ਨਵੀਂ ਦਿੱਲੀ, 10 ਫਰਵਰੀ (ਏਜੰਸੀਆਂ)-ਵਿਦਿਆਰਥੀਆਂ ਅਤੇ ਨਾਗਰਿਕ ਸੰਸਥਾਵਾਂ ਦੇ ਮੈਂਬਰਾਂ ਸਮੇਤ ਸੈਂਕੜੇ ਲੋਕ ਅੱਜ ਫਿਰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ ਦਾ ਵਿਰੋਧ ਕਰਦੇ ਹੋਏ ਮੱਧ ਦਿੱਲੀ 'ਚ ਸੜਕਾਂ 'ਤੇ ਉਤਰੇ। ਵੱਖ-ਵੱਖ ਤਰ੍ਹਾਂ ਦੀਆਂ ਤਖ਼ਤੀਆਂ ਅਤੇ ਬੈਨਰ ਲਈ ਲੋਕ 11 ਵਜੇ ਮੰਡੀ ਹਾਊਸ 'ਚ ਇਕੱਠੇ ਹੋਏ ਅਤੇ ਇਨ੍ਹਾਂ ਲੋਕਾਂ ਨੇ ਜੰਤਰ-ਮੰਤਰ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ। ਉਹ ਬਾਰਾਖ਼ੰਭਾ ਮਾਰਗ ਅਤੇ ਟਾਲਸਟਾਏ ਮਾਰਗ 'ਤੇ ਹੁੰਦੇ ਹੋਏ ਲਗਪਗ ਦੁਪਹਿਰ ਸਾਢੇ 12 ਵਜੇ ਜੰਤਰ-ਮੰਤਰ ਪਹੁੰਚੇ। ਇਸ ਦੌਰਾਨ ਵੱਡੀ ਗਿਣਤੀ 'ਚ ਪੁਲਿਸ ਅਤੇ ਨਮੀ ਫ਼ੌਜੀ ਬਲ ਤਾਇਨਾਤ ਸਨ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਕੋਲ ਮਾਰਚ ਕੱਢਣ ਦੀ ਆਗਿਆ ਨਹੀਂ ਹੈ ਪਰ ਜਦੋਂ ਤੱਕ ਉਹ ਸ਼ਾਂਤੀ ਬਣਾਈ ਰੱਖਦੇ ਹਨ, ਉਦੋਂ ਤੱਕ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ। ਵੈਲਫੇਅਰ ਪਾਰਟੀ ਆਫ਼ ਇੰਡੀਆ ਨੇ ਇਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਗਿਆ ਹੈ ਅਤੇ ਉਹ ਜੰਤਰ-ਮੰਤਰ ਤੱਕ ਮਾਰਚ ਕਰਨਗੇ। ਪ੍ਰਦਰਸ਼ਨ 'ਚ ਸ਼ਾਮਿਲ ਦਸ ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਵਿਅਕਤੀਆਂ ਤੱਕ, ਨਾਗਰਿਕ ਸੰਸਥਾਵਾਂ ਦੇ ਮੈਂਬਰ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸੀ.ਏ.ਏ. ਅਤੇ ਸਰਕਾਰ ਖ਼ਿਲਾਫ਼ ਨਾਅਰੇ ਲਗਾ ਰਹੇ ਸਨ। ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਸੁਤੰਤਰਤਾ ਸੈਨਾਨੀਆਂ ਅਤੇ ਸਮਾਜ ਸੁਧਾਰਕਾਂ ਦੀਆਂ ਤਸਵੀਰਾਂ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਇਹ ਕਾਨੂੰਨ ਵਾਪਸ ਲੈ ਲਵੇ। ਡਾ: ਕਫੀਲ ਖ਼ਾਨ ਦੀ ਪਤਨੀ ਅਤੇ ਸ਼ਾਰਜੀਲ ਇਮਾਮ ਦੇ ਭਰਾ ਨੇ ਵੀ 'ਵੈਲਫੇਅਰ ਪਾਰਟੀ ਆਫ਼ ਇੰਡੀਆ' ਦੇ ਸੱਦੇ 'ਤੇ ਕੱਢੇ ਗਏ ਇਸ ਮਾਰਚ 'ਚ ਹਿੱਸਾ ਲਿਆ। ਖ਼ਾਨ ਨੂੰ ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ 'ਚ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚੋਂ ਸਤੰਬਰ 'ਚ ਬਰੀ ਕਰ ਦਿੱਤਾ ਗਿਆ ਸੀ। ਇਸ ਦੌਰਾਨ ਜਾਮੀਆ ਮੀਲੀਆ ਇਸਲਾਮੀਆ ਦੇ ਵਿਦਿਆਰਥੀਆਂ ਅਤੇ ਜਾਮੀਆ ਨਗਰ ਦੇ ਨਿਵਾਸੀਆਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਅੱਜ ਸੰਸਦ ਵੱਲ ਮਾਰਚ ਕਰਨ ਤੋਂ ਰੋਕਣ 'ਤੇ ਪੁਲਿਸ ਨਾਲ ਝੜਪ ਹੋ ਗਈ। ਜੇ.ਸੀ.ਸੀ. ਦੀ ਅਗਵਾਈ 'ਚ ਜਾਮੀਆ ਦੇ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਰੈਲੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਵੱਲ ਮਾਰਚ ਕੱਢਣ ਦੀ ਆਗਿਆ ਨਹੀਂ ਹੈ।
ਨਵੀਂ ਦਿੱਲੀ, 10 ਫਰਵਰੀ (ਜਗਤਾਰ ਸਿੰਘ)-ਐਸ. ਸੀ./ਐਸ. ਟੀ. ਸੋਧ ਕਾਨੂੰਨ 2018 ਦੀ ਸੰਵਿਧਾਨਕ ਪ੍ਰਮਾਣਿਕਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ। ਸਰਬ ਉੱਚ ਅਦਾਲਤ ਨੇ ਐੱਸ.ਸੀ./ਐਸ.ਟੀ. ਸੋਧ ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ। ਸਰਬ ਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਰਾਹਤ ਪ੍ਰਦਾਨ ਕਰਦਿਆਂ ਐਸ.ਸੀ/ਐਸ.ਟੀ. ਐਕਟ ਦੀ ਸੋਧ ਦੀ ਸੰਵਿਧਾਨਿਕਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਜੇਕਰ ਐਸ.ਸੀ./ਐਸ.ਟੀ. ਕਾਨੂੰਨ 'ਚ ਕਿਸੇ ਵਿਰੁੱਧ ਮਾਮਲਾ ਦਰਜ ਕੀਤਾ ਜਾਂਦਾ ਹੈ ਤਾਂ ਤੁਰੰਤ ਉਸ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਵਿਨੀਤ ਸ਼ਰਨ ਅਤੇ ਜਸਟਿਸ ਰਵਿੰਦਰ ਭੱਟ ਦੇ ਬੈਂਚ ਨੇ 2-1 ਨਾਲ ਫ਼ੈਸਲਾ ਸੁਣਾਇਆ। ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਐਸ.ਸੀ./ਐਸ.ਟੀ. ਕਾਨੂੰਨ ਤਹਿਤ ਕੇਸ ਦਰਜ ਕਰਨ ਤੋਂ ਪਹਿਲਾਂ ਮੁੱਢਲੀ ਜਾਂਚ ਜ਼ਰੂਰੀ ਨਹੀਂ ਹੈ। ਇਸ 'ਚ ਅਗਾਊਂ ਜ਼ਮਾਨਤ ਦਾ ਪ੍ਰਬੰਧ ਨਹੀਂ ਹੋਵੇਗਾ। ਜੇਕਰ ਕੇਸ 'ਚ ਬਹੁਤ ਜ਼ਰੂਰੀ ਹੈ ਤਾਂ ਅਦਾਲਤ ਉਸ ਨੂੰ ਰੱਦ ਕਰ ਸਕਦੀ ਹੈ। ਮਾਰਚ 2018 'ਚ ਅਦਾਲਤ ਨੇ ਐਸ.ਸੀ./ਐਸ.ਟੀ. ਕਾਨੂੰਨ ਦੀ ਦੁਰਵਰਤੋਂ ਦੇ ਮੱਦੇਨਜ਼ਰ ਇਸ ਬਾਰੇ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਲੈ ਕੇ ਐੱਫ਼. ਆਈ. ਆਰ. ਤੇ ਗ੍ਰਿਫ਼ਤਾਰੀ ਦੀ ਵਿਵਸਥਾ 'ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਸੰਸਦ 'ਚ ਅਦਾਲਤ ਦੇ ਹੁਕਮ ਨੂੰ ਬਦਲਣ ਲਈ ਕਾਨੂੰਨ 'ਚ ਸੋਧ ਕੀਤੀ ਗਈ ਸੀ। ਸੋਧੇ ਕਾਨੂੰਨ ਦੀ ਵੈਧਤਾ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਸੀ।
ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਸੋਮਵਾਰ ਨੂੰ ਲੋਕ ਸਭਾ 'ਚ ਵਿਰੋਧੀ ਧਿਰਾਂ ਨੇ ਸੁਪਰੀਮ ਕੋਰਟ ਵਲੋਂ ਦਿੱਤੇ ਹੁਕਮ ਕਿ ਰਾਜ ਸਰਕਾਰਾਂ ਨਿਯੁਕਤੀਆਂ 'ਚ ਰਾਖਵਾਂਕਰਨ ਦੇਣ ਲਈ ਪਾਬੰਦ ਨਹੀਂ, 'ਤੇ ਸਰਕਾਰ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਰਕਾਰ ਰਾਖਵਾਂਕਰਨ ਪ੍ਰਣਾਲੀ ਦਾ ਬਚਾਅ ਕਰਨ 'ਚ ਅਸਫ਼ਲ ਰਹੀ ਹੈ। ਇਸ 'ਤੇ ਜਵਾਬੀ ਹਮਲਾ ਕਰਦਿਆਂ ਸਰਕਾਰ ਨੇ ਕਿਹਾ ਕਿ ਕਾਂਗਰਸ ਇਸ ਸੰਵੇਦਨਸ਼ੀਲ ਮੁੱਦੇ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰੱਖਿਆ ਮੰਤਰੀ ਅਤੇ ਸਦਨ 'ਚ ਉਪ ਨੇਤਾ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦਾ ਦੋਸ਼ ਹੈ ਕਿ ਕਾਂਗਰਸ ਸੰਵੇਦਨਸ਼ੀਲ ਮੁੱਦੇ 'ਤੇ ਰਾਜਨੀਤੀ ਕਰ ਰਹੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਾਦ ਜੋਸ਼ੀ ਨੇ ਵੀ ਸਪੀਕਰ ਉਮ ਬਿੜਲਾ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਸਰਕਾਰ ਖ਼ਿਲਾਫ਼ ਕੀਤੀਆਂ ਟਿੱਪਣੀਆਂ ਨੂੰ ਹਟਾਉਣ ਦੀ ਬੇਨਤੀ ਕੀਤੀ। ਸਪੀਕਰ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਦੇਖਣਗੇ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਅਤੇ ਟੀ. ਐਮ. ਸੀ. ਦੇ ਕਲਿਆਣ ਬੈਨਰਜੀ ਨੇ ਸਰਕਾਰ 'ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ 'ਚ ਆਈ ਹੈ, ਉਦੋਂ ਤੋਂ ਹੀ ਐਸ. ਸੀ. ਅਤੇ ਐਸ. ਟੀ. ਰਾਖਵਾਂਕਰਨ 'ਤੇ ਹਮਲੇ ਹੋ ਰਹੇ ਹਨ। ਜਿਥੇ ਕਾਂਗਰਸ ਨੇ ਦੋਸ਼ ਲਾਇਆ ਕਿ ਸੱਤਾਧਾਰੀ ਭਾਜਪਾ ਸਰਕਾਰ ਇਨ੍ਹਾਂ ਸ਼੍ਰੇਣੀਆਂ ਨੂੰ ਰਾਖਵਾਂਕਰਨ ਦੇਣ ਦੇ ਪੱਖ 'ਚ ਨਹੀਂ, ਉਥੇ ਸਰਕਾਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਸੰਵੇਦਨਸ਼ੀਲ ਮਾਮਲੇ ਦਾ ਸਿਆਸੀਕਰਨ ਕਰ ਰਹੀਆਂ ਹਨ। ਕਾਂਗਰਸ ਦੇ ਮੈਂਬਰਾਂ ਨੇ ਸਦਨ ਦੇ ਵਿਚਕਾਰ ਆ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਲਾਏ। ਚਿਰਾਗ ਪਾਸਵਾਨ (ਐਲ. ਜੇ. ਪੀ.) ਨੇ ਕਿਹਾ ਕਿ ਸਰਕਾਰ ਨੂੰ ਮਾਮਲੇ 'ਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ 2012 'ਚ ਉੱਤਰਾਖੰਡ 'ਚ ਕਾਂਗਰਸ ਦੀ ਸਰਕਾਰ ਇਸ ਤੇ ਉਸ ਨੇ ਮਾਮਲੇ 'ਤੇ ਫ਼ੈਸਲਾ ਲਿਆ ਸੀ।
ਸਰਕਾਰ ਮਾਮਲੇ 'ਚ ਧਿਰ ਨਹੀਂ ਸੀ-ਗਹਿਲੋਤ
ਸਰਕਾਰ ਨੇ ਲੋਕ ਸਭਾ ਨੂੰ ਸੂਚਿਤ ਕੀਤਾ ਕਿ ਉਹ ਸੁਪਰੀਮ ਕੋਰਟ 'ਚ ਧਿਰ ਨਹੀਂ ਸੀ। ਸਦਨ 'ਚ ਬਿਆਨ ਜਾਰੀ ਕਰ ਕੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਨੇ ਦੱਸਿਆ ਕਿ ਕੇਂਦਰ ਨੂੰ ਮਾਮਲੇ 'ਚ ਹਲਫ਼ਨਾਮਾ ਦਾਖ਼ਲ ਕਰਨ ਲਈ ਨਹੀਂ ਕਿਹਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਤਰੱਕੀਆਂ 'ਚ ਰਾਖਵਾਂਕਰਨ ਲਾਗੂ ਨਾ ਕਰਨ ਦੇ ਉੱਤਰਾਖੰਡ ਸਰਕਾਰ ਦੇ 2012 ਦੇ ਫ਼ੈਸਲੇ ਕਾਰਨ ਪੈਦਾ ਹੋਇਆ। ਇਸ ਦੇ ਬਾਅਦ ਕਾਂਗਰਸ ਨੇ ਸਦਨ 'ਚੋਂ ਵਾਕ ਆਊਟ ਕਰ ਦਿੱਤਾ। ਗਹਿਲੋਤ ਨੇ ਦੱਸਿਆ ਕਿ ਸਰਕਾਰ 'ਚ ਉੱਚ ਪੱਧਰ 'ਤੇ ਚਰਚਾ ਕੀਤੀ ਜਾਵੇਗੀ।
ਟੋਕੀਓ, 10 ਫਰਵਰੀ (ਏਜੰਸੀ)-ਕੋਰੋਨਾ ਵਾਇਰਸ ਦੇ ਚਲਦਿਆਂ ਜਾਪਾਨ 'ਚ ਰੋਕੇ ਗਏ ਇਕ ਸਮੁੰਦਰੀ ਜਹਾਜ਼ 'ਚ ਸਵਾਰ 3000 ਲੋਕਾਂ 'ਚ ਭਾਰਤੀਆਂ ਦੇ ਵੀ ਫਸੇ ਹੋਣ ਦੀ ਖ਼ਬਰ ਹੈ। ਟੋਕੀਓ 'ਚ ਸਥਿਤ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹਾਲਾਂਕਿ ਉਨ੍ਹਾਂ ਭਾਰਤੀਆਂ ਦੀ ਗਿਣਤੀ ਦੀ ਸਟੀਕ ਜਾਣਕਾਰੀ ਨਹੀਂ ਦਿੱਤੀ। ਕਰੂਜ਼ (ਸਮੁੰਦਰੀ ਜਹਾਜ਼) ਡਾਇਮੰਡ ਪ੍ਰਿੰਸਜ਼ 3711 ਲੋਕਾਂ ਨੂੰ ਲੈ ਕੇ ਪਿਛਲੇ ਹਫ਼ਤੇ ਜਾਪਾਨ ਦੇ ਤੱਟ 'ਤੇ ਪਹੁੰਚਿਆ ਸੀ। ਪਿਛਲੇ ਮਹੀਨੇ ਹਾਂਗਕਾਂਗ 'ਚ ਉਤਰਿਆ ਯਾਤਰੀ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ, ਇਸ ਦੇ ਬਾਅਦ ਸਮੁੰਦਰੀ ਜਹਾਜ਼ ਨੂੰ ਅਲੱਗ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਕਰੀਬ 60 ਲੋਕਾਂ ਦੇ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਸਮੁੰਦਰੀ ਜਹਾਜ਼ 'ਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 130 ਹੋ ਗਈ ਹੈ। ਜਦ ਸਮੁੰਦਰੀ ਜਹਾਜ਼ ਜਾਪਾਨ ਦੇ ਤੱਟ 'ਤੇ ਪਹੁੰਚਾ ਸੀ ਤਾਂ ਅਧਿਕਾਰੀਆਂ ਨੇ ਸ਼ੁਰੂ 'ਚ ਤਕਰੀਬਨ 300 ਲੋਕਾਂ ਦਾ ਪ੍ਰੀਖ਼ਣ ਕੀਤਾ ਸੀ। ਭਾਰਤੀ ਦੂਤਾਵਾਸ ਨੇ ਕਿਹਾ ਕਿ ਕਰੂਜ਼ ਡਾਇਮੰਡ ਪ੍ਰਿੰਸਜ਼ ਦੇ ਚਾਲਕ ਦਲ ਦੇ ਮੈਂਬਰਾਂ 'ਚ ਭਾਰਤੀ ਹਨ ਅਤੇ ਇਸ 'ਚ ਕੁਝ ਭਾਰਤੀ ਯਾਤਰੀ ਵੀ ਸਵਾਰ ਹਨ। ਉਨ੍ਹਾਂ ਇਸ ਸਬੰਧ 'ਚ ਕਿਸੇ ਵੀ ਜਾਣਕਾਰੀ ਲਈ ਟੋਕੀਓ 'ਚ ਭਾਰਤੀ ਦੂਤਾਵਾਸ 'ਚ ਕਾਊਂਸਲਰ ਨਾਲ ਸੰਪਰਕ ਕਰਨ ਨੂੰ ਕਿਹਾ। ਮੀਡੀਆ ਰਿਪੋਰਟਾਂ ਅਨੁਸਾਰ ਸਮੁੰਦਰੀ ਜਹਾਜ਼ 'ਤੇ ਮੌਜੂਦ ਲੋਕਾਂ ਨੂੰ ਮਾਸਕ ਪਹਿਨਣ ਅਤੇ ਜ਼ਿਆਦਾ ਦੇਰ ਤੱਕ ਉੱਪਰ ਨਾ ਘੁੰਮਣ ਨੂੰ ਕਿਹਾ ਗਿਆ ਹੈ। ਉਨ੍ਹਾਂ ਨੂੰ ਜ਼ਿਆਦਾ ਸਮਾਂ ਕੈਬਿਨਾਂ 'ਚ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਸਮੁੰਦਰੀ ਜਹਾਜ਼ 'ਤੇ ਸਵਾਰ ਚਾਲਕ ਦਲ ਦੇ ਇਕ ਭਾਰਤੀ ਮੈਂਬਰ ਬਿਨੇ ਕੁਮਾਰ ਸਰਕਾਰ ਦੇ ਹਵਾਲੇ ਨਾਲ ਇਕ ਚੈਨਲ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ 'ਚ 160 ਭਾਰਤੀ ਅਤੇ 8 ਭਾਰਤੀ ਯਾਤਰੀ ਹਨ। ਸਰਕਾਰ ਨੇ ਕਰੂਜ਼ ਤੋਂ ਹੀ ਇਕ ਵੀਡੀਓ ਰਿਕਾਰਡ ਕਰਦਿਆਂ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਤੋਂ ਭਾਰਤੀਆਂ ਨੂੰ ਤੁਰੰਤ ਬਾਹਰ ਕੱਢਣ ਦੀ ਅਪੀਲ ਕੀਤੀ। ਬੰਗਾਲ ਦੇ ਰਹਿਣ ਵਾਲੇ ਅਤੇ ਸ਼ੈੱਫ (ਰਸੋਈਏ) ਦਾ ਕੰਮ ਕਰਨ ਵਾਲੇ ਸਰਕਾਰ ਨੇ ਕਿਹਾ ਕਿ ਉਨ੍ਹਾਂ 'ਚੋਂ ਕਿਸੇ ਦੀ ਵੀ ਕੋਰੋਨਾ ਵਾਇਰਸ ਦੀ ਜਾਂਚ ਨਹੀਂ ਕੀਤੀ ਗਈ। ਸਰਕਾਰ ਦੇ ਨਾਲ ਉਸ ਦੇ ਪੰਜ ਭਾਰਤੀ ਸਹਿਕਰਮੀ ਖੜ੍ਹੇ ਹਨ, ਜਿਨ੍ਹਾਂ ਨੇ ਮਾਸਕ ਪਾਇਆ ਹੋਇਆ ਹੈ। ਉਨ੍ਹਾਂ ਜਲਦ ਤੋਂ ਜਲਦ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਸਾਨੂੰ ਇੱਥੋਂ ਸੁਰੱਖਿਅਤ ਵਾਪਸ ਕੱਢ ਕੇ ਘਰ ਪਹੁੰਚਾਇਆ ਜਾਵੇ।
ਚੀਨ 'ਚ ਮੌਤਾਂ ਦੀ ਗਿਣਤੀ 909 ਹੋਈ
ਬੀਜਿੰਗ, 10 ਫਰਵਰੀ (ਪੀ. ਟੀ. ਆਈ.)-ਚੀਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 909 ਤੱਕ ਪੁੱਜ ਗਈ। ਸਭ ਤੋਂ ਪ੍ਰਭਾਵਿਤ ਹੁਬੇਈ ਪ੍ਰਾਂਤ 'ਚ 97 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ ਹੁਣ ਤੱਕ ਚੀਨ 'ਚ 40,171 ਲੋਕਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਚੀਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਮਦਦ ਕਰਨ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀ ਅਗਵਾਈ ਵਾਲੀ ਕੌਮਾਂਤਰੀ ਮਾਹਿਰਾਂ ਦੀ ਇਕ ਟੀਮ ਜਲਦ ਬੀਜਿੰਗ ਪਹੁੰਚਣ ਵਾਲੀ ਹੈ। ਚੀਨ ਦੇ ਕੌਮੀ ਸਿਹਤ ਕਮਿਸ਼ਨ ਅਨੁਸਾਰ ਹੁਬੇਈ ਪ੍ਰਾਂਤ 'ਚ 91, ਅਨਹੂਈ 'ਚ 2 ਅਤੇ ਹੀਲੋਂਗਜਿਆਂਗ, ਜਿਆਂਗਸੀ, ਹੈਨਾਨ ਅਤੇ ਗਾਨਸੂ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ। ਐਤਵਾਰ ਨੂੰ ਕੋਰੋਨਾ ਵਾਇਰਸ ਦੇ 3062 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਐਤਵਾਰ ਨੂੰ 4,008 ਨਵੇਂ ਸ਼ੱਕੀ ਮਰੀਜ਼ਾਂ ਬਾਰੇ ਪਤਾ ਲੱਗਾ। 296 ਮਰੀਜ਼ ਬੇਹੱਦ ਗੰਭੀਰ ਹਾਲਤ 'ਚ ਹਨ। 6484 ਹੋਰ ਮਰੀਜ਼ਾਂ ਦੀ ਸਥਿਤੀ ਵੀ ਗੰਭੀਰ ਬਣੀ ਹੋਈ ਹੈ। ਐਤਵਾਰ ਤੱਕ ਕੋਰੋਨਾ ਵਾਇਰਸ ਦੇ ਮਕਾਓ 'ਚ 10 ਅਤੇ ਤਾਇਵਾਨ 'ਚ 18 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੇ 300 ਕੇਸਾਂ ਬਾਰੇ ਪਤਾ ਲੱਗਾ ਹੈ, ਜਿਨ੍ਹਾਂ 'ਚ 3 ਭਾਰਤ ਦੇ ਕੇਰਲ ਤੋਂ ਵੀ ਹਨ।
ਸ਼ੀ ਜਿਨਪਿੰਗ ਵਾਇਰਸ ਖ਼ਿਲਾਫ਼ ਜਿੱਤ ਲਈ ਵਚਨਬੱਧ
ਮੂੰਹ 'ਤੇ ਮਾਸਕ ਪਾ ਕੇ ਬੀਜਿੰਗ 'ਚ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਲਈ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਭਾਵੇਂ ਸਥਿਤੀ ਬਹੁਤ ਗੰਭੀਰ ਹੈ ਪਰ ਚੀਨ ਕੋਰੋਨਾ ਵਾਇਰਸ ਖ਼ਿਲਾਫ਼ ਪੂਰੀ ਤਰ੍ਹਾਂ ਜਿੱਤ ਲਈ ਵਚਨਬੱਧ ਹੈ। ਸ਼ੀ ਜਿਨਪਿੰਗ ਨੇ ਬੀਜਿੰਗ 'ਚ ਰੋਕਥਾਮ ਸੈਂਟਰਾਂ ਦਾ ਦੌਰਾ ਕੀਤਾ। ਜਿਨਪਿੰਗ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਵਾਇਰਸ ਵਾਲੇ ਮਰੀਜ਼ਾਂ ਦੇ ਇਲਾਜ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕੋਰੋਨਾ ਵਾਇਰਸ ਦੇ ਗੜ੍ਹ ਵੁਹਾਨ ਵਿਚਲੇ ਹਸਪਤਾਲਾਂ 'ਚ ਵੀਡੀਓ ਕਾਲਾਂ ਵੀ ਕੀਤੀਆਂ। ਪਹਿਲਾਂ ਕੋਰੋਨਾ ਵਾਇਰਸ ਨੂੰ ਸ਼ੈਤਾਨ ਦੱਸਣ ਵਾਲੇ ਸ਼ੀ ਜਿਨਪਿੰਗ ਨੇ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਚੀਨ ਯਕੀਨੀ ਤੌਰ 'ਤੇ ਜਿੱਤ ਹਾਸਲ ਕਰ ਸਕਦਾ ਹੈ। ਜਿਨਪਿੰਗ ਨੇ ਕਿਹਾ ਕਿ ਫਿਲਹਾਲ ਸਥਿਤੀ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਾਰੀ ਪਾਰਟੀ, ਹਥਿਆਰਬੰਦ ਸੈਨਾਵਾਂ ਅਤੇ ਸਾਰੇ ਜਾਤੀ ਸੰਗਠਨਾਂ ਦੇ ਲੋਕ ਹੁਬੇਈ ਪ੍ਰਾਂਤ ਦੇ ਲੋਕਾਂ ਨਾਲ ਇਕਜੁਟ ਹੋ ਕੇ ਖੜ੍ਹੇ ਹਨ। ਉਧਰ ਚੀਨ ਦੇ ਵੁਹਾਨ ਸ਼ਹਿਰ 'ਚ ਹੁਣ ਤੱਕ 1.59 ਕਰੋੜ ਲੋਕਾਂ ਦਾ ਪ੍ਰੀਖਣ ਕੀਤਾ ਜਾ ਚੁੱਕਾ ਹੈ।
ਜੋ ਕਦੇ ਚੀਨ ਗਏ ਹੀ ਨਹੀਂ, ਉਨ੍ਹਾਂ ਨੂੰ ਵੀ ਸ਼ਿਕਾਰ ਬਣਾ ਰਿਹੈ ਕੋਰੋਨਾ ਵਾਇਰਸ
ਡਬਲਯੂ.ਐਚ.ਓ. ਵਲੋਂ ਚਿਤਾਵਨੀ
ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਦੁਨੀਆ ਦੇ ਕੁਝ ਦੇਸ਼ਾਂ 'ਚ ਉਨ੍ਹਾਂ ਲੋਕਾਂ ਨੂੰ ਵੀ ਕੋਰੋਨਾ ਵਾਇਰਸ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਕਦੇ ਚੀਨ ਦਾ ਦੌਰਾ ਹੀ ਨਹੀਂ ਕੀਤਾ। ਉਨ੍ਹਾਂ ਚੀਨ ਤੋਂ ਬਾਹਰ ਵੀ ਇਸ ਵਾਇਰਸ ਦੇ ਫੈਲਣ ਨੂੰ ਲੈ ਕੇ ਦੁਨੀਆ ਨੂੰ ਸਾਵਧਾਨ ਕਰਦਿਆਂ ਦੇਸ਼ਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਇਸ ਜਾਨਲੇਵਾ ਵਾਇਰਸ ਨਾਲ ਨਜਿੱਠਣ ਲਈ ਇਕ ਦਮ ਤਿਆਰ ਰਹਿਣ। ਡਬਲਯੂ.ਐਚ.ਓ. ਦੇ ਡਾਇਰੈਕਟਰ ਜਨਰਲ ਤੇਦਰੋਸ ਅਦਹਾਨੋਮ ਗੇਬ੍ਰੇਯਸਜ਼ ਨੇ ਕਿਹਾ ਕਿ ਅਜਿਹੇ ਮਾਮਲਿਆਂ ਦਾ ਪਤਾ ਲੱਗਣਾ ਦੂਸਰੇ ਦੇਸਾਂ 'ਚ ਇਸ ਦੇ ਫੈਲਣ ਦਾ ਇਸ਼ਾਰਾ ਹੋ ਸਕਦਾ ਹੈ। ਉਨ੍ਹਾਂ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਦੁਨੀਆ 'ਤੇ ਮੰਡਰਾ ਰਿਹਾ ਇਹ ਖ਼ਤਰਾ ਕਾਫ਼ੀ ਵੱਡਾ ਹੈ।
ਵਾਸ਼ਿੰਗਟਨ, 10 ਫਰਵਰੀ (ਪੀ.ਟੀ.ਆਈ.)-ਅਮਰੀਕਾ ਨੇ 1.867 ਅਰਬ ਡਾਲਰ ਦੀ ਲਾਗਤ ਵਾਲੀ ਏਕੀਕ੍ਰਿਤ ਹਵਾਈ ਸੁਰੱਖਿਆ ਹਥਿਆਰ ਪ੍ਰਣਾਲੀ (ਆਈ.ਏ.ਡੀ.ਡਬਲਯੂ.ਐਸ.) ਦੀ ਭਾਰਤ ਨੂੰ ਵਿਕਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਸ ਨਾਲ ਜਿੱਥੇ ਭਾਰਤ ਆਪਣੇ ਹਥਿਆਰਬੰਦ ਬਲਾਂ ਦਾ ਆਧੁਨਿਕੀਕਰਨ ਕਰ ਸਕੇਗਾ ਉੱਥੇ ਹਵਾਈ ਹਮਲੇ ਨਾਲ ਪੈਦਾ ਹੋਣ ਵਾਲੇ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਆਪਣੇ ਮੌਜੂਦਾ ਹਵਾਈ ਰੱਖਿਆ ਢਾਂਚੇ ਦਾ ਵਿਸਥਾਰ ਕਰੇਗਾ। ਰੱਖਿਆ ਸਹਿਯੋਗ ਏਜੰਸੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਨੂੰ ਵੇਚਣ ਦੇ ਆਪਣੇ ਦ੍ਰਿੜ ਇਰਾਦੇ ਬਾਰੇ ਅਮਰੀਕੀ ਕਾਂਗਰਸ ਨੂੰ ਸੂਚਿਤ ਕੀਤਾ ਹੈ। ਅਮਰੀਕੀ ਸਰਕਾਰ ਦੇ ਵਿਦੇਸ਼ ਵਿਭਾਗ ਨੇ ਨੋਟੀਫਿਕੇਸ਼ਨ 'ਚ ਕਾਂਗਰਸ ਨੂੰ ਦੱਸਿਆ ਕਿ ਸਮੁੱਚੀ ਪ੍ਰਣਾਲੀ ਦੀ ਅਨੁਮਾਨਿਤ ਲਾਗਤ 1.867 ਅਰਬ ਡਾਲਰ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ
ਕਿਹਾ ਕਿ ਭਾਰਤ ਆਪਣੇ ਹਥਿਆਰਬੰਦ ਬਲਾਂ ਨੂੰ ਆਧੁਨਿਕ ਬਣਾਉਣ ਲਈ ਇਨ੍ਹਾਂ ਰੱਖਿਆ ਸੇਵਾਵਾਂ ਦਾ ਉਪਯੋਗ ਕਰਨ ਦਾ ਇਰਾਦਾ ਰੱਖਦਾ ਹੈ। ਇਹ ਆਪਣੀ ਸਮਰੱਥਾ ਨੂੰ ਨਵੀਨ ਕਰਨ ਲਈ ਭਾਰਤੀ ਫ਼ੌਜ ਦੇ ਨਿਸ਼ਾਨੇ 'ਚ ਯੋਗਦਾਨ ਦੇਵੇਗਾ। ਇਹ ਭਾਰਤ, ਅਮਰੀਕਾ ਅਤੇ ਹੋਰਨਾਂ ਭਾਈਵਾਲਾਂ 'ਚ ਅੰਤਰ-ਕਾਰਜਸ਼ੀਲਤਾ ਨੂੰ ਹੋਰ ਵਧਾਏਗਾ। ਨੋਟੀਫਿਕੇਸ਼ਨ ਅਨੁਸਾਰ ਭਾਰਤ ਨੇ ਅਮਰੀਕਾ ਨੂੰ ਏਕੀਕ੍ਰਿਤ ਹਵਾਈ ਸੁਰੱਖਿਆ ਹਥਿਆਰ ਪ੍ਰਣਾਲੀ ਖ਼ਰੀਦਣ ਦੀ ਬੇਨਤੀ ਕੀਤੀ ਸੀ। ਇਹ ਬੇਨਤੀ ਪੰਜ ਏ.ਐਨ./ਐਮ.ਪੀ.ਕਿਊ-64ਐਫ਼.ਆਈ. ਰਾਡਾਰ ਪ੍ਰਣਾਲੀਆਂ, 118 ਐਮਰਮ ਏ.ਆਈ.ਐਮ.-120ਸੀ-7/ਸੀ-8 ਮਿਜ਼ਾਈਲਾਂ, ਤਿੰਨ ਐਮਰਮ ਗਾਈਡੈਂਸ ਸੈਕਸ਼ਨਜ਼, ਚਾਰ ਐਮਰਮ ਕੰਟਰੋਲ ਸੈਕਸ਼ਨਜ਼ ਤੇ 134 ਸਟੀਗਿੰਰ ਐਫ਼.ਆਈ.ਐਮ.-92ਐਲ ਮਿਜ਼ਾਈਲਾਂ ਲਈ ਸੀ। ਇਸ 'ਚ 32 ਐਮ4ਏ1 ਰਾਇਫਲਾਂ, ਐਮ855 5.56ਐਮ.ਐਮ ਕਾਰਤੂਸ, ਫਾਈਰ ਡਿਸਟ੍ਰੀਬਿਊਸ਼ਨ ਸੈਂਟਰਜ਼ (ਐਫ਼.ਡੀ.ਸੀ.) ਹੈਂਡਹੈਲਡ ਰਿਮੋਟ ਟਰਮੀਨਲਜ਼, ਇਲੈਕ੍ਰਟੀਕਲ ਆਪਟੀਕਲ/ਇਨਫਰਾਰੈੱਡ ਸੈਂਸਰ ਸਿਸਟਮ, ਐਮਰਮ ਗ਼ੈਰ-ਵਿਕਾਸ ਆਈਟਮ-ਏਅਰਬੋਰੇਨ ਇੰਸਟਰੂਮੈਂਟੇਸ਼ਨ ਇਕਾਈਆਂ, ਮਲਟੀ ਸਪੈਕਟਰਲ ਟਾਰਗੇਟਿੰਗ ਸਿਸਟਮ-ਮਾਡਲ, ਕੈਨਿਸਟਰ ਲਾਂਚਰ ਤੇ ਉੱਚ ਗਤੀਸ਼ਿਲਤਾ ਵਾਲੇ ਲਾਂਚਰ ਸ਼ਾਮਿਲ ਹਨ।
ਨਵੀਂ ਦਿੱਲੀ, 10 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦਾ ਤਾਜ ਕਿਸ ਦੇ ਸਿਰ ਹੋਵੇਗਾ, ਇਸ ਸਬੰਧੀ ਤਰ੍ਹਾਂ-ਤਰ੍ਹਾਂ ਦੇ ਕਿਆਫ਼ੇ ਲਗਾਏ ਜਾ ਰਹੇ ਹਨ। ਇਸ ਦੀ ਅਸਲ ਤਸਵੀਰ 11 ਫਰਵਰੀ ਨੂੰ ਲਗਪਗ 11 ਵਜੇ ਦੇ ਕਰੀਬ ਸਾਫ਼ ਹੋ ਜਾਵੇਗੀ। ਦਿੱਲੀ ਦੇ 11 ਜ਼ਿਲ੍ਹਿਆਂ 'ਚ 21 ਕਾਊਂਟਰ ਸੈਂਟਰ ਬਣਾਏ ਗਏ ਹਨ। ਇਨ੍ਹਾਂ ਸਾਰੇ ਸੈਂਟਰਾਂ 'ਤੇ ਸੁਰੱਖਿਆ ਲਈ ਕਾਫ਼ੀ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕੋਈ ਵੀ ਈ.ਵੀ.ਐੱਮ. ਤੱਕ ਨਾ ਪੁੱਜ ਸਕੇ। ਇਸ ਲਈ ਦਿੱਲੀ ਪੁਲਿਸ ਤੋਂ ਇਲਾਵਾ ਹੋਰ ਸੁਰੱਖਿਆ ਬਲਾਂ ਨੂੰ ਵੀ ਲਗਾਇਆ ਗਿਆ ਹੈ। ਸਾਰੇ ਕਾਊਂਟਰ ਸੈਂਟਰਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਵੋਟਾਂ ਦੀ ਗਿਣਤੀ ਲਈ ਲਗਾਏ ਗਏ ਕਰਮਚਾਰੀਆਂ ਨੂੰ ਵੀ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਗ਼ਲਤੀ ਦੇ ਉਹ ਵੋਟਾਂ ਦੀ ਗਿਣਤੀ ਦਾ ਕੰਮ ਨਿਪਟਾਉਣ, ਵੋਟਾਂ ਦੀ ਗਿਣਤੀ ਪ੍ਰਤੀ ਬਣਾਏ ਕਾਊਂਟਰ ਸੈਂਟਰਾਂ ਦੀ ਪੂਰੀ ਤਰ੍ਹਾਂ ਦੇ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ।
ਚੰਡੀਗੜ੍ਹ, 10 ਫਰਵਰੀ (ਇੰਟ.)-ਸਿੱਖ ਬੰਦੀ ਭਾਈ ਦਯਾ ਸਿੰਘ ਲਾਹੌਰੀਆ 30 ਸਾਲ ਬਾਅਦ ਪੈਰੋਲ 'ਤੇ ਰਿਹਾਅ ਹੋ ਗਏ। ਫਿਲਹਾਲ ਤਿਹਾੜ ਜੇਲ੍ਹ 'ਚ ਬੰਦ ਲਾਹੌਰੀਆ ਨੂੰ ਆਪਣੇ ਬੇਟੇ ਦੇ ਵਿਆਹ 'ਚ ਸ਼ਾਮਿਲ ਹੋਣ ਲਈ 20 ਦਿਨਾਂ ਦੀ ਪੈਰੋਲ ਮਿਲੀ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਕਸਬਾ ਭਰਾਲ ਦੇ ਭਾਈ ਦਯਾ ਸਿੰਘ ਲਾਹੌਰੀਆ 1995 ਤੋਂ ਤਿਹਾੜ ਜੇਲ੍ਹ 'ਚ ਅਗਵਾ ਦੇ ਇਕ ਕੇਸ 'ਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐਲ. ਐਫ਼.) ਦੇ ਮੈਂਬਰ ਲਾਹੌਰੀਆ ਨੂੰ ਜਨਵਰੀ 1997 'ਚ ਹਵਾਲਗੀ ਕਾਨੂੰਨ ਤਹਿਤ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ। ਦਿੱਲੀ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਮਨਜੀਤ ਸਿੰਘ ਜੀ.ਕੇ. ਨੇ ਭਾਈ ਲਾਹੌਰੀਆ ਨੂੰ ਪੈਰੋਲ 'ਤੇ ਰਿਹਾਅ ਕਰਵਾਉਣ ਦੀ ਲੜਾਈ ਸ਼ੁਰੂ ਕੀਤੀ ਸੀ। ਜੈਪੁਰ ਵਿਖੇ ਟਾਡਾ ਐਕਟ ਤਹਿਤ ਚਲਦੇ ਇਕ ਕੇਸ 'ਚ ਭਾਈ ਲਾਹੌਰੀਆ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਜੀ.ਕੇ. ਦੀ ਪਹਿਲ 'ਤੇ ਭਾਈ ਲਾਹੌਰੀਆ ਨੂੰ ਰਾਜਸਥਾਨ ਤੋਂ ਪੈਰੋਲ ਮਿਲ ਗਈ ਸੀ ਪਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਚਲਦੇ ਇਕ ਹੋਰ ਕੇਸ ਦੇ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਸੀ ਪਰ ਅੱਜ ਭਾਈ ਲਾਹੌਰੀਆ ਨੂੰ ਜੈਪੁਰ ਕੇਸ 'ਚ ਪੈਰੋਲ ਮਿਲ ਗਈ। ਅੱਜ ਰਿਹਾਈ ਤੋਂ ਬਾਅਦ ਜੀ.ਕੇ. ਨੇ ਭਾਈ ਦਯਾ ਸਿੰਘ ਲਾਹੌਰੀਆ ਨੂੰ ਸਨਮਾਨਿਤ ਕੀਤਾ ਅਤੇ ਇਕ ਕਿਤਾਬ ਵੀ ਭੇਟ ਕੀਤੀ।
ਸਠਿਆਲਾ/ਬਾਬਾ ਬਕਾਲਾ, 10 ਫਰਵਰੀ (ਸਫਰੀ, ਰਾਜਨ)-ਬੀਤੀ ਰਾਤ 12 ਵਜੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਉਪ-ਮੰਡਲ ਦੇ ਪਿੰਡ ਨੌਰੰਗਪੁਰ ਵਿਖੇ ਕੈਨੇਡਾ ਤੋਂ ਪਰਤੇ ਇਕ ਕਾਂਗਰਸੀ ਆਗੂ ਦੀ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਮਿਲੀ ਹੈ। ...
ਧਾਰੀਵਾਲ, 10 ਫਰਵਰੀ (ਸਵਰਨ ਸਿੰਘ, ਜੇਮਸ ਨਾਹਰ)-ਸਥਾਨਕ ਡਡਵਾਂ ਰੋਡ 'ਤੇ 2 ਅਣਪਛਾਤੇ ਨੌਜਵਾਨਾਂ ਵਲੋਂ ਚਲਾਈ ਗੋਲੀ ਦੌਰਾਨ ਇਕ ਦੀ ਮੌਤ ਅਤੇ ਸ਼ਿਵ ਸੈਨਾ ਹਿੰਦੁਸਤਾਨ ਉੱਤਰੀ ਭਾਰਤ ਦੇ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੌਕੇ ਤੋਂ ...
ਰਾਏਪੁਰ, 10 ਫਰਵਰੀ (ਪੀ.ਟੀ.ਆਈ.)-ਛੱਤੀਸਗੜ੍ਹ ਦੇ ਬੀਜ਼ਾਪੁਰ ਜ਼ਿਲ੍ਹੇ 'ਚ ਅੱਜ ਨਕਸਲੀਆਂ ਨਾਲ ਹੋਏ ਮੁਕਾਬਲੇ ਦੌਰਾਨ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੀ ਕੋਬਰਾ ਬਟਾਲੀਅਨ ਦੇ 2 ਕਮਾਂਡੋ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੋਬਿੰਦ ਕਾਲੋਨੀ 'ਚ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਆਏ ਨੌਜਵਾਨ ਨੂੰ ਪ੍ਰੇਮਿਕਾ ਦੇ ਪਤੀ ਨੇ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ...
ਡਾ: ਕਮਲ ਕਾਹਲੋਂ
ਬਟਾਲਾ, 10 ਫਰਵਰੀ-ਭਾਰਤ ਤੇ ਪਾਕਿਸਤਾਨ ਦਰਮਿਆਨ ਬੋਲ ਚਾਲ ਬੰਦ ਹੋਣ ਤੇ ਕਈ ਤਾਕਤਾਂ ਵਲੋਂ ਰੋੜੇ ਅਟਕਾਉਣ ਦੇ ਬਾਵਜੂਦ 9 ਨਵੰਬਰ 2019 ਨੂੰ ਬਿਨਾਂ ਵੀਜ਼ੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਸੀ। ਭਾਵੇਂ ਇਸ ਪਵਿੱਤਰ ਦਿਨ ...
ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿਚ ਭਾਰਤ 'ਚ 10 ਲੱਖ ਲੋਕਾਂ 'ਤੇ ਵੱਟਸਐਪ ਭੁਗਤਾਨ ਸੇਵਾ ਦੇ ਕਥਿਤ ਪ੍ਰਯੋਗ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਹੈ। ਗ਼ੈਰ ਸਰਕਾਰੀ ਸੰਗਠਨ ਸੈਂਟਰ ਫਾਰ ਅਕਾਊਂਟੀਬਿਲਿਟੀ ਐਂਡ ...
ਵਾਸ਼ਿੰਗਟਨ, 10 ਫਰਵਰੀ (ਏਜੰਸੀ)- ਅਮਰੀਕੀ ਪੁਲਾੜ ਖੋਜ ਏਜੰਸੀ ਵਲੋਂ ਦੱਸਿਆ ਗਿਆ ਹੈ ਕਿ ਯੂਰਪੀਅਨ ਪੁਲਾੜ ਏਜੰਸੀ (ਈ.ਐਸ.ਏ.) ਅਤੇ ਨਾਸਾ ਵਲੋਂ ਸੋਮਵਾਰ ਨੂੰ ਪੁਲਾੜ 'ਚ 'ਸੋਲਰ ਆਰਬਿਟਰ' ਦਾ ਇਤਿਹਾਸਕ ਮਿਸ਼ਨ ਸਫਲਤਾਪੂਰਬਕ ਲਾਂਚ ਕੀਤਾ ਗਿਆ ਹੈ, ਜਿਸ ਨਾਲ ਮਾਨਵਤਾ ਨੂੰ ...
ਨਵੀਂ ਦਿੱੱਲੀ, 10 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਬੀਤੇ ਦਿਨੀਂ ਕਾਲਜ ਦੇ ਸਾਲਾਨਾ ਸਮਾਗਮ 'ਚ ਲੜਕੀਆਂ ਨਾਲ ਬਾਹਰੀ ਲੜਕਿਆਂ ਨੇ ਛੇੜਛਾੜ ਕੀਤੀ ਸੀ। ਇਸ ਮਾਮਲੇ ਨੂੰ ਲੈ ...
ਲੰਡਨ, 10 ਫਰਵਰੀ (ਏਜੰਸੀ)-ਭਾਰਤੀ ਬੈਂਕਾਂ ਦੇ ਕਰੀਬ 9,000 ਕਰੋੜ ਰੁਪਏ ਦੇ ਕਰਜ਼ਦਾਰ ਤੇ ਦੇਸ਼ ਤੋਂ ਭਗੌੜੇ ਹੋਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਖ਼ਿਲਾਫ਼ ਅਪੀਲ 'ਤੇ ਮੰਗਲਵਾਰ ਨੂੰ ਯੂ.ਕੇ. ਦੀ ਅਦਾਲਤ 'ਚ ਸੁਣਵਾਈ ਹੋਵੇਗੀ। ਲੰਡਨ ਦੀ ਰਾਇਲ ਕੋਰਟਸ ਆਫ ...
ਨਵੀਂ ਦਿੱਲੀ, 10 ਫਰਵਰੀ (ਏਜੰਸੀ)- ਦੇਸ਼ ਭਰ 'ਚ ਜਨਤਕ (ਕਮਿਊਨਿਟੀ) ਰਸੋਈਆਂ ਸਥਾਪਿਤ ਕਰਨ ਦੀ ਮੰਗ ਕਰਨ ਵਾਲੀ ਇਕ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਵਾਰ-ਵਾਰ ਜਵਾਬ ਦੇਣ (ਹਲਫ਼ਨਾਮਾ ਦਾਖ਼ਲ ਕਰਨ) 'ਚ ਨਾਕਾਮ ...
ਨਵੀਂ ਦਿੱਲੀ, 10 ਫਰਵਰੀ (ਜਗਤਾਰ ਸਿੰਘ)-ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਲੋਕ ਸੁਰੱਖਿਆ ਕਾਨੂੰਨ (ਪੀ. ਐਸ. ਏ.) ਤਹਿਤ ਹਿਰਾਸਤ 'ਚ ਰੱਖੇ ਜਾਣ ਖ਼ਿਲਾਫ਼, ਉਨ੍ਹਾਂ ਦੀ ਭੈਣ 'ਸਾਰਾ ਅਬਦੁੱਲਾ ਪਾਇਲਟ' ਸੁਪਰੀਮ ਕੋਰਟ ਪੁੱਜੀ। ਸੀਨੀਅਰ ਵਕੀਲ ਕਪਿਲ ...
ਨਵੀਂ ਦਿੱਲੀ, 10 ਫਰਵਰੀ (ਜਗਤਾਰ ਸਿੰਘ)-ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨ. ਆਰ. ਸੀ.) ਦੇ ਖ਼ਿਲਾਫ਼ ਪਿਛਲੇ 2 ਮਹੀਨਿਆਂ ਤੋਂ 'ਸ਼ਾਹੀਨ ਬਾਗ' ਵਿਖੇ ਹੋ ਰਹੇ ਵਿਰੋਧ ਪ੍ਰਦਰਸ਼ਨ ਮਾਮਲੇ ਬਾਰੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਸਰਬ ਉੱਚ ...
ਸ੍ਰੀਨਗਰ, 10 ਫਰਵਰੀ (ਮਨਜੀਤ ਸਿੰਘ)-ਨੈਸ਼ਨਲ ਕਾਨਫਰੰਸ ਨੇਤਾ ਹਿਲਾਲ ਲੋਨ ਨੂੰ 6 ਮਹੀਨੇ ਇਹਤਿਆਤ ਵਜੋਂ 6 ਮਹੀਨੇ ਤੱਕ ਹਿਰਾਸਤ 'ਚ ਰੱਖਣ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ 'ਤੇ ਪੀ. ਐਸ. ਏ. ਲਗਾ ਦਿੱਤਾ ਹੈ। ਹਿਲਾਲ ਲੋਨ ਬਾਰਾਮੁਲਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਅਤੇ ...
ਬੀਜਿੰਗ, 10 ਫਰਵਰੀ (ਏਜੰਸੀ)-ਭਾਰਤ ਨੇ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਲਈ ਚੀਨ ਭੇਜੀ ਜਾਣ ਵਾਲੀ ਮੈਡੀਕਲ ਸਮੱਗਰੀ ਦੀਆਂ ਕੁਝ ਖੇਪਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਲਈ ਭਾਰਤ ਸਰਕਾਰ ਨੇ ਸਾਰੇ ਤਰ੍ਹਾਂ ਦੇ ਨਿੱਜੀ ਸੁਰੱਖਿਆ ਉਪਕਰਨਾਂ ਦੀ ਬਰਾਮਦ 'ਤੇ ਲੱਗੀ ਰੋਕ 'ਚ ...
ਹਾਂਗਕਾਂਗ, 10 ਫਰਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਸਿਹਤ ਸਕੱਤਰ ਸੌਫੀਆ ਚੈਨ ਵਲੋਂ ਵਾਇਰਸ ਦੀ ਲਾਗ ਨਾਲ ਪੀੜਤ 2 ਨਵੇਂ ਮਰੀਜ਼ਾਂ ਦੀ ਪੁਸ਼ਟੀ ਕਰਨ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 38 ਹੋ ਚੁੱਕੀ ਹੈ। ਬੀਤੇ ਐਤਵਾਰ ਨੂੰ ਸਭ ਤੋਂ ਵੱਧ 10 ਮਰੀਜ਼ਾਂ ਦੀ ਪੁਸ਼ਟੀ ਸਰਕਾਰ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX