ਤਾਜਾ ਖ਼ਬਰਾਂ


ਖਾਲੀ ਪਲਾਟ 'ਚੋਂ ਮਿਲੀ ਗਲੀ ਸੜੀ ਲਾਸ਼
. . .  5 minutes ago
ਜਲੰਧਰ, 5 ਜੁਲਾਈ - ਇੱਥੋਂ ਦੇ ਗਰੀਨ ਐਵਿਨਿਊ ਇਲਾਕੇ 'ਚ ਇੱਕ ਖਾਲੀ ਪਲਾਟ 'ਚੋਂ ਗਲੀ ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਸ ਦਾ ਪਤਾ ਲੱਗਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼...
ਰਾਜਪੁਰਾ (ਪਟਿਆਲਾ) 'ਚ 4 ਕੋਰੋਨਾ ਪਾਜ਼ੀਟਿਵ ਆਉਣ ਕਾਰਨ ਦਹਿਸ਼ਤ ਦਾ ਮਾਹੌਲ
. . .  35 minutes ago
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਚੱਲਦਿਆਂ 3 ਮਰੀਜ਼ ਸ਼ਹਿਰ ਵਿਚ ਅਤੇ ਇਕ ਔਰਤ ਨੇੜਲੇ ਪਿੰਡ ਸਾਹਲ ਵਿਚ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਹ ਜਾਣਕਾਰੀ ਸੀ.ਐਮ.ਓ ਪਟਿਆਲਾ ਡਾ. ਹਰੀਸ਼ ਮਲਹੋਤਰਾ...
ਜੈਤੋ 'ਚ ਪੈਟਰੋਲ ਪੰਪ ਤੋਂ 7 ਹਜ਼ਾਰ ਦੀ ਲੁੱਟ, ਕੀਤੇ ਹਵਾਈ ਫਾਇਰ
. . .  about 1 hour ago
ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਮੁਕਤਸਰ ਰੋਡ 'ਤੇ ਸਥਿਤ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਵਿਖੇ ਪ੍ਰਿੰਸ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ ਕਰਿੰਦੇ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 7 ਹਜ਼ਾਰ ਰੁਪਏ ਦੀ ਲੁੱਟ ਤੋਂ ਬਾਅਦ ਦੋ ਹਵਾਈ ਫਾਇਰ ਕਰ ਕੇ ਫ਼ਰਾਰ ਹੋਣ ਜਾਣ ਦਾ ਪਤਾ ਲੱਗਿਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆ...
ਕੋਰੋਨਾ ਨੇ ਮਮਦੋਟ ਵਿਚ ਵੀ ਦਿੱਤੀ ਦਸਤਕ
. . .  about 1 hour ago
ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ) - ਕੋਰੋਨਾ ਵਾਇਰਸ ਦੀ ਮਮਦੋਟ ਵਿਚ ਦਸਤਕ ਨਾਲ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾਕਟਰ ਰਜਿੰਦਰ ਮਨਚੰਦਾ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਦੌਰਾਨ ਬੀ.ਐੱਸ.ਐੱਫ ਦੀ 124 ਬਟਾਲੀਅਨ...
ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ
. . .  about 1 hour ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ...
ਪਠਾਨਕੋਟ 'ਚ 1 ਹੋਰ ਮਰੀਜ਼ ਆਇਆ ਕੋਰੋਨਾ ਪਾਜ਼ੀਟਿਵ
. . .  about 1 hour ago
ਪਠਾਨਕੋਟ, 5 ਜੁਲਾਈ (ਆਰ. ਸਿੰਘ) ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਇਕ ਹੋਰ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 213 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ...
ਪਾਤੜਾਂ (ਪਟਿਆਲਾ) ਅੰਦਰ ਸਿਹਤ ਕਰਮੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ
. . .  about 2 hours ago
ਪਾਤੜਾਂ 5 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ..
ਲੋਹੀਆਂ 'ਚ 2 ਪਾਜ਼ੀਟਿਵ ਮਰੀਜ਼ਾਂ ਨਾਲ ਕੋਰੋਨਾ ਨੇ ਮੁੜ ਦਿੱਤੀ ਦਸਤਕ
. . .  about 2 hours ago
ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ 'ਚ ਭਾਵੇਂ ਲਾਕਡਾਊਨ 'ਚ ਦਿਨੋਂ ਦਿਨ ਢਿੱਲ ਦਿੱਤੀ ...
ਸ੍ਰੀ ਮੁਕਤਸਰ ਸਾਹਿਬ ਦੀ ਕੋਰੋਨਾ ਪੀੜਤ ਔਰਤ ਦੀ ਲੁਧਿਆਣਾ 'ਚ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਾਸੀ....
ਅੰਮ੍ਰਿਤਸਰ 'ਚ ਕੋਰੋਨਾ ਦੇ 7 ਮਾਮਲਿਆਂ ਦੀ ਪੁਸ਼ਟੀ
. . .  about 3 hours ago
ਅੰਮ੍ਰਿਤਸਰ, 5 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
ਸ਼ਾਹਕੋਟ ਦੇ ਪਿੰਡ ਫਾਜਲਪੁਰ 'ਚ ਦੋ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ 25 ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ
. . .  about 3 hours ago
ਸ਼ਾਹਕੋਟ, 5 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਕੋਰੋਨਾ ਮਹਾਂਮਾਰੀ ਦਰਮਿਆਨ ਮੁੱਢਲੀ ਕਤਾਰ 'ਚ ਲੋਕਾਂ ਦੀ ....
ਪੰਜਾਬ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ
. . .  about 3 hours ago
ਫ਼ਾਜ਼ਿਲਕਾ, 5 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ...
ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਫ਼ਰੀਦਕੋਟ, 5 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚ ਫ਼ਰੀਦਕੋਟ ...
ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  about 3 hours ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 4 hours ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 4 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 4 hours ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 4 hours ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 5 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 6 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਦਾ ਛੱਡਿਆ ਪੱਲਾ
. . .  about 6 hours ago
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਐੱਸ.ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ....
ਹੋਰ ਖ਼ਬਰਾਂ..

ਬਾਲ ਸੰਸਾਰ

ਹਰ ਪਾਸੇ ਪਸਰੀ ਚੁੱਪ-ਸ਼ਾਂਤੀ

ਕੋਰੋਨਾ ਵਾਇਰਸ ਮਹਾਂਮਾਰੀ ਨੇ ਜਿਹੜੇ ਹਾਲਾਤ ਪੂਰੇ ਵਿਸ਼ਵ ਵਿਚ ਬਣਾ ਰੱਖੇ ਹਨ, ਕਦੇ ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸਨ ਚਿਤਵੇ! ਇਸ ਨੇ ਗ੍ਰਹਿ ਤੇ ਵਿਚਰਦੀ ਸਾਰੀ ਮਨੁੱਖ ਜਾਤੀ ਦਾ ਤ੍ਰਾਹ ਕੱਢਿਆ ਪਿਆ ਹੈ। ਕਈ ਗ਼ਲਤ-ਫ਼ਹਿਮੀਆਂ ਦੇ ਸ਼ਿਕਾਰ ਇਸ ਮਨੁੱਖ ਨੇ ਆਪਣੀ ਅਹਿਮੀਅਤ ਦਾ ਇਸ ਕਦਰ ਨਾਜਾਇਜ਼ ਲਾਭ ਉਠਾਇਆ ਕਿ ਉਹ ਇਕ ਤੋਂ ਬਾਦ ਇਕ ਅਨਰਥ ਕਰਦਾ ਚਲਾ ਗਿਆ। ਅਤੇ ਇਸ ਪ੍ਰਕਿਰਿਆ ਦੌਰਾਨ ਉਹ ਬੇਹੱਦ ਲਾਪਰਵਾਹ, ਖ਼ੁਦਗਰਜ਼ ਤੇ ਬੇਰਹਿਮ ਬਣ ਗਿਆ। ਉਹ ਕਦਾਚਿਤ ਭੁੱਲ ਹੀ ਗਿਆ ਕਿ ਜਿਹੜੀਆਂ ਕੁਦਰਤੀ ਨਿਆਮਤਾਂ ਉਸ ਨੂੰ ਸੁਤੇ-ਸਿੱਧ ਹੀ ਮਿਲ ਗਈਆਂ ਸਨ, ਉਨ੍ਹਾਂ ਦੇ ਉੱਤੇ, ਇਸ ਗ੍ਰਹਿ ਦੇ ਸਾਰੇ ਬਾਸ਼ੰਦਿਆਂ ਦਾ ਬਿਲਕੁਲ ਬਰਾਬਰ ਦਾ ਹੱਕ ਹੈ। ਉਸਨੇ ਹਉਮੈ ਵਸ ਹੋ ਕੇ ਇਹ ਵੀ ਉੱਕਾ ਵਿਸਾਰ ਦਿੱਤਾ ਕਿ ਜਦੋਂ ਸਾਨੂੰ ਇੰਨੀਆਂ ਬੇਸ਼ਕੀਮਤ ਤੇ ਉੱਚਪਾਏ ਦੀਆਂ ਸੁਵਿਧਾਵਾਂ-ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ ਤਾਂ ਬਦਲੇ ਵਿਚ ਕੁਦਰਤੀ ਹੀ ਸਾਡੇ ਤੋਂ ਕੋਈ ਉਮੀਦ ਵੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਸ਼ੁਕਰਾਨੇ ਦੇ ਭਾਵ, ਹੋਰਨਾਂ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲਤਾ ਤੇ ਫਿਰ ਸਾਡੇ ਕੋਈ ਫ਼ਰਜ਼ ਵੀ ਹੁੰਦੇ ਨੇ ਜਿਨ੍ਹਾਂ ਪ੍ਰਤੀ ਅਸੀਂ ਸੁਚੇਤ ਰਹਿਣਾ ਹੁੰਦਾ ਹੈ। ਪਰ ਅਫ਼ਸੋਸ, ਅਜਿਹਾ ਹੋਇਆ ਨਹੀਂ!
ਮਨੁੱਖ ਨੂੰ ਛੱਡ ਕੇ ਬਾਕੀ ਸਾਰੇ ਜੀਵ ਤੇ ਬਨਸਪਤੀ ਵਧੇਰੇ ਜਾਣਕਾਰ ਤੇ ਦੂਰਅੰਦੇਸ਼ ਸਾਬਤ ਹੋਏ। ਉਨ੍ਹਾਂ ਨੇ ਕੁਦਰਤ ਦੇ ਸਾਰੇ ਗੁਣ ਜਿਵੇਂ ਸਹਿਜ, ਸੁਹਜ-ਸਲੀਕਾ, ਸਬਰ-ਸੰਤੋਖ ਤੇ ਠਰੰਮਾ ਗ੍ਰਹਿਣ ਕੀਤੇ ਹੋਏ ਹਨ। ਇਹਨਾਂ ਕੁਦਰਤ ਦੀ ਹੁਕਮ-ਅਦੂਲੀ ਕਰਨ ਦੀ ਕਦੇ ਜੁਰਅਤ ਹੀ ਨਹੀਂ ਕੀਤੀ। ਇਸੇ ਸਦਕਾ ਉਹ ਤਾਂ ਸਗੋਂ ਹੁਣ ਵਧੇਰੇ ਖ਼ੁਸ਼ ਨਜ਼ਰ ਆ ਰਹੇ ਹਨ; ਆਪਣੇ ਮੂਢਲੇ ਰੂਪ ਵਿਚ, ਪੂਰੇ ਜੋਬਨ ਤੇ! ਹਵਾ ਹੌਲੀ-ਫੁੱਲ ਵਗਦੀ ਹੈ; ਅੰਬਰ ਪੂਰਾ ਲਿਸ਼ਕਦੇ ਨੀਲੇ ਰੰਗ ਦਾ ਨਜ਼ਰੀਂ ਪੈ ਰਿਹਾ ਹੈ ਅਜਕੱਲ੍ਹ, ਨਾਲ ਹੀ ਚੰਨ-ਤਾਰੇ ਵੀ; ਪਰਿੰਦੇ ਵਧੇਰੇ ਚਹਿਕਦੇ ਸੁਣਾਈ ਦੇ ਰਹੇ ਨੇ ਘਰਾਂ ਵਿਚ; ਜੰਗਲ ਵਿਚ ਵੀ ਜ਼ਾਹਿਰ ਹੈ ਕਿ ਸ਼ਾਂਤੀ ਹੈ। ਅਸੀਂ ਬਹੁਤੇ ਸੂਝਵਾਨ ਬਣੇ ਫਿਰਦੇ ਰਹੇ ਜਦੋਂਕਿ ਅਸਲ ਵਿਚ ਸਾਨੂੰ ਇਨ੍ਹਾਂ ਸਾਰਿਆਂ ਤੋਂ ਸਦਾ ਸਿੱਖਦੇ ਰਹਿਣ ਦੀ ਲੋੜ ਸੀ ਤੇ ਹੁਣ ਹੋਰ ਜ਼ਿਆਦਾ ਹੈ।
ਇਕ ਵਿਸ਼ੇਸ਼ ਗੱਲ ਇਹ ਕਿ ਅੰਤਰਮਨ ਵਿਚ ਸਵੈਮੰਥਨ ਵੀ ਨਾਲੋ-ਨਾਲ ਚਲਦਾ ਰਹੇ ਤਾਂ ਜੋ ਇਹ ਫ਼ੈਸਲੇ ਕੀਤੇ ਜਾ ਸਕਣ ਕਿ ਕੋਰੋਨਾ ਤੋਂ ਬਾਅਦ, ਅਸੀਂ ਆਪਣੀ ਜੀਵਨ-ਸ਼ੈਲੀ ਵਿਚ ਕਿਹੜੀਆਂ ਨਿੱਗਰ ਤਬਦੀਲੀਆਂ ਕਰਨ ਜਾ ਰਹੇ ਹਾਂ, ਜੋ ਅੱਗੋਂ ਲਈ ਇਸ ਗ੍ਰਹਿ ਦੇ ਹਾਲਾਤ ਨੂੰ ਬਿਹਤਰ ਤੇ ਖ਼ੁਸ਼ਗਵਾਰ ਬਣਾਉਣ ਗੀਆਂ। ਇਸ ਵਿਸ਼ੇ ਤੇ ਚਰਚਾ ਚਲਦਿਆਂ ਤਾਂ ਦੋ ਦਹਾਕਿਆਂ ਤੋਂ ਵਧ ਸਮਾਂ ਹੋ ਚੁੱਕਾ ਹੈ ਪਰ ਅਫ਼ਸੋਸ ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਆਪਣਾ ਰਵੱਈਆ ਗ਼ੈਰਜ਼ੁਮੇਵਾਰਾਨਾ ਹੀ ਰਖਿਆ।
ਪਿੱਛੇ ਜਿਹੇ ਇਕ ਦਿਨ ਇਕ ਗੁਆਂਢੀ ਨੇ ਅਜੋਕੇ ਪਾਬੰਦੀਆਂ ਦੇ ਸਮੇਂ ਬਾਰੇ ਟਿੱਪਣੀ ਕੀਤੀ, 'ਲਗਦਾ ਏ ਕਿ ਅਸੀਂ ਪੁਰਾਣੇ ਵਕਤਾਂ ਵਲ ਵਾਪਸ ਜਾ ਰਹੇ ਹਾਂ!' ਜ਼ਿੰਦਗੀ ਨੂੰ ਮਹਿਜ਼ ਇਕ ਖੇਡ ਨਾ ਸਮਝ ਕੇ ਜਿੰਨਾ ਗੰਭੀਰਤਾ ਨਾਲ ਲਿਆ ਜਾਵੇ, ਇਹ ਉੱਨੀ ਜ਼ਿਆਦਾ ਸਾਡੀ ਖ਼ੈਰਖ਼ਾਹ ਬਣ ਜਾਂਦੀ ਹੈ। ਆਓ, ਆਪਾਂ ਇਹ ਅਜ਼ਮਾ ਕੇ ਵੇਖੀਏ!

-29 ਐਫ, ਗੁਰਦੇਵ ਨਗਰ, ਲੁਧਿਆਣਾ-141001. ਸੰਪਰਕ : 98880-98379


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ -ੳ ਤੇ ਅ ਦੀ ਲੜਾਈ

'ਮਾਸਟਰ ਜੀ, ਮਾਸਟਰ ਜੀ ਅੱਜ ਅਸੀਂ ਪੜ੍ਹਨਾ ਨਹੀਂ। ਸਾਨੂੰ ਤਾਂ ਤੁਸੀਂ ਕੋਈ ਵਧੀਆ ਜਹੀ ਕਹਾਣੀ ਸੁਣਾਓ।' ਦੂਸਰੀ ਕਲਾਸ ਦੇ ਕੁਝ ਬੱਚੇ ਬੋਲੇ।
'ਠੀਕ ਹੈ। ਪੜ੍ਹਾਂਗੇ ਤਾਂ ਜ਼ਰੂਰ ਪਰ ਕਹਾਣੀ ਸੁਣਾਉਣ ਤੋਂ ਬਾਅਦ।' ਸਤਪਾਲ ਮਾਸਟਰ ਕਹਿੰਦਾ ਹੈ।
ਬੱਚੇ ਹਾਂ ਵਿਚ ਉੱਤਰ ਦਿੰਦੇ ਹਨ।
ਸੁਣੋ ਬੱਚਿਓ, ਇਕ ਪਿੰਡ ਦਾ ਨਾਂਅ ਅੱਖਰਪੁਰ ਸੀ। ਉਥੇ 35 ਪਰਿਵਾਰ ਮਿਲ ਕੇ ਰਹਿ ਰਹੇ ਸਨ। ਉਨ੍ਹਾਂ ਵਿਚੋਂ ੳ ਤੇ ਅ ਦਾ ਪਰਿਵਾਰ ਵੀ ਸੀ। ੳ ਦੀ ਘਰ ਵਾਲੀ ਸ ਅਤੇ ਅ, ੲ ਨਾਲ ਵਿਆਹਿਆ ਹੋਇਆ ਸੀ। ਭਾਵੇਂ ੳ ਤੇ ਅ ਭਰਾ ਸਨ। ਪਰ ਸ ਤੇ ੲ ਹਮੇਸ਼ਾ ਆਪਸ ਵਿਚ ਲੜਦੀਆਂ ਰਹਿੰਦੀਆਂ ਸਨ।
ਇਕ ਦਿਨ ੳ ਤੇ ਅ ਪਰਿਵਾਰ ਦੀ ਲੜਾਈ ਬਹੁਤ ਜ਼ਿਆਦਾ ਹੋਈ। ਲੜਾਈ ਦਾ ਕਾਰਨ ਕਬੂਤਰ ਸਨ। ਦੋਵਾਂ ਦੀ ਲੜਾਈ ਦਾ ਮਸਲਾ ਪਿੰਡ ਦੇ ਸਰਪੰਚ ਕੋਲ ਪਹੁੰਚਿਆ। ਉਸ ਤੋਂ ਵੀ ਇਸ ਲੜਾਈ ਦਾ ਹੱਲ ਨਾ ਨਿਕਲਿਆ। ਉਸ ਨੇ ਦੋਵਾਂ ਨੂੰ ਥਾਣੇ ਭੇਜ ਦਿੱਤਾ।
ੳ ਦੇ ਨਾਲ ਕ ਤੇ ਖ ਅਤੇ ਅ ਦੇ ਗ ਤੇ ਘ ਚੱਲ ਪਏ। ਙ ਥਾਣੇਦਾਰ ਸੀ। ਉਹ ਮੋਟਾ ਤੇ ਘੁਮੱਕੜ ਕਿਸਮ ਦਾ ਸੀ। ਉਸ ਨੇ ਦੋਵਾਂ ਭਰਾਵਾਂ ਦੀ ਗੱਲ ਸੁਣਨੀ ਸ਼ੁਰੂ ਕੀਤੀ। ਪਰ ਦੋਵੇਂ ਭਰਾ ਥਾਣੇ ਵਿਚ ਜਾ ਕੇ ਵੀ ਲੜ ਪਏ। ਅੱਕ ਕੇ ਙ ਨੇ ਦੋਵਾਂ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ। ਤੇ ਪੰਜ ਸਿਪਾਹੀ ਚ, ਛ, ਜ, ਝ ਅਤੇ ਞ ਦੋਵਾਂ ਦੀ ਨਿਗਰਾਨੀ 'ਤੇ ਲਾ ਦਿੱਤੇ।
ਜਦੋਂ ੳ ਤੇ ਅ ਥਾਣੇ ਵਿਚੋਂ ਨਾ ਮੁੜ ਤਾਂ ਸ ਤੇ ੲ ਚਿੰਤਤ ਹੋਈਆਂ। ੳ ਦੇ ਰਿਸ਼ਤੇਦਾਰ ਤੇ ਦੋਸਤ ਟ, ਠ, ਡ, ਢ ਤੇ ਣ ਥਾਣੇ ਵੱਲ ਤੁਰ ਪਏ। ਉਧਰੋਂ ਅ ਦੇ ਰਿਸ਼ਤੇਦਾਰ ਤੇ ਦੋਸਤ ਤ, ਥ, ਦ, ਧ ਤੇ ਨ ਵੀ ਉਸ ਦੀ ਹਮਾਇਤ ਵਿਚ ਥਾਣੇ ਜਾ ਪਹੁੰਚੇ।
ਜਦੋਂ ਦੋਵਾਂ ਧਿਰਾਂ ਦੇ ਬੰਦੇ ਪਹੁੰਚੇ ਤਾਂ ੳ ਤੇ ਅ ਨੂੰ ਹਵਾਲਾਤ ਤੋਂ ਬਾਹਰ ਕੱਢ ਥਾਣੇਦਾਰ ਙ ਸਾਰੀ ਗੱਲ ਸੁਣਨੀ ਸ਼ੁਰੂ ਕੀਤੀ। ਹੁਣ ਤੱਕ ਹ ਵੀ ਆਵਦੇ ਮੈਂਬਰ ਲੈ ਕੇ ਪਹੁੰਚ ਗਿਆ ਸੀ, ਜਿਨ੍ਹਾਂ ਦੇ ਨਾਂਅ ਪ, ਫ, ਬ, ਭ ਤੇ ਮ ਸਨ।
ੳ ਨੇ ਦੱਸਣਾ ਸ਼ੁਰੂ ਕੀਤਾ 'ਅ ਦੇ ਰੱਖੇ ਕਬੂਤਰ ਮੇਰੇ ਘਰ ਆ ਕੇ ਮੇਰੇ ਕਬੂਤਰਾਂ ਦੇ ਮਹਿੰਗੇ ਭਾਅ ਦੇ ਦਾਣੇ ਤੇ ਬਾਦਾਮ ਖਾ ਜਾਂਦੇ ਨੇ।'
ਅ ਨੇ ਦੱਸਿਆ 'ੳ ਦੀ ਗੱਲ ਸਹੀ ਹੈ। ਪਰ ਜਨਾਬ ਮੈਂ ਵੀ ਆਪਣੇ ਘਰੋਂ ਦਾਣੇ ਤੇ ਬਦਾਮ ਪਾਉਣਾਂ। ਉਹ ਉਥੇ ਖਾਂਦੇ ਹੀ ਨਹੀਂ। ਕਿਉਂਕਿ ਸਾਡੇ ਚਾਰ ਕਬੂਤਰ ਸਨ। ਜਦ ਅਸੀਂ ਦੋਵੇਂ ਪਰਿਵਾਰ ਅੱਡ ਹੋਏ। ਦੋ ਦੋ ਸਾਨੂੰ ਦੋਵਾਂ ਭਰਾਵਾਂ ਨੂੰ ਵੰਡੇ ਆ ਗਏ। ਪਰ ਸਾਡੇ ਕਬੂਤਰ ਅੱਡ ਨਹੀਂ ਹੋਏ।
ਥਾਣੇਦਾਰ ਙ ਤੇ ਸਰਪੰਚ ਹ ਨੇ ਫ਼ੈਸਲਾ ਕੀਤਾ ਕਿ ਸਾਨੂੰ ਜਾਨਵਰਾਂ ਅਤੇ ਪੰਛੀਆਂ ਤੋਂ ਮਿਲ ਕੇ ਰਹਿਣ ਦੀ ਪ੍ਰੇਰਣਾ ਮਿਲਦੀ ਹੈ। ਜਦੋਂ ਇਹ ਕਬੂਤਰ ਅੱਡ ਹੋ ਕੇ ਵੀ ਇਕੱਠੇ ਰਹਿੰਦੇ ਹਨ ਤਾਂ ਤੇ ਅ ਵੀ ਨੂੰ ਘਰ ਤੇ ਮਨ ਵਿਚਲੀਆਂ ਦੁਸ਼ਮਣੀਆਂ ਦੀਆਂ ਕੰਧਾਂ ਢਾਹ ਕੇ ਇਕਮਿਕ ਹੋ ਜਾਣਾ ਚਾਹੀਦਾ ਹੈ।
ੳ ਤੇ ਅ, ਦੋਵਾਂ ਨੇ ਇਸ ਫ਼ੈਸਲੇ 'ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਦੇ ਗੁਆਂਢੀਆਂ ਯ, ਰ, ਲ, ਵ ਤੇ ੜ ਸਣੇ ਹੁਣ ਸਾਰੇ ਖ਼ੁਸ਼ ਸਨ।\

-ਮੋਬਾਈਲ : 81466-61278.

ਆਓ ਬੱਚਿਓ ਮਿਹਨਤ ਕਰੀਏ

ਆਓ ਬੱਚਿਓ ਮਿਹਨਤ ਕਰੀਏ
ਦੇਸ਼ ਨੂੰ ਅੱਗੇ ਵਧਾਈਏ,
ਪੜ੍ਹੀਏ ਲਿਖੀਏ ਚੰਗੇ ਬਣੀਏ,
ਦੇਸ਼ ਨੂੰ ਅੱਗੇ ਵਧਾਈਏ।
ਹੱਕ ਸੱਚ ਦਾ ਹੋਕਾ ਦੇਈਏ
ਝੂਠ ਬੋਲਣਾ ਛੱਡੀਏ,
ਮਿਹਨਤ ਵਿਚ ਯਕੀਨ ਬਣਾਈਏ
ਨਕਲ ਮਾਰਨਾ ਛੱਡੀਏ।
ਰੋਜ਼ ਨਵਾਂ ਕੁਝ ਸਿੱਖੀਏ ਆਪਾਂ
ਅਮਲ ਓਦੇ 'ਤੇ ਕਰੀਏ,
ਦੁਨੀਆ ਸਾਨੂੰ ਆਖੇ ਚੰਗਾ
ਇਦਾਂ ਦਾ ਕੁਝ ਕਰੀਏ।
ਰੋਜ਼ ਰੋਜ਼ਾਨਾ ਖੇਡਣ ਜਾਈਏ
ਚੰਗੀ ਸਿਹਤ ਬਣਾਈਏ,
ਸਿਹਤ ਹੈ ਤੋ ਸਭ ਕੁਛ ਹੈ
ਸਭ ਨੂੰ ਇਹੀ ਸਿਖਾਈਏ।
ਤੜਕੇ ਉੱਠੀਏ ਸੈਰ ਨੂੰ ਜਾਈਏ
ਚੰਗੀਆਂ ਆਦਤਾਂ ਪਾਈਏ
ਨਸ਼ਿਆਂ ਨੂੰ ਛੱਡੋ, ਕੋਹੜ ਨੂੰ ਵੱਡੋ
ਸਭ ਨੂੰ ਇਹ ਸਮਝਾਈਏ।
ਆਓ ਬੱਚਿਓ ਮਿਹਨਤ ਕਰੀਏ,
ਦੇਸ਼ ਨੂੰ ਅੱਗੇ ਵਧਾਈਏ,
ਪੜ੍ਹੀਏ ਲਿਖੀਏ ਚੰਗੇ ਬਣੀਏ
ਆਪਣਾ ਨਾਂਅ ਚਮਕਾਈਏ।

-ਗੁਰਦਿਆਲ ਸਿੰਘ
ਪਿੰਡ ਡੱਲਾ, ਗੁਰਦਾਸਪੁਰ।
ਮੋਬਾਈਲ : 88724-09520

ਬਾਲ ਕਵਿਤਾ-ਮੇਰੀ ਨਾਨੀ

ਜਲੰਧਰੋਂ ਮੇਰੀ ਨਾਨੀ ਆਈ,
ਚੀਜ਼ ਮੇਰੇ ਲਈ ਲਿਆਈ।

ਖੁਸ਼ੀ ਵਾਲਾ ਚੜ੍ਹਿਆ ਰੰਗ,
ਚੜ੍ਹੇ ਅਸਮਾਨੀ ਜਿਵੇਂ ਪਤੰਗ।

ਅੱਖਾਂ ਉੱਤੇ ਐਨਕ ਲਾਵੇ,
ਹੱਸ ਹੱਸ ਕੇ ਗੱਲਾਂ ਸੁਣਾਵੇ।

ਗਿਆਨ ਦਾ ਭੰਡਾਰ ਨਾਨੀ,
ਮੇਰਾ ਸਾਰਾ ਸੰਸਾਰ ਨਾਨੀ।

ਨਾਨੀ ਦੀਆਂ ਗੱਲਾਂ 'ਤੇ ਹੱਸਦੇ,
ਘਰ ਹੱਸਦਿਆਂ ਦੇ ਵਸਦੇ।

ਰਾਤ ਮੈਨੂੰ ਸੁਣਾਈ ਕਹਾਣੀ,
ਉਸ ਵਿਚ ਸਨ ਰਾਜਾ ਤੇ ਰਾਣੀ।

ਨਾਨੀ ਸਮੇਂ ਦੀ ਪੂਰੀ ਪਾਬੰਦ,
ਸਾਦਗੀ ਹੈ ਨਾਨੀ ਨੂੰ ਪਸੰਦ।

ਉੱਠੇ ਰੋਜ਼ਾਨਾ ਤੜਕਸਾਰ,
ਕਰਦੀ ਕੁਦਰਤ ਨਾਲ ਪਿਆਰ।

ਨਾਨੀ ਨੇ ਇਹ ਗੱਲ ਸਮਝਾਈ,
ਖ਼ੂਬ ਵਿਵੇਕ ਕਰਾਂ ਪੜ੍ਹਾਈ।

-ਵਿਵੇਕ,
ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।
ਮੋਬਾਈਲ : 94633-84051.

ਆਨਲਾਈਨ ਪੜ੍ਹਾਈ

ਆਓ ਬੱਚਿਓ, ਸਾਰੇ ਕਰੀਏ ਆਨਲਾਈਨ ਹੈ ਪੜ੍ਹਾਈ,
ਘਰ ਬੈਠ ਕੇ ਨਵੇਂ ਢੰਗਾਂ ਨਾਲ ਪੜ੍ਹਨ ਦੀ ਰੁੱਤ ਹੈ ਆਈ।
ਤੁਹਾਡੇ ਪਾਪਾ ਦੇ ਫੋਨ ਤੇ ਜਮਾਤ ਦਾ ਗਰੁੱਪ ਹੈ ਬਣਾਇਆ,
ਸਾਰਾ ਕੰਮ ਗਰੁੱਪ ਵਿਚ ਆਉਂਦਾ ਨਾਲ-ਨਾਲ ਸਮਝਾਇਆ,
ਹਰ ਰੋਜ਼ ਅੱਜ ਦਾ ਵਿਚਾਰ, ਸ਼ਬਦ ਅਤੇ ਪ੍ਰਾਰਥਨਾ ਵੀ ਹੈ ਆਈ,
ਆਓ ਬੱਚਿਓ, ਸਾਰੇ ਕਰੀਏ ਆਨਲਾਈਨ ਪੜ੍ਹਾਈ...।
ਹਰ ਵਿਸ਼ੇ ਦਾ ਕੰਮ ਸਮਾਂ ਸਾਰਣੀ ਮੁਤਾਬਿਕ ਨਿੱਤ ਹੈ ਆਉਂਦਾ,
ਹਰ ਪਾਠ ਨੂੰ ਨਾਲ ਵੀਡੀਓ ਅਧਿਆਪਕ ਹੈ ਸਮਝਾਉਂਦਾ,
ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਹੁੰਦੀ ਨਾਲ ਹੈ ਦੁਹਰਾਈ,
ਆਓ ਬੱਚਿਓ, ਸਾਰੇ ਕਰੀਏ ਆਨਲਾਈਨ ਪੜ੍ਹਾਈ...।
ਘਰ ਦਾ ਕੰਮ ਤੇ ਅਭਿਆਸ ਕਿਰਿਆਵਾਂ ਰੋਜ਼ ਭੇਜੀਆਂ ਤੁਹਾਨੂੰ,
ਜੇਕਰ ਕੁਝ ਵੀ ਸਮਝ ਨਾ ਆਵੇ ਫੋਨ ਕਰਨਾ ਜ਼ਰੂਰ ਸਾਨੂੰ,
ਕੀਤੇ ਕੰਮ ਦੀ ਫੋਟੋ ਭੇਜ ਕੇ ਆਪਣੀ ਕਾਪੀ ਚੈੱਕ ਹੈ ਕਰਵਾਈ।
ਆਓ ਬੱਚਿਓ, ਸਾਰੇ ਕਰੀਏ ਆਨਲਾਈਨ ਪੜ੍ਹਾਈ...।
ਸਮਝਾਏ ਕੰਮ ਨੂੰ ਕਾਪੀ ਤੇ ਲਿਖਣਾ ਤੇ ਸੁੰਦਰ ਲਿਖਾਈ ਕਰਨੀ,
ਸੁੰਦਰ ਸੁੰਦਰ ਡਰਾਇੰਗ ਬਣਾ ਕੇ ਗਰੁੱਪ ਵਿਚ ਸੈਂਡ ਹੈ ਕਰਨੀ,
ਅਸੀਂ ਤੁਹਾਡਾ ਕੰਮ ਚੈੱਕ ਕਰਕੇ ਨਾਲ ਕਰਨੀ ਹੈ ਹੌਸਲਾ ਅਫ਼ਜ਼ਾਈ,
ਆਓ ਬੱਚਿਓ, ਸਾਰੇ ਕਰੀਏ ਆਨਲਾਈਨ ਹੈ ਪੜ੍ਹਾਈ,
ਘਰ ਬੈਠ ਕੇ ਨਵੇਂ ਢੰਗਾਂ ਨਾਲ ਪੜ੍ਹਨ ਦੀ ਰੁੱਤ ਹੈ ਆਈ।

-ਗੌਰਵ ਸ਼ਰਮਾ
ਸਟੇਟ ਐਵਾਰਡੀ, ਧਰਮਕੋਟ। ਮੋਬਾਈਲ : 95920-97855.

ਬਾਲ ਨਾਵਲ-28-ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਜਗਮੀਤ ਵੀ ਬੜੇ ਪਿਆਰ ਨਾਲ ਬੀਜੀ-ਪਾਪਾ ਜੀ ਨੂੰ ਮਿਲਿਆ ਅਤੇ ਕਾਰ ਵਿਚ ਬੈਠ ਗਿਆ। ਪਾਪਾ ਜੀ ਨੇ ਜਗਮੀਤ ਨੂੰ ਕਿਹਾ, 'ਘਰ ਪਹੁੰਚ ਕੇ ਫ਼ੋਨ ਜ਼ਰੂਰ ਕਰ ਦੇਣਾ।' ਰਹਿਮਤ ਅਤੇ ਅਸੀਸ ਇਕ ਵਾਰੀ ਫੇਰ ਬੀਜੀ ਨੂੰ ਮਿਲੀਆਂ ਅਤੇ ਕਾਰ ਵਿਚ ਬੈਠ ਗਈਆਂ। ਰਹਿਮਤ ਪਿਛਲੀ ਸੀਟ 'ਤੇ ਬੈਠ ਗਈ ਅਤੇ ਅਸੀਸ ਅੱਗੇ। ਕਾਰ ਤੁਰ ਪਈ। ਬੀਜੀ-ਪਾਪਾ ਜੀ, ਓਨੀ ਦੇਰ ਤਕ ਹੱਥ ਹਿਲਾਉਂਦੇ ਰਹੇ ਜਿੰਨੀ ਦੇਰ ਤੱਕ ਕਾਰ ਦਿਸਣੋਂ ਨਾ ਹਟ ਗਈ।
ਬੀਜੀ-ਪਾਪਾ ਜੀ ਅੰਦਰ ਆ ਕੇ ਚੁੱਪ-ਚਾਪ ਲੇਟ ਗਏ। ਬੱਚੇ ਹੱਸਦੇ-ਹੱਸਦੇ ਆ ਕੇ ਫੇਰ ਖੇਡ ਵਿਚ ਰੁੱਝ ਗਏ।
ਰਾਤ ਦਾ ਖਾਣਾ ਖਾਣ ਤੋਂ ਬਾਅਦ ਬੱਚੇ ਫੇਰ ਨਾਨਾ ਜੀ ਦੇ ਪਿੱਛੇ ਪੈ ਗਏ, 'ਨਾਨਾ ਜੀ ਕਹਾਣੀ, ਨਾਨਾ ਜੀ ਕਹਾਣੀ.....'
'ਤੁਸੀਂ ਖਾਣਾ ਖਾਣ ਤੋਂ ਬਾਅਦ ਬੁਰਸ਼ ਕੀਤਾ ਹੈ? ਤੁਹਾਨੂੰ ਦੱਸਿਆ ਸੀ ਨਾ ਕਿ ਰਾਤੀਂ ਸੌਣ ਲੱਗਿਆਂ ਬੁਰਸ਼ ਕਰਨਾ ਕਿੰਨਾ ਜ਼ਰੂਰੀ ਹੈ?' ਨਾਨਾ ਜੀ ਨੇ ਪੁੱਛਿਆ।
'ਉਹ ਅਸੀਂ ਰਾਤੀਂ ਸੌਣ ਲੱਗਿਆਂ ਕਰਦੇ ਹੀ ਹਾਂ। ਅੱਜ ਵੀ ਕਰਾਂਗੇ। ਪਹਿਲਾਂ ਤੁਸੀਂ ਕਹਾਣੀ ਸੁਣਾਓ', ਸੁਖਮਨੀ ਨੇ ਸਾਰਿਆਂ ਵਲੋਂ ਸਫ਼ਾਈ ਦਿੱਤੀ।
'ਤੁਸੀਂ ਤੇ ਕਹਾਣੀ ਸੁਣਦਿਆਂ ਸੁਣਦਿਆਂ ਹੀ ਸੌਂ ਜਾਣਾ ਐ, ਬੁਰਸ਼ ਕਿਸ ਤਰ੍ਹਾਂ ਕਰੋਗੇ? ਹੁਣ ਤੁਸੀਂ ਬੀਬੇ ਬੱਚੇ ਬਣ ਕੇ ਪਹਿਲਾਂ ਬੁਰਸ਼ ਕਰੋ ਅਤੇ ਫੇਰ ਵਿਹੜੇ ਵਿਚ ਡੱਠੀਆਂ ਮੰਜੀਆਂ ਉਪਰ ਬਿਸਤਰੇ ਵਿਛਾਓ, ਓਨੀ ਦੇਰ ਮੈਂ ਕੋਈ ਕਹਾਣੀ ਸੋਚਦਾਂ। ਤੁਸੀਂ ਇਕ ਗੱਲ ਦਾ ਹੋਰ ਧਿਆਨ ਰੱਖਿਆ ਕਰੋ ਕਿ ਬੁਰਸ਼ ਕਰਨ ਲੱਗਿਆਂ ਜਾਂ ਜਦੋਂ ਵੀ ਪਾਣੀ ਵਾਲੀ ਟੂਟੀ ਖੋਲ੍ਹੋ ਪਾਣੀ ਐਵੇਂ ਫ਼ਜ਼ੂਲ ਨਾ ਵਗਦਾ ਰਹੇ। ਜਦੋਂ ਤੁਹਾਨੂੰ ਪਾਣੀ ਨਹੀਂ ਚਾਹੀਦਾ ਤਾਂ ਫ਼ੌਰਨ ਟੂਟੀ ਬੰਦ ਕਰ ਦਿਓ। ਤੁਹਾਨੂੰ ਪਤਾ ਹੈ ਨਾ ਕਿ ਸਾਡੀ ਜ਼ਮੀਨ ਥੱਲੇ ਪਾਣੀ ਬਹੁਤ ਘਟਦਾ ਜਾ ਰਿਹੈ।'
'ਸਾਨੂੰ ਸਾਰਾ ਪਤੈ ਪਰ ਹੁਣ ਅਸੀਂ ਹੋਰ ਕੋਈ ਗੱਲ ਨਹੀਂ ਸੁਣਨੀ। ਅਸੀਂ ਆਪਣੇ ਕੰਮ ਮੁਕਾ ਕੇ ਆਉਂਦੇ ਹਾਂ, ਤੁਸੀਂ ਕਹਾਣੀ ਸੋਚ ਕੇ ਰੱਖੋ।'
'ਅਸੀਂ ਸਾਰੇ ਕੰਮ ਕਰ ਲਏ ਨੇ ਨਾਨਾ ਜੀ, ਬੁਰਸ਼ ਵੀ ਕਰ ਲਏ, ਪਾਣੀ ਵੀ ਘੱਟ ਵਰਤਿਆ ਅਤੇ ਮੰਜੀਆਂ ਉੱਪਰ ਬਿਸਤਰੇ ਵੀ ਵਿਛਾ ਦਿੱਤੇ। ਹੁਣ ਜਲਦੀ ਕਹਾਣੀ ਸੁਣਾਓ।' ਜੀਤੀ ਨੇ ਸਾਰੇ ਕੰਮਾਂ ਦੀ ਨਾਨਾ ਜੀ ਨੂੰ ਤਸੱਲੀ ਦਿਵਾ ਦਿੱਤੀ।
ਨਾਨਾ ਜੀ ਮੰਜੀ ਉੱਪਰ ਬੈਠ ਹੀ ਰਹੇ ਸਨ ਕਿ ਬੱਚਿਆਂ ਨੇ ਫੇਰ ਰੌਲਾ ਪਾ ਦਿੱਤਾ 'ਕਹਾਣੀ.... ਕਹਾਣੀ.... ਕਹਾਣੀ।' ਬੱਚਿਆਂ ਦੀ ਆਵਾਜ਼ ਸੁਣ ਕੇ ਗਵਾਂਢੀਆਂ ਦੇ ਦੋ ਬੱਚੇ ਵੀ ਕਹਾਣੀ ਸੁਣਨ ਆ ਗਏ। ਨਾਨਾ ਜੀ ਨੇ ਉਨ੍ਹਾਂ ਨੂੰ ਵੀ ਬੜੇ ਪਿਆਰ ਨਾਲ ਆਪਣੇ ਕੋਲ ਬਿਠਾ ਲਿਆ।
ਨਾਨਾ ਜੀ ਨੇ ਗੱਲ ਸ਼ੁਰੂ ਕੀਤੀ, 'ਬੱਚਿਓ, ਤੁਹਾਨੂੰ ਛੁੱਟੀਆਂ ਹੋਈਆਂ ਨੂੰ ਕਿੰਨੇ ਦਿਨ ਹੋ ਗਏ?'
'ਅਜੇ ਤਾਂ ਨਾਨਾ ਜੀ ਚਾਰ-ਪੰਜ ਦਿਨ ਹੀ ਹੋਏ ਹਨ', ਸੁਖਮਨੀ ਨੇ ਵੱਡੇ ਹੋਣ ਕਰਕੇ ਜਵਾਬ ਦਿੱਤਾ।
'ਤੁਸੀਂ ਦੋ-ਤਿੰਨ ਦਿਨ ਹੋਰ ਖ਼ੂਬ ਘੁੰਮੋ, ਫਿਰੋ, ਖੇਡੋ, ਮੌਜ-ਮਸਤੀ ਕਰੋ। ਉਸ ਤੋਂ ਬਾਅਦ ਤੁਸੀਂ ਆਪਣੇ ਸਾਰੇ ਦਿਨ ਦਾ ਟਾਈਮ-ਟੇਬਲ ਬਣਾਓ ਕਿ ਕਿੰਨੀ ਦੇਰ ਪੜ੍ਹਾਈ ਕਰਨੀ ਐ, ਸਕੂਲ ਤੋਂ ਮਿਲਿਆ ਘਰ ਦਾ ਕੰਮ, ਜਿਸ ਨੂੰ ਤੁਸੀਂ ਹੋਮ ਵਰਕ ਕਹਿੰਦੇ ਹੋ, ਕਿੰਨੀ ਦੇਰ ਕਰਨਾ ਹੈ ਅਤੇ ਕਿੰਨੀ ਦੇਰ ਖੇਡਣਾ ਹੈ।'
'ਉਹ ਤੇ ਅਸੀਂ ਕਰਾਂਗੇ ਹੀ ਪਰ ਹੁਣ ਕਹਾਣੀ ਵਿਚ ਪੜ੍ਹਾਈ ਕਿੱਥੋਂ ਆ ਗਈ?' ਸੁਖਮਨੀ ਅਤੇ ਜੀਤੀ ਇਕੱਠੀਆਂ ਬੋਲ ਪਈਆਂ।
'ਕਹਾਣੀ ਵਿਚ ਪੜ੍ਹਾਈ ਇਸ ਕਰਕੇ ਆ ਗਈ ਕਿਉਂਕਿ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਲੱਗਾਂ, ਉਹ ਇਕ ਐਸੇ ਬੱਚੇ ਦੀ ਹੈ, ਜਿਹੜਾ ਪੜ੍ਹਾਈ ਵਿਚ ਬੜਾ ਹੁਸ਼ਿਆਰ ਐ।' (ਚਲਦਾ)

-ਮੋਬਾਈਲ : 98889-24664

ਕੀ ਤੁਸੀਂ ਜਾਣਦੇ ਹੋ?

1. ਚਿਲਕਾ ਝੀਲ ਕਿੱਥੇ ਸਥਿਤ ਹੈ?
2. ਗੁਲਾਬੀ ਨਗਰੀ ਦੇ ਨਾਂਅ ਨਾਲ ਕਿਹੜਾ ਸ਼ਹਿਰ ਜਾਣਿਆ ਜਾਂਦਾ ਹੈ?
3. ਰਾਸ਼ਟਰੀ ਗਾਣ ਕਿਸ ਨੇ ਲਿਖਿਆ ਸੀ?
4. ਕਿਹੜੇ ਗ੍ਰਹਿ ਨੂੰ ਲਾਲ ਗ੍ਰਹਿ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ?
5. ਕੰਪਿਊਟਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ?
6. ਬੱਲਬ ਦੀ ਖੋਜ ਕਿਸ ਨੇ ਕੀਤੀ?
7. ਮਾਊਂਟ ਐਵਰੈਸਟ ਦੀ ਉਚਾਈ ਕਿੰਨੀ ਹੈ?
8. ਪੰਜਾਬ ਵਿਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ?
9. ਦੇਸ਼ ਵਿਚ ਰੇਲ ਦੀ ਸ਼ੁਰੂਆਤ ਕਿਸ ਸਾਲ ਵਿਚ ਹੋਈ ਸੀ?
10. ਅਧਿਆਪਕ ਦਿਵਸ ਕਿਸ ਦੀ ਯਾਦ ਵਿਚ ਮਨਾਇਆ ਜਾਂਦਾ ਹੈ?
ਉੱਤਰ : 1. ਓਡੀਸ਼ਾ, 2. ਜੈਪੁਰ, 3. ਰਾਬਿੰਦਰ ਨਾਥ ਟੈਗੋਰ, 4. ਮੰਗਲ, 5. ਚਾਰਲਸ ਬੈਬਜ, 6. ਥਾਮਸ ਐਲਵਾ ਐਡੀਸਨ 7.8848 ਮੀਟਰ, 8. 13, 9. 1853, 10. ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਵਿਚ।

-ਪ੍ਰਿੰਸ ਅਰੋੜਾ
princearora151@gmail.com

ਬਾਲ ਕਹਾਣੀ ਆਤਮ ਵਿਸ਼ਵਾਸ

ਇਮਤਿਹਾਨ ਤਾਂ ਕਦੋਂ ਦੇ ਖ਼ਤਮ ਹੋ ਚੁੱਕੇ ਸਨ। ਅੱਜ ਨਤੀਜਾ ਨਿਕਲਣਾ ਸੀ। ਬੱਚੇ ਵੱਡੀ ਗਿਣਤੀ ਵਿਚ ਸਕੂਲ ਆਏ ਹੋਏ ਸਨ। ਕਈਆਂ ਨੂੰ ਪਾਸ ਹੋਣ ਦੀ ਪੱਕੀ ਉਮੀਦ ਸੀ ਅਤੇ ਕਈਆਂ ਨੂੰ ਫੇਲ੍ਹ ਹੋਣ ਦਾ ਡਰ। ਆਖ਼ਰ ਸਕੂਲ ਦੇ ਪ੍ਰਿੰਸੀਪਲ ਵਲੋਂ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਸੀ। ਨਤੀਜਾ ਸੁਨਣ ਉਪਰੰਤ ਇਕ ਬੱਚਾ ਪ੍ਰਿੰਸੀਪਲ ਦੇ ਦਫ਼ਤਰ ਅੰਦਰ ਆ ਕੇ ਕਹਿਣ ਲੱਗਾ, 'ਮੈਂ ਕਦੀ ਵੀ ਫੇਲ੍ਹ ਨਹੀਂ ਹੋ ਸਕਦਾ, ਸਰ।'
ਉਸ ਬੱਚੇ ਨੇ ਪਾਟੇ ਪੁਰਾਣੇ ਕੱਪੜੇ ਪਹਿਨੇ ਹੋਏ ਸਨ। ਪਰ ਉਸ ਵਿਚ ਆਤਮ ਵਿਸ਼ਵਾਸ ਬੜਾ ਸੀ। ਪ੍ਰਿੰਸੀਪਲ ਗੁੱਸੇ ਵਿਚ ਬੋਲਿਆ, 'ਕੀ ਮੈਂ ਗ਼ਲਤ ਨਤੀਜਾ ਐਲਾਨਿਆ?'
'ਇਹ ਤਾਂ ਮੈਂ ਨਹੀਂ ਕਹਿੰਦਾ, ਪਰ ਮੈਂ ਫੇਲ੍ਹ ਨਹੀਂ ਹੋ ਸਕਦਾ।' ਬੱਚਾ ਮੁੜ ਬੋਲ ਪਿਆ। ਇਤਨੇ ਨੂੰ ਸਕੂਲ ਦਾ ਚਪੜਾਸੀ ਭੱਜਿਆ ਭੱਜਿਆ ਦਫ਼ਤਰ ਵਿਚ ਆਇਆ ਅਤੇ ਪ੍ਰਿੰਸੀਪਲ ਨੂੰ ਕਹਿਣ ਲੱਗਾ, 'ਸਰ, ਜੋ ਨਤੀਜਾ ਤੁਸੀਂ ਬੱਚਿਆਂ ਨੂੰ ਸੁਣਾਇਆ ਹੈ, ਉਹ ਗ਼ਲਤ ਹੈ।'
ਪ੍ਰਿੰਸੀਪਲ ਨੇ ਹੈਰਾਨ ਹੁੰਦਿਆਂ ਕਿਹਾ, 'ਤਾਂ ਅਸਲੀ ਫੇਲ੍ਹ ਪਾਸ ਦੀ ਲਿਸਟ ਕਿੱਥੇ ਹੈ?', 'ਚਪੜਾਸੀ ਨੇ ਨਤੀਜੇ ਦੀ ਅਸਲੀ ਲਿਸਟ ਪ੍ਰਿੰਸੀਪਲ ਨੂੰ ਫੜਾ ਦਿੱਤੀ ਸੀ।'
ਪ੍ਰਿੰਸੀਪਲ ਨੇ ਦੁਬਾਰਾ ਬੱਚਿਆਂ ਨੂੰ ਇਕੱਤਰ ਕੀਤਾ। ਆਪਣੀ ਗ਼ਲਤੀ ਦੀ ਮੁਆਫ਼ੀ ਮੰਗੀ ਅਤੇ ਫੇਲ੍ਹ ਪਾਸ ਦੀ ਨਵੀਂ ਲਿਸਟ ਪੜ੍ਹ ਕੇ ਸੁਣਾਈ। ਉਸ ਲਿਸਟ ਵਿਚ ਉਹੀ ਬੱਚਾ ਕਲਾਸ 'ਚੋਂ ਪਹਿਲੇ ਸਥਾਨ 'ਤੇ ਰਿਹਾ ਸੀ, ਜੋ ਵਾਰ-ਵਾਰ ਪ੍ਰਿੰਸੀਪਲ ਨੂੰ ਜਾ ਕੇ ਕਹਿ ਰਿਹਾ ਸੀ ਕਿ ਉਹ ਫੇਲ੍ਹ ਨਹੀਂ ਹੋ ਸਕਦਾ।
ਤੁਸੀਂ ਜਾਨਣਾ ਚਾਹੋਗੇ ਕਿ ਉਹ ਬੱਚਾ ਕੌਣ ਸੀ? ਉਹ ਬੱਚਾ ਡਾ: ਰਾਜਿੰਦਰ ਪ੍ਰਸ਼ਾਦ ਸੀ ਜੋ ਵੱਡਾ ਹੋ ਕੇ ਭਾਰਤ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀ।

-ਮੋਬਾਈਲ : 97806-67686.

ਬਾਲ ਗੀਤ-ਅੱਜ ਦੁਪਹਿਰੇ ਮੀਂਹ ਆਇਆ

ਅੱਜ ਦੁਪਹਿਰੇ ਮੀਂਹ ਆਇਆ,
ਠੰਢੀ ਠੰਢੀ ਪੌਣ ਲਿਆਇਆ।
ਨਿੱਕੇ-ਨਿੱਕੇ ਰਲ ਗਏ ਕਾਕੇ,
ਅਸੀਂ ਸਾਰੇ ਮੀਂਹ ਵਿਚ ਨਾਤ੍ਹੇ।
ਗਰਮੀ ਨੂੰ ਵੀ ਦੂਰ ਭਜਾਇਆ,
ਅੱਜ ਦੁਪਹਿਰੇ ਮੀਂਹ ਆਇਆ।
ਦਿਲ ਤੇ ਸ਼ੱਬੂ ਹੱਸਦੇ ਫਿਰਦੇ,
ਖੇਤਾਂ ਦੇ ਵਿਚ ਨੱਸਦੇ ਫਿਰਦੇ।
ਰੌਲਾ ਦੋਵਾਂ ਖੂਬ ਹੈ ਪਾਇਆ,
ਅੱਜ ਦੁਪਹਿਰੇ ਮੀਂਹ ਆਇਆ।
ਚਾਰ ਚੁਫ਼ੇਰਾ ਸੋਹਣਾ ਲੱਗੇ,
ਅੰਬਰਾਂ ਦੇ ਵਿਚ ਬੱਦਲ ਗੱਜੇ।
ਧਰਤੀ ਨੂੰ ਵੀ ਰੂਪ ਚੜ੍ਹਾਇਆ,
ਅੱਜ ਦੁਪਹਿਰੇ ਮੀਂਹ ਆਇਆ।
ਫੁੱਲ ਕਲੀਆਂ ਮਹਿਕਾਂ ਵੰਡਦੇ,
ਪੰਛੀ ਫਿਰਦੇ ਚਹਿਕਾਂ ਵੰਡਦੇ।
ਰੁੱਖਾਂ ਨੇ ਵੀ ਸਿਰ ਹਿਲਾਇਆ,
ਅੱਜ ਦੁਪਹਿਰੇ ਮੀਂਹ ਆਇਆ।
ਬਾਬਾ ਗਿੱਲ ਵੀ ਨ੍ਹਾਉਂਦਾ ਆਵੇ,
ਨਾਲੇ ਗੀਤ ਬਣਾਉਂਦਾ ਆਵੇ।
ਕਿੱਡਾ ਸੋਹਣਾ ਗੀਤ ਬਣਾਇਆ,
ਅੱਜ ਦੁਪਹਿਰੇ ਮੀਂਹ ਆਇਆ।

-ਬੇਅੰਤ ਗਿੱਲ ਭਲੂਰ
ਪਿੰਡ ਤੇ ਡਾਕ: ਭਲੂਰ (ਮੋਗਾ)।
ਮੋਬਾਈਲ : 99143-81958

ਬਾਲ ਕਹਾਣੀ

ਸੁਨਹਿਰੀ ਚਿੜੀ ਦੀ ਸ਼ਿਕਾਇਤ

ਚਾਰੇ ਪਾਸੇ ਹਾਹਾਕਾਰ ਮਚੀ ਸੀ। ਜੰਗਲ ਦੇ ਰਾਜੇ, ਸ਼ੇਰ ਦੁਆਰਾ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਸਨ ਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਖ਼ਤ ਸਜ਼ਾ ਸੁਣਾਏ ਜਾਣ ਦਾ ਐਲਾਨ ਹੋ ਚੁੱਕਾ ਸੀ। ਸ਼ੇਰ ਦੁਆਰਾ ਕੁਝ ਦਿਨ ਪਹਿਲਾਂ ਹੀ ਇਸ ਬਾਰੇ ਮੁਨਿਆਦੀ ਕਰਵਾਈ ਗਈ ਸੀ ਜਿਸ ਨੂੰ ਸੁਣ ਜੰਗਲ ਦਾ ਹਰ ਬਸ਼ਿੰਦਾ ਚੌਕਸ ਹੋ ਗਿਆ ਸੀ।
ਦਰਅਸਲ ਸ਼ੇਰ ਨੇ ਇਹ ਫ਼ੈਸਲਾ ਆਪਣੀ ਖ਼ਾਸ ਗੁਪਤਚਰ ਲੂੰਬੜੀ ਦੁਆਰਾ ਪ੍ਰਗਟਾਈ ਇੱਕ ਗੰਭੀਰ ਚਿਤਾਵਨੀ ਪ੍ਰਤੀ ਸਾਵਧਾਨੀ ਵਰਤਦਿਆਂ ਹੀ ਲਿਆ ਸੀ। ਗੁਪਤਚਰ ਲੂੰਬੜੀ ਕੁਝ ਦਿਨਾਂ ਦੇ ਵਿਦੇਸ਼ੀ ਦੌਰੇ ਪਿੱਛੋਂ ਵਾਪਸ ਪਰਤੀ ਸੀ। ਉੱਥੋਂ ਉਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਕ ਬਹੁਤ ਹੀ ਖ਼ਤਰਨਾਕ ਬਿਮਾਰੀ ਜੋ ਕਿ ਗੰਦਗੀ ਤੋਂ ਪੈਦਾ ਹੁੰਦੀ ਹੈ, ਬੜੀ ਤੇਜ਼ੀ ਨਾਲ ਫ਼ੈਲ ਰਹੀ ਹੈ। ਕਿਤੇ ਇਹ ਬਿਮਾਰੀ ਇਸ ਜੰਗਲ ਵਿਚ ਵੀ ਆਪਣੇ ਪੈਰ ਨਾ ਪਸਾਰ ਲਏ, ਇਸ ਲਈ ਲੂੰਬੜੀ ਨੇ ਸ਼ੇਰ ਨੂੰ ਇਸ ਪ੍ਰਤੀ ਕੋਈ ਫ਼ੈਸਲਾ ਲੈਣ ਨੂੰ ਕਿਹਾ ਸੀ। ਸ਼ੇਰ ਨੇ ਇੱਕ ਜ਼ਿੰਮੇਵਾਰ ਰਾਜੇ ਵਾਂਗ ਇਸ ਪ੍ਰਤੀ ਤੁਰੰਤ ਕਦਮ ਚੁੱਕਦਿਆਂ ਇਹ ਫ਼ੈਸਲਾ ਲਿਆ ਸੀ ਕਿ ਹੁਣ ਗਰਮੀ ਹੋਵੇ ਜਾਂ ਸਰਦੀ ਹਰ ਜੀਵ-ਜੰਤੂ ਲਈ ਆਪਣੇ 'ਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖ਼ਣੀ ਲਾਜ਼ਮੀ ਹੋਵੇਗੀ। ਜੋ ਵੀ ਇਸ ਪ੍ਰਤੀ ਲਾਪਰਵਾਹੀ ਕਰਦਾ ਦਿਖ਼ਾਈ ਦੇਵੇ ਉਸ ਨੂੰ ਤੁਰੰਤ ਜੇਲ੍ਹ ਦੀ ਕਾਲ-ਕੋਠੜੀ ਵਿਚ ਸੁੱਟੇ ਜਾਣ ਦੇ ਆਦੇਸ਼ ਦੇ ਦਿੱਤੇ ਗਏ ਸਨ।
ਮੁਨਿਆਦੀ ਕਰਦਿਆਂ ਭਾਵੇਂ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਇਹ ਸਭ ਕੁਝ ਭਿਆਨਕ ਬਿਮਾਰੀ ਤੋਂ ਬਚਣ ਲਈ ਹੈ ਪਰੰਤੂ ਗਧੇ ਵਰਗੇ ਬਹੁਤੇ ਨਾਸਮਝ ਇਸ ਦਾ ਪਾਲਣ ਸਿਰਫ਼ ਕਾਲ ਕੋਠੜੀ ਦੀ ਸਜ਼ਾ ਤੋਂ ਬਚਣ ਲਈ ਹੀ ਕਰ ਰਹੇ ਸਨ। ਹਾਥੀ ਅਤੇ ਸੂਰ ਜਿਹੜੇ ਸਦਾ ਚਿੱਕੜ 'ਚ ਖੇਡਦੇ ਰਹਿੰਦੇ ਸਨ, ਨੇ ਹੁਣ ਸਾਫ਼ ਪਾਣੀ ਨਾਲ ਮਲ਼-ਮਲ਼ ਨਹਾਉਣਾ ਸ਼ੁਰੂ ਸ਼ੁਰੂ ਕਰ ਦਿੱਤਾ। ਹਰ ਵੇਲੇ ਗੰਦ-ਮੰਦ ਖ਼ਾਣ ਵਾਲਾ ਢੋਡਰ ਕਾਂ ਵਾਰ-ਵਾਰ ਆਪਣੀ ਚੁੰਝ ਹੀ ਸਾਫ਼ ਕਰੀ ਜਾ ਰਿਹਾ ਸੀ। ਇੰਝ ਚਾਰੇ ਪਾਸੇ, ਸਾਰੇ ਹੀ ਆਪੋ ਆਪਣੇ ਆਹਰ 'ਚ ਜੁਟ ਗਏ ਸਨ। ਇਨ੍ਹਾਂ ਸਭ ਕੋਲ, ਇੱਕ ਛੋਟੇ ਜਹੇ ਰੁੱਖ 'ਤੇ ਰਹਿਣ ਵਾਲੀ ਸੁਨਹਿਰੀ ਚਿੜੀ, ਨਿਸਚਿੰਤ ਹੋ ਬੈਠੀ ਸੀ। ਉਸ ਨੂੰ ਇੰਝ ਬੈਠਿਆਂ ਦੇਖ਼, ਇਹ ਸਭ ਹੈਰਾਨ ਹੋ ਰਹੇ ਸਨ। ਕਾਲੀ ਕੋਤਵਾਲ ਚਿੜੀ ਜੋ ਪਹਿਲਾਂ ਹੀ ਸੁਨਹਿਰੀ ਚਿੜੀ ਨਾਲ ਖ਼ਾਰ ਖ਼ਾਂਦੀ ਸੀ ਨੇ ਕਾਵਾਂ ਅਤੇ ਹੋਰ ਪੰਛੀਆਂ ਨੂੰ ਸੁਨਹਿਰੀ ਚਿੜੀ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ।
'ਆਹ ਦੇਖ਼ੋ', ਇਹ ਕਿਵੇਂ ਬੇਫ਼ਿਕਰ ਹੋ ਕੇ ਬੈਠੀ, ਕਿਤੇ ਇਹਦੇ ਕਰਕੇ ਸਾਨੂੰ ਨਾ ਸਜ਼ਾ ਭੁਗਤਣੀ ਪੈ ਜਾਏ।'
ਕਾਂ ਵੀ ਕੋਤਵਾਲ ਚਿੜੀ ਨਾਲ ਰਲ ਗਏ ਤੇ ਉਨ੍ਹਾਂ ਇਸ ਦੀ ਸ਼ਿਕਾਇਤ ਸ਼ੇਰ ਕੋਲ ਕਰ ਦਿੱਤੀ। ਗੁੱਸੇ 'ਚ ਆਏ ਸ਼ੇਰ ਨੇ ਜਦੋਂ ਸੁਨਹਿਰੀ ਚਿੜੀ ਨੂੰ ਆਪਣੇ ਰਾਜ ਦਰਬਾਰ 'ਚ ਬੁਲਾ ਹੁਕਮਾਂ ਦੀ ਉਲੰਘਣਾ ਬਾਰੇ ਪੁੱਛਿਆ ਤਾਂ ਉਹ ਬੜੀ ਹੀ ਨਿਮਰਤਾ ਨਾਲ ਕਹਿਣ ਲੱਗੀ,
'ਹੇ ਰਾਜਨ! ਮੈਂ ਭਲਾ ਆਪ ਦੇ ਹੁਕਮਾਂ ਦੀ ਉਲੰਘਣਾ ਕਿਵੇਂ ਕਰ ਸਕਦੀ ਹਾਂ ਕਿਉਂਕਿ ਮੈਂ ਤਾਂ ਇਨ੍ਹਾਂ ਨਿਯਮਾਂ ਦਾ ਪਾਲਣ ਪਹਿਲਾਂ ਤੋਂ ਹੀ ਕਰ ਰਹੀ ਹਾਂ।'
'ਉਹ ਕਿਵੇਂ?' ਸ਼ੇਰ ਨੇ ਹੈਰਾਨ ਹੁੰਦੇ ਪੁੱਛਿਆ।
'ਰਾਜਨ! ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਰੱਖ਼ਣਾ ਸਾਡਾ ਸਭ ਦਾ ਨੈਤਿਕ ਫ਼ਰਜ਼ ਬਣਦਾ ਤੇ ਮੈਂ ਇਹ ਫ਼ਰਜ਼ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਪਹਿਲਾਂ ਹੀ ਨਿਭਾਅ ਰਹੀ ਹਾਂ, ਤੁਸੀਂ ਇਸ ਦੀ ਪੁਸ਼ਟੀ ਕਦੇ ਵੀ ਕਰ ਸਕਦੇ ਹੋ।'
ਸੁਨਹਿਰੀ ਚਿੜੀ ਤੋਂ ਇਹ ਸੁਣ ਸ਼ੇਰ ਬਹੁਤ ਖ਼ੁਸ਼ ਹੋਇਆ। ਸੱਚਮੁੱਚ ਜਦੋਂ ਸੁਨਹਿਰੀ ਚਿੜੀ ਦੇ ਆਲੇ-ਦੁਆਲੇ ਦੀ ਜਾਂਚ ਕੀਤੀ ਗਈ ਤਾਂ ਉਸ ਦਾ ਆਲਾ-ਦੁਆਲਾ ਸਭ ਪੰਛੀਆਂ ਤੋਂ ਕਿਤੇ ਸਾਫ਼ ਸੁਥਰਾ ਸੀ। ਇਹ ਦੇਖ਼ ਸ਼ੇਰ ਦੇ ਹੁਕਮ ਤੋਂ ਡਰਦੇ, ਵਕਤੀ ਸਫ਼ਾਈਆਂ ਕਰਨ ਵਾਲੇ ਸਭ ਸ਼ਿਕਾਇਤੀ, ਆਪਣੇ -ਆਪ 'ਤੇ ਬਹੁਤ ਸ਼ਰਮਸਾਰ ਹੋਏ।
ਸ਼ੇਰ ਨੇ ਸੁਨਹਿਰੀ ਚਿੜੀ ਤੋਂ ਸਬਕ ਲੈਣ ਦੀ ਨਸੀਹਤ ਦੇ ਕੇ ਉਨ੍ਹਾਂ ਸਭ ਨੂੰ ਵਾਪਸ ਤੋਰ ਦਿੱਤਾ।


-ਬਗੀਚੀ ਮੁੱਹਲਾ ਮਾਹਿਲਪੁਰ ਹੁਸ਼ਿਆਰਪੁਰ
ਮੋਬਾਈਲ : 9855024495

ਨਾਨੀ ਆਈ - ਨਾਨੀ ਆਈ

ਨਾਨੀ ਆਈ, ਨਾਨੀ ਆਈ, ਪੀਪੇ ਦੇ ਵਿਚ ਪਿੰਨੀਆਂ ਪਾ ਕੇ
ਬਿਸਕੁਟ ਝੋਲੇ ਵਿਚ ਲਿਆਈ... ਨਾਨੀ ਆਈ-ਨਾਨੀ ਆਈ।
ਜਦੋਂ ਦੀ ਨਾਨੀ ਆਈ ਏ, ਘਰ ਵਿਚ ਰੌਣਕ ਲਾਈ ਏ,
ਬਾਤਾਂ ਰੋਜ਼ ਸੁਣਾਉਂਦੀ ਏ, ਸੈਰ ਵੀ ਨਿੱਤ ਕਰਾਉਂਦੀ ਏ।
ਗੁਰਦੁਆਰੇ ਜਾਂਦੀ ਏ, ਸਾਨੂੰ ਪਾਠ ਸਿਖਾਉਂਦੀ ਏ,
ਮੰਮੀ ਦਾ ਹੁਣ ਡਰ ਨਹੀਂ ਕੋਈ, ਡੈਡੀ ਦਾ ਵੀ ਜ਼ੋਰ ਨਾ ਕੋਈ।
ਨਿੱਤ ਨਵੇਂ ਪਕਵਾਨ ਬਣਾ ਕੇ, ਕੋਲ ਬਿਠਾ ਕੇ ਰੱਜ ਖੁਆਵੇ।
ਲਾਡ ਨਾਲ ਕਦੇ ਘੂਰ ਵੀ ਲੈਂਦੀ, ਦਿਲੋਂ ਤਾਂ ਸਾਨੂੰ ਕੁਝ ਨਹੀਂ ਕਹਿੰਦੀ।
ਜਦੋਂ ਵੀ ਨਾਨੀ ਆਉਂਦੀ ਏ, ਸਭ ਨੂੰ ਫ਼ਤਹਿ ਬੁਲਾਉਂਦੀ ਏ।
ਨਾਨੀ ਗਈ ਅਸੀਂ ਗੁੰਮ-ਸੁੰਮ ਹੋ ਗਏ, ਮੰਮੀ ਦੇ ਗਲ ਲੱਗ ਕੇ ਸੌਂ ਗਏ।
ਮੰਮੀ ਨਾਲ ਨਾਨਕੇ ਜਾਵਾਂਗੇ, ਸੰਤੋਖਗੜ੍ਹ ਰੌਣਕਾਂ ਲਾਵਾਂਗੇ।
ਨਾਨੀ ਆਈ-ਨਾਨੀ ਆਈ-ਪੀਪੇ ਦੇ ਵਿਚ ਪਿੰਨੀਆਂ ਪਾ ਕੇ
ਬਿਸਕੁਟ ਝੋਲੇ ਵਿਚ ਲਿਆਈ।

-ਮਾਸਟਰ ਮਲਕੀਅਤ ਸਿੰਘ
ਸੰਤੋਖਗੜ੍ਹ (ਨਜ਼ਦੀਕ ਨੰਗਲ ਡੈਮ)।
ਮੋਬਾਈਲ : 98167-69794.

ਬਾਲ ਨਾਵਲ-27

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਠੀਕ ਐ, ਮੈਂ ਓਨੀ ਦੇਰ ਰੋਟੀ ਬਣਾਉਂਦੀ ਹਾਂ', ਕਹਿ ਕੇ ਬੀਜੀ ਰਸੋਈ ਵੱਲ ਤੁਰ ਪਏ।
ਅਸੀਸ ਜਦੋਂ ਖਾਣਾ ਅੰਦਰ ਰੱਖਣ ਲੱਗੀ ਤਾਂ ਕਿੰਨਾ ਕੁਝ ਬਣਿਆ ਵੇਖ ਕੇ ਹੈਰਾਨ ਹੁੰਦੀ ਹੋਈ ਬੋਲੀ, 'ਬੀਜੀ, ਤੁਸੀਂ ਐਨਾ ਕੁਝ ਬਣਾ ਲਿਆ?'
'ਕਦੀ-ਕਦਾਈਂ ਤੇ ਤੁਸੀਂ ਆਉਂਦੇ ਹੋ।'
'ਪਰ ਐਨੀਆਂ ਚੀਜ਼ਾਂ ਤੁਸੀਂ ਬਣਾ ਕਿਸ ਵੇਲੇ ਲਈਆਂ?'
'ਤੁਹਾਡੇ ਸੁੱਤਿਆਂ ਉੱਠਣ ਤੋਂ ਪਹਿਲਾਂ।'
'ਵਾਹ ਬੀਜੀ। ਕਮਾਲ!!' ਕਹਿੰਦਿਆਂ ਅਸੀਸ ਸਾਰਾ ਕੁਝ ਟ੍ਰੇਅ ਵਿਚ ਰੱਖ ਕੇ ਅੰਦਰ ਲੈ ਗਈ।
ਪਾਪਾ ਜੀ ਸਮੇਤ ਸਾਰੇ ਅੰਦਰ ਖਾਣਾ ਖਾਣ ਲੱਗੇ। ਵਾਰੋ-ਵਾਰੀ ਬੱਚੇ ਇਕ-ਇਕ ਕਰਕੇ ਗਰਮ ਫੁਲਕਾ ਰਸੋਈ ਵਿਚੋਂ ਲਿਆ ਕੇ ਦੇ ਰਹੇ ਸਨ। ਸਾਰਿਆਂ ਨੂੰ ਇਕੱਠੇ ਬੈਠ ਕੇ ਗਰਮ-ਗਰਮ ਰੋਟੀਆਂ ਖਾਣ ਦਾ ਬੜਾ ਮਜ਼ਾ ਆ ਰਿਹਾ ਸੀ। ਬੀਜੀ ਨੇ ਸਾਰਾ ਕੁਝ ਬਹੁਤ ਹੀ ਸਵਾਦ ਬਣਾਇਆ ਸੀ।
ਥੋੜ੍ਹੀ ਦੇਰ ਬਾਅਦ ਬੀਜੀ ਨੇ ਰੋਟੀ ਦੀ ਥਾਂ 'ਤੇ ਵੱਡਾ ਡੌਂਗਾ ਮਿੱਠੇ ਪੀਲੇ ਚੌਲਾਂ ਦਾ ਭਰ ਕੇ, ਜਿਸ ਵਿਚ ਬਹੁਤ ਸਾਰੀਆਂ ਬਦਾਮ ਦੀਆਂ ਗਿਰੀਆਂ ਅਤੇ ਸੌਗੀ ਪਈ ਹੋਈ ਸੀ, ਬੱਚਿਆਂ ਹੱਥ ਭੇਜਿਆ ਤਾਂ ਸਾਰੇ ਹੈਰਾਨ ਹੋ ਗਏ। ਜਗਮੀਤ ਨੇ ਅੰਦਰੋਂ ਹੀ ਬੀਜੀ ਨੂੰ ਕਿਹਾ, 'ਬੀਜੀ, ਜੇ ਮਿੱਠੇ ਪੀਲੇ ਚੌਲ ਬਣਾਏ ਸਨ ਤਾਂ ਪਹਿਲਾਂ ਕਿਉਂ ਨਹੀਂ ਭੇਜੇ? ਹੁਣ ਤੇ ਅਸੀਂ ਰੱਜ ਕੇ ਰੋਟੀ ਖਾ ਚੁੱਕੇ ਆਂ।'
ਬੀਜੀ ਨੇ ਤਾਂ ਪਤਾ ਨਹੀਂ ਗੱਲ ਸੁਣੀ ਕਿ ਨਹੀਂ ਸੁਣੀ ਪਰ ਪਾਪਾ ਜੀ ਨੇ ਕਿਹਾ, 'ਹੋਰ ਰੋਟੀ ਰਹਿਣ ਦਿਓ, ਹੁਣ ਮਿੱਠੇ ਚੌਲ ਸ਼ੁਰੂ ਕਰ ਦਿਓ। ਨਾਲੇ ਮਿੱਠੀ ਚੀਜ਼ ਦਾ ਪੇਟ ਵਿਚ ਵੱਖਰਾ ਖਾਨਾ ਬਣਿਆ ਹੁੰਦੈ।'
ਪਾਪਾ ਜੀ ਦੀ ਗੱਲ ਸੁਣ ਕੇ ਸਾਰੇ ਖ਼ੂਬ ਹੱਸੇ। ਹੁਣ ਸਾਰਿਆਂ ਨੇ ਮਿੱਠੇ ਚੌਲ ਖਾਣੇ ਸ਼ੁਰੂ ਕਰ ਦਿੱਤੇ, ਜੋ ਸਭ ਨੂੰ ਬੜੇ ਈ ਸਵਾਦ ਲੱਗੇ। 'ਸਵਾਦ ਈ ਆ ਗਿਆ ਖਾਣੇ ਦਾ', ਰਹਿਮਤ ਨੇ ਕਿਹਾ।
'ਸਵਾਦ ਤੇ ਬੜਾ ਆ ਗਿਐ ਪਰ ਹੁਣ ਨੀਂਦ ਆਉਣੀ ਨਾ ਸ਼ੁਰੂ ਹੋ ਜਾਏ', ਜਗਮੀਤ ਨੇ ਕਿਹਾ।
'ਤੁਸੀਂ ਫ਼ਿਕਰ ਨਾ ਕਰੋ, ਤੁਰਨ ਤੋਂ ਪਹਿਲਾਂ ਤੁਹਾਨੂੰ ਡਰਾਈਵਰਾਂ ਵਾਲੀ ਚਾਹ ਬਣਾ ਕੇ ਪਿਆਉਂਦੀ ਆਂ', ਅਸੀਸ, ਜਗਮੀਤ ਦਾ ਇਸ਼ਾਰਾ ਸਮਝਦੀ ਹੋਈ ਬੋਲੀ।
ਰਹਿਮਤ ਅਤੇ ਅਸੀਸ ਰਸੋਈ ਵਿਚ ਚਲੀਆਂ ਗਈਆਂ। ਬੀਜੀ ਨੇ ਅਜੇ ਰੋਟੀ ਨਹੀਂ ਸੀ ਖਾਧੀ। ਰਹਿਮਤ ਨੇ ਬੀਜੀ ਨੂੰ ਰੋਟੀ ਪਾ ਕੇ ਦਿੱਤੀ ਅਤੇ ਆਪ ਉਨ੍ਹਾਂ ਦੇ ਕੋਲ ਰਸੋਈ ਵਿਚ ਬੈਠ ਗਈ। ਅਸੀਸ ਨੇ ਤਿੰਨ-ਚਾਰ ਕੱਪ ਚਾਹ ਗੈਸ 'ਤੇ ਰੱਖ ਦਿੱਤੀ।
ਜਗਮੀਤ ਨੇ ਅੰਦਰੋਂ ਆਪਣਾ ਅਤੇ ਰਹਿਮਤ ਦਾ ਬੈਗ ਚੁੱਕਿਆ ਅਤੇ ਬਾਹਰ ਕਾਰ ਵਿਚ ਰੱਖਣ ਚਲਾ ਗਿਆ। ਪਾਪਾ ਜੀ ਉਸ ਦੇ ਪਿੱਛੇ-ਪਿੱਛੇ ਬਾਹਰ ਗਏ। ਉਹ ਜਦੋਂ ਅੰਦਰ ਆਏ ਤਾਂ ਅਸੀਸ ਸਾਰਿਆਂ ਜੋਗੀ ਚਾਹ ਬਣਾ ਕੇ ਲੈ ਆਈ। ਜਗਮੀਤ ਦਾ ਵੱਡਾ ਕੱਪ ਅਤੇ ਬਾਕੀਆਂ ਦੇ ਛੋਟੇ ਕੱਪ ਸਨ। ਬੀਜੀ ਵੀ ਰੋਟੀ ਖਾ ਕੇ ਸਾਰਿਆਂ ਕੋਲ ਆ ਗਏ।
ਚਾਹ ਪੀਂਦਿਆਂ ਹੀ ਜਗਮੀਤ ਖੜ੍ਹਾ ਹੋ ਗਿਆ, 'ਚਾਹ ਨੇ ਸੁਸਤੀ ਦੂਰ ਕਰ ਦਿੱਤੀ ਹੈ। ਹੁਣ ਉਸ ਦਾ ਫ਼ਾਇਦਾ ਉਠਾਉਂਦਿਆਂ ਸਾਨੂੰ ਤੁਰ ਪੈਣਾ ਚਾਹੀਦੈ।' ਰਹਿਮਤ ਅਤੇ ਅਸੀਸ ਨੇ ਜਗਮੀਤ ਦੀ ਹਾਂ ਨਾਲ ਹਾਂ ਮਿਲਾਈ ਅਤੇ ਉਹ ਵੀ ਖੜ੍ਹੀਆਂ ਹੋ ਗਈਆਂ।
ਬੀਜੀ-ਪਾਪਾ ਜੀ ਫੇਰ ਉਦਾਸ ਹੋ ਗਏ।
ਰਹਿਮਤ ਨੇ ਅੰਦਰ ਜਾ ਕੇ ਬੱਚਿਆਂ ਨੂੰ ਬੁਲਾਇਆ। ਉਨ੍ਹਾਂ ਨੂੰ ਪਿਆਰ ਕਰਦਿਆਂ ਇਕ ਵਾਰੀ ਫੇਰ ਪੜ੍ਹਾਈ ਕਰਨ ਦੀ ਅਤੇ ਨਾਨਾ ਜੀ-ਨਾਨੀ ਜੀ ਨੂੰ ਤੰਗ ਨਾ ਕਰਨ ਦੀ ਚਿਤਾਵਨੀ ਦਿੱਤੀ। ਜਗਮੀਤ ਅਤੇ ਅਸੀਸ ਨੇ ਵੀ ਸਾਰੇ ਬੱਚਿਆਂ ਨੂੰ ਪਿਆਰ ਕੀਤਾ।
ਪਾਪਾ ਜੀ-ਬੀਜੀ ਨੂੰ ਘੁੱਟ ਕੇ ਗਲ ਨਾਲ ਦੋਵੇਂ ਬੇਟੀਆਂ ਮਿਲੀਆਂ। ਪਾਪਾ ਜੀ ਨੇ ਉਨ੍ਹਾਂ ਨੂੰ ਸਿਰ 'ਤੇ ਪਿਆਰ ਦਿੱਤਾ। ਬੀਜੀ ਨੇ ਵੀ ਉਨ੍ਹਾਂ ਨੂੰ ਪਿਆਰ ਕਰਦਿਆਂ ਕਿਹਾ, 'ਦੋ-ਤਿੰਨ ਦਿਨ ਦਾ ਤਾਂ ਪਤਾ ਈ ਨਹੀਂ ਲੱਗਾ। ਹੁਣ ਤੁਸੀਂ ਜ਼ਿਆਦਾ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਆਉਣਾ।'

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001
ਮੋਬਾਈਲ : 98889-24664

 

ਬਾਲ ਗੀਤ

ਸਕੂਲ ਘਰ ਆਇਆ

ਪਹਿਲਾਂ ਅਸੀਂ ਜਾਂਦੇ ਸੀ ਸਕੂਲ,
ਹੁਣ ਤਾਂ ਸਕੂਲ ਘਰ ਆਇਆ।
ਇਹ ਸਭ ਤਕਨੀਕ ਦਾ ਕਮਾਲ,
ਸੰਭਵ ਜਿਸ ਨੇ ਕਰ ਵਿਖਾਇਆ।
ਇਹ ਹੈ ਆਨ ਲਾਈਨ ਪੜ੍ਹਾਈ,
ਨਵੇਂ ਸਮੇਂ ਦੀ ਨਵੀਂ ਸਿਖਲਾਈ।
ਦੂਰ ਬੈਠਿਆਂ ਨੂੰ ਮਿਲਾਇਆ,
ਹੁਣ ਤਾਂ ਸਕੂਲ....।
ਰੋਜ਼ਾਨਾ ਹੀ ਸੁਬਹ ਸਵੇਰੇ,
ਤਿਆਰ ਕਰ ਦਿੰਦੇ ਮੰਮੀ ਮੇਰੇ,
ਕਰਨੀ ਨੀ ਸ਼ਰਾਰਤ ਸਮਝਾਇਆ।
ਹੁਣ ਤਾਂ ਸਕੂਲ....।
ਹੈੱਡ ਫੋਨ 'ਤੇ ਸੁਣੇ ਗੱਲ ਸਾਰੀ,
ਬੱਚੇ ਬੋਲਦੇ ਨੇ ਵਾਰੋ-ਵਾਰੀ,
ਨਵੇਂ ਤਰੀਕੇ ਨੇ ਸਮਾਂ ਬਚਾਇਆ।
ਹੁਣ ਤਾਂ ਸਕੂਲ....।
ਲਾਕਡਾਊਨ ਦੀ ਹੈ ਮਜਬੂਰੀ,
ਪੜ੍ਹਾਈ ਵੀ ਤਾਂ ਪਰ ਜ਼ਰੂਰੀ,
ਵਰਕ ਸਾਰਾ ਵਿਵੇਕ ਮੁਕਾਇਆ।
ਹੁਣ ਤਾਂ ਸਕੂਲ....।

-ਵਿਵੇਕ
ਕੋਟ ਈਸੇ ਖਾਂ, ਮੋਗਾ। ਮੋਬਾਈਲ : 94633-84051.

ਕੋਵਿਡ-19


ਕੋਵਿਡ ਤੋਂ ਭਾਵ ਹੈ ਕੋਰੋਨਾ ਵਾਇਰਸ ਡਿਜ਼ੀਜ਼ ਸਾਲ 2019। ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੋਵਿਡ-19 ਨੇ ਪੂਰੇ ਵਿਸ਼ਵ 'ਚ ਅਸ਼ਾਂਤੀ ਫੈਲਾ ਰੱਖੀ ਹੈ। ਚਾਰ ਚੁਫੇਰਾ ਸੁੰਨਾ ਜਿਹਾ ਦਿਖਾਈ ਦਿੰਦਾ ਹੈ। ਜੇਕਰ ਇਸ ਤੋਂ ਬਚਣ ਦੇ ਉਪਰਾਲੇ ਨਾ ਕੀਤੇ ਗਏ ਤਾਂ ਇਹ ਸਭ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ। ਉਂਝ ਤਾਂ ਆਪਾਂ ਬਹੁਤ ਫੁਕਰੀਆਂ ਮਾਰਦੇ ਹਾਂ ਪਰ ਕੀ ਆਪਾਂ ਆਪਣੀ ਤੇ ਆਪਣਿਆਂ ਦੀ ਜਾਣ ਬਚਾਉਣ ਲਈ ਘਰ ਵੀ ਨਹੀਂ ਰਹਿ ਸਕਦੇ ਫਿਰ ਤਾਂ ਇਹ ਬਹੁਤ ਸ਼ਰਮ ਦੀ ਗੱਲ ਹੋਵੇਗੀ। ਟੀ.ਵੀ. 'ਤੇ ਇਸ਼ਤਿਹਾਰ ਦੇ ਰਹੇ ਨੇ ਅਮਰੀਕਾ ਜਾਵੋ ਕੈਨੇਡਾ ਜਾਵੋ। ਭਲਾ ਕੋਈ ਇਸ ਘੜੀ ਵਿਚ ਅਮਰੀਕਾ ਕੈਨੇਡਾ ਕਿਉਂ ਜਾਵੇਗਾ। ਜਦਕਿ ਉੱਥੇ ਤਾਂ ਕੋਰੋਨਾ ਨੇ ਹੋਰ ਵੀ ਜ਼ਿਆਦਾ ਕਹਿਰ ਮਚਾਇਆ ਹੋਇਆ ਹੈ। ਸਾਡੀ ਪੜ੍ਹਾਈ ਖਰਾਬ ਨਾ ਹੋਵੇ ਤੇ ਕਿਤਾਬਾਂ ਨਾਲ ਸਾਡਾ ਰਾਬਤਾ ਕਾਇਮ ਰਹੇ ਇਸ ਦੇ ਲਈ ਸਾਰੇ ਅਧਿਆਪਕ ਬਹੁਤ ਮਿਹਨਤ ਨਾਲ ਆਨਲਾਈਨ ਕੰਮ ਕਰਵਾ ਰਹੇ ਨੇ। ਬਹੁਤੇ ਮੇਰੇ ਵੀਰਾਂ ਭੈਣਾਂ ਕੋਲ ਤਾਂ ਇਹ ਸਮਾਰਟ ਫੋਨ ਵੀ ਨਹੀਂ ਹਨ। ਕਈ ਜਗ੍ਹਾ 'ਤੇ ਇਸ ਤਰ੍ਹਾਂ ਵੀ ਹੋ ਰਿਹਾ ਹੈ ਕਿ ਗਲੀ ਵਿਚ ਮੋਬਾਈਲ ਇਕ ਹੁੰਦਾ ਤੇ ਉਸ ਤੋਂ ਕੰਮ ਕਰਨ ਵਾਲੇ ਬੱਚੇ ਕਾਫ਼ੀ ਇਕੱਠੇ ਹੋ ਜਾਂਦੇ ਨੇ। ਕੀ ਇਸ ਤਰ੍ਹਾਂ ਏਨੇ ਹੱਥਾਂ ਨਾਲ ਮੋਬਾਈਲ ਪ੍ਰਭਾਵਿਤ ਨਹੀਂ ਹੋਵੇਗਾ? ਹੱਥਾਂ ਨੂੰ ਤਾਂ ਧੋਤਾ ਜਾ ਸਕਦਾ ਹੈ, ਕੀ ਮੋਬਾਇਲ ਨੂੰ ਧੋ ਸਕਦੇ ਹੈ? ਉਸ ਨੂੰ ਸੈਨੇਟਾਈਜ਼ ਕਰ ਸਕਦੇ ਹਾਂ? ਪੜ੍ਹਾਈ ਲਈ ਕਾਪੀਆਂ, ਕਿਤਾਬਾਂ, ਪੈਨਸਿਲਾਂ ਬਜ਼ਾਰਾਂ ਵਿਚੋਂ ਮੁਹੱਈਆ ਕਰਵਾਉਣਾ ਵੀ ਔਖਾ ਹੋ ਰਿਹਾ ਹੈ। ਹਰ ਬੰਦਾ ਹਰ ਤਰ੍ਹਾਂ ਦੀ ਸਹੂਲਤ ਨਹੀਂ ਲੈ ਸਕਦਾ। ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਜ਼ਿਆਦਾ ਤਰ ਲੋਕ ਮਾਸਕ ਬਣਾਉਣ ਵਿਚ ਹੀ ਲੱਗੇ ਹੋਏ ਨੇ। ਮਾਸਕ ਤਾਂ ਬੰਦਾ ਘਰੇ ਵੀ ਬਣਾ ਲਊ ਪਰ ਆਟਾ ਨਹੀਂ ਬਣਾ ਸਕਦਾ। ਮਾਸਕ ਲਗਾ ਕੇ ਬਿਮਾਰੀ ਤੋਂ ਤਾਂ ਬਚਾ ਕਰ ਸਕਦੈ ਪਰ ਭੁੱਖ ਤੋਂ ਨਹੀਂ ਕਰ ਸਕਦਾ।

-ਜਮਾਤ-ਸੱਤਵੀਂ, ਮਾਨਸਾ। ਮੋਬਾਈਲ :"9877021182

ਬਾਲ ਗੀਤ

ਕੁਲਫ਼ੀ ਵਾਲਾ

ਕੁਲਫ਼ੀ ਵਾਲਾ ਭਾਈ ਹੈ ਆਇਆ,
ਆ ਕੇ ਉਸ ਨੇ ਹੋਕਾ ਲਾਇਆ।
ਪਾਂਪੂੰ ਪਾਂਪੂੰ ਵਜਾਈ ਜਾਵੇ,
ਬੱਚਿਆਂ ਨੂੰ ਬੁਲਾਈ ਜਾਵੇ।
ਪਿਆਰੇ ਪਿਆਰੇ ਬੱਚਿਓ ਆਓ,
ਠੰਢੀਆਂ ਠੰਢੀਆਂ ਕੁਲਫ਼ੀਆਂ ਖਾਓ।
ਬਰਫ਼ ਵਾਲੀਆਂ ਖੋਏ ਵਾਲੀਆਂ,
ਲੱਗਣ ਸਵਾਦ ਜੋ ਤੁਹਾਨੂੰ ਬਾਹਲੀਆਂ।
ਮਿੱਠੀਆਂ ਮਿੱਠੀਆਂ ਰੰਗ ਬਰੰਗੀਆਂ,
ਸਭ ਨੂੰ ਇਹ ਹਨ ਲੱਗਣ ਚੰਗੀਆਂ।
'ਗੋਗੀਆ' ਮਨ ਨੂੰ ਭਾਉਣ ਕੁਲਫ਼ੀਆਂ,
ਸੀਨੇ ਠੰਢ ਪਾਉਣ ਕੁਲਫ਼ੀਆਂ।


-ਜਸਵੰਤ ਗੋਗੀਆ
ਮੋਬਾਈਲ : 99142-19469.

ਬਾਲ ਕਵਿਤਾ

ਸਾਡੀ ਬੱਲ੍ਹੋ

ਸਾਡੀ ਮੱਝ ਨੇ ਦਿੱਤੀ ਕੱਟੀ,
ਬਹੁਤੀ ਕਾਲੀ, ਮੱਥਿਓਂ ਚਿੱਟੀ
ਸਵੇਰੇ ਸਵੇਰੇ ਆਈ ਉਹ
ਖੁਸ਼ੀਆਂ ਨਾਲ ਲਿਆਈ ਉਹ
ਥੋੜ੍ਹੀ ਦੇਰ 'ਚ ਭੱਜਣ ਲੱਗੀ
ਸਭ ਨੂੰ ਚੰਗੀ ਲੱਗਣ ਲੱਗੀ
ਗਲ ਉਸ ਦੇ ਗਾਨੀ ਪਾਈ
ਘੁੰਗਰੂਆਂ ਦੇ ਨਾਲ ਸਜਾਈ
ਇਧਰ ਉੱਧਰ ਜਾਵਣ ਲੱਗੀ
ਘੁੰਗਰੂ ਉਹ ਛਣਕਾਵਣ ਲੱਗੀ
ਪੈਰੀਂ ਉਸ ਦੇ ਗਾਨੇ ਬੱਧੇ
ਉਸ ਨੂੰ ਸੋਹਣੇ ਲੱਗਣ ਲੱਗੇ
ਵੀਰੇ ਉਸ ਦੀ ਫੋਟੋ ਲਾਹੀ
ਦੋਸਤਾਂ ਲਈ ਫੇਸਬੁੱਕ 'ਤੇ ਪਾਈ
ਮੱਥੇ ਟਿੱਕਾ ਅਤੇ ਖੁਰ ਚਾਰੇ
ਬੱਲ੍ਹੋ ਬੱਲ੍ਹੋ ਆਖਣ ਸਾਰੇ।

-ਗੁਰਮੀਤ ਸਿੰਘ ਮਰਾੜ੍ਹ
ਮੋ: 95014-00397.

ਕਿਤਾਬਾਂ ਪੜ੍ਹ-ਪੜ੍ਹ...

ਬੱਚਿਓ ਗੇੜੀ ਬਾਹਰ ਨਾ ਮਾਰੋ।
ਮਾਪਿਆਂ ਦੇ ਸੰਗ ਵਕਤ ਗੁਜ਼ਾਰੋ।
ਘਰੇ ਕਿਤਾਬਾਂ ਪੜ੍ਹ-ਪੜ੍ਹਕੇ ਤੁਸੀਂ,
ਆਪਣਾ ਗਿਆਨ ਵਧਾਓ ਜੀ।
ਬਾਹਰ ਕੋਰੋਨਾ ਦੀ ਹੈ ਦਹਿਸ਼ਤ,
ਬਾਹਰ ਕਤੱਈ ਨਾ ਜਾਓ ਜੀ।
ਛੂਤ ਦੀ ਇਹੋ ਬਿਮਾਰੀ ਬੱਚਿਓ।
ਫੈਲਣਾ ਇਸ ਦਾ ਜਾਰੀ ਬੱਚਿਓ।
ਇੱਕ ਦੂਜੇ ਤੋਂ ਦੂਰ ਰਹਿਣਾ ਹੀ,
ਇਸ ਤੋਂ ਅਜੇ ਬਚਾਓ ਜੀ।
ਬਾਹਰ ਕੋਰੋਨਾ ਦੀ....।
ਲੱਖਾਂ ਇਸ ਤੋਂ ਪੀੜਤ ਹੋ ਗਏ।
ਕਈ ਵਿਚਾਰੇ ਜਾਨਾਂ ਖੋ ਗਏ।
ਵਾਰ-ਵਾਰ ਹੱਥ ਧੋਂਦੇ ਰਹਿਣਾ,
ਕੱਪੜੇ ਵੀ ਰੋਜ਼ ਬਦਲਾਓ ਜੀ।
ਬਾਹਰ ਕੋਰੋਨਾ ਦੀ....।
ਦਾਦੀ ਮਾਂ ਤੋਂ ਸੁਣੋ ਕਹਾਣੀ।
ਉੱਠ ਸਵੇਰੇ ਪੜ੍ਹ ਲਓ ਬਾਣੀ।
ਘਰ ਵਿਚ ਘਰ ਦੇ ਕੰਮਾਂ ਵਿਚ ਵੀ,
'ਨਾਗਰਾ' ਹੱਥ ਵਟਾਓ ਜੀ।
ਬਾਹਰ ਕੋਰੋਨਾ ਦੀ....।

-ਜਸਪਾਲ ਸਿੰਘ ਨਾਗਰਾ 'ਮਹਿੰਦਪੁਰੀਆ'
ਯੂਬਾ ਸਿਟੀ -ਕੈਲੇਫੋਰਨੀਆ(ਅਮਰੀਕਾ)
ਫੋਨ : 001-360-448-1989

ਰੇਲਵੇ ਬਾਰੇ ਰੌਚਿਕ ਜਾਣਕਾਰੀ

  •  ਵਿਸ਼ਵ ਵਿਚ ਪਹਿਲੀ ਰੇਲ ਗੱਡੀ 1825 ਈ: ਵਿਚ ਬਰਤਾਨੀਆ ਦੇਸ਼ ਵਿਚ ਚਲਾਈ ਗਈ ਸੀ।
  •  ਭਾਰਤ ਵਿਚ ਪਹਿਲੀ ਰੇਲ ਗੱਡੀ 1853 ਈ: ਵਿਚ ਮੁੰਬਈ ਤੋਂ ਥਾਣੇ ਵਿਚਕਾਰ ਚਲਾਈ ਗਈ ਸੀ।
  •  16 ਅਪ੍ਰੈਲ ਨੂੰ ਰੇਲਵੇ ਦਿਵਸ ਮਨਾਇਆ ਜਾਂਦਾ ਹੈ।
  •  ਜਾਰਜ ਸਟੀਫਨਸਨ ਨੂੰ ਰੇਲਵੇ ਦਾ ਪਿਤਾਮਾ ਕਿਹਾ ਜਾਂਦਾ ਹੈ।
  •  ਸ੍ਰੀ ਆਸਿਫ਼ ਅਲੀ ਭਾਰਤ ਦੇ ਪਹਿਲੇ ਰੇਲ ਮੰਤਰੀ ਸਨ।
  •  ਭਾਰਤ ਦੀ ਸਭ ਤੋਂ ਤੇਜ਼ ਚੱਲਣ ਵਾਲੀ ਰੇਲ ਗੱਡੀ ਦਾ ਨਾਂਅ 'ਗਤੀਮਾਨ ਐਕਸਪ੍ਰੈੱਸ' ਹੈ।
  •  ਭਾਰਤ ਅਤੇ ਪਾਕਿਸਤਾਨ ਦੇਸ਼ ਵਿਚ ਚੱਲਣ ਵਾਲੀ ਗੱਡੀ ਦਾ ਨਾਂਅ 'ਸਮਝੌਤਾ ਐਕਸਪ੍ਰੈੱਸ' ਹੈ।
  •  ਰੇਲਵੇ ਵਿਭਾਗ ਨੂੰ ਸਭ ਤੋਂ ਵੱਧ ਕਮਾਈ ਮਾਲ-ਭਾੜੇ ਤੋਂ ਹੁੰਦੀ ਹੈ।

-ਮੋਗਾ।
ਮੋਬਾ: 94170-05183



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX