ਤਾਜਾ ਖ਼ਬਰਾਂ


2 ਧਿਰਾਂ ਦਰਮਿਆਨ ਹੋਏ ਝਗੜੇ 'ਚ ਇੱਕ ਦੀ ਮੌਤ, ਔਰਤ ਸਣੇ 3 ਜ਼ਖਮੀ
. . .  14 minutes ago
ਬਠਿੰਡਾ, 5 ਜੁਲਾਈ (ਨਾਇਬ ਸਿੱਧੂ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਵਿਚ ਸ਼ਾਮੀ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਸਮੇਤ ਤਿੰਨ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਉਨ੍ਹਾਂ ਵਿਚੋਂ ਇੱਕ...
ਖਾਲੀ ਪਲਾਟ 'ਚੋਂ ਮਿਲੀ ਗਲੀ ਸੜੀ ਲਾਸ਼
. . .  22 minutes ago
ਜਲੰਧਰ, 5 ਜੁਲਾਈ - ਇੱਥੋਂ ਦੇ ਗਰੀਨ ਐਵਿਨਿਊ ਇਲਾਕੇ 'ਚ ਇੱਕ ਖਾਲੀ ਪਲਾਟ 'ਚੋਂ ਗਲੀ ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਸ ਦਾ ਪਤਾ ਲੱਗਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼...
ਰਾਜਪੁਰਾ (ਪਟਿਆਲਾ) 'ਚ 4 ਕੋਰੋਨਾ ਪਾਜ਼ੀਟਿਵ ਆਉਣ ਕਾਰਨ ਦਹਿਸ਼ਤ ਦਾ ਮਾਹੌਲ
. . .  52 minutes ago
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਚੱਲਦਿਆਂ 3 ਮਰੀਜ਼ ਸ਼ਹਿਰ ਵਿਚ ਅਤੇ ਇਕ ਔਰਤ ਨੇੜਲੇ ਪਿੰਡ ਸਾਹਲ ਵਿਚ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਹ ਜਾਣਕਾਰੀ ਸੀ.ਐਮ.ਓ ਪਟਿਆਲਾ ਡਾ. ਹਰੀਸ਼ ਮਲਹੋਤਰਾ...
ਜੈਤੋ 'ਚ ਪੈਟਰੋਲ ਪੰਪ ਤੋਂ 7 ਹਜ਼ਾਰ ਦੀ ਲੁੱਟ, ਕੀਤੇ ਹਵਾਈ ਫਾਇਰ
. . .  about 1 hour ago
ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਮੁਕਤਸਰ ਰੋਡ 'ਤੇ ਸਥਿਤ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਵਿਖੇ ਪ੍ਰਿੰਸ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ ਕਰਿੰਦੇ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 7 ਹਜ਼ਾਰ ਰੁਪਏ ਦੀ ਲੁੱਟ ਤੋਂ ਬਾਅਦ ਦੋ ਹਵਾਈ ਫਾਇਰ ਕਰ ਕੇ ਫ਼ਰਾਰ ਹੋਣ ਜਾਣ ਦਾ ਪਤਾ ਲੱਗਿਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆ...
ਕੋਰੋਨਾ ਨੇ ਮਮਦੋਟ ਵਿਚ ਵੀ ਦਿੱਤੀ ਦਸਤਕ
. . .  about 1 hour ago
ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ) - ਕੋਰੋਨਾ ਵਾਇਰਸ ਦੀ ਮਮਦੋਟ ਵਿਚ ਦਸਤਕ ਨਾਲ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾਕਟਰ ਰਜਿੰਦਰ ਮਨਚੰਦਾ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਦੌਰਾਨ ਬੀ.ਐੱਸ.ਐੱਫ ਦੀ 124 ਬਟਾਲੀਅਨ...
ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ
. . .  about 2 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ...
ਪਠਾਨਕੋਟ 'ਚ 1 ਹੋਰ ਮਰੀਜ਼ ਆਇਆ ਕੋਰੋਨਾ ਪਾਜ਼ੀਟਿਵ
. . .  about 2 hours ago
ਪਠਾਨਕੋਟ, 5 ਜੁਲਾਈ (ਆਰ. ਸਿੰਘ) ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਇਕ ਹੋਰ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 213 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ...
ਪਾਤੜਾਂ (ਪਟਿਆਲਾ) ਅੰਦਰ ਸਿਹਤ ਕਰਮੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ
. . .  about 2 hours ago
ਪਾਤੜਾਂ 5 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ..
ਲੋਹੀਆਂ 'ਚ 2 ਪਾਜ਼ੀਟਿਵ ਮਰੀਜ਼ਾਂ ਨਾਲ ਕੋਰੋਨਾ ਨੇ ਮੁੜ ਦਿੱਤੀ ਦਸਤਕ
. . .  about 2 hours ago
ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ 'ਚ ਭਾਵੇਂ ਲਾਕਡਾਊਨ 'ਚ ਦਿਨੋਂ ਦਿਨ ਢਿੱਲ ਦਿੱਤੀ ...
ਸ੍ਰੀ ਮੁਕਤਸਰ ਸਾਹਿਬ ਦੀ ਕੋਰੋਨਾ ਪੀੜਤ ਔਰਤ ਦੀ ਲੁਧਿਆਣਾ 'ਚ ਮੌਤ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਾਸੀ....
ਅੰਮ੍ਰਿਤਸਰ 'ਚ ਕੋਰੋਨਾ ਦੇ 7 ਮਾਮਲਿਆਂ ਦੀ ਪੁਸ਼ਟੀ
. . .  about 3 hours ago
ਅੰਮ੍ਰਿਤਸਰ, 5 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
ਸ਼ਾਹਕੋਟ ਦੇ ਪਿੰਡ ਫਾਜਲਪੁਰ 'ਚ ਦੋ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ 25 ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ
. . .  about 3 hours ago
ਸ਼ਾਹਕੋਟ, 5 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਕੋਰੋਨਾ ਮਹਾਂਮਾਰੀ ਦਰਮਿਆਨ ਮੁੱਢਲੀ ਕਤਾਰ 'ਚ ਲੋਕਾਂ ਦੀ ....
ਪੰਜਾਬ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ
. . .  about 3 hours ago
ਫ਼ਾਜ਼ਿਲਕਾ, 5 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ...
ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਫ਼ਰੀਦਕੋਟ, 5 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚ ਫ਼ਰੀਦਕੋਟ ...
ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  about 3 hours ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 4 hours ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 4 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 5 hours ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 5 hours ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 5 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 6 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 6 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਜੀਵਨ ਅਤੇ ਜੀਵਨ ਸਰੋਤ ਸਮੁੰਦਰ

8 ਜੂਨ ਨੂੰ ਸਮੁੰਦਰ ਦਿਵਸ 'ਤੇ ਵਿਸ਼ੇਸ਼

ਧਰਤੀ ਦਾ ਦੋ ਤਿਹਾਈ ਹਿੱਸਾ ਅਤੇ ਇਸ ਦਾ 97% ਪਾਣੀ ਇਸ ਦੇ ਸਮੁੰਦਰ ਦੀ ਗੋਦ ਵਿਚ ਸਮਾਇਆ ਹੋਇਆ ਹੈ। ਸਾਡੇ ਵਾਯੂਮੰਡਲ ਨੂੰ ਅੱਧੇ ਤੋਂ ਵੀ ਵੱਧ ਆਕਸੀਜਨ ਦੇਣ ਵਾਲਾ ਧਰਤੀ 'ਤੇ ਸਭ ਤੋਂ ਵੱਧ ਕਾਰਬਨ-ਡਾਈਆਕਸਾਈਡ ਆਪਣੇ ਅੰਦਰ ਸਮੋਅ ਲੈਣ ਵਾਲਾ ਅਤੇ ਮੀਂਹ, ਗੜੇ ਅਤੇ ਬਰਫ਼ ਦੇ ਰੂਪ ਵਿਚ ਧਰਤੀ 'ਤੇ ਪਾਣੀ ਦਾ ਜਲ ਚੱਕਰ ਚਲਾਉਣ ਵਾਲਾ ਇਹ ਵਿਸ਼ਾਲ ਸਮੁੰਦਰ ਹੀ ਹੈ।
ਸਮੁੰਦਰ ਧਰਤੀ 'ਤੇ ਜੀਵਨ ਪ੍ਰਦਾਨ ਕਰਦਾ ਹੈ। ਸਾਡਾ ਹਰੇਕ ਸਾਹ ਅਤੇ ਪਾਣੀ ਦੀ ਪੀਤੀ ਹਰੇਕ ਬੂੰਦ ਸਮੁੰਦਰ ਦੀ ਮੁਹਤਾਜ ਹੈ। ਸਾਡੇ ਪੌਣ-ਪਾਣੀ ਜਾਂ ਜਲਵਾਯੂ ਨੂੰ ਚਲਾਉਣ ਵਾਲੀ ਅਸਲੀ ਸ਼ਕਤੀ ਵੀ ਇਹ ਸਮੁੰਦਰ ਹੀ ਹੈ। ਇਹ ਸਾਡੇ ਪਿਛੋਕੜ, ਵਰਤਮਾਨ ਅਤੇ ਭਵਿੱਖ ਦੇ ਤਾਣੇ-ਬਾਣੇ ਦੇ ਸੂਤਰਾਂ ਵਿਚ ਸਾਡੇ ਨਾਲ ਹੀ ਬੱਝਾ ਹੋਇਆ ਹੈ।
ਪਾਣੀ ਤੋਂ ਬਿਨਾਂ ਸਾਡੀ ਧਰਤੀ ਵਿਰਾਨ ਅਤੇ ਬੰਜਰ ਹੈ। ਪਹਾੜਾਂ ਦੀਆਂ ਚੋਟੀਆਂ ਤੋਂ ਲੈ ਕੇ ਡੂੰਘੀਆਂ ਖਾਈਆਂ ਤੱਕ, ਵਿਸ਼ਾਲ ਮੈਦਾਨਾਂ ਤੋਂ ਲੈ ਕੇ ਸੰਘਣੇ ਜੰਗਲਾਂ ਤੱਕ, ਪਾਣੀ ਹੀ ਜੀਵਨ ਅਤੇ ਜੀਵਨ ਸਰੋਤ ਹੈ। ਪਾਣੀ ਦਾ ਇਹ ਨੀਲਾ ਜਾਲ ਜਿਸ ਨੂੰ ਅਸੀਂ ਸਮੁੰਦਰ ਕਹਿੰਦੇ ਹਾਂ, 1.3 ਬਿਲੀਅਨ ਕਿਊਬਿਕ ਕਿੱਲੋਮੀਟਰ ਦਾ ਹੈ ਭਾਵ ਧਰਤੀ ਦਾ 70% ਹਿੱਸਾ ਸਮੁੰਦਰ ਨਾਲ ਘਿਰਿਆ ਹੋਇਆ ਹੈ। ਇਹ ਸ਼ਾਨਦਾਰ ਡੂੰਘੇ ਨੀਲੇ ਪਾਣੀ ਦਾ ਜਾਲ ਧਰਤੀ ਦੇ ਵਾਯੂਮੰਡਲ, ਪੌਣ ਪਾਣੀ ਅਤੇ ਮੌਸਮ ਨੂੰ ਚਲਾਉਂਦਾ ਹੈ।
ਮਨੁੱਖ ਦੇ ਇਸ ਧਰਤੀ 'ਤੇ ਪੈਦਾ ਹੋਣ ਤੋਂ ਪਹਿਲਾਂ ਸਮੁੰਦਰ ਹੋਂਦ 'ਚ ਆਇਆ ਪਰ ਅੱਜ ਵੀ ਇਹ ਮਨੁੱਖ ਲਈ ਰਹੱਸਮਈ ਬਣਿਆ ਹੋਇਆ ਹੈ। ਇਸ ਦੀਆਂ ਡੂੰਘਾਈਆਂ ਵਿਚ ਸਮਾਈ ਕੁਦਰਤ ਦਾ ਅੱਜ ਵੀ ਸਾਨੂੰ ਪੂਰੀ ਤਰ੍ਹਾਂ ਗਿਆਨ ਅਤੇ ਅਹਿਸਾਸ ਨਹੀਂ ਹੈ।
ਨਦੀਆਂ, ਨਾਲਿਆਂ ਦਾ ਪ੍ਰਦੂਸ਼ਿਤ ਪਾਣੀ ਅਖ਼ੀਰ ਵਿਚ ਸਮੁੰਦਰ ਵਿਚ ਹੀ ਜਾ ਕੇ ਡਿਗਦਾ ਹੈ। ਪੂਰੀ ਮਨੁੱਖਤਾ ਅੱਗੇ ਇਹ ਸਵਾਲ ਹੈ ਕਿ ਜੇਕਰ ਇਹ ਸਮੁੰਦਰ ਹੀ ਪ੍ਰਦੂਸ਼ਿਤ ਹੋ ਗਿਆ, ਇਹ ਪਲਾਸਟਿਕ, ਕੂੜੇ, ਸੀਵਰੇਜ, ਉਦਯੋਗਿਕ ਰਹਿੰਦ-ਖੂੰਹਦ, ਰਸਾਇਣਾਂ, ਕੀਟ-ਨਾਸ਼ਕਾਂ ਨਾਲ ਭਰ ਗਿਆ ਤਾਂ ਕੀ ਹੋਵੇਗਾ? ਪਹਿਲਾਂ ਹੀ ਗਲੋਬਲ ਵਾਰਮਿੰਗ (ਆਲਮੀ ਤਪਸ਼) ਕਰਕੇ ਸਮੁੰਦਰੀ ਤਲ ਦੀ ਉਚਾਈ ਵਧ ਰਹੀ ਹੈ, ਜਿਸ ਨਾਲ ਕੁਦਰਤੀ ਕਰੋਪੀਆਂ ਦਿਨੋ-ਦਿਨ ਵਧ ਰਹੀਆਂ ਹਨ।
ਵਾਯੂਮੰਡਲ ਵਿਚ ਗ੍ਰੀਨ ਹਾਊਸ ਗੈਸਾਂ ਕੇਵਲ ਜ਼ਮੀਨ ਦਾ ਹੀ ਨਹੀਂ ਬਲਕਿ ਸਮੁੰਦਰ ਦੇ ਪਾਣੀ ਦਾ ਤਾਪਮਾਨ ਵੀ ਵਧਾਉਂਦੀਆਂ ਹਨ। ਗਰਮ ਹੋਣ ਕਰਕੇ ਪਾਣੀ ਦਾ ਵਾਸ਼ਪੀਕਰਨ ਛੇਤੀ ਹੁੰਦਾ ਹੈ, ਜਿਸ ਨਾਲ ਬੇਮੌਕੇ ਅਤੇ ਜ਼ਿਆਦਾ ਮੀਂਹ ਅਤੇ ਹਨੇਰੀਆਂ ਆਉਂਦੀਆਂ ਹਨ। ਵਧੇ ਹੋਏ ਤਾਪਮਾਨ ਨਾਲ ਸਮੁੰਦਰ ਦੇ ਜੀਵ-ਜੰਤੂਆਂ ਦਾ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਸਮੁੰਦਰ ਦਾ ਪਾਣੀ ਗਰਮ ਹੋ ਕੇ ਫੈਲਦਾ ਹੈ, ਜਿਸ ਨਾਲ ਸਮੁੰਦਰੀ ਤਲ ਦੀ ਉਚਾਈ ਵਧਦੀ ਹੈ ਅਤੇ ਇਹ ਸਮੁੰਦਰੀ ਤੱਟਾਂ ਅਤੇ ਨੇੜਲੇ ਇਲਾਕਿਆਂ ਵਿਚ ਹੜ੍ਹ ਆਉਣ ਦਾ ਕਾਰਨ ਬਣ ਜਾਂਦਾ ਹੈ।
ਗਲੇਸ਼ੀਅਰ ਅਤੇ ਧਰੁਵਾਂ ਦੀਆਂ ਬਰਫ਼ੀਲੀਆਂ ਤਹਿਆਂ ਪਿਘਲਣ ਨਾਲ ਸਮੁੰਦਰ ਦੇ ਪਾਣੀ ਦਾ ਪੱਧਰ ਹੋਰ ਵਧ ਰਿਹਾ ਹੈ। ਇਕ ਅਨੁਮਾਨ ਅਨੁਸਾਰ ਜੇਕਰ ਗ੍ਰੀਨਲੈਂਡ ਦੀ ਬਰਫ਼ ਪਿਘਲ ਜਾਏ ਤਾਂ ਧਰਤੀ 'ਤੇ ਸਥਿਤ ਸਾਰੇ ਸਮੁੰਦਰ ਦਾ ਪਾਣੀ ਦਾ ਪੱਧਰ 7 ਮੀਟਰ ਉੱਪਰ ਹੋ ਜਾਵੇਗਾ ਅਤੇ ਜੇਕਰ ਐਂਟਾਰਕਟਿਕ ਦੀ ਬਰਫ਼ ਪਿਘਲ ਜਾਵੇ ਤਾਂ ਇਹ ਪੱਧਰ 65 ਮੀਟਰ ਵਧ ਜਾਵੇਗਾ। ਦੁਨੀਆ ਦੇ ਕਈ ਦੀਪ ਅਤੇ ਸ਼ਹਿਰ ਜਿਵੇਂ ਮਾਲਦੀਵਜ਼, ਸੈਸ਼ਲਜ਼, ਵੈਨਿਸ, ਢਾਕਾ, ਬੈਂਕਾਕ, ਅਲੈਗਜ਼ੈਂਡਰੀਆ, ਮਿਆਮੀ, ਜਕਾਰਤਾ ਅਤੇ ਸਾਡਾ ਆਪਣਾ ਮੁੰਬਈ ਸ਼ਹਿਰ, ਜਲਦੀ ਹੀ ਸਮੁੰਦਰ ਦੇ ਪਾਣੀ ਦੀਆਂ ਡੂੰਘਾਈਆਂ ਵਿਚ ਡੁੱਬ ਜਾਣਗੇ। ਇਸ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਇਹ ਕਿੰਨਾ ਖ਼ਤਰਨਾਕ ਸਾਬਤ ਹੋਵੇਗਾ।
ਵਾਯੂਮੰਡਲ ਵਿਚ ਵਧੇਰੇ ਕਾਰਬਨ ਡਾਈਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਘੁਲ ਕੇ ਉਸ ਨੂੰ ਤੇਜ਼ਾਬੀ ਬਣਾ ਦਿੰਦੀਆਂ ਹਨ, ਜਿਸ ਨਾਲ ਪਾਣੀ ਵਿਚ ਕੈਲਸ਼ੀਅਮ ਕਾਰਬੋਨੇਟ ਦੀ ਮਾਤਰਾ ਬਹੁਤ ਘਟ ਜਾਂਦੀ ਹੈ। ਕਈ ਸਮੁੰਦਰੀ ਜੀਵ ਵਿਸ਼ੇਸ਼ ਕਰਕੇ ਕਲੈਮਜ਼, ਓਸਟਰਜ਼, ਮੂਸਲਸ ਅਤੇ ਕੋਰਲ ਨਹੀਂ ਬਣ ਸਕਦੇ ਅਤੇ ਕਈ ਵਿਸ਼ੇਸ਼ ਕਿਸਮ ਦੀਆਂ ਮੱਛੀਆਂ ਮਰ ਜਾਂਦੀਆਂ ਹਨ।
ਇਕ ਸਰਵੇਖਣ ਅਨੁਸਾਰ ਅਸੀਂ ਆਪਣੇ ਸਮੁੰਦਰ ਦੀਆਂ 90 ਫ਼ੀਸਦੀ ਵੱਡੀਆਂ ਮੱਛੀਆਂ ਖ਼ਤਮ ਕਰ ਚੁੱਕੇ ਹਾਂ। ਅਸੀਂ ਹਰ ਸਾਲ 8 ਮਿਲੀਅਨ ਮੀਟਰਿਕ ਟਨ ਪਲਾਸਟਿਕ ਇਸ ਵਿਚ ਸੁੱਟਦੇ ਹਾਂ। ਜੇਕਰ ਅਸੀਂ ਆਪਣੀਆਂ ਆਦਤਾਂ ਨਾ ਬਦਲੀਆਂ ਤਾਂ ਸੰਨ 2050 ਤੱਕ ਸਮੁੰਦਰ ਦੇ ਪਾਣੀ ਵਿਚ ਪਲਾਸਟਿਕ, ਇਸ ਵਿਚ ਰਹਿੰਦੇ ਜੀਵ-ਜੰਤੂ ਅਤੇ ਮੱਛੀਆਂ ਨਾਲੋਂ ਕਿਤੇ ਵਧੇਰੇ ਹੋਵੇਗਾ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸਮੁੰਦਰੀ ਬੂਟੇ ਵੀ ਇਸ ਕਾਰਨ ਖ਼ਤਮ ਹੋ ਚੁੱਕੇ ਹਨ। ਸਮੁੰਦਰੀ ਜੀਵ-ਜੰਤੂ ਅਤੇ ਮੱਛੀਆਂ 'ਤੇ ਨਿਰਭਰ ਕਈ ਪੰਛੀ ਵੀ ਵਿਨਾਸ਼ ਵੱਲ ਵਧ ਰਹੇ ਹਨ।
ਖੇਤੀਬਾੜੀ ਦੀ ਰਹਿੰਦ-ਖੂੰਹਦ ਵੀ ਜਦੋਂ ਸਮੁੰਦਰਾਂ ਵਿਚ ਸੁੱਟੀ ਜਾਂਦੀ ਹੈ ਤਾਂ ਇਸ ਵਿਚ ਮੌਜੂਦ ਨਾਈਟ੍ਰੋਜਨ ਵਰਗੇ ਖਣਿਜ ਪਦਾਰਥਾਂ ਕਾਰਨ ਸਮੁੰਦਰੀ ਪਾਣੀ ਵਿਚ ਕਾਈ ਵਧੇਰੇ ਪੈਦਾ ਹੋ ਜਾਂਦੀ ਹੈ, ਜਿਸ ਕਰਕੇ ਪਾਣੀ ਵਿਚ ਆਕਸੀਜਨ ਦੀ ਮਾਤਰਾ ਘਟਣ ਨਾਲ ਮੱਛੀਆਂ ਅਤੇ ਹੋਰ ਸਮੁੰਦਰੀ ਜੀਵ ਅਤੇ ਪੌਦੇ ਮਰ ਜਾਂਦੇ ਹਨ। ਇਸ ਕਰਕੇ ਸਮੁੰਦਰ ਦਾ ਉਹ ਹਿੱਸਾ ਜੀਵਨ ਤੋਂ ਸੱਖਣਾ ਹੋ ਜਾਂਦਾ ਹੈ। ਸੰਨ 2004 ਵਿਚ ਮੈਰੀਨ ਬਾਇਓਲੋਜਿਸਟ ਦੇ ਮੁਤਾਬਿਕ ਇਸ ਤਰ੍ਹਾਂ ਦੇ 146 'ਡੈੱਡ ਜ਼ੋਨ' ਸਨ ਜਿਨ੍ਹਾਂ ਦੀ ਗਿਣਤੀ ਸੰਨ 2008 'ਚ ਵਧ ਕੇ 405 ਹੋ ਗਈ ਸੀ।
ਮਨੁੱਖ ਕੋਲ ਸੋਚਣ ਅਤੇ ਸਮਝਣ ਦੀ ਸ਼ਕਤੀ ਹੈ। ਅਸੀਂ ਜਾਣ ਚੁੱਕੇ ਹਾਂ ਕਿ ਅਸੀਂ ਕੀ ਗ਼ਲਤੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਦੂਰ ਕਰਕੇ ਸਹੀ ਲੀਹ ਅਪਣਾਉਣ ਦੀ ਲੋੜ ਹੈ। ਇਸ ਸੰਦਰਭ ਵਿਚ ਸਾਨੂੰ ਕੀ ਠੋਸ ਕਦਮ ਚੁੱਕਣੇ ਚਾਹੀਦੇ ਹਨ, ਇਨ੍ਹਾਂ ਬਾਰੇ ਵੀ ਅਸੀਂ ਸੁਚੇਤ ਹਾਂ। ਬਸ ਹੁਣ ਲੋੜ ਹੈ ਤਾਂ ਪ੍ਰਤੀਬੱਧ ਹੋਣ ਦੀ, ਆਪਣੇ ਵਾਤਾਵਰਨ ਨੂੰ ਬਚਾਉਣ ਦੀ, ਆਪਣੇ ਸਮੁੰਦਰ ਨੂੰ ਬਚਾਉਣ ਦੀ, ਮਨੁੱਖਤਾ ਨੂੰ ਬਚਾਉਣ ਦੀ, ਆਪਣੇ-ਆਪ ਨੂੰ ਬਚਾਉਣ ਦੀ, ਕਿਉਂਕਿ ਸਮਾਂ ਸਾਡੇ ਹੱਥੋਂ ਰੇਤ ਵਾਂਗ ਕਿਰਦਾ ਜਾ ਰਿਹਾ ਹੈ।

E-mail : sarvinder_ajit@yahoo.co.in
Blog : sarvinderkaur.wordpress.com


ਖ਼ਬਰ ਸ਼ੇਅਰ ਕਰੋ

ਪੰਜਾਬ ਦੇ ਵਿਰਸੇ ਦਾ ਵਾਰਸ ਮਾਝਾ

ਮਾਝਾ ਪੰਜਾਬ ਦਾ ਉਹ ਹਿੱਸਾ ਹੈ, ਜਿਸ ਦੇ ਜ਼ਿਕਰ ਤੋਂ ਬਗੈਰ ਸਾਡੇ ਪੰਜ ਦਰਿਆਵਾਂ ਦੀ ਪਾਕ ਜ਼ਮੀਨ ਦਾ ਇਤਿਹਾਸ ਅਧੂਰਾ ਹੈ। ਇਹ ਉਹ ਖਿੱਤਾ ਹੈ, ਜੋ ਪੰਜਾਬ ਦਾ ਹੀ ਨਹੀਂ, ਬਲਕਿ ਹਿੰਦ-ਪਾਕਿ ਦਾ ਅਹਿਮ ਹਿੱਸਾ ਹੈ। ਪੂਰੇ ਇਲਾਕੇ ਵਿਚ ਮਾਝੇ ਦੀ ਸਿਆਸੀ, ਸਮਾਜਿਕ, ਮਾਲੀ ਅਤੇ ਧਾਰਮਿਕ ਦੇਣ (ਜਿਨ੍ਹਾਂ ਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ) ਨੂੰ ਮੱਦੇਨਜ਼ਰ ਰੱਖਦਿਆਂ ਇਹ ਕਹਿਣ ਵਿਚ ਕੋਈ ਸ਼ੱਕ ਨਹੀਂ ਕਿ ਮਾਝਾ ਪੰਜਾਬ ਦਾ ਸਰਤਾਜ ਹੈ। ਪੰਜ ਦਰਿਆਵਾਂ ਨੇ ਪੰਜਾਬ ਨੂੰ ਪੰਜ ਦੁਆਬਾਂ (ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ) ਵਿਚ ਵੰਡਿਆ ਹੈ ਅਤੇ ਇਨ੍ਹਾਂ ਦੁਆਬਾਂ ਦੇ ਨਾਂਅ ਵੀ ਉਨ੍ਹਾਂ ਦੇ ਨਾਲ ਹੀ ਲਗਦੇ ਦਰਿਆਵਾਂ ਦੇ ਨਾਂਅ 'ਤੇ ਬਣਾਏ ਗਏ ਹਨ। ਚੜ੍ਹਦੇ ਪਾਸਿਓਂ ਸ਼ੁਰੂ ਕਰੀਏ ਸਤਲੁਜ-ਬਿਆਸ ਦੇ ਵਿਚਕਾਰੇ 'ਬਿਸਤ ਦੁਆਬ' (ਜਾਂ ਦੁਆਬਾ) ਹੈ, ਇਸ ਵਿਚ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਆਉਂਦੇ ਹਨ। ਅੱਗੇ ਚੱਲੀਏ, ਬਿਆਸ ਤੇ ਰਾਵੀ ਦਾ ਇਲਾਕਾ 'ਬਾਰੀ ਦੁਆਬ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੀ ਤਫਸੀਲ ਥੋੜ੍ਹੀ ਦੇਰ ਬਾਅਦ। ਰਾਵੀ ਅਤੇ ਚਿਨਾਬ ਦਰਿਆਵਾਂ ਵਿਚ ਦਾ ਇਲਾਕਾ 'ਰਚਨਾ ਦੁਆਬ' (ਸ਼ਹੀਦ ਭਗਤ ਸਿੰਘ ਨਗਰ) ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਗੁਜਰਾਂਵਾਲਾ, ਸਿਆਲਕੋਟ, ਸ੍ਰੀ ਕਰਤਾਰਪੁਰ ਸਾਹਿਬ ਹਨ। ਹੋਰ ਲਹਿੰਦੇ ਪਾਸੇ ਚੱਲੀਏ, ਚਿਨਾਬ ਅਤੇ ਜੇਹਲਮ ਦੇ ਦਰਮਿਆਨ 'ਛੱਜ ਦੁਆਬ' ਹੈ, ਸਾਹੀਵਾਲ ਅਤੇ ਗੁਜਰਾਤ ਇਥੋਂ ਦੇ ਮਸ਼ਹੂਰ ਇਲਾਕੇ ਹਨ। ਆਖਿਰ ਵਿਚ ਜੇਹਲਮ ਤੇ ਸਿੰਧ ਦਰਿਆ ਦੇ ਇਲਾਕੇ ਨੂੰ 'ਸਿੰਧ ਸਾਗਰ ਦੁਆਬ' ਕਹਿੰਦੇ ਹਨ, ਰਾਵਲਪਿੰਡੀ ਤੇ ਮੀਆਂਵਾਲੀ ਇਸ ਦੁਆਬ ਦਾ ਹਿੱਸਾ ਹਨ।
'ਬਾਰੀ ਦੁਆਬ' ਤਕਰੀਬਨ ਪੰਜਾਬ ਵਿਚਕਾਰ ਹੋਣ ਕਰਕੇ ਪਹਿਲਾਂ ਇਸ ਨੂੰ 'ਮੰਝਲੀ' ਤੇ ਫਿਰ ਵਕਤ ਗੁਜ਼ਰਨ ਨਾਲ 'ਬਾਰੀ ਦੁਆਬ' ਦਾ ਨਾਂਅ 'ਮਾਝਾ' ਹੋ ਗਿਆ, ਜੋ ਇਸ ਲੇਖ ਦਾ ਮਜ਼ਮੂਨ ਹੈ। ਲਾਹੌਰ, ਅੰਮ੍ਰਿਤਸਰ, ਕਸੂਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਇਥੋਂ ਦੇ ਮਸ਼ਹੂਰ ਇਲਾਕੇ ਹਨ।
ਸ਼ੁਰੂ ਤੋਂ ਹੀ ਮਾਝਾ ਰਿਸ਼ੀਆਂ-ਮੁਨੀਆਂ ਤੇ ਪੀਰਾਂ-ਫ਼ਕੀਰਾਂ ਦਾ ਇਲਾਕਾ ਰਿਹਾ ਹੈ। ਤ੍ਰੇਤਾ ਯੁੱਗ ਵਿਚ ਮਾਤਾ ਸੀਤਾ ਦੇ ਬਨਵਾਸ ਦੌਰਾਨ ਸ੍ਰੀ ਰਾਮ ਚੰਦਰ ਦੇ ਸਪੂਤ ਲਵ-ਕੁਸ਼ ਦਾ ਜਨਮ ਇਥੇ ਹੋਇਆ, ਜੋ ਅੱਜਕਲ੍ਹ ਰਾਮ ਤੀਰਥ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮਾਝੇ ਨੂੰ ਗੁਰੂਆਂ ਦੀ ਨਗਰੀ ਵੀ ਕਿਹਾ ਜਾਂਦਾ ਹੈ। ਸਿੱਖ ਧਰਮ ਦੇ ਪ੍ਰਚਾਰ ਅਤੇ ਇਸ ਦੀ ਰੱਖਿਆ ਲਈ ਕੀਤੀਆਂ ਕੁਰਬਾਨੀਆਂ ਨੇ ਇਸ ਮਾਝੇ ਨੂੰ ਬਾਕੀ ਖਿੱਤਿਆਂ ਤੋਂ ਅੱਗੇ ਲੈ ਆਂਦਾ। ਮਾਈ ਭਾਗੋ ਤੇ 40 ਮੁਕਤਿਆਂ ਦੀ ਕੁਰਬਾਨੀ (ਜੋ ਸਾਰੇ ਮਾਝੇ ਤੋਂ ਸੀ) ਕਿਸੇ ਤੋਂ ਲੁਕੀ ਨਹੀਂ ਹੈ। ਮੁਗਲਾਂ ਤੇ ਖਾਸ ਕਰਕੇ ਮੱਸਾ ਰੰਗੜ ਦੇ ਤਸ਼ੱਦਦ ਤੋਂ ਕੌਣ ਵਾਕਿਫ ਨਹੀਂ। ਪਹੁਵਿੰਡ ਦੇ ਬਾਬਾ ਦੀਪ ਸਿੰਘ, ਝਬਾਲ ਦੇ ਬਲਾਕਾ ਸਿੰਘ, ਮੀਰਾਂਕੋਟ ਦੇ ਮਹਿਤਾਬ ਸਿੰਘ ਅਤੇ ਮਾੜੀਮੇਘਾ ਦੇ ਸੁੱਖਾ ਸਿੰਘ ਨੇ ਸ਼ਹਾਦਤਾਂ ਦੇ ਕੇ ਮੁਗਲਾਂ ਦੇ ਜ਼ੁਲਮਾਂ ਤੋਂ ਸਿਰਫ਼ ਨਿਜਾਤ ਹੀ ਨਹੀਂ ਦਿਵਾਈ, ਬਲਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਮੁੜ ਬਹਾਲ ਕੀਤੀ। ਸੂਫ਼ੀ ਸੰਤਾਂ ਦੇ ਸਿਰਮੌਰ ਬਾਬਾ ਬੁੱਲ੍ਹੇ ਸ਼ਾਹ ਤੇ ਉਸ ਦੇ ਮੁਰਸ਼ਦ ਸ਼ਾਹ ਇਨਾਇਤ ਦਾ ਕਸੂਰ ਅਤੇ ਲਾਹੌਰ ਨਾਲ ਤਾਅਲੁਕ ਹੈ। ਹੋਰ ਤੇ ਹੋਰ ਬੇਸ਼ੱਕ ਵਾਰਿਸ ਸ਼ਾਹ ਜਿਨ੍ਹਾਂ 'ਹੀਰ ਰਾਂਝੇ' ਦਾ ਕਿੱਸਾ ਲਿਖਿਆ ਸ਼ੇਖੂਪੁਰੇ ਦੇ ਸਨ, ਪਰ ਉਨ੍ਹਾਂ ਦੀ ਮੁਢਲੀ ਤਾਲੀਮ ਕਸੂਰ ਵਿਚ ਹੋਈ ਸੀ। ਇਸੇ ਲੜੀ ਵਿਚ ਰਾਧਾ ਸੁਆਮੀ ਡੇਰਾ ਬਿਆਸ ਅਤੇ ਧਿਆਨਪੁਰ (ਗੁਰਦਾਸਪੁਰ) ਵਿਚ ਬਾਵਾ ਲਾਲ ਜੀ ਦੀ ਗੱਦੀ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਜਿਨ੍ਹਾਂ ਦੀ ਮਾਨਤਾ ਬਹੁਤ ਦੂਰ-ਦੂਰ ਹੈ।
ਇਸੇ ਤਰ੍ਹਾਂ ਸਿਆਸਤ ਵਿਚ ਵੀ ਮਾਝਾ ਹਮੇਸ਼ਾ ਅਗਲਵਾਂਢੀ ਰਿਹਾ ਹੈ। ਸਿੱਖ ਸਿਆਸਤ ਦਾ ਆਗਾਜ਼ ਵੀ ਮਾਝੇ ਤੋਂ ਸ਼ੁਰੂ ਹੋਇਆ ਸੀ। ਸਿੱਖ ਮਿਸਲਾਂ ਤੋਂ ਸ਼ੁਰੂ ਹੋਈਏ ਤਾਂ ਸਭ 12 ਮਿਸਲਾਂ ਦੀ ਹੋਂਦ ਅਤੇ ਉਨ੍ਹਾਂ ਦਾ ਕੇਂਦਰ ਮਾਝਾ ਹੀ ਰਿਹਾ ਹੈ। ਅੱਗੇ ਚੱਲ ਕੇ ਮਾਝੇ ਦੀ ਅਹਿਮੀਅਤ ਨੂੰ ਵੇਖਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਸਿਆਸੀ ਤੇ ਅੰਮ੍ਰਿਤਸਰ ਨੂੰ ਧਾਰਮਿਕ ਰਾਜਧਾਨੀਆਂ ਦਾ ਖ਼ਿਤਾਬ ਦਿੱਤਾ। ਅੰਗਰੇਜ਼ਾਂ ਨਾਲ ਕੀਤੀਆਂ ਦੋ ਸੰਧੀਆਂ ਵੀ ਲਾਹੌਰ ਅਤੇ ਅੰਮ੍ਰਿਤਸਰ ਦੇ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ। ਅੰਗਰੇਜ਼ਾਂ-ਸਿੱਖਾਂ ਦੀ ਜੰਗ ਵਿਚ ਵੀ ਮਾਝਾ ਆਗੂ ਸੀ। ਸ਼ਾਮ ਸਿੰਘ ਅਟਾਰੀ ਵਾਲੇ ਦੀ ਰਹਿਨੁਮਾਈ ਅਤੇ ਸ਼ਹਾਦਤ ਕਿਸੇ ਤੋਂ ਭੁੱਲੀ ਨਹੀਂ ਹੈ। ਸ਼ਾਹ ਮੁਹੰਮਦ ਨਾਮੀ ਸ਼ਾਇਰ ਵੀ ਮਝੈਲ ਸੀ, ਉਨ੍ਹਾਂ ਇਸ ਜੰਗ ਵਿਚ ਮਝੈਲਾਂ ਦੀ ਬਹਾਦਰੀ ਦਾ ਜ਼ਿਕਰ ਬੜੇ ਸੋਹਣੇ ਅੰਦਾਜ਼ ਨਾਲ ਕੀਤਾ ਹੈ। ਉਹ ਲਿਖਦੇ ਨੇ:
ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ
ਜਲ੍ਹੇ ਵਾਲੀਏ ਬਣਤ ਬਣਾਂਵਦੇ ਨੀਂ।
ਆਏ ਹੋਰ ਪਹਾੜ ਦੇ ਸਭ ਰਾਜੇ,
ਜਿਹੜੇ ਤੇਗ ਦੇ ਧਨੀ ਕਹਾਂਵਦੇ ਨੀਂ।
ਆਏ ਸਭ ਮਝੈਲ ਦੁਆਬੀਏ,
ਸੰਧਾਵਾਲੀਏ ਕਾਠੀਆਂ ਪਾਂਵਦੇ ਨੀਂ।
ਸ਼ਾਹ ਮੁਹੰਮਦਾ ਚੜ੍ਹੀ ਅਕਾਲ ਰੈਜਮੈਂਟ,
ਖੰਡੇ ਸਾਰ ਦੇ ਸਿਕਲ ਕਹਾਂਵਦੇ ਨੀਂ।
ਜੰਗ-ਏ-ਆਜ਼ਾਦੀ ਵਿਚ ਵੀ ਮਾਝੇ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਰਹਾਲੀ ਕਲਾਂ ਦੇ ਬਾਬਾ ਗੁਰਦਿੱਤ ਸਿੰਘ ਨੇ ਲਾਲਾ ਹਰਦਿਆਲ ਜੋ ਕਿ ਲਾਹੌਰ ਤੋਂ ਤਾਲੀਮ ਯਾਫਤਾ ਸਨ, ਨਾਲ ਮਿਲ ਕੇ 'ਗ਼ਦਰ ਪਾਰਟੀ' ਬਣਾ ਕੇ ਆਜ਼ਾਦੀ ਦੀ ਹੁੰਕਾਰ ਭਰੀ। ਅੱਗੇ ਚੱਲ ਕੇ ਸ: ਹੁਕਮ ਸਿੰਘ ਨੇ ਲਾਹੌਰ ਦੇ ਸਿਕੰਦਰ ਹਿਯਾਤ ਅਤੇ ਖਿਜ਼ਰ ਹਿਯਾਤ ਦੀ ਜੋੜੀ ਨਾਲ ਮਿਲ ਕੇ ਯੂਨੀਆਨਿਸਟ ਪਾਰਟੀ ਬਣਾਈ ਤੇ ਇਸ ਨੇ ਵੀ ਆਜ਼ਾਦੀ ਦੀ ਲੜਾਈ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਧਾਰਮਿਕ ਤੇ ਸਮਾਜੀ ਤਨਜ਼ੀਮ 'ਆਰੀਆ ਸਮਾਜ' ਜਿਸ ਦਾ ਕੇਂਦਰ ਲਾਹੌਰ ਸੀ, ਦਾ ਵੀ ਆਜ਼ਾਦੀ ਦੀ ਜੰਗ ਵਿਚ ਅਹਿਮ ਕਿਰਦਾਰ ਹੈ।
ਦੇਸ਼ ਦੀ ਆਜ਼ਾਦੀ ਤੇ ਪੰਜਾਬ ਦੀ ਵੰਡ ਦਾ ਸਭ ਤੋਂ ਵੱਡਾ ਧੱਕਾ ਕਿਸੇ ਨੂੰ ਲੱਗਾ ਹੈ ਤਾਂ ਉਹ ਮਾਝਾ ਹੈ, ਕਿਉਂਕਿ ਲਾਹੌਰ ਜੋ ਮਾਝੇ ਦਾ ਹੀ ਨਹੀਂ, ਬਲਕਿ ਪੂਰੇ ਪੰਜਾਬ ਦਾ ਸਿਆਸੀ, ਸਮਾਜਿਕ ਤੇ ਧਾਰਮਿਕ ਕੇਂਦਰ ਸੀ, ਪਾਕਿਸਤਾਨ ਨੂੰ ਚਲੇ ਗਿਆ। ਸਾਡੇ ਲਈ ਇਹ ਘਾਟੇ ਨੂੰ ਭਰਨਾ ਬੜਾ ਮੁਸ਼ਕਿਲ ਸੀ, ਫਿਰ ਵੀ ਮਾਝੇ ਦੀ ਖੁਸ਼ਕਿਸਮਤੀ ਸੀ ਕਿ ਸਾਨੂੰ ਸ: ਪ੍ਰਤਾਪ ਸਿੰਘ ਕੈਰੋਂ, ਪੰਡਿਤ ਮੋਹਨ ਲਾਲ, ਈਸ਼ਰ ਸਿੰਘ ਮਝੈਲ, ਦਰਸ਼ਨ ਸਿੰਘ ਨਾਗੋਕੇ, ਸੋਹਣ ਸਿੰਘ ਜਲਾਲ ਉਸਮਾਂ ਅਤੇ ਜੀਵਨ ਸਿੰਘ ਉਮਰਾ ਨੰਗਲ ਵਰਗੇ ਉਘੇ ਰਹਿਨੁਮਾ ਮਿਲ ਗਏ।
ਸ: ਪ੍ਰਤਾਪ ਸਿੰਘ ਕੈਰੋਂ ਦਾ ਯਾਦਗਾਰੀ ਰਾਜ ਪੰਜਾਬੀ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਸ: ਕੈਰੋਂ ਇਕ ਮੰਨੇ ਸਿਆਸਤਦਾਨ ਤੋਂ ਇਲਾਵਾ ਆਪਣੇ-ਆਪ 'ਤੇ ਮਝੈਲ ਹੋਣ ਦਾ ਫਖ਼ਰ ਕਰਦੇ ਸਨ।ਇਕ ਵਾਕਿਆ ਦਾ ਜ਼ਿਕਰ ਕਰਦਾ ਹਾਂ, ਉਹ ਦਿਨ ਜਦ ਉਨ੍ਹਾਂ 'ਤੇ ਗੱਦੀ ਛੱਡਣ ਦਾ ਦਬਾਅ ਵਧ ਰਿਹਾ ਸੀ, ਇਕ ਅਖ਼ਬਾਰ ਨਵੀਸ ਦੇ ਪੁੱਛਣ 'ਤੇ ਉਨ੍ਹਾਂ ਕਿਹਾ, 'ਮੈਂ ਜੱਟ ਹਾਂ ਔਰ ਮਝੈਲ ਵੀ ਹਾਂ, ਮੈਂ ਡਰਨ ਵਾਲਾ ਨਹੀਂ।'
ਸਿਆਸਤ ਨੂੰ ਥੋੜ੍ਹੀ ਦੇਰ ਆਰਾਮ ਦੇਈਏ ਤੇ ਅਦਬ ਦੇ ਖੇਤਰ ਵਿਚ ਮਾਝੇ ਦੇ ਕਿਰਦਾਰ 'ਤੇ ਝਾਤੀ ਮਾਰੀਏ ਤਾਂ ਪੰਜਾਬ ਦੀ ਵੰਡ ਤੋਂ ਪਹਿਲਾਂ ਲਾਹੌਰ ਦੇ ਪ੍ਰੋ: ਦਿਲ ਮੁਹੰਮਦ ਨਾਮਵਰ ਅਦੀਬ ਹੋਏ ਹਨ, ਉਨ੍ਹਾਂ ਨੇ ਪਵਿੱਤਰ ਗੀਤਾ, ਸੁਖਮਨੀ ਸਾਹਿਬ ਅਤੇ ਜਪੁਜੀ ਸਾਹਿਬ ਦਾ ਉਰਦੂ ਤਰਜਮਾ ਕਰਕੇ ਇਨ੍ਹਾਂ ਦੀਆਂ ਸਿੱਖਿਆਵਾਂ ਨੂੰ ਹਰ ਤਬਕੇ ਵਿਚ ਪਹੁੰਚਾਇਆ। ਮਿਸਾਲ ਵਜੋਂ ਜਪੁਜੀ ਸਾਹਿਬ ਦੇ ਮੂਲ ਮੰਤਰ ਦੇ ਉਰਦੂ ਤਰਜ਼ਮੇ ਦਾ ਆਨੰਦ ਮਾਣੋ:
ਸੱਚਾ ਰੋਜ਼ ਅਜ਼ਲ ਸੇ ਪਹਿਲੇ,
ਸੱਚਾ ਰੋਜ਼ ਅਜ਼ਲ ਭੀ ਵੋ।
ਸੱਚਾ ਹੈ ਵੋ ਆਜ ਭੀ ਨਾਨਕ,
ਸੱਚਾ ਹੋਗਾ ਕੱਲ੍ਹ ਭੀ ਵੋ।
ਇਸ ਤੋਂ ਇਲਾਵਾ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ, ਧਨੀ ਰਾਮ ਚਾਤ੍ਰਿਕ, ਪ੍ਰੋ: ਈਸ਼ਵਰ ਚੰਦਰ ਨੰਦਾ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਉੱਘੇ ਮਝੈਲਾਂ ਨੇ ਪੰਜਾਬੀ ਅਦਬ ਵਿਚ ਅਮਿੱਟ ਯੋਗਦਾਨ ਦਿੱਤਾ ਹੈ, ਜਿਸ ਤਰੀਕੇ ਨਾਲ ਕੁਲਵੰਤ ਸਿੰਘ ਵਿਰਕ ਜੋ ਇਕ ਸਾਬਕਾ ਫ਼ੌਜੀ ਸਨ, ਨੇ ਆਪਣੀਆਂ ਲਿਖਤਾਂ ਵਿਚ ਮਾਝੇ ਦੀ ਤਹਿਜ਼ੀਬ, ਵਿਰਸਾ ਅਤੇ ਇਥੋਂ ਦੀ ਤਰਜ਼ੇ ਜ਼ਿੰਦਗੀ ਨੂੰ ਲੋਕਾਂ ਤੱਕ ਪਹੁੰਚਾਇਆ, ਉਹ ਕਾਬਲੇ ਤਾਰੀਫ਼ ਹੈ। ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀ ਹਰ ਲਿਖਤ ਵਿਚ ਮਾਝੇ ਦਾ ਜ਼ਿਕਰ ਲਾਜ਼ਮੀ ਹੁੰਦਾ ਸੀ। ਉਨ੍ਹਾਂ ਦੀ ਲਿਖੀ ਕਹਾਣੀ 'ਧਰਤੀ ਹੇਠਲਾ ਬਲਦ' ਜਿਸ ਦਾ ਟੀ.ਵੀ. ਫਿਲਮਾਂਕਣ ਵੀ ਹੋਇਆ ਸੀ, ਇਹ ਉਹ ਯਾਦਗਾਰੀ ਰਚਨਾ ਹੈ, ਜਿਸ ਵਿਚ ਉਹ ਮਝੈਲਾਂ ਦੀ ਆਓ ਭਗਤ, ਆਏ-ਗਏ ਦੀ ਖ਼ਾਤਿਰਦਾਰੀ, ਸਬਰ, ਸਿਦਕ ਅਤੇ ਜੁੱਸੇ ਨੂੰ ਉਜਾਗਰ ਕਰਦਾ ਹੈ।
ਪੰਜਾਬੀ ਦੀ ਇਕ ਮਸ਼ਹੂਰ ਕਹਾਵਤ ਹੈ 'ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ' ਦਾ ਵੀ ਮਾਝੇ ਨਾਲ ਤਾਅਲੁਕ ਹੈ। ਲਾਹੌਰ ਦੇ ਵਪਾਰੀ ਛੱਜੂ ਰਾਮ ਭਾਟੀਆ ਨੇ 16ਵੀਂ ਸਦੀ ਵਿਚ ਮੁਗਲ ਰਾਜ ਦੇ ਦੌਰਾਨ ਅਨਾਰਕਲੀ ਬਾਜ਼ਾਰ ਲਾਗੇ ਇਕ ਸਰਾਂ, ਚੁਬਾਰਾ ਤੇ ਮੰਦਰ ਬਣਵਾਇਆ, ਜੋ ਅੱਗੇ ਜਾ ਕੇ 'ਛੱਜੂ ਰਾਮ ਦੇ ਚੁਬਾਰੇ' ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਕਿਹਾ ਜਾਂਦਾ ਹੈ ਕਿ ਲੋਕਾਂ ਵਿਚ ਇਸ ਦੀ ਕਾਫ਼ੀ ਪ੍ਰਸਿੱਧੀ ਹੋ ਗਈ ਸੀ ਤੇ ਸਿੱਖ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਕਸਰ ਇਥੇ ਆਉਂਦੇ ਰਹਿੰਦੇ ਸੀ। ਲੋਕ ਭਲਾਈ ਅਤੇ ਸਮਾਜਿਕ ਕੰਮਾਂ ਵਿਚ ਵੀ ਮਾਝੇ ਦਾ ਅਹਿਮ ਕਿਰਦਾਰ ਹੈ। ਓਕਾੜਾ ਦੇ ਸਰ ਗੰਗਾ ਰਾਮ ਤੋਂ ਕੌਣ ਵਾਕਿਫ਼ ਨਹੀਂ ਹੈ। ਲਾਹੌਰ ਦੇ ਮਾਡਲ ਟਾਊਨ ਨੂੰ ਬਣਾਉਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਇਹੋ ਹੀ ਨਹੀਂ ਉਨ੍ਹਾਂ ਨੇ ਆਪਣੇ ਜ਼ਿਲ੍ਹੇ ਓਕਾੜਾ ਦੇ ਲੋਕਾਂ ਲਈ ਇਕ ਮੈਗਾਵਾਟ ਪਣ-ਬਿਜਲੀ ਘਰ ਬਣਾਇਆ। ਹੋਰ ਤੇ ਹੋਰ ਉਨ੍ਹਾਂ ਦੇ ਦੋ ਹਸਪਤਾਲ ਲਾਹੌਰ ਅਤੇ ਦਿੱਲੀ ਵਿਚ ਅੱਜ ਵੀ ਕਾਇਮ ਹਨ। ਇਕ ਵਾਰ ਫਿਰ ਸਿਆਸਤ ਵੱਲ ਜਾਂਦੇ ਹਾਂ। ਸ: ਕੈਰੋਂ ਦੇ ਇੰਤਕਾਲ ਤੋਂ ਬਾਅਦ ਇੰਜ ਲੱਗਾ ਕਿ ਜਿਵੇਂ ਮਾਝਾ ਸਿਆਸੀ ਤੌਰ 'ਤੇ ਯਤੀਮ ਹੋ ਗਿਆ। ਬਾਅਦ ਵਿਚ ਬੇਸ਼ੱਕ ਇਥੋਂ ਦੇ ਹੋਰ ਲੀਡਰ ਵੀ ਆਏ ਪਰ ਕੋਈ ਵੀ ਕੈਰੋਂ ਵਰਗਾ ਪ੍ਰਭਾਵਸ਼ਾਲੀ ਆਗੂ ਨਹੀਂ ਨਿਕਲਿਆ। ਨਤੀਜਾ ਇਹ ਹੋਇਆ ਕਿ ਪੰਜਾਬੀ ਸਿਆਸਤ ਮਾਲਵਾ ਅਤੇ ਕੁਝ ਹੱਦ ਤੱਕ ਦੁਆਬਾ ਦੇ ਹੱਥ ਆ ਗਈ। ਥੋੜ੍ਹਾ ਪਿਛੇ ਝਾਤੀ ਮਾਰੀਏ ਤਾਂ ਮਾਝੇ ਨਾਲ ਵਿਤਕਰਾ ਦੇਸ਼ ਦੀ ਤਕਸੀਮ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਜਿਥੇ ਲਾਹੌਰ ਲਹਿੰਦੇ ਪੰਜਾਬ ਦੀ ਰਾਜਧਾਨੀ, ਵੱਡਾ ਸਨਅਤੀ ਕੇਂਦਰ ਤੇ ਪਾਕਿਸਤਾਨ ਦਾ ਦੂਜਾ ਵੱਡਾ ਸ਼ਹਿਰ ਬਣ ਗਿਆ, ਉਥੇ ਆਪਣੇ ਪਾਸੇ ਅੰਮ੍ਰਿਤਸਰ ਨੂੰ ਸਰਹੱਦੀ ਜ਼ਿਲ੍ਹਾ ਹੋਣ ਦੇ ਬਹਾਨੇ ਇਨ੍ਹਾਂ ਸਭ ਸਹੂਲਤਾਂ ਤੋਂ ਵਾਂਝਿਆਂ ਰੱਖਿਆ ਗਿਆ। ਰਹਿੰਦੀ-ਖੂੰਹਦੀ ਕਸਰ ਦਹਿਸ਼ਤਗਰਦੀ ਦੇ ਦੌਰ ਨੇ ਪੂਰੀ ਕਰ ਦਿੱਤੀ ਤੇ ਛੇਹਰਟਾ, ਬਟਾਲਾ ਤੇ ਵੇਰਕਾ ਤੋਂ ਸਨਅਤੀ ਅਦਾਰੇ ਪੰਜਾਬ ਛੱਡ ਗਏ। ਅੱਜ ਵੀ ਇਨ੍ਹਾਂ ਦੇ ਉਜੜੇ ਅਹਾਤੇ ਵੇਖ ਕੇ ਰੋਣਾ ਆਉਂਦਾ ਹੈ। ਇਹ ਤਾਂ ਰੱਬ ਦੀ ਕਰਾਮਾਤ ਵਾਹਿਗੁਰੂ ਦਾ ਕ੍ਰਿਸ਼ਮਾ ਸਮਝੋ ਕਿ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਵਧਦੀ ਸ਼ਰਧਾ ਅਤੇ ਆਸਥਾ ਨੇ ਪੰਜਾਬ ਸਰਕਾਰ ਦੀ ਜਾਗ ਖੋਲ੍ਹੀ ਤੇ ਉਨ੍ਹਾਂ ਨੇ ਇਸ ਇਲਾਕੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਚਲੋ ਦੇਰ ਆਏ ਦਰੁਸਤ ਆਏ। ਇਹ ਖ਼ੁਸ਼ੀ ਦੀ ਗੱਲ ਹੈ ਕਿ ਮੁੜ ਅੰਮ੍ਰਿਤਸਰ ਤੇ ਬਾਕੀ ਮਾਝਾ ਤਰੱਕੀ ਤੇ ਉਸਾਰੀ ਦੀ ਰਾਹ 'ਤੇ ਚਲ ਪਿਆ ਹੈ। ਮੰਜ਼ਿਲ ਅਜੇ ਦੂਰ ਹੈ। ਸਾਰੇ ਪੰਜਾਬੀਆਂ ਤੇ ਖਾਸ ਕਰਕੇ ਮਝੈਲਾਂ ਦਾ ਫ਼ਰਜ਼ ਹੈ ਕਿ ਅਸੀਂ ਆਪਣੇ ਇਲਾਕੇ ਨੂੰ ਅਸਲੀ ਰੁਤਬਾ ਦਵਾਈਏ। ਮਾਝੇ ਦੇ ਸਿਆਸਤਦਾਨਾਂ ਨੂੰ ਸਿਆਸੀ ਤੰਗੀਆਂ-ਤੁਰਸ਼ੀਆਂ ਤੋਂ ਉਤੇ ਉਠ ਕੇ ਇਲਾਕੇ ਲਈ ਜੀਅ-ਤੋੜ ਮਿਹਨਤ ਕਰਨੀ ਪਵੇਗੀ। ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਬਾਹਰ ਗਈਆਂ ਸਨਅਤਾਂ ਨੂੰ ਵਾਪਸ ਲਿਆਉਣਾ ਹੈ। ਸ੍ਰੀ ਗੋਇੰਦਵਾਲ ਸਾਹਿਬ ਨੂੰ 1980 ਵਿਚ ਇਕ ਸਨਅਤੀ ਕੇਂਦਰ ਬਣਾਇਆ ਗਿਆ ਸੀ, ਜਿਥੇ 10-12 ਵੱਡੇ ਅਦਾਰਿਆਂ ਨੂੰ ਲਿਆਉਣ ਦਾ ਵਾਅਦਾ ਸੀ ਪਰ ਹਕੀਕਤ ਇਨ੍ਹਾਂ ਤੋਂ ਬਹੁਤ ਦੂਰ ਹੈ। ਇਸ ਦੇ ਨਾਲ-ਨਾਲ ਸਾਨੂੰ ਹੋਰ ਵੱਡੀਆਂ ਸਨਅਤਾਂ ਨੂੰ ਮਾਝੇ ਵਿਚ ਖਿੱਚਣ ਲਈ ਹੱਲਾਸ਼ੇਰੀ ਦੀ ਜ਼ਰੂਰਤ ਹੈ। ਯਾਦ ਰੱਖੀਏ ਕਿ ਮਹਿਜ਼ 'ਮਾਝੇ ਦਾ ਜਰਨੈਲ' ਜਾਂ 'ਮਾਝੇ ਦਾ ਸ਼ੇਰ' ਕਹਿਣ ਨਾਲ ਕੁਝ ਨਹੀਂ ਬਣਨਾ, ਬਲਕਿ ਅਸਲ ਅਰਥਾਂ ਵਿਚ ਜਰਨੈਲ ਤੇ ਸ਼ੇਰ ਬਣ ਕੇ ਮਾਝੇ ਦੀ ਉਸਾਰੂ ਕਰਨੀ ਪੈਣੀ ਹੈ।
ਮਾਝਾ ਟੂਰਿਜ਼ਮ ਦਾ ਵੱਡਾ ਖਜ਼ਾਨਾ ਹੈ। ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ, ਰਾਮ ਤੀਰਥ, ਬਾਬਾ ਬਕਾਲਾ ਅਤੇ ਤਰਨ ਤਾਰਨ ਦੇ ਇਤਿਹਾਸਕ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਸੈਲਾਨੀਆਂ ਨੂੰ ਖਿੱਚਣਾ ਚਾਹੀਦਾ ਹੈ। ਵਾਹਗਾ ਬਾਰਡਰ ਪਹਿਲੋਂ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ, ਇਥੇ ਹੋਰ ਸਹੂਲਤਾਂ ਵਧਾਉਣ ਦੀ ਜ਼ਰੂਰਤ ਹੈ। ਖ਼ਾਲਸਾ ਕਾਲਜ, ਦੇਸ਼ ਵਿਚ ਹੀ ਨਹੀਂ, ਬਲਕਿ ਦੁਨੀਆ ਵਿਚ ਆਪਣੀ ਕਿਸਮ ਦਾ ਇਕ ਹੀ ਇਮਾਰਤੀ ਸ਼ਾਹਕਾਰ ਹੈ। ਇਹ ਬਹੁਤ ਵਧੀਆ ਸੈਲਾਨੀ ਕੇਂਦਰ ਬਣ ਸਕਦਾ ਹੈ।
ਆਖਿਰ ਵਿਚ ਮੈਂ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਮਾਝੇ ਦਾ ਵਿਰਸਾ ਸਾਂਭ ਕੇ ਰੱਖਣਾ ਹੀ ਨਹੀਂ, ਬਲਕਿ ਇਸ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੈ। ਇਕ ਵਕਤ ਸੀ ਅਸੀਂ ਆਪਣੇ-ਆਪ ਨੂੰ ਮਝੈਲ ਕਹਿਣ ਵਿਚ ਫ਼ਖਰ ਮਹਿਸੂਸ ਕਰਦੇ ਸਾਂ। ਅੱਜਕਲ੍ਹ ਦੀ ਹਾਲਤ ਸਭ ਦੇ ਸਾਹਮਣੇ ਹੈ। ਮਾਝੇ ਦੀ ਪੰਜਾਬੀ ਬੋਲਣ ਦਾ ਲਹਿਜ਼ਾ ਅਨਮੋਲ ਹੈ। ਇਸ ਨੂੰ ਮਾਝੀ ਪੰਜਾਬੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮੈਨੂੰ ਇਹ ਕਹਿਣ ਵਿਚ ਕੋਈ ਸ਼ਰਮ ਨਹੀਂ ਕਿ ਸਾਨੂੰ ਲਹਿੰਦੇ ਪੰਜਾਬ ਤੋਂ ਸਿੱਖਣ ਦੀ ਬਹੁਤ ਲੋੜ ਹੈ। ਉਨ੍ਹਾਂ ਦੀ ਮਾਝੀ ਪੰਜਾਬੀ ਸੁਣ ਕੇ ਮਜ਼ਾ ਆ ਜਾਂਦਾ ਹੈ। ਇਕ ਵੇਲਾ ਸੀ ਕਿ ਮਾਝੇ ਦਾ ਜ਼ਿਕਰ ਫ਼ਿਲਮੀ ਤੇ ਲੋਕ ਗੀਤਾਂ ਵਿਚ ਆਮ ਮਿਲਦਾ ਸੀ।
ਮਿਸਾਲ ਵਜੋਂ :
ਛੱਡ ਦੇ ਤੂੰ ਮੇਰਾ ਦੁਪੱਟਾ, ਸੁਣ ਵੇ ਮਾਝੇ ਦਿਆ ਜੱਟਾ...
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਗਾਏ ਗੀਤ:
ਜੁੱਤੀ ਕਸੂਰੀ ਪੈਰੀਂ ਨਾ ਪੂਰੀ...
ਅਤੇ
ਮੈਂ ਮਾਝੇ ਦੀ ਜੱਟੀ ਤੇ ਰੰਗ ਮੇਰਾ ਸਿਓ ਵਰਗਾ....।
ਹੁਣ ਇਹ ਆਲਮ ਹੈ ਕਿ ਮਾਝੇ ਦਾ ਜੋਸ਼ ਤੇ ਪਿਆਰ ਲੱਭਿਆਂ ਵੀ ਨਹੀਂ ਲੱਭਦਾ। ਮਾਝਾ, ਜਿਸ ਨੇ ਆਜ਼ਾਦੀ ਤੋਂ ਬਾਅਦ ਫ਼ੌਜ, ਖੇਡਾਂ, ਫ਼ਿਲਮਾਂ, ਅਦਬੀ ਅਤੇ ਸੱਭਿਆਚਾਰਕ ਖਿਤਿਆਂ ਵਿਚ ਅਮੁੱਲ ਹਿੱਸਾ ਪਾਇਆ, ਨੂੰ ਹੁਣ ਜ਼ਰੂਰਤ ਹੈ ਕਿ ਸਰਕਾਰੀ ਅਤੇ ਗ਼ੈਰ-ਸਰਕਾਰੀ ਤਨਜ਼ੀਮਾਂ ਇਸ ਦੀ ਗੁਆਚੀ ਸ਼ੋਹਰਤ ਨੂੰ ਮੁੜ ਕੇ ਬਹਾਲ ਕਰਨ ਲਈ ਅੱਗੇ ਆਉਣ। ਮੈਂ ਆਪਣੇ-ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਮੇਰਾ ਰਿਸ਼ਤਾ ਪੂਰੇ ਮਾਝੇ ਨਾਲ ਰਿਹਾ ਹੈ, ਮੇਰੀ ਪੈਦਾਇਸ਼ ਲਾਹੌਰ, ਪਰਵਰਿਸ਼ ਜੱਦੀ ਪਿੰਡ ਤਰਨ ਤਾਰਨ, ਨਾਨਕੇ ਗੁਰਦਾਸਪੁਰ ਜ਼ਿਲ੍ਹੇ ਵਿਚ ਤੇ ਪੜ੍ਹਾਈ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਹੋਈ ਹੈ।

-16 ਐਲ-1, ਪਾਮ ਗਰੋਵਜ਼ ਬੀ.ਟੀ. ਕਾਵਡੇ ਰੋਡ, ਪੁਣੇ-411036.
ਮੋਬਾਈਲ : +91-99234-83103.

ਕਲਾ ਖੇਤਰ ਦੇ ਅਮਿਟ ਹਸਤਾਖ਼ਰ ਪਾਬਲੋ ਪਿਕਾਸੋ

ਗੱਲ ਜਦੋਂ ਆਧੁਨਿਕ ਤੇ ਸਮਕਾਲੀ ਕਲਾ ਦੀ ਆਉਂਦੀ ਹੈ ਤਾਂ ਜੋ ਨਾਂਅ ਸਭ ਤੋਂ ਪਹਿਲਾਂ ਸਾਡੇ ਦਿਮਾਗ਼ ਵਿਚ ਉੱਭਰਦਾ ਹੈ, ਉਹ ਹੈ ਪਾਬਲੋ ਪਿਕਾਸੋ। 25 ਅਕਤੂਬਰ 1881 ਨੂੰ ਮਲਾਗਾ, ਸਪੇਨ ਵਿਚ ਇਕ ਕਲਾ ਅਧਿਆਪਕ ਦੇ ਘਰ ਪੈਦਾ ਹੋਏ ਪਾਬਲੋ ਦਾ ਦਿਹਾਂਤ 8 ਅਪ੍ਰੈਲ, 1973 ਨੂੰ ਫਰਾਂਸ ਵਿਚ ਹੋਇਆ ਸੀ। ਬਹੁਪੱਖੀ ਪ੍ਰਤਿਭਾ ਦੇ ਧਨੀ ਇਸ ਕਲਾਕਾਰ ਨੇ ਆਪਣੀਆਂ ਕਲਾ ਕ੍ਰਿਤਾਂ ਨਾਲ ਦੇਸ਼, ਦੁਨੀਆ ਵਿਚ ਜੋ ਬੇਤਹਾਸ਼ਾ ਪ੍ਰਸਿੱਧੀ ਹਾਸਲ ਕੀਤੀ, ਉਹ ਕਿਸੇ ਹੋਰ ਦੇ ਹਿੱਸੇ ਅੱਜ ਤੱਕ ਨਹੀਂ ਆਈ। ਆਪਣੀ ਕਲਾ ਵਿਚ ਜਿੰਨੇ ਸਫਲ ਤਜਰਬੇ ਇਸ ਕਲਾਕਾਰ ਨੇ ਕੀਤੇ, ਉਸ ਦਾ ਕਿਤੇ ਕੋਈ ਦੂਜਾ ਉਦਾਹਰਨ ਦੀਆਂ ਨਹੀਂ ਮਿਲਦਾ। ਆਮ ਤੌਰ 'ਤੇ ਕਲਾਕਾਰਾਂ ਦੀ ਕਲਾ ਕ੍ਰਿਤਾਂ ਨੂੰ ਕਲਾ ਬਾਜ਼ਾਰ ਵਿਚ ਉਸ ਦੇ ਜਿਊਂਦੇ ਜੀਅ ਓਨੀ ਸਫ਼ਲਤਾ ਨਹੀਂ ਮਿਲਦੀ, ਜਿੰਨੀ ਉਸ ਦੇ ਮਰਨ ਤੋਂ ਬਾਅਦ ਮਿਲਦੀ ਹੈ। ਇਸ ਦਾ ਸਭ ਤੋਂ ਸਹੀ ਉਦਾਹਰਨ ਵਾਨਗਾਗ ਵਰਗੇ ਕਲਾਕਾਰ ਰਹੇ ਹਨ। ਪਿਕਾਸੋ ਇਸ ਮਾਇਨੇ ਵਿਚ ਵੀ ਆਪਣੇ ਸਮੇਂ ਦੇ ਸਭ ਤੋਂ ਸਫਲ ਕਲਾਕਾਰ ਰਹੇ ਭਾਵ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਹਮੇਸ਼ਾ ਮਹਿੰਗੀਆਂ ਕਲਾਕ੍ਰਿਤੀਆਂ ਵਿਚ ਸ਼ਾਮਿਲ ਰਹੀਆਂ।
ਉਨ੍ਹਾਂ ਨਾਲ ਜੁੜਿਆ ਇਕ ਦਿਲਚਸਪ ਵਾਕਿਆ ਹੈ ਕਿ ਇਕ ਵਾਰ ਅਚਾਨਕ ਮਿਲੀ ਇਕ ਔਰਤ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਲਈ ਕੋਈ ਚਿੱਤਰ ਬਣਾ ਦੇਵੇ। ਇਸ ਤਰ੍ਹਾਂ ਜਦੋਂ ਚਿੱਤਰ ਬਣਾਉਣ ਲਈ ਜ਼ਰੂਰੀ ਸਮੱਗਰੀ ਉਥੇ ਉਪਲਬਧ ਨਹੀਂ ਸੀ ਤਾਂ ਪਿਕਾਸੋ ਨੇ ਇਕ ਕਾਗਜ਼ 'ਤੇ ਪੈੱਨ ਨਾਲ ਰੇਖਾ ਚਿੱਤਰ ਬਣਾ ਦਿੱਤਾ। ਔਰਤ ਵਲੋਂ ਉਸ ਦੀ ਕੀਮਤ ਪੁੱਛਣ 'ਤੇ ਪਿਕਾਸੋ ਨੇ ਕਰੋੜਾਂ ਵਿਚ ਮੁੱਲ ਦੱਸਿਆ। ਔਰਤ ਨੂੰ ਵਿਸ਼ਵਾਸ ਨਹੀਂ ਹੋਇਆ ਪਰ ਜਦੋਂ ਉਸ ਨੇ ਇਕ ਆਰਟ ਡੀਲਰ ਤੋਂ ਚਿੱਤਰ ਦਾ ਮੁਲਾਂਕਣ ਕਰਵਾਇਆ ਤਾਂ ਸੱਚਮੁੱਚ ਉਸ ਚਿੱਤਰ ਦੀ ਉਹੀ ਕੀਮਤ ਲਗਾਈ ਗਈ ਜੋ ਪਿਕਾਸੋ ਨੇ ਕਹੀ ਸੀ। ਫਿਲਹਾਲ ਇਹ ਵਾਕਿਆ ਉਸ ਸਮੇਂ ਦੇ ਕਲਾ ਬਾਜ਼ਾਰ ਵਿਚ ਉਨ੍ਹਾਂ ਦੇ ਚਿੱਤਰਾਂ ਦੀ ਮੰਗ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਬਹੁਮੁਖੀ ਕਲਾ ਪ੍ਰਤਿਭਾ ਨੂੰ ਇਸੇ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਚਿੱਤਰਕਲਾ ਤੋਂ ਇਲਾਵਾ ਮੂਰਤੀ ਕਲਾ, ਸੇਰੇਮਿਕਸ ਤੇ ਪ੍ਰਿੰਟ ਮੇਕਿੰਗ ਮਾਧਿਅਮ ਵਿਚ ਵੀ ਉਨ੍ਹਾਂ ਨੇ ਕੰਮ ਕੀਤਾ।
ਬਾਰਸੀਲੋਨਾ ਤੋਂ ਬਾਅਦ ਮੈਡ੍ਰਿਡ ਤੋਂ ਹੁੰਦੇ ਹੋਏ ਕਲਾ ਦਾ ਇਹ ਸਫ਼ਰ ਅਖੀਰ 1904 ਵਿਚ ਇਨ੍ਹਾਂ ਨੂੰ ਪੈਰਿਸ ਲੈ ਆਇਆ। ਪੈਰਿਸ ਆਉਣ ਤੋਂ ਪਹਿਲਾਂ 1901 ਤੋਂ 1904 ਤੱਕ ਉਨ੍ਹਾਂ ਨੇ ਜੋ ਚਿੱਤਰ ਬਣਾਏ, ਉਨ੍ਹਾਂ ਵਿਚ ਨੀਲੇ ਰੰਗਾਂ ਦੀ ਭਰਮਾਰ ਸੀ। ਉਨ੍ਹਾਂ ਦੇ ਇਸ ਦੌਰ ਨੂੰ ਕਲਾ ਇਤਿਹਾਸ ਵਿਚ ਅੱਜ ਅਸੀਂ 'ਬਲਿਊ ਪੀਰੀਅਡ' ਦੇ ਤੌਰ 'ਤੇ ਜਾਣਦੇ ਹਾਂ। ਜਿਥੋਂ ਤੱਕ ਵਿਸ਼ੇ ਦੀ ਗੱਲ ਹੈ, ਤਾਂ ਇਨ੍ਹਾਂ ਚਿੱਤਰਾਂ ਵਿਚ ਆਮ ਜਨ-ਜੀਵਨ, ਭਿਖਾਰੀ, ਗਲੀ ਗਾਇਕ ਤੇ ਮਿਹਨਤਕਸ਼ਾਂ ਦਾ ਚਿਤਰਨ ਹੈ। ਇਹ ਵਿਸ਼ਾ ਚੋਣ ਇਸ ਕਲਾਕਾਰ ਦੇ ਮਾਨਵਤਾਵਾਦੀ ਦ੍ਰਿਸ਼ਟੀਕੋਣ ਨੂੰ ਪ੍ਰਗਟ ਕਰਦੀ ਹੈ।
ਸਾਲ 1905 ਤੋਂ ਬਾਅਦ ਦੇ ਉਨ੍ਹਾਂ ਦੇ ਚਿੱਤਰਾਂ ਵਿਚ ਨੀਲੇ ਰੰਗ ਦੀ ਥਾਂ ਗੁਲਾਬੀ ਰੰਗਾਂ ਨੇ ਲੈ ਲਈ, ਪਰ ਵਿਸ਼ੇ ਦੇ ਤੌਰ 'ਤੇ ਕੇਂਦਰ ਬਿੰਦੂ ਉਸੇ ਤਰ੍ਹਾਂ ਆਮ ਆਦਮੀ ਜਾਂ ਕੰਮਕਾਜੀ ਸਮਾਜ ਹੀ ਰਿਹਾ। 1906 ਤੋਂ 1908 ਤੋਂ ਬਾਅਦ ਉਨ੍ਹਾਂ ਨੇ ਆਪਣੀ ਸ਼ੈਲੀ ਵਿਚ ਜੋ ਬਦਲਾਅ ਕੀਤਾ, ਉਹ ਘਣਵਾਦ ਭਾਵ ਕਿਊਬਿਜ਼ਮ ਦੀ ਸ਼੍ਰੇਣੀ ਵਿਚ ਰੱਖਿਆ ਗਿਆ। ਚਿੱਤਰ ਸਿਰਜਣਾ ਦੇ ਆਧਾਰ 'ਤੇ ਉਨ੍ਹਾਂ ਦੇ ਚਿੱਤਰਾਂ ਨੂੰ 'ਬਲਿਊ ਪੀਰੀਅਡ' ਤੇ 'ਰੋਜ਼ ਪੀਰੀਅਡ' ਤੋਂ ਇਲਾਵਾ ਅਪ੍ਰੀਕਨ ਪ੍ਰਭਾਵ ਵਾਲਾ ਕਾਲ (1907-1909), ਐਨਾਲਿਟੀਕਲ ਕਿਊਬਿਜ਼ਮ ਭਾਵ ਵਿਸ਼ਲੇਸ਼ਤਾਮਕ ਘਣਵਾਦ (1912-1919), ਨਵਸ਼ਾਸਤਰੀ (ਨਿਓਕਲਾਸੀਕਲ) ਤੇ ਯਥਾਰਥਵਾਦ ਜਾਂ ਅਤਿ ਯਥਾਰਥਵਾਦ ਦੀ ਸ਼੍ਰੇਣੀ ਵਿਚ ਵੰਡਿਆ ਗਿਆ।
ਘਣਵਾਦ ਤੇ ਫਾਵਵਾਦ ਤੋਂ ਇਲਾਵਾ ਕੋਲਾਜ਼ ਮਾਧਿਅਮ ਵਿਚ ਚਿੱਤਰਾਂ ਦੇ ਨਿਰਮਾਣ ਵਰਗੇ ਤਜਰਬਿਆਂ ਲਈ ਵੀ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ। ਇਹੀ ਨਹੀਂ ਕਵੀ, ਨਾਟਕਕਾਰ ਅਤੇ ਨਾਟਕਾਂ ਲਈ ਸੈੱਟ ਡਿਜ਼ਾਈਨ ਵਰਗੇ ਕੰਮਾਂ ਨੂੰ ਵੀ ਉਨ੍ਹਾਂ ਨੇ ਬਾਖੂਬੀ ਅੰਜਾਮ ਦਿੱਤਾ। ਕਲਾ ਮਾਹਿਰਾਂ ਅਨੁਸਾਰ ਉਨ੍ਹਾਂ ਦੇ ਅਤਿ ਯਥਾਰਥਵਾਦੀ ਅਤੇ ਘਣਵਾਦੀ ਸ਼ੈਲੀਆਂ ਦਾ ਭਾਵਨਾਤਮਕ ਰਚਨਾ 1937 ਵਿਚ ਬਣਾਏ ਗਏ ਵਿਸ਼ਵ ਪ੍ਰਸਿੱਧ ਚਿੱਤਰ ਗੁਰਯੇਨਿਕਾ ਵਿਚ ਵਰਨਣ ਹੁੰਦਾ ਹੈ। ਰੂਪਾਕਾਰਾਂ ਦੇ ਸਰਲੀਕਰਨ ਰਾਹੀਂ ਘੋੜਾ, ਸਾਨ੍ਹ ਤੇ ਰੋਂਦੀ ਹੋਈ ਔਰਤ ਦੇ ਮਾਧਿਅਮ ਰਾਹੀਂ ਯੁੱਧ ਦੀ ਭਿਆਨਕਤਾ ਨੂੰ ਚਿੱਤਰਤ ਕੀਤਾ ਗਿਆ। ਇਸ ਸੰਦਰਭ ਵਿਚ ਪਿਕਾਸੋ ਦਾ ਕਥਨ ਸੀ ਕਿ ਇਥੇ ਬੈਲ ਦਾ ਚਿੱਤਰ ਤਾਨਾਸ਼ਾਹੀ ਦੇ ਪ੍ਰਤੀਕ ਰੂਪ ਵਿਚ ਨਹੀਂ ਕੀਤਾ ਗਿਆ ਹੈ, ਸਗੋਂ ਉਹ ਪਸ਼ੂ ਅੱਤਿਆਚਾਰ ਤੇ ਅਨਿਆਂ ਦਾ ਪ੍ਰਤੀਕ ਹੈ, ਘੋੜਾ ਇਥੇ ਜਨਤਾ ਦਾ ਪ੍ਰਤੀਕ ਹੈ। ਇਕ ਚਿੱਤਰਕਾਰ ਦੀ ਕੀ ਭੂਮਿਕਾ ਹੋਣੀ ਚਾਹੀਦੀ, ਇਸ ਦਾ ਵਰਨਣ ਕਰਦਾ ਉਨ੍ਹਾਂ ਦਾ ਮਹੱਤਵਪੂਰਨ ਕਥਨ ਹੈ ਤੁਹਾਡੀਆਂ ਕਲਾਕਾਰ ਬਾਰੇ ਕੀ ਧਾਰਨਾਵਾਂ ਹਨ? ਕੀ ਉਹ ਇਕ ਇਸ ਤਰ੍ਹਾਂ ਦਾ ਬੁੱਧੀਹੀਣ ਪ੍ਰਾਣੀ ਹੈ, ਜੋ ਸਿਰਫ਼ ਅੱਖਾਂ ਨਾਲ ਦੇਖ ਸਕਦਾ ਹੈ। ਭਾਵ ਉਹ ਚਿੱਤਰਕਾਰ ਹੈ ਭਾਵ ਉਹ ਸੰਗੀਤਕਾਰ ਹੈ ਤਾਂ ਸਿਰਫ਼ ਕੰਨਾਂ ਨਾਲ ਸੁਣ ਸਕਦਾ ਹੈ, ਕਵੀ ਦੇ ਤੌਰ 'ਤੇ ਉਸ ਦੀ ਸਾਰੀ ਸ਼ਕਤੀ ਕੀ ਸਿਰਫ਼ ਦਿਲ ਵਿਚ ਹੀ ਹੈ। ਇਨ੍ਹਾਂ ਸਭ ਦੇ ਚਿੱਤਰ ਕਿਸੇ ਵੀ ਰਚਨਾਕਾਰ ਦਾ ਰਾਜਨੀਤਕ ਵਿਚਾਰ ਵੀ ਹੁੰਦੇ ਹਨ, ਜਿਸ ਸਮਾਜ ਦੇ ਕਾਰਨ ਕਲਾਕਾਰ ਨੂੰ ਏਨਾ ਮਹਾਨ ਜੀਵਨ ਹਾਸਲ ਹੁੰਦਾ ਹੈ, ਉਸ ਪ੍ਰਤੀ ਏਨਾ ਉਮੀਦ ਭਾਵ ਰੱਖ ਕੇ ਸਿਰਫ਼ ਸਵੈ ਸੁਖ ਵਾਲੀ ਕਲਾ ਸਾਧਨਾ ਕਰਦੇ ਰਹਿਣਾ ਕਲਾਕਾਰ ਲਈ ਕਿਵੇਂ ਸੰਭਵ ਹੈ?
ਪਿਕਾਸੋ ਨੇ ਨਾ ਸਿਰਫ਼ ਆਪਣੇ ਚਿੱਤਰਾਂ ਜਾਂ ਚਿੱਤਰ ਲੜੀਆਂ ਦੇ ਮਾਧਿਅਮ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ, ਇਕ ਮੂਰਤੀਕਾਰ ਦੇ ਤੌਰ 'ਤੇ ਵੀ ਉਨ੍ਹਾਂ ਨੇ ਕਲਾ ਜਗਤ ਨੂੰ ਖ਼ੁਸ਼ਹਾਲ ਕੀਤਾ। ਪਿਕਾਸੋ ਦੇ ਵਿਚਾਰ ਨਾਲ ਕਲਾ ਲਈ ਕਲਾ ਇਕ ਅਰਧ ਸਚਾਈ ਹੈ, ਕਲਾ ਨੂੰ ਕਿਸੇ ਵੀ ਹਾਲ ਵਿਚ ਮਾਨਵੀ ਜੀਵਨ ਦੇ ਸੰਪੂਰਨ ਸੱਚ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਕਲਾਕਾਰ ਦੇ ਸਿਰਫ਼ ਮੌਨ ਸਾਧਕ ਬਣੇ ਰਹਿਣ ਦੀ ਬਜਾਏ ਉਹ ਲੋੜ ਪੈਣ 'ਤੇ ਰੋਹਪੂਰਨ ਢੰਗ ਵਰਤਣ ਦੇ ਵੀ ਹਾਮੀ ਸਨ। ਕਿਸੇ ਪਹਿਲਾਂ ਸਿਰਜੀ ਧਾਰਨਾ ਦੇ ਬੰਧਨ ਤੋਂ ਮੁਕਤ ਰਹਿ ਕੇ ਵਿਸ਼ਾਲ ਤੇ ਬਹੁਰੰਗੀ ਦੁਨੀਆ ਤੋਂ ਨਿਰੰਤਰ ਪ੍ਰੇਰਨਾ ਲੈ ਕੇ ਸਿਰਜਣਾ ਕਰਦੇ ਰਹਿਣਾ, ਉਨ੍ਹਾਂ ਦੀ ਪਹਿਲ ਸੀ। ਉਨ੍ਹਾਂ ਦੇ ਚਿੱਤਰਾਂ ਦੇ ਵਰਗੀਕਰਨ ਦੇ ਆਧਾਰ 'ਤੇ ਕਲਾ ਮਾਹਿਰਾਂ ਅਤੇ ਸਮੀਖਿਅਕਾਂ ਨੇ ਭਾਵੇਂ ਹੀ ਸਾਰੀਆਂ ਸ਼ੈਲੀਆਂ ਤੋਂ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਹੋਵੇ, ਪਰ ਉਹ ਆਪਣੇ-ਆਪ ਨੂੰ ਕਿਸੇ ਸ਼ੈਲੀ ਬੰਧਨ ਤੋਂ ਮੁਕਤ ਮੰਨਦੇ ਸਨ। ਆਪਣੇ ਇਕ ਮਿੱਤਰ ਨੂੰ ਉਨ੍ਹਾਂ ਨੇ ਕਿਹਾ ਸੀ ਮੈਂ ਇਕ ਸ਼ੈਲੀਵਿਹੀਨ ਚਿੱਤਰਕਾਰ ਹਾਂ। ਕਲਾ ਦੇ ਸਾਰ ਤੱਤ ਦੇ ਤੌਰ 'ਤੇ ਉਨ੍ਹਾਂ ਦਾ ਇਹ ਕਥਨ ਬੇਹੱਦ ਮਹੱਤਵਪੂਰਨ ਹੋ ਜਾਂਦਾ ਹੈ। ਅੰਤ ਵਿਚ ਸਭ ਦਾ ਮੂਲ ਪ੍ਰੇਮ ਹੈ, ਹੁਣ ਉਸ ਦੀ ਮੁਲਾਕਾਤ ਤੁਹਾਡੇ ਨਾਲ ਭਾਵੇਂ ਕਿਸੇ ਵੀ ਰੂਪ ਵਿਚ ਹੋਵੇ। ਉਨ੍ਹਾਂ ਦਾ ਕਥਨ ਸੀ ਕਿ ਕੋਈ ਵੀ ਵਿਅਕਤੀ ਉਦੋਂ ਤੱਕ ਸੱਚਾ ਕਲਾਕਾਰ ਜਾਂ ਸਾਧਕ ਨਹੀਂ ਹੋ ਸਕਦਾ, ਜਦੋਂ ਤੱਕ ਕਿ ਉਹ ਆਪਣੇ ਅੰਤਰਮਨ ਦੀ ਦ੍ਰਿਸ਼ਟੀ ਤੋਂ ਦੁਨੀਆ ਨੂੰ ਦੇਖਣ, ਸਮਝਣ ਦੀ ਤਾਕਤ ਵਿਕਸਿਤ ਨਾ ਕਰ ਲਵੇ

ਆਮ ਆਦਮੀ ਦੀਆਂ ਭਾਵਨਾਵਾਂ ਦੇ ਸੱਚੇ ਪੇਸ਼ਕਾਰ ਸਨ ਬਾਸੂ ਚੈਟਰਜੀ

ਬਾਸੂ ਚੈਟਰਜੀ ਦੀ ਮੌਤ ਸਿਨੇਮਾ ਦੇ ਉਸ ਅਧਿਆਏ ਦਾ ਖ਼ਤਮ ਹੋ ਜਾਣਾ ਹੈ, ਜਿਸ ਵਿਚ ਮੱਧ ਵਰਗ ਦੀਆਂ ਭਾਵਨਾਵਾਂ ਦੀ ਦ੍ਰਿੜ੍ਹ ਵਿਸ਼ਵਾਸ ਯੋਗਤਾ ਸੀ। ਚਾਹੇ ਵੱਡੇ ਪਰਦੇ ਦੀਆਂ ਫਿਲਮਾਂ ਹੋਣ ਜਾਂ ਛੋਟੇ ਪਰਦੇ ਦੇ ਲੜੀਵਾਰ, ਉਨ੍ਹਾਂ ਨੇ ਹਮੇਸ਼ਾ ਆਪਣੇ ਕੈਮਰੇ ਰਾਹੀਂ ਆਮ ਆਦਮੀ ਦੀਆਂ ਸੱਚੀਆਂ ਭਾਵਨਾਵਾਂ ਨੂੰ ਹੀ ਲੱਭਿਆ। ਉਹ ਹਮੇਸ਼ਾ ਸਿੱਧੀਆਂ-ਸਾਦੀਆਂ ਅਤੇ ਬੇਹੱਦ ਪਿਆਰੀਆਂ ਫਿਲਮਾਂ ਬਣਾਇਆ ਕਰਦੇ ਸਨ। ਸ਼ਾਇਦ ਇਸੇ ਲਈ ਬਾਲੀਵੁੱਡ ਵਿਚ ਉਨ੍ਹਾਂ ਦਾ ਕੋਈ ਆਪਣਾ ਮੁਕਾਬਲੇਬਾਜ਼ ਨਹੀਂ ਸੀ, ਭਾਵੇਂ ਕੁਝ ਫਿਲਮ ਆਲੋਚਕ ਰਿਸ਼ੀਕੇਸ਼ ਮੁਖਰਜੀ ਨੂੰ ਉਨ੍ਹਾਂ ਦਾ ਮੁਕਾਬਲੇਬਾਜ਼ ਮੰਨਦੇ ਸਨ। ਬਾਸੂ ਚੈਟਰਜੀ ਦੀ ਸਭ ਤੋਂ ਵੱਡੀ ਪੂੰਜੀ ਸੀ ਲੋਕਾਂ 'ਤੇ ਆਪਣੇ ਪ੍ਰਭਾਵ ਦੀ ਛਾਪ ਛੱਡਣਾ। ਬਾਸੂ ਨੇ ਆਪਣੀਆਂ ਫਿਲਮਾਂ ਰਾਹੀਂ ਆਮ ਲੋਕਾਂ ਦੀ ਜ਼ਿੰਦਗੀ ਵਿਚ ਬਹੁਤ ਪ੍ਰਭਾਵ ਛੱਡਿਆ ਹੈ।
ਮੈਂ ਕਿਸਮਤ ਵਾਲਾ ਰਿਹਾ ਹਾਂ ਕਿ ਉਹ ਨਾ ਸਿਰਫ਼ ਮੈਨੂੰ ਫਿਲਮਾਂ ਵਿਚ ਲਿਆਏ ਸਗੋਂ ਉਨ੍ਹਾਂ ਨੇ ਆਪਣੀਆਂ ਫਿਲਮਾਂ ਵਿਚ ਕੁਝ ਸਭ ਤੋਂ ਚੰਗੇ ਕਿਰਦਾਰ ਮੈਨੂੰ ਦਿੱਤੇ। ਉਨ੍ਹਾਂ ਦੀਆਂ ਬਣਾਈਆਂ ਫਿਲਮਾਂ ਦੇ ਜ਼ਿਆਦਾਤਰ ਬਿਹਤਰੀਨ ਗਾਣੇ ਮੇਰੇ ਹਿੱਸੇ ਆਏ। ਇਸ ਲਈ ਮੈਂ ਹਮੇਸ਼ਾ ਉਨ੍ਹਾਂ ਦਾ ਸ਼ੁਕਰਗੁਜ਼ਾਰ ਰਹਾਂਗਾ। ਦਰਅਸਲ ਹਿੰਦੁਸਤਾਨ ਦੇ ਆਮ ਸਿਨੇ ਦਰਸ਼ਕਾਂ ਵਿਚ ਜੋ ਮੇਰੀ ਕਿ ਦਿੱਖ ਹੈ, ਜੇਕਰ ਮੈਂ ਕਹਾਂ ਕਿ ਉਹ ਦਿੱਖ ਮੈਂ ਘੱਟ, ਬਾਸੂ ਜੀ ਨੇ ਜ਼ਿਆਦਾ ਬਣਾਈ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸ਼ਾਇਦ ਅੱਜ ਦੀ ਪੀੜ੍ਹੀ ਦੇ ਜ਼ਿਆਦਾਤਰ ਲੋਕਾਂ ਨੂੰ ਇਹ ਗੱਲ ਪਤਾ ਨਾ ਹੋਵੇ ਕਿ ਬਾਸੂ ਜੀ ਸਿਰਫ਼ ਫਿਲਮਾਂ ਹੀ ਨਹੀਂ ਬਣਾਉਂਦੇ ਸਨ, ਸਗੋਂ ਉਹ ਇਸ ਦੇਸ਼ ਦੇ ਲੋਕਾਂ ਵਿਚ ਇਕ ਫਿਲਮ ਸੱਭਿਆਚਾਰ ਵੀ ਪੈਦਾ ਕਰਨਾ ਚਾਹੁੰਦੇ ਸਨ। ਉਹ ਹਮੇਸ਼ਾ ਚਾਹੁੰਦੇ ਸਨ ਕਿ ਲੋਕ ਚੰਗੀਆਂ ਫਿਲਮਾਂ ਦੇਖਣ ਅਤੇ ਚੰਗੀਆਂ ਫਿਲਮਾਂ ਬਾਰੇ ਸੋਚਣ। ਇਸ ਲਈ 60 ਦੇ ਦਹਾਕੇ ਵਿਚ ਉਹ ਫਿਲਮ ਸੁਸਾਇਟੀ ਮੂਵਮੈਂਟ ਨਾਲ ਜੁੜੇ ਸਨ। ਉਨ੍ਹਾਂ ਦੀ ਬਦੌਲਤ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਦੁਨੀਆ ਦੀਆਂ ਬੇਹਤਰੀਨ ਅੰਗਰੇਜ਼ੀ ਫਿਲਮਾਂ ਦੇਖਣ ਨੂੰ ਮਿਲੀਆਂ।
ਬਾਸੂ ਉਸ ਦੌਰ ਵਿਚ ਆਪਣੀ ਇਕ ਵੱਖਰੀ ਅਤੇ ਮਜ਼ਬੂਤ ਪਛਾਣ ਰੱਖਦੇ ਸਨ ਜਦੋਂ ਬਾਲੀਵੁੱਡ ਵਿਚ 'ਲਾਰਜਰ ਦੈਨ ਲਾਈਫ਼' ਵਾਲੇ ਹੀਰੋ ਦਾ ਰੁਝਾਨ ਸੀ ਅਤੇ ਉਹ ਇਸ ਰੁਝਾਨ ਤੋਂ ਬਿਲਕੁਲ ਵੱਖਰੀਆਂ ਫਿਲਮਾਂ ਵਿਚ ਆਪਣੇ ਕਿਰਦਾਰਾਂ ਨੂੰ ਹੀਰੋ ਬਣਾਉਂਦੇ ਸਨ। ਬਾਸੂ ਇਸ ਤਰ੍ਹਾਂ ਦੇ ਫਿਲਮਕਾਰ ਸਨ, ਜਿਨ੍ਹਾਂ ਨੇ ਸਮਾਨਾਂਤਰ ਸਿਨੇਮਾ ਅਤੇ ਵਪਾਰਕ ਸਿਨੇਮਾ ਵਿਚਾਲੇ ਦੀ ਖਾਈ ਨੂੰ ਆਪਣੀ ਬੌਧਿਕ ਸ਼ਕਤੀ ਅਤੇ ਆਮ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਂਦਿਆਂ ਪੂਰਾ ਕੀਤਾ ਸੀ। ਉਨ੍ਹਾਂ ਦੀਆਂ ਫਿਲਮਾਂ ਵਿਚ ਇਕ ਸਾਮਾਨਾਂਤਰ ਸਿਨੇਮਾ ਅਤੇ ਕਮਰਸ਼ੀਅਲ ਸਿਨੇਮਾ ਦਾ ਫ਼ਰਕ ਮਿਟ ਗਿਆ ਸੀ। ਬਾਸੂ ਦੀਆਂ ਫਿਲਮਾਂ ਵਿਚ ਕਿਰਦਾਰ ਹੀਰੋ ਹੁੰਦੇ ਸਨ ਅਤੇ ਉਹ ਆਪਣੇ ਨਾਲ-ਨਾਲ ਆਪਣੇ ਦੌਰ ਦੀ ਵੀ ਕਹਾਣੀ ਕਹਿੰਦੇ ਸਨ। ਉਨ੍ਹਾਂ ਦੀਆਂ ਫਿਲਮਾਂ ਵਿਚ ਵੱਡੇ ਤੋਂ ਵੱਡਾ ਹੀਰੋ ਵੀ ਕਦੀ ਉਸ ਤਰ੍ਹਾਂ ਦਾ ਹੀਰੋ ਨਹੀਂ ਰਿਹਾ, ਜਿਵੇਂ ਦੂਜੀਆਂ ਕਮਰਸ਼ੀਅਲ ਫਿਲਮਾਂ ਵਿਚ ਹੁੰਦਾ ਹੈ।
ਕਹਿੰਦੇ ਹਨ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦਾ ਅਸਰ ਉਸ ਦੇ ਕੰਮ ਵਿਚੋਂ ਹੀ ਝਲਕਦਾ ਹੈ। ਬਾਸੂ ਦੀ ਸ਼ਖ਼ਸੀਅਤ ਵੀ ਉਸ ਦੇ ਕੰਮ ਵਿਚੋਂ ਝਲਕਦੀ ਸੀ। ਉਹ ਜਿੰਨੀਆਂ ਸਾਦਾ ਅਤੇ ਪਿਆਰੀਆਂ ਫਿਲਮਾਂ ਬਣਾਇਆ ਕਰਦੇ ਸਨ, ਉਨ੍ਹਾਂ ਦਾ ਨਿੱਜੀ ਜੀਵਨ ਵੀ ਓਨਾ ਹੀ ਸਾਦਾ ਅਤੇ ਪਿਆਰਾ ਸੀ। ਉਹ ਧਿਆਨ ਖਿੱਚਣ ਵਾਲੇ ਬਿਲਕੁਲ ਨਹੀਂ ਸਨ। ਉਨ੍ਹਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਕਿ ਲੋਕ ਉਨ੍ਹਾਂ 'ਤੇ ਜ਼ਰੂਰਤ ਤੋਂ ਜ਼ਿਆਦਾ ਧਿਆਨ ਦੇਣ। ਉਨ੍ਹਾਂ ਨੇ ਕਦੀ ਵੀ ਦਿਲ ਤੋਂ ਨਹੀਂ ਚਾਹਿਆ ਕਿ ਉਨ੍ਹਾਂ ਨੂੰ ਲੋਕ ਖ਼ਾਸ ਵਿਅਕਤੀ ਮੰਨਣ। ਮੈਨੂੰ ਯਾਦ ਨਹੀਂ ਆਉਂਦਾ ਕਿ ਮੈਂ ਏਨੇ ਸਾਲਾਂ ਤੱਕ ਉਨ੍ਹਾਂ ਨਾਲ ਕੰਮ ਕੀਤਾ ਅਤੇ ਮੈਂ ਕਦੀ ਉਨ੍ਹਾਂ ਨੂੰ ਕਿਸੇ ਕਲਾਕਾਰ 'ਤੇ ਜਾਂ ਕਿਸੇ ਆਮ ਵਿਅਕਤੀ ਨਾਲ ਗੁੱਸੇ ਹੁੰਦਿਆਂ ਵੇਖਿਆ ਹੋਵੇ। ਉਹ ਬਹੁਤ ਘੱਟ ਬੋਲਦੇ ਸਨ। ਇਥੋਂ ਤੱਕ ਕਿ ਆਪਣੀਆਂ ਫਿਲਮਾਂ ਦੀ ਕਹਾਣੀ ਵੀ ਉਹ ਕਦੀ ਕਿਸੇ ਕਲਾਕਾਰ ਨੂੰ ਪੂਰੀ ਨਹੀਂ ਸੁਣਾ ਪਾਉਂਦੇ ਸਨ। ਇਸ ਲਈ ਉਹ ਹਮੇਸ਼ਾ ਆਪਣੇ ਨਾਲ ਆਪਣੀ ਲਿਖੀ ਹੋਈ ਫੁੱਲ ਲੈਂਥ ਸਕਰਿਪਟ ਰੱਖਦੇ ਸਨ। ਉਹ ਆਪਣੇ ਕਲਾਕਾਰਾਂ ਤੋਂ ਫਿਲਮ ਦੀ ਗੱਲ ਸ਼ੁਰੂ ਕਰਦੇ ਸਨ ਅਤੇ ਦੋ-ਚਾਰ ਲਾਈਨਾਂ ਤੋਂ ਬਾਅਦ ਹੀ ਉਨ੍ਹਾਂ ਨੂੰ ਲਿਖੀ ਹੋਈ ਸਕਰਿਪਟ ਫੜਾ ਦਿੰਦੇ ਸਨ ਕਿ ਉਹ ਖ਼ੁਦ ਪੜ੍ਹ ਲੈਣ।
ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਕਦੀ ਵੀ ਕਿਸੇ ਨਵੇਂ ਤੋਂ ਨਵੇਂ ਕਲਾਕਾਰ ਨੂੰ ਜ਼ਰਾ ਵੀ ਡਰ ਨਹੀਂ ਸੀ ਲੱਗਿਆ। ਉਨ੍ਹਾਂ ਨਾਲ ਨਵੇਂ ਚਿਹਰੇ ਬਹੁਤ ਹੀ ਸਹਿਜਤਾ ਨਾਲ ਕੰਮ ਕਰਦੇ ਸਨ। ਬਾਸੂ ਜੀ ਨਾਲ ਮੈਂ 8 ਫਿਲਮਾਂ ਕੀਤੀਆਂ ਅਤੇ ਕਿਸੇ ਵੀ ਫਿਲਮ ਦੀ ਉਨ੍ਹਾਂ ਨੇ ਮੈਨੂੰ ਮੂੰਹਜ਼ੁਬਾਨੀ ਪੂਰੀ ਕਹਾਣੀ ਨਹੀਂ ਸੁਣਾਈ। ਉਹ ਦੋ-ਚਾਰ ਲਾਈਨਾਂ ਸੁਣਾ ਕੇ ਮੈਨੂੰ ਸਕਰਿਪਟ ਫੜਾ ਦਿੰਦੇ ਅਤੇ ਮੈਂ ਪੜ੍ਹ ਕੇ ਜਾਣ ਜਾਂਦਾ ਸੀ ਕਿ ਉਹ ਮੇਰੇ ਤੋਂ ਕੀ ਚਾਹੁੰਦੇ ਹਨ। ਬਾਸੂ ਦੀ ਫਿਲਮ ਦੇ ਮਾਧਿਅਮ 'ਤੇ ਜ਼ਬਰਦਸਤ ਪਕੜ ਸੀ। ਉਹ ਚੌਵੀ ਘੰਟੇ ਫਿਲਮਾਂ ਬਾਰੇ ਫ੍ਰੇਮ-ਦਰ-ਫ੍ਰੇਮ ਸੋਚਦੇ ਰਹਿੰਦੇ ਸਨ। ਬਾਸੂ ਜੀ ਮੰਨਦੇ ਸਨ ਕਿ ਤੁਹਾਨੂੰ ਆਪਣੇ ਫ਼ਨ ਦਾ ਫ਼ਨਕਾਰ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਵਿਚ ਇਹ ਖੂਬੀ ਹੈ ਤਾਂ ਕੋਈ ਵੀ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦਾ।
ਹਾਲਾਂਕਿ ਬਾਸੂ ਸਮਾਨਾਂਤਰ ਸਿਨੇਮਾ ਦੀ ਪਿੱਠਭੂਮੀ ਤੋਂ ਆਏ ਸਨ, ਪਰ ਉਹ ਪੂਰੀ ਤਰ੍ਹਾਂ ਆਪਣੀਆਂ ਫਿਲਮਾਂ ਨੂੰ ਸਮਾਨਾਂਤਰ ਫਿਲਮਾਂ ਦੇ ਵਰਗ ਵਿਚ ਨਹੀਂ ਰੱਖ ਸਕੇ। ਉਹ ਚਾਹੁੰਦੇ ਸਨ ਕਿ ਫਿਲਮਾਂ ਆਪਣਾ ਸੰਦੇਸ਼ ਵੀ ਦੇਣ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰਨ। ਪਰ ਉਹ ਨਾਟਕੀ ਢੰਗ ਨਾਲ ਕਹਾਣੀਆਂ ਕਹੇ ਜਾਣ ਦੇ ਪੱਖ ਵਿਚ ਨਹੀਂ ਸਨ। ਉਹ ਹਮੇਸ਼ਾ ਹਕੀਕਤ ਨੂੰ ਕਹਾਣੀ ਕਹਿਣ ਲਈ ਜ਼ਿਆਦਾ ਮੁਫ਼ੀਦ ਮਾਧਿਅਮ ਮੰਨਦੇ ਸਨ। ਬਾਸੂ ਨੂੰ ਜਿੰਨੀ ਸਮਝ ਕੈਮਰੇ ਤੋਂ ਦਿਸ ਰਹੇ ਕਿਸੇ ਦ੍ਰਿਸ਼ ਦੀ ਹੁੰਦੀ ਸੀ, ਉਨ੍ਹਾਂ ਦੀ ਓਨੀ ਹੀ ਸਮਝ ਸੰਗੀਤ ਬਾਰੇ ਵੀ ਸੀ। ਬਾਸੂ ਕਦੀ ਕਿਸੇ ਚਰਿੱਤਰ ਨੂੰ ਸਿਰਫ਼ ਉਸ ਚਰਿੱਤਰ ਦੇ ਰੂਪ ਵਿਚ ਨਹੀਂ ਦੇਖਦੇ ਸਨ, ਉਹ ਚਰਿੱਤਰ ਦੇ ਨਾਲ-ਨਾਲ ਉਸ ਦੇ ਆਲੇ-ਦੁਆਲੇ ਦੇ ਸਮਾਜ ਨੂੰ ਵੀ ਉਸ ਦੇ ਹਿੱਸੇ ਦੇ ਰੂਪ ਵਿਚ ਦੇਖਦੇ ਸਨ। ਇਸ ਲਈ ਉਨ੍ਹਾਂ ਦੀਆਂ ਫਿਲਮਾਂ ਵਿਚ ਸਿਰਫ਼ ਚਰਿੱਤਰ ਹੀ ਨਹੀਂ ਸੀ, ਉਸ ਚਰਿੱਤਰ ਦਾ ਦੌਰ, ਉਸ ਚਰਿੱਤਰ ਦਾ ਸ਼ਹਿਰ ਅਤੇ ਉਸ ਚਰਿੱਤਰ ਦੇ ਦੌਰ ਦੀ ਜੱਦੋ-ਜਹਿਦ ਵੀ ਸ਼ਾਮਿਲ ਹੁੰਦੀ ਸੀ।
ਬਾਸੂ ਜੀ ਬੇਹੱਦ ਸੰਵੇਦਨਸ਼ੀਲ ਅਤੇ ਬਹੁਗੁਣੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਆਪਣੀਆਂ ਫਿਲਮਾਂ ਵਿਚ ਦੋਹਰਾਓ ਪਸੰਦ ਨਹੀਂ ਕਰਦੇ ਸਨ। ਇਸ ਲਈ ਉਨ੍ਹਾਂ ਦੀਆਂ ਫਿਲਮਾਂ ਦੇ ਬਹੁਤੇ ਵਿਸ਼ੇ ਵੱਖ-ਵੱਖ ਹਨ, ਵੱਖ-ਵੱਖ ਸਮੱਸਿਆਵਾਂ ਹਨ। ਉਹ ਕਦੀ ਕਿਸੇ ਐਕਟਰ ਨੂੰ ਇਹ ਨਹੀਂ ਕਹਿੰਦੇ ਸਨ ਕਿ ਤੂੰ ਕੀ ਕਰਨਾ ਹੈ, ਕਿਵੇਂ ਕਰਨਾ ਹੈ? ਉਹ ਐਕਟਰ ਨੂੰ ਸਕਰਿਪਟ ਫੜਾ ਦਿੰਦੇ ਸਨ ਅਤੇ ਉਸ ਨੂੰ ਇਸ ਗੱਲ ਦਾ ਪੂਰਾ-ਪੂਰਾ ਹੱਕ ਦਿੰਦੇ ਸਨ ਕਿ ਉਹ ਆਪਣੇ ਕਿਰਦਾਰ ਨੂੰ ਆਪਣੇ ਢੰਗ ਨਾਲ ਪੇਸ਼ ਕਰ ਸਕੇ। ਪਰ ਜਦੋਂ ਕੋਈ ਕਲਾਕਾਰ ਉਨ੍ਹਾਂ ਦੀ ਚਾਹਤ ਨੂੰ ਨਹੀਂ ਪੂਰਾ ਕਰ ਪਾਉਂਦਾ ਸੀ ਤਾਂ ਉਹ ਉਸੇ ਸਮੇਂ ਸ਼ੂਟਿੰਗ ਰੋਕ ਦਿੰਦੇ ਸਨ ਅਤੇ ਫਿਰ ਉਦੋਂ ਤੱਕ ਇੰਤਜ਼ਾਰ ਕਰਦੇ ਸਨ, ਜਦੋਂ ਤੱਕ ਕਿ ਉਸ ਕਲਾਕਾਰ ਨੂੰ ਆਪਣੇ ਦ੍ਰਿਸ਼ ਬਾਰੇ ਸਹੀ ਤਰ੍ਹਾਂ ਪਤਾ ਨਾ ਲੱਗ ਜਾਵੇ।

ਜਾਣਕਾਰੀ ਕੁੱਲ ਦੇ ਵਾਰਸ

ਸਾਡੇ ਵੱਡੇ-ਵਡੇਰਿਆਂ ਨੇ ਸਾਡੇ ਲਈ ਬਹੁਤ ਹੀ ਜ਼ਿਆਦਾ ਘਾਲਣਾ ਘਾਲੀ ਹੈ। ਪਹੀਏ ਅਤੇ ਅੱਗ ਦੀ ਕਾਢ ਤੋੋਂ ਇਲਾਵਾ ਇਹ ਦੱਸਣਾ ਕਿ ਕਿਹੜੀ ਸਬਜ਼ੀ ਅਤੇ ਫਲ ਤੁਹਾਡੇ ਖਾਣਯੋਗ ਹੈ ਅਤੇ ਕਿਹੜੇ ਸਬਜ਼ੀ ਜਾਂ ਫਲ ਨਾਲ ਜ਼ਹਿਰਬਾਦ ਹੋ ਜਾਂਦਾ ਹੈ। ਬਹੁਤ ਵੱਡੀ ਕੁਰਬਾਨੀ ਹੈ। ਚਾਹੇ ਉਹ ਵਿਗਿਆਨਕ ਤੱਥ ਨਹੀਂ ਜਾਣਦੇ ਸਨ, ਪ੍ਰੰਤੂ ਵਹਿਮਾਂ-ਭਰਮਾਂ ਦਾ ਸਹਾਰਾ ਲੈ ਕੇ ਉਹ ਕਾਫੀ ਗੱਲਾਂ ਤੋਂ ਨਿਜਾਤ ਪਾ ਲੈਂਦੇ ਸਨ। ਬੱਚੇ ਦੇ ਜਨਮ ਵੇਲੇ ਹੱਥ 'ਤੇ, ਲਸਣ ਛਿੱਲਕੇ ਉਸ ਦੀਆਂ ਗੰਢੀਆਂ ਬੰਨ੍ਹਣਾ ਅਤੇ ਕਹਿਣਾ ਕਿ ਭੂਤ ਪ੍ਰੇਤ ਨੇੜੇ ਨਹੀਂ ਆਉਂਦੇ। ਅਸਲ ਵਿਚ ਲਸਣ ਇਕ ਐਂਟੀਬੈਕਟੀਰੀਆ ਦਾ ਕੰਮ ਕਰਦਾ ਹੈ ਅਤੇ ਬਿਮਾਰੀਆਂ ਫੈਲਾਉਣ ਵਾਲੇ ਬੈਕਟੀਰੀਆ ਨੇੜੇ ਨਹੀਂ ਸੀ ਆਉਂਦੇ ਅਤੇ ਇਸ ਤਰ੍ਹਾਂ ਹੀ ਬਾਹਰੋਂ ਆਉਣ ਵੇਲੇ ਹੱਥ ਧੋ ਕੇ ਬੱਚੇ ਕੋਲ ਆਉਣਾ ਵੀ ਇਹੀ ਕਾਰਨ ਹੈ। ਸੁਰਤ ਸੰਭਾਲਣ ਤੋਂ ਹੀ ਇਨਸਾਨ ਆਪਣੇ ਲੜਕੇ ਜਾਂ ਲੜਕਿਆਂ ਨੂੰ ਹੀ ਕੁੱਲ ਦਾ ਵਾਰਿਸ ਕਹਿੰਦਾ ਆਇਆ ਹੈ। ਪ੍ਰੰਤੂ ਵਿਗਿਆਨਕ ਤੱਥ ਵੀ ਇਹੀ ਕਹਿੰਦਾ ਹੈ ਕਿ ਸਾਡੇ ਸਰੀਰ ਵਿਚ 23 ਜੋੜੇ ਕਰੋਮੋਸੋਮ ਦੇ ਹੁੰਦੇ ਹਨ। ਜਿਨ੍ਹਾਂ ਵਿਚ 22 ਜੋੜੇ ਨਰ ਅਤੇ ਮਾਦਾ ਵਿਚ ਇਕੋ ਜਿਹੇ ਗੁਣਾਂ ਨੂੰ ਵੱਖ-ਵੱਖ ਦਰਸਾਉਂਦੇ ਹਨ, ਜਿਵੇਂ ਕਿ ਵਾਲਾਂ ਜਾਂ ਅੱਖਾਂ ਦੇ ਰੰਗ ਨੂੰ ਦਰਸਾਉਣ ਵਾਲੇ ਕਰੋਮੋਸੋਮ। ਪ੍ਰੰਤੂ 23ਵਾਂ ਕਰੋਮੋਸੋਮ ਦਾ ਜੋੜਾ ਤੁਹਾਡੇ ਮੁੰਡਾ ਜਾਂ ਕੁੜੀ ਹੋਣ ਨੂੰ ਦਰਸਾਉਂਦਾ ਹੈ। ਇਹ 23ਵੇਂ ਕਰੋਮੋਸੋਮ ਦੇ ਜੋੜੇ ਨੂੰ ਜੇ ਸਮਝਣਾ ਹੋਵੇ ਤਾਂ ਇਹ ਨਰ ਭਾਵ ਮੁੰਡੇ ਵਿਚ X ਅਤੇ Y ਵਿਚ ਹੁੰਦੇ ਹਨ ਅਤੇ ਮਾਦਾ ਵਿਚ ਭਾਵ ਕੁੜੀ ਵਿਚ ਇਕੋ ਜਿਹੇ ਭਾਵ X ਅਤੇ X ਹੁੰਦੇ ਹਨ। ਯਾਨਿ ਕਿ Y ਕਰੋਮੋਸੋਮ ਸਿਰਫ ਮੁੰਡਿਆਂ ਵਿਚ ਹੁੰਦਾ ਹੈ ਅਤੇ ਮੁੰਡੇ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ। ਥੋੜ੍ਹੀ ਜਿਹੀ ਡੂੰਘਾਈ ਨਾਲ ਸੋਚਿਆ ਜਾਵੇ ਤਾਂ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਸਾਡੇ ਪੜਦਾਦੇ ਤੋਂ Y ਕਰੋਮੋਸੋਮ ਸਾਡੇ ਦਾਦੇ ਵਿਚ ਅਤੇ ਦਾਦੇ ਤੋਂ ਉਹੀ ਕਰੋਮੋਸੋਮ ਸਾਡੇ ਪਿਤਾ ਵਿਚ ਅਤੇ ਸਾਡੇ ਤੋਂ ਉਹੀ Y ਕਰੋਮੋਸੋਮ ਸਾਡੇ ਲੜਕੇ ਵਿਚ ਆ ਜਾਂਦਾ ਹੈ ਅਤੇ ਅੱਗੇ ਦੀ ਅੱਗੇ ਪੀੜ੍ਹ੍ਹੀ-ਦਰ-ਪੀੜ੍ਹੀ ਸਿਰਫ ਲੜਕਿਆਂ ਵਿਚ ਚਲਦਾ ਰਹਿੰਦਾ ਹੈ। ਦੂਜੇ ਪਾਸੇ ਕੁੜੀ ਦਾ, ਪਿਤਾ ਤੋਂ X ਅਤੇ ਮਾਤਾ ਤੋਂ ਵੀ X ਕਰੋਮੋਸੋਮ ਮਿਲ ਕੇ ਜਨਮ ਹੁੰਦਾ ਹੈ, ਪ੍ਰੰਤੂ ਅਗਲੀ ਸਟੇਜ 'ਤੇ ਇਹ ਵੀ ਹੋ ਸਕਦਾ ਹੈ ਕਿ ਇਕ X ਕਰੋਮੋਸੋਮ ਉਸ ਦੀ ਮਾਤਾ ਵਾਲਾ ਅਤੇ ਦੂਜਾ X ਕਰੋਮੋਸੋਮ ਉਸ ਦੇ ਪਤੀ ਵਾਲਾ ਮਿਲਕੇ ਕੁੜੀ ਨੂੰ ਜਨਮ ਦੇਵੇ ਜਾਂ ਇਕ X ਕਰੋਮੋਸੋਮ ਉਸ ਦੀ ਮਾਤਾ ਵਾਲਾ ਅਤੇ ਦੂਜਾ Y ਕਰੋਮੋਸੋਮ ਉਸਦੇ ਪਤੀ ਦਾ ਮਿਲਕੇ ਲੜਕੇ ਨੂੰ ਜਨਮ ਦੇਵੇ ਭਾਵ ਕਿ ਕੁੱਲ ਦਾ ਵਾਰਸ ਕੁੜੀ ਵਾਲੇ ਕੇਸ ਵਿਚ ਪਹਿਲੀ ਸਟੇਜ਼ ਤੇ ਹੀ ਖਤਮ ਹੋ ਜਾਂਦਾ ਹੈ, ਜਦਕਿ ਮੁੰਡੇ ਦੇ ਕੇਸ ਵਿਚ Y ਕਰੋਮੋਸੋਮ ਹੀ ਪੀੜ੍ਹੀ-ਦਰ-ਪੀੜ੍ਹੀ ਅੱਗੇ ਜਾਂਦਾ ਹੈ ਅਤੇ ਲੜਕਾ ਹੋਣ ਦਾ ਕਾਰਨ ਬਣਦਾ ਹੈ। ਇਹੀ ਕਾਰਨ ਹੈ ਕਿ ਸਾਡੇ ਵੱਡੇ ਵਡੇਰਿਆਂ ਨੂੰ ਚਾਹੇ ਵਿਗਿਆਨਿਕ ਤੱਥਾਂ ਬਾਰੇ ਜਾਣਕਾਰੀ ਨਹੀਂ ਸੀ। ਪ੍ਰੰਤੂ ਉਹ ਆਪਣੀ ਵਿਚਾਰਧਾਰਾ ਦੇ ਸੱਚੇ ਸਨ ਅਤੇ ਹਨ। ਸੋ ਅੰਤ ਵਿਚ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਬਜ਼ੁਰਗ ਸਾਡੇ ਸੱਭਿਆਚਾਰ ਦਾ ਗਹਿਣਾ ਹੁੰਦੇ ਹਨ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਵਿਚ ਹੀ ਸਾਡਾ ਭਵਿੱਖ ਅਤੇ ਸਾਡੀਆਂ ਪੀੜ੍ਹੀਆਂ ਸੁਰੱਖਿਅਤ ਰਹਿਣਗੀਆਂ। ਆਓ, ਰਲ ਕੇ ਬਿਰਧ ਆਸ਼ਰਮਾਂ ਦਾ ਖਾਤਮਾ ਕਰੀਏ ਅਤੇ ਕੁੜੀਆਂ ਅਤੇ ਮੁੰਡਿਆਂ ਦੋਵਾਂ ਨੂੰ ਬਰਾਬਰ ਦਾ ਸਨਮਾਨ ਦਈਏ।

-ਨਿਊ ਆਤਮ ਨਗਰ, ਜਗਰਾਉਂ।
ਮੋਬਾਈਲ : 83600-13307

ਜ਼ਿੰਦਗੀ 'ਚ ਸਫ਼ਲ ਹੋਣ ਲਈ ਸੋਲਾਂ ਕਲਾਵਾਂ ਅੱਜ ਦੀਆਂ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
* ਵਿਅਰਥ ਨੂੰ ਉਪਯੋਗੀ ਬਣਾਉਣਾ: ਜੀਵਨ ਦਾ ਇਕ ਨਿਸ਼ਾਨਾ ਮਿੱਥਣਾ ਜ਼ਰੂਰੀ ਹੈ। ਆਪਣੇ ਹਰ ਪਲ ਨੂੰ ਉਸ ਨਿਸ਼ਾਨੇ ਦੀ ਪ੍ਰਾਪਤੀ ਦੇ ਲੇਖੇ ਲਾ ਦੇਣਾ ਚਾਹੀਦਾ ਹੈ। ਜੀਵਨ ਦਾ ਉਦੇਸ਼ ਆਪਣੇ ਸਵੈ ਨੂੰ ਦੂਜਿਆਂ ਦੀ ਭਲਾਈ ਲਈ ਲਾਉਣਾ ਅਤੇ ਵਿਅਰਥ ਦੀਆਂ ਗੱਲਾਂਬਾਤਾਂ, ਕੰਮਾਂ-ਕਾਰਾਂ ਵਿਚੋਂ ਨਿਰਲੇਪ ਰਹਿ ਕੇ ਇਕ-ਇਕ ਪਲ ਨੂੰ ਸਮਰੱਥ ਬਣਾਉਣਾ ਆਉਣਾ ਚਾਹੀਦਾ ਹੈ। ਆਪਣੇ ਆਪ ਨੂੰ ਨਕਾਰਾਤਮਿਕ ਵਿਚਾਰਾਂ, ਗ਼ਲਤ ਆਦਤਾਂ ਤੋਂ ਬਚਾਉਣਾ ਅਤੇ ਸਮਾਜ ਭਲਾਈ ਲਈ ਆਪਣਾ ਆਪ ਨਿਛਾਵਰ ਕਰਨਾ ਵੀ ਇਕ ਮਹਾਨ ਕਲਾ ਹੈ।
* ਦੂਸਰਿਆਂ ਨੂੰ ਆਪਣਾ ਬਣਾਉਣ ਦੀ ਕਲਾ: ਇਹ ਦੁਨੀਆ ਸਵਾਰਥੀ ਅਤੇ ਆਕੜਖੋਰ ਲੋਕਾਂ ਨਾਲ ਭਰੀ ਹੋਈ ਹੈ। ਹਰ ਕੋਈ ਆਪਣਾ ਉੱਲੂ ਸਿੱਧਾ ਰੱਖਣਾ ਚਾਹੁੰਦਾ ਹੈ। ਇਸੇ ਕਰਕੇ ਹੀ ਰਿਸ਼ਤੇ ਨਾਤੇ ਵੀ ਟੁੱਟ ਰਹੇ ਨੇ। ਪਰ ਕਈ ਵਾਰ ਦੇਖੀਦਾ ਹੈ ਕਿ ਕਈ ਲੋਕ ਬੜੇ ਹੀ ਮਿਲਾਪੜੇ ਸੁਭਾਅ ਦੇ ਹੁੰਦੇ ਹਨ, ਉਹ ਆਪਣੇ ਮਿੱਠੇ ਵਰਤਾਓ ਦੇ ਨਾਲ ਕਿਸੇ ਦੇ ਕੰਮ ਆ ਕੇ ਕਿਸੇ ਦੁਖੀ ਨੂੰ ਸਹਾਰਾ ਦੇ ਕੇ ਆਪਣਾ ਬਣਾ ਲੈਂਦੇ ਹਨ। ਲੋਕਾਂ ਵਿਚ ਅੱਜਕਲ੍ਹ ਇਹ ਕਲਾ ਖਤਮ ਹੁੰਦੀ ਜਾ ਰਹੀ ਹੈ।
* ਸਿੱਖਣ ਦੀ ਕਲਾ: ਮਨੁੱਖ ਪੰਘੂੜੇ ਤੋਂ ਲੈ ਕੇ ਕਬਰ ਤੱਕ ਹਰ ਪਲ ਜੀਵਨ ਦੇ ਅਨੁਭਵ ਸਿਖਦਾ ਰਹਿੰਦਾ ਹੈ। ਜੀਵਨ ਇਕ ਪਾਠਸ਼ਾਲਾ ਹੈ, ਜਿੰਨਾ ਵੀ ਸਿੱਖੋਗੇ, ਉਨਾਂ ਹੀ ਘੱਟ ਹੈ । ਉਹੀ ਮਨੁੱਖ ਸਫ਼ਲ ਹੁੰਦਾ ਹੈ ਜਿਸ ਵਿਚ ਸਿੱਖਣ ਦੀ ਜਿਗਿਆਸਾ ਹੋਵੇ। ਸਿੱਖਿਆ ਪ੍ਰਾਪਤੀ ਨੂੰ ਇਕ ਨਿਰੰਤਰ ਪ੍ਰਕਿਰਿਆ ਬਣਾ ਕੇ ਮਨੁੱਖ ਨੂੰ ਦੂਸਰੇ ਵਿਅਕਤੀਆਂ ਦੇ ਜੀਵਨ, ਗੁਣਾਂ ਅਤੇ ਤਜਰਬਿਆਂ ਤੋਂ ਸਿੱਖਣ ਦੀ ਜ਼ਰੂਰਤ ਹੈ। ਜਿਹੜਾ ਮਨੁੱਖ ਆਪਣੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਵਾਚਦਾ ਹੈ, ਘੋਖਦਾ ਹੈ ਅਤੇ ਉਨ੍ਹਾਂ ਤੋਂ ਸਬਕ ਲੈਂਦਾ ਹੈ, ਉਹੀ ਸਫ਼ਲ ਅਤੇ ਸੁਖੀ ਜੀਵਨ ਬਤੀਤ ਕਰਦਾ ਹੈ।
* ਅਗਵਾਈ ਕਰਨਾ: ਵਿਅਕਤੀ ਵਿਚ ਘਰ, ਪਰਿਵਾਰ, ਸਮਾਜ ਅਤੇ ਸੱਤਾ ਜਾਂ ਕਿਸੇ ਵੀ ਸੰਗਠਨ ਦੀ ਅਗਵਾਈ ਕਰਨ ਦੀ ਯੋਗਤਾ ਹੋਣਾ ਵੀ ਇਕ ਕਲਾ ਹੈ। ਮਨੁੱਖ ਦੇ ਇਸ ਧਰਤੀ 'ਤੇ ਸੁਖੀ ਅਤੇ ਸਫ਼ਲ ਜੀਵਨ ਜਿਊਣ ਲਈ ਜ਼ਰੂਰੀ ਹੈ ਕਿ ਉਸ ਦਾ ਇਮਾਨਦਾਰੀ, ਸਹਿਯੋਗੀ ਭਾਵਨਾ, ਚੰਗਾ ਬੁਲਾਰਾ ਹੋਣਾ ਅਤੇ ਸਹੀ ਸਮੇਂ 'ਤੇ ਸਹੀ ਨਿਰਣਾ ਲੈ ਕੇ ਯੋਗ ਅਗਵਾਈ ਕਰਨ ਦੀ ਯੋਗਤਾ ਵਰਗੇ ਗੁਣਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਇਹ ਗੁਣ ਉਸ ਨੂੰ ਚੰਗਾ ਲੀਡਰ ਬਣਾਉਂਦੇ ਹਨ। ਇਹ ਕਲਾ ਨਿਰੰਤਰ ਅਭਿਆਸ, ਲਗਨ ਅਤੇ ਅਨੁਭਵ ਨਾਲ ਵਿਕਸਿਤ ਕੀਤੀ ਜਾ ਸਕਦੀ ਹੈ।
* ਅੱਗੇ ਵਧਣ ਦੀ ਕਲਾ : ਗਿਆਨ ਇਕ ਅਥਾਹ ਸਮੁੰਦਰ ਹੈ। ਇਸੇ ਤਰ੍ਹਾਂ ਜੀਵਨ ਦੀ ਪ੍ਰਕਿਰਤੀ ਇੰਨੀ ਵਿਸ਼ਾਲ ਹੈ ਕਿ ਅਸੀਂ ਭੇਦ ਨਹੀਂ ਪਾ ਸਕਦੇ। ਇਸੇ ਕਰਕੇ ਅਸੀਂ ਕਈ ਵਾਰ ਥੋੜ੍ਹੀ ਜਿਹੀ ਸਫ਼ਲਤਾ ਨੂੰ ਪੂਰਨ ਸਫ਼ਲਤਾ ਮੰਨ ਕੇ ਰੁਕ ਜਾਂਦੇ ਹਾਂ। ਸਾਡਾ ਜੀਵਨ ਤਾਂ ਇਕ ਨਦੀ ਦੀ ਧਾਰਾ ਹੈ ਜੋ ਪਹਾੜਾਂ, ਮੈਦਾਨਾਂ ਰੁਕਾਵਟਾਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਤੱਕ ਪੁੱਜਣਾ ਲੋੜਦਾ ਹੈ। ਮਨੁੱਖ ਅੰਦਰ ਮੰਜ਼ਿਲ ਦੀ ਪ੍ਰਾਪਤੀ ਲਈ ਅੱਗੇ ਵਧਣ ਦੀ ਇੱਛਾ ਹੋਣੀ ਜ਼ਰੂਰੀ ਹੈ। ਹਰ ਪਲ ਕੁੱਝ ਨਵਾਂ ਕਰਨ, ਨਵਾਂ ਸਿੱਖਣ ਅਤੇ ਰਚਨਾਤਮਿਕ ਕੰਮਾਂ ਵਿਚ ਲੱਗੇ ਰਹਿਣ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ।
* ਭੇਦ ਸੰਭਾਲਣ ਦੀ ਕਲਾ: ਸਮਾਜ ਵਿਚ ਅਨੇਕਾਂ ਬੁਰਾਈਆਂ, ਗ਼ਲਤ ਵਿਚਾਰ, ਚੁਗਲਖੋਰੀ ਆਦਿ ਔਗੁਣ ਵਧ ਰਹੇ ਹਨ। ਘਰ ਪਰਿਵਾਰ, ਸਮਾਜ ਦੇ ਰਾਜ਼ ਅਤੇ ਦੂਜਿਆਂ ਦੀ ਬੁਰਾਈ ਨੂੰ ਆਪਣੇ ਮਨ ਦੀਆਂ ਪਰਤਾਂ ਵਿਚ ਲੁਕਾ ਕੇ ਰੱਖਣ ਦੀ ਕਲਾ ਇਕ ਮਹੱਤਵਪੂਰਨ ਗੁਣ ਹੈ। ਵਿਅਕਤੀ ਨੂੰ ਦੂਜਿਆਂ ਦੀ ਬੁਰਾਈ ਸੁਣ ਕੇ ਉਸ ਨੂੰ ਆਪਣੇ ਅੰਦਰ ਹੀ ਦਬਾ ਲੈਣਾ ਚਾਹੀਦਾ ਹੈ। ਦੂਜਿਆਂ ਦਾ ਮਾਣ ਸਤਿਕਾਰ ਕਰਨ ਵਾਲਾ ਵਿਅਕਤੀ ਕਦੇ ਵੀ ਜੀਵਨ ਵਿਚ ਨੀਵਾਂ ਨਹੀ ਡਿਗਦਾ।
* ਫ਼ਰਜ਼ਾਂ ਦੀ ਪਾਲਣਾ : ਦੂਜਿਆਂ ਦਾ ਦੁੱਖ ਸੁੱਖ ਵਿਚ ਸਾਥ ਦੇਣਾ, ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀਆਂ ਸਹੂਲਤਾਂ ਦਾ ਖ਼ਿਆਲ ਰੱਖਣਾ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਅਜਿਹੇ ਗੁਣ ਹਨ, ਜਿਸ ਨਾਲ ਮਨੁੱਖ ਦੀ ਆਤਮਾ ਸ਼ਾਂਤ ਰਹਿੰਦੀ ਹੈ। ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕ ਉਸ ਨੂੰ ਆਪਣਾ ਆਦਰਸ਼ ਮੰਨਦੇ ਹਨ। ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਨੂੰ ਜੀਵਨ ਦਾ ਮਨੋਰਥ ਬਣਾਉਣ ਦੀ ਕਲਾ ਹਰ ਮਨੁੱਖ ਵਿਚ ਹੋਣੀ ਜ਼ਰੂਰੀ ਹੈ।
* ਸ਼ਾਂਤਮਈ, ਤਣਾਅ ਮੁਕਤ ਜ਼ਿੰਦਗੀ ਜਿਊਣ ਦੀ ਕਲਾ : ਜ਼ਿੰਦਗੀ ਵਿਚ ਛੋਟੀਆਂ ਵੱਡੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਦੁੱਖ-ਸੁੱਖ ਜੀਵਨ ਦੇ ਦੋ ਪਹਿਲੂ ਹਨ। ਜੀਵਨ ਦੀਆਂ ਦੁਸ਼ਵਾਰੀਆਂ ਨਾਲ ਨਿਪਟਦਿਆਂ ਤਣਾਅ ਮੁਕਤ ਸ਼ਾਂਤ ਜੀਵਨ ਜਿਊਣਾ ਵੀ ਇਕ ਕਲਾ ਹੈ। ਅੱਜਕਲ੍ਹ ਮਾਨਸਿਕ ਸਮੱਸਿਆਵਾਂ ਵੱਧ ਰਹੀਆਂ ਹਨ। ਲੋਕ ਤਣਾਅ ਭਰਿਆ ਜੀਵਨ ਜੀਅ ਰਹੇ ਹਨ। ਹਰ ਘਰ ਵਿਚ ਤਣਾਅ ਹੈ। ਆਰਥਿਕ ਪੱਖ ਸਾਡੀ ਮਾਨਸਿਕ ਸ਼ਾਂਤੀ ਨੂੰ ਖੋਹ ਰਿਹਾ ਹੈ। ਅਜਿਹੀ ਸਥਿਤੀ ਵਿਚ ਖ਼ੁਦ ਨੂੰ ਤਣਾਅਮੁਕਤ ਰੱਖਣਾ ਵੀ ਇਕ ਕਲਾ ਹੈ। ਹਰ ਮੁਸ਼ਕਿਲ ਨੂੰ ਖਿੜੇ ਮੱਥੇ ਸਹਾਰਦਿਆਂ ਉਸ ਦੇ ਹੱਲ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਆਓ, ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਆਪਣੇ ਅਨੁਭਵ, ਨਿਰੰਤਰ ਅਭਿਆਸ ਅਤੇ ਦੂਸਰਿਆਂ ਦੇ ਸਹਿਯੋਗ ਦੇ ਨਾਲ ਇਨ੍ਹਾਂ ਸੋਲਾਂ ਕਲਾਵਾਂ ਨੂੰ ਆਪਣੇ ਜੀਵਨ ਵਿਚ ਢਾਲਣ ਦਾ ਯਤਨ ਕਰੀਏ ਤਾਂ ਜੋ ਇਸ ਕਾਦਰ ਦੀ ਬਖ਼ਸ਼ੀ ਨਿਆਮਤ ਇਸ ਦੁਨੀਆ ਵਿਚ ਸੁੱਖਾਂ ਦਾ ਵਾਸਾ ਹੋਵੇ। (ਸਮਾਪਤ)

-ਫ਼ੋਨ: 9417166386
email:-jagtarsokhi@gmail.com

ਸੁਖਾਵੀਂ ਤੇ ਸਾਵੀਂ ਪੱਧਰੀ ਜ਼ਿੰਦਗੀ

ਅੱਜ ਦੇ ਯੁੱਗ ਵਿਚ ਮਨੁੱਖੀ ਜ਼ਿੰਦਗੀ ਬਹੁਤ ਹੀ ਗੁੰਝਲਦਾਰ ਬਣ ਗਈ ਹੈ। ਜਿੱਥੇ ਵਿਗਿਆਨ ਅਤੇ ਤਕਨਾਲੋਜੀ ਦੀ ਉੱਨਤੀ ਦੇ ਨਾਲ ਇਨਸਾਨ ਨੇ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਲਈਆਂ ਹਨ ਅਤੇ ਆਪਣੇ ਸੁਖ ਆਰਾਮ ਲਈ ਕਈ ਤਰ੍ਹਾਂ ਦੀਆਂ ਨਵੀਆਂ ਸਹੂਲਤਾਂ ਦਾ ਪ੍ਰਬੰਧ ਕਰ ਲਿਆ ਹੈ, ਉੱਥੇ ਉਸ ਦੀ ਜ਼ਿੰਦਗੀ ਪੇਚੀਦਾ ਵੀ ਬਣ ਗਈ ਹੈ। ਉਹ ਮਾਨਸਿਕ ਤਣਾਉ, ਚਿੰਤਾ, ਮਾਨਸਿਕ ਸੰਘਰਸ਼, ਦੁਬਿਧਾ, ਡਿਪਰੈਸ਼ਨ ਅਤੇ ਕਈ ਹੋਰ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ, ਜਿਸ ਕਰਕੇ ਉਸ ਦੀ ਮਾਨਸਿਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਹ ਆਸ ਕੀਤੀ ਜਾਂਦੀ ਸੀ ਕਿ ਇਹ ਆਰਾਮ ਦੇਣ ਵਾਲੀਆਂ ਨਵੀਆਂ ਕਾਢਾਂ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਬਣਾ ਦੇਣਗੀਆਂ ਅਤੇ ਜੀਵਨ ਨੂੰ ਖ਼ੁਸ਼ੀ ਨਾਲ ਭਰ ਦੇਣਗੀਆਂ, ਪਰ ਦੇਖਣ ਵਿਚ ਇਹ ਆਇਆ ਹੈ ਕਿ ਮਨੁੱਖ ਦੀ ਜ਼ਿੰਦਗੀ ਦੁੱਖ, ਨਿਰਾਸ਼ਾ, ਵਿਸ਼ਾਦ ਅਤੇ ਅਸਫਲਤਾ ਦੀਆਂ ਭਾਵਨਾਵਾਂ ਨਾਲ ਭਰ ਚੁੱਕੀ ਹੈ। ਮਾਨਸਿਕ ਬਿਮਾਰੀਆਂ ਦੇ ਨਾਲ ਉਸ ਦੀਆਂ ਸਰੀਰਕ ਬਿਮਾਰੀਆਂ ਵੀ ਵਧ ਗਈਆਂ ਹਨ ਕਿਉਂਕਿ ਡਾਕਟਰ ਦੱਸਦੇ ਹਨ ਕਿ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਦਾ ਕਾਰਨ ਮਨੋਵਿਗਿਆਨਕ ਹੀ ਹੁੰਦਾ ਹੈ। ਅੱਜ ਇਕ ਆਦਮੀ ਨਿਮੂਨੀਆ ਜਾਂ ਤਪਦਿਕ ਨਾਲ ਨਹੀਂ ਮਰਦਾ, ਪਰੰਤੂ ਅੱਜ ਦੇ ਮਨੁੱਖ ਨੂੰ ਦਿਲ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ, ਸ਼ੁਗਰ ਰੋਗ ਵੱਧ ਰਿਹਾ ਹੈ ਅਤੇ ਉਹ ਕੈਂਸਰ ਦੇ ਰੋਗ ਨਾਲ ਜਕੜਿਆਂ ਜਾ ਰਿਹਾ ਹੈ, ਜਿਨ੍ਹਾਂ ਦਾ ਕਾਰਨ ਅਜੋਕੀ ਜ਼ਿੰਦਗੀ ਵਿਚ ਮਾਨਸਿਕ ਤਣਾਉ ਤੇ ਦਬਾਉ ਬਹੁਤ ਵਧ ਰਿਹਾ ਹੈ।
ਜ਼ਿੰਦਗੀ ਵਿਚ ਤਣਾਉ ਪੈਦਾ ਹੋਣ ਦਾ ਕਾਰਨ ਇਹ ਹੈ ਕਿ ਸਾਡੀਆਂ ਮੰਗਾਂ ਤੇ ਲੋੜਾਂ ਬਹੁਤ ਵਧ ਰਹੀਆਂ ਹਨ। ਖ਼ਾਹਿਸ਼ਾਂ ਅਤੇ ਅਭਿਲਾਸ਼ਾਵਾਂ ਵਿਚ ਵਾਧਾ ਹੋ ਰਿਹਾ ਹੈ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ। ਸਾਡੀਆਂ ਮੰਗਾਂ ਦੀ ਲੜੀ ਏਨੀ ਵਧ ਗਈ ਹੈ ਕਿ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਹੀ ਨਹੀਂ ਸਕਦੀਆਂ। ਮੰਨ ਲਵੋ ਕਿ ਅੱਜ ਅਸੀਂ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਵੀ ਲਈਏ, ਤਾਂ ਕੱਲ੍ਹ ਨੂੰ ਕਈ ਹੋਰ ਲੋੜਾਂ ਪੈਦਾ ਹੋ ਜਾਂਦੀਆਂ ਹਨ। ਲੋੜਾਂ ਦੀ ਲੜੀ ਇਕ ਸਾਈਕਲ ਵਾਂਗ ਹੈ, ਜਿਹੜੀ ਘੁੰਮਦੀ ਹੀ ਰਹਿੰਦੀ ਹੈ। ਇਹ ਇਕ ਦੁਰਾਚੀ ਚੱਕਰ ਹੈ ਜਿਹੜਾ ਖ਼ਤਮ ਨਹੀਂ ਹੋ ਸਕਦਾ ਅਤੇ ਜਿਸ ਵਿਚ ਇਕ ਵਿਅਕਤੀ ਹਮੇਸ਼ਾ ਹੀ ਫ਼ਸਿਆ ਰਹਿੰਦਾ ਹੈ ਜਿਸ ਕਰਕੇ ਜ਼ਿੰਦਗੀ ਦੁੱਭਰ ਬਣ ਕੇ ਰਹਿ ਜਾਂਦੀ ਹੈ। ਅੱਜ ਹਰ ਵਿਅਕਤੀ ਘਰ ਵਿਚ ਨਵੀਂ ਕਿਸਮ ਦਾ ਸਾਜ਼ੋ-ਸਾਮਾਨ ਜਾਂ ਸਮੱਗਰੀ ਚਾਹੁੰਦਾ ਹੈ। ਨਵੀਂ ਤਕਨਾਲੋਜੀ ਦਾ ਟੀ.ਵੀ. ਨਵੇਂ ਤਰ੍ਹਾਂ ਦਾ ਫ਼ਰਿੱਜ਼, ਏ.ਸੀ. ਅਤੇ ਚੰਗੀ ਤੋਂ ਚੰਗੀ ਕਾਰ ਅਤੇ ਮਹਿੰਗਾ ਸਮਾਰਟ ਮੋਬਾਈਲ ਫ਼ੋਨ ਚਾਹੁੰਦਾ ਹੈ। ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਲਈ ਕਈ ਵਾਰ ਸਮਰੱਥਾ ਵੀ ਨਹੀਂ ਹੁੰਦੀ ਅਤੇ ਫਿਰ ਉਸ ਨੂੰ ਇਹ ਚੀਜ਼ਾਂ ਖ਼ਰੀਦਣ ਲਈ ਕਰਜ਼ਾ ਲੈਣਾ ਪੈਂਦਾ ਹੈ ਜਾਂ ਗ਼ਲਤ ਢੰਗ ਨਾਲ ਪੈਸਾ ਕਮਾਉਣਾ ਪੈਂਦਾ ਹੈ। ਕਈ ਵਾਰ ਉਹ ਕਰਜ਼ੇ ਦੀ ਕਿਸ਼ਤ ਉਤਾਰਨ ਦੇ ਸਮਰੱਥ ਵੀ ਨਹੀਂ ਹੁੰਦਾ, ਜਿਸ ਕਾਰਨ ਉਸ ਦੇ ਦਿਮਾਗ਼ 'ਤੇ ਬੋਝ ਪੈਂਦਾ ਹੈ ਜਿਹੜਾ ਮਾਨਸਿਕ ਤਣਾਉ ਨੂੰ ਜਨਮ ਦਿੰਦਾ ਹੈ। ਤਣਾਉ ਜ਼ਿੰਦਗੀ ਵਿਚ ਚਿੰਤਾ ਤੇ ਦਵੰਦ ਦੀ ਸਥਿਤੀ ਪੈਦਾ ਕਰਦਾ ਹੈ, ਜਿਸ ਕਰਕੇ ਜ਼ਿੰਦਗੀ ਵਿਚ ਵਿਸ਼ਾਦ ਪੈਦਾ ਹੁੰਦਾ ਹੈ ਅਤੇ ਫਿਰ ਉਹੀ ਆਦਮੀ ਕੋਈ ਗ਼ਲਤ ਕੰਮ ਕਰ ਕੇ ਮੁਜਰਮੀ ਭਾਵਨਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਜ਼ਿੰਦਗੀ ਵਿਚ ਇਹ ਹਾਲਤ ਹੀ ਮਾਨਸਿਕ ਰੋਗਾਂ ਤੇ ਵਿਕਾਰਾਂ ਦਾ ਕਾਰਨ ਬਣਦੀ ਹੈ। ਪਹਿਲਾਂ ਮਨੋਤੰਤੂ ਰੋਗ ਪੈਦਾ ਹੁੰਦਾ ਹੈ ਅਤੇ ਫਿਰ ਜਦ ਇਹ ਠੀਕ ਢੰਗ ਨਾਲ ਨਜਿੱਠਿਆ ਨਾ ਜਾਵੇ, ਤਾਂ ਹੀ ਮਨੋਰੋਗ ਦੀ ਸ਼ਕਲ ਫੜ ਲੈਂਦਾ ਹੈ, ਜਿਸ ਲਈ ਹਸਪਤਾਲ ਵਿਚ ਜਾ ਕੇ ਚਕਿਤਸਕ ਮਨੋਵਿਗਿਆਨੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ ਜਾਂ ਚਕਿਤਸਕ ਮਨੋਰੋਗ ਮਾਹਿਰਾਂ ਤੋਂ ਇਲਾਜ ਕਰਾਉਣਾ ਪੈਂਦਾ ਹੈ।
ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸਾਵਾਂ ਪੱਧਰਾ ਬਣਾਈਏ, ਤਾਂ ਜੋ ਜ਼ਿੰਦਗੀ ਵਿਚ ਖ਼ੁਸ਼ੀ ਪ੍ਰਾਪਤ ਕਰ ਸਕੀਏ ਅਤੇ ਜ਼ਿੰਦਗੀ ਦਾ ਅਨੰਦ ਮਾਣ ਸਕੀਏ ਤਾਂ ਸੱਭ ਤੋਂ ਪਹਿਲਾਂ ਸਾਨੂੰ ਆਪਣੀਆਂ ਲੋੜਾਂ ਤੇ ਖ਼ਾਹਿਸ਼ਾਂ ਜਿਹੜੀਆਂ ਸਾਨੂੰ ਗ਼ਲਤ ਰਾਹ 'ਤੇ ਚੱਲਣ ਲਈ ਮਜਬੂਰ ਕਰ ਰਹੀਆਂ ਹਨ, ਇਨ੍ਹਾਂ ਨੂੰ ਕਾਬੂ ਕਰਨਾ ਪਵੇਗਾ ਅਤੇ ਇਨ੍ਹਾਂ ਨੂੰ ਅਸੀਂ ਕਾਬੂ ਤਾਂ ਹੀ ਕਰ ਸਕਦੇ ਹਾਂ ਜੇ ਗੁਰੂ ਜੀ ਵੱਲੋਂ ਦਿੱਤਾ ਸੰਤੋਖ ਦਾ ਸੰਦੇਸ਼ ਅਸੀਂ ਆਪਣੇ ਜੀਵਨ ਵਿਚ ਅਪਣਾ ਸਕੀਏ ਕਿਉਂਕਿ ਇਹ ਆਮ ਕਿਹਾ ਜਾਂਦਾ ਹੈ ਕਿ ਸਬਰ-ਸਬੂਰੀ ਨਾਨਕਾ ਦਰਗਾਹੀਂ ਲੇਖੇ। ਇਨ੍ਹਾਂ ਸਤਰਾਂ ਤੋਂ ਭਾਵ ਸਪੱਸ਼ਟ ਹੋ ਜਾਂਦਾ ਹੈ ਕਿ ਜੇ ਅਸੀਂ ਸਾਵਾਂ-ਪੱਧਰਾ ਜਾਂ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਆਪਣੇ ਮਨ ਨੂੰ ਸਬਰ ਸੰਤੋਖ ਦਾ ਪਾਠ ਪੜ੍ਹਾਉਣਾ ਪਵੇਗਾ, ਜਿਹੜਾ ਕਿ ਅੱਜ ਦੇ ਸਮੇਂ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਦੁਨਿਆਵੀ ਪਦਾਰਥਾਂ ਦੀ ਖਿੱਚ ਨੇ ਸਾਡੇ ਜੀਵਨ ਨੂੰ ਇਕ ਅਜਿਹੇ ਚੱਕਰਵਿਊ ਵਿਚ ਫ਼ਸਾ ਦਿੱਤਾ ਹੈ ਕਿ ਇਸ ਵਿਚੋਂ ਨਿਕਲਣ ਲਈ ਅਸੀਂ ਜੱਦੋ-ਜਹਿਦ ਕਰ ਰਹੇ ਹਾਂ।
ਇਸ ਲਈ ਜ਼ਰੂਰੀ ਹੈ ਕਿ ਜਿੰਨੀਆਂ ਜ਼ਿੰਦਗੀ ਦੀਆਂ ਲੋੜਾਂ ਘੱਟ ਹੋਣਗੀਆਂ, ਓਨੀ ਹੀ ਜ਼ਿੰਦਗੀ ਸੌਖੀ ਬੀਤੇਗੀ ਕਿਉਂਕਿ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੋ ਸਕਦੀਆਂ। ਓਨੀਆਂ ਹੀ ਲੋੜਾਂ ਲਈ ਸੋਚਿਆ ਜਾਵੇ, ਜਿਨ੍ਹਾਂ ਨੂੰ ਪੂਰਿਆਂ ਕਰਨ ਲਈ ਤੁਹਾਡੇ ਪਾਸ ਵਿਤੀ ਸ੍ਰੋਤ ਹਨ ਅਤੇ ਤੁਹਾਡੀ ਆਰਥਿਕ ਹਾਲਤ ਠੀਕ ਹੈ। ਆਪਣੀ ਆਮਦਨੀ ਦਾ ਬਜਟ ਬਣਾਉਣਾ ਬਹੁਤ ਹੀ ਜ਼ਰੂਰੀ ਹੈ। ਆਪਣੀ ਬੀਵੀ ਤੇ ਬੱਚਿਆਂ ਨਾਲ ਬੈਠ ਕੇ ਪਿਆਰ ਦੇ ਨਾਲ ਸਮਝਾਇਆ ਜਾਵੇ ਕਿ ਇਸ ਮਹੀਨੇ ਅਸੀਂ ਕੀ ਖ਼ਰੀਦ ਸਕਦੇ ਹਾਂ ਜਾਂ ਕੀ ਨਹੀਂ। ਜ਼ਰੂਰੀ ਚੀਜ਼ਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਕੁਝ ਮੰਗਾਂ ਨੂੰ ਅਗਲੇ ਮਹੀਨੇ ਲਈ ਮੁਲਤਵੀ ਕਰ ਦਿੱਤਾ ਜਾਵੇ। ਇਹ ਤੁਹਾਡੀ ਸੋਚ ਤੇ ਵਿਹਾਰ 'ਤੇ ਨਿਰਭਰ ਕਰਦਾ ਹੈ ਕਿ ਕੀ ਤੁਸੀਂ ਆਪਣੀ ਜ਼ਿੰਦਗੀ ਨੂੰ ਮੁਸ਼ਕਿਲਾਂ 'ਚ ਘਿਰੀ ਹੋਈ ਬਤੀਤ ਕਰਨਾ ਚਾਹੁੰਦੇ ਹੋ ਜਾਂ ਫਿਰ ਸੁਖਾਵੀਂ ਤੇ ਸਾਵੀਂ ਪੱਧਰੀ ਜ਼ਿੰਦਗੀ।
ਦੂਜਾ ਤੁਹਾਡਾ ਜ਼ਿੰਦਗੀ ਵੱਲ ਨਜ਼ਰੀਆ ਸਾਕਾਰਾਤਮਕ ਹੋਣਾ ਚਾਹੀਦਾ ਹੈ। ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਲੋਕਾਂ ਦਾ ਵਤੀਰਾ ਨਕਾਰਾਤਮਕ ਹੁੰਦਾ ਹੈ। ਉਹ ਹਰ ਚੀਜ਼ਾਂ ਦਾ ਭੈੜਾ ਪੱਖ ਦੇਖਦੇ ਹਨ। ਇਹ ਸੋਚਦੇ ਹਨ ਕਿ ਕੋਈ ਭੈੜੀ ਖ਼ਬਰ ਆਉਣ ਵਾਲੀ ਹੈ। ਹੁਣ ਕੁਝ ਭੈੜਾ ਹੋ ਕੇ ਵਾਪਰੇਗਾ। ਉਹ ਦੂਜਿਆਂ ਵੱਲ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਨੁਕਸਾਨ ਹੋਵੇ ਕਿਉਂਕਿ ਉਹ ਦੂਜਿਆਂ ਨੂੰ ਸੁਖੀ ਨਹੀਂ ਦੇਖਣਾ ਚਾਹੁੰਦੇ, ਉਹ ਉਨ੍ਹਾਂ ਦੀ ਨੁਕਤਾਚੀਨੀ ਕਰਦੇ ਹਨ, ਉਨ੍ਹਾਂ ਦੇ ਨੁਕਸ ਕੱੱਢਦੇ ਹਨ ਅਤੇ ਬਦਖੋਹੀਆਂ ਕਰਦੇ ਹਨ। ਉਨ੍ਹਾਂ ਦੀਆਂ ਚੁਗਲੀਆਂ ਕਰਦੇ ਹਨ। ਬਿਨਾਂ ਸੋਚੇ ਸਮਝੇ ਹੋਏ ਕਿ ਇਹ ਨੁਕਸ ਸਾਡੇ ਵਿਚ ਵੀ ਹੋ ਸਕਦੇ ਹਨ। ਦਰਅਸਲ ਅਸੀਂ ਦੂਜਿਆਂ ਦੇ ਨੁਕਸਾਂ ਨੂੰ ਉਜਾਗਰ ਕਰ ਕੇ ਆਪਣੇ ਨੁਕਸਾਂ ਨੂੰ ਲੁਕਾ ਰਹੇ ਹੁੰਦੇ ਹਾਂ। ਚਾਹੀਦਾ ਤਾਂ ਇਹ ਹੈ ਕਿ ਅਸੀਂ ਦੂਜੇ ਲੋਕਾਂ ਦੇ ਚੰਗੇ ਪੱਖਾਂ ਨੂੰ ਦੇਖੀਏ ਅਤੇ ਉਨ੍ਹਾਂ ਦੇ ਨੁਕਸਾਂ ਨੂੰ ਨਜ਼ਰ-ਅੰਦਾਜ਼ ਕਰ ਦੇਈਏ। ਹਰ ਚੀਜ਼ ਦਾ ਚੰਗਾ ਪੱਖ ਦੇਖਣਾ ਚਾਹੀਦਾ ਹੈ। ਇਹ ਕਿਆਸ ਨਾ ਕਰੋ ਕਿ ਗਲਾਸ ਵਿਚ ਅੱਧਾ ਪਾਣੀ ਹੈ ਅਤੇ ਅੱਧਾ ਗਲਾਸ ਖ਼ਾਲੀ ਹੈ, ਪਰ ਇਹ ਸਮਝੋ ਕਿ ਅੱਧਾ ਗਲਾਸ ਪਾਣੀ ਨਾਲ ਭਰਿਆ ਹੋਇਆ ਹੈ ਅਤੇ ਅੱਧਾ ਗਲਾਸ ਹਵਾ ਨਾਲ ਭਰਿਆ ਹੋਇਆ ਹੈ। ਇੰਝ ਤੁਹਾਡੀ ਸੋਚ ਸਾਕਾਰਾਤਮਕ ਹੋ ਜਾਵੇਗੀ। ਜੇ ਤੁਹਾਡੀ ਸੋਚ ਠੀਕ ਹੈ, ਤਾਂ ਤੁਹਾਡਾ ਵਤੀਰਾ ਵੀ ਠੀਕ ਹੋਵੇਗਾ ਅਤੇ ਤੁਸੀਂ ਚੰਗਾ ਕੰਮ ਵੀ ਕਰੋਗੇ। ਇਸ ਦੇ ਉਲਟ ਜੇ ਤੁਹਾਡੀ ਸੋਚ ਗ਼ਲਤ ਹੈ, ਤਾਂ ਤੁਹਾਡਾ ਵਤੀਰਾ ਨਕਾਰਾਤਮਕ ਹੋਵੇਗਾ ਅਤੇ ਤੁਸੀਂ ਹਮੇਸ਼ਾ ਭੈੜੇ ਕੰਮ ਕਰੋਗੇ।
ਹਮੇਸ਼ਾ ਹੀ ਆਪਣੇ ਆਪ ਨੂੰ ਚੜ੍ਹਦੀਕਲਾ ਵਿਚ ਰੱਖੋ। ਜੇ ਅੱਜ ਤੁਸੀਂ ਕਿਸੇ ਕਾਰਨ ਦੁਖੀ ਹੋ ਤਾਂ ਆਉਣ ਵਾਲੇ ਸਮੇਂ ਵਿਚ ਪਰਮਾਤਮਾ ਤੁਹਾਨੂੰ ਜ਼ਰੂਰ ਹੀ ਸੁਖੀ ਰੱਖੇਗਾ ਅਤੇ ਤੁਹਾਡੇ ਲਈ ਚੰਗੇ ਦਿਨ ਆਉਣਗੇ। ਤੁਹਾਨੂੰ ਸਵੈ-ਭਰੋਸਾ ਹੋਣਾ ਚਾਹੀਦਾ ਹੈ। ਹਮੇਸ਼ਾ ਪਰਮਾਤਮਾ 'ਤੇ ਵਿਸ਼ਵਾਸ ਰੱਖੋ ਅਤੇ ਅਰਦਾਸ ਕਰੋ ਕਿ ਪਰਮਾਤਮਾ ਤੁਹਾਨੂੰ ਖ਼ੁਸ਼ੀਆਂ ਨਾਲ ਭਰਪੂਰ ਰੱਖੇ। ਜੇ ਅੱਜ ਹਨੇਰੀ ਰਾਤ ਹੈ ਜਾਂ ਅੱਜ ਬੱਦਲ ਹਨ ਜਾਂ ਬਰਸਾਤ ਹੋਣ ਵਾਲੀ ਹੈ, ਤਾਂ ਨਿਰਾਸ਼ ਨਾ ਹੋਵੋ ਕਿਉਂਕਿ ਕਲ੍ਹ ਨੂੰ ਜ਼ਰੂਰ ਹੀ ਮੌਸਮ ਚੰਗਾ ਹੋਵੇਗਾ ਅਤੇ ਸੂਰਜ ਚੜ੍ਹੇਗਾ। ਹਮੇਸ਼ਾ ਚੰਗੀਆਂ ਗੱਲਾਂ ਬਾਰੇ ਹੀ ਸੋਚੋ ਅਤੇ ਭੈੜੇ ਵਿਚਾਰਾਂ ਨੂੰ ਦਿਮਾਗ਼ 'ਚੋਂ ਕੱਢ ਦਿਉ।
ਭਾਵੇਂ ਤੁਸੀਂ ਸਮਾਜ ਸੁਧਾਰਕ ਨਾ ਵੀ ਹੋਵੋ, ਪਰ ਤਾਂ ਵੀ ਤੁਹਾਨੂੰ ਦੂਜੇ ਲੋਕਾਂ ਦੇ ਕੰਮ ਕਰਨੇ ਚਾਹੀਦੇ ਹਨ। ਦੂਜਿਆਂ ਦੇ ਕੰਮ ਕਰਨ ਵਿਚ ਖ਼ੁਸ਼ੀ ਮਿਲਦੀ ਹੈ। ਦੂਜਿਆਂ ਨੂੰ ਲੁੱਟਣ ਦਾ ਨਹੀਂ ਪਰੰਤੂ ਲੁਟਾਉਣ ਦਾ ਕੰਮ ਕਰੋ। ਲੁਟਾਉਣ ਵਿਚ ਹੀ ਤੁਹਾਨੂੰ ਸਕੂਨ ਮਿਲੇਗਾ। ਜੇ ਤੁਸੀਂ ਲੋਕਾਂ ਦੇ ਕੰਮ ਕਰੋਗੇ, ਤਾਂ ਪਰਮਾਤਮਾ ਤੁਹਾਡੇ ਕੰਮ ਸਵਾਰੇਗਾ। ਕਦੀ ਨਾ ਸੋਚੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ, ਜਾਂ ਤੁਹਾਡੇ ਲਈ ਕੀ ਕਰਦੇ ਹਨ। ਆਮ ਦੇਖਣ ਵਿਚ ਆਇਆ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੇ ਕੰਮ ਕਰਦੇ ਹਾਂ ਜਿਹੜੇ ਸਾਡੇ ਲਈ ਭਵਿੱਖ ਵਿਚ ਲਾਹੇਵੰਦ ਸਿੱਧ ਹੋ ਸਕਦੇ ਹਨ। ਪਰਮਾਤਮਾ ਤੋਂ ਖ਼ੈਰ ਮੰਗੋ, ਜੋ ਤੁਹਾਨੂੰ ਦੇ ਕੇ ਸੁਣਾਂਦਾ ਨਹੀਂ। ਜੇ ਕੋਈ ਹੋਰ ਬੰਦਾ ਤੁਹਾਡੇ ਕੰਮ ਕਰਦਾ ਹੈ, ਤਾਂ ਤੁਸੀਂ ਹਮੇਸ਼ਾ ਹੀ ਉਸ ਦੇ ਰਿਣੀ ਰਹੋਗੇ ਅਤੇ ਉਹ ਹਮੇਸ਼ਾ ਸੁਣਾਉਂਦਾ ਰਹੇਗਾ ਕਿ ਮੈਂ ਤੇਰੇ ਲਈ ਇਹ ਕੰਮ ਕੀਤਾ ਸੀ ਅਤੇ ਤੁਸੀਂ ਉਹਦੇ ਅਹਿਸਾਨ ਥੱਲੇ ਦੱਬੇ ਰਹੋਗੇ।
ਜੇ ਤੁਸੀਂ ਆਪਣੀ ਜ਼ਿੰਦਗੀ ਸਾਵੀਂ ਪੱਧਰੀ ਬਿਤਾਉਣਾ ਚਾਹੁੰਦੇ ਹੋ, ਤਾਂ ਆਪਣੇ ਆਪ ਨੂੰ ਹਮੇਸ਼ਾ ਰੁਝੇਵੇਂ ਵਿਚ ਰੱਖੋ। ਕਦੀ ਵਿਹਲੇ ਨਾ ਬੈਠੋ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਵਿਹਲੇ ਸਮੇਂ ਅਸੀਂ ਭੈੜੇ ਕੰਮਾਂ ਬਾਰੇ ਅਤੇ ਭੈੜੀਆਂ ਗੱਲਾਂ ਬਾਰੇ ਸੋਚਦੇ ਹਾਂ। ਅਸੀਂ ਇਹ ਸੋਚ ਕੇ ਦੁਖੀ ਹੁੰਦੇ ਹਾਂ ਕਿ ਸਾਡਾ ਗੁਆਂਢੀ ਕਿਉਂ ਸੁਖੀ ਹੈ। ਪਰਮਾਤਮਾ ਤੋਂ ਸਰਬੱਤ ਦਾ ਭਲਾ ਮੰਗੋ। ਹਰ ਇਨਸਾਨ ਵਿਚ ਚੰਗਿਆਈਆਂ ਵੀ ਹੁੰਦੀਆਂ ਹਨ ਅਤੇ ਬੁਰਾਈਆਂ ਵੀ। ਹਰ ਮਨੁੱਖ ਵਿਚ ਕਮਜ਼ੋਰੀਆਂ ਹੋਣੀਆਂ ਸੁਭਾਵਿਕ ਹਨ ਕਿਉਂਕਿ ਉਹ ਗੁਣਾਂ ਅਤੇ ਔਗੁਣਾਂ ਦਾ ਪੁਤਲਾ ਹੈ। ਸਾਨੂੰ ਆਪਣੇ ਅੰਦਰ ਚੰਗੇ ਗੁਣਾਂ ਦਾ ਵਿਕਾਸ ਕਰਨਾ ਚਾਹੀਦਾ ਹੈ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਚੰਗੇ ਵਿਅਕਤੀ ਬਣ ਸਕੀਏ। ਇਸ ਲਈ ਇਹ ਚੰਗਾ ਹੋਵੇਗਾ ਜੇ ਤੁਸੀਂ ਸਵੇਰੇ ਤੇ ਸ਼ਾਮ ਸਮੇਂ, ਉੱਠਣ ਜਾਂ ਸੌਣ ਵਕਤ ਜਦੋਂ ਵੀ ਸਮਾਂ ਮਿਲੇ, ਇਕ ਦੋ ਮਿੰਟ ਲਈ ਆਪਣੇ ਮਨ ਵਿਚ ਸਵੈ-ਗੱਲਬਾਤ ਰਾਹੀਂ ਚੁੱਪ-ਚੁਪੀਤੀ ਕਥਨ ਕਰੋ ਜਾਂ ਆਪਣੇ ਮਨ ਵਿਚ ਕਹੋ ਕਿ, 'ਮੈਂ ਚੰਗਾ ਪੁਰਸ਼ ਹਾਂ, ਮੈਨੂੰ ਚੰਗਾ ਮਨੁੱਖ ਬਣਨਾ ਚਾਹੀਦਾ ਹੈ ਅਤੇ ਮੈਂ ਇਕ ਚੰਗਾ ਵਿਅਕਤੀ ਬਣ ਸਕਦਾ ਹਾਂ। ਇਹ ਗੱਲਾਂ ਮਨ ਵਿਚ ਤਿੰਨ ਚਾਰ ਵਾਰ ਦੁਹਰਾਉ।' ਮੈਨੂੰ ਯਤਨ ਕਰਨਾ ਚਾਹੀਦਾ ਹੈ ਕਿ ਮੈਂ ਜ਼ਿੰਦਗੀ ਵਿਚ ਖ਼ੁਸ਼ੀ ਲੱਭਾਂ। ਆਪ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਖ਼ੁਸ਼ ਰੱਖਣ ਦਾ ਯਤਨ ਕਰੋ।
ਜੇ ਅਸੀਂ ਆਪਣੀ ਜ਼ਿੰਦਗੀ ਸਾਵੀਂ-ਪੱਧਰੀ ਬਿਤਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਦਾ ਜੀਵਨ ਅਤੇ ਉੱਚੀ ਸੋਚ ਦੇ ਨਿਯਮ ਨੂੰ ਲਾਗੂ ਕਰਨਾ ਹੋਵੇਗਾ। ਭਾਵ ਇਹ ਹੈ ਕਿ ਸਾਡੀ ਜ਼ਿੰਦਗੀ ਸਾਦੀ ਅਤੇ ਘੱਟ ਲੋੜਾਂ ਵਾਲੀ ਹੋਵੇ ਅਤੇ ਚੰਗੀ ਤੇ ਸਾਕਾਰਾਤਮਕ ਸੋਚ ਰੱਖੀ ਜਾਵੇ ਤਾਂ ਅਸੀਂ ਜ਼ਿੰਦਗੀ ਵਿਚ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ, ਨਹੀਂ ਤਾਂ ਜ਼ਿੰਦਗੀ ਵਿਚ ਅਸੀਂ ਗ਼ਮ, ਉਦਾਸੀ, ਨਿਸਫਲਤਾ ਤੇ ਵਿਸ਼ਾਦ ਦੀ ਖਾਈ ਵਿਚ ਡਿਗ ਜਾਵਾਂਗੇ ਅਤੇ ਫਿਰ ਜ਼ਿੰਦਗੀ ਵਿਚ ਅਸੀਂ ਗੋਤੇ ਹੀ ਲਾਉਂਦੇ ਰਹਾਂਗੇ।


-ਸਾਬਕਾ ਮੁਖੀ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 94781-69464

ਬੁਲਬੁਲੋ ਮੱਤ ਰੋ ਯਹਾਂ

ਅੱਜਕਲ੍ਹ ਸਾਡੀ ਨਿੱਕੀ ਜਿਹੀ ਬਗ਼ੀਚੀ ਵਿਚ ਬੁਲਬੁਲਾਂ ਦੇ ਇਕ ਜੋੜੇ ਦਾ ਆਉਣ-ਜਾਣ ਹੈ। ਇਹ ਕਮਾਲ ਸਾਡੇ 40-ਸਾਲਾ ਸ਼ਹਿਰੀ ਜੀਵਨ ਵਿਚ ਪਹਿਲੀ ਵਾਰ ਹੋਇਐ! ਇਸ ਦਾ ਸਿਹਰਾ ਕੋਰੋਨਾ ਕਾਰਨ ਲੱਗੇ ਕਰਫ਼ਿਊ ਅਤੇ ਤਾਲਾਬੰਦੀ ਸਿਰ ਹੈ। ਬੰਦੇ ਘਰ ਦੇ ਪਿੰਜਰਿਆਂ 'ਚ ਬੰਦ ਹਨ ਅਤੇ ਪਰਿੰਦੇ ਆਜ਼ਾਦ! ਇਹ ਕੁਦਰਤ ਦਾ ਨਿਆਂ ਹੈ। ਉਸ ਨੇ ਬੁਲਬੁਲ ਵਰਗੇ ਪੰਛੀਆਂ ਨੂੰ ਪਿੰਜਰਿਆਂ ਦੀ ਕੈਦ ਵਿਚ ਰੱਖਣ ਵਾਲੇ ਸ਼ੌਕੀਨਾਂ ਸਮੇਤ ਸਭ ਪ੍ਰਾਣੀਆਂ ਨੂੰ ਅੰਦਰੀਂ ਕੈਦ ਕਰ ਦਿੱਤਾ ਹੈ।
ਬੁਲਬੁਲਾਂ ਦੀ ਆਮਦ ਨੇ ਮੈਨੂੰ ਆਪਣੇ ਬਚਪਨ ਵਿਚ ਵਾਪਸ ਭੇਜ ਦਿੱਤਾ ਹੈ। 60ਸਾਲ ਪਹਿਲਾਂ ਬਚਪਨ ਸਮੇਂ ਮੇਰੇ ਬਾਪੂ ਹਰ ਰਾਤ ਸੌਣ ਤੋਂ ਪਹਿਲਾਂ ਲੋਰ ਵਿਚ ਆ ਕੇ ਰੋਜ਼ ਇਕ ਉਦਾਸ ਜਿਹਾ ਗੀਤ ਗਾਇਆ ਕਰਦੇ ਸੀ -
'ਬੁਲਬੁਲੋ ਮੱਤ ਰੋ ਯਹਾਂ ਆਂਸੂ ਬਹਾਨਾ ਹੈ ਮਨ੍ਹਾਂ,
ਇਨ ਕਫ਼ਸ ਕੇ ਕੈਦੀਉਂ ਕੋ ਗੁਲ ਮਚਾਨਾ ਹੈ ਮਨ੍ਹਾਂ।'
ਇਹ ਗੀਤ1945ਦੀ ਫ਼ਿਲਮ 'ਜ਼ੀਨਤ' ਵਿਚ ਮਲਕਾ-ਏ-ਤਰੰਨੁਮ ਨੂਰ ਜਹਾਂ ਨੇ ਗਾਇਆ ਹੈ। ਬਾਪੂ1959ਦੀ ਫ਼ਿਲਮ 'ਬੇਦਰਦ ਜ਼ਮਾਨਾ ਕਯਾ ਜਾਨੇ' ਦੀਆਂ ਸਤਰਾਂ ਵੀ ਗੁਣਗੁਣਾਉਂਦਾ-
'ਕੈਦ ਮੇਂ ਹੈ ਬੁਲਬੁਲ ਸੱਯਾਦ ਮੁਸਕਰਾਏ,
ਕਹਾ ਭੀ ਨਾ ਜਾਏ ਚੁੱਪ ਰਹਾ ਭੀ ਨਾ ਜਾਏੇ।'
ਬਾਪੂ ਨੂੰ ਇਸ ਜਹਾਨੋਂ ਗਿਆਂ 13 ਸਾਲ ਹੋ ਗਏ ਹਨ ਪਰ ਬੁਲਬੁਲ ਬਾਰੇ ਦੱਸੀਆਂ ਉਸ ਦੀਆਂ ਕਈ ਗੱਲਾਂ ਅੱਜ ਵੀ ਯਾਦ ਹਨ।
ਮੈਂ ਉਦੋਂ 10 ਸਾਲ ਦਾ ਸਾਂ। ਗੀਤ ਦੀ ਬਹੁਤੀ ਸਮਝ ਨਹੀਂ ਸੀ ਪੈਂਦੀ। ਬਾਪੂ ਉਰਦੂ-ਫ਼ਾਰਸੀ ਜਾਣਦਾ ਸੀ। ਬੁਲਬੁਲ ਤੇ ਗੁਲ ਬਾਰੇ ਕਈ ਗੱਲਾਂ ਸੁਣਾਉਂਦਾ। ਇਨ੍ਹਾਂ ਗੱਲਾਂ ਕਾਰਨ ਬੁਲਬੁਲ ਨੇ ਬਚਪਨ ਤੋਂ ਹੀ ਮੈਨੂੰ ਘੇਰਿਆ ਹੋਇਆ ਹੈ। ਹੋਸ਼ ਸੰਭਾਲੀ ਤਾਂ ਇਸ ਪੰਛੀ ਬਾਰੇ ਆਪ ਹੋਰ ਪੜ੍ਹਿਆ। ਹੁਣ ਇਸ ਦੇ ਦੀਦਾਰ ਕਰ ਕੇ ਬੜਾ ਕੁਝ ਚਿੱਤ-ਚੇਤੇ ਦੀ ਚੰਗੇਰ 'ਚੋਂ ਚਮਕ ਪਿਐ।
ਬੁਲਬੁਲ ਅਤੇ ਗੁਲ (ਫੁੱਲ), ਖ਼ਾਸ ਕਰਕੇ ਗੁਲਾਬ ਦੇ ਫੁੱਲ ਦਾ ਇਸ਼ਕ ਦਾ ਰਿਸ਼ਤਾ ਹੈ। ਦੋਵੇਂ ਬਹਾਰ ਦਾ ਸ਼ਿੰਗਾਰ ਹਨ। ਗੁਲਾਬ ਤਾਂ ਬਹਾਰ ਦੀ ਰੁੱਤ ਦਾ ਸਿਰਨਾਵਾਂ ਹੈ। ਦਰਅਸਲ ਸਾਰੇ ਫੁੱਲ ਹੀ ਬਹਾਰ ਦੀ ਰੌਣਕ ਹਨ। ਭਲਾ ਖੇੜੇ ਤੇ ਖੁਸ਼ਬੂ ਬਿਨਾਂ ਬਹਾਰ ਕਾਹਦੀ?
ਬੁਲਬੁਲ ਗਾਉਣ ਵਾਲਾ ਪੰਛੀ ਹੈ। ਇਸ ਦੀ ਆਵਾਜ਼ ਬੜੀ ਮਧੁਰ ਹੁੰਦੀ ਹੈ। ਪੰਛੀ ਤਾਂ ਸਾਰੇ ਹੀ ਗਾਉਂਦੇ ਹਨ ਪਰ ਮੋਰ, ਕੋਇਲ ਅਤੇ ਬੁਲਬੁਲ ਦਾ ਕੋਈ ਜਵਾਬ ਨਹੀਂ। ਕੁਦਰਤ ਦੀ ਕਾਇਨਾਤ ਵਿਚ ਸੰਗੀਤ ਵੱਜਦਾ ਰਹਿੰਦੈ। ਦਰਅਸਲ ਪੂਰੇ ਬ੍ਰਹਿਮੰਡ 'ਚ ਹੀ ਅਨਹਦ ਨਾਦ ਹੈ। ਦਾਤੇ ਦਾ ਇਕ ਦੈਵੀ ਆਰਕੈਸਟਰਾ ਹਮੇਸ਼ਾ ਵੱਜਦਾ ਰਹਿੰਦੈ। ਬੰਦੇ ਦੇ ਸ਼ੋਰ ਕਾਰਨ ਇਹ ਸੁਣਾਈ ਨਹੀਂ ਦਿੰਦਾ ਜਾਂ ਘੱਟ ਸੁਣਾਈ ਦਿੰਦਾ ਹੈ। ਬੰਦਾ ਬੰਦ ਹੋਇਆ ਤਾਂ ਉਸ ਦਾ ਸ਼ੋਰ ਵੀ ਬੰਦ ਹੋ ਗਿਆ, ਸ਼ੋਰ ਬੰਦ ਹੋਇਆ ਤਾਂ ਰੱਬ ਦੇ ਸੰਗੀਤਕਾਰਾਂ/ਗਾਇਕਾਂ ਦੇ ਸੁਰ-ਸਰਗਮ ਵੀ ਸੁਣਾਈ ਦੇਣ ਲੱਗ ਪਏ!
ਬਹਾਰ 'ਤੇ ਗੁਲਾਬ ਦਾ ਪਿਆਰ ਬੁਲਬੁਲ ਦੇ ਗੀਤ ਦਾ ਨਿਖਾਰ ਹਨ।
ਅੰਮ੍ਰਿਤ ਵੇਲੇ ਹੁਣ ਹਰ ਰੋਜ਼ ਬੁਲਬੁਲ ਦਾ ਗੀਤ ਸੁਣਨ ਨੂੰ ਮਿਲਦੈ (ਭਾਵੇਂ ਇਹ ਸੌਗਾਤ ਬਹੁਤਾ ਸਮਾਂ ਨਹੀਂ ਰਹਿਣੀ ਕਿਉਂਕਿ ਕਰਫ਼ਿਊ ਵਿਚ ਅੰਸ਼ਕ ਢਿੱਲ ਮਿਲਣ ਕਾਰਨ ਹੁਣ ਸ਼ੋਰ ਫਿਰ ਤੋਂ ਸ਼ੁਰੂ ਹੋ ਗਿਐ)। ਹੋਰ ਪੰਛੀ ਵੀ ਚਹਿਚਹਾਉਂਦੇ ਹਨ। ਵਾਰਿਸ ਦਾ 'ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁੱਧ ਦੇ ਵਿਚ ਮਧਾਣੀਆਂ ਨੀ' ਯਾਦ ਆ ਜਾਂਦੈ।
ਬੁਲਬੁਲ ਏਸ਼ੀਆ, ਅਫ਼ਰੀਕਾ ਅਤੇ ਮੱਧ-ਪੂਰਬੀ ਮੁਲਕਾਂ ਦਾ ਪੰਛੀ ਹੈ। ਇਕ ਅੰਦਾਜ਼ੇ ਮੁਤਾਬਿਕ ਇਸ ਦੀਆਂ 100 ਤੋਂ ਵੱਧ ਵੱਖ ਵੱਖ ਕਿਸਮਾਂ ਹਨ। ਇਹ ਫਾਰਸੀ/ਅਰਬੀ ਦੇ 'ਬੋਲਬੋਲ' ਤੋਂ ਉਰਦੂ ਰਾਹੀਂ ਸੰਸਕ੍ਰਿਤ/ਹਿੰਦੀ ਵਿਚ ਬੁਲਬੁਲ ਬਣ ਕੇ ਆਇਆ। ਇਸ ਦਾ ਪੁਰਾਣਾ ਨਾਮ ਕਲਸਿਰੀ ਹੈ, ਭਾਵ ਕਾਲੇ ਸਿਰ ਵਾਲਾ। ਇਸ ਦਾ ਕਾਵਿਕ ਨਾਮ ਹਜ਼ਾਰ ਦਾਸਤਾਂ, ਹਜ਼ਾਰ ਆਵਾਜ਼ ਜਾਂ ਸਿਰਫ਼ ਹਜ਼ਾਰਾ ਭਾਵ ਹਜ਼ਾਰ ਸੁਰੀਲ਼ੀਆਂ ਆਵਾਜ਼ਾਂ ਵਾਲਾ ਪੰਛੀ ਹੈ। ਇਹ ਨਾਮ ਇਸ ਕਰਕੇ ਪਿਆ ਕਿਉਂਕਿ ਇਹ ਪੰਛੀ ਅਨੇਕਾਂ ਆਵਾਜ਼ਾਂ ਕੱਢ ਲੈਂਦਾ ਹੈ। ਖ਼ੁਦ ਮੈਂ ਇਸ ਦੀਆਂ7-8ਵੰਨਗੀਆਂ ਰੋਜ਼ ਸੁਣਦਾ ਹਾਂ।
ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿਚ ਬੁਲਬੁਲ ਅਤੇ ਗੁਲਾਬ ਦੇ ਇਸ਼ਕ ਦੀ ਬੜੀ ਚਰਚਾ ਹੈ। ਗੁਲਾਬ ਖੂਬਸੂਰਤੀ, ਖ਼ੁਸ਼ਬੂ, ਰੁਮਾਂਸ, ਪਿਆਰ ਦਾ ਪ੍ਰਤੀਕ ਹੈ। ਪਰ ਖ਼ੂਬਸੂਰਤੀ ਥੋੜ੍ਹਚਿਰੀ ਹੁੰਦੀ ਹੈ-'ਗੋਰਾ ਰੰਗ ਟਿੱਬਿਆਂ ਦਾ ਰੇਤਾ ਵਾਅ ਆਈ ਉਡ ਜਾਵੇਗਾ'! ਗੁਲਾਬ ਦੀਆਂ ਪੰਖੜੀਆਂ ਮੁਰਝਾ ਕੇ ਜਲਦੀ ਬਿਖਰ ਜਾਂਦੀਆਂ ਹਨ ਜਿਸ ਕਾਰਨ ਬੁਲਬੁਲ ਦਾ ਦਿਲ ਟੁੱਟ ਜਾਂਦੈ, ਉਹ ਉਦਾਸ ਹੋ ਜਾਂਦੈ 'ਤੇ ਵੇਦਨਮਈ ਸੁਰ 'ਚ ਗਾਉਂਦੈ।
ਪਰ ਗੁਲਾਬ ਨਿਰੰਤਰਤਾ ਦੀ ਨਿਸ਼ਾਨੀ ਵੀ ਹੈ। ਜੇ ਇਕ ਖਿੰਡ ਕੇ ਮੁਰਝਾਉਂਦੈ ਤਾਂ ਹੋਰ ਖਿੜਦੇ ਵੀ ਹਨ। ਖਿੜਾਉ 'ਚ ਬੁਲਬੁਲ ਖੁਸ਼ ਹੋ ਗਾਉਂਦੀ ਹੈ। ਜੀਵਨ ਵੀ ਇਸ ਤਰ੍ਹਾਂ ਹੀ ਹੈ। ਵਿਅਕਤੀ ਮਰਦੈ ਪਰ ਜ਼ਿੰਦਗੀ ਨਿਰੰਤਰ ਚਲਦੀ ਰਹਿੰਦੀ ਹੈ। ਆਰਿਫਾਨਾ ਪੱਧਰ 'ਤੇ ਬੁਲਬੁਲ ਦਾ ਗੁਲਾਬ ਲਈ ਰੁਦਨ ਆਤਮਾ ਦਾ ਪ੍ਰਮਾਤਮਾ ਵਿਚ ਮਿਲਣ ਦੀ ਤੜਪ ਦਾ ਵੀ ਸੂਚਕ ਹੈ।
ਗੁਲੋ-ਬੁਲਬੁਲ ਦੇ14ਵੀਂ ਸਦੀ ਦੇ ਇਸ ਫ਼ਾਰਸੀ (ਪਰਸ਼ੀਅਨ) ਥੀਮ ਨੇ18ਵੀਂ ਸਦੀ ਦੇ ਕੁਝ ਅੰਗਰੇਜ਼ੀ ਕਵੀਆਂ ਅਤੇ ਫਿਰ ਵਿਕਟੋਰੀਅਨ ਸੁਸਾਇਟੀ ਨੂੰ ਵੀ ਪ੍ਰਭਾਵਤ ਕੀਤਾ। ਆਸਕਰ ਵਾਈਲਡ ਦੀ ਕਹਾਣੀ 'ਦ ਨਾਈਟਿੰਗੇਲ ਐਂਡ ਦ ਰੋਜ਼' ਇਸ ਦੀ ਉਦਾਹਰਨ ਹੈ। ਫ਼ਾਰਸੀ ਕਵੀ ਬੁਲਬੁਲ ਅਤੇ ਨਾਈਟਿੰਗੇਲ ਨੂੰ ਇਕ ਹੀ ਸਮਝਦੇ ਸਨ ਪਰ ਯੂਰਪ ਦੀ ਨਾਈਟਿੰਗੇਲ ਬੁਲਬੁਲ ਤੋਂ ਵੱਖਰੀ ਹੈ। ਜੌਹਨ ਕੀਟਸ ਦੀ ਪ੍ਰਸਿੱਧ ਕਵਿਤਾ 'ਦ ਓਡ ਟੂ ਨਾਇਟਿੰਗੇਲ' ਵਿਚਲਾ ਪੰਛੀ ਏਸ਼ੀਅਨ ਬੁਲਬੁਲ ਨਹੀਂ ਹੈ। ਨਾ ਹੀ ਇਹ ਏਸ਼ੀਅਨ ਬੁਲਬੁਲ ਵਾਂਗ ਉਦਾਸ ਹੈ, ਸਗੋਂ ਕਵੀ ਤਾਂ ਇਸ ਨੂੰ ਅਮਰ ਤੇ ਪ੍ਰਸੰਨ ਪੰਛੀ ਕਹਿ ਕੇ 'ਤੇਜ਼ ਉਡਣ ਵਾਲੀ ਬਿਰਖਾਂ ਦੀ ਹੂਰ' ਪੁਕਾਰਦੈ। ਸਾਡੇ ਵੀ ਇਧਰ ਕਵਿਤਰੀ ਸਰੋਜਨੀ ਨਾਇਡੂ ਨੂੰ ਭਾਰਤ ਦੀ ਨਾਈਟਿੰਗੇਲ ਕਿਹਾ ਜਾਂਦੈ।
ਵਿਸ਼ਾਲ ਚਮਨ ਵਿਚ ਬੁਲਬੁਲ ਇਕ ਗੁਰਈਆ ਪੰਛੀ ਦੀ ਸ਼੍ਰੇਣੀ ਹੈ। ਚਮਨ ਸੰਸਾਰ ਦਾ ਪ੍ਰਤੀਕ ਹੈ। ਇਸ ਵਿਚ ਭਾਂਤ-ਸੁਭਾਂਤੇ ਪ੍ਰਾਣੀ, ਪਸ਼ੂ, ਪੰਛੀ, ਵਣ-ਤ੍ਰਿਣ ਹਨ। ਬੁਲਬੁਲ ਵਾਂਗ ਬੰਦਾ ਵੀ ਆਪਣੇ ਵਿਕਾਰਾਂ 'ਤੇ ਸਰੀਰ ਦੀ ਕੈਦ ਵਿਚ ਹੈ। ਇਕ ਦਿਨ ਇਹ ਪਿੰਜਰੇ 'ਚੋਂ ਆਜ਼ਾਦ ਹੋ ਜਾਏਗਾ ਪਰ ਜੀਵਨ ਚਲਦਾ ਰਹੇਗਾ। ਮੀਰ ਤਕੀ ਮੀਰ ਠੀਕ ਹੀ ਕਹਿੰਦੈ-'ਜਿਸ ਚਮਨ ਜ਼ਾਰ ਕਾ ਹੈ ਤੂ ਗੁਲੇਤਾਰ/ਬੁਲਬੁਲ ਉਸ ਗੁਲਿਸਿਤਾਨ ਕੇ ਹਮ ਭੀ ਹੈਂ' (ਅਰਥ : ਗੁਲੇਤਾਰ-ਸਭ ਤੋਂ ਤਾਜ਼ਾ ਗੁਲਾਬ)।
ਬੁਲਬੁਲ ਬਾਰੇ ਕਈ ਹੋਰ ਸ਼ੇਅਰ ਵੀ ਪ੍ਰਚੱਲਿਤ ਹਨ:
-'ਕਹਿਤਾ ਹੈ ਕੌਨ
ਨਾਲਾ-ਏ-ਬੁਲਬੁਲ ਕੋ ਬੇਅਸਰ,
ਪਰਦੇ ਮੇਂ ਗੁਲ ਕੇ ਲਾਖ ਜਿਗਰ
ਚਾਕ ਹੋ ਗਏ' (ਮਿਰਜ਼ਾ ਗਾਲਿਬ)
-'ਬੁਲਬੁਲ ਕੋ ਬਾਗਬਾਂ ਸੇ
ਨਾ ਸੱਯਾਦ ਸੇ ਗਿਲਾ ਹੈ,
ਕਿਸਮਤ ਮੇਂ ਕੈਦ ਲਿਖੀ ਥੀ
ਫਸਲੇ ਬਹਾਰ ਮੇਂ' (ਬਹਾਦਰ ਸ਼ਾਹ ਜ਼ਫਰ)
-'ਜਬ ਸੇ ਬੁਲਬੁਲ ਤੂ ਨੇ ਦੋ ਤਿਨਕੇ ਲੀਏ,
ਟੂਟਤੀ ਹੈਂ ਬਿਜਲੀਆਂ ਇਨ ਕੇ ਲੀਏ' (ਅਮੀਰ ਮਿਨਾਈ)
-'ਯੇ ਆਰਜ਼ੂ ਥੀ ਤੁਝੇ ਗੁਲ ਕੇ ਰੂਬਰੂ ਕਰਤੇ,
ਹਮ ਔਰ ਬੁਲਬੁਲ-ਏ-ਬੇਤਾਬ ਗੁਫ਼ਤਗੂ ਕਰਤੇ' (ਆਤਿਸ਼)
ਬੁਲਬੁਲ ਬਾਰੇ ਬੱਚਿਆਂ ਦੇ ਗੀਤ (ਨਰਸਰੀ ਰਾਈਮ) ਵੀ ਹਨ:
-'ਬੁਲਬੁਲ ਕਾ ਬੱਚਾ ਖਾਤਾ ਥਾ
ਖਿਚੜੀ ਪੀਤਾ ਥਾ ਪਾਨੀ
ਬੁਲਬੁਲ ਕਾ ਬੱਚਾ ਗਾਤਾ ਥਾ
ਗਾਨੇ ਮੇਰੇ ਸਿਰਹਾਨੇ'।
ਡਾ: ਇਕਬਾਲ ਨੇ ਅੰਗਰੇਜ਼ੀ ਕਵੀ ਵਿਲੀਯਮ ਕੂਪਰ ਬਰਾਨ ਦੀ ਇਕ ਕਵਿਤਾ ਢਾਲ ਕੇ ਬੱਚਿਆਂ ਲਈ ਬੁਲਬੁਲ ਔਰ ਜੁਗਨੂੰ ਦਾ ਇਕ ਸੰਵਾਦ ਬਣਾਇਆ-'ਟਹਿਨੀ ਪੇ ਕਿਸੀ ਸ਼ਜਰ ਕੀ ਤਨਹਾ ਬੁਲਬੁਲ ਥਾ ਕੋਈ ਉਦਾਸ ਬੈਠਾ...'
ਹਿੰਦੀ ਫਿਲਮਾਂ ਵੀ ਪਿੱਛੇ ਨਹੀਂ ਰਹੀਆਂ। 1992ਦੀ ਇਕ ਫਿਲਮ ਦਾ ਤਾਂ ਨਾਮ ਹੀ 'ਕੈਦ ਮੇਂ ਹੈ ਬੁਲਬੁਲ' ਹੈ ਜਿਸ ਵਿਚ ਬੰਦੀ ਬਣਾਈ ਹੋਈ ਔਰਤ (ਨਾਇਕਾ ਭਾਗਯਾਸ਼ਿਰੀ) ਉਪਰ ਇਕ ਗਾਣਾ ਫਿਲਮਾਇਆ ਗਿਆ-
'ਸੱਯਾਦ ਨੇ ਛੁਪਾਇਆ
ਬੇਬਸ ਪੇ ਸਿਤਮ ਢਾਇਆ
ਕੋਈ ਜ਼ੋਰ ਚਲ ਨਾ ਪਾਇਆ
ਕੈਦ ਮੇਂ ਹੈ ਬੁਲਬੁਲ'।
1986ਦੀ ਫਿਲਮ 'ਐਸਾ ਪਿਆਰ ਕਹਾਂ' ਵਿਚ ਬੜਾ ਉਦਾਸ ਗਾਣਾ ਹੈ- 'ਤੇਰੇ ਬਾਗੋਂ ਕੀ ਬੁਲਬੁਲ/ਮੈਂ ਬਾਬੁਲ ਬਗੀਆ ਛੋੜ ਚਲੀ'। ਪਰ ਬਿਲਕੁਲ ਇਸ ਦੇ ਉਲਟ 'ਮੈਂ ਬਾਗੋਂ ਕੀ ਬੁਲਬੁਲ' ਵਿਚਲੇ ਗਾਣੇ 'ਚ ਬੁਲਬੁਲ ਦੀ ਆਜ਼ਾਦੀ ਦੀ ਬਾਤ ਹੈ-'ਚੰਚਲ ਸ਼ੋਖ ਹਵਾਓ ਜਾ ਕੇ ਸਜਨਾ ਸੇ ਕਹਿਨਾ/ਮੈਂ ਬਾਗੋਂ ਕੀ ਬੁਲਬੁਲ ਮੁਝੇ ਪਿੰਜਰੇ ਮੇਂ ਨਹੀਂ ਰਹਿਨਾ' (ਜੁਆਰੀ) ਵਿਚ ਤਾਂ 'ਕੈਦ ਮੇਂ ਬੁਲਬੁਲ ਨਾਚ ਰਹੀ ਹੈ...' ਗਾਣੇ ਉਪਰ ਕੈਬਰੇ ਡਾਂਸ ਹੀ ਕਰਵਾ ਦਿੱਤਾ ਗਿਆ!
ਹੋਰ ਤਾਂ ਹੋਰ ਨਵੰਬਰ2019ਵਿਚ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿਚ ਆਏ ਸਮੁੰਦਰੀ ਤੂਫਾਨ ਦਾ ਨਾਮ ਬੁਲਬੁਲ ਸਾਈਕਲੋਨ ਸੁਣ ਕੇ ਬੜੀ ਹੈਰਾਨੀ ਹੋਈ।
ਇਸ ਪੰਛੀ ਬਾਰੇ ਮਜ਼ਾਹੀਆ ਵੀ ਲਿਖਿਆ ਗਿਆ ਹੈ।
ਵੈਸੇ ਮੈਨੂੰ ਇਹ ਪੰਛੀ ਕਦੀ ਵੀ ਉਦਾਸ ਨਹੀਂ ਲੱਗਾ। ਸਗੋਂ ਚੰਚਲ, ਚੁਲਬੁਲਾ, ਟਪੂੰ ਟਪੂੰ ਕਰਨ ਵਾਲਾ ਲੱਗਾ। ਟਿਕ ਕੇ ਬਹਿਣਾ ਇਸ ਦੇ ਸੁਭਾਅ ਵਿਚ ਨਹੀਂ। ਤੇ ਗਾਉਂਦੇ ਰਹਿਣਾ ਇਸ ਦਾ ਗੁਣ ਅਤੇ ਗਹਿਣੈ। ਕਦੀ ਉੱਚੀ ਉੱਚੀ 'ਤੇ ਕਦੇ ਕਦੇ ਧੀਮੇ ਸੁਰ ਵਿਚ ਗਾਂਉਂਦੈ। ਲੋਰ 'ਚ ਆ ਕੇ ਇਹ ਸਿਰ ਉਪਰ ਨਿੱਕਾ ਜਿਹਾ ਛਤਰ ਜਿਹਾ ਵੀ ਬਣਾ ਲੈਂਦੈ।
ਪਰ ਸ਼ਾਇਰੀ ਵਿਚ ਇਸ ਦਾ ਅਕਸ ਉਦਾਸ ਪੰਛੀ ਵਾਲਾ ਹੀ ਹੈ। ਪਿੰਜਰੇ ਦੀ ਕੈਦ ਵਿਚ ਬੁਲਬੁਲ ਦਾ ਉਦਾਸ ਹੋਣਾ ਸਮਝ ਆਉਂਦੈ ਪਰ ਆਜ਼ਾਦ ਬੁਲਬੁਲ ਭਲਾ ਕਿਵੇਂ ਉਦਾਸ ਹੋ ਸਕਦੈ? ਫਿਰ ਪਿੰਜਰਿਆਂ 'ਚ ਵੀ ਕਿੰਨੇ ਕੁ ਕੈਦ ਹੋਣਗੇ? ਇਹ ਗੱਲ ਵੱਖਰੀ ਹੈ ਕਿ ਥੋੜ੍ਹੇ ਵੀ ਕੈਦ ਨਹੀਂ ਹੋਣੇ ਚਾਹੀਦੇ।
ਹਾਂ, ਅੰਤ ਵਿਚ ਖ਼ਾਲਿਦ ਮਸੂਦ ਦੀ ਬੁਲਬੁਲ ਅਤੇ ਜੁਗਨੂੰ ਦਰਮਿਆਨ ਮਜ਼ਾਹੀਆ ਗਲਬਾਤ ਸੁਣ ਲਉ:
-'ਜੁਗਨੂੰ ਬੋਲਾ 'ਲੋਫਰ ਪੰਛੀ! ਅੱਧੀ ਰਾਤ ਕੋ ਸ਼ਾਖ ਪੇ ਬੈਠੈਂ/ਘਰ ਜਾ ਕਰ ਤੂੰ ਸੌਂ ਮਰ ਲੇ ਕਿ ਰਾਤ ਵੀ ਇਤਨੀ ਤੱਤੀ ਕੋਈ ਨਹੀਂ';
ਬੁਲਬੁਲ ਬੋਲਾ 'ਘਟੀਆ ਕੀੜੇ! ਤੁਝ ਕੋ ਜੁਗਤੇਂ ਸੂਝ ਰਹੀ ਹੈਂ/ਤੇਰੀ ਦੁੰਮ ਪਰ ਯ.ੂਪੀ.ਐਸ. ਹੈ ਸਾਡੇ ਘਰ ਮੇਂ ਬੱਤੀ ਕੋਈ ਨਹੀਂ''!


-ਫਗਵਾੜਾ-98766-55055

5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ 'ਤੇ ਵਿਸ਼ੇਸ਼

ਤਾਜ਼ਾ ਹਵਾ ਦਾ ਬੁੱਲਾ

ਕੁਝ ਦਿਨ ਪਹਿਲਾਂ ਜਲੰਧਰ ਤੋਂ ਹਿਮਾਚਲ ਦੇ ਧੌਲਧਾਰ ਪਹਾੜ ਵੇਖੇ ਤਾਂ ਵਿਸ਼ਵਾਸ ਜਿਹਾ ਨਹੀਂ ਹੋਇਆ। 200 ਕਿਲੋਮੀਟਰ ਦੂਰੋਂ, ਇਹ ਪਹਾੜ ਕਿਵੇਂ ਨਜ਼ਰ ਆ ਰਹੇ ਸਨ? ਫਿਰ ਦਿਨ ਵੇਲੇ ਨੀਲਾ ਆਸਮਾਨ, ਰਾਤ ਨੂੰ ਤਾਰੇ, ਦਰੱਖਤਾਂ ਦੇ ਪੱਤਿਆਂ ਦਾ ਕੁਝ ਵੱਖਰਾ ਜਿਹਾ ਹਰਾ ਰੰਗ ਅਤੇ ਸਵੇਰੇ-ਸਵੇਰੇ ਪੰਛੀਆਂ ਦੇ ਚਹਿਚਹਾਉਣ ਦੀ ਆਵਾਜ਼... ਵਾਹ!! ਕੁਦਰਤ ਦਾ ਇਹ ਰੂਪ ਮੈਂ ਜਲੰਧਰ ਵਿਚ ਪਹਿਲੀ ਵਾਰ ਦੇਖਿਆ ਸੀ, ਪਰ ਕਿਉਂ?
ਕੋਵਿਡ-19 ਮਹਾਂਮਾਰੀ ਦੇ ਫੈਲਣ ਕਾਰਨ ਕੀਤੇ ਗਏ ਲਾਕਡਾਊਨ ਕਰਕੇ ਫੈਕਟਰੀਆਂ ਅਤੇ ਵਾਹਨਾਂ ਦੇ ਨਾ ਚੱਲਣ ਕਾਰਨ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਪਿਛਲੇ 20 ਸਾਲਾਂ ਵਿਚ ਸਭ ਤੋਂ ਥੱਲੇ ਆ ਗਿਆ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪੰਜਾਬ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਵਾਯੂ ਗੁਣਵੱਤਾ ਮਾਪਦੰਡ) 22 ਮਾਰਚ ਤੋਂ 23 ਅਪ੍ਰੈਲ ਤੱਕ 47.82 ਸੀ। ਇਸ ਦੇ ਮੁਕਾਬਲੇ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 113.11 ਸੀ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਏਅਰ ਕੁਆਲਿਟੀ ਇੰਡੈਕਸ ਵਿਚ 49% ਦੀ ਗਿਰਾਵਟ ਵੇਖੀ ਗਈ। ਪਰ ਅਫ਼ਸੋਸ, ਇਹ ਸਭ ਅਸਥਾਈ ਹੈ। ਲਾਕਡਾਊਨ ਖੁੱਲ੍ਹਣ 'ਤੇ ਇਹ ਸਭ ਕੁਝ ਵਾਪਸ ਉਸੇ ਤਰ੍ਹਾਂ ਹੋ ਜਾਵੇਗਾ।
ਵਿਸ਼ਵ ਸਿਹਤ ਸੰਗਠਨ ਮੁਤਾਬਿਕ ਪ੍ਰਦੂਸ਼ਿਤ ਹਵਾ ਨਾਲ ਦੁਨੀਆ ਭਰ 'ਚ ਹਰੇਕ ਸਾਲ ਕਰੀਬ 70 ਲੱਖ ਲੋਕ ਮਰਦੇ ਹਨ। ਇਹ ਸਾਡੇ ਲਈ ਚਿੰਤਾ ਵਾਲੀ ਗੱਲ ਹੈ ਕਿ ਭਾਰਤ ਦੇ 21 ਸ਼ਹਿਰ, ਦੁਨੀਆ ਦੇ 30 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ਾਮਿਲ ਹਨ।
ਭਾਰਤ, ਦੁਨੀਆ ਵਿਚ ਵਾਯੂਮੰਡਲ ਵਿਚ ਜ਼ਹਿਰੀਲੀਆਂ ਗੈਸਾਂ ਛੱਡਣ ਵਿਚ ਤੀਸਰੇ ਨੰਬਰ 'ਤੇ ਆਉਂਦਾ ਹੈ ਅਤੇ ਦੁਨੀਆ ਦਾ 5ਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਮੰਨਿਆ ਜਾਂਦਾ ਹੈ ਜਿਸ ਦਾ ਮੁੱਖ ਕਾਰਨ ਫੈਕਟਰੀਆਂ ਅਤੇ ਵਾਹਨਾਂ ਤੋਂ ਇਲਾਵਾ, ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਅਤੇ ਕੋਲੇ ਅਤੇ ਤੇਲ ਨਾਲ ਚਲਦੇ ਬਿਜਲੀ ਉਤਪਾਦਨ ਕਰਨ ਵਾਲੇ ਥਰਮਲ ਅਤੇ ਪਾਵਰ ਪਲਾਂਟ ਹਨ।
ਗਰਮੀਆਂ ਵਿਚ ਪੱਖੇ, ਕੂਲਰ, ਏ. ਸੀ. ਅਤੇ ਠੰਢੇ ਪਾਣੀ ਲਈ ਫਰਿੱਜ, ਸਰਦੀਆਂ ਵਿਚ ਹੀਟਰ ਅਤੇ ਗੀਜ਼ਰ, ਸਭ ਲਈ ਬਿਜਲੀ ਜਾਂ ਕਿਹਾ ਜਾ ਸਕਦਾ ਹੈ ਕਿ ਊਰਜਾ ਦੀ ਲੋੜ ਹੈ। ਰੋਟੀ ਪਕਾਉਣ ਲਈ ਊਰਜਾ, ਗੱਡੀਆਂ ਚਲਾਉਣ ਲਈ ਊਰਜਾ, ਇਥੋਂ ਤੱਕ ਕਿ ਮੋਬਾਈਲ ਚਾਰਜ ਕਰਨ ਲਈ ਵੀ ਊਰਜਾ ਦੀ ਲੋੜ ਹੈ। ਊਰਜਾ ਦੋ ਰੂਪਾਂ ਵਿਚ ਪ੍ਰਾਪਤ ਹੁੰਦੀ ਹੈ।
ਪਹਿਲਾਂ ਨਾ-ਨਵਿਆਉਣਯੋਗ ਊਰਜਾ ਜਿਸ ਦੇ ਉਤਪਾਦਨ ਦੇ ਸਾਧਨ ਹਨ ਕੋਲਾ ਜਾਂ ਤੇਲ। ਕੋਲੇ ਰਾਹੀਂ ਚਲਾਏ ਜਾਂਦੇ ਪਾਵਰ ਪਲਾਂਟਾਂ ਨਾਲ ਹਵਾ ਵਿਚ ਗ੍ਰੀਨ ਹਾਊਸ ਗੈਸਾਂ ਜਿਵੇਂ ਕਾਰਬਨ ਮੋਨੋਆਕਸਾਈਡ, ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਓਜ਼ੋਨ ਤੋਂ ਇਲਾਵਾ ਹਾਨੀਕਾਰਕ ਮਰਕਰੀ (ਪਾਰੇ) ਅਤੇ ਸਿੱਕੇ ਦੇ ਕਣ ਧੂੰਏਂ ਰਾਹੀਂ ਹਵਾ ਵਿਚ ਮਿਲ ਜਾਂਦੇ ਹਨ। ਮਨੁੱਖ ਦੇ ਸਾਹ ਲੈਣ ਲਈ ਹਵਾ ਵਿਚ ਇਨ੍ਹਾਂ ਦਾ ਇਕ ਪੱਧਰ ਤੋਂ ਵੱਧ ਹੋਣਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ।
ਨਵਿਆਉਣਯੋਗ ਊਰਜਾ ਦੇ ਉਤਪਾਦਨ ਦੇ ਸਾਧਨ ਖ਼ਤਮ ਨਹੀਂ ਹੋ ਸਕਦੇ ਜਿਵੇਂ ਹਵਾ, ਸੂਰਜ, ਪਾਣੀ, ਸਮੁੰਦਰ ਦੀਆਂ ਲਹਿਰਾਂ, ਕੂੜਾ-ਕਰਕਟ ਆਦਿ। ਇਸ ਊਰਜਾ ਨੂੰ ਹਰੀ ਊਰਜਾ ਜਾਂ ਸਾਫ਼ ਊਰਜਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਵਾਤਾਵਰਨ ਵਿਚ ਨਾ-ਨਵਿਆਉਣਯੋਗ ਊਰਜਾ ਦੇ ਮੁਕਾਬਲੇ ਜ਼ਹਿਰੀਲੀਆਂ ਗੈਸਾਂ ਅਤੇ ਪ੍ਰਦੂਸ਼ਤ ਜ਼ਹਿਰੀਲੇ ਕਣ ਬਿਲਕੁਲ ਨਾ ਦੇ ਬਰਾਬਰ ਛੱਡਦਾ ਹੈ। ਹਾਲਾਂਕਿ ਭਾਰਤ ਵਿਚ 1980 ਦੇ ਦਹਾਕੇ ਵਿਚ ਮਨਿਸਟਰੀ ਆਫ਼ ਨਿਊ ਐਂਡ ਰੀਨਿਊਏਬਲ ਐਨਰਜੀ(MNRE) ਦੀ ਸਥਾਪਨਾ ਕੀਤੀ ਗਈ ਸੀ। ਪਰ ਅਜੇ ਵੀ ਅਸੀਂ ਇਸ ਖੇਤਰ ਵਿਚ ਕਾਫ਼ੀ ਪਿੱਛੇ ਹਾਂ।
ਰੱਬ ਦੀ ਕਿਰਪਾ ਨਾਲ ਭਾਰਤ ਵਿਚ ਧੁੱਪ ਅਤੇ ਹਵਾ ਦੀ ਕੋਈ ਕਮੀ ਨਹੀਂ ਹੈ ਅਤੇ ਸਵਾ ਅਰਬ ਤੋਂ ਵੱਧ ਭਾਰਤੀਆਂ ਦੀ ਕਿਰਪਾ ਨਾਲ ਕੂੜੇ ਦੀ ਵੀ ਨਹੀਂ। ਹਵਾ ਨਾਲ ਉਤਪਾਦਨ ਊਰਜਾ ਭਾਰਤ ਦੀ ਕੁੱਲ ਉਤਪਾਦਨ ਬਿਜਲੀ ਦਾ ਕੇਵਲ 10% ਹੀ ਹੈ। ਮਹਾਰਾਸ਼ਟਰ, ਰਾਜਸਥਾਨ ਅਤੇ ਤਾਮਿਲਨਾਡੂ ਵਿਚ ਕਾਫ਼ੀ ਵੱਡੇ ਵਿੰਡ ਫਾਰਮ ਬਣਾਏ ਗਏ ਹਨ ਜਿਨ੍ਹਾਂ ਵਿਚ ਵਿੰਡਮਿਲ (ਪੌਣ ਚੱਕੀ) ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਪਰ ਫਿਰ ਵੀ ਇਸ ਕੁਦਰਤੀ ਸਾਧਨ, ਹਵਾ ਦਾ ਇਸਤੇਮਾਲ, ਬਿਜਲੀ ਉਤਪਾਦਨ ਵਿਚ ਬਹੁਤ ਹੀ ਘੱਟ ਕੀਤਾ ਜਾ ਰਿਹਾ ਹੈ।
ਸੋਲਰ ਊਰਜਾ ਦਾ ਭਾਵ ਹੈ ਸੂਰਜ ਦੀ ਰੌਸ਼ਨੀ ਨੂੰ ਬਿਜਲੀ ਉਤਪਾਦਨ ਵਿਚ ਤਬਦੀਲ ਕਰਨਾ। ਭਾਰਤ ਵਿਚ ਵਿਸ਼ੇਸ਼ ਸਕੀਮਾਂ ਤਹਿਤ ਜਿਵੇਂ ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ, ਹਾਲੈਂਡ ਨਾਲ ਇੰਟਰਨੈਸ਼ਨਲ ਸੋਲਰ ਅਲਾਇੰਸ, ਯੂਨਾਈਟਿਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ ਤਹਿਤ ਇੰਡੀਆ ਸੋਲਰ ਲੋਅਨ ਪ੍ਰੋਗਰਾਮ ਨਾਲ ਸੂਰਜ ਦੀ ਸ਼ਕਤੀ ਤੋਂ ਬਿਜਲੀ ਉਤਪਾਦਨ ਦੇ ਇਸਤੇਮਾਲ ਨੇ ਤਰੱਕੀ ਕੀਤੀ ਹੈ। ਕੇਰਲਾ ਰਾਜ ਵਿਚ ਕੋਚੀਨ ਦਾ ਹਵਾਈ ਅੱਡਾ ਦੁਨੀਆ ਦਾ ਪਹਿਲਾ ਹਵਾਈ ਅੱਡਾ ਹੈ ਜੋ 100% ਸੂਰਜੀ ਊਰਜਾ ਨਾਲ ਚਲਦਾ ਹੈ। ਆਸਾਮ ਦੀ ਰਾਜਧਾਨੀ ਗੁਹਾਟੀ ਦਾ ਰੇਲਵੇ ਸਟੇਸ਼ਨ ਵੀ 100% ਸੂਰਜੀ ਊਰਜਾ ਨਾਲ ਹੀ ਚਲਾਇਆ ਜਾਂਦਾ ਹੈ।
ਪਰ ਬਿਜਲੀ ਉਤਪਾਦਨ ਦੇ ਹੋਰ ਸਾਧਨਾਂ ਜਿਵੇਂ ਬਾਇਓਮਾਸ ਜੋ, ਕਿ ਭਾਰਤ ਦੀ ਖੇਤੀਬਾੜੀ ਅਰਥ ਵਿਵਸਥਾ ਵਿਚ ਵੱਡੀ ਮਾਤਰਾ 'ਚ ਮਿਲਦੇ ਹਨ। ਇੰਡੀਅਨ ਰਿਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ (ਆਈ. ਆਰ. ਈ. ਡੀ. ਏ.) ਦੇ ਮੁਤਾਬਿਕ ਮੌਜੂਦਾ ਸਮੇਂ ਵਿਚ ਬਿਜਲੀ ਉਤਪਾਦਨ ਵਿਚ
260 ਮਿਲੀਅਨ ਟਨ ਕੋਲਾ ਬਚਾਇਆ ਜਾ ਸਕਦਾ ਹੈ। ਜੇਕਰ ਇਸ ਦੇ ਸਥਾਨ 'ਤੇ ਬਾਇਓਮਾਸ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਹਰੇਕ ਸਾਲ ਕਰੀਬ 250 ਬਿਲੀਅਨ ਰੁਪਏ ਦੀ ਬੱਚਤ ਹੋ ਸਕਦੀ ਹੈ। ਪਰਾਲੀ ਅਤੇ ਨਾੜ ਤੋਂ ਇਲਾਵਾ ਕਪਾਹ ਅਤੇ ਦਾਲਾਂ ਦੇ ਟਾਂਡੇ, ਸੁੱਕੇ ਨਾਰੀਅਲ ਦੇ ਛਿਲਕੇ, ਤੂੜੀ, ਪਟਸਨ, ਕਾਫ਼ੀ ਅਤੇ ਚਾਹ ਦੇ ਬੂਟਿਆਂ ਦੇ ਟਾਂਡੇ ਇਸ ਵਿਚ ਇਸਤੇਮਾਲ ਕੀਤੇ ਜਾ ਸਕਦੇ ਹਨ।
ਕਰੀਬ 55 ਮਿਲੀਅਨ ਟਨ ਕੂੜਾ ਅਤੇ 38 ਬਿਲੀਅਨ ਲੀਟਰ ਦਾ ਸੀਵਰੇਜ ਭਾਰਤ ਦੇ ਛੋਟੇ-ਵੱਡੇ ਸ਼ਹਿਰਾਂ ਵਿਚ ਬਰਾਮਦ ਹੁੰਦਾ ਹੈ। ਇਸ ਤੋਂ ਇਲਾਵਾ ਕਾਰਖਾਨਿਆਂ ਦੀ ਰਹਿੰਦ-ਖੂੰਹਦ ਦਾ ਇਸਤੇਮਾਲ ਵੀ ਬਿਜਲੀ ਉਤਪਾਦਨ ਵਿਚ ਕੀਤਾ ਜਾ ਸਕਦਾ ਹੈ, ਜਿਸ ਨਾਲ ਇਕ ਪਾਸੇ ਇਸ ਨੂੰ ਸਮੇਟਣ ਦੀ ਸਮੱਸਿਆ ਖ਼ਤਮ ਹੋ ਜਾਵੇਗੀ ਅਤੇ ਦੂਸਰੇ ਪਾਸੇ ਪ੍ਰਦੂਸ਼ਣ-ਰਹਿਤ ਊਰਜਾ ਵੀ ਪੈਦਾ ਕੀਤੀ ਜਾ ਸਕੇਗੀ।
ਊਰਜਾ ਉਤਪਾਦਨ ਦੇ ਨਵਿਆਉਣਯੋਗ ਊਰਜਾ ਸਾਧਨ ਵਾਤਾਵਰਨ ਨੂੰ ਸਾਫ਼ ਅਤੇ ਸਵੱਛ ਰੱਖਣ ਵਿਚ ਸਹਾਇਕ ਹੁੰਦੇ ਹਨ, ਜਿਸ ਨਾਲ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਵਰਗੇ ਖ਼ਤਰਨਾਕ ਪਹਿਲੂ ਟਾਲੇ ਜਾ ਸਕਦੇ ਹਨ ਅਤੇ ਇਸ ਨਾਲ ਰੁਜ਼ਗਾਰ ਦੇ ਕਈ ਸਾਧਨਾਂ ਵਿਚ ਵੀ ਵਾਧਾ ਹੋ ਸਕਦਾ ਹੈ।
ਜੇਕਰ ਅੱਜ ਅਸੀਂ ਇਸ ਪਾਸੇ ਠੋਸ ਕਦਮ ਨਾ ਚੁੱਕੇ ਤਾਂ ਵਾਤਾਵਰਨ ਤਬਦੀਲੀ ਦੀਆਂ ਚੁਣੌਤੀਆਂ ਸਾਡੇ ਲਈ ਕੇਵਲ ਇਕ ਸੰਕਟ ਹੀ ਨਹੀਂ ਬਲਕਿ ਇਕ ਨਾ-ਟਾਲਣਯੋਗ ਕਰੋਪੀ ਵੀ ਬਣ ਜਾਣਗੀਆਂ।

E-mail : sarvinder_ajit@yahoo.co.in
Blog : sarvinderkaur.wordpress.com

ਵਿਸ਼ਵ ਦਾ ਸਭ ਤੋਂ ਵੱਡਾ ਵਪਾਰਕ ਸ਼ਹਿਰ ਨਿਊਯਾਰਕ ਖ਼ਾਮੋਸ਼ ਤੇ ਉਦਾਸ ਕਿਉਂ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰਾਸ਼ਟਰਪਤੀ ਟਰੰਪ ਨੇ ਪਹਿਲੀ ਲੜੀ ਵਿਚ 2 ਫਰਵਰੀ ਨੂੰ ਚੀਨ ਦੀਆਂ ਫਲਾਈਟਾਂ ਰੱਦ ਕੀਤੀਆਂ ਅਤੇ ਕਰੀਬ ਸਵਾ ਮਹੀਨੇ ਪਿੱਛੋਂ ਇਟਲੀ ਤੇ ਹੋਰ ਯੂਰਪੀ ਦੇਸ਼ਾਂ ਦੀਆਂ ਫਲਾਈਟਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ। ਇਸੇ ਅਣਗਹਿਲੀ ਤੇ ਲਾਪ੍ਰਵਾਹੀ ਦਾ ਹਰਜ਼ਾਨਾ ਨਿਊਯਾਰਕ ਭੁਗਤ ਰਿਹਾ ਹੈ। ਗਵਰਨਰ ਕਿਓਮੋ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਹੈ ਕਿ ਨਿਊਯਾਰਕ ਅਮਰੀਕਾ ਲਈ ਸੋਨੇ ਦੀ ਖਾਨ ਸੀ। ਪਰ ਜੇ ਹਾਲਾਤ ਛੇਤੀਂ ਨਾ ਸੁਧਰੇ ਤਾਂ ਇਹ ਸ਼ਾਇਦ ਕੋਇਲੇ ਦੀ ਖਾਨ ਵੀ ਨਾ ਬਚੇ। ਇਸੇ 'ਤੇ ਹੀ ਹਾਂਗਕਾਂਗ ਯੂਨੀਵਰਸਿਟੀ ਵਿਚ ਛੂਤ ਦੀ ਬਿਮਾਰੀ ਅਤੇ ਮਹਾਂਮਾਰੀ ਦੇ ਵਿਗਿਆਨੀ ਪ੍ਰੋ: ਬੈਂਜਾਮਿਨ ਕਾਲਿੰਗ ਨੇ ਟਿੱਪਣੀ ਕੀਤੀ ਹੈ ਕਿ ਜਨਵਰੀ ਦੇ ਅੱਧ ਤੋਂ ਲੈ ਕੇ ਅਖੀਰ ਤੱਕ ਇਸ ਵਾਇਰਸ ਦੀ ਸ਼ੁਰੂਆਤੀ ਪਰ ਮੱਧਮ ਜਿਹੀ ਪਛਾਣ ਹੋ ਗਈ ਸੀ ਪਰ, ਵੁਹਾਨ ਵਿਚ ਮੌਤਾਂ ਦਾ ਸਿਲਸਿਲਾ ਚੱਲ ਪਿਆ ਸੀ। ਕਿਤੇ ਉਸ ਵੇਲੇ ਅਮਰੀਕਾ ਸੁਚੇਤ ਹੋ ਜਾਂਦਾ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ।
ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜਾਣਿਆ ਜਾਂਦਾ ਦੇਸ਼ ਅਮਰੀਕਾ ਇਸ ਵੇਲੇ ਲਾਸ਼ਾਂ ਨਹੀਂ, ਸਗੋਂ ਲਾਸ਼ਾਂ ਦੇ ਢੇਰ ਗਿਣ ਰਿਹਾ ਹੈ। ਹੋਰਨਾਂ ਬਿਮਾਰੀਆਂ ਦੇ ਇਲਾਜ 'ਚ ਸਿਹਤ ਢਾਂਚਾ ਵੀ ਬੁਰੀ ਤਰ੍ਹਾਂ ਟੁੱਟ ਰਿਹਾ ਹੈ। ਮੌਤਾਂ ਦੀ ਗਿਣਤੀ ਦੇਖ ਕੇ ਲੋਕਾਂ ਦਾ ਮਨੋਬਲ ਡਿਗ ਰਿਹਾ ਹੈ। ਮੌਤਾਂ ਦਾ ਇਕ ਕਾਰਨ ਸਹਿਮ ਤੇ ਡਰ ਵੀ ਹੈ। ਇਹ ਧਾਰਨਾ ਵੀ ਸੱਚ ਹੈ ਕਿ ਨਿਊਯਾਰਕ ਵਿਚ ਮਰਨ ਵਾਲਿਆਂ ਵਿਚ ਕਾਲੇ ਲੋਕ ਵਧੇਰੇ ਹਨ। ਕਾਰਨ ਸਪੱਸ਼ਟ ਹੈ ਕਿ ਹਰ ਮੁਲਕ ਵਿਚ ਘੱਟ ਗਿਣਤੀਆਂ ਨਾਲ ਮਹਾਂਮਾਰੀਆਂ ਮੌਕੇ ਏਦਾਂ ਹੀ ਹੁੰਦਾ ਹੈ। ਸਰਕਾਰੀ ਰਾਸ਼ਨ ਨਾਲ ਪੜ੍ਹਨ ਵਾਲੇ ਵੱਡੇ ਪਰਿਵਾਰਾਂ ਦੇ ਇਹ ਲੋਕ ਛੋਟੇ ਘਰਾਂ ਵਿਚ ਰਹਿੰਦੇ ਹਨ। ਇਹ ਨਿੱਤ ਦਿਨ ਸਰੀਰ ਦੀ ਸੰਭਾਲ ਤੋਂ ਲਾਪ੍ਰਵਾਹ ਹੀ ਨਹੀਂ ਸਗੋਂ ਨਸ਼ਿਆਂ ਦੇ ਆਦੀ ਹੋਣ ਕਾਰਨ ਆਪਣਾ ਪਾਚਨ-ਤੰਤਰ ਵੀ ਬਹੁਤਾ ਕਰਕੇ ਕਮਜ਼ੋਰ ਕਰ ਬਹਿੰਦੇ ਹਨ। ਇਸੇ ਦਾ ਨਤੀਜਾ ਹੈ ਕਿ ਇਹ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੀ ਨਹੀਂ ਬਣੇ ਸਗੋਂ ਫੈਲਾਉਣ ਲਈ ਵੀ ਜ਼ਿੰਮੇਵਾਰ ਬਣ ਗਏ। ਤੱਥ ਹੋਰ ਵੀ ਸਾਹਮਣੇ ਇਹ ਆ ਰਹੇ ਹਨ ਕਿ ਮਰਦਮਸ਼ੁਮਾਰੀ 'ਚ ਉਹ ਲੋਕ ਸ਼ਾਮਿਲ ਹੀ ਨਹੀਂ ਹੁੰਦੇ ਜਿਨ੍ਹਾਂ ਕੋਲ ਸਥਾਈ ਤੌਰ 'ਤੇ ਰਹਿਣ ਲਈ ਕਾਗਜ਼ ਪੱਤਰ ਨਹੀਂ ਹੁੰਦੇ। ਇਹ ਫੜੇ ਜਾਣ ਦੇ ਡਰ ਤੋਂ ਵੇਰਵੇ ਛੁਪਾ ਲੈਂਦੇ ਹਨ। ਇਸ ਗੁਸਤਾਖੀ ਦਾ ਖਮਿਆਜ਼ਾ ਵੀ ਨਿਊਯਾਰਕ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਕਾਗਜ਼ੀ ਅੰਕੜਿਆਂ ਮੁਤਾਬਿਕ ਸਕੂਲ ਜਾਂ ਹਸਪਤਾਲ ਖੋਲ੍ਹਦੀ ਹੈ, ਪਰ ਅਸਲ 'ਚ ਸਚਾਈ ਹੋਰ ਹੁੰਦੀ ਹੈ। ਅਜਿਹਾ ਹੋਣ ਨਾਲ ਗ਼ੈਰ-ਕਾਨੂੰਨੀ ਨਿਵਾਸ ਤੇ ਸਕੂਲਾਂ 'ਚ ਬੱਚਿਆਂ ਦੀ ਅੰਦਾਜ਼ੇ ਤੋਂ ਵੱਧ ਗਿਣਤੀ ਸਿਹਤ ਤੇ ਵਿੱਦਿਅਕ ਸਹੂਲਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਨਿਊਯਾਰਕ ਵਿਚ ਭਾਰਤੀ ਲੋਕਾਂ ਦੀਆਂ ਮੌਤਾਂ ਵੀ ਨਿਰੰਤਰ ਜਾਰੀ ਹਨ। ਸਾਹਮਣੇ ਇਹ ਵੀ ਆਇਆ ਹੈ ਕਿ ਮਾਰਚ ਦੇ ਆਖਰੀ ਹਫ਼ਤੇ ਜਦੋਂ ਕੋਰੋਨਾ ਵਾਇਰਸ ਕਹਿਰ ਵਰਤਾ ਰਿਹਾ ਸੀ, ਪਾਬੰਦੀਆਂ ਲਾਗੂ ਸਨ, ਉਦੋਂ ਇਕ ਪੰਜਾਬੀ ਪਰਿਵਾਰ ਦੀ ਲਾਪ੍ਰਵਾਹੀ ਨੇ ਨਿਊਯਾਰਕ ਦੀ ਖੱਬੀ ਵੱਖੀ 'ਚ ਇਕ ਵਿਆਹ ਦੀ ਜਾਗੋ ਕੱਢ ਕੇ ਕੋਰੋਨਾ ਵਾਇਰਸ ਦੀ 'ਭਾਜੀ' ਵੀ ਖੂਬ ਵੰਡੀ। ਇੱਥੋਂ ਹੀ ਕਈਆਂ ਨੂੰ ਬੇਵਕਤੀ ਮੌਤ ਦਾ ਸਰਟੀਫਿਕੇਟ ਵੀ ਮਿਲਿਆ।
ਹਾਲਾਤ ਇਹ ਹਨ ਕਿ ਨਿਊਯਾਰਕ ਵਿਚ ਲਾਸ਼ਾਂ ਦੇ ਢੇਰ ਹਨ ਤੇ ਦਫਨਾਉਣ ਦੀਆਂ ਆਖਰੀ ਰਸਮਾਂ ਤਾਂ ਕੀ ਅਦਾ ਕੀਤੀਆਂ ਜਾਣੀਆਂ ਹਨ ਸਗੋਂ ਵਿਸ਼ਾਲ ਕਬਰਸਤਾਨਾਂ ਲਈ ਵਿਸ਼ੇਸ਼ ਥਾਵਾਂ ਲੱਭਣੀਆਂ ਪੈ ਰਹੀਆਂ ਹਨ। ਮ੍ਰਿਤਕ ਸਰੀਰ ਸਿਰਫ ਮਿੱਟੀ ਦੇ ਢੇਰ 'ਚ ਲੁਕਾਉਣ ਦਾ ਹੀ ਯਤਨ ਕੀਤਾ ਜਾ ਰਿਹਾ ਹੈ, ਫਰੰਟ ਲਾਈਨ 'ਤੇ ਡਾਕਟਰਾਂ ਅਤੇ ਨਰਸਾਂ ਦੇ ਬੁਲੰਦ ਹੌਂਸਲੇ ਨਿਊਯਾਰਕ ਨੂੰ ਬਚਾ ਰਹੇ ਹਨ ਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਦਿਨ-ਰਾਤ ਜੰਗ ਲੜਨ ਵਾਲੇ ਡਾਕਟਰਾਂ ਦੀਆਂ ਰਿਹਾਇਸ਼ਾਂ 'ਤੇ ਜਾ ਕੇ ਪੁਲਿਸ ਅਤੇ ਲੋਕਾਂ ਵਲੋਂ ਸਿਜਦਾ ਕੀਤਾ ਜਾ ਰਿਹਾ ਹੈ। ਹਾਲਾਂਕਿ ਹਾਲਾਤ ਨੇ ਕਈ ਡਾਕਟਰਾਂ ਨੂੰ ਖੁਦਕੁਸ਼ੀ ਕਰਨ ਲਈ ਵੀ ਮਜਬੂਰ ਕੀਤਾ ਹੈ।
ਇਸ ਵਕਤ ਅਮਰੀਕਾ ਜਦੋਂ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਅੰਕੜਿਆਂ ਤੋਂ ਚਿੰਤਤ ਹੈ, ਮਨੁੱਖੀ ਲਾਸ਼ਾਂ ਗਿਣ ਰਿਹਾ ਹੈ, ਉਸ ਵੇਲੇ ਰਾਜਨੀਤੀ ਦਾ ਸ਼ਿਕਾਰ ਵੀ ਹੈ। ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦਾ ਜੇ ਬਹੁਤਾ ਨਹੀਂ ਤਾਂ ਕਾਫੀ ਖਮਿਆਜ਼ਾ ਨਿਊਯਾਰਕ ਅਤੇ ਅਮਰੀਕੀ ਵੀ ਭੁਗਤ ਰਹੇ ਹਨ। ਕਿਉਂਕਿ ਕੈਲੀਫੋਰਨੀਆਂ ਅਤੇ ਨਿਊਯਾਰਕ ਵਿਚ ਡੈਮੋਕਰੇਟਿਕ ਗਵਰਨਰ ਹਨ ਅਤੇ ਦੋਹਾਂ ਦੇ ਨਾਂਅ ਅੱਗੇ ਜਾ ਕੇ ਰਾਸ਼ਟਰਪਤੀ ਦੇ ਅਹੁਦੇ ਲਈ ਸਾਹਮਣੇ ਆਉਣ ਦੀ ਉਮੀਦ ਹੈ। ਇਸ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਨ੍ਹਾਂ ਦਰਮਿਆਨ ਇਕ ਰਾਜਨੀਤੀ ਦੀ ਲਕੀਰ ਹੋਈ ਹੈ। ਡੋਨਾਲਡ ਟਰੰਪ ਅਤੇ ਗਵਰਨਰ ਕਿਓਮੋ ਦੀ ਖਹਿਬਾਜ਼ੀ ਦੀ ਝਲਕ ਨਿੱਤ ਦਿਨ ਸਾਹਮਣੇ ਆਉਂਦੀ ਰਹੀ ਹੈ। ਕਿਓਮੋ ਨੇ ਲਗਪਗ ਆਪਣੀ ਹਰ ਪ੍ਰੈੱਸ ਕਾਨਫਰੰਸ ਵਿਚ ਕਿਹਾ ਹੈ ਕਿ 'ਕੋਰੋਨਾ ਵਾਇਰਸ ਲਾਲ ਜਾਂ ਨੀਲੇ ਨੂੰ ਨਹੀਂ, ਅਮਰੀਕੀਆਂ ਨੂੰ ਮਾਰ ਰਿਹਾ ਹੈ'। ਕਿਓਮੋ ਨੇ ਕਿਹਾ ਕਿ ਅਸੀਂ ਵਿੱਤੀ ਸੰਕਟ ਵਿਚ ਹਾਂ, ਸਾਨੂੰ ਵਾਸ਼ਿੰਗਟਨ ਉਹ ਮਾਲੀ ਮਦਦ ਨਹੀਂ ਦੇ ਰਿਹਾ ਜਿਸਦੀ ਅਸੀਂ ਮੰਗ ਕਰ ਰਹੇ ਹਾਂ ਅਤੇ ਨਿਊਯਾਰਕ ਵਰਗੇ ਵਪਾਰਕ ਕੇਂਦਰ ਨੂੰ ਰਾਜਨੀਤਕ ਖੇਡ ਦਾ ਮੈਦਾਨ ਹਰਗਿਜ਼ ਨਹੀਂ ਬਣਾਉਣਾ ਚਾਹੀਦਾ। ਦੂਜੇ ਪਾਸੇ ਰਾਸ਼ਟਰਪਤੀ ਨੇ 'ਨਿਊਯਾਰਕ ਪੋਸਟ' ਵਿਚ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਨੀਲੀਆਂ (ਡੈਮੋਕਰੇਟਿਕ ਝੰਡੇ ਦਾ ਨੀਲਾ ਰੰਗ) ਰਾਜ ਸਰਕਾਰਾਂ ਨੂੰ ਹੀ ਸੰਘੀ ਮਦਦ ਦੀ ਲੋੜ ਪੈ ਰਹੀ ਹੈ। ਟਰੰਪ ਨੇ ਟੈਕਸਸ ਅਤੇ ਫਲੋਰੀਡਾ ਦੇ ਰਿਪਬਲਿਕਨ ਗਵਰਨਰਾਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਉਹ ਵਿੱਤੀ ਮਦਦ ਕਿਉਂ ਨਹੀਂ ਮੰਗ ਰਹੇ? ਇਸ ਦੇ ਜਵਾਬ ਵਿਚ ਲੱਗਦੇ ਹੱਥ ਹੀ ਕਿਓਮੋ ਨੇ ਟਰੰਪ ਦੀ ਝਾੜ ਕਰਦਿਆਂ ਕਿਹਾ ਕਿ ਉਹ ਯਾਦ ਰੱਖਣ ਨਿਊਯਾਰਕ ਹਰ ਸਾਲ ਕੁਝ ਪ੍ਰਾਪਤ ਕਰਨ ਦੇ ਮੁਕਾਬਲੇ 29 ਬਿਲੀਅਨ ਅਤੇ ਕੈਲੀਫੋਰਨੀਆ ਜੋ ਪ੍ਰਾਪਤ ਕਰਦਾ ਹੈ, ਉਸ ਤੋਂ ਵੱਧ 6 ਬਿਲੀਅਨ ਡਾਲਰ ਟੈਕਸ ਦੇ ਰੂਪ ਵਿਚ ਫੈੱਡਰਲ ਢਾਂਚੇ ਨੂੰ ਦਿੰਦਾ ਹੈ ਜਦਕਿ ਰਿਪਬਲਿਕਨ ਵਾਲੇ ਫਲੋਰੀਡਾ ਅਤੇ ਕੈਨਟੱਕੀ ਰਾਜ ਕ੍ਰਮਵਾਰ 37 ਅਤੇ 30 ਬਿਲੀਅਨ ਡਾਲਰ ਵੱਧ ਵਸੂਲ ਰਹੇ ਹਨ। ਕਿਓਮੋ ਨੇ ਇੱਥੋਂ ਤੱਕ ਕਿਹਾ ਕਿ ਜਦੋਂ ਨਿਊਯਾਰਕ ਕੋਰੋਨਾ ਵਾਇਰਸ ਦੀ ਸਭ ਤੋਂ ਵੱਡੀ ਮਾਰ ਸਹਿ ਰਿਹਾ ਹੈ ਤਾਂ ਉਦੋਂ ਵੀ ਟਰੰਪ ਦਾ ਏਨੀ ਘਟੀਆ ਰਾਜਨੀਤੀ ਖੇਡਣਾ ਬਹੁਤ ਮਾੜਾ ਅਤੇ ਨਿੰਦਣਯੋਗ ਹੈ। ਨਿਊਯਾਰਕ ਦੇ ਮੇਅਰ ਬਿਲ ਡੀ. ਬਲਾਸੀਓ ਨੇ ਤਾਂ ਟਰੰਪ ਨੂੰ ਪੂਰਾ ਪਾਖੰਡੀ ਤੱਕ ਕਹਿ ਦਿੱਤਾ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਹਰ ਹਾਲਤ ਵਿਚ ਅਗਲੀ ਚੋਣ ਜਿੱਤਣਾ ਚਾਹੁੰਦਾ ਹੈ ਪਰ ਨਿਊਯਾਰਕ ਕੋਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਲਹਾਲ ਦੁਨੀਆ ਦੀ ਇਸ ਆਰਥਿਕ ਰਾਜਧਾਨੀ ਦੀ ਅੱਖ ਵਿਚ ਰੁਕਿਆ ਅੱਥਰੂ ਅਮਰੀਕਾ ਲਈ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਨੂੰ ਕੋਰੋਨਾ ਵਾਇਰਸ ਦੇ ਮਾਮਲੇ 'ਚ 'ਅਸਫਲ ਰਾਸ਼ਟਰਪਤੀ' ਕਿਹਾ ਹੈ ਪਰ ਆਪਣੇ ਹੀ ਅੜੀਅਲ ਤੇ ਰੁੱਖੇ ਸੁਭਾਅ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਮਹਾਂਮਾਰੀ ਦਾ ਅਮਰੀਕਾ ਵਿਚ ਕਿੰਨਾ ਕੁ ਨੁਕਸਾਨ ਕਰ ਗਿਆ ਹੈ, ਜਾਂ ਕਿੰਨਾ ਕੁ ਇਸ ਮਹਾਂਸ਼ਕਤੀ ਨੂੰ ਬਚਾ ਗਿਆ ਹੈ, ਇਹ ਹਿਸਾਬ-ਕਿਤਾਬ ਆਉਣ ਵਾਲਾ ਸਮਾਂ ਜ਼ਰੂਰ ਕਰੇਗਾ। (ਸਮਾਪਤ)


ashokbhaura@gmail.com

ਪ੍ਰੋਫ਼ੈਸਰ, ਅਦਾਕਾਰ ਤੇ ਕਾਮੇਡੀ ਖੇਤਰ ਦੀ ਸਿਰਮੌਰ ਸ਼ਖ਼ਸੀਅਤ ਜਸਵਿੰਦਰ ਭੱਲਾ

ਦੁਨੀਆ 'ਤੇ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਜਿਸ ਵੀ ਖੇਤਰ ਵਿਚ ਪੈਰ ਧਰਦੇ ਹਨ, ਉਸ ਖੇਤਰ ਦੇ ਸਿਖਰ 'ਤੇ ਪੁੱਜ ਜਾਂਦੇ ਹਨ। ਅਜਿਹੀ ਹੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ ਜਸਵਿੰਦਰ ਭੱਲਾ। ਜਿਨ੍ਹਾਂ ਦਾ ਜਨਮ 4 ਮਈ 1960 ਨੂੰ ਪਿਤਾ ਬਹਾਦਰ ਸਿੰਘ ਭੱਲਾ ਦੇ ਘਰ ਮਾਤਾ ਸਤਵੰਤ ਕੌਰ ਦੀ ਕੁੱਖੋਂ ਦੋਰਾਹਾ ਵਿਖੇ ਹੋਇਆ। ਉਨ੍ਹਾਂ ਨੇ ਦਸਵੀਂ ਸਰਕਾਰੀ ਹਾਈ ਸਕੂਲ ਦੋਰਾਹਾ ਤੋਂ ਬਲਾਕ ਵਿਚੋਂ ਪਹਿਲੇ ਨੰਬਰ 'ਤੇ ਆ ਕੇ ਪਾਸ ਕੀਤੀ। ਉਨ੍ਹਾਂ ਦਾ ਵਿਆਹ ਪਰਮਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀ ਇਕ ਲੜਕੀ ਅਰਸ਼ਪਰੀਤ ਕੌਰ ਤੇ ਲੜਕਾ ਪੁਖਰਾਜ ਭੱਲਾ ਹੈ। ਲੜਕਾ ਪੁਖਰਾਜ ਭੱਲਾ ਪਿਤਾ ਵਾਂਗ ਅਦਾਕਾਰ ਦੇ ਨਾਲ-ਨਾਲ ਚੰਗਾ ਗਾਇਕ ਵੀ ਹੈ।
ਜਸਵਿੰਦਰ ਭੱਲਾ ਨੂੰ ਪੜ੍ਹਾਈ ਦੇ ਨਾਲ-ਨਾਲ ਅਦਾਕਾਰੀ ਦੀ ਚੇਟਕ ਵੀ ਸਕੂਲ ਸਮੇਂ ਹੀ ਲੱਗ ਗਈ ਸੀ। ਆਪਣੀ ਜ਼ਿੰਦਗੀ ਦੀ ਪਹਿਲੀ ਪੇਸ਼ਕਾਰੀ ਚੌਧਰੀ ਰਾਮ ਪ੍ਰਕਾਸ਼ ਦੀ ਬਦੌਲਤ 9 ਵੀਂ ਜਮਾਤ ਵਿਚ ਪੜ੍ਹਦਿਆਂ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਵਿਚ ਦੇਸ਼ ਪਿਆਰ ਦਾ ਗੀਤ ਗਾ ਕੇ ਦਿੱਤੀ। 1982 ਵਿਚ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਬੀ.ਐਸ.ਸੀ. ਖੇਤੀਬਾੜੀ 'ਚ ਦਾਖ਼ਲਾ ਲਿਆ। ਇਥੇ ਜਸਵਿੰਦਰ ਭੱਲਾ ਨੇ ਪੜਾਈ ਦੌਰਾਨ ਸਰਬੋਤਮ ਅਦਾਕਾਰ, ਸਰਬੋਤਮ ਗਾਇਕ, ਸਰਬੋਤਮ ਮੌਨੋਐਕਟਰ, ਸੰਗੀਤ, ਨਾਟਕ, ਮੋਨੋਐਕਟਿੰਗ ਵਿਚ ਕਾਲਜ ਤੇ ਯੂਨੀਵਰਸਿਟੀ ਕਲਰ ਅਤੇ ਅੰਤਰ ਯੂਨੀਵਰਸਿਟੀ ਮੁਕਾਬਲੇ ਜਿੱਤੇ। ਇਥੇ ਪੜ੍ਹਦਿਆਂ ਉਨ੍ਹਾਂ ਦੂਰਦਰਸ਼ਨ ਕੇਂਦਰ ਜਲੰਧਰ 'ਤੇ 1981-1982 ਵਿਚ ਪਹਿਲੀ ਵਾਰੀ ਓਮ ਗੌਰੀ ਦੱਤ ਸ਼ਰਮਾ ਦੀ ਬਦੌਲਤ ਮਾਡਰਨ ਜਾਗੋ ਤੇ ਭੰਡਾਂ ਦੀ ਪੇਸ਼ਕਾਰੀ ਦਿੱਤੀ। ਉਸ ਤੋਂ ਬਾਅਦ ਉਹ ਜਲੰਧਰ ਦੂਰਦਰਸ਼ਨ ਕੇਂਦਰ ਦੇ ਪ੍ਰੋਗਰਾਮਾਂ ਦਾ ਸ਼ਿੰਗਾਰ ਬਣ ਗਏ। 1985 ਵਿਚ ਉਨ੍ਹਾਂ ਨੇ ਐਮ.ਐਸ.ਈ. ਪਸਾਰ ਸਿੱਖਿਆ ਪਾਸ ਕੀਤੀ। 1986-87 ਵਿਚ ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਟ ਯੂਥ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪੀ.ਏ.ਯੂ. ਤੋਂ ਪੜ੍ਹਾਈ ਕਰਨ ਉਪਰੰਤ ਉਹ ਪੰਜਾਬ ਖੇਤੀਬਾੜੀ ਵਿਭਾਗ ਵਿਚ ਭਰਤੀ ਹੋ ਗਏ, ਜਿੱਥੇ 5 ਸਾਲ ਉਨ੍ਹਾਂ ਸਹਾਇਕ ਵਿਕਾਸ ਅਧਿਕਾਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਏ.ਡੀ.ਓ. ਦੀ ਨੌਕਰੀ ਛੱਡ ਕੇ ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਪਸਾਰ ਸਿੱਖਿਆ ਵਜੋਂ ਅਹੁਦਾ ਸੰਭਾਲਿਆ। 31 ਅਕਤੂਬਰ 1989 ਨੂੰ ਉਨਾਂ ਖੇਤੀਬਾੜੀ ਪਸਾਰ ਸਿੱਖਿਆ ਵਿਚ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ (ਉੱਤਰ ਪ੍ਰਦੇਸ਼) ਤੋਂ ਪੀ.ਐਚ.ਡੀ. ਕੀਤੀ। 2008 ਵਿਚ ਉਹ ਪ੍ਰੋਫ਼ੈਸਰ ਪਸਾਰ ਸਿੱਖਿਆ ਬਣੇ। ਪੀ.ਏ.ਯੂ. ਵਿਚ ਸੇਵਾਵਾਂ ਦੌਰਾਨ ਉਨਾਂ 7 ਆਡੀਓ ਕੈਸਿਟਾਂ ਤਿਆਰ ਕਰਕੇ ਰਿਲੀਜ਼ ਕੀਤੀਆਂ। ਪੀ.ਏ.ਯੂ.ਦਾ ਬੀਜ ਵੇਚਣ ਲਈ ਪ੍ਰਚਾਰ ਫ਼ਿਲਮਾਂ ਬਣਾਈਆਂ। ਮਾਰਕਫ਼ੈਡ ਦੇ ਸੋਹਣਾ ਪੰਜਾਬ ਪ੍ਰੋਗਰਾਮ ਵਿਚ ਹਫ਼ਤਾਵਾਰੀ ਸਮਾਗਮ ਵਿਚ ਪੀ.ਏ.ਯੂ. ਬਾਰੇ ਸਲਾਹਾਂ ਦਿੱਤੀਆਂ।
ਪੜ੍ਹਾਈ ਕਰਨ ਤੇ ਪੜ੍ਹਾਉਣ ਵਿਚ ਨਿਪੁੰਨ ਜਸਵਿੰਦਰ ਭੱਲਾ ਨੇ ਛਣਕਾਟਾ ਕੈਸਿਟ ਰਾਹੀਂ ਕਾਮੇਡੀ ਤੇ ਅਦਾਕਾਰੀ ਦੇ ਖੇਤਰ ਵਿਚ ਸ਼ੌਕ ਵਜੋਂ ਪੈਰ ਧਰਿਆ, ਪਰ ਇਹ ਸ਼ੌਕ ਅਜਿਹਾ ਕਿੱਤੇ ਵਿਚ ਬਦਲਿਆ ਕਿ ਜਸਵਿੰਦਰ ਭੱਲਾ ਨੇ ਇਕ ਤੋਂ ਬਾਅਦ ਇਕ ਛਣਕਾਟੇ ਦਿੱਤੇ। 27 ਛਣਕਾਟਾ ਕੈਸਿਟਾਂ ਰਾਹੀਂ ਲੋਕਾਂ ਦੇ ਚਿਹਰਿਆਂ ਨੂੰ ਹਾਸੇ ਨਾਲ ਭਰਪੂਰ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਆਪਣੇ ਭਰਾਵਾਂ ਵਰਗੇ ਮਿੱਤਰ ਬਾਲ ਮੁਕੰਦ ਸ਼ਰਮਾ ਨਾਲ ਬੜੇ ਸੁਚੱਜੇ ਤਰੀਕੇ ਨਾਲ ਨਿਭਾਈ। ਕਾਮੇਡੀ ਕੈਸਿਟਾਂ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ। ਜਸਵਿੰਦਰ ਭੱਲਾ ਨੇ ਛਣਕਾਟਿਆਂ ਵਾਂਗ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਅਜਿਹਾ ਕੀਲਿਆ ਕਿ ਬਹੁਤੀਆਂ ਪੰਜਾਬੀ ਫ਼ਿਲਮਾਂ ਉਨ੍ਹਾਂ ਦੀ ਅਦਾਕਾਰੀ ਕਰਕੇ ਹਿੱਟ ਹੋਈਆਂ। ਉਹ ਹੁਣ ਤੱਕ 100 ਦੇ ਕਰੀਬ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਉਨ੍ਹਾਂ ਦੀ ਪਹਿਲੀ ਫ਼ਿਲਮ ਮਾਹੌਲ ਠੀਕ ਹੈ, ਸੀ। ਉਸ ਤੋਂ ਬਾਅਦ ਉਨ੍ਹਾਂ ਮੇਲ ਕਰਾਦੇ ਰੱਬਾ, ਜੀਹਨੇ ਮੇਰਾ ਦਿਲ ਲੁੱਟਿਆ, ਜੱਟ ਐਂਡ ਜੂਲੀਅਟ, ਕੈਰੀ ਆਨ ਜੱਟਾ ਸਮੇਤ ਕਈ ਦਰਜਨ ਹਿੱਟ ਫ਼ਿਲਮਾਂ ਵਿਚ ਅਦਾਕਾਰੀ ਕੀਤੀ।
ਉਨਾਂ ਨੇ ਲਗਾਤਾਰ 30 ਸਾਲ ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੌਰਾਨ ਮੰਚ ਸੰਚਾਲਨ ਦੀ ਵੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਨੇ ਅਗਸਤ 2015 ਵਿਚ ਪ੍ਰੋਫ਼ੈਸਰ ਕਮ ਮੁਖੀ ਪਸਾਰ ਸਿੱਖਿਆ ਵਿਭਾਗ ਪੀ.ਏ.ਯੂ. ਦੀ ਜ਼ਿੰਮੇਵਾਰੀ ਸੰਭਾਲੀ। ਜਸਵਿੰਦਰ ਭੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੀ.ਏ.ਯੂ. ਦੇ ਉਪ ਕੁਲਪਤੀ ਡਾ: ਸੁਖਦੇਵ ਸਿੰਘ, ਡਾ: ਖੇਮ ਸਿੰਘ ਗਿੱਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਕਿਰਪਾਲ ਸਿੰਘ ਔਲਖ, ਡਾ: ਮਨਜੀਤ ਸਿੰਘ ਕੰਗ ਅਤੇ ਮੌਜੂਦਾ ਉਪਕੁਲਪਤੀ ਤੇ ਪਦਮਸ੍ਰੀ ਡਾ: ਬਲਦੇਵ ਸਿੰਘ ਢਿੱਲੋਂ ਨੇ ਹਰ ਕਿਸਮ ਦਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਜੋ ਵੀ ਹਨ, ਉਹ ਪੀ.ਏ.ਯੂ. ਕਰਕੇ ਹੀ ਹਨ। ਡਾ: ਬਲਦੇਵ ਸਿੰਘ ਢਿੱਲੋਂ ਨੇ ਜਸਵਿੰਦਰ ਭੱਲਾ ਵਲੋਂ ਪੀ.ਏ.ਯੂ. ਦੇ ਸਰਬਪੱਖੀ ਵਿਕਾਸ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਡਾ: ਜਸਵਿੰਦਰ ਭੱਲਾ 31 ਮਈ 2020 ਨੂੰ ਪੀ.ਏ.ਯੂ. ਤੋਂ ਆਪਣੀਆਂ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋ ਰਹੇ ਹਨ। ਉਸ ਦਿਨ ਕੋਰੋਨਾ ਮਹਾਂਮਾਰੀ ਕਰਕੇ ਉਹ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਨਲਾਈਨ ਵਿਦਾਇਗੀ ਸਮਾਗਮ ਕਰ ਰਹੇ ਹਨ।


-ਵਿਸ਼ੇਸ਼ ਪ੍ਰਤੀਨਿਧ, ਲੁਧਿਆਣਾ।
ਮੋਬਾਈਲ : 98728-17800

ਜ਼ਿੰਦਗੀ 'ਚ ਸਫ਼ਲ ਹੋਣ ਲਈ ਸੋਲਾਂ ਕਲਾਵਾਂ ਅੱਜ ਦੀਆਂ

ਮਨੁੱਖੀ ਸੱਭਿਅਤਾ ਦੀ ਹੋਂਦ ਉਸ ਦੇ ਸਮਾਜਿਕ ਢਾਂਚੇ 'ਤੇ ਨਿਰਭਰ ਹੈ। ਸਮਾਜ ਦੇ ਨਿਰਮਾਣ ਵਿਚ ਵਿਅਕਤੀ ਦੀ ਅਹਿਮ ਭੂਮਿਕਾ ਹੈ। ਸਾਰੀ ਸ੍ਰਿਸ਼ਟੀ ਦਾ ਕੇਂਦਰ ਬਿੰਦੂ ਮਨੁੱਖ ਹੈ। ਮਨੁੱਖ ਆਪਣੀਆਂ ਗਤੀਵਿਧੀਆਂ ਰਾਹੀਂ ਕੁਦਰਤ ਦੇ ਚੱਕਰ ਨੂੰ ਪ੍ਰਭਾਵਿਤ ਕਰਦਾ ਹੈ। ਕੁਦਰਤ ਆਪਣਾ ਸਾਰਾ ਕੁਝ ਇਸ ਸੰਸਾਰ ਨੂੰ ਸੁੰਦਰ ਬਣਾਉਣ ਲਈ ਵਾਰ ਰਹੀ ਹੈ ਪਰ ਬਦਲੇ ਵਿਚ ਮਨੁੱਖ ਕੀ ਦੇ ਰਿਹਾ ਹੈ? ਉਹ ਆਪਣੇ ਨਿੱਜੀ ਸੁੱਖ ਅਤੇ ਸਵਾਰਥ ਲਈ ਕੁਦਰਤ ਦੀਆਂ ਅਨਮੋਲ ਦਾਤਾਂ ਵਿਚ ਵਿਗਾੜ ਪੈਦਾ ਕਰ ਕੇ ਅਮਾਨਤ ਵਿਚ ਖਿਆਨਤ ਪੈਦਾ ਕਰ ਰਿਹਾ ਹੈ। ਅੱਜ ਦੇ ਸਮਾਜ ਦੇ ਬਦਲਦੇ ਪ੍ਰਸੰਗ ਦੇ ਸੰਦਰਭ ਵਿਚ ਗੱਲ ਕੀਤੀ ਜਾਵੇ ਤਾਂ ਧਰਤੀ 'ਤੇ ਵਾਪਰ ਰਹੀ ਹਰ ਘਟਨਾ ਲਈ ਮਨੁੱਖ ਹੀ ਜ਼ਿੰਮੇਵਾਰ ਨਜ਼ਰ ਆਉਂਦਾ ਹੈ ।
ਕਾਦਰ ਦੀ ਬਖ਼ਸ਼ੀ ਇਸ ਸੁੰਦਰ ਧਰਤ ਨੂੰ ਲੋੜ ਹੈ ਮਹਿਕਾਉਣ ਦੀ, ਸੰਵਾਰਨ ਦੀ, ਹਰ ਪਾਸੇ ਖ਼ੁਸ਼ੀਆਂ ਭਰਿਆ ਮਾਹੌਲ ਸਿਰਜਣ ਦੀ । ਕਿਹਾ ਜਾਂਦਾ ਹੈ ਕਿ ਕੁਦਰਤ ਦੀ ਸਭ ਤੋਂ ਸੁੰਦਰ ਰਚਨਾ ਮਨੁੱਖ ਹੈ। ਫਿਰ ਉਸ ਦੇ ਕਾਰਜ ਵੀ ਤਾਂ ਸੁੰਦਰ ਹੋਣੇ ਜ਼ਰੂਰੀ ਹਨ, ਪਰ ਹੋ ਕੀ ਰਿਹਾ ਹੈ! ਚਿੰਤਨ ਦੀ ਲੋੜ ਹੈ। ਆਤਮ ਚਿੰਤਨ ਦੀ ਹਰ ਮਨੁੱਖ ਨੂੰ ਜ਼ਰੂਰਤ ਹੈ। ਸਾਡੇ ਵਡੇਰੇ ਸਾਨੂੰ ਕਥਾ ਕਹਾਣੀਆਂ, ਪੌਰਾਣਿਕ ਕਥਾਵਾਂ ਰਾਹੀਂ ਚੰਗਾ ਮਨੁੱਖ ਬਣਨ ਦੀ ਬਾਤ ਪਾਉਂਦੇ ਸਨ। ਉਹ ਚਾਹੁੰਦੇ ਸਨ ਕਿ ਅੱਜ ਦਾ ਮਨੁੱਖ ਸੋਲਾਂ ਕਲਾ ਸੰਪੂਰਨ ਹੋਵੇ। ਇਹ ਸੋਲਾਂ ਕਲਾ ਵੱਖ-ਵੱਖ ਧਰਮ ਗ੍ਰੰਥਾਂ ਵਿਚ ਵੱਖ-ਵੱਖ ਦਿੱਤੀਆਂ ਗਈਆਂ ਹਨ ਪਰ ਜੇਕਰ ਬਾਰੀਕੀ ਨਾਲ ਅਧਿਐਨ ਕਰੀਏ ਤਾਂ ਇਹ ਸਪਸ਼ਟ ਹੈ ਕਿ ਮਨੁੱਖ ਆਪਣੀ ਸ਼ਖ਼ਸੀਅਤ ਦਾ ਮੰਥਨ ਕਰੇ, ਸਦਗੁਣ ਅਪਣਾਏ, ਇਨ੍ਹਾਂ ਕਲਾਵਾਂ ਬਾਰੇ ਜਾਗਰੂਕ ਹੋਵੇ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇਨ੍ਹਾਂ ਸੋਲਾਂ ਕਲਾਵਾਂ ਨੂੰ ਜਾਣਨਾ ਅਤੇ ਜੀਵਨ ਵਿਚ ਲਾਗੂ ਕਰਨਾ ਅਤਿਅੰਤ ਜ਼ਰੂਰੀ ਹੈ ਤਾਂ ਹੀ ਅਸੀਂ ਇਸ ਕੁਦਰਤ ਦੇ ਅਨਮੋਲ ਤੋਹਫ਼ੇ ਸਾਰੇ ਆਲਮ ਨੂੰ ਸੁੱਖਾਂ ਭਰਿਆ ਦੇਖ ਸਕਾਂਗੇ। ਸਾਡੇ ਸੱਭਿਆਚਾਰ ਵਿਚ ਵੱਖ-ਵੱਖ ਧਰਮ ਗ੍ਰੰਥਾਂ ਵਿਚ ਇਨ੍ਹਾਂ ਕਲਾਵਾਂ ਦਾ ਵਰਨਣ ਥੋੜ੍ਹੇ -ਥੋੜ੍ਹੇ ਫ਼ਰਕ ਨਾਲ ਮਿਲਦਾ ਹੈ। ਬ੍ਰਹਮਵੈਵਰਤ ਪੁਰਾਣ ਵਿਚ ਇਹ ਸੋਲਾਂ ਕਲਾਵਾਂ ਹਨ-1. ਗਿਆਨ 2. ਧਿਆਨ 3. ਸ਼ੁੱਭ ਕਰਮ 4. ਹਠ 5. ਜਮ 6. ਧਰਮੁਰਦਾਨ 7. ਵਿੱਦਿਆ 8.ਭਜਨ 9. ਜਤ 10. ਪ੍ਰੇਮ 11. ਅਧਿਆਤਮਿਕਤਾ 12.ਸਤਮਾਨ 13. ਦਇਆ 14. ਨੇਮ 15. ਚਤੁਰਤਾ 16. ਬੁੱਧ-ਸੁੱਧ। ਸਮੇਂ ਦੇ ਨਾਲ ਹੁਣ ਇਨ੍ਹਾਂ ਕਲਾਵਾਂ ਦੇ ਰੂਪ ਬਦਲ ਗਏ ਹਨ ਪਰ ਇਹ ਸਦਗੁਣ ਭਰਪੂਰ ਮਨੁੱਖਤਾ ਦੀਆਂ ਰਾਹ ਦਸੇਰਾ ਸਦਾ ਆਪਣੀ ਹੋਂਦ ਬਰਕਰਾਰ ਰੱਖਣਗੀਆਂ। ਇੱਥੇ ਆਪਾਂ ਇਨ੍ਹਾਂ ਸੋਲਾਂ ਕਲਾਵਾਂ ਦੇ ਆਧੁਨਿਕ ਰੂਪਾਂ ਬਾਰੇ ਸੰਖੇਪ ਵਿਚ ਚਰਚਾ ਕਰਾਂਗੇ ਜੋ ਕਿ ਹੁਣ ਹਰ ਮਨੁੱਖ ਨੂੰ ਗ੍ਰਹਿਣ ਕਰਨ ਦੀ ਲੋੜ ਹੈ-
* ਸਿੱਖਿਆ : ਸਿੱਖਿਆ ਪ੍ਰਾਪਤੀ ਨਾਲ ਅਨੇਕਾਂ ਸਦਗੁਣ ਆਪਣੇ ਆਪ ਆ ਜਾਂਦੇ ਹਨ। ਉਸ ਨੂੰ ਕਰਮ ਕਰਨ ਅਤੇ ਉਸ ਦੇ ਨਿਕਲਣ ਵਾਲੇ ਸਿੱਟਿਆਂ ਬਾਰੇ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ । ਸਿੱਖਿਅਤ ਮਨੁੱਖ ਸਮਾਜ ਦੇ ਹਰ ਨਜ਼ਰੀਏ ਨੂੰ ਘੋਖਦਾ, ਵਾਚਦਾ ਹੈ ਅਤੇ ਚੰਗਾ ਕੰਮ ਕਰ ਕੇ ਖ਼ੁਸ਼ੀ ਹਾਸਲ ਕਰਦਾ ਹੈ।
* ਲਿਖਣ: ਸਾਹਿਤ ਸਮਾਜ ਦਾ ਦਰਪਣ ਹੈ। ਆਪਣੇ ਆਪ ਦੇ ਸਵੈ ਅਭਿਆਸ, ਚਿੰਤਨ ਅਤੇ ਅਨੁਭਵ ਨੂੰ ਅਧਿਆਪਨ ਦੁਆਰਾ ਹੀ ਵਿਕਸਤ ਕੀਤਾ ਜਾ ਸਕਦਾ ਹੈ। ਅਧਿਆਪਨ ਲਿਖਣ ਕਲਾ ਨੂੰ ਵਿਕਸਤ ਕਰਦਾ ਹੈ। ਇਕ ਚੰਗਾ ਲੇਖਕ ਹੀ ਆਪਣੇ ਚਿੰਤਨ, ਸਾਕਾਰਾਤਮਕ ਸੋਚ ਨਾਲ ਆਪਣੇ ਗ੍ਰਹਿਣ ਕੀਤੇ ਗਿਆਨ ਨੂੰ ਅੱਗੇ ਵੰਡ ਸਕਦਾ ਹੈ। ਸੰਸਾਰ ਦੇ ਸਾਰੇ ਮਹਾਨ ਪੁਰਸ਼, ਜੋਧੇ, ਸੂਰਬੀਰ ਹੋਣ ਦੇ ਨਾਲ-ਨਾਲ ਚੰਗੇ ਲੇਖਕ ਵੀ ਸਨ, ਉਹ ਕਲਾ ਦੀ ਤਾਕਤ ਨੂੰ ਬਾਖ਼ੂਬੀ ਜਾਣਦੇ ਸਨ। ਵਿਅਕਤੀ ਨੂੰ ਆਪਣੀ ਲਿਖਣ ਕਲਾ ਰਾਹੀਂ ਜੀਵਨ ਦੀਆਂ ਸਫ਼ਲਤਾਵਾਂ ਨੂੰ ਦੂਜਿਆਂ ਅੱਗੇ ਰੱਖ ਕੇ ਪ੍ਰੇਰਣਾ ਦੇਣੀ ਚਾਹੀਦੀ ਹੈ। ਹਰ ਮਨੁੱਖ ਨੂੰ ਆਪਣੀ ਪ੍ਰਤੀਦਿਨ ਕਿਰਿਆ ਵਿਚ ਲੇਖਣ ਕਲਾ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ।
* ਪ੍ਰਸ਼ਾਸਨ ਕਲਾ: ਘਰ, ਸਮਾਜ, ਪ੍ਰਾਂਤ ਅਤੇ ਦੇਸ਼ ਵਿਚ ਪ੍ਰਬੰਧ ਢਾਂਚਾ ਚਲਾਉਣ ਲਈ ਕੁਸ਼ਲ ਪ੍ਰਸ਼ਾਸਨ ਕਲਾ ਦੀ ਅਤਿ ਜ਼ਰੂਰਤ ਹੈ। ਇਕ ਆਦਰਸ਼ ਮਨੁੱਖ ਨੂੰ ਸਭ ਤੋਂ ਪਹਿਲਾਂ ਸਮਾਜ ਦੀ ਮੁਢਲੀ ਇਕਾਈ ਘਰ, ਪਰਿਵਾਰ ਦੀ ਅਗਵਾਈ ਕਰਨ ਲਈ ਪ੍ਰਸ਼ਾਸਨ ਕਲਾ ਆਉਣੀ ਜ਼ਰੂਰੀ ਹੈ। ਪਰਿਵਾਰ ਵਿਚ ਕਿਸ ਵੇਲੇ ਕਿਹੜਾ ਨਿਰਣਾ ਲੈਣਾ ਹੈ, ਦੁੱਖ-ਸੁੱਖ ਵੇਲੇ ਟੱਬਰ ਦੇ ਸਾਰੇ ਜੀਆਂ ਨੂੰ ਇਕਮੁੱਠ ਰੱਖਣਾ ਅਤੇ ਉਨ੍ਹਾਂ ਨੂੰ ਕਿਵੇਂ ਸੰਤੁਸ਼ਟ ਕਰਨਾ ਹੈ, ਇਸ ਸਭ ਕਾਸੇ ਲਈ ਪ੍ਰਸ਼ਾਸਨ ਕਲਾ ਦੀ ਜਾਣਕਾਰੀ ਅਤਿ ਜ਼ਰੂਰੀ ਹੈ ।
* ਹੱਸਮੁਖਤਾ: ਜ਼ਿੰਦਗੀ ਵਿਚ ਜੇਕਰ ਹਾਸਾ ਖੇਡਾ ਨਹੀਂ ਹੋਵੇਗਾ ਤਾਂ ਜ਼ਿੰਦਗੀ ਨੀਰਸ ਬਣ ਜਾਂਦੀ ਹੈ । ਹਾਸਾ ਜੀਵਨ ਦਾ ਸ਼ਿੰਗਾਰ ਹੈ, ਪਰ ਇਹ ਵੀ ਜੇਕਰ ਇਕ ਮਰਿਆਦਾ ਅੰਦਰ ਹੋਵੇ ਤਾਂ। ਮਨੁੱਖ ਦੀ ਬੋਲਬਾਣੀ, ਸਦਾ ਖਿੜੇ ਰਹਿਣਾ ਅਤੇ ਹਸਦਿਆਂ-ਹੱਸਦਿਆਂ ਵੱਡੀਆਂ ਗੱਲਾਂ ਕਰ ਜਾਣਾ ਅਤੇ ਦੂਸਰਿਆਂ ਨੂੰ ਹਾਸੇ-ਹਾਸੇ ਵਿਚ ਸਿੱਖਿਆ ਦਿੰਦਿਆਂ ਮਹਿਸੂਸ ਵੀ ਨਾ ਹੋਣ ਦੇਣਾ ਵੀ ਇਕ ਕਲਾ ਹੈ।
* ਸਿਹਤ ਪ੍ਰਤੀ ਜਾਗਰੂਕਤਾ : ਆਪਣੇ ਆਪ ਨੂੰ ਬਿਮਾਰੀਆਂ ਤੋਂ ਮੁਕਤ ਰੱਖਣਾ, ਸਰੀਰ ਦੀ ਦੇਖਭਾਲ ਕਰਨਾ ਵੀ ਇਕ ਕਲਾ ਹੈ। ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਹੋਵੇਗਾ। ਜੇਕਰ ਮਨੁੱਖ ਅਰੋਗ ਹੈ ਤਾਂ ਹੀ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਸਕੇਗਾ । ਅਰੋਗ ਰਹਿ ਕੇ ਅਸੀਂ ਸਮਾਂ ਅਤੇ ਧਨ ਬਚਾ ਸਕਦੇ ਹਾਂ। ਅਜੋਕੇ ਸਮੇਂ ਵਿਚ ਮਨੁੱਖ ਬਹੁਤ ਸਾਰੀਆਂ ਸਰੀਰਕ ਬੀਮਾਰੀਆਂ ਤੋਂ ਪ੍ਰੇਸ਼ਾਨ ਹੈ। ਅਜਿਹੇ ਸਮੇਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਵੀ ਇਕ ਵੱਡੀ ਕਲਾ ਹੈ।
* ਵਿਹਾਰ: ਵਿਹਾਰਿਕਤਾ ਮਨੁੱਖ ਦੀ ਇਕ ਬਹੁਤ ਵੱਡੀ ਕਲਾ ਹੈ । ਵਿਅਕਤੀ ਜਿੰਨਾ ਮਰਜ਼ੀ ਪੜ੍ਹ ਲਿਖ ਜਾਵੇ, ਵਿੱਦਿਅਕ ਡਿਗਰੀਆਂ ਪ੍ਰਾਪਤ ਕਰ ਲਵੇ, ਜੇਕਰ ਉਸ ਨੂੰ ਸਮਾਜ ਵਿਚ ਵਿਚਰਨਾ ਨਹੀਂ ਆਉਂਦਾ, ਪਰਿਵਾਰਕ ਅਤੇ ਸਮਾਜਿਕ ਸਬੰਧਾਂ ਵਿਚ ਮਧੁਰਤਾ ਨਹੀਂ ਲਿਆ ਸਕਦਾ ਤਾਂ ਉਹ ਨਾ ਤਾਂ ਆਪ ਸੁਖੀ ਰਹੇਗਾ ਅਤੇ ਨਾ ਹੀ ਆਪਣੇ ਨਾਲ ਵਿਚਰ ਰਹੇ ਲੋਕਾਂ ਨੂੰ ਸੁੱਖ ਦੇ ਸਕੇਗਾ। ਵਿਹਾਰ ਵਿਚ ਪ੍ਰੇਮ, ਮਿਠਾਸ ਅਤੇ ਸਹਿਣਸ਼ੀਲਤਾ ਹੋਣਾ ਵੀ ਬਹੁਤ ਜ਼ਰੂਰੀ ਹੈ।
* ਗੱਲਬਾਤ ਕਰਨ ਦਾ ਢੰਗ: ਸਮਾਜ ਵਿਚ ਸਫ਼ਲ ਹੋਣ ਲਈ ਜ਼ਰੂਰੀ ਹੈ ਕਿ ਵਿਅਕਤੀ ਨੂੰ ਗੱਲਬਾਤ ਕਰਨ ਦਾ ਸਲੀਕਾ ਹੋਵੇ। ਉਸ ਵਿਚ ਹਾਜ਼ਰ ਜਵਾਬੀ ਅਤੇ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਗੱਲਬਾਤ ਕਰਨ ਦਾ ਹੁਨਰ ਹੋਣਾ ਵੀ ਜ਼ਰੂਰੀ ਹੈ। ਮਨੁੱਖ ਦੀ ਮਿੱਠੀ ਬੋਲੀ ਸੁਣਨ ਵਾਲੇ ਦੇ ਕੰਨਾਂ ਵਿਚ ਰਸ ਘੋਲਦੀ ਹੈ। ਵੱਡੇ ਤੋਂ ਵੱਡੇ ਵਿਗੜੇ ਕੰਮ ਮਿੱਠੀ ਬੋਲੀ ਅਤੇ ਸਹੀ ਮੌਕੇ 'ਤੇ ਕੀਤੀ ਸਹੀ ਗੱਲਬਾਤ ਦੀ ਕਲਾ ਨਾਲ ਸੰਵਰ ਜਾਂਦੇ ਹਨ।
* ਸਮੇਂ ਅਨੁਸਾਰ ਪਰਿਵਰਤਨ: ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਅੱਜ ਹੈ ਉਹ ਕੱਲ੍ਹ ਨਹੀਂ ਰਹੇਗਾ। ਜੋ ਅੱਜ ਹੋ ਰਿਹਾ ਹੈ ਉਹ ਕੱਲ੍ਹ ਨਹੀਂ ਹੋਵੇਗਾ। ਸੰਸਾਰ ਵਿਚ ਪਰਿਵਰਤਨ ਦਾ ਨਿਯਮ ਕੁਦਰਤੀ ਤੌਰ 'ਤੇ ਲਗ਼ਾਤਾਰ ਪ੍ਰੀਕਿਰਿਆ ਅਧੀਨ ਲਾਗੂ ਹੈ। ਮਨੁੱਖ ਨੂੰ ਸੰਸਾਰਿਕ ਪ੍ਰਸਥਿਤੀਆਂ ਅਨੁਸਾਰ ਹੀ ਆਪਣੇ ਆਪ ਨੂੰ ਢਾਲ ਕੇ ਜੀਵਨ ਵਿਚ ਪਰਿਵਰਤਨ ਲਿਆਉਣਾ ਚਾਹੀਦਾ ਹੈ। ਅਸੀਂ ਨਾ ਤਾਂ ਪੱਥਰ ਯੁੱਗ ਵਾਂਗ ਜੀਅ ਸਕਦੇ ਹਾਂ ਅਤੇ ਨਾ ਹੀ ਆਧੁਨਿਕਤਾ ਦੀ ਦੌੜ ਵਿਚ ਸ਼ਾਮਿਲ ਹੋ ਕੇ ਵਰਤਮਾਨ ਜੀਵਨ ਤੋਂ ਅੱਗੇ ਛਾਲਾਂ ਮਾਰਨੀਆਂ ਹਨ। ਸਾਨੂੰ ਸਮੇਂ-ਸਮੇਂ 'ਤੇ ਆ ਰਹੀਆਂ ਤਬਦੀਲੀਆਂ ਨੂੰ ਕਬੂਲ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਸਮੇਂ ਅਤੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਵੀ ਇਕ ਮਹਾਨ ਕਲਾ ਹੈ। ਇਹੀ ਸਫ਼ਲ ਜੀਵਨ ਦਾ ਮੰਤਰ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਫ਼ੋਨ: 9417166386
email:-jagtarsokhi@gmail.com



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX