਾਹਕੋਟ ਦੇ ਪਿੰਡ ਫਾਜਲਪੁਰ 'ਚ ਦੋ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ 25 ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ
. . .  about 4 hours ago
ਸ਼ਾਹਕੋਟ, 5 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਕੋਰੋਨਾ ਮਹਾਂਮਾਰੀ ਦਰਮਿਆਨ ਮੁੱਢਲੀ ਕਤਾਰ 'ਚ ਲੋਕਾਂ ਦੀ ....
ਪੰਜਾਬ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ
. . .  about 4 hours ago
ਫ਼ਾਜ਼ਿਲਕਾ, 5 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ...
ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 4 hours ago
ਫ਼ਰੀਦਕੋਟ, 5 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚ ਫ਼ਰੀਦਕੋਟ ...
ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  about 5 hours ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 5 hours ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 6 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 6 hours ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 6 hours ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 6 hours ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 6 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 7 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 7 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 7 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਹੋਰ ਖ਼ਬਰਾਂ..

ਖੇਡ ਜਗਤ

'ਫੈੱਡ ਕੱਪ ਹਾਰਟ' ਪੁਰਸਕਾਰ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਸਾਨੀਆ ਮਿਰਜ਼ਾ ਨੇ

ਬਾਲ ਉਮਰੇ ਸਿਰਫ 6 ਸਾਲ ਦੀ ਉਮਰ ਵਿਚ ਹੀ ਗੁੱੱਡੀਆਂ-ਪਟੋਲਿਆਂ ਨਾਲ ਖੇਡਣ ਦੀ ਥਾਂ ਆਪਣੇ ਨਿੱਕੇ-ਨਿੱਕੇ ਹੱਥਾਂ ਵਿਚ ਟੈਨਿਸ ਦਾ ਭਾਰੀ ਰੈਕਟ ਫੜਨ ਵਾਲੀ ਸਾਨੀਆ ਮਿਰਜ਼ਾ ਜਦੋਂ ਪਹਿਲੀ ਵਾਰ ਹੈਦਰਾਬਾਦ ਦੇ ਨਿਜਾਮ ਕਲੱਬ ਦੇ ਟੈਨਿਸ ਮੈਦਾਨ ਵਿਚ ਟੈਨਿਸ ਖੇਡਣ ਉਤਰੀ ਸੀ ਤਾਂ ਉਸ ਨੇ ਅੱਧਮੀਚੀਆਂ ਅੱਖਾਂ ਨਾਲ ਹੀ ਉਦੋਂ ਟੈਨਿਸ ਦੀ ਖੇਡ ਰਾਹੀਂ ਪੂਰੀ ਦੁਨੀਆ ਹੀ ਜਿੱਤਣ ਦਾ ਸੁਪਨਾ ਵੇਖਿਆ ਸੀ , ਜਿਸ ਨੂੰ ਉਸ ਨੇ ਚੜ੍ਹਦੀ ਉਮਰੇ ਹੀ ਟੈਨਿਸ ਦੀ ਖੇਡ ਵਿਚ ਵਿਸ਼ਵ ਜੇਤੂ ਬਣ ਕੇ ਪੂਰਾ ਕਰ ਦਿੱਤਾ ਸੀ। ਬਾਲ ਉਮਰੇ ਹੀ ਉਸ ਨੂੰ ਪੂਰੀ ਦੁਨੀਆ ਟੈਨਿਸ ਦੇ ਰੈਕਟ ਅਤੇ ਬਾਲ ਭਾਵ ਟੈਨਿਸ ਗੇਂਦ ਵਿਚ ਹੀ ਘਿਰੀ ਨਜ਼ਰ ਆ ਰਹੀ ਸੀ। ਆਪਣੇ ਦੁਨੀਆਂ ਜਿੱਤਣ ਦੇ ਸੁਪਨੇ ਨੂੰ ਉਸਨੇ ਅਨੇਕਾਂ ਵੱਡੇ -ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤ ਕੇ ਪੂਰਾ ਕਰ ਵਿਖਾਇਆ। ਹੁਣ ਸਾਨੀਆ ਮਿਰਜ਼ਾ ਨੇ 'ਫੈੱਡ ਕੱਪ ਹਾਰਟ' ਪੁਰਸਕਾਰ ਜਿੱਤ ਕੇ ਇਹ ਇਨਾਮ-ਸਨਮਾਨ ਜਿੱਤਣ ਵਾਲੀ ਪਹਿਲੀ ਭਾਰਤੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਸਾਨੀਆਂ ਨੇ ਏਸ਼ਿਆਨਾ/ਓਸ਼ੀਆਨਾ ਵਰਗ ਵਿਚੋਂ 'ਫੈੱਡ ਕੱਪ ਹਾਰਟ' ਪੁਰਸਕਾਰ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
ਟੈਨਿਸ ਸਨਸਨੀ ਸਾਨੀਆ ਮਿਰਜ਼ਾ ਨੇ ਭਾਰਤ ਦੀ ਫਿਲਮ ਨਗਰੀ ਵਜੋਂ ਪ੍ਰਸਿੱਧ ਸ਼ਹਿਰ ਮੁੰਬਈ ਵਿਖੇ ਜਦੋਂ 15 ਨਵੰਬਰ 1986 ਨੂੰ ਪਹਿਲੀ ਕਿਲਕਾਰੀ ਮਾਰੀ ਤਾਂ ਸਾਨੀਆ ਮਿਰਜ਼ਾ ਨੂੰ ਗੁੜ੍ਹਤੀ ਹੀ ਖੇਡਾਂ ਦੀ ਦਿੱਤੀ ਗਈ ਕਿਉਂਕਿ ਉਸ ਦੇ ਪਿਤਾ ਇਮਰਾਨ ਮਿਰਜ਼ਾ ਇਕ ਖੇਡ ਪੱਤਰਕਾਰ ਹੋਣ ਦੇ ਨਾਲ-ਨਾਲ ਖਿਡਾਰੀ ਵੀ ਸਨ। ਉਸਦੇ ਮਾਪਿਆਂ ਪਿਤਾ ਇਮਰਾਨ ਮਿਰਜ਼ਾ ਅਤੇ ਮਾਂ ਨਸੀਮਾ ਨੂੰ ਸਾਨੀਆ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਮੁੰਬਈ ਤੋਂ ਹੈਦਰਾਬਾਦ ਵਿਖੇ ਜਾਣਾ ਪਿਆ, ਹੈਦਰਾਬਾਦ ਵਿਖੇ ਹੀ ਸਾਨੀਆ ਮਿਰਜ਼ਾ ਦਾ ਬਚਪਨ ਬੀਤਿਆ।
5 ਫੁੱਟ 8 ਇੰਚ ਲੰਬੀ ਅਤੇ ਸਿਰਫ 18 ਸਾਲ ਦੀ ਉਮਰ ਵਿਚ ਹੀ ਵਿਸ਼ਵ ਪੱਧਰ 'ਤੇ ਚਰਚਿਤ ਹੋਣ ਵਾਲੀ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਨੂੰ ਸਾਲ 2006 ਵਿਚ 'ਪਦਮ ਸ੍ਰੀ' ਪੁਰਸਕਾਰ ਦੇ ਕੇ ਸਨਮਾਨਿਆ ਗਿਆ। ਇਹ ਸਨਮਾਨ ਪ੍ਰਾਪਤ ਕਰਨ ਵਾਲੀ ਉਹ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਣ ਹੈ। ਸਾਲ 2006 ਵਿਚ ਹੀ ਅਮਰੀਕਾ ਵਿਚ ਵਿਸ਼ਵ ਦੀਆਂ ਟੈਨਿਸ ਦੀਆਂ ਮਹਾਨ ਹਸਤੀਆਂ ਦੇ ਵਿਚਾਲੇ 'ਡਬਲਯੂ ਟੀ ਏ ਦਾ ਮੋਸਟ ਇੰਪ੍ਰੈਸਿਵ ਨਿਊ ਕਮਰ ਐਵਾਰਡ' ਵੀ ਸਾਨੀਆ ਮਿਰਜਾ ਨੂੰ ਦਿੱਤਾ ਗਿਆ। ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਸਾਨੀਆ ਮਿਰਜ਼ਾ ਨੇ 1999 ਵਿਚ ਵਿਸ਼ਵ ਜੂਨੀਅਰ ਟੈਨਿਸ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਕੀਤੀ। ਸਾਲ 2003 ਤੋਂ ਲੈ ਕੇ ਸਾਲ 2013 ਤੱਕ ਪੂਰੇ ਇਕ ਦਹਾਕੇ ਤੱਕ ਸਾਨੀਆ ਮਹਿਲਾ ਟੈਨਿਸ ਸੰਘ ਦੀ ਸਿੰਗਲ ਅਤੇ ਡਬਲਜ਼ ਵਰਗ ਵਿਚ ਪਹਿਲੇ ਸਥਾਨ ਉਪਰ ਹੀ ਛਾਈ ਰਹੀ ਅਤੇ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ। ਸਾਲ 2003 ਵਿਚ ਹੀ ਸਾਨੀਆ ਨੇ ਭਾਰਤ ਵਲੋਂ ਵਾਈਲਡ ਕਾਰਡ ਐਂਟਰੀ ਕਰਨ ਦੇ ਬਾਅਦ ਵਿੰਬਲਡਨ ਵਿਚ ਡਬਲਜ਼ ਮੁਕਾਬਲੇ ਵਿਚ ਜਿੱਤ ਪ੍ਰਾਪਤ ਕੀਤੀ। ਸਾਲ 2004 ਵਿਚ ਸਾਨੀਆ ਨੂੰ ਅਰਜਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ ਨੂੰ 2015 ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵੀ ਦਿੱਤਾ ਗਿਆ। ਸਿਰਫ 17 ਸਾਲ ਦੀ ਉਮਰ ਵਿਚ ਹੀ ਸਾਲ 2009 ਵਿਚ ਭਾਰਤ ਵਲੋਂ ਗ੍ਰੈਂਡ ਸਲੈਮ ਜਿੱਤਣ ਵਾਲੀ ਉਹ ਪਹਿਲੀ ਖਿਡਾਰਨ ਬਣੀ। ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਇਬ ਮਲਿਕ ਨਾਲ 12 ਅਪ੍ਰੈਲ 2010 ਨੂੰ
ਵਿਆਹ ਤੋਂ ਬਾਅਦ ਅਤੇ ਸਾਲ 2018 ਦੇ ਅਕਤੂਬਰ ਮਹੀਨੇ ਇਕ ਬੇਟਾ 'ਇਜ਼ਹਾਨ ਮਿਰਜ਼ਾ ਮਲਿਕ' ਨੂੰ ਜਨਮ ਦੇਣ ਦੇ ਬਾਅਦ ਵੀ ਸਾਨੀਆ ਨੇ ਭਾਰਤ ਵਲੋਂ ਹੀ ਖੇਡਣਾ ਜਾਰੀ ਰੱਖਿਆ ਹੋਇਆ ਹੈ। ਹੁਣ ਉਸਨੇ ਹੈਦਰਾਬਾਦ ਵਿਚ ਹੀ ਸਾਨੀਆ ਮਿਰਜ਼ਾ ਟੈਨਿਸ ਅਕੈਡਮੀ ਵੀ ਖੋਲ੍ਹੀ ਹੋਈ ਹੈ, ਇਸ ਤੋਂ ਇਲਾਵਾ ਉਸ ਨੇ ਆਪਣੇ ਜੀਵਨ ਉਪਰ ਇਕ ਕਿਤਾਬ 'ਐਸ ਅਗੇਂਸਟ ਔਡਸ' ਵੀ ਲਿਖੀ ਹੋਈ ਹੈ, ਜਿਸ ਵਿਚ ਉਸਨੇ ਆਪਣੇ ਬਚਪਨ ਤੋਂ ਲੈ ਕੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਬਣਨ ਤੱਕ ਦਾ ਸਫ਼ਰ ਬਿਆਨ ਕੀਤਾ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਸੀ ਕਿ ਉਸ ਦਾ ਵਿਆਹ ਜਲਦੀ ਹੋ ਜਾਂਦਾ ਤਾਂ ਕਿ ਜਦੋਂ ਉਸ ਦੇ ਬੱਚੇ ਜਵਾਨ ਹੁੰਦੇ ਤਾਂ ਉਹ ਵੀ ਜਵਾਨ ਹੀ ਦਿਖਾਈ ਦਿੰਦੀ।

-ਲੱਕੀ ਨਿਵਾਸ, 61 ਏ ਵਿੱਦਿਆ ਨਗਰ ਪਟਿਆਲਾ।
ਮੋਬਾਈਲ : 94638-19174.


ਖ਼ਬਰ ਸ਼ੇਅਰ ਕਰੋ

ਆਈ.ਪੀ.ਐਲ. ਕਰਾਉਣ ਵਿਚ ਕਾਹਲੀ ਹਰਗਿਜ਼ ਨਾ ਹੋਵੇ

ਕੋਰੋਨਾ ਵਾਇਰਸ ਕਰਕੇ ਲੱਗੇ ਲਾਕਡਾਊਨ ਨੂੰ ਹੌਲੀ-ਹੌਲੀ ਰਿਆਇਤਾਂ ਸਮੇਤ ਹਲਕਾ ਕੀਤਾ ਜਾ ਰਿਹਾ ਹੈ ਅਤੇ ਦੇਸ਼ ਵਿਚ ਇਸ ਵੇਲੇ ਆਰਥਿਕ ਸਰਗਰਮੀਆਂ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਅਰਥਚਾਰੇ ਦੇ ਪਹੀਏ ਨੂੰ ਮੁੜ ਤੋਰਿਆ ਜਾ ਸਕੇ। ਜਦੋਂ ਗੱਲ ਭਾਰਤ ਦੇਸ਼ ਦੇ ਖੇਡ ਅਰਥਚਾਰੇ ਦੀ ਹੋਵੇਗੀ ਤਾਂ ਸਭ ਤੋਂ ਪਹਿਲਾਂ ਨਾਂਅ ਆਈ.ਪੀ.ਐਲ. ਦਾ ਆਵੇਗਾ ਕਿਉਂਕਿ ਦੇਸ਼ ਅੰਦਰ ਖੇਡਾਂ ਵਿਚ ਇਹੀ ਸਭ ਤੋਂ ਵੱਡੀ ਲੀਗ ਹੈ। ਭਾਰਤ ਦੇਸ਼ ਵਿਚ ਕ੍ਰਿਕਟ ਇਕ ਜਨੂੰਨ ਹੈ ਅਤੇ ਭਾਰਤੀ ਕ੍ਰਿਕਟ ਟੀਮ ਦੇ ਮੈਚਾਂ ਵਾਂਗ ਦੇਸ਼ ਦੇ ਲੋਕ ਆਈ.ਪੀ.ਐਲ. ਦੇ ਹਰ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਵਾਰ ਇਹ ਉਡੀਕ ਸਭ ਤੋਂ ਜ਼ਿਆਦਾ ਲੰਮੀ ਹੋਈ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਕਹਿਰ ਕਰਕੇ ਆਈ.ਪੀ.ਐਲ. ਮੁਲਤਵੀ ਹੋਈ ਪਈ ਹੈ ਅਤੇ ਇਹ ਹੋ ਸਕੇਗੀ ਜਾਂ ਨਹੀਂ, ਇਹ ਕਿਹਾ ਨਹੀਂ ਜਾ ਸਕਦਾ। ਇਸ ਦੌਰਾਨ, ਇਹ ਚਰਚਾ ਵੀ ਚੱਲ ਰਹੀ ਹੈ ਕਿ ਜੇਕਰ ਕੋਰੋਨਾ ਵਾਇਰਸ ਦਾ ਖ਼ਤਰਾ ਆਉਂਦੇ ਮਹੀਨੇ ਤੱਕ ਘੱਟਦਾ ਹੈ ਤਾਂ ਆਈ.ਪੀ.ਐਲ. 2020 ਦਾ 13ਵਾਂ ਸੀਜ਼ਨ ਫੇਰ ਇਸ ਸਾਲ ਹੋਰ ਅੱਗੇ ਪੈਂਦਾ ਹੋਇਆ ਜੁਲਾਈ-ਸਤੰਬਰ ਦੌਰਾਨ ਆਯੋਜਿਤ ਹੋ ਸਕਦਾ ਹੈ।
ਸਰਕਾਰਾਂ ਦੀ ਨੀਤੀ ਅਤੇ ਆਲੇ-ਦੁਆਲੇ ਦਾ ਮਾਹੌਲ ਵੇਖਦੇ ਹੋਏ ਹੁਣ ਤੱਕ ਇਹ ਤਾਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਬੀ.ਸੀ.ਸੀ.ਆਈ. ਹੁਣ ਆਈ.ਪੀ.ਐਲ. ਦਾ ਪ੍ਰਬੰਧ ਜੁਲਾਈ ਅਤੇ ਸਤੰਬਰ ਵਿਚਾਲੇ ਦੇ ਖਾਲੀ ਸਮੇਂ ਵਿਚ ਕਰ ਸਕਦਾ ਹੈ। ਸ਼ੁਰੂਆਤੀ ਖ਼ਬਰ ਇਹ ਸੀ ਕਿ ਆਮ ਤੌਰ ਉੱਤੇ 2 ਮਹੀਨਿਆਂ ਤੱਕ ਚੱਲਣ ਵਾਲੇ 60 ਮੈਚਾਂ ਦੇ ਇਸ ਟੂਰਨਾਮੈਂਟ ਦਾ ਆਕਾਰ ਛੋਟਾ ਕੀਤਾ ਜਾ ਸਕਦਾ ਹੈ ਭਾਵੇਂ ਮੈਚਾਂ ਦੀ ਗਿਣਤੀ ਘਟਾ ਦਿੱਤੀ ਜਾਵੇਗੀ, ਇੱਥੋਂ ਤੱਕ ਕਿ ਬੋਰਡ ਭਾਰਤ ਤੋਂ ਬਾਹਰ ਘੱਟ ਖਿਡਾਰੀਆਂ ਦੇ ਨਾਲ ਵੀ ਕਰਵਾਉਣ ਲਈ ਵੀ ਤਿਆਰ ਹੈ। ਜੇਕਰ ਜੁਲਾਈ-ਸਤੰਬਰ ਦੇ ਕੌਮਾਂਤਰੀ ਕ੍ਰਿਕਟ ਕੈਲੰਡਰ ਉੱਤੇ ਨਜ਼ਰ ਮਾਰੀ ਜਾਵੇ ਤਾਂ ਇਹ ਓਨਾ ਰੁੱਝਿਆ ਨਹੀਂ ਹੈ। ਇੰਗਲੈਂਡ ਕ੍ਰਿਕਟ ਬੋਰਡ ਜੂਨ-ਜੁਲਾਈ ਵਿਚਾਲੇ ਆਪਣੀ ਨਵੀਂ ਲੀਗ 'ਦਿ ਹੰਡ੍ਰੇਡ' ਕਰਵਾਉਣ ਵਾਲਾ ਹੈ। ਉੱਥੇ ਹੀ ਸਤੰਬਰ ਵਿਚ ਯੂ.ਏ.ਈ. ਵਿਚ ਏਸ਼ੀਆ ਕੱਪ ਟੀ-20 ਕਰਵਾਇਆ ਜਾਣਾ ਹੈ। ਇਨਾਂ ਦੋਵਾਂ ਤੋਂ ਇਲਾਵਾ ਇਸ ਵਿਚਾਲੇ ਕੋਈ ਵੱਡੀ ਸੀਰੀਜ਼ ਨਹੀਂ ਹੈ ਹਾਲਾਂਕਿ ਭਾਰਤੀ ਟੀਮ ਨੇ ਜੂਨ-ਜੁਲਾਈ ਵਿਚ ਪਹਿਲਾਂ ਆਸਟਰੇਲੀਆ ਵਿਚ ਤਿੰਨ ਵਨ ਡੇਅ ਅਤੇ ਫਿਰ ਸ੍ਰੀਲੰਕਾ ਵਿਚ ਤਿੰਨ ਟੀ-20 ਮੈਚਾਂ ਦੀ ਲੜੀ ਖੇਡਣੀ ਹੈ। ਬੀ.ਸੀ.ਸੀ.ਆਈ. ਵਿਰੋਧੀ ਦੇਸ਼ਾਂ ਦੇ ਕ੍ਰਿਕਟ ਬੋਰਡ ਨਾਲ ਚਰਚਾ ਕਰ ਇਨਾਂ ਲੜੀਆਂ ਨੂੰ ਅੱਗੇ ਵਧਾ ਸਕਦਾ ਹੈ ਪਰ ਫਿਲਹਾਲ ਭਾਰਤੀ ਬੋਰਡ ਨੂੰ ਹਾਲਾਤ ਵਿਚ ਸੁਧਾਰ ਹੋਣ ਦੀ ਉਡੀਕ ਹੈ ਅਤੇ ਇਕ ਗੱਲ ਸਪਸ਼ਟ ਹੈ ਕਿ ਭਾਰਤੀ ਬੋਰਡ ਆਈ.ਪੀ.ਐਲ ਨੂੰ ਕਰਾਉਣਾ ਜ਼ਰੂਰ ਚਾਹੁੰਦਾ ਹੈ। ਇਸ ਪਿੱਛੇ ਕਾਰਨ ਵੀ ਸਪੱਸ਼ਟ ਹੈ ਕਿ ਆਈ.ਪੀ.ਐਲ. ਭਾਰਤੀ ਕ੍ਰਿਕਟ ਬੋਰਡ ਅਤੇ ਸਬੰਧਿਤ ਕੰਪਨੀਆਂ ਲਈ ਕਮਾਈ ਦਾ ਇਕ ਵੱਡਾ ਸਰੋਤ ਹੈ ਅਤੇ ਇਹ ਪਹਿਲੂ ਹੀ ਹਰ ਹੀਲੇ ਇਸ ਦੇ ਆਯੋਜਨ ਦੀ ਸੋਚ ਪਿੱਛੇ ਦਾ ਵੱਡਾ ਕਾਰਨ ਹੈ। ਆਈ.ਪੀ.ਐਲ. ਕਰਾਉਣ ਲਈ ਉਤਾਵਲੇ ਲੱਗਦੇ ਭਾਰਤੀ ਕ੍ਰਿਕਟ ਬੋਰਡ ਨੂੰ ਗੁਆਂਢੀ ਦੇਸ਼ ਪਾਕਿਸਤਾਨ ਦੀ ਮੁਅੱਤਲ ਕੀਤੀ ਗਈ ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਦੀ ਮਿਸਾਲ ਦੇਖ ਲੈਣੀ ਚਾਹੀਦੀ ਹੈ ਜਿਸ ਵਿਚ ਇਕ ਵਿਦੇਸ਼ੀ ਖਿਡਾਰੀ ਵਿਚ ਕੋਵਿਡ-19 ਦੇ ਲੱਛਣ ਪਾਏ ਜਾਣ ਤੋਂ ਬਾਅਦ ਇਸ ਪੀ.ਐਸ.ਐਲ. ਨੂੰ ਸੈਮੀਫ਼ਾਈਨਲ ਮੈਚ ਵਾਲੇ ਦਿਨ ਰੱਦ ਕਰਨਾ ਪਿਆ ਸੀ। ਆਮ ਸਮਝਦਾਰੀ ਇਹੀ ਹੋਵੇਗੀ ਕਿ ਆਈ.ਪੀ.ਐਲ ਤਾਂ ਹੀ ਹੋਵੇ ਜੇਕਰ ਹਾਲਾਤ ਠੀਕ ਹੁੰਦੇ ਹਨ ਨਹੀਂ ਤਾਂ ਇਕ ਸਾਲ ਆਈ.ਪੀ.ਐਲ ਨਹੀਂ ਵੀ ਹੁੰਦੀ ਤਾਂ ਕੋਈ ਅਲੋਕਾਰ ਨਹੀਂ ਹੈ ਕਿਉਂਕਿ ਲੋਕਾਂ ਅਤੇ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉੱਤੇ ਹੈ।

-ਪਿੰਡ: ਢਿੱਲਵਾਂ, ਡਾਕ: ਦਕੋਹਾ, ਜ਼ਿਲਾ: ਜਲੰਧਰ-144023.
E-mail: sudeepsdhillon@ymail.com

ਅਪਾਹਜ ਹੋ ਕੇ ਵੀ ਬਣਿਆ ਹਿੰਮਤ ਦੀ ਮਿਸਾਲ ਸੀਜੋ ਜੌਰਜ ਕੇਰਲਾ

ਸੀਜੋ ਜੌਰਜ ਇਕ ਨੌਜਵਾਨ ਅਪਾਹਜ ਫੁੱਟਬਾਲਰ ਹੈ, ਜੋ ਅਪਾਹਜ ਹੋ ਕੇ ਵੀ ਹਿੰਮਤ ਦੀ ਮਿਸਾਲ ਬਣਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਸ ਤੋਂ ਦੇਸ਼ ਨੂੰ ਵੱਡੀਆਂ ਆਸਾਂ ਹਨ। ਸੀਜੋ ਜੌਰਜ ਦਾ ਜਨਮ 20 ਅਕਤੂਬਰ, 1999 ਨੂੰ ਪਿਤਾ ਜੌਰਜ ਦੇ ਘਰ ਮਾਤਾ ਫਲੋਰੈਨਸੀ ਦੀ ਕੁੱਖੋਂ ਕੇਰਲਾ ਪ੍ਰਾਂਤ ਦੇ ਸ਼ਹਿਰ ਤਿਰਵਿੰਦਰਮਪੁਰ ਵਿਖੇ ਹੋਇਆ। ਸੀਜੋ ਜੌਰਜ ਬਚਪਨ ਵਿਚ ਹੀ ਪੋਲੀਓ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਉਸ ਦੀ ਸੱਜੀ ਲੱਤ ਖੜ੍ਹ ਗਈ, ਜੋ ਕਿ ਸੀਜੋ ਜੌਰਜ ਦੇ ਮਾਂ-ਬਾਪ ਲਈ ਇਕ ਵੱਡੇ ਸਦਮੇ ਤੋਂ ਘੱਟ ਨਹੀਂ ਸੀ। ਬੇਟੇ ਦਾ ਇਲਾਜ ਕਰਵਾਉਣ ਲਈ ਮਾਂ-ਬਾਪ ਨੇ ਕੋਈ ਕਸਰ ਬਾਕੀ ਨਾ ਛੱਡੀ ਪਰ ਆਖਰ ਪੱਲੇ ਨਿਰਾਸ਼ਾ ਹੀ ਪਈ। ਸੀਜੋ ਜੌਰਜ ਦਾ ਬਾਪ ਫੁੱਟਬਾਲ ਦਾ ਉੱਘਾ ਖਿਡਾਰੀ ਸੀ ਅਤੇ ਉਸ ਦੀ ਦਿਲੀ ਇੱਛਾ ਸੀ ਕਿ ਬੇਟਾ ਵੀ ਉਸ ਵਾਂਗ ਫੁੱਟਬਾਲ ਵਿਚ ਨਾਂਅ ਕਮਾਉਂਦਾ ਪਰ ਕਿਸਮਤ ਨੇ ਸ਼ਾਇਦ ਸਾਥ ਨਹੀਂ ਦਿੱਤਾ ਅਤੇ ਬਾਪ ਦਾ ਲਿਆ ਸੁਪਨਾ ਅੱਧ ਵਿਚਕਾਰ ਟੁੱਟ ਗਿਆ। ਇਹ ਸਭ ਕੁਝ ਦੇ ਬਾਵਜੂਦ ਵੀ ਸੀਜੋ ਜੌਰਜ ਨੇ ਹੌਸਲਾ ਨਾ ਛੱਡਿਆ ਅਤੇ ਉਸ ਨੇ ਹੌਲੀ-ਹੌਲੀ ਚੱਲਣਾ ਸ਼ੁਰੂ ਕੀਤਾ, ਤਾਂ ਸੀਜੋ ਜੌਰਜ ਨੇ ਆਪਣੇ-ਆਪ ਨੂੰ ਕਿਹਾ ਕਿ ਜ਼ਿੰਦਗੀ ਦੀ ਉਡਾਨ ਸ਼ੁਰੂ ਹੋ ਗਈ ਅਤੇ ਉਹ ਸੁਭਾ-ਸ਼ਾਮ ਹਰ ਰੋਜ਼ ਕਦਮ ਦਰ ਕਦਮ ਚੱਲਣ ਲੱਗਿਆ। ਇਕ ਦਿਨ ਉਸ ਦਾ ਦਾਦਾ ਉਸ ਨੂੰ ਖੇਡ ਸਟੇਡੀਅਮ ਵਿਚ ਲੈ ਕੇ ਗਿਆ ਜਿੱਥੇ ਸੀਜੋ ਜੌਰਜ ਨੇ ਵੇਖਿਆ ਕਿ ਖੇਡ ਸਟੇਡੀਅਮ ਖਚਾ-ਖਚ ਭਰਿਆ ਹੋਇਆ ਸੀ ਪਰ ਉਨ੍ਹਾਂ ਸਾਰਿਆਂ ਵਿਚ ਉਹ ਇਕੱਲਾ ਹੀ ਹੈਂਡੀਕੈਪਡ ਸੀ ਅਤੇ ਉਸ ਨੇ ਵੀ ਖੇਡਣ ਦੀ ਇੱਛਾ ਜ਼ਾਹਰ ਕੀਤੀ ਤਾਂ ਉਸ ਨੂੰ ਨੌਜਵਾਨ ਖਿਡਾਰੀ ਕਹਿਣ ਲੱਗੇ ਕਿ ਤੂੰ ਖੇਡ ਨਹੀਂ ਸਕਦਾ, ਕਿਉਂਕਿ ਤੂੰ ਹੈਂਡੀਕੈਪਟ ਹੈ। ਜਦ ਸੀਜੋ ਜੌਰਜ ਨੇ ਇਹ ਗੱਲ ਸੁਣੀ ਤਾਂ ਉਸ ਨੂੰ ਇਕਦਮ ਸਦਮਾ ਲੱਗਿਆ। ਸੀਜੋ ਜੌਰਜ ਜਦ ਅੱਠਵੀਂ ਕਲਾਸ ਵਿਚ ਸੀ ਤਾਂ ਮਾਂ-ਬਾਪ ਨੇ ਉਸ ਦੀ ਲੱਤ ਦਾ ਆਪ੍ਰੇਸ਼ਨ ਕਰਵਾਇਆ ਪਰ ਬਦਕਿਸਮਤੀ ਨਾਲ ਉਹ ਵੀ ਸਫ਼ਲ ਨਾ ਹੋਇਆ। ਵਕਤ ਬੀਤਦਾ ਗਿਆ ਅਤੇ ਜਦ ਸੀਜੋ ਜੌਰਜ ਕਾਲਜ ਪੜ੍ਹ ਰਿਹਾ ਸੀ ਤਾਂ ਉਸ ਦਾ ਇਕ ਮਿੱਤਰ ਬਣਿਆ ਅਥੀਸ ਜੌਨ, ਜੋ ਕਿ ਸਪੋਰਟਸ ਨਾਲ ਸਬੰਧਿਤ ਕੋਵਾਲਮ ਐਫ. ਸੀ. ਦਾ ਟੀਮ ਮੈਂਬਰ ਸੀ ਅਤੇ ਉਸ ਨੇ ਸੀਜੋ ਜੌਰਜ ਨੂੰ ਉਤਸ਼ਾਹਿਤ ਕੀਤਾ ਕਿ ਉਹ ਇਕ ਚੰਗਾ ਪੈਰਾ ਫੁੱਟਬਾਲਰ ਬਣ ਸਕਦਾ ਹੈ ਅਤੇ ਉਸੇ ਦੌਰਾਨ ਹੀ ਉਸ ਦੀ ਮੁਲਾਕਾਤ ਸੰਤੋਸ਼ ਟਰਾਫੀ ਵਿਨਰ ਈਬਨ ਰੋਜ ਨਾਲ ਹੋਈ ਅਤੇ ਉਹ ਸੀਜੋ ਜੌਰਜ ਲਈ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਈ। ਭਾਰਤ ਦੀ ਪੈਰਾ ਫੁੱਟਬਾਲ ਟੀਮ ਦੀ ਚੋਣ ਲਈ ਟਰਾਇਲ ਰੱਖੇ ਗਏ ਸਨ ਅਤੇ ਈਬਨ ਰੋਜ ਅਤੇ ਅਭੀਲਾਸ ਨੇ ਉਸ ਦਾ ਵੀ ਹੋਣ ਜਾ ਰਹੇ ਟਰਾਇਲ ਵਿਚ ਨਾਂਅ ਪਵਾ ਦਿੱਤਾ ਅਤੇ ਸੀਜੋ ਜੌਰਜ ਇਸ ਵਿਚ ਕਾਮਯਾਬ ਹੋ ਗਿਆ ਅਤੇ ਉਸ ਦੀ ਚੋਣ ਭਾਰਤ ਦੀ ਇਮਪਿਊਟ ਯਾਨੀ ਪੈਰਾ ਫੁੱਟਬਾਲ ਟੀਮ ਵਿਚ ਹੋ ਗਈ ਅਤੇ ਅੱਜ ਉਹ ਕੇਰਲਾ ਫਿਜੀਕਲ ਚੈਂਲਜ ਸਪੋਰਟਸ ਐਸੋਸੀਏਸ਼ਨ ਦੇ ਨਾਲ ਕੇਰਲਾ ਦੀ ਟੀਮ ਦਾ ਵੀ ਇਕ ਅਹਿਮ ਹਿੱਸਾ ਹੈ ਅਤੇ ਹੁਣੇ-ਹੁਣੇ ਉਹ ਮਲੇਸ਼ੀਆ ਵਿਖੇ ਭਾਰਤੀ ਟੀਮ ਨਾਲ ਖੇਡਣ ਜਾ ਰਿਹਾ ਹੈ। ਫੁੱਟਬਾਲਰ ਬਾਪ ਦਾ ਬੇਟਾ ਸੀਜੋ ਜੌਰਜ ਹੁਣ ਬਾਪ ਦੇ ਸੁਪਨੇ ਦੀ ਪੂਰਤੀ ਹੀ ਨਹੀਂ ਕਰੇਗਾ, ਸਗੋਂ ਦੇਸ਼ ਲਈ ਖੇਡਦਾ ਹੋਇਆ ਦੇਸ਼ ਦਾ ਵੀ ਮਾਣ ਬਣੇਗਾ।

-ਮੋਗਾ (ਪੰਜਾਬ) ਮੋਬਾਈਲ : 98551-14484

ਕੋਰੋਨਾ ਮੁਕਤੀ ਤੱਕ ਖੇਡ ਮੈਦਾਨ ਤੋਂ ਦੂਰੀ ਹੀ ਚੰਗੀ

ਖੇਡਾਂ ਭਾਵੇਂ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਹਨ, ਪਰ ਫਿਰ ਵੀ ਜ਼ਿੰਦਗੀ ਹੈ ਤਾਂ ਸਾਰੀਆਂ ਰੌਣਕਾਂ ਨੇ ਸਾਰੇ ਖੇਡ ਮੇਲੇ ਨੇ। ਕੋਰੋਨਾ ਬਿਮਾਰੀ ਦਾ ਕਹਿਰ ਜਾਰੀ ਹੈ, ਕੋਰੋਨਾ ਬਿਮਾਰੀ ਦਾ ਜਾਨਲੇਵਾ ਹਮਲਾ ਕਦ ਤੱਕ ਬਰਕਰਾਰ ਰਹੇਗਾ, ਕਦੋਂ ਇਸ ਨੂੰ ਠੱਲ੍ਹ ਪਵੇਗੀ। ਕੁਝ ਪਤਾ ਨਹੀਂ ਲੱਗ ਰਿਹਾ। ਦੇਸ਼ 'ਚ ਜਦੋਂ ਕਿਤੇ ਕਰਫ਼ਿਊ ਹਟਿਆ ਹੈ, ਤਾਲਾਬੰਦੀ ਟੁੱਟੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਬਿਮਾਰੀ ਦੀ ਸ਼ਿੱਦਤ ਘਟ ਰਹੀ ਹੈ, ਉਹ ਸਾਡੀ ਆਰਥਿਕਤਾ ਦੀਆਂ ਮਜਬੂਰੀਆਂ ਨੇ। ਉਸ ਢਿੱਲ ਦਾ, ਰਾਹਤ ਦਾ ਨਾਜਾਇਜ਼ ਫਾਇਦਾ ਨਾ ਉਠਾਇਆ ਜਾਵੇ। ਇਸ ਪੱਖੋਂ ਅਸੀਂ ਖੇਡਾਂ ਦੇ ਖਿਡਾਰੀਆਂ ਤੇ ਖੇਡਾਂ ਦੇ ਸ਼ੌਕੀਨ ਨੂੰ ਸੁਝਾਅ ਦੇਣਾ ਚਾਹਾਂਗੇ ਕੇ ਅਜੇ ਖੇਡ ਮੈਦਾਨਾਂ ਵੱਲ ਰੁਖ਼ ਨਾ ਹੀ ਕੀਤਾ ਜਾਵੇ ਤਾਂ ਬਿਹਤਰ ਹੈ। ਇਸ ਪੱਖੋਂ ਸਾਨੂੰ ਸਭ ਤੋਂ ਵੱਧ ਖ਼ਤਰਾ ਕ੍ਰਿਕਟ ਦੀ ਖੇਡ ਤੋਂ ਹੈ ਅਤੇ ਉਸ ਖੇਡ ਦੇ ਸ਼ੌਕੀਨਾਂ ਤੋਂ ਹੈ, ਜਿਸ ਤਰ੍ਹਾਂ ਜਨੂੰਨ ਦੀ ਹੱਦ ਤੱਕ ਕ੍ਰਿਕਟ ਖ਼ਾਸ ਕਰਕੇ ਭਾਰਤ 'ਚ ਖੇਡੀ ਜਾਂਦੀ ਜੋ ਕੋਰੋਨਾ ਮੁਕਤੀ ਤੱਕ ਉਸ ਜਨੂੰਨ ਨੂੰ ਦਬਾਅ ਕੇ ਨਾ ਰੱਖਿਆ ਤਾਂ ਨਤੀਜੇ ਬਹੁਤ ਘਾਤਕ ਹੋ ਸਕਰਦੇ ਹਨ।
ਅਸੀਂ ਗਹੁ ਨਾਲ ਵੇਖਿਆ ਹੈ ਕਿ ਕਰਫ਼ਿਊ ਜਾਂ ਤਾਲਾਬੰਦੀ 'ਚ ਰਤਾ ਢਿੱਲ ਮਿਲੀ ਤਾਂ ਕ੍ਰਿਕਟ ਦੇ ਜਨੂੰਨੀਆਂ ਦਾ ਕਾਰਵਾਂ ਖੇਡ ਮੈਦਾਨਾਂ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਕਈ ਵਾਰੀ ਪੁਲਿਸ ਵਿਭਾਗ ਵੀ ਇਸ ਪੱਖੋਂ ਬੇਖ਼ਬਰ ਵੇਖਿਆ ਗਿਆ ਹੈ। ਇਹ ਕ੍ਰਿਕਟ ਦੇ ਦੀਵਾਨੇ ਇਕ ਮੈਦਾਨ ਵਿਚ 10-10 ਟੀਮਾਂ ਉਤਾਰਦੇ ਹਨ। ਖੇਡਦੇ ਘੱਟ ਹੀ ਵੇਖੇ ਗਏ ਹਨ। ਦੌੜਾਂ ਬਣਨ 'ਤੇ ਹੱਥ 'ਤੇ ਹੱਥ ਮਾਰਨਾ ਆਊਟ ਹੋਣ 'ਤੇ ਜ਼ੋਰ ਦੀ ਜੱਫ਼ੀ 'ਚ ਲੈਣਾ ਕ੍ਰਿਕਟ ਦੀਵਾਨਿਆਂ ਦੀ ਸਰੀਰਕ ਭਾਸ਼ਾ 'ਚ ਅਕਸਰ ਸ਼ਾਮਿਲ ਹੁੰਦਾ ਹੈ। ਆਪਸ 'ਚ ਦੂਰੀ ਬਹੁਤ ਘੱਟ ਹੈ। ਮੈਦਾਨ ਘੱਟ ਹੁੰਦੇ ਹਨ, ਕ੍ਰਿਕਟ ਪ੍ਰੇਮੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਮੈਦਾਨ ਵਿਚ ਹੀ ਗੰਨੇ ਦੇ ਰਸ ਦੀਆਂ ਰੇੜ੍ਹੀਆਂ, ਗੋਲਗੱਪੇ ਅਤੇ ਟਿੱਕੀਆਂ, ਸਮੋਸਿਆਂ ਦੀਆਂ ਚਲਦੀਆਂ ਫਿਰਦੀਆਂ ਦੁਕਾਨਾਂ ਵੀ ਚੰਗੇ ਵੇਲਿਆਂ 'ਚ ਵੇਖਣ ਨੂੰ ਮਿਲਦੀਆਂ ਹਨ। ਇਹ ਕ੍ਰਿਕਟ ਦੇ ਦੀਵਾਨੇ ਕੋਈ ਅਨੁਸ਼ਾਸਨੀ ਕ੍ਰਿਕਟ ਨਹੀਂ ਖੇਡਦੇ ਸਗੋਂ ਸਿਰਫ਼ ਕ੍ਰਿਕਟ ਖੇਡਣ ਦਾ ਸ਼ੌਕ ਰੱਖਣ ਵਾਲੇ ਹਨ। ਜੇ ਕੋਰੋਨਾ ਵਾਇਰਸ ਦੇ ਇਨ੍ਹਾਂ ਦਿਨਾਂ 'ਚ ਸਖ਼ਤੀ ਨਾ ਵਰਤੀ ਗਈ ਤਾਂ ਨਤੀਜੇ ਨੁਕਸਾਨਦਾਰ ਵੀ ਹੋ ਸਕਦੇ ਹਨ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕੋਰੋਨਾ ਮੁਕਤੀ ਤੱਕ ਖੇਡ ਮੈਦਾਨਾਂ ਤੋਂ ਦੂਰੀ ਬਣਾਈ ਰੱਖਣ ਦੀ ਲੋੜ ਹੈ ਕਿਉਂਕਿ ਇਹ ਮੈਦਾਨ ਹੌਲੀ-ਹੌਲੀ ਭੀੜ ਨੂੰ ਸੱਦਾ ਦੇ ਸਕਦੇ ਹਨ, ਜਿਸ ਦੀ ਹਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਾਹੀ ਹੈ। ਪੁਲਿਸ ਵਿਭਾਗ ਨੂੰ ਇਸ ਵੱਲ ਵਧੇਰੇ ਸਖ਼ਤੀ ਵਰਤਣ ਦੀ ਲੋੜ ਹੈ। ਇਸ ਵੇਲੇ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਭਰਪੂਰ ਸਾਥ ਦੇਣ ਦੀ ਜ਼ਰੂਰਤ ਹੈ। ਯਾਦ ਰੱਖਿਓ! ਆਉਣ ਵਾਲੇ ਦਿਨ ਪੂਰੇ ਦੇਸ਼ ਲਈ ਇਕ ਵੱਡੀ ਚੁਣੌਤੀ ਹਨ। ਇਸ ਲਈ ਕੋਰੋਨਾ ਮੁਕਤੀ ਤੱਕ ਖਿਡਾਰੀ ਵਰਗ ਨੂੰ ਵਧੇਰੇ ਸੁਚੇਤ ਤੇ ਸੁਹਿਰਦ ਹੋ ਕੇ ਆਪਣੀ ਤੇ ਅਵਾਮ ਦੀ ਤੰਦਰੁਸਤੀ ਦਾ ਖਿਆਲ ਰੱਖਣ ਦੀ ਲੋੜ ਹੈ।

-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾਈਲ : 98155-35410

ਕ੍ਰਿਕਟ : ਕੁਝ ਰਿਕਾਰਡ ਜੋ ਸ਼ਾਇਦ ਹੀ ਟੁੱਟਣਗੇ

ਕਿਹਾ ਜਾਂਦਾ ਹੈ ਕਿ ਰਿਕਾਰਡ ਟੁੱਟਣ ਲਈ ਹੀ ਬਣਦੇ ਹਨ, ਲੇਕਿਨ ਇਹ ਵੀ ਸੱਚ ਹੈ ਕਿ ਹਰ ਖੇਡ 'ਚ ਬਹੁਤ ਸਾਰੇ ਰਿਕਾਰਡ ਅਜਿਹੇ ਵੀ ਹਨ, ਜਿਨ੍ਹਾਂ ਨੂੰ ਅੱਜ ਵੀ ਟੁੱਟਣ ਦਾ ਇੰਤਜ਼ਾਰ ਹੈ। ਕ੍ਰਿਕਟ ਵੀ ਇਸ ਤੋਂ ਅਛੂਤਾ ਨਹੀਂ ਹੈ। ਕ੍ਰਿਕਟ ਦੇ ਦਰਜਨਾਂ ਅਜਿਹੇ ਕੀਰਤੀਮਾਨ ਹਨ, ਜਿਸ ਨੂੰ ਹਰ ਖਿਡਾਰੀ ਤੋੜਨ ਲਈ ਬੇਕਰਾਰ ਰਹਿੰਦਾ ਹੈ, ਇਕ ਦਿਨ ਸ਼ਾਇਦ ਇਹ ਰਿਕਾਰਡ ਟੁੱਟ ਵੀ ਜਾਣ, ਪਰ ਜੈਂਟਲਮੈਨ ਗੇਮ ਦੇ ਘੱਟੋ-ਘੱਟ 5 ਰਿਕਾਰਡ ਅਜਿਹੇ, ਜਿਨ੍ਹਾਂ ਦਾ ਟੁੱਟਣਾ ਮੁਸ਼ਕਿਲ ਨਹੀਂ, ਨਾਮੁਮਕਿਨ ਵੀ ਦਿਖਾਈ ਦਿੰਦਾ ਹੈ।
ਸਚਿਨ ਤੇਂਦੁਲਕਰ ਦੀਆਂ 34 ਹਜ਼ਾਰ ਅੰਤਰਰਾਸ਼ਟਰੀ ਦੌੜਾਂ : ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਪਣੇ 24 ਸਾਲ ਲੰਮੇ ਅੰਤਰਰਾਸ਼ਟਰੀ ਕੈਰੀਅਰ ਦੌਰਾਨ, ਟੈਸਟ, ਵੰਨ-ਡੇ ਅਤੇ ਟੀ-20 ਮੈਚਾਂ ਨੂੰ ਮਿਲਾ ਕੇ 664 ਮੈਚਾਂ 'ਚ 34,357 ਦੌੜਾਂ ਬਣਾਈਆਂ। ਉਸ ਨੇ ਟੈਸਟ ਕ੍ਰਿਕਟ ਤੇ 15,921 ਦੌੜਾਂ ਅਤੇ ਇਕ ਦਿਨਾ 'ਚ 18,426 ਦੌੜਾਂ ਬਣਾਈਆਂ। ਉਸ ਦੇ ਦੌੜਾਂ ਦੇ ਇਸ ਉੱਚੇ ਪਹਾੜ ਨੂੰ ਸਰ ਕਰਨਾ ਘੱਟੋ-ਘੱਟ ਫਿਲਹਾਲ ਤਾਂ ਨਾਮੁਮਕਿਨ ਹੀ ਲੱਗ ਰਿਹਾ ਹੈ। ਲਗਪਗ 32 ਸਾਲ ਬੀਤਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਹੀ ਇਸ ਦੌੜ 'ਚ ਸਭ ਤੋਂ ਅੱਗੇ ਹਨ। ਲੇਕਿਨ ਹੁਣ ਤੱਕ ਲਗਪਗ 21 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾ ਚੁੱਕੇ ਵਿਰਾਟ ਨੂੰ ਘੱਟੋ-ਘੱਟ 40 ਸਾਲ ਤੱਕ ਦੀ ਉਮਰ ਤੱਕ ਖੇਡਣਾ ਪਵੇਗਾ ਜੋ ਸ਼ਾਇਦ ਵਰਤਮਾਨ ਤੇਜ਼-ਤਰਾਰ ਮਾਹੌਲ ਵਾਲੇ ਕ੍ਰਿਕਟ ਨੂੰ ਵੇਖਦਿਆਂ ਮੁਸ਼ਕਿਲ ਲੱਗ ਰਿਹਾ ਹੈ।
ਬਰਡਮੈਨ ਦੇ 99.34 ਟੈਸਟ ਔਸਤ ਦਾ ਮਾਊਂਟ ਐਵਰੇਸਟ : ਸਚਿਨ ਤੇਂਦੁਲਕਰ ਤੋਂ ਪਹਿਲਾਂ ਕਿਸੇ ਵੀ ਬੱਲੇਬਾਜ਼ ਲਈ ਖੇਡ ਦਾ ਪੱਧਰ ਨਾਪਣ ਦਾ ਪੈਮਾਨਾ ਬੱਲੇਬਾਜ਼ ਡਾਨ ਬਰੈਡਮੈਨ ਦੇ ਪ੍ਰਦਰਸ਼ਨ ਨੂੰ ਮੰਨਿਆ ਜਾਂਦਾ ਸੀ। ਬਿਨਾਂ ਕਿਸੇ ਵਿਵਾਦ ਦੇ ਕ੍ਰਿਕਟ ਇਤਿਹਾਸ ਦੇ ਇਸ ਮਹਾਨ ਆਸਟ੍ਰੇਲੀਆਈ ਬੱਲੇਬਾਜ਼ ਨੇ ਮਹਿਜ 52 ਟੈਸਟਾਂ 'ਚ ਸਿਰਫ਼ 80 ਪਾਰੀਆਂ 'ਚ 99.54 ਦੇ ਔਸਤ ਨਾਲ 6996 ਦੌੜਾਂ ਬਣਾਈਆਂ। ਅਗਰ ਉਹ ਆਪਣੀ ਆਖ਼ਰੀ ਟੈਸਟ ਪਾਰੀ 'ਚ 0 'ਤੇ ਆਊਟ ਨਾ ਹੁੰਦੇ ਤਾਂ ਉਸ ਦਾ ਔਸਤ 100 ਦੌੜਾਂ ਹੋ ਜਾਂਦਾ। ਟੈਸਟ ਕ੍ਰਿਕਟ 'ਚ ਇਸ ਔਸਤ ਨੂੰ ਮਾਊਂਟ ਐਵਰੇਸਟ ਦੀ ਚੋਟੀ 'ਤੇ ਚੜ੍ਹਨ ਵਰਗਾ ਮੰਨਿਆ ਜਾਂਦਾ ਹੈ, ਜਿਸ ਨੂੰ ਛੂਹਣਾ ਨਾ ਮੁਮਕਿਨ ਲੱਗ ਰਿਹਾ ਹੈ। ਇਸ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ, ਬਰਾਡਮੈਨ ਤੋਂ ਇਲਾਵਾ ਦੁਨੀਆ ਦਾ ਕੋਈ ਵੀ ਬੱਲੇਬਾਜ਼ ਅੱਜ ਤੱਕ 65 ਦੇ ਔਸਤ ਤੱਕ ਵੀ ਨਹੀਂ ਅੱਪੜ ਸਕਿਆ। ਅਗਰ ਘੱਟੋ-ਘੱਟ 10 ਟੈਸਟ ਮੈਚਾਂ ਨੂੰ ਪੈਮਾਨਾ ਮੰਨਿਆ ਜਾਵੇ ਤਾਂ ਦੁਨੀਆ ਦੇ ਸਿਰਫ਼ 6 ਬੱਲੇਬਾਜ਼ 60 ਦੇ ਔਸਤ ਨੂੰ ਪਾਰ ਕਰ ਸਕੇ ਹਨ।
ਜੈਕ ਹਾਬਸ ਦੇ 199 ਪਹਿਲੀ ਸ਼੍ਰੇਣੀ ਸੈਂਕੜੇ : ਇੰਗਲੈਂਡ ਦੇ ਮਹਾਨ ਬੱਲੇਬਾਜ਼ ਜੈਕ ਹਾਬਸ ਨੇ ਆਪਣੇ ਪਹਿਲੇ ਸ਼੍ਰੇਣੀ ਮੈਚਾਂ ਦੇ ਕੈਰੀਅਰ 'ਚ 834 ਮੈਚਾਂ ਦੀਆਂ 1325 ਪਾਰੀਆਂ 'ਚ 199 ਸੈਂਕੜੇ ਲਗਾਉਣ ਦਾ ਕਾਰਨਾਮਾ ਕੀਤਾ। ਦੁਨੀਆ ਦਾ ਕੋਈ ਵੀ ਬੱਲੇਬਾਜ਼ ਇਸ ਦੇ ਕਰੀਬ ਪਹੁੰਚਦਾ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਕੋਈ ਅਜਿਹੀ ਸੰਭਾਵਨਾ ਦਿਖਾਈ ਦਿੰਦੀ ਹੈ। ਹਾਬਸ ਨੇ ਸਭ ਤੋਂ ਜ਼ਿਆਦਾ 61760 ਪਹਿਲੀ ਸ਼੍ਰੇਣੀ ਦੌੜਾਂ ਦਾ ਰਿਕਾਰਡ ਬਣਾਇਆ ਸੀ ਅਤੇ ਇਸ ਰਿਕਾਰਡ ਟੁੱਟਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ।
ਜਿਮ ਲੇਕਰ ਦੇ ਟੈਸਟ ਮੈਚ 'ਚ 19 ਵਿਕਟ : ਇੰਗਲੈਂਡ ਦੇ ਹੀ ਆਫ਼ ਸਪਿਨਰ ਜਿਮ ਲੇਕਰ ਨੇ ਆਸਟ੍ਰੇਲੀਆ ਦੇ ਖਿਲਾਫ਼ 1956 'ਚ ਮਾਨਚੈਸਟਰ ਟੈਸਟ ਮੈਚ 'ਚ 19 ਵਿਕਟ ਲੈਣ ਦਾ ਰਿਕਾਰਡ ਬਣਾਇਆ। ਜੋ ਕਦੇ ਵੀ ਨਹੀਂ ਟੁੱਟ ਸਕੇਗਾ। ਇਸ ਰਿਕਾਰਡ ਦੇ ਨਾ ਟੁੱਟਣ ਦੀ ਗਰੰਟੀ ਇਸ ਗੱਲ ਤੋਂ ਹੀ ਲਾਈ ਜਾ ਸਕਦੀ ਹੈ ਕਿ ਕਿਸੇ ਵੀ ਗੇਂਦਬਾਜ਼ ਨੂੰ ਅਜਿਹਾ ਕਰਨ ਲਈ ਦੋਵਾਂ ਪਾਰੀਆਂ 'ਚ ਸਾਰੇ 10 ਵਿਕਟ ਝਟਕਾਉਣੇ ਹੋਣਗੇ, ਇਹ ਕਿੰਨਾ ਮੁਸ਼ਕਿਲ ਹੈ, ਇਸ ਤੋਂ ਪਾਠਕ ਅੰਦਾਜ਼ਾ ਲਗਾ ਸਕਦੇ ਹਨ ਕਿ ਕ੍ਰਿਕਟ ਦੇ 143 ਸਾਲਾਂ ਦੇ ਇਤਿਹਾਸ ਵਿਚ ਸਿਰਫ਼ ਦੋ ਵਾਰ ਗੇਂਦਬਾਜ਼ਾਂ ਨੇ ਕਿਸੇ ਪਾਰੀ 'ਚ ਸਾਰੇ 10 ਵਿਕਟ ਲਏ ਹਨ। ਇਕ ਵਾਰ ਖ਼ੁਦ ਜਿਮ ਲੇਕਰ ਨੇ 19 ਵਿਕਟ ਲੈਣ ਦਾ ਕਾਰਨਾਮਾ ਕੀਤਾ ਸੀ, ਜਦ ਕਿ ਦੂਸਰੀ ਵਾਰ ਕਰੀਬ 43 ਸਾਲ ਬਾਅਦ 1999 'ਚ ਟੀਮ ਇੰਡੀਆ ਦੇ ਲੈੱਗ ਸਪਿਨਰ ਅਨਿਲ ਕੁੰਬਲੇ ਨੇ ਪਾਕਿਸਤਾਨ ਖਿਲਾਫ਼ ਦਿੱਲੀ ਦੇ ਮਲੇਰਸ਼ਾਹ ਕੋਟਲਾ 'ਚ ਸਾਰੇ 10 ਵਿਕਟ ਲਏ ਸਨ।
ਕ੍ਰਿਕਟ ਦੇ ਭਗਵਾਨ ਦੇ 51 ਟੈਸਟ ਸੈਂਕੜੇ : ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਨੇ ਆਪਣੇ ਕੈਰੀਅਰ ਵਿਚ 51 ਟੈਸਟ ਸੈਂਕੜੇ ਅਤੇ 100 ਅੰਤਰਰਾਸ਼ਟਰੀ ਸੈਂਕੜਿਆਂ ਦੀ ਅਜਿਹੀ ਦੀਵਾਰ ਖੜ੍ਹੀ ਕੀਤੀ, ਜਿਸ ਨੂੰ ਟੱਪਣਾ ਟੇਢੀ ਖੀਰ ਵਰਗਾ ਹੈ। ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਲ 70 ਸੈਂਕੜੇ ਬਣਾ ਚੁੱਕੇ ਵਿਰਾਟ ਕੋਹਲੀ, ਹੋ ਸਕਦਾ ਹੈ ਸਚਿਨ ਦੇ 100 ਅੰਤਰਰਾਸ਼ਟਰੀ ਸੈਂਕੜਿਆਂ ਦਾ ਰਿਕਾਰਡ ਤੋੜ ਦੇਣ, ਲੇਕਿਨ ਹੁਣ ਤੱਕ 27 ਟੈਸਟ ਸੈਂਕੜੇ ਬਣਾ ਚੁੱਕੇ ਵਿਰਾਟ ਲਈ 51 ਟੈਸਟ ਸੈਂਕੜਿਆਂ ਦੀ ਹੱਦ ਪਾਰ ਕਰਨਾ, ਵੱਡੇ ਸੰਘਰਸ਼ ਦੀ ਤਰ੍ਹਾਂ ਹੈ।

-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾਈਲ : 94636-12204

ਹਾਕੀ ਦੇ ਯੁੱਗ ਪੁਰਸ਼ ਬਲਬੀਰ ਸਿੰਘ ਦਾ ਚਲਾਣਾ

ਹਾਕੀ ਦਾ ਯੁੱਗ ਪੁਰਸ਼ ਬਲਬੀਰ ਸਿੰਘ 97ਵੇਂ ਸਾਲ ਦੀ ਉਮਰ ਵਿਚ ਜਾਂਦੀ ਵਾਰ ਦੀ ਫ਼ਤਹਿ ਬੁਲਾ ਗਿਆ। ਉਸ ਨੇ ਪਹਿਲਾ ਸਾਹ 31 ਦਸੰਬਰ, 1923 ਦੀ ਰਾਤ ਨੂੰ ਆਪਣੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਦੀ ਫ਼ਿਜ਼ਾ ਵਿਚ ਲਿਆ ਸੀ ਤੇ ਆਖ਼ਰੀ ਸਾਹ 25 ਮਈ 2020 ਦੀ ਸਵੇਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਿਆ। ਉਸ ਦੀ ਧੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਨੇ ਦੱਸਿਆ ਕਿ ਰਾਤੀਂ ਜਦ ਉਹ ਹਸਪਤਾਲ ਹੋ ਕੇ ਆਏ ਤਾਂ ਉਹ ਠੀਕ-ਠਾਕ ਸਨ ਪਰ ਤੜਕਸਾਰ ਦਿਲ ਦਾ ਚੌਥਾ ਦੌਰਾ ਪੈਣ ਨਾਲ ਜੀਵਨ ਦੀ ਖੇਡ ਹੀ ਖ਼ਤਮ ਹੋ ਗਈ। ਬਲਬੀਰ ਸਿੰਘ ਦੀ ਪਤਨੀ ਸੁਸ਼ੀਲ ਕੌਰ 1982 ਵਿਚ ਗੁਜ਼ਰ ਗਈ ਸੀ। ਉਸ ਦੇ ਤਿੰਨ ਪੁੱਤਰ ਹਨ ਤੇ ਇਕ ਧੀ। ਤਿੰਨੇ ਪੁੱਤਰ ਇਸ ਵੇਲੇ ਕੈਨੇਡਾ ਵਿਚ ਹਨ। ਧੀ ਦਾ ਪਤੀ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ 2012 ਵਿਚ ਗੁਜ਼ਰ ਗਿਆ ਸੀ। ਪਿਛਲੇ ਕੁਝ ਸਾਲਾਂ ਤੋਂ ਬਲਬੀਰ ਸਿੰਘ ਆਪਣੀ ਧੀ ਤੇ ਦੋਹਤੇ ਪਾਸ ਚੰਡੀਗੜ੍ਹ ਰਹਿ ਰਿਹਾ ਸੀ, ਜੋ ਉਸ ਦੀ ਯੋਗ ਸੇਵਾ ਸੰਭਾਲ ਕਰ ਰਹੇ ਸਨ। ਉਨ੍ਹਾਂ ਨੇ ਇਲਾਜ ਕਰਵਾਉਣ ਤੇ ਸੇਵਾ ਕਰਨ ਦੀ ਕੋਈ ਕਸਰ ਨਹੀਂ ਛੱਡੀ। ਬਲਬੀਰ ਸਿੰਘ ਸਰੀਰਕ ਤੌਰ 'ਤੇ ਬੇਸ਼ਕ ਨਹੀਂ ਰਿਹਾ ਪਰ ਉਹਦਾ ਨਾਂਅ ਸਦਾ ਅਮਰ ਰਹੇਗਾ।
ਹਾਕੀ ਦੇ 'ਗੋਲ ਕਿੰਗ' ਬਲਬੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ। ਉਸ ਦਾ ਦਾਦਕਾ ਪਿੰਡ ਪਵਾਦੜਾ ਹੈ। ਦੋਵੇਂ ਪਿੰਡ ਤਹਿਸੀਲ ਫਿਲੌਰ ਵਿਚ ਹਨ। ਬਲਬੀਰ ਸਿੰਘ ਨਾਲ ਮੇਰੀਆਂ ਮਿਲਣੀਆਂ ਤੇ ਗੱਲਾਂਬਾਤਾਂ ਹੁੰਦੀਆਂ ਰਹਿੰਦੀਆਂ ਸਨ। ਉਨ੍ਹਾਂ ਗੱਲਾਂਬਾਤਾਂ ਵਿਚੋਂ ਹੀ ਪੁਸਤਕ 'ਗੋਲਡਨ ਗੋਲ' ਨਿਕਲੀ ਸੀ, ਜਿਹੜੀ ਸੰਗਮ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ। ਉਹ ਕਹਿੰਦਾ ਹੁੰਦਾ ਸੀ, 'ਮੈਂ ਪਿਛਲਝਾਤ ਮਾਰਦਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦੈ। ਉਥੇ ਮੈਂ ਪਿੰਡ ਦੇ ਨਿਆਣੇ ਖਿੱਦੋ-ਖੂੰਡੀ ਖੇਡਦੇ ਦੇਖੇ। ਪੰਜ ਕੁ ਸਾਲ ਦਾ ਸਾਂ ਜਦੋਂ ਮੋਗੇ ਗਿਆ। ਉਥੇ ਮੇਰੇ ਪਿਤਾ ਜੀ ਅਧਿਆਪਕ ਸਨ। ਮੈਂ ਮੁੰਡਿਆਂ ਨੂੰ ਸਕੂਲ ਦੇ ਮੈਦਾਨ ਵਿਚ ਹਾਕੀ ਖੇਡਦੇ ਦੇਖੀ ਜਾਂਦਾ। ਹਾਕੀ ਮੈਨੂੰ ਮੈਸਮਰਾਈਜ਼ ਕਰ ਦਿੰਦੀ। ਮੈਨੂੰ ਸੁਰਤ ਨਾ ਰਹਿੰਦੀ ਕਿ ਧੁੱਪੇ ਬੈਠਾ ਹਾਂ ਜਾਂ ਛਾਵੇਂ? ਫਿਰ ਮੇਰਾ ਜਨਮ ਦਿਨ ਆਇਆ। ਪਿਤਾ ਜੀ ਨੇ ਪੁੱਛਿਆ, ਕਿਹੜਾ ਖਿਡਾਉਣਾ ਲੈਣਾ? ਮੈਂ ਹਾਕੀ ਦੀ ਮੰਗ ਕੀਤੀ, ਜੋ ਮੈਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਮਿਲੀ। ਉਹ ਦਿਨ ਤੇ ਆਹ ਦਿਨ, ਹਾਕੀ ਮੇਰਾ ਇਸ਼ਕ ਹੈ...। ਮੇਰੇ 'ਤੇ ਰੱਬ ਦੀ ਰਹਿਮਤ ਹੈ ਜਿਸ ਨੇ ਮੈਨੂੰ ਮਿਹਨਤ ਕਰਨੀ ਤੇ ਵੱਡਿਆਂ ਦੀ ਇਜ਼ਤ ਕਰਨੀ ਸਿਖਾਈ। ਮੈਨੂੰ ਅਨੁਸ਼ਾਸਨ ਸਿਖਾਇਆ, ਹਾਰ ਸਹਿਣੀ ਤੇ ਜਿੱਤ ਪਚਾਉਣੀ ਸਿਖਾਈ। ਮੈਂ ਜੋ ਕੁਝ ਹਾਂ ਆਪਣੇ ਮਾਪਿਆਂ, ਅਧਿਆਪਕਾਂ, ਕੋਚ ਸਾਹਿਬਾਨ, ਟੀਮ ਦੇ ਸਾਥੀਆਂ, ਦੋਸਤਾਂ-ਮਿੱਤਰਾਂ ਤੇ ਪਰਿਵਾਰ ਦੇ ਸਹਿਯੋਗ ਸਦਕਾ ਹਾਂ। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹਨ। ਮੈਂ ਅਕਸਰ ਆਖਦਾਂ ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ। ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਸਮਝਣ ਦੀ ਥਾਂ ਭੈਣ ਸਮਝਿਆ।'
ਬਲਬੀਰ ਸਿੰਘ ਨੂੰ ਉਲੰਪਿਕ ਖੇਡਾਂ 'ਚੋਂ ਤਿੰਨ ਸੋਨ ਤਗਮਾ ਜਿੱਤਣ ਕਰਕੇ 'ਗੋਲਡਨ ਹੈਟ ਟ੍ਰਿੱਕ' ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਉਲੰਪਿਕ ਖੇਡਾਂ ਵਿਚ ਸੈਮੀਫਾਈਨਲ ਅਤੇ ਫਾਈਨਲ ਮੈਚਾਂ 'ਚ ਭਾਰਤੀ ਟੀਮ ਦੇ 9 ਗੋਲਾਂ 'ਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ 'ਚੋਂ ਉਸ ਦੇ 5 ਗੋਲ ਸਨ, ਜੋ ਉਲੰਪਿਕ ਖੇਡਾਂ ਦਾ 68 ਸਾਲ ਪੁਰਾਣਾ ਰਿਕਾਰਡ ਹੈ। ਉਸ ਤੋਂ ਪਹਿਲਾਂ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਇੰਗਲੈਂਡ ਦੇ ਰੈਗੀ ਪ੍ਰਿਡਮੋਟ ਦਾ ਸੀ। ਉਸ ਨੇ ਲੰਡਨ-1908 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ 8 ਵਿੱਚੋਂ 4 ਗੋਲ ਕੀਤੇ ਸਨ। ਬਰਲਿਨ-1936 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਵਿਚ ਧਿਆਨ ਚੰਦ ਦੇ 8 ਵਿੱਚੋਂ 3 ਗੋਲ ਸਨ।
ਲੰਡਨ ਉਲੰਪਿਕਸ-2012 ਦੀ ਉਲੰਪਿਕ ਨੁਮਾਇਸ਼ ਲਈ ਉਲੰਪਿਕ ਖੇਡਾਂ ਦੇ ਸਫ਼ਰ 'ਚੋਂ ਜਿਹੜੇ 16 'ਆਈਕੋਨਿਕ ਉਲੰਪੀਅਨ' ਚੁਣੇ ਗਏ ਉਨ੍ਹਾਂ ਵਿਚ ਬਲਬੀਰ ਸਿੰਘ ਵੀ ਸੀ। ਸਾਰੀ ਦੁਨੀਆ 'ਚੋਂ ਉਹ ਹਾਕੀ ਦਾ ਇਕੋ ਖਿਡਾਰੀ ਸੀ, ਜਿਸ ਨੂੰ ਇਹ ਮਾਣ ਮਿਲਿਆ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਤਾਂ ਉਸ ਨੂੰ ਉਲੰਪਿਕ ਰਤਨ ਬਣਾ ਹੀ ਦਿੱਤਾ ਸੀ ਭਾਰਤ ਸਰਕਾਰ ਨੇ ਪਤਾ ਨਹੀਂ ਕਿਉਂ ਉਸ ਨੂੰ 'ਭਾਰਤ ਰਤਨ' ਨਹੀਂ ਬਣਾਇਆ?
ਉਸ ਦੇ ਜੀਵਨ ਦੀਆਂ ਕੁਝ ਯਾਦਗਾਰੀ ਘਟਨਾਵਾਂ ਹਾਜ਼ਰ ਹਨ:
* ਐੱਮ. ਏ. ਵਿਚ ਪੜ੍ਹਦਾ ਬਲਬੀਰ ਸਿੰਘ ਪੁਲਿਸ 'ਚ ਭਰਤੀ ਕੀਤੇ ਜਾਣ ਤੋਂ ਬਚਦਾ ਅੰਬਰਸਰੋਂ ਦਿੱਲੀ ਦੌੜ ਗਿਆ ਸੀ। ਆਪਣੀ ਮੰਗੇਤਰ ਸੁਸ਼ੀਲ ਕੌਰ ਨਾਲ ਉਹਦਾ ਪ੍ਰੇਮ ਪੱਤਰ ਚੱਲ ਰਿਹਾ ਸੀ। ਉਹ ਸੁਫ਼ਨੇ ਲੈ ਰਿਹਾ ਸੀ ਕਿ ਸੁਸ਼ੀਲ ਨਾਲ ਵਿਆਹ ਕਰਾਵੇਗਾ ਤੇ ਸੁਸ਼ੀਲ ਦਿੱਲੀ ਆ ਜਾਵੇਗੀ...। ਉਹ ਇੰਡੀਆ ਦੀ ਟੀਮ ਵਿਚ ਖੇਡੇਗਾ, ਉਲੰਪਿਕ ਖੇਡਾਂ 'ਚ ਜਾਵੇਗਾ ਤੇ ਤਗਮੇ ਜਿੱਤੇਗਾ... ਉਹ ਸੁਫ਼ਨਿਆਂ ਵਿਚ ਸਰਸ਼ਾਰ ਸੀ ਕਿ ਕਿਸੇ ਨੇ ਬੂਹਾ ਆ ਠਕੋਰਿਆ। ਕੌਣ ਹੋ ਸਕਦਾ ਸੀ ਇਸ ਵੇਲੇ? ਕੀ ਪਤਾ ਸੁਸ਼ੀਲ ਹੀ ਆ ਗਈ ਹੋਵੇ? ਉਸ ਨੇ ਕੱਚੀ ਨੀਂਦੇ ਉੱਠਦਿਆਂ ਬੂਹਾ ਖੋਲ੍ਹਿਆ। ਸਾਹਮਣੇ ਬਾਵਰਦੀ ਪੁਲਿਸ ਸਾਰਜੈਂਟ ਖੜ੍ਹਾ ਸੀ। ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ, 'ਲਾ ਲਓ ਹੱਥਕੜੀ।' ਬਲਬੀਰ ਸਿੰਘ ਨੇ ਪੁੱਛਿਆ, 'ਕਿਹੜੇ ਜੁਰਮ ਵਿਚ?' ਸਾਰਜੈਂਟ ਨੇ ਕਿਹਾ, 'ਜਲੰਧਰ ਜਾ ਕੇ ਦੱਸਾਂਗੇ। ਸਮਝ ਗਿਆ ਹੋਵੇਂਗਾ ਸਾਰੀ ਗੱਲ!'
ਹੱਥਕੜੀ ਲਾ ਕੇ ਪੁਲਿਸ ਪਾਰਟੀ ਰਾਤ ਦੇ ਹਨੇਰੇ ਵਿਚ ਰੇਲਵੇ ਸਟੇਸ਼ਨ 'ਤੇ ਪਹੁੰਚੀ ਤੇ ਅੰਮ੍ਰਿਤਸਰ ਵਾਲੀ ਗੱਡੀ ਚੜ੍ਹ ਗਈ। ਹਾਕੀ ਦਾ 'ਗੋਲ ਕਿੰਗ' ਬਣਨਾ ਉਸ ਦਾ ਜੁਰਮ ਬਣ ਗਿਆ ਸੀ! ਰਾਹ ਵਿਚ ਬਲਬੀਰ ਸਿੰਘ ਨੇ ਹੱਥਕੜੀ ਖੋਲ੍ਹਣ ਲਈ ਕਿਹਾ ਤਾਂ ਜਵਾਬ ਮਿਲਿਆ, 'ਉਤੋਂ ਹੁਕਮ ਹੈ ਪਈ ਜਲੰਧਰ ਲਿਆ ਕੇ ਈ ਖੋਲ੍ਹਣੀ ਹੈ। ਉਹਦਾ ਪਤਾ ਨੀ ਰਾਹ ਵਿਚ ਫੇਰ ਨਾ ਡਾਜ ਮਾਰ ਜੇ!'
* 1947 ਦੇ ਖ਼ੂਨੀ ਦਿਨ ਸਨ। ਬਲਬੀਰ ਸਿੰਘ ਨਾਲ ਵੀ ਇਕ ਦੁਰਘਟਨਾ ਵਾਪਰ ਗਈ। ਜੇਕਰ ਰਾਈਫਲ 'ਚੋਂ ਨਿਕਲੀ ਗੋਲੀ ਰਤਾ ਕੁ ਨੀਵੀਂ ਹੁੰਦੀ ਤਾਂ ਨਾ ਬਲਬੀਰ ਸਿੰਘ ਬਚਦਾ ਤੇ ਨਾ ਉਹਤੋਂ ਉਲੰਪਿਕ ਖੇਡਾਂ ਦਾ 'ਗੋਲਡਨ ਹੈਟ ਟ੍ਰਿਕ' ਵੱਜਦਾ। ਪਰ ਬਲਬੀਰ ਸਿੰਘ ਕਿਸਮਤ ਦਾ ਬਲੀ ਨਿਕਲਿਆ, ਜੋ ਲੰਮੀ ਉਮਰ ਜਿਊਣ ਲਈ ਮੌਤ ਦੇ ਹੱਥ ਆਉਣੋਂ ਬਚ ਗਿਆ। ਗੋਲੀ ਉਹਦੇ ਮੱਥੇ ਉੱਪਰ ਦੀ ਵਾਲਾਂ ਨੂੰ ਛੋਂਹਦੀ ਪੱਗ ਵਿਚ ਦੀ ਨਿਕਲ ਗਈ ਸੀ!
* ਬਲਬੀਰ ਸਿੰਘ ਦੇ ਦੋਸਤ ਗੁਰਿੰਦਰ ਨੇ 1948 ਵਿਚ ਮੋਗੇ ਦੀ ਇਕ ਮਾਈ ਨਾਲ ਹੋਈ ਗੱਲਬਾਤ ਦੱਸੀ। ਉਹ ਹਾਰਾਂ ਨਾਲ ਲੱਦੇ ਬਲਬੀਰ ਸਿੰਘ ਤੇ ਸੁਸ਼ੀਲ ਨੂੰ ਵੇਖ ਰਹੀ ਸੀ। ਹੈਰਾਨ ਹੋਈ ਮਾਈ ਨੇ ਗੁਰਿੰਦਰ ਨੂੰ ਪੁੱਛਿਆ, 'ਬੇਟਾ, ਇਹ ਕਿਹੜੇ ਸ਼ਹਿਜ਼ਾਦੇ ਦਾ ਵਿਆਹ ਹੋਇਐ?' ਗੁਰਿੰਦਰ ਨੇ ਕਿਹਾ, 'ਮਾਤਾ, ਇਹ ਤਾਂ ਗਿਆਨੀ ਦਲੀਪ ਸਿੰਘ ਦਾ ਲੜਕਾ ਬਲਬੀਰ ਸਿੰਘ ਲੰਡਨ ਦੀਆਂ ਉਲੰਪਿਕ ਖੇਡਾਂ 'ਚੋਂ ਹਾਕੀ ਦਾ ਸੋਨ ਤਗਮਾ ਜਿੱਤ ਕੇ ਲਿਆਇਆ। ਲੋਕ ਉਹਦਾ ਸਵਾਗਤੀ ਜਲੂਸ ਕੱਢਦੇ ਆ।' ਮਾਈ ਨੇ ਹੈਰਾਨੀ ਪ੍ਰਗਟ ਕੀਤੀ, 'ਇਹਦੇ ਮੂੰਹ 'ਤੇ ਤਾਂ ਕਿੱਡੀ ਵੱਡੀ ਦਾੜ੍ਹੀ ਐ। ਇਹ ਅਜੇ ਵੀ ਖੇਡੀ ਜਾਂਦੈ!'
* ਲਾਸ ਏਂਜਲਸ-1984 ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਦਾ ਹਾਕੀ ਮੈਚ ਹੋਣ ਲੱਗਾ ਤਾਂ ਕੁਝ ਦਰਸ਼ਕਾਂ ਨੇ ਤਿਰੰਗੇ ਚੁੱਕੇ ਹੋਏ ਸਨ। ਅਸ਼ਵਨੀ ਕੁਮਾਰ ਹੋਰੀਂ ਉਪਰ ਬੈਠੇ ਸਨ ਤੇ ਬਲਬੀਰ ਸਿੰਘ ਇਕ ਕਤਾਰ ਹੇਠਾਂ ਬੈਠਾ ਸੀ। ਭਾਰਤ ਵਿਰੁੱਧ ਦੇ ਨਾਹਰੇ ਲਾਉਂਦੇ ਇਕ ਨੌਜੁਆਨ ਨੇ ਕਿਸੇ ਕੋਲੋਂ ਤਿਰੰਗਾ ਖੋਹਿਆ ਤੇ ਪੈਰਾਂ ਹੇਠ ਮਿਧਣ ਲੱਗਾ। ਬਲਬੀਰ ਸਿੰਘ ਨੇ ਭੱਜ ਕੇ ਝੰਡਾ ਉਸ ਦੇ ਪੈਰਾਂ ਹੇਠੋਂ ਖਿੱਚ ਲਿਆ। ਉਹ ਤਿਰੰਗੇ ਝੰਡੇ ਦੀ ਬੇਅਦਬੀ ਨਾ ਸਹਿ ਸਕਿਆ ਜੋ ਉਹ ਉਲੰਪਿਕ ਖੇਡਾਂ ਵਿਚ ਝੁਲਾਉਂਦਾ ਰਿਹਾ ਸੀ। ਨੌਜੁਆਨ ਨੇ ਕਸ਼ਮਕਸ਼ ਵਿਚ ਤਿਰੰਗਾ ਪਾੜਨਾ ਚਾਹਿਆ। ਤਦ ਤਕ ਪੁਲਿਸ ਆ ਗਈ, ਜਿਸ ਨੇ ਸਥਿਤੀ ਸੰਭਾਲ ਲਈ।
* ਲਾਸ ਏਂਜਲਸ ਤੋਂ ਪਾਕਿਸਤਾਨ ਦੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਲਿਆ ਸੀ। ਪਾਕਿਸਤਾਨ ਨੇ ਕਰਾਚੀ ਵਿਚ ਉਲੰਪਿਕ ਜੇਤੂ ਟੀਮ ਦਾ ਰੈਸਟ ਆਫ਼ ਵਰਲਡ ਟੀਮ ਨਾਲ ਮੈਚ ਕਰਾਉਣਾ ਸੀ। ਬਲਬੀਰ ਸਿੰਘ ਨੂੰ ਕਰਾਚੀ ਸੱਦਿਆ ਗਿਆ ਤੇ ਰੈੱਸਟ ਆਫ਼ ਵਰਲਡ ਟੀਮ ਦਾ ਮੈਨੇਜਰ ਬਣਾਇਆ ਗਿਆ, ਜਿਸ ਵਿਚ ਪੰਜ ਮੁਲਕਾਂ ਦੇ ਖਿਡਾਰੀ ਸ਼ਾਮਿਲ ਕੀਤੇ ਗਏ। ਪਾਕਿਸਤਾਨ ਦਾ ਸਦਰ ਜਨਰਲ ਜ਼ਿਆ ਉੱਲ ਹੱਕ ਸਟੇਡੀਅਮ ਵਿਚ ਮੌਜੂਦ ਸੀ। ਉਸ ਨੇ ਬਲਬੀਰ ਸਿੰਘ ਨੂੰ ਆਪਣੇ ਪਾਸ ਸੱਦਦਿਆਂ ਕਿਹਾ, 'ਬਲਬੀਰ ਸਿੰਘ ਮੇਰੇ ਕੋਲ ਆਓ, ਆਪਾਂ ਤਾਂ ਇਕੋ ਇਲਾਕੇ ਦੇ ਹਾਂ। ਤੁਸੀਂ ਵੀ ਜ਼ਿਲ੍ਹਾ ਜਲੰਧਰ ਦੇ ਓ ਤੇ ਮੈਂ ਵੀ ਜਲੰਧਰ ਦੀ ਬਸਤੀ ਦਾ ਹਾਂ।' ਅਪਣੱਤ ਭਰੇ ਸੱਦੇ ਨਾਲ ਬਲਬੀਰ ਸਿੰਘ ਜਨਰਲ ਜ਼ਿਆ ਉੱਲ ਹੱਕ ਕੋਲ ਜਾ ਬੈਠਾ। ਹਾਫ਼ ਟਾਈਮ ਵੇਲੇ ਬਲਬੀਰ ਸਿੰਘ ਮੈਦਾਨ 'ਚ ਆਪਣੀ ਟੀਮ ਕੋਲ ਗਿਆ ਤਾਂ ਸਟੈਂਡਾਂ ਤੋਂ 'ਬਲਬੀਰ ਸਿੰਘ ਜ਼ਿੰਦਾਬਾਦ' ਦੇ ਨਾਅਰੇ ਲੱਗਣ ਲੱਗੇ। ਉਸ ਨੇ ਹੱਥ ਹਿਲਾ ਕੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ। ਬਾਹਰ ਆਉਣ ਲੱਗਾ ਤਾਂ ਹਜੂਮ ਨੇ 'ਇੰਡੀਆ ਮੁਰਦਾਬਾਦ' ਦਾ ਨਾਅਰਾ ਲਾ ਦਿੱਤਾ, ਜਿਸ ਲਈ ਬਲਬੀਰ ਸਿੰਘ ਨੇ ਸਿਰ ਫੇਰ ਕੇ ਉਨ੍ਹਾਂ ਨੂੰ ਅਜਿਹਾ ਕਰਨੋ ਰੋਕਿਆ। ਉਨ੍ਹਾਂ ਨੇ ਕਿਹਾ, 'ਸਰਦਾਰ ਜੀ, ਅਸੀਂ ਤਾਂ ਤੁਹਾਨੂੰ ਖ਼ਾਲਿਸਤਾਨ ਦੇ ਰਹੇ ਹਾਂ, ਤੁਸੀਂ ਪਸੰਦ ਨਹੀਂ ਕਰ ਰਹੇ।' ਬਲਬੀਰ ਸਿੰਘ ਦਾ ਜਵਾਬ ਸੀ, 'ਤੁਸੀਂ ਖ਼ਾਲਿਸਤਾਨ ਦੇ ਸਕਦੇ ਹੁੰਦੇ ਤਾਂ ਆਪਣਾ ਬੰਗਲਾਦੇਸ਼ ਨਾ ਖੁਹਾਉਂਦੇ!'
ਬਲਬੀਰ ਸਿੰਘ ਕਹਿੰਦਾ ਹੁੰਦਾ ਸੀ, 'ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ 'ਗੋਲਡਨ ਗੋਲ' ਹੋ ਗਿਆ ਤਾਂ ਖੇਡ ਖ਼ਤਮ।'
ਆਖ਼ਰ ਬਲਬੀਰ ਸਿੰਘ ਦੀ ਜੀਵਨ ਖੇਡ 25 ਮਈ, 2020 ਨੂੰ ਸਵੇਰੇ ਸਵਾ ਛੇ ਵਜੇ ਖ਼ਤਮ ਹੋ ਗਈ।

ਕਬੱਡੀ ਦੇ ਵਿਦੇਸ਼ੀ ਸੀਜ਼ਨ ਨੂੰ ਲੱਗਿਆ ਕੋਰੋਨਾ ਦਾ ਜੱਫਾ

ਪਿਛਲੇ ਵਰ੍ਹੇ ਕਬੱਡੀ 'ਚ ਡੋਪਿੰਗ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਸਰਗਰਮ ਬਹੁਤ ਸਾਰੀਆਂ ਜਥੇਬੰਦੀਆਂ ਨੇ ਆਪੋ-ਆਪਣੇ ਮੁਲਕਾਂ 'ਚ ਕਬੱਡੀ ਟੂਰਨਾਮੈਂਟ ਨਹੀਂ ਕਰਵਾਏ ਸਨ, ਜਿਸ ਕਾਰਨ ਬਹੁਤ ਸਾਰੇ ਖਿਡਾਰੀਆਂ ਲਈ ਵਿਦੇਸ਼ੀ ਧਰਤੀ 'ਤੇ ਖੇਡਣ ਦਾ ਮੌਕਾ ਖੁੱਸ ਗਿਆ ਸੀ। ਚਾਲੂ ਵਰ੍ਹੇ ਦੀ ਗਰਮ ਰੁੱਤ ਦੌਰਾਨ ਵੱਖ-ਵੱਖ ਮੁਲਕਾਂ 'ਚ ਹੋਣ ਵਾਲੇ ਕਬੱਡੀ ਕੱਪਾਂ ਨੂੰ ਵੀ ਕੋਰੋਨਾ ਨੇ ਜੱਫਾ ਲਗਾ ਕੇ ਰੋਕ ਦਿੱਤਾ। ਇਸ ਤਰ੍ਹਾਂ ਲਗਾਤਾਰ ਦੂਸਰੇ ਸਾਲ ਵੀ ਵਿਦੇਸ਼ਾਂ 'ਚ ਉੱਚਕੋਟੀ ਦੀ ਕਬੱਡੀ ਖੇਡਣ ਤੇ ਦੇਖਣ ਤੋਂ ਬਹੁਤ ਸਾਰੇ ਖਿਡਾਰੀ/ਖੇਡ-ਪ੍ਰੇਮੀ ਵਾਂਝੇ ਰਹਿ ਗਏ। ਹਰ ਸਾਲ ਗਰਮ ਰੁੱਤ 'ਚ ਚੜ੍ਹਦੀ ਜੂਨ ਤੋਂ ਕੈਨੇਡਾ ਦੇ ਸ਼ਹਿਰਾਂ ਟੋਰਾਂਟੋ, ਵੈਨਕੂਵਰ, ਐਡਮਿੰਟਨ, ਕੈਲਗਰੀ ਤੇ ਵਿੰਨੀਪੈੱਗ ਵਿਖੇ ਵੱਡੀ ਗਿਣਤੀ 'ਚ ਕਬੱਡੀ ਕੱਪ ਹੁੰਦੇ ਹਨ, ਜਿਨ੍ਹਾਂ ਲਈ ਭਾਰਤ 'ਚੋਂ ਤਕਰੀਬਨ 120-150 ਦੇ ਕਰੀਬ ਖਿਡਾਰੀ ਪੁੱਜਦੇ ਹਨ। ਟੋਰਾਂਟੋ ਵਿਖੇ ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ 8 ਤੋਂ 10 ਚੋਟੀ ਦੇ ਕੱਪਾਂ ਤੋਂ ਇਲਾਵਾ ਹਰ ਸਾਲ ਇੰਡੋਰ ਸਟੇਡੀਅਮ 'ਚ ਮਿਆਰੀ ਤੇ ਮਹਿੰਗਾ ਵਿਸ਼ਵ ਕਬੱਡੀ ਕੱਪ ਕਰਵਾਇਆ ਜਾਂਦਾ ਹੈ, ਜੋ ਮੈਟਰੋ ਪੰਜਾਬੀ ਇੰਟਰਨੈਸ਼ਨਲ ਕਲੱਬ ਦੀ ਮੇਜ਼ਬਾਨੀ 'ਚ ਪਿਛਲੇ ਵਰ੍ਹੇ ਨਹੀਂ ਹੋ ਸਕਿਆ ਸੀ ਤੇ ਇਸ ਵਾਰ ਵੀ ਕੋਰੋਨਾ ਦੀ ਭੇਟ ਚੜ੍ਹ ਗਿਆ। ਇਸ ਦੇ ਨਾਲ ਹੀ ਵੈਨਕੂਵਰ ਵਿਖੇ ਵੀ ਦੋ ਵੱਖ-ਵੱਖ ਫੈਡਰੇਸ਼ਨਾਂ ਵਲੋਂ ਦਰਜਨ ਦੇ ਕਰੀਬ ਟੂਰਨਾਮੈਂਟ ਕਰਵਾਏ ਜਾਂਦੇ ਹਨ। ਵਿਨੀਪੈਗ, ਐਡਮਿੰਟਨ ਤੇ ਕੈਲਗਰੀ ਵਿਖੇ ਵੀ 5 ਤੋਂ 6 ਟੂਰਨਾਮੈਂਟ ਹੁੰਦੇ ਹਨ। ਇਸ ਤਰ੍ਹਾਂ ਇਕੱਲੇ ਕੈਨੇਡਾ 'ਚ ਹੀ ਕਬੱਡੀ ਦਾ 20 ਕਰੋੜ ਰੁਪਏ ਦੇ ਕਰੀਬ ਦਾ ਹਰ ਸਾਲ ਕਾਰੋਬਾਰ ਹੁੰਦਾ ਹੈ। ਕੈਨੇਡਾ ਸੀਜ਼ਨ ਦੇ ਪਿਛਲੇ ਦੌਰ ਦੇ ਸਮਾਂਤਰ ਹੀ ਅਮਰੀਕਾ 'ਚ ਕਬੱਡੀ ਕੱਪ ਸ਼ੁਰੂ ਹੋ ਜਾਂਦੇ ਹਨ, ਜਿੱਥੇ ਉੱਚਕੋਟੀ ਦੀ ਕਬੱਡੀ ਦੇ ਅੱਧੀ ਦਰਜਨ ਤੋਂ ਵੱਧ ਟੂਰਨਾਮੈਂਟ ਹੁੰਦੇ ਹਨ। ਇੱਥੇ ਵੀ ਤਕਰੀਬਨ 5 ਕਰੋੜ ਰੁਪਏ ਕਬੱਡੀ 'ਤੇ ਖਰਚ ਹੁੰਦੇ ਹਨ। ਇਸ ਤੋਂ ਇਲਾਵਾ ਮਾਰਚ ਤੇ ਅਪ੍ਰੈਲ ਮਹੀਨੇ 'ਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਖੇ 8 ਦੇ ਕਰੀਬ ਟੂਰਨਾਮੈਂਟ ਕਰਵਾਏ ਜਾਂਦੇ ਹਨ, ਜਿੱਥੇ ਭਾਰਤ 'ਚੋਂ ਚੋਟੀ ਦੇ ਖਿਡਾਰੀ ਹਿੱਸਾ ਲੈਣ ਜਾਂਦੇ ਹਨ। ਇੱਥੇ ਵੀ ਤਕਰੀਬਨ 5 ਤੋਂ 10 ਕਰੋੜ ਰੁਪਏ ਦੀ ਕਬੱਡੀ ਖੇਡੀ ਜਾਂਦੀ ਹੈ। ਇੰਗਲੈਂਡ ਵਿਖੇ ਵੀ ਕੁਝ ਵਰ੍ਹਿਆਂ ਦੇ ਵਕਫ਼ੇ ਬਾਅਦ ਇਸ ਸਾਲ ਕਬੱਡੀ ਦੀਆਂ ਸਰਗਰਮੀਆਂ ਸ਼ੁਰੂ ਹੋਣੀਆਂ ਸਨ।
ਇਸ ਸਬੰਧੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫੈਡਰੇਸ਼ਨ ਵਲੋਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ ਅਤੇ ਇੰਗਲੈਂਡ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲੇ ਵਲੋਂ ਖਿਡਾਰੀਆਂ ਨੂੰ ਸੱਦਣ ਲਈ ਪ੍ਰਵਾਨਗੀ ਵੀ ਦੇ ਦਿੱਤੀ ਸੀ। ਪਰ ਕੋਰੋਨਾ ਨੇ ਸਭ ਨੂੰ ਬੇਵੱਸ ਕਰ ਦਿੱਤਾ ਹੈ। ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਗੁਰਲਾਟ ਸਿੰਘ ਲਾਡ ਸਹੋਤਾ ਦਾ ਕਹਿਣਾ ਹੈ ਕਿ ਕੈਨੇਡਾ, ਕਬੱਡੀ ਖਿਡਾਰੀਆਂ ਨੂੰ ਖੇਡਣ ਦਾ ਵੱਡਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਉੱਚ ਕੋਟੀ ਦੇ ਖਿਡਾਰੀਆਂ ਦੇ ਜੌਹਰ ਦੇਖਣ ਲਈ ਖੇਡ-ਪ੍ਰੇਮੀ ਹਰ ਸਾਲ ਬੇਤਾਬ ਰਹਿੰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਹਾਲਾਤ ਠੀਕ ਹੋਣ 'ਤੇ ਕੈਨੇਡਾ 'ਚ ਮੁੜ ਰੌਣਕਾਂ ਲੱਗਣਗੀਆਂ।

-ਪਟਿਆਲਾ।
ਮੋਬਾਈਲ : 97795-90575.

ਕੋਰੋਨਾ ਵਾਇਰਸ ਨੇ ਖਿਡਾਰੀਆਂ ਦੀ ਨਿਯਮਾਂ ਤਹਿਤ ਕੀਤੀ ਘੇਰਾਬੰਦੀ

ਅੱਜ ਸਾਨੂੰ ਕੋਰੋਨਾ ਵਾਇਰਸ ਦੇ ਨਿਯਮਾਂ ਹੇੇਠ ਇਹ ਯਾਦ ਰੱਖਣਾ ਪਵੇਗਾ ਕਿ ਉਹ ਹੀ ਖਿਡਾਰੀ ਮੈਦਾਨ ਵਿਚ ਜਾ ਸਕੇਗਾ ਜੋ ਸਮਾਜਿਕ ਦੂਰੀ ਅਪਣਾਏਗਾ ਤੇ ਹੁਣ ਇਹ ਖਿਡਾਰੀਆਂ ਦੀ ਜ਼ਿੰਦਗੀ ਦਾ ਇਕ ਅਹਿਮ ਅੰਗ ਬਣਨ ਜਾ ਰਿਹਾ ਹੈ। ਭਾਰਤੀ ਖੇਡ ਅਥਾਰਿਟੀ ਦੀ 6 ਮੈਂਬਰੀ ਕਮੇਟੀ ਨੇ 45 ਪੰਨਿਆਂ ਨੇ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਦੇਸ਼ ਦੇ ਖਿਡਾਰੀਆਂ ਲਈ ਤਿਆਰ ਕੀਤਾ ਹੈ। ਇਹ ਐਸ.ਓ.ਪੀ. ਦੇੇਸ਼ ਦੇ ਖਿਡਾਰੀਆਂ ਨਾਲ ਕੋਚਿੰਗ ਸਟਾਫ਼ ਤੇ ਹੋਰ ਸਹਿਯੋਗੀ ਸਟਾਫ਼, ਹੋਸਟਲ ਦੇ ਕਰਮਚਾਰੀਆਂ 'ਤੇ ਵੀ ਲਾਗੂ ਹੋਵੇਗਾ। ਹੁਣ ਹਰ ਇਕ ਖਿਡਾਰੀ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਹੋਵੇਗਾ ਤੇ ਜਿੰਮ ਨੂੰ ਵੀ ਸ਼ਿਫਟ ਵਿਚ ਇਸਤੇਮਾਲ ਕਰਨਾ ਪਵੇਗਾ ਤੇ ਸਮੇਂ-ਸਮੇਂ 'ਤੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਪ੍ਰਤੀ ਸੁਚੇਤ ਵੀ ਕੀਤਾ ਜਾਵੇਗਾ, ਇਹ ਸਾਰੇ ਦਿਸ਼ਾ-ਨਿਰਦੇਸ਼ ਖਿਡਾਰੀਆਂ, ਕੋਚਾਂ, ਪ੍ਰਬੰਧਕਾਂ ਤੇ ਹੋਰ ਸਹਿਯੋਗੀ ਸਟਾਫ਼ 'ਤੇ ਵੀ ਲਾਗੂ ਹੋਣਗੇ। ਇਸ ਦਾਇਰੇ ਵਿਚ ਰਹਿ ਕੇ ਉਹ ਪ੍ਰੈਕਟਿਸ ਕਰਨਗੇ। ਹੁਣ ਖਿਡਾਰੀਆਂ ਲਈ ਇਕ ਹਾਈਜੈਨਿਕ ਅਫ਼ਸਰ ਦੀ ਨਿਯੁਕਤੀ ਲਾਜ਼ਮੀ ਹੋਵੇਗੀ ਤੇ ਖਿਡਾਰੀਆਂ ਲਈ ਇਕ ਕੋਵਿਡ ਟਾਸਕ ਫੋਰਸ ਵੀ ਬਣਾਈ ਜਾਵੇਗੀ ਤੇ ਇਸ ਦੀ ਅਗਵਾਈ ਹੇਠ ਖੇਡਾਂ ਦੀ ਸ਼ੁਰੂਆਤ ਹੋਵੇਗੀ।
ਐਸ.ਓ.ਪੀ. ਨਾਲ ਦੇੇਸ਼ ਦੇ ਵਿਚ ਖੇਡ ਗਤੀਵਿਧੀਆ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਵਿਚ ਖੇਡਾਂ ਨੂੰ 4 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਏ ਵਰਗ ਵਿਚ ਨਾਨ ਕੰਨਟੈਕਟ ਸਪੋਰਟਸ (ਆਰਚਰੀ, ਸ਼ੂਟਿੰਗ, ਸਾਈਕਲਿੰਗ, ਫੈਸਿੰਗ ਤੇ ਅਥਲੈਟਿਕਸ) ਦੇ ਮੁਕਾਬਲੇ ਰੱਖੇ ਗਏ ਹਨ। ਬੀ ਵਰਗ ਵਿਚ (ਮੀਡੀਅਮ ਕੰਨਟੈਕਟ ਸਪੋਰਟਸ ਫੁੱਟਬਾਲ, ਹਾਕੀ, ਬਾਸਕਟਬਾਲ, ਹੈਂਡਬਾਲ ਤੇ ਇਨਡਾਇਰੈਕਟ ਕੰਨਕੈਟਕ ਵੇਟ ਲਿਫਟਿੰਗ, ਲਾਅਨ ਟੈਨਿਸ, ਟੈਨਿਸ, ਬੈਡਮਿੰਟਨ ਤੇ ਟੇਬਲ ਟੈਨਿਸ) ਦੇ ਮੁਕਾਬਲੇ ਹਨ। ਸੀ ਵਰਗ ਵਿਚ ਫੁੱਲ ਕੰਨਟੈਕਟ ਸਪੋਰਟਸ (ਬਾਕਸਿੰਗ, ਜੂਡੋ, ਵੁਸ਼ੂ, ਤਾਇਕਵਾਂਡੋ ਤੇ ਕੁਸ਼ਤੀ) ਦੇ ਮੁਕਾਬਲੇ ਰੱਖੇ ਗਏ ਹਨ। ਗਰੁੱਪ ਡੀ ਵਿਚ (ਵਾਟਰ ਸਪੋਰਟਸ ਕੈਨੋਇੰਗ, ਸੇਲਿੰਗ, ਰੋਇੰਗ, ਤੈਰਾਕੀ) ਸ਼ਾਮਿਲ ਹਨ। ਖੇਡ ਦੀ ਵੱਖਰੀ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ ਤੇ ਫਿਲਹਾਲ ਕੁਸ਼ਤੀ, ਬਾਕਸਿੰਗ ਵਰਗੀਆਂ ਖੇਡਾਂ ਦੇ ਖਿਡਾਰੀ ਇਕ-ਦੂਜੇ ਨਾਲ ਪ੍ਰੈਕਟਿਸ ਨਹੀਂ ਕਰਨਗੇ।
1. ਅਥਲੈਟਿਕਸ ਵਿਚ ਹਾਈ ਜੰਪ, ਲਾਂਗ ਜੰਪ, ਤੀਹਰੀ ਛਾਲ ਤੇ ਪੋਲ ਵਾਲਟ ਤੇ ਬੈਟਨ ਐਕਸਚੇਂਜ ਇਨ ਰੀਲੇਅ ਦੀ ਮਨਜ਼ੂਰੀ ਆਪਣੇ ਸਾਮਾਨ ਨਾਲ ਹੋਵੇਗੀ ਤੇ ਡਿਸਕਸ, ਸ਼ਾਟਪੁੱਟ, ਜੈਵਲਿਨ ਤੇ ਟਰੈਕ ਦੇ ਮੁਕਾਬਲੇ ਵਿਚ ਸਮਾਜਿਕ ਦੂਰੀ ਰੱਖਣੀ ਹੋਵੇਗੀ ਤੇ ਸਾਮਾਨ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਦੇ ਬਾਅਦ ਵਿਚ ਸੈਨੇਟਾਈਜ਼ ਕਰਨਾ ਜ਼ਰੂਰੀ ਹੋਵੇਗਾ।
2. ਹਾਕੀ ਵਿਚ ਖਿਡਾਰੀ ਹੀ ਆਪਣੀ ਸਟਿੱਕ ਨੂੰ ਇਸਤੇਮਾਲ ਕਰ ਸਕਣਗੇ ਤੇ ਸਮਾਜਿਕ ਦੂਰੀ ਦਾ ਇਸਤੇਮਾਲ ਵੀ ਕਰਨਗੇ ਤੇ ਸਿਰਫ਼ 12 ਖਿਡਾਰੀ ਹੀ ਇਕੋ ਵੇਲੇ ਪ੍ਰੈਕਟਿਸ ਕਰ ਸਕਣਗੇ ਤੇ ਟਰਫ਼ ਤੇ ਲੇਟ ਕੇ ਤੇ ਬੈਠ ਕੇ ਕਸਰਤ ਕਰਨ ਦੀ ਮਨਾਹੀ ਹੋਵੇਗੀ।
3. ਵੇਟਲਿਫਟਿੰਗ ਵਿਚ ਇਕ ਪਲੇਟਫਾਰਮ ਤੋਂ ਦੂਜੇ ਦੀ ਦੂਰੀ 2 ਮੀਟਰ ਹੋਵੇਗੀ ਤੇ ਟ੍ਰੇਨਿੰਗ ਸਾਮਾਨ ਦਾ ਖਿਡਾਰੀ ਇਸਤੇਮਾਲ ਕਰ ਸਕਣਗੇ।
4. ਬੈਡਮਿੰਟਨ ਵਿਚ ਇਕੋ ਵੇਲੇ ਦੋ ਖਿਡਾਰੀ ਤੇ ਕੋਚ ਮੌਜੂਦ ਰਹਿਣਗੇ ਤੇ ਖਿਡਾਰੀ ਆਪਣੇ ਰੈਕਟ ਦਾ ਇਸਤੇਮਾਲ ਕਰ ਸਕਣਗੇ।
5. ਆਰਚਰੀ ਵਿਚ ਖਿਡਾਰੀ ਆਪਣਾ ਨਿੱਜੀ ਸਾਮਾਨ ਹੀ ਇਸਤੇਮਾਲ ਕਰ ਸਕਣਗੇ ਤੇ ਆਉਟਡੋਰ ਵਿਚ ਵੀ ਪ੍ਰੈਕਟਿਸ ਕੀਤੀ ਜਾਵੇਗੀ। ਜ਼ਰੂਰੀ ਹੋਵੇਗਾ ਤਾਂ ਇਨਡੋਰ ਵਿਚ ਸਿੰਗਲ ਵਰਗ ਵਿਚ ਪ੍ਰੈਕਟਿਸ ਕੀਤੀ ਜਾ ਸਕਦੀ ਹੈ।
6. ਬਾਕਸਿੰਗ ਵਿਚ ਸਕਿੱਲ ਟ੍ਰੇਨਿੰਗ ਦੌਰਾਨ 2 ਮੀਟਰ ਦੀ ਦੂਰੀ ਜ਼ਰੂਰੀ ਹੋਵੇਗਾ ਤੇ ਖਿਡਾਰੀ ਆਪਣੇ ਨਿੱਜੀ ਬੈਗ ਤੇ ਗਲਵਜ਼ ਦਾ ਇਸਤੇਮਾਲ ਕਰ ਸਕਣਗੇ ਤੇ ਉਸ ਨੂੰ ਸੈਨੇਟਾਈਜ਼ ਕਰਨਾ ਜ਼ਰੂਰੀ ਹੋਵੇਗਾ।
7. ਆਰਚਰੀ ਵਿਚ ਵਿਅਕਤੀਗਤ ਟਾਰਗੈਟ ਸੈੱਟ ਮਨਜ਼ੂਰ ਹੋਣਗੇ ਤੇ ਆਰਚਰਾਂ ਨੂੰ ਕਿਸੇ ਦੇ ਸਾਮਾਨ ਨਾਲ ਪ੍ਰੈਕਟਿਸ ਕਰਨ ਦੀ ਮਨਾਹੀ ਹੈ।
8. ਫੈਸਿੰਗ ਦੇ ਖਿਡਾਰੀ ਜੋੜੀਦਾਰ ਦੇ ਨਾਲ ਪ੍ਰੈਕਟਿਸ ਨਹੀਂ ਕਰ ਸਕਣਗੇ ਤੇ ਉਹ ਡੱਮੀ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਖਿਡਾਰੀ ਛੋਟੇ ਗਰੁੱਪਾਂ ਵਿਚ ਪ੍ਰੈਕਟਿਸ ਕਰ ਸਕਣਗੇ।
9. ਸਾਈਕਲਿੰਗ ਵਿਚ ਲੋੜੀਂਦੇ ਸਾਈਕਲਿਸਟ ਨੂੰ ਹੀ ਮਨਜ਼ੂਰੀ ਹੋਵੇਗੀ ਤੇ ਸਮਾਜਿਕ ਦੂਰੀ ਵੀ ਜ਼ਰੂਰੀ ਹੈ ਤੇ ਇਕ ਦੂਜੇ ਦੇ ਸਾਈਕਲ ਨੂੰ ਚਲਾਉਣ ਦੀ ਮਨਾਹੀ ਹੈ।
10. ਬਾਕਸਿੰਗ ਵਿਚ ਸਕਿੱਲ ਟ੍ਰੇਨਿੰਗ ਵਿਚ ਆਪਣੇ ਨਿੱਜੀ ਸਾਮਾਨ ਦੀ ਮਨਜ਼ੂਰੀ ਹੋਵੇਗੀ ਤੇ ਸਮਾਜਿਕ ਦੂਰੀ ਬਣਾਉਣੀ ਹੋਵੇਗੀ ਤੇ ਬਾਕਸਿੰਗ ਰਿੰਗ ਨੂੰ ਸ਼ੇਅਰ ਕਰਨਾ ਤੇ ਇਕ ਦੂਜੇ ਨਾਲ ਕੰਨਟੈਕਟ ਦੀ ਮਨਜ਼ੂਰੀ ਨਹੀਂ ਹੋਵੇਗੀ।
11. ਕੁਸ਼ਤੀ ਵਿਚ ਇਕੋ ਵੇਲੇ ਇਕ ਪਹਿਲਵਾਨ ਹੀ ਮੈਟ 'ਤੇ ਆਵੇਗਾ। ਮੈਟ 'ਤੇ ਡੰਮੀ ਨਾਲ ਪ੍ਰੈਕਟਿਸ ਕੀਤੀ ਜਾਵੇਗੀ। ਮੈਟ 'ਤੇ ਡੰਮੀ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤਾ ਜਾਵੇਗਾ।
12. ਟੇਬਲ ਟੈਨਿਸ ਦੇ ਇੰਡੋਰ ਵਿਚ ਸਿੰਗਲ ਵਰਗ ਵਿਚ ਸਿਖਲਾਈ ਦੀ ਆਗਿਆ ਹੋਵੇਗੀ ਤੇ ਹਰ ਇਕ ਖਿਡਾਰੀ ਆਪਣੇ ਬਾਲ ਦਾ ਹੀ ਇਸਤੇਮਾਲ ਕਰੇਗਾ ਤੇ ਸਿਖਲਾਈ ਬਦਲਵੇਂ ਬੋਰਡਾਂ 'ਤੇ ਪੂਰੀ ਸਾਵਧਾਨੀ ਨਾਲ ਕੀਤੀ ਜਾਵੇਗੀ। ਸਾਮਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਸੈਨੇਟਾਈਜ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਹਰ ਇਕ ਖਿਡਾਰੀ, ਕੋਚ ਤੇ ਹੋਰ ਸਾਰੇ ਸਟਾਫ਼ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਜੇਕਰ ਕੋਈ ਵੀ ਖਿਡਾਰੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦਾ ਕੋਰੋਨਾ ਟੈਸਟ ਨੈਗਟਿਵ ਆਉਣ ਤੱਕ ਖਿਡਾਰੀ ਇਕਾਂਤਵਾਸ ਵਿਚ ਰਹੇਗਾ ਤੇ ਖਿਡਾਰੀ ਨੂੰ ਫ਼ਾਈਨਲ ਮਨਜ਼ੂਰੀ ਸਾਈ ਦੇ ਡਾਕਟਰਾਂ ਵਲੋਂ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਉਹ ਖੇਡ ਮੈਦਾਨ ਵਿਚ ਆ ਸਕੇਗਾ।

-ਮੋਬਾਈਲ : 9872978781

ਡਿਸਕਸ ਥ੍ਰੋ ਦਾ ਅੰਤਰਰਾਸ਼ਟਰੀ ਖਿਡਾਰੀ ਹੈ ਹਰਿਆਣਾ ਦਾ ਯੋਗੇਸ਼ ਕਾਥੂਨੀਆ

ਹਰਿਆਣਾ ਦਾ 23 ਸਾਲਾ ਨੌਜਵਾਨ ਖਿਡਾਰੀ ਹੈ ਯੋਗੇਸ਼ ਕਾਥੂਨੀਆ ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦਾ ਮਾਣ ਪ੍ਰਾਪਤ ਹੈ । ਯੋਗੇਸ਼ ਕਾਥੂਨੀਆ ਦਾ ਜਨਮ ਬਹਾਦਰਗੜ੍ਹ ਪਿੰਡ ਵਿਚ 3 ਮਾਰਚ, 1997 ਨੂੰ ਪਿਤਾ ਗਿਆਨ ਚੰਦ ਦੇ ਘਰ ਮਾਤਾ ਮੀਨਾ ਦੇਵੀ ਦੀ ਕੁੱਖੋਂ ਹੋਇਆ। ਸਾਲ 2006 ਵਿਚ ਉਹ ਇਕ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਯਾਨੀ ਕਿ ਉਸ ਦੇ ਦੋਵੇਂ ਹੱਥ ਅਤੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਿਸ ਨੂੰ ਅਧਰੰਗ ਦਾ ਹੀ ਹਿੱਸਾ ਆਖਦੇ ਹਨ ਪਰ ਇਹ ਹਰ ਵਕਤ ਨਹੀਂ ਹੁੰਦਾ। ਭਾਵੇਂ ਯੋਗੇਸ਼ ਇਸ ਬਿਮਾਰੀ ਤੋਂ ਪੀੜਤ ਹੋ ਗਿਆ ਪਰ ਉਸ ਨੇ ਹਿੰਮਤ ਨਹੀਂ ਛੱਡੀ ਅਤੇ ਉਸ ਨੇ ਆਮ ਵਾਂਗ ਹੀ ਆਪਣੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਤੋਰ ਲਿਆ ਅਤੇ ਸਕੂਲੀ ਜੀਵਨ ਆਰੰਭ ਕਰ ਦਿੱਤਾ। ਸਕੂਲੀ ਪੱਧਰ 'ਤੇ ਹੀ ਉਸ ਨੂੰ ਖੇਡਾਂ ਦਾ ਬਹੁਤ ਸ਼ੌਕ ਸੀ ਪਰ ਬਿਮਾਰੀ ਕਾਰਨ ਉਸ ਦਾ ਵੱਸ ਨਹੀਂ ਸੀ ਚਲਦਾ ਪਰ ਉਸ ਦੇ ਖੇਡਾਂ ਪ੍ਰਤੀ ਇਰਾਦੇ ਮਜ਼ਬੂਤ ਸਨ । ਗਾਹੇ ਬਗਾਹੇ ਉਸ ਦੀ ਮੁਲਾਕਾਤ ਹਰਿਆਣਾ ਦੇ ਹੀ ਪ੍ਰਸਿੱਧ ਖਿਡਾਰੀ ਅਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਕੋਚ ਨਵਲ ਸਿੰਘ ਨਾਲ ਹੋਈ ਅਤੇ ਜਦ ਉਸ ਨੇ ਯੋਗੇਸ਼ ਵਿਚ ਖੇਡ ਭਾਵਨਾ ਵੇਖੀ ਤਾਂ ਚੇਲਾ ਅਤੇ ਗੁਰੂ ਇਕ ਹੋ ਗਏ। ਕੋਚ ਨਵਲ ਸਿੰਘ ਨੇ ਯੋਗੇਸ਼ ਨੂੰ ਐਸਾ ਖੇਡ ਦੇ ਮੈਦਾਨ ਵਿਚ ਉਤਾਰਿਆ ਤਾਂ ਉਹ ਸਦਾ ਲਈ ਖੇਡ ਮੈਦਾਨ ਦਾ ਹੀ ਨਹੀਂ ਹੋਇਆ ਸਗੋਂ ਡਿਸਕਸ-ਥ੍ਰੋ ਖੇਡਦਿਆਂ ਨੈਸ਼ਨਲ ਪੱਧਰ 'ਤੇ ਮੱਲਾਂ ਮਾਰਨ ਲੱਗਿਆ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਸਾਲ 2017 ਵਿਚ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ ਸੀ ਅਤੇ ਛੇਤੀ ਹੀ ਸਾਲ 2018 ਵਿਚ ਉਸ ਨੇ ਏਸੀਅਨ ਖੇਡਾਂ ਵਿਚ ਹਿੱਸਾ ਲੈ ਕੇ ਪੂਰੇ ਏਸ਼ੀਆ 'ਚੋਂ ਚੌਥੀ ਪੁਜ਼ੀਸ਼ਨ ਹਾਸਲ ਕਰ ਲਈ। ਸਾਲ 2019 ਵਿਚ ਯੋਗੇਸ਼ ਨੇ ਦੁਬਈ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਡਿਸਕਸ ਥਰੋ ਵਿਚ ਕਾਂਸੀ ਦਾ ਤਗਮਾ ਹਾਸਲ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਉੱਚਾ ਕੀਤਾ। ਟੋਕੀਓ ਜਾਪਾਨ ਵਿਖੇ ਹੋਣ ਜਾ ਰਹੀ ਪੈਰਾ ਉਲੰਪਿਕ ਵਿਚ ਵੀ ਉਸ ਦੀ ਚੋਣ ਹੋਈ ਹੈ ਅਤੇ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਪੈਰਾ ਉਲੰਪਿਕ ਵਿਚ ਵੀ ਜਿੱਤ ਦਰਜ ਕਰ ਕੇ ਤਿਰੰਗਾ ਲਹਿਰਾਏਗਾ। ਯੋਗੇਸ਼ ਕਾਥੂਨੀਆ ਨੇ ਹੁਣ ਤੱਕ ਨੈਸ਼ਨਲ ਪੱਧਰ ਤੱਕ 6 ਸੋਨ ਤਗਮੇ ਜਿੱਤ ਕੇ ਆਪਣੇ ਬੁਲੰਦ ਹੌਸਲੇ ਦਾ ਪ੍ਰਮਾਣ ਦਿੱਤਾ ਹੈ । ਯੋਗੇਸ਼ ਆਖਦਾ ਹੈ ਕਿ, ਮੰਜ਼ਿਲ ਪਾਉਣ ਵਾਸਤੇ ਹਿੰਮਤ ਅਤੇ ਸਮਰਪਣ ਦੀ ਭਾਵਨਾ ਚਾਹੀਦੀ ਹੈ ਅਤੇ ਰਸਤੇ ਖੁਦ ਹੀ ਮਿਲ ਜਾਇਆ ਕਰਦੇ ਹਨ । ਯੋਗੇਸ਼ ਦਾ ਖੇਡ ਗੁਰੂ ਅਤੇ ਕੋਚ ਨਵਲ ਸਿੰਘ ਮਾਣ ਨਾਲ ਆਖਦਾ ਹੈ ਕਿ, ਯੋਗੇਸ਼ ਵੀ ਇਕ ਦਿਨ ਖੇਡ ਦੇ ਮੈਦਾਨ ਦਾ ਦਰੋਣਾਚਾਰੀਆ ਹੋਵੇਗਾ।

-ਮੋਗਾ (ਪੰਜਾਬ) ਮੋਬਾਈਲ : 98551-14484

ਅਲੋਪ ਹੋ ਰਹੀਆਂ ਪੰਜਾਬ ਦੀਆਂ ਵਿਰਾਸਤੀ ਖੇਡਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਾਲ ਮੁੰਡਿਆਂ ਵਿਚ ਟਿਬਲਾ-ਟਿਬਲੀ ਦੀ ਖੇਡ ਵੀ ਬਹੁਤ ਲੋਕਪ੍ਰਿਯ ਰਹੀ ਹੈ। ਇਹ ਸਿਆਲ ਦੀ ਰੁੱਤ ਵਿਚ ਖੇਡੀ ਜਾਣ ਵਾਲੀ ਦਿਲਚਸਪ ਖੇਡ ਹੁੰਦੀ ਸੀ। ਇਸ ਖੇਡ ਰਾਹੀਂ ਗਲੀ ਗੁਆਂਢ ਦੇ ਘਰੀਂ ਵਸਦੇ ਇਸਤਰੀ, ਪੁਰਸ਼ ਮੈਂਬਰਾਂ ਦੀ ਜਾਣਕਾਰੀ ਦਿੱਤੀ/ਲਈ ਜਾਂਦੀ ਸੀ। ਇਬਲਾ ਸ਼ਬਦ ਪੁਰਸ਼ਾਂ ਲਈ ਅਤੇ ਇਬਲੀ ਇਸਤਰੀਆਂ ਲਈ ਪ੍ਰਯੋਗ ਹੁੰਦਾ ਸੀ। ਸ਼ੱਕਰ ਭਿੱਜੀ ਖੇਡ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਸੀ। ਟੋਲੀਆਂ ਆੜੀ ਚੁਣਨ ਦੀ ਵਿਧੀ ਦੁਆਰਾ ਬਣਦੀਆਂ ਸਨ। ਇਕ ਟੋਲੀ ਵਿਚ ਚਾਰ ਪੰਜ ਖਿਡਾਰੀ ਹੁੰਦੇ ਸਨ। ਜਿਸ ਟੋਲੀ ਦੀ ਵਾਰੀ ਹੋਵੇ, ਉਹ ਇਕ ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਖਲੋ ਜਾਂਦੇ ਸਨ। ਇਸ ਟੋਲੀ ਦਾ ਅਗਲਾ ਖਿਡਾਰੀ ਆਸਰੇ ਲਈ ਕਿਸੇ ਦਰੱਖ਼ਤ ਜਾਂ ਕੰਧ ਆਦਿ ਨੂੰ ਹੱਥ ਪਾਉਂਦਾ ਹੈ। ਦੂਜੀ ਟੋਲੀ ਦੇ ਖਿਡਾਰੀਆਂ ਵਿਚੋਂ ਇਕ ਜਣਾ ਦੂਰੋਂ ਦੌੜ ਕੇ ਬਲਕੀ ਮਾਰ ਕੇ ਝੁਕੇ ਹੋਏ ਖਿਡਾਰੀਆਂ ਦੀ ਪਿੱਠ 'ਤੇ ਬੈਠਦਾ ਹੈ। ਜੇਕਰ ਕਿਸੇ ਦਾ ਵੀ ਪੈਰ ਧਰਤੀ 'ਤੇ ਲੱਗੇ, ਹੇਠਲੀ ਟੋਲੀ ਥੱਕ ਜਾਵੇ ਤਾਂ ਉਧਰਲੇ ਪੁੱਛਦੇ ਹਨ, 'ਸ਼ੱਕਰ ਭਿੱਜੀ ਕਿ ਨਾ?' ਜੇਕਰ ਹੇਠਲੀ ਟੋਲੀ ਹਾਂ ਕਹਿ ਦੇਵੇ ਤਾਂ ਉਨ੍ਹਾਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ।
ਕੋਟਲਾ-ਛਪਾਕੀ, ਅੱਡੀ-ਛੜੱਪਾ/ ਅੱਡੀ-ਟੱਪਾ, ਭੰਡਾ-ਭੰਡਾਰੀਆ, ਬੁੱਢੀ ਮਾਈ ਕੁੜੀਆਂ ਦੀਆਂ ਹਰਮਨ ਪਿਆਰੀਆਂ ਖੇਡਾਂ ਰਹੀਆਂ ਹਨ। ਅੱਡੀ ਟੱਪਾ ਦੀ ਖੇਡ ਨੂੰ ਦੋ ਟੋਲੀਆਂ ਖੇਡਦੀਆਂ ਹਨ। ਹਰ ਟੋਲੀ ਵਿਚ ਚਾਰ-ਪੰਜ ਕੁੜੀਆਂ ਹੁੰਦੀਆਂ ਹਨ। ਇਸ ਖੇਡ ਰਾਹੀਂ ਕੁੜੀਆਂ ਦੌੜਨ ਤੇ ਉੱਚੀਆਂ ਛਾਲਾਂ ਮਾਰਨ ਅਤੇ ਸਰੀਰ ਨੂੰ ਜ਼ਬਤ ਵਿਚ ਰੱਖਣ ਦਾ ਅਭਿਆਸ ਕਰਦੀਆਂ ਹਨ। ਇਹ ਖੇਡ ਸਰੀਰ ਨੂੰ ਫੁਰਤੀਲਾ ਰੱਖਣ ਵਾਲੀ ਖੇਡ ਹੈ।
ਅਜੋਕਾ ਪੂੰਜੀਵਾਦੀ ਉਦਯੋਗਿਕ ਯੁੱਗ ਲੋਕ-ਖੇਡਾਂ ਦੇ ਅਨੁਕੂਲ ਨਹੀਂ ਹੈ। ਅੱਜ ਨਾ ਖਿੱਦੋ ਮੜ੍ਹਨ ਵਾਲੇ ਸਿਆਣੇ ਬਜ਼ੁਰਗ ਹਨ ਤੇ ਨਾ ਹੀ ਕਿੱਕਰ, ਬੇਰੀ ਦੇ ਖੂੰਡੇ ਤੇ ਨਾ ਹੀ ਇਨ੍ਹਾਂ ਨੂੰ ਖੇਡਣ ਵਾਲੇ ਬੱਚੇ ਹੀ ਮਿਲਦੇ ਹਨ। ਅਜੋਕੇ ਯੁੱਗ ਵਿਚ ਖਿੱਦੋ-ਖੂੰਡੀ, ਪਿੱਠੂ, ਲੁਕਣ-ਮੀਟੀ ਜਾਂ ਦਾਈਆਂ-ਦੂਹਕੜੇ ਵਰਗੀਆਂ ਖੇਡਾਂ ਵਿਚ ਨਾ ਤਾਂ ਕਿਸੇ ਬੱਚੇ ਦੀ ਰੁਚੀ ਹੁੰਦੀ ਹੈ ਤੇ ਨਾ ਹੀ ਉਸ ਦੇ ਕੋਲ ਵਿਹਲ ਹੁੰਦੀ ਹੈ। ਉਸ ਦੀ ਪੜ੍ਹਾਈ ਤਾਂ ਲਗਪਗ ਢਾਈ ਸਾਲ ਤੋਂ ਆਰੰਭ ਹੋ ਜਾਂਦੀ ਹੈ।
ਇਹ ਵਿਰਾਸਤੀ ਖੇਡਾਂ ਸਾਡੇ ਜੀਵਨ ਵਿਚੋਂ ਗੁਆਚ ਰਹੀਆਂ ਹਨ। ਨਾ ਹੁਣ ਪਿੰਡਾਂ ਵਿਚ ਉਹ ਜੂਹਾਂ ਰਹੀਆਂ ਹਨ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ ਤੇ ਨਾ ਹੀ ਕਿਸੇ ਕੋਲ ਖੇਡਣ ਦੀ ਵਿਹਲ ਹੈ। ਬਸ ਹੁਣ ਤਾਂ ਖੇਡਾਂ ਦੇ ਨਾਂਅ ਹੀ ਚੇਤੇ ਰਹਿ ਗਏ ਹਨ - ਪੰਜਾਬੀ ਅਖਾਣ ਹੈ, 'ਖੇਡਾਂ ਤੇ ਮਾਵਾਂ ਮੁੱਕਣ 'ਤੇ ਹੀ ਚੇਤੇ ਆਉਂਦੀਆਂ ਹਨ।' ਇਹ ਵਿਰਾਸਤੀ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਨ੍ਹਾਂ ਦੀ ਸੰਭਾਲ ਅਤਿਅੰਤ ਜ਼ਰੂਰੀ ਹੈ। (ਸਮਾਪਤ)

ਪੰਜਾਬੀ ਵਿਭਾਗ
ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ (ਹਰਿਆਣਾ) ਸੰਪਰਕ : 98784-47758



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX