ਤਾਜਾ ਖ਼ਬਰਾਂ


ਰਾਜਪੁਰਾ (ਪਟਿਆਲਾ) 'ਚ 4 ਕੋਰੋਨਾ ਪਾਜ਼ੀਟਿਵ ਆਉਣ ਕਾਰਨ ਦਹਿਸ਼ਤ ਦਾ ਮਾਹੌਲ
. . .  27 minutes ago
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਚੱਲਦਿਆਂ 3 ਮਰੀਜ਼ ਸ਼ਹਿਰ ਵਿਚ ਅਤੇ ਇਕ ਔਰਤ ਨੇੜਲੇ ਪਿੰਡ ਸਾਹਲ ਵਿਚ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਹ ਜਾਣਕਾਰੀ ਸੀ.ਐਮ.ਓ ਪਟਿਆਲਾ ਡਾ. ਹਰੀਸ਼ ਮਲਹੋਤਰਾ...
ਜੈਤੋ 'ਚ ਪੈਟਰੋਲ ਪੰਪ ਤੋਂ 7 ਹਜ਼ਾਰ ਦੀ ਲੁੱਟ, ਕੀਤੇ ਹਵਾਈ ਫਾਇਰ
. . .  56 minutes ago
ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਮੁਕਤਸਰ ਰੋਡ 'ਤੇ ਸਥਿਤ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਵਿਖੇ ਪ੍ਰਿੰਸ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ ਕਰਿੰਦੇ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 7 ਹਜ਼ਾਰ ਰੁਪਏ ਦੀ ਲੁੱਟ ਤੋਂ ਬਾਅਦ ਦੋ ਹਵਾਈ ਫਾਇਰ ਕਰ ਕੇ ਫ਼ਰਾਰ ਹੋਣ ਜਾਣ ਦਾ ਪਤਾ ਲੱਗਿਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆ...
ਕੋਰੋਨਾ ਨੇ ਮਮਦੋਟ ਵਿਚ ਵੀ ਦਿੱਤੀ ਦਸਤਕ
. . .  about 1 hour ago
ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ) - ਕੋਰੋਨਾ ਵਾਇਰਸ ਦੀ ਮਮਦੋਟ ਵਿਚ ਦਸਤਕ ਨਾਲ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾਕਟਰ ਰਜਿੰਦਰ ਮਨਚੰਦਾ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਦੌਰਾਨ ਬੀ.ਐੱਸ.ਐੱਫ ਦੀ 124 ਬਟਾਲੀਅਨ...
ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ
. . .  about 1 hour ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ...
ਪਠਾਨਕੋਟ 'ਚ 1 ਹੋਰ ਮਰੀਜ਼ ਆਇਆ ਕੋਰੋਨਾ ਪਾਜ਼ੀਟਿਵ
. . .  about 1 hour ago
ਪਠਾਨਕੋਟ, 5 ਜੁਲਾਈ (ਆਰ. ਸਿੰਘ) ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਇਕ ਹੋਰ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 213 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ...
ਪਾਤੜਾਂ (ਪਟਿਆਲਾ) ਅੰਦਰ ਸਿਹਤ ਕਰਮੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ
. . .  about 2 hours ago
ਪਾਤੜਾਂ 5 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ..
ਲੋਹੀਆਂ 'ਚ 2 ਪਾਜ਼ੀਟਿਵ ਮਰੀਜ਼ਾਂ ਨਾਲ ਕੋਰੋਨਾ ਨੇ ਮੁੜ ਦਿੱਤੀ ਦਸਤਕ
. . .  about 2 hours ago
ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ 'ਚ ਭਾਵੇਂ ਲਾਕਡਾਊਨ 'ਚ ਦਿਨੋਂ ਦਿਨ ਢਿੱਲ ਦਿੱਤੀ ...
ਸ੍ਰੀ ਮੁਕਤਸਰ ਸਾਹਿਬ ਦੀ ਕੋਰੋਨਾ ਪੀੜਤ ਔਰਤ ਦੀ ਲੁਧਿਆਣਾ 'ਚ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਾਸੀ....
ਅੰਮ੍ਰਿਤਸਰ 'ਚ ਕੋਰੋਨਾ ਦੇ 7 ਮਾਮਲਿਆਂ ਦੀ ਪੁਸ਼ਟੀ
. . .  about 3 hours ago
ਅੰਮ੍ਰਿਤਸਰ, 5 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
ਸ਼ਾਹਕੋਟ ਦੇ ਪਿੰਡ ਫਾਜਲਪੁਰ 'ਚ ਦੋ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ 25 ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ
. . .  about 2 hours ago
ਸ਼ਾਹਕੋਟ, 5 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਕੋਰੋਨਾ ਮਹਾਂਮਾਰੀ ਦਰਮਿਆਨ ਮੁੱਢਲੀ ਕਤਾਰ 'ਚ ਲੋਕਾਂ ਦੀ ....
ਪੰਜਾਬ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ
. . .  about 3 hours ago
ਫ਼ਾਜ਼ਿਲਕਾ, 5 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ...
ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਫ਼ਰੀਦਕੋਟ, 5 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚ ਫ਼ਰੀਦਕੋਟ ...
ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  about 3 hours ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 4 hours ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 4 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 4 hours ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 4 hours ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 5 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 5 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਦਾ ਛੱਡਿਆ ਪੱਲਾ
. . .  about 5 hours ago
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਐੱਸ.ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ....
ਕਿਸਾਨ ਵਿਰੋਧੀ ਆਰਡੀਨੈਂਸ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਨਾਲ ਕੀਤਾ ਧੋਖਾ : ਕੈਪਟਨ
. . .  about 6 hours ago
ਚੰਡੀਗੜ੍ਹ, 5 ਜੁਲਾਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਾਪ-ਦੰਡ

ਦੋ ਕਿਸ਼ਤਾਂ 'ਚ ਛਪਣ ਵਾਲੀ ਕਹਾਣੀ

ਗਿੱਲਾਂ ਦੀ ਪੱਤੀ ਵੱਲ ਰਾਤ ਦੇ ਦਸ ਕੁ ਵਜੇ, ਅਚਾਨਕ ਫਿਰ ਰੌਲਾ ਪੈ ਗਿਆ। ਸੁੱਤੇ ਅੱਧ-ਸੁੱਤੇ ਲੋਕ ਅੱਭੜਵਾਹੇ ਉੱਠ ਬੈਠੇ ਤੇ ਛੱਤਾਂ ਉੱਪਰੋਂ ਦੀ ਇਕ-ੂਦਸਰੇ ਨੂੰ ਪੁੱਛਣ ਲੱਗੇ, 'ਕੀ ਹੋ ਗਿਆ ਬਈ? ਕੌਣ ਲੜਦੈ? ਕਿਹੜੇ ਪਾਸੇ ਐ?'
' ਕੀ ਆਖਿਐ?'
ਬੱਚੇ ਡਰ ਕੇ ਰੌਲਾ ਪਾਉਣ ਲੱਗੇ ਤਾਂ ਕਿਸੇ ਨੇ ਝਿੜਕਿਆ... 'ਚੁੱਪ ਕਰੋ ਓਏ... ਸੁਣਨ ਦਿਓ', ਸਾਰੇ ਸਾਹ ਰੋਕ ਕੇ ਸੁਣਨ ਲੱਗੇ... ਤਾਂ ਕੋਈ ਬੋਲਿਆ, 'ਕਾਲੇ ਕੱਛਿਆਂ ਵਾਲੇ ਲੁਟੇਰੇ ਆ 'ਗੇ।'
'ਕੈਮ ਹੋ ਜੋ ਬਈ, ਨਿਧਾਨ ਸਿਅ੍ਹਾਂ... ਕੈਲਿਆ, ਓਏ ਸ਼ੇਰਿਆ, ਪ੍ਰੀਤੂ' ਤੇ ਲੋਕ ਸਿਰਹਾਣੇ ਰੱਖੀਆਂ ਤੇ ਪਾਸੇ ਪਈਆਂ ਡਾਂਗਾਂ-ਸੋਟੀਆਂ, ਗੰਡਾਸੇ ਭਾਲਣ ਲੱਗੇ।
ਬੱਚਿਆਂ ਤੇ ਔਰਤਾਂ ਵਿਚ ਸਹਿਮ ਛਾ ਗਿਆ।
ਉਦੋਂ ਹੀ ਲੋਕਾਂ ਨੇ ਗਿੱਲਾਂ ਦੀ ਪੱਤੀ ਵਲੋਂ ਇਕ ਲਲਕਾਰਾ ਸੁਣਿਆ।
'ਕੱਢੋ ਬਾਹਰ ਵੱਡੇ ਸੂਰਮੇ ਨੂੰ। ਹੁਣ ਮਾਂ ਦੀ ਬੁੱਕਲ 'ਚ ਵੜ ਗਿਆ। ਲਾ ਮੱਥਾ, ਹੁਣ ਜਵਾਈ ਨਾਲ...।'
'ਇਹ ਤਾਂ ਮਾਘੀ ਦੀ 'ਵਾਜ ਲੱਗਦੀ ਐ' ਇਕ ਅੱਧ ਹੋਰ ਲਲਕਾਰੇ ਦੀ ਉਡੀਕ ਵਿਚ ਗੁੰਮ-ਸੁੰਮ ਹੋਏ ਲੋਕਾਂ ਵਿਚੋਂ ਇਕ ਨੇ ਅੰਦਾਜ਼ਾ ਲਾਇਆ।
'ਗਿੱਦੜਾਂ ਬਿਨਾਂ ਚੀਕ ਕਿਹੜਾ ਮਾਰੂ? ਇਕ ਹੋਰ ਨੇ ਸਹਿਮਤੀ ਦੀ ਹਾਮੀ ਭਰੀ।'
'ਇਹਦੇ ਵੀ ਸਾਲੇ ਦੇ ਤੀਜੇ ਕੁ ਦਿਨ ਖੁਰਕ ਹੋਣ ਲੱਗ ਜਾਂਦੀ ਐ।'
ਲਲਕਾਰਾ ਫੇਰ ਸੁਣਿਆ... 'ਨਿਕਲੋ ਬਾਹਰ ਓਏ...' ਤੇ ਨਾਲ ਹੀ ਪੱਕੀ ਕੰਧ ਵਿਚ ਡਾਂਗ ਵੱਜਣ ਦਾ ਖੜਾਕ ਹੋਇਆ।
'ਮਾਘੀ ਤਾਂ ਨੀਂ ਲਗਦਾ... ਉਹ ਤਾਂ ਗਾਲ੍ਹ ਈ ਬੜੀ ਕੁੱਤੀ ਕੱਢਦਾ ਹੁੰਦੈ...', ਇਕ ਹੋਰ ਨੇ ਸ਼ੰਕਾ ਪ੍ਰਗਟਾਈ।
ਏਨੇ ਨੂੰ ਤਖਤਿਆਂ ਵਿਚ ਵੱਜਦੀਆਂ ਡਾਂਗਾਂ ਦੀ ਆਵਾਜ਼ ਸੁਣੀ। ਗਾਲ੍ਹਾਂ ਤੇ ਲਲਕਾਰਿਆਂ ਦਾ ਸ਼ੋਰ ਭਬੂਕੇ ਵਾਂਗ ਉੱਠਿਆ... ਜਿਵੇਂ ਅਚਾਨਕ ਧਾੜਵੀ ਆ ਪਏ ਹੋਣ। ਲੋਕ ਦੜਦੜ ਕੋਠਿਆਂ ਤੋਂ ਹੇਠਾਂ ਉਤਰਨ ਲੱਗੇ। ਦਰਵਾਜ਼ੇ ਖੁੱਲ੍ਹੇ ਤੇ ਨਿੱਕੇ ਬੱਚਿਆਂ ਨੂੰ ਵਿਹੜਿਆਂ ਵਿਚ ਰੋਂਦਿਆਂ ਛੱਡ ਕੇ, ਭੀੜ ਰੌਲੇ ਵੱਲ ਵਧੀ ਤੇ ਗਿੱਲਾਂ ਦੀ ਪੱਤੀ ਦੇ ਸਿਰੇ 'ਤੇ ਜਾ ਕੇ ਅਟਕ ਗਈ। ਕੁਝ ਤੱਤੇ ਮੁੰਡਿਆਂ ਨੇ ਅਗਾਂਹ ਜਾਣਾ ਚਾਹਿਆ ਤਾਂ ਉਨ੍ਹਾਂ ਦੇ ਮਾਪਿਆਂ ਵਰਜ ਦਿੱਤਾ।
'...ਪਤਾ ਤਾਂ ਕਰ ਲਈਏ ਕੀ ਗੱਲ ਐ?' ਇਕ ਨੇ ਵਿਰੋਧ ਕੀਤਾ।
'...ਪਤਾ ਕੀ ਕਰਨੈਂ? ਮਾਘੀਓ ਹੋਣਾ ਕੰਜਰ।'
'ਉਦੋਂ ਹੀ ਲਲਕਾਰਾ ਵੱਜਿਆ... ਦੇਖ ਲੋ ਕਿਵੇਂ ਸ਼ੇਰ ਆਂਗੂ ਬੁੱਕਦੈ।'
'...ਬੂਥਾ ਭੰਨਾ ਕੇ ਬਹਿਜੂਗਾ ਹੁਣ...।'
'...ਕੱਲ੍ਹਾ ਮਾਘੀ ਐ, ਕਿ ਸਾਰਾ ਟੱਬਰ ਈ ਐ?'
'...ਉਹ ਕਿਸੇ ਹੋਰ ਪਾਸੇ ਪੰਗਾ ਲੈਣ ਗਏ ਹੋਣਗੇ।'
'...ਪਤਾ ਨੀ ਸਾਲਿਆਂ ਦਾ ਰੌਲਾ ਕਾਹਦੈ ਲੋਕਾਂ ਨਾਲ?'
'...ਰੌਲਾ ਕਾਹਦਾ ਹੋਣੈ, ਪੀਤੀ ਹੁੰਦੀ ਐ, ਖੇੜਨੀ ਹੁੰਦੀ ਐ।'
'...ਕੋਈ ਮਿਲਿਆ ਈ ਨੀ ਇਨ੍ਹਾਂ ਨੂੰ ਸਮਝਾਉਣ ਵਾਲਾ ਅਜੇ ਤਾਈਂ?'
'...ਮਿਲਿਆ ਕਿਉਂ ਨੀਂ? ਬਥੇਰੇ ਮਿਲੇ, ਜੇ ਤੈਨੂੰ 'ਤਬਾਰ ਨੀ ਤਾਂ ਤੂੰ ਮਿਲ ਕੇ ਵੇਖ ਲੀਂ। ਇਹ ਟੱਬਰ ਤਾਂ ਭਾਲਦਾ ਈ ਐ... ਕੋਈ ਆ ਕੇ ਖਹੇ ਇਨ੍ਹਾਂ ਦੇ ਕਿੱਲੇ ਨਾਲ।'
ਫੇਰ ਡਾਂਗਾਂ ਖੜਕੀਆਂ। ਇਕ ਲੰਮੀ ਚੀਕ ਸੁਣੀ ਤੇ ਨਾਲ ਹੀ ਲਲਕਾਰਾ... 'ਜਾਵੇ ਨਾ ਹੁਣ ਬਚ ਕੇ...।'
'...ਜਾਣ ਦਿਓ, ਜਾਣ ਦਿਓ... ਬਥੇਰੀ ਹੋਗੀ...' ਦੀਆਂ ਆਵਾਜ਼ਾਂ ਵੀ ਭੀੜ ਤੱਕ ਪਹੁੰਚੀਆਂ। ਫਾਇਰ ਵਰਗਾ ਧਮਾਕਾ ਵੀ ਹੋਇਆ।
ਭੀੜ ਸਹਿਮ ਗਈ।
'...ਆਹ ਤਾਂ ਮਾਘੀ ਨੀ ਹੋਣਾ...? ਐਨੀ ਜੋਗਾ ਤਾਂ ਉਹ ਹੈਨੀ...।'
'...ਕੀ ਪਤਾ ਸਾਹਮਣਿਓਂ ਚਲਾਇਆ ਹੋਊ ਕਿਸੇ ਨੇ...?'
'...ਚੱਲ ਹੁਣ ਖੁਰਕ ਮੱਠੀ ਹੋ ਜੂ। ਸਾਲਾ ਤੀਏ ਕੁ ਦਿਨ ਲੋਕਾਂ ਦੀ ਨੀਂਦ ਖਰਾਬ ਕਰਦੈ...', ਭੀੜ ਵਿਚੋਂ ਕੋਈ ਦੁਖੀ ਬੋਲਿਆ।
'...ਖੁਰਕ ਮੱਠੀ ਕੀ ਹੋਣੀ ਐ? ਦੋ ਚਾਰ ਦਿਨ ਈ ਐ, ਫੇਰ ਸਿੰਗ ਨਿਕਲ ਆਉਣਗੇ', ਕੋਈ ਭੇਤੀ ਬੋਲਿਆ।
ਗਿੱਲਾਂ ਦੇ ਘਰਾਂ ਵੱਲ ਚੁੱਪ ਹੋ ਗਈ। ਭੀੜ ਉਤਸੁਕਤਾ ਨਾਲ, ਉਧਰੋਂ ਹੋਣ ਵਾਲੀ ਕਿਸੇ ਹਰਕਤ ਦੀ ਉਡੀਕ ਕਰਨ ਲੱਗੀ।
'...ਸਹੁਰਿਓ ਪਤਾ ਤਾਂ ਕਰੋ ਅਗਾਂਹ ਜਾ ਕੇ, ਕਿਤੇ ਕੋਈ ਬੰਦਾ ਤਾਂ ਨੀਂ ਨੁਕਸਾਨਿਆ ਗਿਆ?' ਇਕ ਬਜ਼ੁਰਗ ਨੇ ਸੰਸਾ ਕੀਤਾ।
'...ਬਾਬਾ 'ਗਾਂਹ ਜਾ ਕੇ ਮਰਨੈ? ਕੀ ਪਤਾ ਕੌਣ ਨੇ...?'
'...ਏਥੇ ਖੜ੍ਹੇ ਕੀ ਤਮਾਸ਼ਾ ਵੇਖਦੇ ਐਂ ਫਿਰ? ਆਪਣੇ ਆਪਣੇ ਜਾਉ ਘਰਾਂ ਨੂੰ...।' ਬਜ਼ੁਰਗ ਗੁੱਸੇ ਨਾਲ ਬੋਲਿਆ।
'...ਕਾਹਨੂੰ ਔਖਾ ਹੁੰਦੈਂ ਬਾਬਾ? ਇਹ ਟੱਬਰ ਤਾਂ ਹਰ ਰੋਜ਼ ਈ ਪੰਗਾ ਪਾਈ ਰੱਖਦੈ, ਕਿਸੇ ਨਾ ਕਿਸੇ ਨਾਲ?'
'ਮੂਰਖੋ ਜ਼ਰੂਰੀ ਤਾਂ ਨੀਂ, ਮਾਘੀ ਹੋਵੇ... ਕੀ ਪਤਾ...।'
'...ਬਾਬਾ, ਸਾਨੂੰ ਪਤੈ, ਪਹਿਲੇ ਬੋਲਣ ਵਾਲੇ ਨੇ ਬਾਬੇ ਨੂੰ ਟੋਕਿਆ... ਤੂੰ ਤਾਂ ਅੱਜ ਆਇਐਂ... ਬਾਹਰ, ਜੇ ਮਾਘੀ ਨਾ ਵੀ ਹੋਇਆ, ਹੋਰ ਹੋਇਆ ਕੋਈ... ਫੇਰ ਤੂੰ ਮੌਕੇ ਦਾ ਗਵਾਹ ਬਣੇਂਗਾ...?'
ਬਾਬਾ ਚੁੱਪ ਕਰ ਗਿਆ। ਅਜਿਹੀ ਖੱਜਲ-ਖੁਆਰੀ ਆਪਣੀ ਉਮਰ ਵਿਚ ਉਸ ਨੇ ਬਥੇਰੀ ਵੇਖੀ ਸੀ... 'ਚਲੋ ਭਾਈ ਮਾਘੀ ਹੋਇਆ, ਤਾਂ ਮਾਘੀ ਜਾਣੇ', ਉਸ ਨੇ ਹਉਕਾ ਲਿਆ।
ਗਿੱਲਾਂ ਦੀ ਪਤੀ ਵੱਲ ਅਜੇ ਵੀ ਚੁੱਪ ਸੀ। ਕਦੇ-ਕਦੇ ਕੋਈ ਦਰਵਾਜ਼ਾ ਖੁੱਲ੍ਹਦੇ ਜਾਂ ਬੰਦ ਹੁੰਦੇ ਦੀ ਆਵਾਜ਼ ਹੀ ਆਉਂਦੀ ਸੀ। ਅਗਾਂਹ ਜਾ ਕੇ ਪਤਾ ਕਰਨ ਦੀ ਕਿਸੇ ਦੀ ਵੀ ਹਿੰਮਤ ਨਹੀਂ ਸੀ। ਭੀੜ ਹੌਲੀ-ਹੌਲੀ ਪਿੱਛੇ ਸਰਕਣ ਲੱਗੀ।
'...ਸਹੁਰੇ ਮਾਘੀ ਦਾ ਮਸਾਂ ਵਿਆਹ ਹੋਇਆ ਸੀ...' ਹੋਰ ਇਕ ਨੂੰ ਹੁਣ ਸੱਚਮੁੱਚ ਉਸ ਨਾਲ ਹਮਦਰਦੀ ਜਾਗ ਪਈ।
'...ਅਜੇ ਤਾਂ ਉਸ ਦੀ ਘਰਵਾਲੀ ਦੇ ਹੱਥਾਂ ਤੋਂ ਮਹਿੰਦੀ ਵੀ ਨੀ ਉਤਰੀ ਹੋਣੀ।'
'...ਮਾੜੀ ਕਿਸਮਤ ਬਿਗਾਨੀ ਧੀ ਦੀ।'
'...ਮਾਪੇ ਵੀ ਕੰਜਰ ਨੇ। ਸਹੁਰਿਓ ਖਾਨਦਾਨ ਤਾਂ ਦੇਖ ਲੋ। ਪਿੰਡ 'ਚੋਂ ਈ ਪੁੱਛ ਲੋ...। ਕੰਧ ਤੋਂ ਈ ਰਾਇ ਲੈ ਲੋ...।'
'...ਸੰਯੋਗਾਂ ਦੀ ਗੱਲ ਐ ਭਾਈ...।'
'...ਸੰਯੋਗ ਕੀ ਕਰਨਗੇ ਏਥੇ...? ਲੜਾਈ ਕਿਸੇ ਦੀ ਹੁੰਦੀ ਐ, ਝਮੇਲਾ ਕਿਸੇ ਦਾ ਹੁੰਦਾ ਐ, ਇਨ੍ਹਾਂ ਦਾ ਟੱਬਰ ਐਵੇਂ ਈ, ਬਿਗਾਨੀ ਫੁਲਕਾਰੀ ਥੱਲੇ ਟਕੂਆ ਦੇਈ ਫਿਰੂ।'
ਹੁਣ, ਸਾਰੀ ਭੀੜ ਨੂੰ ਸੱਚਮੁੱਚ ਹੀ ਮਾਘੀ ਦੀ ਨਵੀਂ ਵਿਆਹੀ ਬਹੂ ਨਾਲ ਹਮਦਰਦੀ ਹੋ ਗਈ ਸੀ।
'...ਆਪਾਂ ਹੁਣੇ ਨਾ ਜਾ ਆਈਏ ਮਾਘੀ ਘਰੇ?' ਇਕ ਨੇ ਡਾਢਾ ਦੁਖੀ ਹੁੰਦਿਆਂ ਭੀੜ ਨੂੰ ਪੁੱਛਿਆ।
'...ਜਾਣਾ ਚਾਹੀਦੈ, ਸਿਆਣੀ ਗੱਲ ਐ', ਬਜ਼ੁਰਗ ਸਹਿਮਤ ਹੋ ਗਿਆ।
ਉਦੋਂ ਹੀ ਸਾਹਮਣਿਓਂ ਕਿਸੇੇ ਨੇ ਆ ਕੇ ਪੁੱਛਿਆ, 'ਕੀ ਗੱਲ ਹੋਗੀ ਭਰਾਵੋ? ਕੌਣ ਲੜ ਪਿਆ?'
'...ਕੌਣ ਮਾਘੀ ਐ?' ਇਕ ਨੇ ਪਛਾਣਦਿਆਂ ਕਾਹਲੀ ਨਾਲ ਪੁੱਛਿਆ।
ਲੋਕ ਹੈਰਾਨ ਹੋਏ ਹਨੇਰੇ ਵਿਚ ਹੀ ਇਕ-ਦੂਸਰੇ ਵੱਲ ਝਾਕੇ, ਜਿਵੇਂ ਪੁੱਛ ਰਹੇ ਹੋਣ... 'ਮਾਘੀ ਤਾਂ ਆਹ ਫਿਰਦੈ, ਫੇਰ ਉਹ ਕੌਣ ਹੋਏ... ਜਿਥੇ ਲੜਾਈ ਹੋਈ ਐ।'
ਮਾਘੀ ਦੇ ਟੱਬਰ ਦਾ ਸੁਭਾਅ ਸੀ, ਖਾਹਮਖਾਹ ਕਿਸੇ ਦੇ ਗਲ ਪੈ ਜਾਣਾ ਜਾਂ ਕਿਸੇ ਦੇ ਵਿਆਹ, ਮੰਗਣੇ, ਮਰਨੇ ਤੇ ਬਿਨਾਂ ਸੱਦੇ ਤੋਂ ਸ਼ਰੀਕ ਹੋਣਾ। ਕੋਈ ਲੜਾਈ ਝਗੜਾ ਹੋਣਾ, ਮੱਲੋ-ਮੱਲੀ ਵਿਚ ਜਾ ਫਸਣਾ। ਕਦੇ ਸੁਲਹ ਕਰਵਾਉਣ ਲਈ, ਕਦੇ ਇਕ ਧਿਰ ਬਣ ਕੇ। ਕਈ ਵਾਰੀ ਤਾਂ ਇਉਂ ਹੁੰਦਾ ਸੀ, ਲੜਨ ਵਾਲੇ ਇਕ ਹੋ ਜਾਂਦੇ ਤੇ ਪੰਗਾ ਮਾਘੀ ਕਿਆਂ ਨਾਲ ਪੈ ਜਾਂਦਾ।
ਚਲਾਕ ਬੰਦੇ ਲੋੜ ਪੈਣ ਵੇਲੇ ਇਨ੍ਹਾਂ ਨਾਲ ਸੁਲਹ ਵੀ ਕਰ ਲੈਂਦੇ। ਕਚਹਿਰੀ ਵਿਚ ਤਾਰੀਖ ਭੁਗਤਣ ਜਾਣਾ ਹੁੰਦਾ ਜਾਂ ਗਵਾਹੀਆਂ ਦੀ ਹਿਫਾਜ਼ਤ ਲਈ ਬੰਦਿਆਂ ਦੀ ਲੋੜ ਹੁੰਦੀ। ਰਾਤ-ਬਰਾਤੇ ਖੇਤਾਂ ਨੂੰ ਪਾਣੀ ਲਾਉਣਾ ਹੁੰਦਾ ਤਾਂ ਉਹ ਇਨ੍ਹਾਂ ਨੂੰ ਵਗਾਰ ਲੈਂਦੇ, ਇਹ ਖ਼ੁਸ਼ੀ-ਖ਼ੁਸ਼ੀ ਨਾਲ ਹੋ ਤੁਰਦੇ।
ਪਿੰਡ ਦੇ ਲੋਕਾਂ ਨੂੰ ਇਨ੍ਹਾਂ ਦੇ ਟੱਬਰ ਦੀਆਂ ਅਨੇਕਾਂ ਘਟਨਾਵਾਂ ਯਾਦ ਹਨ।
ਇਕ ਵਾਰ ਨੰਬਰਦਾਰ ਗੇਜਾ ਸਿੰਘ ਦਾ ਮੁੰਡਾ ਮਾਘੀ ਦੇ ਪਿਓ ਕੋਲ ਆਇਆ, 'ਚਾਚਾ ਸਿਆਂ ਗਿੱਲਾਂ ਕਿਆਂ ਨੇ ਆਪਣੀ ਟਾਹਲੀ ਵੱਢ ਲੀ ਖੇਤ 'ਚੋਂ...।'
ਮਾਘੀ ਸੁਣਦਾ ਹੀ, ਭੁੜਕ ਕੇ ਬੋਲਿਆ, 'ਥੋਡੇ ਕੋਲੋਂ ਨਾਸਾਂ ਨੀ ਭੰਨੀਆਂ ਗਈਆਂ?'
ਮਾਘੀ ਦਾ ਪਿਓ ਵੀ ਹਰਖ ਕੇ ਬੋਲਿਆ, 'ਐਂ ਸਾਲੇ ਕਿਵੇੇਂ ਵੱਢ ਲੈਣਗੇ ਟਾਹਲੀ?'
'ਏਹੀ ਤਾਂ ਮੈਂ ਆਹਨੈਂ ਚਾਚਾ, ਥੋਡੇ ਹੁੰਦਿਆਂ ਉਹ ਸਾਲੇ ਨੰਗ, ਟਾਹਲੀ ਵੱਢ ਕੇ ਲੈ ਜਾਣ?' ਨੰਬਰਦਾਰ ਦੇ ਮੁੰਡੇ ਨੇ ਉਨ੍ਹਾਂ ਦੀ ਦਲੇਰੀ ਨੂੰ ਵਡਿਆਇਆ।
'...ਲੈ ਭਤੀਜੇ ਲਿਖ ਲਾ ਮੇਰੀ ਗੱਲ ਫਿਰ, ਏਹੀ ਟਾਹਲੀ ਹੁਣ ਸਿਵਿਆਂ 'ਚ ਮਚੂ ਇਨ੍ਹਾਂ ਦੇ।'
ਤੇ ਅਗਲੇ ਦਿਨ, ਮਾਘੀ ਦਾ ਪਿਓ ਤੇ ਛੋਟਾ ਮੁੰਡਾ ਗਿੱਲਾਂ ਨੂੰ ਖੇਤਾਂ ਵਿਚ ਹੀ ਜਾ ਪਏ। ਉਹ ਵੀ ਇਨ੍ਹਾਂ ਦੀ ਆਦਤ ਤੋਂ ਜਾਣੂ ਸਨ। ਕਹੀਆਂ, ਕਿਰਪਾਨਾਂ ਚੱਲੀਆਂ। ਛੋਟੇ ਦੇ ਸੱਟਾਂ ਵੱਜੀਆਂ ਤੇ ਗਿੱਲਾਂ ਦਾ ਇਕ ਮੁੰਡਾ ਸ਼ਹਿਰ ਜਾ ਕੇ ਮਸਾਂ ਬਚਿਆ।
ਗਿੱਲਾਂ ਨੇ ਪਰਚੇ ਵਿਚ ਤਿੰਨੇ ਪਿਓ-ਪੁੱਤ ਲਿਖਾਏ। ਨੰਬਰਦਾਰ ਪਾਸੇ ਹੀ ਨਿਕਲ ਗਿਆ। ਉਹ ਰਾਜ਼ੀਨਾਮੇਂ ਨੂੰ ਅੰਦਰਖਾਤੇ ਤਾਂ ਕਹਿੰਦਾ ਰਿਹਾ ਪਰ ਪੁਲਿਸ ਨੇ ਪੈਰ ਨਾ ਲੱਗਣ ਦਿੱਤੇ। ਗੱਲ ਥਾਣੇ ਵਿਚੋਂ ਕਚਹਿਰੀ ਚਲੀ ਗਈ। ਮਾਘੀ ਨੂੰ ਸਾਲ ਦੀ ਸਜ਼ਾ ਹੋ ਗਈ।
ਕਈ ਮਹੀਨਿਆਂ ਤੱਕ, ਪਿੰਡ ਦੇ ਲੋਕ ਇਸ ਘਟਨਾ ਦੀਆਂ ਗੱਲਾਂ ਸੁਣਾ ਕੇ ਸੁਆਦ ਲੈਂਦੇ ਰਹੇ ਤੇ ਮਾਘੀ ਕਿਆਂ ਨੂੰ ਟਿੱਚਰਾਂ ਕਰਦੇ ਰਹੇ।
ਉਨ੍ਹਾਂ ਲਈ ਕੋਈ ਖਾਸ ਨਮੋਸ਼ੀ ਵਾਲੀ ਗੱਲ ਨਹੀਂ ਸੀ। '... ਰੋਟੀਆਂ ਈ ਚਾਰ ਖਾਣੀਆਂ ਸੀ। ਉਹ ਜੇਲ੍ਹ 'ਚ ਖਾ ਲੈਂਦਾ ਹੋਊਗਾ। ਚੰਗਾ ਈ ਹੋਇਆ, ਕੋਈ ਹੁਨਰ ਸਿੱਖ ਕੇ ਆਊਗਾ। ਭੂਰੇ ਕਾ ਬਿੱਲੂ, ਮੰਜੇ ਬੁਣਨੇ ਸਿੱਖ ਕੇ ਆਇਆ ਸੀ...।' ਮਾਘੀ ਦਾ ਪਿਓ, ਲੋਕਾਂ ਨੂੰ ਦੱਸਦਾ।
ਇਹ ਤਾਂ ਨਹੀਂ ਪਤਾ ਲੱਗਾ ਮਾਘੀ ਮੰਜੇ ਬੁਣਨੇ ਸਿੱਖ ਕੇ ਆਇਆ ਜਾਂ ਨਹੀਂ ਪਰ ਉਹ ਪਹਿਲਾਂ ਨਾਲੋਂ ਵਧੇਰੇ ਨਿਡਰ ਹੋ ਗਿਆ, ਜਿਹੜਾ ਕੋਈ ਛੇੜਦਾ, ਉਹ ਹੱਸ ਕੇ ਆਖਦਾ, 'ਉਥੇ ਤਾਂ ਮੌਜਾਂ ਈ ਬੜੀਆਂ।'
'...ਉਥੇ ਕੰਮ ਵੀ ਤਾਂ ਲੈਂਦੇ ਆ ਕਸਾਈਆਂ ਆਂਗੂੰ।'
'...ਕਿਹੜੇ ਕੰਮ?' ਮਾਘੀ ਹੱਸਦਾ 'ਦੋ ਈ ਕੰਮ ਐ ਉਥੇ ਰੋਟੀ ਖਾ ਛੱਡਣੀ ਤੇ ਸੌਂ ਛੱਡਣਾ।'
ਤੇ ਉਹਦੇ ਵਰਗੇ ਕਈ ਲੰਡਰ ਸੋਚਦੇ, 'ਐਥੇ ਨਾਲੋਂ ਤਾਂ ਜੇਲ੍ਹ 'ਚ ਈ ਚੰਗਾ ਐ, ਫਿਰ...।'
'...ਉਥੇ ਤੀਵੀਆਂ ਵੀ ਹੁੰਦੀਐਂ ਵਿਚ?' ਕੋਈ ਮਾਘੀ ਵਰਗਾ ਛੜਾ ਪੁੱਛਦਾ।
'...ਬਸ ਆਹੀ ਮਾੜੀ ਗੱਲ ਐ, ਸਰਕਾਰ ਦੀ। ਉਨ੍ਹਾਂ ਨੇ ਤੀਵੀਆਂ ਦੀ ਅੱਡ ਜੇਲ੍ਹ ਬਣਾਈ ਐ' ਮਾਘੀ ਡਾਢੇ ਝੋਰੇ ਨਾਲ ਦੱਸਦਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-19/374, ਕ੍ਰਿਸ਼ਨਾ ਨਗਰ, ਮੋਗਾ-142001.
ਮੋਬਾਈਲ : 98147-83069.


ਖ਼ਬਰ ਸ਼ੇਅਰ ਕਰੋ

ਕਹਾਣੀ -ਭੂਆ ਦਾ ਦਰਦ

ਭੂਆ ਪਿੰਡ ਪਹੁੰਚ ਤਾਂ ਗਈ। ਪਰ ਪਹੁੰਚਣ ਤੋਂ ਪਹਿਲਾਂ ਉਸ ਨੂੰ ਅਗਨੀ ਪ੍ਰੀਖਿਆ ਪਾਸ ਕਰਨੀ ਪਈ। 'ਪਹਿਲਾਂ ਤਾਂ 14 ਦਿਨ ਉਸ ਨੂੰ ਜਹਾਜ਼ੋਂ ਉੱਤਰਦਿਆਂ ਹੀ ਸਰਕਾਰ ਵਲੋਂ ਬਣਾਏ ਗਏ ਕੁਆਰਟੀਨ ਕੈਂਪ ਵਿਚ ਗੁਜ਼ਾਰਨੇ ਪਏ, ਉੱਤੋਂ ਉਸ ਨੂੰ ਲੈਣ ਤੱਕ ਕੋਈ ਨਾ ਆਇਆ।' ਅੱਗੇ ਤਾਂ ਇਸ ਤਰ੍ਹਾਂ ਕਦੀ ਨਾ ਹੋਇਆ, ਉਲਟਾ ਦੋ-ਤਿੰਨ ਘੰਟੇ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਹੁੰਦੇ।
ਭੂਆ ਦਾ ਸਾਰਾ ਪਰਿਵਾਰ ਖੁਦ ਭੂਆ ਸਮੇਤ ਸਪੇਨ ਵਿਚ ਸੈਟਲ ਸੀ। ਭੂਆ ਹਰ ਸਾਲ ਆਪਣੇ ਪੇਕੇ ਪਿੰਡ ਅਤੇ ਸਹੁਰੇ ਪਿੰਡ ਜ਼ਰੂਰ ਗੇੜਾ ਮਾਰਦੀ। ਪੇਕੇ ਅਤੇ ਸਹੁਰੇ ਪੂਰਾ ਸਾਲ ਭੂਆ ਦਾ ਇੰਤਜ਼ਾਰ ਕਰਦੇ ਰਹਿੰਦੇ, ਕਿਉਂਕਿ ਕੱਪੜੇ-ਲੀੜੇੇ ਤੋਂ ਇਲਾਵਾ ਉਹ ਉਨ੍ਹਾਂ ਦੀ ਆਰਥਿਕ ਮਦਦ ਵੀ ਕਰ ਦਿੰਦੀ। ਬਾਹਰਲੀ ਮਿਲਦੀ ਪੈਨਸ਼ਨ ਨਾਲ ਭੂਆ ਸਾਰਿਆਂ ਦਾ ਸਾਰੀ ਜਾਂਦੀ ਸੀ। ਦੋਵਾਂ ਪਿੰਡ ਦੇ ਰਿਸ਼ਤੇਦਾਰ ਭੂਆ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਨਾ ਥੱਕਦੇ। ਭੂਆ ਪਿੰਡ 'ਚ ਗਰੀਬ ਹਮਾਤੜਾਂ ਦੀ ਮਦਦ ਵੀ ਕਰ ਦਿੰਦੀ, ਖਾਸ ਕਰ ਜੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਹੋਵੇ ਤਾਂ ਉਚੇਚਾ ਹੱਥ ਵਟਾ ਦਿੰਦੀ।
ਪਰ ਇਸ ਵਾਰ ਇਸ ਕੋਰੋਨਾਵਾਇਰਸ ਨੇ ਭੂਆਂ ਦਾ ਸਾਰਾ ਧੂੰਆਂ ਕੱਢ ਦਿੱਤਾ। ਹਾਲ-ਚਾਲ ਤਾਂ ਦੂਰ ਦੀ ਗੱਲ ਕੋਈ ਨੇੜੇ ਵੀ ਨਾ ਢੁਕਿਆ। ਭਤੀਜਿਆਂ ਨੇ ਭੂਆ ਨੂੰ ਇਕ ਵੱਖਰੇ ਕਮਰੇ ਵਿਚ ਤਾੜ ਦਿੱਤਾ। ਜਿਹੜੇ ਕਦੀ ਭੂਆ ਨੂੰ ਮੰਜੇ ਤੋਂ ਭੁੰਜੇ ਪੈਰ ਵੀ ਨਹੀਂ ਸਨ ਰੱਖਣ ਦਿੰਦੇ, ਉਹ ਹੁਣ ਭੂਆ ਵੱਲ ਚੱਜ ਦੀ ਨਜ਼ਰ ਨਾਲ ਵੀ ਨਾ ਦੇਖਦੇ। ਇਥੋਂ ਤੱਕ ਕਿ ਭੂਆ ਵਲੋਂ ਲਿਆਂਦੇ ਗਏ ਵੱਡੇ-ਵੱਡੇ ਸੂਟ ਕੇਸਾਂ ਨੂੰ ਕਿਸੇ ਨੇ ਛੂਹਿਆ ਤੱਕ ਨਾ। ਜਿਥੇ ਪਹਿਲੇ ਦਿਨ ਲਿਆ ਕੇ ਰੱਖੇ ਸਨ ਹੁਣ ਤੱਕ ਉੱਥੇ ਪਏ ਹੋਏ ਸਨ। ਭੂਆ ਦੀ ਹਾਲਤ ਹੋਰ ਵੀ ਪਤਲੀ ਹੋ ਗਈ ਜਦੋਂ ਪ੍ਰਧਾਨ ਮੰਤਰੀ ਨੇ ਪੂਰਾ ਦੇਸ਼ ਕੁਝ ਹਫ਼ਤਿਆਂ ਲਈ ਲਾਕਡਾਊਨ ਕਰ ਦਿੱਤਾ।
ਭੂਆ ਦੀ ਧਾਰਮਿਕ ਸਥਾਨ 'ਤੇ ਜਾਣ ਦੀਆਂ ਸਧਰਾਂ ਧਰੀਆਂ-ਧਰਾਈਆਂ ਰਹਿ ਗਈਆਂ। ਹੁਣ ਤਾਂ ਇਹ ਵੀ ਨਹੀਂ ਸੀ ਪਤਾ ਕਿ ਕਦੋਂ ਤੱਕ ਭੂਆ ਨੂੰ ਇਸ ਜਲਾਵਤਨੀ ਵਿਚ ਰਹਿਣਾ ਪਵੇਗਾ। ਅੰਦਰੋ-ਅੰਦਰ ਭੂਆ ਨੂੰ ਪਰਿਵਾਰ ਦੀ ਚਿੰਤਾ ਨੇ ਹੋਰ ਵੀ ਖੋਖਲਾ ਕਰ ਦਿੱਤਾ। ਕੋਰੋਨਾ ਵੱਲੋਂ ਹੜੱਪੀਆਂ ਜਾ ਰਹੀਆਂ ਮੌਤਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਸੀ।
ਅੱਜ ਲਾਕਡਾਊਨ ਦਾ ਪੰਜਵਾਂ ਦਿਨ । ਸਿਵਾਏ ਰੋਟੀ ਪਾਣੀ ਦੇ ਭੂਆ ਨਾਲ ਕੋਈ ਖੁੱਲ੍ਹ ਕੇ ਗੱਲ ਨਾ ਕਰਦਾ,ਉਸ ਨੂੰ ਇੰਝ ਲਗਦਾ ਜਿਵੇਂ ਇੱਥੇ ਆ ਕੇ ਉਸ ਨੇ ਕੋਈ ਬੜਾ ਵੱਡਾ ਜੁਰਮ ਕਰ ਲਿਆ ਹੋਵੇ। ਜਿਸ ਪਿੰਡ ਵਾਸਤੇ ਉਹ ਏਨਾ ਮੋਹ ਕਰਦੀ, ਕਈ ਪਤਾ ਲੈਣ ਤੱਕ ਨਾ ਆਇਆ। ਭੂਆ ਚੱਕੀ ਦੇ ਪੁੜਾਂ ਵਿਚ ਕਣਕ ਵਾਂਗ ਪਿਸ ਰਹੀ ਸੀ। ਹਰ ਕੋਈ ਸਹਿਮਿਆ-ਸਹਿਮਿਆ ਨਜ਼ਰ ਆ ਰਿਹਾ ਸੀ। ਪੂਰੇ ਪਿੰਡ ਵਿਚ ਸੁੰਨ-ਮਸਾਨ ਪਸਰੀ ਹੋਈ ਸੀ । ਏਨਾ ਤਾਂ ਉਸ ਨੂੰ ਪਤਾ ਸੀ ਕਿ ਕੋਰੋਨਾ ਦਾ ਕਹਿਰ ਪੂਰੇ ਸੰਸਾਰ ਵਿਚ ਫੈਲਿਆ ਹੋਇਆ ਹੈ। ਪਰ ਉਸ ਦੇ ਨਾਲ ਇਹ ਸਾਰੇ ਏਦਾਂ ਦਾ ਵਿਵਹਾਰ ਕਿਉਂ ਕਰ ਰਹੇ ਨੇ ਇਹ ਉਸ ਦੀ ਸਮਝ ਤੋਂ ਬਾਹਰ ਸੀ। ਭੂਆ ਦੀ ਹਾਲਤ ਹਰ ਪਲ ਦੇ ਨਾਲ ਪਤਲੀ ਹੁੰਦੀ ਜਾ ਰਹੀ ਸੀ। ਉਹ ਦਿਮਾਗੀ ਤੌਰ 'ਤੇ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਈ।
ਵਾਪਸ ਪਰਤਣ ਜੋਗੀ ਨਹੀਂ ਸੀ। ਸਾਰੀਆਂ ਫਲਾਈਟਾਂ ਬੰਦ ਹੋ ਚੁੱਕੀਆਂ ਸਨ। ਆਪਣੇ ਪਰਿਵਾਰ ਨਾਲ ਮੇਲ ਉਸ ਨੂੰ ਸੁਪਨਾ ਲੱਗਣ ਲੱਗ ਪਿਆ ।
ਆਖਰ ਇਕ ਦਿਨ ਭੂਆ ਚੁੱਪ ਚਪੀਤੀ ਖੇਤਾਂ ਵਿਚ ਬਣੇ ਬੰਬੀ ਦੇ ਨਾਲ ਛੋਟੇ ਜਿਹੇ ਕਮਰੇ ਵਿਚ, ਜਿਥੇ ਕਦੀ ਉਸ ਦਾ ਘਰਵਾਲਾ ਅਕਸਰ ਰਾਤ ਨੂੰ ਪਾਣੀ ਲਾਉਣ ਤੋਂ ਬਾਅਦ ਪੈਂਦਾ ਸੀ, ਚਲੀ ਗਈ।
ਭਤੀਜਿਆਂ ਨੇ ਸੋਚਿਆ ਸ਼ਾਇਦ ਭੂਆ ਪਿੰਡ ਵਿਚ ਕਿਸੇ ਦੇ ਘਰ ਮਿਲਣ ਲਈ ਗਈ ਹੋਣੀ ਭੂਆ ਸਵੇਰ ਤੱਕ ਨਾ ਮੁੜੀ। ਉਹ ਸੋਚੀਂ ਪੈ ਗਏ, ਕਿੳਂੁਕਿ ਕੋਰੋਨਾ ਦੇ ਚੱਕਰ 'ਚ ਕੋਈ ਕਿਸੇ ਨੂੰ ਘਰ ਤਾਂ ਕੀ ਵਾੜਨਾ ਉਲਟਾ ਇਕ ਮੀਟਰ ਦੀ ਦੂਰੀ ਤੋਂ ਹੀ ਲੰਘਦੇ। ਸਾਰੇ ਭੂਆ ਨੂੰ ਭਾਲਣ ਲਈ ਹੱਥ-ਪੈਰ ਮਾਰਨ ਲੱਗ ਪਏ। ਦੋ ਦਿਨਾਂ ਤੱਕ ਉਨ੍ਹਾਂ ਨੇ ਸਾਰਾ ਪਿੰਡ ਛਾਣ ਮਾਰਿਆ, ਆਖਿਰ ਭੂਆ ਕਿੱਥੇ ਚਲੀ ਗਈ, ਕਿਉਂਕਿ ਸਾਮਾਨ ਤੱਕ ਕੀ ਭੂਆ ਦਾ ਪਾਸਪੋਰਟ ਅਤੇ ਪੈਸਿਆਂ ਵਾਲਾ ਪਰਸ ਵੀ ਅੰਦਰ ਹੀ ਪਿਆ ਹੋਇਆ ਸੀ। ਅਚਾਨਕ ਤੀਜੇ ਦਿਨ ਛੋਟਾ ਭਤੀਜਾ ਜਦੋਂ ਬੰਬੀ ਵੱਲ ਗੇੜਾ ਮਾਰਨ ਆਇਆ ਤਾਂ ਬੰਬੀ ਦੇ ਨਾਲ ਦੇ ਛੋਟੇ ਕਮਰੇ 'ਚ ਭੂਆ ਟੱਡੀਆਂ ਅੱਖਾਂ ਨਾਲ ਆਕੜੀ ਪਈ ਸੀ। ਜਿਵੇਂ ਭੂਆ ਬੇਬਸੀ ਵਿਚ ਇੱਥੇ ਆਉਣ ਦਾ ਦੁੱਖ ਮਨਾ ਰਹੀ ਹੋਵੇ।
ਹੁਣ ਸਰਕਾਰ ਵਲੋਂ ਸਾਰਾ ਪਿੰਡ ਸੀਲ ਕੀਤਾ ਹੋਇਆ ਸੀ। ਪੂਰੇ ਪਿੰਡ ਨੂੰ ਸੈਨੇਟਾਈਜ਼ ਕਰਨ ਉਪਰੰਤ ਹਰ ਇਕ ਦਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਜਾ ਰਿਹਾ ਸੀ।

-ਪਿੰਡ ਤੇ ਡਾਕ-ਪੰਡੋਰੀ ਬੈਂਸਾਂ, ਤਹਿ: ਜ਼ਿਲ੍ਹਾ ਗੁਰਦਾਸਪੁਰ-143531
ਮੋਬਾਈਲ : 94179-48146.

'ਧੰਦਾ ਬਦਲਣ ਦਾ ਯੁੱਗ ਸ਼ੁਰੂ'

ਹਿੰਦੀ ਵਿਅੰਗ

ਇਕ ਵਕਤ ਸੀ ਜਦੋਂ ਦਲ ਬਦਲਣ ਨੂੰ ਅਨੈਤਿਕ ਮੰਨਿਆ ਜਾਂਦਾ ਸੀ। ਸਾਡੇ ਦੇਸ਼ ਦੇ ਇਕ ਰਾਜ ਵਿਚ, ਕੁਝ ਸਾਲ ਪਹਿਲਾਂ ਇਕ ਦਿਨ ਵਿਚ ਹੀ ਤਾਕਤ ਖੋਹਣ ਦੇ ਚੱਕਰ ਵਿਚ ਹੋਲਸੇਲ ਵਿਚ ਸਾਰੇ ਦਾ ਸਾਰਾ ਟੱਬਰ ਹੀ ਦਲ ਬਦਲ ਗਿਆ ਸੀ। ਉਸ ਸਮੁੰਦਰ ਮੰਥਨ ਵਿਚ 'ਆਇਆ ਰਾਮ-ਗਿਆ ਰਾਮ' ਵਰਗੇ ਕਈ ਹੀਰਿਆਂ ਦੀ ਪ੍ਰਾਪਤੀ ਹੋਈ ਸੀ। ਦਲਬਦਲੀ ਸਾਰਿਆਂ ਤੋਂ ਚੰਗਾ ਧੰਦਾ ਬਣ ਗਿਆ। ਇਸ ਨਾਲ ਹੀ ਇਕ ਨਵਾਂ ਸ਼ਬਦ ਸਾਹਮਣੇ ਆਇਆ-'ਹਾਰਸ-ਟ੍ਰੇਡਿੰਗ'। ਇਸ ਨਾਲ ਬੰਦੇ ਦੀ ਹਾਰਸ ਪਾਵਰ ਦਾ ਅੰਦਾਜ਼ਾ ਲੱਗ ਜਾਂਦਾ ਸੀ ਕਿ ਸੌਦਾ ਕਿੰਨੇ ਵਿਚ ਹੋਵੇਗਾ। ਤਾਕਤ ਕਿਸੇ ਦੇ ਵੀ ਹੱਥ ਵਿਚ ਹੋਵੇ, ਦਲ ਬਦਲਣ ਦਾ ਧੰਦਾ ਦਾਰੂ ਦੀ ਤਰ੍ਹਾਂ ਐਵਰਗ੍ਰੀਨ ਰਹੇਗਾ।
ਪਰ ਨੋਟਬੰਦੀ ਨੇ ਕਈਆਂ ਦਾ ਧੰਦਾ ਚੋਪਟ ਕਰ ਦਿਤਾ ਸੀ। ਹੋਟਲਾਂ ਵਾਲੇ, ਹਸਪਤਾਲਾਂ ਨੂੰ ਛੱਡ ਕੇ ਹੋਟਲਾਂ ਨੂੰ ਹਸਪਤਾਲ ਬਣਾਉਣ ਬਾਰੇ ਸੋਚ ਰਹੇ ਹਨ। ਉਨ੍ਹਾਂ ਦਾ ਹਿਸਾਬ ਹੈ ਕਿ ਕੋਰੋਨਾ, ਡੇਂਗੂ, ਫਲੂ-ਵਰਗਾ ਅਸ਼ੀਰਵਾਦ ਮਿਲਦਾ ਰਹੇ ਤਾਂ ਹਸਪਤਾਲਾਂ ਦਾ ਧੰਦਾ ਕਦੇ ਮੰਦਾ ਨਹੀਂ ਹੋਵੇਗਾ। ਸਮਾਜ ਸੇਵਕ ਵੀ ਮੰਦਰ ਬਣਾਉਣ ਦੀ ਥਾਂ ਹਸਪਤਾਲ ਬਣਾਉਣ ਦੀ ਜ਼ਿਦ ਕਰ ਰਹੇ ਹਨ। ਇਧਰ ਲਾਕਡਾਊਨ ਵਿਚ ਬੀਮਾਂ ਕੰਪਨੀਆਂ ਵੀ ਟੀ. ਵੀ. ਉੱਪਰ ਹਰ ਪੰਜ ਮਿੰਟਾਂ ਬਾਅਦ, ਹਰ ਦੂਜੇ-ਤੀਜੇ ਚੈਨਲ 'ਤੇ ਡਰਾ ਡਰਾ ਕੇ ਬੀਮਾ ਕਰਵਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਬੰਦੇ ਨੂੰ ਜ਼ਰਾ ਜਿਹੀ ਖੰਘ ਜ਼ੁਕਾਮ ਹੋਵੇ ਤਾਂ ਹਸਪਤਾਲ ਅਤੇ ਬੀਮੇ ਵੱਲ ਦੌੜ ਲਗਾਏਗਾ।
ਵੈਸੇ ਵੀ ਲਾਕਡਾਊਨ ਨੇ ਗੋਲ ਰੋਟੀ ਬਣਾਉਣ ਦਾ ਅਭਿਆਸ ਕੀ ਕਰਵਾ ਦਿੱਤਾ, ਨਿਕੰਮੇ ਵੀ ਰਸੋਈ ਦੇ ਸੰਜੀਵ ਕਪੂਰ ਬਣ ਗਏ ਹਨ। ਯਾਨੀ ਹੋਟਲਾਂ ਦਾ ਧੰਦਾ ਪਾਣੀ ਬੰਦ। ਭਵਿੱਖ ਹੁਣ ਹਸਪਤਾਲਾਂ, ਡਾਕਟਰਾਂ, ਕੈਮਿਸਟਾਂ ਦਾ ਹੀ ਚਮਕਣ ਲੱਗ ਪਿਆ ਹੈ। ਧੂਫ਼ ਬੱਤੀ ਦੀਆਂ ਦੁਕਾਨਾਂ ਤੋਂ ਸ਼ਰਧਾ ਜਿਹੀ ਖ਼ਤਮ ਹੋ ਗਈ ਹੈ।
ਅਸੀਂ ਆਪਣੇ ਕਾਰ ਧੋਣ ਵਾਲੇ ਬਹਾਦਰ ਨੂੰ ਫੋਨ ਕੀਤਾ। ਉਹ ਬੋਲਿਆ-ਸ਼ਾਬ ਜੀ! ਗੱਡੀ ਆਪ ਧੋ ਲਓ। ਵੈਸੇ ਵੀ ਧੁਲਾਈ ਦਾ ਧੰਦਾ ਛੱਡ ਕੇ ਪਾਣੀ ਦਾ ਧੰਦਾ ਕਰ ਲਿਆ ਹੈ। ਇਕ ਰੇਹੜੀ ਉੱਪਰ ਚਾਰ ਵਾਸ਼ਵੇਸਨ, ਪਾਣੀ ਦੇ ਪੰਪ ਲਗਾ ਦਿੱਤੇ ਹਨ। ਸੈਨੀਟਾਈਜ਼ਰ, ਤਰਲ ਸੋਪ, ਸਾਬਣ, ਟਿਸ਼ੂ ਪੇਪਰ, ਗਲਵਜ਼ ਵਗੈਰਾ ਵਾਧੂ ਰੱਖ ਦਿੱਤੇ ਹਨ। ਸਬਜ਼ੀ ਦੀ ਰੇਹੜੀ ਵਾਲਿਆਂ ਵਾਂਗ ਇਸ ਉੱਪਰ ਵੀ ਰਿਕਾਰਡਡ ਮੈਸਿਜ ਚੱਲ ਰਿਹਾ ਹੈ। ਰੇਹੜੀ ਉੱਪਰ ਰੰਗ-ਬਿਰੰਗੇ ਫਲੈਕਸ ਬੋਰਡ ਫਿਕਸ ਹਨ-'ਦੁਕਾਨਾਂ ਦੇ ਅੰਦਰ ਜਾਣ ਤੋਂ ਪਹਿਲਾਂ ਅਤੇ ਬਾਹਰ ਆਉਣ ਤੋਂ ਬਾਅਦ, ਹੱਥ ਇੱਥੇ ਸੈਨੀਟਾਈਜ ਕਰੋ। ਰੇਟ 10 ਰੁਪਏ।' ਆਈਡੀਆ ਹਿੱਟ ਹੈ। ਸ਼ਾਬ ਜੀ ਤੁਹਾਨੂੰ ਮੇਰੀ ਕੰਪਨੀ ਦੀ ਫਰੈਂਚਾਈਜ਼ ਲੋੜ ਹੋਵੇ ਤਾਂ ਦੱਸੋ। ਤੁਹਾਨੂੰ ਰਿਆਇਤ। ਲੋਕਾਂ ਨੂੰ ਸਫਾਈ ਦੀ ਆਦਤ ਪੈ ਗਈ ਹੈ। ਕਈ ਤਾਂ ਦਸ-ਦਸ ਵਾਰ ਧੋ ਰਹੇ ਹਨ। ਇਸ ਲਈ ਸ਼ਾਬ ਜੀ! ਅੱਜ ਤੋਂ ਗੱਡੀ ਤੁਸੀਂ ਧੋਇਆ ਕਰੋਗੇ। ਹੱਥ ਧੋਣੇ ਹਨ ਤਾਂ ਦਸੋ। ਸੈਨੀਟਾਈਜ਼ਰ, ਗਲਵਜ਼, ਮਾਸਕ ਚਾਹੀਦੇ ਹਨ ਤਾਂ ਦੱਸੋ। ਸਾਨੂੰ ਪਤਾ ਲੱਗ ਗਿਆ ਕਿ ਹਾਲੇ ਤਾਂ ਬਹਾਦਰ ਤੋਂ ਹੀ ਹੱਥ ਧੋਤੇ ਹਨ, ਅੱਗੇ ਅੱਗੇ ਦੇਖਦੇ ਹਾਂ ਕੀ ਹੁੰਦੈ?
ਘਬਰਾ ਕੇ ਕੰਮ ਵਾਲੀ ਨੂੰ ਦੱਸਿਆ ਕਿ ਲਾਕਡਾਊਨ ਦਾ ਲਾਕ ਖੁੱਲ੍ਹੇ ਨੂੰ ਕਈ ਦਿਨ ਹੋ ਗਏ ਹਨ, ਹੁਣ ਤਾਂ ਆ ਜਾ। ਉਹ ਬੋਲੀ-ਬਾਬੂ ਜੀ! ਕੀ ਕਰਾਂਗੇ ਆ ਕੇ? ਸਾਰਾ ਰਾਸ਼ਨ ਪਾਣੀ, ਪੱਕਿਆ ਪਕਾਇਆ ਖਾਣਾ ਸਾਡੇ ਘਰ ਆ ਰਿਹਾ ਹੈ। ਤੁਸੀਂ ਕਹੋ ਤਾਂ ਤੁਹਾਡੇ ਲਈ ਵੀ ਪੈਕਟ ਲਿਆ ਦਿਆ ਕਰਾਂ।
ਰਫ਼ੂਚੱਕਰ ਹੋ ਗਏ ਡਰਾਈਵਰ ਨੂੰ ਟੋਹਿਆ ਤਾਂ ਉਹ ਕਹਿਣ ਲੱਗਾ-ਬਾਬੂ ਜੀ! ਅੱਜ ਤਾਂ ਲਾਈਨ ਵਿਚ ਲੱਗਾ ਹਾਂ, ਪੰਜ ਕਿਲੋਮੀਟਰ ਲੰਬੀ ਹੈ। ਲਾਈਨ ਹੈ ਕਿ ਚਲਦੀ ਹੀ ਨਹੀਂ। ਉੱਪਰੋਂ ਗਰਮੀ, ਥੱਲੇ ਪੁਲਿਸ ਦੇ ਡੰਡੇ। ਹੱਥ ਵਿਚ ਫਰੈਕਚਰ ਲੱਗ ਰਿਹਾ ਹੈ।
ਹੁਣ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਹੈ ਕਿ ਜਿਸ ਸੋਮਰਸ ਨੂੰ ਪੀ ਕੇ ਸੁਗਰੀਵ ਟੁਨ ਰਹਿੰਦਾ ਸੀ ਅਤੇ ਬਾਲੀ ਨਾਲ ਲੜ ਪੈਂਦਾ ਸੀ, ਉਹ ਏਨੇ ਸਾਲਾਂ ਬਾਅਦ ਵੀ ਬੜੀ ਅਮਰ, ਅਜਰ ਅਤੇ ਇਫੈਕਟਿਵ ਆਈਟਮ ਹੈ। ਹਿੰਦੁਸਤਾਨ ਵਿਚ ਕੋਰੋਨਾ ਵਧਾਉਂਦੇ, ਧਰਮ ਅਸਥਾਨ, ਕੋਰੋਨਾ ਨਾਲ ਲੜਦੇ ਮੈਖ਼ਾਨੇ। ਦਾਰੂ ਬੜੀ ਸੈਕੂਲਰ ਆਈਟਮ ਹੈ। ਲਾਈਨ ਵਿਚ ਖੜ੍ਹੇ ਹੋ ਕੇ ਆਦਮੀ, ਜਾਤ-ਪਾਤ, ਰੰਗ-ਭੇਦ, ਧੁੱਪ-ਗਰਮੀ, ਆਰਥਿਕ ਮੰਦੀ, ਭੁੱਖ-ਪਿਆਸ, ਬੀਵੀ-ਬੱਚੇ ਸਾਰੇ ਇਕ ਪਾਸੇ ਕਰ ਕੇ ਬਸ ਅਰਜਨ ਦੀ ਤਰ੍ਹਾਂ ਮੱਛੀ ਦੀ ਅੱਖ ਭਾਵ ਠੇਕੇ ਦੀ ਬਾਰੀ ਨੂੰ ਘੰਟਿਆਂਬੱਧੀ ਨਜ਼ਰ ਜਮਾ ਕੇ ਦੇਖਣ ਦੀ ਤਾਕਤ ਹਾਸਲ ਕਰ ਲੈਂਦਾ ਹੈ ਅਤੇ ਅਰਥ-ਵਿਵਸਥਾ ਦਾ ਯੋਧਾ ਦਾ ਖ਼ਿਤਾਬ ਜਿੱਤ ਲੈਂਦਾ ਹੈ।
ਦਾਰੂ ਦਾ ਧੰਦਾ ਕਦੇ ਨਹੀਂ ਹੋਵੇਗਾ ਮੰਦਾ। ਇਕ ਗੱਲ ਤਾਂ ਸਾਫ਼ ਹੈ ਕਿ ਨਾ ਸਰਕਾਰ ਦਾ ਗੁਜ਼ਾਰਾ ਹੈ ਅਤੇ ਨਾ ਸ਼ਰਾਬੀਆਂ ਦਾ। ਖ਼ੁਸ਼ੀ ਹੋਵੇ ਜਾਂ ਗ਼ਮ, ਖ਼ੂਬ ਚੱਲੇਗੀ ਰਮ। ਦੋ ਚਾਰ ਘੁੱਟ ਜਾਂਦਿਆਂ ਹੀ ਬੰਦਾ ਕੋਰੋਨਾ ਤੋਂ ਵੱਡਾ ਹੋ ਜਾਂਦਾ ਹੈ ਅਤੇ ਚੀਨ ਦੇ ਬਾਰਡਰ 'ਤੇ ਜਾ ਕੇ ਚੀਨ ਨੂੰ ਗਾਲਾਂ ਦੇਣ ਲਈ ਤਿਆਰ ਹੋ ਜਾਂਦਾ ਹੈ। ਦੇਸ਼ ਭਗਤੀ ਦਾ ਏਨਾ ਜਜ਼ਬਾ, ਪ੍ਰਧਾਨ ਮੰਤਰੀ ਵੀ ਲਾਲ ਕਿਲ੍ਹੇ ਤੋਂ ਪੈਦਾ ਨਹੀਂ ਕਰ ਸਕਦੇ।
ਇਹ ਧੰਦਾ ਯੁੱਗ ਦੇ ਬਦਲਣ ਦੀ ਸ਼ੁਰੂਆਤ ਹੈ। ਤੁਸੀਂ ਵੀ ਜੇ ਆਪਣੇ ਪੁਰਾਣੇ ਕੰਮ ਵਿਚ ਬੇਕਾਰ ਹੋ ਗਏ ਹੋਵੋ ਤਾਂ ਕੁਝ ਨਵਾਂ ਸੋਚੋ।

ਅਨੁ: ਤੇਜਿੰਦਰ ਚੰਡਿਹੋਕ, ਐਮ. ਏ.
ਬਰਨਾਲਾ। ਮੋਬਾਈਲ : 095010-00224.

ਕਾਤਲ ਕੌਣ?

ਪਿੰਡ ਵਿਚ ਗ਼ਮਗੀਨ ਮਾਹੌਲ ਸੀ। ਪਿੰਡ ਵਾਲਿਆਂ ਨੂੰ ਸਵੇਰੇ ਉਠਣ ਤੇ ਪਤਾ ਚੱਲਿਆ ਕਿ ਜੰਟੇ ਦਾ ਬਾਪੂ ਚੜ੍ਹਾਈ ਕਰ ਗਿਆ ਹੈ, ਇਕ-ਦੂਸਰੇ ਤੋਂ ਸੁਣਦੇ ਸੁਣਾਉਂਦੇ ਲੋਕ ਜੰਟੇ ਦੇ ਘਰ ਜਮ੍ਹਾਂ ਹੋ ਗਏ। ਸਵੇਰ ਤੋਂ ਦੁਪਹਿਰ ਹੋ ਗਈ, ਧੁੱਪ ਵਿਚ ਪਲਿੱਤਣ ਭਾਅ ਮਾਰਨ ਲੱਗ ਪਈ ਸੀ। ਪਿੰਡ ਵਾਲਿਆਂ ਬਜ਼ੁਰਗਾਂ ਦਾ ਸੰਸਕਾਰ ਕਰ ਦੇਣਾ ਠੀਕ ਸਮਝਿਆ। ਭੀੜ ਵਿਚੋਂ ਇਕ ਸ਼ਖ਼ਸ ਬੋਲਿਆ, 'ਹਾਂਅ ਬਈ ਸ਼ਮਸ਼ਾਨਘਾਟ ਵਿਚ ਲੱਕੜਾਂ ਦਾ ਪ੍ਰਬੰਧ ਹੋ ਗਿਐ?' ਸਭ ਚੁੱਪ ਸਨ। ਫਿਰ ਇਕ ਪਿੰਡ ਵਾਸੀ ਬੋਲਿਆ, 'ਜੰਟਾ ਸਿਆਂ, ਲੱਕੜਾਂ ਬਿਨਾਂ ਤਾਂ ਸਰਨਾ ਨਹੀਂ, ਆਹ ਨੇੜਲੀ ਜੰਗਲਾਤ ਵਿਚ ਲੋਕਾਂ ਨੇ ਕੋਈ ਰੁੱਖ ਛੱਡਿਆ ਤਾਂ ਨਹੀਂ, ਪਰ ਇਕ ਸਰੀਂਹ ਦਾ ਖੜਸੁੱਕ ਰੁੱਖ ਖੜਿਐ, ਕਿਸੇ ਨੂੰ ਨਾਲ ਲੈ ਜਾ ਤੇ ਹਿੰਮਤ ਨਾਲ ਪ੍ਰਬੰਧ ਕਰ ਭਾਈ। ' ਜੰਟੇ ਨੇ ਮੋਢੇ 'ਤੇ ਕੁਹਾੜਾ ਰੱਖ ਲਿਆ ਤੇ ਕਿ ਮਛੋਹਰ ਨੂੰ ਨਾਲ ਲੈ ਕੇ ਜੰਗਲਾਤ ਵੱਲ ਚਲਾ ਗਿਆ, ਜੋ ਪਿੰਡ ਦੇ ਨੇੜੇ ਹੀ ਸੀ।
ਜੰਗਲਾਤ ਵਿਚ ਪੁੱਜ ਕੇ, ਜੰਟੇ ਨੇ ਜ਼ੋਰ ਨਾਲ ਕੁਹਾੜੇ ਦਾ ਵਾਰ ਸਰੀਂਹ ਦੇ ਖੜਸੁੱਕ ਰੁੱਖ ਦੇ ਟਾਹਣ 'ਤੇ ਕੀਤਾ, ਜੋ ਪੱਕੇ ਖੜਸੁੱਕ ਰੁੱਖ ਵਿਚ ਕੁਹਾੜਾ ਥੋੜ੍ਹਾ ਹੀ ਖੁੱਭਿਆ ਤੇ ਟੈਂਅ ਕਰਦੀ ਰੁੱਖ ਵਿਚੋਂ ਆਵਾਜ਼ ਆਈ, 'ਪਹਿਲਾਂ ਸਾਡੀ ਸਾਂਭ-ਸੰਭਾਲ ਨਹੀਂ ਕਰਦੇ। ਮੇਰੇ ਭੈਣਾਂ-ਭਰਾਵਾਂ, ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਛਾਂਗ-ਛਾਂਗ ਕੇ, ਵੱਢ-ਵੱਢਕੇ, ਪੁੱਟ-ਪੁੱਟ ਕੇ ਸਾੜ ਕੇ ਖਤਮ ਕਰ ਦਿੱਤਾ ਤੇ ਹੁਣ ਮੇਰੇ ਸਾਹਸਤ ਹੀਣ ਹੋਏ ਦੇ ਦੁਆਲੇ ਹੋ ਗਏ ਹੋ। ਜਦੋਂ ਪਤੈ ਬਈ ਮਨੁੱਖ ਤੇ ਬਨਸਪਤੀ ਇਕ-ਦੂਸਰੇ ਬਿਨਾਂ ਅਧੂਰੇ ਨੇ ਤਾਂ ਫਿਰ ਸਾਡੇ ਦਰਮਿਆਨ ਕਾਤਲ ਕੌਣ ਹੈ? ਮਨੁੱਖ ਦੀ ਪੈਦਾਇਸ਼ (ਜਦੋਂ ਦਰ ਮੁਹਰੇ ਸਰੀਂਹ ਬੰਨ੍ਹਦੇ ਐ) ਤੇ ਆਖਰ ਸਮੇਂ ਤੱਕ ਅਸੀਂ ਤੁਹਾਡੇ ਸਾਂਝੀਦਾਰ ਆਂ। ਦੇਖ ਲਓ ਜੇ ਸਾਡੀ (ਵਨਸਪਤੀ ਦੀ) ਤੁਸੀਂ ਐਂ ਈ ਨਸਲਕੁਸ਼ੀ ਕਰਦੇ ਰਹੇ ਤਾਂ ਤੁਹਾਡੀਆਂ ਮ੍ਰਿਤਕ ਦੇਹਾਂ ਵੀ ਸੰਸਕਾਰ ਹੋਣ ਦੀ ਬਜਾਏ ਸਪੁਰਦ-ਏ-ਖ਼ਾਕ ਹੋਣਗੀਆਂ ਤੇ ਫਿਰ ਬਿਨ-ਸੰਸਕਾਰੀਆਂ ਰੂਹਾਂ ਇਸ ਰੋਹੀ ਵਿਚ ਸਾਡੀ ਭਾਲ ਲਈ ਭਟਕਦੀਆਂ ਫਿਰਨਗੀਆਂ। '
ਜੰਟਾ ਦੂਸਰਾ ਵਾਰ ਨਾ ਕਰ ਸਕਿਆ ਤੇ ਕੁਹਾੜਾ ਮੋਢੇ 'ਤੇ ਰੱਖ ਕੇ ਪਿੰਡ ਵੱਲ ਦੇਖਣ ਲੱਗ ਪਿਆ। ਪਿੰਡ ਵਾਲੇ ਨੜੋਇਆ ਚੁੱਕ ਕੇ ਸਿਵਿਆਂ ਵੱਲ ਜਾ ਰਹੇ ਸਨ, ਮਜ਼ਲ ਨਾਲ ਜੰਟਾਂ ਵੀ ਅੱਧਵਾਟਿਉਂ ਜਾ ਰਲਿਆ।
ਜਿਸ ਨੇ ਬਾਪੂ ਦੇ ਸਿਵੇ ਨੂੰ ਅਗਨ ਭੇਟ ਤਾਂ ਕਰ ਦਿੱਤਾ ਪਰ ਉਸ ਦੇ ਕੰਨਾਂ ਪਰ ਜੰਗਲਾਤ ਵਲੋਂ ਆ ਰਹੀਆਂ ਬੇਆਵਾਜ਼ ਤੇ ਬੇਵਸ ਆਵਾਜ਼ਾਂ ਦਸਤਕ ਦੇ ਰਹੀਆਂ ਸਨ।

-ਲਹਿਲ, ਪਟਿਆਲਾ। ਮੋਬਾਈਲ : 97798-82050.

ਗੁੱਸਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਜ਼ਿੰਦਗੀ ਵਿਚ 3 ਚੀਜ਼ਾਂ 'ਤੇ ਹਮੇਸ਼ਾ ਕਬਜ਼ਾ ਬਣਾ ਕੇ ਰੱਖੋ, ਜ਼ਬਾਨ, ਆਦਤ ਤੇ ਗੁੱਸਾ। ਹਰ ਸੰਭਵ ਯਤਨ ਕਰੋ ਕਿ ਗੁੱਸੇ ਨੂੰ ਜ਼ਬਾਨ ਦਾ ਸਾਥ ਨਾ ਮਿਲੇ। ਅਜਿਹਾ ਕਰਨ ਨਾਲ ਜ਼ਿੰਦਗੀ ਦੀਆਂ ਬਹੁਤੀਆਂ ਮੁਸ਼ਕਿਲਾਂ ਆਪਣੇ-ਆਪ ਹੱਲ ਹੋ ਜਾਣਗੀਆਂ।
* ਮਨੁੱਖ ਆਪਣੇ ਸਭ ਤੋਂ ਅੱਛੇ ਰੂਪ ਵਿਚ ਸਾਰੇ ਜੀਵਾਂ ਵਿਚੋਂ ਸਭ ਤੋਂ ਉਦਾਰ ਹੁੰਦਾ ਹੈ। ਲੇਕਿਨ ਜੇਕਰ ਕਾਨੂੰਨ ਅਤੇ ਨਿਆਂ ਨਾ ਹੋਵੇ ਤਾਂ ਉਹ ਸਭ ਤੋਂ ਖਰਾਬ ਬਣ ਜਾਂਦਾ ਹੈ।
* ਜਦੋਂ ਵੀ ਤੁਹਾਡਾ ਸਾਹਮਣਾ ਕਿਸੇ ਵਿਰੋਧੀ ਨਾਲ ਹੋਵੇ ਤਾਂ ਉਸ ਨੂੰ ਪ੍ਰੇਮ ਨਾਲ ਜਿੱਤੋ। ਇਹ ਕਿਸੇ ਵੀ ਹਥਿਆਰ ਤੋਂ ਵੱਧ ਕਾਰਗਰ ਹੈ।
* ਗੁੱਸਾ, ਹੰਕਾਰ ਤੇ ਚਿੰਤਾ, ਇਹ ਭੈਣ-ਭਰਾ ਹਨ ਅਤੇ ਇਕ ਹੀ ਮਾਤਾ-ਪਿਤਾ ਦੀ ਸੰਤਾਨ ਹਨ। ਇਨ੍ਹਾਂ ਨੂੰ ਆਪਣੇ ਤੋਂ ਦੂਰ ਹੀ ਰੱਖੋ।
* ਜਿਸ ਤਰ੍ਹਾਂ ਜਲ ਦੁਆਰਾ ਅਗਨੀ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਉਸੇ ਤਰ੍ਹਾਂ ਹੀ ਗਿਆਨ ਦੁਆਰਾ ਮਨ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ।
* ਗੁੱਸਾ ਲਾਇਲਾਜ ਬਿਮਾਰੀ ਨਹੀਂ ਹੈ। ਆਪਣੇ ਮਨ ਨੂੰ ਨਿਯੰਤਰਣ ਵਿਚ ਰੱਖ ਕੇ ਇਸ ਤੋਂ ਬਚਿਆ ਜਾ ਸਕਦਾ ਹੈ।
* ਸਾਡਾ ਸਭ ਤੋਂ ਵੱਡਾ ਦੁਸ਼ਮਣ ਸਾਡਾ ਖੁਦ ਦਾ ਗੁੱਸਾ ਹੀ ਹੁੰਦਾ ਹੈ। ਜਿਸ ਦਾ ਨਾਸ਼ ਕਰਨਾ ਸਾਡੇ ਲਈ ਸਭ ਤੋਂ ਜ਼ਰੂਰੀ ਹੋ ਜਾਂਦਾ ਹੈ।
* ਨਿੰਮ 'ਤੇ ਕਰੇਲਾ ਤਾਂ ਐਵੇਂ ਹੀ ਬਦਨਾਮ ਹਨ, ਕੌੜੇ ਤਾਂ ਇਨਸਾਨ ਵੀ ਹੁੰਦੇ ਹਨ।
* ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਆਪਣੇ ਵਿਵਾਦਾਂ ਦਾ ਸਮਾਧਾਨ (ਹੱਲ) ਸ਼ਬਦਾਂ ਨਾਲ ਕਰਨ ਹਥਿਆਰਾਂ ਨਾਲ ਨਹੀਂ।
* ਜੋ ਆਪਣੇ ਗੁੱਸੇ ਤੇ ਨਫ਼ਰਤ 'ਤੇ ਕਾਬੂ ਪਾ ਲਵੇ, ਅਸਲ ਹੀਰੋ ਉਹ ਹੈ। ਕਰੋਧ ਨੂੰ ਆਪਣਾ ਦਾਸ ਬਣਾ ਕੇ ਰੱਖੋ, ਜਿਸ ਕਾਰਨ ਇਹ ਤੁਹਾਡੀ ਆਗਿਆ ਨਾਲ ਹੀ ਅੰਦਰ ਦਾਖਲ ਹੋਵੇ।
* ਹਾਸਰਸ : ਸੁਰਿੰਦਰ-ਪਾਗਲ ਵੀ ਬੜਾ ਅਜੀਬ ਸ਼ਬਦ ਹੈ। ਮਹਿੰਦਰ-ਉਹ ਕਿਵੇਂ? ਸੁਰਿੰਦਰ-ਲੋਕ ਬੋਲਣ ਜਾਂ ਕਹਿਣ ਤਾਂ ਗੁੱਸਾ ਆਉਂਦਾ ਹੈ ਪਰ ਜੇ ਕੋਈ ਕੁੜੀ ਬੋਲੇ ਤਾਂ ਦਿਲ ਪਿਘਲ ਜਾਂਦਾ ਹੈ।
* ਲੜਾਈ, ਲੱਸੀ, ਨਫ਼ਰਤ ਅਤੇ ਪਿਆਰ ਭਾਵੇਂ ਜਿੰਨੇ ਮਰਜ਼ੀ ਵਧਾਏ ਜਾ ਸਕਦੇ ਹਨ ਪਰ ਪਿਆਰ ਵਧਾਉਣ ਦਾ ਅਨੰਦ ਹੀ ਵੱਖਰਾ ਹੈ।
* ਗੁੱਸੇ 'ਚ ਕਿਸੇ ਦਾ ਦਿਲ ਨਾ ਦੁਖਾਓ। ਅਜਿਹਾ ਵਤੀਰਾ ਨਾ ਕਰੋ ਕਿ ਕਿਸੇ ਨੂੰ ਮਾਨਸਿਕ ਤੌਰ 'ਤੇ ਠੇਸ ਪਹੁੰਚੇ, ਕਿਸੇ ਨੂੰ ਸਖ਼ਤ ਤੇ ਭੱਦੀ ਸ਼ਬਦਾਵਲੀ ਵੀ ਮੂੰਹ 'ਚੋਂ ਨਾ ਕੱਢੋ।
* ਗੁੱਸੇ ਦੇ ਜਵਾਬ ਵਿਚ ਮੁਆਫ਼ ਕਰਨਾ ਵੀ ਪੂਜਾ ਹੈ। ਵੈਰ-ਵਿਰੋਧ ਦੇ ਜਵਾਬ 'ਚ ਪਿਆਰ-ਸਦਭਾਵਨਾ ਅਤੇ ਹਿੰਸਾ ਦੇ ਜਵਾਬ ਵਿਚ ਅਹਿੰਸਾ ਵੀ ਪੂਜਾ ਹੈ। ਦੀਨ-ਦੁਖੀਆਂ ਦੇ ਦਰਦ ਤੇ ਤਕਲੀਫ਼ ਵੇਲੇ ਉਨ੍ਹਾਂ ਪ੍ਰਤੀ ਤਰਸ ਦਿਖਾਉਣਾ ਵੀ ਪੂਜਾ ਹੀ ਹੈ। (ਸਮਾਪਤ)

-ਮੋਬਾਈਲ : 99155-63406.

ਲੋਕ ਅਖਾਣ ਕੋਰੋਨਾ ਕਸਵੱਟੀ 'ਤੇ

ਵਿਅੰਗ

ਪਿਛਲੇ ਦਸਾਂ ਸਾਲਾਂ ਤੋਂ ਜਦੋਂ ਦਾ ਸਰਕਾਰ ਨੇ ਸਾਨੂੰ ਸੇਵਾ-ਮੁਕਤ ਕੀਤਾ ਹੈ, ਸਾਡੇ ਕੋਲ ਪੜ੍ਹਨ-ਲਿਖਣ ਤੇ ਪੈਨਸ਼ਨ ਛਕਣ ਤੋਂ ਬਿਨਾਂ ਹੋਰ ਕੋਈ ਮਹੱਤਵਪੂਰਨ ਕਾਰਜ ਨਹੀਂ ਬਚਿਆ। ਸਾਰਾ ਦਿਨ ਕਿਤਾਬਾਂ ਨਾਲ ਗੁਜ਼ਾਰਨ ਕਰਕੇ ਅਕਹਿ ਅਨੰਦ ਤੇ ਦਿਮਾਗੀ ਸਕੂਨ ਦੇ ਗੱਫੇ ਤਾਂ ਮਿਲਦੇ ਹੀ ਹਨ, ਸਗੋਂ ਨਵੀਂ ਜਾਣਕਾਰੀ ਨਾਲ ਦਿਮਾਗ ਦੇ ਕਪਾਟ ਵੀ ਖੁੱਲ੍ਹਦੇ ਹਨ। ਹਰ ਇਕ ਗੱਲ ਨੂੰ ਇਕ ਨਵੇਂ ਦ੍ਰਿਸ਼ਟੀਕੋਣ ਤੇ ਨਜ਼ਰੀਏ ਤੋਂ ਦੇਖਣ ਦੀ ਆਦਤ ਆਪ-ਮੁਹਾਰੇ ਹੀ ਵਿਕਸਿਤ ਹੋ ਜਾਂਦੀ ਹੈ ਤੇ ਦਿਮਾਗ ਹਰ ਗੱਲ ਦੇ ਨਵੇਂ-ਨਵੇਂ ਅਰਥ ਤਲਾਸ਼ਦਾ ਰਹਿੰਦਾ ਹੈ। ਸਾਡੇ ਕੋਲ ਮਿਸਰ ਦੇ ਵੱਡੇ ਧਨੀ ਤੇ ਕੰਜੂਸਾਂ ਦੇ ਸਰਤਾਜ 'ਕਾਰੂੰ' ਜਿੱਡਾ ਵਿਸ਼ਾਲ ਖਜ਼ਾਨਾ ਤਾਂ ਨਹੀਂ, ਜਿਸ ਦੀਆਂ ਚਾਬੀਆਂ ਹੀ 300 ਖਚਰਾਂ 'ਤੇ ਲੱਦੀਆਂ ਜਾਂਦੀਆਂ ਹੋਣ ਪਰ ਪੁਸਤਕਾਂ ਦਾ ਐਨਾ ਖਜ਼ਾਨਾ ਜ਼ਰੂਰ ਹੈ, ਜਿਸ ਨਾਲ ਸਾਡੇ ਘਰ ਦਾ ਪਿਛਲਾ 10'×10' ਦਾ ਕਮਰਾ ਤੂੜਿਆ ਪਿਆ ਹੈ। ਕੱਲ੍ਹ ਇਸ ਖਜ਼ਾਨੇ ਨੂੰ ਵਾਚਦਿਆਂ ਹੀ ਸਾਨੂੰ ਲੋਕ ਅਖਾਣਾਂ ਦੀ ਇਕ ਕਿਤਾਬ 'ਚੋਂ ਇਲਮ ਹੋਇਆ ਕਿ ਕਹਾਵਤਾਂ ਕਿਸੇ ਇਕ ਦਿਨ ਜਾਂ ਸਾਲ ਵਿਚ ਨਹੀਂ ਬਣਦੀਆਂ ਸਗੋਂ ਹਜ਼ਾਰਾਂ ਸਾਲ ਘਿਸਣ ਬਾਅਦ ਹੀ ਹੋਂਦ 'ਚ ਆਉਂਦੀਆਂ ਹਨ ਅਤੇ ਇਨ੍ਹਾਂ ਨੂੰ ਪੈਦਾ ਕਰਨ ਵਾਲੇ ਦੀ ਭਾਲ ਕਰਨੀ ਤਾਂ ਸਮੁੰਦਰ ਵਿਚੋਂ ਸੂਈ ਦੀ ਭਾਲ ਕਰਨ ਦੇ ਬਰਾਬਰ ਹੈ। ਮੰਨਦੇ ਹਾਂ ਅਖਾਣਾਂ ਬਾਰੇ ਵਿਦਵਾਨਾਂ ਦੀ ਇਹ ਪਰਿਭਾਸ਼ਾ ਹਜ਼ਾਰਾਂ ਸਾਲ ਸਮੇਂ ਦੀ ਕਸੌਟੀ 'ਤੇ ਖਰੀ ਉਤਰਦੀ ਰਹੀ ਹੋਵੇਗੀ ਪਰ ਹੁਣ ਇਸ ਕੁਲਹਿਣੇ ਕੋਰੋਨਾ ਦੇ ਦੁਨੀਆ ਭਰ 'ਚ ਪੈਰ ਪਸਾਰਨ ਕਾਰਨ ਇਸ ਨੇ ਚਿਰਾਂ ਤੋਂ ਪ੍ਰਚੱਲਿਤ ਮੁਹਾਵਰਿਆਂ ਤੇ ਅਖਾਣਾਂ 'ਤੇ ਵੀ ਅਛੋਪਲੇ ਜਿਹੇ ਆਪਣਾ ਕਬਜ਼ਾ ਜਮਾ ਲੈਣਾ ਹੈ ਤੇ ਭਾਸ਼ਾ ਵਿਗਿਆਨੀਆਂ ਤੇ ਮਾਹਿਰ ਵਿਦਵਾਨਾਂ ਦੀਆਂ ਇਨ੍ਹਾਂ ਧਾਰਨਾਵਾਂ ਨੂੰ ਵੀ ਗ਼ਲਤ ਸਿੱਧ ਕਰ ਦੇਣਾ ਹੈ ਕਿ ਅਖਾਣ ਹਜ਼ਾਰਾਂ ਸਾਲ ਘਿਸਣ ਬਾਅਦ ਹੀ ਹੋਂਦ ਵਿਚ ਆਉਂਦੇ ਹਨ। ਇਸ ਨੇ 'ਸੌ ਸੁਨਿਆਰ ਦੀ, ਇਕ ਲੁਹਾਰ ਦੀ' ਵਾਲੀ ਗੱਲ ਕਰ ਕੇ ਮੱਲੋਮੱਲੀ ਸਾਡੀ ਬੋਲਚਾਲ ਦਾ ਹਿੱਸਾ ਬਣ ਜਾਣਾ ਹੈ। ਸਾਡੇ ਖਿਆਲ ਵਿਚ ਫਿਰ ਵਿਦਿਆਰਥੀਆਂ ਨੂੰ ਹਰ ਲੋਕ ਅਖਾਣ ਦਾ ਅਰਥ ਸਪੱਸ਼ਟ ਕਰਨ ਲਈ ਪੁਰਾਣਿਆਂ ਰਾਜਿਆਂ-ਮਹਾਰਾਜਿਆਂ, ਕੁਪੱਤੀਆਂ ਸੱਸਾਂ-ਨੂੰਹਾਂ, ਵੈਲੀ ਪੁੱਤਰਾਂ, ਭ੍ਰਿਸ਼ਟ ਲੀਡਰਾਂ, ਝਗੜਾਲੂ ਗੁਆਂਢੀਆਂ ਆਦਿ ਦੇ ਪੋਤੜੇ ਫਰੋਲ ਫਰੋਲ ਕੇ, ਵੱਡੇ-ਵੱਡੇ ਮੀਲਾਂ ਲੰਮੇ ਵਾਕ ਯਾਦ ਕਰ ਕੇ ਸਿਰ ਪੋਲਾ ਕਰਨ ਦੀ ਲੋੜ ਨਹੀਂ ਰਹੇਗੀ। ਹਾਥੀ ਦੇ ਪੈਰ ਥੱਲੇ ਸਭ ਦਾ ਪੈਰ ਆ ਜਾਣਾ ਹੈ। ਇਕੱਲੇ ਕੋਰੋਨਾ ਨੇ ਹੀ ਉਨ੍ਹਾਂ ਨੂੰ ਘੋਟਾ ਲਾਉਣ ਦੀ ਦੁਸ਼ਵਾਰੀਆਂ ਭਰੀ ਮੱਥਾ-ਪੱਚੀ ਤੋਂ ਕਾਫੀ ਹੱਦ ਤੱਕ ਬਚਾ ਲੈਣਾ ਹੈ। ਹੱਥ ਕੰਗਣ ਨੂੰ ਆਰਸੀ ਕੀ। ਲਓ, ਆਪ ਹੀ ਪੜ੍ਹ ਲਓ।
ਅਖਾਣ ਹੈ 'ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ' ਜਿਸ ਦਾ ਅਰਥ ਹੈ, ਬਦੋਬਦੀ ਕਿਸੇ ਦੇ ਕੰਮ ਵਿਚ ਦਖਲ ਦੇਣਾ। ਹੁਣ ਜੇਕਰ ਇਸ ਅਖਾਣ ਨੂੰ ਕੋਰੋਨਾ ਦੇ ਸੰਦਰਭ 'ਚ ਦੇਖਿਆ ਜਾਵੇ ਤਾਂ ਸਾਨੂੰ ਤੁਰੰਤ ਇਹੀ ਲੱਗੇਗਾ ਕਿ ਕੋਰੋਨਾ ਨੇ ਸਾਡੀ ਸ਼ਾਂਤ ਜ਼ਿੰਦਗੀ 'ਚ ਤਰਥੱਲੀ ਮਚਾ ਦਿੱਤੀ ਹੈ। ਇਸ ਚੰਦਰੇ ਦੇ ਆਗਮਨ ਤੋਂ ਪਹਿਲਾਂ ਅਸੀਂ ਢੋਲੇ ਦੀਆਂ ਲਾਉਂਦੇ ਸੀ। ਹੁਣ ਤਾਂ ਜ਼ਰਾ ਕੀ ਖੰਘਦੇ ਬੰਦੇ ਤੋਂ ਵੀ ਅਸੀਂ ਇਉਂ ਡਰਦੇ ਹਾਂ ਜਿਵੇਂ ਕਾਂ ਗੁਲੇਲ ਤੋਂ ਡਰਦਾ ਹੈ। ਬਾਜ਼ਾਰ ਵਿਚ ਮਾਸਕ ਨਾਲ ਮੂੰਹ ਢਕ ਕੇ ਆਪਣੇ ਨਾਲ ਜਾਂਦੀ ਆਪਣੀ 52 ਮਾਡਲ ਵਹੁਟੀ ਨੂੰ ਵੀ ਜ਼ਰਾ ਕੁ ਅੱਗੇ-ਪਿੱਛੇ ਰਹਿ ਜਾਣ ਦੀ ਸੂਰਤ 'ਚ ਅਸੀਂ ਬੁਲਾਉਣ ਤੋਂ ਗੁਰੇਜ਼ ਹੀ ਕਰਦੇ ਹਾਂ, ਮਤੇ ਇਸ ਮਾਸਕ ਦੇ ਪੰਗੇ ਕਾਰਨ ਅਸੀਂ ਕਿਸੇ ਕਾਲਜ ਜਾਂਦੀ ਨੱਢੀ ਤੋਂ ਹੀ ਨਾ ਛੋਤ ਲੁਹਾ ਬੈਠੀਏ। ਭਾਵੇਂ ਇਸ ਮਸਲੇ ਦਾ ਹੱਲ ਅਸੀਂ ਵਹੁਟੀ ਦੀ ਲਾਲ ਚੁੰਨੀ ਨੂੰ ਛਣਕਦੀਆਂ ਨਿੱਕੀਆਂ-ਨਿੱਕੀਆਂ ਸੰਗੀਤਮਈ ਘੰਟੀਆਂ ਲੁਆ ਕੇ ਕਰ ਲਿਆ ਹੈ ਪਰ ਕੋਰੋਨਾ ਦੀ ਦਹਿਸ਼ਤ ਤੋਂ ਅਸੀਂ ਸਾਲਾਂਬੱਧੀ ਕਦੇ ਵੀ ਮੁਕਤ ਨਹੀਂ ਹੋ ਸਕਾਂਗੇ। ਇਸ ਚਾਣਚੱਕ ਆਈ ਮੁਸੀਬਤ ਨੂੰ ਸਾਡੀਆਂ ਆਉਣ ਵਾਲੀਆਂ ਸੈਂਕੜੇ ਪੀੜ੍ਹੀਆਂ ਵੀ ਉਮਰ ਭਰ ਯਾਦ ਰੱਖਣਗੀਆਂ। ਸਾਨੂੰ ਲੱਗਦਾ ਹੈ ਸਾਡੇ ਦੇਸ਼ ਦੇ ਭਾਵੀ ਨਾਗਰਿਕਾਂ ਨੇ ਅਗਲੇ ਕੁਝ ਅਰਸੇ ਵਿਚ ਹੀ ਜ਼ਿੰਦਗੀ 'ਚ ਮੱਲੋਮੱਲੀ ਦਖਲ ਦੇਣ ਵਾਲਿਆਂ ਲਈ ਕੋਰੋਨਾ ਤੋਂ ਖੌਫ਼ਜ਼ਦਾ ਹੋ ਕੇ, ਨਵਾਂ ਅਖਾਣ ਘੜ ਲੈਣਾ ਹੈ, 'ਸੱਦੀ ਨਾ ਬੁਲਾਈ, ਮੈਂ ਕੋਰੋਨੇ ਦੀ ਤਾਈ।'
ਸਾਨੂੰ ਲਗਦਾ ਹੈ ਕਿ 'ਕੋਰੋਨਾ' ਸ਼ਬਦ ਨੇ ਸਾਡੇ ਪੰਜਾਬ ਦੇ ਪੜ੍ਹਾਕੂਆਂ ਦੀਆਂ ਮੁਹਾਵਰਿਆਂ ਸਬੰਧੀ ਰੱਟਾ ਲਾਉਣ ਦੀਆਂ ਔਕੜਾਂ ਨੂੰ 100 ਫ਼ੀਸਦੀ ਨਹੀਂ ਤਾਂ 80 ਕੁ ਫ਼ੀਸਦੀ ਤਾਂ ਜ਼ਰੂਰ ਹੀ ਖਤਮ ਕਰ ਦੇਣਾ ਹੈ। ਸਿਰਫ਼ 'ਕੋਰੋਨਾ' ਸ਼ਬਦ ਯਾਦ ਰੱਖ ਕੇ ਹੀ ਉਨ੍ਹਾਂ ਨੇ ਅਨੇਕਾਂ ਮੁਹਾਵਰੇ ਖੁਦ ਘੜ ਲਿਆ ਕਰਨੇ ਹਨ, ਜਿਵੇਂ ਸ਼ਹਿਰ ਵਿਚ ਕੋਰੋਨਾ ਦੇ ਇਕੱਠੇ ਹੀ ਦਸ ਮਰੀਜ਼ਾਂ ਬਾਰੇ ਪਤਾ ਲੱਗਣ ਤੇ ਉਹਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਜਾਂ ਕੀ ਤੁਹਾਡੀ ਅਕਲ 'ਤੇ ਪੱਥਰ ਪੈ ਗਏ ਹਨ ਜੋ ਕੋਰੋਨਾ ਦੀ ਮਹਾਂਮਾਰੀ ਵਿਚ ਵੀ ਬਿਨਾਂ ਮਾਸਕ ਦੇ ਘੁੰਮ ਰਹੇ ਹੋ? ਜਾਂ ਕੋਰੋਨਾ ਨੇ ਸਾਰੀ ਦੁਨੀਆ ਦੇ ਲੋਕਾਂ ਨੂੰ ਨਾਨੀ ਚੇਤੇ ਕਰਾ ਦਿੱਤੀ ਸੀ ਜਾਂ ਕੋਰੋਨਾ ਸਭ ਨੂੰ ਇਕ ਅੱਖ ਨਾਲ ਦੇਖਦਾ ਸੀ... ਆਦਿ-ਆਦਿ।
ਜੇਕਰ ਸਾਡੇ ਪੁਰਾਣੇ ਗੀਤਕਾਰ ਅੱਜ ਜਿਊਂਦੇ ਹੁੰਦੇ ਤਾਂ ਕੋਰੋਨਾ ਸੰਕਟ ਕਾਰਨ ਉਨ੍ਹਾਂ ਦੇ ਲਿਖੇ ਗੀਤਾਂ ਵਿਚ ਸ਼ਾਇਦ ਅਸੀਂ ਇਹੋ ਜਿਹੀਆਂ ਤਬਦੀਲੀਆਂ ਦੇਖਦੇ। ਪ੍ਰੇਮੀ ਵਲੋਂ ਪ੍ਰੇਮਿਕਾ ਨੂੰ ਬੇਰੀਆਂ ਦੇ ਝੁੰਡ 'ਚੋਂ ਬੁਲਾਉਣ 'ਤੇ ਪ੍ਰੇਮਿਕਾ ਨੇ ਦਿਲ ਦੀਆਂ ਮਜਬੂਰੀਆਂ ਨੂੰ ਕੁਝ ਐਦਾਂ ਜ਼ਾਹਰ ਕਰਨਾ ਸੀ:
ਦੱਸ ਕਿਹੜੇ ਮੈਂ ਬਹਾਨੇ ਆਵਾਂ
ਕੋਰੋਨੇ ਮੈਨੂੰ ਘਰ ਡੱਕ 'ਤਾ...।
ਕੋਰੋਨਾ ਕਾਰਨ ਬਦਲਦੇ ਹਾਲਾਤ ਵਿਚ ਮਹਿਬੂਬ ਨੇ ਆਪਣੀ ਮਹਿਬੂਬਾ ਨੂੰ ਆਪਣੀ ਖੰਘ ਵਿਚ ਖੰਘਣ ਨੂੰ ਭੁੱਲ ਕੇ ਵੀ ਨਹੀਂ ਸੀ ਕਹਿਣਾ ਸਗੋਂ ਭੈ-ਭੀਤ ਹੋ ਕੇ ਕੁਝ ਐਦਾਂ ਅਰਜ਼ੋਈ ਕਰਨੀ ਸੀ:
ਨਾ ਤੂੰ ਮਿੱਤਰਾਂ ਦੀ ਖੰਘ ਵਿਚ ਖੰਘ ਬੱਲੀਏ,
ਕੁਆਰੰਟਾਈਨ ਹੋ ਕੇ ਸੁੱਖ ਸਾਡੀ ਮੰਗ ਬੱਲੀਏ।
ਸਾਨੂੰ ਲਗਦਾ ਹੈ ਕੋਰੋਨਾ ਕਾਰਨ ਨਿਕਟ ਭਵਿੱਖ ਵਿਚ ਬੁਝਾਰਤਾਂ ਦਾ ਵੀ ਕੁਝ ਇਸ ਤਰ੍ਹਾਂ ਨਵੀਨੀਕਰਨ ਹੋ ਜਾਵੇਗਾ:
ਚੀਨ 'ਚ ਜਿਹੜਾ ਜੰਮਿਆ
ਦੋ ਨੇ ਜਿਸ ਦੇ ਨਾਂਅ
ਨੰਗੇ ਮੂੰਹ ਜਿਸ ਨੇ ਢਕਵਾ 'ਤੇ
ਬੁੱਝੋ ਉਸ ਦਾ ਨਾਂਅ?
ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਘੰਟਿਆਂਬੱਧੀ ਸੋਚਾਂ 'ਚ ਗੜੂੰਦ ਹੋ ਕੇ ਇਸ ਦਾ ਸਹੀ ਉੱਤਰ ਕੋਰਨਾ ਲੱਭਣਗੀਆਂ।
ਸਾਨੂੰ ਸੌ ਫ਼ੀਸਦੀ ਯਕੀਨ ਹੈ ਕਿ ਕੋਰੋਨਾ ਸਬੰਧੀ ਸਾਡੀਆਂ ਇਹ ਖੋਜਾਂ ਖੋਜ ਕਰ ਰਹੇ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਣਗੀਆਂ। ਸਾਡੀਆਂ ਲਿਖਤਾਂ ਦਾ ਇਨਾਮ ਦੁਆਊ ਸਭਾਵਾਂ ਟਕੇ ਸੇਰ ਮੁੱਲ ਨਹੀਂ ਪਾਉਂਦੀਆਂ। ਉਹ ਹੁਣ ਸਵਾ ਲੱਖ ਦਾ ਇਨਾਮ ਦੇ ਕੇ ਆਪਣੀ ਭੁੱਲ ਬਖਸ਼ਾ ਸਕਦੀਆਂ ਹਨ।

-ਵਾਰਡ 28, ਮਕਾਨ ਨੰ: 582, ਮੋਗਾ।
ਮੋਬਾਈਲ : 93573-61417.

ਇਕ ਹੋਰ ਆਤਮ ਹੱਤਿਆ

ਸੇਮਾ ਬੋਰ ਚਲਾ ਕੇ ਟਾਹਲੀ ਹੇਠ ਆ ਬੈਠਾ।
ਉਹ ਟਾਹਣੇ ਨਾਲ ਬੱਧੇ ਉਸ ਰੱਸੇ ਨੂੰ ਵੇਖ ਰਿਹਾ ਸੀ ਜਿਸ ਨੂੰ ਵੱਢ ਕੇ ਉਸ ਦੇ ਪਿਉ ਦੀ ਲਾਸ਼ ਉਤਾਰੀ ਸੀ। ਸਾਰੇ ਜੱਸੋਵਾਲ ਨੇ ਰੱਸਾ ਖੋਲ੍ਹਣ ਅਤੇ ਟਾਹਲੀ ਪੁੱਟ ਦੇਣ ਦੀ ਰਾਇ ਦਿੱਤੀ ਸੀ ਪਰ ਸੇਮਾ ਨਹੀਂ ਸੀ ਮੰਨਿਆ। ਬੰਦੇ ਦੀ ਸੋਚ ਮਾੜੀ ਹੋ ਸਕਦੀ ਹੈ, ਬਿਰਛ ਨਹੀਂ। ਰੱਸਾ ਤਾਂ ਸਗੋਂ ਉਸ ਨੂੰ ਸਿੱਖਿਆ ਦਿੰਦਾ ਸੀ ਕਿ ਆਦਮੀ ਨੂੰ ਵਿੱਤੋਂ ਬਹੁਤਾ ਭਾਰ ਨਹੀਂ ਚੁੱਕਣਾ ਚਾਹੀਦਾ। ਸਾਹਨੇਵਾਲ ਦੇ ਡੀ. ਓ. ਲੱਗੇ ਫੁੱਫੜ ਨੇ ਉਸ ਦੀ ਭੂਆ ਵਿਆਹੁਣ ਵੇਲੇ ਹੁੰਡਈ ਕਾਰ ਅਤੇ 30 ਲੱਖ ਰੁਪਏ ਦੀ ਮੰਗ ਕੀਤੀ ਸੀ। ਬਾਪੂ ਅਜਮੇਰ ਨੂੰ ਮੌਕੇ ਦੇ ਮੌਕੇ ਅੱਧੇ ਮੁੱਲ 'ਤੇ ਜ਼ਮੀਨ ਵੇਚਣੀ ਪਈ। ਫਿਰ ਸੇਮੇ ਦਾ ਵੱਡਾ ਭਰਾ ਗੁਰਸੇਮ ਰੌਲਾ ਪਾ ਬੈਠਾ 'ਅਖੇ ਮੈਂ ਜ਼ਮੀਨ ਛੁਡਾਉਣੀ ਹੈ। ਇਸ ਵਾਸਤੇ ਉਸ ਨੂੰ ਬਾਹਰ ਭੇਜਿਆ ਜਾਵੇ।' ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ। ਗੁਰਸੇਮ ਪਰਾਈ ਧਰਤੀ ਅਤੇ ਪਰਾਏ ਲੋਕਾਂ 'ਚ ਜਾ ਕੇ ਪਰਾਇਆ ਹੋ ਕੇ ਬਹਿ ਗਿਆ। ਬਾਹਰ ਦੀ ਕੁੜੀ ਨਾਲ ਵਿਆਹ ਕਰਵਾ ਕੇ ਘਰ ਦੇ ਹਾਲਾਤ ਅਸਲੋਂ ਹੀ ਵਿਸਾਰ ਦਿੱਤੇ। ਬੈਂਕ ਵਾਲੇ ਘਰ ਜ਼ਮੀਨ ਦੀ ਕੁਰਕੀ ਕਰਨ ਆਉਂਦੇ ਸੁਣ ਕੇ ਬਾਪੂ ਨੇ ਆਤਮਹੱਤਿਆ ਕਰ ਲਈ ਸੀ। ਗੁਰਸੇਮ ਫਿਰ ਵੀ ਨਾ ਆਇਆ, ਸ਼ਾਇਦ ਬੇਸ਼ਰਮ ਹੋ ਗਿਆ ਜਾਂ ਸ਼ਰਮ ਮੰਨ ਗਿਆ ਸੀ। ਆਈਲੈਟਸ ਕਰ ਕੇ ਬਾਹਰ ਜਾਣ ਦੀ ਸੇਮੇ ਦੀ ਰੀਝ ਵਿਚੇ ਹੀ ਰਹਿ ਗਈ ਕਿਉਂਕਿ ਉਹ ਰਿਸ਼ਵਤ ਨਹੀਂ ਸੀ ਦੇ ਸਕਿਆ। ਪੜ੍ਹਾਈ ਛੱਡ ਉਸ ਨੇ ਕਹੀ ਚੱਕ ਲਈ ਸੀ। ਸੋਚਦਿਆਂ-ਸੋਚਦਿਆਂ ਪਤਾ ਨਹੀਂ ਕਦੋਂ ਉਸ ਦੀ ਅੱਖ ਲਗ ਗਈ।
ਸਾਹਮਣੇ ਪਿਉ ਨੂੰ ਖੜੋਤਾ ਵੇਖ ਸੇਮਾ ਤ੍ਰਿਬਕ ਕੇ ਉੱਠਿਆ 'ਬਾਪੂ ਤੂੰ'?
'ਹਾਂ, ਮੈਂ। ਕੀ ਸੋਚ ਰਿਹਾ ਸੀ ਪੁੱਤ ਤਰਸੇਮਿਆ।' ਬਾਪੂ ਨੇ ਸਿਰ 'ਤੇ ਹੱਥ ਫੇਰ ਕਿਹਾ।
'ਬਾਪੂ ਗੁਰਸੇਮ ਤਾਂ ਜਾ ਕੇ ਹੀ ਭੁੱਲ ਗਿਆ। ਕਰਜ਼ਾ ਕਿਵੇਂ ਲਹੂ। ਬੈਂਕਾਂ ਨੇ ਤਾਂ ਨੋਟਿਸ ਵੀ ਕੱਢ ਦਿੱਤੇ। ਕਿਉਂ ਨਾ ਮੈਂ ਵੀ ਆਈਲੈਟਸ ਕਰ ਕੇ ਬਾਹਰ ਨੂੰ ਚਲਾ ਜਾਵਾਂ। ਕਰਜ਼ੇ ਲਾਹੁਣ ਵਾਸਤੇ ਜੱਟਾਂ ਕੋਲ ਬਾਹਰ ਜਾਣ ਤੋਂ ਸਿਵਾਏ ਕੋਈ ਚਾਰਾ ਨਹੀਂ।'
'ਸਿਆਣੀ ਗੱਲ ਐ। ਮੈਂ ਤੈਨੂੰ ਉਹਦੇ ਵਾਂਗ ਗੁਵਾਉਣਾ ਤਾਂ ਨਹੀਂ ਚਾਹੁੰਦਾ ਪਰ ਹੁਣ ਤੇਰੇ 'ਤੇ ਹੀ ਆਸਾਂ ਨੇ। ਤਕੜਾ ਹੋ ਕੇ ਪੜ੍ਹ ਅਤੇ ਗੁਰਸੇਮ ਦੇ ਬਰਾਬਰ ਹੋ ਕੇ ਬੈਠਣ ਦੀ ਡਿਗਰੀ ਹਾਸਲ ਕਰ। ਆਪਾਂ ਉਸ ਹਰਾਮਦੇ ਨੂੰ ਦੱਸਣਾ ਹੈ ਕਿ ਜੇ ਉਹ ਆਪਣੇ ਬਿਨਾਂ ਜੀਊਂ ਸਕਦਾ ਹੈ ਤਾਂ ਮਰਦੇ ਅਸੀਂ ਵੀ ਨਹੀਂ। ਅਣਖ ਨਾਲ ਜਿਉਏਂ ਆਂ ਅਤੇ ਅਣਖ ਨਾਲ ਹੀ ਮਰਾਂਗੇ, ਓਏ ਪੁੱਤਰਾ।'
'ਪਰ ਬਾਪੂ ਪੜ੍ਹਨ 'ਚ ਭਾਵੇਂ ਮੈਂ ਟੌਪਰ ਹਾਂ ਹੁਣ ਆਈਲੈਟਸ 'ਚ ਵੀ ਇਮਾਨਦਾਰੀ ਨਹੀਂ ਰਹੀ। ਬਹੁਤ ਰਿਸ਼ਵਤ ਚੱਲਣ ਲੱਗ ਪਈ। 20-25 ਹਜ਼ਾਰ ਤਾਂ ਐਵੇਂ ਲੱਗਜੂ।'
'ਕੋਈ ਗੱਲ ਨਹੀਂ, ਗੱਡੇ ਮਗਰ ਕੁਹਾੜਾ ਸਹੀ। ਤੂੰ ਤਿਆਰੀ ਕਰ।'
'ਤੇਰਾ ਪਾਣੀ ਸੜਕ ਨੂੰ ਜਾਂਦਾ ਓਏ।' ਕਿਸੇ ਨੇ ਉਹਦਾ ਮੋਢਾ ਫੜ ਕੇ ਹਲੂਣਿਆ। ਵੇਖਿਆ ਤਾਂ ਦਮਦਮੇ ਤੋਂ ਉਸ ਦਾ ਜਮਾਤੀ ਜੱਗਾ ਖੜ੍ਹਾ ਸੀ। ਜੱਗਾ ਪੜ੍ਹਾਈ 'ਚ ਨਲਾਇਕ ਹੀ ਸੀ। ਮਾਸਟਰ ਵੀ ਉਸ ਨੂੰ ਪੜ੍ਹਾਉਂਦਾ ਘੱਟ ਅਤੇ ਚਾਹ-ਪਾਣੀ ਬਣਾਉਣ 'ਤੇ ਜ਼ਿਆਦਾ ਲਾਈ ਰੱਖਦਾ। ਜੱਗੇ ਨੂੰ ਉਸ ਨੇ ਅਲਮਾਰੀ ਦੀ ਚਾਬੀ ਫੜਾ ਰੱਖੀ ਸੀ। ਜੱਗਾ ਅਲਮਾਰੀ 'ਚ ਪਈ ਜੂਸ ਦੀ ਬੋਤਲ 'ਚੋਂ ਜੂਸ ਦਾ ਗਲਾਸ ਕੱਢ ਕੇ ਓਨਾ ਪਾਣੀ ਪਾ ਦਿੰਦਾ। ਇਕ ਦਿਨ ਸੁੱਕੇ ਦੁੱਧ ਅਤੇ ਬਿਸਕੁਟਾਂ ਦੇ ਪੈਕਟ ਘਰ ਲਿਜਾਂਦਾ ਫੜਿਆ ਗਿਆ। ਨੱਥੇ ਮਾਸਟਰ ਨੇ ਚਾਬੀ ਫੜ ਲਈ ਸੀ। ਹੁਣ ਵੱਢੀ ਸ਼ੱਢੀ ਦੇ ਕੇ ਠੇਕਾ ਆਧਾਰ ਅਧਿਆਪਕ ਲੱਗ ਗਿਆ। ਤਨਖ਼ਾਹ ਭਾਵੇਂ ਸੱਤ ਹਜ਼ਾਰ ਹੀ ਸੀ ਪਰ ਆਪਣੇ ਵਿਹਲੜ ਹਾਣੀਆਂ-ਪਵਾਣੀਆਂ 'ਚ ਟੌਹਰ ਵਿਖਾਉਣ ਵਾਸਤੇ ਕਾਫ਼ੀ ਸੀ। ਇਥੋਂ ਦੀ ਲੰਘ ਕੇ ਬੋਪਾਰਾਏ ਪੜ੍ਹਾਉਣ ਜਾਂਦਾ ਤਾਂ ਖੇਤਾਂ 'ਚ ਕੰਮ ਕਰਦੇ ਲੋਕਾਂ ਵੱਲ ਹੱਥ ਹਿਲਾ ਕੇ ਲੰਘਦਾ।
'ਜੱਗਿਆ ਤੂੰ? ਠਹਿਰ ਮੈਂ ਪਹਿਲਾਂ ਪਾਣੀ ਬੰਨ੍ਹ ਆਵਾਂ।' ਸੇਮੇ ਨੇ ਗੋਡੇ-ਗੋਡੇ ਪਾਣੀ ਵਿਚ ਦੀ ਭੱਜ ਕੇ ਨਵੇਂ ਕਿਆਰੇ ਨੂੰ ਮੂੰਹਾਂ ਕੀਤਾ। ਫਿਰ ਉਹ ਵਾਪਸ ਆ ਗਿਆ ਕਿ ਪਹਿਲਾਂ ਵਾਂਗ ਮਾਸਟਰ ਗੰਨਿਆਂ ਜਾਂ ਸਾਗ ਦਾ ਸੁਆਲ ਨਾ ਪਾ ਦੇਵੇ। ਸੋ, ਆਪਣੇ-ਆਪ ਨਾਲ ਗੱਲਾਂ ਕਰਦਾ ਬੋਲਿਆ 'ਕਮਾਦ ਵੀ ਭਰ ਤਾ, ਸਰ੍ਹੋਂ ਵੀ ਭਰਤੀ। ਅੱਜ ਤਾਂ ਮਿੱਤਰਾ ਪੱਠੇ ਵੀ ਗੁਆਂਢੀਆਂ ਦਿਉਂ ਲਿਜਾਣੇ ਪੈਣਗੇ।' ਫਿਰ ਜੱਗੇ ਨੂੰ ਬੋਲਿਆ, 'ਹੋਰ ਸੁਣਾਓ ਮਾਸਟਰ ਜੀ ਕੀ ਹਾਲ ਐ। ਮੁੰਡੇ-ਕੁੜੀਆਂ ਤੰਗ ਤਾਂ ਨਹੀਂ ਕਰਦੇ?'
'ਕਿਉਂ ਕਰਨਗੇ, ਜਦੋਂ ਆਪਾਂ ਉਨ੍ਹਾਂ ਨੂੰ ਪੜ੍ਹਾਉਣਾ ਹੀ ਨਹੀਂ। ਅੱਠਵੀਂ ਤੱਕ ਤਾਂ ਵੈਸੇ ਹੀ ਕਿਸੇ ਨੇ ਫੇਲ੍ਹ ਨਹੀਂ ਕਰਨਾ। ਭਾਵੇਂ ਦੋ ਦੂਣੀ ਸੱਤ ਹੀ ਕਿਉਂ ਨਾ ਆਖੀ ਜਾਣ। ਇਹੀ ਵਧੀਆ ਸਹੂਲਤ ਦਿੱਤੀ ਸਰਕਾਰ ਨੇ।'
'ਕੀ ਹੈ ਭਰਾਵਾ ਦੁੱਧ ਵਗੈਰਾ ਚੱਕ ਲਿਜਾਂਦੇ ਹੋਣ, ਕੋਈ ਪਤਾ ਲੱਗਦਾ ਇਥੇ', ਕਹਿਣ ਦੇ ਨਾਲ ਹੀ ਸੇਮਾ ਹੱਸਿਆ। ਉਸ ਦੇ ਨਾਲ ਹੀ ਜੱਗਾ ਵੀ ਹੱਸ ਕੇ ਬੋਲਿਆ, 'ਹੁਣ ਇਹੋ ਜਿਹਾ ਕੁਝ ਹੈ ਨਹੀਂ ਆਪਣੇ ਕੋਲ। ਸਭ ਆਂਗਣਵਾੜੀਆਂ ਨੂੰ ਦੇ ਤਾ। ਪਰ ਬੜੀ ਯਾਦਾਸ਼ਤ ਓਏ ਤੇਰੀ। ਜਵਾਂ ਪਿਉ 'ਤੇ ਗਿਐ। ਚਾਚਾ ਅਜਮੇਰ ਸਾਰੇ ਜੱਸੋਵਾਲ 'ਚੋਂ ਬਹੁਤ ਚੰਗਾ ਸੀ। ਮੈਨੂੰ ਗਾਜਰਾਂ-ਮੂਲੀਆਂ ਫੜਾਉਣੀਆਂ ਨਹੀਂ ਸੀ ਭੁੱਲਦਾ। ਆਹ ਰੱਸਾ ਤਾਂ ਲਾਹ ਲੈਣਾ ਸੀ ਖ਼ਸਮਾ। ਬੁਰਾ ਲੱਗਦਾ ਹੈ।'
'ਇਹ ਤਾਂ ਉਸੇ ਦਿਨ ਹੀ ਲਹੂ, ਜਿਸ ਦਿਨ ਮੇਰੇ ਘਰ 'ਤੇ ਚੜਿਆ ਕਰਜ਼ਾ ਲਹਿ ਗਿਆ। ਪਿਉ ਦਾ ਸੁਪਨਾ ਮੈਂ ਹਰ ਹਾਲਤ ਪੂਰਾ ਕਰਨਾ ਹੈ ਜੱਗਿਆ। ਕੱਲੀ ਵਾਹੀ ਨਾਲ ਕੁਝ ਨਹੀਂ ਬਣਦਾ। ਵਗਾਰਾਂ ਬਹੁਤ ਪੈ ਜਾਂਦੀਆਂ। ਕੋਈ ਸਾਈਡ ਬਿਜ਼ਨੈੱਸ ਵੀ ਸ਼ੁਰੂ ਕਰਦੇ ਆਂ', ਸੇਮਾ ਗੰਭੀਰ ਹੋ ਕੇ ਬੋਲਿਆ।
'ਨਾਲੇ ਆਈਲੈਟਸ ਕਰਦਾ ਸੀ, ਉਹਦਾ ਕੀ ਬਣਿਆ?' ਜੱਗੇ ਨੇ ਅਜਮੇਰ ਤੋਂ ਸੁਣੀ ਗੱਲ ਪੁੱਛੀ।
'ਭਰਾਵਾ ਪੈਸਾ ਨਹੀਂ ਬਣਿਆ। ਨਾ ਕੋਈ ਅਪਰੋਚ ਸੀ, ਉਤੋਂ ਪਿਉ ਦੀ ਡੈੱਥ ਹੋ ਗਈ। ਬੱਸ ਰਹਿਗੇ', ਸੇਮੇ ਨੇ ਹਉਕਾ ਲੈ ਕੇ ਕਿਹਾ, 'ਪੈਸੇ ਬਿਨਾਂ ਗੱਡੀ ਨਹੀਂ ਚਲਦੀ ਓਏ ਵੀਰ ਮੇਰਿਆ।'
'ਜੇ ਤੂੰ ਬਾਹਰ ਜਾਣਾ ਹੀ ਚਾਹੁੰਨੈ ਤਾਂ ਕੋਈ ਆਈਲੈਟਸ ਪਾਸ ਵਾਲੀ ਕੁੜੀ ਲੱਭ ਕੇ ਨਕਲੀ ਵਿਆਹ ਕਰਵਾ ਲੈ। ਜੋ ਬਾਹਰ ਤਾਂ ਜਾਣਾ ਚਾਹੁੰਦੀ ਹੋਵੇ ਪਰ ਉਸ ਕੋਲ ਪੈਸਾ ਨਾ ਹੋਵੇ। ਤੂੰ ਪੈਸਾ ਖਰਚ ਕੇ ਬਾਹਰ ਭੇਜਦੇ। ਆਪੇ ਤੈਨੂੰ ਵੀ ਉਹ ਬੁਲਾ ਲਵੇਗੀ, ਜੇ ਰੱਖਣੀ ਹੋਈ ਰੱਖ ਵੀ ਲਈਂ, ਨਹੀਂ ਤਾਂ ਕੈਨੇਡਾ ਜਾ ਕੇ ਤੂੰ ਕੌਣ ਅਤੇ ਮੈਂ ਕੌਣ। ਹੁਣ ਇਸੇ ਤਰ੍ਹਾਂ ਹੀ ਕਰਦੇ ਆ ਸਾਰੇ।'
'ਗੱਲ ਤੇਰੀ ਠੀਕ ਐ, ਚਲ ਫਿਰ ਬਣ ਵਿਚੋਲਾ ਵੇਖਦਾਂ ਕੀ ਐਂ।' ਸੇਮੇ ਨੂੰ ਬਾਪੂ ਦਾ ਸੁਪਨਾ ਯਾਦ ਆ ਗਿਆ। ਉਸ ਨੂੰ ਮਾਸਟਰ ਦੀ ਗੱਲ ਜੱਚ ਗਈ। ਬੋਲਿਆ 'ਹੈ ਕੋਈ ਨਿਗ੍ਹਾ 'ਚ?'
'ਲੈ ਗ਼ਰੀਬ ਘਰਾਂ ਦੀਆਂ ਕੁੜੀਆਂ ਦਾ ਘਾਟੈ? ਤੂੰ ਪੈਸਾ ਬਣਾ, ਆਈਲੈਟਸ ਵਾਲੀ ਕੁੜੀ ਦਾ ਰਿਸ਼ਤਾ ਮੇਰੇ ਜੁੰਮੇ। ਖੰਨੇ ਵੱਲ ਦੀਆਂ ਕਈ ਕੁੜੀਆਂ ਦੀਆਂ ਆਈਲੈਟਸਾਂ ਕੀਤੀਆਂ ਪਰ ਆਪਣੇ ਮਤਲਬ ਦੀ... ... ਮੈਂ ਤੈਨੂੰ ਯਾਦ ਕਰਕੇ ਦੱਸੂੰਗਾ।' ਕਹਿ ਕੇ ਜੱਗਾ ਮੋਟਰਸਾਈਕਲ ਵੱਲ ਤੁਰਦਾ-ਤੁਰਦਾ ਫਿਰ ਰੁਕ ਗਿਆ, ਬੋਲਿਆ 'ਸੇਮਿਆਂ ਸਾਗ ਲਿਜਾਣਾ ਸੀ। ਤੂੰ ਤਾਂ ਸਾਰੇ ਖੇਤ 'ਚ ਪਾਣੀ ਛੱਡੀ ਬੈਠਾਂ ਏਂ। ਚੱਲ ਕਿਤੇ ਫਿਰ ਸਹੀ।'
'ਨਹੀਂ ਐਸੀ ਵੀ ਕੋਈ ਗੱਲ ਨਹੀਂ? ਤੇਰੇ ਜੋਗਾ ਤਾਂ ਆਸੇ-ਪਾਸੇ ਤੋਂ ਤੋੜ ਲਵਾਂਗੇ।' ਕਿਸੇ ਨੂੰ ਚੂੰਢੀ ਨਾ ਵਢਾਉਣ ਵਾਲੇ ਸੇਮੇ ਨੇ ਵੱਟੀਂ-ਵੱਟੀਂ ਪੈ ਕੇ ਸਾਕ ਦੇ ਗੌਂ 'ਚ ਸਾਗ ਵੀ ਤੋੜ ਕੇ ਦਿੱਤਾ ਅਤੇ ਗੰਨੇ ਵੀ ਭੰਨ ਕੇ ਦਿੱਤੇ। ਸ਼ਾਮ ਨੂੰ ਜ਼ਮੀਨ ਵਿਕਾਊ ਦਾ ਹੋਕਾ ਵੀ ਦਿਵਾ ਦਿੱਤਾ। ਰੋਪੜ ਤੋਂ ਇਕ ਛੇ ਬੈਂਡੀ ਮਾਨ ਗੋਤ ਲਵਲੀ (ਲਵਪ੍ਰੀਤ ਕੌਰ) ਨਾਂਅ ਦੀ ਕੁੜੀ ਮਿਲ ਗਈ, ਜਿਸ ਦਾ ਪਿਉ ਸਾਰਾ ਪੈਸਾ ਚਿੱਟਫੰਡ ਕੰਪਨੀਆਂ 'ਚ ਗੁਆ ਕੇ ਚੱਲ ਵਸਿਆ। ਛੋਟਾ ਭਰਾ ਅਜੇ ਪੜ੍ਹਦਾ ਸੀ ਅਤੇ ਮਾਂ ਥੋੜ੍ਹੇ ਜਿਹੇ ਖੇਤ 'ਚ ਬੀਜਿਆ ਸਾਗ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੀ ਸੀ। ਰੁਲੀ-ਖੁਲੀ ਲਵਲੀ ਬਹੁਤੀ ਸੋਹਣੀ ਨਾ ਸਹੀ ਪਰ ਮੁੱਢੋ ਮਾੜੀ ਵੀ ਨਹੀਂ ਸੀ। ਅੱਖਾਂ ਬਿੱਲੀਆਂ, ਗੋਰਾ ਰੰਗ, ਚਿਹਰੇ ਦੇ ਖੱਬੇ ਪਾਸੇ ਲਸਣ ਸੀ।
ਪੁੱਤ ਦੀ ਜ਼ਿੰਦਗੀ ਬਣਦੀ ਵੇਖ ਮਾਂ ਨੇ ਜ਼ਮੀਨ ਵੇਚਣ ਦੀ ਹਾਮੀ ਭਰ ਦਿੱਤੀ। ਕੁਝ ਜੱਸੋਵਾਲ ਵਾਲੀ ਭੂਆ ਮਦਦ ਕਰ ਗਈ, ਕੁਝ ਪਿੰਡ 'ਚੋਂ ਫੜ ਤੜ ਕੇ ਚਾਲੀ ਲੱਖ ਪੂਰਾ ਕਰ ਲਿਆ।
ਪਾਇਲ ਦੇ ਇਕ ਗੁਰਦੁਆਰੇ 'ਚ ਪੂਰੀਆਂ ਰਹੁ-ਰੀਤਾਂ ਨਾਲ ਵਿਆਹ ਕਰ ਕੇ ਮੂਵੀ ਬਣਾਈ ਗਈ। ਮਾਂ ਨੇ ਸਿਰ ਤੋਂ ਪਾਣੀ ਵਾਰਿਆ ਅਤੇ ਦੋਵੇਂ ਕੰਗਣਾ ਵੀ ਖੇਡੇ। ਹਨੇਰਾ ਹੋਏ ਤੇ ਵਾਪਸੀ ਦੀ ਤਿਆਰੀ ਹੋਣ ਲੱਗੀ। ਸੁਹਾਗਰਾਤ ਦੇ ਸਬੰਧ 'ਚ ਸੇਮਾ ਜੱਗੇ ਨਾਲ ਬਹਿਸਣ ਲੱਗਾ। ਲਵਪ੍ਰੀਤ ਦੇ ਵੀ ਕੰਨ ਖੜ੍ਹੇ ਹੋ ਗਏ। ਜੱਗੇ ਨੇ ਕਾਗਜ਼ਾਂ 'ਚੋਂ ਕੱਢ ਕੇ ਐਗਰੀਮੈਂਟ ਵਿਖਾਇਆ ਜਿਸ 'ਤੇ ਸੁਹਾਗਰਾਤ ਕੈਨੇਡਾ 'ਚ ਮਨਾਉਣ ਦੀ ਸ਼ਰਤ ਲਿਖੀ ਸੀ। ਦਿਨਾਂ 'ਚ ਹੀ ਲਵਲੀ ਦੇ ਕਾਗਜ਼ ਪੱਤਰ ਬਣ ਗਏ। ਹਵਾਈ ਅੱਡੇ ਪਹੁੰਚੀ ਤਾਂ ਲੱਗਦੀ ਹੀ ਨਹੀਂ ਸੀ ਕਿ ਇਹ ਖੰਨੇ ਦੀ ਸਬਜ਼ੀ ਮੰਡੀ ਵਾਲੀ ਲਵਲੀ ਹੈ। ਜਹਾਜ਼ ਚੜ੍ਹਦੀ ਨੂੰ ਵੇਖ ਸੇਮਾ ਡੁਸਕ ਪਿਆ। 'ਲਵਪ੍ਰੀਤ ਜੀ, ਮੈਂ ਤਾਂ ਆਪਣੇ ਵਲੋਂ ਅਸਲੀ ਵਿਆਹ ਹੀ ਕੀਤਾ ਹੈ। ਮੈਨੂੰ ਛੇਤੀ ਬੁਲਾ ਲਿਓ। ਮੇਰਾ ਜੀਅ ਨਹੀਂ ਲੱਗਣਾ, ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮੁਆਫ਼ ਕਰ ਦੇਈਂ।'
'ਜੀਅ ਮੇਰਾ ਵੀ ਨਹੀਂ ਲੱਗਣਾ। ਮੇਰੇ ਵੀ ਦਿਲ 'ਚ ਓਨੀ ਹੀ ਤੜਫ਼ ਹੈ, ਤਰਸੇਮ ਜੀ ਪਰ ਮੈਂ ਮਜਬੂਰ ਹਾਂ। ਜੀਅ ਭੈੜਾ ਨਾ ਕਰੋ। ਮੈਂ ਜਾਂਦਿਆਂ ਹੀ ਬੁਲਾ ਲਵਾਂਗੀ।' ਕਹਿ ਕੇ ਚਲੀ ਗਈ, ਜਾਂਦੀ ਨੂੰ ਕੰਮ ਮਿਲ ਗਿਆ।
ਫੇਸਬੁੱਕ 'ਤੇ ਲਾਈਵ ਹੁੰਦੀ ਤਾਂ ਦੋਵਾਂ ਮਾਂ-ਪੁੱਤਾਂ ਨੂੰ ਚਾਅ ਚੜ ਜਾਂਦਾ। ਜਦ ਕੰਮ ਧੰਦੇ ਬਾਰੇ ਪੁੱਛਦੇ ਤਾਂ ਕਹਿੰਦੀ 'ਨੌਕਰੀ-ਨਾਕਰੀ ਵਾਲੀ ਤਾਂ ਇਥੇ ਕੋਈ ਗੱਲ ਨਹੀਂ ਬੇਬੇ ਜੀ। ਪੈਸਾ ਜ਼ਿਆਦਾ ਜ਼ਰੂਰ ਐ ਪਰ ਕਰਨੀ ਲੇਬਰ ਪੈਂਦੀ ਐ, ਉਹ ਵੀ ਕੈਮਰਿਆਂ ਦੀ ਨਿਗਰਾਨੀ 'ਚ। ਦਸ ਮਿੰਟ ਵੀ ਕਿਤੇ ਏਧਰ-ਓਧਰ ਹੋ ਜਾਈਏ ਤਾਂ ਕੈਮਰਾ ਓਨੇ ਪੈਸੇ ਕੱਟ ਲੈਂਦਾ ਹੈ।' ਪੱਬਾਂ ਭਾਰ ਹੋਇਆ ਸੇਮਾ ਵੀਜ਼ੇ ਦੀ ਗੱਲ ਤੋਰਦਾ ਤਾਂ ਲਵਲੀ ਕਹਿੰਦੀ, 'ਸਬਰ ਵੀ ਕਰੋ ਡਾਰਲਿੰਗ' ਮੈਂ ਅਪਲਾਈ ਕਰ ਰੱਖਿਆ ਹੈ। ਮੈਨੂੰ ਵੀ ਤੁਹਾਡੀ ਲੋੜ ਹੈ। ਜਦ ਵੀ ਦੂਤਾਵਾਸ ਦੀ ਰੈਗਮੈਂਟ ਹੋ ਗਈ, ਮੈਂ ਤੁਹਾਨੂੰ ਬੁਲਾ ਲਵਾਂਗੀ। ਇਥੇ ਇੰਡੀਆ ਵਾਂਗ ਰਿਸ਼ਵਤ ਨਹੀਂ ਚਲਦੀ। ਬੱਸ, ਸਮ ਟਾਈਮ ਵੇਟ ਪਲੀਜ਼। ਆਪਾਂ ਸਾਰੀ ਉਮਰ ਇਕੱਠਿਆਂ ਹੀ ਤਾਂ ਰਹਿਣਾ ਹੈ। ਮਹੀਨਾ ਬੀਤ ਜਾਣ 'ਤੇ ਵੀ ਉਸ ਦਾ ਇਹੀ ਜਵਾਬ ਹੁੰਦਾ, ਦੋ ਮਹੀਨੇ ਬੀਤ ਜਾਣ 'ਤੇ ਵੀ। ਆਖ਼ਰ ਲਵਲੀ ਨੇ ਹੌਲੀ-ਹੌਲੀ ਫੋਨ ਵੀ ਕਰਨੇ ਛੱਡ ਦਿੱਤੇ। ਬਹਾਨਾ ਇਹ ਸੀ ਕਿ ਵਕਤ ਨਹੀਂ ਮਿਲਦਾ। ਉਸ ਦੇ ਲਾਰਿਆਂ 'ਚੋਂ ਝਲਕਦੀ ਠੱਗੀ ਦੀਆਂ ਗੱਲਾਂ ਸਾਰਾ ਜੱਸੋਵਾਲ ਕਰ ਰਿਹਾ ਸੀ। ਜਦ ਸੇਮੇ ਦੇ ਮਿੱਠੇ-ਪਿਆਰੇ ਮੈਸਜਾਂ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਤਾਂ ਉਸ ਤੋਂ ਖਾਧੀ ਪੀਤੀ 'ਚ ਕੁਝ ਕੌੜੇ ਮੈਸਜ਼ ਪੈ ਗਏ ਜਿਨ੍ਹਾਂ ਵਿਚ ਵਿਆਹ ਦੀ ਮੂਵੀ ਦਾ ਜ਼ਿਕਰ ਸੀ। ਉਹਦੇ ਪਿੱਛੇ ਵਿਕੀ ਹੋਈ ਜ਼ਮੀਨ ਦਾ ਜ਼ਿਕਰ ਸੀ। ਕੁਝ-ਕੁਝ ਰੱਬ ਅਤੇ ਕਾਨੂੰਨ ਤੋਂ ਵੀ ਡਰਨ ਦੀ ਵੀ ਸਲਾਹ ਸੀ। ਅਗਲੀ ਸ਼ਾਮ ਉਹ ਕਾਲਕਾ ਬਣ ਕੇ ਪ੍ਰਗਟ ਹੋ ਗਈ।' ਹੈਲੋ ਤਰਸੇਮ ਜੀ, ਇਹ ਤਾਹਨੇ-ਮੇਹਣੇ ਅਤੇ ਡਰਾਵੇ ਕੀਹਨੂੰ ਦੇ ਰਹੇ ਹੋ? ਮੈਂ ਤੁਹਾਡੇ ਘਰ ਭੀਖ ਮੰਗਣ ਨਹੀਂ ਗਈ ਸੀ। ਤੁਸੀਂ ਮੇਰੇ ਕੋਲ ਆਏ ਸੀ, ਬਾਹਰ ਕੀ ਭੇਜ ਦਿੱਤਾ, ਤੁਸੀਂ ਤਾਂ ਮੈਨੂੰ ਫਸਾ ਕੇ ਰੱਖ ਦਿੱਤਾ। ਮੈਂ ਆਪਣੇ ਘਰ ਰਾਜ ਕਰਦੀ ਸੀ ਅਤੇ ਹੁਣ ਕੈਮਰਿਆਂ ਅੱਗੇ ਚੈਰੀ ਤੋੜਦੀ ਹਾਂ।'
'ਨਹੀਂ ਲਵਪ੍ਰੀਤ ਜੀ' ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ', ਸੇਮੇ ਨੇ ਸਫ਼ਾਈ ਵਜੋਂ ਕਹਿਣਾ ਚਾਹਿਆ। ਉਸ ਦੇ ਅਰਮਾਨ ਮਾਰੇ ਗਏ। ਲਵਲੀ ਵੀ ਉਨ੍ਹਾਂ ਨੂੰ ਗੁਰਸੇਮ ਵਰਗੀ ਦਿਸਣ ਲੱਗੀ।
'ਬਸ ਹੁਣ ਮਤਲਬ ਕੋਈ ਵੀ ਹੋਵੇ। ਨਹੀਂ ਵਿਸ਼ਵਾਸ ਕਰਨਾ ਨਾ ਕਰੋ। ਆਪਣਾ ਕੋਈ ਰਿਸ਼ਤਾ ਨਹੀਂ। ਆਪਣੀ ਮਨੀ ਵਾਪਸ ਲੈ ਲਿਉ ਪਰ ਪਲੀਜ਼ ਇਸ ਤੋਂ ਬਾਅਦ ਮੈਨੂੰ ਨਾ ਕਾਲ ਕਰਨਾ, ਨਾ ਮੈਸੇਜ ਭੇਜਣਾ', ਕਹਿ ਕੇ ਫੇਸਬੁੱਕ ਤੋਂ ਅਲੋਪ ਹੋ ਗਈ ਅਤੇ ਸਿੰਮ ਵੀ ਬਦਲੀ ਕਰ ਲਿਆ। ਪਿੰਡ 'ਚ ਖੁੱਲ੍ਹ ਕੇ ਚਰਚਾ ਹੋਣ ਲੱਗੀ।
ਆਖ਼ਰ ਮਾਸਟਰ ਨੂੰ ਤਲਬਿਆ ਗਿਆ। ਉਸ ਦੇ ਦਮਦਮੇ ਵਾਲੇ ਘਰ ਨੂੰ ਜਿੰਦਾ ਲੱਗਿਆ ਸੀ। ਬੋਪਾਰਾਏ ਦੇ ਸਕੂਲ 'ਚ ਆ ਕੇ ਇਕ ਮਾਸਟਰ ਤੋਂ ਪਤਾ ਕੀਤਾ ਤਾਂ ਉਸ ਨੇ ਕਿਹਾ, 'ਭਰਾਵੋ' ਮੈਂ ਤਾਂ ਆਪ ਕਈਆਂ ਦਿਨਾਂ ਦਾ ਛੁੱਟੀ 'ਤੇ ਸੀ। ਪ੍ਰਿੰਸੀਪਲ ਸਾਹਬ ਤੋਂ ਕਰਲੋ ਪਤਾ।' ਪ੍ਰਿੰਸੀਪਲ ਨੂੰ ਮਿਲੇ ਤਾਂ ਉਸ ਨੇ ਕਿਹਾ, 'ਜੱਗੇ ਮਾਸਟਰ ਨੂੰ ਮਿਲਣਾ ਹੈ ਤਾਂ ਕੈਨੇਡਾ ਜਾਣਾ ਪਊ। ਉਹ ਨੌਕਰੀ ਤੋਂ ਅਸਤੀਫ਼ਾ ਦੇ ਗਿਆ ਹੈ।' ਇਹ ਸੁਣਦਿਆਂ ਹੀ ਸੇਮਾ ਚੱਕਰ ਖਾ ਕੇ ਡਿਗ ਪਿਆ। ਸੇਮੇ ਬਾਰੇ ਕੁਝ ਦਿਨਾਂ ਬਾਅਦ ਅਖ਼ਬਾਰਾਂ 'ਚ ਲੱਗੀ, ਖ਼ਬਰ ਦਾ ਹੈਂਡਿੰਗ ਸੀ :
'ਉਸੇ ਟਾਹਲੀ ਨਾਲ ਇਕ ਹੋਰ ਆਤਮ ਹੱਤਿਆ।'


-ਥਾਂਦੇਵਾਲਾ। ਮੋਬਾਈਲ : 98885-26276

ਆਤਮ ਵਿਸ਼ਵਾਸ

ਇਮਤਿਹਾਨ ਤਾਂ ਕਦੋਂ ਦੇ ਖਤਮ ਹੋ ਚੁੱਕੇ ਸਨ। ਅੱਜ ਨਤੀਜਾ ਨਿਕਲਣਾ ਸੀ। ਬੱਚੇ ਵੱਡੀ ਗਿਣਤੀ ਵਿੱਚ ਸਕੂਲ ਆਏ ਹੋਏ ਸਨ। ਕਈਆਂ ਨੂੰ ਪਾਸ ਹੋਣ ਦੀ ਪੱਕੀ ਉਮੀਦ ਸੀ ਅਤੇ ਕਈਆਂ ਨੂੰ ਫੇਲ੍ਹ ਹੋਣ ਦਾ ਡਰ। ਆਖਰ ਸਕੂਲ ਦੇ ਪ੍ਰਿੰਸੀਪਲ ਵਲੋਂ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਸੀ। ਨਤੀਜਾ ਸੁਣਨ ਉਪਰੰਤ ਇਕ ਬੱਚਾ ਪ੍ਰਿੰਸੀਪਲ ਦੇ ਦਫ਼ਤਰ ਅੰਦਰ ਆ ਕੇ ਕਹਿਣ ਲੱਗਾ,ਮੈਂ ਕਦੀ ਵੀ ਫੇਲ੍ਹ ਨਹੀਂ ਹੋ ਸਕਦਾ, ਸਰ ।
ਉਸ ਬੱਚੇ ਨੇ ਪਾਟੇ ਪੁਰਾਣੇ ਕੱਪੜੇ ਪਹਿਨੇ ਹੋਏ ਸਨ ਪਰ ਉਸ ਵਿਚ ਆਤਮ-ਵਿਸ਼ਵਾਸ ਬੜਾ ਸੀ।
ਪ੍ਰਿੰਸੀਪਲ ਗੁੱਸੇ ਵਿਚ ਬੋਲਿਆ, ਕੀ ਮੈਂ ਗ਼ਲਤ ਨਤੀਜਾ ਐਲਾਨਿਆ ਹੈ?
ਇਹ ਤਾਂ ਮੈਂ ਨਹੀਂ ਕਹਿੰਦਾ ਸਰ ਪਰ ਮੈਂ ਫੇਲ੍ਹ ਨਹੀਂ ਹੋ ਸਕਦਾ, ਬੱਚਾ ਮੁੜ ਬੋਲ ਪਿਆ। ਏਨੇ ਨੂੰ ਸਕੂਲ ਦਾ ਚਪੜਾਸੀ ਭੱਜਿਆ-ਭੱਜਿਆ ਦਫਤਰ ਵਿਚ ਆਇਆ ਅਤੇ ਪ੍ਰਿੰਸੀਪਲ ਨੂੰ ਕਹਿਣ ਲੱਗਾ,ਸਰ, ਜੋ ਨਤੀਜਾ ਤੁਸੀਂ ਬੱਚਿਆਂ ਨੂੰ ਸੁਣਾਇਆ ਹੈ, ਉਹ ਗ਼ਲਤ ਸੀ।
ਪ੍ਰਿੰਸੀਪਲ ਨੇ ਹੈਰਾਨ ਹੁੰਦਿਆਂ ਕਿਹਾ, ਤਾਂ ਅਸਲੀ ਫੇਲ੍ਹ ਪਾਸ ਦੀ ਲਿਸਟ ਕਿੱਥੇ ਹੈ? ਚਪੜਾਸੀ ਨੇ ਨਤੀਜੇ ਦੀ ਅਸਲੀ ਲਿਸਟ ਪ੍ਰਿੰਸੀਪਲ ਨੂੰ ਫੜਾ ਦਿੱਤੀ ਸੀ।
ਪ੍ਰਿੰਸੀਪਲ ਨੇ ਦੁਬਾਰਾ ਬੱਚਿਆਂ ਨੂੰ ਇਕੱਠੇ ਕੀਤਾ। ਆਪਣੀ ਗ਼ਲਤੀ ਦੀ ਮੁਆਫ਼ੀ ਮੰਗੀ ਅਤੇ ਫੇਲ੍ਹ ਪਾਸ ਦੀ ਨਵੀਂ ਲਿਸਟ ਪੜ੍ਹ ਕੇ ਸੁਣਾਈ। ਉਸ ਲਿਸਟ ਵਿਚ ਉਹੀ ਬੱਚਾ ਕਲਾਸ 'ਚੋਂ ਪਹਿਲੇ ਸਥਾਨ 'ਤੇ ਰਿਹਾ ਸੀ, ਜੋ ਵਾਰ-ਵਾਰ ਪ੍ਰਿੰਸੀਪਲ ਨੂੰ ਜਾ ਕੇ ਕਹਿ ਰਿਹਾ ਸੀ ਕਿ ਉਹ ਫੇਲ ਨਹੀਂ ਹੋ ਸਕਦਾ। ਤੁਸੀਂ ਜਾਣਨਾ ਚਾਹੋਗੇ ਕਿ ਉਹ ਬੱਚਾ ਕੌਣ ਸੀ? ਉਹ ਬੱਚਾ ਡਾ.ਰਾਜਿੰਦਰ ਪ੍ਰਸਾਦ ਸੀ ਜੋ ਵੱਡਾ ਹੋ ਕੇ ਭਾਰਤ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀ।


-ਮੋਬਾਈਲ : 97806-67686

ਗੁੱਸਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਨਿਮਰਤਾ, ਇਮਾਨਦਾਰੀ, ਸਹਿਣਸ਼ੀਲਤਾ, ਸਹਿਜਤਾ, ਦਿੱਤੇ ਹੋਏ ਵਚਨ ਨੂੰ ਨਿਭਾਉਣਾ, ਮਿਲਜੁਲ ਕੇ ਰਹਿਣਾ, ਦੁਖੀ ਦੀ ਮਦਦ ਕਰਨੀ ਆਦਿ ਅਪਣਾਉਣ ਯੋਗ ਗੁਣ ਹਨ। ਜਦੋਂ ਕਿ ਹੰਕਾਰ, ਲਾਲਚ ਅਤੇ ਗੁੱਸੇ ਤੋਂ ਬਚਣਾ ਚਾਹੀਦਾ ਹੈ।
* ਗੁੱਸੇਖੋਰ ਵਿਅਕਤੀ ਹਥਿਆਰ ਰੱਖਣਾ ਚਾਹੁੰਦਾ ਹੈ। ਇਸ ਲਈ ਜੇਕਰ ਕਿਸੇ ਕੋਲ ਪਿਸਤੌਲ ਜਾਂ ਬੰਦੂਕ ਆਦਿ ਹਥਿਆਰ ਹੋਵੇ ਤਾਂ ਉਸ ਨਾਲ ਕਦੇ ਬਹਿਸ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹੇ ਵਿਅਕਤੀ ਨੂੰ ਜਲਦੀ ਗੁੱਸਾ ਆ ਸਕਦਾ ਹੈ।
* ਲੜਾਈ ਤੋਂ ਸਮੱਸਿਆ ਸੁਲਝਦੀ ਨਹੀਂ ਬਲਕਿ ਹੋਰ ਉਲਝਦੀ ਹੈ। ਇਕ ਦੂਜੇ ਨਾਲ ਲੜਨ ਨਾਲੋਂ ਸਾਨੂੰ ਗ਼ਰੀਬੀ, ਬਿਮਾਰੀ ਅਤੇ ਅਗਿਆਨਤਾ ਨਾਲ ਲੜਨਾ ਚਾਹੀਦਾ ਹੈ।
* ਕਾਮ, ਕਰੋਧ, ਲੋਭ, ਮੋਹ, ਹੰਕਾਰ ਇਨਸਾਨ ਦੀ ਕਮਜ਼ੋਰੀ ਹੈ, ਪਰ ਇਸ ਨੂੰ ਆਪਣੇ ਜੀਵਨ ਵਿਚੋਂ 100 ਫੀਸਦੀ ਮਨਫ਼ੀ ਕਰਨਾ ਵੀ ਸ਼ਾਇਦ ਮਨੁੱਖ ਲਈ ਕਠਿਨ ਕਾਰਜ ਹੈ। ਕਦੇ ਨਾ ਚਾਹੁੰਦੇ ਹੋਏ ਵੀ ਗੁੱਸਾ ਆ ਜਾਂਦਾ ਹੈ। ਕਿਸੇ ਸਮੇਂ ਇਸ ਦੀ ਲੋੜ ਵੀ ਹੁੰਦੀ ਹੈ। ਜੇ ਕੋਈ ਵਿਅਕਤੀ ਗਰਮ ਵੀ ਨਾ ਹੋਵੇ, ਕੂਲ ਨਾ ਹੋਵੇ ਤਾਂ ਉਸ ਨੂੰ ਗੁਨਗੁਣਾ ਹੀ ਕਿਹਾ ਜਾ ਸਕਦਾ ਹੈ।
* ਬਾਬਾ ਨਾਨਕ ਨੇ ਬਾਬਰ, ਸੱਜਣ ਠੱਗ ਤੇ ਕੌਡੇ ਰਾਖ਼ਸ਼ ਸਮੇਤ ਅਨੇਕਾਂ ਅਜਿਹੇ ਵਿਅਕਤੀਆਂ ਦਾ ਗੁੱਸਾ ਸ਼ਾਂਤ ਕਰਕੇ ਉਨ੍ਹਾਂ ਨੂੰ ਬੁਰਾਈ ਦਾ ਅਹਿਸਾਸ ਕਰਵਾਇਆ।
* ਕੋਸ਼ਿਸ਼ ਕਰੋ ਕਿ ਨਿੱਕੇ-ਨਿੱਕੇ ਗੁੱਸੇ ਗਿਲਿਆਂ ਨੂੰ ਸਹਿਣਸ਼ੀਲਤਾ ਅਤੇ ਠਰੰਮੇ ਨਾਲ ਵੱਡੇ ਗੁੱਸੇ ਗਿਲਿਆਂ ਵਿਚ ਤਬਦੀਲ ਹੋਣ ਤੋਂ ਰੋਕਿਆ ਜਾਵੇ ਤਾਂ ਜੋ ਬਾਅਦ ਵਿਚ ਸਾਰੀ ਜ਼ਿੰਦਗੀ ਦੇ ਪਛਤਾਵੇ ਤੋਂ ਬਚਿਆ ਜਾ ਸਕੇ।
* ਗੁੱਸਾ ਆਪਣੇ-ਆਪ 'ਚ ਕਈ ਸਮੱਸਿਆਵਾਂ ਪੈਦਾ ਕਰਦਾ ਹੈ। ਇਸ ਲਈ ਖੁਦ 'ਤੇ ਕਾਬੂ ਰੱਖਣਾ ਚਾਹੀਦਾ ਹੈ ਤੇ ਗੁੱਸਾ ਨਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੁੱਸੇ ਨੂੰ ਨਰਕ ਦੀ ਖਾਣ ਕਿਹਾ ਜਾਂਦਾ ਹੈ, ਇਸ ਲਈ ਜਿਸ ਨੂੰ ਮੁਕਤੀ ਚਾਹੀਦੀ ਹੈ ਉਹ ਕਰੋਧ ਨੂੰ ਛੱਡ ਦੇਵੇ।
* ਸਿਆਣਿਆਂ ਦਾ ਕਹਿਣਾ ਹੈ ਕਿ:
ਗੁੱਸਾ ਚੜ੍ਹ ਗਿਆ ਤੇ ਬੰਦਾ ਮਰ ਗਿਆ।
ਗੁੱਸਾ ਲੱਥ ਗਿਆ ਤੇ ਬੰਦਾ ਬਚ ਗਿਆ।
ਇਸ ਲਈ ਗੁੱਸਾ ਨਾ ਕਰੀਂ।
* ਗੁੱਸਾ ਇਕ ਪ੍ਰਚੰਡ ਅੱਗ ਹੈ, ਜੋ ਮਨੁੱਖ ਇਸ ਅੱਗ ਨੂੰ ਵੱਸ ਵਿਚ ਕਰ ਸਕਦਾ ਹੈ, ਉਹ ਇਸ ਨੂੰ ਬੁਝਾ ਦੇਵੇਗਾ। ਜੋ ਮਨੁੱਖ ਇਸ ਅੱਗ ਨੂੰ ਵੱਸ ਵਿਚ ਨਹੀਂ ਕਰ ਸਕਦਾ, ਉਹ ਖੁਦ ਨੂੰ ਸਾੜ ਲਵੇਗਾ।
* ਆਪਣੇ ਗੁੱਸੇ ਨੂੰ ਏਨਾ ਮਹਿੰਗਾ ਕਰ ਦਿਓ ਕਿ ਕੋਈ ਇਸ ਨੂੰ ਅਫੋਰਡ ਨਾ ਕਰ ਸਕੇ ਅਤੇ ਆਪਣੀ ਖ਼ੁਸ਼ੀ ਨੂੰ ਏਨਾ ਸਸਤਾ ਕਰ ਦਿਓ ਕਿ ਹਰ ਇਕ ਇਸ ਨੂੰ ਤੁਹਾਡੇ ਤੋਂ ਮੁਫਤ ਲੈ ਸਕੇ।
* ਹਾਸਰਸ : ਪਤਨੀ (ਪਤੀ ਨੂੰ) ਤੁਸੀਂ ਮੈਨੂੰ ਅਜਿਹੀਆਂ ਦੋ ਗੱਲਾਂ ਦੱਸੋ ਕਿ ਪਹਿਲੀ ਸੁਣ ਕੇ ਮੈਂ ਖੁਸ਼ ਹੋ ਜਾਵਾਂ ਤੇ ਦੂਜੀ ਸੁਣ ਕੇ ਗੁੱਸੇ 'ਚ ਆ ਜਾਵਾਂ। ਪਤੀ-ਤੂੰ ਮੇਰੀ ਜ਼ਿੰਦਗੀ ਏਂ ਤੇ ਲਾਹਨਤ ਹੈ ਅਜਿਹੀ ਜ਼ਿੰਦਗੀ ਦੇ ਜਿਹੜੀ ਕੋਈ ਵੀ ਕੰਮ ਸਮੇਂ 'ਤੇ ਨਹੀਂ ਕਰਦੀ।
* ਕਿਹਾ ਜਾਂਦਾ ਹੈ ਕਿ ਸੁਕਰਾਤ ਆਪਣੀ ਪਤਨੀ ਬਾਰੇ ਅਕਸਰ ਕਿਹਾ ਕਰਦਾ ਸੀ ਕਿ ਜਦੋਂ ਉਹ ਗੁੱਸੇ ਵਿਚ ਹੁੰਦੀ ਹੈ ਤਾਂ ਮੈਂ ਆਪਣੇ ਸਬਰ ਤੇ ਜਬਤ ਨੂੰ ਪਰਖਦਾ ਹਾਂ। ਜਦੋਂ ਉਹ ਲਾਲ-ਪੀਲੀ ਅੱਗ ਬਬੂਲਾ ਹੁੰਦੀ ਹੈ ਤਾਂ ਮੈਂ ਆਪਣੀ ਸ਼ਾਂਤੀ ਦੀ ਪ੍ਰੀਖਿਆ ਲੈਂਦਾ ਹਾਂ।
* ਇਕ ਖੁਸ਼ਹਾਲ ਅਤੇ ਪ੍ਰਸੰਨਚਿੱਤ ਜ਼ਿੰਦਗੀ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖੋ।
* ਧੀਰਜਵਾਨ ਮਨੁੱਖ ਦੇ ਗੁੱਸੇ ਤੋਂ ਬਚੋ।
* ਜਿਵੇਂ ਤੇਜ਼ ਰਫ਼ਤਾਰ ਦੌੜ ਰਹੇ ਰੱਥ ਨੂੰ ਆਪਣੇ ਕਾਬੂ ਵਿਚ ਰੱਖਣ ਵਾਲਾ ਚੰਗਾ ਰਥਵਾਨ ਅਖਵਾਉਂਦਾ ਹੈ, ਉਵੇਂ ਹੀ ਗੁੱਸੇ ਨੂੰ ਵੱਸ ਵਿਚ ਰੱਖਣ ਵਾਲਾ ਅਸਲੀ ਮਨੁੱਖ ਹੁੰਦਾ ਹੈ, ਬਾਕੀ ਤਾਂ ਐਵੇਂ ਹੀ ਲਗਾਮ ਫੜੀ ਬੈਠੇ ਹਨ। ਤੇਵਰ ਤੇ ਜ਼ੇਵਰ ਸੰਭਾਲ ਕੇ ਰੱਖਣ ਵਾਲੀਆਂ ਚੀਜ਼ਾਂ ਹਨ। ਐਵੇਂ ਹੀ ਗੱਲ-ਗੱਲ 'ਤੇ ਹਰ ਕਿਸੇ ਨੂੰ ਦਿਖਾਏ ਨਹੀਂ ਜਾਂਦੇ।
* ਦੋ ਗੱਲਾਂ ਯਾਦ ਰੱਖਣ ਵਾਲੀਆਂ ਹਨ : ਪਹਿਲਾ-ਜਦੋਂ ਗੁੱਸਾ ਆਏ ਤਾਂ ਕੋਈ ਵੀ ਫੈਸਲਾ ਨਾ ਕਰਨਾ, ਦੂਜਾ ਜਦੋਂ ਬਹੁਤ ਖੁਸ਼ ਹੋਵੋ ਤਾਂ ਕੋਈ ਵਾਅਦਾ ਨਾ ਕਰਨਾ।
* ਹਮੇਸ਼ਾ ਠੰਢਾ, ਖ਼ੁਸ਼, ਇਮਾਨਦਾਰ ਅਤੇ ਨਾਈਸ ਬਣਨ ਦੀ ਕੋਸ਼ਿਸ਼ ਕਰੋ।
* ਸਮੱਸਿਆ ਦਾ ਆਖਰੀ ਹੱਲ ਮੁਆਫ਼ੀ ਹੈ। ਕਰ ਦਿਓ ਜਾਂ ਮੰਗ ਲਵੋ।
* ਕੰਮ 'ਚ ਧਿਆਨ ਰੱਖੋ, ਜ਼ਬਾਨ ਨੂੰ ਨਰਮ ਰੱਖੋ, ਦੁਨੀਆ ਦਾ ਗਿਆਨ ਰੱਖੋ, ਅੱਖਾਂ ਵਿਚ ਸ਼ਰਮ ਰੱਖੋ, ਦਿਮਾਗ ਨੂੰ ਠੰਢਾ ਰੱਖੋ, ਫਿਰ ਵੇਖੋ ਜਿਊਣ ਦਾ ਨਜ਼ਾਰਾ।
* ਜੇਕਰ ਦੋ ਆਦਮੀਆਂ ਵਿਚ ਕਦੇ ਲੜਾਈ ਨਾ ਹੋਵੇ ਤਾਂ ਸਮਝ ਲੈਣਾ ਕਿ ਰਿਸ਼ਤਾ ਦਿਲ ਨਾਲ ਨਹੀਂ ਦਿਮਾਗ ਨਾਲ ਨਿਭਾਇਆ ਜਾ ਰਿਹਾ ਹੈ।
* ਜੇ ਸੰਨਿਆਸੀ ਬਣਨਾ ਹੈ ਤਾਂ ਅਜਿਹੇ ਬਣੋ ਕਿ ਜਿਸ ਨੂੰ ਗੁੱਸਾ ਨਾ ਆਵੇ। ਗ੍ਰਹਿਸਥੀ ਬਣਨਾ ਹੈ ਤਾਂ ਅਜਿਹੇ ਬਣੋ ਕਿ ਬੱਸ ਤੁਹਾਡੇ ਕਹਿਣ 'ਤੇ ਘਰ ਵਾਲੇ ਰਾਤ ਨੂੰ ਦਿਨ ਅਤੇ ਦਿਨ ਨੂੰ ਰਾਤ ਮੰਨਣ ਲਈ ਤਿਆਰ ਹੋਣ ਨਹੀਂ ਤਾਂ ਰੋਜ਼ ਦੇ ਝਗੜਿਆਂ ਦਾ ਕੋਈ ਫਾਇਦਾ ਨਹੀਂ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 99155-63406.

ਮਾਲਕਣ

ਰੇਨੂੰੁ ਤੇ ਪਵਨ ਨੇ ਨਵੇਂ ਘਰ 'ਚ ਗ੍ਰਹਿ ਪ੍ਰਵੇਸ਼ ਦਾ ਸਮਾਗਮ ਕਰਵਾਇਆ। ਪਾਠ ਤੋਂ ਬਾਅਦ ਰਿਸ਼ਤੇਦਾਰਾਂ ਦੇ ਜਾਣ ਦਾ ਸਿਲਸਲਾ ਸ਼ੁਰੂ ਹੋ ਗਿਆ। ਰੇਨੂੰੁ ਅੰਦਰ ਲੈਣ-ਦੇਣ ਵਾਲਾ ਕੰਮ ਕਰ ਰਹੀ ਸੀ, ਇਸ ਕਰਕੇ ਪਵਨ ਨੇ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਬਾਹਰ ਗੇਟ ਕੋਲ ਸਾਮਾਨ ਦਾ ਧਿਆਨ ਰੱਖਣ ਲਈ ਬਿਠਾ ਦਿੱਤਾ ਕਿਉਂਕਿ ਟੈਂਟ ਵਾਲੇ ਆਪਣਾ ਕੰਮ ਕਰ ਰਹੇ ਸਨ, ਭਾਂਡੇ ਤੇ ਹੋਰ ਸਾਮਾਨ ਵੀ ਇਧਰ-ਉਧਰ ਖਿੱਲਰਿਆ ਪਿਆ ਸੀ। ਐਨੇ ਨੂੰ ਗੇਟ 'ਤੇ ਮੰਗਤੇ ਆ ਗਏ ਤੇ ਨੱਚ-ਗਾ ਕੇ ਬਜ਼ੁਰਗਾਂ ਨੂੰ ਖੁਸ਼ ਕਰਨ ਵਿੱਚ ਲੱਗ ਗਏ ਕਿ ਨਵੇਂ ਘਰ ਦੀ ਖੁਸ਼ੀ ਵਿਚ ਉਨ੍ਹਾਂ ਨੂੰ ਵੀ ਕੁਝ ਮਿਲ ਜਾਵੇ। 'ਨਵੀਂ ਕੋਠੀ ਦੀਆਂ ਵਧਾਈਆਂ ਬੀਬੀ ਤੈਨੂੰ... ਰੰਗ-ਭਾਗ ਲੱਗੇ ਰਹਿਣ...ਨੀ ਕੁਝ ਗਰੀਬਣੀ ਦੀ ਝੋਲੀ ਚ' ਵੀ ਪਾ ਨੀ, ਕੁਝ ਕਰਮਾਂ ਵਾਲੀਏ... ਮਹਿਲਾਂ ਦੀਏ ਰਾਣੀਏ।' ਮਾਤਾ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਵਿੱਚ ਚਮਕ ਆ ਗਈ, ਸੁਣ ਕੇ ਗੀਝੇ 'ਚੋਂ 10 ਦਾ ਨੋਟ ਕੱਢ ਕੇ ਦੇਣ ਲੱਗੀ ਤਾਂ ਅੱਗੋਂ ਮੰਗਤੀ ਨੋਟ ਵੇਖ ਕੇ ਉੱਚੀ ਬੋਲੀ, 'ਨੀ ਨਾ ਨੀ ਕਰਮਾਂ ਵਾਲੀਏ ਐਨੀ ਵੱਡੀ ਕੋਠੀ ਦੀ ਮਾਲਕਣ, ਦਿਲ ਕਿੰਨਾ ਛੋਟਾ ਨੀ ਦੇ ਕੋਈ 100 ਦਾ ਪੱਤਾ ਸਿਠਾਣੀਏ।'
ਮਾਤਾ ਹੋਰ ਪੈਸੇ ਕੱਢਣ ਹੀ ਲੱਗੀ ਸੀ ਕਿ ਰੇਨੂੰੁ ਦੇ ਕੰਨੀਂ ਮੰਗਤੀਆਂ ਦੀ ਉੱਚੀ ਆਵਾਜ਼ ਪਈ ਤੇ ਉਹ ਲੋਹਾ-ਲਾਖਾ ਹੋਈ ਬਾਹਰ ਆਈ ਤੇ ਮੰਗਤੀਆਂ ਨੂੰ ਡਾਂਟਦੀ ਹੋਈ ਕਹਿਣ ਲੱਗੀ, 'ਕੀ ਹੋਇਐ ਥੋਨੂੰ? ਕਿਹੜੀ ਮਾਲਕਣ? ਕੌਣ ਮਾਲਕਣ? ਬੇਸ਼ਰਮ ਨਾ ਹੋਣ ਕਿਤੋਂ ਦੀਆਂ... ਚਲੋ ਇਧਰੋਂ, ਜੁੱਤੀਆਂ ਘਸ ਗਈਆਂ ਮੇਰੀਆਂ...ਸੌਖਾ ਨ੍ਹੀ ਬਣ ਗਿਆ ਮਹਿਲ।' ਬਜ਼ੁਰਗਾਂ ਕੋਲੋਂ ਬੁੜ-ਬੁੜ ਕਰਦੀ ਮੁੜਨ ਲੱਗੀ ਤਾਂ, ਅੱਗੋਂ ਇੱਕ ਸਿਆਣੀ ਜਿਹੀ ਮੌਕਾ ਸਾਂਭਦੀ ਹੋਈ ਬੋਲੀ, 'ਨੀ ਮਾਂ ਸਦਕੇ ਐਨੀ ਸੋਹਣੀ! ਤੂੰ ਹੀ ਹੋਵੇਂਗੀ ਮਹਿਲਾਂ ਦੀ ਰਾਣੀ... ਨੀ ਜਿੰਨੀ ਸੋਹਣੀ ਕੋਠੀ ਤੇ ਉਸ ਤੋਂ ਵੀ ਵੱਧ ਸੋਹਣੀ ਤੂੰ', ਦੂਜੀ ਕਹਿੰਦੀ, 'ਨੀ ਹਾਂ ਨੀ ਭੈਣੇ ਜਵਾਂ ਈ ਸ਼ਿਰੀ ਦੇਵੀ ਵਰਗੀ' ਤੇ ਫੇਰ ਸਾਰੀਆਂ ਨੱਚਣ ਲੱਗ ਪਈਆਂ, ਵਧਾਈਆਂ ਦੇਣ ਲੱਗੀਆਂ। ਰੇਨੂੰੁ ਨੱਚਦੀਆਂ ਨੂੰ ਵੇਖਣ ਲੱਗੀ ਤੇ ਉਸ ਦਾ ਕੁਝ ਮੂਡ ਬਦਲਿਆ, ਅੰਦਰ ਆਵਾਜ਼ ਮਾਰ ਕੇ ਕਹਿੰਦੀ, 'ਆਹ ਲਿਆਉਣਾ ਜੀ 100 ਦਾ ਨੋਟ ਸਾਰੀਆਂ ਵੰਡ ਲੈਣਗੀਆਂ।'
ਰੇਨੂੰ ਦੇ ਮਾਤਾ-ਪਿਤਾ ਵੀ ਸਨ ਘਰ। ਉਹ ਇਹ ਸਭ ਸੁਣ ਰਹੇ ਸਨ ਤੇ ਫਟਾਫਟ 100 ਦਾ ਨੋਟ ਕੱਢ ਕੇ ਲਿਆਉਂਦੀ ਰੇਨੂੰ ਦੀ ਮਾਤਾ ਨੇ ਕਿਹਾ, 'ਆਹ ਲੈ ਪੁੱਤ ਦੇ ਦੇ ਇਨ੍ਹਾਂ ਨੂੰ ਸ਼ਗਨ, ਨਾਲੇ ਚੰਗਾ ਕੀਤਾ ਤੂੰ ਗ਼ਲਤ-ਫਹਿਮੀ ਵੀ ਦੂਰ ਕਰ ਦਿੱਤੀ। ਏਨਾ ਸੁਣਦਿਆਂ ਹੀ ਪਵਨ ਦੀ ਮਾਤਾ ਦੀਆਂ ਅੱਖਾਂ ਵਿਚ ਜੋ ਚਮਕ ਸੀ ਉਹ ਹੰਝੂਆਂ ਨਾਲ ਧੁੰਦਲੀ ਪੈ ਗਈ। ਪਵਨ ਚੁੱਪ-ਚਾਪ ਖੜ੍ਹਾ ਕਦੀ ਬਜ਼ੁਰਗਾਂ ਵੱਲ ਤੇ ਕਦੀ ਰੇਨੂੰੁ ਵੱਲ ਵੇਖ ਰਿਹਾ ਸੀ।


-ਪਟਿਆਲਾ।

ਗ੍ਰੀਨ ਕਾਰਡ

ਆਪਣੇ ਵਤਨ ਨੂੰ ਛੱਡ ਕੇ ਅਮਰੀਕਾ ਆਉਣ ਤੋਂ ਪਹਿਲਾ ਅਬਦੁਸ ਅਤੇ ਰੁਖ਼ਸਾਰ ਨੇ ਮੱਕੇ ਵੱਲ ਮੂੰਹ ਕਰ ਕੇ ਹੱਥ ਉਤਾਂਹ ਕਰ ਕੇ ਕਸਮਾਂ ਖਾਧੀਆਂ ਕਿ ਸਾਰੀ ਜ਼ਿੰਦਗੀ ਇਕ-ਦੂਜੇ ਦੇ ਹੋ ਕੇ ਰਹਾਂਗੇ। ਵਿਛੋੜੇ ਦਾ ਦਰਦ ਬੜਾ ਅਸਹਿ ਤੇ ਅਕਹਿ ਹੁੰਦਾ। ਅਮਰੀਕਾ ਦੇ ਚੰਦਰੇ ਗ੍ਰੀਨ ਕਾਰਡ ਦੇ ਲਾਲਚ ਵਿਚ ਅਬਦੁਸ ਤੇ ਰੁਖ਼ਸਾਰ ਨੂੰ ਵਿਛੜਿਆਂ 17 ਸਾਲ ਹੋ ਗਏ ਸਨ। ਵਿਛੋੜੇ ਦੇ ਗ਼ਮ ਵਿਚ ਰੁਖ਼ਸਾਰ ਦੀ ਤਬੀਯਤ ਠੀਕ ਨਹੀਂ ਸੀ ਰਹਿੰਦੀ। ਅੱਜ ਕਵਾਲੀ ਸੁਣਦੇ-ਸੁਣਦੇ ਰੁਖ਼ਸਾਰ ਨੂੰ ਪਤਾ ਹੀ ਨਹੀਂ ਲਗਾ ਕੇ ਕਦੋਂ ਉਸ ਨੂੰ ਨੀਂਦ ਨੇ ਆਪਣੇ ਕਲਾਵੇ ਵਿਚ ਲੈ ਲਿਆ। ਅਬਦੁਸ ਨੇ ਰੁਖ਼ਸਾਰ ਨੂੰ ਫੋਨ ਕੀਤਾ ਘੰਟੀ ਵਜਦੀ ਰਹੀ ਪਰ ਰੁਖ਼ਸਾਰ ਨੂੰ ਗੂੜ੍ਹੀ ਨੀਂਦ ਵਿਚ ਪਤਾ ਹੀ ਨਾ ਲਗਾ ਕੇ ਕਦੋ ਅਬਦੁਸ ਦਾ ਫੋਨ ਆਇਆ।
ਅਬਦੁਸ ਦੀ ਅੱਜ ਕੋਰਟ ਵਿਚ ਤਰੀਕ ਸੀ। ਸੋਚਦਾ ਸੀ ਕੇ ਸ਼ਾਇਦ ਅੱਜ ਜੱਜ ਮੇਰੇ ਗ੍ਰੀਨ ਕਾਰਡ ਦਾ ਫੈਸਲਾ ਕਰ ਦੇਵੇ! ਨਮਾਜ਼ ਪੜ੍ਹ ਕੇ ਰੁਖ਼ਸਾਰ ਨੂੰ ਫੋਨ ਲਾਇਆ ਪਰ ਅੱਗੋਂ ਕੋਈ ਉਤਰ ਨਾ ਮਿਲਿਆ! ਅਬਦੁਸ ਅੱਲਾ ਨੂੰ ਯਾਦ ਕਰਦਾ ਕੋਰਟ ਵੱਲ ਰਵਾਨਾ ਹੋ ਗਿਆ!
ਕੋਰਟ 'ਚ ਵਕੀਲ ਨਾਲ ਰਸਮੀ ਗੱਲਬਾਤ ਹੋਈ! ਅਬਦੁਸ ਦੀ ਵਾਰੀ ਆਈ। ਅਬਦੁਸ ਇਕ ਲੇਡੀ ਜੱਜ ਦੇ ਅੱਗੇ ਖੜ੍ਹਾ ਸੀ। ਲੇਡੀ ਜੱਜ ਨੇ ਸਾਹਮਣੇ ਪਏ ਦੋ ਚਾਰ ਪੰਨੇ ਫਰੋਲੇ। ਲੇਡੀ ਜੱਜ ਨੇ ਅਬਦੁਸ ਨੂੰ ਇਕ ਮਿੰਨੀ ਜਿਹੀ ਮੁਸਕਰਾਹਟ ਦੇ ਕੇ ਕਿਹਾ, 'ਮਿਸਟਰ ਤੁਹਾਨੂੰ ਗ੍ਰੀਨ ਕਾਰਡ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ, ਤੁਹਾਡੇ ਕੇਸ ਦੀ ਅਗਲੀ ਤਾਰੀਕ ਜੂਨ ਮਹੀਨੇ ਦੀ 2022 ਨੂੰ ਹੋਵੇਗੀ।' ਸੁਣ ਕੇ ਅਬਦੁਸ ਦੇ ਮਨ 'ਚੀਂ ਇਕ ਆਹ ਨਿਕਲੀ, ਅੱਖਾਂ 'ਚ ਅਥਰੂ ਸਨ। ਉਸ ਨੇ ਰੁਖ਼ਸਾਰ ਨੂੰ ਫੋਨ ਲਾਇਆ। ਅੱਗੋਂ ਰੁਖ਼ਸਾਰ ਦੀ ਸਲਾਮ ਦੀ ਆਵਾਜ਼ ਆਈ। ਅਬਦੁਸ ਦੀ ਆਵਾਜ਼ ਵਿਚ ਇਕ ਹਉਕਾ ਸੀ, ਦਰਦ ਸੀ, ਕੰਬਣੀ ਸੀ ਕਹਿੰਦਾ। ਰੁਖ਼ਸਾਰ ਜੱਜ ਨੇ ਤਰੀਕ ਲੰਬੀ ਪਾ ਦਿੱਤੀ, ਮੈਨੂੰ ਹੁਣ ਗ੍ਰੀਨ ਕਾਰਡ ਲਈ 2022 ਤੱਕ ਇੰਤਜ਼ਾਰ ਕਰਨਾ ਪਵੇਗਾ। ਬੇਗਮ ਚਿੰਤਾ ਨਾ ਕਰ ਸਭ ਠੀਕ ਹੋ ਜਾਵੇਗਾ! ਦੋਵਾਂ ਵਿਚ ਚੁੱਪ ਛਾ ਗਈ।
ਰੁਖ਼ਸਾਰ ਨੇ ਕਿਹਾ, 'ਅਬਦੁਸ, ਮੱਕੇ ਵੱਲ ਮੂੰਹ ਕਰ ਕੇ ਜ਼ਿੰਦਗੀ ਜਿਊਣ ਦੀਆਂ ਕਸਮਾਂ ਖਾਧੀਆਂ ਸੀ! ਗ੍ਰੀਨ ਕਾਰਡ ਦੀ ਦੁਨੀਆ ਵੇਖਦੇ-ਵੇਖਦੇ ਜਵਾਨੀ ਰੁਲ ਗਈ, ਕੀ ਕਰਾਂਗੀ ਗ੍ਰੀਨ ਕਾਰਡ ਨੂੰ ਜੇ ਮੈਂ'....ਰੁਖ਼ਸਾਰ ਦਾ ਗਲਾ ਭਰ ਗਿਆ। ਉਹ ਉੱਚੀ-ਉੱਚੀ ਰੋਣ ਲੱਗੀ।
ਰੁਖ਼ਸਾਰ ਨੇ ਕਿਹਾ, 'ਅਬਦੁਸ, ਮੇਰੀ ਤਬੀਯਤ ਠੀਕ ਨਹੀਂ ਰਹਿੰਦੀ। ਪਤਾ ਨਹੀਂ ਕਿੰਨੇ ਦਿਨ ਦੀ ਮਹਿਮਾਨ ਹਾਂ ਕਦੋਂ ਮੌਤ ਦਾ ਫ਼ਰਿਸ਼ਤਾ ਲੈਣ ਆ ਜਾਵੇ। ਮੇਰੀ ਆਖਰੀ ਖਾਹਿਸ਼ ਪੂਰੀ ਕਰ ਦੇਵੀਂ। ਮੇਰੇ ਜਨਾਜ਼ੇ ਨੂੰ ਆਣ ਕੇ ਚੁੱਕ ਲਵੀਂ। ਮੈਂ ਨਹੀਂ ਚਾਹੁੰਦੀ ਮੇਰੀ ਅਰਥੀ ਨੂੰ ਕਿਸੇ ਗ਼ੈਰ ਦਾ ਹੱਥ ਲੱਗੇ। ਏਨਾ ਕਹਿ ਕੇ ਰੁਖ਼ਸਾਰ ਨੇ ਫੋਨ ਬੰਦ ਕਰ ਦਿੱਤਾ ਤੇ ਫੁੱਟ-ਫੁੱਟ ਰੋਣ ਲੱਗੀ। ਅਬਦੁਸ ਉੱਚੀ-ਉੱਚੀ ਫੋਨ 'ਚ 'ਕੱਲਾ ਹੀ 'ਰੁਖ਼ਸਾਰ... ਰੁਖ਼ਸਾਰ... ਰੁਖ਼ਸਾਰ...' ਬੋਲੀ ਜਾ ਰਿਹਾ ਸੀ


-ਫੋਨ : 42552-41828

ਬਹੁਤ ਕੁਝ ਦੇਖਣਾ ਪੈਂਦਾ...

ਸਕੂਲੀ ਵਿਦਿਆਰਥੀਆਂ ਦੇ ਨਾਟਕ ਮੁਕਾਬਲੇ ਹੋ ਰਹੇ ਸਨ, ਜਿਨ੍ਹਾਂ 'ਚ ਪੰਜ ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਸਨ। ਜਗਦੀਪ ਸਿੰਘ ਹੋਰਾਂ ਦੀ ਟੀਮ ਨੇ ਤਿੰਨ ਮਹੀਨੇ ਦੀ ਸਖਤ ਮਿਹਨਤ ਵਾਲੀ ਤਿਆਰੀ ਉਪਰੰਤ ਮੁਕਾਬਲੇ 'ਚ ਹਿੱਸਾ ਲਿਆ। ਨਾਟਕ ਦੀ ਜ਼ਬਰਦਸਤ ਪੇਸ਼ਕਾਰੀ ਦੌਰਾਨ ਦਰਸ਼ਕ ਕਈ ਵਾਰ ਹੱਸੇ ਤੇ ਕਈ ਵਾਰ ਰੋਏ। ਨਾਟਕ ਦੀ ਸਫ਼ਲਤਾ ਦਾ ਸਿਖਰ ਉਸ ਵੇਲੇ ਹੋ ਗਿਆ ਜਦੋਂ ਨਾਟਕ ਮੁਕਾਬਲੇ ਦੇ ਜੱਜਾਂ ਦੀਆਂ ਅੱਖਾਂ 'ਚ ਵੀ ਅੱਥਰੂ ਆ ਗਏ। ਜਗਦੀਪ ਹੋਰਾਂ ਦੀ ਟੀਮ ਨੂੰ ਦਰਸ਼ਕਾਂ ਤੇ ਜੱਜਾਂ ਦਾ ਪ੍ਰਤੀਕਰਮ ਦੇਖ ਕੇ ਮੋਹਰੀ ਸਥਾਨਾਂ 'ਤੇ ਆਉਣ ਦੀ ਪੂਰੀ ਉਮੀਦ ਬੱਝ ਗਈ। ਫੈਸਲੇ ਦੀ ਘੜੀ ਆਈ ਤਾਂ ਜਗਦੀਪ ਦੀ ਟੀਮ ਪਹਿਲੇ ਤਿੰਨ ਸਥਾਨਾਂ 'ਚੋਂ ਕਿਸੇ ਵੀ ਸਥਾਨ 'ਤੇ ਵੀ ਨਾ ਆ ਸਕੀ। ਪੂਰੀ ਟੀਮ ਦੇ ਕਲਾਕਾਰ ਨਿਰਾਸ਼ਾ ਦੇ ਆਲਮ 'ਚ ਡੁੱਬ ਗਏ। ਉਨ੍ਹਾਂ ਦੇ ਅਧਿਆਪਕ ਨੇ ਆ ਕੇ ਆਪਣੇ ਸ਼ਗਿਰਦਾਂ ਨੂੰ ਹੌਂਸਲਾ ਦਿੱਤਾ ਅਤੇ ਹੋਰ ਮਿਹਨਤ ਕਰਨ ਦਾ ਉਪਦੇਸ਼ ਦਿੱਤਾ। ਆਪਣੇ ਸ਼ਗਿਰਦਾਂ ਨੂੰ ਤਾਂ ਅਧਿਆਪਕ ਨੇ ਹੌਂਸਲਾ ਦੇ ਕੇ ਕੁਝ ਸ਼ਾਂਤ ਕਰ ਦਿੱਤਾ ਪਰ ਉਸ ਨੂੰ ਸ਼ਾਂਤ ਕਰਨ ਵਾਲਾ ਕੋਈ ਨਹੀਂ ਸੀ। ਉਹ ਆਪਣੇ ਗੁੱਸੇ 'ਤੇ ਕਾਬੂ ਨਾ ਰੱਖ ਸਕਿਆ ਅਤੇ ਆਪਣੇ ਸ਼ਗਿਰਦਾਂ ਨੂੰ ਗੱਡੀ 'ਚ ਬਿਠਾ ਕੇ ਜੱਜਾਂ ਕੋਲ ਚਲਾ ਗਿਆ। ਨਾਮਵਰ ਨਾਟਕਕਾਰ ਕਹਾਉਣ ਵਾਲੇ ਮੁੱਖ ਜੱਜ ਨੂੰ ਅਧਿਆਪਕ ਨੇ ਪੁੱਛਿਆ, 'ਜੱਜ ਸਾਹਿਬ ਸਾਡੇ ਨਾਟਕ ਬਾਰੇ ਤੁਹਾਡੇ ਕੀ ਵਿਚਾਰ ਹਨ?'
ਜੱਜ ਨੇ ਕਿਹਾ, 'ਬਹੁਤ ਅੱਛਾ ਕੀਤਾ ਤੁਹਾਡੇ ਬੱਚਿਆਂ ਨੇ।'
ਅਧਿਆਪਕ ਨੇ ਪੁੱਛਿਆ, 'ਫਿਰ ਸਾਡੇ ਹਿੱਸੇ ਤਗਮਾ ਕਿਉਂ ਨਹੀਂ ਆਇਆ?'
ਜੱਜ ਕੋਲ ਆਪਣੇ ਦੁਆਰਾ ਕੀਤੇ ਗਏ ਪੱਖਪਾਤੀ ਫੈਸਲੇ ਦਾ ਠੋਸ ਜੁਆਬ ਨਹੀਂ ਸੀ ਪਰ ਉਸ ਨੂੰ ਜੁਆਬ ਤਾਂ ਦੇਣਾ ਹੀ ਪੈਣਾ ਸੀ। ਜੱਜ ਨੇ ਆਪਣੀ ਮਜਬੂਰੀ ਤੇ ਸਚਾਈ ਦਾ ਇਜ਼ਹਾਰ ਕਰਦਿਆਂ ਕਿਹਾ, 'ਹਾਂ ਜੀ ਤੁਹਾਡਾ ਨਾਟਕ ਤਾਂ ਬਹੁਤ ਅੱਛਾ ਸੀ, ਪਰ ਤਗਮਾ ਦੇਣ ਵੇਲੇ ਹੋਰ ਵੀ ਬਹੁਤ ਕੁਝ ਦੇਖਣਾ ਪੈਂਦਾ ਹੈ।'
ਅਧਿਆਪਕ ਸਮਝ ਗਿਆ ਕਿ ਉਨ੍ਹਾਂ ਦਾ ਨਾਟਕ ਜੱਜ ਦੀ ਥਾਂ ਕਿਸੇ ਬਾਹਰੀ ਸ਼ਕਤੀ ਦੇ ਦਖਲ ਕਾਰਨ ਹੀ ਤਗਮੇ ਦੀ ਦੌੜ 'ਚੋਂ ਬਾਹਰ ਹੋਇਆ ਹੈ।


-ਪਟਿਆਲਾ। ਮੋਬਾਈਲ : 97795-90575Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX