ਤਾਜਾ ਖ਼ਬਰਾਂ


2 ਧਿਰਾਂ ਦਰਮਿਆਨ ਹੋਏ ਝਗੜੇ 'ਚ ਇੱਕ ਦੀ ਮੌਤ, ਔਰਤ ਸਣੇ 3 ਜ਼ਖਮੀ
. . .  about 1 hour ago
ਬਠਿੰਡਾ, 5 ਜੁਲਾਈ (ਨਾਇਬ ਸਿੱਧੂ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਵਿਚ ਸ਼ਾਮੀ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਸਮੇਤ ਤਿੰਨ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਉਨ੍ਹਾਂ ਵਿਚੋਂ ਇੱਕ...
ਖਾਲੀ ਪਲਾਟ 'ਚੋਂ ਮਿਲੀ ਗਲੀ ਸੜੀ ਲਾਸ਼
. . .  about 1 hour ago
ਜਲੰਧਰ, 5 ਜੁਲਾਈ - ਇੱਥੋਂ ਦੇ ਗਰੀਨ ਐਵਿਨਿਊ ਇਲਾਕੇ 'ਚ ਇੱਕ ਖਾਲੀ ਪਲਾਟ 'ਚੋਂ ਗਲੀ ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਸ ਦਾ ਪਤਾ ਲੱਗਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼...
ਰਾਜਪੁਰਾ (ਪਟਿਆਲਾ) 'ਚ 4 ਕੋਰੋਨਾ ਪਾਜ਼ੀਟਿਵ ਆਉਣ ਕਾਰਨ ਦਹਿਸ਼ਤ ਦਾ ਮਾਹੌਲ
. . .  about 2 hours ago
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਚੱਲਦਿਆਂ 3 ਮਰੀਜ਼ ਸ਼ਹਿਰ ਵਿਚ ਅਤੇ ਇਕ ਔਰਤ ਨੇੜਲੇ ਪਿੰਡ ਸਾਹਲ ਵਿਚ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਹ ਜਾਣਕਾਰੀ ਸੀ.ਐਮ.ਓ ਪਟਿਆਲਾ ਡਾ. ਹਰੀਸ਼ ਮਲਹੋਤਰਾ...
ਜੈਤੋ 'ਚ ਪੈਟਰੋਲ ਪੰਪ ਤੋਂ 7 ਹਜ਼ਾਰ ਦੀ ਲੁੱਟ, ਕੀਤੇ ਹਵਾਈ ਫਾਇਰ
. . .  about 2 hours ago
ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਮੁਕਤਸਰ ਰੋਡ 'ਤੇ ਸਥਿਤ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਵਿਖੇ ਪ੍ਰਿੰਸ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ ਕਰਿੰਦੇ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 7 ਹਜ਼ਾਰ ਰੁਪਏ ਦੀ ਲੁੱਟ ਤੋਂ ਬਾਅਦ ਦੋ ਹਵਾਈ ਫਾਇਰ ਕਰ ਕੇ ਫ਼ਰਾਰ ਹੋਣ ਜਾਣ ਦਾ ਪਤਾ ਲੱਗਿਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆ...
ਕੋਰੋਨਾ ਨੇ ਮਮਦੋਟ ਵਿਚ ਵੀ ਦਿੱਤੀ ਦਸਤਕ
. . .  about 2 hours ago
ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ) - ਕੋਰੋਨਾ ਵਾਇਰਸ ਦੀ ਮਮਦੋਟ ਵਿਚ ਦਸਤਕ ਨਾਲ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾਕਟਰ ਰਜਿੰਦਰ ਮਨਚੰਦਾ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਦੌਰਾਨ ਬੀ.ਐੱਸ.ਐੱਫ ਦੀ 124 ਬਟਾਲੀਅਨ...
ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ
. . .  about 3 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ...
ਪਠਾਨਕੋਟ 'ਚ 1 ਹੋਰ ਮਰੀਜ਼ ਆਇਆ ਕੋਰੋਨਾ ਪਾਜ਼ੀਟਿਵ
. . .  about 3 hours ago
ਪਠਾਨਕੋਟ, 5 ਜੁਲਾਈ (ਆਰ. ਸਿੰਘ) ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਇਕ ਹੋਰ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 213 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ...
ਪਾਤੜਾਂ (ਪਟਿਆਲਾ) ਅੰਦਰ ਸਿਹਤ ਕਰਮੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ
. . .  about 4 hours ago
ਪਾਤੜਾਂ 5 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ..
ਲੋਹੀਆਂ 'ਚ 2 ਪਾਜ਼ੀਟਿਵ ਮਰੀਜ਼ਾਂ ਨਾਲ ਕੋਰੋਨਾ ਨੇ ਮੁੜ ਦਿੱਤੀ ਦਸਤਕ
. . .  about 4 hours ago
ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ 'ਚ ਭਾਵੇਂ ਲਾਕਡਾਊਨ 'ਚ ਦਿਨੋਂ ਦਿਨ ਢਿੱਲ ਦਿੱਤੀ ...
ਸ੍ਰੀ ਮੁਕਤਸਰ ਸਾਹਿਬ ਦੀ ਕੋਰੋਨਾ ਪੀੜਤ ਔਰਤ ਦੀ ਲੁਧਿਆਣਾ 'ਚ ਮੌਤ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਾਸੀ....
ਅੰਮ੍ਰਿਤਸਰ 'ਚ ਕੋਰੋਨਾ ਦੇ 7 ਮਾਮਲਿਆਂ ਦੀ ਪੁਸ਼ਟੀ
. . .  about 4 hours ago
ਅੰਮ੍ਰਿਤਸਰ, 5 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
ਸ਼ਾਹਕੋਟ ਦੇ ਪਿੰਡ ਫਾਜਲਪੁਰ 'ਚ ਦੋ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ 25 ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ
. . .  about 4 hours ago
ਸ਼ਾਹਕੋਟ, 5 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਕੋਰੋਨਾ ਮਹਾਂਮਾਰੀ ਦਰਮਿਆਨ ਮੁੱਢਲੀ ਕਤਾਰ 'ਚ ਲੋਕਾਂ ਦੀ ....
ਪੰਜਾਬ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ
. . .  about 4 hours ago
ਫ਼ਾਜ਼ਿਲਕਾ, 5 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ...
ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 5 hours ago
ਫ਼ਰੀਦਕੋਟ, 5 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚ ਫ਼ਰੀਦਕੋਟ ...
ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  about 5 hours ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  1 minute ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 6 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 6 hours ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 6 hours ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 6 hours ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 6 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 7 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 7 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 7 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸਾਉਣੀ ਵਿਚ ਬੀਜੀਆਂ ਜਾਣ ਵਾਲੀਆਂ ਹਰੇ ਚਾਰੇ ਦੀਆਂ ਕਿਸਮਾਂ

ਹਰਾ ਚਾਰਾ ਦੁਧ ਦੀ ਪੈਦਾਵਾਰ ਅਤੇ ਦੁਧਾਰੂ ਪਸ਼ੂਆਂ ਦੀ ਸਿਹਤ ਲਈ ਜ਼ਰੂਰੀ ਤੱਤ ਪ੍ਰਦਾਨ ਕਰਦਾ ਹੈ। ਹਰੇ ਚਾਰੇ ਦਾ ਉਤਪਾਦਨ ਉਨ੍ਹਾਂ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ ਜੋ ਡੇਅਰੀ ਕਿਤੇ ਨਾਲ ਜੁੜੇ ਹੋਏ ਹਨ। ਕੁਝ ਕਿਸਾਨ ਹਰੇ ਚਾਰੇ ਦੀ ਕਾਸ਼ਤ ਤੇ ਨਿਰਭਰ ਕਰਦੇ ਹਨ ਅਤੇ ਇਸ ਨੂੰ ਮੰਡੀ ਵਿਚ ਵੇਚ ਕੇ ਆਪਣੀ ਰੋਜ਼ੀ ਕਮਾੳਂੁਦੇ ਹਨ। ਪੰਜਾਬ ਵਿਚ ਇਸ ਵੇਲੇ 81.2 ਲੱਖ ਪਸ਼ੂ ਹਨ ਜਿਨ੍ਹਾਂ ਵਿਚੋਂ 62.4 ਲੱਖ ਵੱਡੇ ਪਸ਼ੂ ਹਨ। ਹਰੇ ਚਾਰੇ ਦੀ ਸਾਲਾਨਾ ਪੈਦਾਵਾਰ ਪ੍ਰਾਂਤ ਵਿਚ 716 ਲੱਖ ਟਨ ਹੈ ਜਿਸ ਦੇ ਆਧਾਰ 'ਤੇ ਇਕ ਪਸ਼ੂ ਨੂੰ 31.4 ਕਿੱਲੋ ਹਰਾ ਚਾਰਾ ਪ੍ਰਤੀ ਦਿਨ ਮਿਲਦਾ ਹੈ ਜੋ ਕਿ ਲੋੜ ਤੋਂ (40 ਕਿਲੋ/ਪਸ਼ੂ/ਦਿਨ) ਬਹੁਤ ਘੱਟ ਹੈ। ਇਸ ਲਈ ਪ੍ਰਤੀ ਇਕਾਈ ਰਕਬੇ ਵਿਚੋਂ ਪ੍ਰਤੀ ਇਕਾਈ ਸਮੇਂ ਵਿਚ ਚਾਰੇ ਦਾ ਉਤਪਾਦਨ ਜ਼ਰੂਰ ਵਧਾਇਆ ਜਾਣਾ ਚਾਹੀਦਾ ਹੈ। ਸਾਉਣੀ ਵਿਚ ਹਰੇ ਚਾਰੇ ਦੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਬੀਜਣੀਆਂ ਚਾਹੀਂਦੀਆਂ ਹਨ। ਪੰਜਾਬ ਵਿਚ ਚਾਰੇ ਦੀਆਂ ਮੁਖ ਫ਼ਸਲਾਂ ਦੀਆਂ ਕਿਸਮਾਂ ਅਤੇ ਉਨ੍ਹਾਂ ਦੀ ਕਾਸ਼ਤ ਦਾ ਵੇਰਵਾ ਹੇਠਾਂ ਦਰਸਾਇਆ ਗਿਆ ਹੈ-
ਜੁਆਰ : ਪੰਜਾਬ ਸੂਡੈਕਸ ਚਰ੍ਹੀ 4: ਇਹ ਕਈ ਲੌਅ ਦੇਣ ਵਾਲੀ ਦੋਗਲੀ ਕਿਸਮ ਹੈ। ਇਸ ਕਿਸਮ ਦੇ ਬੂਟੇ ਲੰਮੇ ਅਤੇ ਪੱਤੇ ਚੌੜੇ ਹੁੰਦੇ ਹਨ। ਇਸ ਕਿਸਮ ਵਿਚ ਲਾਲ ਧੱਬੇ ਅਤੇ ਸ਼ਾਖ ਦੀ ਮੱਖੀ ਦੇ ਹਮਲੇ ਨੂੰ ਸਹਾਰਨ ਦੀ ਸਮਰਥਾ ਹੈ। ਸਮੇਂ ਸਿਰ ਬੀਜੀ ਫ਼ਸਲ ਤਿੰਨ ਚੰਗੀਆਂ ਕਟਾਈਆਂ ਵਿਚ 445 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦੀ ਹੈ।
ਪੰਜਾਬ ਸੂਡੈਕਸ ਚਰ੍ਹੀ 1: ਇਹ ਵੀ ਕਈ ਲੌਅ ਦੇਣ ਵਾਲੀ ਦੋਗਲੀ ਕਿਸਮ ਹੈ ਜਿਸ ਦੇ ਬੂਟੇ ਲੰਮੇ ਅਤੇ ਪੱਤੇ ਚੌੜੇ ਹੁੰਦੇ ਹਨ। ਇਸ ਦੇ ਟਾਂਡੇ ਰਸੀਲੇ ਅਤੇ ਮਿੱਠੇ ਹੁੰਦੇ ਹਨ। ਵੇਲੇ ਸਿਰ ਬੀਜੀ ਫ਼ਸਲ ਤਿੰਨ ਕਟਾਈਆਂ ਵਿਚ 480 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦੀ ਹੈ।
ਐੱਸ ਅੱੈਲ 44: ਇਹ ਇਕ ਕਟਾਈ ਦੇਣ ਵਾਲੀ, ਮਿੱਠੀ, ਰਸੀਲੀ ਅਤੇ ਪਤਲੇ ਤਣਿਆਂ ਵਾਲੀ ਕਿਸਮ ਹੈ। ਇਸ ਕਿਸਮ ਵਿਚ ਪਚਣਯੋਗ ਸੁੱਕਾ ਮਾਦਾ ਬਹੁਤ ਹੁੰਦਾ ਹੈ। ਇਹ ਕਿਸਮ ਲਾਲ ਧੱਬਿਆਂ ਦੇ ਰੋਗ ਦਾ ਟਾਕਰਾ ਕਰਨ ਦੀ ਸਮਰਥਾ ਰਖਦੀ ਹੈ। ਇਸ ਕਿਸਮ ਤੋਂ ਔਸਤਨ 240 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਮਿਲ ਜਾਂਦਾ ਹੈ।
ਬਾਜਰਾ : ਪੀ ਸੀ ਬੀ 165: ਇਹ ਜਲਦੀ ਵਧਣ ਵਾਲੀ, ਉਚੇ ਕੱਦ ਤੇ ਜ਼ਿਆਦਾ ਪੜਸੂਏਂ ਵਾਲੀ ਕੰਪੋਜ਼ਿਟ ਕਿਸਮ ਹੈ । ਇਸ ਦੇ ਪੌਦਿਆਂ ਦੀ ਉੱਚਾਈ ਤਕਰੀਬਨ 252 ਸੈਂਟੀਮੀਟਰ ਹੈ। ਇਹ ਕਿਸਮ ਬਿਜਾਈ ਤੋਂ ਤਕਰੀਬਨ 73 ਦਿਨ ਬਾਅਦ 50 ਪ੍ਰਤੀਸ਼ੱਤ ਸਿਟਿਆਂ 'ਤੇ ਆਉਂਦੀ ਹੈ। ਇਸ ਦੇ ਦਾਣੇ ਅਤੇ ਚਾਰਾ ਖੁਰਾਕੀ ਤੱਤਾਂ ਨਾਲ ਭਰਪੂਰ ਹੈ । ਇਸ ਦੇ ਦਾਣੇ ਖਿੱਲਾਂ ਬਣਾਉਣ ਲਈ ਢੁੱਕਵੇਂ ਹਨ । ਇਹ ਕਿਸਮ ਬਾਜਰੇ ਦੇ ਸਾਰੇ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ । ਇਸ ਦੇ ਹਰੇ ਚਾਰੇ ਦਾ ਔਸਤਨ ਝਾੜ 234 ਕੁਇੰਟਲ ਪ੍ਰਤੀ ਏਕੜ ਅਤੇ ਦਾਣਿਆਂ ਦਾ ਝਾੜ ਔਸਤਨ 12.8 ਕੁਇੰਟਲ ਪ੍ਰਤੀ ਏਕੜ ਹੈ ।
ਪੀ ਐੱਚ ਬੀ ਅੱੈਫ 1: ਇਹ ਬਾਜਰੇ ਦੀ ਹਰੇ ਚਾਰੇ ਲਈ ਬਹੁਤੀਆਂ ਕਟਾਈਆਂ ਦੇਣ ਵਾਲੀ ਦੋਗਲੀ ਕਿਸਮ ਹੈ। ਇਸ ਕਿਸਮ ਦੇ ਪੌਦੇ 198 ਸੈਂਟੀਮੀਟਰ ਉੱਚੇ ਹੁੰਦੇ ਹਨ ਜਿਨ੍ਹਾਂ ਦਾ ਤਣਾ ਨਰਮ ਹੁੰਦਾ ਹੈ। ਇਸ ਦੇ ਪੜਸੁੂਏਂ ਕਾਫੀ ਹੁੰਦੇ ਹਨ ਤੇ ਪੱਤੇ ਲੰਬੇ ਅਤੇ ਚੌੜੇ ਹੁੰਦੇ ਹਨ। ਇਹ ਕਿਸਮ ਬਿਮਾਰੀਆਂ ਨੂੰ ਸਹਾਰਨ ਦੀ ਸਮਰਥਾ ਰੱਖਦੀ ਹੈ। ਇਹ ਕਿਸਮ ਹਰੇ ਚਾਰੇ ਦਾ ਝਾੜ 256 ਕੁਇੰਟਲ ਪ੍ਰਤੀ ਏਕੜ ਦਿੰਦੀ ਹੈ।
ਪੀ ਸੀ ਬੀ 164: ਇਹ ਛੇਤੀ ਵਧਣ ਵਾਲੀ ਕੰਪੋਜ਼ਿਟ ਕਿਸਮ ਹੈ ਜਿਸ ਦੇ ਪੌਦਿਆਂ ਦੀ ਉਚਾਈ 207 ਸੈਂਟੀਮੀਟਰ ਹੈ ਅਤੇ ਇਸ ਦੇ ਟਾਂਡੇ ਦਰਮਿਆਨੇ ਮੋਟੇ ਹੁੰਦੇ ਹਨ। ਇਸ ਦੇ ਪੌਦੇ ਸਿਟੇ ਪਕਣ ਤੋਂ ਮਗਰੋਂ ਵੀ ਹਰੇ ਰਹਿੰਦੇ ਹਨ। ਇਹ ਕਿਸਮ ਹਰੇ ਸਿਟੇ ਦੇ ਰੋਗਾਂ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਇਹ ਤਕਰੀਬਨ 210 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦੀ ਹੈ।
ਐਫ ਬੀ ਸੀ 16: ਇਹ ਬਾਜਰੇ ਦੀ ਕੰਪੋਜ਼ਿਟ ਕਿਸਮ ਸਿਰਫ ਚਾਰੇ ਲਈ ਹੀ ਬੀਜੀ ਜਾਂਦੀ ਹੈ। ਇਹ ਕਿਸਮ ਦੂਜੀਆਂ ਕਿਸਮਾਂ ਨਾਲੋਂ 8-10 ਦਿਨ ਦੇਰ ਨਾਲ ਫੁਲਾਂ ਤੇ ਆਉਂਦੀ ਹੈ ਜਿਸ ਕਰਕੇ ਲੰਮੇ ਸਮੇਂ ਤੱਕ ਹਰੀ ਰਹਿੰਦੀ ਹੈ। ਇਸ ਕਿਸਮ ਦੇ ਪੌਦਿਆਂ ਦੀ ਉਚਾਈ 235 ਸੈਂਟੀਮੀਟਰ ਹੁੰਦੀ ਹੈ ਅਤੇ ਪੱਤੇ ਚੌੜੇ ਤੇ ਲੰਬੇ ਹੁੰਦੇ ਹਨ। ਇਸ ਵਿਚ ਔਗਜ਼ਾਲੇਟ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਇਹ ਮੁਖ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਇਸ ਦਾ ਹਰੇ ਚਾਰੇ ਦਾ ਔਸਤਨ ਝਾੜ 230 ਕੁਇੰਟਲ ਪ੍ਰਤੀ ਏਕੜ ਹੈ।
ਮੱਕੀ : ਜੇ 1007: ਇਸ ਕਿਸਮ ਦੇ ਪੌਦੇ ਉਚੇ ਅਤੇ ਪੱਤੇ ਚੌੜੇ ਹਨ । ਇਸ ਨੂੰ ਲੰਮੀਆਂ ਅਤੇ ਭਰਵੀਆਂ ਛੱਲੀਆਂ ਦਰਮਿਆਨੀਆਂ ਉੱਚੀਆਂ ਲੱਗਦੀਆਂ ਹਨ । ਇਸ ਕਿਸਮ ਨੂੰ ਝੁਲਸ ਰੋਗ ਘੱਟ ਲੱਗਦਾ ਹੈ । ਇਸ ਦੇ ਦਾਣੇ ਮੋਟੇ ਅਤੇ ਚਿੱਟੇ ਰੰਗ ਦੇ ਹਨ । ਇਸ ਦੇ ਚਾਰੇ ਵਿਚ ਖੁਰਾਕੀ ਤੱਤ ਵੀ ਜ਼ਿਆਦਾ ਹਨ । ਇਸ ਦੇ ਹਰੇ ਚਾਰੇ ਦਾ ਔਸਤਨ ਝਾੜ 168 ਕੁਇੰਟਲ ਪ੍ਰਤੀ ਏਕੜ ਹੈ ।
ਜੇ 1006: ਇਸ ਕਿਸਮ ਦੇ ਪੌਦੇ ਉੱਚੇ, ਫੈਲਵੇਂ ਅਤੇ ਚੌੜੇ ਪਤਿਆਂ ਵਾਲੇ ਹੁੰਦੇ ਹਨ। ਇਸ ਕਿਸਮ ਨੂੰ ਝੁਲਸ ਰੋਗ ਅਤੇ ਭੂਰੀਆਂ ਧਾਰੀਆਂ ਦਾ ਰੋਗ ਕੁਝ ਹੱਦ ਤੱਕ ਨਹੀਂ ਲੱਗਦਾ। ਇਸ ਨੂੰ ਛੱਲੀਆਂ ਦਰਮਿਆਨੀਆਂ ਉਚੀਆਂ ਲਗਦੀਆਂ ਹਨ। ਇਸ ਕਿਸਮ ਦੀਆਂ ਛਲੀਆਂ ਦੇ ਦਾਣੇ ਚਿੱਟੇ, ਮੋਟੇ ਅਤੇ ਕੁਝ ਚਿੱਬੇ ਹੁੰਦੇ ਹਨ। ਇਹ ਤਕਰੀਬਨ 165 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦੀ ਹੈ।
ਦੋਗਲਾ ਨੇਪੀਅਰ ਬਾਜਰਾ: ਪੀ ਬੀ ਐੱਨ 342: ਇਹ ਪੱਤੇਦਾਰ, ਮੁਲਾਇਮ, ਲੂੰ ਰਹਿਤ, ਚੌੜੇ ਅਤੇ ਲੰਮੇ ਪਤਿਆਂ ਵਾਲੀ ਕਿਸਮ ਹੈ। ਇਹ ਬਹਾਰ ਰੁਤ ਵਿਚ ਅਗੇਤੀ ਫੁੱਟਣ ਵਾਲੀ ਅਤੇ ਸਰਦ ਰੁਤ ਸ਼ੁਰੂ ਹੋਣ ਤੱਕ ਵਣਸਪਤਿਕ ਵਾਧਾ ਕਰਨ ਵਾਲੀ ਕਿਸਮ ਹੈ। ਇਸ ਕਿਸਮ ਦਾ ਚਾਰਾ ਬਹੁਤ ਵਧੀਆ ਹੈ। ਇਸ ਕਿਸਮ ਦੇ ਹਰੇ ਚਾਰੇ ਦਾ ਝਾੜ 877 ਕੁੰਇੰਟਲ ਪ੍ਰਤੀ ਏਕੜ ਹੈ।
ਪੀ ਬੀ ਐੱਨ 233: ਇਹ ਲੂੰ ਰਹਿਤ, ਲੰਮੀ, ਮੁਲਾਇਮ, ਚੌੜੇ ਪੱਤਿਆਂ ਵਾਲੀ ਕਿਸਮ ਹੈ। ਇਹ ਕਿਸਮ ਪੀ ਬੀ ਅੱੈਨ 83 ਨਾਲੋਂ ਵਧੇਰੇ ਸਮੇਂ ਤੱਕ ਵਧਦੀ ਰਹਿੰਦੀ ਹੈ, ਕਿਉਂਕਿ ਇਹ ਬਹਾਰ ਰੁੱਤ ਵਿਚ ਅਗੇਤੀ ਫੁੱਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰਦੀ ਸ਼ੁਰੂ ਹੋਣ ਤੱਕ ਵਧਦੀ ਰਹਿੰਦੀ ਹੈ। ਇਸ ਦਾ ਸਰਦੀਆਂ ਵਿਚ ਸਿਥਲ ਅਵਸਥਾ ਦਾ ਸਮਾਂ ਪੀ ਬੀ ਐੱਨ 83 ਨਾਲੋਂ ਤਕਰੀਬਨ 15 ਦਿਨ ਘਟ ਹੈ। ਇਹ ਕਿਸਮ 1100 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦੀ ਹੈ।
ਬਿਜਾਈ ਸਮੇਂ 22 ਕਿਲੋ ਯੂਰੀਆ
ਫਿਰ 3-4 ਹਫਤੇ ਬਾਅਦ 22 ਕਿੱਲੋ ਯੂਰੀਆ ਪਾਉ
ਸਿੰਚਾਈ ਅਗੇਤੇ ਮੌਸਮ ਦੇ ਚਾਰੇ ਲਈ 4-5 ਪਾਣੀ ਅਤੇ ਬਰਸਾਤ ਵਿਚ 1-2 ਪਾਣੀ ਗਰਮ ਰੁੱਤ ਵਿਚ 4-5 ਪਾਣੀ ਅਤੇ ਸਾਉਣੀ ਵਿਚ ਬਰਸਾਤ ਦੇ ਹਿਸਾਬ ਨਾਲ ਆਮ ਕਰਕੇ ਪਾਣੀ 2-3 ਕਾਫੀ ਹਨ। ਚੰਗਾ ਹੋਵੇਗਾ ਜੇ ਪਾਣੀ ਹਲਕੇ ਅਤੇ ਬਹੁਤੇ ਦਿੱਤੇ ਜਾਣ
ਵਧੀਆ ਗੁਣਵੱਤਾ ਅਤੇ ਖੁਰਾਕੀ ਤਤਾਂ ਨਾਲ ਭਰਪੂਰ ਚਾਰਾ ਲੈਣ ਲਈ ਚਾਰੇ ਦੀ ਕਟਾਈ ਸਹੀ ਅਵਸਥਾ 'ਤੇ ਕਰੋ।
ਚਾਰੇ ਦੀ ਫ਼ਸਲ ਨੂੰ ਕੱਟਣ ਤੋਂ ਇਕ ਹਫਤਾ ਪਹਿਲਾਂ ਪਾਣੀ ਜ਼ਰੂਰ ਲਾਓ ਕਿਉਂਕਿ ਸੋਕੇ ਦੀ ਹਾਲਤ ਵਿਚ ਚਰ੍ਹੀ ਅਤੇ ਬਾਜਰੇ ਦੇ ਚਾਰੇ ਵਿਚ ਜ਼ਹਿਰੀਲਾਪਨ ਵਧ ਜਾਂਦਾ ਹੈ।
ਚਾਰਿਆਂ ਵਿਚ ਗੈਰ-ਸਿਫ਼ਾਰਸ਼ ਰਸਾਇਣਾਂ (ਕੀਟ/ਉਲੀਨਾਸਕਾਂ) ਦੀ ਵਰਤੋਂ ਨਾ ਕਰੋ। ਚਾਰਿਆਂ ਵਿਚ ਬਿਮਾਰੀ ਅਤੇ ਕੀੜਿਆਂ ਦੇ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦਿਓ।
ਵਧ ਸੈਲੀਨੀਅਮ ਵਾਲੀਆਂ ਜ਼ਹਿਰੀਲੀਆਂ ਜ਼ਮੀਨਾਂ ਵਿਚ ਉਗਾਏ ਹੋਏ ਚਾਰੇ ਨੂੰ ਪਸ਼ੂਆਂ ਦੀ ਖੁਰਾਕ ਵਿਚ ਕਦੇ ਵੀ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ।
ਨਵੰਬਰ-ਦਸੰਬਰ ਅਤੇ ਮਈ-ਜੂਨ ਦੇ ਮਹੀਨਿਆ ਵਿਚ ਪਸ਼ੂਆਂ ਲਈ ਚਾਰੇ ਦੀ ਸਖਤ ਘਾਟ ਨੂੰ ਚਾਰੇ ਦੇ ਆਚਾਰ ਅਤੇ ਹੇਅ ਨਾਲ ਪੂਰਾ ਕੀਤਾ ਜਾ ਸਕਦਾ ਹੈ।

-ਪਲਾਂਟ ਬਰੀਡਿਂਗ ਅਤੇ ਜੈਂਨਟਿਕਸ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਆਜ਼ਾਦੀ ਤੋਂ ਹੁਣ ਤੱਕ ਟਿੱਡੀ ਦਲ ਦਾ ਹਮਲਾ

ਟਿੱਡੀ (ਲੋਕਸਟ) ਇਕ ਪ੍ਰਵਾਸ ਕਰਨ ਵਾਲਾ ਅਤੇ ਬਹੁਤ ਤਬਾਹੀ ਕਰਨ ਵਾਲਾ ਕੀੜਾ ਹੈ। ਇਸ ਦੇ ਬੱਚੇ ਅਤੇ ਬਾਲਗ ਝੁੰਡਾਂ ਵਿਚ ਹਮਲਾ ਕਰਦੇ ਹਨ ਅਤੇ ਬਨਸਪਤੀ ਦਾ ਬਹੁਤ ਨੁਕਸਾਨ ਕਰਦੇ ਹਨ। ਅਨੁਕੂਲ ਹਾਲਾਤ ਵਿਚ ਟਿੱਡੀਆਂ ਦੀ ਗਿਣਤੀ ਵਿਚ ਬੇਤਹਾਸ਼ਾ ਵਾਧਾ ਹੋ ਜਾਂਦਾ ਹੈ ਅਤੇ ਟਿੱਡੀਆਂ ਦੇ ਝੁੰਡ ਦੂਰ-ਦਰਾਜ ਦੇ ਇਲਾਕਿਆਂ ਵਿਚ ਅਤੇ ਦੂਜੇ ਦੇਸ਼ਾਂ ਵਿਚ ਫੈਲ ਜਾਂਦੇ ਹਨ। ਇਸ ਨਾਲ ਫ਼ਸਲਾਂ ਦਾ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਨੁਕਸਾਨ ਹੁੰਦਾ ਹੈ। ਟਿੱਡੀਆਂ ਪੱਤੇ, ਫੁੱਲ, ਫਲ, ਬੀਜ, ਤਣੇ ਦਾ ਛਿਲਕਾ ਅਤੇ ਕਰੂੰਬਲਾਂ ਨੂੰ ਖਾ ਜਾਂਦੀਆਂ ਹਨ ਅਤੇ ਜਦੋਂ ਟਿੱਡੀ ਦਲ ਵੱਡੀ ਗਿਣਤੀ ਵਿਚ ਦਰੱਖਤਾਂ ਉਤੇ ਬੈਠ ਜਾਣ ਤਾਂ ਭਾਰ ਨਾਲ ਟਾਹਣੀਆਂ ਟੁੱਟ ਜਾਂਦੀਆਂ ਹਨ।
ਜੀਵਨ-ਚੱਕਰ
ਟਿੱਡੀਆਂ ਆਪਣੇ ਜੀਵਨ ਕਾਲ ਵਿਚ ਤਿੰਨ ਅਵਸਥਾਵਾਂ ਵਿਚੋਂ ਗੁਜ਼ਰਦੀਆਂ ਹਨ (1) ਆਂਡਾ (2) ਨਿੰਫ (ਹੋਪਰ) (3) ਬਾਲਗ। ਇਹ ਕੀੜਾ ਮਿੱਟੀ ਵਿਚ ਆਂਡੇ ਦਿੰਦਾ ਹੈ, ਜਿਸ ਵਿਚੋਂ ਤਕਰੀਬਨ ਦੋ ਹਫ਼ਤਿਆਂ ਬਾਅਦ ਬੱਚੇ (ਨਿੰਫ) ਨਿਕਲ ਆਉਂਦੇ ਹਨ। ਲਗਪਗ 6 ਹਫ਼ਤਿਆਂ ਬਾਅਦ ਬੱਚੇ ਵੱਡੇ ਹੋ ਕੇ ਬਾਲਗ ਬਣ ਜਾਂਦੇ ਹਨ।
ਪ੍ਰਜਣਨ ਰੁੱਤਾਂ
ਟਿੱਡੀ ਸਾਲ ਵਿਚ 3 ਵਾਰ ਪ੍ਰਜਣਨ ਕਰਦੀ ਹੈ। (1) ਸਰਦੀ (ਨਵੰਬਰ ਤੋਂ ਦਸੰਬਰ), (2) ਬਹਾਰ (ਜਨਵਰੀ ਤੋਂ ਜੂਨ), ਅਤੇ (3) ਗਰਮੀ (ਜੁਲਾਈ ਤੋਂ ਅਕਤੂਬਰ)। ਭਾਰਤ ਵਿਚ ਟਿੱਡੀ ਸਿਰਫ ਗਰਮੀ ਰੁੱਤ ਦੌਰਾਨ ਜਦੋਂ ਕਿ ਗੁਆਂਢੀ ਦੇਸ਼ ਪਾਕਿਸਤਾਨ ਵਿਚ ਬਹਾਰ ਤੇ ਗਰਮੀ ਰੁੱਤ ਦੌਰਾਨ ਵੀ ਪ੍ਰਜਣਨ ਕਰਦੀ ਹੈ।
ਛੋਟੇ ਪੱਧਰ 'ਤੇ ਟਿੱਡੀ ਦਲ ਦੇ ਪ੍ਰਜਣਨ ਦੀਆਂ ਰਿਪੋਰਟਾਂ ਸਾਲ 1998 (ਜੈਸਲਮੇਰ), 2002 (ਜੋਧਪੁਰ), 2005 (ਜੈਸਲਮੇਰ, ਜੋਧਪੁਰ, ਬੀਕਾਨੇਰ), 2007 (ਜੈਸਲਮੇਰ, ਜੋਧਪੁਰ, ਬੀਕਾਨੇਰ) ਅਤੇ 2010 (ਜੈਸਲਮੇਰ) ਵਿਚ ਸਾਹਮਣੇ ਆਈਆਂ ਸਨ ਅਤੇ ਇਨ੍ਹਾਂ 'ਤੇ ਸਫਲਤਾਪੂਰਵਕ ਕਾਬੂ ਪਾ ਲਿਆ ਗਿਆ। ਪੰਜਾਬ ਵਿਚ 1941, 1945, 1951, 1955 ਅਤੇ 1962 ਦੌਰਾਨ ਹਮਲਾ ਹੋ ਚੁੱਕਿਆ ਹੈ। ਆਮ ਤੌਰ 'ਤੇ ਮੱਧ-ਅਕਤੂਬਰ ਵਿਚ ਉੱਤਰ-ਪੂਰਬੀ ਹਵਾਵਾਂ ਚੱਲਣ ਲੱਗ ਪੈਂਦੀਆਂ ਹਨ ਜੋ ਟਿੱਡੀਆਂ ਦੇ ਝੁੰਡਾਂ ਨੂੰ ਵਾਪਸ ਪੱਛਮ ਦਿਸ਼ਾ ਵਿਚ ਉਨ੍ਹਾਂ ਇਲਾਕਿਆਂ ਵੱਲ ਧੱਕ ਦਿੰਦੀਆਂ ਹਨ, ਜਿੱਥੇ ਸਰਦੀ/ਬਹਾਰ ਰੁੱਤ ਵਿਚ ਬਰਸਾਤਾਂ ਹੁੰਦੀਆਂ ਹਨ (ਦੱਖਣ-ਪੂਰਬੀ ਈਰਾਨ ਅਤੇ ਦੱਖਣ-ਪੱਛਮੀ ਪਾਕਿਸਤਾਨ)। ਪੰਜਾਬ ਵਿਚ 1962 ਤੋਂ ਬਾਅਦ ਟਿੱਡੀ ਦਲ ਦਾ ਝੁੰਡਾਂ ਵਿਚ ਕੋਈ ਹਮਲਾ ਨਹੀਂ ਹੋਇਆ, ਪਰ ਸਾਲ 1993 ਵਿਚ ਟਿੱਡੀਆਂ (ਝੁੰਡ ਤੋਂ ਬਿਨਾਂ) ਕਿਤੇ-ਕਿਤੇ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੇ ਆਸਾਨੀ ਨਾਲ ਕਾਬੂ ਪਾ ਲਿਆ ਗਿਆ ।
ਆਰਥਿਕ ਮਹੱਤਤਾ
ਭਾਰਤ ਵਿਚ ਰੇਗਿਸਤਾਨੀ ਇਲਾਕਾ (ਸ਼ਡਿਊਲ ਡੇਜ਼ਰਟ ਏਰੀਆ) ਲਗਪਗ 2.5 ਲੱਖ ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਰਗੇ ਸੂਬੇ ਆਉਂਦੇ ਹਨ। ਸਾਲ 1926-31 ਦੌਰਾਨ ਰੋਕਥਾਮ ਲਈ ਪ੍ਰਬੰਧ ਕਰਨ ਦੇ ਬਾਵਜੂਦ ਸਾਰੇ ਦੇਸ਼ ਵਿਚ ਅੰਦਾਜ਼ਨ 10 ਕਰੋੜ ਰੁਪਦੇ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਸਾਲ 1940-46 ਅਤੇ 1949-55 ਦੌਰਾਨ ਟਿੱਡੀ ਦਲ ਦੇ ਹਮਲੇ ਕਾਰਨ 2 ਕਰੋੜ ਦਾ ਨੁਕਸਾਨ ਹੋਇਆ ਅਤੇ ਇਸ ਦੇ ਆਖਰੀ ਹਮਲੇ (1959-62) ਦੌਰਾਨ 50 ਲੱਖ ਰੁਪਏ ਦਾ ਨੁਕਸਾਨ ਹੋਇਆ। ਭਾਵੇਂ ਕਿ 1962 ਤੋਂ ਬਾਅਦ ਟਿੱਡੀ ਦਲ ਦਾ ਪਲੇਗ ਰੂਪ ਵਿਚ ਹਮਲਾ ਨਹੀਂ ਹੋਇਆ, ਪਰ ਫਿਰ ਵੀ 1978 ਅਤੇ 1993 ਵਿਚ ਇਸ ਦੀ ਗਿਣਤੀ ਵਿਚ ਵੱਡੇ ਪੱਧਰ 'ਤੇ ਉਭਾਰ ਦਰਜ ਕੀਤੇ ਗਏ। ਇਨ੍ਹਾਂ ਸਾਲਾਂ ਦੌਰਾਨ ਤਕਰੀਬਨ 2 ਲੱਖ ਰੁਪਏ (1978) ਅਤੇ 7.18 ਲੱਖ ਰੁਪਏ (1993) ਦਾ ਨੁਕਸਾਨ ਦਰਜ ਕੀਤਾ ਗਿਆ।
ਟਿੱਡੀ ਦਲ ਦੀ ਮੌਜੂਦਾ ਸਥਿਤੀ
ਜਨਵਰੀ 2020 ਦੇ ਪਹਿਲੇ ਪੰਦ੍ਹਰਵਾੜੇ ਦੌਰਾਨ ਟਿੱਡੀ ਦਲ ਦੇ ਸਮੂਹ ਰਾਜਸਥਾਨ ਦੇ ਕੁਝ ਜ਼ਿਲ੍ਹੇ ਜੈਸਲਮੇਰ, ਬਾੜਮੇਰ, ਬੀਕਾਨੇਰ, ਸ੍ਰੀ ਗੰਗਾਨਗਰ, ਜਲੌਰ, ਪਾਲੀ, ਸਿਰੋਹੀ, ਜੋਧਪੁਰ ਅਤੇ ਗੁਜਰਾਤ ਦੇ ਬਨਸਕੰਠਾ, ਭੁਜ ਕੱਛ ਇਲਾਕੇ ਵਿਚ ਮਿਲੇ। 15 ਜਨਵਰੀ ਨੂੰ ਟਿੱਡੀ ਦਲ ਦਾ ਵੱਡਾ ਸਵਾਰਮ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਰਾਇਸਿੰਘ ਨਗਰ ਵਿਚ ਆਇਆ।
23 ਜਨਵਰੀ, 2020 ਤੋਂ ਪੰਜਾਬ ਦੇ ਕੁਝ ਪਿੰਡਾਂ ਵਿਚੋਂ ਟਿੱਡੀ ਦਲ ਦੀਆਂ ਖ਼ਬਰਾਂ ਆਉਣ ਲੱਗੀਆਂ।
ਇਕ ਤਾਜ਼ੇ ਸਰਵੇਖਣ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਟਿੱਡੀਆਂ ਬਹੁਤ ਥੋੜ੍ਹੀ ਗਿਣਤੀ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੁੰਮਜਾਲ, ਡੰਗਰਖੇੜਾ, ਪੰਜਾਵਾ, ਪੰਨੀਵਾਲਾ ਮਾਹਲਾ, ਅੜਾਚਿੱਕੀ, ਭਾਂਗਰਖੇੜਾ, ਰੂਪਨਗਰ, ਬਾਰੇਕਾ, ਬਕੈਣਵਾਲਾ, ਹਰੀਪੁਰਾ, ਖੁਈਆਂ ਸਰਵਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਣੀਵਾਲਾ, ਮਿੱਡਾ, ਅਸਪਾਲ, ਵਿਰਕ ਖੇੜਾ, ਭਾਗਸਰ ਅਤੇ ਹੋਰ ਪਿੰਡਾਂ ਵਿਚ ਦੇਖਣ ਨੂੰ ਮਿਲੀ ਹੈ।
ਟਿੱਡੀ ਦਲ ਦਾ ਸਰਵੇਖਣ
ਭਾਰਤ ਵਿਚ ਟਿੱਡੀ ਦਲ ਦੇ ਸਰਵੇਖਣ ਅਤੇ ਰੋਕਥਾਮ ਦਾ ਜ਼ਿੰਮੇਵਾਰ ਲੋਕਸਟ ਵਾਰਨਿੰਗ ਆਰਗਨਾਈਜੇਗ਼ਨ ਜੋ ਕਿ ਡਾਇਰੈਕਟਰੇਟ ਆਫ ਪਲਾਂਟ ਪ੍ਰੋਟੈਕਸ਼ਨ ਕੁਆਰਨਟੀਨ ਐਂਡ ਸਟੋਰੇਜ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤ ਸਰਕਾਰ ਅਧੀਨ ਕੰਮ ਕਰਦੀ ਹੈ। ਇਹ ਸੰਸਥਾ ਭਾਰਤ ਵਿਚ ਰੇਗਿਸਤਾਨੀ ਇਲਾਕਾ (ਸ਼ਡਿਊਲ ਡੇਜ਼ਰਟ ਏਰੀਆ) ਮੁੱਖ ਤੌਰ 'ਤੇ ਰਾਜਸਥਾਨ, ਗੁਰਜਾਤ ਦੇ ਸੂਬੇ ਅਤੇ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਟਿੱਡੀ ਦਲ ਦੀ ਨਿਗਰਾਨੀ ਅਤੇ ਰੋਕਥਾਮ ਲਈ ਲਗਾਤਾਰ ਸਰੇਵਖਣ ਕਰਦੀ ਹੈ।
ਸਰਦੀਆਂ ਵਿਚ ਟਿੱਡੀ ਦਾ ਹਮਲਾ
ਭਾਰਤ ਵਿਚ ਆਮ ਤੌਰ 'ਤੇ ਟਿੱਡੀ ਦਾ ਹਮਲਾ ਮੱਧ-ਨਵੰਬਰ ਤੱਕ ਖ਼ਤਮ ਹੋ ਜਾਂਦਾ ਹੈ ਪਰ ਇਸ ਵਾਰ ਹਮਲਾ ਕਾਫੀ ਲੰਬੇ ਤੱਕ ਚੱਲ ਰਿਹਾ ਹੈ। ਮੌਸਮੀ ਤਬਦੀਲੀ ਕਾਰਨ ਟਿੱਡੀ ਨੂੰ ਪ੍ਰਜਣਨ ਲਈ ਅਨੁਕੂਲ ਹਾਲਤ ਮਿਲਦੇ ਰਹੇ, ਜਿਸ ਕਾਰਨ ਇਸ ਵਾਰ ਦਾ ਹਮਲਾ ਲਗਾਤਾਰ ਬਣਿਆ ਹੋਇਆ ਹੈ।

-ਮੋ: 9463145100
ਕੀਟ ਵਿਗਿਆਨ ਵਿਭਾਗ

ਪੰਜਾਬ ਤੋਂ ਬਾਹਰੋਂ ਲਿਆਂਦੇ ਬੂਟੇ ਤੇ ਫ਼ਸਲਾਂ ਦੀ ਕਾਸ਼ਤ ਵਿਚ ਸਮੱਸਿਆਵਾਂ

(ਲੜੀ ਜੋੜਨ ਲਈ ਪਿਛਲੇ ਵੀਰਵਾਰ ਦਾ ਅੰਕ ੇਦਖੋ)
ਇਕ ਹੋਰ ਕੰਪਨੀ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਅਦਰਕ ਦੀ ਸਫਲ ਕਾਸ਼ਤ ਦਾ ਭਰੋਸਾ ਦੇ ਕੇ ਅਦਰਕ ਦਾ ਬੀਜ ਵੇਚਣ ਲਈ ਆਈ ਸੀ। ਇਸੇ ਤਰ੍ਹਾਂ ਤਿੰਨ ਚਾਰ ਸਾਲ ਪਹਿਲਾਂ ਸਾਡੇ ਕੁਝ ਕਿਸਾਨਾਂ ਵੱਲੋਂ ਪੰਜਾਬ ਵਿਚ ਰਾਜਮਾਂਹ ਦੀ ਕਾਸ਼ਤ ਦਾ ਭਰਪੂਰ ਪ੍ਰਦਰਸ਼ਨ ਤੇ ਪ੍ਰਚਾਰ ਕੀਤਾ ਗਿਆ ਪਰ ਹਕੀਕਤ ਵਿਚ ਇਨ੍ਹਾਂ ਸਾਰੀਆਂ ਫਸਲਾਂ ਤੇ ਫਲਾਂ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਿਮਾਚਲ ਦੀਆਂ ਪਹਾੜੀਆਂ ਵਾਲੇ ਸ਼ਿਵਾਲਿਕ ਪੱਟੀ ਦੇ ਨਾਲ ਲਗਦੇ ਕੰਢੀ ਜ਼ੋਨ ਦੇ ਕਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਵਿਸੇਸ ਕਰਕੇ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਬੱਲੋਵਾਲ ਸੌਂਖੜੀ 'ਚ ਸਥਿਤ ਖੇਤਰੀ ਖੋਜ ਕੇਂਦਰ ਵਿਚ ਕਈ ਸਾਲਾਂ ਤੋਂ ਪ੍ਰਤਾਵੇ ਕੀਤੇ ਜਾ ਰਹੇ ਹਨ ਪਰ ਅਜੇ ਤੱਕ ਕੋਈ ਵਿਸ਼ੇਸ਼ ਸਫਲਤਾ ਨਹੀਂ ਮਿਲੀ।
ਸੇਬ ਦੀਆਂ ਅੰਨਾ, ਮਾਈਕਲ, ਹਰਮਨ ਤੇ ਕੁੱਝ ਹੋਰ ਕਿਸਮਾਂ ਨੂੰ ਪੰਜਾਬ ਵਿਚ ਫਲ ਤਾਂ ਪੈ ਸਕਦੇ ਹਨ ਪਰ ਫਲਾਂ 'ਚ ਪੂਰਾ ਸਾਈਜ, ਰੰਗ, ਮਿਠਾਸ, ਜੂਸ ਤੇ ਖੁਸ਼ਬੂਆਂ ਦੀ ਘਾਟ ਕਰਕੇ ਇਹ ਲੋੜੀਂਦੀ ਗੁਣਵੱਤਾ ਤੱਕ ਨਹੀਂ ਪਹੁੰਚਦੇ।
ਅਦਰਕ ਦੀ ਸਫ਼ਲ ਕਾਸ਼ਤ ਸਮੁੰਦਰ ਤਲ ਤੋਂ ਲਗਪਗ ਚਾਰ ਹਜ਼ਾਰ ਫੁੱਟ ਦੀ ਉੱਚਾਈ 'ਤੇ ਕੀਤੀ ਜਾ ਸਕਦੀ ਹੈ, ਪੰਜਾਬ ਵਿਚ ਰਾਜਮਾਂਹ ਦੀ ਕਾਸ਼ਤ ਬਾਰੇ ਗੱਲ ਕਰੀਏ ਤਾਂ ਇਸ ਫ਼ਸਲ ਦੀ ਕਾਸ਼ਤ ਵਿਚ ਮੌਸਮ ਦੇ ਵਰਤਾਰੇ ਦੀਆਂ ਭਾਰੀ ਰੁਕਾਵਟਾਂ ਹਨ, ਫਰਵਰੀ ਦੇ ਪਹਿਲੇ ਹਫ਼ਤੇ ਰਾਜ ਮਾਂਹਾਂ ਦੀ ਬਿਜਾਈ ਲਈ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਅਤੇ ਫੁੱਲ ਪੈਣ ਸਮੇਂ ਅਪਰੈਲ ਦੇ ਅਖੀਰ ਵਿਚ 35 ਡਿਗਰੀ ਸੈਲਸੀਅਸ ਤੋਂ ਵੱਧ ਨਾ ਹੋਵੇ ਤਾਂ ਪ੍ਰਤੀ ਏਕੜ 7-8 ਕੁਇੰਟਲ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਦੋਹਾਂ ਹਾਲਤਾਂ ਵਿਚ ਤਾਪਮਾਨ ਅੱਗੇ ਪਿੱਛੇ ਹੋ ਜਾਵੇ ਤਾਂ ਫਸਲ ਦਾ ਝਾੜ ਸ਼ਾਇਦ ਘਰੇਲੂ ਲੋੜ ਪੂਰੀ ਕਰਨ ਜੋਗਾ ਹੀ ਰਹਿ ਜਾਵੇ।
ਕੇਵਲ ਸ਼ੌਕ ਪੂਰਾ ਕਰਨ ਲਈ ਘਰ ਬਗੀਚੀ ਵਿਚ ਸੇਬ ਦੇ ਚਾਰ ਪੰਜ ਬੂਟੇ ਲਾਏ ਜਾ ਸਕਦੇ ਹਨ, ਘਰੇਲੂ ਲੋੜ ਜੋਗੇ ਰਾਜਮਾਂਹ ਵੀ ਪੰਜਾਬ ਵਿਚ ਬੀਜੇ ਜਾ ਸਕਦੇ ਹਨ, ਖੋਜ ਵਿਚ ਸਾਹਮਣੇ ਆਇਆ ਹੈ ਕਿ ਬਾਕੀ ਕਿਸਮਾਂ ਦੇ ਮੁਕਾਬਲੇ ਅਦਰਕ ਦੀ ਹਿਮਗਿਰੀ ਕਿਸਮ ਦੀ ਕਾਸ਼ਤ ਕੇਵਲ ਘਰੇਲੂ ਲੋੜਾਂ ਪੂਰੀਆਂ ਕਰਨ ਵਾਸਤੇ ਕੀਤੀ ਜਾ ਸਕਦੀ ਹੈ, ਪੰਜਾਬ ਦੇ ਰਵਾਇਤੀ ਫ਼ਲ ਅਤੇ ਫਸਲਾਂ ਛੱਡ ਕੇ ਸੇਬਾਂ ਦੇ ਬਾਗ ਲਾਉਣ, ਰਾਜਮਾਂਹ, ਅਦਰਕ ਤੇ ਵੱਖਰੀ ਤਰ੍ਹਾਂ ਦੀ ਮਿੱਟੀ ਤੇ ਪੌਣ ਪਾਣੀ ਵਾਲੇ ਇਲਾਕਿਆਂ ਵਿਚੋਂ ਲਿਆਂਦੀਆਂ ਹੋਰ ਕਈ ਫਸਲਾਂ ਬੀਜਣ ਦਾ ਪਰਤਾਵਾ ਨੁਕਸਾਨ ਦੇਹ ਸਾਬਤ ਹੋ ਸਕਦਾ ਹੈ।
ਸ਼ੌਕ ਪੂਰਾ ਕਰਨ ਲਈ ਪੰਜਾਬ ਵਿਚ ਲਾਏ ਚੀਲ ਦੇ ਬਿਰਛ ਖੁਸ਼ ਹੋ ਕੇ ਵੇਖੇ ਤੇ ਵਿਖਾਏ ਜਾ ਸਕਦੇ ਹਨ ਪਰ ਲੱਕੜ ਦੇ ਰੂਪ ਵਿਚ ਮੁਨਾਫ਼ਾ ਦੇਣ ਲਈ ਇਹ ਸਫੈਦਾ, ਪਾਪੂਲਰ, ਡੇਕ, ਟਾਹਲੀ, ਕਿੱਕਰ ਤੇ ਹੋਰ ਕਈ ਪੰਜਾਬ ਦੇ ਰਵਾਇਤੀ ਬਿਰਛਾਂ ਦਾ ਟਾਕਰਾ ਨਹੀਂ ਕਰ ਸਕਦੇ।
ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿਚ ਕੇਲੇ ਅਤੇ ਪਪੀਤੇ ਦੀ ਕਾਸ਼ਤ ਹੁੰਦੀ ਹੈ ਪਰ ਪੰਜਾਬ ਅੰਦਰ ਇਨ੍ਹਾਂ ਫਲਾਂ ਦੀ ਕਾਸ਼ਤ ਵਿਚ ਸਫ਼ਲਤਾ ਮੌਸਮ ਦੇ ਰਹਿਮ 'ਤੇ ਨਿਰਭਰ ਹੈ, ਜੇਕਰ ਅਜਿਹੇ ਫਲਦਾਰ ਬੂਟਿਆਂ ਦੇ ਫਲ ਕੋਹਰੇ ਦੀ ਮਾਰ ਹੇਠ ਆ ਜਾਂਦੇ ਹਨ ਤਾਂ ਇਨ੍ਹਾਂ ਦੀ ਗੁਣਵੱਤਾ ਨੂੰ ਸਖ਼ਤ ਸੱਟ ਵੱਜਦੀ ਹੈ, ਇਸੇ ਕਰਕੇ ਬਹੁਤੇ ਕਿਸਾਨਾਂ ਨੇ ਕੇਲੇ ਤੇ ਪਪੀਤੇ ਦੇ ਬਾਗ ਲਾ ਕੇ ਪੁੱਟ ਦਿੱਤੇ ਹਨ। ਹਾਂ! ਪੀ. ਏ. ਯੂ. ਵਲੋਂ ਸਿਫ਼ਾਰਸ਼ ਕੀਤੀਆਂ ਪਪੀਤੇ ਦੀਆਂ ਕੁੱਝ ਕਿਸਮਾਂ ਸਫ਼ਲ ਹੋ ਸਕਦੀਆਂ ਹਨ।
ਪੰਜਾਬ ਦੇ ਕਈ ਕਿਸਾਨ ਕੀਵੀ ਫਰੂਟ ਦੇ ਬੂਟੇ ਲਾਉਣ ਲਈ ਅਹੁਲ ਰਹੇ ਹਨ, ਪੰਦਰਾਂ ਸਾਲ ਦੀ ਖੋਜ ਤੋਂ ਬਾਅਦ ਪੰਜਾਬ ਵਿਚ ਕੀਵੀ ਫਰੂਟ ਦੀ ਕਾਸ਼ਤ ਦਾ ਸੁਪਨਾ ਬੁਰੀ ਤਰ੍ਹਾਂ ਟੁੱਟਿਆ ਹੈ ਪਰ ਇਸ ਫਲ ਦੀ ਸਫ਼ਲਤਾ ਲਈ ਖੋਜ ਦਾ ਪੱਲਾ ਅਸੀਂ ਅਜੇ ਛੱਡਿਆ ਨਹੀਂ, ਅਸਲ ਵਿਚ ਜਿਵੇਂ ਬੂਟਿਆਂ ਦੀ ਲਵਾਈ ਦਾ ਸਮਾਂ ਫਰਵਰੀ ਦੇ ਮਹੀਨੇ ਦਾ ਸਿਫ਼ਾਰਸ਼ ਕੀਤਾ ਗਿਆ ਹੈ, ਫਰਵਰੀ ਵਿਚ ਲਾਏ ਬੂਟੇ ਚੱਲ ਤਾਂ ਪੈਂਦੇ ਹਨ ਪਰ ਮਈ ਜੂਨ ਦੀ ਗਰਮੀ ਵਿਚ ਪਹੁੰਚਦੇ ਸਾਰ ਦਮ ਤੋੜ ਜਾਂਦੇ ਹਨ, ਕੰਢੀ ਸ਼ਿਵਾਲਿਕ ਜ਼ੋਨ ਐਗਰੀਕਲਚਰ ਰਿਸਰਚ ਐਕਸਚੇਂਜ ਸਕੀਮ ਅਧੀਨ ਸੋਲਨ ਤੇ ਪਾਲਮਪੁਰ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਦੇ ਫਰੂਟ ਸਾਇੰਸ ਵਿਭਾਗ ਵਿਚ ਇਸੇ ਸਾਲ ਫਰਵਰੀ ਵਿਚ ਲਿਫਾਫਿਆਂ ਵਿਚ ਕੀਵੀ ਦੇ ਬੂਟੇ ਲਗਾਏ ਗਏ ਹਨ, ਇੰਨ੍ਹਾਂ ਬੂਟਿਆਂ ਨੂੰ ਮੌਨਸੂਨ ਆਉਣ ਤੇ ਜੁਲਾਈ ਮਹੀਨੇ ਵਿਚ ਪੰਜਾਬ ਦੇ ਕੰਢੀ ਜ਼ੋਨ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੋ ਤਿੰਨ ਕੇ ਵੀ ਕੇਸ ਅਤੇ ਬੱਲੋਵਾਲ ਸੌਂਖੜੀ ਖੇਤਰੀ ਖੋਜ ਕੇਂਦਰ ਵਿਚ ਲਗਾਇਆ ਜਾਵੇਗਾ ਤਾਂ ਕਿ ਮਈ ਜੂਨ ਦੀ ਮਾਰੂ ਗਰਮੀ ਤੱਕ ਪਹੁੰਚਦਿਆਂ ਇਹ ਬੂਟੇ ਸਰਦੀਆਂ ਤੱਕ ਆਪਣੀ ਜੜ੍ਹਾਂ ਦੀ ਨੀਂਹ ਨੂੰ ਮਜ਼ਬੂਤ ਕਰ ਲੈਣ ਪਰ ਜੇ ਇਹ ਬੂਟੇ ਚੱਲਣ ਵਿਚ ਸਫਲ ਹੋ ਵੀ ਜਾਂਦੇ ਹਨ ਤਾਂ ਇਹ ਵੇਖਣਾ ਬਾਕੀ ਰਹਿ ਜਾਵੇਗਾ ਕਿ ਪੰਜਾਬ ਦੇ ਮੌਸਮ ਵਿਚ ਬੂਟਿਆਂ ਨੂੰ ਫੁੱਲ ਵੀ ਪੈਂਦੇ ਹਨ? ਫੁੱਲ ਪੈਂਦੇ ਹਨ ਤਾਂ ਇਨ੍ਹਾਂ ਫੁੱਲਾਂ ਵਿਚੋਂ ਫਲ ਵੀ ਬਣਨਗੇ, ਫਲ ਬਣ ਗਏ ਤਾਂ ਇਹ ਕੁਆਲਿਟੀ ਤੱਕ ਵੀ ਪਹੁੰਚੇਗੇ?
ਕਈ ਕਿਸਾਨ ਸਵਾਲ ਕਰਦੇ ਹਨ ਕਿ 'ਕੈਲੇਫੋਰਨੀਆ ਵਿਚ ਵੀ ਭਾਰੀ ਗਰਮੀ ਦਾ ਮੌਸਮ ਆਉਂਦਾ ਹੈ, ਉੱਥੇ ਤਾਂ ਸੇਬ, ਅਖੋਰਟ, ਖੁਰਮਾਨੀ, ਚੈਰੀ ਤੇ ਪ੍ਰਸੀਮਨ ਦੀ ਕਾਸ਼ਤ ਹੁੰਦੀ ਹੈ, ਕੇਰਲਾ ਤੇ ਮਹਾਰਾਸ਼ਟਰ ਵਿਚ ਅਦਰਕ ਦੀ ਸਫ਼ਲ ਕਾਸ਼ਤ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ?'
ਮੈਂ ਕੈਲੇਫੋਰਨੀਆ, ਮਹਾਰਾਸ਼ਟਰ ਤੇ ਕੇਰਲਾ ਦਾ ਭ੍ਰਮਣ ਕਈ ਵਾਰ ਕੀਤਾ ਹੈ। ਮਾਰੂ ਗਰਮੀ ਨਾਲ ਨੁਕਸਾਨੇ ਜਾਣ ਵਾਲੇ ਫਲ ਤੇ ਅਦਰਕ ਇਨ੍ਹਾਂ ਖਿੱਤਿਆਂ ਵਿਚ ਇਸ ਲਈ ਕਾਮਯਾਬ ਹਨ ਕਿਉਂਕਿ ਇਹ ਖਿੱਤੇ ਸਮੁੰਦਰਾਂ ਦੇ ਨਾਲ ਨਾਲ ਹਨ ਤੇ ਇਥੇ ਅਕਸਰ ਤਰ ਗਰਮੀ ਪੈਂਦੀ ਹੈ, ਜਦਕਿ ਪੰਜਾਬ ਅੰਦਰ ਖੁਸ਼ਕ ਗਰਮੀ ਝੱਲਣੀ ਇਨ੍ਹਾਂ ਬੂਟਿਆਂ 'ਤੇ ਫ਼ਸਲਾਂ ਲਈ ਮੁਸ਼ਕਿਲ ਹੈ। ਪੰਜਾਬ ਦੀ ਮਿੱਟੀ ਅਤੇ ਵਾਤਾਵਰਨ ਵਿਚ ਚੀਕੂ ਤੇ ਪ੍ਰਸੀਮਨ (ਜਪਾਨੀ ਫਲ) ਦੇ ਬਿਰਛ ਤਾਂ ਹੋ ਜਾਣਗੇ ਪਰ ਇਨ੍ਹਾਂ ਨੂੰ ਅਨੂਕੂਲ ਖਿੱਤਿਆਂ ਦੇ ਮੁਕਾਬਲੇ ਫਲ ਘੱਟ ਪੈਣਗੇ। ਕੁਝ ਹੋਰ ਫਲ ਤੇ ਬੂਟੇ ਜਿਵੇਂ ਅਖਰੋਟ ਐਵਾਕੈਡੋ ਨਾਰੀਅਲ ਤੇ ਮੋਟੀ ਇਲਾਚੀ ਦੇ ਬੂਟੇ ਤਾਂ ਬਹੁਤ ਵਧੀਆ ਹੋ ਜਾਣਗੇ ਅਤੇ ਇਨ੍ਹਾਂ ਨੂੰ ਫੁੱਲ ਪੈ ਜਾਣਗੇ, ਪਰ ਫੁੱਲਾਂ ਚੋਂ ਫਲ ਨਹੀਂ ਬਣਨਗੇ ਜਾਂ ਦੋ ਚਾਰ ਫ਼ਲ ਹੀ ਚੱਲਣਗੇ।
ਪੰਜਾਬ ਵਿਚ ਸੁੰਢ ਦੀ ਕਾਸ਼ਤ ਬਾਰੇ ਬਹੁਤ ਸਾਰੇ ਕਿਸਾਨ ਮੈਨੂੰ ਫ਼ੋਨ ਕਰਦੇ ਹਨ ਅਤੇ ਬਿਲਕੁਲ ਸੁੰਢ ਵਰਗੇ ਰੰਗ ਰੂਪ ਤੇ ਕੁੜੱਤਣ ਵਾਲੀਆਂ ਗੰਢੀਆਂ ਵੀ ਕਈ ਕਿਸਾਨ ਮੈਨੂੰ ਦਿਖਾਉਣ ਲਈ ਲਿਆਉਂਦੇ ਹਨ, ਅਸਲ ਵਿਚ ਸੁੰਢ ਆਪਣੇ ਆਪ ਵਿਚ ਕੋਈ ਫ਼ਸਲ ਨਹੀਂ ਹੈ, ਇਹ ਤਾਂ ਅਦਰਕ ਦੀਆਂ ਦੋ ਤਿੰਨ ਕਿਸਮਾਂ ਨੂੰ ਹੀ ਹਲਦੀ ਵਾਂਗ ਪ੍ਰੋਸੈੱਸ ਕਰਕੇ ਤਿਆਰ ਕੀਤੀ ਜਾਂਦੀ ਹੈ ਤੇ ਇਸ ਦੀ ਕਾਸ਼ਤ ਅਦਰਕ ਵਾਂਗ ਹੀ ਅਨੁਕੂਲ ਉੱਚਾਈ ਵਾਲੇ ਪਾਉਂਟਾ ਸਾਹਿਬ ਵਰਗੇ ਪਹਾੜੀ ਇਲਾਕਿਆਂ ਵਿਚ ਹੁੰਦੀ ਹੈ।
ਅਖੀਰ ਵਿਚ ਕਿਸਾਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਪੰਜਾਬ ਤੋਂ ਵੱਖਰੀ ਤਰ੍ਹਾਂ ਦੀ ਜ਼ਮੀਨ ਤੇ ਪੌਣ ਪਾਣੀ ਵਾਲੇ ਖਿੱਤਿਆਂ ਵਿਚੋਂ ਬੂਟੇ ਤੇ ਫ਼ਸਲਾਂ ਦੇ ਬੀਜ ਲਿਆ ਕੇ ਵੱਡੀ ਪੱਧਰ 'ਤੇ ਇਨ੍ਹਾਂ ਦੀ ਕਾਸ਼ਤ ਕਰਨ ਦਾ ਰਿਸਕ ਲੈਣ ਤੋਂ ਪ੍ਰਹੇਜ਼ ਕੀਤਾ ਜਾਵੇ, ਪੰਜਾਬ ਤੇ ਹਿਮਾਚਲ ਦੀਆਂ ਖੇਤੀ ਤੇ ਬਾਗ਼ਬਾਨੀ ਤੇ ਜੰਗਲਾਤ ਨਾਲ ਸਬੰਧਤ ਯੂਨੀਵਰਸਿਟੀਆਂ ਅੰਦਰ ਖੋਜ ਦਾ ਸਫਲ ਕੰਮ ਹੋ ਰਿਹਾ ਹੈ, ਪੰਜਾਬ ਵਿਚ ਉਪਰੋਤਕ ਫ਼ਸਲਾਂ ਦੀ ਕਾਸ਼ਤ ਤੋਂ ਪਹਿਲਾਂ ਪੀ. ਏ. ਯੂ. ਦੇ ਖੇਤੀ ਅਤੇ ਫਰੂਟ ਵਿਗਿਆਨ ਵਿਭਾਗ ਦੀ ਸਲਾਹ ਲਈ ਜਾਵੇ ਜਾਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ। (ਸਮਾਪਤ)

-ਸੰਪਰਕ : 94632-33991

ਸਿਹਤ ਲਈ ਫਾਇਦੇਮੰਦ ਹੈ ਕੜ੍ਹੀ ਪੱਤਾ

ਮੈਂ 22 ਸਾਲ ਪਹਿਲਾਂ ਪਹਿਲੀ ਵਾਰ ਕੜ੍ਹੀ ਪੱਤਾ ਪੁਣੇ ਦੀ ਸਬਜ਼ੀ ਮੰਡੀ 'ਚ ਦੇਖਿਆ, ਮਰਾਠੀ ਔਰਤਾਂ ਮਿਰਚਾਂ-ਧਨੀਆ-ਕੜ੍ਹੀ ਪੱਤੇ ਦੀਆਂ ਗੁੱਟੀਆਂ ਬਣਾ ਕੇ ਵੇਚ ਰਹੀਆਂ ਸਨ। ਮੈਨੂੰ ਬੜੀ ਹੈਰਾਨੀ ਹੋਈ, ਇਕ ਤੇ ਇਹ ਕਿ ਔਰਤਾਂ ਸਬਜ਼ੀਆਂ ਵੇਚ ਰਹੀਆਂ, ਦੂਜਾ ਧਨੀਆ-ਮਿਰਚਾਂ ਵੀ ਮੁੱਲ ਹੀ ਵਿਕਦੀਆਂ, ਸਾਡੇ ਐਧਰ ਪੰਜਾਬ 'ਚ ਤਾਂ ਸਬਜ਼ੀਆਂ ਨਾਲ ਐਵੇਂ ਮੁਫ਼ਤ ਹੀ ਫੜਾ ਦਿੰਦੇ ਨੇ, ਭਾਵੇਂ ਅੱਜਕਲ੍ਹ ਤੇ ਨਹੀਂ ਦਿੰਦੇ ਕਿਉਂ ਜੋ ਸ਼ਹਿਰਾਂ 'ਚ ਭਈਆਂ ਨੇ ਇਹ ਕਾਰੋਬਾਰ ਸਾਂਭ ਲਿਆ ਹੈ। ਉਦੋਂ ਹੀ ਮੈਨੂੰ ਪਤਾ ਲੱਗਾ ਕਿ ਦੱਖਣੀ ਭਾਰਤ ਦੇ ਬਾਸ਼ਿੰਦੇ ਆਪਣੇ ਹਰ ਤਰ੍ਹਾਂ ਦੇ ਖਾਣੇ ਵਿਚ ਇਸ ਦਾ ਇਸਤੇਮਾਲ ਕਰਦੇ ਹਨ। ਉਦੋਂ ਮੈਨੂੰ ਸਿਰਫ਼ ਏਨਾ ਹੀ ਪਤਾ ਸੀ ਕਿ ਇਸ ਨੂੰ ਸਵਾਦ ਤੇ ਮਹਿਕ ਵਾਸਤੇ ਹੀ ਵਰਤਿਆ ਜਾਂਦਾ ਹੈ। ਕੁਝ ਸਾਲ ਪਹਿਲਾਂ ਮੈਂ ਇਸ ਦੇ ਗੁਣਾਂ ਬਾਰੇ ਪੜ੍ਹਿਆ ਤੇ ਮਹਿਸੂਸ ਕੀਤਾ ਕਿ ਕੜ੍ਹੀ ਪੱਤਾ ਪੰਜਾਬੀਆਂ ਦੇ ਖਾਣੇ ਦਾ ਵੀ ਹਿੱਸਾ ਹੋਣਾ ਚਾਹੀਦਾ ਹੈ। ਸ਼ਹਿਰਾਂ ਵਿਚ ਮੈਂ ਇਹ ਕਾਫ਼ੀ ਘਰਾਂ 'ਚ ਲੱਗਾ ਦੇਖਿਆ ਪਰ ਪਿੰਡਾਂ 'ਚ ਸ਼ਾਇਦ ਇਸ ਦੀ ਵਰਤੋਂ ਬਾਰੇ ਜਾਗਰੂਕਤਾ ਨਹੀਂ ਹੈ।
ਸਦੀਆਂ ਤੋਂ ਇਹ ਭਾਰਤ ਦੇਸ਼ ਦੇ ਦਰਾਵਿੜ ਲੋਕ ਅਤੇ ਸ੍ਰੀਲੰਕਾ ਦੇ ਸਿਨਹਾਲੀ ਲੋਕਾਂ ਦੇ ਵਿਅੰਜਨਾਂ ਦਾ ਅਟੁੱਟ ਅੰਗ ਰਿਹਾ ਹੈ। ਭਾਵੇਂ ਉਹ ਸਾਂਭਰ (ਅਰਹਰ ਦੀ ਦਾਲ ਤੋਂ ਬਣਿਆ), ਰਸਮ ਹੋਵੇ ਜਾਂ ਕਰਾਰੇ ਆਲੂ, ਕੜ੍ਹੀ-ਪੱਤੇ ਦਾ ਤੜਕਾ ਇਸ ਦੇ ਸਵਾਦ ਨੂੰ ਵਧਾ ਦਿੰਦਾ ਹੈ।
ਇਹ ਦਰਮਿਆਨੇ ਕੱਦ ਦਾ ਪੌਦਾ ਹੁੰਦਾ ਹੈ ਜੋ ਕਿਧਰੇ ਵੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ।
ਕੜ੍ਹੀ ਪੱਤਾ ਉਗਾਉਣਾ ਬੜਾ ਆਸਾਨ ਹੈ। ਬਰਸਾਤਾਂ ਵਿਚ ਇਸ ਦੇ ਕਾਲੇ ਬੀਜਾਂ ਤੋਂ, ਇਕੋੋ ਪੌਦੇ ਥੱਲੇ ਸੈਂਕੜੇ ਪੌਦੇ ਉੱਗ ਪੈਂਦੇ ਹਨ। ਕੜ੍ਹੀ ਪੱਤੇ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਰੋਗਾਂ ਵਿਰੁੱਧ ਲੜਨ ਦੀ ਸ਼ਕਤੀ ਵਧਾਉਂਦਾ ਹੈ, ਜਿਸ ਦੀ ਅੱਜਕਲ੍ਹ ਬਹੁਤ ਜ਼ਰੂਰਤ ਹੈ। ਇਸ ਵਿਚ ਕੈਲਸ਼ੀਅਮ ਤੋਂ ਇਲਾਵਾ ਵਿਟਾਮਿਨ ਏ, ਬੀ, ਸੀ ਵੀ ਪਾਏ ਜਾਂਦੇ ਹਨ। ਵਿਟਾਮਿਨ 'ਏ' ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਕੜ੍ਹੀ ਪੱਤਾ ਖ਼ੂਨ ਦੀ ਕਮੀ ਵਾਲੇ ਮਰੀਜ਼ਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਕਿਉਂ ਜੋ ਇਸ ਵਿਚ ਲੋਹਾ, ਜ਼ਿੰਕ, ਕਾਪਰ ਦੇ ਤੱਤ ਮੌਜੂਦ ਹੁੰਦੇ ਹਨ।
ਮਨੁੱਖੀ ਪਾਚਣ ਪ੍ਰਣਾਲੀ ਨਾਲ ਸਬੰਧਿਤ ਬਿਮਾਰੀਆਂ ਜਿਵੇਂ ਕਿ ਕਬਜ਼, ਪੇਟ ਆਫਰਨਾ, ਦਸਤ ਲੱਗਣੇ ਆਦਿ ਦਾ ਰਾਮਬਾਣ ਇਲਾਜ ਹੈ। ਕੜ੍ਹੀ ਪੱਤੇ ਦੇ ਕੁਝ ਪੱਤੇ ਸਵੇਰੇ ਖਾਲੀ ਪੇਟ ਚਬਾਉਣਾ ਸਿਹਤ ਲਈ ਫਾਇਦੇਮੰਦ ਹਨ। ਜ਼ਿਆਦਾ ਪੇਟ ਦੀਆਂ ਬਿਮਾਰੀਆਂ ਬੈਕਟੀਰੀਆ ਕਾਰਨ ਹੁੰਦੀਆਂ ਹਨ। ਕੜ੍ਹੀ ਪੱਤੇ ਵਿਚ ਕਾਰਬਾਜੋਲ ਲੀਨੋਲਾਈਨ ਨਾਮਕ ਤੱਤ ਪਾਏ ਜਾਂਦੇ ਹਨ, ਜੋ ਕਿ ਸਾਡੇ ਸਰੀਰ ਵਿਚੋਂ ਹਾਨੀਕਾਰਕ ਫ੍ਰੀ ਰੈਡੀਕਲਜ਼, ਬੈਕਟੀਰੀਆ ਅਤੇ ਕੈਮੀਕਲ ਖਤਮ ਕਰਦੇ ਹਨ। ਪੱਤਿਆਂ ਦੀ ਮਹਿਕ ਲੀਨੋਲਾਈਨ ਕਰਕੇ ਹੁੰਦੀ ਹੈ ਅਤੇ ਇਹ ਚਿੰਤਾ, ਤਣਾਅ, ਦਬਾਅ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ।
ਸ਼ੂਗਰ, ਵੱਧ ਕੋਲੈਸਟਰੋਲ ਦੇ ਮਰੀਜ਼ ਵੀ ਕੜ੍ਹੀ ਪੱਤੇ ਦਾ ਸੇਵਨ ਸਕਦੇ ਹਨ। ਇਹ ਖ਼ੂਨ ਵਿਚ ਗੁਲੂਕੋਜ਼ ਦੀ ਮਾਤਰਾ ਘਟਾਉਂਦੇ ਹਨ।
ਭਾਰ ਘਟਾਉਣ ਲਈ ਕੜ੍ਹੀ ਪੱਤਾ ਅਲੱਗ ਅਲੱਗ ਰੂਪ ਵਿਚ ਲਗਾਤਾਰ ਖਾਣੇ ਵਿਚ ਵਰਤਿਆ ਜਾ ਸਕਦਾ ਹੈ ਪਰ ਇਸ ਨਾਲ ਵਰਜਿਸ਼ ਤੇ ਸੈਰ ਕਰਨੀ ਵੀ ਜ਼ਰੂਰੀ ਹੈ।
ਕੜ੍ਹੀ ਪੱਤੇ ਦਾ ਪਾਣੀ ਨਾਲ ਬਣਿਆ ਲੇਪ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਉਣ ਨਾਲ ਵਾਲ ਸੰਘਣੇ ਹੁੰਦੇ ਹਨ, ਸਿਕਰੀ ਤੋਂ ਵੀ ਛੁਟਕਾਰਾ ਮਿਲਦਾ ਹੈ।
ਪੱਤਿਆਂ ਦਾ ਲੇਪ ਨਿੱਕੇ-ਮੋਟੇ ਜ਼ਖ਼ਮਾਂ, ਫੋੜੇ ਫਿਨਸੀਆਂ, ਛਾਲਿਆਂ ਉਤੇ ਪੂਰੀ ਰਾਤ ਲਗਾਉਣ ਨਾਲ ਉਹ ਠੀਕ ਹੋ ਜਾਂਦੇ ਹਨ। ਕੜ੍ਹੀ ਪੱਤੇ ਨੂੰ ਕਈ ਭਾਰਤੀ ਭਾਸ਼ਾਵਾਂ ਵਿਚ ਮਿੱਠੀ ਨਿੰਮ ਕਰਕੇ ਵੀ ਜਾਣਿਆ ਜਾਂਦਾ ਹੈ।
ਅਸੀਂ ਕੜ੍ਹੀ ਪੱਤੇ ਨੂੰ ਸਿੱਧਾ ਭੋਜਨ ਵਿਚ ਵੀ ਵਰਤ ਸਕਦੇ ਹਾਂ ਜਾਂ ਸੁਕਾ ਕੇ ਪਾਊਡਰ ਦੇ ਰੂਪ ਵਿਚ ਵਰਤ ਸਕਦੇ ਹਾਂ। ਸਭ ਤੋਂ ਆਸਾਨ ਤਰੀਕਾ ਹੈ ਕਿ ਲੋੜ ਅਨੁਸਾਰ ਸੁੱਕੇ ਪੱਤਿਆਂ ਨੂੰ ਗਰਮ ਮਸਾਲੇ ਵਿਚ ਮਿਲਾ ਲਵੋ। ਪੰਜਾਬ ਵਿਚ ਇਹ ਬੂਟਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਅਤੇ ਹਰ ਘਰ ਵਿਚ ਹੋਣਾ ਲਾਜ਼ਮੀ ਹੈ। ਸਭ ਤੋਂ ਵਧੀਆ ਗੱਲ ਹੈ ਕਿ ਕੁਝ ਪੱਤੇ ਸਵਖਤੇ ਖਾਲੀ ਪੇਟ ਖਾ ਲਵੋ ਅਤੇ ਤੰਦਰੁਸਤ ਰਹੋ ਅਤੇ ਬਿਮਾਰੀਆਂ ਤੋਂ ਦੂਰ ਰਹੋ।

ਫੋਨ : 9878753423
Email - ripanbagga@gmail.com

ਬੀਜ ਸੋਧ ਤਕਨੀਕ : ਫ਼ਸਲ ਦਾ ਬਿਮਾਰੀਆਂ ਤੋਂ ਬਚਾਅ

ਬੀਜ ਸੋਧ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ, ਤਾਂ ਜੋ ਬੀਜ, ਮਿੱਟੀ ਅਤੇ ਹਵਾ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।
ਕਿਨ੍ਹਾਂ ਹਾਲਤਾਂ ਵਿਚ ਬੀਜ ਸੋਧ ਕਰਨਾ ਲਾਜ਼ਮੀ ਹੈ?
1) ਬੀਜ ਦੇ ਛਿਲਕੇ ਦਾ ਨੁਕਸਾਨ: ਭੰਡਾਰਨ ਦੇ ਦੌਰਾਨ ਕਈ ਵਾਰ ਮਕੈਨੀਕਲ ਸੱਟ ਲੱਗ ਜਾਣ ਕਰਕੇ ਜਾਂ ਮੌਸਮ ਦੀ ਖਰਾਬੀ ਕਰਕੇ ਬੀਜ ਦੇ ਛਿਲਕੇ ਵਿਚ ਕੋਈ ਟੁੱਟ-ਭੱਜ ਹੋ ਜਾਂਦੀ ਹੈ ਜਿਸ ਵਿਚੋ ਰੋਗਾਣੂ ਨੂੰ ਬੀਜ ਵਿਚ ਦਾਖ਼ਲ ਕਰ ਦਿੰਦੀ ਹੈ, ਜੋ ਕਿ ਬੀਜ ਨੂੰ ਮਾਰਨ ਦਾ ਕੰਮ ਕਰਦੀ ਹੈ ਜਾਂ ਇਸ ਬੀਜ ਵਿਚੋਂ ਪੈਦਾ ਹੋਏ ਪੌਦੇ ਵਿਚ ਇਨ੍ਹਾਂ ਰੋਗਾਣੂ ਨੂੰ ਨੁਕਸਾਨ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਸਥਿਤੀ ਵਿਚ ਬੀਜ ਸੋਧ ਕਰਨਾ ਲਾਜ਼ਮੀ ਹੋ ਜਾਂਦਾ ਹੈ ।
2) ਬਿਮਾਰੀ ਵਾਲਾ ਬੀਜ: ਜਦੋਂ ਕਿਸਾਨ ਕਟਾਈ ਸਮੇਂ ਸਾਫ਼-ਸੁਥਰੀ ਮਸ਼ੀਨਰੀ ਦੀ ਵਰਤੋ ਨਹੀਂ ਕਰਦੇ ਜਾਂ ਪ੍ਰੋਸੈਸਿੰਗ ਦੌਰਾਨ ਬੀਜ ਰੋਗ ਦੇ ਰੋਗਾਣੂਆਂ ਦੁਆਰਾ ਸੰਕ੍ਰਮਿਤ ਹੋ ਸਕਦੇ ਹਨ। ਇਸ ਤੋਂ ਇਲਾਵਾ ਗੋਦਾਮਾਂ ਵਿਚ ਜਾਂ ਘਰੇ ਸਟੋਰ ਕੀਤੇੇ ਬੀਜ ਨੂੰ ਵੀ ਬਿਮਾਰੀ ਲੱਗ ਸਕਦੀ ਹੈ। ਇਨ੍ਹਾਂ ਹਾਲਤਾਂ ਤਹਿਤ ਬੀਜ ਸੋਧ ਕਰਨਾ ਲਾਜ਼ਮੀ ਹੋ ਜਾਂਦਾ ਹੈ ।
3) ਮਿੱਟੀ ਵਿਚ ਬਿਮਾਰੀ ਲੱਗਣਾ: ਅਣਸੋਧੇ ਬੀਜ ਕਈ ਵਾਰ ਮਿੱਟੀ ਵਿਚ ਰੋਗਾਣੂਆਂ ਦਾ ਸ਼ਿਕਾਰ ਹੋ ਜਾਂਦੇ ਹਨ। ਮਿੱਟੀ ਦੀਆਂ ਅਣ-ਅਨੁਕੂਲ ਹਾਲਤਾਂ ਜਿਵੇਂ ਕਿ ਠੰਢੀ ਅਤੇ ਗਿੱਲੀ ਮਿੱਟੀ ਜਾਂ ਬਹੁਤ ਖੁਸ਼ਕ ਮਿੱਟੀ ਆਦਿ ਰੋਗਾਣੂਆਂ ਦਾ ਹਮਲੇ ਅਤੇ ਵਿਕਾਸ ਦੇ ਅਨੁਕੂਲ ਹੋ ਸਕਦੀਆਂ ਹਨ, ਜੋ ਕਿ ਬੀਜ ਸੋਧ ਲਾਜ਼ਮੀ ਬਣਾਉਂਦੀਆਂ ਹਨ।
ਬਿਮਾਰੀਆਂ ਤੋਂ ਬਚਾਅ ਲਈ ਝੋਨੇ ਅਤੇ ਬਾਸਮਤੀ ਦਾ ਬੀਜ ਸੋਧ: ਪੰਜਾਬ ਪ੍ਰਾਂਤ ਵਿਚ ਇਸ ਸਮੇਂ ਝੋਨੇ ਅਤੇ ਬਾਸਮਤੀ ਦੀ ਪਨੀਰੀ ਲਈ ਬਹੁਤ ਹੀ ਢੁਕਵਾਂ ਹੈ ਅਤੇ ਪਨੀਰੀ ਦਾ ਪੁੰਗਾਰਾ ਵਧੀਆ ਕਰਨ ਲਈ ਬੀਜ ਸੋਧ ਕਰਨਾ ਬਹੁਤ ਜ਼ਰੂਰੀ ਹੈ, ਬੀਜ ਸੋਧ ਨਾਲ ਬੀਜ ਰਾਹੀਂ ਫੈੈਲਣ ਵਾਲੀਆਂ ਬਿਮਾਰੀਆਂ ਨੂੰ ਘਟਾਉਣ ਵਿਚ ਮਦਦ ਵੀ ਮਿਲਦੀ ਹੈ ।
ਝੋਨੇ ਵਿਚ ਬੀਜ ਸੋਧ: * ਟੱਬ ਜਾਂ ਬਾਲਟੀ ਵਿਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿਚ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ । ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਓ।
* ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇਕੋ ਜਿਹੇ ਹੁੰਦੇ ਹਨ ।
* ਚੁਣੇ ਹੋਏ ਬੀਜ ਨੂੰ ਬੀਜਣ ਤੋਂ ਪਹਿਲਾਂ 24 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) 8 ਕਿਲੋ ਬੀਜ ਲਈ ਉੱਲੀਨਾਸ਼ਕ 80-100 ਮਿਲੀਲਿਟਰ ਪਾਣੀ ਵਿਚ ਘੋਲ ਕੇ) ਦੇ ਹਿਸਾਬ ਨਾਲ ਸੋਧ ਲਓ। (3 ਗ੍ਰਾਮ ਸਪਰਿੰਟ ਪ੍ਰਤੀ ਕਿੱਲੋ ਬੀਜ ਲਈ)
ਬਾਸਮਤੀ: ਬੀਜ ਅਤੇ ਪਨੀਰੀ ਦੀ ਸੋਧ : * ਬਾਸਮਤੀ ਦੀ ਫ਼ਸਲ 'ਤੇ ਮੁੁੱਢ ਗਲਣ (ਝੰਡਾ ਰੋਗ) ਦੀ ਬਿਮਾਰੀ ਦਾ ਹਮਲਾ ਹੁੰਦਾ ਹੈ। ਬਿਮਾਰ ਪਨੀਰੀ ਵਾਲੇ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਥੱਲੇ ਤੋਂ ਉਪਰ ਵੱਲ ਮੁਰਝਾਅ ਕੇ ਸੁੱਕ ਜਾਂਦੇ ਹਨ।
* ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ। ਪਨੀਰੀ ਖੇਤ ਵਿਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਵੀ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਲਿਟਰ ਪਾਣੀ ਵਿਚ 6 ਘੰਟੇ ਲਈ ਡੁਬੋ ਲਵੋ।
ਬੀਜ ਸੋਧ ਵੇਲੇ ਧਿਆਨ ਦੇਣ ਯੋਗ ਗੱਲਾਂ: * ਸ਼ਿਰਫ਼ ਸਿਫਾਰਸ਼ ਕੀਤੇ ਹੋਏ ਉੱਲੀਨਾਸ਼ਕ ਹੀ ਵਰਤੋਂ। * ਬੀਜ ਸੋਧ ਸਮੇਂ ਉੱਲੀਨਾਸ਼ਕ ਦੀ ਸਹੀ ਮਾਤਰਾ ਦਾ ਇਸਤੇਮਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਜ਼ਿਆਦਾ ਜਾਂ ਬਹੁਤ ਘੱਟ ਮਾਤਰਾ ਨਾਲ ਢੁਕਵੇਂ ਨਤੀਜੇ ਨਹੀਂ ਮਿਲਦੇ। * ਬਹੁਤ ਜ਼ਿਆਦਾ ਨਮੀ ਵਾਲੇ ਬੀਜ ਦੀ ਸੋਧ ਤੋਂ ਗੁਰੇਜ਼ ਕਰੋ। * ਸੋਧਿਆ ਹੋਇਆ ਬੀਜ ਮਨੁੱਖੀ ਜਾਂ ਜਾਨਵਰਾਂ ਦੇ ਭੋਜਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਹੈ।

-ਡਾ: ਰਿਤੂ ਰਾਜ, ਡਾ: ਸੰਜੀਵ ਕੁਮਾਰ ਕਟਾਰੀਆ ਅਤੇ ਡਾ: ਕੁਲਦੀਪ ਸਿੰਘ

ਫੁੱਲਾਂ ਨੂੰ ਕੀ ਪਤਾ

ਤਿੰਨ ਚੀਜ਼ਾਂ ਨੇ ਹਮੇਸ਼ਾ ਮਨੁੱਖ ਦਾ ਵੱਡਾ ਨੁਕਸਾਨ ਕੀਤਾ ਹੈ। ਭੁੱਖਮਰੀ, ਮਹਾਂਮਾਰੀ ਤੇ ਮਹਾਂਯੁੱਧ। ਕਮਾਲ ਦੀ ਗੱਲ ਹੈ ਕਿ ਤਿੰਨੇ ਹੀ ਮਨੁੱਖ ਦੀ ਆਪਣੀ ਪੈਦਾਇਸ਼ ਹਨ ਤੇ ਤਿੰਨਾਂ ਨੇ ਹਮੇਸ਼ਾ ਮਨੁੱਖ ਤੇ ਉਸ ਨਾਲ ਜੁੜੇ ਜੀਵਾਂ ਦਾ ਹੀ ਨੁਕਸਾਨ ਕੀਤਾ ਹੈ। ਜਦ ਵੀ ਘੋਖ ਕੀਤੀ ਗਈ ਹੈ ਤਾਂ ਤਿੰਨਾਂ ਦਾ ਮੁੱਖ ਕਾਰਨ ਵਪਾਰ ਦਾ ਲਾਲਚ ਤੇ ਰਾਜਸੱਤਾ 'ਤੇ ਕਬਜ਼ਾ ਹੀ ਨਿਕਲੇ ਹਨ। ਨੁਕਸਾਨ ਹਮੇਸ਼ਾ ਆਮ ਲੋਕਾਂ ਦਾ ਹੀ ਹੁੰਦਾ ਹੈ। ਰਾਜਸੀ ਲੋਕ ਕਦੇ ਇਨ੍ਹਾਂ ਤਿੰਨਾਂ ਕਰਕੇ ਨਹੀਂ ਮਰੇ, ਜਦ ਵੀ ਮਰੇ ਆਪਸੀ ਰੰਜਿਸ਼ ਕਰਕੇ ਮਰੇ। ਕਈ ਲੋਕ ਇਸ ਨੂੰ ਕੁਦਰਤ ਦੀ ਕਰੋਪੀ ਸਮਝਦੇ ਹਨ। ਜੇ ਇਹ ਗੱਲ ਹੋਵੇ ਤਾਂ ਕੁਦਰਤ ਆਪਣੀ ਬਾਕੀ ਰਚਨਾ ਨੂੰ ਵੀ ਲਪੇਟੇ, ਪਰ ਫਿਰ ਫੁੱਲ ਕਿਉਂ ਖਿੜਨ? ਨਵੇਂ ਪੱਤੇ ਕਿਉਂ ਨਿਕਲਣ? ਬੱਦਲ ਕਿਉਂ ਮੁੜ-ਮੁੜ ਆਉਣ? ਪੰਛੀ ਕਿਉਂ ਆਏ ਸਾਲ ਨਵਾਂਆਲ੍ਹਣਾ ਪਾਉਣ? ਕੁਦਰਤ ਕਦੇ ਵੀ ਆਪਣੇ ਨੇਮ ਨੂੰ ਨਹੀਂ ਬਦਲਦੀ, ਉਹ ਨਿਰਵੈਰ ਤੇ ਨਿਰੰਤਰ ਪਤਾ ਨਹੀਂ ਕਦੋਂ ਤੋਂ ਆਪਣੇ ਆਪ ਨੂੰ ਚਲਾ ਰਹੀ ਹੈ ਤੇ ਚਲਾਉਂਦੀ ਰਹੇਗੀ। ਇਹ ਸਿਰਫ ਮਨੁੱਖ ਹੀ ਹੈ, ਜਿਸ ਨੂੰ ਭਰਮ ਹੈ ਕਿ ਉਹ ਕੁਦਰਤ ਤੋਂ ਬਲਵਾਨ ਹੈ, ਤੇ ਆਪਣੇ ਆਪ ਨੂੰ ਮੁੜ-ਮੁੜ ਆਪ ਹੀ ਢਾਹ ਲੈਂਦਾ ਹੈ ਤੇ ਫਿਰ ਦੁਖੀ ਹੁੰਦਾ ਹੈ। ਕਾਸ਼ ਮਨੁੱਖ ਵੀ ਫੁੱਲਾਂ ਵਾਂਗ ਆਪੇ ਖਿੜਨਾ ਸਿੱਖ ਜਾਏ, ਬੱਦਲਾਂ ਵਾਂਗ ਨੀਰ ਦੇਣਾ ਗਿੱਝ ਜਾਏ। ਫਿਰ ਦੇਖਣਾ ਕੁਦਰਤ ਕਿਵੇਂ ਖੁਸ਼ੀਆਂ ਵੰਡਦੀ ਹੈ।

-ਮੋਬਾ: 98159-45018

ਧਰਤੀ ਹੇਠਲੇ ਪਾਣੀ ਦੀ ਸਥਿਤੀ ਅਤੇ ਝੋਨੇ ਦੀਆਂ ਕਿਸਮਾਂ ਦਾ ਰੁਝਾਨ

ਅੱਜ ਪੰਜਾਬ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਦੇ ਲਗਾਤਾਰ ਥੱਲੇ ਜਾਣ ਕਰਕੇੇ ਖਤਰੇ ਵੱਲ ਵਧ ਰਿਹਾ ਹੈ। ਇਸ ਸਥਿਤੀ ਨਾਲ ਨਿੱਬੜਣ ਲਈ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਦੀ ਖੋਜ ਦੇੇ ਨਾਲ-ਨਾਲ ਕੰਪਿਊਟਰ ਵਾਲਾ ਕਰਾਹਾ, ਝੋਨੇ ਦੀ ਖੇਲੀਆਂ/ਵੱਟਾਂ 'ਤੇ ਬਿਜਾਈ, ਝੋਨੇ ਦੀ ਸਿੱਧੀ ਬਿਜਾਈ, ਤੁਪਕਾ ਸਿੰਚਾਈ, ਆਦਿ ਵਰਗੀਆਂ ਤਕਨੀਕਾਂ ਵੀ ਵਿਕਸਿਤ ਕੀਤੀਆਂ ਗਈਆਂ। ਰਾਜ ਸਰਕਾਰ ਵਲੋਂ ਝੋਨੇ ਦੀ ਲਵਾਈ ਇਕ ਖਾਸ ਮਿਤੀ ਤੋਂ ਬਾਅਦ ਹੀ ਕਰਨ ਨੂੰ ਯਕੀਨੀ ਬਣਾਉਣ ਲਈ ਸਾਲ 2008-9 ਵਿਚ ਇਕ ਆਰਡੀਨੈਂਸ/ ਐਕਟ ਵੀ ਪਾਸ ਕੀਤਾ ਗਿਆ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਬਚਾਇਆ ਜਾ ਸਕੇ। ਪੀ. ਏ. ਯੂ. ਦੇ ਸਾਇਲ ਐਂਡ ਵਾਟਰ ਇੰਜੀਨੀਅਰਿੰਗ ਵਿਭਾਗ ਅਨੁਸਾਰ, ਸਾਲ 2018 ਦੌਰਾਨ ਸੰਗਰੂਰ ਅਤੇ ਇਸ ਦੇ ਲਾਗਲੇ ਜ਼ਿਲ੍ਹੇ ਬਰਨਾਲਾ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਸਭ ਤੋਂ ਹੇਠਾਂ ਦੇਖਿਆ ਗਿਆ ਜੋ ਕਿ ਕ੍ਰਮਵਾਰ 32.4 ਮੀਟਰ ਅਤੇ 29.7 ਮੀਟਰ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਦਸ ਜ਼ਿਲ੍ਹਿਆਂ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਅੰਮ੍ਰਿਤਸਰ/ ਤਰਨਤਾਰਨ ਤੋਂ ਉੱਚਾ (4.0-18.1 ਮੀਟਰ) ਹੈ। ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ (ਸਮੇਤ ਪਠਾਨਕੋਟ), ਫਿਰੋਜ਼ਪੁਰ (ਸਮੇਤ ਫਾਜ਼ਿਲਕਾ), ਫਰੀਦਕੋਟ, ਰੂਪਨਗਰ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਪਾਣੀ ਦਾ ਪੱਧਰ 4.0 ਤੋਂ 14.8 ਮੀਟਰ ਦਰਮਿਆਨ ਹੈ ਜਿਹੜਾ ਕਿ ਅੰਮ੍ਰਿਤਸਰ (15 ਮੀਟਰ) ਨਾਲੋਂ ਉੱਚਾ ਹੈ। ਇਨ੍ਹਾਂ ਵਿਚੋਂ ਰੂਪਨਗਰ ਵਿਚ ਪਾਣੀ ਦੇ ਹੇਠਾਂ ਜਾਣ ਦੀ ਦਰ ਅੰਮ੍ਰਿਤਸਰ ਦੇ ਬਰਾਬਰ ਹੈ ਜਦਕਿ ਬਾਕੀਆਂ ਦੀ ਘੱਟ ਹੈ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ, ਮਾਨਸਾ, ਮੁਹਾਲੀ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਪਾਣੀ ਦਾ ਪੱਧਰ 16.1 ਤੋਂ 18.1 ਮੀਟਰ ਦਰਮਿਆਨ ਹੈ ਜੋ ਕਿ ਤਰਨ ਤਾਰਨ (18.3 ਮੀਟਰ) ਨਾਲੋਂ ਉੱਚਾ ਹੈ। ਤਰਨ ਤਾਰਨ ਨਾਲੋਂ ਸ਼ਹੀਦ ਭਗਤ ਸਿੰਘ ਨਗਰ ਵਿਚ ਪਾਣੀ ਦੇ ਹੇਠਾਂ ਜਾਣ ਦੀ ਦਰ ਘੱਟ ਹੈ ਅਤੇ ਮਾਨਸਾ ਦੀ ਬਰਾਬਰ ਹੈ।
ਉਪਰੋਕਤ ਕਾਰਨਾਂ ਕਰਕੇ ਇਨ੍ਹਾਂ ਦਸ ਜ਼ਿਲ੍ਹਿਆਂ ਦਾ ਸੰਗਰੂਰ ਅਤੇ ਬਰਨਾਲਾ ਨਾਲ ਤੁਲਨਾਤਮਕ ਵਿਸ਼ਲੇਸ਼ਣ ਨਹੀਂ ਕੀਤਾ ਗਿਆ। ਅੰਮ੍ਰਿਤਸਰ ਅਤੇ ਤਰਨ ਤਾਰਨ ਨੂੰ ਖਿੱਤਾ-2 ਵਜੋਂ ਇਸ ਲਈ ਚੁਣਿਆ ਗਿਆ ਹੈ ਤਾਂ ਕਿ ਜਿਥੋਂ ਤੱਕ ਸੰਭਵ ਹੋ ਸਕੇ ਇਹ ਖਿੱਤਾ-1 ਨਾਲੋਂ ਧਰਤੀ ਹੇਠਲੇ ਪਾਣੀ ਦੇ ਦ੍ਰਿਸ਼ ਵਜੋਂ ਬਿਲਕੁੱਲ ਉਲਟ ਹੋਵੇ ਪ੍ਰੰਤੂ ਫ਼ਸਲੀ ਚੱਕਰ ਅਤੇ ਖੇਤੀ ਪ੍ਰਸਥਿਤੀਆਂ ਦੇ ਲਿਹਾਜ਼ ਤੋਂ ਬਿਲਕੁਲ ਸਮਾਨ ਹੋਵੇ। ਗੌਰ ਕਰਨ ਵਾਲੀ ਗੱਲ ਹੈ ਕਿ ਦੋਵਾਂ ਖਿੱਤਿਆਂ ਵਿਚ ਝੋਨੇ ਹੇਠ ਰਕਬਾ ਬਰਾਬਰ ਹੋਣ ਦੇ ਬਾਵਜੂਦ ਧਰਤੀ ਹੇਠਲੇ ਪਾਣੀ ਦੇ ਹੇਠਾਂ ਜਾਣ ਦੀ ਸਾਲਾਨਾ ਦਰ (1998 ਤੋਂ 2018 ਤੱਕ) ਖਿੱਤਾ-1 ਦੇ ਮੁਕਾਬਲੇ (103-107 ਸੈ.ਮੀ./ਸਾਲ) ਖਿੱਤਾ-2 ਦੀ ਅੱਧੀ (43-57 ਸੈ.ਮੀ./ਸਾਲ) ਹੀ ਹੈ।
ਪੂਸਾ 44 ਕਿਸਮ ਬੀਜਣ ਪੱਕਣ ਤੱਕ ਤਕਰੀਬਨ 160 ਦਿਨ ਲੈਂਦੀ ਹੈ ਤੇ ਪੀਲੀ ਪੂਸਾ ਨੂੰ ਇਸ ਤੋਂ ਵੀ ਇਕ ਹਫ਼ਤਾ ਜ਼ਿਆਦਾ ਲੈਂਦੀ ਹੈ। ਦੂਜੇ ਪਾਸੇ ਘੱਟ ਸਮਾਂ ਲੈਣ ਵਾਲੀਆਂ ਪ੍ਰਚੱਲਿਤ ਕਿਸਮਾਂ ਪੀ. ਆਰ. 121 ਅਤੇ ਪੀ. ਆਰ. 126 ਬੀਜਣ ਤੋਂ ਕ੍ਰਮਵਾਰ 140 ਅਤੇ 123 ਦਿਨਾਂ ਵਿਚ ਪੱਕਦੀਆਂ ਹਨ। ਪੀ. ਆਰ. 124 ਪੱਕਣ ਨੂੰ 135 ਦਿਨ ਲੈਂਦੀ ਹੈ। ਇਨ੍ਹਾਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਨੂੰ ਪੂਸਾ-44 ਦੇ ਮੁਕਾਬਲੇ 15 ਤੋਂ 25 ਫੀਸਦੀ ਘੱਟ ਪਾਣੀ ਦੀ ਜ਼ਰੂਰਤ ਪੈਂਦੀ ਹੈ। ਇਨ੍ਹਾਂ ਉੱਪਰ ਸਪਰੇਆਂ ਅਤੇ ਲੇਬਰ ਦਾ ਖਰਚਾ ਵੀ ਘੱਟ ਆਉਂਦਾ ਹੈ। ਹੋ ਸਕਦਾ ਹੈ ਕਿ ਖਿੱਤਾ-1 ਵਿਚ ਕਿਸਾਨ ਵੱਧ ਝਾੜ ਲੈਣ ਲਈ ਲੰਮੇਂ ਸਮੇਂ ਵਾਲੀਆਂ ਕਿਸਮਾਂ ਬੀਜਦੇ ਹੋਣ। ਪੀ. ਆਰ. 121, ਪੀ. ਆਰ. 126 ਅਤੇ ਪੀ. ਆਰ. 124 ਵਰਗੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਝਾੜ ਪੂਸਾ 44 ਦੇ ਝਾੜ ਨਾਲੋਂ ਕੁਝ ਘੱਟ ਹੋਣ ਦੇ ਬਾਵਜੂਦ ਵੀ ਇਨ੍ਹਾਂ ਤੋਂ ਹੋਣ ਵਾਲੀ ਨਿਰੋਲ ਆਮਦਨ ਲਗਪਗ ਬਰਾਬਰ ਹੈ (ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀ. ਏ. ਯੂ.)। ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਪਾਣੀ ਦੇ ਬੋਰ ਹੋਰ ਡੂੰਘੇ ਕਰਨ ਅਤੇ ਸਬਮਰਸੀਬਲ ਪੰਪ ਲਾਉਣ 'ਤੇ ਬਹੁਤ ਜ਼ਿਆਦਾ ਖਰਚੇ ਵੀ ਕਰਨੇ ਪੈਂਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਖਿੱਤਾ-1 ਵਿਚ ਕਣਕ ਅਤੇ ਝੋਨੇ (ਦੋਵੇਂ ਪਰਮਲ ਅਤੇ ਬਾਸਮਤੀ) ਦਾ ਝਾੜ ਖਿੱਤਾ-2 ਦੇ ਮੁਕਾਬਲੇ 576 ਤੋਂ 758 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਜ਼ਿਆਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਨਿਰੋਲ ਆਮਦਨ ਵੀ ਖਿੱਤਾ-1 ਦੀ ਜ਼ਿਆਦਾ ਹੀ ਹੋਵੇਗੀ। ਪਰਮਲ, ਬਾਸਮਤੀ, ਨਰਮਾ ਅਤੇ ਕਣਕ ਹੇਠਾਂ ਰਕਬੇ, ਇਨ੍ਹਾਂ ਦਾ ਝਾੜ ਅਤੇ ਮੰਡੀ ਕੀਮਤਾਂ ਨਾਲ ਸਬੰਧਿਤ ਅੰਕੜਿਆਂ ਦੇ ਮੱਦੇਨਜ਼ਰ ਫ਼ਸਲਾਂ ਤੋਂ ਸਾਲਾਨਾ ਆਮਦਨ ਖਿੱਤਾ-1 ਵਿਚ ਖਿੱਤਾ-2 ਨਾਲੋਂ 20,000 ਰੁਪਏ ਪ੍ਰਤੀ ਹੈਕਟੇਅਰ ਤੋਂ ਵੀ ਜ਼ਿਆਦਾ ਹੈ (ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ, ਪੀ. ਏ. ਯੂ.)। ਇੱਥੇ ਇਹ ਵੀ ਲੱਗ ਸਕਦਾ ਹੈ ਕਿ ਖਿੱਤਾ-1 ਵਿਚ ਪਰਮਲ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਾਰਨ ਵੱਧ ਝਾੜ ਹੈ। ਪਰ ਕਣਕ ਅਤੇ ਬਾਸਮਤੀ ਦਾ ਝਾੜ ਵੀ ਖਿੱਤਾ-1 ਵਿਚ ਹੀ ਜ਼ਿਆਦਾ ਹੈ ਜਦਕਿ ਦੋਵਾਂ ਖਿੱਤਿਆਂ ਵਿਚ ਇਨ੍ਹਾਂ ਦੀਆਂ ਕਿਸਮਾਂ ਵਿਚ ਕੋਈ ਖਾਸ ਅੰਤਰ ਨਹੀਂ ਹੈ।
ਉਪਰੋਕਤ ਤੱਥਾਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਖਿੱਤਾ-1 ਵਿਚ ਖਿੱਤਾ-2 ਦੇ ਮੁਕਾਬਲੇ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਬਚਾਉਣ ਦੀ ਗੰਭੀਰ ਲੋੜ ਹੈ।

-ਵਾਈਸ ਚਾਂਸਲਰ, ਪੀ. ਏ. ਯੂ.,

ਨਰਮੇ ਕਪਾਹ ਦੇ ਵਧੇਰੇ ਝਾੜ ਲਈ ਨੁਕਤੇ

ਨਰਮਾ ਦੱਖਣੀ ਪੱਛਮੀ ਪੰਜਾਬ ਵਿਚ ਸਾਉਣੀ ਦੀ ਪ੍ਰਮੁੱਖ ਫ਼ਸਲ ਹੈ ਅਤੇ ਖਾਸ ਕਰਕੇ ਨਰਮਾ ਪੱਟੀ ਵਾਲੇ ਜ਼ਿਲ੍ਹਿਆਂ ਦੀ ਖੇਤੀ ਆਰਥਿਕਤਾ ਇਸ ਫ਼ਸਲ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਸਾਲ 2019-20 ਦੌਰਾਨ ਨਰਮੇ-ਕਪਾਹ ਦਾ 778 ਕਿੱਲੋ ਰੂੰ ਪ੍ਰਤੀ ਏਕੜ ਰਿਕਾਰਡ ਝਾੜ ਪ੍ਰਾਪਤ ਹੋਇਆ।
ਉੱਨਤ ਕਿਸਮਾਂ ਦੀ ਚੋਣ: ਸਹੀ ਕਿਸਮ ਦੀ ਚੋਣ ਨਰਮੇ-ਕਪਾਹ ਦਾ ਵੱਧ ਝਾੜ ਲੈਣ ਲਈ ਬਹੁਤ ਜ਼ਰੂਰੀ ਹੈ। ਯੂਨੀਵਰਸਿਟੀ ਵਲੋਂ ਵਿਕਸਿਤ ਬੀ.ਟੀ. ਨਰਮੇ ਦੀ ਨਵੀਂ ਕਿਸਮ ਪੀ.ਏ.ਯੂ. ਬੀ.ਟੀ.1 ਅਤੇ ਚਾਰ ਬੀ.ਟੀ. ਰਹਿਤ ਕਿਸਮਾਂ (ਐਫ਼. 2228, ਐਲ.ਐਚ. 2108, ਐਫ 2383 ਅਤੇ ਐਲ.ਐਚ. 2076) ਸਿਫਾਰਸ਼ ਕੀਤੀਆਂ ਗਈਆਂ ਹਨ। ਖੇਤੀ ਯੂਨੀਵਰਸਿਟੀ ਵਲੋਂ ਦੇਸੀ ਕਪਾਹ ਦੀਆਂ ਵੀ ਤਿੰਨ ਕਿਸਮਾ (ਐਲ.ਡੀ. 1019, ਐਫ.ਡੀ.ਕੇ. 124 ਅਤੇ ਐਲ.ਡੀ. 949) ਦੀ ਸਿਫ਼ਾਰਸ਼ ਕੀਤੀ ਗਈ ਹੈ।
ਬਿਜਾਈ ਦਾ ਸਮਾਂ : ਪੰਜਾਬ ਵਿਚ ਨਰਮੇ-ਕਪਾਹ ਦੀਆਂ ਸਾਰੀਆਂ ਪ੍ਰਮਾਣਿਤ ਕਿਸਮਾਂ ਲਈ ਬਿਜਾਈ ਦਾ ਢੁਕਵਾਂ ਸਮਾਂ ਅਪ੍ਰੈਲ ਦੇ ਸਾਰੇ ਮਹੀਨੇ ਤੋਂ ਲੈ ਕੇ 15 ਮਈ ਤੱਕ ਹੈ।
ਬੀਜ ਦੀ ਮਾਤਰਾ : ਖੇਤ ਵਿਚ ਬੂਟਿਆਂ ਦੀ ਸਹੀ ਗਿਣਤੀ ਹਾਸਲ ਕਰਨ ਲਈ ਨਰਮੇ ਦੀਆਂ ਪ੍ਰਮਾਣਿਤ ਬੀ.ਟੀ. ਰਹਿਤ ਕਿਸਮਾਂ ਦਾ 3.5 ਕਿੱਲੋ ਅਤੇ ਦੇਸੀ ਕਿਸਮਾਂ ਦਾ 3.0 ਕਿੱਲੋ ਬੀਜ ਪ੍ਰਤੀ ਏਕੜ ਵਰਤੋ। ਨਰਮੇ ਦੀਆਂ ਦੋਗਲੀਆਂ ਬੀ.ਟੀ. ਕਿਸਮਾਂ ਲਈ 900 ਗ੍ਰਾਮ ਬੀ.ਟੀ. ਬੀਜ ਅਤੇ 240 ਗ੍ਰਾਮ ਬੀ.ਟੀ. ਰਹਿਤ ਬੀਜ ਪ੍ਰਤੀ ਏਕੜ ਵਰਤੋ। ਪੀ.ਏ.ਯੂ. ਬੀ.ਟੀ. 1 ਲਈ 4 ਕਿੱਲੋ ਬੀ.ਟੀ. ਬੀਜ ਅਤੇ 0.5 ਕਿੱਲੋ ਬੀ.ਟੀ. ਰਹਿਤ ਬੀਜ ਪ੍ਰਤੀ ਏਕੜ ਵਰਤੋ।
ਬਿਜਾਈ ਦਾ ਢੰਗ ਅਤੇ ਫਾਸਲਾ : ਚੰਗੀ ਤਰ੍ਹਾਂ ਨਾਲ ਤਿਆਰ ਕੀਤੇ ਖੇਤ ਵਿਚ ਨਰਮੇ-ਕਪਾਹ ਦੀ ਬਿਜਾਈ ਟਰੈਕਟਰ ਨਾਲ ਚੱਲਣ ਵਾਲੀ ਡਰਿੱਲ ਨਾਲ ਸਵਾ ਦੋ ਫੁੱਟ (67.5 ਸਂੈ.ਮੀ. ) ਦੂਰੀ ਦੀਆਂ ਕਤਾਰਾਂ ਵਿਚ ਕਰੋ। ਬੀਜ 4-5 ਸੈਂ.ਮੀ. ਡੂੰਘਾ ਪੋਰੋ ਤਾਂ ਜੋ ਬੀਜ ਸਹੀ ਵੱਤਰ ਤੇ ਡਿਗੇ। ਬਿਜਾਈ ਹਮੇਸ਼ਾ ਸਵੇਰ ਜਾਂ ਸ਼ਾਮ ਨੂੰ ਕਰੋ। ਬਾਰਿਸ਼ ਨਾਲ ਨਰਮੇ ਦੇ ਜ਼ਿਆਦਾ ਕਰੰਡ ਹੋਣ ਦੀ ਹਾਲਤ ਵਿਚ ਬਿਜਾਈ ਦੁਬਾਰਾ ਕਰੋ। ਪਹਿਲੇ ਪਾਣੀ ਪਿੱਛੋਂ ਨਰਮੇ ਦੀਆਂ ਆਮ ਕਿਸਮਾਂ ਦੇ ਬੂਟਿਆਂ ਵਿਚਕਾਰ ਫਾਸਲਾ ਦੋ ਫੁੱਟ (60 ਸੈ.ਮੀ.) ਰੱਖੋ। ਪੀ.ਏ.ਯੂ. ਬੀ.ਟੀ. 1 ਅਤੇ ਦੇਸੀ ਕਪਾਹ ਦੀਆਂ ਕਿਸਮਾਂ ਦੇ ਬੁੂਟਿਆਂ ਵਿਚਕਾਰ ਫ਼ਾਸਲਾ ਡੇਢ ਫੁੱਟ (45 ਸੈਂ.ਮੀ.) ਕਰ ਦਿਉ। ਨਰਮੇ ਦੀਆਂ ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਅਤੇ ਬਾਕੀ ਬੀ.ਟੀ. ਕਿਸਮਾਂ ਲਈ ਢਾਈ ਫੁੱਟ (75 ਸੈਂ.ਮੀ.) ਦਾ ਫਾਸਲਾ ਰੱਖੋ।
ਪਨੀਰੀ ਰਾਹੀਂ ਬਿਜਾਈ : ਖੇਤ ਵਿਚ ਬੁੂਟਿਆਂ ਦੀ ਗਿਣਤੀ ਪੂਰੀ ਕਰਨ ਲਈ ਤਿੰਨ ਹਫ਼ਤੇ ਦੀ ਪਨੀਰੀ ਲਾਈ ਜਾ ਸਕਦੀ ਹੈ।
ਖਾਦਾਂ ਦੀ ਮਾਤਰਾ ਤੇ ਪਾਉਣ ਦਾ ਸਮਾਂ: ਨਰਮੇ-ਕਪਾਹ ਦਾ ਵੱਧ ਝਾੜ ਲੈਣ ਲਈ ਖਾਦਾਂ ਨੂੰ ਸਹੀ ਮਾਤਰਾ ਅਤੇ ਸਹੀ ਸਮੇਂ 'ਤੇ ਪਾਉਣਾ ਬਹੁਤ ਜ਼ਰੂਰੀ ਹੈ। ਨਰਮੇ ਅਤੇ ਕਪਾਹ ਦੀਆਂ ਸਾਰੀਆਂ ਕਿਸਮਾਂ ਲਈ 30 ਕਿੱਲੋ ਨਾਈਟਰੋਜਨ (65 ਕਿੱਲੋ ਯੂਰੀਆ) ਅਤੇ 12 ਕਿੱਲੋ ਫ਼ਾਸਫੋਰਸ (75 ਕਿੱਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਦੀ ਵਰਤੋਂ ਕਰੋ। ਨਰਮੇ ਦੀਆਂ ਦੋਗਲੀਆਂ ਅਤੇ ਬੀ.ਟੀ. ਕਿਸਮਾਂ ਨੂੰ 42 ਕਿੱਲੋ ਨਾਈਟਰੋਜਨ (90 ਕਿੱਲੋ ਯੂਰੀਆ) ਅਤੇ 12 ਕਿੱਲੋ ਫਾਸਫੋਰਸ (75 ਕਿੱਲੋ ਸਿੰਗਲ ਸੁਪਰਫਾਸਫੇਟ ਜਾਂ 27 ਕਿੱਲੋ ਡੀ.ਏ.ਪੀ.) ਪ੍ਰਤੀ ਏਕੜ ਪਾਓ। ਪੀ.ਏ.ਯੂ. ਬੀ.ਟੀ. 1 ਕਿਸਮ ਲਈ 80 ਕਿੱਲੋ ਯੂਰੀਆ ਪ੍ਰਤੀ ਏਕੜ ਵਰਤੋ। ਜੇਕਰ ਨਰਮਾ ਅਤੇ ਕਪਾਹ, ਕਣਕ ਮਗਰੋਂ ਬੀਜਣੇ ਹੋਣ ਜਿਸ ਨੂੰ ਸਿਫ਼ਾਰਸ਼ ਕੀਤੀ ਫਾਸਫੋਰਸ ਪਾਈ ਗਈ ਹੈ ਤਾਂ ਨਰਮੇ ਨੂੰ ਫਾਸਫੋਰਸ ਤੱਤ ਪਾਉਣ ਦੀ ਜ਼ਰੂਰਤ ਨਹੀਂ। ਹਲਕੀਆਂ ਅਤੇ ਰੇਤਲੀਆਂ ਜ਼ਮੀਨਾਂ ਵਿਚ 12 ਕਿੱਲੋ ਪੋਟਾਸ਼ (20 ਕਿੱਲੋ ਮਿਊਰੇਟ ਆਫ ਪੋਟਾਸ਼) ਅਤੇ 10 ਕਿੱਲੋ ਜ਼ਿੰਕ ਸਲਫੇਟ (21 ਫ਼ੀਸਦੀ) ਪ੍ਰਤੀ ਏਕੜ ਦੀ ਵਰਤੋਂ ਜ਼ਰੂਰ ਕਰੋ। ਸਾਰੀ ਫਾਸਫੋਰਸ, ਪੋਟਾਸ਼ ਅਤੇ ਜ਼ਿੰਕ ਸਲਫੇਟ ਬਿਜਾਈ ਵੇਲੇ ਹੀ ਪਾ ਦਿਓ। ਸਾਰੀਆਂ ਕਿਸਮਾਂ ਨੂੰ ਅੱਧੀ ਨਾਈਟਰੋਜ਼ਨ ਪਹਿਲੇ ਪਾਣੀ ਮਗਰੋਂ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਆਉਣ 'ਤੇ ਪਾਓ। ਨਰਮੇ-ਕਪਾਹ ਦਾ ਜ਼ਿਆਦਾ ਝਾੜ ਲੈਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ (2 ਕਿੱਲੋ ਪੋਟਾਸ਼ੀਅਮ ਨਾਈਟਰੇਟ (13:0:45) ਨੂੰ 100 ਲਿਟਰ ਪਾਣੀ ਵਿਚ ਘੋਲ ਕੇ) ਦੇ 4 ਛਿੜਕਾਅ ਇਕ ਹਫ਼ਤੇ ਦੇ ਵਕਫ਼ੇ 'ਤੇ ਕਰੋ। ਪਹਿਲਾ ਛਿੜਕਾਅ ਫੁੱਲ ਖਿੜਨ 'ਤੇ ਕਰੋ।
ਨਰਮੇ ਦੇ ਅਣਚਾਹੇ ਵਾਧੇ ਨੂੰ ਰੋਕਣਾ :ਭਾਰੀਆਂ ਅਤੇ ਜਰਖੇਜ਼ ਜ਼ਮੀਨਾਂ ਵਿਚ ਨਰਮੇ ਦੇ ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣ ਲਈ ਚਮਤਕਾਰ (ਮੈਪੀਕੁਐਟ ਕਲੋਰਾਈਡ 5 ਫ਼ੀਸਦੀ) 300 ਮਿਲੀਲੀਟਰ ਪ੍ਰਤੀ ਏਕੜ ਨੂੰ 80-100 ਲੀਟਰ ਪਾਣੀ ਵਿਚ ਘੋਲਣ ਉਪਰੰਤ ਬਿਜਾਈ ਤੋਂ 60 ਦਿਨ ਅਤੇ ਫੇਰ 75 ਦਿਨਾਂ ਮਗਰੋਂ ਸਪਰੇਅ ਕਰਨਾ ਚਾਹੀਦਾ ਹੈ। ਇਸ ਨਾਲ ਝਾੜ ਵਿਚ ਵੀ ਇਜ਼ਾਫਾ ਹੁੰਦਾ ਹੈ।
ਨਦੀਨਾਂ ਦੀ ਰੋਕਥਾਮ : ਨਰਮੇ-ਕਪਾਹ ਦੇ ਮੁੱਖ ਨਦੀਨਾਂ ਵਿਚੋਂ ਇਟਸਿੱਟ, ਚੁਪੱਤੀ, ਮਧਾਣਾ ਅਤੇ ਮੱਕੜਾ, ਤਾਂਦਲਾ, ਕੰਘੀ ਬੂਟੀ ਅਤੇ ਪੀਲੀ ਬੂਟੀ ਪ੍ਰਮੁੱਖ ਹਨ। ਇਨ੍ਹਾਂ ਦੀ ਰੋਕਥਾਮ 2-3 ਗੋਡੀਆਂ ਜਾਂ ਨਦੀਨਨਾਸ਼ਕ ਜ਼ਹਿਰਾਂ ਨਾਲ ਕੀਤੀ ਜਾ ਸਕਦੀ ਹੈ। ਪਹਿਲੀ ਗੋਡੀ ਪਹਿਲੇ ਪਾਣੀ ਤੋਂ ਪਹਿਲਾਂ ਸੁੱਕੀ ਜ਼ਮੀਨ ਵਿਚ ਕਰ ਦਿਓ ਅਤੇ ਮਗਰੋਂ ਲੋੜ ਅਨੁਸਾਰ ਕਰੋ। ਕਈ ਵਾਰ ਮੀਂਹ ਪੈਣ ਨਾਲ ਇਕੱਲੀਆਂ ਗੋਡੀਆਂ ਨਾਲ ਨਦੀਨਾਂ ਦਾ ਪੂਰਾ ਖ਼ਾਤਮਾ ਨਹੀਂ ਹੁੰਦਾ ਅਤੇ ਹੋਰ ਨਦੀਨ ਉਗ ਆਉਂਦੇ ਹਨ। ਇਸ ਦੇ ਬਦਲ ਵਜੋਂ ਸਟੌਂਪ 30 ਤਾਕਤ (ਪੈਂਡੀਮੇਥਾਲਿਨ) ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕ ਕੇ ਇਨ੍ਹਾਂ ਨਦੀਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਹਿਲਾ ਪਾਣੀ ਬਿਜਾਈ ਤੋਂ 4-6 ਹਫ਼ਤੇ ਬਾਅਦ ਅਤੇ ਆਖਰੀ ਪਾਣੀ ਸਤੰਬਰ ਦੇ ਅਖੀਰ ਵਿਚ ਲਾਓ। ਵਿਚਕਾਰਲੇ ਪਾਣੀ ਬਾਰਿਸ਼ ਅਤੇ ਮੌਸਮ ਦੀ ਲੋੜ ਅਨੁਸਾਰ 3 ਹਫ਼ਤੇ ਦੇ ਵਕਫ਼ੇ 'ਤੇ ਦਿੰਦੇ ਰਹੋ।
ਚੁਣਾਈ, ਸਾਂਭ- ਸੰਭਾਲ ਅਤੇ ਵਿਕਰੀ ਲਈ ਨੁਕਤੇ : ਅਕਤੂਬਰ ਦੇ ਆਖਰੀ ਹਫ਼ਤੇ ਵਿਚ ਈਥਰਲ (ਈਥੋਫਨ) 500 ਮਿਲੀਲੀਟਰ ਪ੍ਰਤੀ ਏਕੜ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰਨ ਨਾਲ ਨਰਮੇ ਦੀ ਫ਼ਸਲ ਅਗੇਤੀ ਖਿੜਦੀ ਹੈ। ਨਾਲ ਹੀ ਕੁਆਲਟੀ ਅਤੇ ਝਾੜ ਵਿਚ ਇਜ਼ਾਫਾ ਹੁੁੰਦਾ ਹੈ। ਚੁਗਾਈ ਤਰੇਲ ਉਤਰਨ ਤੇ ਸਿਰ 'ਤੇ ਕੱਪੜਾ ਬੰਨ੍ਹ ਕੇ ਸੁੱਕੀ ਅਤੇ ਪੱਤੀ ਰਹਿਤ ਕਰੋ।

-ਖੇਤਰੀ ਖੋਜ ਕੇਂਦਰ ਫ਼ਰੀਦਕੋਟ ਫੋਨ : 9417783052

ਪੰਜਾਬ ਤੋਂ ਬਾਹਰੋਂ ਲਿਆਂਦੇ ਬੂਟੇ ਤੇ ਫ਼ਸਲਾਂ ਦੀ ਕਾਸ਼ਤ ਵਿਚ ਸਮੱਸਿਆਵਾਂ

ਪੰਜਾਬ ਨਾਲੋਂ ਵੱਖ ਤਰ੍ਹਾਂ ਦੇ ਪੌਣ ਪਾਣੀ ਵਿਚ ਵਧੀਆ ਗੁਣਾਂ ਵਾਲੇ ਤੇ ਭਰਪੂਰ ਉਤਪਾਦਨ ਦੇਣ ਵਾਲੇ ਬਾਗ਼ਾਂ ਤੇ ਫ਼ਸਲਾਂ ਦੀ ਕਾਸ਼ਤ ਪੰਜਾਬ ਦੇ ਖੇਤਾਂ ਵਿਚ ਕਰਨ ਦੀ ਇੱਛਾ ਪੰਜਾਬ ਦੇ ਕਿਸਾਨਾਂ ਦੇ ਮਨਾਂ ਅੰਦਰ ਤੇਜ਼ੀ ਨਾਲ ਵਧ ਰਹੀ ਹੈ।
ਪਿਛਲੇ ਸਾਲਾਂ ਵਿਚ ਨਵੀਆਂ ਫ਼ਸਲਾਂ ਲਈ ਕਿਸਾਨਾਂ ਦਾ ਉਤਸ਼ਾਹ ਵੇਖ ਕੇ ਅਜਿਹੀਆਂ ਕੰਪਨੀਆਂ ਨੇ ਡੀਜ਼ਲ ਤੇ ਪੈਟਰੋਲ ਦੀ ਥਾਂ ਵਰਤਣ ਲਈ ਜਟਰੋਫਾ (ਰਤਨਜੋਤ) ਤੇ ਦਵਾਈਆਂ ਵਿਚ ਵਰਤੋਂ ਲਈ ਸਫੈਦ ਮੂਸਲੀ, ਐਲੋਵੀਰਾ ਤੇ ਕਈ ਹੋਰ ਜੜ੍ਹੀ ਬੂਟੀਆਂ ਦੀ ਕਾਸ਼ਤ ਵੱਡੀ ਪੱਧਰ 'ਤੇ ਕਿਸਾਨਾਂ ਤੋਂ ਕਰਵਾਈ ਪਰ ਅੱਜ ਕਿੱਥੇ ਗਈਆਂ ਇਹ ਸਭ ਫ਼ਸਲਾਂ ਤੇ ਕੰਪਨੀਆਂ?
ਅੱਜ ਵੀ ਕਈ ਪ੍ਰਾਈਵੇਟ ਕੰਪਨੀਆਂ ਦੇਸੀ ਦਵਾਈਆਂ ਵਿਚ ਕੰਮ ਆਉਣ ਵਾਲੀਆਂ ਕੀਮਤੀ ਜੜ੍ਹੀ ਬੂਟੀਆਂ ਦੀ ਕਾਸ਼ਤ ਕਿਸਾਨਾਂ ਕੋਲੋਂ ਕਰਵਾਉਣ ਲਈ ਉਨ੍ਹਾਂ ਨੂੰ ਮਹਿੰਗੇ ਭਾਅ 'ਤੇ ਬੀਜ ਬੂਟੇ ਵੇਚਣ ਦੇ ਯਤਨ ਕਰ ਰਹੀਆਂ ਹਨ, ਇਨ੍ਹਾਂ ਜੜ੍ਹੀ-ਬੂਟੀਆਂ ਦੀ ਖੋਜ ਤੇ ਮੰਡੀਆਂ ਦੀ ਤਲਾਸ਼ ਕਰਨ ਲਈ 'ਕੰਢੀ ਸ਼ਿਵਾਲਕ ਜ਼ੋਨ ਐਗਰੀਕਲਚਰ ਰਿਸਰਚ ਐਕਸਚੈਂਜ ਸਕੀਮ' ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਬੱਲੋਵਾਲ ਸੌਂਖੜੀ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਖੇਤਰੀ ਖੋਜ ਕੇਂਦਰ ਅਤੇ ਹਿਮਾਚਲ ਸਟੇਟ ਆਯੁਰਵੈਦਿਕ ਇੰਸਟੀਚਿਊਸ਼ਨ ਤੇ ਹਰਬਲ ਫਸਲਾਂ ਦੇ ਖੋਜ ਕੇਂਦਰ ਜੋਗਿੰਦਰ ਨਗਰ ਨਾਲ ਭਾਈਵਾਲੀ ਪਾਈ ਗਈ ਹੈ, ਪੰਜਾਬ ਦੇ ਕਿਸਾਨਾਂ ਨੂੰ ਇਸ ਖੋਜ ਕੇਂਦਰ ਦੀਆਂ ਸਿਫਾਰਸ਼ਾਂ ਦੀ ਉਡੀਕ ਕਰਨੀ ਚਾਹੀਦੀ ਹੈ।
ਲਸਣ ਦੀਆਂ ਬਹੁਤ ਹੀ ਸਫ਼ਲ ਤੇ ਸ਼ਾਨਦਾਰ ਕਿਸਮਾਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚੋਂ ਲਿਆ ਕੇ ਪੰਜਾਬ ਵਿਚ ਲਾਈਆਂ ਤਾਂ ਉਹ ਕਿਸਮਾਂ ਇਥੇ ਇਸ ਕਰਕੇ ਕਾਮਯਾਬ ਨਹੀਂ ਹੋਈਆਂ ਕਿਉਂਕਿ ਇਥੇ ਪਹਾੜਾਂ ਵਾਂਗ ਫ਼ਸਲ ਵਿਚ ਪਾਣੀ ਦੀ ਮਾਈਗ੍ਰੇਸ਼ਨ ਨਹੀਂ ਹੁੰਦੀ ਅਤੇ ਪਹਾੜਾਂ ਵਾਂਗ ਪੰਜਾਬ ਦੀ ਮਿੱਟੀ ਵਿਚ ਚੂਨੇ ਦੀ ਮਾਤਰਾ ਨਹੀਂ ਹੈ, ਚੂਨਾ ਕਿਉਂਕਿ ਫੰਗੀ ਸਾਈਡ ਹੈ, ਏਸ ਕਰਕੇ ਪੰਜਾਬ ਵਿਚ ਪਹਾੜਾਂ ਵਾਲੀ ਲਸਣ ਦੀ ਫਸਲ ਵਧਣ ਫੁੱਲਣ ਵਿਚ ਤਾਂ ਕਾਮਯਾਬ ਹੈ ਪਰ ਪੱਕਣ ਦੇ ਕਰੀਬ ਜਾ ਕੇ ਜੜ੍ਹਾਂ ਦਾ ਗਾਲਾ ਗੰਢਿਆਂ ਨੂੰ ਖਰਾਬ ਕਰ ਦਿੰਦਾ ਹੈ।
ਹੁਣ ਇਹ ਕਿਸਮਾਂ ਖੋਜ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਭਾਗ ਵਿਚ ਦਿਆਂਗੇ ਤਾਂ ਕਿ ਉੱਥੋਂ ਦੇ ਸਬਜ਼ੀ ਵਿਗਿਆਨੀ ਤੇ ਬਰੀਡਰ ਇਨ੍ਹਾਂ ਕਿਸਮਾਂ ਨੂੰ ਖੋਜ ਅਧੀਨ ਲਿਆ ਕੇ ਤੇ ਨਵੇਂ ਸਿਰੇ ਤੋਂ ਵਿਕਸਤ ਕਰ ਕੇ ਇਨ੍ਹਾਂ ਨੂੰ ਪੰਜਾਬ ਦੀ ਮਿੱਟੀ, ਪਾਣੀ ਤੇ ਵਾਤਾਵਰਨ ਅਨੁਸਾਰ ਢਾਲ ਸਕਣ, ਕੁਝ ਬੂਟਿਆਂ ਤੇ ਫ਼ਸਲਾਂ ਨੂੰ ਵਿਦੇਸ਼ਾਂ ਵਿਚੋਂ ਲਿਆ ਕੇ ਇਨ੍ਹਾਂ ਦੀ ਕਾਸ਼ਤ ਦੇ ਪਰਤਾਵੇ ਕੀਤੇ ਗਏ ਹਨ ਮੈਂ ਨਿੱਜੀ ਤੌਰ 'ਤੇ 1994 ਵਿਚ ਕੈਲੀਫੋਰਨੀਆ ਤੋਂ ਅੰਗੂਰਾਂ ਦੀ ਇਕ ਕਿਸਮ ਦੇ ਕੁਝ ਬੂਟੇ ਲਿਆ ਕੇ ਪੀ. ਏ. ਯੂ. ਲੁਧਿਆਣਾ ਨੂੰ ਖੋਜ ਵਾਸਤੇ ਦਿੱਤੇ ਸਨ, ਇਸ ਕਿਸਮ ਦੇ ਫਲ ਸ਼ਹਿਦ ਤੋਂ ਵੀ ਵੱਧ ਮਿੱਠੇ ਤੇ ਇਨ੍ਹਾਂ ਨੂੰ ਪ੍ਰੋਸੈੱਸ ਕਰਕੇ ਇਨ੍ਹਾਂ ਤੋਂ ਸੌਗੀ (ਦਾਖ) ਬਣਾਈ ਜਾਂਦੀ ਹੈ, ਪਰ ਪੰਜਾਬ ਵਿਚ ਇਨ੍ਹਾਂ ਅੰਗੂਰਾਂ ਵਿਚ ਭਾਰੀ ਖਟਾਸ ਦੰਦ ਖੱਟੇ ਕਰਨ ਵਾਲੀ ਸਾਬਤ ਹੋਈ।
ਕੈਨੇਡਾ ਦੇ ਇਕ ਹੋਰ ਫਲ ਬਲਿਊਬੇਰੀ ਦੀ ਕਾਸ਼ਤ ਪੰਜਾਬ ਵਿਚ ਕਰਨ ਦੇ ਪਰਤਾਵੇ ਵੀ ਅਸੀਂ ਕੀਤੇ ਪਰ ਇਸ ਦੇ ਬੂਟੇ ਪੰਜਾਬ ਵਿਚ ਮਈ ਜੂਨ ਦੀ ਤਿੱਖੀ ਗਰਮੀ ਦੀ ਭੇਟ ਚੜ੍ਹ ਗਏ। ਅਜਿਹੀ ਤੇਜ਼ ਤਿੱਖੀ ਗਰਮੀ ਤੋਂ ਬੂਟਿਆਂ ਨੂੰ ਬਚਾਉਣ ਲਈ ਇਹ ਹਿਮਾਚਲ ਪ੍ਰਦੇਸ਼ ਦੇ ਠੰਢੇ ਇਲਾਕੇ ਵਿਚ ਪਾਲਮਪੁਰ ਖੇਤੀ ਯੂਨੀਵਰਸਿਟੀ ਵਿਚ ਲਾਏ ਗਏ ਪਰ ਉੱਥੇ ਇਨ੍ਹਾਂ ਬੂਟਿਆਂ ਨੂੰ ਬੇਮੌਸਮੇ ਫੁੱਲ ਪੈਣ ਲੱਗ ਪਏ ਤੇ ਅੱਗੇ ਫੁੱਲਾਂ ਤੋਂ ਬਣਨ ਵਾਲੇ ਫਲਾਂ ਦੀ ਕੁਆਲਿਟੀ ਲਈ ਇੱਥੋਂ ਦਾ ਮੌਸਮ ਢੁਕਵਾਂ ਸਾਬਤ ਨਹੀਂ ਹੋਇਆ।
1989 ਵਿਚ ਮੈਂ ਕੈਨੇਡਾ ਤੋਂ ਸਟ੍ਰਾਬੇਰੀ ਦੇ ਕੁਝ ਬੂਟੇ ਤੇ ਨੀਦਰਲੈਂਡ ਵਿਚੋਂ ਬ੍ਰੋਕਲੀ ਦਾ ਬੀਜ ਲਿਆਇਆ ਸੀ, ਬ੍ਰੋਕਲੀ ਦਾ ਬੀਜ ਉਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਸਬਜ਼ੀ ਖੋਜ ਵਿਭਾਗ ਦੇ ਮੁਖੀ ਡਾਕਟਰ ਜੇ. ਸੀ. ਕੁਮਾਰ ਮੇਰੇ ਕੋਲੋਂ ਲੈਣ ਆਏ ਸਨ ਤੇ ਪੰਜਾਬ ਵਿਚ ਇਸ ਦੀ ਕਾਸ਼ਤ ਸਫਲ ਸਾਬਤ ਹੋਈ ਪਰ ਪਛੇਤੀ ਫੁੱਲ ਗੋਭੀ, ਬੰਦ ਗੋਭੀ, ਬਰੂਸਲ ਸਪਰੋਟਸ ਤੇ ਸ਼ਿਮਲਾ ਮਿਰਚ ਵਾਂਗ ਇਸ ਦਾ ਬੀਜ ਵੀ ਸਮੁੰਦਰ ਤਲ ਤੋਂ ਚਾਰ ਹਜ਼ਾਰ ਫੁੱਟ ਦੀ ਉੱਚਾਈ 'ਤੇ ਤਿਆਰ ਕੀਤਾ ਜਾਵੇਗਾ ਤਾਂ ਹੀ ਅਗਲੀ ਫ਼ਸਲ ਦੇ ਬੂਟਿਆਂ 'ਤੇ ਗੁੰਦਵੇਂ ਭਰਵੇਂ ਤੇ ਸ਼ਾਨਦਾਰ ਹੈੱਡ (ਸਿਰ) ਬਣ ਸਕਣਗੇ।
ਸਟਰਾਬੇਰੀ ਫਰੂਟ ਦੀ ਕਾਸ਼ਤ ਕਿਸੇ ਹੱਦ ਤੱਕ ਪੰਜਾਬ ਵਿਚ ਕੀਤੀ ਜਾ ਸਕਦੀ ਹੈ ਪਰ ਢੁਕਵੇਂ ਸਮੇਂ 'ਤੇ ਇਸ ਦੇ ਬੂਟੇ ਲਾ ਕੇ ਫ਼ਲ ਉਦੋਂ ਮਿਲਦੇ ਹਨ ਜਦੋਂ ਪੰਜਾਬ ਵਿਚ ਤਾਪਮਾਨ ਤੇਜ਼ੀ ਨਾਲ 35 ਡਿਗਰੀ ਸੈਲਸੀਅਸ ਤੋਂ ਅੱਗੇ ਲੰਘਣ ਲੱਗ ਜਾਂਦਾ ਹੈ ਅਤੇ ਢੁੱਕਵੀਂ ਕੋਲਡ ਚੇਨ ਤੋਂ ਬਿਨਾਂ ਸਟਰਾਬੇਰੀ ਦੇ ਫ਼ਲ ਤੁੜਾਈ ਤੋਂ ਲੱਗਪਗ 8-10 ਘੰਟੇ ਬਾਅਦ ਅਕਸਰ ਖਰਾਬ ਹੋ ਜਾਂਦੇ ਹਨ ਸਟਰਾਬੇਰੀ ਦੇ ਫਲਾਂ ਨੂੰ ਪੰਜਾਬ ਦੇ ਖਪਤਕਾਰਾਂ ਨੇ ਬਹੁਤਾ ਪਸੰਦ ਵੀ ਨਹੀਂ ਕੀਤਾ, ਅਜਿਹੀ ਹਾਲਤ ਵਿਚ ਇਹ ਪ੍ਰੋਸੈਸਿੰਗ ਲਈ ਢੁੱਕਵਾਂ ਹੈ ਪਰ ਇਸ ਦੇ ਫਲਾਂ ਦੀ ਲਗਭਗ ਇੱਕ ਮਹੀਨਾ ਆਮਦ ਰਹੇਗੀ ਉਸ ਤੋਂ ਬਾਅਦ ਪ੍ਰੋਸੈਸਿੰਗ ਪਲਾਂਟ ਤੇ ਇਸ ਵਿਚ ਕੰਮ ਕਰਨ ਵਾਲਾ ਅਮਲਾ ਕੀ ਕਰੇਗਾ? ਇਸ ਸਵਾਲ ਦਾ ਜਵਾਬ ਤਲਾਸ਼ ਕਰਨ ਦੀ ਲੋੜ ਪਵੇਗੀ।
ਹਾਂ! ਲੀਕ, ਪਰਸਲੇਰਅ ਤੇ ਕੁਝ ਹੋਰ ਵਿਦੇਸ਼ੀ ਸਬਜ਼ੀਆਂ ਤੇ ਫਲਾਂ ਫੁੱਲਾਂ ਦੀ ਕਾਸ਼ਤ ਕਿਸੇ ਹੱਦ ਤੱਕ ਪੰਜਾਬ ਵਿਚ ਕੀਤੀ ਜਾ ਸਕਦੀ ਹੈ ਪਰ ਤਾਂ ਜੇਕਰ ਇਨ੍ਹਾਂ ਨਵੀਆਂ ਚੀਜ਼ਾਂ ਦੇ ਖਪਤਕਾਰ ਵੀ ਉਪਲੱਬਧ ਹੋਣ।
ਕਈ ਕੰਪਨੀਆਂ ਨੇ ਪੰਜਾਬ 'ਚ ਕਿਸਾਨਾਂ ਦੇ ਖੇਤਾਂ ਵਿਚ ਸਾਗਵਾਨ ਦੇ ਬੂਟੇ ਲਗਾਏ ਤੇ ਸਾਗਵਾਨ ਦੇ ਬੂਟਿਆਂ ਨੂੰ ਵਧਦੇ ਫੁੱਲਦੇ ਦੇਖ ਕੇ ਕਿਸਾਨਾਂ ਨੇ ਵੀ ਖੂਬ ਮੁੱਛਾਂ ਮਰੋੜੀਆਂ ਪਰ ਇਹ ਕਿਸਾਨ ਨਹੀਂ ਸਨ ਜਾਣਦੇ ਕਿ ਸਾਗਵਾਨ ਦੇ ਮੋਟੇ ਤਣੇ ਵਿਚ ਲਾਭਦਾਇਕ ਸ਼ਾਹ ਰੰਗ ਸ਼ਾਇਦ ਇਨਸਾਨ ਦੇ ਪੂਰੇ ਜੀਵਨ ਵਿਚ ਵੀ ਪੂਰੀ ਤਰ੍ਹਾਂ ਨਹੀਂ ਪਵੇਗਾ, ਇਸ ਸ਼ਾਹ ਰੰਗ ਦੇ ਆਲੇ ਦੁਆਲੇ ਦੀ ਲੱਕੜੀ ਤਾਂ ਕੇਵਲ ਸਿਉਂਕ ਤੇ ਘੁਣ ਦੀ ਖੁਰਾਕ ਹੀ ਬਣੇਗੀ।
ਕਈ ਕਿਸਾਨ ਉੱਚੇ ਪਹਾੜੀ ਇਲਾਕਿਆਂ ਵਿਚੋਂ ਸੇਬ ਦੇ ਬੂਟੇ ਲਿਆ ਕੇ ਲਗਾ ਰਹੇ ਹਨ ਤੇ ਇਨ੍ਹਾਂ ਬੂਟਿਆਂ ਨੂੰ ਲੱਗੇ ਫਲ ਮੀਡੀਆ ਦੇ ਕਲਾਕਾਰ ਲੋਕ ਪ੍ਰਿੰਟ ਤੇ ਬਿਜਲਈ ਮੀਡੀਆ ਰਾਹੀਂ ਆਕਰਸ਼ਿਤ ਢੰਗ ਨਾਲ ਵਿਖਾ ਰਹੇ ਹਨ ਤੇ ਕਿਸਾਨ ਵੀ ਹੁੱਬ ਹੁੱਬ ਕੇ ਸਮਕਾਲੀ ਕਿਸਾਨਾਂ ਨੂੰ ਸੇਬ ਦੇ ਬਾਗ ਲਾਉਣ ਦੀ ਪ੍ਰੇਰਨਾ ਦੇ ਰਹੇ ਹਨ।
(ਬਾਕੀ ਅਗਲੇ ਵੀਰਵਾਰ ਦੇ ਅੰਕ 'ਚ)

-ਸੰਪਰਕ : 94632-33991

ਸਿੱਧੀ ਬਿਜਾਈ ਤੇ ਖੇਤ ਮਜ਼ਦੂਰ

'ਅਜੀਤ' ਅਖ਼ਬਾਰ ਵਿਚ ਤਕਰੀਬਨ 15 ਸਾਲ ਪਹਿਲੋਂ ਲੇਖ ਛਾਪੇ ਸਨ ਕਿ ਖੇਤ ਮਜ਼ਦੂਰਾਂ ਦੀ ਘਾਟ ਆਉਣੀ ਹੀ ਹੈ, ਇਸ ਦੇ ਕਈ ਕਾਰਨ ਹਨ ਪਰ ਕੋਰੋਨਾ ਨੇ ਇਸ ਵਿਚ ਇਕਦਮ ਤੇਜ਼ੀ ਲੈ ਆਂਦੀ ਹੈ। ਖੇਤੀ ਟੈਕਨੋਕਰੇਟ ਦਲੇਰ ਸਿੰਘ ਨੇ ਸਿੱਧੀ ਬਿਜਾਈ ਤੇ ਵੱਟਾਂ/ਬੈੱਡਾਂ 'ਤੇ ਝੋਨਾ-ਕਣਕ ਲਾਉਣ ਦੀ ਖੋਜ ਕੀਤੀ ਸੀ। ਬਹੁਤ ਕਿਸਾਨਾਂ ਨੇ ਇਹ ਵਿਧੀ ਅਪਣਾਈ ਵੀ, ਪਰ ਉਸ ਸਮੇਂ ਦੇ ਖੇਤੀ ਚੌਧਰੀਆਂ ਨੇ ਇਸ ਦੀ ਵਿਰੋਧਤਾ ਕੀਤੀ ਸੀ, ਐਵੇਂ ਬਹਾਨੇ ਜਿਹੇ ਬਣਾ ਕੇ। ਹੁਣ ਖੁਸ਼ੀ ਦੀ ਗੱਲ ਹੈ ਕਿ ਭਾਵੇਂ ਮਜਬੂਰੀ ਵੱਸ ਹੀ ਸਹੀ, ਉਨ੍ਹਾਂ ਨੂੰ ਇਹ ਤਕਨੀਕ ਅਪਣਾਉਣੀ ਪੈ ਰਹੀ ਹੈ। ਪਰ ਹਾਲੇ ਵੀ ਅੱਧੇ ਮਨ ਨਾਲ। ਮਸ਼ੀਨਾਂ ਬਾਜ਼ਾਰ ਵਿਚ ਤਿਆਰ ਨਹੀਂ ਹਨ। ਇਸ ਦੀ ਬਿਜਾਈ ਬਰਸਾਤਾਂ ਤੋਂ ਪਹਿਲਾਂ 20 ਮਈ ਤੋਂ ਹੋ ਜਾਵੇ ਠੀਕ ਹੈ ਨਹੀਂ ਤਾਂ ਮੁਸ਼ਕਿਲ ਹੋ ਜਾਂਦੀ ਹੈ। ਕੱਖਾਂ ਲਈ ਦਵਾਈ ਤੇ ਹੋਰ ਜ਼ੋਰ ਦੇਣ ਦੀ ਲੋੜ ਹੈ। ਬਰਸਾਤੀ ਪਾਣੀ ਦੇ ਨਿਕਾਸ ਲਈ ਖੇਤਾਂ ਦੁਆਲੇ ਨਿਕਾਸੀ ਨਾਲੇ ਬਣਨੇ ਜ਼ਰੂਰੀ ਹਨ ਜੋ ਡਰੇਨਾਂ ਵਿਚ ਜਾਣ। ਪੰਜਾਬ ਵਿਚ ਡਰੇਨਾਂ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਚਾਲੂ ਕੀਤੀਆਂ ਜਾਣ। ਆਉਣ ਵਾਲੇ ਸਮੇਂ 'ਚ ਸਾਰੀ ਦੁਨੀਆ 'ਚ ਖੇਤ ਮਜ਼ਦੂਰ ਘਟ ਜਾਣੇ ਹਨ, ਮਸ਼ੀਨੀਕਰਨ ਸਮੇਂ ਦੀ ਵੱਡੀ ਲੋੜ ਹੈ।

janmeja@gmail.com

ਝੋਨਾ ਲਗਾਉਣ ਵਾਲੀ ਮਸ਼ੀਨ ਰਾਹੀਂ ਪਨੀਰੀ ਦੀ ਲਵਾਈ

ਕੋਵਿਡ-19 ਦੀ ਮਹਾਂਮਾਰੀ ਕਰਕੇ ਝੋਨੇ ਦੀ ਲਵਾਈ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਝੋਨੇ ਦੀ ਖੇਤੀ ਲਈ ਜ਼ਰੂਰੀ ਅਤੇ ਮਹੱਤਵਪੂਰਨ ਅੰਗ ਬਣਦੀ ਨਜ਼ਰ ਆ ਰਹੀ ਹੈ। ਕੋਰੋਨਾ ਵਾਇਰਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਹਿਜਰਤ ਵੱਡੇ ਪੱਧਰ 'ਤੇ ਹੋਣ ਕਰਕੇ ਝੋਨੇ ਦੀ ਰਵਾਇਤੀ ਤਰੀਕੇ ਨਾਲ ਲਵਾਈ ਕਰਨ ਵਿਚ ਮੁਸ਼ਕਿਲ ਆ ਸਕਦੀ ਹੈ, ਮਜ਼ਦੂਰਾਂ ਦੀ ਕਮੀ ਕਰਕੇ ਕਈ ਵਾਰੀ ਝੋਨੇ ਦੀ ਲਵਾਈ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਸਮੇਂ 10 ਜੂਨ ਤੋਂ ਵੀ ਲੇਟ ਹੋ ਸਕਦੀ ਹੈ। ਮਜ਼ਦੂਰਾਂ ਦੀ ਕਮੀ ਕਰਕੇ ਝੋਨਾ ਲੇਟ ਲੱਗਣ ਅਤੇ ਵਧੇਰੇ ਸਮਾਂ ਲੱਗਣ ਕਰਕੇ ਅਤੇ ਉਪਰੰਤ ਝੋਨੇ ਦੀ ਫ਼ਸਲ ਲੇਟ ਪੱਕਣ ਕਰਕੇ ਅਗਲੀ ਕਣਕ ਦੀ ਫ਼ਸਲ ਦੀ ਬਿਜਾਈ ਵੀ ਲੇਟ ਹੋ ਸਕਦੀ ਹੈ। ਇਨ੍ਹਾਂ ਹਾਲਤਾਂ ਵਿਚ ਝੋਨੇ ਦੀ ਲਵਾਈ ਮਸ਼ੀਨ ਨਾਲ ਕਰਨ ਨਾਲ ਝੋਨੇ ਦੀ ਲਵਾਈ ਘੱਟ ਮਜ਼ਦੂਰਾਂ ਦੀ ਵਰਤੋਂ ਕਰਦੇ ਹੋਏ ਜਲਦੀ ਨਿੱਬੜ ਸਕਦੀ ਹੈ ਅਤੇ ਉਪਰੰਤ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਤੋਂ ਬਾਅਦ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ। ਇਕ ਦਿਨ ਵਿਚ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਨਾਲ 2-3 ਮਜ਼ਦੂਰ 6-8 ਝੋਨੇ ਦੇ ਖੇਤ ਸਹਿਜੇ ਹੀ ਲਗਾਅ ਸਕਦੇ ਹਨ। ਝੋਨੇ ਦੀ ਮਸ਼ੀਨ ਨਾਲ ਲਵਾਈ ਦੀ ਕਾਮਯਾਬੀ ਲਈ ਝੋਨੇ ਦੀ ਪਨੀਰੀ ਦੀ ਬਿਜਾਈ ਅਤੇ ਸਾਂਭ-ਸੰਭਾਲ ਅਹਿਮ ਹੁੰਦੀ ਹੈ। ਮਸ਼ੀਨਾਂ ਰਾਹੀਂ ਝੋਨੇ ਦੀ ਲਵਾਈ ਲਈ ਟਰੇਆਂ ਜਾਂ ਫਰੇਮਾਂ ਰਾਹੀਂ ਮੈਟ ਟਾਈਪ ਪਨੀਰੀ ਬੀਜੀ ਜਾਂਦੀ ਹੈ, ਇਹ ਟਰੇਆਂ ਜਾਂ ਫਰੇਮ ਵੱਖ-ਵੱਖ ਸਾਈਜ਼ ਦੇ ਹੁੰਦੇ ਹਨ ਅਤੇ ਮਸ਼ੀਨ ਦੇ ਨਾਲ ਹੀ ਉਪਲਬੱਧ ਹੁੰਦੇ ਹਨ। ਝੋਨੇ ਦੀ ਲਵਾਈ ਲਈ ਆਮ ਤੌਰ 'ਤੇ ਜੋ ਪ੍ਰਚਲਿਤ ਮਸ਼ੀਨਾਂ ਹਨ ਉਨ੍ਹਾਂ ਵਿਚ ਇੰਜਣ ਨਾਲ ਚੱਲਣ ਵਾਲੀਆਂ ਮਸ਼ੀਨਾਂ ਅਤੇ ਸੇਲਫ ਪਰੋਪੇਲਡ ਮਸ਼ੀਨਾਂ ਹਨ। ਇਨ੍ਹਾਂ ਵੱਖ-ਵੱਖ ਮਸ਼ੀਨਾਂ ਲਈ ਫਰੇਮਾਂ ਦਾ ਸਾਈਜ਼ ਵੀ ਵੱਖ-ਵੱਖ ਹੁੰਦਾ ਹੈ। ਇਨ੍ਹਾਂ ਫਰੇਮਾਂ ਨੂੰ 50-60 ਗੇਜ਼ ਦੀ ਪੋਲੀਥੀਨ ਸ਼ੀਟ ਜੋ ਕਿ 90 ਸੈਂਟੀਮੀਟਰ ਚੌੜੀ ਹੋਵੇ ਉਪਰ ਟਿਕਾਅ ਕਿ 2 ਸੈਂਟੀਮੀਟਰ ਰੂੜੀ ਮਿਲਿਆ ਰੋੜੇ ਜਾਂ ਪੱਥਰ ਤੋਂ ਰਹਿਤ ਮਿੱਟੀ ਜੇਕਰ ਮਿੱਟੀ ਛਾਣੀ ਹੋਵੇ ਤਾਂ ਚੰਗਾ ਹੋਵੇਗਾ, ਦਾ ਮਿਕਸਚਰ ਪਾ ਕੇ ਝੋਨੇ ਦਾ ਬੀਜ ਬੀਜਿਆ ਜਾਂਦਾ ਹੈ। ਤਕਰੀਬਨ 200 ਮੇਟਾਂ ਲਈ ਲਗਭਗ 8-10 ਕਿਲੋ ਬੀਜ ਇਕ ਏਕੜ ਦੀ ਝੋਨੇ ਦੀ ਲਵਾਈ ਵਾਸਤੇ ਕਾਫੀ ਹੁੰਦਾ ਹੈ। ਬੀਜ ਦੀ ਬੀਜਾਈ ਤੋਂ ਪਹਿਲਾਂ ਬੀਜ ਨੂੰ 8-10 ਘੰਟੇ ਲਈ ਭਿਉਣਾ ਅਤੇ ਛਾਵੇਂ ਤਕਰੀਬਨ ਅੱਧੇ ਘੰਟੇ ਲਈ ਸੁਕਾਉਣ ਤੋਂ ਬਾਅਦ ਫਿਰ ਸਪਰਿੰਟ 75 ਤਾਕਤ ਦਵਾਈ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਸੋਧਣ ਉਪਰੰਤ ਬੀਜਾਈ ਕਰਨੀ ਚਾਹੀਦੀ ਹੈ। ਮੈਟ ਟਾਈਪ ਪਨੀਰੀ ਬੀਜਣ ਲਈ ਥਾਂ ਦੀ ਚੋਣ ਖਾਸੀ ਮਹੱਤਤਾ ਰੱਖਦੀ ਹੈ, ਕਿਉਂਕਿ ਪਾਣੀ ਦੇ ਸੋਮੇ ਤੋਂ 20 ਮੀਟਰ ਦੇ ਘੇਰੇ ਦੇ ਵਿਚ ਮੇਟ ਟਾਇਪ ਝੋਨੇ ਦੀ ਪਨੀਰੀ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਅਜਿਹਾ ਇਸ ਲਈ ਜ਼ਰੂਰੀ ਹੈ ਕਿਉਂਕਿ ਤੇਜ਼ ਧੁੱਪ ਕਰ ਕੇ ਅਤੇ ਸਿਰਫ 2 ਸੈਂਟੀਮੀਟਰ ਮੋਟੀ ਮਿੱਟੀ ਦੀ ਮੋਟਾਈ ਵਾਲੇ ਮੇਟ ਉੱਪਰ ਬੀਜੇ ਗਈ ਝੋਨੇ ਦੀ ਪੌਦ ਨੂੰ ਵਾਰ-ਵਾਰ ਪਾਣੀ ਦੇਣ ਦੀ ਜ਼ਰੂਰਤ ਪੈਂਦੀ ਹੈ। ਕਈ ਵਾਰੀ ਇਸ ਬਾਰੇ ਧਿਆਨ ਨਾ ਦੇਣ ਕਰਕੇ ਜਾ ਅਣਗਹਿਲੀ ਕਰਕੇ ਅਤੇ ਤੇਜ਼ ਧੁੱਪ ਕਾਰਨ ਝੋਨੇ ਦੀ ਪਨੀਰੀ ਦੇ ਸੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਕਰਕੇ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਮਸ਼ੀਨ ਨਾਲ ਲਵਾਈ ਵਿਚ ਕਾਮਯਾਬੀ ਦੀ ਅਹਿਮ ਕੜੀ ਵਜੋਂ ਪਨੀਰੀ ਨੂੰ ਸਫ਼ਲਤਾ ਪੂਰਵਕ ਪ੍ਰਵਾਨ ਚੜ੍ਹਾਉਣਾ ਹੀ ਹੁੰਦਾ ਹੈ। ਝੋਨੇ ਦੀ ਮਸ਼ੀਨ ਨਾਲ ਲਵਾਈ ਅਤੇ ਪਨੀਰੀ ਬੀਜਣ ਵਾਲੇ ਖੇਤਾਂ ਦਾ ਪੱਧਰਾ ਹੋਣਾ ਵੀ ਬੇਹੱਦ ਜ਼ਰੂਰੀ ਹੈ 25-30 ਦਿਨਾਂ ਦੀ ਮੇਟ ਟਾਇਪ ਪਨੀਰੀ ਲੇਜ਼ਰ ਲੈਵਲਰ ਅਤੇ ਚੰਗੇ ਕੁੱਦੂ ਕੀਤੇ ਖੇਤ ਵਿਚ ਮਸ਼ੀਨ ਰਾਹੀਂ ਲਗਾਈ ਜਾ ਸਕਦੀ ਹੈ। ਝੋਨੇ ਦੀ ਮਸ਼ੀਨ ਨਾਲ ਲਵਾਈ ਦੇ ਕੰਮ ਨੂੰ ਸਾਡੇ ਪੇਂਡੂ ਇਲਾਕਿਆਂ ਵਿਚ ਇਕ ਨਵੇਂ ਸਹਾਇਕ ਧੰਦੇ ਵਜੋਂ ਵੀ ਸਥਾਪਿਤ ਕੀਤਾ ਜਾ ਸਕਦਾ ਹੈ, ਇਸ ਮਕਸਦ ਲਈ ਪਿੰਡਾਂ ਜਾਂ ਕਸਬਿਆਂ ਵਿਚ ਅਜਿਹੇ ਉੱਦਮੀ ਨੌਜਵਾਨਾਂ ਲਈ ਕੰਮ ਦੇ ਸੁਨਹਿਰੀ ਮੌਕੇ ਹਨ, ਜੋ ਖੇਤੀ ਤੋਂ ਵਧੇਰੇ ਆਮਦਨ ਲੈਣ ਦੇ ਇੱਛੁਕ ਹਨ। ਮੈਟ ਟਾਇਪ ਪਨੀਰੀ ਬੀਜਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਕੀਤੀ ਜਾ ਸਕਦੀ ਹੈ। ਅਜਿਹੇ ਉੱਦਮੀ ਕਿਸਾਨ ਝੋਨਾ ਲਾਉਣ ਵਾਲੀ ਮਸ਼ੀਨ ਪ੍ਰਾਪਤ ਕਰਦੇ ਹੋਏ ਅਤੇ ਨਾਲ ਹੀ ਮੈਟ ਟਾਇਪ ਪਨੀਰੀ ਖੁਦ ਪੈਦਾ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਪਨੀਰੀ ਦੇ ਨਾਲ-ਨਾਲ ਖੇਤਾਂ ਵਿਚ ਮਸ਼ੀਨ ਰਾਹੀਂ ਲਵਾਈ ਦੀ ਸੇਵਾ ਪ੍ਰਦਾਨ ਕਰਦੇ ਹੋਏ ਜਿਥੇ ਇਲਾਕੇ ਵਿਚ ਝੋਨੇ ਦੀ ਲਵਾਈ ਵਿਚ ਸ਼ਲਾਘਾਯੋਗ ਕੰਮ ਦਾ ਆਰੰਭ ਕਰ ਸਕਦੇ ਹਨ, ਉਥੇ ਨਾਲ ਹੀ ਚੋਖਾ ਮੁਨਾਫ਼ਾ ਹਾਸਲ ਵੀ ਕਰ ਸਕਦੇ ਹਨ ਭਾਵ ਕਿ ਨਾਲੇ 'ਪੁੰਨ ਅਤੇ ਨਾਲੇ ਫਲੀਆਂ' ਵਾਲੀ ਗੱਲ ਸੱਚੀ ਕਰ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਮੇਂ ਸਿਰ ਬੀਜੇ ਗਏ ਝੋਨੇ ਲਈ 33 ਬੂਟੇ ਪ੍ਰਤੀ ਵਰਗ ਮੀਟਰ ਲਗਾਉਣ ਦੀ ਸਿਫ਼ਾਰਿਸ ਕੀਤੀ ਗਈ ਹੈ, ਇਸ ਝੋਨਾ ਲਗਾਉਣ ਵਾਲੀ ਮਸ਼ੀਨ ਨਾਲ ਖੇਤਾਂ ਵਿਚ ਬੂਟਿਆਂ ਦੀ ਗਿਣਤੀ ਪੂਰੀ ਹੋ ਸਕਦੀ ਹੈ ਅਤੇ ਨਤੀਜੇ ਵਜੋਂ ਝੋਨੇ ਦੇ ਝਾੜ ਵਿਚ ਵੀ ਵਾਧਾ ਹਾਸਲ ਕੀਤਾ ਜਾ ਸਕਦਾ ਹੈ। ਪੰਜਾਬ ਭਰ ਵਿਚ ਕਈ ਉੱਦਮੀਆਂ ਵਲੋਂ ਮਾਹਿਰਾਂ ਦੀ ਮਦਦ ਨਾਲ ਝੋਨਾ ਲਾਉਣ ਵਾਲੀ ਮਸ਼ੀਨ ਨਾਲ ਸਪ੍ਰੇਅਰ ਦੀ ਅਟੈਚਮੈਂਟ ਲਗਾ ਕਿ ਦੋਹਰਾ ਫਾਇਦਾ ਵੀ ਉਠਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਪੂਰਾ ਸਾਲ ਇਸ ਮਸ਼ੀਨ ਰਾਹੀਂ ਖੇਤੀ ਅਧਾਰਿਤ ਕੰਮ ਕੀਤੇ ਜਾ ਸਕਦੇ ਹਨ।

-ਖੇਤੀਬਾੜੀ ਅਫ਼ਸਰ, ਜਲੰਧਰ।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX