ਤਾਜਾ ਖ਼ਬਰਾਂ


ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  14 minutes ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  48 minutes ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  about 1 hour ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  1 minute ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  about 1 hour ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  about 2 hours ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  about 2 hours ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  about 3 hours ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 3 hours ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  about 4 hours ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  about 4 hours ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  about 4 hours ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  about 4 hours ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  about 4 hours ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  about 4 hours ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  about 5 hours ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  about 5 hours ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  about 6 hours ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  about 5 hours ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  about 6 hours ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਬੰਨ੍ਹੀਆਂ ਰੱਖੜੀਆਂ
. . .  about 6 hours ago
ਅਟਾਰੀ, 11 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਅਟਾਰੀ ਸਰਹੱਦ 'ਤੇ ਰੱਖੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਮੌਕੇ ਸਾਬਕਾ ਸਿਹਤ ਮੰਤਰੀ ਅਤੇ ਸਮਾਜ ਸੇਵਕਾ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਭਾਰਤ-ਪਾਕਿਸਤਾਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,299 ਨਵੇਂ ਮਾਮਲੇ ਆਏ ਸਾਹਮਣੇ
. . .  about 7 hours ago
ਨਵੀਂ ਦਿੱਲੀ, 11 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16,299 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 19,431 ਲੋਕ ਠੀਕ ਹੋਏ ਹਨ। ਅਜੇ ਦੇਸ਼ 'ਚ 1,25,076 ਸਰਗਰਮ ਮਾਮਲੇ ਹਨ ਅਤੇ ਰੋਜ਼ਾਨਾ ਸਕਰਾਤਮਕਤਾ ਦਰ 4.58 ਫ਼ੀਸਦੀ ਹੈ।
ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ 'ਚ ਫ਼ਿਰ ਲੱਗੀਆਂ ਪਾਬੰਦੀਆਂ, ਮਾਸਕ ਪਾਉਣਾ ਹੋਇਆ ਲਾਜ਼ਮੀ
. . .  about 7 hours ago
ਨਵੀਂ ਦਿੱਲੀ, 11 ਅਗਸਤ- ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਕਾਰਨ ਦਿੱਲੀ ਸਰਕਾਰ ਨੇ ਸਰਵਜਨਿਕ ਸਥਾਨਾਂ 'ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ।
ਕਾਂਗਰਸ ਹਾਈਕਮਾਨ ਵਲੋਂ ਇਸ਼ਰਪ੍ਰੀਤ ਸਿੰਘ ਪੰਜਾਬ NSUI ਦੇ ਨਵੇਂ ਪ੍ਰਧਾਨ ਨਿਯੁਕਤ
. . .  about 7 hours ago
ਨਵੀਂ ਦਿੱਲੀ, 11 ਅਗਸਤ-ਆਲ ਇੰਡੀਆ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਐੱਨ ਐੱਸ.ਯੂ.ਆਈ. ਦਾ ਨਵਾਂ ਪ੍ਰਧਾਨ ਇਸ਼ਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਹੈ।
ਨੀਤਿਸ਼ ਕੁਮਾਰ ਨੇ ਜੋ ਗੱਲਾਂ ਕਹੀਆਂ ਹਨ ਉਹ ਸੋਚਣਾ ਹੁਣ ਸੰਭਵ ਨਹੀਂ ਹੈ ਕਿ ਮਨੋਰੋਗ ਐਨ.ਡੀ.ਏ.
. . .  about 7 hours ago
ਨਵੀਂ ਦਿੱਲੀ, 11 ਅਗਸਤ - ਆਰਜੇਡੀ ਦੇ ਸੰਭਾਵੀ ਰਾਜ ਸਭਾ ਸੰਸਦ ਮਨੋਜ ਝਾਅ ਨੇ ਕਿਹਾ ਕਿ ਨੀਤੀਸ਼ ਜੀ ਨੇ ਜੋ ਗੱਲਾਂ ਕਹੀਆਂ ਹਨ,
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਫੱਗਣ ਸੰਮਤ 551

ਪਹਿਲਾ ਸਫ਼ਾ

ਕੇਜਰੀਵਾਲ ਲਗਾਤਾਰ ਤੀਜੀ ਵਾਰ ਬਣੇ ਦਿੱਲੀ ਦੇ ਮੁੱਖ ਮੰਤਰੀ

* ਸਿਸੋਦੀਆ ਸਮੇਤ 6 ਵਿਧਾਇਕਾਂ ਨੇ ਵੀ ਮੰਤਰੀ ਵਜੋਂ ਚੁੱਕੀ ਸਹੁੰ * ਸਿੱਖ ਚਿਹਰੇ ਤੇ ਔਰਤਾਂ ਨੂੰ ਇਸ ਵਾਰ ਵੀ ਕੈਬਨਿਟ 'ਚ ਨਹੀਂ ਮਿਲੀ ਥਾਂ

ਨਵੀਂ ਦਿੱਲੀ, 16 ਫਰਵਰੀ (ਜਗਤਾਰ ਸਿੰਘ)- ਦਿੱਲੀ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਦੇ ਨਫ਼ਰਤ ਭਰੇ ਸ਼ਬਦੀ ਹਮਲਿਆਂ ਦਾ ਸਾਹਮਣਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ 'ਪਿਆਰ ਤੇ ਸਦਭਾਵਨਾ' ਦਾ ਸੁਨੇਹਾ ਦੇ ਕੇ ਖ਼ੁਦ ਨੂੰ ਤਜਰਬੇਕਾਰ ਤੇ ਚੰਗੇ ਸਿਆਸਤਦਾਨ ਵਾਂਗ ਪੇਸ਼ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਵੀ ਮੇਰੇ ਬਾਰੇ ਬੁਰਾ-ਭਲਾ ਆਖਿਆ ਸੀ, ਮੈਂ ਉਨ੍ਹਾਂ ਸਾਰਿਆਂ ਨੂੰ ਮੁਆਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੇ ਵਿਕਾਸ ਨੂੰ ਤਰਜੀਹ ਦੇ ਕੇ ਦੇਸ਼ ਦੀ ਰਾਜਨੀਤੀ ਨੂੰ ਬਦਲਣ ਦਾ ਕੰਮ ਕੀਤਾ ਹੈ ਅਤੇ ਹੁਣ ਸਾਰਿਆਂ ਦੇ ਸਹਿਯੋਗ ਨਾਲ ਦਿੱਲੀ ਨੂੰ ਵਿਸ਼ਵ ਦਾ 'ਇਕ ਨੰਬਰ ਸ਼ਹਿਰ' ਬਣਾਇਆ ਜਾਵੇਗਾ। ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਵੱਡੀ ਗਿਣਤੀ 'ਚ ਦਿੱਲੀ ਵਾਸੀਆਂ ਦੀ ਮੌਜੂਦਗੀ 'ਚ ਅਰਵਿੰਦ ਕੇਜਰੀਵਾਲ ਨੇ ਆਪਣੀ ਕੈਬਨਿਟ ਦੇ 6 ਮੰਤਰੀਆਂ ਨਾਲ ਅਹੁਦਾ ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਕੇਜਰੀਵਾਲ ਦੇ ਨਾਲ ਜਿਨ੍ਹਾਂ ਆਗੂਆਂ ਨੇ ਸਹੁੰ ਚੁੱਕੀ, ਉਨ੍ਹਾਂ ਵਿਚ ਮਨੀਸ਼ ਸਿਸੋਦੀਆ, ਗੋਪਾਲ ਰਾਏ, ਸਤੇਂਦਰ ਜੈਨ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਤੇ ਰਾਜੇਂਦਰ ਪਾਲ ਗੌਤਮ ਸ਼ਾਮਿਲ ਹਨ। ਪਿਛਲੇ ਮੰਤਰੀ ਮੰਡਲ 'ਚ ਕੋਈ ਬਦਲਾਅ ਨਾ ਕਰਦੇ ਹੋਏ ਕੇਜਰੀਵਾਲ ਵਲੋਂ ਇਸ ਵਾਰ ਵੀ ਕਿਸੇ ਸਿੱਖ ਚਿਹਰੇ ਤੇ ਔਰਤ ਨੂੰ ਕੈਬਨਿਟ 'ਚ ਸ਼ਾਮਿਲ ਨਹੀਂ ਕੀਤਾ ਗਿਆ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵਲੋਂ 12:15 ਵਜੇ ਸਹੁੰ ਚੁਕਾਉਣ ਦੀ ਰਸਮ ਨਿਭਾਏ ਜਾਣ ਤੋਂ ਬਾਅਦ ਕੇਜਰੀਵਾਲ ਨੇ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਹਰੇਕ ਦਿੱਲੀ ਵਾਸੀ ਦੀ ਜਿੱਤ ਕਰਾਰ ਦਿੰਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਰਲ ਕੇ ਦਿੱਲੀ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਤੇ ਵਿਸ਼ਵ ਦਾ 'ਇਕ ਨੰਬਰ ਸ਼ਹਿਰ' ਬਣਾਉਣ ਲਈ ਹਰ ਸੰਭਵ ਯਤਨ ਕਰਾਂਗੇ ਪਰ ਇਸ ਦੇ ਲਈ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀਆਂ ਦਾ ਅਸ਼ੀਰਵਾਦ ਮਿਲਣਾ ਜ਼ਰੂਰੀ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਹਰੇਕ ਪਰਿਵਾਰ 'ਚ ਖ਼ੁਸ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੇਰੇ ਨਾਲ ਮੰਚ 'ਤੇ ਮੇਰੇ ਦੋਵੇਂ ਪਾਸੇ ਦਿੱਲੀ ਦੇ ਨਿਰਮਾਤਾ ਮੌਜੂਦ ਹਨ। ਉਨ੍ਹਾਂ ਕਿਹਾ ਦਿੱਲੀ ਨੂੰ ਕੋਈ ਨੇਤਾ ਜਾਂ ਮੰਤਰੀ ਨਹੀਂ ਚਲਾਉਂਦੇ, ਸਗੋਂ ਦਿੱਲੀ ਨੂੰ ਰਿਕਸ਼ਾ ਵਾਲੇ, ਡਾਕਟਰ, ਫ਼ੈਕਟਰੀ ਵਾਲੇ ਤੇ ਡਰਾਈਵਰ ਚਲਾਉਂਦੇ ਹਨ। ਦਰਅਸਲ ਸਹੁੰ ਚੁੱਕ ਸਮਾਗਮ 'ਚ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀ ਤੇ ਹੋਰਨਾਂ ਪ੍ਰਭਾਵਸ਼ਾਲੀ ਲੋਕਾਂ ਨੂੰ ਸੱਦ ਕੇ ਸਿਆਸੀ ਤਾਕਤ ਵਿਖਾਉਣ ਦੀ ਬਜਾਏ ਦਿੱਲੀ ਦੇ ਹੀ 50 ਲੋਕਾਂ ਨੂੰ ਖਾਸ ਮਹਿਮਾਨ ਵਜੋਂ ਸੱਦਿਆ ਗਿਆ ਸੀ, ਜਿਨ੍ਹਾਂ ਨੇ ਆਪਣੇ ਦਮਖਮ ਨਾਲ ਦਿੱਲੀ ਦੀ ਤਸਵੀਰ ਬਦਲਣ ਦਾ ਬੀੜਾ ਚੁੱਕਿਆ ਹੈ। ਦਿੱਲੀ 'ਚ ਇਕੋ ਮੁੱਖ ਮੰਤਰੀ ਵਲੋਂ ਲਗਾਤਾਰ ਤਿੰਨ ਵਾਰ ਸਹੁੰ ਚੁੱਕਣ ਦਾ ਇਹ ਦੂਜਾ ਮੌਕਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਨੇ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਕੇਜਰੀਵਾਲ ਨੇ ਸਾਲ 2013 'ਚ ਪਹਿਲੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਫਿਰ ਉਹ 14 ਫ਼ਰਵਰੀ, 2015 ਨੂੰ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। ਦਿੱਲੀ ਵਿਧਾਨ ਸਭਾ ਚੋਣਾਂ 'ਚ ਪਿਛਲੀ ਵਾਰ ਵਾਂਗ ਇਸ ਵਾਰ ਵੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। 70 ਸੀਟਾਂ ਵਾਲੀ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਨੇ 62 ਸੀਟਾਂ ਜਿੱਤੀਆਂ ਹਨ।
ਜੂਨੀਅਰ ਕੇਜਰੀਵਾਲ ਨੇ ਜਿੱਤਿਆ ਸਾਰਿਆਂ ਦਾ ਦਿਲ
ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਜੂਨੀਅਰ ਕੇਜਰੀਵਾਲ (ਅਵਯਾਨ ਤੋਮਰ) ਨੇ ਅੱਜ ਇਕ ਵਾਰ ਫਿਰ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਜ਼ਿਕਰਯੋਗ ਹੈ ਕਿ ਬੀਤੀ 11 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਇਸ ਨੰਨੇ ਮਫਲਰਮੈਨ ਨੇ ਖ਼ੂਬ ਸੁਰਖ਼ੀਆਂ ਬਟੋਰੀਆਂ ਸਨ। ਇਸ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ 'ਆਪ' ਨੇ ਨੰਨ੍ਹੇ ਮਫਲਰਮੈਨ ਨੂੰ ਸਹੁੰ ਚੁੱਕ ਸਮਾਗਮ 'ਚ ਆਉਣ ਦਾ ਸੱਦਾ ਦਿੱਤਾ ਸੀ।
ਮੋਦੀ ਵਲੋਂ ਕੇਜਰੀਵਾਲ ਨੂੰ ਸਫਲ ਕਾਰਜਕਾਲ ਲਈ ਸ਼ੁਭ-ਕਾਮਨਾਵਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਫਲ ਕਾਰਜਕਾਲ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕਣ 'ਤੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਤੇ ਸਫਲ ਕਾਰਜਕਾਲ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਹਨ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਸ਼ੁਭ-ਕਾਮਨਾਵਾਂ ਲਈ ਧੰਨਵਾਦ ਕਰਦਿਆਂ ਕਿਹਾ ਹੈ ਕਿ ਕੇਂਦਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮਿਲ ਕੇ ਦਿੱਲੀ ਨੂੰ ਅਜਿਹਾ ਸ਼ਹਿਰ ਬਣਾਉਣਗੀਆਂ, ਜਿਸ 'ਤੇ ਸਭ ਮਾਣ ਕਰਨਗੇ। ਇਸ ਦੇ ਨਾਲ ਹੀ ਕੇਜਰੀਵਾਲ ਨੇ ਮੋਦੀ ਨੂੰ ਕਿਹਾ, ਕਾਸ਼! ਤੁਸੀ ਵੀ ਸਹੁੰ ਸਮਾਗਮ 'ਚ ਸ਼ਾਮਿਲ ਹੋਏ ਹੁੰਦੇ।

ਹੌਲਦਾਰ ਵਲੋਂ ਪਤਨੀ, ਸੱਸ, ਸਾਲਾ ਤੇ ਸਾਲੇਹਾਰ ਦੀ ਗੋਲੀਆਂ ਮਾਰ ਕੇ ਹੱਤਿਆ

* 8 ਸਾਲਾ ਬੱਚੀ ਜ਼ੇਰੇ ਇਲਾਜ, ਬਾਕੀ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਬਚਾਈ ਜਾਨ * ਸਰਕਾਰੀ ਅਸਾਲਟ (ਏ.ਕੇ.-47) ਨਾਲ ਚਲਾਈਆਂ ਗੋਲੀਆਂ

ਧਰਮਕੋਟ/ਮੋਗਾ, 16 ਫਰਵਰੀ (ਪਰਮਜੀਤ ਸਿੰਘ, ਗੁਰਤੇਜ ਸਿੰਘ)- ਅੱਜ ਸਵੇਰੇ ਕਰੀਬ ਸਾਢੇ 5 ਵਜੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਸੈਦ ਜਲਾਲਪੁਰ ਵਿਖੇ ਉਸ ਸਮੇਂ ਸੰਨਾਟਾ ਛਾ ਗਿਆ, ਜਦ ਇਕ ਪੁਲਿਸ ਮੁਲਾਜ਼ਮ ਨੇ ਸਰਕਾਰੀ ਅਸਾਲਟ (ਏ.ਕੇ.-47) ਬੰਦੂਕ ਨਾਲ ਆਪਣੀ ਪਤਨੀ ਸਮੇਤ ਸਹੁਰਾ ਪਰਿਵਾਰ ਦੇ ਚਾਰ ਜੀਆਂ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਮੋਗਾ ਵਾਸੀ ਕੁਲਵਿੰਦਰ ਸਿੰਘ, ਜੋ ਕਿ ਪੁਲਿਸ ਲਾਈਨ ਵਿਖੇ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਹੈ। ਉਸ ਨੇ ਆਪਣੇ ਸਹੁਰਾ ਪਿੰਡ ਵਿਖੇ ਇਕ ਪਿੱਗ ਫਾਰਮ (ਸੂਰ ਪਾਲਣ) ਬਣਾਇਆ ਹੋਇਆ ਸੀ ਤੇ ਉਹ ਅਕਸਰ ਜ਼ਿਆਦਾਤਰ ਸਹੁਰੇ ਪਰਿਵਾਰ ਹੀ ਰਹਿੰਦਾ ਸੀ। ਬੀਤੀ ਸ਼ਾਮ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੇ ਪਰਿਵਾਰ ਨਾਲ ਕਿਸੇ ਗੱਲੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਥਾਣਾ ਧਰਮਕੋਟ ਨੂੰ ਦਿੱਤੀ ਤਾਂ ਪੁਲਿਸ ਉਸ ਨੂੰ ਥਾਣੇ ਲੈ ਆਈ। ਰਾਤ ਕਰੀਬ 12 ਵਜੇ ਜਦ ਪੁਲਿਸ ਨੇ ਕੁਲਵਿੰਦਰ ਸਿੰਘ ਨੂੰ ਰਿਹਾਅ ਕਰ ਦਿੱਤਾ ਤਾਂ ਉਸ ਨੇ ਸਵੇਰੇ ਸਾਢੇ 5 ਵਜੇ ਪਿੰਡ ਸੈਦ ਜਲਾਲਪੁਰ ਵਿਖੇ ਜਾ ਕੇ ਪਹਿਲਾਂ ਆਪਣੇ ਸਹੁਰੇ ਪਰਿਵਾਰ ਨੂੰ ਲਲਕਾਰਾ ਮਾਰਿਆਂ ਤੇ ਫਿਰ ਉਸ ਨੇ ਸਰਕਾਰੀ ਏ.ਕੇ. 47 ਬੰਦੂਕ ਨਾਲ ਅੰਧਾਧੁੰਦ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਸ ਦੀ ਪਤਨੀ ਰਾਜਵਿੰਦਰ ਕੌਰ (45), ਸਾਲਾ ਜਸਕਰਨ ਸਿੰਘ (42) ਤੇ ਉਸ ਦੀ ਪਤਨੀ ਇੰਦਰਜੀਤ ਕੌਰ (40) ਅਤੇ ਆਪਣੀ ਸੱਸ ਸੁਖਵਿੰਦਰ ਕੌਰ (65) ਪਤਨੀ ਬੋਹੜ ਸਿੰਘ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਸੁਖਵਿੰਦਰ ਕੌਰ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਸੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦੋਂਕਿ 8 ਸਾਲ ਦੀ ਲੜਕੀ ਜਸ਼ਨਪ੍ਰੀਤ ਕੌਰ ਪੁੱਤਰੀ ਜਸਕਰਨ ਸਿੰਘ ਸਿਵਲ ਹਸਪਤਾਲ ਮੋਗਾ 'ਚ ਜੇਰੇ ਇਲਾਜ ਹੈ। ਕੁਲਵਿੰਦਰ ਸਿੰਘ ਵਲੋਂ ਚਲਾਈਆਂ ਅੰਧਾਧੁੰਦ ਗੋਲੀਆਂ ਦੌਰਾਨ ਉਸ ਦੇ ਸਹੁਰਾ ਬੋਹੜ ਸਿੰਘ, ਸਾਲਾ ਹਰਜਿੰਦਰ ਸਿੰਘ ਤੇ ਉਸ ਦੇ ਆਪਣੇ ਬੇਟੇ ਪ੍ਰੀਤ ਨੇ ਭੱਜ ਕੇ ਜਾਨ ਬਚਾਈ। ਪਿੰਡ ਵਾਸੀਆਂ ਨੇ ਦੱਸਿਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਸਰਕਾਰੀ ਅਸਾਲਟ ਲੈ ਕੇ ਕੋਠੇ 'ਤੇ ਚੜ੍ਹ ਗਿਆ ਤੇ ਲਲਕਾਰੇ ਮਾਰਨ ਲੱਗਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ, ਐਸ.ਪੀ.(ਡੀ.) ਹਰਿੰਦਰਪਾਲ ਸਿੰਘ, ਐਸ.ਪੀ.(ਐੱਚ.) ਰਤਨ ਸਿੰਘ ਬਰਾੜ, ਡੀ.ਐਸ.ਪੀ. ਧਰਮਕੋਟ ਯਾਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਇਸ ਮਾਮਲੇ ਨੂੰ ਲੈ ਕੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਹੈੱਡ ਕਾਂਸਟੇਬਲ ਨੂੰ ਸਾਲ 2014 ਵਿਚ ਵੀ ਸਰਕਾਰੀ ਅਸਲ੍ਹਾ ਚਲਾਉਣ ਦੇ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਲਾ ਅਧਿਕਾਰੀਆਂ ਨੂੰ ਉਸ ਨੂੰ ਅਸਲ੍ਹਾ ਨਾ ਦੇਣ ਬਾਰੇ ਵੀ ਸੂਚਿਤ ਕੀਤਾ ਸੀ। ਉਸ ਦਾ ਰਾਜਵਿੰਦਰ ਕੌਰ ਨਾਲ ਦੂਸਰਾ ਵਿਆਹ ਸੀ, ਜਦਕਿ ਉਸ ਦੀ ਪਹਿਲੀ ਪਤਨੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ।
ਅਸਾਲਟ ਦੀ ਹੋਵੇਗੀ ਜਾਂਚ-ਐਸ.ਐਸ.ਪੀ.
ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿ ਉਕਤ ਮੁਲਾਜ਼ਮ ਕੋਲ ਅਸਾਲਟ ਕਿਵੇਂ ਆਈ ਤਾਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਕੁਤਾਹੀ ਕਰਨ ਵਾਲੇ ਮੁਲਾਜ਼ਮ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਹੈੱਡ ਕਾਂਸਟੇਬਲ ਨੇ ਥਾਣਾ ਧਰਮਕੋਟ ਵਿਖੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਤੇ ਉਸ ਖ਼ਿਲਾਫ਼ ਹੱਤਿਆ ਤੋਂ ਇਲਾਵਾ ਹੋਰ ਬਣਦੀਆਂ ਸਖ਼ਤ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਧਾਰਾ 370 ਤੇ ਨਾਗਰਿਕਤਾ ਸੋਧ ਕਾਨੂੰਨ ਦੇ ਫ਼ੈਸਲਿਆਂ ਤੋਂ ਪਿੱਛੇ ਨਹੀਂ ਹਟਾਂਗੇ-ਮੋਦੀ

ਵਾਰਾਨਸੀ (ਯੂ.ਪੀ.), 16 ਫਰਵਰੀ (ਏਜੰਸੀ)- ਧਾਰਾ 370 ਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਫ਼ੈਸਲਿਆਂ 'ਤੇ ਦੁਬਾਰਾ ਵਿਚਾਰ ਕਰਨ ਨੂੰ ਰੱਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਪੱਖ ਦੇ ਦਬਾਅ ਦੇ ਬਾਵਜੂਦ ਕੌਮੀ ਹਿੱਤ ਲਈ ਚੁੱਕੇ ਗਏ ਕਦਮਾਂ 'ਤੇ ਕਾਇਮ ਹੈ ਤੇ ਰਹੇਗੀ। ਪ੍ਰਧਾਨ ਮੰਤਰੀ ਨੇ ਆਪਣੇ ਲੋਕ ਸਭਾ ਹਲਕੇ ਵਾਰਾਨਸੀ ਦੇ ਇਕ ਦਿਨਾ ਦੌਰੇ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣਾ ਹੋਵੇ ਜਾਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਹੋਵੇ, ਦੇਸ਼ ਸਾਲਾਂ ਤੋਂ ਇਨ੍ਹਾਂ ਬਾਰੇ ਫ਼ੈਸਲਿਆਂ ਦਾ ਇੰਤਜਾਰ ਕਰ ਰਿਹਾ ਸੀ। ਸੰਵਿਧਾਨ ਦੀ ਧਾਰਾ 370 ਦੀਆਂ ਵਿਵਸਥਾਵਾਂ, ਜੋ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਅਧਿਕਾਰ ਦਿੰਦੀਆਂ ਸਨ, ਨੂੰ ਪਿਛਲੇ ਸਾਲ ਅਗਸਤ 'ਚ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਸੀ। ਆਪਣੀ ਸਰਕਾਰ ਦੇ ਕੁਝ ਅਹਿਮ ਫ਼ੈਸਲਿਆਂ ਦਾ ਹਵਾਲਾ ਦਿੰਦੇ ਹੋਏ, ਮੋਦੀ ਨੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਲਈ ਸਥਾਪਿਤ ਟਰੱਸਟ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਟਰੱਸਟ ਦੇ ਗਠਨ ਨਾਲ 'ਰਾਮ ਧਾਮ' ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਵੇਗਾ। ਸਰਕਾਰ ਨੇ ਹਾਲ ਹੀ 'ਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੀ ਸਥਾਪਨਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਕੀਤੀ ਹੈ, ਜੋ ਮੰਦਰ ਦੇ ਨਿਰਮਾਣ ਤੇ ਪ੍ਰਬੰਧਨ ਦਾ ਕੰਮ ਕਰੇਗਾ। ਪ੍ਰਧਾਨ ਮੰਤਰੀ ਵਲੋਂ ਇਸ ਤੋਂ ਪਹਿਲਾਂ ਆਪਣੇ ਲੋਕ ਸਭਾ ਹਲਕੇ 'ਚ 1254 ਕਰੋੜ ਰੁਪਏ ਦੇ 50 ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਜਾਂ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਉਨ੍ਹਾਂ ਵਲੋਂ ਵੀਡੀਓ ਲਿੰਕ ਰਾਹੀਂ ਆਈ. ਆਰ. ਸੀ. ਟੀ. ਸੀ. ਦੀ 'ਮਹਾ ਕਾਲ ਐਕਸਪ੍ਰੈੱਸ' ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਦੇਸ਼ 'ਚ ਰਾਤ ਨੂੰ ਚੱਲਣ ਵਾਲੀ ਉਕਤ ਪਹਿਲੀ ਨਿੱਜੀ ਰੇਲ ਗੱਡੀ ਹੋਵੇਗੀ, ਜੋ ਤਿੰਨ ਜੋਤਿਰਲਿੰਗ ਤੀਰਥ ਕੇਂਦਰਾਂ ਨੂੰ ਆਪਸ 'ਚ ਜੋੜੇਗੀ, ਜਿਨ੍ਹਾਂ 'ਚ ਉੱਤਰ ਪ੍ਰਦੇਸ਼ ਦਾ ਵਾਰਾਨਸੀ, ਤੇ ਮੱਧ ਪ੍ਰਦੇਸ਼ ਦੇ ਉੱਜੈਨ ਤੇ ਓਮਕਰੇਸ਼ਵਰ ਸ਼ਾਮਿਲ ਹਨ। ਪ੍ਰਧਾਨ ਮੰਤਰੀ ਮੋਦੀ ਸ਼ੈਵ ਭਾਈਚਾਰੇ ਨਾਲ ਜੁੜੇ ਜੰਗਮਵਾੜੀ ਮੱਠ ਵੀ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਚੰਦੋਲੀ 'ਚ ਆਰ.ਆਰ.ਐਸ. ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਪੰਡਿਤ ਦੀਨਦਿਆਲ ਉਪਧਿਆਏ ਦੀ 63 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਵੀ ਕੀਤਾ, ਜੋ ਕਿ ਦੇਸ਼ 'ਚ ਕਿਸੇ ਨੇਤਾ ਦੀ ਸਭ ਤੋਂ ਉੁੱਚੀ ਮੂਰਤੀ ਹੈ।

ਕਾਂਗਰਸ ਵਿਧਾਇਕ ਦਲ 'ਚ ਬਾਗ਼ੀ ਸੁਰਾਂ ਫਿਰ ਹੋਈਆਂ ਤੇਜ਼

* ਵਿਧਾਇਕ ਪਰਗਟ ਸਿੰਘ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ * ਮੁੱਖ ਮੰਤਰੀ ਦੀ ਕਾਰਗੁਜ਼ਾਰੀ 'ਤੇ ਉਠਾਏ ਸਵਾਲ

- ਮੇਜਰ ਸਿੰਘ -
ਜਲੰਧਰ, 16 ਫਰਵਰੀ-ਕੈਪਟਨ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਵਿਚ ਬਾਗ਼ੀ ਸੁਰਾਂ ਮੁੜ ਫਿਰ ਉੱਭਰ ਰਹੀਆਂ ਹਨ। ਹੁਣ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਸ: ਪਰਗਟ ਸਿੰਘ ਨੇ ਪੰਜਾਬ ਸਰਕਾਰ ਖ਼ਾਸ ਕਰ ਮੁੱਖ ਮੰਤਰੀ ਦੀ ਭਰੋਸੇਯੋਗਤਾ ਨੂੰ ਖੋਰਾ ਲੱਗਣ ਉੱਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਉੱਪਰ ਹੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬੀ 'ਚ ਲਿਖੇ ਚਾਰ ਸਫ਼ਿਆਂ ਦੇ ਪੱਤਰ (ਜਿਸ ਦੀ ਕਾਪੀ 'ਅਜੀਤ' ਕੋਲ ਹੈ) ਵਿਚ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਪਰਗਟ ਸਿੰਘ ਨੇ ਕਿਹਾ ਹੈ ਕਿ ਕੀਤੇ ਵਾਅਦੇ ਮੁਤਾਬਕ ਰਾਜ ਅੰਦਰ ਨਸ਼ਿਆਂ ਦੇ ਚਲਨ ਨੂੰ ਠੱਲ੍ਹਣ 'ਚ ਅਸੀਂ ਸਫ਼ਲ ਨਹੀਂ ਹੋਏ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਰੇਤ, ਟਰਾਂਸਪੋਰਟ ਤੇ ਸ਼ਰਾਬ ਮਾਫੀਏ ਉੱਪਰ ਸ਼ਿਕੰਜਾ ਕੱਸਣ ਦੀ ਗੱਲ ਤਾਂ ਸ਼ੁਰੂ ਨਹੀਂ ਹੋ ਸਕੀ। ਅਕਾਲੀ-ਭਾਜਪਾ ਸਰਕਾਰ ਵਲੋਂ ਅਨਾਜ ਖ਼ਰੀਦ 'ਚੋਂ 31 ਹਜ਼ਾਰ ਕਰੋੜ ਰੁਪਏ ਦੇ ਕਸਾਰੇ ਨੂੰ ਕਰਜ਼ੇ 'ਚ ਬਦਲਣ ਦੇ ਵੱਡੇ ਘੁਟਾਲੇ ਦੀ ਜਾਂਚ ਦੇ ਵਾਅਦੇ ਉੱਪਰ ਵੀ ਅਮਲ ਹੋਣਾ ਅਜੇ ਬਾਕੀ ਹੈ। ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਸਮਝੌਤਿਆਂ ਬਾਰੇ ਲਾਏ ਵੱਡੇ ਦੋਸ਼ਾਂ ਬਾਰੇ ਤਾਂ ਚੁੱਪ ਹੀ ਧਾਰੀ ਹੋਈ ਹੈ। ਉਨ੍ਹਾਂ ਲਿਖਿਆ ਹੈ ਕਿ 77 ਸੀਟਾਂ ਜਿਤਾ ਕੇ ਤੁਹਾਡੀ ਸਰਕਾਰ ਬਣਾਉਣ ਵਾਲੇ ਪੰਜਾਬੀ ਅਫ਼ਸੋਸ ਦੀ ਗੱਲ ਹੈ ਕਿ ਤੁਹਾਡੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਕਾਂਗਰਸ ਦੀ ਸਰਕਾਰ ਬਣਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਸਭ ਤੋਂ ਵੱਧ ਹਿੱਸਾ ਪਾਇਆ ਸੀ। ਉਨ੍ਹਾਂ ਸਵਾਲ ਕੀਤਾ ਹੈ ਕਿ ਬੇਅਦਬੀ ਦੇ ਮੁਜਰਮਾਂ ਨੂੰ ਕਟਹਿਰੇ 'ਚ ਖੜ੍ਹਾ ਕਰਨ ਅਤੇ ਜ਼ੁਲਮ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ
ਦੇ ਕਟਹਿਰੇ 'ਚ ਖੜ੍ਹਾ ਕਰਨ ਲਈ ਸਾਡੀ ਸਰਕਾਰ ਦੇ ਯਤਨ ਲੋਕ ਮਨਾਂ 'ਚ ਸ਼ੱਕ ਦੇ ਘੇਰੇ ਵਿਚ ਕਿਉਂ ਆ ਰਹੇ ਹਨ? ਸਖ਼ਤ ਲਹਿਜੇ 'ਚ ਲਿਖੇ ਪੱਤਰ 'ਚ ਪਰਗਟ ਸਿੰਘ ਨੇ ਕਿਹਾ ਕਿ 'ਮੈਂ ਤੁਹਾਨੂੰ ਨਿੱਜੀ ਹੈਸੀਅਤ 'ਚ ਪੱਤਰ ਲਿਖ ਰਿਹਾ ਹਾਂ ਕਿਉਂਕਿ ਮੈਨੂੰ ਪੰਜਾਬ ਨਾਲ ਪਿਆਰ ਹੈ ਤੇ ਤੁਹਾਡੇ ਲਈ ਸਤਿਕਾਰ ਹੈ।' ਉਨ੍ਹਾਂ ਚੋਣਾਂ ਸਮੇਂ ਕੀਤੇ ਵਾਅਦਿਆਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਨਸ਼ਿਆਂ ਦੇ ਚਲਨ ਨੂੰ ਕੋਈ ਠੱਲ੍ਹ ਨਹੀਂ ਪੈ ਰਹੀ। ਬਾਦਲਾਂ ਦੇ ਰਾਜ ਸਮੇਂ ਖ਼ਜ਼ਾਨਾ ਲੁੱਟਣ ਲਈ ਰੱਖੀਆਂ ਚੋਰ ਮੋਰੀਆਂ ਬੰਦ ਕਰਨ ਵੱਲ ਧਿਆਨ ਕੇਂਦਰਤ ਨਹੀਂ ਕੀਤਾ ਗਿਆ। ਸ਼ਰਾਬ ਤੇ ਰੇਤੇ ਦੇ ਵਪਾਰ 'ਚ ਸਰਕਾਰੀ ਕਾਰਪੋਰੇਸ਼ਨ ਬਣਾਉਣ ਲਈ ਸਾਨੂੰ ਮੁੜ ਸੋਚਣ ਦੀ ਲੋੜ ਹੈ। ਉਨ੍ਹਾਂ ਲਿਖਿਆ ਹੈ ਕਿ ਰੇਤੇ ਤੋਂ ਪੈਸੇ ਤਾਂ ਬਹੁਤ ਕਮਾਇਆ ਜਾ ਰਿਹਾ ਹੈ, ਪਰ ਇਹ ਸਰਕਾਰ ਦਾ ਖ਼ਜ਼ਾਨਾ ਭਰਨ ਦੀ ਬਜਾਏ ਨਿੱਜੀ ਹੱਥਾਂ ਵਿਚ ਜਾ ਰਿਹਾ ਹੈ। ਆਖ਼ਰ ਸੋਚਣ ਵਾਲੀ ਗੱਲ ਹੈ ਕਿ ਸ਼ਰਾਬ ਦੀ ਖ਼ਪਤ ਵਿਚ ਅਸੀਂ ਦੇਸ਼ ਦੇ ਮੋਹਰੀ ਸੂਬਿਆਂ ਵਿਚੋਂ ਮੰਨੇ ਜਾਂਦੇ ਹਾਂ, ਪਰ ਆਮਦਨ ਦੇ ਮਾਮਲੇ 'ਚ ਫਾਡੀਆਂ ਦੀ ਕਤਾਰ ਵਿਚ ਕਿਉਂ ਆ ਖਲੋਤੇ ਹਾਂ। ਉਨ੍ਹਾਂ ਪੰਜਾਬ ਕਾਂਗਰਸ ਸਰਕਾਰ ਸਮੇਂ ਟਰਾਂਸਪੋਰਟ ਤੋਂ ਬਾਦਲਾਂ ਦਾ ਕਬਜ਼ਾ ਟੁੱਟਣ ਦੀ ਬਜਾਏ ਜਲੰਧਰ-ਦਿੱਲੀ ਹਵਾਈ ਅੱਡਾ ਰੂਟ ਉੱਪਰ ਏਕਾਅਧਿਕਾਰ ਹੋ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਜ਼ਰਾ ਕਦੇ ਟਰਾਂਸਪੋਰਟ ਮਹਿਕਮੇ ਦੇ ਅਫ਼ਸਰਾਂ ਨੂੰ ਬੁਲਾ ਕੇ ਪੁੱਛੋ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਚੰਡੀਗੜ੍ਹ ਨੂੰ ਮੁਨਾਫ਼ੇ ਵਾਲੇ ਰੂਟਾਂ 'ਤੇ ਕਿਸ ਦੀਆਂ ਬੱਸਾਂ ਦਾ ਰਾਜ ਹੈ? ਸ. ਪਰਗਟ ਸਿੰਘ ਨੇ ਬਾਦਲ ਸਰਕਾਰ ਸਮੇਂ ਅਨਾਜ ਖ਼ਰੀਦ 'ਚ 31 ਹਜ਼ਾਰ ਕਰੋੜ ਰੁਪਏ ਦੇ ਹਿਸਾਬ-ਕਿਤਾਬ 'ਚ ਆਏ ਫ਼ਰਕ ਨੂੰ ਪੰਜਾਬ ਸਿਰ ਕਰਜ਼ੇ ਦੇ ਰੂਪ 'ਚ ਮੜ ਦੇਣ ਦੀ ਜਾਂਚ ਦੇ ਕੀਤੇ ਵਾਅਦੇ ਉੱਪਰ ਅਮਲ ਦਾ ਮਾਮਲਾ ਵੀ ਉਠਾਇਆ ਹੈ। ਬਾਦਲ ਸਮੇਂ ਨਿੱਜੀ ਬਿਜਲੀ ਕੰਪਨੀਆਂ ਨਾਲ ਸਮਝੌਤਿਆਂ ਦੇ ਵੱਡੇ ਦੋਸ਼ ਲਾਏ ਸਨ, ਪਰ ਇਸ ਮਸਲੇ 'ਤੇ ਅਜੇ ਚੁੱਪ ਦਾ ਹੀ ਪਰਦਾ ਹੈ। ਉਨ੍ਹਾਂ ਕਾਂਗਰਸ ਰਾਜ 'ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਤੋਂ ਹੱਥ ਪਿੱਛੇ ਖਿੱਚਣ ਤੇ ਵੱਡੇ ਦੋਸ਼ੀਆਂ ਨੂੰ ਬਚਾਉਣ ਉੱਪਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ। ਅੱਗੇ ਸਵਾਲ ਉਠਾਇਆ ਹੈ ਕਿ 'ਪਰ ਭ੍ਰਿਸ਼ਟਾਚਾਰ ਦਾ ਮਾਮਲਾ ਆਪਣੀ ਮੌਤ ਕਿਉਂ ਮਰ ਰਿਹਾ ਹੈ?' ਉਨ੍ਹਾਂ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪਹਿਲੇ ਕਾਰਜਕਾਲ ਵਿਚ ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਸਲਾਖਾਂ ਪਿੱਛੇ ਹੀ ਨਹੀਂ ਸੀ ਦਿੱਤਾ, ਸਗੋਂ ਵੱਡੇ ਸਿਆਸਤਦਾਨਾਂ ਨੂੰ ਜੇਲ੍ਹ ਭੇਜਣ ਦੀ ਹਿੰਮਤ ਤੇ ਦਲੇਰੀ ਵੀ ਦਿਖਾਈ ਸੀ ਪਰ ਹੁਣ ਸੱਤਾ ਸੰਭਾਲਣ ਬਾਅਦ ਹਜ਼ਾਰਾਂ ਕਰੋੜ ਦੇ ਸਿੰਚਾਈ ਵਿਭਾਗ ਤੇ ਮੰਡੀ ਬੋਰਡ ਦੇ ਘੁਟਾਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ 'ਚ ਗ੍ਰਿਫ਼ਤਾਰ ਸਿੰਚਾਈ ਵਿਭਾਗ ਦੇ ਠੇਕੇਦਾਰ ਗੁਰਿੰਦਰ ਸਿੰਘ ਤੇ ਮੰਡੀ ਬੋਰਡ ਦੇ ਨਿਗਰਾਨ ਇੰਜੀਨੀਅਰ ਵਲੋਂ ਕੀਤੇ ਗਏ ਖੁਲਾਸਿਆਂ ਉੱਪਰ ਅੱਗੇ ਕਿਉਂ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਹੈ ਕਿ ਲੋਕ ਸਵਾਲ ਕਰਦੇ ਹਨ ਕਿ ਇਕ ਠੇਕੇਦਾਰ ਤੇ ਇੰਜੀਨੀਅਰ ਹੀ ਏਨੇ ਵੱਡੇ ਘੁਟਾਲੇ ਕਰ ਗਏ ਤੇ ਉਨ੍ਹਾਂ ਪਿੱਛੇ ਵੱਡੇ ਸਿਆਸਤਦਾਨਾਂ ਤੇ ਅਫ਼ਸਰਾਂ ਦਾ ਕੋਈ ਆਸ਼ੀਰਵਾਦ ਨਹੀਂ ਸੀ। ਉਨ੍ਹਾਂ ਕਿਹਾ ਹੈ ਕਿ ਉਕਤ ਦੋਵਾਂ ਦੋਸ਼ੀਆਂ ਵਲੋਂ ਪੁੱਛਗਿੱਛ ਦੌਰਾਨ ਵੱਡੇ ਲੋਕਾਂ ਬਾਰੇ ਅਹਿਮ ਖੁਲਾਸੇ ਕੀਤੇ ਗਏ ਸਨ ਤੇ ਕਈਆਂ ਦੇ ਨਾਂਅ ਵੀ ਲਏ ਸਨ ਪਰ ਉਨ੍ਹਾਂ ਬਾਰੇ ਅੱਗੇ ਜਾਂਚ ਜਾਂ ਕਾਰਵਾਈ ਨਹੀਂ ਹੋਈ। ਉਨ੍ਹਾਂ ਸਵਾਲ ਕੀਤਾ ਹੈ ਕਿ ਉਕਤ ਖੁਲਾਸਿਆਂ ਬਾਰੇ ਵਿਜੀਲੈਂਸ ਨੇ ਠੇਕੇਦਾਰ ਤੇ ਇੰਜੀਨੀਅਰ ਦੇ ਬਿਆਨਾਂ ਦੀ ਕਦੇ ਪੁਸ਼ਟੀ ਨਹੀਂ ਕੀਤੀ ਤੇ ਨਾ ਹੀ ਜਾਂਚ ਅੱਗੇ ਤੋਰੀ ਗਈ। ਉਨ੍ਹਾਂ ਠੇਕੇਦਾਰ ਵਲੋਂ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਲਏ ਗਏ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੇ ਸਾਰੇ ਮਾਮਲੇ ਉੱਪਰ ਪਰਦਾ ਪਾਉਣ ਵਾਲੇ ਵਿਜੀਲੈਂਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਤੇ ਪਾਰਟੀ ਦੀ ਵੱਡੀ ਬਦਨਾਮੀ ਹੋਈ ਹੈ। ਉਨ੍ਹਾਂ ਸੰਗਰੂਰ ਦੇ ਤਤਕਾਲੀ ਐੱਸ.ਐੱਸ.ਪੀ. ਨੂੰ ਸੌਂਪੀ ਫਿਰੌਤੀ ਕਾਂਡ ਦੀ ਜਾਂਚ ਤੇ ਫ਼ਰੀਦਕੋਟ ਦੇ ਇਕ ਪੁਲਿਸ ਅਫ਼ਸਰ ਵਲੋਂ ਇਕ ਗੈਂਗਸਟਰ ਦੀ ਮਾਤਾ ਤੋਂ 23 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਵਿਜ਼ੀਲੈਂਸ ਕੋਲ ਗਏ ਮਾਮਲੇ ਦੇ ਠੱਪ ਹਣ ਦਾ ਸਵਾਲ ਵੀ ਉਠਾਇਆ ਹੈ। ਉਨ੍ਹਾਂ ਕਿਹਾ ਹੈ ਕਿ ਡਰੱਗ ਮਾਮਲੇ 'ਚ ਫੜੇ ਇੰਸਪੈਕਟਰ ਇੰਦਰਜੀਤ ਸਿੰਘ ਵਾਲੀ ਜਾਂਚ ਵੀ ਅੱਗੇ ਨਹੀਂ ਤੋਰੀ ਗਈ ਅਤੇ ਉਸ ਨੂੰ ਸਰਪ੍ਰਸਤੀ ਦੇਣ ਵਾਲੇ ਲੋਕਾਂ ਦਾ ਪਰਦਾਫਾਸ਼ ਨਹੀਂ ਕੀਤਾ ਗਿਆ। ਉਨ੍ਹਾਂ ਵੱਖ-ਵੱਖ ਸਰਕਾਰੀ ਏਜੰਸੀਆਂ ਵਲੋਂ ਕੇਸ ਦਰਜ ਕਰਕੇ ਤਫ਼ਤੀਸ਼ ਬਾਅਦ ਚਲਾਨ ਪੇਸ਼ ਕੀਤੇ ਜਾਣ ਦੇ ਮਾਮਲੇ 'ਚ ਉਸੇ ਏਜੰਸੀ ਵਲੋਂ ਅਦਾਲਤ 'ਚ ਸਬੂਤ ਨਾ ਮਿਲਣ ਦਾ ਬਹਾਨਾ ਬਣਾ ਕੇ ਕਲੋੋੋੋੋੋਜ਼ਰ ਰਿਪੋਰਟਾਂ ਪੇਸ਼ ਕਰਨ ਉੱਪਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਲੋਕਾਂ 'ਚ ਇਹ ਪ੍ਰਭਾਵ ਬਣ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਘੁਟਾਲਿਆਂ ਨੂੰ ਦਫ਼ਨ ਕਰਨ ਦਾ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਮੈਂ ਸਿਆਸੀ ਬਦਲਾਖੋਰੀ ਦੇ ਹੱਕ 'ਚ ਨਹੀਂ, ਪਰ ਖ਼ਜ਼ਾਨਾ ਲੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਨਹੀਂ ਕਿਹਾ ਜਾ ਸਕਦਾ ਤੇ ਇਸ ਦਲੀਲ ਤਹਿਤ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਕਤ ਮਾਮਲਿਆਂ ਨੂੰ ਇਸ਼ਾਰਾ ਮਾਤਰ ਕਰਾਰ ਦਿੰਦਿਆਂ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਵਿਧਾਇਕ ਦਲ ਤੁਹਾਡੇ ਨਾਲ ਤੁਰਨ ਲਈ ਪਰ ਤੋਲ ਰਿਹਾ ਹੈ, ਪਰ ਉਨ੍ਹਾਂ ਦੀ ਉਮੀਦ ਪੂਰੀ ਕਰਨ ਲਈ ਸਿਆਸੀ ਇੱਛਾ ਸ਼ਕਤੀ ਰੂਪਮਾਨ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਖਰੀ ਗੱਲ ਸੁਣਾੳਂੁਦਿਆਂ ਕਿਹਾ ਹੈ ਕਿ ਪੰਜਾਬ ਨੂੰ ਅਫ਼ਸਰਸ਼ਾਹੀ ਨਹੀਂ, ਸਿਆਸੀ ਲੀਡਰਸ਼ਿਪ ਵਲੋਂ ਚਲਾਏ ਜਾਣ ਦਾ ਆਮ ਲੋਕਾਂ ਤੱਕ ਸੁਨੇਹਾ ਪਹੁੰਚਾਏ ਜਾਣਾ ਵੀ ਤੁਹਾਡੇ 'ਤੇ ਹੀ ਮੁਨੱਸਰ ਕਰਦਾ ਹੈ। ਉਨ੍ਹਾਂ ਕੇਂਦਰ ਸਰਕਾਰ ਵਲੋਂ ਫੈਡਰਲ ਢਾਂਚੇ ਦੀ ਮੂਲ ਭਾਵਨਾ ਦੀ ਅਵੱਗਿਆ ਕਰਨ ਦਾ ਮਾਮਲਾ ਉਠਾਉਦਿਆਂ ਪੰਜਾਬ ਉੱਪਰ ਇਨ੍ਹਾਂ ਫ਼ੈਸਲਿਆਂ ਦੇ ਪੈ ਰਹੇ ਪ੍ਰਭਾਵਾਂ ਦਾ ਅਧਿਐਨ ਕਰਨ ਅਤੇ ਇਨ੍ਹਾਂ ਵਿਚ ਸੁਧਾਰ ਲਈ ਆਪਣਾ ਪੱਖ ਜੁਰਅਤ ਨਾਲ ਪੇਸ਼ ਕਰਨ ਦਾ ਮਸ਼ਵਰਾ ਦਿੱਤਾ ਹੈ। ਅੰਤ ਵਿਚ ਪਰਗਟ ਸਿੰਘ ਨੇ ਲਿਖਿਆ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਤੁਹਾਨੂੰ ਲੋਕਾਂ ਦੀ ਆਵਾਜ਼ ਸੁਣਨ ਅਤੇ ਪ੍ਰਵਾਨ ਕਰਨ ਵੱਲ ਤਵੱਜੋ ਦੇਣਾ ਅਤੇ ਸਿੱਖ ਭਾਵਨਾਵਾਂ ਨੂੰ ਸਮਝਣ ਵੱਲ ਧਿਆਨ ਦੇਣ ਦੀ ਲੋੜ ਹੈ। ਸਿੱਖ ਜਗਤ ਵਿਚ ਤੁਹਾਡੀ ਭਰੋਸੇਯੋਗਤਾ ਕਿਸੇ ਵੀ ਹੋਰ ਸਿਆਸੀ ਆਗੂ ਨਾਲੋਂ ਵੱਧ ਰਹੀ ਹੈ ਤੇ ਇਸ ਨੂੰ ਖੋਰਾ ਲੱਗਣਾ ਸਾਡੇ ਸਾਰਿਆਂ ਲਈ ਮੰਦਭਾਗਾ ਹੋੋਵੇਗਾ।

ਜੇ ਭਾਰਤ ਤੇ ਪਾਕਿ ਸਹਿਮਤ ਹੋਣ ਤਾਂ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਲਈ ਤਿਆਰ-ਗੁਟਰੇਜ਼

ਇਸਲਾਮਾਬਾਦ, 16 ਫਰਵਰੀ (ਏਜੰਸੀ)-ਚਾਰ ਦਿਨਾ ਦੌਰੇ 'ਤੇ ਪਾਕਿਸਤਾਨ ਪਹੁੰਚੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਜ਼ ਨੇ ਜਿਥੇ ਦੋਵਾਂ ਪ੍ਰਮਾਣੂ ਸਮਰੱਥ ਦੇਸ਼ਾਂ ਭਾਰਤ ਤੇ ਪਾਕਿਸਤਾਨ ਨੂੰ ਸੈਨਿਕ ਤਣਾਅ ਘੱਟ ਕਰਨ ਅਤੇ ਬਿਆਨਬਾਜ਼ੀ ਤੋਂ ਬਚਦਿਆਂ ਵੱਧ ਤੋਂ ਵੱਧ ਸੰਜਮ ਵਰਤਣ ਲਈ ਕਿਹਾ ਉਥੇ ਉਨ੍ਹਾਂ ਕਸ਼ਮੀਰ ਦੇ ਹਾਲਾਤ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਜੇਕਰ ਦੋਵੇਂ ਦੇਸ਼ ਸਹਿਮਤ ਹੁੰਦੇ ਹਨ ਤਾਂ ਉਹ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਲਈ ਤਿਆਰ ਹਨ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੀਟਿੰਗ ਤੋਂ ਬਾਅਦ ਇਥੇ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਟਰੇਜ਼ ਨੇ ਕਿਹਾ ਕਿ ਕੰਟਰੋਲ ਰੇਖਾ 'ਤੇ ਤਣਾਅ ਅਤੇ ਜੰਮੂ-ਕਸ਼ਮੀਰ 'ਚ ਹਾਲਾਤ 'ਤੇ ਉਨ੍ਹਾਂ ਨੂੰ ਡੂੰਘੀ ਚਿੰਤਾ ਹੈ। ਆਪਣੇ ਦੌਰੇ ਦੌਰਾਨ ਉਹ ਅਫ਼ਗਾਨ ਸ਼ਰਨਾਰਥੀਆਂ 'ਤੇ ਕੌਮਾਂਤਰੀ ਕਾਨਫਰੰਸ 'ਚ ਸ਼ਾਮਿਲ ਹੋਣਗੇ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ ਜਾਣਗੇ। ਉਨ੍ਹਾਂ ਕਿਹਾ ਕਿ ਕੂਟਨੀਤੀ ਤੇ ਗੱਲਬਾਤ ਹੀ ਕੇਵਲ ਇਕ ਸਾਧਨ ਹਨ ਜੋ ਸੰਯੁਕਤ ਰਾਸ਼ਟਰ ਦੇ ਚਾਰਟਰ ਤੇ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਅਨੁਸਾਰ ਸ਼ਾਂਤੀ ਤੇ ਸਥਿਰਤਾ ਦੀ ਗਰੰਟੀ ਦਿੰਦੇ ਹਨ। ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਫੌਜੀ ਤੇ ਜਬਾਨੀ ਤਣਾਅ ਨੂੰ ਘੱਟ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਆਪਣੇ ਚੰਗੇ ਸੁਝਾਵਾਂ ਦੀ ਪੇਸ਼ਕਸ਼ ਕੀਤੀ ਹੈ ਤੇ ਜੇਕਰ ਦੋਵੇਂ ਦੇਸ਼ ਵਿਚੋਲਗੀ ਲਈ ਸਹਿਮਤ ਹਨ ਤਾਂ ਮੈਂ ਤਿਆਰ ਹਾਂ। ਗੁੱਟਰੇਜ਼ ਨੇ ਕਿਹਾ ਕਿ ਕਸ਼ਮੀਰ ਦਾ ਮੁੱਦਾ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਅਨੁਸਾਰ ਹੀ ਹੱਲ ਹੋਣਾ ਚਾਹੀਦਾ ਹੈ।
ਤੀਸਰੀ ਧਿਰ ਦੀ ਭੂਮਿਕਾ ਦੀ ਕੋਈ ਗੁੰਜਾਇਸ਼ ਨਹੀਂ-ਭਾਰਤ
ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਰੇਜ਼ ਵਲੋਂ ਜੰਮੂ-ਕਸ਼ਮੀਰ 'ਤੇ ਕੀਤੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇਸ਼ ਦਾ ਅਨਿੱਖੜਵਾਂ ਅੰਗ ਹੈ ਤੇ ਹਮੇਸ਼ਾ ਰਹੇਗਾ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਕਿਸੇ ਤੀਸਰੀ ਧਿਰ ਦੀ ਵਿਚੋਲਗੀ ਦੀ ਕੋਈ ਭੂਮਿਕਾ ਜਾਂ ਗੁੰਜਾਇਸ਼ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਭਾਰਤ ਦੀ ਸਥਿਤੀ ਨਹੀਂ ਬਦਲੀ, ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਜਿਸ ਮੁੱਦੇ ਨੂੰ ਹੱਲ ਕਰਨ ਦੀ ਲੋੜ ਹੈ, ਉਹ ਪਾਕਿਸਤਾਨ ਵਲੋਂ ਜ਼ਬਰੀ ਤੇ ਨਾਜਾਇਜ਼ ਤਰੀਕੇ ਨਾਲ ਆਪਣੇ ਕਬਜ਼ੇ ਹੇਠ ਕੀਤੇ ਇਲਾਕਿਆਂ ਨੂੰ ਮੁਕਤ ਕਰਵਾਉਣਾ ਹੈ।

ਮੁੱਖ ਮੰਤਰੀ ਤੇ ਜਾਖੜ 'ਚ ਖੜਕੀ

ਕਾਂਗਰਸ ਪ੍ਰਧਾਨ ਨੂੰ ਤਿੰਨ ਦਿਨ ਯਤਨ ਕਰਨ 'ਤੇ ਵੀ ਨਹੀਂ ਦਿੱਤਾ ਮਿਲਣ ਦਾ ਸਮਾਂ

ਜਲੰਧਰ, 16 ਫਰਵਰੀ (ਮੇਜਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਬੀਤੇ ਹਫ਼ਤੇ ਮੁੱਖ ਮੰਤਰੀ ਦੀ ਕਾਰਜਸ਼ੈਲੀ ਨੂੰ ਨਿਸ਼ਾਨੇ ਉੱਪਰ ਲੈਣ ਬਾਅਦ ਲਗਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਤੇ ਉਨ੍ਹਾਂ ਦੀ ਚਹੇਤੀ ਅਫ਼ਸਰਸ਼ਾਹੀ ਏਨੀ ਖਫ਼ਾ ਹੈ ਕਿ ਪਤਾ ਲੱਗਾ ਹੈ ਕਿ ਸ੍ਰੀ ਜਾਖੜ ਤਿੰਨ ਦਿਨ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਦੇ ਰਹੇ, ਪਰ ਮਿਲਣ ਲਈ ਸਮਾਂ ਮੰਗਣ ਦੀ ਕੀਤੀ ਅਪੀਲ ਹਰ ਵਾਰ ਠੁਕਰਾ ਦਿੱਤੀ ਗਈ। ਸ੍ਰੀ ਜਾਖੜ ਨੇ ਬਿਜਲੀ ਸਮਝੌਤਿਆਂ ਬਾਰੇ ਮੁੱਖ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ 9 ਫਰਵਰੀ ਨੂੰ ਨਿੱਜੀ ਥਰਮਲ ਪਲਾਂਟ ਵਣਾਂਵਾਲੀ (ਤਲਵੰਡੋ ਸਾਬੋ) ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਸਨ ਤੇ ਉੱਥੇ ਐਲਾਨ ਕੀਤਾ ਸੀ ਕਿ ਉਹ 11 ਫਰਵਰੀ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਇਹ ਸਾਰੇ ਮਾਮਲੇ ਉਨ੍ਹਾਂ ਅੱਗੇ ਉਠਾਉਣਗੇ। ਪਤਾ ਲੱਗਾ ਹੈ ਕਿ ਜਾਖੜ 11 ਤੋਂ 13 ਫਰਵਰੀ ਤੱਕ ਲਗਾਤਾਰ ਤਿੰਨ ਦਿਨ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਦੇ ਰਹੇ, ਪਰ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ। ਆਖ਼ਰ ਭਰੇ ਪੀਤੇ ਜਾਖੜ 14 ਫਰਵਰੀ ਨੂੰ ਦਿੱਲੀ ਰਵਾਨਾ ਹੋ ਗਏ। ਵਰਨਣਯੋਗ ਹੈ ਕਿ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੇ ਬਿਜਲੀ ਸਮਝੌਤਿਆਂ ਬਾਰੇ ਰਿਵਿਊ ਕਰਨ ਦਾ ਮੁੱਦਾ ਉਠਾਉਣ ਤੋਂ ਪਹਿਲਾਂ ਜਾਖੜ ਦੇ ਨਿਸ਼ਾਨੇ ਉੱਪਰ ਮੁੱਖ ਮੰਤਰੀ ਦੇ ਚਹੇਤੇ ਕਈ ਅਫ਼ਸਰ ਵੀ ਆ ਚੁੱਕੇ ਹਨ। ਸਮਝਿਆ ਜਾਂਦਾ ਹੈ ਕਿ ਪ੍ਰਦੇਸ਼ ਪ੍ਰਧਾਨ ਨੂੰ ਮੁੱਖ ਮੰਤਰੀ ਦੇ ਨਾਲ-ਨਾਲ ਅਜਿਹੇ ਚਹੇਤੇ ਅਫ਼ਸਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਪ੍ਰਦੇਸ਼ ਪ੍ਰਧਾਨ ਨੂੰ ਮਿਲਣ ਲਈ ਸਮਾਂ ਨਾ ਦੇਣਾ ਅਸਲ ਵਿਚ ਰਾਜ ਅੰਦਰ ਮੁੱਖ ਮੰਤਰੀ ਅਤੇ ਚਹੇਤੀ ਅਫਸਰਸ਼ਾਹੀ ਖ਼ਿਲਾਫ਼ ਕਾਂਗਰਸ ਪਾਰਟੀ ਅੰਦਰ ਫੈਲ-ਪਸਰ ਰਹੇ ਆਲੋਚਨਾ ਦੇ ਰੁਝਾਨ ਨੂੰ ਨਵਾਂ ਸੰਦੇਸ਼ ਦੇਣ ਦਾ ਯਤਨ ਵੀ ਸਮਝਿਆ ਜਾ ਰਿਹਾ ਹੈ।

ਦੋਸਤ ਦੀ ਭੈਣ ਦੇ ਵਿਆਹ 'ਚ ਆਏ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ

ਗੁਰਦਾਸਪੁਰ, 16 ਫਰਵਰੀ (ਆਰਿਫ਼)-ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਅੱਲੜਪਿੰਡੀ ਵਿਖੇ ਬੀਤੀ ਰਾਤ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਦੋਸਤ ਦੀ ਭੈਣ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਆਇਆ ਸੀ। ਇਸ ਸਬੰਧੀ ਮ੍ਰਿਤਕ ਰੋਮੀ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਰੂੜ ਕਲਾਂ (ਨੰਗਲ ਭੂਰ) ਦੇ ਭਰਾ ਜੋਨੀ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਰੋਮੀ ਕੁਮਾਰ ਆਪਣੇ ਦੋਸਤ ਸ਼ਵੀ ਕੁਮਾਰ ਪੁੱਤਰ ਰੋਮੇਸ਼ ਕੁਮਾਰ ਵਾਸੀ ਅੱਲੜਪਿੰਡੀ ਦੀ ਭੈਣ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਆਇਆ ਸੀ। ਜਿਸ ਦੌਰਾਨ ਉਹ ਵੀ ਆਪਣੇ ਭਰਾ ਨਾਲ ਮੌਜੂਦ ਸੀ। ਉਸ ਨੇ ਅੱਗੇ ਦੱਸਿਆ ਕਿ ਬੀਤੀ ਰਾਤ ਉਹ ਦੋਵੇਂ ਭਰਾ ਸ਼ਵੀ ਕੁਮਾਰ ਦੇ ਨਾਲ ਉਸ ਦੇ ਚਾਚੇ ਸੁਖਵਿੰਦਰ ਕੁਮਾਰ ਦੇ ਘਰ ਰੋਟੀ ਖਾ ਰਹੇ ਸਨ ਕਿ ਇਸੇ ਦੌਰਾਨ ਅਮਰੀਕ ਸਿੰਘ ਉਰਫ਼ ਮੀਕਾ, ਸਰਬਜੀਤ ਕੁਮਾਰ ਉਰਫ਼ ਸਾਬਾ, ਦਲਜੀਤ ਕੁਮਾਰ ਤਿੰਨੋਂ ਪੁੱਤਰ ਪ੍ਰੇਮ ਚੰਦ ਅਤੇ ਗਗਨਦੀਪ ਉਰਫ਼ ਗੱਗੂ ਪੁੱਤਰ ਰਜੇਸ਼ ਕੁਮਾਰ ਸਾਰੇ ਵਾਸੀ ਅੱਲੜਪਿੰਡੀ ਵੀ ਉਥੇ ਆ ਗਏ। ਜੋਨੀ ਕੁਮਾਰ ਅਨੁਸਾਰ ਉਪਰੋਕਤ ਚਾਰਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਰੋਮੀ ਕੁਮਾਰ ਨੂੰ ਮੰਦਾ-ਚੰਗਾ ਬੋਲਣ ਲੱਗ ਪਏ। ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਉਹ ਦੋਵੇਂ ਬਾਹਰ ਆ ਗਏ। ਜੋਨੀ ਕੁਮਾਰ ਨੇ ਦੱਸਿਆ ਕਿ ਏਨੇ ਨੂੰ ਉਪਰੋਕਤ ਚਾਰੇ ਵੀ ਉਨ੍ਹਾਂ ਦੇ ਪਿਛੇ ਆ ਗਏ ਅਤੇ ਉਨ੍ਹਾਂ ਨੇ ਰੋਮੀ ਕੁਮਾਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸ਼ਵੀ ਕੁਮਾਰ ਅਤੇ ਵਿਆਹ ਸਮਾਗਮ ਵਿਚ ਪਹੁੰਚੇ ਕਈ ਰਿਸ਼ਤੇਦਾਰ ਵੀ ਉਥੇ ਆ ਗਏ, ਜਿਨ੍ਹਾਂ ਨੇ ਰੋਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਪਰੋਕਤ ਚਾਰੇ ਉਥੋਂ ਦੌੜ ਗਏ। ਬੇਹੋਸ਼ੀ ਦੀ ਹਾਲਤ ਵਿਚ ਰੋਮੀ ਕੁਮਾਰ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਚਾਰਾਂ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੋਰੋਨਾ ਵਾਇਰਸ

ਚੀਨ 'ਚ ਮੌਤਾਂ ਦੀ ਗਿਣਤੀ 1665 ਹੋਈ

ਬੀਜਿੰਗ, 16 ਫਰਵਰੀ (ਏਜੰਸੀ)-ਚੀਨ 'ਚ ਕੋਰੋਨਾ ਵਾਇਰਸ ਕਾਰਨ ਅੱਜ ਹੋਰ 142 ਮੌਤਾਂ ਹੋਣ ਨਾਲ ਇੱਥੇ ਇਸ ਖ਼ਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1665 ਹੋ ਗਈ ਹੈ। ਇਨ੍ਹਾਂ ਵਿਚ ਜ਼ਿਆਦਾਤਰ ਮਰਨ ਵਾਲੇ ਲੋਕ ਹੁਬੇਈ ਪ੍ਰਾਂਤ ਦੇ ਹਨ ਜੋ ਕਿ ਇਕ ਵਾਇਰਸ ਨਾਲ ਸਭ ਤੋਂ ਵੱਧ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ 'ਚੋਂ ਇਤਿਹਾਸਕ ਖੋਖਰੀ ਚੋਰੀ

ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਲੁਧਿਆਣਾ-ਜਲੰਧਰ ਮੁੱਖ ਸੜਕ 'ਤੇ ਪਿੰਡ ਭੱਟੀਆਂ ਨੇੜੇ ਸਥਿਤ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ 'ਚੋਂ ਦੋ ਨੌਜਵਾਨਾਂ ਵਲੋਂ ਇਤਿਹਾਸਕ ਖੋਖਰੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸੀ.ਏ.ਏ. ਸਮੇਤ ਹਕੂਮਤੀ ਹੁਕਮਾਂ ਖ਼ਿਲਾਫ਼ ਮਲੇਰਕੋਟਲਾ 'ਚ ਆਇਆ ਲੋਕਾਂ ਦਾ ਹੜ੍ਹ

24 ਤੋਂ ਵਿਰੋਧ ਹਫ਼ਤਾ ਮਨਾਉਣ ਰਾਹੀਂ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਮਲੇਰਕੋਟਲਾ, 16 ਫਰਵਰੀ (ਕੁਠਾਲਾ, ਪਾਰਸ ਹਨੀਫ)-ਅੱਜ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ 14 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ 'ਤੇ ਰਾਜ ਭਰ ਤੋਂ ਹਜ਼ਾਰਾਂ ਲੋਕਾਂ ਨੇ ਮਲੇਰਕੋਟਲਾ ਦੀ ਦਾਣਾ ਮੰਡੀ ...

ਪੂਰੀ ਖ਼ਬਰ »

ਖੁੰਢ-ਚਰਚਾ

ਗੱਲਾਂ ਦਾ ਕੜਾਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਸੂਬੇ ਵਿਚੋਂ ਨਸ਼ਾ ਖ਼ਤਮ ਕਰਨ ਅਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦਿਵਾਉਣ ਲਈ ਸਹੁੰ ਚੁੱਕੀ ਸੀ ਅਤੇ ਸੂਬੇ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰਨ, ਕਿਸਾਨਾਂ ਦੇ ਸਾਰੇ ...

ਪੂਰੀ ਖ਼ਬਰ »

ਪਾਕਿ 'ਚ ਵਿਧਾਇਕਾ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ, 16 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬੇ ਸਿੰਧ 'ਚ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਇਕ ਮਹਿਲਾ ਵਿਧਾਇਕ ਦੀ ਜ਼ਿਲ੍ਹਾ ਨੌਸ਼ਹਿਰਾ ਫ਼ਿਰੋਜ਼ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੰਧ ਪੁਲਿਸ ਨੇ ਦੱਸਿਆ ਹੈ ਕਿ ਸੂਬਾਈ ...

ਪੂਰੀ ਖ਼ਬਰ »

ਨੈਸ਼ਨਲ ਕਾਨਫ਼ਰੰਸ ਵਲੋਂ ਜੰਮੂ-ਕਸ਼ਮੀਰ ਪੰਚਾਇਤ ਚੋਣਾਂ ਲੜਨ ਦਾ ਫ਼ੈਸਲਾ

ਜੰਮੂ, 16 ਫਰਵਰੀ (ਏਜੰਸੀ)- ਜੰਮੂ-ਕਸ਼ਮੀਰ ਦੀ ਪ੍ਰਮੁੱਖ ਸਿਆਸੀ ਪਾਰਟੀ ਨੈਸ਼ਨਲ ਕਾਨਫਰੰਸ ਵਲੋਂ ਇਥੇ ਅਗਲੇ ਮਹੀਨੇ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲੜ੍ਹਨ ਦਾ ਫ਼ੈਸਲਾ ਕੀਤਾ ਗਿਆ ਹੈ, ਪਰ ਪਾਰਟੀ ਚਾਹੁੰਦੀ ਹੈ ਕਿ ਖੁੱਲ੍ਹ ਕੇ ਚੋਣ ਪ੍ਰਚਾਰ ਕਰਨ ਲਈ ਸਭ ਤਰ੍ਹਾਂ ਦੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX